ਨਿਰਭਉ

“ਨਿਰਭਉ” ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਅਗਲੀ ਪਰਮ ਸ਼ਕਤੀ ਹੈ । ਇਸ ਪਰਮ ਸ਼ਕਤੀ ਨੂੰ ਗੁਣੀ ਨਿਧਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਪਰਮ ਗੁਣ ਵੀ ਕਿਹਾ ਜਾਂਦਾ ਹੈ । “ਨਿਰਭਉ” ਦਾ ਭਾਵ ਹੈ “ਭਉ ਰਹਿਤ” । ਸਵਾਲ ਉਠਦਾ ਹੈ ਕਿਸ ਚੀਜ ਦਾ ਭਉ ? ਕਿਉਂਕਿ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ “ਕਰਤਾ ਪੁਰਖ” ਆਪਣੀ ਸਿਰਜੀ ਹੋਈ ਸਾਰੀ ਰਚਨਾ ਵਿੱਚ ਆਪ ਸਮਾਇਆ ਹੋਇਆ ਹੈ, ਇਸ ਲਈ ਉਸ ਨੂੰ ਕਿਸ ਦਾ ਭਉ ਹੋ ਸਕਦਾ ਹੈ । ਕਿਉਂਕਿ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਤੋਂ ਉੱਪਰ ਕੋਈ ਸ਼ਕਤੀ ਨਹੀਂ ਹੈ ਅਤੇ ਉਹ ਆਪ ਸਾਰੀਆਂ ਸ਼ਕਤੀਆਂ ਦਾ ਮਾਲਿਕ ਆਪ ਹੈ, ਇਸ ਲਈ ਉਹ “ਨਿਰਭਉ” ਹੈ । ਕਿਉਂਕਿ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਹੈ ਅਤੇ ਉਸ ਨੇ ਸਾਰੀ ਸ਼੍ਰਿਸ਼ਟੀ ਦੀ ਰਚਨਾ ਆਪ ਕੀਤੀ ਹੈ, ਕਰ ਰਿਹਾ ਹੈ ਅਤੇ ਕਰਦਾ ਰਹੇਗਾ, ਕਿਉਂਕਿ ਉਹ ਸਾਰੀ ਰਚਨਾ ਦੀ ਸੇਵਾ ਸੰਭਾਲਤਾ ਆਪ ਕਰ ਰਿਹਾ ਹੈ, ਅਤੇ ਕਰਦਾ ਰਹੇਗਾ ਇਸ ਲਈ ਉਹ ਕਿਸੇ ਵੀ ਵਸਤੂ ਦੇ ਗੁਆਚਨ ਦਾ ਭਉ ਨਹੀਂ ਰਖਦਾ ਹੈ । “ਨਿਰਭਉ” ਦਾ ਭਾਵ ਹੈ ਸਾਰੇ ਬੰਧਨਾਂ ਤੋਂ ਮੁਕਤ ਹੈ । ਸਾਡੇ ਮਨੁੱਖਾ ਜੀਵਨ ਲਈ ਆਪਣੀ ਬੰਦਗੀ ਨੂੰ ਪੂਰਨ ਅਵਸਥਾ ਵਿੱਚ ਵੇਖਣ ਲਈ “ਭਉ” ਦਾ ਇਹ ਤੱਥ ਸਮਝਣਾ ਬੇਅੰਤ ਜਰੂਰੀ ਹੈ । ਕਿਉਂਕਿ ਕੇਵਲ “ਨਿਰਭਉ” ਹੀ ਹਿਰਦੇ ਦੀ ਪੂਰਨ ਸਚਿਆਰੀ ਰਹਿਤ ਵਿੱਚ ਜਾ ਸਕਦਾ ਹੈ । ਕੇਵਲ “ਨਿਰਭਉ” ਹੀ ਪੂਰਨ “ਸਤਿ” ਵਿੱਚ ਸਮਾ ਸਕਦਾ ਹੈ ।

ਕੇਵਲ “ਨਿਰਭਉ” ਹੀ ਮਾਇਆ ਨੂੰ ਜਿੱਤ ਕੇ ਤ੍ਰਿਹ ਗੁਣ ਤੇ ਪਰ੍ਹੇ ਜਾਕੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਲੀਨ ਹੋ ਸਕਦਾ ਹੈ । ਕੇਵਲ “ਨਿਰਭਉ” ਹੀ ਪੂਰਨ ਸਤਿ ਦੀ ਸੇਵਾ ਕਰ ਸਕਦਾ ਹੈ । ਕੇਵਲ “ਨਿਰਭਉ” ਹੀ ਪੂਰਨ ਸਤਿ ਨੂੰ ਵਰਤਾ ਸਕਦਾ ਹੈ । ਇਸ ਲਈ ਮਨੁੱਖਾ ਜੀਵਨ ਨੂੰ ਅਕਾਲ ਪੁਰਖ ਵਿੱਚ ਅਭੇਦ ਹੋਣ ਲਈ “ਨਿਰਭਉ” ਅਵਸਥਾ ਦੀ ਪ੍ਰਾਪਤੀ ਕਰਨਾ ਅਤੇ ਪੂਰਨ ਬੰਦਗੀ ਲਈ ਦਰਗਾਹੀ ਹੁਕਮ ਹੈ । ਕਿਉਂਕਿ ਰਚਨਾ ਰਚਨ ਦੀ ਸ਼ਕਤੀ ਇਕ ਆਮ ਮਨੁੱਖ ਦੀ ਪਹੁੰਚ ਤੋਂ ਪਰ੍ਹੇ ਹੈ ਇਸ ਲਈ ਮਨੁੱਖੀ ਜੀਵਨ ਵਿੱਚ “ਭਉ” ਦਾ ਅਹਮ ਸਥਾਨ ਹੈ । ਕਿਉਂਕਿ ਸਾਰੀ ਰਚਨਾ “ਕਰਤਾ ਪੁਰਖ” ਦੇ ਹੁਕਮ ਅਨੁਸਾਰ ਸਿਰਜੀ ਅਤੇ ਚਲਾਈ ਜਾਂਦੀ ਹੈ ਇਸ ਲਈ ਮਨੁੱਖ ਦੇ ਹੱਥ ਵੱਸ ਵਿੱਚ ਕੁੱਛ ਨਹੀਂ ਹੈ ਇਸ ਲਈ ਇਕ ਆਮ ਮਨੁੱਖ ਸਦਾ “ਭਉ” ਵਿੱਚ ਗਰਸਿਆ ਰਹਿੰਦਾ ਹੈ । ਇਸ ਲਈ ਇਕ ਆਮ ਮਨੁੱਖ ਨੂੰ “ਨਿਰਭਉ” ਅਵਸਥਾ ਦੀ ਪ੍ਰਾਪਤੀ ਲਈ ਇਸ “ਭਉ” ਤੱਥ ਨੂੰ ਸਮਝਣਾ ਬੇਅੰਤ ਜਰੂਰੀ ਹੈ । ਸਵਾਲ ਉਠਦਾ ਹੈ “ਭਉ” ਕਿਸ ਵਸਤੂ ਦਾ ? “ਭਉ” ਗੁਆਚਣ ਦਾ, “ਭਉ” ਗੁੰਮ ਹੋ ਜਾਣ ਦਾ, “ਭਉ” ਖੋਹੇ ਜਾਣ ਦਾ, “ਭਉ” ਖੁਸ ਜਾਣ ਦਾ । “ਭਉ” ਸੰਸਾਰਕ ਰਿਸਤਿਆਂ ਅਤੇ ਸੰਬੰਧਾਂ ਦੇ ਟੁੱਟ ਜਾਣ ਦਾ । “ਭਉ” ਸੰਸਾਰਕ ਸੰਪਤੀਆਂ ਅਤੇ ਜਇਦਾਤਾਂ ਦੇ ਖੁਸ ਜਾਣ ਦਾ । “ਭਉ” ਆਪਣੀ ਮੌਤ ਦਾ । “ਭਉ” ਆਪਣੇ ਸੰਸਾਰਕ ਰਿਸ਼ਤੇਦਾਰਾਂ ਦੇ ਚਲੇ ਜਾਣ ਦਾ । “ਭਉ” ਸਾਡੀਆ ਇੱਛਾਵਾਂ ਦੇ ਨਾ ਪੂਰੀਆਂ ਹੋਣ ਦਾ । “ਭਉ” ਸਾਡੇ ਕਾਰਜਾਂ ਦੇ ਪੂਰਨ ਨਾ ਹੋਣ ਦਾ । “ਭਉ” ਸ਼ਰੀਰਕ ਰੋਗਾਂ ਦੇ ਠੀਕ ਨਾ ਹੋਣ ਦਾ । “ਭਉ” ਮਾਨਸਿਕ ਰੋਗਾਂ ਦੇ ਠੀਕ ਨਾ ਹੋਣ ਦਾ । “ਭਉ” ਕੰਮਾਂ ਕਾਰਾਂ ਵਿੱਚ ਘਾਟਿਆਂ ਦਾ ।

ਜ਼ਰਾ ਆਪਣੇ ਰੋਜਾਨਾ ਜੀਵਨ ਵੱਲ ਝਾਤੀ ਮਾਰੀਏ ਸਾਡਾ ਹਰ ਪੱਲ “ਭਉ” ਵਿੱਚ ਬੀਤ ਰਿਹਾ ਹੈ । ਇਸ ਲਈ ਇਹ “ਭਉ” ਦਾ ਭਾਵ ਹੈ “ਮੋਹ” । ਸਾਡਾ ਹਰ ਪਲ “ਮੋਹ” ਦੇ ਇਸ ਦੂਤ ਦੇ ਪ੍ਰਭਾਵ ਹੇਠ ਬੀਤ ਰਿਹਾ ਹੈ । ਇਸ ਲਈ “ਨਿਰਭਉ” ਹੋਣ ਦਾ ਭਾਵ ਹੈ ਮੋਹ ਦੇ ਇਸ ਦੂਤ ਤੋਂ ਮੁਕਤ ਹੋਣਾ । ਅਕਾਲ ਪੁਰਖ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਹੈ, ਉਹ ਮਾਇਆ ਦਾ ਰਚਿਅਤਾ ਹੈ, ਇਸ ਲਈ “ਮੋਹ” ਦੇ ਇਸ ਦੂਤ ਤੋਂ ਮੁਕਤ ਹੈ ਅਤੇ ਇਸ ਤਰ੍ਹਾਂ ਉਹ “ਭਉ” ਤੋਂ ਮੁਕਤ ਹੈ ਅਤੇ “ਨਿਰਭਉ” ਹੈ । ਠੀਕ ਇਸੇ ਤਰ੍ਹਾਂ ਹੀ ਮਨੁੱਖ ਨੂੰ ਵੀ “ਨਿਰਭਉ” ਅਵਸਥਾ ਦੀ ਪ੍ਰਾਪਤੀ ਕਰਨ ਨਾਲ ਹੀ ਮਾਇਆ ਦੇ ਇਨ੍ਹਾਂ ਬੰਧਨਾਂ ਤੋਂ ਮੁਕਤੀ ਮਿਲ ਸਕਦੀ ਹੈ, ਅਤੇ ਉਹ ਪੂਰਨ ਸਤਿ ਦੀ ਸੇਵਾ ਕਰਨ ਦੇ ਯੋਗ ਹੋ ਸਕਦਾ ਹੈ, ਪੂਰਨ ਸਤਿ ਵਰਤਾਉਣ ਦੇ ਯੋਗ ਹੋ ਸਕਦਾ ਹੈ । ਕੇਵਲ “ਨਿਰਭਉ” ਮਨੁੱਖ ਹੀ ਪਰਉਪਕਾਰ ਅਤੇ ਮਹਾਪਰਉਪਕਾਰ ਦੇ ਗੁਰਪਰਸਾਦਿ ਦੀ ਬਖ਼ਸ਼ਿਸ਼ ਪ੍ਰਾਪਤ ਕਰ ਸਕਦਾ ਹੈ । ਕੇਵਲ “ਨਿਰਭਉ” ਮਨੁੱਖ ਹੀ ਪੂਰਨ ਬੰਦਗੀ ਅਤੇ ਸਦਾ ਸੁਹਾਗ ਪ੍ਰਾਪਤ ਕਰ ਸਕਦਾ ਹੈ ।