ਅਸਟਪਦੀ ੧ : ਨਾਮ ਸਿਮਰਨ

ਸ੍ਰੀ ਗੁਰੂ ਅਰਜਨ ਦੇਵ ਜੀ ਸੁਖਮਨੀ ਸਾਹਿਬ ਦੀ ਪਹਿਲੀ ਅਸਟਪਦੀ ਵਿੱਚ ਪ੍ਰਮਾਣਿਤ ਕਰਦੇ ਹਨ ਕਿ ਨਾਮ ਸਿਮਰਨ ਅਕਾਲ ਪੁਰਖ ਦੀ ਸਭ ਤੋਂ ਉੱਤਮ ਸੇਵਾ ਹੈ। ਅਕਾਲ ਪੁਰਖ ਨੇ ਬੜੀ ਹੀ ਦਿਆਲਤਾ ਨਾਲ ਸਾਨੂੰ ਇਸ ਬ੍ਰਹਮ ਗਿਆਨ ਦੇ ਸੋਮੇ ਸ੍ਰੀ ਸੁਖਮਨੀ ਸਾਹਿਬ ਦੀ ਬਖ਼ਸ਼ਿਸ਼ ਕੀਤੀ ਹੈ। ਸਾਨੂੰ ਬੜੇ ਹੀ ਸਿੱਧੇ ਸਾਦੇ ਅਤੇ ਅਸਾਨ ਸ਼ਬਦਾਂ ਵਿੱਚ ਸਮਝਾਇਆ ਗਿਆ ਹੈ ਕਿ ਨਾਮ ਸਿਮਰਨ ਹੀ ਇੱਕੋ-ਇੱਕ ਰਸਤਾ ਹੈ ਜਿਸਦੇ ਨਾਲ ਅਸੀਂ :

  • ਪੂਰਨ ਅਵਸਥਾ ਨੂੰ ਪ੍ਰਾਪਤ ਕਰ ਸਕਦੇ ਹਾਂ।
  • ਅਟੱਲ ਅਵਸਥਾ ਨੂੰ ਪ੍ਰਾਪਤ ਕਰ ਸਕਦੇ ਹਾਂ।
  • ਪਰਮ ਪਦਵੀ ਨੂੰ ਪ੍ਰਾਪਤ ਕਰ ਸਕਦੇ ਹਾਂ।
  • ਪੂਰਨ ਬ੍ਰਹਮ ਗਿਆਨ ਨੂੰ ਪ੍ਰਾਪਤ ਕਰ ਸਕਦੇ ਹਾਂ।
  • ਪੂਰਨ ਤੱਤ ਗਿਆਨ ਨੂੰ ਪ੍ਰਾਪਤ ਕਰ ਸਕਦੇ ਹਾਂ।
  • ਆਤਮ ਰਸ ਅੰਮ੍ਰਿਤ ਨੂੰ ਪ੍ਰਾਪਤ ਕਰ ਸਕਦੇ ਹਾਂ।
  • ਪਰਮ ਜੋਤ ਪੂਰਨ ਪ੍ਰਕਾਸ਼ ਨੂੰ ਪ੍ਰਾਪਤ ਕਰ ਸਕਦੇ ਹਾਂ।
  • ਤ੍ਰਿਹੁ ਗੁਣ ਤੇ ਪਰ੍ਹੇ ਜਾ ਕੇ ਅਕਾਲ ਪੁਰਖ ਵਿਚ ਅਭੇਦ ਹੋ ਸਕਦੇ ਹਾਂ।
  • ਉਸ ਸਰਵ-ਸ਼ਕਤੀਮਾਨ ਦਾ ਅਨੁਭਵ ਕਰ ਸਕਦੇ ਹਾਂ।
  • ਜਨਮ ਮਰਨ ਦੇ ਚੱਕਰ ਤੋਂ ਮੁਕਤੀ ਪਾ ਸਕਦੇ ਹਾਂ।
  • ਸਦੀਵੀ ਸ਼ਾਂਤੀ ਅਤੇ ਖ਼ੁਸ਼ੀਆਂ ਪ੍ਰਾਪਤ ਕਰ ਸਕਦੇ ਹਾਂ।
  • ਇੱਕ ਸੰਤ ਹਿਰਦਾ ਬਣ ਸਕਦੇ ਹਾਂ।

 

 

ਇਹਨਾਂ ਗੁਰਪ੍ਰਸਾਦੀ ਲੇਖਾਂ ਦਾ ਮੰਤਵ ਇਸ ਬ੍ਰਹਮ ਗਿਆਨ ’ਤੇ ਹੋਰ ਜ਼ੋਰ ਦੇਣਾ ਹੈ ਕਿ ਜੇਕਰ ਅਸੀਂ ਪੂਰੇ ਵਿਸ਼ਵਾਸ ਅਤੇ ਦ੍ਰਿੜ੍ਹਤਾ ਨਾਲ ਨਾਮ ਸਿਮਰਨ ਕਰਦੇ ਹਾਂ ਤਾਂ ਅਸੀਂ ਆਪਣੇ ਰੂਹਾਨੀ ਸੁਪਨਿਆਂ ਨੂੰ ਸਾਕਾਰ ਕਰ ਸਕਦੇ ਹਾਂ।

ਕੇਵਲ ਨਾਮ ਸਿਮਰਨ ਨਾਲ ਹੀ ਰੂਹਾਨੀਅਤ ਦਾ ਸਰਵ-ਉੱਤਮ ਪੱਧਰ ਪਾਇਆ ਜਾ ਸਕਦਾ ਹੈ।

  • ਗੁਰਦੁਆਰੇ ਜਾਂਦਿਆਂ
  • ਧਾਰਮਿਕ ਸਥਾਨਾਂ ’ਤੇ ਦਾਨ ਦਿੰਦਿਆਂ
  • ਗ਼ਰੀਬਾਂ ਦੀ ਮਦਦ ਕਰਦਿਆਂ ਆਦਿ

 

ਇੱਥੇ ਸਾਰੇ ਧਾਰਮਿਕ ਬਿਰਤੀ ਦੇ ਕਾਰਜ ਕਰਨੇ ਕੋਈ ਗ਼ਲਤ ਨਹੀਂ ਹਨ। ਪਰ ਜੇਕਰ ਅਜਿਹੇ ਸਾਰੇ ਕਾਰਜ ਨਾਮ ਸਿਮਰਨ ਨਾਲ ਜੋੜ ਲਈਏ ਤਾਂ ਰੂਹਾਨੀ ਨਤੀਜੇ ਦ੍ਰਿਸ਼ਟਮਾਨ ਹੋ ਜਾਣਗੇ :

ਪ੍ਰਭ ਕਾ ਸਿਮਰਨੁ ਸਭ ਤੇ ਊਚਾ

(ਸ੍ਰੀ ਗੁਰੂ ਗ੍ਰੰਥ ਸਾਹਿਬ ੨੬੩)

 

ਨਾਮ ਸਿਮਰਨ ਕਰਨਾ ਉਸ ਅਕਾਲ ਪੁਰਖ ਪਾਰਬ੍ਰਹਮ ਪਰਮੇਸ਼ਰ ਦੀ ਸਭ ਤੋਂ ਉੱਤਮ ਸੇਵਾ ਹੈ। ਨਾਮ ਸਿਮਰਨ ਲਿਆਉਂਦਾ ਹੈ :

  • ਹੁਣ ਅਤੇ ਆਉਣ ਵਾਲੇ ਯੁੱਗਾਂ ਵਿੱਚ ਵਿਸ਼ਰਾਮ ਅਤੇ ਇਲਾਹੀ ਖ਼ੁਸ਼ੀਆਂ ਦਾ ਸਭ ਤੋਂ ਉੱਚਾ ਪੱਧਰ।
  • ਇੱਛਾਵਾਂ, ਅਭਿਲਾਸ਼ਾਵਾਂ, ਖ਼ਾਹਸ਼ਾਂ ਅਤੇ ਪੰਜ ਚੋਰਾਂ : ਕ੍ਰੋਧ, ਲੋਭ, ਵਾਸ਼ਨਾ, ਪਰਿਵਾਰਿਕ ਮੋਹ ਅਤੇ ਅਹੰਕਾਰ ਉੱਤੇ ਨਿਯੰਤਰਣ।
  • ਉਸ ਪਰਮ ਜੋਤ (ਪਰਮੇਸ਼ਰ ਦੀ ਸਭ ਤੋਂ ਉੱਤਮ ਜੋਤ) ਨਾਲ ਆਤਮਾ ਨੂੰ ਗਿਆਨ ਰੂਪੀ ਪ੍ਰਕਾਸ਼ ਮਿਲਦਾ ਹੈ ਅਤੇ ਉਹ ਆਤਮਾ ਪ੍ਰਗਟਿਓ ਜੋਤ ਵਿੱਚ ਬਦਲ ਜਾਂਦੀ ਹੈ।
  • ਨਿਰਵਾਣ – ਜੀਵਨ ਮੁਕਤੀ।

 

ਜੇਕਰ ਅਸੀਂ ਸੁਖਮਨੀ ਨੂੰ ਹਰ ਰੋਜ਼ ਪੜ੍ਹ ਰਹੇ ਹਾਂ, ਪਰ ਅਸੀਂ ਇਸਨੂੰ ਆਪਣੇ ਜੀਵਨ ਵਿੱਚ ਲਾਗੂ ਨਹੀਂ ਕਰਦੇ ਤਾਂ ਅਸੀਂ ਆਪਣੇ ਰੂਹਾਨੀ ਟੀਚਿਆਂ ਨੂੰ ਇੰਨੀ ਛੇਤੀ ਪ੍ਰਾਪਤ ਕਰਨ ਦੇ ਯੋਗ ਨਹੀਂ ਹੋਵਾਂਗੇ ਜਿੰਨੀ ਛੇਤੀ ਉਹ ਕੀਤੇ ਜਾ ਸਕਦੇ ਹਨ। ਸੁਖਮਨੀ ਦਾ ਮੂਲ ਸਿਧਾਂਤ ਹੈ ਇਸਦੇ ਰੂਹਾਨੀ ਸ਼ਬਦਾਂ ਵਿੱਚ ਪੂਰਨ ਵਿਸ਼ਵਾਸ ਕਰਨਾ ਅਤੇ ਆਪਣੇ ਆਪ ਨੂੰ ਪੂਰਨ ਰੂਪ ਵਿੱਚ ਇਹਨਾਂ ਸ਼ਬਦਾਂ ਦੇ ਦੱਸੇ ਅਨੁਸਾਰ ਚੱਲਣ ਲਈ ਸਮਰਪਿਤ ਕਰ ਦੇਣਾ।

ਸੁਖਮਨੀ ਦਾ ਪਹਿਲਾ ਭਾਗ ਨਾਮ ਸਿਮਰਨ ਦੀ ਮਹਾਨਤਾ ਦੀ ਬੜੀ ਸਪੱਸ਼ਟਤਾ ਨਾਲ ਮਹਿਮਾ ਦੱਸਦਾ ਹੈ। ਜੇਕਰ ਅਸੀਂ ਇਹਨਾਂ ਬ੍ਰਹਮ ਸ਼ਬਦਾਂ ਨੂੰ ਪੜ੍ਹਦੇ ਅਤੇ ਸਮਝਦੇ ਹਾਂ ਅਤੇ ਇਹਨਾਂ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿਚ ਲਿਆਉਂਦੇ ਹਾਂ ਅਤੇ ਇਹ ਸਾਡੀ ਸਰਵ-ਸ਼ਕਤੀਮਾਨ ਪ੍ਰਮਾਤਮਾ ਅੱਗੇ ਸਭ ਤੋਂ ਉੱਤਮ ਪੇਸ਼ਕਾਰੀ ਸੇਵਾ ਹੋਵੇਗੀ। ਅਗਲੇ ਮੂਲ ਵਿਚ ਅਸੀਂ ਨਾਮ ਸਿਮਰਨ ਦੀ ਮਹਾਨਤਾ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕਰਾਂਗੇ ਜਿਵੇਂ ਕਿ ਸੁਖਮਨੀ ਦੇ ਪਹਿਲੇ ਭਾਗ ਵਿੱਚ ਕੀਤੀ ਗਈ ਹੈ। ਦਿੱਤੀਆਂ ਗਈਆਂ ਵਿਆਖਿਆਵਾਂ ਸਾਹਿਤਕ ਅਨੁਵਾਦ ਤੋਂ ਬਹੁਤ ਅੱਗੇ ਚੱਲੀਆਂ ਜਾਣਗੀਆਂ। ਜੋ ਕੁਝ ਅਸੀਂ ਪ੍ਰਾਪਤ ਕੀਤਾ ਹੈ ਅਤੇ ਆਪਣੇ ਗਿਆਨ ਇੰਦਰਿਆਂ ਨਾਲ ਅਨੁਭਵ ਕੀਤਾ, ਅਸੀਂ ਸੰਗਤ ਦੀ ਸੇਵਾ ਵਿੱਚ ਪੇਸ਼ ਕਰਾਂਗੇ। ਕ੍ਰਿਪਾ ਕਰਕੇ ਇਸ ਸੇਵਾ ਨੂੰ ਸਵੀਕਾਰ ਕਰੋ।

ਗਉੜੀ ਸੁਖਮਨੀ ਮ:

ਸਲੋਕੁ

ੴ ਸਤਿਗੁਰ ਪ੍ਰਸਾਦਿ

ਆਦਿ ਗੁਰਏ ਨਮਹ

ਜੁਗਾਦਿ ਗੁਰਏ ਨਮਹ

ਸਤਿਗੁਰਏ ਨਮਹ

ਸ੍ਰੀ ਗੁਰਦੇਵਏ ਨਮਹ

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੨੬੨)

 

ਇਸ ਬ੍ਰਹਮ ਸ਼ਬਦ-ਪਦ ਦਾ ਆਰੰਭ ਸਾਨੂੰ ਦੱਸਦਾ ਹੈ ਕਿ ਨਾਮ ਸਿਮਰਨ ਦੀ ਸ਼ੁਰੂਆਤ ਕਿਸ ਤਰ੍ਹਾਂ ਕਰਨੀ ਹੈ। ਜਦੋਂ ਵੀ ਨਾਮ ਸਿਮਰਨ ਸ਼ੁਰੂ ਕਰਦੇ ਹਾਂ ਤਾਂ ਪਹਿਲਾਂ ਸਾਨੂੰ ਅਕਾਲ ਪੁਰਖ ਅੱਗੇ ਸੀਸ ਨਿਵਾ ਕੇ ਅਤੇ ਹੱਥ ਜੋੜ ਕੇ ਉਸਦਾ ਸਤਿਕਾਰ ਕਰਨਾ ਹੈ। ਅਕਾਲ ਪੁਰਖ ਦੇ ਚਰਨਾਂ ’ਤੇ ਡੰਡੌਤ ਬੰਦਨਾ ਕਰਨੀ ਹੈ, ਅਕਾਲ ਪੁਰਖ ਦੇ ਚਰਨਾਂ ’ਤੇ ਸਿਜਦਾ ਕਰਨਾ ਹੈ।

ਪ੍ਰਭ ਜੀ ਤੂ ਮੇਰੇ ਪ੍ਰਾਨ ਅਧਾਰੈ

ਨਮਸਕਾਰ ਡੰਡਉਤਿ ਬੰਦਨਾ ਅਨਿਕ ਬਾਰ ਜਾਉ ਬਾਰੈ ਰਹਾਉ

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੮੨੦)

ਗਹਿਰੇ ਭਾਵ ਵਿੱਚ ਡੰਡੌਤ ਬੰਦਨਾ ਦਾ ਭਾਵ ਹੈ ਆਪਣੇ ਆਪ ਨੂੰ ਗੁਰੂ ਦੇ ਚਰਨਾਂ ਵਿੱਚ ਪੂਰੀ ਤਰ੍ਹਾਂ ਸਮਰਪਣ ਕਰ ਦੇਣਾ, ਆਪਣਾ ਤਨ, ਮਨ, ਧਨ ਗੁਰੂ ਦੇ ਚਰਨਾਂ ਵਿਚ ਅਰਪਣ ਕਰ ਦੇਣਾ। ਇਸ ਤਰ੍ਹਾਂ ਕਰਨ ਨਾਲ ਅਸੀਂ ਰੂਹਾਨੀ ਤੌਰ ’ਤੇ ਅੱਗੇ ਵਧਦੇ ਹਾਂ। ਗੁਰੂ ਨੂੰ ਸਭ ਕੁਝ ਸੌਂਪ ਦੇਣ ਨਾਲ ਅਸੀਂ ਆਪਣੀ ਹਉਮੈ ਨੂੰ ਮਾਰਨਾ ਸ਼ੁਰੂ ਕਰਦੇ ਹਾਂ ਅਤੇ ਗੁਰਪ੍ਰਸਾਦਿ ਦੀ ਪ੍ਰਾਪਤੀ ਕਰਦੇ ਹਾਂ। ਹਉਮੈ ਸਾਡਾ ਸਭ ਤੋਂ ਭੈੜਾ ਅਤੇ ਵੱਡਾ ਦੁਸ਼ਮਣ ਹੈ। ਸਾਰੀ ਭਰੀ ਸੰਗਤ ਵਿੱਚ ਗੁਰਦੁਆਰੇ ਡੰਡੌਤ ਬੰਦਨਾ ਕਰਨ ਨਾਲ ਅਸੀਂ ਹਉਮੈ ਉਪਰ ਜਿੱਤ ਪਾ ਸਕਦੇ ਹਾਂ। ਬਾਰ-ਬਾਰ ਗੁਰੂ ਅਤੇ ਸੰਗਤ ਦੇ ਚਰਨਾਂ ਵਿਚ ਡੰਡੌਤ ਬੰਦਨਾ ਕਰਨ ਨਾਲ ਸਾਡੇ ਮਨ ਦੀ ਮੈਲ ਧੁਪਦੀ ਹੈ ਅਤੇ ਗੁਰੂ ਚਰਨਾਂ ਵਿਚ ਸਾਡਾ ਸਮਰਪਣ ਪੂਰਨਤਾ ਵਲ ਵੱਧਦਾ ਹੈ। ਬਾਰ-ਬਾਰ ਗੁਰੂ ਅਤੇ ਸੰਗਤ ਦੇ ਚਰਨਾਂ ਵਿਚ ਡੰਡੌਤ ਬੰਦਨਾ ਕਰਨ ਨਾਲ ਸਾਡੇ ਹਿਰਦੇ ’ਚ ਗ਼ਰੀਬੀ ਆਉਂਦੀ ਹੈ, ਅਤੇ ਸਾਡਾ ਹਿਰਦਾ ਹਲੀਮੀ ਅਤੇ ਨਿਰਮਾਣਤਾ ਨਾਲ ਭਰਪੂਰ ਹੋ ਜਾਂਦਾ ਹੈ। ਡੰਡੌਤ ਬੰਦਨਾ ਸਾਡੇ ਲਈ ਪੁੰਨ ਦਾ ਇੱਕ ਮਹਾਨ ਕੰਮ ਜਾਣਿਆ ਜਾਂਦਾ ਹੈ।

ਕਰਿ ਡੰਡਉਤ ਪੁਨੁ ਵਡਾ ਹੇ ਰਹਾਉ

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੧੭੧)

ਇੱਕ ਅਕਾਲ ਪੁਰਖ ਹੀ ਹੈ ਜੋ ਪੂਰਨ ਸੱਤ ਹੈ, ਬਾਕੀ ਸਭ ਨਾਸ਼ਵਾਨ ਹੈ, ਜੋ ਵੀ ਅਸੀਂ ਵੇਖਦੇ ਹਾਂ ਸਭ ਨਾਸ਼ਵਾਨ ਹੈ। ਕੇਵਲ ਉਹ ਅਕਾਲ ਪੁਰਖ ਹੀ ਸੱਤ ਹੈ ਜੋ ਸਦਾ ਲਈ ਜੀਵਤ ਹੈ, ਉਹ ਨਾ ਹੀ ਜਨਮ ਲੈਂਦਾ ਹੈ ਅਤੇ ਨਾ ਹੀ ਮਰਦਾ ਹੈ। ਉਹ ਆਰੰਭ ਤੋਂ ਹੀ ਸੱਤ ਹੈ, ਯੁੱਗਾਂ ਯੁੱਗਾਂ ਤੱਕ ਸੱਤ ਹੀ ਰਿਹਾ ਹੈ ਅਤੇ ਆਉਣ ਵਾਲੇ ਯੁੱਗਾਂ ਵਿਚ ਵੀ ਸੱਤ ਹੀ ਰਹੇਗਾ। ਇਸ ਲਈ ਪਹਿਲਾਂ ਨਮਸ਼ਕਾਰ ਅਤੇ ਡੰਡੌਤ ਬੰਦਨਾ ਉਸ ਅਕਾਲ ਪੁਰਖ ਨੂੰ ਕਰੋ, ਫਿਰ ਅਗਲਾ ਨਮਸ਼ਕਾਰ ਅਤੇ ਡੰਡੌਤ ਬੰਦਨਾ ਸਤਿਗੁਰੂ ਨੂੰ ਕਰੋ, ਫਿਰ ਅਗਲਾ ਨਮਸ਼ਕਾਰ ਅਤੇ ਡੰਡੌਤ ਬੰਦਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ’ਤੇ ਕਰੋ, ਫਿਰ ਅਗਲਾ ਨਮਸ਼ਕਾਰ ਅਤੇ ਡੰਡੌਤ ਬੰਦਨਾ ਸ੍ਰੀ ਦਸ ਗੁਰੂ ਸਾਹਿਬਾਨ, ਦਸ ਗੁਰੂ ਸਾਹਿਬਾਨ ਦੇ ਚਰਨਾਂ ’ਤੇ ਕਰੋ, ਫਿਰ ਅਗਲਾ ਨਮਸ਼ਕਾਰ ਅਤੇ ਡੰਡੌਤ ਬੰਦਨਾ ਸ੍ਰਿਸ਼ਟੀ ਦੇ ਸਾਰੇ ਸੰਤਾਂ ਭਗਤਾਂ ਦੇ ਚਰਨਾਂ ’ਤੇ ਕਰੋ, ਫਿਰ ਅਗਲਾ ਨਮਸ਼ਕਾਰ ਅਤੇ ਡੰਡੌਤ ਬੰਦਨਾ ਸਾਰੀ ਸ੍ਰਿਸ਼ਟੀ ਦੇ ਚਰਨਾਂ ’ਤੇ ਕਰੋ।

ਅਸਟਪਦੀ

ਸਿਮਰਉ ਸਿਮਰਿ ਸਿਮਰਿ ਸੁਖੁ ਪਾਵਉ

ਕਲਿ ਕਲੇਸ ਤਨ ਮਾਹਿ ਮਿਟਾਵਉ

ਸਿਮਰਉ ਜਾਸੁ ਬਿਸੁੰਭਰ ਏਕੈ

ਨਾਮੁ ਜਪਤ ਅਗਨਤ ਅਨੇਕੈ

ਬੇਦ ਪੁਰਾਨ ਸਿੰਮ੍ਰਿਤਿ ਸੁਧਾਖ੍ਹਰ

ਕੀਨੇ ਰਾਮ ਨਾਮ ਇਕ ਆਖ੍ਹਰ

ਕਿਨਕਾ ਏਕ ਜਿਸੁ ਜੀਅ ਬਸਾਵੈ

ਤਾ ਕੀ ਮਹਿਮਾ ਗਨੀ ਨ ਆਵੈ

ਕਾਂਖੀ ਏਕੈ ਦਰਸ ਤੁਹਾਰੋ

ਨਾਨਕ ਉਨ ਸੰਗਿ ਮੋਹਿ ਉਧਾਰੋ

ਨਾਮ ਸਿਮਰਨ ਸਾਡੇ ਲਈ ਸਰਵ-ਉੱਤਮ ਸਦੀਵੀ ਅਤੇ ਆਂਤਰਿਕ ਅਨੰਦ ਲੈ ਕੇ ਆਵੇਗਾ। ਸਾਡੇ ਸਾਰੇ ਕਲੇਸ਼, ਦੁੱਖ ਤੇ ਪਾਪ ਨੱਸ ਜਾਣਗੇ ਅਤੇ ਅਸੀਂ ਪੂਰਨ ਅਨੰਦ ਅਤੇ ਸਦੀਵੀ ਖ਼ੁਸ਼ੀ ਨਾਲ ਭਰਪੂਰ ਹੋ ਜਾਵਾਂਗੇ। ਸਾਰੀਆਂ ਧਾਰਮਿਕ ਪੁਸਤਕਾਂ¸ਵੇਦ, ਪੁਰਾਨ, ਸਿਮਰਤੀਆਂ ਅਤੇ ਸ਼ਾਸਤਰਾਂ ਦਾ ਆਧਾਰ ਕੇਵਲ ਅਕਾਲ ਪੁਰਖ ਦਾ ਨਾਮ ਹੀ ਹੈ। ਕੇਵਲ ਅਕਾਲ ਪੁਰਖ ਦਾ ਨਾਮ ਹੀ ਸੱਤ ਹੈ, ਜੋ ਸਦਾ ਰਹਿਣ ਵਾਲਾ ਹੈ, ਕਾਇਮ ਮੁਦਾਮ ਹੈ, ਸਾਰੀ ਸ੍ਰਿਸ਼ਟੀ ਦਾ ਆਧਾਰ ਹੈ, ਸਾਰੀ ਸ੍ਰਿਸ਼ਟੀ ਦਾ ਮੂਲ ਹੈ, ਜੋ ਕਾਲ ਤੋਂ ਪਰ੍ਹੇ ਹੈ, ਜੋ ਮਾਇਆ ਤੋਂ ਪਰ੍ਹੇ ਹੈ, ਜੋ ਅਨੰਤ ਹੈ, ਜੋ ਬੇਅੰਤ ਹੈ, ਜੋ ਅਗਮ ਅਗੋਚਰ ਹੈ।

ਗੁਰਪ੍ਰਸਾਦਿ ਕੇਵਲ ਗੁਰਬਾਣੀ ਪੜ੍ਹਿਆਂ ਜਾਂ ਧਾਰਮਿਕ ਕਿਤਾਬਾਂ ਪੜ੍ਹਨ ਨਾਲ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਵੇਦਾਂ ਦੀ ਪਾਲਣਾ ਕਰਦਿਆਂ ਜਾਂ ਗੁਰਬਾਣੀ ਪੜ੍ਹਨ ਨਾਲ ਅਸੀਂ ਸੱਤ ਕਰਮ ਕਰਦੇ ਹੋਏ ਗੁਰਪ੍ਰਸਾਦਿ ਵਲ ਵਧਦੇ ਹਾਂ। ਗੁਰਪ੍ਰਸਾਦਿ ਦੀ ਪ੍ਰਾਪਤੀ ਨਾਲ ਅਸੀਂ ਮਾਇਆ ’ਤੇ ਜਿੱਤ ਪਾਉਣ ਦੇ ਯੋਗ ਹੋ ਜਾਂਦੇ ਹਾਂ। ਅੱਜ ਦੇ ਸਮੇਂ ਵਿੱਚ ਵੇਦ ਪੜ੍ਹਨਾ ਅਤੇ ਇਹਨਾਂ ਦੀ ਪਾਲਣਾ ਕਰਨੀ ਆਮ ਆਦਮੀ ਲਈ ਬਹੁਤ ਮੁਸ਼ਕਿਲ ਕੰਮ ਹੈ। ਇਸ ਕਾਰਨ ਹੀ ਬਾਅਦ ਵਿੱਚ ਅਕਾਲ ਪੁਰਖ ਦੀ ਅਸੀਮ ਕਿਰਪਾ ਨਾਲ, ਕਲਯੁਗ ਦੇ ਸਮੇਂ ਵਿਚ ਗੀਤਾ ਅਤੇ ਗੁਰਬਾਣੀ ਹੋਂਦ ਵਿੱਚ ਆਈ। ਗੁਰਬਾਣੀ ਦੀ ਪਾਲਣਾ ਕਰਨੀ ਵੇਦਾਂ ਅਤੇ ਪੁਰਾਣੇ ਗ੍ਰੰਥਾਂ ਦੀ ਪਾਲਣਾ ਕਰਨ ਨਾਲੋਂ ਸੌਖਾ ਹੈ।

ਅਸਲ ਵਿੱਚ ਗੁਰਬਾਣੀ ਨੇ ਰੂਹਾਨੀਅਤ ਦੀ ਪ੍ਰਾਪਤੀ ਨੂੰ ਕਲਯੁਗ ਵਿੱਚ ਅਸਾਨ ਬਣਾ ਦਿੱਤਾ ਹੈ ਕਿਉਂਕਿ ਇਹ ਸਾਨੂੰ ਸਿਖਾਉਂਦੀ ਹੈ ਕਿ ਕੇਵਲ ਨਾਮ ਸਿਮਰਨ ਕਰਨ ਨਾਲ ਅਸੀਂ ਜੀਵਨ ਮੁਕਤੀ ਪਾ ਸਕਦੇ ਹਾਂ। ਇਹ ਠੀਕ ਹੈ ਕਿ ਧਾਰਮਿਕ ਪੁਸਤਕਾਂ ਪੜ੍ਹਨਾ ਅਤੇ ਉਹਨਾਂ ਦੀ ਪਾਲਣਾ ਕਰਨਾ ਆਦਮੀ ਦੀ ਚੰਗੇ ਅਤੇ ਸ਼ੁੱਧ ਬਣਨ ਵਿੱਚ ਮਦਦ ਕਰਦਾ ਹੈ, ਅਤੇ ਇਸ ਤਰ੍ਹਾਂ ਸਤਿ ਕਰਮ ਇਕੱਠੇ ਕਰਨ ਵਿਚ ਸਹਾਇਕ ਸਿੱਧ ਹੁੰਦਾ ਹੈ। ਸੱਤ ਕਰਮ ਕਰਦੇ ਹੋਏ ਸ਼ਤੈ ਬਿਰਤੀ ਵਿਚ ਰਹਿਣਾ ਗੁਰਪ੍ਰਸਾਦਿ ਪ੍ਰਾਪਤ ਕਰਨ ਦੀ ਕੁੰਜੀ ਹੈ ਅਤੇ ਇਹ ਗੁਰਪ੍ਰਸਾਦਿ ਹੀ ਹੈ ਜੋ ਸਾਡੇ ਲਈ ਦਰਗਾਹ ਦਾ ਰਸਤਾ ਖੋਲ੍ਹਦਾ ਹੈ।

ਅਨੰਤ ਬ੍ਰਹਮ ਸ਼ਕਤੀ ਦੇ ਅਸਲ ਭੇਦ ਕੇਵਲ ਇੱਕ ਪੂਰਨ ਸੰਤ ਦੁਆਰਾ ਹੀ ਮਹਿਸੂਸ ਅਤੇ ਅਨੁਭਵ ਕੀਤੇ ਜਾਂਦੇ ਹਨ। ਵੇਦ ਬ੍ਰਹਮਾ ਦੁਆਰਾ ਲਿਖੇ ਗਏ ਹਨ, ਪਰ ਇਹ ਪ੍ਰਸ਼ਨ ਖੜਾ ਹੈ ਕਿ ਬ੍ਰਹਮਾ ਕੋਲ ਪੂਰਨ ਬ੍ਰਹਮ ਗਿਆਨ ਸੀ ? ਜੇਕਰ ਬ੍ਰਹਮਾ ਪੂਰਨ ਬ੍ਰਹਮ ਗਿਆਨੀ ਸੀ ਤਦ ਉਸਨੇ ਗੁਰਬਾਣੀ ਜਾਂ ਗੀਤਾ ਵਰਗੀ ਕੋਈ ਚੀਜ਼ ਲਿਖੀ ਹੋਣੀ ਸੀ ਅਤੇ ਇਸਨੂੰ ਅਸਾਨ ਬਣਾਉਣਾ ਸੀ। ਗੁਰਬਾਣੀ ਅਨੁਸਾਰ, ਬ੍ਰਹਮਾ ਪੂਰਨ ਬ੍ਰਹਮ ਗਿਆਨੀ ਨਹੀਂ ਸੀ। ਬ੍ਰਹਮਾ ਪਰਮਾਤਮਾ ਦੀਆਂ ਤਿੰਨ ਸ਼ਕਤੀਆਂ ਵਿੱਚੋਂ ਇੱਕ ਹੈ ਜੋ ਕਿ ਪੈਦਾ ਕਰਨ ਦੀ ਸ਼ਕਤੀ ਹੈ, ਦੂਸਰੀਆਂ ਦੋ ਸ਼ਕਤੀਆਂ ਵਿਸ਼ਨੂੰ ਕੋਲ ਹਨ ਪਾਲਣਹਾਰਾ ਅਤੇ ਸ਼ਿਵ ਸ਼ੰਕਰ (ਨਾਸ ਕਰਨ ਵਾਲਾ)। ਪਰ ਇੱਕ ਪੂਰਨ ਬ੍ਰਹਮ ਗਿਆਨੀ ਗੁਰਬਾਣੀ ਅਨੁਸਾਰ ਇਹਨਾਂ ਨਾਲੋਂ ਉੱਚਾ ਹੈ, ਕਿਉਂਕਿ ਇੱਥੇ ਪੂਰਨ ਬ੍ਰਹਮ ਗਿਆਨੀ ਅਤੇ ਪਰਮਾਤਮਾ ਵਿੱਚ ਕੋਈ ਅੰਤਰ ਨਹੀਂ ਹੈ।

ਪਿਛਲੇ ਸਮੇਂ ਦੇ ਲੋਕ ਵੇਦਾਂ ਦੀ ਪਾਲਣਾ ਅਤੇ ਇਹਨਾਂ ਦੇ ਕਹੇ ਅਨੁਸਾਰ ਕੰਮ ਕਰਦੇ ਰਹੇ। ਇਸ ਤਰ੍ਹਾਂ ਕਰਨ ਨਾਲ ਉਹ ਰਿਸ਼ੀ ਅਤੇ ਮੁਨੀ ਜਾਣੇ ਗਏ ਅਤੇ ਬਹੁਤ ਸਾਰੀਆਂ ਅਲੌਕਿਕ ਸ਼ਕਤੀਆਂ ਪ੍ਰਾਪਤ ਕੀਤੀਆਂ, ਪਰ ਕੀ ਉਹਨਾਂ ਨੇ ਮੁਕਤੀ ਪ੍ਰਾਪਤ ਕੀਤੀ ? ਸ਼ਾਇਦ ਨਹੀਂ। ਇਸ ਲਈ ਹੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸਿੱਧਾਂ ਨੂੰ ਸਹੀ ਰਸਤੇ ’ਤੇ ਲਿਆਉਣ ਲਈ ਸੁਮੇਰ ਪਰਬਤ ’ਤੇ ਜਾਣਾ ਪਿਆ, ਇੱਥੇ ਇੱਕ ਪ੍ਰਸਿੱਧ ਮੁਨੀ ਸੁਖਦੇਵ ਦੀ ਕਹਾਣੀ ਹੈ, ਜਿਸਨੂੰ ਇੱਕ ਰਿਸ਼ੀ ਦਾ ਪੁੱਤਰ ਹੋਣ ਦੇ ਬਾਵਜੂਦ ਰਾਜੇ ਜਨਕ ਕੋਲ ਗੁਰਪ੍ਰਸਾਦਿ ਦੀ ਪ੍ਰਾਪਤੀ ਲਈ ਜਾਣਾ ਪਿਆ ਕਿਉਂਕਿ ਰਾਜਾ ਜਨਕ ਪੂਰਨ ਬ੍ਰਹਮ ਗਿਆਨੀ ਸੀ।

ਵੇਦ ਸੰਸਕ੍ਰਿਤ ਵਿੱਚ ਲਿਖੇ ਗਏ ਹਨ, ਇਸ ਲਈ, ਇਹਨਾਂ ਨੂੰ ਪੜ੍ਹਨਾ ਬਹੁਤ ਹੀ ਮੁਸ਼ਕਲ ਕੰਮ ਹੈ ਅਤੇ ਕਿਉਂ ਚਿੰਤਾ ਕਰਨੀ ਜਦ ਬੰਦਗੀ ਗੁਰਬਾਣੀ ਵਿੱਚ ਇੰਨੀ ਸੌਖੀ ਬਣਾ ਦਿੱਤੀ ਗਈ ਹੈ। ਵੇਦਾਂ ਦਾ ਜੀਵਨ ਸਤਯੁਗ ਦੇ ਸਮੇਂ ਵਿੱਚ ਆਮ ਸੀ, ਪਰ ਸਮੇਂ ਨਾਲ ਤ੍ਰੇਤੇ ਅਤੇ ਦਵਾਪਰ ਵਿੱਚ ਘਟਦਾ ਗਿਆ ਅਤੇ ਕਲਯੁਗ ਵਿੱਚ ਇਹਨਾਂ ਦੀ ਅਮਲੀ ਤੌਰ ’ਤੇ ਕੋਈ ਹੋਂਦ ਨਹੀਂ ਹੈ। ਇਸ ਲਈ ਹੀ ਗੁਰੂ ਨਾਨਕ ਦੇਵ ਜੀ ਨੇ ਸ੍ਰਿਸ਼ਟੀ ਨੂੰ ਕਲਯੁਗ ਵਿੱਚ ਨਾਮ ਨਾਲ ਬਖ਼ਸ਼ਿਆ ਹੈ।

ਇੱਥੇ ਅਣਗਿਣਤ ਜੀਵ ਹਨ, ਜੋ ਨਾਮ ਸਿਮਰਨ ਕਰਦੇ ਹਨ, ਕਿਉਂਕਿ ਉਹਨਾਂ ਨੂੰ ਨਾਮ ਸਿਮਰਨ ਦੇ ਮਹਾਤਮ ਦਾ ਪਤਾ ਹੈ। ਇਸ ਲਈ ਸਾਨੂੰ ਵੀ ਨਾਮ ਸਿਮਰਨ ਕਰਕੇ ਉਸ ਸਰਵ-ਸ਼ਕਤੀਮਾਨ ਪਰੀਪੂਰਨ ਪਰਮਾਤਮਾ ਦੀ ਸਭ ਤੋਂ ਉੱਤਮ ਸੇਵਾ ਦਾ ਫਲ ਪ੍ਰਾਪਤ ਕਰਨਾ ਚਾਹੀਦਾ ਹੈ। ਜਿਸ ਤਰ੍ਹਾਂ ਅਕਾਲ ਪੁਰਖ ਆਪ ਹੈ ਉਸੇ ਤਰ੍ਹਾਂ ਉਸਦਾ ਨਾਮ ਅਪਾਰ ਹੈ, ਅਗਮ ਹੈ, ਅਨੰਤ ਅਤੇ ਬੇਅੰਤ ਹੈ। ਅਕਾਲ ਪੁਰਖ ਦਾ ਨਾਮ ਸਾਰੇ ਬ੍ਰਹਿਮੰਡ ਦੀ ਬੁਨਿਆਦ ਹੈ। ਇਹ ਅਕਾਲ ਪੁਰਖ ਦਾ ਆਦਿ ਜੁਗਾਦਿ ਨਾਮ ਹੈ, ਜੋ ਉਸ ਦੁਆਰਾ ਆਪ ਹੀ ਬਣਾਇਆ ਗਿਆ ਹੈ। ਜੇਕਰ ਕੋਈ ਵਿਅਕਤੀ ਆਪਣੇ ਹਿਰਦੇ ਵਿੱਚ ਜ਼ਰਾ ਜਿੰਨਾ ਵੀ ਨਾਮ ਵਸਾ ਲੈਂਦਾ ਹੈ ਤਾਂ ਉਸ ਰੂਹ ਦੀ ਮਹਿਮਾ ਦਾ ਵਰਣਨ ਕਰਨਾ ਅਸੰਭਵ ਹੈ। ਕਿਉਂਕਿ ਅਜਿਹੀ ਰੂਹ ਸੰਤ ਹਿਰਦਾ ਬਣ ਜਾਂਦੀ ਹੈ ਅਤੇ ਸਰਵ-ਸ਼ਕਤੀਮਾਨ ਦੀ ਤਰ੍ਹਾਂ ਅਪਰ-ਅਪਾਰ ਬਣ ਜਾਂਦੀ ਹੈ। ਅਜਿਹੀ ਰੂਹ ਪ੍ਰਗਟਿਓ ਜੋਤ ਬ੍ਰਹਮ ਗਿਆਨੀ ਅਤੇ ਪੂਰਨ ਸੰਤ, ਪੂਰਨ ਖ਼ਾਲਸਾ ਬਣ ਜਾਂਦੀ ਹੈ।

ਅਜਿਹੀ ਰੂਹ ਦੀ ਸੰਗਤ ਉਹਨਾਂ ਲੋਕਾਂ ਲਈ ਵਰਦਾਨ ਬਣ ਜਾਂਦੀ ਹੈ, ਜੋ ਉਸ ਦੀ ਸੰਗਤ ਦਾ ਹਿੱਸਾ ਬਣਦੇ ਹਨ। ਇਸ ਲਈ ਕਿਉਂਕਿ ਅਜਿਹੀ ਰੂਹ ਅਕਾਲ ਪੁਰਖ ਵਿੱਚ ਸਮਾਈ ਹੁੰਦੀ ਹੈ, ਸੱਚਖੰਡ ਵਿੱਚ ਰਹਿੰਦੀ ਹੈ, ਪੂਰੇ ਸੱਤ ਨੂੰ ਪ੍ਰਾਪਤ ਕਰ ਚੁੱਕੀ ਹੁੰਦੀ ਹੈ, ਪੂਰਨ ਸੱਤ ਅਤੇ ਸੱਤ ਦੀ ਸੇਵਾ ਕਰਦੀ ਹੈ, ਹੋਰ ਕਿਸੇ ਦੀ ਨਹੀਂ। ਜੇਕਰ ਅਸੀਂ ਭਾਗਸ਼ਾਲੀ ਹਾਂ ਅਤੇ ਪੂਰਬਲੇ ਜਨਮਾਂ ਦੇ ਸੰਯੋਗ ਹਨ ਤਾਂ ਹੀ ਅਸੀਂ ਅਜਿਹੀ ਸੰਗਤ ਦੀ ਬਖ਼ਸ਼ਿਸ਼ ਪ੍ਰਾਪਤ ਕਰ ਸਕਦੇ ਹਾਂ ਅਤੇ ਜੀਵਨ ਮੁਕਤੀ ਪ੍ਰਾਪਤ ਕਰਨ ਦੇ ਯੋਗ ਹੁੰਦੇ ਹਾਂ। ਸੋ ਸਾਨੂੰ ਹਮੇਸ਼ਾਂ ਇਸ ਗੁਰਪ੍ਰਸਾਦੀ ਸੰਗਤ ਦਾ ਹਿੱਸਾ ਬਣਨ ਦੀ ਅਰਦਾਸ ਕਰਨੀ ਚਾਹੀਦੀ ਹੈ, ਜਿੱਥੇ ਅਸੀਂ ਆਪਣੇ ਰੂਹਾਨੀ ਟੀਚੇ ਪ੍ਰਾਪਤ ਕਰ ਸਕਦੇ ਹਾਂ ਅਤੇ ਜਨਮ ਮਰਨ ਦੇ ਚੱਕਰ ਤੋਂ ਛੁਟਕਾਰਾ ਪਾ ਸਕਦੇ ਹਾਂ।

ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ

ਭਗਤ ਜਨਾ ਕੈ ਮਨਿ ਬਿਸ੍ਰਾਮ ਰਹਾਉ

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੨੬੨)

ਸਦੀਵੀ ਖ਼ੁਸ਼ੀ ਅਤੇ ਅਨੰਦ ਅਕਾਲ ਪੁਰਖ ਦਾ ਨਾਮ ਹੈ ਜੋ ਕਿ ਸਤਿਨਾਮ ਹੈ। ਇਸ ਦਾ ਮਤਲਬ ਹੈ ਅਜਿਹੀ ਖ਼ੁਸ਼ੀ ਜੋ ਸਰਵ-ਉੱਤਮ ਖ਼ੁਸ਼ੀ ਹੁੰਦੀ ਹੈ – ਪੂਰਨ ਸ਼ਾਂਤੀ, ਪਰਮ ਜੋਤਿ, ਪੂਰਨ ਪ੍ਰਕਾਸ਼, ਨਾਮ ਸਿਮਰਨ ਨਾਲ ਪ੍ਰਾਪਤ ਹੁੰਦੀ ਹੈ। ਨਾਮ ਪਹਿਲਾਂ ਚਿੱਤ ਵਿੱਚ ਜਾਂਦਾ ਹੈ ਫਿਰ ਸਾਡੇ ਹਿਰਦੇ ਵਿੱਚ ਅਤੇ ਫਿਰ ਸਾਡੇ ਸਾਰੇ ਸਰੀਰ ਵਿੱਚ, ਅੰਗ ਅੰਗ ਵਿਚ, ਰੋਮ ਰੋਮ ਵਿਚ ਪ੍ਰਗਟ ਹੋ ਜਾਂਦਾ ਹੈ।

ਗੁਰਮੁਖਿ ਰੋਮਿ ਰੋਮਿ ਹਰਿ ਧਿਆਵੈ

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੯੪੧)

ਇਹ ਅਜਿਹੀ ਅਵਸਥਾ ਹੈ ਜੋ ਸਾਡੇ ਵਿੱਚ ਸਰਵ-ਉੱਤਮ ਅਨੰਦ ਲੈ ਕੇ ਆਉਂਦੀ ਹੈ। ਨਾਮ ਹਮੇਸ਼ਾਂ ਭਗਤਾਂ ਦੇ ਹਿਰਦੇ ਵਿੱਚ ਰਹਿੰਦਾ ਹੈ। ਇਸ ਲਈ ਭਗਤਾਂ ਦੇ ਹਿਰਦੇ ਸਦਾ ਸਦਾ ਲਈ ਵਿਸ਼ਰਾਮ (ਪੂਰਨ ਸ਼ਾਂਤੀ) ਵਿਚ ਚਲੇ ਜਾਂਦੇ ਹਨ। ਜੋ ਹਿਰਦਾ ਪੂਰਨ ਵਿਸ਼ਰਾਮ ਵਿਚ ਚਲਾ ਜਾਂਦਾ ਹੈ ਉਸ ਹਿਰਦੇ ਵਿਚ ਅਕਾਲ ਪੁਰਖ ਆਪ ਪ੍ਰਗਟ ਹੋ ਜਾਂਦਾ ਹੈ। ਜੋ ਹਿਰਦਾ ਪੂਰਨ ਵਿਸ਼ਰਾਮ ਵਿਚ ਚਲਾ ਜਾਂਦਾ ਹੈ ਉਸ ਹਿਰਦੇ ਵਿਚ ਅਕਾਲ ਪੁਰਖ ਦੀਆਂ ਸਾਰੀਆਂ ਅਸੀਮ ਸ਼ਕਤੀਆਂ ਆਪ ਪ੍ਰਗਟ ਹੋ ਜਾਂਦੀਆਂ ਹਨ। ਇਹ ਹੀ ਕਾਰਨ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਉਹਨਾਂ ਰੂਹਾਂ ਦੀ ਮਹਿਮਾ ਵਰਨਣ ਕੀਤੀ ਗਈ ਹੈ ਜੋ ਉਸਦੇ ਭਗਤ ਬਣ ਜਾਂਦੇ ਹਨ, ਜੋ ਪੂਰਨ ਸੰਤ ਬਣ ਜਾਂਦੇ ਹਨ, ਪ੍ਰਗਟਿਓ ਜੋਤ ਬ੍ਰਹਮ ਗਿਆਨੀ ਬਣ ਜਾਂਦੇ ਹਨ, ਸਤਿਗੁਰੂ ਬਣ ਜਾਂਦੇ ਹਨ, ਪੂਰਨ ਖ਼ਾਲਸੇ ਬਣ ਜਾਂਦੇ ਹਨ। ਅਜਿਹੀਆਂ ਰੂਹਾਂ ਨਾਮ-ਅੰਮ੍ਰਿਤ ਦਾ ਸੋਮਾ ਹੁੰਦੀਆਂ ਹਨ ਅਤੇ ਆਪਣੀ ਸੰਗਤ ਕਰਨ ਵਾਲਿਆਂ ਨੂੰ ਨਾਮ ਅਤੇ ਮੁਕਤੀ ਦੇਣ ਦੀ ਅਜਿਹੀ ਅਸੀਮ ਰੂਹਾਨੀ ਸ਼ਕਤੀ ਰੱਖਦੀਆਂ ਹਨ।

ਪ੍ਰਭ ਕੈ ਸਿਮਰਨਿ ਗਰਭਿ ਨ ਬਸੈ

ਪ੍ਰਭ ਕੈ ਸਿਮਰਨਿ ਦੂਖੁ ਜਮੁ ਨਸੈ

ਪ੍ਰਭ ਕੈ ਸਿਮਰਨਿ ਕਾਲੁ ਪਰਹਰੈ

ਪ੍ਰਭ ਕੈ ਸਿਮਰਨਿ ਦੁਸਮਨੁ ਟਰੈ

ਪ੍ਰਭ ਸਿਮਰਤ ਕਛੁ ਬਿਘਨੁ ਨ ਲਾਗੈ

ਪ੍ਰਭ ਕੈ ਸਿਮਰਨਿ ਅਨਦਿਨੁ ਜਾਗੈ

ਪ੍ਰਭ ਕੈ ਸਿਮਰਨਿ ਭਉ ਨ ਬਿਆਪੈ

ਪ੍ਰਭ ਕੈ ਸਿਮਰਨਿ ਦੁਖੁ ਨ ਸੰਤਾਪੈ

ਪ੍ਰਭ ਕਾ ਸਿਮਰਨੁ ਸਾਧ ਕੈ ਸੰਗਿ

ਸਰਬ ਨਿਧਾਨ ਨਾਨਕ ਹਰਿ ਰੰਗਿ

ਇਹ ਗੁਰ ਸ਼ਬਦ ਸਾਨੂੰ ਬੜੇ ਸਾਧਾਰਨ ਤਰੀਕੇ ਨਾਲ ਸਮਝੀ ਜਾ ਸਕਣ ਵਾਲੀ ਭਾਸ਼ਾ ਵਿੱਚ ਨਾਮ ਸਿਮਰਨ ਦੀਆਂ ਰੂਹਾਨੀ ਪ੍ਰਾਪਤੀਆਂ ਬਾਰੇ ਦੱਸਦੇ ਹਨ। ਸਭ ਤੋਂ ਵੱਡਾ ਦੁੱਖ ਜਨਮ ਮਰਨ ਦੇ ਚੱਕਰਾਂ ਵਿੱਚ ਭਟਕਣਾ ਹੈ। ਅਸੀਂ ਸਾਰੇ ਅਗਿਆਤ ਸਮੇਂ ਤੋਂ ਜਨਮ ਮਰਨ ਦੇ ਚੱਕਰ ਵਿੱਚ ਭਟਕਦੇ ਪਏ ਹਾਂ। ਅਸੀਂ ਨਹੀਂ ਜਾਣਦੇ ਕਿ ਅਸੀਂ ਕਿੰਨੀ ਵਾਰ ਜਨਮ ਮਰਨ ਦੇ ਚੱਕਰ ਵਿੱਚੋਂ ਲੰਘੇ ਹਾਂ, ਨਾ ਹੀ ਅਸੀਂ ਜਾਣਦੇ ਹਾਂ ਕਿ ਕਿੰਨਾ ਸਮਾਂ ਅਸੀਂ ਚੁਰਾਸੀ ਲੱਖ ਜੂਨੀਆਂ ਵਿੱਚ ਭਟਕੇ ਹਾਂ। ਨਾਮ ਸਿਮਰਨ ਹੀ ਅਜਿਹੀ ਕੇਵਲ ਇੱਕ ਅਸੀਮ ਸ਼ਕਤੀ ਹੈ ਜੋ ਸਾਨੂੰ ਜਨਮ ਮਰਨ ਦੇ ਚੱਕਰ ਤੋਂ ਬਾਹਰ ਖੜਦੀ ਹੈ। ਅਸੀਂ ਕੇਵਲ ਨਾਮ ਸਿਮਰਨ ਰਾਹੀਂ ਹੀ ਮੌਤ ਦੇ ਭੈ ਤੋਂ ਛੁਟਕਾਰਾ ਪਾ ਸਕਦੇ ਹਾਂ, ਅਰਥਾਤ ਛੁਟਕਾਰਾ – ਜੀਵਨ ਮੁਕਤੀ ਕੇਵਲ ਗੁਰਪ੍ਰਸਾਦਿ ਰਾਹੀਂ ਹੀ ਪਾ ਸਕਦੇ ਹਾਂ।

ਸਭ ਤੋਂ ਵੱਡਾ ਭੈ ਮੌਤ ਦਾ ਭੈ ਹੈ। ਇਹ ਇਸ ਬ੍ਰਹਿਮੰਡ ਦਾ ਪੂਰਨ ਸੱਤ ਹੈ। ਜਿਸ ਤੋਂ ਕੋਈ ਵੀ ਇਨਕਾਰ ਨਹੀਂ ਕਰ ਸਕਦਾ। ਮੌਤ ਦਾ ਭੈ ਕੇਵਲ ਨਾਮ ਸਿਮਰਨ ਨਾਲ ਦੂਰ ਹੋ ਸਕਦਾ ਹੈ। ਨਾਮ ਸਿਮਰਨ ਸਾਨੂੰ ਨਿਰਭੈ ਬਣਾਂਦਾ ਹੈ। ਨਾਮ ਸਿਮਰਨ ਵਿਚ ਉਹ ਪਰਮ ਸ਼ਕਤੀ ਹੈ ਜੋ ਸਾਨੂੰ ਸਾਡੇ ਸਾਰੇ ਦੁਸ਼ਮਣਾਂ ਤੋਂ ਬਚਾਉਂਦੀ ਹੈ। ਇਹ ਦੁਸ਼ਮਣ ਕਿਹੜੇ ਹਨ ? ਇਹ ਪੰਜ ਦੂਤ ਹਨ : ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ। ਇਹ ਸਭ ਦੀਰਘ ਮਾਨਸਿਕ ਰੋਗ ਹਨ। ਇਹਨਾਂ ਦੇ ਨਾਲ ਹੀ ਸਾਡੇ ਵਿੱਚ ਆਸਾ, ਤ੍ਰਿਸ਼ਨਾ, ਮਨਸਾ, ਨਿੰਦਿਆ, ਚੁਗ਼ਲੀ, ਬਖ਼ੀਲੀ ਅਤੇ ਹੋਰ ਕਈ ਮਾਨਸਿਕ ਰੋਗ ਹਨ। ਕੇਵਲ ਨਾਮ ਸਿਮਰਨ ਹੀ ਇਹਨਾਂ ਸਾਰੇ ਮਾਨਸਿਕ ਰੋਗਾਂ ਤੋਂ ਸਾਡੇ ਹਿਰਦੇ ਨੂੰ ਰੋਗ-ਮੁਕਤ ਕਰਨ ਦਾ ਰੂਹਾਨੀ ਸ਼ਕਤੀ ਨਾਲ ਭਰਪੂਰ ਉਪਚਾਰਿਕ ਨੁਸਖ਼ਾ ਹੈ। ਇਹ ਸਾਰੇ ਮਾਨਸਿਕ ਰੋਗ, ਜੋ ਸਾਡੀ ਰੂਹ ਦੇ ਭਿਆਨਕ ਵੈਰੀ ਹਨ, ਸਾਡੇ ਅਤੇ ਸਰਵ-ਸ਼ਕਤੀਮਾਨ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਵਿਚਕਾਰ ਰੋਕ ਖੜੇ ਹਨ। ਨਾਮ ਸਿਮਰਨ ਸਰਵ-ਸ਼ਕਤੀਮਾਨ ਹਥਿਆਰ ਹੈ, ਜੋ ਇਹਨਾਂ ਵੈਰੀਆਂ ਤੋਂ ਸਾਡੀ ਰੂਹ ਨੂੰ ਮੁਕਤ ਕਰਦਾ ਹੈ। ਇਹ ਸਾਰੇ ਵੈਰੀ ਸਾਡੇ ਸੱਚਖੰਡ ਦੇ ਰਸਤੇ ਵਿੱਚ ਵੱਡੀਆਂ ਰੁਕਾਵਟਾਂ ਹਨ। ਨਾਮ ਸਿਮਰਨ ਇਹਨਾਂ ਰਾਹ ਦੀਆਂ ਰੋਕਾਂ ਨੂੰ ਹਟਾਉਂਦਾ ਹੈ। ਨਾਮ ਸਿਮਰਨ ਸਾਡੇ ਮਨ ਨੂੰ ਚੇਤੰਨ ਰੱਖਦਾ ਹੈ ਅਤੇ ਇਹਨਾਂ ਦੁਸ਼ਮਣਾਂ ਦੇ ਪ੍ਰਭਾਵ ਹੇਠ ਬੁਰਾਈਆਂ ਕਰਨ ਤੋਂ ਰੋਕਦਾ ਹੈ, ਅਤੇ ਅਸੀਂ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਇਹਨਾਂ ਦੁਸ਼ਮਣਾਂ ਦਾ ਟਾਕਰਾ ਕਰਨ ਦੇ ਯੋਗ ਹੋ ਜਾਂਦੇ ਹਾਂ ਤਦ ਅਸੀਂ ਹਰੇਕ ਸਮੇਂ ਇਹਨਾਂ ਨੂੰ ਹਰਾ ਸਕਦੇ ਹਾਂ, ਜਦੋਂ ਇਹ ਸਾਨੂੰ ਧੋਖਾ ਦਿੰਦੇ ਹਨ ਅਤੇ ਸਾਡੇ ਕੋਲੋਂ ਅੰਮ੍ਰਿਤ (ਸਾਡੀ ਅੰਦਰੂਨੀ ਸ਼ਕਤੀ, ਪ੍ਰਮਾਤਮਾ ਦੀ ਦਿੱਤੀ ਤਾਕਤ, ਜੋ ਸਾਡੇ ਵਿੱਚ ਹੀ ਹੈ) ਚੁਰਾਉਣ ਦੀ ਕੋਸ਼ਿਸ਼ ਕਰਦੇ ਹਨ।

ਨਾਮ ਸਿਮਰਨ ਸਾਨੂੰ ਦਿਨ ਪ੍ਰਤੀਦਿਨ ਦੀਆਂ ਕ੍ਰਿਆਵਾਂ ਵਿੱਚ ਭਉ-ਰਹਿਤ ਬਣਾਉਂਦਾ ਹੈ। ਨਾਮ ਸਿਮਰਨ ਨਾਲ ਅਸੀਂ ਆਪਣੇ ਆਪ ਨਾਲ, ਹੋਰਨਾਂ ਨਾਲ ਅਤੇ ਸਰਵ-ਸ਼ਕਤੀਮਾਨ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਹੋਰ ਸੱਚੇ ਬਣਦੇ ਜਾਂਦੇ ਹਾਂ। ਸਾਨੂੰ ਸੱਚ ਬੋਲਣ, ਸੱਚ ਵੇਖਣ ਅਤੇ ਸੱਚ ਦੀ ਸੇਵਾ ਕਰਨ ਦੀ ਸ਼ਕਤੀ ਮਿਲਦੀ ਹੈ। ਸਾਨੂੰ ਸੱਚ ਬੋਲਣ ਅਤੇ ਸੱਚ ਦੀ ਸੇਵਾ ਕਰਨ ਤੋਂ ਡਰ ਨਹੀਂ ਲੱਗਦਾ। ਅਸੀਂ ਸੱਚ ਅਤੇ ਸੱਚ ਤੋਂ ਰਹਿਤ ਦੇ ਫ਼ਰਕ ਦੀ ਪਹਿਚਾਣ ਕਰਨਾ ਸ਼ੁਰੂ ਕਰ ਦਿੰਦੇ ਹਾਂ। ਅਸੀਂ ਆਪਣੇ ਆਪ ਨੂੰ ਸੱਚ-ਰਹਿਤ ਕੰਮਾਂ ਤੋਂ ਬਚਾਉਣ ਦੇ ਯੋਗ ਹੋ ਜਾਂਦੇ ਹਾਂ।

ਨਾਮ ਸਿਮਰਨ ਸਾਡੇ ਜੀਵਨ ਵਿੱਚੋਂ ਸਾਰੇ ਪਾਪ ਕਲੇਸ਼ ਤੇ ਦੁੱਖਾਂ ਨੂੰ ਮਿਟਾ ਦਿੰਦਾ ਹੈ। ਅਸੀਂ ਮਾਨਸਿਕ ਤੌਰ ’ਤੇ ਇੰਨੇ ਸ਼ਕਤੀਸ਼ਾਲੀ ਹੋ ਜਾਂਦੇ ਹਾਂ ਕਿ ਅਸੀਂ ਹਰ ਤਰ੍ਹਾਂ ਦੇ ਦੁੱਖਾਂ ਨੂੰ ਸਹਿਣ ਦੇ ਯੋਗ ਹੋ ਜਾਂਦੇ ਹਾਂ। ਦੁੱਖ ਅਤੇ ਸੁੱਖ ਵਿਚ ਕੋਈ ਫ਼ਰਕ ਨਹੀਂ ਰਹਿ ਜਾਂਦਾ। ਅਸੀਂ ਹਰੇਕ ਚੀਜ਼ ਬਰਾਬਰ ਦ੍ਰਿਸ਼ਟੀ (ਏਕ ਦ੍ਰਿਸ਼ਟ) ਨਾਲ ਵੇਖਦੇ ਹਾਂ। ਅਸੀਂ ਪੂਰਨ, ਸ਼ੁੱਧ ਅਤੇ ਪਵਿੱਤ੍ਰ ਖ਼ੁਸ਼ੀਆਂ ਦਾ ਅਨੰਦ ਮਾਣਦੇ ਹਾਂ-ਸਤਿ-ਚਿੱਤ ਅਨੰਦ। ਇਹ ਪਰਮ ਜੋਤਿ ਪੂਰਨ ਪ੍ਰਕਾਸ਼ ਨਾਲ ਅਭੇਦ ਹੋਣ ਦੀ ਅਵਸਥਾ ਹੈ-ਅਕਾਲ ਪੁਰਖ ਦੇ ਨਿਰਗੁਣ ਸਰੂਪ ਵਿਚ ਸਮਾ ਜਾਣ ਦੀ ਅਵਸਥਾ ਹੈ। ਅਜਿਹੀ ਨਾਮ ਸਿਮਰਨ ਦੀ ਅਵਸਥਾ ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ ਦੀ ਸੰਗਤ ਰਾਹੀਂ ਪ੍ਰਾਪਤ ਹੁੰਦੀ ਹੈ, ਗੁਰਪ੍ਰਸਾਦੀ ਨਾਮ ਕੇਵਲ ਉਹਨਾਂ ਰੂਹਾਂ ਦੁਆਰਾ ਵਰਤਾਇਆ ਜਾ ਸਕਦਾ ਹੈ ਜੋ ਗੁਰਪ੍ਰਸਾਦੀ ਖੇਡ ਵਿੱਚ ਲਿਪਤ ਹੁੰਦੀਆਂ ਹਨ। ਇਹ ਸੰਤ ਰੂਹਾਂ ਕੇਵਲ ਨਾਮ ਸਿਮਰਨ ਵਿੱਚ ਰੰਗੀਆਂ ਹੁੰਦੀਆਂ ਹਨ। ਸੰਗਤ ਨੂੰ ਗੁਰਪ੍ਰਸਾਦਿ ਵਰਤਾਉਣਾ, ਸੰਗਤ ਨੂੰ ਪੂਰਨ ਸੱਤ ਵਰਤਾਉਣਾ, ਸੰਗਤ ਨੂੰ ਨਾਮ ਨਾਲ ਜੋੜਨਾ, ਸੰਗਤ ਨੂੰ ਜੀਅ ਦਾਨ ਦੇ ਅਕਾਲ ਪੁਰਖ ਦੀ ਭਗਤੀ ਨਾਲ ਸੁਸ਼ੋਭਿਤ ਕਰਨਾ, ਸੰਗਤ ਨੂੰ ਜੀਵਨ ਮੁਕਤੀ ਦੇ ਮਾਰਗ ’ਤੇ ਪਾਉਣਾ ਅਕਾਲ ਪੁਰਖ ਦੀ ਸਰਵ-ਉੱਤਮ ਸੇਵਾ ਹੈ। ਉਹ ਜੋ ਨਾਮ ਸਿਮਰਨ ਵਿਚ ਰੰਗੇ ਜਾਂਦੇ ਹਨ, ਉਹਨਾਂ ਦੀ ਸੰਗਤ ਕਰਨ ਨਾਲ ਸਾਨੂੰ ਅਕਾਲ ਪੁਰਖ ਦੀਆਂ ਅਸੀਸਾਂ – ਗੁਰਪ੍ਰਸਾਦਿ (ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ – ਪਰਉਪਕਾਰ ਅਤੇ ਮਹਾਂ ਪਰਉਪਕਾਰ), ਮਨ ਦੀ ਪੂਰਨ ਸ਼ਾਂਤੀ ਅਤੇ ਅਸੀਮਿਤ ਰੂਹਾਨੀ ਸ਼ਕਤੀਆਂ ਦੇ ਖ਼ਜ਼ਾਨੇ ਪ੍ਰਾਪਤ ਹੁੰਦੇ ਹਨ।

 

ਪ੍ਰਭ ਕੈ ਸਿਮਰਨਿ ਰਿਧਿ ਸਿਧਿ ਨਉ ਨਿਧਿ

ਪ੍ਰਭ ਕੈ ਸਿਮਰਨਿ ਗਿਆਨੁ ਧਿਆਨੁ ਤਤੁ ਬੁਧਿ

ਪ੍ਰਭ ਕੈ ਸਿਮਰਨਿ ਜਪ ਤਪ ਪੂਜਾ

ਪ੍ਰਭ ਕੈ ਸਿਮਰਨਿ ਬਿਨਸੈ ਦੂਜਾ

ਪ੍ਰਭ ਕੈ ਸਿਮਰਨਿ ਤੀਰਥ ਇਸਨਾਨੀ

ਪ੍ਰਭ ਕੈ ਸਿਮਰਨਿ ਦਰਗਹ ਮਾਨੀ

ਪ੍ਰਭ ਕੈ ਸਿਮਰਨਿ ਹੋਇ ਸੁ ਭਲਾ

ਪ੍ਰਭ ਕੈ ਸਿਮਰਨਿ ਸੁਫਲ ਫਲਾ

ਸੇ ਸਿਮਰਹਿ ਜਿਨ ਆਪਿ ਸਿਮਰਾਏ

ਨਾਮ ਸਿਮਰਨ ਹੀ ਸਾਰੇ ਰਿੱਧੀਆਂ ਸਿੱਧੀਆਂ ਦੇ ਭਰਪੂਰ ਖ਼ਜ਼ਾਨਿਆਂ ਦੀ ਪ੍ਰਾਪਤੀ ਦਾ ਗੁਰਪ੍ਰਸਾਦੀ ਸਾਧਨ ਹੈ। ਸਾਰੀ ਸ੍ਰਿਸ਼ਟੀ ਵਿਚ ਰਿੱਧੀਆਂ ਸਿੱਧੀਆਂ ਤੋਂ ਵੱਡਾ ਹੋਰ ਕੋਈ ਖ਼ਜ਼ਾਨਾ ਨਹੀਂ ਹੈ। ਇਸ ਖ਼ਜ਼ਾਨੇ ਦੀ ਪ੍ਰਾਪਤੀ ਨਾਮ ਸਿਮਰਨ ਦੇ ਗੁਰਪ੍ਰਸਾਦਿ ਦੁਆਰਾ ਹੀ ਕੀਤੀ ਜਾ ਸਕਦੀ ਹੈ। ਕ੍ਰਿਪਾ ਕਰਕੇ ਮਨ ਵਿੱਚ ਰੱਖੋ ਕਿ ਇਹ ਖ਼ਜ਼ਾਨੇ ਸਾਨੂੰ ਕਰਾਮਾਤਾਂ (ਜਨਤਕ ਹੈਰਾਨੀ-ਜਨਕ ਕੰਮ) ਕਰਨ ਦੀਆਂ ਸਾਰੀਆਂ ਸ਼ਕਤੀਆਂ ਦਿੰਦੇ ਹਨ। ਇਹ ਕਰਾਮਾਤਾਂ ਦੁਰਭਾਗ ਵੱਸ-ਵੱਡੀ ਗਿਣਤੀ ਵਿਚ ਲੋਕਾਂ ਨੂੰ ਆਪਣੇ ਵੱਲ ਖਿੱਚਦੀਆਂ ਹਨ। ਅਜਿਹੀਆਂ ਸ਼ਕਤੀਆਂ ਦੀ ਵਰਤੋਂ ਨਾਲ ਅਸੀਂ ਲੋਕਾਂ ਦੀਆਂ ਸੰਸਾਰਿਕ ਇੱਛਾਵਾਂ ਨੂੰ ਪੂਰਾ ਕਰ ਸਕਦੇ ਹਾਂ ਅਤੇ ਮਸ਼ਹੂਰ ਹੋ ਸਕਦੇ ਹਾਂ। ਅਸੀਂ ਬਹੁਤ ਸਾਰਾ ਧਨ ਬਣਾ ਸਕਦੇ ਹਾਂ ਅਤੇ ਸਾਰੇ ਤਰ੍ਹਾਂ ਦੇ ਸੰਸਾਰਿਕ ਸੁਖ ਪ੍ਰਾਪਤ ਕਰ ਸਕਦੇ ਹਾਂ। ਪਰ ਮਨ ਵਿੱਚ ਰੱਖੋ ਕਿ ਜੇਕਰ ਅਸੀਂ ਅਜਿਹੀਆਂ ਸ਼ਕਤੀਆਂ ਦੀ ਇੱਕ ਵਾਰ ਵੀ ਵਰਤੋਂ ਕਰਦੇ ਹਾਂ, ਤਾਂ ਸਾਡੀ ਰੂਹਾਨੀ ਤਰੱਕੀ ਉੱਥੇ ਹੀ ਰੁਕ ਜਾਵੇਗੀ ਅਤੇ ਅਸੀਂ ਕਦੇ ਵੀ ਮੁਕਤੀ ਪਾਉਣ ਦੇ ਯੋਗ ਨਹੀਂ ਰਹਾਂਗੇ। ਇਸ ਕਾਰਣ ਵੱਸ ਹੀ ਸਿੱਧਾਂ (ਜੋ ਕਿ ਰਿੱਧੀਆਂ ਸਿੱਧੀਆਂ ਦੀਆਂ ਸ਼ਕਤੀਆਂ ਵਿਚ ਉਲਝੇ ਹੋਏ ਸਨ) ਦੀ ਮੁਕਤੀ ਕਰਨ ਲਈ ਧੰਨ ਧੰਨ ਸਤਿਗੁਰ ਨਾਨਕ ਪਾਤਸ਼ਾਹ ਜੀ ਨੂੰ ਸੁਮੇਰ ਪਰਬਤ ’ਤੇ ਜਾ ਕੇ ਸਿੱਧ ਗੋਸ਼ਟ ਦੁਆਰਾ ਸਿੱਧਾਂ ਨੂੰ ਜੀਵਨ ਮੁਕਤੀ ਕਿਸ ਤਰ੍ਹਾਂ ਪ੍ਰਾਪਤ ਕੀਤੀ ਜਾ ਸਕਦੀ ਹੈ, ਦਾ ਉਪਦੇਸ਼ ਦੇਣਾ ਪਿਆ ਸੀ। ਧੰਨ ਧੰਨ ਸਤਿਗੁਰ ਨਾਨਕ ਪਾਤਸ਼ਾਹ ਜੀ ਦਾ ਇਹ ਅਗੰਮੀ ਉਪਦੇਸ਼ ਕੇਵਲ ਸਿੱਧਾਂ ਲਈ ਹੀ ਨਹੀਂ ਹੈ, ਬਲਕਿ ਪੂਰੀ ਮਨੁੱਖਾ ਜਾਤੀ ਲਈ ਹੈ। ਰਿੱਧੀਆਂ ਸਿੱਧੀਆਂ ਦੀਆਂ ਭਰਪੂਰ ਸ਼ਕਤੀਆਂ ਦਾ ਨਿਰਮਾਣ ਅਕਾਲ ਪੁਰਖ ਨੇ ਸ੍ਰਿਸ਼ਟੀ ਨੂੰ ਚਲਾਣ ਲਈ ਕੀਤਾ ਹੈ। ਇਸ ਲਈ ਜੋ ਇਨ੍ਹਾਂ ਸ਼ਕਤਿਆਂ ਦੀ ਵਰਤੋਂ ਵਿਚ ਉਲਝ ਜਾਂਦੇ ਹਨ ਉਹ ਅਕਾਲ ਪੁਰਖ ਦੇ ਸਾਨੀ-ਸ਼ਰੀਕ ਬਣਨ ਦਾ ਪਾਪ ਖੱਟਦੇ ਹਨ। ਇਸ ਲਈ ਉਨ੍ਹਾਂ ਦੀ ਰੂਹਾਨੀ ਤਰੱਕੀ ਉਥੇ ਹੀ ਰੁਕ ਜਾਂਦੀ ਹੈ। ਜੋ ਪਰਮਾਤਮਾ ਦੇ ਪਿਆਰੇ ਬੰਦਗੀ ਪੂਰਨ ਕਰ ਕੇ ਪਰਮ ਪਦ ਦੀ ਪ੍ਰਾਪਤੀ ਕਰ ਲੈਂਦੇ ਹਨ, ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਕਰ ਲੈਂਦੇ ਹਨ, ਪੂਰਨ ਤੱਤ ਗਿਆਨ ਦੀ ਪ੍ਰਾਪਤੀ ਕਰ ਲੈਂਦੇ ਹਨ, ਆਤਮ ਰਸ ਅੰਮ੍ਰਿਤ ਦੀ ਪ੍ਰਾਪਤੀ ਕਰ ਲੈਂਦੇ ਹਨ, ਰਿੱਧੀਆਂ ਸਿੱਧੀਆਂ ਉਨ੍ਹਾਂ ਦੇ ਚਰਨਾਂ ਵਿਚ ਰਹਿੰਦੀਆਂ ਹਨ ਅਤੇ ਉਨ੍ਹਾਂ ਦੀ ਸੇਵਾ ਕਰਦੀਆਂ ਹਨ। ਉਨ੍ਹਾਂ ਦੀ ਸੰਗਤ ਵਿਚ ਹੁੰਦੇ ਚਮਤਕਾਰ ਸੰਗਤ ਦੀ ਭਲਾਈ ਵਿਚ ਹੁੰਦੇ ਹਨ ਅਤੇ ਅਕਾਲ ਪੁਰਖ ਦੇ ਪੂਰਨ ਹੁਕਮ ਵਿਚ ਹੁੰਦੇ ਹਨ। ਰਿੱਧੀਆਂ ਸਿੱਧੀਆਂ ਦੀਆਂ ਸ਼ਕਤੀਆਂ ਉਨ੍ਹਾਂ ਦੇ ਸੱਤ ਬਚਨ ਪੂਰੇ ਕਰਨ ਵਿਚ ਸਹਾਇਤਾ ਕਰਦੀਆਂ ਹਨ।

ਨਾਮ ਸਿਮਰਨ ਨਾਲ ਸਾਡੇ ਵਿੱਚ ਪੂਰਨ ਬ੍ਰਹਮ ਗਿਆਨ ਅਤੇ ਤੱਤ ਗਿਆਨ ਦਾ ਗੁਰਪ੍ਰਸਾਦਿ ਪ੍ਰਗਟ ਹੁੰਦਾ ਹੈ। ਜਦ ਅਸੀਂ ਗੁਰਬਾਣੀ ਨੂੰ ਸੁਣਨਾ ਸ਼ੁਰੂ ਕਰਦੇ ਹਾਂ ਤਾਂ ਅੰਦਰੋਂ ਹੀ ਅੰਦਰ ਅਸੀਂ ਇਸ ਅਸੀਮ ਬ੍ਰਹਮ ਗਿਆਨ ਦੇ ਸੱਤ ਸਰੋਵਰ ਦੇ ਵਿਚ ਡੂੰਘੇ ਉਤਰਦੇ ਜਾਂਦੇ ਹਾਂ। ਨਾਮ ਸਿਮਰਨ ਸਾਨੂੰ ਸਾਡੇ ਰੋਜ਼ਾਨਾ ਜੀਵਨ ਵਿੱਚ ਗੁਰਬਾਣੀ ਨੂੰ ਹੋਰ ਜ਼ਿਆਦਾ ਪ੍ਰਵਾਨ ਕਰਨ ਲਈ ਅਤੇ ਆਪਣੀ ਰੋਜ਼ਾਨਾ ਕਰਨੀ ਵਿਚ ਲਿਆਉਣ ਲਈ ਉਤਸ਼ਾਹਿਤ ਕਰਦਾ ਹੈ। ਗੁਰੂ, ਗੁਰਬਾਣੀ ਅਤੇ ਅਕਾਲ ਪੁਰਖ ਵਿੱਚ ਸਾਡਾ ਨਿਸਚਾ ਅਤੇ ਵਿਸ਼ਵਾਸ ਹੋਰ ਦ੍ਰਿੜ੍ਹ ਹੋ ਜਾਂਦਾ ਹੈ। ਸਰਵ-ਸ਼ਕਤੀਮਾਨ ਦੀ ਅਰਾਧਣਾ ਕਰਨ ਦੇ ਸਾਰੇ ਤਰੀਕੇ ਅਤੇ ਸਾਧਨ ਨਾਮ ਸਿਮਰਨ ਦੇ ਵਿੱਚ ਹੀ ਹਨ। ਇਸ ਦਾ ਮਤਲਬ ਹੈ ਕਿ ਇਕ ਆਮ ਇਨਸਾਨ ਲਈ ਨਾਮ ਸਿਮਰਨ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸਰਵ-ਉੱਤਮ ਸੇਵਾ ਹੈ। ਇਸ ਤਰ੍ਹਾਂ ਦੀ ਸੇਵਾ ਨਾਲ ਹੀ ਅਸੀਂ ਇਹ ਜਾਣ ਲੈਂਦੇ ਹਾਂ ਅਤੇ ਸਾਡੇ ਹਿਰਦੇ ਵਿੱਚ ਇਹ ਤੱਥ ਪ੍ਰਮਾਣਿਤ ਹੋ ਜਾਂਦਾ ਹੈ ਕਿ ਸਰਵ-ਸ਼ਕਤੀਮਾਨ ਵਰਗਾ ਹੋਰ ਕੋਈ ਨਹੀਂ ਹੈ। ਇਹ ਕਿ ਉਹ ਹੀ ਸਾਰੇ ਬ੍ਰਹਿਮੰਡ ਨੂੰ ਬਣਾਉਣ ਵਾਲੀ ਸਰਵ-ਉੱਚ ਸੁਪਰੀਮ ਤਾਕਤ ਹੈ। ਸਾਡੇ ਵਿੱਚ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਪ੍ਰਤੀ ਪੂਰਨ ਵਿਸ਼ਵਾਸ ਅਤੇ ਨਿਸਚਾ ਪੈਦਾ ਹੁੰਦਾ ਹੈ।

ਅਸਲੀ ਤੀਰਥ ਯਾਤਰਾ ਨਾਮ ਸਿਮਰਨ ਕਰਨਾ ਹੈ। ਅਸਲੀ ਤੀਰਥ ਅੰਦਰਲਾ ਤੀਰਥ ਹੈ। ਹਿਰਦਾ ਸੱਤ ਰੂਪ ਹੋ ਕੇ ਪੂਰਨ ਸਚਿਆਰੀ ਰਹਿਤ ਵਿਚ ਆ ਜਾਣਾ ਹੀ ਪੂਰਨ ਤੀਰਥ ਹੈ। ਜਿਸ ਤਰ੍ਹਾਂ ਹੀ ਅਸੀਂ ਰੂਹਾਨੀ ਪੜਾਵਾਂ ਵਿੱਚੋਂ ਗੁਜ਼ਰਦੇ ਹਾਂ, ਇਹ ਯਾਤਰਾ ਸਾਡੇ ਅੰਦਰ ਹੀ ਹੁੰਦੀ ਹੈ। ਜਦ ਅਸੀਂ ਸਮਾਧੀ ਵਿੱਚ ਨਾਮ ਸਿਮਰਨ ਕਰਦੇ ਹਾਂ ਤਾਂ ਅਸੀਂ ਰੂਹਾਨੀਅਤ ਦੇ ਪੜਾਵਾਂ ਦੀਆਂ ਵੱਖ-ਵੱਖ ਪਰਤਾਂ ਵਿੱਚੋਂ ਲੰਘਦੇ ਹਾਂ। ਜਿਸ ਤਰ੍ਹਾਂ ਜਪੁਜੀ ਸਾਹਿਬ ਵਿੱਚ ਦਰਸਾਇਆ ਗਿਆ ਹੈ ਇਹ ਹਨ ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ ਅਤੇ ਸੱਚਖੰਡ। ਜਦ ਅਸੀਂ ਸਮਾਧੀ ਵਿੱਚ ਨਾਮ ਸਿਮਰਨ ਕਰਦੇ ਹਾਂ, ਅਸੀਂ ਅਸਲ ਵਿੱਚ ਪੂਰਨ ਪ੍ਰਕਾਸ਼, ਗੁਰੂ ਦਰਸ਼ਨ, ਸੱਚਖੰਡ ਦਰਸ਼ਨ ਰਾਹੀਂ ਬ੍ਰਹਮ ਅਨੁਭਵ ਕਰਦੇ ਹਾਂ ਅਤੇ ਵੇਖਦੇ ਹਾਂ ਇਹ ਅਸਲ ਅੰਦਰੂਨੀ ਤੀਰਥ ਯਾਤਰਾ ਹੈ। ਬਾਹਰਲੀ ਰਹਿਤ ਅਤੇ ਬਾਹਰਲੇ ਤੀਰਥ ਨਾਲ ਹਿਰਦਾ ਪੂਰਨ ਸਚਿਆਰੀ ਰਹਿਤ ਵਿਚ ਨਹੀਂ ਆਉਂਦਾ ਹੈ। ਨਾਮ ਸਿਮਰਨ ਦੀ ਮਹਾਨ ਸ਼ਕਤੀ ਨਾਲ ਹੀ ਹਿਰਦੇ ਦੀ ਪੂਰਨ ਸਚਿਆਰੀ ਰਹਿਤ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਨਾਮ ਸਿਮਰਨ ਦੀ ਮਹਾਨ ਸ਼ਕਤੀ ਨਾਲ ਹੀ ਹਿਰਦਾ ਸੱਤ ਰੂਪ ਸੰਤ ਹਿਰਦਾ ਬਣ ਸਕਦਾ ਹੈ। ਨਾਮ ਸਿਮਰਨ ਦੀ ਮਹਾਨ ਸ਼ਕਤੀ ਨਾਲ ਹੀ ਹਿਰਦਾ ਸਾਰੇ ਇਲਾਹੀ ਸੱਤ ਗੁਣਾਂ ਨਾਲ ਭਰਪੂਰ ਹੋ ਸਕਦਾ ਹੈ। ਨਾਮ ਸਿਮਰਨ ਦੀ ਮਹਾਨ ਸ਼ਕਤੀ ਨਾਲ ਹੀ ਹਿਰਦਾ ਬੇਅੰਤ ਹੋ ਸਕਦਾ ਹੈ। ਨਾਮ ਸਿਮਰਨ ਦੀ ਮਹਾਨ ਸ਼ਕਤੀ ਨਾਲ ਹੀ ਹਿਰਦਾ ਅਕਾਲ ਪੁਰਖ ਦੀਆਂ ਬ੍ਰਹਮ ਸ਼ਕਤੀਆਂ ਨਾਲ ਭਰਪੂਰ ਹੋ ਸਕਦਾ ਹੈ। ਨਾਮ ਸਿਮਰਨ ਦੀ ਮਹਾਨ ਸ਼ਕਤੀ ਨਾਲ ਹੀ ਅਸੀਂ ਮਾਨਸਰੋਵਰ ਗੁਰਸਾਗਰ ਵਿਚ ਡੁਬਕੀਆਂ ਲਾ ਸਕਦੇ ਹਾਂ।

ਜਦ ਅਸੀਂ ਅਜਿਹੇ ਰੂਹਾਨੀ ਪੜਾਵਾਂ ਵਿੱਚੋਂ ਲੰਘਦੇ ਹਾਂ ਅਤੇ ਸਮਾਧੀ ਅਤੇ ਸੁੰਨ ਸਮਾਧੀ ਵਿੱਚ ਜਾਂਦੇ ਹਾਂ ਤਦ ਅਸੀਂ ਦਰਗਾਹ ਵਿੱਚ ਅਕਾਲ ਪੁਰਖ ਦੀ ਸਰਵ-ਉੱਤਮ ਸੇਵਾ ਲਈ ਪਛਾਣੇ ਜਾਂਦੇ ਹਾਂ। ਅਸੀਂ ਸੱਤ ਸੰਤੋਖ ਵਿਚ ਚਲੇ ਜਾਂਦੇ ਹਾਂ ਅਤੇ ਸਾਰੀਆਂ ਪ੍ਰਸਥਿਤੀਆਂ ਅਤੇ ਸੰਸਾਰਿਕ ਘਟਨਾਵਾਂ ਜੋ ਸਾਡੇ ਆਲੇ-ਦੁਆਲੇ ਵਾਪਰਦੀਆਂ ਹਨ, ਪ੍ਰਮਾਤਮਾ ਦੀ ਇੱਛਾ, ਹੁਕਮ ਅੰਦਰ ਪ੍ਰਤੀਤ ਹੁੰਦੀਆਂ ਹਨ। ਇਸ ਦਾ ਮਤਲਬ ਹੈ ਕਿ ਅਸੀਂ ਅਕਾਲ ਪੁਰਖ ਦੇ ਹੁਕਮ ਨੂੰ ਪਹਿਚਾਣਨ ਦੇ ਯੋਗ ਹੋ ਜਾਂਦੇ ਹਾਂ। ਅਸੀਂ ਕਿਸੇ ਵੀ ਕਾਰਨ ਸ਼ਿਕਾਇਤ ਨਹੀਂ ਕਰਦੇ ਅਤੇ ਸਾਰੀਆਂ ਹੀ ਹਾਲਤਾਂ ਵਿੱਚ ਸ਼ਾਂਤ ਅਤੇ ਅਨੰਦ ਵਿਚ ਰਹਿੰਦੇ ਹਾਂ। ਇਸ ਤਰ੍ਹਾਂ ਕਰਦਿਆਂ ਅਸੀਂ ਰੂਹਾਨੀ ਟੀਚਿਆਂ ਨੂੰ ਪ੍ਰਾਪਤ ਕਰਨ ਦੇ ਯੋਗ ਹੋ ਜਾਂਦੇ ਹਾਂ।

ਹੁਕਮੁ ਬੂਝਿ ਪਰਮ ਪਦੁ ਪਾਈ

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੨੯੨)

ਨਾਮ ਸਿਮਰਨ ਇੱਕ ਅਮੋਲਕ ਵਰਦਾਨ ਹੈ ਜੋ ਸਾਨੂੰ ਕੇਵਲ ਅਕਾਲ ਪੁਰਖ ਦੀਆਂ ਰਹਿਮਤਾਂ ਨਾਲ ਪ੍ਰਾਪਤ ਹੁੰਦਾ ਹੈ – ਇਹ ਹੀ ਗੁਰਪ੍ਰਸਾਦੀ ਦਾ ਮਤਲਬ ਹੈ। ਨਾਮ ਸਿਮਰਨ ਤੋਂ ਕੀਮਤੀ ਕੋਈ ਵੀ ਸੇਵਾ ਨਹੀਂ ਹੈ। ਸਾਨੂੰ ਅਜਿਹੀਆਂ ਰੂਹਾਂ ਦੇ ਚਰਨਾਂ ’ਤੇ ਸੀਸ ਝੁਕਾਉਣਾ ਚਾਹੀਦਾ ਹੈ, ਜਿਨ੍ਹਾਂ ਨੂੰ ਨਾਮ ਸਿਮਰਨ ਦੀ ਰਹਿਮਤ ਦੀ ਬਖ਼ਸ਼ਿਸ਼ ਪ੍ਰਾਪਤ ਹੈ।

ਪ੍ਰਭ ਕਾ ਸਿਮਰਨੁ ਸਭ ਤੇ ਊਚਾ

ਪ੍ਰਭ ਕੈ ਸਿਮਰਨਿ ਉਧਰੇ ਮੂਚਾ

ਪ੍ਰਭ ਕੈ ਸਿਮਰਨਿ ਤ੍ਰਿਸਨਾ ਬੁਝੈ

ਪ੍ਰਭ ਕੈ ਸਿਮਰਨਿ ਸਭੁ ਕਿਛੁ ਸੁਝੈ

ਪ੍ਰਭ ਕੈ ਸਿਮਰਨਿ ਨਾਹੀ ਜਮ ਤ੍ਰਾਸਾ

ਪ੍ਰਭ ਕੈ ਸਿਮਰਨਿ ਪੂਰਨ ਆਸਾ

ਪ੍ਰਭ ਕੈ ਸਿਮਰਨਿ ਮਨ ਕੀ ਮਲੁ ਜਾਇ

ਅੰਮ੍ਰਿਤ ਨਾਮੁ ਰਿਦ ਮਾਹਿ ਸਮਾਇ

ਪ੍ਰਭ ਜੀ ਬਸਹਿ ਸਾਧ ਕੀ ਰਸਨਾ

ਨਾਨਕ ਜਨ ਕਾ ਦਾਸਨਿ ਦਸਨਾ

ਇੱਥੇ ਸਰਵ-ਸ਼ਕਤੀਮਾਨ ਪਰੀਪੂਰਨ ਪਰਮਾਤਮਾ ਨੇ ਪੂਰੀ ਤਰ੍ਹਾਂ ਸਾਫ਼ ਸ਼ਬਦਾਂ ਵਿੱਚ ਦੱਸਿਆ ਹੈ ਕਿ ਕਿਸੇ ਵੀ ਵਿਅਕਤੀ ਦੇ ਮਨ ਵਿੱਚ ਕਿਸੇ ਤਰ੍ਹਾਂ ਦਾ ਭਰਮ ਨਹੀਂ ਹੋਣਾ ਚਾਹੀਦਾ ਕਿ ਨਾਮ ਸਿਮਰਨ ਅਕਾਲ ਪੁਰਖ ਦੀ ਸਰਵ-ਉੱਤਮ ਸੇਵਾ ਹੈ। ਇਸਦਾ ਮਤਲਬ ਹੈ ਕਿ ਸਾਰੇ ਹੀ ਹੋਰ ਧਰਮ ਕਰਮ ਨਾਮ ਸਿਮਰਨ ਦੇ ਤੁੱਲ ਨਹੀਂ ਹਨ। ਇਸ ਲਈ ਅਸੀਂ ਨਾਮ ਸਿਮਰਨ ਲਈ ਸਮਾਂ ਕਿਉਂ ਨਹੀਂ ਦਿੰਦੇ ? ਜਦ ਨਾਮ ਸਿਮਰਨ ਸਾਨੂੰ ਸਭ ਤੋਂ ਉੱਤਮ ਅਤੇ ਸਰਵ-ਉੱਤਮ ਅਨੰਦ, ਪੂਰਨ ਸ਼ਾਂਤੀ, ਪਰਮ ਜੋਤ ਅਤੇ ਪੂਰਨ ਪ੍ਰਕਾਸ਼ ਦਰਸ਼ਨ ਵਰਗੇ ਮਿੱਠੇ ਫਲ ਦਿੰਦਾ ਹੈ ਤਾਂ ਅਸੀਂ ਨਾਮ ਸਿਮਰਨ ਉੱਪਰ ਇਕਾਗਰਚਿੱਤ ਕਿਉਂ ਨਹੀਂ ਹੁੰਦੇ?

ਅਸੀਂ ਸੁਖਮਨੀ ਤੋਂ ਇਹ ਤੱਥ ਸਿੱਖਦੇ ਹਾਂ ਕਿ ਕੇਵਲ ਸੁਖਮਨੀ ਪੜ੍ਹਨਾ ਹੀ ਅਕਾਲ ਪੁਰਖ ਦੀ ਸਰਵ-ਉੱਤਮ ਸੇਵਾ ਨਹੀਂ ਹੈ, ਪਰ ਨਾਮ ਸਿਮਰਨ ਸਰਵ-ਸ਼ਕਤੀਮਾਨ ਦੀ ਸਰਵ-ਉੱਤਮ ਸੇਵਾ ਹੈ। ਇਥੇ ਇਹ ਆਖਣਾ ਗ਼ਲਤ ਨਹੀਂ ਹੋਵੇਗਾ ਕਿ ਜੋ ਮਨੁੱਖ ਬਾਰ-ਬਾਰ ਸੁਖਮਨੀ ਪੜ੍ਹਨ ’ਤੇ ਜ਼ੋਰ ਦਿੰਦੇ ਹਨ ਅਤੇ ਉਹ ਜੋ ਸੁਖਮਨੀ ਕਹਿੰਦੀ ਹੈ ਨਹੀਂ ਕਰਦੇ, ਸੁਖਮਨੀ ਦੇ ਆਧਾਰ ’ਤੇ ਉਨ੍ਹਾਂ ਦੀ ਰੂਹਾਨੀ ਉੱਨਤੀ ਪ੍ਰਸ਼ਨਯੋਗ ਹੈ। ਇਥੇ ਇਹ ਆਖਣਾ ਭੀ ਗ਼ਲਤ ਨਹੀਂ ਹੋਵੇਗਾ ਕਿ ਜੋ ਧਰਮ ਦੇ ਪ੍ਰਚਾਰਕ ਬਾਰ-ਬਾਰ ਸੁਖਮਨੀ ਪੜ੍ਹਨ ਦੀ ਸੰਗਤ ਨੂੰ ਸਲਾਹ ਦਿੰਦੇ ਹਨ ਉਹ ਸੁਖਮਨੀ ਦੇ ਅਧਾਰ ’ਤੇ ਸਹੀ ਨਹੀਂ ਕਰਦੇ ਹਨ। ਗੁਰਬਾਣੀ ਹੀ ਗੁਰਮਤ ਹੈ, ਅਤੇ ਗੁਰਬਾਣੀ ਦੀ ਪਾਲਣਾ ਕਰਨਾ ਹੀ ਗੁਰਮਤ ਦੀ ਪਾਲਣਾ ਕਰਨਾ ਹੈ। ਇਹ ਪੂਰਨ ਤੱਤ ਗਿਆਨ ਦਾ ਹਿੱਸਾ ਹੈ ਅਤੇ ਪੂਰਨ ਭਗਤੀ ਲਈ ਲਾਜ਼ਮੀ ਹੈ। ਉਹ ਲੋਕ ਜੋ ਇਸ ਗਿਆਨ ਦੀ ਪਾਲਣਾ ਨਹੀਂ ਕਰਦੇ, ਉਹ ਸਦਾ ਸਦਾ ਵਾਸਤੇ ਧਰਮ ਖੰਡ ਵਿੱਚ ਹੀ ਖੜ੍ਹ ਜਾਂਦੇ ਹਨ। ਨਾਮ ਸਿਮਰਨ ਹੀ ਇੱਕ ਅਜਿਹਾ ਇਲਾਹੀ ਸ਼ਸਤਰ ਹੈ ਜੋ ਸਾਡੀ ਰੂਹ ਦੇ ਸਭ ਦੁਸ਼ਮਣਾਂ ਨੂੰ ਮਾਰਦਾ ਹੈ। ਇਹ ਵੈਰੀ ਸਾਡੇ ਅਤੇ ਅਕਾਲ ਪੁਰਖ ਦੇ ਵਿਚਕਾਰ ਖੜ੍ਹਦੇ ਹਨ। ਇਹ ਵੈਰੀ ਗੰਭੀਰ ਮਾਨਸਿਕ ਰੋਗ ਹਨ ਅਤੇ ਪਹਿਲਾਂ ਹੀ ਇਹਨਾਂ ਦੀ ਵਿਆਖਿਆ ਕੀਤੀ ਜਾ ਚੁੱਕੀ ਹੈ, ਪਰ ਅਸੀਂ ਫਿਰ ਉਹਨਾਂ ਦਾ ਨਾਮ ਲੈਂਦੇ ਹਾਂ- ਪੰਜ ਦੂਤ, ਨਿੰਦਿਆ, ਚੁਗ਼ਲੀ, ਬਖ਼ੀਲੀ, ਆਸਾ, ਤ੍ਰਿਸ਼ਨਾ ਅਤੇ ਮਨਸਾ।

ਤ੍ਰਿਸ਼ਨਾ ਦਾ ਮਤਲਬ ਇੱਛਾ, ਇਹ ਕੇਵਲ ਨਾਮ ਸਿਮਰਨ ਨਾਲ ਹੀ ਦੂਰ ਹੋ ਸਕਦੀ ਹੈ। ਤ੍ਰਿਸ਼ਨਾ ਸਭ ਤੋਂ ਵੱਡੀ ਮਾਨਸਿਕ ਬੀਮਾਰੀ ਹੈ। ਤ੍ਰਿਸ਼ਨਾ ਹੀ ਹਰ ਤਰ੍ਹਾਂ ਦੇ ਅਸੱਤ ਕਰਮਾਂ ਨੂੰ ਜਨਮ ਦਿੰਦੀ ਹੈ। ਤ੍ਰਿਸ਼ਨਾ ਸਾਨੂੰ ਅਜਿਹੇ ਕੰਮ ਕਰਨ ਦਾ ਕਾਰਨ ਬਣਦੀ ਹੈ ਜੋ ਸਾਨੂੰ ਮਾਇਆ ਵੱਲ ਲੈ ਕੇ ਜਾਂਦੇ ਹਨ। ਤ੍ਰਿਸ਼ਨਾ ਸਾਡਾ ਅਜਿਹਾ ਦੁਸ਼ਮਣ ਹੈ, ਜਿਸਨੂੰ ਮਾਰਨਾ ਸਭ ਤੋਂ ਔਖਾ ਹੈ। ਕੇਵਲ ਨਾਮ ਸਿਮਰਨ ਇਸ ਨੂੰ ਮਾਰ ਸਕਦਾ ਹੈ, ਕਿਉਂਕਿ ਨਾਮ ਸਿਮਰਨ ਹੀ ਸਾਨੂੰ ਅਜਿਹੀ ਅੰਦਰੂਨੀ ਰੋਸ਼ਨੀ ਅਤੇ ਬ੍ਰਹਮ ਗਿਆਨ ਦੀ ਅਸੀਮ ਸ਼ਕਤੀ ਦਿੰਦਾ ਹੈ, ਜੋ ਸਾਡੇ ਚੇਤੰਨ ਰਹਿਣ ਲਈ ਸਹਾਈ ਹੁੰਦਾ ਹੈ। ਜਦ ਅਸੀਂ ਇਹਨਾਂ ਗੰਭੀਰ ਮਾਨਸਿਕ ਬੀਮਾਰੀਆਂ ਤੋਂ ਚੇਤੰਨ ਹੁੰਦੇ ਹਾਂ ਅਸੀਂ ਰੋਜ਼ਾਨਾ ਜ਼ਿੰਦਗੀ ਵਿੱਚ ਇਹਨਾਂ ਦੇ ਪ੍ਰਭਾਵ ਵਿੱਚ ਕੋਈ ਅਸੱਤ ਕਰਮ ਨਹੀਂ ਕਰਦੇ।

ਇਹ ਨਾਮ ਸਿਮਰਨ ਦਾ ਦੈਵੀ ਸ਼ਕਤੀਮਾਨ ਸ਼ਸਤਰ ਸਾਡੀਆਂ ਸਾਰੀਆਂ ਇੱਛਾਵਾਂ ਨੂੰ ਪੂਰੀਆਂ ਕਰਦਾ ਹੈ। ਇਸ ਦਾ ਮਤਲਬ ਹੈ ਕਿ ਨਾਮ ਸਿਮਰਨ ਨਾਲ ਅਸੀਂ ਸਾਰੀਆਂ ਇੱਛਾਵਾਂ ਅਤੇ ਮੌਤ ਦੇ ਡਰ ਤੋਂ ਰਾਹਤ ਪਾ ਲੈਂਦੇ ਹਾਂ। ਨਾਮ ਸਿਮਰਨ ਹੀ ਕੇਵਲ ਅਜਿਹਾ ਸ਼ਸਤਰ ਹੈ, ਜਿਸ ਨਾਲ ਅਸੀਂ ਮੌਤ ਉੱਪਰ ਜਿੱਤ ਪ੍ਰਾਪਤ ਕਰ ਸਕਦੇ ਹਾਂ। ਇਸ ਦਾ ਮਤਲਬ ਹੈ ਕਿ ਅਸੀਂ ਜਨਮ ਮਰਨ ਦੇ ਚੱਕਰ ਤੋਂ ਛੁੱਟ ਜਾਂਦੇ ਹਾਂ। ਕੇਵਲ ਨਾਮ ਸਿਮਰਨ ਹੀ ਸਾਨੂੰ ਅੰਦਰੂਨੀ ਤੌਰ ’ਤੇ ਸਾਫ਼ ਕਰਦਾ ਹੈ, ਜੋ ਕਿ ਸਾਡੇ ਸਾਰੇ ਪੂਰਬਲੇ ਜਨਮਾਂ ਦੇ ਅਸੱਤ ਕਰਮਾਂ ਦੀ ਮੈਲ ਨਾਲ ਢੱਕਿਆ ਹੁੰਦਾ ਹੈ। ਸਾਡਾ ਮਨ ਪੂਰਬਲੇ ਜਨਮਾਂ ਦੀ ਧੂੜ ਨਾਲ ਭਰਿਆ ਹੈ। ਇਹੋ ਹੀ ਕਾਰਨ ਹੈ ਕਿ ਅਸੀਂ ਨਾਮ ਸਿਮਰਨ ਉੱਪਰ ਇਕਾਗਰਚਿੱਤ ਹੋਣ ਦੇ ਯੋਗ ਨਹੀਂ ਹੁੰਦੇ। ਫਿਰ ਵੀ ਜੇਕਰ ਅਸੀਂ ਯਤਨ ਕਰਦੇ ਰਹੀਏ ਅਤੇ ਇਸਨੂੰ ਨਾ ਛੱਡੀਏ ਤਾਂ ਨਾਮ ਸਿਮਰਨ ਸਮੇਂ ਨਾਲ ਸਾਡੇ ਮਨ ਅਤੇ ਅੰਦਰੂਨੀ ਮੈਲ ਨੂੰ ਸਾਫ਼ ਕਰ ਦੇਵੇਗਾ। ਸਾਡਾ ਮਨ ਸਥਿਰ ਹੋ ਜਾਵੇਗਾ ਅਤੇ ਨਾਮ ਅੰਮ੍ਰਿਤ ਵਿੱਚ ਹਮੇਸ਼ਾਂ ਲਈ ਲਿਪਤ ਹੋ ਜਾਵੇਗਾ।

ਨਾਮ ਆਖ਼ਿਰ ਸਾਡੇ ਹਿਰਦੇ ਵਿੱਚ ਚਲਾ ਜਾਂਦਾ ਹੈ ਅਤੇ ਹਮੇਸ਼ਾਂ ਇੱਥੇ ਰਹਿੰਦਾ ਹੈ। ਅਜਿਹੀਆਂ ਰੂਹਾਂ ਸੰਤ ਹਿਰਦਾ ਬਣ ਜਾਂਦੀਆਂ ਹਨ ਅਤੇ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਹਮੇਸ਼ਾਂ ਉਹਨਾਂ ਵਿੱਚ ਵਾਸ ਕਰਦਾ ਹੈ। ਸਾਨੂੰ ਸਾਰਿਆਂ ਨੂੰ ਅਜਿਹੀਆਂ ਰੂਹਾਂ ਦੇ ਅੱਗੇ ਨੱਤਮਸਤਕ ਹੋਣਾ ਚਾਹੀਦਾ ਹੈ, ਜੋ ਆਪਣੇ ਮਨ ਵਿੱਚ ਸਥਿਰ ਹੋ ਗਏ ਹਨ, ਜਿਨ੍ਹਾਂ ਨੇ ਮਨ ਉੱਪਰ ਜਿੱਤ ਪਾ ਲਈ ਹੈ ਅਤੇ ਜਿਨ੍ਹਾਂ ਨੇ ਆਪਣੇ ਆਪ ਨੂੰ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਲੀਨ ਕਰ ਲਿਆ ਹੈ। ਅਜਿਹੀਆਂ ਰੂਹਾਂ ਨਿਮਰਤਾ ਨਾਲ ਭਰਪੂਰ ਹਨ। ਉਹਨਾਂ ਦੀ ਨਿਮਰਤਾ ਉਹਨਾਂ ਨੂੰ ਰੂਹਾਨੀਅਤ ਦੀਆਂ ਸਿਖ਼ਰਾਂ ’ਤੇ ਲੈ ਜਾਂਦੀ ਹੈ। ਉਹ ਕੋਟ ਬ੍ਰਹਿਮੰਡ ਦੇ ਚਰਨਾਂ ਦੀ ਧੂੜ ਬਣ ਜਾਂਦੇ ਹਨ ਅਤੇ ਸਾਨੂੰ ਸਾਰਿਆਂ ਨੂੰ ਉਹਨਾਂ ਦੇ ਚਰਨਾਂ ਵਿੱਚ ਸੀਸ ਝੁਕਾਉਣਾ ਚਾਹੀਦਾ ਹੈ। ਅਜਿਹੀ ਨਿਮਰਤਾ ਕੇਵਲ ਨਾਮ ਸਿਮਰਨ ਨਾਲ ਆਉਂਦੀ ਹੈ। ਨਿਮਰਤਾ ਅਕਾਲ ਪੁਰਖ ਦੀ ਦਰਗਾਹ ਦੀ ਕੁੰਜੀ ਹੈ।

ਪ੍ਰਭ ਕਉ ਸਿਮਰਹਿ ਸੇ ਧਨਵੰਤੇ

ਪ੍ਰਭ ਕਉ ਸਿਮਰਹਿ ਸੇ ਪਤਿਵੰਤੇ

ਪ੍ਰਭ ਕਉ ਸਿਮਰਹਿ ਸੇ ਜਨ ਪਰਵਾਨ

ਪ੍ਰਭ ਕਉ ਸਿਮਰਹਿ ਸੇ ਪੁਰਖ ਪ੍ਰਧਾਨ

ਪ੍ਰਭ ਕਉ ਸਿਮਰਹਿ ਸਿ ਬੇਮੁਹਤਾਜੇ

ਪ੍ਰਭ ਕਉ ਸਿਮਰਹਿ ਸਿ ਸਰਬ ਕੇ ਰਾਜੇ

ਪ੍ਰਭ ਕਉ ਸਿਮਰਹਿ ਸੇ ਸੁਖਵਾਸੀ

ਪ੍ਰਭ ਕਉ ਸਿਮਰਹਿ ਸਦਾ ਅਬਿਨਾਸੀ

ਸਿਮਰਨ ਤੇ ਲਾਗੇ ਜਿਨ ਆਪਿ ਦਇਆਲਾ

ਨਾਨਕ ਜਨ ਕੀ ਮੰਗੈ ਰਵਾਲਾ

          ਸਭ ਤੋਂ ਵੱਡਾ ਖ਼ਜ਼ਾਨਾ ਅਕਾਲ ਪੁਰਖ ਦਾ ਨਾਮ – ਸਤਿਨਾਮੁ ਹੈ। ਜਦ ਅਸੀਂ ਨਾਮ ਸਿਮਰਨ ਵਿਚ ਲੀਨ ਹੋ ਜਾਂਦੇ ਹਾਂ ਤਾਂ ਅਸੀਂ ਅਕਾਲ ਪੁਰਖ ਦੇ ਅਸੀਮ ਖ਼ਜ਼ਾਨਿਆਂ ਦੀ ਪ੍ਰਾਪਤੀ ਕਰ ਲੈਂਦੇ ਹਾਂ। ਜਦ ਅਸੀਂ ਇਹ ਅਮੋਲਕ ਹੀਰਾ ਪ੍ਰਾਪਤ ਕਰਦੇ ਹਾਂ ਇਹ ਸਾਡੇ ਮਨ ਅਤੇ ਹਿਰਦੇ ਵਿਚ ਵੱਸ ਜਾਂਦਾ ਹੈ ਤਦ ਅਸੀਂ ਅਕਾਲ ਪੁਰਖ ਦੀ ਦਰਗਾਹ ਵਿਚ ਮਾਣ ਪ੍ਰਾਪਤ ਕਰਦੇ ਹਾਂ।

     ਸੰਤ ਸਤਿਗੁਰੂ ਪੂਰਨ ਬ੍ਰਹਮਗਿਆਨੀ ਜੋ ਇਸ ਅਮੋਲਕ ਹੀਰੇ ਨਾਮ ਦਾ ਦਾਤਾ ਹੁੰਦਾ ਹੈ ਸਾਰੇ ਬ੍ਰਹਿਮੰਡ ਵਿਚ ਸਭ ਤੋਂ ਅਮੀਰ ਰੂਹ ਬਣ ਜਾਂਦਾ ਹੈ। ਇਸ ਖ਼ਜ਼ਾਨੇ ਤੋਂ ਕੋਈ ਵੀ ਸ਼ੈਅ ਉੱਪਰ ਨਹੀਂ ਹੈ। ਇਸ ਤਰ੍ਹਾਂ ਦੀ ਰੂਹ ਮਾਨਯੋਗ ਹੋ ਜਾਂਦੀ ਹੈ ਅਤੇ ਸਾਰੇ ਬ੍ਰਹਿਮੰਡ ਵਿਚ ਆਦਰ ਪ੍ਰਾਪਤ ਕਰਦੀ ਹੈ। ਅਜਿਹੀਆਂ ਰੂਹਾਂ ਆਪਣੀ ਯਾਤਰਾ ਪੂਰੀ ਕਰ ਲੈਂਦੀਆਂ ਹਨ ਅਤੇ ਦਰਗਾਹ ਵਿਚ ਸਫਲਤਾ-ਪੂਰਵਕ ਪ੍ਰਵਾਨ ਕੀਤੀਆਂ ਜਾਂਦੀਆਂ ਹਨ। ਅਜਿਹੀਆਂ ਰੂਹਾਂ ਹਮੇਸ਼ਾਂ ਉੱਚੀ ਰੂਹਾਨੀਅਤ ਵਾਲੀ ਅਵਸਥਾ ਵਿਚ ਰਹਿੰਦੀਆਂ ਹਨ। ਉਹਨਾਂ ਨੂੰ ਹੋਰ ਕੋਈ ਵੀ ਚੀਜ਼ ਪ੍ਰਾਪਤ ਕਰਨ ਦੀ ਜ਼ਰੂਰਤ ਨਹੀਂ ਰਹਿੰਦੀ। ਉਨ੍ਹਾਂ ਨੇ ਸਭ ਕੁਝ ਪ੍ਰਾਪਤ ਕਰ ਲਿਆ ਹੁੰਦਾ ਹੈ। ਉਨ੍ਹਾਂ ਨੇ ਪਰਮ ਪਦਵੀ ਪਾ ਲਈ ਹੁੰਦੀ ਹੈ ਅਤੇ ਉਹ ਸਾਰੇ ਬ੍ਰਹਿਮੰਡ ਦੇ ਰਾਜਾ ਬਣ ਗਏ ਹੁੰਦੇ ਹਨ, ੧੪ ਲੋਕ ਪ੍ਰਲੋਕਾਂ ਦੇ ਰਾਜੇ।

     ਅਜਿਹੀਆਂ ਰੂਹਾਂ ਜੋ ਵੀ ਵਾਪਰਨਾ ਕਹਿੰਦੀਆਂ ਹਨ, ਵਾਪਰਦਾ ਹੈ। ਉਹਨਾਂ ਦੇ ਸ਼ਬਦ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੁਆਰਾ ਸਤਿਕਾਰੇ ਜਾਂਦੇ ਹਨ। ਅਜਿਹੀਆਂ ਰੂਹਾਂ ਕਦੇ ਨਹੀਂ ਮਰਦੀਆਂ। ਉਹ ਅਨੰਤ ਖ਼ੁਸ਼ੀਆਂ ਅਤੇ ਅਨੰਤ ਸ਼ਾਂਤੀ ਪ੍ਰਾਪਤ ਕਰ ਲੈਂਦੀਆਂ ਹਨ। ਉਹ ਹਰੇਕ ਚੀਜ਼ ਉੱਪਰ ਜਿੱਤ ਪ੍ਰਾਪਤ ਕਰ ਲੈਂਦੇ ਹਨ। ਉਹ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਹਮੇਸ਼ਾਂ ਲੀਨ ਹੋਏ ਰਹਿੰਦੇ ਹਨ। ਅਜਿਹੀਆਂ ਰੂਹਾਂ ਅਕਾਲ ਪੁਰਖ ਦੀ ਬਖ਼ਸ਼ਿਸ਼ ਪ੍ਰਾਪਤ ਕਰਦੀਆਂ ਹਨ। ਉਹਨਾਂ ਨੂੰ ਅਕਾਲ ਪੁਰਖ ਰੂਹਾਨੀਅਤ ਦੀਆਂ ਅਜਿਹੀਆਂ ਉੱਚ ਅਵਸਥਾਵਾਂ ਦੀ ਪ੍ਰਾਪਤੀ ਪ੍ਰਦਾਨ ਕਰਦਾ ਹੈ। ਇਹ ਹੀ ਕਾਰਨ ਹੈ ਕਿ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਨੂੰ ਗੁਰਪ੍ਰਸਾਦੀ ਖੇਡ ਦੇ ਤੌਰ ’ਤੇ ਜਾਣਿਆ ਜਾਂਦਾ ਹੈ। ਸਾਨੂੰ ਸਦਾ ਹੀ ਅਜਿਹੀਆਂ ਰੂਹਾਂ ਦੀ ਚਰਨ ਧੂਲ ਲਈ ਅਰਦਾਸ ਕਰਨੀ ਚਾਹੀਦੀ ਹੈ ਅਤੇ ਇਸ ਤਰ੍ਹਾਂ ਕਰਨ ਨਾਲ ਅਕਾਲ ਪੁਰਖ ਸਾਡੇ ਉੱਪਰ ਬਖ਼ਸ਼ਿਸ਼ ਕਰੇਗਾ ਅਤੇ ਸਾਨੂੰ ਇਸ ਗੁਰਪ੍ਰਸਾਦੀ ਖੇਡ ਵਿੱਚ ਸ਼ਾਮਿਲ ਕਰੇਗਾ। ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਵਿਚੋਂ ਕੁਝ ਵੀ ਗੁਰਕਿਰਪਾ ਦੇ ਬਿਨਾਂ ਪ੍ਰਾਪਤ ਨਹੀਂ ਹੋ ਸਕਦਾ। ਸਾਨੂੰ ਸਾਰਿਆਂ ਨੂੰ ਗੁਰਕਿਰਪਾ ਲਈ ਅਰਦਾਸ ਕਰਨੀ ਚਾਹੀਦੀ ਹੈ ਅਤੇ ਨਾਮ ਸਿਮਰਨ ਦੇ ਅਨਾਦਿ ਖ਼ਜ਼ਾਨੇ ਦੀ ਮੰਗ ਕਰਨੀ ਚਾਹੀਦੀ ਹੈ।

ਪ੍ਰਭ ਕਉ ਸਿਮਰਹਿ ਸੇ ਪਰਉਪਕਾਰੀ

ਪ੍ਰਭ ਕਉ ਸਿਮਰਹਿ ਤਿਨ ਸਦ ਬਲਿਹਾਰੀ

ਪ੍ਰਭ ਕਉ ਸਿਮਰਹਿ ਸੇ ਮੁਖ ਸੁਹਾਵੇ

ਪ੍ਰਭ ਕਉ ਸਿਮਰਹਿ ਤਿਨ ਸੂਖਿ ਬਿਹਾਵੈ

ਪ੍ਰਭ ਕਉ ਸਿਮਰਹਿ ਤਿਨ ਆਤਮੁ ਜੀਤਾ

ਪ੍ਰਭ ਕਉ ਸਿਮਰਹਿ ਤਿਨ ਨਿਰਮਲ ਰੀਤਾ

ਪ੍ਰਭ ਕਉ ਸਿਮਰਹਿ ਤਿਨ ਅਨਦ ਘਨੇਰੇ

ਪ੍ਰਭ ਕਉ ਸਿਮਰਹਿ ਬਸਹਿ ਹਰਿ ਨੇਰੇ

ਸੰਤ ਕ੍ਰਿਪਾ ਤੇ ਅਨਦਿਨੁ ਜਾਗਿ

ਨਾਨਕ ਸਿਮਰਨੁ ਪੂਰੈ ਭਾਗਿ

ਇਸ ਨਾਮ ਸਿਮਰਨ ਦੇ ਅਨਾਦਿ ਖ਼ਜ਼ਾਨੇ ਨਾਲ ਸਾਡਾ ਹਿਰਦਾ ਬਹੁਤ ਸ਼ਕਤੀਸ਼ਾਲੀ, ਬੇਅੰਤ, ਪੂਰਨ ਸਚਿਆਰਾ, ਸੱਤ ਰੂਪ, ਸੱਤ ਗੁਣਾਂ ਨਾਲ ਭਰਪੂਰ ਅਤੇ ਵਿਸ਼ਾਲ ਹੋ ਜਾਵੇਗਾ। ਨਾਮ ਸਿਮਰਨ ਸਾਡੇ ਹਿਰਦੇ ਵਿੱਚ ਸਾਰੇ ਸੱਤ ਗੁਣ ਭਰ ਦੇਵੇਗਾ, ਸਾਨੂੰ ਨਿਰਸਵਾਰਥੀ ਬਣਾ ਕੇ ਦੂਜਿਆਂ ਲਈ ਬਲੀਦਾਨ ਦੇਣ ਦੇ ਕਾਬਿਲ ਬਣਾ ਦੇਵੇਗਾ। ਗ਼ਰੀਬਾਂ ਅਤੇ ਲੋੜਵੰਦਾਂ ਦੀ ਮਦਦ, ਦੂਸਰਿਆਂ ਦਾ ਭਲਾ ਕਰਨਾ, ਦੂਸਰਿਆਂ ਦੇ ਚੰਗੇ ਜੀਵਨ ਲਈ ਸੋਚਣਾ ਅਤੇ ਕੇਵਲ ਆਪਣੇ ਲਈ ਨਾ ਜੀਣਾ, ਦੂਸਰਿਆਂ ਨੂੰ ਉੱਪਰ ਚੁੱਕਣ ਲਈ ਜੀਣ ਦੇ ਸੱਤ ਗੁਣਾਂ ਨਾਲ ਸਾਡਾ ਜੀਵਨ ਭਰਪੂਰ ਕਰ ਦੇਵੇਗਾ। ਅਜਿਹੇ ਗੁਣ ਸਾਡੀ ਜ਼ਿੰਦਗੀ ਨੂੰ ਸਮਾਜ ਵਿੱਚ ਹੋਰ ਜ਼ਿਆਦਾ ਅਰਥ ਪੂਰਨ ਬਣਾਉਂਦੇ ਹਨ, ਜ਼ਰਾ ਕਲਪਨਾ ਕਰੋ ਜੇਕਰ ਹਰ ਕੋਈ ਅਜਿਹਾ ਬਣ ਜਾਵੇ ਕੀ ਇਹ ਸੱਤ ਦਾ ਯੁੱਗ ਨਹੀਂ ਹੋ ਜਾਵੇਗਾ – ਸਤਿਯੁੱਗ ?

ਇਹ ਸੰਤ ਹਿਰਦੇ ਦੀਆਂ ਅਤਿ ਮਹੱਤਵਪੂਰਨ ਨਿਸ਼ਾਨੀਆਂ ਹਨ ਅਤੇ ਅਜਿਹੀਆਂ ਰੂਹਾਂ ਦਰਗਾਹ ਅਤੇ ਬ੍ਰਹਿਮੰਡ ਵਿੱਚ ਸਤਿਕਾਰ ਪ੍ਰਾਪਤ ਕਰਦੀਆਂ ਹਨ। ਅਜਿਹੀਆਂ ਰੂਹਾਂ ਦਾ ਚਿਹਰਾ ਸਮਾਜ ਅਤੇ ਦਰਗਾਹ ਵਿੱਚ ਹਮੇਸ਼ਾਂ ਹੀ ਚਮਕਦਾ ਅਤੇ ਜਗਮਗਾਉਂਦਾ ਹੁੰਦਾ ਹੈ। ਉਹ ਹਮੇਸ਼ਾਂ ਹੀ ਅਨਾਦਿ ਆਰਾਮ ਅਤੇ ਅੰਦਰੂਨੀ ਖ਼ੁਸ਼ੀਆਂ ਦੀ ਸਰਵ-ਉੱਤਮ ਦਸ਼ਾ ਮਾਣਦੇ ਹਨ। ਅਜਿਹੀਆਂ ਰੂਹਾਂ ਮਨ ਉੱਪਰ ਜਿੱਤ ਪ੍ਰਾਪਤ ਕਰਦੀਆਂ ਹਨ ਅਤੇ ਉਹਨਾਂ ਦੀ ਜ਼ਿੰਦਗੀ ਸ਼ੁੱਧ ਅਤੇ ਪਵਿੱਤਰ, ਸੱਚੀ ਅਤੇ ਮਾਨਯੋਗ ਹੁੰਦੀ ਹੈ। ਅਜਿਹੀਆਂ ਰੂਹਾਂ ਸਦਾ ਹੀ ਨਾਮ ਸਿਮਰਨ ਵਿੱਚ ਲੀਨ ਰਹਿੰਦੀਆਂ ਹਨ ਅਤੇ ਹਮੇਸ਼ਾਂ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਵਿਚ ਲੀਨ ਰਹਿੰਦੀਆਂ ਹਨ, ਉਹ ਅਨਾਦਿ ਅਨੰਦ, ਕਦੇ ਨਾ ਖ਼ਤਮ ਹੋਣ ਵਾਲੇ ਅਨੰਦ ਸਤ ਚਿੱਤ ਅਨੰਦ ਵਿਚ ਰਹਿੰਦੀਆਂ ਹਨ। ਅਜਿਹੀਆਂ ਰੂਹਾਂ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਵਿਚ ਅਭੇਦ ਰਹਿੰਦੀਆਂ ਹਨ। ਉਹ ਹਰ ਪਲ ਆਪਣੇ ਆਲੇ-ਦੁਆਲੇ ਵਾਪਰਨ ਵਾਲੀਆਂ ਘਟਨਾਵਾਂ ਤੋਂ ਜਾਣੂ ਰਹਿੰਦੀਆਂ ਹਨ।

ਅਸੀਂ ਕਿਸ ਤਰ੍ਹਾਂ ਉਸ ਰੂਹ ਵਰਗੇ ਹੋ ਸਕਦੇ ਹਾਂ, ਜਿਸ ਬਾਰੇ ਉੱਪਰ ਦੱਸਿਆ ਹੈ? ਕੇਵਲ ਇੱਕ ਸੰਤ ਦੀ ਬਖ਼ਸ਼ਿਸ਼ ਦੁਆਰਾ ਹੀ। ਇਸ ਦਾ ਮਤਲਬ ਹੈ ਕਿ ਅਜਿਹਾ ਰੂਹਾਨੀ ਖ਼ਜ਼ਾਨਾ ਕੇਵਲ ਪੂਰਨ ਸੰਤ ਸਤਿਗੁਰੂ, ਪੂਰਨ ਬ੍ਰਹਮ ਗਿਆਨੀ, ਇੱਕ ਪ੍ਰਗਟਿਓ ਜੋਤਿ, ਜਿਸਨੇ ਆਪਣੇ ਆਪ ਨੂੰ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਅਭੇਦ ਕਰ ਲਿਆ ਹੈ ਅਤੇ ਉਸ ਨਾਲ ਇੱਕ-ਮਿੱਕ ਹੋ ਗਈਆਂ ਹਨ, ਦੁਆਰਾ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਇਹ ਹੀ ਕਾਰਨ ਹੈ ਕਿ ਇਸ ਨੂੰ ਅਸੀਂ ਅਨਾਦਿ ਖੇਡ ਗੁਰਪ੍ਰਸਾਦੀ ਖੇਡ ਕਹਿੰਦੇ ਹਾਂ। ਅਸੀਂ ਇਸ ਗੁਰਪ੍ਰਸਾਦੀ ਖੇਡ ਨੂੰ ਤਦ ਹੀ ਖੇਡ ਸਕਦੇ ਹਾਂ ਜੇਕਰ ਅਸੀਂ ਬਹੁਤ ਹੀ ਕਿਸਮਤ ਵਾਲੇ ਹਾਂ ਅਤੇ ਅਜਿਹੀ ਰੂਹ ਜੋ ਪੂਰਨ ਸੰਤ ਹੈ, ਦੇ ਸੰਪਰਕ ਵਿੱਚ ਆਉਂਦੇ ਹਾਂ ਅਤੇ ਉਸ ਦੀਆਂ ਗੁਰਪ੍ਰਸਾਦੀ ਅਸੀਸਾਂ ਨੂੰ ਪ੍ਰਾਪਤ ਕਰਦੇ ਹਾਂ। ਕੇਵਲ ਇੱਕ ਪੂਰਨ ਸੰਤ ਸਾਨੂੰ ਇਹ ਨਾਮ ਦਾ ਅਨਾਦਿ ਖ਼ਜ਼ਾਨਾ ਦੇ ਸਕਦਾ ਹੈ ਅਤੇ ਸਾਨੂੰ ਇਸ ਅਨਾਦਿ ਅਤੇ ਮੁਕਤੀ ਦੀ ਰਾਹ ’ਤੇ ਪਾਉਂਦਾ ਹੈ, ਜੋ ਸੱਚਖੰਡ ਅਤੇ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਵਿਚ ਅਭੇਦ ਹੈ ਅਤੇ ਇਸ ਦੇ ਫਲਸਰੂਪ ਸਾਨੂੰ ਗੁਰਪ੍ਰਸਾਦਿ ਦੇ ਕੇ ਸੰਤ ਹਿਰਦਾ ਬਣਾ ਸਕਦਾ ਹੈ।

 

ਪ੍ਰਭ ਕੈ ਸਿਮਰਨਿ ਕਾਰਜ ਪੂਰੇ

ਪ੍ਰਭ ਕੈ ਸਿਮਰਨਿ ਕਬਹੁ ਨ ਝੂਰੇ

ਪ੍ਰਭ ਕੈ ਸਿਮਰਨਿ ਹਰਿ ਗੁਨ ਬਾਨੀ

ਪ੍ਰਭ ਕੈ ਸਿਮਰਨਿ ਸਹਜਿ ਸਮਾਨੀ

ਪ੍ਰਭ ਕੈ ਸਿਮਰਨਿ ਨਿਹਚਲ ਆਸਨੁ

ਪ੍ਰਭ ਕੈ ਸਿਮਰਨਿ ਕਮਲ ਬਿਗਾਸਨੁ

ਪ੍ਰਭ ਕੈ ਸਿਮਰਨਿ ਅਨਹਦ ਝੁਨਕਾਰ

ਸੁਖੁ ਪ੍ਰਭ ਸਿਮਰਨ ਕਾ ਅੰਤੁ ਨ ਪਾਰ

ਸਿਮਰਹਿ ਸੇ ਜਨ ਜਿਨ ਕਉ ਪ੍ਰਭ ਮਇਆ

ਨਾਨਕ ਤਿਨ ਜਨ ਸਰਨੀ ਪਇਆ

ਉਹ ਰੂਹ ਅਤੇ ਮਨ ਜੋ ਨਾਮ ਸਿਮਰਨ ਵਿੱਚ ਅਭੇਦ ਹੁੰਦਾ ਹੈ, ਉਸ ਨੂੰ ਕਿਸੇ ਸੰਸਾਰਿਕ ਇੱਛਾਵਾਂ ਦੀ ਜ਼ਰੂਰਤ ਨਹੀਂ ਰਹਿੰਦੀ। ਉਹ ਹਮੇਸ਼ਾਂ ਪੂਰਨ ਸੰਤੁਸ਼ਟੀ ਦੀ ਅਵਸਥਾ ਸੱਤ ਸੰਤੋਖ ਵਿੱਚ ਰਹਿੰਦੇ ਹਨ। ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹਿੰਦੀ। ਕੋਈ ਵੀ ਸੰਸਾਰਿਕ ਆਰਾਮ ਉਸ ਨੂੰ ਭਰਮਾ ਨਹੀਂ ਸਕਦੇ। ਉਸ ਦੀਆਂ ਸਾਰੀਆਂ ਚਿੰਤਾਵਾਂ ਦੂਰ ਹੋ ਜਾਂਦੀਆਂ ਹਨ। ਇਹ ਉਸ ਲਈ ਇਸ ਕਾਰਨ ਵਾਪਰਦਾ ਹੈ, ਕਿਉਂਕਿ ਉਸਦੇ ਸਾਰੇ ਕਰਮ ਅਕਾਲ ਪੁਰਖ ਦੇ ਹੁਕਮ ਨਾਲ ਹੁੰਦੇ ਹਨ। ਅਸਲ ਵਿੱਚ ਉਸਦਾ ਮਨ ਅਤੇ ਆਤਮਾ ਪੂਰਨ ਤੌਰ ’ਤੇ ਸ਼ਾਂਤ ਹੋ ਜਾਂਦੇ ਹਨ। ਇਹ ਬਹੁਤ ਹੀ ਉੱਚ ਰੂਹਾਨੀ ਅਵਸਥਾ ਹੈ ਜਿਸ ਵਿੱਚ ਰੂਹ ਰਹਿੰਦੀ ਹੈ। ਅਜਿਹੀ ਅਵਸਥਾ ਕੇਵਲ ਸੱਚਖੰਡ ਵਿੱਚ ਆਉਂਦੀ ਹੈ। ਇਹ ਉਦੋਂ ਹੁੰਦਾ ਹੈ, ਜਦੋਂ ਵਿਅਕਤੀ ਪੂਰਨ ਤੌਰ ’ਤੇ ਸੱਚਾ ਹੁੰਦਾ ਹੈ, ਸੱਚ ਬੋਲਦਾ ਹੈ, ਸੱਚ ਨੂੰ ਸੁਣਦਾ ਹੈ ਅਤੇ ਕੇਵਲ ਸੱਚ ਦੀ ਸੇਵਾ ਕਰਦਾ ਹੈ।

ਅਜਿਹੀ ਰੂਹ ਹਮੇਸ਼ਾਂ ਅਕਾਲ ਪੁਰਖ ਦੀ ਉਸਤਤਿ ਵਿੱਚ ਲੀਨ ਰਹਿੰਦੀ ਹੈ ਅਤੇ ਗੁਰੂ ਅਤੇ ਸੰਗਤ ਦੀ ਸੇਵਾ ਵਿੱਚ ਰਹਿੰਦੀ ਹੈ। ਅਜਿਹੀ ਰੂਹ ਹਮੇਸ਼ਾਂ ਹੀ ਸ਼ਾਂਤ ਅਤੇ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਲੀਨ ਰਹਿੰਦੀ ਹੈ। ਕੁਝ ਵੀ ਅਜਿਹੀ ਰੂਹ ਨੂੰ ਵਿਚਲਿਤ ਨਹੀਂ ਕਰ ਸਕਦਾ ਜਦ ਕਿ ਉਹ ਸਦਾ ਅਨਾਦਿ, ਸ਼ਾਂਤੀ ਅਤੇ ਅਨੰਦ ਵਾਲੀ ਦਸ਼ਾ ਵਿੱਚ ਰਹਿੰਦਾ ਹੈ। ਉਸ ਦਾ ਹਿਰਦਾ ਹਮੇਸ਼ਾਂ ਕਮਲ ਦੇ ਫੁੱਲ ਵਾਂਗ ਖਿੜਿਆ ਰਹਿੰਦਾ ਹੈ।

ਅਜਿਹੀਆਂ ਰੂਹਾਂ ਸਰੀਰ ਵਿੱਚ ਲਗਾਤਾਰ ਅਨਾਦਿ ਸੰਗੀਤਕ ਲਹਿਰਾਂ ਦਾ ਅਨੰਦ ਮਾਣਦੀਆਂ ਹਨ। ਉਹ ਹਮੇਸ਼ਾਂ ਕਦੀ ਨਾ ਖ਼ਤਮ ਹੋਣ ਵਾਲੀਆਂ ਅਨਾਦਿ ਖ਼ੁਸ਼ੀਆਂ ਵਿੱਚ ਸਰਸ਼ਾਰ ਰਹਿੰਦੀਆਂ ਹਨ। ਕੇਵਲ ਉਹ ਲੋਕ ਜੋ ਅਕਾਲ ਪੁਰਖ ਦੀ ਬਖ਼ਸ਼ਿਸ਼ ਪ੍ਰਾਪਤ ਕਰਦੇ ਹਨ। ਇਸ ਨਾਮ ਸਿਮਰਨ ਦੇ ਅਨਾਦਿ ਖ਼ਜ਼ਾਨੇ ਨੂੰ ਪ੍ਰਾਪਤ ਕਰਦੇ ਹਨ। ਇਹ ਗੁਰਪ੍ਰਸਾਦੀ ਖੇਡ ਹੈ। ਅਸੀਂ ਬੜੇ ਭਾਗਾਂ ਵਾਲੇ ਹੋਵਾਂਗੇ ਜੇਕਰ ਅਸੀਂ ਅਜਿਹੀਆਂ ਰੂਹਾਂ ਦੀ ਸੰਗਤ ਪ੍ਰਾਪਤ ਕਰ ਸਕੀਏ ਜੋ ਗੁਰਪ੍ਰਸਾਦੀ ਨਾਮ ਸਿਮਰਨ ਨਾਲ ਬਖ਼ਸ਼ੀਆਂ ਹੋਈਆਂ ਹਨ ਅਤੇ ਸਾਨੂੰ ਅਜਿਹੀਆਂ ਰੂਹਾਂ ਦੇ ਸਾਹਮਣੇ ਨੱਤਮਸਤਕ ਹੋਣਾ ਚਾਹੀਦਾ ਹੈ। ਪੂਰਨ ਨਿਮਰਤਾ ਹੀ ਸਫਲਤਾ ਦੀ ਕੁੰਜੀ ਹੈ।

ਹਰਿ ਸਿਮਰਨੁ ਕਰਿ ਭਗਤ ਪ੍ਰਗਟਾਏ

ਹਰਿ ਸਿਮਰਨਿ ਲਗਿ ਬੇਦ ਉਪਾਏ

ਹਰਿ ਸਿਮਰਨਿ ਭਏ ਸਿਧ ਜਤੀ ਦਾਤੇ

ਹਰਿ ਸਿਮਰਨਿ ਨੀਚ ਚਹੁ ਕੁੰਟ ਜਾਤੇ

ਹਰਿ ਸਿਮਰਨਿ ਧਾਰੀ ਸਭ ਧਰਨਾ

ਸਿਮਰਿ ਸਿਮਰਿ ਹਰਿ ਕਾਰਨ ਕਰਨਾ

ਹਰਿ ਸਿਮਰਨਿ ਕੀਓ ਸਗਲ ਅਕਾਰਾ

ਹਰਿ ਸਿਮਰਨ ਮਹਿ ਆਪਿ ਨਿਰੰਕਾਰਾ

ਕਰਿ ਕਿਰਪਾ ਜਿਸੁ ਆਪਿ ਬੁਝਾਇਆ

ਨਾਨਕ ਗੁਰਮੁਖਿ ਹਰਿ ਸਿਮਰਨੁ ਤਿਨਿ ਪਾਇਆ

ਸਾਰੇ ਹੀ ਸੰਤਾਂ ਅਤੇ ਭਗਤਾਂ ਦੀ ਹੋਂਦ ਨਾਮ ਸਿਮਰਨ ਦੁਆਰਾ ਹੀ ਹੋਈ ਹੈ। ਅਜਿਹੀਆਂ ਰੂਹਾਂ ਰੂਹਾਨੀਅਤ ਦੇ ਇਸ ਉੱਚੇ ਪੱਧਰ ਨੂੰ ਤਦ ਹੀ ਪ੍ਰਾਪਤ ਕਰ ਸਕੀਆਂ ਜਦ ਉਨ੍ਹਾਂ ਨੇ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਦਾ ਗੁਰਪ੍ਰਸਾਦਿ ਪ੍ਰਾਪਤ ਕੀਤਾ। ਕਿਉਂਕਿ ਉਹਨਾਂ ਨੇ ਨਾਮ ਸਿਮਰਨ ਦੇ ਅਨਾਦਿ ਖ਼ਜ਼ਾਨੇ ਨੂੰ ਪ੍ਰਾਪਤ ਕੀਤਾ ਅਤੇ ਸਾਰਾ ਹੀ ਜੀਵਨ ਲਗਾਤਾਰ ਇਸ ਨੂੰ ਨਿਭਾਇਆ। ਇਸ ਤਰ੍ਹਾਂ ਹੀ ਇਹ ਰੂਹਾਂ ਰੂਹਾਨੀਅਤ ਤੌਰ ’ਤੇ ਇੰਨੀਆਂ ਸ਼ਕਤੀਸ਼ਾਲੀ ਹੋਈਆਂ ਅਤੇ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਇੱਕ-ਮਿੱਕ ਹੋ ਗਈਆਂ।

ਅਜਿਹੀਆਂ ਕਈ ਰੂਹਾਂ ਹਨ, ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਾਡੇ ਦਸ ਗੁਰੂ ਅਵਤਾਰਾਂ ਦੇ ਨਾਲ ਹੀ ਦਰਜ ਹੈ। ਉਹਨਾਂ ਵਿੱਚੋਂ ਕੁਝ ਹਨ, ਸੰਤ ਕਬੀਰ ਜੀ, ਭਗਤ ਰਵੀਦਾਸ ਜੀ, ਭਗਤ ਨਾਮਦੇਵ ਜੀ, ਭਗਤ ਬਾਬਾ ਫਰੀਦ ਜੀ, ਭਗਤ ਪੀਪਾ ਜੀ, ਭਗਤ ਸੈਣ ਨਾਈ ਜੀ, ਭਗਤ ਬੇਣੀ ਜੀ ਅਤੇ ਹੋਰ ਜਿਨ੍ਹਾਂ ਨੇ ਪਰਮ ਪਦਵੀ ਪ੍ਰਾਪਤ ਕੀਤੀ ਅਤੇ ਪੂਰਨ ਬ੍ਰਹਮ ਗਿਆਨੀ ਬਣੇ, ਅਜਿਹੀਆਂ ਰੂਹਾਂ ਪ੍ਰਗਟਿਓ ਜੋਤ ਪੂਰਨ ਬ੍ਰਹਮ ਗਿਆਨੀ ਦੇ ਤੌਰ ’ਤੇ ਜਾਣੀਆਂ ਜਾਂਦੀਆਂ ਹਨ। ਅਜਿਹੀਆਂ ਰੂਹਾਂ ਦਸਮ ਪਾਤਿਸ਼ਾਹ ਜੀ ਤੋਂ ਬਾਅਦ ਵੀ ਇਸ ਸੰਸਾਰ ਵਿੱਚ ਆਉਂਦੀਆਂ ਰਹੀਆਂ ਹਨ। ਉਹਨਾਂ ਵਿੱਚੋਂ ਕੁਝ ਹਨ : ਸੰਤ ਬਾਬਾ ਨੰਦ ਸਿੰਘ ਜੀ, ਸੰਤ ਬਾਬਾ ਈਸ਼ਰ ਸਿੰਘ ਜੀ ਅਤੇ ਸੰਤ ਬਾਬਾ ਅਤਰ ਸਿੰਘ ਜੀ। ਅਜਿਹੀਆਂ ਰੂਹਾਂ ਜੋ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸਰਵ-ਉੱਤਮ ਸੇਵਾ ਵਿੱਚ ਲੀਨ ਹਨ, ਨਾਮ ਸਿਮਰਨ ਵਿੱਚ ਹਨ, ਅੱਜ ਵੀ ਇਸ ਧਰਤੀ ’ਤੇ ਹਨ। ਉਹ ਆਉਣ ਵਾਲੇ ਸਾਰੇ ਸਮਿਆਂ ਵਿੱਚ ਵੀ ਸੰਗਤ ਨੂੰ ਰੂਹਾਨੀ ਸ਼ਕਤੀ ਅਤੇ ਅਗਵਾਈ ਦਿੰਦੀਆਂ ਰਹਿਣਗੀਆਂ। ਉਹਨਾਂ ਵਿੱਚੋਂ ਕੁਝ ਇਹਨਾਂ ਸਮਿਆਂ ਵਿੱਚ ਵੀ ਹਨ, ਉਹ ਸੰਗਤ ਦੀ ਸੇਵਾ ਕਰ ਰਹੀਆਂ ਹਨ ਅਤੇ ਇਸ ਸੰਸਾਰ ਵਿੱਚ ਹਰ ਆਉਣ ਵਾਲੇ ਸਮਿਆਂ ਵਿੱਚ ਵੀ ਆਉਂਦੀਆਂ ਰਹਿਣਗੀਆਂ। ਇਨ੍ਹਾਂ ਰੂਹਾਂ ਦੇ ਸਿਰ ’ਤੇ ਹੀ ਸਾਰਾ ਸੰਸਾਰ ਚਲਦਾ ਹੈ :

ਹਰਿ ਜੁਗੁ ਜੁਗੁ ਭਗਤ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੇ

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੪੫੧)

ਇਹ ਅਨਾਦਿ ਖ਼ਜ਼ਾਨੇ ਨਾਮ ਸਿਮਰਨ ਦੀ ਸ਼ਕਤੀ ਹੀ ਸੀ ਜਿਸ ਨਾਲ ਕਈਆਂ ਰਿਸ਼ੀਆਂ ਮੁਨੀਆਂ ਨੇ ਬ੍ਰਹਮ ਗਿਆਨ ਦੀ ਪਦਵੀ ਪਾਈ ਅਤੇ ਕਈ ਧਾਰਮਿਕ ਪੁਸਤਕਾਂ ਲਿਖੀਆਂ – ਵੇਦ ਅਤੇ ਪੁਰਾਨ ਅਤੇ ਹੋਰ ਧਰਮ ਗ੍ਰੰਥ। ਕੇਵਲ ਨਾਮ ਸਿਮਰਨ ਹੀ ਅਜਿਹੀਆਂ ਰੂਹਾਂ ਪੈਦਾ ਕਰਦਾ ਹੈ ਜੋ ਸਿੱਧ ਬਣਦੀਆਂ ਹਨ – ਜੋ ਰੂਹਾਨੀਅਤ ਦੀ ਬਹੁਤ ਉੱਚੀ ਅਵਸਥਾ ਵਿੱਚ ਜਿਊਂਦੀਆਂ ਹਨ। ਕੇਵਲ ਨਾਮ ਸਿਮਰਨ ਹੀ ਅਜਿਹੀਆਂ ਰੂਹਾਂ ਪੈਦਾ ਕਰਦਾ ਹੈ ਜੋ ਜਤੀ ਹੁੰਦੀਆਂ ਹਨ – ਜਿਨ੍ਹਾਂ ਦਾ ਪੰਜ ਦੂਤਾਂ ’ਤੇ ਕਾਬੂ ਹੁੰਦਾ ਹੈ।

ਇਹ ਧਰਤੀ ਅਤੇ ਧਰਤੀ ਉੱਪਰ ਜੀਵਨ ਅਜਿਹੀਆਂ ਰੂਹਾਂ ਨਾਲ ਹੀ ਚੱਲ ਰਿਹਾ ਹੈ ਜੋ ਰੂਹਾਨੀਅਤ ਦੀ ਉੱਚੀ ਦਸ਼ਾ ਨੂੰ ਪਾ ਲੈਂਦੀਆਂ ਹਨ ਅਤੇ ਪੂਰਨ ਸੰਤ ਬਣਦੀਆਂ ਹਨ, ਪੂਰਨ ਬ੍ਰਹਮ ਗਿਆਨੀ ਬਣਦੀਆਂ ਹਨ। ਪ੍ਰਮਾਤਮਾ ਨੇ ਸਾਰਾ ਸੰਸਾਰ ਸਾਡੇ ਜੀਵਾਂ ਲਈ ਇਸ ਅਨਾਦਿ ਖੇਡ ਵਿੱਚ ਸ਼ਾਮਿਲ ਹੋ ਕੇ ਮੁਕਤੀ ਪ੍ਰਾਪਤ ਕਰਨ ਲਈ ਬਣਾਇਆ ਹੈ। ਇਹ ਸਭ ਤੋਂ ਉੱਚਾ ਅਨਾਦਿ ਮੰਤਵ ਹੀ ਸਾਨੂੰ ਜੀਵਾਂ ਨੂੰ ਉਸ ਸਰਵ-ਸ਼ਕਤੀਮਾਨ ਨੇ ਦਿੱਤਾ ਹੈ। ਅਕਾਲ ਪੁਰਖ ਸਰਵ-ਵਿਆਪਕ ਹੈ ਅਤੇ ਉਹ ਆਪਣੀ ਮੌਜੂਦਗੀ ਹਰ ਜਗ੍ਹਾ ’ਤੇ ਪ੍ਰਗਟ ਕਰਦਾ ਹੈ, ਜਿੱਥੇ ਨਾਮ ਸਿਮਰਨ ਹੈ ਅਤੇ ਜਿਹੜਾ ਵੀ ਇਸ ਅਨਾਦਿ ਖ਼ਜ਼ਾਨੇ ਨਾਮ ਸਿਮਰਨ ਵਿੱਚ ਰੁੱਝਾ ਹੋਇਆ ਹੈ ਉਹ ਇਸ ਭੇਦ ਨੂੰ ਪਾ ਲੈਂਦਾ ਹੈ।

ਇੱਥੇ ਬਹੁਤ ਹੀ ਸ਼ੀਸ਼ੇ ਦੀ ਤਰ੍ਹਾਂ ਸਾਫ਼ ਕੀਤਾ ਗਿਆ ਹੈ ਕਿ ਜੇਕਰ ਅਸੀਂ ਪੂਰਨ ਵਿਸ਼ਵਾਸ ਅਤੇ ਨਿਸਚੇ ਨਾਲ ਨਾਮ ਸਿਮਰਨ ਕਰਦੇ ਹਾਂ ਤਦ ਪ੍ਰਮਾਤਮਾ ਸਾਡੇ ਹਿਰਦੇ ਵਿੱਚ ਪ੍ਰਗਟ ਹੁੰਦਾ ਹੈ ਅਤੇ ਅਸੀਂ ਇਸ ਦਾ ਅਨੁਭਵ ਹਰ ਪਲ ਲਗਾਤਾਰ ਕਰਦੇ ਹਾਂ। ਇਹ ਅਨਾਦਿ ਸੱਚ ਹੈ, ਪਰ ਇੱਥੇ ਦੁਬਾਰਾ ਸਾਫ਼ ਸ਼ਬਦਾਂ ਵਿੱਚ ਇਹ ਦੱਸਿਆ ਗਿਆ ਹੈ ਕਿ ਇੱਕ ਗੁਰਮੁਖਿ, ਪੂਰਨ ਸੰਤ ਸਾਨੂੰ ਇਸ ਨਾਮ ਸਿਮਰਨ ਦੇ ਰਸਤੇ ’ਤੇ ਪਾ ਸਕਦਾ ਹੈ। ਯਾਦ ਰਹੇ ਕਿ ਇਹ ਅਕਾਲ ਪੁਰਖ ਪਾਰਬ੍ਰਹਮ ਪ੍ਰਮੇਸ਼ਰ ਦੀ ਬਖ਼ਸ਼ਿਸ਼ ਨਾਲ ਹੀ ਹੁੰਦਾ ਹੈ।

ਇਸਦਾ ਮਤਲਬ ਫਿਰ ਇਸ ਤੋਂ ਹੈ ਕਿ ਇਹ ਸਾਰੀ ਗੁਰਪ੍ਰਸਾਦੀ ਖੇਡ ਹੈ। ਅਖ਼ੀਰ ਵਿੱਚ ਅਸੀਂ ਬੜੀ ਨਿਮਰਤਾ ਨਾਲ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਆਪਣੇ ਰੋਜ਼ਾਨਾ ਜੀਵਨ ਨੂੰ ਬੜੇ ਹੀ ਧਿਆਨ ਨਾਲ ਦੇਖੋ ਅਤੇ ਸਹੀ ਫ਼ੈਸਲਾ ਕਰੋ ਕਿ ਅਸੀਂ ਕੋਈ ਯਤਨ ਇਸ ਅਨਾਦਿ ਰਸਤੇ ਵਾਸਤੇ ਕਰ ਰਹੇ ਹਾਂ। ਨਾਮ ਸਿਮਰਨ ਸਰਵ-ਸ਼ਕਤੀਮਾਨ ਦੀ ਸਭ ਤੋਂ ਉੱਤਮ ਸੇਵਾ ਹੈ ਅਤੇ ਸਾਡੇ ਰੂਹਾਨੀ ਮੰਤਵ ਅਤੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਲਾਜ਼ਮੀ ਹੈ। ਜੇਕਰ ਅਸੀਂ ਨਾਮ ਸਿਮਰਨ ਨੂੰ ਸਮਾਂ ਨਹੀਂ ਦੇ ਰਹੇ ਤਾਂ ਸਾਨੂੰ ਤੁਰੰਤ ਹੀ ਅਜਿਹਾ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਜੇਕਰ ਇਸ ਵਿੱਚ ਅਸੀਂ ਕੁਝ ਸਮਾਂ ਲਗਾ ਰਹੇ ਹਾਂ ਤਾਂ ਸਾਨੂੰ ਆਪਣਾ ਯਤਨ ਅਤੇ ਸਮਾਂ ਵਧਾਉਣਾ ਚਾਹੀਦਾ ਹੈ। ਸਾਨੂੰ ਘੱਟੋ-ਘੱਟ ਢਾਈ ਘੰਟੇ ਰੋਜ਼ ਸਵੇਰੇ ਨਾਮ ਸਿਮਰਨ ਕਰਨਾ ਚਾਹੀਦਾ ਹੈ।

ਜੇਕਰ ਅਸੀਂ ਅਜਿਹਾ ਨਹੀਂ ਕਰ ਰਹੇ ਤਾਂ ਸਾਨੂੰ ਇਸ ਦਸ਼ਾ ਵਿੱਚ ਤੁਰਨ ਦਾ ਯਤਨ ਕਰਨ ਲਈ ਅਰਦਾਸ ਕਰਨੀ ਚਾਹੀਦੀ ਹੈ ਅਤੇ ਜੇਕਰ ਅਸੀਂ ਪਹਿਲਾਂ ਹੀ ਇਸ ਦਸ਼ਾ ਵਿੱਚ ਪਹੁੰਚ ਚੁੱਕੇ ਹਾਂ ਤਦ ਸਾਨੂੰ ਇਸ ਤੋਂ ਹੋਰ ਅੱਗੇ ਜਾਣ ਦਾ ਯਤਨ ਕਰਨਾ ਚਾਹੀਦਾ ਹੈ ਅਤੇ ਹੋਰ ਸਮਾਂ ਵਧਾਉਣਾ ਚਾਹੀਦਾ ਹੈ। ਜੇਕਰ ਅਸੀਂ ਗੁਰਪ੍ਰਸਾਦੀ ਨਾਮ ਪ੍ਰਾਪਤ ਕਰ ਲਿਆ ਹੈ ਤਦ ਅਸੀਂ ਪਹਿਲਾਂ ਹੀ ਬੜੇ ਭਾਗਸ਼ਾਲੀ ਹਾਂ ਅਤੇ ਗੁਰਪ੍ਰਸਾਦੀ ਖੇਡ ਵਿੱਚ ਸ਼ਾਮਿਲ ਹਾਂ ਅਤੇ ਜੇਕਰ ਸਾਨੂੰ ਗੁਰਪ੍ਰਸਾਦੀ ਨਾਮ ਦੀ ਬਖ਼ਸ਼ਿਸ਼ ਨਹੀਂ ਹੋਈ, ਸਾਨੂੰ ਇਸ ਲਈ ਅਰਦਾਸ ਕਰਨੀ ਚਾਹੀਦੀ ਹੈ।

ਕੇਵਲ ਗੁਰਪ੍ਰਸਾਦੀ ਨਾਮ ਹੀ ਸਾਨੂੰ ਇਸ ਅਨਾਦਿ ਸ਼ਾਂਤੀ ਅਤੇ ਖ਼ੁਸ਼ੀਆਂ ਦੇ ਉੱਚੇ ਪੱਧਰ ’ਤੇ ਲੈ ਜਾ ਸਕਦਾ ਹੈ। ਕੇਵਲ ਗੁਰਪ੍ਰਸਾਦੀ ਨਾਮ ਸਾਨੂੰ ਸਰਵ-ਸ਼ਕਤੀਮਾਨ ਦੇ ਨੇੜੇ ਲੈ ਜਾ ਸਕਦਾ ਹੈ। ਕੇਵਲ ਗੁਰਪ੍ਰਸਾਦੀ ਨਾਮ ਹੀ ਸਾਨੂੰ ਰੂਹਾਨੀ ਟੀਚਿਆਂ ਨੂੰ ਥੋੜੇ ਸਮੇਂ ਵਿੱਚ ਪ੍ਰਾਪਤ ਕਰਨ ਵਿੱਚ ਸਾਡੀ ਮਦਦ ਕਰ ਸਕਦਾ ਹੈ ਤਦ ਅਸੀਂ ਆਪਣਾ ਜੀਵਨ ਮਹਾਨ ਬਣਾ ਸਕਦੇ ਹਾਂ।

ਇਹ ਬ੍ਰਹਮ ਗਿਆਨ ਜਿਸ ਦਾ ਉੱਪਰ ਵਰਣਨ ਕੀਤਾ ਗਿਆ ਹੈ, ਸਾਡੇ ਲਈ ਇਹ ਪ੍ਰੇਰਨਾ ਦਾ ਸਭ ਤੋਂ ਵੱਡਾ ਸੋਮਾ ਹੈ। ਸਾਨੂੰ ਇਸ ਤਰ੍ਹਾਂ ਦਾ ਵਿਸ਼ਵਾਸ ਤੇ ਨਿਸਚਾ ਵਿਕਸਿਤ ਕਰਨ ਦੇ ਯੋਗ ਹੋਣਾ ਚਾਹੀਦਾ ਹੈ, ਜਿਸਦੀ ਸਾਨੂੰ ਅਨਾਦਿ ਰਸਤੇ ਵੱਲ ਅੱਗੇ ਵੱਧਣ ਦੀ ਜ਼ਰੂਰਤ ਹੈ। ਨਾਮ ਸਿਮਰਨ ਹੀ ਕੇਵਲ ਅਜਿਹਾ ਅਨਾਦਿ ਖ਼ਜ਼ਾਨਾ ਹੈ ਜਿਹੜਾ ਸਾਨੂੰ ਪੂਰਨ ਖ਼ਾਲਸਾ ਵਿੱਚ ਬਦਲ ਸਕਦਾ ਹੈ।

ਪੂਰਨ ਜੋਤ ਜਗੈ ਘਟ ਮੈ ਤਬ ਖਾਲਸ ਤਾਹਿ ਨਖਾਲਸ ਜਾਨੈ

ਸਾਡੇ ਵਿੱਚ ਪੂਰਨ ਜੋਤ ਗੁਰਪ੍ਰਸਾਦੀ ਨਾਮ ਅਤੇ ਫਿਰ ਨਾਮ ਸਿਮਰਨ ਦੇ ਅਭਿਆਸ ਨਾਲ ਹੀ ਬਲ ਸਕਦੀ ਹੈ। ਨਾਮ ਅੰਮ੍ਰਿਤ ਸਭ ਤੋਂ ਉੱਚਾ ਅੰਮ੍ਰਿਤ ਹੈ ਅਤੇ ਗੁਰਪ੍ਰਸਾਦੀ ਨਾਮ ਹੀ ਸਾਨੂੰ ਸੱਚਖੰਡ ਵਿੱਚ ਲਿਜਾ ਸਕਦਾ ਹੈ।