ਅਨੰਦੁ ਸਾਹਿਬ – ਪਉੜੀ ੭ ਤੇ ੮

ਅਨੰਦੁ ਸਾਹਿਬ ਪਉੜੀ ੭/੮

ਆਨੰਦੁ ਆਨੰਦੁ ਸਭੁ ਕੋ ਕਹੈ ਆਨੰਦੁ ਗੁਰੂ ਤੇ ਜਾਣਿਆ ॥

ਜਾਣਿਆ ਆਨੰਦੁ ਸਦਾ ਗੁਰ ਤੇ ਕ੍ਰਿਪਾ ਕਰੇ ਪਿਆਰਿਆ ॥

ਕਰਿ ਕਿਰਪਾ ਕਿਲਵਿਖ ਕਟੇ ਗਿਆਨ ਅੰਜਨੁ ਸਾਰਿਆ ॥

ਅੰਦਰਹੁ ਜਿਨ ਕਾ ਮੋਹੁ ਤੁਟਾ ਤਿਨ ਕਾ ਸਬਦੁ ਸਚੈ ਸਵਾਰਿਆ ॥

ਕਹੈ ਨਾਨਕੁ ਏਹੁ ਅਨੰਦੁ ਹੈ ਆਨੰਦੁ ਗੁਰ ਤੇ ਜਾਣਿਆ ॥੭॥

(ਪੰਨਾ ੯੧੭)

ਬਾਬਾ ਜਿਸੁ ਤੂ ਦੇਹਿ ਸੋਈ ਜਨੁ ਪਾਵੈ ॥

ਪਾਵੈ ਤ ਸੋ ਜਨੁ ਦੇਹਿ ਜਿਸ ਨੋ ਹੋਰਿ ਕਿਆ ਕਰਹਿ ਵੇਚਾਰਿਆ ॥

ਇਕਿ ਭਰਮਿ ਭੂਲੇ ਫਿਰਹਿ ਦਹ ਦਿਸਿ ਇਕਿ ਨਾਮਿ ਲਾਗਿ ਸਵਾਰਿਆ ॥

ਗੁਰ ਪਰਸਾਦੀ ਮਨੁ ਭਇਆ ਨਿਰਮਲੁ ਜਿਨਾ ਭਾਣਾ ਭਾਵਏ ॥

ਕਹੈ ਨਾਨਕੁ ਜਿਸੁ ਦੇਹਿ ਪਿਆਰੇ ਸੋਈ ਜਨੁ ਪਾਵਏ ॥੮॥

(ਪੰਨਾ ੯੧੮)

ਵਰਤਮਾਨ ਘੋਰ ਕਲਯੁਗ ਦੇ ਸਮੇਂ ਵਿੱਚ ਮਨੁੱਖ ਦੁਨਿਆਵੀ ਸੁੱਖਾਂ ਨੂੰ ਆਪਣੇ ਆਨੰਦ ਦਾ ਸੋਮਾ ਮੰਨੀ ਬੈਠਾ ਹੈ। ਦੁਨੀਆਂ ਦੇ ਬਹੁ ਗਿਣਤੀ ਲੋਕ ਦੁਨਿਆਵੀ ਪਦਾਰਥਾਂ ਦੀ ਪ੍ਰਾਪਤੀ ਕਰਨ ਵਿੱਚ ਹੀ ਆਨੰਦ ਲੱਭਣ ਦੀ ਨਾਕਾਮ ਕੋਸ਼ਿਸ਼ ਵਿੱਚ ਰੁੱਝੇ ਹੋਏ ਹਨ। ਮਾਇਆ ਦੇ ਨਸ਼ੇ ਵਿੱਚ ਚੂਰ ਮਨੁੱਖ ਇਸੇ ਬੇਹੋਸ਼ੀ ਨੂੰ ਆਨੰਦ ਸਮਝੀ ਬੈਠਾ ਹੈ। ਮਾਇਆ ਦੀ ਗੁਲਾਮੀ ਵਿੱਚ ਮਨੁੱਖ ਜੀਵਨ ਦੇ ਮੂਲ ‘ਸਤਿ’ ਨੂੰ ਵਿਸਾਰ ਕੇ ਧਨ, ਦੌਲਤ, ਜ਼ਮੀਨ, ਜਾਇਦਾਦ ਅਤੇ ਹੋਰ ਸਾਰੇ ਦੁਨਿਆਵੀ ਸੁੱਖ ਦੇਣ ਵਾਲੇ ਪਦਾਰਥਾਂ ਦੀ ਕਮਾਈ ਕਰਨ ਵਿੱਚ ਅਤੇ ਇਨ੍ਹਾਂ ਨੂੰ ਭੋਗਣਾ ਹੀ ਆਨੰਦ ਸਮਝ ਬੈਠਾ ਹੈ। ਮਾਇਆ ਦੀ ਗੁਲਾਮੀ ਵਿੱਚ ਫੱਸਿਆ ਹੋਇਆ ਮਨੁੱਖ ਕੇਵਲ ਸੰਸਾਰਕ ਪਰਿਵਾਰਕ ਰਿਸ਼ਤੇ ਅਤੇ ਸੰਬੰਧਾਂ ਵਿੱਚ ਹੀ ਆਨੰਦ ਪ੍ਰਾਪਤ ਕਰਨ ਦੇ ਵਿਅਰਥ ਪਰਿਆਸ ਨੂੰ ਹੀ ਆਨੰਦ ਪ੍ਰਾਪਤ ਕਰਨ ਦਾ ਸੋਮਾ ਬਣਾਈ ਬੈਠਾ ਆਪਣਾ ਜਨਮ ਅਜਾਈਂ ਗੁਆ ਰਿਹਾ ਹੈ। ਮਾਇਆ ਦੀ ਗੁਲਾਮੀ ਵਿੱਚ ਗਲਤਾਨ ਮਨੁੱਖ ਮਾਇਆ ਦੇ ਪਸਾਰੇ ਤੋਂ ਅਗਿਆਤ ਮਾਇਆ ਦੇ ਬੰਧਨਾਂ ਨੂੰ ਹੀ ਆਨੰਦ ਕਹੀ ਜਾ ਰਿਹਾ ਹੈ। ਮਨੁੱਖ ਸੰਸਾਰਕ ਸੁੱਖਾਂ ਦੀ ਪ੍ਰਾਪਤੀ ਨੂੰ ਹੀ ਚੜ੍ਹਦੀ ਕਲਾ ਦੱਸਣ ਵਿੱਚ ਹੀ ਆਪਣੀ ਸ਼ਾਨ ਬਣਾਈ ਬੈਠਾ ਹੈ। ਕੋਈ ਮਨੁੱਖ ਕਾਮ ਦੇ ਨਸ਼ੇ ਵਿੱਚ ਬੇਹੋਸ਼ ਹੈ। ਕਾਮ ਦੇ ਨਸ਼ੇ ਵਿੱਚ ਚੂਰ ਰਹਿਣਾ ਹੀ ਆਨੰਦ ਸਮਝੀ ਬੈਠਾ ਹੈ ਅਤੇ ਇਸ ਪਰਮ ਸਤਿ ਤੱਤ ਤੋਂ ਅਨਭਿੱਗ ਕਿ ਕਾਮ ਦਾ ਦੂਤ ਉਸਦੀ ਆਪਣੀ ਹੀ ਦੇਹੀ ਨੂੰ ਗਾਲ ਰਿਹਾ ਹੈ। ਕੋਈ ਮਨੁੱਖ ਆਪਣੇ ਹੰਕਾਰ ਦੇ ਨਸ਼ੇ ਵਿੱਚ ਡੁੱਬਿਆ ਪਿਆ ਹੈ। ਝੂਠੇ ਅਣਖ ਅਤੇ ਮਾਣ ਦੇ ਨਸ਼ੇ ਵਿੱਚ ਚੂਰ ਇਸ ਝੂਠੇ ਨਸ਼ੇ ਨੂੰ ਹੀ ਆਨੰਦ ਸਮਝੀ ਬੈਠਾ ਇਸ ਪਰਮ ਸਤਿ ਤੱਤ ਤੋਂ ਅਨਭਿੱਗ ਹੈ ਕਿ ਹੰਕਾਰ ਚੰਡਾਲ ਉਸ ਦਾ ਆਪਣਾ ਹੀ ਅੰਦਰ ਸਾੜ ਰਿਹਾ ਹੈ। ਕੋਈ ਮਨੁੱਖ ਕ੍ਰੋਧ ਚੰਡਾਲ ਨੂੰ ਆਪਣਾ ਗੁਰੂ ਬਣਾਈ ਬੈਠਾ ਆਪਣੀਆਂ ਹੀ ਆਂਦਰਾਂ ਨੂੰ ਹੀ ਕ੍ਰੋਧ ਦੀ ਅਗਨ ਵਿੱਚ ਸਾੜੀ ਜਾ ਰਿਹਾ ਹੈ। ਕੋਈ ਮਨੁੱਖ ਧਨ, ਦੌਲਤ, ਜ਼ਮੀਨ ਅਤੇ ਜਾਇਦਾਦ ਇਕੱਤਰ ਕਰਨ ਵਿੱਚ ਮਸ਼ਰੂਫ ਅਤੇ ਲਬ ਲੋਭ ਦੇ ਨਸ਼ੇ ਵਿੱਚ ਚੂਰ ਆਪਣੇ ਆਪ ਨੂੰ ਚੜ੍ਹਦੀ ਕਲਾ ਵਿੱਚ ਮੰਨੀ ਬੈਠਾ ਹੈ। ਕੋਈ ਮਨੁੱਖ ਪਰਿਵਾਰਕ ਸੰਬੰਧਾਂ ਦੇ ਮੋਹ ਦੇ ਨਸ਼ੇ ਵਿੱਚ ਖੁੱਭਿਆ ਹੋਇਆ ਇਨ੍ਹਾਂ ਝੂਠੇ ਸੰਬੰਧਾਂ ਨੂੰ ਸਵਾਰਨ ਵਿੱਚ ਰੁੱਝਿਆ ਹੋਇਆ ਆਪਣੇ ਅਨਮੋਲਕ ਮਨੁੱਖੇ ਜਨਮ ਨੂੰ ਗੁਆਈ ਜਾ ਰਿਹਾ ਹੈ। ਜੋ ਮਨੁੱਖ ਮਾਇਆ ਦੀ ਗੁਲਾਮੀ ਦੇ ਨਸ਼ੇ ਵਿੱਚ ਜੀਵਨ ਜੀਉਂਦੇ ਹੋਏ ਦੁਨਿਆਵੀ ਪਦਾਰਥਾਂ ਦੀ ਪ੍ਰਾਪਤੀ ਕਰਕੇ ਆਪਣੇ ਆਪ ਨੂੰ ਚੜ੍ਹਦੀ ਕਲਾ ਵਿੱਚ ਦੱਸਦੇ ਹਨ ਉਨ੍ਹਾਂ ਮਨੁੱਖਾਂ ਨੂੰ ਇਸ ਪਰਮ ਸਤਿ ਤੱਤ ਦਾ ਗਿਆਨ ਨਹੀਂ ਹੈ ਕਿ ਉਹ ਮਾਇਆ ਦੇ ਦਲਦਲ ਵਿੱਚ ਗਲਤਾਨ ਹੋ ਕੇ ਆਪਣਾ ਮਨੁੱਖਾ ਜਨਮ ਗੁਆ ਰਹੇ ਹਨ। ਸਦਾ ਸੁਹਾਗਣਾਂ ਅਤੇ ਸੁਹਾਗਣਾਂ ਨੂੰ ਛੱਡ ਕੇ ਬਾਕੀ ਸਾਰੀ ਲੋਕਾਈ ਮਾਇਆ ਦੇ ਨਸ਼ੇ ਵਿੱਚ ਚੂਰ, ਬੇਸੁੱਧ ਅਤੇ ਬੇਹੋਸ਼ ਹੈ। ਤ੍ਰਿਸ਼ਨਾ ਅਤੇ ਪੰਜ ਦੂਤਾਂ (ਪੰਜ ਚੰਡਾਲ: ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ) ਨੇ ਸਾਰੀ ਲੋਕਾਈ ਨੂੰ ਆਪਣੀ ਗੁਲਾਮੀ ਦੇ ਨਸ਼ੇ ਵਿੱਚ ਬੇਹੋਸ਼ ਕਰਕੇ ਰਖਿਆ ਹੋਇਆ ਹੈ। ਸਾਰੀ ਲੋਕਾਈ ਮਾਇਆ ਦੇ ਝੂਠੇ ਨਸ਼ੇ ਦੇ ਵਿੱਚ ਚੂਰ ਇਸੇ ਨਸ਼ੇ ਨੂੰ ਹੀ ਆਨੰਦ ਸਮਝੀ ਬੈਠੀ ਹੈ। ਸਾਰੀ ਲੋਕਾਈ ਮਾਇਆ ਦੀ ਗੁਲਾਮੀ ਵਿੱਚ ਪ੍ਰਾਪਤ ਹੋਣ ਵਾਲੇ ਛੋਟੇ-ਛੋਟੇ ਅਸਥਿਰ ਦੁਨਿਆਵੀ ਸੁੱਖਾਂ ਨੂੰ ਆਨੰਦ ਦੱਸੀ ਜਾ ਰਹੀ ਹੈ।

ਇਸ ਤਰ੍ਹਾਂ ਸਾਰੀ ਲੋਕਾਈ ਮਾਇਆ ਦੀ ਬੇਹੋਸ਼ੀ ਵਿੱਚ ਡੁੱਬੀ ਹੋਈ ਛੋਟੀਆਂ-ਛੋਟੀਆਂ ਅਤੇ ਅਸਥਿਰ ਦੁਨਿਆਵੀ ਉਪਲਬੱਧੀਆਂ ਨੂੰ ਹੀ ਆਨੰਦ ਸਮਝੀ ਬੈਠੀ ਹੈ। ਛੋਟੇ-ਛੋਟੇ ਦੁਨਿਆਵੀ ਸੁੱਖਾਂ ਨੂੰ ਹੀ ਆਨੰਦ ਜਾਣੀ ਬੈਠੀ ਸਾਰੀ ਲੋਕਾਈ ਨੂੰ ਸਤਿ ਦਾ ਗਿਆਨ ਨਹੀਂ ਹੈ। ਆਨੰਦ ਕੀ ਹੁੰਦਾ ਹੈ ਇਸ ਪਰਮ ਸਤਿ ਤੱਤ ਤੋਂ ਅਣਜਾਣ ਸਾਰੀ ਲੋਕਾਈ ਆਪਣੀ ਤ੍ਰਿਸ਼ਨਾ ਨੂੰ ਬੁਝਾਉਣ ਲਈ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਨੂੰ ਆਪਣਾ ਗੁਰੂ ਬਣਾਈ ਬੈਠੀ ਹੈ। ਸਾਰੀ ਲੋਕਾਈ ਇਸ ਪਰਮ ਸਤਿ ਤੱਤ ਤੋਂ ਅਣਜਾਣ ਹੈ ਕਿ ਮਾਇਆ ਦੀ ਗੁਲਾਮੀ ਵਿੱਚ ਆਨੰਦ ਕਦੇ ਵੀ ਪ੍ਰਾਪਤ ਨਹੀਂ ਹੋ ਸਕਦਾ ਹੈ। ਬਲਕਿ ਮਾਇਆ ਦੀ ਗੁਲਾਮੀ ਵਿੱਚ ਸਦਾ ਦੁੱਖਾਂ, ਕਲੇਸ਼ਾਂ, ਸਮੱਸਿਆਵਾਂ ਦਾ ਕਦੇ ਅੰਤ ਨਹੀਂ ਹੁੰਦਾ ਹੈ। ਮਾਇਆ ਦੀ ਗੁਲਾਮੀ ਵਿੱਚ ਕੀਤੇ ਗਏ ਸਾਰੇ ਅਸਤਿ ਕਰਮਾਂ ਦੇ ਕਰਨ ਨਾਲ ਮਨੁੱਖ ਆਪਣੇ ਕਾਲੇ ਲੇਖਾਂ ਨੂੰ ਆਪ ਲਿਖਦਾ ਹੈ। ਇਹ ਕਾਲੇ ਲੇਖ ਮਨੁੱਖ ਦੇ ਭਵਿੱਖ ਨੂੰ ਦੁੱਖਾਂ, ਕਲੇਸ਼ਾਂ ਅਤੇ ਸਮੱਸਿਆਵਾਂ ਨਾਲ ਭਰਪੂਰ ਕਰ ਦਿੰਦੇ ਹਨ। ਮਾਇਆ ਦੀ ਸਤੋ ਬਿਰਤੀ ਅਧੀਨ ਕੀਤੇ ਗਏ ਸਤਿ ਕਰਮਾਂ ਦੇ ਕਾਰਨ, ਜੋ ਕਿ ਪੁੰਨਦਾਇਕ ਹੋ ਸਕਦੇ ਹਨ ਉਨ੍ਹਾਂ ਪੁੰਨ ਕਰਮਾਂ ਦੇ ਕਰਨ ਨਾਲ ਮਨੁੱਖ ਦੁਨਿਆਵੀ ਸੁੱਖਾਂ ਅਤੇ ਪਦਾਰਥਾਂ ਦੀ ਪ੍ਰਾਪਤੀ ਵੀ ਕਰਦਾ ਹੈ ਪਰੰਤੂ ਇਲਾਹੀ ਅਤੇ ਸਥਿਰ ਆਨੰਦ ਦੀ ਪ੍ਰਾਪਤੀ ਨਹੀਂ ਕਰ ਸਕਦਾ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਮਨੁੱਖ ਨੂੰ ਅਸਤਿ ਅਤੇ ਸਤਿ ਦੋਨੋਂ ਕਿਸਮ ਦੇ ਕਰਮ ਕਰਨ ਦੀ ਸਮਰੱਥਾ ਬਖਸ਼ੀ ਹੈ। ਮਾਇਆ ਦੀ ਰਜੋ (ਤ੍ਰਿਸ਼ਨਾ) ਅਤੇ ਤਮੋ (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ) ਬਿਰਤੀ ਦੀ ਗੁਲਾਮੀ ਵਿੱਚ ਕੀਤੇ ਗਏ ਸਾਰੇ ਕਰਮ ਅਸਤਿ ਕਰਮ ਹੁੰਦੇ ਹਨ। ਮਾਇਆ ਦੀ ਸਤੋ (ਦਇਆ, ਧਰਮ, ਸੰਤੋਖ, ਸੰਜਮ) ਬਿਰਤੀ ਦੇ ਅਧੀਨ ਕੀਤੇ ਗਏ ਕਰਮ ਸਤਿ ਕਰਮ ਹੁੰਦੇ ਹਨ ਅਤੇ ਪੁੰਨ ਦਾ ਸਬਬ ਬਣਦੇ ਹਨ। ਮਾਇਆ ਦੀ ਰਜੋ ਅਤੇ ਤਮੋ ਬਿਰਤੀ ਚੰਡਾਲ ਬਿਰਤੀ ਹੈ ਅਤੇ ਇਸ ਦੇ ਅਧੀਨ ਕੀਤੇ ਗਏ ਸਾਰੇ ਕਰਮ ਕਾਲੇ ਲੇਖ ਲਿਖਦੇ ਹਨ। ਮਾਇਆ ਦੀ ਸਤੋ ਬਿਰਤੀ ਸੁੰਦਰ ਬਿਰਤੀ ਹੈ ਅਤੇ ਇਸ ਦੇ ਅਧੀਨ ਕੀਤੇ ਗਏ ਕਰਮ ਮਨੁੱਖ ਨੂੰ ਸਤਿਗੁਰੂ ਦੀ ਪ੍ਰਾਪਤੀ ਵੱਲ ਖੜ੍ਹਦੇ ਹਨ। ਮਨੁੱਖ ਦੇ ਜੀਵਨ ਵਿੱਚ ਜੋ ਵੀ ਦੁਨਿਆਵੀ ਸੁੱਖ ਅਤੇ ਪਦਾਰਥ ਪ੍ਰਾਪਤ ਹੁੰਦੇ ਹਨ ਉਹ ਕੇਵਲ ਸਤੋ ਬਿਰਤੀ ਦੇ ਅਧੀਨ ਕੀਤੇ ਗਏ ਕਰਮਾਂ ਕਾਰਨ ਲਿਖੇ ਗਏ ਚੰਗੇ ਲੇਖਾਂ ਦੇ ਫੱਲ ਸਰੂਪ ਪ੍ਰਾਪਤ ਹੁੰਦੇ ਹਨ।

ਜਿਵੇਂ ਕਿ ਕਿਰਸਾਣ ਜ਼ਮੀਨ ਵਿੱਚ ਜਿਸ ਜਿਨਸ ਦਾ ਬੀਜ ਬੀਜਦਾ ਹੈ ਤਾਂ ਉਸ ਨੂੰ ਉਸੇ ਜਿਨਸ ਦੀ ਫੱਲ ਸਰੂਪ ਪ੍ਰਾਪਤੀ ਹੁੰਦੀ ਹੈ। ਜੇ ਕਣਕ ਬੀਜਦਾ ਹੈ ਤਾਂ ਕਣਕ ਦੀ ਫਸਲ ਹੀ ਹੁੰਦੀ ਹੈ। ਜੇ ਧਾਨ ਬੀਜਦਾ ਹੈ ਤਾਂ ਧਾਨ ਦੀ ਹੀ ਫਸਲ ਫੱਲ ਸਰੂਪ ਵਿੱਚ ਪੈਦਾ ਹੁੰਦੀ ਹੈ। ਇਸੇ ਤਰ੍ਹਾਂ ਨਾਲ ਜੇ ਕਿਰਸਾਣ ਜ਼ਮੀਨ ਵਿੱਚ ਕੰਡੇ ਬੀਜੇਗਾ ਤਾਂ ਕੇਵਲ ਕੰਡਿਆਂ ਦੀ ਹੀ ਫਸਲ ਪੈਦਾ ਹੋਵੇਗੀ। ਕੰਡੇ ਬੀਜਣ ਨਾਲ ਕਣਕ ਦੀ ਉਪਜ ਨਹੀਂ ਹੋ ਸਕਦੀ ਹੈ। ਜੇ ਕਿੱਕਰ ਦਾ ਬੂਟਾ ਲਏਗਾ ਤਾਂ ਕਿੱਕਰ ਦੀਆਂ ਸੂਲਾਂ ਹੀ ਜਨਮ ਲੈਣਗੀਆਂ ਨਾ ਕਿ ਕਿੱਕਰ ਦੇ ਬੂਟੇ ਨੂੰ ਅੰਬ ਲੱਗਣਗੇ। ਮਨੁੱਖ ਦਾ ਜੀਵਨ ਵੀ ਇੱਕ ਖੇਤ ਦੀ ਨਿਆਈਂ ਹੈ। ਜੀਵਨ ਰੂਪੀ ਇਸ ਖੇਤ ਵਿੱਚ ਮਨੁੱਖ ਜਿਸ ਤਰ੍ਹਾਂ ਦੇ ਕਰਮਾਂ ਦੇ ਬੀਜ ਬੀਜਦਾ ਹੈ ਉਸਨੂੰ ਉਸਦੇ ਅਨੁਕੂਲ ਹੀ ਫੱਲ ਪ੍ਰਾਪਤ ਹੁੰਦਾ ਹੈ। ਜੇਕਰ ਮਨੁੱਖ ਸਤਿ ਕਰਮ ਬੀਜੇਗਾ ਤਾਂ ਸੁੱਖ ਸ਼ਾਂਤੀ ਸਮ੍ਰਿਧੀ ਅਤੇ ਬੰਦਗੀ ਦੀ ਪ੍ਰਾਪਤੀ ਹੋਵੇਗੀ। ਜੇਕਰ ਅਸਤਿ ਕਰਮ ਬੀਜੇਗਾ ਤਾਂ ਦੁੱਖਾਂ ਕਲੇਸ਼ਾਂ ਮੁਸੀਬਤਾਂ ਅਤੇ ਥੋੜਾਂ ਹੀ ਉਸਦੇ ਜੀਵਨ ਵਿੱਚ ਵਰਤਣਗੇ। ਜੇਕਰ ਮਨੁੱਖ ਆਪਣੀ ਤ੍ਰਿਸ਼ਨਾ ਨੂੰ ਬੁਝਾਉਣ ਲਈ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਚੰਡਾਲਾਂ ਨੂੰ ਆਪਣਾ ਗੁਰੂ ਬਣਾ ਕੇ ਇਨ੍ਹਾਂ ਚੰਡਾਲਾਂ ਦੀ ਗੁਲਾਮੀ ਵਿੱਚ ਵਿਚਰਦਾ ਹੋਇਆ ਕਰਮ ਕਰੇਗਾ ਤਾਂ ਉਹ ਆਪਣੇ ਹੀ ਜੀਵਨ ਰੂਪੀ ਖੇਤ ਵਿੱਚ ਕੇਵਲ ਦੁੱਖਾਂ, ਕਲੇਸ਼ਾਂ, ਸਮੱਸਿਆਵਾਂ, ਮੁਸੀਬਤਾਂ ਅਤੇ ਥੋੜਾਂ ਰੂਪੀ ਕੰਡਿਆਂ ਨੂੰ ਹੀ ਬੀਜੇਗਾ। ਇਸ ਲਈ ਸਾਡੇ ਜੀਵਨ ਵਿੱਚ ਜੋ ਵੀ ਖੇਦ ਹੈ ਉਸ ਦਾ ਕਾਰਨ ਕੇਵਲ ਸਾਡੇ ਹੀ ਕਰਮ ਹਨ। ਸਾਡੇ ਜੀਵਨ ਵਿੱਚ ਵਾਪਰ ਰਹੀਆਂ ਚੰਗੀਆਂ ਅਤੇ ਮਾੜੀਆਂ ਘਟਨਾਵਾਂ ਦਾ ਕਾਰਨ ਕੇਵਲ ਸਾਡੇ ਕਰਮ ਹੀ ਹਨ। ਇਸ ਜੀਵਨ ਵਿੱਚ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋ ਰਹੇ ਸੁੱਖ ਅਤੇ ਦੁੱਖ ਦੇ ਲਮਹੇ ਸਾਰੇ ਸਾਡੇ ਹੀ ਕੀਤਿਆਂ ਕਰਮਾਂ ਦਾ ਫੱਲ ਹੈ। ਸਾਡੇ ਜੀਵਨ ਵਿੱਚ ਵਾਪਰ ਰਹੀ ਖੁਸ਼ੀ ਅਤੇ ਗ਼ਮੀ ਦਾ ਕਾਰਨ ਸਾਡੇ ਆਪਣੇ ਕਰਮ ਹੀ ਹਨ। ਸਾਡੇ ਜੀਵਨ ਵਿੱਚ ਵਰਤ ਰਹੇ ਸਾਰੇ ਦੁੱਖਾਂ, ਕਲੇਸ਼ਾਂ, ਸਮੱਸਿਆਵਾਂ, ਮੁਸੀਬਤਾਂ ਝਗੜਿਆਂ ਦਾ ਕਾਰਨ ਕੇਵਲ ਸਾਡੇ ਆਪਣੇ ਕਰਮ ਹੀ ਹਨ। ਕਰਮ ਦੇ ਪਰਮ ਸ਼ਕਤੀਸ਼ਾਲੀ ਦਰਗਾਹੀ ਵਿਧਾਨ ਦੇ ਅਨੁਸਾਰ ਅਸੀਂ ਆਜੀਵਨ ਆਪਣੇ ਹੀ ਕਰਮਾਂ ਦੇ ਫੱਲ ਭੋਗਦੇ ਹੋਏ ਚੁਰਾਸੀ ਦੇ ਗੇੜ ਵਿੱਚ ਭਟਕਦੇ ਫਿਰ ਰਹੇ ਹਾਂ। ਜਦ ਤੱਕ ਕਰਮਾਂ ਦਾ ਲੇਖਾ-ਜੋਖਾ ਪੂਰਾ ਨਹੀਂ ਹੁੰਦਾ ਤਦ ਤੱਕ ਮਨੁੱਖ ਚੁਰਾਸੀ ਦੇ ਗੇੜ ਵਿੱਚ ਵਿਚਰਦਾ ਰਹਿੰਦਾ ਹੈ। ਭਾਵ ਜਨਮ-ਮਰਨ ਦੇ ਬੰਧਨ ਤੋਂ ਮੁਕਤੀ ਨਹੀਂ ਹਾਸਿਲ ਹੁੰਦੀ ਜਦ ਤੱਕ ਕਰਮਾਂ ਦਾ ਲੇਖਾ-ਜੋਖਾ ਪੂਰਾ ਨਹੀਂ ਹੁੰਦਾ ਹੈ। ਮਨੁੱਖ ਦੀ ਦੇਹੀ ਦੀ ਮੌਤ ਦੇ ਨਾਲ ਹੀ ਰੂਹ ਜਦ ਦੇਹੀ ਨੂੰ ਛੱਡਦੀ ਹੈ ਤਾਂ ਉਹ ਸਾਰੇ ਕਰਮਾਂ ਦਾ ਬੋਝ ਆਪਣੇ ਉੱਪਰ ਚੁੱਕਦੀ ਹੈ ਅਤੇ ਅਗਲੇ ਪੜਾਵ ਉੱਪਰ ਜਾ ਕੇ ਫਿਰ ਮੁੱਢ ਤੋਂ ਕਰਮਾਂ ਦਾ ਲੇਖਾ ਦੇਣ ਵਿੱਚ ਜੁੱਟ ਜਾਂਦੀ ਹੈ। ਮਨੁੱਖ ਦੀ ਰੂਹ ਕਰਮਾਂ ਦੇ ਬੋਝ ਤੋਂ ਜਦੋਂ ਤੱਕ ਮੁਕਤ ਨਾ ਹੋ ਜਾਏ ਤਦ ਤੱਕ ਇਹ ਸਿਲਸਿਲਾ ਚਲਦਾ ਰਹਿੰਦਾ ਹੈ। ਜਿਵੇਂ ਮਨੁੱਖ ਇਸ ਜਨਮ ਵਿੱਚ ਲਏ ਗਏ ਸਾਰੇ ਦੁਨਿਆਵੀ ਕਰਜ਼ਿਆਂ ਤੋਂ ਮੁਕਤ ਨਹੀਂ ਹੁੰਦਾ ਤਦ ਤੱਕ ਉਸਨੂੰ ਕਰਜ਼ਿਆਂ ਦਾ ਭੁਗਤਾਨ ਕਰਨਾ ਪੈਂਦਾ ਹੈ ਠੀਕ ਉਸੇ ਤਰ੍ਹਾਂ ਨਾਲ ਮਨੁੱਖ ਨੂੰ ਆਪਣੇ ਕਰਮਾਂ ਦਾ ਭੁਗਤਾਨ ਤਦ ਤੱਕ ਕਰਨਾ ਪੈਂਦਾ ਹੈ ਜਦ ਤੱਕ ਉਸ ਦਾ ਲੇਖਾ-ਜੋਖਾ ਪੂਰਾ ਨਹੀਂ ਹੁੰਦਾ ਹੈ। ਗੁਰਬਾਣੀ ਵਿੱਚ ਕਰਮ ਦੇ ਇਸ ਪਰਮ ਸ਼ਕਤੀਸ਼ਾਲੀ ਵਿਧਾਨ ਦੇ ਪਰਮ ਸਤਿ ਨੂੰ ਪ੍ਰਗਟ ਕੀਤਾ ਗਿਆ ਹੈ:

ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ ॥

(ਪੰਨਾ ੧੩੪)

ਇਸ ਲਈ ਕਰਮ ਦੇ ਇਸ ਪਰਮ ਸ਼ਕਤੀਸ਼ਾਲੀ ਵਿਧਾਨ ਨੂੰ ਮੁੱਖ ਰੱਖ ਕੇ ਸਦਾ ਆਪਣੇ ਕਰਮਾਂ ਨੂੰ ਅੰਜਾਮ ਦੋ। ਇਸ ਪਰਮ ਸ਼ਕਤੀਸ਼ਾਲੀ ਪਰਮ ਸਤਿ ਨੂੰ ਦ੍ਰਿੜ੍ਹ ਕਰ ਲਵੋ ਕਿ ਜੇਕਰ ਆਪਣੇ ਕਰਮਾਂ ਦੇ ਨਾਲ ਚੰਗੇ ਲੇਖ ਲਿਖਾਂਗੇ ਤਾਂ ਹੀ ਪ੍ਰਾਲਬਧ ਸੋਹਣਾ ਹੋਏਗਾ। ਜੇਕਰ ਕਾਲੇ ਲੇਖ ਲਿਖਾਂਗੇ ਤਾਂ ਕੇਵਲ ਕਸ਼ਟ ਕਲੇਸ਼ ਦੁੱਖ ਤਕਲੀਫ ਮੁਸੀਬਤਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਣਾ ਹੈ। ਭਾਵ ਆਪਣੀ ਤ੍ਰਿਸ਼ਨਾ ਬੁਝਾਉਣ ਵਾਸਤੇ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਦੀ ਗੁਲਾਮੀ ਵਿੱਚ ਕੀਤੇ ਗਏ ਕਰਮ ਕਾਲੇ ਲੇਖ ਲਿਖਦੇ ਹਨ। ਸਾਰੀ ਲੋਕਾਈ ਆਪਣੀ ਤ੍ਰਿਸ਼ਨਾ ਨੂੰ ਬੁਝਾਉਣ ਵਾਸਤੇ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਦੀ ਗੁਲਾਮੀ ਵਿੱਚ ਕਰਮ ਕਰ-ਕਰ ਕੇ ਕਾਲੇ ਲੇਖ ਲਿਖ ਰਹੀ ਹੈ। ਅਸੰਖ ਲੋਕ ਐਸੇ ਹਨ ਜਿਨ੍ਹਾਂ ਨੂੰ ਇਹ ਗਿਆਨ ਹੈ ਕਿ ਆਪਣੇ ਕਰਮਾਂ ਦਾ ਫੱਲ ਭੁਗਤਨਾ ਪੈਂਦਾ ਹੈ। ਪਰੰਤੂ ਇਸ ਗਿਆਨ ਦੇ ਹੋਣ ਦੇ ਬਾਵਜੂਦ ਵੀ ਉਹ ਕਾਲੇ ਲੇਖ ਲਿਖ ਰਹੇ ਹਨ। ਅਸੰਖ ਲੋਕ ਐਸੇ ਹਨ ਜੋ ਹਰ ਰੋਜ਼ ਗੁਰਬਾਣੀ ਪੜ੍ਹਦੇ ਹਨ ਅਤੇ ਕੀਰਤਨ ਸੁਣਦੇ ਹਨ ਅਤੇ ਕਰਮ ਦੇ ਵਿਧਾਨ ਦੇ ਬਾਰੇ ਪੂਰੀ ਜਾਣਕਾਰੀ ਰੱਖਦੇ ਹਨ ਪਰੰਤੂ ਫਿਰ ਕਾਮ, ਕ੍ਰੋਧ, ਲੋਭ, ਮੋਹ ਨੂੰ ਆਪਣਾ ਗੁਰੂ ਬਣਾ ਕੇ ਇਨ੍ਹਾਂ ਚੰਡਾਲਾਂ ਦੇ ਅਧੀਨ ਗੁਨਾਹਪੂਰਣ ਕਰਮ ਕਰਕੇ ਨਿਰੰਤਰ ਕਾਲੇ ਲੇਖ ਲਿਖੀ ਜਾ ਰਹੇ ਹਨ। ਅਸੰਖ ਲੋਕ ਐਸੇ ਹਨ ਜੋ ਕਿ ਆਪਣੇ ਆਪ ਨੂੰ ਧਾਰਮਿਕ ਸਮਝਦੇ ਹਨ, ਧਰਮ ਦਾ ਪ੍ਰਚਾਰ ਵੀ ਕਰਦੇ ਹਨ ਪਰੰਤੂ ਕਾਲੇ ਲੇਖ ਫਿਰ ਲਿਖਣ ਤੋਂ ਬਾਜ਼ ਨਹੀਂ ਆਉਂਦੇ ਹਨ। ਐਸੇ ਲੋਕਾਂ ਵਾਸਤੇ ਧੰਨ ਧੰਨ ਸਤਿਗੁਰ ਸਾਹਿਬ ਜੀ ਨੇ ਆਸਾ ਦੀ ਵਾਰ ਵਿੱਚ ਇਸ ਪਰਮ ਸਤਿ ਤੱਤ ਨੂੰ ਪ੍ਰਗਟ ਕੀਤਾ ਹੈ ਕਿ ਜਦ ਕਰਮ ਦੇ ਵਿਧਾਨ ਦੇ ਇਸ ਪਰਮ ਸਤਿ ਦਾ ਗਿਆਨ ਹੈ ਤਾਂ ਤੇ ਕਾਲੇ ਲੇਖ ਨਾ ਲਿਖੋ! ਜਿਨ੍ਹਾਂ ਲੋਕਾਂ ਨੂੰ ਇਸ ਪਰਮ ਸਤਿ ਦਾ ਗਿਆਨ ਹੈ ਕਿ ਆਪਣੇ ਕਰਮਾਂ ਦਾ ਲੇਖਾ-ਜੋਖਾ ਭੁਗਤਨਾ ਪੈਣਾ ਹੈ ਉਹ ਤਾਂ ਕਾਲੇ ਲੇਖ ਨਾ ਲਿਖਣ!

ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ ॥

(ਪੰਨਾ ੪੭੪)

ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ ॥ ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ ॥੬॥

(ਪੰਨਾ ੧੩੭੮)

ਧੰਨ ਧੰਨ ਬਾਬਾ ਫਰੀਦ ਜੀ ਨੇ ਵੀ ਬੇਅੰਤ ਕਿਰਪਾ ਕੀਤੀ ਹੈ ਸਾਰੀ ਲੋਕਾਈ ਉੱਪਰ ਇਸ ਪਰਮ ਸਤਿ ਤੱਤ ਨੂੰ ਆਪਣੀ ਪਰਮ ਸ਼ਕਤੀਸ਼ਾਲੀ ਬਾਣੀ ਵਿੱਚ ਪ੍ਰਗਟ ਕਰਕੇ। ਬਾਬਾ ਫਰੀਦ ਜੀ ਨੇ ਵੀ ਇਸ ਪਰਮ ਸਤਿ ਤੱਤ ਨੂੰ ਦ੍ਰਿੜ੍ਹ ਕਰਵਾਇਆ ਹੈ ਕਿ ਜੇਕਰ ਕਰਮ ਦੇ ਵਿਧਾਨ ਦਾ ਗਿਆਨ ਹੈ ਤਾਂ ਫਿਰ ਲੋਕ ਕਾਲੇ ਲੇਖ ਤਾਂ ਨਾ ਲਿਖਣ! ਜੇਕਰ ਮਨੁੱਖ ਕਰਮ ਕਰਨ ਤੋਂ ਪਹਿਲਾਂ ਇਹ ਵਿਚਾਰ ਕਰ ਲਵੇ ਆਪਣੇ ਅੰਦਰ ਝਾਤੀ ਮਾਰ ਕੇ ਕਿ ਉਹ ਜਿਹੜਾ ਕਰਮ ਕਰਨ ਲੱਗਾ ਹੈ ਕਿਤੇ ਉਹ ਕੂੜ ਕਰਮ ਤਾਂ ਨਹੀਂ ਹੈ ਤਾਂ ਉਸ ਦਾ ਬਚਾਵ ਹੋ ਸਕਦਾ ਹੈ। ਜੇਕਰ ਕਰਮ ਕਰਨ ਤੋਂ ਪਹਿਲਾਂ ਇਹ ਗਿਆਨ ਹੋ ਜਾਂਦਾ ਹੈ ਕਿ ਜੋ ਕਰਮ ਮਨੁੱਖ ਕਰਨ ਵਾਲਾ ਸੀ ਉਹ ਕਰਮ ਕੂੜ ਕਰਮ ਹੈ ਤਾਂ ਤੇ ਉਸ ਨੂੰ ਐਸਾ ਕੂੜ ਕਰਮ ਕਰਕੇ ਕਾਲੇ ਲੇਖ ਨਾ ਲਿਖਣ ਦਾ ਗਿਆਨ ਬਚਾ ਸਕਦਾ ਹੈ। ਇਸ ਲਈ ਜਦ ਮਨੁੱਖ ਨੂੰ ਇਹ ਗਿਆਨ ਹੋ ਜਾਂਦਾ ਹੈ ਕਿ ਕਿਹੜਾ ਕਰਮ ਕੂੜ ਹੈ ਤਾਂ ਤੇ ਉਹ ਉਸ ਕਰਮ ਨੂੰ ਅੰਜਾਮ ਦੇ ਕੇ ਕਾਲੇ ਲੇਖ ਨਾ ਲਿਖੇ! ਭਾਵ ਗੁਰਬਾਣੀ ਗੁਰੂ ਦਾ ਹੁਕਮ ਹੈ ਕਿ ਕੂੜ ਕਰਮ ਕਰਮੇ ਕਾਲੇ ਲੇਖ ਨਾ ਲਿਖੋ ਕਿਉਂਕਿ ਆਪਣੇ ਕਾਲੇ ਲੇਖਾਂ ਦਾ ਲੇਖਾ ਦੇਣਾ ਪੈਣਾ ਹੈ। ਇਹ ਕਾਲੇ ਲੇਖਾਂ ਦਾ ਹੀ ਨਤੀਜਾ ਹੈ ਕਿ ਮਨੁੱਖ ਨੂੰ ਜੀਵਨ ਵਿੱਚ ਕਸ਼ਟ, ਕਲੇਸ਼, ਦੁੱਖ, ਤਕਲੀਫ, ਮੁਸੀਬਤਾਂ, ਸਮੱਸਿਆਵਾਂ, ਅਸਫਲਤਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਸਾਰੀ ਲੋਕਾਈ ਦੇ ਚਰਨਾਂ ਉੱਪਰ ਸਨਿਮਰ ਬੇਨਤੀ ਹੈ ਕਿ ਕਾਲੇ ਲੇਖ ਕਦੇ ਨਾ ਲਿਖੋ। ਸਦਾ ਸਤਿ ਕਰਮ ਕਰੋ ਤਾਂ ਜੋ ਤੁਹਾਡੇ ਸਾਰੇ ਲੇਖ ਤੁਹਾਨੂੰ ਗੁਰਪ੍ਰਸਾਦਿ ਦੀ ਪ੍ਰਾਪਤੀ ਵੱਲ ਨੂੰ ਲੈ ਕੇ ਜਾਣ।

ਮਾਇਆ ਨੇ ਸਾਰੇ ਸੰਸਾਰ ਨੂੰ ਤ੍ਰਿਸ਼ਨਾ ਅਤੇ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਦੇ ਬੁਨੇ ਸੰਘਣੇ ਜਾਲ ਵਿੱਚ ਉਲਝਾਇਆ ਹੋਇਆ ਹੈ। ਮਨੁੱਖ ਦੀ ਰੂਹ ਜਦ ਦੇਹੀ ਤਿਆਗ ਕੇ ਜਾਂਦੀ ਹੈ ਤਾਂ ਮਾਇਆ ਦੇ ਅਧੀਨ ਕੀਤੇ ਗਏ ਸਾਰੇ ਅਸਤਿ ਕਰਮਾਂ ਨਾਲ ਮਨੁੱਖ ਦਾ ਅਗਲਾ ਜੀਵਨ ਕਦੇ ਸੁਖਦਾਈ ਨਹੀਂ ਹੁੰਦਾ ਹੈ। ਇਸ ਲਈ ਅਸਤਿ ਕਰਮਾਂ ਨੂੰ ਇਕੱਤਰ ਨਾ ਕਰੋ ਕਿਉਂਕਿ ਅਸਤਿ ਕਰਮ ਤੁਹਾਨੂੰ ਸਤਿ ਪਾਰਬ੍ਰਹਮ ਪਰਮੇਸ਼ਰ ਤੋਂ ਦੂਰ ਖੜ੍ਹਦੇ ਹਨ। ਸਤਿ ਕਰਮਾਂ ਨੂੰ ਇਕੱਤਰ ਕਰੋ ਤਾਂ ਜੋ ਤੁਹਾਡਾ ਅਗਲਾ ਜੀਵਨ ਤੁਹਾਨੂੰ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਪਾਵਨ ਚਰਨਾਂ ਵੱਲ ਨੂੰ ਲੈ ਕੇ ਜਾਏ। ਮਾਇਆ ਦਾ ਇਹ ਵਿਨਾਸ਼ਕਾਰੀ ਖੇਲ ਕਿਸੇ ਵਿਰਲੇ ਮਨੁੱਖ ਦੀ ਸਮਝ ਵਿੱਚ ਪੈਂਦਾ ਹੈ। ਮਾਇਆ ਦੇ ਇਸ ਵਿਨਾਸ਼ਕਾਰੀ ਖੇਲ ਨੂੰ ਸਮਝਾਉਣ ਲਈ ਧੰਨ ਧੰਨ ਸਤਿਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਮਨੁੱਖੀ ਤਨ ਨੂੰ ਵੀ ਇੱਕ ਖੇਤ ਦੀ ਨਿਆਈਂ ਦ੍ਰਿਸ਼ਟਾਇਆ ਹੈ। ਮਨੁੱਖ ਨੂੰ ਇਸ ਪਰਮ ਸ਼ਕਤੀਸ਼ਾਲੀ ਦਰਗਾਹੀ ਹੁਕਮ ਨਾਲ ਇਹ ਸਮਝਾਉਣ ਦਾ ਉਪਰਾਲਾ ਕੀਤਾ ਹੈ ਕਿ ਉਸ ਦਾ ਮਾਇਆ ਦੇ ਇਸ ਮਹਾ ਵਿਨਾਸ਼ਕਾਰੀ ਜਾਲ ਤੋਂ ਕਿਵੇਂ ਬਚਾਵ ਹੋ ਸਕਦਾ ਹੈ। ਮਨੁੱਖ ਦੀ ਕਰਨੀ ਕਿਰਸਾਣ ਦੀ ਕਰਨੀ ਵਾਂਗ ਹੈ। ਮਨੁੱਖ ਦਾ ਮਨ ਕਿਰਸਾਣ ਦੇ ਹਲ ਦੀ ਨਿਆਈਂ ਹੈ। ਜਿਵੇਂ ਕਿਰਸਾਣ ਜ਼ਮੀਨ ਉੱਪਰ ਹਲ ਚਲਾ ਕੇ ਜ਼ਮੀਨ ਨੂੰ ਫਸਲ ਬੀਜਣ ਵਾਸਤੇ ਤਿਆਰ ਕਰਦਾ ਹੈ ਠੀਕ ਉਸੇ ਤਰ੍ਹਾਂ ਨਾਲ ਮਨੁੱਖ ਆਪਣੇ ਮਨ ਦੇ ਵਿਚਾਰਾਂ ਅਨੁਸਾਰ ਕਰਮ ਕਰਦਾ ਹੋਇਆ ਆਪਣਾ ਪ੍ਰਾਲਬਧ ਬੀਜਦਾ ਹੈ। ਜਿਵੇਂ ਕਿਰਸਾਣ ਦੀ ਮਿਹਨਤ ਮੁਸ਼ੱਕਤ ਨਾਲ ਜ਼ਮੀਨ ਉੱਪਰ ਹਲ ਚਲਾ ਕੇ ਕੀਤੀ ਗਈ ਤਿਆਰ ਜ਼ਮੀਨ ਵਿੱਚ ਬੀਜ ਬੀਜ ਕੇ ਉਸ ਨੂੰ ਪਾਣੀ ਦੇ ਕੇ ਸਿੰਜਦਾ ਹੈ ਤਾਂ ਕਿਰਸਾਣ ਦੀ ਮਿਹਨਤ ਰੰਗ ਲੈ ਕੇ ਆਉਂਦੀ ਹੈ ਜਦ ਉਸਦੀ ਬੀਜੀ ਹੋਈ ਫਸਲ ਪੱਕਦੀ ਹੈ ਅਤੇ ਉਸਦੀ ਰੋਜ਼ੀ ਰੋਟੀ ਦਾ ਸਾਧਨ ਬਣਦੀ ਹੈ। ਠੀਕ ਇਸੇ ਤਰ੍ਹਾਂ ਮਨੁੱਖ ਦੇ ਮਨ ਵਿੱਚ ਉੱਠੇ ਵਿਚਾਰ ਹੀ ਉਸਦੀ ਕਰਨੀ ਦਾ ਸਬਬ ਬਣਦੇ ਹਨ ਅਤੇ ਮਨੁੱਖ ਆਪਣੇ ਤਨ ਰੂਪੀ ਖੇਤ ਵਿੱਚ ਇਨ੍ਹਾਂ ਕਰਮਾਂ ਦੇ ਬੀਜ ਬੀਜ ਕੇ ਆਪਣੇ ਆਉਣ ਵਾਲੇ ਸਮੇਂ ਵਿੱਚ ਆਪਣੇ ਪ੍ਰਾਲਬਧ ਦੇ ਰੂਪ ਵਿੱਚ ਪ੍ਰਗਟ ਹੋਈ ਫਸਲ ਨੂੰ ਖਾਣ ਦਾ ਹੱਕਦਾਰ ਬਣਦਾ ਹੈ। ਜਿਵੇਂ ਕਿਰਸਾਣ ਦੀ ਮਿਹਨਤ ਮੁਸ਼ੱਕਤ ਦੀ ਕਰਨੀ ਉਸਦੇ ਉੱਚੇ-ਸੁੱਚੇ ਆਚਰਣ ਦਾ ਪ੍ਰਤੀਕ ਹੈ ਠੀਕ ਉਸੇ ਤਰ੍ਹਾਂ ਨਾਲ ਮਨੁੱਖ ਦੇ (ਹਲ ਰੂਪੀ) ਮਨ ਨੂੰ ਉੱਚੇ ਅਤੇ ਸੁੱਚੇ ਆਚਰਣ ਦੇ ਵਿਚਾਰਾਂ ਨਾਲ ਭਰਪੂਰ ਹੋਣਾ ਚਾਹੀਦਾ ਹੈ। ਮਨੁੱਖ ਆਪਣੇ ਰੋਜ਼ਾਨਾ ਜੀਵਨ ਵਿੱਚ ਜੋ ਵੀ ਸਤਿ ਕਰਮ ਕਰਦਾ ਹੈ ਉਸ ਕਰਮ ਨੂੰ ਜੇਕਰ ਪਵਿੱਤਰ ਬਿਰਤੀ ਨਾਲ ਸਤਿ ਦੀ ਸੇਵਾ ਵਿੱਚ ਅਰਪਣ ਕੀਤਾ ਜਾਏ ਤਾਂ ਉਸ ਦਾ ਪ੍ਰਭਾਵ ਬੇਅੰਤ ਸੰਤੁਸ਼ਟੀ ਜਨਕ ਹੁੰਦਾ ਹੈ ਅਤੇ ਐਸੇ ਕਰਮ ਦਾ ਫੱਲ ਬਹੁਤ ਮਿੱਠਾ ਹੁੰਦਾ ਹੈ। ਪਵਿੱਤਰ ਬਿਰਤੀ ਨਾਲ ਕੀਤੇ ਗਏ ਸਤਿ ਕਰਮ ਵਿੱਚ ਬਹੁਤ ਬਰਕਤ ਹੁੰਦੀ ਹੈ ਅਤੇ ਇਸ ਬਰਕਤ ਦਾ ਇਲਾਹੀ ਪ੍ਰਭਾਵ ਮਨੁੱਖ ਦੇ ਜੀਵਨ ਨੂੰ ਸੁਖੀ ਅਤੇ ਸੁੰਦਰ ਬਣਾਉਂਦਾ ਹੈ। ਇਸ ਲਈ ਆਪਣੇ ਪਰਿਵਾਰਕ ਜੀਵਨ ਦੇ ਅਤੇ ਕਾਰੋਬਾਰੀ ਜੀਵਨ ਵਿੱਚ ਕੇਵਲ ਸਤਿ ਕਰਮ ਕਰੋ ਅਤੇ ਇਨ੍ਹਾਂ ਕਰਮਾਂ ਨੂੰ ਪਾਵਨ ਪਵਿੱਤਰ ਬਿਰਤੀ ਨਾਲ ਸਤਿ ਦੀ ਸੇਵਾ ਵਿੱਚ ਅਰਪਣ ਕਰੋ ਤਾਂ ਤੁਹਾਡਾ ਜੀਵਨ ਸੁਖੀ ਹੋ ਜਾਏਗਾ, ਤੁਹਾਡੀ ਕਮਾਈ ਵਿੱਚ ਇਲਾਹੀ ਬਰਕਤ ਪ੍ਰਗਟ ਹੋਏਗੀ ਅਤੇ ਕਦੇ ਤੋਟ ਨਹੀਂ ਆਏਗੀ। ਸਤਿਨਾਮ ਦਾ ਬੀਜ ਬੀਜਣ ਦੇ ਨਾਲ ਹੀ ਮਨੁੱਖੀ ਮਨ ਉੱਚੇ ਅਤੇ ਸੁੱਚੇ ਆਚਰਣ ਵਿੱਚ ਜਾ ਸਕਦਾ ਹੈ। ਸਤਿਨਾਮ ਹੀ ਬੀਜ ਮੰਤਰ ਹੈ। ਸਤਿਨਾਮ ਵਿੱਚ ਹੀ ਸਾਰੀਆਂ ਬੇਅੰਤ ਪਰਮ ਸ਼ਕਤੀਆਂ ਸਮਾਈਆਂ ਹੋਈਆਂ ਹਨ। ਸਤਿਨਾਮ ਦਾ ਬੀਜ ਬੀਜਣ ਨਾਲ ਹੀ ਮਨੁੱਖੀ ਹਿਰਦੇ ਵਿੱਚ ਇਹ ਸਾਰੀਆਂ ਦਰਗਾਹੀ ਪਰਮ ਸ਼ਕਤੀਆਂ ਪ੍ਰਗਟ ਹੁੰਦੀਆਂ ਹਨ। ਸਤਿਨਾਮ ਹੀ ਸਾਰੀ ਸ੍ਰਿਸ਼ਟੀ ਦਾ ਗਰਭ ਹੈ। ਸਤਿਨਾਮ ਹੀ ਸਰਵ-ਸ੍ਰੇਸ਼ਟ ਗੁਰ ਅਤੇ ਗੁਰੂ ਹੈ। ਇਸ ਲਈ ਸਤਿਨਾਮ ਦਾ ਬੀਜ ਬੀਜਣ ਦਾ ਹੀ ਦਰਗਾਹੀ ਹੁਕਮ ਗੁਰਬਾਣੀ ਵਿੱਚ ਪ੍ਰਗਟ ਕੀਤਾ ਗਿਆ ਹੈ। ਜਿਵੇਂ ਕਿਰਸਾਣ ਹਲ ਜੋਤਣ ਤੋਂ ਉਪਰੰਤ ਬੀਜ ਪਾਉਣ ਤੋਂ ਪਹਿਲਾਂ ਜ਼ਮੀਨ ਉੱਪਰ ਸੁਹਾਗਾ ਫੇਰਦਾ ਹੈ ਅਤੇ ਜ਼ਮੀਨ ਨੂੰ ਬੀਜ ਬੀਜਣ ਲਈ ਤਿਆਰ ਕਰਦਾ ਹੈ ਠੀਕ ਉਸੇ ਤਰ੍ਹਾਂ ਨਾਲ ਮਨੁੱਖੀ ਮਨ (ਰੂਪੀ ਹਲ) ਜਦ ਕਰਮ ਕਰਨ ਦਾ ਵੀਚਾਰ ਕਰਦਾ ਹੈ ਤਾਂ ਉਸਨੂੰ ਸਤਿ ਸੰਤੋਖ ਵਿੱਚ ਪਾਵਨ ਪਵਿੱਤਰ ਬਿਰਤੀ ਧਾਰਨ ਕਰਕੇ ਹਿਰਦੇ ਵਿੱਚ ਨਿੰਮਰਤਾ ਭਾਵਨਾ ਨਾਲ ਵਿਚਾਰ ਕਰਨਾ ਚਾਹੀਦਾ ਹੈ। ਐਸਾ ਕਰਨ ਨਾਲ ਮਨੁੱਖੀ ਮਨ ਸਦਾ ਸਤਿ ਕਰਮ ਹੀ ਕਰੇਗਾ ਅਤੇ ਅਸਤਿ ਕਰਮ ਕਰਨ ਦੇ ਪਾਪ ਤੋਂ ਬਚ ਜਾਏਗਾ। ਕੇਵਲ ਮਨ ਵਿੱਚ ਸਤਿਨਾਮ ਦਾ ਬੀਜ, ਸਤਿ ਸੰਤੋਖ ਅਤੇ ਹਿਰਦੇ ਵਿੱਚ ਗਰੀਬੀ ਹੀ ਮਨੁੱਖ ਨੂੰ ਮਾਇਆ ਦੇ (ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਰੂਪੀ ਚੰਡਾਲਾਂ ਦੇ) ਥਪੇੜਿਆਂ ਤੋਂ ਬਚਾ ਸਕਦੇ ਹਨ। ਕੇਵਲ ਮਨ ਵਿੱਚ ਸਤਿਨਾਮ ਦਾ ਬੀਜ, ਸਤਿ ਸੰਤੋਖ ਅਤੇ ਹਿਰਦੇ ਵਿੱਚ ਗਰੀਬੀ ਹੀ ਮਨੁੱਖ ਨੂੰ ਨਰਕ ਨਿਵਾਜ਼ ਜੀਵਨ ਤੋਂ ਬਚਾ ਸਕਦੇ ਹਨ। ਇਸ ਪਰਮ ਸਤਿ ਨੂੰ ਸਤਿਗੁਰ ਸਾਹਿਬ ਨੇ ਗੁਰਬਾਣੀ ਦੇ ਇਸ ਪਰਮ ਸ਼ਕਤੀਸ਼ਾਲੀ ਸਲੋਕ ਵਿੱਚ ਪ੍ਰਗਟ ਕੀਤਾ ਹੈ:

ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ ॥

ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ ॥

ਭਾਉ ਕਰਮ ਕਰਿ ਜੰਮਸੀ ਸੇ ਘਰ ਭਾਗਠ ਦੇਖੁ ॥੧॥

ਬਾਬਾ ਮਾਇਆ ਸਾਥਿ ਨ ਹੋਇ ॥ ਇਨਿ ਮਾਇਆ ਜਗੁ ਮੋਹਿਆ ਵਿਰਲਾ ਬੂਝੈ ਕੋਇ ॥

(ਪੰਨਾ ੫੯੫)

ਮਾਇਆ ਦਾ ਬੁਣਿਆ ਹੋਇਆ ਜਾਲ, ਭਾਵ ਤ੍ਰਿਸ਼ਨਾ ਅਤੇ ਤ੍ਰਿਸ਼ਨਾ ਦੀ ਮਹਾ ਵਿਨਾਸ਼ਕਾਰੀ ਸ਼ਕਤੀ ਅਤੇ ਇਸ ਦੀ ਪੂਰਤੀ ਕਰਨ ਲਈ ਜੋ ਮਨੁੱਖ ਵਰਤਦਾ ਹੈ ਉਹ ਮਹਾ ਵਿਨਾਸ਼ਕਾਰੀ ਦੂਤਾਂ (ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਰੂਪੀ ਚੰਡਾਲਾਂ) ਦੁਆਰਾ ਬੁਣਿਆ ਹੋਇਆ ਮਹਾ ਵਿਨਾਸ਼ਕਾਰੀ ਜਾਲ, ਜਿਸਨੂੰ ਗੁਰਬਾਣੀ ਵਿੱਚ ਭਵਜਲ ਵੀ ਕਿਹਾ ਗਿਆ ਹੈ, ਵਿੱਚ ਸਾਰਾ ਸੰਸਾਰ ਗਲਤਾਨ ਹੋ ਰਿਹਾ ਹੈ। ਸਾਰੀ ਲੋਕਾਈ ਵਿੱਚੋਂ ਕੋਈ ਕ੍ਰੋੜਾਂ ਮਨੁੱਖਾਂ ਵਿੱਚੋਂ ਕੋਈ ਵਿਰਲਾ ਹੀ ਮਾਇਆ ਦੇ ਇਸ ਮਹਾ ਵਿਨਾਸ਼ਕਾਰੀ ਜਾਲ ਨੂੰ ਬੁੱਝਦਾ ਹੈ ਅਤੇ ਮਾਇਆ ਦੇ ਬੰਧਨਾਂ ਤੋਂ ਮੁਕਤੀ ਪ੍ਰਾਪਤ ਕਰਦਾ ਹੈ। ਸਤਿ ਕਰਮ ਕਰਮ ਕਰਨ ਨਾਲ ਹੀ ਮਨ ਦਾ ਆਚਰਣ ਉੱਚਾ ਅਤੇ ਸੁੱਚਾ ਹੁੰਦਾ ਹੈ ਅਤੇ ਮਨੁੱਖ ਨੂੰ ਮਾਇਆ ਦੇ ਇਸ ਮਹਾ ਵਿਨਾਸ਼ਕਾਰੀ ਖੇਲ ਦੀ ਸੋਝੀ ਪੈਂਦੀ ਹੈ। ਸਤਿਨਾਮ ਬੀਜਣ ਨਾਲ ਹੀ ਮਨੁੱਖ ਨੂੰ ਸਤਿਨਾਮ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਸਤਿਨਾਮ ਬੀਜਣ ਨਾਲ ਹੀ ਮਨੁੱਖ ਦੇ ਅੰਦਰ ਭਗਤੀ, ਪਿਆਰ, ਸ਼ਰਧਾ ਅਤੇ ਭਰੋਸੇ ਦਾ ਜਨਮ ਹੁੰਦਾ ਹੈ। ਸ਼ਰਧਾ, ਭਰੋਸਾ ਅਤੇ ਪ੍ਰੀਤ ਵਿੱਚ ਓਤਪੋਤ ਹੋ ਕੇ ਸਤਿਨਾਮ ਬੀਜਣ ਦੇ ਨਾਲ ਹੀ ਮਨੁੱਖ ਨੂੰ ‘ਸਤਿ’ ਗੁਰੂ ਦੀ ਸੰਗਤ ਦੀ ਪ੍ਰਾਪਤੀ ਹੁੰਦੀ ਹੈ ਜਿਸ ਦੀ ਪ੍ਰਾਪਤੀ ਦੇ ਨਾਲ ਹੀ ਸਤਿਗੁਰੂ ਤੋਂ ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦਿ ਪ੍ਰਾਪਤ ਹੁੰਦਾ ਹੈ। ਗੁਰਪ੍ਰਸਾਦਿ ਦੀ ਪ੍ਰਾਪਤੀ ਦੇ ਨਾਲ ਹੀ ਜਦ ਮਨੁੱਖ ਸਤਿਨਾਮ ਸਿਮਰਨ ਦੀ ਕਮਾਈ ਕਰਦਾ ਹੈ ਅਤੇ ਸਤਿਨਾਮ ਸਿਮਰਨ ਦੇ ਅਭਿਆਸ ਨਾਲ ਉਸਦੀ ਸੁਰਤਿ ਉੱਚੀ ਜਾਂਦੀ ਹੈ ਤਾਂ ਉਸਨੂੰ ਪਰਮ ਆਨੰਦ ਦੀ ਪਰਮ ਸ਼ਕਤੀਸ਼ਾਲੀ ਅਵਸਥਾ ਦਾ ਗਿਆਨ ਹੁੰਦਾ ਹੈ। ਗੁਰਪ੍ਰਸਾਦਿ ਦੀ ਪਰਮ ਸ਼ਕਤੀ ਹੀ ਮਨੁੱਖ ਨੂੰ ਸਮਾਧੀ ਅਤੇ ਸੁੰਨ ਸਮਾਧੀ ਦੀ ਅਵਸਥਾ ਵਿੱਚ ਲੈ ਕੇ ਜਾਂਦੀ ਹੈ ਅਤੇ ਮਨੁੱਖ ਦੇ ਸਾਰੇ ਸਤਿ ਸਰੋਵਰ ਜਾਗਰਤ ਹੁੰਦੇ ਹਨ, ਸਾਰੇ ਬਜਰ ਕਪਾਟ ਖੁੱਲ੍ਹ ਜਾਂਦੇ ਹਨ, ਸਤਿਨਾਮ ਰੋਮ-ਰੋਮ ਵਿੱਚ ਪ੍ਰਗਟ ਹੋ ਜਾਂਦਾ ਹੈ, ਸਾਰੇ ਕਮਲ ਖਿੱਲ ਜਾਂਦੇ ਹਨ, ਦੇਹੀ ਅੰਮ੍ਰਿਤ ਨਾਲ ਭਰਪੂਰ ਹੋ ਜਾਂਦੀ ਹੈ, ਹਿਰਦੇ ਵਿੱਚ ਪਰਮ ਜੋਤ ਪੂਰਨ ਪ੍ਰਕਾਸ਼ ਦਾ ਅਨੁਭਵ ਹੁੰਦਾ ਹੈ, ਪਰਮ ਆਨੰਦ ਦਾ ਗਿਆਨ ਅਤੇ ਅਨੁਭਵ ਹੁੰਦਾ ਹੈ, ਮਾਇਆ ਦੇ ਬੰਧਨ ਟੁੱਟ ਜਾਂਦੇ ਹਨ, ਮਨ ਹਿਰਦਾ ਪੂਰਨ ਸ਼ਾਂਤੀ ਦਾ ਅਨੁਭਵ ਕਰਦਾ ਹੈ, ਅਕਾਲ ਪੁਰਖ ਦੇ ਦਰਸ਼ਨ ਹੋ ਜਾਂਦੇ ਹਨ, ਮਨੁੱਖ ਅਕਾਲ ਪੁਰਖ ਵਿੱਚ ਇੱਕ ਮਿੱਕ ਹੋ ਜਾਂਦਾ ਹੈ, ਜੀਵਨ ਮੁਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ, ਆਤਮ ਰਸ ਅੰਮ੍ਰਿਤ ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਪਰਮ ਸਤਿ ਤੱਤ ਨੂੰ ਗੁਰਬਾਣੀ ਵਿੱਚ ਬਾਰ-ਬਾਰ ਪ੍ਰਗਟ ਕੀਤਾ ਗਿਆ ਹੈ ਅਤੇ ਦ੍ਰਿੜ੍ਹ ਕਰਵਾਇਆ ਗਿਆ ਹੈ:

ਜਾ ਕੈ ਸਿਮਰਣਿ ਸਭੁ ਕਛੁ ਪਾਈਐ ਬਿਰਥੀ ਘਾਲ ਨ ਜਾਈ ॥

(ਪੰਨਾ ੬੧੭)

ਅੰਤਰਿ ਕਪਟੁ ਚੁਕਾਵਹੁ ਮੇਰੇ ਗੁਰਸਿਖਹੁ ਨਿਹਕਪਟ ਕਮਾਵਹੁ ਹਰਿ ਕੀ ਹਰਿ ਘਾਲ ਨਿਹਾਲ ਨਿਹਾਲ ਨਿਹਾਲ ॥੧॥

(ਪੰਨਾ ੯੭੭-੯੭੮)

ਮਨੁੱਖ ਦੀ ਬੰਦਗੀ ਦਾ ਅੰਤਿਮ ਚਰਣ ਪਰਮ ਆਨੰਦ ਦੀ ਪ੍ਰਾਪਤੀ ਹੈ। ਇਹ ਪਰਮ ਆਨੰਦ ਹੀ ਸਤਿ ਚਿੱਤ ਆਨੰਦ ਹੈ। ਪਰਮ ਆਨੰਦ ਦੀ ਪ੍ਰਾਪਤੀ ਤੋਂ ਭਾਵ ਹੈ ਮਨੁੱਖ ਦੇ ਸਾਰੇ ਦੁੱਖਾਂ, ਕਲੇਸ਼ਾਂ, ਸਮੱਸਿਆਵਾਂ, ਮੁਸੀਬਤਾਂ ਦਾ ਸਦਾ-ਸਦਾ ਲਈ ਅੰਤ ਹੋ ਜਾਣਾ। ਪਰਮ ਆਨੰਦ ਦੀ ਪ੍ਰਾਪਤੀ ਤੋਂ ਭਾਵ ਹੈ ਮਨੁੱਖੀ ਮਨ ਦਾ ਅੰਤ ਹੋ ਜਾਣਾ ਅਤੇ ਮਨ ਦਾ ਜੋਤ ਵਿੱਚ ਪਰਿਵਰਤਿਤ ਹੋ ਕੇ ਪ੍ਰਗਟ ਹੋ ਜਾਣਾ ਹੈ। ਪਰਮ ਆਨੰਦ ਦੀ ਪ੍ਰਾਪਤੀ ਤੋਂ ਭਾਵ ਹੈ ਮਨੁੱਖ ਦੀ ਤ੍ਰਿਸ਼ਨਾ ਦਾ ਬੁੱਝ ਜਾਣਾ ਅਤੇ ਸਤਿ ਸੰਤੋਖ ਵਿੱਚ ਸਦਾ ਸਦਾ ਲਈ ਸਥਿਰ ਹੋ ਜਾਣਾ। ਪਰਮ ਆਨੰਦ ਦੀ ਪ੍ਰਾਪਤੀ ਤੋਂ ਭਾਵ ਹੈ ਪੰਜ ਦੂਤਾਂ ਨੂੰ ਵੱਸ ਕਰ ਲੈਣਾ ਅਤੇ ਮਾਇਆ ਉੱਪਰ ਜਿੱਤ ਪ੍ਰਾਪਤ ਕਰ ਲੈਣਾ, ਮਾਇਆ ਦੀ ਗੁਲਾਮੀ ਤੋਂ ਮੁਕਤ ਹੋ ਜਾਣਾ। ਪਰਮ ਆਨੰਦ ਦੀ ਪ੍ਰਾਪਤੀ ਤੋਂ ਭਾਵ ਹੈ ਮਾਇਆ ਦਾ ਮਨੁੱਖ ਦੇ ਚਰਨਾਂ ਵਿੱਚ ਆ ਜਾਣਾ ਅਤੇ ਸੇਵਕ ਬਣ ਜਾਣਾ। ਪਰਮ ਆਨੰਦ ਦੀ ਪ੍ਰਾਪਤੀ ਤੋਂ ਭਾਵ ਹੈ ਮਨੁੱਖ ਦਾ ਮਨ ਨੂੰ ਜਿੱਤ ਲੈਣਾ। ਪਰਮ ਆਨੰਦ ਦੀ ਪ੍ਰਾਪਤੀ ਤੋਂ ਭਾਵ ਹੈ ਮਨੁੱਖ ਦਾ ਹਿਰਦਾ ਪੂਰਨ ਸਚਿਆਰੀ ਰਹਿਤ ਵਿੱਚ ਚਲੇ ਜਾਣਾ। ਪਰਮ ਆਨੰਦ ਦੀ ਪ੍ਰਾਪਤੀ ਤੋਂ ਭਾਵ ਹੈ ਮਨੁੱਖ ਦੇ ਹਿਰਦੇ ਵਿੱਚ ਪਰਮ ਜੋਤ ਪੂਰਨ ਪ੍ਰਕਾਸ਼ ਦਾ ਪ੍ਰਗਟ ਹੋ ਜਾਣਾ। ਪਰਮ ਆਨੰਦ ਦੀ ਪ੍ਰਾਪਤੀ ਤੋਂ ਭਾਵ ਹੈ ਮਨੁੱਖ ਦੇ ਹਿਰਦੇ ਦਾ ਸਾਰੇ ਇਲਾਹੀ ਦਰਗਾਹੀ ਸਤਿ ਗੁਣਾਂ ਅਤੇ ਪਰਮ ਸ਼ਕਤੀਆਂ ਨਾਲ ਭਰਪੂਰ ਹੋ ਜਾਣਾ। ਪਰਮ ਆਨੰਦ ਦੀ ਪ੍ਰਾਪਤੀ ਤੋਂ ਭਾਵ ਹੈ ਮਨੁੱਖ ਦਾ ਰੋਮ-ਰੋਮ ਸਤਿਨਾਮ ਅੰਮ੍ਰਿਤ ਨਾਲ ਭਰਪੂਰ ਹੋ ਜਾਣਾ। ਪਰਮ ਆਨੰਦ ਦੀ ਪ੍ਰਾਪਤੀ ਤੋਂ ਭਾਵ ਹੈ ਮਨੁੱਖ ਦੇ ਸਾਰੇ ਬਜਰ ਕਪਾਟਾਂ ਦਾ ਖੁੱਲ੍ਹ ਜਾਣਾ ਅਤੇ ਅਨਹਦ ਸ਼ਬਦ ਦਾ ਦਸਮ ਦੁਆਰ ਵਿੱਚ ਪ੍ਰਗਟ ਹੋ ਜਾਣਾ। ਪਰਮ ਆਨੰਦ ਦੀ ਪ੍ਰਾਪਤੀ ਤੋਂ ਭਾਵ ਹੈ ਮਨੁੱਖ ਨੂੰ ਅਕਾਲ ਪੁਰਖ ਦੇ ਦਰਸ਼ਨ ਹੋ ਜਾਣਾ ਅਤੇ ਪੂਰਨ ਬ੍ਰਹਮ ਗਿਆਨ, ਤੱਤ ਗਿਆਨ ਅਤੇ ਆਤਮ ਰਸ ਅੰਮ੍ਰਿਤ ਦਾ ਪ੍ਰਾਪਤ ਹੋ ਜਾਣਾ। ਪਰਮ ਆਨੰਦ ਦੀ ਪ੍ਰਾਪਤੀ ਤੋਂ ਭਾਵ ਹੈ ਮਨੁੱਖ ਦਾ ਜਨਮ-ਮਰਨ ਦੇ ਬੰਧਨ ਤੋਂ ਮੁਕਤ ਹੋ ਜਾਣਾ ਅਤੇ ਜੀਵਨ ਮੁਕਤੀ ਪ੍ਰਾਪਤ ਕਰ ਲੈਣਾ ਹੈ। ਪਰਮ ਆਨੰਦ ਦੀ ਪ੍ਰਾਪਤੀ ਤੋਂ ਭਾਵ ਹੈ ਮਨੁੱਖ ਦਾ ਅਟੱਲ ਅਵਸਥਾ ਵਿੱਚ ਸਦਾ-ਸਦਾ ਲਈ ਸਥਿਰ ਹੋ ਜਾਣਾ। ਪਰਮ ਆਨੰਦ ਦੀ ਪ੍ਰਾਪਤੀ ਤੋਂ ਭਾਵ ਹੈ ਮਨੁੱਖ ਦਾ ਪਰਮ ਪਦਵੀ ਦੀ ਪ੍ਰਾਪਤੀ ਕਰ ਲੈਣਾ। ਇਸ ਲਈ ਸਾਰੀ ਲੋਕਾਈ ਦੇ ਚਰਨਾਂ ਉੱਪਰ ਸਨਿਮਰ ਬੇਨਤੀ ਹੈ ਕਿ ਇਸ ਪਰਮ ਸਤਿ ਤੱਤ ਨੂੰ ਦ੍ਰਿੜ੍ਹ ਕਰ ਲਵੋ ਕਿ ਪਰਮ ਆਨੰਦ ਦੀ ਮਹਿਮਾ ਬੇਅੰਤ ਹੈ।

ਇਸ ਪਰਮ ਸਤਿ ਤੱਤ ਨੂੰ ਦ੍ਰਿੜ੍ਹ ਕਰ ਲਵੋ ਕਿ ਦੁਨਿਆਵੀ ਪਦਾਰਥਾਂ ਦੀ ਪ੍ਰਾਪਤੀ ਨਾਲ ਪਰਮ ਆਨੰਦ ਕਦੇ ਵੀ ਪ੍ਰਾਪਤ ਨਹੀਂ ਹੋ ਸਕਦਾ ਹੈ। ਇਸ ਪਰਮ ਸ਼ਕਤੀਸ਼ਾਲੀ ਪੂਰਨ ਬ੍ਰਹਮ ਗਿਆਨ ਨੂੰ ਆਪਣੇ ਹਿਰਦੇ ਵਿੱਚ ਉੱਕਰ ਲਵੋ ਕਿ ਦੁਨਿਆਵੀ ਪਦਾਰਥਾਂ ਅਤੇ ਸੁੱਖਾਂ ਦੀ ਪ੍ਰਾਪਤੀ ਦਾ ਨਾਮ ਚੜ੍ਹਦੀ ਕਲਾ ਨਹੀਂ ਹੈ ਅਤੇ ਚੜ੍ਹਦੀ ਕਲਾ ਕੇਵਲ ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਸਿਮਰਨ ਦੀ ਕਮਾਈ ਅਤੇ ਪੂਰਨ ਬੰਦਗੀ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਨਾਲ ਹੀ ਹੁੰਦੀ ਹੈ। ਚੜ੍ਹਦੀ ਕਲਾ ਦਾ ਭਾਵ ਹੈ ਪਰਮ ਆਨੰਦ ਦੀ ਪਰਮ ਸ਼ਕਤੀਸ਼ਾਲੀ ਅਵਸਥਾ ਦੀ ਪ੍ਰਾਪਤੀ ਹੈ। ਚੜ੍ਹਦੀ ਕਲਾ ਤੋਂ ਭਾਵ ਹੈ ਰੋਮ-ਰੋਮ ਸਿਮਰਨ ਦੀ ਪ੍ਰਾਪਤੀ। ਚੜ੍ਹਦੀ ਕਲਾ ਤੋਂ ਭਾਵ ਹੈ ਸਤਿ ਪਾਰਬ੍ਰਹਮ ਪਰਮੇਸ਼ਰ ਵਿੱਚ ਸਦਾ-ਸਦਾ ਲਈ ਅਭੇਦ ਹੋ ਜਾਣਾ ਅਤੇ ਮਾਇਆ ਨੂੰ ਜਿੱਤ ਕੇ ਪਰਮ ਪਦਵੀ ਨੂੰ ਪ੍ਰਾਪਤ ਹੋ ਜਾਣਾ। ਦੁਨਿਆਵੀ ਪਦਾਰਥਾਂ ਅਤੇ ਸੁੱਖਾਂ ਦੀ ਪ੍ਰਾਪਤੀ ਨੂੰ ਚੜ੍ਹਦੀ ਕਲਾ ਕਹਿਣ ਦੀ ਮੂਰਖਤਾ ਨਾ ਕਰੋ। ਮਾਇਆ ਦੀ ਗੁਲਾਮੀ ਵਿੱਚ ਪ੍ਰਾਪਤ ਹੋ ਰਹੇ ਅਸਥਿਰ ਦੁਨਿਆਵੀ ਸੁੱਖਾਂ ਅਤੇ ਪਦਾਰਥਾਂ ਦੀ ਪ੍ਰਾਪਤੀ ਨੂੰ ਚੜ੍ਹਦੀ ਕਲਾ ਕਹਿ ਕੇ ਇਸ ਪਰਮ ਸ਼ਕਤੀਸ਼ਾਲੀ ਅਵਸਥਾ ਦਾ ਅਪਮਾਨ ਨਾ ਕਰੋ। ਜੋ ਮਨੁੱਖ ਜਾਣੇ-ਅਣਜਾਣੇ ਦੁਨਿਆਵੀ ਪਦਾਰਥਾਂ ਅਤੇ ਸੁੱਖਾਂ ਦੀ ਪ੍ਰਾਪਤੀ ਨੂੰ ਚੜ੍ਹਦੀ ਕਲਾ ਕਹਿੰਦੇ ਹਨ ਉਹ ਦਰਗਾਹ ਦੇ ਗੁਨਾਹਗਾਰ ਹੋ ਜਾਂਦੇ ਹਨ। ਇਸ ਪਰਮ ਸਤਿ ਨੂੰ ਤਾਂ ਸਾਰੀ ਸਿੱਖ ਜਗਤ ਦੀ ਸੰਗਤ ਜਾਣਦੀ ਹੈ ਕਿ ਚੜ੍ਹਦੀ ਕਲਾ ਨਾਮ ਨਾਲ ਹੁੰਦੀ ਹੈ। ਹਰ ਰੋਜ਼ ਹਰ ਗੁਰਦੁਆਰੇ ਵਿੱਚ ਕਈ-ਕਈ ਵਾਰ ਇਹ ਕਿਹਾ ਜਾਂਦਾ ਹੈ: ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇਸ ਸਤਿ ਤੋਂ ਜਾਣੂੰ ਹੁੰਦੇ ਹੋਏ ਵੀ ਜੋ ਮਨੁੱਖ ਇਸ ਸਤਿ ਦੇ ਉਲਟ ਚੱਲ ਕੇ ਦੁਨਿਆਵੀ ਸੁੱਖਾਂ ਅਤੇ ਪਦਾਰਥਾਂ ਦੀ ਪ੍ਰਾਪਤੀ ਨੂੰ ਚੜ੍ਹਦੀ ਕਲਾ ਦੱਸਦੇ ਹਨ, ਜਿਨ੍ਹਾਂ ਦੇ ਹਿਰਦੇ ਵਿੱਚ ਸਤਿਨਾਮ ਨਹੀਂ ਪ੍ਰਗਟ ਹੋਇਆ ਫਿਰ ਵੀ ਆਪਣੇ ਆਪ ਨੂੰ ਚੜ੍ਹਦੀ ਕਲਾ ਵਿੱਚ ਦੱਸਦੇ ਹਨ, ਕੀ ਐਸੇ ਮਨੁੱਖ ਝੂਠ ਬੋਲ ਕੇ ਪਾਪ ਦੇ ਭਾਗੀਦਾਰ ਨਹੀਂ ਹੁੰਦੇ ਹਨ ਅਤੇ ਦਰਗਾਹ ਦੇ ਗੁਨਾਹਗਾਰ ਨਹੀਂ ਹਨ? ਚੜ੍ਹਦੀ ਕਲਾ ਤਾਂ ਪਰਮ ਆਨੰਦ ਸਤਿ ਚਿੱਤ ਆਨੰਦ ਦੀ ਪਰਮ ਸ਼ਕਤੀਸ਼ਾਲੀ ਅਵਸਥਾ ਹੈ। ਚੜ੍ਹਦੀ ਕਲਾ ਪੂਰਨ ਬ੍ਰਹਮ ਗਿਆਨ ਅਤੇ ਆਤਮ ਰਸ ਅੰਮ੍ਰਿਤ ਦੀ ਪ੍ਰਾਪਤੀ ਦੀ ਪਰਮ ਉੱਤਮ ਪਰਮ ਸ਼ਕਤੀਸ਼ਾਲੀ ਅਵਸਥਾ ਹੈ।

ਇਹ ਪਰਮ ਸਤਿ ਹੈ ਕਿ ਜਿਸ ਮਨੁੱਖ ਉੱਪਰ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਕਿਰਪਾ ਵਰਤਦੀ ਹੈ ਕੇਵਲ ਉਸ ਮਨੁੱਖ ਨੂੰ ਹੀ ਪਰਮ ਆਨੰਦ ਦੀ ਇਸ ਪਰਮ ਸ਼ਕਤੀਸ਼ਾਲੀ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ। ਜਿਸ ਮਨੁੱਖ ਉੱਪਰ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਨਦਰਿ ਹੁੰਦੀ ਹੈ ਕੇਵਲ ਉਹ ਮਨੁੱਖ ਹੀ ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ ਅਤੇ ਪੂਰਨ ਬੰਦਗੀ ਦਾ ਗੁਰਪ੍ਰਸਾਦਿ ਪ੍ਰਾਪਤ ਕਰਦਾ ਹੈ। ਜਿਸ ਮਨੁੱਖ ਉੱਪਰ ਸਤਿ ਪਾਰਬ੍ਰਹਮ ਪਰਮੇਸ਼ਰ ਦਾ ਪਰਮ ਸ਼ਕਤੀਸ਼ਾਲੀ ਕਰਮ ਬਰਸਦਾ ਹੈ ਕੇਵਲ ਉਹ ਮਨੁੱਖ ਹੀ ਗੁਰਪ੍ਰਸਾਦਿ ਦੀ ਪਰਮ ਸ਼ਕਤੀ ਪ੍ਰਾਪਤ ਕਰਕੇ ਪੂਰਨ ਬੰਦਗੀ ਦੀ ਅਵਸਥਾ ਵਿੱਚ ਪਹੁੰਚਦਾ ਹੈ। ਪੂਰਨ ਬੰਦਗੀ ਦੀ ਇਹ ਪਰਮ ਸ਼ਕਤੀਸ਼ਾਲੀ ਦਰਗਾਹੀ ਦਾਤ ਸਤਿਗੁਰ ਅਤੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਗੁਰ ਕਿਰਪਾ ਅਤੇ ਗੁਰ ਪ੍ਰਸਾਦਿ ਨਾਲ ਹੀ ਪ੍ਰਾਪਤ ਹੁੰਦੀ ਹੈ। ਜਿਸ ਮਨੁੱਖ ਉੱਪਰ ਸਤਿਗੁਰ ਅਤੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਨਦਰਿ ਹੁੰਦੀ ਹੈ ਕੇਵਲ ਉਸ ਮਨੁੱਖ ਨੂੰ ਇਸ ਪਰਮ ਸ਼ਕਤੀਸ਼ਾਲੀ ਟਕਸਾਲ ਦੀ ਪ੍ਰਾਪਤੀ ਹੁੰਦੀ ਹੈ ਜਿਸ ਵਿੱਚ ਘੋਲ ਕਮਾਈ ਕਰਦੇ-ਕਰਦੇ ਉਸਦੀ ਬੰਦਗੀ ਸੱਚਖੰਡ ਪ੍ਰਵਾਨ ਚੜ੍ਹਦੀ ਹੈ। ਇਸ ਪਰਮ ਸਤਿ ਤੱਤ ਨੂੰ ਗੁਰਬਾਣੀ ਵਿੱਚ ਬਾਰ-ਬਾਰ ਦ੍ਰਿੜ੍ਹ ਕਰਵਾਇਆ ਗਿਆ ਹੈ:

ਜਿਨ ਕਉ ਨਦਰਿ ਕਰਮੁ ਤਿਨ ਕਾਰ ॥ ਨਾਨਕ ਨਦਰੀ ਨਦਰਿ ਨਿਹਾਲ ॥੩੮॥

(ਪੰਨਾ ੮)

ਨਦਰਿ ਕਰੇ ਤਾ ਪਾਈਐ ਸਚੁ ਨਾਮੁ ਗੁਣਤਾਸਿ ॥੩॥

(ਪੰਨਾ ੫੩)

ਨਦਰਿ ਕਰੇ ਕੈ ਆਪਣੀ ਆਪੇ ਲਏ ਮਿਲਾਇ ਜੀਉ ॥੮॥

(ਪੰਨਾ ੭੨)

ਨਾਨਕ ਜਿਸੁ ਨਦਰਿ ਕਰੇ ਤਿਸੁ ਮੇਲਿ ਲਏ ਸਾਈ ਸੁਹਾਗਣਿ ਨਾਰਿ ॥੧॥

(ਪੰਨਾ ੯੦)

ਗੁਰ ਪਰਸਾਦੀ ਕੋ ਨਦਰਿ ਨਿਹਾਲੇ ॥

(ਪੰਨਾ ੧੧੧)

ਜਿਸ ਨੋ ਨਦਰਿ ਕਰੇ ਸਾ ਸੋਹਾਗਣਿ ਹੋਇ ॥੪॥੧੦॥

(ਪੰਨਾ ੩੫੧)

ਨਦਰਿ ਕਰੇ ਤਾ ਸਤਿਗੁਰੁ ਮਿਲੈ ॥ ਪ੍ਰਣਵਤਿ ਨਾਨਕੁ ਭਵਜਲੁ ਤਰੈ ॥੪॥੧੮॥

(ਪੰਨਾ ੩੫੪)

ਕਰਮੁ ਹੋਵੈ ਤਾ ਪਰਮ ਪਦੁ ਪਾਈਐ ਕਥੇ ਅਕਥ ਕਹਾਣੀ ॥੩॥

(ਪੰਨਾ ੪੨੨)

ਪੂਰਾ ਸਤਿਗੁਰੁ ਤਾਂ ਮਿਲੈ ਜਾਂ ਨਦਰਿ ਕਰੇਈ ॥

(ਪੰਨਾ ੪੨੨)

ਨਦਰਿ ਕਰਹਿ ਜੇ ਆਪਣੀ ਤਾ ਨਦਰੀ ਸਤਿਗੁਰੁ ਪਾਇਆ ॥

(ਪੰਨਾ ੪੬੫)

ਬਿਨੁ ਸਤਿਗੁਰ ਕਿਨੈ ਨ ਪਾਇਓ ਬਿਨੁ ਸਤਿਗੁਰ ਕਿਨੈ ਨ ਪਾਇਆ ॥

ਸਤਿਗੁਰ ਵਿਚਿ ਆਪੁ ਰਖਿਓਨੁ ਕਰਿ ਪਰਗਟੁ ਆਖਿ ਸੁਣਾਇਆ ॥

(ਪੰਨਾ ੪੬੬)

ਜਿਸ ਮਨੁੱਖ ਉੱਪਰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ‘ਨਦਰਿ’ ਪ੍ਰਗਟ ਹੁੰਦੀ ਹੈ ਉਸ ਮਨੁੱਖ ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਸਤਿਗੁਰ ਪੂਰੇ ਦੀ ਸਤਿ ਸੰਗਤ ਵਿੱਚ ਲੈ ਜਾਂਦਾ ਹੈ। ਜਿਸ ਮਨੁੱਖ ਦੇ ਪੂਰਬਲੇ ਜਨਮਾਂ ਦੇ ਵਿੱਚ ਕੀਤੇ ਗਏ ਸਤਿ ਕਰਮਾਂ ਦੇ ਅਤੇ ਪਿੱਛਲੇ ਜਨਮਾਂ ਵਿੱਚ ਕੀਤੀ ਗਈ ਬੰਦਗੀ ਦੇ ਅੰਕੁਰ ਪ੍ਰਗਟ ਹੁੰਦੇ ਹਨ ਤਾਂ ਉਸ ਮਨੁੱਖ ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਪੂਰਨ ਸੰਤ ਸਤਿਗੁਰ ਦੀ ਸਤਿ ਸੰਗਤ ਵਿੱਚ ਲੈ ਜਾਂਦਾ ਹੈ। ਕੇਵਲ ਅਤੇ ਕੇਵਲ ਪੂਰਨ ਸਤਿਗੁਰ ਦੀ ਸੰਗਤ ਵਿੱਚ ਜਾ ਕੇ ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰ ਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਕੇਵਲ ਗੁਰ ਪ੍ਰਸਾਦਿ ਦੀ ਇਸ ਪਰਮ ਸ਼ਕਤੀ ਦੀ ਪ੍ਰਾਪਤੀ ਨਾਲ ਹੀ ਮਨੁੱਖ ਦੀ ਬੰਦਗੀ ਸੰਭਵ ਹੁੰਦੀ ਹੈ। ਕੇਵਲ ਪੂਰੇ ਸਤਿਗੁਰ ਦੇ ਛੱਤਰ ਹੇਠ ਬੈਠ ਕੇ ਹੀ ਗੁਰ ਸ਼ਬਦ ਦੀ ਕਮਾਈ ਸੰਭਵ ਹੁੰਦੀ ਹੈ। ਕੇਵਲ ਪੂਰੇ ਸਤਿਗੁਰ ਦੇ ਛੱਤਰ ਹੇਠ ਬੈਠ ਕੇ ਹੀ ਇੜਾ, ਪਿੰਗਲਾ ਅਤੇ ਸੁਸ਼ਮਨਾ ਦੀਆਂ ਪਰਮ ਸ਼ਕਤੀਆਂ ਜਾਗਰਤ ਹੁੰਦੀਆ ਹਨ ਅਤੇ ਏਕ ਬੂੰਦ ਅੰਮ੍ਰਿਤ ਨੂੰ ਪ੍ਰਾਪਤ ਕਰਕੇ ਸਤਿਨਾਮ ਸੁਰਤਿ ਵਿੱਚ ਜਾਂਦਾ ਹੈ ਅਤੇ ਮਨੁੱਖ ਨੂੰ ਸੁਹਾਗਣ ਬਣ ਕੇ ਸਮਾਧੀ ਅਤੇ ਸੁੰਨ ਸਮਾਧੀ ਦੀ ਪ੍ਰਾਪਤੀ ਹੁੰਦੀ ਹੈ। ਕੇਵਲ ਐਸਾ ਹੋਣ ‘ਤੇ ਹੀ ਮਨੁੱਖ ਦੇ ਸਾਰੇ ਬਜਰ ਕਪਾਟ ਖੁੱਲ੍ਹ ਜਾਂਦੇ ਹਨ ਅਤੇ ੭ ਸਤਿ ਸਰੋਵਰ ਪ੍ਰਕਾਸ਼ਮਾਨ ਹੋ ਜਾਂਦੇ ਹਨ ਅਤੇ ਮਨੁੱਖ ਦੀ ਬੰਦਗੀ ‘ਕਰਮ ਖੰਡ’ ਵਿੱਚ ਚਲੀ ਜਾਂਦੀ ਹੈ। ਕੇਵਲ ਪੂਰੇ ਸਤਿਗੁਰ ਦੇ ਛੱਤਰ ਹੇਠ ਬੈਠ ਕੇ ਹੀ ਗੁਰ ਸ਼ਬਦ ਦੀ ਕਮਾਈ ਕਰਦੇ ਹੋਏ, ਸਿਮਰਨ ਅਤੇ ਸੇਵਾ ਕਰਦੇ ਹੋਏ ਮਨ ਚਿੰਦਿਆ ਜਾਂਦਾ ਹੈ, ਪੰਜ ਦੂਤ ਵੱਸ ਆ ਜਾਂਦੇ ਹਨ, ਤ੍ਰਿਸ਼ਨਾ ਬੁੱਝ ਜਾਂਦੀ ਹੈ ਅਤੇ ਹਿਰਦੇ ਦੀ ਪੂਰਨ ਸਚਿਆਰੀ ਰਹਿਤ ਪ੍ਰਾਪਤ ਕਰਕੇ, ਹਿਰਦੇ ਵਿੱਚ ਪਰਮ ਜੋਤ ਪੂਰਨ ਪ੍ਰਕਾਸ਼ ਪ੍ਰਗਟ ਹੋ ਕੇ ਮਾਇਆ ਨੂੰ ਜਿੱਤਿਆ ਜਾਂਦਾ ਹੈ। ਕੇਵਲ ਪੂਰੇ ਸਤਿਗੁਰ ਦੀ ਕਿਰਪਾ ਅਤੇ ਗੁਰ ਪ੍ਰਸਾਦਿ ਨਾਲ ਹੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਦਰਸ਼ਨ ਹੁੰਦੇ ਹਨ ਅਤੇ ਪੂਰਨ ਬ੍ਰਹਮ ਗਿਆਨ, ਤੱਤ ਗਿਆਨ ਅਤੇ ਆਤਮ ਰਸ ਅੰਮ੍ਰਿਤ ਦੀ ਪ੍ਰਾਪਤੀ ਕਰਕੇ ਬੰਦਗੀ ਪੂਰਨ ਹੁੰਦੀ ਹੈ ਅਤੇ ਮਨੁੱਖ ਸਦਾ ਸੁਹਾਗਣ ਬਣ ਪਰਮ ਪਦਵੀ ਦੀ ਪ੍ਰਾਪਤੀ ਕਰਕੇ ਜੀਵਨ ਮੁਕਤ ਹੋ ਜਾਂਦਾ ਹੈ। ਇਹ ਹੀ ਪੂਰਨ ਸਤਿ ਹੈ। ਇਹ ਹੀ ਪੂਰਨ ਬੰਦਗੀ ਦਾ ਰਹੱਸ ਹੈ।

ਮਾਇਆ ਵਿੱਚ ਗਲਤਾਨ ਲੋਕਾਈ ਭਰਮਾਂ ਵਿੱਚ ਪਈ ਹੋਈ ਹੈ। ਜੋ ਸਤਿ ਨਹੀਂ ਹੈ ਉਹ ਭਰਮ ਹੈ। ਜੋ ਅਸਤਿ ਹੈ ਉਹ ਭਰਮ ਹੈ। ਸੰਸਾਰ ਵਿੱਚ ਪ੍ਰਚਲਿਤ ਭਰਮ ਬੰਦਗੀ ਦੇ ਮਾਰਗ ਵਿੱਚ ਸਭ ਤੋਂ ਵੱਡਾ ਅੜਿੱਕਾ ਪਾਉਂਦੇ ਹਨ। ਭਰਮ ਮਨੁੱਖ ਦੇ ਜੀਵਨ ਵਿੱਚ ਦੁਬਿਧਾ ਨੂੰ ਜਨਮ ਦਿੰਦੇ ਹਨ। ਦੁਬਿਧਾ ਵਿੱਚ ਜਕੜੇ ਹੋਏ ਮਨੁੱਖ ਦੇ ਹਿਰਦੇ ਵਿੱਚ ਗੁਰ ਅਤੇ ਗੁਰੂ ਲਈ ਪੂਰਨ ਸ਼ਰਧਾ, ਪ੍ਰੀਤ ਅਤੇ ਭਰੋਸਾ ਕਦੇ ਨਹੀਂ ਹੁੰਦਾ ਹੈ। ਦੁਬਿਧਾ ਮਨੁੱਖ ਦੇ ਜੀਵਨ ਨੂੰ ਨਰਕ ਸਮਾਨ ਬਣਾ ਦਿੰਦੀ ਹੈ। ਧੰਨ ਧੰਨ ਸਤਿਗੁਰੂ ਅਵਤਾਰ ਪੰਚਮ ਪਾਤਸ਼ਾਹ ਜੀ ਨੇ ਦੁਬਿਧਾ ਬਾਰੇ ਪੂਰਨ ਬ੍ਰਹਮ ਗਿਆਨ ਇਸ ਸਲੋਕ ਵਿੱਚ ਪ੍ਰਗਟ ਕਰ ਕੇ ਸਾਰੀ ਲੋਕਾਈ ਦਾ ਮਾਰਗ ਦਰਸ਼ਨ ਕੀਤਾ ਹੈ :-

ਗਉੜੀ ਮਹਲਾ ੫ ॥

ਜੋ ਇਸੁ ਮਾਰੇ ਸੋਈ ਸੂਰਾ ॥ ਜੋ ਇਸੁ ਮਾਰੇ ਸੋਈ ਪੂਰਾ ॥

ਜੋ ਇਸੁ ਮਾਰੇ ਤਿਸਹਿ ਵਡਿਆਈ ॥ ਜੋ ਇਸੁ ਮਾਰੇ ਤਿਸ ਕਾ ਦੁਖੁ ਜਾਈ ॥੧॥

ਐਸਾ ਕੋਇ ਜਿ ਦੁਬਿਧਾ ਮਾਰਿ ਗਵਾਵੈ ॥ ਇਸਹਿ ਮਾਰਿ ਰਾਜ ਜੋਗੁ ਕਮਾਵੈ ॥੧॥ ਰਹਾਉ ॥

ਜੋ ਇਸੁ ਮਾਰੇ ਤਿਸ ਕਉ ਭਉ ਨਾਹਿ ॥ ਜੋ ਇਸੁ ਮਾਰੇ ਸੁ ਨਾਮਿ ਸਮਾਹਿ ॥

ਜੋ ਇਸੁ ਮਾਰੇ ਤਿਸ ਕੀ ਤ੍ਰਿਸਨਾ ਬੁਝੈ ॥ ਜੋ ਇਸੁ ਮਾਰੇ ਸੁ ਦਰਗਹ ਸਿਝੈ ॥੨॥

ਜੋ ਇਸੁ ਮਾਰੇ ਸੋ ਧਨਵੰਤਾ ॥ ਜੋ ਇਸੁ ਮਾਰੇ ਸੋ ਪਤਿਵੰਤਾ ॥

ਜੋ ਇਸੁ ਮਾਰੇ ਸੋਈ ਜਤੀ ॥ ਜੋ ਇਸੁ ਮਾਰੇ ਤਿਸੁ ਹੋਵੈ ਗਤੀ ॥੩॥

ਜੋ ਇਸੁ ਮਾਰੇ ਤਿਸ ਕਾ ਆਇਆ ਗਨੀ ॥ ਜੋ ਇਸੁ ਮਾਰੇ ਸੁ ਨਿਹਚਲੁ ਧਨੀ ॥

ਜੋ ਇਸੁ ਮਾਰੇ ਸੋ ਵਡਭਾਗਾ ॥ ਜੋ ਇਸੁ ਮਾਰੇ ਸੁ ਅਨਦਿਨੁ ਜਾਗਾ ॥੪॥

ਜੋ ਇਸੁ ਮਾਰੇ ਸੁ ਜੀਵਨ ਮੁਕਤਾ ॥ ਜੋ ਇਸੁ ਮਾਰੇ ਤਿਸ ਕੀ ਨਿਰਮਲ ਜੁਗਤਾ ॥

ਜੋ ਇਸੁ ਮਾਰੇ ਸੋਈ ਸੁਗਿਆਨੀ ॥ ਜੋ ਇਸੁ ਮਾਰੇ ਸੁ ਸਹਿਜ ਧਿਆਨੀ ॥੫॥

ਇਸੁ ਮਾਰੀ ਬਿਨੁ ਥਾਇ ਨ ਪਰੈ ॥ ਕੋਟਿ ਕਰਮ ਜਾਪ ਤਪ ਕਰੈ ॥

ਇਸੁ ਮਾਰੀ ਬਿਨੁ ਜਨਮੁ ਨ ਮਿਟੈ ॥ ਇਸੁ ਮਾਰੀ ਬਿਨੁ ਜਮ ਤੇ ਨਹੀਂ ਛੁਟੈ ॥੬॥

ਇਸੁ ਮਾਰੀ ਬਿਨੁ ਗਿਆਨੁ ਨ ਹੋਈ ॥ ਇਸੁ ਮਾਰੀ ਬਿਨੁ ਜੂਠਿ ਨ ਧੋਈ ॥

ਇਸੁ ਮਾਰੀ ਬਿਨੁ ਸਭੁ ਕਿਛੁ ਮੈਲਾ ॥ ਇਸੁ ਮਾਰੀ ਬਿਨੁ ਸਭੁ ਕਿਛੁ ਜਉਲਾ ॥੭॥

ਜਾ ਕਉ ਭਏ ਕ੍ਰਿਪਾਲ ਕ੍ਰਿਪਾ ਨਿਧਿ ॥ ਤਿਸੁ ਭਈ ਖਲਾਸੀ ਹੋਈ ਸਗਲ ਸਿਧਿ ॥

ਗੁਰਿ ਦੁਬਿਧਾ ਜਾ ਕੀ ਹੈ ਮਾਰੀ ॥ ਕਹੁ ਨਾਨਕ ਸੋ ਬ੍ਰਹਮ ਬੀਚਾਰੀ ॥੮॥੫॥

(ਸ੍ਰੀ ਗੁਰੂ ਗ੍ਰੰਥ ਸਾਹਿਬ ੨੩੭)

‘ਇਸ’ ਸ਼ਬਦ ਵਿੱਚ ਸਤਿਗੁਰ ਅਵਤਾਰ ਧੰਨ ਧੰਨ ਪੰਚਮ ਪਾਤਿਸ਼ਾਹ ਜੀ ਦੁਬਿਧਾ ਦੀ ਕਥਾ ਨੂੰ ਪ੍ਰਗਟ ਕਰ ਰਹੇ ਹਨ। ਸ਼ਬਦ ‘ਇਸ’ ਤੋਂ ਭਾਵ ਦੁਬਿਧਾ ਹੈ। ਦੁਬਿਧਾ ਵਿੱਚ ਬੰਦਗੀ ਪੂਰਨ ਨਹੀਂ ਹੁੰਦੀ ਹੈ। ਦੋ ਚਿੱਤਾ ਮਨ ਹੋਣ ਕਾਰਨ ਬੰਦਗੀ ਪੂਰਨ ਨਹੀਂ ਹੁੰਦੀ ਹੈ। ਇੱਕ ਮਨ ਇੱਕ ਚਿੱਤ ਹੀ ਬੰਦਗੀ ਪੂਰਨ ਕਰਨ ਦਾ ਸਬੱਬ ਬਣਦਾ ਹੈ। ਇੱਕ ਮਨ ਇੱਕ ਚਿੱਤ ਦੀ ਬਖ਼ਸ਼ਿਸ਼ ਗੁਰਪ੍ਰਸਾਦਿ ਹੈ। ਜੋ ਮਨੁੱਖ ਗੁਰਪ੍ਰਸਾਦਿ ਦੀ ਪ੍ਰਾਪਤੀ ਕਰਦੇ ਹਨ ਉਹ ਮਨੁੱਖ ਗੁਰ ਕਿਰਪਾ ਨਾਲ ਦੁਬਿਧਾ ਵਿੱਚੋਂ ਨਿਕਲ ਜਾਂਦੇ ਹਨ ਅਤੇ ਗੁਰ ਅਤੇ ਗੁਰੂ ਲਈ ਪੂਰਨ ਸ਼ਰਧਾ, ਪ੍ਰੀਤ ਅਤੇ ਭਰੋਸੇ ਦੀਆਂ ਦਰਗਾਹੀ ਬਖ਼ਸ਼ਿਸ਼ਾਂ ਪ੍ਰਾਪਤ ਕਰ ਕੇ ਬੰਦਗੀ ਪੂਰਨ ਕਰ ਲੈਂਦੇ ਹਨ। ਐਸੇ ਮਨੁੱਖ ਜੋ ਦੁਬਿਧਾ ਨੂੰ ਮਾਰ ਗਵਾਂਦੇ ਹਨ ਉਨ੍ਹਾਂ ਨੂੰ ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਜੋ ਮਨੁੱਖ ਦੁਬਿਧਾ ਨੂੰ ਮਾਰ ਗਵਾਂਦਾ ਹੈ :-

੧) ਉਹ ਮਨੁੱਖ ‘ਸੂਰਾ’ ਹੈ ਭਾਵ ਉਹ ਮਨੁੱਖ ਸੂਰਮਾ ਬਣ ਜਾਂਦਾ ਹੈ ਕਿਉਂਕਿ ਉਹ ਮਨੁੱਖ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਤ੍ਰਿਸ਼ਨਾ ਉੱਪਰ ਜਿੱਤ ਪ੍ਰਾਪਤ ਕਰ ਲੈਂਦਾ ਹੈ। ਬੰਦਗੀ ਕੇਵਲ ਮਾਇਆ ਨਾਲ ਜੰਗ ਹੈ। ਇਹ ਜੰਗ ਕਾਮ ਚੰਡਾਲ, ਕ੍ਰੋਧ ਚੰਡਾਲ, ਲੋਭ ਚੰਡਾਲ, ਮੋਹ ਚੰਡਾਲ ਅਤੇ ਅਹੰਕਾਰ ਚੰਡਾਲ ਅਤੇ ਮਨੁੱਖ ਦੇ ਮਨ ਵਿੱਚ ਹੁੰਦੀ ਹੈ। ਮਨੁੱਖ ਆਪਣੀ ਤ੍ਰਿਸ਼ਨਾ ਨੂੰ ਬੁਝਾਉਣ ਵਾਸਤੇ ਇਨ੍ਹਾਂ ਪੰਜ ਚੰਡਾਲਾਂ ਦਾ ਸਹਾਰਾ ਲੈਂਦਾ ਹੈ ਅਤੇ ਇਨ੍ਹਾਂ ਪੰਜ ਚੰਡਾਲਾਂ ਦੀ ਗੁਲਾਮੀ ਵਿੱਚ ਕਰਮ ਕਰਦਾ ਹੈ। ਜੋ ਮਨੁੱਖ ਇਨ੍ਹਾਂ ਪੰਜ ਚੰਡਾਲਾਂ ਉੱਪਰ ਜਿੱਤ ਪ੍ਰਾਪਤ ਕਰ ਲੈਂਦਾ ਹੈ ਅਤੇ ਸਤਿ ਸੰਤੋਖ਼ ਵਿੱਚ ਚਲਾ ਜਾਂਦਾ ਹੈ ਉਸਦੀ ਤ੍ਰਿਸ਼ਨਾ ਬੁੱਝ ਜਾਂਦੀ ਹੈ ਅਤੇ ਇਹ ਪੰਜ ਚੰਡਾਲ ਉਸਦੇ ਚਰਨਾਂ ਹੇਠ ਆ ਕੇ ਉਸਦੇ ਸੇਵਕ ਬਣ ਜਾਂਦੇ ਹਨ। ਮਾਇਆ ਐਸੇ ਪਰਮ ਸ਼ਕਤੀਸ਼ਾਲੀ ਸੂਰਮੇ ਦੀ ਸੇਵਕ ਬਣ ਜਾਂਦੀ ਹੈ। ਜੋ ਮਨੁੱਖ ਦੁਬਿਧਾ ਨੂੰ ਮਾਰ ਦਿੰਦਾ ਹੈ ਉਹ ਮਨੁੱਖ ਸਾਰੇ ਵਿਕਾਰਾਂ ਤੋਂ ਮੁਕਤ ਹੋ ਜਾਂਦਾ ਹੈ ਅਤੇ ਮਾਇਆ ਉੱਪਰ ਜਿੱਤ ਪ੍ਰਾਪਤ ਕਰ ਲੈਂਦਾ ਹੈ। ਐਸਾ ਮਨੁੱਖ ਸਤਿ ਪਾਰਬ੍ਰਹਮ ਪਰਮੇਸ਼ਰ ਵਿੱਚ ਲੀਨ ਹੋ ਕੇ ਇੱਕ ਦ੍ਰਿਸ਼ਟ ਹੋ ਜਾਂਦਾ ਹੈ।

੨) ਉਹ ਮਨੁੱਖ ‘ਪੂਰਾ’ ਹੋ ਜਾਂਦਾ ਹੈ। ਭਾਵ ਜੋ ਮਨੁੱਖ ਦੁਬਿਧਾ ਨੂੰ ਮਾਰ ਗਵਾਂਦਾ ਹੈ ਉਹ ਮਨੁੱਖ ਆਪਣਾ ਅੰਦਰਲਾ ਤੀਰਥ ਪੂਰਾ ਕਰ ਲੈਂਦਾ ਹੈ ਅਤੇ ਹਿਰਦੇ ਦੀ ਪੂਰਨ ਸਚਿਆਰੀ ਰਹਿਤ ਦੀ ਕਮਾਈ ਕਰਕੇ ਪੂਰਨ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ। ਐਸੇ ਮਨੁੱਖ ਦੀ ਬੰਦਗੀ ਪੂਰਨ ਹੋ ਜਾਂਦੀ ਹੈ ਅਤੇ ਦਰਗਾਹ ਵਿੱਚ ਪ੍ਰਵਾਨ ਹੋ ਜਾਂਦੀ ਹੈ। ਐਸੇ ਮਨੁੱਖ ਦੇ ਹਿਰਦੇ ਵਿੱਚ ਪਰਮ ਜੋਤ ਪੂਰਨ ਪ੍ਰਕਾਸ਼ ਪ੍ਰਗਟ ਹੋ ਜਾਂਦਾ ਹੈ। ਐਸਾ ਮਨੁੱਖ ਅਕਾਲ ਪੁਰਖ ਵਿੱਚ ਅਭੇਦ ਹੋ ਕੇ ਪੂਰਨ ਬ੍ਰਹਮ ਗਿਆਨ ਅਤੇ ਤੱਤ ਗਿਆਨ ਪ੍ਰਾਪਤ ਕਰ ਲੈਂਦਾ ਹੈ। ਐਸਾ ਮਨੁੱਖ ਪੂਰਨ ਬ੍ਰਹਮ ਗਿਆਨੀ, ਪੂਰਨ ਸੰਤ, ਸਤਿਗੁਰੂ, ਖ਼ਾਲਸਾ ਅਤੇ ਗੁਰਮੁਖ ਬਣ ਜਾਂਦਾ ਹੈ।

੩) ਉਹ ਮਨੁੱਖ ਦਰਗਾਹ ਵਿੱਚ ਮਾਣ ਪ੍ਰਾਪਤ ਕਰਦਾ ਹੈ। ਜੋ ਮਨੁੱਖ ਦਰਗਾਹ ਵਿੱਚ ਮਾਣ ਪ੍ਰਾਪਤ ਕਰਦਾ ਹੈ ਉਸ ਮਹਾ ਪੁਰਖ ਦਾ ਧਰਤੀ ਉੱਪਰ ਵੀ ਮਾਣ ਹੁੰਦਾ ਹੈ। ਉਸਦੀ ਧਰਤੀ ਉੱਪਰ ਸਤਿ ਸੰਗਤ ਬਣਦੀ ਹੈ। ਉਸ ਰਾਹੀਂ ਅਨੇਕਾਂ ਲੋਕਾਂ ਦਾ ਧਰਤੀ ਉੱਪਰ ਪਰਉਪਕਾਰ ਅਤੇ ਮਹਾ ਪਰਉਪਕਾਰ ਹੁੰਦਾ ਹੈ। ਐਸਾ ਮਹਾ ਪੁਰਖ ਧਰਤੀ ਉੱਪਰ ਗੁਰਪ੍ਰਸਾਦਿ ਵਰਤਾਉਣ ਦੀ ਸੇਵਾ ਨਾਲ ਨਿਵਾਜਿਆ ਜਾਂਦਾ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਐਸੇ ਪੂਰਨ ਮਹਾ ਪੁਰਖ ਨੂੰ ਪੂਰਨ ਸਤਿ ਵਰਤਾਉਣ ਦੀ ਸੇਵਾ ਦੇ ਕੇ, ਦਸੋ ਦਿਸ਼ਾ ਉਸ ਨੂੰ ਪ੍ਰਗਟ ਕਰਦਾ ਹੈ। ਐਸੇ ਮਹਾ ਪੁਰਖ ਨੂੰ ਸਤਿ ਪਾਰਬ੍ਰਹਮ ਪਰਮੇਸ਼ਰ ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਵਰਤਾਉਣ ਦੇ ਦਰਗਾਹੀ ਅਧਿਕਾਰ ਨਾਲ ਅਤੇ ਇਸ ਗੁਰਪ੍ਰਸਾਦਿ ਦੀ ਪਰਮ ਸ਼ਕਤੀ ਵਰਤਾਉਣ ਦੀ ਸੇਵਾ ਨਾਲ ਨਿਵਾਜਦਾ ਹੈ। ਐਸੇ ਮਹਾ ਪੁਰਖ ਦੀ ਸਤਿ ਸੰਗਤ ਵਿੱਚ ਪੂਰਨ ਸਤਿ ਵਰਤਦਾ ਹੈ। ਐਸੇ ਮਹਾ ਪੁਰਖ ਦੀ ਸਤਿ ਸੰਗਤ ਵਿੱਚ ਸਤਿ ਦੀ ਕਥਾ ਅਤੇ ਮਹਿਮਾ ਆਪ ਪ੍ਰਗਟ ਹੁੰਦੀ ਹੈ ਅਤੇ ਸੁਹਾਗਣਾਂ ਦਾ ਜਨਮ ਹੁੰਦਾ ਹੈ। ਐਸੇ ਮਹਾ ਪੁਰਖ ਸਤਿ ਸੰਗਤ ਅਤੇ ਛੱਤਰ ਦੀ ਮਹਿਮਾ ਸਾਰੇ ਬ੍ਰਹਿਮੰਡ ਵਿੱਚ ਪ੍ਰਗਟ ਹੁੰਦੀ ਹੈ।

੪) ਉਸ ਮਨੁੱਖ ਦੇ ਸਾਰੇ ਦੁੱਖਾਂ ਕਲੇਸ਼ਾਂ ਦਾ ਅੰਤ ਹੋ ਜਾਂਦਾ ਹੈ। ਉਸ ਮਨੁੱਖ ਦੇ ਕਰਮਾਂ ਦੇ ਬੰਧਨ ਟੁੱਟ ਜਾਂਦੇ ਹਨ। ਉਸਦੇ ਪਾਪਾਂ ਦਾ ਅੰਤ ਹੋ ਜਾਂਦਾ ਹੈ, ਮਨ ਦੀ ਮੈਲ ਧੁਪ ਜਾਂਦੀ ਹੈ, ਮਨ ਜੋਤ ਸਰੂਪ ਹੋ ਜਾਂਦਾ ਹੈ। ਉਹ ਮਨੁੱਖ ਮਨ ਨੂੰ ਜਿੱਤ ਲੈਂਦਾ ਹੈ। ਮਾਇਆ ਨੂੰ ਜਿੱਤ ਲੈਂਦਾ ਹੈ। ਹਿਰਦਾ ਸੰਤ ਬਣ ਜਾਂਦਾ ਹੈ। ਹਿਰਦਾ ਪੂਰਨ ਸਚਿਆਰੀ ਰਹਿਤ ਵਿੱਚ ਚਲਾ ਜਾਂਦਾ ਹੈ। ਜੋ ਮਨੁੱਖ ਦੁਬਿਧਾ ਮਾਰ ਗਵਾਂਦਾ ਹੈ ਉਸ ਮਨੁੱਖ ਦੀ ਬੰਦਗੀ ਪੂਰਨ ਹੋ ਜਾਂਦੀ ਹੈ ਅਤੇ ਉਹ ਮਨੁੱਖ ਰਾਜ ਜੋਗ ਕਮਾ ਕੇ ਆਪਣਾ ਜਨਮ ਸਫਲ ਕਰ ਲੈਂਦਾ ਹੈ। ਰਾਜ ਜੋਗ ਤੋਂ ਭਾਵ ਹੈ ਗ੍ਰਹਿਸਤ ਜੀਵਨ ਵਿੱਚ ਦੁਨੀਆਂ ਦੇ ਕਾਰ ਵਿਹਾਰ ਕਰਦਿਆਂ ਹੋਇਆਂ ਵੀ ਮਨੁੱਖ ਮਾਇਆ ਨੂੰ ਜਿੱਤ ਕੇ ਦਰਗਾਹ ਵਿੱਚ ਮਾਣ ਪ੍ਰਾਪਤ ਕਰ ਲੈਂਦਾ ਹੈ। ਸਹਿਜ ਅਵਸਥਾ ਦੀ ਪ੍ਰਾਪਤੀ ਹੋ ਜਾਂਦੀ ਹੈ। ਜੀਵਨ ਸਦਾ-ਸਦਾ ਲਈ ਆਨੰਦ ਵਿੱਚ ਚਲਾ ਜਾਂਦਾ ਹੈ।

੫) ਉਹ ਮਨੁੱਖ ਨਿਰਭਉ ਹੋ ਜਾਂਦਾ ਹੈ। ਭਾਵ ਜੋ ਮਨੁੱਖ ਦੁਬਿਧਾ ਮਾਰ ਗਵਾਂਦਾ ਹੈ ਉਹ ਮਨੁੱਖ ਮੋਹ ਮਾਇਆ ਦੇ ਜਾਲ ਵਿੱਚੋਂ ਮੁਕਤ ਹੋ ਜਾਂਦਾ ਹੈ। ਉਹ ਮਨੁੱਖ ਦੁਨਿਆਵੀ ਰਿਸ਼ਤਿਆਂ ਅਤੇ ਪਦਾਰਥਾਂ ਤੋਂ ਨਿਰਾਸ਼ਕਤ ਹੋ ਕੇ ਮੋਹ ਦੇ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ। ਉਸ ਮਨੁੱਖ ਨੂੰ ਕਰਮ ਕਾਂਡ ਦੇ ਰਿਸ਼ਤਿਆਂ ਦਾ ਸਤਿ ਸਮਝ ਆ ਜਾਂਦਾ ਹੈ। ਉਸ ਨੂੰ ਇਸ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ ਕਿ ਦੁਨਿਆਵੀ ਸੰਬੰਧ ਸਾਰੇ ਝੂਠੇ ਸੰਬੰਧ ਹਨ। ਉਸ ਮਨੁੱਖ ਨੂੰ ਇਸ ਬ੍ਰਹਮ ਗਿਆਨ ਦੀ ਵੀ ਪ੍ਰਾਪਤੀ ਹੋ ਜਾਂਦੀ ਹੈ ਕਿ ਦੁਨਿਆਵੀ ਪਦਾਰਥਾਂ ਦੇ ਇਕੱਤਰ ਕਰਨ ਦਾ ਕੋਈ ਲਾਭ ਨਹੀਂ ਨਾ ਹੀ ਇਨ੍ਹਾਂ ਪਦਾਰਥਾਂ, ਸੰਬੰਧਾਂ ਅਤੇ ਸੁੱਖਾਂ ਦੇ ਖੋਹੇ ਜਾਣ ਦਾ ਕੋਈ ਭਉ ਉਸਦੇ ਚਿੱਤ ਵਿੱਚ ਰਹਿ ਜਾਂਦਾ ਹੈ।

੬) ਉਸ ਮਨੁੱਖ ਦੇ ਰੋਮ-ਰੋਮ ਵਿੱਚ ਨਾਮ ਚਲਾ ਜਾਂਦਾ ਹੈ। ਉਸ ਮਨੁੱਖ ਦੇ ਸਾਰੇ ਬਜਰ ਕਪਾਟ ਖੁੱਲ੍ਹ ਜਾਂਦੇ ਹਨ। ਸਾਰੇ ਸਤਿ ਸਰੋਵਰ ਪ੍ਰਕਾਸ਼ਮਾਨ ਹੋ ਜਾਂਦੇ ਹਨ ਅਤੇ ਸਾਰੀ ਦੇਹੀ ਅੰਮ੍ਰਿਤ ਨਾਲ ਭਰਪੂਰ ਹੋ ਜਾਂਦੀ ਹੈ। ਦਸਮ ਦੁਆਰ ਖੁੱਲ੍ਹ ਜਾਂਦਾ ਹੈ ਅਤੇ ਅਨਹਦ ਸ਼ਬਦ ਅੰਮ੍ਰਿਤ ਦੀ ਪ੍ਰਾਪਤੀ ਹੋ ਜਾਂਦੀ ਹੈ। ਸੁੰਨ ਅਵਸਥਾ ਦੀ ਪ੍ਰਾਪਤੀ ਹੋ ਜਾਂਦੀ ਹੈ ਅਤੇ ਮਨ ਪੂਰਨ ਸ਼ਾਂਤੀ ਵਿੱਚ ਚਲਾ ਜਾਂਦਾ ਹੈ। ਉਹ ਨਾਮ ਧਨ ਦਾ ਮਾਲਕ ਬਣ ਜਾਂਦਾ ਹੈ। ਉਸਨੂੰ ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ ਅਤੇ ਪੂਰਨ ਬੰਦਗੀ ਦੇ ਗੁਰਪ੍ਰਸਾਦਿ ਦੇ ਖਜ਼ਾਨੇ ਦੀ ਕੁੰਜੀ ਦੀ ਪ੍ਰਾਪਤੀ ਹੋ ਜਾਂਦੀ ਹੈ।

੭) ਉਸ ਮਨੁੱਖ ਦੇ ਚਰਨਾਂ ਦੇ ਹੇਠਾਂ ਸਾਰੀਆਂ ਰਿੱਧੀਆਂ-ਸਿੱਧੀਆਂ ਦੇ ਦਰਗਾਹੀ ਖਜ਼ਾਨੇ ਆ ਜਾਂਦੇ ਹਨ। ਭਾਵ ਜੋ ਮਨੁੱਖ ਦੁਬਿਧਾ ਨੂੰ ਮਾਰ ਗਵਾਂਦਾ ਹੈ, ਰਿੱਧੀਆਂ-ਸਿੱਧੀਆਂ ਉਸ ਮਨੁੱਖ ਦੀ ਸੇਵਾ ਵਿੱਚ ਹਾਜ਼ਰ ਰਹਿੰਦੀਆਂ ਹਨ ਅਤੇ ਉਸਦੀ ਸੇਵਾ ਕਰਦੀਆਂ ਹਨ। ਮਾਇਆ ਐਸੇ ਮਨੁੱਖ ਦੀ ਸੇਵਕ ਬਣ ਜਾਂਦੀ ਹੈ। ਐਸੇ ਮਨੁੱਖ ਨੂੰ ਦਰਗਾਹ ਵਿੱਚ ਮਾਣ ਪ੍ਰਾਪਤ ਹੁੰਦਾ ਹੈ ਅਤੇ ਐਸਾ ਮਹਾ ਪੁਰਖ ਧਰਤੀ ਉੱਪਰ ਵੀ ਮਾਣ ਪ੍ਰਾਪਤ ਕਰਦਾ ਹੈ।

੮) ਉਹ ਮਨੁੱਖ ਜੀਵਨ ਮੁਕਤੀ ਨੂੰ ਪ੍ਰਾਪਤ ਕਰ ਲੈਂਦਾ ਹੈ। ਜਨਮ-ਮਰਨ ਦੇ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ। ਤ੍ਰਿਸ਼ਨਾ ਬੁੱਝ ਜਾਂਦੀ ਹੈ। ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਰੂਪੀ ਸਾਰੇ ਚੰਡਾਲ ਵੱਸ ਆ ਜਾਂਦੇ ਹਨ। ਮਨ ਚਿੰਦਿਆ ਜਾਂਦਾ ਹੈ। ਮਨ ਜਿੱਤਿਆ ਜਾਂਦਾ ਹੈ। ਮਾਇਆ ਦੇ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ। ਕਰਮਾਂ ਦੇ ਬੰਧਨ ਟੁੱਟ ਜਾਂਦੇ ਹਨ। ਕਰਮਾਂ ਦਾ ਲੇਖਾ-ਜੋਖਾ ਪੂਰਾ ਹੋ ਜਾਂਦਾ ਹੈ। ਉਸਦੀ ਰੂਹ ਕਰਮਾਂ ਦੇ ਬੋਝ ਤੋਂ ਮੁਕਤ ਹੋ ਜਾਂਦੀ ਹੈ ਅਤੇ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਿਰਗੁਣ ਸਰੂਪ ਵਿੱਚ ਸਦਾ-ਸਦਾ ਲਈ ਸਮਾ ਜਾਂਦੀ ਹੈ। ਉਹ ਮਨੁੱਖ ਸਾਰੇ ਦਰਗਾਹੀ ਖ਼ਜ਼ਾਨਿਆਂ ਦੀ ਪ੍ਰਾਪਤੀ ਕਰ ਲੈਂਦਾ ਹੈ। ਉਹ ਮਨੁੱਖ ਪਰਉਪਕਾਰ ਅਤੇ ਮਹਾ ਪਰਉਪਕਾਰ ਦੀ ਸੇਵਾ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਕਰ ਲੈਂਦਾ ਹੈ। ਉਹ ਮਨੁੱਖ ਵੱਡੇ ਭਾਗਾਂ ਵਾਲਾ ਹੋ ਜਾਂਦਾ ਹੈ। ਉਹ ਮਨੁੱਖ ਸਦਾ-ਸਦਾ ਲਈ ਸਹਿਜ ਸਮਾਧੀ ਵਿੱਚ ਚਲਾ ਜਾਂਦਾ ਹੈ। ਉਸ ਮਹਾ ਪੁਰਖ ਦੇ ਬਚਨ ਦਰਗਾਹੀ ਬਚਨ ਹੋ ਜਾਂਦੇ ਹਨ। ਉਸ ਮਨੁੱਖ ਨੂੰ ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਉਸ ਮਨੁੱਖ ਨੂੰ ਪੂਰਨ ਤੱਤ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਉਸ ਮਨੁੱਖ ਨੂੰ ਆਤਮ ਰਸ ਅੰਮ੍ਰਿਤ ਦੀ ਪ੍ਰਾਪਤੀ ਹੋ ਜਾਂਦੀ ਹੈ। ਐਸੇ ਮਨੁੱਖ ਦੀ ਰਹਿਣੀ-ਬਹਿਣੀ ਅਤੇ ਸਾਰੇ ਕਰਮ ਸਤਿ ਕਰਮ ਹੋ ਜਾਂਦੇ ਹਨ। ਉਸਦੇ ਸਾਰੇ ਕਰਮ ਕੇਵਲ ਸੰਸਾਰ ਦੇ ਲੋਕਾਂ ਦੇ ਪਰਉਪਕਾਰ ਅਤੇ ਮਹਾ ਪਰਉਪਕਾਰ ਲਈ ਹੁੰਦੇ ਹਨ।

ਦੁਬਿਧਾ ਵਿੱਚ ਮਨੁੱਖ ਵਿਕਾਰਾਂ ਤੋਂ ਛੁਟਕਾਰਾ ਨਹੀਂ ਪਾ ਸਕਦਾ ਬਲਕਿ ਦੁਬਿਧਾ ਵਿੱਚ ਮਨੁੱਖ ਵਿਕਾਰਾਂ ਨਾਲ ਬੁਰੀ ਤਰ੍ਹਾਂ ਜਕੜਿਆ ਜਾਂਦਾ ਹੈ। ਦੁਬਿਧਾ ਵਿੱਚ ਮਨ ਦੀ ਮੈਲ ਨਹੀਂ ਧੁਪਦੀ ਹੈ ਬਲਕਿ ਮਨ ਉੱਪਰ ਹੋਰ ਜਿਆਦਾ ਮੈਲ ਚੜ੍ਹ ਜਾਂਦੀ ਹੈ। ਦੁਬਿਧਾ ਵਿੱਚ ਮਨ ਚਿੰਦਿਆ ਨਹੀਂ ਜਾਂਦਾ ਬਲਕਿ ਮਨੁੱਖ ਮਾਇਆ ਦੇ ਜਾਲ ਵਿੱਚ ਹੋਰ ਬੁਰੀ ਤਰ੍ਹਾਂ ਨਾਲ ਫੱਸ ਜਾਂਦਾ ਹੈ। ਭਰਮਾਂ ਵਿੱਚ ਫੱਸਿਆ ਹੋਇਆ ਮਨੁੱਖ ਆਪਣੀ ਤ੍ਰਿਸ਼ਨਾ ਨੂੰ ਬੁਝਾਉਣ ਵਾਸਤੇ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਵਿੱਚ ਹੋਰ ਗਰਕ ਹੋਈ ਜਾਂਦਾ ਹੈ। ਦੁਬਿਧਾ ਵਿੱਚ ਫੱਸੇ ਹੋਏ ਮਨੁੱਖ ਦੀ ਬੰਦਗੀ ਦਰਗਾਹ ਵਿੱਚ ਪ੍ਰਵਾਨ ਨਹੀਂ ਹੁੰਦੀ ਹੈ। ਦੁਬਿਧਾ ਵਿੱਚ ਫੱਸਿਆ ਹੋਇਆ ਮਨੁੱਖ ਭਾਵੇਂ ਜਿਤਨੇ ਮਰਜ਼ੀ ਜਪ-ਤਪ ਕਰੀ ਜਾਵੇ ਉਸਦੀ ਸੇਵਾ ਦਰਗਾਹ ਵਿੱਚ ਕਬੂਲ ਨਹੀਂ ਹੁੰਦੀ ਹੈ। ਕਿਉਂਕਿ ਦੁਬਿਧਾ ਵਿੱਚ ਕੀਤੀ ਗਈ ਸੇਵਾ ਇੱਕ ਮਨ ਇੱਕ ਚਿੱਤ ਨਾਲ ਨਹੀਂ ਹੁੰਦੀ ਹੈ ਇਸ ਲਈ ਐਸੀ ਸੇਵਾ ਦਰਗਾਹ ਵਿੱਚ ਪ੍ਰਵਾਨ ਨਹੀਂ ਹੁੰਦੀ ਹੈ। ਇਸ ਲਈ ਇਨ੍ਹਾਂ ਧਰਮ ਕਰਮਾਂ ਦਾ ਦਰਗਾਹ ਵਿੱਚ ਮੁੱਲ ਨਹੀਂ ਪੈਂਦਾ ਹੈ ਅਤੇ ਮਨੁੱਖ ਜਨਮ-ਮਰਨ ਦੇ ਬੰਧਨਾਂ ਤੋਂ ਮੁਕਤ ਨਹੀਂ ਹੁੰਦਾ ਹੈ। ਮਨ ਵਿੱਚੋਂ ਵਿਕਾਰਾਂ ਦੀ ਵਿਨਾਸ਼ਕਾਰੀ ਮੈਲ ਨਹੀਂ ਧੁੱਲਦੀ ਹੈ ਜਿਸ ਕਾਰਨ ਮਨੁੱਖ ਜਨਮ-ਮਰਨ ਦੇ ਬੰਧਨਾਂ ਤੋਂ ਮੁਕਤ ਨਹੀਂ ਹੋ ਸਕਦਾ ਹੈ। ਜੋ ਮਨੁੱਖ ਸਤਿ ਦੀ ਕਰਨੀ ਉੱਪਰ ਆਪਣਾ ਧਿਆਨ ਕੇਂਦਰਿਤ ਕਰਦੇ ਹਨ ਅਤੇ ਸਤੋ ਬਿਰਤੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਂਦੇ ਹਨ ਉਨ੍ਹਾਂ ਉੱਪਰ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਕਿਰਪਾ ਵਰਤਦੀ ਹੈ। ਕੇਵਲ ਉਹ ਮਨੁੱਖ ਜਿਨ੍ਹਾਂ ਉੱਪਰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਇਆਲ ਹੋ ਜਾਂਦਾ ਹੈ ਉਨ੍ਹਾਂ ਨੂੰ ਆਪਣੀ ਗੁਰਕਿਰਪਾ ਅਤੇ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਨਾਲ ਦੁਬਿਧਾ ਤੋਂ ਖ਼ਲਾਸ ਕਰ ਕੇ ਬਾਹਰ ਕੱਢ ਲੈਂਦਾ ਹੈ ਅਤੇ ਇੱਕ ਦ੍ਰਿਸ਼ਟ ਬਣਾ ਦਿੰਦਾ ਹੈ। ਕੇਵਲ ਇੱਕ ਦ੍ਰਿਸ਼ਟ ਮਨੁੱਖ ਹੀ ਜੀਵਨ ਮੁਕਤੀ ਨੂੰ ਪ੍ਰਾਪਤ ਕਰਦਾ ਹੈ। ਕੇਵਲ ਇੱਕ ਦ੍ਰਿਸ਼ਟ ਮਨੁੱਖ ਹੀ ਪੂਰਨ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਦਾ ਹੈ। ਕੇਵਲ ਇੱਕ ਦ੍ਰਿਸ਼ਟ ਮਨੁੱਖ ਹੀ ਆਤਮ ਰਸ ਅੰਮ੍ਰਿਤ ਦੀ ਪ੍ਰਾਪਤੀ ਕਰਦਾ ਹੈ।

ਇਸ ਲਈ ਸਾਰੀ ਲੋਕਾਈ ਦੇ ਚਰਨਾਂ ਉੱਪਰ ਸਨਿਮਰ ਬੇਨਤੀ ਹੈ ਕਿ ਸਤਿ ਦੀ ਕਰਨੀ ਨੂੰ ਆਪਣਾ ਜੀਵਨ ਬਣਾਓ। ਗੁਰਬਾਣੀ ਦੇ ਉਪਦੇਸ਼ ਨੂੰ ਆਪਣੀ ਕਰਨੀ ਬਣਾਓ। ਸਤਿਨਾਮ ਸਿਮਰਨ ਵਿੱਚ ਆਪਣਾ ਮਨ ਚਿੱਤ ਲਗਾਓ। ਭਰਮਾਂ ਦਾ ਤਿਆਗ ਕਰੋ। ਦੁਬਿਧਾ ਨੂੰ ਮਾਰ ਗਵਾਓ। ਸਤੋ ਬਿਰਤੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਓ। ਸਤਿ ਕਰਮ ਕਰਦੇ-ਕਰਦੇ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਕਿਰਪਾ ਅਤੇ ਗੁਰਪ੍ਰਸਾਦਿ ਦੀ ਪ੍ਰਾਪਤੀ ਲਾਜ਼ਮੀ ਹੋਏਗੀ। ਪੂਰਨ ਸੰਤ ਦੀ ਸੰਗਤ ਮਿਲੇਗੀ। ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ ਅਤੇ ਪੂਰਨ ਬੰਦਗੀ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਲਾਜ਼ਮੀ ਹੋਏਗੀ। ਸੁਹਾਗ ਦੀ ਪ੍ਰਾਪਤੀ ਹੋਏਗੀ। ਸਦਾ ਸੁਹਾਗ ਦੀ ਪ੍ਰਾਪਤੀ ਹੋਏਗੀ। ਬੰਦਗੀ ਪੂਰਨ ਹੋ ਕੇ ਜੀਵਨ ਮੁਕਤੀ ਦੀ ਪ੍ਰਾਪਤੀ ਹੋਏਗੀ।