ਅਨੰਦੁ ਸਾਹਿਬ – ਪਉੜੀ ੨੩ – ੨੪

ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ   ਬਾਣੀ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ   ਜਿਨ ਕਉ ਨਦਰਿ ਕਰਮੁ ਹੋਵੈ ਹਿਰਦੈ ਤਿਨਾ ਸਮਾਣੀ   ਪੀਵਹੁ ਅੰਮ੍ਰਿਤੁ ਸਦਾ ਰਹਹੁ ਹਰਿ ਰੰਗਿ ਜਪਿਹੁ ਸਾਰਿਗਪਾਣੀ   ਕਹੈ ਨਾਨਕੁ ਸਦਾ ਗਾਵਹੁ ਏਹ ਸਚੀ ਬਾਣੀ ੨੩

(ਪੰਨਾ ੯੨੦)

ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ   ਬਾਣੀ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ   ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ   ਹਰਿ ਹਰਿ ਨਿਤ ਕਰਹਿ ਰਸਨਾ ਕਹਿਆ ਕਛੂ ਜਾਣੀ   ਚਿਤੁ ਜਿਨ ਕਾ ਹਿਰਿ ਲਇਆ ਮਾਇਆ ਬੋਲਨਿ ਪਏ ਰਵਾਣੀ   ਕਹੈ ਨਾਨਕੁ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ੨੪

(ਪੰਨਾ ੯੨੦)

ਧੰਨ ਧੰਨ ਸਤਿਗੁਰੂ ਅਵਤਾਰ ਅਮਰ ਦਾਸ ਜੀ ਗੁਰਬਾਣੀ ਦੀ ਮਹਿਮਾ ਬਾਰੇ ਪੂਰਨ ਬ੍ਰਹਮ ਗਿਆਨ ਸਾਰੀ ਲੁਕਾਈ ਦੀ ਝੋਲੀ ਵਿੱਚ ਪਾ ਰਹੇ ਹਨ। ਗੁਰਬਾਣੀ ਇੱਕ ਆਮ ਮਨੁੱਖ ਨੂੰ ਮਨੁੱਖਾ ਜਨਮ ਦਾ ਮਹਾਤਮ ਸਮਝਾਉਂਦੀ ਹੈ। ਗੁਰਬਾਣੀ ਇੱਕ ਆਮ ਮਨੁੱਖ ਨੂੰ ਜੀਵਨ ਜਿਊਣ ਦੀ ਜਾਚ ਦਰਸਾਉਂਦੀ ਹੈ। ਗੁਰਬਾਣੀ ਇੱਕ ਆਮ ਮਨੁੱਖ ਦਾ ਜਨਮ ਸਾਰਥਕ ਕਰਨ ਦੀ ਜੁਗਤੀ ਦੱਸਦੀ ਹੈ। ਗੁਰਬਾਣੀ ਇੱਕ ਆਮ ਮਨੁੱਖ ਦੇ ਜਨਮ ਨੂੰ ਸਫਲ ਬਣਾਉਣ ਦੀ ਜੁਗਤੀ ਦੱਸਦੀ ਹੈ। ਗੁਰਬਾਣੀ ਇੱਕ ਆਮ ਮਨੁੱਖ ਦੇ ਜੀਵਨ ਵਿੱਚ ਵਾਪਰ ਰਹੇ ਦੁੱਖਾਂ, ਕਲੇਸ਼ਾਂ, ਮੁਸੀਬਤਾਂ ਅਤੇ ਸਮੱਸਿਆਵਾਂ ਦੇ ਨਿਵਾਰਨ ਦੀ ਜੁਗਤੀ ਦੱਸਦੀ ਹੈ। ਗੁਰਬਾਣੀ ਇੱਕ ਆਮ ਮਨੁੱਖ ਦੇ ਜੀਵਨ ਨੂੰ ਸੁਖੀ ਅਤੇ ਸੰਪੰਨ ਕਰਨ ਦੀ ਜੁਗਤੀ ਦੱਸਦੀ ਹੈ। ਗੁਰਬਾਣੀ ਇੱਕ ਆਮ ਮਨੁੱਖ ਨੂੰ ਜਨਮ-ਮਰਨ ਦੇ ਬੰਧਨਾਂ ਤੋਂ ਛੁਟਕਾਰਾ ਪਾਉਣ ਦੀ ਜੁਗਤੀ ਦਰਸਾਉਂਦੀ ਹੈ। ਗੁਰਬਾਣੀ ਇੱਕ ਆਮ ਮਨੁੱਖ ਨੂੰ ਤ੍ਰੈ ਗੁਣੀ ਮਾਇਆ ਨੂੰ ਜਿੱਤਣ ਦੀ ਜੁਗਤੀ ਦੱਸਦੀ ਹੈ। ਗੁਰਬਾਣੀ ਇੱਕ ਆਮ ਮਨੁੱਖ ਨੂੰ ਆਪਣੀ ਤ੍ਰਿਸ਼ਣਾ ਦੀ ਵਿਨਾਸ਼ਕਾਰੀ ਅਗਨ ਨੂੰ ਬੁਝਾਉਣ ਦੀ ਜੁਗਤੀ ਦਰਸਾਉਂਦੀ ਹੈ। ਗੁਰਬਾਣੀ ਇੱਕ ਆਮ ਮਨੁੱਖ ਨੂੰ ਪੰਜ ਚੰਡਾਲਾਂ (ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ) ਉੱਪਰ ਜਿੱਤ ਪ੍ਰਾਪਤ ਕਰਨ ਦੀ ਜੁਗਤੀ ਦੱਸਦੀ ਹੈ। ਇਹ ਪੰਜ ਚੰਡਾਲ, ਜੋ ਕਿ ਮਨੁੱਖ ਦੀ ਦੇਹੀ ਵਿੱਚ ਵਾਸ ਕਰਦੇ ਹਨ ਅਤੇ ਆਪਣੀਆਂ ਵਿਨਾਸ਼ਕਾਰੀ ਸ਼ਕਤੀਆਂ ਦੇ ਨਾਲ ਮਨੁੱਖ ਦਾ ਜੀਵਨ ਨਰਕਮਈ ਬਣਾ ਦਿੰਦੇ ਹਨ, ਐਸੇ ਵਿਨਾਸ਼ਕਾਰੀ ਚੰਡਾਲਾਂ ਨੂੰ ਜਿੱਤਣ ਦੀ ਜੁਗਤੀ ਗੁਰਬਾਣੀ ਦਰਸਾਉਂਦੀ ਹੈ। ਗੁਰਬਾਣੀ ਇੱਕ ਆਮ ਮਨੁੱਖ ਨੂੰ ਸਤਿ ਪਾਰਬ੍ਰਹਮ ਦੇ ਦਰਸ਼ਨ ਕਰ ਕੇ ਆਪਣਾ ਜਨਮ ਸਾਰਥਕ ਕਰਨ ਦੀ ਜੁਗਤੀ ਦੱਸਦੀ ਹੈ। ਗੁਰਬਾਣੀ ਤ੍ਰੈ ਗੁਣ ਮਾਇਆ ਤੋਂ ਪਰੇ ਅੱਪੜ ਕੇ ਚੌਥੇ ਪਦ ਵਿੱਚ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਵਿੱਚ ਸਦਾ-ਸਦਾ ਲਈ ਅਭੇਦ ਹੋਣ ਦੀ ਜੁਗਤੀ ਦੱਸਦੀ ਹੈ। ਗੁਰਬਾਣੀ ਇੱਕ ਆਮ ਮਨੁੱਖ ਨੂੰ ਸੰਤ ਹਿਰਦਾ ਬਣਨ ਦੀ ਜੁਗਤੀ ਦੱਸਦੀ ਹੈ। ਗੁਰਬਾਣੀ ਇੱਕ ਆਮ ਮਨੁੱਖ ਨੂੰ ਪੂਰਨ ਬ੍ਰਹਮ ਗਿਆਨ, ਤੱਤ ਗਿਆਨ ਅਤੇ ਆਤਮ ਰਸ ਅੰਮ੍ਰਿਤ ਪ੍ਰਾਪਤ ਕਰਨ ਦੀ ਜੁਗਤੀ ਦੱਸਦੀ ਹੈ। ਗੁਰਬਾਣੀ ਇੱਕ ਆਮ ਮਨੁੱਖ ਨੂੰ ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ ਅਤੇ ਪੂਰਨ ਬੰਦਗੀ ਦੇ ਸਾਰੇ ਭੇਦ ਦੱਸਦੀ ਹੈ। ਗੁਰਬਾਣੀ ਇੱਕ ਆਮ ਮਨੁੱਖ ਨੂੰ ਜੀਵਨ ਮੁਕਤੀ ਦੀ ਜੁਗਤੀ ਅਤੇ ਮਾਰਗ ਨੂੰ ਦਰਸਾਉਂਦੀ ਹੈ। ਗੁਰਬਾਣੀ ਇੱਕ ਆਮ ਮਨੁੱਖ ਨੂੰ ਪਰਮ ਪਦਵੀ ਪ੍ਰਾਪਤ ਕਰਨ ਦੀ ਜੁਗਤੀ ਦੱਸਦੀ ਹੈ। ਗੁਰਬਾਣੀ ਇੱਕ ਆਮ ਮਨੁੱਖ ਨੂੰ ਸਹਿਜ ਅਵਸਥਾ ਅਤੇ ਅਟੱਲ ਅਵਸਥਾ ਨੂੰ ਪ੍ਰਾਪਤ ਕਰਨ ਦੀ ਜੁਗਤੀ ਦੱਸਦੀ ਹੈ। ਇਸ ਲਈ ਆਪਣਾ ਜੀਵਨ ਸੁਖੀ ਅਤੇ ਸੰਪੰਨ ਬਣਾਉਣ ਦੀ ਖਾਤਰ ਇੱਕ ਆਮ ਮਨੁੱਖ ਲਈ ਗੁਰਬਾਣੀ ਦਾ ਪਰਮ ਸ਼ਕਤੀਸ਼ਾਲੀ ਮਹਾਤਮ ਜਾਣਨਾ, ਸਮਝਣਾ ਅਤੇ ਮੰਨਣਾ ਬੇਅੰਤ ਲਾਜ਼ਮੀ ਹੈ।

ਗੁਰਬਾਣੀ ਸਤਿਗੁਰੂ ਸਾਹਿਬਾਨ, ਸੰਤਾਂ ਅਤੇ ਭਗਤਾਂ ਦੇ ਆਪੋ ਆਪਣੀ ਬੰਦਗੀ ਦੇ ਅਧਾਰ ‘ਤੇ ਇਕੱਤਰ ਕੀਤੇ ਗਏ ਨਿਜੀ ਅਨੁਭਵਾਂ ਦਾ ਭੰਡਾਰ ਹੈ। ਗੁਰਬਾਣੀ ਸਤਿਗੁਰੂ ਸਾਹਿਬਾਨ, ਸੰਤਾਂ ਅਤੇ ਭਗਤਾਂ ਦੇ ਆਪੋ ਆਪਣੀ ਬੰਦਗੀ ਦੇ ਦੌਰਾਨ ਵਾਪਰੇ ਪ੍ਰਤੱਖ ਅਨੁਭਵਾਂ ਦੀ ਪਰਮ ਸ਼ਕਤੀਸ਼ਾਲੀ ਕਥਾ ਹੈ। ਇਨ੍ਹਾਂ ਮਹਾਨ ਹਸਤੀਆਂ ਨੇ ਆਪੋ ਆਪਣੀ ਬੰਦਗੀ ਦੇ ਦੌਰਾਨ ਜੋ ਪੂਰਨ ਬ੍ਰਹਮ ਗਿਆਨ ਦਾ ਅਨੁਭਵ ਕੀਤਾ ਹੈ; ਉਨ੍ਹਾਂ ਪੂਰਨ ਬ੍ਰਹਮ ਗਿਆਨ ਦੇ ਮੋਤੀਆਂ ਅਤੇ ਅਨਮੋਲ ਰਤਨਾਂ ਦਾ ਸੰਗ੍ਰਹਿ ਹੈ ਗੁਰਬਾਣੀ। ਇਨ੍ਹਾਂ ਮਹਾਨ ਪਰਮ ਸ਼ਕਤੀਸ਼ਾਲੀ ਹਸਤੀਆਂ ਦੀ ਬੰਦਗੀ ਦੇ ਦੌਰਾਨ ਧਰਤੀ ‘ਤੇ ਪ੍ਰਗਟ ਹੋਈ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਮਹਿਮਾ ਦੀ ਪਰਮ ਸ਼ਕਤੀਸ਼ਾਲੀ ਕਥਾ ਹੈ ਗੁਰਬਾਣੀ। ਇਹ ਪਰਮ ਸਤਿ ਹੈ ਕਿ ਸਤਿ ਪਾਰਬ੍ਰਹਮ ਦੀ ਕਥਾ ਅਕੱਥ ਹੈ ਅਤੇ ਕਥੀ ਨਹੀਂ ਜਾ ਸਕਦੀ। ਇਸ ਲਈ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਕਥਾ ਕਥੀ ਨਹੀਂ ਜਾਂਦੀ ਬਲਕਿ ਧਰਤੀ ਉੱਪਰ ਪ੍ਰਗਟ ਹੁੰਦੀ ਹੈ। ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਦੇ ਨਾਲ ਇਨ੍ਹਾਂ ਮਹਾਨ ਪਰਮ ਸ਼ਕਤੀਸ਼ਾਲੀ ਹਸਤੀਆਂ ਦੀ ਕਥਾ ਧਰਤੀ ‘ਤੇ ਪ੍ਰਗਟ ਹੋਈ। ਸਤਿ ਪਾਰਬ੍ਰਹਮ ਦੀ ਕਥਾ ਉਸ ਸਮੇਂ ਧਰਤੀ ‘ਤੇ ਪ੍ਰਗਟ ਹੁੰਦੀ ਹੈ ਜਦ ਕਿਸੇ ਸੁਹਾਗਣ ਦਾ ਜਨਮ ਹੁੰਦਾ ਹੈ। ਸਤਿ ਪਾਰਬ੍ਰਹਮ ਦੀ ਕਥਾ ਉਸ ਸਮੇਂ ਧਰਤੀ ‘ਤੇ ਪ੍ਰਗਟ ਹੁੰਦੀ ਹੈ ਜਦ ਕੋਈ ਸਦਾ ਸੁਹਾਗਣ ਧਰਤੀ ‘ਤੇ ਪ੍ਰਗਟ ਹੁੰਦੀ ਹੈ। ਸਤਿ ਪਾਰਬ੍ਰਹਮ ਦੀ ਕਥਾ ਉਸ ਸਮੇਂ ਧਰਤੀ ‘ਤੇ ਪ੍ਰਗਟ ਹੁੰਦੀ ਹੈ ਜਦ ਕੋਈ ਮਨੁੱਖ ਬੰਦਗੀ ਵਿੱਚ ਲੀਨ ਹੋ ਕੇ ਪੂਰਨ ਅਵਸਥਾ ਨੂੰ ਪ੍ਰਾਪਤ ਕਰਦਾ ਹੈ ਅਤੇ ਸਤਿ ਪਾਰਬ੍ਰਹਮ ਪਰਮੇਸ਼ਰ ਵਿੱਚ ਅਭੇਦ ਹੋ ਕੇ ਪ੍ਰਗਟਿਓ ਜੋਤ ਰੂਪ ਵਿੱਚ ਧਰਤੀ ‘ਤੇ ਪ੍ਰਗਟ ਹੁੰਦਾ ਹੈ। ਸਤਿ ਪਾਰਬ੍ਰਹਮ ਦੀ ਕਥਾ ਉਸ ਸਮੇਂ ਧਰਤੀ ‘ਤੇ ਪ੍ਰਗਟ ਹੁੰਦੀ ਹੈ ਜਦ ਕੋਈ ਸਤਿਗੁਰੂ ਨਾਨਕ ਪਾਤਸ਼ਾਹ ਵਰਗਾ ਅਵਤਾਰ ਧਰਤੀ ‘ਤੇ ਪ੍ਰਗਟ ਹੁੰਦਾ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਦੀ ਸਭ ਤੋਂ ਵੱਡੀ ਮਹਿਮਾ ਜੋ ਧਰਤੀ ਉੱਪਰ ਪ੍ਰਗਟ ਹੁੰਦੀ ਹੈ ਉਹ ਹੈ: ਸਤਿ ਪਾਰਬ੍ਰਹਮ ਪਰਮੇਸ਼ਰ ਦਾ ਅਵਤਾਰ, ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ, ਸਤਿਗੁਰੂ ਪੂਰਾ, ਪੂਰਨ ਖ਼ਾਲਸਾ ਜਾਂ ਗੁਰਮੁਖ। ਇਨ੍ਹਾਂ ਮਹਾਨ ਅਤੇ ਪਰਮ ਸ਼ਕਤੀਸ਼ਾਲੀ ਹਸਤੀਆਂ ਨੇ ਸਤਿ ਪਰਬ੍ਰਹਮ ਪਰਮੇਸ਼ਰ ਲਈ ਆਪਣੀ ਬੇਅੰਤ ਸ਼ਰਧਾ, ਪ੍ਰੀਤ ਅਤੇ ਭਰੋਸੇ ਦੀਆਂ ਪਰਮ ਸ਼ਕਤੀਆਂ ਦੇ ਬਲ ‘ਤੇ ਕਮਾਈ ਗਈ ਬੇਅੰਤ ਬੰਦਗੀ ਦੇ ਅਧਾਰ ‘ਤੇ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਪਰਮ ਸ਼ਕਤੀਸ਼ਾਲੀ ਮਹਿਮਾ ਨੂੰ ਧਰਤੀ ਉੱਪਰ ਪ੍ਰਗਟ ਕੀਤਾ ਹੈ। ਇਨ੍ਹਾਂ ਮਹਾਨ ਅਤੇ ਪਰਮ ਸ਼ਕਤੀਸ਼ਾਲੀ ਹਸਤੀਆਂ ਨੇ ਗੁਰਬਾਣੀ ਨੂੰ ਧਰਤੀ ਉੱਪਰ ਪ੍ਰਗਟ ਕੀਤਾ ਹੈ।

ਗੁਰਬਾਣੀ ਬੰਦਗੀ ਕਰਨ ਵਾਲੇ ਮਨੁੱਖ ਦਾ ਸੂਖਮਤਾ ਦੇ ਨਾਲ ਮਾਰਗ ਦਰਸ਼ਨ ਕਰਦੀ ਹੈ। ਗੁਰਬਾਣੀ ਬੰਦਗੀ ਦੇ ਸਾਰੇ ਸੂਖਮ ਅਤੇ ਗੁੱਝੇ ਭੇਦ ਦੱਸਦੀ ਹੈ। ਗੁਰਬਾਣੀ ਬੰਦਗੀ ਕਰਨ ਵਾਲੇ ਮਨੁੱਖ ਦੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿੰਦੀ ਹੈ। ਗੁਰਬਾਣੀ ਦਾ ਮਹਾਤਮ ਬੇਅੰਤ ਹੈ। ਗੁਰਬਾਣੀ ਦੀ ਮਹਿਮਾ ਬੇਅੰਤ ਹੈ। ਗੁਰਬਾਣੀ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਮਹਿਮਾ ਹੈ। ਗੁਰਬਾਣੀ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਾਮ ‘ਸਤਿ’ ਨਾਮ ਦੀ ਮਹਿਮਾ ਹੈ। ਗੁਰਬਾਣੀ ਸੰਤਾਂ, ਭਗਤਾਂ, ਬ੍ਰਹਮ ਗਿਆਨੀਆਂ, ਸਤਿਗੁਰੂਆਂ, ਖ਼ਾਲਸਿਆਂ, ਗੁਰਮੁਖਾਂ, ਗੁਰਸਿੱਖਾਂ ਅਤੇ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਅਵਤਾਰਾਂ ਦੀ ਮਹਿਮਾ ਹੈ। ਗੁਰਬਾਣੀ ‘ਸਤਿ’ ਸਰੂਪ ਹੈ ਇਸ ਲਈ ਗੁਰਬਾਣੀ ਦੀ ਮਹਿਮਾ ਬੇਅੰਤ ਹੈ। ਗੁਰਬਾਣੀ ‘ਸਤਿ’ ਸਰੂਪ ਹੈ ਇਸ ਲਈ ਗੁਰਬਾਣੀ ਗੁਰੂ ਹੈ। ਗੁਰਬਾਣੀ ‘ਸਤਿ’ ਸਰੂਪ ਹੈ ਇਸ ਲਈ ਗੁਰਬਾਣੀ ਨਿਰੰਕਾਰ ਹੈ। ਭਾਵ ਗੁਰਬਾਣੀ ਸਤਿ ਪਾਰਬ੍ਰਹਮ ਪਰਮੇਸ਼ਰ ਦਾ ਗਿਆਨ ਸਰੂਪ ਹੈ ਜਿਸ ਨੂੰ ਸਤਿਗੁਰੂ ਸਾਹਿਬਾਨ ਅਤੇ ਸੰਤਾਂ ਭਗਤਾਂ ਨੇ ਧਰਤੀ ਉੱਪਰ ਪ੍ਰਗਟ ਕੀਤਾ ਹੈ। ਗੁਰਬਾਣੀ ਵਿੱਚ ਪਰਮ ਸ਼ਕਤੀ ਹੈ। ਗੁਰਬਾਣੀ ਆਪਣੇ ਆਪ ਵਿੱਚ ਹੀ ਪਰਮ ਸ਼ਕਤੀ ਹੈ। ਇਸ ਲਈ ਗੁਰਬਾਣੀ ਦੇ ਪਰਮ ਸ਼ਕਤੀਸ਼ਾਲੀ ਮਹਾਤਮ ‘ਤੇ ਵਿਚਾਰ ਕਰਨਾ ਬੇਅੰਤ ਲਾਜ਼ਮੀ ਹੈ। ਇਸ ਲਈ ਕਿਸੇ ਵੀ ਬੰਦਗੀ ਕਰਨ ਵਾਲੇ ਮਨੁੱਖ ਲਈ ਗੁਰਬਾਣੀ ਦਾ ਮਹਾਤਮ ਜਾਣਨਾ, ਸਮਝਣਾ ਅਤੇ ਮੰਨਣਾ ਬੇਅੰਤ ਲਾਜ਼ਮੀ ਹੋ ਜਾਂਦਾ ਹੈ। ਧੰਨ ਧੰਨ ਸਤਿਗੁਰੂ ਸਾਹਿਬ ਨੇ ਗੁਰਬਾਣੀ ਨੂੰ “ਨਿਰੰਕਾਰ” ਕਹਿ ਕੇ ਗੁਰਬਾਣੀ ਦੀ ਪਰਮ ਸ਼ਕਤੀਸ਼ਾਲੀ ਮਹਿਮਾ ਨੂੰ ਪ੍ਰਗਟ ਕੀਤਾ ਹੈ:

ਸਲੋਕੁ :   ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਕੋਇ   ਵਾਹੁ ਵਾਹੁ ਅਗਮ ਅਥਾਹੁ ਹੈ ਵਾਹੁ ਵਾਹੁ ਸਚਾ ਸੋਇ   ਵਾਹੁ ਵਾਹੁ ਵੇਪਰਵਾਹੁ ਹੈ ਵਾਹੁ ਵਾਹੁ ਕਰੇ ਸੁ ਹੋਇ   ਵਾਹੁ ਵਾਹੁ ਅੰਮ੍ਰਿਤ ਨਾਮੁ ਹੈ ਗੁਰਮੁਖਿ ਪਾਵੈ ਕੋਇ   ਵਾਹੁ ਵਾਹੁ ਕਰਮੀ ਪਾਈਐ ਆਪਿ ਦਇਆ ਕਰਿ ਦੇਇ   ਨਾਨਕ ਵਾਹੁ ਵਾਹੁ ਗੁਰਮੁਖਿ ਪਾਈਐ ਅਨਦਿਨੁ ਨਾਮੁ ਲਏਇ  

(ਪੰਨਾ ੫੧੫)

ਇਹ ਪਰਮ ਸਤਿ ਹੈ ਕਿ ਗੁਰਬਾਣੀ ਵਿੱਚ ਪਰਮ ਸ਼ਕਤੀ ਹੈ ਇਸ ਲਈ ਗੁਰਬਾਣੀ ਸ੍ਰੇਸ਼ਠ ਹੈ। ਇਹ ਪਰਮ ਸਤਿ ਹੈ ਕਿ ਗੁਰਬਾਣੀ ਵਿੱਚ ਪਰਮ ਸ਼ਕਤੀ ਹੈ ਇਸ ਲਈ ਗੁਰਬਾਣੀ ਸਿਰਮੌਰ ਹੈ। ਇਹ ਪਰਮ ਸਤਿ ਹੈ ਕਿ ਗੁਰਬਾਣੀ ‘ਸਤਿ’ ਸਰੂਪ ਹੈ ਇਸ ਲਈ ਗੁਰਬਾਣੀ ਵਿੱਚ ਪਰਮ ਸ਼ਕਤੀ ਹੈ। ਇਹ ਪਰਮ ਸਤਿ ਹੈ ਕਿ ਗੁਰਬਾਣੀ ‘ਸਤਿ’ ਸਰੂਪ ਹੈ ਇਸ ਲਈ ਗੁਰਬਾਣੀ ਸਿਰਮੌਰ ਹੈ। ਇਸ ਪਰਮ ਸਤਿ ਨੂੰ ਗੁਰਬਾਣੀ ਵਿੱਚ ਪ੍ਰਗਟ ਕੀਤਾ ਗਿਆ ਹੈ:

ਵਾਹੁ ਵਾਹੁ ਬਾਣੀ ਸਤਿ ਹੈ ਗੁਰਮੁਖਿ ਬੂਝੈ ਕੋਇ ਵਾਹੁ ਵਾਹੁ ਕਰਿ ਪ੍ਰਭੁ ਸਾਲਾਹੀਐ ਤਿਸੁ ਜੇਵਡੁ ਅਵਰੁ ਕੋਇ  

(ਪੰਨਾ ੧੨੭੬)

ਇਨ੍ਹਾਂ ਸਾਰੇ ਪਰਮ ਸਤਿ ਤੱਤਾਂ ਦਾ ਕੀ ਭਾਵ ਹੈ ਇਹ ਜਾਣਨਾ, ਸਮਝਣਾ ਅਤੇ ਮੰਨਣਾ ਬੇਅੰਤ ਲਾਜ਼ਮੀ ਹੈ। ਗੁਰਬਾਣੀ ਸੱਚ ਖੰਡ ਤੋਂ ਪ੍ਰਗਟ ਹੋਈ ਹੈ। ਗੁਰਬਾਣੀ ਸੱਚ ਖੰਡ ਦੀ ਭਾਸ਼ਾ ਹੈ। ਭਾਵ ਗੁਰਬਾਣੀ ਮਾਨਸਰੋਵਰ ਵਿੱਚ ਡੂੰਘੇ ਉਤਰ ਗਏ ਹੋਏ ਉਨ੍ਹਾਂ ਮਹਾਨ ਅਤੇ ਪਰਮ ਸ਼ਕਤੀਸ਼ਾਲੀ ਹਸਤੀਆਂ ਦੇ ਹਿਰਦੇ ਵਿੱਚੋਂ ਪ੍ਰਗਟ ਹੋਈ ਹੈ ਜੋ ਸੱਚ ਖੰਡ ਦੇ ਵਾਸੀ ਹਨ। ਇਸ ਲਈ ਧਰਤੀ ‘ਤੇ ਵਿਚਰ ਰਹੇ ਇੱਕ ਆਮ ਮਨੁੱਖ ਲਈ, ਜੋ ਕਿ ਧਰਮ ਖੰਡ (ਬੰਦਗੀ ਦੀ ਪਹਿਲੀ ਅਵਸਥਾ, ਬਾਕੀ ਚਾਰ ਅਵਸਥਾਵਾਂ ਹਨ: ਗਿਆਨ ਖੰਡ, ਸਰਮ ਖੰਡ, ਕਰਮ ਖੰਡ ਅਤੇ ਸੱਚ ਖੰਡ) ਤੋਂ ਵੀ ਥੱਲੇ ਦੀ ਅਵਸਥਾ ਵਿੱਚ ਬੈਠਾ ਹੈ, ਉਸ ਲਈ ਬਾਣੀ ਨੂੰ ਜਾਣਨਾ ਅਤੇ ਸਮਝਣਾ ਬਹੁਤ ਔਖਾ ਕਾਰਜ ਹੈ। ਇੱਕ ਆਮ ਮਨੁੱਖ ਜਦੋਂ ਗੁਰਬਾਣੀ ਪੜ੍ਹਦਾ ਜਾਂ ਸੁਣਦਾ ਹੈ ਤਾਂ ਉਸ ਦਾ ਮਨ ਗੁਰਬਾਣੀ ਵਿੱਚ ਇਕਾਗਰ ਨਹੀਂ ਹੁੰਦਾ ਹੈ। ਇੱਕ ਆਮ ਮਨੁੱਖ ਦਾ ਗੁਰਬਾਣੀ ਪੜ੍ਹਨ ਸਮੇਂ ਇਹ ਅਨੁਭਵ ਹੁੰਦਾ ਹੈ ਕਿ ਮੁਖੋਂ ਤਾਂ ਗੁਰਬਾਣੀ ਉਚਾਰਨ ਕਰ ਰਿਹਾ ਹੁੰਦਾ ਹੈ ਪਰੰਤੂ ਮਨੁੱਖ ਦਾ ਮਨ ਹੋਰ ਦੁਨਿਆਵੀ ਝੰਜਟਾਂ ਵਿੱਚ ਉਲਝਿਆ ਹੁੰਦਾ ਹੈ। ਗੁਰਬਾਣੀ ਤਾਂ ਮਨੁੱਖ ਦੇ ਕੰਨਾਂ ਵਿੱਚ ਪੈ ਰਹੀ ਹੁੰਦੀ ਹੈ ਪਰੰਤੂ ਮਨੁੱਖ ਦਾ ਮਨ ਆਪਣੇ ਹੀ ਕੋਈ ਮਸਲਿਆਂ ਵਿੱਚ ਭਟਕ ਰਿਹਾ ਹੁੰਦਾ ਹੈ। ਗੁਰਬਾਣੀ ਦਾ ਉਚਾਰਨ ਅਤੇ ਕੰਨਾਂ ਵਿੱਚ ਪੈਣਾ ਤਾਂ ਚਲ ਰਿਹਾ ਹੁੰਦਾ ਹੈ ਪਰੰਤੂ ਮਨੁੱਖ ਦੇ ਮਨ ਵਿੱਚ ਗੁਰਬਾਣੀ ਤੋਂ ਇਲਾਵਾ ਹੋਰ ਸਾਰੇ ਦੁਨਿਆਵੀ ਫੁਰਨਿਆਂ ਦਾ ਤਾਣਾ-ਬਾਣਾ ਚਲਦਾ ਰਹਿੰਦਾ ਹੈ। ਗੁਰਬਾਣੀ ਪੜ੍ਹਨ ਵਾਲੇ ਨਿਤਨੇਮੀ ਮਨੁੱਖ ਇਸ ਪਰਮ ਸਤਿ ਦਾ ਅਨੁਭਵ ਰੋਜ਼ ਕਰਦੇ ਹਨ। ਇਸ ਲਈ ਮਨੁੱਖ ਦਾ ਮਨ ਤਾਂ ਚੁੱਪ ਕਰ ਕੇ ਗੁਰਬਾਣੀ ਸੁਣਦਾ ਹੀ ਨਹੀਂ ਹੈ ਪਰੰਤੂ ਨਿਰੰਤਰ ਦੁਨਿਆਵੀ ਸ਼ੋਰ-ਸ਼ਰਾਬੇ ਵਿੱਚ ਉਲਝਿਆ ਰਹਿੰਦਾ ਹੈ। ਮਨੁੱਖ ਦਾ ਮਨ ਚੁੱਪ ਕਰੇ ਤਾਂ ਗੁਰਬਾਣੀ ਸੁਣੇ। ਨਿਰੰਤਰ ਦੁਨਿਆਵੀ ਫੁਰਨਿਆਂ ਦੇ ਸ਼ੋਰ-ਸ਼ਰਾਬੇ ਵਿੱਚ ਭਟਕ ਰਿਹਾ ਮਨ ਗੁਰਬਾਣੀ ਕਿਵੇਂ ਸੁਣ ਸਕਦਾ ਹੈ। ਇਸ ਲਈ ਗੁਰਬਾਣੀ ਸੁਣਨ ਦੀ ਸਮੱਸਿਆ ਸਾਰੇ ਗੁਰਬਾਣੀ ਪੜ੍ਹਨ ਅਤੇ ਸੁਣਨ ਵਾਲੇ ਮਨੁੱਖਾਂ ਲਈ ਇੱਕ ਬਹੁਤ ਵੱਡੀ ਸਮੱਸਿਆ ਹੈ। ਬੰਦਗੀ ਦੇ ਮਾਰਗ ਉੱਪਰ ਚਲਣ ਲਈ ਅਤੇ ਗੁਰਬਾਣੀ ਪੜ੍ਹਨ ਅਤੇ ਸੁਣਨ ਦੇ ਚਾਹਵਾਨ ਮਨੁੱਖਾਂ ਦੀ ਇਹ ਬਹੁਤ ਵੱਡੀ ਸਮੱਸਿਆ ਹੈ। ਕਿਉਂਕਿ ਗੁਰਬਾਣੀ ਸੁਣਦੇ ਅਤੇ ਪੜ੍ਹਦੇ ਸਮੇਂ ਜੇਕਰ ਮਨੁੱਖ ਦੀ ਸੁਰਤਿ ਅਤੇ ਮਨ ਵਿੱਚ ਗੁਰਬਾਣੀ ਨਹੀਂ ਉੱਕਰੀ ਗਈ ਤਾਂ ਗੁਰਬਾਣੀ ਪੜ੍ਹਨਾ ਅਤੇ ਸੁਣਨਾ ਕਿਸੇ ਅਰਥ ਨਹੀਂ ਹੁੰਦਾ ਹੈ। ਇਹ ਪਰਮ ਸਤਿ ਹੈ ਕਿ ਗੁਰਬਾਣੀ ਨੂੰ ਪੜ੍ਹਨ ਅਤੇ ਸੁਣਨ ਦਾ ਅਸਲ ਮੰਤਵ ਤਾਂ ਗੁਰਬਾਣੀ ਨੂੰ ਸੁਰਤਿ ਅਤੇ ਮਨ ਵਿੱਚ ਉੱਕਰਨਾ ਹੈ ਤਾਂ ਕਿ ਮਨੁੱਖ ਦੀ ਸੁਰਤਿ ਅਤੇ ਮਨ ਪਵਿੱਤਰ ਹੋ ਸਕਣ। ਇਸ ਤੋਂ ਵੀ ਵੱਡਾ ਪਰਮ ਸਤਿ ਇਹ ਹੈ ਕਿ ਗੁਰਬਾਣੀ ਪੜ੍ਹਨ ਅਤੇ ਸੁਣਨ ਦਾ ਦਰਗਾਹੀ ਭਾਵ ਹੈ ਗੁਰਬਾਣੀ ਦਾ ਮਨੁੱਖ ਦੇ ਹਿਰਦੇ ਵਿੱਚ ਉੱਕਰ ਜਾਣਾ। ਇਸ ਤੋਂ ਵੀ ਵੱਡਾ ਪਰਮ ਸਤਿ ਇਹ ਹੈ ਕਿ ਗੁਰਬਾਣੀ ਦਾ ਮਨੁੱਖ ਦੇ ਰੋਮ-ਰੋਮ ਵਿੱਚ ਵੱਜਣਾ। ਭਾਵ ਜਦੋਂ ਗੁਰਬਾਣੀ ਕੀਰਤਨ ਦੀਆਂ ਧੁਨਾਂ ਵੱਜਦੀਆਂ ਹੋਣ ਤਾਂ ਮਨੁੱਖ ਦੀ ਸੁਰਤਿ ਅਤੇ ਮਨ ਗੁਰਬਾਣੀ ਵਿੱਚ ਇੱਕ ਦਮ ਖਿੱਚੇ ਜਾਣ ਅਤੇ ਮਨੁੱਖ ਸਮਾਧੀ ਸਥਿਤ ਹੋ ਜਾਏ ਅਤੇ ਉਸ ਦਾ ਰੋਮ-ਰੋਮ ਗੁਰਬਾਣੀ ਦੇ ਸ਼ਬਦਾਂ ਦੇ ਨਾਲ ਖਿੱਲ ਜਾਏ। ਜਦੋਂ ਮਨੁੱਖ ਗੁਰਬਾਣੀ ਪੜ੍ਹੇ ਤਾਂ ਉਸ ਦੇ ਰੋਮ-ਰੋਮ ਵਿੱਚੋਂ ਗੁਰਬਾਣੀ ਦੇ ਸ਼ਬਦਾਂ ਦਾ ਅੰਮ੍ਰਿਤ ਛਲਕੇ। ਜਦੋਂ ਮਨੁੱਖ ਗੁਰਬਾਣੀ ਸੁਣੇ ਤਾਂ ਉਸ ਦੇ ਰੋਮ-ਰੋਮ ਵਿੱਚ ਬਾਣੀ ਸੁਣੀ ਜਾਏ ਅਤੇ ਉਸ ਦਾ ਰੋਮ-ਰੋਮ ਗੁਰਬਾਣੀ ਦੇ ਅੰਮ੍ਰਿਤ ਦੇ ਨਾਲ ਖਿੱਲ ਜਾਏ। ਜਦੋਂ ਮਨੁੱਖ ਗੁਰਬਾਣੀ ਪੜ੍ਹਨ ਦਾ ਯਤਨ ਕਰੇ ਤਾਂ ਉਸ ਦੀ ਦੇਹੀ ਵਿੱਚ ਸਥਿਤ ਸਤਿ ਸਰੋਵਰਾਂ ਵਿੱਚੋਂ ਅੰਮ੍ਰਿਤ ਦੀਆਂ ਧਾਰਾਂ ਵਗਣੀਆਂ ਸ਼ੁਰੂ ਹੋ ਜਾਣ ਅਤੇ ਉਸ ਦੀ ਸਮਾਧੀ ਲੱਗ ਜਾਏ। ਜਦੋਂ ਮਨੁੱਖ ਗੁਰਬਾਣੀ ਸੁਣੇ ਤਾਂ ਮਨੁੱਖ ਦੀ ਦੇਹੀ ਵਿੱਚੋਂ ਅੰਮ੍ਰਿਤ ਦੇ ਝਰਨੇ ਫੁੱਟਣ ਲੱਗ ਪੈਣ। ਐਸਾ ਪਰਮ ਸ਼ਕਤੀਸ਼ਾਲੀ ਮਹਾਤਮ ਹੈ ਗੁਰਬਾਣੀ ਪੜ੍ਹਨ ਅਤੇ ਸੁਣਨ ਦਾ। ਇਸੇ ਲਈ ਗੁਰਬਾਣੀ ਨੂੰ ਸਤਿਗੁਰੂ ਸਾਹਿਬਾਨ ਨੇ ਸਿਰਮੌਰ ਕਿਹਾ ਹੈ। ਇਸੇ ਲਈ ਗੁਰਬਾਣੀ ਨੂੰ ਅੰਮ੍ਰਿਤ ਕਿਹਾ ਗਿਆ ਹੈ। ਇਸੇ ਲਈ ਗੁਰਬਾਣੀ ਨੂੰ ਗੁਰੂ ਕਿਹਾ ਗਿਆ ਹੈ। ਇਸੇ ਲਈ ਗੁਰਬਾਣੀ ਨੂੰ ਨਿਰੰਕਾਰ ਕਿਹਾ ਗਿਆ ਹੈ। ਇਸ ਲਈ ਜੋ ਮਨੁੱਖ ਗੁਰਬਾਣੀ ਪੜ੍ਹਨ-ਸੁਣਨ ਦੀ ਪਰਮ ਸ਼ਕਤੀਸ਼ਾਲੀ ਮਹਿਮਾ ਦੇ ਇਨ੍ਹਾਂ ਪਰਮ ਸਤਿ ਦੇ ਤੱਤਾਂ ਦਾ ਅਨੁਭਵ ਨਹੀਂ ਕਰਦੇ ਹਨ ਉਨ੍ਹਾਂ ਦੇ ਗੁਰਬਾਣੀ ਪੜ੍ਹਨ-ਸੁਣਨ ਦਾ ਕੋਈ ਅਰਥ ਨਹੀਂ ਹੈ।

ਗੁਰਬਾਣੀ ਸੁਣਨ ਅਤੇ ਪੜ੍ਹਨ ਦੀ ਸਮੱਸਿਆ ਦਾ ਮੂਲ ਕਾਰਨ ਮਨ, ਸੁਰਤਿ ਅਤੇ ਚਿੱਤ ਦੀ ਇਕਾਗਰਤਾ ਦਾ ਅਭਾਵ ਹੈ। ਮਨ ਸੁਰਤਿ ਚਿੱਤ ਦੀ ਇਕਾਗਰਤਾ ਦਾ ਅਭਾਵ ਵੱਡੇ-ਵੱਡੇ ਕਹਾਉਣ ਵਾਲੇ ਨਿਤਨੇਮੀ ਮਨੁੱਖਾਂ ਅਤੇ ਗੁਰਬਾਣੀ ਦੇ ਪਾਠਕਾਂ ਨੂੰ ਨਿਰਾਸ਼ ਕਰ ਦਿੰਦਾ ਹੈ। ਇੱਕ ਆਮ ਮਨੁੱਖ ਜੋ ਕਿ ਬੰਦਗੀ ਦੇ ਪਹਿਲੇ ਪੜਾਉ ਧਰਮ ਖੰਡ ਵਿੱਚ ਸਥਿਤ ਹੈ ਉਸ ਦਾ ਮਨ, ਸੁਰਤਿ ਅਤੇ ਚਿੱਤ ਇਕਾਗਰ ਨਹੀਂ ਹੁੰਦਾ ਹੈ। ਇੱਕ ਆਮ ਮਨੁੱਖ ਜੋ ਕਿ ਬੰਦਗੀ ਦੀ ਪਹਿਲੀ ਅਵਸਥਾ (ਧਰਮ ਖੰਡ) ਵਿੱਚ ਸਥਿਤ ਹੈ ਉਸ ਦਾ ਮਨ, ਸੁਰਤਿ ਅਤੇ ਚਿੱਤ ਕਿਵੇਂ ਇਕਾਗਰ ਹੋ ਸਕਦਾ ਹੈ? ਇੱਕ ਆਮ ਮਨੁੱਖ ਜੋ ਕਿ ਮਾਇਆ ਦੀ ਗੁਲਾਮੀ ਵਿੱਚ ਰੱਤਿਆ ਹੋਇਆ ਹੈ ਉਸ ਦਾ ਮਨ, ਸੁਰਤਿ ਅਤੇ ਚਿੱਤ ਕਿਵੇਂ ਇਕਾਗਰ ਹੋ ਸਕਦਾ ਹੈ। ਇੱਕ ਆਮ ਮਨੁੱਖ ਜੋ ਕਿ ਦਿਨ-ਰਾਤ ਆਪਣੀ ਤ੍ਰਿਸ਼ਣਾ ਦੀ ਅਗਨ ਨੂੰ ਬੁਝਾਉਣ ਲਈ ਪੰਜ ਚੰਡਾਲਾਂ (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ) ਦੀ ਗੁਲਾਮੀ ਅਧੀਨ ਕੂੜ ਕਰਮ ਕਰਨ ਵਿੱਚ ਰੱਤਿਆ ਹੋਇਆ ਹੈ ਉਸ ਮਨੁੱਖ ਦਾ ਮਨ, ਸੁਰਤਿ ਅਤੇ ਚਿੱਤ ਇਕਾਗਰ ਕਿਵੇਂ ਹੋ ਸਕਦਾ ਹੈ। ਇਸ ਲਈ ਇਹ ਪ੍ਰਸ਼ਨ ਸੁਭਾਵਿਕ ਹਨ ਕਿ: ਮਨੁੱਖ ਦਾ ਮਨ, ਸੁਰਤਿ ਅਤੇ ਚਿੱਤ ਕਿਵੇਂ ਇਕਾਗਰ ਹੋ ਸਕਦਾ ਹੈ; ਮਨੁੱਖ ਦਾ ਮਨ, ਸੁਰਤਿ ਅਤੇ ਚਿੱਤ ਗੁਰਬਾਣੀ ਕਿਵੇਂ ਸੁਣ ਸਕਦਾ ਹੈ; ਮਨੁੱਖ ਗੁਰਬਾਣੀ ਦੇ ਸੁਣਨ ਦਾ ਅਤੇ ਪੜ੍ਹਨ ਦਾ ਪੂਰਨ ਆਨੰਦ ਕਿਵੇਂ ਲੈ ਸਕਦਾ ਹੈ ਅਤੇ ਮਨੁੱਖ ਗੁਰਬਾਣੀ ਨੂੰ ਪੜ੍ਹਨ ਅਤੇ ਸੁਣਨ ਦਾ ਪਰਮ ਸੁੱਖ ਕਿਵੇਂ ਪ੍ਰਾਪਤ ਕਰ ਸਕਦਾ ਹੈ। ਇਨ੍ਹਾਂ ਸਾਰੇ ਪ੍ਰਸ਼ਨਾਂ ਦਾ ਉੱਤਰ ਇਸ ਪਰਮ ਸਤਿ ਤੱਤ ਵਿੱਚ ਮਿਲਦਾ ਹੈ: ਕੇਵਲ ਉਸ ਮਨੁੱਖ ਦਾ ਮਨ, ਸੁਰਤਿ ਅਤੇ ਚਿੱਤ ਗੁਰਬਾਣੀ ਸੁਣ ਸਕਦਾ ਹੈ ਜਿਸ ਮਨੁੱਖ ਦੀ ਸੁਰਤਿ ਦਾ ਸ਼ਬਦ ਨਾਲ ਸੁਮੇਲ ਹੋ ਗਿਆ ਹੈ; ਕੇਵਲ ਉਸ ਮਨੁੱਖ ਦਾ ਮਨ, ਸੁਰਤਿ ਅਤੇ ਚਿੱਤ ਗੁਰਬਾਣੀ ਦਾ ਪੂਰਨ ਆਨੰਦ ਮਾਣ ਸਕਦਾ ਹੈ ਜਿਸ ਦੀ ਸੁਰਤਿ ਦਾ ਸ਼ਬਦ ਨਾਲ ਸੁਮੇਲ ਹੋ ਗਿਆ ਹੈ; ਗੁਰਬਾਣੀ ਕੇਵਲ ਉਸ ਮਨੁੱਖ ਦੇ ਘਰ ਵਿੱਚ ਪ੍ਰਵੇਸ਼ ਕਰਦੀ ਹੈ ਜਿਸ ਦੀ ਸੁਰਤਿ ਦਾ ਸ਼ਬਦ ਨਾਲ ਸੁਮੇਲ ਹੋ ਗਿਆ ਹੈ; ਗੁਰਬਾਣੀ ਕੇਵਲ ਉਸ ਮਨੁੱਖ ਨੂੰ ਸਮਝ ਆਉਂਦੀ ਹੈ ਜਿਸ ਦੀ ਸੁਰਤਿ ਦਾ ਸ਼ਬਦ ਨਾਲ ਸੁਮੇਲ ਹੋ ਗਿਆ ਹੈ; ਗੁਰਬਾਣੀ ਕੇਵਲ ਉਸ ਮਨੁੱਖ ਦਾ ਹਿਰਦਾ ਭੇਦਦੀ ਹੈ ਜਿਸ ਮਨੁੱਖ ਦੀ ਸੁਰਤਿ ਦਾ ਸ਼ਬਦ ਨਾਲ ਸੁਮੇਲ ਹੋ ਗਿਆ ਹੈ।

ਜਿਨ੍ਹਾਂ ਮਨੁੱਖਾਂ ਦੀ ਸੁਰਤਿ ਦਾ ਸ਼ਬਦ ਨਾਲ ਸੁਮੇਲ ਨਹੀਂ ਹੋਇਆ ਉਨ੍ਹਾਂ ਦਾ ਮਨ, ਸੁਰਤਿ ਅਤੇ ਚਿੱਤ ਇਕਾਗਰ ਨਹੀਂ ਹੁੰਦਾ ਹੈ ਅਤੇ ਨਾ ਹੀ ਹੋ ਸਕਦਾ ਹੈ। ਇਸ ਲਈ ਇਸ ਪਰਮ ਸਤਿ ਨੂੰ ਜਾਣਨਾ, ਸਮਝਣਾ ਅਤੇ ਮੰਨਣਾ ਲਾਜ਼ਮੀ ਹੈ ਕਿ ਸ਼ਬਦ ਅਤੇ ਸੁਰਤਿ ਦਾ ਸੁਮੇਲ ਜਦ ਤੱਕ ਨਹੀਂ ਹੋ ਜਾਂਦਾ ਹੈ ਤਦ ਤੱਕ ਮਨੁੱਖ ਦਾ ਮਨ, ਚਿੱਤ ਅਤੇ ਸੁਰਤਿ ਇਕਾਗਰਤਾ ਵਿੱਚ ਸਥਿਰ ਨਹੀਂ ਹੁੰਦੇ ਹਨ। ਸ਼ਬਦ ਅਤੇ ਸੁਰਤਿ ਦਾ ਸੁਮੇਲ ਗੁਰਪ੍ਰਸਾਦੀ ਖੇਲ ਹੈ। ਭਾਵ ਸ਼ਬਦ ਅਤੇ ਸੁਰਤਿ ਦਾ ਸੁਮੇਲ ਕੇਵਲ ਗੁਰਪ੍ਰਸਾਦਿ ਦੀ ਪਰਮ ਸ਼ਕਤੀ ਦੀ ਪ੍ਰਾਪਤੀ ਦੇ ਨਾਲ ਹੀ ਹੋ ਸਕਦਾ ਹੈ। ਗੁਰਪ੍ਰਸਾਦਿ ਦੀ ਪਰਮ ਸ਼ਕਤੀ ਕੇਵਲ ਉਸ ਮਨੁੱਖ ਉੱਪਰ ਵਰਤਦੀ ਹੈ ਜਿਸ ਨੂੰ ਸਤਿਗੁਰੂ ਦੀ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰੂ ਦੀ ਸੰਗਤ ਅਤੇ ਚਰਨ-ਸ਼ਰਨ ਕੇਵਲ ਉਸ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ ਜਿਸ ਦੇ ਭਾਗਾਂ ਵਿੱਚ ਲਿਖਿਆ ਹੋਏ। ਸਤਿਗੁਰੂ ਦੀ ਸੰਗਤ ਕੇਵਲ ਉਸ ਮਨੁੱਖ ਦੇ ਭਾਗਾਂ ਵਿੱਚ ਲਿਖੀ ਜਾਂਦੀ ਹੈ ਜੋ ਸਤਿ ਕਰਮ ਇਕੱਤਰ ਕਰਦਾ ਹੈ। ਸਤਿਗੁਰੂ ਦੀ ਸੰਗਤ ਕੇਵਲ ਉਸ ਮਨੁੱਖ ਦੇ ਭਾਗਾਂ ਵਿੱਚ ਲਿਖੀ ਜਾਂਦੀ ਹੈ ਜਿਸ ਦੀ ਬਿਰਤੀ ਸਤਿ ਕਰਮ ਕਰਦੇ-ਕਰਦੇ ਸਤੋ ਬਿਰਤੀ ਬਣ ਜਾਂਦੀ ਹੈ। ਜਿਸ ਮਨੁੱਖ ਦੀ ਸਤੋ ਬਿਰਤੀ ਬਣ ਜਾਂਦੀ ਹੈ ਉਸ ਮਨੁੱਖ ‘ਤੇ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਨਦਰ ਹੋ ਜਾਂਦੀ ਹੈ ਅਤੇ ਉਸ ਦੇ ਭਾਗ ਜਾਗ ਪੈਂਦੇ ਹਨ ਜਿਸ ਦੇ ਨਾਲ ਉਸ ਮਨੁੱਖ ਨੂੰ ਪੂਰੇ ਸਤਿਗੁਰੂ ਦੀ ਸੰਗਤ ਦੀ ਪ੍ਰਾਪਤੀ ਹੋ ਜਾਂਦੀ ਹੈ। ਸਤਿਗੁਰੂ ਦੀ ਸੰਗਤ ਦੀ ਪ੍ਰਾਪਤੀ ਉਪਰੰਤ ਗੁਰਪ੍ਰਸਾਦਿ ਦੀ ਪ੍ਰਾਪਤੀ ਕੇਵਲ ਉਸ ਮਨੁੱਖ ਨੂੰ ਹੁੰਦੀ ਹੈ ਜੋ ਮਨੁੱਖ ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਜਾਂਦਾ ਹੈ ਅਤੇ ਸਤਿਗੁਰੂ ਦੀ ਸੇਵਾ ਕਰਦਾ ਹੈ। ਗੁਰਪ੍ਰਸਾਦਿ ਦੀ ਪ੍ਰਾਪਤੀ ਕੇਵਲ ਉਸ ਮਨੁੱਖ ਨੂੰ ਹੁੰਦੀ ਹੈ ਜੋ ਮਨੁੱਖ ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਪੂਰਨ ਸਮਰਪਣ ਕਰਦਾ ਹੈ। ਕੇਵਲ ਉਹ ਮਨੁੱਖ ਹੀ ਸਤਿਗੁਰੂ ਦਾ ਪਿਆਰਾ ਬਣਦਾ ਹੈ ਜੋ ਮਨੁੱਖ ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਜਾਂਦਾ ਹੈ ਅਤੇ ਪੂਰਨ ਸਮਰਪਣ ਕਰਦਾ ਹੈ। ਗੁਰਪ੍ਰਸਾਦਿ ਦੀ ਪ੍ਰਾਪਤੀ ਕੇਵਲ ਉਸ ਮਨੁੱਖ ਨੂੰ ਹੁੰਦੀ ਹੈ ਜੋ ਮਨੁੱਖ ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਪੂਰਨ ਸ਼ਰਧਾ, ਪ੍ਰੀਤ ਅਤੇ ਭਰੋਸੇ ਦੇ ਨਾਲ ਆਪਣਾ ਤਨ, ਮਨ, ਧਨ ਅਰਪਣ ਕਰਦਾ ਹੈ।

ਜਿਸ ਮਨੁੱਖ ‘ਤੇ ਸਤਿਗੁਰੂ ਦੇ ਗੁਰਪ੍ਰਸਾਦਿ ਦੀ ਪਰਮ ਸ਼ਕਤੀ ਵਰਤਦੀ ਹੈ ਉਸ ਮਨੁੱਖ ਦੀ ਸੁਰਤਿ ਦਾ ਸ਼ਬਦ ਨਾਲ ਸੁਮੇਲ ਹੋ ਜਾਂਦਾ ਹੈ। ਜਿਸ ਮਨੁੱਖ ‘ਤੇ ਸਤਿਗੁਰੂ ਦੇ ਗੁਰਪ੍ਰਸਾਦਿ ਦੀ ਪਰਮ ਸ਼ਕਤੀ ਵਰਤਦੀ ਹੈ ਉਸ ਮਨੁੱਖ ਦੇ ਸਤਿ ਤੱਤ ਦਾ ਸਤਿਗੁਰੂ ਦੇ ਸਤਿ ਤੱਤ ਨਾਲ ਸੁਮੇਲ ਹੋ ਜਾਂਦਾ ਹੈ ਅਤੇ ਉਸ ਮਨੁੱਖ ਦੀ ਸੁਰਤਿ ਵਿੱਚ ਸ਼ਬਦ ਟਿਕ ਜਾਂਦਾ ਹੈ। ਸੁਰਤਿ ਦੇ ਵਿੱਚ ਸ਼ਬਦ ਦਾ ਸੁਮੇਲ ਹੋ ਜਾਂਦਾ ਹੈ ਅਤੇ ਉਸ ਦੀ ਸੁਰਤਿ ਵਿੱਚ ਸਤਿਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ। ਉਸ ਮਨੁੱਖ ਦੀ ਸੁਰਤਿ ਵਿੱਚ ਸਤਿਨਾਮ ਚਲਣਾ ਸ਼ੁਰੂ ਹੋ ਜਾਂਦਾ ਹੈ। ਸ਼ਬਦ ਸੁਰਤਿ ਦੇ ਸੁਮੇਲ ਦੇ ਨਾਲ ਹੀ ਮਨੁੱਖ ਦੀ ਸਮਾਧੀ ਲੱਗ ਜਾਂਦੀ ਹੈ। ਸੁਰਤਿ ਅਤੇ ਸ਼ਬਦ ਦਾ ਸੁਮੇਲ ਹੀ ਗੁਰਪ੍ਰਸਾਦੀ ਗੁਰਕਿਰਪਾ ਹੈ। ਸੁਰਤਿ ਅਤੇ ਸ਼ਬਦ ਦਾ ਸੁਮੇਲ ਹੀ ਬੰਦਗੀ ਦਾ ਆਰੰਭ ਹੈ। ਸੁਰਤਿ ਅਤੇ ਸ਼ਬਦ ਦਾ ਸੁਮੇਲ ਹੀ ਬੰਦਗੀ ਦੀ ਪ੍ਰਾਪਤੀ ਹੈ। ਸੁਰਤਿ ਸ਼ਬਦ ਦੇ ਸੁਮੇਲ ਦੀ ਪਰਮ ਸ਼ਕਤੀਸ਼ਾਲੀ ਕਥਾ ਗੁਰਬਾਣੀ ਵਿੱਚ ਬਾਰ-ਬਾਰ ਦ੍ਰਿੜ੍ਹ ਕਰਵਾਈ ਗਈ ਹੈ:

ਖਟੁ ਮਟੁ ਦੇਹੀ ਮਨੁ ਬੈਰਾਗੀ ਸੁਰਤਿ ਸਬਦੁ ਧੁਨਿ ਅੰਤਰਿ ਜਾਗੀ   ਵਾਜੈ ਅਨਹਦੁ ਮੇਰਾ ਮਨੁ ਲੀਣਾ ਗੁਰ ਬਚਨੀ ਸਚਿ ਨਾਮਿ ਪਤੀਣਾ   ਪ੍ਰਾਣੀ ਰਾਮ ਭਗਤਿ ਸੁਖੁ ਪਾਈਐ   ਗੁਰਮੁਖਿ ਹਰਿ ਹਰਿ ਮੀਠਾ ਲਾਗੈ ਹਰਿ ਹਰਿ ਨਾਮਿ ਸਮਾਈਐ ਰਹਾਉ  

(ਪੰਨਾ ੯੦੩੯੦੪)

ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੈ ਸਾਣੇ   ਸੁਰਤਿ ਸਬਦਿ ਭਵ ਸਾਗਰੁ ਤਰੀਐ ਨਾਨਕ ਨਾਮੁ ਵਖਾਣੇ   ਰਹਹਿ ਇਕਾਂਤਿ ਏਕੋ ਮਨਿ ਵਸਿਆ ਆਸਾ ਮਾਹਿ ਨਿਰਾਸੋ   ਅਗਮੁ ਅਗੋਚਰੁ ਦੇਖਿ ਦਿਖਾਏ ਨਾਨਕੁ ਤਾ ਕਾ ਦਾਸੋ  

(ਪੰਨਾ ੯੩੮)

ਪਵਨ ਅਰੰਭੁ ਸਤਿਗੁਰ ਮਤਿ ਵੇਲਾ ਸਬਦੁ ਗੁਰੂ ਸੁਰਤਿ ਧੁਨਿ ਚੇਲਾ   ਅਕਥ ਕਥਾ ਲੇ ਰਹਉ ਨਿਰਾਲਾ ਨਾਨਕ ਜੁਗਿ ਜੁਗਿ ਗੁਰ ਗੋਪਾਲਾ   ਏਕੁ ਸਬਦੁ ਜਿਤੁ ਕਥਾ ਵੀਚਾਰੀ ਗੁਰਮੁਖਿ ਹਉਮੈ ਅਗਨਿ ਨਿਵਾਰੀ ੪੪ 

(ਪੰਨਾ ੯੪੩)

ਸਬਦ ਸੁਰਤਿ ਬਿਨੁ ਆਵੈ ਜਾਵੈ ਪਤਿ ਖੋਈ ਆਵਤ ਜਾਤਾ ਹੇ  

(ਪੰਨਾ ੧੦੩੧੧੦੩੨)

ਜੇਤਾ ਸਬਦੁ ਸੁਰਤਿ ਧੁਨਿ ਤੇਤੀ ਜੇਤਾ ਰੂਪੁ ਕਾਇਆ ਤੇਰੀ   ਤੂੰ ਆਪੇ ਰਸਨਾ ਆਪੇ ਬਸਨਾ ਅਵਰੁ ਦੂਜਾ ਕਹਉ ਮਾਈ   ਸਾਹਿਬੁ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ ਰਹਾਉ  

(ਪੰਨਾ ੩੫੦)

ਸ਼ਬਦ-ਸੁਰਤਿ ਦੇ ਸੁਮੇਲ ਦੇ ਨਾਲ ਹੀ ਮਨੁੱਖ ਨੂੰ ਸੁਹਾਗ ਦੀ ਪ੍ਰਾਪਤੀ ਹੋ ਜਾਂਦੀ ਹੈ। ਸੁਹਾਗ ਦੀ ਪ੍ਰਾਪਤੀ ਦੇ ਨਾਲ ਹੀ ਮਨੁੱਖ ਦੀ ਬੰਦਗੀ ਕਰਮ ਖੰਡ ਵਿੱਚ ਸਥਾਪਿਤ ਹੋ ਜਾਂਦੀ ਹੈ। ਦਰਗਾਹ ਵਿੱਚ ਬੰਦਗੀ ਦਾ ਖ਼ਾਤਾ ਖੁਲ੍ਹ ਜਾਂਦਾ ਹੈ। ਇਸ ਅਵਸਥਾ ਵਿੱਚ ਪਹੁੰਚ ਕੇ ਹੀ ਮਨੁੱਖ ਦਾ ਮਨ, ਚਿੱਤ ਅਤੇ ਸੁਰਤਿ ਗੁਰਬਾਣੀ ਨੂੰ ਸੁਣਦਾ ਹੈ। ਇਸ ਅਵਸਥਾ ਵਿੱਚ ਪਹੁੰਚ ਕੇ ਹੀ ਮਨੁੱਖ ਨੂੰ ਗੁਰਬਾਣੀ ਸਮਝ ਆਉਣੀ ਸ਼ੁਰੂ ਹੁੰਦੀ ਹੈ। ਇਸ ਅਵਸਥਾ ਵਿੱਚ ਪਹੁੰਚ ਕੇ ਹੀ ਮਨੁੱਖ ਗੁਰਬਾਣੀ ਦੀ ਗਹਿਰਾਈ ਨੂੰ ਅਨੁਭਵ ਕਰਦਾ ਹੈ। ਇਸ ਅਵਸਥਾ ਵਿੱਚ ਪਹੁੰਚ ਕੇ ਹੀ ਮਨੁੱਖ ਨੂੰ ਗੁਰਬਾਣੀ ਦੇ ਗੁੱਝੇ ਭੇਦਾਂ ਦਾ ਗਿਆਨ ਹੋਣਾ ਸ਼ੁਰੂ ਹੁੰਦਾ ਹੈ। ਇਸ ਅਵਸਥਾ ਵਿੱਚ ਪਹੁੰਚ ਕੇ ਹੀ ਮਨੁੱਖ ਨੂੰ ਗੁਰਬਾਣੀ ਦੇ ਵਿੱਚ ਰੱਖੇ ਹੋਏ ਪੂਰਨ ਬ੍ਰਹਮ ਗਿਆਨ ਦੇ ਅਨਮੋਲ ਰਤਨਾਂ ਦਾ ਬੋਧ ਹੋਣਾ ਸ਼ੁਰੂ ਹੁੰਦਾ ਹੈ। ਇਸ ਅਵਸਥਾ ਵਿੱਚ ਪਹੁੰਚ ਕੇ ਹੀ ਮਨੁੱਖ ਨੂੰ ਗੁਰਬਾਣੀ ਦੇ ਵਿੱਚ ਪ੍ਰਗਟ ਕੀਤੇ ਗਏ ਪਰਮ ਸਤਿ ਤੱਤਾਂ ਦਾ ਅਨੁਭਵ ਸ਼ੁਰੂ ਹੁੰਦਾ ਹੈ। ਭਾਵ ਜੋ ਕੁਝ ਗੁਰਬਾਣੀ ਵਿੱਚ ਲਿਖਿਆ ਹੈ ਉਹ ਮਨੁੱਖ ਨੂੰ ਆਪਣੇ ਅੰਦਰ ਅਤੇ ਜੀਵਨ ਵਿੱਚ ਅਨੁਭਵ ਹੋਣਾ ਸ਼ੁਰੂ ਹੋ ਜਾਂਦਾ ਹੈ। ਮਨੁੱਖ ਦਾ ਜੀਵਨ ਬਦਲਣਾ ਸ਼ੁਰੂ ਹੋ ਜਾਂਦਾ ਹੈ। ਸਮਾਧੀ ਵਿੱਚ ਬੈਠ ਕੇ ਸਿਮਰਨ ਦੇ ਦੌਰਾਨ ਮਨੁੱਖ ਨੂੰ ਗੁਰਬਾਣੀ ਵਿੱਚ ਪ੍ਰਗਟ ਕੀਤੇ ਗਏ ਪਰਮ ਸਤਿ ਤੱਤਾਂ ਦਾ ਅਨੁਭਵ ਹੁੰਦਾ ਹੈ। ਮਨੁੱਖ ਦਾ ਜੀਵਨ ਗੁਰਮਤਿ ਦਾ ਧਾਰਨੀ ਬਣਨਾ ਸ਼ੁਰੂ ਹੋ ਜਾਂਦਾ ਹੈ। ਮਨੁੱਖ ਦਾ ਜੀਵਨ ਗੁਰਬਾਣੀ ਬਣਨਾ ਸ਼ੁਰੂ ਹੋ ਜਾਂਦਾ ਹੈ। ਮਨੁੱਖ ਦੀ ਮਨਮੁਖਤਾ ਦਾ ਅੰਤ ਹੋਣਾ ਸ਼ੁਰੂ ਹੋ ਜਾਂਦਾ ਹੈ। ਮਨੁੱਖ ਦੇ ਅੰਦਰ ਗੁਰਮੁਖਤਾ ਵਧਣੀ ਸ਼ੁਰੂ ਹੋ ਜਾਂਦੀ ਹੈ। ਜਿਉਂ-ਜਿਉਂ ਮਨੁੱਖ ਮਾਨਸਰੋਵਰ ਵਿੱਚ ਗਹਿਰਾ ਉਤਰਦਾ ਜਾਂਦਾ ਹੈ ਤਿਉਂ-ਤਿਉਂ ਮਨੁੱਖ ਦੀ ਮਾਇਆ ਦੀ ਪਕੜ ਢਿੱਲੀ ਪੈਂਦੀ ਜਾਂਦੀ ਹੈ ਅਤੇ ਤ੍ਰਿਸ਼ਣਾ ਸ਼ਾਂਤ ਹੋਣੀ ਸ਼ੁਰੂ ਹੋ ਜਾਂਦੀ ਹੈ। ਪੰਜ ਦੂਤ ਵੱਸ ਆਉਣੇ ਸ਼ੁਰੂ ਹੋ ਜਾਂਦੇ ਹਨ। ਹਿਰਦਾ ਪੂਰਨ ਸਚਿਆਰੀ ਰਹਿਤ ਵਿੱਚ ਜਾਣਾ ਸ਼ੁਰੂ ਹੋ ਜਾਂਦਾ ਹੈ। ਚੰਚਲ ਮਨ ਸ਼ਾਂਤ ਹੋ ਜਾਂਦਾ ਹੈ। ਇਸ ਅਵਸਥਾ ਵਿੱਚ ਪਹੁੰਚ ਕੇ ਗੁਰਬਾਣੀ ਮਨੁੱਖ ਦਾ ਬੰਦਗੀ ਦੇ ਮਾਰਗ ‘ਤੇ ਚਲਦੇ ਰਹਿਣ ਲਈ ਸੂਖਮਤਾ ਨਾਲ ਮਾਰਗ ਦਰਸ਼ਨ ਕਰਦੀ ਹੈ। ਇਸ ਕਰ ਕੇ ਸਤਿਗੁਰੂ ਸਾਹਿਬ ਅਨੰਦ ਸਾਹਿਬ ਦੀ ਇਸ ਪਉੜੀ ਵਿੱਚ ਗੁਰਬਾਣੀ ਨੂੰ ਸੁਣਨ ਅਤੇ ਗਾਉਣ ਦੇ ਮਹਾਤਮ ਦੀ ਮਹਿਮਾ ਦੱਸ ਰਹੇ ਹਨ। ਜਿਨ੍ਹਾਂ ਮਨੁੱਖਾਂ ‘ਤੇ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਕਰਮ ਦੀ ਪਰਮ ਸ਼ਕਤੀ ਵਰਤਦੀ ਹੈ ਕੇਵਲ ਉਹ ਮਨੁੱਖ ਹੀ ਗੁਰਬਾਣੀ ਨੂੰ ਸੁਣਨ ਅਤੇ ਗਾਉਣ ਦੇ ਯੋਗ ਹੁੰਦੇ ਹਨ। ਜਿਨ੍ਹਾਂ ਮਨੁੱਖਾਂ ‘ਤੇ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਕਰਮ ਦੀ ਪਰਮ ਸ਼ਕਤੀ ਵਰਤਦੀ ਹੈ ਕੇਵਲ ਉਨ੍ਹਾਂ ਮਨੁੱਖਾਂ ਦੇ ਹਿਰਦੇ ਵਿੱਚ ਹੀ ਗੁਰਬਾਣੀ ਸਮਾਉਂਦੀ ਹੈ। ਭਾਵ ਜਿਨ੍ਹਾਂ ਮਨੁੱਖਾਂ ‘ਤੇ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਕਰਮ ਦੀ ਪਰਮ ਸ਼ਕਤੀ ਵਰਤਦੀ ਹੈ ਕੇਵਲ ਉਨ੍ਹਾਂ ਮਨੁੱਖਾਂ ਦਾ ਜੀਵਨ ਹੀ ਗੁਰਬਾਣੀ ਵਿੱਚ ਪ੍ਰਗਟ ਕੀਤੇ ਗਏ ਪੂਰਨ ਸਤਿ ਦੇ ਤੱਤਾਂ ਨੂੰ ਅਨੁਭਵ ਕਰਦਾ ਹੈ। ਇਸ ਦਾ ਇਹ ਵੀ ਭਾਵ ਹੈ ਕਿ ਸਤਿਗੁਰੂ ਦੀ ਐਸੀ ਪਰਮ ਸ਼ਕਤੀਸ਼ਾਲੀ ਕਿਰਪਾ ਕੇਵਲ ਉਨ੍ਹਾਂ ਮਨੁੱਖਾਂ ‘ਤੇ ਵਰਤਦੀ ਹੈ ਜਿਨ੍ਹਾਂ ਦੀ ਬੰਦਗੀ ਚੌਥੇ ਖੰਡ — ਕਰਮ ਖੰਡ ਵਿੱਚ ਅੱਪੜਦੀ ਹੈ।

ਜਿੱਥੇ ਇਹ ਪਰਮ ਸਤਿ ਹੈ ਕਿ ਕੇਵਲ ਸਤਿਗੁਰੂ ‘ਪੂਰੇ’ ਦੀ ਬਾਣੀ ਦੀ ਮਹਿਮਾ ਤਾਂ ਬੇਅੰਤ ਹੈ (ਜਿਵੇਂ ਕਿ ਉੱਪਰ ਲਿਖੀ ਗਈ ਕਥਾ ਵਿੱਚ ਵਿਚਾਰਿਆ ਗਿਆ ਹੈ); ਕੇਵਲ ਸਤਿਗੁਰੂ ਪੂਰੇ ਦੀ ਬਾਣੀ ਹੀ ਪੂਰਨ ਸਤਿ ਹੈ; ਕੇਵਲ ਸਤਿਗੁਰੂ ਪੂਰੇ ਦੀ ਬਾਣੀ ਹੀ ਪੂਰਨ ਦਰਗਾਹੀ ਹੁਕਮ ਹੈ। ਉੱਥੇ ਹੀ ਇਹ ਵੀ ਪਰਮ ਸਤਿ ਹੈ ਕਿ ਜਿਸ ਮਨੁੱਖ ਦੀ ਬੰਦਗੀ ਪੂਰਨ ਨਹੀਂ ਹੈ ਉਸ ਵਿੱਚ ‘ਸਤਿ’ ਗੁਰੂ ਪ੍ਰਗਟ ਨਹੀਂ ਹੁੰਦਾ ਹੈ ਅਤੇ ਨਾ ਹੀ ਹੋ ਸਕਦਾ ਹੈ। ਜੋ ਮਨੁੱਖ ਤ੍ਰੈ ਗੁਣ ਮਾਇਆ ਦੀ ਗੁਲਾਮੀ ਵਿੱਚ ਵਿਚਰ ਰਿਹਾ ਹੈ ਉਸ ਮਨੁੱਖ ਵਿੱਚ ‘ਸਤਿ’ ਗੁਰੂ ਤੱਤ ਪ੍ਰਗਟ ਨਹੀਂ ਹੁੰਦਾ ਹੈ ਅਤੇ ਨਾ ਹੀ ਹੋ ਸਕਦਾ ਹੈ। ਜਿਸ ਮਨੁੱਖ ਦੀ ਤ੍ਰਿਸ਼ਣਾ ਨਹੀਂ ਬੁਝੀ ਹੈ ਉਸ ਮਨੁੱਖ ਵਿੱਚ ‘ਸਤਿ’ ਤੱਤ ਪ੍ਰਗਟ ਨਹੀਂ ਹੁੰਦਾ ਹੈ ਅਤੇ ਨਾ ਹੀ ਹੋ ਸਕਦਾ ਹੈ। ਜਿਸ ਮਨੁੱਖ ਨੇ ਪੰਜ ਚੰਡਾਲਾਂ (ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ) ਨੂੰ ਨਹੀਂ ਵੱਸ ਵਿੱਚ ਕੀਤਾ ਉਹ ਮਨੁੱਖ ਇਨ੍ਹਾਂ ਚੰਡਾਲਾਂ ਦਾ ਗੁਲਾਮ ਹੈ ਅਤੇ ਐਸੇ ਮਨੁੱਖ ਵਿੱਚ ‘ਸਤਿ’ ਤੱਤ ਜੋ ਕਿ ਗੁਰੂ ਤੱਤ ਹੈ ਉਹ ਪ੍ਰਗਟ ਨਹੀਂ ਹੁੰਦਾ ਹੈ ਅਤੇ ਨਾ ਹੀ ਹੋ ਸਕਦਾ ਹੈ। ਜਿਸ ਮਨੁੱਖ ਦਾ ਹਿਰਦਾ ਪੂਰਨ ਸਚਿਆਰੀ ਰਹਿਤ ਵਿੱਚ ਨਹੀਂ ਹੈ ਉਸ ਮਨੁੱਖ ਵਿੱਚ ‘ਸਤਿ’ ਤੱਤ ਪ੍ਰਗਟ ਨਹੀਂ ਹੁੰਦਾ ਹੈ ਅਤੇ ਨਾ ਹੀ ਹੋ ਸਕਦਾ ਹੈ। ਜਿਸ ਮਨੁੱਖ ਦਾ ਹਿਰਦਾ ਸੰਤ ਹਿਰਦਾ ਨਹੀਂ ਬਣਿਆ ਹੈ ਉਸ ਮਨੁੱਖ ਵਿੱਚ ‘ਸਤਿ’ ਗੁਰੂ ਤੱਤ ਪ੍ਰਗਟ ਨਹੀਂ ਹੁੰਦਾ ਹੈ ਅਤੇ ਨਾ ਹੀ ਹੋ ਸਕਦਾ ਹੈ। ਜਿਸ ਮਨੁੱਖ ਦੇ ਸਾਰੇ ਵਿਕਾਰਾਂ ਦਾ ਅੰਤ ਨਹੀਂ ਹੁੰਦਾ ਹੈ ਅਤੇ ਜਿਸ ਮਨੁੱਖ ਦੇ ਹਿਰਦੇ ਵਿੱਚ ਸਾਰੇ ਸਤਿ ਗੁਣ ਪ੍ਰਗਟ ਨਹੀਂ ਹੁੰਦੇ ਹਨ ਉਸ ਮਨੁੱਖ ਵਿੱਚ ‘ਸਤਿ’ ਤੱਤ ਪ੍ਰਗਟ ਨਹੀਂ ਹੁੰਦਾ ਹੈ ਅਤੇ ਨਾ ਹੀ ਹੋ ਸਕਦਾ ਹੈ। ਜਿਸ ਮਨੁੱਖ ਦੇ ਰੋਮ-ਰੋਮ ਵਿੱਚ ਸਤਿਨਾਮ ਸਿਮਰਨ ਦਾ ਪ੍ਰਕਾਸ਼ ਨਹੀਂ ਹੁੰਦਾ, ਜਿਸ ਦੇ ਸਾਰੇ ਬਜਰ ਕਪਾਟ ਨਹੀਂ ਖੁਲ੍ਹੇ ਹਨ ਅਤੇ ਜਿਸ ਦੇ ਸਤਿ ਸਰੋਵਰ ਜਾਗਰਤ ਨਹੀਂ ਹਨ ਉਸ ਮਨੁੱਖ ਵਿੱਚ ‘ਸਤਿ’ ਗੁਰੂ ਤੱਤ ਪ੍ਰਗਟ ਨਹੀਂ ਹੁੰਦਾ ਹੈ ਅਤੇ ਨਾ ਹੀ ਹੋ ਸਕਦਾ ਹੈ।

ਇਸ ਲਈ ਜਿਸ ਮਨੁੱਖ ਵਿੱਚ ‘ਸਤਿ’ ਗੁਰੂ ਤੱਤ ਪ੍ਰਗਟ ਨਹੀਂ ਹੁੰਦਾ ਹੈ ਉਸ ਮਨੁੱਖ ਦੀ ਬਾਣੀ ‘ਕੱਚੀ ਬਾਣੀ’ ਹੁੰਦੀ ਹੈ। ਭਾਵ ਜੋ ਮਨੁੱਖ ਮਾਇਆ ਦੀ ਗੁਲਾਮੀ ਵਿੱਚ ਹੈ ਉਸ ਦੀ ਬਾਣੀ ਵਿੱਚ ਮਾਇਕ ਸ਼ਕਤੀਆਂ ਦਾ ਅਸਰ ਹੁੰਦਾ ਹੈ ਅਤੇ ਉਸ ਮਨੁੱਖ ਦੀ ਬਾਣੀ ਵਿੱਚ ਮਾਇਆ ਵਰਤਦੀ ਹੈ। ਜਿਸ ਮਨੁੱਖ ਦੀ ਬਾਣੀ ਵਿੱਚ ਮਾਇਆ ਵਰਤਦੀ ਹੋਏ ਉਸ ਦੀ ਬਾਣੀ ਵਿੱਚ ਰੂਹਾਨੀਅਤ ਨਹੀਂ ਵਰਤਦੀ ਨਾ ਹੀ ਵਰਤ ਸਕਦੀ ਹੈ। ਜਿਸ ਮਨੁੱਖ ਵਿੱਚ ‘ਸਤਿ’ ਗੁਰੂ ਤੱਤ ਪ੍ਰਗਟ ਨਹੀਂ ਹੁੰਦਾ ਹੈ ਉਸ ਦੀ ਬਾਣੀ ‘ਸਤਿ’ ਨਹੀਂ ਹੁੰਦੀ ਹੈ। ਐਸੇ ਮਨੁੱਖ ਦੀ ਬਾਣੀ ਅਸਤਿ ਹੁੰਦੀ ਹੈ। ਜਿਸ ਮਨੁੱਖ ਵਿੱਚ ‘ਸਤਿ’ ਗੁਰੂ ਤੱਤ ਪ੍ਰਗਟ ਨਹੀਂ ਹੁੰਦਾ ਹੈ ਉਸ ਦੀ ਬਾਣੀ ਵਿੱਚ ਪਰਮ ਸ਼ਕਤੀ ਨਹੀਂ ਵਰਤਦੀ ਨਾ ਹੀ ਵਰਤ ਸਕਦੀ ਹੈ। ਜਿਸ ਮਨੁੱਖ ਵਿੱਚ ‘ਸਤਿ’ ਗੁਰੂ ਤੱਤ ਪ੍ਰਗਟ ਨਹੀਂ ਹੁੰਦਾ ਹੈ ਉਸ ਦੀ ਬਾਣੀ ਗੁਰਮਤਿ ਨਹੀਂ ਹੁੰਦੀ ਨਾ ਹੀ ਹੋ ਸਕਦੀ ਹੈ। ਭਾਵ ਜਿਸ ਮਨੁੱਖ ਦੇ ਵਿੱਚ ‘ਸਤਿ’ ਗੁਰੂ ਤੱਤ ਪ੍ਰਗਟ ਨਹੀਂ ਹੁੰਦਾ ਉਹ ਮਨੁੱਖ ਮਨਮੁਖ ਹੁੰਦਾ ਹੈ ਅਤੇ ਮਨਮੁਖ ਦੀ ਬਾਣੀ ਅਸਤਿ ਹੁੰਦੀ ਹੈ। ਮਨਮੁਖ ਦੀ ਬਾਣੀ ਮਨਮਤਿ ਹੁੰਦੀ ਹੈ ਅਤੇ ਗੁਰਮਤਿ ਨਹੀਂ ਹੁੰਦੀ ਨਾ ਹੀ ਹੋ ਸਕਦੀ ਹੈ। ਐਸੇ ਧਰਮ ਦੇ (ਝੂਠੇ) ਪ੍ਰਚਾਰਕ ਜਿਨ੍ਹਾਂ ਵਿੱਚ ‘ਸਤਿ’ ਗੁਰੂ ਤੱਤ ਪ੍ਰਗਟ ਨਹੀਂ ਹੁੰਦਾ ਹੈ ਉਨ੍ਹਾਂ ਦੀ ਬਾਣੀ ‘ਕੱਚੀ ਬਾਣੀ’ ਕਹਿ ਕੇ ਸਤਿਗੁਰੂ ਸਾਹਿਬ ਨੇ ਇਸ ਪਰਮ ਸਤਿ ਨੂੰ ਪ੍ਰਗਟ ਕੀਤਾ ਹੈ। ਐਸੇ ਧਰਮ ਦੇ (ਝੂਠੇ) ਪ੍ਰਚਾਰਕ ਜਿਨ੍ਹਾਂ ਵਿੱਚ ‘ਸਤਿ’ ਗੁਰੂ ਤੱਤ ਪ੍ਰਗਟ ਨਹੀਂ ਹੁੰਦਾ ਹੈ ਉਨ੍ਹਾਂ ਦੀ ਕੀਤੀ ਗਈ ਕਥਾ ਨੂੰ ‘ਕੱਚੀ ਬਾਣੀ’ ਕਹਿ ਕੇ ਸਤਿਗੁਰੂ ਸਾਹਿਬ ਨੇ ਇਸ ਭਰਮ ਨੂੰ ਨਸ਼ਟ ਕੀਤਾ ਹੈ ਤੇ ਪ੍ਰਗਟ ਕੀਤਾ ਹੈ ਕਿ ਐਸੇ ਝੂਠੇ ਧਰਮ ਪ੍ਰਚਾਰਕਾਂ ਦੇ ਬਚਨ ਅਸਤਿ ਹੁੰਦੇ ਹਨ। ਇਹ ਪਰਮ ਸਤਿ ਹੈ ਕਿ ਜੋ ਧਰਮ ਦੇ ਪ੍ਰਚਾਰਕ ਮਾਇਆ ਦੇ ਗੁਲਾਮ ਹਨ ਉਨ੍ਹਾਂ ਦੀ ਕੀਤੀ ਗਈ ਕਥਾ ਵਿੱਚ ਪਰਮ ਸ਼ਕਤੀ ਨਹੀਂ ਵਰਤਦੀ ਹੈ ਤੇ ਨਾ ਹੀ ਵਰਤ ਸਕਦੀ ਹੈ। ਇਹ ਪਰਮ ਸਤਿ ਹੈ ਕਿ ਜਿਨ੍ਹਾਂ ਧਰਮ ਦੇ ਪ੍ਰਚਾਰਕਾਂ ਨੇ ਰੂਹਾਨੀਅਤ ਦਾ ਪ੍ਰਚਾਰ ਆਪਣਾ ਕਿੱਤਾ ਬਣਾਇਆ ਹੋਇਆ ਹੈ ਅਤੇ ਜੋ ਇਸ ਦੀ ਕਮਾਈ ਆਪਣੇ ਦੁਨਿਆਵੀ ਸੁੱਖਾਂ ਨੂੰ ਪ੍ਰਾਪਤ ਕਰਨ ਲਈ ਕਰਦੇ ਹਨ ਉਨ੍ਹਾਂ ਦੁਆਰਾ ਕੀਤੇ ਗਏ ਧਰਮ ਪ੍ਰਚਾਰ ਵਿੱਚ ਮਾਇਆ ਵਰਤਦੀ ਹੈ। ਇਹ ਪਰਮ ਸਤਿ ਹੈ ਕਿ ਧਰਮ ਪ੍ਰਚਾਰ ਕੋਈ ਕਿੱਤਾ ਨਹੀਂ ਹੈ। ਇਹ ਪਰਮ ਸਤਿ ਹੈ ਕਿ ਧਰਮ ਪ੍ਰਚਾਰ ਤਾਂ ਦਰਗਾਹ ਤੋਂ ਪ੍ਰਾਪਤ ਪੂਰਨ ਹੁਕਮ ਵਿੱਚ ਹੋਈ ਨਿਸ਼ਕਾਮ ਸੇਵਾ ਹੈ। ਇਹ ਪਰਮ ਸਤਿ ਹੈ ਕਿ ਮਾਇਆ ਵਿੱਚ ਗਲਤਾਨ ਐਸੇ ਝੂਠੇ ਕਥਾਵਾਚਕਾਂ ਦੁਆਰਾ ਕੀਤੀ ਗਈ ਕਥਾ ਵਿੱਚ ਰੂਹਾਨੀਅਤ ਨਹੀਂ ਵਰਤਦੀ ਨਾ ਹੀ ਵਰਤ ਸਕਦੀ ਹੈ। ‘ਕੱਚੀ ਬਾਣੀ’ ਤੋਂ ਭਾਵ ਹੈ ਉਹ ਬਾਣੀ ਜੋ ਇੱਕ ਅਧੂਰਾ ਮਨੁੱਖ ਬੋਲਦਾ ਹੈ। ਅਧੂਰਾ ਉਹ ਮਨੁੱਖ ਹੈ ਜਿਸ ਦੀ ਬੰਦਗੀ ਪੂਰਨ ਨਹੀਂ ਹੋਈ ਹੈ ਅਤੇ ਜਿਸ ਮਨੁੱਖ ਨੂੰ ਸਤਿਗੁਰੂ ਪੂਰੇ ਜਾਂ ਦਰਗਾਹ ਵੱਲੋਂ ਸੇਵਾ ਕਰਨ ਦਾ ਹੁਕਮ ਨਹੀਂ ਪ੍ਰਾਪਤ ਹੋਇਆ ਹੈ। ‘ਕੱਚੀ ਬਾਣੀ’ ਤੋਂ ਭਾਵ ਉਹ ਕਥਨ ਹੈ ਜੋ ਮਨੁੱਖ ਨੂੰ ਭਰਮਾਂ ਵਿੱਚ ਪਾਉਂਦਾ ਹੈ। ‘ਕੱਚੀ ਬਾਣੀ’ ਤੋਂ ਭਾਵ ਉਹ ਕਥਨ ਹੈ ਜੋ ਕਿ ਝੂਠ ਹੈ, ਅਸਤਿ ਹੈ ਅਤੇ ਮਨੁੱਖ ਦਾ ਮਾਰਗ ਦਰਸ਼ਨ ਕਰਨ ਦੀ ਬਜਾਇ ਉਸ ਨੂੰ ਦੁਬਿਧਾ ਵਿੱਚ ਪਾਉਣ ਦਾ ਕੰਮ ਕਰਦਾ ਹੈ। ‘ਕੱਚੀ ਬਾਣੀ’ ਤੋਂ ਭਾਵ ਉਹ ਕਥਨ ਜਿਸ ਦਾ ਦਰਗਾਹ ਵਿੱਚ ਕੋਈ ਵਜੂਦ ਨਹੀਂ ਹੈ। ‘ਕੱਚੀ ਬਾਣੀ’ ਤੋਂ ਭਾਵ ਉਹ ਕਥਨ ਹੈ ਜਿਸ ਦੇ ਸੁਣਨ ਦੇ ਨਾਲ ਮਨੁੱਖ ਦੀ ਰੂਹਾਨੀਅਤ ਪੱਧਰ ਦੀ ਕੋਈ ਤਰੱਕੀ ਨਹੀਂ ਹੁੰਦੀ ਹੈ। ਇਸ ਲਈ ਜੋ ਮਨੁੱਖ ‘ਕੱਚੀ ਬਾਣੀ’ ਕਹਿੰਦੇ ਹਨ ਉਹ ਮਨੁੱਖ ‘ਕੱਚੇ’ ਹਨ ਅਤੇ ਜੋ ਮਨੁੱਖ ‘ਕੱਚੀ ਬਾਣੀ’ ਸੁਣਦੇ ਹਨ ਉਹ ਮਨੁੱਖ ਵੀ ‘ਕੱਚੇ’ ਹੀ ਹਨ। ਭਾਵ ‘ਕੱਚੀ ਬਾਣੀ’ ਕਥਨ ਕਰਨ ਵਾਲੇ ਅਤੇ ਸੁਣਨ ਵਾਲੇ ਦੋਨਾਂ ਦਾ ਹੀ ਕੋਈ ਭਲਾ ਨਹੀਂ ਹੁੰਦਾ ਹੈ। ਇਸ ਲਈ ਇਹ ਪਰਮ ਸਤਿ ਹੈ ਕਿ ‘ਕੱਚੀ ਬਾਣੀ’ ਦਾ ਕਥਨ ਕਰ ਕੇ ਸੰਗਤ ਨੂੰ ਗੁਮਰਾਹ ਕਰਨਾ ਬਹੁਤ ਵੱਡਾ ਦਰਗਾਹੀ ਗੁਨਾਹ ਹੈ। ਐਸਾ ਵਿਨਾਸ਼ਕਾਰੀ ਗੁਨਾਹ ਕਿ ਜਿਸ ਦਾ ਕੋਈ ਤੋੜ ਨਹੀਂ ਹੈ। ‘ਕੱਚੀ ਬਾਣੀ’ ਦਾ ਕਥਨ ਕਰਨਾ ਸਤਿ ਪਾਰਬ੍ਰਹਮ ਪਰਮੇਸ਼ਰ ਅਤੇ ਉਸ ਦੀ ਪਰਮ ਸ਼ਕਤੀਸ਼ਾਲੀ ਮਹਿਮਾ ਦੀ ਨਿੰਦਿਆ ਕਰਨ ਦੇ ਤੁੱਲ ਹੈ। ‘ਕੱਚੀ ਬਾਣੀ’ ਦਾ ਕਥਨ ਕਰਨਾ ਸਤਿਗੁਰੂ ਸਾਹਿਬਾਨ ਦੀ ਨਿੰਦਿਆ ਕਰਨ ਦੇ ਤੁੱਲ ਹੈ। ‘ਕੱਚੀ ਬਾਣੀ’ ਦਾ ਕਥਨ ਕਰਨਾ ਸਤਿਗੁਰੂਆਂ ਦੀ ਸਤਿ ਸਰੂਪ ਗੁਰਬਾਣੀ ਦੀ ਨਿੰਦਿਆ ਕਰਨ ਦੇ ਤੁੱਲ ਹੈ। ਜੋ ਕਿ ਇੱਕ ਸੰਗੀਨ ਦਰਗਾਹੀ ਗੁਨਾਹ ਹੈ ਜਿਸ ਦੀ ਕੋਈ ਮੁਆਫੀ ਨਹੀਂ ਹੈ। ਮੁੱਕਦੀ ਗੱਲ ਇਹ ਹੈ ਕਿ ਜਿਸ ਮਨੁੱਖ ਦੀ ਬੰਦਗੀ ਪੂਰਨ ਨਹੀਂ ਹੈ ਅਤੇ ਜਿਸ ਮਨੁੱਖ ਨੂੰ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਦਰਗਾਹੀ ਹੁਕਮ ਅਨੁਸਾਰ ਗੁਰਪ੍ਰਸਾਦਿ ਵਰਤਾਉਣ ਦੀ ਸੇਵਾ ਪ੍ਰਾਪਤ ਨਹੀਂ ਹੈ ਉਸ ਦੀ ਬਾਣੀ ਅਤੇ ਬੋਲੇ ਗਏ ਬਚਨਾਂ ਵਿੱਚ ਪਰਮ ਸ਼ਕਤੀ ਨਹੀਂ ਵਰਤਦੀ ਹੈ ਨਾ ਹੀ ਵਰਤ ਸਕਦੀ ਹੈ। ਐਸੇ ਮਨੁੱਖ ਦੇ ਬਚਨ, ਬੋਲ, ਲਿਖੇ ਗਏ ਲੇਖ ਅਤੇ ਬਾਣੀ ‘ਕੱਚੀ ਬਾਣੀ’ ਹੈ। ‘ਕੱਚੀ ਬਾਣੀ’ ਬੋਲਣ ਅਤੇ ਲਿਖਣ ਵਾਲੇ ਵੀ ਕੱਚੇ ਹੁੰਦੇ ਹਨ ਅਤੇ ‘ਕੱਚੀ ਬਾਣੀ’ ਸੁਣਨ ਅਤੇ ਪੜ੍ਹਨ ਵਾਲੇ ਮਨੁੱਖ ਵੀ ਕੱਚੇ ਹੁੰਦੇ ਹਨ। ਭਾਵ ‘ਕੱਚੀ ਬਾਣੀ’ ਬੋਲਣ-ਲਿਖਣ ਵਾਲੇ ਅਤੇ ਪੜ੍ਹਨ-ਸੁਣਨ ਵਾਲੇ ਮਨੁੱਖਾਂ ਦੀ ਕਦੇ ਚੜ੍ਹਦੀ ਕਲਾ ਨਹੀਂ ਹੁੰਦੀ ਹੈ। ਬਲਕਿ ‘ਕੱਚੀ ਬਾਣੀ’ ਬੋਲਣ ਅਤੇ ਲਿਖਣ ਵਾਲੇ ਮਨੁੱਖ ਦਰਗਾਹੀ ਗੁਨਾਹਗਾਰ ਬਣ ਕੇ ਰਹਿ ਜਾਂਦੇ ਹਨ, ਜਿਨ੍ਹਾਂ ਦੇ ਗੁਨਾਹ ਦਾ ਕੋਈ ਤੋੜ ਨਹੀਂ ਹੁੰਦਾ ਹੈ। ਇਹ ਹੀ ਕਾਰਨ ਹੈ ਕਿ ਅੱਜ ਦੀ ਦੁਨੀਆਂ ਵਿੱਚ ਵਿਚਰ ਰਹੇ ‘ਕੱਚੀ ਬਾਣੀ’ ਬੋਲਣ ਅਤੇ ਲਿਖਣ ਵਾਲੇ ਕਥਾਵਾਚਕਾਂ ਅਤੇ ਬਾਬਿਆਂ ਦੀ ਕਥਾ ਵਿੱਚ ਕੋਈ ਇਲਾਹੀ ਸ਼ਕਤੀ ਨਹੀਂ ਵਰਤਦੀ ਹੈ। ਨਾ ਹੀ ਪੜ੍ਹਨ-ਸੁਣਨ ਵਾਲਿਆਂ ਦਾ ਕੋਈ ਭਲਾ ਹੁੰਦਾ ਹੈ। ਇਸ ਪਰਮ ਸਤਿ ਨੂੰ ਗੁਰਬਾਣੀ ਵਿੱਚ ਪ੍ਰਗਟ ਕੀਤਾ ਗਿਆ ਹੈ:

ਪਉੜੀ

ਤੂ ਵੇਪਰਵਾਹੁ ਅਥਾਹੁ ਹੈ ਅਤੁਲੁ ਕਿਉ ਤੁਲੀਐ

ਸੇ ਵਡਭਾਗੀ ਜਿ ਤੁਧੁ ਧਿਆਇਦੇ ਜਿਨ ਸਤਿਗੁਰੁ ਮਿਲੀਐ

ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ

ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ ਸੇ ਕੂੜਿਆਰ ਕੂੜੇ ਝੜਿ ਪੜੀਐ

ਓਨ੍ਹ੍ਹਾ ਅੰਦਰਿ ਹੋਰੁ ਮੁਖਿ ਹੋਰੁ ਹੈ ਬਿਖੁ ਮਾਇਆ ਨੋ ਝਖਿ ਮਰਦੇ ਕੜੀਐ

(ਪੰਨਾ ੩੦੪)

‘ਸਤਿ’ ਤੱਤ ਜੋ ਕਿ ਗੁਰੂ ਤੱਤ ਹੈ ਕੇਵਲ ਉਸ ਮਨੁੱਖ ਵਿੱਚ ਪ੍ਰਗਟ ਹੁੰਦਾ ਹੈ ਜੋ ਮਨੁੱਖ ਤ੍ਰੈ ਗੁਣ ਮਾਇਆ ਨੂੰ ਜਿੱਤ ਕੇ ਚੌਥੇ ਪਦ ਵਿੱਚ ਅੱਪੜ ਕੇ ਸਤਿ ਪਾਰਬ੍ਰਹਮ ਪਰਮੇਸ਼ਰ ਵਿੱਚ ਅਭੇਦ ਹੋ ਜਾਂਦਾ ਹੈ। ‘ਸਤਿ’ ਤੱਤ ਕੇਵਲ ਉਸ ਮਨੁੱਖ ਵਿੱਚ ਪ੍ਰਗਟ ਹੁੰਦਾ ਹੈ ਜਿਸ ਮਨੁੱਖ ਦੀ ਤ੍ਰਿਸ਼ਣਾ ਬੁਝ ਜਾਂਦੀ ਹੈ। ‘ਸਤਿ’ ਤੱਤ ਕੇਵਲ ਉਸ ਮਨੁੱਖ ਵਿੱਚ ਪ੍ਰਗਟ ਹੁੰਦਾ ਹੈ ਜੋ ਮਨੁੱਖ ਪੰਜ ਚੰਡਾਲਾਂ (ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ) ਨੂੰ ਵੱਸ ਕਰ ਲੈਂਦਾ ਹੈ। ‘ਸਤਿ’ ਤੱਤ ਜੋ ਕਿ ਗੁਰੂ ਤੱਤ ਹੈ ਕੇਵਲ ਉਸ ਮਨੁੱਖ ਵਿੱਚ ਪ੍ਰਗਟ ਹੁੰਦਾ ਹੈ ਜੋ ਮਨੁੱਖ ਹਿਰਦੇ ਦੀ ਪੂਰਨ ਸਚਿਆਰੀ ਰਹਿਤ ਦੀ ਕਮਾਈ ਕਰਦਾ ਹੈ। ‘ਸਤਿ’ ਤੱਤ ਜੋ ਕਿ ਗੁਰੂ ਤੱਤ ਹੈ ਕੇਵਲ ਉਸ ਮਨੁੱਖ ਵਿੱਚ ਪ੍ਰਗਟ ਹੁੰਦਾ ਹੈ ਜਿਸ ਮਨੁੱਖ ਦੇ ਸਾਰੇ ਬਜਰ ਕਪਾਟ ਖੁਲ੍ਹ ਜਾਂਦੇ ਹਨ, ਸਤਿ ਸਰੋਵਰ ਜਾਗਰਤ ਹੋ ਜਾਂਦੇ ਹਨ ਅਤੇ ਰੋਮ-ਰੋਮ ਵਿੱਚ ਸਤਿਨਾਮ ਦਾ ਪ੍ਰਕਾਸ਼ ਹੋ ਜਾਂਦਾ ਹੇ। ‘ਸਤਿ’ ਤੱਤ ਜੋ ਕਿ ਗੁਰੂ ਤੱਤ ਹੈ ਕੇਵਲ ਉਸ ਮਨੁੱਖ ਵਿੱਚ ਪ੍ਰਗਟ ਹੁੰਦਾ ਹੈ ਜਿਸ ਮਨੁੱਖ ਦਾ ਹਿਰਦਾ ਸੰਤ ਹਿਰਦਾ ਬਣ ਜਾਂਦਾ ਹੈ। ‘ਸਤਿ’ ਤੱਤ ਜੋ ਕਿ ਗੁਰੂ ਤੱਤ ਹੈ ਕੇਵਲ ਉਸ ਮਨੁੱਖ ਵਿੱਚ ਪ੍ਰਗਟ ਹੁੰਦਾ ਹੈ ਜੋ ਮਨੁੱਖ ਪੂਰਨ ਬ੍ਰਹਮ ਗਿਆਨ, ਤੱਤ ਗਿਆਨ ਅਤੇ ਆਤਮ ਰਸ ਅੰਮ੍ਰਿਤ ਦੀ ਪ੍ਰਾਪਤੀ ਕਰਦਾ ਹੈ। ‘ਸਤਿ’ ਗੁਰੂ ਤੱਤ ਕੇਵਲ ਉਸ ਮਨੁੱਖ ਵਿੱਚ ਪ੍ਰਗਟ ਹੁੰਦਾ ਹੈ ਜਿਸ ਮਨੁੱਖ ਦੀ ਬੰਦਗੀ ਪੂਰਨ ਹੁੰਦੀ ਹੈ ਅਤੇ ਜਿਸ ਦੀ ਪੂਰਨ ਬੰਦਗੀ ਦਰਗਾਹ ਵਿੱਚ ਪ੍ਰਵਾਨ ਹੁੰਦੀ ਹੈ। ‘ਸਤਿ’ ਤੱਤ ਜੋ ਕਿ ਗੁਰੂ ਤੱਤ ਹੈ ਕੇਵਲ ਉਸ ਮਨੁੱਖ ਵਿੱਚ ਪ੍ਰਗਟ ਹੁੰਦਾ ਹੈ ਜੋ ਮਨੁੱਖ ਪਰਮ ਪਦਵੀ ਅਤੇ ਸਹਿਜ ਅਵਸਥਾ ਦੀ ਪ੍ਰਾਪਤੀ ਕਰ ਲੈਂਦਾ ਹੈ।

ਕੇਵਲ ਐਸੇ ਮਹਾਂਪੁਰਖ ਜਿਨ੍ਹਾਂ ਵਿੱਚ ‘ਸਤਿ’ ਗੁਰੂ ਤੱਤ ਪ੍ਰਗਟ ਹੁੰਦਾ ਹੈ ਉਨ੍ਹਾਂ ਦੀ ਬਾਣੀ ਹੀ ‘ਸਤਿ’ ਹੁੰਦੀ ਹੈ। ਜੋ ਮਨੁੱਖ ਸਤਿ ਸਰੂਪ ਹੋ ਜਾਂਦਾ ਹੈ ਕੇਵਲ ਉਸ ਮਨੁੱਖ ਦੀ ਬਾਣੀ ਪੂਰਨ ਸਤਿ ਹੁੰਦੀ ਹੈ। ਜੋ ਮਨੁੱਖ ਸਤਿ ਸਰੂਪ ਹੋ ਜਾਂਦਾ ਹੈ ਕੇਵਲ ਉਸ ਮਨੁੱਖ ਦੀ ਬਾਣੀ ਵਿੱਚ ਪਰਮ ਸ਼ਕਤੀ ਵਰਤਦੀ ਹੈ। ਜੋ ਮਨੁੱਖ ਸਤਿ ਸਰੂਪ ਹੋ ਜਾਂਦਾ ਹੈ ਕੇਵਲ ਉਸ ਮਨੁੱਖ ਦੀ ਬਾਣੀ ਹੀ ਗੁਰਪ੍ਰਸਾਦਿ ਹੁੰਦੀ ਹੈ। ਜੋ ਮਨੁੱਖ ਸਤਿ ਸਰੂਪ ਹੋ ਜਾਂਦਾ ਹੈ ਕੇਵਲ ਉਸ ਮਨੁੱਖ ਦੀ ਬਾਣੀ ਵਿੱਚ ਹੀ ਗੁਰਕਿਰਪਾ ਵਰਤਦੀ ਹੈ। ਜੋ ਮਨੁੱਖ ਸਤਿ ਸਰੂਪ ਹੋ ਜਾਂਦਾ ਹੈ ਕੇਵਲ ਉਸ ਮਨੁੱਖ ਦੀ ਬਾਣੀ ਹੀ ਸੰਗਤ ਦਾ ਜੀਵਨ ਬਦਲਣ ਦੀ ਪਰਮ ਸ਼ਕਤੀ ਰੱਖਦੀ ਹੈ। ਜੋ ਮਨੁੱਖ ਸਤਿ ਸਰੂਪ ਹੋ ਜਾਂਦਾ ਹੈ ਕੇਵਲ ਉਸ ਮਨੁੱਖ ਦੀ ਬਾਣੀ ਵਿੱਚ ਦਰਗਾਹੀ ਹੁਕਮ ਦੀ ਪਰਮ ਸ਼ਕਤੀ ਵਰਤਦੀ ਹੈ। ਐਸਾ ਮਨੁੱਖ ਕੇਵਲ ਸਤਿਗੁਰੂ ਪੂਰਾ ਹੀ ਹੈ। ਜੋ ਮਨੁੱਖ ਸਤਿ ਸਰੂਪ ਹੋ ਜਾਂਦਾ ਹੈ ਕੇਵਲ ਉਸ ਮਨੁੱਖ ਦੀ ਬਾਣੀ ਅਤੇ ਬਚਨਾਂ ਨੂੰ ਸਤਿ ਪਾਰਬ੍ਰਹਮ ਪਰਮੇਸ਼ਰ ਆਪ ਸੁਣਦਾ ਹੈ, ਵਰਤਾਉਂਦਾ ਹੈ ਅਤੇ ਪੂਰਨ ਮਾਣ ਰੱਖਦਾ ਹੈ। ਇਸ ਲਈ ਜੋ ਸਤਿਗੁਰੂ ਪੂਰਾ ਬੋਲਦਾ ਹੈ ਉਹ ਜੱਗ ਵਿੱਚ ਪੂਰਨ ਤੌਰ ‘ਤੇ ਵਰਤਦਾ ਹੈ। ਸਤਿਗੁਰੂ ਦੇ ਕੀਤੇ ਗਏ ਬਚਨ ਧਰਤੀ ਉੱਪਰ ਪ੍ਰਗਟ ਹੁੰਦੇ ਹਨ। ਕੇਵਲ ਇਤਨਾ ਹੀ ਨਹੀਂ ਸਤਿਗੁਰੂ ਪੂਰੇ ਨੂੰ ਗੁਰਬਾਣੀ ਵਿੱਚ “ਨਿਰੰਕਾਰ” ਦੇ ਪਰਮ ਸ਼ਕਤੀਸ਼ਾਲੀ ਰੂਪ ਵਿੱਚ ਪ੍ਰਗਟ ਕੀਤਾ ਗਿਆ ਹੈ। ਸਤਿਗੁਰੂ ਪੂਰੇ ਨੂੰ ਗੁਰਬਾਣੀ ਵਿੱਚ “ਪਰਮੇਸ਼ਰ” ਦੇ ਪਰਮ ਸ਼ਕਤੀਸ਼ਾਲੀ ਰੂਪ ਵਿੱਚ ਪ੍ਰਗਟ ਕੀਤਾ ਗਿਆ ਹੈ। ਸਤਿਗੁਰੂ ਪੂਰੇ ਨੂੰ ਗੁਰਬਾਣੀ ਵਿੱਚ “ਸਤਿ ਪੁਰਖ” ਦੇ ਪਰਮ ਸ਼ਕਤੀਸ਼ਾਲੀ ਰੂਪ ਵਿੱਚ ਪ੍ਰਗਟ ਕੀਤਾ ਗਿਆ ਹੈ। ਇਨ੍ਹਾਂ ਪਰਮ ਸਤਿ ਤੱਤਾਂ ਨੂੰ ਗੁਰਬਾਣੀ ਵਿੱਚ ਸਤਿਗੁਰੂ ਅਵਤਾਰਾਂ ਨੇ ਬਾਰ-ਬਾਰ ਦ੍ਰਿੜ੍ਹ ਕਰਵਾਇਆ ਹੈ:

ਪਉੜੀ

ਜੋ ਬੋਲੇ ਪੂਰਾ ਸਤਿਗੁਰੂ ਸੋ ਪਰਮੇਸਰਿ ਸੁਣਿਆ

ਸੋਈ ਵਰਤਿਆ ਜਗਤ ਮਹਿ ਘਟਿ ਘਟਿ ਮੁਖਿ ਭਣਿਆ

ਬਹੁਤੁ ਵਡਿਆਈਆ ਸਾਹਿਬੈ ਨਹ ਜਾਹੀ ਗਣੀਆ

ਸਚੁ ਸਹਜੁ ਅਨਦੁ ਸਤਿਗੁਰੂ ਪਾਸਿ ਸਚੀ ਗੁਰ ਮਣੀਆ

ਨਾਨਕ ਸੰਤ ਸਵਾਰੇ ਪਾਰਬ੍ਰਹਮਿ ਸਚੇ ਜਿਉ ਬਣਿਆ ੧੨

(ਪੰਨਾ ੮੫੪)

ਵਾਹੁ ਵਾਹੁ ਸਤਿਗੁਰੁ ਪੁਰਖੁ ਹੈ ਜਿਨਿ ਸਚੁ ਜਾਤਾ ਸੋਇ

ਜਿਤੁ ਮਿਲਿਐ ਤਿਖ ਉਤਰੈ ਤਨੁ ਮਨੁ ਸੀਤਲੁ ਹੋਇ

ਵਾਹੁ ਵਾਹੁ ਸਤਿਗੁਰੁ ਸਤਿ ਪੁਰਖੁ ਹੈ ਜਿਸ ਨੋ ਸਮਤੁ ਸਭ ਕੋਇ

ਵਾਹੁ ਵਾਹੁ ਸਤਿਗੁਰੁ ਨਿਰਵੈਰੁ ਹੈ ਜਿਸੁ ਨਿੰਦਾ ਉਸਤਤਿ ਤੁਲਿ ਹੋਇ

ਵਾਹੁ ਵਾਹੁ ਸਤਿਗੁਰੁ ਸੁਜਾਣੁ ਹੈ ਜਿਸੁ ਅੰਤਰਿ ਬ੍ਰਹਮੁ ਵੀਚਾਰੁ

ਵਾਹੁ ਵਾਹੁ ਸਤਿਗੁਰੁ ਨਿਰੰਕਾਰੁ ਹੈ ਜਿਸੁ ਅੰਤੁ ਪਾਰਾਵਾਰੁ

ਵਾਹੁ ਵਾਹੁ ਸਤਿਗੁਰੂ ਹੈ ਜਿ ਸਚੁ ਦ੍ਰਿੜਾਏ ਸੋਇ

ਨਾਨਕ ਸਤਿਗੁਰ ਵਾਹੁ ਵਾਹੁ ਜਿਸ ਤੇ ਨਾਮੁ ਪਰਾਪਤਿ ਹੋਇ

(ਪੰਨਾ ੧੪੨੧)

ਤੂ ਸਤਿਗੁਰੁ ਚਹੁ ਜੁਗੀ ਆਪਿ ਆਪੇ ਪਰਮੇਸਰੁ

ਸੁਰਿ ਨਰ ਸਾਧਿਕ ਸਿਧ ਸਿਖ ਸੇਵੰਤ ਧੁਰਹ ਧੁਰੁ

(ਪੰਨਾ ੧੪੦੬)

ਇਸ ਲਈ ਸਤਿਗੁਰੂ ਪੂਰੇ ਦੀ ਬਾਣੀ ਅਤੇ ਬਚਨਾਂ ਵਿੱਚ ਪਰਮ ਸ਼ਕਤੀ ਵਰਤਦੀ ਹੈ। ਸਤਿਗੁਰੂ ਪੂਰੇ ਦੀ ਬਾਣੀ ਅਤੇ ਬਚਨਾਂ ਵਿੱਚ ਗੁਰਪ੍ਰਸਾਦਿ ਵਰਤਦਾ ਹੈ। ਸਤਿਗੁਰੂ ਪੂਰੇ ਦੀ ਚਰਨ-ਸ਼ਰਨ ਵਿੱਚ ਹੀ ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਗੁਰਬਾਣੀ ਵਿੱਚ ਪ੍ਰਗਟ ਕੀਤੇ ਗਏ ਇਨ੍ਹਾਂ ਪਰਮ ਸਤਿ ਤੱਤਾਂ ‘ਤੇ ਪੂਰਨ ਭਰੋਸਾ ਕਰ ਕੇ ਹੀ ਪੂਰਨ ਸ਼ਰਧਾ ਅਤੇ ਪ੍ਰੀਤ ਦੇ ਨਾਲ ਸਤਿਗੁਰੂ ਪੂਰੇ ਦੇ ਸਤਿ ਚਰਨਾਂ ‘ਤੇ ਪੂਰਨ ਸਮਰਪਣ ਕਰ ਕੇ ਹੀ ਗੁਰਪ੍ਰਸਾਦਿ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਲਈ ਸਤਿਗੁਰੂ ਪੂਰੇ ਦੀ ਸੰਗਤ ਦੀ ਕਾਮਨਾ ਕੀਤੀ ਜਾਣੀ ਚਾਹੀਦੀ ਹੈ। ਸਤਿਗੁਰੂ ਪੂਰੇ ਦੀ ਸੰਗਤ ਦੀ ਪ੍ਰਾਪਤੀ ਲਈ ਅਰਦਾਸ ਕਰਨੀ ਲਾਜ਼ਮੀ ਹੈ। ਸਤਿਗੁਰੂ ਪੂਰੇ ਨੂੰ ਮਿਲਣ ਦੀ ਤੜਪ ਦੇ ਨਾਲ ਹੀ ਮਨੁੱਖ ਦੀ ਕਰਨੀ ਸਤਿ ਦੀ ਕਰਨੀ ਵਿੱਚ ਬਦਲਦੀ ਹੈ। ਸਤਿਗੁਰੂ ਪੂਰੇ ਨੂੰ ਮਿਲਣ ਦੀ ਤੜਪ ਹੀ ਮਨੁੱਖ ਦੀ ਬਿਰਤੀ ਸਤੋ ਬਿਰਤੀ ਵਿੱਚ ਬਦਲਦੀ ਹੈ। ਸਤਿਗੁਰੂ ਪੂਰੇ ਨੂੰ ਮਿਲਣ ਦੀ ਤੜਪ ਹੀ ਮਨੁੱਖ ਨੂੰ ਸਤਿਗੁਰੂ ਪੂਰੇ ਦੀ ਚਰਨ-ਸ਼ਰਨ ਵਿੱਚ ਲੈ ਕੇ ਜਾਂਦੀ ਹੈ। ਸਤਿਗੁਰੂ ਪੂਰੇ ਦੇ ਦਰਸ਼ਨ-ਪਰਸਣ ਦੀ ਤੜਪ ਹੀ ਮਨੁੱਖ ਦੇ ਭਾਗਾਂ ਨੂੰ ਜਗਾਉਂਦੀ ਹੈ। ਸਤਿਗੁਰੂ ਪੂਰੇ ਦੇ ਦਰਸ਼ਨ-ਪਰਸਣ ਦੀ ਤੜਪ ਦੇ ਨਾਲ ਹੀ ਮਨੁੱਖ ਦੇ ਹਿਰਦੇ ਵਿੱਚ ਸ਼ਰਧਾ, ਪ੍ਰੀਤ ਅਤੇ ਭਰੋਸੇ ਦਾ ਅੰਕੁਰ ਫੁੱਟਦਾ ਹੈ। ਸਤਿਗੁਰੂ ਪੂਰੇ ਦੇ ਦਰਸ਼ਨ-ਪਰਸਣ ਦੀ ਤੜਪ ਦੇ ਨਾਲ ਹੀ ਮਨੁੱਖ ਦੇ ਹਿਰਦੇ ਵਿੱਚ ਸ਼ਰਧਾ, ਪ੍ਰੀਤ ਅਤੇ ਭਰੋਸੇ ਦਾ ਵਿਕਾਸ ਹੁੰਦਾ ਹੈ।