ਸਾਚੇ ਸਾਹਿਬਾ ਕਿਆ ਨਾਹੀ ਘਰਿ ਤੇਰੈ ॥
ਘਰਿ ਤ ਤੇਰੈ ਸਭੁ ਕਿਛੁ ਹੈ ਜਿਸੁ ਦੇਹਿ ਸੁ ਪਾਵਏ ॥
ਸਦਾ ਸਿਫਤਿ ਸਲਾਹ ਤੇਰੀ ਨਾਮੁ ਮਨਿ ਵਸਾਵਏ ॥
ਨਾਮੁ ਜਿਨ ਕੈ ਮਨਿ ਵਸਿਆ ਵਾਜੇ ਸਬਦ ਘਨੇਰੇ ॥
ਕਹੈ ਨਾਨਕੁ ਸਚੇ ਸਾਹਿਬ ਕਿਆ ਨਾਹੀ ਘਰਿ ਤੇਰੈ ॥੩॥
{ਪੰਨਾ ੯੧੭}
ਧੰਨ ਧੰਨ ਸਤਿਗੁਰ ਅਵਤਾਰ ਅਮਰਦਾਸ ਜੀ ਬੇਅੰਤ ਗੁਰਕਿਰਪਾ ਅਤੇ ਗੁਰਪ੍ਰਸਦਿ ਦੀ ਬਰਖਾ ਕਰਦੇ ਹੋਏ ਸਾਰੀ ਲੋਕਾਈ ਦੇ ਉਧਾਰ ਲਈ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਾਮ ਦੀ ਮਹਿਮਾ ਇਸ ਪਰਮ ਸ਼ਕਤੀਸ਼ਾਲੀ ਸ਼ਬਦ ਵਿੱਚ ਪ੍ਰਗਟ ਕਰ ਰਹੇ ਹਨ। ਅੱਜ ਦੀ ਤਕਰੀਬਨ ਸਾਰੀ ਸੰਗਤ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਬੰਦਗੀ ਦੇ ਨਾਮ ਤੇ ਕੇਵਲ ਆਪਣੀਆਂ ਦੁਨਿਆਵੀ ਮੰਗਾਂ ਲਈ ਬੈਠੀ ਹੈ। ਲੋਕ ਗੁਰਦੁਆਰੇ ਜਾਂਦੇ ਹਨ ਕੇਵਲ ਆਪਣੀਆਂ ਦੁਨਿਆਵੀ ਮੰਗਾਂ ਦੀ ਪ੍ਰਾਪਤੀ ਕਰਨ ਲਈ। ਲੋਕ ਅਰਦਾਸ ਕਰਦੇ ਹਨ ਤਾਂ ਕੇਵਲ ਦੁਨਿਆਵੀ ਕਾਰਜਾਂ ਨੂੰ ਸਿੱਧ ਕਰਨ ਲਈ। ਲੋਕ ਗੁਰਬਾਣੀ ਪੜ੍ਹਦੇ ਹਨ ਤਾਂ ਕੇਵਲ ਆਪਣੇ ਦੁਨਿਆਵੀ ਕਾਰਜਾਂ ਨੂੰ ਸਿੱਧ ਕਰਨ ਲਈ। ਲੋਕ ਤੀਰਥ ਸਥਾਨਾਂ ਦੇ ਦਰਸ਼ਨ ਕਰਨ ਜਾਂਦੇ ਹਨ ਤਾਂ ਆਪਣੀਆਂ ਸੁੱਖਣਾ ਮੰਗਣ ਦੇ ਮੰਤਵ ਨੂੰ ਪੂਰਾ ਕਰਨ ਲਈ। ਲੋਕ ਕਥਾ ਕੀਰਤਨ ਸਰਵਣ ਕਰਦੇ ਹਨ ਤਾਂ ਕੇਵਲ ਆਪਣੀਆਂ ਪਰਿਵਾਰਕ ਜਾਂ ਕਾਰੋਬਾਰੀ ਮੰਗਾਂ ਪੂਰੀਆਂ ਕਰਨ ਲਈ। ਸਾਰੀ ਲੋਕਾਈ ਕੇਵਲ ਆਪਣਾ ਸਵਾਰਥ ਸਿੱਧ ਕਰਨ ਲਈ ਹੀ ਧਰਮ-ਕਰਮ ਕਰਦੇ ਹਨ। ਭਾਵ ਇਹ ਹੈ ਕਿ ਸਾਰੀ ਲੋਕਾਈ ਕੇਵਲ ਮਾਇਆ ਦੇ ਦਲਦਲ ਵਿੱਚ ਧੱਸੀ ਪਈ ਹੈ ਅਤੇ ਕੇਵਲ ਦੁਨਿਆਵੀ ਸੰਬੰਧਾ ਅਤੇ ਪਦਾਰਥਾਂ ਨੂੰ ਹੀ ਆਪਣਾ ਜੀਵਨ ਮੰਨ ਬੈਠੀ ਹੈ। ਸਾਰੀਆਂ ਅਰਦਾਸਾਂ ਕੇਵਲ ਦੁਨਿਆਵੀ ਪਦਾਰਥਾਂ ਦੀ ਪ੍ਰਾਪਤੀ ਅਤੇ ਕਾਰਜਾਂ ਦੇ ਪੂਰੇ ਕਰਵਾਉਣ ਵਾਸਤੇ ਹੀ ਕੀਤੀਆਂ ਜਾਂਦੀਆਂ ਹਨ। ਮੂਰਖਤਾਈ ਇਹ ਹੈ ਕਿ ਇਸ ਪਰਮ ਸਤਿ ਤੱਤ ਦੇ ਗਿਆਨ ਹੋਣ ਦੇ ਬਾਵਜੂਦ ਕਿ ਕਰਮ ਦੇ ਅਟੱਲ ਦਰਗਾਹੀ ਵਿਧਾਨ ਅਨੁਸਾਰ ਹੀ ਮਨੁੱਖ ਦਾ ਪ੍ਰਾਲਬਧ ਨਿਸ਼ਚਿਤ ਹੁੰਦਾ ਹੈ ਅਤੇ ਆਪਣੇ ਕੀਤੇ ਕਰਮਾਂ ਦੇ ਅਨੁਸਾਰ ਹੀ ਮਨੁੱਖ ਨੂੰ ਸੰਸਾਰਕ ਜੀਵਨ ਵਿੱਚ ਦੁਨਿਆਵੀ ਪਦਾਰਥਾਂ, ਸੁੱਖਾਂ ਅਤੇ ਦੁੱਖਾਂ ਦੀ ਪ੍ਰਾਪਤੀ ਹੁੰਦੀ ਹੈ, ਪਰੰਤੂ ਫਿਰ ਵੀ ਸਾਰੀ ਲੋਕਾਈ ਇਨ੍ਹਾਂ ਦੁਨਿਆਵੀ ਪਦਾਰਥਾਂ ਦੀ ਪ੍ਰਾਪਤੀ ਅਤੇ ਦੁਨਿਆਵੀ ਕਾਰਜਾਂ ਦੀ ਪੂਰਤੀ ਲਈ ਹੀ ਧਰਮ-ਕਰਮ ਅਤੇ ਅਰਦਾਸਾਂ ਕਰਦੀ ਹੈ।
ਨਾਮ ਬੰਦਗੀ ਅਤੇ ਸੇਵਾ ਦੀ ਪ੍ਰਾਪਤੀ ਲਈ ਕੋਈ ਵਿਰਲਾ ਹੀ ਅਰਦਾਸ ਕਰਦਾ ਹੈ। ਰੂਹਾਨੀਅਤ ਦੀ ਪ੍ਰਾਪਤੀ ਲਈ ਅਤੇ ਆਪਣੀ ਆਤਮਿਕ ਤਰੱਕੀ ਲਈ ਕੋਈ ਵਿਰਲਾ ਹੀ ਹੈ ਜੋ ਅਰਦਾਸ ਕਰਦਾ ਹੈ। ਕੋਈ ਵਿਰਲਾ ਹੀ ਹੈ ਜੋ ਗੁਰਪ੍ਰਸਾਦਿ ਦੀ ਪ੍ਰਾਪਤੀ ਲਈ ਘਾਲਣਾ ਘਾਲਦਾ ਹੈ। ਆਪਣੇ ਲਈ ਦੁਨਿਆਵੀ ਪਦਾਰਥਾਂ ਦੀ ਪ੍ਰਾਪਤੀ ਲਈ ਅਤੇ ਕਾਰਜਾਂ ਨੂੰ ਸਿੱਧ ਕਰਨ ਲਈ ਕੀਤੀਆਂ ਅਰਦਾਸਾਂ ਵਿਚੋਂ ਤਾਂ ਸ਼ਾਇਦ ਹੀ ਕੋਈ ਪੂਰੀ ਹੋ ਜਾਂਦੀ ਹੋਵੇ ਕਿਉਂਕਿ ਐਸੀਆਂ ਅਰਦਾਸਾਂ ਵਿੱਚ ਸਤਿ ਪਾਰਬ੍ਰਹਮ ਪਰਮੇਸ਼ਰ ਲਈ ਨਾ ਹੀ ਕੋਈ ਪਿਆਰ ਹੁੰਦਾ ਹੈ ਅਤੇ ਨਾ ਹੀ ਕੋਈ ਸ਼ਰਧਾ ਹੁੰਦੀ ਹੈ। ਐਸੀਆਂ ਅਰਦਾਸਾਂ ਵਿੱਚ ਕੇਵਲ ਮਨੁੱਖ ਦਾ ਸਵਾਰਥ ਹੁੰਦਾ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਨਾਲ ਜਿਵੇਂ ਮਨੁੱਖ ਕੋਈ ਦੁਨਿਆਵੀ ਵਪਾਰ ਕਰਨ ਦੀ ਚੇਸ਼ਟਾ ਕਰ ਰਿਹਾ ਹੋਵੇ ਕਿ ਮੈਂ ਧਰਮ-ਕਰਮ (ਪੂਜਾ ਪਾਠ ਆਦਿ) ਕਰ ਰਿਹਾ ਹਾਂ ਇਸ ਲਈ ਤੂੰ ਮੇਰਾ ਇਹ ਕਾਰਜ ਪੂਰਾ ਕਰਦੇ। ਜਾਂ ਮੈਂ ਤੇਰੀ ਬਾਣੀ ਦਾ ਇਤਨਾ ਪਾਠ ਪੜ੍ਹਿਆ ਹੈ ਹੁਣ ਤੂੰ ਮੇਰਾ ਇਹ ਕਾਰਜ ਸੁਆਰਦੇ। ਜਾਂ ਮੈਂ ਗੁਰਦੁਆਰੇ ਵਿੱਚ ਰੋਜ਼ ਆ ਕੇ ਸੇਵਾ ਕੀਤੀ ਹੈ ਹੁਣ ਤੂੰ ਮੇਰੇ ਕਾਰਜ ਸਿੱਧੇ ਕਰਦੇ ਆਦਿ। ਇਹ ਸਭ ਕੇਵਲ ਸੁਆਰਥ ਹੈ ਇਸ ਵਿੱਚ ਕੋਈ ਪ੍ਰੀਤ ਅਤੇ ਸ਼ਰਧਾ ਭਾਵਨਾ ਨਹੀਂ ਹੁੰਦੀ ਹੈ। ਜਿਥੇ ਸਵਾਰਥ ਆ ਜਾਵੇ ਉਥੋਂ ਸ਼ਰਧਾ ਅਤੇ ਪ੍ਰੇਮ ਲੁਪਤ ਹੋ ਜਾਂਦਾ ਹੈ। ਜਿਥੇ ਇਨਸਾਨ ਦੀ ਖੁਦਗਰਜ਼ੀ ਹੁੰਦੀ ਹੈ ਉਥੇ ਪ੍ਰੀਤ ਅਤੇ ਸ਼ਰਧਾ ਲੁਪਤ ਹੋ ਜਾਂਦੀ ਹੈ। ਜਿਥੇ ਪ੍ਰੀਤ ਅਤੇ ਸ਼ਰਧਾ ਨਹੀਂ ਹੁੰਦੀ ਉਥੇ ਭਰੋਸਾ ਵੀ ਨਹੀਂ ਹੁੰਦਾ ਹੈ। ਜਿਥੇ ਸ਼ਰਧਾ, ਪ੍ਰੀਤ ਅਤੇ ਭਰੋਸਾ ਨਹੀਂ ਉਥੇ ਬੰਦਗੀ ਨਹੀਂ ਹੁੰਦੀ।
ਕਰਮਾਂ ਦੇ ਬੰਧਨ ਕੇਵਲ ਸਤਿਨਾਮ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਨਾਲ ਹੀ ਟੁੱਟਦੇ ਹਨ। ਸਤਿ ਕਰਮਾਂ ਉੱਪਰ ਆਪਣਾ ਧਿਆਨ ਕੇਂਦਰਿਤ ਕਰਨ ਨਾਲ ਅਤੇ ਸਤਿ ਕਰਮ ਕਰਨ ਨਾਲ ਹੀ ਮਨੁੱਖ ਨੂੰ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਜਦੋਂ ਤੱਕ ਸਤਿਨਾਮ ਦਾ ਗੁਰਪ੍ਰਸਾਦਿ ਹਿਰਦੇ ਵਿੱਚ ਪ੍ਰਕਾਸ਼ਮਾਨ ਨਹੀਂ ਹੁੰਦਾ ਤਦ ਤੱਕ ਮਨੁੱਖ ਦੇ ਕਰਮਾਂ ਦੇ ਬੰਧਨ ਨਹੀਂ ਟੁੱਟਦੇ ਹਨ। ਸਤਿਨਾਮ ਦੀ ਕਮਾਈ ਕਰਨ ਦੇ ਨਾਲ ਹੀ, ਭਾਵ ਸਤਿਨਾਮ ਸਿਮਰਨ ਦੇ ਅਭਿਆਸ ਨਾਲ ਹੀ ਮਨੁੱਖ ਦੇ ਹਿਰਦੇ ਵਿੱਚ ਸਤਿਨਾਮ ਦਾ ਪ੍ਰਕਾਸ਼ ਹੁੰਦਾ ਹੈ ਤਾਂ ਹੀ ਮਨੁੱਖ ਦੇ ਕਰਮਾਂ ਦੇ ਬੰਧਨ ਟੁੱਟਦੇ ਹਨ ਅਤੇ ਮਨੁੱਖ ਦਾ ਭਵਿੱਖ ਸਵਾਂਰਿਆ ਜਾਂਦਾ ਹੈ। ਫਿਰ ਮਨੁੱਖ ਨੂੰ ਕੋਈ ਅਰਦਾਸ ਕਰਨ ਦੀ ਲੋੜ ਨਹੀਂ ਰਹਿੰਦੀ ਹੈ। ਮਨੁੱਖ ਦੇ ਸਾਰੇ ਦੁੱਖਾਂ ਕਲੇਸ਼ਾਂ ਦਾ ਅੰਤ ਹੋ ਜਾਂਦਾ ਹੈ। ਮਨੁੱਖ ਦੀ ਤ੍ਰਿਸ਼ਨਾ ਬੁੱਝ ਜਾਂਦੀ ਹੈ ਅਤੇ ਪੰਜ ਚੰਡਾਲ ਵੱਸ ਆ ਜਾਂਦੇ ਹਨ। ਮਨੁੱਖ ਦੇ ਸਾਰੇ ਕਾਰਜ ਸਿੱਧ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਮਨੁੱਖ ਦਾ ਜੀਵਨ ਸਦਾ-ਸਦਾ ਲਈ ਸੁਖੀ ਹੋ ਜਾਂਦਾ ਹੈ। ਇਸ ਲਈ ਜਦ ਵੀ ਕੋਈ ਧਰਮ-ਕਰਮ ਕਰੀਏ ਭਾਵ ਪੂਜਾ, ਪਾਠ, ਸਿਮਰਨ ਆਦਿ ਕਰੀਏ ਤਾਂ ਬਿਨਾਂ ਮੰਗਾਂ ਦੇ ਕਰੀਏ ਤਾਂ ਜੋ ਐਸੇ ਕਰਮ ਸਤਿ ਕਰਮ ਕਰਕੇ ਸਾਡੇ ਖਾਤੇ ਵਿੱਚ ਜਮਾਂ ਹੁੰਦੇ ਰਹਿਣ ਜਿਸ ਨਾਲ ਸਾਨੂੰ ਗੁਰਪ੍ਰਸਾਦਿ ਦੀ ਪ੍ਰਾਪਤੀ ਹੋਵੇਗੀ। ਜਦ ਵੀ ਕੋਈ ਧਰਮ-ਕਰਮ ਕਰੀਏ ਤਾਂ ਨਿਸ਼ਕਾਮ ਭਾਵਨਾ ਨਾਲ ਕਰੀਏ। ਜਦ ਵੀ ਅਰਦਾਸ ਕਰੀਏ ਤਾਂ ਕੇਵਲ ਸਤਿਨਾਮ, ਸਤਿਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਲਈ ਹੀ ਅਰਦਾਸ ਕਰੀਏ। ਐਸੀ ਅਰਦਾਸ ਜਿਸ ਵਿੱਚ ਸਤਿ ਪਾਰਬ੍ਰਹਮ ਪਰਮੇਸ਼ਰ ਉੱਪਰ ਪੂਰਨ ਭਰੋਸਾ, ਸ਼ਰਧਾ ਅਤੇ ਪ੍ਰੀਤ ਹੋਵੇ ਅਤੇ ਜੋ ਨਿਸ਼ਕਾਮ ਭਾਵਨਾ ਨਾਲ ਕੀਤੀ ਜਾਵੇ ਅਤੇ ਕੇਵਲ ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਲਈ ਹੀ ਕੀਤੀ ਜਾਵੇ ਤਾਂ ਉਹ ਦਰਗਾਹ ਵਿੱਚ ਲਾਜ਼ਮੀ ਸੁਣੀ ਜਾਂਦੀ ਹੈ ਅਤੇ ਮਨੁੱਖ ਨੂੰ ਗੁਰਪ੍ਰਸਾਦਿ ਦੀ ਪ੍ਰਾਪਤੀ ਕਰਵਾਉਣ ਵਿੱਚ ਬਹੁਤ ਸਾਹਾਇਕ ਸਿੱਧ ਹੁੰਦੀ ਹੈ। ਦੁਨਿਆਵੀ ਕਾਮਨਾਵਾਂ ਦੇ ਪੂਰਨ ਹੋਣ ਲਈ ਕੀਤੀ ਗਈ ਅਰਦਾਸ ਸ਼ਾਇਦ ਹੀ ਕਦੇ ਪੂਰੀ ਹੋਵੇ ਪਰੰਤੂ ਨਿਸ਼ਕਾਮ ਭਾਵਨਾ ਨਾਲ, ਪੂਰਨ ਭਰੋਸੇ, ਸ਼ਰਧਾ ਅਤੇ ਪ੍ਰੀਤ ਨਾਲ ਗੁਰਪ੍ਰਸਾਦਿ ਦੀ ਪ੍ਰਾਪਤੀ ਲਈ ਕੀਤੀ ਗਈ ਅਰਦਾਸ ਜ਼ਰੂਰ ਪੂਰੀ ਹੁੰਦੀ ਹੈ।
ਸਤਿ ਪਾਰਬ੍ਰਹਮ ਪਰਮੇਸ਼ਰ ਦੇ ਭੰਡਾਰੇ ਬੇਅੰਤ ਹਨ। ਸਤਿ ਪਾਰਬ੍ਰਹਮ ਪਰਮੇਸ਼ਰ ਦਾਤਾ ਕਰਤਾ ਆਪ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਦੇ ਘਰ ਵਿੱਚ ਸਾਰੀਆਂ ਦਾਤਾਂ ਹਨ ਅਤੇ ਆਪਣੇ-ਆਪਣੇ ਕਰਮਾਂ ਅਨੁਸਾਰ ਕਮਾਈਆਂ ਗਈਆਂ ਦਾਤਾਂ ਸਾਰੀ ਸ੍ਰਿਸ਼ਟੀ ਦੇ ਜੀਵਾਂ ਦੇ ਭਾਗਾਂ ਵਿੱਚ ਵਰਤਦੀਆਂ ਹਨ। ਪਰੰਤੂ ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਕੇਵਲ ਉਨ੍ਹਾਂ ਮਨੁੱਖਾਂ ਨੂੰ ਹੀ ਹੁੰਦੀ ਹੈ ਜਿਨ੍ਹਾਂ ਮਨੁੱਖਾਂ ਉੱਪਰ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਕਿਰਪਾ ਵਰਤਦੀ ਹੈ। ਬਿਨਾਂ ਮੰਗਾਂ ਦੇ ਕੀਤੇ ਗਏ ਧਰਮ-ਕਰਮ, ਦਇਆ, ਧਰਮ, ਸੰਤੋਖ, ਸੰਜਮ, ਪੂਜਾ, ਪਾਠ ਅਤੇ ਸੰਤ ਮਹਾ ਪੁਰਖਾਂ ਦੀ ਸੇਵਾ ਆਦਿ ਦੇ ਕਰਨ ਨਾਲ ਅਤੇ ਹੋਰ ਸਤਿ ਕਰਮਾਂ ਦੇ ਇਕੱਤਰ ਹੋਣ ਨਾਲ ਹੀ ਸਤਿ ਪਾਰਬ੍ਰਹਮ ਪਰਮੇਸ਼ਰ ਮਨੁੱਖ ਉੱਪਰ ਤੁਠੱਦਾ ਹੈ ਅਤੇ ਉਸਨੂੰ ਆਪਣੀ ਚਰਨ-ਸ਼ਰਨ ਵਿੱਚ ਲੈ ਕੇ ਗੁਰਪ੍ਰਸਾਦਿ ਦੀ ਬਖਸ਼ਿਸ਼ ਕਰਦਾ ਹੈ ਅਤੇ ਇਸ ਗੁਰਪ੍ਰਸਾਦਿ ਨਾਲ ਹੀ “ਸਤਿ” ਗੁਰੂ ਦੀ ਪ੍ਰਾਪਤੀ ਹੁੰਦੀ ਹੈ। ਗੁਰਪ੍ਰਸਾਦਿ ਤੋਂ ਭਾਵ ਹੈ ਜਦ ਮਨੁੱਖ ਦੇ ਭਾਗ ਪੂਰੇ ਹੋ ਕੇ ਜਾਗਰਤ ਹੁੰਦੇ ਹਨ ਤਾਂ ਉਸਨੂੰ ਪੂਰਨ ਸੰਤ ਦੀ ਸੰਗਤ ਵਿੱਚ ਲੈ ਕੇ ਜਾਂਦਾ ਹੈ ਜਿਥੇ ਮਨੁੱਖ ਨੂੰ ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਇਸ ਲਈ ਬਿਨਾਂ ਮੰਗਾਂ ਦੇ ਸਤਿ ਪਾਰਬ੍ਰਹਮ ਪਰਮੇਸ਼ਰ ਨੂੰ ਧਿਆਨ ਨਾਲ, ਭਾਵ ਸਤਿ ਕਰਮ ਇਕੱਤਰ ਕਰਨ ਨਾਲ ਹੀ ਮਨੁੱਖ ਦੀ ਅਰਦਾਸ ਵਿੱਚ ਭਰੋਸਾ, ਸ਼ਰਧਾ ਅਤੇ ਪ੍ਰੀਤ ਦਾ ਸੰਚਾਰ ਹੁੰਦਾ ਹੈ ਅਤੇ ਮਨੁੱਖ ਦੀ ਅਰਦਾਸ ਦਰਗਾਹ ਵਿੱਚ ਪਰਵਾਨ ਹੁੰਦੀ ਹੈ ਜਿਸ ਨਾਲ ਉਸਨੂੰ ਗੁਰ ਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਇਸ ਲਈ ਸਤਿ ਪਾਰਬ੍ਰਹਮ ਦੇ ਦਰ ਤੋਂ ਜੇ ਕੁਝ ਮੰਗਣਾ ਹੈ ਤਾਂ ਸਤਿਨਾਮ ਦੀ ਦਾਤ ਮੰਗੋ, ਸਤਿਨਾਮ ਸਿਮਰਨ ਦੀ ਦਾਤ ਮੰਗੋ, ਸਤਿਨਾਮ ਦੀ ਕਮਾਈ ਮੰਗੋ, ਪੂਰਨ ਬੰਦਗੀ ਅਤੇ ਸੇਵਾ ਮੰਗੋ ਜਿਸ ਦਾਤ ਨਾਲ ਤੁਹਾਨੂੰ ਮਾਇਆ ਦੇ ਬੰਧਨਾਂ ਤੋਂ ਛੁਟਕਾਰਾ ਅਤੇ ਜੀਵਨ ਮੁਕਤੀ ਮਿਲੇਗੀ।
ਸਤਿਨਾਮ ਦੀ ਦਾਤ ਸਰਵ ਉੱਚ ਅਨਾਦਿ ਦਾਤ ਹੈ ਜਿਹੜਾ ਕੋਈ ਵੀ ਮਨੁੱਖ ਗੁਰਪ੍ਰਸਾਦਿ ਨਾਲ ਪ੍ਰਾਪਤ ਕਰ ਸਕਦਾ ਹੈ:
ਜੇਵਡੁ ਆਪਿ ਤੇਵਡ ਤੇਰੀ ਦਾਤਿ ॥
(ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ੯)
ਸਤਿਨਾਮ ਸਿਮਰਨ ਕਰਨ ਨਾਲ ਅਸੀਂ ਇਸ ਸਰਵ ਉੱਚ ਦਾਤ ਦਾ ਬੋਧ ਕਰ ਸਕਦੇ ਹਾਂ। ਇਸ ਪਰਮ ਸ਼ਕਤੀਸ਼ਾਲੀ ਦਾਤ ਵਿੱਚ ਆਪ ਅਕਾਲ ਪੁਰਖ; ਉਸਦੇ ਸਾਰੇ ਦਰਗਾਹੀ ਖਜ਼ਾਨੇ ਅਤੇ ਉਸਦੀਆਂ ਸਾਰੀਆਂ ਰੂਹਾਨੀ ਅਤੇ ਬ੍ਰਹਮ ਸ਼ਕਤੀਆਂ ਸਮਾਈਆਂ ਹੋਈਆਂ ਹਨ। ਇਸ ਲਈ ਇਸ ਨਾਲੋਂ ਕੋਈ ਘੱਟ ਦਾਤ ਦੀ ਮੰਗ ਜਾਂ ਸਮਝੌਤਾ ਕਿਉਂ ਕਰਨਾ ਚਾਹੀਦਾ ਹੈ ? ਅਸੀਂ ਆਪਣੇ ਨਿਰੰਤਰ ਸਤਿ ਕਰਮਾਂ ਨਾਲ ਇਹ ਸਰਵ ਉੱਚ ਅਨਾਦਿ ਦਾਤ ਪ੍ਰਾਪਤ ਕਰ ਸਕਦੇ ਹਾਂ। ਸਾਨੂੰ ਦਿਨ ਪ੍ਰਤੀ ਦਿਨ ਸੰਸਾਰਕ ਪਦਾਰਥਾਂ ਅਤੇ ਦੁਨਿਆਵੀ ਮੰਗਾਂ ਨੂੰ ਪਾਸੇ ਰੱਖ ਕੇ ਕੇਵਲ ਇਸ ਸਰਵ ਉੱਚ ਅਨਾਦਿ ਦਾਤ “ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ” ਦੀ ਦਾਤ ਦੀ ਮੰਗ ਹੀ ਕਰਨੀ ਚਾਹੀਦੀ ਹੈ, ਜਿਸ ਦਾਤ ਵਿੱਚ ਸਤਿ ਪਾਰਬ੍ਰਹਮ ਪਰਮੇਸ਼ਰ ਦੀਆਂ ਸਾਰੀਆਂ ਪਰਮ ਸ਼ਕਤੀਆਂ ਅਤੇ ਉਹ ਆਪ ਸਮਾਇਆ ਹੋਇਆ ਹੈ। ਇੱਕ ਵਾਰ ਜਦੋਂ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਸਾਡਾ ਹੋ ਜਾਂਦਾ ਹੈ, ਅਤੇ ਅਸੀਂ ਉਸ ਨੂੰ ਪੂਰੀ ਤਰ੍ਹਾਂ ਨਾਲ ਆਪਣੇ ਆਪ ਅੰਦਰੋਂ ਜਾਣ ਲੈਂਦੇ ਹਾਂ ਅਤੇ ਉਸ ਦੇ ਬਣ ਜਾਂਦੇ ਹਾਂ, ਉਸ ਵਿੱਚ ਅਭੇਦ ਹੋ ਜਾਂਦੇ ਹਾਂ ਤਦ ਉਸਦੀ ਸਾਰੀ ਸੰਪਤੀ ਸਾਡੀ ਬਣ ਜਾਂਦੀ ਹੈ। ਸਤਿਨਾਮ ਦੀ ਮਹਿਮਾ ਬੇਅੰਤ ਹੈ। ਸਤਿਨਾਮ ਸਿਮਰਨ ਦੀ ਮਹਿਮਾ ਬੇਅੰਤ ਹੈ। ਸਤਿਨਾਮ ਦੀ ਕਮਾਈ ਦੀ ਮਹਿਮਾ ਬੇਅੰਤ ਹੈ। ਜੋ ਮਨੁੱਖ ਸਤਿਨਾਮ ਦੀ ਕਮਾਈ ਕਰਦੇ ਹੋਏ ਬੰਦਗੀ ਪੂਰਨ ਕਰ ਲੈਂਦੇ ਹਨ ਉਨ੍ਹਾਂ ਦੀ ਮਹਿਮਾ ਵੀ ਬੇਅੰਤ ਹੋ ਜਾਂਦੀ ਹੈ। ਆਉ ਸਤਿਨਾਮ ਦੀ ਇਸ ਪਰਮ ਸ਼ਕਤੀਸ਼ਾਲੀ ਮਹਿਮਾ ਨੂੰ ਹੋਰ ਡੂੰਘਾਈ ਨਾਲ ਵਿਚਾਰੀਏ ਜਿਸ ਵਿੱਚ ਸਾਨੂੰ ਮਾਨਸਰੋਵਰ ਦੀ ਇਕ ਝਲਕ ਦੇ ਦਰਸ਼ਨ ਪ੍ਰਾਪਤ ਹੋਣਗੇ ਅਤੇ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਬੰਦਗੀ ਵਿੱਚ ਲੀਨ ਹੋਣ ਦੀ ਪ੍ਰੇਰਣਾ ਦੀ ਪ੍ਰਾਪਤੀ ਹੋਏਗੀ।
੧. ਸਤਿਨਾਮ ਦੀ ਮਹਿਮਾ ਬੇਅੰਤ ਹੈ ਅਤੇ ਜਿਸ ਦੇ ਹਿਰਦੇ ਵਿੱਚ ਸਤਿਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ ਉਸਦੀ ਮਹਿਮਾ ਵੀ ਬੇਅੰਤ ਹੋ ਜਾਂਦੀ ਹੈ:
ਕਿਨਕਾ ਏਕ ਜਿਸੁ ਜੀਅ ਬਸਾਵੈ ॥ ਤਾਂ ਕੀ ਮਹਿਮਾ ਗਨੀ ਨ ਆਵੈ ॥
(ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ੨੬੨)
ਸਤਿਨਾਮ ਦੀ ਮਹਿਮਾ ਅਨੰਤ ਹੈ। ਸਤਿਨਾਮ ਦੀ ਮਹਿਮਾ ਆਪ ਅਕਾਲ ਪੁਰਖ ਦੀ ਤਰ੍ਹਾਂ ਅਗੰਮ, ਅਪਾਰ, ਅਨੰਤ ਅਤੇ ਬੇਅੰਤ ਹੈ। ਸਤਿਨਾਮ ਸਾਰੇ ਖੰਡ ਬ੍ਰਹਿਮੰਡਾਂ ਦਾ ਮੂਲ ਆਧਾਰ ਹੈ। ਸਤਿਨਾਮ ਅਕਾਲ ਪੁਰਖ ਦਾ ਆਦਿ ਜੁਗਾਦਿ ਨਾਮ ਹੈ, ਜੋ ਉਸ ਦੁਆਰਾ ਆਪ ਹੀ ਰਚਿਆ ਗਿਆ ਹੈ। ਜੇਕਰ ਕੋਈ ਕਿਣਕਾ ਵੀ ਸਤਿਨਾਮ ਦਾ ਹਿਰਦੇ ਵਿੱਚ ਸਮਾ ਲੈਂਦਾ ਹੈ, ਤਾਂ ਐਸੀ ਰੂਹ ਦੀ ਮਹਿਮਾ ਬਿਆਨ ਕਰਨੀ ਅਸੰਭਵ ਹੋ ਜਾਂਦੀ ਹੈ। ਕਿਉਂਕਿ ਸਤਿ ਤੱਤ ਦਾ ਇਹ ਕਿਣਕਾ ਹੀ ਸਾਰੀ ਸ੍ਰਿਸ਼ਟੀ ਦਾ ਗਰਭ ਹੈ। ਸਤਿ ਤੱਤ ਦਾ ਕਿਣਕਾ ਸੁੰਨ ਵਿਚੋਂ ਪ੍ਰਗਟ ਹੋਇਆ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਦਾ ਵਾਸ ਸੁੰਨ ਵਿੱਚ ਹੈ। ਇਸ ਲਈ ਜੋ ਮਨੁੱਖ ਸਤਿ ਤੱਤ ਦੀ ਅਰਾਧਣਾ ਕਰਦਾ ਹੈ ਉਹ ਮਨੁੱਖ ਸੁੰਨ ਵਿੱਚ ਚਲਾ ਜਾਂਦਾ ਹੈ ਅਤੇ ਪਰਮ ਤੱਤ ਵਿੱਚ ਸਦਾ-ਸਦਾ ਲਈ ਸਮਾ ਜਾਂਦਾ ਹੈ। ਜੋ ਮਨੁੱਖ ਪਰਮ ਤੱਤ ਵਿੱਚ ਸਦਾ-ਸਦਾ ਲਈ ਸਮਾ ਜਾਂਦਾ ਹੈ; ਐਸੀ ਰੂਹ ਸੰਤ ਹਿਰਦਾ ਬਣ ਜਾਂਦੀ ਹੈ ਅਤੇ ਆਪ ਸਰਵ ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਵਿੱਚ ਸਦਾ-ਸਦਾ ਲਈ ਸਮਾ ਕੇ ਬੇਅੰਤ ਅਨੰਤ ਬਣ ਜਾਂਦੀ ਹੈ। ਐਸੀ ਰੂਹ ਪ੍ਰਗਟਿਓ ਜੋਤ ਪੂਰਨ ਬ੍ਰਹਮ ਗਿਆਨੀ ਅਤੇ ਪੂਰਨ ਸੰਤ, ਪੂਰਨ ਖ਼ਾਲਸਾ ਬਣ ਜਾਂਦੀ ਹੈ। ਸਤਿਨਾਮ ਸਿਮਰਨ ਸਾਡੇ ਲਈ ਸਰਵ ਉੱਚ ਪੱਧਰ ਦੀਆਂ ਖੁਸ਼ੀਆਂ ਲੈ ਕੇ ਆਉਂਦਾ ਹੈ। ਸਾਡੇ ਸਾਰੇ ਦੁੱਖ ਅਲੋਪ ਹੋ ਜਾਂਦੇ ਹਨ ਅਤੇ ਅਸੀਂ ਪੂਰੀ ਤਰ੍ਹਾਂ ਨਾਲ ਖੁਸ਼ੀਆਂ ਅਤੇ ਸਦਾ ਸਦਾ ਹੀ ਆਨੰਦ ਮਾਣਦੇ ਹਾਂ।
੨. ਸਤਿਨਾਮ ਦੇ ਹਿਰਦੇ ਕਮਲ ਵਿੱਚ ਪ੍ਰਕਾਸ਼ਮਾਨ ਹੋਣ ਨਾਲ ਕਰਮਾਂ ਦੇ ਬੰਧਨ ਕੱਟੇ ਜਾਂਦੇ ਹਨ ਅਤੇ ਜਨਮ ਮਰਨ ਦੇ ਚੱਕਰ ਤੋਂ ਮੁਕਤੀ ਪ੍ਰਾਪਤ ਹੋ ਜਾਂਦੀ ਹੈ:
ਸਭ ਤੋਂ ਉੱਚੇ ਪੱਧਰ ਦਾ ਦੁੱਖ ਜਨਮ-ਮਰਨ ਦੇ ਚੱਕਰ ਵਿੱਚ ਫਸੇ ਰਹਿਣਾ ਹੈ। ਅਸੀਂ ਸਾਰੇ ਇਸ ਚੱਕਰ ਵਿੱਚ ਬਹੁਤ ਲੰਬੇ ਸਮੇਂ ਤੋਂ ਫਸੇ ਪਏ ਹਾਂ। ਅਸੀਂ ਅਣਗਿਣਤ ਵਾਰ ਹੀ ਜਨਮ ਅਤੇ ਮਰਣ ਅਤੇ ੮੪ ਲੱਖ ਜੂਨੀਆਂ ਦੇ ਚੱਕਰ ਵਿਚੋਂ ਲੰਘ ਚੁੱਕੇ ਹਾਂ। ਸਤਿਨਾਮ ਸਿਮਰਨ ਵਿੱਚ ਉਹ ਪਰਮ ਸ਼ਕਤੀ ਹੈ ਜਿਹੜੀ ਸਾਨੂੰ ਜਨਮ-ਮਰਨ ਦੇ ਚੱਕਰ ਦੇ ਦੁੱਖ ਵਿਚੋਂ ਕੱਢ ਸਕਦੀ ਹੈ। ਭਾਵ ਅਸੀਂ ਜੀਵਨ ਮੁਕਤੀ ਸਤਿਨਾਮ ਸਿਮਰਨ ਰਾਹੀਂ ਪਾ ਸਕਦੇ ਹਾਂ। ਕੇਵਲ ਸਤਿਨਾਮ ਦਾ ਗੁਰ ਪ੍ਰਸਾਦਿ ਹੀ ਸਾਡੇ ਜਨਮ-ਮਰਨ ਦੇ ਬੰਧਨਾਂ ਨੂੰ ਤੋੜ ਸਕਦਾ ਹੈ। ਕੇਵਲ ਸਤਿਨਾਮ ਦਾ ਗੁਰ ਪ੍ਰਸਾਦਿ ਹੀ ਸਾਨੂੰ ਕਰਮ ਦੇ ਵਿਧਾਨ ਵਿੱਚੋਂ ਕੱਢ ਕੇ ਸਾਡੇ ਸਾਰੇ ਪਿੱਛਲੇ ਕਰਮਾਂ ਦੇ ਬੰਧਨਾਂ ਨੂੰ ਤੋੜ ਸਕਦਾ ਹੈ। ਸਤਿਨਾਮ ਦਾ ਗੁਰਪ੍ਰਸਾਦਿ ਮਨੁੱਖ ਦੇ ਹਿਰਦੇ ਵਿੱਚ ਪਰਮ ਜੋਤ ਪੂਰਨ ਪ੍ਰਕਾਸ਼ ਪ੍ਰਗਟ ਕਰ ਦਿੰਦਾ ਹੈ ਜਿਸਦੇ ਨਾਲ ਮਨੁੱਖ ਦੇ ਸਾਰੇ ਕਰਮਾਂ ਦੇ ਬੰਧਨ ਨਸ਼ਟ ਹੋ ਜਾਂਦੇ ਹਨ ਅਤੇ ਮਨੁੱਖ ਨੂੰ ਜੀਵਨ ਮੁਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ।
੩. ਸਤਿਨਾਮ ਦੇ ਗੁਰਪ੍ਰਸਾਦਿ ਨਾਲ ਮੌਤ ਦਾ ਭਉ ਖ਼ਤਮ ਹੋ ਜਾਂਦਾ ਹੈ:
ਮਨੁੱਖ ਦਾ ਸਭ ਤੋਂ ਵੱਡਾ ਭਉ ਮੌਤ ਦਾ ਭਉ ਹੈ। ਇਹ ਪੂਰਨ ਸਤਿ ਤੱਤ ਤੱਥ ਹੈ ਜਿਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਐਸਾ ਭਉ ਕੇਵਲ ਸਤਿਨਾਮ ਸਿਮਰਨ ਨਾਲ ਹੀ ਖਤਮ ਹੁੰਦਾ ਹੈ। ਅਸਲ ਵਿੱਚ ਜਦੋਂ ਤੁਸੀਂ ਡੂੰਘੇ ਧਿਆਨ – ਸਮਾਧੀ ਅਤੇ ਸੁੰਨ ਸਮਾਧੀ ਵਿੱਚ ਜਾਂਦੇ ਹੋ ਤਾਂ ਤੁਸੀਂ (ਤੁਹਾਡੀ ਰੂਹ) ਸ਼ਰੀਰ ਨੂੰ ਛੱਡ ਕੇ ਸ਼ਰੀਰ ਤੋਂ ਬਾਹਰ ਜਾਣ ਦਾ ਅਨੁਭਵ ਕਰਦੇ ਹੋ ਅਤੇ ਰੂਹ ਦੀ ਬ੍ਰਹਿਮੰਡ ਦੇ ਹੋਰ ਹਿੱਸਿਆਂ ਦੀ ਯਾਤਰਾ ਦੇ ਅਨੁਭਵ ਪ੍ਰਾਪਤ ਕਰਦੇ ਹੋ। ਐਸੇ ਅਨੁਭਵਾਂ ਦੌਰਾਨ ਅਸਲ ਵਿੱਚ ਰੂਹ ਸ਼ਰੀਰ ਨੂੰ ਛੱਡ ਕੇ ਜਾਂਦੀ ਹੈ ਅਤੇ ਰੂਹਾਨੀ ਅਵਸਥਾ ਦੇ ਆਧਾਰ ਤੇ ਬ੍ਰਹਿਮੰਡ ਦੀਆਂ ਵੱਖ-ਵੱਖ ਖੰਡਾਂ ਵਿੱਚੋਂ ਲੰਘਦੀ ਹੈ ਅਤੇ ਉੱਚ ਰੂਹਾਨੀ ਸੰਸਾਰ ਦੇ ਹੋਰ ਖੰਡਾਂ ਦੇ ਦਰਸ਼ਨ ਕਰਦੀ ਹੈ। ਇਹ ਅਨੁਭਵ ਤੁਹਾਨੂੰ ਅਹਿਸਾਸ ਦਿਵਾਉਂਦੇ ਹਨ ਕਿ ਜਦੋਂ ਤੁਸੀਂ ਸ਼ਰੀਰਕ ਤੌਰ ਤੇ ਮਰ ਜਾਵੋਗੇ ਤਦ ਤੁਹਾਡੀ ਰੂਹ ਤੁਹਾਡੀ ਸ਼ਰੀਰਕ ਮੌਤ ਤੋਂ ਬਾਅਦ ਕਿੱਥੇ ਹੋਵੇਗੀ। ਇਸ ਕਰਕੇ ਹੀ ਸੰਤ ਅਤੇ ਬ੍ਰਹਮ ਗਿਆਨੀ ਪਹਿਲਾਂ ਹੀ ਜਾਣ ਲੈਂਦੇ ਹਨ ਕਿ ਮੌਤ ਤੋਂ ਬਾਅਦ ਉਨ੍ਹਾਂ ਦੀਆਂ ਰੂਹਾਂ ਨਾਲ ਕੀ ਵਾਪਰੇਗਾ।
੪. ਸਤਿਨਾਮ ਨਾਲ ਮਾਇਆ ਉੱਪਰ ਜਿੱਤ ਪ੍ਰਾਪਤ ਹੁੰਦੀ ਹੈ:
ਸਤਿਨਾਮ ਸਿਮਰਨ ਵਿੱਚ ਉਹ ਪਰਮ ਸ਼ਕਤੀ ਹੈ ਕਿ ਇਹ ਸਾਨੂੰ ਸਾਡੇ ਸਾਰੇ ਦੁਸ਼ਮਨਾਂ ਤੋਂ ਬਚਾਉਂਦੀ ਹੈ। ਮਨੁੱਖ ਦੇ ਸਭ ਤੋਂ ਵੱਡੇ ਸ਼ਤਰੂ ਮਨੁੱਖ ਦੀ ਤ੍ਰਿਸ਼ਨਾ ਅਤੇ ਤ੍ਰਿਸ਼ਨਾ ਨੂੰ ਉਕਸਾਉਣ ਵਾਲੇ ਪੰਜ ਦੂਤ ਹਨ – ਕਾਮ, ਕ੍ਰੋਧ, ਲੋਭ, ਮੋਹ, ਅਤੇ ਅਹੰਕਾਰ। ਮਨੁੱਖ ਦੀ ਤ੍ਰਿਸ਼ਨਾ ਆਪਣੇ ਆਪ ਨੂੰ ਬੁਝਾਉਣ ਲਈ ਇਨ੍ਹਾਂ ਪੰਜ ਚੰਡਾਲਾਂ ਨੂੰ ਜਨਮ ਦਿੰਦੀ ਹੈ। ਇਹ ਪੰਜ ਦੂਤ ਜੋ ਕਿ ਚੰਡਾਲਾਂ ਦੀ ਭੂਮਿਕਾ ਨਿਭਾਉਂਦੇ ਹਨ, ਇਹ ਪੰਜ ਪ੍ਰਾਣ ਘਾਤਕ ਪੰਜ ਡੂੰਘੇ ਮਾਨਸਿਕ ਵਿਨਾਸ਼ਕਾਰੀ ਰੋਗ ਹਨ। ਸਤਿਨਾਮ ਸਿਮਰਨ ਨਾਲ ਮਨੁੱਖ ਦੀ ਤ੍ਰਿਸ਼ਨਾ ਬੁੱਝ ਜਾਂਦੀ ਹੈ ਅਤੇ ਪੰਜ ਦੂਤ ਵੱਸ ਆ ਜਾਂਦੇ ਹਨ। ਇਸ ਦੇ ਨਾਲ ਹੀ ਸਤਿਨਾਮ ਸਿਮਰਨ ਸਾਨੂੰ ਹੋਰ ਸਾਰੇ ਮਾਨਸਿਕ ਵਿਨਾਸ਼ਕਾਰੀ ਵਿਕਾਰਾਂ: ਨਿੰਦਿਆ, ਚੁਗਲੀ, ਬਖੀਲੀ, ਰਾਜ, ਜੋਬਨ, ਧਨ, ਮਾਲ, ਰੂਪ, ਰਸ, ਗੰਧ, ਸ਼ਬਦ, ਸਪਰਸ਼ ਤੋਂ ਮੁਕਤ ਕਰਦਾ ਹੈ। ਸਤਿਨਾਮ ਸਾਡੇ ਰੋਗੀ ਮਨ ਨੂੰ ਇਨ੍ਹਾਂ ਸਾਰੇ ਡੂੰਘੇ ਪ੍ਰਾਣ ਘਾਤਕ ਮਾਨਸਿਕ ਰੋਗਾਂ ਤੋਂ ਬਚਾਉਣ ਦਾ ਪਰਮ ਸ਼ਕਤੀਸ਼ਾਲੀ ਨੁਸਖ਼ਾ ਹੈ। ਸਾਡੀ ਰੂਹ ਦੇ ਇਹ ਸਾਰੇ ਦੁਸ਼ਮਨ ਸਾਡੇ ਅਤੇ ਸਰਵ ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਵਿਚਕਾਰ ਅੜਿੱਕਾ ਬਣੇ ਹੋਏ ਹਨ। ਸਤਿਨਾਮ ਸਿਮਰਨ ਇਨ੍ਹਾਂ ਦੁਸ਼ਮਨਾਂ ਨੂੰ ਮਾਰਨ ਲਈ ਸਭ ਤੋਂ ਵੱਡਾ ਅਤੇ ਸ਼ਕਤੀਸ਼ਾਲੀ ਦਰਗਾਹੀ ਅਸਤਰ ਹੈ। ਇਹ ਦੁਸ਼ਮਨ ਸਾਡੇ ਸੱਚਖੰਡ ਦੇ ਰਸਤੇ ਉੱਪਰ ਵੱਡੀ ਰੋਕ ਹਨ ਅਤੇ ਸਤਿਨਾਮ ਸਿਮਰਨ ਇਨ੍ਹਾਂ ਰੋਕਾਂ ਨੂੰ ਮਿਟਾ ਦਿੰਦਾ ਹੈ। ਸਾਡੇ ਮਨ ਨੂੰ ਚੇਤੰਨ ਅਤੇ ਐਸੇ ਦੁਸ਼ਮਨਾਂ ਦੇ ਪ੍ਰਭਾਵ ਅਧੀਨ ਕਰਮ ਕਰਨ ਤੋਂ ਰੋਕੀ ਰੱਖ ਕੇ ਸਤਿਨਾਮ ਸਿਮਰਨ ਸਾਨੂੰ ਇਨ੍ਹਾਂ ਤੋਂ ਬਚਾਈ ਰੱਖਦਾ ਹੈ। ਸਾਡਾ ਮਨ ਹਰ ਵੇਲੇ ਚੇਤੰਨ ਰਹਿੰਦਾ ਹੈ। ਅਸੀਂ ਦਿਨ ਪ੍ਰਤੀ ਦਿਨ ਦੀਆਂ ਕ੍ਰਿਆਵਾਂ ਵਿੱਚ ਇਨ੍ਹਾਂ ਵਿਨਾਸ਼ਕਾਰੀ ਦੁਸ਼ਮਨਾਂ ਨੂੰ ਨਜਿੱਠਣ ਦੇ ਯੋਗ ਹੋ ਜਾਂਦੇ ਹਾਂ। ਇਸ ਤਰ੍ਹਾਂ ਉਨ੍ਹਾਂ ਨੂੰ ਹਰ ਵੇਲੇ ਹਰਾ ਕੇ ਜਦ ਵੀ ਉਹ ਸਾਨੂੰ ਧੋਖਾ ਦੇਣ ਦਾ ਯਤਨ ਕਰਦੇ ਹਨ ਅਤੇ ਸਾਡੇ ਕੋਲੋਂ ਅੰਮ੍ਰਿਤ ਚੁਰਾਉਣ ਦਾ ਯਤਨ ਕਰਦੇ ਹਨ; ਅਸੀਂ ਉਨ੍ਹਾਂ ਨੂੰ ਹਰਾ ਦਿੰਦੇ ਹਾਂ। ਇਸ ਤਰ੍ਹਾਂ ਅਸੀਂ ਮਾਇਆ ਉੱਪਰ ਜਿੱਤ ਪ੍ਰਾਪਤ ਕਰਕੇ ਸਤਿ ਪਾਰਬ੍ਰਹਮ ਪਰਮੇਸ਼ਰ ਵਿੱਚ ਅਭੇਦ ਹੋ ਜਾਂਦੇ ਹਾਂ।
੫. ਸਤਿਨਾਮ ਦੇ ਗੁਰਪ੍ਰਸਾਦਿ ਨਾਲ ਮਨ ਉੱਪਰ ਜਿੱਤ ਪ੍ਰਾਪਤ ਹੁੰਦੀ ਹੈ:
ਮਨੁੱਖੀ ਮਨ ਸਾਰੀਆਂ ਪੰਜ ਇੰਦਰੀਆਂ ਨੂੰ ਚਲਾਉਂਦਾ ਹੈ, ਅਤੇ ਮਨੁੱਖੀ ਮਨ ਆਪਣੀ ਸਿਆਣਪ (ਮਨ ਮਤਿ) ਦੁਆਰਾ ਚਲਾਇਆ ਜਾਂਦਾ ਹੈ। ਮਨੁੱਖੀ ਸਿਆਣਪ (ਮਨ ਮਤਿ) ਮਾਇਆ ਦੇ ਤਿੰਨ ਗੁਣਾਂ : ਰਜੋ, ਤਮੋ ਅਤੇ ਸਤੋ ਅਧੀਨ ਚਲਦੀ ਹੈ। ਮਾਇਆ ਉੱਪਰ ਜਿੱਤ ਪਾਉਣ ਨਾਲ ਮਨੁੱਖੀ ਮਨ ਮਾਇਆ ਦੀ ਗੁਲਾਮੀ ਤੋਂ ਮੁਕਤ ਹੋ ਜਾਂਦਾ ਹੈ। ਭਾਵ ਮਨੁੱਖੀ ਮਨ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਚਲਾ ਜਾਂਦਾ ਹੈ। ਮਨ ਦਾ ਅਤੇ ਮਨ ਮਤਿ ਦਾ ਅੰਤ ਹੋ ਜਾਂਦਾ ਹੈ ਅਤੇ ਮਨ ਪਰਮ ਜੋਤ ਪੂਰਨ ਪ੍ਰਕਾਸ਼ ਵਿੱਚ ਪਰਿਵਰਤਿਤ ਹੋ ਜਾਂਦਾ ਹੈ। ਮਨੁੱਖ ਦੀਆਂ ਸਾਰੀਆਂ – ਇੰਦਰੀਆਂ, ਮਨ ਮਤਿ ਦੇ ਅੰਤ ਹੋ ਜਾਣ ਨਾਲ, ਪਰਮ ਜੋਤ ਦੇ ਅਧੀਨ ਆ ਜਾਂਦੀਆਂ ਹਨ। ਭਾਵ ਮਨੁੱਖ ਦੀਆਂ ਪੰਜੇ ਇੰਦਰੀਆਂ ਪਰਮ ਜੋਤ ਦੇ ਪੂਰਨ ਹੁਕਮ ਵਿੱਚ ਆ ਜਾਂਦੀਆਂ ਹਨ ਅਤੇ ਪੂਰਨ ਬ੍ਰਹਮ ਗਿਆਨ ਮਨੁੱਖ ਦੀਆ ਪੰਜ ਇੰਦਰੀਆਂ ਨੂੰ ਚਲਾਉਂਦਾ ਹੈ। ਮਨੁੱਖ ਦੀਆਂ ਪੰਜ ਇੰਦਰੀਆਂ ਮਇਆ ਦੇ ਅਧੀਨ ਨਹੀਂ ਰਹਿੰਦੀਆਂ। ਮਨੁੱਖ ਦੀਆਂ ਪੰਜ ਇੰਦਰੀਆਂ ਮਾਇਆ ਤੋਂ ਮੁਕਤ ਹੋ ਜਾਂਦੀਆਂ ਹਨ। ਮਨੁੱਖ ਮਨ ਨੂੰ ਜਿੱਤ ਲੈਂਦਾ ਹੈ। ਮਨ ਨੂੰ ਜਿੱਤਣਾ ਹੀ ਮਾਇਆ ਨੂੰ ਜਿੱਤਣਾ ਹੈ। ਮਨ ਨੂੰ ਜਿੱਤਣਾ ਹੀ ਸਾਰੇ ਸੰਸਾਰ ਨੂੰ ਜਿੱਤਣਾ ਹੈ। ਮਨ ਦਾ ਪੂਰਨ ਸ਼ਾਂਤ ਹੋ ਜਾਣਾ ਹੀ ਮਨ ਉੱਪਰ ਜਿੱਤ ਹੈ ਜੋ ਕਿ ਸਤਿਨਾਮ ਦੇ ਗੁਰਪ੍ਰਸਾਦਿ ਨਾਲ ਹੀ ਪ੍ਰਾਪਤ ਹੁੰਦੀ ਹੈ। ਸਤਿਨਾਮ ਸਿਮਰਨ ਨਾਲ ਹੀ ਮਨ ਚਿੰਦਿਆ ਜਾਂਦਾ ਹੈ। ਇਸ ਪਰਮ ਸਤਿ ਤੱਤ ਨੂੰ ਗੁਰਬਾਣੀ ਵਿੱਚ ਪ੍ਰਗਟ ਕੀਤਾ ਗਿਆ ਹੈ:
ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ ॥
(ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ੪੪੧)
੬. ਸਤਿਨਾਮ ਦੇ ਗੁਰਪ੍ਰਸਾਦਿ ਨਾਲ ਸਾਰੇ ਭਰਮ ਅਤੇ ਭੁਲੇਖੇ ਖ਼ਤਮ ਹੋ ਜਾਂਦੇ ਹਨ :
ਇਹ ਪੂਰਨ ਸਤਿ ਹੈ ਕਿ ਕਿਸੇ ਕਿਸਮ ਦੇ ਵੀ ਭਰਮ ਜਿਗਿਆਸੂ ਦੀ ਬੰਦਗੀ ਨੂੰ ਅੱਗੇ ਵਧਣ ਵਿੱਚ ਬਹੁਤ ਵੱਡਾ ਰੋੜਾ ਬਣ ਜਾਂਦੇ ਹਨ। ਭਰਮਾਂ ਦੀ ਵਿਨਾਸ਼ਕਾਰੀ ਸ਼ਕਤੀ ਮਨੁੱਖ ਦੀ ਬੰਦਗੀ ਨੂੰ ਅਗਾਂਹ ਨਹੀਂ ਵਧਣ ਦਿੰਦੀ ਹੈ। ਇਸ ਪਰਮ ਸਤਿ ਤੱਤ ਨੂੰ ਗੁਰਬਾਣੀ ਵਿੱਚ ਬਾਰ-ਬਾਰ ਦ੍ਰਿੜ੍ਹ ਕਰਵਾਇਆ ਗਿਆ ਹੈ ਕਿ ਭਰਮਾਂ ਵਿੱਚ ਪੈਣ ਵਾਲੇ ਮਨੁੱਖ ਨੂੰ ਰੂਹਾਨੀਅਤ ਦੀ ਪ੍ਰਾਪਤੀ ਨਹੀਂ ਹੁੰਦੀ ਹੈ।
ਸਾਰੇ ਭਰਮਾਂ ਦਾ ਮੂਲ ਕਾਰਨ ਕੇਵਲ ਮਾਇਆ ਦਾ ਬੁਣਿਆ ਹੋਇਆ ਜਾਲ ਹੈ। ਜੋ ਹਰ ਇਕ ਮਨੁੱਖ ਨੂੰ, ਉਹ ਭਾਵੇਂ ਜਿਗਿਆਸੂ ਹੋਵੇ ਜਾਂ ਇਕ ਸਧਾਰਣ ਮਨੁੱਖ ਹੋਵੇ, ਭਰਮਾਂ ਵਿੱਚ ਉਲਝਾ ਕੇ ਰੱਖਦਾ ਹੈ। ਮਨੁੱਖੀ ਮਨ ਜੋ ਕਿ ਮਾਇਆ ਦਾ ਗ਼ੁਲਾਮ ਹੈ ਉਹ ਸਦਾ ਇਨ੍ਹਾਂ ਭਰਮਾਂ ਵਿੱਚ ਉਲਝ-ਉਲਝ ਕੇ ਦਮ ਤੋੜ ਦਿੰਦਾ ਹੈ ਅਤੇ ਬਿਨਾਂ ਇਸ ਪਰਮ ਸਤਿ ਤੱਤ ਨੂੰ ਸਮਝੇ ਮਾਇਆ ਦੇ ਇਸ ਵਿਨਾਸ਼ਕਾਰੀ ਜਾਲ ਦੇ ਵਿੱਚ ਫੱਸ ਕੇ ਆਪਣਾ ਜਨਮ ਗੁਆ ਬੈਠਦਾ ਹੈ ਅਤੇ ਚੁਰਾਸੀ ਦੇ ਗੇੜ ਵਿੱਚ ਸਦਾ-ਸਦਾ ਲਈ ਭਟਕਦਾ ਰਹਿੰਦਾ ਹੈ। ਆਪਣੇ ਰੋਜ਼ਾਨਾ ਜੀਵਨ ਵਿੱਚ ਮਨੁੱਖ ਭਰਮ ਦੇ ਕਾਰਨ ਹੀ ਮਾਇਆ ਦੀ ਗੁਲਾਮੀ ਵਿੱਚ ਜੀਵਨ ਭਰ ਫੱਸਿਆ ਰਹਿੰਦਾ ਹੈ। ਮਨੁੱਖੀ ਮਨ ਦੀ ਭਟਕਣਾ ਦਾ ਮੂਲ ਕਾਰਨ ਵੀ ਭਰਮ ਹੀ ਹਨ। ਇਸ ਲਈ ਇਹ ਸਮਝਣਾ ਕਿ ਭਰਮ ਕੀ ਹੈ ? ਭਰਮ ਦਾ ਕੀ ਅਰਥ ਹੈ ? ਬੇਅੰਤ ਜ਼ਰੂਰੀ ਹੈ; ਅਤੇ ਇਹ ਸਮਝਣਾ ਬੇਅੰਤ ਸੌਖਾ ਹੈ। ਜੋ ਸਤਿ ਨਹੀਂ ਹੈ ਉਹ ਭਰਮ ਹੈ। ਜੋ ਅਸਤਿ ਹੈ ਉਹ ਭਰਮ ਹੈ। ਜੋ ਝੂਠ ਹੈ ਉਹ ਭਰਮ ਹੈ। ਜੋ ਗੁਰਬਾਣੀ ਦੀ ਕਸੌਟੀ ਉੱਪਰ ਖਰਾ ਨਹੀਂ ਉਤਰਦਾ ਹੈ ਉਹ ਅਸਤਿ ਹੈ ਅਤੇ ਭਰਮ ਹੈ। ਗੁਰਬਾਣੀ ਪੂਰਨ ਸਤਿ ਦੀ ਤੱਕੜੀ ਹੈ। ਇਸ ਲਈ ਜੋ ਤੱਤ ਗੁਰਬਾਣੀ ਦੀ ਪੂਰਨ ਸਤਿ ਤੱਤ ਦੀ ਇਸ ਤੱਕੜੀ ਉੱਪਰ ਤੋਲਿਆ ਖਰਾ ਨਾ ਉਤਰੇ ਉਸ ਤੱਥ ਨੂੰ ਅਸਤਿ ਕਿਹਾ ਜਾਏਗਾ ਅਤੇ ਜੇਕਰ ਐਸੇ ਤੱਥ ਨੂੰ ਜੀਵਨ ਵਿੱਚ ਧਾਰਨ ਕੀਤਾ ਜਾਵੇ ਤਾਂ ਉਹ ਮਨੁੱਖੀ ਮਨ ਨੂੰ ਭਰਮ ਦਾ ਸ਼ਿਕਾਰ ਕਰਕੇ ਮਨੁੱਖ ਨੂੰ ਦੁੱਖਾਂ-ਕਲੇਸ਼ਾਂ ਦਾ ਭਾਗੀਦਾਰ ਬਣਾ ਕੇ ਤਬਾਹ ਅਤੇ ਬਰਬਾਦ ਕਰ ਦਿੰਦਾ ਹੈ।
ਭਰਮੇ ਭੂਲਾ ਦੁਖੁ ਘਣੋ ਜਮੁ ਮਾਰਿ ਕਰੈ ਖੁਲਹਾਨੁ ॥
(ਪੰਨਾ ੨੧)
ਗੁਰਬਾਣੀ ਦਾ ਹੁਕਮ ਹੈ ਕਿ ਭਰਮਾਂ ਵਿੱਚ ਪਏ ਹੋਏ ਮਨੁੱਖ ਨੂੰ ਘਣੇ ਦੁੱਖਾਂ ਕਲੇਸ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਉਂਕਿ ਮਾਇਆ ਦੀ ਗੁਲਾਮੀ ਵਿੱਚ ਭਰਮਾਂ ਕਾਰਨ ਮਨੁੱਖ ਅਸਤਿ ਕਰਮ ਕਰਦਾ ਹੈ ਜਿਸਦੀ ਸਜ਼ਾ ਉਸ ਨੂੰ ਧਰਮਰਾਜ ਦੀ ਕਚਹਿਰੀ ਲਾਉਂਦੀ ਹੈ ਜਿਸ ਕਾਰਨ ਉਸ ਨੂੰ ਜਮਾਂ ਦੀ ਗੁੱਝੀ ਮਾਰ ਪੈਂਦੀ ਹੈ। ਮਾਇਆ ਦੁਆਰਾ ਨਿਰਮਿਤ ਭਰਮਾਂ ਦੇ ਜਾਲ ਵਿੱਚ ਫੱਸ ਕੇ ਮਨੁੱਖ ਸਾਰੇ ਅਸਤਿ ਕਰਮ ਕਰਦਾ ਹੈ। ਤ੍ਰੈ ਗੁਣ ਮਾਇਆ ਦੀ ਰਜੋ ਅਤੇ ਤਮੋ ਬਿਰਤੀ ਵਿੱਚ ਕੀਤੇ ਗਏ ਸਾਰੇ ਕਰਮ ਅਸਤਿ ਹੁੰਦੇ ਹਨ। ਭਾਵ ਆਪਣੀ ਤ੍ਰਿਸ਼ਨਾ ਨੂੰ ਬੁਝਾਉਣ ਲਈ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਦੇ ਵੱਸ ਕੀਤੇ ਸਾਰੇ ਕਰਮ ਅਸਤਿ ਹੁੰਦੇ ਹਨ। ਕਰਮ ਦੇ ਪਰਮ ਸ਼ਕਤੀਸ਼ਾਲੀ ਦਰਗਾਹੀ ਵਿਧਾਨ ਦੇ ਅਨੁਸਾਰ ਮਨੁੱਖ ਨੂੰ ਇਨ੍ਹਾਂ ਕੂੜ ਕਰਮਾਂ ਦਾ ਲੇਖਾ-ਜੋਖਾ ਦੁੱਖਾਂ ਅਤੇ ਕਲੇਸ਼ਾਂ ਭਰਿਆ ਜੀਵਨ ਪ੍ਰਾਲਬਧ ਦੇ ਰੂਪ ਵਿੱਚ ਨਸੀਬ ਹੁੰਦਾ ਹੈ। ਮਨੁੱਖੀ ਜੀਵਨ ਦੇ ਵਿੱਚ ਵਾਪਰਦੇ ਹੋਏ ਇਹ ਦੁੱਖ ਅਤੇ ਕਲੇਸ਼ ਹੀ ਦਰਗਾਹੀ ਹੁਕਮ ਅਨੁਸਾਰ ਮਨੁੱਖ ਨੂੰ ਗੁੱਝੀ ਮਾਰ ਮਾਰਦੇ ਹਨ।
ਭਰਮੇ ਭੂਲਾ ਤਤੁ ਨ ਜਾਣੈ ॥
(ਪੰਨਾ ੧੧੩-੧੧੪)
ਭਰਮਾਂ ਵਿੱਚ ਭਟਕਦੇ ਹੋਏ ਮਨੁੱਖ ਨੂੰ ਸਤਿ ਤੱਤ ਸਮਝ ਨਹੀਂ ਆਉਂਦਾ ਹੈ। ਨਾ ਹੀ ਭਰਮਾਂ ਵਿੱਚ ਫਸੇ ਹੋਏ ਮਨੁੱਖ ਨੂੰ ਸਤਿ ਤੱਤ ਦੀ ਪ੍ਰਾਪਤੀ ਹੁੰਦੀ ਹੈ। ਇਸ ਦਾ ਮੂਲ ਕਾਰਨ ਇਹ ਹੀ ਹੈ ਕਿ ਭਰਮਾਂ ਵਿੱਚ ਵਿਚਰਦੇ ਹੋਏ ਮਨੁੱਖ ਮਾਇਆ ਦੇ ਜਾਲ ਵਿੱਚ ਫਸੇ ਰਹਿੰਦੇ ਹਨ ਅਤੇ ਉਹ ਮਾਇਆ ਦੇ ਇਸ ਜਾਲ ਨੂੰ ਹੀ ਸਤਿ ਸਮਝ ਕੇ ਅਸਤਿ ਕਰਮ ਕਰਦੇ ਰਹਿੰਦੇ ਹਨ। ਅਸਤਿ ਦੀ ਕਰਨੀ ਕਰਨ ਨਾਲ ਕਦੇ ਵੀ ਸਤਿ ਤੱਤ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈ। ਕਿਉਂਕਿ ਸਤਿ ਤੱਤ ਦੀ ਪ੍ਰਾਪਤੀ ਗੁਰਪ੍ਰਸਾਦਿ ਹੈ ਅਤੇ ਗੁਰਪ੍ਰਸਾਦਿ ਦੀ ਪਾਪਤੀ ਕੇਵਲ ਸਤਿ ਦੀ ਕਰਨੀ ਕਰਨ ਵਾਲੇ ਮਨੁੱਖ ਹੀ ਕਰਦੇ ਹਨ। ਸਤਿ ਤੱਤ ਤੋਂ ਭਾਵ ਹੈ ਸਤਿਨਾਮ ਦਾ ਗੁਰਪ੍ਰਸਾਦਿ, ਸਤਿਨਾਮ ਸਿਮਰਨ ਦਾ ਗੁਰਪ੍ਰਸਾਦਿ, ਸਤਿਨਾਮ ਦੀ ਕਮਾਈ ਦਾ ਗੁਰਪ੍ਰਸਾਦਿ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦਿ। ਸਤਿ ਤੱਤ ਤੋਂ ਭਾਵ ਹੈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਨਿਰਗੁਨ ਸਰੂਪ ਦੇ ਦਰਸ਼ਨ ਅਤੇ ਪੂਰਨ ਬ੍ਰਹਮ ਗਿਆਨ, ਪੂਰਨ ਤੱਤ ਗਿਆਨ ਦੀ ਪ੍ਰਾਪਤੀ, ਆਤਮ ਰਸ ਅੰਮ੍ਰਿਤ ਦੀ ਪ੍ਰਾਪਤੀ, ਹਿਰਦੇ ਵਿੱਚ ਪਰਮ ਜੋਤ ਪੂਰਨ ਪ੍ਰਕਾਸ਼ ਦੀ ਪ੍ਰਾਪਤੀ।
ਭਰਮੇ ਭੂਲਾ ਦਹ ਦਿਸਿ ਧਾਵੈ ॥ ਨਿਮਖ ਮਾਹਿ ਚਾਰਿ ਕੁੰਟ ਫਿਰਿ ਆਵੈ ॥
(ਪੰਨਾ ੨੭੭)
ਭਰਮਾਂ ਵਿੱਚ ਫੱਸਿਆ ਹੋਇਆ ਮਨੁੱਖ ਦਾ ਮਨ ਹਰ ਪਲ ਹਰ ਛਿੰਨ ਭਟਕਦਾ ਹੈ। ਮਨੁੱਖ ਦਾ ਮਨ ਕਦੇ ਚੁੱਪ ਨਹੀਂ ਕਰਦਾ ਹੈ। ਮਨੁੱਖ ਦਾ ਮਨ ਨਿਰੰਤਰ ਬੋਲਦਾ ਹੈ। ਮਨੁੱਖ ਦੇ ਮਨ ਵਿੱਚ ਕਦੇ ਫੁਰਨਿਆਂ ਦਾ ਅੰਤ ਨਹੀਂ ਹੁੰਦਾ ਹੈ। ਇਹ ਫੁਰਨੇ ਚੰਗੇ ਹੋਣ ਭਾਵੇਂ ਮਾੜੇ ਹੋਣ, ਮਨੁੱਖ ਦੇ ਮਨ ਨੂੰ ਕਦੇ ਚੁੱਪ ਨਹੀਂ ਕਰਨ ਦਿੰਦੇ ਹਨ। ਮਨੁੱਖ ਦਾ ਮਨ ਦਸੋ ਦਿਸ਼ਾਵਾਂ ਵਿੱਚ ਨਿਰੰਤਰ ਭਟਕਦਾ ਹੈ। ਇਸ ਤੋਂ ਭਾਵ ਹੈ ਕਿ ਮਨੁੱਖ ਧਰਤੀ ਉੱਪਰ ਕਿਸੇ ਵੀ ਸਥਾਨ ਉੱਪਰ ਬੈਠਾ ਹੋਵੇ ਪਰੰਤੂ ਉਸਦੇ ਮਨ ਦੀ ਗਤੀ ਇਤਨੀ ਤੇਜ਼ ਹੈ ਕਿ ਉਹ ਇਕ ਛਿਨ ਵਿੱਚ ਹੀ ਹਜ਼ਾਰਾਂ ਮੀਲਾਂ ਦਾ ਸਫਰ ਕਰਕੇ ਹਰ ਦਿਸ਼ਾ ਵਿੱਚ ਚਲਾ ਜਾਂਦਾ ਹੈ। ਉਦਾਹਰਣ ਤੇ ਤੌਰ ਤੇ ਅਮਰੀਕਾ ਵਿੱਚ ਬੈਠੇ ਹੋਏ ਮਨੁੱਖ ਦਾ ਮਨ ਇਕ ਛਿੰਨ ਵਿੱਚ ਭਾਰਤ ਵਿੱਚ ਤੁਹਾਡੇ ਆਪਣੇ ਪੁਰਾਣੇ ਪਿੰਡ ਅਤੇ ਲੋਕਾਂ ਵਿੱਚ ਚਲਾ ਜਾਂਦਾ ਹੈ ਅਤੇ ਕਈ ਫੁਰਨੇ ਘੜ ਕੇ ਵਾਪਸ ਵੀ ਆ ਜਾਂਦਾ ਹੈ। ਇਸ ਤਰ੍ਹਾਂ ਦੇ ਅਨੁਭਵ ਸਾਡੇ ਸਾਰਿਆਂ ਦੇ ਜੀਵਨ ਵਿੱਚ ਹਰ ਰੋਜ਼ ਵਰਤਦੇ ਹਨ। ਇਸੇ ਹੀ ਪਰਮ ਸਤਿ ਤੱਤ ਨੂੰ ਗੁਰਬਾਣੀ ਦੇ ਇਸ ਸ਼ਬਦ ਵਿੱਚ ਸਤਿਗੁਰੂ ਸਾਹਿਬ ਨੇ ਪ੍ਰਗਟ ਕੀਤਾ ਹੈ। ਮਨੁੱਖ ਦੇ ਮਨ ਦੀ ਇਹ ਨਿਰੰਤਰ ਭਟਕਣਾ ਦਾ ਕਾਰਨ ਕੇਵਲ ਮਾਇਆ ਦੀ ਰਜੋ ਅਤੇ ਤਮੋ ਬਿਰਤੀ ਦੀ ਗੁਲਾਮੀ ਕਰਨ ਕਾਰਨ ਮਨੁੱਖ ਦੇ ਮਨ ਵਿੱਚ ਪਏ ਭਰਮ ਹੀ ਹਨ। ਮਾਇਆ ਦੀ ਰਜੋ ਅਤੇ ਤਮੋ ਬਿਰਤੀ ਦੀਆਂ ਵਿਨਾਸ਼ਕਾਰੀ ਸ਼ਕਤੀਆਂ ਆਪਣੇ ਆਪ ਵਿੱਚ ਹੀ ਇਕ ਨਿਰੰਤਰ ਭਰਮ ਘੜਣ ਦੀ ਮਸ਼ੀਨ ਹੈ। ਜੋ ਮਨੁੱਖ ਦੇ ਮਨ ਨੂੰ ਕਦੇ ਸ਼ਾਂਤ ਨਹੀਂ ਹੋਣ ਦਿੰਦੀ ਹੈ। ਇਸੇ ਲਈ ਭਰਮਾਂ ਦੀ ਇਸ ਵਿਨਾਸ਼ਕਾਰੀ ਸ਼ਕਤੀ ਨੂੰ ਜਿਗਿਆਸੂ ਦੀ ਬੰਦਗੀ ਵਿੱਚ ਸਭ ਤੋਂ ਵੱਡੀ ਅੜਚਨ ਕਿਹਾ ਗਿਆ ਹੈ।
ਭਰਮੇ ਭੂਲਾ ਸਭੁ ਜਗੁ ਫਿਰੈ ਮਨਮੁਖਿ ਪਤਿ ਗਵਾਈ ॥੫॥
(ਪੰਨਾ ੪੨੫)
ਗੁਰਬਾਣੀ ਦੇ ਇਸ ਪਰਮ ਸ਼ਕਤੀਸ਼ਾਲੀ ਸ਼ਬਦ ਵਿੱਚ ਭਰਮਾਂ ਦੀ ਵਿਨਾਸ਼ਕਾਰੀ ਸ਼ਕਤੀ ਨੂੰ ਹੋਰ ਗਹਿਰਾਈ ਨਾਲ ਸਮਝਾਇਆ ਗਿਆ ਹੈ। ਜੋ ਮਨੁੱਖ ਮਾਇਆ ਦੀ ਗੁਲਾਮੀ ਕਰਦੇ ਹੋਏ ਭਰਮਾਂ ਵਿੱਚ ਆਪਣਾ ਜੀਵਨ ਕਾਲ ਨਸ਼ਟ ਕਰਦੇ ਹਨ ਉਨ੍ਹਾਂ ਨੂੰ ਇਸ ਸ਼ਬਦ ਵਿੱਚ ਮਨਮੁਖ ਦੀ ਸੰਗਿਆ ਦਿੱਤੀ ਗਈ ਹੈ। ਇਸ ਸ਼ਬਦ ਵਿੱਚ ਇਹ ਪੂਰਨ ਸਤਿ ਤੱਤ ਵੀ ਪ੍ਰਗਟ ਕੀਤਾ ਗਿਆ ਹੈ ਕਿ ਸਾਰਾ ਸੰਸਾਰ ਹੀ ਭਰਮਾਂ ਦੇ ਇਸ ਜਾਲ ਵਿੱਚ ਵਿਚਰ ਰਿਹਾ ਹੈ। ਭਾਵ ਸਾਰੇ ਸੰਸਾਰ ਦੇ ਲੋਕ ਮਾਇਆ ਦੀ ਰਜੋ ਅਤੇ ਤਮੋ ਬਿਰਤੀ ਵਿੱਚ ਵਿਚਰ ਰਹੇ ਹਨ ਅਤੇ ਕੇਵਲ ਭਰਮਾਂ ਦੀ ਕਮਾਈ ਕਰ ਰਹੇ ਹਨ। ਇਸ ਲਈ ਸਾਰੇ ਸੰਸਾਰ ਦੇ ਲੋਕ ਮਨਮੁਖ ਹਨ। ਜੋ ਮਨੁੱਖ ਮਨਮਤਿ ਵਿੱਚ ਵਿਚਰਦੇ ਹਨ ਉਹ ਮਨੁੱਖ ਮਨਮੁਖ ਹੁੰਦੇ ਹਨ। ਐਸੇ ਮਨੁੱਖਾਂ ਦੇ ਕਰਮ ਅਸਤਿ ਕਰਮ ਹੁੰਦੇ ਹਨ। ਉਨ੍ਹਾਂ ਦੀ ਕਰਨੀ ਅਸਤਿ ਦੀ ਕਰਨੀ ਹੁੰਦੀ ਹੈ। ਇਸ ਲਈ ਦਰਗਾਹ ਵਿੱਚ ਉਨ੍ਹਾਂ ਦੀ ਕੋਈ ਪੱਤ ਨਹੀਂ ਹੁੰਦੀ ਹੈ। ਇਸ ਲਈ ਕਿਉਂਕਿ ਸਾਰੇ ਸੰਸਾਰ ਦੇ ਮਨੁੱਖ ਮਨਮੁਖ ਹਨ, ਉਨ੍ਹਾਂ ਦੀ ਦਰਗਾਹ ਵਿੱਚ ਕੋਈ ਪੱਤ ਨਹੀਂ ਹੈ। ਭਾਵ ਸਾਰੇ ਸੰਸਾਰ ਦੇ ਲੋਕ ਭਰਮਾਂ ਵਿੱਚ ਪੈ ਕੇ ਮਨਮੁਖ ਹਨ ਅਤੇ ਰੂਹਾਨੀਅਤ ਦੀ ਪ੍ਰਾਪਤੀ ਤੋਂ ਵਾਂਝੇ ਹਨ।
ਭਰਮਿ ਭੂਲੇ ਨਦਰਿ ਨ ਆਵਨੀ ਮਨਮੁਖ ਅੰਧ ਅਗਿਆਨੀ ॥
(ਪੰਨਾ ੫੧੪)
ਇਹ ਜਗਤੁ ਭਰਮਿ ਭੁਲਾਇਆ ਵਿਰਲਾ ਬੂਝੈ ਕੋਇ ॥੧॥
(ਪੰਨਾ ੫੫੮)
ਭਰਮੇ ਭੂਲਾ ਸਾਕਤੁ ਫਿਰਤਾ ॥
(ਪੰਨਾ ੭੩੯)
ਭਰਮਾਂ ਵਿੱਚ ਵਿਚਰਦੇ ਹੋਏ ਮਨੁੱਖ ਨੂੰ ਗੁਰਪ੍ਰਸਾਦਿ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਐਸਾ ਮਨੁੱਖ ਜੋ ਭਰਮਾਂ ਵਿੱਚ ਜੀਵਨ ਕਾਲ ਨੂੰ ਨਸ਼ਟ ਕਰ ਰਿਹਾ ਹੈ, ਜੋ ਭਰਮਾਂ ਵਿੱਚ ਫੱਸਿਆ ਹੋਇਆ ਮਨਮੁਖ ਬਣਿਆ ਹੋਇਆ ਹੈ, ਉਹ ਮਨਮੁਖ ਅੰਧ ਅਗਿਆਨ ਵਿੱਚ ਫੱਸਿਆ ਹੋਇਆ ਹੈ ਅਤੇ ਇਸੇ ਅੰਧ ਅਗਿਆਨ ਦੇ ਵਿੱਚ ਫਸੇ ਹੋਣ ਕਾਰਨ ਉਸ ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਨਦਰਿ ਦੀ ਪ੍ਰਾਪਤੀ ਨਹੀਂ ਹੋ ਸਕਦੀ। ਨਦਰਿ ਤੋਂ ਭਾਵ ਹੈ ਕਰਮ, ਗੁਰਕਿਰਪਾ ਅਤੇ ਗੁਰਪ੍ਰਸਾਦਿ ਦੀ ਪ੍ਰਾਪਤੀ। ਭਰਮਾਂ ਵਿੱਚ ਫੱਸਿਆ ਹੋਇਆ ਮਨੁੱਖ ਸਾਕਤ ਹੈ। ਸਾਕਤ ਤੋਂ ਭਾਵ ਹੈ ਜੋ ਨਾਸਤਿਕ ਹੈ, ਜੋ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲੋਂ ਟੁੱਟਿਆ ਹੋਇਆ ਹੈ। ਜਿਸਦੇ ਸਾਰੇ ਕਰਮ ਅਸਤਿ ਹਨ। ਜਿਸਦੇ ਜੀਵਨ ਵਿੱਚ ਉਸਨੂੰ ਗੁਰਪ੍ਰਸਾਦਿ ਦੀ ਪ੍ਰਾਪਤੀ ਦਾ ਕੋਈ ਹੀਲਾ ਦੂਰ-ਦੂਰ ਤੱਕ ਨਹੀਂ ਦਿੱਸਦਾ ਹੈ। ਉਹ ਮਨੁੱਖ ਕੇਵਲ ਸਾਰਾ ਜੀਵਨ ਭਰਮਾਂ ਵਿੱਚ ਵਿਚਰਦਾ ਹੋਇਆ ਆਪਣਾ ਅਨਮੋਲਕ ਰਤਨ ਹੀਰਾ ਜਨਮ ਗੁਆ ਲੈਂਦਾ ਹੈ। ਕੋਈ ਵਿਰਲਾ ਮਨੁੱਖ ਹੀ ਹੈ ਜਿਸਨੂੰ ਭਰਮਾਂ ਦੀ ਇਸ ਵਿਨਾਸ਼ਕਾਰੀ ਸ਼ਕਤੀ ਦਾ ਗਿਆਨ ਹੋ ਜਾਂਦਾ ਹੈ। ਮਾਇਆ ਦਾ ਜਾਲ ਇਤਨਾ ਪ੍ਰਬਲ ਹੈ ਕਿ ਆਮ ਮਨੁੱਖ ਨੂੰ ਇਸ ਸੋਝੀ ਤੋਂ ਵਾਂਝਾ ਰੱਖਦਾ ਹੈ। ਕੇਵਲ ਉਹ ਮਨੁੱਖ ਜੋ ਆਪਣਾ ਧਿਆਨ ਸਤੋ ਬਿਰਤੀ ਉੱਪਰ ਕੇਂਦਰਿਤ ਕਰਦਾ ਹੈ ਉਸ ਨੂੰ ਹੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਕਿਰਪਾ ਨਾਲ ਭਰਮਾਂ ਦੇ ਇਸ ਵਿਨਾਸ਼ਕਾਰੀ ਜਾਲ ਦਾ ਗਿਆਨ ਹੋ ਜਾਂਦਾ ਹੈ। ਕੇਵਲ ਐਸਾ ਮਨੁੱਖ ਹੀ ਗੁਰਪ੍ਰਸਾਦਿ ਦੀ ਪ੍ਰਾਪਤੀ ਕਰਕੇ, ਗੁਰਪ੍ਰਸਾਦਿ ਦੀ ਇਸ ਪਰਮ ਸ਼ਕਤੀ ਦੀ ਕਿਰਪਾ ਨਾਲ ਬੰਦਗੀ ਕਰਨ ਵਿੱਚ ਸਫਲ ਹੁੰਦਾ ਹੈ।
ਸੰਸਾਰ ਵਿੱਚ ਪ੍ਰਚਲਿਤ ਭਰਮ ਬੰਦਗੀ ਦੇ ਮਾਰਗ ਵਿੱਚ ਸਭ ਤੋਂ ਵੱਡਾ ਅੜਿੱਕਾ ਪਾਉਂਦੇ ਹਨ। ਭਰਮ ਮਨੁੱਖ ਦੇ ਜੀਵਨ ਵਿੱਚ ਦੁਬਿਧਾ ਨੂੰ ਜਨਮ ਦਿੰਦੇ ਹਨ। ਦੁਬਿਧਾ ਵਿੱਚ ਜੱਕੜੇ ਹੋਏ ਮਨੁੱਖ ਦੇ ਹਿਰਦੇ ਵਿੱਚ ਗੁਰ ਅਤੇ ਗੁਰੂ ਲਈ ਪੂਰਨ ਸ਼ਰਧਾ, ਪ੍ਰੀਤ ਅਤੇ ਭਰੋਸਾ ਕਦੇ ਨਹੀਂ ਹੁੰਦਾ ਹੈ।
ਦੁਬਿਧਾ ਵਿੱਚ ਫਸੇ ਹੋਏ ਮਨੁੱਖ ਦੀ ਬੰਦਗੀ ਦਰਗਾਹ ਵਿੱਚ ਪਰਵਾਨ ਨਹੀਂ ਹੁੰਦੀ ਹੈ। ਦੁਬਿਧਾ ਵਿੱਚ ਫੱਸਿਆ ਹੋਇਆ ਮਨੁੱਖ ਭਾਵੇਂ ਜਿਤਨੇ ਮਰਜ਼ੀ ਜਪ-ਤਪ ਕਰੀ ਜਾਵੇ ਉਸਦੀ ਸੇਵਾ ਦਰਗਾਹ ਵਿੱਚ ਕਬੂਲ ਨਹੀਂ ਹੁੰਦੀ ਹੈ। ਕਿਉਂਕਿ ਦੁਬਿਧਾ ਵਿੱਚ ਕੀਤੀ ਗਈ ਸੇਵਾ ਇੱਕ ਮਨ ਇੱਕ ਚਿੱਤ ਨਾਲ ਨਹੀਂ ਹੁੰਦੀ ਹੈ ਇਸ ਲਈ ਐਸੀ ਸੇਵਾ ਦਰਗਾਹ ਵਿੱਚ ਪਰਵਾਨ ਨਹੀਂ ਹੁੰਦੀ ਹੈ। ਇਸ ਲਈ ਇਨ੍ਹਾਂ ਧਰਮ-ਕਰਮਾਂ ਦਾ ਦਰਗਾਹ ਵਿੱਚ ਮੁੱਲ ਨਹੀਂ ਪੈਂਦਾ ਹੈ ਅਤੇ ਮਨੁੱਖ ਜਨਮ-ਮਰਣ ਦੇ ਬੰਧਨਾਂ ਤੋਂ ਮੁਕਤ ਨਹੀਂ ਹੁੰਦਾ ਹੈ। ਦੁਬਿਧਾ ਵਿੱਚ ਫਸੇ ਹੋਏ ਮਨੁੱਖ ਦੇ ਮਨ ਦੀ ਮੈਲ ਨਹੀਂ ਧੁੱਲਦੀ ਹੈ। ਮਨ ਵਿੱਚੋਂ ਵਿਕਾਰਾਂ ਦੀ ਵਿਨਾਸ਼ਕਾਰੀ ਮੈਲ ਨਹੀਂ ਧੁੱਲਦੀ ਹੈ ਜਿਸ ਕਾਰਨ ਮਨੁੱਖ ਜਨਮ-ਮਰਨ ਦੇ ਬੰਧਨਾਂ ਤੋਂ ਮੁਕਤ ਨਹੀਂ ਹੋ ਸਕਦਾ ਹੈ। ਕੇਵਲ ਉਹ ਮਨੁੱਖ ਜਿਨ੍ਹਾਂ ਉੱਪਰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਇਆਲ ਹੋ ਜਾਂਦਾ ਹੈ ਉਨ੍ਹਾਂ ਨੂੰ ਆਪਣੀ ਗੁਰਕਿਰਪਾ ਅਤੇ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਨਾਲ ਦੁਬਿਧਾ ਤੋਂ ਖ਼ਲਾਸ ਕਰ ਕੇ ਬਾਹਰ ਕੱਢ ਲੈਂਦਾ ਹੈ ਅਤੇ ਇੱਕ ਦ੍ਰਿਸ਼ਟ ਬਣਾ ਦਿੰਦਾ ਹੈ। ਕੇਵਲ ਇੱਕ ਦ੍ਰਿਸ਼ਟ ਮਨੁੱਖ ਹੀ ਜੀਵਨ ਮੁਕਤੀ ਨੂੰ ਪ੍ਰਾਪਤ ਕਰਦਾ ਹੈ। ਕੇਵਲ ਇੱਕ ਦ੍ਰਿਸ਼ਟ ਮਨੁੱਖ ਹੀ ਪੂਰਨ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਦਾ ਹੈ। ਕੇਵਲ ਇੱਕ ਦ੍ਰਿਸ਼ਟ ਮਨੁੱਖ ਹੀ ਆਤਮ ਰਸ ਅੰਮ੍ਰਿਤ ਦੀ ਪ੍ਰਾਪਤੀ ਕਰਦਾ ਹੈ।
ਇਸ ਲਈ ਭਰਮ ਮਨੁੱਖ ਨੂੰ ਪੂਰਨ ਸਤਿ ਤੋਂ ਭਟਕਾਉਂਦੇ ਹਨ। ਭਰਮ ਮਨੁੱਖ ਨੂੰ ਗੁਰਮਤਿ ਤੋਂ ਭਟਕਾ ਦਿੰਦੇ ਹਨ। ਭਰਮ ਮਨੁੱਖ ਨੂੰ ਕੁਰਾਹੇ ਪਾ ਦਿੰਦੇ ਹਨ। ਜਿਵੇਂ ਦੀਮਕ ਲੱਕੜੀ ਨੂੰ ਲੱਗ ਜਾਵੇ ਤਾਂ ਉਹ ਲੱਕੜੀ ਨੂੰ ਖਾ ਜਾਂਦੀ ਹੈ ਠੀਕ ਉਸੇ ਤਰ੍ਹਾਂ ਭਰਮ ਮਨੁੱਖ ਦੇ ਪਰਮਾਰਥਕ ਜੀਵਨ ਨੂੰ ਨਸ਼ਟ ਕਰ ਦਿੰਦੇ ਹਨ।
ਖਰੇ ਪਰਖਿ ਖਜਾਨੈ ਪਾਇਹਿ ਖੋਟੇ ਭਰਮਿ ਭੁਲਾਵਣਿਆ ॥੬॥
(ਸ੍ਰੀ ਗੁਰੂ ਗ੍ਰੰਥ ਸਾਹਿਬ ੧੧੯)
ਭਰਮਾਂ ਵਿੱਚ ਪਏ ਹੋਏ ਮਨੁੱਖ ਖੋਟੇ ਹੁੰਦੇ ਹਨ। ਜੋ ਮਨੁੱਖ ਪਰਮ ਸਤਿ ਤੱਤ ਦੀ ਪਹਿਚਾਣ ਕਰ ਲੈਂਦੇ ਹਨ ਉਹ ਭਰਮਾਂ ਵਿੱਚੋਂ ਨਿਕਲ ਜਾਂਦੇ ਹਨ ਅਤੇ ਦਰਗਾਹੀ ਖਜ਼ਾਨਿਆਂ ਦੇ ਹੱਕਦਾਰ ਬਣ ਜਾਂਦੇ ਹਨ। ਜਦ ਮਨੁੱਖ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ ਅਤੇ ਪੂਰਨ ਬੰਦਗੀ ਦਾ ਗੁਰ ਪ੍ਰਸਾਦਿ ਪ੍ਰਾਪਤ ਕਰਦਾ ਹੈ ਅਤੇ ਬੰਦਗੀ ਵਿੱਚ ਲੀਨ ਹੋ ਜਾਂਦਾ ਹੈ ਤਾਂ ਉਸ ਨੂੰ ਕਈ ਵੇਰਾਂ ਗੁਰ ਅਤੇ ਗੁਰੂ ਲਈ ਆਪਣੀ ਸ਼ਰਧਾ, ਪ੍ਰੀਤ ਅਤੇ ਭਰੋਸਾ ਸਿੱਧ ਕਰਨ ਲਈ ਮਾਇਆ ਦੀਆਂ ਕਈ ਕਠਿਨ ਪ੍ਰੀਖਿਆਵਾਂ ਵਿੱਚੋਂ ਲੰਘਣਾ ਪੈਂਦਾ ਹੈ। ਜੋ ਮਨੁੱਖ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੁਆਰਾ ਦਿੱਤੇ ਗਏ ਸਾਰੇ ਇਮਤਿਹਾਨ ਆਪਣੀ ਅਪਾਰ ਸ਼ਰਧਾ, ਪ੍ਰੀਤ ਅਤੇ ਭਰੋਸੇ ਦੀ ਪਰਮ ਸ਼ਕਤੀ ਨਾਲ ਪੂਰੇ ਕਰ ਲੈਂਦੇ ਹਨ ਉਹ ਮਨੁੱਖ ਦਰਗਾਹ ਵਿੱਚ ਸਦਾ-ਸਦਾ ਲਈ ਨਿਵਾਜੇ ਜਾਂਦੇ ਹਨ। ਜੋ ਮਨੁੱਖ ਮਾਇਆ ਦੇ ਇਨ੍ਹਾਂ ਸਾਰੇ ਇਮਤਿਹਾਨਾਂ ਵਿੱਚ ਅੱਵਲ ਆ ਜਾਂਦੇ ਹਨ ਉਨ੍ਹਾਂ ਦੀ ਬੰਦਗੀ ਦਰਗਾਹ ਵਿੱਚ ਪਰਵਾਨ ਚੜ੍ਹਦੀ ਹੈ ਅਤੇ ਉਹ ਆਪਣੀ ਬੰਦਗੀ ਪੂਰਨ ਕਰਕੇ ਦਰਗਾਹ ਵਿੱਚ ਮਾਣ ਪ੍ਰਾਪਤ ਕਰਦੇ ਹਨ। ਇਹ ਪੂਰਨ ਸਤਿ ਹੈ ਕਿ ਗੁਰਪ੍ਰਸਾਦਿ ਦੀ ਕਿਰਪਾ ਬਹੁਤ ਲੋਕਾਂ ਉੱਪਰ ਵਰਤਦੀ ਹੈ ਪਰੰਤੂ ਪੂਰਨ ਕਮਾਈ ਕੋਈ ਵਿਰਲਾ ਹੀ ਕਰਦਾ ਹੈ। ਜੋ ਮਨੁੱਖ ਗੁਰਪ੍ਰਸਾਦਿ ਦੀ ਪ੍ਰਾਪਤੀ ਕਰਕੇ ਵੀ ਮਾਇਆ ਦੇ ਇਨ੍ਹਾਂ ਇਮਤਿਹਾਨਾਂ ਵਿੱਚ ਅੱਵਲ ਨਹੀਂ ਆਉਂਦੇ ਹਨ ਅਤੇ ਮਾਇਆ ਕਾਰਨ ਭਰਮਾਂ ਵਿੱਚ ਪੈ ਜਾਂਦੇ ਹਨ ਉਨ੍ਹਾਂ ਮਨੁੱਖਾਂ ਦੀ ਬੰਦਗੀ ਪੂਰਨ ਨਹੀਂ ਹੁੰਦੀ ਹੈ। ਕੁਝ ਜਿਗਿਆਸੂ ਤਾਂ ਪੂਰਨ ਬੰਦਗੀ ਦੇ ਬਹੁਤ ਨੇੜੇ ਪਹੁੰਚ ਕੇ ਵੀ ਥਿੜ੍ਹਕ ਜਾਂਦੇ ਹਨ ਅਤੇ ਆਪਣਾ ਸਭ ਕੁਝ ਗੁਆ ਬੈਠਦੇ ਹਨ। ਇਸੇ ਲਈ ਬੰਦਗੀ ਦੇ ਇਸ ਮਾਰਗ ਨੂੰ ਖੰਡੇ ਦੀ ਧਾਰ ਉੱਪਰ ਚਲਣ ਦੇ ਬਰਾਬਰ ਦੱਸਿਆ ਗਿਆ ਹੈ। ਬੰਦਗੀ ਪੂਰਨ ਕੇਵਲ ਉਹ ਮਨੁੱਖ ਹੀ ਕਰਦੇ ਹਨ ਜਿਨ੍ਹਾਂ ਦਾ ਆਪਣੇ ਗੁਰ ਅਤੇ ਗੁਰੂ ਲਈ ਅਪਾਰ ਸ਼ਰਧਾ, ਪ੍ਰੀਤ ਅਤੇ ਭਰੋਸਾ ਹੁੰਦਾ ਹੈ। ਆਪਣੇ ਗੁਰ ਅਤੇ ਗੁਰੂ ਲਈ ਅਪਾਰ ਸ਼ਰਧਾ, ਭਰੋਸੇ ਅਤੇ ਪ੍ਰੀਤ ਵਿੱਚ ਤਰੇੜ ਆ ਜਾਵੇ ਤਾਂ ਇਹ ਤਰੇੜ ਸਭ ਕੁਝ ਨਸ਼ਟ ਕਰ ਦਿੰਦੀ ਹੈ। ਕਈ ਮਨੁੱਖ ਜੋ ਬੰਦਗੀ ਦੀ ਅਖੀਰਲੀ ਪਉੜੀ ਤੇ ਚੜ੍ਹਣ ਤੋਂ ਪਹਿਲਾਂ ਥਿੜ੍ਹਕਦੇ ਹਨ ਉਸਦਾ ਕਾਰਨ ਉਨ੍ਹਾਂ ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਪਰਮ ਸ਼ਕਤੀਆਂ ਦਾ ਹੋਇਆ ਅਨੁਭਵ ਬਣ ਜਾਂਦਾ ਹੈ। ਉਹ ਇਹ ਸਮਝ ਬੈਠਦੇ ਹਨ ਕਿ ਹੁਣ ਉਨ੍ਹਾਂ ਨੂੰ ਸਾਰੀਆਂ ਪ੍ਰਾਪਤੀਆਂ ਹੋ ਗਈਆਂ ਹਨ ਅਤੇ ਹੁਣ ਉਨ੍ਹਾਂ ਨੂੰ ਗੁਰੂ ਦੀ ਕੋਈ ਲੋੜ ਨਹੀਂ ਹੈ। ਇਹ ਜਾਣ ਕੇ ਉਹ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਇਨ੍ਹਾਂ ਪਰਮ ਸ਼ਕਤੀਆਂ ਵਿੱਚ ਉਲਝ ਜਾਂਦੇ ਹਨ ਅਤੇ ਆਪਣੇ ਗੁਰੂ ਉੱਪਰ ਸ਼ਰਧਾ, ਭਰੋਸਾ ਅਤੇ ਪ੍ਰੀਤ ਗੁਆ ਬੈਠਦੇ ਹਨ। ਉਨ੍ਹਾਂ ਦੀ ਸ਼ਰਧਾ, ਪ੍ਰੀਤ ਅਤੇ ਭਰੋਸੇ ਵਿੱਚ ਆਈ ਇਹ ਤਰੇੜ ਉਨ੍ਹਾਂ ਦੇ ਸੂਖਸ਼ਮ ਅਹੰਕਾਰ ਨੂੰ ਹਵਾ ਦਿੰਦੀ ਹੈ ਅਤੇ ਇਸ ਤਰ੍ਹਾਂ ਸਾਰੀ ਵਡਿਆਈ ਗੁਰੂ ਨੂੰ ਦੇਣ ਦੇ ਬਜਾਇ ਉਹ ਆਪਣੇ ਹੀ ਅਹੰਕਾਰ ਵਿੱਚ ਜੱਕੜੇ ਜਾਣ ਕਾਰਨ ਆਪਣਾ ਸਭ ਕੁਝ ਗੁਆ ਬੈਠਦੇ ਹਨ। ਇਸ ਤਰ੍ਹਾਂ ਇਸ ਉੱਚੀ ਅਵਸਥਾ ਉੱਪਰ ਪਹੁੰਚ ਕੇ ਵੀ ਐਸੇ ਮਨੁੱਖ ਮਾਇਆ ਦੇ ਇਸ ਇਮਤਿਹਾਨ ਵਿੱਚ ਅੱਵਲ ਨਾ ਹੋਣ ਕਾਰਨ ਆਪਣਾ ਸਭ ਕੁਝ ਗੁਆ ਬੈਠਦੇ ਹਨ।
ਗੁਰਿ ਪੂਰੈ ਸਭੁ ਭਰਮੁ ਚੁਕਾਇਆ ॥
ਹਰਿ ਸਿਮਰਤ ਨਾਨਕ ਸੁਖੁ ਪਾਇਆ ॥੪॥੮॥੭੭॥
(ਸ੍ਰੀ ਗੁਰੂ ਗ੍ਰੰਥ ਸਾਹਿਬ ੧੭੮)
ਸੋ ਸਤਿਗੁਰੁ ਧਨੁ ਧੰਨੁ ਜਿਨਿ ਭਰਮ ਗੜੁ ਤੋੜਿਆ ॥
(ਸ੍ਰੀ ਗੁਰੂ ਗ੍ਰੰਥ ਸਾਹਿਬ ੫੨੨)
ਕੇਵਲ ਪੂਰਾ ਗੁਰੂ ਹੀ ਜਿਗਿਆਸੂ ਦੇ ਮਨ ਵਿੱਚੋਂ ਸਾਰੇ ਭਰਮਾਂ ਦਾ ਨਾਸ਼ ਕਰ ਸਕਦਾ ਹੈ। ਕੇਵਲ ਸਤਿਗੁਰੂ ਹੀ ਮਨੁੱਖ ਦੇ ਸਾਰੇ ਭਰਮਾਂ ਦਾ ਖੰਡਨ ਕਰ ਸਕਦਾ ਹੈ ਅਤੇ ਮਨੁੱਖ ਨੂੰ ਸਾਰੇ ਭਰਮਾਂ ਤੋਂ ਮੁਕਤ ਕਰ ਸਕਦਾ ਹੈ। ਜੋ ਆਪ ਪੂਰਨ ਹੈ ਕੇਵਲ ਉਹ ਗੁਰੂ ਹੀ ਜਿਗਿਆਸੂ ਦੇ ਸਾਰੇ ਭਰਮਾਂ ਦਾ ਖੰਡਨ ਕਰਨ ਦੀ ਸਮਰੱਥਾ ਰੱਖਦਾ ਹੈ। ਇਸ ਲਈ ਜੋ ਮਨੁੱਖ ਪੂਰਾ ਗੁਰੂ ਅਰਾਧਦੇ ਹਨ ਉਨ੍ਹਾਂ ਦੇ ਸਾਰੇ ਭਰਮਾਂ ਦਾ ਖੰਡਨ ਸਤਿਗੁਰੁ ਆਪ ਕਰਦਾ ਹੈ। ਜੋ ਮਨੁੱਖ ਆਪਣਾ ਤਨ, ਮਨ ਅਤੇ ਧਨ ਸਤਿਗੁਰੁ ਦੇ ਚਰਨਾਂ ਉੱਪਰ ਅਰਪਣ ਕਰ ਦਿੰਦੇ ਹਨ ਉਨ੍ਹਾਂ ਦੀ ਗੁਰੂ ਲਈ ਸ਼ਰਧਾ, ਪ੍ਰੀਤ ਅਤੇ ਭਰੋਸਾ ਬੇਅੰਤਤਾ ਵਿੱਚ ਚਲਾ ਜਾਂਦਾ ਹੈ ਅਤੇ ਇਸੇ ਬੇਅੰਤ ਭਰੋਸੇ, ਸ਼ਰਧਾ ਅਤੇ ਪ੍ਰੀਤ ਦੀ ਪਰਮ ਅਨੰਤ ਸ਼ਕਤੀ ਉਨ੍ਹਾਂ ਨੂੰ ਦਰਗਾਹ ਵਿੱਚ ਪਰਵਾਨ ਚੜ੍ਹਾ ਦਿੰਦੀ ਹੈ।ਭਰਮ, ਭੁਲੇਖੇ, ਵਿਚਲਨ, ਸ਼ੱਕ, ਅਤੇ ਸਾਰੀਆਂ ਨਾ ਪੱਖੀ ਸ਼ਕਤੀਆਂ ਜੋ ਤੁਹਾਡੇ ਮਨ ਨੂੰ ਅਤੇ ਰੂਹ ਨੂੰ ਚਲਾ ਰਹੀਆਂ ਹਨ; ਸਤਿਨਾਮ ਸਿਮਰਨ ਕਰਨ ਨਾਲ ਖਤਮ ਹੋ ਜਾਂਦੀਆਂ ਹਨ। ਤੁਹਾਡਾ ਮਨ ਸਥਿਰ ਬਣਨਾ ਸ਼ੁਰੂ ਹੁੰਦਾ ਹੈ ਅਤੇ ਹੌਲੀ-ਹੌਲੀ ਤੁਸੀਂ ਸਾਰੀਆਂ ਸਥਿਤੀਆਂ ਉੱਪਰ ਕਾਬੂ ਪਾ ਲੈਂਦੇ ਹੋ ਜੋ ਤੁਹਾਡੇ ਮਨ ਨੂੰ ਵਿਚਲਿਤ ਕਰਦੀਆਂ ਹਨ। ਤੁਹਾਡੇ ਮਨ ਦੀ ਇਕਾਗਰਤਾ ਤੁਹਾਡੀ ਰੂਹ ਦੇ ਵਿਕਾਸ ਨਾਲ ਵੱਧ ਜਾਂਦੀ ਹੈ ਅਤੇ ਫਲਸਰੂਪ ਤੁਸੀਂ ਸਾਰੇ ਤਰ੍ਹਾਂ ਦੇ ਭਰਮਾਂ ਅਤੇ ਵਿਚਲਨ ਕਰਨ ਵਾਲੀਆਂ ਵਿਨਾਸ਼ਕਾਰੀ ਸ਼ਕਤੀਆਂ ਤੋਂ ਮੁਕਤ ਹੋ ਜਾਂਦੇ ਹੋ।
੭. ਸਤਿਨਾਮ ਦਾ ਗੁਰਪ੍ਰਸਾਦਿ ਮਨੁੱਖ ਨੂੰ ਨਿਰਭਉ ਬਣਾਉਂਦਾ ਹੈ :
ਸਤਿਨਾਮ ਸਿਮਰਨ ਸਾਨੂੰ ਦਿਨ ਪ੍ਰਤੀ ਦਿਨ ਦੀਆਂ ਕ੍ਰਿਆਵਾਂ ਵਿੱਚ ਨਿਰਭਉ ਬਣਾਉਂਦਾ ਹੈ। ਸਤਿਨਾਮ ਸਿਮਰਨ ਨਾਲ ਅਸੀਂ ਆਪਣੇ ਆਪ, ਹੋਰਾਂ ਨਾਲ ਅਤੇ ਸਰਵ ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਪੂਰਨ ਸਚਿਆਰੇ ਬਣ ਜਾਂਦੇ ਹਾਂ। ਸਾਨੂੰ ਸਤਿ ਬੋਲਣ, ਸਤਿ ਸੁਣਨ, ਸਤਿ ਦੀ ਸੇਵਾ ਕਰਨ ਅਤੇ ਸਤਿ ਵਰਤਾਉਣ ਦੀ ਪਰਮ ਸ਼ਕਤੀ ਮਿਲਦੀ ਹੈ। ਅਸੀਂ ਸਤਿ ਬੋਲਣ ਅਤੇ ਸਤਿ ਵਰਤਾਉਣ ਤੋਂ ਡਰਦੇ ਨਹੀਂ ਹਾਂ। ਅਸੀਂ ਸਤਿ ਅਤੇ ਅਸਤਿ ਵਿਚਲੇ ਫਰਕ ਨੂੰ ਪਹਿਚਾਣਨਾ ਸ਼ੁਰੂ ਕਰਦੇ ਹਾਂ, ਅਤੇ ਆਪਣੇ ਆਪ ਨੂੰ ਅਸਤਿ ਕਰਨੀਆਂ ਤੋਂ ਬਚਾ ਲੈਂਦੇ ਹਾਂ। ਅਸੀਂ ਅਸਤਿ ਦੇ ਭਾਰ ਤੋਂ ਮੁਕਤ ਹੋ ਜਾਂਦੇ ਹਾਂ। ਅਸੀਂ ਮਾਇਆ ਦੇ ਮੋਹ ਤੋਂ ਮੁਕਤ ਹੋ ਜਾਂਦੇ ਹਾਂ। ਭਾਵ ਅਸੀਂ ਸੰਸਾਰਕ ਅਤੇ ਪਰਿਵਾਰਕ ਮੋਹ ਤੋਂ ਮੁਕਤ ਹੋ ਜਾਂਦੇ ਹਾਂ। ਇੱਥੇ ਇਹ ਪਰਮ ਸਤਿ ਤੱਤ ਤੱਥ ਦ੍ਰਿੜ੍ਹ ਕਰਨਾ ਬਹੁਤ ਜ਼ਰੂਰੀ ਹੈ ਕਿ ਕੇਵਲ ਉਹ ਮਨੁੱਖ ਜੋ ਕਿ ਸੰਸਾਰਕ ਅਤੇ ਪਰਿਵਾਰਕ ਮੋਹ ਤੋਂ ਮੁਕਤ ਹੁੰਦਾ ਹੈ ਕੇਵਲ ਐਸਾ ਮਨੁੱਖ ਹੀ ਸਤਿ ਬੋਲ ਸਕਦਾ ਹੈ, ਸਤਿ ਸੁਣ ਸਕਦਾ ਹੈ, ਸਤਿ ਦੀ ਸੇਵਾ ਕਰ ਸਕਦਾ ਹੈ ਅਤੇ ਸਤਿ ਵਰਤਾ ਸਕਦਾ ਹੈ ਕਿਉਂਕਿ ਉਹ ਮਨੁੱਖ ਨਿਰਭਉ ਹੋ ਜਾਂਦਾ ਹੈ। ਇਸ ਲਈ ਪੂਰਨ ਸਚਿਆਰੀ ਰਹਿਤ ਕੇਵਲ ਉਸ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ ਜੋ ਨਿਰਭਉ ਹੋ ਜਾਂਦਾ ਹੈ ਅਤੇ ਪੂਰਨ ਸਤਿ ਦੀ ਸੇਵਾ ਕਰਦਾ ਹੈ ਅਤੇ ਪੂਰਨ ਸਤਿ ਵਰਤਾਉਂਦਾ ਹੈ।
੮. ਸਤਿਨਾਮ ਦੇ ਗੁਰਪ੍ਰਸਾਦਿ ਨਾਲ ਸਾਰੇ ਦੁੱਖਾਂ, ਕਲੇਸ਼ਾਂ ਅਤੇ ਰੋਗਾਂ ਦਾ ਅੰਤ ਹੋ ਜਾਂਦਾ ਹੈ :
ਸਰਬ ਰੋਗ ਕਾ ਅਉਖਦੁ ਨਾਮੁ ॥
(ਸ੍ਰੀ ਗੁਰੂ ਗ੍ਰੰਥ ਸਾਹਿਬ- ੨੭੪)
ਸਤਿਨਾਮ ਸਿਮਰਨ ਸਾਡੀ ਜ਼ਿੰਦਗੀ ਵਿੱਚੋਂ ਸਾਰੇ ਦੁੱਖਾਂ ਕਲੇਸ਼ਾਂ ਨੂੰ ਖਤਮ ਕਰ ਦਿੰਦਾ ਹੈ। ਅਸੀਂ ਮਾਨਸਿਕ ਤੌਰ ਤੇ ਇੰਨ੍ਹੇ ਸ਼ਕਤੀਸ਼ਾਲੀ ਹੋ ਜਾਂਦੇ ਹਾਂ ਕਿ ਅਸੀਂ ਹਰ ਤਰ੍ਹਾਂ ਦੇ ਦੁੱਖਾਂ ਅਤੇ ਘਾਤਕ ਬਿਮਾਰੀਆਂ ਨੂੰ ਸਹਿਣ ਦੇ ਯੋਗ ਹੋ ਜਾਂਦੇ ਹਾਂ। ਸਾਡੇ ਸਾਰੇ ਮਾਨਸਿਕ ਰੋਗਾਂ ਦਾ ਅੰਤ ਹੋ ਜਾਂਦਾ ਹੈ। ਭਾਵ ਸਾਡਾ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਤ੍ਰਿਸ਼ਨਾ, ਰਾਜ, ਜੋਬਨ, ਧਨ, ਮਾਲ, ਰੂਪ, ਰਸ, ਗੰਧ, ਸ਼ਬਦ, ਸਪਰਸ਼, ਨਿੰਦਿਆ, ਚੁਗਲੀ, ਬਖੀਲੀ, ਈਰਖਾ, ਰਾਗ, ਦਵੈਸ਼ ਵਰਗੇ ਘਾਤਕ ਮਾਨਸਿਕ ਰੋਗਾਂ ਤੋਂ ਛੁਟਕਾਰਾ ਹੋ ਜਾਂਦਾ ਹੈ। ਮਨੁੱਖ ਦੇ ਸਾਰੇ ਸ਼ਰੀਰਕ ਰੋਗਾਂ ਦਾ ਵੱਡਾ ਕਾਰਨ ਮਨੁੱਖਾ ਦੇਹੀ ਦੀ ਦੁਰਵਰਤੋਂ ਹੈ। ਮਨੁੱਖ ਮਾਇਆ ਦੀ ਗੁਲਾਮੀ ਵਿੱਚ ਕੀਤੇ ਗਏ ਸਾਰੇ ਕਰਮ ਕਰਦਾ ਹੋਇਆ ਆਪਣੀ ਦੇਹੀ ਦੀ ਦੁਰਵਰਤੋਂ ਕਰਦਾ ਹੈ ਜਿਸ ਕਾਰਨ ਇਹ ਸਾਰੇ ਮਾਨਸਿਕ ਰੋਗ ਮਨੁੱਖ ਦੇ ਮਨ ਨੂੰ ਰੋਗੀ ਕਰਨ ਤੋਂ ਬਾਅਦ ਮਨੁੱਖ ਦੀ ਦੇਹੀ ਨੂੰ ਰੋਗੀ ਬਣਾ ਦਿੰਦੇ ਹਨ। ਸਤਿਨਾਮ ਦੇ ਹਿਰਦੇ ਵਿੱਚ ਪ੍ਰਕਾਸ਼ਮਾਨ ਹੁੰਦੇ ਹੀ ਸਾਰੇ ਅਵਗੁਣ ਅਤੇ ਪਾਪਾਂ ਦਾ ਅੰਤ ਹੋ ਜਾਂਦਾ ਹੈ ਅਤੇ ਹਿਰਦਾ ਸਾਰੇ ਬ੍ਰਹਮ ਗੁਣਾਂ ਨਾਲ ਭਰਪੂਰ ਹੋ ਜਾਂਦਾ ਹੈ।
੯. ਸਤਿਨਾਮ ਦੇ ਗੁਰਪ੍ਰਸਾਦਿ ਨਾਲ ਅਸੀਂ ਨਿਰਵੈਰ ਬਣ ਜਾਂਦੇ ਹਾਂ :
ਸਾਡਾ ਹਿਰਦਾ ਈਰਖਾ, ਰਾਗ, ਦਵੈਤ, ਨਫ਼ਰਤ ਵਰਗੇ ਵਿਨਾਸ਼ਕਾਰੀ ਵਿਕਾਰਾਂ ਤੋਂ ਮੁਕਤ ਹੋ ਜਾਂਦਾ ਹੈ। ਸਾਨੂੰ ਸਾਰੀ ਰਚਨਾ ਵਿੱਚ ਨਿਰਗੁਣ ਦੀ ਪਰਮ ਸ਼ਕਤੀ ਵਰਤਦੀ ਪ੍ਰਤੱਖ ਨਜ਼ਰ ਆਉਣ ਲੱਗ ਪੈਂਦੀ ਹੈ। ਸਾਨੂੰ ਸਰਗੁਣ ਵਿੱਚ ਨਿਰਗੁਣ ਦੇ ਦਰਸ਼ਨ ਹੋ ਜਾਂਦੇ ਹਨ। ਸਾਡੇ ਲਈ ਨਿਰਗੁਣ ਅਤੇ ਸਰਗੁਣ ਇੱਕ ਹੋ ਜਾਂਦਾ ਹੈ। ਸਾਡਾ ਹਿਰਦਾ ਬੇਅੰਤ ਪ੍ਰੀਤ ਵਿੱਚ ਓਤਪੌਤ ਹੋ ਜਾਂਦਾ ਹੈ। ਕੇਵਲ ਪਿਆਰ ਹੀ ਪਿਆਰ ਰਹਿ ਜਾਂਦਾ ਹੈ। ਸਾਰੀ ਸ੍ਰਿਸ਼ਟੀ ਦੀ ਹਰ ਇੱਕ ਰਚਨਾ ਨਾਲ ਕੇਵਲ ਪਿਆਰ ਹੀ ਪਿਆਰ ਪ੍ਰਗਟ ਹੋ ਜਾਂਦਾ ਹੈ। ਅਸੀਂ ਏਕਿ ਦ੍ਰਿਸ਼ਟ ਬਣ ਜਾਂਦੇ ਹਾਂ ਅਤੇ ਸ਼ੁੱਧ ਅਤੇ ਪਵਿੱਤਰ ਖੁਸ਼ੀਆਂ – ਸਤਿ ਚਿੱਤ ਆਨੰਦ – ਨੂੰ ਮਾਣਦੇ ਹਾਂ – ਜਿਹੜਾ ਕਿ ਪਰਮ ਜੋਤ ਪੂਰਨ ਪ੍ਰਕਾਸ਼ – ਅਕਾਲ ਪੁਰਖ ਦਾ ਨਿਰਗੁਣ ਸਰੂਪ ਹੈ।
੧੦. ਸਤਿਨਾਮ ਦੇ ਗੁਰਪ੍ਰਸਾਦਿ ਨਾਲ ਸਾਨੂੰ ਦਰਗਾਹੀ ਅਨਾਦਿ ਖਜ਼ਾਨੇ ਪ੍ਰਾਪਤ ਹੋ ਜਾਂਦੇ ਹਨ :
ਸਤਿਨਾਮ ਸਿਮਰਨ ਸਾਰੇ ਅਨਾਦਿ ਖਜ਼ਾਨੇ ਅਤੇ ਪਰਮ ਅਲੌਕਿਕ ਸ਼ਕਤੀਆਂ – ਜੋ ਨੌਂ ਰਿੱਧੀਆਂ ਅਤੇ ੧੮ ਸਿੱਧੀਆਂ ਨੂੰ ਮਿਲਾ ਕੇ ਬਣਦੀਆਂ ਹਨ, ਨੂੰ ਸਾਡੇ ਚਰਨਾਂ ਵਿੱਚ ਲੈ ਕੇ ਆਉਂਦਾ ਹੈ। ਕ੍ਰਿਪਾ ਕਰਕੇ ਮਨ ਵਿੱਚ ਦ੍ਰਿੜ੍ਹ ਕਰ ਰੱਖੋ ਕਿ ਇਹ ਖਜ਼ਾਨੇ ਸਾਨੂੰ ਹਰ ਤਰ੍ਹਾਂ ਦੀਆਂ ਸ਼ਕਤੀਆਂ – ਕਰਾਮਾਤਾਂ ਕਰਨ ਦੀ ਤਾਕਤ ਦਿੰਦੀਆਂ ਹਨ, ਜਿਹੜੇ ਵੱਡੀ ਗਿਣਤੀ ਲੋਕਾਂ ਨੂੰ ਸਾਡੇ ਵੱਲ ਖਿੱਚਦੇ ਹਨ। ਇਨ੍ਹਾਂ ਸ਼ਕਤੀਆਂ ਦੀ ਵਰਤੋਂ ਕਰਕੇ ਅਸੀਂ ਲੋਕਾਂ ਦੀਆਂ ਸੰਸਾਰਕ ਇੱਛਾਵਾਂ ਪੂਰੀਆਂ ਕਰ ਸਕਦੇ ਹਾਂ, ਮਸ਼ਹੂਰ ਹੋ ਸਕਦੇ ਹਾਂ, ਬਹੁਤ ਸਾਰਾ ਧਨ ਬਣਾ ਸਕਦੇ ਹਾਂ ਅਤੇ ਹਰ ਤਰ੍ਹਾਂ ਦੇ ਸੰਸਾਰਕ ਸੁੱਖ ਅਰਾਮ ਪ੍ਰਾਪਤ ਕਰ ਸਕਦੇ ਹਾਂ। ਪਰ ਮਨ ਵਿੱਚ ਦ੍ਰਿੜ੍ਹ ਰੱਖੋ ਕਿ ਜੇਕਰ ਅਸੀਂ ਇਨ੍ਹਾਂ ਸ਼ਕਤੀਆਂ ਦੀ ਵਰਤੋਂ ਇੱਕ ਵਾਰ ਵੀ ਕਰਦੇ ਹਾਂ ਤਦ ਸਾਡਾ ਰੂਹਾਨੀ ਵਿਕਾਸ ਉੱਥੇ ਹੀ ਰੁਕ ਜਾਂਦਾ ਹੈ ਅਤੇ ਤਦ ਅਸੀਂ ਕਦੀ ਵੀ ਮੁਕਤੀ ਪ੍ਰਾਪਤ ਕਰਨ ਦੇ ਯੋਗ ਨਹੀਂ ਰਹਿੰਦੇ। ਜੋ ਮਨੁੱਖ ਇਨ੍ਹਾਂ ਸ਼ਕਤੀਆਂ ਦੀ ਵਰਤੋਂ ਨਿਜੀ ਸਵਾਰਥ ਲਈ ਕਰਦੇ ਹਨ ਉਹ ਮਨੁੱਖ ਅਕਾਲ ਪੁਰਖ ਦੇ ਸ਼ਰੀਕ ਬਣ ਜਾਂਦੇ ਹਨ। ਜਦ ਤੁਸੀਂ ਬੰਦਗੀ ਦੀਆਂ ਉੱਚ ਅਵਸਥਾਵਾਂ ਵਿੱਚ ਪਹੁੰਚਦੇ ਹੋ ਤਦ ਅਕਾਲ ਪੁਰਖ ਆਪ ਇਨ੍ਹਾਂ ਸ਼ਕਤੀਆਂ ਦੀ ਵਰਤੋਂ ਤੁਹਾਡੇ ਲਈ ਕ੍ਰਿਸ਼ਮਿਆਂ ਦੇ ਰੂਪ ਵਿੱਚ ਕਰਦਾ ਹੈ। ਐਸੇ ਕ੍ਰਿਸ਼ਮੇ ਸਰਵ ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੁਆਰਾ ਗੁਰੂ ਸਾਹਿਬਾਨਾਂ ਦੇ ਸਮੇਂ ਬਹੁਤ ਵਾਰ ਕੀਤੇ ਗਏ। ਜਦ ਮਨੁੱਖ ਦੀ ਬੰਦਗੀ ਪੂਰਨ ਹੁੰਦੀ ਹੈ ਅਤੇ ਦਰਗਾਹ ਵਿੱਚ ਪਰਵਾਨ ਹੁੰਦੀ ਹੈ ਤਾਂ ਇਹ ਸਾਰੀਆਂ ਸ਼ਕਤੀਆਂ ਐਸੇ ਮਹਾ ਪੁਰਖਾਂ ਦੇ ਚਰਨਾਂ ਵਿੱਚ ਆ ਜਾਂਦੀਆਂ ਹਨ ਅਤੇ ਐਸੇ ਮਹਾ ਪੁਰਖਾਂ ਦੀ ਅਕਾਲ ਪੁਰਖ ਦੇ ਹੁਕਮ ਅਨੁਸਾਰ ਸੇਵਾ ਕਰਦੀਆਂ ਹਨ।
੧੧. ਸਤਿਨਾਮ ਦੇ ਗੁਰਪ੍ਰਸਾਦਿ ਨਾਲ ਪੂਰਨ ਬ੍ਰਹਮ ਗਿਆਨ ਅਤੇ ਪੂਰਨ ਤੱਤ ਗਿਆਨ ਦੀ ਪ੍ਰਾਪਤੀ ਹੁੰਦੀ ਹੈ:
ਸਤਿਨਾਮ ਸਿਮਰਨ ਮਨੁੱਖ ਦੇ ਅੰਦਰ ਬ੍ਰਹਮ ਗਿਆਨ ਅਤੇ ਬ੍ਰਹਮ ਸੂਝ ਲੈ ਕੇ ਆਉਂਦਾ ਹੈ। ਮਨੁੱਖ ਗੁਰਬਾਣੀ ਨੂੰ ਸੁਣਨਾ ਅਤੇ ਸਮਝਣਾ ਸ਼ੁਰੂ ਕਰ ਦਿੰਦਾ ਹੈ। ਇਹ ਅਵਸਥਾ ਵਿੱਚ ਮਨੁੱਖ ਗੁਰਬਾਣੀ ਦੀਆਂ ਸਿੱਖਿਆਵਾਂ ਦਾ ਅਭਿਆਸ ਆਪਣੇ ਰੋਜ਼ਾਨਾ ਜੀਵਨ ਵਿੱਚ ਕਰਨ ਲਈ ਉਤਸ਼ਾਹਿਤ ਹੁੰਦਾ ਹੈ। ਮਨੁੱਖ ਦਾ ਸਤਿਗੁਰੂ, ਗੁਰਬਾਣੀ ਅਤੇ ਅਕਾਲ ਪੁਰਖ ਤੇ ਭਰੋਸਾ ਅਤੇ ਦ੍ਰਿੜ੍ਹਤਾ ਵੱਧਦੀ ਜਾਂਦੀ ਹੈ। ਸਰਵ ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਹਰ ਤਰ੍ਹਾਂ ਦੀ ਪੂਜਾ ਅਤੇ ਭਗਤੀ ਸਤਿਨਾਮ ਸਿਮਰਨ ਵਿੱਚ ਹੀ ਸਮਾਈ ਹੋਈ ਹੈ। ਇਸਦਾ ਭਾਵ ਹੈ ਕਿ ਸਤਿਨਾਮ ਸਿਮਰਨ ਸਰਵ ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸਰਵ ਉੱਚ ਪੱਧਰ ਦੀ ਸੇਵਾ ਹੈ। ਸਤਿਨਾਮ ਸਿਮਰਨ ਕਰਨ ਨਾਲ ਮਨੁੱਖ ਨੂੰ ਇਹ ਬੋਧ ਹੋ ਜਾਂਦਾ ਹੈ ਅਤੇ ਮਨੁੱਖ ਦੇ ਅੰਦਰ ਇਹ ਦ੍ਰਿੜ੍ਹ ਹੋ ਜਾਂਦਾ ਹੈ ਕਿ ਕੋਈ ਵੀ ਸ਼ਕਤੀ ਸਰਵ ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਰਗੀ ਹੋਰ ਨਹੀਂ ਹੈ ਅਤੇ ਉਹ ਸਰਵ ਉੱਚ ਹੈ ਅਤੇ ਸਾਰੇ ਬ੍ਰਹਿਮੰਡ ਦਾ ਰਚਨਹਾਰ ਹੈ। ਮਨੁੱਖ ਦੇ ਹਿਰਦੇ ਵਿੱਚ ਸਰਵ ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਪ੍ਰਤੀ ਦ੍ਰਿੜ੍ਹਤਾ ਅਤੇ ਵਿਸ਼ਵਾਸ ਵਿਕਸਿਤ ਹੁੰਦਾ ਹੈ। ਸਤਿਨਾਮ ਸਿਮਰਨ ਨਾਲ ਮਨੁੱਖ ਦੇ ਸਾਰੇ ਬੱਜਰ ਕਪਾਟ ਖੁੱਲ੍ਹ ਜਾਂਦੇ ਹਨ। ਮਨੁੱਖ ਦਾ ਦਸਮ ਦੁਆਰ ਖੁੱਲ੍ਹ ਜਾਂਦਾ ਹੈ। ਮਨੁੱਖ ਦੇ ੭ ਸਤਿ ਸਰੋਵਰ ਪ੍ਰਕਾਸ਼ਮਾਨ ਹੋ ਜਾਂਦੇ ਹਨ। ਤ੍ਰਿਹ ਗੁਣ ਮਾਇਆ ਨੂੰ ਜਿੱਤ ਕੇ ਮਨੁੱਖ ਅਕਾਲ ਪੁਰਖ ਦੇ ਦਰਸ਼ਨ ਕਰਦਾ ਹੈ ਅਤੇ ਦਰਸ਼ਨਾਂ ਦੇ ਨਾਲ ਹੀ ਮਨੁੱਖ ਨੂੰ ਪੂਰਨ ਬ੍ਰਹਮ ਗਿਆਨ ਅਤੇ ਪੂਰਨ ਤੱਤ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ।
੧੨. ਸਤਿਨਾਮ ਦੇ ਗੁਰਪ੍ਰਸਾਦਿ ਨਾਲ ਮਨੁੱਖ ਦੀ ਅੰਦਰੂਨੀ ਤੀਰਥ ਯਾਤਰਾ ਪੂਰਨ ਹੁੰਦੀ ਹੈ :
ਅਸਲ ਤੀਰਥ ਯਾਤਰਾ ਅੰਦਰੂਨੀ ਤੀਰਥ ਯਾਤਰਾ ਹੈ ਅਤੇ ਇਹ ਸਤਿਨਾਮ ਸਿਮਰਨ ਨਾਲ ਵਾਪਰਦੀ ਹੈ। ਇਸ ਦਾ ਭਾਵ ਹੈ ਕਿ ਜਦ ਅਸੀਂ ਸਮਾਧੀ ਵਿੱਚ ਸਤਿਨਾਮ ਸਿਮਰਨ ਦੀਆਂ ਵੱਖ-ਵੱਖ ਅਵਸਥਾਵਾਂ ਵਿੱਚੋਂ ਲੰਘਦੇ ਹਾਂ, ਜਦ ਅਸੀਂ ਰੂਹਾਨੀਅਤ ਦੀਆਂ ਵੱਖ-ਵੱਖ ਅਵਸਥਾਵਾਂ ਜਿਵੇਂ ਜਪੁਜੀ ਬਾਣੀ ਵਿੱਚ ਪ੍ਰਗਟ ਕੀਤੀਆਂ ਗਈਆਂ ਹਨ – ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ, ਅਤੇ ਸੱਚ ਖੰਡ ਵਿੱਚੋਂ ਲੰਘਦੇ ਹਾਂ, ਤਦ ਅਸੀਂ ਬ੍ਰਹਮਤਾ, ਪੂਰਨ ਪ੍ਰਕਾਸ਼, ਗੁਰੂ ਦਰਸ਼ਨ, ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਦਰਸ਼ਨ ਅਤੇ ਸੱਚ ਖੰਡ ਦਰਸ਼ਨ ਦਾ ਅਨੁਭਵ ਕਰਦੇ ਹਾਂ। ਸਾਡਾ ਹਿਰਦਾ ਪੂਰਨ ਸਚਿਆਰੀ ਰਹਿਤ ਵਿੱਚ ਚਲਾ ਜਾਂਦਾ ਹੈ ਅਤੇ ਸਾਰੇ ਅਵਗੁਣਾਂ ਨੂੰ ਤਿਆਗ ਕੇ ਬ੍ਰਹਮ ਗੁਣਾਂ ਨਾਲ ਭਰਪੂਰ ਹੋ ਜਾਂਦਾ ਹੈ। ਹਿਰਦੇ ਦਾ ਪੂਰਨ ਸਚਿਆਰੀ ਰਹਿਤ ਵਿੱਚ ਆ ਜਾਣਾ ਹੀ ਅੰਦਰਲਾ ਤੀਰਥ ਅਤੇ ਅਸਲ ਤੀਰਥ ਯਾਤਰਾ ਹੈ। ਜਦ ਅਸੀਂ ਰੂਹਾਨੀਅਤ ਦੀਆਂ ਇਨ੍ਹਾਂ ਅਵਸਥਾਵਾਂ ਵਿੱਚੋਂ ਲੰਘਦੇ ਹਾਂ ਅਤੇ ਸਮਾਧੀ ਅਤੇ ਸੁੰਨ ਸਮਾਧੀ ਵਿੱਚ ਜਾਂਦੇ ਹਾਂ, ਅਸੀਂ ਦਰਗਾਹ ਦੁਆਰਾ ਸਰਵ ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਇਸ ਸਰਵ ਉੱਚ ਸੇਵਾ ਲਈ ਪਰਵਾਣੇ ਜਾਂਦੇ ਹਾਂ। ਅਸੀਂ ਹਰ ਹਾਲਾਤਾਂ ਵਿੱਚ ਸਬਰ ਅਤੇ ਸੰਤੋਖ ਵਿੱਚ ਰਹਿੰਦੇ ਹਾਂ ਅਤੇ ਸਾਡੇ ਆਲੇ-ਦੁਆਲੇ ਹੋ ਰਹੀ ਹਰ ਘਟਣਾ ਪਰਮਾਤਮਾ ਦਾ ਹੁਕਮ ਪ੍ਰਤੀਤ ਹੁੰਦੀ ਹੈ। ਇਸ ਦਾ ਭਾਵ ਹੈ ਕਿ ਅਸੀਂ ਅਕਾਲ ਪੁਰਖ ਦਾ ਹੁਕਮ ਪਹਿਚਾਨਣ ਦੇ ਯੋਗ ਹੋ ਜਾਂਦੇ ਹਾਂ। ਅਸੀਂ ਕਿਸੇ ਵੀ ਹਾਲਾਤ ਲਈ ਸ਼ਿਕਾਇਤ ਨਹੀਂ ਕਰਦੇ ਅਤੇ ਇਸ ਤਰ੍ਹਾਂ ਹਰ ਹਾਲਾਤ ਵਿੱਚ ਸ਼ਾਂਤ ਰਹਿੰਦੇ ਹਾਂ। ਇਸ ਤਰ੍ਹਾਂ ਕਰਨ ਨਾਲ ਅਸੀਂ ਆਪਣੇ ਰੂਹਾਨੀ ਮੰਤਵ ਪ੍ਰਾਪਤ ਕਰਨ ਦੇ ਯੋਗ ਹੋ ਜਾਂਦੇ ਹਾਂ। ਜਦ ਪੰਜੇ ਗਿਆਨ ਅਤੇ ਕਰਮ ਇੰਦਰੀਆਂ ਪੂਰਨ ਹੁਕਮ ਵਿੱਚ ਆ ਜਾਂਦੀਆਂ ਹਨ ਤਾਂ ਪਰਮ ਪਦਵੀ ਦੀ ਪ੍ਰਾਪਤੀ ਹੁੰਦੀ ਹੈ। ਇਸੇ ਲਈ ਗੁਰਬਾਣੀ ਵਿੱਚ ਇਹ ਪਰਮ ਸਤਿ ਤੱਤ ਨੂੰ ਸਪੱਸ਼ਟ ਕੀਤਾ ਗਿਆ ਹੈ:
ਹੁਕਮੁ ਬੂਝਿ ਪਰਮ ਪਦੁ ਪਾਈ ॥
(ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ੨੯੨)
ਸਤਿਨਾਮ ਸਿਮਰਨ ਅਨਮੋਲ ਦਾਤ ਹੈ ਜਿਹੜੀ ਸਾਨੂੰ ਅਕਾਲ ਪੁਰਖ ਦੀਆਂ ਬਖਸ਼ਿਸ਼ਾਂ ਨਾਲ ਮਿਲਦੀ ਹੈ। ਸਤਿਨਾਮ ਸਿਮਰਨ ਨਾਲੋਂ ਕੋਈ ਵੀ ਕਰਮ ਉੱਚਾ ਕਰਮ ਨਹੀਂ ਹੈ। ਸਾਨੂੰ ਹਮੇਸ਼ਾਂ ਹੀ ਐਸੀਆਂ ਰੂਹਾਂ ਅੱਗੇ ਸੀਸ ਝੁਕਾਉਣਾ ਚਾਹੀਦਾ ਹੈ ਜਿਹੜੀਆਂ ਸਤਿਨਾਮ ਸਿਮਰਨ ਦੀ ਬਖਸ਼ਿਸ਼ ਪ੍ਰਾਪਤ ਕਰ ਲੈਂਦੀਆਂ ਹਨ।
੧੩. ਸਤਿਨਾਮ ਸਿਮਰਨ ਸਰਵ ਸ਼ਕਤੀ ਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸਰਵ ਉੱਚ ਸੇਵਾ ਹੈ:
ਪ੍ਰਭ ਕਾ ਸਿਮਰਨੁ ਸਭ ਤੇ ਊਚਾ ॥
(ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ੨੬੩)
ਧੰਨ ਧੰਨ ਸਤਿਗੁਰ ਅਵਤਾਰ ਅਰਜਨ ਦੇਵ ਪਾਤਿਸ਼ਾਹ ਜੀ ਨੇ ਸੁਖਮਨੀ ਬਾਣੀ ਵਿੱਚ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਸਤਿਨਾਮ ਸਿਮਰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸਰਵ ਉੱਤਮ ਸੇਵਾ ਹੈ। ਇਸ ਲਈ ਕਿਸੇ ਮਨੁੱਖ ਦੇ ਵੀ ਮਨ ਵਿੱਚ ਇਸ ਪਰਮ ਸਤਿ ਬਾਰੇ ਕੋਈ ਵੀ ਭਰਮ ਨਹੀਂ ਹੋਣਾ ਚਾਹੀਦਾ ਕਿ “ਸਤਿਨਾਮ ਸਿਮਰਨ ਅਕਾਲ ਪੁਰਖ ਦੀ ਸਰਵ ਉੱਚ ਸੇਵਾ ਹੈ”। ਇਸਦਾ ਭਾਵ ਹੈ ਕਿ ਦੂਸਰੇ ਸਾਰੇ ਧਰਮ-ਕਰਮ ਸਤਿਨਾਮ ਸਿਮਰਨ ਨਾਲੋਂ ਛੋਟੀ ਸੇਵਾ ਹੈ। ਬਹੁਗਿਣਤੀ ਸੰਗਤ ਇਸ ਪਰਮ ਸਤਿ ਨੂੰ ਜਾਣਦੇ ਹੋਏ ਵੀ ਛੋਟੇ ਧਰਮ ਕਰਮਾਂ ਵਿਸ ਉਲਝੀ ਪਈ ਹੈ। ਸਾਰੇ ਚੁੰਚ ਗਿਆਨੀ ਅਤੇ ਅਧੂਰੇ ਪ੍ਰਚਾਰਕ ਇਸ ਪਰਮ ਸਤਿ ਤੱਤ ਨੂੰ ਜਾਣਦੇ ਹੋਏ ਵੀ ਸੰਗਤ ਨੂੰ ਕੇਵਲ ਬਾਣੀ ਪੜ੍ਹਨ ਦੀ ਛੋਟੇ ਪੱਧਰ ਦੀ ਸੇਵਾ ਕਰਨ ਲਈ ਪ੍ਰੇਰਣਾ ਕਰਦੇ ਹਨ। ਕੇਵਲ ਗੁਰਬਾਣੀ ਨੂੰ ਪੜ੍ਹਨਾ ਹੀ ਕਾਫੀ ਨਹੀਂ ਹੈ। ਜਿਸ ਤਰ੍ਹਾਂ ਗੁਰਬਾਣੀ ਦੱਸਦੀ ਹੈ ਉਸਦੇ ਅਨੁਸਾਰ ਸਤਿਨਾਮ ਸਿਮਰਨ ਸਰਵ ਸ਼ਕਤੀ ਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸਰਵ ਉੱਚ ਸੇਵਾ ਹੈ। ਇਹ ਪੂਰਨ ਤੱਤ ਗਿਆਨ ਅਤੇ ਪੂਰਨ ਭਗਤੀ ਦੀ ਪ੍ਰਾਪਤੀ ਲਈ ਲਾਜ਼ਮੀ ਹੈ। ਉਹ ਲੋਕ ਜੋ ਇਸ ਪੂਰਨ ਬ੍ਰਹਮ ਗਿਆਨ ਦੀ ਪਾਲਣਾ ਨਹੀਂ ਕਰਦੇ ਅਤੇ ਹੋਰ ਧਰਮ-ਕਰਮਾਂ ਵਰਗੀ ਘੱਟ ਪੱਧਰ ਦੀ ਸੇਵਾ ਵਿੱਚ ਲੱਗੇ ਰਹਿੰਦੇ ਹਨ ਉਨ੍ਹਾਂ ਮਨੁੱਖਾਂ ਲਈ ਇਸ ਪੂਰਨ ਸਤਿ ਤੱਤ ਤੱਥ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਇਸ ਲਈ ਜੋ ਮਨੁੱਖ ਕੇਵਲ ਗੁਰਬਾਣੀ ਪੜ੍ਹਨ-ਸੁਣਨ ਜਾਂ ਹੋਰ ਧਰਮ ਕਰਮਾਂ ਵਿੱਚ ਵਿਸ਼ਵਾਸ ਕਰਦੇ ਹਨ ਉਨ੍ਹਾਂ ਦੇ ਚਰਨਾਂ ਤੇ ਇਹ ਬੇਨਤੀ ਹੈ ਕਿ ਉਹ ਸਤਿਨਾਮ ਸਿਮਰਨ ਨੂੰ ਸਮਰਪਿਤ ਹੋ ਜਾਣ।
੧੪. ਸਤਿਨਾਮ ਦੇ ਗੁਰਪ੍ਰਸਾਦਿ ਨਾਲ ਅਤਿ ਨਿੰਮਰਤਾ ਅਤੇ ਹਿਰਦਾ ਗਰੀਬੀ ਵੇਸ ਵਿੱਚ ਚਲਾ ਜਾਂਦਾ ਹੈ :
ਅਤਿ ਦੀ ਨਿੰਮਰਤਾ ਦਰਗਾਹ ਦੀ ਕੁੰਜੀ ਹੈ। ਨਿੰਮਰਤਾ ਮਨੁੱਖ ਦੀ ਹਉਮੈ ਦਾ ਨਾਸ਼ ਕਰਨ ਵਾਲਾ ਦਰਗਾਹੀ ਅਸਤਰ ਹੈ। ਸਤਿਨਾਮ ਸਿਮਰਨ ਸਾਡੇ ਹਿਰਦੇ ਨੂੰ ਅਤਿ ਨਿੰਮਰਤਾ ਦੇ ਪਰਮ ਸ਼ਕਤੀਸ਼ਾਲੀ ਬ੍ਰਹਮ ਗੁਣ ਨਾਲ ਭਰਪੂਰ ਕਰ ਦਿੰਦਾ ਹੈ। ਉਹ ਰੂਹ ਜਿਹੜੀ ਸਤਿਨਾਮ ਸਿਮਰਨ ਵਿੱਚ ਲੀਨ ਰਹਿੰਦੀ ਹੈ; ਨਿੰਮਰਤਾ ਨਾਲ ਭਰਪੂਰ ਹੋ ਜਾਂਦੀ ਹੈ ਅਤੇ ਐਸੀ ਰੂਹ ਦਾ ਹਿਰਦਾ ਗਰੀਬੀ ਵੇਸ ਹਿਰਦਾ ਬਣ ਜਾਂਦਾ ਹੈ। ਉਨ੍ਹਾਂ ਦੀ ਅਤਿ ਨਿੰਮਰਤਾ ਅਤੇ ਹਿਰਦੇ ਦੀ ਗਰੀਬੀ ਉਨ੍ਹਾਂ ਨੂੰ ਰੂਹਾਨੀਅਤ ਦੀਆਂ ਸ਼ਿਖਰਾਂ ਤੇ ਲੈ ਜਾਂਦੀ ਹੈ।
ਬ੍ਰਹਮ ਗਿਆਨੀ ਸਗਲ ਕੀ ਰੀਨਾ ॥
ਆਤਮ ਰਸੁ ਬ੍ਰਹਮ ਗਿਆਨੀ ਚੀਨਾ ॥
(ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ੨੭੨)
ਜੋ ਮਨੁੱਖ ਹਿਰਦੇ ਦੀ ਗਰੀਬੀ ਕਮਾਉਂਦੇ ਹਨ ਅਤੇ ਸਾਰੀ ਸ੍ਰਿਸ਼ਟੀ ਦੇ ਚਰਨਾਂ ਦੀ ਧੂੜ ਬਣ ਜਾਂਦੇ ਹਨ ਉਨ੍ਹਾਂ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਅਤੇ ਆਤਮ ਰਸ ਅੰਮ੍ਰਿਤ ਦੀ ਪ੍ਰਾਪਤੀ ਹੁੰਦੀ ਹੈ। ਸਾਨੂੰ ਸਾਰਿਆਂ ਨੂੰ ਐਸੀਆਂ ਰੂਹਾਂ ਦੇ ਚਰਨਾਂ ਵਿੱਚ ਸੀਸ ਝੁਕਾਉਣਾ ਚਾਹੀਦਾ ਹੈ। ਐਸੀ ਨਿੰਮਰਤਾ ਕੇਵਲ ਸਤਿਨਾਮ ਸਿਮਰਨ ਨਾਲ ਆਉਂਦੀ ਹੈ। ਐਸੀ ਨਿੰਮਰਤਾ ਅਕਾਲ ਪੁਰਖ ਦੀ ਦਰਗਾਹ ਦੀ ਕੁੰਜੀ ਹੈ। ਇਸ ਲਈ ਸਭ ਤੋਂ ਵੱਡਾ ਖਜ਼ਾਨਾ ਅਕਾਲ ਪੁਰਖ ਦਾ ਨਾਮ *ੴ ਸਤਿਨਾਮ* ਹੈ:
ਅੰਮ੍ਰਿਤੁ ਨਾਮੁ ਨਿਧਾਨੁ ਹੈ ਮਿਲਿ ਪੀਵਹੁ ਭਾਈ ॥
(ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ੩੧੮)
ਜਦ ਅਸੀਂ ਸਤਿਨਾਮ ਸਿਮਰਨ ਕਰਦੇ ਹਾਂ, ਅਸੀਂ ਅਕਾਲ ਪੁਰਖ ਦੇ ਅਨਮੋਲ ਖਜ਼ਾਨੇ * ੴ ਸਤਿਨਾਮ * ਦੇ ਮਾਲਕ ਬਣ ਜਾਂਦੇ ਹਾਂ। ਜਦ ਅਸੀਂ ਇਸ ਅਨਮੋਲ ਰਤਨ ਨੂੰ ਧਾਰਨ ਕਰਦੇ ਹਾਂ ਅਤੇ ਇਹ ਸਾਡੇ ਮਨ ਅਤੇ ਰੂਹਾਨੀ ਹਿਰਦੇ ਵਿੱਚ ਚਲਾ ਜਾਂਦਾ ਹੈ, ਤਦ ਅਸੀਂ ਅਕਾਲ ਪੁਰਖ ਦੀ ਦਰਗਾਹ ਵਿੱਚ ਮਾਣ ਪ੍ਰਾਪਤ ਕਰਦੇ ਹਾਂ। ਸੰਤ, ਬ੍ਰਹਮ ਗਿਆਨੀ ਜਿਹੜਾ ਸਤਿਨਾਮ ਦੇ ਅਨਮੋਲ ਗਹਿਣੇ ਦਾ ਮਾਲਕ ਹੁੰਦਾ ਹੈ ਇਸ ਬ੍ਰਹਿਮੰਡ ਦੀ ਸਭ ਤੋਂ ਅਮੀਰ ਰੂਹ ਬਣ ਜਾਂਦਾ ਹੈ। ਕੁਝ ਵੀ ਸਤਿਨਾਮ ਦੇ ਇਸ ਪਰਮ ਸ਼ਕਤੀਸ਼ਾਲੀ ਖਜ਼ਾਨੇ ਨਾਲੋਂ ਉੱਪਰ ਨਹੀਂ ਹੈ। ਐਸੀ ਇੱਕ ਰੂਹ :
* ਮਾਣ ਯੋਗ ਬਣ ਜਾਂਦੀ ਹੈ।
* ਬ੍ਰਹਿਮੰਡ ਵਿੱਚ ਹਰ ਜਗ੍ਹਾ ਆਦਰ ਪ੍ਰਾਪਤ ਕਰਦੀ ਹੈ।
* ਆਪਣੀ ਅੰਦਰੂਨੀ ਤੀਰਥ ਯਾਤਰਾ ਪੂਰੀ ਕਰਦੀ ਹੈ।
* ਦਰਗਾਹ ਵਿੱਚ ਪਰਵਾਨ ਕੀਤੀ ਜਾਂਦੀ ਹੈ।
* ਸਦਾ ਹੀ ਉੱਚ ਰੂਹਾਨੀ ਅਵਸਥਾ ਵਿੱਚ ਰਹਿੰਦੀ ਹੈ।
* ਅਨੰਤਤਾ ਬੇਅੰਤਤਾ ਪ੍ਰਾਪਤ ਕਰ ਲਈ ਹੁੰਦੀ ਹੈ।
* ਸਾਰੇ ਬ੍ਰਹਿਮੰਡ ੧੪ ਲੋਕ-ਪਰਲੋਕਾਂ ਦਾ ਰਾਜਾ ਬਣ ਜਾਂਦਾ ਹੈ।
* ਜੋ ਬੋਲਦਾ ਹੈ ਵਾਪਰ ਜਾਂਦਾ ਹੈ ਉਸਦੇ ਸ਼ਬਦ ਸਰਵ ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੁਆਰਾ ਸਤਿਕਾਰੇ ਜਾਂਦੇ ਹਨ।
* ਕਦੀ ਨਹੀਂ ਮਰਦਾ – ਉਹ ਅਨਾਦਿ ਖੁਸ਼ੀਆਂ ਅਤੇ ਅਨਾਦਿ ਸ਼ਾਂਤੀ ਪ੍ਰਾਪਤ ਕਰਦੇ ਹਨ।
* ਮਾਇਆ ਉੱਪਰ ਜਿੱਤ ਪਾ ਲੈਂਦੇ ਹਨ, ਮਨ ਜਿੱਤ ਲੈਂਦੇ ਹਨ, ਸਾਰਾ ਜਗ ਜਿੱਤ ਲੈਂਦੇ ਹਨ।
* ਸਦਾ ਹੀ ਸਰਵ ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਲੀਨ ਰਹਿੰਦੇ ਹਨ।
ਸਾਨੂੰ ਸਾਰਿਆਂ ਨੂੰ ਐਸੀਆਂ ਰੂਹਾਂ ਦੇ ਚਰਨਾਂ ਦੀ ਧੂੜ ਲਈ ਅਰਦਾਸ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਨਾਲ ਅਕਾਲ ਪੁਰਖ ਸਾਡੇ ਉੱਪਰ ਬਖਸ਼ਿਸ਼ ਕਰਦਾ ਹੈ ਅਤੇ ਸਾਨੂੰ ਇਸ ਗੁਰਪ੍ਰਸਾਦੀ ਖੇਡ ਵਿੱਚ ਸ਼ਾਮਿਲ ਕਰਦਾ ਹੈ। ਇਹ ਸਭ ਗੁਰ ਕ੍ਰਿਪਾ ਤੋਂ ਬਿਨਾਂ ਨਹੀਂ ਵਾਪਰਦਾ। ਸਾਨੂੰ ਗੁਰ ਕ੍ਰਿਪਾ ਲਈ ਅਰਦਾਸ ਕਰਨੀ ਚਾਹੀਦੀ ਹੈ ਅਤੇ ਸਤਿਨਾਮ ਦੇ ਅਨਾਦਿ ਖਜ਼ਾਨਿਆਂ ਦੀ ਮੰਗ ਕਰਨੀ ਚਾਹੀਦੀ ਹੈ। ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਮੰਗਣੀ ਚਾਹੀਦੀ ਹੈ।
੧੫. ਸਤਿਨਾਮ ਦੇ ਗੁਰਪ੍ਰਸਾਦਿ ਨਾਲ ਹਿਰਦਾ ਬ੍ਰਹਮ ਗੁਣਾਂ ਨਾਲ ਭਰਪੂਰ ਹੋ ਜਾਂਦਾ ਹੈ :
ਸਤਿਨਾਮ ਸਿਮਰਨ ਦੇ ਅਨਾਦਿ ਖਜ਼ਾਨਿਆਂ ਨਾਲ ਸਾਡਾ ਹਿਰਦਾ ਸ਼ਕਤੀਸ਼ਾਲੀ ਅਤੇ ਵਿਸ਼ਾਲ ਹੋ ਜਾਂਦਾ ਹੈ, ਇਹ ਸਾਡੇ ਅੰਦਰ ਦਿਮਾਗ ਅਤੇ ਦਿੱਲ ਦੇ ਸਰਵ ਉੱਚ ਗੁਣ, ਨਿਰ ਸੁਆਰਥ ਸੇਵਾ, ਦੂਸਰਿਆਂ ਲਈ ਬਲੀਦਾਨ ਦੀ ਭਾਵਨਾ, ਗਰੀਬਾਂ ਦੀ ਮਦਦ ਕਰਨਾ, ਦੂਸਰਿਆਂ ਉੱਪਰ ਪਰਉਪਕਾਰ ਅਤੇ ਮਹਾ ਪਰਉਪਕਾਰ ਕਰਨਾ, ਦੂਸਰਿਆਂ ਦੀ ਭਲਾਈ ਲਈ ਸੋਚਣਾ, ਆਪਣੇ ਲਈ ਨਾ ਜੀਅ ਕੇ ਦੂਸਰਿਆਂ ਲਈ ਜਿਉਣਾ, ਹਰ ਗੁਨਾਹ ਲਈ ਮੁਆਫ਼ੀ ਦੇਣ ਦੀ ਸ਼ਮਤਾ, ਪੂਰਨ ਦਿਆਲਤਾ, ਸਤਿ ਸੰਤੋਖ ਅਤੇ ਹਿਰਦੇ ਦੀ ਬੇਅੰਤਤਾ ਆਉਂਦੀ ਹੈ। ਮਨ ਦੀ ਪੂਰਨ ਸ਼ਾਂਤੀ ਅਤੇ ਨਿਰਵਿਕਲਪ ਅਵਸਥਾ ਆਉਂਦੀ ਹੈ। ਮਨ ਵਿਸ਼ਰਾਮ ਵਿੱਚ ਚਲਾ ਜਾਂਦਾ ਹੈ। ਐਸੇ ਪਰਮ ਸ਼ਕਤੀਸ਼ਾਲੀ ਬ੍ਰਹਮ ਗੁਣ ਸਾਡੇ ਜੀਵਨ ਨੂੰ ਸਮਾਜ ਲਈ ਭਾਵ ਪੂਰਨ ਅਤੇ ਮਹਾ ਪਰਉਪਕਾਰੀ ਬਣਾਉਂਦਾ ਹੈ। ਜ਼ਰਾ ਸੋਚੋ ਅਤੇ ਅੰਦਾਜ਼ਾ ਲਗਾਓ ਜੇਕਰ ਹਰ ਕੋਈ ਮਨੁੱਖ ਇਸ ਤਰ੍ਹਾਂ ਦਾ (ਭਾਵ ਸਾਰੇ ਬ੍ਰਹਮ ਗੁਣਾਂ ਨਾਲ ਭਰਪੂਰ) ਬਣ ਜਾਵੇ ਤਾਂ ਕੀ ਇਹ ਕਲਿ ਯੁਗ ਸਤਿ ਯੁਗ ਨਹੀਂ ਹੋ ਜਾਵੇਗਾ। ਇਹ ਸੰਤ ਹਿਰਦੇ ਦੇ ਕੁਝ ਮਹੱਤਵਪੂਰਨ ਗੁਣ ਲੱਛਣ ਹਨ ਅਤੇ ਐਸੀਆਂ ਰੂਹਾਂ ਹਮੇਸ਼ਾਂ ਦਰਗਾਹ ਵਿੱਚ ਮਾਣ ਪਾਉਂਦੀਆਂ ਹਨ। ਉਹ ਅਨਾਦਿ ਵਿਸ਼ਰਾਮ ਦਾ ਸਰਵ ਉੱਚ ਪੱਧਰ ਅਤੇ ਪਰਮ ਆਨੰਦ ਆਪਣੇ ਅੰਦਰ ਮਾਣਦੇ ਹਨ। ਐਸੀਆਂ ਰੂਹਾਂ ਆਪਣੇ ਮਨ ਉੱਪਰ ਜਿੱਤ ਪਾ ਲੈਂਦੀਆਂ ਹਨ ਅਤੇ ਉਨ੍ਹਾਂ ਦੀ ਜ਼ਿੰਦਗੀ ਸ਼ੁੱਧ ਅਤੇ ਪਵਿੱਤਰ, ਸਚਿਆਰੀ ਅਤੇ ਸਨਮਾਨ ਯੋਗ ਬਣ ਜਾਂਦੀ ਹੈ। ਐਸੀਆਂ ਰੂਹਾਂ ਜਿਹੜੀਆਂ ਸਤਿਨਾਮ ਸਿਮਰਨ ਵਿੱਚ ਲੱਗੀਆਂ ਹੋਈਆਂ ਹਨ ਸਰਵ ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਵਿੱਚ ਅਭੇਦ ਹੋ ਜਾਂਦੀਆਂ ਹਨ ਅਤੇ ਸਦਾ ਸਦਾ ਲਈ ਸਤਿ ਚਿੱਤ ਆਨੰਦ ਵਿੱਚ ਰਹਿੰਦੀਆਂ ਹਨ।
੧੬. ਸਤਿਨਾਮ ਦੇ ਗੁਰਪ੍ਰਸਾਦਿ ਨਾਲ ਮਨੁੱਖ ਦੀ ਤ੍ਰਿਸ਼ਨਾ ਬੁੱਝ ਜਾਂਦੀ ਹੈ ਅਤੇ ਚਿੰਤਾ ਦਾ ਅੰਤ ਹੋ ਜਾਂਦਾ ਹੈ:
ਰੂਹ ਅਤੇ ਮਨ ਜੋ ਸਤਿਨਾਮ ਸਿਮਰਨ ਵਿੱਚ ਲੀਨ ਰਹਿੰਦੀ ਹੈ ਉਸ ਲਈ ਸੰਸਾਰਕ ਇੱਛਾਵਾਂ ਦੀ ਪੂਰਤੀ ਦੀ ਕੋਈ ਜ਼ਰੂਰਤ ਨਹੀਂ ਰਹਿੰਦੀ ਅਤੇ ਤ੍ਰਿਸ਼ਨਾ ਬੁੱਝ ਜਾਂਦੀ ਹੈ। ਹਿਰਦਾ ਪੂਰਨ ਸਤਿ ਸੰਤੋਖ ਵਿੱਚ ਚਲਾ ਜਾਂਦਾ ਹੈ। ਉਹ ਹਮੇਸ਼ਾਂ ਪੂਰਨ ਸੰਤੁਸ਼ਟੀ ਅਤੇ ਸਤਿ ਸੰਤੋਖ ਵਿੱਚ ਰਹਿੰਦੀ ਹੈ। ਉਸ ਨੂੰ ਕਿਸੇ ਚੀਜ਼ ਦੀ ਘਾਟ ਨਹੀਂ ਰਹਿੰਦੀ। ਕੋਈ ਸੰਸਾਰਕ ਸੁੱਖ ਸੁਵਿਧਾ ਉਨ੍ਹਾਂ ਨੂੰ ਵਿਚਲਿਤ ਨਹੀਂ ਕਰ ਸਕਦਾ। ਉਸਦੀਆਂ ਸਾਰੀਆਂ ਚਿੰਤਾਵਾਂ ਖ਼ਤਮ ਹੋ ਜਾਂਦੀਆਂ ਹਨ। ਇਹ ਇਸ ਲਈ ਹੁੰਦਾ ਹੈ ਕਿ ਉਹ ਆਪਣੀਆਂ ਸਭ ਕ੍ਰਿਆਵਾਂ ਅਤੇ ਪ੍ਰਤੀ ਕ੍ਰਿਆਵਾਂ ਨੂੰ ਜਾਣਦਾ ਹੈ ਅਤੇ ਅਕਾਲ ਪੁਰਖ ਦੇ ਹੁਕਮ ਵਿੱਚ ਰਹਿੰਦਾ ਹੈ। ਅਸਲ ਵਿੱਚ ਉਸਦਾ ਮਨ ਅਤੇ ਰੂਹ ਪੂਰੀ ਤਰ੍ਹਾਂ ਸਥਿਰ ਹੋ ਜਾਂਦੀ ਹੈ। ਇਹ ਬਹੁਤ ਉੱਚ ਰੂਹਾਨੀ ਅਵਸਥਾ ਹੈ ਜਿਸ ਵਿੱਚ ਰੂਹ ਰਹਿੰਦੀ ਹੈ, ਅਤੇ ਇਹ ਅਵਸਥਾ ਕੇਵਲ ਸੱਚ ਖੰਡ ਵਿੱਚ ਆਉਂਦੀ ਹੈ, ਜਦ ਵਿਅਕਤੀ ਪੂਰੀ ਤਰ੍ਹਾਂ ਨਾਲ ਸਚਿਆਰਾ ਬਣ ਜਾਂਦਾ ਹੈ ਅਤੇ ਸਤਿ ਬੋਲਦਾ, ਸਤਿ ਸੁਣਦਾ, ਅਤੇ ਕੇਵਲ ਸਤਿ ਦੀ ਸੇਵਾ ਕਰਦਾ ਹੈ। ਐਸੀ ਰੂਹ ਸਦਾ ਸਦਾ ਅਕਾਲ ਪੁਰਖ ਦੀ ਮਹਿਮਾ ਅਤੇ ਗੁਰੂ ਅਤੇ ਸੰਗਤ ਦੀ ਸੇਵਾ ਵਿੱਚ ਲੱਗੀ ਰਹਿੰਦੀ ਹੈ। ਐਸੀ ਰੂਹ ਸਦਾ ਹੀ ਸਥਿਰ ਰਹਿੰਦੀ ਹੈ ਅਤੇ ਸਰਵ ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਲੀਨ ਰਹਿੰਦੀ ਹੈ। ਕੁਝ ਵੀ ਐਸੀ ਰੂਹ ਨੂੰ ਵਿਚਲਿਤ ਨਹੀਂ ਕਰ ਸਕਦਾ, ਜਿਹੜੀ ਸਦਾ ਹੀ ਪੂਰਨ ਅਨਾਦਿ ਸ਼ਾਂਤੀ ਅਤੇ ਆਨੰਦਿਤ ਅਵਸਥਾ ਵਿੱਚ ਰਹਿੰਦੀ ਹੈ। ਉਸਦਾ ਹਿਰਦਾ ਹਮੇਸ਼ਾਂ ਹੀ ਕਮਲ ਦੇ ਫੁੱਲ ਵਾਂਗ ਖਿੜਿਆ ਰਹਿੰਦਾ ਹੈ। ਐਸੀਆਂ ਰੂਹਾਂ ਆਪਣੇ ਦਸਮ ਦੁਆਰ ਵਿੱਚ ਲਗਾਤਾਰ ਆਧਾਰ ਤੇ ਅਨਾਦਿ ਸੰਗੀਤ ਦਾ ਆਨੰਦ ਮਾਣਦੀਆਂ ਹਨ, ਸਦਾ ਸਦਾ ਲਈ ਅਨਾਦਿ ਸਤਿ ਚਿੱਤ ਆਨੰਦ ਵਿੱਚ ਰਹਿੰਦੀਆਂ ਹਨ। ਕੇਵਲ ਅਜਿਹੇ ਵਿਅਕਤੀ ਜੋ ਅਕਾਲ ਪੁਰਖ ਦੁਆਰਾ ਬਖਸ਼ਿਸ਼ ਪ੍ਰਾਪਤ ਕਰਦੇ ਹਨ ਸਤਿਨਾਮ ਸਿਮਰਨ ਦੇ ਇਸ ਅਨਾਦਿ ਖਜ਼ਾਨੇ ਨੂੰ ਪ੍ਰਾਪਤ ਕਰਦੇ ਹਨ।
੧੭. ਸਤਿਨਾਮ ਦੇ ਗੁਰਪ੍ਰਸਾਦਿ ਨਾਲ ਮਨੁੱਖ ਦਾ ਰੋਜ਼ਾਨਾ ਜੀਵਨ ਬਦਲ ਜਾਂਦਾ ਹੈ, ਸੁੰਦਰ ਹੋ ਜਾਂਦਾ ਹੈ :
ਸਤਿਨਾਮ ਸਿਮਰਨ ਨਾਲ ਮਨੁੱਖ ਦੇ ਰੋਜ਼ਾਨਾ ਜੀਵਨ ਵਿੱਚ ਸਹੀ ਵਾਪਰਨ ਲੱਗ ਪੈਂਦਾ ਹੈ। ਤੁਹਾਡੀਆਂ ਸਾਰੀਆਂ ਮੁਸ਼ਕਲਾਂ ਅਲੋਪ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ, ਤੁਹਾਡੀ ਸ਼ੁਭ ਪਾਵਨ ਭਾਵਨਾ ਅਨੁਸਾਰ ਹਰ ਚੀਜ਼ ਵਾਪਰਨ ਲੱਗਦੀ ਹੈ। ਤੁਹਾਡੀ ਜ਼ਿੰਦਗੀ ਸਾਫ ਅਤੇ ਸਾਂਵੀਂ ਪੱਧਰੀ ਬਣ ਜਾਂਦੀ ਹੈ। ਤੁਹਾਡੇ ਰਸਤੇ ਵਿੱਚ ਕੋਈ ਕਠਿਨਾਈ ਨਹੀਂ ਰਹਿੰਦੀ। ਤੁਹਾਡੇ ਆਲੇ-ਦੁਆਲੇ ਦੇ ਲੋਕ ਤੁਹਾਨੂੰ ਚੰਗੀ ਤਰ੍ਹਾਂ ਸਮਝਣ ਲੱਗ ਜਾਂਦੇ ਹਨ ਅਤੇ ਤੁਹਾਡਾ ਸਾਥ ਦੇਣਾ ਸ਼ੁਰੂ ਕਰ ਦਿੰਦੇ ਹਨ। ਤੁਹਾਡਾ ਕੰਮ ਦਾ ਵਾਤਾਵਰਨ ਅਤੇ ਪਰਿਵਾਰ ਦਾ ਮਾਹੌਲ ਖੁਸ਼ ਗਵਾਰ ਬਣ ਜਾਂਦਾ ਹੈ। ਤੁਹਾਨੂੰ ਹਰ ਚੀਜ਼ ਆਸਾਨ ਅਤੇ ਸਾਦੀ ਲੱਗਣ ਲੱਗ ਪੈਂਦੀ ਹੈ। ਪਰਿਵਾਰਕ ਝਗੜੇ ਅਤੇ ਹੋਰ ਮੁਸ਼ਕਲਾਂ ਹੌਲੀ-ਹੌਲੀ ਅਲੋਪ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਤੁਹਾਡਾ ਆਲਾ-ਦੁਆਲਾ ਆਨੰਦਿਤ ਅਤੇ ਵਧੀਆ ਬਣ ਜਾਂਦਾ ਹੈ। ਸਾਰੇ ਕਾਰਜ ਆਪਣੇ ਆਪ ਸਿੱਧੇ ਹੋਣੇ ਸ਼ੁਰੂ ਹੋ ਜਾਂਦੇ ਹਨ।
੧੮. ਸਤਿਨਾਮ ਦੇ ਗੁਰਪ੍ਰਸਾਦਿ ਨਾਲ ਰੂਹਾਨੀ ਸੰਸਾਰ ਦੀਆਂ ਸ਼ਿਖਰਾਂ ਦੀ ਪ੍ਰਾਪਤੀ ਹੁੰਦੀ ਹੈ :
ਸਾਰੇ ਹੀ ਧਰਮਾਂ ਦੇ ਸਾਰੇ ਹੀ ਸੰਤ ਅਤੇ ਭਗਤ ਕੇਵਲ ਸਤਿਨਾਮ ਸਿਮਰਨ ਕਰਨ ਨਾਲ ਹੀ ਸੰਤ ਅਤੇ ਭਗਤ ਬਣੇ ਹਨ। ਐਸੀਆਂ ਰੂਹਾਂ ਇਨ੍ਹਾਂ ਰੂਹਾਨੀਅਤ ਦੀਆਂ ਸ਼ਿਖਰਾਂ ਤੇ ਕੇਵਲ ਸਤਿਨਾਮ ਦੇ ਅਨਾਦਿ ਖਜ਼ਾਨੇ ਨਾਲ ਹੀ ਪਹੁੰਚੀਆਂ ਜਿਹੜਾ ਉਨ੍ਹਾਂ ਨੇ ਸਾਰੀ ਜ਼ਿੰਦਗੀ ਵਿੱਚ ਨੇਮ ਨਾਲ ਕੀਤਾ। ਇਸ ਤਰ੍ਹਾਂ ਇਹ ਰੂਹਾਂ ਰੂਹਾਨੀ ਤੌਰ ਤੇ ਇੰਨ੍ਹੀਆਂ ਸ਼ਕਤੀਸ਼ਾਲੀ ਬਣੀਆਂ ਅਤੇ ਸਰਵ ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਇੱਕ ਮਿੱਕ ਹੋ ਗਈਆਂ। ਕਈ ਰੂਹਾਂ ਹਨ ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਸਾਹਿਬਾਨ ਨਾਲ ਹੀ ਦਰਜ ਹੈ। ਇਨ੍ਹਾਂ ਵਿੱਚੋਂ ਕੁਝ ਹਨ, ਸੰਤ ਕਬੀਰ ਜੀ, ਭਗਤ ਰਵੀ ਦਾਸ ਜੀ, ਭਗਤ ਨਾਮ ਦੇਵ ਜੀ, ਭਗਤ ਬਾਬਾ ਫਰੀਦ ਜੀ, ਭਗਤ ਪੀਪਾ ਜੀ, ਭਗਤ ਸੈਨ ਨਾਈ ਜੀ, ਭਗਤ ਬੇਣੀ ਜੀ, ਭਗਤ ਤ੍ਰਿਲੋਚਨ ਜੀ ਆਦਿ। ਇਹ ਸਾਰੀਆਂ ਹੀ ਰੂਹਾਂ ਰੂਹਾਨੀਅਤ ਦੇ ਸ਼ਿਖਰਾਂ ਤੇ ਪਹੁੰਚੀਆਂ ਅਤੇ ਅਕਾਲ ਪੁਰਖ ਵਿੱਚ ਲੀਨ ਹੋ ਗਈਆਂ ਅਤੇ ਪਰਮ ਪਦਵੀ ਪ੍ਰਾਪਤ ਕੀਤੀ ਅਤੇ ਪੂਰਨ ਬ੍ਰਹਮ ਗਿਆਨੀ ਬਣੇ। ਐਸੀਆਂ ਰੂਹਾਂ ਨੂੰ ਪ੍ਰਗਟਿਓ ਜੋਤ ਪੂਰਨ ਬ੍ਰਹਮ ਗਿਆਨੀ ਵੀ ਜਾਣਿਆ ਜਾਂਦਾ ਹੈ। ਐਸੀਆਂ ਰੂਹਾਂ ਦਸਮ ਪਾਤਸ਼ਾਹ ਜੀ ਤੋਂ ਬਾਅਦ ਵੀ ਇਸ ਧਰਤੀ ਤੇ ਆਉਂਦੀਆਂ ਰਹੀਆਂ ਹਨ, ਉਨ੍ਹਾਂ ਵਿਚੋਂ ਕੁਝ ਹਨ ਸੰਤ ਬਾਬਾ ਨੰਦ ਸਿੰਘ ਜੀ, ਸੰਤ ਬਾਬਾ ਈਸ਼ਰ ਸਿੰਘ ਜੀ, ਸੰਤ ਬਾਬਾ ਹਰਨਾਮ ਸਿੰਘ ਜੀ ਅਤੇ ਸੰਤ ਬਾਬਾ ਅਤਰ ਸਿੰਘ ਜੀ। ਐਸੀਆਂ ਰੂਹਾਂ ਹੁਣ ਵੀ ਧਰਤੀ ਉੱਪਰ ਮੌਜੂਦ ਹਨ ਅਤੇ ਸਰਵ ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸਰਵ ਉੱਚ ਪੱਧਰ ਸੇਵਾ – ਸਤਿਨਾਮ ਸਿਮਰਨ, ਪਰਉਪਕਾਰ ਅਤੇ ਮਹਾ ਪਰਉਪਕਾਰ ਵਿੱਚ ਰੱਤੀਆਂ ਹੋਈਆਂ ਹਨ। ਉਹ ਆਉਣ ਵਾਲੇ ਯੁਗਾਂ ਵਿੱਚ ਵੀ ਸੰਗਤ ਨੂੰ ਰੂਹਾਨੀ ਪਰਮ ਸ਼ਕਤੀ ਦੇ ਨਾਲ ਨਿਹਾਲ ਕਰਦੀਆਂ ਰਹਿਣਗੀਆਂ, ਉਨ੍ਹਾਂ ਵਿੱਚੋਂ ਕੁਝ ਇਸ ਵਰਤਮਾਨ ਸਮੇਂ ਵਿੱਚ ਵੀ ਹਨ। ਉਹ ਸੰਗਤ ਦੀ ਸੇਵਾ ਕਰ ਰਹੀਆਂ ਹਨ ਅਤੇ ਐਸੀਆਂ ਰੂਹਾਂ ਆਉਣ ਵਾਲੇ ਯੁਗਾਂ ਵਿੱਚ ਵੀ ਇਸ ਸੰਸਾਰ ਤੇ ਆਉਂਦੀਆਂ ਰਹਿਣਗੀਆਂ।
ਸਤਿ ਪਾਰਬ੍ਰਹਮ ਪਰਮੇਸ਼ਰ ਦੇ ਘਰ ਵਿੱਚ ਸਾਰੇ ਦਰਗਾਹੀ ਖਜ਼ਾਨਿਆਂ ਦਾ ਕੋਈ ਅੰਤ ਨਹੀਂ ਹੈ। ਸਭ ਤੋਂ ਵੱਡਾ ਦਰਗਾਹੀ ਖਜ਼ਾਨਾ ਸਤਿਨਾਮ ਦਾ ਗੁਰਪ੍ਰਸਾਦਿ। ਸਤਿਨਾਮ ਦੇ ਗੁਰਪ੍ਰਸਾਦਿ ਦੇ ਨਾਲ ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਮਹਾ ਪਰਉਪਕਾਰ ਦੀ ਸੇਵਾ ਦੇ ਦਰਗਾਹੀ ਖਜ਼ਾਨੇ ਵੀ ਗੁਰਪ੍ਰਸਾਦਿ ਦੇ ਨਾਲ ਹੀ ਪ੍ਰਾਪਤ ਹੋ ਜਾਂਦੇ ਹਨ। ਜੋ ਮਨੁੱਖ ਸਤਿਨਾਮ ਦੇ ਰੰਗ ਵਿੱਚ ਰੰਗੇ ਜਾਂਦੇ ਹਨ ਉਹ ਮਨੁੱਖ ਦਰਗਾਹ ਵਿੱਚ ਪਰਵਾਨ ਹੋ ਜਾਂਦੇ ਹਨ। ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿੱਚ ਅਤੇ ਰੋਮ-ਰੋਮ ਵਿੱਚ ਸਤਿਨਾਮ ਪ੍ਰਗਟ ਹੋ ਜਾਂਦਾ ਹੈ ਉਹ ਮਨੁੱਖ ਦਰਗਾਹ ਵਿੱਚ ਪਰਵਾਨ ਹੋ ਜਾਂਦੇ ਹਨ। ਉਹ ਮਾਇਆ ਉੱਪਰ ਜਿੱਤ ਹਾਸਲ ਕਰਕੇ ਅਕਾਲ ਪੁਰਖ ਦੇ ਨਿਰਗੁਣ ਸਰੂਪ ਵਿੱਚ ਅਭੇਦ ਹੋ ਜਾਂਦੇ ਹਨ। ਉਨ੍ਹਾਂ ਦੇ ਹਿਰਦੇ ਵਿੱਚ ਪਰਮ ਜੋਤ ਪ੍ਰਗਟ ਹੋ ਜਾਂਦੀ ਹੈ। ਉਨ੍ਹਾਂ ਦਾ ਹਿਰਦਾ ਸਾਰੇ ਬ੍ਰਹਮ ਗੁਣਾਂ ਨਾਲ ਭਰਪੂਰ ਹੋ ਜਾਂਦਾ ਹੈ। ਐਸੇ ਮਹਾ ਪੁਰਖਾਂ ਦੇ ਬੱਜਰ ਕਪਾਟ ਖੁੱਲ੍ਹ ਜਾਂਦੇ ਹਨ, ੭ ਸਤਿ ਸਰੋਵਰ ਪ੍ਰਕਾਸ਼ਮਾਨ ਹੋ ਜਾਂਦੇ ਹਨ ਅਤੇ ਉਨ੍ਹਾਂ ਨੂੰ ਦਸਮ ਦੁਆਰ ਵਿੱਚ ਅਨਹਦ ਸ਼ਬਦ ਅੰਮ੍ਰਿਤ ਦੀ ਪ੍ਰਾਪਤੀ ਹੋ ਜਾਂਦੀ ਹੈ। ਉਨ੍ਹਾਂ ਨੂੰ ਪੂਰਨ ਬ੍ਰਹਮ ਗਿਆਨ, ਤੱਤ ਗਿਆਨ ਅਤੇ ਆਤਮ ਰਸ ਅੰਮ੍ਰਿਤ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਲਈ ਸਤਿਨਾਮ ਸਿਮਰਨ ਹੀ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਸਭ ਤੋਂ ਵੱਡੀ ਸੇਵਾ ਹੈ। ਸਤਿਨਾਮ ਸਿਮਰਨ ਵਿੱਚ ਰੱਤੇ ਹੋਏ ਮਨੁੱਖ ਸਤਿ ਰੂਪ ਹੋ ਜਾਂਦੇ ਹਨ ਅਤੇ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਿਰਗੁਣ ਸਰੂਪ ਵਿੱਚ ਸਮਾ ਜਾਂਦੇ ਹਨ। ਐਸੇ ਮਹਾ ਪੁਰਖ ਸਤਿ ਪਾਰਬ੍ਰਹਮ ਦੀ ਸਭ ਤੋਂ ਵੱਡੀ ਮਹਿਮਾ ਬਣ ਕੇ ਪ੍ਰਗਟਿਓ ਜੋਤ ਰੂਪ ਪੂਰਨ ਬ੍ਰਹਮ ਗਿਆਨੀ ਦੇ ਰੂਪ ਵਿੱਚ ਧਰਤੀ ਉੱਪਰ ਅੰਮ੍ਰਿਤ ਵਰਤਾਉਂਦੇ ਹਨ, ਗੁਰਪ੍ਰਸਾਦਿ ਵਰਤਾਉਂਦੇ ਹਨ, ਮਹਾ ਪਰਉਪਕਾਰ ਵਰਤਾਉਂਦੇ ਹਨ। ਇਸ ਲਈ ਸਤਿਗੁਰ ਪਾਤਿਸ਼ਾਹ ਜੀ ਇਹ ਅਰਦਾਸ ਕਰਨ ਦੀ ਜਾਚ ਦੱਸ ਰਹੇ ਹਨ ਕਿ ਮੰਗਣਾ ਹੈ ਤਾਂ ਸਤਿ ਪਾਰਬ੍ਰਹਮ ਪਰਮੇਸ਼ਰ ਦਾ ਸਤਿਨਾਮ ਮੰਗੋ, ਬੰਦਗੀ ਮੰਗੋ ਅਤੇ ਸੇਵਾ ਮੰਗੋ ਜਿਸ ਦੀ ਪ੍ਰਾਪਤੀ ਨਾਲ ਤੁਹਾਡਾ ਉਧਾਰ ਹੋ ਜਾਏਗਾ।