ਕਰਤਾ ਪੁਰਖ ਸਾਰੀ ਸ੍ਰਿਸ਼ਟੀ ਦਾ ਸਿਰਜਨਹਾਰਾ ਹੈ ਇਸ ਲਈ ਕਾਲ ਦਾ ਅਤੇ ਖਲਾਅ ਦਾ ਰਚਨਹਾਰਾ ਵੀ ਅਕਾਲ ਪੁਰਖ “ੴ ਸਤਿਨਾਮੁ” ਹੀ ਹੈ । ਇਸ ਲਈ ਕਾਲ ਦਾ ਉਸ ਉੱਪਰ ਕੋਈ ਪ੍ਰਭਾਵ ਨਹੀਂ ਹੈ। ਇਸ ਲਈ ਉਹ ਕਾਲ ਅਤੇ ਖਲਾਅ ਤੋਂ ਪਰ੍ਹੇ ਹੈ । ਉਹ ਮਹਾਨ ਪਰਮ ਬੇਅੰਤ ਅਨੰਤ ਸ਼ਕਤੀ ਨਾਂ ਹੀ ਕਾਲ ਅਤੇ ਖਲਾਅ ਵਿੱਚ ਪੈਦਾ ਹੁੰਦੀ ਹੈ ਅਤੇ ਨਾਂ ਹੀ ਕਾਲ ਅਤੇ ਖਲਾਅ ਵਿੱਚ ਮਰ ਸਕਦੀ ਹੈ । ਜੋ ਜੋ ਕਾਲ ਅਤੇ ਖਲਾਅ ਵਿੱਚ ਜਨਮਦਾ ਹੈ ਉਸ ਦਾ ਅੰਤ ਕਾਲ ਅਤੇ ਖਲਾਅ ਵਿੱਚ ਨਿਸ਼ਚਿਤ ਹੈ । ਜੋ ਜੋ ਕਾਲ ਅਤੇ ਖਲਾਅ ਵਿੱਚ ਜਨਮਦਾ ਹੈ ਉਸ ਉੱਪਰ ਕਾਲ ਦਾ ਪ੍ਰਭਾਵ ਹੋਣਾ ਨਿਸ਼ਚਿਤ ਹੈ । ਜੋ ਜੋ ਕਾਲ ਅਤੇ ਖਲਾਅ ਵਿੱਚ ਜਨਮਦਾ ਹੈ ਉਹ ਕਾਲ ਦੇ ਹਰ ਖਿਣ ਨਾਲ ਪਰਿਵਰਤਨਸ਼ੀਲ ਹੈ । ਜੋ ਜੋ ਕਾਲ ਅਤੇ ਖਲਾਅ ਵਿੱਚ ਜਨਮਦਾ ਹੈ ਉਸ ਵਿੱਚ ਹਰ ਪਲ ਪਰਿਵਰਤਨ ਜਾਰੀ ਰਹਿੰਦਾ ਹੈ । ਇਹ ਪਰਿਵਰਤਨ ਹਰ ਪਲ ਉਸ ਨੂੰ ਅੰਤ ਵਲ ਲੈ ਕੇ ਜਾਂਦਾ ਹੈ । ਕਿਉਂਕਿ ਹਰ ਰਚਨਾ ਦੀ ਸਿਰਜਨਾ ਕਾਲ ਅਤੇ ਖਲਾਅ ਵਿੱਚ ਹੁੰਦੀ ਹੈ ਅਤੇ ਹੋ ਰਹੀ ਹੈ ਇਸ ਲਈ ਹਰ ਇਕ ਰਚਨਾ ਪਰਿਵਰਤਨਸ਼ੀਲ ਹੈ ਅਤੇ ਇਸ ਲਈ ਹਰ ਇਕ ਰਚਨਾ ਦਾ ਆਦਿ ਵੀ ਹੈ ਅਤੇ ਅੰਤ ਵੀ ਹੈ । ਇਸ ਲਈ ਜੋ ਜੋ ਪਰਿਵਰਤਨਸ਼ੀਲ ਹੈ ਉਹ ਸਤਿ ਨਹੀਂ ਹੈ । ਇਸ ਲਈ ਜੋ ਜੋ ਵੀ ਪਰਿਵਰਤਨਸ਼ੀਲ ਹੈ ਉਹ ਅਸਤਿ ਹੈ । ਕਿਉਂਕਿ ਜੋ ਜੋ ਪਰਿਵਰਤਨਸ਼ੀਲ ਹੈ ਉਸਦਾ ਅਦਿ ਅਤੇ ਅੰਤ ਨਿਸ਼ਚਿਤ ਹੈ ਅਤੇ ਉਹ ਅਸਤਿ ਹੈ ਇਸ ਲਈ ਉਹ ਮਾਇਆ ਹੈ । ਇਸ ਲਈ ਜੋ ਸਤਿ ਨਹੀਂ ਹੈ ਉਹ ਮਾਇਆ ਹੈ । ਇਸ ਲਈ ਸਾਰੀ ਰਚਨਾ ਦਾ ਵਿਨਾਸ਼ ਨਿਸ਼ਚਿਤ ਹੈ ਅਤੇ ਇਸ ਗੁਣ ਕਰਕੇ ਸਾਰੀ ਰਚਨਾ ਅਸਤਿ ਹੈ ਅਤੇ ਮਾਇਆ ਹੈ । ਇਸਦਾ ਭਾਵ ਇਹ ਹੈ ਕਿ ਸਾਰੀ ਰਚਨਾ ਦੀ ਸਿਰਜਨਾ ਮਾਇਆ ਦੇ ਅਧੀਨ ਹੁੰਦੀ ਹੈ ਅਤੇ ਹੋ ਰਹੀ ਹੈ ।
ਇਸ ਦਾ ਭਾਵ ਇਹ ਹੈ ਕਿ ਸਾਰੀ ਰਚਨਾ ਮਾਇਆ ਦੇ ਤ੍ਰਿਹ ਗੁਣਾਂ ਦੇ ਅਧੀਨ ਹੈ: ਰਜੋ ਗੁਣ (ਬ੍ਰਹਮਾ); ਤਮੋ ਗੁਣ (ਮਹੇਸ਼-ਸ਼ਿਵਾ) ਅਤੇ ਸਤੋ ਗੁਣ (ਵਿਸ਼ਨੂੰ) । ਇਸ ਲਈ ਸਾਰੀ ਸ੍ਰਿਸ਼ਟੀ ਦੀ ਰਚਨਾ, ਪਾਲਣਾ ਅਤੇ ਸੰਘਾਰ ਇਨ੍ਹਾਂ ਤ੍ਰਿਹ ਸ਼ਕਤੀਆਂ ਦੇ ਅਧੀਨ ਹੁੰਦੀ ਹੈ । ਇਨ੍ਹਾਂ ਤ੍ਰਿਹ ਗੁਣ ਸ਼ਕਤੀਆਂ ਦਾ ਰਚਨਹਾਰਾ ਵੀ “ੴ ਸਤਿਨਾਮੁ” ਹੀ ਹੈ । ਇਸ ਲਈ ਉਹ ਇਕ ਪਰਮ ਅਨੰਤ ਬੇਅੰਤ ਸ਼ਕਤੀ ਤ੍ਰਿਹ ਗੁਣ ਮਾਇਆ ਤੋ ਪਰ੍ਹੇ ਹੈ ਇਸ ਲਈ ਇਹ ਪਰਮ ਅਨੰਤ ਬੇਅੰਤ ਸ਼ਕਤੀ ਤ੍ਰਿਧਾ ਮੂਰਤਿ ਹੈ, ਭਾਵ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਹੈ । ਇਸ ਦਾ ਭਾਵ ਇਹ ਹੈ ਕਿ “ੴ ਸਤਿਨਾਮੁ” ਕਾਲ. ਖਲਾਅ ਅਤੇ ਮਾਇਆ ਦਾ ਸਿਰਜਨਹਾਰਾ ਹੈ ਅਤੇ ਕਾਲ. ਖਲਾਅ ਅਤੇ ਮਾਇਆ ਤੋਂ ਪਰ੍ਹੇ ਹੈ । ਇਸ ਲਈ “ਅਕਾਲ ਮੂਰਤਿ” ੴ ਸਤਿਨਾਮੁ ਦਾ ਇਕ ਪਰਮ ਅਨੰਤ ਬੇਅੰਤ ਇਲਾਹੀ ਦਰਗਾਹੀ ਗੁਣ ਹੈ । ਇਸ ਲਈ “ਅਕਾਲ ਮੂਰਤਿ” ੴ ਸਤਿਨਾਮੁ ਦੀ ਇਕ ਪਰਮ ਅਨੰਤ ਬੇਅੰਤ ਇਲਾਹੀ ਦਰਗਾਹੀ ਸ਼ਕਤੀ ਹੈ । ਇਸ ਲਈ ਜੋ ਮਨੁੱਖ ਤ੍ਰਿਹ ਗੁਣ ਮਾਇਆ ਨੂੰ ਜਿੱਤ ਲੈਦਾ ਹੈ ਉਹ ਮਨੁੱਖ (ਰੂਹ) ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਜਾ ਕੇ ਪੂਰਨ ਸਤਿ ਰੂਪ ਬਣ ਜਾਂਦੀ ਹੈ ਅਤੇ “ੴ ਸਤਿਨਾਮੁ” ਪੂਰਨ ਸਤਿ ਵਿੱਚ ਸਮਾ ਜਾਂਦੀ ਹੈ ਅਤੇ ਪਰਮ ਪਦ ਦੀ ਪ੍ਰਾਪਤੀ ਕਰਕੇ ਜੀਵਨ ਮੁਕਤੀ ਪ੍ਰਾਪਤ ਕਰਦੀ ਹੈ । ਐਸੀ ਰੂਹ ਦਾ ਹਿਰਦਾ ਮਾਇਆ ਦੀ ਰਹਿਤ ਦੀ ਕਮਾਈ ਕਰਕੇ ਪੂਰਨ ਸਚਿਆਰੀ ਰਹਿਤ ਵਿੱਚ ਆ ਜਾਂਦਾ ਹੈ, ਪੂਰਨ ਸੁੰਨ ਦੀ ਅਵਸਥਾ ਵਿੱਚ ਆ ਜਾਂਦਾ ਹੈ, ਨਿਰਭਉ ਅਤੇ ਨਿਰਵੈਰ ਬਣ ਜਾਂਦਾ ਹੈ, ਜਿਸ ਕਾਰਨ “ੴ ਸਤਿਨਾਮੁ” ਧੰਨ ਧੰਨ ਸਤਿ ਪਾਰਬ੍ਰਹਮ ਪਰਮੇਸ਼ਰ ਨੂੰ ਐਸੇ ਹਿਰਦੇ ਵਿੱਚ ਆਪ ਪਰਗਟ ਹੋਣਾ ਪੈ ਜਾਂਦਾ ਹੈ । ਐਸਾ ਹਿਰਦਾ ਇਕ ਸੰਤ ਹਿਰਦਾ ਬਣ ਜਾਂਦਾ ਹੈ ਅਤੇ ਪੂਰਨ ਬ੍ਰਹਮ ਗਿਆਨ ਅਤੇ ਪੂਰਨ ਤੱਤ ਗਿਆਨ ਦੀਆਂ ਪਰਮ ਅਨੰਤ ਬੇਅੰਤ ਦਰਗਾਹੀ ਸ਼ਕਤੀਆਂ ਅਤੇ ਖ਼ਜਾਨਿਆਂ ਨਾਲ ਨਿਵਾਜਿਆ ਜਾਂਦਾ ਹੈ ।