ਅਨੰਦੁ ਸਾਹਿਬ – ਪਉੜੀ ੩੪

ਮਨਿ ਚਾਉ ਭਇਆ ਪ੍ਰਭ ਆਗਮੁ ਸੁਣਿਆ ॥

ਹਰਿ ਮੰਗਲੁ ਗਾਉ ਸਖੀ ਗ੍ਰਿਹੁ ਮੰਦਰੁ ਬਣਿਆ ॥

ਹਰਿ ਗਾਉ ਮੰਗਲੁ ਨਿਤ ਸਖੀਏ ਸੋਗੁ ਦੂਖੁ ਨ ਵਿਆਪਏ ॥

ਗੁਰ ਚਰਨ ਲਾਗੇ ਦਿਨ ਸਭਾਗੇ ਆਪਣਾ ਪਿਰੁ ਜਾਪਏ ॥

ਅਨਹਤ ਬਾਣੀ ਗੁਰ ਸਬਦਿ ਜਾਣੀ ਹਰਿ ਨਾਮੁ ਹਰਿ ਰਸੁ ਭੋਗੋ ॥

ਕਹੈ ਨਾਨਕੁ ਪ੍ਰਭੁ ਆਪਿ ਮਿਲਿਆ ਕਰਣ ਕਾਰਣ ਜੋਗੋ ॥੩੪॥

(ਪੰਨਾ ੯੨੧)

 

ਧੰਨ ਧੰਨ ਸਤਿਗੁਰੂ ਅਵਤਾਰ ਅਮਰਦਾਸ ਜੀ ਦੀ ਬੇਅੰਤ ਕਿਰਪਾ ਦਾ ਸਦਕਾ ਇਸ ਪਉੜੀ ਵਿੱਚ ਉਹ ਪਰਮ ਅਵਸਥਾ ਦੇ ਬਾਰੇ ਪੂਰਨ ਬ੍ਰਹਮ ਗਿਆਨ ਦੇ ਰਹੇ ਹਨ ਜਿਸ ਅਵਸਥਾ ਵਿੱਚ ਪਹੁੰਚ ਕੇ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਦਰਸ਼ਨ ਹੋ ਜਾਂਦੇ ਹਨ। ਜਿਸ ਅਵਸਥਾ ਵਿੱਚ ਮਨੁੱਖ ਦੇ ਹਿਰਦੇ ਵਿੱਚ ਪਰਮ ਜੋਤ ਪ੍ਰਗਟ ਹੋ ਜਾਂਦੀ ਹੈ। ਜਿਸ ਅਵਸਥਾ ਵਿੱਚ ਸਾਰੇ ਬਜਰ ਕਪਾਟ ਖੁੱਲ੍ਹ ਜਾਂਦੇ ਹਨ ਅਤੇ ਸਤਿਨਾਮ ਰੋਮ-ਰੋਮ ਵਿੱਚ ਪ੍ਰਕਾਸ਼ਮਾਨ ਹੋ ਜਾਂਦਾ ਹੈ। ਜਿਸ ਅਵਸਥਾ ਵਿੱਚ ੭ ਸਤਿ ਸਰੋਵਰ ਪ੍ਰਕਾਸ਼ਮਾਨ ਹੋ ਜਾਂਦੇ ਹਨ। ਜਿਸ ਅਵਸਥਾ ਵਿੱਚ ਸਾਰੀਆਂ ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਉੱਪਰ ਜਿੱਤ ਪ੍ਰਾਪਤ ਹੋ ਜਾਂਦੀ ਹੈ। ਜਿਸ ਅਵਸਥਾ ਵਿੱਚ ਪੰਜ ਚੰਡਾਲ (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ) ਵੱਸ ਵਿੱਚ ਆ ਜਾਂਦੇ ਹਨ ਅਤੇ ਤ੍ਰਿਸ਼ਣਾ ਦੀ ਮਹਾ ਵਿਨਾਸ਼ਕਾਰੀ ਅਗਨ ਬੁਝ ਜਾਂਦੀ ਹੈ। ਜਿਸ ਅਵਸਥਾ ਵਿੱਚ ਮਨ ਜਿੱਤਿਆ ਜਾਂਦਾ ਹੈ। ਜਿਸ ਅਵਸਥਾ ਵਿੱਚ ਮਨੁੱਖ ਨੂੰ ਤ੍ਰੈ ਗੁਣ ਮਾਇਆ ਤੋਂ ਪਰੇ ਜਾ ਕੇ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਿਰਗੁਣ ਸਰੂਪ ਦੇ ਦਰਸ਼ਨ ਹੋ ਜਾਂਦੇ ਹਨ ਅਤੇ ਮਨੁੱਖ ਸਦਾ-ਸਦਾ ਲਈ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਿਰਗੁਣ ਸਰੂਪ ਵਿੱਚ ਸਮਾ ਜਾਂਦਾ ਹੈ। ਜਿਸ ਅਵਸਥਾ ਵਿੱਚ ਪਹੁੰਚ ਕੇ ਬੰਦਗੀ ਦਰਗਾਹ ਵਿੱਚ ਪ੍ਰਵਾਨ ਹੋ ਜਾਂਦੀ ਹੈ। ਜਿਸ ਅਵਸਥਾ ਵਿੱਚ ਪਹੁੰਚ ਕੇ ਮਨੁੱਖ ਦੇ ਅੰਦਰੋਂ ਪੂਰਨ ਬ੍ਰਹਮ ਗਿਆਨ ਦਾ ਸੋਮਾ ਫੁੱਟ ਪੈਂਦਾ ਹੈ। ਜਿਸ ਅਵਸਥਾ ਵਿੱਚ ਤੱਤ ਗਿਆਨ ਪ੍ਰਗਟ ਹੋ ਜਾਂਦਾ ਹੈ। ਇਹ ਐਸੀ ਪਰਮ ਸ਼ਕਤੀਸ਼ਾਲੀ ਅਵਸਥਾ ਹੈ ਜਿਸ ਨੂੰ ਗੁਰਬਾਣੀ ਵਿੱਚ ਸੱਚ ਖੰਡ ਕਿਹਾ ਗਿਆ ਹੈ। ਇਹ ਅਵਸਥਾ ਕਰਮ ਖੰਡ ਵਿੱਚ ਸ਼ੁਰੂ ਹੁੰਦੀ ਹੈ ਅਤੇ ਮਨੁੱਖ ਦੀ ਬੰਦਗੀ ਪੂਰਨ ਹੋਣ ‘ਤੇ ਸੱਚ ਖੰਡ ਵਿੱਚ ਪੂਰਨ ਹੋ ਜਾਂਦੀ ਹੈ। ਮਨੁੱਖ ਨੂੰ ਬੰਦਗੀ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਤੋਂ ਉਪਰੰਤ ਉਸ ਨੂੰ ਇਹ ਅਵਸਥਾ ਬਣਨੀ ਸ਼ੁਰੂ ਹੁੰਦੀ ਹੈ। ਬੰਦਗੀ ਦੀਆਂ ਪੰਜ ਅਵਸਥਾਵਾਂ ਹਨ: ਧਰਮ ਖੰਡ; ਗਿਆਨ ਖੰਡ; ਸਰਮ ਖੰਡ; ਕਰਮ ਖੰਡ ਅਤੇ ਸੱਚ ਖੰਡ। ਇਨ੍ਹਾਂ ਅਵਸਥਾਵਾਂ ਦੀ ਵਿਚਾਰ ਪਉੜੀ ੬ ਦੀ ਗੁਰਪ੍ਰਸਾਦੀ ਕਥਾ ਵਿੱਚ ਵੀ ਕੀਤੀ ਗਈ ਹੈ। ਇਸ ਪਉੜੀ ਵਿੱਚ ਪ੍ਰਗਟ ਕੀਤੀ ਗਈ ਅਵਸਥਾ ਕਰਮ ਖੰਡ ਅਤੇ ਸੱਚ ਖੰਡ ਦੀ ਅਵਸਥਾ ਹੈ। ਜਿਗਿਆਸੂਆਂ ਨੂੰ ਇਨ੍ਹਾਂ ਅਵਸਥਾਵਾਂ ਦੇ ਬਾਰੇ ਪੂਰਨ ਬ੍ਰਹਮ ਗਿਆਨ ਦ੍ਰਿੜ੍ਹ ਕਰਵਾਉਣ ਲਈ ਇਨ੍ਹਾਂ ਪਰਮ ਸ਼ਕਤੀਸ਼ਾਲੀ ਅਵਸਥਾਵਾਂ ਦੀ ਵਿਚਾਰ ਦੁਬਾਰਾ ਪੇਸ਼ ਕੀਤੀ ਜਾ ਰਹੀ ਹੈ।

ਕਰਮ ਖੰਡ ਅਤੇ ਸੱਚ ਖੰਡ ਦੀ ਪਰਮ ਸ਼ਕਤੀਸ਼ਾਲੀ ਅਵਸਥਾ:

ਪੂਰਨ ਸਮਰਪਣ ਕਰਦੇ ਹੋਏ ਤਨ, ਮਨ ਅਤੇ ਧਨ ਸਤਿਗੁਰੂ ਦੇ ਸਤਿ ਚਰਨਾਂ ‘ਤੇ ਅਰਪਣ ਕਰ ਕੇ ਜਦ ਮਨੁੱਖ ਨੂੰ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ ਤਾਂ ਉਸ ਦੇ ਸਾਰੇ ਬਜਰ ਕਪਾਟ ਖੁੱਲ੍ਹ ਜਾਂਦੇ ਹਨ। ਗੁਰਕਿਰਪਾ ਹੋ ਜਾਂਦੀ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਰਾਮਤ ਹੋ ਜਾਂਦੀ ਹੈ। ਗੁਰਪ੍ਰਸਾਦਿ ਦੀ ਪਰਮ ਸ਼ਕਤੀ ਵਰਤ ਜਾਂਦੀ ਹੈ। ਕੁੰਡਲ਼ਨੀ ਸ਼ਕਤੀ ਜਾਗਰਿਤ ਹੋ ਜਾਂਦੀ ਹੈ। ੭ ਸਤਿ ਸਰੋਵਰਾਂ ਵਿੱਚ ਸਤਿਨਾਮ ਪ੍ਰਕਾਸ਼ਮਾਨ ਹੋ ਜਾਂਦਾ ਹੈ। ਜਿਸ ਦੇ ਨਾਲ ੭ ਸਤਿ ਸਰੋਵਰ ਜਾਗਰਿਤ ਹੋ ਜਾਂਦੇ ਹਨ। ਸਤਿਨਾਮ ਸਿਮਰਨ ਸੁਰਤਿ ਵਿੱਚ ਟਿਕ ਜਾਂਦਾ ਹੈ। ਅਜਪਾ ਜਾਪ ਸ਼ੁਰੂ ਹੋ ਜਾਂਦਾ ਹੈ। ਮਨੁੱਖ ਦੇ ਅੰਦਰ ਨਿਰੰਤਰ ਸਤਿਨਾਮ ਸਿਮਰਨ ਹੋਣਾ ਸ਼ੁਰੂ ਹੋ ਜਾਂਦਾ ਹੈ। ਭਾਂਡਾ (ਦੇਹੀ ਰੂਪੀ) ਅੰਮ੍ਰਿਤ ਨਾਲ ਭਰਨਾ ਸ਼ੁਰੂ ਹੋ ਜਾਂਦਾ ਹੈ। ਸਮਾਧੀ ਲੱਗ ਜਾਂਦੀ ਹੈ। ਜਦ ਮਨੁੱਖ ਸਤਿਨਾਮ ਸਿਮਰਨ ਅਭਿਆਸ ਵਿੱਚ ਬੈਠਦਾ ਹੈ ਤਾਂ ਬੈਠਦੇ ਸਾਰ ਹੀ ਮਨੁੱਖ ਦੀ ਸੁਰਤਿ ਵਿੱਚ ਸਤਿਨਾਮ ਸਿਮਰਨ ਸੁਣਨਾ ਸ਼ੁਰੂ ਹੋ ਜਾਂਦਾ ਹੈ। ਮਨੁੱਖ ਜਦ ਕੀਰਤਨ, ਕਥਾ ਅਤੇ ਗੁਰਬਾਣੀ ਸੁਣਦਾ ਹੈ ਤੇ ਸੁਣਦੇ ਸਾਰ ਹੀ ਮਨੁੱਖ ਸਮਾਧੀ ਵਿੱਚ ਚਲਾ ਜਾਂਦਾ ਹੈ। ਮਨੁੱਖ ਦੀ ਸੁਰਤਿ ਇੱਕ ਦਮ ਕੀਰਤਨ, ਕਥਾ ਅਤੇ ਗੁਰਬਾਣੀ ਵਿੱਚ ਖਿੱਚੀ ਜਾਂਦੀ ਹੈ। ਸੁਰਤਿ ਅਤੇ ਸ਼ਬਦ ਦਾ ਸੁਮੇਲ ਹੋ ਜਾਂਦਾ ਹੈ। ਸੁਰਤਿ ਸ਼ਬਦ ਵਿੱਚ ਸਥਿਰ ਹੋ ਜਾਂਦੀ ਹੈ। ਨਿਰੰਤਰ ਸਤਿਨਾਮ ਸਿਮਰਨ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਇੜਾ, ਪਿੰਗਲਾ ਅਤੇ ਸੁਖਮਨਾ (ਸੁਸ਼ਮਨਾ) ਪ੍ਰਕਾਸ਼ਮਾਨ ਹੋ ਜਾਂਦੀਆਂ ਹਨ। ਗਿਆਨ ਨੇਤਰ ਖੁੱਲ੍ਹ ਜਾਂਦਾ ਹੈ। ਸਤਿਨਾਮ ਸਿਮਰਨ ਦੇ ਗੁਰਪ੍ਰਸਾਦਿ ਨਾਲ ਇੜਾ, ਪਿੰਗਲਾ ਅਤੇ ਸੁਖਮਨਾ ਨਾੜਾਂ ਵੀ ਸਹਿਜੇ ਹੀ ਪ੍ਰਕਾਸ਼ਮਾਨ ਹੋ ਜਾਂਦੀਆਂ ਹਨ। ਇਨ੍ਹਾਂ ਨਾੜਾਂ ਦੇ ਪ੍ਰਕਾਸ਼ਮਾਨ ਹੋਣ ਨਾਲ ਗਿਆਨ ਨੇਤਰ ਖੁੱਲ੍ਹ ਜਾਂਦਾ ਹੈ ਅਤੇ ਮਨੁੱਖ ਸਮਾਧੀ ਵਿੱਚ ਚਲਾ ਜਾਂਦਾ ਹੈ।

ਇੜਾ ਪਿੰਗੁਲਾ ਅਉਰੁ ਸੁਖਮਨਾ ਪਉਨੈ ਬੰਧਿ ਰਹਾਉਗੋ ॥

ਚੰਦੁ ਸੂਰਜੁ ਦੁਇ ਸਮ ਕਰਿ ਰਾਖਉ ਬ੍ਰਹਮ ਜੋਤਿ ਮਿਲਿ ਜਾਉਗੋ ॥

(ਪੰਨਾ ੯੭੨-੯੭੩)

 

ਤ੍ਰੈ ਸਤ ਅੰਗੁਲ ਵਾਈ ਅਉਧੂ ਸੁੰਨ ਸਚੁ ਆਹਾਰੋ ॥

ਗੁਰਮੁਖਿ ਬੋਲੈ ਤਤੁ ਬਿਰੋਲੈ ਚੀਨੈ ਅਲਖ ਅਪਾਰੋ ॥

ਤ੍ਰੈ ਗੁਣ ਮੇਟੈ ਸਬਦੁ ਵਸਾਏ ਤਾ ਮਨਿ ਚੂਕੈ ਅਹੰਕਾਰੋ ॥

ਅੰਤਰਿ ਬਾਹਰਿ ਏਕੋ ਜਾਣੈ ਤਾ ਹਰਿ ਨਾਮਿ ਲਗੈ ਪਿਆਰੋ ॥

ਸੁਖਮਨਾ ਇੜਾ ਪਿੰਗੁਲਾ ਬੂਝੈ ਜਾ ਆਪੇ ਅਲਖੁ ਲਖਾਏ ॥

ਨਾਨਕ ਤਿਹੁ ਤੇ ਊਪਰਿ ਸਾਚਾ ਸਤਿਗੁਰ ਸਬਦਿ ਸਮਾਏ ॥੬੦॥

(ਪੰਨਾ ੯੪੪)

 

ਇੜਾ ਪਿੰਗੁਲਾ ਅਉਰ ਸੁਖਮਨਾ ਤੀਨਿ ਬਸਹਿ ਇਕ ਠਾਈ ॥

ਬੇਣੀ ਸੰਗਮੁ ਤਹ ਪਿਰਾਗੁ ਮਨੁ ਮਜਨੁ ਕਰੇ ਤਿਥਾਈ ॥੧॥

ਸੰਤਹੁ ਤਹਾ ਨਿਰੰਜਨ ਰਾਮੁ ਹੈ ॥

ਗੁਰ ਗਮਿ ਚੀਨੈ ਬਿਰਲਾ ਕੋਇ ॥

ਤਹਾਂ ਨਿਰੰਜਨੁ ਰਮਈਆ ਹੋਇ ॥੧॥ ਰਹਾਉ ॥

(ਪੰਨਾ ੯੭੪)

 

ਇੜਾ, ਪਿੰਗਲਾ ਅਤੇ ਸੁਖਮਨਾ ਦੀਆਂ ਨਾੜਾਂ ਸੂਖਸ਼ਮ ਦੇਹੀ ਦਾ ਇੱਕ ਅਹਿਮ ਅੰਗ ਹਨ, ਜੋ ਮਨੁੱਖ ਦੇ ਸਾਰੇ (੭) ਸਤਿ ਸਰੋਵਰਾਂ ਨੂੰ ਜੋੜਦੀਆਂ ਹਨ, ਜੋ ਰੀੜ੍ਹ ਦੇ ਮੁੱਢ ਤੋਂ ਸ਼ੁਰੂ ਹੋ ਕੇ ਤ੍ਰਿਕੁਟੀ ‘ਤੇ ਮਿਲਦੀਆਂ ਹਨ। ਇਨ੍ਹਾਂ ਤਿੰਨਾਂ ਨਾੜਾਂ ਵਿੱਚ ਮਨੁੱਖ ਦੇ ਪ੍ਰਾਣ ਵੱਸਦੇ ਹਨ। ਭਾਵ ਮਨੁੱਖ ਦੀ ਪ੍ਰਾਣ ਸ਼ਕਤੀ ਅਤੇ ਹੋਰ ਸਾਰੀਆਂ ਕਲਾਵਾਂ ਇਨ੍ਹਾਂ ਨਾੜਾਂ ਅਤੇ ਸਤਿ ਸਰੋਵਰਾਂ ਵਿੱਚੋਂ ਹੀ ਕ੍ਰਿਆਸ਼ੀਲ ਹੁੰਦੀਆਂ ਹਨ। ਮਨੁੱਖ ਨੂੰ ਸਾਰੀਆਂ ਇਲਾਹੀ ਸ਼ਕਤੀਆਂ ਇਨ੍ਹਾਂ ਤਿੰਨਾਂ ਨਾੜਾਂ ਅਤੇ ੭ ਸਤਿ ਸਰੋਵਰਾਂ ਤੋਂ ਹੀ ਪ੍ਰਾਪਤ ਹੁੰਦੀਆਂ ਹਨ। ਇਹ ਤਿੰਨੋਂ ਨਾੜਾਂ ਅਤੇ ੭ ਸਤਿ ਸਰੋਵਰ ਹੀ ਮਨੁੱਖ ਦੇ ਜੀਵਨ ਦਾ ਆਧਾਰ ਹਨ। ਇਹ ਤਿੰਨੋਂ ਨਾੜਾਂ ਅਤੇ ੭ ਸਤਿ ਸਰੋਵਰ ਸਤਿਨਾਮ ਦੇ ਗੁਰਪ੍ਰਸਾਦਿ ਨਾਲ ਹੀ ਪ੍ਰਕਾਸ਼ਮਾਨ ਹੁੰਦੇ ਹਨ। ਮਨੁੱਖ ਦੀ ਸੁਰਤਿ ਦਾ ਆਧਾਰ ਵੀ ਇਹ ਤਿੰਨੋਂ ਨਾੜਾਂ ਅਤੇ ੭ ਸਤਿ ਸਰੋਵਰ ਹੀ ਹਨ। ਜਿਵੇਂ-ਜਿਵੇਂ ਇਹ ਤਿੰਨੋਂ ਨਾੜਾਂ ਅਤੇ ੭ ਸਤਿ ਸਰੋਵਰ ਪ੍ਰਕਾਸ਼ਮਾਨ ਹੁੰਦੇ ਹਨ ਤਿਵੇਂ-ਤਿਵੇਂ ਮਨੁੱਖ ਦੀ ਸੁਰਤਿ ਵੀ ਉੱਚੀਆਂ ਅਵਸਥਾਵਾਂ ਵਿੱਚ ਪੁੱਜਦੀ ਜਾਂਦੀ ਹੈ।

ਜਦ ਇਹ ਤਿੰਨਾਂ ਨਾੜਾਂ ਪ੍ਰਕਾਸ਼ਮਾਨ ਹੋ ਜਾਂਦੀਆਂ ਹਨ ਤਾਂ ਤ੍ਰਿਕੁਟੀ ਖੁੱਲ੍ਹ ਜਾਂਦੀ ਹੈ ਅਤੇ ਗਿਆਨ ਨੇਤਰ ਪ੍ਰਕਾਸ਼ਮਾਨ ਹੋ ਜਾਂਦਾ ਹੈ। ਸਤਿਨਾਮ ਦਾ ਗੁਰ ਪ੍ਰਸਾਦਿ ਜਦ ਇਨ੍ਹਾਂ ਨਾੜਾਂ ਵਿੱਚ ਜਾਂਦਾ ਹੈ ਤਾਂ ਇਹ ਪ੍ਰਕਾਸ਼ਮਾਨ ਹੋ ਜਾਂਦੀਆਂ ਹਨ। ਜਦ ਸਤਿਨਾਮ ਦਾ ਗੁਰ ਪ੍ਰਸਾਦਿ ਇਨ੍ਹਾਂ ਨਾੜਾਂ ਵਿੱਚੋਂ ਹੁੰਦਾ ਹੋਇਆ ਸਤਿ ਸਰੋਵਰਾਂ ਵਿੱਚੋਂ ਨਿਕਲਦਾ ਹੈ ਤਾਂ ਇਹ ਸਾਰੇ (੭) ਸਤਿ ਸਰੋਵਰ ਵੀ ਪ੍ਰਕਾਸ਼ਮਾਨ ਹੋ ਜਾਂਦੇ ਹਨ। ਇਸ ਤਰ੍ਹਾਂ ਨਾਲ ਮਨੁੱਖ ਦੇ ਸਾਰੇ ਬਜਰ ਕਪਾਟ ਖੁੱਲ੍ਹ ਜਾਂਦੇ ਹਨ ਅਤੇ ਸਮਾਧੀ ਲੱਗ ਜਾਂਦੀ ਹੈ। ਸਤਿਨਾਮ ਰੋਮ-ਰੋਮ ਵਿੱਚ ਪ੍ਰਕਾਸ਼ਮਾਨ ਹੋ ਜਾਂਦਾ ਹੈ। ਗੁਰ ਪ੍ਰਸਾਦਿ ਨਾਲ ਇਹ ਸਾਰੀਆਂ ਰੂਹਾਨੀ ਪ੍ਰਾਪਤੀਆਂ ਸਹਿਜੇ ਹੀ ਹੋ ਜਾਂਦੀਆਂ ਹਨ ।

ਜੋਗੀ ਲੋਕ ਪ੍ਰਾਣਾਯਾਮ ਦੀ ਸਾਧਨਾ ਨਾਲ ਇੜਾ, ਪਿੰਗਲਾ ਅਤੇ ਸੁਖਮਨਾ ਨੂੰ ਜਾਗਰਿਤ ਕਰਨ ਦਾ ਅਭਿਆਸ ਕਰਦੇ ਹਨ। ਇੜਾ ਵਿੱਚ ਪ੍ਰਾਣ ਉੱਪਰ ਨੂੰ ਖਿੱਚਦੇ ਹਨ, ਪਿੰਗਲਾ ਵਿੱਚ ਪ੍ਰਾਣ ਨੀਚੇ ਉਤਾਰਦੇ ਹਨ ਅਤੇ ਸੁਖਮਨਾ ਵਿੱਚ ਪ੍ਰਾਣ ਟਿਕਾਉਂਦੇ ਹਨ। ਇਹ ਜੋਗ ਦੇ ਅਭਿਆਸ ਵਿੱਚ ਜੋਗੀ ਪ੍ਰਾਣਾਯਾਮ ਸਾਧਨਾ ਨਾਲ ਇੜਾ, ਪਿੰਗਲਾ ਅਤੇ ਸੁਖਮਨਾ ਨਾੜਾਂ ਨੂੰ ਜਾਗਰਿਤ ਕਰਨ ਲਈ ਕਰਦੇ ਹਨ। ਇਸ ਦੇ ਨਾਲ ਹੀ ਜੋਗੀ ਲੋਕ ੭ ਸਤਿ ਸਰੋਵਰਾਂ ਨੂੰ ਵੀ ਜੋਗ ਸਾਧਨਾ ਕਰ ਕੇ ਜਾਗਰਿਤ ਕਰਨ ਦਾ ਅਭਿਆਸ ਕਰਦੇ ਹਨ। ਜੋਗੀ ਲੋਕ ਇਕੱਲੇ-ਇਕੱਲੇ ਸਤਿ ਸਰੋਵਰ ਨੂੰ ਜਾਗਰਿਤ ਕਰਨ ਦਾ ਅਭਿਆਸ ਕਰਦੇ ਹਨ। ਇਹ ਸਾਰੇ ਅਭਿਆਸ ਬਹੁਤ ਕਠਿਨ ਹੁੰਦੇ ਹਨ ਅਤੇ ਬਹੁਤ ਸਮੇਂ ਲਈ ਕਰਨੇ ਪੈਂਦੇ ਹਨ ਜਿਸ ਦੇ ਨਾਲ ਇਨ੍ਹਾਂ ਸਤਿ ਸਰੋਵਰਾਂ ਅਤੇ ਇੜਾ, ਪਿੰਗਲਾ ਅਤੇ ਸੁਖਮਨਾ ਦੇ ਜਾਗਰਿਤ ਹੋਣ ਦੀ ਸੰਭਾਵਨਾ ਹੁੰਦੀ ਹੈ। ਸੁਣਨ ਵਿੱਚ ਆਉਂਦਾ ਹੈ ਕਿ ਜੋਗੀ ਲੋਕ ਕਈ-ਕਈ ਸਾਲਾਂ ਤੱਕ ਇਕੱਲੇ-ਇਕੱਲੇ ਸਤਿ ਸਰੋਵਰ ਉੱਪਰ ਧਿਆਨ ਕੇਂਦਰਿਤ ਕਰਦੇ ਹਨ। ਇਸੇ ਤਰ੍ਹਾਂ ਨਾਲ ਇੜਾ, ਪਿੰਗਲਾ ਅਤੇ ਸੁਖਮਨਾ ਨੂੰ ਜਾਗਰਿਤ ਕਰਨ ਲਈ ਕਈ-ਕਈ ਸਾਲਾਂ ਦਾ ਅਭਿਆਸ ਕਰਦੇ ਹਨ। ਇਸ ਤਰ੍ਹਾਂ ਨਾਲ ਜੋਗ ਅਭਿਆਸ ਦੀ ਕ੍ਰਿਆ ਬਹੁਤ ਕਠਿਨ ਹੁੰਦੀ ਹੈ ਅਤੇ ਲੰਬੇ ਸਮੇਂ ਲਈ ਕਰਨੀ ਪੈਂਦੀ ਹੈ। ਪਰੰਤੂ ਪ੍ਰੇਮਾ ਭਗਤੀ ਵਿੱਚ ਇਹ ਸਾਰੀਆਂ ਪ੍ਰਾਪਤੀਆਂ ਗੁਰ ਪ੍ਰਸਾਦੀ ਗੁਰ ਕਿਰਪਾ ਨਾਲ ਸਤਿਨਾਮ ਦੀ ਕਮਾਈ ਨਾਲ ਸਹਿਜੇ ਹੀ ਹੋ ਜਾਂਦੀਆਂ ਹਨ।

ਇਸ ਅਵਸਥਾ ਵਿੱਚ ਸੁਹਾਗ ਦੀ ਪ੍ਰਾਪਤੀ ਹੋ ਜਾਂਦੀ ਹੈ। ਮਨੁੱਖ ਅਕਾਲ ਪੁਰਖ ਦੀ ਦਰਗਾਹ ਵਿੱਚ ਸੁਹਾਗਣ ਦੇ ਤੌਰ ‘ਤੇ ਸਵੀਕਾਰ ਕੀਤਾ ਜਾਂਦਾ ਹੈ ਅਤੇ ਅਕਾਲ ਪੁਰਖ ਦੀ ਦਰਗਾਹ ਵਿੱਚ ਸਤਿਨਾਮ ਦਾ ਖਾਤਾ ਖੁੱਲ੍ਹ ਜਾਂਦਾ ਹੈ। ਮਨੁੱਖ ਦੀ ਅਸਲੀ ਦਰਗਾਹੀ ਬੰਦਗੀ ਸ਼ੁਰੂ ਹੋ ਜਾਂਦੀ ਹੈ। ਨਿਰੰਤਰ ਸਤਿਨਾਮ ਸਿਮਰਨ ਅਜਪਾ ਜਾਪ ਸਿੱਧਾ ਦਰਗਾਹ ਵਿੱਚ ਮਨੁੱਖ ਦੇ ਨਾਮ ਦੇ ਖਾਤੇ ਵਿੱਚ ਜਮ੍ਹਾਂ ਹੋਣਾ ਸ਼ੁਰੂ ਹੋ ਜਾਂਦਾ ਹੈ। ਸਤਿਨਾਮ ਧਨ ਇਕੱਤਰ ਹੋਣਾ ਸ਼ੁਰੂ ਹੋ ਜਾਂਦਾ ਹੈ। ਜਦ ਮਨੁੱਖ ਲੰਬੇ ਸਮੇਂ ਲਈ ਸਤਿਨਾਮ ਅਭਿਆਸ ਵਿੱਚ ਬੈਠਦਾ ਹੈ ਤਾਂ ਉਹ ਸੁੰਨ ਸਮਾਧੀ ਵਿੱਚ ਚਲਾ ਜਾਂਦਾ ਹੈ। ਸੁੰਨ ਦੀ ਅਵਸਥਾ ਪ੍ਰਾਪਤ ਹੋਣੀ ਸ਼ੁਰੂ ਹੋ ਜਾਂਦੀ ਹੈ। ਮਨ ਅਤੇ ਹਿਰਦਾ ਪੂਰਨ ਸ਼ਾਂਤੀ ਵਿੱਚ ਚਲਾ ਜਾਂਦਾ ਹੈ। ਮਨ ਦੇ ਫੁਰਨੇ ਖ਼ਤਮ ਹੋ ਜਾਂਦੇ ਹਨ। ਮਨ ਵਿੱਚ ਕੋਈ ਵਿਕਲਪ ਨਹੀਂ ਰਹਿ ਜਾਂਦਾ ਹੈ। ਮਨ ਦਾ ਅੰਤ ਹੋ ਜਾਂਦਾ ਹੈ। ਮਨ ਪਰਮ ਜੋਤ ਵਿੱਚ ਬਦਲ ਜਾਂਦਾ ਹੈ। ਹਿਰਦੇ ਵਿੱਚ ਪੂਰਨ ਜੋਤ ਪ੍ਰਕਾਸ਼ ਪ੍ਰਗਟ ਹੋ ਜਾਂਦਾ ਹੈ। ਦੇਹੀ ਕੰਚਨ ਹੋ ਜਾਂਦੀ ਹੈ। ਭਾਵ ਦੇਹੀ ਵਿਕਾਰਾਂ ਤੋਂ ਰਹਿਤ ਹੋ ਜਾਂਦੀ ਹੈ। ਕਾਮ ਚੰਡਾਲ, ਕ੍ਰੋਧ ਚੰਡਾਲ, ਲੋਭ ਚੰਡਾਲ, ਮੋਹ ਚੰਡਾਲ, ਅਹੰਕਾਰ ਚੰਡਾਲ ਮਨੁੱਖ ਦੇ ਵੱਸ ਵਿੱਚ ਆ ਜਾਂਦੇ ਹਨ। ਤ੍ਰਿਸ਼ਣਾ ਦੀ ਮਹਾ ਵਿਨਾਸ਼ਕਾਰੀ ਅਗਨ ਬੁਝ ਜਾਂਦੀ ਹੈ । ਹਿਰਦਾ ਸਤਿ-ਸੰਤੋਖ ਵਿੱਚ ਚਲਾ ਜਾਂਦਾ ਹੈ। ਰਾਜ, ਜੋਬਨ, ਧਨ, ਮਾਲ, ਸ਼ਬਦ, ਸਪਰਸ਼, ਨਿੰਦਿਆ, ਚੁਗ਼ਲੀ, ਬਖੀਲੀ ਅਤੇ ਹੋਰ ਸਾਰੇ ਵਿਕਾਰਾਂ ਦਾ ਅੰਤ ਹੋ ਜਾਂਦਾ ਹੈ। ਭਾਂਡਾ (ਦੇਹੀ) ਨਿਰਮਲ ਹੋ ਕੇ ਕੰਚਨ ਹੋ ਜਾਂਦਾ ਹੈ। ਭਾਂਡੇ (ਦੇਹੀ) ਦੇ ਸਾਰੇ ਵਿਕਾਰਾਂ ਰੂਪੀ ਛੇਕ ਬੰਦ ਹੋ ਜਾਂਦੇ ਹਨ। ਭਾਂਡੇ ਵਿੱਚ ਅੰਮ੍ਰਿਤ ਭਰਪੂਰ ਹੋ ਜਾਂਦਾ ਹੈ। ਭਾਂਡੇ ਵਿੱਚੋਂ ਅੰਮ੍ਰਿਤ ਛਲਕਣ ਲੱਗ ਜਾਂਦਾ ਹੈ। ਭਾਂਡੇ ਵਿੱਚੋਂ ਅੰਮ੍ਰਿਤ ਬਾਹਰ ਵਗਣਾ ਸ਼ੁਰੂ ਹੋ ਜਾਂਦਾ ਹੈ। ਭਾਵ ਮਨੁੱਖਾ ਦੇਹੀ ਵਿੱਚੋਂ ਅੰਮ੍ਰਿਤ ਬਾਹਰ ਡੁੱਲ੍ਹਣਾ ਸ਼ੁਰੂ ਹੋ ਜਾਂਦਾ ਹੈ। ਕੰਚਨ ਹੋਈ ਦੇਹੀ ਦੀ ਇਸ ਪਰਮ ਸ਼ਕਤੀਸ਼ਾਲੀ ਅਵਸਥਾ ਨੂੰ ਗੁਰਬਾਣੀ ਵਿੱਚ ਬਹੁਤ ਸਾਰੇ ਸਲੋਕਾਂ ਵਿੱਚ ਪ੍ਰਗਟ ਕੀਤਾ ਗਿਆ ਹੈ:

 

ਜਿਹ ਪ੍ਰਸਾਦਿ ਆਰੋਗ ਕੰਚਨ ਦੇਹੀ ॥ ਲਿਵ ਲਾਵਹੁ ਤਿਸੁ ਰਾਮ ਸਨੇਹੀ ॥

(ਪੰਨਾ ੨੭੦)

 

ਕੰਚਨ ਕਾਇਆ ਜੋਤਿ ਅਨੂਪੁ ॥ ਤ੍ਰਿਭਵਣ ਦੇਵਾ ਸਗਲ ਸਰੂਪੁ ॥ ਮੈ ਸੋ ਧਨੁ ਪਲੈ ਸਾਚੁ ਅਖੂਟੁ ॥

(ਪੰਨਾ ੪੧੩-੪੧੪)

 

ਗੁਰਮੁਖਿ ਢੂੰਢਿ ਢੂਢੇਦਿਆ ਹਰਿ ਸਜਣੁ ਲਧਾ ਰਾਮ ਰਾਜੇ ॥

ਕੰਚਨ ਕਾਇਆ ਕੋਟ ਗੜ ਵਿਚਿ ਹਰਿ ਹਰਿ ਸਿਧਾ ॥

ਹਰਿ ਹਰਿ ਹੀਰਾ ਰਤਨੁ ਹੈ ਮੇਰਾ ਮਨੁ ਤਨੁ ਵਿਧਾ ॥

ਧੁਰਿ ਭਾਗ ਵਡੇ ਹਰਿ ਪਾਇਆ ਨਾਨਕ ਰਸਿ ਗੁਧਾ ॥

(ਪੰਨਾ ੪੪੯)

 

ਦੇਹ ਕੰਚਨ ਜੀਨੁ ਸੁਵਿਨਾ ਰਾਮ ॥ ਜੜਿ ਹਰਿ ਹਰਿ ਨਾਮੁ ਰਤੰਨਾ ਰਾਮ ॥

ਜੜਿ ਨਾਮ ਰਤਨੁ ਗੋਵਿੰਦ ਪਾਇਆ ਹਰਿ ਮਿਲੇ ਹਰਿ ਗੁਣ ਸੁਖ ਘਣੇ ॥

ਗੁਰ ਸਬਦੁ ਪਾਇਆ ਹਰਿ ਨਾਮੁ ਧਿਆਇਆ ਵਡਭਾਗੀ ਹਰਿ ਰੰਗ ਹਰਿ ਬਣੇ ॥

ਹਰਿ ਮਿਲੇ ਸੁਆਮੀ ਅੰਤਰਜਾਮੀ ਹਰਿ ਨਵਤਨ ਹਰਿ ਨਵ ਰੰਗੀਆ ॥

ਨਾਨਕੁ ਵਖਾਣੈ ਨਾਮੁ ਜਾਣੈ ਹਰਿ ਨਾਮੁ ਹਰਿ ਪ੍ਰਭ ਮੰਗੀਆ ॥

(ਪੰਨਾ ੫੭੬)

 

ਕੰਚਨ ਕਾਇਆ ਨਿਰਮਲੀ ਜੋ ਸਚਿ ਨਾਮਿ ਸਚਿ ਲਾਗੀ ॥

ਨਿਰਮਲ ਜੋਤਿ ਨਿਰੰਜਨੁ ਪਾਇਆ ਗੁਰਮੁਖਿ ਭ੍ਰਮੁ ਭਉ ਭਾਗੀ ॥

ਨਾਨਕ ਗੁਰਮੁਖਿ ਸਦਾ ਸੁਖੁ ਪਾਵਹਿ ਅਨਦਿਨੁ ਹਰਿ ਬੈਰਾਗੀ ॥

(ਪੰਨਾ ੫੯੦)

 

ਆਪੈ ਆਪੁ ਖਾਇ ਹਉ ਮੇਟੈ ਅਨਦਿਨੁ ਹਰਿ ਰਸ ਗੀਤ ਗਵਈਆ ॥

ਗੁਰਮੁਖਿ ਪਰਚੈ ਕੰਚਨ ਕਾਇਆ ਨਿਰਭਉ ਜੋਤੀ ਜੋਤਿ ਮਿਲਈਆ ॥

(ਪੰਨਾ ੮੩੩)

 

ਰਾਮ ਨਾਮ ਰਸੁ ਚਾਖਿਆ ਹਰਿ ਨਾਮਾ ਹਰ ਤਾਰਿ ॥

ਕਹੁ ਕਬੀਰ ਕੰਚਨੁ ਭਇਆ ਭ੍ਰਮੁ ਗਇਆ ਸਮੁਦ੍ਰੈ ਪਾਰਿ ॥

(ਪੰਨਾ ੧੧੦੩)

ਜਦ ਮਨੁੱਖ ਦੀ ਦੇਹੀ ਕੰਚਨ ਹੋ ਜਾਂਦੀ ਹੈ ਤਾਂ ਮਨੁੱਖ ਦੀ ਦੁਬਿਧਾ ਦਾ ਅੰਤ ਹੋ ਜਾਂਦਾ ਹੈ। ਸਾਰੇ ਭਰਮਾਂ ਦਾ ਨਾਸ ਹੋ ਜਾਂਦਾ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਕੰਚਨ ਹੋਈ ਦੇਹੀ ਵਿੱਚ ਹੀ ਪ੍ਰਗਟ ਹੁੰਦਾ ਹੈ। ਮਨੁੱਖ ਦੀ ਦੇਹੀ ਨਿਰੰਤਰ ਅੰਮ੍ਰਿਤ ਇਸ਼ਨਾਨ ਕਰਦੀ ਹੈ। ਸਾਰੇ ਪਾਸੇ ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਂਦਾ ਹੈ। ਪਰਮ ਜੋਤ ਪੂਰਨ ਪ੍ਰਕਾਸ਼ ਦੀ ਬਖ਼ਸ਼ਿਸ਼ ਕੰਚਨ ਹੋਈ ਦੇਹੀ ਨੂੰ ਹੀ ਪ੍ਰਾਪਤ ਹੁੰਦੀ ਹੈ। ਜਿਗਿਆਸੂ ਦੀ ਨਿਰੰਤਰ ਸਹਿਜ ਸਮਾਧੀ ਵੀ ਕੰਚਨ ਹੋਈ ਦੇਹੀ ਨੂੰ ਹੀ ਪ੍ਰਾਪਤ ਹੁੰਦੀ ਹੈ। ਸਾਰੇ ਮਾਨਸਿਕ ਰੋਗਾਂ ਤੋਂ ਮੁਕਤੀ ਕੰਚਨ ਦੇਹੀ ਬਣਨ ‘ਤੇ ਹੀ ਮਿਲਦੀ ਹੈ। ਮਨੁੱਖ ਦੀ ਸੁਰਤਿ, ਮਤਿ ਅਤੇ ਬੁੱਧ ਉੱਤਮ ਅਵਸਥਾ ਵਿੱਚ ਪਹੁੰਚ ਜਾਂਦੀ ਹੈ ਅਤੇ ਦੇਵਤਿਆਂ ਵਾਲੀ ਅਤੇ ਸਿੱਧਾਂ ਵਾਲੀ ਅਵਸਥਾ ਬਣ ਜਾਂਦੀ ਹੈ। ਮਨੁੱਖ ਦੀ ਸੁਰਤਿ, ਮਤਿ ਅਤੇ ਬੁੱਧ ਪੂਰਨ ਗੁਰਮਤਿ ਵਿੱਚ ਚਲੀ ਜਾਂਦੀ ਹੈ।

ਕਰਮ ਖੰਡ ਮਨੁੱਖ ਦੀ ਬਹੁਤ ਉੱਚੀ ਅਤੇ ਪਰਮ ਸ਼ਕਤੀਸ਼ਾਲੀ ਰੂਹਾਨੀ ਅਵਸਥਾ ਹੈ। ਮਨੁੱਖ ਦੀ ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਨਾਲ ਅਸਲ ਜੰਗ ਪੂਰੇ ਜ਼ੋਰਾਂ ਨਾਲ ਹੁੰਦੀ ਹੈ। ਗੁਰਪ੍ਰਸਾਦਿ ਦੀ ਪਰਮ ਸ਼ਕਤੀ ਦੇ ਪ੍ਰਤਾਪ ਦੇ ਨਾਲ ਮਨੁੱਖ ਸਾਰੀਆਂ ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਅਤੇ ਮਨ ‘ਤੇ ਜਿੱਤ ਪਾ ਲੈਂਦਾ ਹੈ। ਸਤਿਨਾਮ ਮਨੁੱਖ ਦੇ ਰੋਮ-ਰੋਮ ਵਿੱਚ ਚਲਾ ਜਾਂਦਾ ਹੈ। ਮਨੁੱਖ ਦਾ ਰੋਮ-ਰੋਮ ਭਾਵ ਦੇਹੀ ਦੀ ਹਰ ਇੱਕ ਕੋਸ਼ਕਾ (Cell) ਨਾਮ ਦੇ ਨਾਲ ਧੜਕਣ (Vibrate) ਲੱਗ ਪੈਂਦੀ ਹੈ। ਮਨੁੱਖ ਦੇ ਰੋਮ-ਰੋਮ ਵਿੱਚੋਂ ਇਲਾਹੀ ਪ੍ਰਕਾਸ਼ ਨਿਕਲਣ ਲੱਗ ਪੈਂਦਾ ਹੈ। ਮਨੁੱਖ ਦੇ ਨੇਤਰਾਂ ਵਿੱਚੋਂ ਇਲਾਹੀ ਪ੍ਰਕਾਸ਼ ਨਿਕਲਣ ਲੱਗ ਪੈਂਦਾ ਹੈ। ਦਸਮ ਦੁਆਰ ਖੁੱਲ੍ਹ ਜਾਂਦਾ ਹੈ ਅਤੇ ਅਕਾਲ ਪੁਰਖ ਨਾਲ ਸਿੱਧਾ ਸੰਪਰਕ ਕਾਇਮ ਹੋ ਜਾਂਦਾ ਹੈ। ਦਸਮ ਦੁਆਰ ਦੇ ਖੁੱਲ੍ਹਣ ਨਾਲ ਆਪਣੀ ਹੀ ਕੰਚਨ ਹੋਈ ਸੂਖਸ਼ਮ ਦੇਹੀ ਦੇ ਦਰਸ਼ਨ ਹੋ ਜਾਂਦੇ ਹਨ। ਦਸਮ ਦੁਆਰ ਦੇ ਖੁੱਲ੍ਹਣ ਨਾਲ ਮਨੁੱਖ ਨੂੰ ਅਨਹਦ ਸ਼ਬਦ ਅੰਮ੍ਰਿਤ ਦੀ ਪ੍ਰਾਪਤੀ ਹੋ ਜਾਂਦੀ ਹੈ। ਅਨਹਦ ਸ਼ਬਦ ਨਿਰੰਤਰ ਮਨੁੱਖ ਦੇ ਦਸਮ ਦੁਆਰ ਵਿੱਚ ਵੱਜਣ ਲੱਗ ਪੈਂਦਾ ਹੈ। ਅਨਹਦ ਸ਼ਬਦ ਜੋ ਮਨੁੱਖ ਦੇ ਦਸਮ ਦੁਆਰ ਵਿੱਚ ਵੱਜਦਾ ਹੈ ਉਹ ਹੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਧੁਨਾਤਮਕ ਨਾਮ ਅੰਮ੍ਰਿਤ ਹੈ। ਦਸਮ ਦੁਆਰ ਵਿੱਚ ਵੱਜਦੇ ਹੋਏ ਇਸ ਅਨਹਦ ਸ਼ਬਦ ਦੇ ਬਾਰੇ ਪਰਮ ਸਤਿ ਤੱਤ ਗੁਰਬਾਣੀ ਵਿੱਚ ਪ੍ਰਗਟ ਕੀਤਾ ਗਿਆ ਹੈ:

ਇਸੁ ਕਾਇਆ ਅੰਦਰਿ ਵਸਤੁ ਅਸੰਖਾ ॥ ਗੁਰਮੁਖਿ ਸਾਚੁ ਮਿਲੈ ਤਾ ਵੇਖਾ ॥

ਨਉ ਦਰਵਾਜੇ ਦਸਵੈ ਮੁਕਤਾ ਅਨਹਦ ਸਬਦੁ ਵਜਾਵਣਿਆ ॥

(ਪੰਨਾ ੧੧੦)

 

ਨਉ ਦਰ ਠਾਕੇ ਧਾਵਤੁ ਰਹਾਏ ॥ ਦਸਵੈ ਨਿਜ ਘਰਿ ਵਾਸਾ ਪਾਏ ॥

ਓਥੈ ਅਨਹਦ ਸਬਦ ਵਜਹਿ ਦਿਨੁ ਰਾਤੀ ਗੁਰਮਤੀ ਸਬਦੁ ਸੁਣਾਵਣਿਆ ॥

(ਪੰਨਾ ੧੨੪)

 

ਅਦਿਸਟੁ ਅਗੋਚਰੁ ਪਾਰਬ੍ਰਹਮੁ ਮਿਲਿ ਸਾਧੂ ਅਕਥੁ ਕਥਾਇਆ ਥਾ ॥

ਅਨਹਦ ਸਬਦੁ ਦਸਮ ਦੁਆਰਿ ਵਜਿਓ ਤਹ ਅੰਮ੍ਰਿਤ ਨਾਮੁ ਚੁਆਇਆ ਥਾ ॥੨॥

ਤੋਟਿ ਨਾਹੀ ਮਨਿ ਤ੍ਰਿਸਨਾ ਬੂਝੀ ਅਖੁਟ ਭੰਡਾਰ ਸਮਾਇਆ ਥਾ ॥

ਚਰਣ ਚਰਣ ਚਰਣ ਗੁਰ ਸੇਵੇ ਅਘੜੁ ਘੜਿਓ ਰਸੁ ਪਾਇਆ ਥਾ ॥੩॥

ਸਹਜੇ ਆਵਾ ਸਹਜੇ ਜਾਵਾ ਸਹਜੇ ਮਨੁ ਖੇਲਾਇਆ ਥਾ ॥

ਕਹੁ ਨਾਨਕ ਭਰਮੁ ਗੁਰਿ ਖੋਇਆ ਤਾ ਹਰਿ ਮਹਲੀ ਮਹਲੁ ਪਾਇਆ ਥਾ ॥

(ਪੰਨਾ ੧੧੦੨)

 

ਗੁਰਮੁਖਿ ਏਕੋ ਏਕੁ ਪਛਾਤਾ ਗੁਰਮੁਖਿ ਹੋਇ ਲਖਾਵੈਗੋ ॥

ਗੁਰਮੁਖਿ ਜਾਇ ਮਿਲੈ ਨਿਜ ਮਹਲੀ ਅਨਹਦ ਸਬਦੁ ਬਜਾਵੈਗੋ ॥

(ਪੰਨਾ ੧੩੧੦)

 

ਦਸਮ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ ॥

ਊਪਰਿ ਹਾਟੁ ਹਾਟ ਪਰਿ ਆਲਾ ਆਲੇ ਭੀਤਰਿ ਥਾਤੀ ॥

(ਪੰਨਾ ੯੭੪)

ਨਿਰੰਤਰ ਦਸਮ ਦੁਆਰ ਵਿੱਚ ਵੱਜਣ ਵਾਲਾ ਇਹ ਅਨਹਦ ਸ਼ਬਦ ਧੁਨਾਤਮਕ ਨਾਮ ਅੰਮ੍ਰਿਤ ਹੀ ਦਰਗਾਹੀ ਅਖੰਡ ਕੀਰਤਨ ਹੈ। ਅਨਹਦ ਤੋਂ ਭਾਵ ਹੈ ਜਿਸ ਦਾ ਕੋਈ ਹੱਦ-ਬੰਨਾ ਨਹੀਂ ਹੈ। ਜੋ ਕਦੇ ਖ਼ਤਮ ਨਹੀਂ ਹੁੰਦਾ ਹੈ। ਜੋ ਬੇਅੰਤ ਹੈ ਅਤੇ ਨਿਰੰਤਰ ਵੱਜਦਾ ਹੈ। ਇਹ ਅਨਹਦ ਸ਼ਬਦ ਮਨੁੱਖ ਦੇ ਕੰਨਾਂ ਵਿੱਚ ਨਹੀਂ ਸੁਣਦਾ ਹੈ। ਇਹ ਅਨਹਦ ਸ਼ਬਦ ਬੇਅੰਤ ਸ਼ਕਤੀਸ਼ਾਲੀ ਹੈ ਅਤੇ ਇਹ ਮਨੁੱਖ ਦੇ ਕੇਵਲ ਦਸਮ ਦੁਆਰ ਵਿੱਚ ਹੀ ਵੱਜਦਾ ਅਤੇ ਸੁਣਦਾ ਹੈ। ਇਸ ਪਰਮ ਸ਼ਕਤੀਸ਼ਾਲੀ ਅਨਹਦ ਸ਼ਬਦ ਧੁਨਾਤਮਕ ਨਾਮ ਅੰਮ੍ਰਿਤ ਵਿੱਚ ਸਾਰੀ ਕੁਦਰਤ ਦਾ ਇਲਾਹੀ ਸੰਗੀਤ ਅਤੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਅੰਮ੍ਰਿਤ ਬਾਣੀ ਗੂੰਜਦੀ ਹੈ। ਜਦ ਇਹ ਅਨਹਦ ਸ਼ਬਦ ਪ੍ਰਗਟ ਹੁੰਦਾ ਹੈ ਤਾਂ ਇਸ ਦੇ ਸਨਮੁਖ ਸਾਰੇ ਸੰਗੀਤਾਂ ਦੀਆਂ ਧੁਨਾਂ ਫਿੱਕੀਆਂ ਪੈ ਜਾਂਦੀਆਂ ਹਨ। ਜਦ ਮਨੁੱਖ ਇਸ ਅਨਹਦ ਸ਼ਬਦ ਦੇ ਸੰਗੀਤ ‘ਤੇ ਆਪਣਾ ਧਿਆਨ ਕੇਂਦਰਿਤ ਕਰਦਾ ਹੈ ਤਾਂ ਉਸ ਦਾ ਹਿਰਦਾ ਅਤੇ ਮਨ ਇੱਕ ਦਮ ਪੂਰਨ ਸ਼ਾਂਤੀ ਵਿੱਚ ਚਲਾ ਜਾਂਦਾ ਹੈ।

ਐਸੀ ਸੁੰਦਰ ਅਤੇ ਪਰਮ ਸ਼ਕਤੀਸ਼ਾਲੀ ਕਰਮ ਖੰਡ ਦੀ ਅਵਸਥਾ ਵਿੱਚ ਜੋ ਮਨੁੱਖ ਪਹੁੰਚ ਜਾਂਦੇ ਹਨ ਉਨ੍ਹਾਂ ਉੱਪਰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬੇਅੰਤ ਅਪਾਰ ਕਿਰਪਾ ਬਰਸਦੀ ਹੈ। ਉਨ੍ਹਾਂ ਦੀ ਸੁਰਤਿ, ਮਤਿ, ਮਨ, ਬੁੱਧ ਬਹੁਤ ਰੂਹਾਨੀ ਉੱਚਾਈਆਂ ‘ਤੇ ਚਲੀਆਂ ਜਾਂਦੀਆਂ ਹਨ। ਐਸੀ ਪਰਮ ਸ਼ਕਤੀਸ਼ਾਲੀ ਅਵਸਥਾ ਵਿੱਚ ਜੋ ਜਿਗਿਆਸੂ ਪਹੁੰਚ ਜਾਂਦੇ ਹਨ ਉਨ੍ਹਾਂ ਦੀ ਅਵਸਥਾ ਦਾ ਵਰਨਨ ਨਹੀਂ ਕੀਤਾ ਜਾ ਸਕਦਾ ਹੈ। ਇਹ ਗੁਰਪ੍ਰਸਾਦੀ ਕਥਾ ਐਸੇ ਮਹਾਂਪੁਰਖਾਂ ਦੀ ਇਸ ਪਰਮ ਸ਼ਕਤੀਸ਼ਾਲੀ ਅਵਸਥਾ ਦੀ ਕੇਵਲ ਇੱਕ ਝਲਕ ਮਾਤਰ ਹੀ ਹੈ। ਜੋ ਮਨੁੱਖ ਇਹ ਦਾਅਵਾ ਕਰਦੇ ਹਨ ਕਿ ਉਹ ਇਸ ਪਰਮ ਸ਼ਕਤੀਸ਼ਾਲੀ ਅਵਸਥਾ ਦਾ ਵਰਨਨ ਕਰ ਸਕਦੇ ਹਨ ਉਹ ਕੇਵਲ ਆਪਣੇ ਅਹੰਕਾਰ ਵੱਸ ਹੋ ਕੇ ਐਸਾ ਕਰਦੇ ਹਨ। ਜਿਸ ਕਾਰਨ ਉਨ੍ਹਾਂ ਨੂੰ ਪਸ਼ਚਾਤਾਪ ਕਰਨਾ ਪੈਂਦਾ ਹੈ। ਜੋ ਮਨੁੱਖ ਐਸੀ ਅਵਸਥਾ ਵਿੱਚ ਪਹੁੰਚ ਜਾਂਦੇ ਹਨ ਉਨ੍ਹਾਂ ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਬੇਅੰਤ ਪਰਮ ਸ਼ਕਤੀਆਂ ਦਾ ਅਨੁਭਵ ਹੋ ਜਾਂਦਾ ਹੈ ਇਸ ਲਈ ਉਹ ਆਪਣੇ ਆਪ ਨੂੰ ਮਹਾ ਕੰਗਾਲ ਕਹਿਣ ਲੱਗ ਜਾਂਦੇ ਹਨ। ਉਹ ਇਹ ਕਹਿਣ ਲੱਗ ਜਾਂਦੇ ਹਨ ਕਿ ਉਨ੍ਹਾਂ ਨੂੰ ਕੋਈ ਗਿਆਨ ਨਹੀਂ ਹੈ। ਇਹ ਸਭ ਕੁਝ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਹੀ ਮਹਿਮਾ ਹੈ। ਉਹ ਇਲਾਹੀ ਇਸ਼ਕ ਵਿੱਚ ਆਪਣੇ ਆਪ ਨੂੰ ਮਿਟਾ ਦਿੰਦੇ ਹਨ। ਉਹ ਆਪਣੀ ਹਸਤੀ ਨੂੰ ਮਿਟਾ ਕੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਅਭੇਦ ਹੋ ਜਾਂਦੇ ਹਨ।

ਕਰਮ ਖੰਡ ਵਿੱਚ ਜਿਗਿਆਸੂ ਉੱਪਰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬੇਅੰਤ ਅਪਾਰ ਕਿਰਪਾ ਅਤੇ ਗੁਰ ਪ੍ਰਸਾਦਿ ਦੀ ਪਰਮ ਸ਼ਕਤੀ ਵਰਤਦੀ ਹੈ। ਕਰਮ ਖੰਡ ਵਿੱਚ ਮਨੁੱਖ ਦੀ ਬੰਦਗੀ ਦਰਗਾਹ ਵਿੱਚ ਗਿਣੀ ਜਾਂਦੀ ਹੈ। ਇੜਾ, ਪਿੰਗਲਾ ਅਤੇ ਸੁਖਮਨਾ ਨਾੜਾਂ ਪ੍ਰਕਾਸ਼ਮਾਨ ਹੋ ਜਾਂਦੀਆਂ ਹਨ ਅਤੇ ਤ੍ਰਿਕੁਟੀ ਵਿੱਚ ਏਕ ਬੂੰਦ ਅੰਮ੍ਰਿਤ ਦੀ ਪ੍ਰਾਪਤੀ ਹੋਣ ਦੇ ਨਾਲ ਹੀ ਸਮਾਧੀ ਲੱਗ ਜਾਂਦੀ ਹੈ। ਏਕ ਬੂੰਦ ਅੰਮ੍ਰਿਤ ਦੀ ਮਹਿਮਾ ਗੁਰਬਾਣੀ ਵਿੱਚ ਪ੍ਰਗਟ ਕੀਤੀ ਗਈ ਹੈ।

ਏਕ ਬੂੰਦ ਗੁਰਿ ਅੰਮ੍ਰਿਤੁ ਦੀਨੋ ਤਾ ਅਟਲੁ ਅਮਰੁ ਨ ਮੁਆ ॥

ਭਗਤਿ ਭੰਡਾਰ ਗੁਰਿ ਨਾਨਕ ਕਉ ਸਉਪੇ ਫਿਰਿ ਲੇਖਾ ਮੂਲਿ ਨ ਲਇਆ ॥

(ਪੰਨਾ ੬੧੨)

ਏਕ ਬੂੰਦ ਅੰਮ੍ਰਿਤ ਦੀ ਪ੍ਰਾਪਤੀ ਹੀ ਗੁਰ ਪ੍ਰਸਾਦਿ ਦੀ ਪ੍ਰਾਪਤੀ ਦੀ ਨਿਸ਼ਾਨੀ ਹੈ। ਏਕ ਬੂੰਦ ਅੰਮ੍ਰਿਤ ਦੀ ਪ੍ਰਾਪਤੀ ਦੇ ਨਾਲ ਹੀ ਅਜਪਾ ਜਾਪ ਸ਼ੁਰੂ ਹੁੰਦਾ ਹੈ। ਏਕ ਬੂੰਦ ਅੰਮ੍ਰਿਤ ਦੀ ਪ੍ਰਾਪਤੀ ਦੇ ਨਾਲ ਹੀ ਮਨੁੱਖ ਦੀ ਸਮਾਧੀ ਲੱਗ ਜਾਂਦੀ ਹੈ। ਏਕ ਬੂੰਦ ਅੰਮ੍ਰਿਤ ਦੀ ਪ੍ਰਾਪਤੀ ਦੇ ਨਾਲ ਹੀ ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ ਅਤੇ ਪੂਰਨ ਬੰਦਗੀ ਦੇ ਗੁਰ ਪ੍ਰਸਾਦਿ ਦੀ ਪ੍ਰਾਪਤੀ ਹੋ ਜਾਂਦੀ ਹੈ। ਏਕ ਬੂੰਦ ਅੰਮ੍ਰਿਤ ਦੀ ਪ੍ਰਾਪਤੀ ਦੇ ਨਾਲ ਹੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਸੁਹਾਗ ਦੀ ਪ੍ਰਾਪਤੀ ਹੋ ਜਾਂਦੀ ਹੈ। ਏਕ ਬੂੰਦ ਅੰਮ੍ਰਿਤ ਦੀ ਪ੍ਰਾਪਤੀ ਦੇ ਨਾਲ ਹੀ ਸਤਿਨਾਮ ਸਿਮਰਨ ਦੇ ਲੰਬੇ ਸਮੇਂ ਦੇ ਅਭਿਆਸ ਦੀ ਪ੍ਰਾਪਤੀ ਹੁੰਦੀ ਹੈ ਅਤੇ ਸਿਮਰਨ ਅਭਿਆਸ ਵਿੱਚ ਜਿਗਿਆਸੂ ਨੂੰ ਬੇਅੰਤ ਆਨੰਦ ਪ੍ਰਾਪਤ ਹੋਣਾ ਸ਼ੁਰੂ ਹੋ ਜਾਂਦਾ ਹੈ। ਸਤਿਨਾਮ ਸਿਮਰਨ ਦੇ ਲੰਬੇ ਸਮੇਂ ਦੇ ਅਭਿਆਸ ਨਾਲ ਮਨ ਸ਼ਾਂਤ ਹੋ ਜਾਂਦਾ ਹੈ ਅਤੇ ਸੁੰਨ ਸਮਾਧੀ ਦੀ ਪ੍ਰਾਪਤੀ ਹੋ ਜਾਂਦੀ ਹੈ।

ਸੁੰਨ ਸਮਾਧੀ ਵਿੱਚ ਬੈਠ ਕੇ ਕੀਤੇ ਸਤਿਨਾਮ ਅਭਿਆਸ ਨਾਲ ਮਨੁੱਖ ਦਾ ਮਨ ਚਿੰਦਿਆ ਜਾਂਦਾ ਹੈ। ਸੁੰਨ ਸਮਾਧੀ ਵਿੱਚ ਬੈਠ ਕੇ ਕੀਤੇ ਨਾਮ ਅਭਿਆਸ ਨਾਲ ਮਨੁੱਖ ਦਾ ਮਨ ਜੋਤ ਸਰੂਪ ਹੋ ਜਾਂਦਾ ਹੈ। ਸੁੰਨ ਸਮਾਧੀ ਵਿੱਚ ਬੈਠ ਕੇ ਕੀਤੇ ਸਤਿਨਾਮ ਅਭਿਆਸ ਨਾਲ ਦੇਹੀ ਕੰਚਨ ਹੋ ਜਾਂਦੀ ਹੈ। ਸੁੰਨ ਸਮਾਧੀ ਵਿੱਚ ਬੈਠ ਕੇ ਕੀਤੇ ਸਤਿਨਾਮ ਅਭਿਆਸ ਨਾਲ ਪੰਜ ਦੂਤ ਵੱਸ ਵਿੱਚ ਆ ਜਾਂਦੇ ਹਨ। ਸੁੰਨ ਸਮਾਧੀ ਵਿੱਚ ਬੈਠ ਕੇ ਕੀਤੇ ਸਤਿਨਾਮ ਅਭਿਆਸ ਨਾਲ ਤ੍ਰਿਸ਼ਣਾ ਬੁਝ ਜਾਂਦੀ ਹੈ। ਸੁੰਨ ਸਮਾਧੀ ਵਿੱਚ ਬੈਠ ਕੇ ਕੀਤੇ ਸਤਿਨਾਮ ਅਭਿਆਸ ਨਾਲ ਮਨੁੱਖ ਤ੍ਰੈ ਗੁਣ ਮਾਇਆ ਨੂੰ ਜਿੱਤ ਲੈਂਦਾ ਹੈ। ਸੁੰਨ ਸਮਾਧੀ ਵਿੱਚ ਬੈਠ ਕੇ ਕੀਤੇ ਸਤਿਨਾਮ ਅਭਿਆਸ ਨਾਲ ਹੀ ਮਾਇਆ ਦੀ ਗ਼ੁਲਾਮੀ ਦਾ ਅੰਤ ਹੋ ਜਾਂਦਾ ਹੈ ਅਤੇ ਮਾਇਆ ਮਨੁੱਖ ਦੀ ਸੇਵਕ ਬਣ ਜਾਂਦੀ ਹੈ। ਸੁੰਨ ਸਮਾਧੀ ਵਿੱਚ ਬੈਠ ਕੇ ਕੀਤੇ ਸਤਿਨਾਮ ਅਭਿਆਸ ਨਾਲ ਹਿਰਦਾ ਪੂਰਨ ਸਚਿਆਰੀ ਰਹਿਤ ਵਿੱਚ ਚਲਾ ਜਾਂਦਾ ਹੈ। ਸੁੰਨ ਸਮਾਧੀ ਵਿੱਚ ਬੈਠ ਕੇ ਕੀਤੇ ਸਤਿਨਾਮ ਅਭਿਆਸ ਨਾਲ ਮਨੁੱਖ ਤ੍ਰੈ ਗੁਣ ਮਾਇਆ ਤੋਂ ਪਰੇ ਜਾ ਕੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਅਭੇਦ ਹੋ ਜਾਂਦਾ ਹੈ ਕਿਉਂਕਿ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਵਾਸ ਸੁੰਨ ਮੰਡਲ ਵਿੱਚ ਹੀ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸਭ ਤੋਂ ਉੱਤਮ ਅਤੇ ਪਰਮ ਸ਼ਕਤੀਸ਼ਾਲੀ ਕਲਾ ਸੁੰਨ ਕਲਾ ਹੈ। (ਸੁੰਨ ਕਲਾ ਦੀ ਗੁਰ ਪ੍ਰਸਾਦੀ ਕਥਾ ਜਪੁ ਜੀ ਸਾਹਿਬ ਪਉੜੀ ੫ ਦੀ ਗੁਰਪ੍ਰਸਾਦੀ ਕਥਾ ਵਿੱਚ ਵਿਚਾਰੀ ਗਈ ਹੈ। ਜੋ ਜਿਗਿਆਸੂ ਸੁੰਨ ਕਲਾ ਦੀ ਮਹਿਮਾ ਨੂੰ ਹੋਰ ਡੂੰਘਾਈ ਵਿੱਚ ਜਾਣਨਾ ਚਾਹੁੰਦੇ ਹਨ; ਉਹ ਪਉੜੀ ੫ ਦੀ ਗੁਰ ਪ੍ਰਸਾਦੀ ਕਥਾ ਦਾ ਦੁਬਾਰਾ ਅਧਿਐਨ ਕਰਨ।) ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਸਾਰੀ ਸ੍ਰਿਸ਼ਟੀ ਦੀ ਰਚਨਾ ਸੁੰਨ ਕਲਾ ਨਾਲ ਹੀ ਕੀਤੀ ਹੈ। ਜੋ ਮਨੁੱਖ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਅਭੇਦ ਹੋ ਜਾਂਦੇ ਹਨ ਉਨ੍ਹਾਂ ਮਹਾਂਪੁਰਖਾਂ ਦਾ ਵਾਸਾ ਵੀ ਸੁੰਨ ਮੰਡਲ ਵਿੱਚ ਹੀ ਸਥਾਪਿਤ ਹੋ ਜਾਂਦਾ ਹੈ। ਸੁੰਨ ਸਮਾਧੀ ਦੀ ਮਹਿਮਾ ਬੇਅੰਤ ਹੈ ਅਤੇ ਗੁਰਬਾਣੀ ਦੇ ਬਹੁਤ ਸਾਰੇ ਸਲੋਕਾਂ ਵਿੱਚ ਸੁੰਨ ਮੰਡਲ, ਸੁੰਨ ਕਲਾ ਅਤੇ ਸੁੰਨ ਸਮਾਧੀ ਦੀ ਮਹਿਮਾ ਪ੍ਰਗਟ ਕੀਤੀ ਗਈ ਹੈ:

ਓਤਿ ਪੋਤਿ ਜਨ ਹਰਿ ਰਸਿ ਰਾਤੇ ॥ ਸੁੰਨ ਸਮਾਧਿ ਨਾਮ ਰਸ ਮਾਤੇ ॥

ਆਠ ਪਹਰ ਜਨੁ ਹਰਿ ਹਰਿ ਜਪੈ ॥ ਹਰਿ ਕਾ ਭਗਤੁ ਪ੍ਰਗਟ ਨਹੀ ਛਪੈ ॥

(ਪੰਨਾ ੨੬੫)

 

ਨਉ ਨਿਧਿ ਅੰਮ੍ਰਿਤੁ ਪ੍ਰਭ ਕਾ ਨਾਮੁ ॥ ਦੇਹੀ ਮਹਿ ਇਸ ਕਾ ਬਿਸ੍ਰਾਮੁ ॥

ਸੁੰਨ ਸਮਾਧਿ ਅਨਹਤ ਤਹ ਨਾਦ ॥ ਕਹਨੁ ਨ ਜਾਈ ਅਚਰਜ ਬਿਸਮਾਦ ॥

(ਪੰਨਾ ੨੯੩)

 

ਸਰਗੁਨ ਨਿਰਗੁਨ ਨਿਰੰਕਾਰ ਸੁੰਨ ਸਮਾਧੀ ਆਪਿ ॥

ਆਪਨ ਕੀਆ ਨਾਨਕਾ ਆਪੇ ਹੀ ਫਿਰਿ ਜਾਪਿ ॥

(ਪੰਨਾ ੨੯੦)

 

ਅਨਹਦੋ ਅਨਹਦੁ ਵਾਜੈ ਰੁਣ ਝੁਣਕਾਰੇ ਰਾਮ ॥ ਮੇਰਾ ਮਨੋ ਮੇਰਾ ਮਨੁ ਰਾਤਾ ਲਾਲ ਪਿਆਰੇ ਰਾਮ ॥

ਅਨਦਿਨੁ ਰਾਤਾ ਮਨੁ ਬੈਰਾਗੀ ਸੁੰਨ ਮੰਡਲਿ ਘਰੁ ਪਾਇਆ ॥

ਆਦਿ ਪੁਰਖੁ ਅਪਰੰਪਰੁ ਪਿਆਰਾ ਸਤਿਗੁਰਿ ਅਲਖੁ ਲਖਾਇਆ ॥

ਆਸਣਿ ਬੈਸਣਿ ਥਿਰੁ ਨਾਰਾਇਣੁ ਤਿਤੁ ਮਨੁ ਰਾਤਾ ਵੀਚਾਰੇ ॥

ਨਾਨਕ ਨਾਮਿ ਰਤੇ ਬੈਰਾਗੀ ਅਨਹਦ ਰੁਣ ਝੁਣਕਾਰੇ ॥

(ਪੰਨਾ ੪੩੬)

 

ਸੁੰਨ ਮੰਡਲ ਇਕੁ ਜੋਗੀ ਬੈਸੇ ॥ ਨਾਰਿ ਨ ਪੁਰਖੁ ਕਹਹੁ ਕੋਊ ਕੈਸੇ ॥

ਤ੍ਰਿਭਵਣ ਜੋਤਿ ਰਹੇ ਲਿਵ ਲਾਈ ॥ ਸੁਰਿ ਨਰ ਨਾਥ ਸਚੇ ਸਰਣਾਈ ॥

(ਪੰਨਾ ੬੮੫-੬੮੭)

 

ਸੁੰਨ ਸਮਾਧਿ ਮਹਾ ਪਰਮਾਰਥੁ ਤੀਨਿ ਭਵਣ ਪਤਿ ਨਾਮੰ ॥

ਮਸਤਕਿ ਲੇਖੁ ਜੀਆ ਜਗਿ ਜੋਨੀ ਸਿਰਿ ਸਿਰਿ ਲੇਖੁ ਸਹਾਮੰ ॥

(ਪੰਨਾ ੬੩੪)

 

ਪੰਚ ਸਹਾਈ ਜਨ ਕੀ ਸੋਭਾ ਭਲੋ ਭਲੋ ਨ ਕਹਾਵਉਗੋ ॥

ਨਾਮਾ ਕਹੈ ਚਿਤੁ ਹਰਿ ਸਿਉ ਰਾਤਾ ਸੁੰਨ ਸਮਾਧਿ ਸਮਾਉਗੋ ॥

(ਪੰਨਾ ੯੭੨-੯੭੩)

 

ਉਦਕ ਸਮੁੰਦ ਸਲਲ ਕੀ ਸਾਖਿਆ ਨਦੀ ਤਰੰਗ ਸਮਾਵਹਿਗੇ ॥

ਸੁੰਨਹਿ ਸੁੰਨੁ ਮਿਲਿਆ ਸਮਦਰਸੀ ਪਵਨ ਰੂਪ ਹੋਇ ਜਾਵਹਿਗੇ ॥

(ਪੰਨਾ ੧੧੦੩)

 

ਜੀਵਤ ਮਰਹੁ ਮਰਹੁ ਫੁਨਿ ਜੀਵਹੁ ਪੁਨਰਪਿ ਜਨਮੁ ਨ ਹੋਈ ॥

ਕਹੁ ਕਬੀਰ ਜੋ ਨਾਮਿ ਸਮਾਨੇ ਸੁੰਨ ਰਹਿਆ ਲਿਵ ਸੋਈ॥

(ਪੰਨਾ ੧੧੦੩)

ਸੁੰਨ ਸਮਾਧੀ ਵਿੱਚ ਬੈਠ ਕੇ ਕੀਤੇ ਸਤਿਨਾਮ ਅਭਿਆਸ ਕਰਨ ਨਾਲ ਸਾਰੇ (੭) ਸਤਿ ਸਰੋਵਰ ਪ੍ਰਕਾਸ਼ਮਾਨ ਹੋ ਜਾਂਦੇ ਹਨ। ਸੁੰਨ ਸਮਾਧੀ ਵਿੱਚ ਬੈਠ ਕੇ ਕੀਤੇ ਸਤਿਨਾਮ ਅਭਿਆਸ ਨਾਲ ਸਾਰੇ ਬਜਰ ਕਪਾਟ ਖੁੱਲ੍ਹ ਜਾਂਦੇ ਹਨ। ਸੁੰਨ ਸਮਾਧੀ ਵਿੱਚ ਬੈਠ ਕੇ ਕੀਤੇ ਸਤਿਨਾਮ ਅਭਿਆਸ ਨਾਲ ਸਾਰੀ ਦੇਹੀ ਵਿੱਚ, ਰੋਮ-ਰੋਮ ਵਿੱਚ ਸਤਿਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ। ਸੁੰਨ ਸਮਾਧੀ ਵਿੱਚ ਬੈਠ ਕੇ ਕੀਤੇ ਸਤਿਨਾਮ ਅਭਿਆਸ ਨਾਲ ਦਸਮ ਦੁਆਰ ਖੁੱਲ੍ਹ ਜਾਂਦਾ ਹੈ। ਸੁੰਨ ਸਮਾਧੀ ਵਿੱਚ ਬੈਠ ਕੇ ਕੀਤੇ ਸਤਿਨਾਮ ਅਭਿਆਸ ਨਾਲ ਅਨਹਦ ਸ਼ਬਦ ਅੰਮ੍ਰਿਤ ਦੀ ਪ੍ਰਾਪਤੀ ਹੋ ਜਾਂਦੀ ਹੈ। ਸੁੰਨ ਸਮਾਧੀ ਵਿੱਚ ਬੈਠ ਕੇ ਕੀਤੇ ਸਤਿਨਾਮ ਅਭਿਆਸ ਨਾਲ ਨਿਰਗੁਣ ਸਰਗੁਣ ਇੱਕ ਹੋ ਜਾਂਦਾ ਹੈ ਭਾਵ ਸਰਗੁਣ ਵਿੱਚ ਨਿਰਗੁਣ ਦੇ ਦਰਸ਼ਨ ਹੋ ਜਾਂਦੇ ਹਨ। ਜਿਵੇਂ ਕਿ ਮਨੁੱਖ ਦੀ ਦੇਹੀ ਸਰਗੁਣ ਹੈ ਅਤੇ ਪਰਮ ਜੋਤ ਪੂਰਨ ਪ੍ਰਕਾਸ਼ ਨਿਰਗੁਣ ਸਰੂਪ ਹੈ। ਜਿਨ੍ਹਾਂ ਮਨੁੱਖਾਂ ਦਾ ਨਿਰਗੁਣ ਸਰਗੁਣ ਇੱਕ ਹੋ ਜਾਂਦਾ ਹੈ ਉਨ੍ਹਾਂ ਨੂੰ ਆਪਣੀ ਦੇਹੀ ਵਿੱਚ ਹੀ ਨਿਰਗੁਣ ਸਰੂਪ ਦੇ ਦਰਸ਼ਨ ਹੋ ਜਾਂਦੇ ਹਨ। ਭਾਵ ਸਰਗੁਣ ਦੇਹੀ ਦੇ ਪ੍ਰਕਾਸ਼ ਰੂਪ ਦੇ ਦਰਸ਼ਨ ਹੋ ਜਾਂਦੇ ਹਨ। ਮਨੁੱਖ ਨੂੰ ਸਾਰੇ ਰੂਹਾਨੀ ਅਨੁਭਵ ਵੀ ਸੁੰਨ ਸਮਾਧੀ ਵਿੱਚ ਹੀ ਹੁੰਦੇ ਹਨ। ਮਨੁੱਖ ਦੀ ਬੰਦਗੀ ਸੁੰਨ ਸਮਾਧੀ ਵਿੱਚ ਹੀ ਦਰਗਾਹ ਵਿੱਚ ਪ੍ਰਵਾਨ ਚੜ੍ਹਦੀ ਹੈ ਅਤੇ ਪੂਰਨ ਹੁੰਦੀ ਹੈ। ਮਨੁੱਖ ਨੂੰ ਅਕਾਲ ਪੁਰਖ ਦੇ ਦਰਸ਼ਨ ਵੀ ਸੁੰਨ ਸਮਾਧੀ ਵਿੱਚ ਹੀ ਹੁੰਦੇ ਹਨ। ਮਨੁੱਖ ਨੂੰ ਪੂਰਨ ਬ੍ਰਹਮ ਗਿਆਨ ਅਤੇ ਤੱਤ ਗਿਆਨ ਦੀ ਪ੍ਰਾਪਤੀ ਵੀ ਸੁੰਨ ਸਮਾਧੀ ਵਿੱਚ ਹੀ ਹੁੰਦੀ ਹੈ। ਮਨੁੱਖ ਨੂੰ ਆਤਮ ਰਸ ਅੰਮ੍ਰਿਤ ਦੀ ਪ੍ਰਾਪਤੀ ਵੀ ਸੁੰਨ ਸਮਾਧੀ ਵਿੱਚ ਹੀ ਹੁੰਦੀ ਹੈ। ਮਨੁੱਖ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਅਭੇਦ ਵੀ ਸੁੰਨ ਸਮਾਧੀ ਵਿੱਚ ਹੀ ਹੁੰਦਾ ਹੈ। ਮਨੁੱਖ ਨੂੰ ਅਟੱਲ ਅਵਸਥਾ ਅਤੇ ਪਰਮ ਪਦਵੀ ਦੀ ਪ੍ਰਾਪਤੀ ਵੀ ਸੁੰਨ ਸਮਾਧੀ ਵਿੱਚ ਹੀ ਹੁੰਦੀ ਹੈ। ਜੀਵਨ ਮੁਕਤੀ ਵੀ ਸੁੰਨ ਸਮਾਧੀ ਵਿੱਚ ਹੀ ਪ੍ਰਾਪਤ ਹੁੰਦੀ ਹੈ। ਸੁੰਨ ਸਮਾਧੀ ਵਿੱਚ ਹੀ ਮਨੁੱਖ ਦੀਆਂ ਪੰਜੇ ਗਿਆਨ ਇੰਦਰੀਆਂ ਅਤੇ ਪੰਜੇ ਕਰਮ ਇੰਦਰੀਆਂ ਵੀ ਪੂਰਨ ਹੁਕਮ ਵਿੱਚ ਜਾਂਦੀਆਂ ਹਨ। ਸੁੰਨ ਸਮਾਧੀ ਵਿੱਚ ਹੀ ਰਿੱਧੀਆਂ-ਸਿੱਧੀਆਂ ਮਨੁੱਖ ਦੇ ਚਰਨਾਂ ਹੇਠ ਆ ਜਾਂਦੀਆਂ ਹਨ ਅਤੇ ਫਿਰ ਉਸ ਦੀ ਸੇਵਾ ਕਰਦੀਆਂ ਹਨ। ਸੁੰਨ ਸਮਾਧੀ ਵਿੱਚ ਹੀ ਮਨੁੱਖ ਨੂੰ ਅੰਮ੍ਰਿਤ ਦੀ ਦਾਤ ਵੰਡਣ ਦਾ ਗੁਰ ਪ੍ਰਸਾਦਿ ਪ੍ਰਾਪਤ ਹੁੰਦਾ ਹੈ ਅਤੇ ਮਹਾ ਪਰਉਪਕਾਰ ਦੀ ਸੇਵਾ ਮਿਲਦੀ ਹੈ। ਸੁੰਨ ਸਮਾਧੀ ਵਿੱਚੋਂ ਹੀ ਪੂਰਨ ਬ੍ਰਹਮ ਗਿਆਨੀ ਦਾ, ਪੂਰਨ ਖ਼ਾਲਸੇ ਦਾ, ਪੂਰਨ ਸੰਤ ਦਾ ਅਤੇ ਸਤਿਗੁਰੂ ਦਾ ਜਨਮ ਹੁੰਦਾ ਹੈ। ਇਸੇ ਕਰ ਕੇ ਸੁੰਨ ਸਮਾਧੀ ਨੂੰ ਗੁਰਬਾਣੀ ਵਿੱਚ ਮਹਾ ਪਰਮਾਰਥ ਕਿਹਾ ਗਿਆ ਹੈ। ਸੁੰਨ ਵਿੱਚ ਰੱਤੇ ਹੋਏ ਮਨ ਅਤੇ ਹਿਰਦੇ ਦੇ ਸਨਮੁਖ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਵੀ ਝੁਕਣਾ ਪੈਂਦਾ ਹੈ ਅਤੇ ਐਸੇ ਹਿਰਦੇ ਵਿੱਚ ਪ੍ਰਗਟ ਹੋਣਾ ਪੈਂਦਾ ਹੈ। ਸਮਾਧੀ ਅਤੇ ਸੁੰਨ ਸਮਾਧੀ ਦੀ ਅਵਸਥਾ ਹੀ ‘ਲਿਵ’ ਲੱਗਣ ਦੀ ਅਵਸਥਾ ਹੈ।

ਜਦ ਜਿਗਿਆਸੂ ਨੂੰ ਕਰਮ ਖੰਡ ਵਿੱਚ ਬੰਦਗੀ ਕਰਦੇ ਹੋਏ ਐਸੀ ਪਰਮ ਸ਼ਕਤੀਸ਼ਾਲੀ ਅਵਸਥਾ ਦੀ ਪ੍ਰਾਪਤੀ ਹੋ ਜਾਂਦੀ ਹੈ ਤਾਂ ਉਸ ਦੀ ਬਾਣੀ ਵਿੱਚ ਕ੍ਰਾਂਤੀ ਆ ਜਾਂਦੀ ਹੈ। ਉਸ ਦੇ ਬੋਲੇ ਸ਼ਬਦਾਂ ਵਿੱਚ ਪਰਮ ਸ਼ਕਤੀ ਵਰਤਦੀ ਹੈ। ਉਸ ਦੇ ਬਚਨ ਪੂਰਨ ਸਤਿ ਹੋ ਜਾਂਦੇ ਹਨ। ਉਸ ਦੇ ਕੀਤੇ ਬਚਨਾਂ ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਸ਼ਕਤੀਆਂ ਸਤਿ ਸਿੱਧ ਕਰ ਦਿੰਦੀਆਂ ਹਨ। ਜੋ ਐਸੇ ਮਹਾਂਪੁਰਖ ਬਚਨ ਕਰਦੇ ਹਨ ਉਹ ਬਚਨ ਵਾਪਰ ਜਾਂਦੇ ਹਨ। ਐਸੇ ਮਹਾਂਪੁਰਖਾਂ ਨੂੰ ਗੁਰਬਾਣੀ ਵਿੱਚ ਸੂਰਬੀਰ, ਬਲੀ ਅਤੇ ਮਹਾਬਲੀ ਕਿਹਾ ਗਿਆ ਹੈ:

ਵਰਤਣਿ ਜਾ ਕੈ ਕੇਵਲ ਨਾਮ ॥ ਅਨਦ ਰੂਪ ਕੀਰਤਨੁ ਬਿਸ੍ਰਾਮ ॥

ਮਿਤ੍ਰ ਸਤ੍ਰੁ ਜਾ ਕੈ ਏਕ ਸਮਾਨੈ ॥ ਪ੍ਰਭ ਅਪੁਨੇ ਬਿਨੁ ਅਵਰੁ ਨ ਜਾਨੈ ॥੨॥

ਕੋਟਿ ਕੋਟਿ ਅਘ ਕਾਟਨਹਾਰਾ ॥ ਦੁਖ ਦੂਰਿ ਕਰਨ ਜੀਅ ਕੇ ਦਾਤਾਰਾ ॥

ਸੂਰਬੀਰ ਬਚਨ ਕੇ ਬਲੀ ॥ ਕਉਲਾ ਬਪੁਰੀ ਸੰਤੀ ਛਲੀ ॥

(ਪੰਨਾ ੩੯੨)

 

ਚਾਰਿ ਬਰਨ ਚਉਹਾ ਕੇ ਮਰਦਨ ਖਟੁ ਦਰਸਨ ਕਰ ਤਲੀ ਰੇ ॥

ਸੁੰਦਰ ਸੁਘਰ ਸਰੂਪ ਸਿਆਨੇ ਪੰਚਹੁ ਹੀ ਮੋਹਿ ਛਲੀ ਰੇ ॥੧॥

ਜਿਨਿ ਮਿਲਿ ਮਾਰੇ ਪੰਚ ਸੂਰਬੀਰ ਐਸੋ ਕਉਨੁ ਬਲੀ ਰੇ ॥

ਜਿਨਿ ਪੰਚ ਮਾਰਿ ਬਿਦਾਰਿ ਗੁਦਾਰੇ ਸੋ ਪੂਰਾ ਇਹ ਕਲੀ ਰੇ ॥੧॥ ਰਹਾਉ ॥

(ਪੰਨਾ ੪੦੪)

 

ਪੰਜੇ ਬਧੇ ਮਹਾਬਲੀ ਕਰਿ ਸਚਾ ਢੋਆ॥

ਆਪਣੇ ਚਰਣ ਜਪਾਇਅਨੁ ਵਿਚਿ ਦਯੁ ਖੜੋਆ॥

ਰੋਗ ਸੋਗ ਸਭਿ ਮਿਟਿ ਗਏ ਨਿਤ ਨਵਾ ਨਿਰੋਆ ॥

ਦਿਨੁ ਰੈਣਿ ਨਾਮੁ ਧਿਆਇਦਾ ਫਿਰਿ ਪਾਇ ਨ ਮੋਆ॥

ਜਿਸ ਤੇ ਉਪਜਿਆ ਨਾਨਕਾ ਸੋਈ ਫਿਰਿ ਹੋਆ॥

(ਪੰਨਾ ੧੧੯੩)

ਬੰਦਗੀ ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਦੇ ਨਾਲ ਜੰਗ ਹੈ। ਬੰਦਗੀ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਪੰਜ ਚੰਡਾਲਾਂ ਨੂੰ ਜਿੱਤਣ ਦਾ ਗੁਰ ਪ੍ਰਸਾਦੀ ਖੇਲ ਹੈ। ਬੰਦਗੀ ਤ੍ਰਿਸ਼ਣਾ ਦੀ ਮਹਾ ਵਿਨਾਸ਼ਕਾਰੀ ਸ਼ਕਤੀ ਉੱਪਰ ਜਿੱਤ ਪ੍ਰਾਪਤ ਕਰਨ ਦਾ ਗੁਰ ਪ੍ਰਸਾਦੀ ਖੇਲ ਹੈ। ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਪੰਜ ਚੰਡਾਲਾਂ ਨੂੰ ਹਰਾਉਣਾ ਅਤੇ ਤ੍ਰਿਸ਼ਣਾ ਦੀ ਅਗਨ ਨੂੰ ਬੁਝਾਉਣਾ ਬਹੁਤ ਕਠਿਨ ਕੰਮ ਹੈ। ਪੰਜ ਦੂਤਾਂ ਨਾਲ ਲੜਨਾ ਅਤੇ ਉਨ੍ਹਾਂ ਉੱਪਰ ਕਾਬੂ ਪਾ ਕੇ ਉਨ੍ਹਾਂ ਨੂੰ ਸਦਾ-ਸਦਾ ਲਈ ਵੱਸ ਵਿੱਚ ਕਰਨਾ ਬਹੁਤ ਕਠਿਨ ਖੇਲ ਹੈ। ਆਪਣੇ ਮਨ ਉੱਪਰ ਜਿੱਤ ਪ੍ਰਾਪਤ ਕਰਨਾ ਬਹੁਤ ਕਠਿਨ ਕੰਮ ਹੈ। ਮਨ ਨੂੰ ਸ਼ਾਂਤ ਕਰਨਾ, ਵਿਕਲਪ ਰਹਿਤ ਕਰਨਾ, ਮਨ ਦੇ ਫੁਰਨਿਆਂ ਦਾ ਅੰਤ ਕਰਨਾ ਬਹੁਤ ਕਠਿਨ ਕੰਮ ਹੈ। ਮਨ ਅਤੇ ਹਿਰਦੇ ਨੂੰ ਸਾਰੇ ਵਿਕਾਰਾਂ ਤੋਂ ਰਹਿਤ ਕਰ ਕੇ ਪੂਰਨ ਸਚਿਆਰੀ ਰਹਿਤ ਦੀ ਕਮਾਈ ਕਰਨਾ ਬਹੁਤ ਕਠਿਨ ਕੰਮ ਹੈ। ਤ੍ਰੈ ਗੁਣ ਮਾਇਆ ਨੂੰ ਆਪਣੀ ਸੇਵਕ ਬਣਾ ਲੈਣਾ ਬਹੁਤ ਕਠਿਨ ਕੰਮ ਹੈ। ਇਸ ਲਈ ਜੋ ਮਨੁੱਖ ਮਾਇਆ ਦੇ ਖ਼ਿਲਾਫ਼ ਇਹ ਜੰਗ ਜਿੱਤ ਜਾਂਦੇ ਹਨ ਉਨ੍ਹਾਂ ਨੂੰ ਗੁਰਬਾਣੀ ਵਿੱਚ ਬਲੀ, ਮਹਾਬਲੀ ਅਤੇ ਸੂਰਬੀਰ ਕਹਿ ਕੇ ਪੁਕਾਰਿਆ ਗਿਆ ਹੈ। ਪੰਜ ਦੂਤ ਐਸੇ ਸੰਤ ਮਹਾਂਪੁਰਖਾਂ ਦੇ ਵੱਸ ਵਿੱਚ ਆ ਜਾਂਦੇ ਹਨ। ਐਸੇ ਸੰਤ ਮਹਾਂਪੁਰਖਾਂ ਦੀ ਤ੍ਰਿਸ਼ਣਾ ਬੁਝ ਜਾਂਦੀ ਹੈ ਅਤੇ ਉਨ੍ਹਾਂ ਦਾ ਹਿਰਦਾ ਸਤਿ ਸੰਤੋਖ ਵਿੱਚ ਚਲਾ ਜਾਂਦਾ ਹੈ। ਐਸੇ ਮਹਾਂਪੁਰਖਾਂ ਦੀ ਮਾਇਆ ਸੇਵਕ ਬਣ ਜਾਂਦੀ ਹੈ ਅਤੇ ਉਹ ਸਤਿ ਵਿੱਚ ਸਮਾ ਕੇ ਸਤਿ ਰੂਪ ਹੋ ਜਾਂਦੇ ਹਨ। ਸਤਿ ਰੂਪ ਹੋਏ ਮਹਾਂਪੁਰਖਾਂ ਦੇ ਬਚਨਾਂ ਵਿੱਚ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਕਿਰਪਾ ਵਾਪਰਦੀ ਹੈ। ਐਸੇ ਮਹਾਂਪੁਰਖਾਂ ਦੇ ਬਚਨ ਦਰਗਾਹੀ ਹੁਕਮ ਹੁੰਦੇ ਹਨ। ਇਸ ਪਰਮ ਸਤਿ ਤੱਤ ਨੂੰ ਗੁਰਬਾਣੀ ਵਿੱਚ ਪ੍ਰਗਟ ਕੀਤਾ ਗਿਆ ਹੈ:

ਜਾ ਕਾ ਕਹਿਆ ਦਰਗਹ ਚਲੈ ॥ ਸੋ ਕਿਸ ਕਉ ਨਦਰਿ ਲੈ ਆਵੈ ਤਲੈ ॥

(ਪੰਨਾ ੧੮੬)     

 

ਮੇਰੀ ਬਾਂਧੀ ਭਗਤੁ ਛਡਾਵੈ ਬਾਂਧੈ ਭਗਤੁ ਨ ਛੂਟੈ ਮੋਹਿ ॥ ਏਕ ਸਮੈ ਮੋ ਕਉ ਗਹਿ ਬਾਂਧੈ ਤਉ ਫੁਨਿ ਮੋ ਪੈ ਜਬਾਬੁ ਨ ਹੋਇ ॥

(ਪੰਨਾ ੧੨੫੨)

 

ਐਸੇ ਮਹਾਬਲੀ ਸੂਰਬੀਰ ਮਹਾਂਪੁਰਖ ਜੋ ਪੂਰਨ ਸੰਤ ਬਣ ਜਾਂਦੇ ਹਨ ਉਨ੍ਹਾਂ ਦੇ ਬਚਨਾਂ ਵਿੱਚ ਦਰਗਾਹੀ ਹੁਕਮ ਵਾਪਰਦਾ ਹੈ। ਜਿਨ੍ਹਾਂ ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਕਿਰਪਾ ਅਤੇ ਗੁਰ ਪ੍ਰਸਾਦਿ ਪ੍ਰਾਪਤ ਹੋ ਜਾਂਦਾ ਹੈ; ਉਨ੍ਹਾਂ ਨੂੰ ਫਿਰ ਹੋਰ ਕਿਸੇ ਸ਼ਕਤੀ ਜਾਂ ਵਿਅਕਤੀ ਦੀ ਮੁਥਾਜੀ ਨਹੀਂ ਕਰਨੀ ਪੈਂਦੀ ਹੈ। ਉਨ੍ਹਾਂ ਦੇ ਪਰਮ ਜੋਤ ਪੂਰਨ ਪ੍ਰਕਾਸ਼ ਨਾਲ ਭਰਪੂਰ ਹਿਰਦੇ ਵਿੱਚ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਆਪ ਪ੍ਰਗਟ ਹੁੰਦਾ ਹੈ। ਇਸੇ ਕਰ ਕੇ ਗੁਰਬਾਣੀ ਵਿੱਚ ਬ੍ਰਹਮ ਗਿਆਨੀ ਨੂੰ ਪਰਮੇਸ਼ਰ, ਗੁਰ ਪਰਮੇਸ਼ਰ, ਨਿਰੰਕਾਰ, ਵਿਧਾਤਾ ਕਿਹਾ ਗਿਆ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਵੀ ਐਸੇ ਮਹਾਬਲੀ ਸੂਰਬੀਰ ਮਹਾਂਪੁਰਖਾਂ ਦੇ ਬਚਨਾਂ ਅੱਗੇ ਝੁਕਣਾ ਪੈਂਦਾ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਆਪਣੇ ਭਗਤਾਂ ਦੇ ਵੱਸ ਵਿੱਚ ਹੁੰਦਾ ਹੈ। ਮਨੁੱਖ ਦੇ ਕਰਮਾਂ ਦੀਆਂ ਬੱਧੀਆਂ ਹੋਈਆਂ ਗੰਢਾਂ ਨੂੰ ਖੋਲ੍ਹਣ ਦੀ ਸਮਰੱਥਾ ਭਗਤ ਦੇ ਵੱਸ ਵਿੱਚ ਹੁੰਦੀ ਹੈ। ਪਰੰਤੂ ਐਸੇ ਮਹਾਬਲੀ ਸੂਰਬੀਰ ਮਹਾਂਪੁਰਖਾਂ ਦੇ ਬਚਨਾਂ ਨੂੰ ਠੁਕਰਾਉਣ ਦੀ ਸਮਰੱਥਾ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਵੀ ਨਹੀਂ ਹੈ। ਇਸ ਲਈ ਐਸੇ ਮਹਾਬਲੀ ਸੂਰਬੀਰ ਮਹਾਂਪੁਰਖਾਂ ਦੇ ਬਚਨਾਂ ਵਿੱਚ ਕ੍ਰਾਂਤੀ ਆ ਜਾਂਦੀ ਹੈ। ਉਨ੍ਹਾਂ ਦੇ ਬਚਨ ਪੂਰਨ ਸਤਿ ਹੁੰਦੇ ਹਨ ਅਤੇ ਦਰਗਾਹੀ ਹੁਕਮ ਹੁੰਦੇ ਹਨ। ਐਸੇ ਮਹਾਂਪੁਰਖਾਂ ਦੇ ਬਚਨ ਸਤਿ ਸਿੱਧ ਹੋ ਕੇ ਵਾਪਰਦੇ ਹਨ।

ਐਸੇ ਮਹਾਬਲੀ ਅਤੇ ਸੂਰਬੀਰ ਮਹਾਂਪੁਰਖਾਂ ਦੇ ਰੋਮ-ਰੋਮ ਵਿੱਚ ਸਤਿਨਾਮ ਚਲਦਾ ਹੈ ਅਤੇ ਉਨ੍ਹਾਂ ਦੇ ਰੋਮ-ਰੋਮ ਵਿੱਚ ਅਕਾਲ ਪੁਰਖ ਆਪ ਆਣ ਵੱਸਦਾ ਹੈ। ਉਨ੍ਹਾਂ ਦੇ ਹਿਰਦੇ ਵਿੱਚ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਆਪ ਪ੍ਰਗਟ ਹੁੰਦਾ ਹੈ। ਐਸੇ ਮਹਾਂਪੁਰਖਾਂ ਨੂੰ ਪ੍ਰਗਟਿਓ ਜੋਤ ਬ੍ਰਹਮ ਗਿਆਨੀ ਵੀ ਕਿਹਾ ਜਾਂਦਾ ਹੈ। ਉਨ੍ਹਾਂ ਦੇ ਰੋਮ-ਰੋਮ ਵਿੱਚ ਰਾਮ ਰਮਿਆ ਰਹਿੰਦਾ ਹੈ।

ਐਸੇ ਸੂਰਬੀਰ, ਮਹਾਬਲੀ, ਬਚਨ ਕੇ ਬਲੀ ਮਹਾਂਪੁਰਖਾਂ ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਦਰਗਾਹ ਵਿੱਚੋਂ ਪਰਉਪਕਾਰ ਅਤੇ ਮਹਾ ਪਰਉਪਕਾਰ ਦੀ ਸੇਵਾ ਪ੍ਰਾਪਤ ਹੁੰਦੀ ਹੈ। ਜਦ ਉਹ ਇਸ ਸੇਵਾ ਵਿੱਚ ਆਪਣੇ ਆਪ ਨੂੰ ਅਰਪਣ ਕਰਦੇ ਹਨ ਤਾਂ ਉਨ੍ਹਾਂ ਦੀ ਇਸ ਸੇਵਾ ਵਿੱਚ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਪਰਮ ਸ਼ਕਤੀ ਵਰਤਦੀ ਹੈ। ਐਸੇ ਮਹਾਂਪੁਰਖਾਂ ਦੀ ਬੰਦਗੀ ਫਿਰ ਲੋਕਾਈ ਦਾ ਉਧਾਰ ਕਰਨਾ, ਨਾਮ ਜਪਾਉਣਾ, ਜੀਅ ਦਾਨ ਦੇ ਕੇ ਭਗਤੀ ਲਾਉਣਾ, ਗੁਰ ਪ੍ਰਸਾਦਿ ਵਰਤਾਉਣਾ, ਪੂਰਨ ਸਤਿ ਵਰਤਾਉਣਾ ਅਤੇ ਪੂਰਨ ਸਤਿ ਦੀ ਸੇਵਾ ਕਰਨਾ ਹੋ ਜਾਂਦੀ ਹੈ। ਇਸ ਅਵਸਥਾ ਵਿੱਚ ਸੇਵਾ ਕਰਦੇ ਹੋਏ ਉਹ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਪਰਮ ਸ਼ਕਤੀਆਂ ਦਾ ਅਨੁਭਵ ਕਰਦੇ ਹਨ। ਜੋ ਮਹਾਂਪੁਰਖ ਇਸ ਸੇਵਾ ਵਿੱਚ ਸਫਲ ਹੁੰਦੇ ਹਨ ਉਨ੍ਹਾਂ ਦੀ ਦਰਗਾਹ ਵਿੱਚ ਜੈ-ਜੈਕਾਰ ਹੁੰਦੀ ਹੈ। ਐਸੀ ਪਰਮ ਸ਼ਕਤੀਸ਼ਾਲੀ ਸੇਵਾ ਜਿਨ੍ਹਾਂ ਨੂੰ ਪ੍ਰਾਪਤ ਹੁੰਦੀ ਹੈ ਉਹ ਮਹਾਂਪੁਰਖ ਬਹੁਤ ਵੱਡੇ ਭਾਗਾਂ ਵਾਲੇ ਹੁੰਦੇ ਹਨ। ਸੇਵਾ ਕਰਨ ਨਾਲ ਸੂਖਸ਼ਮ ਹਉਮੈ ਦਾ ਨਾਸ ਹੋ ਜਾਂਦਾ ਹੈ। ਜੋ ਮਹਾਂਪੁਰਖ ਸੇਵਾ ਕਰਦੇ ਹੋਏ ਸਾਰੀ ਉਪਮਾ ਅਤੇ ਮਹਿਮਾ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਅਤੇ ਗੁਰੂ ਦੇ ਚਰਨਾਂ ਉੱਪਰ ਅਰਪਣ ਕਰ ਦਿੰਦੇ ਹਨ ਉਨ੍ਹਾਂ ਦੀ ਬੰਦਗੀ ਅੱਗੇ ਚਲੀ ਜਾਂਦੀ ਹੈ। ਜੋ ਮਨੁੱਖ ਸੇਵਾ ਕਰਦੇ ਹੋਏ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਪਰਮ ਸ਼ਕਤੀਆਂ ਤੋਂ ਬਹੁਤ ਪ੍ਰਭਾਵਿਤ ਹੋ ਕੇ ਆਪਣੀ ਹਉਮੈ ਵਿੱਚ ਚਲੇ ਜਾਂਦੇ ਹਨ ਉਹ ਮਨੁੱਖ ਬੰਦਗੀ ਗੁਆ ਬੈਠਦੇ ਹਨ। ਉਨ੍ਹਾਂ ਦੀ ਹਉਮੈ ਉਨ੍ਹਾਂ ਦੀ ਬੰਦਗੀ ਨੂੰ ਅੱਗੇ ਜਾਣ ਤੋਂ ਰੋਕ ਦਿੰਦੀ ਹੈ। ਜੇਕਰ ਉਹ ਇਸ ਪਰਮ ਸਤਿ ਤੱਤ ਨੂੰ ਸਮਝ ਕੇ ਆਪਣੀ ਭੁੱਲ ਸਵੀਕਾਰ ਕਰ ਕੇ ਗੁਰੂ ਤੋਂ ਬਖ਼ਸ਼ਾ ਲੈਂਦੇ ਹਨ ਤਾਂ ਉਨ੍ਹਾਂ ਦੀ ਫਿਰ ਚੜ੍ਹਦੀ ਕਲਾ ਹੋ ਜਾਂਦੀ ਹੈ ਪਰੰਤੂ ਜੋ ਆਪਣੀ ਇਸ ਹਉਮੈ ਵਿੱਚ ਉਲਝ ਕੇ ਰਹਿ ਜਾਂਦੇ ਹਨ ਅਤੇ ਆਪਣੇ ਆਪ ਨੂੰ ਕੁਝ ਸਮਝਣ ਲੱਗ ਜਾਂਦੇ ਹਨ ਉਨ੍ਹਾਂ ਦੀ ਬੰਦਗੀ ਉੱਪਰ ਉੱਥੇ ਹੀ ਤਾਲਾ ਲੱਗ ਜਾਂਦਾ ਹੈ। ਬਲਕਿ ਉਹ ਇਸ ਪਰਮ ਸ਼ਕਤੀਸ਼ਾਲੀ ਅਵਸਥਾ ਨੂੰ ਗੁਆ ਬੈਠਦੇ ਹਨ। ਜੋ ਮਨੁੱਖ ਸੇਵਾ ਕਰਦੇ ਹੋਏ ਸਤਿ ਪਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਪਰਮ ਸ਼ਕਤੀਆਂ ਨੂੰ ਅਨੁਭਵ ਕਰਦੇ ਹੋਏ ਆਪਣੀ ਜਿੱਤ ਸਮਝ ਕੇ ਹਉਮੈ ਵਿੱਚ ਚਲੇ ਜਾਂਦੇ ਹਨ ਉਹ ਜਿੱਤੀ ਹੋਈ ਬਾਜ਼ੀ ਹਾਰ ਜਾਂਦੇ ਹਨ। ਜਿਨ੍ਹਾਂ ਮਹਾਂਪੁਰਖਾਂ ਵਿੱਚ ਸੇਵਾ ਕਰਦੇ ਹੋਏ ਹੋਰ ਨਿਮਰਤਾ ਆ ਜਾਂਦੀ ਹੈ ਅਤੇ ਉਨ੍ਹਾਂ ਦਾ ਹਿਰਦਾ ਗਰੀਬੀ ਨਾਲ ਭਰਪੂਰ ਹੋ ਜਾਂਦਾ ਹੈ ਉਹ ਜਿੱਤ ਜਾਂਦੇ ਹਨ। ਐਸੇ ਮਹਾਂਪੁਰਖ ਸਾਰੀ ਵਡਿਆਈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਅਤੇ ਗੁਰੂ ਦੇ ਚਰਨਾਂ ਉੱਪਰ ਅਰਪਣ ਕਰ ਕੇ ਧੰਨ ਧੰਨ ਹੋ ਜਾਂਦੇ ਹਨ। ਐਸੇ ਮਹਾਂਪੁਰਖ ਸਾਰੀ ਸੇਵਾ ਦਾ ਸਿਹਰਾ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਅਤੇ ਗੁਰੂ ਦੇ ਚਰਨਾਂ ਨੂੰ ਦੇ ਦਿੰਦੇ ਹਨ ਅਤੇ ਆਪ ਨਿਰਮਾਣਤਾ ਦੀ ਭਾਵਨਾ ਵਿੱਚ ਹੋਰ ਹਲੀਮੀ ਵਿੱਚ ਚਲੇ ਜਾਂਦੇ ਹਨ ਅਤੇ ਹੋਰ ਮਿੱਠੇ ਬਣ ਜਾਂਦੇ ਹਨ। ਇਸ ਲਈ ਬੰਦਗੀ ਦੀ ਇਹ ਗੁਰ ਪ੍ਰਸਾਦੀ ਖੇਲ ਜਿੱਤ ਕੇ ਹਾਰਨ ਦੀ ਹੈ। ਜੋ ਜਿੱਤ ਕੇ ਹਾਰ ਜਾਂਦੇ ਹਨ ਭਾਵ ਜੋ ਸੇਵਾ ਕਰਦੇ ਹੋਏ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਪਰਮ ਸ਼ਕਤੀਆਂ ਦੀ ਮਾਣ, ਮਹੱਤਾ ਅਤੇ ਤੇਜ ਜਰ ਜਾਂਦੇ ਹਨ ਅਤੇ ਹੋਰ ਹਲੀਮੀ ਵਿੱਚ ਚਲੇ ਜਾਂਦੇ ਹਨ ਅਤੇ ਸਾਰੀ ਉਪਮਾ ਅਤੇ ਵਡਿਆਈ ਗੁਰ ਅਤੇ ਗੁਰੂ ਦੇ ਚਰਨਾਂ ਉੱਪਰ ਅਰਪਣ ਕਰ ਕੇ ਆਪਣੇ ਆਪ ਨੂੰ ਮਹਾ ਕੰਗਾਲ ਕਹਿੰਦੇ ਹਨ; ਉਨ੍ਹਾਂ ਮਹਾਂਪੁਰਖਾਂ ਦੀ ਸੇਵਾ ਰੰਗ ਲੈ ਆਉਂਦੀ ਹੈ ਅਤੇ ਉਹ ਧੰਨ ਧੰਨ ਹੋ ਜਾਂਦੇ ਹਨ। ਪਰੰਤੂ ਜੋ ਮਨੁੱਖ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਪਰਮ ਸ਼ਕਤੀਆਂ ਦੇ ਅਨੁਭਵ ਦਾ ਮਾਣ ਕਰ ਕੇ ਹਉਮੈ ਵਿੱਚ ਚਲੇ ਜਾਂਦੇ ਹਨ ਉਹ ਆਪਣਾ ਸਭ ਕੁਝ ਗੁਆ ਬੈਠਦੇ ਹਨ। ਇਸੇ ਲਈ ਗੁਰਬਾਣੀ ਵਿੱਚ ਇਸ ਪਰਮ ਸਤਿ ਤੱਤ ਨੂੰ ਪ੍ਰਗਟ ਕੀਤਾ ਗਿਆ ਹੈ:

ਕਰਿ ਕਿਰਪਾ ਜਉ ਸਤਿਗੁਰੁ ਮਿਲਿਓ ॥ ਮਨ ਮੰਦਰ ਮਹਿ ਦੀਪਕੁ ਜਲਿਓ ॥

ਜੀਤ ਹਾਰ ਕੀ ਸੋਝੀ ਕਰੀ ॥ ਤਉ ਇਸੁ ਘਰ ਕੀ ਕੀਮਤਿ ਪਰੀ ॥੭॥

(ਪੰਨਾ ੨੩੫)

 

ਇਹੀ ਤੇਰਾ ਅਉਸਰੁ ਇਹ ਤੇਰੀ ਬਾਰ ॥

ਘਟ ਭੀਤਰਿ ਤੂ ਦੇਖੁ ਬਿਚਾਰਿ ॥

ਕਹਤ ਕਬੀਰੁ ਜੀਤਿ ਕੈ ਹਾਰਿ ॥

ਬਹੁ ਬਿਧਿ ਕਹਿਓ ਪੁਕਾਰਿ ਪੁਕਾਰਿ ॥

(ਪੰਨਾ ੧੧੫੯)

 

ਇਸ ਲਈ ਜਿਨ੍ਹਾਂ ਬੰਦਗੀ ਕਰਨ ਵਾਲਿਆਂ ਉੱਪਰ ਸੇਵਾ ਕਰਨ ਦੀ ਬਖ਼ਸ਼ਿਸ਼ ਹੁੰਦੀ ਹੈ ਉਨ੍ਹਾਂ ਨੂੰ ਸੇਵਾ ਕਰਦੇ ਹੋਏ ਜਦ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਪਰਮ ਸ਼ਕਤੀਆਂ, ਮਾਣ, ਮਹੱਤਾ ਅਤੇ ਤੇਜ ਦਾ ਅਨੁਭਵ ਹੁੰਦਾ ਹੈ ਤਾਂ ਉਨ੍ਹਾਂ ਨੂੰ ਹੋਰ ਨਿਮਰਤਾ ਵਿੱਚ ਚਲੇ ਜਾਣਾ ਚਾਹੀਦਾ ਹੈ ਅਤੇ ਹਿਰਦੇ ਵਿੱਚ ਹੋਰ ਗਰੀਬੀ ਅਤੇ ਹਲੀਮੀ ਦੀ ਕਮਾਈ ਕਰਨੀ ਚਾਹੀਦੀ ਹੈ। ਐਸੇ ਬੰਦਗੀ ਕਰਨ ਵਾਲਿਆਂ ਨੂੰ ਪੂਰਨ ਬ੍ਰਹਮ ਗਿਆਨ ਦੇ ਇਨ੍ਹਾਂ ਸ਼ਬਦਾਂ ਦੀ ਕਮਾਈ ਕਰਨੀ ਚਾਹੀਦੀ ਹੈ ਜਿਸ ਦੇ ਕਰਨ ਨਾਲ ਉਹ ਧੰਨ ਧੰਨ ਹੋ ਜਾਣਗੇ। ਜੋ ਮਨੁੱਖ ਐਸੀ ਅਵਸਥਾ ਵਿੱਚ ਪਹੁੰਚ ਕੇ ਆਪਣੇ ਸਤਿਗੁਰੂ ਦੇ ਚਰਨਾਂ ਤੋਂ ਆਪਣਾ ਸੀਸ ਨਹੀਂ ਚੁੱਕਦੇ ਹਨ, ਉਨ੍ਹਾਂ ਦੀ ਸੇਵਾ ਸਹਿਜੇ ਹੀ ਪ੍ਰਵਾਨ ਹੋ ਜਾਂਦੀ ਹੈ ਅਤੇ ਉਹ ਜਿੱਤ ਕੇ ਹਾਰ ਦੀ ਕਮਾਈ ਸਹਿਜੇ ਹੀ ਕਰ ਲੈਂਦੇ ਹਨ। ਉਨ੍ਹਾਂ ਦੇ ਸਤਿਗੁਰੂ ਦੀ ਬੇਅੰਤ ਅਪਾਰ ਕਿਰਪਾ ਨਾਲ ਬੰਦਗੀ ਸੱਚ ਖੰਡ ਪ੍ਰਵਾਨ ਹੋ ਜਾਂਦੀ ਹੈ।

ਐਸੀ ਅਵਸਥਾ ਵਿੱਚ ਪਹੁੰਚੇ ਹੋਏ ਮਹਾਂਪੁਰਖਾਂ ਦਾ ਭੋਜਨ ਗਿਆਨ ਹੁੰਦਾ ਹੈ। ਉਹ ਸਦਾ-ਸਦਾ ਲਈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਵਿੱਚ ਰੱਤੇ ਜਾਂਦੇ ਹਨ। ਪਰਉਪਕਾਰ ਅਤੇ ਮਹਾ ਪਰਉਪਕਾਰ ਕਰਦੇ ਹੋਏ ਉਹ ਪੂਰਨ ਸਤਿ ਦੀ ਸੇਵਾ ਵਿੱਚ ਅਤੇ ਪੂਰਨ ਸਤਿ ਵਰਤਾਉਣ ਵਿੱਚ ਰੱਤੇ ਜਾਂਦੇ ਹਨ। ਉਹ ਅਕਾਲ ਪੁਰਖ ਦੀ ਮਹਿਮਾ ਵਿੱਚ ਆਪ ਪਰੋਏ ਜਾਂਦੇ ਹਨ। ਐਸੇ ਮਹਾਂਪੁਰਖ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਆਪ ਮਹਿਮਾ ਬਣ ਜਾਂਦੇ ਹਨ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸਭ ਤੋਂ ਵੱਡੀ ਅਤੇ ਉੱਤਮ ਮਹਿਮਾ ਪੂਰਨ ਬ੍ਰਹਮ ਗਿਆਨੀ ਹੈ, ਸਤਿਗੁਰੂ ਹੈ, ਪੂਰਨ ਸੰਤ ਹੈ, ਪੂਰਨ ਖ਼ਾਲਸਾ ਹੈ, ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਅਵਤਾਰ ਹਨ, ਕਲਕੀ ਅਵਤਾਰ ਹਨ। ਐਸੇ ਮਹਾਂਪੁਰਖਾਂ ਦੀ ਮਹਿਮਾ ਬੇਅੰਤ ਹੁੰਦੀ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਧਰਤੀ ਉੱਪਰ ਇਨ੍ਹਾਂ ਮਹਾਂਪੁਰਖਾਂ ਦੇ ਰੂਪ ਵਿੱਚ ਪ੍ਰਗਟ ਹੁੰਦੀ ਹੈ। ਗੁਰਬਾਣੀ ਵਿੱਚ ਇਸ ਪਰਮ ਸਤਿ ਤੱਤ ਨੂੰ ਪ੍ਰਗਟ ਕੀਤਾ ਗਿਆ ਹੈ:

 

ਸਾਧ ਕੀ ਮਹਿਮਾ ਬਰਨੈ ਕਉਨੁ ਪ੍ਰਾਨੀ ॥

ਨਾਨਕ ਸਾਧ ਕੀ ਸੋਭਾ ਪ੍ਰਭ ਮਾਹਿ ਸਮਾਨੀ॥

{ਪੰਨਾ ੨੭੧}

 

ਸਾਧ ਕੀ ਉਪਮਾ ਤਿਹੁ ਗੁਣ ਤੇ ਦੂਰਿ ॥

ਸਾਧ ਕੀ ਉਪਮਾ ਰਹੀ ਭਰਪੂਰਿ ॥

ਸਾਧ ਕੀ ਸੋਭਾ ਕਾ ਨਾਹੀ ਅੰਤ ॥

ਸਾਧ ਕੀ ਸੋਭਾ ਸਦਾ ਬੇਅੰਤ ॥

ਸਾਧ ਕੀ ਸੋਭਾ ਊਚ ਤੇ ਊਚੀ ॥

ਸਾਧ ਕੀ ਸੋਭਾ ਮੂਚ ਤੇ ਮੂਚੀ ॥

ਸਾਧ ਕੀ ਸੋਭਾ ਸਾਧ ਬਨਿ ਆਈ ॥

ਨਾਨਕ ਸਾਧ ਪ੍ਰਭ ਭੇਦੁ ਨ ਭਾਈ ॥

{ਪੰਨਾ ੨੭੨}

 

ਬ੍ਰਹਮ ਗਿਆਨੀ ਕਉ ਖੋਜਹਿ ਮਹੇਸੁਰ ॥

ਨਾਨਕ ਬ੍ਰਹਮ ਗਿਆਨੀ ਆਪਿ ਪਰਮੇਸੁਰ ॥

{ਪੰਨਾ ੨੭੩}

 

ਜਿਸ ਮਨੁੱਖ ਨੇ ਆਪਣੇ ਹਿਰਦੇ ਅਤੇ ਮਨ ਨੂੰ ਸਾਧ ਲਿਆ ਹੈ ਭਾਵ ਜਿਸ ਮਨੁੱਖ ਨੇ ਆਪਣੇ ਮਨ ਅਤੇ ਹਿਰਦੇ ਨੂੰ ਸਾਰੇ ਵਿਕਾਰਾਂ ਤੋਂ ਮੁਕਤ ਕਰ ਲਿਆ ਹੈ ਅਤੇ ਮਾਇਆ ਨੂੰ ਜਿੱਤ ਕੇ ਪੂਰਨ ਸਚਿਆਰੀ ਰਹਿਤ ਵਿੱਚ ਚਲਾ ਗਿਆ ਹੈ; ਉਸ ਮਹਾਂਪੁਰਖ ਦੀ ਮਹਿਮਾ ਬੇਅੰਤ ਹੋ ਜਾਂਦੀ ਹੈ। ਐਸੇ ਮਹਾਂਪੁਰਖ ਤ੍ਰੈ ਗੁਣ ਮਾਇਆ ਤੋਂ ਪਰੇ ਜਾ ਕੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਅਭੇਦ ਹੋ ਜਾਂਦੇ ਹਨ ਅਤੇ ਬੇਅੰਤ ਹੋ ਜਾਂਦੇ ਹਨ। ਐਸੇ ਮਹਾਂਪੁਰਖਾਂ ਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ ਹੈ। ਐਸੇ ਮਹਾਂਪੁਰਖਾਂ ਦਾ ਰੂਪ-ਰੰਗ ਨਾਮ ਨਾਲ ਰੰਗਿਆ ਜਾਂਦਾ ਹੈ ਅਤੇ ਹਿਰਦਾ ਵਿਕਾਰਾਂ ਤੋਂ ਮੁਕਤ ਹੋ ਕੇ ਬੇਅੰਤ ਸੁੰਦਰ ਹੋ ਜਾਂਦਾ ਹੈ। ਐਸੇ ਮਹਾਂਪੁਰਖਾਂ ਦੇ ਹਿਰਦੇ ਵਿੱਚੋਂ ਸਾਰੇ ਅਵਗੁਣ ਨਿਕਲ ਜਾਂਦੇ ਹਨ ਅਤੇ ਸਾਰੇ ਸਤਿ ਗੁਣ ਪ੍ਰਗਟ ਹੋ ਜਾਂਦੇ ਹਨ। ਐਸੇ ਮਹਾਂਪੁਰਖਾਂ ਦੇ ਹਿਰਦੇ ਵਿੱਚ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਸਾਰੀਆਂ ਪਰਮ ਸ਼ਕਤੀਆਂ ਪ੍ਰਗਟ ਹੋ ਜਾਂਦੀਆਂ ਹਨ। ਹਿਰਦੇ ਵਿੱਚ ਸਮਾ ਕੇ ਸਾਰੇ ਸਤਿ ਗੁਣ ਪਰਮ ਸ਼ਕਤੀਆਂ ਦਾ ਰੂਪ ਧਾਰਨ ਕਰ ਲੈਂਦੇ ਹਨ।

ਜੋ ਮਹਾਂਪੁਰਖ ਮਾਇਆ ਨੂੰ ਜਿੱਤ ਕੇ ਸਾਰੇ ਵਿਕਾਰਾਂ ਤੋਂ ਮੁਕਤ ਹੋ ਜਾਂਦੇ ਹਨ ਅਤੇ ਹਉਮੈ ਨੂੰ ਮਾਰ ਕੇ ਜੀਵਨ ਮੁਕਤੀ ਪ੍ਰਾਪਤ ਕਰ ਲੈਂਦੇ ਹਨ; ਉਨ੍ਹਾਂ ਨੂੰ ਸ੍ਰਿਸ਼ਟੀ ਦੀ ਹੋਰ ਕੋਈ ਸ਼ਕਤੀ ਨਹੀਂ ਮਾਰ ਸਕਦੀ ਹੈ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਨੁਕਸਾਨ ਪਹੁੰਚਾ ਸਕਦੀ ਹੈ ਕਿਉਂਕਿ ਉਹ ਆਪ ਸਾਰੀਆਂ ਪਰਮ ਸ਼ਕਤੀਆਂ ਦਾ ਸੋਮਾ ਬਣ ਜਾਂਦੇ ਹਨ। ਉਨ੍ਹਾਂ ਨੂੰ ਫਿਰ ਕੋਈ ਵੀ ਵਿਨਾਸ਼ਕਾਰੀ ਸ਼ਕਤੀ ਠੱਗ ਨਹੀਂ ਸਕਦੀ। ਉਹ ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਦੇ ਚੁੰਗਲ ਤੋਂ ਮੁਕਤ ਹੋ ਜਾਂਦੇ ਹਨ ਇਸ ਲਈ ਮਾਇਆ ਉਨ੍ਹਾਂ ਨੂੰ ਠੱਗ ਨਹੀਂ ਸਕਦੀ। ਮਾਇਆ ਉਨ੍ਹਾਂ ਦੀ ਗ਼ੁਲਾਮ ਬਣ ਜਾਂਦੀ ਹੈ ਅਤੇ ਉਨ੍ਹਾਂ ਦੇ ਚਰਨਾਂ ਦੇ ਥੱਲੇ ਰਹਿ ਕੇ ਉਨ੍ਹਾਂ ਦੀ ਸੇਵਾ ਕਰਦੀ ਹੈ। ਸਾਰੀਆਂ ਰਿੱਧੀਆਂ ਅਤੇ ਸਿੱਧੀਆਂ ਉਨ੍ਹਾਂ ਦੇ ਚਰਨਾਂ ਦੇ ਥੱਲੇ ਰਹਿ ਕੇ ਉਨ੍ਹਾਂ ਦੀ ਸੇਵਾ ਵਿੱਚ ਹਾਜ਼ਰ ਰਹਿੰਦੀਆਂ ਹਨ। ਜਿਨ੍ਹਾਂ ਮਹਾਂਪੁਰਖਾਂ ਦੇ ਹਿਰਦੇ ਵਿੱਚ ਪਰਮ ਜੋਤ ਪੂਰਨ ਪ੍ਰਕਾਸ਼ ਹੋ ਜਾਂਦਾ ਹੈ ਅਤੇ ਰੋਮ-ਰੋਮ ਵਿੱਚ ਸਤਿਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ ਉਨ੍ਹਾਂ ਦਾ ਕੋਈ ਵੀ ਵਿਨਾਸ਼ਕਾਰੀ ਸ਼ਕਤੀ ਕੁਝ ਵਿਗਾੜ ਨਹੀਂ ਸਕਦੀ ਹੈ। ਐਸੇ ਮਹਾਂਪੁਰਖ ਸਦੀਵੀ ਹੋ ਜਾਂਦੇ ਹਨ। ਉਨ੍ਹਾਂ ਦਾ ਕਦੇ ਵਿਨਾਸ਼ ਨਹੀਂ ਹੁੰਦਾ ਹੈ। ਉਹ ਅਵਿਨਾਸ਼ੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਅਭੇਦ ਹੋ ਕੇ ਅਵਿਨਾਸ਼ੀ ਬਣ ਜਾਂਦੇ ਹਨ:

ਬ੍ਰਹਮ ਗਿਆਨੀ ਏਕ ਊਪਰਿ ਆਸ ॥

ਬ੍ਰਹਮ ਗਿਆਨੀ ਕਾ ਨਹੀ ਬਿਨਾਸ ॥

{ਪੰਨਾ ੨੭੩}

 

ਬ੍ਰਹਮ ਗਿਆਨੀ ਸੁਖ ਸਹਜ ਨਿਵਾਸ ॥

ਨਾਨਕ ਬ੍ਰਹਮ ਗਿਆਨੀ ਕਾ ਨਹੀ ਬਿਨਾਸ ॥

{ਪੰਨਾ ੨੭੩}

 

ਬ੍ਰਹਮ ਗਿਆਨੀ ਸਭ ਸ੍ਰਿਸਟਿ ਕਾ ਕਰਤਾ ॥

ਬ੍ਰਹਮ ਗਿਆਨੀ ਸਦ ਜੀਵੈ ਨਹੀ ਮਰਤਾ ॥

ਬ੍ਰਹਮ ਗਿਆਨੀ ਮੁਕਤਿ ਜੁਗਤਿ ਜੀਅ ਕਾ ਦਾਤਾ ॥

ਬ੍ਰਹਮ ਗਿਆਨੀ ਪੂਰਨ ਪੁਰਖੁ ਬਿਧਾਤਾ ॥

{ਪੰਨਾ ੨੭੩}

ਬ੍ਰਹਮ ਗਿਆਨੀ ਮਹਾਂਪੁਰਖਾਂ ਦਾ ਸਹਿਜ ਸਮਾਧੀ ਵਿੱਚ ਨਿਵਾਸ ਹੁੰਦਾ ਹੈ। ਉਹ ਸਦਾ-ਸਦਾ ਲਈ ਸਹਿਜ ਸਮਾਧੀ ਅਵਸਥਾ ਵਿੱਚ ਸਥਾਪਿਤ ਹੋ ਜਾਂਦੇ ਹਨ। ਉਹ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਅਭੇਦ ਹੋ ਜਾਂਦੇ ਹਨ ਇਸ ਲਈ ਉਨ੍ਹਾਂ ਦਾ ਕਦੇ ਵਿਨਾਸ਼ ਨਹੀਂ ਹੁੰਦਾ ਹੈ। ਉਹ ਸਦੀਵੀ ਅਮਰ ਹੋ ਜਾਂਦੇ ਹਨ। ਭਾਵ ਆਉਣ ਵਾਲੇ ਸਾਰੇ ਯੁਗਾਂ ਲਈ ਅਮਰ ਹੋ ਜਾਂਦੇ ਹਨ। ਐਸੇ ਮਹਾਂਪੁਰਖ ਜਿਨ੍ਹਾਂ ਦਾ ਮਨ ਜੋਤ ਬਣ ਜਾਂਦਾ ਹੈ ਅਤੇ ਹਿਰਦਾ ਪੂਰਨ ਸਚਿਆਰੀ ਰਹਿਤ ਵਿੱਚ ਚਲਾ ਜਾਂਦਾ ਹੈ, ਉਨ੍ਹਾਂ ਨੂੰ ਗੁਰਬਾਣੀ ਵਿੱਚ ਧੰਨ ਧੰਨ ਸਤਿਗੁਰ ਅਵਤਾਰ ਅਰਜਨ ਦੇਵ ਪਾਤਿਸ਼ਾਹ ਜੀ ਨੇ ਬ੍ਰਹਮ ਗਿਆਨੀ ਕਹਿ ਕੇ ਪ੍ਰਗਟ ਕੀਤਾ ਹੈ:

ਸਲੋਕੁ ॥

ਮਨਿ ਸਾਚਾ ਮੁਖਿ ਸਾਚਾ ਸੋਇ ॥

ਅਵਰੁ ਨ ਪੇਖੈ ਏਕਸੁ ਬਿਨੁ ਕੋਇ ॥

ਨਾਨਕ ਇਹ ਲਛਣ ਬ੍ਰਹਮ ਗਿਆਨੀ ਹੋਇ ॥

{ਪੰਨਾ ੨੭੨}

 

ਇੱਥੇ ਪੂਰਨ ਬ੍ਰਹਮ ਗਿਆਨੀ ਦੇ ਕੁਝ ਬ੍ਰਹਮ ਗੁਣਾਂ ਨੂੰ ਵਖਿਆਨ ਕੀਤਾ ਗਿਆ ਹੈ । ਉਹ ਐਸੀ ਸੁੰਦਰ ਅਤੇ ਮਹਾਨ ਸ਼ਖ਼ਸੀਅਤ ਹੈ: ਜਿਸ ਦੀ ਰੂਹ, ਹਿਰਦਾ ਅਤੇ ਮਨ ਪੂਰਨ ਸਤਿ ਵਿੱਚ ਰੱਤੇ ਗਏ ਹਨ; ਜੋ ਕੇਵਲ ਪੂਰਨ ਸਤਿ ਦੀ ਸੇਵਾ ਕਰ ਰਿਹਾ ਹੈ; ਜੋ ਸਤਿ ਨੂੰ ਵੇਖ ਰਿਹਾ ਹੈ, ਸਤਿ ਨੂੰ ਸੁਣ ਰਿਹਾ ਹੈ, ਸਤਿ ਬੋਲ ਰਿਹਾ ਹੈ, ਸਤਿ ਵਰਤਾ ਰਿਹਾ ਹੈ ਅਤੇ ਸਤਿ ਦੀ ਸੇਵਾ ਕਰ ਰਿਹਾ ਹੈ; ਜਿਸ ਦੀਆਂ ਸਾਰੀਆਂ ਕ੍ਰਿਆਵਾਂ ਅਤੇ ਪ੍ਰਤੀਕ੍ਰਿਆਵਾਂ ਸੱਚੀਆਂ ਹਨ; ਜਿਹੜਾ ਪੂਰਨ ਸਚਿਆਰੀ ਰਹਿਤ ਵਿੱਚ ਹੈ; ਮਾਇਆ ਉੱਪਰ ਜਿੱਤ ਦੀ ਅੰਦਰੂਨੀ ਰਹਿਤ ਨੂੰ ਪ੍ਰਾਪਤ ਕਰ ਚੁੱਕਾ ਹੈ; ਜਿਹੜਾ ਮਾਇਆ ਤੋਂ ਪਰੇ ਹੈ, ਕਿਉਂਕਿ ਮਾਇਆ ਅਸਤਿ ਹੈ; ਜਿਹੜਾ ਪੂਰਨ ਸ਼ੁੱਧ ਰੂਹ ਹੈ ਜਿਸ ਦੇ ਹਿਰਦੇ ਵਿੱਚ ਪੂਰਨ ਪ੍ਰਕਾਸ਼ ਹੈ। ਕੇਵਲ ਅਕਾਲ ਪੁਰਖ ਦੇ ਨਿਰਗੁਣ ਸਰੂਪ ਦੇ ਦਰਸ਼ਨਾਂ ਨਾਲ ਹਿਰਦੇ ਵਿੱਚ ਪੂਰਨ ਪ੍ਰਕਾਸ਼ ਹੋ ਜਾਂਦਾ ਹੈ। ਜੋ ਹਿਰਦੇ ਨੂੰ ਸ਼ੁੱਧ ਕਰ ਕੇ ਮਨੁੱਖ ਨੂੰ ਸਦਾ ਸੁਹਾਗਣ ਬਣਾਉਣ ਦੀ ਸਮਰੱਥਾ ਰੱਖਦਾ ਹੈ। ਅਜਿਹਾ ਹਿਰਦਾ ਜਿਹੜਾ ਪੂਰਨ ਪਰਮ ਜੋਤ ਪ੍ਰਕਾਸ਼ ਦੀ ਅਨਾਦਿ ਬਖ਼ਸ਼ਿਸ਼ ਵਿੱਚ ਹੈ, ਪੂਰਨ ਖ਼ਾਲਸਾ ਹੈ। ਕੇਵਲ ਇੱਕ ਅਜਿਹੀ ਰੂਹ ਤੱਤ ਗਿਆਨ ਦਾ ਗੁਰਪ੍ਰਸਾਦਿ ਪ੍ਰਾਪਤ ਕਰ ਸਕਦੀ ਹੈ, ਬ੍ਰਹਮ ਗਿਆਨ ਅਤੇ ਇੱਕ ਪੂਰਨ ਬ੍ਰਹਮ ਗਿਆਨੀ ਬਣ ਸਕਦੀ ਹੈ; ਜੋ ਅਕਾਲ ਪੁਰਖ ਪਾਰਬ੍ਰਹਮ ਪਰਮੇਸ਼ਰ ਦੀ ਲਗਾਤਾਰ ਆਧਾਰ ‘ਤੇ ਸੇਵਾ ਕਰਦਾ ਹੈ; ਜੋ ਆਪਣੇ ਆਪ ਨੂੰ ਸਰਵ ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਵਿੱਚ ਰੁਝਾ ਲੈਂਦਾ ਹੈ; ਜੋ ਪੂਰੀ ਤਰ੍ਹਾਂ ਸਰਵ ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸੇਵਾ ਵਿੱਚ ਹੈ; ਜੋ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦਿ ਦੇ ਰਿਹਾ ਹੈ; ਜਿਹੜਾ ਹਰ ਜਗ੍ਹਾ ਅਤੇ ਹਰ ਇੱਕ ਵਿੱਚ ਪਰਮਾਤਮਾ ਨੂੰ ਵੇਖਦਾ ਹੈ; ਜਿਹੜਾ ਨਿਰਵੈਰ ਹੈ; ਜਿਹੜਾ ਏਕ ਦ੍ਰਿਸ਼ਟ ਹੈ; ਜਿਹੜਾ ਨਿਰਭਉ ਹੈ; ਜਿਸ ਨੇ ਬ੍ਰਹਮ ਗਿਆਨ ਅਤੇ ਬ੍ਰਹਮਤਾ ਦਾ ਪੂਰੀ ਤਰ੍ਹਾਂ ਅਨੁਭਵ ਕਰ ਲਿਆ ਹੈ ਅਤੇ ਇਸ ਨੂੰ ਪ੍ਰਾਪਤ ਕਰ ਲਿਆ ਹੈ; ਜਿਸ ਨੇ ਪਰਮ ਪਦਵੀ ਦੀ ਪ੍ਰਾਪਤੀ ਕਰ ਲਈ ਹੈ; ਜਿਸ ਨੇ ਅਟੱਲ ਅਵਸਥਾ ਪ੍ਰਾਪਤ ਕਰ ਲਈ ਹੈ; ਜੋ ਸਦਾ ਸੁਹਾਗਣ ਹੈ; ਜੋ ਸਦਾ-ਸਦਾ ਲਈ ਮਾਨਸਰੋਵਰ ਵਿੱਚ ਨਿਵਾਸ ਕਰਦਾ ਹੈ। ਕੇਵਲ ਪੂਰਨ ਬ੍ਰਹਮ ਗਿਆਨੀ ਹੀ ਪੂਰਨ ਸਤਿ ਹੈ, ਬਾਕੀ ਹਰ ਚੀਜ਼ ਨਾਸ਼ਵਾਨ ਹੈ।

ਐਸੇ ਮਹਾਂਪੁਰਖਾਂ ਨੂੰ ਸਤਿ ਚਿੱਤ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਐਸੇ ਮਹਾਂਪੁਰਖਾਂ ਦੀ ਮਹਿਮਾ ਸੁਖਮਨੀ ਬਾਣੀ ਦੀ ਅਸਟਪਦੀ ੮ ਵਿੱਚ ਪ੍ਰਗਟ ਕੀਤੀ ਗਈ ਹੈ। ਜਿਨ੍ਹਾਂ ਦਾ ਹਿਰਦਾ ਪੂਰਨ ਸਚਿਆਰੀ ਰਹਿਤ ਵਿੱਚ ਚਲਾ ਜਾਂਦਾ ਹੈ; ਉਨ੍ਹਾਂ ਨੂੰ ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ, ਤੱਤ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਅਤੇ ਆਤਮ ਰਸ ਅੰਮ੍ਰਿਤ ਦੀ ਪ੍ਰਾਪਤੀ ਹੁੰਦੀ ਹੈ। ਐਸੇ ਮਹਾਂਪੁਰਖਾਂ ਨੂੰ ਸਦਾ ਸੁਹਾਗ ਦੀ ਪ੍ਰਾਪਤੀ ਹੁੰਦੀ ਹੈ। ਐਸੇ ਮਹਾਂਪੁਰਖਾਂ ਦਾ ਵਾਸਾ ਸੱਚ ਖੰਡ ਵਿੱਚ ਹੁੰਦਾ ਹੈ।

ਸੱਚ ਖੰਡ ਦੀ ਅਵਸਥਾ ਪਰਮ ਸ਼ਕਤੀਸ਼ਾਲੀ ਰੂਹਾਨੀਅਤ ਦੀ ਅਵਸਥਾ ਹੈ। ਸੱਚ ਖੰਡ ਦੀ ਅਵਸਥਾ ਦੀ ਮਹਿਮਾ ਬੇਅੰਤ ਹੈ। ਭਗਤ ਸੱਚ ਖੰਡ ਦੀ ਅਵਸਥਾ ਵਿੱਚ ਸਦਾ-ਸਦਾ ਲਈ ਸਥਾਪਿਤ ਹੋ ਜਾਂਦਾ ਹੈ; ਜਦੋਂ ਉਹ ਸਾਰੀਆਂ ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਨੂੰ ਜਿੱਤ ਲੈਂਦਾ ਹੈ। ਭਗਤ ਪੂਰਨ ਸਚਿਆਰੀ ਰਹਿਤ ਵਿੱਚ ਚਲਾ ਜਾਂਦਾ ਹੈ ਅਤੇ ਜੀਵਨ ਮੁਕਤੀ ਦੀ ਅਵਸਥਾ ਵਿੱਚ ਪਹੁੰਚ ਜਾਂਦਾ ਹੈ। ਅਟੱਲ ਅਵਸਥਾ ਦੀ ਬਖ਼ਸ਼ਿਸ਼ ਪ੍ਰਾਪਤ ਕਰ ਲੈਂਦਾ ਹੈ। ਪਰਮ ਪਦਵੀ ਦੀ ਪ੍ਰਾਪਤੀ ਕਰ ਲੈਂਦਾ ਹੈ। ਤ੍ਰੈ ਗੁਣ ਮਾਇਆ ‘ਤੇ ਜਿੱਤ ਪ੍ਰਾਪਤ ਕਰ ਕੇ ਪਰਮ ਜੋਤ ਪੂਰਨ ਪ੍ਰਕਾਸ਼, ਪੂਰਨ ਬ੍ਰਹਮ ਗਿਆਨ ਅਤੇ ਪੂਰਨ ਤੱਤ ਗਿਆਨ ਦੀ ਪ੍ਰਾਪਤੀ ਕਰ ਲੈਂਦਾ ਹੈ। ਨਿਰਭਉ ਅਤੇ ਨਿਰਵੈਰ ਬਣ ਜਾਂਦਾ ਹੈ। ਏਕ ਦ੍ਰਿਸ਼ਟ ਹੋ ਜਾਂਦਾ ਹੈ। ਜਦੋਂ ਭਗਤ ਪੂਰਨ ਸਤਿ ਨੂੰ ਵੇਖਣ, ਸੁਣਨ, ਬੋਲਣ ਅਤੇ ਵਰਤਾਉਣ ਦੀ ਸਮਰੱਥਾ ਪ੍ਰਾਪਤ ਕਰ ਲੈਂਦਾ ਹੈ। ਪੂਰਨ ਸਤਿ ਦੀ ਸੇਵਾ ਦਾ ਗੁਰਪ੍ਰਸਾਦਿ ਪ੍ਰਾਪਤ ਕਰ ਲੈਂਦਾ ਹੈ। ਬੰਦਗੀ ਅਕਾਲ ਪੁਰਖ ਦੀ ਦਰਗਾਹ ਵਿੱਚ ਪੂਰਨ ਅਤੇ ਪ੍ਰਵਾਨ ਮੰਨੀ ਜਾਂਦੀ ਹੈ ਅਤੇ ਭਗਤ ਨੂੰ ਸਦਾ ਸੁਹਾਗ ਦੇ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਦੀ ਪ੍ਰਾਪਤੀ ਹੁੰਦੀ ਹੈ। ਭਗਤ ਸਦਾ ਸੁਹਾਗਣ ਦੇ ਗੁਰਪ੍ਰਸਾਦਿ ਨਾਲ ਨਿਵਾਜਿਆ ਜਾਂਦਾ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਦਰਸ਼ਨ ਪ੍ਰਾਪਤ ਹੋ ਜਾਂਦੇ ਹਨ। ਸਰਗੁਣ ਵਿੱਚ ਨਿਰਗੁਣ ਦੇ ਦਰਸ਼ਨ ਹੋ ਜਾਂਦੇ ਹਨ। ਸਰਗੁਣ ਨਿਰਗੁਣ ਇੱਕ ਹੋ ਜਾਂਦੇ ਹਨ। ਸੇਵਾ ਕਰਦੇ-ਕਰਦੇ ਹਉਮੈ ਮਿਟ ਜਾਂਦੀ ਹੈ। ਪਰਉਪਕਾਰ ਅਤੇ ਮਹਾ ਪਰਉਪਕਾਰ ਕਰਦੇ-ਕਰਦੇ ਹਿਰਦਾ ਗਰੀਬੀ ਨਾਲ ਭਰਪੂਰ ਹੋ ਜਾਂਦਾ ਹੈ ਅਤੇ ਹਉਮੈ ਦਾ ਨਾਸ਼ ਹੋ ਜਾਂਦਾ ਹੈ। ਭਗਤ ਅਕਾਲ ਪੁਰਖ ਦੇ ਨਿਰਗੁਣ ਸਰੂਪ ਵਿੱਚ ਅਭੇਦ ਹੋ ਜਾਂਦਾ ਹੈ। ਜੀਵਨ ਮੁਕਤੀ ਮਿਲ ਜਾਂਦੀ ਹੈ। ਸਾਰੇ ਪਾਸੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਪਰਮ ਸ਼ਕਤੀ ਵਰਤਦੀ ਪ੍ਰਤੱਖ ਪ੍ਰਗਟ ਹੋ ਜਾਂਦੀ ਹੈ। ਇਸ ਅਵਸਥਾ ਵਿੱਚ ਅਕਾਲ ਪੁਰਖ ਭਗਤ ਨੂੰ ਸਾਰੇ ਅਨਾਦਿ ਰੂਹਾਨੀ ਦਰਗਾਹੀ ਖ਼ਜ਼ਾਨਿਆਂ ਦੀ ਬਖ਼ਸ਼ਿਸ਼ ਕਰਦਾ ਹੈ। ਭਗਤ ਨੂੰ ਸਾਰੇ ਅਨਾਦਿ ਰੂਹਾਨੀ ਦਰਗਾਹੀ ਖ਼ਜ਼ਾਨਿਆਂ ਦੇ ਇਸ ਗੁਰਪ੍ਰਸਾਦਿ ਨੂੰ ਸੰਗਤ ਨੂੰ ਵਰਤਾਉਣ ਦੇ ਅਧਿਕਾਰ ਨਾਲ ਸੁਸ਼ੋਭਿਤ ਕਰ ਦਿੰਦਾ ਹੈ। ਭਗਤ ਅੰਮ੍ਰਿਤ ਦਾ ਦਾਤਾ ਬਣ ਜਾਂਦਾ ਹੈ। ਭਗਤ ਬੰਦਗੀ ਅਤੇ ਸੇਵਾ ਦਾ ਦਾਤਾ ਬਣ ਜਾਂਦਾ ਹੈ। ਭਗਤ ਗੁਰਪ੍ਰਸਾਦਿ ਦਾ ਦਾਤਾ ਬਣ ਜਾਂਦਾ ਹੈ। ਭਗਤ ਸੰਗਤ ਦੇ ਬੰਦਗੀ ਕਰਨ ਅਤੇ ਜੀਵਨ ਮੁਕਤੀ ਪ੍ਰਾਪਤ ਕਰਨ ਵਿੱਚ ਸਹਾਇਕ ਬਣ ਕੇ ਸਤਿ ਦੇ ਇਨ੍ਹਾਂ ਅਨਾਦਿ ਰੂਹਾਨੀ ਦਰਗਾਹੀ ਖ਼ਜ਼ਾਨਿਆਂ ਦੀ ਸਹਾਇਤਾ ਨਾਲ ਮਹਾ ਪਰਉਪਕਾਰ ਦੀਆਂ ਸੇਵਾਵਾਂ ਵਿੱਚ ਵਿਲੀਨ ਹੋ ਜਾਂਦੇ ਹਨ। ਐਸੇ ਬ੍ਰਹਮ ਗਿਆਨੀ ਮਹਾਂਪੁਰਖਾਂ ਨੂੰ ਗੁਰਬਾਣੀ ਵਿੱਚ ਧੰਨ ਧੰਨ ਸਤਿਗੁਰੂ ਅਵਤਾਰ ਅਰਜਨ ਦੇਵ ਪਾਤਿਸ਼ਾਹ ਜੀ ਨੇ ਸੁਖਮਨੀ ਬਾਣੀ ਵਿੱਚ ਪਰਮੇਸ਼ਰ ਦੇ ਪਰਮ ਸ਼ਕਤੀਸ਼ਾਲੀ ਰੂਪ ਵਿੱਚ ਪ੍ਰਗਟ ਕੀਤਾ ਹੈ:

ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ॥ ਬ੍ਰਹਮ ਗਿਆਨੀ ਏਕ ਸੰਗਿ ਹੇਤਾ ॥

ਬ੍ਰਹਮ ਗਿਆਨੀ ਕੈ ਹੋਇ ਅਚਿੰਤ ॥ ਬ੍ਰਹਮ ਗਿਆਨੀ ਕਾ ਨਿਰਮਲ ਮੰਤ ॥

ਬ੍ਰਹਮ ਗਿਆਨੀ ਜਿਸੁ ਕਰੈ ਪ੍ਰਭੁ ਆਪਿ ॥ ਬ੍ਰਹਮ ਗਿਆਨੀ ਕਾ ਬਡ ਪਰਤਾਪ ॥

ਬ੍ਰਹਮ ਗਿਆਨੀ ਕਾ ਦਰਸੁ ਬਡਭਾਗੀ ਪਾਈਐ ॥ ਬ੍ਰਹਮ ਗਿਆਨੀ ਕਉ ਬਲਿ ਬਲਿ ਜਾਈਐ ॥

ਬ੍ਰਹਮ ਗਿਆਨੀ ਕਉ ਖੋਜਹਿ ਮਹੇਸੁਰ ॥ ਨਾਨਕ ਬ੍ਰਹਮ ਗਿਆਨੀ ਆਪਿ ਪਰਮੇਸੁਰ ॥

{ਪੰਨਾ ੨੭੩}

 

ਬ੍ਰਹਮ ਗਿਆਨੀ ਕੀ ਕੀਮਤਿ ਨਾਹਿ ॥ ਬ੍ਰਹਮ ਗਿਆਨੀ ਕੈ ਸਗਲ ਮਨ ਮਾਹਿ ॥

ਬ੍ਰਹਮ ਗਿਆਨੀ ਕਾ ਕਉਨ ਜਾਨੈ ਭੇਦੁ ॥ ਬ੍ਰਹਮ ਗਿਆਨੀ ਕਉ ਸਦਾ ਅਦੇਸੁ ॥

ਬ੍ਰਹਮ ਗਿਆਨੀ ਕਾ ਕਥਿਆ ਨ ਜਾਇ ਅਧਾਖ´ਰੁ ॥ ਬ੍ਰਹਮ ਗਿਆਨੀ ਸਰਬ ਕਾ ਠਾਕੁਰੁ ॥

ਬ੍ਰਹਮ ਗਿਆਨੀ ਕੀ ਮਿਤਿ ਕਉਨੁ ਬਖਾਨੈ ॥ ਬ੍ਰਹਮ ਗਿਆਨੀ ਕੀ ਗਤਿ ਬ੍ਰਹਮ ਗਿਆਨੀ ਜਾਨੈ ॥

ਬ੍ਰਹਮ ਗਿਆਨੀ ਕਾ ਅੰਤੁ ਨ ਪਾਰੁ ॥ ਨਾਨਕ ਬ੍ਰਹਮ ਗਿਆਨੀ ਕਉ ਸਦਾ ਨਮਸਕਾਰੁ ॥

{ਪੰਨਾ ੨੭੩}

 

ਬ੍ਰਹਮ ਗਿਆਨੀ ਸਭ ਸ੍ਰਿਸਟਿ ਕਾ ਕਰਤਾ ॥ ਬ੍ਰਹਮ ਗਿਆਨੀ ਸਦ ਜੀਵੈ ਨਹੀ ਮਰਤਾ ॥

ਬ੍ਰਹਮ ਗਿਆਨੀ ਮੁਕਤਿ ਜੁਗਤਿ ਜੀਅ ਕਾ ਦਾਤਾ ॥ ਬ੍ਰਹਮ ਗਿਆਨੀ ਪੂਰਨ ਪੁਰਖੁ ਬਿਧਾਤਾ ॥

ਬ੍ਰਹਮ ਗਿਆਨੀ ਅਨਾਥ ਕਾ ਨਾਥੁ ॥ ਬ੍ਰਹਮ ਗਿਆਨੀ ਕਾ ਸਭ ਊਪਰਿ ਹਾਥੁ ॥

ਬ੍ਰਹਮ ਗਿਆਨੀ ਕਾ ਸਗਲ ਅਕਾਰੁ ॥ ਬ੍ਰਹਮ ਗਿਆਨੀ ਆਪਿ ਨਿਰੰਕਾਰੁ ॥

ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਨੀ ॥ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ॥

{ਪੰਨਾ ੨੭੩}

 

ਬ੍ਰਹਮ ਗਿਆਨੀ ਮਹਾਂਪੁਰਖਾਂ ਨੂੰ “ਸਰਬ ਕਾ ਠਾਕੁਰ” ਦੇ ਪਰਮ ਸ਼ਕਤੀਸ਼ਾਲੀ ਰੂਪ ਵਿੱਚ ਪ੍ਰਗਟ ਕੀਤਾ ਹੈ। ਬ੍ਰਹਮ ਗਿਆਨੀ ਮਹਾਂਪੁਰਖਾਂ ਨੂੰ ਦਾਤਾ ਕਰਤਾ ਦੇ ਪਰਮ ਸ਼ਕਤੀਸ਼ਾਲੀ ਰੂਪ ਵਿੱਚ ਪ੍ਰਗਟ ਕੀਤਾ ਹੈ। ਬ੍ਰਹਮ ਗਿਆਨੀ ਮਹਾਂਪੁਰਖਾਂ ਨੂੰ ਮੁਕਤੀ ਦਾ ਦਾਤਾ ਦੇ ਪਰਮ ਸ਼ਕਤੀਸ਼ਾਲੀ ਰੂਪ ਵਿੱਚ ਪ੍ਰਗਟ ਕੀਤਾ ਗਿਆ ਹੈ। ਬ੍ਰਹਮ ਗਿਆਨੀ ਮਹਾਂਪੁਰਖਾਂ ਨੂੰ ਬੰਦਗੀ ਅਤੇ ਬੰਦਗੀ ਦੀ ਜੁਗਤ ਦਾ ਦਾਤਾ ਦੇ ਪਰਮ ਸ਼ਕਤੀਸ਼ਾਲੀ ਰੂਪ ਵਿੱਚ ਪ੍ਰਗਟ ਕੀਤਾ ਗਿਆ ਹੈ। ਬ੍ਰਹਮ ਗਿਆਨੀ ਮਹਾਂਪੁਰਖਾਂ ਨੂੰ “ਪੂਰਨ ਪੁਰਖੁ ਬਿਧਾਤਾ” ਦੇ ਪਰਮ ਸ਼ਕਤੀਸ਼ਾਲੀ ਰੂਪ ਵਿੱਚ ਪ੍ਰਗਟ ਕੀਤਾ ਗਿਆ ਹੈ। ਬ੍ਰਹਮ ਗਿਆਨੀ ਮਹਾਂਪੁਰਖਾਂ ਨੂੰ “ਨਿਰੰਕਾਰ” ਦੇ ਪਰਮ ਸ਼ਕਤੀਸ਼ਾਲੀ ਰੂਪ ਵਿੱਚ ਪ੍ਰਗਟ ਕੀਤਾ ਹੈ। ਬ੍ਰਹਮ ਗਿਆਨੀ ਦੀ ਮਹਿਮਾ, ਸਾਧ ਦੀ ਮਹਿਮਾ ਅਤੇ ਅਪਰਸ ਪਾਰਸ ਦੀ ਪਰਮ ਸ਼ਕਤੀਸ਼ਾਲੀ ਮਹਿਮਾ ਨੂੰ ਸਤਿਗੁਰ ਅਵਤਾਰ ਅਰਜਨ ਦੇਵ ਪਾਤਿਸ਼ਾਹ ਜੀ ਨੇ ਸੁਖਮਨੀ ਬਾਣੀ ਦੀ ੭,੮ ਅਤੇ ੯ ਅਸਟਪਦੀ ਵਿੱਚ ਪ੍ਰਗਟ ਕੀਤਾ ਹੈ ਅਤੇ ਸਤਿਗੁਰ ਦੀ ਪਰਮ ਸਕਤੀਸ਼ਾਲੀ ਮਹਿਮਾ ਨੂੰ ਅਸਟਪਦੀ ੧੮ ਵਿੱਚ ਪ੍ਰਗਟ ਕੀਤਾ ਹੈ। ਜਿਗਿਆਸੂਆਂ ਦੇ ਚਰਨਾਂ ਉੱਪਰ ਸਨਿਮਰ ਬੇਨਤੀ ਹੈ ਕਿ ਉਹ ਇਨ੍ਹਾਂ ਅਸਟਪਦੀਆਂ ਉੱਪਰ ਆਪਣਾ ਧਿਆਨ ਕੇਂਦਰਿਤ ਕਰਨ ਤਾਂ ਉਨ੍ਹਾਂ ਦੀ ਬੰਦਗੀ ਬਹੁਤ ਸੌਖੀ ਹੋ ਜਾਏਗੀ। ਐਸੇ ਮਹਾਂਪੁਰਖਾਂ ਦੇ ਛਤਰ ਹੇਠ ਬੈਠ ਕੇ ਹੀ ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਐਸੇ ਮਹਾਂਪੁਰਖਾਂ ਦੇ ਛਤਰ ਹੇਠ ਬੈਠ ਕੇ ਹੀ ਸਤਿਨਾਮ ਦੀ ਕਮਾਈ ਸਹਿਜੇ ਹੀ ਕੀਤੀ ਜਾਂਦੀ ਹੈ। ਐਸੇ ਮਹਾਂਪੁਰਖਾਂ ਦੇ ਛਤਰ ਹੇਠ ਬੈਠ ਕੇ ਸਹਿਜੇ ਹੀ ਮਾਇਆ ਨੂੰ ਜਿੱਤਿਆ ਜਾਂਦਾ ਹੈ। ਐਸੇ ਮਹਾਂਪੁਰਖਾਂ ਦੇ ਛਤਰ ਹੇਠ ਬੈਠ ਕੇ ਸਹਿਜੇ ਹੀ ਹਿਰਦੇ ਦੀ ਪੂਰਨ ਸਚਿਆਰੀ ਰਹਿਤ ਦੀ ਕਮਾਈ ਹੋ ਜਾਂਦੀ ਹੈ। ਐਸੇ ਮਹਾਂਪੁਰਖਾਂ ਦੇ ਛਤਰ ਹੇਠ ਬੈਠ ਕੇ ਬੰਦਗੀ ਕਰਦੇ ਹੋਏ ਸਾਰੀਆਂ ਰੂਹਾਨੀ ਅਵਸਥਾਵਾਂ ਦੀ ਪ੍ਰਾਪਤੀ ਸਹਿਜੇ ਹੀ ਹੋ ਜਾਂਦੀ ਹੈ।

ਅਕਾਲ ਪੁਰਖ ਵਿੱਚ ਇੱਕ-ਮਿੱਕ ਹੋਣ ਵਾਲੀ ਇਹ ਅਵਸਥਾ ਹੀ ਸੱਚ ਖੰਡ ਦੀ ਅਵਸਥਾ ਹੈ। ਐਸੇ ਮਹਾਂਪੁਰਖਾਂ ਦੇ ਹਿਰਦੇ ਵਿੱਚ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਆਪ ਪ੍ਰਗਟ ਹੋ ਜਾਂਦਾ ਹੈ। ਜਿਸ ਸਥਾਨ ‘ਤੇ ਇਹ ਮਹਾਂਪੁਰਖ ਬੈਠਦੇ ਹਨ ਉੱਥੇ ਦਰਗਾਹ ਧਰਤੀ ਉੱਪਰ ਪ੍ਰਗਟ ਹੁੰਦੀ ਹੈ। ਐਸੇ ਮਹਾਂਪੁਰਖਾਂ ਦੀ ਸੰਗਤ ਹੀ ਪਰਮ ਸ਼ਕਤੀਸ਼ਾਲੀ ਸਤਿ ਸੰਗਤ ਹੈ। ਐਸੇ ਮਹਾਂਪੁਰਖਾਂ ਦੀ ਸੰਗਤ ਹੀ ਸੱਚ ਖੰਡ ਦੀ ਪਰਮ ਸ਼ਕਤੀਸ਼ਾਲੀ ਸੰਗਤ ਹੈ। ਐਸੇ ਮਹਾਂਪੁਰਖਾਂ ਦੀ ਸੰਗਤ ਵਿੱਚ ਹੀ ਸੱਚ ਖੰਡ ਦੀ ਪਰਮ ਸ਼ਕਤੀਸ਼ਾਲੀ ਮਹਿਮਾ ਵਰਤਦੀ ਹੈ। ਐਸੇ ਮਹਾਂਪੁਰਖਾਂ ਦੀ ਸੰਗਤ ਵਿੱਚ ਮਾਇਆ ਫੜਕ ਨਹੀਂ ਸਕਦੀ ਹੈ। ਐਸੇ ਮਹਾਂਪੁਰਖਾਂ ਦੀ ਸਤਿਸੰਗਤ ਵਿੱਚ ਸਿਮਰਨ ਕਰਨ ਵਾਲਿਆਂ ਦੇ ਹਿਰਦੇ ਵਿੱਚ ਪਰਮ ਜੋਤ ਸਹਿਜੇ ਹੀ ਪ੍ਰਗਟ ਹੋ ਜਾਂਦੀ ਹੈ। ਐਸੇ ਮਹਾਂਪੁਰਖਾਂ ਦੇ ਚਰਨਾਂ ਉੱਪਰ ਆਪਾ ਅਰਪਣ ਕਰਨ ਵਾਲਿਆਂ ਦੀ ਸੁਰਤ ਅਤੇ ਹਿਰਦੇ ਵਿੱਚ ਸਤਿਨਾਮ ਸਹਿਜੇ ਹੀ ਪ੍ਰਕਾਸ਼ਮਾਨ ਹੋ ਜਾਂਦਾ ਹੈ। ਐਸੇ ਮਹਾਂਪੁਰਖਾਂ ਦੇ ਚਰਨਾਂ ਉੱਪਰ ਸੰਪੂਰਨ ਸਮਰਪਣ ਕਰਨ ਵਾਲਿਆਂ ਦੇ ਸਾਰੇ ਬਜਰ ਕਪਾਟ ਖੁੱਲ੍ਹ ਜਾਂਦੇ ਹਨ ਅਤੇ ਸਤਿ ਸਰੋਵਰ ਸਹਿਜੇ ਹੀ ਪ੍ਰਕਾਸ਼ਮਾਨ ਹੋ ਜਾਂਦੇ ਹਨ। ਐਸੇ ਮਹਾਂਪੁਰਖਾਂ ਦੇ ਚਰਨਾਂ ਉੱਪਰ ਸੰਪੂਰਨ ਸਮਰਪਣ ਕਰਨ ਵਾਲਿਆਂ ਨੂੰ ਏਕ ਬੂੰਦ ਅੰਮ੍ਰਿਤ ਦੀ ਪ੍ਰਾਪਤੀ ਸਹਿਜੇ ਹੀ ਹੋ ਜਾਂਦੀ ਹੈ। ਐਸੇ ਮਹਾਂਪੁਰਖਾਂ ਦੇ ਚਰਨਾਂ ਉੱਪਰ ਸੰਪੂਰਨ ਸਮਰਪਣ ਕਰਨ ਵਾਲਿਆਂ ਦੀ ਸਮਾਧੀ ਅਤੇ ਸੁੰਨ ਸਮਾਧੀ ਸਹਿਜੇ ਹੀ ਲੱਗ ਜਾਂਦੀ ਹੈ। ਐਸੇ ਮਹਾਂਪੁਰਖਾਂ ਦੇ ਚਰਨਾਂ ਉੱਪਰ ਸੰਪੂਰਨ ਸਮਰਪਣ ਕਰਨ ਵਾਲਿਆਂ ਨੂੰ ਕਰਮ ਖੰਡ ਦੀ ਪਰਮ ਸ਼ਕਤੀਸ਼ਾਲੀ ਅਵਸਥਾ ਸਹਿਜੇ ਹੀ ਪ੍ਰਾਪਤ ਹੋ ਜਾਂਦੀ ਹੈ।