ਅਨੰਦੁ ਸਾਹਿਬ – ਪਉੜੀ ੫

ਅਨੰਦੁ ਸਾਹਿਬ ਪਉੜੀ ੫

ਵਾਜੇ ਪੰਚ ਸਬਦ ਤਿਤੁ ਘਰਿ ਸਭਾਗੈ

ਘਰਿ ਸਭਾਗੈ ਸਬਦ ਵਾਜੇ ਕਲਾ ਜਿਤੁ ਘਰਿ ਧਾਰੀਆ

ਪੰਚ ਦੂਤ ਤੁਧੁ ਵਸਿ ਕੀਤੇ ਕਾਲੁ ਕੰਟਕੁ ਮਾਰਿਆ

ਧੁਰਿ ਕਰਮਿ ਪਾਇਆ ਤੁਧੁ ਜਿਨ ਕਉ ਸਿ ਨਾਮਿ ਹਰਿ ਕੈ ਲਾਗੇ

ਕਹੈ ਨਾਨਕੁ ਤਹ ਸੁਖੁ ਹੋਆ ਤਿਤੁ ਘਰਿ ਅਨਹਦ ਵਾਜੇ

(ਪੰਨਾ ੯੧੭)

ਸਾਡੇ ਇਸ ਮਨੁੱਖਾ ਜਨਮ ਦੀ ਪੂਰਨ ਸਫਲਤਾ ਲਈ ਕੁਝ ਬਹੁਤ ਹੀ ਮਹੱਤਵਪੂਰਨ ਰੂਹਾਨੀ ਸਤਿ ਤੱਥਾਂ ਦਾ ਜਾਣਨਾ, ਸਮਝਣਾ ਅਤੇ ਮੰਨਣਾ ਬੇਅੰਤ ਲਾਜ਼ਮੀ ਹੈ। ਗੁਰਬਾਣੀ ਵਿੱਚ ਸਤਿਗੁਰੂ ਸਾਹਿਬਾਨ ਨੇ ਮਨੁੱਖੇ ਜਨਮ ਵਿੱਚ ਬੰਦਗੀ ਦਾ ਮਹਾਤਮ ਅਤੇ ਮਹਿਮਾ ਬਾਰੇ ਬਾਰ-ਬਾਰ ਦ੍ਰਿੜ੍ਹ ਕਰਾਇਆ ਹੈ। ਸਾਰੀ ਗੁਰਬਾਣੀ ਕੇਵਲ ਬੰਦਗੀ ਦੀ ਹੀ ਮਹਿਮਾ ਹੈ। ਸਾਰੀ ਗੁਰਬਾਣੀ ਵਿੱਚ ਮਨੁੱਖਾ ਜਨਮ ਨੂੰ ਸਫਲ ਕਿਵੇਂ ਕੀਤਾ ਜਾਂਦਾ ਹੈ ਕੇਵਲ ਇਸ ਪਰਮ ਸਤਿ ਨੂੰ ਹੀ ਬਾਰ-ਬਾਰ ਦ੍ਰਿੜ੍ਹ ਕਰਵਇਆ ਗਿਆ ਹੈ। ਅਸੀਂ ਬੰਦਗੀ ਕਰਦੇ ਹਾਂ: ਜਨਮ ਮਰਨ ਦੇ ਚੱਕਰ ਵਿਚੋਂ ਮੁਕਤ ਹੋਣ ਵਾਸਤੇ; ਆਪਣੇ ਆਪ ਨੂੰ ਅੰਦਰੂਨੀ ਤੌਰ ਤੇ ਸਾਫ਼ ਕਰਨ ਲਈ ਅਤੇ ਹਿਰਦੇ ਦੀ ਪੂਰਨ ਸਚਿਆਰੀ ਰਹਿਤ ਦੀ ਪ੍ਰਾਪਤੀ ਕਰਨ ਲਈ; ਆਪਣੇ ਸਾਰੇ ਮਾਨਸਿਕ ਰੋਗਾਂ ਤੋਂ ਛੁਟਕਾਰਾ ਪਾਉਣ ਲਈ; ਪੰਜ ਦੂਤਾਂ ਅਤੇ ਤ੍ਰਿਸ਼ਨਾ ਉੱਪਰ ਜਿੱਤ ਪਾਉਣ ਲਈ; ਮਾਇਆ ਤੇ ਪੂਰੀ ਤਰ੍ਹਾਂ ਜਿੱਤ ਪਾਉਣ ਲਈ; ਆਪਣੀ ਰੂਹ ਨੂੰ ਸਾਰੇ ਕਰਮਾਂ ਦੇ ਬੋਝ ਤੋਂ ਮੁਕਤ ਕਰਨ ਲਈ ਤਾਂ ਕਿ ਅਸੀਂ ਸਰਵ-ਸ਼ਕਤੀਮਾਨ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਦਰਸ਼ਨ ਕਰਕੇ ਜੀਵਨ ਮੁਕਤੀ ਪ੍ਰਾਪਤ ਕਰ ਸਕੀਏ, ਪੂਰਨ ਬ੍ਰਹਮ ਗਿਆਨ ਤੱਤ ਗਿਆਨ ਅਤੇ ਆਤਮ ਰਸ ਅੰਮ੍ਰਿਤ ਪ੍ਰਾਪਤ ਕਰ ਸਕੀਏ; ਪੂਰਨ ਅਨਾਦਿ ਸਤਿ ਨੂੰ ਦੇਖਣ, ਬੋਲਣ, ਸੁਣਨ, ਪੂਰਨ ਸਤਿ ਦੀ ਸੇਵਾ ਕਰਨ ਅਤੇ ਵਰਤਾਉਣ ਦੇ ਯੋਗ ਹੋਣ ਲਈ; ਅਕਾਲ ਪੁਰਖ ਵਿੱਚ ਅਭੇਦ ਹੋਣ ਲਈ ਅਤੇ ਸੰਤ ਹਿਰਦਾ ਬਣਨ ਲਈ।

ਬੰਦਗੀ ਕੇਵਲ ਮਾਇਆ ਦੇ ਖ਼ਿਲਾਫ਼ ਜੰਗ ਲੜਨਾ ਅਤੇ ਮਾਇਆ ਨੂੰ ਜਿੱਤਣਾ ਹੈ। ਬੰਦਗੀ ਕੇਵਲ ਮਾਇਆ ਦੀ ਗੁਲਾਮੀ ਤੋਂ ਮੁਕਤੀ ਪ੍ਰਾਪਤ ਕਰਨਾ ਹੈ। ਬੰਦਗੀ ਕੇਵਲ ਮਾਇਆ ਦੇ ਬੰਧਨਾਂ ਨੂੰ ਤੋੜਨ ਦਾ ਨਾਮ ਹੈ। ਬੰਦਗੀ ਕੇਵਲ ਮਾਇਆ ਦੇ ਬੰਧਨਾਂ ਤੋਂ ਮੁਕਤੀ ਦਾ ਨਾਮ ਹੈ। ਜੀਵਨ ਮੁਕਤੀ ਕੇਵਲ ਮਾਇਆ ਤੋਂ ਮੁਕਤੀ ਦਾ ਨਾਮ ਹੈ। ਬੰਦਗੀ ਕੇਵਲ ਮਾਇਆ ਦੀ ਗੁਲਾਮੀ ਛੱਡ ਕੇ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਗੁਲਾਮੀ (ਭਾਵ ਹੁਕਮ ਵਿਚ) ਜਾਣ ਦਾ ਨਾਮ ਹੈ। ਬੰਦਗੀ ਕੇਵਲ ਮਾਇਆ ਨੂੰ ਆਪਣੀ ਗੁਲਾਮ ਬਣਾਉਣ ਦਾ ਨਾਮ ਹੈ। ਇਸ ਲਈ ਮਨੁੱਖ ਲਈ ਮਾਇਆ ਨੂੰ ਅਤੇ ਇਸਦੇ ਖੇਲ ਨੂੰ ਜਾਣਨਾ ਅਤੇ ਸਮਝਣਾ ਬੇਅੰਤ ਜ਼ਰੂਰੀ ਹੈ। ਮਨੁੱਖ ਦੇ ਰੋਜ਼ਾਨਾ ਜੀਵਨ ਵਿੱਚ ਮਾਇਆ ਬਹੁਤ ਮਹਤੱਵਪੂਰਨ ਭੂਮਿਕਾ ਨਿਭਾਉਂਦੀ ਹੈ। ਇਕ ਆਮ ਮਨੁੱਖ ਦਾ ਸਾਰਾ ਰੋਜ਼ਾਨਾ ਜੀਵਨ ਕੇਵਲ ਮਾਇਆ ਹੀ ਚਲਾਉਂਦੀ ਹੈ। ਭਾਵ ਇਕ ਆਮ ਮਨੁੱਖ ਦਾ ਜੀਵਨ ਕੇਵਲ ਮਾਇਆ ਦੀ ਗੁਲਾਮੀ ਵਿੱਚ ਬੀਤਦਾ ਹੈ। ਸਾਰਾ ਸੰਸਾਰ ਜੋ ਮਨੁੱਖ ਦੀ ਅੱਖ ਨੂੰ ਨਜ਼ਰ ਆਉਂਦਾ ਹੈ ਉਸ ਨੂੰ ਕੇਵਲ ਮਾਇਆ ਹੀ ਚਲਾਉਂਦੀ ਹੈ। ਸਾਰਾ ਸੰਸਾਰ ਕੇਵਲ ਮਾਇਆ ਦੀ ਗੁਲਾਮੀ ਕਰਨ ਵਿੱਚ ਹੀ ਰੁਝਿਆ ਹੋਇਆ ਹੈ। ਇਸ ਲਈ ਮਾਇਆ ਨੂੰ ਜਿੱਤਣ ਲਈ ਮਨੁੱਖ ਲਈ ਮਾਇਆ ਨੂੰ ਅਤੇ ਮਾਇਆ ਦੇ ਇਸ ਖੇਲ ਨੂੰ ਜਾਣਨਾ ਅਤੇ ਸਮਝਣਾ ਬੇਅੰਤ ਲਾਜ਼ਮੀ ਹੈ। ਮਾਇਆ ਦੀ ਗੁਲਾਮੀ ਤੋਂ ਮੁਕਤ ਹੋਣ ਲਈ ਅਤੇ ਇਸ ਨੂੰ ਆਪਣੀ ਦਾਸੀ ਬਣਾਉਣ ਲਈ ਮਾਇਆ ਦੇ ਇਸ ਖੇਲ ਨੂੰ ਜਾਣਨਾ ਅਤੇ ਸਮਝਣਾ ਬੇਅੰਤ ਲਾਜ਼ਮੀ ਹੈ।

ਮਨੁੱਖ ਦੇ ਸਾਰੇ ਰੋਜ਼ਾਨਾ ਕਰਮ ਕਿਵੇਂ ਮਾਇਆ ਦੀ ਗੁਲਾਮੀ ਵਿੱਚ ਵਾਪਰਦੇ ਹਨ, ਇਸ ਤੱਥ ਨੂੰ ਜਾਣਨਾ ਅਤੇ ਸਮਝਣਾ ਬੇਅੰਤ ਲਾਜ਼ਮੀ ਹੈ। ਮਨੁੱਖ ਆਪਣੇ ਸਾਰੇ ਰੋਜ਼ਾਨਾ ਕਰਮਾਂ ਨੂੰ ਪੰਜ ਕਰਮ ਇੰਦਰੀਆਂ ਦੇ ਨਾਲ ਅੰਜਾਮ ਦਿੰਦਾ ਹੈ। ਮਨੁੱਖ ਦੀਆਂ ਪੰਜ ਕਰਮ ਇੰਦਰੀਆਂ ਹਨ: ਬਾਂਹਾਂ ਅਤੇ ਹੱਥ; ਲੱਤਾਂ ਅਤੇ ਪੈਰ; ਜੀਭ ਅਤੇ ਮੂੰਹ; ਮਲ ਦਵਾਰ; ਲਿੰਗ ਅੰਗ। ਇਹ ਪੰਜ ਕਰਮ ਇੰਦਰੀਆਂ ਰਾਹੀਂ ਮਨੁੱਖ ਆਪਣੇ ਸਾਰੇ ਰੋਜ਼ਾਨਾ ਕਰਮਾਂ ਨੂੰ ਭੌਤਿਕ ਤੌਰ ਤੇ ਅਮਲ ਵਿੱਚ ਲੈ ਕੇ ਆਉਂਦਾ ਹੈ। ਮਨੁੱਖ ਦੇ ਸਾਰੇ ਕਰਮ ਇਨ੍ਹਾਂ ਪੰਜ ਕਰਮ ਇੰਦਰੀਆਂ ਦੁਆਰਾ ਹੀ ਕੀਤੇ ਜਾਂਦੇ ਹਨ। ਮਨੁੱਖ ਇਨ੍ਹਾਂ ਕਰਮ ਇੰਦਰੀਆਂ ਦੁਆਰਾ ਦੁਨੀਆਂ ਦਾ ਕੋਈ ਵੀ ਕਰਮ ਕਰਨ ਦੀ ਸਮਰੱਥਾ ਰੱਖਦਾ ਹੈ। ਇਸਦਾ ਭਾਵ ਇਹ ਹੈ ਕਿ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਮਨੁੱਖ ਨੂੰ ਇਹ ਪੰਜ ਕਰਮ ਇੰਦਰੀਆਂ ਦੇ ਰੂਪ ਵਿੱਚ ਦੁਨੀਆਂ ਦਾ ਕੋਈ ਵੀ ਕਾਰਜ ਸਿੱਧ ਕਰਨ ਦੀ ਪਰਮ ਸ਼ਕਤੀ ਬਖ਼ਸ਼ ਦਿੱਤੀ ਹੈ। ਇਹ ਪਰਮ ਸਤਿ ਤੱਤ ਤੱਥ ਇਸ ਸਤਿ ਦਾ ਪ੍ਰਮਾਣ ਹੈ ਕਿ ਮਨੁੱਖਾ ਜਨਮ ਅਨਮੋਲਕ ਰਤਨ ਹੈ। ੮੪ ਲੱਖ ਜੂਨੀ ਵਿੱਚ ਹੋਰ ਕਿਸੇ ਜੂਨੀ ਨੂੰ ਇਹ ਪਰਮ ਸ਼ਕਤੀ ਦੀ ਪ੍ਰਾਪਤੀ ਨਹੀਂ ਹੈ ਕਿ ਉਹ ਦੁਨੀਆਂ ਦਾ ਕੋਈ ਵੀ ਕਾਰਜ ਸਿੱਧ ਕਰ ਸਕਣ। ਇਹ ਇਲਾਹੀ ਕਿਰਪਾ ਕੇਵਲ ਮਨੁੱਖਾ ਦੇਹੀ ਨੂੰ ਮਿਲੀ ਹੈ। ਇਨ੍ਹਾਂ ਕਰਮ ਇੰਦਰੀਆਂ ਦਾ ਕਮਾਲ ਅਸੀਂ ਅੱਜ ਦੀ ਦੁਨੀਆਂ ਦੀ ਤਕਨੀਕੀ ਅਤੇ ਚਿਕਿਤਸਕ ਵਿਗਿਆਨ ਦੀ ਬੇਤਹਾਸ਼ਾ ਤਰੱਕੀ ਦੇ ਰੂਪ ਵਿੱਚ ਰੋਜ਼ ਦੇਖ ਰਹੇ ਹਾਂ ਅਤੇ ਇਸ ਦਾ ਰੋਜ਼ਾਨਾ ਜੀਵਨ ਵਿੱਚ ਦੁਨਿਆਵੀ ਸਹੂਲਤਾਂ ਦੇ ਰੂਪ ਵਿੱਚ ਆਨੰਦ ਵੀ ਮਾਣ ਰਹੇ ਹਾਂ।

ਪਰੰਤੂ ਪ੍ਰਸ਼ਨ ਉੱਠਦਾ ਹੈ ਕੀ ਅਸੀਂ ਸਦਾ ਇਨ੍ਹਾਂ ਪੰਜ ਇੰਦਰੀਆਂ ਦੇ ਰੂਪ ਵਿੱਚ ਸਾਨੂੰ ਬਖ਼ਸ਼ੀ ਗਈ ਇਸ ਸਮਰੱਥਾ ਦਾ ਸਦਉਪਯੋਗ ਕਰਦੇ ਹਾ ? ਕੀ ਅਸੀਂ ਇਸ ਇਲਾਹੀ ਸਮਰੱਥਾ ਦਾ ਆਪਣੀ ਅੰਤਰ ਆਤਮਾ ਅਤੇ ਲੋਕਾਂ ਦੀ ਭਲਾਈ ਲਈ ਵਰਤੋਂ ਕਰਦੇ ਹਾਂ ਜਾਂ ਅਸੀਂ ਇਸ ਪਰਮ ਸ਼ਕਤੀਸ਼ਾਲੀ ਸਮਰੱਥਾ ਦੀ ਵਰਤੋਂ ਕੇਵਲ ਆਪਣੇ ਨਿਜੀ ਸਵਾਰਥ ਲਈ ਹੀ ਕਰਦੇ ਹਾਂ ? ਕੀ ਅਸੀਂ ਇਸ ਇਲਾਹੀ ਸਮਰੱਥਾ ਦੀ ਵਰਤੋਂ ਆਪਣੇ ਉਧਾਰ ਲਈ ਕਰਦੇ ਹਾਂ ਜਾਂ ਆਪਣੇ ਹਿਰਦੇ ਅਤੇ ਦੇਹੀ ਨੂੰ ਵਿਨਾਸ਼ਕਾਰੀ ਵਾਸ਼ਨਾਵਾਂ ਵਿੱਚ ਗਰਕਾਉਣ ਲਈ ਕਰਦੇ ਹਾਂ ? ਕੀ ਅਸੀਂ ਇਸ ਪਰਮ ਸ਼ਕਤੀਸ਼ਾਲੀ ਸਮਰੱਥਾ ਦੀ ਵਰਤੋਂ ਪਰਉਪਕਾਰ ਲਈ ਕਰਦੇ ਹਾਂ ਜਾਂ ਲੋਕਾਈ ਦਾ ਨੁਕਸਾਨ ਕਰਕੇ ਆਪਣੀਆਂ ਹੀ ਜੜਾਂ ਵੱਢਣ ਲਈ ਕਰਦੇ ਹਾਂ ? ਕੀ ਅਸੀਂ ਇਸ ਦਰਗਾਹੀ ਸਮਰੱਥਾ ਦੀ ਵਰਤੋਂ ਆਪਣੇ ਆਪ ਨੂੰ ਅਤੇ ਲੋਕਾਈ ਨੂੰ ਦੁੱਖ ਪਹੁੰਚਾਉਣ ਵਾਸਤੇ ਕਰਦੇ ਹਾਂ ? ਕੀ ਅਸੀਂ ਇਸ ਪਰਮ ਸ਼ਕਤੀਸ਼ਾਲੀ ਸਮਰੱਥਾ ਦੀ ਵਰਤੋਂ ਗੁਰ ਅਤੇ ਗੁਰੂ ਦੀ ਸੇਵਾ ਅਤੇ ਸੰਗਤ ਦੀ ਸੇਵਾ ਵਾਸਤੇ ਕਰਦੇ ਹਾਂ ਜਾਂ ਗੁਰ, ਗੁਰੂ ਅਤੇ ਸੰਗਤ ਦੇ ਵਿਰੁੱਧ ਨਿੰਦਿਆ, ਚੁਗਲੀ ਬਖੀਲੀ ਵਿੱਚ ਕਰਦੇ ਹਾਂ ? ਕੀ ਇਸ ਪਰਮ ਸ਼ਕਤੀਸ਼ਾਲੀ ਸਮਰੱਥਾ ਦੀ ਵਰਤੋਂ ਅਸੀਂ ਸਤਿ ਦੀ ਕਰਨੀ ਕਰਨ ਵਿੱਚ ਕਰਦੇ ਹਾਂ ਜਾਂ ਅਸਤਿ ਦੀ ਕਰਨੀ ਕਰਨ ਵਿੱਚ ਕਰਦੇ ਹਾਂ ? ਕੀ ਅਸੀਂ ਇਸ ਦਰਗਾਹੀ ਬਖ਼ਸ਼ਿਸ਼ ਦੀ ਵਰਤੋਂ ਇਸ ਧਰਤੀ ਉੱਪਰ ਹੋ ਰਹੇ ਬੇਅੰਤ ਪਾਪਾਂ ਅਤੇ ਕਬੁੱਧ ਕਰਮਾਂ ਨੂੰ ਖ਼ਤਮ ਕਰਨ ਲਈ ਕਰਦੇ ਹਾਂ ਜਾਂ ਇਨ੍ਹਾਂ ਪਾਪਾਂ ਅਤੇ ਕਬੁੱਧ ਕਰਮਾਂ ਵਿੱਚ ਵਾਧਾ ਕਰਨ ਲਈ ਕਰਦੇ ਹਾਂ ? ਕੀ ਅਸੀਂ ਇਸ ਪਰਮ ਸ਼ਕਤੀਸ਼ਾਲੀ ਸਮਰੱਥਾ ਦੀ ਵਰਤੋਂ ਇਸ ਧਰਤੀ ਨੂੰ ਹੋਰ ਸੁੰਦਰ ਅਤੇ ਮਨੁੱਖਤਾ ਦੇ ਅਨੁਕੂਲ ਲੋਕਾਈ ਦੇ ਰਹਿਣ ਵਾਸਤੇ ਬਣਾਉਣ ਲਈ ਕਰਦੇ ਹਾਂ ਕਿ ਧਰਤੀ ਨੂੰ ਨਰਕ ਬਣਾਉਣ ਲਈ ਕਰਦੇ ਹਾਂ ?

ਜੋ ਮਨੁੱਖ ਇਸ ਪੰਜ ਕਰਮ ਇੰਦਰੀਆਂ ਦੇ ਰੂਪ ਵਿੱਚ ਬਖ਼ਸ਼ੀ ਗਈ ਦਰਗਾਹੀ ਪਰਮ ਸ਼ਕਤੀਸ਼ਾਲੀ ਸਮਰੱਥਾ ਦੀ ਵਰਤੋਂ ਸਤਿ ਕਰਮਾਂ ਵਿੱਚ ਕਰਦੇ ਹਨ ਉਹ ਮਨੁੱਖ ਧੰਨ ਧੰਨ ਹੋ ਜਾਂਦੇ ਹਨ। ਐਸੇ ਮਨੁੱਖ ਲੋਕਾਈ ਦੀ ਸਦਾ ਭਲਾਈ ਕਰਦੇ ਹਨ। ਐਸੇ ਮਨੁੱਖ ਗੁਰ ਪ੍ਰਸਾਦਿ ਦੀ ਪ੍ਰਾਪਤੀ ਕਰਕੇ ਅਤੇ ਆਪਣੀ ਬੰਦਗੀ ਸੰਪੂਰਨ ਕਰਕੇ ਪਰਉਪਕਾਰ ਅਤੇ ਮਹਾ ਪਰਉਪਕਾਰੀ ਜੀਵਨ ਜੀਉਂਦੇ ਹਨ। ਜੋ ਮਨੁੱਖ ਇਸ ਇਲਾਹੀ ਸਮਰੱਥਾ ਦਾ ਦੁਰਉਪਯੋਗ ਕਰਦੇ ਹਨ ਅਤੇ ਅਸਤਿ ਕਰਮ ਕਰਦੇ ਹਨ ਉਹ ਆਪ ਤਾਂ ਨਰਕਮਈ ਜੀਵਨ ਦੇ ਭਾਗੀ ਬਣਦੇ ਹੀ ਹਨ ਨਾਲ ਹੀ ਲੋਕਾਈ ਦਾ ਬੁਰਾ ਕਰਦੇ ਹੋਏ ਆਉਣ ਵਾਲੇ ਸਮੇਂ ਵਿੱਚ ਵੀ ਆਪਣੀ ਕਰਨੀ ਦੇ ਫਲ ਭੁਗਤਦੇ ਹੋਏ ਜੂਨੀ ਵਿੱਚ ਭਟਕਦੇ ਰਹਿੰਦੇ ਹਨ।

ਇਸੇ ਤਰ੍ਹਾਂ ਹੀ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਨੇ ਸਾਨੂੰ ਮਨੁੱਖਾ ਜਨਮ ਬਖ਼ਸ਼ ਕੇ ਪੰਜ ਗਿਆਨ ਇੰਦਰੀਆਂ ਨਾਲ ਸਾਡੀ ਮਨੁੱਖਾ ਦੇਹੀ ਨੂੰ ਸੁਸ਼ੋਭਿਤ ਕਰ ਦਿੱਤਾ ਹੈ। ਇਹ ਪੰਜ ਗਿਆਨ ਇੰਦਰੀਆਂ ਹਨ: ਅੱਖਾਂ ਦੁਆਰਾ ਵੇਖਣ ਦੀ ਸ਼ਕਤੀ; ਕੰਨਾਂ ਦੁਆਰਾ ਸੁਣਨ ਦੀ ਸ਼ਕਤੀ; ਰਸਨਾ ਦੁਆਰਾ ਬੋਲਣ ਦੀ ਅਤੇ ਸੁਆਦ ਚੱਖਣ ਦੀ ਸ਼ਕਤੀ; ਨਾਸਿਕਾ ਨਾਲ ਸੁੰਘਣ ਦੀ ਸ਼ਕਤੀ; ਅਤੇ ਚਮੜੀ ਦੁਆਰਾ ਮਹਿਸੂਸ ਕਰਨ ਦੀ ਸ਼ਕਤੀ। ਇਨ੍ਹਾਂ ਪੰਜ ਪਰਮ ਸ਼ਕਤੀਆਂ (ਪੰਜ ਕਲਾਵਾਂ) ਨਾਲ ਹੀ ਅਸੀਂ ਇਸ ਮਨੁੱਖਾ ਜਨਮ ਦਾ ਭਰਪੂਰ ਆਨੰਦ ਲੈਂਦੇ ਹਾਂ। ਇਨ੍ਹਾਂ ਪੰਜ ਪਰਮ ਸ਼ਕਤੀਆਂ (ਪੰਜ ਕਲਾਵਾਂ) ਨਾਲ ਹੀ ਅਸੀਂ ਜੀਵਨ ਦੇ ਸਾਰੇ ਰਸ ਮਾਣਦੇ ਹਾਂ। ਇਨ੍ਹਾਂ ਪੰਜ ਪਰਮ ਸ਼ਕਤੀਆਂ (ਪੰਜ ਕਲਾਵਾਂ) ਨਾਲ ਹੀ ਅਸੀਂ ਦੁਨਿਆਵੀ ਵਸਤੂਆਂ ਦਾ ਭਰਪੂਰ ਆਨੰਦ ਮਾਣਦੇ ਹਾਂ। ਇਨ੍ਹਾਂ ਪੰਜ ਪਰਮ ਸ਼ਕਤੀਆਂ (ਪੰਜ ਕਲਾਵਾਂ) ਨਾਲ ਹੀ ਸਾਡਾ ਜੀਵਨ ਵਿਕਸਿਤ ਹੁੰਦਾ ਹੈ, ਵਿਗਸਦਾ ਹੈ, ਵੱਧਦਾ-ਫੁੱਲਦਾ ਹੈ। ਇਨ੍ਹਾਂ ਪੰਜ ਪਰਮ ਸ਼ਕਤੀਆਂ (ਪੰਜ ਕਲਾਵਾਂ) ਨਾਲ ਹੀ ਅਸੀਂ ਆਪਣੇ ਜੀਵਨ ਨੂੰ ਪੜ੍ਹ ਲਿਖ ਕੇ ਆਪਣੀਆਂ ਕਾਬਲੀਅਤਾਂ ਵਿੱਚ ਵਾਧਾ ਕਰਕੇ ਆਪਣੇ ਜੀਵਨ ਨੂੰ ਸੁੰਦਰ ਅਤੇ ਸੁਖਮਈ ਬਣਾਉਂਦੇ ਹਾਂ। ਇਸ ਤਰ੍ਹਾਂ ਸਾਡਾ ਸਾਰਾ ਜੀਵਨ ਅਤੇ ਇਹ ਮਨੁੱਖਾ ਜਨਮ ਇਨ੍ਹਾਂ ਪੰਜ ਪਰਮ ਸ਼ਕਤੀਆਂ ਦੀ ਸਹੀ ਵਰਤੋਂ ਉੱਪਰ ਨਿਰਭਰ ਕਰਦਾ ਹੈ। ਜਿਵੇਂ ਸਾਡਾ ਇਹ ਜੀਵਨ ਪੰਜ ਕਰਮ ਇੰਦਰੀਆਂ ਦੀ ਸਹੀ ਵਰਤੋਂ ਉੱਪਰ ਨਿਰਭਰ ਕਰਦਾ ਹੈ ਜਾਂ ਇਨ੍ਹਾਂ ਕਰਮ ਇੰਦਰੀਆਂ ਦੀ ਦੁਰ ਵਰਤੋਂ ਉੱਪਰ ਨਿਰਭਰ ਕਰਦਾ ਹੈ ਠੀਕ ਉਸੇ ਤਰ੍ਹਾਂ ਸਾਡਾ ਜੀਵਨ ਇਨ੍ਹਾਂ ਪੰਜ ਗਿਆਨ ਇੰਦਰੀਆਂ ਦੇ ਸਦਉਪਯੋਗ ਜਾਂ ਦੁਰਉਪਯੋਗ ਉੱਪਰ ਨਿਰਭਰ ਕਰਦਾ ਹੈ। ਇਨ੍ਹਾਂ ਪਰਮ ਸ਼ਕਤੀਆਂ ਦੀ ਵਰਤੋਂ ਦੇ ਅਨੁਸਾਰ ਅਸੀਂ ਆਪਣਾ ਜੀਵਨ ਬਣਾਉਂਦੇ ਜਾਂ ਗਰਕ ਕਰਦੇ ਹਾਂ। ਜੋ ਮਨੁੱਖ ਇਨ੍ਹਾਂ ਪਰਮ ਸ਼ਕਤੀਆਂ ਦਾ ਸਦਉਪਯੋਗ ਕਰਦੇ ਹਨ ਅਤੇ ਸਤਿ ਕਰਮਾਂ ਵਿੱਚ ਸਹੀ ਢੰਗ ਨਾਲ ਇਨ੍ਹਾਂ ਪਰਮ ਸ਼ਕਤੀਆਂ ਦਾ ਉਪਯੋਗ ਕਰਦੇ ਹਨ ਉਹ ਗੁਰਪ੍ਰਸਾਦਿ ਦੀ ਪ੍ਰਾਪਤੀ ਕਰਕੇ ਉੱਚੀ ਦਰਗਾਹੀ ਅਵਸਥਾ ਨੂੰ ਪ੍ਰਾਪਤ ਕਰਕੇ ਆਪਣਾ ਜੀਵਨ ਸਫਲ ਕਰ ਲੈਂਦੇ ਹਨ। ਜੋ ਮਨੁੱਖ ਇਨ੍ਹਾਂ ਪਰਮ ਸ਼ਕਤੀਆਂ ਦਾ ਦੁਰਉਪਯੋਗ ਕਰਦੇ ਹਨ ਉਹ ਨਰਕਮਈ ਜੀਵਨ ਦੇ ਭਾਗੀ ਬਣਦੇ ਹਨ। ਉਹ ਮਨੁੱਖ ਆਉਣ ਵਾਲੇ ਸਮੇਂ ਵਿੱਚ ਕਸ਼ਟਾਂ ਅਤੇ ਕਲੇਸ਼ਾਂ ਭਰਿਆ ਜੀਵਨ ਭੋਗਦੇ ਹਨ। ਉਹ ਮਨੁੱਖ ਆਪਣੇ ਅਸਤਿ ਕਰਮਾਂ ਕਾਰਨ ਕਰਮ ਦੇ ਵਿਧਾਨ ਅਨੁਸਾਰ ਆਪਣਾ ਭਵਿੱਖ ਆਪ ਨਸ਼ਟ ਕਰ ਲੈਂਦੇ ਹਨ ਅਤੇ ਅਣਮਿਥੇ ਸਮੇਂ ਲਈ ਜੂਨੀ ਵਿੱਚ ਭਟਕਦੇ ਹਨ।

ਇਹ ਉੱਤਮ ਬ੍ਰਹਮ ਸ਼ਕਤੀਆਂ ਹਨ ਜੋ ਸਾਨੂੰ ਅਕਾਲ ਪੁਰਖ ਨੇ ਇਹ ਜੀਵਨ ਜਿਉਣ ਅਤੇ ਕੁਦਰਤ ਦਾ ਸਹੀ ਸੰਦਰਭ ਅਤੇ ਬ੍ਰਹਮ ਗਿਆਨ-ਗੁਰਮਤਿ ਦੇ ਅਨੁਸਾਰ ਆਨੰਦ ਮਾਣਨ ਲਈ ਬਖ਼ਸ਼ੀਆਂ ਹਨ। ਪੰਜ ਕਰਮ ਇੰਦਰੀਆਂ ਦੀ ਤਰ੍ਹਾਂ ਇਸ ਬ੍ਰਹਮ ਵਿਚਾਰ ਨੂੰ ਦ੍ਰਿੜ੍ਹ ਕਰਨਾ ਬਹੁਤ ਜ਼ਰੂਰੀ ਹੈ ਕਿ ਜੇਕਰ ਅਸੀਂ ਇਨ੍ਹਾਂ ਪੰਜ ਸ਼ਕਤੀਆਂ (ਗਿਆਨ ਇੰਦਰੀਆਂ) ਦੀ ਵਰਤੋਂ ਸਤਿ ਕਰਮਾਂ ਲਈ ਨਹੀਂ ਕਰਦੇ ਹਾਂ ਤਾਂ ਅਸੀਂ ਇਨ੍ਹਾਂ ਇਲਾਹੀ ਸ਼ਕਤੀਆਂ ਦੀ ਸਤਿ ਵਰਤੋਂ ਕਰਦੇ ਹਾਂ, ਜਾਂ ਇਨ੍ਹਾਂ ਪੰਜ ਸ਼ਕਤੀਆਂ ਦੀ ਵਰਤੋਂ ਅਸੀਂ ਮਾੜੇ ਕਰਮਾਂ ਲਈ ਕਰਦੇ ਹਾਂ ਤਾਂ ਅਸੀਂ ਅਪਣੀ ਦੇਹੀ ਨੂੰ ਰੋਗੀ ਕਰਨ ਵਿੱਚ, ਜਾਂ ਅਪਣੀ ਇਸ ਦੇਹੀ ਨੂੰ ਭਿਆਨਕ ਰੋਗਾਂ ਦਾ ਸ਼ਿਕਾਰ ਬਣਾਉਣ ਲਈ ਕਰਦੇ ਹਾਂ। ਇਨ੍ਹਾਂ ਪੰਜ ਇਲਾਹੀ ਸ਼ਕਤੀਆਂ ਦੀ ਦੁਰਵਰਤੋਂ ਹੀ ਮਨੁੱਖ ਦੇ ਸਾਰੇ ਸ਼ਰੀਰਕ ਰੋਗਾਂ ਦਾ ਇਕ ਬਹੁਤ ਵੱਡਾ ਕਾਰਨ ਹੈ। ਸਾਰੀਆਂ ਸ਼ਰੀਰਕ ਬੀਮਾਰੀਆਂ ਕੇਵਲ ਇਨ੍ਹਾਂ ਪੰਜ ਸ਼ਕਤੀਆਂ ਦੀ ਦੁਰਵਰਤੋਂ ਕਾਰਨ ਹੀ ਪੈਦਾ ਹੁੰਦੀਆਂ ਹਨ। ਮਨੁੱਖ ਦੇ ਸਾਰੇ ਦੁੱਖਾਂ, ਕਲੇਸ਼ਾਂ, ਸਮੱਸਿਆਵਾਂ ਅਤੇ ਪਰੇਸ਼ਾਨੀਆਂ ਦਾ ਕਾਰਨ ਕੇਵਲ ਪੰਜ ਕਰਮ ਇੰਦਰੀਆਂ ਅਤੇ ਪੰਜ ਗਿਆਨ ਇੰਦਰੀਆਂ ਦੀ ਦੁਰਵਰਤੋਂ ਹੀ ਹੈ। ਜੇਕਰ ਮਨੁੱਖ ਇਨ੍ਹਾਂ ਪੰਜ ਗਿਆਨ ਇੰਦਰੀਆਂ ਅਤੇ ਪੰਜ ਕਰਮ ਇੰਦਰੀਆਂ ਦੀ ਸਤਿ ਵਰਤੋਂ ਕਰਨ ਲੱਗ ਪਵੇ ਤਾਂ ਮਨੁੱਖ ਦੇ ਸਾਰੇ ਦੁੱਖਾਂ, ਕਲੇਸ਼ਾਂ, ਸਮੱਸਿਆਵਾਂ ਅਤੇ ਪਰੇਸ਼ਾਨੀਆਂ ਦਾ ਅੰਤ ਹੋਣਾ ਸ਼ੁਰੂ ਹੋ ਜਾਵੇ।

ਮਨੁੱਖ ਦੀਆਂ ਕਰਮ ਇੰਦਰੀਆਂ ਦੁਆਰਾ ਕੀਤੇ ਗਏ ਸਾਰੇ ਰੋਜ਼ਾਨਾ ਕਰਮ ਮਨੁੱਖ ਦੀਆਂ ਪੰਜ ਗਿਆਨ ਇੰਦਰੀਆਂ ਦੇ ਨਿਰਦੇਸ਼ ਦੇ ਅਧੀਨ ਕੀਤੇ ਜਾਂਦੇ ਹਨ। ਇਹ ਪੰਜ ਸ਼ਕਤੀਆਂ ਹੀ ਮਨੁੱਖ ਨੂੰ ਉਸਦੇ ਇਰਦ-ਗਿਰਦ ਹੋ ਰਹੀਆਂ ਸਾਰੀਆਂ ਘਟਨਾਵਾਂ ਦੇ ਗਿਆਨ ਅਨੁਸਾਰ ਉਸ ਦੀਆਂ ਕਰਮ ਇੰਦਰੀਆਂ ਨੂੰ ਉਪਯੁਕਤ ਕਰਮ ਕਰਨ ਦੇ ਨਿਰਦੇਸ਼ ਦੇ ਕੇ ਕਰਮ ਕਰਵਾਉਣ ਵਿੱਚ ਸਹਾਇਕ ਹੁੰਦੀਆਂ ਹਨ। ਭਾਵ ਮਨੁੱਖ ਦੀਆਂ ਕਰਮ ਇੰਦਰੀਆਂ ਦਾ ਆਧਾਰ ਮਨੁੱਖ ਦੀਆਂ ਪੰਜ ਗਿਆਨ ਇੰਦਰੀਆਂ ਹਨ। ਪੰਜ ਗਿਆਨ ਇੰਦਰੀਆਂ ਦੁਆਰਾ ਇਕੱਤਰ ਕੀਤੇ ਗਏ ਗਿਆਨ ਦੇ ਆਧਾਰ ਤੇ ਮਨੁੱਖੀ ਮਨ ਇਨ੍ਹਾਂ ਗਿਆਨ ਇੰਦਰੀਆਂ ਨੂੰ ਨਿਰਦੇਸ਼ ਦਿੰਦਾ ਹੈ ਅਤੇ ਇਸੇ ਨਿਰਦੇਸ਼ ਦੇ ਅਨੁਸਾਰ ਇਹ ਗਿਆਨ ਇੰਦਰੀਆਂ ਮਨੁੱਖ ਦੀਆਂ ਕਰਮ ਇੰਦਰੀਆਂ ਤੋਂ ਕਰਮ ਕਰਵਾਉਂਦੀਆਂ ਹਨ। ਭਾਵ ਮਨੁੱਖ ਦੀਆਂ ਪੰਜ ਗਿਆਨ ਇੰਦਰੀਆਂ ਦਾ ਆਧਾਰ ਮਨੁੱਖ ਦ ਮਨ ਹੈ। ਮਨੁੱਖ ਦਾ ਮਨ ਸਾਰੀ ਸੇਧ ਮਨੁੱਖ ਦੀ ਆਪਣੀ ਬੁੱਧੀ ਤੋਂ ਪ੍ਰਾਪਤ ਕਰਦਾ ਹੈ। ਇਸ ਲਈ ਮਨੁੱਖੀ ਮਨ ਦਾ ਆਧਾਰ ਮਨੁੱਖ ਦੀ ਆਪਣੀ ਬੁੱਧੀ ਹੈ। ਮਨੁੱਖ ਦੀ ਬੁੱਧੀ ਜਾਂ ਮਤਿ ਚਾਰ ਤਰ੍ਹਾਂ ਦੀ ਮਤਿ ਜਾਂ ਸਿਆਣਪ ਹੈ:

ਮਨਮਤਿ ਜਾਂ ਸਵੈ ਸਿਆਣਪ: ਇਹ ਉਹ ਮਤਿ ਹੈ ਜੋ ਅਸੀਂ ਆਪਣੀ ਦੁਨਿਆਵੀ ਸਿੱਖਿਆ ਜੋ ਅਸੀਂ ਵਿਦਿਅਕ ਸੰਸਥਾਵਾਂ ਤੋਂ ਪ੍ਰਾਪਤ ਕਰਦੇ ਹਾਂ ਅਤੇ ਆਪਣੇ ਮਾਪਿਆਂ, ਪਰਿਵਾਰ ਅਤੇ ਮਿੱਤਰਾਂ ਤੋਂ ਪ੍ਰਾਪਤ ਕਰਦੇ ਹਾਂ।

ਸੰਸਾਰਕ ਮਤਿ : ਇਹ ਮਤਿ ਦਾ ਸੋਮਾ ਸਮਾਜਿਕ ਵਿਹਾਰਾਂ ਦਾ ਇਕ ਅਹਿਮ ਹਿੱਸਾ ਹੈ ਅਤੇ ਸਮਾਜ ਤੇ ਆਧਾਰਿਤ ਹੈ। ਇਸ ਦਾ ਆਧਾਰ ਹੈ ਸਮਾਜ ਦੇ ਲੋਕਾਂ ਦਾ ਵਰਤਣ ਅਤੇ ਵਿਹਾਰ। ਇਹ ਮਤਿ ਉਹਨਾਂ ਸਿਧਾਂਤਾਂ ਤੇ ਆਧਾਰਿਤ ਹੁੰਦੀ ਹੈ ਜੋ ਸਮਾਜ ਦੁਆਰਾ ਪਾਲਣ ਕੀਤੇ ਜਾ ਰਹੇ ਹਨ ਜਿਸ ਵਿੱਚ ਅਸੀਂ ਰਹਿ ਰਹੇ ਹਾਂ। ਸਮਾਜ ਦੇ ਨਿਯਮ ਅਤੇ ਰੀਤੀ ਰਿਵਾਜਾਂ ਦੀ ਅਸੀਂ ਪਾਲਣਾ ਕਰਦੇ ਹਾਂ ਜਿਸ ਸਮਾਜ ਵਿੱਚ ਅਸੀਂ ਰਹਿ ਰਹੇ ਹਾਂ।

ਦੁਰਮਤਿ ਜਾਂ ਭੈੜੀ ਮਤਿ : ਇਹ ਮਤਿ ਸਾਨੂੰ ਕੁਸੰਗਤ ਤੋਂ ਪ੍ਰਾਪਤ ਹੁੰਦੀ ਹੈ। ਇਹ ਮਤਿ ਸਾਨੂੰ ਮਾੜੇ ਲੋਕਾਂ ਦੀ ਸੰਗਤ ਤੋਂ ਪ੍ਰਾਪਤ ਹੁੰਦੀ ਹੈ। ਇਹ ਇਸ ਕਿਸਮ ਦੀ ਮਤਿ ਹੈ ਜੋ ਸਾਨੂੰ ਅਸਤਿ ਕਰਮ ਕਰਨ ਲਈ ਉਕਸਾਉਂਦੀ ਹੈ। ਇਹ ਮਤਿ ਜਿਆਦਾ ਤੌਰ ਤੇ ਸੰਸਾਰਕ ਮਤਿ ਅਤੇ ਮਨਮਤਿ ਤੇ ਆਧਾਰਿਤ ਹੁੰਦੀ ਹੈ।

ਮਨ ਮਤਿ, ਸੰਸਾਰਕ ਮਤਿ ਅਤੇ ਦੁਰਮਤਿ ਮਾਇਆ ਦੇ ਅਧੀਨ ਕੰਮ ਕਰਦੀ ਹੈ। ਸਾਡੇ ਰੋਜ਼ਾਨਾ ਕਰਮਾਂ ਉੱਪਰ ਮਨਮਤਿ, ਸੰਸਾਰਕ ਮਤਿ ਆਤੇ ਦੁਰਮਤਿ ਦਾ ਬਹੁਤ ਗਹਿਰਾ ਪ੍ਰਭਾਵ ਪੈਂਦਾ ਹੈ। ਇਸ ਲਈ ਇਕ ਆਮ ਮਨੁੱਖ ਦੇ ਸਾਰੇ ਰੋਜ਼ਾਨਾ ਕਰਮ ਮਾਇਆ ਦੀ ਗੁਲਾਮੀ ਵਿੱਚ ਵਾਪਰਦੇ ਹਨ। ਮਨ ਮਤਿ, ਸੰਸਾਰਕ ਮਤਿ ਅਤੇ ਦੁਰਮਤਿ ਸਾਨੂੰ ਭਰਮਾਂ, ਭੁਲੇਖਿਆਂ ਅਤੇ ਦੁਬਿਧਾ ਵਿੱਚ ਪਾਉਂਦੀ ਹੈ ਜੋ ਕਿ ਸਾਡੇ ਸਾਰੇ ਦੁੱਖਾਂ, ਕਲੇਸ਼ਾਂ, ਪੀੜਾਂ, ਮਾਨਸਿਕ ਅਤੇ ਸ਼ਰੀਰਕ ਰੋਗਾਂ ਦਾ ਕਾਰਨ ਬਣਦਾ ਹੈ।

ਗੁਰਮਤਿ ਜਾਂ ਬ੍ਰਹਮ ਮਤਿ: ਇਹ ਮਤਿ ਬ੍ਰਹਮ ਦਾਤ ਹੈ, ਇਹ ਗੁਰਪ੍ਰਸਾਦਿ ਹੈ। ਗੁਰਬਾਣੀ ਬ੍ਰਹਮ ਮਤਿ ਹੈ, ਇਹ ਪੂਰਨ ਬ੍ਰਹਮ ਗਿਆਨ ਹੈ। ਕੋਈ ਵੀ ਮਤਿ ਜੋ ਗੁਰਬਾਣੀ ਤੋਂ ਬਾਹਰ ਹੈ ਮਨਮਤਿ ਹੈ, ਸੰਸਾਰਕ ਮਤਿ ਹੈ ਜਾਂ ਦੁਰਮਤਿ ਹੈ। ਕੇਵਲ ਗੁਰਬਾਣੀ ਗੁਰਮਤਿ ਹੈ। ਗੁਰਮਤਿ ਤੋਂ ਬਾਹਰ ਕੀਤੇ ਕਰਮਾਂ ਦਾ ਅਮਲ ਸਾਨੂੰ ਆਪਣੀ ਪ੍ਰਾਲਬਧ ਦੁਆਰਾ ਪੁਨਰ ਜਨਮਾਂ ਵਿੱਚ ਭਟਕਣ ਲਈ ਛੱਡ ਦਿੰਦਾ ਹੈ। ਗੁਰਮਤਿ ਆਪਣੇ ਰੋਜ਼ਾਨਾ ਜੀਵਨ ਵਿੱਚ ਧਾਰਨ ਕਰਨ ਨਾਲ ਸਾਡੀ ਕਰਨੀ ਸਤਿ ਦੀ ਕਰਨੀ ਬਣ ਜਾਂਦੀ ਹੈ ਅਤੇ ਇੱਕ ਸਮਾਂ ਐਸਾ ਆਵੇਗਾ ਜਦ ਅਸੀਂ ਕਾਫੀ ਸਤਿ ਕਰਮ ਇਕੱਠੇ ਕਰ ਲਵਾਂਗੇ ਜਿਹੜੇ ਅਕਾਲ ਪੁਰਖ ਜੀ ਦੀ ਦਰਗਾਹ ਵਿੱਚ ਪਰਵਾਨ ਹੋ ਜਾਣਗੇ। ਜਦ ਅਜਿਹਾ ਵਾਪਰਦਾ ਹੈ ਅਸੀਂ ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਦੀ ਬਖਸ਼ਿਸ਼ ਪ੍ਰਾਪਤ ਕਰਦੇ ਹਾਂ। ਸਾਡਾ ਸੱਚਖੰਡ ਦਾ ਰਾਹ ਖੁੱਲ੍ਹ ਜਾਂਦਾ ਹੈ।

ਮਾਇਆ ਦੇ ਤਿੰਨ ਗੁਣ ਹਨ: ਤਮ ਗੁਣ; ਰਜ ਗੁਣ ਅਤੇ ਸਤਿ ਗੁਣ। ਤਮ ਗੁਣ ਅਤੇ ਰਜ ਗੁਣ ਮਨੁੱਖ ਦੇ ਪਤਨ ਦਾ ਕਾਰਨ ਬਣਦੇ ਹਨ ਅਤੇ ਸਤਿ ਗੁਣ ਮਨੁੱਖ ਨੂੰ ਬੰਦਗੀ ਵਾਲੇ ਪਾਸੇ ਖੜ੍ਹਦੇ ਹਨ। ਤਮ ਅਤੇ ਰਜ ਗੁਣ ਮਨੁੱਖ ਤੋਂ ਅਸਤਿ ਕਰਮ ਕਰਵਾਉਂਦੇ ਹਨ ਅਤੇ ਸਤਿ ਗੁਣ ਮਨੁੱਖ ਤੋਂ ਸਤਿ ਕਰਮ ਕਰਵਾਉਂਦੇ ਹਨ। ਤਮ ਗੁਣ ਅਤੇ ਰਜ ਗੁਣ ਮਨੁੱਖ ਦੇ ਜੀਵਨ ਵਿੱਚ ਦੁੱਖਾਂ ਕਲੇਸ਼ਾਂ ਸਮੱਸਿਆਵਾਂ ਦਾ ਕਾਰਨ ਬਣਦੇ ਹਨ ਅਤੇ ਸਤਿ ਗੁਣ ਮਨੁੱਖ ਦੇ ਜੀਵਨ ਵਿੱਚ ਸੁੱਖ ਸ਼ਾਂਤੀ ਵਰਤਾਉਂਦੇ ਹਨ। ਤਮ ਗੁਣ ਅਤੇ ਰਜ ਗੁਣ ਮਹਾ ਵਿਨਾਸ਼ਕਾਰੀ ਸ਼ਕਤੀਆਂ ਹਨ। ਸਤਿ ਗੁਣਾਂ ਵਿੱਚ ਮਨੁੱਖ ਨੂੰ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਦਰਸ਼ਨ ਕਰਵਾਉਣ ਦੀ ਅਤੇ ਜੀਵਨ ਮੁਕਤੀ ਪ੍ਰਾਪਤ ਕਰਵਾਉਣ ਦੀ ਸ਼ਕਤੀ ਹੈ।

ਤਮ ਗੁਣ: ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ਕੁਝ ਹੋਰ ਵਿਕਾਰ ਹਨ : ਨਿੰਦਿਆ, ਚੁਗਲੀ, ਬਖੀਲੀ, ਸ਼ਬਦ, ਰਾਜ, ਜੋਬਨ, ਧਨ, ਮਾਲ, ਰੂਪ, ਸਪਰਸ਼, ਰਸ ਅਤੇ ਗੰਧ।

 

ਰਜੋ: ਆਸਾ, ਤ੍ਰਿਸ਼ਨਾ ਅਤੇ ਮਨਸਾ (ਇੱਛਾਵਾਂ)।

 

ਸਤੋ : ਦਇਆ, ਧਰਮ, ਦਾਨ, ਸੰਤੋਖ, ਸੰਜਮ।

 

ਸਾਡੀ ਪੰਚ ਭੂਤਕ ਦੇਹੀ ਵਿੱਚ ਵਾਸ ਕਰਦੇ ਪੰਜ ਦੂਤ ਮਾਇਆ ਦੇ ਮਹਾ ਵਿਨਾਸ਼ਕਾਰੀ ਹਥਿਆਰ ਹਨ: ਕਾਮ; ਕ੍ਰੋਧ; ਲੋਭ; ਮੋਹ; ਅਹੰਕਾਰ। ਸਾਡੀ ਆਤਮਾ ਦੇ ਇਹ ਪੰਜ ਦੁਸ਼ਮਨ ਸਾਡੇ ਸ਼ਰੀਰ ਵਿੱਚ ਵਾਸ ਕਰਦੇ ਹਨ, ਇਹਨਾਂ ਨੂੰ ਪੰਜ ਦੂਤ ਕਿਹਾ ਜਾਂਦਾ ਹੈ। ਇਹ ਦੂਤ ਮਾਇਆ ਦੀਆਂ ਪੰਜ ਮਹਾ ਵਿਨਾਸ਼ਕਾਰੀ ਸ਼ਕਤੀਆਂ ਹਨ। ਇਹ ਪੰਜ ਦੂਤਾਂ ਨੂੰ ਮਾਨਸਿਕ ਰੋਗ ਵੀ ਕਿਹਾ ਜਾਂਦਾ ਹੈ। (ਪੰਜ ਦੂਤਾਂ ਦੀ ਕਥਾ ਦੂਜੀ ਪਉੜੀ ਵਿੱਚ ਬਿਆਨ ਕੀਤੀ ਗਈ ਹੈ)। ਇਨ੍ਹਾਂ ਪੰਜ ਮਹਾ ਵਿਨਾਸ਼ਕਾਰੀ ਸ਼ਕਤੀਆਂ ਦੇ ਨਾਲ ਕੁਝ ਹੋਰ ਵਿਕਾਰੀ ਸ਼ਕਤੀਆਂ ਹਨ ਜੋ ਮਨੁੱਖ ਨੂੰ ਇਨ੍ਹਾਂ ਪੰਜ ਦੂਤਾਂ ਦੀ ਗੁਲਾਮੀ ਕਰਨ ਵਿੱਚ ਸਹਾਇਤਾ ਕਰਦੀਆ ਹਨ: ਨਿੰਦਿਆ, ਚੁਗਲੀ, ਬਖੀਲੀ, ਸ਼ਬਦ, ਰਾਜ, ਜੋਬਨ, ਧਨ, ਮਾਲ, ਰੂਪ, ਸਪਰਸ਼, ਰਸ ਅਤੇ ਗੰਧ। ਈਰਖਾ ਵੱਸ ਕੀਤੀ ਗਈ ਨਿੰਦਿਆ ਚੁਗਲੀ ਬਖੀਲੀ ਕਰਕੇ ਸ਼ਬਦ (ਭਾਵ ਬੋਲਣ ਦੀ ਸ਼ਕਤੀ ਦੀ ਦੁਰਵਰਤੋਂ) ਦੀ ਮਹਾ ਵਿਨਾਸ਼ਕਾਰੀ ਸ਼ਕਤੀ ਮਨੁੱਖ ਦੇ ਪ੍ਰਾਲਬਧ ਨੂੰ ਬੇਅੰਤ ਦੁਖਦਾਈ ਬਣਾਉਣ ਦਾ ਕੰਮ ਕਰਦੀ ਹੈ। ਰਾਜ ਦੀ ਸੱਤਾ ਦੇ ਮੱਦ ਵਿੱਚ ਅਹੰਕਾਰ ਵੱਸ ਮਨੁੱਖ ਅਸਤਿ ਕਰਮ ਕਰਦਾ ਹੈ। ਧਨ ਅਤੇ ਮਾਲ ਦੇ ਨਸ਼ੇ ਵਿੱਚ ਅਹੰਕਾਰ ਅਤੇ ਲੋਭ ਵੱਸ ਮਨੁੱਖ ਕਈ ਅਸਤਿ ਕਰਮ ਕਰਦਾ ਹੈ। ਜੋਬਨ, ਰੂਪ, ਸਪਰਸ਼ ਅਤੇ ਗੰਧ ਦੇ ਨਸ਼ੇ ਵਿੱਚ ਕਾਮ ਵੱਸ ਮਨੁੱਖ ਬਹੁਤ ਅਸਤਿ ਕਰਮ ਕਰਦਾ ਹੈ। ਵਿਨਾਸ਼ਕਾਰੀ ਰਸਾਂ ਦੇ ਸੇਵਨ ਨਾਲ ਮਨੁੱਖ ਕਈ ਅਸਤਿ ਕਰਮ ਕਰਦਾ ਹੈ। ਇਹ ਸਾਰੇ ਅਸਤਿ ਕਰਮ ਮਨੁੱਖ ਦੇ ਪ੍ਰਾਲਬਧ ਉੱਪਰ ਗਹਿਰਾ ਵਿਨਾਸ਼ਕਾਰੀ ਅਸਰ ਪਾਉਂਦੇ ਹਨ ਅਤੇ ਮਨੁੱਖ ਦੇ ਆਉਣ ਵਾਲੇ ਜੀਵਨ ਵਿੱਚ ਜ਼ਹਿਰ ਘੋਲਣ ਦਾ ਕੰਮ ਕਰਦੇ ਹਨ।

ਇਹ ਪੰਜ ਦੂਤਾਂ ਦੇ ਪਿੱਛੇ ਇੱਛਾਵਾਂ ਦੀ ਵਿਨਾਸ਼ਕਾਰੀ ਸ਼ਕਤੀ ਕੰਮ ਕਰਦੀ ਹੈ ਜਿਸਨੂੰ ਗੁਰਬਾਣੀ ਵਿੱਚ ਤ੍ਰਿਸ਼ਨਾ ਕਿਹਾ ਗਿਆ ਹੈ, ਅਤੇ ਇਸ ਦੇ ਘੱਟ ਪ੍ਰਭਾਵ ਵਾਲੇ ਰੂਪ ਹਨ ਆਸਾ ਅਤੇ ਮਨਸਾ। ਮਨੁੱਖ ਆਪਣੀ ਤ੍ਰਿਸ਼ਨਾ ਨੂੰ ਬੁਝਾਉਣ ਵਾਸਤੇ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਵੱਸ ਅਸਤਿ ਕਰਮ ਕਰਦਾ ਹੈ। ਉਦਾਹਰਨ ਵਜੋਂ ਅਮੀਰ ਬਣਨ ਦੀ ਇੱਛਾ, ਪਰ ਇਮਾਨਦਾਰੀ ਨਾਲ ਕਰਮ ਕਰਨ ਦੀ ਬਜਾਇ ਅਸੀਂ ਲਾਲਚੀ ਹੋ ਜਾਂਦੇ ਹਾਂ ਅਤੇ ਲੋਭ ਸਾਨੂੰ ਕਾਬੂ ਕਰ ਲੈਂਦਾ ਹੈ। ਸਾਨੂੰ ਕੋਈ ਦੁੱਖ ਪਹੁੰਚਾਉਂਦਾ ਹੈ ਤਾਂ ਸਾਡੀ ਬਦਲਾ ਲੈਣ ਦੀ ਇੱਛਾ ਹੁੰਦੀ ਹੈ, ਇਸ ਤਰ੍ਹਾਂ ਕ੍ਰੋਧ ਸਾਨੂੰ ਚਲਾਉਂਦਾ ਹੈ। ਤ੍ਰਿਸ਼ਨਾ ਸਾਡੇ ਪੰਜ ਦੂਤਾਂ ਨੂੰ ਚਲਾਉਂਦੀ ਹੈ ਜਿਹੜੇ ਸਾਡੇ ਕਰਨ ਵਾਲੇ ਕਰਮਾਂ ਨੂੰ ਨਿਰਧਾਰਿਤ ਕਰਦੀ ਹੈ। ਅਸਲ ਵਿੱਚ ਇਹ ਪੰਜ ਦੂਤ ਅਤੇ ਇੱਛਾਵਾਂ ਸਾਨੂੰ ਸਾਡੀਆਂ ਪੰਜ ਕਰਮ ਇੰਦਰੀਆਂ ਅਤੇ ਪੰਜ ਗਿਆਨ ਇੰਦਰੀਆਂ ਦੀ ਗਲਤ ਵਰਤੋਂ ਕਰਨ ਨੂੰ ਉਕਸਾਉਂਦੀਆਂ ਹਨ। ਅਸੀਂ ਇਹ ਭੁੱਲ ਜਾਂਦੇ ਹਾਂ ਕਿ ਇਹ ਸਭ ਤੋਂ ਉੱਤਮ ਬ੍ਰਹਮ ਸ਼ਕਤੀਆਂ (ਕਰਮ ਇੰਦਰੀਆਂ ਅਤੇ ਗਿਆਨ ਇੰਦਰੀਆਂ) ਸਾਨੂੰ ਸਤਿ ਕਰਮ ਕਰਨ ਲਈ ਮਿਲੀਆਂ ਹਨ, ਇਹ ਸਭ ਤੋਂ ਉੱਤਮ ਬ੍ਰਹਮ ਬਖ਼ਸ਼ਿਸ਼ਾਂ ਸਾਨੂੰ ਅਕਾਲ ਪੁਰਖ ਨੇ ਦਿੱਤੀਆਂ ਹਨ। ਇਹਨਾਂ ਦੀ ਗਲਤ ਵਰਤੋਂ ਕਰਕੇ ਹੀ ਅਸੀਂ ਮਾਇਆ ਦੇ ਛਲਾਵੇ ਵਿੱਚ ਆ ਜਾਂਦੇ ਹਾਂ। ਇਹ ਪੰਜ ਦੂਤ ਅਤੇ ਤ੍ਰਿਸ਼ਨਾ ਮਇਆ ਦੇ ਬੰਧਨ ਹਨ। ਇਹਨਾਂ ਬੰਧਨਾਂ ਤੋਂ ਆਜ਼ਾਦ ਹੋਣ ਲਈ ਗੁਰਪ੍ਰਸਾਦਿ ਜ਼ਰੂਰੀ ਹੈ। ਕੇਵਲ ਗੁਰਪ੍ਰਸਾਦਿ ਦੀ ਪਰਮ ਸ਼ਕਤੀ ਹੀ ਸਾਨੂੰ ਮਾਇਆ ਦੇ ਇਨ੍ਹਾਂ ਬੰਧਨਾਂ ਤੋਂ ਆਜ਼ਾਦ ਕਰਾ ਸਕਦੀ ਹੈ।

ਇਸ ਤਰ੍ਹਾਂ ਮਨੁੱਖ ਦੇ ਮਨ ਦਾ ਆਧਾਰ ਮਨੁੱਖ ਦੀ ਬੁੱਧੀ ਹੈ। ਮਨੁੱਖ ਦੀ ਬੁੱਧੀ ਮਾਇਆ ਦੀ ਗੁਲਾਮ ਹੈ। ਮਾਇਆ ਦੀ ਗੁਲਾਮੀ (ਭਾਵ ਤਮ ਗੁਣ ਅਤੇ ਰਜ ਗੁਣ ਦੀ ਗੁਲਾਮੀ) ਵਿੱਚ ਮਨੁੱਖ ਆਪਣੀਆਂ ਕਰਮ ਇੰਦਰੀਆਂ ਅਤੇ ਗਿਆਨ ਇੰਦਰੀਆਂ ਦਾ ਦੁਰਉਪਯੋਗ ਕਰਕੇ ਸਾਰੇ ਅਸਤਿ ਕਰਮ ਕਰਦਾ ਹੈ।

ਗਿਆਨ ਇਨ੍ਹਾਂ ਗਿਆਨ ਇੰਦਰੀਆਂ ਤੋਂ ਆਉਂਦਾ ਹੈ, ਮਤਿ ਦਿਮਾਗ ਤੋਂ ਆਉਂਦੀ ਹੈ, ਫ਼ੈਸਲਾ ਮਨ ਦੁਆਰਾ ਇੱਛਾਵਾਂ ਦੇ ਆਧਾਰ ਤੇ ਹੁੰਦਾ ਹੈ, ਕਿਰਿਆ ਸ਼ਰੀਰਕ ਇੰਦਰੀਆਂ ਦੁਆਰਾ ਕੀਤੀ ਜਾਂਦੀ ਹੈ। ਜਦ ਤੱਕ ਸਾਡੇ ਮਨ ਦੇ ਫ਼ੈਸਲੇ ਸਾਡੇ ਦਿਮਾਗ ਦੀ ਮਤਿ (ਮਨ ਮਤਿ, ਸੰਸਾਰਕ ਮਤਿ ਅਤੇ ਦੁਰਮਤਿ) ਦੀ ਜਾਣਕਾਰੀ ਅਨੁਸਾਰ ਲਏ ਜਾਂਦੇ ਹਨ ਅਸੀਂ ਮਾਇਆ ਦੇ ਤਿੰਨਾਂ ਗੁਣਾਂ ਅਧੀਨ ਕਰਮ ਕਰਦੇ ਹਾਂ। ਇਹ ਮਨ ਦੀ ਅਸਥਿਰਤਾ ਦਾ ਮੁੱਖ ਕਾਰਨ ਹੈ। ਅਸਥਿਰਤਾ ਦਾ ਭਾਵ ਹੈ ਮਨ ਦਾ ਨਿਰੰਤਰ ਬੋਲਣਾ ਅਤੇ ਵਿਚਾਰਾਂ ਦੀ ਕਦੀ ਨਾ ਖਤਮ ਹੋਣ ਵਾਲੀ ਲੜੀ। ਇਸ ਲਈ ਅਸੀਂ ਕਿਵੇਂ ਆਪਣਾ ਮਨ ਸਥਿਰ ਬਣਾਈਏ ? ਇਸ ਲਈ ਸਾਨੂੰ ਆਪਣੇ ਰੂਹਾਨੀ ਸ਼ਰੀਰ ਨੂੰ ਸਮਝਣ ਦੀ ਲੋੜ ਹੈ।

ਰੂਹਾਨੀ ਸ਼ਰੀਰ ਦੇ ਤੱਤ: ਰੂਹਾਨੀ ਸ਼ਰੀਰ ਦੇ ਤੱਤ ਹਨ ਜੋਤ ਅਤੇ ਸੂਖਸ਼ਮ ਸ਼ਰੀਰ

ਜੋਤ: ਇਹ ਪਰਮ ਸ਼ਕਤੀ ਹੈ ਜੋ ਸਾਰੇ ਸ਼ਰੀਰ ਦੇ ਅੰਦਰ ਵਾਸ ਕਰਦੀ ਹੈ। ਇਹ ਪੂਰਨ ਬ੍ਰਹਮ ਗਿਆਨ ਦਾ ਆਧਾਰ ਹੈ। ਸਾਡੀ ਜ਼ਿੰਦਗੀ ਇਸ ਪੂਰਨ ਬ੍ਰਹਮ ਜੋਤ ਕਾਰਨ ਹੈ। ਸਾਡਾ ਜੀਵਨ ਤੱਤ ਸਾਡੀ ਆਤਮਾ ਹੈ। ਇਹ ਬ੍ਰਹਮ ਤੱਤ ਹੈ। ਸਾਡੇ ਸਵਾਸ ਅਤੇ ਜੀਵਨ ਸਾਡੇ ਅੰਦਰ ਇਸ ਅਨਾਦੀ ਪੂਰਨ ਪ੍ਰਕਾਸ਼ ਜੋਤ ਕਾਰਨ ਹੈ। ਅਸੀਂ ਇਹ ਪੂਰਨ ਬ੍ਰਹਮ ਜੋਤ ਦੇ ਕਾਰਨ ਜਨਮੇ ਹਾਂ। ਜਦ ਬ੍ਰਹਮ ਜੋਤ ਸਾਡੇ ਸ਼ਰੀਰ ਵਿੱਚੋਂ ਖਿੱਚ ਲਈ ਜਾਂਦੀ ਹੈ ਅਸੀਂ ਮਰ ਜਾਂਦੇ ਹਾਂ, ਭਾਵ ਸਥੂਲ ਸ਼ਰੀਰ ਦੀ ਮੌਤ ਹੋ ਜਾਂਦੀ ਹੈ। ਇੱਥੇ ਮੁਸ਼ਕਿਲ ਇਹ ਹੈ ਕਿ ਅਸੀਂ (ਮੈਂ, ਮੇਰਾ, ਮੈਨੂੰ) ਦੇ ਵਿਹਾਰ ਵਿੱਚ ਲੀਨ ਹੋ ਗਏ ਹਾਂ। ਅਸੀਂ ਆਪਣੇ ਅੰਦਰ ਇਸ ਜੋਤ ਦੇ ਬਾਰੇ ਭੁੱਲ ਗਏ ਹਾਂ। ਇਹ ਹਉਮੈ ਦੇ ਕਾਰਨ ਹੈ। ਇਹ ਬ੍ਰਹਮ ਜੋਤ ਤੇ ਸਾਡੇ ਮਨ ਦੇ ਵਿਚਕਾਰ ਵੰਡ ਹਉਮੈ ਕਾਰਨ ਹੈ। ਹਉਮੈ ਕੁਝ ਨਹੀਂ ਬਸ ਮਾਇਆ ਹੈ।

ਸ਼ੂਖਸਮ ਸਰੀਰ: ਸੂਖਸ਼ਮ ਰੂਹ ਦਾ ਹਿੱਸਾ ਹੈ। ਇਹ ਜੀਵਨ ਉੂਰਜਾ ਅਤੇ ਸ਼ਕਤੀ ਹੈ ਜੋ ਸਾਡੇ ਸਥੂਲ ਸ਼ਰੀਰ ਨੂੰ ਕਰਮ ਕਰਨ ਦੇ ਯੋਗ ਰੱਖਦੀ ਹੈ। ਸਾਰੀ ਉੂਰਜਾ ਅਤੇ ਸਾਹ ਦੀ ਪ੍ਰਕ੍ਰਿਆ ਨਾੜੀਆਂ ਵਿੱਚ ਲਹੂ ਦਾ ਚੱਲਣਾ ਅਤੇ ਦੂਸਰੀਆਂ ਸਾਰੀਆਂ ਸ਼ਰੀਰ ਦੀਆਂ ਕਿਰਿਆਵਾਂ ਇਸ ਜੀਵਨ ਉੂਰਜਾ ਦੁਆਰਾ ਚਲਾਈਆਂ ਜਾ ਰਹੀਆਂ ਹਨ ਜੋ ੭ ਰੂਹਾਨੀ ਉੂਰਜਾ ਦੇ ਕੇਂਦਰਾਂ ਤੋਂ ਆਉਂਦੀ ਹੈ। ਗੁਰਬਾਣੀ ਵਿੱਚ ਇਹਨਾਂ ਨੂੰ ਸਤਿ ਸਰੋਵਰ ਕਿਹਾ ਗਿਆ ਹੈ। ਸਤਿ ਸਰੋਵਰ ਇਹਨਾਂ ਬ੍ਰਹਮ ਚੱਕਰਾਂ ਦੀ ਸੱਚੀ ਬ੍ਰਹਮ ਪਰਿਭਾਸ਼ਾ ਹੈ। ਸਤਿ ਸਰੋਵਰ ਤੋਂ ਭਾਵ ਹੈ ੭ ਰੂਹਾਨੀ ਉੂਰਜਾ ਦੇ ਸੋਮੇ ਜਾਂ ੭ ਜੀਵਨ ਉੂਰਜਾ ਦੇ ਸੋਮੇ, ਜਾਂ ਰੂਹ ਦੇ ੭ ਅਨਿੱਖੜਵੇਂ ਹਿੱਸੇ, ਇਸ ਜੀਵਨ ਉੂਰਜਾ ਨੂੰ ਅੰਮ੍ਰਿਤ ਕਿਹਾ ਗਿਆ ਹੈ।

ਕੁਝ ਲੋਕ ਸੋਚਦੇ ਹਨ ਕਿ ੭ ਸਤਿ ਸਰੋਵਰ ਸਥੂਲ ਸ਼ਰੀਰ ਦਾ ਇਕ ਹਿੱਸਾ ਹਨ ਕਿ ਇਹਨਾਂ ਨੂੰ ਨਾੜੀਆਂ ਦੇ ਰੂਪ ਵਿੱਚ ਮਾਪਿਆ ਜਾ ਸਕਦਾ ਹੈ। ਇਹ ਨਾੜੀਆਂ (ਇੜਾ, ਪਿੰਗਲਾ, ਸੁਸ਼ਮਨਾ ਅਤੇ ਹੋਰ ਰੂਹਾਨੀ ਸ਼ਕਤੀਆਂ ਦੇ ਸੋਮੇ) ਸਾਡੇ ਸ਼ਰੀਰ ਦਾ ਸਥੂਲ ਭਾਗ ਨਹੀਂ ਹਨ। ੭ ਸਤਿ ਸਰੋਵਰਾਂ ਦੀ ਕੋਈ ਪਦਾਰਥਕ ਹੋਂਦ ਨਹੀਂ। ਉਹ ਸਾਰੇ ਸੂਖਸ਼ਮ ਵਿੱਚ ਹਨ। ਉਹ ਸਾਰੇ ਰੂਹ ਦਾ ਹਿੱਸਾ ਹਨ। ਰੂਹ ਵੀ ਸੂਖਸ਼ਮ ਹੈ ੭ ਸਤਿ ਸਰੋਵਰ ਸੂਖਸ਼ਮ ਸ਼ਰੀਰ ਵਿੱਚ ਸਿਰ ਦੇ ਉਪਰਲੇ ਖੇਤਰ, ਤੀਜੀ ਅੱਖ, ਗਲਾ, ਹਿਰਦਾ, ਨਾਭੀ, ਲਿੰਗ ਅੰਗ ਅਤੇ ਕੁੰਡਲਨੀ ਵਿੱਚ ਸਥਿਤ ਹੁੰਦੇ ਹਨ। ਸੂਖਸ਼ਮ ਸ਼ਰੀਰ ਵਿੱਚ ਸਥਿਤ ਇਹ ਸਾਰੇ ਪਰਮ ਸ਼ਕਤੀਆਂ ਦੇ ਸੋਮਿਆਂ (੭ ਸਤਿ ਸਰੋਵਰ) ਨੂੰ ਜਾਗਰਤ ਕਰਨਾ ਹੀ ਬੰਦਗੀ ਦਾ ਨਾਮ ਹੈ। ਇਹ ੭ ਸਤਿ ਸਰੋਵਰਾਂ ਨੂੰ ਕੇਵਲ ਗੁਰਪ੍ਰਸਾਦਿ ਦੀ ਪਰਮ ਸ਼ਕਤੀ ਹੀ ਜਾਗਰਤ ਕਰ ਸਕਦੀ ਹੈ। ਇਨ੍ਹਾਂ ੭ ਪਰਮ ਸ਼ਕਤੀਆਂ ਦੇ ਸੋਮਿਆਂ ਦੇ ਜਾਗਰਤ ਹੋਣ ਨਾਲ ਹੀ ਮਨੁੱਖ ਦੇ ਸਾਰੇ ਬੱਜਰ ਕਪਾਟ ਖੁੱਲ੍ਹਦੇ ਹਨ ਅਤੇ ਸਤਿਨਾਮ ਰੋਮ-ਰੋਮ ਵਿੱਚ ਜਾਂਦਾ ਹੈ। ਮਨ ਦੀ ਸਥਿਰਤਾ ਹੀ ਮਨੁੱਖ ਨੂੰ ਮਨੁੱਖ ਦੇ ਸੂਖਸ਼ਮ ਸ਼ਰੀਰ ਵਿੱਚ ਸਥਿਰ ਇਨ੍ਹਾਂ ਇਲਾਹੀ ਪਰਮ ਸ਼ਕਤੀਆਂ ਦਾ ਅਨੁਭਵ ਕਰਵਾ ਸਕਦੀ ਹੈ।

 

ਅਸੀਂ ਆਪਣੇ ਮਨ ਨੂੰ ਸਥਿਰ ਕਿਵੇਂ ਕਰ ਸਕਦੇ ਹਾਂ ?

 

ਸਾਡੀਆਂ ਪੰਜ ਕਰਮ ਇੰਦਰੀਆਂ ਸਾਡੇ ਰੋਜ਼ਾਨਾ ਕਰਮਾਂ ਜਾਂ ਕਰਨੀਆਂ ਲਈ ਜ਼ਿੰਮੇਵਾਰ ਹਨ। ਪੰਜ ਕਰਮ ਇੰਦਰੀਆਂ ਦਿਮਾਗ ਦੁਆਰਾ ਨਿਰਦੇਸ਼ਿਤ ਹੁੰਦੀਆਂ ਹਨ। ਦਿਮਾਗ ਮਨ ਦੇ ਫੈਸਲਿਆਂ ਦੁਆਰਾ ਨਿਰਦੇਸ਼ਿਤ ਹੁੰਦਾ ਹੈ ਅਤੇ ਯਾਦ ਰੱਖੋ, ਸਾਡਾ ਮਨ ਸਾਡੇ ਦਿਮਾਗ ਵਿੱਚ ਭਰੀ ਮਤਿ ਦੇ ਆਧਾਰ ਤੇ ਫੈਸਲੇ ਕਰਦਾ ਹੈ। ਸਾਡੀ ਆਪਣੀ ਮਤਿ, ਮਨਮਤਿ, ਸੰਸਾਰਕ ਮਤਿ ਅਤੇ ਦੁਰਮਤਿ ਤੋਂ ਮਿਲ ਕੇ ਬਣਦੀ ਹੈ। ਇਹ ਸਾਰੀਆਂ ਮਤਾਂ ਮਾਇਆ ਦੇ ਅਧੀਨ ਸਾਡੇ ਅਨੁਭਵਾਂ ਦੇ ਨਤੀਜੇ ਵਜੋਂ ਇਕੱਤਰ ਹੁੰਦੀਆਂ ਹਨ। ਸਾਡੀ ਆਪਣੀ ਮਤਿ ਸਾਡੇ ਜੀਵਨ ਦੇ ਪੰਜ ਦੂਤਾਂ ਅਤੇ ਇੱਛਾਵਾਂ ਦੇ ਅਧੀਨ ਜਿਉੂਣ ਦੇ ਨਤੀਜੇ ਵਜੋਂ ਹੁੰਦੀ ਹੈ। ਸਾਡੇ ਰੋਜ਼ਾਨਾ ਦੇ ਕਰਮ ਇਹਨਾਂ ਪੰਜ ਦੂਤਾਂ ਜਾਂ ਇੱਛਾਵਾਂ ਦੇ ਅਧੀਨ ਆਉਂਦੇ ਹਨ। ਇਸ ਤਰ੍ਹਾਂ ਮਨ ਦੇ ਫੈਸਲੇ ਪੰਜ ਦੂਤਾਂ ਅਤੇ ਇੱਛਾਵਾਂ ਦੇ ਅਧੀਨ ਕੀਤੇ ਜਾਂਦੇ ਹਨ।

ਮਾਇਆ ਤੋਂ ਮੁਕਤ ਹੋਣ ਦਾ ਰਸਤਾ ਕੇਵਲ ਮਨੁੱਖ ਦੇ ਹਿਰਦੇ ਵਿੱਚ ਪਰਮ ਜੋਤ ਦਾ ਪ੍ਰਗਟ ਹੋ ਜਾਣਾ ਹੈ। ਮਨੁੱਖੀ ਮਨ ਦੇ ਉੱਪਰ ਪਰਮ ਜੋਤ ਦਾ ਵਾਸ ਹੈ। ਸਮੱਸਿਆ ਇਹ ਹੈ ਕਿ ਪਰਮ ਜੋਤ ਦਾ ਸਾਡੇ ਮਨ ਨਾਲੋਂ ਸੰਬੰਧ ਟੁੱਟ ਚੁੱਕਾ ਹੈ। ਇਹ ਪਰਮ ਜੋਤ ਸਭ ਤੋਂ ਵੱਡੀ ਪੂਰਨ ਬ੍ਰਹਮ ਸ਼ਕਤੀ ਹੈ ਜੋ ਅਸਲ ਵਿੱਚ ਸਾਡੇ ਪ੍ਰਾਣ ਨੂੰ ਕਾਇਮ ਰੱਖਦੀ ਹੈ ਅਤੇ ਸਾਡੀ ਦੇਹੀ ਨੂੰ ਜੀਵਨ ਦਿੰਦੀ ਹੈ। ਹਾਲਾਂ ਕਿ ਸਾਡਾ ਮਨ ਇਸ ਸਰਵ ਉੱਤਮ ਬ੍ਰਹਮ ਸ਼ਕਤੀ, ਪਰਮ ਜੋਤ ਨੂੰ ਨਹੀਂ ਪਹਿਚਾਣਦਾ ਨਾ ਹੀ ਸਵਿਕਾਰਦਾ ਹੈ। ਸਾਡਾ ਮਨ ਇਹ ਸਮਝਦਾ ਹੈ ਕਿ ਇਹ ਹੀ ਕਰਤਾ ਹੈ ਅਤੇ ਮਨ ਹੀ ਹੈ ਜੋ ਸਾਰੇ ਫੈਸਲੇ ਕਰਦਾ ਹੈ। ਇਸ ਤਰ੍ਹਾਂ ਮਨ ਆਪਣੇ ਆਪ ਨੂੰ ਕਰਤਾ ਸਮਝ ਕੇ ਮਾਇਆ ਦੇ ਛਲਾਵੇ ਵਿੱਚ ਫੱਸਿਆ ਹੋਇਆ ਹੈ। ਇਸ ਲਈ ਸਾਡਾ ਮਨ ਮਾਇਆ ਦੇ ਅਧੀਨ ਕਰਮ ਕਰ ਰਿਹਾ ਹੈ ਅਤੇ ਬਦਕਿਸਮਤੀ ਦੇ ਨਾਲ ਪਰਮ ਜੋਤ ਦੀ ਪਰਮ ਬ੍ਰਹਮ ਸ਼ਕਤੀ ਤੋਂ ਅਨਭਿਗ ਹੈ। ਇਸ ਲਈ ਸਾਡਾ ਮਨ ਦੋਸ਼ੀ ਹੈ। ਇਹ ਇਨ੍ਹਾਂ ਅੜੀਅਲ ਹੈ ਕਿ ਇਹ ਪਰਮ ਜੋਤ ਨੂੰ ਮੰਨਣੋਂ ਇਨਕਾਰੀ ਹੈ ਜੋ ਸਾਡੇ ਸਵਾਸਾਂ ਨੂੰ ਚਲਾ ਰਹੀ ਹੈ।

ਮਨ ਨੂੰ ਸੋਧਣ ਦੀ ਜੁਗਤ ਕੀ ਹੈ? ਇਸ ਮਨ ਦੇ ਅੜੀਅਲਪਣ ਨੂੰ ਕਿਵੇਂ ਅਸੀਂ ਮਾਰ ਸਕਦੇ ਹਾਂ ? ਮਨ ਨੂੰ ਜਿੱਤਣ ਦੀ ਕੀ ਜੁਗਤ ਹੈ? ਮਨੁੱਖ ਵਾਸਤੇ ਮਨ ਨੂੰ ਜਿੱਤਣ ਦੀ ਜੁਗਤ ਦਾ ਗਿਆਨ ਹੋਣਾ ਬਹੁਤ ਲਾਜ਼ਮੀ ਹੈ ਕਿਉਂਕਿ ਕੇਵਲ ਮਨ ਨੂੰ ਜਿੱਤਣ ਨਾਲ ਹੀ ਪੰਜ ਗਿਆਨ ਇੰਦਰੀਆਂ ਦਾ ਸਿੱਧਾ ਸੰਬੰਧ ਪਰਮ ਜੋਤ ਨਾਲ ਜੁੜ ਸਕਦਾ ਹੈ; ਕੇਵਲ ਮਨ ਦੇ ਅੰਤ ਹੋਣ ਨਾਲ ਹੀ ਅਸੀਂ ਮਾਇਆ ਦੇ ਜਾਲ ਵਿਚੋਂ ਬਾਹਰ ਆ ਸਕਦੇ ਹਾਂ; ਕੇਵਲ ਮਨ ਨੂੰ ਜਿੱਤਣ ਨਾਲ ਹੀ ਅਸੀਂ ਆਪਣੇ ਹਿਰਦੇ ਵਿੱਚ ਪੂਰਨ ਬ੍ਰਹਮ ਸ਼ਕਤੀ ਦਾ ਅਨੁਭਵ ਕਰ ਸਕਦੇ ਹਾਂ; ਕੇਵਲ ਮਨ ਨੂੰ ਜਿੱਤਣ ਨਾਲ ਹੀ ਅਸੀਂ ਇਸ ਪਰਮ ਸਤਿ ਦਾ ਅਨੁਭਵ ਕਰ ਸਕਦੇ ਹਾਂ ਕਿ ਸਾਡਾ ਸਰੀਰ, ਸੋਚ ਅਤੇ ਕਰਮ ਪੂਰੀ ਤਰ੍ਹਾਂ ਇਸ ਪੂਰਨ ਬ੍ਰਹਮ ਸ਼ਕਤੀ ਨਾਲ ਚਲਾਏ ਜਾਂਦੇ ਹਨ ਅਤੇ ਇੱਛਾਵਾਂ ਅਤੇ ਦੂਤਾਂ ਦੁਆਰਾ ਨਹੀਂ। ਪੰਜ ਦੂਤ ਅਤੇ ਤ੍ਰਿਸ਼ਨਾ ਨੇ ਸਾਡੀ ਮਤਿ ਮਾਰ ਕੇ ਸਾਨੂੰ ਕੁਰਾਹੇ ਪਾਇਆ ਹਇਆ ਹੈ। ਮਾਇਆ ਦੀ ਗੁਲਾਮੀ ਨੇ ਸਾਡੀ ਮਤਿ ਨੂੰ ਭ੍ਰਿਸ਼ਟ ਕਰਿਆ ਹੋਇਆ ਹੈ। ਇਸ ਲਈ ਮਾਇਆ ਦੀ ਗੁਲਾਮੀ ਵਿੱਚ ਸਾਡਾ ਮਨ ਇਸ ਭ੍ਰਿਸ਼ਟ ਹੋਈ ਮਤਿ ਨੂੰ ਸੱਚ ਜਾਣ ਬੈਠਾ ਹੈ ਅਤੇ ਮਾਇਆ ਦੀ ਗੁਲਾਮੀ ਵਿੱਚ ਇਸ ਪਰਮ ਸਤਿ ਨੂੰ ਮੰਨਣ ਤੋਂ ਇਨਕਾਰ ਕਰ ਰਿਹਾ ਹੈ ਕਿ ਪੂਰਨ ਬ੍ਰਹਮ ਜੋਤ ਹੀ ਜੀਵਨ ਦੀ ਪਰਮ ਸ਼ਕਤੀ ਹੈ। ਇਸ ਲਈ ਮਾਇਆ ਦੀ ਵਿਨਾਸ਼ਕਾਰੀ ਗੁਲਾਮੀ ਤੋਂ ਅਸੀਂ ਆਪਣੇ ਮਨ ਨੂੰ ਜਗਾਉਣਾ ਹੈ ਅਤੇ ਇਸ ਦੇ ਅਸਲੀ ਸਰੂਪ ਜੋ ਕਿ ਜੋਤ ਸਰੂਪ ਹੈ ਉਸ ਨਾਲ ਇਸ ਦੀ ਪਹਿਚਾਨ ਕਰਵਾ ਕੇ ਇਸ ਨੂੰ ਸਤਿ ਦੇ ਮਾਰਗ ਉੱਪਰ ਲੈ ਕੇ ਆਉਣਾ ਹੈ। ਮਨ ਨੂੰ ਜਿੱਤਣ ਵਿੱਚ ਹੀ ਮਾਇਆ ਦੀ ਹਾਰ ਹੈ। ਮਨ ਨੂੰ ਜਿੱਤਣ ਵਿੱਚ ਹੀ ਪੰਜ ਚੰਡਾਲ: ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੀ ਹਾਰ ਹੈ। ਮਨ ਨੂੰ ਜਿੱਤਣ ਨਾਲ ਹੀ ਤ੍ਰਿਸ਼ਨਾ ਦੀ ਹਾਰ ਹੈ। ਮਨ ਨੂੰ ਜਿੱਤਣ ਵਿੱਚ ਹੀ ਮਾਇਆ ਦੀ ਗੁਲਾਮੀ ਤੋਂ ਮੁਕਤੀ ਹੈ। ਮਨ ਨੂੰ ਜਿੱਤਣ ਨਾਲ ਹੀ ਮਾਇਆ ਮਨੁੱਖ ਦੀ ਗੁਲਾਮੀ ਵਿੱਚ ਆ ਜਾਂਦੀ ਹੈ ਅਤੇ ਮਨੁੱਖ ਦੀ ਦਾਸੀ ਬਣ ਕੇ ਉਸਦੀ ਸੇਵਾ ਕਰਦੀ ਹੈ। ਮਨ ਨੂੰ ਜਿੱਤਣ ਨਾਲ ਹੀ ਪੰਜ ਚੰਡਾਲ: ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਮਨੁੱਖ ਦੀ ਜੁੱਤੀ ਹੇਠ ਆ ਜਾਂਦੇ ਹਨ ਅਤੇ ਮਨੁੱਖ ਦੇ ਗੁਲਾਮ ਬਣ ਜਾਂਦੇ ਹਨ।

ਸਾਡੇ ਸਥੂਲ ਸ਼ਰੀਰ ਦੀ ਹੋਂਦ ਸਰਵ ਉੱਤਮ ਬ੍ਰਹਮ ਸ਼ਕਤੀ ਪਰਮ ਜੋਤ ਦੁਆਰਾ ਬਖ਼ਸ਼ੇ ਸਵਾਸਾਂ ਅਤੇ ਜੀਵਨ ਸ਼ਕਤੀ ਨਾਲ ਹੈ। ਜਦ ਤੱਕ ਪਰਮ ਜੋਤ ਮਨੁੱਖੀ ਸਥੂਲ ਸ਼ਰੀਰ ਵਿੱਚ ਕਾਇਮ ਹੈ ਤਦ ਤੱਕ ਮਨੁੱਖ ਦੇ ਸ਼ਰੀਰ ਵਿੱਚ ਜੀਵਨ ਸ਼ਕਤੀ ਮੌਜੂਦ ਹੈ ਅਤੇ ਜਦ ਪਰਮ ਜੋਤ ਮਨੁੱਖਾ ਦੇਹੀ ਦਾ ਤਿਆਗ ਕਰ ਦਿੰਦੀ ਹੈ ਤਾਂ ਸਥੂਲ ਸ਼ਰੀਰ ਦੀ ਮੌਤ ਹੋ ਜਾਂਦੀ ਹੈ। ਜਦ ਮਨੁੱਖ ਦਾ ਮਨ ਮਰ ਜਾਂਦਾ ਹੈ ਤਾਂ ਮਨੁੱਖ ਦੀਆਂ ਪੰਜ ਗਿਆਨ ਇੰਦਰੀਆਂ ਸਿੱਧੇ ਪਰਮ ਜੋਤ ਦੇ ਪੂਰਨ ਹੁਕਮ ਵਿੱਚ ਆ ਜਾਂਦੀਆਂ ਹਨ। ਪੰਜ ਗਿਆਨ ਇੰਦਰੀਆਂ ਦੇ ਪੂਰਨ ਹੁਕਮ ਪਰਮ ਜੋਤ ਦੇ ਅਧੀਨ ਆਉਣ ਨਾਲ ਹੀ ਮਨੁੱਖ ਦੀਆਂ ਪੰਜ ਕਰਮ ਇੰਦਰੀਆਂ ਵੀ ਪਰਮ ਜੋਤ ਪੂਰਨ ਹੁਕਮ ਵਿੱਚ ਆ ਜਾਂਦੀਆਂ ਹਨ। ਜਦੋਂ ਅਜਿਹਾ ਹੋ ਜਾਂਦਾ ਹੈ ਤਾਂ ਸਾਡੇ ਸਾਰੇ ਕਰਮ ਸਤਿ ਕਰਮ ਬਣ ਜਾਂਦੇ ਹਨ। ਮਨ ਨੂੰ ਮਾਰਨਾ ਹੀ ਸਫਲਤਾ ਦੀ ਕੁੰਜੀ ਹੈ ਜੋ ਕਿ ਕੇਵਲ ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਨਾਲ ਪ੍ਰਾਪਤ ਹੁੰਦਾ ਹੈ। ਪੂਰਨ ਬੰਦਗੀ ਐਸੀ ਅਵਸਥਾ ਹੈ ਜਦ ਮਨ ਮਰ ਜਾਂਦਾ ਹੈ ਅਤੇ ਪਰਮ ਪਦਵੀ ਪ੍ਰਾਪਤ ਹੋ ਜਾਂਦੀ ਹੈ।

ਦੂਸਰੇ ਸਭ ਢੰਗ ਤਰੀਕੇ ਫਿਰ, ਮਨਮਤਿ, ਸੰਸਾਰਕ ਮਤਿ ਜਾਂ ਦੁਰਮਤਿ ਹਨ ਅਤੇ ਸਾਨੂੰ ਮਾਇਆ ਦੇ ਜਾਲ ਵਿੱਚੋਂ ਬਾਹਰ ਨਹੀਂ ਖੜਦੇ। ਕੇਵਲ ਪੂਰਨ ਬ੍ਰਹਮ ਗਿਆਨ, ਪੂਰਨ ਤੱਤ ਗਿਆਨ ਅਤੇ ਪੂਰਨ ਬੰਦਗੀ ਸਾਨੂੰ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਚਉਥੇ ਪਦਿ ਵਿੱਚ ਲੈ ਜਾਂਦੀ ਹੈ, ਜਿੱਥੇ ਨਾ ਤਾਂ ਪੰਜ ਦੂਤ ਹੁੰਦੇ ਹਨ ਅਤੇ ਨਾ ਹੀ ਇੱਛਾਵਾਂ ਹੁੰਦੀਆਂ ਹਨ। ਗੁਰਮਤਿ ਦਾ ਮਾਰਗ ਕੇਵਲ ਗੁਰਪ੍ਰਸਾਦਿ ਦਾ ਮਾਰਗ ਹੈ ਜੋ ਕਿ ਮਨੁੱਖ ਨੂੰ ਆਪਣੇ ਪਰਿਵਾਰਕ ਜੀਵਨ ਦੇ ਸਾਰੇ ਕਾਰ ਵਿਹਾਰ ਕਰਦਿਆਂ ਹੋਇਆਂ ਜੀਵਨ ਮੁਕਤੀ ਨੂੰ ਪ੍ਰਾਪਤ ਕਰਨ ਦਾ ਸਰਲ ਮਾਰਗ ਹੈ।

ਮਨ ਨੂੰ ਸੋਧਣ ਲਈ ਅਤੇ ਆਪਣੇ ਚਿਤਰਗੁਪਤ ਨੂੰ ਸਾਫ ਕਰਨ ਲਈ ਸਾਨੂੰ ਆਪਣੇ ਗੁਨਾਹਾਂ ਅਤੇ ਪਾਪਾਂ ਤੋਂ ਮੁਕਤ ਹੋਣ ਲਈ ਅਰਦਾਸ ਉੱਪਰ ਆਪਣਾ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਐਸਾ ਕਰਨ ਨਾਲ ਸਾਡੇ ਮਨ ਦੀ ਮੈਲ ਧੁਪੇਗੀ ਅਤੇ ਸਾਡਾ ਮਨ ਸਾਫ ਹੋਵੇਗਾ ਜਿਸ ਨਾਲ ਸਾਨੂੰ ਗੁਰਪ੍ਰਸਾਦਿ ਦੀ ਪ੍ਰਾਪਤੀ ਹੋਵੇਗੀ ਅਤੇ ਮਨ ਨੂੰ ਮਾਰਨ ਦਾ ਮਾਰਗ ਖੁੱਲ੍ਹ ਜਾਵੇਗਾ। ਆਪਣੇ ਗੁਨਾਹਾਂ ਅਤੇ ਪਾਪਾਂ ਦੀ ਮੁਆਫ਼ੀ ਲਈ ਅਰਦਾਸ ਕਰਨਾ ਪੂਰਨ ਬ੍ਰਹਮ ਬਖਸ਼ਿਸ਼ ਹੈ, ਜਿਸ ਨੂੰ ਕਰਨ ਦੀ ਸ਼ਕਤੀ ਸਾਨੂੰ ਧੰਨ ਧੰਨ ਸਤਿ ਪਾਰਬ੍ਰਹਮ ਪਰਮੇਸ਼ਰ ਨੇ ਬਖ਼ਸ਼ੀ ਹੈ। ਭਾਵ ਸਾਨੂੰ ਮਨੁੱਖਾ ਜਨਮ ਦੇ ਕੇ ਸਤਿ ਪਾਰਬ੍ਰਹਮ ਪਰਮੇਸ਼ਰ ਨੇ ਇਹ ਅਰਦਾਸ ਕਰਨ ਦੀ ਸ਼ਕਤੀ ਨਾਲ ਨਿਵਾਜਿਆ ਹੈ। ਮੁਆਫ਼ੀ ਆਪਣੇ ਗੁਨਾਹਾਂ, ਪਾਪਾਂ ਅਤੇ ਅਸਤਿ ਕਰਮਾਂ ਦੇ ਬਖਸ਼ੇ ਜਾਣ ਲਈ ਮੰਗਣੀ ਹੈ। ਮੁਆਫ਼ੀ ਆਪਣੇ ਮਾੜੇ ਸੰਸਕਾਰਾਂ ਤੋਂ ਮੁਕਤੀ ਲਈ ਕਰਨੀ ਹੈ। ਆਓ ਸਦਾ ਐਸੀ ਅਰਦਾਸ ਕਰੀਏ, ਜਿਸਦੇ ਕਰਨ ਨਾਲ ਸਾਡੇ ਸਾਰੇ ਗੁਨਾਹਾਂ ਅਤੇ ਮਾੜੇ ਸੰਸਕਾਰਾਂ ਤੋਂ ਮੁਕਤੀ ਹੋ ਸਕੇ। ਇਸ ਲਈ ਬਾਰ-ਬਾਰ ਅਰਦਾਸ ਕਰੋ ਕਿ:

ਅਸੀਂ ਮਹਾਂ ਪਾਪੀ ਹਾਂ, ਮਹਾਂ ਪਾਖੰਡੀ ਹਾਂ, ਮਹਾਂ ਕਾਮੀ ਹਾਂ, ਮਹਾਂ ਕ੍ਰੋਧੀ ਹਾਂ, ਮਹਾਂ ਲੋਭੀ ਹਾਂ, ਮਹਾਂ ਮੋਹੀ ਹਾਂ, ਮਹਾਂ ਅਹੰਕਾਰੀ ਹਾਂਅਸੀਂ ਕਲਯੁਗੀ ਜੀਵ ਸਵਾਸ-ਸਵਾਸ ਗੁਨਾਹਗਾਰ ਹਾਂਅਸੀਂ ਕੂੜ ਕਪਟੀ ਹਾਂ, ਗੁਨਾਹਗਾਰ ਹਾਂ, ਲੂਣਹਰਾਮੀ ਹਾਂਹੇ ਅਗੰਮ ਅਗੋਚਰ ਅਨੰਤ ਬੇਅੰਤ ਅਲਿੱਖ ਅਦਿੱਖ ਅਮਿਤੋਜ ਜਗਤੇਸ਼ਵਰ ਬ੍ਰਹਮੇਸ਼ਵਰ ਸਰਵੇਸ਼ਵਰ ਸਰਬ ਕਲਾ ਭਰਪੂਰ ਧੰਨ ਧੰਨ ਸਤਿ ਪਾਰਬ੍ਰਹਮ ਪਰਮੇਸ਼ਰ ਜੀ ਆਪ ਪਰਮ ਦਿਆਲੂ ਹੋ, ਪਰਮ ਕਿਰਪਾਲੂ ਹੋ, ਬਖ਼ਸ਼ੰਦ ਹੋ, ਬਖ਼ਸ਼ਨਹਾਰੇ ਹੋਅਸੀਂ ਆਪਣੇ ਸਾਰੇ ਗੁਨਾਹ ਅਤੇ ਪਾਪ ਕਬੂਲ ਕਰਦੇ ਹਾਂਕ੍ਰਿਪਾ ਕਰਕੇ ਸਾਡੇ ਸਾਰੇ ਮਾੜੇ ਕਰਮ, ਝੂਠ ਕਰਮ, ਗੁਨਾਹ ਅਤੇ ਪਾਪ ਬਖ਼ਸ਼ ਦਿਓਹੇ ਕਿਰਪਾ ਨਿਧਾਨ ਸਾਡੇ ਸਾਰੇ ਗੁਨਾਹ ਅਤੇ ਪਾਪ ਮੁਆਫ਼ ਕਰ ਦਿਓ ਅਤੇ ਸਾਨੂੰ ਸਤਿ ਬੁੱਧੀ ਬਖ਼ਸ਼ੋ

ਇਸ ਤਰ੍ਹਾਂ ਦੀ ਅਰਦਾਸ ਦਿਨ ਰਾਤ ਕਰਨ ਨਾਲ ਸਾਡੀ ਮਾਨਸਿਕ ਦਸ਼ਾ ਸੁਧਾਰਨ ਵਿੱਚ ਬਹੁਤ ਸਹਾਇਤਾ ਹੋਵੇਗੀ। ਦਿਨ ਰਾਤ ਜਦ ਭੀ ਅਸੀਂ ਜਾਣ-ਅਣਜਾਣੇ ਕੋਈ ਅਸਤਿ ਕਰਮ ਕਰਾਂਗੇ ਤਾਂ ਉਸ ਦੀ ਮੁਅਫੀ ਮਿਲ ਜਾਏਗੀ ਅਤੇ ਸਾਡਾ ਚਿੱਤਰਗੁਪਤ ਸਾਫ ਰਹੇਗਾ ਅਤੇ ਸਾਡੇ ਕਰਮ ਬੰਧਨਾਂ ਦਾ ਅਸਰ ਨਹੀਂ ਇਕੱਠਾ ਹੋਵੇਗਾ ਅਤੇ ਸਾਡੇ ਭਵਿੱਖ ਦੇ ਸੰਸਕਾਰ ਪਵਿੱਤਰ ਹੋਣੇ ਸ਼ੁਰੂ ਹੋ ਜਾਣਗੇ। ਇਸ ਤਰ੍ਹਾਂ ਸਾਡੇ ਸਾਰੇ ਕਰਮ ਸਤਿ ਕਰਮ ਹੋਣੇ ਸ਼ੁਰੂ ਹੋ ਜਾਣਗੇ ਅਤੇ ਅਸੀਂ ਗੁਰਪ੍ਰਸਾਦਿ ਦੀ ਪ੍ਰਾਪਤੀ ਵੱਲ ਵੱਧਣਾ ਸ਼ੁਰੂ ਕਰ ਦੇਵਾਂਗੇ। ਅਸੀਂ ਉਦੋਂ ਹਿਰਦੇ ਦੀ ਪੂਰਨ ਸਚਿਆਰੀ ਰਹਿਤ ਵਿੱਚ ਜਾਂਦੇ ਹਾਂ ਜਦ ਅਸੀਂ ਗੁਰਪ੍ਰਸਾਦਿ ਪ੍ਰਾਪਤ ਕਰ ਤ੍ਰਿਹ ਗੁਣ ਮਾਇਆ, ਪੰਜ ਦੂਤਾਂ ਅਤੇ ਤ੍ਰਿਸ਼ਨਾ ਦੀ ਗੁਲਾਮੀ ਅਧੀਨ ਨਹੀਂ ਰਹਿੰਦੇ ਹਾਂ ਅਤੇ ਗੁਰਪ੍ਰਸਾਦਿ ਦੀ ਪਰਮ ਸ਼ਕਤੀ ਦਾ ਸਦਕਾ ਅਸੀਂ ਮਾਇਆ ਉੱਪਰ ਜਿੱਤ ਪ੍ਰਾਪਤ ਕਰ ਕੇ ਜੀਵਨ ਮੁਕਤ ਹੋ ਜਾਂਦੇ ਹਾਂ। ਅਸੀਂ ਪੂਰਨ ਸਚਿਆਰੇ ਤਾਂ ਬਣਦੇ ਹਾਂ ਜਦ ਸਾਡਾ ਮਨ ਪੂਰਨ ਸ਼ਾਂਤੀ ਵਿੱਚ ਚਲਾ ਜਾਂਦਾ ਹੈ ਅਤੇ ਅਸੀਂ ਆਪਣੀ ਮਤਿ ਦੇ ਅਧੀਨ ਕਰਮ ਨਹੀਂ ਕਰਦੇ। ਗੁਰਪ੍ਰਸਾਦਿ ਦੀ ਬੇਅੰਤ ਪਰਮ ਸ਼ਕਤੀ ਦੀ ਬਖ਼ਸ਼ਿਸ਼ ਨਾਲ ਅਸੀਂ ਪੂਰਨ ਬ੍ਰਹਮ ਗਿਆਨ ਦੇ ਅਨੁਸਾਰ ਆਪਣੀ ਕਰਨੀ ਢਾਲ ਲੈਂਦੇ ਹਾਂ। ਅਸੀਂ ਪੂਰਨ ਸਚਿਆਰੇ ਬਣਦੇ ਹਾਂ ਜਦ ਪੂਰਨ ਬ੍ਰਹਮ ਪ੍ਰਕਾਸ਼ ਜੋ ਸਾਡੇ ਹਿਰਦੇ ਵਿੱਚ ਮੌਜੂਦ ਹੈ, ਪੂਰਨ ਪਰਮ ਜੋਤ ਜੋ ਸਾਡੇ ਹਿਰਦੇ ਵਿੱਚ ਵਿਦਮਾਨ ਹੈ ਉਹ ਪਰਮ ਸ਼ਕਤੀਸ਼ਾਲੀ ਜੋਤ ਮਾਇਆ ਦੇ ਵਿਨਾਸ਼ਕਾਰੀ ਅਤੇ ਗੂੜ੍ਹੇ ਕਾਲੇ ਅੰਧੇਰੇ ਨੂੰ ਪਾੜ ਕੇ ਜਗਤ ਵਿੱਚ ਪ੍ਰਗਟ ਹੋ ਕੇ ਪ੍ਰਗਟਿਓ ਜੋਤ ਬਣ ਜਾਂਦੀ ਹੈ।

ਕੇਵਲ ਮਾਇਆ ਉੱਪਰ ਜਿੱਤ ਪ੍ਰਾਪਤ ਕਰਕੇ ਹੀ ਸਾਡੇ ਅੰਦਰ ਜੋ ਜੋਤ ਹੈ ਉਹ ਪਰਮ ਜੋਤ ਬਣ ਜਾਂਦੀ ਹੈ ਅਤੇ ਸਰਵ ਸ਼ਕਤੀਮਾਨ ਸਤਿ ਪਾਰਬ੍ਰਹਮ ਪਰਮੇਸ਼ਰ ਨਾਲ ਜੁੜ ਜਾਂਦੀ ਹੈ ਅਤੇ ਧੰਨ ਧੰਨ ਸਤਿ ਪਾਰਬ੍ਰਹਮ ਪਰਮੇਸ਼ਰ ਜੀ ਦੇ ਨਿਰਗੁਣ ਸਰੂਪ ਵਿੱਚ ਲੀਨ ਹੋ ਜਾਂਦੀ ਹੈ। ਇਸ ਅਵਸਥਾ ਦੀ ਪ੍ਰਾਪਤੀ ਲਈ ਸਾਨੂੰ ਤ੍ਰਿਹ ਗੁਣ ਮਾਇਆ ਤੋਂ ਪਾਰ ਹੋਣਾ ਪੈਂਦਾ ਹੈ, ਕਿਉਂਕਿ ਅਕਾਲ ਪੁਰਖ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਹੈ ਇਸ ਲਈ ਅਕਾਲ ਪੁਰਖ ਦੀ ਪੂਰਨ ਪ੍ਰਾਪਤੀ ਕੇਵਲ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਜਾ ਕੇ ਹੀ ਕੀਤੀ ਜਾ ਸਕਦੀ ਹੈ, ਭਾਵ ਅਕਾਲ ਪੁਰਖ ਦੇ ਨਿਰਗੁਣ ਸਰੂਪ ਵਿੱਚ ਕੇਵਲ ਮਾਇਆ ਉੱਪਰ ਜਿੱਤ ਪ੍ਰਾਪਤ ਕਰਕੇ ਹੀ ਅਭੇਦ ਹੋਇਆ ਜਾ ਸਕਦਾ ਹੈ। ਹਿਰਦਾ ਜਦ ਪੂਰਨ ਸਚਿਆਰੀ ਰਹਿਤ ਪ੍ਰਾਪਤ ਕਰ ਪੂਰਨ ਬ੍ਰਹਮ ਪ੍ਰਕਾਸ਼ ਪਰਮ ਜੋਤ ਨਾਲ ਸੁਸ਼ੋਭਿਤ ਹੋ ਜਾਂਦਾ ਹੈ ਤਾਂ ਸਾਰੇ ਬੱਜਰ ਕਪਾਟ ਖੁੱਲ੍ਹ ਜਾਂਦੇ ਹਨ ਅਤੇ ਸਾਨੂੰ ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਪੂਰਨ ਬ੍ਰਹਮ ਗਿਆਨ ਸਾਡੀ ਆਪਣੀ ਮਤਿ ਨੂੰ ਅਤੇ ਮਨ ਨੂੰ ਬਦਲ ਦਿੰਦਾ ਹੈ। ਮਨਮਤਿ ਅਤੇ ਮਨ ਖ਼ਤਮ ਹੋ ਜਾਂਦੇ ਹਨ ਅਤੇ ਪੰਜੇ ਗਿਆਨ ਇੰਦਰੀਆਂ ਅਤੇ ਪੰਜੇ ਕਰਮ ਇੰਦਰੀਆਂ ਸਿਧਿਆਂ ਪਰਮ ਜੋਤ ਦੇ ਪੂਰਨ ਹੁਕਮ ਦੇ ਵਿੱਚ ਚਲੀਆਂ ਜਾਂਦੀਆਂ ਹਨ। ਇਸ ਤਰੀਕੇ ਨਾਲ ਸਾਡੀਆਂ ਸਾਰੀਆਂ ਕਰਨੀਆਂ, ਕਰਮ, ਕਿਰਿਆਵਾਂ ਅਤੇ ਪ੍ਰਤਿਕਿਰਿਆਵਾਂ ਸਿੱਧੇ ਪਰਮ ਜੋਤ ਦੇ ਹੁਕਮ ਅਧੀਨ ਆ ਜਾਂਦੀਆਂ ਹਨ। ਇਸ ਅਵਸਥਾ ਨੂੰ ਪੂਰਨ ਬ੍ਰਹਮ ਗਿਆਨ ਦੀ ਅਵਸਥਾ ਕਿਹਾ ਜਾਂਦਾ ਹੈ। ਪੂਰਨ ਸੰਤ ਅਤੇ ਪੂਰਨ ਬ੍ਰਹਮ ਗਿਆਨੀ ਮਹਾਂ ਪੁਰਖ ਇਸ ਅਵਸਥਾ ਦਾ ਆਨੰਦ ਮਾਣਦੇ ਹਨ, ਇਨ੍ਹਾਂ ਮਹਾਂ ਪੁਰਖਾਂ ਦੀ ਆਪਣੀ ਕੋਈ ਮਤਿ ਨਹੀਂ ਹੁੰਦੀ। ਉਹ ਸਿੱਧੇ ਪੂਰਨ ਬ੍ਰਹਮ ਗਿਆਨ ਦੇ ਅਧੀਨ ਹੁੰਦੇ ਹਨ ਜਿਹੜਾ ਕਿ ਪੂਰਨ ਹੁਕਮ ਹੈ। ਉਹ ੧੦੦ ਪ੍ਰਤੀਸ਼ਤ ਮਾਨਸਰੋਵਰ, ਪਰੀਪੂਰਨ ਪ੍ਰਮਾਤਮਾ ਦੇ ਚਰਨਾਂ ਵਿੱਚ ਸਦਾ-ਸਦਾ ਲੀਨ ਰਹਿੰਦੇ ਹਨ। ਉਹ ਮਾਇਆ ਦੇ ਸੰਗਲਾਂ ਬੰਧਨਾਂ ਤੋਂ ਪੂਰੀ ਤਰ੍ਹਾਂ ਨਾਲ ਮੁਕਤ ਹੋ ਜਾਂਦੇ ਹਨ। ਇਸ ਲਈ ਹੀ ਉਹਨਾਂ ਨੂੰ ਪੂਰਨ ਬ੍ਰਹਮ ਗਿਆਨੀ ਕਿਹਾ ਜਾਂਦਾ ਹੈ ਕਿਉਂਕਿ ਉਹਨਾਂ ਨੇ ਪਾਰ ਬ੍ਰਹਮ ਦੀ ਥਾਹ ਪਾ ਲਈ ਹੁੰਦੀ ਹੈ। ਉਹਨਾਂ ਨੇ ਪਰਮ ਤੱਤ ਦੀ ਹੋਂਦ ਅਤੇ ਮਤਲਬ ਨੂੰ ਕਮਾ ਲਿਆ ਹੁੰਦਾ ਹੈ। ਉਹਨਾਂ ਨੇ ਬੇਅੰਤ ਦਾ ਅਨੁਭਵ ਕਰ ਲਿਆ ਹੁੰਦਾ ਹੈ। ਉਹਨਾਂ ਨੇ ਅਕਥ ਦੀ ਕਥਾ ਦਾ ਅਨੁਭਵ ਕਰ ਲਿਆ ਹੁੰਦਾ ਹੈ ਅਤੇ ਇਸ ਨੂੰ ਮਹਿਸੂਸ ਕਰ ਲਿਆ ਹੁੰਦਾ ਹੈ। ਪਾਰ ਬ੍ਰਹਮ ਪਰਮੇਸ਼ਰ ਦੀ ਉਹਨਾਂ ਦੇ ਅੰਦਰ ਹੋਂਦ ਸਦਕਾ ਉਹ ਬੀਤੇ ਸਮੇਂ, ਮੌਜੂਦਾ ਸਮੇਂ ਅਤੇ ਭਵਿੱਖ ਬਾਰੇ ਸਭ ਕੁਝ ਜਾਣ ਗਏ ਹੁੰਦੇ ਹਨ। ਹਾਲਾਂਕਿ ਇਸ ਬ੍ਰਹਮ ਗਿਆਨ ਦੀ ਵਰਤੋਂ ਕੇਵਲ ਮਾਨਵਤਾ ਦੇ ਭਲੇ ਅਤੇ ਚੰਗੇ ਲਈ ਕੀਤੀ ਜਾਂਦੀ ਹੈ। ਜੇਕਰ ਇਹ ਕਿਸੇ ਹੋਰ ਮੰਤਵ ਲਈ ਕੀਤੀ ਜਾਂਦੀ ਹੈ ਤਾਂ ਇਸਦੇ ਨਤੀਜੇ ਵਜੋਂ ਅਗੰਮ ਪਰਮ ਸ਼ਕਤੀ ਅਲੋਪ ਹੋ ਜਾਂਦੀ ਹੈ।

ਭਾਵੇਂ ਕਿ ਸਾਨੂੰ ਹੁਕਮ ਅੰਦਰ ਲਿਆਉਣ ਲਈ ਆਪਣੇ ਮਨ ਅਤੇ ਮਤਿ ਨੂੰ ਮਾਰਨਾ ਬੜਾ ਮੁਸ਼ਕਿਲ ਕੰਮ ਹੈ ਪਰ ਇਹ ਭਰੋਸਾ ਦ੍ਰਿੜ੍ਹ ਕਰੋ ਕਿ ਐਸਾ ਕੀਤਾ ਜਾ ਸਕਦਾ ਹੈ ਅਤੇ ਹੁੰਦਾ ਹੈ। ਐਸਾ ਭਗਤਾਂ, ਸੰਤਾਂ, ਸਤਿਗੁਰੂਆਂ ਅਤੇ ਬ੍ਰਹਮ ਗਿਆਨੀਆਂ ਦੁਆਰਾ ਬੀਤੇ ਸਮੇਂ ਵਿੱਚ ਕੀਤਾ ਗਿਆ ਹੈ। ਇਹ ਹੁਣ ਵੀ ਕੀਤਾ ਜਾ ਰਿਹਾ ਹੈ ਅਤੇ ਭਵਿੱਖ ਵਿੱਚ ਕੀਤਾ ਜਾਂਦਾ ਰਹੇਗਾ। ਪੂਰਨ ਸ਼ਰਧਾ, ਪੂਰਨ ਪ੍ਰੀਤ ਅਤੇ ਪੂਰਨ ਭਰੋਸੇ ਨਾਲ ਗੁਰਪ੍ਰਸਾਦਿ ਦੀ ਪ੍ਰਾਪਤੀ ਕਰਕੇ ਹਿਰਦੇ ਦੀ ਪੂਰਨ ਸਚਿਆਰੀ ਰਹਿਤ ਦੀ ਪ੍ਰਾਪਤੀ ਸਹਿਜੇ ਹੀ ਕੀਤੀ ਜਾ ਸਕਦੀ ਹੈ।

ਪੂਰਨ ਸਚਿਆਰੀ ਰਹਿਤ ਦੀ ਪ੍ਰਾਪਤੀ ਲਈ ਸਾਨੂੰ ਆਪਣੇ ਅੰਦਰ ਨੂੰ ਪੂਰੀ ਤਰ੍ਹਾਂ ਨਿਰਮਲ ਕਰਨਾ ਪਏਗਾ। ਪੂਰਨ ਸਚਿਆਰਾ ਬਣਨ ਲਈ ਅਤੇ ਹਿਰਦੇ ਦੀ ਪੂਰਨ ਸਚਿਆਰੀ ਰਹਿਤ ਦੀ ਪ੍ਰਾਪਤੀ ਲਈ ਕੇਵਲ ਇਹ ਹੀ ਇਕ ਰਸਤਾ ਹੈ। ਸਾਡੇ ਰੂਹਾਨੀ ਵਿਕਾਸ ਲਈ ਅਤੇ ਇਕ ਅਜਿਹੇ ਪੱਧਰ ਤੇ ਪਹੁੰਚਣ ਲਈ ਜਿੱਥੇ ਸਾਡਾ ਮਨ ਅਤੇ ਸਾਡੀ ਮਤਿ ਖ਼ਤਮ ਹੋ ਜਾਂਦੇ ਹਨ, ਹਿਰਦੇ ਦਾ ਪੂਰਨ ਸਚਿਆਰੀ ਰਹਿਤ ਵਿੱਚ ਜਾਣਾ ਬਹੁਤ ਲਾਜ਼ਮੀ ਹੈ। ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੀ ਅਨਾਦਿ ਬਖਸ਼ਿਸ਼ ਦੇ ਗੁਰਪ੍ਰਸਾਦਿ ਨੂੰ ਪ੍ਰਾਪਤ ਕਰਕੇ ਅਸੀਂ ਹਿਰਦੇ ਦੀ ਪੂਰਨ ਸਚਿਆਰੀ ਰਹਿਤ ਦੀ ਪ੍ਰਾਪਤੀ ਸਹਿਜੇ ਹੀ ਕਰ ਸਕਦੇ ਹਾਂ।

ਸਾਰੀ ਸੰਗਤ ਲਈ ਇੱਕ ਬਹੁਤ ਮਹੱਤਵਪੂਰਨ ਗੱਲ ਸਮਝਣ ਵਾਲੀ ਹੈ ਕਿ ਅਸੀਂ ਜਨਮ ਦੇ ਸਮੇਂ ਨਵ ਜਨਮੇ ਬਾਲਕ ਪੂਰਨ ਪਵਿੱਤਰ, ਸ਼ੁੱਧ ਅਤੇ ਸੱਚੇ ਸੀ। ਅਸੀਂ ਪੰਜ ਦੂਤਾਂ ਤੋਂ ਅਤੇ ਤ੍ਰਿਸ਼ਨਾਂ ਤੋਂ ਪ੍ਰਭਾਵਿਤ ਨਹੀਂ ਸਾਂ। ਸਾਡਾ ਦਸਮ ਦੁਆਰ ਖੁੱਲ੍ਹਾ ਸੀ। ਸਾਡੇ ਸਾਰੇ ਬੱਜਰ ਕਪਾਟ ਖੁੱਲ੍ਹੇ ਸਨ। ਸਾਡੀਆਂ ਸਾਰੀਆਂ ਕਿਰਿਆਵਾਂ ਅਤੇ ਪ੍ਰਤੀ ਕਿਰਿਆਵਾਂ ਪਰਮ ਜੋਤ ਪੂਰਨ ਹੁਕਮ ਦੇ ਸਿੱਧੇ ਅਧੀਨ ਸਨ। ਪਰ ਜਦ ਅਸੀਂ ਵੱਡੇ ਹੁੰਦੇ ਗਏ ਮਾਇਆ ਨੇ ਸਾਡੇ ਉੱਪਰ ਅਪਣਾ ਰੰਗ ਵਿਖਾਣਾ ਸ਼ੁਰੂ ਕਰ ਦਿੱਤਾ। ਜਦ ਅਸੀਂ ਬੋਲਣ ਦੇ ਕਾਬਿਲ ਹੋਏ ਤਾਂ ਤਦ ਕਹਿਣਾ ਸ਼ੁਰੂ ਕਰ ਦਿੱਤਾ ‘ਮੇਰੀ ਮਾਂ, ਮੇਰਾ ਪਿਤਾ, ਮੇਰੀ ਬੋਤਲ, ਮੇਰਾ ਖਿਡੌਣਾ, ਤਦ ਇੱਥੇ ਹੀ ਪੰਜ ਦੂਤ ਕਿਰਿਆਸ਼ੀਲ ਹੋ ਗਏ। ਜਿਉਂ ਜਿਉਂ ਉਮਰ ਵਧਦੀ ਗਈ ਮਾਇਆ ਦੀ ਪਕੜ ਵਧਦੀ ਗਈ ਅਤੇ ਸਤਿ ਪਾਰਬ੍ਰਹਮ ਪਰਮੇਸ਼ਰ ਵੱਲੋਂ ਹੱਟ ਕੇ ਮਾਇਆ ਦੀ ਗੁਲਾਮੀ ਵਿੱਚ ਧੱਸਦੇ ਚਲੇ ਗਏ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਆਸਾ ਤ੍ਰਿਸ਼ਨਾ ਮਨਸਾ ਦੇ ਜਾਲ ਜੰਜਾਲ ਵਿੱਚ ਫਸਦੇ ਗਏ ਅਤੇ ਇਸ ਤਰ੍ਹਾਂ ਹੋਲੀ-ਹੋਲੀ ਮਾਇਆ ਦੇ ਦਲਦਲ ਵਿੱਚ ਪੂਰੀ ਤਰ੍ਹਾਂ ਨਾਲ ਗਲਤਾਨ ਹੋ ਗਏ। ਜਿਆਦਾ ਉਮਰ ਵਾਲਾ ਮਨੁੱਖ ਆਪਣੇ ਆਪ ਨੂੰ ਜਿੰਨਾ ਜਿਆਦਾ ਸੂਝਵਾਨ ਸਮਝਦਾ ਹੈ ਉਹ ਠੀਕ ਇਸਦੇ ਉਲਟ ਉਹ ਮਨੁੱਖ ਉਤਨਾ ਹੀ ਜਿਆਦਾ ਮਾਇਆ ਵਿੱਚ ਗਲਤਾਨ ਹੋ ਗਿਆ ਹੁੰਦਾ ਹੈ। ਇਸ ਲਈ ਜੋ ਮਨੁੱਖ ਇਸ ਖਿਆਲ ਵਿੱਚ ਜੀਉਂਦੇ ਹਨ ਕਿ ਅਜੇ ਉਨ੍ਹਾਂ ਦੀ ਉਮਰ ਨਹੀਂ ਬੰਦਗੀ ਵਿੱਚ ਪੈਣ ਦੀ, ਅਜੇ ਦੁਨੀਆਂ ਦੀਆਂ ਜ਼ਿੰਦਗੀ ਦੀਆਂ ਮੌਜਾਂ ਲੁੱਟ ਲਈਏ, ਬੰਦਗੀ ਪਿਛਲੀ ਉਮਰ ਵਿੱਚ ਕਰਨ ਦਾ ਸਮਾਂ ਅਵੇਗਾ, ਉਨ੍ਹਾਂ ਲਈ ਬੰਦਗੀ ਉਤਨੀ ਹੀ ਦੁਰਲਭ ਹੋ ਜਾਂਦੀ ਹੈ। ਕਿਉਂਕਿ ਉਨ੍ਹਾਂ ਦੀਆਂ ਮਾਇਆ ਦੀਆਂ ਗੰਢਾਂ ਉਤਨੀਆਂ ਹੋਰ ਜਿਆਦਾ ਕਠੋਰ ਅਤੇ ਵੱਧ ਗਈਆਂ ਹੁੰਦੀਆਂ ਹਨ। ਇਸ ਲਈ ਅਸੀਂ ਜਿਤਨੀ ਛੋਟੀ ਉਮਰ ਵਿੱਚ ਬੰਦਗੀ ਵਿੱਚ ਚਲੇ ਜਾਵਾਂਗੇ ਬੰਦਗੀ ਉਤਨੀ ਹੀ ਸੌਖੀ ਹੋ ਜਾਵੇਗੀ। ਇਤਿਹਾਸ ਗਵਾਹ ਹੈ ਭਗਤ ਪ੍ਰਹਲਾਦ ਅਤੇ ਭਗਤ ਧਰੁਵ ਪੰਜ ਸੱਤ ਸਾਲ ਦੀ ਅਵਸਥਾ ਵਿੱਚ ਪੂਰਨ ਬ੍ਰਹਮ ਗਿਆਨ ਦੀ ਅਵਸਥਾ ਨੂੰ ਪ੍ਰਾਪਤ ਹੋਏ। ਸਿੱਖ ਇਤਿਹਾਸ ਵਿੱਚ ਧੰਨ ਧੰਨ ਬਾਬਾ ਬੁੱਢਾ ਜੀ ਨੂੰ ਧੰਨ ਧੰਨ ਸ਼ਤਿਗੁਰ ਨਾਨਕ ਪਾਤਸ਼ਾਹ ਜੀ ਦੀ ਪੂਰਨ ਕਿਰਪਾ ਨਾਲ ਪੂਰਨ ਬ੍ਰਹਮ ਗਿਆਨ ਦੀ ਬਖ਼ਸ਼ਿਸ਼ ਬੜੀ ਛੋਟੀ ਉਮਰੇ ਹੀ ਪ੍ਰਾਪਤ ਹੋਈ। ਇਸ ਲਈ ਗੁਰੂ ਪਿਅਰਿਓ ਇੰਤਜਾਰ ਨਾ ਕਰੋ ਅਤੇ ਇਸ ਪਲ ਤੋਂ ਹੀ ਪੂਰਨ ਬੰਦਗੀ ਦੇ ਗੁਰਪ੍ਰਸਾਦਿ ਲਈ ਅਰਦਾਸ ਸ਼ੁਰੂ ਕਰ ਦਿਉ ਜੀ। ਆਪਣੇ ਬੱਚਿਆਂ ਵਿੱਚ ਭੀ ਇਹ ਸੰਸਕਾਰ ਭਰ ਦਵੋ ਤਾਂ ਕਿ ਉਹ ਛੋਟੀ ਉਮਰੇ ਹੀ ਬੰਦਗੀ ਵਿੱਚ ਚਲੇ ਜਾਣ, ਜੀਵਨ ਮੁਕਤ ਹੋ ਜ਼ਿੰਦਗੀ ਦਾ ਸਹੀ ਆਨੰਦ ਮਾਣ ਸਕਣ, ਅਕਾਲ ਪੁਰਖ ਦੇ ਚਰਨਾਂ ਵਿੱਚ ਰਹਿੰਦੇ ਹੋਏ ਆਪਣੇ ਜੀਵਨ ਨੂੰ ਪਰਮ ਆਨੰਦ ਵਿੱਚ ਸਤਿ ਦੀ ਕਰਨੀ ਕਰਦੇ ਹੋਏ ਜ਼ਿੰਦਗੀ ਦੀਆਂ ਮੌਜਾਂ ਮਣ ਸਕਣ।

ਇਹ ਮਾਇਆ ਦਾ ਚੱਕਰ ਕੇਵਲ ਇਸ ਜਨਮ ਦਾ ਨਹੀਂ ਹੈ, ਬਲਕਿ ਕਈ ਸੌ ਜਨਮਾਂ ਤੋਂ ਇਹ ਚੱਕਰ ਚਲਿਆ ਆ ਰਿਹਾ ਹੈ। ਜਨਮਾਂ-ਜਨਮਾਂਤਰਾਂ ਤੋਂ ਮਾਇਆ ਦੇ ਇਸ ਦਲਦਲ ਵਿੱਚ ਫੱਸੇ ਹੋਏ ਹਾਂ। ਇਸ ਲਈ ਸਾਡੇ ਸਾਰੇ ਸੰਸਕਾਰ, ਸਾਡੀਆਂ ਮਾੜੀਆਂ ਅਤੇ ਚੰਗੀਆਂ ਆਦਤਾਂ, ਸਾਡਾ ਮਾੜਾ ਅਤੇ ਚੰਗਾ ਸੁਭਾਅ, ਸਾਡਾ ਮਾੜਾ ਚੰਗਾ ਵਿਵਹਾਰ, ਸਾਡਾ ਜ਼ਿੰਦਗੀ ਪ੍ਰਤੀ ਨਜ਼ਰੀਆ ਜੋ ਅਸੀਂ ਵਿਕਸਤ ਕੀਤਾ ਹੈ ਕੇਵਲ ਇਸ ਜ਼ਿੰਦਗੀ ਦੀ ਦੇਣ ਨਹੀਂ ਹੈ ਬਲਕਿ ਇਹ ਸਾਡੇ ਸਾਰੇ ਪੂਰਵਲੇ ਜਨਮਾਂ ਦੀ ਕਰਨੀ ਅਤੇ ਕਰਮਾਂ ਦੇ ਆਧਾਰਤ ਹੁੰਦਾ ਹੈ। ਇਸ ਲਈ ਸਾਡਾ ਚਿੱਤਰ ਗੁਪਤ, ਸਾਡਾ ਸਾਰਾ ਲੇਖਾ-ਜੋਖਾ ਸਾਡੇ ਸਾਰੇ ਪੂਰਵਲੇ ਜਨਮਾਂ ਦੇ ਵਿੱਚ ਕੀਤੇ ਚੰਗੇ ਮਾੜੇ ਕਰਮਾਂ ਦੇ ਕਾਰਨ ਹੀ ਹੈ। ਸਾਡੀ ਅਤਮਾ ਨੂੰ ਇਨ੍ਹਾਂ ਸਾਰੇ ਪੂਰਵਲੇ ਜਨਮਾਂ ਦੇ ਚੰਗੇ ਮਾੜੇ ਕਰਮਾਂ ਦੇ ਬੋਝ ਨੂੰ ਉਦੋਂ ਤੱਕ ਢੌਣਾ ਪੈਂਦਾ ਹੈ ਜਦੋਂ ਤੱਕ ਅਸੀਂ ਇਨ੍ਹਾਂ ਸਾਰਿਆਂ ਕਰਮਾਂ ਦਾ ਲੇਖਾ-ਜੋਖਾ ਪੂਰਾ ਨਹੀਂ ਕਰ ਦਿੰਦੇ ਹਾਂ, ਜੋ ਕਿ ਆਪਣੇ ਕੀਤੀਆਂ ਕਦੇ ਨਹੀਂ ਹੋ ਸਕਦਾ ਹੈ, ਜੋ ਕਿ ਕੇਵਲ ਗੁਰਪ੍ਰਸਾਦਿ ਨਾਲ ਹੀ ਹੋ ਸਕਦਾ ਹੈ।

ਜੇਕਰ ਅਸੀਂ ਆਪਣੇ ਮਨ, ਆਪਣੇ ਚਿੱਤਰ ਗੁਪਤ ਨੂੰ ਆਪਣੀ ਪਿਛਲੀ ਜ਼ਿੰਦਗੀ (ਇਸ ਜਨਮ ਦੀ) ਅਤੇ ਪੂਰਵਲੇ ਜਨਮਾਂ ਦੇ ਕਰਮਾਂ ਦੇ ਪ੍ਰਭਾਵਾਂ ਤੋਂ ਮੁਕਤ ਕਰ ਲੈਂਦੇ ਹਾਂ ਤਾਂ ਅਸੀਂ ਆਪਣੀ ਰੂਹ ਨੂੰ ਆਪਣੇ ਪੂਰਵਲੇ ਜਨਮਾਂ ਦੀਆਂ ਭੈੜੀਆਂ ਕਰਨੀਆਂ ਦੇ ਨਕਾਰਾਤਮਿਕ ਪ੍ਰਭਾਵ ਤੋਂ ਮੁਕਤ ਕਰ ਲੈਂਦੇ ਹਾਂ ਜਾਂ ਅਸੀਂ ਆਪਣੀ ਰੂਹ ਨੂੰ ਆਪਣੇ ਪੂਰਵਲੇ ਜਨਮਾਂ ਦੇ ਅਤੇ ਪਿਛਲੀ ਜ਼ਿੰਦਗੀ (ਇਸ ਜਨਮ ਦੀ) ਦੇ ਕਰਮਾਂ ਦੇ ਬੋਝ ਤੋਂ ਮੁਕਤ ਕਰ ਲੈਂਦੇ ਹਾਂ। ਆਪਣੇ ਮਨ ਅਤੇ ਚਿੱਤਰਗੁਪਤ ਨੂੰ ਸਾਫ ਕਰਨ ਦੀ ਜੁਗਤ (ਜੋ ਕਿ ਗੁਰਬਾਣੀ ਦੇ ਆਧਾਰਿਤ ਹੈ ਅਤੇ ਦਾਸ ਨੇ ਆਪਣੇ ਇਸ ਜੀਵਨ ਵਿੱਚ ਵਰਤੀ ਹੈ) ਬਹੁਤ ਹੀ ਸਾਦੀ ਅਤੇ ਸੌਖੀ ਹੈ। ਆਪਣੇ ਬੀਤੇ ਜੀਵਨ (ਇਸ ਜਨਮ ਦੇ) ਵਿੱਚ ਪੰਜ ਦੂਤਾਂ ਦੇ ਅਧੀਨ ਕੀਤੇ ਗਏ ਸਾਰੇ ਗੁਨਾਹ ਅਤੇ ਪਾਪਾਂ ਨੂੰ ਕਬੂਲ ਕਰਕੇ ਮੁਆਫ਼ੀ ਲਈ ਅਰਦਾਸ ਕਰਨਾ ਹੀ ਇਹ ਜੁਗਤ ਹੈ ਜਿਸ ਨਾਲ ਦਾਸ ਨੂੰ ਨਿਜੀ ਤੌਰ ਤੇ ਬੇਅੰਤ ਲਾਭ ਪ੍ਰਾਪਤ ਹੋਇਆ ਹੈ ਜੀ। ਆਵੋ ਇਹ ਜੁਗਤ ਅਸੀਂ ਸਾਰੇ ਆਪਣੇ ਜੀਵਨ ਨੂੰ ਸੁਧਾਰਨ ਲਈ ਵਰਤ ਕੇ ਵੇਖੀਏ ਜੀ। ਅਸੀਂ ਇੱਕ ਸਮੇਂ ਇੱਕ ਦੂਤ ਨੂੰ ਲਵਾਂਗੇ। ਆਓ ਅਸੀਂ ਸਭ ਤੋਂ ਪਹਿਲਾਂ ਕਾਮ ਤੋਂ ਸ਼ੁਰੂ ਕਰੀਏ:

ਅੰਮ੍ਰਿਤ ਵੇਲੇ ਇਸ਼ਨਾਨ ਕਰਨ ਤੋਂ ਉਪਰੰਤ ਜਦ ਸਤਿਨਾਮ ਸਿਮਰਨ ਕਰਨ ਲਈ ਬੈਠੋ ਤਾਂ ਮਨ ਦੇ ਸ਼ਾਂਤ ਹੋਣ ਤੇ ਇਹ ਅਰਦਾਸ ਕਰੋ:

“ਹੇ ਅਗੰਮ ਅਗੋਚਰ ਅਨੰਤ ਬੇਅੰਤ ਅਲਿਖ ਅਦਿਖ ਜਗਤੇਸ਼ਵਰ ਬ੍ਰਹਮੇਸ਼ਵਰ ਸਰਵੇਸ਼ਵਰ ਸਰਬ ਕਲਾ ਭਰਪੂਰ ਸਤਿ ਪਾਰਬ੍ਰਹਮ ਪਰਮੇਸ਼ਰ ਜੀ ਕ੍ਰਿਪਾ ਕਰੋ ਦੀਨ ਕੇ ਦਾਤੇ ਸਾਡੇ ਇਸ ਜਨਮ ਵਿੱਚ ਕਾਮ ਦੇ ਦੂਤ ਦੀ ਗੁਲਾਮੀ ਵੱਸ ਕੀਤੇ ਸਾਰੇ ਗੁਨਾਹ ਸਾਨੂੰ ਦਿਖਾ ਦੇ, ਅਸੀਂ ਆਪਣੇ ਸਾਰੇ ਗੁਨਾਹ ਕਬੂਲ ਕਰਨੇ ਹਨ”

ਇਹ ਅਰਦਾਸ ਪੂਰਨ ਸ਼ਰਧਾ, ਭਰੋਸੇ ਅਤੇ ਪ੍ਰੀਤ ਨਾਲ ਬਾਰ-ਬਾਰ ਕਰੋ ਅਤੇ ਇਸ ਅਰਦਾਸ ਵਿੱਚ ਡੂੰਘੇ ਉਤਰ ਜਾਉ। ਇਹ ਅਰਦਾਸ ਤਦ ਤੱਕ ਕਰੀ ਜਾਓ ਜਦ ਤੱਕ ਆਪ ਜੀ ਦਾ ਧਿਆਨ ਆਪਣੇ ਪਿਛਲੇ ਜੀਵਨ ਬਚਪਣ ਤੋਂ ਸ਼ੁਰੂ ਹੋ ਕੇ ਪੂਰੇ ਜੀਵਨ ਵਿੱਚ ਕਾਮ ਚੰਡਾਲ ਦੀ ਗੁਲਾਮੀ ਅਧੀਨ ਕੀਤੇ ਗਏ ਸਾਰੇ ਕੁਕਰਮਾਂ ਵਿੱਚ ਡੂੰਘਾ ਖੁੱਭ ਜਾਏ। ਇਸ ਤਰ੍ਹਾਂ ਨਾਲ ਆਪਣੀ ਸਾਰੀ ਪਿਛਲੀ ਜ਼ਿੰਦਗੀ ਉੱਪਰ ਡੂੰਘੀ ਝਾਤੀ ਮਾਰੋ। ਬਚਪਣ ਤੋਂ ਲੈ ਕੇ, ਜਦੋਂ ਤੋਂ ਆਪ ਨੇ ਹੋਸ਼ ਸੰਭਾਲੀ ਹੈ ਹੁਣ ਤੱਕ ਦੇ ਜੀਵਨ ਉੱਪਰ ਡੂੰਘੀ ਝਾਤੀ ਮਾਰੋ। ਅਸੀਂ ਆਪਣੇ ਸਾਰੇ ਕੀਤੇ ਗਏ ਗੁਨਾਹਾ ਅਤੇ ਪਾਪਾਂ ਨੂੰ ਆਪਣੀਆਂ ਅੱਖਾਂ ਸਾਹਮਣੇ ਫਿਲਮ ਦੀ ਤਰ੍ਹਾਂ ਵੇਖਣਾ ਸ਼ੁਰੂ ਕਰ ਦਿਆਂਗੇ। ਸਭ ਤੋਂ ਪਹਿਲਾਂ ਅਸੀਂ ਸਭ ਤੋਂ ਵੱਡੇ ਪਾਪ ਜੋ ਸਾਡੇ ਦੁਆਰਾ ਕੀਤੇ ਗਏ ਹਨ, ਵੇਖਾਂਗੇ ਅਤੇ ਫਿਰ ਇਹ ਲੜੀ ਟੁੱਟੇਗੀ ਨਹੀਂ। ਆਪ ਦੇ ਸਾਰੇ ਕਾਮ ਵੱਸ ਕੀਤੇ ਹੋਏ ਗੁਨਾਹ ਇਕ ਇਕ ਕਰਕੇ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ। ਤੁਹਾਨੂੰ ਇਹ ਇਹਸਾਸ ਹੋਣਾ ਸ਼ੁਰੂ ਹੋ ਜਾਏਗਾ ਕਿ ਤੁਸੀਂ ਕਿਤਨੇ ਵੱਡੇ ਗੁਨਾਹਗਾਰ ਹੋ ਅਤੇ ਤੁਹਾਡਾ ਮਨ ਕਿਤਨਾ ਮੈਲਾ ਹੈ। ਇਸ ਦੇ ਨਾਲ ਹੀ ਤੁਹਾਡਾ ਸਿਰ ਸ਼ਰਮ ਨਾਲ ਝੁੱਕ ਜਾਏਗਾ ਅਤੇ ਹਿਰਦਾ ਪਿਘਲਣਾ ਸ਼ੁਰੂ ਹੋ ਜਾਏਗਾ ਆਪਣੇ ਇਨ੍ਹਾਂ ਸ਼ਰਮਨਾਕ ਗੁਨਾਹਾਂ ਨੂੰ ਦੇਖ ਕੇ। ਆਪਣੇ ਦੁਆਰਾ ਕੀਤੇ ਗਏ ਇਹਨਾਂ ਪਾਪਾਂ ਅਤੇ ਗੁਨਾਹਾਂ ਨੂੰ ਕਰਨ ਦੀ ਜਿੰਮੇਵਾਰੀ ਲੈਂਦੇ ਰਹੋ, ਜਦ ਆਪਣੇ ਸੱਚੇ ਹਿਰਦੇ ਨਾਲ ਕਬੂਲ ਕਰੋਗੇ ਅਤੇ ਮੁਆਫ਼ੀ ਮੰਗੋਗੇ ਤਾਂ ਇਹ ਸਾਰੇ ਗੁਨਾਹ ਮੁਆਫ਼ ਕਰ ਦਿੱਤੇ ਜਾਣਗੇ। ਇਸ ਤਰ੍ਹਾਂ ਕਰਨਾ ਜਾਰੀ ਰੱਖੋ ਜਦ ਤੱਕ ਅਸੀਂ ਪੂਰੀ ਤਰ੍ਹਾਂ ਮਹਿਸੂਸ ਨਹੀਂ ਕਰਦੇ ਕਿ ਅਸੀਂ ਕਿਤਨੇ ਵੱਡੇ ਗੁਨਾਹਗਾਰ ਅਤੇ ਪਾਪੀ ਹਾਂ। ਇਸ ਅਰਦਾਸ ਨੂੰ ਪੂਰੀ ਹੋਣ ਲਈ ਕੁਝ ਘੰਟਿਆਂ ਦਾ ਸਮਾਂ ਵੀ ਲੱਗ ਸਕਦਾ ਹੈ, ਕੁਝ ਦਿਨ ਵੀ ਲਗ ਸਕਦੇ ਹਨ, ਕੁਝ ਹਫਤੇ ਵੀ ਲਗ ਸਕਦੇ ਹਨ, ਜਾਂ ਕੁਝ ਮਹੀਨੇ ਵੀ ਲਗ ਸਕਦੇ ਹਨ, ਪਰ ਇਹ ਅਰਦਾਸ ਕਰਨੀ ਜਾਰੀ ਰਖੋ ਅਤੇ ਆਪਣੇ ਗੁਨਾਹ ਕਬੂਲਦੇ ਰਹੋ ਮੁਆਫ਼ੀ ਮੰਗਦੇ ਰਹੋ ਜਦ ਤੱਕ ਆਪ ਨੂੰ ਇਹ ਵਿਸ਼ਵਾਸ ਨਾ ਹੋ ਜਾਵੇ ਕਿ ਸਾਰੇ ਗੁਨਾਹਾਂ ਦੀ ਮੁਆਫ਼ੀ ਮੰਗੀ ਗਈ ਹੈ। ਕੋਈ ਗੱਲ ਨਹੀਂ ਭਾਵੇਂ ਕਿੰਨਾ ਵੀ ਸਮਾਂ ਲੱਗੇ, ਇਸ ਤਰ੍ਹਾਂ ਕਰਨਾ ਜਾਰੀ ਰੱਖੋ, ਅਤੇ ਤਦ ਤੱਕ ਨਾ ਰੁਕੋ ਜਦ ਤੱਕ ਤੁਹਾਨੂੰ ਇਹ ਯਕੀਨ ਨਹੀਂ ਹੋ ਜਾਂਦਾ ਹੈ ਕਿ ਤੁਹਾਡਾ ਮਨ ਪੂਰੀ ਤਰ੍ਹਾਂ ਸਾਫ ਹੋ ਗਿਆ ਹੈ। ਇਹ ਧਿਆਨ ਰਹੇ ਕਿ ਇਹ ਅਰਦਾਸ ਰੋਜ਼ ਸਿਮਰਨ ਸ਼ੁਰੂ ਕਰਨ ਤੋਂ ਪਹਿਲਾਂ ਕਰਨੀ ਹੈ ਅਤੇ ਉਦੋਂ ਤੱਕ ਸਿਮਰਨ ਸ਼ੁਰੂ ਨਹੀਂ ਕਰਨਾ ਜਦੋਂ ਤੱਕ ਅਰਦਾਸ ਚਲਦੀ ਰਹੇ, ਫਿਰ ਆਪਣੇ ਆਪ ਹੀ ਤੁਸੀਂ ਸਿਮਰਨ ਵਿੱਚ ਚਲੇ ਜਾਵੋਗੇ।

ਇਸੇ ਹੀ ਅਰਦਾਸ ਨੂੰ ਅਤੇ ਪ੍ਰਕ੍ਰਿਆ ਨੂੰ ਬਾਕੀ ਰਹਿੰਦੇ ਦੂਤ : ਕ੍ਰੋਧ, ਲੋਭ, ਮੋਹ, ਅਹੰਕਾਰ ਲਈ ਦੁਹਰਾਓ। ਇੱਕ ਵਾਰ ਕੇਵਲ ਇੱਕ ਦੂਤ ਨੂੰ ਹੀ ਪਕੜੋ। ਪੂਰੀ ਤਰ੍ਹਾਂ ਸਾਫ ਹੋਣ ਨੂੰ ਕੁਝ ਹਫ਼ਤੇ ਜਾ ਮਹੀਨੇ ਜਾਂ ਇਸ ਤੋਂ ਵੀ ਜਿਆਦਾ ਸਮਾਂ ਲਗਾ ਸਕਦਾ ਹੈ। ਪਰ ਇਸ ਨੂੰ ਕਰਦੇ ਰਹੋ। ਇਸ ਅਰਦਾਸ ਨੂੰ ਕਰਦੇ ਹੋਏ ਆਪਣੇ ਰੋਜ਼ਾਨਾ ਜੀਵਨ ਦੇ ਕਰਮ, ਕਿਰਿਆਵਾਂ ਅਤੇ ਪ੍ਰਤੀ ਕਿਰਿਆਵਾਂ ਨੂੰ ਵੀ ਧਿਆਨ ਪੂਰਵਕ ਵੀਚਾਰਦੇ ਰਹੋ। ਸਤਿ ਉੱਪਰ ਅਪਣਾ ਧਿਆਨ ਕੇਂਦਰਤ ਰੱਖੋ। ਆਪਣੇ ਸਾਰੇ ਕਰਮ ਸਤਿ ਕਰਮ ਬਣਾਓ। ਹਰ ਰੋਜ਼ ਸਵੇਰੇ ਅਰਦਾਸ ਕਰਨ ਅਤੇ ਸਿਮਰਨ ਸ਼ੁਰੂ ਕਰਨ ਤੋਂ ਪਹਲਾਂ ਇਹ ਚੰਗਾ ਖਿਆਲ ਹੈ ਕਿ ਪਿਛਲੇ ਦਿਨ ਦੇ ਕੀਤੇ ਕਰਮਾਂ ਤੇ ਝਾਤੀ ਮਾਰੋ ਕਿ ਜੇਕਰ ਇਹ ਪੰਜ ਦੂਤਾਂ ਦੇ ਪ੍ਰਭਾਵ ਅਧੀਨ ਕੀਤੇ ਗਏ ਹਨ ਜਾਂ ਸਤਿ ਕਰਮ ਹਨ। ਜੇ ਕਰ ਅਸਤਿ ਕਰਮ ਕੀਤੇ ਹਨ ਤਦ ਆਪਣੇ ਗੁਨਾਹ ਕਬੂਲ ਕਰੋ ਅਤੇ ਮੁਆਫ਼ੀ ਮੰਗੋ ਅਤੇ ਮਨ ਨੂੰ ਸਾਫ ਕਰੋ।

ਜੇਕਰ ਤੁਸੀਂ ਆਪਣਾ ਮਨ ਅਤੇ ਚਿੱਤਰਗੁਪਤ ਛੇਤੀ ਸਾਫ ਕਰਨਾ ਚਾਹੁੰਦੇ ਹੋ ਤਾਂ ਆਪਣੀਆਂ ਮਾੜੀਆਂ ਕਰਨੀਆਂ, ਪਾਪਾਂ, ਗੁਨਾਹਾਂ ਅਤੇ ਅਸਤਿ ਕਰਮਾਂ ਨੂੰ ਭਰੀ ਸੰਗਤ ਵਿੱਚ ਕਬੂਲ ਕਰੋ। ਭਰੀ ਸੰਗਤ ਵਿੱਚ ਕਬੂਲ ਕਰਨ ਨਾਲ ਤੁਹਾਡਾ ਮਨ ਉਸੇ ਹੀ ਛਿੰਨ ਸਾਫ ਹੋ ਜਾਏਗਾ ਅਤੇ ਤੁਹਾਡਾ ਸਿਮਰਨ ਹੋਰ ਉੱਤਮ ਅਵਸਥਾ ਵਿੱਚ ਉਸੇ ਹੀ ਛਿੰਨ ਚਲਾ ਜਾਏਗਾ। ਭਾਵੇਂ ਕਿ ਅਸੀਂ ਰੋਜ਼ਾਨਾ ਜੀਵਨ ਵਿੱਚ ਕਿੰਨੇ ਵੀ ਧਿਆਨ ਨਾਲ ਰਹੀਏ, ਅਸੀਂ ਤਾਂ ਵੀ ਗਲਤੀਆਂ ਕਰ ਜਾਂਦੇ ਹਾਂ। ਇਨ੍ਹਾਂ ਅਸਤਿ ਅਤੇ ਮਾੜੀਆਂ ਕਰਨੀਆਂ ਦੇ ਪ੍ਰਭਾਵ ਨੂੰ ਮਿਟਾਉਣ ਲਈ ਸਾਨੂੰ ਆਪਣੇ ਸਾਰੇ ਮਾੜੇ ਕਰਮਾਂ ਨੂੰ ਮੰਨ ਲੈਣਾ ਚਾਹੀਦਾ ਹੈ ਅਤੇ ਮੁਆਫ਼ੀ ਲਈ ਅਰਦਾਸ ਕਰਦੇ ਰਹਿਣਾ ਚਾਹੀਦਾ ਹੈ। ਇਹ ਅਰਦਾਸ ਸਵੇਰ ਦੀ ਅਰਦਾਸ ਅਤੇ ਸ਼ਾਮ ਦੇ ਨਾਮ ਸਿਮਰਨ ਦੀ ਅਰਦਾਸ ਤੋਂ ਇਲਾਵਾ ਦਿਨ ਵਿੱਚ ਕਈ ਵਾਰ ਕਰੋ। ਬੰਦਗੀ ਵਿੱਚ ਅਗਾਂਹ ਵਧਣ ਲਈ ਸਾਡੀ ਕਰਨੀ ਨੂੰ ਪੂਰਨ ਸਤਿ ਦੀ ਕਰਨੀ ਬਣਾਉਣਾ ਲਾਜ਼ਮੀ ਹੈ। ਜਦੋਂ ਸਾਡੀ ਕਰਨੀ ਸਤਿ ਦੀ ਕਰਨੀ ਹੋ ਜਾਂਦੀ ਹੈ ਤਦ ਸਾਡਾ ਅੰਦਰ ਪੂਰੀ ਤਰ੍ਹਾਂ ਸਾਫ ਹੋ ਜਾਂਦਾ ਹੈ ਅਤੇ ਇਸ ਦੇ ਫਲਸਰੂਪ ਅਸੀਂ ਸਚਿਆਰੇ ਬਣ ਜਾਂਦੇ ਹਾਂ, ਸਾਡਾ ਹਿਰਦਾ ਪੂਰਨ ਸਚਿਆਰੀ ਰਹਿਤ ਵਿੱਚ ਚਲਾ ਜਾਂਦਾ ਹੈ।

ਇਹ ਪ੍ਰਕ੍ਰਿਆ ਤਦ ਹੀ ਕਾਰਗਰ ਸਿੱਧ ਹੋਵੇਗੀ ਜੇਕਰ ਅਸੀਂ ਪੂਰੀ ਤਰ੍ਹਾਂ ਗੁਰ ਅਤੇ ਸਤਿਗੁਰੂ ਦੇ ਸਤਿ ਚਰਨਾਂ ਉੱਪਰ ਪੂਰਨ ਆਪਾ ਵਾਰ ਦਿੰਦੇ ਹਾਂ ਅਤੇ ਪੂਰਨ ਸਮਰਪਿਤ ਹੋ ਜਾਂਦੇ ਹਾਂ। ਪੂਰਨ ਸਮਰਪਣ ਲਈ ਸਤਿਗੁਰੂ ਦੇ ਸਤਿ ਚਰਨਾਂ ਉੱਪਰ ਦਸਵੰਧ ਅਰਪਣ ਕਰਨਾ ਲਾਜ਼ਮੀ ਹੈ। ਆਪਣਾ ੧੦ ਪ੍ਰਤੀਸ਼ਤ ਸਮਾਂ ਹਰ ਸਵੇਰੇ ਸਤਿਨਾਮ ਸਿਮਰਨ ਨੂੰ ਦੇਣਾ ਲਾਜ਼ਮੀ ਹੈ ਅਤੇ ਆਪਣੀ ਕਮਾਈ ਦਾ ੧੦ ਪ੍ਰਤੀਸ਼ਤ ਹਿੱਸਾ ਸਤਿਗੁਰੂ ਦੇ ਚਰਨਾਂ ਉੱਪਰ ਅਰਪਣ ਕਰਨਾ ਲਾਜ਼ਮੀ ਹੈ। ਸਤਿਗੁਰੂ ਦੇ ਚਰਨਾਂ ਉੱਪਰ ਪੂਰਨ ਸਮਰਪਣ ਕਰਨ ਨਾਲ ਸਾਡਾ ਰੋਜ਼ਾਨਾ ਵਿਵਹਾਰ ਅਤੇ ਜੀਵਨ ਪੂਰੀ ਤਰ੍ਹਾਂ ਬਦਲ ਜਾਂਦਾ ਹੈ। ਅਸੀਂ ਆਪਣੇ ਰੋਜ਼ਾਨਾ ਦੇ ਕਰਮਾਂ ਵਿੱਚ ਜਾਗਰੁਕ ਹੋ ਜਾਂਦੇ ਹਾਂ। ਮਨ ਦੀ ਚੇਤਨਾ ਸ਼ੁੱਧ ਹੋ ਜਾਂਦੀ ਹੈ। ਮਾੜੇ ਕਰਮਾਂ ਦੀ ਰੁਚੀ ਦਾ ਅੰਤ ਹੋ ਜਾਂਦਾ ਹੈ। ਸਾਡੀ ਕਰਨੀ ਸਤਿ ਦੀ ਕਰਨੀ ਵਿੱਚ ਬਦਲ ਜਾਂਦੀ ਹੈ। ਮਾੜੇ ਵਿਚਾਰਾਂ ਦਾ ਅੰਤ ਹੋ ਜਾਂਦਾ ਹੈ। ਮਨ ਸ਼ਾਂਤ ਹੋਣਾ ਸ਼ੁਰੂ ਹੋ ਜਾਂਦਾ ਹੈ। ਮਨ ਜਾਗਣ ਲਗ ਜਾਂਦਾ ਹੈ।

ਸਤਿ ਦੀ ਕਰਨੀ ਵਿੱਚ ਅਪਣਾ ਵਿਸ਼ਵਾਸ ਦ੍ਰਿੜ੍ਹ ਕਰੋ। ਸਤਿ ਦੀ ਕਰਨੀ ਸਾਡੇ ਰੋਜ਼ਾਨਾ ਜੀਵਨ ਨੂੰ ਅਦਭੁਤ ਕਰ ਦਿੰਦੀ ਹੈ। ਸਾਡੀ ਰੂਹਾਨੀ ਯਾਤਰਾ ਤੇਜ਼ੀ ਨਾਲ ਅਗੇ ਵਧਣੀ ਸ਼ੁਰੂ ਹੋ ਜਾਂਦੀ ਹੈ। ਅਸੀਂ ਆਪਣੇ ਅੰਦਰ ਫਰਕ ਅਨੁਭਵ ਕਰਦੇ ਹਾਂ। ਸਾਡਾ ਪਰਿਵਾਰ ਸਾਡੇ ਵਿੱਚ ਇਹ ਤਬਦੀਲੀ ਦੇਖਣ ਲਗ ਪੈਂਦਾ ਹੈ। ਸਾਡਾ ਪਰਿਵਾਰ ਅਤੇ ਮਿੱਤਰ ਵੀ ਸਾਡੇ ਚਰਿੱਤਰ ਅਤੇ ਵਿਹਾਰ ਵਿੱਚ ਚੰਗੀ ਤਬਦੀਲੀ ਕਾਰਨ ਵਧੀਆ ਢੰਗ ਨਾਲ ਪ੍ਰਭਾਵਿਤ ਹੁੰਦੇ ਹਨ। ਸਾਡਾ ਰੋਜ਼ਾਨਾ ਜੀਵਨ ਸੁਖਮਈ ਅਤੇ ਸ਼ਾਂਤੀ ਨਾਲ ਭਰਪੂਰ ਹੋਣਾ ਸ਼ੁਰੂ ਹੋ ਜਾਂਦਾ ਹੈ। ਦੁੱਖਾਂ, ਕਲੇਸ਼ਾਂ ਅਤੇ ਸਮੱਸਿਆਵਾਂ ਦਾ ਅੰਤ ਹੋਣਾ ਸ਼ੁਰੂ ਹੋ ਜਾਂਦਾ ਹੈ। ਮਨ ਆਨੰਦ ਵਿੱਚ ਜਾਣਾ ਸ਼ੁਰੂ ਹੋ ਜਾਂਦਾ ਹੈ। ਸਾਰਾ ਆਲੇ-ਦੁਆਲੇ ਦਾ ਵਾਤਾਵਰਨ ਸ਼ੁੱਧ ਹੋਣਾ ਸ਼ੁਰੂ ਹੋ ਜਾਂਦਾ ਹੈ। ਆਲੇ-ਦੁਆਲੇ ਦੇ ਵਾਤਾਵਰਨ ਵਿੱਚ ਵਿਚਰ ਰਹੇ ਪਸ਼ੂ ਪੰਛੀ ਜੀਵ ਜੰਤ ਸਾਰੀ ਬਨਸਪਤ ਆਦਿ ਵੀ ਪ੍ਰਸੰਨ ਹੋ ਜਾਂਦੀ ਹੈ ਅਤੇ ਤੁਹਾਡੇ ਸਿਮਰਨ ਅਤੇ ਸੇਵਾ ਵਿੱਚ ਸਾਥ ਦਿੰਦੀ ਹੈ।

ਰੂਹਾਨੀ ਸਫਲਤਾ ਦੀ ਕੁੰਜੀ ਹੈ ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ, ਪਰਉਪਕਾਰ ਅਤੇ ਮਹਾਂ ਪਰਉਪਕਾਰ ਦਾ ਗੁਰਪ੍ਰਸਾਦਿ ਹੈ। ਇਹ ਗੁਰਪ੍ਰਸਾਦਿ ਕੇਵਲ ਤਦ ਹੀ ਪ੍ਰਾਪਤ ਹੁੰਦਾ ਹੈ ਜਦ ਅਸੀਂ ਗੁਰ ਅਤੇ ਸਤਿਗੁਰੂ ਦੀ ਚਰਨ ਸ਼ਰਨ ਵਿੱਚ ਸੰਪੂਰਨ ਤੌਰ ਤੇ ਸਮਰਪਿਤ ਹੋ ਜਾਂਦੇ ਹਾਂ। ਗੁਰਪ੍ਰਸਾਦਿ ਤਦ ਹੀ ਪ੍ਰਾਪਤ ਹੁੰਦਾ ਹੈ ਜਦ ਅਸੀਂ ਗੁਰ ਅਤੇ ਸਤਿਗੁਰੂ ਦੀ ਚਰਨ ਸ਼ਰਨ ਵਿੱਚ ਜਾਂਦੇ ਹਾਂ ਅਤੇ ਆਪਣੇ ਰੋਜ਼ਾਨਾ ਜੀਵਨ ਵਿੱਚ ਗੁਰਬਾਣੀ ਤੇ ਅਮਲ ਕਰਕੇ ਗੁਰਬਾਣੀ ਦੀ ਕਮਾਈ ਕਰਦੇ ਹਾਂ। ਅਸਲ ਬੰਦਗੀ ਗੁਰਪ੍ਰਸਾਦਿ ਅਤੇ ਗੁਰ ਕ੍ਰਿਪਾ ਦੀ ਪਰਮ ਸ਼ਕਤੀ ਨਾਲ ਸ਼ੁਰੂ ਹੁੰਦੀ ਹੈ। ਗੁਰਪ੍ਰਸਾਦਿ ਦੀ ਪਰਮ ਸ਼ਕਤੀ ਦੇ ਨਾਲ ਹੀ ਪੰਜ ਦੂਤ ਅਤੇ ਇੱਛਾਵਾਂ ਸਾਡੇ ਅਧੀਨ ਆ ਜਾਂਦੇ ਹਨ। ਤ੍ਰਿਸ਼ਨਾ ਦਾ ਬੁੱਝ ਜਾਣਾ ਅਤੇ ਪੰਜ ਦੂਤਾਂ ਉੱਪਰ ਜਿੱਤ ਪਾਉਣਾ ਹੀ ਮਨ ਉੱਪਰ ਜਿੱਤ ਪਾਉਣਾ ਹੈ। ਮਨ ਨੂੰ ਜਿੱਤਣ ਨਾਲ ਹੀ ਸਾਡਾ ਮਨ ਸਿੱਧਾ ਪਰਮ ਜੋਤ ਦੇ ਅਧੀਨ ਆ ਜਾਂਦਾ ਹੈ, ਮਨ ਮਤਿ ਦਾ ਅੰਤ ਹੋ ਜਾਂਦਾ ਹੈ, ਗੁਰਮਤਿ ਦਾ ਪ੍ਰਕਾਸ਼ ਹੋ ਜਾਂਦਾ ਹੈ, ਗਿਆਨ ਇੰਦਰੀਆਂ ਅਤੇ ਕਰਮ ਇੰਦਰੀਆਂ ਗੁਰਮਤਿ ਅਨੁਸਾਰ ਕਰਮ ਕਰਨ ਲਗ ਪੈਂਦੀਆ ਹਨ, ਸਾਰੇ ਕਰਮ ਪਰਮ ਜੋਤ ਦੇ ਪੂਰਨ ਹੁਕਮ ਅਧੀਨ ਹੋ ਜਾਂਦੇ ਹਨ।

ਇਸ ਤਰ੍ਹਾਂ ਜੋ ਮਨੁੱਖ ਗੁਰਪ੍ਰਸਾਦਿ ਦੀ ਪਰਮ ਸ਼ਕਤੀ ਨਾਲ ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੀ ਪ੍ਰਾਪਤੀ ਕਰ ਲੈਂਦੇ ਹਨ ਉਨ੍ਹਾਂ ਦੀ ਸੁਰਤ ਸ਼ਬਦ ਵਿੱਚ ਲੀਨ ਹੋ ਜਾਂਦੀ ਹੈ, ਮਨ ਦੀ ਹੋਂਦ ਖ਼ਤਮ ਹੋ ਜਾਂਦੀ ਹੈ, ਬੁੱਧੀ ਪੂਰਨ ਬ੍ਰਹਮ ਗਿਆਨ ਵਿੱਚ ਲੀਨ ਹੋ ਜਾਂਦੀ ਹੈ, ਸਾਰੀਆਂ ਗਿਆਨ ਇੰਦਰੀਆਂ ਅਤੇ ਕਰਮ ਇੰਦਰੀਆਂ ਪੂਰਨ ਹੁਕਮ ਵਿੱਚ ਆ ਜਾਂਦੀਆਂ ਹਨ ਅਤੇ ਮਨੁੱਖ ਦਰਗਾਹ ਵਿੱਚ ਪਹੁੰਚ ਜਾਂਦਾ ਹੈ। ਜ਼ਾਹਿਰ ਹੈ ਕਿ ਜੋ ਮਨੁੱਖ ਇਸ ਅਵਸਥਾ ਵਿੱਚ ਪਹੁੰਚ ਜਾਂਦੇ ਹਨ ਉਨ੍ਹਾਂ ਨੂੰ ਮਾਇਆ ਦਾ ਸਾਰਾ ਖੇਲ ਸਮਝ ਆ ਜਾਂਦਾ ਹੈ। ਉਨ੍ਹਾਂ ਮਨੁੱਖਾਂ ਨੂੰ ਪੰਜ ਦੂਤਾਂ ਅਤੇ ਤ੍ਰਿਸ਼ਨਾ ਦੇ ਵਿਨਾਸ਼ਕਾਰੀ ਸੁਭਾਵ ਦਾ ਗਿਆਨ ਹੋ ਜਾਂਦਾ ਹੈ। ਉਨ੍ਹਾਂ ਮਨੁੱਖਾਂ ਨੂੰ ਸਤਿ ਅਤੇ ਅਸਤਿ ਦੀ ਕਰਨੀ ਅਤੇ ਕਰਨੀ ਦੇ ਚੰਗੇ ਮਾੜੇ ਪ੍ਰਭਾਵ ਦਾ ਗਿਆਨ ਹੋ ਜਾਂਦਾ ਹੈ। ਉਨ੍ਹਾਂ ਮਨੁੱਖਾਂ ਨੂੰ ਸੰਸਾਰ ਭਵਜਲ ਸਾਗਰ ਦਾ ਸਤਿ ਸਮਝ ਪੈ ਜਾਂਦਾ ਹੈ। ਉਨ੍ਹਾਂ ਮਨੁੱਖਾਂ ਨੂੰ ਇਹ ਪਰਮ ਸਤਿ ਦੀ ਸੋਝੀ ਪੈ ਜਾਂਦੀ ਹੈ ਕਿ ਜੋ ਜੋ ਨੰਗੀ ਅੱਖ ਨਾਲ ਦਿੱਸਦਾ ਹੈ ਉਹ ਸਭ ਕੁਝ ਨਾਸ਼ਵਾਨ ਹੈ। ਉਨ੍ਹਾਂ ਮਨੁੱਖਾਂ ਨੂੰ ਇਹ ਸਤਿ ਸਮਝ ਆ ਜਾਂਦਾ ਹੈ ਕਿ ਸਾਡੀ ਪੰਚ ਭੂਤਕ ਦੇਹੀ ਵੀ ਨਾਸ਼ਵਾਨ ਹੈ। ਉਨ੍ਹਾਂ ਮਨੁੱਖਾਂ ਨੂੰ ਸਾਰੇ ਦਰਗਾਹੀ ਵਿਧਾਨਾਂ ਦੀ ਸਮਝ ਪੈ ਜਾਂਦੀ ਹੈ। ਉਨ੍ਹਾਂ ਮਨੁੱਖਾਂ ਨੂੰ ਗੁਰ ਪ੍ਰਸਾਦੀ ਖੇਲ ਅਤੇ ਗੁਰ ਪ੍ਰਸਾਦਿ ਦੀ ਪਰਮ ਸ਼ਕਤੀ ਦਾ ਗਿਆਨ ਹੋ ਜਾਂਦਾ ਹੈ। ਇਸ ਲਈ ਐਸੇ ਮਨੁੱਖ ਬੰਦਗੀ ਵਿੱਚ ਚਲੇ ਜਾਂਦੇ ਹਨ ਅਤੇ ਆਪਣਾ ਜੀਵਨ ਸਫਲ ਕਰ ਲੈਂਦੇ ਹਨ।

ਮਾਇਆ ਦੀ ਗੁਲਾਮੀ ਦਾ ਜੀਵਨ ਭਾਵ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਤ੍ਰਿਸ਼ਨਾ ਦੀ ਗੁਲਾਮੀ ਦੇ ਵਿੱਚ ਕੇਵਲ ਦੁੱਖਾਂ, ਕਲੇਸ਼ਾਂ, ਮੁਸੀਬਤਾਂ ਅਤੇ ਕਠਿਨਾਈਆਂ ਭਰਿਆ ਜੀਵਨ ਨਸੀਬ ਹੁੰਦਾ ਹੈ। ਪੰਜ ਦੂਤਾਂ ਅਤੇ ਤ੍ਰਿਸ਼ਨਾ ਦੀ ਗੁਲਾਮੀ ਦੇ ਜੀਵਨ ਵਿੱਚ ਕਦੇ ਸੁੱਖ ਨਹੀਂ ਪ੍ਰਾਪਤ ਹੁੰਦਾ ਹੈ। ਜੋ ਮਨੁੱਖ ਮਾਇਆ ਦੀ ਗੁਲਾਮੀ ਕਰਦੇ ਹੋਏ ਜੀਵਨ ਜੀਉਂਦੇ ਹਨ ਉਨ੍ਹਾਂ ਦੇ ਭਾਗਾਂ ਵਿੱਚ ਕੇਵਲ ਸੱਟਾਂ ਹੀ ਖਾਣੀਆਂ ਲਿਖੀਆਂ ਜਾਂਦੀਆਂ ਹਨ। ਸਾਡੇ ਸਾਰੇ ਦੁੱਖਾਂ, ਕਲੇਸ਼ਾਂ, ਮੁਸੀਬਤਾਂ, ਕਠਿਨਾਈਆਂ, ਮਾਨਸਿਕ ਰੋਗਾਂ ਅਤੇ ਸ਼ਰੀਰਕ ਬੀਮਾਰੀਆਂ ਦਾ ਕਾਰਨ ਕੇਵਲ ਮਾਇਆ ਦੀ ਗੁਲਾਮੀ ਹੀ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬੇਅੰਤ ਕਿਰਪਾ ਨਾਲ ਮਨੁੱਖਾ ਜਨਮ ਮਿਲਿਆ ਹੈ ਕੇਵਲ ਸਤਿ ਦੀ ਕਰਨੀ ਕਰਨ ਲਈ। ਇਸ ਲਈ ਜੇਕਰ ਅਸੀਂ ਇਸ ਮਨੁੱਖਾ ਦੇਹੀ ਦੀ ਵਰਤੋਂ ਪੰਜ ਦੂਤਾਂ ਅਤੇ ਤ੍ਰਿਸ਼ਨਾ ਦੇ ਅਧੀਨ ਅਸਤਿ ਕਰਮਾਂ ਲਈ ਕਰਦੇ ਹਾਂ ਤਾਂ ਇਹ ਇਸ ਦੇਹੀ ਦਾ ਦੁਰਉਪਯੋਗ ਹੁੰਦਾ ਹੈ। ਇਸ ਲਈ ਜਦ ਅਸੀਂ ਇਸ ਦੇਹੀ ਦੀ ਦੁਰਵਰਤੋਂ ਕਰਦੇ ਹਾਂ ਤਾਂ ਇਹ ਜ਼ਰੂਰੀ ਹੈ ਕਿ ਇਸਦੇ ਪਰਿਣਾਮ ਵੀ ਦੁਸ਼ਕਰ ਹੀ ਹੋਣਗੇ। ਇਹ ਹੀ ਕਾਰਨ ਹੈ ਸਾਡੇ ਭਾਗਾਂ ਵਿੱਚ ਸਾਰੇ ਦੁੱਖਾਂ, ਕਲੇਸ਼ਾਂ, ਮੁਸੀਬਤਾਂ, ਕਠਿਨਾਈਆਂ, ਮਾਨਸਿਕ ਰੋਗਾਂ ਅਤੇ ਸ਼ਰੀਰਕ ਬੀਮਾਰੀਆਂ ਦਾ। ਸਾਨੂੰ ਕਰਮ ਦੇ ਦਰਗਾਹੀ ਵਿਧਾਨ ਅਨੁਸਾਰ ਇਨ੍ਹਾਂ ਸੱਟਾਂ ਨੂੰ ਭੋਗਣਾ ਪੈਂਦਾ ਹੈ। ਇਸ ਕਰਮ ਦੇ ਵਿਧਾਨ ਨੂੰ ਕੇਵਲ ਇਕ ਪਰਮ ਸ਼ਕਤੀ ਹੈ ਜੋ ਬਦਲ ਸਕਦੀ ਹੈ ਅਤੇ ਉਹ ਹੈ ਸਤਿਨਾਮ ਦੀ ਪਰਮ ਸ਼ਕਤੀ, ਜਿਹੜੀ ਸਾਡੇ ਸਾਰੇ ਕਰਮਾਂ ਦੀਆਂ ਤੈਹਾਂ ਨੂੰ ਤੋੜਨ ਦੀ ਅਤੇ ਸਾਰੀਆਂ ਕਰਮਾਂ ਦੀਆਂ ਗੰਡਾ ਨੂੰ ਖੋਲ੍ਹਣ ਦੀ ਸਮਰੱਥਾ ਰੱਖਦਾ ਹੈ। ਜਦ ਸਤਿਨਾਮ ਸੁਰਤ, ਹਿਰਦੇ ਅਤੇ ਰੋਮ-ਰੋਮ ਵਿੱਚ ਚਲਾ ਜਾਂਦਾ ਹੈ ਤਾਂ ਕਰਮਾਂ ਦਾ ਲੇਖਾ-ਜੋਖਾ ਮਿਟ ਜਾਂਦਾ ਹੈ ਅਤੇ ਮਨੁੱਖ ਦਾ ਇਨ੍ਹਾਂ ਸੱਟਾਂ ਖਾਣ ਤੋਂ ਛੁਟਕਾਰਾ ਹੋ ਜਾਂਦਾ ਹੈ। ਇਸ ਲਈ ਜਿਹੜੇ ਮਨੁੱਖ ਗੁਰਪ੍ਰਸਾਦਿ ਦੀ ਪਰਮ ਸ਼ਕਤੀ ਨੂੰ ਪ੍ਰਾਪਤ ਕਰ ਬੰਦਗੀ ਪੂਰਨ ਕਰ ਲੈਂਦੇ ਹਨ ਉਨ੍ਹਾਂ ਦੇ ਦੁੱਖਾਂ ਕਲੇਸ਼ਾਂ ਦਾ ਅੰਤ ਹੋ ਜਾਂਦਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਨੂੰ ਇਨ੍ਹਾਂ ਸਾਰੇ ਦੁੱਖਾਂ, ਕਲੇਸ਼ਾਂ, ਮੁਸੀਬਤਾਂ, ਕਠਿਨਾਈਆਂ, ਮਾਨਸਿਕ ਰੋਗਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ।

ਜਦ ਮਨੁੱਖ ਦੇ ਸਵਾਸ ਖ਼ਤਮ ਹੋ ਜਾਂਦੇ ਹਨ ਤਾਂ ਰੂਹ (ਇਲਾਹੀ ਜੋਤ) ਦੇਹੀ ਛੱਡ ਕੇ ਚਲੀ ਜਾਂਦੀ ਹੈ ਅਤੇ ਪੰਚ ਭੂਤਕ ਦੇਹੀ ਦੀ ਮੌਤ ਹੁੰਦੀ ਹੈ ਤਾਂ ਮਨੁੱਖ ਦੀ ਰੂਹ ਕਰਮ ਦੇ ਵਿਧਾਨ ਅਨੁਸਾਰ ਆਪਣੇ ਮਾੜੇ ਚੰਗੇ ਕਰਮਾਂ ਨੂੰ ਨਾਲ ਲੈ ਕੇ ਜਾਂਦੀ ਹੈ। ਰੂਹ ਨੂੰ ਮਨੁੱਖ ਦੇ ਕਰਮਾਂ ਦਾ ਬੋਝ ਨਾਲ ਚੁੱਕਣਾ ਪੈਂਦਾ ਹੈ। ਜਦ ਇਨਸਾਨ ਦੀ ਮੌਤ ਹੁੰਦੀ ਹੈ ਤਾਂ ਜਮਦੂਤ ਇਨਸਾਨ ਦੀ ਰੂਹ ਨੂੰ ਲੈਣ ਵਾਸਤੇ ਆਉਂਦੇ ਹਨ। ਆਮ ਇਨਸਾਨ ਦੀ ਮੌਤ ਬਹੁਤ ਪੀੜਾਜਨਕ, ਡਰਾਉਣੀ ਅਤੇ ਖ਼ੌਫਨਾਕ ਹੁੰਦੀ ਹੈ। ਆਮ ਮਨੁੱਖ ਦੀ ਰੂਹ ਮਨੁੱਖ ਦੇ ਸੰਸਕਾਰਾਂ ਅਨੁਸਾਰ ਦੇਹੀ ਨੂੰ ਛੱਡਣਾ ਨਹੀਂ ਚਾਹੁੰਦੀ ਹੈ। ਪਰੰਤੂ ਜਮਦੂਤਾਂ ਨਾਲ ਤਾਂ ਜਾਣਾ ਹੀ ਪੈਂਦਾ ਹੈ। ਇਸ ਲਈ ਮਨੁੱਖ ਕੁਝ ਕਰ ਨਹੀਂ ਪਾਉਂਦਾ ਹੈ, ਉਹ ਚੀਖਣ ਅਤੇ ਰੌਲਾ ਪਾਉਣ ਦੀ ਬਹੁਤ ਕੋਸ਼ਿਸ਼ ਕਰਦਾ ਹੈ ਪਰੰਤੂ ਉਸਦਾ ਕੋਈ ਵੱਸ ਨਹੀਂ ਚਲਦਾ ਹੈ ਅਤੇ ਜਮਦੂਤਾਂ ਨਾਲ ਜਾਣਾ ਹੀ ਪੈਂਦਾ ਹੈ। ਮਨੁੱਖ ਦੇ ਕੀਤੇ ਕਰਮਾਂ ਅਨੁਸਾਰ ਉਸਦਾ ਅਗਲਾ ਨਿਪਟਾਰਾ ਹੁੰਦਾ ਹੈ ਅਤੇ ਕਰਮ ਦੇ ਵਿਧਾਨ ਅਨੁਸਾਰ ਨਰਕ, ਸੁਰਗ, ਜੂਨੀ ਅਤੇ ਪੁਨਰ-ਜਨਮ ਦੇ ਵਿੱਚ ਜਾਂਦਾ ਹੈ। ਪਰੰਤੂ ਜੋ ਮਨੁੱਖ ਗੁਰਪ੍ਰਸਾਦਿ ਦੀ ਪਰਮ ਸ਼ਕਤੀ ਦੀ ਪ੍ਰਾਪਤੀ ਕਰ ਬੰਦਗੀ ਵਿੱਚ ਚਲੇ ਜਾਂਦੇ ਹਨ ਉਨ੍ਹਾਂ ਨੂੰ ਜਮਦੂਤਾਂ ਦੇ ਵੱਸ ਨਹੀਂ ਪੈਣਾ ਪੈਂਦਾ ਹੈ। ਜੋ ਮਨੁੱਖ ਸਮਾਧੀ ਅਤੇ ਸੁੰਨ ਸਮਾਧੀ ਵਿੱਚ ਚਲੇ ਜਾਂਦੇ ਹਨ ਉਨ੍ਹਾਂ ਵਿੱਚੋਂ ਕਈ ਮਨੁੱਖਾਂ (ਰੂਹ) ਨੂੰ ਇੱਛਾ ਅਨੁਸਾਰ ਦੇਹੀ ਛੱਡ ਕੇ ਜਾਣ ਦੀ ਸ਼ਕਤੀ ਪ੍ਰਾਪਤ ਹੋ ਜਾਂਦੀ ਹੈ। ਜਦ ਸਤਿ ਸਰੋਵਰ ਪ੍ਰਕਾਸ਼ਮਾਨ ਹੋ ਜਾਂਦੇ ਹਨ ਤਾਂ ਦੇਹੀ ਛੱਡ ਕੇ ਜਾਣ ਦੀ ਸ਼ਕਤੀ ਸਕ੍ਰੀਯ ਹੋ ਜਾਂਦੀ ਹੈ। ਐਸੇ ਮਨੁੱਖਾਂ ਨੂੰ (ਰੂਹ) ਦੇਹੀ ਛੱਡ ਕੇ ਜਾਣ ਦੇ ਬਹੁਤ ਅਨੁਭਵ ਹੁੰਦੇ ਹਨ। ਐਸੇ ਮਨੁੱਖਾਂ ਦੀ ਰੂਹ ਜਦ ਦੇਹੀ ਛੱਡ ਕੇ ਜਾਂਦੀ ਹੈ ਤਾਂ ਉਸਦਾ ਦੇਹੀ ਨਾਲ ਇਕ ਇਲਾਹੀ ਡੋਰ ਰਾਹੀਂ ਸੰਬੰਧ ਜੁੜਿਆ ਰਹਿੰਦਾ ਹੈ ਜਿਸ ਕਾਰਨ ਦੇਹੀ ਦੇ ਸਵਾਸ ਬੜੀ ਧੀਮੀ ਗਤੀ ਨਾਲ ਚਲਦੇ ਰਹਿੰਦੇ ਹਨ ਅਤੇ ਦੇਹੀ ਨੂੰ ਜੀਉਂਦਾ ਰਖਦੇ ਹਨ। ਭਾਵ ਐਸੇ ਮਨੁੱਖਾਂ ਨੂੰ ਬੰਦਗੀ ਕਰਦਿਆਂ ਮੌਤ ਵਰਗੇ ਕਈ ਅਨੁਭਵ ਮੌਤ ਤੋਂ ਪਹਿਲਾਂ ਹੀ ਹੋ ਜਾਂਦੇ ਹਨ। ਇਸ ਲਈ ਅਤੇ ਬੰਦਗੀ ਕਾਰਨ ਐਸੇ ਮਨੁੱਖ ਨਿਰਭਉ ਹੋ ਜਾਂਦੇ ਹਨ। ਐਸੇ ਮਨੁੱਖਾਂ ਦੀ ਮੌਤ ਬਹੁਤ ਆਨੰਦਮਈ ਹੁੰਦੀ ਹੈ। ਐਸੇ ਮਨੁੱਖਾਂ ਨੂੰ ਜਮਦੂਤਾਂ ਦਾ ਕੋਈ ਭਉ ਨਹੀਂ ਰਹਿੰਦਾ ਹੈ। ਨਾ ਹੀ ਉਨ੍ਹਾਂ ਦੇ ਨੇੜੇ ਕੋਈ ਜਮਦੂਤ ਆ ਸਕਦੇ ਹਨ। ਐਸੇ ਮਨੁੱਖਾਂ ਨੂੰ ਉਨ੍ਹਾਂ ਦੀ ਬੰਦਗੀ ਦੇ ਅਨੁਸਾਰ ਸੰਤ ਜਨ ਜਾਂ ਗੁਰੂ ਜਨ ਲੈਣ ਵਾਸਤੇ ਆਉਂਦੇ ਹਨ ਅਤੇ ਬੜੇ ਮਾਨ ਸਤਿਕਾਰ ਨਾਲ ਦਰਗਾਹ ਵਿੱਚ ਲੈ ਜਾਂਦੇ ਹਨ।

ਇਸ ਲਈ ਸਤਿਨਾਮ ਵਿੱਚ ਹੀ ਉਹ ਪਰਮ ਸ਼ਕਤੀ ਹੈ ਜੋ ਤੁਹਾਡੇ ਸਾਰੇ ਕਰਮਾਂ ਦੇ ਬੰਧਨਾਂ ਨੂੰ ਭੰਨ ਕੇ ਰੱਖ ਦਿੰਦੀ ਹੈ ਅਤੇ ਤੁਹਾਡਾ ਲੇਖਾ-ਜੋਖਾ ਪੂਰਾ ਕਰ ਦਿੰਦੀ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਨਾਮ “ਸਤਿਨਾਮ” ਹੀ ਤ੍ਰਿਹ ਗੁਣ ਮਾਇਆ ਦੇ ਬੰਧਨਾਂ ਨੂੰ ਤੋੜਣ ਦੀ ਸਮਰੱਥਾ ਰੱਖਦਾ ਹੈ ਅਤੇ ਤੁਹਾਨੂੰ ਮਾਇਆ ਦੇ ਬੰਧਨਾਂ ਤੋਂ ਮੁਕਤ ਕਰਵਾਉਣ ਦੀ ਸਮਰੱਥਾ ਰੱਖਦਾ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਨਾਮ “ਸਤਿਨਾਮ” ਹੀ ਮਨੁੱਖ ਨੂੰ ਤ੍ਰਿਹ ਗੁਣ ਮਾਇਆ ਨੂੰ ਜਿੱਤ ਕੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਅਭੇਦ ਕਰ ਦੇਣ ਦੀ ਪਰਮ ਸ਼ਕਤੀ ਰੱਖਦਾ ਹੈ। ਇਸ ਪਰਮ ਸਤਿ ਤੱਤ ਤੱਥ ਦੀ ਸਮਝ ਕਿਸੇ ਵਿਰਲੇ ਨੂੰ ਹੀ ਪੈਂਦੀ ਹੈ ਅਤੇ ਕੋਈ ਵਿਰਲਾ ਹੀ ਇਸ ਦੀ ਕਮਾਈ ਕਰਕੇ ਤ੍ਰਿਹ ਗੁਣ ਮਾਇਆ ਨੂੰ ਜਿੱਤ ਕੇ ਅਕਾਲ ਪੁਰਖ ਵਿੱਚ ਸਮਾਉਂਦਾ ਹੈ।

ਜੋ ਮਨੁੱਖ ਗੁਰਪ੍ਰਸਾਦਿ ਦੀ ਪਰਮ ਸ਼ਕਤੀ ਦੀ ਬਰਕਤ ਨਾਲ ਬੰਦਗੀ ਵਿੱਚ ਚਲੇ ਜਾਂਦੇ ਹਨ ਉਨ੍ਹਾਂ ਦੇ ਸਾਰੇ ਬੱਜਰ ਕਪਾਟ ਸਹਿਜੇ ਹੀ ਖੁੱਲ੍ਹ ਜਾਂਦੇ ਹਨ। ਉਹ ਮਨੁੱਖਾਂ ਨੂੰ ਸਮਾਧੀ ਅਤੇ ਸੁੰਨ ਸਮਾਧੀ ਦੀ ਪ੍ਰਾਪਤੀ ਸਹਿਜੇ ਹੀ ਹੋ ਜਾਂਦੀ ਹੈ। ਸਤਿਨਾਮ ਉਨ੍ਹਾਂ ਦੀ ਸੁਰਤ ਵਿੱਚ ਸਹਿਜੇ ਹੀ ਚਲਾ ਜਾਂਦਾ ਹੈ। ਸਤਿਨਾਮ ਦੀ ਪਰਮ ਸ਼ਕਤੀ ਨਾਲ ਉਨ੍ਹਾਂ ਦਾ ਸ਼ਬਦ ਸੁਰਤ ਦਾ ਮੇਲ ਸਹਿਜੇ ਹੀ ਹੋ ਜਾਂਦਾ ਹੈ। ਉਨ੍ਹਾਂ ਦਾ ਅਜਪਾ ਜਾਪ ਸਹਿਜੇ ਹੀ ਸ਼ੁਰੂ ਹੋ ਜਾਂਦਾ ਹੈ। ਸਤਿਨਾਮ ਉਨ੍ਹਾਂ ਦੇ ੭ ਸਤਿ ਸਰੋਵਰਾਂ ਨੂੰ ਸਹਿਜੇ ਹੀ ਭੇਦ ਦਿੰਦਾ ਹੈ ਅਤੇ ਉਨ੍ਹਾਂ ਭਗਤਾਂ ਦੇ ੭ ਸਤਿ ਸਰੋਵਰ ਸਹਿਜੇ ਹੀ ਜਾਗਰਤ ਹੋ ਜਾਂਦੇ ਹਨ। ਉਨ੍ਹਾਂ ਦੀ ਕੁੰਡਲਨੀ ਸ਼ਕਤੀ ਸਹਿਜੇ ਹੀ ਜਾਗਰਤ ਹੋ ਜਾਂਦੀ ਹੈ। ਉਨ੍ਹਾਂ ਦੀਆਂ ਇੜਾ ਪਿੰਗਲਾ ਅਤੇ ਸੁਸ਼ਮਨਾ ਦੀਆਂ ਸ਼ਕਤੀਆਂ ਸਹਿਜੇ ਹੀ ਜਾਗਰਤ ਹੋ ਜਾਂਦੀਆਂ ਹਨ ਅਤੇ ਉਨ੍ਹਾਂ ਦੇ ਰੋਮ-ਰੋਮ ਵਿੱਚ ਸਤਿਨਾਮ ਸਹਿਜੇ ਹੀ ਪ੍ਰਕਾਸ਼ਮਾਨ ਹੋ ਜਾਂਦਾ ਹੈ। ਉਨ੍ਹਾਂ ਦੀ ਦੇਹੀ ਅੰਮ੍ਰਿਤ ਨਾਲ ਭਰਪੂਰ ਹੋ ਜਾਂਦੀ ਹੈ। ਸਤਿਨਾਮ ਦੀ ਪਰਮ ਸ਼ਕਤੀ ਦੇ ਪ੍ਰਕਾਸ਼ ਨਾਲ ਉਨ੍ਹਾਂ ਦਾ ਦਸਮ ਦੁਆਰ ਖੁੱਲ੍ਹ ਜਾਂਦਾ ਹੈ ਅਤੇ ਦਸਮ ਦੁਆਰ ਦੇ ਖੁਲ੍ਹਣ ਨਾਲ ਹੀ ਅਨਹਦ ਸ਼ਬਦ ਦੀ ਪ੍ਰਾਪਤੀ ਹੋ ਜਾਂਦੀ ਹੈ। ਦਸਮ ਦੁਆਰ ਦੇ ਖੁਲ੍ਹਣ ਨਾਲ ਹੀ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਪਰਮ ਜੋਤ ਹਿਰਦੇ ਵਿੱਚ ਪ੍ਰਗਟ ਹੋ ਜਾਂਦੀ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਾਲ ਸਿੱਧਾ ਸੰਪਰਕ ਜੁੜ ਜਾਂਦਾ ਹੈ। ਬੰਦਗੀ ਸੱਚ ਖੰਡ ਵਿੱਚ ਚਲੀ ਜਾਂਦੀ ਹੈ।

ਅਨਹਦ ਸ਼ਬਦ ਦੀ ਪ੍ਰਾਪਤੀ ਦੇ ਨਾਲ ਹੀ ਦਸਮ ਦੁਆਰ ਵਿੱਚ ਪੰਚ ਸ਼ਬਦ ਧੁਨਾਂ ਨਿਰੰਤਰ ਵੱਜਣ ਲੱਗ ਜਾਂਦੀਆਂ ਹਨ। ਦਸਮ ਦੁਆਰ ਵਿੱਚ ਨਿਰੰਤਰ ਵੱਜਣ ਵਾਲੇ ਇਸ ਇਲਾਹੀ ਸੰਗੀਤ ਦਾ ਬਿਆਨ ਕਰਨਾ ਅਸੰਭਵ ਹੈ। ਇਹ ਇਲਾਹੀ ਸੰਗੀਤ ਹੀ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਰਚੀ ਹੋਈ ਸ੍ਰਿਸ਼ਟੀ ਦੇ ਵਿੱਚ ਨਿਰੰਤਰ ਗੂੰਜਦਾ ਅਖੰਡ ਕੀਰਤਨ ਹੈ। ਅਨਹਦ ਨਾਦ ਦਾ ਇਹ ਇਲਾਹੀ ਸੰਗੀਤ ਸਾਰੇ ਬ੍ਰਹਿਮੰਡਾਂ ਵਿੱਚ ਨਿਰੰਤਰ ਗੂੰਜਦਾ ਹੈ, ਕਦੇ ਬੰਦ ਨਹੀਂ ਹੁੰਦਾ ਹੈ। ਇਹ ਇਲਾਹੀ ਸੰਗੀਤ ਬੇਅੰਤ ਹੈ ਅਤੇ ਇਸ ਦਾ ਕੋਈ ਅੰਤ ਨਹੀਂ ਹੈ। ਨਾ ਹੀ ਕੋਈ ਹੱਦ ਬੰਨਾ ਹੈ ਇਸ ਇਲਾਹੀ ਕੀਰਤਨ ਦਾ। ਇਹ ਉਹ ਸੰਗੀਤ ਕੀਰਤਨ ਹੈ ਜੋ ਸਾਰੀ ਸ੍ਰਿਸ਼ਟੀ ਵਿੱਚ ਸਮਾਈ ਹੋਈ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਪਰਮ ਸ਼ਕਤੀ ਨਿਰੰਤਰ ਗਾ ਰਹੀ ਹੈ। ਇਹ ਉਹ ਇਲਾਹੀ ਕੀਰਤਨ ਹੈ ਜੋ ਪਉਣ ਪਾਣੀ ਬੈਸੰਤਰ ਅਤੇ ਸਾਰੀ ਕੁਦਰਤ ਨਿਰੰਤਰ ਗਾ ਰਹੀ ਹੈ।

ਸ੍ਰਿਸ਼ਟੀ ਦੀ ਹਰ ਇਕ ਰਚਨਾ ਦਾ ਆਧਾਰ ਕੇਵਲ ਸ਼ਬਦ ਹੈ। ਇਹ ਸ਼ਬਦ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਨਾਮ “ਸਤਿ” ਹੈ। ਸਾਰੀ ਸ੍ਰਿਸ਼ਟੀ ਦੀ ਹਰ ਇਕ ਰਚਨਾ ਇਸ ਪਰਮ ਸ਼ਕਤੀਸ਼ਾਲੀ ਸ਼ਬਦ “ਸਤਿ” ਵਿੱਚੋਂ ਉਤਪੰਨ ਹੋਈ ਹੈ। ਇਹ ਸ਼ਬਦ “ਸਤਿ” ਹੀ ਰਾਗ ਹੈ। ਭਾਵ ਬਾਕੀ ਦੇ ਸਾਰੇ ਨਾਦ (ਸ਼ਬਦ) ਅਤੇ ਰਾਗ ਇਸ ਪਰਮ ਸ਼ਕਤੀਸ਼ਾਲੀ ਸ਼ਬਦ “ਸਤਿ” ਵਿੱਚੋਂ ਹੀ ਜਨਮਦੇ ਹਨ। ਇਸ ਲਈ ਸ੍ਰਿਸ਼ਟੀ ਦੀ ਹਰ ਇਕ ਰਚਨਾ ਇਸ ਸ਼ਬਦ “ਸਤਿ” ਵਿੱਚੋਂ ਜਨਮੇ ਰਾਗਾਂ ਵਿੱਚ ਸਮਾਈ ਹੋਈ ਹੈ। ਸਾਰੀ ਕੁਦਰਤ ਇਸ ਇਲਾਹੀ ਰਾਗ ਵਿੱਚ ਰੰਗੀ ਹੋਈ ਹੈ। ਇਸ ਲਈ ਕੁਦਰਤ ਦੀ ਹਰ ਇਕ ਰਚਨਾ ਵਿੱਚੋਂ ਇਸ ਨਾਦ ਦਾ ਸੰਗੀਤ ਉਤਪੰਨ ਹੁੰਦਾ ਹੈ। ਇਹ ਇਲਾਹੀ ਸੰਗੀਤ ਹੀ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਹੈ। ਸ੍ਰਿਸ਼ਟੀ ਦੀ ਹਰ ਇਕ ਰਚਨਾ ਵਿੱਚੋਂ ਰਾਗ ਦੇ ਰੂਪ ਵਿੱਚ ਇਹ ਸੰਗੀਤ ਬ੍ਰਹਿਮੰਡ ਵਿੱਚ ਪ੍ਰਗਟ ਹੁੰਦਾ ਹੈ ਅਤੇ ਸਾਰੇ ਬ੍ਰਹਿਮੰਡ ਵਿੱਚ ਸਮਾ ਜਾਂਦਾ ਹੈ। ਸਾਰੀ ਸ੍ਰਿਸ਼ਟੀ ਦੀ ਹਰ ਇਕ ਰਚਨਾ ਵਿੱਚ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਨੇ ਕੋਈ ਨਾ ਕੋਈ ਗੁਣ ਜ਼ਰੂਰ ਬਖ਼ਸ਼ਿਆ ਹੈ। ਹਰ ਇਕ ਰਚਨਾ ਦਾ ਇਹ ਗੁਣ ਹੀ ਉਸ ਰਚਨਾ ਦੀ ਸ਼ਕਤੀ ਹੈ। ਉਦਾਹਰਨ ਦੇ ਤੌਰ ਤੇ ਪਾਣੀ ਦੇ ਕਈ ਪਰਮ ਸ਼ਕਤੀਸ਼ਾਲੀ ਗੁਣ ਹਨ: ਨੀਵੇਂ ਪਾਸੇ ਨੂੰ ਵਗਣਾ; ਸਾਰੀ ਸ੍ਰਿਸ਼ਟੀ ਦੇ ਪ੍ਰਾਣੀਆਂ ਅਤੇ ਬਨਸਪਤ ਨੂੰ ਜੀਵਨ ਦੇਣਾ; ਠੰਡਾ ਹੋ ਜਾਣਾ; ਗਰਮ ਹੋ ਜਾਣਾ; ਵਗਦੇ ਹੋਏ ਨਾਦ ਦਾ ਉਤਪੰਨ ਹੋਣਾ ਆਦਿ। ਇਸੇ ਲਈ ਪਾਣੀ ਨੂੰ “ਪਾਣੀ ਪਿਤਾ ਜਗਤ ਕਾ” ਕਿਹਾ ਗਿਆ ਹੈ। ਇਸੇ ਤਰ੍ਹਾਂ ਧਰਤੀ ਦੇ ਕਈ ਪਰਮ ਸ਼ਕਤੀਸ਼ਾਲੀ ਗੁਣ ਹਨ: ਧਰਤੀ ਸਾਨੂੰ ਸਾਡੇ ਰੋਜ਼ਾਨਾ ਜੀਵਨ ਵਿੱਚ ਵਰਤਣ ਲਈ ਲੋੜਵੰਦ ਹਰ ਇਕ ਵਸਤੂ ਉਤਪੰਨ ਕਰਦੀ ਹੈ; ਧਰਤੀ ਸਾਨੂੰ ਆਪਣੀ ਗੋਦ ਵਿੱਚ ਰਹਿਣ ਲਈ ਸਥਾਨ ਦੀ ਬਖ਼ਸ਼ਿਸ਼ ਕਰਦੀ ਹੈ; ਧਰਤੀ ਮਹਾ ਸਾਗਰਾਂ ਨੂੰ ਆਪਣੀ ਗੋਦ ਵਿੱਚ ਸਮਾ ਕੇ ਰੱਖਦੀ ਹੈ ਜੋ ਕਿ ਬੇਅੰਤ ਜੀਵਾਂ ਦੇ ਜੀਵਨ ਦਾ ਆਸਰਾ ਹੈ; ਪਾਣੀ ਵੀ ਧਰਤੀ ਦੇ ਸੀਨੇ ਵਿੱਚੋਂ ਨਿਕਲਦਾ ਹੈ ਆਦਿ। ਇਸੇ ਲਈ ਧਰਤੀ ਨੂੰ ਮਾਤਾ ਕਿਹਾ ਗਿਆ ਹੈ। ਇਸੇ ਤਰ੍ਹਾਂ ਪਵਨ ਨੂੰ ਗੁਰੂ ਕਿਹਾ ਗਿਆ ਹੈ ਜਿਸਦੇ ਕਈ ਪਰਮ ਸਕਤੀਸ਼ਾਲੀ ਗੁਣ ਹਨ: ਪਵਨ ਸਾਰੇ ਪ੍ਰਾਣੀਆਂ ਨੂੰ ਜੀਵਨ ਦਿੰਦੀ ਹੈ; ਪਵਨ ਹੀ ਸੰਗੀਤ, ਨਾਦ ਜਾਂ ਸ਼ਬਦ ਦੇ ਸੰਚਾਰ ਦਾ ਮਾਧਿਅਮ ਹੈ; ਪਵਨ ਤੱਤੀ ਅਤੇ ਠੰਡੀ ਹੋ ਜਾਂਦੀ ਹੈ ਆਦਿ। ਸਾਰੀ ਬਨਸਪਤ ਪਵਨ ਨੂੰ ਸ਼ੁੱਧ ਕਰਦੀ ਹੈ; ਬੇਅੰਤ ਖਾਣ ਅਤੇ ਪੀਣ ਵਾਲੇ ਪਦਾਰਥ ਬਨਸਪਤ ਹੀ ਸਾਨੂੰ ਦਿੰਦੀ ਹੈ; ਫੁੱਲਾਂ ਦੇ ਵਿੱਚ ਸੁੰਦਰ ਸੁਗੰਧੀ ਦੇਣ ਦਾ ਗੁਣ ਮੌਜੂਦ ਹੁੰਦਾ ਹੈ; ਕਈ ਤਰ੍ਹਾਂ ਦੀਆਂ ਔਸ਼ਧੀਆਂ ਵੀ ਬਨਸਪਤ ਹੀ ਦਿੰਦੀ ਹੈ ਆਦਿ। ਬੈਸੰਤਰ ਵਿੱਚ ਗਰਮੀ ਹੈ। ਬੈਸੰਤਰ ਵਿੱਚ ਭਸਮ ਕਰ ਦੇਣ ਦੀ ਸ਼ਕਤੀ ਹੈ। ਸੂਰਜ ਵਿੱਚ ਦਿਨ ਚੜ੍ਹਾਣ ਦੀ ਸਕਤੀ ਹੈ ਅਤੇ ਪ੍ਰਕਾਸ਼ ਦੇਣ ਦੀ ਸ਼ਕਤੀ ਹੈ। ਕੁਦਰਤ ਦੇ ਇਨ੍ਹਾਂ ਕ੍ਰਿਸ਼ਮਿਆਂ ਦਾ ਕੋਈ ਅੰਤ ਨਹੀਂ ਹੈ। ਇਸੇ ਤਰ੍ਹਾਂ ਹਰ ਇਕ ਰਚਨਾ ਵਿੱਚ ਕੋਈ ਨਾ ਕੋਈ ਗੁਣ ਜ਼ਰੂਰ ਮੌਜੂਦ ਹੈ। ਇਨ੍ਹਾਂ ਸਾਰੀਆਂ ਰਚਨਾਵਾਂ ਵਿੱਚ ਮੌਜੂਦ ਸਾਰੇ ਪਰਮ ਸ਼ਕਤੀਸ਼ਾਲੀ ਗੁਣਾਂ ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਹੀ ਬਖ਼ਸ਼ਿਆ ਹੈ। ਇਸ ਲਈ ਇਨ੍ਹਾਂ ਸਾਰੇ ਬੇਅੰਤ ਗੁਣਾਂ ਦਾ ਅਤੇ ਇਨ੍ਹਾਂ ਗੁਣਾਂ ਦੇ ਰੂਪ ਵਿੱਚ ਬਖ਼ਸ਼ੀਆਂ ਗਈਆਂ ਸਾਰੀਆਂ ਪਰਮ ਸ਼ਕਤੀਆਂ ਦਾ ਸੋਮਾ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਆਪ ਹੀ ਹੈ। ਇਸੇ ਲਈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਗੁਣੀ ਨਿਧਾਨ ਕਿਹਾ ਗਿਆ ਹੈ।

ਹਰ ਇਕ ਰਚਨਾ ਵਿੱਚੋਂ ਉਤਪੰਨ ਹੁੰਦਾ ਨਾਦ ਰਾਗ ਇਨ੍ਹਾਂ ਪਰਮ ਸ਼ਕਤੀਸ਼ਾਲੀ ਗੁਣਾਂ ਦਾ ਹੀ ਮਹਾਤਮ ਦੱਸਦਾ ਹੈ। ਸਾਰੀ ਸ੍ਰਿਸ਼ਟੀ ਦੀਆਂ ਬੇਅੰਤ ਰਚਨਾਵਾਂ ਜੋ ਇਸ ਨਾਦ ਸੰਗੀਤ ਨੂੰ ਗਾਉਂਦੀਆਂ ਹਨ ਅਤੇ ਉਤਪੰਨ ਕਰਦੀਆਂ ਹਨ ਉਸ ਇਲਾਹੀ ਸੰਗੀਤ ਨੂੰ ਗੁਰਬਾਣੀ ਵਿੱਚ ਅਨਹਦ ਨਾਦ ਜਾਂ ਅਨਹਦ ਸ਼ਬਦ ਕਿਹਾ ਗਿਆ ਹੈ। ਕਿਉਂਕਿ ਬੇਅੰਤ ਰਚਨਾਵਾਂ ਵਿੱਚੋਂ ਬੇਅੰਤ ਤਰ੍ਹਾਂ ਦੇ ਨਾਦ ਉਤਪੰਨ ਹੁੰਦੇ ਹਨ ਇਸ ਲਈ ਇਸ ਨੂੰ “ਵਾਜੇ ਨਾਦ ਅਨੇਕ ਅਸੰਖਾ” ਕਿਹਾ ਗਿਆ ਹੈ। ਗੁਰਬਾਣੀ ਵਿੱਚ ਇਸ ਅਨਹਦ ਸ਼ਬਦ ਦੀ ਮਹਿਮਾ ਬਹੁਤ ਸਾਰੇ ਸ਼ਲੋਕਾਂ ਵਿੱਚ ਪ੍ਰਗਟ ਕੀਤੀ ਗਈ ਹੈ। ਇਹ ਇਲਾਹੀ ਸੰਗੀਤ ਨਿਰੰਤਰ ਚਲ ਰਿਹਾ ਹੈ। ਇਹ ਇਲਾਹੀ ਸੰਗੀਤ ਕਦੇ ਬੰਦ ਨਹੀਂ ਹੁੰਦਾ ਹੈ। ਇਸੇ ਕਾਰਨ ਇਸ ਨੂੰ ਅਨਹਦ ਕਿਹਾ ਹੈ। ਭਾਵ ਐਸਾ ਨਾਦ ਜਿਸਦਾ ਕੋਈ ਹੱਦ ਬੰਨਾ ਨਹੀਂ ਹੈ। ਇਸ ਇਲਾਹੀ ਸੰਗੀਤ ਨੂੰ ਹੀ ਕਈ ਸੰਤ ਜਨ ਧੁਨਾਤਮਕ ਨਾਮ ਕਹਿ ਕੇ ਪੁਕਾਰਦੇ ਹਨ। ਗੁਰਬਾਣੀ ਵਿੱਚ ਇਸ ਇਲਾਹੀ ਸੰਗੀਤ ਨੂੰ ਅੰਮ੍ਰਿਤ ਨਾਮ ਕਿਹਾ ਗਿਆ ਹੈ:

ਅਨਹਦ ਸਬਦੁ ਦਸਮ ਦੁਆਰਿ ਵਜਿਓ ਤਹ ਅੰਮ੍ਰਿਤ ਨਾਮੁ ਚੁਆਇਆ ਥਾ

(ਪੰਨਾ ੧੦੦੨)

ਨਉ ਦਰਵਾਜੇ ਦਸਵੈ ਮੁਕਤਾ ਅਨਹਦ ਸਬਦੁ ਵਜਾਵਣਿਆ

(ਪੰਨਾ ੧੧੦)

ਅਨਹਦ ਵਾਜੇ ਧੁਨਿ ਵਜਦੇ ਗੁਰ ਸਬਦਿ ਸੁਣੀਜੈ

(ਪੰਨਾ ੯੫੪)

ਅਨਹਦ ਸਬਦੁ ਵਜੈ ਦਿਨੁ ਰਾਤੀ

(ਪੰਨਾ ੯੦੪)

ਪੰਚ ਸਬਦ ਧੁਨਿ ਅਨਹਦ ਵਾਜੇ ਹਮ ਘਰਿ ਸਾਜਨ ਆਏ

{ਪੰਨਾ ੭੬੪}

ਪੰਚ ਸਬਦ ਤਹ ਪੂਰਨ ਨਾਦ ਅਨਹਦ ਬਾਜੇ ਅਚਰਜ ਬਿਸਮਾਦ

{ਪੰਨਾ ੮੮੮-੮੮੯}

ਪੰਚ ਸਬਦ ਨਿਰਮਾਇਲ ਬਾਜੇ

{ਪੰਨਾ ੯੭੪}

 

ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਇਸ ਇਲਾਹੀ ਨਾਦ ਨੂੰ ਸੁਣਨ ਅਤੇ ਮਾਣਨ ਦੀ ਸਮਰੱਥਾ ਮਨੁੱਖ ਨੂੰ ਬਖ਼ਸ਼ੀ ਹੈ। ਜਿਨ੍ਹਾਂ ਮਨੁੱਖਾਂ ਦਾ ਬੰਦਗੀ ਕਰਦੇ ਹੋਏ, ਸਤਿਨਾਮ ਦੀ ਕਮਾਈ ਕਰਦੇ ਹੋਏ ਜਦ ਦਸਮ ਦੁਆਰ ਖ਼ੁੱਲ੍ਹ ਜਾਂਦਾ ਹੈ ਤਾਂ ਉਨ੍ਹਾਂ ਮਨੁੱਖਾਂ ਨੂੰ ਇਸ ਇਲਾਹੀ ਸੰਗੀਤ ਨੂੰ ਸੁਣਨ ਅਤੇ ਮਾਣਨ ਦੀ ਪਰਮ ਸ਼ਕਤੀ ਪ੍ਰਾਪਤ ਹੋ ਜਾਂਦੀ ਹੈ। ਇਸ ਇਲਾਹੀ ਨਾਦ ਨੂੰ ਕੇਵਲ ਦਸਮ ਦੁਆਰ ਵਿੱਚ ਹੀ ਸੁਣਿਆ ਜਾਂਦਾ ਹੈ। ਇਸ ਇਲਾਹੀ ਸੰਗੀਤ ਨੂੰ ਮਨੁੱਖੀ ਕੰਨਾਂ ਵਿੱਚ ਨਹੀਂ ਸੁਣਿਆ ਜਾ ਸਕਦਾ ਹੈ। ਇਹ ਇਲਾਹੀ ਸੰਗੀਤ ਅਨਹਦ ਨਾਦ ਨਿਰੰਤਰ ਦਸਮ ਦੁਆਰ ਵਿੱਚ ਗੂੰਜਦਾ ਹੈ। ਇਹ ਇਲਾਹੀ ਸੰਗੀਤ ਅਨਹਦ ਨਾਦ ਕਦੇ ਬੰਦ ਨਹੀਂ ਹੁੰਦਾ ਹੈ। ਐਸੇ ਮਹਾ ਪੁਰਖ ਜੋ ਇਸ ਇਲਾਹੀ ਬਖ਼ਸ਼ਿਸ਼ ਨੂੰ ਪ੍ਰਾਪਤ ਕਰ ਲੈਂਦੇ ਹਨ ਜਦ ਉਹ ਇਸ ਇਲਾਹੀ ਸੰਗੀਤ ਅਨਹਦ ਨਾਦ ਉੱਪਰ ਧਿਆਨ ਲਗਾਉਂਦੇ ਹਨ ਤਾਂ ਉਨ੍ਹਾਂ ਦਾ ਹਿਰਦਾ ਪੂਰਨ ਸ਼ਾਂਤੀ ਵਿੱਚ ਚਲਾ ਜਾਂਦਾ ਹੈ ਅਤੇ ਉਹ ਸਹਿਜੇ ਹੀ ਸੁੰਨ ਸਮਾਧੀ ਵਿੱਚ ਚਲੇ ਜਾਂਦੇ ਹਨ।

ਅਨਹਦ ਨਾਦ ਦਾ ਇਹ ਨਿਰੰਤਰ ਚਲਣ ਵਾਲਾ ਸੰਗੀਤ ਹੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬੋਲੀ ਹੈ। ਇਸੇ ਲਈ ਬਹੁਤ ਸਾਰੀ ਗੁਰਬਾਣੀ ਰਾਗਾਂ ਵਿੱਚ ਉਚਾਰਨ ਕੀਤੀ ਗਈ ਹੈ। ਇਸੇ ਕਰਕੇ ਗੁਰਬਾਣੀ ਵਿੱਚ ਗੁਰਬਾਣੀ ਨੂੰ ਵੀ ਅਨਹਦ ਬਾਣੀ ਕਿਹਾ ਗਿਆ ਹੈ:

ਅੰਮ੍ਰਿਤੁ ਵਰਖੈ ਅਨਹਦ ਬਾਣੀ

(ਪੰਨਾ ੧੦੫)

ਅਨਹਦ ਬਾਣੀ ਨਾਦੁ ਵਜਾਇਆ

(ਪੰਨਾ ੩੭੫)

ਅਨਹਦ ਬਾਣੀ ਗੁਰਮੁਖਿ ਵਖਾਣੀ ਜਸੁ ਸੁਣਿ ਸੁਣਿ ਮਨੁ ਤਨੁ ਹਰਿਆ

(ਪੰਨਾ ੭੮੧)

ਅਨਹਦ ਬਾਣੀ ਪੂੰਜੀ ਸੰਤਨ ਹਥਿ ਰਾਖੀ ਕੂੰਜੀ

(ਪੰਨਾ ੮੯੩)

ਭਾਵ ਗੁਰਬਾਣੀ ਵੀ ਅਨਹਦ ਨਾਦ ਵਿੱਚੋਂ ਹੀ ਪ੍ਰਗਟ ਹੁੰਦੀ ਹੈ। ਜਿਨ੍ਹਾਂ ਮਹਾ ਪੁਰਖਾਂ, ਸਤਿਗੁਰੂਆਂ ਦੀ, ਸੰਤ ਜਨਾਂ ਦੀ ਬੰਦਗੀ ਉਸ ਅਵਸਥਾ ਵਿੱਚ ਪਹੁੰਚ ਜਾਂਦੀ ਹੈ ਉਹ ਇਸ ਨੂੰ ਸੁਣਦੇ ਹਨ ਅਤੇ ਵਖਾਣ ਕਰਦੇ ਹਨ। ਕਈ ਸੰਤ ਜਨ ਜਦ ਸੁੰਨ ਸਮਾਧੀ ਵਿੱਚ ਬੈਠਦੇ ਹਨ ਤਾਂ ਬਾਣੀ ਨੂੰ ਸੁਣਦੇ ਹਨ ਅਤੇ ਇਸ ਨੂੰ ਵਖਾਣ ਕਰਨ ਦਾ ਯਤਨ ਕਰਦੇ ਹਨ। ਜੋ ਸੰਤ ਜਨ ਮਾਨਸਰੋਵਰ ਵਿੱਚ ਲੀਨ ਹੋ ਜਾਂਦੇ ਹਨ ਉਨ੍ਹਾਂ ਨੂੰ ਬਾਣੀ ਦੇ ਇਸ ਅਥਾਹ ਅੰਮ੍ਰਿਤ ਸਰੋਵਰ ਦਾ ਗਿਆਨ ਹੋ ਜਾਂਦਾ ਹੈ। ਇਹ ਪਰਮ ਪੂਰਨ ਸਤਿ ਹੈ ਕਿ ਗੁਰਬਾਣੀ ਦਾ ਕੋਈ ਅੰਤ ਨਹੀਂ ਹੈ ਇਸੇ ਲਈ ਇਸ ਨੂੰ ਅਨਹਦ ਬਾਣੀ ਕਿਹਾ ਗਿਆ ਹੈ। ਦਰਗਾਹ ਵਿੱਚ ਗੁਰਬਾਣੀ ਦੇ ਅੰਗਾਂ ਦਾ ਕੋਈ ਅੰਤ ਨਹੀਂ ਹੈ। ਗੁਰਬਾਣੀ ਨਿਰੰਤਰ ਚਲ ਰਹੀ ਹੈ ਅਤੇ ਚਲਦੀ ਰਹੇਗੀ। ਜੋ ਸੰਤ ਜਨ ਉਸ ਅਵਸਥਾ ਵਿੱਚ ਪਹੁੰਚਦੇ ਹਨ ਉਹ ਇਸ ਅਨਹਦ ਬਾਣੀ ਦਾ ਅਨੁਭਵ ਕਰਦੇ ਹਨ।

ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਹੀ ਰਾਗ ਹੈ ਅਤੇ ਅਨਹਦ ਨਾਦ ਰਾਗਣੀ ਹੈ। ਭਾਵ ਇਹ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਹੀ ਪਰਮ ਸ਼ਕਤੀ ਹੈ ਜੋ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਹੀ ਸਰਗੁਣ ਸਰੂਪ ਵਿੱਚ ਨਿਰਗੁਣ ਦੇ ਰੂਪ ਵਿੱਚ ਵਰਤਦੀ ਹੈ ਅਤੇ ਰਾਗ ਨੂੰ ਵਜਾਂਦੀ ਹੋਈ ਰਾਗਣੀ ਦੇ ਰੂਪ ਵਿੱਚ ਪ੍ਰਗਟ ਕਰਦੀ ਹੈ। ਸਰਗੁਣ ਸਰੂਪ ਵਿੱਚ ਵਰਤਦੀ ਹੋਈ ਅਨਹਦ ਨਾਦ ਦੀ ਇਹ ਪਰਮ ਸ਼ਕਤੀ ਹੀ ਨਿਰਗੁਣ ਰੂਪ ਵਿੱਚ ਪ੍ਰਗਟ ਹੁੰਦੀ ਹੈ। ਬੇਅੰਤ ਸ੍ਰਿਸ਼ਟੀ ਵਿੱਚ ਸਥਿਤ ਬੇਅੰਤ ਰਚਨਾਵਾਂ ਇਸ ਨਾਦ ਨੂੰ ਆਪਣੀ-ਆਪਣੀ ਸ਼ਕਤੀ (ਨਿਰਗੁਣ) ਦੇ ਅਨੁਸਾਰ ਗਾਉਂਦੀਆਂ ਹਨ, ਵਜਾਉਂਦੀਆਂ ਹਨ ਅਤੇ ਸਾਰੇ ਬ੍ਰਹਿਮੰਡ ਵਿੱਚ ਪ੍ਰਗਟ ਕਰਦੀਆਂ ਹਨ। ਸਾਰਾ ਬ੍ਰਹਿਮੰਡ ਇਸ ਰਾਗਣੀ ਨਾਲ ਨਿਰੰਤਰ ਗੂੰਜਦਾ ਹੈ। ਸੂਰਜ, ਚੰਦ, ਤਾਰੇ, ਸਾਰੇ ਗ੍ਰਿਹ ਨਕਸ਼ੱਤਰਾਂ ਸਮੇਤ ਸਾਰੀ ਸ੍ਰਿਸ਼ਟੀ ਦੀ ਹਰ ਇਕ ਰਚਨਾ ਇਸ ਰਾਗਣੀ ਨੂੰ ਸਾਰੇ ਬ੍ਰਹਿਮੰਡ ਵਿੱਚ ਨਿਰੰਤਰ ਗਾ ਕੇ ਵਜਾ ਕੇ ਪ੍ਰਗਟ ਕਰਦੇ ਹਨ।

ਇਹ ਸਾਰੀ ਲਿਖੀ ਗਈ ਕਥਾ ਅਤੇ ਮਹਿਮਾ ਜਦ ਮਨੁੱਖ ਦੇ ਜੀਵਨ ਵਿੱਚ ਵਰਤਦੀ ਹੈ ਤਾਂ ਹੀ ਪਰਮ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਮਾਇਆ ਨੂੰ ਜਿੱਤ ਕੇ “ਕਾਲ ਕੰਟਕ” ਨੂੰ ਮਾਰ ਕੇ ਪਰਮ ਪਦ ਦੀ ਪ੍ਰਾਪਤੀ ਕਰਨ ਨਾਲ ਹੀ ਸਦਾ ਸੁੱਖ ਪਰਮ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਤ੍ਰਿਸ਼ਨਾ ਦੇ ਬੁੱਝਣ ਨਾਲ ਪੰਜ ਦੂਤਾਂ ਨੂੰ ਜਿੱਤ ਕੇ “ਕਾਲ ਕੰਟਕ” ਨੂੰ ਮਾਰ ਕੇ ਹੀ ਦਰਗਾਹ ਵਿੱਚ ਮਾਨ ਪ੍ਰਾਪਤ ਹੁੰਦਾ ਹੈ ਅਤੇ ਮਨੁੱਖ ਸਦਾ ਸਦਾ ਲਈ ਸਤਿ ਚਿਤ ਆਨੰਦ ਵਿੱਚ ਚਲਾ ਜਾਂਦਾ ਹੈ। ਹਿਰਦੇ ਦੀ ਪੂਰਨ ਸਚਿਆਰੀ ਰਹਿਤ ਦੀ ਕਮਾਈ ਕਰਕੇ ਆਪਣੇ ਹਿਰਦੇ ਵਿੱਚ ਪਰਮ ਜੋਤ ਦੇ ਪ੍ਰਗਟ ਹੋਣ ਨਾਲ ਹੀ ਮਨੁੱਖ ਪੂਰਨ ਪਰਮ ਆਨੰਦ ਦੀ ਅਵਸਥਾ ਪ੍ਰਾਪਤ ਕਰਦਾ ਹੈ। ਪੰਜ ਗਿਆਨ ਇੰਦਰੀਆਂ ਉੱਪਰ ਜਿੱਤ ਪ੍ਰਾਪਤ ਕਰਨ ਨਾਲ ਹੀ ਮਨੁੱਖ ਮਨ ਨੂੰ ਜਿੱਤ ਸਕਦਾ ਹੈ ਅਤੇ ਪਰਮ ਸੁੱਖ ਦੀ ਪ੍ਰਾਪਤੀ ਕਰਦਾ ਹੈ। ਅਕਾਲ ਪੁਰਖ ਦੇ ਨਿਰਗੁਣ ਸਰੂਪ ਵਿੱਚ ਅਭੇਦ ਹੋ ਕੇ ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਕੇ ਹੀ ਮਨੁੱਖ ਜੀਵਨ ਮੁਕਤ ਹੋ ਸਕਦਾ ਹੈ ਅਤੇ ਸਦਾ ਆਨੰਦ ਦੀ ਪ੍ਰਾਪਤੀ ਕਰ ਸਕਦਾ ਹੈ। ਕੇਵਲ ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦਿ ਪ੍ਰਾਪਤ ਕਰਕੇ ਹੀ ਮਨੁੱਖ ਪੂਰਨ ਅਵਸਥਾ ਪ੍ਰਾਪਤ ਕਰ ਪੂਰਨ ਆਨੰਦ ਵਿੱਚ ਸਦਾ ਸਦਾ ਲਈ ਸਮਾ ਸਕਦਾ ਹੈ।