ਅਨੰਦੁ ਸਾਹਿਬ – ਪਉੜੀ ੯

ਅਨੰਦੁ ਸਾਹਿਬ ਪਉੜੀ ੯

ਆਵਹੁ ਸੰਤ ਪਿਆਰਿਹੋ ਅਕਥ ਕੀ ਕਰਹ ਕਹਾਣੀ ॥

ਕਰਹ ਕਹਾਣੀ ਅਕਥ ਕੇਰੀ ਕਿਤੁ ਦੁਆਰੈ ਪਾਈਐ ॥

ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ ॥

ਹੁਕਮੁ ਮੰਨਿਹੁ ਗੁਰੂ ਕੇਰਾ ਗਾਵਹੁ ਸਚੀ ਬਾਣੀ ॥

ਕਹੈ ਨਾਨਕੁ ਸੁਣਹੁ ਸੰਤਹੁ ਕਥਿਹੁ ਅਕਥ ਕਹਾਣੀ ॥੯॥ (ਪੰਨਾ ੯੧੮)

ਸਤਿ ਪਾਰਬ੍ਰਹਮ ਪਰਮੇਸ਼ਰ ਅਨੰਤ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਬੇਅੰਤ ਹੈ। ਇਸ ਲਈ ਅੱਜ ਤੱਕ ਧੰਨ ਧੰਨ ਸਤਿ ਪਾਰਬ੍ਰਹਮ ਪਰਮੇਸ਼ਰ ਦਾ ਪੂਰਾ ਭੇਦ ਕਿਸੇ ਸੰਤ, ਭਗਤ, ਸਤਿਗੁਰੂ, ਅਵਤਾਰ, ਬ੍ਰਹਮ ਗਿਆਨੀ, ਪੀਰ ਜਾਂ ਪੈਗੰਬਰ ਨੇ ਨਹੀਂ ਪਾਇਆ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਦੀ ਮਹਿਮਾ ਅਪਰੰਪਾਰ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਦੀ ਮਹਿਮਾ ਵੀ ਅਨੰਤ ਅਤੇ ਬੇਅੰਤ ਹੈ। ਕੁਝ ਸੰਤ ਮਹਾ ਪੁਰਖ ਤਾਂ ਇਹ ਵੀ ਦੱਸਦੇ ਹਨ ਕਿ ਸਤਿ ਪਾਰਬ੍ਰਹਮ ਪਰਮੇਸ਼ਰ ਇਤਨਾ ਬੇਅੰਤ ਹੈ ਕਿ ਉਸ ਨੂੰ ਆਪਣੇ ਆਪ ਨੂੰ ਵੀ ਨਹੀਂ ਪਤਾ ਕਿ ਉਹ ਕਿਤਨਾ ਬੇਅੰਤ ਹੈ। ਇਹ ਉਸਦੇ ਸੰਤ ਭਗਤ ਹੀ ਹਨ ਜੋ ਉਸਦੀ ਮਹਿਮਾ ਵਿੱਚ ਓਤਪੋਤ ਹੋਏ ਹੋਏ ਇਸ ਪਰਮ ਸਤਿ ਦਾ ਗਿਆਨ ਦਿੰਦੇ ਹਨ ਕਿ ਸਤਿ ਪਾਰਬ੍ਰਹਮ ਪਰਮੇਸ਼ਰ ਇਤਨਾ ਬੇਅੰਤ ਹੈ ਕਿ ਉਸਦੀ ਬੇਅੰਤਤਾ ਦਾ ਕੋਈ ਭੇਦ ਨਹੀਂ ਪਾ ਸਕਦਾ ਹੈ। ਜੋ ਸੰਤ ਇਸ ਪਰਮ ਸਤਿ ਤੱਤ ਨੂੰ ਆਪਣੀ ਬੰਦਗੀ ਦੇ ਦੌਰਾਨ ਅਨੁਭਵ ਕਰ ਲੈਂਦੇ ਹਨ ਅਤੇ ਸਮਝ ਜਾਂਦੇ ਹਨ ਕੇਵਲ ਐਸੇ ਸੰਤ ਹੀ ਇਸ ਪਰਮ ਸਤਿ ਦੀ ਪੁਸ਼ਟੀ ਕਰਦੇ ਹਨ ਕਿ ਸਤਿ ਪਾਰ ਬ੍ਰਹਮ ਪਰਮੇਸ਼ਰ ਦੀ ਕਥਾ ਵੀ ਅਕੱਥ ਹੈ। ਜੇ ਕੋਈ ਸੰਤ ਸਤਿ ਪਾਰਬ੍ਰਹਮ ਦੀ ਬੰਦਗੀ ਦੇ ਦੌਰਾਨ ਹੋਏ ਅਨੁਭਵ ਵੀ ਦੱਸਣ ਦਾ ਯਤਨ ਕਰਦਾ ਹੈ ਤਾਂ ਲੋਕ ਉਸ ‘ਤੇ ਯਕੀਨ ਨਹੀਂ ਕਰਦੇ ਹਨ। ਜੇਕਰ ਕੋਈ ਭਗਤੀ ਕਰਨ ਵਾਲਾ ਵਿਰਲਾ ਜੋ ਕਿ ਸੱਚਖੰਡ ਵਿੱਚ ਬੈਠਾ ਹੋਇਆ ਸੱਚਖੰਡ ਦੀ ਮਹਿਮਾ ਦੱਸਣ ਦਾ ਯਤਨ ਕਰਦਾ ਹੈ ਤਾਂ ਲੋਕ ਉਸ ਦਾ ਵਿਸ਼ਵਾਸ ਕਰਨ ਤੋਂ ਇਨਕਾਰੀ ਹੋ ਜਾਂਦੇ ਹਨ। ਜੋ ਸੰਤ ਮਹਾ ਪੁਰਖ ਸੁੰਨ ਸਮਾਧੀ ਦਾ ਆਨੰਦ ਮਾਣਦੇ ਹੋਏ ਅਨੁਭਵ ਕਰਦੇ ਹਨ ਉਸ ਨੂੰ ਪੂਰਾ ਬਿਆਨ ਕਰਨਾ ਅਸੰਭਵ ਹੈ। ਜੋ ਸੰਤ ਸੁਹਾਗਣਾਂ ਸੁੰਨ ਸਮਾਧੀ ਵਿੱਚ ਉਤਰ ਕੇ ਮਾਨਸਰੋਵਰ ਦੀਆਂ ਗਹਿਰਾਈਆਂ ਵਿੱਚ ਉਤਰ ਕੇ ਪਰਮ ਸੁੱਖ ਅਤੇ ਪਰਮ ਆਨੰਦ ਦਾ ਅਨੁਭਵ ਕਰਦੇ ਹਨ ਉਸ ਅਨੁਭਵ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਅਸੰਭਵ ਹੈ। ਜੋ ਸੰਤ ਸੁਹਾਗਣਾਂ ਸੁੰਨ ਸਮਾਧੀ ਵਿੱਚ ਬੈਠ ਕੇ ਲੰਬੇ ਅਭਿਆਸ ਵਿੱਚ ਕਾਲ ਤੋਂ ਪਰ੍ਹੇ ਚਲੇ ਜਾਂਦੇ ਹਨ ਅਤੇ ਜੋ ਇਲਾਹੀ ਨਜ਼ਾਰਿਆਂ ਦਾ ਆਨੰਦ ਲੈਂਦੇ ਹਨ, ਸਤਿਗੁਰੂਆਂ, ਅਵਤਾਰਾਂ, ਸੰਤਾਂ, ਭਗਤਾਂ, ਬ੍ਰਹਮ ਗਿਆਨੀਆਂ, ਪੀਰਾਂ ਅਤੇ ਪੈਗੰਬਰਾਂ ਦੇ ਦਰਸ਼ਨ ਕਰਦੇ ਹਨ ਉਨ੍ਹਾਂ ਦੇ ਇਨ੍ਹਾਂ ਅਤਿ ਸੁੰਦਰ ਅਨੁਭਵਾਂ ਨੂੰ ਪੂਰਨ ਤੌਰ ‘ਤੇ ਬਿਆਨ ਕਰਨਾ ਅਸੰਭਵ ਹੈ। ਜੋ ਸੰਤ ਸੁਹਾਗਣਾਂ ਸੁੰਨ ਸਮਾਧੀ ਵਿੱਚ ਉਤਰ ਕੇ ਮਾਨਸਰੋਵਰ ਵਿੱਚ ਬੈਠ ਕੇ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਦਰਸ਼ਨ ਕਰਦੇ ਹਨ ਉਨ੍ਹਾਂ ਦੇ ਅਨੁਭਵ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਅਸੰਭਵ ਹੈ। ਜੇਕਰ ਕੋਈ ਸੰਤ ਭਗਤ ਆਪਣੇ ਇਨ੍ਹਾਂ ਇਲਾਹੀ ਅਨੁਭਵਾਂ ਨੂੰ ਦੱਸਣ ਦਾ ਯਤਨ ਵੀ ਕਰਦਾ ਹੈ ਤਾਂ ਲੋਕ ਉਸ ਦੀ ਕਥਨੀ ਉੱਪਰ ਵਿਸ਼ਵਾਸ ਨਹੀਂ ਕਰਦੇ ਹਨ। ਜੇਕਰ ਕੋਈ ਬੰਦਗੀ ਵਿੱਚ ਡੂੰਘਾ ਉਤਰਿਆ ਹੋਇਆ ਸਤਿਗੁਰੂ ਦਾ ਪਿਆਰਾ ਆਪਣੇ ਇਨ੍ਹਾਂ ਅਦਭੁਤ ਅਨੁਭਵਾਂ ਨੂੰ ਦੱਸਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸਨੂੰ ਕੋਈ ਸੁਣਨ ਦਾ ਯਤਨ ਨਹੀਂ ਕਰਦਾ ਹੈ ਅਤੇ ਨਾ ਹੀ ਉਸਦੀ ਕਥਨੀ ਉੱਪਰ ਕੋਈ ਭਰੋਸਾ ਕਰਦਾ ਹੈ। ਕੇਵਲ ਸੰਤ ਹੀ ਸੰਤ ਦੀ ਕਥਨੀ ਉੱਪਰ ਭਰੋਸਾ ਕਰਦਾ ਹੈ। ਕੇਵਲ ਸੁਹਾਗਣ ਹੀ ਸੁਹਾਗਣ ਦੀ ਕਥਨੀ ਉੱਪਰ ਭਰੋਸਾ ਕਰਦੀ ਹੈ। ਕੇਵਲ ਸਦਾ ਸੁਹਾਗਣ ਹੀ ਸਦਾ ਸੁਹਾਗਣ ਦੀ ਕਥਨੀ ਉੱਪਰ ਵਿਸ਼ਵਾਸ ਕਰਦੀ ਹੈ। ਕੇਵਲ ਇੱਕ ਬ੍ਰਹਮ ਗਿਆਨੀ ਹੀ ਦੂਸਰੇ ਬ੍ਰਹਮ ਗਿਆਨੀ ਨੂੰ ਪਛਾਣ ਸਕਦਾ ਹੈ। ਇਹ ਹੀ ਕਾਰਨ ਹੈ ਕਿ ਸਤਿਗੁਰੂ ਪਾਤਿਸ਼ਾਹ ਜੀ ਇਸ ਪਰਮ ਸ਼ਕਤੀਸ਼ਾਲੀ ਸਲੋਕ ਵਿੱਚ ਸੰਤ ਮਹਾ ਪੁਰਖਾਂ ਨੂੰ ਸੰਬੋਧਨ ਕਰ ਰਹੇ ਹਨ ਕਿ ‘ਅਵਹੁ ਸੰਤ ਪਿਆਰਿਹੋ ਅਕਥ ਕੀ ਕਰਹ ਕਹਾਣੀ”।

ਕੇਵਲ ਪੂਰਨ ਸੰਤ ਹੀ ਆਪਣੀ ਬੰਦਗੀ ਦੇ ਦੌਰਾਨ ਅਤੇ ਬੰਦਗੀ ਦਰਗਾਹ ਵਿੱਚ ਪ੍ਰਵਾਨ ਹੋਣ ਤੋਂ ਉਪਰੰਤ ਇਹ ਜਾਣਦਾ ਹੈ ਕਿ ਉਸਨੂੰ ਰੂਹਾਨੀਅਤ ਦੇ ਬਾਰੇ ਕੀ ਅਨੁਭਵ ਹੋਏ ਅਤੇ ਹੁੰਦੇ ਹਨ। ਸਾਰੀ ਗੁਰਬਾਣੀ ਸਤਿਗੁਰੂ ਸਾਹਿਬਾਨ ਅਤੇ ਸੰਤਾਂ ਭਗਤਾਂ ਦੇ ਆਪੋ ਆਪਣੀ ਬੰਦਗੀ ਦੇ ਦੌਰਾਨ ਅਤੇ ਉਸ ਤੋਂ ਉਪਰੰਤ ਸੰਗਤ ਦੀ ਸੇਵਾ ਕਰਦੇ ਹੋਏ ਅਨੁਭਵ ਹੀ ਹਨ। ਜੋ ਕੁਝ ਵੀ ਗੁਰਬਾਣੀ ਵਿੱਚ ਲਿਖਿਆ ਗਿਆ ਹੈ ਉਹ ਸਾਰੇ ਸਤਿਗੁਰੂ ਸਾਹਿਬਾਨ, ਸੰਤਾਂ ਅਤੇ ਭਗਤਾਂ ਦੀ ਆਪਣੀ ਆਪ ਬੀਤੀ ਗੁਰਪ੍ਰਸਾਦੀ ਕਥਾ ਹੀ ਹੈ। ਜੋ ਕੁਝ ਵੀ ਗੁਰਬਾਣੀ ਵਿੱਚ ਲਿਖਿਆ ਗਿਆ ਹੈ ਉਹ ਸਭ ਕੁਝ ਪੂਰਨ ਹੁਕਮ ਵਿੱਚ ਲਿਖਿਆ ਗਿਆ ਹੈ ਅਤੇ ਪੂਰਨ ਸਤਿ ਹੈ, ਪੂਰਨ ਬ੍ਰਹਮ ਗਿਆਨ ਹੈ, ਅਕੱਥ ਦੀ ਕਹਾਣੀ ਕਿਵੇਂ ਪ੍ਰਗਟ ਹੁੰਦੀ ਹੈ ਇਸ ਪਰਮ ਸਤਿ ਤੱਤ ਨੂੰ ਗੁਰਬਾਣੀ ਵਿੱਚ ਪ੍ਰਗਟ ਕੀਤਾ ਗਿਆ ਹੈ। ਸਤਿਗੁਰੂ ਸਾਹਿਬਾਨ ਨੇ ਬੇਅੰਤ ਕਿਰਪਾ ਕੀਤੀ ਸਾਰੀ ਲੋਕਾਈ ਉੱਪਰ ਜੋ ਇਸ ਇਲਾਹੀ ਗੁਰਪ੍ਰਸਾਦੀ ਕਥਾ ਨੂੰ ਧਰਤੀ ਉੱਪਰ ਪ੍ਰਗਟ ਕੀਤਾ ਅਤੇ ਫਿਰ ਇਸ ਨੂੰ ਸਾਰੀ ਮਾਨਵ ਜਾਤੀ ਦੀ ਭਲਾਈ ਵਾਸਤੇ ਲਿਖਤ ਰੂਪ ਵਿੱਚ ਸੁਸ਼ੋਭਿਤ ਕਰ ਦਿੱਤਾ। ਅਕੱਥ ਦੀ ਕਥਾ ਕਹੀ ਨਹੀਂ ਜਾ ਸਕਦੀ ਹੈ। ਅਕੱਥ ਦੀ ਕਥਾ ਸ਼ਬਦਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ ਹੈ। ਅਕੱਥ ਦੀ ਕਥਾ ਕੇਵਲ ਅਨੁਭਵ ਕੀਤੀ ਜਾ ਸਕਦੀ ਹੈ। ਧੰਨ ਧੰਨ ਸੰਤ ਸਤਿਗੁਰੂ ਕਬੀਰ ਪਾਤਿਸ਼ਾਹ ਜੀ ਨੇ ਇਸ ਪਰਮ ਸਤਿ ਤੱਤ ਨੂੰ ਗੁਰਬਾਣੀ ਵਿੱਚ ਪ੍ਰਗਟ ਕੀਤਾ ਹੈ:

ਕਬੀਰ ਚਰਨ ਕਮਲ ਕੀ ਮਉਜ ਕੋ ਕਹਿ ਕੈਸੇ ਉਨਮਾਨ ॥ ਕਹਿਬੇ ਕਉ ਸੋਭਾ ਨਹੀ ਦੇਖਾ ਹੀ ਪਰਵਾਨੁ ॥੧੨੧॥ (ਪੰਨਾ ੧੩੭੦)

ਧੰਨ ਧੰਨ ਸਰਬ ਕਲਾ ਭਰਪੂਰ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਚਰਨ ਕੰਵਲ ਜਦ ਧੰਨ ਧੰਨ ਸੰਤ ਸਤਿਗੁਰੂ ਕਬੀਰ ਪਾਤਿਸ਼ਾਹ ਜੀ ਦੇ ਹਿਰਦੇ ਵਿੱਚ ਪ੍ਰਗਟ ਹੋਏ ਤਾਂ ਉਸ ਅਵਸਥਾ ਵਿੱਚ ਉਨ੍ਹਾਂ ਨੇ ਜੋ ਰੂਹਾਨੀਅਤ ਦੇ ਸ਼ਿਖਰ ਨੂੰ ਅਨੁਭਵ ਕੀਤਾ, ਜਿਸ ਪਰਮ ਆਨੰਦ ਨੂੰ ਪ੍ਰਾਪਤ ਕਰਕੇ ਸਤਿ ਚਿੱਤ ਆਨੰਦ ਨੂੰ ਅਨੁਭਵ ਕੀਤਾ ਉਸ ਅਵਸਥਾ ਦਾ ਬਿਆਨ ਉਹ ਨਹੀਂ ਕਰ ਸਕੇ ਅਤੇ ਕਿਹਾ ਕਿ ਇਸ ਪਰਮ ਸ਼ਕਤੀਸ਼ਾਲੀ ਅਵਸਥਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਹੈ ਅਤੇ ਕੇਵਲ ਅਨੁਭਵ ਕੀਤਾ ਜਾ ਸਕਦਾ ਹੈ। ਭਾਵ ਇਹ ਹੈ ਕਿ ਅਕੱਥ ਦੀ ਕਥਾ ਬੋਲ ਕੇ ਨਹੀਂ ਦੱਸੀ ਜਾ ਸਕਦੀ ਹੈ ਨਾ ਹੀ ਲਿਖਤ ਰੂਪ ਵਿੱਚ ਬਿਆਨ ਕੀਤੀ ਜਾ ਸਕਦੀ ਹੈ। ਅਕੱਥ ਦੀ ਕਥਾ ਸੰਤ ਦੇ ਹਿਰਦੇ ਵਿੱਚ ਪ੍ਰਗਟ ਹੁੰਦੀ ਹੈ। ਅਕੱਥ ਦੀ ਕਥਾ ਪੂਰਨ ਸੰਤ, ਸਤਿਗੁਰੂ ਅਤੇ ਪੂਰਨ ਬ੍ਰਹਮ ਗਿਆਨੀ ਦੀ ਸੰਗਤ ਵਿੱਚ ਧਰਤੀ ਉੱਪਰ ਪ੍ਰਗਟ ਹੁੰਦੀ ਹੈ। ਅਕੱਥ ਦੀ ਕਥਾ ਪੂਰਨ ਸੰਤ, ਸਤਿਗੁਰੂ ਅਤੇ ਪੂਰਨ ਬ੍ਰਹਮ ਗਿਆਨੀ ਦੀ ਸੰਗਤ ਜਦ ਉਸਦੇ ਪਰਮ ਸ਼ਕਤੀਸ਼ਾਲੀ ਛੱਤਰ ਹੇਠ ਬੈਠ ਕੇ ਗੁਰਪ੍ਰਸਾਦਿ ਦੀ ਪ੍ਰਾਪਤੀ ਕਰਕੇ ਚੜ੍ਹਦੀ ਕਲਾ ਵਿੱਚ ਜਾਂਦੀ ਹੈ ਅਤੇ ਉਸਦੀ ਸੁੰਦਰ ਸਤਿ ਸੰਗਤ ਵਿੱਚ ਸੁਹਾਗਣਾਂ ਅਤੇ ਸਦਾ ਸੁਹਾਗਣਾਂ ਦਾ ਜਨਮ ਹੁੰਦਾ ਹੈ ਤਾਂ ਦਰਗਾਹ ਧਰਤੀ ਉੱਪਰ ਪ੍ਰਗਟ ਹੁੰਦੀ ਹੈ। ਪੂਰਨ ਸੰਤ, ਸਤਿਗੁਰੂ ਅਤੇ ਪੂਰਨ ਬ੍ਰਹਮ ਗਿਆਨੀ ਦੀ ਸੰਗਤ ਵਿੱਚ ਜਦ ਸੁਹਾਗਣਾਂ ਅਤੇ ਸਦਾ ਸੁਹਾਗਣਾਂ ਸਮਾਧੀ ਅਤੇ ਸੁੰਨ ਸਮਾਧੀ ਵਿੱਚ ਬੈਠ ਕੇ ਗੁਰਪ੍ਰਸਾਦਿ ਦੀ ਪਰਮ ਸ਼ਕਤੀਸ਼ਾਲੀ ਕਿਰਪਾ ਦਾ ਸਦਕਾ ਅੰਮ੍ਰਿਤ ਰਸ ਮਾਣਦੀਆਂ ਹੋਈਆਂ ਮਾਨਸਰੋਵਰ ਵਿੱਚ ਡੂੰਘੀਆਂ ਡੁੱਬ ਜਾਂਦੀਆਂ ਹਨ ਤਾਂ ਧਰਤੀ ਉੱਪਰ ਅਕੱਥ ਦੀ ਕਥਾ ਪ੍ਰਗਟ ਹੁੰਦੀ ਹੈ।

ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ॥ ਜਿਸਹਿ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ॥੨॥ (ਪੰਨਾ ੧੩) ਕਰਮੁ ਹੋਵੈ ਤਾ ਪਰਮ ਪਦੁ ਪਾਈਐ ਕਥੇ ਅਕਥ ਕਹਾਣੀ ॥੩॥ (ਪੰਨਾ ੪੨੨-੪੨੩) ਅਕਥ ਕਹਾਣੀ ਤਿਨੀ ਜਾਣੀ ਜਿਸੁ ਆਪਿ ਪ੍ਰਭੁ ਕਿਰਪਾ ਕਰੇ ॥ (ਪੰਨਾ ੫੪੫)

ਜਦ ਗੁਰਪ੍ਰਸਾਦਿ ਦੀ ਪ੍ਰਾਪਤੀ ਕਰਕੇ ਮਨੁੱਖ ਦੀ ਚੜ੍ਹਦੀ ਕਲਾ ਹੁੰਦੀ ਹੈ ਅਤੇ ਉਸਦੀ ਬੰਦਗੀ ਕਰਮ ਖੰਡ ਅਤੇ ਸੱਚ ਖੰਡ (ਬੰਦਗੀ ਦੇ ਪੰਜ ਖੰਡ: ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ ਅਤੇ ਸੱਚ ਖੰਡ ਦੀ ਮਹਿਮਾ ਪਉੜੀ ੬ ਦੀ ਗੁਰਪ੍ਰਸਾਦੀ ਕਥਾ ਵਿੱਚ ਬਿਆਨ ਕੀਤੀ ਗਈ ਹੈ) ਵਿੱਚ ਜਾਂਦੀ ਹੈ ਤਾਂ ਸਮਾਧੀ ਅਤੇ ਸੁੰਨ ਸਮਾਧੀ ਅਭਿਆਸ ਕਰਦੇ ਹੋਏ ਉਸਦੇ ੭ ਸਤਿ ਸਰੋਵਰ ਜਾਗਰਤ ਹੁੰਦੇ ਹਨ ਅਤੇ ਸਾਰੇ ਬਜਰ ਕਪਾਟ ਖੁੱਲ੍ਹ ਜਾਂਦੇ ਹਨ, ਨਾਮ ਰੋਮ-ਰੋਮ ਵਿੱਚ ਚਲਾ ਜਾਂਦਾ ਹੈ, ਹਿਰਦੇ ਵਿੱਚ ਪਰਮ ਜੋਤ ਦਾ ਪੂਰਨ ਪ੍ਰਕਾਸ਼ ਪ੍ਰਗਟ ਹੋ ਜਾਂਦਾ ਹੈ, ਦਿਬ ਦ੍ਰਿਸ਼ਟੀ ਦੀ ਪ੍ਰਾਪਤੀ ਹੋ ਜਾਂਦੀ ਹੈ, ਮਾਇਆ ਨੂੰ ਜਿੱਤ ਕੇ ਹਿਰਦਾ ਪੂਰਨ ਸਚਿਆਰੀ ਰਹਿਤ ਵਿੱਚ ਚਲਾ ਜਾਂਦਾ ਹੈ, ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਜਾ ਕੇ ਅਕਾਲ ਪੁਰਖ ਦੇ ਦਰਸ਼ਨ ਹੋ ਜਾਂਦੇ ਹਨ, ਭਗਤ ਨਿਰਗੁਣ ਸਰੂਪ ਵਿੱਚ ਅਭੇਦ ਹੋ ਜਾਂਦਾ ਹੈ, ਜੀਵਨ ਮੁਕਤ ਹੋ ਜਾਂਦਾ ਹੈ, ਪੂਰਨ ਬ੍ਰਹਮ ਗਿਆਨ ਅਤੇ ਤੱਤ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ, ਤਾਂ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਮਹਿਮਾ ਬਣ ਕੇ ਐਸੇ ਮਹਾ ਪੁਰਖਾਂ ਦੇ ਰੂਪ ਵਿੱਚ ਅਕੱਥ ਦੀ ਕਥਾ ਧਰਤੀ ਉੱਪਰ ਪ੍ਰਗਟ ਹੁੰਦੀ ਹੈ। ਐਸੇ ਮਹਾ ਪੁਰਖ, ਪੂਰਨ ਬ੍ਰਹਮ ਗਿਆਨੀ, ਪੂਰਨ ਖ਼ਾਲਸਾ, ਪੂਰਨ ਸੰਤ ਸਤਿਗੁਰੂ ਦੇ ਰੂਪ ਵਿੱਚ ਅਕੱਥ ਦੀ ਕਥਾ ਪ੍ਰਗਟ ਹੁੰਦੀ ਹੈ। ਇਸ ਲਈ ਜਦ ਪੂਰਨ ਸੰਤ, ਸਤਿਗੁਰੂ, ਪੂਰਨ ਖ਼ਾਲਸਾ ਅਤੇ ਪੂਰਨ ਬ੍ਰਹਮ ਗਿਆਨੀ ਅਵਤਾਰ ਧਾਰਦਾ ਹੈ ਤਾਂ ਅਕੱਥ ਦੀ ਕਥਾ ਧਰਤੀ ਉੱਪਰ ਪ੍ਰਗਟ ਹੁੰਦੀ ਹੈ। ਇਸ ਲਈ ਜੇਕਰ ਅਕੱਥ ਦੀ ਕਥਾ ਦਾ ਅਨੁਭਵ ਕਰਨਾ ਹੈ ਤਾਂ ਮਨੁੱਖ ਨੂੰ ਪੂਰਨ ਬੰਦਗੀ ਦੀ ਪ੍ਰਾਪਤੀ ਕਰਕੇ ਇਸ ਪਰਮ ਸ਼ਕਤੀਸ਼ਾਲੀ ਅਵਸਥਾ ਵਿੱਚ ਆਪਣੇ ਆਪ ਨੂੰ ਰੰਗਣਾ ਪਵੇਗਾ ਤਾਂ ਹੀ ਇਸ ਪਰਮ ਸ਼ਕਤੀਸ਼ਾਲੀ ਕਥਾ ਦੀ ਝਲਕ ਪ੍ਰਾਪਤ ਹੋਏਗੀ।

ਪ੍ਰਸ਼ਨ ਉਤਪੰਨ ਹੁੰਦਾ ਹੈ (ਕਿਤੁ ਦੁਆਰੈ ਪਾਈਐ) ਕਿ ਇਸ ਪਰਮ ਸ਼ਕਤੀਸ਼ਾਲੀ ਅਕੱਥ ਦੀ ਕਥਾ ਮਨੁੱਖ ਨੂੰ ਆਪਣੇ ਆਪ ਵਿੱਚ ਪ੍ਰਗਟ ਕਰਨ ਲਈ ਕਿਹੜੇ ਦੁਆਰ ਉੱਪਰ ਜਾਣਾ ਪਵੇਗਾ ਅਤੇ ਕਿਹੜੇ ਦੁਆਰ ਤੋਂ ਪ੍ਰਾਪਤ ਹੋਏਗੀ। ਇਸ ਪ੍ਰਸ਼ਨ ਦਾ ਉੱਤਰ ਧੰਨ ਧੰਨ ਸਤਿਗੁਰੂ ਸਾਹਿਬ ਨੇ ਪਹਿਲਾਂ ਹੀ ਦੇ ਦਿੱਤਾ ਹੈ: ‘ਅਵਹੁ ਸੰਤ ਪਿਆਰਿਹੋ ਅਕਥ ਕੀ ਕਰਹ ਕਹਾਣੀ’, ਭਾਵ ਪੂਰਨ ਸੰਤ ਦਾ ਦੁਆਰਾ ਹੈ ਜਿਥੋਂ ਪਰਮ ਸ਼ਕਤੀਸ਼ਾਲੀ ਪੂਰਨ ਬੰਦਗੀ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਪੂਰਨ ਬ੍ਰਹਮ ਗਿਆਨੀ ਦੀ ਸੰਗਤ ਵਿੱਚ ਹੀ ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ ਅਤੇ ਪੂਰਨ ਬੰਦਗੀ ਦੇ ਪਰਮ ਸ਼ਕਤੀਸ਼ਾਲੀ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਸੁਹਾਗਣਾਂ ਅਤੇ ਸਦਾ ਸੁਹਾਗਣਾਂ ਦਾ ਜਨਮ ਕੇਵਲ ਪੂਰਨ ਸੰਤ, ਸਤਿਗੁਰੂ, ਪੂਰਨ ਬ੍ਰਹਮ ਗਿਆਨੀ ਦੀ ਸੰਗਤ ਵਿੱਚ ਹੀ ਹੁੰਦਾ ਹੈ ਅਤੇ ਐਸੀ ਪਰਮ ਸ਼ਕਤੀਸ਼ਾਲੀ ਸੰਗਤ ਵਿੱਚ ਹੀ ਅਕੱਥ ਦੀ ਕਥਾ ਪ੍ਰਗਟ ਹੁੰਦੀ ਹੈ। ਜਿਨ੍ਹਾਂ ਮਨੁੱਖਾਂ ਉੱਪਰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਕਿਰਪਾ ਬਰਸਦੀ ਹੈ ਉਨ੍ਹਾਂ ਪਿਆਰਿਆਂ ਨੂੰ ਪੂਰਨ ਸੰਤ ਦੀ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਜਿਸ ਮਨੁੱਖ ਦੀ ਕਰਨੀ ਸਤਿ ਦੀ ਕਰਨੀ ਹੁੰਦੀ ਹੈ ਉਸ ਮਨੁੱਖ ਦੇ ਸਤਿ ਕਰਮਾਂ ਦਾ ਪਲੜਾ ਜਦ ਇਤਨਾ ਭਾਰੀ ਹੋ ਜਾਂਦਾ ਹੈ ਕਿ ਸਤਿ ਪਾਰਬ੍ਰਹਮ ਪਰਮੇਸ਼ਰ ਨੂੰ ਉਸ ਉੱਪਰ ਆਪਣੀ ਕਿਰਪਾ ਕਰਨੀ ਪੈਂਦੀ ਹੈ, ਉਸ ਮਨੁੱਖ ਦੇ ਭਾਗ ਜਾਗ ਪੈਂਦੇ ਹਨ ਅਤੇ ਉਸ ਨੂੰ ਫਿਰ ਪੂਰਨ ਸੰਤ ਦੀ ਸੰਗਤ ਦੇ ਵਿੱਚ ਉਸਦੇ ਸਤਿ ਕਰਮ ਲੈ ਜਾਂਦੇ ਹਨ। ਜਿਥੇ ਸੇਵਾ ਕਰਦੇ ਹੋਏ ਉਸਨੂੰ ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ ਅਤੇ ਪੂਰਨ ਬੰਦਗੀ ਦੇ ਗੁਰਪ੍ਰਸਾਦਿ ਦੀ ਪਰਮ ਸ਼ਕਤੀਸ਼ਾਲੀ ਬਖ਼ਸ਼ਿਸ਼ ਦੀ ਪ੍ਰਾਪਤੀ ਹੋ ਜਾਂਦੀ ਹੈ। ਜੋ ਮਨੁੱਖ ਐਸੇ ਮਹਾ ਪੁਰਖਾਂ ਦੇ ਸਤਿ ਚਰਨਾਂ ਉੱਪਰ ਆਪਣਾ ਤਨ, ਮਨ ਅਤੇ ਧਨ ਅਰਪਣ ਕਰਦੇ ਹਨ ਉਨ੍ਹਾਂ ਨੂੰ ਗੁਰ ਪ੍ਰਸਾਦਿ ਦੀ ਪ੍ਰਾਪਤੀ ਹੋ ਜਾਂਦੀ ਹੈ। ਜੋ ਮਨੁੱਖ ਐਸੇ ਪੂਰਨ ਸੰਤ ਦੇ ਸਤਿ ਚਰਨਾਂ ਉੱਪਰ ਆਪਣਾ ਪੂਰਨ ਸਮਰਪਣ ਕਰ ਦਿੰਦੇ ਹਨ ਉਨ੍ਹਾਂ ਦੀ ਸੁਰਤਿ ਵਿੱਚ ਸਤਿਨਾਮ ਪ੍ਰਕਾਸ਼ਮਾਨ ਹੋ ਜਾਂਦਾ ਹੈ ਅਤੇ ਉਨ੍ਹਾਂ ਨੂੰ ਸੁਹਾਗ ਦੀ ਪ੍ਰਾਪਤੀ ਹੋ ਜਾਂਦੀ ਹੈ। ਪੂਰਨ ਬੰਦਗੀ ਦੀ ਪ੍ਰਾਪਤੀ ਦਾ ਕੇਵਲ ਇਹ ਹੀ ਰਹੱਸ ਹੈ ਜਿਸ ਪਰਮ ਸਤਿ ਤੱਤ ਨੂੰ ਗੁਰਬਾਣੀ ਵਿੱਚ ਬਾਰ-ਬਾਰ ਦ੍ਰਿੜ੍ਹ ਕਰਵਾਇਆ ਹੈ ਅਤੇ ਪ੍ਰਗਟ ਕੀਤਾ ਹੈ:

ਮਨੁ ਤਨੁ ਧਨੁ ਜਿਨਿ ਪ੍ਰਭਿ ਦੀਆ ਰਖਿਆ ਸਹਜਿ ਸਵਾਰਿ ॥ ਸਰਬ ਕਲਾ ਕਰਿ ਥਾਪਿਆ ਅੰਤਰਿ ਜੋਤਿ ਅਪਾਰ ॥ (ਪੰਨਾ ੪੭)

ਤਨੁ ਮਨੁ ਧਨੁ ਅਰਪਉ ਤਿਸੈ ਪ੍ਰਭੂ ਮਿਲਾਵੈ ਮੋਹਿ ॥ ਨਾਨਕ ਭ੍ਰਮ ਭਉ ਕਾਟੀਐ ਚੂਕੈ ਜਮ ਕੀ ਜੋਹ ॥੧॥(ਪੰਨਾ ੨੫੬-੨੫੭)

 ਸੋ ਸੇਵਕੁ ਸੇਵਾ ਕਰੇ ਜਿਸ ਨੋ ਹੁਕਮੁ ਮਨਾਇਸੀ ॥ ਹੁਕਮਿ ਮੰਨਿਐ ਹੋਵੈ ਪਰਵਾਣੁ ਤਾ ਖਸਮੈ ਕਾ ਮਹਲੁ ਪਾਇਸੀ ॥ (ਪੰਨਾ ੪੭੧)

ਜੋ ਬੰਦਗੀ ਕਰਨ ਵਾਲੇ ਮਨੁੱਖ ਸਤਿਗੁਰੂ ਦੇ ਸਤਿ ਚਰਨਾਂ ਉੱਪਰ ਆਪਣਾ ਤਨ ਮਨ ਧਨ ਅਰਪਣ ਕਰ ਦਿੰਦੇ ਹਨ ਕੇਵਲ ਉਨ੍ਹਾਂ ਮਨੁੱਖਾਂ ਨੂੰ ਹੀ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਦਰਸ਼ਨ ਪ੍ਰਾਪਤ ਹੁੰਦੇ ਹਨ। ਬੰਦਗੀ ਸ਼ਰਨਾਗਤ ਹੈ। ਭਾਵ ਬੰਦਗੀ ਦੀ ਪ੍ਰਾਪਤੀ ਸਤਿਗੁਰੂ ਦੀ ਚਰਨ ਸ਼ਰਨ ਵਿੱਚ ਆਪਣਾ ਆਪਾ ਅਰਪਣ ਕਰਨ ਨਾਲ ਹੀ ਪ੍ਰਾਪਤ ਹੁੰਦੀ ਹੈ। ਸਤਿਗੁਰੂ ਦੇ ਸਤਿ ਚਰਨਾਂ ਉੱਪਰ ਪੂਰਨ ਸਮਰਪਣ ਕਰਨ ਨਾਲ ਮਨੁੱਖ ਦੇ ਹਿਰਦੇ ਵਿੱਚ ਪਰਮ ਜੋਤ ਪੂਰਨ ਪ੍ਰਕਾਸ਼ ਦੀ ਪਰਮ ਸ਼ਕਤੀ ਪ੍ਰਗਟ ਹੋ ਜਾਂਦੀ ਹੈ। ਇਸ ਪਰਮ ਜੋਤ ਵਿੱਚ ਸਤਿ ਪਾਰਬ੍ਰਹਮ ਪਰਮੇਸ਼ਰ ਦੀਆਂ ਸਰਬ ਕਲਾਵਾਂ ਸਮਾਈਆਂ ਹੋਈਆਂ ਹਨ। ਪਰਮ ਜੋਤ ਨੂੰ ਸਤਿ ਪਾਰਬ੍ਰਹਮ ਪਰਮੇਸ਼ਰ ਨੇ ਆਪਣੀਆਂ ਸਰਬ ਕਲਾਵਾਂ, ਭਾਵ ਸਾਰੀਆਂ ਪਰਮ ਸ਼ਕਤੀਆਂ ਨਾਲ ਥਾਪਿਆ ਹੈ। ਇਹ ਪਰਮ ਜੋਤ ਹੀ ਸਤਿ ਪਾਰਬ੍ਰਹਮ ਪਰਮੇਸ਼ਰ ਆਪ ਹੈ ਜੋ ਮਨੁੱਖ ਦੇ ਹਿਰਦੇ ਵਿੱਚ ਪ੍ਰਗਟ ਹੁੰਦੀ ਹੈ। ਜੋ ਸੱਜਣ ਪੂਰਨ ਸਮਰਪਣ ਕਰਦੇ ਹਨ ਉਹ ਸਹਿਜ ਸਮਾਧੀ ਵਿੱਚ ਸਹਿਜੇ ਹੀ ਚਲੇ ਜਾਂਦੇ ਹਨ। ਸਹਿਜ ਸਮਾਧੀ ਸਭ ਤੋਂ ਉੱਤਮ ਸਮਾਧੀ ਹੈ। ਸਹਿਜ ਸਮਾਧੀ ਹੀ ਪਰਮ ਪਦਵੀ ਹੈ। ਸਹਿਜ ਸਮਾਧੀ ਹੀ ਅਟੱਲ ਅਵਸਥਾ ਹੈ। ਸਹਿਜ ਸਮਾਧੀ ਹੀ ਤੁਰੀਆ ਅਵਸਥਾ ਹੈ। ਸਹਿਜ ਸਮਾਧੀ ਹੀ ਪੂਰਨ ਅਵਸਥਾ ਹੈ। ਸਹਿਜ ਸਮਾਧੀ ਦੀ ਪ੍ਰਾਪਤੀ ਮਾਇਆ ਨੂੰ ਜਿੱਤਣ ‘ਤੇ ਹੁੰਦੀ ਹੈ। ਸਹਿਜ ਸਮਾਧੀ ਦੀ ਪ੍ਰਾਪਤੀ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਦਰਸ਼ਨਾਂ ਨਾਲ ਹੁੰਦੀ ਹੈ। ਸਹਿਜ ਸਮਾਧੀ ਦੀ ਪ੍ਰਾਪਤੀ ਦੇ ਨਾਲ ਹੀ ਪੂਰਨ ਬ੍ਰਹਮ ਗਿਆਨ ਅਤੇ ਤੱਤ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ ਅਤੇ ਦਰਗਾਹੀ ਹੁਕਮ ਅਨੁਸਾਰ ਮਹਾਪਰਉਪਕਾਰ ਦੀ ਸੇਵਾ ਦੀ ਪ੍ਰਾਪਤੀ ਹੁੰਦੀ ਹੈ। ਸਹਿਜ ਸਮਾਧੀ ਹੀ ਹਿਰਦੇ ਵਿੱਚ ਪਰਮ ਜੋਤ ਦਾ ਪੂਰਨ ਪ੍ਰਕਾਸ਼ ਹੈ।

ਜੋ ਮਨੁੱਖ ਆਪਣੇ ਸਤਿਗੁਰੂ ਦੇ ਸਤਿ ਚਰਨਾਂ ਉੱਪਰ ਪੂਰਨ ਸਮਰਪਣ ਕਰਦੇ ਹਨ ਉਨ੍ਹਾਂ ਦੇ ਸਾਰੇ ਭਰਮਾਂ ਦਾ ਨਾਸ ਹੋ ਜਾਂਦਾ ਹੈ ਅਤੇ ਉਹ ਭਉ ਤੋਂ ਮੁਕਤ ਹੋ ਜਾਂਦੇ ਹਨ। ਜੋ ਸਤਿ ਨਹੀਂ ਹੈ ਉਹ ਭਰਮ ਹੈ। ਜੋ ਝੂਠ ਹੈ ਉਹ ਭਰਮ ਹੈ। ਇਸ ਲਈ ਜੋ ਮਨੁੱਖ ਆਪਣੇ ਸਤਿਗੁਰੂ ਦੇ ਸਤਿ ਚਰਨਾਂ ਉੱਪਰ ਪੂਰਨ ਸਮਰਪਣ ਕਰਦੇ ਹਨ ਉਨ੍ਹਾਂ ਦੇ ਰੋਮ-ਰੋਮ ਵਿੱਚ ਪਰਮ ਜੋਤ ਦਾ ਪ੍ਰਕਾਸ਼ ਹੋ ਜਾਂਦਾ ਹੈ ਅਤੇ ਰੋਮ-ਰੋਮ ਵਿੱਚ ਸਤਿਨਾਮ ਵੱਜਣ ਲੱਗ ਜਾਂਦਾ ਹੈ। ਉਹ ਅੰਦਰੋਂ ਅਤੇ ਬਾਹਰੋਂ ਪੂਰਨ ਸਚਿਆਰੀ ਰਹਿਤ ਵਿੱਚ ਸਮਾ ਜਾਂਦੇ ਹਨ ਅਤੇ ਉਨ੍ਹਾਂ ਦੇ ਸਾਰੇ ਝੂਠ ਕਰਮਾਂ ਦਾ ਅੰਤ ਹੋ ਜਾਂਦਾ ਹੈ। ਜੋ ਮਨੁੱਖ ਆਪਣੇ ਸਤਿਗੁਰੂ ਦੇ ਸਤਿ ਚਰਨਾਂ ਉੱਪਰ ਪੂਰਨ ਸਮਰਪਣ ਕਰ ਦਿੰਦੇ ਹਨ ਉਹ ਮੋਹ ਤੋਂ ਮੁਕਤ ਹੋ ਜਾਂਦੇ ਹਨ। ਸਾਰੇ ਭਉ ਦੀ ਜੜ ਕੇਵਲ ਮੋਹ ਹੀ ਹੈ। ਹਰ ਇੱਕ ਮਨੁੱਖ ਹਰ ਸਮੇਂ ਕਿਸੇ ਨਾ ਕਿਸੇ ਭਉ ਵਿੱਚ ਰਹਿੰਦਾ ਹੈ। ਸੰਸਾਰਕ ਪਦਾਰਥਾਂ ਦੇ ਖੋਹੇ ਜਾਣ ਦਾ ਭਉ, ਸੰਸਾਰਕ ਪਰਿਵਾਰਕ ਸੰਬੰਧਾਂ ਦੇ ਬਿਗੜਣ ਦਾ ਭਉ, ਜਾਇਦਾਦਾਂ ਅਤੇ ਧੰਨ ਸੰਪਦਾ ਦੇ ਖੋਹੇ ਜਾਣ ਦਾ ਭਉ ਆਦਿ ਵਿੱਚ ਮਨੁੱਖ ਹਰ ਸਮੇਂ ਜਕੜਿਆ ਰਹਿੰਦਾ ਹੈ। ਇਹ ਭਉ ਹੀ ਮਨੁੱਖ ਦਾ ਸੰਸਾਰਕ ਮੋਹ ਹੈ। ਸਤਿਗੁਰੂ ਦੇ ਸਤਿ ਚਰਨਾਂ ‘ਤੇ ਪੂਰਨ ਸਮਰਪਣ ਕਰਨ ਨਾਲ ਮਨੁੱਖ ਦੇ ਭਉ ਦਾ ਨਾਸ ਹੋ ਜਾਂਦਾ ਹੈ ਅਤੇ ਮਨੁੱਖ ਨਿਰਭਉ ਹੋ ਜਾਂਦਾ ਹੈ।

ਜੋ ਮਨੁੱਖ ਆਪਣੇ ਸਤਿਗੁਰੂ ਦੇ ਸਤਿ ਚਰਨਾਂ ਉੱਪਰ ਪੂਰਨ ਸਮਰਪਣ ਕਰਦੇ ਹਨ ਉਨ੍ਹਾਂ ਉੱਪਰ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਬੇਅੰਤ ਕਿਰਪਾ ਬਰਸਦੀ ਹੈ ਅਤੇ ਉਨ੍ਹਾਂ ਨੂੰ ਸਤਿ ਪਾਰਬ੍ਰਹਮ ਪਰਮੇਸ਼ਰ ਆਪਣਾ ਹੁਕਮ ਆਪ ਮਨਾਉਂਦਾ ਹੈ, ਆਪਣਾ ਨਾਮ ਆਪ ਜਪਾਉਂਦਾ ਹੈ, ਆਪਣੇ ਰੰਗ ਵਿੱਚ ਆਪ ਰੰਗਦਾ ਹੈ, ਉਸ ਮਨੁੱਖ ਦੀ ਬੰਦਗੀ ਆਪ ਪੂਰਨ ਕਰਵਾਉਂਦਾ ਹੈ ਅਤੇ ਦਰਗਾਹ ਪ੍ਰਵਾਨ ਕਰਦਾ ਹੈ।

ਸਤਿਗਰੂ ਦੇ ਸਤਿ ਚਰਨਾਂ ਤੇ ਪੂਰਨ ਸਮਰਪਣ ਪੂਰਨ ਬੰਦਗੀ ਦਾ ਗੁਰ ਪ੍ਰਸਾਦਿ ਲਿਆਉਂਦਾ ਹੈ।

ਪੂਰਾ ਪ੍ਰਭੁ ਆਰਾਧਿਆ ਪੂਰਾ ਜਾ ਕਾ ਨਾਉ ॥

ਨਾਨਕ ਪੂਰਾ ਪਾਇਆ ਪੂਰੇ ਕੇ ਗੁਨ ਗਾਉ ॥੧॥

ਸਤਿਗੁਰ ਦਾਤੇ ਧੰਨ ਧੰਨ ਪੰਚਮ ਪਾਤਸ਼ਾਹ ਜੀ ਨੇ ਬੇਅੰਤ ਦਿਆਲਤਾ ਨਾਲ ਸੁਖਮਨੀ ਸਾਹਿਬ ਜੀ ਦੇ ਇਸ ਅਖੀਰਲੇ ਸਲੋਕ ਵਿੱਚ ਸਾਨੂੰ ਦਰਗਾਹ ਦੀ ਕੁੰਜੀ ਬਖਸ਼ੀ ਹੈ। ਉਨ੍ਹਾਂ ਨੇ ਸਾਨੂੰ ਇਸ ਬ੍ਰਹਮ ਸਲੋਕ ਵਿੱਚ ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ, ਪਰਉਪਕਾਰ ਅਤੇ ਮਹਾਂ ਪਰਉਪਕਾਰ ਦਾ ਗੁਰ ਪ੍ਰਸਾਦਿ ਜਿੱਤਣ ਦੇ ਭੇਦ ਦੱਸ ਦਿੱਤੇ ਹਨ। ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਇਹ ਅਖੀਰਲਾ ਸਲੋਕ ਸਾਰੀ ਸੁਖਮਨੀ ਦਾ ਅਤੇ ਸਾਰੀ ਗੁਰਬਾਣੀ ਦਾ ਨਿਚੋੜ ਹੈ। ਸੱਚੇ ਪਾਤਿਸ਼ਾਹ ਜੀ ਨੇ ਇਸ ਸਲੋਕ ਵਿੱਚ ਦਰਗਾਹ ਦੀ ਕੁੰਜੀ ਸਾਡੇ ਹੱਥ ਫੜਾ ਦਿੱਤੀ ਹੈ। ਅਕੱਥ ਦੀ ਕਥਾ ਨੂੰ ਆਪਣੇ ਹਿਰਦੇ ਵਿੱਚ ਪ੍ਰਗਟ ਕਰਨ ਲਈ ਅਤੇ ਇਸ ਦਾ ਪ੍ਰਤੱਖ ਅਨੁਭਵ ਕਰਨ ਲਈ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਦੱਸ ਰਹੇ ਹਨ ਕਿ ਸਾਨੂੰ ਪ੍ਰਾਪਤ ਕਰਨ ਦੀ ਜ਼ਰੂਰਤ ਹੈ:-

* ਸਤਿਨਾਮ ਦਾ ਗੁਰਪ੍ਰਸਾਦਿ।

* ਸਤਿਨਾਮ ਸਿਮਰਨ ਦਾ ਗੁਰਪ੍ਰਸਾਦਿ।

* ਸਤਿਨਾਮ ਕੀ ਕਮਾਈ ਦਾ ਗੁਰਪ੍ਰਸਾਦਿ।

* ਪੂਰਨ ਬੰਦਗੀ ਦਾ ਗੁਰਪ੍ਰਸਾਦਿ।

ਇਹ ਪਰਮ ਸ਼ਕਤੀਸ਼ਾਲੀ ਗੁਰਪ੍ਰਸਾਦਿ ਸਾਨੂੰ ‘ਕਰਮ ਖੰਡ’ ਵਿੱਚ ਸਥਾਪਿਤ ਕਰਕੇ ਸਤਿਨਾਮ ਦੀ ਕਮਾਈ ਕਰਦੇ ਹੋਏ ਸੱਚ ਖੰਡ ਵਿੱਚ ਲੈ ਕੇ ਜਾਂਦੀ ਹੈ ਅਤੇ ਪੂਰਨ ਬੰਦਗੀ ਦੀ ਪ੍ਰਾਪਤੀ ਕਰਵਾਉਂਦੀ ਹੈ। ਸੱਚ ਖੰਡ ਵਿੱਚ ਸਤਿਨਾਮ ਦੀ ਕਮਾਈ ਕਰਦੇ ਹੋਏ ਤ੍ਰਿਹ ਗੁਣ ਮਾਇਆ ਨੂੰ ਜਿੱਤ ਕੇ ਅਤੇ ਤ੍ਰਿਸ਼ਨਾ ਨੂੰ ਬੁਝਾ ਕੇ ਸਾਨੂੰ ਅਕਾਲ ਪੁਰਖ ਦੇ ਨਿਰਗੁਣ ਸਰੂਪ ਵਿੱਚ ਅਭੇਦ ਕਰਦਾ ਹੈ ਅਤੇ ਸਾਨੂੰ ਪ੍ਰਾਪਤ ਕਰਵਾਉਂਦਾ ਹੈ:

* ਪੂਰਨ ਅਵਸਥਾ ਦਾ ਗੁਰਪ੍ਰਸਾਦਿ।

* ਅਟੱਲ ਅਵਸਥਾ ਦਾ ਗੁਰਪ੍ਰਸਾਦਿ।

* ਪਰਮ ਪਦਵੀ ਦਾ ਗੁਰਪ੍ਰਸਾਦਿ।

* ਪੂਰਨ ਬ੍ਰਹਮ ਗਿਆਨ ਦਾ ਗੁਰਪ੍ਰਸਾਦਿ।

* ਪੂਰਨ ਤੱਤ ਗਿਆਨ ਦਾ ਗੁਰਪ੍ਰਸਾਦਿ।

* ਧੰਨ ਧੰਨ ਸਤਿ ਪਾਰ ਬ੍ਰਹਮ ਪਰਮੇਸਰ ਜੀ ਦੇ ਪਰਮ ਜੋਤ ਪੂਰਨ ਪ੍ਰਕਾਸ਼ ਵਿੱਚ ਅਭੇਦ ਹੋਣਾ, ਅਨੰਤ ਬ੍ਰਹਮ ਸ਼ਕਤੀ ਵਿੱਚ ਸਮਾ ਜਾਣ ਦਾ ਗੁਰਪ੍ਰਸਾਦਿ।

ਇਹ ਸਾਰੀਆਂ ਬ੍ਰਹਮ ਬਖਸ਼ਿਸ਼ਾਂ ਉਨ੍ਹਾਂ ਮਨੁੱਖਾਂ ਨੂੰ ਪ੍ਰਾਪਤ ਹੁੰਦੀਆਂ ਹਨ ਜਿਨ੍ਹਾਂ ਨੇ ‘ਪੂਰਾ ਪ੍ਰਭੁ ਅਰਾਧਿਆ’, ਭਾਵ ਜਿਨ੍ਹਾਂ ਨੇ ਸਤਿਗੁਰੂ ਦੇ ਸਤਿ ਚਰਨਾਂ ਉੱਪਰ ਪੂਰਨ ਸਮਰਪਣ ਕੀਤਾ ਹੈ। ਪੂਰਨ ਬੰਦਗੀ ਪੂਰਨਤਾ ਵੱਲ ਨੂੰ ਖੜਦੀ ਹੈ ਅਤੇ ਪੂਰਨਤਾ ਦਾ ਭਾਵ ਹੈ ਅਨੰਤ ਬ੍ਰਹਮ ਪਰਮ ਸ਼ਕਤੀ ਵਿੱਚ ਸਮਾ ਜਾਣਾ। ਬਿਨਾਂ ਪੂਰਨ ਬੰਦਗੀ ਦੇ ਅਸੀਂ ਪੂਰਨਤਾ ਦਾ ਅਨੁਭਵ ਨਹੀਂ ਕਰ ਸਕਦੇ। ਅਸੀਂ ਉਸ ਅਨੰਤ ਬ੍ਰਹਮ ਪਰਮ ਸ਼ਕਤੀ ਦਾ ਅਨੁਭਵ ਨਹੀਂ ਕਰ ਸਕਦੇ ਜਿਹੜੀ ਸਾਰੇ ਬ੍ਰਹਿਮੰਡ ਵਿੱਚ ਸਰਵ ਵਿਆਪਕ ਹੈ।

ਜਦ ਤੱਕ ਅਸੀਂ ਪੂਰਨਤਾ ਪ੍ਰਾਪਤ ਨਹੀਂ ਕਰਦੇ ਇਸ ਦਾ ਭਾਵ ਹੈ ਅਸੀਂ ਅਜੇ ਵੀ ਮਾਇਆ ਦੇ ਅਧੀਨ ਹਾਂ ਅਤੇ ਅਸੀਂ ਮਾਇਆ ਦੇ ਗੁਲਾਮ ਹਾਂ। ਇਸ ਦਾ ਭਾਵ ਹੈ ਅਸੀਂ ਅਜੇ ਵੀ ਮਨਮੁਖ ਹਾਂ। ਜਦ ਹੀ ਅਸੀਂ ਪੂਰਨਤਾ ਪ੍ਰਾਪਤ ਕਰਦੇ ਹਾਂ ਅਸੀਂ ਹੁਕਮ ਅਧੀਨ ਹੁੰਦੇ ਹਾਂ ਅਸੀਂ ਇੱਕ ਗੁਰਮੁਖ ਬਣਦੇ ਹਾਂ, ਅਸੀਂ ਮਾਇਆ ਉੱਪਰ ਜਿੱਤ ਪਾਉਂਦੇ ਹਾਂ, ਅਸੀਂ ਮਾਇਆ ਨੂੰ ਹਰਾ ਦਿੰਦੇ ਹਾਂ।

ਪੂਰਨਤਾ ਦੀ ਪ੍ਰਾਪਤੀ ਸਾਨੂੰ ਪੂਰਨ (ਧੰਨ ਧੰਨ ਸਤਿ ਪਾਰਬ੍ਰਹਮ ਪਰਮੇਸ਼ਰ) ਵਿੱਚ ਅਭੇਦ ਕਰ ਦਿੰਦੀ ਹੈ। ‘ਪੂਰਾ’ ਦਾ ਭਾਵ ਹੈ ਅਨੰਤ ਬੇਅੰਤ ਪਰਮ ਬ੍ਰਹਮ ਸ਼ਕਤੀ ਜੋ ਕਿ ਪੂਰਨ ਸਮਰਪਣ ਨਾਲ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਉਹ ਮਨੁੱਖ ਜਿਹੜੇ ਆਪਣੇ ਗੁਰ ਅਤੇ ਗੁਰੂ ਨੂੰ ਆਪਣੇ ਤਨ, ਮਨ ਅਤੇ ਧਨ ਨਾਲ ਪੂਰਨ ਸਮਰਪਣ ਕਰਦੇ ਹਨ ਅਤੇ ਆਪਣੇ ਗੁਰੂ ਦੇ ਸਤਿ ਚਰਨਾਂ ‘ਤੇ ਪੂਰਨ ਭਰੋਸੇ, ਪੂਰਨ ਸ਼ਰਧਾ ਅਤੇ ਬੇ-ਸ਼ਰਤ ਪਿਆਰ ਨਾਲ ਸਮਰਪਣ ਕਰਦੇ ਹਨ, ਕੇਵਲ ਉਹ ਪੂਰਨ ਬੰਦਗੀ ਪ੍ਰਾਪਤ ਕਰਦੇ ਹਨ ਅਤੇ ਪੂਰਨਤਾ ਪ੍ਰਾਪਤ ਕਰਦੇ ਹਨ।

ਬੰਦਗੀ ਬਹੁਤ ਸੌਖੀ ਅਤੇ ਸਰਲ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਬੇਅੰਤ ਸਰਲ ਹੈ। ਸਤਿਗੁਰੂ ਦੇ ਸਤਿ ਚਰਨਾਂ ਉੱਪਰ ਪੂਰਨ ਸਮਰਪਣ ਕਰੋ ਅਤੇ ਪੂਰਨਤਾ ਪ੍ਰਾਪਤ ਕਰੋ। ਸਤਿਗੁਰੂ ਦੇ ਸਤਿ ਚਰਨਾਂ ਉੱਪਰ ਪੂਰਨ ਸਮਰਪਣ ਹੀ ਦਰਗਾਹ ਦੀ ਕੁੰਜੀ ਹੈ। ਇਹ ਪੂਰਨ ਪਰਮ ਸਤਿ ਤੱਤ ਹੈ ਕਿ ਜੋ ਮਨੁੱਖ ਪੂਰਨ ਸਮਰਪਣ ਕਰਦੇ ਹਨ ਉਹ ਯਕੀਨੀ ਤੌਰ ‘ਤੇ ਪੂਰਨਤਾ ਪ੍ਰਾਪਤ ਕਰਦੇ ਹਨ। ਇਸ ਪਰਮ ਸ਼ਕਤੀਸ਼ਾਲੀ ਪੂਰਨ ਬ੍ਰਹਮ ਗਿਆਨ ਨੂੰ ਸਾਡੀ ਝੋਲੀ ਵਿੱਚ ਪਾ ਕੇ ਧੰਨ ਧੰਨ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜੀਵਨ ਮੁਕਤੀ ਨੂੰ ਬਹੁਤ ਸਾਦਾ ਅਤੇ ਸੌਖਾ ਬਣਾ ਦਿੱਤਾ ਹੈ। ਇਸ ਪਰਮ ਸਤਿ ਤੱਤ ਨੂੰ ਦ੍ਰਿੜ੍ਹ ਕਰ ਲਵੋ ਕਿ ਇਹ ਸਤਿਗੁਰੂ ਦੇ ਸ਼ਬਦ ਹਨ ਅਤੇ ਇਹ ਪੂਰਨ ਸਤਿ ਹਨ। ਇਸ ਪਰਮ ਸ਼ਕਤੀਸ਼ਾਲੀ ਸਲੋਕ ਵਿੱਚ ਲਿਖੇ ਗਏ ਸਤਿਗੁਰੂ ਦੇ ਬਚਨ ਸਤਿਗੁਰੂ ਦਾ ਇਲਾਹੀ ਵਾਅਦਾ ਹੈ।ਜੇਕਰ ਅਸੀਂ ਆਪਣੇ ਆਪ ਨੂੰ ਸਤਿਗੁਰੂ ਦੇ ਸਤਿ ਚਰਨਾਂ ਉੱਪਰ ਪੂਰਨ ਸਮਰਪਣ ਕਰਦੇ ਹਾਂ ਤਾਂ ਸਾਨੂੰ ਪੂਰਨਤਾ ਦੀ ਪ੍ਰਾਪਤੀ ਹੋਣਾ ਅਟੱਲ ਸਤਿ ਹੈ।

ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਇਹ ਪ੍ਰਸ਼ਨ ਹੈ ਕਿ ਅਸੀਂ ਬਹੁਤ ਸਾਰਾ ਸਿਮਰਨ ਅਤੇ ਸੇਵਾ ਕਰਦੇ ਹਾਂ ਅਤੇ ਬਹੁਤ ਲੰਮੇ ਸਮੇਂ ਤੋਂ ਕਰ ਰਹੇ ਹਾਂ, ਪਰ ਅਸੀਂ ਅਜੇ ਤੱਕ ਕੁਝ ਵੀ ਰੂਹਾਨੀ ਤਰੱਕੀ ਅਨੁਭਵ ਨਹੀਂ ਕਰ ਰਹੇ ਹਾਂ। ਸਾਡਾ ਮਨ ਅਜੇ ਵੀ ਨਹੀਂ ਟਿਕ ਰਿਹਾ ਹੈ। ਮਨ ਨੂੰ ਸ਼ਾਂਤੀ ਨਹੀਂ ਹੈ।

ਉੱਤਰ ਬਹੁਤ ਹੀ ਸਰਲ ਹੈ। ਕੇਵਲ ਆਪਣੇ ਆਪ ਨੂੰ ਪ੍ਰਸ਼ਨ ਕਰੋ: ਕੀ ਮੇਰਾ ਕੋਈ ਸੰਤ ਸਤਿਗੁਰੂ ਹੈ ਅਤੇ ਕੀ ਮੈਂ ਆਪਣੇ ਸਤਿਗੁਰੂ ਦੇ ਸਤਿ ਚਰਨਾਂ ਉੱਪਰ ਪੂਰਨ ਸਮਰਪਣ ਕੀਤਾ ਹੈ? ਕੀ ਮੈਂ ਆਪਣੇ ਆਪ ਨੂੰ ਪੂਰਨ ਤੌਰ ‘ਤੇ ਸ਼ਰਧਾ, ਪ੍ਰੀਤ ਅਤੇ ਭਰੋਸੇ ਨਾਲ ਸਤਿਗੁਰੂ ਦੇ ਸਤਿ ਚਰਨਾਂ ‘ਤੇ ਪੂਰਨ ਸਮਰਪਣ ਕੀਤਾ ਹੈ? ਕੀ ਮੈਂ ਆਪਣਾ ਤਨ, ਮਨ ਅਤੇ ਧਨ ਸਤਿਗੁਰੂ ਦੇ ਸਤਿ ਚਰਨਾਂ ‘ਤੇ ਪੂਰਨ ਭਰੋਸੇ, ਪੂਰਨ ਸ਼ਰਧਾ, ਅਤੇ ਬਿਨ ਮੰਗਾਂ ਦੇ ਪੂਰਨ ਪ੍ਰੀਤ ਨਾਲ ਸਮਰਪਣ ਕੀਤਾ ਹੈ? ਕੀ ਮੈਨੂੰ ਗੁਰਪ੍ਰਸਾਦਿ ਦੀ ਕਿਰਪਾ ਪ੍ਰਾਪਤ ਹੈ?

ਜੇਕਰ ਇਨ੍ਹਾਂ ਪ੍ਰਸ਼ਨਾਂ ਦਾ ਉੱਤਰ ‘ਹਾਂ’ ਹੈ ਤਾਂ ਅਸੀਂ ਆਪਣੇ ਰੂਹਾਨੀ ਜੀਵਨ ਵਿੱਚ ਸਫਲਤਾ ਦੇ ਰਸਤੇ ‘ਤੇ ਜਾ ਰਹੇ ਹਾਂ ਅਤੇ ਕੇਵਲ ਇਸ ਉੱਪਰ ਚੱਲਦੇ ਰਹਿਣ ਦੀ ਜ਼ਰੂਰਤ ਹੈ। ਜੇਕਰ ਉੱਤਰ ‘ਨਹੀਂ’ ਹੈ ਤਾਂ ਤੁਹਾਡੀ ਬੰਦਗੀ ਅਜੇ ਸ਼ੁਰੂ ਹੀ ਨਹੀਂ ਹੋਈ ਹੈ। ਗੁਰਪ੍ਰਸਾਦਿ ਦੀ ਪ੍ਰਾਪਤੀ ਨਾਲ ਹੀ ਬੰਦਗੀ ਸ਼ੁਰੂ ਹੁੰਦੀ ਹੈ, ਇਸ ਤੋਂ ਬਿਨਾਂ ਬੰਦਗੀ ਸ਼ੁਰੂ ਨਹੀਂ ਹੁੰਦੀ। ਗੁਰਪ੍ਰਸਾਦਿ ਤੋਂ ਬਿਨਾਂ ਮਨੁੱਖ ਚੜ੍ਹਦੀ ਕਲਾ ਵਿੱਚ ਨਹੀਂ ਜਾ ਸਕਦਾ ਹੈ। ਦਰਗਾਹ ਵਿੱਚ ਬੰਦਗੀ ਦਾ ਖ਼ਾਤਾ ਕੇਵਲ ਗੁਰਪ੍ਰਸਾਦਿ ਨਾਲ ਹੀ ਖੁੱਲ੍ਹਦਾ ਹੈ। ਸੰਤ ਸਤਿਗੁਰੂ ਦੀ ਕਿਰਪਾ ਤੋਂ ਬਿਨਾਂ ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ ਅਤੇ ਪੂਰਨ ਬੰਦਗੀ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਨਹੀਂ ਹੁੰਦੀ ਹੈ।

ਤਨ ਦੇ ਸਮਰਪਣ ਦਾ ਭਾਵ ਹੈ ਸੇਵਾ ਅਤੇ ਸਤਿਨਾਮ ਸਿਮਰਨ। ਇਹ ਪੂਰਨ ਬੰਦਗੀ ਦੀ ਪ੍ਰਾਪਤੀ ਦਾ ਪਹਿਲਾ ਦਰਗਾਹੀ ਨਿਯਮ ਹੈ ਅਤੇ ਪੂਰਨ ਬੰਦਗੀ ਦੀ ਪ੍ਰਕਿਰਿਆ ਦਾ ਲਾਜ਼ਮੀ ਬ੍ਰਹਮ ਵਿਧਾਨ ਹੈ। ਤਨ ਨੂੰ ਸਤਿਨਾਮ ਸਿਮਰਨ ਲਈ ਵਰਤਣ ਦਾ ਭਾਵ ਹੈ ਆਪਣੇ ਸਮੇਂ ਦਾ ਦਸਵਾਂ ਭਾਗ ਹਰ ਰੋਜ਼ ਸਤਿਨਾਮ ਸਿਮਰਨ ਲਈ ਦੇਣਾ। ਸਤਿਨਾਮ ਸਿਮਰਨ ਅਕਾਲ ਪੁਰਖ ਦੀ ਸਭ ਤੋਂ ਉੱਚੀ ਸੇਵਾ ਹੈ। ਸਤਿਨਾਮ ਸਿਮਰਨ ਸਾਡੀ ਸੁਰਤ, ਮਨ ਅਤੇ ਹਿਰਦੇ ਨੂੰ ਨਾਮ ‘ਤੇ ਕੇਂਦਰਤ ਕਰ ਦੇਂਦਾ ਹੈ ਅਤੇ ਸਾਨੂੰ ਸਮਾਧੀ ਅਤੇ ਸੁੰਨ ਸਮਾਧੀ ਵਿੱਚ ਲੈ ਜਾਂਦਾ ਹੈ। ਸਤਿਨਾਮ ਸਿਮਰਨ ਨਾਲ ਮਨ ਸਥਿਰਤਾ ਵਿੱਚ ਚਲਾ ਜਾਂਦਾ ਹੈ ਅਤੇ ਮਨ ਪੂਰਨ ਸ਼ਾਂਤੀ ਵਿੱਚ ਚਲਾ ਜਾਂਦਾ ਹੈ। ਮਨ ਮਿਟ ਜਾਂਦਾ ਹੈ। ਸਤਿਨਾਮ ਸਿਮਰਨ ਕਰਨ ਨਾਲ ਸਤਿਨਾਮ ਸਾਡੇ ਮਨ, ਸੁਰਤ, ਹਿਰਦੇ ਅਤੇ ਸਾਰੀ ਦੇਹੀ ਵਿੱਚ ਅਤੇ ਰੋਮ-ਰੋਮ ਵਿੱਚ ਪ੍ਰਕਾਸ਼ਮਾਨ ਹੋ ਜਾਂਦਾ ਹੈ। ਸਤਿਨਾਮ ਅੰਮ੍ਰਿਤ ਨਾਲ ਸਾਰੀ ਦੇਹੀ ਭਰਪੂਰ ਹੋ ਜਾਂਦੀ ਹੈ। ਸਤਿਨਾਮ ਰੋਮ-ਰੋਮ ਵਿੱਚ ਚਲਾ ਜਾਂਦਾ ਹੈ। ਸਾਡੇ ਸਾਰੇ ਬਜਰ ਕਪਾਟ ਖੁੱਲ੍ਹ ਜਾਂਦੇ ਹਨ। ਸਾਡੇ ਸਾਰੇ ਸਤਿ ਸਰੋਵਰ ਪ੍ਰਕਾਸ਼ਮਾਨ ਹੋ ਜਾਂਦੇ ਹਨ ਅਤੇ ਸਾਡੇ ਸਰੀਰ ਵਿੱਚ ਨਿਰੰਤਰ ਅੰਮ੍ਰਿਤ ਦਾ ਪ੍ਰਵਾਹ ਸ਼ੁਰੂ ਹੋ ਜਾਂਦਾ ਹੈ। ਸਾਡੀ ਕੁੰਡਲਨੀ ਸ਼ਕਤੀ ਜਾਗਰਤ ਹੋ ਜਾਂਦੀ ਹੈ। ਮਾਇਆ ਨੂੰ ਜਿੱਤਣ ਲਈ ਮਾਇਆ ਨਾਲ ਜੰਗ ਸ਼ੁਰੂ ਹੋ ਜਾਂਦੀ ਹੈ।

ਮਨ ਦਾ ਅਰਪਣ ਕਰਨ ਤੋਂ ਭਾਵ ਹੈ ਸਤਿਗੁਰੂ ਦੇ ਬਚਨ ਸਤਿਬਚਨ ਮੰਨ ਕੇ ਪੂਰਨ ਭਰੋਸੇ, ਸ਼ਰਧਾ ਅਤੇ ਪ੍ਰੀਤ ਨਾਲ ਬਿਨਾਂ ਢਿੱਲ ਕੀਤੇ ਪਾਲਣਾ ਕਰਨਾ ਹੈ। ਸੱਚੀ ਪ੍ਰੀਤ ਬਿਨਾਂ ਕਿਸੇ ਮੰਗ ਦੇ ਪ੍ਰੀਤ ਹੈ। ਮੰਗ ਕਰਨ ਵਾਲਾ ਪਿਆਰ ਬੰਦਗੀ ਨਹੀਂ ਹੈ। ਮੰਗ ਕਰਨ ਨਾਲ ਪਿਆਰ ਸ਼ਰਤੀਆ ਬਣ ਜਾਂਦਾ ਹੈ। ਭਾਵ ਮੰਗ ਕਰਨ ਨਾਲ ਪਿਆਰ ਵਪਾਰ ਬਣ ਜਾਂਦਾ ਹੈ ਬੰਦਗੀ ਨਹੀਂ। ਇਸ ਲਈ ਸਤਿਗੁਰੂ ਦੇ ਬਚਨਾਂ ਨੂੰ ਸਤਿਬਚਨ ਕਰ ਕੇ ਬਿਨਾਂ ਕਿਸੇ ਪ੍ਰਸ਼ਨ, ਦੁਬਿਧਾ ਜਾਂ ਭਰਮ ਦੇ ਸਵੀਕਾਰ ਕਰਨਾ ਹੀ ਮਨ ਦਾ ਅਰਪਣ ਕਰਨਾ ਹੈ। ਜਿਸ ਦਿਨ ਸਾਡੇ ਸਾਰੇ ਪ੍ਰਸ਼ਨਾਂ ਦੇ ਉੱਤਰ ਮਿਲ ਜਾਂਦੇ ਹਨ, ਜਾਂ ਸਾਡਾ ਮਨ ਸਾਫ਼ ਹੋ ਜਾਂਦਾ ਹੈ, ਅਤੇ ਸਾਡਾ ਮਨ ਸਾਰੀਆਂ ਦੁਬਿਧਾਵਾਂ ਅਤੇ ਭਰਮਾਂ ਤੋਂ ਮੁਕਤ ਹੋ ਜਾਂਦਾ ਹੈ; ਜਦ ਸਮਾਧੀ ਲੱਗ ਜਾਂਦੀ ਹੈ, ਸਤਿਨਾਮ ਸੁਰਤਿ ਵਿੱਚ ਉਕਰਿਆ ਜਾਂਦਾ ਹੈ, ਅਜਪਾ ਜਾਪ ਸ਼ੁਰੂ ਹੋ ਜਾਂਦਾ ਹੈ ਤਾਂ ਸਾਡੀ ਬੰਦਗੀ ਗੁਰਪ੍ਰਸਾਦਿ ਦਾ ਸਦਕਾ ਕਰਮ ਖੰਡ ਵਿੱਚ ਚਲੀ ਜਾਂਦੀ ਹੈ। ਦਰਗਾਹ ਵਿੱਚ ਬੰਦਗੀ ਦਾ ਖ਼ਾਤਾ ਖੁੱਲ੍ਹ ਜਾਂਦਾ ਹੈ।

ਸਤਿਗੁਰੂ ਦੇ ਬਚਨਾਂ ਨੂੰ ਸਤਿ ਬਚਨ ਕਰ ਕੇ ਨਾ ਮੰਨਣਾ ਹੀ ਰੂਹਾਨੀ ਅਸਫਲਤਾ ਦਾ ਕਾਰਨ ਹੈ। ਸਾਨੂੰ ਸਤਿਗੁਰੂ ਦੇ ਬਚਨਾਂ ਪ੍ਰਤੀ ਪੂਰਨ ਭਰੋਸੇ, ਦ੍ਰਿੜ੍ਹਤਾ, ਸ਼ਰਧਾ ਅਤੇ ਪਿਆਰ ਦੀ ਜ਼ਰੂਰਤ ਹੈ। ਜੇਕਰ ਸਾਡੇ ਵਿੱਚ ਸਤਿਗੁਰੂ ਦੇ ਪ੍ਰਤੀ ਭਰੋਸੇ, ਪ੍ਰੀਤ ਅਤੇ ਸ਼ਰਧਾ ਦੀ ਕਮੀ ਹੈ ਅਤੇ ਅਸੀਂ ਸਤਿਗੁਰੂ ਦੇ ਬਚਨਾਂ ਦੀ ਪਾਲਣਾ ਨਹੀਂ ਕਰਦੇ ਤਾਂ ਅਸੀਂ ਇਸ ਅਨਾਦਿ ਸਤਿ ਦੀ ਪ੍ਰਾਪਤੀ ਦੇ ਮਾਰਗ ਤੇ ਸਫਲਤਾ ਦੀ ਕਾਮਨਾ ਨਹੀਂ ਕਰ ਸਕਦੇ ਹਾਂ।

ਸਤਿਗੁਰੂ ਦੇ ਬਚਨਾਂ ਦੀ ਪਾਲਣਾ ਨਾ ਕਰਨ ਦਾ ਭਾਵ ਹੈ ਗੁਰਮਤਿ ਦੀ ਪਾਲਣਾ ਨਾ ਕਰਨਾ। ਗੁਰਮਤਿ ਦੀ ਪਾਲਣਾ ਨਾ ਕਰਨ ਤੋਂ ਭਾਵ ਹੈ ਮਨਮਤਿ ਅਤੇ ਸੰਸਾਰਕ ਮਤਿ ਦੀ ਪਾਲਣਾ ਕਰਨਾ, ਜਿਸਦੇ ਨਾਲ ਕੋਈ ਰੂਹਾਨੀ ਸਫਲਤਾ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਇਸ ਲਈ, ਸਾਨੂੰ ਪੂਰੀ ਤਰ੍ਹਾਂ ਆਪਣੀ ਮਤਿ ਅਤੇ ਸੰਸਾਰਕ ਮਤਿ ਤਿਆਗਣੀ ਪਵੇਗੀ ਅਤੇ ਬ੍ਰਹਮ ਮਤਿ ਭਾਵ ਗੁਰਮਤਿ ਨੂੰ ਸਾਰੀਆਂ ਕਰਨੀਆਂ ਵਿੱਚ ਆਪਣਾਉਣਾ ਪਵੇਗਾ। ਕੇਵਲ ਤਦ ਹੀ ਅਸੀਂ ਸਤਿ ਦੀ ਕਰਨੀ ਉੱਪਰ ਧਿਆਨ ਕੇਂਦਰਤ ਕਰਨ ਦੇ ਯੋਗ ਹੋਵਾਂਗੇ। ਕੇਵਲ ਸਤਿ ਦੀ ਕਰਨੀ ਹੀ ਸਾਨੂੰ ਆਪਣਾ ਮਨ ਅਤੇ ਤਨ ਸਤਿਗੁਰੂ ਨੂੰ ਸੌਂਪਣ ਦੇ ਯੋਗ ਬਣਾਉਂਦੀ ਹੈ। ਕੇਵਲ ਸਤਿ ਦੀ ਕਰਨੀ ਹੀ ਸਾਨੂੰ ਆਪਣਾ ਤਨ ਅਤੇ ਧਨ ਸਤਿਗੁਰੂ ਦੇ ਚਰਨਾਂ ਉੱਪਰ ਪੂਰਨ ਸਮਰਪਣ ਕਰਨ ਦੇ ਯੋਗ ਬਣਾਉਂਦੀ ਹੈ। ਸਤਿਨਾਮ ਸਿਮਰਨ ਦੀ ਕਰਨੀ ਸਭ ਤੋਂ ਉੱਤਮ ਸਤਿ ਦੀ ਕਰਨੀ ਹੈ। ਸਤਿਨਾਮ ਸਿਮਰਨ ਕਰਨ ਨਾਲ ਹੀ ਮਨੁੱਖ ਵਿੱਚ ਮਨ ਅਤੇ ਧਨ ਅਰਪਣ ਕਰਨ ਦੀ ਸ਼ਕਤੀ ਆਉਂਦੀ ਹੈ। ਆਪਣਾ ਮਨ ਸਤਿਗੁਰੂ ਨੂੰ ਦੇਣਾ ਪੂਰਨ ਬੰਦਗੀ ਦਾ ਦੂਜਾ ਭਾਗ ਹੈ ਜਿਹੜਾ ਕਿ ਪੂਰਨਤਾ ਪ੍ਰਾਪਤ ਕਰਨ ਲਈ ਅਤੇ ਪੂਰਨ ਬੰਦਗੀ ਲਈ ਲਾਜ਼ਮੀ ਦਰਗਾਹੀ ਵਿਧਾਨ ਹੈ।

ਅਖੀਰਲਾ ਭਾਗ ਪੂਰਨ ਬੰਦਗੀ ਦਾ ਆਪਣਾ ਧਨ ਸਤਿਗੁਰੂ ਨੂੰ ਅਰਪਣ ਕਰਨਾ ਹੈ। ਜਿਸ ਦਾ ਭਾਵ ਹੈ ਆਪਣੀ ਕਮਾਈ ਦਾ ਦਸਵਾਂ ਭਾਗ ਸਤਿਗੁਰੂ ਨੂੰ ਭੇਟ ਕਰਨਾ ਹੈ। ਇਹ ਵੀ ਲਾਜ਼ਮੀ ਦਰਗਾਹੀ ਵਿਧਾਨ ਹੈ। ਸਤਿਗੁਰੂ ਬੇਅੰਤ ਦਿਆਲ ਹੈ। ਉਸਨੇ ਸਾਨੂੰ ਇਹ ਖੁੱਲ੍ਹ ਦਿੱਤੀ ਹੈ ਅਤੇ ਸਾਨੂੰ ਕੇਵਲ ਆਪਣੀ ਕਮਾਈ ਅਤੇ ਸਮੇਂ ਦਾ ਦਸਵਾਂ ਭਾਗ ਹੀ ਦੇਣ ਲਈ ਕਿਹਾ ਹੈ। ਜਦ ਅਸੀਂ ਆਪਣੇ ਸਮੇਂ ਅਤੇ ਕਮਾਈ ਦਾ ਦਸਵਾਂ ਭਾਗ ਸਤਿਗੁਰੂ ਨੂੰ ਭੇਟ ਕਰਦੇ ਹਾਂ ਉਹ ਇਸ ਵਿੱਚ ਬਾਕੀ ੯੦% ਆਪਣੇ ਖਜ਼ਾਨਿਆਂ ਵਿੱਚੋਂ ਪੂਰਾ ਕਰ ਕੇ ੧੦੦% ਸਾਡੇ ਖਾਤੇ ਵਿੱਚ ਜਮਾ ਕਰਦਾ ਹੈ। ਇਸ ਲਈ ੧੦% ਦੇਣਾ ਯਾਨੀ ਦਸਵੰਧ ਦੇਣਾ ਅਤੇ ੧੦੦% ਦਾ ਫਲ ਪ੍ਰਾਪਤ ਕਰਨਾ ਕੋਈ ਬੁਰਾ ਸੌਦਾ ਨਹੀਂ ਹੈ। ਕੇਵਲ ਇਤਨਾ ਹੀ ਨਹੀਂ ਇਸ ਦਿੱਤੇ ਗਏ ਦਸਵੰਧ ਦਾ ਫਲ ਕਈ ਸੈਂਕੜੇ ਅਤੇ ਹਜ਼ਾਰਾਂ ਗੁਣਾ ਹੋ ਕੇ ਸਾਨੂੰ ਹੀ ਵਾਪਿਸ ਮਿਲਦਾ ਹੈ।

ਜੇਕਰ ਅਸੀਂ ੧੦% ਨਾਲੋਂ ਜਿਆਦਾ ਦਸਵੰਧ ਦਿੰਦੇ ਹਾਂ ਤਾਂ ਫਿਰ ਦਸਵੰਧ ਦੇ ਦਰਗਾਹੀ ਵਿਧਾਨ ਅਨੁਸਾਰ ਹੋਰ ਜਿਆਦਾ ਕਿਰਪਾ ਬਰਸੇਗੀ। ਹਾਲਾਂਕਿ, ਇਹ ਕੋਈ ਵਿਰਲੀ ਦੁਰਲਭ ਰੂਹ ਹੀ ਹੁੰਦੀ ਹੈ ਜੋ ੧੦% ਨਾਲੋਂ ਜਿਆਦਾ ਦਿੰਦੀ ਹੈ। ਇਸ ਤੋਂ ਉਲਟ ਅਸੀਂ ਸੰਗਤ ਵਿੱਚ ਇਹ ਅਨੁਭਵ ਕੀਤਾ ਹੈ ਕਿ ਬਹੁਤੇ ਲੋਕਾਂ ਲਈ ਧਨ ਨਾਲੋਂ ਵੱਖ ਹੋਣਾ ਸਭ ਤੋਂ ਔਖਾ ਕੰਮ ਹੈ। ਇਸ ਲਈ ਜੋ ਲੋਕ ਦਸਵੰਧ ਨਹੀਂ ਦਿੰਦੇ ਉਨ੍ਹਾਂ ਨੂੰ ਪੂਰਨ ਬੰਦਗੀ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਜੋ ੧੦% ਤੋਂ ਵੱਧ ਦਸਵੰਧ ਦਿੰਦੇ ਹਨ, ਉਹ ਉਤਨਾ ਹੀ ਵੱਧ ਫਲ ਪ੍ਰਾਪਤ ਕਰਦੇ ਹਨ। ਜੇ ਅਸੀਂ ੨੦% ਦਸਵੰਧ ਦਿੰਦੇ ਹਾਂ ਤਾਂ ਸਤਿਗੁਰੂ ਨੂੰ ੨੦੦% ਪੂਰਾ ਕਰਨਾ ਪੈਂਦਾ ਹੈ। ਇਸ ਤਰ੍ਹਾਂ ਜਿਤਨਾ ਵੱਧ ਦਸਵੰਧ ਦਿੱਤਾ ਜਾਏ ਉਤਨਾ ਹੀ ਵੱਧ ਫਲਕਾਰੀ ਹੁੰਦਾ ਹੈ।

ਉਹ ਲੋਕ ਜੋ ਆਪਣੇ ਸਮੇਂ ਦਾ ਦਸਵੰਧ ਸਤਿਗੁਰੂ ਨੂੰ ਦਿੰਦੇ ਹਨ, ਪਰ ਆਪਣਾ ਮਨ ਅਤੇ ਧਨ ਸਤਿਗੁਰੂ ਨੂੰ ਅਰਪਣ ਨਹੀਂ ਕਰਦੇ ਉਨ੍ਹਾਂ ਦੀ ਰੂਹਾਨੀ ਤਰੱਕੀ ਬਹੁਤ ਸੀਮਿਤ ਹੁੰਦੀ ਹੈ। ਆਪਣਾ ਮਨ ਸਤਿਗੁਰੂ ਨੂੰ ਸੌਂਪਣਾ ਬੰਦਗੀ ਦਾ ਸਭ ਤੋਂ ਅਹਮ ਹਿੱਸਾ ਹੈ। ਜੇਕਰ ਅਸੀਂ ਆਪਣਾ ਮਨ ਸਤਿਗੁਰੂ ਨੂੰ ਸੌਂਪ ਦਿੰਦੇ ਹਾਂ ਤਾਂ ਅਸੀਂ ਆਪਣੇ ਸਤਿਗੁਰੂ ਨੂੰ ਆਪਣਾ ਤਨ ਅਤੇ ਧਨ ਆਪਣੇ ਆਪ ਹੀ ਸੌਂਪ ਦਿੰਦੇ ਹਾਂ। ਸਤਿਗੁਰੂ ਨੂੰ ਮਨ ਭੇਟ ਕਰ ਦੇਣ ਨਾਲ ਸਾਨੂੰ ਸਤਿਗੁਰੂ ਦੇ ਬਚਨਾਂ ਦੇ ਪਾਲਣ ਕਰਨ ਦੀ ਬ੍ਰਹਮ ਬਖਸ਼ਿਸ਼ ਅਤੇ ਪਰਮ ਸ਼ਕਤੀ ਦੀ ਪ੍ਰਾਪਤੀ ਹੁੰਦੀ ਹੈ ਅਤੇ ਅਸੀਂ ਗੁਰਮਤਿ ਦੀ ਪਾਲਣਾ ਸਹਿਜੇ ਹੀ ਕਰ ਲੈਂਦੇ ਹਾਂ। ਗੁਰਮਤਿ ਦੀ ਪਾਲਣਾ ਨਾਲ ਅਸੀਂ ਆਪਣਾ ਤਨ ਅਤੇ ਮਨ ਸਤਿਗੁਰੂ ਨੂੰ ਦੇਣ ਦੇ ਮਹੱਤਵ ਦੇ ਬ੍ਰਹਮ ਗਿਆਨ ਨਾਲ ਬਖਸ਼ੇ ਜਾਂਦੇ ਹਾਂ ਅਤੇ ਅਸੀਂ ਸਤਿਗੁਰੂ ਅੱਗੇ ਪੂਰਨ ਸਮਰਪਣ ਦੇ ਯੋਗ ਹੋ ਜਾਂਦੇ ਹਾਂ। ਇਸ ਲਈ ਅਸੀਂ ਜੇਕਰ ਸਤਿਗੁਰੂ ਅੱਗੇ ਪੂਰਨ ਸਮਰਪਣ ਨੂੰ ਔਖਾ ਸਮਝਦੇ ਹਾਂ ਤਾਂ ਆਪਣਾ ਮਨ ਸਤਿਗੁਰੂ ਨੂੰ ਸੌਂਪਣਾ ਸ਼ੁਰੂਆਤ ਕਰਨ ਦਾ ਸਭ ਤੋਂ ਸੌਖਾ ਰਸਤਾ ਹੈ। ਮਨ ਦਾ ਸਤਿਗੁਰੂ ਦੇ ਚਰਨਾਂ ‘ਤੇ ਅਰਪਣ ਆਪਣੇ ਆਪ ਸਾਨੂੰ ਪੂਰਨ ਸਮਰਪਣ ਵੱਲ ਲੈ ਜਾਵੇਗਾ ਅਤੇ ਅਸੀਂ ਪੂਰਨ ਬੰਦਗੀ ਵਿੱਚ ਜਾਣ ਦੇ ਯੋਗ ਹੋ ਜਾਵਾਂਗੇ।

ਗੁਰਪ੍ਰਸਾਦਿ ਹੀ ਪੂਰਨ ਬੰਦਗੀ ਲਈ ਪਰਮ ਸ਼ਕਤੀਸ਼ਾਲੀ ਇਲਾਹੀ ਦਰਗਾਹੀ ਬਖਸ਼ਿਸ਼ ਹੈ। ਗੁਰਪ੍ਰਸਾਦਿ ਲਈ ਸਭ ਤੋਂ ਪਹਿਲੀ ਬਖ਼ਸ਼ਿਸ਼ ਸਤਿਨਾਮ ਦਾ ਗੁਰਪ੍ਰਸਾਦਿ ਹੈ। ਇਸ ਪਰਮ ਸਤਿ ਤੱਤ ਨੂੰ ਮਨ ਵਿੱਚ ਦ੍ਰਿੜ੍ਹ ਕਰ ਰੱਖੋ ਅਤੇ ਸਪੱਸ਼ਟ ਤਰ੍ਹਾਂ ਸਮਝ ਲਵੋ ਕਿ ਸਤਿਨਾਮ ਦਾ ਗੁਰ ਪ੍ਰਸਾਦਿ ਆਪਣੇ ਆਪ ਵਿੱਚ ਪੂਰਨ ਹੈ ਅਤੇ ਇਹ ਸਤਿਗੁਰੂ ਦੇ ਸਤਿ ਚਰਨਾਂ ਵਿੱਚ ਪੂਰਨ ਸਮਰਪਣ ਕਰਨ ਨਾਲ ਹੀ ਪ੍ਰਾਪਤ ਹੋ ਸਕਦਾ ਹੈ।

ਸਤਿਗੁਰੂ ਦੇ ਸਤਿ ਚਰਨਾਂ ਉੱਪਰ ਪੂਰਨ ਸਮਰਪਣ ਹੀ ਪੂਰਨ ਬੰਦਗੀ ਹੈ। ਸਤਿਨਾਮ ਹੀ ਪੂਰਨ ਬ੍ਰਹਮ ਪਰਮ ਸ਼ਕਤੀ ਹੈ। ‘ਸਤਿ’ ਵਿੱਚ ਹੀ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਪੂਰਨ ਹਸਤੀ ਅਤੇ ਸਰਬ ਕਲਾਵਾਂ ਸਮਾਈਆਂ ਹੋਈਆਂ ਹਨ। ਸਤਿ ਪਾਰਬ੍ਰਹਮ ਪਰਮੇਸ਼ਰ ਦੇ ਸਾਰੇ ਦਰਗਾਹੀ ਖਜ਼ਾਨੇ ਅਤੇ ਪਰਮ ਸ਼ਕਤੀਆਂ ਸਤਿਨਾਮ ਵਿੱਚ ਹੀ ਸਮਾਈਆਂ ਹੋਈਆਂ ਹਨ। (ਸ਼ਬਦ ‘ਸਤਿ’ ਦੀ ਮਹਿਮਾ ਪਹਿਲੀ ਪਉੜੀ ਵਿੱਚ ਬਿਆਨ ਕੀਤੀ ਗਈ ਹੈ।) ਜੋ ਮਨੁੱਖ ਪੂਰਨ ਸ਼ਰਧਾ, ਪ੍ਰੀਤ ਅਤੇ ਭਰੋਸੇ ਨਾਲ ਸਤਿਨਾਮ ਸਿਮਰਨ ਕਰਦੇ ਹਨ ਉਨ੍ਹਾਂ ਨੂੰ ਗੁਰਪ੍ਰਸਾਦਿ ਦੀ ਪ੍ਰਾਪਤੀ ਹੋ ਜਾਂਦੀ ਹੈ। ਇਹ ਹੀ ‘ਪੂਰਾ ਜਾ ਕਾ ਨਾਉ’ ਦਾ ਭਾਵ ਹੈ ਜਿਹੜਾ ਕੇਵਲ ਸਤਿਗੁਰੂ ਦੇ ਸਤਿ ਚਰਨਾਂ ਵਿੱਚ ਪੂਰਨ ਸਮਰਪਣ ਨਾਲ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ‘ਨਾਨਕ ਪੂਰਾ ਪਾਇਆ’ ਤੋਂ ਭਾਵ ਹੈ ਪੂਰਨ ਬੰਦਗੀ ਦੀ ਪ੍ਰਾਪਤੀ। ਪੂਰਨ ਬੰਦਗੀ ਦੇ ਗੁਰਪ੍ਰਸਾਦਿ ਦੇ ਹੇਠ ਲਿਖੇ ਪ੍ਰਭਾਵ ਹਨ:-

* ਪੂਰਨ ਬੋਧ ਵੱਲ ਸਾਡੀ ਅਗਵਾਈ ਕਰਦਾ ਹੈ।

* ਸਾਡੇ ਹਿਰਦੇ ਨੂੰ ਸਤਿ ਹਿਰਦੇ ਵਿੱਚ ਪਰਿਵਰਤਿਤ ਕਰਦਾ ਹੈ।

* ਸਾਡੀ ਦੇਹੀ ਸਤਿਨਾਮ ਸਿਮਰਨ ਨਾਲ ਭਰਪੂਰ ਹੋ ਜਾਂਦੀ ਹੈ, ਸਾਡਾ ਰੋਮ-ਰੋਮ ਸਤਿਨਾਮ ਸਿਮਰਨ ਵਿੱਚ ਜਾਂਦਾ ਹੈ।

* ਸਾਡਾ ਹਿਰਦਾ ਪੂਰਨ ਸਚਿਆਰੀ ਰਹਿਤ ਵਿੱਚ ਆ ਜਾਂਦਾ ਹੈ।

* ਅਸੀਂ ਮਾਇਆ ਅਤੇ ਆਪਣੇ ਮਨ ਉੱਪਰ ਜਿੱਤ ਪਾਉਣ ਦੇ ਯੋਗ ਹੋ ਜਾਂਦੇ ਹਾਂ।

* ਅਸੀਂ ਆਪਣੇ ਖੁਦ ਦੇ ਮਨ ਨੂੰ ਪਰਮ ਜੋਤ ਪੂਰਨ ਪ੍ਰਕਾਸ਼ ਆਤਮ ਰਸ ਅੰਮ੍ਰਿਤ-ਪੂਰਨ ਤੱਤ ਗਿਆਨ-ਪੂਰਨ ਬ੍ਰਹਮ ਗਿਆਨ ਅੰਮ੍ਰਿਤ ਵਿੱਚ ਤਬਦੀਲ ਕਰਨ ਦੇ ਯੋਗ ਹੋ ਜਾਂਦੇ ਹਾਂ।

* ਸਾਡੇ ਸਾਰੇ ਬਜਰ ਕਪਾਟ ਖੁੱਲ੍ਹ ਜਾਂਦੇ ਹਨ। * ਸਾਡੇ ਸਾਰੇ ਸਤਿ ਸਰੋਵਰ ਜਗਮਗਾ ਉੱਠਦੇ ਹਨ ਅਤੇ ਕਿਰਿਆ ਸ਼ੀਲ ਹੋ ਜਾਂਦੇ ਹਨ।

* ਸਾਡੇ ਸਰੀਰ ਵਿੱਚੋਂ ਅੰਮ੍ਰਿਤ ਝਰਦਾ ਹੈ। ਅਸੀਂ ਅਸਲ ਬ੍ਰਹਮ ਭਾਵ ਵਿੱਚ ਅੰਮ੍ਰਿਤ ਧਾਰੀ ਹੋ ਜਾਂਦੇ ਹਾਂ।

* ਜਦ ਇਹ ਗੁਰ ਪ੍ਰਸਾਦਿ ਨਾਲ ਵਾਪਰਦਾ ਹੈ ਅਸੀਂ ਸਦਾ ਲਈ ਨਿਰਗੁਣ ਸਰੂਪ ਵਿੱਚ ਲੀਨ ਹੋ ਜਾਂਦੇ ਹਾਂ ਅਤੇ ਨਿਰੰਤਰ ਕਦੀ ਨਾ ਖ਼ਤਮ ਹੋਣ ਵਾਲੀ ਸਹਿਜ ਸਮਾਧੀ ਵਿੱਚ ਲੀਨ ਹੋ ਜਾਂਦੇ ਹਾਂ।