ਅਨੰਦੁ ਸਾਹਿਬ – ਪਉੜੀ ੨

ਏ ਮਨ ਮੇਰਿਆ ਤੂ ਸਦਾ ਰਹੁ ਹਰਿ ਨਾਲੇ ॥
ਹਰਿ ਨਾਲਿ ਰਹੁ ਤੂ ਮੰਨ ਮੇਰੇ ਦੂਖ ਸਭਿ ਵਿਸਾਰਣਾ ॥
ਅੰਗੀਕਾਰੁ ਓਹੁ ਕਰੇ ਤੇਰਾ ਕਾਰਜ ਸਭਿ ਸਵਾਰਣਾ ॥
ਸਭਨਾ ਗਲਾ ਸਮਰਥੁ ਸੁਆਮੀ ਸੋ ਕਿਉ ਮਨਹੁ ਵਿਸਾਰੇ ॥
ਕਹੈ ਨਾਨਕੁ ਮੰਨ ਮੇਰੇ ਸਦਾ ਰਹੁ ਹਰਿ ਨਾਲੇ ॥੨॥
{ਪੰਨਾ ੯੧੭}

ਸਤਿ ਪਾਰਬ੍ਰਹਮ ਪਰਮੇਸ਼ਰ ਦੀ ਬੰਦਗੀ ਕੇਵਲ “ਮਨ” ਨੂੰ ਸੋਧਨ ਦੀ ਖੇਡ ਹੈ। ਮਨ ਨੂੰ ਸੋਧਨ ਤੋਂ ਭਾਵ ਹੈ ਮਨ ਨੂੰ ਜਿੱਤਣਾ। ਮਨ ਨੂੰ ਸੋਧਨ ਤੋਂ ਭਾਵ ਹੈ ਮਨ ਨੂੰ ਸ਼ਾਂਤ ਕਰਨਾ। ਮਨ ਨੂੰ ਸੋਧਨ ਤੋਂ ਭਾਵ ਹੈ ਮਨ ਨੂੰ ਮਿਟਾ ਦੇਣਾ, ਮਨ ਨੂੰ ਖ਼ਤਮ ਕਰ ਦੇਣਾ, ਮਨ ਦਾ ਪਰਮ ਜੋਤ ਵਿੱਚ ਪਰਿਵਰਤਿਤ ਹੋ ਜਾਣਾ, ਮਨ ਵਿੱਚ ਪਰਮ ਜੋਤ ਦਾ ਪ੍ਰਗਟ ਹੋ ਜਾਣਾ। ਮਨ ਨੂੰ ਸੋਧਨ ਤੋਂ ਭਾਵ ਹੈ ਮਨਮਤਿ ਦਾ ਅੰਤ ਹੋ ਜਾਣਾ ਅਤੇ ਗੁਰਮਤਿ ਦਾ ਪ੍ਰਕਾਸ਼ ਹੋ ਜਾਣਾ। ਮਨ ਨੂੰ ਸੋਧਨ ਤੋਂ ਭਾਵ ਹੈ ਮਨੁੱਖ ਦੇ ਸਾਰੇ ਕਰਮਾਂ ਦਾ ਗੁਰਮਤਿ ਵਿੱਚ ਵਾਪਰਨਾ। ਮਨ ਨੂੰ ਸੋਧਨ ਤੋਂ ਭਾਵ ਹੈ ਮਾਇਆ ਨੂੰ ਜਿੱਤ ਲੈਣਾ। ਮਨ ਨੂੰ ਸੋਧਨ ਤੋਂ ਭਾਵ ਹੈ ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ ਨੂੰ ਜਿੱਤ ਲੈਣਾ ਅਤੇ ਮਨੁੱਖ ਦੀ ਤ੍ਰਿਸ਼ਨਾ ਦਾ ਬੁੱਝ ਜਾਣਾ। ਮਨ ਨੂੰ ਸੋਧਨ ਤੋਂ ਭਾਵ ਹੈ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਦਰਸ਼ਨ ਦੀ ਪ੍ਰਾਪਤੀ ਹੋ ਜਾਣਾ। ਮਨ ਨੂੰ ਸੋਧਨ ਤੋਂ ਭਾਵ ਹੈ ਪੂਰਨ ਬ੍ਰਹਮ ਗਿਆਨ, ਤੱਤ ਗਿਆਨ ਅਤੇ ਆਤਮ ਰਸ ਅੰਮ੍ਰਿਤ ਦੀ ਪ੍ਰਾਪਤੀ ਕਰ ਲੈਣਾ। ਮਨ ਨੂੰ ਸੋਧਨ ਤੋਂ ਭਾਵ ਹੈ: ਸਹਿਜ ਸਮਾਧੀ ਦੀ ਪ੍ਰਾਪਤੀ, ਅਟੱਲ ਅਵਸਥਾ ਦੀ ਪ੍ਰਾਪਤੀ, ਪਰਮ ਪਦ ਦੀ ਪ੍ਰਾਪਤੀ, ਸਤਿ ਚਿਤ ਆਨੰਦ ਦੀ ਪ੍ਰਾਪਤੀ, “ਸਤਿ” ਗੁਰੂ ਦੀ ਪ੍ਰਾਪਤੀ। ਮਨ ਨੂੰ ਚਿੰਦਨ ਦੀ ਹੀ ਪਰਮ ਸ਼ਕਤੀਸ਼ਾਲੀ ਕਥਾ ਸਤਿਗੁਰੂ ਅਵਤਾਰ ਧੰਨ ਧੰਨ ਅਮਰਦਾਸ ਜੀ ਨੇ ਇਸ ਸ਼ਲੋਕ ਵਿੱਚ ਪ੍ਰਗਟ ਕੀਤੀ ਹੈ।

ਮਨੁੱਖੀ ਮਨ ਕਦੇ ਚੁੱਪ ਨਹੀਂ ਕਰਦਾ। ਮਨੁੱਖੀ ਮਨ ਨਿਰੰਤਰ ਬੋਲਦਾ ਰਹਿੰਦਾ ਹੈ। ਭਾਵ ਮਨ ਵਿੱਚ ਫੁਰਨਿਆਂ ਦਾ ਅਤੇ ਵਿਚਾਰਾਂ ਦਾ ਆਉਣਾ ਕਦੇ ਬੰਦ ਨਹੀਂ ਹੁੰਦਾ ਹੈ। ਮਨੁੱਖੀ ਮਨ ਵਿੱਚ ਫੁਰਨਿਆਂ ਦਾ ਦਰਿਆ ਸਦਾ ਹੀ ਵਗਦਾ ਰਹਿੰਦਾ ਹੈ। ਮਨੁੱਖੀ ਮਨ ਵਿੱਚ ਆਉਣ ਵਾਲੇ ਨਿਰੰਤਰ ਫੁਰਨੇ ਹੀ ਮਨੁੱਖ ਦੀ ਕਰਨੀ ਵਿੱਚ ਪਰਿਵਰਤਿਤ ਹੁੰਦੇ ਹਨ। ਮਨ ਵਿੱਚ ਆਉਣ ਵਾਲੇ ਫੁਰਨੇ ਅਤੇ ਵਿਚਾਰ ਚੰਗੇ ਅਤੇ ਮਾੜੇ ਦੋਨੋਂ ਕਿਸਮ ਦੇ ਹੁੰਦੇ ਹਨ। ਮਨ ਵਿੱਚ ਆਉਣ ਵਾਲੇ ਚੰਗੇ ਵਿਚਾਰ ਅਤੇ ਫੁਰਨੇ ਮਨੁੱਖ ਨੂੰ ਚੰਗੇ ਕਰਮ ਕਰਨ ਦੀ ਪ੍ਰੇਰਨਾ ਕਰਦੇ ਹਨ। ਮਨ ਵਿੱਚ ਆ ਰਹੇ ਮਾੜੇ ਫੁਰਨੇ ਮਨੁੱਖ ਨੂੰ ਮਾੜੇ ਕਰਮ ਕਰਨ ਦੀ ਪ੍ਰੇਰਣਾ ਕਰਦੇ ਹਨ। ਮਨੁੱਖ ਦੇ ਰੋਜ਼ਾਨਾ ਜੀਵਨ ਵਿੱਚ ਜੋ ਕੁਝ ਵੀ ਵਾਪਰਦਾ ਹੈ ਉਹ ਸਭ ਕੁਝ ਇਨ੍ਹਾਂ ਮਾੜੇ ਚੰਗੇ ਫੁਰਨਿਆਂ ਦੇ ਆਧਾਰ ਉੱਪਰ ਹੀ ਵਾਪਰਦਾ ਹੈ। ਕਈ ਵਾਰੀ ਤਾਂ ਫੁਰਨਿਆਂ ਦੇ ਇਸ ਦਰਿਆ ਵਿੱਚ ਬੜਾ ਜ਼ਬਰਦਸਤ ਤੂਫਾਨ ਵੀ ਆ ਖੜ੍ਹਾ ਹੁੰਦਾ ਹੈ। ਫੁਰਨਿਆਂ ਦਾ ਇਹ ਤੂਫਾਨ ਜੇਕਰ ਮਾੜੇ ਫੁਰਨਿਆਂ ਦਾ ਹੋਵੇ ਤਾਂ ਮਨ ਵਿੱਚ ਕਲੇਸ਼ ਖੜ੍ਹਾ ਕਰ ਦਿੰਦਾ ਹੈ। ਮਨੁੱਖ ਦੇ ਰੋਜ਼ਾਨਾ ਜੀਵਨ ਵਿੱਚ ਕਲੇਸ਼ ਦਾ ਕਾਰਨ ਕੇਵਲ ਇਹ ਮਾੜੇ ਫੁਰਨਿਆਂ ਦਾ ਤੂਫਾਨ ਹੀ ਹੈ। ਇਕ ਆਮ ਮਨੁੱਖ ਦਾ ਮਨ ਮਾਇਆ ਦਾ ਗ਼ੁਲਾਮ ਹੈ। ਇਕ ਆਮ ਆਦਮੀ ਦੇ ਮਨ ਰੂਪੀ ਰੱਥ ਨੂੰ ਚਲਾਉਣ ਵਾਲੇ ਪੰਜ ਘੋੜੇ ਹਨ: ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਅਤੇ ਇਨ੍ਹਾਂ ਪੰਜ ਘੋੜਿਆਂ ਦੀ ਲਗਾਮ ਹੈ ਤ੍ਰਿਸ਼ਨਾ।

ਮਨੁੱਖ ਦੀ ਨਿਰੰਤਰ ਨਾ ਬੁੱਝਣ ਵਾਲੀ ਤ੍ਰਿਸ਼ਨਾ ਅਤੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਮਾਇਆ ਦੀਆਂ ਵਿਨਾਸ਼ਕਾਰੀ ਸ਼ਕਤੀਆਂ ਹਨ ਜੋ ਮਨੁੱਖ ਦੀ ਦੇਹੀ ਵਿੱਚ ਹੀ ਵਾਸ ਕਰਦੀਆਂ ਹਨ। ਮਨੁੱਖ ਦੇ ਸਾਰੇ ਦੁੱਖਾਂ, ਕਲੇਸ਼ਾਂ, ਤਕਲੀਫਾਂ, ਸੰਕਟਾਂ ਦਾ ਮੂਲ ਕਾਰਨ ਮਨੁੱਖ ਦੇ ਅੰਦਰ ਹੀ ਬੈਠੀ ਮਨੁੱਖ ਦੀ ਤ੍ਰਿਸ਼ਨਾ ਦੀ ਮਹਾ ਵਿਨਾਸ਼ਕਾਰੀ ਸ਼ਕਤੀ ਹੀ ਹੈ। ਆਪਣੀ ਤ੍ਰਿਸ਼ਨਾ ਨੂੰ ਬੁਝਾਉਣ ਲਈ ਮਨੁੱਖੀ ਮਨ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਦੇ ਵੱਸ ਆ ਕੇ ਕਰਮ ਕਰਦਾ ਹੈ। ਮਾਇਆ ਦਾ ਤ੍ਰਿਸ਼ਨਾ ਰੂਪ ਮਨੁੱਖੀ ਮਨ ਨੂੰ ਨਿਰੰਤਰ ਆਪਣੀ ਤ੍ਰਿਸ਼ਨਾ ਨੂੰ ਬੁਝਾਉਣ ਦੇ ਮਨਸੂਬੇ ਬਣਾਉਣ ਵਿੱਚ ਵਿਅਸਤ ਰਹਿੰਦਾ ਹੈ। ਇਸ ਅਵਸਥਾ ਵਿੱਚ ਜੋ ਫੁਰਨੇ ਜ਼ੋਰ ਫੜਦੇ ਹਨ ਉਹ ਫੁਰਨੇ ਹੀ ਮਨੁੱਖ ਦੇ ਕਰਮ ਕਰਨ ਦਾ ਕਾਰਨ ਬਣਦੇ ਹਨ ਅਤੇ ਇਸ ਤਰ੍ਹਾਂ ਨਾਲ ਮਨੁੱਖ ਇਨ੍ਹਾਂ ਫੁਰਨਿਆਂ ਨੂੰ ਕਰਮ ਰੂਪ ਵਿੱਚ ਅੰਜਾਮ ਦਿੰਦਾ ਹੈ। ਸਾਰਾ ਸੰਸਾਰ ਤ੍ਰਿਸ਼ਨਾ ਦੀ ਇਸ ਵਿਨਾਸ਼ਕਾਰੀ ਅਗਨ ਵਿੱਚ ਝੁਲਸ ਰਿਹਾ ਹੈ। ਮਨੁੱਖ ਦੀ ਇਕ ਇੱਛਾ ਪੂਰਨ ਹੁੰਦੀ ਹੈ ਤਾਂ ਦੱਸ ਹੋਰ ਇੱਛਾਵਾਂ ਆ ਖੜੀਆਂ ਹੁੰਦੀਆਂ ਹਨ। ਪਰੰਤੂ ਮਨੁੱਖ ਨੂੰ ਮਿਲਦਾ ਉਹ ਕੁਝ ਹੀ ਹੈ ਜੋ ਉਸਦੇ ਭਾਗਾਂ ਵਿੱਚ ਲਿਖਿਆ ਹੈ। ਜਦੋਂ ਮਨੁੱਖ ਦੀ ਇੱਛਾ ਪੂਰੀ ਹੁੰਦੀ ਹੈ ਤਾਂ ਮਨੁੱਖ ਨੂੰ ਥੋੜ੍ਹੇ ਸਮੇਂ ਲਈ ਖੁਸ਼ ਹੁੰਦਾ ਹੈ। ਪਰੰਤੂ ਜਦ ਮਨੁੱਖ ਦੀਆਂ ਇੱਛਾਵਾ ਪੂਰਨ ਨਹੀਂ ਹੁੰਦੀਆਂ ਤਾਂ ਉਹ ਮਾਨਸਿਕ ਤਨਾਅ ਵਿੱਚ ਚਲਾ ਜਾਂਦਾ ਹੈ ਅਤੇ ਇਹ ਮਾਨਸਿਕ ਤਨਾਅ ਮਾਨਸਿਕ ਰੋਗ ਵਿੱਚ ਬਦਲ ਜਾਂਦਾ ਹੈ। ਹੋਲੀ-ਹੋਲੀ ਇਹ ਮਾਨਸਕਿ ਰੋਗ ਸ਼ਰੀਰਕ ਰੋਗ ਵਿੱਚ ਬਦਲ ਜਾਂਦੇ ਹਨ ਅਤੇ ਮਨੁੱਖ ਦੀ ਕਾਇਆ ਨੂੰ ਗਾਲ ਦਿੰਦੇ ਹਨ। ਇਸ ਪਰਮ ਸਤਿ ਤੱਤ ਨੂੰ ਗੁਰਬਾਣੀ ਵਿੱਚ ਪ੍ਰਗਟ ਕੀਤਾ ਗਿਆ ਹੈ:

ਤ੍ਰਿਸਨਾ ਅਗਨਿ ਜਲੈ ਸੰਸਾਰਾ ॥
{ਪੰਨਾ ੧੦੪੪}

ਜਦ ਮਨੁੱਖ ਆਪਣੀ ਤ੍ਰਿਸ਼ਨਾ ਨੂੰ ਬੁਝਾਉਣ ਵਾਸਤੇ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ (ਪੰਜ ਦੂਤ) ਦੇ ਅਧੀਨ ਕਰਮ ਕਰਦਾ ਹੈ ਤਾਂ ਇਹ ਕਰਮ ਅਸਤਿ ਕਰਮ ਹੁੰਦੇ ਹਨ। ਪੰਜ ਦੂਤ ਮਾਇਆ ਦੀਆਂ ਮਹਾ ਵਿਨਾਸ਼ਕਾਰੀ ਸ਼ਕਤੀਆਂ ਹਨ ਜਿਨ੍ਹਾਂ ਦਾ ਵਾਸਾ ਮਨੁੱਖ ਦੀ ਦੇਹੀ ਵਿੱਚ ਹੀ ਹੁੰਦਾ ਹੈ। ਇਸ ਲਈ ਗੁਰਬਾਣੀ ਵਿੱਚ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਨੂੰ ਚੰਡਾਲ ਕਿਹਾ ਗਿਆ ਹੈ:

ਪੰਚ ਚੰਡਾਲ ਨਾਲੇ ਲੈ ਆਇਆ ॥੪॥
{ਪੰਨਾ ੧੩੪੮}
ਕਾਮੁ ਕ੍ਰੋਧੁ ਤਨਿ ਵਸਹਿ ਚੰਡਾਲ ॥
{ਪੰਨਾ ੨੪}
ਕਾਮੁ ਕ੍ਰੋਧੁ ਕਾਇਆ ਕਉ ਗਾਲੈ ॥ ਜਿਉ ਕੰਚਨ ਸੋਹਾਗਾ ਢਾਲੈ ॥
{ਪੰਨਾ ੯੩੨}

ਚੰਡਾਲ ਤੋਂ ਭਾਵ ਹੈ ਮਹਾ ਵਿਨਾਸ਼ਕਾਰੀ ਸ਼ਕਤੀ ਦਾ ਰੂਪ ਜੋ ਮਨੁੱਖ ਦੀ ਦੇਹੀ ਵਿੱਚ ਹੀ ਵਾਸ ਕਰਦੀਆਂ ਹਨ। ਕਾਮ ਤੋਂ ਭਾਵ ਹੈ ਜਦ ਮਨੁੱਖ (ਆਦਮੀ ਜਾਂ ਔਰਤ) ਆਪਣੇ ਵਿਆਹੁਤਾ ਸੰਬੰਧਾਂ ਤੋਂ ਬਾਹਰ ਮੂੰਹ ਮਾਰਦਾ ਹੈ ਤਾਂ ਉਹ ਕਾਮ ਦੇ ਚੰਡਾਲ ਦਾ ਸ਼ਿਕਾਰ ਹੋ ਜਾਂਦਾ ਹੈ। (ਸੰਗਤ ਦੇ ਆਧਾਰ ਤੇ ਦਾਸ ਦਾ ਇਹ ਜਾਤੀ ਅਨੁਭਵ ਹੈ ਕਿ ਕਾਮ ਦਾ ਇਹ ਵਿਨਾਸ਼ਕਾਰੀ ਚੰਡਾਲ ਛੋਟੀ ਉਮਰ ਦੇ ਬੱਚਿਆਂ ਤੋਂ ਲੈ ਕੇ ਵਿਆਹੁਤਾ ਅਤੇ ਅਣਵਿਆਹੁਤਾ ਜਵਾਨ ਕੁੜੀਆਂ, ਜਵਾਨ ਮੁੰਡਿਆਂ, ਅਧਖੜ ਉਮਰ ਦੇ ਆਦਮੀ ਅਤੇ ਔਰਤਾਂ ਅਤੇ ਹੋਰ ਵੱਡੀ ਉਮਰ ਦੇ ਬੰਦੇ ਜਨਾਨੀਆਂ ਸਭ ਵਿੱਚ ਵੱਡੇ ਪੱਧਰ ਉੱਪਰ ਵਰਤਦਾ ਹੈ। ਅੱਜ ਕਲ ਦੇ ਕੁਆਰੇ ਜਵਾਨ ਬੱਚਿਆਂ ਨੂੰ ਕਾਮ ਦਾ ਇਹ ਚੰਡਾਲ ਬਹੁਤ ਵੱਡੀ ਪੱਧਰ ਤੇ ਕਾਬੂ ਕਰੀ ਬੈਠਾ ਹੈ। ਇਨ੍ਹਾਂ ਕੁਆਰੇ ਬੱਚਿਆਂ ਦੀ ਕਾਮ ਦੀ ਸਮੱਸਿਆ ਸਭ ਤੋਂ ਵੱਡੀ ਸਮੱਸਿਆ ਹੈ। ਇਸ ਲਈ ਕਾਮ ਦੇ ਚੰਡਾਲ ਦੇ ਬਾਰੇ ਇਹ ਪੂਰਨ ਬ੍ਰਹਮ ਗਿਆਨ ਦਾ ਵਰਤਾਣਾ ਬਹੁਤ ਜ਼ਰੂਰੀ ਹੈ।) ਕਾਮ ਚੰਡਾਲ ਮਨੁੱਖ ਦੀ ਦੇਹੀ ਦੇ ਕਾਮ ਲਿੰਗਾਂ ਵਾਲੇ ਹਿੱਸੇ ਵਿੱਚ ਵਾਸ ਕਰਦਾ ਹੈ। ਕ੍ਰੋਧ ਚੰਡਾਲ ਮਨੁੱਖ ਦੇ ਢਿੱਡ ਵਿੱਚ ਵਾਸ ਕਰਦਾ ਹੈ। ਲੋਭ ਅਤੇ ਮੋਹ ਚੰਡਾਲ ਮਨੁੱਖ ਦੀ ਛਾਤੀ ਵਿੱਚ ਵਾਸ ਕਰਦੇ ਹਨ। ਅਹੰਕਾਰ ਚੰਡਾਲ ਜੋ ਸਭ ਤੋਂ ਵੱਧ ਵਿਨਾਸ਼ਕਾਰੀ ਹੈ ਉਹ ਮਨੁੱਖ ਦੇ ਸਿਰ ਵਿੱਚ ਵਾਸ ਕਰਦਾ ਹੈ। ਇਹ ਪੰਜੋਂ ਚੰਡਾਲ ਮਨੁੱਖ ਦੀ ਦੇਹੀ ਨੂੰ ਪੂਰਨ ਤੌਰ ਤੇ ਜਕੜ ਕੇ ਰੱਖਦੇ ਹਨ ਅਤੇ ਇਸ ਤਰ੍ਹਾਂ ਨਾਲ ਮਨੁੱਖ ਦੀ ਸਾਰੀ ਦੇਹੀ ਦੇ ਵਿਨਾਸ਼ ਵਿੱਚ ਲੀਨ ਰਹਿੰਦੇ ਹਨ। ਇਨ੍ਹਾਂ ਸਾਰੇ ਚੰਡਾਲਾਂ ਦੀ ਮਾਰ ਨਾਲ ਮਨੁੱਖ ਦੇ ਮਨ ਅਤੇ ਦਿਮਾਗ ਉੱਪਰ ਬਹੁਤ ਗਹਿਰਾ ਵਿਨਾਸ਼ਕਾਰੀ ਅਸਰ ਹੁੰਦਾ ਹੈ। ਅਸ਼ਚਰਜ ਜਨਕ ਬਾਤ ਇਹ ਹੈ ਕਿ ਮਨੁੱਖ ਨੂੰ ਇਨ੍ਹਾਂ ਪੰਜੋਂ ਚੰਡਾਲਾਂ ਦੇ ਵਿਨਾਸ਼ਕਾਰੀ ਹਮਲਿਆਂ ਦਾ ਪਤਾ ਤੱਕ ਨਹੀਂ ਲਗਦਾ। ਜਦ ਕਾਮ ਦਾ ਚੰਡਾਲ ਹਾਵੀ ਹੁੰਦਾ ਹੈ ਤਾਂ ਮਨੁੱਖ ਦਾ ਕਾਮ ਲਿੰਗਾਂ ਵਾਲਾ ਦੇਹੀ ਦਾ ਹਿੱਸਾ ਕਾਮ ਅਗਨ ਵਿੱਚ ਸੜ੍ਹਦਾ-ਬਲਦਾ ਹੈ। ਬਾਰ-ਬਾਰ ਕਾਮ ਚੰਡਾਲ ਦੇ ਸ਼ਿਕਾਰ ਬਣਨ ਨਾਲ ਕਾਮ ਦੀ ਇਸ ਵਿਨਾਸ਼ਕਾਰੀ ਅਗਨ ਦਾ ਮਨੁੱਖ ਦੇ ਮਨ, ਕਾਮ ਲਿੰਗਾਂ ਅਤੇ ਇਨ੍ਹਾਂ ਦੇ ਨਾਲ ਸੰਬੰਧਤ ਸਾਰੇ ਅੰਗਾਂ ਉੱਪਰ ਬਹੁਤ ਵਿਨਾਸ਼ਕਾਰੀ ਅਸਰ ਹੁੰਦਾ ਹੈ। ਜਿਵੇਂ-ਜਿਵੇਂ ਮਨੁੱਖ ਕਾਮ ਚੰਡਾਲ ਦੀ ਗਿਰਫ਼ਤ ਵਿੱਚ ਹੋਰ ਫੱਸਦਾ ਚਲਾ ਜਾਂਦਾ ਹੈ, ਮਨੁੱਖ ਦਾ ਮਨ ਹੋਰ ਡੂੰਘੇ ਮਾਨਸਿਕ ਤਨਾਅ ਵਿੱਚ ਚਲਾ ਜਾਂਦਾ ਹੈ। ਹੋਲੀ-ਹੋਲੀ ਇਹ ਮਾਨਸਿਕ ਤਨਾਅ ਵਿਨਾਸ਼ਕਾਰੀ ਮਾਨਸਿਕ ਰੋਗ ਬਣ ਜਾਂਦਾ ਹੈ। ਇਸ ਮਾਨਸਿਕ ਰੋਗ ਦਾ ਮਨੁੱਖ ਦੇ ਕਾਮ ਨਾਲ ਸੰਬੰਧਤ ਦੇਹੀ ਦੇ ਅੰਗਾਂ ਉੱਪਰ ਬੜਾ ਵਿਨਾਸ਼ਕਾਰੀ ਅਸਰ ਹੁੰਦਾ ਹੈ ਜਿਸ ਕਾਰਨ ਮਨੁੱਖ ਦੇ ਇਹ ਅੰਗ ਅਤੇ ਹੋਰ ਅੰਗ ਰੋਗ ਗ੍ਰਸਤ ਹੋਣੇ ਸ਼ੁਰੂ ਹੋ ਜਾਂਦੇ ਹਨ। ਹੋਲੀ-ਹੋਲੀ ਇਹ ਰੋਗ ਕਈ ਵਾਰ ਬੜਾ ਭਿਆਨਕ ਰੂਪ ਅਖ਼ਤਿਆਰ ਕਰ ਲੈਂਦੇ ਹਨ ਅਤੇ ਮਨੁੱਖ ਦੇ ਪ੍ਰਾਣ ਤੱਕ ਲੈ ਲੈਂਦੇ ਹਨ। (ਕੈਂਸਰ ਅਤੇ ਸਿਫਲਸਿ ਵਰਗੇ ਪ੍ਰਾਣ ਘਾਤਕ ਰੋਗ ਕਾਮ ਚੰਡਾਲ ਦੀ ਦੇਣ ਹਨ) ਇਸ ਤਰ੍ਹਾਂ ਨਾਲ ਮਨੁੱਖ ਨੂੰ ਕਾਮ (ਚੰਡਾਲ) ਦਾ ਨਸ਼ਾ ਰੋਗ ਗ੍ਰਸਤ ਕਰ ਦਿੰਦਾ ਹੈ ਅਤੇ ਇਹ ਰੋਗ ਮਨੁੱਖ ਦੀ ਕਾਇਆ ਨੂੰ ਗਾਲ ਦਿੰਦੇ ਹਨ। ਇਸ ਲਈ ਜਦ ਮਨੁੱਖ ਕਾਮ ਚੰਡਾਲ ਦੀ ਅਗਵਾਈ ਵਿੱਚ ਕਰਮ ਕਰਦਾ ਹੈ ਤਾਂ ਇਹ ਕਰਮ ਅਸਤਿ ਹੁੰਦੇ ਹਨ ਕਿਉਂਕਿ ਕਾਮ ਚੰਡਾਲ ਮਨੁੱਖ ਦਾ ਗੁਰੂ ਬਣ ਬੈਠਦਾ ਹੈ। ਇਸ ਲਈ ਕਾਮ ਚੰਡਾਲ ਨੂੰ ਆਪਣਾ ਗੁਰੂ ਨਾ ਬਣਨ ਦੋ, ਸਦਾ “ਸਤਿ” ਨੂੰ ਆਪਣਾ ਗੁਰੂ ਧਾਰਨ ਕਰੋ।

“ਸਤਿ” ਗੁਰੂ ਦੀ ਪ੍ਰਾਪਤੀ ਦੇ ਨਾਲ ਸਤਿਨਾਮ ਸਿਮਰਨ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਹੋ ਜਾਂਦੀ ਹੈ। ਕਾਮ ਦੇ ਇਸ ਵਿਨਾਸ਼ਕਾਰੀ ਰੋਗ ਤੋਂ ਬਚਾਉ ਦਾ ਇਕ ਕਾਰਗਰ ਸਾਧਨ ਹੈ ਕਿ ਆਪਣੇ ਵਿਆਹੁਤਾ ਸੰਬੰਧਾਂ ਤੋਂ ਬਾਹਰ ਪੁਰਸ਼ ਸਾਰੀਆਂ ਇਸਤ੍ਰੀਆਂ ਨੂੰ ਉਮਰ ਦੇ ਹਿਸਾਬ ਨਾਲ ਬੇਟੀ, ਭੈਣ ਅਤੇ ਮਾਂ ਦੇ ਰੂਪ ਵਿੱਚ ਵੇਖਣ ਅਤੇ ਇਸਤ੍ਰੀਆਂ ਸਾਰੇ ਪੁਰਸ਼ਾਂ ਨੂੰ ਬੇਟਾ, ਭਰਾ ਅਤੇ ਪਿਤਾ ਦੇ ਰੂਪ ਵਿੱਚ ਵੇਖਣ। ਸਤਿਨਾਮ ਸਿਮਰਨ ਅਤੇ ਐਸੇ ਵਿਵਹਾਰ ਨਾਲ ਕਾਮ ਚੰਡਾਲ ਦੇ ਅਧੀਨ ਮਨ ਵਿੱਚ ਮਾੜੇ ਫੁਰਨੇ ਆਉਣੇ ਬੰਦ ਹੋ ਜਾਣਗੇ ਅਤੇ ਹੋਲੀ-ਹੋਲੀ ਮਨ ਕਾਮ ਦੇ ਇਸ ਵਿਨਾਸ਼ਕਾਰੀ ਦੂਤ ਉੱਪਰ ਜਿੱਤ ਪ੍ਰਾਪਤ ਕਰਕੇ ਜਤੀ ਹੋ ਜਾਵੇਗਾ। ਸਤਿਨਾਮ ਸਿਮਰਨ ਦੇ ਨਾਲ ਮਨੁੱਖ ਨੂੰ ਉਹ ਗੁਰਪ੍ਰਸਾਦੀ ਪਰਮ ਸ਼ਕਤੀ ਦੀ ਪ੍ਰਾਪਤੀ ਹੁੰਦੀ ਹੈ ਜਿਸਦੇ ਨਾਲ ਮਨੁੱਖ ਨੂੰ ਕਾਮ ਚੰਡਾਲ ਦੀ ਪਹਿਚਾਣ ਹੋ ਜਾਂਦੀ ਹੈ। ਮਨੁੱਖ ਨੂੰ ਕਾਮ ਚੰਡਾਲ ਦੇ ਕਾਰ ਵਿਹਾਰ ਦੀ ਸਮਝ ਸੋਝੀ ਪੈ ਜਾਂਦੀ ਹੈ। ਸਤਿਨਾਮ ਸਿਮਰਨ ਦੇ ਗੁਰ ਪ੍ਰਸਾਦਿ ਨਾਲ ਮਨੁੱਖ ਵਿੱਚ ਕਾਮ ਚੰਡਾਲ ਦੇ ਨਾਲ ਲੜਣ ਦੀ ਅਤੇ ਇਸ ਮਹਾ ਵਿਨਾਸ਼ਕਾਰੀ ਦੂਤ ਨੂੰ ਪਰਾਜਿਤ ਕਰਨ ਦੀ ਪਰਮ ਸ਼ਕਤੀ ਆ ਜਾਂਦੀ ਹੈ।

ਇਸ ਲਈ ਜਦ ਮਨੁੱਖ ਅਸਤਿ ਕਰਮ ਕਰਦਾ ਹੈ ਤਾਂ “ਅਸਤਿ” ਉਸਦਾ ਗੁਰੂ ਬਣਦਾ ਹੈ। ਭਾਵ ਜਦ ਮਨੁੱਖ ਆਪਣੀ ਕਾਮ ਵਾਸਨਾ ਦੀ ਤ੍ਰਿਸ਼ਨਾ ਨੂੰ ਸ਼ਾਂਤ ਕਰਨ ਵਾਸਤੇ ਕਾਮ ਵੱਸ ਆ ਕੇ ਕਰਮ ਕਰਦਾ ਹੈ ਤਾਂ ਕਾਮ ਉਸਦਾ ਗੁਰੂ ਹੁੰਦਾ ਹੈ।

ਕਾਮੁ ਕ੍ਰੋਧੁ ਤਨਿ ਵਸਹਿ ਚੰਡਾਲ ॥
(ਪੰਨਾ ੨੪)
ਅੰਤਰਿ ਕ੍ਰੋਧੁ ਚੰਡਾਲੁ ਸੁ ਹਉਮੈ ॥
(ਪੰਨਾ ੧੦੪੨-੧੦੪੩)
ਮਨ ਮਹਿ ਕ੍ਰੋਧੁ ਮਹਾ ਅਹੰਕਾਰਾ ॥
(ਪੰਨਾ ੧੩੪੮)

ਜਦ ਮਨੁੱਖ ਕ੍ਰੋਧ ਵੱਸ ਆ ਕੇ ਆਪਣੇ ਆਪ ਉੱਪਰ ਜਾਂ ਹੋਰ ਮਨੁੱਖਾਂ ਦੇ ਉੱਪਰ ਕ੍ਰੋਧ ਕਰਦਾ ਹੈ ਤਾਂ ਕ੍ਰੋਧ ਉਸਦਾ ਗੁਰੂ ਹੁੰਦਾ ਹੈ। ਮਨੁੱਖ ਨੂੰ ਕ੍ਰੋਧ ਉਸ ਸਮੇਂ ਆਉਂਦਾ ਹੈ ਜਦ ਉਸਦੇ ਅਹੰਕਾਰ ਉੱਪਰ ਸੱਟ ਵੱਜਦੀ ਹੈ। ਮਨੁੱਖ ਆਪਣੇ ਹੀ ਅਹੰਕਾਰ ਦਾ ਗ਼ੁਲਾਮ ਹੈ ਅਤੇ ਅਹੰਕਾਰ ਦੀ ਤ੍ਰਿਸ਼ਨਾ ਨੂੰ ਬੁਝਾਉਣ ਵਾਸਤੇ ਮਨੁੱਖ ਕ੍ਰੋਧ ਕਰਦਾ ਹੈ। ਪਰੰਤੂ ਮੂਰਖ ਮਨੁੱਖ ਇਹ ਨਹੀਂ ਜਾਣਦਾ ਕਿ ਕ੍ਰੋਧ ਚੰਡਾਲ ਹੈ ਅਤੇ ਇਹ ਕ੍ਰੋਧ ਰੂਪੀ ਚੰਡਾਲ ਉਸਦਾ ਹੀ ਤਨ ਮਨ ਸਾੜਦਾ ਹੈ। ਕ੍ਰੋਧ ਮਨੁੱਖ ਦਾ ਬਹੁਤ ਵੱਡਾ ਦੁਸ਼ਮਨ ਹੈ। ਕ੍ਰੋਧ ਦੀ ਦੁਸ਼ਮਨੀ ਮਨੁੱਖ ਨੂੰ ਕਈ ਵਾਰੀ ਬਹੁਤ ਲੰਬੇ ਸਮੇਂ ਤੱਕ ਘੇਰ ਕੇ ਰੱਖਦੀ ਹੈ। ਕ੍ਰੋਧ ਦਾ ਵਿਨਾਸ਼ਕਾਰੀ ਅਸਰ ਮਨੁੱਖ ਦੇ ਤਨ ਮਨ ਉੱਪਰ ਬਹੁਤ ਸਮੇਂ ਤੱਕ ਰਹਿੰਦਾ ਹੈ। ਕਈ ਵਾਰੀ ਕ੍ਰੋਧ ਦਾ ਵਿਨਾਸ਼ਕਾਰੀ ਅਸਰ ਸਾਰੀ ਉਮਰ ਦੀ ਦੁਸ਼ਮਨੀ ਵਿੱਚ ਪਰਿਵਰਤਿਤ ਹੋ ਜਾਂਦਾ ਹੈ ਅਤੇ ਮਨੁੱਖ ਸਾਰੀ ਉਮਰ ਲਈ ਕ੍ਰੋਧ ਚੰਡਾਲ ਦੀ ਅਗਨੀ ਵਿੱਚ ਝੁਲਸਦਾ ਰਹਿੰਦਾ ਹੈ। ਸੰਸਾਰ ਵਿੱਚ ਹੋਏ ਸਾਰੇ ਵਿਨਾਸ਼ਕਾਰੀ ਸਾਕਿਆਂ ਦਾ ਕਾਰਨ ਕੇਵਲ ਅਹੰਕਾਰ ਅਤੇ ਕ੍ਰੋਧ ਹੀ ਹੈ। ਮਨੁੱਖ ਦਾ ਮਨੁੱਖ ਨਾਲ ਵੈਰ, ਭਰਾ ਦਾ ਭਰਾ ਨਾਲ ਵੈਰ, ਸਾਰੇ ਪਰਿਵਾਰਕ ਝਗੜਿਆਂ ਦਾ ਕਾਰਨ ਕੇਵਲ ਅਹੰਕਾਰ ਅਤੇ ਕ੍ਰੋਧ ਹੀ ਹੈ। ਇਹ ਹੀ ਕਾਰਨ ਹੈ ਕਿ ਗੁਰਬਾਣੀ ਵਿੱਚ ਅਹੰਕਾਰ ਨੂੰ ਦੀਰਘ ਰੋਗ ਕਿਹਾ ਗਿਆ ਹੈ ਅਤੇ ਕ੍ਰੋਧ ਨੂੰ ਚੰਡਾਲ ਕਿਹਾ ਗਿਆ ਹੈ। ਇਸ ਤਰ੍ਹਾਂ ਨਾਲ ਅਹੰਕਾਰ ਅਤੇ ਕ੍ਰੋਧ ਰੂਪੀ ਘੋੜੇ ਮਨੁੱਖੀ ਮਨ ਨੂੰ ਵਿਨਾਸ਼ ਲਈ ਪ੍ਰੇਰਿਤ ਕਰਦੇ ਹਨ ਅਤੇ ਮਨੁੱਖ ਕੋਲੋਂ ਅਹੰਕਾਰ ਅਤੇ ਕ੍ਰੋਧ ਵੱਸ ਕਰਕੇ ਅਸਤਿ ਕਰਮ ਕਰਵਾਉਂਦੇ ਹਨ। ਜਦ ਮਨੁੱਖ ਅਹੰਕਾਰ ਦੀ ਵਿਨਾਸ਼ਕਾਰੀ ਵਾਸਨਾ ਨੂੰ ਪੂਰੀ ਕਰਨ ਵਾਸਤੇ ਕ੍ਰੋਧ ਚੰਡਾਲ ਦਾ ਸਹਾਰਾ ਲੈਂਦਾ ਹੈ ਤਾਂ ਇਹ ਦੋਨੋਂ ਵਿਨਾਸ਼ਕਾਰੀ ਮਾਇਆ ਦੇ ਦੂਤ ਮਨੁੱਖ ਦੇ ਗੁਰੂ ਹੁੰਦੇ ਹਨ। ਕ੍ਰੋਧ ਚੰਡਾਲ ਮਨੁੱਖ ਦੇ ਢਿੱਡ ਵਿੱਚ ਵਾਸ ਕਰਦਾ ਹੈ ਅਤੇ ਅਹੰਕਾਰ ਚੰਡਾਲ ਮਨੁੱਖ ਦੇ ਸਿਰ ਵਿੱਚ ਵਾਸ ਕਰਦਾ ਹੈ। ਇਸ ਲਈ ਜਦ ਮਨੁੱਖ ਨੂੰ ਅਹੰਕਾਰ ਚੰਡਾਲ ਦੀ ਵਾਸਨਾ ਬੁਝਾਉਣ ਵਾਸਤੇ ਕ੍ਰੋਧ ਚੰਡਾਲ ਦਾ ਸਹਾਰਾ ਲੈਣਾ ਪੈਂਦਾ ਹੈ ਤਾਂ ਮਨੁੱਖ ਦੀ ਦੇਹੀ ਉੱਪਰ ਇਨ੍ਹਾਂ ਚੰਡਾਲਾਂ ਦਾ ਬਹੁਤ ਵਿਨਾਸ਼ਕਾਰੀ ਅਸਰ ਹੁੰਦਾ ਹੈ। ਮਨੁੱਖ ਦਾ ਮਨ ਅਤੇ ਦੇਹੀ ਦੇ ਸਾਰੇ ਅੰਗ ਕ੍ਰੋਧ ਚੰਡਾਲ ਦੀ ਅਗਨ ਵਿੱਚ ਝੁਲਸਦੇ ਹਨ ਅਤੇ ਇਸ ਤਰ੍ਹਾਂ ਮਨੁੱਖ ਦਾ ਮਨ ਅਤੇ ਤਨ ਦੋਨੋਂ ਹੀ ਰੋਗ ਗ੍ਰਸਤ ਹੋ ਜਾਂਦੇ ਹਨ। ਇਹ ਵਿਨਾਸ਼ਕਾਰੀ ਰੋਗ ਮਨੁੱਖ ਦੀ ਦੇਹੀ ਨੂੰ ਗਾਲ ਦਿੰਦੇ ਹਨ। ਮਨੁੱਖ ਦੀ ਦੇਹੀ ਪ੍ਰਾਣ ਘਾਤਕ ਰੋਗਾਂ ਦਾ ਸ਼ਿਕਾਰ ਹੋ ਜਾਂਦੀ ਹੈ। ਇਹ ਹੀ ਕਾਰਨ ਹੈ ਕਿ ਅੱਜ ਦੀ ਲੋਕਾਈ ਵਿੱਚ ਇਤਨੇ ਭਿਆਨਕ ਮੌਤਜਨਕ ਰੋਗਾਂ ਵਿੱਚ ਘਿਰੀ ਪਈ ਹੈ। ਅਹੰਕਾਰ ਚੰਡਾਲ ਅਤੇ ਕ੍ਰੋਧ ਚੰਡਾਲ ਦੇ ਵੱਸ ਕੀਤੇ ਗਏ ਸਾਰੇ ਕਰਮ ਅਸਤਿ ਕਰਮ ਹੁੰਦੇ ਹਨ। ਜਦ ਮਨੁੱਖ ਅਹੰਕਾਰ ਚੰਡਾਲ ਅਤੇ ਕ੍ਰੋਧ ਚੰਡਾਲ ਦੇ ਵੱਸ ਆ ਕੇ ਅਸਤਿ ਕਰਮ ਕਰਦਾ ਹੈ ਤਾਂ ਅਹੰਕਾਰ ਚੰਡਾਲ ਅਤੇ ਕ੍ਰੋਧ ਚੰਡਾਲ ਨੂੰ ਆਪਣਾ ਗੁਰੂ ਧਾਰਨ ਕਰਦਾ ਹੈ।

ਇਸ ਲਈ ਅਹੰਕਾਰ ਅਤੇ ਕ੍ਰੋਧ ਚੰਡਾਲਾਂ ਨੂੰ ਆਪਣਾ ਗੁਰੂ ਨਾ ਬਣਨ ਦੋ ਅਤੇ “ਸਤਿ” ਨੂੰ ਆਪਣਾ ਗੁਰੂ ਧਾਰਨ ਕਰੋ ਜਿਸਦੀ ਬੇਅੰਤ ਇਲਾਹੀ ਦਰਗਾਹੀ ਪਰਮ ਸ਼ਕਤੀ ਨਾਲ ਮਨੁੱਖ ਅਹੰਕਾਰ ਚੰਡਾਲ ਅਤੇ ਕ੍ਰੋਧ ਚੰਡਾਲ ਉੱਪਰ ਜਿੱਤ ਪ੍ਰਾਪਤ ਕਰਕੇ ਜੀਵਨ ਮੁਕਤੀ ਪ੍ਰਾਪਤ ਕਰ ਸਕਦਾ ਹੈ। ਨਿੰਮਰਤਾ ਦੀ ਕਮਾਈ ਕਰੋ। ਹਿਰਦੇ ਦੀ ਗਰੀਬੀ ਦੀ ਕਮਾਈ ਕਰੋ। ਹਿਰਦੇ ਦੀ ਗਰੀਬੀ ਅਤੇ ਅਤਿ ਦੀ ਨਿੰਮਰਤਾ ਅਹੰਕਾਰ ਦੇ ਮਹਾ ਵਿਨਾਸ਼ਕਾਰੀ ਚੰਡਾਲ ਨੂੰ ਨਸ਼ਟ ਕਰਕੇ ਮਨੁੱਖ ਨੂੰ ਹਉਮੈ ਦੇ ਦੀਰਘ ਰੋਗ ਤੋਂ ਮੁਕਤ ਕਰਦੀ ਹੈ। ਨਿੰਮਰਤਾ, ਹਿਰਦੇ ਦੀ ਗਰੀਬੀ ਅਤੇ ਹਲੀਮੀ ਦੀ ਕਮਾਈ ਇਲਾਹੀ ਅਸਤਰ ਹਨ ਜੋ ਮਨੁੱਖ ਦੇ ਸਿਰ ਵਿੱਚ ਬੈਠੇ ਅਹੰਕਾਰ ਚੰਡਾਲ ਦਾ ਖ਼ਾਤਮਾ ਕਰਦੇ ਹਨ। ਕਿਉਂਕਿ ਮਨੁੱਖ ਦਾ ਅਹੰਕਾਰ ਅਤੇ ਕ੍ਰੋਧ ਇਕ ਦੂਸਰੇ ਦੇ ਪੂਰਕ ਹਨ ਇਸ ਲਈ ਅਹੰਕਾਰ ਚੰਡਾਲ ਦੇ ਖ਼ਾਤਮੇ ਦੇ ਨਾਲ ਹੀ ਮਨੁੱਖ ਦੇ ਢਿੱਡ ਵਿੱਚ ਬੈਠੇ ਕ੍ਰੋਧ ਚੰਡਾਲ ਦਾ ਵੀ ਖ਼ਾਤਮਾ ਹੋ ਜਾਂਦਾ ਹੈ। ਸਤਿਨਾਮ ਦੇ ਸਿਮਰਨ ਦੀ ਕਮਾਈ ਕਰੋ। ਸਤਿਨਾਮ ਦੇ ਸਿਮਰਨ ਦੀ ਪਰਮ ਸ਼ਕਤੀ ਨਾਲ ਮਨੁੱਖ ਨੂੰ ਨਿੰਮਰਤਾ, ਹਲੀਮੀ ਅਤੇ ਹਿਰਦੇ ਦੀ ਗਰੀਬੀ ਦੀ ਕਮਾਈ ਕਰਨ ਦੀ ਸੋਝੀ ਦੇ ਨਾਲ-ਨਾਲ ਇਸ ਇਲਾਹੀ ਦਰਗਾਹੀ ਅਸਤਰ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਵਰਤਣ ਦੀ ਸ਼ਕਤੀ ਆਉਂਦੀ ਹੈ। ਸਤਿਨਾਮ ਸਿਮਰਨ ਕਰਨ ਨਾਲ ਮਨੁੱਖ ਦੇ ਜੀਵਨ ਵਿੱਚ ਗੁਰਪ੍ਰਸਾਦਿ ਦੀ ਪਰਮ ਸ਼ਕਤੀ ਵਾਪਰਦੀ ਹੈ ਜਿਸਦੇ ਨਾਲ ਮਨੁੱਖ ਨਿੰਮਰਤਾ, ਹਲੀਮੀ ਅਤੇ ਹਿਰਦੇ ਦੀ ਗਰੀਬੀ ਦੀ ਕਮਾਈ ਕਰਕੇ ਅਹੰਕਾਰ ਚੰਡਾਲ ਦੀ ਮੁੰਡੀ ਨੂੰ ਕੁਚਲ ਕੇ ਇਸ ਵਿਨਾਸ਼ਕਾਰੀ ਚੰਡਾਲ ਉੱਪਰ ਜਿੱਤ ਹਾਸਲ ਕਰਦਾ ਹੈ। ਨਿੰਮਰਤਾ, ਹਲੀਮੀ ਅਤੇ ਹਿਰਦੇ ਦੀ ਗਰੀਬੀ ਦੀ ਕਮਾਈ ਦੇ ਵਿੱਚ ਹੀ ਉਹ ਪਰਮ ਸ਼ਕਤੀ ਹੈ ਜੋ ਕਿ ਮਨੁੱਖ ਨੂੰ ਦਰਗਾਹ ਦੇ ਦੁਆਰ ਤੇ ਲੈ ਜਾ ਕੇ ਖੜ੍ਹਾ ਕਰ ਦਿੰਦੀ ਹੈ।

ਲੋਭ ਚੰਡਾਲ ਅਤੇ ਮੋਹ ਚੰਡਾਲ ਮਨੁੱਖ ਦੀ ਛਾਤੀ ਵਿੱਚ ਵਾਸ ਕਰਦੇ ਹਨ। ਲੋਭ ਦਾ ਭਾਵ ਹੈ ਆਪਣੀ ਤ੍ਰਿਸ਼ਨਾ ਨੂੰ ਬੁਝਾਉਣ ਵਾਸਤੇ ਅਸਤਿ ਕਰਮਾਂ ਦੇ ਨਾਲ ਧਨ ਸੰਪਦਾ ਨੂੰ ਇਕੱਤਰ ਕਰਨਾ। ਲੋਭ ਤੋਂ ਭਾਵ ਹੈ ਆਪਣੇ ਦਸਾਂ ਨਹੁੰਆਂ ਦੀ ਕਮਾਈ ਵਿੱਚ ਸਤਿ ਸੰਤੋਖ ਅਤੇ ਭਰੋਸਾ ਨਾ ਰੱਖਦੇ ਹੋਏ ਅਸਤਿ ਕਰਮਾਂ ਦੇ ਜ਼ਰੀਏ ਧਨ ਸੰਪਦਾ ਨੂੰ ਇਕੱਤਰ ਕਰਨਾ। ਰਿਸ਼ਵਤ ਖ਼ੋਰੀ, ਧੋਖਾ-ਧੜੀ, ਚੋਰੀ, ਜਾਰੀ, ਆਪਣੇ ਅਹੁਦੇ ਦੀ ਦੁਰਵਰਤੋਂ ਨਾਲ, ਪਰਾਇਆ ਹੱਕ ਮਾਰ ਕੇ, ਗਲਤ ਮੁਨਾਫਾਖ਼ੋਰੀ ਅਤੇ ਧਰਮ ਦੇ ਝੂਠੇ ਪ੍ਰਚਾਰ ਆਦਿ ਢੰਗਾਂ ਨਾਲ ਧਨ ਸੰਪਦਾ ਨੂੰ ਇਕੱਤਰ ਕਰਨਾ ਹੀ ਸਭ ਅਸਤਿ ਕਰਮ ਹਨ ਅਤੇ ਮਨੁੱਖ ਨੂੰ ਲੋਭ ਚੰਡਾਲ ਦਾ ਸ਼ਿਕਾਰ ਬਣਾਉਂਦੇ ਹਨ। ਧਨ ਸੰਪਦਾ ਨੂੰ ਕਮਾਉਣਾ ਕੋਈ ਗਲਤ ਧਾਰਨਾ ਨਹੀਂ ਹੈ। ਪਰੰਤੂ ਜਦ ਮਨੁੱਖ ਧਨ ਸੰਪਦਾ ਨੂੰ ਲੋਭ ਚੰਡਾਲ ਦੀ ਗੁਲਾਮੀ ਵਿੱਚ ਆ ਕੇ ਕਮਾਉਂਦਾ ਹੈ ਤਾਂ ਇਹ ਅਸਤਿ ਕਰਮ ਬਣ ਜਾਂਦਾ ਹੈ। ਜੋ ਕਿ ਅੱਗੇ ਚਲ ਕੇ ਮਨੁੱਖ ਦੇ ਦੁੱਖਾਂ ਕਲੇਸ਼ਾਂ ਅਤੇ ਮੁਸੀਬਤਾਂ ਦਾ ਕਾਰਨ ਬਣ ਜਾਂਦਾ ਹੈ। ਇਨ੍ਹਾਂ ਅਸਤਿ ਕਰਮਾਂ ਦੇ ਕਰਦੇ ਹੋਏ ਜਦ ਮਨੁੱਖ ਧਨ ਸੰਪਦਾ ਇਕੱਤਰ ਕਰਦਾ ਹੈ ਤਾਂ ਹੋਰ ਜ਼ਿਆਦਾ ਤੋਂ ਜ਼ਿਆਦਾ ਧਨ ਸੰਪਦਾ ਇਕੱਤਰ ਕਰਨ ਦੀ ਉਸਦੀ ਲਾਲਸਾ ਵੱਧਦੀ ਜਾਂਦੀ ਹੈ। ਸੌਖੇ ਅਤੇ ਪਰਿਸ਼ਰਮ ਰਹਿਤ ਅਸਤਿ ਕਰਮਾਂ ਦੇ ਕਰਨ ਨਾਲ ਧਨ ਸੰਪਦਾ ਇਕੱਤਰ ਕਰਨ ਦੀ ਤ੍ਰਿਸ਼ਨਾ ਕਦੇ ਨਹੀਂ ਬੁੱਝਦੀ ਬਲਕਿ ਇਹ ਤ੍ਰਿਸ਼ਨਾ ਹੋਰ ਡੂੰਘੀ ਹੋਈ ਜਾਂਦੀ ਹੈ। ਅਸਤਿ ਕਰਮਾਂ ਦੁਆਰਾ ਇਕੱਤਰ ਕੀਤੀ ਗਈ ਦੌਲਤ ਅਤੇ ਜਾਇਦਾਦ ਮਨੁੱਖ ਲਈ ਜ਼ਹਿਰ ਦਾ ਕੰਮ ਕਰਦੀ ਹੈ। ਅਸਤਿ ਕਰਮਾਂ ਦੁਆਰਾ ਇਕੱਤਰ ਕੀਤੀ ਗਈ ਧਨ ਸੰਪਤੀ ਵਿੱਚ ਕਦੇ ਬਰਕਤ ਨਹੀਂ ਹੁੰਦੀ ਹੈ ਅਤੇ ਐਸੀ ਦੌਲਤ ਅਤੇ ਜਾਇਦਾਦ ਮਨੁੱਖ ਦੇ ਦੁੱਖਾਂ ਕਲੇਸ਼ਾਂ ਅਤੇ ਮੁਸੀਬਤਾਂ ਦਾ ਕਾਰਨ ਬਣ ਕੇ ਮਨੁੱਖ ਦੇ ਜੀਵਨ ਨੂੰ ਨਰਕ ਬਣਾ ਦਿੰਦੀ ਹੈ। ਅਸਤਿ ਕਰਮਾਂ ਦੁਆਰਾ ਇਕੱਤਰ ਕੀਤੀ ਗਈ ਧਨ ਸੰਪਦਾ ਅਤੇ ਜਾਇਦਾਦ ਦਾ ਮਨੁੱਖ ਦੇ ਮਨ ਅਤੇ ਤਨ ਉੱਪਰ ਬਹੁਤ ਡੂੰਘਾ ਵਿਨਾਸ਼ਕਾਰੀ ਪ੍ਰਭਾਵ ਪੈਂਦਾ ਹੈ। ਲੋਭ ਚੰਡਾਲ ਦੇ ਵੱਸ ਵਿੱਚ ਆ ਕੇ ਬਾਰੰਬਾਰ ਕੀਤੇ ਗਏ ਅਸਤਿ ਕਰਮਾਂ ਦੁਆਰਾ ਧਨ ਸੰਪਦਾ ਅਤੇ ਜਾਇਦਾਦ ਇਕੱਤਰ ਕਰਦੇ ਹੋਏ ਮਨੁੱਖ ਦੇ ਮਨ ਦੀ ਸ਼ਾਂਤੀ ਚਲੀ ਜਾਂਦੀ ਹੈ ਅਤੇ ਤਨ ਰੋਗ ਗ੍ਰਸਤ ਹੋ ਜਾਂਦਾ ਹੈ। ਇਸ ਤਰ੍ਹਾਂ ਬਾਰ-ਬਾਰ ਅਸਤਿ ਕਰਮਾਂ ਦੁਆਰਾ ਧਨ ਸੰਪਦਾ ਇਕੱਤਰ ਕਰਨ ਨਾਲ ਲੋਭ ਇਕ ਵਿਨਾਸ਼ਕਾਰੀ ਮਾਨਸਿਕ ਰੋਗ ਦਾ ਰੂਪ ਲੈ ਲੈਂਦਾ ਹੈ। ਲੋਭ ਚੰਡਾਲ ਦੀ ਗਿਰਫ਼ਤ ਵਿੱਚ ਫਸੇ ਹੋਏ ਮਨੁੱਖ ਨੂੰ ਇਹ ਪਤਾ ਹੀ ਨਹੀਂ ਚਲਦਾ ਕਿ ਕਦੋਂ ਉਸਦੇ ਲੋਭ ਵੱਸ ਕੀਤੇ ਗਏ ਕਰਮ ਉਸਦੇ ਹੀ ਮਨ ਨੂੰ ਭਿਅੰਕਰ ਮਾਨਸਿਕ ਰੋਗੀ ਕਰ ਦਿੰਦੇ ਹਨ ਅਤੇ ਉਸਦਾ ਹੀ ਤਨ ਪ੍ਰਾਣ ਘਾਤਕ ਰੋਗਾਂ ਦਾ ਸ਼ਿਕਾਰ ਹੋ ਜਾਂਦਾ ਹੈ। ਜਦ ਮਨੁੱਖ ਲੋਭ ਚੰਡਾਲ ਦੇ ਅਧੀਨ ਧਨ ਸੰਪਦਾ ਅਤੇ ਜਾਇਦਾਦ ਇਕੱਤਰ ਕਰਨ ਲਈ ਅਸਤਿ ਕਰਮ ਕਰਦਾ ਹੈ ਤਾਂ “ਲੋਭ ਚੰਡਾਲ” ਉਸਦਾ ਗੁਰੂ ਹੁੰਦਾ ਹੈ।

ਲਾਜ਼ਮੀ ਹੈ ਕਿ ਮਨੁੱਖ ਦੇ ਮਨ ਵਿੱਚ ਇਹ ਪ੍ਰਸ਼ਨ ਆਉਂਦਾ ਹੈ ਕਿ ਫਿਰ ਲੋਭ ਚੰਡਾਲ ਤੋਂ ਮਨੁੱਖ ਦਾ ਛੁਟਕਾਰਾ ਕਿਵੇਂ ਹੋਵੇਗਾ। ਲੋਭ ਚੰਡਾਲ ਨੂੰ ਸਤਿ ਸੰਤੋਖ ਦੇ ਦਰਗਾਹੀ ਅਸਤਰ ਨਾਲ ਜਿੱਤਿਆ ਜਾਂਦਾ ਹੈ। ਸਤਿ ਸੰਤੋਖ ਦੀ ਕਮਾਈ ਨਾਲ ਹੀ ਮਨੁੱਖ ਦੇ ਅੰਦਰ ਮਨ ਵਿਚੋਂ ਤ੍ਰਿਸ਼ਨਾ ਦਾ ਬੀਜ ਨਸ਼ਟ ਹੁੰਦਾ ਹੈ। ਸਤਿ ਸੰਤੋਖ ਵਿੱਚ ਹੀ ਉਹ ਪਰਮ ਸ਼ਕਤੀ ਹੈ ਜੋ ਲੋਭ ਚੰਡਾਲ ਦੀ ਮੁੰਡੀ ਨੂੰ ਕੁਚਲ ਕੇ ਮਨੁੱਖ ਦੇ ਮਨ ਨੂੰ ਸ਼ਾਂਤ ਕਰ ਦਿੰਦੀ ਹੈ। ਸਤਿ ਸੰਤੋਖ ਦੀ ਕਮਾਈ ਸਤਿਗੁਰੂ ਦੀ ਬਖਸ਼ਿਸ਼ ਨਾਲ ਪ੍ਰਾਪਤ ਹੁੰਦੀ ਹੈ। “ਸਤਿ” ਗੁਰੂ ਦੀ ਪ੍ਰਾਪਤੀ ਨਾਲ ਹੀ ਸਤਿਨਾਮ ਸਿਮਰਨ ਅਤੇ ਸਿਮਰਨ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਸਤਿਨਾਮ ਸਿਮਰਨ ਦੇ ਨਾਲ ਹੀ ਮਨੁੱਖ ਨੂੰ ਲੋਭ ਚੰਡਾਲ ਤੋਂ ਛੁਟਕਾਰਾ ਪਾਉਣ ਦੀ ਸੋਝੀ ਆਉਂਦੀ ਹੈ ਅਤੇ ਮਨੁੱਖ ਆਪਣੀ ਬਿਰਤੀ ਸਤਿ ਕਰਮਾਂ ਵਿੱਚ ਲਾਉਂਦਾ ਹੈ। ਸਤਿਨਾਮ ਸਿਮਰਨ ਨਾਲ ਹੀ ਮਨੁੱਖ ਦੀ ਦਸਾਂ ਨਹੁੰਆਂ ਦੀ ਕਮਾਈ ਵਿੱਚ ਭਰੋਸਾ ਬਣਦਾ ਹੈ ਅਤੇ ਮਨ ਸੰਤੋਖ ਵਿੱਚ ਜਾਂਦਾ ਹੈ। ਸਤਿਨਾਮ ਸਿਮਰਨ ਦੇ ਨਾਲ ਅਤੇ ਕਮਾਈ ਦੇ ਵਿਚੋਂ ਸਤਿਗੁਰੂ ਦੇ ਚਰਨਾਂ ਵਿੱਚ ਕਮਾਈ ਦਾ ਦਸਵੰਧ ਅਰਪਣ ਕਰਨ ਨਾਲ ਹੀ ਮਨੁੱਖ ਦਾ ਮਨ ਸਤਿ ਸੰਤੋਖ ਵਿੱਚ ਜਾਂਦਾ ਹੈ। ਜਿਸ ਕਮਾਈ ਵਿਚੋਂ ਸਤਿਗੁਰੂ ਦੇ ਚਰਨਾਂ ਵਿੱਚ ਦਸਵੰਧ ਅਰਪਣ ਹੁੰਦਾ ਹੈ ਉਸ ਕਮਾਈ ਵਿੱਚ ਬੇਅੰਤ ਬਰਕਤ ਪੈਂਦੀ ਹੈ ਅਤੇ ਮਨੁੱਖ ਨੂੰ ਕਦੇ ਤੋਟ ਨਹੀਂ ਆਉਂਦੀ। ਇਸ ਲਈ ਲੋਭ ਨੂੰ ਆਪਣਾ ਗੁਰੂ ਨਾ ਬਣਨ ਦੋ ਅਤੇ “ਸਤਿ” ਨੂੰ ਆਪਣਾ ਗੁਰੂ ਧਾਰਨ ਕਰੋ ਤਾਂ ਕਿ ਤੁਹਾਡਾ ਮਨ ਸਦੀਵੀ ਸ਼ਾਂਤੀ ਨੂੰ ਪ੍ਰਾਪਤ ਕਰ ਸਕੇ।

ਮੋਹ ਚੰਡਾਲ ਦੀ ਮਹਾ ਵਿਨਾਸ਼ਕਾਰੀ ਸ਼ਕਤੀ ਮਨੁੱਖ ਦੀ ਛਾਤੀ ਵਿੱਚ ਵਾਸ ਕਰਦੀ ਹੈ। ਮੋਹ ਚੰਡਾਲ ਦੀ ਵਿਨਾਸ਼ਕਾਰੀ ਸ਼ਕਤੀ ਮਨੁੱਖ ਦੇ ਰੋਜ਼ਾਨਾ ਜੀਵਨ ਵਿੱਚ ਕਿਵੇਂ ਕੰਮ ਕਰਦੀ ਹੈ ਅਤੇ ਕਿਵੇਂ ਮਨੁੱਖ ਦੇ ਪਰਿਵਾਰਕ ਜੀਵਨ ਨੂੰ ਨਰਕਮਈ ਬਣਾਉਂਦੀ ਹੈ ਇਸ ਪਰਮ ਸਤਿ ਤੱਤ ਨੂੰ ਸਮਝਣ ਅਤੇ ਮੰਨਣ ਨਾਲ ਹੀ ਮਨੁੱਖ ਦਾ ਪਰਿਵਾਰਕ ਜੀਵਨ ਸੁਖੀ ਹੋ ਸਕਦਾ ਹੈ। ਧਰਤੀ ਉੱਪਰ ਵਿਚਰ ਰਿਹਾ ਹਰ ਇਕ ਆਮ ਮਨੁੱਖ ਹਰ ਵੇਲੇ ਕਿਸੇ ਨਾ ਕਿਸੇ ਚੀਜ਼ ਦੇ ਖੋਹੇ ਜਾਣ ਦੇ ਭਉ ਵਿੱਚ ਅਤੇ ਚਿੰਤਾ ਵਿੱਚ ਜੀਅ ਰਿਹਾ ਹੈ। ਹਰ ਇਕ ਮਨੁੱਖ ਆਪਣੇ ਪਰਿਵਾਰਕ ਸੰਬੰਧਾਂ ਨੂੰ ਲੈ ਕੇ ਚਿੰਤਾ ਵਿੱਚ ਹੈ ਅਤੇ ਉਸ ਨੂੰ ਇਨ੍ਹਾਂ ਸੰਬੰਧਾਂ ਦੇ ਟੁੱਟਣ ਦਾ ਜਾਂ ਬਦਤਰ ਹੋਣ ਦਾ ਭਉ ਹੈ। ਮਨੁੱਖ ਨੂੰ ਆਪਣੇ ਹੀ ਸਕੇ ਸੰਬੰਧਾਂ ਉੱਪਰ ਹੀ ਭਰੋਸਾ ਨਹੀਂ ਹੈ। ਪਤੀ-ਪਤਨੀ ਨੂੰ ਆਪਸੀ ਸੰਬੰਧ ਖੋਹੇ ਜਾਣ ਦਾ ਜਾਂ ਬਦਤਰ ਹੋਣ ਦਾ ਭਉ ਸਤਾਂਦਾ ਹੈ। ਪਤੀ-ਪਤਨੀ ਵਰਗੇ ਪਾਵਨ ਸੰਬੰਧਾਂ ਵਿੱਚ ਵੀ ਇਕ ਦੂਜੇ ਉੱਪਰ ਭਰੋਸੇ ਦੀ ਕਮੀ ਹੀ ਜੀਵਨ ਨੂੰ ਨਰਕ ਬਣਾ ਦਿੰਦੀ ਹੈ। ਪਤੀ-ਪਤਨੀ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦਾ ਹੈ ਅਤੇ ਪਤਨੀ ਆਪਣੇ ਪਤੀ ਨੂੰ ਖੋਹਣ ਦੇ ਭਉ ਵਿੱਚ ਸਦਾ ਰਹਿੰਦੀ ਹੈ। ਮਾਤ-ਪਿਤਾ ਨੂੰ ਧੀਆਂ-ਪੁੱਤਰਾਂ ਦੇ ਸੰਬੰਧਾਂ ਨੂੰ ਲੈ ਕੇ ਸਦਾ ਚਿੰਤਾ ਸਤਾਉਂਦੀ ਹੈ। ਮਾਤ-ਪਿਤਾ ਨੂੰ ਆਪਣੇ ਹੀ ਧੀਆਂ-ਪੁੱਤਰਾਂ ਉੱਪਰ ਭਰੋਸਾ ਨਹੀਂ ਹੈ ਅਤੇ ਧੀਆਂ-ਪੁੱਤਰਾਂ ਦੇ ਨਾਲ ਸੰਬੰਧ ਵਿਗੜਣ ਦਾ ਭਉ ਹੈ। ਬੁੜ੍ਹਾਪੇ ਵਿੱਚ ਧੀਆਂ ਪੁੱਤਰ ਖਿਆਲ ਰੱਖਣਗੇ ਕਿ ਨਹੀਂ, ਇਸ ਦਾ ਭਉ ਮਨੁੱਖ ਦਾ ਜੀਵਨ ਦੁਖੀ ਬਣਾ ਦਿੰਦਾ ਹੈ। ਪੁੱਤਰ ਦਾ ਵਿਆਹ ਹੋਣ ਤੋਂ ਬਾਅਦ ਮਾਤ-ਪਿਤਾ ਨੂੰ ਇਹ ਭਉ ਸਤਾਉਂਦਾ ਹੈ ਕਿ ਕਿਤੇ ਪੁੱਤਰ ਦੀ ਘਰ ਵਾਲੀ ਉਸਨੂੰ ਮਾਤ-ਪਿਤਾ ਤੋਂ ਦੂਰ ਨਾ ਕਰ ਦੇਵੇ। ਧੀ ਦੇ ਵਿਆਹ ਤੋਂ ਬਾਅਦ ਉਸਦੇ ਪਤੀ ਦੀ ਚਿੰਤਾ ਅਤੇ ਪਤੀ ਨਾਲ ਧੀ ਦੇ ਸੰਬੰਧ ਵਿਗੜਣ ਦਾ ਭਉ, ਧੀ ਦੇ ਭਵਿੱਖ ਨੂੰ ਲੈ ਕੇ ਚਿੰਤਾ ਕਦੇ ਪਿੱਛਾ ਨਹੀਂ ਛੱਡਦੀ। ਧੀਆਂ-ਪੁੱਤਰਾਂ ਦੇ ਵਿਆਹ ਤੋਂ ਬਾਅਦ ਪੋਤੇ-ਪੋਤੀਆਂ ਦੋਹਤੇ-ਦੋਹਤੀਆਂ ਦੀ ਚਿੰਤਾ ਆ ਕੇ ਘੇਰ ਲੈਂਦੀ ਹੈ। ਪੋਤੇ-ਪੋਤੀਆਂ ਦੋਹਤੇ-ਦੋਹਤੀਆਂ ਦੀ ਪੜ੍ਹਾਈ ਲਿਖਾਈ ਅਤੇ ਉਨ੍ਹਾਂ ਦੇ ਭਵਿੱਖ ਦੀ ਚਿੰਤਾ ਮਨੁੱਖ ਨੂੰ ਘੇਰੇ ਰੱਖਦੀ ਹੈ। ਪੁੱਤਰਾਂ ਅਤੇ ਧੀਆਂ ਨੂੰ ਆਪਣੇ ਹੀ ਮਾਤ-ਪਿਤਾ ਉੱਪਰ ਭਰੋਸਾ ਨਹੀਂ ਹੁੰਦਾ ਹੈ। ਪੁੱਤਰਾਂ ਅਤੇ ਧੀਆਂ ਨੂੰ ਕਿਸੇ ਕਾਰਨ ਵੱਸ ਆਪਣੇ ਹੀ ਮਾਤ-ਪਿਤਾ ਨਾਲ ਸੰਬੰਧ ਵਿਗੜਣ ਦਾ ਭਉ ਖਾਈ ਜਾਂਦਾ ਹੈ। ਇਸੇ ਤਰ੍ਹਾਂ ਨਾਲ ਭਰਾਵਾਂ ਅਤੇ ਭੈਣਾਂ ਵਿੱਚ ਭਰੋਸੇ ਦੀ ਕਮੀ ਨਾਲ ਆਪਸੀ ਤਨਾਅ ਦਾ ਬਣੇ ਰਹਿਣਾ ਅਤੇ ਇਸ ਭਉ ਵਿੱਚ ਰਹਿਣਾ ਕਿ ਮੇਰੇ ਭੈਣਾਂ-ਭਰਾਵਾਂ ਨਾਲ ਸੰਬੰਧ ਵਿਗੜ ਨਾ ਜਾਣ।

ਕੇਵਲ ਇਤਨਾ ਹੀ ਨਹੀਂ ਮਨੁੱਖ ਨੂੰ ਆਪਣੇ ਕਾਰੋਬਾਰ ਦੀ ਚਿੰਤਾ ਦਿਨ-ਰਾਤ ਸਤਾਉਂਦੀ ਹੈ। ਕਾਰੋਬਾਰ ਵਿੱਚ ਘਾਟੇ ਦਾ ਭਉ, ਨੌਕਰੀ ਅਤੇ ਤਰੱਕੀ ਦੀ ਚਿੰਤਾ, ਧਨ ਸੰਪਦਾ ਦੇ ਘੱਟ ਜਾਣ ਦਾ ਭਉ, ਦੁਨਿਆਵੀ ਚੀਜ਼ਾਂ ਅਤੇ ਜਾਇਦਾਦਾਂ ਦੇ ਖੋਹੇ ਜਾਣ ਦਾ ਭਉ, ਧਨ ਦੀ ਕਮੀ ਕਾਰਨ ਮਨੁੱਖ ਦਾ ਬੁੜਾਪੇ ਵਿੱਚ ਕੀ ਬਣੁਗਾ ਇਸ ਦੀ ਚਿੰਤਾ ਅਤੇ ਭਉ ਆਦਿ ਮਨੁੱਖ ਦਾ ਜੀਵਨ ਚਿੰਤਾ ਅਤੇ ਭਉ ਨਾਲ ਭਰਪੂਰ ਕਰਕੇ ਰੱਖਦੇ ਹਨ। ਇਸ ਤਰ੍ਹਾਂ ਦਿਨ-ਰਾਤ ਮਨੁੱਖ ਦੀ ਸਾਰੀ ਚਿੰਤਾ ਅਤੇ ਭਉ ਦਾ ਕਾਰਨ ਕੇਵਲ ਮੋਹ ਚੰਡਾਲ ਹੀ ਹੈ। ਮਨੁੱਖ ਨੂੰ ਸਦਾ ਚਿੰਤਾ ਅਤੇ ਭਉ ਵਿੱਚ ਰੱਖਣਾ ਹੀ ਮੋਹ ਚੰਡਾਲ ਦਾ ਸੁਭਾਉ ਹੈ। ਸੰਸਾਰਿਕ ਸੰਬੰਧਾਂ ਅਤੇ ਵਸਤੂਆਂ ਨਾਲ ਸਾਰਾ ਲਗਾਵ ਹੀ ਮੋਹ ਚੰਡਾਲ ਦਾ ਕਿੱਤਾ ਹੈ। ਮਨੁੱਖ ਦਾ ਸਭ ਕੁਝ ਜੋ ਬਿਨਸ ਜਾਣਾ ਹੈ, ਜੋ ਸਦੀਵੀ ਨਹੀਂ ਹੈ ਉਸਦੀ ਚਿੰਤਾ ਅਤੇ ਖੋਹੇ ਜਾਣ ਦਾ ਭਉ (ਮੋਹ ਚੰਡਾਲ ਦੇ ਕਾਰਣ) ਮਨੁੱਖ ਦੇ ਜੀਵਨ ਨੂੰ ਨਰਕ ਬਣਾ ਦਿੰਦਾ ਹੈ। ਇਸੇ ਚਿੰਤਾ ਅਤੇ ਭਉ ਵਿੱਚ ਮਨੁੱਖ ਦਾ ਜੀਵਨ ਨਸ਼ਟ ਹੋ ਜਾਂਦਾ ਹੈ ਅਤੇ ਅੰਤ ਸਮੇਂ ਤੱਕ ਮਨੁੱਖ ਨੂੰ ਇਹ ਸੋਝੀ ਨਹੀਂ ਪੈਂਦੀ ਕਿ ਮੋਹ ਚੰਡਾਲ ਦੇ ਕਾਰਨ ਉਸਦਾ ਜਨਮ ਗਵਾਇਆ ਗਿਆ ਹੈ।

ਮੋਹ ਚੰਡਾਲ ਕੇਵਲ ਜਿਉਂਦੇ ਹੀ ਨਹੀਂ ਪਰੰਤੂ ਮਨੁੱਖ ਦਾ ਮੌਤ ਤੋਂ ਬਾਅਦ ਵੀ ਪਿੱਛਾ ਨਹੀਂ ਛੱਡਦਾ ਹੈ। ਮਨੁੱਖ ਦੇ ਅੰਤ ਸਮੇਂ ਮੋਹ ਚੰਡਾਲ ਦੇ ਅਧੀਨ ਜੋ ਮਨ ਦੀ ਦਸ਼ਾ ਹੁੰਦੀ ਹੈ ਉਸਦਾ ਮਨੁੱਖ ਦੇ ਅਗਲੇ ਜਨਮ ਉੱਪਰ ਬਹੁਤ ਗਹਿਰਾ ਵਿਨਾਸ਼ਕਾਰੀ ਪ੍ਰਭਾਵ ਪੈਂਦਾ ਹੈ। ਜਿਸ ਮਨੁੱਖ ਨੂੰ ਅੰਤ ਸਮੇਂ ਧਨ ਸੰਪਦਾ ਦੀ ਚਿੰਤਾ ਹੁੰਦੀ ਹੈ ਉਸਨੂੰ ਅਗਲਾ ਜਨਮ ਸਰਪ ਜੂਨ ਵਿੱਚ ਜਾਣਾ ਪੈਂਦਾ ਹੈ। ਜਿਸ ਮਨੁੱਖ ਨੂੰ ਅੰਤ ਸਮੇਂ ਇਸਤਰੀ ਨਾਲ ਕਾਮ ਦੀ ਚਿੰਤਾ ਹੁੰਦੀ ਹੈ ਉਸਨੂੰ ਅਗਲੇ ਜਨਮ ਵਿੱਚ ਵੇਸਵਾ ਦੀ ਜੂਨ ਵਿੱਚ ਜਾਣਾ ਪੈਂਦਾ ਹੈ। ਜਿਸ ਮਨੁੱਖ ਨੂੰ ਅੰਤ ਸਮੇਂ ਆਪਣੇ ਧੀਆਂ-ਪੁੱਤਰਾਂ ਦੀ ਚਿੰਤਾ ਹੁੰਦੀ ਹੈ ਉਸਨੂੰ ਸੂਰ ਦੀ ਜੂਨ ਪ੍ਰਾਪਤ ਹੁੰਦੀ ਹੈ। ਜਿਸ ਮਨੁੱਖ ਨੂੰ ਅੰਤ ਸਮੇਂ ਆਪਣੀ ਜਾਇਦਾਦ ਦੀ ਚਿੰਤਾ ਹੁੰਦੀ ਹੈ ਉਸ ਨੂੰ ਸਭ ਤੋਂ ਵਿਨਾਸ਼ਕਾਰੀ ਅਤੇ ਭਿਅੰਕਰ ਸਜ਼ਾ ਲਗਦੀ ਹੈ, ਐਸੇ ਮਨੁੱਖ ਨੂੰ ਪ੍ਰੇਤ ਦੀ ਜੂਨ ਵਿੱਚ ਜਾਣਾ ਪੈਂਦਾ ਹੈ। ਪ੍ਰੇਤ ਦੀ ਜੂਨ ਸਾਰੀਆਂ ਜੂਨੀਆਂ ਵਿਚੋਂ ਸਭ ਤੋਂ ਵੱਧ ਕਸ਼ਟਦਾਈ ਜੂਨ ਹੈ ਅਤੇ ਬਹੁਤ ਲੰਬੇ ਸਮੇਂ (ਹਜ਼ਾਰਾਂ ਸਾਲਾਂ ਲਈ) ਲਈ ਲਗਦੀ ਹੈ। ਪ੍ਰੇਤ ਜੂਨ ਵਿੱਚ ਮਨੁੱਖ ਨੂੰ ਬੇਅੰਤ ਭਿਅੰਕਰ ਸਜ਼ਾਵਾਂ ਭੁਗਤਨੀਆਂ ਪੈਂਦੀਆਂ ਹਨ। ਪ੍ਰੇਤ ਜੂਨ ਵਿੱਚ ਮਨੁੱਖ ਨੂੰ ਐਸੀਆਂ ਸਜ਼ਾਵਾਂ ਲਗਦੀਆਂ ਹਨ ਜੋ ਕਿ ਮਨੁੱਖ ਦੀ ਕਲਪਨਾ ਤੋਂ ਬਹੁਤ ਪਰ੍ਹੇ ਹਨ। ਪ੍ਰੇਤ ਜੂਨ ਵਿੱਚ ਵਿਚਰ ਰਹੇ ਪ੍ਰੇਤਾਂ ਦੀ ਕਥਾ ਇਕ ਬੇਅੰਤ ਦਰਦਨਾਕ ਅਤੇ ਵਿਨਾਸ਼ਕਾਰੀ ਹੁੰਦੀ ਹੈ। ਭੋਜਨ ਦੇ ਨਾਂ ਤੇ ਮਰੇ ਹੋਏ ਜਾਨਵਰਾਂ ਦੇ ਹੱਡ, ਮਨੁੱਖਾਂ ਅਤੇ ਜਾਨਵਰਾਂ ਦਾ ਮਲ, ਸੜ੍ਹੇ ਹੋਏ ਮੁਰਦਿਆਂ ਦੀ ਸੁਆਹ ਆਦਿ ਨੂੰ ਖਾਣਾ ਪੈਂਦਾ ਹੈ। ਰਹਿਣ ਨੂੰ ਦਰਖਤਾਂ ਤੇ ਲਟਕੇ ਰਹਿਣਾ, ਕਬਰਿਸਤਾਨਾਂ ਵਿੱਚ ਰਹਿਣਾ ਅਤੇ ਹੋਰ ਐਸੇ ਸਥਾਨਾਂ ਵਿੱਚ ਵਾਸ ਕਰਨਾ ਜਿਵੇਂ ਬਹੁਤ ਪੁਰਾਣੇ ਸੁੰਨਸਾਨ ਖੰਡਹਰ, ਪੁਰਾਣੇ ਮੁਰਦਾ ਘਾਟ ਅਤੇ ਸੁੰਨਸਾਨ ਬੀਆਬਾਨ ਜੰਗਲ। ਪ੍ਰੇਤ ਜੂਨ ਵਿੱਚ ਵਿਚਰ ਰਹੇ ਸਜ਼ਾ ਯਾਫਤਾ ਰੂਹਾਂ ਨੂੰ ਕਿਸੇ ਸਤਿ ਸੰਗਤ ਵਿੱਚ ਜਾਣ ਦੀ ਇਜ਼ਾਜ਼ਤ ਨਹੀਂ ਹੁੰਦੀ। ਉਨ੍ਹਾਂ ਨੂੰ ਇਹ ਸ਼ਰਾਪ ਹੁੰਦਾ ਹੈ ਕਿ ਜੇ ਕਰ ਉਹ ਭੁੱਲ ਕੇ ਕਿਸੇ ਸੰਤ ਦੀ ਸੰਗਤ ਲਾਗੇ ਚਲੇ ਜਾਣ ਤਾਂ ਉਨ੍ਹਾਂ ਨੂੰ ਅੱਗ ਲੱਗ ਜਾਂਦੀ ਹੈ। ਪ੍ਰੇਤਾਂ ਕੋਲੋਂ ਸੰਤ ਮਹਾ ਪੁਰਖਾਂ ਦਾ ਪ੍ਰਕਾਸ਼ ਸਹਾਰਿਆ ਨਹੀਂ ਜਾਂਦਾ ਹੈ। ਐਸੇ ਭੂਤਾਂ ਪ੍ਰੇਤਾਂ ਦੀ ਸੰਖਿਆ ਕ੍ਰੋੜਾਂ ਵਿੱਚ ਹੈ ਅਤੇ ਉਹ ਸਾਰੀ ਦੁਨੀਆਂ ਵਿੱਚ ਕੂੜ ਵਰਤਾਉਂਦੇ ਹਨ। ਜਿਹੜੇ ਇਲਾਕਿਆਂ ਵਿੱਚ ਪ੍ਰੇਤਾਂ ਦਾ ਵਾਸ ਹੁੰਦਾ ਹੈ ਜਾਂ ਜਿਥੇ ਉਨ੍ਹਾਂ ਨੇ ਮਨੁੱਖ ਜੂਨ ਵਿੱਚ ਵਾਸ ਕੀਤਾ ਹੋਏ ਉਨ੍ਹਾਂ ਸਥਾਨਾਂ ਨੂੰ ਆਪਣੇ ਵਿਨਾਸ਼ਕਾਰੀ ਕਰਮਾਂ ਦਾ ਸ਼ਿਕਾਰ ਬਣਾਉਂਦੇ ਹਨ। ਉਹ ਇਨ੍ਹਾਂ ਸਥਾਨਾਂ ਉੱਪਰ ਵਿਚਰ ਰਹੇ ਮਨੁੱਖਾਂ ਨੂੰ ਆਪਣੀਆਂ ਵਿਨਾਸ਼ਕਾਰੀ ਸ਼ਕਤੀਆਂ ਦਾ ਸ਼ਿਕਾਰ ਬਣਾ ਕੇ ਉਨ੍ਹਾਂ ਮਨੁੱਖਾਂ ਦਾ ਜੀਵਨ ਨਰਕ ਬਣਾ ਦਿੰਦੇ ਹਨ। ਉਹ ਪਿਛਲੇ ਜਨਮਾਂ ਵਿੱਚ ਜਿਨ੍ਹਾਂ ਪਰਿਵਾਰਾਂ ਵਿੱਚ ਜਨਮੇ ਹੋਣ ਉਨ੍ਹਾਂ ਪਰਿਵਾਰਾਂ ਦੇ ਲੋਕਾਂ ਨੂੰ ਹੀ ਆਪਣਾ ਸ਼ਿਕਾਰ ਬਣਾਉਂਦੇ ਹਨ। ਆਪਣੇ ਹੀ ਭੈਣਾਂ-ਭਰਾਵਾਂ ਧੀਆਂ-ਪੁੱਤਰਾਂ ਪੋਤੇ-ਪੋਤੀਆਂ ਦੇ ਪ੍ਰਾਣ ਤੱਕ ਲੈ ਲੈਂਦੇ ਹਨ। ਆਪਣੇ ਹੀ ਪਿਛਲੇ ਪਰਿਵਾਰਾਂ ਵਿੱਚ ਕਲੇਸ਼ ਵਰਤਾ ਕੇ ਉਨ੍ਹਾਂ ਦਾ ਜੀਵਨ ਨਰਕ ਬਣਾ ਦਿੰਦੇ ਹਨ। ਐਸਾ ਭਿਆਨਕ ਅੰਜਾਮ ਹੁੰਦਾ ਹੈ ਉਨ੍ਹਾਂ ਮਨੁੱਖਾਂ ਦਾ ਜੋ ਮੋਹ ਦੇ ਇਸ ਚੰਡਾਲ ਵਿੱਚ ਫਸੇ ਹੋਏ ਮੌਤ ਨੂੰ ਪ੍ਰਾਪਤ ਹੋ ਜਾਂਦੇ ਹਨ।

ਧੰਨ ਧੰਨ ਭਗਤ ਤ੍ਰਿਲੋਚਨ ਜੀ ਨੇ ਇਸ ਪਰਮ ਸਤਿ ਨੂੰ ਆਪਣੀ ਬਾਣੀ ਵਿੱਚ ਕਹੇ ਗਏ ਇਸ ਪਰਮ ਸ਼ਕਤੀਸ਼ਾਲੀ ਸ਼ਲੋਕ ਵਿੱਚ ਪ੍ਰਗਟ ਕੀਤਾ ਹੈ:

ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
ਸਰਪ ਜੋਨਿ ਵਲਿ ਵਲਿ ਅਉਤਰੈ ॥੧॥
ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ ॥ ਰਹਾਉ ॥
ਅੰਤਿ ਕਾਲਿ ਜੋ ਇਸਤ੍ਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
ਬੇਸਵਾ ਜੋਨਿ ਵਲਿ ਵਲਿ ਅਉਤਰੈ ॥੨॥
ਅੰਤਿ ਕਾਲਿ ਜੋ ਲੜਿਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
ਸੂਕਰ ਜੋਨਿ ਵਲਿ ਵਲਿ ਅਉਤਰੈ ॥੩॥
ਅੰਤਿ ਕਾਲਿ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
ਪ੍ਰੇਤ ਜੋਨਿ ਵਲਿ ਵਲਿ ਅਉਤਰੈ ॥੪॥
ਅੰਤਿ ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ ॥੫॥੨॥
(ਪੰਨਾ ੫੨੬)

ਅੰਤ ਸਮੇਂ ਜੋ ਮਨੁੱਖ ਸਤਿ ਪਾਰ ਬ੍ਰਹਮ ਪਰਮੇਸ਼ਰ ਦਾ ਨਾਮ ਸਿਮਰਦਾ ਹੈ ਉਸ ਨੂੰ ਪਰਮ ਗਤਿ ਦੀ ਪ੍ਰਾਪਤੀ ਹੁੰਦੀ ਹੈ। ਪਰੰਤੂ ਸਮੱਸਿਆ ਇਹ ਹੈ ਕਿ ਆਮ ਮਨੁੱਖ ਜੋ ਕਿ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੀ ਗੁਲਾਮੀ ਵਿੱਚ ਰੱਤਿਆ ਹੁੰਦਾ ਹੈ ਅਤੇ ਜਿਸ ਮਨੁੱਖ ਦੀ ਤ੍ਰਿਸ਼ਨਾ ਨਹੀਂ ਬੁਝੀ ਹੁੰਦੀ ਹੈ ਉਸਨੂੰ ਸਤਿ ਪਾਰਬ੍ਰਹਮ ਪਰਮੇਸ਼ਰ ਦਾ ਚੇਤਾ ਅੰਤ ਸਮੇਂ ਕਿਵੇਂ ਤੇ ਕਿਉਂ ਆਵੇਗਾ ਕਿਉਂਕਿ ਉਸਦੀ ਸੁਰਤ ਤਾਂ ਦੁਨਿਆਵੀ ਚੀਜ਼ਾਂ ਵਿੱਚ ਖੁੱਭੀ ਹੋਈ ਹੁੰਦੀ ਹੈ। ਇਸ ਲਈ ਕੇਵਲ ਉਹ ਮਨੁੱਖ ਹੀ ਸਤਿ ਪਾਰਬ੍ਰਹਮ ਪਰਮੇਸ਼ਰ ਨੂੰ ਚੇਤੇ ਕਰਦਾ ਹੈ ਜਿਸਦੇ ਹਿਰਦੇ ਵਿੱਚ ਸਤਿਨਾਮ ਦਾ ਪ੍ਰਕਾਸ਼ ਹੋ ਗਿਆ ਹੋਵੇ। ਜੋ ਮਨੁੱਖ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਭਗਤੀ ਵਿੱਚ ਲੀਨ ਹੋ ਗਿਆ ਹੋਵੇ ਕੇਵਲ ਉਹ ਮਨੁੱਖ ਨੂੰ ਹੀ ਅੰਤ ਸਮੇਂ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਕਿਰਪਾ ਨਾਲ ਉਸਦਾ ਸਤਿਨਾਮ ਨਹੀਂ ਵਿਸਰਦਾ ਹੈ ਅਤੇ ਕੇਵਲ ਐਸਾ ਮਨੁੱਖ ਹੀ ਪਰਮ ਗਤਿ ਨੂੰ ਪ੍ਰਾਪਤ ਕਰਦਾ ਹੈ।

ਐਸੀ ਦਰਦਨਾਕ ਹੈ ਕਥਾ ਇਸ ਮਨ ਦੀ ਵਿਨਾਸ਼ਕਾਰੀ ਸ਼ਕਤੀਆਂ ਦੀ ਜੋ ਮਨੁੱਖ ਨੂੰ ਕਿਸੇ ਪਾਸੇ ਕਿਸੇ ਥਾਂ ਦਾ ਨਹੀਂ ਰੱਖ ਕੇ ਛੱਡਦੀਆਂ ਹਨ। ਜਿਸ ਮਨੁੱਖ ਨੂੰ ਮਨ ਅਤੇ ਮਾਇਆ ਦੀ ਇਹ ਕਥਾ ਸਮਝ ਆ ਜਾਂਦੀ ਹੈ ਉਸ ਦੀ ਬਿਰਤੀ ਸਤਿ ਕਰਮਾਂ ਵਿੱਚ ਚਲੀ ਜਾਂਦੀ ਹੈ। ਜਦ ਮਨੁੱਖੀ ਮਨ ਤ੍ਰਿਸ਼ਨਾ ਅਤੇ ਪੰਜ ਚੰਡਾਲਾਂ ਦੀ ਗੁਲਾਮੀ ਵਿੱਚ ਡੁੱਬਿਆ ਰਹਿੰਦਾ ਹੈ ਤਾਂ ਮਨ ਮਾਇਆ ਬਣ ਜਾਂਦਾ ਹੈ ਅਤੇ ਮਾਇਆ ਦੇ ਇਨ੍ਹਾਂ ਵਿਨਾਸ਼ਕਾਰੀ ਰੂਪਾਂ ਵਿੱਚ ਲੀਨ ਹੋ ਕੇ ਮਨੁੱਖ ਦੇ ਜੀਵਨ ਦਾ ਵਿਨਾਸ਼ ਕਰਦਾ ਹੈ। ਜਦ ਮਨੁੱਖੀ ਮਨ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਬੰਦਗੀ ਵਿੱਚ ਲੀਨ ਹੋ ਕੇ ਸਤਿ ਦੀ ਕਮਾਈ ਕਰਦਾ ਹੈ ਤਾਂ ਗੁਰਪ੍ਰਸਾਦੀ ਗੁਰਕਿਰਪਾ ਦੀ ਪ੍ਰਾਪਤੀ ਕਰ, ਬੰਦਗੀ ਪੂਰਨ ਕਰਕੇ ਸਤਿ ਪਾਰਬ੍ਰਹਮ ਪਰਮੇਸ਼ਰ ਵਿੱਚ ਸਦਾ-ਸਦਾ ਲਈ ਸਮਾ ਕੇ ਜੋਤ ਰੂਪ ਹੋ ਕੇ ਸਦਾ-ਸਦਾ ਲਈ ਸਤਿ ਚਿਤ ਆਨੰਦ ਰੂਪ ਬਣ ਜਾਂਦਾ ਹੈ। ਇਸ ਤਰ੍ਹਾਂ ਨਾਲ ਜੇ ਮਨੁੱਖ ਤ੍ਰਿਸ਼ਨਾ ਅਤੇ ਪੰਚ ਚੰਡਾਲਾਂ (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ) ਨੂੰ ਆਪਣਾ ਗੁਰੂ ਬਣਾਉਂਦਾ ਹੈ ਤਾਂ ਮਾਇਆ ਦੇ ਇਨ੍ਹਾਂ ਵਿਨਾਸ਼ਕਾਰੀ ਰੂਪਾਂ ਵਿੱਚ ਉਲਝ ਕੇ ਆਪਣਾ ਜਨਮ ਗੁਆ ਲੈਂਦਾ ਹੈ ਅਤੇ ਜਦ “ਸਤਿ” ਨੂੰ ਗੁਰੂ ਧਾਰਨ ਕਰਦਾ ਹੈ ਤਾਂ ਸਤਿ ਕਰਮ ਕਰਦੇ-ਕਰਦੇ “ਸਤਿ” ਗੁਰੂ ਦੀ ਪ੍ਰਾਪਤੀ ਕਰਕੇ ਸਤਿ ਰੂਪ ਹੋ ਕੇ ਆਨੰਦ ਰੂਪ ਹੋ ਕੇ ਸਦਾ-ਸਦਾ ਲਈ ਸਤਿ ਵਿੱਚ ਸਮਾ ਜਾਂਦਾ ਹੈ। ਜਦ ਮਨੁੱਖੀ ਮਨ ਆਪਣੇ ਆਪ ਨੂੰ ਪੰਜ ਤੱਤਾਂ ਤੋਂ ਬਣੀ ਹੋਈ ਆਪਣੀ ਦੇਹੀ ਨੂੰ ਸਭ ਕੁਝ ਸਮਝ ਲੈਂਦਾ ਹੈ ਅਤੇ ਆਪਣੀ ਦੇਹੀ ਦੇ ਵਿੱਚ ਹੀ ਉਲਝ ਕੇ ਰਹਿ ਜਾਂਦਾ ਹੈ ਤਾਂ ਉਹ ਮਨੁੱਖ ਦਾ ਮਨ ਮਾਇਆ ਦੇ ਇਸ ਰੂਪ ਦੀ ਸੇਵਾ ਸੰਭਾਲਤਾ ਵਿੱਚ ਆਪਣਾ ਜਨਮ ਗੁਆ ਦਿੰਦਾ ਹੈ। ਐਸਾ ਮਨੁੱਖ ਫਿਰ ਆਪਣੀ ਦੇਹੀ ਦੀ ਤ੍ਰਿਸ਼ਨਾ ਬੁਝਾਉਣ ਵਾਸਤੇ ਪੰਜ ਚੰਡਾਲਾਂ (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ) ਦਾ ਸ਼ਿਕਾਰ ਹੋ ਕੇ ਆਪਣਾ ਜਨਮ ਗੁਆ ਬੈਠਦਾ ਹੈ। ਪਰੰਤੂ ਜੋ ਮਨੁੱਖ ਆਪਣੇ ਮਨ ਨੂੰ ਜਿੱਤ ਲੈਂਦਾ ਹੈ ਭਾਵ ਜੋ ਮਨੁੱਖ ਪੰਜ ਚੰਡਾਲਾਂ (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ) ਨੂੰ ਜਿੱਤ ਲੈਂਦਾ ਹੈ ਅਤੇ ਜਿਸਦੀ ਤ੍ਰਿਸ਼ਨਾ ਬੁੱਝ ਜਾਂਦੀ ਹੈ ਉਹ ਮਨੁੱਖ ਦਾ ਮਨ ਪਰਮ ਜੋਤ ਦਾ ਸਰੂਪ ਬਣ ਜਾਂਦਾ ਹੈ ਅਤੇ ਸਦਾ-ਸਦਾ ਲਈ ਖੇੜੇ ਵਿੱਚ ਚਲਾ ਜਾਂਦਾ ਹੈ। ਐਸੇ ਮਨੁੱਖ ਨੂੰ ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ, ਪੂਰਨ ਤੱਤ ਗਿਆਨ ਅਤੇ ਆਤਮ ਰਸ ਅੰਮ੍ਰਿਤ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਪਰਮ ਸਤਿ ਤੱਤ ਨੂੰ ਧੰਨ ਧੰਨ ਸੰਤ ਕਬੀਰ ਪਾਤਿਸ਼ਾਹ ਜੀ ਨੇ ਆਪਣੇ ਇਸ ਪਰਮ ਸਤਿ ਬਚਨਾਂ ਵਿੱਚ ਪ੍ਰਗਟ ਕੀਤਾ ਹੈ।

ਇਹੁ ਮਨੁ ਸਕਤੀ ਇਹੁ ਮਨੁ ਸੀਉ ॥ ਇਹੁ ਮਨੁ ਪੰਚ ਤਤ ਕੋ ਜੀਉ ॥
ਇਹੁ ਮਨੁ ਲੇ ਜਉ ਉਨਮਨਿ ਰਹੈ ॥ ਤਉ ਤੀਨਿ ਲੋਕ ਕੀ ਬਾਤੈ ਕਹੈ ॥੩੩॥
(ਪੰਨਾ ੩੪੨)

ਸਤਿ ਕਰਮਾਂ ਦੇ ਇਕੱਤਰ ਹੋਣ ਨਾਲ “ਸਤਿ” ਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ। “ਸਤਿ” ਗੁਰੂ ਦੀ ਚਰਨ-ਸ਼ਰਨ ਵਿੱਚ ਤਨ-ਮਨ-ਧਨ ਅਰਪਣ ਕਰਨ ਤੇ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ ਅਤੇ ਮਨੁੱਖ ਬੰਦਗੀ ਵਿੱਚ ਚਲਾ ਜਾਂਦਾ ਹੈ। ਬੰਦਗੀ ਭਾਵ ਸਤਿਨਾਮ ਸੁਰਤ ਵਿੱਚ ਟਿਕ ਜਾਂਦਾ ਹੈ, ਸੁਹਾਗ ਦੀ ਪ੍ਰਾਪਤੀ ਹੋ ਜਾਂਦੀ ਹੈ। ਸਮਾਧੀ ਲੱਗ ਜਾਂਦੀ ਹੈ। ਜਦ ਮਨੁੱਖ ਸਮਾਧੀ ਵਿੱਚ ਬੈਠ ਕੇ ਸਤਿਨਾਮ ਸਿਮਰਨ ਦੇ ਲੰਬੇ ਅਭਿਆਸ ਵਿੱਚ ਜਾਂਦਾ ਹੈ ਤਾਂ ਸਾਰੇ ਬੱਜਰ ਕਪਾਟ ਖੁੱਲ੍ਹ ਜਾਂਦੇ ਹਨ। ਸੁੰਨ ਸਮਾਧੀ ਦੀ ਪ੍ਰਾਪਤੀ ਹੋ ਜਾਂਦੀ ਹੈ। ਸੁੰਨ ਸਮਾਧੀ ਵਿੱਚ ਬੈਠ ਕੇ ਸਤਿਨਾਮ ਅਭਿਆਸ ਨਾਲ ਮਨੁੱਖ ਦਾ ਮਨ ਚਿੰਦਿਆ ਜਾਂਦਾ ਹੈ। ਸਤਿਨਾਮ ਰੋਮ-ਰੋਮ ਵਿੱਚ ਚਲਾ ਜਾਂਦਾ ਹੈ। ਸਾਰੀ ਦੇਹੀ ਅੰਮ੍ਰਿਤ ਨਾਲ ਭਰਪੂਰ ਹੋ ਜਾਂਦੀ ਹੈ। ਹਿਰਦਾ ਪੂਰਨ ਸਚਿਆਰੀ ਰਹਿਤ ਵਿੱਚ ਚਲਾ ਜਾਂਦਾ ਹੈ। ਤ੍ਰਿਸ਼ਨਾ ਬੁੱਝ ਜਾਂਦੀ ਹੈ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਚੰਡਾਲਾਂ ਨੂੰ ਜਿੱਤ ਕੇ ਮਨ ਪਰਮ ਜੋਤ ਵਿੱਚ ਪਰਿਵਰਤਿਤ ਹੋ ਜਾਂਦਾ ਹੈ ਅਤੇ ਇਸ ਤਰ੍ਹਾਂ ਨਾਲ ਮਾਇਆ ਨੂੰ ਜਿੱਤ ਕੇ ਚਉਥੇ ਪਦਿ ਵਿੱਚ ਮਨੁੱਖ ਨੂੰ ਅਕਾਲ ਪੁਰਖ ਦੇ ਦਰਸ਼ਨ ਹੋ ਜਾਂਦੇ ਹਨ। ਸਰਗੁਣ ਵਿੱਚ ਨਿਰਗੁਣ ਦੇ ਦਰਸ਼ਨ ਹੋ ਜਾਂਦੇ ਹਨ। ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਆਤਮ ਰਸ ਅੰਮ੍ਰਿਤ ਦੀ ਪ੍ਰਾਪਤੀ ਹੋ ਜਾਂਦੀ ਹੈ।

ਇਸ ਤਰ੍ਹਾਂ ਨਾਲ ਜਦ ਮਨੁੱਖ ਦੀ ਬੰਦਗੀ ਪੂਰਨ ਹੋ ਕੇ ਦਰਗਾਹ ਵਿੱਚ ਪਰਵਾਨ ਚੜ੍ਹਦੀ ਹੈ ਅਤੇ ਜੀਵਨ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ ਤਾਂ ਮਨੁੱਖ ਮਨ ਉੱਪਰ ਜਿੱਤ ਪ੍ਰਾਪਤ ਕਰਕੇ ਸਾਰੇ ਜਗ ਉੱਪਰ, ਜੋ ਕਿ ਕੇਵਲ ਮਾਇਆ ਹੈ, ਜਿੱਤ ਪ੍ਰਾਪਤ ਕਰ ਲੈਂਦਾ ਹੈ। ਇਸ ਅਵਸਥਾ ਵਿੱਚ ਪਹੁੰਚ ਕੇ ਮਨ ਜਦ ਪਰਮ ਜੋਤ ਵਿੱਚ ਬਦਲ ਜਾਂਦਾ ਹੈ ਤਾਂ ਮਨੁੱਖ ਦੀ ਆਪਣੀ ਹਸਤੀ ਦਾ ਅੰਤ ਹੋ ਜਾਂਦਾ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਇਕ ਪੱਲ ਨਹੀਂ ਵਿਸਰਦਾ ਹੈ। ਮਨੁੱਖ ਦੇ ਹਿਰਦੇ ਵਿੱਚ ਹੀ ਸਤਿ ਪਾਰਬ੍ਰਹਮ ਪਰਮੇਸ਼ਰ ਆਪ ਪਰਗਟਿਉ ਜੋਤ ਰੂਪ ਵਿੱਚ ਪ੍ਰਗਟ ਹੋ ਜਾਂਦਾ ਹੈ। ਫਿਰ ਕੇਵਲ ਸਤਿ ਪਾਰਬ੍ਰਹਮ ਪਰਮੇਸ਼ਰ ਹੀ ਦਿੱਸਦਾ ਹੈ ਸਾਰੀ ਕੁਦਰਤ ਵਿੱਚ ਅਤੇ ਸਾਰੇ ਪ੍ਰਾਣੀਆਂ ਵਿੱਚ। ਇਸੇ ਪਰਮ ਸ਼ਕਤੀਸ਼ਾਲੀ ਅਵਸਥਾ ਦੀ ਪ੍ਰਾਪਤੀ ਲਈ ਧੰਨ ਧੰਨ ਸਤਿਗੁਰ ਅਵਤਾਰ ਅਮਰਦਾਸ ਜੀ ਇਸ ਪਰਮ ਸ਼ਕਤੀਸ਼ਾਲੀ ਸ਼ਲੋਕ ਵਿੱਚ ਅਰਦਾਸ ਕਰਨ ਦੀ ਜਾਚ ਸਾਰੀ ਲੋਕਾਈ ਦੀ ਝੋਲੀ ਵਿੱਚ ਪਾ ਰਹੇ ਹਨ। ਅਰਦਾਸ ਕਰੋ ਕਿ ਸਾਨੂੰ “ਸਤਿ” ਗੁਰੂ ਦੀ ਪ੍ਰਾਪਤੀ ਹੋਵੇ ਤਾਂਕਿ ਸਾਡਾ ਮਨ ਪਰਮ ਜੋਤ ਵਿੱਚ ਪਰਿਵਰਤਿਤ ਹੋ ਕੇ ਸਦਾ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਚਰਨਾਂ ਵਿੱਚ ਲੀਨ ਹੋ ਜਾਏ। ਜਦ ਸਾਡੀ ਇਹ ਅਰਦਾਸ ਕਬੂਲ ਹੋ ਜਾਏਗੀ ਅਤੇ “ਸਤਿ” ਗੁਰੂ ਦੀ ਪ੍ਰਾਪਤੀ ਹੋ ਜਾਏਗੀ ਤਾਂ ਫਿਰ ਜਨਮ-ਮਰਨ ਦੇ ਬੰਧਨਾਂ ਤੋਂ ਮੁਕਤੀ ਮਿਲ ਜਾਏਗੀ ਜੋ ਕਿ ਹਰ ਇਕ ਜੂਨ ਵਿੱਚ ਵਿਚਰ ਰਹੇ ਸਾਰੇ ਪ੍ਰਾਣੀਆਂ ਲਈ ਸਭ ਤੋਂ ਵੱਡਾ ਦੁੱਖ ਹੈ। ਜੀਵਨ ਮੁਕਤੀ ਨਾਲ ਹੀ ਮਨੁੱਖ ਦੇ ਸਾਰੇ ਦੁੱਖਾਂ ਕਲੇਸ਼ਾਂ ਸਮੱਸਿਆਵਾਂ ਦਾ ਅੰਤ ਹੁੰਦਾ ਹੈ। ਮਾਇਆ ਨੂੰ ਜਿੱਤ ਕੇ ਹੀ ਮਾਇਆ ਤੁਹਾਡੀ ਸੇਵਕ ਬਣਦੀ ਹੈ। ਜਦ ਤੱਕ ਮਾਇਆ ਦੀ ਗੁਲਾਮੀ ਹੈ ਅਤੇ ਕਰਮਾਂ ਦੇ ਬੰਧਨ ਸਥਿਤ ਹਨ ਤਦ ਤੱਕ ਮਨੁੱਖ ਦੇ ਪਿਛਲੇ ਕਰਮਾਂ ਅਨੁਸਾਰ ਜੋ ਭਾਗਾਂ ਵਿੱਚ ਲਿਖਿਆ ਹੈ ਉਹ ਹੀ ਮਿਲਣਾ ਹੈ ਅਤੇ ਹੋਣਾ ਹੈ। ਜਦ ਮਾਇਆ ਨੂੰ ਜਿੱਤ ਲਿਆ ਤਾਂ ਕਰਮਾਂ ਦੇ ਬੰਧਨ ਟੁੱਟ ਜਾਂਦੇ ਹਨ ਅਤੇ ਫਿਰ ਮਨੁੱਖ ਦਾ ਅਸਲੀ ਜਨਮ ਹੁੰਦਾ ਹੈ। ਜਦ ਜੀਵਨ ਮੁਕਤੀ ਦੀ ਪ੍ਰਾਪਤੀ ਹੋ ਜਾਵੇ ਤਾਂ ਮਨੁੱਖ ਦਾ ਅਸਲੀ ਜੀਵਨ ਸ਼ੁਰੂ ਹੁੰਦਾ ਹੈ। ਤ੍ਰਿਸ਼ਨਾ ਅਤੇ ਪੰਜ ਚੰਡਾਲਾਂ ਦੀ ਗੁਲਾਮੀ ਵਿੱਚ ਸਾਰੇ ਕਲੇਸ਼ ਅਤੇ ਦੁੱਖਾਂ ਦਾ ਕੋਈ ਅੰਤ ਨਹੀਂ ਹੈ ਪਰੰਤੂ ਤ੍ਰਿਸ਼ਨਾ ਬੁੱਝ ਗਈ ਅਤੇ ਪੰਜ ਚੰਡਾਲ ਜਿੱਤ ਲਏ ਤਾਂ ਫਿਰ ਮਨੁੱਖ ਦੇ ਜੀਵਨ ਵਿੱਚ ਆਨੰਦ ਦਾ ਕੋਈ ਅੰਤ ਨਹੀਂ ਹੁੰਦਾ ਹੈ। ਜਦ ਮਾਇਆ ਮਨੁੱਖ ਦੇ ਚਰਨਾਂ ਵਿੱਚ ਆ ਜਾਂਦੀ ਹੈ ਤਾਂ ਫਿਰ ਸਾਰੇ ਕਾਰਜ ਆਪ ਬਣਦੇ ਹਨ। ਜਦ ਮਾਇਆ ਨੂੰ ਜਿੱਤ ਕੇ ਤ੍ਰਿਹ ਗੁਣ ਤੋਂ ਪਰ੍ਹੇ ਚਉਥੇ ਪਦਿ ਵਿੱਚ ਅਕਾਲ ਪੁਰਖ ਦੇ ਨਿਰਗੁਣ ਸਰੂਪ ਵਿੱਚ ਅਭੇਦ ਹੋ ਗਏ ਤਾਂ ਫਿਰ ਸਾਰੇ ਕਾਰਜ ਸਤਿ ਪਾਰਬ੍ਰਹਮ ਪਰਮੇਸ਼ਰ ਆਪ ਸੁਆਰਦਾ ਹੈ। ਮਾਇਆ ਨੂੰ ਜਿੱਤਣਾ ਅਤੇ ਜੀਵਨ ਮੁਕਤੀ ਦੀ ਪ੍ਰਾਪਤੀ ਹੀ ਮਨੁੱਖ ਦਾ ਸਭ ਤੋਂ ਵੱਡਾ ਕਾਰਜ ਹੈ ਅਤੇ ਜਦ ਇਹ ਕਾਰਜ ਸਿੱਧ ਹੋ ਜਾਵੇ ਤਾਂ ਬਾਕੀ ਦੇ ਕਾਰਜ ਤਾਂ ਆਪੇ ਹੀ ਸਿੱਧੇ ਹੋ ਜਾਂਦੇ ਹਨ। ਜਦ ਸਰਬ ਕਲਾ ਸਮਰੱਥ ਸਤਿ ਪਾਰਬ੍ਰਹਮ ਪਰਮੇਸ਼ਰ ਵਿੱਚ ਅਭੇਦ ਹੋ ਗਏ ਤਾਂ ਫਿਰ ਪਿੱਛੇ ਕੀ ਰਹਿ ਗਿਆ, ਫਿਰ ਤਾਂ ਸਾਰੇ ਹੀ ਕਾਰਜ ਸਿੱਧ ਹੋ ਗਏ। ਇਸ ਅਵਸਥਾ ਵਿੱਚ ਪਹੁੰਚ ਕੇ ਮਨੁੱਖ ਨੂੰ ਸਤਿ ਪਾਰਬ੍ਰਹਮ ਪਰਮੇਸ਼ਰ ਕਿਸੇ ਪਲ ਕਿਸੇ ਛਿੰਨ ਨਹੀਂ ਵਿਸਰਦਾ ਹੈ। ਮਨੁੱਖ ਦਾ ਰੋਮ-ਰੋਮ ਸਿਮਰਨ ਕਰਦਾ ਹੈ ਅਤੇ ਸਾਰੀ ਦੇਹੀ ਅੰਮ੍ਰਿਤ ਨਾਲ ਭਰਪੂਰ ਅਤੇ ਪ੍ਰਕਾਸ਼ਮਾਨ ਰਹਿੰਦੀ ਹੈ।