ਅਨੰਦੁ ਸਾਹਿਬ ਪਉੜੀ – ੧੮

ਕਰਮੀ ਸਹਜੁ ਨ ਊਪਜੈ ਵਿਣੁ ਸਹਜੈ ਸਹਸਾ ਨ ਜਾਇ

ਨਹ ਜਾਇ ਸਹਸਾ ਕਿਤੈ ਸੰਜਮਿ ਰਹੇ ਕਰਮ ਕਮਾਏ

ਸਹਸੈ ਜੀਉ ਮਲੀਣੁ ਹੈ ਕਿਤੁ ਸੰਜਮਿ ਧੋਤਾ ਜਾਏ

ਮੰਨੁ ਧੋਵਹੁ ਸਬਦਿ ਲਾਗਹੁ ਹਰਿ ਸਿਉ ਰਹਹੁ ਚਿਤੁ ਲਾਇ

ਕਹੈ ਨਾਨਕੁ ਗੁਰ ਪਰਸਾਦੀ ਸਹਜੁ ਉਪਜੈ ਇਹੁ ਸਹਸਾ ਇਵ ਜਾਇ ੧੮  

(ਪੰਨਾ ੯੧੯)

ਇਹ ਪਰਮ ਸਤਿ ਹੈ ਕਿ ਸਾਰਾ ਸੰਸਾਰ ਕਰਮ ਕਾਂਡ ਵਿੱਚ ਉਲਝਿਆ ਹੋਇਆ ਹੈ। ਕਰਮ ਦਾ ਦਰਗਾਹੀ ਵਿਧਾਨ ਅਟੱਲ ਸਤਿ ਹੈ। ਕਰਮ ਦੇ ਪਰਮ ਸ਼ਕਤੀਸ਼ਾਲੀ ਵਿਧਾਨ ਅਨੁਸਾਰ ਧਰਤੀ ਉੱਪਰ ਵਿਚਰਨ ਵਾਲਾ ਹਰ ਇੱਕ ਪ੍ਰਾਣੀ ਆਪਣੇ-ਆਪਣੇ ਪ੍ਰਾਲਬਧ ਅਨੁਸਾਰ ਕਰਮ-ਕਾਂਡ ਵਿੱਚ ਉਲਝਿਆ ਹੋਇਆ ਹੈ। ਇਸ ਲਈ ਇਹ ਪਰਮ ਸਤਿ ਹੈ ਕਿ ਮਨੁੱਖ ਆਪਣੇ ਰੋਜ਼ਾਨਾ ਜੀਵਨ ਨੂੰ ਕੇਵਲ ਕਰਮ-ਕਾਂਡ ਵਿੱਚ ਹੀ ਨਸ਼ਟ ਕਰ ਰਿਹਾ ਹੈ। ਆਪਣੀ ਰੋਜ਼ਾਨਾ ਦੀ ਦਿਨ-ਚਰਿਆ ਉੱਪਰ ਝਾਤੀ ਮਾਰੋ ਤਾਂ ਸਾਨੂੰ ਇਹ ਸਪਸ਼ਟ ਹੋ ਜਾਏਗਾ ਕਿ ਅਸੀਂ ਕਿਸ ਕਦਰ ਇਸ ਪਰਮ ਸਤਿ ਤੋਂ ਅਨਭਿਗ ਆਪਣਾ ਰੋਜ਼ਾਨਾ ਜੀਵਨ ਨਸ਼ਟ ਕਰ ਰਹੇ ਹਾਂ। ਕਰਮ-ਕਾਂਡ ਦੇ ਇਸ ਖੇਲ ਵਿੱਚ ਸੰਸਾਰ ਦਾ ਸਭ ਤੋਂ ਵੱਡਾ ਯੋਗਦਾਨ ਹੈ। ਮਨੁੱਖ ਕੇਵਲ ਇਸ ਸੰਸਾਰ ਨੂੰ ਸਤਿ ਮੰਨੀ ਬੈਠਾ ਹੈ। ਸੰਸਾਰ ਦੇ ਇਸ ਅਸਤਿ ਖੇਲ ਨੂੰ ਮਾਇਆ ਚਲਾਉਂਦੀ ਹੈ ਅਤੇ ਮਾਇਆ ਦੇ ਇਸ ਖੇਲ ਨੂੰ ਹੀ ਸੰਸਾਰੀ ਲੋਕ ਸਤਿ ਮੰਨੀ ਬੈਠੇ ਹਨ। ਜੋ ਜੋ ਕਰਮ ਇੱਕ ਆਮ ਮਨੁੱਖ ਇਸ ਸੰਸਾਰ ਵਿੱਚ ਵਿਚਰਦੇ ਹੋਏ ਕਰਦਾ ਹੈ ਉਹ ਸਾਰੇ ਕਰਮ ਹੀ ਕਰਮ-ਕਾਂਡ ਹਨ। ਇਹ ਪਰਮ ਸਤਿ ਹੈ ਕਿ ਮਨੁੱਖ ਦੇ ਇਹ ਸਾਰੇ ਕਰਮ ਕੇਵਲ ਮਾਇਆ ਦੇ ਅਧੀਨ ਹੀ ਕੀਤੇ ਜਾਂਦੇ ਹਨ। ਇਸ ਲਈ ਮਨੁੱਖ ਮਾਇਆ ਦਾ ਗੁਲਾਮ ਹੈ। ਮਾਇਆ ਦੀ ਗੁਲਾਮੀ ਤੋਂ ਭਾਵ ਹੈ ਆਪਣੀ ਤ੍ਰਿਸ਼ਣਾ ਬੁਝਾਉਣ ਵਾਸਤੇ ਕਾਮ ਚੰਡਾਲ, ਕ੍ਰੋਧ ਚੰਡਾਲ, ਲੋਭ ਚੰਡਾਲ, ਮੋਹ ਚੰਡਾਲ ਅਤੇ ਅਹੰਕਾਰ ਚੰਡਾਲ ਦੀ ਗੁਲਾਮੀ ਵਿੱਚ ਸਾਰੇ ਕਰਮ ਕਰਦਾ ਹੈ।

ਤ੍ਰਿਸ਼ਣਾ ਮਨੁੱਖ ਦੀ ਦੇਹੀ ਵਿੱਚ ਹੀ ਵਾਸ ਕਰਦੀ ਹੈ। ਤ੍ਰਿਸ਼ਣਾ ਤੋਂ ਭਾਵ ਹੈ: ਦੁਨਿਆਵੀ ਪਦਾਰਥਾਂ ਨੂੰ ਪ੍ਰਾਪਤ ਕਰਨ ਦੀ ਭੁੱਖ; ਦੁਨਿਆਵੀ ਸੁੱਖਾਂ ਦੀ ਪ੍ਰਾਪਤੀ ਕਰਨ ਦੀ ਭੁੱਖ; ਦੁਨਿਆਵੀ ਰਿਸ਼ਤਿਆਂ ਨੂੰ ਕਾਇਮ ਰੱਖਣ ਦੀ ਭੁੱਖ; ਧਨ-ਸੰਪਦਾ ਅਤੇ ਜ਼ਮੀਨਾਂ-ਜਾਇਦਾਦਾਂ ਇਕੱਤਰ ਕਰਨ ਦੀ ਭੁੱਖ; ਦੁਨਿਆਵੀ ਅਹੁਦਿਆਂ ਨੂੰ ਪ੍ਰਾਪਤ ਕਰਨ ਦੀ ਭੁੱਖ; ਦੁਨੀਆਂ ਵਿੱਚ ਮਾਨ-ਸਨਮਾਨ ਪ੍ਰਾਪਤ ਕਰਨ ਦੀ ਭੁੱਖ। ਕਾਮ ਚੰਡਾਲ, ਕ੍ਰੋਧ ਚੰਡਾਲ, ਲੋਭ ਚੰਡਾਲ, ਮੋਹ ਚੰਡਾਲ ਅਤੇ ਅਹੰਕਾਰ ਚੰਡਾਲ ਮਨੁੱਖ ਦੀ ਦੇਹੀ ਵਿੱਚ ਹੀ ਵਾਸ ਕਰਦੇ ਹਨ। ਤ੍ਰਿਸ਼ਣਾ ਇਨ੍ਹਾਂ ਪੰਜ ਚੰਡਾਲਾਂ ਵਿੱਚੋਂ ਜੰਮਦੀ ਹੈ। ਭਾਵ ਕਾਮ ਚੰਡਾਲ, ਕ੍ਰੋਧ ਚੰਡਾਲ, ਲੋਭ ਚੰਡਾਲ, ਮੋਹ ਚੰਡਾਲ ਅਤੇ ਅਹੰਕਾਰ ਚੰਡਾਲ ਤ੍ਰਿਸ਼ਣਾ ਨੂੰ ਜਨਮ ਦਿੰਦੇ ਹਨ। ਕਾਮ ਦਾ ਚੰਡਾਲ ਮਨੁੱਖ ਨੂੰ ਪਰ ਨਾਰੀ ਦੇ ਰੂਪ, ਰੰਗ ਅਤੇ ਸਪਰਸ਼ ਵੱਲ ਆਕਰਸ਼ਿਤ ਕਰਦਾ ਹੈ। ਪਰ ਨਾਰੀ ਦੇ ਰੂਪ, ਰੰਗ ਅਤੇ ਸਪਰਸ਼ ਦਾ ਆਕਰਸ਼ਣ ਹੀ ਮਨੁੱਖ ਵਿੱਚ ਕਾਮ ਦੀ ਭੁੱਖ ਨੂੰ ਜਨਮ ਦਿੰਦਾ ਹੈ। ਪਰ ਨਾਰੀ ਦੇ ਰੂਪ, ਰੰਗ ਅਤੇ ਸਪਰਸ਼ ਦੇ ਵਿਨਾਸ਼ਕਾਰੀ ਵਿਚਾਰ ਹੀ ਮਨੁੱਖ ਦੇ ਮਨ ਨੂੰ ਮੈਲਾ ਕਰ ਦਿੰਦੇ ਹਨ। ਮਨੁੱਖ ਦੇ ਮਨ ਵਿੱਚ ਉੱਠਦੇ ਹੋਏ ਇਹ ਵਿਨਾਸ਼ਕਾਰੀ ਵਿਚਾਰ ਹੀ ਮਨੁੱਖ ਦੀ ਬੁੱਧੀ ਨੂੰ ਭ੍ਰਸ਼ਟ ਕਰ ਦਿੰਦੇ ਹਨ ਅਤੇ ਮਨੁੱਖ ਤੋਂ ਕਾਮ ਚੰਡਾਲ ਦੀ ਭੁੱਖ ਨੂੰ ਸ਼ਾਂਤ ਕਰਨ ਲਈ ਅਸਤਿ ਕਰਮ ਕਰਨ ਲਈ ਮਜਬੂਰ ਕਰਦੇ ਹਨ। ਕਾਮ ਚੰਡਾਲ ਦੀ ਭੁੱਖ ਹੀ ਸੰਸਾਰ ਵਿੱਚ ਬਲਾਤਕਾਰ ਵਰਗੇ ਘਿਨਾਉਣੇ ਜੁਰਮਾਂ ਨੂੰ ਜਨਮ ਦਿੰਦੀ ਹੈ। ਕਾਮ ਚੰਡਾਲ ਦੀ ਭੁੱਖ ਹੀ ਧੀਆਂ ਅਤੇ ਭੈਣਾਂ ਦੀ ਪਤਿ ਲੁੱਟਣ ਵਰਗੇ ਵਿਨਾਸ਼ਕਾਰੀ ਕਰਮਾਂ ਨੂੰ ਜਨਮ ਦਿੰਦੀ ਹੈ। ਅੱਜ ਦੇ ਸਮਾਜ ਵਿੱਚ ਕਾਮ ਚੰਡਾਲ ਦਾ ਬਹੁਤ ਬੋਲ-ਬਾਲਾ ਹੈ। ਧੀਆਂ-ਭੈਣਾਂ ਦੇ ਨਾਲ ਸਮੂਹਿਕ ਬਲਾਤਕਾਰ ਦੀਆਂ ਖਬਰਾਂ ਨਿੱਤ ਸੁਣਨ ਅਤੇ ਦੇਖਣ ਵਿੱਚ ਆਉਂਦੀਆਂ ਹਨ। ਅੱਜ ਦੀ ਦੁਨੀਆਂ ਵਿੱਚ ਧੀਆਂ-ਭੈਣਾਂ ਦੀ ਇਨ੍ਹਾਂ ਕਾਮੀ ਭੇੜੀਆਂ ਤੋਂ ਸੁਰੱਖਿਆ ਇੱਕ ਅਹਿਮ ਸਮੱਸਿਆ ਹੈ। ਕਾਮ ਚੰਡਾਲ ਦਾ ਇਹ ਭਿਆਨਕ ਰੂਪ ਦੁਨੀਆਂ ਵਿੱਚ ਨਿੱਤ ਵੇਖਣ ਨੂੰ ਮਿਲ ਰਿਹਾ ਹੈ। ਇਸ ਤਰ੍ਹਾਂ ਮਨੁੱਖ ਕਾਮ ਚੰਡਾਲ ਦੀ ਗੁਲਾਮੀ ਕਰਦਾ ਹੈ ਅਤੇ ਆਪਣਾ ਮੰਦਾ ਅਤੇ ਦੁੱਖਦਾਈ ਭਵਿੱਖ ਆਪ ਹੀ ਲਿਖਦਾ ਹੈ। ਕਾਮ ਚੰਡਾਲ ਦੀ ਤ੍ਰਿਸ਼ਣਾ ਨੂੰ ਬੁਝਾਉਣ ਲਈ ਮਨੁੱਖ ਮਨ ਰਾਹੀਂ (ਮੰਦੇ ਵਿਚਾਰਾਂ ਰਾਹੀਂ) ਅਤੇ ਤਨ ਰਾਹੀਂ ਮੰਦੇ ਅਤੇ ਮਹਾ ਵਿਨਾਸ਼ਕਾਰੀ ਕਰਮਾਂ ਨੂੰ ਅੰਜਾਮ ਦੇ ਕੇ ਆਪਣੇ ਪ੍ਰਾਲਬਧ ਵਿੱਚ ਆਪਣਾ ਵਿਨਾਸ਼ ਖੁਦ ਲਿਖਦਾ ਹੈ। ਕਾਮ ਚੰਡਾਲ ਦੇ ਵੱਸ ਆ ਕੇ ਕੀਤੇ ਗਏ ਸਾਰੇ ਅਸਤਿ ਕਰਮ ਮਨੁੱਖ ਨੂੰ ਸਤਿ ਪਾਰਬ੍ਰਹਮ ਪਰਮੇਸ਼ਰ ਤੋਂ ਦੂਰ ਕਰਦੇ ਹਨ ਅਤੇ ਮਾਇਆ ਦੇ ਵਿਨਾਸ਼ਕਾਰੀ ਦਲਦਲ ਵਿੱਚ ਹੋਰ ਡੂੰਘਾ ਲੈ ਜਾਂਦੇ ਹਨ। ਜਿਸਦੇ ਫਲ ਸਰੂਪ ਜਦ ਮਨੁੱਖ ਨੂੰ ਇਨ੍ਹਾਂ ਵਿਨਾਸ਼ਕਾਰੀ ਕਰਮਾਂ ਦੇ ਅੰਜਾਮ ਦੇ ਬਾਰੇ ਗਿਆਨ ਹੁੰਦਾ ਹੈ ਤਾਂ ਉਸ ਦੇ ਮਨ ਵਿੱਚ ਇੱਕ ‘ਸਹਿਮ’ ਪੈਦਾ ਹੁੰਦਾ ਹੈ। ਭਾਵ ਆਪਣੇ ਮੰਦੇ ਕਰਮਾਂ ਨੂੰ ਲੈ ਕੇ ਮਨੁੱਖ ਦੇ ਮਨ ਵਿੱਚ ਚਿੰਤਾ ਦਾ ਜਨਮ ਹੁੰਦਾ ਹੈ।

ਕ੍ਰੋਧ ਚੰਡਾਲ ਮਨੁੱਖ ਦੇ ਢਿੱਡ ਵਿੱਚ ਵਾਸ ਕਰਦਾ ਹੈ। ਅਹੰਕਾਰ ਚੰਡਾਲ ਮਨੁੱਖ ਦੇ ਸਿਰ ਵਿੱਚ ਵਾਸ ਕਰਦਾ ਹੈ। ਦੁਨੀਆਂ ਵਿੱਚ ਵਿਚਰਦੇ ਹੋਏ ਅਤੇ ਆਪਣੇ ਕਾਰ-ਵਿਹਾਰ ਕਰਦੇ ਹੋਏ ਕਿਸੇ ਕਾਰਨ ਵੱਸ ਜਦ ਮਨੁੱਖ ਦੇ ਅਹੰਕਾਰ ‘ਤੇ ਸੱਟ ਵੱਜਦੀ ਹੈ ਤਾਂ ਮਨੁੱਖ ਕ੍ਰੋਧ ਨਾਲ ਤਿਲਮਿਲਾ ਉੱਠਦਾ ਹੈ। ਭਾਵ ਜਦ ਮਨੁੱਖ ਆਪਣੇ ਆਲੇ-ਦੁਆਲੇ ਵਿਚਰ ਰਹੇ ਲੋਕਾਂ ਨਾਲ ਆਪਣਾ ਰੋਜ਼ਾਨਾ ਕਾਰ-ਵਿਹਾਰ ਕਰਦਾ ਹੈ ਤਾਂ ਮਨੁੱਖ ਦੇ ਰੋਜ਼ਾਨਾ ਜੀਵਨ ਵਿੱਚ ਬਹੁਤ ਵਾਰੀ ਇੱਕ ਐਸਾ ਮੌਕਾ ਆਉਂਦਾ ਹੈ ਜਦ ਉਸ ਦੇ ਵਿਚਾਰ ਦੂਜੇ ਮਨੁੱਖਾਂ ਨਾਲ ਮੇਲ ਨਹੀਂ ਖਾਂਦੇ ਹਨ। ਵਿਚਾਰਾਂ ਦਾ ਟਕਰਾਵ ਮਨੁੱਖ ਦੇ ਅਹੰਕਾਰ ਨੂੰ ਸੱਟ ਮਾਰਦਾ ਹੈ। ਭਾਵ ਜਿਵੇਂ ਮਨੁੱਖ ਚਾਹੁੰਦਾ ਹੈ ਉਵੇਂ ਨਹੀਂ ਹੁੰਦਾ ਹੈ। ਜਿਸਦੇ ਕਾਰਨ ਮਨੁੱਖ ਦੇ ਸਿਰ ਭਾਗ ਵਿੱਚ ਬੈਠੇ ਅਹੰਕਾਰ ਚੰਡਾਲ ‘ਤੇ ਸੱਟ ਵੱਜਦੀ ਹੈ ਜੋ ਕਿ ਮਨੁੱਖ ਦੇ ਢਿੱਡ ਵਿੱਚ ਬੈਠੇ ਹੋਏ ਕ੍ਰੋਧ ਚੰਡਾਲ ਨੂੰ ਉਕਸਾਉਂਦਾ ਹੈ ਅਤੇ ਮਨੁੱਖ ਦਾ ਮਨ-ਤਨ ਕ੍ਰੋਧ ਨਾਲ ਤਿਲਮਿਲਾ ਉੱਠਦਾ ਹੈ। ਕ੍ਰੋਧ ਦੀ ਅਗਨ ਮਨੁੱਖ ਨੂੰ ਮੰਦਾ ਵਿਹਾਰ ਕਰਨ ‘ਤੇ ਮਜਬੂਰ ਕਰ ਦਿੰਦੀ ਹੈ ਅਤੇ ਮਨੁੱਖ ਅਸਤਿ ਕਰਮਾਂ ਨੂੰ ਅੰਜਾਮ ਦਿੰਦਾ ਹੈ। ਕ੍ਰੋਧ ਦੀ ਅਗਨ ਵਿੱਚ ਸੜ੍ਹਦਾ-ਬਲਦਾ ਹੋਇਆ ਮਨੁੱਖ ਕਈ ਵਾਰੀ ਕਤਲ ਵਰਗੇ ਵਿਨਾਸ਼ਕਾਰੀ ਜ਼ੁਰਮ ਨੂੰ ਅੰਜਾਮ ਦੇ ਦਿੰਦਾ ਹੈ। ਇਹ ਅਸਤਿ ਕਰਮ ਮਨੁੱਖ ਲਈ ਜ਼ਹਿਰ ਦਾ ਕੰਮ ਕਰਦੇ ਹਨ। ਭਾਵ ਅਸਤਿ ਕਰਮ ਮਨੁੱਖ ਦੇ ਭਵਿੱਖ ਵਿੱਚ ਆਉਣ ਵਾਲੇ ਜੀਵਨ ਨੂੰ ਦੁੱਖਾਂ, ਕਲੇਸ਼ਾਂ, ਸਮੱਸਿਆਵਾਂ ਅਤੇ ਮੁਸੀਬਤਾਂ ਨਾਲ ਭਰਪੂਰ ਕਰ ਦਿੰਦੇ ਹਨ। ਇਸ ਤਰ੍ਹਾਂ ਨਾਲ ਮਨੁੱਖ ਅਹੰਕਾਰ ਚੰਡਾਲ ਅਤੇ ਕ੍ਰੋਧ ਚੰਡਾਲ ਦੀ ਗੁਲਾਮੀ ਵਿੱਚ ਫੱਸ ਕੇ ਕ੍ਰੋਧ ਦੀ ਅਗਨ ਵਿੱਚ ਆਪਣਾ ਮਨ ਅਤੇ ਤਨ ਤਾਂ ਸਾੜ੍ਹਦਾ ਹੀ ਹੈ, ਨਾਲ ਹੀ ਆਪਣੇ ਆਉਣ ਵਾਲੇ ਭਵਿੱਖ ਨੂੰ ਅਤਿਅੰਤ ਦੁਖਦਾਈ ਬਣਾ ਲੈਂਦਾ ਹੈ। ਮਨੁੱਖ ਦੇ ਰੋਜ਼ਾਨਾ ਜੀਵਨ ਵਿੱਚ ਲੜਾਈਆਂ, ਝਗੜਿਆਂ, ਖੂੰਖਾਰ ਵਾਰਦਾਤਾਂ ਆਦਿ ਦਾ ਕਾਰਨ ਕੇਵਲ ਕ੍ਰੋਧ ਦਾ ਚੰਡਾਲ ਹੀ ਹੈ। ਕੇਵਲ ਇਤਨਾ ਹੀ ਨਹੀਂ ਬਲਕਿ ਦੁਨੀਆਂ ਦੇ ਇਤਿਹਾਸ ਵਿੱਚ ਵੱਡੇ-ਵੱਡੇ ਰਾਜਿਆਂ-ਮਹਾਰਾਜਿਆਂ ਨੇ ਆਪਣੇ ਅਹੰਕਾਰ ਚੰਡਾਲ ਦੀ ਭੁੱਖ ਨੂੰ ਮਿਟਾਉਣ ਲਈ ਕ੍ਰੋਧ ਚੰਡਾਲ ਦੇ ਵੱਸ ਹੋ ਕੇ ਵੱਡੇ-ਵੱਡੇ ਮਹਾ ਵਿਨਾਸ਼ਕਾਰੀ ਯੁੱਧਾਂ, ਮਹਾ ਯੁੱਧਾਂ ਅਤੇ ਵਿਸ਼ਵ ਯੁੱਧਾਂ ਨੂੰ ਜਨਮ ਦਿੱਤਾ ਹੈ। ਇਸ ਲਈ ਮਨੁੱਖ ਦਾ ਅਹੰਕਾਰ ਦਾ ਮਹਾ ਵਿਨਾਸ਼ਕਾਰੀ ਨਸ਼ਾ ਕ੍ਰੋਧ ਦੀ ਮਹਾ ਵਿਨਾਸ਼ਕਾਰੀ ਅਗਨ ਨੂੰ ਜਨਮ ਦਿੰਦਾ ਹੈ। ਕ੍ਰੋਧ ਦੀ ਇਸ ਮਹਾ ਵਿਨਾਸ਼ਕਾਰੀ ਅਗਨ ਵਿੱਚ ਮਨੁੱਖ ਆਪ ਤਾਂ ਸੜ੍ਹਦਾ-ਬਲਦਾ ਹੀ ਹੈ ਅਤੇ ਆਪਣਾ ਸਰਵਨਾਸ਼ ਤਾਂ ਕਰਦਾ ਹੀ ਹੈ ਬਲਕਿ ਕਈ ਵਾਰ ਹੋਰ ਬਹੁਤ ਸਾਰੀ ਲੋਕਾਈ ਨੂੰ ਆਪਣੇ ਕ੍ਰੋਧ ਦੀ ਲਪੇਟ ਵਿੱਚ ਲੈ ਕੇ ਉਸ ਨੂੰ ਵੀ ਤਬਾਹ-ਬਰਬਾਦ ਕਰ ਕੇ ਬਹੁਤ ਵੱਡੇ ਮਹਾ ਵਿਨਾਸ਼ਕਾਰੀ ਅਸਤਿ ਕਰਮ ਨੂੰ ਅੰਜਾਮ ਦੇ ਕੇ ਆਪਣਾ ਭਵਿੱਖ ਵੀ ਨਸ਼ਟ ਕਰ ਦਿੰਦਾ ਹੈ। ਇਸ ਲਈ ਇਹ ਪਰਮ ਸਤਿ ਹੈ ਕਿ ਅਹੰਕਾਰ ਚੰਡਾਲ ਅਤੇ ਕ੍ਰੋਧ ਚੰਡਾਲ ਦੀਆਂ ਮਹਾ ਵਿਨਾਸ਼ਕਾਰੀ ਸ਼ਕਤੀਆਂ ਸੰਸਾਰ ਨੂੰ ਨਸ਼ਟ ਕਰਨ ਦੀ ਸਮਰੱਥਾ ਰੱਖਦੀਆਂ ਹਨ। ਪਰੰਤੂ ਮਨੁੱਖ ਕੋਲ ਇਨ੍ਹਾਂ ਮਹਾ ਵਿਨਾਸ਼ਕਾਰੀ ਸ਼ਕਤੀਆਂ ਉੱਪਰ ਜਿੱਤ ਪ੍ਰਾਪਤ ਕਰਨ ਦੀ ਸਮਰੱਥਾ ਸਤਿ ਪਾਰਬ੍ਰਹਮ ਪਰਮੇਸ਼ਰ ਨੇ ਬਖ਼ਸ਼ੀ ਹੈ।

ਲੋਭ ਚੰਡਾਲ ਮਨੁੱਖ ਦੀ ਛਾਤੀ ਵਿੱਚ ਵਾਸ ਕਰਦਾ ਹੈ। ਧਨ-ਸੰਪਦਾ, ਦੁਨਿਆਵੀ ਪਦਾਰਥਾਂ, ਜ਼ਮੀਨਾਂ-ਜਾਇਦਾਦਾਂ ਆਦਿ ਅਤੇ ਦੁਨਿਆਵੀ ਸੁੱਖਾਂ ਨੂੰ ਜ਼ਰੂਰਤ ਨਾਲੋਂ ਜ਼ਿਆਦਾ ਇਕੱਤਰ ਕਰਨ ਦੀ ਡੂੰਘੀ ਭੁੱਖ ਦਾ ਨਾਮ ਹੀ ਲੋਭ ਚੰਡਾਲ ਹੈ। ਜੀਵਨ ਦੇ ਨਿਰਬਾਹ ਲਈ ਧਨ-ਸੰਪਦਾ, ਦੁਨਿਆਵੀ ਪਦਾਰਥਾਂ, ਜ਼ਮੀਨਾਂ-ਜਾਇਦਾਦਾਂ ਆਦਿ ਵਸਤੂਆਂ ਅਤੇ ਦੁਨਿਆਵੀ ਸੁੱਖਾਂ ਨੂੰ ਇਕੱਤਰ ਕਰਨਾ ਕੋਈ ਗਲਤ ਗੱਲ ਨਹੀਂ ਹੈ, ਬਸ਼ਰਤੇ ਇਨ੍ਹਾਂ ਨੂੰ ਦਸਾਂ ਨਹੁੰਆਂ ਦੀ ਸੱਚੀ-ਸੁੱਚੀ ਕਿਰਤ ਨਾਲ ਕਮਾਇਆ ਜਾਏ ਅਤੇ ਇਸ ਕਮਾਈ ਵਿੱਚੋਂ ਦਸਵੰਧ ਕੱਢ ਕੇ ਸਤਿਗੁਰੂ ਦੇ ਸਤਿ ਚਰਨਾਂ ‘ਤੇ ਅਰਪਣ ਕੀਤਾ ਜਾਏ। ਦਸਾਂ ਨਹੁੰਆਂ ਦੀ ਸੱਚੀ-ਸੁੱਚੀ ਕਿਰਤ ਕਮਾਈ ਵਿੱਚੋਂ ਦਸਵੰਧ ਦੇਣ ਨਾਲ ਮਨੁੱਖ ਨੂੰ ਮਇਆ ਨਹੀਂ ਖਾਂਦੀ। ਧਨ-ਸੰਪਦਾ, ਦੁਨਿਆਵੀ ਪਦਾਰਥਾਂ, ਜ਼ਮੀਨਾਂ-ਜਾਇਦਾਦਾਂ ਆਦਿ ਵਸਤੂਆਂ ਅਤੇ ਦੁਨਿਆਵੀ ਸੁੱਖਾਂ ਦਾ ਇਕੱਤਰ ਕਰਨਾ ਲੋਭ ਵਿੱਚ ਉਦੋਂ ਬਦਲਦਾ ਹੈ ਜਦ ਮਨੁੱਖ ਇਨ੍ਹਾਂ ਵਸਤੂਆਂ ਨੂੰ ਵਿਨਾਸ਼ਕਾਰੀ ਅਸਤਿ ਕਰਮਾਂ ਦੇ ਨਾਲ ਇਕੱਤਰ ਕਰਦਾ ਹੈ। ਮਨੁੱਖ ਦੀ ਛਾਤੀ ਵਿੱਚ ਬੈਠਾ ਲੋਭ ਚੰਡਾਲ ਉਸ ਨੂੰ ਅਸਤਿ ਕਰਮਾਂ ਦੇ ਜ਼ੋਰ ਨਾਲ ਧਨ-ਸੰਪਦਾ, ਦੁਨਿਆਵੀ ਪਦਾਰਥਾਂ, ਜ਼ਮੀਨਾਂ-ਜਾਇਦਾਦਾਂ ਆਦਿ ਅਤੇ ਦੁਨਿਆਵੀ ਸੁੱਖਾਂ ਨੂੰ ਇਕੱਤਰ ਕਰਨ ਲਈ ਉਕਸਾਉਂਦਾ ਹੈ। ਚੋਰੀ-ਚਕਾਰੀ, ਰਿਸ਼ਵਤਖ਼ੋਰੀ, ਜਮ੍ਹਾਂਖੋਰੀ, ਜ਼ੋਰ-ਜ਼ਬਰਦਸਤੀ ਅਤੇ ਆਪਣੇ ਅਹੁਦੇ ਦੀ ਸ਼ਕਤੀ ਦੀ ਦੁਰਵਰਤੋਂ ਨਾਲ ਇਕੱਤਰ ਕੀਤੇ ਗਏ ਧਨ-ਸੰਪਦਾ, ਦੁਨਿਆਵੀ ਪਦਾਰਥ, ਜ਼ਮੀਨ-ਜਾਇਦਾਦ ਆਦਿ ਲੋਭ ਚੰਡਾਲ ਦੀ ਵਿਨਾਸ਼ਕਾਰੀ ਸ਼ਕਤੀ ਦਾ ਉਦਾਹਰਨ ਪ੍ਰਸਤੁਤ ਕਰਦੇ ਹਨ। ਚੋਰੀ-ਚਕਾਰੀ, ਰਿਸ਼ਵਤਖ਼ੋਰੀ, ਜਮ੍ਹਾਂਖੋਰੀ, ਜ਼ੋਰ-ਜ਼ਬਰਦਸਤੀ, ਆਪਣੇ ਅਹੁਦੇ ਦੀ ਸ਼ਕਤੀ ਦੀ ਦੁਰਵਰਤੋਂ ਨਾਲ ਇਕੱਤਰ ਕੀਤੇ ਗਏ ਧਨ-ਸੰਪਦਾ, ਦੁਨਿਆਵੀ ਪਦਾਰਥ, ਜ਼ਮੀਨ-ਜਾਇਦਾਦ ਆਦਿ ਮਨੁੱਖ ਲਈ ਜ਼ਹਿਰ ਦਾ ਕੰਮ ਕਰਦੇ ਹਨ। ਚੋਰੀ-ਚਕਾਰੀ, ਰਿਸ਼ਵਤਖ਼ੋਰੀ, ਜਮ੍ਹਾਂਖੋਰੀ, ਜ਼ੋਰ-ਜ਼ਬਰਦਸਤੀ, ਆਪਣੇ ਅਹੁਦੇ ਦੀ ਸ਼ਕਤੀ ਦੀ ਦੁਰਵਰਤੋਂ ਨਾਲ ਇਕੱਤਰ ਕੀਤੀ ਗਈ ਸੰਪਤੀ ਮਨੁੱਖ ਨੂੰ ਕਦੇ ਸੁੱਖ ਨਹੀਂ ਦੇ ਸਕਦੀ ਬਲਕਿ ਇਹ ਮਨੁੱਖ ਦੇ ਵਰਤਮਾਨ ਅਤੇ ਭਵਿੱਖ ਨੂੰ ਅਤਿਅੰਤ ਦੁਖਦਾਈ ਬਣਾਉਂਦੀ ਹੈ।

ਜਦ ਮਨੁੱਖ ਚੋਰੀ-ਚਕਾਰੀ, ਰਿਸ਼ਵਤਖ਼ੋਰੀ, ਜਮ੍ਹਾਂਖੋਰੀ, ਜ਼ੋਰ-ਜ਼ਬਰਦਸਤੀ ਅਤੇ ਆਪਣੇ ਅਹੁਦੇ ਦੀ ਸ਼ਕਤੀ ਦੀ ਦੁਰਵਰਤੋਂ ਨਾਲ ਸੰਪਤੀ ਇਕੱਤਰ ਕਰਨ ਦੇ ਅਸਤਿ ਕਰਮਾਂ ਨੂੰ ਅੰਜਾਮ ਦਿੰਦਾ ਹੈ ਤਾਂ ਉਹ ਲੋਭ ਚੰਡਾਲ ਦੀ ਮਹਾ ਵਿਨਾਸ਼ਕਾਰੀ ਸ਼ਕਤੀ ਦਾ ਸ਼ਿਕਾਰ ਹੋ ਕੇ ਆਪਣੇ ਭਵਿੱਖ ਨੂੰ ਨਰਕਮਈ ਬਣਾਉਂਦਾ ਹੈ। ਐਸੇ ਮਹਾ ਵਿਨਾਸ਼ਕਾਰੀ ਅਸਤਿ ਕਰਮਾਂ ਨੂੰ ਅੰਜਾਮ ਦੇ ਕੇ ਇਕੱਤਰ ਕੀਤੀ ਗਈ ਸੰਪਤੀ ਵਿੱਚ ਦੂਸਰੇ ਲੋਕਾਂ ਦੇ ਮਾਰੇ ਹੋਏ ਹੱਕ ਦਾ ਲਹੂ ਹੁੰਦਾ ਹੈ ਇਸ ਲਈ ਐਸੀ ਸੰਪਤੀ ਦੀ ਵਰਤੋਂ ਦੇ ਨਾਲ ਮਨੁੱਖ ਪ੍ਰਾਣ ਘਾਤਕ, ਮਾਨਸਿਕ ਅਤੇ ਸਰੀਰਕ ਰੋਗਾਂ ਦਾ ਸ਼ਿਕਾਰ ਹੁੰਦਾ ਹੈ। ਸਦਾ ਸਮਰਣ ਰੱਖੋ ਕਿ ਦੂਸਰੇ ਲੋਕਾਂ ਦਾ ਹੱਕ ਮਾਰ ਕੇ ਕੀਤੀ ਗਈ ਕਮਾਈ ਦੀ ਵਰਤੋਂ ਉਨ੍ਹਾਂ ਲੋਕਾਂ ਦਾ ਲਹੂ ਪੀਣ ਦੇ ਸਮਾਨ ਹੈ। ਇਸ ਪਰਮ ਸਤਿ ਨੂੰ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਸ਼ਾਹ ਜੀ ਨੇ ਮਲਿਕ ਭਾਗੋ ਦੇ ਘਰ ਬਣੇ ਛੱਤੀ ਪ੍ਰਕਾਰ ਦੇ ਭੋਜਨ ਪਦਾਰਥਾਂ ਨੂੰ ਠੁਕਰਾ ਕੇ ਭਾਈ ਲਾਲੋ ਜੀ ਦੇ ਕੋਧਰੇ ਦੀ ਰੋਟੀ ਨੂੰ ਖਾ ਕੇ ਪ੍ਰਤੱਖ ਪ੍ਰਗਟ ਕੀਤਾ ਹੈ। ਭਾਈ ਲਾਲੋ ਜੀ ਦੀ ਕੋਧਰੇ ਦੀ ਰੋਟੀ ਵਿੱਚੋਂ ਦੁੱਧ ਕੱਢ ਕੇ ਅਤੇ ਮਲਿਕ ਭਾਗੋ ਦੀ ਰੋਟੀ ਵਿੱਚੋਂ ਲਹੂ ਕੱਢ ਕੇ ਇਸ ਪਰਮ ਸ਼ਕਤੀਸ਼ਾਲੀ ਸਤਿ ਨੂੰ ਸਤਿਗੁਰ ਪਾਤਸ਼ਾਹ ਜੀ ਨੇ ਪ੍ਰਤੱਖ ਪ੍ਰਗਟ ਕਰ ਦਿੱਤਾ ਹੈ। ਇਸ ਲਈ ਜੋ ਮਨੁੱਖ ਚੋਰੀ-ਚਕਾਰੀ, ਰਿਸ਼ਵਤਖ਼ੋਰੀ, ਜਮ੍ਹਾਂਖੋਰੀ, ਜ਼ੋਰ-ਜ਼ਬਰਦਸਤੀ ਅਤੇ ਆਪਣੇ ਅਹੁਦੇ ਦੀ ਸ਼ਕਤੀ ਦੀ ਦੁਰਵਰਤੋਂ ਨਾਲ ਕਮਾਈ ਗਈ ਸੰਪਤੀ ਨੂੰ ਖਾਂਦੇ ਹਨ ਤਾਂ ਉਹ ਗਰੀਬਾਂ ਦਾ ਜਾਂ ਉਨ੍ਹਾਂ ਲੋਕਾਂ ਦਾ; ਜਿਨ੍ਹਾਂ ਦਾ ਹੱਕ ਮਾਰ ਕੇ ਉਹ ਇਸ ਸੰਪਤੀ ਨੂੰ ਇਕੱਤਰ ਕਰਦੇ ਹਨ; ਉਨ੍ਹਾਂ ਦਾ ਲਹੂ ਪੀਂਦੇ ਹਨ ਅਤੇ ਆਪਣੇ ਸਾਰੇ ਪਰਿਵਾਰ ਨੂੰ ਵੀ ਇਸ ਮਹਾ ਪਾਪ ਦਾ ਭਾਗੀਦਾਰ ਬਣਾ ਕੇ ਆਪਣਾ ਜਨਮ ਗਵਾਉਂਦੇ ਹਨ ਅਤੇ ਆਪਣੇ ਭਵਿੱਖ ਨੂੰ ਵੀ ਘੋਰ ਅੰਧਕਾਰ ਵਿੱਚ ਧਕੇਲ ਦਿੰਦੇ ਹਨ। ਇਸ ਤਰ੍ਹਾਂ ਨਾਲ ਲੋਭ ਚੰਡਾਲ ਦੀ ਅਧੀਨਤਾ ਵਿੱਚ ਕੀਤੇ ਗਏ ਸਾਰੇ ਕਰਮ ਅਸਤਿ ਕਰਮ ਹੁੰਦੇ ਹਨ ਅਤੇ ਮਨੁੱਖ ਦੇ ਵਰਤਮਾਨ ਅਤੇ ਭਵਿੱਖ ਨੂੰ ਦੁੱਖਦਾਈ ਬਣਾਉਂਦੇ ਹਨ।

ਮੋਹ ਚੰਡਾਲ ਵੀ ਮਨੁੱਖ ਦੀ ਛਾਤੀ ਵਿੱਚ ਵਾਸ ਕਰਦਾ ਹੈ। ਭਾਵ ਮੋਹ ਚੰਡਾਲ ਦੀ ਮਹਾ ਵਿਨਾਸ਼ਕਾਰੀ ਸ਼ਕਤੀ ਮਨੁੱਖ ਦੇ ਛਾਤੀ ਵਾਲੇ ਹਿੱਸੇ ਵਿੱਚ ਵਾਸ ਕਰਦੀ ਹੈ। ਮੋਹ ਚੰਡਾਲ ਮਨੁੱਖ ਨੂੰ ਹਰ ਪਲ ਕੋਈ ਨਾ ਕੋਈ ਵਸਤੂ ਖੋਹੇ ਜਾਣ ਦੇ ਭਉ ਵਿੱਚ ਰੱਖਦਾ ਹੈ। ਪਰਿਵਾਰਕ ਸੰਬੰਧਾਂ ਦੇ ਵਿਗੜਨ ਦਾ ਭਉ ਮਨੁੱਖ ਨੂੰ ਹਰ ਪਲ ਘੇਰੀ ਰੱਖਦਾ ਹੈ। ਦੁਨਿਆਵੀ ਪਦਾਰਥਾਂ, ਧਨ-ਸੰਪਦਾ, ਜ਼ਮੀਨਾਂ-ਜਾਇਦਾਦਾਂ, ਕਾਰੋਬਾਰ, ਨੌਕਰੀ ਆਦਿ ਦੇ ਨਾਲ ਲਗਾਉ ਅਤੇ ਇਨ੍ਹਾਂ ਦਾ ਖੋਹੇ ਜਾਣ ਦਾ ਭਉ ਮਨੁੱਖ ਨੂੰ ਨਿਰੰਤਰ ਸਤਾਉਂਦਾ ਹੈ। ਇਨ੍ਹਾਂ ਦੁਨਿਆਵੀ ਉਪਲਬਧੀਆਂ ਨਾਲ ਲਗਾਉ ਹੀ ਇਸ ਭਉ ਦਾ ਕਾਰਨ ਹੈ। ਕਿਉਂਕਿ ਇੱਕ ਆਮ ਮਨੁੱਖ ਇਨ੍ਹਾਂ ਸੰਸਾਰਿਕ ਉਪਲਬਧੀਆਂ ਨੂੰ ਹੀ ਆਪਣੇ ਜੀਵਨ ਦਾ ਮੰਤਵ ਸਮਝੀ ਬੈਠਾ ਹੈ। ਇਸ ਲਈ ਇਨ੍ਹਾਂ ਉਪਲਬਧੀਆਂ ਨਾਲ ਮਨੁੱਖ ਦਾ ਲਗਾਉ ਸੁਭਾਵਿਕ ਹੈ। ਸੰਸਾਰਿਕ ਉਪਲਬਧੀਆਂ ਨਾਲ ਮਨੁੱਖ ਦਾ ਇਹ ਲਗਾਉ ਹੀ ਮੋਹ ਹੈ। ਇਨ੍ਹਾਂ ਸੰਸਾਰਿਕ ਵਸਤੂਆਂ ਦੇ ਖੋਹੇ ਜਾਣ ਦਾ ਭਉ ਹੀ ਮੋਹ ਹੈ। ਸਾਰੇ ਪਰਿਵਾਰਕ ਦੁੱਖਾਂ, ਕਲੇਸ਼ਾਂ ਅਤੇ ਝਗੜਿਆਂ ਦਾ ਕਾਰਨ ਕੇਵਲ ਮੋਹ ਚੰਡਾਲ ਦੀ ਇਹ ਵਿਨਾਸ਼ਕਾਰੀ ਸ਼ਕਤੀ ਹੀ ਹੈ। ਮਨੁੱਖ ਦਾ ਹਰ ਇੱਕ ਦੁਨਿਆਵੀ ਸੰਬੰਧ ਅਤੇ ਪਦਾਰਥ ਲਈ ਮੇਰਾ-ਮੇਰਾ ਕਰਨਾ ਹੀ ਮੋਹ ਹੈ। ਜਦ ਕਿ ਇਸ ਪਰਮ ਸਤਿ ਤੋਂ ਸਾਰੀ ਲੋਕਾਈ ਜਾਣੂ ਹੈ ਕਿ ਜਦ ਮਨੁੱਖੀ ਜੀਵਨ ਦਾ ਅੰਤ ਹੁੰਦਾ ਹੈ ਤਾਂ ਸਾਰੀਆਂ ਸੰਸਾਰਿਕ ਉਪਲਬਧੀਆਂ ਅਤੇ ਇਕੱਤਰ ਕੀਤੀਆਂ ਹੋਈਆਂ ਸੰਸਾਰਿਕ ਵਸਤੂਆਂ, ਧਨ-ਸੰਪਦਾ, ਜ਼ਮੀਨ-ਜਾਇਦਾਦ, ਕਾਰੋਬਾਰ, ਪਰਿਵਾਰਕ ਸੰਬੰਧ ਆਦਿ ਮਨੁੱਖ ਦੇ ਨਾਲ ਨਹੀਂ ਜਾਂਦੇ ਹਨ। ਫਿਰ ਵੀ ਮਨੁੱਖ ਇਨ੍ਹਾਂ ਸਾਰੀਆਂ ਸੰਸਾਰਿਕ ਵਸਤੂਆਂ, ਧਨ-ਸੰਪਦਾ, ਜ਼ਮੀਨ-ਜਾਇਦਾਦ, ਕਾਰੋਬਾਰ, ਪਰਿਵਾਰਕ ਸੰਬੰਧਾਂ ਆਦਿ ਨੂੰ ਸਤਿ ਮੰਨੀ ਬੈਠਾ ਹੈ ਅਤੇ ਇਨ੍ਹਾਂ ਦੇ ਮੋਹ ਵਿੱਚ ਉਲਝ ਕੇ ਆਪਣਾ ਜਨਮ ਨਸ਼ਟ ਕਰਨ ਵਿੱਚ ਵਿਅਸਤ ਹੈ। ਮੋਹ ਚੰਡਾਲ ਦੇ ਅਧੀਨ ਕੀਤੇ ਗਏ ਸਾਰੇ ਕਰਮ ਅਸਤਿ ਕਰਮ ਹੁੰਦੇ ਹਨ ਅਤੇ ਮਨੁੱਖ ਦੇ ਵਰਤਮਾਨ ਅਤੇ ਭਵਿੱਖ ਨੂੰ ਅਤਿਅੰਤ ਦੁਖਦਾਈ ਬਣਾਉਂਦੇ ਹਨ।

ਮਨੁੱਖ ਦੀ ਤ੍ਰਿਸ਼ਣਾ ਦਾ ਕਦੇ ਅੰਤ ਨਹੀਂ ਹੁੰਦਾ ਹੈ। ਤ੍ਰਿਸ਼ਣਾ ਇੱਕ ਨਿਰੰਤਰ ਵਗਦੀ ਨਦੀ ਦੇ ਸਮਾਨ ਹੈ। ਜੋ ਕਦੇ ਰੁਕਦੀ ਨਹੀਂ ਹੈ। ਤ੍ਰਿਸ਼ਣਾ ਤੋਂ ਭਾਵ ਹੈ ਮਨੁੱਖ ਦੀਆਂ ਤੀਬਰ ਇੱਛਾਵਾਂ। ਵਗਦੀ ਨਦੀ ਦੀ ਨਿਆਈਂ ਮਨੁੱਖ ਦੀਆਂ ਇੱਛਾਵਾਂ ਦਾ ਕੋਈ ਅੰਤ ਨਹੀਂ ਹੁੰਦਾ ਹੈ। ਇੱਕ ਇੱਛਾ ਜੇਕਰ ਪੂਰੀ ਹੋ ਜਾਏ ਤਾਂ ਦਸ ਇੱਛਾਵਾਂ ਹੋਰ ਪੈਦਾ ਹੋ ਜਾਂਦੀਆਂ ਹਨ। ਮਨੁੱਖ ਆਪਣੀਆਂ ਇੱਛਾਵਾਂ ਦੀ ਪੂਰਤੀ ਲਈ ਨਿਰੰਤਰ ਕੋਸ਼ਿਸ਼ ਕਰਦਾ ਹੈ। ਮਨੁੱਖ ਦੀ ਸਾਰੀ ਉਮਰ ਕੇਵਲ ਇੱਛਾਵਾਂ ਦੀ ਪੂਰਤੀ ਵਿੱਚ ਹੀ ਗੁਜ਼ਰ ਜਾਂਦੀ ਹੈ। ਮਨੁੱਖ ਦੀਆਂ ਇੱਛਾਵਾਂ ਦੀ ਪੂਰਤੀ ਕਰਨ ਦਾ ਭਾਵ ਮਨੁੱਖ ਦੀ ਦੇਹੀ ਵਿੱਚ ਸਥਿਤ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਰੂਪੀ ਚੰਡਾਲਾਂ ਦੀ ਭੁੱਖ ਨੂੰ ਸ਼ਾਂਤ ਕਰਨਾ ਹੈ। ਇਸ ਲਈ ਆਪੋ-ਆਪਣੀ ਭੁੱਖ ਨੂੰ ਸ਼ਾਂਤ ਕਰਨ ਲਈ ਇਹ ਪੰਜ ਚੰਡਾਲ ਮਨੁੱਖ ਦੇ ਅਸਤਿ ਕਰਮਾਂ ਨੂੰ ਅੰਜਾਮ ਦਿੰਦੇ ਹਨ। ਇਸ ਤਰ੍ਹਾਂ ਦੇ ਨਾਲ ਮਨੁੱਖ ਦਾ ਸਾਰਾ ਜੀਵਨ ਇਨ੍ਹਾਂ ਪੰਜ ਚੰਡਾਲਾਂ ਦੀ ਤ੍ਰਿਸ਼ਣਾ ਨੂੰ ਬੁਝਾਉਣ ਵਿੱਚ ਬਤੀਤ ਹੋ ਜਾਂਦਾ ਹੈ। ਪਰੰਤੂ ਮਨੁੱਖ ਦੀ ਤ੍ਰਿਸ਼ਣਾ ਫਿਰ ਵੀ ਨਹੀਂ ਬੁਝਦੀ ਹੈ। ਜਿਵੇਂ-ਜਿਵੇਂ ਮਨੁੱਖ ਇਨ੍ਹਾਂ ਪੰਜ ਚੰਡਾਲਾਂ ਦੀ ਚਪੇਟ ਵਿੱਚ ਡੂੰਘਾ ਉਤਰਦਾ ਜਾਂਦਾ ਹੈ ਤਿਵੇਂ-ਤਿਵੇਂ ਉਸ ਦੀ ਤ੍ਰਿਸ਼ਣਾ ਹੋਰ ਪ੍ਰਬਲ ਹੋ ਜਾਂਦੀ ਹੈ। ਜਿਵੇਂ-ਜਿਵੇਂ ਮਨੁੱਖ ਦੀ ਤ੍ਰਿਸ਼ਣਾ ਹੋਰ ਪ੍ਰਬਲ ਹੁੰਦੀ ਜਾਂਦੀ ਹੈ ਤਿਵੇਂ-ਤਿਵੇਂ ਮਨੁੱਖ ਦੇ ਅਸਤਿ ਕਰਮ ਹੋਰ ਜ਼ਿਆਦਾ ਵਿਨਾਸ਼ਕਾਰੀ ਰੂਪ ਧਾਰਨ ਕਰ ਲੈਂਦੇ ਹਨ। ਸਦਾ ਸਮਰਣ ਰੱਖੋ ਕਿ ਤੁਹਾਡੇ ਪ੍ਰਾਲਬਧ ਅਨੁਸਾਰ ਹੀ ਤੁਹਾਡੀਆਂ ਜ਼ਰੂਰਤਾਂ ਜ਼ਰੂਰ ਪੂਰੀਆਂ ਹੋ ਜਾਣਗੀਆਂ ਪਰੰਤੂ ਤੁਹਾਡੀਆਂ ਸਾਰੀਆਂ ਇੱਛਾਵਾਂ ਕਦੇ ਪੂਰੀਆਂ ਨਹੀਂ ਹੋਣਗੀਆਂ। ਤੁਹਾਡੇ ਪ੍ਰਾਲਬਧ ਅਨੁਸਾਰ ਜੋ ਕੁਝ ਤੁਹਾਡੇ ਭਾਗਾਂ ਵਿੱਚ ਲਿਖਿਆ ਹੋਇਆ ਹੈ ਤੁਹਾਨੂੰ ਮਿਲਨਾ ਕੇਵਲ ਉਹ ਹੀ ਹੈ। ਸੰਸਾਰਿਕ ਵਸਤੂਆਂ ਦੀ ਮੰਗਾਂ ਲਈ ਕੀਤੀਆਂ ਗਈਆਂ ਸਾਰੀਆਂ ਅਰਦਾਸਾਂ ਝੂਠੀਆਂ ਗਿਣੀਆਂ ਜਾਂਦੀਆ ਹਨ। ਇਸ ਲਈ ਉਹ ਕਦੇ ਪੂਰੀਆਂ ਨਹੀਂ ਹੁੰਦੀਆਂ। ਇਨ੍ਹਾਂ ਝੂਠੀਆਂ ਅਰਦਾਸਾਂ ਦੇ ਕਰਨ ਨਾਲ ਤੁਹਾਡੇ ਭਾਗ ਕਦੇ ਨਹੀਂ ਬਦਲਦੇ ਹਨ। ਮਨੁੱਖ ਦੇ ਭਾਗ ਬਦਲਦੇ ਜ਼ਰੂਰ ਹਨ ਪਰੰਤੂ ਉਹ ਉਦੋਂ ਬਦਲਦੇ ਹਨ ਜਦ ‘ਸਤਿਨਾਮ’ ਮਨੁੱਖ ਦੇ ਹਿਰਦੇ ਕਮਲ ਨੂੰ ਪ੍ਰਕਾਸ਼ਮਾਨ ਕਰ ਦਿੰਦਾ ਹੈ ਅਤੇ ਮਨੁੱਖ ਦੇ ਸਾਰੇ ਪਿਛਲੇ ਕਰਮਾਂ ਦਾ ਪਰਚਾ ਦਰਗਾਹ ਵੱਲੋਂ ਫਾੜ ਦਿੱਤਾ ਜਾਂਦਾ ਹੈ।

ਮਾਇਆ ਦੀਆਂ ਰਜੋ (ਤ੍ਰਿਸ਼ਨਾ) ਅਤੇ ਤਮੋ (ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ) ਗੁਣਾਂ ਦੀਆਂ ਮਹਾ ਵਿਨਾਸ਼ਕਾਰੀ ਸ਼ਕਤੀਆਂ ਮਨੁੱਖ ਦੇ ਕਰਮ-ਕਾਂਡ ਦੁਆਰਾ ਮਨੁੱਖ ਦੇ ਵਿਨਾਸ਼ ਵਿੱਚ ਕਾਰਗਰ ਸਿੱਧ ਹੁੰਦੀਆਂ ਹਨ। ਮਾਇਆ ਦੀਆਂ ਇਨ੍ਹਾਂ ਵਿਨਾਸ਼ਕਾਰੀ ਸ਼ਕਤੀਆਂ ਦਾ ਗਿਆਨ ਜਦ ਮਨੁੱਖ ਨੂੰ ਹੋ ਜਾਂਦਾ ਹੈ ਤਾਂ ਮਨੁੱਖ ਦੇ ਅੰਦਰ ਇੱਕ ਸਹਿਮ ਪੈਦਾ ਹੁੰਦਾ ਹੈ। ਜਦ ਮਨੁੱਖ ਨੂੰ ਆਪਣੇ ਕੀਤੇ ਗਏ ਵਿਨਾਸ਼ਕਾਰੀ ਅਸਤਿ ਕਰਮਾਂ ਦਾ ਗਿਆਨ ਹੁੰਦਾ ਹੈ ਤਾਂ ਮਨੁੱਖ ਦਾ ਮਨ ਇਨ੍ਹਾਂ ਵਿਨਾਸ਼ਕਾਰੀ ਕਰਮਾਂ ਦੇ ਸਤਿ ਨੂੰ ਜਾਣ ਕੇ ਚਿੰਤਿਤ ਹੋ ਉੱਠਦਾ ਹੈ। ਮਨੁੱਖ ਜਦ ਆਪਣੀ ਤ੍ਰਿਸ਼ਣਾ ਨੂੰ ਬੁਝਾਉਣ ਵਾਸਤੇ ਕੋਈ ਵੀ ਵਿਨਾਸ਼ਕਾਰੀ ਅਸਤਿ ਕਰਮ ਕਰਦਾ ਹੈ ਤਾਂ ਉਸ ਦੀ ਬਿਬੇਕ ਬੁੱਧੀ ਅਤੇ ਅੰਤਰ-ਆਤਮਾ ਉਸ ਨੂੰ ਐਸਾ ਕਰਮ ਕਰਨ ਤੋਂ ਜ਼ਰੂਰ ਰੋਕਦੀ ਹੈ। ਪਰੰਤੂ ਮਨੁੱਖ ਦਾ ਮਨ ਇਤਨਾ ਕਮਜ਼ੋਰ ਹੁੰਦਾ ਹੈ ਕਿ ਉਸ ਨੂੰ ਪੰਜ ਚੰਡਾਲ ਬੜੀ ਸੁਗਮਤਾ ਨਾਲ ਵਿਕਰਿਤ ਕਰਨ ਵਿੱਚ ਸਫਲ ਹੋ ਜਾਂਦੇ ਹਨ। ਇਸ ਤਰ੍ਹਾਂ ਮਾਇਆ ਦੀਆਂ ਮਹਾ ਵਿਨਾਸ਼ਕਾਰੀ ਸ਼ਕਤੀਆਂ (ਰਜੋ ਅਤੇ ਤਮੋ) ਮਨੁੱਖ ਦੇ ਮਨ ਨੂੰ ਬੇਅੰਤ ਮੈਲਾ ਕਰਨ ਵਿੱਚ ਸਫਲ ਹੋ ਜਾਂਦੀਆਂ ਹਨ। ਜਿਸਦੇ ਕਾਰਨ ਮਨੁੱਖ ਨਿਰੰਤਰ ਆਪਣੇ ਕਰਮ ਲਿਖਦਾ ਜਾਂਦਾ ਹੈ ਅਤੇ ਇਨ੍ਹਾਂ ਕਰਮਾਂ ਦੇ ਭੁਗਤਾਨ ਲਈ ਨਿਰੰਤਰ ਜਨਮ-ਮਰਨ ਦੇ ਚੱਕਰ ਅਤੇ ਜੂਨਾਂ ਵਿੱਚ ਭਟਕਦਾ ਰਹਿੰਦਾ ਹੈ।

ਮਾਇਆ ਦੀ ਤੀਸਰੀ ਸ਼ਕਤੀ ਜੋ ਕਿ ਸਤੋ (ਦਇਆ, ਧਰਮ, ਸੰਤੋਖ, ਸੰਜਮ) ਗੁਣ ਕਰ ਕੇ ਜਾਣੀ ਜਾਂਦੀ ਹੈ ਉਹ ਸ਼ਕਤੀ ਮਨੁੱਖ ਦੇ ਉਧਾਰ ਦਾ ਮਾਰਗ ਦਰਸ਼ਨ ਕਰਦੀ ਹੈ। ਸਤੋ ਦੀ ਸ਼ਕਤੀ ਮਨੁੱਖ ਨੂੰ ਸਤਿ ਕਰਮ ਕਰਨ ਲਈ ਪ੍ਰੇਰਿਤ ਕਰਦੀ ਹੈ। ਦਇਆ ਵਿੱਚੋਂ ਧਰਮ ਦਾ ਜਨਮ ਹੁੰਦਾ ਹੈ। ਧਰਮ ਦਾ ਭਾਵ ਹੈ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਬੰਦਗੀ ਵਿੱਚ ਲੀਨ ਹੋ ਕੇ, ਮਾਇਆ ਨੂੰ ਜਿੱਤ ਕੇ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਿਰਗੁਣ ਸਰੂਪ ਵਿੱਚ ਅਭੇਦ ਹੋ ਜਾਣਾ। ਸਤਿ ਸੰਤੋਖ ਦਾ ਭਾਵ ਹੈ ਜੋ ਕੁਝ ਸਾਡੇ ਪਾਸ ਹੈ ਉਸ ਵਿੱਚ ਸੰਤੁਸ਼ਟ ਰਹਿਣਾ, ਲਭ-ਲੋਭ ਤੋਂ ਦੂਰ ਰਹਿਣਾ। ਸੰਜਮ ਤੋਂ ਭਾਵ ਹੈ ਮਨ ਨੂੰ ਸ਼ਾਂਤ ਕਰਨ ਦੀ ਜੁਗਤੀ। ਸੰਜਮ ਤੋਂ ਭਾਵ ਹੈ ਮਾਇਆ ਨੂੰ ਜਿੱਤਣ ਦੀ ਜੁਗਤੀ। ਸੰਜਮ ਤੋਂ ਭਾਵ ਹੈ ਤ੍ਰਿਸ਼ਣਾ ਨੂੰ ਬੁਝਾਉਣ ਦੀ ਜੁਗਤੀ। ਸੰਜਮ ਤੋਂ ਭਾਵ ਹੈ ਪੰਜ ਚੰਡਾਲਾਂ ਨੂੰ ਜਿੱਤਣ ਦੀ ਜੁਗਤੀ। ਦਇਆ, ਧਰਮ, ਸੰਤੋਖ ਅਤੇ ਸੰਜਮ ਵਿੱਚੋਂ ਮਨੁੱਖ ਦੀ ਮੁਕਤੀ ਦਾ ਮਾਰਗ ਖ਼ੁੱਲ੍ਹਦਾ ਹੈ। ਦਇਆ, ਧਰਮ, ਸੰਤੋਖ ਅਤੇ ਸੰਜਮ ਦੇ ਅਧੀਨ ਕੀਤੇ ਗਏ ਸਤਿ ਕਰਮਾਂ ਉੱਪਰ ਧਿਆਨ ਕੇਂਦਰਿਤ ਕਰਨ ਵਾਲਾ ਮਨੁੱਖ ਸਤੋ ਬਿਰਤੀ ਦਾ ਧਾਰਨੀ ਬਣ ਜਾਂਦਾ ਹੈ। ਸਤੋ ਬਿਰਤੀ ਦੀ ਕਮਾਈ ਕਰਦੇ-ਕਰਦੇ ਪੂਰਨ ਸੰਤ ਸਤਿਗੁਰੂ ਦੀ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਪੂਰਨ ਸੰਤ ਸਤਿਗੁਰੂ ਪਾਸੋਂ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਭਾਵ ਸਤਿ ਕਰਮ ਇਕੱਤਰ ਕਰਦੇ ਹੋਏ ਹੀ ਮਨੁੱਖ ਨੂੰ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਕਿਰਪਾ ਨਾਲ ਪੂਰਨ ਸੰਤ ਸਤਿਗੁਰੂ ਦੀ ਸੰਗਤ ਪ੍ਰਾਪਤ ਹੁੰਦੀ ਹੈ। ਜੋ ਮਨੁੱਖ ਪੂਰਨ ਸੰਤ ਸਤਿਗੁਰੂ ਦੇ ਸਤਿ ਚਰਨਾਂ ‘ਤੇ ਪੂਰਨ ਸਮਰਪਣ ਕਰਦੇ ਹਨ ਉਨ੍ਹਾਂ ਨੂੰ ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਜੋ ਮਨੁੱਖ ਗੁਰਪ੍ਰਸਾਦਿ ਦੀ ਸੇਵਾ-ਸੰਭਾਲਤਾ ਕਰਦੇ ਹਨ ਉਹ ਮਨੁੱਖ ਮਾਇਆ ਨੂੰ ਜਿੱਤ ਕੇ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਿਰਗੁਣ ਸਰੂਪ ਵਿੱਚ ਅਭੇਦ ਹੋ ਜਾਂਦੇ ਹਨ।

ਗੁਰਪ੍ਰਸਾਦਿ ਦੀ ਪ੍ਰਾਪਤੀ ਅਤੇ ਇਸ ਪਰਮ ਸ਼ਕਤੀ ਦੀ ਸੇਵਾ-ਸੰਭਾਲਤਾ ਕਰ ਕੇ ਜੀਵਨ ਮੁਕਤੀ ਦੀ ਪ੍ਰਾਪਤੀ ਤੋਂ ਪਹਿਲਾਂ ਜੋ ਜੋ ਕਰਮ ਮਨੁੱਖ ਕਰਦਾ ਹੈ ਉਹ ਸਾਰੇ ਕਰਮ ਕੇਵਲ ਕਰਮ-ਕਾਂਡ ਦੇ ਅਧੀਨ ਹੀ ਆਉਂਦੇ ਹਨ। ਜੇਕਰ ਅੱਜ ਦੀ ਦੁਨੀਆਂ ਦੇ ਸਤੋ ਬਿਰਤੀ ਦੇ ਕਰਮਾਂ ਉੱਪਰ ਝਾਤੀ ਮਾਰੀ ਜਾਏ ਤਾਂ ਸਤਿਗੁਰ ਅਵਤਾਰ ਧੰਨ ਧੰਨ ਦਸਮ ਪਾਤਸ਼ਾਹ ਜੀ ਦੇ ਧਰਤੀ ਤੋਂ ਰੁਖਸਤ ਹੋਣ ਤੋਂ ਬਾਅਦ ਦੇ ਸਮੇਂ (ਲਗਭਗ ਪਿਛਲੇ ੩੦੦ ਸਾਲਾਂ) ਵਿੱਚ ਸਤੋ ਬਿਰਤੀ ਦੀ ਦੁਨਿਆਵੀ ਪਰਿਭਾਸ਼ਾ ਵਿੱਚ ਬਹੁਤ ਪਰਿਵਰਤਨ ਆਇਆ ਹੈ। ਇਹ ਪਰਿਵਰਤਨ ਸਤੋ ਬਿਰਤੀ ਦੀ ਪਰਿਭਾਸ਼ਾ ਨੂੰ ਪੂਰਨ ਸਤਿ ਤੋਂ ਬਹੁਤ ਵਿਕਰਿਤ ਕਰ ਚੁੱਕਿਆ ਹੈ। ਭਾਵ ਪਿਛਲੇ ੩੦੦ ਸਾਲਾਂ ਵਿੱਚ ਸਤਿਗੁਰ ਅਵਤਾਰ ਧੰਨ ਧੰਨ ਗੋਬਿੰਦ ਸਿੰਘ ਪਾਤਸ਼ਾਹ ਜੀ ਤੋਂ ਬਾਅਦ ਦੇ ਧਰਮ ਪ੍ਰਚਾਰਕਾਂ ਨੇ ਹੌਲੀ-ਹੌਲੀ ਸਤੋ ਬਿਰਤੀ ਵਾਲੇ ਕਰਮਾਂ ਨੂੰ ਕੇਵਲ ਬਾਹਰਲੀਆਂ ਰਹਿਤਾਂ ਦੇ ਵਿੱਚ ਪਰਿਵਰਤਿਤ ਕਰ ਕੇ ਰੱਖ ਦਿੱਤਾ ਹੈ। ਇਸ ਪਰਿਵਰਤਨ ਦਾ ਆਰੰਭ ਨੌਵੀਂ ਪਾਤਸ਼ਾਹੀ ਸਤਿਗੁਰ ਅਵਤਾਰ ਧੰਨ ਧੰਨ ਸਤਿਗੁਰ ਤੇਗ ਬਹਾਦਰ ਸਾਹਿਬ ਜੀ ਦੇ ਸਮੇਂ ਹੀ ਹੋ ਚੁੱਕਾ ਸੀ ਜਦ ਸਤਿਗੁਰੂ ਸਾਹਿਬ ਨੂੰ ਉਸ ਸਮੇਂ ਦੇ ਮਹੰਤਾਂ ਨੇ ਹਰਿਮੰਦਰ ਸਾਹਿਬ ਵਿੱਚ ਪ੍ਰਵੇਸ਼ ਕਰਨ ਤੋਂ ਰੋਕ ਦਿੱਤਾ ਸੀ। ਅੱਜ ਦੇ ਸਮੇਂ ਵਿੱਚ ਗੁਰਦੁਆਰਿਆਂ ਦੀਆਂ ਕਮੇਟੀਆਂ ਪ੍ਰਧਾਨ ਹਨ। ਕਮੇਟੀਆਂ ਹੀ ਪੰਜ ਪਿਆਰੇ ਨਿਯੁਕਤ ਕਰਦੀਆਂ ਹਨ। ਸਤਿਗੁਰ ਅਵਤਾਰ ਧੰਨ ਧੰਨ ਦਸਮ ਪਾਤਸ਼ਾਹ ਜੀ ਦੇ ਸਾਜੇ ਹੋਏ ਪੰਜ ਪਿਆਰਿਆਂ ਵਿੱਚ, ਜੋ ਕਿ ਪੂਰਨ ਖ਼ਾਲਸੇ ਸੀ, ਜੋ ਕਿ ਪੂਰਨ ਬ੍ਰਹਮ ਗਿਆਨੀ ਸਨ, ਜੋ ਕਿ ਮਾਇਆ ਦੇ ਗੁਲਾਮ ਨਹੀਂ ਸਨ, ਜਿਨ੍ਹਾਂ ਦੀ ਮਾਇਆ ਗੁਲਾਮ ਸੀ। ਕਮੇਟੀਆਂ ਦੁਆਰਾ ਬਣਾਏ ਜਾਣ ਵਾਲੇ ਪੰਜ ਪਿਆਰਿਆਂ ਵਿੱਚ ਕੀ ਅੰਤਰ ਹੈ ਇਸ ਪਰਮ ਸਤਿ ਦਾ ਜਾਣਨਾ ਬੇਅੰਤ ਲਾਜ਼ਮੀ ਹੈ। ਕਮੇਟੀਆਂ ਹੀ ਅਕਾਲ ਤਖ਼ਤ ਸਾਹਿਬ ਅਤੇ ਹੋਰ ਧਾਰਮਿਕ ਤਖ਼ਤਾਂ ਦੇ ਜਥੇਦਾਰਾਂ ਨੂੰ ਨਿਯੁਕਤ ਕਰਦੀਆਂ ਹਨ। ਜੋ ਸਥਾਨ ਪੂਰਨ ਬ੍ਰਹਮ ਗਿਆਨੀਆਂ ਦੇ ਹਨ ਉਨ੍ਹਾਂ ਸਥਾਨਾਂ ‘ਤੇ ਕਮੇਟੀਆਂ ਦੇ ਨਿਯੁਕਤ ਕੀਤੇ ਗਏ ਨੁਮਾਇੰਦੇ ਬੈਠਦੇ ਹਨ। ਜੋ ਜ਼ਿੰਮੇਵਾਰੀਆਂ ਸਤਿਗੁਰੂ ਸਾਹਿਬਾਨ ਨੇ ਨਿਭਾਈਆਂ ਉਹ ਜ਼ਿੰਮੇਵਾਰੀਆਂ ਹੁਣ ਗੁਰਦੁਆਰਿਆਂ ਨੂੰ ਚਲਾਉਣ ਵਾਲੀਆਂ ਕਮੇਟੀਆਂ ਨਿਭਾਉਂਦੀਆਂ ਹਨ। ਅੱਜ ਦੇ ਸਮੇਂ ਦਾ ਇਹ ਬਹੁਤ ਕੌੜਾ ਸਤਿ ਹੈ ਕਿ ਅੱਜ ਕਮੇਟੀਆਂ ਗੁਰੂ ਬਣੀ ਬੈਠੀਆਂ ਹਨ। ਕਮੇਟੀਆਂ ਦੇ ਮਾਇਆਧਾਰੀ ਪ੍ਰਬੰਧਕ ਸਤਿਗੁਰੂ ਸਾਹਿਬ ਦੀਆਂ ਜ਼ਿੰਮੇਵਾਰੀਆਂ ਨੂੰ ਕਿਵੇਂ ਨਿਭਾ ਸਕਦੇ ਹਨ? ਇਨ੍ਹਾਂ ਮਾਇਆਧਾਰੀ ਪ੍ਰਬੰਧਕਾਂ ਦੁਆਰਾ ਸਾਜੇ ਗਏ ਪੰਜ ਪਿਆਰਿਆਂ ਦੀ ਅਵਸਥਾ ਕੈਸੀ ਹੋ ਸਕਦੀ ਹੈ? ਕਮੇਟੀਆਂ ਦੇ ਮਾਇਆਧਾਰੀ ਪ੍ਰਬੰਧਕ ਰੂਹਾਨੀਅਤ ਦੀ ਅਗਵਾਈ ਕਿਵੇਂ ਕਰ ਸਕਦੇ ਹਨ? ਜਿਸ ਮਨੁੱਖ ਨੇ ਮਾਇਆ ਨੂੰ ਨਹੀਂ ਜਿੱਤਿਆ ਉਹ ਮਨੁੱਖ ਮਾਇਆਧਾਰੀ ਹੈ। ਭਾਵ ਜਿਸ ਮਨੁੱਖ ਨੇ ਮਾਇਆ ਨੂੰ ਨਹੀਂ ਜਿੱਤਿਆ ਹੈ ਉਹ ਮਾਇਆ ਦਾ ਗੁਲਾਮ ਹੈ। ਮਾਇਆ ਦੇ ਗੁਲਾਮ ਕਮੇਟੀਆਂ ਦੇ ਪ੍ਰਬੰਧਕ ਰੂਹਾਨੀਅਤ ਵਰਗੇ ਪੂਰਨ ਸਤਿ ਤੱਤ ਦੀ ਸੇਵਾ ਕਿਵੇਂ ਕਰ ਸਕਦੇ ਹਨ? ਅੱਜ ਦੇ ਸਮੇਂ ਵਿੱਚ ਗੁਰਦੁਆਰੇ ਤਾਂ ਥਾਂ-ਥਾਂ ਉੱਪਰ ਉਸਾਰ ਦਿੱਤੇ ਗਏ ਹਨ ਪਰੰਤੂ ਇਹ ਬਹੁਤ ਕੌੜਾ ਸਤਿ ਹੈ ਕਿ ਇਨ੍ਹਾਂ ਸਾਰੇ ਸਥਾਨਾਂ ਉੱਪਰ ਰੂਹਾਨੀਅਤ ਵਰਤਣ ਦੀ ਬਜਾਏ ਮਾਇਆ ਵਰਤ ਰਹੀ ਹੈ। ਜਿੱਥੇ ਮਾਇਆ ਵਰਤਦੀ ਹੈ ਉਥੋਂ ਰੂਹਾਨੀਅਤ ਲੁਪਤ ਹੋ ਜਾਂਦੀ ਹੈ। ਗੁਰਬਾਣੀ ਨੂੰ ਖਰੀਦਿਆ ਅਤੇ ਵੇਚਿਆ ਜਾ ਰਿਹਾ ਹੈ। ਜੋ ਕਿ ਇੱਕ ਅਜ਼ੀਮ ਦਰਗਾਹੀ ਗੁਨਾਹ ਹੈ। ਜਿੱਥੇ ਗੁਰਬਾਣੀ ਗੁਰ-ਸ਼ਬਦ ਦਾ ਸੌਦਾ ਕੀਤੇ ਜਾਣ ਦਾ ਅਜ਼ੀਮ ਗੁਨਾਹ ਹੋ ਰਿਹਾ ਹੋਏ ਉਸ ਅਸਥਾਨ ਉੱਪਰ ਸਤਿ ਗੁਰਪ੍ਰਸਾਦਿ ਦੀ ਕਿਰਪਾ ਕਿਵੇਂ ਵਰਤ ਸਕਦੀ ਹੈ? ਗੁਰਬਾਣੀ ਦੇ ਪਾਠ ਅਤੇ ਕੀਰਤਨ ਦੀ ਕੀਮਤ ਵਸੂਲ ਕੀਤੀ ਜਾ ਰਹੀ ਹੋਏ ਉਸ ਅਸਥਾਨ ਉੱਪਰ ਰੂਹਾਨੀਅਤ ਕਿਵੇਂ ਵਰਤ ਸਕਦੀ ਹੈ? ਜਿੱਥੇ ਪੂਰਨ ਸਤਿ ਤੱਤ ਦੀ ਕੋਈ ਧਰਮ ਪ੍ਰਚਾਰਕ ਗੱਲ ਨਹੀਂ ਕਰਦਾ ਹੈ। ਜਿੱਥੇ ਲਗਭਗ ਸਾਰੇ ਧਰਮ ਪ੍ਰਚਾਰਕ ਕੇਵਲ ਬਾਹਰਲੀਆਂ ਗੱਲਾਂ ਕਰਦੇ ਹਨ, ਕੋਈ ਰੂਹਾਨੀਅਤ ਦੀ ਡੂੰਘੀ ਕਮਾਈ ਦੇ ਪੂਰਨ ਸਤਿ ਤੱਤ ਦੀ ਗੱਲ ਨਹੀਂ ਕਰਦਾ ਹੈ, ਉੱਥੇ ਰੂਹਾਨੀਅਤ ਦਾ ਗੁਰਪ੍ਰਸਾਦਿ ਕਿਵੇਂ ਵਰਤ ਸਕਦਾ ਹੈ? ਜਿੱਥੇ ਲਗਭਗ ਸਾਰੇ ਪ੍ਰਚਾਰਕ (ਜਿਨ੍ਹਾਂ ਦੀ ਆਪਣੀ ਕੋਈ ਕਮਾਈ ਨਹੀਂ ਹੈ) ਲੋਕਾਈ ਨੂੰ ਕੇਵਲ ਗੁਰਬਾਣੀ ਨੂੰ ਪੜ੍ਹਨ ਉੱਪਰ ਜ਼ੋਰ ਦਿੰਦੇ ਹਨ ਅਤੇ ਕੋਈ ਗੁਰਬਾਣੀ ਦੇ ਪਰਮ ਸ਼ਕਤੀਸ਼ਾਲੀ ਹੁਕਮ ਨੂੰ ਕਮਾਉਣ ਦੀ ਗੱਲ ਨਹੀਂ ਕਰਦੇ ਹਨ। ਐਸੇ ਖੋਖਲੇ ਪ੍ਰਚਾਰਕਾਂ ਦੁਆਰਾ ਰੂਹਾਨੀਅਤ ਦਾ ਪ੍ਰਚਾਰ ਇੱਕ ਕਿੱਤਾ ਬਣ ਕੇ ਰਹਿ ਗਿਆ ਹੈ।

ਰੂਹਾਨੀਅਤ ਦਾ ਪ੍ਰਚਾਰ ਕੋਈ ਕਿੱਤਾ ਨਹੀਂ ਹੈ। ਰੂਹਾਨੀਅਤ ਦਾ ਪ੍ਰਚਾਰ ਤਾਂ ਇੱਕ ਨਿਸ਼ਕਾਮ ਸੇਵਾ ਹੈ ਜਿਸ ਵਿੱਚ ਮਾਇਆ ਦਾ ਕੋਈ ਸਥਾਨ ਨਹੀਂ ਹੈ। ਰੂਹਾਨੀਅਤ ਕੋਈ ਖਰੀਦਣ ਜਾਂ ਵੇਚਣ ਵਾਲੀ ਵਸਤੂ ਨਹੀਂ ਹੈ। ਗੁਰਬਾਣੀ ਕੋਈ ਤਿਜ਼ਾਰਤ ਵਾਲੀ ਵਸਤੂ ਨਹੀਂ ਹੈ। ਗੁਰਬਾਣੀ ਤਾਂ ਸ਼ਰਧਾ, ਪ੍ਰੀਤ ਅਤੇ ਭਰੋਸੇ ਨਾਲ ਕਮਾਉਣ ਵਾਲਾ ਦਰਗਾਹੀ ਹੁਕਮ ਹੈ। ਜਿਸ ਦੀ ਕਮਾਈ ਨਾਲ ਮਨੁੱਖ ਨੂੰ ਜੀਵਨ ਮੁਕਤੀ ਅਤੇ ਆਤਮ ਰਸ ਅੰਮ੍ਰਿਤ ਦੀ ਪ੍ਰਾਪਤੀ ਹੁੰਦੀ ਹੈ। ਜਿਸ ਦੀ ਕਮਾਈ ਕਰਨ ਨਾਲ ਪਰਮ ਪਦਵੀ ਅਤੇ ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਕੇਵਲ ਉਹ ਮਨੁੱਖ ਹੀ ਰੂਹਾਨੀਅਤ ਨੂੰ ਵੰਡਣ ਦਾ ਅਧਿਕਾਰੀ ਹੈ ਜਿਸ ਨੇ ਮਾਇਆ ਨੂੰ ਜਿੱਤ ਕੇ ਦਰਗਾਹ ਤੋਂ ਸੇਵਾ ਦਾ ਗੁਰਪ੍ਰਸਾਦਿ ਪ੍ਰਾਪਤ ਕੀਤਾ ਹੈ। ਇਸ ਤੋਂ ਇਲਾਵਾ ਸਾਰਾ ਨਿਰਾ ਪੂਰਾ ਕਰਮ-ਕਾਂਡ ਹੈ ਜਿਸ ਵਿੱਚ ਸਾਰਾ ਸੰਸਾਰ ਉਲਝ ਕੇ ਰਹਿ ਗਿਆ ਹੈ। ਗੁਰਬਾਣੀ ਵਿੱਚ ਇਸ ਕਰਮ-ਕਾਂਡ ਨੂੰ “ਕਰਮ ਧਰਮ ਪਾਖੰਡ” ਕਿਹਾ ਗਿਆ ਹੈ:

ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ

(ਪੰਨਾ ੭੪੭)

ਇਸ “ਕਰਮ ਧਰਮ ਪਾਖੰਡ” ਦੀ ਦਰਗਾਹ ਵਿੱਚ ਕੋਈ ਪੁੱਛ ਨਹੀਂ ਹੈ। ਐਸੇ “ਕਰਮ ਧਰਮ ਪਾਖੰਡ” ਨੂੰ ਤਾਂ ਜਮਦੂਤਾਂ ਨੇ ਹੀ ਲੁੱਟ ਲੈਣਾ ਹੈ। ਇਸ “ਕਰਮ ਧਰਮ ਪਾਖੰਡ” ਨੂੰ ਦਰਗਾਹ ਵਿੱਚ ਕੋਈ ਪਰਵਾਨਗੀ ਨਹੀਂ ਹੈ। ਇਸ “ਕਰਮ ਧਰਮ ਪਾਖੰਡ” ਦੇ ਕਰਨ ਨਾਲ ਮਨੁੱਖ ਦੀ ਰੂਹਾਨੀਅਤ ਵਿੱਚ ਕੋਈ ਤਰੱਕੀ ਨਹੀਂ ਹੁੰਦੀ ਹੈ। ਇਹ ਹੀ ਕਾਰਨ ਹੈ ਕਿ ਜੋ ਮਨੁੱਖ ਇਸ “ਕਰਮ ਧਰਮ ਪਾਖੰਡ” ਵਿੱਚ ਲੰਬੇ ਸਮੇਂ ਤੋਂ ਉਲਝੇ ਹੋਏ ਹਨ ਉਨ੍ਹਾਂ ਦੀ ਰੂਹਾਨੀ ਤਰੱਕੀ ਨਹੀਂ ਹੋ ਰਹੀ ਹੈ। ਦੁਨੀਆਂ ਵਿੱਚ ਬਹੁ-ਗਿਣਤੀ ਲੋਕ ਐਸੇ ਹਨ ਜੋ ਇਸ “ਕਰਮ ਧਰਮ ਪਾਖੰਡ” ਵਿੱਚ ਫੱਸ ਕੇ ਰਹਿ ਗਏ ਹਨ ਅਤੇ ਜਿਨ੍ਹਾਂ ਨੂੰ ਪੂਰਨ ਸਤਿ ਦਾ ਗਿਆਨ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਦੀ ਅਗਵਾਈ ਕਰਨ ਵਾਲਾ ਕੋਈ ਐਸਾ ਪ੍ਰਚਾਰਕ ਹੈ ਜੋ ਕਿ ਪੂਰਨ ਸਤਿ ਦਾ ਧਾਰਨੀ ਹੋਏ ਅਤੇ ਪੂਰਨ ਸਤਿ ਵਰਤਾਉਣ ਦੀ ਸਮਰੱਥਾ ਰੱਖਦਾ ਹੋਏ। ਸਾਰੇ ਧਰਮ ਕਾਰਜ ਕੇਵਲ ਕਰਮ-ਕਾਂਡ ਬਣ ਕੇ ਰਹਿ ਗਏ ਹਨ। ਐਸੇ ਵਾਤਾਵਰਨ ਵਿੱਚ ਰੂਹਾਨੀਅਤ ਕਿਵੇਂ ਵਰਤ ਸਕਦੀ ਹੈ? ਇਸ ਲਈ ਸਾਰੀ ਲੋਕਾਈ ਦੇ ਚਰਨਾਂ ‘ਤੇ ਸਨਿਮਰ ਬੇਨਤੀ ਹੈ ਕਿ ਗੁਰਬਾਣੀ ਸਤਿਗੁਰੂ ਦੇ ਉਪਦੇਸ਼ ਨੂੰ ਕੇਵਲ ਪੜ੍ਹਨਾ ਹੀ ਕਾਫੀ ਨਹੀਂ ਹੈ। ਗੁਰਬਾਣੀ ਦੇ ਵਿੱਚ ਉਚਾਰਨ ਕੀਤੇ ਗਏ ਪੂਰਨ ਬ੍ਰਹਮ ਗਿਆਨ ਰੂਪੀ ਪੂਰਨ ਸਤਿ ਵਿੱਚ ਭਿੱਜੇ ਹੋਏ ਅਮੁੱਲੇ ਮਾਣਕ, ਰਤਨ ਅਤੇ ਜਵਾਹਰਾਂ ਦੀ ਕਮਾਈ ਕੀਤੀ ਜਾਏ ਅਤੇ ਇਨ੍ਹਾਂ ਨੂੰ ਆਪਣੇ ਹਿਰਦੇ ਵਿੱਚ ਡੂੰਘੇ ਕਰ ਕੇ ਪਰੋ ਲਿੱਤਾ ਜਾਏ।

ਜਿਵੇਂ ਕਿ ਉੱਪਰ ਵਿਚਾਰਿਆ ਅਤੇ ਲਿਖਿਆ ਗਿਆ ਹੈ, ਇਹ ਸਾਰਾ ਸੰਸਾਰ ਮਾਇਆ ਦੇ ਵਿਨਾਸ਼ਕਾਰੀ ਬੰਧਨਾਂ ਵਿੱਚ ਉਲਝਿਆ ਹੋਇਆ ਹੈ। ਮਾਇਆ ਦੁਆਰਾ ਬੁਣੇ ਗਏ ਭਰਮਾਂ ਦੇ ਜਾਲ ਵਿੱਚ ਸਾਰੀ ਦੀ ਸਾਰੀ ਲੋਕਾਈ ਬੜੀ ਬੁਰੀ ਤਰ੍ਹਾਂ ਨਾਲ ਫੱਸ ਕੇ ਰਹਿ ਗਈ ਹੈ। ਤ੍ਰਿਸ਼ਣਾ ਦੀ ਅਗਨ ਵਿੱਚ ਨਿਰੰਤਰ ਸੜਦੇ-ਬਲਦੇ ਹੋਏ, ਪੰਜ ਚੰਡਾਲਾਂ ਦੀ ਗੁਲਾਮੀ ਵਿੱਚ ਫਸੇ ਹੋਏ, ਕਰਮ-ਧਰਮ ਪਾਖੰਡ ਵਿੱਚ ਉਲਝੇ ਹੋਏ ਮਨੁੱਖ ਦਾ ਅਮੁੱਲਾ ਮਨੁੱਖਾ ਜਨਮ ਇਸ ਤਰ੍ਹਾਂ ਦੇ ਨਾਲ ਨਸ਼ਟ ਹੋ ਰਿਹਾ ਹੈ। ਮਨੁੱਖ ਨੂੰ ਮਾਇਆ ਦੇ ਝੂਠੇ ਅਤੇ ਵਿਨਾਸ਼ਕਾਰੀ ਨਸ਼ਿਆਂ ਨੇ ਬੇਹੋਸ਼ ਕਰ ਕੇ ਛੱਡ ਦਿੱਤਾ ਹੈ। ਮਨੁੱਖ ਮਾਇਆ ਦੇ ਭਰਮ ਜਾਲ ਦੇ ਦਲਦਲ ਵਿੱਚ ਇਸ ਕਦਰ ਡੁੱਬ ਚੁੱਕਾ ਹੈ ਕਿ ਉਹ ਇਸੇ ਨੂੰ ਹੀ ਸੱਚ ਮੰਨੀ ਬੈਠਾ ਹੈ। ਇਹ ਪਰਮ ਸਤਿ ਹੈ ਕਿ ਮਾਇਆ ਵਿੱਚ ਵਿਚਰਦੇ ਹੋਏ ਅਤੇ ਮਾਇਆ ਦੀ ਗੁਲਾਮੀ ਵਿੱਚ ਜੀਵਨ ਜਿਉਂਦੇ ਹੋਏ ਕਦੇ ਸਦੀਵੀ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਮਾਇਆ ਕੇਵਲ ਦੁੱਖਾਂ ਦਾ ਕਾਰਨ ਬਣਦੀ ਹੈ। ਮਾਇਆ ਮੰਗਣਾ ਭਾਵ ਦੁੱਖ ਮੰਗਣਾ ਹੈ। ਮਾਇਆ ਦੀ ਗੁਲਾਮੀ ਕੇਵਲ ਦੁੱਖਾਂ ਦਾ ਭੰਡਾਰ ਹੈ। ਮਾਇਆ ਕੇਵਲ ਠੱਗਣੀ ਹੈ, ਜੋ ਕਿ ਮਨੁੱਖ ਨੂੰ ਇਸ ਭਰਮ ਵਿੱਚ ਪਾਈ ਰੱਖਦੀ ਹੈ ਕਿ ਸੰਸਾਰਿਕ ਸੁੱਖ ਹੀ ਮਨੁੱਖ ਦਾ ਜੀਵਨ ਹਨ। ਮਾਇਆ ਕੇਵਲ ਉਹ ਬੂਟੀ ਹੈ ਜੋ ਮਨੁੱਖ ਨੂੰ ਆਪਣੇ ਨਸ਼ੇ (ਦੁਨਿਆਵੀ ਸੁੱਖਾਂ ਦੇ ਨਸ਼ੇ) ਵਿੱਚ ਬੇਸੁੱਧ ਕਰ ਕੇ ਸਤਿ ਪਾਰਬ੍ਰਹਮ ਪਰਮੇਸ਼ਰ ਤੋਂ ਦੂਰ ਲੈ ਜਾਂਦੀ ਹੈ। ਮਾਇਆ ਦੇ ਇਸ ਭਰਮ ਜਾਲ ਵਿੱਚ ਫਸੇ ਹੋਏ ਮਨੁੱਖ ਦੇ ਰੋਜ਼ਾਨਾ ਜੀਵਨ ਵਿੱਚ ਜਦ ਦੁੱਖ, ਕਲੇਸ਼, ਮੁਸੀਬਤਾਂ ਅਤੇ ਸਮੱਸਿਆਵਾਂ ਆਉਂਦੀਆਂ ਹਨ ਤਾਂ ਉਹ ਇਸ ਸੰਸਾਰ ਦੇ ਤੋਖ਼ਲੇ ਰੂਪ ਨੂੰ ਅਨੁਭਵ ਕਰਦਾ ਹੈ ਅਤੇ ਸੁਭਾਵਿਕ ਚਿੰਤਾਵਾਂ ਦਾ ਸ਼ਿਕਾਰ ਹੋ ਜਾਂਦਾ ਹੈ। ਮਨੁੱਖ ਦੇ ਰੋਜ਼ਾਨਾ ਜੀਵਨ ਵਿੱਚ ਵਾਪਰ ਰਹੇ ਦੁੱਖ, ਕਲੇਸ਼, ਮੁਸੀਬਤਾਂ ਅਤੇ ਸਮੱਸਿਆਵਾਂ ਜਦ ਭਿਆਨਕ ਰੂਪ ਧਾਰਨ ਕਰਦੀਆਂ ਹਨ ਤਾਂ ਮਨੁੱਖ ਦਾ ਜੀਵਨ ਨਰਕ ਬਣ ਜਾਂਦਾ ਹੈ। ਐਸੇ ਹਾਲਾਤ ਮਨੁੱਖ ਨੂੰ ਸੰਸਾਰ ਦੇ ਤੋਖ਼ਲੇ ਰੂਪ ਦਾ ਅਨੁਭਵ ਕਰਵਾਉਂਦੇ ਹਨ ਅਤੇ ਉਸ ਦਾ ਜੀਵਨ ਡੂੰਘੇ ਸਹਿਮ ਅਤੇ ਚਿੰਤਾ ਵਿੱਚ ਡੁੱਬ ਜਾਂਦਾ ਹੈ। ਇਸ ਪਰਮ ਸਤਿ ਤੱਤ ਨੂੰ ਗੁਰਬਾਣੀ ਵਿੱਚ ਬਾਰ-ਬਾਰ ਦ੍ਰਿੜ੍ਹ ਕਰਵਾਇਆ ਗਿਆ ਹੈ:

ਸਹਸਾ ਇਹੁ ਸੰਸਾਰੁ ਹੈ ਮਰਿ ਜੰਮੈ ਆਇਆ ਜਾਇਆ

(ਪੰਨਾ ੧੩੮)

ਹਰਖ ਸੋਗ ਸਹਸਾ ਸੰਸਾਰੁ ਹਉ ਹਉ ਕਰਤ ਬਿਹਾਇ

(ਪੰਨਾ ੨੯੭)

ਮਾਇਆ ਦੀ ਗੁਲਾਮੀ ਵਿੱਚ ਮਨੁੱਖ ਨੂੰ ਕੇਵਲ ਚਿੰਤਾ ਦਾ ਅਨੁਭਵ ਹੁੰਦਾ ਹੈ। ਮਨੁੱਖ ਇਸ ਚਿੰਤਾ ਵਿੱਚ ਹਰ ਵਕਤ ਘਿਰਿਆ ਰਹਿੰਦਾ ਹੈ ਕਿ ਕਦੇ ਉਸ ਦੇ ਜੀਵਨ ਵਿੱਚ ਸੁੱਖ ਦਾ ਸਮਾਂ ਆਏਗਾ ਕਿ ਨਹੀਂ। ਭਾਵ ਹਰ ਇੱਕ ਮਨੁੱਖ ਨੂੰ ਰੋਜ਼ਾਨਾ ਜੀਵਨ ਵਿੱਚ ਹਰ ਪਲ ਹਰ ਛਿਣ ਕੋਈ ਨਾ ਕੋਈ ਚਿੰਤਾ ਖਾਈ ਜਾਂਦੀ ਹੈ। ਪਰਿਵਾਰਕ ਸੰਬੰਧਾਂ ਦੇ ਵਿਗੜਨ ਦੀ ਚਿੰਤਾ, ਪਰਿਵਾਰਕ ਸਮੱਸਿਆਵਾਂ ਦੀ ਚਿੰਤਾ, ਪਰਿਵਾਰਕ ਕਾਰਜਾਂ ਦੇ ਸਿੱਧ ਜਾਂ ਨਾ ਸਿੱਧ ਹੋਣ ਦੀ ਚਿੰਤਾ, ਪੜ੍ਹਾਈ-ਲਿਖਾਈ ਪੂਰੀ ਕਰਨ ਦੀ ਚਿੰਤਾ, ਸ਼ਾਦੀ-ਵਿਆਹ ਦੀ ਚਿੰਤਾ, ਧੀਆਂ-ਪੁੱਤਰਾਂ ਦੀ ਚਿੰਤਾ, ਦੋਹਤਿਆਂ-ਪੋਤਿਆਂ ਦੀ ਚਿੰਤਾ, ਪਤੀ ਨੂੰ ਪਤਨੀ ਦੀ ਚਿੰਤਾ, ਪਤਨੀ ਨੂੰ ਪਤੀ ਦੀ ਚਿੰਤਾ, ਕਾਰੋਬਾਰ ਦੀ ਚਿੰਤਾ, ਨੌਕਰੀ ਦੀ ਚਿੰਤਾ, ਸਰੀਰਕ ਰੋਗਾਂ ਦੀ ਚਿੰਤਾ, ਧਨ-ਸੰਪਦਾ ਦੀ ਚਿੰਤਾ, ਜ਼ਮੀਨਾਂ-ਜਾਇਦਾਦਾਂ ਦੀ ਚਿੰਤਾ ਆਦਿ ਮਨੁੱਖ ਦੇ ਜੀਵਨ ਨੂੰ ਨਰਕ ਬਣਾ ਦਿੰਦੀ ਹੈ। ਚਿੰਤਾ ਦੀ ਵਿਨਾਸ਼ਕਾਰੀ ਚਿਖਾ ਉੱਪਰ ਬੈਠ ਕੇ ਸੜਦੇ-ਬਲਦੇ ਮਨੁੱਖ ਦਾ ਮਨ ਕਦੇ ਸ਼ਾਂਤੀ ਦਾ ਅਨੁਭਵ ਨਹੀਂ ਕਰਦਾ ਹੈ। ਚਿੰਤਾ ਦੀ ਵਿਨਾਸ਼ਕਾਰੀ ਸ਼ਕਤੀ ਮਨੁੱਖ ਨੂੰ ਅੰਦਰੋਂ ਖੋਖਲ਼ਾ ਕਰ ਦਿੰਦੀ ਹੈ। ਚਿੰਤਾ ਦੀ ਵਿਨਾਸ਼ਕਾਰੀ ਸ਼ਕਤੀ ਮਨੁੱਖ ਦੀ ਦੇਹੀ ਨੂੰ ਮਾਨਸਿਕ ਅਤੇ ਸ਼ਰੀਰਕ ਰੋਗੀ ਬਣਾ ਦਿੰਦੀ ਹੈ।

ਮਾਇਆ ਦੀਆਂ ਰਜੋ ਅਤੇ ਤਮੋ ਗੁਣਾਂ ਦੀਆਂ ਵਿਨਾਸ਼ਕਾਰੀ ਸ਼ਕਤੀਆਂ ਤੋਂ ਮੁਕਤੀ ਕੇਵਲ ਸਹਿਜ ਅਵਸਥਾ ਦੀ ਪ੍ਰਾਪਤੀ ਨਾਲ ਹੀ ਹੋ ਸਕਦੀ ਹੈ। ਤ੍ਰਿਸ਼ਣਾ ਅਗਨ ਨੂੰ ਕੇਵਲ ਸਹਿਜ ਅਵਸਥਾ ਦੀ ਪ੍ਰਾਪਤੀ ਨਾਲ ਹੀ ਬੁਝਾਇਆ ਜਾ ਸਕਦਾ ਹੈ। ਪੰਜ ਚੰਡਾਲਾਂ (ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ) ਨੂੰ ਕੇਵਲ ਸਹਿਜ ਅਵਸਥਾ ਦੀ ਪ੍ਰਾਪਤੀ ਕਰ ਕੇ ਹੀ ਜਿੱਤਿਆ ਜਾ ਸਕਦਾ ਹੈ। ਤ੍ਰਿਹ ਗੁਣ ਮਾਇਆ ਨੂੰ ਕੇਵਲ ਸਹਿਜ ਅਵਸਥਾ ਦੀ ਪ੍ਰਾਪਤੀ ਦੇ ਨਾਲ ਹੀ ਜਿੱਤਿਆ ਜਾ ਸਕਦਾ ਹੈ। ਮਾਇਆ ਦੀ ਗੁਲਾਮੀ ਵਿੱਚ ਸਹਿਜ ਅਵਸਥਾ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਮਨੁੱਖੀ ਮਨ-ਤਨ ਦੇ ਤ੍ਰਿਸ਼ਣਾ ਦੀ ਵਿਨਾਸ਼ਕਾਰੀ ਅਗਨ ਵਿੱਚ ਸੜਦੇ-ਬਲਦੇ ਰਹਿਣ ਨਾਲ ਸਹਿਜ ਅਵਸਥਾ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈ। ਕਾਮ ਚੰਡਾਲ, ਕ੍ਰੋਧ ਚੰਡਾਲ, ਲੋਭ ਚੰਡਾਲ, ਮੋਹ ਚੰਡਾਲ ਅਤੇ ਅਹੰਕਾਰ ਚੰਡਾਲ ਦੀ ਭੁੱਖ ਦੇ ਸ਼ਾਂਤ ਹੋਏ ਬਿਨਾਂ ਸਹਿਜ ਅਵਸਥਾ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈ। ਮਾਨਸਿਕ ਅਤੇ ਸਰੀਰਕ ਰੋਗਾਂ ਨਾਲ ਘਿਰੇ ਹੋਏ ਮਨੁੱਖ ਨੂੰ ਸਹਿਜ ਅਵਸਥਾ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈ। ਚਿੰਤਾ ਵਿੱਚ ਡੁੱਬੇ ਹੋਏ ਮਨੁੱਖ ਨੂੰ ਸਹਿਜ ਅਵਸਥਾ ਦੀ ਪ੍ਰਾਪਤੀ ਕਦੇ ਨਹੀਂ ਹੋ ਸਕਦੀ ਹੈ। ਮਾਇਆ ਦੇ ਭਰਮ ਜਾਲ ਵਿੱਚ ਫਸੇ ਹੋਏ ਮਨੁੱਖ ਨੂੰ ਕਦੇ ਸਹਿਜ ਅਵਸਥਾ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਦੁਨਿਆਵੀ ਕਰਮ-ਕਾਂਡ ਕਰਦੇ-ਕਰਦੇ ਮਨੁੱਖ ਨੂੰ ਸਹਿਜ ਅਵਸਥਾ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈ। ਇਸ ਪਰਮ ਸਤਿ ਤੱਤ ਨੂੰ ਗੁਰਬਾਣੀ ਵਿੱਚ ਦ੍ਰਿੜ੍ਹ ਕਰਵਾਇਆ ਗਿਆ ਹੈ ਕਿ ਮਾਇਆ ਦੀ ਗੁਲਾਮੀ ਵਿੱਚ ਕਦੇ ਸਹਿਜ ਅਵਸਥਾ ਦੀ ਪ੍ਰਾਪਤੀ ਨਹੀਂ ਹੁੰਦੀ ਹੈ:

ਮਾਇਆ ਵਿਚਿ ਸਹਜੁ ਨ ਊਪਜੈ ਮਾਇਆ ਦੂਜੈ ਭਾਇ

(ਪੰਨਾ ੬੮)

ਤ੍ਰਿਹੁ ਗੁਣਾ ਵਿਚਿ ਸਹਜੁ ਨ ਪਾਈਐ ਤ੍ਰੈ ਗੁਣ ਭਰਮਿ ਭੁਲਾਇ

(ਪੰਨਾ ੬੮)

ਬਿਨੁ ਸਹਜੈ ਸਭੁ ਅੰਧੁ ਹੈ ਮਾਇਆ ਮੋਹੁ ਗੁਬਾਰੁ

(ਪੰਨਾ ੬੮)

ਸਹਿਜ ਅਵਸਥਾ ਬੰਦਗੀ ਦੀ ਸਰਵ ਉੱਚੀ ਅਵਸਥਾ ਹੈ। ਸਹਿਜ ਸਮਾਧੀ ਨਿਰੰਤਰ ਸਮਾਧੀ ਦੀ ਅਵਸਥਾ ਹੈ। ਸਹਿਜ ਸਮਾਧੀ ਰੋਮ-ਰੋਮ ਸਿਮਰਨ ਦੀ ਅਵਸਥਾ ਹੈ। ਸਹਿਜ ਸਮਾਧੀ ਸਭ ਤੋਂ ਉੱਤਮ ਸਮਾਧੀ ਹੈ। ਸਹਿਜ ਅਵਸਥਾ ਦਾ ਭਾਵ ਹੈ ਹਿਰਦੇ ਵਿੱਚ ਪਰਮ ਜੋਤ ਦਾ ਪੂਰਨ ਪ੍ਰਕਾਸ਼ ਹੋ ਜਾਣਾ ਹੈ। ਸਹਿਜ ਅਵਸਥਾ ਵਿੱਚ ੭ ਸਤਿ ਸਰੋਵਰ ਪ੍ਰਕਾਸ਼ਮਾਨ ਹੋ ਜਾਂਦੇ ਹਨ ਅਤੇ ਦੇਹੀ ਅੰਮ੍ਰਿਤ ਨਾਲ ਭਰਪੂਰ ਹੋ ਜਾਂਦੀ ਹੈ। ਸਹਿਜ ਅਵਸਥਾ ਵਿੱਚ ਸਾਰੇ ਬਜਰ ਕਪਾਟ ਖੁਲ੍ਹ ਜਾਂਦੇ ਹਨ ਅਤੇ ਦਸਮ ਦੁਆਰ ਵਿੱਚ ਅਨਹਦ ਸ਼ਬਦ ਦੀ ਪ੍ਰਾਪਤੀ ਹੋ ਜਾਂਦੀ ਹੈ। ਸਹਿਜ ਅਵਸਥਾ ਵਿੱਚ ਹਿਰਦਾ ਪੂਰਨ ਸਚਿਆਰੀ ਰਹਿਤ ਵਿੱਚ ਚਲਾ ਜਾਂਦਾ ਹੈ। ਸਹਿਜ ਅਵਸਥਾ ਵਿੱਚ ਮਨੁੱਖ ਦਾ ਮਨ ਪੂਰਨ ਵਿਸ਼ਰਾਮ ਵਿੱਚ ਚਲਾ ਜਾਂਦਾ ਹੈ। ਮਨ ਪੂਰਨ ਆਤਮਿਕ ਅਡੋਲਤਾ ਵਿੱਚ ਸਦਾ-ਸਦਾ ਲਈ ਕਾਇਮ ਹੋ ਜਾਂਦਾ ਹੈ। ਮਨ ਜੋਤ ਵਿੱਚ ਪਰਿਵਰਤਿਤ ਹੋ ਜਾਂਦਾ ਹੈ। ਸਹਿਜ ਅਵਸਥਾ ਤੋਂ ਭਾਵ ਮਨ ਨੂੰ ਜਿੱਤ ਲੈਣਾ ਹੈ। ਸਹਿਜ ਅਵਸਥਾ ਤੋਂ ਭਾਵ ਹੈ ਮਾਇਆ ਨੂੰ ਜਿੱਤ ਲੈਣਾ। ਸਹਿਜ ਅਵਸਥਾ ਤੋਂ ਭਾਵ ਹੈ ਮਨੁੱਖ ਦੀ ਤ੍ਰਿਸ਼ਣਾ ਅਗਨ ਦਾ ਬੁਝ ਜਾਣਾ ਅਤੇ ਸਾਰੀਆਂ ਇੱਛਾਵਾਂ ਦਾ ਅੰਤ ਹੋ ਜਾਣਾ। ਸਹਿਜ ਅਵਸਥਾ ਦਾ ਭਾਵ ਹੈ ਮਨੁੱਖ ਦਾ ਸਤਿ ਸੰਤੋਖ ਵਿੱਚ ਚਲੇ ਜਾਣਾ। ਸਹਿਜ ਅਵਸਥਾ ਦਾ ਭਾਵ ਹੈ ਪੰਜ ਚੰਡਾਲਾਂ (ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ) ਨੂੰ ਜਿੱਤ ਲੈਣਾ। ਸਹਿਜ ਅਵਸਥਾ ਵਿੱਚ ਮਨੁੱਖ ਤ੍ਰਿਹ ਗੁਣ ਮਾਇਆ ਨੂੰ ਜਿੱਤ ਕੇ ਚਉਥੇ ਪਦ ਵਿੱਚ ਪਹੁੰਚ ਕੇ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਿਰਗੁਣ ਸਰੂਪ ਵਿੱਚ ਅਭੇਦ ਹੋ ਜਾਂਦਾ ਹੈ। ਪੂਰਨ ਬ੍ਰਹਮ ਗਿਆਨ ਦੀ ਅਤੇ ਤੱਤ ਗਿਆਨ ਦੀ ਪ੍ਰਾਪਤੀ ਕਰ ਕੇ ਮਨੁੱਖ ਇਸ ਅਵਸਥਾ ਵਿੱਚ ਪਰਮ ਪਦਵੀ ਪ੍ਰਾਪਤ ਕਰ ਲੈਂਦਾ ਹੈ। ਇਸ ਅਵਸਥਾ ਵਿੱਚ ਮਨੁੱਖ ਆਤਮ ਰਸ ਅੰਮ੍ਰਿਤ ਨੂੰ ਪ੍ਰਾਪਤ ਕਰ ਲੈਂਦਾ ਹੈ। ਇਸ ਪਰਮ ਸਤਿ ਤੱਤ ਨੂੰ ਗੁਰਬਾਣੀ ਵਿੱਚ ਪ੍ਰਗਟ ਕੀਤਾ ਗਿਆ ਹੈ:

ਚਉਥੇ ਪਦ ਮਹਿ ਸਹਜੁ ਹੈ ਗੁਰਮੁਖਿ ਪਲੈ ਪਾਇ

(ਪੰਨਾ ੬੮)

‘ਗੁਰਮੁਖਿ’ ਅਵਸਥਾ ਸਹਿਜ ਅਵਸਥਾ ਹੈ। ਪੂਰਨ ਬ੍ਰਹਮ ਗਿਆਨੀ ਦੀ ਅਵਸਥਾ ਸਹਿਜ ਅਵਸਥਾ ਹੈ। ਸਤਿਗੁਰ ਦੀ ਅਵਸਥਾ ਸਹਿਜ ਅਵਸਥਾ ਹੈ। ਪੂਰਨ ਸੰਤ ਦੀ ਅਵਸਥਾ ਸਹਿਜ ਅਵਸਥਾ ਹੈ। ਪੂਰਨ ਖ਼ਾਲਸੇ ਦੀ ਅਵਸਥਾ ਸਹਿਜ ਅਵਸਥਾ ਹੈ। ਇਸ ਲਈ ਸਹਿਜ ਅਵਸਥਾ ਦੀ ਪ੍ਰਾਪਤੀ ਗੁਰਪ੍ਰਸਾਦਿ ਦੀ ਪ੍ਰਾਪਤੀ ਨਾਲ ਹੁੰਦੀ ਹੈ। ਮਨੁੱਖ ਦੇ ਵੱਸ ਵਿੱਚ ਇਹ ਨਹੀਂ ਹੈ ਕਿ ਉਹ ਆਪਣੇ ਜਨਮਾਂ-ਜਨਮਾਂਤਰਾਂ ਦੇ ਕਰਮਾਂ ਦੇ ਬੋਝ ਤੋਂ ਆਪਣੇ ਆਪ ਨੂੰ ਮੁਕਤ ਕਰ ਸਕੇ। ਮਾਇਆ ਦੀ ਗੁਲਾਮੀ ਕਾਰਨ ਮਨੁੱਖ ਦੇ ਮਨ ਨੂੰ ਚਿੰਬੜੀ ਹੋਈ ਜਨਮਾਂ-ਜਨਮਾਂਤਰਾਂ ਦੀ ਮੈਲ ਕੇਵਲ ਗੁਰਪ੍ਰਸਾਦਿ ਦੀ ਪਰਮ ਸ਼ਕਤੀ ਹੀ ਧੋ ਸਕਦੀ ਹੈ। ਮਨੁੱਖ ਦੇ ਵਿੱਚ ਆਪਣੇ ਤੌਰ ‘ਤੇ ਇਹ ਸ਼ਕਤੀ ਨਹੀਂ ਹੈ ਕਿ ਉਹ ਆਪਣੇ ਜਨਮਾਂ-ਜਨਮਾਂਤਰਾਂ ਦੇ ਕਰਮਾਂ ਦੇ ਬੋਝ ਤੋਂ ਮੁਕਤ ਹੋ ਸਕੇ। ਮਨੁੱਖ ਦੀਆਂ ਪੰਜ ਗਿਆਨ ਇੰਦਰੀਆਂ ਅਤੇ ਪੰਜ ਕਰਮ ਇੰਦਰੀਆਂ ਵਿੱਚ ਇਤਨੀ ਸ਼ਕਤੀ ਨਹੀਂ ਕਿ ਉਹ ਮਾਇਆ ਦੇ ਜਾਲ ਨੂੰ ਭੰਨ ਕੇ ਬਾਹਰ ਨਿਕਲ ਸਕੇ ਅਤੇ ਮਾਇਆ ਤੋਂ ਮੁਕਤ ਹੋ ਸਕੇ। ਮਨੁੱਖ ਦੀਆਂ ਪੰਜ ਗਿਆਨ ਇੰਦਰੀਆਂ ਅਤੇ ਪੰਜ ਕਰਮ ਇੰਦਰੀਆਂ ਵਿੱਚ ਇਤਨੀ ਸ਼ਕਤੀ ਨਹੀਂ ਕਿ ਉਹ ਮਨੁੱਖ ਦੀ ਤ੍ਰਿਸ਼ਣਾ ਦੀ ਅਗਨ ਨੂੰ ਸ਼ਾਂਤ ਕਰ ਸਕੇ। ਮਨੁੱਖ ਦੀਆਂ ਪੰਜ ਗਿਆਨ ਇੰਦਰੀਆਂ ਅਤੇ ਪੰਜ ਕਰਮ ਇੰਦਰੀਆਂ ਵਿੱਚ ਇਤਨੀ ਸ਼ਕਤੀ ਨਹੀਂ ਕਿ ਉਹ ਪੰਜ ਚੰਡਾਲਾਂ (ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ) ਨੂੰ ਜਿੱਤ ਸਕੇ। ਮਨੁੱਖ ਦੀਆਂ ਪੰਜ ਗਿਆਨ ਇੰਦਰੀਆਂ ਅਤੇ ਪੰਜ ਕਰਮ ਇੰਦਰੀਆਂ ਵਿੱਚ ਇਤਨੀ ਸ਼ਕਤੀ ਨਹੀਂ ਕਿ ਜਿਸਦੇ ਨਾਲ ਉਹ ਆਪਣੇ ਹੀ ਮਨ ਨੂੰ ਜਿੱਤ ਸਕੇ। ਮਨੁੱਖ ਦੀ ਮਨਮਤਿ ਅਤੇ ਸੰਸਾਰਿਕ ਮਤਿ ਵਿੱਚ ਇਤਨੀ ਸ਼ਕਤੀ ਨਹੀਂ ਕਿ ਜਿਸਦੇ ਨਾਲ ਮਨੁੱਖ ਆਪਣੇ ਕਰਮ-ਕਾਂਡ ਤੋਂ ਬਾਹਰ ਨਿਕਲ ਸਕੇ। ਮੁੱਕਦੀ ਗੱਲ ਕਿ ਮਨੁੱਖ ਕੋਲ ਇਤਨੀ ਸਮਰੱਥਾ ਨਹੀਂ ਕਿ ਉਹ: ਆਪਣੇ ਕਰਮਾਂ ਦੇ ਬੰਧਨਾਂ ਨੂੰ ਤੋੜ ਸਕੇ; ਤ੍ਰਿਹ ਗੁਣ ਮਾਇਆ ਤੋਂ ਮੁਕਤ ਹੋ ਸਕੇ; ਆਪਣੀ ਤ੍ਰਿਸ਼ਣਾ ਨੂੰ ਬੁਝਾ ਕੇ ਪੰਜ ਚੰਡਾਲਾਂ (ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ) ਨੂੰ ਜਿੱਤ ਸਕੇ; ਆਪਣੇ ਕਰਮ-ਕਾਂਡ ਦੇ ਬੰਧਨਾਂ ਤੋਂ ਮੁਕਤ ਹੋ ਸਕੇ। ਇਸ ਲਈ ਇਹ ਗੁਰਪ੍ਰਸਾਦਿ ਦੀ ਪਰਮ ਸ਼ਕਤੀ ਹੈ ਜੋ ਕਿ ਮਨੁੱਖ ਨੂੰ ਮਾਇਆ ਦੇ ਬੰਧਨਾਂ ਤੋਂ ਮੁਕਤ ਕਰਦੀ ਹੈ।

ਗੁਰਪ੍ਰਸਾਦਿ ਤੋਂ ਭਾਵ ਹੈ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਉਹ ਬੇਅੰਤ ਪਰਮ ਸ਼ਕਤੀ ਜਿਸਨੇ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਦੀ ਇਸ ਬੇਅੰਤ ਪਰਮ ਸ਼ਕਤੀ ਨੇ ਹੀ ਮਾਇਆ ਦੀ ਰਚਨਾ ਕੀਤੀ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਦੀ ਇਸ ਬੇਅੰਤ ਪਰਮ ਸ਼ਕਤੀ ਨੇ ਹੀ ਮਨੁੱਖ ਦੀ ਰਚਨਾ ਕੀਤੀ ਹੈ। ਇਸ ਲਈ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਮਾਇਆ ਸੇਵਾ ਕਰਦੀ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਦੇ ਬਣਾਏ ਗਏ ਦਰਗਾਹੀ ਵਿਧਾਨ ਅਨੁਸਾਰ ਮਾਇਆ ਸੰਸਾਰ ਨੂੰ ਚਲਾਉਣ ਦਾ ਕਾਰਜ ਕਰਦੀ ਹੈ। ਇਸ ਲਈ ਜਦ ਤੱਕ ਮਨੁੱਖ ‘ਤੇ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਕਿਰਪਾ ਨਹੀਂ ਹੁੰਦੀ ਮਨੁੱਖ ਮਾਇਆ ਨੂੰ ਨਹੀਂ ਜਿੱਤ ਸਕਦਾ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਦੀ ਕਿਰਪਾ ਦੀ ਪਰਮ ਸ਼ਕਤੀ ਦਾ ਨਾਮ ਹੀ ‘ਗੁਰਪ੍ਰਸਾਦਿ’ ਹੈ। ‘ਗੁਰ’ ਦਾ ਭਾਵ ਅਕਾਲ ਪੁਰਖ ਧੰਨ ਧੰਨ ਸਤਿ ਪਾਰਬ੍ਰਹਮ ਪਰਮੇਸ਼ਰ, ‘ਪ੍ਰਸਾਦਿ’ ਦਾ ਭਾਵ ਹੈ ਬਖ਼ਸ਼ਿਸ਼, ਰਹਿਮਤ, ਕ੍ਰਿਪਾ, ਬੇਅੰਤ ਪਰਮ ਸ਼ਕਤੀ। ਸਾਰੀ ਰੂਹਾਨੀਅਤ ਕੇਵਲ ਅਕਾਲ ਪੁਰਖ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਕ੍ਰਿਪਾ, ਰਹਿਮਤ, ਪਰਮ ਸ਼ਕਤੀ ਦੁਆਰਾ ਹੀ ਪ੍ਰਾਪਤ ਹੁੰਦੀ ਹੈ। ਇਸ ਪਰਮ ਸ਼ਕਤੀਸ਼ਾਲੀ ਸ਼ਬਦ ‘ਗੁਰਪ੍ਰਸਾਦਿ’ ਨੂੰ ਸਤਿਗੁਰ ਸਾਹਿਬਾਨ ਨੇ ਗੁਰਬਾਣੀ ਵਿੱਚ ਬਾਰੰਬਾਰ ਦ੍ਰਿੜ੍ਹ ਕਰਵਾਇਆ ਹੈ ਕਿਉਂਕਿ ਸਾਰੀ ਰੂਹਾਨੀਅਤ, ਸਾਰੇ ਦਰਗਾਹੀ ਖਜ਼ਾਨੇ, ਸਾਰੀ ਬੰਦਗੀ ਦੇ ਰਹੱਸ, ਸਾਰੀ ਬੰਦਗੀ, ਸਾਰੀ ਸ੍ਰਿਸ਼ਟੀ, ਸਾਰੇ ਅਨਮੋਲਕ ਰਤਨ ਹੀਰੇ, ਸਾਰਾ ਮਾਨਸਰੋਵਰ, ਸਾਰੀ ਦਰਗਾਹ, ਸਾਰੀਆਂ ਪਰਮ ਸ਼ਕਤੀਆਂ, ਸਤਿ ਪਾਰਬ੍ਰਹਮ ਪਰਮੇਸ਼ਰ ਦੇ ਸਾਰੇ ਭੇਦ; ਪੂਰਨ ਬ੍ਰਹਮ ਗਿਆਨ, ਪੂਰਨ ਤੱਤ ਗਿਆਨ ਅਤੇ ਆਤਮ ਰਸ ਅੰਮ੍ਰਿਤ ਇਸ ਪਰਮ ਸ਼ਕਤੀਸ਼ਾਲੀ ਸ਼ਬਦ ਵਿੱਚ ਹੀ ਸਮਾਇਆ ਹੋਇਆ ਹੈ। ਇਸ ਦਾ ਭਾਵ ਇਹ ਹੈ ਕਿ: ਸਤਿ ਪਾਰਬ੍ਰਹਮ ਪਰਮੇਸ਼ਰ ਦੀ ਪਰਮ ਸ਼ਕਤੀਸ਼ਾਲੀ ਮਹਿਮਾ ਮਨੁੱਖ ਵਿੱਚ ਗੁਰਪ੍ਰਸਾਦਿ ਨਾਲ ਪ੍ਰਗਟ ਹੁੰਦੀ ਹੈ; ਮਨੁੱਖ ਨੂੰ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਬੰਦਗੀ ਦੀ ਪ੍ਰਾਪਤੀ ਕੇਵਲ ਗੁਰਪ੍ਰਸਾਦਿ ਨਾਲ ਹੀ ਹੁੰਦੀ ਹੈ; ਮਨੁੱਖ ਨੂੰ ਸਤਿਨਾਮ ਅਤੇ ਸਤਿਨਾਮ ਦੀ ਕਮਾਈ ਦੀ ਪ੍ਰਾਪਤੀ ਕੇਵਲ ਗੁਰ ਪ੍ਰਸਾਦਿ ਨਾਲ ਹੀ ਹੁੰਦੀ ਹੈ; ਮਨੁੱਖ ਨੂੰ ਸਮਾਧੀ, ਸੁੰਨ ਸਮਾਧੀ ਅਤੇ ਰੋਮ-ਰੋਮ ਸਿਮਰਨ ਦੀ ਦਾਤ ਕੇਵਲ ਗੁਰਪ੍ਰਸਾਦਿ ਨਾਲ ਹੀ ਪ੍ਰਾਪਤ ਹੁੰਦੀ ਹੈ; ਮਨੁੱਖ ਦੇ ਸਾਰੇ ਬਜਰ ਕਪਾਟ ਕੇਵਲ ਗੁਰਪ੍ਰਸਾਦਿ ਨਾਲ ਹੀ ਖੁਲ੍ਹਦੇ ਹਨ ਅਤੇ ੭ ਸਤਿ ਸਰੋਵਰ ਵੀ ਗੁਰਪ੍ਰਸਾਦਿ ਨਾਲ ਹੀ ਪ੍ਰਕਾਸ਼ਮਾਨ ਹੁੰਦੇ ਹਨ; ਮਨੁੱਖ ਦੀ ਤ੍ਰਿਸ਼ਣਾ ਵੀ ਗੁਰਪ੍ਰਸਾਦਿ ਨਾਲ ਹੀ ਬੁਝਦੀ ਹੈ ਅਤੇ ਪੰਜ ਦੂਤ ਵੀ ਗੁਰਪ੍ਰਸਾਦਿ ਨਾਲ ਹੀ ਵੱਸ ਵਿੱਚ ਆਉਂਦੇ ਹਨ; ਮਨੁੱਖ ਨੂੰ ਹਿਰਦੇ ਦੀ ਪੂਰਨ ਸਚਿਆਰੀ ਰਹਿਤ ਦੀ ਪ੍ਰਾਪਤੀ ਵੀ ਗੁਰਪ੍ਰਸਾਦਿ ਨਾਲ ਹੀ ਹੁੰਦੀ ਹੈ; ਮਨੁੱਖ ਸਤਿ ਰੂਪ ਕੇਵਲ ਗੁਰਪ੍ਰਸਾਦਿ ਨਾਲ ਹੀ ਹੋ ਸਕਦਾ ਹੈ; ਮਨੁੱਖ ਤ੍ਰਿਹ ਗੁਣ ਮਾਇਆ ਨੂੰ ਕੇਵਲ ਗੁਰਪ੍ਰਸਾਦਿ ਨਾਲ ਹੀ ਜਿੱਤ ਕੇ ਚਉਥੇ ਪਦਿ ਵਿੱਚ ਅਕਾਲ ਪੁਰਖ ਵਿੱਚ ਅਭੇਦ ਹੋ ਸਕਦਾ ਹੈ; ਮਨੁੱਖ ਨੂੰ ਅਕਾਲ ਪੁਰਖ ਦੇ ਦਰਸ਼ਨ ਕੇਵਲ ਗੁਰਪ੍ਰਸਾਦਿ ਨਾਲ ਹੀ ਹੋ ਸਕਦੇ ਹਨ; ਮਨੁੱਖ ਨੂੰ ਪੂਰਨ ਬ੍ਰਹਮ ਗਿਆਨ, ਤੱਤ ਗਿਆਨ ਅਤੇ ਆਤਮ ਰਸ ਅੰਮ੍ਰਿਤ ਦੀ ਪ੍ਰਾਪਤੀ ਕੇਵਲ ਗੁਰਪ੍ਰਸਾਦਿ ਨਾਲ ਹੀ ਹੁੰਦੀ ਹੈ; ਮਨੁੱਖ ਨੂੰ ਪਰਉਪਕਾਰ ਅਤੇ ਮਹਾ ਪਰਉਪਕਾਰ ਦੀ ਪ੍ਰਾਪਤੀ ਕੇਵਲ ਗੁਰਪ੍ਰਸਾਦਿ ਨਾਲ ਹੀ ਹੁੰਦੀ ਹੈ। ਇਸ ਲਈ ‘ਗੁਰਪ੍ਰਸਾਦਿ’ ਦੀ ਮਹਿਮਾ ਪਰਮ ਸ਼ਕਤੀਸ਼ਾਲੀ ਹੈ। ਇਸੇ ਲਈ ਸਤਿਗੁਰੂ ਸਾਹਿਬਾਨ ਨੇ ‘ਗੁਰਪ੍ਰਸਾਦਿ’ ਦੇ ਇਸ ਪਰਮ ਸ਼ਕਤੀਸ਼ਾਲੀ ਪਰਮ ਸਤਿ ਤੱਤ ਨੂੰ ਗੁਰਬਾਣੀ ਵਿੱਚ ਬਾਰੰਬਾਰ ਪ੍ਰਗਟ ਕੀਤਾ ਹੈ ਅਤੇ ਦ੍ਰਿੜ੍ਹ ਕਰਵਾਇਆ ਹੈ।

ਸ੍ਰੀ ਸਤਿਗੁਰੂ ਅਵਤਾਰ ਧੰਨ ਧੰਨ ਅਮਰ ਦਾਸ ਜੀ ਸਾਨੂੰ ਬੇਅੰਤ ਦਿਆਲਤਾ ਨਾਲ ਗੁਰ ਕ੍ਰਿਪਾ ਅਤੇ ਗੁਰ ਪ੍ਰਸਾਦਿ ਦੀ ਮਹਿਮਾ ਬਾਰੇ ਪੂਰਨ ਬ੍ਰਹਮ ਗਿਆਨ ਦ੍ਰਿੜ੍ਹ ਕਰਵਾ ਰਹੇ ਹਨ। ਸਾਡੇ ਜੀਵਨ ਦਾ ਆਧਾਰ ਗੁਰਕਿਰਪਾ ਹੈ। ਸਾਡੀ ਜ਼ਿੰਦਗੀ ਵਿੱਚ ਹਰ ਚੀਜ਼ ਗੁਰਕਿਰਪਾ ਨਾਲ ਸਾਡੇ ਭਲੇ ਲਈ ਹੀ ਵਾਪਰਦੀ ਹੈ। ਗੁਰਕਿਰਪਾ ਅਤੇ ਗੁਰਪ੍ਰਸਾਦਿ ਦੀ ਇਸ ਮਹਾਨ ਪਰਮ ਸ਼ਕਤੀ ਨਾਲ ਹੀ ਅਸੀਂ ਪੰਜ ਚੰਡਾਲਾਂ: ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਦੀਆਂ ਮਹਾ ਵਿਨਾਸ਼ਕਾਰੀ ਸ਼ਕਤੀਆਂ ਤੇ ਜਿੱਤ ਪਾ ਸਕਦੇ ਹਾਂ ਅਤੇ ਤ੍ਰਿਸ਼ਣਾ ਦੀ ਵਿਨਾਸ਼ਕਾਰੀ ਅਗਨ ਨੂੰ ਬੁਝਾ ਸਕਦੇ ਹਾਂ। ਗੁਰਕਿਰਪਾ ਅਤੇ ਗੁਰਪ੍ਰਸਾਦਿ ਧੰਨ ਧੰਨ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਬੇਅੰਤ ਦਰਗਾਹੀ ਪਰਮ ਸ਼ਕਤੀ ਹੈ। ਗੁਰਕਿਰਪਾ ਅਤੇ ਗੁਰਪ੍ਰਸਾਦਿ ਦੀ ਪ੍ਰਾਪਤੀ ਬੜੇ ਵੱਡੇ ਭਾਗਾਂ ਨਾਲ ਹੁੰਦੀ ਹੈ। ਇਸ ਬੇਅੰਤ ਪਰਮ ਸ਼ਕਤੀ ਦਾ ਸਦਕਾ ਹੀ ਅਸੀਂ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਆਸਾ, ਤ੍ਰਿਸ਼ਣਾ, ਮਨਸਾ ਉੱਪਰ ਜਿੱਤ ਪ੍ਰਾਪਤ ਕਰ ਜੀਵਨ ਮੁਕਤੀ ਹਾਸਲ ਕਰ ਸਕਦੇ ਹਾਂ। ਇਸ ਬੇਅੰਤ ਪਰਮ ਸ਼ਕਤੀ ਦਾ ਸਦਕਾ ਹੀ ਅਸੀਂ ਮਾਇਆ ਉੱਪਰ ਜਿੱਤ ਪ੍ਰਾਪਤ ਕਰ ਦਰਗਾਹ ਵਿੱਚ ਮਾਣ ਪ੍ਰਾਪਤ ਕਰ ਸਕਦੇ ਹਾਂ। ਇਸ ਬੇਅੰਤ ਪਰਮ ਸ਼ਕਤੀ ਦਾ ਸਦਕਾ ਹੀ ਅਸੀਂ ਆਪਣੇ ਹਿਰਦੇ ਦੀ ਪੂਰਨ ਸਚਿਆਰੀ ਰਹਿਤ ਦੀ ਪ੍ਰਾਪਤੀ ਕਰ ਕੇ ਪਰਮ ਪਦ ਦੀ ਪ੍ਰਾਪਤੀ ਕਰ ਸਕਦੇ ਹਾਂ। ਇਸ ਬੇਅੰਤ ਪਰਮ ਸ਼ਕਤੀ ਦਾ ਸਦਕਾ ਹੀ ਅਸੀਂ ਸਹਿਜ ਅਵਸਥਾ ਅਤੇ ਅਟੱਲ ਅਵਸਥਾ ਦੀ ਪ੍ਰਾਪਤੀ ਕਰ ਕੇ ਅਕਾਲ ਪੁਰਖ ਦੇ ਨਿਰਗੁਣ ਸਰੂਪ ਵਿੱਚ ਲੀਨ ਹੋ ਸਕਦੇ ਹਾਂ। ਇੱਥੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਬਹੁਤ ਸਾਰੇ ਲੋਕਾਂ ਨੂੰ ਗੁਰਕਿਰਪਾ ਅਤੇ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ, ਪਰੰਤੂ ਕੋਈ ਵਿਰਲਾ ਹੀ ਇਸ ਗੁਰਕਿਰਪਾ ਅਤੇ ਗੁਰਪ੍ਰਸਾਦਿ ਦੀ ਸੇਵਾ-ਸੰਭਾਲਤਾ ਕਰ ਕੇ ਦਰਗਾਹ ਵਿੱਚ ਮਾਣ ਪ੍ਰਾਪਤ ਕਰਦਾ ਹੈ। ਇਸ ਦਾ ਵੱਡਾ ਕਾਰਨ ਕੇਵਲ ਸੇਵਾ-ਸੰਭਾਲਤਾ ਦੀ ਕਮੀ ਹੈ, ਕੇਵਲ ਆਪਾ ਅਰਪਣ ਕਰਨ ਦੀ ਕਮੀ ਹੈ, ਕੇਵਲ ਆਪਣਾ ਤਨ, ਮਨ, ਧਨ ਸਤਿਗੁਰੂ ਦੇ ਸਤਿ ਚਰਨਾਂ ਵਿੱਚ ਅਰਪਣ ਕਰਨ ਦੀ ਘਾਟ ਹੈ, ਕੇਵਲ ਮਨਮਤਿ ਤਿਆਗ ਕਰਕੇ ਗੁਰਮਤਿ ਨੂੰ ਅਪਣਾਉਣ ਦੀ ਕਮੀ ਹੈ। ਦੂਜਾ ਵੱਡਾ ਕਾਰਨ ਹੈ ਮਾਇਆ ਦੇ ਹੱਥੋਂ ਹਾਰ ਜਾਣਾ। ਬੰਦਗੀ ਕੇਵਲ ਮਾਇਆ ਨਾਲ ਜੰਗ ਹੈ ਅਤੇ ਇਸ ਜੰਗ ਵਿੱਚ ਆਮ ਲੋਕ ਮਾਇਆ ਦੇ ਅੱਗੇ ਆਪਣੇ ਹਥਿਆਰ ਸੁੱਟ ਦਿੰਦੇ ਹਨ ਅਤੇ ਮਾਇਆ ਨਾਲ ਮੁਕਾਬਲਾ ਨਾ ਕਰ ਕੇ ਮਇਆ ਤੋਂ ਹਾਰ ਮੰਨ ਮੁੜ ਅਪਣੀ ਪਹਿਲਾਂ ਵਾਲੀ ਜ਼ਿੰਦਗੀ ਵਿੱਚ ਚਲੇ ਜਾਂਦੇ ਹਨ। ਕਈ ਲੋਕ ਤਾਂ ਸੁਹਾਗ ਦੀ ਪ੍ਰਾਪਤੀ ਕਰ ਕੇ ਕਰਮ ਖੰਡ ਤੋਂ ਮੁੜ ਫਿਰ ਧਰਮ ਖੰਡ ਵਿੱਚ ਜਾ ਡਿਗਦੇ ਹਨ। ਇਸ ਲਈ ਆਪ ਸਭਨਾਂ ਦੇ ਚਰਨਾਂ ਵਿੱਚ ਦੋਵੇਂ ਹੱਥ ਜੋੜ ਦਾਸ ਦੀ ਬੇਨਤੀ ਹੈ ਕਿ ਜੇਕਰ ਆਪ ਨੂੰ ਗੁਰਕਿਰਪਾ ਅਤੇ ਗੁਰਪ੍ਰਸਾਦਿ ਦੇ ਇਸ ਵਡਭਾਗ ਦੀ ਪ੍ਰਾਪਤੀ ਹੁੰਦੀ ਹੈ ਤਾਂ ਇਸ ਦੀ ਸੇਵਾ-ਸੰਭਾਲਤਾ ਕਰੋ ਜੀ। ਜਦ ਤੁਸੀਂ ਇਸ ਗੁਰਕਿਰਪਾ ਅਤੇ ਗੁਰਪ੍ਰਸਾਦਿ ਦੀ ਪੂਰਨ ਮਾਸੂਮੀਅਤ ਨਾਲ ਸੇਵਾ-ਸੰਭਾਲਤਾ ਕਰੋਗੇ, ਜਦ ਤੁਸੀਂ ਪੂਰਨ ਭਰੋਸੇ, ਸ਼ਰਧਾ ਅਤੇ ਪ੍ਰੀਤ ਨਾਲ ਅਪਣਾ ਆਪਾ ਸਤਿਗੁਰੂ ਦੇ ਸਤਿ ਚਰਨਾਂ ਵਿੱਚ ਅਰਪਣ ਕਰ ਤਨ, ਮਨ, ਧਨ ਨਾਲ ਸਤਿਗੁਰੂ ਦੀ ਸੇਵਾ ਵਿੱਚ ਲੀਨ ਹੋ ਜਾਵੋਗੇ ਤਾਂ ਸਤਿਗੁਰੂ ਤੁਹਾਡੀ ਬਾਂਹ ਫੜ ਤੁਹਾਡੀ ਮਾਇਆ ਦੇ ਚਪੇੜਿਆਂ ਤੋਂ ਪੂਰੀ ਤਰ੍ਹਾਂ ਨਾਲ ਰੱਖਿਆ ਕਰ ਮਾਇਆ ਦੇ ਇਸ ਭਵਜਲ ਤੋਂ ਪਾਰ ਲੈ ਜਾਵੇਗਾ ਅਤੇ ਦਰਗਾਹ ਵਿੱਚ ਮਾਣ ਦੁਆ ਕੇ ਆਪ ਨੂੰ ਆਪਣੇ ਵਰਗਾ ਬਣਾ ਕੇ ਅਕਾਲ ਪੁਰਖ ਦੇ ਦਰਸ਼ਨ ਕਰਵਾ ਕੇ ਉਸ ਦੇ ਸਤਿ ਚਰਨਾਂ ਵਿੱਚ ਪੂਰੀ ਤਰ੍ਹਾਂ ਲੀਨ ਕਰ ਦੇਵੇਗਾ।