ਅਨੰਦੁ ਸਾਹਿਬ ਪਉੜੀ – ੨੨

ਜੇ ਕੋ ਗੁਰ ਤੇ ਵੇਮੁਖੁ ਹੋਵੈ ਬਿਨੁ ਸਤਿਗੁਰ ਮੁਕਤਿ ਨ ਪਾਵੈ

ਪਾਵੈ ਮੁਕਤਿ ਨ ਹੋਰ ਥੈ ਕੋਈ ਪੁਛਹੁ ਬਿਬੇਕੀਆ ਜਾਏ

ਅਨੇਕ ਜੂਨੀ ਭਰਮਿ ਆਵੈ ਵਿਣੁ ਸਤਿਗੁਰ ਮੁਕਤਿ ਨ ਪਾਏ

ਫਿਰਿ ਮੁਕਤਿ ਪਾਏ ਲਾਗਿ ਚਰਣੀ ਸਤਿਗੁਰੂ ਸਬਦੁ ਸੁਣਾਏ

ਕਹੈ ਨਾਨਕੁ ਵੀਚਾਰਿ ਦੇਖਹੁ ਵਿਣੁ ਸਤਿਗੁਰ ਮੁਕਤਿ ਨ ਪਾਏ ੨੨

(ਪੰਨਾ ੯੨੦)

ਪਿਛਲੀ ਪਉੜੀ ਵਿੱਚ ਧੰਨ ਧੰਨ ਸਤਿਗੁਰੂ ਸਾਹਿਬ ਨੇ “ਸਨਮੁਖ” ਮਨੁੱਖ ਦੀ ਅਤਿ ਸੁੰਦਰ ਮਹਿਮਾ ਨੂੰ ਪ੍ਰਗਟ ਕੀਤਾ ਹੈ। ਇਸ ਪਉੜੀ ਵਿੱਚ ਸਤਿਗੁਰੂ ਸਾਹਿਬ ਨੇ ਸਤਿਗੁਰੂ ਦੀ ਪਰਮ ਸ਼ਕਤੀਸ਼ਾਲੀ ਮਹਿਮਾ ਨੂੰ ਪ੍ਰਗਟ ਕੀਤਾ ਹੈ। ਇਸ ਦੇ ਨਾਲ ਹੀ ਇਸ ਪਉੜੀ ਵਿੱਚ ਧੰਨ ਧੰਨ ਸਤਿਗੁਰੂ ਸਾਹਿਬ ਜੀ “ਵੇਮੁਖੁ” ਮਨੁੱਖ ਦਾ ਕੀ ਹਸ਼ਰ ਹੁੰਦਾ ਹੈ, ਇਸ ਪਰਮ ਸਤਿ ਤੱਤ ਨੂੰ ਪ੍ਰਗਟ ਕਰ ਰਹੇ ਹਨ। ਸਾਕਤ ਮਨੁੱਖ ਸਤਿ ਪਾਰਬ੍ਰਹਮ ਪਰਮੇਸ਼ਰ ਤੋਂ “ਵੇਮੁਖੁ” ਹੁੰਦਾ ਹੈ। ਜਿਸ ਮਨੁੱਖ ਦਾ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਪਰਮ ਸ਼ਕਤੀਸ਼ਾਲੀ ਹਸਤੀ ਵਿੱਚ ਕੋਈ ਭਰੋਸਾ ਨਹੀਂ ਹੁੰਦਾ ਹੈ ਉਹ ਮਨੁੱਖ “ਵੇਮੁਖੁ” ਹੁੰਦਾ ਹੈ। ਜੋ ਮਨੁੱਖ ਇਹ ਵਿਸ਼ਵਾਸ ਨਹੀਂ ਕਰਦਾ ਹੈ ਕਿ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਵੀ ਕੋਈ ਹਸਤੀ ਹੈ ਉਹ ਮਨੁੱਖ “ਵੇਮੁਖੁ” ਹੁੰਦਾ ਹੈ। ਜੋ ਮਨੁੱਖ ਸਤਿ ਪਾਰਬ੍ਰਹਮ ਪਰਮੇਸ਼ਰ ਨਾਲ ਪਿਆਰ ਤੋਂ ਸੱਖਣਾ ਹੁੰਦਾ ਹੈ ਉਹ ਮਨੁੱਖ “ਵੇਮੁਖੁ” ਹੁੰਦਾ ਹੈ। ਜਿਸ ਮਨੁੱਖ ਦੇ ਹਿਰਦੇ ਵਿੱਚ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਲਈ ਕੋਈ ਸ਼ਰਧਾ ਨਹੀਂ ਹੁੰਦੀ ਹੈ ਉਹ ਮਨੁੱਖ “ਵੇਮੁਖੁ” ਹੁੰਦਾ ਹੈ। ਜੋ ਮਨੁੱਖ ਨਾਸਤਿਕ ਬਿਰਤੀ ਰੱਖਦਾ ਹੈ ਉਹ ਮਨੁੱਖ “ਵੇਮੁਖੁ” ਹੁੰਦਾ ਹੈ। ਜੋ ਮਨੁੱਖ ਸਤਿਗੁਰੂ ਦੇ ਸਨਮੁਖ ਨਹੀਂ ਹੁੰਦਾ ਹੈ ਉਹ ਮਨੁੱਖ “ਵੇਮੁਖੁ” ਹੁੰਦਾ ਹੈ। ਜੋ ਮਨੁੱਖ ਕੇਵਲ ਆਪਣੀ ਮਤਿ ਦਾ ਧਾਰਨੀ ਹੁੰਦਾ ਹੈ ਉਹ ਮਨੁੱਖ “ਵੇਮੁਖੁ” ਹੁੰਦਾ ਹੈ। ਜੋ ਮਨੁੱਖ ਸੰਸਾਰਿਕ ਮਤਿ ਦਾ ਧਾਰਨੀ ਹੁੰਦਾ ਹੈ ਉਹ ਮਨੁੱਖ “ਵੇਮੁਖੁ” ਹੁੰਦਾ ਹੈ। ਜੋ ਮਨੁੱਖ ਦੁਰਮਤਿ ਦਾ ਧਾਰਨੀ ਹੁੰਦਾ ਹੈ ਉਹ ਮਨੁੱਖ “ਵੇਮੁਖੁ” ਹੁੰਦਾ ਹੈ। ਜੋ ਮਨੁੱਖ ਗੁਰਮਤਿ ਦਾ ਧਾਰਨੀ ਨਹੀਂ ਹੁੰਦਾ ਹੈ ਉਹ ਮਨੁੱਖ “ਵੇਮੁਖੁ” ਹੁੰਦਾ ਹੈ। ਜੋ ਮਨੁੱਖ ਸਤਿਗੁਰੂ ਦੇ ਸਨਮੁਖ ਨਹੀਂ ਹੁੰਦਾ ਹੈ ਉਹ ਮਨੁੱਖ “ਵੇਮੁਖੁ” ਹੁੰਦਾ ਹੈ। ਜੋ ਮਨੁੱਖ ਮਨਮੁਖ ਹੁੰਦਾ ਹੈ ਉਹ ਮਨੁੱਖ “ਵੇਮੁਖੁ” ਹੁੰਦਾ ਹੈ। “ਵੇਮੁਖੁ” ਮਨੁੱਖ ਹੀ ਮਨਮੁਖ ਹੁੰਦਾ ਹੈ। ਜੋ ਮਨੁੱਖ ਆਪਣੇ ਮਨ ਨੂੰ ਮੁੱਖ ਰੱਖਦਾ ਹੈ ਉਹ ਮਨੁੱਖ “ਵੇਮੁਖੁ” ਅਤੇ “ਮਨਮੁਖ” ਹੁੰਦਾ ਹੈ। ਭਾਵ ਜੋ ਮਨੁੱਖ ਆਪਣੀ ਮਨਮਤਿ, ਸੰਸਾਰਿਕ ਮਤਿ ਅਤੇ ਦੁਰਮਤਿ ਨੂੰ ਧਾਰਨ ਕਰਦਾ ਹੈ ਅਤੇ ਗੁਰਮਤਿ ਨੂੰ ਧਾਰਨ ਨਹੀਂ ਕਰਦਾ ਹੈ ਉਹ ਮਨੁੱਖ “ਵੇਮੁਖ” ਅਤੇ “ਮਨਮੁਖ” ਹੁੰਦਾ ਹੈ। ਇਹ ਪਰਮ ਸਤਿ ਹੈ ਕਿ ਜੋ ਮਨੁੱਖ ਮਾਇਆ ਦੀ ਗੁਲਾਮੀ ਵਿੱਚ ਰੱਤਾ ਹੋਇਆ ਹੈ ਉਹ ਮਨੁੱਖ “ਵੇਮੁਖੁ” ਅਤੇ “ਮਨਮੁਖ” ਹੈ। ਇਹ ਪਰਮ ਸਤਿ ਹੈ ਕਿ ਜੋ ਮਨੁੱਖ ਆਪਣੀ ਸੰਸਾਰਿਕ ਤ੍ਰਿਸ਼ਣਾ ਨੂੰ ਬੁਝਾਉਣ ਵਾਸਤੇ ਪੰਜ ਚੰਡਾਲਾਂ (ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ) ਦੀਆਂ ਵਿਨਾਸ਼ਕਾਰੀ ਸ਼ਕਤੀਆਂ ਦੀ ਗੁਲਾਮੀ ਵਿੱਚ ਵਿਨਾਸ਼ਕਾਰੀ ਕਰਮ ਕਰਦਾ ਹੈ ਉਹ ਮਨੁੱਖ “ਵੇਮੁਖੁ” ਅਤੇ “ਮਨਮੁਖ” ਹੁੰਦਾ ਹੈ। ਇਹ ਪਰਮ ਸਤਿ ਹੈ ਕਿ ਮਾਇਆਧਾਰੀ ਮਨੁੱਖ “ਵੇਮੁਖੁ” ਅਤੇ “ਮਨਮੁਖ” ਹੁੰਦਾ ਹੈ। ਮਨਮੁਖ ਮਨੁੱਖ “ਵੇਮੁਖੁ” ਹੁੰਦਾ ਹੈ ਅਤੇ ਸਨਮੁਖ ਮਨੁੱਖ ਗੁਰਮੁਖ ਬਣਦਾ ਹੈ। ਮਨਮੁਖ ਮਨੁੱਖ ਅਸਤਿ ਕਰਮ ਇਕੱਤਰ ਕਰਦਾ ਹੈ ਅਤੇ ਸਨਮੁਖ ਮਨੁੱਖ ਸਤਿ ਕਰਮ ਇਕੱਤਰ ਕਰਦਾ ਹੈ। ਮਨਮੁਖ ਮਨੁੱਖ ਪਾਪ ਕਰਮ ਇਕੱਤਰ ਕਰਦਾ ਹੈ ਅਤੇ ਸਨਮੁਖ ਮਨੁੱਖ ਪੁੰਨ ਕਰਮ ਇਕੱਤਰ ਕਰਦਾ ਹੈ। ਇਸ ਲਈ “ਮਨਮੁਖ” ਅਤੇ “ਵੇਮੁਖੁ” ਮਨੁੱਖ ਦੁੱਖਾਂ-ਕਲੇਸ਼ਾਂ ਮੁਸੀਬਤਾਂ ਸਮੱਸਿਆਵਾਂ ਨੂੰ ਆਪਣੇ ਪ੍ਰਾਲਬਧ ਵਿੱਚ ਆਪ ਲਿਖਦਾ ਹੈ ਅਤੇ ਸਨਮੁਖ ਮਨੁੱਖ ਪੁੰਨ ਖੱਟਦਾ ਹੈ ਜਿਸਦੇ ਕਾਰਨ ਉਸ ਦੇ ਪ੍ਰਾਲਬਧ ਵਿੱਚ ਸੁੱਖਾਂ ਦਾ ਅਭਾਵ ਨਹੀਂ ਹੁੰਦਾ ਹੈ। ਮਨਮੁਖ ਦਾ ਜੀਵਨ ਦੁੱਖਾਂ ਵਿੱਚ ਬੀਤਦਾ ਹੈ ਅਤੇ ਸਨਮੁਖ ਮਨੁੱਖ ਜੋ ਕਿ ਆਪਣੀ ਬੰਦਗੀ ਪੂਰਨ ਕਰਕੇ ਗੁਰਮੁਖ ਬਣ ਜਾਂਦਾ ਹੈ ਉਹ ਆਪਣੇ ਭਾਗਾਂ ਵਿੱਚ ਸਦਾ ਸੁੱਖ ਲਿਖ ਦਿੰਦਾ ਹੈ। ਗੁਰਮੁਖ ਮਨੁੱਖ ਸਤਿ ਪਾਰਬ੍ਰਹਮ ਪਰਮੇਸ਼ਰ ਵਿੱਚ ਅਭੇਦ ਹੋ ਕੇ ਸਦਾ ਸੁੱਖ ਦੀ ਪ੍ਰਾਪਤੀ ਕਰ ਲੈਂਦਾ ਹੈ ਅਤੇ ਮਨਮੁਖ ਮਨੁੱਖ ਸਤਿ ਪਾਰਬ੍ਰਹਮ ਪਰਮੇਸ਼ਰ ਤੋਂ ਸਦਾ ਵਿਛੜਿਆ ਰਹਿੰਦਾ ਹੈ। ਇਸ ਪਰਮ ਸਤਿ ਤੱਤ ਨੂੰ ਗੁਰਬਾਣੀ ਵਿੱਚ ਪ੍ਰਗਟ ਕੀਤਾ ਗਿਆ ਹੈ:

ਗੁਰਮੁਖਿ ਸੁਖੀਆ ਮਨਮੁਖਿ ਦੁਖੀਆ ਗੁਰਮੁਖਿ ਸਨਮੁਖੁ ਮਨਮੁਖਿ ਵੇਮੁਖੀਆ

ਗੁਰਮੁਖਿ ਮਿਲੀਐ ਮਨਮੁਖਿ ਵਿਛੁਰੈ ਗੁਰਮੁਖਿ ਬਿਧਿ ਪ੍ਰਗਟਾਏ ਜੀਉ

(ਪੰਨਾ ੧੩੧)

ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੋ ਕੇ ਗੁਰਪ੍ਰਸਾਦਿ ਦੀ ਪ੍ਰਾਪਤੀ ਕਰਦੇ ਹਨ ਅਤੇ ਬੰਦਗੀ ਦੇ ਮਾਰਗ ਉੱਪਰ ਚੱਲਦੇ ਹਨ ਉਹ ਮਨੁੱਖ ‘ਵੇਮੁਖਤਾ’ ਦਾ ਤਿਆਗ ਕਰਨ ਦਾ ਅਭਿਆਸ ਕਰਦੇ ਹਨ। ਭਾਵ ਜੋ ਮਨੁੱਖ ਸਤਿਗੁਰੂ ਦੀ ਪਰਮ ਸ਼ਕਤੀਸ਼ਾਲੀ ਗੁਰਕਿਰਪਾ ਦੇ ਪਾਤਰ ਬਣ ਕੇ ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ ਅਤੇ ਪੂਰਨ ਬੰਦਗੀ ਦਾ ਗੁਰਪ੍ਰਸਾਦਿ ਪ੍ਰਾਪਤ ਕਰਦੇ ਹਨ ਅਤੇ ਬੰਦਗੀ ਦੇ ਮਾਰਗ ਉੱਪਰ ਚੱਲਣ ਦਾ ਯਤਨ ਕਰਦੇ ਹਨ ਉਹ ਮਨੁੱਖ ‘ਵੇਮੁਖਤਾ’ ਦਾ ਤਿਆਗ ਕਰਨ ਦਾ ਅਭਿਆਸ ਕਰਦੇ ਹਨ। ਜੋ ਮਨੁੱਖ ਸਤਿਗੁਰੂ ਦੇ ਸਤਿ ਚਰਨਾਂ ‘ਤੇ ਪੂਰਨ ਸਮਰਪਣ ਕਰਨ ਦਾ ਯਤਨ ਕਰਦੇ ਹੋਏ ਸਤਿਨਾਮ ਸਿਮਰਨ ਦਾ ਅਭਿਆਸ ਕਰਦੇ ਹਨ ਉਹ ਮਨੁੱਖ ਮਨਮਤਿ, ਸੰਸਾਰਿਕ ਮਤਿ ਅਤੇ ਦੁਰਮਤਿ ਦਾ ਤਿਆਗ ਕਰਨ ਦਾ ਯਤਨ ਕਰਦੇ ਹਨ। ਜੋ ਮਨੁੱਖ ਗੁਰਪ੍ਰਸਾਦਿ ਦੀ ਪ੍ਰਾਪਤੀ ਕਰ ਕੇ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਭਗਤੀ ਵਿੱਚ ਲੀਨ ਹੁੰਦੇ ਹਨ ਉਹ ਮਨੁੱਖ ਆਪਣੇ ਰੋਜ਼ਾਨਾ ਜੀਵਨ ਵਿੱਚ ਗੁਰਮਤਿ ਦਾ ਅਭਿਆਸ ਕਰਨ ਦਾ ਯਤਨ ਕਰਦੇ ਹਨ। ਇਹ ਪਰਮ ਸਤਿ ਹੈ ਕਿ ਮਾਇਆ ਦੀ ਗੁਲਾਮੀ ਵਿੱਚ ਵਿਚਰ ਰਿਹਾ ਮਨੁੱਖ ਮਨਮਤਿ, ਸੰਸਾਰਿਕ ਮਤਿ ਅਤੇ ਦੁਰਮਤਿ ਦਾ ਧਾਰਨੀ ਹੁੰਦਾ ਹੈ। ਮਨਮਤਿ, ਸੰਸਾਰਿਕ ਮਤਿ ਅਤੇ ਦੁਰਮਤਿ ਦਾ ਤਿਆਗ ਕਰਨਾ ਅਤੇ ਗੁਰਮਤਿ ਦੇ ਧਾਰਨੀ ਹੋਣਾ ਹੀ ਬੰਦਗੀ ਹੈ। ਮਾਇਆ ਨੂੰ ਜਿੱਤਣਾ ਹੀ ਗੁਰਮਤਿ ਦਾ ਧਾਰਨੀ ਹੋਣਾ ਹੈ। ਤ੍ਰੈ ਗੁਣ ਮਾਇਆ ਨੂੰ ਜਿੱਤ ਕੇ ਚੌਥੇ ਪਦ ਵਿੱਚ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਿਰਗੁਣ ਸਰੂਪ ਵਿੱਚ ਅਭੇਦ ਹੋਣਾ ਹੀ ਸੰਪੂਰਨ ਗੁਰਮਤਿ ਦਾ ਧਾਰਨੀ ਹੋਣਾ ਹੈ। ਗੁਰਪ੍ਰਸਾਦੀ ਸਤਿਨਾਮ ਸਿਮਰਨ ਅਤੇ ਸਤਿਨਾਮ ਦੀ ਕਮਾਈ ਕਰਨ ਨਾਲ ਮਨੁੱਖ ਦਾ ਮਨ ਚਿੰਦਿਆ ਜਾਂਦਾ ਹੈ ਅਤੇ ਮਨਮਤਿ, ਦੁਰਮਤਿ ਅਤੇ ਸੰਸਾਰਿਕ ਮਤਿ ਦਾ ਤਿਆਗ ਕਰਨਾ ਸੰਭਵ ਹੋ ਜਾਂਦਾ ਹੈ। ਪੂਰਨ ਸਮਰਪਣ ਕੇਵਲ ਪੂਰਨ ਸ਼ਰਧਾ, ਪ੍ਰੀਤ ਅਤੇ ਭਰੋਸੇ ਨਾਲ ਹੀ ਹੁੰਦਾ ਹੈ। ਇਸ ਲਈ ਬੰਦਗੀ ਕੇਵਲ ਪੂਰਨ ਸ਼ਰਧਾ, ਪ੍ਰੀਤ ਅਤੇ ਭਰੋਸੇ ਨਾਲ ਕੀਤੇ ਗਏ ਸਮਰਪਣ ਨਾਲ ਹੀ ਦਰਗਾਹ ਵਿੱਚ ਪ੍ਰਵਾਨ ਚੜ੍ਹਦੀ ਹੈ। ਜਿਉਂ-ਜਿਉਂ ਮਨੁੱਖ ਦੀ ਸ਼ਰਧਾ, ਪ੍ਰੀਤ ਅਤੇ ਭਰੋਸਾ ਵੱਧਦਾ ਜਾਂਦਾ ਹੈ ਤਿਉਂ-ਤਿਉਂ ਮਨੁੱਖ ਦਾ ਸਮਰਪਣ ਹੋਰ ਡੂੰਘਾ ਹੁੰਦਾ ਜਾਂਦਾ ਹੈ। ਜਿਉਂ-ਜਿਉਂ ਮਨੁੱਖ ਦੀ ਸ਼ਰਧਾ, ਪ੍ਰੀਤ ਅਤੇ ਭਰੋਸਾ ਵੱਧਦਾ ਜਾਂਦਾ ਹੈ ਤਿਉਂ-ਤਿਉਂ ਮਨੁੱਖ ਮਾਨਸਰੋਵਰ ਵਿੱਚ ਹੋਰ ਗਹਿਰਾ ਉਤਰਦਾ ਜਾਂਦਾ ਹੈ ਜਿਸਦੇ ਨਾਲ ਉਸ ਦੀ ਮਨਮੁਖਤਾ ਦਾ ਅੰਤ ਹੋ ਜਾਂਦਾ ਹੈ।

ਜਦ ਤੱਕ ਮਨੁੱਖ ਦਾ ਸਤਿਗੁਰੂ ਦੇ ਸਤਿ ਚਰਨਾਂ ‘ਤੇ ਪੂਰਨ ਸਮਰਪਣ ਨਹੀਂ ਹੁੰਦਾ ਹੈ ਤਦ ਤੱਕ ਮਨੁੱਖ ਵਿੱਚ ਮਨਮੁਖਤਾ ਦਾ ਅੰਸ਼ ਪੂਰਨ ਤੌਰ ‘ਤੇ ਨਸ਼ਟ ਨਹੀਂ ਹੁੰਦਾ ਹੈ। ਜਦ ਤੱਕ ਮਨੁੱਖ ਤ੍ਰੈ ਗੁਣ ਮਾਇਆ ਨੂੰ ਜਿੱਤ ਕੇ ਚੌਥੇ ਪਦ ਵਿੱਚ ਅੱਪੜ ਕੇ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਿਰਗੁਣ ਸਰੂਪ ਵਿੱਚ ਅਭੇਦ ਨਹੀਂ ਹੋ ਜਾਂਦਾ ਤਦ ਤੱਕ ਮਨੁੱਖ ਦੇ ਅੰਦਰ ਮਨਮੁਖਤਾ ਦਾ ਅੰਸ਼ ਪੂਰਨ ਤੌਰ ‘ਤੇ ਨਸ਼ਟ ਨਹੀਂ ਹੁੰਦਾ ਹੈ। ਜਦ ਤੱਕ ਮਨੁੱਖ ਗੁਰਮੁਖ ਨਹੀਂ ਬਣ ਜਾਂਦਾ ਹੈ ਤਦ ਤੱਕ ਮਨੁੱਖ ਦੇ ਅੰਦਰੋਂ ਮਨਮੁਖਤਾ ਦਾ ਪੂਰਨ ਨਾਸ਼ ਨਹੀਂ ਹੁੰਦਾ ਹੈ। ਇਸ ਲਈ ਕਈ ਬੰਦਗੀ ਵਿੱਚ ਲੀਨ ਹੋਏ ਮਨੁੱਖ ਬਹੁਤ ਉੱਚੀ ਅਵਸਥਾ ਪ੍ਰਾਪਤ ਕਰਨ ਦੇ ਉਪਰੰਤ ਵੀ ਬੰਦਗੀ ਪੂਰਨ ਕਰਨ ਵਿੱਚ ਅਸਫਲ ਹੋ ਜਾਂਦੇ ਹਨ। ਬੰਦਗੀ ਵਿੱਚ ਲੀਨ ਹੋਏ ਅਤੇ ਬਹੁਤ ਉੱਚੀ (ਕਰਮ ਖੰਡ ਅਤੇ ਸੱਚ ਖੰਡ) ਅਵਸਥਾ ਵਿੱਚ ਪਹੁੰਚੇ ਹੋਏ ਮਨੁੱਖਾਂ ਵਿੱਚ ਵੀ ਮਨਮੁਖਤਾ ਦਾ ਅੰਸ਼ ਪੂਰਨ ਤੌਰ ‘ਤੇ ਨਸ਼ਟ ਨਾ ਹੋਣ ਦੇ ਕਾਰਨ ਉਹ ਅਸਫਲ ਹੋ ਜਾਂਦੇ ਹਨ ਕਿਉਂਕਿ ਐਸੀ ਉੱਚੀ ਅਤੇ ਪਰਮ ਸ਼ਕਤੀਸ਼ਾਲੀ ਅਵਸਥਾ ਵਿੱਚ ਪਹੁੰਚ ਕੇ ਜਦ ਮਨੁੱਖ ਨੂੰ ਸੇਵਾ ਕਰਨ ਦੀ ਬਖ਼ਸ਼ਿਸ਼ ਪ੍ਰਾਪਤ ਹੁੰਦੀ ਹੈ ਤਾਂ ਉਸ ਨੂੰ ਇਲਾਹੀ ਦਰਗਾਹੀ ਪਰਮ ਸ਼ਕਤੀਆਂ ਦਾ ਅਨੁਭਵ ਹੁੰਦਾ ਹੈ। ਕਰਮ ਖੰਡ ਅਤੇ ਸੱਚ ਖੰਡ ਦੀ ਉੱਚੀ ਅਤੇ ਪਰਮ ਸ਼ਕਤੀਸ਼ਾਲੀ ਅਵਸਥਾ ਵਿੱਚ ਪਹੁੰਚੇ ਹੋਏ ਮਨੁੱਖਾਂ ਨੂੰ ਜਦ ਸਤਿ ਪਾਰਬ੍ਰਹਮ ਦੁਆਰਾ ਬਖ਼ਸ਼ੀਆਂ ਗਈਆਂ ਪਰਮ ਸ਼ਕਤੀਆਂ ਦਾ ਅਨੁਭਵ ਹੁੰਦਾ ਹੈ ਤਾਂ ਇਨ੍ਹਾਂ ਪਰਮ ਸ਼ਕਤੀਆਂ ਦੇ ਨਸ਼ੇ ਵਿੱਚ ਕਈ ਮਨੁੱਖ ਇਹ ਭੁੱਲ ਜਾਂਦੇ ਹਨ ਕਿ ਇਹ ਸਾਰੀ ਸਤਿਗੁਰੂ ਅਤੇ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਰਹਿਮਤ ਅਤੇ ਗੁਰਪ੍ਰਸਾਦਿ ਹੈ। ਇਸ ਕਾਰਨ ਉਨ੍ਹਾਂ ਮਨੁੱਖਾਂ ਦੇ ਅੰਦਰ ਸਥਿਤ ਮਨਮੁਖਤਾ ਦੇ ਅੰਸ਼ ਕਾਰਨ ਉਹ ਕੋਈ ਨਾ ਕੋਈ ਭੁੱਲ ਕਰ ਬੈਠਦੇ ਹਨ। ਮਨਮੁਖਤਾ ਦੇ ਕਾਰਨ ਕਈ ਵਾਰ ਉਹ ਇਹ ਸਮਝ ਲੈਂਦੇ ਹਨ ਕਿ ਹੁਣ ਉਨ੍ਹਾਂ ਨੂੰ ਸਭ ਕੁਝ ਪ੍ਰਾਪਤ ਹੋ ਗਿਆ ਹੈ ਅਤੇ ਉਨ੍ਹਾਂ ਨੂੰ ਹੁਣ ਸਤਿਗੁਰੂ ਦੀ ਕੋਈ ਲੋੜ ਨਹੀਂ ਹੈ। ਆਪਣੀ ਮਨਮੁਖਤਾ ਦੇ ਅੰਸ਼ ਦੇ ਨਾ ਨਸ਼ਟ ਹੋਣ ਕਾਰਨ ਉਹ ਮਨੁੱਖ ਇਹ ਸਮਝ ਲੈਂਦੇ ਹਨ ਕਿ ਹੁਣ ਉਹ ਸਭ ਕੁਝ ਕਰਨ ਵਿੱਚ ਸਮਰੱਥ ਹੋ ਗਏ ਹਨ। ਇਸ ਲਈ ਹੁਣ ਉਨ੍ਹਾਂ ਨੂੰ ਸਤਿਗੁਰੂ ਦੀ ਕੋਈ ਜ਼ਰੂਰਤ ਨਹੀਂ ਹੈ। ਜਾਂ ਪੂਰਨ ਸਮਰਪਣ ਦੇ ਅਭਾਵ ਹੋਣ ਕਾਰਨ ਅਤੇ ਉਨ੍ਹਾਂ ਦੇ ਅੰਦਰ ਮੌਜੂਦ ਮਨਮੁਖਤਾ ਦੇ ਅੰਸ਼ ਦਾ ਨਾਸ਼ ਨਾ ਹੋਣ ਕਾਰਨ ਉਹ ਮਨੁੱਖ ਹੋਰ ਕਈ ਇਸ ਤਰ੍ਹਾਂ ਦੀਆਂ ਦਲੀਲਾਂ ਵਿੱਚ ਫੱਸ ਕੇ ਕੋਈ ਨਾ ਕੋਈ ਗਲਤੀ ਕਰ ਬੈਠਦੇ ਹਨ ਜੋ ਉਨ੍ਹਾਂ ਦੀ ਵੇਮੁਖਤਾ ਦਾ ਕਾਰਨ ਬਣ ਜਾਂਦੀ ਹੈ। ਐਸੀਆਂ ਭੁੱਲਾਂ ਕਰਨ ਵਾਲੇ ਮਨੁੱਖ ਵੀ ਸਤਿਗੁਰੂ ਤੋਂ “ਵੇਮੁਖੁ” ਹੋ ਜਾਂਦੇ ਹਨ। ਐਸੇ ਮਨੁੱਖ ਜਿਸ ਸਤਿਗੁਰੂ ਤੋਂ ਗੁਰਪ੍ਰਸਾਦਿ ਪ੍ਰਾਪਤ ਕਰਦੇ ਹਨ, ਉਸ ਸਤਿਗੁਰੂ ਨੂੰ ਵਿਸਾਰ ਦੇਣ ਨਾਲ ਉਹ “ਵੇਮੁਖੁ” ਹੋ ਜਾਂਦੇ ਹਨ ਅਤੇ ਆਪਣਾ ਜਨਮ ਗੁਆ ਲੈਂਦੇ ਹਨ।

ਬੰਦਗੀ ਕਰਨ ਵਾਲੇ ਗੁਰਪ੍ਰਸਾਦੀ ਸਤਿਨਾਮ ਦੇ ਅਭਿਆਸੀ ਮਨੁੱਖਾਂ ਨੂੰ ਇਸ ਪਰਮ ਸਤਿ ਤੱਤ ਨੂੰ ਜਾਣਨਾ, ਸਮਝਣਾ ਅਤੇ ਮੰਨਣਾ ਬੇਅੰਤ ਲਾਜ਼ਮੀ ਹੈ ਕਿ ਬੰਦਗੀ ਵਿੱਚ ਖਰੇ ਅਤੇ ਖੋਟੇ ਦੀ ਪਰਖ ਸਤਿ ਦੀ ਕਸੌਟੀ ਉੱਪਰ ਲਾਜ਼ਮੀ ਹੁੰਦੀ ਹੈ। ਬੰਦਗੀ ਦੇ ਦੌਰਾਨ ਮਨੁੱਖ ਨੂੰ ਆਪਣੀ ਸ਼ਰਧਾ, ਪ੍ਰੀਤ ਅਤੇ ਭਰੋਸੇ ਨੂੰ ਸਿੱਧ ਕਰਨ ਲਈ ਕਈ ਔਖੀਆਂ ਪ੍ਰੀਖਿਆਵਾਂ ਵਿੱਚੋਂ ਨਿਕਲਣਾ ਪੈਂਦਾ ਹੈ। ਬੰਦਗੀ ਕਰਦੇ ਹੋਏ ਮਨੁੱਖ ਦੇ ਭਰੋਸੇ, ਪ੍ਰੀਤ ਅਤੇ ਸ਼ਰਧਾ ਵਿੱਚ ਕਿਤਨਾ ਸਤਿ ਹੈ ਇਸ ਦੀ ਪ੍ਰੀਖਿਆ ਤਾਂ ਸਤਿਗੁਰੂ ਸਤਿ ਪਾਰਬ੍ਰਹਮ ਪਰਮੇਸ਼ਰ ਲੈਂਦਾ ਹੀ ਹੈ। ਬੰਦਗੀ ਕਰਦੇ ਹੋਏ ਮਨੁੱਖ ਦੇ ਅੰਦਰ ਕਿਤਨੀ ਕੁ ਮਨਮੁਖਤਾ ਹੈ ਅਤੇ ਕਿਤਨੀ ਕੁ ਗੁਰਮੁਖਤਾ ਹੈ ਇਸ ਨੂੰ ਤਾਂ ਸਤਿਗੁਰੂ ਸਤਿ ਪਾਰਬ੍ਰਹਮ ਪਰਮੇਸ਼ਰ ਸਤਿ ਦੀ ਕਸੌਟੀ ‘ਤੇ ਪਰਖਦਾ ਹੀ ਹੈ। ਬੰਦਗੀ ਕਰਦੇ ਹੋਏ ਮਨੁੱਖ ਦਾ ਅੰਦਰ ਕਿਤਨਾ ਕੁ ਸਾਫ਼ ਹੈ ਅਤੇ ਕਿਤਨਾ ਕੁ ਮਲੀਨ ਹੈ ਇਸ ਦੀ ਪਰਖ ਤਾਂ ਸਤਿ ਪਾਰਬ੍ਰਹਮ ਪਰਮੇਸ਼ਰ ਕਰਦਾ ਹੀ ਹੈ। ਜਦ ਤੱਕ ਮਨੁੱਖ ਦਾ ਅੰਦਰ ਪੂਰਨ ਤੌਰ ‘ਤੇ ਸ਼ੁੱਧ ਨਹੀਂ ਹੋ ਜਾਂਦਾ ਤਦ ਤੱਕ ਸਤਿ ਪਾਰਬ੍ਰਹਮ ਪਰਮੇਸ਼ਰ ਮਨੁੱਖ ਦੀ ਬੰਦਗੀ ਪੂਰਨ ਤੌਰ ‘ਤੇ ਪ੍ਰਵਾਨ ਨਹੀਂ ਕਰਦਾ ਹੈ। ਜਦ ਤੱਕ ਮਨੁੱਖ ਦੇ ਅੰਦਰ ਦੀ ਸਾਰੀ ਮਨਮੁਖਤਾ ਦਾ ਨਾਸ਼ ਨਹੀਂ ਹੁੰਦਾ ਹੈ ਤਦ ਤੱਕ ਉਸ ਦੀ ਬੰਦਗੀ ਪੂਰਨ ਹੋ ਕੇ ਦਰਗਾਹ ਵਿੱਚ ਪ੍ਰਵਾਨ ਨਹੀਂ ਹੁੰਦੀ ਹੈ। ਜਦ ਤੱਕ ਮਨੁੱਖ ਦਾ ਅੰਦਰ ਪੂਰਨ ਗੁਰਮਤਿ ਵਿੱਚ ਨਹੀਂ ਸਿੱਧ ਹੋ ਜਾਂਦਾ ਤਦ ਤੱਕ ਉਸ ਦੀ ਬੰਦਗੀ ਪੂਰਨ ਨਹੀਂ ਹੁੰਦੀ ਹੈ। ਇਸ ਲਈ ਮਨੁੱਖ ਦੇ ਅੰਦਰ ਕਿਤਨਾ ਖੋਟ ਹੈ ਅਤੇ ਕਿਤਨਾ ਖਰਾਪਨ ਹੈ ਇਸ ਨੂੰ ਜਾਂਚਣ ਲਈ ਤਾਂ ਸਤਿਗੁਰੂ ਅਤੇ ਸਤਿ ਪਾਰਬ੍ਰਹਮ ਪਰਮੇਸ਼ਰ ਮਨੁੱਖ ਨੂੰ ਸਤਿ ਦੀ ਕਸੌਟੀ ‘ਤੇ ਜ਼ਰੂਰ ਪਰਖਦਾ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਕੇਵਲ ਪੂਰਨ ਤੌਰ ‘ਤੇ ਖਰੇ ਹੋ ਗਏ ਮਨੁੱਖਾਂ ਨੂੰ ਹੀ ਸਦਾ ਸੁਹਾਗਣ ਦੇ ਰੂਪ ਵਿੱਚ ਸਵੀਕਾਰ ਕਰਦਾ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਕੇਵਲ ਉਸ ਮਨੁੱਖ ਨੂੰ ਆਪਣੇ ਵਿੱਚ ਅਭੇਦ ਕਰਦਾ ਹੈ ਜੋ ਪੂਰਨ ਸਚਿਆਰੀ ਰਹਿਤ ਦਾ ਧਾਰਨੀ ਬਣ ਜਾਂਦਾ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਕੇਵਲ ਉਸ ਮਨੁੱਖ ਨੂੰ ਆਪਣੇ ਵਿੱਚ ਅਭੇਦ ਕਰਦਾ ਹੈ ਜੋ ਮਨੁੱਖ ਮਾਇਆ ਨੂੰ ਜਿੱਤ ਲੈਂਦਾ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਕੇਵਲ ਉਸ ਮਨੁੱਖ ਨੂੰ ਸਦਾ ਸੁਹਾਗਣ ਦੇ ਰੂਪ ਵਿੱਚ ਸਵੀਕਾਰ ਕਰਦਾ ਹੈ ਜੋ ਸਤਿ ਦੀ ਕਸੌਟੀ ਉੱਪਰ ਖਰਾ ਉਤਰਦਾ ਹੈ। ਜੋ ਮਨੁੱਖ ਸਤਿ ਦੀ ਕਸੌਟੀ ‘ਤੇ ਖਰਾ ਨਹੀਂ ਉਤਰਦਾ ਉਸ ਨੂੰ ਸਦਾ ਸੁਹਾਗ ਨਹੀਂ ਪ੍ਰਾਪਤ ਹੁੰਦਾ ਹੈ। ਜੋ ਮਨੁੱਖ ਆਪਣੀ ਮਨਮੁਖਤਾ ਦੇ ਕਾਰਨ ਸਤਿਗੁਰੂ ਤੋਂ “ਵੇਮੁਖੁ” ਹੋ ਜਾਂਦਾ ਹੈ ਉਸ ਦੀ ਬੰਦਗੀ ਦਰਗਾਹ ਵਿੱਚ ਪ੍ਰਵਾਨ ਨਹੀਂ ਹੁੰਦੀ ਹੈ। ਇਸ ਪਰਮ ਸਤਿ ਤੱਤ ਨੂੰ ਗੁਰਬਾਣੀ ਵਿੱਚ ਬਾਰ-ਬਾਰ ਦ੍ਰਿੜ੍ਹ ਕਰਵਾਇਆ ਗਿਆ ਹੈ:

ਖੋਟੇ ਖਰੇ ਤੁਧੁ ਆਪਿ ਉਪਾਏ ਤੁਧੁ ਆਪੇ ਪਰਖੇ ਲੋਕ ਸਬਾਏ

ਖਰੇ ਪਰਖਿ ਖਜਾਨੈ ਪਾਇਹਿ ਖੋਟੇ ਭਰਮਿ ਭੁਲਾਵਣਿਆ

(ਪੰਨਾ ੧੧੮-੧੧੯)

ਇਕਿ ਖੋਟੇ ਇਕਿ ਖਰੇ ਆਪੇ ਪਰਖਣਹਾਰੁ ਖਰੇ ਖਜਾਨੈ ਪਾਈਅਹਿ ਖੋਟੇ ਸਟੀਅਹਿ ਬਾਹਰ ਵਾਰਿ

ਖੋਟੇ ਸਚੀ ਦਰਗਹ ਸੁਟੀਅਹਿ ਕਿਸੁ ਆਗੈ ਕਰਹਿ ਪੁਕਾਰ

ਸਤਿਗੁਰ ਪਿਛੈ ਭਜਿ ਪਵਹਿ ਏਹਾ ਕਰਣੀ ਸਾਰੁ ਸਤਿਗੁਰੁ ਖੋਟਿਅਹੁ ਖਰੇ ਕਰੇ ਸਬਦਿ ਸਵਾਰਣਹਾਰੁ

(ਪੰਨਾ ੧੪੩)

ਖਰੇ ਪਰਖਿ ਖਜਾਨੈ ਪਾਈਅਨਿ ਖੋਟਿਆ ਨਾਹੀ ਥਾਉ ਸਭੁ ਸਚੋ ਸਚੁ ਵਰਤਦਾ ਸਦਾ ਸਚੁ ਨਿਆਉ

(ਪੰਨਾ ੧੦੯੨)

ਜਿਨ੍ਹਾਂ ਮਨੁੱਖਾਂ ਦਾ ਸਤਿਗੁਰੂ ਅਤੇ ਸਤਿ ਪਾਰਬ੍ਰਹਮ ਪਰਮੇਸ਼ਰ ਲਈ ਸ਼ਰਧਾ, ਪ੍ਰੀਤ ਅਤੇ ਭਰੋਸਾ ਪੂਰਨ ਹੁੰਦਾ ਹੈ ਉਹ ਮਨੁੱਖ ਸਤਿ ਦੀ ਕਸੌਟੀ ‘ਤੇ ਸਹਿਜੇ ਹੀ ਆਪਣਾ ਖਰਾਪਨ ਸਿੱਧ ਕਰਨ ਵਿੱਚ ਸਫਲ ਹੋ ਜਾਂਦੇ ਹਨ। ਜੋ ਮਨੁੱਖ ਅੰਦਰੋਂ ਭੋਲੇ ਹੁੰਦੇ ਹਨ ਉਨ੍ਹਾਂ ਦੀ ਸ਼ਰਧਾ, ਪ੍ਰੀਤ ਅਤੇ ਭਰੋਸਾ ਕਦੇ ਨਿਸ਼ਫਲ ਨਹੀਂ ਹੁੰਦਾ ਹੈ। ਮਨੁੱਖ ਜਿਤਨਾ ਭੋਲਾ ਹੋਏ ਉਤਨੀ ਹੀ ਉਸ ਦੀ ਬੰਦਗੀ ਸੌਖੀ ਪ੍ਰਵਾਨ ਚੜ੍ਹ ਜਾਂਦੀ ਹੈ। ਮਨੁੱਖ ਜਿਤਨਾ ਭੋਲਾ ਹੋਵੇ ਉਤਨਾ ਹੀ ਛੇਤੀ ਉਹ ਗੁਰਮਤਿ ਦਾ ਧਾਰਨੀ ਹੋ ਜਾਂਦਾ ਹੈ ਅਤੇ ਉਤਨੀ ਹੀ ਛੇਤੀ ਉਸ ਦੀ ਮਨਮੁਖਤਾ ਨਸ਼ਟ ਹੋ ਜਾਂਦੀ ਹੈ। ਜਿਸ ਮਨੁੱਖ ਦੇ ਅੰਦਰ ਚਤੁਰ-ਚਲਾਕੀਆਂ ਦਾ ਸੁਭਾਅ ਜ਼ਿਆਦਾ ਹੁੰਦਾ ਹੈ ਉਸ ਮਨੁੱਖ ਦੀ ਬੰਦਗੀ ਉਤਨੀ ਹੀ ਔਖੀ ਹੋ ਜਾਂਦੀ ਹੈ। ਜਿਸ ਮਨੁੱਖ ਦੇ ਅੰਦਰ ਚਤੁਰ-ਚਲਾਕੀਆਂ ਦਾ ਸੁਭਾਅ ਜ਼ਿਆਦਾ ਹੁੰਦਾ ਹੈ ਉਸ ਮਨੁੱਖ ਦੀ ਸਤਿ ਦੀ ਕਸੌਟੀ ਦੀ ਪਰੀਖਿਆ ਉਤਨੀ ਹੀ ਔਖੀ ਹੁੰਦੀ ਹੈ। ਇਸ ਲਈ ਜਿਸ ਮਨੁੱਖ ਦੇ ਅੰਦਰ ਚਤੁਰ-ਚਲਾਕੀਆਂ ਦਾ ਸੁਭਾਅ ਜ਼ਿਆਦਾ ਹੁੰਦਾ ਹੈ ਉਸ ਮਨੁੱਖ ਦੇ “ਵੇਮੁਖੁ” ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਇਸ ਲਈ ਬੰਦਗੀ ਵਿੱਚ ਆਪਣੇ ਸਤਿਗੁਰੂ ਦੇ ਸਤਿ ਚਰਨਾਂ ਤੋਂ ਕਦੇ ਵੀ ਆਪਣਾ ਸੀਸ ਉੱਤੇ ਨਾ ਚੁੱਕੋ। ਸਾਰੀ ਵਡਿਆਈ ਸਤਿਗੁਰੂ ਅਤੇ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਸਤਿ ਚਰਨਾਂ ਵਿੱਚ ਸਦਾ ਅਰਪਣ ਕਰਦੇ ਰਹੋ। ਸਦਾ ਨਿੰਮਰਤਾ ਦੀ ਕਮਾਈ ਕਰੋ ਅਤੇ ਆਪਣੇ ਆਪ ਨੂੰ ਨੀਵੇਂ ਥਾਂ ‘ਤੇ ਰੱਖੋ। ਹਿਰਦੇ ਦੀ ਗਰੀਬੀ ਦੀ ਕਮਾਈ ਕਰੋ। ਕਦੇ ਵੀ ਆਪਣੀ ਰੂਹਾਨੀ ਤਰੱਕੀ ਦਾ ਅਭਿਮਾਨ ਹਿਰਦੇ ਵਿੱਚ ਨਾ ਆਉਣ ਦਿਓ। ਆਪਣੀ ਵਡਿਆਈ ਦੀ ਲੋਚਣਾ ਕਦੇ ਭੁੱਲ ਕੇ ਵੀ ਨਾ ਕਰੋ। ਸਦਾ ਸਤਿਗੁਰੂ ਅਤੇ ਸਤਿ ਪਾਰਬ੍ਰਹਮ ਦੀ ਕਿਰਪਾ ਦਾ ਸਤਿਕਾਰ ਕਰੋ। ਇਹ ਕਦੇ ਨਾ ਭੁੱਲੋ ਕਿ ਤੁਹਾਡੀ ਸਾਰੀ ਰੂਹਾਨੀ ਤਰੱਕੀ ਕੇਵਲ ਸਤਿਗੁਰੂ ਦੇ ਗੁਰਪ੍ਰਸਾਦਿ ਨਾਲ ਹੀ ਹੋਈ ਹੈ। ਸਤਿਗੁਰੂ ਵਿੱਚ ਸਥਿਤ ਪਰਮ ਸ਼ਕਤੀਆਂ ਨੂੰ ਕਦੇ ਘੱਟ ਸਮਝਣ ਦੀ ਭੁੱਲ ਨਾ ਕਰੋ। ਜਦ ਤੁਹਾਡੀ ਬੰਦਗੀ ਪੂਰਨ ਹੋ ਜਾਏਗੀ ਤਾਂ ਹੀ ਦਰਗਾਹ ਤੋਂ ਪਰਉਪਕਾਰੀ ਸੇਵਾ ਦਾ ਗੁਰਪ੍ਰਸਾਦਿ ਪ੍ਰਾਪਤ ਹੋਏਗਾ। ਜਦ ਤੁਹਾਡੀ ਬੰਦਗੀ ਪੂਰਨ ਹੋ ਜਾਏਗੀ ਤਾਂ ਪੂਰਾ ਸਤਿਗੁਰੂ ਆਪਣੇ ਆਪ ਹੀ ਤੁਹਾਨੂੰ ਡੰਡਉਤ ਕਰ ਕੇ ਆਪਣੀ ਸ਼ਿਸ਼ਤਾ ਤੋਂ ਅਜ਼ਾਦ ਕਰ ਦੇਵੇਗਾ। ਜਿਵੇਂ ਸਤਿਗੁਰੂ ਅਵਤਾਰ ਧੰਨ ਧੰਨ ਨਾਨਕ ਪਾਤਸ਼ਾਹ ਜੀ ਨੇ ਭਾਈ ਲਹਿਣਾ ਜੀ ਨੂੰ ਪੂਰਨ ਸਤਿਗੁਰੂ ਦੇ ਰੂਪ ਵਿੱਚ ਸੁਸ਼ੋਭਿਤ ਕੀਤਾ; ਸਤਿਗੁਰੂ ਤੁਹਾਨੂੰ ਸਦਾ ਸੁਹਾਗਣ ਬਣਾਉਣ ਲਈ ਵਿਚੋਲੇ ਦੀ ਭੂਮਿਕਾ ਨਿਭਾਉਂਦਾ ਹੈ ਅਤੇ ਸਦਾ ਸੁਹਾਗ ਦੀ ਪ੍ਰਾਪਤੀ ਤੋਂ ਉਪਰੰਤ ਸਤਿਗੁਰੂ ਦਾ ਕਾਰਜ ਪੂਰਨ ਹੋ ਜਾਂਦਾ ਹੈ। ਐਸੀ ਅਵਸਥਾ ਵਿੱਚ ਅੱਪੜਣ ਤੋਂ ਬਾਅਦ ਸਤਿ ਪਾਰਬ੍ਰਹਮ ਪਰਮੇਸ਼ਰ ਤੁਹਾਡਾ ਸਤਿਗੁਰੂ ਹੋ ਜਾਂਦਾ ਹੈ। ਇਸ ਅਵਸਥਾ (ਸਦਾ ਸੁਹਾਗਣ) ‘ਤੇ ਅੱਪੜ ਕੇ ਹੀ ਮਨੁੱਖਤਾ ਦੀ ਸੇਵਾ ਕੀਤੀ ਜਾਂਦੀ ਹੈ। ਇਸ ਅਵਸਥਾ (ਸਦਾ ਸੁਹਾਗਣ) ‘ਤੇ ਅੱਪੜ ਕੇ ਹੀ ਮਨੁੱਖ ਗੁਰਪ੍ਰਸਾਦਿ ਵਰਤਾਉਣ ਦੀ ਸੇਵਾ ਪ੍ਰਾਪਤ ਕਰਦਾ ਹੈ ਅਤੇ ਸਤਿਨਾਮ ਦੇ ਅੰਮ੍ਰਿਤ ਦਾ ਵਪਾਰੀ ਬਣਦਾ ਹੈ।

ਬਿਨਾਂ ਸਤਿਗੁਰੂ ਦੀ ਪ੍ਰਾਪਤੀ ਦੇ ਮਨੁੱਖ ਦੀ ਬੰਦਗੀ ਸ਼ੁਰੂ ਨਹੀਂ ਹੁੰਦੀ ਹੈ। ਬਿਨਾਂ ਸਤਿਗੁਰੂ ਦੀ ਪ੍ਰਾਪਤੀ ਦੇ ਮਨੁੱਖ ਨੂੰ ਬੰਦਗੀ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਬਿਨਾਂ ਸਤਿਗੁਰੂ ਦੀ ਪ੍ਰਾਪਤੀ ਤੋਂ ਮਨੁੱਖ ਨੂੰ ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ ਅਤੇ ਪੂਰਨ ਬੰਦਗੀ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਬਿਨਾਂ ਸਤਿਗੁਰੂ ਦੀ ਪ੍ਰਾਪਤੀ ਦੇ ਮਨੁੱਖ ਨੂੰ ਸੁਹਾਗ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਬਿਨਾਂ ਸਤਿਗੁਰੂ ਦੀ ਪ੍ਰਾਪਤੀ ਦੇ ਮਨੁੱਖ ਦੀ ਸੁਰਤਿ ਵਿੱਚ ਸ਼ਬਦ ਦਾ ਸੁਮੇਲ ਨਹੀਂ ਹੁੰਦਾ ਹੈ। ਬਿਨਾਂ ਸਤਿਗੁਰੂ ਦੀ ਪ੍ਰਾਪਤੀ ਦੇ ਮਨੁੱਖ ਦਾ ਸਿਮਰਨ ਸੁਰਤਿ ਵਿੱਚ ਨਹੀਂ ਉੱਕਰਦਾ ਹੈ ਅਤੇ ਨਾ ਹੀ ਮਨੁੱਖ ਦੀ ਸਮਾਧੀ ਲੱਗਦੀ ਹੈ। ਬਿਨਾਂ ਸਤਿਗੁਰੂ ਦੀ ਪ੍ਰਾਪਤੀ ਦੇ ਮਨੁੱਖ ਦੇ ਰੋਮ-ਰੋਮ ਵਿੱਚ ਸਿਮਰਨ ਨਹੀਂ ਜਾ ਸਕਦਾ ਹੈ। ਬਿਨਾਂ ਸਤਿਗੁਰੂ ਦੀ ਪ੍ਰਾਪਤੀ ਦੇ ਮਨੁੱਖ ਦੇ ਬਜਰ ਕਪਾਟ ਨਹੀਂ ਖੁਲ੍ਹ ਸਕਦੇ ਹਨ ਅਤੇ ਨਾ ਹੀ ਸੁੰਨ ਸਮਾਧੀ ਦੀ ਪ੍ਰਾਪਤੀ ਹੁੰਦੀ ਹੈ। ਬਿਨਾਂ ਸਤਿਗੁਰੂ ਦੀ ਪ੍ਰਾਪਤੀ ਦੇ ਮਨੁੱਖ ਦਾ ਮਨ ਚਿੰਦਿਆ ਨਹੀਂ ਜਾ ਸਕਦਾ ਹੈ। ਬਿਨਾਂ ਸਤਿਗੁਰੂ ਦੀ ਪ੍ਰਾਪਤੀ ਦੇ ਮਨੁੱਖ ਦੀ ਮਨਮੁਖਤਾ ਦਾ ਅੰਤ ਨਹੀਂ ਹੁੰਦਾ ਹੈ। ਬਿਨਾਂ ਸਤਿਗੁਰੂ ਦੀ ਪ੍ਰਾਪਤੀ ਦੇ ਮਨੁੱਖ ਪੂਰਨ ਗੁਰਮਤਿ ਦਾ ਧਾਰਨੀ ਨਹੀਂ ਬਣ ਸਕਦਾ ਹੈ। ਬਿਨਾਂ ਸਤਿਗੁਰੂ ਦੀ ਪ੍ਰਾਪਤੀ ਦੇ ਮਨੁੱਖ ਦੇ ਮਨ ਦੀ ਮੈਲ ਨਹੀਂ ਧੁਪਦੀ ਹੈ। ਬਿਨਾਂ ਸਤਿਗੁਰੂ ਦੀ ਪ੍ਰਾਪਤੀ ਦੇ ਮਨੁੱਖ ਦੀ ਹਉਮੈ ਦਾ ਅੰਤ ਨਹੀਂ ਹੁੰਦਾ ਹੈ। ਬਿਨਾਂ ਸਤਿਗੁਰੂ ਦੀ ਪ੍ਰਾਪਤੀ ਦੇ ਮਨੁੱਖ ਦੇ ਵਿਕਾਰਾਂ ਦਾ ਨਾਸ਼ ਨਹੀਂ ਹੋ ਸਕਦਾ ਹੈ ਅਤੇ ਨਾ ਹੀ ਮਨੁੱਖ ਦੇ ਸਤਿ ਗੁਣਾਂ ਦਾ ਵਿਕਾਸ ਹੋ ਸਕਦਾ ਹੈ। ਬਿਨਾਂ ਸਤਿਗੁਰੂ ਦੀ ਪ੍ਰਾਪਤੀ ਦੇ ਮਨੁੱਖ ਦੇ ਮੋਹ ਦਾ ਨਾਸ਼ ਨਹੀਂ ਹੁੰਦਾ ਹੈ। ਬਿਨਾਂ ਸਤਿਗੁਰੂ ਦੀ ਪ੍ਰਾਪਤੀ ਦੇ ਮਨੁੱਖ ਦੀ ਤ੍ਰਿਸ਼ਣਾ ਨਹੀਂ ਬੁਝਦੀ ਹੈ ਅਤੇ ਨਾ ਹੀ ਪੰਜ ਚੰਡਾਲ (ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ) ਜਿੱਤੇ ਜਾ ਸਕਦੇ ਹਨ। ਬਿਨਾਂ ਸਤਿਗੁਰੂ ਦੀ ਪ੍ਰਾਪਤੀ ਦੇ ਮਨੁੱਖ ਮਾਇਆ ਦੀ ਗੁਲਾਮੀ ਤੋਂ ਅਜ਼ਾਦੀ ਨਹੀਂ ਪ੍ਰਾਪਤ ਕਰ ਸਕਦਾ ਹੈ। ਬਿਨਾਂ ਸਤਿਗੁਰੂ ਦੀ ਪ੍ਰਾਪਤੀ ਦੇ ਮਨੁੱਖ ਮਾਇਆ ਨੂੰ ਜਿੱਤ ਨਹੀਂ ਸਕਦਾ ਹੈ। ਬਿਨਾਂ ਸਤਿਗੁਰੂ ਦੀ ਪ੍ਰਾਪਤੀ ਦੇ ਮਨੁੱਖ ਗੁਰਮੁਖ ਨਹੀਂ ਬਣ ਸਕਦਾ ਹੈ। ਬਿਨਾਂ ਸਤਿਗੁਰੂ ਦੀ ਪ੍ਰਾਪਤੀ ਦੇ ਮਨੁੱਖ ਸੰਤ ਨਹੀਂ ਬਣ ਸਕਦਾ ਹੈ। ਬਿਨਾਂ ਸਤਿਗੁਰੂ ਦੀ ਪ੍ਰਾਪਤੀ ਦੇ ਮਨੁੱਖ ਨੂੰ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਦਰਸ਼ਨ ਨਹੀਂ ਹੋ ਸਕਦੇ ਹਨ। ਬਿਨਾਂ ਸਤਿਗੁਰੂ ਦੀ ਪ੍ਰਾਪਤੀ ਦੇ ਮਨੁੱਖ ਤ੍ਰੈ ਗੁਣ ਮਾਇਆ ਨੂੰ ਜਿੱਤ ਕੇ ਚੌਥੇ ਪਦ ਵਿੱਚ ਨਹੀਂ ਪਹੁੰਚ ਸਕਦਾ ਹੈ; ਨਾ ਹੀ ਮਨੁੱਖ ਸਤਿ ਪਾਰਬ੍ਰਹਮ ਪਰਮੇਸ਼ਰ ਵਿੱਚ ਅਭੇਦ ਹੋ ਸਕਦਾ ਹੈ। ਬਿਨਾਂ ਸਤਿਗੁਰੂ ਦੀ ਪ੍ਰਾਪਤੀ ਦੇ ਮਨੁੱਖ ਨੂੰ ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈ। ਬਿਨਾਂ ਸਤਿਗੁਰੂ ਦੀ ਪ੍ਰਾਪਤੀ ਦੇ ਮਨੁੱਖ ਨੂੰ ਆਤਮ ਰਸ ਅੰਮ੍ਰਿਤ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈ। ਬਿਨਾਂ ਸਤਿਗੁਰੂ ਦੀ ਪ੍ਰਾਪਤੀ ਦੇ ਮਨੁੱਖ ਨੂੰ ਸਦਾ ਸੁਹਾਗ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈ। ਬਿਨਾਂ ਸਤਿਗੁਰੂ ਦੀ ਪ੍ਰਾਪਤੀ ਦੇ ਮਨੁੱਖ ਨੂੰ ਪਰਮ ਪਦਵੀ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈ। ਬਿਨਾਂ ਸਤਿਗੁਰੂ ਦੀ ਪ੍ਰਾਪਤੀ ਦੇ ਮਨੁੱਖ ਨੂੰ ਜੀਵਨ ਮੁਕਤੀ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਇਸ ਪਰਮ ਸਤਿ ਤੱਤ ਨੂੰ ਗੁਰਬਾਣੀ ਵਿੱਚ ਸਤਿਗੁਰੂ ਸਾਹਿਬਾਨ ਨੇ ਬਾਰ-ਬਾਰ ਦ੍ਰਿੜ੍ਹ ਕਰਵਾਇਆ ਹੈ:

ਬਿਨੁ ਸਤਿਗੁਰ ਕਿਨੈ ਨ ਪਾਇਓ ਕਰਿ ਵੇਖਹੁ ਮਨਿ ਵੀਚਾਰਿ

ਮਨਮੁਖ ਮੈਲੁ ਨ ਉਤਰੈ ਜਿਚਰੁ ਗੁਰ ਸਬਦਿ ਨ ਕਰੇ ਪਿਆਰੁ

(ਪੰਨਾ ੩੭)

ਬਿਨੁ ਸਤਿਗੁਰ ਮੁਕਤਿ ਨ ਪਾਈਐ ਮਨਮੁਖਿ ਫਿਰੈ ਦਿਵਾਨੁ

ਸਬਦੁ ਨ ਚੀਨੈ ਕਥਨੀ ਬਦਨੀ ਕਰੇ ਬਿਖਿਆ ਮਾਹਿ ਸਮਾਨੁ

(ਪੰਨਾ ੩੮-੩੯)

ਬਿਨੁ ਸਤਿਗੁਰ ਨਾਉ ਨ ਪਾਈਐ ਬਿਨੁ ਨਾਵੈ ਕਿਆ ਸੁਆਉ

ਆਇ ਗਇਆ ਪਛੁਤਾਵਣਾ ਜਿਉ ਸੁੰਞੈ ਘਰਿ ਕਾਉ

(ਪੰਨਾ ੫੮)

ਬਿਨੁ ਸਤਿਗੁਰ ਸੇਵੇ ਮੁਕਤਿ ਨ ਹੋਈ

ਗੁਰ ਪਰਸਾਦੀ ਮਿਲੈ ਹਰਿ ਸੋਈ ਗੁਰੁ ਦਾਤਾ ਜੁਗ ਚਾਰੇ ਹੋਈ

(ਪੰਨਾ ੨੩੦)

ਪਉੜੀ

ਬਿਨੁ ਸਤਿਗੁਰ ਕਿਨੈ ਨ ਪਾਇਓ ਬਿਨੁ ਸਤਿਗੁਰ ਕਿਨੈ ਨ ਪਾਇਆ

ਸਤਿਗੁਰ ਵਿਚਿ ਆਪੁ ਰਖਿਓਨੁ ਕਰਿ ਪਰਗਟੁ ਆਖਿ ਸੁਣਾਇਆ

ਸਤਿਗੁਰ ਮਿਲਿਐ ਸਦਾ ਮੁਕਤੁ ਹੈ ਜਿਨਿ ਵਿਚਹੁ ਮੋਹੁ ਚੁਕਾਇਆ

ਉਤਮੁ ਏਹੁ ਬੀਚਾਰੁ ਹੈ ਜਿਨਿ ਸਚੇ ਸਿਉ ਚਿਤੁ ਲਾਇਆ

ਜਗਜੀਵਨੁ ਦਾਤਾ ਪਾਇਆ

(ਪੰਨਾ ੪੬੬)

ਸੰਸਾਰ ਵਿੱਚ ਸਮੇਂ-ਸਮੇਂ ਸਿਰ ਪ੍ਰਗਟ ਹੋਏ ਪ੍ਰਗਟਿਓ ਜੋਤ ਪੂਰਨ ਬ੍ਰਹਮ ਗਿਆਨੀਆਂ, ਸੰਤਾਂ, ਭਗਤਾਂ, ਸਤਿਗੁਰੂਆਂ, ਅਵਤਾਰਾਂ, ਪੀਰਾਂ ਅਤੇ ਪੈਗੰਬਰਾਂ ਨੇ ਆਪਣੇ ਉਪਦੇਸ਼ ਵਿੱਚ ਇਸ ਪਰਮ ਸਤਿ ਤੱਤ ਨੂੰ ਬਾਰ-ਬਾਰ ਦ੍ਰਿੜ੍ਹ ਕਰਵਾਇਆ ਹੈ ਕਿ ਬਿਨਾਂ ਸਤਿਗੁਰੂ ਦੇ ਬੰਦਗੀ ਨਹੀਂ ਹੋ ਸਕਦੀ ਹੈ। ਜੋ ਮਨੁੱਖ ਇਸ ਪਰਮ ਸਤਿ ‘ਤੇ ਭਰੋਸਾ ਨਹੀਂ ਕਰਦੇ ਹਨ ਉਨ੍ਹਾਂ ਨੂੰ ਸਤਿਗੁਰੂ ਅਮਰ ਦਾਸ ਜੀ ਇਹ ਉਪਦੇਸ਼ ਦੇ ਰਹੇ ਹਨ ਕਿ ਬੇਸ਼ਕ ਤੁਸੀਂ ਇਸ ਪਰਮ ਸਤਿ ਤੱਤ ਦੀ ਪੁਸ਼ਟੀ ਇਸ ਸਮੇਂ ਧਰਤੀ ਉੱਪਰ ਵਿਚਰ ਰਹੇ “ਬਿਬੇਕਿਆ” ਤੋਂ ਕਰ ਸਕਦੇ ਹੋ। ਭਾਵ ਇਸ ਸਮੇਂ ਧਰਤੀ ਉੱਪਰ ਵਿਚਰ ਰਹੇ ਪੂਰਨ ਸੰਤਾਂ ਅਤੇ ਪੂਰਨ ਬ੍ਰਹਮ ਗਿਆਨੀਆਂ ਤੋਂ ਇਸ ਪਰਮ ਸਤਿ ਤੱਤ ਦੀ ਪੁਸ਼ਟੀ ਕਰ ਸਕਦੇ ਹੋ ਕਿ ਬਿਨਾਂ ਸਤਿਗੁਰੂ ਦੀ ਪ੍ਰਾਪਤੀ ਦੇ ਬੰਦਗੀ ਨਹੀਂ ਹੋ ਸਕਦੀ ਹੈ। ਕਿਉਂਕਿ ਸਤਿਗੁਰੂ ਦੇ ਵਿੱਚ ਹੀ ਸਤਿ ਪਾਰਬ੍ਰਹਮ ਪਰਮੇਸ਼ਰ ਆਪ ਪ੍ਰਗਟਿਓ ਜੋਤ ਰੂਪ ਵਿੱਚ, ਪਰਮ ਜੋਤ ਰੂਪ ਵਿੱਚ ਧਰਤੀ ਉੱਪਰ ਪ੍ਰਗਟ ਹੁੰਦਾ ਹੈ। ਸਤਿਗੁਰੂ ਅਤੇ ਸਤਿ ਪਾਰਬ੍ਰਹਮ ਪਰਮੇਸ਼ਰ ਵਿੱਚ ਕੋਈ ਅੰਤਰ ਜਾਂ ਭੇਦ ਨਹੀਂ ਹੁੰਦਾ ਹੈ। ਸਤਿਗੁਰੂ ਨਿਰੰਕਾਰ ਜੋਤ ਰੂਪ ਵਿੱਚ ਆਪ ਪ੍ਰਗਟ ਹੋ ਕੇ ਸੰਗਤ ਦਾ ਮਾਰਗ ਦਰਸ਼ਨ ਕਰਦਾ ਹੈ ਅਤੇ ਸਤਿ ਗੁਰਪ੍ਰਸਾਦਿ ਵਰਤਾਉਂਦਾ ਹੈ। ਜਿਸ ਮਨੁੱਖ ਦੇ ਭਾਗ ਉੱਤਮ ਹੁੰਦੇ ਹਨ ਉਸ ਨੂੰ ਹੀ ਸਤਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਜੋ ਮਨੁੱਖ ਸਤਿ ਕਰਮ ਕਰਦੇ-ਕਰਦੇ ਸਤੋ ਬਿਰਤੀ ਵਿੱਚ ਰੱਤੇ ਜਾਂਦੇ ਹਨ ਉਨ੍ਹਾਂ ਦੇ ਭਾਗ ਜ਼ਰੂਰ ਜਾਗਦੇ ਹਨ ਅਤੇ ਉਨ੍ਹਾਂ ਨੂੰ ਸਤਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ। ਸਤਿਗੁਰੂ ਦੀ ਸੇਵਾ ਤੋਂ ਬਿਨਾਂ ਸਾਰੇ ਕਰਮ ਵਿਫਲ ਹਨ। ਸਤਿਨਾਮ ਦਾ ਗੁਰਪ੍ਰਸਾਦਿ ਕੇਵਲ ਸਤਿਗੁਰੂ ਤੋਂ ਹੀ ਪ੍ਰਾਪਤ ਹੁੰਦਾ ਹੈ। ਸਤਿਗੁਰੂ ਹੀ ਸਿੱਖ ਨੂੰ ਸਤਿਨਾਮ ਜਪਾਉਂਦਾ ਹੈ। ਭਾਵ ਸਤਿਗੁਰੂ ਹੀ ਮਨੁੱਖ ਦੀ ਸੁਰਤਿ ਵਿੱਚ ਸਤਿਨਾਮ ਦੇ ਗੁਰਪ੍ਰਸਾਦਿ ਨੂੰ ਉੱਕਰ ਦਿੰਦਾ ਹੈ ਅਤੇ ਮਨੁੱਖ ਦੀ ਸੁਰਤਿ ਦਾ ਸ਼ਬਦ ਨਾਲ ਮੇਲ ਕਰਵਾ ਦਿੰਦਾ ਹੈ। ਸਤਿਗੁਰੂ ਆਪਣੇ ਵਿੱਚ ਸਥਿਤ ਸਤਿ ਤੱਤ ਅਤੇ ਉਸ ਦੀ ਚਰਨ-ਸ਼ਰਨ ਵਿੱਚ ਆਏ ਹੋਏ ਜਿਗਿਆਸੂ ਦੇ ਵਿੱਚ ਸਥਿਤ ਸਤਿ ਤੱਤ ਦਾ ਮਿਲਾਪ ਕਰ ਕੇ ਸਤਿਨਾਮ ਜਿਗਿਆਸੂ ਦੀ ਸੁਰਤਿ ਵਿੱਚ ਟਿਕਾ ਦਿੰਦਾ ਹੈ। ਸਤਿਗੁਰੂ ਆਪਣੇ ਵਿੱਚ ਪ੍ਰਗਟ ਹੋਈ ਪਰਮ ਜੋਤ ਦੀ ਪਰਮ ਸ਼ਕਤੀ ਨਾਲ ਉਸ ਦੀ ਚਰਨ-ਸ਼ਰਨ ਵਿੱਚ ਆਏ ਹੋਏ ਜਿਗਿਆਸੂ ਦੇ ਵਿੱਚ ਮੌਜੂਦ ਜੋਤ ਨੂੰ ਪ੍ਰਕਾਸ਼ਮਾਨ ਕਰ ਕੇ ਪ੍ਰਗਟ ਕਰਵਾ ਦਿੰਦਾ ਹੈ। ਜਿਸਦੇ ਫਲ ਸਰੂਪ ਜਿਗਿਆਸੂ ਦੀ ਸੁਰਤਿ ਵਿੱਚ ਸਤਿਨਾਮ ਉੱਕਰਿਆ ਜਾਂਦਾ ਹੈ। ਜਿਗਿਆਸੂ ਦੀ ਸੁਰਤਿ ਦਾ ਸ਼ਬਦ ਨਾਲ ਸੁਮੇਲ ਹੋ ਜਾਂਦਾ ਹੈ। ਉਸ ਦੀ ਸਮਾਧੀ ਲੱਗ ਜਾਂਦੀ ਹੈ ਅਤੇ ਉਸ ਨੂੰ ਸੁਹਾਗ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਹੋ ਜਾਂਦੀ ਹੈ। ਗੁਰਪ੍ਰਸਾਦਿ ਦੀ ਪ੍ਰਾਪਤੀ ਦੇ ਨਾਲ ਹੀ ਜਿਗਿਆਸੂ ਨੂੰ ਕਰਮ ਖੰਡ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਅਤੇ ਉਸ ਦੀ ਬੰਦਗੀ ਸ਼ੁਰੂ ਹੋ ਜਾਂਦੀ ਹੈ। ਜਿਗਿਆਸੂ ਦਾ ਦਰਗਾਹ ਵਿੱਚ ਬੰਦਗੀ ਦਾ ਖ਼ਾਤਾ ਖੁਲ੍ਹ ਜਾਂਦਾ ਹੈ। ਉਸ ਦਾ ਸਤਿਨਾਮ ਧਨ ਦਰਗਾਹ ਵਿੱਚ ਇਕੱਤਰ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਪਰਮ ਸਤਿ ਤੱਤ ਨੂੰ ਗੁਰਬਾਣੀ ਵਿੱਚ ਬਾਰ-ਬਾਰ ਸਤਿਗੁਰੂ ਸਾਹਿਬਾਨ ਨੇ ਦ੍ਰਿੜ੍ਹ ਕਰਵਾਇਆ ਹੈ:

ਬਿਨੁ ਸਤਿਗੁਰ ਹਰਿ ਨਾਮੁ ਨ ਲਭਈ ਲਖ ਕੋਟੀ ਕਰਮ ਕਮਾਉ

ਬਿਨੁ ਭਾਗਾ ਸਤਿਗੁਰੁ ਨਾ ਮਿਲੈ ਘਰਿ ਬੈਠਿਆ ਨਿਕਟਿ ਨਿਤ ਪਾਸਿ

(ਪੰਨਾ ੪੦)

ਬਿਨੁ ਸਤਿਗੁਰ ਭੇਟੇ ਕੰਚਨੁ ਨਾ ਥੀਐ ਮਨਮੁਖੁ ਲੋਹੁ ਬੂਡਾ ਬੇੜੀ ਪਾਸਿ

ਸਤਿਗੁਰੁ ਬੋਹਿਥੁ ਹਰਿ ਨਾਵ ਹੈ ਕਿਤੁ ਬਿਧਿ ਚੜਿਆ ਜਾਇ

ਸਤਿਗੁਰ ਕੈ ਭਾਣੈ ਜੋ ਚਲੈ ਵਿਚਿ ਬੋਹਿਥ ਬੈਠਾ ਆਇ

ਧੰਨੁ ਧੰਨੁ ਵਡਭਾਗੀ ਨਾਨਕਾ ਜਿਨਾ ਸਤਿਗੁਰੁ ਲਏ ਮਿਲਾਇ

(ਪੰਨਾ ੪੦)

ਨਾਮੁ ਅਮੋਲਕੁ ਰਤਨੁ ਹੈ ਪੂਰੇ ਸਤਿਗੁਰ ਪਾਸਿ

ਸਤਿਗੁਰ ਸੇਵੈ ਲਗਿਆ ਕਢਿ ਰਤਨੁ ਦੇਵੈ ਪਰਗਾਸਿ

(ਪੰਨਾ ੪੦)

ਸਤਿਗੁਰੂ ਹੀ ਅੰਮ੍ਰਿਤ ਦਾ ਦਾਤਾ ਹੈ। ਸਤਿਗੁਰੂ ਹੀ ਅੰਮ੍ਰਿਤ ਦਾ ਸਰੋਵਰ ਹੈ। ਸਤਿਗੁਰੂ ਹੀ ਮਾਨਸਰੋਵਰ ਵਿੱਚ ਬੈਠਾ ਹੈ। ਸਤਿਗੁਰੂ ਹੀ ਅੰਮ੍ਰਿਤ ਦਾ ਵਪਾਰੀ ਹੈ। ਸਤਿਗੁਰੂ ਹੀ ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ ਅਤੇ ਪੂਰਨ ਬੰਦਗੀ ਦੇ ਗੁਰਪ੍ਰਸਾਦਿ ਦਾ ਦਾਤਾ ਹੈ। ਸਤਿਗੁਰੂ ਇੱਕ ਜਹਾਜ (“ਬੋਹਿਥੁ”) ਦੀ ਨਿਆਈਂ ਹੈ ਜਿਸ ਦੇ ਵਿੱਚ ਬੈਠ ਕੇ ਹੀ ਮਨੁੱਖ ਸੰਸਾਰ ਰੂਪੀ ਭਵਸਾਗਰ ਤੋਂ ਪਾਰ ਲੰਘ ਸਕਦਾ ਹੈ। ਸਤਿਗੁਰੂ ਰੂਪੀ ਜਹਾਜ ਵਿੱਚ ਚੜ੍ਹਣ ਦੀ ਜੁਗਤ ਸਤਿਗੁਰੂ ਦੇ ਭਾਣੇ ਵਿੱਚ ਕਾਇਮ ਰਹਿਣਾ ਹੈ। ਸਤਿਗੁਰੂ ਦੇ ਬਚਨ ਕਮਾਉਣਾ, ਸਤਿਗੁਰੂ ਦੇ ਸਤਿ ਚਰਨਾਂ ‘ਤੇ ਪੂਰਨ ਸਮਰਪਣ ਕਰਨਾ, ਪੂਰਨ ਸ਼ਰਧਾ, ਪ੍ਰੀਤ ਅਤੇ ਭਰੋਸੇ ਨਾਲ ਸਤਿਗੁਰੂ ਦੇ ਸਤਿ ਚਰਨਾਂ ‘ਤੇ ਤਨ, ਮਨ, ਧਨ ਅਰਪਣ ਕਰਨਾ ਹੀ ਸਤਿਗੁਰੂ ਰੂਪੀ ਜਹਾਜ ਵਿੱਚ ਚੜ੍ਹਣ ਦੀ ਜੁਗਤ ਹੈ। ਬਿਨਾਂ ਸਤਿਗੁਰੂ ਦੀ ਕਿਰਪਾ ਅਤੇ ਗੁਰਪ੍ਰਸਾਦਿ ਦੇ ਮਨੁੱਖ ਦੀ ਦੇਹੀ ਕੰਚਨ ਨਹੀਂ ਹੋ ਸਕਦੀ ਹੈ। ਭਾਵ ਕੇਵਲ ਸਤਿਗੁਰੂ ਦੀ ਕਿਰਪਾ ਨਾਲ ਹੀ ਮਨੁੱਖ ਦੇ ਮਨ ਦੀ ਮੈਲ ਧੁਪਦੀ ਹੈ, ਮਨੁੱਖ ਦੀ ਮਨਮੁਖਤਾ ਅਤੇ ਸਾਰੇ ਵਿਕਾਰਾਂ ਦਾ ਨਾਸ਼ ਹੁੰਦਾ ਹੈ, ਮਨੁੱਖ ਦਾ ਹਿਰਦਾ ਪੂਰਨ ਸਚਿਆਰੀ ਰਹਿਤ ਵਿੱਚ ਜਾਂਦਾ ਹੈ ਅਤੇ ਮਨੁੱਖ ਮਾਇਆ ਨੂੰ ਜਿੱਤਣ ਵਿੱਚ ਸਫਲ ਹੁੰਦਾ ਹੈ। ਭਾਵ ਜੋ ਮਨੁੱਖ ਸਤਿਗੁਰੂ ਤੋਂ ਗੁਰਪ੍ਰਸਾਦਿ ਦੀ ਪ੍ਰਾਪਤੀ ਕਰ ਕੇ ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਬੈਠ ਕੇ ਬੰਦਗੀ ਕਰਦੇ ਹਨ ਉਹ ਮਨੁੱਖ ਜੀਵਨ ਮੁਕਤੀ ਪ੍ਰਾਪਤ ਕਰਨ ਵਿੱਚ ਸਫਲ ਹੋ ਜਾਂਦੇ ਹਨ। ਸਤਿਗੁਰੂ ਦੇ ਛਤਰ ਹੇਠ ਬੈਠ ਕੇ ਬੰਦਗੀ ਸਹਿਜੇ ਹੀ ਪੂਰਨ ਹੋ ਜਾਂਦੀ ਹੈ। ਜੋ ਮਨੁੱਖ ਸਤਿਗੁਰੂ ਦੇ ਭਾਣੇ ਵਿੱਚ ਰਹਿੰਦੇ ਹਨ ਉਨ੍ਹਾਂ ਦੀ ਬੰਦਗੀ ਸਰਲਤਾ ਨਾਲ ਹੀ ਦਰਗਾਹ ਵਿੱਚ ਪ੍ਰਵਾਨ ਹੋ ਜਾਂਦੀ ਹੈ। ਜੋ ਮਨੁੱਖ ਪੂਰਨ ਸ਼ਰਧਾ, ਪ੍ਰੀਤ ਅਤੇ ਭਰੋਸੇ ਨਾਲ ਸਤਿਗੁਰੂ ਦੇ ਸਤਿ ਚਰਨਾਂ ‘ਤੇ ਆਪਣਾ ਤਨ, ਮਨ ਅਤੇ ਧਨ ਅਰਪਣ ਕਰ ਦਿੰਦੇ ਹਨ ਉਨ੍ਹਾਂ ਦੀ ਬੰਦਗੀ ਸਹਿਜੇ ਹੀ ਦਰਗਾਹ ਵਿੱਚ ਪ੍ਰਵਾਨ ਚੜ੍ਹ ਜਾਂਦੀ ਹੈ।

ਧਰਤੀ ਉੱਪਰ ਵਿਚਰ ਰਿਹਾ ਹਰ ਇੱਕ ਮਨੁੱਖ ਬਹੁਤ ਲੰਮੇ ਸਮੇਂ ਤੋਂ ਮਾਇਆ ਦੇ ਜਾਲ ਵਿੱਚ ਭਰਮਿਤ ਹੋ ਕੇ ਭਟਕ ਰਿਹਾ ਹੈ। ਮਾਇਆ ਦੇ ਭਰਮ ਜਾਲ ਵਿੱਚ ਹਰ ਇੱਕ ਮਨੁੱਖ ਦੀ ਭਟਕਣਾ ਕੇਵਲ ਇਸ ਜਨਮ ਦਾ ਖੇਲ ਨਹੀਂ ਹੈ। ਭਾਵ ਧਰਤੀ ਉੱਪਰ ਵਿਚਰ ਰਿਹਾ ਹਰ ਇੱਕ ਮਨੁੱਖ ਕਈ ਸੋ (੧੦੦, ੨੦੦, ੩੦੦, ੪੦੦) ਜਨਮਾਂ ਤੋਂ ਮਾਇਆ ਦੇ ਵਿਨਾਸ਼ਕਾਰੀ ਭਰਮ ਜਾਲ ਵਿੱਚ ਭਟਕ ਰਿਹਾ ਹੈ। ਇਸ ਸਮੇਂ ਧਰਤੀ ਉੱਪਰ ਵਿਚਰ ਰਿਹਾ ਕੋਈ ਵੀ ਮਨੁੱਖ ਐਸਾ ਦੇਖਣ ਵਿੱਚ ਨਹੀਂ ਆਉਂਦਾ ਹੈ ਜਿਸਦੇ ਮਨੁੱਖਾ ਜਨਮ ਸੈਂਕੜਿਆਂ ਵਿੱਚ ਨਾ ਹੋਣ। ਇਨ੍ਹਾਂ ਮਨੁੱਖਾ ਜਨਮਾਂ ਦੇ ਵਿਚਕਾਰ ਹਰ ਇੱਕ ਮਨੁੱਖ ਪਤਾ ਨਹੀਂ ਕਿਤਨੀ ਵਾਰੀ ੮੪ ਲੱਖ ਜੂਨਾਂ ਵਿੱਚ ਵੀ ਭਟਕ ਚੁੱਕਿਆ ਹੈ। ਜਿਸ ਦਾ ਕਿਸੇ ਮਨੁੱਖ ਨੂੰ ਕੋਈ ਗਿਆਨ ਨਹੀਂ ਹੈ। ਮਾਇਆ ਦਾ ਝੂਠਾ ਭਰਮ ਜਾਲ ਇਤਨਾ ਸ਼ਕਤੀਸ਼ਾਲੀ ਹੈ ਕਿ ਇਹ ਮਨੁੱਖ ਨੂੰ ਆਪਣੇ ਚੁੰਗਲ ਵਿੱਚੋਂ ਨਿਕਲਣ ਨਹੀਂ ਦਿੰਦਾ ਹੈ। ਮਾਇਆ ਦਾ ਇਹ ਝੂਠਾ ਭਰਮ ਜਾਲ ਮਨੁੱਖ ਨੂੰ ਜਨਮਾਂ-ਜਨਮਾਂਤਰਾਂ ਤੋਂ ਆਪਣਾ ਗੁਲਾਮ ਬਣਾਉਣ ਵਿੱਚ ਸਫਲ ਹੁੰਦਾ ਆ ਰਿਹਾ ਹੈ। ਭਾਵ ਜਨਮਾਂ ਜਨਮਾਂਤਰਾਂ ਤੋਂ ਮਨੁੱਖ ਦੀ ਤ੍ਰਿਸ਼ਣਾ ਮਨੁੱਖ ਨੂੰ ਆਪਣਾ ਗੁਲਾਮ ਬਣਾ ਕੇ ਰੱਖਦੀ ਆ ਰਹੀ ਹੈ। ਮਨੁੱਖ ਦੀ ਦੇਹੀ ਵਿੱਚ ਸਥਿਤ ਪੰਜ ਚੰਡਾਲ – ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਉਸ ਨੂੰ ਜਨਮਾਂ-ਜਨਮਾਂਤਰਾਂ ਤੋਂ ਆਪਣਾ ਗੁਲਾਮ ਬਣਾਈ ਬੈਠੇ ਹਨ। ਜੇਕਰ ਇਨ੍ਹਾਂ ਮਨੁੱਖਾ ਜਨਮਾਂ ਵਿੱਚ ਮਨੁੱਖ ਕੋਈ ਧਰਮ-ਕਰਮ ਵੀ ਕਰਦਾ ਹੈ ਤਾਂ ਉਹ ਕੇਵਲ ਆਪਣੀ ਤ੍ਰਿਸ਼ਣਾ ਨੂੰ ਬੁਝਾਉਣ ਦੀ ਮਨਸ਼ਾ ਨਾਲ ਹੀ ਕਰਦਾ ਹੈ। ਜੇਕਰ ਮਨੁੱਖ ਗੁਰਬਾਣੀ ਦਾ ਪਠਨ ਵੀ ਕਰਦਾ ਹੈ ਤਾਂ ਦੁਨਿਆਵੀ ਸੁੱਖਾਂ ਦੀ ਪ੍ਰਾਪਤੀ ਲਈ ਕਰਦਾ ਹੈ। ਜੇਕਰ ਮਨੁੱਖ ਗੁਰਦੁਆਰੇ ਜਾ ਕੇ ਆਪਣਾ ਸੀਸ ਨਿਵਾਉਂਦਾ ਹੈ ਤਾਂ ਉਹ ਕੇਵਲ ਆਪਣੀਆਂ ਸੰਸਾਰਿਕ ਮੰਗਾਂ ਦੀ ਪੂਰਤੀ ਲਈ ਹੀ ਕਰਦਾ ਹੈ। ਜੇਕਰ ਮਨੁੱਖ ਸਿਮਰਨ ਕਰਦਾ ਹੈ ਤਾਂ ਕੇਵਲ ਆਪਣੇ ਸੰਸਾਰਿਕ ਅਤੇ ਪਰਿਵਾਰਕ ਸੁੱਖਾਂ ਦੀ ਪੂਰਤੀ ਲਈ ਕਰਦਾ ਹੈ। ਜੇਕਰ ਮਨੁੱਖ ਗੁਰਦੁਆਰੇ ਵਿੱਚ ਜਾ ਕੇ ਸੰਗਤ ਲਈ ਲੰਗਰ ਦਾ ਪ੍ਰਬੰਧ ਕਰਦਾ ਹੈ ਤਾਂ ਉਹ ਕੇਵਲ ਆਪਣੇ ਜੀਵਨ ਵਿੱਚ ਵਾਪਰ ਰਹੇ ਦੁੱਖਾਂ-ਕਲੇਸ਼ਾਂ ਦੇ ਖ਼ਾਤਮੇ ਨੂੰ ਲੈ ਕੇ ਹੀ ਕਰਦਾ ਹੈ। ਇਸ ਤਰ੍ਹਾਂ ਨਾਲ ਮਨੁੱਖ ਦੇ ਸਾਰੇ ਕਰਮ ਮਾਇਆ ਵਿੱਚ ਭਰਮਿਤ ਹੋ ਕੇ ਹੀ ਹੁੰਦੇ ਹਨ ਅਤੇ ਉਨ੍ਹਾਂ ਨੂੰ ਸਤਿ ਕਰਮ ਨਹੀਂ ਕਿਹਾ ਜਾ ਸਕਦਾ ਹੈ। ਮਾਇਆ ਦੀ ਗੁਲਾਮੀ ਵਿੱਚ ਕੀਤੇ ਗਏ ਸਾਰੇ ਅਸਤਿ ਕਰਮ ਹੀ ਮਨੁੱਖ ਦੇ ਜਨਮ-ਮਰਨ ਦਾ ਕਾਰਨ ਬਣਦੇ ਹਨ ਜਾਂ ਮਨੁੱਖ ਨੂੰ ੮੪ ਲੱਖ ਜੂਨਾਂ ਵਿੱਚ ਭਟਕਾਉਣ ਦਾ ਸਬੱਬ ਬਣਦੇ ਹਨ। ਮਾਇਆ ਦੇ ਇਸ ਭਰਮ ਜਾਲ ਵਿੱਚੋਂ ਮਨੁੱਖ ਨੂੰ ਕੇਵਲ ਸਤਿਗੁਰੂ ਹੀ ਕੱਢ ਸਕਦਾ ਹੈ। ਕਿਉਂਕਿ ਸਤਿਗੁਰੂ ਨੇ ਮਾਇਆ ਉੱਪਰ ਜਿੱਤ ਹਾਸਿਲ ਕੀਤੀ ਹੁੰਦੀ ਹੈ ਅਤੇ ਉਸ ਨੂੰ ਸਾਰੀ ਸ੍ਰਿਸ਼ਟੀ ਅਤੇ ਇਸਦੇ ਸਿਰਜਣਹਾਰੇ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਬਾਰੇ ਪੂਰਨ ਬ੍ਰਹਮ ਗਿਆਨ ਦੀ ਸੋਝੀ ਹੁੰਦੀ ਹੈ। ਮਾਇਆ ਸਤਿਗੁਰੂ ਦੇ ਸਤਿ ਚਰਨਾਂ ਦੇ ਥੱਲੇ ਵਾਸ ਕਰਦੀ ਹੈ। ਮਾਇਆ ਸਤਿਗੁਰੂ ਦੀ ਸੇਵਾ ਕਰਦੀ ਹੈ। ਮਾਇਆ ਸਤਿਗੁਰੂ ਦੀ ਗੁਲਾਮ ਹੁੰਦੀ ਹੈ। ਇਹ ਹੀ ਅੰਤਰ ਹੈ ਇੱਕ ਆਮ ਮਨੁੱਖ ਵਿੱਚ ਅਤੇ ਸਤਿਗੁਰੂ ਵਿੱਚ ਕਿ ਇੱਕ ਆਮ ਮਨੁੱਖ ਮਾਇਆ ਦਾ ਗੁਲਾਮ ਹੈ ਅਤੇ ਮਾਇਆ ਸਤਿਗੁਰੂ ਦੀ ਗੁਲਾਮ ਹੈ। ਇਸ ਲਈ ਇੱਕ ਆਮ ਮਨੁੱਖ ਨੂੰ ਮਾਇਆ ਦੀ ਗੁਲਾਮੀ ਵਿੱਚੋਂ ਕੇਵਲ ਸਤਿਗੁਰੂ ਹੀ ਮੁਕਤ ਕਰਵਾ ਸਕਦਾ ਹੈ।

ਧਰਤੀ ਉੱਪਰ ਵਿਚਰ ਰਹੇ ਹਰ ਇੱਕ ਮਨੁੱਖ ਲਈ, ਸਾਰੀ ਮਨੁੱਖ ਜਾਤ ਲਈ, ਸਾਰੀ ਲੁਕਾਈ ਲਈ, ਸਤਿਗੁਰੂ ਦੀ ਮਹਿਮਾ ਨੂੰ ਜਾਣਨਾ, ਸਮਝਣਾ ਅਤੇ ਮੰਨਣਾ ਬੇਅੰਤ ਲਾਜ਼ਮੀ ਹੈ। ਬੰਦਗੀ ਕਰਨ ਵਾਲਿਆਂ ਮਨੁੱਖਾਂ ਨੂੰ ਤਾਂ ਸਤਿਗੁਰੂ ਦੀ ਮਹਿਮਾ ਨੂੰ ਜਾਣਨਾ, ਸਮਝਣਾ ਅਤ ਮੰਨਣਾ ਬੇਅੰਤ ਲਾਜ਼ਮੀ ਹੈ। ਕਿਉਂਕਿ ਬੰਦਗੀ ਸਤਿਗੁਰੂ ਦੀ ਮਹਿਮਾ ਨੂੰ ਜਾਣਨ, ਮੰਨਣ ਅਤੇ ਸਮਝਣ ਤੋਂ ਬਿਨਾਂ ਹੋ ਹੀ ਨਹੀਂ ਸਕਦੀ ਹੈ। ਸਤਿਗੁਰੂ ਦੀ ਮਹਿਮਾ ਬੇਅੰਤ ਹੈ। ਸਤਿਗੁਰੂ ਦੀ ਮਹਿਮਾ ਪਰਮ ਸ਼ਕਤੀਸ਼ਾਲੀ ਹੈ। ਸਤਿਗੁਰੂ ਕੌਣ ਹੈ ਅਤੇ ਇਸਦੀ ਪਰਮ ਸ਼ਕਤੀਸ਼ਾਲੀ ਮਹਿਮਾ ਨੂੰ ਜਾਣਨ, ਸਮਝਣ ਅਤੇ ਮੰਨਣ ਲਈ ਸਾਨੂੰ ਗੁਰਬਾਣੀ ਵਿੱਚ ਪ੍ਰਗਟ ਕੀਤੇ ਗਏ ਇਸ ਪਰਮ ਸਤਿ ਤੱਤ ਨੂੰ ਪੂਰਨ ਸ਼ਰਧਾ, ਪ੍ਰੀਤ ਅਤੇ ਭਰੋਸੇ ਨਾਲ ਵਿਚਾਰਨ ਦੀ ਲਾਜ਼ਮੀ ਤੌਰ ‘ਤੇ ਜ਼ਰੂਰਤ ਹੈ।

ਸਤਿ ਪੁਰਖੁ ਜਿਨਿ ਜਾਨਿਆ ਸਤਿਗੁਰੁ ਤਿਸ ਕਾ ਨਾਉ

ਤਿਸ ਕੈ ਸੰਗਿ ਸਿਖੁ ਉਧਰੈ ਨਾਨਕ ਹਰਿ ਗੁਨ ਗਾਉ

(ਪੰਨਾ ੨੮੬)

ਸੁਖਮਨੀ ਸਾਹਿਬ ਦੀ ਪਰਮ ਸ਼ਕਤੀਸ਼ਾਲੀ ਗੁਰਬਾਣੀ ਵਿੱਚ ਧੰਨ ਧੰਨ ਸਤਿਗੁਰੂ ਅਵਤਾਰ ਗੁਰੂ ਅਰਜਨ ਦੇਵ ਜੀ ਨੇ ਸਾਰੀ ਲੁਕਾਈ ਉੱਪਰ ਬੇਅੰਤ ਦਿਆਲਤਾ ਪ੍ਰਗਟ ਕਰਦੇ ਹੋਏ ਪੂਰਨ ਬ੍ਰਹਮ ਗਿਆਨ ਦੇ ਇਸ ਅਮੋਲਕ ਰਤਨ ਸ਼ਬਦ ਸਲੋਕ (ਅਤੇ ੧੮ਵੀਂ ਅਸ਼ਟਪਦੀ) ਵਿੱਚ ਸਤਿਗੁਰੂ ਦੀ ਪਰਮ ਸ਼ਕਤੀਸ਼ਾਲੀ ਮਹਿਮਾ ਦੇ ਬਾਰੇ ਪੂਰਨ ਬ੍ਰਹਮ ਗਿਆਨ ਦੇਣ ਦੀ ਬੇਅੰਤ ਬਖ਼ਸ਼ਿਸ਼ ਕੀਤੀ ਹੈ। ਜੀਵਨ ਮੁਕਤ, ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ, ਸਤਿਗੁਰੂ, ਪੂਰਨ ਖ਼ਾਲਸਾ ਇਹ ਸਾਰੀਆਂ ਪਰਮ ਸ਼ਕਤੀਸ਼ਾਲੀ ਹਸਤੀਆਂ ਇੱਕ ਹੀ ਰੂਹ ਨੂੰ ਦਿੱਤੇ ਗਏ ਵੱਖ-ਵੱਖ ਨਾਮ ਹਨ, ਇਨ੍ਹਾਂ ਵਿੱਚ ਕੋਈ ਵੀ ਅੰਤਰ ਨਹੀਂ ਹੈ, ਇਹ ਸਾਰੇ ਰੂਹਾਨੀ ਤੌਰ ‘ਤੇ ਇੱਕ ਹੀ ਹਨ। ਸੁਖਮਨੀ ਗੁਰਬਾਣੀ ਵਿੱਚ ਧੰਨ ਧੰਨ ਸਤਿਗੁਰੂ ਅਵਤਾਰ ਪੰਚਮ ਪਾਤਸ਼ਾਹ ਜੀ ਬੇਅੰਤ ਦਿਆਲਤਾ ਨਾਲ ਇਸ ਪਰਮ ਸਤਿ ਤੱਤ ਦੇ ਬਾਰੇ ਪੂਰਨ ਬ੍ਰਹਮ ਗਿਆਨ ਦੀ ਬਖ਼ਸ਼ਿਸ਼ ਕਰ ਰਹੇ ਹਨ ਕਿ ‘ਸਤਿਗੁਰੂ’ ਕੌਣ ਹੈ।

ਅੱਜ ਦੀ ਦੁਨੀਆਂ ਵਿੱਚ ਸਾਰਾ ਸਿੱਖ ਜਗਤ ਇਸ ਦੁਬਿਧਾ ਵਿੱਚ ਹੈ ਕਿ ਦਸਮ ਪਾਤਸ਼ਾਹ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਕੋਈ ਸਤਿਗੁਰੂ ਧਰਤੀ ਉੱਪਰ ਪ੍ਰਗਟ ਨਹੀਂ ਹੋਇਆ ਹੈ ਅਤੇ ਨਾ ਹੀ ਹੋ ਸਕਦਾ ਹੈ। ਅੱਜ ਦੇ ਧਰਮ ਪ੍ਰਚਾਰਕਾਂ ਨੇ ਵਰਤਮਾਨ ਸੰਗਤ ਨੂੰ ਇਹ ਵਿਸ਼ਵਾਸ ਦੁਆਇਆ ਹੈ ਕਿ ਧੰਨ ਧੰਨ ਸਤਿਗੁਰੂ ਦਸਮ ਪਾਤਸ਼ਾਹ ਜੀ ਨੇ ਆਪਣੇ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿਗੁਰੂ ਉਚਾਰਿਆ ਹੈ ਅਤੇ ਸੰਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਦਾ ਹੁਕਮ ਦਿੱਤਾ ਹੈ। ਇਸ ਪਰਮ ਸਤਿ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਗੁਰਬਾਣੀ ਗੁਰੂ ਹੈ। ਇਸ ਪਰਮ ਸਤਿ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਗੁਰਬਾਣੀ ਸਤਿ ਹੈ। ਇਸ ਪਰਮ ਸਤਿ ‘ਚ ਕੋਈ ਸ਼ੱਕ ਨਹੀਂ ਹੈ ਕਿ ਗੁਰਬਾਣੀ ਧੰਨ ਧੰਨ ਸਤਿ ਪਾਰਬ੍ਰਹਮ ਪਰਮੇਸ਼ਰ ਦਾ ਗਿਆਨ ਸਰੂਪ ਹੈ। ਇਸ ਪਰਮ ਸਤਿ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਗੁਰਬਾਣੀ ਦਰਗਾਹ ਵਿੱਚੋਂ ਪ੍ਰਗਟ ਹੋਈ ਹੈ। ਭਾਵ ਸਤਿਗੁਰੂ ਸਾਹਿਬਾਨ ਅਤੇ ਸਾਰੇ ਸੰਤ-ਭਗਤ ਜਿਨ੍ਹਾਂ ਨੇ ਗੁਰਬਾਣੀ ਦਾ ਉਚਾਰਨ ਕੀਤਾ ਹੈ ਉਨ੍ਹਾਂ ਨੇ ਦਰਗਾਹ ਵਿੱਚ ਬੈਠ ਕੇ ਹੀ ਗੁਰਬਾਣੀ ਦਾ ਉਚਾਰਨ ਕੀਤਾ ਹੈ। ਭਾਵ ਸਤਿਗੁਰੂ ਸਾਹਿਬਾਨ ਅਤੇ ਸਾਰੇ ਸੰਤ-ਭਗਤ ਜਿਨ੍ਹਾਂ ਨੇ ਗੁਰਬਾਣੀ ਦਾ ਉਚਾਰਨ ਕੀਤਾ ਹੈ ਉਨ੍ਹਾਂ ਵਿੱਚ ਅਤੇ ਸਤਿ ਪਾਰਬ੍ਰਹਮ ਪਰਮੇਸ਼ਰ ਵਿੱਚ ਕੋਈ ਭੇਦ ਨਹੀਂ ਹੈ ਅਤੇ ਉਹ ਸਾਰੇ ਸਤਿ ਪਾਰਬ੍ਰਹਮ ਪਰਮੇਸ਼ਰ ਵਿੱਚ ਅਭੇਦ ਸਨ। ਇਸ ਲਈ ਇਸ ਪਰਮ ਸਤਿ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਗੁਰੂ ਹਨ ਕਿਉਂਕਿ ਗੁਰਬਾਣੀ ਧੰਨ ਧੰਨ ਪੰਚਮ ਪਾਤਸ਼ਾਹ ਜੀ, ਸਤਿਗੁਰੂ ਅਰਜਨ ਦੇਵ ਜੀ ਦੀ ਬਖ਼ਸ਼ਿਸ਼ ਨਾਲ ਸਾਰੇ ਸੰਸਾਰ ਦੇ ਸਨਮੁਖ ਪ੍ਰਗਟ ਹੋਈ ਹੈ।

ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਦਾ ਹੀ ਧੰਨ ਧੰਨ ਅਕਾਲ ਪੁਰਖ ਜੀ ਦਾ ਗਿਆਨ ਸਰੂਪ ਗਿਆਨ ਗੁਰੂ — ਗੁਰਸ਼ਬਦ — ਸ਼ਬਦ ਗੁਰੂ ਹਨ। ਭਾਵ ਕਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੂਰਨ ਬ੍ਰਹਮ ਗਿਆਨ ਹਨ। ਸਤਿਗੁਰੂ ਸਾਹਿਬਾਨ, ਸੰਤਾਂ ਅਤੇ ਭਗਤਾਂ ਦੀ ਬੇਅੰਤ ਦਿਆਲਤਾ ਨਾਲ ਗੁਰਬਾਣੀ ਧੰਨ ਧੰਨ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਗਿਆਨ ਸਰੂਪ ਵਿੱਚ ਧਰਤੀ ‘ਤੇ ਬਖ਼ਸ਼ੀ ਗਈ ਹੈ। ਗੁਰਬਾਣੀ ਦੀ ਰਚਨਾ ਅਤੇ ਇਕੱਤਰਤਾ ਕਰ ਕੇ ਬੇਅੰਤ ਦਿਆਲਤਾ ਨਾਲ ਧੰਨ ਧੰਨ ਪੰਚਮ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ। ਇਸ ਦੇ ਨਾਲ ਹੀ ਇੱਕ ਹੋਰ ਪਰਮ ਸਤਿ ਤੱਤ ਨੂੰ ਜਾਣਨਾ, ਸਮਝਣਾ ਅਤੇ ਮੰਨਣਾ ਬੇਅੰਤ ਲਾਜ਼ਮੀ ਹੈ ਕਿ ਗੁਰਬਾਣੀ ਵਿੱਚ ਪ੍ਰਗਟ ਹੋਏ ਪੂਰਨ ਬ੍ਰਹਮ ਗਿਆਨ ਦੀ ਵੀ ਕੋਈ ਸੀਮਾ ਨਹੀਂ ਹੈ। ਜਿਸ ਤਰ੍ਹਾਂ ਸਤਿ ਪਾਰਬ੍ਰਹਮ ਪਰਮੇਸ਼ਰ ਬੇਅੰਤ ਹੈ ਠੀਕ ਉਸੇ ਤਰ੍ਹਾਂ ਸਤਿ ਪਾਰਬ੍ਰਹਮ ਪਰਮੇਸ਼ਰ ਦਾ ਪੂਰਨ ਬ੍ਰਹਮ ਗਿਆਨ ਵੀ ਬੇਅੰਤ ਹੈ। ਗੁਰਬਾਣੀ ਵਿੱਚ ਪ੍ਰਗਟ ਹੋਏ ਹਰ ਇੱਕ ਸ਼ਬਦ ਦੀ ਮਹਿਮਾ ਬੇਅੰਤ ਹੈ। ਕਿਉਂਕਿ ਗੁਰਬਾਣੀ ਵਿੱਚ ਪ੍ਰਗਟ ਹੋਏ ਇੱਕ ਸ਼ਬਦ ਦੀ ਕਮਾਈ ਕਰਨ ਦੇ ਨਾਲ ਹੀ ਮਨੁੱਖ ਬੇਅੰਤ ਸਤਿ ਪਾਰਬ੍ਰਹਮ ਪਰਮੇਸ਼ਰ ਵਿੱਚ ਅਭੇਦ ਹੋ ਜਾਂਦਾ ਹੈ। ਗੁਰਬਾਣੀ ਦੇ ਇੱਕ ਸ਼ਬਦ ਦੀ ਕਮਾਈ ਹੀ ਮਨੁੱਖ ਨੂੰ ਦਰਗਾਹ ਵਿੱਚ ਮਾਣ ਪ੍ਰਾਪਤ ਕਰਵਾ ਕੇ ਜੀਵਨ ਮੁਕਤੀ ਦੇ ਸਕਦੀ ਹੈ। ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਕਾਰ ਵੱਲ ਧਿਆਨ ਨਾ ਦੇ ਕੇ ਇਸ ਵਿੱਚ ਲਿਖੇ ਗਏ ਕਈ ਹਜ਼ਾਰਾਂ ਸ਼ਬਦਾਂ ਦੀ ਬੇਅੰਤਤਾ ਵੱਲ ਝਾਤੀ ਮਾਰੀ ਜਾਏ ਤਾਂ ਇਹ ਭਰਮ ਨਹੀਂ ਰਹੇਗਾ ਕਿ ਗੁਰਬਾਣੀ ਸ਼ਬਦ ਗੁਰੂ ਬੇਅੰਤ ਹੈ। ਸਤਿਗੁਰੂ ਤਾਂ ਸਰਵ ਵਿਆਪਕ ਹੈ। ਜੋ ਸੀਮਾ ਵਿੱਚ ਹੈ ਉਹ ਸਤਿਗੁਰੂ ਨਹੀਂ ਹੋ ਸਕਦਾ ਹੈ। ਸਤਿਗੁਰੂ ਨੂੰ ਇੱਕ ਸੀਮਿਤ ਆਕਾਰ ਰੂਪ ਵਿੱਚ ਨਹੀਂ ਜਾਣਿਆ ਜਾ ਸਕਦਾ ਹੈ। ਇਸ ਲਈ ਜਦ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਡੰਡਉਤ ਕਰਦੇ ਹੋ ਤਾਂ ਗੁਰਬਾਣੀ ਗੁਰੂ, ਸ਼ਬਦ ਗੁਰੂ, ਬੇਅੰਤ ਗੁਰੂ, ਸਰਵ ਵਿਆਪਕ ਗੁਰੂ, ਸਤਿ ਪਾਰਬ੍ਰਹਮ ਪਰਮੇਸ਼ਰ ਦਾ ਗਿਆਨ ਸਰੂਪ ਗੁਰੂ ਜਾਣ ਕੇ ਅਤੇ ਸਮਝ ਕੇ ਕਰੋ। ਕਿਉਂਕਿ ਗੁਰਬਾਣੀ ਗੁਰੂ, ਸ਼ਬਦ ਗੁਰੂ, ਬੇਅੰਤ ਗੁਰੂ, ਸਰਵ ਵਿਆਪਕ ਗੁਰੂ, ਸਤਿ ਪਾਰਬ੍ਰਹਮ ਪਰਮੇਸ਼ਰ ਦਾ ਗਿਆਨ ਸਰੂਪ ਗੁਰੂ ਦੀ ਮਹਿਮਾ ਬੇਅੰਤ ਹੈ। ਬੰਦਗੀ ਵਿੱਚ ਲੀਨ ਹੋਏ ਪੂਰਨ ਬ੍ਰਹਮ ਗਿਆਨੀ ਮਹਾਂਪੁਰਖਾਂ ਦੇ ਪੂਰਨ ਬ੍ਰਹਮ ਗਿਆਨ ਦਾ ਵੀ ਕੋਈ ਅੰਤ ਨਹੀਂ ਹੁੰਦਾ ਹੈ। ਪ੍ਰਕਿਰਤੀ-ਸ੍ਰਿਸ਼ਟੀ ਦੇ ਗੁੱਝੇ ਭੇਦਾਂ ਨੂੰ ਐਸੇ ਮਹਾਂਪੁਰਖ ਨਿਤ ਨਵੇਂ ਬ੍ਰਹਮ ਗਿਆਨ ਦੇ ਨਾਲ ਬਿਆਨ ਕਰਦੇ ਹਨ ਅਤੇ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਮਹਿਮਾ ਧਰਤੀ ਉੱਪਰ ਪ੍ਰਗਟ ਕਰਦੇ ਹਨ। ਸ੍ਰਿਸ਼ਟੀ ਦੀ ਹਰ ਇੱਕ ਰਚਨਾ ਪੂਰਨ ਬ੍ਰਹਮ ਗਿਆਨ ਦੇ ਅਨੁਸਾਰ ਹੀ ਹੋਂਦ ਵਿੱਚ ਆਉਂਦੀ ਹੈ, ਵਧਦੀ-ਫੁੱਲਦੀ ਹੈ ਅਤੇ ਅੰਤ ਨੂੰ ਪ੍ਰਾਪਤ ਹੁੰਦੀ ਹੈ।

ਜਦ ਅਸੀਂ ਗੁਰਬਾਣੀ (ਪੂਰਨ ਬ੍ਰਹਮ ਗਿਆਨ, ਸ਼ਬਦ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ) ਵਿੱਚ ਪ੍ਰਗਟ ਕੀਤੇ ਗਏ ਪਰਮ ਸਤਿ ਦੇ ਤੱਤਾਂ ਨੂੰ ਮੰਨਣ ਤੋਂ ਇਨਕਾਰ ਕਰਦੇ ਹਾਂ ਤਾਂ ਅਸੀਂ ਗੁਰਬਾਣੀ ਨੂੰ ਗੁਰੂ ਮੰਨਣ ਤੋਂ ਇਨਕਾਰ ਕਰਦੇ ਹਾਂ। ਗੁਰਬਾਣੀ ਪੂਰਨ ਬ੍ਰਹਮ ਗਿਆਨ ਹੈ ਜੋ ਸਤਿਨਾਮ ਦੀ ਮਹਿਮਾ ਨੂੰ ਪ੍ਰਤੱਖ ਪ੍ਰਗਟ ਕਰਦੀ ਹੈ। ਗੁਰਬਾਣੀ ਪੂਰਨ ਬ੍ਰਹਮ ਗਿਆਨ ਹੈ ਜੋ ਅਕਾਲ ਪੁਰਖ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਮਹਿਮਾ ਨੂੰ ਪ੍ਰਤੱਖ ਪ੍ਰਗਟ ਕਰਦੀ ਹੈ। ਗੁਰਬਾਣੀ ਪੂਰਨ ਬ੍ਰਹਮ ਗਿਆਨ ਹੈ ਜੋ ਪੂਰਨ ਸੰਤ, ਪੂਰਨ ਭਗਤ, ਪੂਰਨ ਬ੍ਰਹਮ ਗਿਆਨੀ, ਪੂਰਨ ਖ਼ਾਲਸਾ, ਸਤਿਗੁਰੂ, ਗੁਰਮੁਖ ਜਨ, ਗੁਰਸਿੱਖ, ਪੂਰਨ ਪੁਰਖ ਅਤੇ ਐਸੀਆਂ ਹਸਤੀਆਂ ਦੀ ਮਹਿਮਾ ਨੂੰ ਪ੍ਰਤੱਖ ਪ੍ਰਗਟ ਕਰਦੀ ਹੈ। ਗੁਰਬਾਣੀ ਐਸੀਆਂ ਮਹਾਨ ਹਸਤੀਆਂ ਦੀ ਮਹਿਮਾ ਪ੍ਰਗਟ ਕਰਦੀ ਹੈ ਜੋ ਪਰਮ ਪਦਵੀ ਦੀ ਬਖਸ਼ਿਸ਼ ਵਿੱਚ ਵਿਰਾਜਮਾਨ ਹਨ ਅਤੇ ਜਿਹੜੇ ਸਰਬ ਕਲਾ ਭਰਪੂਰ ਸਤਿ ਪਾਰਬ੍ਰਹਮ ਪਰਮੇਸ਼ਰ ਵਿੱਚ ਅਭੇਦ ਹੋ ਗਏ ਹਨ। ਗੁਰਬਾਣੀ ਸਾਨੂੰ ਪੂਰਨ ਸੰਤ ਦੀ ਸੇਵਾ ਕਰਨ ਲਈ ਉਪਦੇਸ਼ ਦਿੰਦੀ ਹੈ। ਗੁਰਬਾਣੀ ਪੂਰਨ ਬ੍ਰਹਮ ਗਿਆਨੀ ਦੀ ਸੇਵਾ ਕਰਨ ਲਈ ਉਪਦੇਸ਼ ਦਿੰਦੀ ਹੈ। ਗੁਰਬਾਣੀ ਪੂਰਨ ਖ਼ਾਲਸੇ ਨੂੰ ਮੰਨਣ ਦੀ ਅਤੇ ਸੇਵਾ ਕਰਨ ਲਈ ਪ੍ਰੇਰਣਾ ਦਾ ਸੋਮਾ ਹੈ। ਗੁਰਬਾਣੀ ਸਤਿਗੁਰੂ ਦੀ ਸੇਵਾ ਕਰਨ ਲਈ ਉਪਦੇਸ਼ ਦਿੰਦੀ ਹੈ। ਗੁਰਬਾਣੀ ਪੂਰਨ ਸੰਤ ਦੇ ਸਤਿ ਚਰਨਾਂ ‘ਤੇ ਪੂਰਨ ਸਮਰਪਣ ਲਈ ਉਪਦੇਸ਼ ਦਿੰਦੀ ਹੈ। ਗੁਰਬਾਣੀ ਪੂਰਨ ਬ੍ਰਹਮ ਗਿਆਨੀ ਦੇ ਸਤਿ ਚਰਨਾਂ ‘ਤੇ ਪੂਰਨ ਸ਼ਰਧਾ, ਪ੍ਰੀਤ ਅਤੇ ਭਰੋਸੇ ਨਾਲ, ਤਨ-ਮਨ-ਧਨ ਨਾਲ ਪੂਰਨ ਸਮਰਪਣ ਕਰਨ ਲਈ ਉਪਦੇਸ਼ ਦਿੰਦੀ ਹੈ। ਗੁਰਬਾਣੀ ਵਿੱਚ ਸਤਿਗੁਰੂ ਅਤੇ ਪੂਰਨ ਖ਼ਾਲਸੇ ਦੇ ਚਰਨਾਂ ਵਿੱਚ ਪੂਰਨ ਸਮਰਪਣ ਕਰਨ ਨੂੰ ਰੂਹਾਨੀ ਸਫਲਤਾ ਦੀ ਕੁੰਜੀ ਦੱਸਿਆ ਹੈ। ਇਸ ਤਰ੍ਹਾਂ ਗੁਰਬਾਣੀ ਵਿੱਚ ਇਸ ਪਰਮ ਸਤਿ ਨੂੰ ਪ੍ਰਗਟ ਕੀਤਾ ਗਿਆ ਹੈ ਕਿ ਸਾਡੀ ਰੂਹਾਨੀ ਸਫਲਤਾ ਪੂਰਨ ਸੰਤ, ਪੂਰਨ ਖ਼ਾਲਸਾ, ਸਤਿਗੁਰੂ ਦੇ ਸਤਿ ਚਰਨਾਂ ‘ਤੇ ਸਮਰਪਣ ਕਰਨ ‘ਤੇ ਨਿਰਭਰ ਕਰਦੀ ਹੈ। ਜਿਤਨਾ ਜ਼ਿਆਦਾ ਸਮਰਪਣ ਉਤਨੀ ਹੀ ਚੜ੍ਹਦੀ ਕਲਾ ਦੀ ਪ੍ਰਾਪਤੀ ਹੁੰਦੀ ਹੈ।

ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ, ਪੂਰਨ ਬੰਦਗੀ ਦੇ ਗੁਰ ਪ੍ਰਸਾਦਿ ਦਾ ਸੋਮਾ ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ, ਪੂਰਨ ਸਤਿਗੁਰੂ, ਪੂਰਨ ਖ਼ਾਲਸਾ ਹੈ ਅਤੇ ਬਿਨਾਂ ਕਿਸੇ ਐਸੀ ਹਸਤੀ ਦੀ ਚਰਨ-ਸ਼ਰਨ ਵਿੱਚ ਆਪਣੇ ਆਪ ਨੂੰ ਸਮਰਪਣ ਕਰਨ ਤੋਂ ਅਸੀਂ ਬੰਦਗੀ ਵਿੱਚ ਸਫਲ ਨਹੀਂ ਹੋ ਸਕਦੇ। ਇਸ ਪਰਮ ਸਤਿ ਤੱਤ ਨੂੰ ਉੱਪਰ ਲਿਖੀ ਗਈ ਕਥਾ ਵਿੱਚ ਪ੍ਰਗਟ ਕੀਤਾ ਗਿਆ ਹੈ। ਇਸ ਲਈ ਇਹ ਕਹਿਣਾ ਗਲਤ ਹੋਵੇਗਾ ਕਿ ਸਾਨੂੰ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਹੀ ਝੁਕਣਾ ਚਾਹੀਦਾ ਹੈ। ਸਭ ਤੋਂ ਵੱਡੀ ਦੁਬਿਧਾ ਜੋ ਬਹੁਤੀ ਸੰਗਤ ਵਿੱਚ ਫੈਲੀ ਹੋਈ ਹੈ ਕਿ ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ, ਸਤਿਗੁਰੂ, ਪੂਰਨ ਖ਼ਾਲਸੇ ਨੂੰ ਮੰਨਣ ਦੀ ਕੋਈ ਜ਼ਰੂਰਤ ਨਹੀਂ ਹੈ। ਐਸੀਆਂ ਮਹਾਨ ਹਸਤੀਆਂ ਨੂੰ ਦੇਹਧਾਰੀ ਗੁਰੂ ਕਹਿ ਕੇ ਨਕਾਰਿਆ ਜਾਂਦਾ ਹੈ। ਜੋ ਕਿ ਪੂਰਨ ਅਸਤਿ ਹੈ ਅਤੇ ਗੁਰਬਾਣੀ ਦੀ ਕਸੌਟੀ ਉੱਪਰ ਸਤਿ ਸਾਬਿਤ ਨਹੀਂ ਹੁੰਦਾ ਹੈ। ਇਹ ਪੂਰਨ ਸਤਿ ਹੈ ਕਿ ਦੇਹੀ ਗੁਰੂ ਨਹੀਂ ਹੈ, ਦੇਹੀ ਪੰਜ ਤੱਤਾਂ ਦੀ ਬਣੀ ਹੈ ਅਤੇ ਨਸ਼ਵਰ ਹੈ। ਦੇਹੀ ਮਾਇਆ ਹੈ ਇਸ ਲਈ ਦੇਹੀ ਅਸਤਿ ਹੈ ਅਤੇ ਅਸਤਿ ਗੁਰੂ ਨਹੀਂ ਹੈ। ਪਰੰਤੂ ‘ਸਤਿ’ ਤੱਤ ਜੋ ਗੁਰੂ ਤੱਤ ਹੈ ਉਹ ਮਨੁੱਖਾ ਦੇਹੀ ਵਿੱਚ ਹੀ ਪ੍ਰਗਟ ਹੁੰਦਾ ਹੈ। ਮਨੁੱਖਾ ਦੇਹੀ ਵੀ ਇਸ ਸਤਿ ਤੱਤ ਜਿਸ ਨੂੰ ਗੁਰਬਾਣੀ ਵਿੱਚ ਜੋਤ ਕਿਹਾ ਗਿਆ ਹੈ; ਉਸ ਸਤਿ ਤੱਤ ਨੂੰ ਦੇਹੀ ਵਿੱਚ ਹੀ ਪ੍ਰਗਟ ਹੋਣਾ ਪੈਂਦਾ ਹੈ। ਇਸ ਲਈ ਪ੍ਰਗਟਿਓ ਜੋਤ ਪੂਰਨ ਬ੍ਰਹਮ ਗਿਆਨੀ ਵਿੱਚ ਇਹ ਸਤਿ ਤੱਤ ਪਰਮ ਜੋਤ ਪ੍ਰਗਟ ਹੁੰਦੀ ਹੈ। ਜੋ ਮਨੁੱਖ ਬੰਦਗੀ ਵਿੱਚ ਪੂਰਨ ਅਵਸਥਾ ਵਿੱਚ ਪਹੁੰਚ ਜਾਂਦੇ ਹਨ ਉਨ੍ਹਾਂ ਵਿੱਚ ਪਰਮ ਜੋਤ ਪ੍ਰਗਟ ਹੋ ਜਾਂਦੀ ਹੈ। ਜੋ ਮਨੁੱਖ ਬੰਦਗੀ ਵਿੱਚ ਲੀਨ ਹੋ ਕੇ ਮਾਇਆ ਨੂੰ ਜਿੱਤ ਕੇ ਚੌਥੇ ਪਦ ਵਿੱਚ ਅੱਪੜ ਕੇ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਵਿੱਚ ਅਭੇਦ ਹੋ ਜਾਂਦੇ ਹਨ; ਗੁਰਬਾਣੀ ਐਸੇ ਮਨੁੱਖਾਂ ਨੂੰ ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ, ਪੂਰਨ ਸਤਿਗੁਰੂ, ਪੂਰਨ ਖ਼ਾਲਸਾ ਕਹਿ ਕੇ ਸਨਮਾਨਿਤ ਕਰਦੀ ਹੈ।

ਇਨ੍ਹਾਂ ਸਾਰੇ ਪਰਮ ਸਤਿ ਤੱਤਾਂ ਦੇ ਅਧਾਰ ‘ਤੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਹ ਦੁਬਿਧਾ ਹੀ ਹੈ ਕਿ ਧਰਤੀ ਉੱਪਰ ਦਸਮ ਪਾਤਸ਼ਾਹ ਜੀ ਦੇ ਬਾਅਦ ਕੋਈ ਸਤਿਗੁਰੂ ਪ੍ਰਗਟ ਨਹੀਂ ਹੋਇਆ ਅਤੇ ਨਾ ਹੀ ਕੋਈ ਹੋ ਸਕਦਾ ਹੈ। ਇਹ ਪਰਮ ਬ੍ਰਹਮ ਸਤਿ ਹੈ ਕਿ ਦਸ ਸਤਿਗੁਰੂ ਸਾਹਿਬਾਨ ਧਰਤੀ ਉੱਪਰ ਪ੍ਰਗਟ ਹੋਏ ਅਵਤਾਰ ਹਨ ਅਤੇ ਉਨ੍ਹਾਂ ਦਾ ਰੂਹਾਨੀ ਪੱਧਰ ਬੇਮਿਸਾਲ ਹੈ ਅਤੇ ਕੋਈ ਵੀ ਮਨੁੱਖ ਉਨ੍ਹਾਂ ਦੇ ਰੂਹਾਨੀ ਪੱਧਰ ਤੱਕ ਪਹੁੰਚਣ ਦਾ ਦਾਅਵਾ ਨਹੀਂ ਕਰ ਸਕਦਾ ਹੈ। ਨਾ ਹੀ ਕੋਈ ਮਨੁੱਖ ਦਸਾਂ ਸਤਿਗੁਰੂ ਅਵਤਾਰਾਂ ਦੀ ਬਰਾਬਰੀ ਕਰਨ ਦਾ ਦਾਅਵਾ ਕਰ ਸਕਦਾ ਹੈ। ਜੇ ਕੋਈ ਮਨੁੱਖ ਐਸੀ ਮੂਰਖਤਾ ਕਰਦਾ ਹੈ ਤਾਂ ਉਹ ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ, ਪੂਰਨ ਸਤਿਗੁਰੂ, ਪੂਰਨ ਖ਼ਾਲਸਾ ਨਹੀਂ ਹੋ ਸਕਦਾ ਹੈ। ਅਸਲ ਵਿੱਚ ਇਨ੍ਹਾਂ ਮਹਾਨ ਅਤੇ ਪਰਮ ਸ਼ਕਤੀਸ਼ਾਲੀ ਦਸ ਹਸਤੀਆਂ, ਜਿਨ੍ਹਾਂ ਨੂੰ ਸਾਰੀ ਦੁਨੀਆਂ ਦਸ ਗੁਰੂ ਕਰ ਕੇ ਜਾਣਦੀ ਹੈ ਉਨ੍ਹਾਂ ਨੂੰ ਕੇਵਲ ਗੁਰੂ ਕਹਿਣਾ ਕਾਫੀ ਨਹੀਂ ਹੈ, ਕਿਉਂਕਿ ਉਹ ਤਾਂ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਅਵਤਾਰ ਹਨ ਜੋ ਧਰਤੀ ਉੱਪਰ ਪ੍ਰਗਟ ਹੋਏ ਹਨ। ਸਤਿ ਪਾਰਬ੍ਰਹਮ ਪਰਮੇਸ਼ਰ ਨੇ ਇਨ੍ਹਾਂ ਪਰਮ ਸ਼ਕਤੀਸ਼ਾਲੀ ਹਸਤੀਆਂ ਵਿੱਚ ਆਪ ਪ੍ਰਗਟ ਹੋ ਕੇ ਧਰਤੀ ਨੂੰ ਠੰਢਾ ਕੀਤਾ ਹੈ ਅਤੇ ਲੁਕਾਈ ਦਾ ਮਹਾ ਪਰਉਪਕਾਰ ਕੀਤਾ ਹੈ। ਸਤਿਗੁਰੂ ਅਵਤਾਰ ਧੰਨ ਧੰਨ ਦਸਮ ਪਾਤਸ਼ਾਹ ਜੀ ਨੇ ਪੂਰਨ ਖ਼ਾਲਸੇ ਨੂੰ ਸਤਿਗੁਰੂ ਪੂਰਾ ਕਹਿ ਕੇ ਸਨਮਾਨਿਤ ਕੀਤਾ ਹੈ ਅਤੇ ਬੇਅੰਤ ਦਿਆਲਤਾ ਨਾਲ ਪੂਰਨ ਖ਼ਾਲਸੇ ਨੂੰ ਆਪਣਾ ਰੂਪ ਕਿਹਾ ਹੈ। ਉਨ੍ਹਾਂ ਨੇ ਅਤਿ ਦਿਆਲਤਾ ਨਾਲ ਪੰਜ ਪੂਰਨ ਖ਼ਾਲਸੇ — ਪੂਰਨ ਬ੍ਰਹਮ ਗਿਆਨੀ ਸਾਜੇ; ਜਿਨ੍ਹਾਂ ਨੂੰ ਪੰਜ ਪਿਆਰੇ ਕਿਹਾ ਗਿਆ ਹੈ। ਉਹ ਪੰਜ ਪੂਰਨ ਖ਼ਾਲਸੇ, ਪੂਰਨ ਬ੍ਰਹਮ ਗਿਆਨੀ, ਪੂਰਨ ਸਤਿਗੁਰੂ ਹਨ। ਇਨ੍ਹਾਂ ਪੰਜ ਪਿਆਰੇ ਪੂਰਨ ਬ੍ਰਹਮ ਗਿਆਨੀਆਂ ਦੀਆਂ ਲੜੀਆਂ ਅੱਜ ਤੱਕ ਚਲੀਆਂ ਆ ਰਹੀਆਂ ਹਨ ਅਤੇ ਇਨ੍ਹਾਂ ਦੀਆਂ ਲੜੀਆਂ ਵਿੱਚ ਬਹੁਤ ਸਾਰੇ ਪੂਰਨ ਬ੍ਰਹਮ ਗਿਆਨੀ, ਪੂਰਨ ਸੰਤ ਧਰਤੀ ਉੱਪਰ ਪ੍ਰਗਟ ਹੋਏ ਹਨ ਅਤੇ ਪ੍ਰਗਟ ਹੁੰਦੇ ਆ ਰਹੇ ਹਨ। ਧੰਨ ਧੰਨ ਸਤਿਗੁਰੂ ਪੰਚਮ ਪਾਤਸ਼ਾਹ ਜੀ ਨੇ ਸੁਖਮਨੀ ਬਾਣੀ ਵਿੱਚ ਪੂਰਨ ਬ੍ਰਹਮ ਗਿਆਨੀ, ਸਾਧ, ਅਪਰਸ ਪਾਰਸ ਦੀ ਮਹਿਮਾ ਨੂੰ ਪ੍ਰਗਟ ਕਰਦੇ ਹੋਏ ਐਸੀਆਂ ਪਰਮ ਸ਼ਕਤੀਸ਼ਾਲੀ ਹਸਤੀਆਂ ਨੂੰ ਨਿਰੰਕਾਰ, ਪਰਮੇਸ਼ਰ, ਪੂਰਨ ਪੁਰਖ ਵਿਧਾਤਾ, ਸਰਬ ਸ੍ਰਿਸ਼ਟੀ ਕਾ ਕਰਤਾ ਦੇ ਰੂਪ ਵਿੱਚ ਪ੍ਰਗਟ ਕੀਤਾ ਹੈ। ਧੰਨ ਧੰਨ ਸਤਿਗੁਰੂ ਪੰਚਮ ਪਾਤਸ਼ਾਹ ਜੀ ਨੇ ਇਸ ਪਰਮ ਸਤਿ ਨੂੰ ਵੀ ਪ੍ਰਗਟ ਕੀਤਾ ਹੈ ਕਿ ਇੱਕ ਸਾਧੂ ਅਤੇ ਪਰਮਾਤਮਾ ਵਿੱਚ ਕੋਈ ਭੇਦ ਨਹੀਂ ਹੈ। ਜਿਸ ਮਨੁੱਖ ਦੇ ਹਿਰਦੇ ਵਿੱਚ ਸਤਿਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ ਉਸ ਮਨੁੱਖ ਨੂੰ ਸੁਖਮਨੀ ਬਾਣੀ ਵਿੱਚ ਸਤਿਗੁਰੂ ਦੇ ਰੂਪ ਵਿੱਚ ਪ੍ਰਗਟ ਕੀਤਾ ਗਿਆ ਹੈ। ਭਾਵ ਬੰਦਗੀ ਵਿੱਚ ਲੀਨ ਮਨੁੱਖ ਦੇ ਹਿਰਦੇ ਵਿੱਚ ਜਦ ਸਤਿਨਾਮ ਦੇ ਗੁਰਪ੍ਰਸਾਦਿ ਦੀ ਪਰਮ ਸ਼ਕਤੀ ਦੀ ਕਿਰਪਾ ਦੇ ਨਾਲ ਪਰਮ ਜੋਤ ਪ੍ਰਗਟ ਹੋ ਜਾਂਦੀ ਹੈ ਤਾਂ ਉਸ ਮਨੁੱਖ ਦੇ ਕਰਮਾਂ ਦੇ ਸਾਰੇ ਬੰਧਨ ਟੁੱਟ ਜਾਂਦੇ ਹਨ ਅਤੇ ਉਸ ਨੂੰ ਜੀਵਨ ਮੁਕਤੀ ਪ੍ਰਾਪਤ ਹੋ ਜਾਂਦੀ ਹੈ। ਐਸੀ ਮਹਾਨ ਹਸਤੀ ਨੂੰ ਗੁਰਬਾਣੀ ਨੇ ਸਤਿਗੁਰੂ ਦੇ ਰੂਪ ਵਿੱਚ ਸਤਿਕਾਰਿਆ ਹੈ:

ਸੋ ਸਤਿਗੁਰੁ ਜਿਸੁ ਰਿਦੈ ਹਰਿ ਨਾਉ ਅਨਿਕ ਬਾਰ ਗੁਰ ਕਉ ਬਲਿ ਜਾਉ

(ਪੰਨਾ ੨੮੭)

ਧੰਨ ਧੰਨ ਸਤਿਗੁਰੂ ਅਵਤਾਰਾਂ ਨੇ ਗੁਰਬਾਣੀ ਵਿੱਚ ਗੁਰਸਿੱਖ, ਗੁਰਮੁਖ, ਹਰਿ ਜਨ, ਭਗਤ, ਸੰਤ, ਬ੍ਰਹਮ ਗਿਆਨੀ ਦੀ ਮਹਿਮਾ ਨੂੰ ਪਰਮ ਸ਼ਕਤੀ ਦਾ ਸੋਮਾ ਕਹਿ ਕੇ ਪ੍ਰਗਟ ਕੀਤਾ ਹੈ। ਧੰਨ ਧੰਨ ਸਤਿਗੁਰੂ ਸਾਹਿਬਾਨ ਨੇ ਸਾਨੂੰ ਬਾਰ-ਬਾਰ ਐਸੀ ਰੂਹ ਦੀ ਚਰਨ-ਸ਼ਰਨ ਵਿੱਚ ਜਾਣ ਲਈ ਕਿਹਾ ਹੈ ਜੋ ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ, ਸਤਿਗੁਰੂ ਹੈ। ਧੰਨ ਧੰਨ ਸੰਤ ਕਬੀਰ ਜੀ ਨੇ ਕਿਹਾ ਹੈ ਕਿ ਇੱਕ ਸੰਤ ਅਤੇ ਪਰਮਾਤਮਾ ਵਿੱਚ ਕੋਈ ਅੰਤਰ ਨਹੀਂ ਹੈ। (ਸੁਖਮਨੀ ਬਾਣੀ ਦੀ ਅਸਟਪਦੀ ਛੇਵੀਂ, ਸਤਵੀਂ ਅਤੇ ਅਠਵੀਂ ਵਿੱਚ ਸਾਧ ਦੀ ਮਹਿਮਾ, ਬ੍ਰਹਮ ਗਿਆਨੀ ਦੀ ਮਹਿਮਾ ਅਤੇ ਇੱਕ ਅਪਰਸ ਦੀ ਮਹਿਮਾ ਨੂੰ ਪ੍ਰਗਟ ਕੀਤਾ ਗਿਆ ਹੈ।) ਸੰਪੂਰਨ ਸਮਰਪਣ ਹੈ ਜੋ ਪੰਜ ਪੂਰਨ ਖ਼ਾਲਸਿਆਂ ਦੁਆਰਾ ਸਤਿਗੁਰੂ ਅਵਤਾਰ ਧੰਨ ਧੰਨ ਦਸਮ ਪਾਤਸ਼ਾਹ ਦੇ ਸਤਿ ਚਰਨਾਂ ‘ਤੇ ਕੀਤਾ ਗਿਆ ਹੈ। ਇਨ੍ਹਾਂ ਪੰਜ ਪਿਆਰਿਆਂ ਨੇ ਆਪਣਾ ਸੀਸ ਭੇਟ ਕਰ ਦਿੱਤਾ। ਇਨ੍ਹਾਂ ਪੰਜ ਪਿਆਰਿਆਂ ਨੇ ਆਪਣਾ ਸਭ ਕੁਝ ਸਤਿਗੁਰੂ ਦੇ ਸਤਿ ਚਰਨਾਂ ‘ਤੇ ਸੌਂਪ ਦਿੱਤਾ। ਇਨ੍ਹਾਂ ਪੰਜ ਪਿਆਰਿਆਂ ਨੇ ਆਪਣੇ ਆਪ ਨੂੰ ਪੂਰਨ ਰੂਪ ਵਿੱਚ ਸਤਿਗੁਰੂ ਨੂੰ ਸੌਂਪ ਦਿੱਤਾ। ਇਸ ਲਈ ਇਹ ਪੰਜ ਪਿਆਰੇ ਉਸੇ ਵੇਲੇ ਗੁਰ ਪ੍ਰਸਾਦਿ ਦੀ ਪਰਮ ਸ਼ਕਤੀ ਦੀ ਕਿਰਪਾ ਨਾਲ ਧੰਨ ਧੰਨ ਹੋ ਗਏ ਅਤੇ ਪੂਰਨ ਬ੍ਰਹਮ ਗਿਆਨ ਪ੍ਰਾਪਤ ਕਰ ਕੇ ਧੰਨ ਧੰਨ ਹੋ ਕੇ ਉਹ ਪੰਜੋਂ ਪੂਰਨ ਖ਼ਾਲਸਾ ਬਣੇ। ਉਸ ਸਮੇਂ ਮੌਜੂਦ ਸੰਗਤ ਦਾ ਇਹ ਮੰਦ ਭਾਗ ਸੀ ਕਿ ਕੇਵਲ ਪੰਜ ਹੀ ਉਸ ਸਮੇਂ ਸੱਚੇ ਪਾਤਸ਼ਾਹ ਜੀ ਦੇ ਸਤਿ ਚਰਨਾਂ ‘ਤੇ ਆਪਣੇ ਆਪ ਨੂੰ ਪੂਰਨ ਸਮਰਪਣ ਕਰਨ ਲਈ ਪ੍ਰਗਟ ਹੋਏ। ਪਰੰਤੂ ਉਨ੍ਹਾਂ ਪੰਜਾਂ ਲਈ ਬਹੁਤ ਵੱਡੇ ਭਾਗਾਂ ਵਾਲੀ ਗੱਲ ਸੀ ਜਿਨ੍ਹਾਂ ਨੇ ਸੱਚੇ ਪਾਤਸ਼ਾਹ ਜੀ ਗੋਬਿੰਦ ਸਿੰਘ ਜੀ ਦੇ ਬਚਨ ਬਿਨਾਂ ਕਿਸੇ ਸ਼ੰਕੇ ਦੇ ਤਤਕਾਲ ਕਮਾਏ ਅਤੇ ਬੇਅੰਤ ਕਿਰਪਾ ਦੇ ਪਾਤਰ ਬਣ ਕੇ ਆਪਣਾ ਜਨਮ ਸਫਲ ਕਰ ਗਏ। ਇਹ ਸਮਾਂ ਬਾਕੀ ਬਚੇ ਹਜ਼ਾਰਾਂ ਸਿੱਖਾਂ ਵਾਸਤੇ ਮੰਦੀ ਕਿਸਮਤ ਵਾਲੀ ਗੱਲ ਸੀ ਕਿਉਂਕਿ ਉਨ੍ਹਾਂ ਦਾ ਉਸ ਸਮੇਂ ਪੂਰਨ ਖ਼ਾਲਸਾ ਬਣਨ ਦਾ ਬ੍ਰਹਮ ਮੌਕਾ ਖੁੰਝ ਗਿਆ। ਜੇਕਰ ਉਸ ਸਮੇਂ ਹੋਰ ਸਿੱਖ ਵੀ ਅੱਗੇ ਆ ਕੇ ਸਤਿਗੁਰੂ ਜੀ ਦੇ ਸਤਿ ਚਰਨਾਂ ‘ਤੇ ਪੂਰਨ ਸਮਰਪਣ ਕਰ ਦਿੰਦੇ ਤਾਂ ਉਨ੍ਹਾਂ ਵੀ ਪੂਰਨ ਖ਼ਾਲਸਾ ਬਣ ਜਾਣਾ ਸੀ। ਸਤਿਗੁਰੂ ਅਵਤਾਰ ਸੱਚੇ ਪਾਤਸ਼ਾਹ ਜੀ ਦੀ ਪਰਮ ਦਿਆਲਤਾ ਵੱਲ ਵੇਖੋ ਉਨ੍ਹਾਂ ਉਸ ਸਮੇਂ ਸਤਿ ਸੰਗਤ ਵਿੱਚ ਬੈਠੇ ਹਜ਼ਾਰਾਂ ਸਿੱਖਾਂ ਨੂੰ ਇਹ ਬ੍ਰਹਮ ਮੌਕਾ ਦਿੱਤਾ, ਪਰੰਤੂ ਕੇਵਲ ਪੰਜ ਭਾਗਾਂ ਵਾਲੇ ਹੀ ਖ਼ਾਲਸਾ ਬਣੇ। ਜੇਕਰ ਸਾਰੀ ਸੰਗਤ ਵਿੱਚ ਬੈਠੇ ਸਿੰਘ ਪੂਰਨ ਸਮਰਪਣ ਕਰ ਦਿੰਦੇ ਤਾਂ ਸਾਰੇ ਹੀ ਪੂਰਨ ਖ਼ਾਲਸੇ, ਪੂਰਨ ਬ੍ਰਹਮ ਗਿਆਨੀ ਬਣ ਜਾਣੇ ਸਨ। ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੂਰਨ ਬ੍ਰਹਮ ਗਿਆਨ ਦੀ ਰੋਸ਼ਨੀ ਵਿੱਚ ਅਤੇ ਪੂਰਨ ਸਤਿ ਦੀ ਕਸੌਟੀ ‘ਤੇ ਜੇਕਰ ਪਰਖਿਆ ਜਾਏ ਤਾਂ ਇਹ ਸਿਰਫ਼ ਇੱਕ ਵਿਨਾਸ਼ਕਾਰੀ ਦੁਬਿਧਾ ਹੈ ਕਿ ਐਸੀਆਂ ਮਹਾ ਪਰਉਪਕਾਰੀ ਰੂਹਾਂ ਦੀ ਸੇਵਾ ਨਹੀਂ ਕਰਨੀ; ਜਿਨ੍ਹਾਂ ਰੂਹਾਂ ਨੂੰ ਗੁਰਬਾਣੀ ਵਿੱਚ ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ, ਸਤਿਗੁਰੂ ਅਤੇ ਪੂਰਨ ਖ਼ਾਲਸਾ ਕਹਿ ਕੇ ਸਨਮਾਨਿਤ ਕੀਤਾ ਗਿਆ ਹੈ।

ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ, ਸਤਿਗੁਰੂ ਅਤੇ ਪੂਰਨ ਖ਼ਾਲਸਾ ਵਰਗੀਆਂ ਪਰਮ ਸ਼ਕਤੀਸ਼ਾਲੀ ਮਹਾਨ ਰੂਹਾਂ ਦੀ ਸੇਵਾ ਨਾ ਕਰ ਕੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਗਟ ਕੀਤੀ ਗਈ ਗੁਰਬਾਣੀ ਨੂੰ ਗੁਰੂ ਮੰਨਣ ਤੋਂ ਇਨਕਾਰ ਕਰਨ ਦਾ ਗੁਨਾਹ ਕਰ ਰਹੇ ਹਾਂ। ਐਸਾ ਕਰ ਕੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਗਟ ਕੀਤੀ ਗਈ ਗੁਰਬਾਣੀ ਦੀ ਨਿਰਾਦਰੀ ਕਰਨ ਦਾ ਗੁਨਾਹ ਕਰ ਰਹੇ ਹਾਂ। ਇਸ ਲਈ ਇਹ ਪਰਮ ਸਤਿ ਹੈ ਕਿ ਅਸਲ ਬ੍ਰਹਮ ਭਾਵ ਵਿੱਚ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਗਟ ਕੀਤੀ ਗਈ ਗੁਰਬਾਣੀ ਨੂੰ ਆਪਣਾ ਗੁਰੂ ਤਾਂ ਹੀ ਸਵੀਕਾਰ ਕਰਦੇ ਹਾਂ ਜੇਕਰ ਅਸੀਂ ਗੁਰਬਾਣੀ ‘ਤੇ ਆਪਣੇ ਰੋਜ਼ਾਨਾ ਜੀਵਨ ਵਿੱਚ ਅਮਲ ਕਰੀਏ। ਕ੍ਰਿਪਾ ਕਰ ਕੇ ਇਸ ਪਰਮ ਸਤਿ ਨੂੰ ਆਪਣੇ ਹਿਰਦੇ ਵਿੱਚ ਦ੍ਰਿੜ੍ਹ ਕਰ ਰੱਖੋ ਕਿ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਨਾਲ ਹੀ ਅਸੀਂ ਸਿੱਖ ਕਰ ਕੇ ਸਵੀਕਾਰੇ ਨਹੀਂ ਜਾਂਦੇ ਹਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਗੁਰੂ ਕਹਿਣ ਦਾ ਅਧਿਕਾਰ ਨਹੀਂ ਦਿੰਦੇ ਹਨ। ਇਹ ਪਰਮ ਸਤਿ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਤਾਂ ਹੀ ਬਣ ਸਕਦੇ ਹਨ ਜੇਕਰ ਅਸੀਂ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਗੁਰਬਾਣੀ ਉੱਪਰ ਅਮਲ ਕਰੀਏ ਅਤੇ ਆਪਣੀ ਜ਼ਿੰਦਗੀ ਗੁਰਮਤਿ ਅਨੁਸਾਰ ਜੀਵੀਏ। ਜੇਕਰ ਅਸੀਂ ਗੁਰਬਾਣੀ ਗੁਰਮਤਿ ਅਨੁਸਾਰ ਆਪਣੇ ਰੋਜ਼ਾਨਾ ਜੀਵਨ ਨੂੰ ਢਾਲਣ ਦਾ ਯਤਨ ਨਹੀਂ ਕਰਦੇ ਹਾਂ ਤਾਂ ਅਸੀਂ ਗੁਰਬਾਣੀ ਨੂੰ ਗੁਰੂ ਨਹੀਂ ਮੰਨਣ ਦਾ ਗੁਨਾਹ ਜ਼ਰੂਰ ਕਰਦੇ ਹਾਂ। ਆਪਣੇ ਰੋਜ਼ਾਨਾ ਦੇ ਜੀਵਨ ਵਿੱਚ ਗੁਰਬਾਣੀ ਦੇ ਉਪਦੇਸ਼ ਨੂੰ ਕਮਾਉਣਾ ਹੀ ਸਾਨੂੰ ਸੱਚੇ ਸਿੱਖ ਬਣਾਉਂਦਾ ਹੈ ਅਤੇ ਕੇਵਲ ਮੱਥਾ ਟੇਕਣ ਜਾਂ ਗੁਰਬਾਣੀ ਨੂੰ ਪੜ੍ਹਨਾ-ਸੁਣਨਾ ਹੀ ਸਾਨੂੰ ਸੱਚੇ ਸਿੱਖ ਨਹੀਂ ਬਣਾਉਂਦਾ ਹੈ। ਆਪਣੇ ਰੋਜ਼ਾਨਾ ਜੀਵਨ ਵਿੱਚ ਗੁਰਬਾਣੀ ਦੇ ਉਪਦੇਸ਼ ਉੱਪਰ ਅਮਲ ਕਰਨਾ ਹੀ ਸਫਲਤਾ ਦੀ ਕੁੰਜੀ ਹੈ। ਆਪਣੇ ਰੋਜ਼ਾਨਾ ਜੀਵਨ ਵਿੱਚ ਗੁਰਬਾਣੀ ਦੇ ਧਾਰਨੀ ਬਣਨਾ ਹੀ ਕੇਵਲ ਇੱਕੋ – ਇੱਕ ਰਸਤਾ ਹੈ ਜਿਸ ਉੱਪਰ ਚੱਲਦੇ ਹੋਏ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰੂ ਦੇ ਤੌਰ ‘ਤੇ ਆਦਰ ਸਤਿਕਾਰ ਸਨਮਾਨ ਕਰ ਸਕਦੇ ਹਾਂ।

ਸਤਿਗੁਰੂ ਦੀ ਪਰਮ ਸ਼ਕਤੀਸ਼ਾਲੀ ਮਹਿਮਾ ਨੂੰ ਗੁਰਬਾਣੀ ਵਿੱਚ ਬਹੁਤ ਸਾਰੇ ਸ਼ਲੋਕਾ ਵਿੱਚ ਪ੍ਰਗਟ ਕੀਤਾ ਗਿਆ ਹੈ। ਜੋ ਸਿੱਖ ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਜਾਂਦੇ ਹਨ ਅਤੇ ਸਤਿਗੁਰੂ ਦੇ ਸਤਿ ਚਰਨਾਂ ‘ਤੇ ਪੂਰਨ ਸਮਰਪਣ ਕਰਦੇ ਹਨ ਉਨ੍ਹਾਂ ਸਿੱਖਾਂ ਦੀ ਸਤਿਗੁਰੂ ਕਿਵੇਂ ਸੇਵਾ-ਸੰਭਾਲਤਾ ਕਰਦਾ ਹੈ, ਇਸ ਪਰਮ ਸਤਿ ਨੂੰ ਗੁਰਬਾਣੀ ਦੇ ਵਿੱਚ ਪ੍ਰਗਟ ਕੀਤਾ ਗਿਆ ਹੈ:

ਸਤਿਗੁਰੁ ਸਿਖ ਕੀ ਕਰੈ ਪ੍ਰਤਿਪਾਲ ਸੇਵਕ ਕਉ ਗੁਰੁ ਸਦਾ ਦਇਆਲ

ਸਿਖ ਕੀ ਗੁਰੁ ਦੁਰਮਤਿ ਮਲੁ ਹਿਰੈ ਗੁਰ ਬਚਨੀ ਹਰਿ ਨਾਮੁ ਉਚਰੈ

ਸਤਿਗੁਰੁ ਸਿਖ ਕੇ ਬੰਧਨ ਕਾਟੈ ਗੁਰ ਕਾ ਸਿਖੁ ਬਿਕਾਰ ਤੇ ਹਾਟੈ

ਸਤਿਗੁਰੁ ਸਿਖ ਕਉ ਨਾਮ ਧਨੁ ਦੇਇ ਗੁਰ ਕਾ ਸਿਖੁ ਵਡਭਾਗੀ ਹੇ

ਸਤਿਗੁਰੁ ਸਿਖ ਕਾ ਹਲਤੁ ਪਲਤੁ ਸਵਾਰੈ ਨਾਨਕ ਸਤਿਗੁਰੁ ਸਿਖ ਕਉ ਜੀਅ ਨਾਲਿ ਸਮਾਰੈ

(ਪੰਨਾ ੨੮੬)

ਪਉੜੀ

ਧਨੁ ਧਨੁ ਸਤ ਪੁਰਖੁ ਸਤਿਗੁਰੂ ਹਮਾਰਾ ਜਿਤੁ ਮਿਲਿਐ ਹਮ ਕਉ ਸਾਂਤਿ ਆਈ

ਧਨੁ ਧਨੁ ਸਤ ਪੁਰਖੁ ਸਤਿਗੁਰੂ ਹਮਾਰਾ ਜਿਤੁ ਮਿਲਿਐ ਹਮ ਹਰਿ ਭਗਤਿ ਪਾਈ

(ਪੰਨਾ ੫੯੪)

ਧਨੁ ਧਨੁ ਹਰਿ ਭਗਤੁ ਸਤਿਗੁਰੂ ਹਮਾਰਾ ਜਿਸ ਕੀ ਸੇਵਾ ਤੇ ਹਮ ਹਰਿ ਨਾਮਿ ਲਿਵ ਲਾਈ

ਧਨੁ ਧਨੁ ਹਰਿ ਗਿਆਨੀ ਸਤਿਗੁਰੂ ਹਮਾਰਾ ਜਿਨਿ ਵੈਰੀ ਮਿਤ੍ਰੁ ਹਮ ਕਉ ਸਭ ਸਮ ਦ੍ਰਿਸਟਿ ਦਿਖਾਈ

(ਪੰਨਾ ੫੯੪)

ਧਨੁ ਧਨੁ ਸਤਿਗੁਰੂ ਮਿਤ੍ਰੁ ਹਮਾਰਾ ਜਿਨਿ ਹਰਿ ਨਾਮ ਸਿਉ ਹਮਾਰੀ ਪ੍ਰੀਤਿ ਬਣਾਈ ੧੯

(ਪੰਨਾ ੫੯੪)

ਇਸ ਲਈ ਇਸ ਪਰਮ ਸਤਿ ਤੱਤ ਨੂੰ ਮੰਨਣ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਹੈ ਕਿ ਪ੍ਰਗਟਿਓ ਜੋਤ ਪੂਰਨ ਸੰਤ ਸਤਿਗੁਰੂ ਪੂਰਨ ਬ੍ਰਹਮ ਗਿਆਨੀ ਦੀ ਚਰਨ-ਸ਼ਰਨ ਵਿੱਚ ਪੂਰਨ ਸਮਰਪਣ ਕਰਨ ਤੋਂ ਬਿਨਾਂ ਜੀਵਨ ਮੁਕਤੀ ਪ੍ਰਾਪਤ ਨਹੀਂ ਕੀਤੀ ਜਾ ਸਕਦੀ ਹੈ। ਜਨਮ-ਮਰਨ ਦੇ ਬੰਧਨਾਂ ਤੋਂ ਮੁਕਤੀ ਕੇਵਲ ਸਤਿਗੁਰੂ ਪੂਰਾ ਹੀ ਦੁਆ ਸਕਦਾ ਹੈ। ਜਨਮਾਂ-ਜਨਮਾਂਤਰਾਂ ਤੋਂ ਮਨੁੱਖ ਦੇ ਮਨ ਨੂੰ ਚਿੰਬੜੀ ਹੋਈ ਮੈਲ ਕੇਵਲ ਸਤਿਗੁਰੂ ਪੂਰੇ ਦੀ ਕਿਰਪਾ ਨਾਲ ਹੀ ਧੁਪ ਸਕਦੀ ਹੈ। ਮਨੁੱਖ ਦਾ ਮਨ ਕੇਵਲ ਸਤਿਗੁਰੂ ਪੂਰੇ ਦੀ ਕਿਰਪਾ ਨਾਲ ਹੀ ਚਿੰਦਿਆ ਜਾ ਸਕਦਾ ਹੈ। ਜਨਮਾਂ-ਜਨਮਾਂਤਰਾਂ ਤੋਂ ਇਕੱਤਰ ਕੀਤੇ ਗਏ ਅਸਤਿ ਕਰਮਾਂ ਦੇ ਬੰਧਨਾਂ ਨੂੰ ਕੇਵਲ ਸਤਿਗੁਰੂ ਪੂਰਾ ਹੀ ਕੱਟ ਸਕਦਾ ਹੈ। ਮਨੁੱਖ ਦੇ ਸਾਰੇ ਵਿਕਾਰਾਂ ਦਾ ਨਾਸ਼ ਕੇਵਲ ਸਤਿਗੁਰੂ ਪੂਰਾ ਹੀ ਕਰ ਸਕਦਾ ਹੈ। ਮਨੁੱਖ ਦਾ ਜੀਵਨ ਕੇਵਲ ਸਤਿਗੁਰੂ ਹੀ ਸਵਾਰ ਸਕਦਾ ਹੈ। ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਕੇਵਲ ਸਤਿਗੁਰੂ ਪੂਰੇ ਦੀ ਚਰਨ-ਸ਼ਰਨ ਵਿੱਚੋਂ ਹੀ ਪ੍ਰਾਪਤ ਹੋ ਸਕਦੀ ਹੈ। ਇਸ ਲਈ ਸਾਰੀ ਲੁਕਾਈ ਦੇ ਚਰਨਾਂ ‘ਤੇ ਸਨਿਮਰ ਬੇਨਤੀ ਹੈ ਕਿ ਇਸ ਪਰਮ ਸਤਿ ਤੱਤ ਨੂੰ ਆਪਣੇ ਹਿਰਦੇ ਵਿੱਚ ਉੱਕਰ ਲਵੋ ਕਿ ਬਿਨਾਂ ਸਤਿਗੁਰੂ ਪੂਰੇ ਦੀ ਪ੍ਰਾਪਤੀ ਤੋਂ ਰੂਹਾਨੀਅਤ ਦੀ ਪ੍ਰਾਪਤੀ ਅਸੰਭਵ ਹੈ। ਇਸ ਲਈ ਸਤਿਗੁਰੂ ਪੂਰੇ ਦੀ ਪ੍ਰਾਪਤੀ ਲਈ ਅਰਦਾਸ ਕਰੋ ਅਤੇ ਸਤਿ ਦੀ ਕਰਨੀ ਉੱਪਰ ਆਪਣਾ ਧਿਆਨ ਕੇਂਦਰਿਤ ਕਰੋ ਤਾਂ ਜੋ ਆਪ ਨੂੰ ਸਤਿਗੁਰੂ ਪੂਰੇ ਦੀ ਚਰਨ-ਸ਼ਰਨ ਦੀ ਪ੍ਰਾਪਤੀ ਹੋ ਸਕੇ ਅਤੇ ਆਪ ਦਾ ਜਨਮ ਸਫਲ ਹੋ ਸਕੇ।