ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ ॥
{ਪੰਨਾ ੧੨੮੯}
ਮਾਸ ਖਾਣ ਜਾਂ ਨਾ ਖਾਣ ਦਾ ਜਿਗਿਆਸੂ ਦੀ ਰੂਹਾਨੀਅਤ ਉਨਤੀ ਉੱਪਰ ਕੀ ਅਸਰ ਹੁੰਦਾ ਹੈ ?
ਆਪੋ ਆਪਣੀ ਪੂਰਬਲੇ ਜਨਮਾਂ ਦੀ ਕਰਨੀ ਦੇ ਆਧਾਰ ਉੱਪਰ ਬਖਸ਼ੀ ਗਈ ਦਾਤਾ ਕਰਤਾ ਦੀ ਕਿਰਪਾ ਅਨੁਸਾਰ ਰੂਹਾਨੀਅਤ ਵਿਚ ਅਗਾਂਹ ਵੱਧ ਰਹੇ ਜਿਗਿਆਸੂਆਂ ਲਈ ਇਹ ਪ੍ਰਸ਼ਨ ਸਦਾ ਤੋਂ ਹੀ ਵਿਵਾਦ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਮਾਸ ਖਾਣ ਨਾਲ ਜਿਗਿਆਸੂ ਦੀ ਰੂਹਾਨੀਅਤ ਤਰੱਕੀ ਉੱਪਰ ਕੀ ਅਸਰ ਹੁੰਦਾ ਹੈ। ਕੀ ਮਾਸ ਖਾਣਾ ਗੁਰਬਾਣੀ (ਗੁਰਮਤਿ) ਅਨੁਸਾਰ ਮਨਾ ਹੈ ? ਕੀ ਮਾਸ ਖਾਣ ਵਾਲੇ ਮਨੁੱਖ ਬੰਦਗੀ ਨਹੀਂ ਕਰ ਸਕਦੇ ਹਨ ? ਕੀ ਮਾਸ ਖਾਣ ਵਾਲੇ ਮਨੁੱਖ ਦੇ ਹਿਰਦੇ ਵਿਚ ਨਾਮ ਦਾ ਪ੍ਰਕਾਸ਼ ਨਹੀਂ ਹੋ ਸਕਦਾ ? ਕੀ ਮਾਸ ਖਾਣ ਵਾਲਾ ਮਨੁੱਖ ਗੁਰਪ੍ਰਸਾਦਿ ਦੀ ਪ੍ਰਾਪਤੀ ਦਾ ਹੱਕਦਾਰ ਨਹੀਂ ਹੋ ਸਕਦਾ ਹੈ ? ਕੀ ਮਾਸ ਖਾਣ ਵਾਲੇ ਮਨੁੱਖ ਨੂੰ ਸੁਹਾਗ ਦੀ ਪ੍ਰਾਪਤੀ ਨਹੀਂ ਹੋ ਸਕਦੀ ? ਕੀ ਮਾਸ ਖਾਣ ਵਾਲੇ ਮਨੁੱਖ ਨੂੰ ਨਾਮ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਨਹੀਂ ਹੋ ਸਕਦੀ ? ਮਾਸ ਖਾਣ ਨਾਲ ਬੰਦਗੀ ਦਾ ਕੀ ਨੁਕਸਾਨ ਹੁੰਦਾ ਹੈ ? ਆਦਿ ਇਸ ਤਰ੍ਹਾਂ ਦੇ ਬਹੁਤ ਸਾਰੇ ਪ੍ਰਸ਼ਨ ਹਨ ਜੋ ਜਿਗਿਆਸੂ ਨੂੰ ਬਹੁਤ ਭਰਮਾਂ ਵਿਚ ਪਾਉਣ ਵਿਚ ਕਾਰਗਰ ਸਿੱਧ ਹੁੰਦੇ ਹਨ।
ਇਹ ਸਾਰੇ ਪ੍ਰਸ਼ਨ, ਜੋ ਕਿ ਮਨੁੱਖ ਦੇ ਮਨ ਵਿਚ ਵੱਡੇ ਭਰਮਾਂ ਦਾ ਆਧਾਰ ਬਣ ਜਾਂਦੇ ਹਨ, ਨਾ ਕੇਵਲ ਬੰਦਗੀ ਦੇ ਮਾਰਗ ਉੱਪਰ ਚੱਲ ਰਹੇ ਜਿਗਿਆਸੂਆਂ ਲਈ ਹੀ ਬਲਕਿ ਸਮੁੱਚੀ ਲੋਕਾਈ ਲਈ ਇਕ ਵੱਡੇ ਵਿਵਾਦ ਦਾ ਵਿਸ਼ਾ ਸਦਾ ਤੋਂ ਹੀ ਹਨ। ਕਿਉਂਕਿ ਇਸ ਦੁਨੀਆਂ ਵਿਚ ਮਾਸਾਹਾਰੀ ਅਤੇ ਵੈਸ਼ਨੋ ਦੋਨੋਂ ਕਿਸਮ ਦੇ ਲੋਕ ਵਿਚਰਦੇ ਹਨ। ਇਸ ਲਈ ਮਾਸ ਖਾਣ ਜਾਂ ਨਾ ਖਾਣ ਦਾ ਇਹ ਮੁੱਦਾ ਕਈ ਵਾਰੀ ਬਹੁਤ ਸੰਵੇਦਨਸ਼ੀਲ ਰੂਪ ਅਖਤਿਆਰ ਕਰ ਲੈਂਦਾ ਹੈ ਅਤੇ ਮਾਸਾਹਾਰੀ ਅਤੇ ਵੈਸ਼ਨੋ ਲੋਕਾਂ ਵਿਚ ਤਨਾਵ ਅਤੇ ਕੁੜੱਤਣ ਭਰਨ ਵਿਚ ਕਾਰਗਰ ਸਿੱਧ ਹੁੰਦਾ ਹੈ।
ਇਹ ਪੂਰਨ ਸਤਿ ਹੈ ਕਿ ਕਿਸੇ ਕਿਸਮ ਦੇ ਵੀ ਭਰਮ ਜਿਗਿਆਸੂ ਦੀ ਬੰਦਗੀ ਨੂੰ ਅੱਗੇ ਵਧਣ ਵਿਚ ਬਹੁਤ ਵੱਡਾ ਰੋੜਾ ਬਣ ਜਾਂਦੇ ਹਨ। ਭਰਮਾਂ ਦੀ ਵਿਨਾਸ਼ਕਾਰੀ ਸ਼ਕਤੀ ਮਨੁੱਖ ਦੀ ਬੰਦਗੀ ਨੂੰ ਅਗਾਂਹ ਨਹੀਂ ਵਧਣ ਦਿੰਦੀ ਹੈ। ਇਸ ਪਰਮ ਸਤਿ ਤੱਤ ਨੂੰ ਗੁਰਬਾਣੀ ਵਿਚ ਬਾਰ-ਬਾਰ ਦ੍ਰਿੜ੍ਹ ਕਰਵਾਇਆ ਗਿਆ ਹੈ ਕਿ ਭਰਮਾਂ ਵਿਚ ਪੈਣ ਵਾਲੇ ਮਨੁੱਖ ਨੂੰ ਰੂਹਾਨੀਅਤ ਦੀ ਪ੍ਰਾਪਤੀ ਨਹੀਂ ਹੁੰਦੀ ਹੈ:
ਸਾਰੇ ਭਰਮਾਂ ਦਾ ਮੂਲ ਕਾਰਣ ਕੇਵਲ ਮਾਇਆ ਦਾ ਬੁਣਿਆ ਹੋਇਆ ਜਾਲ ਹੈ। ਜੋ ਹਰ ਇਕ ਮਨੁੱਖ ਨੂੰ, ਉਹ ਭਾਵੇਂ ਜਿਗਿਆਸੂ ਹੋਵੇ ਜਾਂ ਇਕ ਸਧਾਰਣ ਮਨੁੱਖ ਹੋਵੇ, ਭਰਮਾਂ ਵਿਚ ਉਲਝਾ ਕੇ ਰੱਖਦਾ ਹੈ। ਮਨੁੱਖੀ ਮਨ ਜੋ ਕਿ ਮਾਇਆ ਦਾ ਗੁਲਾਮ ਹੈ ਉਹ ਸਦਾ ਇਨ੍ਹਾਂ ਭਰਮਾਂ ਵਿਚ ਉਲਝ-ਉਲਝ ਕੇ ਦਮ ਤੋੜ ਦਿੰਦਾ ਹੈ ਅਤੇ ਬਿਨਾਂ ਇਸ ਪਰਮ ਸਤਿ ਤੱਤ ਨੂੰ ਸਮਝੇ ਮਾਇਆ ਦੇ ਇਸ ਵਿਨਾਸ਼ਕਾਰੀ ਜਾਲ ਦੇ ਵਿਚ ਫੱਸ ਕੇ ਆਪਣਾ ਜਨਮ ਗੁਆ ਬੈਠਦਾ ਹੈ ਅਤੇ ਚੁਰਾਸੀ ਦੇ ਗੇੜ ਵਿਚ ਸਦਾ-ਸਦਾ ਲਈ ਭਟਕਦਾ ਰਹਿੰਦਾ ਹੈ। ਆਪਣੇ ਰੋਜ਼ਾਨਾ ਜੀਵਨ ਵਿਚ ਮਨੁੱਖ ਭਰਮ ਦੇ ਕਾਰਣ ਹੀ ਮਾਇਆ ਦੀ ਗੁਲਾਮੀ ਵਿਚ ਜੀਵਨ ਭਰ ਫੱਸਿਆ ਰਹਿੰਦਾ ਹੈ। ਮਨੁੱਖੀ ਮਨ ਦੀ ਭਟਕਣਾ ਦਾ ਮੂਲ ਕਾਰਣ ਵੀ ਭਰਮ ਹੀ ਹਨ। ਇਸ ਲਈ ਇਹ ਸਮਝਣਾ ਕਿ ਭਰਮ ਕੀ ਹੈ ? ਭਰਮ ਦਾ ਕੀ ਅਰਥ ਹੈ ? ਬੇਅੰਤ ਜ਼ਰੂਰੀ ਹੈ; ਅਤੇ ਇਹ ਸਮਝਣਾ ਬੇਅੰਤ ਸੋਖਾ ਹੈ। ਜੋ ਸਤਿ ਨਹੀਂ ਹੈ ਉਹ ਭਰਮ ਹੈ। ਜੋ ਅਸਤਿ ਹੈ ਉਹ ਭਰਮ ਹੈ। ਜੋ ਝੂਠ ਹੈ ਉਹ ਭਰਮ ਹੈ। ਜੋ ਗੁਰਬਾਣੀ ਦੀ ਕਸੌਟੀ ਉੱਪਰ ਖਰਾ ਨਹੀਂ ਉਤਰਦਾ ਹੈ ਉਹ ਅਸਤਿ ਹੈ ਅਤੇ ਭਰਮ ਹੈ। ਗੁਰਬਾਣੀ ਪੂਰਨ ਸਤਿ ਦੀ ਤੱਕੜੀ ਹੈ। ਇਸ ਲਈ ਜੋ ਤੱਤ ਗੁਰਬਾਣੀ ਦੀ ਪੂਰਨ ਸਤਿ ਤੱਤ ਦੀ ਇਸ ਤੱਕੜੀ ਉੱਪਰ ਤੋਲਿਆ ਖਰਾ ਨਾ ਉਤਰੇ ਉਸ ਤੱਥ ਨੂੰ ਅਸਤਿ ਕਿਹਾ ਜਾਏਗਾ ਅਤੇ ਜੇਕਰ ਐਸੇ ਤੱਥ ਨੂੰ ਜੀਵਨ ਵਿਚ ਧਾਰਣ ਕੀਤਾ ਜਾਵੇ ਤਾਂ ਉਹ ਮਨੁੱਖੀ ਮਨ ਨੂੰ ਭਰਮ ਦਾ ਸ਼ਿਕਾਰ ਕਰਕੇ ਮਨੁੱਖ ਨੂੰ ਦੁੱਖਾਂ ਕਲੇਸ਼ਾਂ ਦਾ ਭਾਗੀਦਾਰ ਬਣਾ ਕੇ ਤਬਾਹ ਅਤੇ ਬਰਬਾਦ ਕਰ ਦਿੰਦਾ ਹੈ।
ਭਰਮੇ ਭੂਲਾ ਦੁਖੁ ਘਣੋ ਜਮੁ ਮਾਰਿ ਕਰੈ ਖੁੱਲਹਾਨੁ ॥
(ਪੰਨਾ ੨੧)
ਗੁਰਬਾਣੀ ਦਾ ਹੁਕਮ ਹੈ ਕਿ ਭਰਮਾਂ ਵਿਚ ਪਏ ਹੋਏ ਮਨੁੱਖ ਨੂੰ ਘਣੇ ਦੁੱਖਾਂ ਕਲੇਸ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਉਂਕਿ ਮਾਇਆ ਦੀ ਗੁਲਾਮੀ ਵਿਚ ਭਰਮਾਂ ਕਾਰਣ ਮਨੁੱਖ ਅਸਤਿ ਕਰਮ ਕਰਦਾ ਹੈ ਜਿਸਦੀ ਸਜ਼ਾ ਉਸ ਨੂੰ ਧਰਮਰਾਜ ਦੀ ਕਚਹਿਰੀ ਲਾਉਂਦੀ ਹੈ ਜਿਸ ਕਾਰਨ ਉਸ ਨੂੰ ਜਮਾਂ ਦੀ ਗੁੱਝੀ ਮਾਰ ਪੈਂਦੀ ਹੈ। ਮਾਇਆ ਦੁਆਰਾ ਨਿਰਮਿਤ ਭਰਮਾਂ ਦੇ ਜਾਲ ਵਿਚ ਫੱਸ ਕੇ ਮਨੁੱਖ ਸਾਰੇ ਅਸਤਿ ਕਰਮ ਕਰਦਾ ਹੈ। ਤ੍ਰੈ ਗੁਣ ਮਾਇਆ ਦੀ ਰਜੋ ਅਤੇ ਤਮੋ ਬਿਰਤੀ ਵਿਚ ਕੀਤੇ ਗਏ ਸਾਰੇ ਕਰਮ ਅਸਤਿ ਹੁੰਦੇ ਹਨ। ਭਾਵ ਆਪਣੀ ਤ੍ਰਿਸ਼ਨਾ ਨੂੰ ਬੁਝਾਉਣ ਲਈ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਦੇ ਵੱਸ ਕੀਤੇ ਸਾਰੇ ਕਰਮ ਅਸਤਿ ਹੁੰਦੇ ਹਨ। ਕਰਮ ਦੇ ਪਰਮ ਸ਼ਕਤੀਸ਼ਾਲੀ ਦਰਗਾਹੀ ਵਿਧਾਨ ਦੇ ਅਨੁਸਾਰ ਮਨੁੱਖ ਨੂੰ ਇਨ੍ਹਾਂ ਕੂੜ ਕਰਮਾਂ ਦਾ ਲੇਖਾ ਜੋਖਾ ਦੁੱਖਾਂ ਅਤੇ ਕਲੇਸ਼ਾਂ ਭਰਿਆ ਜੀਵਨ ਪ੍ਰਾਲਬਧ ਦੇ ਰੂਪ ਵਿਚ ਨਸੀਬ ਹੁੰਦਾ ਹੈ। ਮਨੁੱਖੀ ਜੀਵਨ ਦੇ ਵਿਚ ਵਾਪਰਦੇ ਹੋਏ ਇਹ ਦੁੱਖ ਅਤੇ ਕਲੇਸ਼ ਹੀ ਦਰਗਾਹੀ ਹੁਕਮ ਅਨੁਸਾਰ ਮਨੁੱਖ ਨੂੰ ਗੁੱਝੀ ਮਾਰ ਮਾਰਦੇ ਹਨ।
ਭਰਮੇ ਭੂਲਾ ਤਤੁ ਨ ਜਾਣੈ ॥
(ਪੰਨਾ ੧੧੩-੧੧੪)
ਭਰਮਾਂ ਵਿਚ ਭਟਕਦੇ ਹੋਏ ਮਨੁੱਖ ਨੂੰ ਸਤਿ ਤੱਤ ਸਮਝ ਨਹੀਂ ਆਉਂਦਾ ਹੈ। ਨਾ ਹੀ ਭਰਮਾਂ ਵਿਚ ਫੱਸੇ ਹੋਏ ਮਨੁੱਖ ਨੂੰ ਸਤਿ ਤੱਤ ਦੀ ਪ੍ਰਾਪਤੀ ਹੁੰਦੀ ਹੈ। ਇਸ ਦਾ ਮੂਲ ਕਾਰਣ ਇਹ ਹੀ ਹੈ ਕਿ ਭਰਮਾਂ ਵਿਚ ਵਿਚਰਦੇ ਹੋਏ ਮਨੁੱਖ ਮਾਇਆ ਦੇ ਜਾਲ ਵਿਚ ਫੱਸੇ ਰਹਿੰਦੇ ਹਨ ਅਤੇ ਉਹ ਮਾਇਆ ਦੇ ਇਸ ਜਾਲ ਨੂੰ ਹੀ ਸਤਿ ਸਮਝ ਕੇ ਅਸਤਿ ਕਰਮ ਕਰਦੇ ਰਹਿੰਦੇ ਹਨ। ਅਸਤਿ ਦੀ ਕਰਨੀ ਕਰਨ ਨਾਲ ਕਦੇ ਵੀ ਸਤਿ ਤੱਤ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈ। ਕਿਉਂਕਿ ਸਤਿ ਤੱਤ ਦੀ ਪ੍ਰਾਪਤੀ ਗੁਰਪ੍ਰਸਾਦਿ ਹੈ ਅਤੇ ਗੁਰਪ੍ਰਸਾਦਿ ਦੀ ਪਾਪਤੀ ਕੇਵਲ ਸਤਿ ਦੀ ਕਰਨੀ ਕਰਨ ਵਾਲੇ ਮਨੁੱਖ ਹੀ ਕਰਦੇ ਹਨ। ਸਤਿ ਤੱਤ ਤੋਂ ਭਾਵ ਹੈ ਸਤਿਨਾਮ ਦਾ ਗੁਰਪ੍ਰਸਾਦਿ, ਸਤਿਨਾਮ ਸਿਮਰਨ ਦਾ ਗੁਰਪ੍ਰਸਾਦਿ, ਸਤਿਨਾਮ ਦੀ ਕਮਾਈ ਦਾ ਗੁਰਪ੍ਰਸਾਦਿ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦਿ। ਸਤਿ ਤੱਤ ਤੋਂ ਭਾਵ ਹੈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਨਿਰਗੁਨ ਸਰੂਪ ਦੇ ਦਰਸ਼ਨ ਅਤੇ ਪੂਰਨ ਬ੍ਰਹਮ ਗਿਆਨ, ਪੂਰਨ ਤੱਤ ਗਿਆਨ ਦੀ ਪ੍ਰਾਪਤੀ, ਆਤਮ ਰਸ ਅੰਮ੍ਰਿਤ ਦੀ ਪ੍ਰਾਪਤੀ, ਹਿਰਦੇ ਵਿਚ ਪਰਮ ਜੋਤ ਪੂਰਨ ਪ੍ਰਕਾਸ਼ ਦੀ ਪ੍ਰਾਪਤੀ।
ਭਰਮੇ ਭੂਲਾ ਦਹ ਦਿਸਿ ਧਾਵੈ ॥ ਨਿਮਖ ਮਾਹਿ ਚਾਰਿ ਕੁੰਟ ਫਿਰਿ ਆਵੈ ॥
(ਪੰਨਾ ੨੭੭)
ਭਰਮਾਂ ਵਿਚ ਫੱਸਿਆ ਹੋਇਆ ਮਨੁੱਖ ਦਾ ਮਨ ਹਰ ਪਲ ਹਰ ਛਿਨ ਭਟਕਦਾ ਹੈ। ਮਨੁੱਖ ਦਾ ਮਨ ਕਦੇ ਚੁੱਪ ਨਹੀਂ ਕਰਦਾ ਹੈ। ਮਨੁੱਖ ਦਾ ਮਨ ਨਿਰੰਤਰ ਬੋਲਦਾ ਹੈ। ਮਨੁੱਖ ਦੇ ਮਨ ਵਿਚ ਕਦੇ ਫੁਰਨਿਆਂ ਦਾ ਅੰਤ ਨਹੀਂ ਹੁੰਦਾ ਹੈ। ਇਹ ਫੁਰਨੇ ਚੰਗੇ ਹੋਣ ਭਾਵੇਂ ਮਾੜੇ ਹੋਣ, ਮਨੁੱਖ ਦੇ ਮਨ ਨੂੰ ਕਦੇ ਚੁੱਪ ਨਹੀਂ ਕਰਨ ਦਿੰਦੇ ਹਨ। ਮਨੁੱਖ ਦਾ ਮਨ ਦਸੋ ਦਿਸ਼ਾਵਾਂ ਵਿਚ ਨਿਰੰਤਰ ਭਟਕਦਾ ਹੈ। ਇਸ ਤੋਂ ਭਾਵ ਹੈ ਕਿ ਮਨੁੱਖ ਧਰਤੀ ਉੱਪਰ ਕਿਸੇ ਵੀ ਸਥਾਨ ਉੱਪਰ ਬੈਠਾ ਹੋਵੇ ਪਰੰਤੂ ਉਸਦੇ ਮਨ ਦੀ ਗਤੀ ਇਤਨੀ ਤੇਜ਼ ਹੈ ਕਿ ਉਹ ਇਕ ਛਿਨ ਵਿਚ ਹੀ ਹਜ਼ਾਰਾਂ ਮੀਲਾਂ ਦਾ ਸਫਰ ਕਰਕੇ ਹਰ ਦਿਸ਼ਾ ਵਿਚ ਚਲਾ ਜਾਂਦਾ ਹੈ। ਉਦਾਹਰਣ ਤੇ ਤੌਰ ਤੇ ਅਮਰੀਕਾ ਵਿਚ ਬੈਠੇ ਹੋਏ ਮਨੁੱਖ ਦਾ ਮਨ ਇਕ ਛਿੰਨ ਵਿਚ ਭਾਰਤ ਵਿਚ ਤੁਹਾਡੇ ਆਪਣੇ ਪੁਰਾਣੇ ਪਿੰਡ ਅਤੇ ਲੋਕਾਂ ਵਿਚ ਚਲਾ ਜਾਂਦਾ ਹੈ ਅਤੇ ਕਈ ਫੁਰਨੇ ਘੜ ਕੇ ਵਾਪਸ ਵੀ ਆ ਜਾਂਦਾ ਹੈ। ਇਸ ਤਰ੍ਹਾਂ ਦੇ ਅਨੁਭਵ ਸਾਡੇ ਸਾਰਿਆਂ ਦੇ ਜੀਵਨ ਵਿਚ ਹਰ ਰੋਜ਼ ਵਰਤਦੇ ਹਨ। ਇਸੇ ਹੀ ਪਰਮ ਸਤਿ ਤੱਤ ਨੂੰ ਗੁਰਬਾਣੀ ਦੇ ਇਸ ਸ਼ਬਦ ਵਿਚ ਸਤਿਗੁਰੂ ਸਾਹਿਬ ਨੇ ਪ੍ਰਗਟ ਕੀਤਾ ਹੈ। ਮਨੁੱਖ ਦੇ ਮਨ ਦੀ ਇਹ ਨਿਰੰਤਰ ਭਟਕਣਾ ਦਾ ਕਾਰਨ ਕੇਵਲ ਮਾਇਆ ਦੀ ਰਜੋ ਅਤੇ ਤਮੋ ਬਿਰਤੀ ਦੀ ਗੁਲਾਮੀ ਕਰਨ ਕਾਰਣ ਮਨੁੱਖ ਦੇ ਮਨ ਵਿਚ ਪਏ ਭਰਮ ਹੀ ਹਨ। ਮਾਇਆ ਦੀ ਰਜੋ ਅਤੇ ਤਮੋ ਬਿਰਤੀ ਦੀਆਂ ਵਿਨਾਸ਼ਕਾਰੀ ਸ਼ਕਤੀਆਂ ਆਪਣੇ ਆਪ ਵਿਚ ਹੀ ਇਕ ਨਿਰੰਤਰ ਭਰਮ ਘੜਣ ਦੀ ਮਸ਼ੀਨ ਹੈ। ਜੋ ਮਨੁੱਖ ਦੇ ਮਨ ਨੂੰ ਕਦੇ ਸ਼ਾਂਤ ਨਹੀਂ ਹੋਣ ਦਿੰਦੀ ਹੈ। ਇਸੇ ਲਈ ਭਰਮਾਂ ਦੀ ਇਸ ਵਿਨਾਸ਼ਕਾਰੀ ਸ਼ਕਤੀ ਨੂੰ ਜਿਗਿਆਸੂ ਦੀ ਬੰਦਗੀ ਵਿਚ ਸਭ ਤੋਂ ਵੱਡੀ ਅੜਚਨ ਕਿਹਾ ਗਿਆ ਹੈ।
ਭਰਮੇ ਭੂਲਾ ਸਭੁ ਜਗੁ ਫਿਰੈ ਮਨਮੁਖਿ ਪਤਿ ਗਵਾਈ ॥੫॥
(ਪੰਨਾ ੪੨੫)
ਗੁਰਬਾਣੀ ਦੇ ਇਸ ਪਰਮ ਸ਼ਕਤੀਸ਼ਾਲੀ ਸ਼ਬਦ ਵਿਚ ਭਰਮਾਂ ਦੀ ਵਿਨਾਸ਼ਕਾਰੀ ਸ਼ਕਤੀ ਨੂੰ ਹੋਰ ਗਹਿਰਾਈ ਨਾਲ ਸਮਝਾਇਆ ਗਿਆ ਹੈ। ਜੋ ਮਨੁੱਖ ਮਾਇਆ ਦੀ ਗੁਲਾਮੀ ਕਰਦੇ ਹੋਏ ਭਰਮਾਂ ਵਿਚ ਆਪਣਾ ਜੀਵਨ ਕਾਲ ਨੱਸ਼ਟ ਕਰਦੇ ਹਨ ਉਨ੍ਹਾਂ ਨੂੰ ਇਸ ਸ਼ਬਦ ਵਿਚ ਮਨਮੁਖ ਦੀ ਸੰਗਿਆ ਦਿੱਤੀ ਗਈ ਹੈ। ਇਸ ਸ਼ਬਦ ਵਿਚ ਇਹ ਪੂਰਨ ਸਤਿ ਤੱਤ ਵੀ ਪ੍ਰਗਟ ਕੀਤਾ ਗਿਆ ਹੈ ਕਿ ਸਾਰਾ ਸੰਸਾਰ ਹੀ ਭਰਮਾਂ ਦੇ ਇਸ ਜਾਲ ਵਿਚ ਵਿਚਰ ਰਿਹਾ ਹੈ। ਭਾਵ ਸਾਰੇ ਸੰਸਾਰ ਦੇ ਲੋਕ ਮਾਇਆ ਦੀ ਰਜੋ ਅਤੇ ਤਮੋ ਬਿਰਤੀ ਵਿਚ ਵਿਚਰ ਰਹੇ ਹਨ ਅਤੇ ਕੇਵਲ ਭਰਮਾਂ ਦੀ ਕਮਾਈ ਕਰ ਰਹੇ ਹਨ। ਇਸ ਲਈ ਸਾਰੇ ਸੰਸਾਰ ਦੇ ਲੋਕ ਮਨਮੁਖ ਹਨ। ਜੋ ਮਨੁੱਖ ਮਨਮਤਿ ਵਿਚ ਵਿਚਰਦੇ ਹਨ ਉਹ ਮਨੁੱਖ ਮਨਮੁਖ ਹੁੰਦੇ ਹਨ। ਐਸੇ ਮਨੁੱਖਾਂ ਦੇ ਕਰਮ ਅਸਤਿ ਕਰਮ ਹੁੰਦੇ ਹਨ। ਉਨ੍ਹਾਂ ਦੀ ਕਰਨੀ ਅਸਤਿ ਦੀ ਕਰਨੀ ਹੁੰਦੀ ਹੈ। ਇਸ ਲਈ ਦਰਗਾਹ ਵਿਚ ਉਨ੍ਹਾਂ ਦੀ ਕੋਈ ਪੱਤ ਨਹੀਂ ਹੁੰਦੀ ਹੈ। ਇਸ ਲਈ ਕਿਉਂਕਿ ਸਾਰੇ ਸੰਸਾਰ ਦੇ ਮਨੁੱਖ ਮਨਮੁਖ ਹਨ, ਉਨ੍ਹਾਂ ਦੀ ਦਰਗਾਹ ਵਿਚ ਕੋਈ ਪੱਤ ਨਹੀਂ ਹੈ। ਭਾਵ ਸਾਰੇ ਸੰਸਾਰ ਦੇ ਲੋਕ ਭਰਮਾਂ ਵਿਚ ਪੈ ਕੇ ਮਨਮੁਖ ਹਨ ਅਤੇ ਰੂਹਾਨੀਅਤ ਦੀ ਪ੍ਰਾਪਤੀ ਤੋਂ ਵਾਂਝੇ ਹਨ।
ਭਰਮਿ ਭੂਲੇ ਨਦਰਿ ਨ ਆਵਨੀ ਮਨਮੁਖ ਅੰਧ ਅਗਿਆਨੀ ॥
(ਪੰਨਾ ੫੧੪)
ਇਹ ਜਗਤੁ ਭਰਮਿ ਭੁਲਾਇਆ ਵਿਰਲਾ ਬੂਝੈ ਕੋਇ ॥੧॥
(ਪੰਨਾ ੫੫੮)
ਭਰਮੇ ਭੂਲਾ ਸਾਕਤੁ ਫਿਰਤਾ ॥
(ਪੰਨਾ ੭੩੯)
ਭਰਮਾਂ ਵਿਚ ਵਿਚਰਦੇ ਹੋਏ ਮਨੁੱਖ ਨੂੰ ਗੁਰਪ੍ਰਸਾਦਿ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਐਸਾ ਮਨੁੱਖ ਜੋ ਭਰਮਾਂ ਵਿਚ ਜੀਵਨ ਕਾਲ ਨੂੰ ਨੱਸ਼ਟ ਕਰ ਰਿਹਾ ਹੈ, ਜੋ ਭਰਮਾਂ ਵਿਚ ਫੱਸਿਆ ਹੋਇਆ ਮਨਮੁਖ ਬਣਿਆ ਹੋਇਆ ਹੈ, ਉਹ ਮਨਮੁਖ ਅੰਧ ਅਗਿਆਨ ਵਿਚ ਫੱਸਿਆ ਹੋਇਆ ਹੈ ਅਤੇ ਇਸੇ ਅੰਧ ਅਗਿਆਨ ਦੇ ਵਿਚ ਫੱਸੇ ਹੋਣ ਕਾਰਣ ਉਸ ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਨਦਰਿ ਦੀ ਪ੍ਰਾਪਤੀ ਨਹੀਂ ਹੋ ਸਕਦੀ। ਨਦਰਿ ਤੋਂ ਭਾਵ ਹੈ ਕਰਮ, ਗੁਰਕਿਰਪਾ ਅਤੇ ਗੁਰਪ੍ਰਸਾਦਿ ਦੀ ਪ੍ਰਾਪਤੀ। ਭਰਮਾਂ ਵਿਚ ਫੱਸਿਆ ਹੋਇਆ ਮਨੁੱਖ ਸਾਕਤ ਹੈ। ਸਾਕਤ ਤੋਂ ਭਾਵ ਹੈ ਜੋ ਨਾਸਤਿਕ ਹੈ, ਜੋ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲੋਂ ਟੁੱਟਿਆ ਹੋਇਆ ਹੈ। ਜਿਸਦੇ ਸਾਰੇ ਕਰਮ ਅਸਤਿ ਹਨ। ਜਿਸਦੇ ਜੀਵਨ ਵਿਚ ਉਸਨੂੰ ਗੁਰਪ੍ਰਸਾਦਿ ਦੀ ਪ੍ਰਾਪਤੀ ਦਾ ਕੋਈ ਹੀਲਾ ਦੂਰ-ਦੂਰ ਤੱਕ ਨਹੀਂ ਦਿੱਸਦਾ ਹੈ। ਉਹ ਮਨੁੱਖ ਕੇਵਲ ਸਾਰਾ ਜੀਵਨ ਭਰਮਾਂ ਵਿਚ ਵਿਚਰਦਾ ਹੋਇਆ ਆਪਣਾ ਅਨਮੋਲਕ ਰਤਨ ਹੀਰਾ ਜਨਮ ਗੁਆ ਲੈਂਦਾ ਹੈ। ਕੋਈ ਵਿਰਲਾ ਮਨੁੱਖ ਹੀ ਹੈ ਜਿਸਨੂੰ ਭਰਮਾਂ ਦੀ ਇਸ ਵਿਨਾਸ਼ਕਾਰੀ ਸ਼ਕਤੀ ਦਾ ਗਿਆਨ ਹੋ ਜਾਂਦਾ ਹੈ। ਮਾਇਆ ਦਾ ਜਾਲ ਇਤਨਾ ਪ੍ਰਬਲ ਹੈ ਕਿ ਆਮ ਮਨੁੱਖ ਨੂੰ ਇਸ ਸੋਝੀ ਤੋਂ ਵਾਂਝਾ ਰੱਖਦਾ ਹੈ। ਕੇਵਲ ਉਹ ਮਨੁੱਖ ਜੋ ਆਪਣਾ ਧਿਆਨ ਸਤੋ ਬਿਰਤੀ ਉੱਪਰ ਕੇਂਦਰਿਤ ਕਰਦਾ ਹੈ ਉਸ ਨੂੰ ਹੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਕਿਰਪਾ ਨਾਲ ਭਰਮਾਂ ਦੇ ਇਸ ਵਿਨਾਸ਼ਕਾਰੀ ਜਾਲ ਦਾ ਗਿਆਨ ਹੋ ਜਾਂਦਾ ਹੈ। ਕੇਵਲ ਐਸਾ ਮਨੁੱਖ ਹੀ ਗੁਰਪ੍ਰਸਾਦਿ ਦੀ ਪ੍ਰਾਪਤੀ ਕਰਕੇ, ਗੁਰਪ੍ਰਸਾਦਿ ਦੀ ਇਸ ਪਰਮ ਸ਼ਕਤੀ ਦੀ ਕਿਰਪਾ ਨਾਲ ਬੰਦਗੀ ਕਰਨ ਵਿਚ ਸਫਲ ਹੁੰਦਾ ਹੈ।
ਸੰਸਾਰ ਵਿੱਚ ਪ੍ਰਚਲਿਤ ਭਰਮ ਬੰਦਗੀ ਦੇ ਮਾਰਗ ਵਿੱਚ ਸਭ ਤੋਂ ਵੱਡਾ ਅੜਿੱਕਾ ਪਾਉਂਦੇ ਹਨ। ਭਰਮ ਮਨੁੱਖ ਦੇ ਜੀਵਨ ਵਿੱਚ ਦੁਬਿਧਾ ਨੂੰ ਜਨਮ ਦਿੰਦੇ ਹਨ। ਦੁਬਿਧਾ ਵਿੱਚ ਜੱਕੜੇ ਹੋਏ ਮਨੁੱਖ ਦੇ ਹਿਰਦੇ ਵਿੱਚ ਗੁਰ ਅਤੇ ਗੁਰੂ ਲਈ ਪੂਰਨ ਸ਼ਰਧਾ, ਪ੍ਰੀਤ ਅਤੇ ਭਰੋਸਾ ਕਦੇ ਨਹੀਂ ਹੁੰਦਾ ਹੈ। ਧੰਨ ਧੰਨ ਸਤਿਗੁਰੂ ਅਵਤਾਰ ਪੰਚਮ ਪਾਤਿਸ਼ਾਹ ਜੀ ਨੇ ਦੁਬਿਧਾ ਬਾਰੇ ਪੂਰਨ ਬ੍ਰਹਮ ਗਿਆਨ ਇਸ ਸ਼ਲੋਕ ਵਿੱਚ ਦੇ ਕੇ ਸਾਰੀ ਲੋਕਾਈ ਦਾ ਮਾਰਗ ਦਰਸ਼ਨ ਕੀਤਾ ਹੈ :-
ਗਉੜੀ ਮਹਲਾ ੫ ॥
ਜੋ ਇਸੁ ਮਾਰੇ ਸੋਈ ਸੂਰਾ ॥ ਜੋ ਇਸੁ ਮਾਰੇ ਸੋਈ ਪੂਰਾ ॥
ਜੋ ਇਸੁ ਮਾਰੇ ਤਿਸਹਿ ਵਡਿਆਈ ॥ ਜੋ ਇਸੁ ਮਾਰੇ ਤਿਸ ਕਾ ਦੁਖੁ ਜਾਈ ॥੧॥
ਐਸਾ ਕੋਇ ਜਿ ਦੁਬਿਧਾ ਮਾਰਿ ਗਵਾਵੈ ॥ ਇਸਹਿ ਮਾਰਿ ਰਾਜ ਜੋਗੁ ਕਮਾਵੈ ॥੧॥ ॥
ਜੋ ਇਸੁ ਮਾਰੇ ਤਿਸ ਕਉ ਭਉ ਨਾਹਿ ॥ ਜੋ ਇਸੁ ਮਾਰੇ ਸੁ ਨਾਮਿ ਸਮਾਹਿ ॥
ਜੋ ਇਸੁ ਮਾਰੇ ਤਿਸ ਕੀ ਤ੍ਰਿਸਨਾ ਬੁਝੈ ॥ ਜੋ ਇਸੁ ਮਾਰੇ ਸੁ ਦਰਗਹ ਸਿਝੈ ॥੨॥
ਜੋ ਇਸੁ ਮਾਰੇ ਸੋ ਧਨਵੰਤਾ ॥ ਜੋ ਇਸੁ ਮਾਰੇ ਸੋ ਪਤਿਵੰਤਾ ॥
ਜੋ ਇਸੁ ਮਾਰੇ ਸੋਈ ਜਤੀ ॥ ਜੋ ਇਸੁ ਮਾਰੇ ਤਿਸੁ ਹੋਵੈ ਗਤੀ ॥੩॥
ਜੋ ਇਸੁ ਮਾਰੇ ਤਿਸ ਕਾ ਆਇਆ ਗਨੀ ॥ ਜੋ ਇਸੁ ਮਾਰੇ ਸੁ ਨਿਹਚਲੁ ਧਨੀ ॥
ਜੋ ਇਸੁ ਮਾਰੇ ਸੋ ਵਡਭਾਗਾ ॥ ਜੋ ਇਸੁ ਮਾਰੇ ਸੁ ਅਨਦਿਨੁ ਜਾਗਾ ॥੪॥
ਜੋ ਇਸੁ ਮਾਰੇ ਸੁ ਜੀਵਨ ਮੁਕਤਾ ॥ ਜੋ ਇਸੁ ਮਾਰੇ ਤਿਸ ਕੀ ਨਿਰਮਲ ਜੁਗਤਾ ॥
ਜੋ ਇਸੁ ਮਾਰੇ ਸੋਈ ਸੁਗਿਆਨੀ ॥ ਜੋ ਇਸੁ ਮਾਰੇ ਸੁ ਸਹਿਜ ਧਿਆਨੀ ॥੫॥
ਇਸੁ ਮਾਰੀ ਬਿਨੁ ਥਾਇ ਨ ਪਰੈ ॥ ਕੋਟਿ ਕਰਮ ਜਾਪ ਤਪ ਕਰੈ ॥
ਇਸੁ ਮਾਰੀ ਬਿਨੁ ਜਨਮੁ ਨ ਮਿਟੈ ॥ ਇਸੁ ਮਾਰੀ ਬਿਨੁ ਜੰਮ ਤੇ ਨਹੀ ਛੁਟੈ ॥੬॥
ਇਸੁ ਮਾਰੀ ਬਿਨੁ ਗਿਆਨੁ ਨ ਹੋਈ ॥ ਇਸੁ ਮਾਰੀ ਬਿਨੁ ਜੂਠਿ ਨ ਧੋਈ ॥
ਇਸੁ ਮਾਰੀ ਬਿਨੁ ਸਭੁ ਕਿਛੁ ਮੈਲਾ ॥ ਇਸੁ ਮਾਰੀ ਬਿਨੁ ਸਭੁ ਕਿਛੁ ਜਉਲਾ ॥੭॥
ਜਾ ਕਉ ਭਏ ਕ੍ਰਿਪਾਲ ਕ੍ਰਿਪਾ ਨਿਧਿ ॥ ਤਿਸੁ ਭਈ ਖਲਾਸੀ ਹੋਈ ਸਗਲ ਸਿਧਿ ॥
ਗੁਰਿ ਦੁਬਿਧਾ ਜਾ ਕੀ ਹੈ ਮਾਰੀ ॥ ਕਹੁ ਨਾਨਕ ਸੋ ਬ੍ਰਹਮ ਬੀਚਾਰੀ ॥੮॥੫॥
(ਸ੍ਰੀ ਗੁਰੂ ਗ੍ਰੰਥ ਸਾਹਿਬ ੨੩੭)
ਦੁਬਿਧਾ ਵਿੱਚ ਬੰਦਗੀ ਪੂਰਨ ਨਹੀਂ ਹੁੰਦੀ ਹੈ। ਦੋ ਚਿੱਤਾ ਮਨ ਹੋਣ ਕਾਰਣ ਬੰਦਗੀ ਪੂਰਨ ਨਹੀਂ ਹੁੰਦੀ ਹੈ। ਇੱਕ ਮਨ ਇੱਕ ਚਿੱਤ ਹੀ ਬੰਦਗੀ ਪੂਰਨ ਕਰਨ ਦਾ ਸਬੱਬ ਬਣਦਾ ਹੈ। ਇੱਕ ਮਨ ਇੱਕ ਚਿੱਤ ਦੀ ਬਖ਼ਸ਼ਿਸ਼ ਗੁਰਪ੍ਰਸਾਦਿ ਹੈ। ਜੋ ਮਨੁੱਖ ਗੁਰਪ੍ਰਸਾਦਿ ਦੀ ਪ੍ਰਾਪਤੀ ਕਰਦੇ ਹਨ ਉਹ ਮਨੁੱਖ ਗੁਰ ਕਿਰਪਾ ਨਾਲ ਦੁਬਿਧਾ ਵਿੱਚੋਂ ਨਿਕਲ ਜਾਂਦੇ ਹਨ ਅਤੇ ਗੁਰ ਅਤੇ ਗੁਰੂ ਲਈ ਪੂਰਨ ਸ਼ਰਧਾ, ਪ੍ਰੀਤ ਅਤੇ ਭਰੋਸੇ ਦੀਆਂ ਦਰਗਾਹੀ ਬਖ਼ਸ਼ਿਸ਼ਾਂ ਪ੍ਰਾਪਤ ਕਰ ਕੇ ਬੰਦਗੀ ਪੂਰਨ ਕਰ ਲੈਂਦੇ ਹਨ। ਐਸੇ ਮਨੁੱਖ ਜੋ ਦੁਬਿਧਾ ਨੂੰ ਮਾਰ ਗਵਾਂਦੇ ਹਨ ਉਨ੍ਹਾਂ ਨੂੰ ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਜੋ ਮਨੁੱਖ ਦੁਬਿਧਾ ਨੂੰ ਮਾਰ ਗਵਾਂਦਾ ਹੈ :-
੧) ਉਹ ਮਨੁੱਖ “ਸੂਰਾ” ਹੈ ਭਾਵ ਉਹ ਮਨੁੱਖ ਸੂਰਮਾ ਬਣ ਜਾਂਦਾ ਹੈ ਕਿਉਂਕਿ ਉਹ ਮਨੁੱਖ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਤ੍ਰਿਸ਼ਨਾ ਉੱਪਰ ਜਿੱਤ ਪ੍ਰਾਪਤ ਕਰ ਲੈਂਦਾ ਹੈ। ਭਾਵ ਜੋ ਮਨੁੱਖ ਦੁਬਿਧਾ ਨੂੰ ਮਾਰ ਦਿੰਦਾ ਹੈ ਉਹ ਮਨੁੱਖ ਮਾਇਆ ਉੱਪਰ ਜਿੱਤ ਪ੍ਰਾਪਤ ਕਰ ਲੈਂਦਾ ਹੈ।
੨) ਉਹ ਮਨੁੱਖ “ਪੂਰਾ” ਹੋ ਜਾਂਦਾ ਹੈ। ਭਾਵ ਜੋ ਮਨੁੱਖ ਦੁਬਿਧਾ ਨੂੰ ਮਾਰ ਗਵਾਂਦਾ ਹੈ ਉਹ ਮਨੁੱਖ ਆਪਣਾ ਅੰਦਰਲਾ ਤੀਰਥ ਪੂਰਾ ਕਰ ਲੈਂਦਾ ਹੈ ਅਤੇ ਹਿਰਦੇ ਦੀ ਪੂਰਨ ਸਚਿਆਰੀ ਰਹਿਤ ਦੀ ਕਮਾਈ ਕਰਕੇ ਪੂਰਨ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ।
੩) ਉਹ ਮਨੁੱਖ ਦਰਗਾਹ ਵਿੱਚ ਮਾਨ ਪ੍ਰਾਪਤ ਕਰਦਾ ਹੈ। ਜੋ ਮਨੁੱਖ ਦਰਗਾਹ ਵਿੱਚ ਮਾਨ ਪ੍ਰਾਪਤ ਕਰਦਾ ਹੈ ਉਸ ਮਹਾ ਪੁਰਖ ਦਾ ਧਰਤੀ ਉੱਪਰ ਵੀ ਮਾਨ ਹੁੰਦਾ ਹੈ। ਉਸਦੀ ਸੰਗਤ ਬਣਦੀ ਹੈ। ਉਸ ਰਾਹੀਂ ਅਨੇਕਾਂ ਲੋਕਾਂ ਦਾ ਧਰਤੀ ਉੱਪਰ ਪਰਉਪਕਾਰ ਅਤੇ ਮਹਾ ਪਰਉਪਕਾਰ ਹੁੰਦਾ ਹੈ।
੪) ਉਸ ਮਨੁੱਖ ਦੇ ਸਾਰੇ ਦੁੱਖਾਂ ਕਲੇਸ਼ਾਂ ਦਾ ਅੰਤ ਹੋ ਜਾਂਦਾ ਹੈ। ਜੋ ਮਨੁੱਖ ਦੁਬਿਧਾ ਮਾਰ ਗਵਾਂਦਾ ਹੈ ਉਸ ਮਨੁੱਖ ਦੀ ਬੰਦਗੀ ਪੂਰਨ ਹੋ ਜਾਂਦੀ ਹੈ ਅਤੇ ਉਹ ਮਨੁੱਖ ਰਾਜ ਜੋਗ ਕਮਾ ਕੇ ਆਪਣਾ ਜਨਮ ਸਫਲ ਕਰ ਲੈਂਦਾ ਹੈ। ਰਾਜ ਜੋਗ ਤੋਂ ਭਾਵ ਹੈ ਗ੍ਰਹਿਸਤ ਜੀਵਨ ਵਿੱਚ ਦੁਨੀਆਂ ਦੇ ਕਾਰ ਵਿਹਾਰ ਕਰਦਿਆਂ ਹੋਇਆਂ ਵੀ ਮਨੁੱਖ ਮਾਇਆ ਨੂੰ ਜਿੱਤ ਕੇ ਦਰਗਾਹ ਵਿੱਚ ਮਾਨ ਪ੍ਰਾਪਤ ਕਰ ਲੈਂਦਾ ਹੈ।
੫) ਉਹ ਮਨੁੱਖ ਨਿਰਭਉ ਹੋ ਜਾਂਦਾ ਹੈ। ਭਾਵ ਜੋ ਮਨੁੱਖ ਦੁਬਿਧਾ ਮਾਰ ਗਵਾਂਦਾ ਹੈ ਉਹ ਮਨੁੱਖ ਮੋਹ ਮਾਇਆ ਦੇ ਜਾਲ ਵਿੱਚੋਂ ਮੁਕਤ ਹੋ ਜਾਂਦਾ ਹੈ। ਉਹ ਮਨੁੱਖ ਦੁਨਿਆਵੀ ਰਿਸ਼ਤਿਆਂ ਅਤੇ ਪਦਾਰਥਾਂ ਤੋਂ ਨਿਰਾਸ਼ਕਤ ਹੋ ਕੇ ਮੋਹ ਦੇ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ।
੬) ਉਸ ਮਨੁੱਖ ਦੇ ਰੋਮ-ਰੋਮ ਵਿੱਚ ਨਾਮ ਚਲਾ ਜਾਂਦਾ ਹੈ। ਉਸ ਮਨੁੱਖ ਦੇ ਸਾਰੇ ਬੱਜਰ ਕਪਾਟ ਖੁੱਲ੍ਹ ਜਾਂਦੇ ਹਨ। ਸਾਰੇ ਸਤਿ ਸਰੋਵਰ ਪ੍ਰਕਾਸ਼ਮਾਨ ਹੋ ਜਾਂਦੇ ਹਨ ਅਤੇ ਸਾਰੀ ਦੇਹੀ ਅੰਮ੍ਰਿਤ ਨਾਲ ਭਰਪੂਰ ਹੋ ਜਾਂਦੀ ਹੈ।
੭) ਉਸ ਮਨੁੱਖ ਦੇ ਚਰਨਾਂ ਦੇ ਹੇਠਾਂ ਸਾਰੀਆਂ ਰਿੱਧੀਆਂ ਸਿੱਧੀਆਂ ਦੇ ਦਰਗਾਹੀ ਖਜ਼ਾਨੇ ਆ ਜਾਂਦੇ ਹਨ। ਭਾਵ ਜੋ ਮਨੁੱਖ ਦੁਬਿਧਾ ਨੂੰ ਮਾਰ ਗਵਾਂਦਾ ਹੈ, ਰਿੱਧੀਆਂ ਸਿੱਧੀਆਂ ਉਸ ਮਨੁੱਖ ਦੀ ਸੇਵਾ ਵਿੱਚ ਹਾਜ਼ਰ ਰਹਿੰਦੀਆਂ ਹਨ ਅਤੇ ਉਸਦੀ ਸੇਵਾ ਕਰਦੀਆਂ ਹਨ। ਮਾਇਆ ਐਸੇ ਮਨੁੱਖ ਦੀ ਸੇਵਕ ਬਣ ਜਾਂਦੀ ਹੈ। ਐਸੇ ਮਨੁੱਖ ਨੂੰ ਦਰਗਾਹ ਵਿੱਚ ਮਾਨ ਪ੍ਰਾਪਤ ਹੁੰਦਾ ਹੈ ਅਤੇ ਐਸਾ ਮਹਾ ਪੁਰਖ ਧਰਤੀ ਉੱਪਰ ਵੀ ਮਾਨ ਪ੍ਰਾਪਤ ਕਰਦਾ ਹੈ।
੮) ਉਹ ਮਨੁੱਖ ਜੀਵਨ ਮੁਕਤੀ ਨੂੰ ਪ੍ਰਾਪਤ ਕਰ ਲੈਂਦਾ ਹੈ। ਉਹ ਮਨੁੱਖ ਸਾਰੇ ਦਰਗਾਹੀ ਖ਼ਜ਼ਾਨਿਆਂ ਦੀ ਪ੍ਰਾਪਤੀ ਕਰ ਲੈਂਦਾ ਹੈ। ਉਹ ਮਨੁੱਖ ਪਰਉਪਕਾਰ ਅਤੇ ਮਹਾ ਪਰਉਪਕਾਰ ਦੀ ਸੇਵਾ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਕਰ ਲੈਂਦਾ ਹੈ। ਉਹ ਮਨੁੱਖ ਵੱਡੇ ਭਾਗਾਂ ਵਾਲਾ ਹੋ ਜਾਂਦਾ ਹੈ। ਉਹ ਮਨੁੱਖ ਸਦਾ-ਸਦਾ ਲਈ ਸਹਿਜ ਸਮਾਧੀ ਵਿੱਚ ਚਲਾ ਜਾਂਦਾ ਹੈ। ਉਸ ਮਹਾ ਪੁਰਖ ਦੇ ਬਚਨ ਦਰਗਾਹੀ ਬਚਨ ਹੋ ਜਾਂਦੇ ਹਨ। ਉਸ ਮਨੁੱਖ ਨੂੰ ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਉਸ ਮਨੁੱਖ ਨੂੰ ਪੂਰਨ ਤੱਤ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਉਸ ਮਨੁੱਖ ਨੂੰ ਆਤਮ ਰਸ ਅੰਮ੍ਰਿਤ ਦੀ ਪ੍ਰਾਪਤੀ ਹੋ ਜਾਂਦੀ ਹੈ।
ਦੁਬਿਧਾ ਵਿੱਚ ਫੱਸੇ ਹੋਏ ਮਨੁੱਖ ਦੀ ਬੰਦਗੀ ਦਰਗਾਹ ਵਿੱਚ ਪਰਵਾਨ ਨਹੀਂ ਹੁੰਦੀ ਹੈ। ਦੁਬਿਧਾ ਵਿੱਚ ਫੱਸਿਆ ਹੋਇਆ ਮਨੁੱਖ ਭਾਵੇਂ ਜਿਤਨੇ ਮਰਜ਼ੀ ਜਪ ਤਪ ਕਰੀ ਜਾਵੇ ਉਸਦੀ ਸੇਵਾ ਦਰਗਾਹ ਵਿੱਚ ਕਬੂਲ ਨਹੀਂ ਹੁੰਦੀ ਹੈ। ਕਿਉਂਕਿ ਦੁਬਿਧਾ ਵਿੱਚ ਕੀਤੀ ਗਈ ਸੇਵਾ ਇੱਕ ਮਨ ਇੱਕ ਚਿੱਤ ਨਾਲ ਨਹੀਂ ਹੁੰਦੀ ਹੈ ਇਸ ਲਈ ਐਸੀ ਸੇਵਾ ਦਰਗਾਹ ਵਿੱਚ ਪਰਵਾਨ ਨਹੀਂ ਹੁੰਦੀ ਹੈ। ਇਸ ਲਈ ਇਨ੍ਹਾਂ ਧਰਮ ਕਰਮਾਂ ਦਾ ਦਰਗਾਹ ਵਿੱਚ ਮੁੱਲ ਨਹੀਂ ਪੈਂਦਾ ਹੈ ਅਤੇ ਮਨੁੱਖ ਜਨਮ ਮਰਣ ਦੇ ਬੰਧਨਾਂ ਤੋਂ ਮੁਕਤ ਨਹੀਂ ਹੁੰਦਾ ਹੈ। ਦੁਬਿਧਾ ਵਿੱਚ ਫੱਸੇ ਹੋਏ ਮਨੁੱਖ ਦੇ ਮਨ ਦੀ ਮੈਲ ਨਹੀਂ ਧੁੱਲਦੀ ਹੈ। ਮਨ ਵਿੱਚੋਂ ਵਿਕਾਰਾਂ ਦੀ ਵਿਨਾਸ਼ਕਾਰੀ ਮੈਲ ਨਹੀਂ ਧੁੱਲਦੀ ਹੈ ਜਿਸ ਕਾਰਣ ਮਨੁੱਖ ਜਨਮ-ਮਰਣ ਦੇ ਬੰਧਨਾਂ ਤੋਂ ਮੁਕਤ ਨਹੀਂ ਹੋ ਸਕਦਾ ਹੈ। ਕੇਵਲ ਉਹ ਮਨੁੱਖ ਜਿਨ੍ਹਾਂ ਉੱਪਰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਇਆਲ ਹੋ ਜਾਂਦਾ ਹੈ ਉਨ੍ਹਾਂ ਨੂੰ ਆਪਣੀ ਗੁਰਕਿਰਪਾ ਅਤੇ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਨਾਲ ਦੁਬਿਧਾ ਤੋਂ ਖ਼ਲਾਸ ਕਰ ਕੇ ਬਾਹਰ ਕੱਢ ਲੈਂਦਾ ਹੈ ਅਤੇ ਇੱਕ ਦ੍ਰਿਸ਼ਟ ਬਣਾ ਦਿੰਦਾ ਹੈ। ਕੇਵਲ ਇੱਕ ਦ੍ਰਿਸ਼ਟ ਮਨੁੱਖ ਹੀ ਜੀਵਨ ਮੁਕਤੀ ਨੂੰ ਪ੍ਰਾਪਤ ਕਰਦਾ ਹੈ। ਕੇਵਲ ਇੱਕ ਦ੍ਰਿਸ਼ਟ ਮਨੁੱਖ ਹੀ ਪੂਰਨ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਦਾ ਹੈ। ਕੇਵਲ ਇੱਕ ਦ੍ਰਿਸ਼ਟ ਮਨੁੱਖ ਹੀ ਆਤਮ ਰਸ ਅੰਮ੍ਰਿਤ ਦੀ ਪ੍ਰਾਪਤੀ ਕਰਦਾ ਹੈ।
ਇਸ ਲਈ ਭਰਮ ਮਨੁੱਖ ਨੂੰ ਪੂਰਨ ਸਤਿ ਤੋਂ ਭਟਕਾਉਂਦੇ ਹਨ। ਭਰਮ ਮਨੁੱਖ ਨੂੰ ਗੁਰਮਤਿ ਤੋਂ ਭਟਕਾ ਦਿੰਦੇ ਹਨ। ਭਰਮ ਮਨੁੱਖ ਨੂੰ ਕੁਰਾਹੇ ਪਾ ਦਿੰਦੇ ਹਨ। ਜਿਵੇਂ ਦੀਮਕ ਲੱਕੜੀ ਨੂੰ ਲੱਗ ਜਾਵੇ ਤਾਂ ਉਹ ਲੱਕੜੀ ਨੂੰ ਖਾ ਜਾਂਦੀ ਹੈ ਠੀਕ ਉਸੇ ਤਰ੍ਹਾਂ ਭਰਮ ਮਨੁੱਖ ਦੇ ਪਰਮਾਰਥਕ ਜੀਵਨ ਨੂੰ ਨੱਸ਼ਟ ਕਰ ਦਿੰਦੇ ਹਨ।
ਖਰੇ ਪਰਖਿ ਖਜਾਨੈ ਪਾਇਹਿ ਖੋਟੇ ਭਰਮਿ ਭੁਲਾਵਣਿਆ ॥੬॥
(ਸ੍ਰੀ ਗੁਰੂ ਗ੍ਰੰਥ ਸਾਹਿਬ ੧੧੯)
ਭਰਮਾਂ ਵਿੱਚ ਪਏ ਹੋਏ ਮਨੁੱਖ ਖੋਟੇ ਹੁੰਦੇ ਹਨ। ਜੋ ਮਨੁੱਖ ਪਰਮ ਸਤਿ ਤੱਤ ਦੀ ਪਹਿਚਾਨ ਕਰ ਲੈਂਦੇ ਹਨ ਉਹ ਭਰਮਾਂ ਵਿੱਚੋਂ ਨਿਕਲ ਜਾਂਦੇ ਹਨ ਅਤੇ ਦਰਗਾਹੀ ਖਜ਼ਾਨਿਆਂ ਦੇ ਹੱਕਦਾਰ ਬਣ ਜਾਂਦੇ ਹਨ। ਜਦ ਮਨੁੱਖ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ ਅਤੇ ਪੂਰਨ ਬੰਦਗੀ ਦਾ ਗੁਰ ਪ੍ਰਸਾਦਿ ਪ੍ਰਾਪਤ ਕਰਦਾ ਹੈ ਅਤੇ ਬੰਦਗੀ ਵਿੱਚ ਲੀਨ ਹੋ ਜਾਂਦਾ ਹੈ ਤਾਂ ਉਸ ਨੂੰ ਕਈ ਵੇਰਾਂ ਗੁਰ ਅਤੇ ਗੁਰੂ ਲਈ ਆਪਣੀ ਸ਼ਰਧਾ, ਪ੍ਰੀਤ ਅਤੇ ਭਰੋਸਾ ਸਿੱਧ ਕਰਨ ਲਈ ਮਾਇਆ ਦੀਆਂ ਕਈ ਕਠਿਨ ਪ੍ਰੀਖਿਆਵਾਂ ਵਿੱਚੋਂ ਲੰਘਣਾ ਪੈਂਦਾ ਹੈ। ਜੋ ਮਨੁੱਖ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੁਆਰਾ ਦਿੱਤੇ ਗਏ ਸਾਰੇ ਇਮਤਿਹਾਨ ਆਪਣੀ ਅਪਾਰ ਸ਼ਰਧਾ, ਪ੍ਰੀਤ ਅਤੇ ਭਰੋਸੇ ਦੀ ਪਰਮ ਸ਼ਕਤੀ ਨਾਲ ਪੂਰੇ ਕਰ ਲੈਂਦੇ ਹਨ ਉਹ ਮਨੁੱਖ ਦਰਗਾਹ ਵਿੱਚ ਸਦਾ-ਸਦਾ ਲਈ ਨਿਵਾਜੇ ਜਾਂਦੇ ਹਨ। ਜੋ ਮਨੁੱਖ ਮਾਇਆ ਦੇ ਇਨ੍ਹਾਂ ਸਾਰੇ ਇਮਤਿਹਾਨਾਂ ਵਿੱਚ ਅੱਵਲ ਆ ਜਾਂਦੇ ਹਨ ਉਨ੍ਹਾਂ ਦੀ ਬੰਦਗੀ ਦਰਗਾਹ ਵਿੱਚ ਪਰਵਾਨ ਚੜ੍ਹਦੀ ਹੈ ਅਤੇ ਉਹ ਆਪਣੀ ਬੰਦਗੀ ਪੂਰਨ ਕਰਕੇ ਦਰਗਾਹ ਵਿੱਚ ਮਾਨ ਪ੍ਰਾਪਤ ਕਰਦੇ ਹਨ। ਇਹ ਪੂਰਨ ਸਤਿ ਹੈ ਕਿ ਗੁਰਪ੍ਰਸਾਦਿ ਦੀ ਕਿਰਪਾ ਬਹੁਤ ਲੋਕਾਂ ਉੱਪਰ ਵਰਤਦੀ ਹੈ ਪਰੰਤੂ ਪੂਰਨ ਕਮਾਈ ਕੋਈ ਵਿਰਲਾ ਹੀ ਕਰਦਾ ਹੈ। ਜੋ ਮਨੁੱਖ ਗੁਰਪ੍ਰਸਾਦਿ ਦੀ ਪ੍ਰਾਪਤੀ ਕਰਕੇ ਵੀ ਮਾਇਆ ਦੇ ਇਨ੍ਹਾਂ ਇਮਤਿਹਾਨਾਂ ਵਿੱਚ ਅੱਵਲ ਨਹੀਂ ਆਉਂਦੇ ਹਨ ਅਤੇ ਮਾਇਆ ਕਾਰਣ ਭਰਮਾਂ ਵਿੱਚ ਪੈ ਜਾਂਦੇ ਹਨ ਉਨ੍ਹਾਂ ਮਨੁੱਖਾਂ ਦੀ ਬੰਦਗੀ ਪੂਰਨ ਨਹੀਂ ਹੁੰਦੀ ਹੈ। ਕੁਝ ਜਿਗਿਆਸੂ ਤਾਂ ਪੂਰਨ ਬੰਦਗੀ ਦੇ ਬਹੁਤ ਨੇੜੇ ਪਹੁੰਚ ਕੇ ਵੀ ਥਿੜ੍ਹਕ ਜਾਂਦੇ ਹਨ ਅਤੇ ਆਪਣਾ ਸਭ ਕੁਝ ਗੁਆ ਬੈਠਦੇ ਹਨ। ਇਸੇ ਲਈ ਬੰਦਗੀ ਦੇ ਇਸ ਮਾਰਗ ਨੂੰ ਖੰਡੇ ਦੀ ਧਾਰ ਉੱਪਰ ਚਲਣ ਦੇ ਬਰਾਬਰ ਦੱਸਿਆ ਗਿਆ ਹੈ। ਬੰਦਗੀ ਪੂਰਨ ਕੇਵਲ ਉਹ ਮਨੁੱਖ ਹੀ ਕਰਦੇ ਹਨ ਜਿਨ੍ਹਾਂ ਦਾ ਆਪਣੇ ਗੁਰ ਅਤੇ ਗੁਰੂ ਲਈ ਅਪਾਰ ਸ਼ਰਧਾ, ਪ੍ਰੀਤ ਅਤੇ ਭਰੋਸਾ ਹੁੰਦਾ ਹੈ। ਆਪਣੇ ਗੁਰ ਅਤੇ ਗੁਰੂ ਲਈ ਅਪਾਰ ਸ਼ਰਧਾ, ਭਰੋਸੇ ਅਤੇ ਪ੍ਰੀਤ ਵਿੱਚ ਤਰੇੜ ਆ ਜਾਵੇ ਤਾਂ ਇਹ ਤਰੇੜ ਸਭ ਕੁਝ ਨੱਸ਼ਟ ਕਰ ਦਿੰਦੀ ਹੈ। ਕਈ ਮਨੁੱਖ ਜੋ ਬੰਦਗੀ ਦੀ ਅਖੀਰਲੀ ਪਉੜੀ ਤੇ ਚੜ੍ਹਣ ਤੋਂ ਪਹਿਲਾਂ ਥਿੜ੍ਹਕਦੇ ਹਨ ਉਸਦਾ ਕਾਰਨ ਉਨ੍ਹਾਂ ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਪਰਮ ਸ਼ਕਤੀਆਂ ਦਾ ਹੋਇਆ ਅਨੁਭਵ ਬਣ ਜਾਂਦਾ ਹੈ। ਉਹ ਇਹ ਸਮਝ ਬੈਠਦੇ ਹਨ ਕਿ ਹੁਣ ਉਨ੍ਹਾਂ ਨੂੰ ਸਾਰੀਆਂ ਪ੍ਰਾਪਤੀਆਂ ਹੋ ਗਈਆਂ ਹਨ ਅਤੇ ਹੁਣ ਉਨ੍ਹਾਂ ਨੂੰ ਗੁਰੂ ਦੀ ਕੋਈ ਲੋੜ ਨਹੀਂ ਹੈ। ਇਹ ਜਾਣ ਕੇ ਉਹ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਇਨ੍ਹਾਂ ਪਰਮ ਸ਼ਕਤੀਆਂ ਵਿੱਚ ਉਲਝ ਜਾਂਦੇ ਹਨ ਅਤੇ ਆਪਣੇ ਗੁਰੂ ਉੱਪਰ ਸ਼ਰਧਾ, ਭਰੋਸਾ ਅਤੇ ਪ੍ਰੀਤ ਗੁਆ ਬੈਠਦੇ ਹਨ। ਉਨ੍ਹਾਂ ਦੀ ਸ਼ਰਧਾ, ਪ੍ਰੀਤ ਅਤੇ ਭਰੋਸੇ ਵਿੱਚ ਆਈ ਇਹ ਤਰੇੜ ਉਨ੍ਹਾਂ ਦੇ ਸੂਖਸ਼ਮ ਅਹੰਕਾਰ ਨੂੰ ਹਵਾ ਦਿੰਦੀ ਹੈ ਅਤੇ ਇਸ ਤਰ੍ਹਾਂ ਸਾਰੀ ਵਡਿਆਈ ਗੁਰੂ ਨੂੰ ਦੇਣ ਦੇ ਬਜਾਇ ਉਹ ਆਪਣੇ ਹੀ ਅਹੰਕਾਰ ਵਿੱਚ ਜੱਕੜੇ ਜਾਣ ਕਾਰਨ ਆਪਣਾ ਸਭ ਕੁਝ ਗੁਆ ਬੈਠਦੇ ਹਨ। ਇਸ ਤਰ੍ਹਾਂ ਇਸ ਉੱਚੀ ਅਵਸਥਾ ਉੱਪਰ ਪਹੁੰਚ ਕੇ ਵੀ ਐਸੇ ਮਨੁੱਖ ਮਾਇਆ ਦੇ ਇਸ ਇਮਤਿਹਾਨ ਵਿੱਚ ਅੱਵਲ ਨਾ ਹੋਣ ਕਾਰਨ ਆਪਣਾ ਸਭ ਕੁਝ ਗੁਆ ਬੈਠਦੇ ਹਨ।
ਗੁਰਿ ਪੂਰੈ ਸਭੁ ਭਰਮੁ ਚੁਕਾਇਆ ॥
ਹਰਿ ਸਿਮਰਤ ਨਾਨਕ ਸੁਖੁ ਪਾਇਆ ॥੪॥੮॥੭੭॥
(ਸ੍ਰੀ ਗੁਰੂ ਗ੍ਰੰਥ ਸਾਹਿਬ ੧੭੮)
ਸੋ ਸਤਿਗੁਰੁ ਧਨੁ ਧੰਨੁ ਜਿਨਿ ਭਰਮ ਗੜੁ ਤੋੜਿਆ ॥
(ਸ੍ਰੀ ਗੁਰੂ ਗ੍ਰੰਥ ਸਾਹਿਬ ੫੨੨)
ਕੇਵਲ ਪੂਰਾ ਗੁਰੂ ਹੀ ਜਿਗਿਆਸੂ ਦੇ ਮਨ ਵਿੱਚੋਂ ਸਾਰੇ ਭਰਮਾਂ ਦਾ ਨਾਸ਼ ਕਰ ਸਕਦਾ ਹੈ। ਕੇਵਲ ਸਤਿਗੁਰੂ ਹੀ ਮਨੁੱਖ ਦੇ ਸਾਰੇ ਭਰਮਾਂ ਦਾ ਖੰਡਨ ਕਰ ਸਕਦਾ ਹੈ ਅਤੇ ਮਨੁੱਖ ਨੂੰ ਸਾਰੇ ਭਰਮਾਂ ਤੋਂ ਮੁਕਤ ਕਰ ਸਕਦਾ ਹੈ। ਜੋ ਆਪ ਪੂਰਨ ਹੈ ਕੇਵਲ ਉਹ ਗੁਰੂ ਹੀ ਜਿਗਿਆਸੂ ਦੇ ਸਾਰੇ ਭਰਮਾਂ ਦਾ ਖੰਡਨ ਕਰਨ ਦੀ ਸਮਰਥਾ ਰੱਖਦਾ ਹੈ। ਇਸ ਲਈ ਜੋ ਮਨੁੱਖ ਪੂਰਾ ਗੁਰੂ ਅਰਾਧਦੇ ਹਨ ਉਨ੍ਹਾਂ ਦੇ ਸਾਰੇ ਭਰਮਾਂ ਦਾ ਖੰਡਨ ਸਤਿਗੁਰੁ ਆਪ ਕਰਦਾ ਹੈ। ਜੋ ਮਨੁੱਖ ਆਪਣਾ ਤਨ, ਮਨ ਅਤੇ ਧਨ ਸਤਿਗੁਰੁ ਦੇ ਚਰਨਾਂ ਉੱਪਰ ਅਰਪਣ ਕਰ ਦਿੰਦੇ ਹਨ ਉਨ੍ਹਾਂ ਦੀ ਗੁਰੂ ਲਈ ਸ਼ਰਧਾ, ਪ੍ਰੀਤ ਅਤੇ ਭਰੋਸਾ ਬੇਅੰਤਤਾ ਵਿੱਚ ਚਲਾ ਜਾਂਦਾ ਹੈ ਅਤੇ ਇਸੇ ਬੇਅੰਤ ਭਰੋਸੇ, ਸ਼ਰਧਾ ਅਤੇ ਪ੍ਰੀਤ ਦੀ ਪਰਮ ਅਨੰਤ ਸ਼ਕਤੀ ਉਨ੍ਹਾਂ ਨੂੰ ਦਰਗਾਹ ਵਿੱਚ ਪਰਵਾਨ ਚੜ੍ਹਾ ਦਿੰਦੀ ਹੈ।
ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਨੇ ਬੇਅੰਤ ਕਿਰਪਾ ਕਰਦੇ ਹੋਏ ਮਾਸ ਸੰਬੰਧੀ ਸਾਰੇ ਭਰਮਾਂ ਦਾ ਖੰਡਨ ਗੁਰਬਾਣੀ ਵਿਚ ਸਪੱਸ਼ਟ ਰੂਪ ਵਿਚ ਪ੍ਰਗਟ ਕੀਤਾ ਹੈ। ਧੰਨ ਧੰਨ ਸਤਿਗੁਰ ਪਾਤਿਸ਼ਾਹ ਜੀ ਨੇ ਮਾਸ ਦੀ ਮਹਿਮਾ ਇਨ੍ਹਾਂ ਪਰਮ ਸ਼ਕਤੀਸ਼ਾਲੀ ਸ਼ਬਦ ਵਿਚ ਪ੍ਰਗਟ ਕੀਤੀ ਹੈ :-
ਸਲੋਕ ਮ; ੧ ॥
ਪਹਿਲਾਂ ਮਾਸਹੁ ਨਿੰਮਿਆ ਮਾਸੈ ਅੰਦਰਿ ਵਾਸੁ ॥ ਜੀਉ ਪਾਇ ਮਾਸੁ ਮੁਹਿ ਮਿਲਿਆ ਹਡੁ ਚੰਮੁ ਤਨੁ ਮਾਸੁ ॥
ਮਾਸਹੁ ਬਾਹਰਿ ਕਢਿਆ ਮੰਮਾ ਮਾਸੁ ਗਿਰਾਸੁ ॥ ਮੁਹੁ ਮਾਸੈ ਕਾ ਜੀਭ ਮਾਸੈ ਕੀ ਮਾਸੈ ਅੰਦਰਿ ਸਾਸੁ ॥
ਵਡਾ ਹੋਆ ਵੀਆਹਿਆ ਘਰਿ ਲੈ ਆਇਆ ਮਾਸੁ ॥ ਮਾਸਹੁ ਹੀ ਮਾਸੁ ਊਪਜੈ ਮਾਸਹੁ ਸਭੋ ਸਾਕੁ ॥
ਸਤਿਗੁਰਿ ਮਿਲਿਐ ਹੁਕਮੁ ਬੁਝੀਐ ਤਾਂ ਕੋ ਆਵੈ ਰਾਸਿ ॥ ਆਪਿ ਛੁਟੇ ਨਹ ਛੂਟੀਐ ਨਾਨਕ ਬਚਨਿ ਬਿਣਾਸੁ ॥੧॥
(ਪੰਨਾ ੧੨੮੯)
ਗੁਰਬਾਣੀ ਅਨੁਸਾਰ ਮਨੁੱਖ ਦੀ ਦੇਹੀ ਦੀ ਰਚਨਾ ਪੰਜ ਤੱਤਾਂ ਨਾਲ ਹੁੰਦੀ ਹੈ। ਜਦ ਮਨੁੱਖ ਦੀ ਦੇਹੀ ਪ੍ਰਾਣ ਤਿਆਗਦੀ ਹੈ ਤਾਂ ਇਹ ਪੰਜ ਤੱਤ ਵਾਪਸ ਆਪਣੇ ਮੂਲ ਵਿਚ ਜਾ ਮਿਲਦੇ ਹਨ। ਇਸ ਪਰਮ ਸਤਿ ਤੱਤ ਨੂੰ ਗੁਰਬਾਣੀ ਵਿਚ ਸਪੱਸ਼ਟ ਕੀਤਾ ਗਿਆ ਹੈ :-
ਪਾਂਚ ਤਤ ਕੋ ਤਨੁ ਰਚਿਓ ਜਾਨਹੁ ਚਤੁਰ ਸੁਜਾਨ ॥
ਜਿਹ ਤੇ ਉਪਜਿਓ ਨਾਨਕਾ ਲੀਨ ਤਾਹਿ ਮੈ ਮਾਨੁ ॥੧੧॥
(ਪੰਨਾ ੧੪੨੭)
ਪੰਚ ਧਾਤੁ ਕਰਿ ਪੁਤਲਾ ਕੀਆ ॥ ਸਾਹੈ ਕੈ ਫੁਰਮਾਇਅੜੈ ਜੀ ਦੇਹੀ ਵਿਚਿ ਜੀਉ ਆਇ ਪਇਆ ॥੧॥
(ਪੰਨਾ ੧੦੦੭)
ਪੰਚ ਭੂਤ ਸਚਿ ਭੈ ਰਤੇ ਜੋਤਿ ਸਚੀ ਮਨ ਮਾਹਿ ॥
(ਪੰਨਾ ੧੯-੨੦)
ਕੇਵਲ ਇਤਨਾ ਹੀ ਨਹੀਂ, ਗੁਰਬਾਣੀ ਵਿਚ ਇਸ ਪਰਮ ਸਤਿ ਤੱਤ ਨੂੰ ਵੀ ਸਪੱਸ਼ਟ ਪ੍ਰਗਟ ਕੀਤਾ ਗਿਆ ਹੈ ਕਿ ਸਾਰੀ ਸ੍ਰਿਸ਼ਟੀ ਦੀ ਰਚਨਾ ਵੀ ਇਨ੍ਹਾਂ ਪੰਜ ਤੱਤਾਂ ਤੋਂ ਹੀ ਹੁੰਦੀ ਹੈ। ਸ੍ਰਿਸ਼ਟੀ ਦੀ ਹਰ ਇਕ ਰਚਨਾ ਕੇਵਲ ਪੰਜ ਤੱਤਾਂ ਨਾਲ ਹੀ ਹੁੰਦੀ ਹੈ।
ਹਰਿ ਆਪੇ ਪੰਚ ਤਤੁ ਬਿਸਥਾਰਾ ਵਿਚਿ ਧਾਤੂ ਪੰਚ ਆਪਿ ਪਾਵੈ ॥
(ਪੰਨਾ ੭੧੯)
ਪੰਚ ਤਤੁ ਕਰਿ ਤੁਧੁ ਸ੍ਰਿਸਟਿ ਸਭ ਸਾਜੀ ਕੋਈ ਛੇਵਾ ਕਰਿਉ ਜੇ ਕਿਛੁ ਕੀਤਾ ਹੋਵੈ ॥
(ਪੰਨਾ ੭੩੬)
ਮਨੁੱਖਾ ਦੇਹੀ ਦੀ ਰਚਨਾ ਦਾ ਮੂਲ ਹੈ ਮਾਸ, ਹੱਡੀਆਂ, ਚਮੜੀ ਅਤੇ ਰਕਤ ਆਦਿ। ਅਤੇ ਮਾਸ, ਹੱਡੀਆਂ, ਚਮੜੀ ਅਤੇ ਰਕਤ ਆਦਿ ਦਾ ਮੂਲ ਹਨ ਪੰਜ ਤੱਤ। ਇਹ ਪੰਜ ਤੱਤ ਹਨ: ਹਵਾ, ਪਾਣੀ, ਧਰਤੀ, ਅਗਨੀ ਅਤੇ ਆਕਾਸ਼। ਇਹ ਪੰਜੋ ਤੱਤ (ਜੋ ਕਿ ਇਕ ਦੂਜੇ ਦੇ ਵਿਰੋਧੀ ਹਨ, ਜਿਵੇਂ ਕਿ ਹਵਾ ਤੇ ਅਗਨੀ ਦਾ ਮੇਲ ਹੀਂ ਹੈ, ਪਾਣੀ ਅਤੇ ਅਗਨੀ ਦਾ ਮੇਲ ਨਹੀਂ ਆਦਿ) ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਬਣਾਏ ਵਿਧਾਨ ਅਨੁਸਾਰ ਪੂਰਨ ਹੁਕਮ ਵਿਚ ਮਾਤਾ (ਜਿਸਦੀ ਦੇਹੀ ਇਨ੍ਹਾਂ ਪੰਜ ਤੱਤਾਂ ਦੀ ਬਣੀ ਹੋਈ ਹੈ) ਦੇ ਰਕਤ ਅਤੇ ਪਿਤਾ (ਜਿਸਦੀ ਦੇਹੀ ਇਨ੍ਹਾਂ ਪੰਜ ਤੱਤਾਂ ਦੀ ਬਣੀ ਹੋਈ ਹੈ) ਦੇ ਬਿੰਦ ਦੇ ਮਿਲਾਪ ਨਾਲ ਮਾਤਾ ਦੇ ਗਰਭ ਵਿਚ ਮਨੁੱਖਾ ਦੇਹੀ ਦਾ ਰੂਪ ਧਾਰਣ ਕਰਦੇ ਹਨ ਤਾਂ ਮਨੁੱਖ ਦਾ ਜਨਮ ਮਾਤਾ ਦੇ ਗਰਭ ਵਿਚੋਂ ਹੁੰਦਾ ਹੈ। ਜਨਮ ਤੋਂ ਪਹਿਲਾਂ ਬੱਚਾ ਮਾਸ ਤੋਂ ਬਣੇ ਹੋਏ ਮਾਤਾ ਦੇ ਗਰਭ ਵਿਚ ਹੀ ਇਕ ਕੀਟਾਣੂ ਦੇ ਆਕਾਰ ਤੋਂ ਸ਼ੁਰੂ ਹੋਕੇ ਸਾਰੇ ਮਨੁੱਖੀ ਅੰਗਾਂ ਨਾਲ ਭਰਪੂਰ ਪੂਰੀ ਮਨੁੱਖਾ ਦੇਹੀ ਦਾ ਰੂਪ ਧਾਰਣ ਕਰਦਾ ਹੈ। ਬੱਚੇ ਦੀ ਦੇਹੀ ਦਾ ਸਾਰਾ ਵਿਕਾਸ ਕੇਵਲ ਮਾਸ ਦੇ ਬਣੇ ਮਾਤਾ ਦੇ ਗਰਭ ਵਿਚ ਮਾਸ ਤੋਂ ਹੀ ਸਾਰੀ ਖੁਰਾਕ ਪ੍ਰਾਪਤ ਕਰ ਕੇ ਪੂਰਾ ਹੁੰਦਾ ਹੈ। ਇਸ ਤਰ੍ਹਾਂ ਮਾਸ (ਪੰਜ ਭੂਤਕ) ਦੀ ਬਣੀ ਹੋਈ ਮਾਤਾ ਦੀ ਦੇਹੀ ਵਿਚੋਂ ਬੱਚੇ ਦਾ ਜਨਮ ਮਾਸ (ਪੰਜ ਭੂਤਕ) ਦੇ ਰੂਪ ਵਿਚ ਹੁੰਦਾ ਹੈ। ਜਦ ਬੱਚਾ ਮਾਂ ਦੇ ਗਰਭ ਵਿਚੋਂ ਬਾਹਰ ਨਿਕਲਦਾ ਹੈ ਤਾਂ ਉਸਨੂੰ ਖੁਰਾਕ ਵੀ ਮਾਂ ਦੇ ਥਨਾਂ ਤੋਂ (ਜੋ ਕਿ ਮਾਸ ਦੇ ਹੀ ਬਣੇ ਹਨ) ਹੀ ਪ੍ਰਾਪਤ ਹੁੰਦੀ ਹੈ। ਇਸਦਾ ਮੂੰਹ ਵੀ ਮਾਸ ਦਾ ਹੁੰਦਾ ਹੈ, ਜੀਭ ਵੀ ਮਾਸ ਦੀ ਹੁੰਦੀ ਹੈ, ਅਤੇ ਸਾਰੀ ਦੇਹੀ ਦੀ ਘਾੜਤ ਹੱਡ, ਮਾਸ ਅਤੇ ਚੰਮ ਦੀ ਹੀ ਹੁੰਦੀ ਹੈ। ਮਨੁੱਖੀ ਸਵਾਸਾਂ ਦੀ ਪਰਮ ਸ਼ਕਤੀ ਵੀ ਇਸ ਮਾਸ ਦੇ ਪੁਤਲੇ ਵਿਚ ਹੀ ਪ੍ਰਗਟ ਹੁੰਦੀ ਹੈ ਜੋ ਇਸ ਦੇ ਜੀਵਨ ਦਾ ਆਧਾਰ ਬਣਦੀ ਹੈ। ਕੇਵਲ ਇਤਨਾ ਹੀ ਨਹੀਂ, ਬਲਕਿ ਸਤਿ ਪਾਰਬ੍ਰਹਮ ਦੀਆਂ ਬਖਸ਼ੀਆਂ ਹੋਈਆਂ ਪੰਜ ਗਿਆਨ ਇੰਦਰੀਆਂ, ਪੰਜ ਕਰਮ ਇੰਦਰੀਆਂ, ਪਰਮ ਜੋਤ, ਸਾਰੀਆਂ ਰੂਹਾਨੀ ਪਰਮ ਸ਼ਕਤੀਆਂ ਦੇ ਸਾਰੇ ਖਜ਼ਾਨੇ (੭ ਸਤਿ ਸਰੋਵਰ) ਮਾਸ ਦੇ ਇਸ ਪੁਤਲੇ ਵਿਚ ਹੀ ਮੌਜੂਦ ਹੁੰਦੇ ਹਨ।
ਜਿਵੇਂ ਮਨੁੱਖਾ ਦੇਹੀ ਦਾ ਨਿਰਮਾਣ ਪੰਜ ਤੱਤਾਂ ਦੇ ਮੇਲ ਨਾਲ ਹੁੰਦਾ ਹੈ ਠੀਕ ਉਸੇ ਤਰ੍ਹਾਂ ਮਨੁੱਖਾ ਦੇਹੀ ਦੀ ਪਾਲਣਾ ਅਤੇ ਵਿਕਾਸ ਵੀ ਇਨ੍ਹਾਂ ਪੰਜ ਤੱਤਾਂ ਨਾਲ ਹੀ ਹੁੰਦਾ ਹੈ। ਭਾਵ ਇਹ ਕਿ ਮਨੁੱਖ ਦੇ ਭੋਜਨ ਦਾ ਨਿਰਮਾਣ ਵੀ ਪੰਜ ਤੱਤ ਹੀ ਕਰਦੇ ਹਨ। ਕੇਵਲ ਇਤਨਾ ਹੀ ਨਹੀਂ, ਸ੍ਰਿਸ਼ਟੀ ਵਿਚ ਵਿਚਰ ਰਹੇ ਸਾਰੇ ਜੀਵ, ਜੰਤੂ ਅਤੇ ਸਾਰੀ ਬਨਸਪਤ ਦਾ ਨਿਰਮਾਣ ਵੀ ਇਨ੍ਹਾਂ ਪੰਜ ਤੱਤਾਂ ਵਿਚੋਂ ਹੀ ਹੁੰਦਾ ਹੈ। ਜਦ ਮਨੁੱਖ ਭੋਜਨ ਕਰਦਾ ਹੈ ਅਤੇ ਉਸ ਖਾਧੇ ਹੋਏ ਭੋਜਨ ਨੂੰ ਹਜ਼ਮ ਕਰਦਾ ਹੈ ਤਾਂ ਖਾਧੇ ਹੋਏ ਭੋਜਨ ਵਿਚੋਂ ਜਿਨ੍ਹਾਂ ਤੱਤਾਂ ਦੀ ਦੇਹੀ ਨੂੰ ਜ਼ਰੂਰਤ ਹੁੰਦੀ ਹੈ, ਉਨ੍ਹਾਂ ਤੱਤਾਂ ਨੂੰ ਦੇਹੀ ਆਪਣੇ ਵਿਚ ਸਮਾ ਲੈਂਦੀ ਹੈ ਅਤੇ ਬਾਕੀ ਦਾ ਭੋਜਨ ਮੱਲ ਦੇ ਰੂਪ ਵਿਚ ਬਾਹਰ ਕੱਢ ਦੇਂਦੀ ਹੈ। ਇਸ ਤਰ੍ਹਾਂ ਨਾਲ ਜਦ ਮਨੁੱਖ ਦੀ ਦੇਹੀ ਦਾ ਇਨ੍ਹਾਂ ਪੰਜ ਤੱਤਾਂ ਦੀ ਕਿਰਪਾ ਨਾਲ ਵਿਕਾਸ ਹੁੰਦਾ ਹੈ ਤਾਂ ਜਿਵੇਂ ਜਿਵੇਂ ਉਸਦੀ ਉਮਰ ਵੱਧਦੀ ਹੈ ਉਹ ਆਪਣੇ ਆਕਾਰ ਵਿਚ ਵੀ ਵੱਡਾ ਹੋ ਜਾਂਦਾ ਹੈ ਅਤੇ ਜੁਆਨ ਹੋ ਜਾਂਦਾ ਹੈ। ਇਸ ਅਵਸਥਾ ਵਿਚ ਮਨੁੱਖ ਦਾ ਵਿਆਹ ਹੁੰਦਾ ਹੈ ਅਤੇ ਵਿਆਹ ਕੇ ਫਿਰ ਮਾਸ (ਇਸਤਰੀ ਰੂਪ ਜਾਂ ਪੁਰਸ਼ ਰੂਪ) ਨੂੰ ਆਪਣੇ ਘਰ ਲੈ ਆਂਦਾ ਹੈ। ਭਾਵ ਸਾਰੀ ਸ੍ਰਿਸ਼ਟੀ ਵਿਚ ਜੀਵਾਂ ਦੇ ਉਤਪਾਦਨ ਦੀ ਇਹ ਕਿਰਿਆ ਮਾਸ ਨਾਲ ਹੀ ਨਿਰੰਤਰ ਚਲਦੀ ਜਾ ਰਹੀ ਹੈ। ਇਸ ਤਰ੍ਹਾਂ ਨਾਲ ਮਨੁੱਖ ਦੇ ਸਾਰੇ ਸਾਖ, ਸੰਬੰਧ, ਰਿਸ਼ਤੇਦਾਰ ਮਾਸ ਦੇ ਇਸ ਅਦਭੁਤ ਇਲਾਹੀ ਖੇਲ ਵਿਚ ਹੀ ਹੋਂਦ ਵਿਚ ਆਉਂਦੇ ਹਨ। ਸਾਰੇ ਪਰਿਵਾਰ ਅਤੇ ਸੰਬੰਧ ਕੇਵਲ ਮਾਸ ਦਾ ਹੀ ਖੇਲ ਹੈ।
ਕਿਉਂਕਿ ਮਨੁੱਖ ਦੀ ਦੇਹੀ ਦਾ ਪਾਲਣ ਪੋਸ਼ਣ ਕੇਵਲ ਪੰਜ ਤੱਤਾਂ ਦੇ ਗ੍ਰਹਿਣ ਕਰਨ ਨਾਲ ਹੀ ਹੁੰਦਾ ਹੈ ਇਸ ਲਈ ਮਨੁੱਖ ਜੋ ਵੀ ਅੰਨ ਦੇ ਦਾਣੇ ਭੋਜਨ ਰੂਪ ਵਿਚ ਖਾਂਦਾ ਹੈ ਉਹ ਸਾਰੇ ਅੰਨ ਕੇ ਦਾਣਿਆਂ ਦਾ ਆਧਾਰ ਵੀ ਪੰਜ ਤੱਤ ਹੀ ਹਨ। ਭਾਵ ਸਾਰੇ ਅੰਨ ਕੇ ਦਾਣੇ, ਖਾਣ ਦੇ ਸਾਰੇ ਪਦਾਰਥ ਭੋਜਨ ਆਦਿ ਦੀ ਰਚਨਾ ਵੀ ਇਨ੍ਹਾਂ ਪੰਜ ਤੱਤਾਂ ਤੋਂ ਹੀ ਹੁੰਦੀ ਹੈ। ਫਿਰ ਉਹ ਜਾਨਵਰ ਦਾ ਮਾਸ ਹੋਵੇ ਜਾਂ ਕਣਕ ਦੀ ਰੋਟੀ ਹੋਵੇ, ਸਾਗ ਹੋਵੇ ਜਾਂ ਹਰ ਤਰ੍ਹਾਂ ਦੀਆਂ ਸਬਜ਼ੀਆਂ ਹੋਣ ਜਾਂ ਹਰ ਤਰ੍ਹਾਂ ਦੇ ਫੱਲ ਹੋਣ, ਹਰ ਤਰ੍ਹਾਂ ਦੇ ਭੋਜਨ ਪਦਾਰਥਾਂ ਦੀ ਰਚਨਾ ਕੇਵਲ ਇਨ੍ਹਾਂ ਪੰਜ ਤੱਤਾਂ ਤੋਂ ਹੀ ਹੁੰਦੀ ਹੈ। ਸਾਰੀ ਰਚਨਾ ਦੇ ਇਸ ਇਲਾਹੀ ਰਹੱਸ (ਪੰਜ ਤੱਤਾਂ ਦੀ ਮਹਿਮਾ) ਦਾ ਇਹ ਸਾਰਾ ਖੇਲ ਮਨੁੱਖ ਨੂੰ ਤਾਂ ਸਮਝ ਆਉਂਦਾ ਹੈ ਜਦ ਉਸ ਨੂੰ ਪੂਰੇ ਸਤਿਗੁਰੂ ਦੀ ਸਤਿ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਕੇਵਲ ਪੂਰਾ ਸਤਿਗੁਰੂ ਹੀ ਜੋ ਕਿ ਪੂਰਨ ਬ੍ਰਹਮ ਗਿਆਨੀ ਹੈ ਅਤੇ ਗੁਰਪ੍ਰਸਾਦਿ ਦਾ ਦਾਤਾ ਹੈ, ਉਹ ਮਨੁੱਖ ਨੂੰ ਇਸ ਪਰਮ ਸਤਿ ਤੱਤ ਨੂੰ ਸਮਝਣ ਦੀ ਬਖਸ਼ਿਸ਼ ਕਰ ਸਕਦਾ ਹੈ। ਪੰਜ ਤੱਤਾਂ ਦੀ ਮਹਿਮਾ ਦੇ ਇਸ ਪਰਮ ਸਤਿ ਤੱਤ ਦਾ ਬ੍ਰਹਮ ਗਿਆਨ ਕੇਵਲ ਪੂਰੇ ਸਤਿਗੁਰੂ ਪਾਸ ਹੀ ਹੈ ਅਤੇ ਇਸ ਬ੍ਰਹਮ ਗਿਆਨ ਦੀ ਪ੍ਰਾਪਤੀ ਕੇਵਲ ਪੂਰੇ ਸਤਿਗੁਰੂ ਦੀ ਚਰਨ ਸ਼ਰਨ ਵਿਚ ਜਾ ਕੇ ਅਤੇ ਉਸਦੇ ਦਰਗਾਹੀ ਛੱਤਰ ਹੇਠ ਬੈਠ ਕੇ ਗੁਰਪ੍ਰਸਾਦਿ ਦੀ ਪ੍ਰਾਪਤੀ ਕਰਕੇ ਬੰਦਗੀ ਕਰਦੇ ਹੋਏ ਹੀ ਹੋ ਸਕਦੀ ਹੈ। ਪੰਜ ਤੱਤ ਜੋ ਕਿ ਆਪਸ ਵਿਚ ਇਕ ਦੂਜੇ ਦੇ ਵਿਰੋਧੀ ਹੁੰਦੇ ਹੋਦੇ ਵੀ ਕਿਵੇਂ ਅਕਾਲ ਪੁਰਖ ਸਤਿ ਪਾਰਬ੍ਰਹਮ ਪਿਤਾ ਦੇ ਇਲਾਹੀ ਹੁਕਮ ਵਿਚ ਸਾਰੀ ਸ੍ਰਿਸ਼ਟੀ ਦੇ ਜੀਵਾਂ, ਜੰਤੂਆਂ ਅਤੇ ਸਾਰੀ ਬਨਸਪਤ ਦੀ ਰਚਨਾ ਵਿਚ ਪ੍ਰਤੱਖ ਵਰਤਦੇ ਹਨ ਅਤੇ ੮੪ ਲੱਖ ਮੇਦਨੀ ਦੀ ਰਚਨਾ ਅਤੇ ਪਾਲਣ ਪੋਸ਼ਣ ਵਿਚ ਸਹਾਇਕ ਸਿੱਧ ਹੁੰਦੇ ਹਨ। ਪੂਰੇ ਸਤਿਗੁਰੂ ਦੀ ਗੁਰਪ੍ਰਸਾਦੀ ਗੁਰਕਿਰਪਾ ਨਾਲ ਮਨੁੱਖ ਨੂੰ ਜਦ ਇਸ ਇਲਾਹੀ ਹੁਕਮ ਦੀ ਸੋਝੀ ਸਮਝ ਪੈਂਦੀ ਹੈ ਤਾਂ ਉਸਦਾ ਮਾਸ ਖਾਣ ਜਾਂ ਨਾ ਖਾਣ ਦੇ ਭਰਮਾਂ ਤੋਂ ਛੁਟਕਾਰਾ ਹੁੰਦਾ ਹੈ। ਪੂਰੇ ਸਤਿਗੁਰੂ ਦੀ ਗੁਰਪ੍ਰਸਾਦੀ ਗੁਰਕਿਰਪਾ ਨਾਲ ਮਨੁੱਖ ਨੂੰ ਜਦ ਪੰਜ ਤੱਤਾਂ ਦੇ ਇਸ ਇਲਾਹੀ ਰਹੱਸ ਦੀ ਮਹਿਮਾ ਦਾ ਗਿਆਨ ਹੁੰਦਾ ਹੈ ਤਾਂ ਉਸਦੇ ਮਾਸ ਖਾਣ ਦੇ ਜਾਂ ਨਾ ਖਾਣ ਬਾਰੇ ਸਾਰੇ ਭਰਮਾਂ ਦਾ ਨਾਸ ਹੋ ਜਾਂਦਾ ਹੈ ਅਤੇ ਉਹ ਇਸ ਦੁਬਿਧਾ ਵਿਚੋਂ ਨਿਕਲ ਜਾਂਦਾ ਹੈ। ਇਸ ਲਈ ਜਦ ਤੱਕ ਮਨੁੱਖ ਮਾਸ ਖਾਣ ਜਾਂ ਨਾ ਖਾਣ ਦੇ ਭਰਮ ਵਿਚ ਪਿਆ ਰਹਿੰਦਾ ਹੈ ਅਤੇ ਇਸ ਵਿਸ਼ੇ ਨੂੰ ਲੈ ਕੇ ਬੇਕਾਰ ਦੀ ਚਰਚਾ ਕਰਦਾ ਹੈ ਤਦ ਤੱਕ ਉਸਦਾ ਭਲਾ ਨਹੀਂ ਹੁੰਦਾ ਹੈ। ਕਿਉਂਕਿ ਇਨ੍ਹਾਂ ਭਰਮਾਂ ਦਾ ਕਾਰਨ ਕੇਵਲ ਅਗਿਆਨਤਾ ਹੈ ਅਤੇ (ਬਿਆਨ ਕੀਤੇ ਗਏ) ਪਰਮ ਸਤਿ ਤੱਤ ਦੇ ਬਾਰੇ ਨਾਸਮਝੀ ਅਤੇ ਇਲਾਹੀ ਹੁਕਮ (ਪੰਜ ਤੱਤਾਂ ਦੀ ਮਹਿਮਾ) ਦੇ ਬਾਰੇ ਸੋਝੀ ਨਾ ਹੋਣਾ ਹੈ।
ਉੱਪਰ ਬਿਆਨ ਕੀਤੇ ਗਏ ਇਸ ਪਰਮ ਸਤਿ ਤੱਤ ਨੂੰ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਨੇ ਗੁਰਬਾਣੀ ਦੇ ਇਸ ਸਲੋਕ ਵਿਚ ਦ੍ਰਿੜ੍ਹ ਕਰਵਾਇਆ ਹੈ :
ਮ: ੧ ॥
ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ ॥ ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ ॥
ਗੈਂਡਾ ਮਾਰਿ ਹੋਮ ਜਗ ਕੀਏ ਦੇਵਤਿਆ ਕੀ ਬਾਣੇ ॥ ਮਾਸੁ ਛੋਡਿ ਬੈਸਿ ਨਕੁ ਪਕੜਹਿ ਰਾਤੀ ਮਾਣਸ ਖਾਣੇ ॥
ਫੜੁ ਕਰਿ ਲੋਕਾਂ ਨੋ ਦਿਖਲਾਵਹਿ ਗਿਆਨੁ ਧਿਆਨੁ ਨਹੀ ਸੂਝੈ ॥ ਨਾਨਕ ਅੰਧੇ ਸਿਉ ਕਿਆ ਕਹੀਐ ਕਹੈ ਨ ਕਹਿਆ ਬੂਝੈ ॥
ਅੰਧਾ ਸੋਇ ਜਿ ਅੰਧੁ ਕਮਾਵੈ ਤਿਸੁ ਰਿਦੈ ਸਿ ਲੋਚਨ ਨਾਹੀ ॥ ਮਾਤ ਪਿਤਾ ਕੀ ਰਕਤੁ ਨਿਪੰਨੇ ਮਛੀ ਮਾਸੁ ਨ ਖਾਂਹੀ ॥
ਇਸਤ੍ਰੀ ਪੁਰਖੈ ਜਾਂ ਨਿਸਿ ਮੇਲਾ ਓਥੈ ਮੰਧੁ ਕਮਾਹੀ ॥ ਮਾਸਹੁ ਨਿੰਮੇ ਮਾਸਹੁ ਜੰਮੇ ਹਮ ਮਾਸੈ ਕੇ ਭਾਂਡੇ ॥
ਗਿਆਨੁ ਧਿਆਨੁ ਕਛੁ ਸੂਝੈ ਨਾਹੀ ਚਤੁਰੁ ਕਹਾਵੈ ਪਾਂਡੇ ॥ ਬਾਹਰ ਕਾ ਮਾਸੁ ਮੰਦਾ ਸੁਆਮੀ ਘਰ ਕਾ ਮਾਸੁ ਚੰਗੇਰਾ ॥
ਜੀਅ ਜੰਤ ਸਭਿ ਮਾਸਹੁ ਹੋਏ ਜੀਇ ਲਇਆ ਵਾਸੇਰਾ ॥ ਅਭਖੁ ਭਖਹਿ ਭਖੁ ਤਜਿ ਛੋਡਹਿ ਅੰਧੁ ਗੁਰੂ ਜਿਨ ਕੇਰਾ ॥
ਮਾਸਹੁ ਨਿੰਮੇ ਮਾਸਹੁ ਜੰਮੇ ਹਮ ਮਾਸੈ ਕੇ ਭਾਂਡੇ ॥ ਗਿਆਨੁ ਧਿਆਨੁ ਕਛੁ ਸੂਝੈ ਨਾਹੀ ਚਤੁਰੁ ਕਹਾਵੈ ਪਾਂਡੇ ॥
ਮਾਸੁ ਪੁਰਾਣੀ ਮਾਸੁ ਕਤੇਬੀ ਕਮਾਣਾ ॥ ਜਜਿ ਕਾਜਿ ਵੀਆਹਿ ਸੁਹਾਵੈ ਓਥੈ ਮਾਸੁ ਸਮਾਣਾ ॥
ਇਸਤ੍ਰੀ ਪੁਰਖ ਨਿਪਜਹਿ ਮਾਸਹੁ ਪਾਤਿਸਾਹ ਸੁਲਤਾਨਾਂ ॥ ਜੇ ਓਇ ਦਿਸਹਿ ਨਰਕਿ ਜਾਂਦੇ ਤਾਂ ਉਨ੍ਹ੍ਹ ਕਾ ਦਾਨੁ ਨ ਲੈਣਾ ॥
ਦੇਂਦਾ ਨਰਕਿ ਸੁਰਗਿ ਲੈਦੇ ਦੇਖਹੁ ਏਹੁ ਧਿਙਾਣਾ ॥ ਆਪਿ ਨ ਬੂਝੈ ਲੋਕ ਬੁਝਾਏ ਪਾਂਡੇ ਖਰਾ ਸਿਆਣਾ ॥
ਪਾਂਡੇ ਤੂ ਜਾਣੈ ਹੀ ਨਾਹੀ ਕਿਥਹੁ ਮਾਸੁ ਉਪੰਨਾ ॥ ਤੋਇਅਹੁ ਅੰਨੁ ਕਮਾਦੁ ਕਪਾਹਾਂ ਤੋਇਅਹੁ ਤ੍ਰਿਭਵਣੁ ਗੰਨਾ ॥
ਤੋਆ ਆਖੈ ਹਉ ਬਹੁ ਬਿਧਿ ਹਛਾ ਤੋਐ ਬਹੁਤੁ ਬਿਕਾਰਾ ॥ ਏਤੇ ਰਸ ਛੋਡਿ ਹੋਵੈ ਸੰਨਿਆਸੀ ਨਾਨਕੁ ਕਹੈ ਵਿਚਾਰਾ ॥੨॥
{ਪੰਨਾ ੧੨੮੯-੧੨੯੦}
ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਨੇ ਉਸ ਮਨੁੱਖ ਨੂੰ ਮੂਰਖ ਕਹਿ ਕੇ ਸੰਬੋਧਨ ਕੀਤਾ ਹੈ ਜੋ ਆਪਣੇ ਆਪ ਨੂੰ ਵਿਦਵਾਨ ਸਮਝ ਕੇ (ਮਾਸ ਦਾ ਤਿਆਗੀ) ਮਾਸ ਦੇ ਖਾਣ ਜਾਂ ਨਾ ਖਾਣ ਦੇ ਵਿਵਾਦ ਵਿਚ ਆਪਣੀ ਸ਼ਕਤੀ ਨੂੰ ਨੱਸ਼ਟ ਕਰਦਾ ਹੈ। ਆਪਣੇ ਆਪ ਨੂੰ ਮਾਸ ਦਾ ਤਿਆਗੀ ਪੰਡਤ (ਵਿਦਵਾਨ) ਕਹਿਣ ਵਾਲੇ ਮਨੁੱਖ ਨੂੰ ਸਤਿਗੁਰ ਅਵਤਾਰ ਧੰਨ ਧੰਨ ਨਾਨਕ ਪਾਤਿਸ਼ਾਹ ਜੀ ਨੇ ਮੂਰਖ ਦੱਸਿਆ ਹੈ। ਬਿਨਾਂ ਧਿਆਨ ਦੇ ਬ੍ਰਹਮ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਧਿਆਨ ਦੀ ਅਵਸਥਾ ਬਹੁਤ ਉੱਚੀ ਆਤਮਿਕ ਅਵਸਥਾ ਹੈ। ਇਸ ਅਵਸਥਾ ਦੀ ਪ੍ਰਾਪਤੀ ਗੁਰਪ੍ਰਸਾਦਿ ਨਾਲ ਹੁੰਦੀ ਹੈ। ਜਦ ਗੁਰਪ੍ਰਸਾਦਿ ਦੀ ਪ੍ਰਾਪਤੀ ਕਰ ਮਨੁੱਖ ਦੀ ਬੰਦਗੀ ਕਰਮ ਖੰਡ ਦੀ ਉੱਚੀ ਅਵਸਥਾ ਵਿਚ ਪਹੁੰਚਦੀ ਹੈ ਅਤੇ ਜਦ ਮਨੁੱਖ ਸਮਾਧੀ ਵਿਚ ਜਾਂਦਾ ਹੈ ਅਤੇ ਸੁੰਨ ਸਮਾਧੀ ਵਿਚ ਬੈਠ ਕੇ ਸਤਿਨਾਮ ਦਾ ਅਭਿਆਸ ਕਰਦਾ ਹੈ ਤਾਂ ਮਨੁੱਖ ਦੇ ਸਾਰੇ ਬੱਜਰ ਕਪਾਟ ਖੁੱਲ੍ਹ ਜਾਂਦੇ ਹਨ ਅਤੇ ਮਨੁੱਖ ਨਿਰੰਤਰ ਸਿਮਰਨ ਵਿਚ ਚਲਾ ਜਾਂਦਾ ਹੈ, ਉਸਦੇ ਰੋਮ-ਰੋਮ ਵਿਚ ਨਾਮ ਚਲਾ ਜਾਂਦਾ ਹੈ ਤਾਂ ਧਿਆਨ ਦੀ ਅਵਸਥਾ ਪ੍ਰਾਪਤ ਹੁੰਦੀ ਹੈ। ਧਿਆਨ ਦੀ ਇਸ ਪਰਮ ਸ਼ਕਤੀਸ਼ਾਲੀ ਅਵਸਥਾ ਵਿਚ ਬੰਦਗੀ ਦਰਗਾਹ ਪਰਵਾਨ ਚੜ੍ਹਦੀ ਹੈ ਅਤੇ ਅਕਾਲ ਪੁਰਖ ਦੇ ਨਿਰਗੁਨ ਸਰੂਪ ਦੇ ਦਰਸ਼ਨ ਹੁੰਦੇ ਹਨ ਅਤੇ ਇਸ ਦੇ ਨਾਲ ਹੀ ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਇਸ ਲਈ ਜਿਸ ਮਨੁੱਖ ਨੂੰ ਗਿਆਨ ਧਿਆਨ ਦੀ ਇਹ ਪਰਮ ਸ਼ਕਤੀਸ਼ਾਲੀ ਅਵਸਥਾ ਪ੍ਰਾਪਤ ਨਹੀਂ ਹੈ ਕੇਵਲ ਐਸਾ ਮਨੁੱਖ ਹੀ ਆਪਣੇ ਆਪ ਨੂੰ ਮਾਸ ਦਾ ਤਿਆਗੀ (ਵਿਦਵਾਨ) ਸਮਝ ਕੇ ਮਾਸ ਖਾਣ ਜਾਂ ਨਾ ਖਾਣ ਦੇ ਵਿਵਾਦ ਵਿਚ ਪੈ ਕੇ ਆਪਣੀ ਮੂਰਖਤਾ ਦਾ ਪ੍ਰਦਰਸ਼ਨ ਕਰਦਾ ਹੈ। ਇਸ ਪਰਮ ਸਤਿ ਤੱਤ ਦੇ ਆਧਾਰ ਤੇ ਇਹ ਸਿੱਟਾ ਨਿਕਲਦਾ ਹੈ ਕਿ ਜਿਗਿਆਸੂਆਂ ਨੂੰ ਮਾਸ ਸੰਬੰਧੀ ਇਨ੍ਹਾਂ ਭਰਮਾਂ ਵਿਚ ਨਹੀਂ ਪੈਣਾ ਚਾਹੀਦਾ ਹੈ।
ਕਿਉਂਕਿ ਸਾਗ ਦੀ ਰਚਨਾ ਦਾ ਆਧਾਰ ਵੀ ਪੰਜ ਤੱਤ ਹਨ ਅਤੇ ਮਾਸ ਦੀ ਰਚਨਾ ਵੀ ਪੰਜ ਤੱਤਾਂ ਤੋਂ ਹੀ ਹੁੰਦੀ ਹੈ ਇਸ ਲਈ ਸਾਗ ਅਤੇ ਮਾਸ ਵਿਚ ਕੀ ਅੰਤਰ ਹੈ ? ਅਤੇ ਕਿਸ ਦੇ ਖਾਣ ਨਾਲ ਮਨੁੱਖ ਪਾਪ ਦਾ ਭਾਗੀ ਬਣਦਾ ਹੈ ? ਪੰਜ ਤੱਤਾਂ ਦੀ ਉੱਪਰ ਬਿਆਨ ਕੀਤੀ ਗਈ ਮਹਿਮਾ ਅਨੁਸਾਰ ਮਾਸ ਅਤੇ ਸਾਗ ਵਿਚ ਕੋਈ ਅੰਤਰ ਨਹੀਂ ਹੈ। ਇਸ ਲਈ ਇਸ ਪੂਰਨ ਬ੍ਰਹਮ ਗਿਆਨ ਨੂੰ ਹਿਰਦੇ ਵਿਚ ਅਰਜਿਤ ਕਰਨਾ ਅਤੇ ਇਸੇ ਹੀ ਬ੍ਰਹਮ ਗਿਆਨ ਵਿਚ ਰਹਿਣਾ ਅਤੇ ਇਸ ਬ੍ਰਹਮ ਗਿਆਨ ਉੱਪਰ ਆਪਣੇ ਰੋਜ਼ਾਨਾ ਜੀਵਨ ਵਿਚ ਅਮਲ ਕਰਨਾ ਹੀ ਸਤਿ ਕਰਮ ਹੈ। ਬਹੁ ਗਿਣਤੀ ਸ਼ਾਕਾਹਾਰੀ ਮਨੁੱਖ ਇਹ ਤਰਕ ਕਰਦੇ ਹਨ ਕਿ ਮਾਸ ਖਾਣ ਲਈ ਜਾਨਵਰ ਦੀ ਹੱਤਿਆ ਹੁੰਦੀ ਹੈ ਅਤੇ ਮਾਸ ਖਾਣ ਵਾਲਾ ਮਨੁੱਖ ਜਾਨਵਰ ਦੀ ਇਸ ਹੱਤਿਆ ਵਿਚ ਭਾਗੀਦਾਰ ਹੁੰਦਾ ਹੈ। ਇਹ ਸਤਿ ਹੈ ਕਿ ਮਾਸ ਦੀ ਪ੍ਰਾਪਤੀ ਜਾਨਵਰ ਦੀ ਹੱਤਿਆ ਕਰਨ ਨਾਲ ਹੀ ਹੁੰਦੀ ਹੈ। ਪਰੰਤੂ ਇਹ ਵੀ ਸਤਿ ਹੈ ਕਿ ਸਾਗ ਦੇ ਬੂਟੇ ਵਿਚ ਵੀ ਜੀਵਨ ਹੁੰਦਾ ਹੈ ਅਤੇ ਸਾਗ ਦੀ ਪ੍ਰਾਪਤੀ ਵੀ ਸਾਗ ਦੇ ਬੂਟੇ ਨੂੰ ਵੱਡ ਕੇ ਹੀ ਹੁੰਦੀ ਹੈ। ਇਸ ਤਰ੍ਹਾਂ ਦੇ ਤਰਕ ਵਿਤਰਕ ਦਾ ਨਾ ਹੀ ਕੋਈ ਅੰਤ ਹੈ ਅਤੇ ਨਾ ਹੀ ਕੋਈ ਸਿੱਟਾ ਨਿਕਲਦਾ ਹੈ ਅਤੇ ਨਾ ਹੀ ਕੋਈ ਲਾਭ ਹੈ। ਇਸ ਵਾਦ ਵਿਵਾਦ ਨੂੰ ਅਤੇ ਤਰਕ ਵਿਤਰਕ ਨੂੰ ਖ਼ਤਮ ਕਰਨ ਲਈ ਹੀ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਨੇ ਇਨ੍ਹਾਂ ਸ਼ਲੋਕਾਂ ਵਿਚ ਇਸ ਪੂਰਨ ਬ੍ਰਹਮ ਗਿਆਨ ਨੂੰ ਸਾਰੀ ਲੋਕਾਈ ਦੀ ਝੋਲੀ ਵਿਚ ਪਾਇਆ ਹੈ ਕਿ ਮਾਸ ਖਾਣ ਜਾਂ ਨਾ ਖਾਣ ਦੀ ਚਰਚਾ ਵਿਚ ਪੈਣਾ ਮੂਰਖਤਾਈ ਹੈ। ਇਸ ਲਈ ਇਸ ਮੂਰਖਤਾਈ ਵਿਚ ਨਾ ਪੈ ਕੇ ਸਾਨੂੰ “ਗਿਆਨ ਧਿਆਨ” ਦੀ ਅਵਸਥਾ ਦੀ ਪ੍ਰਾਪਤੀ ਵਾਲੇ ਪਾਸੇ ਤੁਰਨਾ ਚਾਹੀਦਾ ਹੈ।
ਪੁਰਾਤਨ ਸਮੇਂ ਵਿਚ ਵੀ ਦੇਵੀ ਦੇਵਤਿਆਂ ਨੂੰ ਪ੍ਰਸੰਨ ਕਰਨ ਲਈ ਕਈ ਲੋਕ ਜਾਨਵਰਾਂ (ਗੈਂਡਾ) ਦੀ ਬਲੀ ਦੇ ਕੇ ਹੋਮ ਜੱਗ ਕਰਦੇ ਸਨ। ਅੱਜ ਦੇ ਸਮੇਂ ਵਿਚ ਵੀ ਕਈ ਵਾਰੀ ਕਈ ਥਾਵਾਂ ਤੇ ਦੇਵੀ ਦੇਵਤਿਆਂ ਨੂੰ ਪ੍ਰਸੰਨ ਕਰਨ ਲਈ ਜਾਨਵਰਾਂ (ਬਕਰੇ ਆਦਿ ਦੀ) ਬਲੀ ਚੜ੍ਹਾਉਣ ਦੀਆਂ ਘਟਨਾਵਾਂ ਵੇਖਣ ਨੂੰ ਮਿਲਦੀਆਂ ਹਨ। ਭਾਵ ਇਕ ਪਾਸੇ ਤਾਂ ਪਰਮਾਰਥ ਤੇ ਚਲਣ ਦਾ ਦਿਖਾਵਾ ਕਰਨ ਵਾਲੇ ਪਾਖੰਡੀ ਮਨੁੱਖ ਮਾਸ ਦਾ ਤਿਆਗ ਕਰਨ ਦਾ ਢੋਂਗ ਕਰਦੇ ਹਨ ਅਤੇ ਦੂਜੇ ਪਾਸੇ ਉਹੀ ਪਾਖੰਡੀ ਮਨੁੱਖ ਆਪਣੇ ਪਰਮਾਰਥਕ ਮੰਤਵ ਨੂੰ ਸਿੱਧ ਕਰਨ ਲਈ ਦੇਵੀ ਦੇਵਤਿਆਂ ਦੇ ਮੰਦਰਾਂ ਵਿਚ ਜਾ ਕੇ ਜਾਨਵਰਾਂ ਦੀ ਬਲੀ ਦਿੰਦੇ ਹਨ। ਐਸੇ ਮਨੁੱਖ, ਜੋ ਕਿ ਆਪਣੇ ਵਲੋਂ ਮਾਸ ਦਾ ਤਿਆਗ ਕਰਕੇ ਜੇ ਕਿਤੇ ਮਾਸ ਨੂੰ ਵੇਖ ਲੈਂਦੇ ਹਨ ਤਾਂ ਆਪਣੀ ਨੱਕ ਨੂੰ ਢੱਕ ਲੈਂਦੇ ਹਨ ਕਿ ਕਿਤੇ ਮਰੇ ਹੋਏ ਜਾਨਵਰ ਦੇ ਮਾਸ ਦੀ ਬਦਬੂ ਉਨ੍ਹਾਂ ਦੀ ਨੱਕ ਵਿਚ ਚੜ੍ਹ ਕੇ ਉਨ੍ਹਾਂ ਨੂੰ ਅਪਵਿੱਤਰ ਨਾ ਕਰ ਦੇਵੇ, ਉਨ੍ਹਾਂ ਨੂੰ ਸਤਿਗੁਰ ਸਾਹਿਬ ਨੇ ਪਾਖੰਡੀ ਕਿਹਾ ਹੈ। ਪਾਖੰਡੀ ਕਹਿਣ ਤੋਂ ਭਾਵ ਹੈ ਜੋ ਮਨੁੱਖ ਭਰਮਾਂ ਵਿਚ ਜੀ ਰਹੇ ਹਨ ਅਤੇ ਜਿਨ੍ਹਾਂ ਦਾ ਜੀਵਨ ਦੁਬਿਧਾ ਨਾਲ ਭਰਿਆ ਹੋਇਆ ਹੈ। ਕੇਵਲ ਉਹ ਮਨੁੱਖ ਹੀ ਪਾਖੰਡੀ ਨਹੀਂ ਹੈ ਜੋ ਸੱਚ ਖੰਡ ਵਿਚ ਹੈ। ਬਾਕੀ ਸਭ ਖਲਕ ਕਿਸੇ ਭਰਮ ਦਾ ਸ਼ਿਕਾਰ ਹੋਣ ਕਾਰਣ ਅਤੇ ਮਾਇਆ ਦੀ ਗੁਲਾਮੀ ਕਰਕੇ ਪਾਖੰਡ ਵਿਚ ਹੈ। ਕੇਵਲ ਉਹ ਮਨੁੱਖ ਜੋ ਕਿ ਮਾਇਆ ਨੂੰ ਜਿੱਤ ਕੇ ਦੁਬਿਧਾ ਅਤੇ ਭਰਮਾਂ ਵਿਚੋਂ ਨਿਕਲ ਗਿਆ ਹੈ, ਉਹ ਹੀ ਸੱਚ ਖੰਡ ਵਿਚ ਹੈ ਅਤੇ ਕੇਵਲ ਐਸਾ ਮਨੁੱਖ ਹੀ ਪਾਖੰਡੀ ਨਹੀਂ ਹੈ। ਅੱਜ ਦੀ ਦੁਨੀਆਂ ਵਿਚ ਐਸੇ ਮਹਾ ਪਾਖੰਡੀ ਲੋਕਾਂ ਦੀ ਕੋਈ ਕਮੀ ਨਹੀਂ ਹੈ ਜੋ ਕਿ ਆਂਡਿਆਂ ਅਤੇ ਭਾਂਡਿਆਂ ਦੇ ਭਰਮਾਂ ਵਿਚ ਪੈ ਕੇ ਆਪਣਾ ਪਰਮਾਰਥਕ ਜੀਵਨ ਬਣਾਉਨ ਦੀ ਥਾਂ ਨੱਸ਼ਟ ਕਰ ਰਹੇ ਹਨ। ਭਾਵ ਬਹੁਤ ਸਾਰੇ ਪਰਿਵਾਰਾਂ ਵਿਚ ਐਸੇ ਦ੍ਰਿਸ਼ ਵੇਖਣ ਨੂੰ ਮਿਲਦੇ ਹਨ ਜਿੱਥੇ ਇਕੋ ਹੀ ਪਰਿਵਾਰ ਦੇ ਵਿਚ ਅੰਡੇ ਅਤੇ ਮਾਸ ਖਾਣ ਵਾਲਿਆਂ ਸਦੱਸਿਆਂ ਲਈ ਅਲਗ ਭਾਂਡੇ ਵਰਤੇ ਜਾਂਦੇ ਹਨ, ਅਤੇ ਸ਼ਾਕਾਹਾਰੀ ਭੋਜਨ ਕਰਨ ਵਾਲਿਆਂ (ਜੋ ਕਿ ਪਰਮਾਰਥ ਦੇ ਮਾਰਗ ਉੱਪਰ ਚਲਣ ਦਾ ਢੋਂਗ ਕਰਦੇ ਹਨ) ਲਈ ਅਲਗ ਭਾਂਡੇ ਵਰਤੇ ਜਾਂਦੇ ਹਨ। ਕਈ ਲੋਕ ਤਾਂ ਇਤਨੀ ਕੱਟੜਤਾ ਵਿਚ ਵਿਸ਼ਵਾਸ ਰੱਖਦੇ ਹਨ ਕਿ ਉਹ ਆਂਡੇ ਨੂੰ ਹੱਥ ਲਾਉਣਾ ਵੀ ਘੋਰ ਪਾਪ ਸਮਝਦੇ ਹਨ। ਐਸੇ ਪਾਖੰਡੀ ਮਨੁੱਖ ਭਰਮਾਂ ਦੇ ਜਾਲ ਵਿਚ ਫੱਸੇ ਹੋਏ ਦੁਬਿਧਾ ਨੂੰ ਪਾਲਦੇ ਹਨ ਅਤੇ ਪਰਮਾਰਥ ਦੇ ਨੇੜੇ ਜਾਣ ਦੇ ਬਜਾਇ ਮਾਇਆ ਜਾਲ ਵਿਚ ਉਲਝ ਕੇ ਆਪਣਾ ਜਨਮ ਗੁਆ ਲੈਂਦੇ ਹਨ। ਕਿਉਂਕਿ ਐਸੇ ਮਨੁੱਖ ਹੀ ਜੋ ਅਗਿਆਨਤਾ ਵੱਸ, “ਗਿਆਨ ਧਿਆਨ” ਦੀ ਸੋਝੀ ਨਾ ਹੋਣ ਕਾਰਨ ਦੂਜਿਆਂ ਦੀ ਨਿੰਦਿਆ ਕਰਦੇ ਹਨ, ਦੂਜਿਆਂ ਦੇ ਬੁਰੇ ਲਈ ਮਨਸੂਬੇ ਬਣਾਉਂਦੇ ਹਨ, ਦੂਜਿਆਂ ਦਾ ਹੱਕ ਮਾਰਦੇ ਹਨ ਅਤੇ ਮਾਇਆ (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਤ੍ਰਿਸ਼ਨਾ) ਦੀ ਗੁਲਾਮੀ ਵਿਚ ਵਿਚਰਦੇ ਹੋਏ ਅਸਤਿ ਕਰਮ ਕਰਦੇ ਹੋਏ ਆਪਣਾ ਜੀਵਨ ਨੱਸ਼ਟ ਕਰਦੇ ਹਨ। ਦੂਜੇ ਦੀ ਬੁਰਾਈ ਕਰਨਾ ਅਤੇ ਹੱਕ ਮਾਰਨਾ ਦੂਜਿਆਂ ਦੇ ਲਹੂ ਪੀਣ ਦੇ ਤੁੱਲ ਪਾਪ ਕਰਨ ਦੇ ਬਰਾਬਰ ਹੈ। ਇਸ ਲਈ ਮਾਸ ਦਾ ਤਿਆਗ ਕਰਕੇ ਮਹਾਨ ਬਣਨ ਅਤੇ ਕਹਾਉਣ ਵਾਲੇ (ਪਾਖੰਡੀ) ਮਨੁੱਖ ਜੋ ਕਿ ਮਾਇਆ ਦੀ ਗੁਲਾਮੀ ਵਿਚ ਐਸੇ ਅਸਤਿ ਕਰਮ ਕਰਦੇ ਹਨ ਉਨ੍ਹਾਂ ਦੇ ਪਾਪਾਂ ਦਾ ਲੇਖਾ ਜੋਖਾ ਮਾਸ ਦਾ ਤਿਆਗ ਕਰਨ ਨਾਲ ਘੱਟ ਨਹੀਂ ਹੋ ਜਾਂਦਾ ਹੈ। ਇਸ ਲਈ ਸਿਆਣਾ ਮਨੁੱਖ ਉਹ ਹੈ ਜੋ ਮਾਸ ਸੰਬੰਧੀ ਇਸ ਤਰਕ ਵਿਤਰਕ ਵਿਚ ਨਹੀਂ ਪੈਂਦਾ ਅਤੇ ਆਪਣਾ ਆਪ “ਗਿਆਨ ਧਿਆਨ” ਦੀਆਂ ਉੱਚੀਆਂ ਅਵਸਥਾਵਾਂ ਦੀ ਪ੍ਰਾਪਤੀ ਲਈ ਪੂਰੇ ਸਤਿਗੁਰੂ ਦੀ ਚਰਨ ਸ਼ਰਨ ਵਿਚ ਜਾ ਕੇ ਗੁਰਪ੍ਰਸਾਦਿ ਦੀ ਪ੍ਰਾਪਤੀ ਕਰਦਾ ਹੈ ਅਤੇ ਆਪਣੀ ਬੰਦਗੀ ਪੂਰਨ ਕਰਕੇ ਮਾਇਆ ਦੀ ਗੁਲਾਮੀ ਵਿਚੋਂ ਮੁਕਤ ਹੋ ਕੇ ਆਪਣਾ ਜੀਵਨ ਸਫਲ ਕਰਦਾ ਹੈ। ਜੋ ਮਨੁੱਖ ਮਾਇਆ ਦੀ ਗੁਲਾਮੀ ਵਿਚ ਵਿਚਰਦਾ ਹੋਇਆ ਮਾਸ ਸੰਬੰਧੀ ਇਸ ਤਰਕ ਵਿਤਰਕ ਵਾਦ ਵਿਵਾਦ ਵਿਚ ਫੱਸਿਆ ਰਹਿੰਦਾ ਹੈ ਉਹ ਭਰਮਾਂ ਨੂੰ ਪਾਲਦਾ ਹੈ ਅਤੇ ਇਸੇ ਦੁਬਿਧਾ ਵਿਚ ਆਪਣਾ ਜੀਵਨ ਨੱਸ਼ਟ ਕਰ ਕੇ ਆਪਣੇ ਆਪ ਨੂੰ ਮਹਾ ਮੂਰਖ ਸਿੱਧ ਕਰ ਦਿੰਦਾ ਹੈ।
ਭਰਮਾਂ ਵਿਚ ਪਿਆ ਹੋਇਆ ਅਤੇ ਦੁਬਿਧਾ ਦਾ ਸ਼ਿਕਾਰ ਹੋ ਕੇ ਮਾਇਆ ਦਾ ਗੁਲਾਮ ਮਨੁੱਖ, ਅਗਿਆਨਤਾ ਦੇ ਅੰਧੇਰੇ ਵਿਚ ਲਿਪਤ ਇਕ ਅੰਨ੍ਹੇ ਮਨੁੱਖ ਦੀ ਨਿਆਈਂ ਹੈ ਜਿਸਨੂੰ “ਗਿਆਨ ਧਿਆਨ” ਦੀ ਕੋਈ ਸੋਝੀ ਨਹੀਂ ਹੈ, ਉਹ ਮਾਸ ਮਾਸ ਕਰਕੇ ਝਗੜਦਾ ਹੈ। ਐਸੇ ਮਨੁੱਖ ਨਾਲ ਤਰਕ ਵਿਤਰਕ ਅਤੇ ਵਾਦ ਵਿਵਾਦ ਵਿਚ ਪੈਣਾ ਵੀ ਮੂਰਖਤਾਈ ਹੀ ਹੈ। ਕਿਉਂਕਿ ਐਸੇ ਮਨੁੱਖ ਨੂੰ ਪੂਰੇ ਸਤਿਗੁਰੂ ਦੀ ਕਿਰਪਾ ਤੋਂ ਬਗੈਰ ਸੋਝੀ ਨਹੀਂ ਪ੍ਰਾਪਤ ਹੋ ਸਕਦੀ ਹੈ। ਇਸ ਲਈ ਐਸੇ ਮਨੁੱਖ ਨਾਲ ਤਰਕ ਵਿਤਰਕ ਕਰਨ ਨਾਲ ਕੋਈ ਲਾਭ ਨਹੀਂ ਹੁੰਦਾ ਹੈ। ਇਸ ਲਈ ਸਿਆਣਾ ਮਨੁੱਖ ਕਦੇ ਵੀ ਇਸ (ਮਾਸ ਸੰਬੰਧੀ) ਵਾਦ ਵਿਵਾਦ ਵਿਚ ਨਹੀਂ ਪੈਂਦਾ ਹੈ।
ਉਹ ਮਨੁੱਖ ਅੰਨ੍ਹਾ ਹੈ ਜੋ ਅੰਧ ਅਗਿਆਨਤਾ ਦੀ ਕਮਾਈ ਕਰਦਾ ਹੈ। ਗੁਰਮਤਿ ਨੂੰ ਛੱਡ ਕੇ ਮਨਮਤਿ ਨੂੰ ਅਤੇ ਸੰਸਾਰਿਕ ਮਤਿ ਨੂੰ ਅਪਨਾਉਣ ਵਾਲਾ ਅਤੇ ਉਸ ਦੀ ਕਮਾਈ ਕਰਨ ਵਾਲਾ ਮਨੁੱਖ ਅੰਨ੍ਹਾ ਹੈ। ਜਿਸ ਮਨੁੱਖ ਦੇ ਗਿਆਨ ਨੇਤਰ ਨਹੀਂ ਖੁੱਲ੍ਹੇ ਹਨ ਉਹ ਮਨੁੱਖ ਅੰਨ੍ਹੇ ਮਨੁੱਖ ਦੀ ਨਿਆਈਂ ਹੈ। ਐਸਾ ਮਨੁੱਖ ਜਿਸ ਦੇ ਗਿਆਨ ਨੇਤਰ ਨਹੀਂ ਖੁੱਲ੍ਹੇ ਹਨ ਉਹ ਮਾਇਆ (ਰਜੋ ਅਤੇ ਤਮੋ ਬਿਰਤੀ ਦੇ ਅਧੀਨ) ਦੀ ਗੁਲਾਮੀ ਵਿਚ ਵਿਚਰਦਾ ਹੋਇਆ ਅਸਤਿ ਕਰਮ ਕਰਦਾ ਹੈ। ਜਿਸ ਮਨੁੱਖ ਦੇ ਗਿਆਨ ਨੇਤਰ ਖੁੱਲ੍ਹ ਜਾਂਦੇ ਹਨ ਉਹ ਮਨੁੱਖ ਸੁਜਾਖ਼ਾ ਹੈ। ਐਸਾ ਮਨੁੱਖ ਬ੍ਰਹਮ ਗਿਆਨ (ਗੁਰਬਾਣੀ) ਦੀ ਕਮਾਈ ਕਰਦਾ ਹੈ। ਜਿਸ ਮਨੁੱਖ ਦੇ ਬੱਜਰ ਕਪਾਟ ਖੁੱਲ੍ਹ ਜਾਂਦੇ ਹਨ ਉਸ ਨੂੰ ਬ੍ਰਹਮ ਗਿਆਨ (ਗੁਰਬਾਣੀ) ਸਮਝ ਆਉਣ ਲਗ ਪੈਂਦਾ ਹੈ ਅਤੇ ਉਹ ਮਨੁੱਖ ਆਪਣੇ ਰੋਜ਼ਾਨਾ ਜੀਵਨ ਵਿਚ ਇਸ ਬ੍ਰਹਮ ਗਿਆਨ ਦੀ ਕਮਾਈ ਕਰਦਾ ਹੈ। ਬ੍ਰਹਮ ਗਿਆਨ ਦੀ ਕਮਾਈ ਕਰਦਾ ਹੋਇਆ ਗੁਰਪ੍ਰਸਾਦਿ ਦੀ ਪ੍ਰਾਪਤੀ ਕਰਕੇ “ਗਿਆਨ ਧਿਆਨ” ਦੀ ਪਰਮ ਸ਼ਕਤੀਸ਼ਾਲੀ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ ਅਤੇ ਆਪਣਾ ਮਨੁੱਖਾ ਜਨਮ ਸਫਲ ਕਰ ਲੈਂਦਾ ਹੈ। ਗੁਰਮਤਿ ਨੂੰ ਛੱਡ ਕੇ ਮਨਮਤਿ ਨੂੰ ਅਤੇ ਸੰਸਾਰਿਕ ਮਤਿ ਨੂੰ ਅਪਨਾਉਣ ਵਾਲਾ ਅਤੇ ਉਸ ਦੀ (ਅਗਿਆਨਤਾ ਦੀ) ਕਮਾਈ ਕਰਨ ਵਾਲਾ ਮਨੁੱਖ, ਜੋ ਕਿ ਅੰਨ੍ਹੇ ਮਨੁੱਖ ਦੀ ਨਿਆਈਂ ਹੈ ਉਹ “ਮਾਸੁ ਮਾਸੁ ਕਰਿ ਮੂਰਖ ਝਗੜੇ” ਦੇ ਪਰਮ ਸਤਿ ਤੱਤ ਨੂੰ ਅਪਨਾ ਕੇ ਭਰਮਾਂ ਅਤੇ ਦੁਬਿਧਾ ਵਿਚ ਪੈ ਕੇ ਆਪਣਾ ਜਨਮ ਗੁਆ ਲੈਂਦਾ ਹੈ।
ਮਾਤਾ ਦੇ ਰਕਤ ਅਤੇ ਪਿਤਾ ਦੇ ਬਿੰਦ ਵਿਚੋਂ ਜਨਮਿਆ ਮਨੁੱਖ, ਜੋ ਆਪ ਮਾਸ ਦਾ ਪੁਤਲਾ ਹੈ ਉਹ ਮੱਛੀ ਅਤੇ ਮਾਸ ਖਾਣ ਤੋਂ ਪਰਹੇਜ਼ ਕਰਦਾ ਹੈ। ਭਾਵ ਮਨੁੱਖ ਦਾ ਮੁੱਢ (ਬੀਜ) ਵੀ ਤਾਂ ਮਾਸ ਤੋਂ ਹੀ ਬਣਦਾ ਹੈ, ਮਾਤਾ ਦਾ ਗਰਭ ਜੋ ਕਿ ਫਿਰ ਮਾਸ ਦਾ ਬਣਿਆ ਹੋਇਆ ਹੈ ਉਸ ਵਿਚ ਬੈਠਾ ਵੀ ਤੇ ਮਾਸ ਤੋਂ ਹੀ ੯ ਮਹੀਨੇ ਪਲਦਾ ਹੈ, ਅਤੇ ਫਿਰ ਜਦ ਜਨਮ ਹੁੰਦਾ ਹੈ ਤਾਂ ਵੀ ਮਾਸ ਦੇ ਪੁਤਲੇ ਦੇ ਰੂਪ ਵਿਚ ਮਾਤਾ ਦੇ ਗਰਭ ਤੋਂ ਬਾਹਰ ਆਉਂਦਾ ਹੈ। ਫਿਰ ਮੱਛੀ ਮਾਸ ਖਾਣ ਤੋਂ ਪਰਹੇਜ਼ ਕਿਉਂ ਕਰਦਾ ਹੈ? ਕੇਵਲ ਇਤਨਾ ਹੀ ਨਹੀਂ, ਜਦ ਰਾਤ ਵੇਲੇ ਪੁਰਸ਼ ਅਤੇ ਇਸਤ੍ਰੀ (ਪਤੀ ਪਤਨੀ) ਮਿਲਦੇ ਹਨ ਤਾਂ ਉਸ ਵੇਲੇ ਵੀ ਤਾਂ ਮਾਸ ਅਤੇ ਮਾਸ ਦਾ ਮਿਲਾਪ ਕਰਕੇ ਇਕ ਦੂਜੇ ਦਾ ਸੰਭੋਗ ਕਰਦੇ ਹਨ। ਫਿਰ, ਮਾਸ ਦਾ ਮਾਸ ਨਾਲ ਇਹ ਸੰਭੋਗ ਕਿਉਂ ਮੰਦਾ ਨਹੀਂ ਕਿਹਾ ਜਾਂਦਾ ਹੈ। ਫਿਰ ਇਸਤ੍ਰੀ ਪੁਰਸ਼ ਦੇ ਇਸ ਸੰਬੰਧ ਨੂੰ ਪਾਵਨ ਪਵਿੱਤਰ ਕਿਉਂ ਮੰਨਿਆ ਜਾਂਦਾ ਹੈ। ਫਿਰ ਤਾਂ ਇਸਤ੍ਰੀ ਪੁਰਸ਼ (ਪਤੀ ਪਤਨੀ) ਦੇ ਇਸ ਸੰਬੰਧ ਨੂੰ ਵੀ ਅਪਵਿੱਤਰ ਮੰਨਣਾ ਚਾਹੀਦਾ ਹੈ, ਜੋ ਕਿ ਸਤਿ ਨਹੀਂ ਹੈ। ਕਿਉਂਕਿ ਇਸਤ੍ਰੀ ਪੁਰਸ਼ (ਪਤੀ ਪਤਨੀ) ਦਾ ਇਹ ਸੰਬੰਧ ਹੀ ਸਾਰੀ ਮਨੁੱਖੀ ਰਚਨਾ ਦਾ ਆਧਾਰ ਹੈ। ਇਸ ਲਈ “ਮਾਸੁ ਮਾਸੁ ਕਰਿ ਮੂਰਖੁ ਝਗੜੇ” ਦੇ ਪਰਮ ਸਤਿ ਤੱਤ ਨੂੰ ਸਮਝਣਾ ਚਾਹੀਦਾ ਹੈ ਅਤੇ ਇਸ ਤਰਕ ਵਿਤਰਕ ਵਿਚ ਨਾ ਪੈ ਕੇ “ਗਿਆਨ ਧਿਆਨ” ਦੇ ਪਰਮ ਸਤਿ ਤੱਤ ਨੂੰ ਪ੍ਰਾਪਤ ਕਰਨ ਲਈ ਯਤਨ ਕਰਨਾ ਚਾਹੀਦਾ ਹੈ।
ਸਤਿਗੁਰ ਅਵਤਾਰ ਧੰਨ ਧੰਨ ਨਾਨਕ ਪਾਤਿਸ਼ਾਹ ਜੀ ਇਸ ਪਰਮ ਸਤਿ ਤੱਤ ਨੂੰ ਦ੍ਰਿੜ੍ਹ ਕਰਵਾ ਰਹੇ ਹਨ ਕਿ ਸਾਡਾ ਮੁੱਢ ਮਾਸ ਤੋਂ ਹੀ ਬੱਝਾ ਹੈ, ਅਸੀਂ ਸਾਰੇ ਮਾਸ ਦੇ ਹੀ ਪੁਤਲੇ ਹਾਂ, ਅਸੀਂ ਮਾਸ ਤੋਂ ਹੀ ਪੈਦਾ ਹੁੰਦੇ ਹਾਂ ਅਤੇ ਸਾਡੇ ਸਾਰੇ ਪਰਿਵਾਰਕ ਸਾਕ ਸੰਬੰਧ ਮਾਸ ਤੋਂ ਹੀ ਬਣਦੇ ਹਨ। ਫਿਰ ਮਾਸ ਦਾ ਤਿਆਗੀ (ਪੰਡਤ ਬਣ ਕੇ, ਸਿਆਣਾ ਬਣ ਕੇ), ਆਪਣੀ ਖੁਦ ਦੀ ਦੇਹੀ (ਜੋ ਕਿ ਮਾਸ ਦਾ ਹੀ ਭਾਂਡਾ ਹੈ) ਦਾ ਸਤਿ ਵਿਸਾਰ ਕੇ ਮਾਸ ਦੀ ਚਰਚਾ ਛੇੜ ਕੇ ਆਪਣੇ ਆਪ ਨੂੰ ਸਿਆਣਾ ਅਖਵਾਉਣ ਦੀ ਕੋਸ਼ਿਸ਼ ਕਰਦਾ ਹੈ। ਉਹ ਇਸ ਪਰਮ ਸਤਿ ਤੱਤ ਤੋਂ ਅਨਜਾਣ ਹੈ ਕਿ ਉਸਦੇ ਦੇਹੀ ਰੂਪੀ ਇਸ ਮਾਸ ਦੇ ਭਾਂਡੇ ਵਿਚ ਆਪਣੇ ਆਪ ਨੂੰ ਜੀਵਤ ਰੱਖਣ ਲਈ ਉਹ ਜੋ ਕੁਝ ਵੀ ਭੋਜਨ ਰੂਪ ਵਿਚ ਪਾਉਂਦਾ ਹੈ ਉਸਦਾ ਵੀ ਰਕਤ ਅਤੇ ਮਾਸ ਹੀ ਬਣਦਾ ਹੈ। ਐਸਾ ਆਪਣੇ ਆਪ ਨੂੰ ਚਤੁਰ ਪੰਡਤ ਕਹਾਉਣ ਵਾਲਾ ਮਨੁੱਖ, ਜੋ ਕਿ ਮਾਸ ਦੀ ਮਹਿਮਾ, ਜੋ ਧੰਨ ਧੰਨ ਸਤਿਗੁਰ ਅਵਤਾਰ ਨਿਰੰਕਾਰ ਰੂਪ ਨਾਨਕ ਪਾਤਿਸ਼ਾਹ ਜੀ ਨੇ ਆਪ ਇਸ ਧਰਤੀ ਉੱਪਰ ਆਪਣੇ ਇਸ ਪਰਮ ਸ਼ਕਤੀਸ਼ਾਲੀ ਪੂਰਨ ਬ੍ਰਹਮ ਗਿਆਨ ਦੇ ਸ਼ਲੋਕ ਵਿਚ ਪ੍ਰਗਟ ਕੀਤੀ ਹੈ, ਤੋਂ ਅਨਜਾਣ ਹੈ। ਐਸੇ ਮਾਸ ਦੇ ਤਿਆਗੀ (ਪਾਖੰਡੀ) ਲਈ ਬਾਹਰੋਂ ਲਿਆਂਦਾ ਗਿਆ ਮਾਸ ਪਾਪ ਹੈ ਅਤੇ ਜੋ ਕੁਝ ਇਹ ਘਰ ਦੇ ਮਾਸ ਭਾਵ ਆਪਣੀ ਦੇਹੀ ਨਾਲ ਅਸਤਿ ਕਰਮ ਕਰਦਾ ਹੈ, ਕੂੜ੍ਹ ਕਰਮ ਕਰਦਾ ਹੈ, ਦੂਜਿਆਂ ਦਾ ਹੱਕ ਮਾਰਦਾ ਹੈ ਅਤੇ ਬੇਅੰਤ ਪਾਪਾਂ ਦਾ ਭਾਗੀ ਬਣਦਾ ਹੈ ਉਹ ਸਭ ਕੁਝ ਜਾਇਜ਼ ਹੈ। ਸਾਰੇ ਜੀਵ ਜੰਤੂ ਮਾਸ ਨਾਲ ਹੀ ਜੰਮਦੇ ਹਨ, ਮਾਸ ਵਿਚੋਂ ਹੀ ਜੰਮਦੇ ਹਨ, ਜੀਵਨ ਦਾ ਮੁੱਢ ਮਾਸ ਹੀ ਹੈ, ਜੀਵਨ ਦਾ ਪਾਲਣ ਪੋਸ਼ਣ ਵੀ ਮਾਸ ਦਾ ਹੀ ਖੇਲ ਹੈ, ਮਨੁੱਖ ਦੀ ਜਿੰਦ ਨੇ ਮਾਸ ਵਿਚ ਹੀ ਡੇਰਾ ਲਾਇਆ ਹੋਇਆ ਹੈ। ਇਸ ਲਈ ਜਿਸ ਮਨੁੱਖ ਨੂੰ “ਗਿਆਨ ਧਿਆਨ” ਦੀ ਸੋਝੀ ਅਤੇ ਪ੍ਰਾਪਤੀ ਨਹੀਂ ਹੈ ਕੇਵਲ ਉਹ ਮਨੁੱਖ ਹੀ “ਮਾਸੁ ਮਾਸੁ ਕਰਿ ਮੂਰਖੁ ਝਗੜੇ” ਦੀ ਦਸ਼ਾ ਵਿਚ ਪੈ ਕੇ ਖੱਜਲ ਹੁੰਦਾ ਹੈ। ਫਿਰ ਮਾਸ ਮਾਸ ਦੇ ਇਸ ਤਰਕ ਵਿਤਰਕ ਅਤੇ ਵਾਦ ਵਿਵਾਦ ਵਿਚ ਪੈਣ ਨਾਲੋਂ ਮਨੁੱਖ ਨੂੰ ਆਪਣੇ ਆਪ ਨੂੰ ਸਤੋ ਬਿਰਤੀ ਧਾਰਣ ਕਰਨੀ ਚਾਹੀਦੀ ਹੈ। ਐਸਾ ਕਰਨ ਨਾਲ ਉਸਦੇ ਕਰਮ ਸਤਿ ਕਰਮ ਹੋਣੇ ਸ਼ੁਰੂ ਹੋ ਜਾਣਗੇ ਅਤੇ ਉਸ ਨੂੰ ਗੁਰਪ੍ਰਸਾਦਿ ਦੀ ਪ੍ਰਾਪਤੀ ਹੋ ਸਕੇਗੀ ਅਤੇ ਉਹ “ਗਿਆਨ ਧਿਆਨ” ਦੀ ਉੱਤਮ ਆਤਮਿਕ ਅਵਸਥਾ ਦੀ ਪ੍ਰਾਪਤੀ ਕਰ ਸਕੇਗਾ।
ਪੁਰਾਣ (ਹਿੰਦੂ ਧਰਮ ਦੇ ਸ਼ਾਸਤਰਾਂ) ਵਿਚ ਅਤੇ ਕਤੇਬ (ਮੁਸਲਮਾਨੀ ਧਰਮ ਗਰੰਥਾਂ) ਵਿਚ ਵੀ ਮਾਸ ਦੀ ਵਰਤੋਂ ਦਾ ਜ਼ਿਕਰ ਆਉਂਦਾ ਹੈ। ਚਾਰ ਯੁਗਾਂ (ਸਤਿ ਯੁਗ, ਤ੍ਰੇਤਾ ਯੁਗ, ਦਵਾਪਰ ਯੁਗ ਅਤੇ ਹੁਣ ਚੱਲ ਰਹੇ ਕਲ ਯੁਗ) ਵਿਚ ਮਾਸ ਦੀ ਵਰਤੋਂ ਹੋ ਰਹੀ ਹੈ। ਭਾਵ ਜਗਤ ਦੇ ਸ਼ੁਰੂ ਤੋਂ ਹੀ ਮਾਸ ਦੀ ਵਰਤੋਂ ਹੁੰਦੀ ਆ ਰਹੀ ਹੈ। ਜਗਤ ਦੇ ਸ਼ੁਰੂ ਤੋਂ ਲੈ ਕੇ ਹੁਣ ਦੇ ਸਮੇਂ ਵਿਚ ਵੀ ਵਿਆਹ ਆਦਿ ਕਾਰਜਾਂ ਵਿਚ ਮਾਸ ਦੀ ਵਰਤੋਂ ਚਲੀ ਆ ਰਹੀ ਹੈ। ਬਲਕਿ ਵਿਆਹ ਸ਼ਾਦੀਆਂ ਦੇ ਪਵਿੱਤਰ ਮੌਕੇ ਉੱਪਰ ਤਾਂ ਮਾਸ ਦੀ ਵਰਤੋਂ ਪ੍ਰਧਾਨ ਹੈ। ਇਸਤ੍ਰੀ, ਪੁਰਸ਼, ਰਾਜੇ, ਮਹਾ ਰਾਜੇ, ਅਮੀਰ, ਸ਼ਾਹ ਸਾਰੇ ਮਾਸ ਤੋਂ ਹੀ ਪੈਦਾ ਹੁੰਦੇ ਹਨ। ਭਾਵ ਸਾਰੀ ਖਲਕਤ ਮਾਸ ਤੋਂ ਹੀ ਪੈਦਾ ਹੁੰਦੀ ਹੈ। ਜੇ ਕਰ ਮਾਸ ਦੇ ਤਿਆਗੀ (ਪੰਡਤ) ਦਾ ਗਿਆਨ ਸਤਿ ਹੈ ਫਿਰ ਤਾਂ ਇਹ ਸਾਰੇ ਦੇ ਸਾਰੇ ਨਰਕਾਂ ਦੇ ਭਾਗੀ ਹਨ। ਫਿਰ ਇਨ੍ਹਾਂ ਨਰਕ ਦੇ ਭਾਗੀ ਸਾਰੇ ਦੇ ਸਾਰੇ ਇਸਤ੍ਰੀ, ਪੁਰਸ਼, ਰਾਜੇ, ਮਹਾਰਾਜੇ, ਅਮੀਰ, ਸ਼ਾਹਾਂ ਪਾਸੋਂ ਮਾਸ ਦਾ ਤਿਆਗੀ (ਪੰਡਤ ਸਿਆਣਾ) ਦਾਨ ਕਿਉ ਲੈਂਦਾ ਹੈ। ਭਾਵ ਕਿ ਮਾਸ ਦਾ ਤਿਆਗੀ (ਪੰਡਤ ਸਿਆਣਾ) ਇਨ੍ਹਾਂ ਨਰਕ ਦੇ ਭਾਗੀਆਂ ਤੋਂ ਦਾਨ ਲੈ ਕੇ ਨਰਕ ਦਾ ਭਾਗੀ ਨਹੀਂ ਬਣੇਗਾ ? ਕੀ ਨਰਕ ਦੇ ਭਾਗੀਆਂ ਦੀ ਕਮਾਈ ਖਾਣ ਵਾਲਾ ਮਾਸ ਦਾ ਤਿਆਗੀ (ਪੰਡਤ) ਨਰਕ ਦਾ ਭਾਗੀ ਨਹੀਂ ਬਣੇਗਾ? ਜੇ ਮਾਸ ਦਾ ਤਿਆਗੀ (ਪੰਡਤ ਸਿਆਣਾ) ਮਾਸ ਦੇ ਬਣੇ ਹੋਏ ਮਨੁੱਖਾਂ ਤੋਂ (ਜੋ ਕਿ ਮਾਸ ਦੀ ਵਰਤੋਂ ਵੀ ਕਰਦੇ ਹੋਣ) ਉਨ੍ਹਾਂ ਕੋਲੋਂ ਦਾਨ ਲੈਣ ਨਾਲ ਨਰਕ ਦਾ ਭਾਗੀ ਨਾ ਬਣ ਕੇ ਸਵਰਗ ਦਾ ਭਾਗੀ ਬਣੇ ਤਾਂ ਇਹ ਅਨਹੋਨੀ ਹੈ, ਇਹ ਸਤਿ ਨਹੀਂ ਹੈ। ਪਰੰਤੂ ਜੇ ਮਾਸ ਦਾ ਤਿਆਗੀ (ਪੰਡਤ ਸਿਆਣਾ) ਮਾਸ ਦੇ ਬਣੇ ਹੋਏ ਮਨੁੱਖਾਂ ਤੋਂ (ਜੋ ਕਿ ਮਾਸ ਦੀ ਵਰਤੋਂ ਵੀ ਕਰਦੇ ਹੋਣ ਅਤੇ ਨਰਕ ਦੇ ਭਾਗੀ ਹੋਣ) ਉਨ੍ਹਾਂ ਕੋਲੋਂ ਦਾਨ ਲੈ ਕੇ ਵੀ ਸਵਰਗ ਨਾ ਭਾਗੀ ਆਪਣੇ ਆਪ ਨੂੰ ਸਮਝਦਾ ਹੈ ਤਾਂ ਇਹ ਬੜੇ ਅਸ਼ਚਰਜ ਦੀ ਗੱਲ ਹੈ। ਭਾਵ ਮਾਸ ਦਾ ਤਿਆਗੀ ਜੋ ਆਪਣੇ ਆਪ ਨੂੰ ਸਿਆਣਾ ਸਮਝਦਾ ਹੈ ਉਸ ਨੂੰ ਪੂਰਨ ਸਤਿ ਤੱਤ ਦੀ ਕੋਈ ਸਮਝ ਬੂਝ ਨਹੀਂ ਹੈ, ਅਤੇ ਇਹ ਸਾਰੇ ਨਿਰੇ ਪੁਰੇ ਭਰਮ ਹੀ ਹਨ। ਇਸੇ ਕਰਕੇ ਸਤਿਗੁਰ ਅਵਤਾਰ ਧੰਨ ਧੰਨ ਨਾਨਕ ਪਾਤਿਸ਼ਾਹ ਜੀ ਨੇ ਪਰਮ ਸ਼ਕਤੀਸ਼ਾਲੀ ਪੂਰਨ ਬ੍ਰਹਮ ਗਿਆਨ ਦੇ ਇਸ ਸ਼ਲੋਕ ਵਿਚ ਇਨ੍ਹਾਂ ਉਦਾਹਰਣਾਂ ਰਾਹੀਂ ਮਾਸ ਖਾਣ ਜਾਂ ਨਾ ਖਾਣ ਸੰਬੰਧੀ ਸਾਰੇ ਭਰਮਾਂ ਦਾ ਖੰਡਨ ਕਰਕੇ ਸਾਰੀ ਲੋਕਾਈ ਨੂੰ ਇਸ ਸਤਿ ਨਾਲ ਅਵਗਤ ਕਰਵਾਇਆ ਹੈ ਕਿ ਮਾਸ ਮਾਸ ਕਰਕੇ ਝਗੜਨਾ ਕੇਵਲ ਮੂਰਖਤਾਈ ਹੈ।
ਐਸਾ ਮਨੁੱਖ ਜੋ ਮਾਸ ਦਾ ਤਿਆਗੀ ਬਣ ਕੇ ਆਪਣੇ ਆਪ ਨੂੰ ਸਿਆਣਾ ਕਹਿੰਦਾ ਹੈ ਅਤੇ ਦੂਜਿਆਂ ਨੂੰ ਮਾਸ ਨਾ ਖਾਣ ਬਾਰੇ ਪ੍ਰਵਚਨ ਕਰਦਾ ਹੈ ਉਸ ਮਨੁੱਖ ਨੂੰ ਮਾਸ ਦੀ ਮਹਿਮਾ ਬਾਰੇ ਗਿਆਨ ਨਹੀਂ ਹੈ। ਐਸੇ ਮਨੁੱਖ ਨੂੰ ਇਹ ਗਿਆਨ ਨਹੀਂ ਹੈ ਕਿ ਮਾਸ ਕਿਥੋਂ ਉੱਤਪੰਨ ਹੁੰਦਾ ਹੈ। ਗੁਰਬਾਣੀ ਦੇ ਆਧਾਰ ਤੇ ਇਸ ਪੂਰਨ ਸਤਿ ਤੱਤ ਨੂੰ, ਕਿ ਸਾਰੀ ਸ੍ਰਿਸ਼ਟੀ ਦੀ ਹਰ ਇਕ ਰਚਨਾ ਪੰਜ ਤੱਤਾਂ ਨਾਲ ਹੀ ਹੁੰਦੀ ਹੈ, ਪਹਿਲਾਂ ਹੀ ਸਪੱਸ਼ਟ ਕਰ ਦਿਤਾ ਗਿਆ ਹੈ। ਸਾਰੇ ਜੀਵਾਂ ਦੀ ਰਚਨਾ ਵੀ ਪੰਜ ਤੱਤਾਂ ਨਾਲ ਹੀ ਹੁੰਦੀ ਹੈ। ਮਨੁੱਖ ਦੀ ਦੇਹੀ ਦੀ ਰਚਨਾ ਵੀ ਪੰਜ ਤੱਤਾਂ ਨਾਲ ਹੀ ਹੁੰਦੀ ਹੈ। ਮਨੁੱਖ ਦੇ ਸਾਰੇ ਕਿਸਮ ਦੇ ਭੋਜਨ ਦੀ ਰਚਨਾ ਵੀ ਪੰਜ ਤੱਤਾਂ ਨਾਲ ਹੀ ਹੁੰਦੀ ਹੈ। ਮਨੁੱਖ ਦੇ ਜੀਵਨ ਵਿਚ ਵਰਤੀ ਜਾਣ ਵਾਲੀ ਹਰ ਇਕ ਵਸਤੂ ਦੀ ਰਚਨਾ ਵੀ ਪੰਜ ਤੱਤਾਂ ਨਾਲ ਹੀ ਹੁੰਦੀ ਹੈ। ਸਾਰੇ ਜਗਤ ਅਤੇ ਸੰਸਾਰਿਕ ਚਮਕ ਦਮਕ ਵਾਲੇ ਪਦਾਰਥਾਂ ਦੀ ਰਚਨਾ ਵੀ ਪੰਜ ਤੱਤਾਂ ਨਾਲ ਹੀ ਹੁੰਦੀ ਹੈ। ਜੋ ਸੰਸਾਰਿਕ (ਸੁੱਖ ਦੇਣ ਵਾਲੇ) ਚਮਕ ਦਮਕ ਵਾਲੇ ਪਦਾਰਥ ਮਨੁੱਖ ਨੂੰ ਮਾਇਆ ਦਾ ਗੁਲਾਮ ਬਣਾ ਕੇ ਰੱਖਦੇ ਹਨ ਉਨ੍ਹਾਂ ਸਾਰੇ ਪਦਾਰਥਾਂ ਦੀ ਰਚਨਾ ਵੀ ਪੰਜ ਤੱਤਾਂ ਤੋਂ ਹੀ ਹੁੰਦੀ ਹੈ। ਇਸ ਲਈ ਜੇ ਕਰ ਪਰਹੇਜ਼ ਕਰਨਾ ਹੈ ਤਾਂ ਮਾਇਆ (ਰਜੋ ਅਤੇ ਸਤੋ ਬਿਰਤੀ) ਦੀ ਗੁਲਾਮੀ ਵੱਲ ਆਕਰਸ਼ਿਤ ਕਰਨ ਵਾਲੇ ਪਦਾਰਥਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਮਾਇਆ (ਰਜੋ ਅਤੇ ਸਤੋ ਬਿਰਤੀ) ਦੇ ਅਧੀਨ ਕੀਤੇ ਜਾ ਰਹੇ ਅਸਤਿ ਕਰਮਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਸਤੋ ਬਿਰਤੀ ਵਿਚ ਆਪਣੇ ਚਿੱਤ ਨੂੰ ਲਾਉਣਾ ਚਾਹੀਦਾ ਹੈ। ਮਨੁੱਖ ਨੂੰ, ਮਾਇਆ (ਰਜੋ ਅਤੇ ਤਮੋ ਬਿਰਤੀ) ਦੇ ਅਧੀਨ ਰਚਿਤ ਸੰਸਾਰਿਕ ਵਿਨਾਸ਼ਕਾਰੀ ਰਸ ਜੋ ਉਸ ਨੂੰ ਤ੍ਰਿਸ਼ਨਾ ਦੇ ਮਾਨਸਿਕ ਰੋਗ ਨੂੰ ਬੁਝਾਣ ਦੇ ਯਤਨ ਵਿਚ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਨਾਲ ਭਰਪੂਰ ਅਸਤਿ ਕਰਮ ਕਰਨ ਲਈ ਮਜਬੂਰ ਕਰਦੇ ਹਨ, ਐਸੇ ਭਿਅੰਕਰ ਅਤੇ ਮਹਾ ਵਿਨਾਸ਼ਕਾਰੀ ਰਸਾਂ ਦਾ ਤਿਆਗ ਕਰਨਾ ਚਾਹੀਦਾ ਹੈ; ਅਤੇ ਆਪਣੀ ਬਿਰਤੀ ਨੂੰ ਸਤਿ ਕਰਮਾਂ ਵਿਚ ਲਾਉਣਾ ਚਾਹੀਦਾ ਹੈ ਜਿਸ ਦੇ ਨਾਲ ਮਨੁੱਖ ਨੂੰ “ਗਿਆਨ ਧਿਆਨ” ਦੇ ਗੁਰਪ੍ਰਸਾਦਿ ਦੀ ਪ੍ਰਾਪਤੀ, ਨਾਮ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ, ਨਾਮ ਸਿਮਰਨ ਅਤੇ ਨਾਮ ਦੀ ਕਮਾਈ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਹੋਵੇਗੀ ਅਤੇ ਉਸਦਾ ਜਨਮ ਲੇਖੇ ਲਗ ਜਾਵੇਗਾ। ਇਸ ਲਈ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਨੇ ਇਸ ਪਰਮ ਸਤਿ ਤੱਤ ਨੂੰ ਸਾਰੀ ਲੋਕਾਈ ਦੀ ਝੋਲੀ ਵਿਚ ਪਾਇਆ ਹੈ ਕਿ ਮਾਸ ਖਾਣ ਜਾਂ ਨਾ ਖਾਣ ਦੇ ਭਰਮਾਂ ਵਿਚ ਨਹੀਂ ਪੈਣਾ ਚਾਹੀਦਾ ਹੈ। ਮਾਸ ਖਾਣ ਜਾਂ ਨਾ ਖਾਣ ਦੇ ਵਾਦ ਵਿਵਾਦ ਅਤੇ ਤਰਕ ਵਿਤਰਕ ਵਿਚ ਨਹੀਂ ਪੈਣਾ ਚਾਹੀਦਾ ਹੈ। ਕਿਉਂਕਿ ਮਾਸ ਦਾ ਤਿਆਗੀ (ਆਪਣੇ ਆਪ ਨੂੰ ਸਿਆਣਾ ਪੰਡਤ ਸਮਝਣ ਵਾਲਾ) ਮਨੁੱਖ ਜੋ ਮਾਸ ਖਾਣ ਦੇ ਜਾਂ ਨਾ ਖਾਣ ਦੇ ਵਿਵਾਦ ਵਿਚ ਪੈਂਦਾ ਹੈ ਉਹ ਮੂਰਖ ਹੈ ਕਿਉਂਕਿ ਉਸਨੂੰ ਮਾਸ ਦੀ ਮਹਿਮਾ ਦਾ ਗਿਆਨ ਨਹੀਂ ਹੈ। ਇਸ ਲਈ ਅਕਲਮੰਦ ਮਨੁੱਖ ਉਹ ਹੀ ਹੈ ਜੋ ਮਾਸ ਖਾਣ ਜਾਂ ਨਾ ਖਾਣ ਦੇ ਵਾਦ ਵਿਵਾਦ ਅਤੇ ਤਰਕ ਵਿਤਰਕ ਵਿਚ ਨਾ ਪੈ ਕੇ “ਗਿਆਨ ਧਿਆਨ” ਦੀ ਉੱਚੀ ਆਤਮਿਕ ਅਵਸਥਾ ਦੀ ਪ੍ਰਾਪਤੀ ਲਈ ਯਤਨ ਕਰਦਾ ਹੈ। ਜੋ ਮਾਸ ਦੀ ਮਹਿਮਾ ਦੇ ਗਿਆਨ ਦੀ ਪ੍ਰਾਪਤੀ ਕਰਕੇ ਇਨ੍ਹਾਂ (ਮਾਸ ਖਾਣ ਜਾਂ ਨਾ ਖਾਣ ਦੇ) ਭਰਮਾਂ ਅਤੇ ਦੁਬਿਧਾ ਵਿਚੋਂ ਮੁਕਤ ਹੋ ਕੇ ਉੱਚੀ ਆਤਮਿਕ ਅਵਸਥਾ ਵੱਲ ਵਧਦਾ ਹੈ।
ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਨੇ ਇਕ ਹੋਰ ਪਰਮ ਸਤਿ ਤੱਤ ਨੂੰ ਆਸਾ ਦੀ ਵਾਰ ਵਿਚ ਪ੍ਰਗਟ ਕੀਤਾ ਹੈ, ਜਿਸ ਪਰਮ ਸਤਿ ਤੱਤ ਨੂੰ ਜਾਣ ਕੇ ਹਰ ਇਕ ਜਿਗਿਆਸੂ ਨੂੰ ਮਾਸ ਖਾਣ ਜਾਂ ਨਾ ਖਾਣ ਦੇ ਭਰਮਾਂ ਵਿਚੋਂ ਨਿਕਲਣ ਵਿਚ ਸਹਾਇਤਾ ਮਿਲੇਗੀ। ਇਹ ਪਰਮ ਸਤਿ ਤੱਤ ਪੂਰਨ ਬ੍ਰਹਮ ਗਿਆਨ ਦੇ ਇਸ ਪਰਮ ਸ਼ਕਤੀਸ਼ਾਲੀ ਸ਼ਲੋਕ ਵਿਚ ਪ੍ਰਗਟ ਕੀਤਾ ਗਿਆ ਹੈ :
ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ ॥ ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ ॥
(ਪੰਨਾ ੪੭੨)
ਗੁਰਬਾਣੀ ਦੇ ਇਸ ਸ਼ਲੋਕ ਵਿਚ ਇਹ ਪੂਰਨ ਸਤਿ ਤੱਤ ਨੂੰ ਪ੍ਰਗਟ ਕੀਤਾ ਗਿਆ ਹੈ ਕਿ ਅੰਨ ਦੇ ਹਰ ਇਕ ਦਾਣੇ ਵਿਚ ਵੀ ਜੀਵ ਮੌਜੂਦ ਹੁੰਦਾ ਹੈ। ਕਣਕ ਦੇ ਦਾਣੇ ਨੂੰ ਜਦੋਂ ਕਿਰਸਾਨ ਖੇਤ ਵਿਚ ਬੀਜਦਾ ਹੈ ਤਾਂ ਉਹ ਦਾਣਾ ਜਦ ਜੰਮ ਕੇ ਬੂਟੇ ਦਾ ਰੂਪ ਧਾਰਣ ਕਰਦਾ ਹੈ ਤਾਂ ਉਸ ਬੂਟੇ ਨੂੰ ਸੈਂਕੜਿਆਂ ਦੀ ਗਿਣਤੀ ਵਿਚ ਕਣਕ ਦੇ ਦਾਣੇ ਲਗਦੇ ਹਨ। ਕਣਕ ਦਾ ਇਕ ਦਾਣਾ ਸੈਂਕੜੇ ਦਾਣਿਆਂ ਨੂੰ ਜਨਮ ਦਿੰਦਾ ਹੈ। ਮੱਕੀ ਦਾ ਇਕ ਦਾਣਾ ਇਕ ਟਾਂਡੇ ਨੂੰ ਜਨਮ ਦਿੰਦਾ ਹੈ ਜਿਸਨੂੰ ੨-੩ ਛੱਲੀਆਂ ਲਗਦੀਆਂ ਹਨ ਅਤੇ ਹਰ ਇਕ ਛੱਲੀ ਨੂੰ ਸੈਂਕੜੇ ਮੱਕੀ ਦੇ ਦਾਣੇ ਲਗਦੇ ਹਨ। ਇਸ ਤਰ੍ਹਾਂ ਮੱਕੀ ਦਾ ਇਕ ਦਾਣਾ ਹਜ਼ਾਰਾਂ ਦਾਣਿਆਂ ਨੂੰ ਜਨਮ ਦਿੰਦਾ ਹੈ। ਰਚਨਾ ਦੀ ਇਹ ਪ੍ਰਕਿਰਿਆ ਹਰ ਇਕ ਭੋਜਨ ਸਮੱਗਰੀ ਦੇਣ ਵਾਲੇ ਅਤੇ ਫੱਲ ਦੇਣ ਵਾਲੇ ਬੂਟਿਆਂ ਤੇ ਵਾਪਰਦੀ ਹੈ ਅਤੇ ਪੂਰਨ ਸਤਿ ਦੇ ਇਸ ਪਰਮ ਸ਼ਕਤੀਸ਼ਾਲੀ ਸ਼ਲੋਕ ਨੂੰ ਸ੍ਰਿਸ਼ਟੀ ਵਿਚ ਪ੍ਰਤੱਖ ਪ੍ਰਗਟ ਕਰਦੀ ਹੈ। ਭਾਵ ਜੋ ਵੀ ਭੋਜਨ ਸਮੱਗਰੀ ਅਸੀਂ ਆਪਣੇ ਪਾਲਣ ਪੋਸ਼ਣ ਵਿਚ ਵਰਤਦੇ ਹਾਂ ਉਹ ਸਾਰੇ ਦਾ ਸਾਰਾ ਭੋਜਨ ਸਾਨੂੰ ਜੀਵਨ ਦਿੰਦਾ ਹੈ। ਜੋ ਕੁਝ ਵੀ ਮਨੁੱਖ ਖਾਂਦਾ ਹੈ ਉਹ ਸਾਰੇ ਭੋਜਨ ਜਾਂ ਅੰਨ ਦੇ ਦਾਣਿਆਂ ਵਿਚ ਜੀਵਨ ਦੇਣ ਵਾਲੀ ਪਰਮ ਸ਼ਕਤੀ ਪ੍ਰਤੱਖ ਵਾਪਰਦੀ ਦਿੱਸਦੀ ਹੈ। ਕੇਵਲ ਇਤਨਾ ਹੀ ਨਹੀਂ, ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਇਹ ਪਰਮ ਸਤਿ ਤੱਤ ਨੂੰ ਵੀ ਪ੍ਰਗਟ ਕਰ ਰਹੇ ਹਨ ਕਿ ਪਾਣੀ ਵੀ ਜੀਵ ਹੈ। ਪਾਣੀ ਤੋਂ ਬਿਨਾਂ ਮਨੁੱਖ ਦਾ ਜੀਵਨ ਜਿਆਦਾ ਸਮੇਂ ਤੱਕ ਨਹੀਂ ਚੱਲ ਸਕਦਾ ਹੈ ਕਿਉਂਕਿ ਪਾਣੀ ਵਿਚ ਮਨੁੱਖ ਨੂੰ ਜੀਵਤ ਰੱਖਣ ਦੀ ਪਰਮ ਸ਼ਕਤੀ ਹੈ। ਨਾ ਹੀ ਪਾਣੀ ਤੋਂ ਬਿਨਾਂ ਬਨਸਪਤ ਅਤੇ ਹੋਰ ਭੋਜਨ ਪਦਾਰਥਾਂ ਦੀ ਉਪਜ ਸੰਭਵ ਹੈ। ਇਸ ਲਈ ਪਾਣੀ ਨੂੰ ਪਹਿਲਾ ਜੀਵ ਕਿਹਾ ਗਿਆ ਹੈ। ਕਿਉਂਕਿ ਇਹ ਜੀਵਨ ਸ਼ਕਤੀ ਦਾ ਪ੍ਰਧਾਨ ਅਤੇ ਮੂਲ ਸੋਮਾ ਹੈ। ਅੰਤ ਵਿਚ ਮਾਸ ਦੇ ਤਿਆਗੀ ਅਤੇ ਮਾਸ ਖਾਣ ਵਾਲੇ ਸਾਰੇ ਲੋਕਾਂ ਲਈ ਇਹ ਸਾਰੇ ਪਰਮ ਸਤਿ ਤੱਤਾਂ ਦੀ ਜਾਣਕਾਰੀ ਹੋਣਾ ਲਾਜ਼ਮੀ ਹੈ; ਅਤੇ ਸਾਰੀ ਲੋਕਾਈ ਲਈ ਪੂਰਨ ਬ੍ਰਹਮ ਗਿਆਨ ਦੇ ਇਨ੍ਹਾਂ ਅਣਮੁੱਲੇ ਮੋਤੀਆਂ ਨੂੰ ਆਪਣੇ ਜੀਵਨ ਵਿਚ ਕਮਾਉਣ ਵਿਚ ਹੀ ਭਲਾਈ ਹੈ।
(ਭਾਵ ਜੇ ਕੋਈ ਮਾਸ ਮੱਛੀ ਖਾਂਦਾ ਹੈ ਤਾਂ ਉਸ ਦਾ ਵਿਰੋਧ ਨਾ ਕਰੋ, ਜੇ ਕੋਈ ਨਹੀਂ ਖਾਂਦਾ ਤਾਂ ਉਸਨੂੰ ਮਜਬੂਰ ਨਾਂ ਕਰੋ, ਹਰ ਇਕ ਮਨੁੱਖ ਦਾ ਆਪੋ ਆਪਣਾ ਪ੍ਰਾਲਬਧ ਹੈ ਅਤੇ ਹਰ ਇਕ ਮਨੁੱਖ ਦਾ ਜੀਵਨ ਉਸਦੇ ਪ੍ਰਾਲਬਧ ਦੇ ਅਨੁਸਾਰ ਚਲਦਾ ਹੈ, ਜਿਸਨੂੰ ਬਦਲਨਾ ਆਮ ਮਨੁੱਖ ਦੇ ਵੱਸ ਵਿਚ ਨਹੀਂ ਹੁੰਦਾ ਹੈ। “ਗਿਆਨ ਧਿਆਨ” ਦੀ ਪ੍ਰਾਪਤੀ ਜਾਂ ਬੰਦਗੀ ਦੀ ਪ੍ਰਾਪਤੀ ਨਾਲ ਮਾਸ ਖਾਣ ਜਾਂ ਨਾ ਖਾਣ ਨਾਲ ਕੋਈ ਸੰਬੰਧ ਨਹੀਂ ਹੈ। ਇਹ ਇਕ ਪੂਰਨ ਸਤਿ ਹੈ ਕਿ ਕੁਦਰਤ ਦੇ ਨਿਅਮ ਅਨੁਸਾਰ ਸ੍ਰਿਸ਼ਟੀ ਦਾ ਅੱਧਾ ਹਿੱਸਾ (ਜੀਵ ਜੰਤੂ) ਦੂਜੇ ਅੱਧੇ ਹਿੱਸੇ ਨੂੰ ਖਾ ਰਿਹਾ ਹੈ। ਖਾਣ ਜਾਂ ਨਾ ਖਾਣ ਦੀ ਸੀਮਾ ਨਿਰਧਾਰਿਤ ਕਰਨਾ ਮਨੁੱਖ ਦੇ ਵੱਸ ਦੀ ਗੱਲ ਨਹੀਂ ਹੈ। ਮਨੁੱਖ ਦੇ ਤਾਂ ਹੱਥ ਵੱਸ ਕੁਝ ਵੀ ਨਹੀਂ ਹੈ। ਸਭ ਕੁਝ ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਬਣਾਏ ਦਰਗਾਹੀ ਵਿਧਾਨਾਂ ਅਨੁਸਾਰ ਹੀ ਵਾਪਰਦਾ ਹੈ। ਕੇਵਲ ਇਤਨਾ ਜ਼ਰੂਰ ਹੈ ਕਿ ਮਾਸ ਮੱਛੀ ਨੂੰ ਕਈ ਮਹਾ ਪੁਰਖ ਇਸ ਕਰਕੇ ਮਨ੍ਹਾ ਕਰਦੇ ਹਨ ਕਿ ਇਹ ਤਾਮਸਿਕ ਭੋਜਨ ਹੈ ਜੋ ਕਿ ਮਨੁੱਖ ਵਿਚ ਤਮੋ ਬਿਰਤੀ ਨੂੰ ਪ੍ਰਬਲ ਕਰਦਾ ਹੈ। ਪਰੰਤੂ ਇਤਨਾ ਹੀ ਨਹੀਂ ਮੱਖਣ, ਘਿਉ, ਦੁੱਧ, ਦਹੀਂ ਨੂੰ ਵੀ ਤਾਮਸਿਕ ਭੋਜਨ ਕਿਹਾ ਗਿਆ ਹੈ। ਐਸੀ ਦਸ਼ਾ ਵਿਚ ਇਹ ਫੈਸਲਾ ਕਰਨਾ ਅਤਿ ਕਠਿਨ ਹੋ ਜਾਂਦਾ ਹੈ ਕਿ ਜਿਗਿਆਸੂ ਕੀ ਖਾਏ ਅਤੇ ਕਿਸ ਭੋਜਨ ਤੋਂ ਪਰਹੇਜ਼ ਕਰੇ। ਤਮੋ ਬਿਰਤੀ ਦੇ ਪ੍ਰਬਲ ਹੋਣ ਨਾਲ ਮਨੁੱਖ ਨੂੰ ਪੰਜ ਦੂਤ ਕਾਬੂ ਕਰਨ ਵਿਚ ਕਠਿਨਾਈ ਹੋ ਸਕਦੀ ਹੈ। ਪਰੰਤੂ ਇਹ ਵੀ ਪਰਮ ਸਤਿ ਤੱਤ ਹੈ ਕਿ ਮਾਇਆ ਨੂੰ ਜਿਤਨਾ ਮਨੁੱਖ ਦੇ ਵੱਸ ਦੀ ਖੇਡ ਨਹੀਂ ਹੈ, ਮਾਇਆ ਨੂੰ ਕੇਵਲ ਅਤੇ ਕੇਵਲ ਗੁਰਪ੍ਰਸਾਦਿ ਨਾਲ ਹੀ ਜਿੱਤਿਆ ਜਾ ਸਕਦਾ ਹੈ ਅਤੇ ਕੇਵਲ ਗੁਰਪ੍ਰਸਾਦਿ ਦੀ ਪ੍ਰਾਪਤੀ ਨਾਲ ਹੀ ਮਨੁੱਖ ਨੂੰ ਕਰਮਾਂ ਦੇ ਬੰਧਨਾਂ ਤੋਂ ਮੁਕਤੀ ਮਿਲ ਸਕਦੀ ਹੈ, ਕੇਵਲ ਗੁਰਪ੍ਰਸਾਦਿ ਦੀ ਪ੍ਰਾਪਤੀ ਨਾਲ ਹੀ ਮਨੁੱਖ ਨੂੰ ਆਪਣੇ ਸਾਰੇ ਜਨਮ ਜਨਮਾਂਤਰਾਂ ਦੇ ਪਾਪ ਕਰਮਾਂ ਤੋਂ ਛੁੱਟਕਾਰਾ ਮਿਲ ਸਕਦਾ ਹੈ ਨਾ ਕਿ ਮਾਸ ਦੇ ਤਿਆਗ ਨਾਲ। )