ਅਨੰਦੁ ਸਾਹਿਬ ਪਉੜੀ – ੨੮-੨੯

ਮਾਤਾ ਕੇ ਉਦਰ ਮਹਿ ਪ੍ਰਤਿਪਾਲ ਕਰੇ ਸੋ ਕਿਉ ਮਨਹੁ ਵਿਸਾਰੀਐ

ਮਨਹੁ ਕਿਉ ਵਿਸਾਰੀਐ ਏਵਡੁ ਦਾਤਾ ਜਿ ਅਗਨਿ ਮਹਿ ਆਹਾਰੁ ਪਹੁਚਾਵਏ

ਓਸ ਨੋ ਕਿਹੁ ਪੋਹਿ ਨ ਸਕੀ ਜਿਸ ਨਉ ਆਪਣੀ ਲਿਵ ਲਾਵਏ

ਆਪਣੀ ਲਿਵ ਆਪੇ ਲਾਏ ਗੁਰਮੁਖਿ ਸਦਾ ਸਮਾਲੀਐ

ਕਹੈ ਨਾਨਕੁ ਏਵਡੁ ਦਾਤਾ ਸੋ ਕਿਉ ਮਨਹੁ ਵਿਸਾਰੀਐ ੨੮

(ਪੰਨਾ ੯੨੦੯੨੧)

ਜੈਸੀ ਅਗਨਿ ਉਦਰ ਮਹਿ ਤੈਸੀ ਬਾਹਰਿ ਮਾਇਆ

ਮਾਇਆ ਅਗਨਿ ਸਭ ਇਕੋ ਜੇਹੀ ਕਰਤੈ ਖੇਲੁ ਰਚਾਇਆ

ਜਾ ਤਿਸੁ ਭਾਣਾ ਤਾ ਜੰਮਿਆ ਪਰਵਾਰਿ ਭਲਾ ਭਾਇਆ

ਲਿਵ ਛੁੜਕੀ ਲਗੀ ਤ੍ਰਿਸਨਾ ਮਾਇਆ ਅਮਰੁ ਵਰਤਾਇਆ

ਏਹ ਮਾਇਆ ਜਿਤੁ ਹਰਿ ਵਿਸਰੈ ਮੋਹੁ ਉਪਜੈ ਭਾਉ ਦੂਜਾ ਲਾਇਆ

ਕਹੈ ਨਾਨਕੁ ਗੁਰ ਪਰਸਾਦੀ ਜਿਨਾ ਲਿਵ ਲਾਗੀ ਤਿਨੀ ਵਿਚੇ ਮਾਇਆ ਪਾਇਆ ੨੯

(ਪੰਨਾ ੯੨੧)

ਗੁਰਬਾਣੀ ਅਨੁਸਾਰ ਮਨੁੱਖੀ ਜੀਵਨ ਨੂੰ ਵਣਜਾਰਾ ਕਿਹਾ ਗਿਆ ਹੈ। ਇਸ ਪਰਮ ਸਤਿ ਤੱਤ ਨੂੰ ਜਾਣਨਾ, ਸਮਝਣਾ ਅਤੇ ਮੰਨਣਾ ਬੇਅੰਤ ਲਾਜ਼ਮੀ ਹੈ ਕਿ ਮਨੁੱਖਾ ਜਨਮ ਅਤੇ ਜੀਵਨ ਦੀ ਸਿਰਜਣਾ ਕਿਸ ਵਸਤੂ ਦਾ ਵਣਜ ਕਰਨ ਲਈ ਹੋਈ ਹੈ? ਮਨੁੱਖਾ ਜਨਮ ਅਤੇ ਜੀਵਨ ਦਾ ਕੀ ਮੰਤਵ ਹੈ? ਮਨੁੱਖਾ ਜਨਮ ਅਤੇ ਜੀਵਨ ਦਾ ਕੀ ਉਦੇਸ਼ ਹੈ? ਮਨੁੱਖਾ ਜਨਮ ਅਤੇ ਜੀਵਨ ਕਿਉਂ ਮਿਲਿਆ ਹੈ? ਮਨੁੱਖਾ ਜਨਮ ਵਿੱਚ ਆ ਕੇ ਮਨੁੱਖ ਨੇ ਕਿਹੜਾ ਕਾਰਜ ਸਿੱਧ ਕਰਨਾ ਹੈ? ਗੁਰਬਾਣੀ ਅਨੁਸਾਰ ਇਨ੍ਹਾਂ ਸਾਰੇ ਪ੍ਰਸ਼ਨਾਂ ਦਾ ਉੱਤਰ ਕੇਵਲ ਇੱਕੋ ਹੀ ਹੈ: ਮਨੁੱਖਾ ਜਨਮ ਦੀ ਸਿਰਜਣਾ ਸੰਸਾਰ ਵਿੱਚ ਵਿਚਰਦੇ ਹੋਏ ਪੂਰਨ ਸਤਿ ਦਾ ਵਣਜ ਕਰਨ ਲਈ ਹੋਈ ਹੈ। ਭਾਵ ਮਨੁੱਖਾ ਜਨਮ ਅਤੇ ਜੀਵਨ ਦੀ ਸਿਰਜਣਾ ਕੇਵਲ ਪੂਰਨ ਸਤਿ ਨੂੰ ਸੁਣਨ, ਸਮਝਣ, ਮੰਨਣ ਅਤੇ ਪੂਰਨ ਸਤਿ ਦੀ ਸੇਵਾ-ਸੰਭਾਲਤਾ ਲਈ ਹੀ ਹੋਈ ਹੈ। ਮਨੁੱਖਾ ਜਨਮ ਅਤੇ ਜੀਵਨ ਦੀ ਸਿਰਜਣਾ ਕੇਵਲ ਪੂਰਨ ਸਤਿ ਨੂੰ ਕਮਾਉਣ ਲਈ ਹੀ ਹੋਈ ਹੈ। ਮਨੁੱਖਾ ਜਨਮ ਅਤੇ ਜੀਵਨ ਦੀ ਸਿਰਜਣਾ ਕੇਵਲ ਪੂਰਨ ਸਤਿ ਵਿੱਚ ਸਮਾਉਣ ਲਈ ਹੀ ਹੋਈ ਹੈ। ਮਨੁੱਖਾ ਜਨਮ ਅਤੇ ਜੀਵਨ ਦੀ ਸਿਰਜਣਾ ਕੇਵਲ ਪੂਰਨ ਸਤਿ ਵਿੱਚ ਸਮਾ ਕੇ ਪੂਰਨ ਸਤਿ ਨੂੰ ਵਰਤਾਉਣ ਲਈ ਹੀ ਹੋਈ ਹੈ। ਭਾਵ ਜੋ ਮਨੁੱਖ ਆਪਣੇ ਜੀਵਨ ਵਿੱਚ ਪੂਰਨ ਸਤਿ ਦੀ ਸੇਵਾ ਕਰਦੇ ਹੋਏ ਪੂਰਨ ਸਤਿ ਵਿੱਚ ਸਮਾ ਜਾਂਦੇ ਹਨ ਉਨ੍ਹਾਂ ਨੂੰ ਪੂਰਨ ਸਤਿ ਲੁਕਾਈ ਨੂੰ ਵਰਤਾਉਣ ਦੀ ਮਹਾ ਪਰਉਪਕਾਰੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਇਸ ਲਈ ਮਨੁੱਖਾ ਜਨਮ ਅਤੇ ਜੀਵਨ ਦਾ ਕੇਵਲ ਇੱਕੋ ਇੱਕ ਹੀ ਮੰਤਵ ਹੈ: ਪੂਰਨ ਸਤਿ ਦਾ ਵਣਜ ਵਪਾਰ ਕਰਨਾ। ਪੂਰਨ ਸਤਿ ਦਾ ਵਣਜ ਵਪਾਰ ਕਰਨਾ ਹੀ ਮਨੁੱਖਾ ਜਨਮ ਅਤੇ ਜੀਵਨ ਦਾ ਇੱਕ ਮਾਤਰ ਲਕਸ਼ ਹੈ। ਪੂਰਨ ਸਤਿ ਨੂੰ ਕਮਾਉਣਾ, ਪੂਰਨ ਸਤਿ ਵਿੱਚ ਸਮਾਉਣਾ ਅਤੇ ਪੂਰਨ ਸਤਿ ਨੂੰ ਵਰਤਾਉਣਾ ਹੀ ਮਨੁੱਖਾ ਜਨਮ ਅਤੇ ਜੀਵਨ ਦਾ ਇੱਕ ਮਾਤਰ ਉਦੇਸ਼ ਹੈ।

ਗੁਰਬਾਣੀ ਅਨੁਸਾਰ ਮਨੁੱਖਾ ਜੀਵਨ ਨੂੰ ਚਾਰ ਪਹਿਰ (ਸਮੇਂ ਦੀ ਇਕਾਈ ਦੇ ਅਨੁਸਾਰ ਦਿਨ ਅਤੇ ਰਾਤ) ਦੇ ਤੁੱਲ ਕਿਹਾ ਗਿਆ ਹੈ। ਮਨੁੱਖੀ ਜੀਵਨ ਦਾ ਪਹਿਲਾ ਪਹਿਰ ਮਾਤਾ ਦੇ ਗਰਭ ਵਿੱਚ ਆਰੰਭ ਹੁੰਦਾ ਹੈ। ਜਦ ਮਨੁੱਖੀ ਰੂਹ ਦੀ ਸਥਾਪਨਾ ਮਾਤਾ ਦੇ ਗਰਭ ਵਿੱਚ ਹੋ ਜਾਂਦੀ ਹੈ ਤਾਂ ਮਨੁੱਖ ਦੇ ਜੀਵਨ ਦੇ ਪਹਿਲੇ ਪਹਿਰ ਦਾ ਆਰੰਭ ਹੋ ਜਾਂਦਾ ਹੈ। ਜਨਮ ਤੋਂ ਪਹਿਲਾਂ ਮਨੁੱਖ ਦੀ ਰੂਹ ਨੂੰ ਆਪਣੇ ਆਪ ਬਾਰੇ ਪੂਰਨ ਗਿਆਨ ਹੁੰਦਾ ਹੈ। ਭਾਵ ਰੂਹ ਨੂੰ ਆਪਣੇ ਪਿਛਲੇ ਜਨਮਾਂ-ਜਨਮਾਂਤਰਾਂ ਦੇ ਬਾਰੇ ਪੂਰਨ ਗਿਆਨ ਹੁੰਦਾ ਹੈ। ਪਿਛਲੇ ਜਨਮਾਂ ਵਿੱਚ ਆਪਣੇ ਮਾੜੇ-ਚੰਗੇ ਸਾਰੇ ਕਰਮਾਂ ਦਾ ਪੂਰਾ-ਪੂਰਾ ਗਿਆਨ ਹੁੰਦਾ ਹੈ। ਆਪਣੇ ਪਿਛਲੇ ਜਨਮ ਦੇ ਕਰਮਾਂ ਅਨੁਸਾਰ ਨਰਕ ਦੇ ਦੁੱਖਾਂ, ਤਕਲੀਫ਼ਾਂ, ਕਸ਼ਟਾਂ ਅਤੇ ਜਮਾਂ ਦੀ ਮਾਰ ਸਹਾਰਨ ਅਤੇ ਸਵਰਗ ਦੇ ਸੁੱਖਾਂ ਦਾ ਭੋਗ ਕਰਨ ਤੋਂ ਉਪਰੰਤ ਹੀ ਮਨੁੱਖਾ ਜਨਮ ਵਿੱਚ ਮੁੜ ਕੇ ਆਉਣ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਆਪਣੇ ਪਿਛਲੇ ਜਨਮਾਂ ਵਿੱਚ ਕੀਤੇ ਗਏ ਮਾੜੇ ਕਰਮਾਂ ਦੇ ਅਨੁਸਾਰ ਨਰਕ ਵਿੱਚ ਜਦ ਜਮਾਂ ਦੀ ਅਸਹਿ ਮਾਰ ਪੈਂਦੀ ਹੈ ਤਾਂ ਮਨੁੱਖ ਦੀ ਰੂਹ ਕੰਬ ਉੱਠਦੀ ਹੈ ਅਤੇ ਉਹ ਰੋਂਦਾ-ਕੁਰਲਾਂਦਾ ਹੋਇਆ ਆਪਣੇ ਆਪ ਨਾਲ ਇਹ ਵਾਅਦਾ ਕਰਦਾ ਹੈ ਕਿ ਹੁਣ ਆਉਣ ਵਾਲੇ ਸਮੇਂ ਵਿੱਚ ਪ੍ਰਾਪਤ ਹੋਣ ਵਾਲੇ ਜਨਮ ਅਤੇ ਜੀਵਨ ਵਿੱਚ ਉਹ ਕਦੇ ਵੀ ਕੋਈ ਕੂੜ ਕਰਮ ਨਹੀਂ ਕਰੇਗਾ ਅਤੇ ਕੇਵਲ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਬੰਦਗੀ ਕਰੇਗਾ। ਕਾਲ ਦੇ ਚੱਕਰ ਵਿੱਚ ਬੁਰੀ ਤਰ੍ਹਾਂ ਨਾਲ ਫਸੀ ਹੋਈ ਮਨੁੱਖ ਦੀ ਰੂਹ ਨੂੰ ਸਾਰੇ ਮਾੜੇ-ਚੰਗੇ ਕਰਮਾਂ ਦਾ ਬੋਝ ਚੁੱਕਣਾ ਪੈਂਦਾ ਹੈ। ਮਨੁੱਖਾ ਜਨਮ ਵਿੱਚ ਮਨੁੱਖ ਕਈ ਐਸੇ ਵਿਨਾਸ਼ਕਾਰੀ ਕਰਮ ਕਰ ਬੈਠਦਾ ਹੈ ਜਿਨ੍ਹਾਂ ਕਰਮਾਂ ਦੀ ਧਰਤੀ ਉੱਪਰ ਸਜ਼ਾ ਉਪਲਬਧ ਨਹੀਂ ਹੈ। ਐਸੇ ਵਿਨਾਸ਼ਕਾਰੀ ਕਰਮਾਂ ਦੀ ਭਿਆਨਕ ਸਜ਼ਾ ਮਨੁੱਖ ਨੂੰ ਕੇਵਲ ਨਰਕ ਦੇ ਵਿੱਚ ਹੀ ਦਿੱਤੀ ਜਾ ਸਕਦੀ ਹੈ। ਇਸ ਲਈ ਇਨ੍ਹਾਂ ਮਹਾ ਵਿਨਾਸ਼ਕਾਰੀ ਕਰਮਾਂ ਦੀ ਅਤਿਅੰਤ ਕਸ਼ਟਦਾਈ ਸਜ਼ਾ ਨੂੰ ਭੁਗਤਣ ਲਈ ਮਨੁੱਖ ਨੂੰ ਨਰਕ ਦੀ ਯਾਤਰਾ ਕਰਨੀ ਪੈਂਦੀ ਹੈ। ਨਰਕ ਵਿੱਚ ਜਦ ਜਮਦੂਤਾਂ ਦੀ ਅਸਹਿ ਮਾਰ ਪੈਂਦੀ ਹੈ ਤਾਂ ਮਨੁੱਖ ਨੂੰ ਇਹ ਗਿਆਨ ਹੁੰਦਾ ਹੈ ਕਿ ਉਸ ਦੇ ਕਰਮ ਕਿਤਨੇ ਵਿਨਾਸ਼ਕਾਰੀ ਸਨ। ਨਰਕ ਦੀ ਯਾਤਰਾ ਕਰਦੇ ਹੋਏ ਅਤੇ ਇਹ ਸਭ ਮਹਾ ਕਸ਼ਟਦਾਈ ਸਜ਼ਾਵਾਂ ਨੂੰ ਭੁਗਤਣ ਅਤੇ ਸਹਿਣ ‘ਤੇ ਮਨੁੱਖ ਨੂੰ ਇਹ ਸੋਝੀ ਪੈਂਦੀ ਹੈ ਕਿ ਉਸਨੇ ਆਪਣਾ ਅਮੁੱਲਾ ਮਨੁੱਖਾ ਜਨਮ ਕਿਵੇਂ ਗੁਆਇਆ ਹੈ। ਇਸੇ ਲਈ ਉਹ ਆਪਣੇ ਆਪ ਨਾਲ ਇਹ ਵਾਅਦਾ ਕਰਦਾ ਹੈ ਕਿ ਅਗਲੇ ਜਨਮ ਵਿੱਚ ਉਹ ਸਦਾ-ਸਦਾ ਕੇਵਲ ਸਤਿ ਦੀ ਕਰਨੀ ਹੀ ਕਰੇਗਾ ਅਤੇ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਬੰਦਗੀ ਹੀ ਕਰੇਗਾ। ਇਸ ਲਈ ਇਸ ਪਰਮ ਸਤਿ ਨੂੰ ਗੁਰਬਾਣੀ ਵਿੱਚ ਪ੍ਰਗਟ ਕੀਤਾ ਗਿਆ ਹੈ ਕਿ ਮਾਤਾ ਦੇ ਗਰਭ ਵਿੱਚ ਸਥਿਤ ਹੁੰਦੇ ਹੀ ਮਨੁੱਖ ਸਤਿ ਪਾਰਬ੍ਰਹਮ ਦੇ ਸਿਮਰਨ ਵਿੱਚ ਲੀਨ ਹੋ ਜਾਂਦਾ ਹੈ।

ਮਾਤ ਗਰਭ ਮਹਿ ਆਪਨ ਸਿਮਰਨੁ ਦੇ ਤਹ ਤੁਮ ਰਾਖਨਹਾਰੇ

ਪਾਵਕ ਸਾਗਰ ਅਥਾਹ ਲਹਰਿ ਮਹਿ ਤਾਰਹੁ ਤਾਰਨਹਾਰੇ

(ਪੰਨਾ ੬੧੩)

ਗੁਰਬਾਣੀ ਵਿੱਚ ਇਸ ਪਰਮ ਸਤਿ ਨੂੰ ਪ੍ਰਗਟ ਕੀਤਾ ਗਿਆ ਹੈ ਕਿ ਮਾਤਾ ਦੇ ਗਰਭ ਵਿੱਚ ਵਾਸ ਕੁੰਭੀ ਨਰਕ ਦੇ ਵਿੱਚ ਵਾਸ ਦੇ ਤੁੱਲ ਹੈ। ਮਾਤਾ ਦੇ ਗਰਭ ਵਿੱਚ ਵਾਸ ਬਿਸ਼ਟਾ ਦੇ ਵਿੱਚ ਵੱਸ ਰਹੇ ਕਿਰਮ ਜੰਤ ਦੇ ਸਮਾਨ ਹੈ। ਮਾਤਾ ਦਾ ਗਰਭ ਦੁੱਖਾਂ ਦਾ ਸਾਗਰ ਹੈ। ਮਾਤਾ ਦੇ ਗਰਭ ਵਿੱਚ ਮਨੁੱਖ ੯ ਮਹੀਨੇ ਤੱਕ ਜਿਵੇਂ ਕੁੰਭੀ ਨਰਕ ਬਿਸ਼ਟਾ ਦੇ ਵਿੱਚ ਪੁੱਠਾ ਲਟਕਿਆ ਰਹਿੰਦਾ ਹੈ। ਜਨਮ-ਮਰਨ ਦੇ ਗੇੜ ਵਿੱਚ ਫਸਿਆ ਹੋਇਆ ਮਨੁੱਖ ਇਲਾਹੀ ਦਰਗਾਹੀ ਹੁਕਮ ਅਨੁਸਾਰ ਮਾਤਾ ਦੇ ਗਰਭ ਵਿੱਚ ਆਉਂਦਾ ਹੈ। ਜਦ ਤੱਕ ਮਨੁੱਖ ਜਨਮ-ਮਰਨ ਦੇ ਚੱਕਰ ਤੋਂ ਮੁਕਤ ਨਹੀਂ ਹੁੰਦਾ ਉਦੋਂ ਤੱਕ ਉਸ ਨੂੰ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਦਰਗਾਹੀ ਵਿਧਾਨ (ਕਰਮ ਦਾ ਵਿਧਾਨ) ਦੇ ਅਨੁਸਾਰ ਇਸ ਕੁੰਭੀ ਨਰਕ ਵਿੱਚੋਂ ਬਾਰ-ਬਾਰ ਨਿਕਲਣਾ ਪੈਂਦਾ ਹੈ। ਮਾਤਾ ਦਾ ਗਰਭ ਇੱਕ ਕੁੰਭੀ ਨਰਕ ਦੇ ਸਮਾਨ ਹੈ, ਇਸ ਪਰਮ ਸਤਿ ਦਾ ਗਿਆਨ ਮਨੁੱਖ ਨੂੰ ਮਾਤਾ ਦੇ ਗਰਭ ਵਿੱਚ ਸਥਿਤ ਹੋਣ ‘ਤੇ ਹੀ ਹੁੰਦਾ ਹੈ। ਇਸ ਲਈ ਕੁੰਭੀ ਨਰਕ ਸਮਾਨ ਮਾਤਾ ਦੇ ਗਰਭ ਵਿੱਚ ਪੁੱਠਾ ਲਟਕਿਆ ਹੋਇਆ ਮਨੁੱਖ ਤੌਬਾ ਕਰਦਾ ਹੈ ਅਤੇ ਸਤਿ ਪਾਰਬ੍ਰਹਮ ਦੇ ਸਤਿ ਚਰਨਾਂ ‘ਤੇ ਅਰਦਾਸਾਂ, ਜੋਦੜੀਆਂ, ਬੇਨਤੀਆਂ ਕਰਦਾ ਹੈ ਕਿ ਹੁਣ ਉਹ ਆਪਣੇ ਮਨੁੱਖਾ ਜਨਮ ਜੀਵਨ ਵਿੱਚ ਕੇਵਲ ਪੂਰਨ ਸਤਿ ਦਾ ਹੀ ਵਣਜ ਕਰੇਗਾ। ਇਸ ਲਈ ਕੁੰਭੀ ਨਰਕ ਵਿੱਚ ਪੁੱਠਾ ਲਟਕਿਆ ਹੋਇਆ ਮਾਤਾ ਦੇ ਗਰਭ ਵਿੱਚ ਸਥਿਤ ਜਨਮ-ਮਰਨ ਦੇ ਦੁੱਖਾਂ ਤੋਂ ਨਿਵਿਰਤ ਹੋਣ ਲਈ ਮਨੁੱਖ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਸਿਮਰਨ ਵਿੱਚ ਨਿਰੰਤਰ ਲੀਨ ਰਹਿੰਦਾ ਹੈ। ਭਾਵ ਇਸ ਅਵਸਥਾ ਵਿੱਚ ਸਤਿ ਪਾਰਬ੍ਰਹਮ ਪਰਮੇਸ਼ਰ ਮਨੁੱਖ ਉੱਪਰ ਬੇਅੰਤ ਦਇਆ ਕਰਦਾ ਹੈ ਅਤੇ ਉਸਦੀਆਂ ਅਰਦਾਸਾਂ, ਜੋਦੜੀਆਂ, ਬੇਨਤੀਆਂ ਨੂੰ ਸੁਣ ਕੇ ਉਸ ਨੂੰ ਆਪਣੇ ਸਿਮਰਨ ਦੇ ਵਿੱਚ ਜੋੜੀ ਰੱਖਦਾ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਦੀ ਬੇਅੰਤ ਦਇਆ ਦਾ ਸਦਕਾ ਮਨੁੱਖ ਮਾਤਾ ਦੇ ਗਰਭ ਵਿੱਚ ਇਸ ਨਰਕ ਅਗਨ ਵਿੱਚ ਵੀ ਸੁਰੱਖਿਅਤ ਰਹਿੰਦਾ ਹੈ। ਇਸ ਤਰ੍ਹਾਂ ਦੇ ਨਾਲ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਸਿਮਰਨ ਵਿੱਚ ਲੀਨ ਮਾਤਾ ਦੇ ਗਰਭ (ਕੁੰਭੀ ਨਰਕ) ਵਿੱਚ ਪੁੱਠੇ ਲਟਕੇ ਹੋਏ ਮਨੁੱਖ ਦੇ ੯ ਮਹੀਨੇ ਬਤੀਤ ਹੋ ਜਾਂਦੇ ਹਨ। ਇਨ੍ਹਾਂ ਪਰਮ ਸਤਿ ਤੱਤਾਂ ਨੂੰ ਗੁਰਬਾਣੀ ਵਿੱਚ ਬਾਰ-ਬਾਰ ਦ੍ਰਿੜ੍ਹ ਕਰਵਾਇਆ ਗਿਆ ਹੈ:

ਗਰਭ ਕੁੰਡ ਨਰਕ ਤੇ ਰਾਖੈ ਭਵਜਲੁ ਪਾਰਿ ਉਤਾਰੇ

ਚਰਨ ਕਮਲ ਆਰਾਧਤ ਮਨ ਮਹਿ ਜਮ ਕੀ ਤ੍ਰਾਸ ਬਿਦਾਰੇ

(ਪੰਨਾ ੨੧੦)

ਮਨੁ ਚੰਚਲੁ ਬਹੁ ਚੋਟਾ ਖਾਇ ਏਥਹੁ ਛੁੜਕਿਆ ਠਉਰ ਨ ਪਾਇ

ਗਰਭ ਜੋਨਿ ਵਿਸਟਾ ਕਾ ਵਾਸੁ ਤਿਤੁ ਘਰਿ ਮਨਮੁਖੁ ਕਰੇ ਨਿਵਾਸੁ

(ਪੰਨਾ ੩੬੨)

ਮਾਤ ਗਰਭ ਦੁਖ ਸਾਗਰੋ ਪਿਆਰੇ ਤਹ ਅਪਣਾ ਨਾਮੁ ਜਪਾਇਆ

ਬਾਹਰਿ ਕਾਢਿ ਬਿਖੁ ਪਸਰੀਆ ਪਿਆਰੇ ਮਾਇਆ ਮੋਹੁ ਵਧਾਇਆ

(ਪੰਨਾ ੬੪੦)

ਨਵੇਂ ਜੰਮੇ ਬੱਚੇ ਦੀਆਂ ਅੱਖਾਂ ਭਾਵੇਂ ਖੁਲ੍ਹੀਆਂ ਹੋਣ ਪਰੰਤੂ ਉਸ ਨੂੰ ਸੰਸਾਰ ਨਜ਼ਰ ਨਹੀਂ ਆਉਂਦਾ ਹੈ। ਭਾਵ ਨਵੇਂ ਜੰਮੇ ਬੱਚੇ ਦੀਆਂ ਅੱਖਾਂ ਤੋਂ ਕੁਝ ਸਮੇਂ ਤੱਕ ਕੁਝ ਦਿੱਸਦਾ ਨਹੀਂ ਹੈ। ਹੌਲੀ-ਹੌਲੀ ਕੁਝ ਹਫ਼ਤਿਆਂ ਤੋਂ ਉਪਰੰਤ ਉਸਦੀਆਂ ਅੱਖਾਂ ਵਿੱਚ ਸੂਰਜ ਦੀ ਰੋਸ਼ਨੀ ਦੇ ਨਾਲ ਦਿੱਸਣ ਦੀ ਸ਼ਕਤੀ ਆ ਜਾਂਦੀ ਹੈ। ਜਦ ਤੱਕ ਬੱਚੇ ਦੀਆਂ ਅੱਖਾਂ ਦੇਖ ਨਹੀਂ ਸਕਦੀਆਂ ਹਨ ਤਦ ਤੱਕ ਉਸ ਦੀ ਸਿਮਰਨ ਵਿੱਚ ਸੁਰਤਿ ਜੁੜੀ ਰਹਿੰਦੀ ਹੈ। ਇਸੇ ਲਈ ਨਵੇਂ ਜੰਮੇ ਬੱਚੇ ਨੂੰ ਨੀਂਦ ਬਹੁਤ ਆਉਂਦੀ ਹੈ। ਉਹ ੨੪ ਘੰਟੇ ਵਿੱਚੋਂ ਲਗਭਗ ੧੮ ਘੰਟੇ ਸੁੱਤਾ ਰਹਿੰਦਾ ਹੈ। ਜਦ ਨਵੇਂ ਜੰਮੇ ਬੱਚੇ ਦੀਆਂ ਅੱਖਾਂ ਵਿੱਚ ਦੇਖਣ ਦੀ ਸ਼ਕਤੀ ਪ੍ਰਗਟ ਹੋ ਜਾਂਦੀ ਹੈ ਤਾਂ ਉਸ ਨੂੰ ਮਾਇਆ ਦਾ ਰੂਪ ਸੰਸਾਰ ਦਿੱਸਣ ਲੱਗ ਜਾਂਦਾ ਹੈ। ਜਦ ਉਸ ਨੂੰ ਮਾਇਆ ਰੂਪ ਸੰਸਾਰ ਦਿੱਸਣ ਲੱਗ ਜਾਂਦਾ ਹੈ ਤਾਂ ਉਸ ਦਾ ਸਿਮਰਨ ਘਟਣ ਲੱਗ ਜਾਂਦਾ ਹੈ ਅਤੇ ਉਸ ਦਾ ਧਿਆਨ ਮਾਇਆ ਰੂਪ ਪਰਿਵਾਰ ਦੇ ਜਨਾਂ ਵਿੱਚ ਆਕਰਸ਼ਿਤ ਹੋਣਾ ਸ਼ੁਰੂ ਹੋ ਜਾਂਦਾ ਹੈ। ਜਦ ਉਹ ਮਾਇਆ ਦੇ ਇਸ ਮਿੱਠੇ ਜ਼ਹਿਰ ਦਾ ਪਾਨ ਕਰਨਾ ਸ਼ੁਰੂ ਕਰਦਾ ਹੈ ਤਾਂ ਉਸ ਦੀ ਸਤਿ ਪਾਰਬ੍ਰਹਮ ਪਰਮੇਸ਼ਰ ਨਾਲ ਲੱਗੀ ਹੋਈ ਲਿਵ ਉੱਖੜ ਜਾਂਦੀ ਹੈ। ਇਹ ਪਰਮ ਸਤਿ ਹੈ ਕਿ ਨਵੇਂ ਜੰਮੇ ਬੱਚੇ ਦੇ ਸਾਰੇ ਬਜਰ ਕਪਾਟ ਖੁਲ੍ਹੇ ਹੁੰਦੇ ਹਨ ਅਤੇ ਉਸ ਦੀ ਦੇਹੀ ਅੰਮ੍ਰਿਤ ਨਾਲ ਭਰਪੂਰ ਹੁੰਦੀ ਹੈ। ਨਵੇਂ ਜੰਮੇ ਬੱਚੇ ਨੂੰ ਕੇਵਲ ਬੋਲਣ ਦੀ ਸ਼ਕਤੀ ਨਹੀਂ ਪ੍ਰਾਪਤ ਹੁੰਦੀ ਹੈ। ਇਸ ਕਰ ਕੇ ਉਹ ਬੋਲ ਕੇ ਦੱਸ ਨਹੀਂ ਸਕਦਾ ਹੈ। ਉਸ ਦੇ ਸਾਰੇ ਬਜਰ ਕਪਾਟ ਖੁਲ੍ਹੇ ਹੋਣ ਕਾਰਨ ਉਸ ਨੂੰ ਬ੍ਰਹਮ ਗਿਆਨ ਜ਼ਰੂਰ ਹੁੰਦਾ ਹੈ। ਪਰੰਤੂ ਉਸ ਨੂੰ ਬੋਲਣ ਦੀ (ਗੱਲਾਂ ਕਰਨ ਦੀ) ਸ਼ਕਤੀ ਅਜੇ ਪ੍ਰਾਪਤ ਨਹੀਂ ਹੁੰਦੀ ਹੈ। ਇਸ ਲਈ ਉਹ ਕੀ ਮਹਿਸੂਸ ਕਰਦਾ ਹੈ, ਕੀ ਅਨੁਭਵ ਕਰਦਾ ਹੈ ਅਤੇ ਉਸ ਨੂੰ ਕੀ ਦਿੱਸਦਾ ਹੈ ਉਹ ਬੋਲ ਕੇ ਦੱਸ ਨਹੀਂ ਸਕਦਾ ਹੈ। ਇਸ ਨੂੰ ਜਨਮ ਤੋਂ ਪਹਿਲਾਂ ਆਪਣੇ ਬਾਰੇ ਸਾਰਾ ਗਿਆਨ ਹੁੰਦਾ ਹੈ ਅਤੇ ਇਸ ਗਿਆਨ ਦੇ ਆਧਾਰ ‘ਤੇ ਉਹ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਸਿਮਰਨ ਵਿੱਚ ਲਿਵ ਲੀਨ ਹੁੰਦਾ ਹੈ, ਆਪਣੇ ਆਪ ਨਾਲ ਵਾਅਦੇ ਕਰਦਾ ਹੈ ਕਿ ਉਹ ਇਸ ਮਨੁੱਖਾ ਜਨਮ ਵਿੱਚ ਬੰਦਗੀ ਕਰੇਗਾ। ਜਨਮ ਤੋਂ ਉਪਰੰਤ ਜਦ ਉਹ ਮਾਇਆ ਰੂਪ ਸੰਸਾਰ ਵਿੱਚ ਆਉਂਦਾ ਹੈ ਤਾਂ ਉਸ ਦੀ ਸਿਮਰਨ ਵਿੱਚ ਲੱਗੀ ਹੋਈ ਲਿਵ ਟੁੱਟ ਜਾਂਦੀ ਹੈ ਅਤੇ ਹੌਲੀ-ਹੌਲੀ ਉਸ ਦੇ ਉੱਪਰ ਮਾਇਆ ਦੇ ਮਿੱਠੇ ਜ਼ਹਿਰ ਦਾ ਰੰਗ ਚੜ੍ਹਨਾ ਸ਼ੁਰੂ ਹੋ ਜਾਂਦਾ ਹੈ। ਹੌਲੀ-ਹੌਲੀ ਉਸ ਦੇ ਸਾਰੇ ਬਜਰ ਕਪਾਟ ਬੰਦ ਹੋ ਜਾਂਦੇ ਹਨ ਅਤੇ ਉਸ ਦੀ ਸਤਿ ਮਤ ਉੱਪਰ ਮਾਇਆ ਦੀ ਮਨਮਤਿ ਦਾ ਪਰਦਾ ਪੈਣਾ ਸ਼ੁਰੂ ਜੋ ਜਾਂਦਾ ਹੈ। ਗਿਆਨ ਨੇਤਰ ਬੰਦ ਹੋ ਜਾਂਦਾ ਹੈ ਅਤੇ ਬ੍ਰਹਮ ਗਿਆਨ ਵਿਸਰ ਜਾਂਦਾ ਹੈ। ਮਾਇਆ ਦਾ ਪ੍ਰਭਾਵ ਉਸ ਦੇ ਵਿੱਚ ਸਥਿਤ ਸਾਰੀ ਰੂਹਾਨੀਅਤ ਨੂੰ ਆਪਣੇ ਰੰਗ ਵਿੱਚ ਢੱਕ ਦਿੰਦਾ ਹੈ। ਜਦੋਂ ਤੱਕ ਉਸ ਨੂੰ ਬੋਲਣ ਦੀ ਸ਼ਕਤੀ ਪ੍ਰਾਪਤ ਹੁੰਦੀ ਹੈ ਉਦੋਂ ਤੱਕ ਉਹ ਮਾਇਆ ਦੇ ਰੰਗਾਂ ਵਿੱਚ ਡੁੱਬ ਜਾਂਦਾ ਹੈ। ਇਸ ਤਰ੍ਹਾਂ ਦੇ ਨਾਲ ਨਵੇਂ ਜੰਮੇ ਬੱਚੇ ਦਾ ਕਰਮ ਦੇ ਵਿਧਾਨ ਅਨੁਸਾਰ ਲਿਖੇ ਗਏ ਪ੍ਰਾਲਬਧ ਦਾ ਆਰੰਭ ਹੋ ਜਾਂਦਾ ਹੈ ਅਤੇ ਉਹ ਮਾਇਆ ਰੂਪੀ ਸੰਸਾਰਿਕ ਸ਼ਕਤੀਆਂ ਦੇ ਚੁੰਗਲ ਵਿੱਚ ਫੱਸਦਾ ਚਲਾ ਜਾਂਦਾ ਹੈ। ਇਸ ਲਈ ਜੇਕਰ ਨਵੇਂ ਜੰਮੇ ਬੱਚੇ ਨੂੰ ਹੀ ਸਤਿ ਦੀ ਸੰਗਤ ਮਿਲ ਜਾਏ ਤਾਂ ਉਸ ਦੀ ਬੰਦਗੀ ਵਿੱਚ ਬਹੁਤ ਸਹਾਇਤਾ ਹੋ ਜਾਂਦੀ ਹੈ। ਭਾਵ ਜੇਕਰ ਨਵੇਂ ਜੰਮੇ ਬੱਚੇ ਦੇ ਮਾਤਾ-ਪਿਤਾ ਦੋਵੇਂ ਸੰਤ ਹੋਣ ਜਾਂ ਕਿਸੇ ਪੂਰਨ ਸੰਤ ਦੀ ਸੰਗਤ ਕਰਦੇ ਹੋਣ ਅਤੇ ਸਤਿਨਾਮ ਸਿਮਰਨ ਦੀ ਕਮਾਈ ਕਰਦੇ ਹੋਣ ਤਾਂ ਇਸ ਬੱਚੇ ਦੀ ਬੰਦਗੀ ਵਿੱਚ ਬਹੁਤ ਸਹਾਇਤਾ ਹੋ ਜਾਂਦੀ ਹੈ। ਬਚਪਨ ਤੋਂ ਹੀ ਪੂਰਨ ਸੰਤ ਦੀ ਸੰਗਤ ਦੀ ਪ੍ਰਾਪਤੀ ਨਵੇਂ ਜੰਮੇ ਬੱਚੇ ਲਈ ਬਹੁਤ ਵੱਡਾ ਵਰਦਾਨ ਸਿੱਧ ਹੋ ਜਾਂਦੀ ਹੈ। ਕਿਉਂਕਿ ਪੂਰਨ ਸੰਤ ਦੀ ਸੰਗਤ ਵਿੱਚ ਵਿਚਰਨ ਨਾਲ ਬੱਚੇ ਉੱਪਰ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ ਅਤੇ ਉਸ ਦੇ ਸੰਸਕਾਰ ਸਤਿ ਦੀ ਸੇਵਾ ਵਾਲੇ ਬਣ ਜਾਂਦੇ ਹਨ। ਜਿਸ ਦੇ ਨਾਲ ਉਸ ਦੀ ਬੰਦਗੀ ਉੱਪਰ ਬਹਤ ਸੁੰਦਰ ਅਤੇ ਗਹਿਰਾ ਪ੍ਰਭਾਵ ਪੈਂਦਾ ਹੈ।

ਧੰਨ ਧੰਨ ਭਗਤ ਬੇਣੀ ਜੀ ਨੇ ਆਪਣੀ ਬਾਣੀ ਦੇ ਵਿੱਚ ਪਰਮ ਸਤਿ ਦੇ ਇਨ੍ਹਾਂ ਤੱਤਾਂ ਨੂੰ ਪ੍ਰਗਟ ਕੀਤਾ ਹੈ:

ੴ ਸਤਿ ਗੁਰਪ੍ਰਸਾਦਿ

ਰੇ ਨਰ ਗਰਭ ਕੁੰਡਲ ਜਬ ਆਛਤ ਉਰਧ ਧਿਆਨ ਲਿਵ ਲਾਗਾ

ਮਿਰਤਕ ਪਿੰਡਿ ਪਦ ਮਦ ਨਾ ਅਹਿਨਿਸਿ ਏਕੁ ਅਗਿਆਨ ਸੁ ਨਾਗਾ

ਤੇ ਦਿਨ ਸੰਮਲੁ ਕਸਟ ਮਹਾ ਦੁਖ ਅਬ ਚਿਤੁ ਅਧਿਕ ਪਸਾਰਿਆ

ਗਰਭ ਛੋਡਿ ਮ੍ਰਿਤ ਮੰਡਲ ਆਇਆ ਤਉ ਨਰਹਰਿ ਮਨਹੁ ਬਿਸਾਰਿਆ

ਫਿਰਿ ਪਛੁਤਾਵਹਿਗਾ ਮੂੜਿਆ ਤੂੰ ਕਵਨ ਕੁਮਤਿ ਭ੍ਰਮਿ ਲਾਗਾ

ਚੇਤਿ ਰਾਮੁ ਨਾਹੀ ਜਮ ਪੁਰਿ ਜਾਹਿਗਾ ਜਨੁ ਬਿਚਰੈ ਅਨਰਾਧਾ ਰਹਾਉ

(ਪੰਨਾ ੯੩)

ਇਸ ਤਰ੍ਹਾਂ ਦੇ ਨਾਲ ਮਾਤਾ ਦੇ ਗਰਭ ਵਿੱਚ ਸਥਿਤ ਹੋਣ ਨਾਲ ਮਨੁੱਖਾ ਜਨਮ ਦਾ ਪਹਿਲਾ ਪਹਿਰ ਸ਼ੁਰੂ ਹੁੰਦਾ ਹੈ। ਇਸ ਪਰਮ ਸਤਿ ਅਤੇ ਉੱਪਰ ਵਿਚਾਰੇ ਗਏ ਸਾਰੇ ਪਰਮ ਸਤਿ ਦੇ ਤੱਤਾਂ ਨੂੰ ਧੰਨ ਧੰਨ ਸਤਿਗੁਰੂ ਅਵਤਾਰ ਨਾਨਕ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਬਾਰ-ਬਾਰ ਪ੍ਰਗਟ ਕੀਤਾ ਹੈ:

ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹੁਕਮਿ ਪਇਆ ਗਰਭਾਸਿ

ਉਰਧ ਤਪੁ ਅੰਤਰਿ ਕਰੇ ਵਣਜਾਰਿਆ ਮਿਤ੍ਰਾ ਖਸਮ ਸੇਤੀ ਅਰਦਾਸਿ

ਖਸਮ ਸੇਤੀ ਅਰਦਾਸਿ ਵਖਾਣੈ ਉਰਧ ਧਿਆਨਿ ਲਿਵ ਲਾਗਾ

ਨਾ ਮਰਜਾਦੁ ਆਇਆ ਕਲਿ ਭੀਤਰਿ ਬਾਹੁੜਿ ਜਾਸੀ ਨਾਗਾ

ਜੈਸੀ ਕਲਮ ਵੁੜੀ ਹੈ ਮਸਤਕਿ ਤੈਸੀ ਜੀਅੜੇ ਪਾਸਿ

ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਹੁਕਮਿ ਪਇਆ ਗਰਭਾਸਿ

(ਪੰਨਾ ੭੪)

ਸਿਰੀਰਾਗੁ ਮਹਲਾ ੧

ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਬਾਲਕ ਬੁਧਿ ਅਚੇਤੁ

ਖੀਰੁ ਪੀਐ ਖੇਲਾਈਐ ਵਣਜਾਰਿਆ ਮਿਤ੍ਰਾ ਮਾਤ ਪਿਤਾ ਸੁਤ ਹੇਤੁ

ਮਾਤ ਪਿਤਾ ਸੁਤ ਨੇਹੁ ਘਨੇਰਾ ਮਾਇਆ ਮੋਹੁ ਸਬਾਈ

ਸੰਜੋਗੀ ਆਇਆ ਕਿਰਤੁ ਕਮਾਇਆ ਕਰਣੀ ਕਾਰ ਕਰਾਈ

ਰਾਮ ਨਾਮ ਬਿਨੁ ਮੁਕਤਿ ਨ ਹੋਈ ਬੂਡੀ ਦੂਜੈ ਹੇਤਿ

ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਛੂਟਹਿਗਾ ਹਰਿ ਚੇਤਿ

(ਪੰਨਾ ੭੫)

ਮਾਤਾ ਦੇ ਗਰਭ ਵਿੱਚ ਸਥਿਤ ਮਨੁੱਖ ਦੇ ਬੀਜ ਦੀ ਸੁਰਤਿ ਮਨੁੱਖਾ ਦੇਹੀ ਦਾ ਅਹੰਕਾਰ ਨਾ ਹੋਣ ਕਰ ਕੇ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਚਰਨਾਂ ਵਿੱਚ ਜੁੜੀ ਰਹਿੰਦੀ ਹੈ। ਮਾਇਆ ਦਾ ਅਨੁਭਵ ਮਨੁੱਖ ਨੂੰ ਸੰਸਾਰ ਵਿੱਚ ਆਉਣ ਤੋਂ ਉਪਰੰਤ ਹੀ ਹੁੰਦਾ ਹੈ। ਪੰਜ ਦੂਤਾਂ ਦਾ ਪ੍ਰਭਾਵ ਮਨੁੱਖ ਦੇ ਜਨਮ ਤੋਂ ਉਪਰੰਤ ਹੀ ਸ਼ੁਰੂ ਹੁੰਦਾ ਹੈ। ਮਇਕੀ ਵਿਨਾਸ਼ਕਾਰੀ ਸ਼ਕਤੀਆਂ ਵੇਖਣ ਵਿੱਚ ਮਨੁੱਖ ਨੂੰ ਬਹੁਤ ਸੁੰਦਰ ਪ੍ਰਤੀਤ ਹੁੰਦੀਆਂ ਹਨ। ਇਸ ਲਈ ਬਚਪਨ ਵਿੱਚ ਮਨੁੱਖ ਉੱਪਰ ਮਾਇਆ ਦੀਆਂ ਵਿਨਾਸ਼ਕਾਰੀ ਸ਼ਕਤੀਆਂ ਦੇ ਮਿੱਠੇ ਜ਼ਹਿਰ ਦਾ ਪ੍ਰਭਾਵ ਛੇਤੀ-ਛੇਤੀ ਚੜ੍ਹਨਾ ਸ਼ੁਰੂ ਹੋ ਜਾਂਦਾ ਹੈ। ਸਭ ਤੋਂ ਪਹਿਲਾਂ ਬੱਚੇ ਉੱਪਰ ਮੇਰੀ-ਮੇਰੀ ਦਾ ਰੰਗ ਚੜ੍ਹਦਾ ਹੈ। ਮੇਰੀ ਮਾਂ, ਮੇਰਾ ਪਿਤਾ, ਮੇਰੇ ਖਿਡੌਣੇ, ਮੇਰੀ ਬੋਤਲ (ਜਿਸ ਦੇ ਨਾਲ ਦੁੱਧ ਪੀਂਦਾ ਹੈ) ਕਹਿਣਾ ਸਿੱਖਦਾ ਹੈ ਤਾਂ ਮੇਰੀ-ਮੇਰੀ ਦਾ ਚਿੰਤਨ ਸ਼ੁਰੂ ਹੋ ਜਾਂਦਾ ਹੈ। ਇਸ ਤਰ੍ਹਾਂ ਜਿਵੇਂ-ਜਿਵੇਂ ਬੱਚਾ ਮਾਇਆ ਦੇ ਨਵੇਂ-ਨਵੇਂ ਰੰਗ ਦੇਖਦਾ ਹੈ ਤਿਵੇਂ-ਤਿਵੇਂ ਉਸ ਉੱਪਰ ਮਾਇਆ ਦੇ ਸਾਰੇ ਰੂਪਾਂ ਦਾ ਰੰਗ ਚੜ੍ਹਨਾ ਸ਼ੁਰੂ ਹੋ ਜਾਂਦਾ ਹੈ। ਪਿਛਲੇ ਜਨਮਾਂ ਦੇ ਕਰਮਾਂ ਦੇ ਆਧਾਰ ‘ਤੇ ਕਮਾਏ ਗਏ ਸੰਸਕਾਰ ਮਨੁੱਖ ਦਾ ਜਨਮ ਤੋਂ ਉਪਰੰਤ ਮਾਰਗ ਦਰਸ਼ਨ ਕਰਦੇ ਹਨ। ਜਿਨ੍ਹਾਂ ਮਨੁੱਖਾਂ ਦੇ ਪਿਛਲੇ ਜਨਮਾਂ ਦੇ ਸੰਸਕਾਰ ਮਾਇਕੀ ਬਿਰਤੀ (ਵਿਨਾਸ਼ਕਾਰੀ ਵਿਕਾਰੀ) ਵਾਲੇ ਹੁੰਦੇ ਹਨ ਉਨ੍ਹਾਂ ਉੱਪਰ ਮਾਇਆ ਦੀਆਂ ਵਿਨਾਸ਼ਕਾਰੀ ਸ਼ਕਤੀਆਂ ਦਾ ਪ੍ਰਭਾਵ ਜ਼ਿਆਦਾ ਗਹਿਰਾ ਪੈਂਦਾ ਹੈ। ਜਿਨ੍ਹਾਂ ਮਨੁੱਖਾਂ ਦੇ ਸੰਸਕਾਰ ਸਤੋ ਬਿਰਤੀ (ਦਇਆ, ਧਰਮ, ਸੰਤੋਖ, ਸੰਜਮ) ਵਾਲੇ ਹੁੰਦੇ ਹਨ ਉਨ੍ਹਾਂ ਉੱਪਰ ਮਾਇਆ ਦੀਆਂ ਵਿਨਾਸ਼ਕਾਰੀ ਸ਼ਕਤੀਆਂ ਦਾ ਪ੍ਰਭਾਵ ਘੱਟ ਪੈਂਦਾ ਹੈ। ਮਾਇਕੀ ਵਿਨਾਸ਼ਕਾਰੀ ਸ਼ਕਤੀਆਂ ਦਾ ਸੰਬੰਧ ਮਨੁੱਖਾ ਦੇਹੀ ਨਾਲ ਹੀ ਹੁੰਦਾ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਦੀ ਬੰਦਗੀ ਦਾ ਸੰਬੰਧ ਵੀ ਮਨੁੱਖਾ ਦੇਹੀ ਨਾਲ ਹੀ ਹੁੰਦਾ ਹੈ। ਭਾਵ ਮਨੁੱਖ ਨੂੰ ਮਾਇਕੀ ਵਿਨਾਸ਼ਕਾਰੀ ਸ਼ਕਤੀਆਂ ਗਰਕ ਵੀ ਕਰਦੀਆਂ ਹਨ ਅਤੇ ਇਲਾਹੀ ਸ਼ਕਤੀਆਂ ਸਤਿ ਪਾਰਬ੍ਰਹਮ ਵਿੱਚ ਅਭੇਦ ਵੀ ਕਰਦੀਆਂ ਹਨ। ਵਿਨਾਸ਼ਕਾਰੀ ਮਾਇਕੀ ਬਿਰਤੀ ਦੇ ਧਾਰਨੀ ਮਨੁੱਖ ਗਰਕ ਜਾਂਦੇ ਹਨ ਅਤੇ ਆਪਣਾ ਅਮੁੱਲਾ ਜਨਮ ਗੁਆ ਬੈਠਦੇ ਹਨ। ਇਲਾਹੀ ਦਰਗਾਹੀ ਸਤੋ ਗੁਣੀ ਸ਼ਕਤੀਆਂ ਦੇ ਧਾਰਨੀ ਮਨੁੱਖ ਸਤਿ ਪਾਰਬ੍ਰਹਮ ਪਰਮੇਸ਼ਰ ਵਿੱਚ ਸਮਾ ਕੇ ਆਪਣਾ ਜਨਮ ਸਫਲ ਕਰ ਲੈਂਦੇ ਹਨ। ਇਹ ਸਾਰਾ ਕੁਝ ਕੇਵਲ ਮਨੁੱਖਾ ਜਨਮ ਦੇ ਵਿੱਚ ਮਨੁੱਖਾ ਦੇਹੀ ਧਾਰਨ ਹੋਣ ਨਾਲ ਹੀ ਸੰਭਵ ਹੁੰਦਾ ਹੈ।

ਮਾਤਾ ਦੇ ਗਰਭ ਵਿੱਚ ਸਥਿਤ ਸਤਿਨਾਮ ਦਾ ਵਣਜ ਕਰਨ ਵਾਲਾ ਵਣਜਾਰਾ ਪ੍ਰਾਣੀ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਲਿਵ ਵਿੱਚ ਲੀਨ ਰਹਿੰਦਾ ਹੈ। ਮਾਤਾ ਦੇ ਗਰਭ ਵਿੱਚ ੯ ਮਹੀਨੇ ਨਿਰੰਤਰ ਸਮਾਧੀ ਸਥਿਤ ਰਹਿਣ ਤੋਂ ਉਪਰੰਤ ਜਦ ਮਨੁੱਖ ਦਾ ਬੱਚੇ ਦੇ ਰੂਪ ਵਿੱਚ ਜਨਮ ਹੁੰਦਾ ਹੈ ਤਾਂ ਉਸ ਦੇ ਜਨਮ ਜੀਵਨ ਦਾ ਦੂਜਾ ਪਹਿਰ ਸ਼ੁਰੂ ਹੋ ਜਾਂਦਾ ਹੈ। ਦੂਜੇ ਪਹਿਰ ਵਿੱਚ ਪਹੁੰਚਦੇ ਹੀ ਮਨੁੱਖ ਦਾ ਜੀਵਨ ਜਨਮ ਮਾਇਕੀ ਹਨੇਰੇ ਦਾ ਸ਼ਿਕਾਰ ਹੋਣਾ ਸ਼ੁਰੂ ਹੋ ਜਾਂਦਾ ਹੈ। ਮਨੁੱਖਾ ਦੇਹੀ ਦੇ ਮ੍ਰਿਤ ਮੰਡਲ (ਸੰਸਾਰ) ਵਿੱਚ ਪ੍ਰਵੇਸ਼ ਕਰਦੇ ਹੀ ਉਸ ਨੂੰ ਸਾਰਾ ਪਿਛਲਾ ਗਿਆਨ ਵਿਸਰਨਾ ਸ਼ੁਰੂ ਹੋ ਜਾਂਦਾ ਹੈ। ਮਾਇਆ ਦੇ ਰੰਗ ਦੇਖਦੇ ਹੀ ਸਤਿ ਪਾਰਬ੍ਰਹਮ ਦੇ ਵਿੱਚ ਜੁੜੀ ਹੋਈ ਲਿਵ ਟੁੱਟ ਜਾਂਦੀ ਹੈ। ਮਾਇਆ ਦੇ ਮਿੱਠੇ ਜ਼ਹਿਰ ਦਾ ਘੁੱਟ ਭਰਦੇ ਹੀ ਧਿਆਨ ਭੰਗ ਹੋ ਜਾਂਦਾ ਹੈ। ਮਾਤਾ, ਪਿਤਾ, ਭੈਣਾਂ, ਭਰਾਵਾਂ ਅਤੇ ਹੋਰ ਪਰਿਵਾਰ ਦੇ ਹੱਥਾਂ ਵਿੱਚ ਖੇਡਦੇ ਹੋਏ ਮਾਇਆ ਦਾ ਰੰਗ ਸਹਿਜੇ ਹੀ ਚੜ੍ਹਨਾ ਸ਼ੁਰੂ ਹੋ ਜਾਂਦਾ ਹੈ। ਉਹ ਮਾਤਾ, ਪਿਤਾ, ਭੈਣਾਂ, ਭਰਾਵਾਂ ਅਤੇ ਹੋਰ ਪਰਿਵਾਰ ਦੇ ਲੋਕ, ਜੋ ਕਿ ਪਹਿਲਾਂ ਹੀ ਮਾਇਆਧਾਰੀ ਹੁੰਦੇ ਹਨ, ਉਨ੍ਹਾਂ ਦੇ ਹੱਥਾਂ ਵਿੱਚ ਨੱਚਦੇ ਹੋਏ ਬੱਚੇ ਉੱਪਰ ਮਾਇਆ ਦਾ ਰੰਗ ਸਹਿਜੇ ਹੀ ਚੜ੍ਹਨਾ ਸ਼ੁਰੂ ਹੋ ਜਾਂਦਾ ਹੈ। ਜਦ ਉਹ ਮਾਤਾ, ਪਿਤਾ, ਭੈਣਾਂ, ਭਰਾਵਾਂ ਅਤੇ ਹੋਰ ਪਰਿਵਾਰ ਦੇ ਲੋਕਾਂ ਨੂੰ ਮੇਰੀ-ਮੇਰੀ ਕਰਦੇ ਹੋਏ ਦੇਖਦਾ ਹੈ ਤਾਂ ਉਹ ਵੀ ਮੇਰੀ-ਮੇਰੀ ਕਰਨਾ ਸਹਿਜੇ ਹੀ ਸਿੱਖ ਜਾਂਦਾ ਹੈ। ਜਦ ਉਹ ਮਾਤਾ, ਪਿਤਾ, ਭੈਣਾਂ, ਭਰਾਵਾਂ ਅਤੇ ਹੋਰ ਪਰਿਵਾਰ ਦੇ ਲੋਕਾਂ ਨੂੰ ਮੇਰੀ-ਮੇਰੀ ਦਾ ਚਿੰਤਨ ਕਰਦੇ ਦੇਖਦਾ ਹੈ ਤਾਂ ਉਹ ਇਸੇ ਚਿੰਤਨ ਨੂੰ ਸਤਿ ਮੰਨ ਕੇ ਮੇਰੀ-ਮੇਰੀ ਦੇ ਚਿੰਤਨ ਵਿੱਚ ਸਹਿਜੇ ਹੀ ਡੁੱਬ ਜਾਂਦਾ ਹੈ। ਜਦ ਉਹ ਮਾਤਾ, ਪਿਤਾ, ਭੈਣਾਂ, ਭਰਾਵਾਂ ਅਤੇ ਹੋਰ ਪਰਿਵਾਰ ਦੇ ਲੋਕਾਂ ਨੂੰ ਮਾਇਆ ਦੇ ਚਿੰਤਨ ਵਿੱਚ ਰੱਤੇ ਹੋਏ ਉਨ੍ਹਾਂ ਦੇ ਵਿੱਚ ਵਿਚਰਦਾ ਹੈ ਤਾਂ ਉਹ ਮਾਇਆ ਨੂੰ ਹੀ ਸਤਿ ਮੰਨ ਕੇ ਮਾਇਆ ਦੇ ਵਿੱਚ ਸਹਿਜੇ ਹੀ ਰੱਤਿਆ ਜਾਂਦਾ ਹੈ। ਬੋਲਣ ਦੀ ਸ਼ਕਤੀ ਆਉਣ ਤੱਕ ਬੱਚਾ ਸਤਿ ਪਾਰਬ੍ਰਹਮ ਪਰਮੇਸ਼ਰ ਨੂੰ ਪੂਰੀ ਤਰ੍ਹਾਂ ਦੇ ਨਾਲ ਵਿਸਾਰ ਦਿੰਦਾ ਹੈ ਅਤੇ ਮਾਤ ਗਰਭ ਵਿੱਚ ਆਪਣੇ ਆਪ ਨਾਲ ਕੀਤੇ ਗਏ ਸਾਰੇ ਵਾਅਦੇ ਭੁੱਲ ਜਾਂਦਾ ਹੈ ਅਤੇ ਮਾਇਆ ਦੇ ਸੰਸਕਾਰਾਂ ਵਿੱਚ ਪੂਰਨ ਤੌਰ ‘ਤੇ ਰੱਤਿਆ ਜਾਂਦਾ ਹੈ। ਇਸ ਪਰਮ ਸਤਿ ਨੂੰ ਧੰਨ ਧੰਨ ਅਵਤਾਰ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੀ ਪਰਮ ਸ਼ਕਤੀਸ਼ਾਲੀ ਬਾਣੀ ਵਿੱਚ ਦ੍ਰਿੜ੍ਹ ਕਰਵਾਇਆ ਹੈ:

ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਵਿਸਰਿ ਗਇਆ ਧਿਆਨੁ

ਹਥੋ ਹਥਿ ਨਚਾਈਐ ਵਣਜਾਰਿਆ ਮਿਤ੍ਰਾ ਜਿਉ ਜਸੁਦਾ ਘਰਿ ਕਾਨੁ

ਹਥੋ ਹਥਿ ਨਚਾਈਐ ਪ੍ਰਾਣੀ ਮਾਤ ਕਹੈ ਸੁਤੁ ਮੇਰਾ

ਚੇਤਿ ਅਚੇਤ ਮੂੜ ਮਨ ਮੇਰੇ ਅੰਤਿ ਨਹੀ ਕਛੁ ਤੇਰਾ

ਜਿਨਿ ਰਚਿ ਰਚਿਆ ਤਿਸਹਿ ਨ ਜਾਣੈ ਮਨ ਭੀਤਰਿ ਧਰਿ ਗਿਆਨੁ

ਕਹੁ ਨਾਨਕ ਪ੍ਰਾਣੀ ਦੂਜੈ ਪਹਰੈ ਵਿਸਰਿ ਗਇਆ ਧਿਆਨੁ

(ਪੰਨਾ ੭੫)

ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਭਰਿ ਜੋਬਨਿ ਮੈ ਮਤਿ

ਅਹਿਨਿਸਿ ਕਾਮਿ ਵਿਆਪਿਆ ਵਣਜਾਰਿਆ ਮਿਤ੍ਰਾ ਅੰਧੁਲੇ ਨਾਮੁ ਨ ਚਿਤਿ

ਰਾਮ ਨਾਮੁ ਘਟ ਅੰਤਰਿ ਨਾਹੀ ਹੋਰਿ ਜਾਣੈ ਰਸ ਕਸ ਮੀਠੇ

ਗਿਆਨੁ ਧਿਆਨੁ ਗੁਣ ਸੰਜਮੁ ਨਾਹੀ ਜਨਮਿ ਮਰਹੁਗੇ ਝੂਠੇ

ਤੀਰਥ ਵਰਤ ਸੁਚਿ ਸੰਜਮੁ ਨਾਹੀ ਕਰਮੁ ਧਰਮੁ ਨਹੀ ਪੂਜਾ

ਨਾਨਕ ਭਾਇ ਭਗਤਿ ਨਿਸਤਾਰਾ ਦੁਬਿਧਾ ਵਿਆਪੈ ਦੂਜਾ

(ਪੰਨਾ ੭੫)

ਮਨੁੱਖਾ ਜਨਮ ਜੀਵਨ ਦਾ ਪਹਿਲਾ ਪਹਿਰ ਮਾਤਾ ਦੇ ਗਰਭ ਵਿੱਚ ਬੀਤਦਾ ਹੈ ਤਾਂ ਮਨੁੱਖ ਜਨਮ ਲੈ ਕੇ ਦੂਜੇ ਪਹਿਰ ਵਿੱਚ ਪ੍ਰਵੇਸ਼ ਕਰਦਾ ਹੈ। ਦੂਜੇ ਪਹਿਰ ਨੂੰ ਗੁਰਬਾਣੀ ਵਿੱਚ ਬਚਪਨ ਦੇ ਰੂਪ ਵਿੱਚ ਪ੍ਰਗਟ ਕੀਤਾ ਗਿਆ ਹੈ। ਬਚਪਨ ਵਿੱਚ ਬੱਚਾ ਆਪਣੇ ਮਾਤਾ, ਪਿਤਾ, ਭੈਣਾਂ, ਭਰਾਵਾਂ, ਹੋਰ ਪਰਿਵਾਰ ਦੇ ਲੋਕਾਂ, ਮਿੱਤਰਾਂ, ਸਖੀਆਂ, ਸਹੇਲੀਆਂ ਅਤੇ ਅਧਿਆਪਕਾਂ ਦੀ ਸੰਗਤ ਕਰਦਾ ਹੈ ਅਤੇ ਇਸ ਸੰਗਤ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ। ਜੈਸੀ ਸੰਗਤ ਹੁੰਦੀ ਹੈ ਵੈਸਾ ਹੀ ਰੰਗ ਚੜ੍ਹਦਾ ਹੈ। ਚੰਗੀ ਸੰਗਤ ਹੋਵੇ ਤਾਂ ਚੰਗੇ ਸੰਸਕਾਰਾਂ ਦਾ ਰੰਗ ਚੜ੍ਹਦਾ ਹੈ। ਮਾੜੀ ਸੰਗਤ ਹੋਵੇ ਤਾਂ ਮਾੜੇ ਸੰਸਕਾਰਾਂ ਦਾ ਰੰਗ ਚੜ੍ਹਦਾ ਹੈ। ਇਸ ਲਈ ਬਚਪਨ ਵਿੱਚ ਪਰਿਵਾਰਕ ਵਾਤਾਵਰਨ ਅਤੇ ਸਕੂਲੀ ਵਾਤਾਵਰਨ ਦਾ ਬੱਚੇ ਦੇ ਜੀਵਨ ਉੱਪਰ ਬਹੁਤ ਗਹਿਰਾ ਅਸਰ ਹੁੰਦਾ ਹੈ ਜੋ ਕਿ ਮਨੁੱਖੀ ਜੀਵਨ ਦੇ ਸੰਸਕਾਰਾਂ ਦੇ ਨੀਂਹ ਪੱਥਰ ਦਾ ਕੰਮ ਕਰਦਾ ਹੈ। ਸਤਿ ਦੀ ਸੰਗਤ ਮਿਲੇ ਤਾਂ ਸਤਿ ਦਾ ਰੰਗ ਚੜ੍ਹਦਾ ਹੈ। ਸਤਿ ਦੀ ਸੰਗਤ ਮਿਲੇ ਤਾਂ ਸਤੋ ਗੁਣਾਂ ਦਾ ਰੰਗ ਚੜ੍ਹ ਜਾਂਦਾ ਹੈ। ਸਤਿ ਦੀ ਸੰਗਤ ਮਿਲੇ ਤਾਂ ਦਇਆ, ਧਰਮ, ਸਤਿ ਸੰਤੋਖ, ਸੰਜਮ, ਨਿਮਰਤਾ, ਨਿਰਭੈਤਾ, ਨਿਰਵੈਰਤਾ, ਸਿਮਰਨ, ਸੇਵਾ ਅਤੇ ਪਰਉਪਕਾਰ ਦੀਆਂ ਇਲਾਹੀ ਸ਼ਕਤੀਆਂ ਦਾ ਰੰਗ ਚੜ੍ਹ ਜਾਂਦਾ ਹੈ। ਕੁਸੰਗਤ ਮਿਲੇ ਤਾਂ ਮਹਾ ਵਿਨਾਸ਼ਕਾਰੀ ਸ਼ਕਤੀਆਂ ਦਾ ਰੰਗ ਚੜ੍ਹ ਜਾਂਦਾ ਹੈ। ਕੁਸੰਗਤ ਮਿਲੇ ਤਾਂ ਤ੍ਰਿਸ਼ਣਾ ਦੀ ਮਹਾ ਵਿਨਾਸ਼ਕਾਰੀ ਸ਼ਕਤੀ ਦਾ ਰੰਗ ਚੜ੍ਹ ਜਾਂਦਾ ਹੈ। ਕੁਸੰਗਤ ਮਿਲੇ ਤਾਂ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਰੂਪੀ ਚੰਡਾਲਾਂ ਦੀਆਂ ਮਹਾ ਵਿਨਾਸ਼ਕਾਰੀ ਸ਼ਕਤੀਆਂ ਦਾ ਰੰਗ ਚੜ੍ਹ ਜਾਂਦਾ ਹੈ। ਕੁਸੰਗਤ ਮਿਲੇ ਤਾਂ ਰਾਜ, ਜੋਬਨ, ਧਨ, ਮਾਲ, ਸ਼ਬਦ, ਸਪਰਸ਼ ਦੀਆਂ ਮਹਾ ਵਿਨਾਸ਼ਕਾਰੀ ਵਿਕਾਰਾਂ ਦੇ ਵਿੱਚ ਰੱਤਿਆ ਜਾਂਦਾ ਹੈ।

ਦੂਜੇ ਪਹਿਰ ਵਿੱਚ ਮਨੁੱਖ ਜਵਾਨੀ ਦੇ ਨਸ਼ੇ ਵਿੱਚ ਕਾਮ ਵਾਸ਼ਨਾ ਦਾ ਬੁਰੀ ਤਰ੍ਹਾਂ ਨਾਲ ਸ਼ਿਕਾਰ ਹੁੰਦਾ ਹੈ। ਕਾਮ ਚੰਡਾਲ ਦੀਆਂ ਵਿਨਾਸ਼ਕਾਰੀ ਸ਼ਕਤੀਆਂ ਦਾ ਮਨੁੱਖ ਦੇ ਜੀਵਨ ਉੱਪਰ ਬਹੁਤ ਗਹਿਰਾ ਅਸਰ ਹੁੰਦਾ ਹੈ। ਜਿਵੇਂ ਸ਼ਰਾਬ ਦੇ ਨਸ਼ੇ ਵਿੱਚ ਸ਼ਰਾਬੀ ਦੀ ਮੱਤ ਮਾਰੀ ਜਾਂਦੀ ਹੈ ਠੀਕ ਉਸੇ ਤਰ੍ਹਾਂ ਦੇ ਨਾਲ ਕਾਮ ਚੰਡਾਲ ਦੇ ਹੱਥੇ ਚੜ੍ਹ ਕੇ ਮਨੁੱਖ ਦੀ ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ। ਕਾਮ ਦੇ ਵਿਨਾਸ਼ਕਾਰੀ ਨਸ਼ੇ ਵਿੱਚ ਚੂਰ ਮਨੁੱਖ (ਨਰ ਵਰਗ) ਦੀ ਬੁੱਧੀ ਇਤਨੀ ਭ੍ਰਿਸ਼ਟ ਹੋ ਜਾਂਦੀ ਹੈ ਕਿ ਉਸ ਨੂੰ ਮਾਂ, ਭੈਣ ਅਤੇ ਧੀ ਦਾ ਅਰਥ ਭੁੱਲ ਜਾਂਦਾ ਹੈ। ਨਾਰੀ ਵਰਗ ਵੀ ਕਾਮ ਚੰਡਾਲ ਦੀ ਵਿਨਾਸ਼ਕਾਰੀ ਸ਼ਕਤੀ ਦੇ ਪ੍ਰਭਾਵ ਤੋਂ ਮੁਕਤ ਨਹੀਂ ਹੈ। ਨਾਰੀ ਵੀ ਕਾਮ ਵਾਸ਼ਨਾ ਦੀ ਮਹਾ ਵਿਨਾਸ਼ਕਾਰੀ ਸ਼ਕਤੀ ਤੋਂ ਪ੍ਰਭਾਵਿਤ ਹੋ ਕੇ ਅਪਣੀ ਪੱਤ ਗੁਆਉਣ ਤੋਂ ਗੁਰੇਜ਼ ਨਹੀਂ ਕਰਦੀ ਹੈ। ਨਾਰੀ ਵੀ ਕਾਮ ਵਾਸ਼ਨਾ ਦੀ ਮਹਾ ਵਿਨਾਸ਼ਕਾਰੀ ਸ਼ਕਤੀ ਦੀ ਗੁਲਾਮੀ ਵਿੱਚ ਪੁੱਤਰ, ਭਰਾ ਅਤੇ ਪਿਤਾ ਦੇ ਪਾਵਨ ਸੰਬੰਧ ਦੀ ਸਾਰੀ ਮਰਿਆਦਾ ਨੂੰ ਭੰਗ ਕਰਕੇ ਆਪਣੀ ਪੱਤ ਗੁਆਉਣ ਤੋਂ ਨਹੀਂ ਸੰਕੋਚਦੀ ਹੈ। ਚੇਤੇ ਰਹੇ ਕਿ ਗੁਰਮਤਿ ਅਨੁਸਾਰ ਹਰ ਇੱਕ ਮਨੁੱਖ ਲਈ ਪਰ ਇਸਤਰੀ ਨਾਲ ਕੇਵਲ ਭੈਣ, ਧੀ ਅਤੇ ਮਾਂ ਦਾ ਪਾਵਨ ਸੰਬੰਧ ਹੈ ਅਤੇ ਇੱਕ ਇਸਤਰੀ ਲਈ ਪਰ ਪੁਰਖ ਨਾਲ ਕੇਵਲ ਪੁੱਤਰ, ਭਰਾ ਅਤੇ ਪਿਤਾ ਦਾ ਪਾਵਨ ਸੰਬੰਧ ਹੈ। ਪੂਰਨ ਸਤਿ ਦੇ ਇਸ ਪਰਮ ਸ਼ਕਤੀਸ਼ਾਲੀ ਗੁਰਮਤਿ ਸਿਧਾਂਤ ਦੀ ਪਾਲਣਾ ਕਰਨ ਨਾਲ ਹੀ ਕਾਮ ਵਾਸ਼ਨਾ ਦੀ ਮਹਾ ਵਿਨਾਸ਼ਕਾਰੀ ਸ਼ਕਤੀ ਨੂੰ ਪਰਾਸਤ ਕੀਤਾ ਜਾ ਸਕਦਾ ਹੈ।

ਮਨੁੱਖਾ ਜਨਮ ਜੀਵਨ ਦਾ ਦੂਜਾ ਪਹਿਰ ਬਚਪਨ ਬੀਤਦਾ ਹੈ ਤਾਂ ਮਨੁੱਖ ਆਪਣੇ ਜੀਵਨ ਜਨਮ ਦੇ ਤੀਸਰੇ ਪਹਿਰ ਵਿੱਚ ਪ੍ਰਵੇਸ਼ ਕਰਦਾ ਹੈ। ਤੀਸਰੇ ਪਹਿਰ ਨੂੰ ਗੁਰਬਾਣੀ ਵਿੱਚ ਜਵਾਨੀ ਦੇ ਰੂਪ ਵਿੱਚ ਪ੍ਰਗਟ ਕੀਤਾ ਗਿਆ ਹੈ। ਜਵਾਨੀ ਵਿੱਚ ਮਨੁੱਖ ਦੇ ਬਚਪਨ ਵਿੱਚ ਮਿਲੇ ਸੰਸਕਾਰਾਂ ਦਾ ਵਿਕਾਸ ਹੁੰਦਾ ਹੈ। ਬਚਪਨ ਦੇ ਪਹਿਰ ਵਿੱਚ ਜੋ ਰੰਗ ਮਨੁੱਖ ਉੱਪਰ ਚੜ੍ਹਦਾ ਹੈ ਉਹ ਰੰਗ ਜਵਾਨੀ ਵਿੱਚ ਹੋਰ ਗਹਿਰਾ ਹੋ ਜਾਂਦਾ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਾਮ “ਸਤਿਨਾਮ” ਦਾ ਵਣਜ ਕਰਨ ਲਈ ਪ੍ਰਾਪਤ ਮਨੁੱਖਾ ਜਨਮ ਮਾਇਆ ਦੀਆਂ ਵਿਨਾਸ਼ਕਾਰੀ ਸ਼ਕਤੀਆਂ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ। ਸਤਿ ਸੰਗਤ ਤਾਂ ਕਿਸੇ ਭਾਗਾਂ ਵਾਲੇ ਨੂੰ ਪ੍ਰਾਪਤ ਹੁੰਦੀ ਹੈ। ਪਰੰਤੂ ਵਿਕਾਰੀ ਅਤੇ ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਦੇ ਬੋਲ-ਬਾਲੇ ਨਾਲ ਭਰਪੂਰ ਸੰਸਾਰ ਵਿੱਚ ਕੁਸੰਗਤ ਦਾ ਕੋਈ ਘਾਟਾ ਨਹੀਂ ਹੈ। ਸਤੋ ਗੁਣੀ ਸੱਜਣ ਪੁਰਖਾਂ ਦੀ ਸੰਗਤ ਦਾ ਤਾਂ ਘਾਟਾ ਹੀ ਘਾਟਾ ਹੈ ਹੀ ਸਾਰੇ ਪਾਸੇ ਸੰਸਾਰ ਵਿਚ। ਪਰੰਤੂ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਦੀ ਸੰਗਤ ਤਾਂ ਸਾਰੇ ਪਾਸੇ ਹੀ ਪ੍ਰਾਪਤ ਹੋ ਜਾਂਦੀ ਹੈ। ਪੂਰਨ ਸੰਤ ਸਤਿਗੁਰੂ ਦੀ ਸੰਗਤ ਤਾਂ ਬਹੁਤ ਵੱਡੇ ਭਾਗਾਂ ਵਾਲਿਆਂ ਕੁਝ ਹੀ ਲੋਕਾਂ ਨੂੰ ਪ੍ਰਾਪਤ ਹੁੰਦੀ ਹੈ। ਪਰੰਤੂ ਤ੍ਰਿਸ਼ਣਾ ਦੀ ਸੰਗਤ, ਪੰਜ ਚੰਡਾਲਾਂ (ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ) ਦੀ ਸੰਗਤ ਤਾਂ ਮਨੁੱਖ ਦੇ ਪਰਿਵਾਰਕ ਵਾਤਾਵਰਨ ਵਿੱਚ ਸਹਿਜੇ ਹੀ ਪ੍ਰਾਪਤ ਹੋ ਜਾਂਦੀ ਹੈ। ਸੰਸਾਰਿਕ ਵਿਕਾਰਾਂ ਦੀ ਸੰਗਤ ਤਾਂ ਹਰ ਇੱਕ ਮਨੁੱਖ ਨੂੰ ਹਰ ਥਾਂ ‘ਤੇ ਸਹਿਜੇ ਹੀ ਪ੍ਰਾਪਤ ਹੋ ਜਾਂਦੀ ਹੈ। ਮਨੁੱਖ ਦੇ ਭਲੇ ਦੀ ਗੱਲ ਤਾਂ ਬੜੀ ਔਖੀ ਉਸ ਦੇ ਅੰਦਰ ਜਾਂਦੀ ਹੈ। ਪਰੰਤੂ ਮਨੁੱਖ ਦੇ ਬੁਰੇ ਦੀ ਗੱਲ ਤਾਂ ਇੱਕ ਦਮ ਉਸ ਉੱਪਰ ਅਸਰ ਕਰਦੀ ਹੈ। ਸਤੋ ਗੁਣਾਂ ਦੀ (ਮਨੁੱਖ ਦੇ ਭਲੇ ਲਈ) ਕਮਾਈ ਤਾਂ ਬਹੁਤ ਔਖੀ ਹੁੰਦੀ ਹੈ। ਪਰੰਤੂ ਅਵਗੁਣਾਂ ਅਤੇ ਵਿਕਾਰਾਂ ਦੀ (ਮਨੁੱਖ ਦੇ ਸੰਪੂਰਨ ਵਿਨਾਸ਼ ਲਈ) ਕਮਾਈ ਤਾਂ ਹਰ ਇੱਕ ਮਨੁੱਖ ਸਹਿਜੇ ਹੀ ਕਰ ਲੈਂਦਾ ਹੈ। ਭਰੇ ਜੋਬਨ ਵਿੱਚ ਮਨੁੱਖ ਜੋਬਨ ਦੇ ਨਸ਼ੇ ਵਿੱਚ ਅਵਗੁਣਾਂ ਅਤੇ ਵਿਕਾਰਾਂ ਦਾ ਸ਼ਿਕਾਰ ਸਹਿਜੇ ਹੀ ਹੋ ਜਾਂਦਾ ਹੈ। ਧਨ ਕਮਾਉਣ ਅਤੇ ਦੁਨਿਆਵੀ ਸੁੱਖ-ਸੁਵਿਧਾਵਾਂ ਜੁਟਾਣ ਦੇ ਚੱਕਰ ਵਿੱਚ ਹਰ ਇੱਕ ਮਨੁੱਖ ਚੰਗੇ-ਮਾੜੇ ਦੀ ਪਹਿਚਾਣ ਕਰਨ ਵਿੱਚ ਅਸਮਰਥ ਹੋ ਜਾਂਦਾ ਹੈ। ਆਪਣੀ ਤ੍ਰਿਸ਼ਣਾ ਨੂੰ ਬੁਝਾਉਣ ਵਾਸਤੇ ਹਰ ਇਕ ਮਨੁੱਖ ਪੰਜ ਚੰਡਾਲਾਂ (ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ) ਦੇ ਵੱਸ ਹੋ ਕੇ ਕਈ ਪੁੱਠੇ ਅਤੇ ਵਿਨਾਸ਼ਕਾਰੀ ਕਰਮਾਂ ਨੂੰ ਸਹਿਜੇ ਹੀ ਅੰਜਾਮ ਦੇ ਦਿੰਦਾ ਹੈ। ਜੋਬਨ ਦੇ ਨਸ਼ੇ ਨੂੰ ਹੋਰ ਗਹਿਰਾ ਕਰਨ ਵਾਸਤੇ ਕਾਮ ਚੰਡਾਲ ਦੇ ਹੱਥੇ ਚੜ੍ਹ ਕੇ ਮਨੁੱਖ ਸਹਿਜੇ ਹੀ ਕਈ ਸੰਗੀਨ ਗੁਨਾਹ ਕਰ ਬੈਠਦਾ ਹੈ। ਧਨ ਕਮਾਉਣ ਦੇ ਨਸ਼ੇ ਨੂੰ ਹੋਰ ਗਹਿਰਾ ਕਰਨ ਵਾਸਤੇ ਲੋਭ ਚੰਡਾਲ ਦੇ ਵੱਸ ਚੜ੍ਹ ਕੇ ਮਨੁੱਖ ਕਈ ਸੰਗੀਨ ਗੁਨਾਹ ਕਰ ਬੈਠਦਾ ਹੈ। ਜਵਾਨੀ ਨੂੰ ਭਰਪੂਰ ਮੰਨਣ ਵਾਸਤੇ ਧਨ ਦੀ ਲੋੜ ਹੁੰਦੀ ਹੈ। ਜਵਾਨੀ ਦੇ ਨਸ਼ੇ ਵਿੱਚ ਚੂਰ ਹੋਣ ਲਈ ਮਨੁੱਖ ਨੂੰ ਸੰਸਾਰਿਕ ਸੁੱਖ-ਸੁਵਿਧਾਵਾਂ ਜੁਟਾਣ ਲਈ ਧਨ ਦੀ ਲੋੜ ਪੈਂਦੀ ਹੈ। ਇਸ ਲਈ ਆਪਣੀ ਜਵਾਨੀ ਦੀ ਤ੍ਰਿਸ਼ਣਾ ਨੂੰ ਸ਼ਾਂਤ ਕਰਨ ਲਈ ਮਨੁੱਖ ਧਨ ਇਕੱਤਰ ਕਰਨ ਦੇ ਚੱਕਰ ਵਿੱਚ ਫਸ ਜਾਂਦਾ ਹੈ ਅਤੇ ਲੋਭ ਚੰਡਾਲ ਦੇ ਵੱਸ ਹੋ ਕੇ ਚੋਰੀ, ਚਕਾਰੀ, ਰਿਸ਼ਵਤ ਖ਼ੋਰੀ, ਦੂਜਿਆਂ ਦਾ ਹੱਕ ਮਾਰ ਕੇ ਧਨ ਇਕੱਤਰ ਕਰਨਾ, ਆਪਣੇ ਅਹੁਦੇ ਦਾ ਦੁਰਉਪਯੋਗ ਕਰ ਕੇ ਧਨ ਇਕੱਤਰ ਕਰਨ ਵਰਗੇ ਕਈ ਸੰਗੀਨ ਗੁਨਾਹ ਕਰ ਬੈਠਦਾ ਹੈ। ਧਨ ਅਤੇ ਜੋਬਨ ਦੇ ਮਾਇਕੀ ਨਸ਼ਿਆਂ ਵਿੱਚ ਚੂਰ ਮਨੁੱਖ ਨੂੰ ਸਤਿ ਪਾਰਬ੍ਰਹਮ ਪਰਮੇਸ਼ਰ ਵਿਸਰ ਜਾਂਦਾ ਹੈ। ਮਾਇਕੀ ਤੱਤਾਂ ਦਾ ਚਿੰਤਨ ਕਰਦੇ-ਕਰਦੇ ਮਨੁੱਖ ਮਾਇਆ ਦੇ ਦਲਦਲ ਵਿੱਚ ਡੂੰਘਾ ਉਤਰ ਜਾਂਦਾ ਹੈ ਅਤੇ ਇਸ ਨਸ਼ੇ ਵਿੱਚ ਬੇਹੋਸ਼ ਮਨੁੱਖ ਨੂੰ ਸਤਿ ਵਿਸਰ ਜਾਂਦਾ ਹੈ। ਸਤਿ ਤੱਤਾਂ ਦੀ ਮਹਿਮਾ ਤੋਂ ਮਨੁੱਖ ਖੋਖਲਾ ਹੋ ਜਾਂਦਾ ਹੈ ਅਤੇ ਮਾਇਕੀ ਦੁਨੀਆਂ ਵਿੱਚ ਗਰਕ ਕੇ ਆਪਣਾ ਅਨਮੋਲ ਰਤਨ ਹੀਰਾ ਜਨਮ ਗੁਆ ਬੈਠਦਾ ਹੈ। ਸਤਿ ਤੱਤਾਂ ਦਾ ਧਨ ਇਕੱਤਰ ਕਰਨ ਦੇ ਬਜਾਏ ਮਾਇਕੀ ਵਿਕਾਰਾਂ ਦੇ ਵਿਨਾਸ਼ਕਾਰੀ ਤੱਤਾਂ ਨੂੰ ਇਕੱਤਰ ਕਰ ਕੇ ਲੰਬੇ ਸਮੇਂ ਲਈ ਆਪਣੇ ਆਪ ਨੂੰ ਮਾਇਆ ਦੇ ਵਿੱਚ ਗਲਤਾਨ ਕਰ ਬੈਠਦਾ ਹੈ। ਸੰਸਾਰ ਵਿੱਚ ਸਤਿ ਗੁਣਾਂ ਅਤੇ ਸਤਿ ਤੱਤਾਂ ਦਾ ਵਣਜ ਕਰਨ ਆਇਆ ਹੋਇਆ ਮਨੁੱਖ ਮਾਇਆ ਦੇ ਕੂੜ ਵਿੱਚ ਫਸ ਕੇ ਰਹਿ ਜਾਂਦਾ ਹੈ ਅਤੇ ਆਪਣਾ ਜਨਮ ਗੁਆ ਬੈਠਦਾ ਹੈ। ਇਸ ਪਰਮ ਸਤਿ ਤੱਤ ਨੂੰ ਗੁਰਬਾਣੀ ਵਿੱਚ ਧੰਨ ਧੰਨ ਸਤਿਗੁਰੂ ਅਵਤਾਰ ਨਾਨਕ ਪਾਤਸ਼ਾਹ ਜੀ ਨੇ ਦ੍ਰਿੜ੍ਹ ਕਰਵਾਇਆ ਹੈ:

ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਧਨ ਜੋਬਨ ਸਿਉ ਚਿਤੁ

ਹਰਿ ਕਾ ਨਾਮੁ ਨ ਚੇਤਹੀ ਵਣਜਾਰਿਆ ਮਿਤ੍ਰਾ ਬਧਾ ਛੁਟਹਿ ਜਿਤੁ

ਹਰਿ ਕਾ ਨਾਮੁ ਨ ਚੇਤੈ ਪ੍ਰਾਣੀ ਬਿਕਲੁ ਭਇਆ ਸੰਗਿ ਮਾਇਆ

ਧਨ ਸਿਉ ਰਤਾ ਜੋਬਨਿ ਮਤਾ ਅਹਿਲਾ ਜਨਮੁ ਗਵਾਇਆ

ਧਰਮ ਸੇਤੀ ਵਾਪਾਰੁ ਨ ਕੀਤੋ ਕਰਮੁ ਨ ਕੀਤੋ ਮਿਤੁ

ਕਹੁ ਨਾਨਕ ਤੀਜੈ ਪਹਰੈ ਪ੍ਰਾਣੀ ਧਨ ਜੋਬਨ ਸਿਉ ਚਿਤੁ

(ਪੰਨਾ ੭੫)

ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਸਰਿ ਹੰਸ ਉਲਥੜੇ ਆਇ

ਜੋਬਨੁ ਘਟੈ ਜਰੂਆ ਜਿਣੈ ਵਣਜਾਰਿਆ ਮਿਤ੍ਰਾ ਆਵ ਘਟੈ ਦਿਨੁ ਜਾਇ

ਅੰਤਿ ਕਾਲਿ ਪਛੁਤਾਸੀ ਅੰਧੁਲੇ ਜਾ ਜਮਿ ਪਕੜਿ ਚਲਾਇਆ

ਸਭੁ ਕਿਛੁ ਅਪੁਨਾ ਕਰਿ ਕਰਿ ਰਾਖਿਆ ਖਿਨ ਮਹਿ ਭਇਆ ਪਰਾਇਆ

ਬੁਧਿ ਵਿਸਰਜੀ ਗਈ ਸਿਆਣਪ ਕਰਿ ਅਵਗਣ ਪਛੁਤਾਇ

ਕਹੁ ਨਾਨਕ ਪ੍ਰਾਣੀ ਤੀਜੈ ਪਹਰੈ ਪ੍ਰਭੁ ਚੇਤਹੁ ਲਿਵ ਲਾਇ

(ਪੰਨਾ ੭੬)

ਮਨੁੱਖੀ ਜਨਮ ਜੀਵਨ ਵਿੱਚ ਜਦ ਜਵਾਨੀ ਦਾ ਅੰਤ ਹੁੰਦਾ ਹੈ ਤਾਂ ਬੁਢੇਪਾ ਆ ਘੇਰਦਾ ਹੈ। ਪੰਜ ਗਿਆਨ ਇੰਦਰੀਆਂ ਦੀਆਂ ਸ਼ਕਤੀਆ ਦੁਰਬਲ ਹੋ ਜਾਂਦੀਆਂ ਹਨ। ਜਿਵੇਂ ਅੱਖਾਂ ਦੀ ਦੇਖਣ ਦੀ ਸ਼ਕਤੀ ਘੱਟ ਜਾਂਦੀ ਹੈ ਅਤੇ ਅੱਖਾਂ ਅੱਗੇ ਹਨੇਰਾ ਆਉਣ ਲੱਗ ਜਾਂਦਾ ਹੈ। ਰਸਨਾ ਵਿੱਚ ਸੁਆਦ ਲੈਣ ਦੀ ਸ਼ਕਤੀ ਦਾ ਲਗਭਗ ਅੰਤ ਹੋ ਜਾਂਦਾ ਹੈ। ਸੁਣਨ ਦੀ ਸ਼ਕਤੀ ਘੱਟ ਜਾਂਦੀ ਹੈ। ਬੋਲਣ ਦੀ ਸ਼ਕਤੀ ਦੁਰਬਲ ਹੋ ਜਾਂਦੀ ਹੈ। ਪੰਜ ਕਰਮ ਇੰਦਰੀਆਂ ਦੀਆਂ ਸ਼ਕਤੀਆਂ ਵੀ ਦੁਰਬਲਤਾ ਦਾ ਸ਼ਿਕਾਰ ਹੋ ਜਾਂਦੀਆਂ ਹਨ। ਦੇਹੀ ਬਹੁਤ ਦੁਰਬਲ ਹੋ ਜਾਂਦੀ ਹੈ। ਮਾਸ ਹੱਡਾਂ ਨਾਲੋ ਵੱਖਰਾ ਹੋ ਜਾਂਦਾ ਹੈ ਜਿਸ ਦੇ ਕਾਰਨ ਸਰੀਰਕ ਬਲ ਦਾ ਲਗਭਗ ਅੰਤ ਹੋ ਜਾਂਦਾ ਹੈ। ਸਾਰੀ ਉਮਰ ਆਪਣੇ ਹੀ ਮਨ ਦਾ ਮੁਰੀਦ ਬਣਿਆ ਰਹਿਣ ਕਾਰਨ ਮਾਇਆ ਦੀ ਗੁਲਾਮੀ ਵਿੱਚ ਇਤਨਾ ਰੱਤਿਆ ਜਾਂਦਾ ਹੈ ਕਿ ਸਤਿ ਪਾਰਬ੍ਰਹਮ ਨੂੰ ਪੂਰੀ ਤਰ੍ਹਾਂ ਨਾਲ ਵਿਸਾਰ ਦਿੰਦਾ ਹੈ। ਇਸ ਲਈ ਬੁਢੇਪੇ ਵਿੱਚ ਸੁੱਖ ਕਿਵੇਂ ਮਿਲੇ। ਬੁਢੇਪਾ ਰੋਗਾਂ ਦਾ ਘਰ ਬਣ ਜਾਂਦਾ ਹੈ। ਦੇਹੀ ਦਾ ਰੋਗਾਂ ਦੇ ਨਾਲ ਨਾਸ ਹੋ ਜਾਂਦਾ ਹੈ। ਸਾਰੀ ਉਮਰ ਦੇਹੀ ਦੇ ਸਵਾਦਾਂ ਅਤੇ ਇਨ੍ਹਾਂ ਸਵਾਦਾਂ ਨੂੰ ਜੁਟਾਉਂਦੇ ਅਤੇ ਭੋਗਦੇ ਹੋਏ ਇਸੇ ਦੇਹੀ ਦਾ ਨਾਸ ਕਰ ਬੈਠਦਾ ਹੈ। ਜਿਵੇਂ ਰਾਤ ਦਾ ਅੰਤ ਚੌਥੇ ਪਹਿਰ ਦੇ ਅੰਤ ਨਾਲ ਹੋ ਜਾਂਦਾ ਹੈ ਠੀਕ ਉਸੇ ਤਰ੍ਹਾਂ ਮਨੁੱਖੀ ਜਨਮ ਜੀਵਨ ਦਾ ਅੰਤ ਬੁਢੇਪੇ ਵਿੱਚ ਹੋ ਜਾਂਦਾ ਹੈ।

ਜਵਾਨੀ ਵਿੱਚ ਮਨੁੱਖ ਧਨ ਕਮਾਉਣ, ਪਰਿਵਾਰ ਪਾਲਣ, ਬੇਟੇ-ਬੇਟੀਆਂ ਦੀ ਪੜ੍ਹਾਈ-ਲਿਖਾਈ ਅਤੇ ਉਨ੍ਹਾਂ ਦੇ ਵਿਆਹ-ਸ਼ਾਦੀਆਂ, ਪੋਤੇ-ਪੋਤੀਆਂ, ਦੋਹਤੇ-ਦੋਹਤੀਆਂ ਆਦਿ ਦੀ ਸੇਵਾ ਕਰਨ ਵਿੱਚ ਬਤੀਤ ਕਰ ਦਿੰਦਾ ਹੈ। ਇਸੇ ਤਰ੍ਹਾਂ ਦੇ ਨਾਲ ਮਨੁੱਖਾ ਜੀਵਨ ਦਾ ਬੁਢੇਪੇ ਵਿੱਚ ਕਦੋਂ ਪ੍ਰਵੇਸ਼ ਹੋ ਜਾਂਦਾ ਹੈ ਪਤਾ ਹੀ ਨਹੀਂ ਚਲਦਾ ਹੈ। ਸਾਰੀ ਉਮਰ ਸੰਸਾਰੀ ਧੰਦਿਆਂ ਵਿੱਚ ਉਲਝੇ ਹੋਏ ਮਨੁੱਖ ਨੂੰ ਸਤਿ ਪਾਰਬ੍ਰਹਮ ਬਿਲਕੁਲ ਵਿਸਰਿਆ ਰਹਿੰਦਾ ਹੈ। ਕਈ ਮਨੁੱਖ ਇਹ ਇੰਤਜ਼ਾਰ ਕਰਦੇ ਹਨ ਕਿ ਉਹ ਸੰਸਾਰਿਕ ਧੰਦਿਆਂ ਤੋਂ ਮੁਕਤ ਹੋਣ ‘ਤੇ ਭਜਨ ਬੰਦਗੀ ਕਰਨ ਦਾ ਯਤਨ ਕਰਨਗੇ। ਪਰੰਤੂ ਬਦਕਿਸਮਤੀ ਨਾਲ ਮਾਇਕੀ ਝਮੇਲਿਆਂ ਵਿੱਚ ਉਲਝੇ ਹੋਏ ਮਨੁੱਖ ਦੇ ਜੀਵਨ ਵਿੱਚ ਕਦੇ ਵੀ ਐਸਾ ਸਮਾਂ ਨਹੀਂ ਆਉਂਦਾ ਹੈ। ਸਤਿ ਦਾ ਵਣਜ ਕਰਨ ਆਇਆ ਹੋਇਆ ਮਿੱਤਰ ਵਣਜਾਰਾ ਮਾਇਆ ਦਾ ਵਣਜਾਰਾ ਬਣ ਕੇ ਰਹਿ ਜਾਂਦਾ ਹੈ। ਦਇਆ, ਧਰਮ, ਸੰਤੋਖ, ਸੰਜਮ, ਨਿਮਰਤਾ, ਨਿਰਭੈਤਾ, ਨਿਰਵੈਰਤਾ, ਸਿਮਰਨ, ਸੇਵਾ, ਪਰਉਪਕਾਰ, ਮਹਾ ਪਰਉਪਕਾਰ ਦਾ ਵਣਜ ਕਰਨ ਦੁਨੀਆਂ ‘ਤੇ ਆਇਆ ਮਿੱਤਰ ਵਣਜਾਰਾ (ਮਨੁੱਖ) ਮਇਆ ਦੇ ਵਿਨਾਸ਼ਕਾਰੀ ਤੱਤਾਂ ਦਾ ਵਣਜ ਕਰਦਾ ਹੋਇਆ ਆਪਣਾ ਅਮੁੱਲਾ ਜਨਮ ਜੀਵਨ ਮਾਇਆ ਦੇ ਲੇਖੇ ਲਾ ਕੇ ਇਸ ਨੂੰ ਗੁਆ ਬੈਠਦਾ ਹੈ। ਮਾਇਕੀ ਸ਼ਕਤੀਆਂ ਦੀ ਗੁਲਾਮੀ ਵਿੱਚ ਮਨੁੱਖ ਨੂੰ ਇਸ ਪਰਮ ਸਤਿ ਤੱਤ ਦੀ ਕੋਈ ਸੋਝੀ ਨਹੀਂ ਰਹਿੰਦੀ ਕਿ ਉਸ ਦੀ ਉਮਰ ਦਿਨੋ-ਦਿਨ ਘੱਟ ਰਹੀ ਹੈ ਅਤੇ ਉਸ ਦੀ ਸਵਾਸਾਂ ਦੀ ਪੂੰਜੀ ਨਸ਼ਟ ਹੋਈ ਜਾ ਰਹੀ ਹੈ।

ਮਾਇਆ ਦੇ ਮਿੱਠੇ ਜ਼ਹਿਰ ਨੂੰ ਪੀ-ਪੀ ਕੇ ਮਾਇਆ ਦੇ ਨਸ਼ੇ ਵਿੱਚ ਬੇਹੋਸ਼ ਮਨੁੱਖ ਨੂੰ ਇਹ ਚੇਤਾ ਭੁੱਲ ਜਾਂਦਾ ਹੈ ਕਿ ਉਸ ਦਾ ਜਨਮ ਕਿਸ ਮਨੋਰਥ ਦੀ ਪੂਰਤੀ ਕਰਨ ਲਈ ਹੋਇਆ ਸੀ। ਮਾਇਆ ਦੀਆਂ ਵਿਨਾਸ਼ਕਾਰੀ ਸ਼ਕਤੀਆਂ ਦੇ ਹੱਥੇ ਇਸ ਕਦਰ ਚੜ੍ਹ ਜਾਂਦਾ ਹੈ ਕਿ ਆਪਣੇ ਜੀਵਨ ਦੇ ਅਸਲੀ ਉਦੇਸ਼ ਦੀ ਸੋਝੀ ਪੈਂਦੀ ਹੀ ਨਹੀਂ ਹੈ। ਮੌਤ ਨੂੰ ਭੁੱਲੀ ਬੈਠੇ ਮਾਇਆ ਦੇ ਵਿੱਚ ਬੁਰੀ ਤਰ੍ਹਾਂ ਨਾਲ ਗਲਤਾਨ ਹੋਏ ਮਨੁੱਖ ਨੂੰ ਕਦੋਂ ਜਮ ਆ ਘੇਰਦੇ ਹਨ ਇਸ ਦਾ ਉਸ ਨੂੰ ਪਤਾ ਹੀ ਨਹੀਂ ਚਲਦਾ ਹੈ। ਮਾਇਆ ਵਿੱਚ ਗਲਤਾਨ ਮਨੁੱਖ ਦੇ ਜਦ ਜਮਦੂਤ ਪ੍ਰਾਣ ਹਰਨ ਲਈ ਆ ਜਾਂਦੇ ਹਨ ਤਾਂ ਜਮਦੂਤਾਂ ਦੇ ਅੱਗੇ ਕਿਸੇ ਦੀ ਨਹੀਂ ਚਲਦੀ ਹੈ। ਜਦ ਜਮਦੂਤ ਪ੍ਰਾਣ ਹਰਦੇ ਹਨ ਤਾਂ ਸਾਰੀ ਉਮਰ ਜਿਨ੍ਹਾਂ ਸਾਖਾਂ, ਸੰਬੰਧਾਂ, ਰਿਸ਼ਤਿਆਂ, ਜ਼ਮੀਨਾਂ-ਜਾਇਦਾਦਾਂ, ਧਨ-ਸੰਪਦਾ ਆਦਿ ਨੂੰ ਮੇਰਾ-ਮੇਰਾ ਕਰਦਾ ਰਿਹਾ ਉਨ੍ਹਾਂ ਵਿੱਚੋਂ ਕੋਈ ਸਾਥ ਨਹੀਂ ਦਿੰਦਾ ਹੈ। ਸਾਰੇ ਪਰਿਵਾਰ, ਸਾਖਾਂ, ਸੰਬੰਧਾਂ, ਰਿਸ਼ਤਿਆਂ, ਜ਼ਮੀਨਾਂ ਜਾਇਦਾਦਾਂ, ਧਨ-ਸੰਪਦਾ ਆਦਿ ਵਿੱਚੋਂ ਕੋਈ ਵਸਤੂ ਨਾਲ ਨਹੀਂ ਜਾਂਦੀ ਹੈ। ਸਾਰੇ ਪਰਿਵਾਰ ਨੂੰ ਰੋਂਦੇ ਕੁਰਲਾਂਦੇ ਛੱਡ ਕੇ ਜਮਦੂਤਾਂ ਦੇ ਨਾਲ ਤਾਂ ਇਕੱਲੇ ਹੀ ਜਾਣਾ ਪੈਂਦਾ ਹੈ।

ਮਇਆ ਵਿੱਚ ਗਲਤਾਨ ਮਨੁੱਖ ਦੀ ਮੌਤ ਬਹੁਤ ਭਿਆਨਕ ਹੁੰਦੀ ਹੈ। ਕਿਉਂਕਿ ਮਨੁੱਖ ਦੀ ਦੇਹੀ ਪ੍ਰਾਣ ਛੱਡਣਾ ਨਹੀਂ ਚਾਹੁੰਦੀ ਅਤੇ ਜਮਦੂਤ ਦੇਹੀ ਵਿੱਚੋਂ ਜਦ ਪ੍ਰਾਣ ਖਿੱਚਦੇ ਹਨ ਤਾਂ ਮਨੁੱਖ ਨੂੰ ਬਹੁਤ ਕਸ਼ਟ ਹੁੰਦਾ ਹੈ। ਮਾਇਆ ਵਿੱਚ ਗਲਤਾਨ ਮਨੁੱਖ ਦਾ ਦੇਹੀ ਦੇ ਨਾਲ ਇਤਨਾ ਗਹਿਰਾ ਮੋਹ ਹੁੰਦਾ ਹੈ ਕਿ ਉਹ ਦੇਹੀ ਨੂੰ ਛੱਡਣ ਲਈ ਕਦੇ ਵੀ ਤਿਆਰ ਨਹੀਂ ਹੁੰਦਾ ਹੈ। ਉਹ ਹੋਰ ਜਿਊਣਾ ਚਾਹੁੰਦਾ ਹੈ। ਜਿਵੇਂ ਕਿੱਕਰ ਦੀਆਂ ਸੂਲਾਂ ਵਾਲੀ ਝਾੜੀ ਉੱਪਰ ਜੇ ਕਰ ਇੱਕ ਚਾਦਰ ਵਿਛਾ ਦਿੱਤੀ ਜਾਵੇ ਅਤੇ ਫਿਰ ਉਸ ਨੂੰ ਬੇਦਰਦੀ ਨਾਲ ਖਿੱਚਿਆ ਜਾਵੇ ਤਾਂ ਉਸਦੀਆਂ ਲੀਰਾਂ-ਲੀਰਾਂ ਹੋ ਜਾਣਗੀਆਂ, ਠੀਕ ਇਸੇ ਤਰ੍ਹਾਂ ਦੇ ਨਾਲ ਹੀ ਮਨੁੱਖ ਦਾ ਹਾਲ ਹੁੰਦਾ ਹੈ ਜਦ ਜਮਦੂਤ ਉਸ ਦੀ ਦੇਹੀ ਵਿੱਚੋਂ ਪ੍ਰਾਣ ਖਿੱਚਦੇ ਹਨ। ਜਦ ਜਮਦੂਤ ਮਨੁੱਖ ਦੀ ਦੇਹੀ ਵਿੱਚੋਂ ਪ੍ਰਾਣ ਖਿੱਚਦੇ ਹਨ ਤਾਂ ਉਹ ਬਹੁਤ ਭੈਭੀਤ ਹੋ ਜਾਂਦਾ ਹੈ। ਮਰਦਾ ਹੋਇਆ ਮਨੁੱਖ ਬੋਲਣ ਦੀ ਬਹੁਤ ਕੋਸ਼ਿਸ਼ ਕਰਦਾ ਹੈ ਪਰੰਤੂ ਬੋਲਣ ਵਿੱਚ ਅਸਮਰਥ ਹੁੰਦਾ ਹੈ। ਰੌਲਾ ਪਾਉਣ ਦੀ ਕੋਸ਼ਿਸ਼ ਕਰਦਾ ਹੈ ਪਰੰਤੂ ਮੁਖ ਤੋਂ ਆਵਾਜ਼ ਨਹੀਂ ਨਿਕਲਦੀ ਹੈ। ਆਪਣੇ ਪਰਿਵਾਰ ਦੇ ਬੰਦਿਆਂ ਨੂੰ ਦੱਸਣਾ ਚਾਹੁੰਦਾ ਹੈ ਕਿ ਉਸ ਨਾਲ ਕੀ ਹੋ ਰਿਹਾ ਹੈ ਪਰੰਤੂ ਜਮਦੂਤਾਂ ਦੇ ਅੱਗੇ ਉਸ ਦੀ ਕੋਈ ਸ਼ਕਤੀ ਨਹੀਂ ਚਲਦੀ ਹੈ। ਜੋ ਮਨੁੱਖ ਆਪਣੇ ਜੀਵਨ ਵਿੱਚ ਬਹੁਤ ਸੰਗੀਨ ਕਿਸਮ ਦੇ ਗੁਨਾਹ ਕਰਦੇ ਰਹੇ ਹੋਣ, ਜਿਵੇਂ ਕਿ ਸੰਤ ਦੀ ਨਿੰਦਿਆ, ਸਮੂਹਿਕ ਹਾਨੀ ਕਰਨ ਵਾਲੇ ਗੁਨਾਹ ਆਦਿ, ਉਨ੍ਹਾਂ ਮਨੁੱਖਾਂ ਨੂੰ ਤਾਂ ਜਮਦੂਤਾਂ ਦੀ ਮਾਰ ਮੌਤ ਤੋਂ ਕਈ-ਕਈ ਦਿਨ ਪਹਿਲਾਂ ਹੀ ਪੈਣੀ ਸ਼ੁਰੂ ਹੋ ਜਾਂਦੀ ਹੈ। ਉਨ੍ਹਾਂ ਨੂੰ ਜਮਦੂਤਾਂ ਦੇ ਦਰਸ਼ਨ ਵੀ ਹੋਣ ਲੱਗ ਜਾਂਦੇ ਹਨ। ਐਸੇ ਮਨੁੱਖ ਜਮਦੂਤਾਂ ਤੋਂ ਆਪਣੇ ਬਚਾਉ ਲਈ ਆਪਣੇ ਮੂਹੋਂ ਬਹੁਤ ਤਰਲੇ ਮਿੰਨਤਾਂ ਕਰਦੇ ਹਨ। ਪਰੰਤੂ ਉਸ ਸਮੇਂ ਉਨ੍ਹਾਂ ਦੇ ਤਰਲੇ ਮਿੰਨਤਾਂ ਦਾ ਜਮਦੂਤਾਂ ਉੱਪਰ ਕੋਈ ਅਸਰ ਨਹੀਂ ਹੁੰਦਾ ਹੈ। ਇਸ ਤਰ੍ਹਾਂ ਨਾਲ ਜਮਦੂਤ ਐਸੇ ਗੁਨਾਹਗਾਰਾਂ ਨੂੰ ਮਾਰ-ਮਾਰ ਕੇ ਲੈ ਜਾਂਦੇ ਹਨ। ਕਿਉਂਕਿ ਇਹ ਪਰਮ ਸਤਿ ਹੈ ਕਿ ਮਨੁੱਖ ਜਿਤਨੇ ਸਵਾਸ ਲਿਖਾ ਕੇ ਲਿਆਉਂਦਾ ਹੈ ਠੀਕ ਉਤਨੇ ਸਵਾਸ ਹੀ ਉਸ ਨੂੰ ਪ੍ਰਾਪਤ ਹੁੰਦੇ ਹਨ। ਮਨੁੱਖੀ ਸਵਾਸਾਂ ਦਾ ਲੇਖਾ-ਜੋਖਾ ਇਤਨਾ ਦਰਗਾਹੀ ਹੁਕਮ ਵਿੱਚ ਹੁੰਦਾ ਹੈ ਕਿ ਮਨੁੱਖ ਲਿਖੇ ਗਏ ਸਵਾਸਾਂ ਤੋਂ ਨਾ ਇੱਕ ਸਵਾਸ ਘੱਟ ਅਤੇ ਨਾ ਹੀ ਇੱਕ ਸਵਾਸ ਵੱਧ ਲੈ ਸਕਦਾ ਹੈ।

ਮਨੁੱਖ ਦੀ ਜਦ ਮੌਤ ਹੁੰਦੀ ਹੈ ਅਤੇ ਮਨੁੱਖ ਦੀ ਰੂਹ ਦੇਹੀ ਨੂੰ ਛੱਡਦੀ ਹੈ ਤਾਂ ਮਨੁੱਖ ਨੂੰ ਜਨਮ ਜੀਵਨ ਵਿੱਚ ਕੀਤੇ ਗਏ ਆਪਣੇ ਸਾਰੇ ਮਾੜੇ-ਚੰਗੇ ਕਰਮਾਂ ਦੇ ਫਲ ਦਾ ਗਿਆਨ ਹੁੰਦਾ ਹੈ। ਜਦ ਜਮਦੂਤ ਮਨੁੱਖ ਦੀ ਰੂਹ ਨੂੰ ਦੇਹੀ ਵਿੱਚੋਂ ਖਿੱਚ ਕੇ ਧਰਮ ਰਾਜ ਦੀ ਕਚਹਿਰੀ ਵਿੱਚ ਪੇਸ਼ ਕਰਦੇ ਹਨ ਅਤੇ ਜਦ ਉਸ ਦੇ ਸਾਰੇ ਕਰਮਾਂ ਦਾ ਲੇਖਾ-ਜੋਖਾ ਵਿਚਾਰਿਆ ਜਾਂਦਾ ਹੈ ਤਾਂ ਉਸ ਨੂੰ ਆਪਣੇ ਸਾਰੇ ਕੀਤੇ ਗਏ ਕਰਮਾਂ ਦਾ ਗਿਆਨ ਹੋ ਜਾਂਦਾ ਹੈ। ਜਦੋਂ ਜਮਦੂਤਾਂ ਦੀ ਮਾਰ ਪੈਂਦੀ ਹੈ ਅਤੇ ਉਸ ਦੇ ਕੀਤੇ ਗਏ ਸਾਰੇ ਕਰਮਾਂ ਅਨੁਸਾਰ ਉਸ ਨੂੰ ਸਜ਼ਾਵਾਂ ਲਗਦੀਆਂ ਹਨ ਤਾਂ ਉਸ ਨੂੰ ਆਪਣੇ ਕੀਤੇ ਕਰਮਾਂ ਦਾ ਪਛਤਾਵਾ ਹੁੰਦਾ ਹੈ। ਜਦ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਦੇ ਨਸ਼ੇ ਵਿੱਚ ਮਨੁੱਖ ਦੁਆਰਾ ਕੀਤੇ ਗਏ ਅਸਤਿ ਅਤੇ ਵਿਨਾਸ਼ਕਾਰੀ ਕਰਮਾਂ ਦੇ ਭਿਆਨਕ ਨਤੀਜੇ ਉਸ ਨੂੰ ਭੁਗਤਣੇ ਪੈਂਦੇ ਹਨ ਫਿਰ ਉਹ ਤੌਬਾ ਕਰਦਾ ਹੈ ਅਤੇ ਪਛਤਾਵੇ ਦੀ ਅਗਨ ਵਿੱਚ ਸੜ੍ਹਦਾ-ਬਲਦਾ ਹੈ। ਫਿਰ ਉਸ ਨੂੰ ਮਾਤਾ ਦੇ ਗਰਭ ਵਿੱਚ ਕੀਤੇ ਗਏ ਵਾਅਦੇ ਦੀ ਪ੍ਰਤੀਤ ਹੁੰਦੀ ਹੈ ਅਤੇ ਅਮੁੱਲਾ ਮਨੁੱਖਾ ਜਨਮ ਗੁਆਉਣ ਦਾ ਪਛਤਾਵਾ ਹੁੰਦਾ ਹੈ। ਇਸੇ ਤਰ੍ਹਾਂ ਦੇ ਨਾਲ ਉਸ ਦਾ ਜਨਮ-ਮਰਨ ਦਾ ਚੱਕਰ ਕਦੇ ਖ਼ਤਮ ਨਹੀਂ ਹੁੰਦਾ ਹੈ। ਮਨੁੱਖਾ ਜਨਮ ਜੀਵਨ ਦੇ ਚੌਥੇ ਪਹਿਰ ਦੇ ਵਿੱਚ ਵਾਪਰਦੇ ਇਨ੍ਹਾਂ ਪਰਮ ਸਤਿ ਤੱਤਾਂ ਨੂੰ ਗੁਰਬਾਣੀ ਵਿੱਚ ਪ੍ਰਗਟ ਕੀਤਾ ਗਿਆ ਹੈ:

ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਲਾਵੀ ਆਇਆ ਖੇਤੁ

ਜਾ ਜਮਿ ਪਕੜਿ ਚਲਾਇਆ ਵਣਜਾਰਿਆ ਮਿਤ੍ਰਾ ਕਿਸੈ ਨ ਮਿਲਿਆ ਭੇਤੁ

ਭੇਤੁ ਚੇਤੁ ਹਰਿ ਕਿਸੈ ਨ ਮਿਲਿਓ ਜਾ ਜਮਿ ਪਕੜਿ ਚਲਾਇਆ

ਝੂਠਾ ਰੁਦਨੁ ਹੋਆ ਦੋਆਲੈ ਖਿਨ ਮਹਿ ਭਇਆ ਪਰਾਇਆ

ਸਾਈ ਵਸਤੁ ਪਰਾਪਤਿ ਹੋਈ ਜਿਸੁ ਸਿਉ ਲਾਇਆ ਹੇਤੁ

ਕਹੁ ਨਾਨਕ ਪ੍ਰਾਣੀ ਚਉਥੈ ਪਹਰੈ ਲਾਵੀ ਲੁਣਿਆ ਖੇਤੁ

(ਪੰਨਾ ੭੫)

ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਬਿਰਧਿ ਭਇਆ ਤਨੁ ਖੀਣੁ

ਅਖੀ ਅੰਧੁ ਨ ਦੀਸਈ ਵਣਜਾਰਿਆ ਮਿਤ੍ਰਾ ਕੰਨੀ ਸੁਣੈ ਨ ਵੈਣ

ਅਖੀ ਅੰਧੁ ਜੀਭ ਰਸੁ ਨਾਹੀ ਰਹੇ ਪਰਾਕਉ ਤਾਣਾ

ਗੁਣ ਅੰਤਰਿ ਨਾਹੀ ਕਿਉ ਸੁਖੁ ਪਾਵੈ ਮਨਮੁਖ ਆਵਣ ਜਾਣਾ

ਖੜੁ ਪਕੀ ਕੁੜਿ ਭਜੈ ਬਿਨਸੈ ਆਇ ਚਲੈ ਕਿਆ ਮਾਣੁ

ਕਹੁ ਨਾਨਕ ਪ੍ਰਾਣੀ ਚਉਥੈ ਪਹਰੈ ਗੁਰਮੁਖਿ ਸਬਦੁ ਪਛਾਣੁ

(ਪੰਨਾ ੭੬)

ਧੰਨ ਧੰਨ ਸਤਿਗੁਰੂ ਅਵਤਾਰ ਨਾਨਕ ਪਾਤਸ਼ਾਹ ਜੀ ਨੇ ਬੇਅੰਤ ਦਿਆਲਤਾ ਦੇ ਨਾਲ ਉੱਪਰ ਵਿਚਾਰੇ ਗਏ ਮਨੁੱਖਾ ਜਨਮ ਜੀਵਨ ਦੇ ਚਾਰ ਪਹਿਰਾਂ ਦਾ ਪਰਮ ਸਤਿ ਸਾਰੀ ਲੁਕਾਈ ਦੀ ਝੋਲੀ ਵਿੱਚ ਪਾ ਦਿੱਤਾ ਹੈ। ਮਾਇਆ ਰੂਪ ਸੰਸਾਰ ਵਿੱਚ ਜਨਮ ਉਪਰੰਤ ਵਿਚਰਦੇ ਹੋਏ ਮਨੁੱਖ ਦੀ ਕਥਾ ਦਾ ਪੂਰਨ ਸਤਿ ਵਰਤਾ ਦਿੱਤਾ ਹੈ। ਇਸ ਵਿਸ਼ੇ ‘ਤੇ ਹੋਰ ਵਿਚਾਰ ਕਰਦੇ ਹੋਏ ਸਤਿਗੁਰੂ ਅਵਤਾਰ ਧੰਨ ਧੰਨ ਨਾਨਕ ਪਾਤਸ਼ਾਹ ਜੀ ਨੇ ਮਨੁੱਖਾ ਜਨਮ ਦੀ ਕਥਾ ਦਾ ਪੂਰਨ ਸਤਿ ਹੋਰ ਸੌਖੇ ਸ਼ਬਦਾਂ ਵਿੱਚ ਇਸ ਪਰਮ ਸ਼ਕਤੀਸ਼ਾਲੀ ਸ਼ਲੋਕ ਵਿੱਚ ਵੀ ਪ੍ਰਗਟ ਕੀਤਾ ਹੈ:

:

ਪਹਿਲੈ ਪਿਆਰਿ ਲਗਾ ਥਣ ਦੁਧਿ ਦੂਜੈ ਮਾਇ ਬਾਪ ਕੀ ਸੁਧਿ

ਤੀਜੈ ਭਯਾ ਭਾਭੀ ਬੇਬ ਚਉਥੈ ਪਿਆਰਿ ਉਪੰਨੀ ਖੇਡ

ਪੰਜਵੈ ਖਾਣ ਪੀਅਣ ਕੀ ਧਾਤੁ ਛਿਵੈ ਕਾਮੁ ਨ ਪੁਛੈ ਜਾਤਿ

ਸਤਵੈ ਸੰਜਿ ਕੀਆ ਘਰ ਵਾਸੁ ਅਠਵੈ ਕ੍ਰੋਧੁ ਹੋਆ ਤਨ ਨਾਸੁ

ਨਾਵੈ ਧਉਲੇ ਉਭੇ ਸਾਹ ਦਸਵੈ ਦਧਾ ਹੋਆ ਸੁਆਹ

ਗਏ ਸਿਗੀਤ ਪੁਕਾਰੀ ਧਾਹ ਉਡਿਆ ਹੰਸੁ ਦਸਾਏ ਰਾਹ

ਆਇਆ ਗਇਆ ਮੁਇਆ ਨਾਉ ਪਿਛੈ ਪਤਲਿ ਸਦਿਹੁ ਕਾਵ

ਨਾਨਕ ਮਨਮੁਖਿ ਅੰਧੁ ਪਿਆਰੁ ਬਾਝੁ ਗੁਰੂ ਡੁਬਾ ਸੰਸਾਰੁ

(ਪੰਨਾ ੧੩੭)

ਧੰਨ ਧੰਨ ਸਤਿਗੁਰੂ ਅਵਤਾਰ ਨਾਨਕ ਪਾਤਸ਼ਾਹ ਜੀ ਨੇ ਮਨੁੱਖਾ ਜੀਵਨ ਨੂੰ ਦੱਸ (੧੦) ਹਿੱਸਿਆਂ ਵਿੱਚ ਵੰਡਿਆ ਹੈ।

੧.     ਜਨਮ ਉਪਰੰਤ ਬੱਚੇ ਨੂੰ ਮਾਂ ਦੀ ਮਮਤਾ ਮਿਲਦੀ ਹੈ ਅਤੇ ਉਹ ਮਾਂ ਦੇ ਥਣਾਂ ਵਿੱਚੋਂ ਪ੍ਰਾਪਤ ਦੁੱਧ ਵਿੱਚ ਰੁੱਝ ਜਾਂਦਾ ਹੈ। ਨਵਾਂ ਜੰਮਿਆ ਬੱਚਾ ਮਾਂ ਤੋਂ ਬਗੈਰ ਨਹੀਂ ਰਹਿ ਸਕਦਾ ਹੈ। ਨਾ ਹੀ ਮਾਂ ਆਪਣੇ ਬੱਚੇ ਨੂੰ ਆਪਣੇ ਤੋਂ ਦੂਰ ਕਰ ਸਕਦੀ ਹੈ। ਬੱਚੇ ਵਿੱਚ ਮਾਂ ਦੀ ਜਾਨ ਵਰਤਦੀ ਹੈ ਅਤੇ ਮਾਂ ਵਿੱਚ ਬੱਚੇ ਦੀ ਜਾਨ ਵਰਤਦੀ ਹੈ। ਮਾਂ ਦੇ ਮੋਹ ਦਾ ਆਰੰਭ ਹੋ ਜਾਂਦਾ ਹੈ।

੨.     ਦੂਜੀ ਅਵਸਥਾ ਵਿੱਚ ਜਦੋਂ ਬੱਚਾ ਜ਼ਰਾ ਸਿਆਣਾ ਹੁੰਦਾ ਹੈ ਤਾਂ ਮਾਤਾ-ਪਿਤਾ ਦੀ ਸੋਝੀ ਪੈ ਜਾਂਦੀ ਹੈ। ਮਾਤਾ-ਪਿਤਾ ਦੀ ਪਹਿਚਾਣ ਹੋ ਜਾਂਦੀ ਹੈ। ਮਾਤਾ-ਪਿਤਾ ਦੀ ਪਹਿਚਾਣ ਹੋ ਜਾਣ ‘ਤੇ ਮੇਰੀ-ਮੇਰੀ ਦਾ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਹੈ। ਮਾਤਾ-ਪਿਤਾ ਦੇ ਮੋਹ ਦਾ ਆਰੰਭ ਹੋ ਜਾਂਦਾ ਹੈ।

੩.     ਤੀਜੀ ਅਵਸਥਾ ਵਿੱਚ ਭਰਾ ਅਤੇ ਭੈਣ ਦੀ ਪਹਿਚਾਣ ਹੋਣੀ ਸ਼ੁਰੂ ਹੋ ਜਾਂਦੀ ਹੈ। ਪਰਿਵਾਰ ਦੇ ਹੋਰ ਲੋਕਾਂ ਦੀ ਸੋਝੀ ਆਉਣੀ ਸ਼ੁਰੂ ਹੋ ਜਾਂਦੀ ਹੈ। ਭਾਵ ਬਾਕੀ ਦੇ ਪਰਿਵਾਰਕ ਮੋਹ ਦਾ ਆਰੰਭ ਹੋ ਜਾਂਦਾ ਹੈ। ਮੇਰੀ-ਮੇਰੀ ਦ੍ਰਿੜ੍ਹ ਹੋਣੀ ਸ਼ੁਰੂ ਹੋ ਜਾਂਦੀ ਹੈ।

੪.     ਚੌਥੀ ਅਵਸਥਾ ਵਿੱਚ ਖੇਡਣ ਦੀ ਸੋਝੀ ਪੈਂਦੀ ਹੈ। ਬਾਕੀ ਦੀਆਂ ਵਸਤੂਆਂ ਨਾਲ ਲਗਾਉ ਹੋਣਾ ਸ਼ੁਰੂ ਹੋ ਜਾਂਦਾ ਹੈ। ਖਿਡੌਣਿਆਂ ਨਾਲ ਅਤੇ ਹੋਰ ਸੰਸਾਰਿਕ ਵਸਤੂਆਂ ਨਾਲ ਲਗਾਉ ਹੋਣਾ ਸ਼ੁਰੂ ਹੋ ਜਾਂਦਾ ਹੈ। ਮੇਰੀ-ਮੇਰੀ ਹੋਰ ਦ੍ਰਿੜ੍ਹ ਹੋ ਜਾਂਦੀ ਹੈ।

੫.     ਪੰਜਵੀਂ ਅਵਸਥਾ ਵਿੱਚ ਜੀਭ ਦਾ ਸੁਆਦ ਦ੍ਰਿੜ੍ਹ ਹੋਣਾ ਸ਼ੁਰੂ ਹੋ ਜਾਂਦਾ ਹੈ। ਖਾਣ-ਪੀਣ ਦੀਆਂ ਵਸਤੂਆਂ ਵਿੱਚ ਰੁਚੀ ਵੱਧ ਜਾਂਦੀ ਹੈ। ਖਾਣ-ਪੀਣ ਦੀ ਲਾਲਸਾ ਪ੍ਰਬਲ ਹੋ ਜਾਂਦੀ ਹੈ।

੬.     ਛੇਵੀਂ ਅਵਸਥਾ ਵਿੱਚ ਜਦ ਜਵਾਨੀ ਵਿੱਚ ਪੈਰ ਰੱਖਦਾ ਹੈ ਤਾਂ ਕਾਮ ਦੀਆਂ ਇੱਛਾਵਾਂ ਜਾਗ ਉੱਠਦੀਆਂ ਹਨ। ਤ੍ਰਿਸ਼ਣਾ ਪ੍ਰਬਲ ਹੋ ਜਾਂਦੀ ਹੈ। ਕਾਮਨਾਵਾਂ ਵਿੱਚ ਉਤਰਨਾ ਸ਼ੁਰੂ ਹੋ ਜਾਂਦਾ ਹੈ। ਕਾਮ ਵਾਸਨਾ ਦਾ ਸ਼ਿਕਾਰ ਹੋਣਾ ਸ਼ੁਰੂ ਹੋ ਜਾਂਦਾ ਹੈ। ਕਾਮ ਦੇ ਨਸ਼ੇ ਵਿੱਚ ਜਾਤ-ਕੁਜਾਤ ਦੀ ਸੋਝੀ ਨਹੀਂ ਰਹਿੰਦੀ ਹੈ। ਭਾਵ ਮਾਇਆ ਦੇ ਜਾਲ ਵਿੱਚ ਹੋਰ ਗਹਿਰਾ ਫਸਣਾ ਸ਼ੁਰੂ ਹੋ ਜਾਂਦਾ ਹੈ। ਤ੍ਰਿਸ਼ਣਾ ਨੂੰ ਬੁਝਾਉਣ ਦੇ ਯਤਨ ਵਿੱਚ ਪੰਜ ਚੰਡਾਲਾਂ (ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ) ਦੀਆਂ ਵਿਨਾਸ਼ਕਾਰੀ ਸ਼ਕਤੀਆਂ ਦੀ ਗੁਲਾਮੀ ਸ਼ੁਰੂ ਹੋ ਜਾਂਦੀ ਹੈ। ਵਿਹਾਰ ਵਿੱਚ ਮਨਮਤਿ ਜ਼ੋਰ ਫੜ ਲੈਂਦੀ ਹੈ। ਮਨਮਤਿ ਵਿੱਚ ਮਾੜੇ-ਚੰਗੇ ਕਰਮਾਂ ਦੀ ਪਹਿਚਾਣ ਕਰਨ ਦੀ ਸੂਝ-ਬੂਝ ਨਹੀਂ ਰਹਿੰਦੀ ਹੈ। ਕੂੜ ਕਰਮਾਂ ਦਾ ਬੋਲਬਾਲਾ ਹੋਣਾ ਸ਼ੁਰੂ ਹੋ ਜਾਂਦਾ ਹੈ। ਅਸਤਿ ਕਰਮਾਂ ਨੂੰ ਅੰਜਾਮ ਦੇਣਾ ਸ਼ੁਰੂ ਹੋ ਜਾਂਦਾ ਹੈ। ਮਾਇਆ ਦਾ ਰੰਗ ਗਹਿਰਾ ਚੜ੍ਹਨਾ ਸ਼ੁਰੂ ਹੋ ਜਾਂਦਾ ਹੈ।

੭.     ਸਤਵੀਂ ਅਵਸਥਾ ਵਿੱਚ ਆਪਣਾ ਘਰ ਪਰਿਵਾਰ ਬਣਾਉਣ ਵਿੱਚ ਰੁੱਝ ਜਾਂਦਾ ਹੈ। ਧਨ-ਸੰਪਦਾ ਅਤੇ ਹੋਰ ਸੰਸਾਰਿਕ ਸੁਵਿਧਾਵਾਂ ਅਤੇ ਪਦਾਰਥਾਂ ਨੂੰ ਇਕੱਤਰ ਕਰਨ ਵਿੱਚ ਰੁੱਝ ਜਾਂਦਾ ਹੈ। ਗ੍ਰਹਿਸਤ ਜੀਵਨ ਵਿੱਚ ਡੂੰਘਾ ਖੁਭ ਜਾਂਦਾ ਹੈ। ਪਰਿਵਾਰਕ ਮੋਹ-ਮਾਇਆ ਦਾ ਰੰਗ ਚੜ੍ਹ ਜਾਂਦਾ ਹੈ। ਮਾਇਕੀ ਬਿਰਤੀਆਂ ਦਾ ਰੰਗ ਹੋਰ ਗਹਿਰਾ ਹੋ ਜਾਂਦਾ ਹੈ। ਪਤੀ, ਪਤਨੀ, ਪੁੱਤਰ, ਧੀਆਂ ਆਦਿ ਦੇ ਵਿੱਚ ਰੁੱਝ ਜਾਂਦਾ ਹੈ ਜਿਸ ਦੇ ਨਾਲ ਸੰਸਾਰਿਕ ਬਿਰਤੀਆਂ ਵਿੱਚ ਹੋਰ ਉਲਝ ਜਾਂਦਾ ਹੈ। ਦੁਨਿਆਵੀ ਦੁੱਖਾਂ, ਕਲੇਸ਼ਾਂ, ਮੁਸੀਬਤਾਂ, ਪਰੇਸ਼ਾਨੀਆਂ, ਸਮੱਸਿਆਵਾਂ ਆਦਿ ਨਾਲ ਘਿਰ ਜਾਂਦਾ ਹੈ। ਮਾਇਕੀ ਜੰਜਾਲ ਵਿੱਚ ਡੂੰਘਾ ਫਸ ਜਾਂਦਾ ਹੈ।

੮.     ਅਠਵੀਂ ਅਵਸਥਾ ਵਿੱਚ ਸੰਸਾਰਿਕ ਪਰਿਵਾਰਕ ਝਮੇਲਿਆਂ, ਝਗੜਿਆਂ, ਦੁੱਖਾਂ, ਕਲੇਸ਼ਾਂ, ਮੁਸੀਬਤਾਂ, ਪਰੇਸ਼ਾਨੀਆਂ, ਸਮੱਸਿਆਵਾਂ ਆਦਿ ਨਾਲ ਘਿਰ ਜਾਣ ਕਾਰਨ ਕ੍ਰੋਧ ਚੰਡਾਲ ਦੇ ਕੋਪ ਨਾਲ ਗ੍ਰਸਤ ਹੋ ਜਾਂਦਾ ਹੈ। ਅਹੰਕਾਰ ਚੰਡਾਲ ਅਤੇ ਕ੍ਰੋਧ ਚੰਡਾਲ ਹੋਰ ਪ੍ਰਬਲ ਹੋ ਜਾਂਦੇ ਹਨ। ਤ੍ਰਿਸ਼ਣਾ ਅਤੇ ਪੰਜ ਚੰਡਾਲਾਂ ਦੀ ਗੁਲਾਮੀ ਵਿੱਚ ਪੂਰੀ ਤਰ੍ਹਾਂ ਨਾਲ ਗ੍ਰਸਤ ਹੋ ਜਾਂਦਾ ਹੈ। ਮਾਇਆ ਦੇ ਦਲਦਲ ਵਿੱਚ ਪੂਰਨ ਤੌਰ ‘ਤੇ ਖੁਭ ਜਾਂਦਾ ਹੈ। ਮਾਇਆ ਦੀ ਗੁਲਾਮੀ ਵਿੱਚ ਸਾਰੇ ਅਸਤਿ ਕਰਮ ਕਰਦਾ ਹੈ ਜਿਸ ਦੇ ਕਾਰਨ ਦੇਹੀ ਉੱਪਰ ਮਾਇਕੀ ਵਿਨਾਸ਼ਕਾਰੀ ਸ਼ਕਤੀਆਂ ਦਾ ਗਹਿਰਾ ਅਸਰ ਪੈਂਦਾ ਹੈ। ਜਿਸ ਦੇ ਕਾਰਨ ਦੇਹੀ ਵਿੱਚ ਰੋਗਾਂ ਦੀ ਭਰਮਾਰ ਹੋਣੀ ਸ਼ੁਰੂ ਹੋ ਜਾਂਦੀ ਹੈ। ਮਾਇਆ ਦੇਹੀ ਦਾ ਨਾਸ ਕਰ ਦਿੰਦੀ ਹੈ।

੯.     ਉਮਰ ਦੀ ਨੌਵੀਂ ਅਵਸਥਾ ਵਿੱਚ ਮਨੁੱਖ ਦੇ ਵਾਲ ਚਿੱਟੇ ਹੋ ਜਾਂਦੇ ਹਨ। ਦੰਦ ਟੁੱਟ ਜਾਂਦੇ ਹਨ। ਅੱਖਾਂ ਦੁਰਬਲ ਹੋ ਜਾਂਦੀਆਂ ਹਨ। ਅੱਖਾਂ ਤੋਂ ਦਿਸਣਾ ਘੱਟ ਜਾਂਦਾ ਹੈ। ਸੁਣਨ ਦੀ ਸ਼ਕਤੀ ਦੁਰਬਲ ਹੋ ਜਾਂਦੀ ਹੈ। ਸਾਹ ਲੈਣ ਵਿੱਚ ਕਸ਼ਟ ਹੋਣ ਲੱਗ ਪੈਂਦਾ ਹੈ। ਭਾਵ ਦੇਹੀ ਦੇ ਸਾਰੇ ਅੰਗ ਦੁਰਬਲ ਹੋ ਜਾਂਦੇ ਹਨ। ਪੰਜੇ ਗਿਆਨ ਇੰਦਰੀਆਂ ਦੀਆਂ ਸ਼ਕਤੀਆਂ ਦੁਰਬਲ ਹੋ ਜਾਂਦੀਆਂ ਹਨ। ਪੰਜੇ ਕਰਮ ਇੰਦਰੀਆਂ ਦੁਰਬਲ ਹੋ ਜਾਂਦੀਆਂ ਹਨ। ਦੇਹੀ ਰੋਗਾਂ ਨਾਲ ਗ੍ਰਸਤ ਹੋ ਜਾਂਦੀ ਹੈ। ਮਾਇਆ ਦੇਹੀ ਨੂੰ ਪੂਰੀ ਤਰ੍ਹਾਂ ਨਾਲ ਤਬਾਹ ਕਰ ਦਿੰਦੀ ਹੈ।

੧੦.   ਦਸਵੀਂ ਅਵਸਥਾ ਵਿੱਚ ਦੇਹੀ ਦਾ ਅੰਤ ਹੁੰਦਾ ਹੈ। ਸਵਾਸ ਖ਼ਤਮ ਹੋ ਜਾਂਦੇ ਹਨ। ਪ੍ਰਾਣ ਪੰਖੇਰੂ ਉੱਡ ਜਾਂਦੇ ਹਨ। ਦੇਹੀ ਅਗਨ ਭੇਟ ਕਰ ਦਿੱਤੀ ਜਾਂਦੀ ਹੈ। ਜਿਸ ਦੇਹੀ ਦੀ ਸੇਵਾ ਲਈ ਸਾਰਾ ਜੀਵਨ ਉਪਰਾਲਿਆਂ ਵਿੱਚ ਜੁੱਟਿਆ ਰਹਿੰਦਾ ਹੈ ਉਹ ਦੇਹੀ ਸੜ੍ਹ ਕੇ ਸੁਆਹ ਹੋ ਜਾਂਦੀ ਹੈ। ਜੀਵ ਆਤਮਾ ਦੇਹੀ ਨੂੰ ਛੱਡ ਕੇ ਜਮਦੂਤਾਂ ਦੇ ਨਾਲ ਚਲੀ ਜਾਂਦੀ ਹੈ। ਸਾਰਾ ਪਰਿਵਾਰ, ਮਿੱਤਰ, ਸੰਬੰਧੀ ਢਾਹਾਂ ਮਾਰ-ਮਾਰ ਕੇ ਰੋਂਦੇ-ਕੁਰਲਾਂਦੇ ਹਨ।

ਇਸ ਤਰ੍ਹਾਂ ਦੇ ਨਾਲ ਮਨੁੱਖ ਸੰਸਾਰ ਵਿੱਚ ਆਉਂਦਾ ਹੈ ਅਤੇ ਤੁਰ ਜਾਂਦਾ ਹੈ। ਆਪਣੇ ਮਨੁੱਖਾ ਜਨਮ ਦੇ ਅਸਲੀ ਮੰਤਵ ਨੂੰ ਭੁਲਾ ਕੇ ਮਇਆ ਦੇ ਵਿੱਚ ਗਲਤਾਨ ਹੋ ਕੇ, ਸਤਿ ਪਾਰਬ੍ਰਹਮ ਪਰਮੇਸ਼ਰ ਨੂੰ ਵਿਸਾਰ ਕੇ, ਆਪਣਾ ਅਮੁੱਲਾ ਹੀਰਾ ਜਨਮ ਗੁਆ ਕੇ ਚਲਾ ਜਾਂਦਾ ਹੈ। ਮਨਮਤਿ ਮਾਇਆ ਹੈ। ਮਨ ਮਾਇਆ ਹੈ। ਹਿਰਦਾ ਸਤਿ ਪਾਰਬ੍ਰਹਮ ਪਰਮੇਸ਼ਰ ਆਪ ਹੈ। ਹਿਰਦਾ ਜੋਤ ਹੈ। ਮਨਮਤਿ ਵਾਲਾ ਪਿਆਰ ਸੰਸਾਰਿਕ ਮੋਹ ਹੈ। ਮਨਮਤਿ ਵਾਲਾ ਪਿਆਰ ਸਤਿ ਪਾਰਬ੍ਰਹਮ ਨਾਲ ਸੱਚਾ ਪਿਆਰ ਨਹੀਂ ਹੁੰਦਾ ਹੈ। ਸੰਸਾਰ ਨੂੰ ਪਿਆਰ (ਮੋਹ) ਕਰਨ ਨਾਲ ਮਨੁੱਖ ਆਪਣਾ ਜਨਮ ਗੁਆ ਬੈਠਦਾ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਦਾ ਪਿਆਰ ਪੂਰਨ ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਜਾਣ ਨਾਲ ਹੀ ਪ੍ਰਾਪਤ ਹੁੰਦਾ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਦੀ ਬੰਦਗੀ ਕੇਵਲ ਪੂਰੇ ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਜਾ ਕੇ ਹੀ ਪ੍ਰਾਪਤ ਹੁੰਦੀ ਹੈ। ਮਨੁੱਖਾ ਜਨਮ ਨੂੰ ਸਫ਼ਲ ਕਰਨ ਦੀ ਜੁਗਤੀ ਕੇਵਲ ਪੂਰੇ ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਜਾਣ ਨਾਲ ਹੀ ਪ੍ਰਾਪਤ ਹੁੰਦੀ ਹੈ। ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਕੇਵਲ ਪੂਰੇ ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਜਾਣ ਨਾਲ ਹੀ ਪ੍ਰਾਪਤ ਹੁੰਦੀ ਹੈ।

ਮਨੁੱਖਾ ਜਨਮ ਜੀਵਨ ਦੀ ਉਮਰ ਦੇ ਹਿਸਾਬ ਨਾਲ ਵੀ ਜੋ ਦਸ਼ਾ ਹੁੰਦੀ ਹੈ ਉਸ ਪਰਮ ਸਤਿ ਨੂੰ ਧੰਨ ਧੰਨ ਸਤਿਗੁਰੂ ਅਵਤਾਰ ਨਾਨਕ ਪਾਤਸ਼ਾਹ ਜੀ ਨੇ ਇਸ ਪਰਮ ਸ਼ਕਤੀਸ਼ਾਲੀ ਸ਼ਲੋਕ ਵਿੱਚ ਪ੍ਰਗਟ ਕੀਤਾ ਹੈ:

:

ਦਸ ਬਾਲਤਣਿ ਬੀਸ ਰਵਣਿ ਤੀਸਾ ਕਾ ਸੁੰਦਰੁ ਕਹਾਵੈ

ਚਾਲੀਸੀ ਪੁਰੁ ਹੋਇ ਪਚਾਸੀ ਪਗੁ ਖਿਸੈ ਸਠੀ ਕੇ ਬੋਢੇਪਾ ਆਵੈ

ਸਤਰਿ ਕਾ ਮਤਿਹੀਣੁ ਅਸੀਹਾਂ ਕਾ ਵਿਉਹਾਰੁ ਨ ਪਾਵੈ

ਨਵੈ ਕਾ ਸਿਹਜਾਸਣੀ ਮੂਲਿ ਨ ਜਾਣੈ ਅਪ ਬਲੁ

ਢੰਢੋਲਿਮੁ ਢੂਢਿਮੁ ਡਿਠੁ ਮੈ ਨਾਨਕ ਜਗੁ ਧੂਏ ਕਾ ਧਵਲਹਰੁ

(ਪੰਨਾ ੧੩੮)

ਮਨੁੱਖਾ ਜਨਮ ਜੀਵਨ ਦਾ ਇਹ ਪਰਮ ਸਤਿ ਹੈ ਕਿ ਦਸ (੧੦) ਸਾਲਾਂ ਤੱਕ ਮਨੁੱਖ ਦਾ ਜੀਵਨ ਬਾਲਪਣ ਵਿੱਚ ਵਿਚਰਦਾ ਹੈ। ਬਾਲਪਣ ਵਿੱਚ ਮਾਇਆ ਦਾ ਰੰਗ ਚੜ੍ਹਨਾ ਸ਼ੁਰੂ ਹੋ ਜਾਂਦਾ ਹੈ। ਵੀਹਾਂ (੨੦) ਸਾਲਾਂ ਦਾ ਹੋ ਕੇ ਜਵਾਨੀ ਦੀ ਅਵਸਥਾ ਵਿੱਚ ਵਿਚਰਦਾ ਹੈ। ਜਵਾਨੀ ਵਿੱਚ ਮਾਇਕੀ ਬਿਰਤੀਆਂ ਹੋਰ ਡੂੰਘੀਆਂ ਹੋ ਜਾਂਦੀਆਂ ਹਨ। ਕਾਮਨਾਵਾਂ ਦਾ ਸ਼ਿਕਾਰ ਹੋਣ ਲੱਗ ਪੈਂਦਾ ਹੈ। ਤ੍ਰਿਸ਼ਣਾ ਦੀ ਵਿਨਾਸ਼ਕਾਰੀ ਸ਼ਕਤੀ ਪ੍ਰਬਲ ਹੋ ਜਾਂਦੀ ਹੈ। ਕਾਮ ਚੰਡਾਲ ਦੀ ਵਿਨਾਸ਼ਕਾਰੀ ਸ਼ਕਤੀ ਦਾ ਗੁਲਾਮ ਬਣ ਜਾਂਦਾ ਹੈ। ਕਾਮ ਵਾਸਨਾ ਵਿੱਚ ਉਲਝ ਕੇ ਕਈ ਅਸਤਿ ਕਰਮ ਕਰਨ ਲੱਗ ਜਾਂਦਾ ਹੈ। ਤੀਹਾਂ (੩੦) ਸਾਲਾਂ ਵਿੱਚ ਸੋਹਣਾ ਅਖਵਾਉਂਦਾ ਹੈ। ਮਾਇਆ ਦਾ ਰੰਗ ਹੋਰ ਗਹਿਰਾ ਚੜ੍ਹ ਜਾਂਦਾ ਹੈ। ਚਾਲੀ (੪੦) ਸਾਲਾਂ ਤੱਕ ਭਰਪੂਰ ਜਵਾਨੀ ਦੀ ਅਵਸਥਾ ਵਿੱਚ ਅੱਪੜ ਜਾਂਦਾ ਹੈ। ਮਾਇਆ ਦੇ ਰੰਗ ਵਿੱਚ ਹੋਰ ਰੰਗਿਆ ਜਾਂਦਾ ਹੈ। ਮਾਇਆ ਦੇ ਵਿੱਚ ਗਲਤਾਨ ਹੋ ਜਾਂਦਾ ਹੈ। ਪੰਜਾਹ (੫੦) ਸਾਲਾਂ ‘ਤੇ ਅੱਪੜ ਕੇ ਜਵਾਨੀ ਢਲ਼ਨੀ ਸ਼ੁਰੂ ਹੋ ਜਾਂਦੀ ਹੈ। ਮਾਇਆ ਵਿੱਚ ਪੂਰੀ ਤਰ੍ਹਾਂ ਨਾਲ ਗਲਤਾਨ ਹੋ ਜਾਂਦਾ ਹੈ। ਸੱਠ (੬੦) ਸਾਲਾਂ ‘ਤੇ ਬੁਢੇਪਾ ਆ ਘੇਰਦਾ ਹੈ। ਸਰੀਰ ਦੁਰਬਲ ਹੋ ਜਾਂਦਾ ਹੈ। ਦੇਹੀ ਰੋਗਾਂ ਨਾਲ ਗ੍ਰਸਤ ਹੋ ਜਾਂਦੀ ਹੈ। ਜਿਸ ਦੇ ਨਾਲ ਸਰੀਰਕ ਬਲ ਨਾਲ ਕਰਮ ਕਰਨ ਦੀ ਸ਼ਕਤੀ ਕਮਜ਼ੋਰ ਪੈ ਜਾਂਦੀ ਹੈ। ਮਾਇਆ ਪੂਰਨ ਤੌਰ ‘ਤੇ ਆਪਣਾ ਗੁਲਾਮ ਬਣਾ ਲੈਂਦੀ ਹੈ। ਸੱਤਰ (੭੦) ਸਾਲਾਂ ਦੀ ਉਮਰ ਵਿੱਚ ਅਕਲ ਤੋਂ ਹੀਣਾ ਹੋ ਜਾਂਦਾ ਹੈ। ਭਾਵ ਸੋਚਣ-ਸਮਝਣ ਦੀ ਸ਼ਕਤੀ ਚਲੀ ਜਾਂਦੀ ਹੈ। ਸਰੀਰਕ ਅਤੇ ਮਾਨਸਿਕ ਤੌਰ ‘ਤੇ ਦੁਰਬਲ ਹੋ ਜਾਂਦਾ ਹੈ। ਦੂਜਿਆਂ ‘ਤੇ ਨਿਰਭਰ ਹੋ ਜਾਂਦਾ ਹੈ। ਅੱਸੀ (੮੦) ਸਾਲਾਂ ਦਾ ਹੋ ਕੇ ਤਾਂ ਬਿਲਕੁਲ ਕਿਸੇ ਕੰਮ ਜੋਗਾ ਨਹੀਂ ਰਹਿੰਦਾ ਹੈ। ਨੱਬੇ (੯੦) ਸਾਲਾਂ ਤੱਕ ਤਾਂ ਮੰਜਾ ਮੱਲ ਬੈਠਦਾ ਹੈ। ਆਪਣਾ ਆਪ ਨਹੀਂ ਸੰਭਾਲ ਸਕਦਾ ਹੈ। ਇਹ ਸਾਰਾ ਪਰਮ ਸਤਿ ਦੇਖਣ, ਜਾਣਨ ਅਤੇ ਸਮਝਣ ਤੋਂ ਉਪਰੰਤ ਇਹ ਹੀ ਸਿੱਟਾ ਨਿਕਲਦਾ ਹੈ ਕਿ ਇਹ ਸੰਸਾਰ ਦੇਖਣ ਨੂੰ ਤਾਂ ਬਹਤ ਸੋਹਣਾ ਲੱਗਦਾ ਹੈ ਪਰੰਤੂ ਅਸਲੀਅਤ ਵਿੱਚ ਇਹ ਸੰਸਾਰ ਕੇਵਲ ਅਗਿਆਨਤਾ ਦਾ ਡੂੰਘਾ ਹਨੇਰਾ ਹੀ ਹਨੇਰਾ ਹੈ। ਭਾਵ ਸਾਰਾ ਸੰਸਾਰ, ਸੰਸਾਰਿਕ ਰਿਸ਼ਤੇ, ਪਰਿਵਾਰ, ਸੰਬੰਧ, ਪਦਾਰਥ, ਆਦਿ ਸਭ ਮਾਇਆ ਦੁਆਰਾ ਬੁਣਿਆ ਗਿਆ ਭਰਮਾਂ ਦਾ ਜਾਲ ਹੈ। ਇਹ ਸਭ ਕੁਝ ਬਿਨਸਣਹਾਰ ਹੈ। ਜਿਵੇਂ ਮਨੁੱਖ ਬਿਨਸ ਜਾਂਦਾ ਹੈ ਉਵੇਂ ਹੀ ਸਾਰਾ ਸੰਸਾਰ ਬਿਨਸ ਜਾਂਦਾ ਹੈ। ਕਾਲ ਵਿੱਚ ਉਤਪਤ ਹੋਈ ਹਰ ਇੱਕ ਰਚਨਾ ਕਾਲ ਵਿੱਚ ਹੀ ਬਿਨਸ ਜਾਂਦੀ ਹੈ। ਮਨੁੱਖ ਅਗਿਆਨਤਾ ਵੱਸ ਮਾਇਆ ਦੇ ਇਸ ਝੂਠੇ ਭਰਮ ਜਾਲ ਵਿੱਚ ਫਸ ਕੇ ਆਪਣਾ ਜਨਮ ਜੀਵਨ ਗੁਆ ਬੈਠਦਾ ਹੈ।

‘ਜੈਸੀ ਅਗਨਿ ਉਦਰ’ ਵਿੱਚ ਮਨੁੱਖ ਮਾਤਾ ਦੇ ਗਰਭ (ਕੁੰਭੀ ਨਰਕ ਵਿਸ਼ਟਾ ਤੁੱਲ) ਵਿੱਚ ਪੁੱਠਾ ਲਟਕਿਆ ਹੋਇਆ ੯ ਮਹੀਨੇ ਤੱਕ ਤੱਪ ਕਰਦਾ ਹੈ ਠੀਕ ‘ਤੈਸੀ ਬਾਹਰਿ ਮਾਇਆ’ ਅਗਨ ਵਿੱਚ ਮਨੁੱਖ ਜਨਮ ਤੋਂ ਉਪਰੰਤ ਵਿਚਰਦੇ ਹੋਏ ਸੜ੍ਹਦਾ-ਬਲਦਾ ਅਮੋਲਕ ਰਤਨ ਹੀਰਾ ਜਨਮ ਜੀਵਨ ਗੁਆ ਬੈਠਦਾ ਹੈ। ਤ੍ਰਿਸ਼ਣਾ ਦੀ ਅਗਨ ਵਿੱਚ ਝੁਲਸਦਾ ਹੋਇਆ ਮਨੁੱਖ ਕਾਮ ਚੰਡਾਲ, ਕ੍ਰੋਧ ਚੰਡਾਲ, ਲੋਭ ਚੰਡਾਲ, ਮੋਹ ਚੰਡਾਲ ਅਤੇ ਅਹੰਕਾਰ ਚੰਡਾਲ ਦੀਆਂ ਮਹਾ ਵਿਨਾਸ਼ਕਾਰੀ ਸ਼ਕਤੀਆਂ ਦੀ ਗੁਲਾਮੀ ਵਿੱਚ ਆਪਣਾ ਸਾਰਾ ਜੀਵਨ ਨਰਕ ਬਣਾ ਕੇ ਗੁਆ ਬੈਠਦਾ ਹੈ। ਮਾਇਆ ਦੀ ਗੁਲਾਮੀ ਵਿੱਚ ਦੁੱਖ ਹੀ ਦੁੱਖ ਹੈ। ਮਾਇਆ ਨੂੰ ਗੁਲਾਮ ਬਣਾ ਕੇ ਰੱਖਣ ਵਿੱਚ ਹੀ ਅਸਲੀ ਅਤੇ ਸਦਾ ਸੁੱਖ ਦੀ ਪ੍ਰਾਪਤੀ ਹੈ। ਮਾਤਾ ਦੇ ਗਰਭ ਵਿੱਚ ਤਾਂ ਸੋਝੀ ਹੁੰਦੀ ਹੈ। ਇਸ ਲਈ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਚਰਨਾਂ ਵਿੱਚ ਲਿਵ ਲਾਈ ਰੱਖਦਾ ਹੈ। ਪਰੰਤੂ ਜਨਮ ਹੁੰਦੇ ਹੀ ਮਾਇਆ ਦੀ ਅਗਨ ਉਸ ਨੂੰ ਘੇਰ ਲੈਂਦੀ ਹੈ। ਕਰਮ ਦੇ ਦਰਗਾਹੀ ਵਿਧਾਨ ਅਨੁਸਾਰ ਮਨੁੱਖ ਦਾ ਜਨਮ ਅਤੇ ਮਰਨ ਨਿਸ਼ਚਿਤ ਹੁੰਦਾ ਹੈ। ਇਸ ਲਈ ਮਨੁੱਖਾ ਜਨਮ ਅਤੇ ਮਰਨ ਦਰਗਾਹੀ ਹੁਕਮ ਅਨੁਸਾਰ ਹੁੰਦਾ ਹੈ। ਜਨਮ ਤੋਂ ਉਪਰੰਤ ਮਨੁੱਖ ਨੂੰ ਪਰਿਵਾਰ ਦੀ ਪ੍ਰਾਪਤੀ ਹੁੰਦੀ ਹੈ। ਪਰਿਵਾਰ ਦੇ ਲੋਕ ਜਦ ਨਵੇਂ ਜੰਮੇ ਬੱਚੇ ਨੂੰ ਪਿਆਰ ਕਰਦੇ ਹਨ ਤਾਂ ਉਸ ਦੀ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਾਲ ਜੁੜੀ ਹੋਈ ਲਿਵ ਟੁੱਟ ਜਾਂਦੀ ਹੈ ਅਤੇ ਉਹ ਪਰਿਵਾਰਕ ਮੋਹ ਦੇ ਵਿੱਚ ਪੈ ਕੇ ਮਾਇਕੀ ਸ਼ਕਤੀਆਂ ਦੀ ਗੁਲਾਮੀ ਵਿੱਚ ਉਤਰ ਜਾਂਦਾ ਹੈ।

ਇਹ ਪਰਮ ਸਤਿ ਹੈ ਕਿ ਮਾਇਆ ਦੀ ਰਚਨਾ ਵੀ ਸਤਿ ਪਾਰਬ੍ਰਹਮ ਪਰਮੇਸ਼ਰ ਨੇ ਹੀ ਕੀਤੀ ਹੈ। ਮਾਇਆ ਦੀ ਰਚਨਾ ਸੰਸਾਰ ਨੂੰ ਸਥਾਪਿਤ ਕਰਨ ਵਾਸਤੇ ਹੋਈ ਹੈ। ਮਾਇਆ ਦੀ ਰਚਨਾ ਸੰਸਾਰ ਨੂੰ ਚਲਾਉਣ ਵਾਸਤੇ ਹੋਈ ਹੈ। ਪੰਜ ਦੂਤਾਂ ਦੀ ਰਚਨਾ ਦਾ ਅਸਲੀ ਮੰਤਵ ਮਨੁੱਖ ਦੀ ਸੇਵਾ ਕਰਨਾ ਹੈ। ਮਾਇਆ ਦਾ ਅਸਲੀ ਮੰਤਵ ਮਨੁੱਖ ਦੀ ਸੇਵਾ ਕਰਨਾ ਹੈ। ਲੇਕਿਨ ਮਨੁੱਖ ਮਾਇਆ ਨੂੰ ਆਪਣਾ ਦਾਸ ਬਣਾ ਕੇ ਰੱਖਣ ਦੀ ਬਜਾਏ ਆਪ ਮਾਇਆ ਦਾ ਦਾਸ ਬਣ ਜਾਂਦਾ ਹੈ। ਮਾਇਆ ਨੂੰ ਗੁਲਾਮ ਬਣਾ ਕੇ ਰੱਖਣ ਦੀ ਬਜਾਇ ਮਨੁੱਖ ਮਾਇਆ ਦਾ ਗੁਲਾਮ ਬਣ ਜਾਂਦਾ ਹੈ। ਸਤਿ ਵਿੱਚੋਂ ਜੰਮੇ ਮਨੁੱਖਾ ਜਨਮ ਦਾ ਮੰਤਵ ਹੈ ਮਾਇਆ ਵਿੱਚ ਵਿਚਰਦੇ ਹੋਏ, ਮਾਇਆ ਤੋਂ ਨਿਰਲੇਪ ਰਹਿ ਕੇ, ਸਤਿ ਦੀ ਕਰਨੀ ਅਤੇ ਸਤਿ ਦੀ ਸੇਵਾ ਕਰਦੇ ਹੋਏ, ਸਤਿ ਦੀ ਕਮਾਈ ਕਰਦੇ ਹੋਏ, ਆਪਣੇ ਆਪ ਨੂੰ ਨਿਰਦਾਗ਼ ਰੱਖਦੇ ਹੋਏ ਸਤਿ ਵਿੱਚ ਸਮਾ ਜਾਣਾ ਹੈ।

ਕਰਮ ਦਾ ਦਰਗਾਹੀ ਵਿਧਾਨ ਅਟੱਲ ਹੁਕਮ ਹੈ। ਕਰਮ ਦੇ ਵਿਧਾਨ ਅਨੁਸਾਰ ਆਪਣੇ ਮਨੁੱਖਾ ਜਨਮ ਜੀਵਨ ਵਿੱਚ ਮਨੁੱਖ ਜਿਸ ਤਰ੍ਹਾਂ ਦੇ ਕਰਮ ਕਰਦਾ ਹੈ ਉਸ ਨੂੰ ਦੇਹੀ ਛੱਡਣ (ਮੌਤ) ਤੋਂ ਬਾਅਦ ਉਸੇ ਤਰ੍ਹਾਂ ਦਾ ਫਲ਼ ਮਿਲਦਾ ਹੈ। ਮਨੁੱਖ ਦੀ ਰੂਹ ਜਦ ਦੇਹੀ ਛੱਡਦੀ ਹੈ ਤਾਂ ਰੂਹ ਨੂੰ ਮਨੁੱਖ ਦੇ ਸਾਰੇ ਮਾੜੇ-ਚੰਗੇ ਕਰਮਾਂ ਦਾ ਬੋਝ ਆਪਣੇ ਨਾਲ ਚੁੱਕਣਾ ਪੈਂਦਾ ਹੈ। ਜਦੋਂ ਤੱਕ ਮਨੁੱਖ ਦੀ ਰੂਹ ਆਪਣੇ ਕਰਮਾਂ ਦੇ ਬੋਝ ਤੋਂ ਮੁਕਤ ਨਹੀਂ ਹੁੰਦੀ ਹੈ ਤਦ ਤੱਕ ਮਨੁੱਖ ਨੂੰ ਜੀਵਨ ਮੁਕਤੀ ਨਹੀਂ ਮਿਲ ਸਕਦੀ ਹੈ। ਮਨੁੱਖ ਦੀ ਰੂਹ ਕਰਮਾਂ ਦੇ ਬੋਝ ਤੋਂ ਮੁਕਤ ਕੇਵਲ ਗੁਰਪ੍ਰਸਾਦਿ ਦੀ ਪ੍ਰਾਪਤੀ ਨਾਲ ਹੀ ਹੋ ਸਕਦੀ ਹੈ। ਸਤਿ ਪਾਰਬ੍ਰਹਮ ਦੀ ਬੰਦਗੀ, ਸਿਮਰਨ ਅਤੇ ਸੇਵਾ ਦਾ ਗੁਰਪ੍ਰਸਾਦਿ ਕੇਵਲ ਉਸ ਮਨੁੱਖ ਨੂੰ ਮਿਲਦਾ ਹੈ ਜੋ ਜਨਮ ਉਪਰੰਤ ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਜਾਂਦਾ ਹੈ। ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ ਅਤੇ ਪੂਰਨ ਬੰਦਗੀ ਦਾ ਗੁਰਪ੍ਰਸਾਦਿ ਉਸ ਮਨੁੱਖ ਨੂੰ ਮਿਲਦਾ ਹੈ ਜੋ ਸਤਿਗੁਰੂ ਦੇ ਸਤਿ ਚਰਨਾਂ ‘ਤੇ ਆਪਣਾ ਪੂਰਨ ਆਪਾ ਅਰਪਣ ਕਰਦਾ ਹੈ। ਗੁਰਪ੍ਰਸਾਦਿ ਦੀ ਪਰਮ ਸ਼ਕਤੀ ਹੀ ਮਨੁੱਖ ਦਾ ਜਨਮ ਜੀਵਨ ਸਫ਼ਲ ਕਰਵਾਉਂਦੀ ਹੈ। ਗੁਰਪ੍ਰਸਾਦਿ ਦੀ ਪਰਮ ਸ਼ਕਤੀ ਦੀ ਮਹਿਮਾ ਪਹਿਲੀ ਪਉੜੀ ਦੀ ਕਥਾ ਵਿੱਚ ਵਿਚਾਰੀ ਗਈ ਹੈ।

ਜਿਨ੍ਹਾਂ ਮਨੁੱਖਾਂ ਦੇ ਪਿਛਲੇ ਜਨਮ ਦੇ ਸੰਸਕਾਰ ਸਤਿ ਕਰਮਾਂ ਵਾਲੇ ਹੁੰਦੇ ਹਨ ਉਨ੍ਹਾਂ ਨੂੰ ਹੀ ਸਤਿ ਦੀ ਸੰਗਤ ਮਿਲਦੀ ਹੈ। ਭਾਵ ਜਿਨ੍ਹਾਂ ਮਨੁੱਖਾਂ ਦੇ ਪਿਛਲੇ ਜਨਮਾਂ ਦੇ ਆਧਾਰ ‘ਤੇ ਸਤੋ ਬਿਰਤੀ ਹੁੰਦੀ ਹੈ ਅਤੇ ਜੋ ਮਨੁੱਖ ਸਤੋ ਗੁਣੀ ਬਿਰਤੀ ਦੇ ਧਾਰਨੀ ਹੁੰਦੇ ਹਨ ਕੇਵਲ ਉਨ੍ਹਾਂ ਨੂੰ ਹੀ ਪੂਰਨ ਸੰਤ ਸਤਿਗੁਰੂ ਦੀ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਬੰਦਗੀ ਕੇਵਲ ਪੂਰਨ ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਬੈਠ ਕੇ ਹੀ ਹੁੰਦੀ ਹੈ। ਮਾਇਆ ਨੂੰ ਜਿੱਤੇ ਬਗੈਰ ਜੀਵਨ ਮੁਕਤੀ ਨਹੀਂ ਮਿਲ ਸਕਦੀ ਹੈ। ਮਾਇਆ ਨੂੰ ਕੇਵਲ ਸਤਿਗੁਰੂ ਦੀ ਕਿਰਪਾ ਅਤੇ ਗੁਰਪ੍ਰਸਾਦਿ ਦੀ ਪਰਮ ਸ਼ਕਤੀ ਦੇ ਨਾਲ ਹੀ ਜਿੱਤਿਆ ਜਾਂਦਾ ਹੈ। ਜੋ ਮਨੁੱਖ ਪੂਰਨ ਸਤਿਗੁਰੂ ਦੇ ਸਨਮੁਖ ਹੋ ਕੇ ਬੰਦਗੀ ਕਰਦੇ ਹਨ ਉਨ੍ਹਾਂ ਦੀ ਬੰਦਗੀ ਪੂਰਨ ਹੋ ਜਾਂਦੀ ਹੈ ਅਤੇ ਉਹ ਮਨੁੱਖ ਗੁਰਮੁਖ ਬਣ ਜਾਂਦੇ ਹਨ। ਭਾਵ ਜੋ ਮਨੁੱਖ ਪੂਰਨ ਸਤਿਗੁਰੂ ਦੇ ਸਤਿ ਬਚਨ ਕਮਾਉਂਦੇ ਹਨ ਉਹ ਮਾਇਆ ਨੂੰ ਸਹਿਜੇ ਹੀ ਜਿੱਤ ਕੇ ਚੌਥੇ ਪਦ ਵਿੱਚ ਅੱਪੜ ਕੇ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਵਿੱਚ ਅਭੇਦ ਹੋ ਜਾਂਦੇ ਹਨ। ਇਸ ਲਈ ਹਰ ਇੱਕ ਮਨੁੱਖ ਨੂੰ ਜਨਮ ਜੀਵਨ ਵਿੱਚ ਸਤੋ ਬਿਰਤੀ ਉੱਪਰ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਸਤਿ ਗੁਣਾਂ ਨੂੰ ਅਪਣਾਉਣ ਅਤੇ ਅਵਗੁਣਾਂ ਦੇ ਤਿਆਗ ਕਰਨ ਨਾਲ ਮਨੁੱਖ ਦਾ ਆਤਮਿਕ ਵਿਕਾਸ ਹੁੰਦਾ ਹੈ ਅਤੇ ਉਹ ਸਤੋ ਬਿਰਤੀ ਦਾ ਧਾਰਨੀ ਹੋ ਜਾਂਦਾ ਹੈ। ਜੋ ਮਨੁੱਖ ਸਤੋ ਬਿਰਤੀ ਦਾ ਧਾਰਨੀ ਹੋ ਜਾਂਦਾ ਹੈ ਉਸ ਮਨੁੱਖ ਉੱਪਰ ਗੁਰਪ੍ਰਸਾਦਿ ਦੀ ਪਰਮ ਸ਼ਕਤੀ ਲਾਜ਼ਮੀ ਵਰਤਦੀ ਹੈ। ਜਿਸ ਦੇ ਫਲ਼ ਸਰੂਪ ਉਸ ਨੂੰ ਪੂਰਨ ਸੰਤ ਸਤਿਗੁਰੂ ਦੀ ਸੰਗਤ ਦੀ ਪ੍ਰਾਪਤੀ ਹੋ ਜਾਂਦੀ ਹੈ ਅਤੇ ਉਸ ਦੀ ਜੀਵਨ ਮੁਕਤੀ ਦਾ ਮਾਰਗ ਖੁਲ੍ਹ ਜਾਂਦਾ ਹੈ। ਗੁਰਪ੍ਰਸਾਦਿ ਦੀ ਪ੍ਰਾਪਤੀ ਦੇ ਨਾਲ ਹੀ ਮਨੁੱਖ ਮਾਇਆ ਦੇ ਸਾਰੇ ਭਰਮ ਜਾਲ ਨੂੰ ਤੋੜ ਕੇ ਮਾਇਆ ਵਿੱਚ ਵਿਚਰਦੇ ਹੋਏ ਹੀ ਮਾਇਆ ਤੋਂ ਨਿਰਲੇਪ ਹੋ ਜਾਂਦਾ ਹੈ ਅਤੇ ਜੀਵਨ ਮੁਕਤੀ ਪ੍ਰਾਪਤ ਕਰ ਲੈਂਦਾ ਹੈ।