ਅਸੰਖ ਮੂਰਖ ਅੰਧ ਘੋਰ ॥
ਅਸੰਖ ਚੋਰ ਹਰਾਮਖੋਰ ॥
ਅਸੰਖ ਅਮਰ ਕਰਿ ਜਾਹਿ ਜੋਰ ॥
ਅਸੰਖ ਗਲਵਢ ਹਤਿਆ ਕਮਾਹਿ ॥
ਅਸੰਖ ਪਾਪੀ ਪਾਪੁ ਕਰਿ ਜਾਹਿ ॥
ਅਸੰਖ ਕੂੜਿਆਰ ਕੂੜੇ ਫਿਰਾਹਿ ॥
ਅਸੰਖ ਮਲੇਛ ਮਲੁ ਭਖਿ ਖਾਹਿ ॥
ਅਸੰਖ ਨਿੰਦਕ ਸਿਰਿ ਕਰਹਿ ਭਾਰੁ ॥
ਨਾਨਕੁ ਨੀਚੁ ਕਹੈ ਵੀਚਾਰੁ ॥
ਵਾਰਿਆ ਨ ਜਾਵਾ ਏਕ ਵਾਰ ॥
ਜੋ ਤੁਧੁ ਭਾਵੈ ਸਾਈ ਭਲੀ ਕਾਰ ॥
ਤੂ ਸਦਾ ਸਲਾਮਤਿ ਨਿਰੰਕਾਰ ॥੧੮॥
ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਨੇ ਪਉੜੀ ੧੭ ਵਿੱਚ ਸਾਰੀਆਂ ਪੁੰਨ ਰੂਹਾਂ ਦੇ ਬਾਰੇ, ਜੋ ਕਿ ਇਸ ਸ੍ਰਿਸ਼ਟੀ ਵਿੱਚ ਵਿਚਰ ਰਹੀਆਂ ਹਨ, ਦੇ ਬਾਰੇ ਪੂਰਨ ਬ੍ਰਹਮ ਗਿਆਨ ਸਾਰੀ ਲੋਕਾਈ ਦੀ ਝੋਲੀ ਵਿੱਚ ਪਾਇਆ ਹੈ ਤਾਂਕਿ ਸੰਸਾਰ ਦੇ ਲੋਕ ਇਸ ਪੂਰਨ ਬ੍ਰਹਮ ਗਿਆਨ ਨੂੰ ਸਮਝ ਕੇ ਇਸ ਤੋਂ ਪ੍ਰੇਰਣਾ ਲੈਣ ਅਤੇ ਸਤਿ ਦੀ ਕਰਨੀ ਵਿੱਚ ਅਤੇ ਸਤੋ ਬਿਰਤੀ ਵਿੱਚ ਆਪਣੇ ਆਪ ਨੂੰ ਵਿਵਹਾਰਿਤ ਕਰ ਸਕਣ ਜਿਸ ਦੇ ਕਰਨ ਨਾਲ ਉਨ੍ਹਾਂ ਦਾ ਭਲਾ ਹੋਵੇ। ਸ੍ਰਿਸ਼ਟੀ ਦੇ ਆਦਿ ਤੋਂ ਹੁਣ ਤੱਕ ਚਾਰਾਂ ਜੁੱਗਾਂ ਵਿੱਚ ਸਤੋ ਬਿਰਤੀ ਵਿੱਚ ਵਿਚਰ ਰਹੀਆਂ ਅਣਗਿਣਤ ਰੂਹਾਂ ਹਨ ਜੋ ਇਸ ਬ੍ਰਹਿਮੰਡ ਵਿੱਚ ਵਿਚਰ ਰਹੀਆਂ ਹਨ। ਠੀਕ ਇਸੇ ਤਰ੍ਹਾਂ ਨਾਲ ਇਸ ਸ੍ਰਿਸ਼ਟੀ ਦੇ ਆਦਿ ਤੋਂ ਵਰਤਮਾਨ ਤੱਕ, ਚਾਰਾਂ ਜੁੱਗਾਂ ਵਿੱਚ ਅਣਗਿਣਤ ਰੂਹਾਂ ਐਸੀਆਂ ਹਨ ਜੋ ਕਿ ਮਾਇਆ ਦੀ ਤਮੋ (ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ) ਬਿਰਤੀ ਅਤੇ ਰਜੋ (ਆਸਾ, ਤ੍ਰਿਸ਼ਨਾ ਅਤੇ ਮਨਸ਼ਾ) ਬਿਰਤੀ ਵਿੱਚ ਵਿਚਰ ਰਹੀਆਂ ਹਨ। ਭਾਵ ਇਸ ਬ੍ਰਹਿਮੰਡ ਵਿੱਚ ਅਣਗਿਣਤ ਰੂਹਾਂ ਐਸੀਆਂ ਹਨ ਜੋ ਕਿ ਅਸਤਿ ਦੀ ਕਰਨੀ ਵਿੱਚ ਲੀਨ ਹਨ ਅਤੇ ਮਾਇਆ ਦੀ ਗੁਲਾਮੀ ਵਿੱਚ ਵਿਚਰ ਰਹੀਆਂ ਹਨ। ਐਸੀਆਂ ਰੂਹਾਂ ਦੀ ਗਿਣਤੀ ਸਤਿ ਜੁੱਗ ਵਿੱਚ ਬਹੁਤ ਘੱਟ ਸੀ, ਪ੍ਰੰਤੂ ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ, ਲੋਕਾਈ ਦੇ ਜੀਵਨ, ਵਿਵਹਾਰ ਅਤੇ ਵਿਚਾਰਾਂ ਵਿੱਚ ਪਰਿਵਰਤਨ ਹੁੰਦਾ ਚਲਾ ਗਿਆ ਜਿਸ ਕਾਰਨ ਅਸਤਿ ਦੀ ਕਰਨੀ ਕਰਨ ਵਾਲੀਆਂ ਰੂਹਾਂ ਦੀ ਗਿਣਤੀ ਵੱਧਦੀ ਗਈ ਅਤੇ ਸਤਿ ਦੀ ਕਰਨੀ ਕਰਨ ਵਾਲੀਆਂ ਰੂਹਾਂ ਦੀ ਗਿਣਤੀ ਘੱਟਦੀ ਗਈ। ਹੌਲੀ-ਹੌਲੀ ਸਮੇਂ ਦੇ ਨਾਲ ਲੋਕਾਈ ਦੇ ਜੀਵਨ, ਵਿਵਹਾਰ ਅਤੇ ਵਿਚਾਰਾਂ ਵਿੱਚ ਪਰਿਵਰਤਨ ਹੁੰਦਾ ਚਲਾ ਗਿਆ ਜਿਸ ਦੇ ਕਾਰਨ ਜੁੱਗ ਬਦਲਦੇ ਗਏ ਅਤੇ ਅਸਤਿ ਦੀ ਕਰਨੀ ਦਾ ਬੋਲ-ਬਾਲਾ ਹੁੰਦਾ ਗਿਆ। ਗੁਰਬਾਣੀ ਵਿੱਚ ਜੁੱਗਾਂ ਦੇ ਇਸ ਪਰਿਵਰਤਨ ਨੂੰ ਇਸ ਤਰ੍ਹਾਂ ਵੀ ਬਿਆਨ ਕੀਤਾ ਗਿਆ ਹੈ ਕਿ ਸਤਿ ਜੁੱਗ ਵਿੱਚ ਧਰਮ ਦੇ ਚਾਰ ਪੈਰ ਸਨ। ਤ੍ਰੇਤੇ ਜੁੱਗ ਵਿੱਚ ਕੂੜ੍ਹ ਸ਼ੁਰੂ ਹੋ ਜਾਣ ਕਰਕੇ ਧਰਮ ਦਾ ਇੱਕ ਪੈਰ ਖਿਸਕ ਗਿਆ ਅਤੇ ਤ੍ਰੇਤਾ ਜੁੱਗ ਕੇਵਲ ਤਿੰਨ ਪੈਰਾਂ ਉੱਪਰ ਆ ਗਿਆ। ਦਵਾਪਰ ਜੁੱਗ ਵਿੱਚ ਕੂੜ੍ਹ ਹੋਰ ਵੱਧ ਗਿਆ ਅਤੇ ਧਰਮ ਦਾ ਇੱਕ ਹੋਰ ਪੈਰ ਖਿਸਕ ਗਿਆ। ਕਲ ਜੁੱਗ ਵਿੱਚ ਮਾਇਆ ਦਾ ਰਾਜ ਪੂਰਨ ਤੌਰ ਤੇ ਹੋ ਗਿਆ ਅਤੇ ਕੂੜ੍ਹ ਦਾ ਬੋਲ-ਬਾਲਾ ਹੋ ਗਿਆ ਜਿਸ ਕਾਰਨ ਧਰਮ ਦਾ ਇੱਕ ਹੋਰ ਪੈਰ ਖਿਸਕ ਗਿਆ ਅਤੇ ਕਲ ਜੁੱਗ ਕੇਵਲ ਇੱਕ ਪੈਰ ਦੇ ਸਹਾਰੇ ਤੇ ਆ ਗਿਆ ਹੈ। ਗੁਰਬਾਣੀ ਦੇ ਇਨ੍ਹਾਂ ਸਲੋਕਾਂ ਵਿੱਚ ਇਸ ਪਰਮ ਸਤਿ ਨੂੰ ਧੰਨ ਧੰਨ ਸਤਿਗੁਰ ਅਵਤਾਰ ਚੌਥੀ ਪਾਤਿਸ਼ਾਹੀ ਨੇ ਪ੍ਰਗਟ ਕੀਤਾ ਹੈ :
ਆਸਾ ਮਹਲਾ ੪ ॥
ਸਤਜੁਗਿ ਸਭੁ ਸੰਤੋਖ ਸਰੀਰਾ ਪਗ ਚਾਰੇ ਧਰਮੁ ਧਿਆਨੁ ਜੀਉ ॥
ਮਨਿ ਤਨਿ ਹਰਿ ਗਾਵਹਿ ਪਰਮ ਸੁਖੁ ਪਾਵਹਿ ਹਰਿ ਹਿਰਦੈ ਹਰਿ ਗੁਣ ਗਿਆਨੁ ਜੀਉ ॥
ਗੁਣ ਗਿਆਨੁ ਪਦਾਰਥੁ ਹਰਿ ਹਰਿ ਕਿਰਤਾਰਥੁ ਸੋਭਾ ਗੁਰਮੁਖਿ ਹੋਈ ॥
ਅੰਤਰਿ ਬਾਹਰਿ ਹਰਿ ਪ੍ਰਭੁ ਏਕੋ ਦੂਜਾ ਅਵਰੁ ਨ ਕੋਈ ॥
ਹਰਿ ਹਰਿ ਲਿਵ ਲਾਈ ਹਰਿ ਨਾਮੁ ਸਖਾਈ ਹਰਿ ਦਰਗਹ ਪਾਵੈ ਮਾਨੁ ਜੀਉ ॥
ਸਤਜੁਗਿ ਸਭੁ ਸੰਤੋਖ ਸਰੀਰਾ ਪਗ ਚਾਰੇ ਧਰਮੁ ਧਿਆਨੁ ਜੀਉ ॥੧॥
{ਪੰਨਾ ੪੪੫}
ਸਤਿਜੁਗ ਵਿੱਚ ਧਰਮ ਦੇ ਚਾਰ ਪੈਰ ਸੀ। ਸਤਿਜੁਗੀ ਮਨੁੱਖਾਂ ਦੀ ਆਤਮਿਕ ਅਵਸਥਾ ਸਤਿ ਸੰਤੋਖ ਵਿੱਚ ਓਤਪੌਤ ਸੀ। ਸਾਰੀ ਲੋਕਾਈ ਦਾ ਜੀਵਨ ਪੂਰਨ ਤੌਰ ਤੇ ਦਇਆ, ਧਰਮ, ਸੰਤੋਖ ਅਤੇ ਸੰਜਮ ਉੱਪਰ ਆਧਾਰਤ ਸੀ। ਸਤਿਜੁਗ ਵਿੱਚ ਬੰਦਗੀ ਦਾ ਬੋਲ-ਬਾਲਾ ਸੀ। ਸਤਿਜੁਗੀ ਮਨੁੱਖ ਸਤਿ ਵਿੱਚ ਟਿਕੇ ਹੋਏ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬੰਦਗੀ ਅਤੇ ਸਿਫ਼ਤ ਸਾਲਾਹ ਵਿੱਚ ਲੀਨ ਸਨ। ਸਤਿਜੁਗੀ ਮਨੁੱਖ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬੰਦਗੀ ਵਿੱਚ ਲੀਨ ਪਰਮ ਆਨੰਦ ਦੀ ਅਵਸਥਾ ਮਾਣਦੇ ਹੋਏ ਸਤਿ ਦੀ ਸੇਵਾ ਵਿੱਚ ਲੀਨ ਰਹਿੰਦੇ ਸਨ। ਸਤਿਜੁਗੀ ਮਨੁੱਖਾਂ ਦਾ ਹਿਰਦਾ ਸਾਰੇ ਬ੍ਰਹਮ ਗੁਣਾਂ ਨਾਲ ਭਰਪੂਰ ਰਹਿੰਦਾ ਸੀ। ਸਤਿਜੁਗੀ ਮਨੁੱਖਾਂ ਨੂੰ ਗੁਰਮੁਖ ਕਿਹਾ ਗਿਆ ਹੈ। ਗੁਰਮੁਖ ਉਹ ਮਨੁੱਖ ਹੈ ਜਿਸਨੂੰ ਸਾਰੇ ਪਾਸੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਹੀ ਦਿੱਸਦਾ ਹੈ। ਗੁਰਮੁਖ ਮਨੁੱਖ ਉਹ ਹੈ ਜਿਸਨੂੰ ਹਰ ਪ੍ਰਾਣੀ ਵਿੱਚ ਇਲਾਹੀ ਜੋਤ ਦਿੱਸਦੀ ਹੈ। ਗੁਰਮੁਖ ਉਹ ਮਨੁੱਖ ਹੈ ਜੋ ਕੇਵਲ ੴ ਵਿੱਚ ਲੀਨ ਹੈ ਅਤੇ ਜੋ ਦੁਬਿਧਾ ਵਿੱਚ ਨਹੀਂ ਹੈ। ਗੁਰਮੁਖ ਉਹ ਹੈ ਜਿਸ ਮਨੁੱਖ ਨੇ ਆਪਣਾ ਤਨ ਮਨ ਧਨ ਗੁਰੂ ਦੇ ਚਰਨਾਂ ਉੱਪਰ ਵਾਰ ਦਿੱਤਾ ਹੈ। ਸਤਿਜੁਗੀ ਮਨੁੱਖਾਂ ਦਾ ਮਿੱਤਰ ਸਖਾਈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਨਾਮ ਸੀ ਅਤੇ ਸਤਿਜੁਗੀ ਮਨੁੱਖ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਨਾਮ ਸਿਮਰਨ ਵਿੱਚ ਲੀਨ ਰਹਿੰਦੇ ਸੀ ਅਤੇ ਨਾਮ ਵਿੱਚ ਲੀਨ ਹੋ ਕੇ ਦਰਗਾਹ ਵਿੱਚ ਮਾਣ ਪ੍ਰਾਪਤ ਕਰਦੇ ਸੀ। ਸਤਿਜੁਗੀ ਮਨੁੱਖ ਸਦਾ ਸਤਿ ਸੰਤੋਖ ਵਿੱਚ ਲੀਨ ਰਹਿੰਦੇ ਸਨ ਅਤੇ ਸਦਾ ਧਰਮ ਦੇ ਧਿਆਨ ਵਿੱਚ ਓਤ-ਪੌਤ ਰਹਿੰਦੇ ਸਨ। ਭਾਵ ਸਤਿਜੁਗੀ ਮਨੁੱਖ ਮਾਇਆ ਦੇ ਗੁਲਾਮ ਨਹੀਂ ਸਨ ਅਤੇ ਉਨ੍ਹਾਂ ਦੇ ਜੀਵਨ ਉੱਪਰ ਪੰਜ ਦੂਤਾਂ ਅਤੇ ਤ੍ਰਿਸ਼ਨਾ ਦਾ ਪ੍ਰਭਾਵ ਨਹੀਂ ਸੀ। ਪਿੱਛਲੀ ਪਉੜੀ ਵਿੱਚ ਜਿਹੜੀਆਂ ਅਣਗਿਣਤ ਰੂਹਾਂ ਬਾਰੇ ਪੂਰਨ ਬ੍ਰਹਮ ਗਿਆਨ ਜੋ ਧੰਨ ਧੰਨ ਸਤਿਗੁਰ ਨਾਨਕ ਪਾਤਿਸ਼ਾਹ ਜੀ ਨੇ ਸਾਰੀ ਲੋਕਾਈ ਦੀ ਝੋਲੀ ਵਿੱਚ ਪਾਇਆ ਹੈ ਉਹ ਸਾਰੀਆਂ ਰੂਹਾਂ ਸਤਿਜੁਗੀ ਰੂਹਾਂ ਹਨ। ਅੱਜ ਦੇ ਸਮੇਂ ਵਿੱਚ ਭਾਵ ਕਲਜੁੱਗ ਵਿੱਚ ਐਸੀਆਂ ਰੂਹਾਂ ਬਹੁਤ ਘੱਟ ਹਨ ਜੋ ਸਤਿਜੁਗੀ ਜੀਵਨ ਜੀਉਂਦੀਆਂ ਹਨ। ਇਸ ਪਉੜੀ ਵਿੱਚ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਨੇ ਉਨ੍ਹਾਂ ਰੂਹਾਂ ਬਾਰੇ ਪੂਰਨ ਬ੍ਰਹਮ ਗਿਆਨ ਸਾਰੀ ਲੋਕਾਈ ਦੀ ਝੋਲੀ ਵਿੱਚ ਪਾਇਆ ਹੈ ਜੋ ਸਤਿਜੁਗੀ ਨਹੀਂ ਹਨ।
ਤੇਤਾ ਜੁਗੁ ਆਇਆ ਅੰਤਰਿ ਜੋਰੁ ਪਾਇਆ ਜਤੁ ਸੰਜਮ ਕਰਮ ਕਮਾਇ ਜੀਉ ॥
ਪਗੁ ਚਉਥਾ ਖਿਸਿਆ ਤ੍ਰੈ ਪਗ ਟਿਕਿਆ ਮਨਿ ਹਿਰਦੈ ਕ੍ਰੋਧੁ ਜਲਾਇ ਜੀਉ ॥
ਮਨਿ ਹਿਰਦੈ ਕ੍ਰੋਧੁ ਮਹਾ ਬਿਸਲੋਧੁ ਨਿਰਪ ਧਾਵਹਿ ਲੜਿ ਦੁਖੁ ਪਾਇਆ ॥
ਅੰਤਰਿ ਮਮਤਾ ਰੋਗੁ ਲਗਾਨਾ ਹਉਮੈ ਅਹੰਕਾਰੁ ਵਧਾਇਆ ॥
ਹਰਿ ਹਰਿ ਕ੍ਰਿਪਾ ਧਾਰੀ ਮੇਰੈ ਠਾਕੁਰਿ ਬਿਖੁ ਗੁਰਮਤਿ ਹਰਿ ਨਾਮਿ ਲਹਿ ਜਾਇ ਜੀਉ ॥
ਤੇਤਾ ਜੁਗੁ ਆਇਆ ਅੰਤਰਿ ਜੋਰੁ ਪਾਇਆ ਜਤੁ ਸੰਜਮ ਕਰਮ ਕਮਾਇ ਜੀਉ ॥੨॥
{ ਪੰਨਾ ੪੪੫ }
ਸਤਿਜੁਗ ਤੋਂ ਬਾਅਦ ਤ੍ਰੇਤਾ ਜੁੱਗ ਆਇਆ ਜਿਸ ਵਿੱਚ ਲੋਕਾਈ ਦਾ ਧਿਆਨ ਜਤੁ ਸੰਜਮ ਦੀ ਕਰਨੀ ਵੱਲ ਚਲਾ ਗਿਆ। ਜਤੁ ਤੋਂ ਭਾਵ ਹੈ ਕਾਮ ਦੇ ਵਿਨਾਸ਼ਕਾਰੀ ਵਿਕਾਰ ਉੱਪਰ ਜਿੱਤ ਪ੍ਰਾਪਤ ਕਰਨਾ। ਜੋ ਮਨੁੱਖ ਕਾਮ ਦੇ ਵਿਨਾਸ਼ਕਾਰੀ ਵਿਕਾਰ ਉੱਪਰ ਜਿੱਤ ਪ੍ਰਾਪਤ ਕਰਦੇ ਹਨ ਉਨ੍ਹਾਂ ਨੂੰ ਜਤੀ ਭਾਵ ਸੂਰਮੇ ਕਿਹਾ ਗਿਆ ਹੈ। ਸੂਰਮਤਾਈ ਵਿੱਚ ਆਪਣੇ ਆਪ ਨੂੰ ਬੱਲਸ਼ਾਲੀ ਸਮਝਣ ਕਾਰਨ ਲੋਕਾਈ ਉੱਪਰ ਧੱਕਾ ਕਰਨ ਅਤੇ ਆਪਣੇ ਆਪ ਨੂੰ ਵੱਡਾ ਮਨਾਉਣ ਦੇ ਅਵਗੁਣ ਦਾ ਬੋਲ-ਬਾਲਾ ਸੀ। ਸੂਰਮਤਾਈ ਵਿੱਚ ਕ੍ਰੋਧ ਅਤੇ ਅਹੰਕਾਰ ਦੇ ਸੁਭਾਅ ਦਾ ਬੋਲ-ਬਾਲਾ ਹੋ ਗਿਆ। ਇਸ ਤਰ੍ਹਾਂ ਨਾਲ ਧਰਮ ਦਾ ਇੱਕ ਪੈਰ ਖਿਸਕ ਗਿਆ ਅਤੇ ਤ੍ਰੇਤਾ ਜੁੱਗ ਕੇਵਲ ਧਰਮ ਦੇ ਤਿੰਨ ਪੈਰਾਂ ਉੱਪਰ ਆ ਗਿਆ। ਇਸ ਲਈ ਇਸ ਜੁੱਗ ਵਿੱਚ ਲੋਕਾਂ ਦਾ ਹਿਰਦਾ ਕ੍ਰੋਧ ਅਤੇ ਅਹੰਕਾਰ ਦੇ ਵਿਨਾਸ਼ਕਾਰੀ ਮਾਨਸਿਕ ਰੋਗਾਂ ਦਾ ਸ਼ਿਕਾਰ ਹੋ ਗਿਆ। ਇਸ ਲਈ ਜੋ ਮਨੁੱਖ ਸੂਰਮਤਾਈ ਦੇ ਨਸ਼ੇ ਵਿੱਚ ਅਹੰਕਾਰੀ ਅਤੇ ਕ੍ਰੋਧੀ ਹੋ ਗਏ ਉਨ੍ਹਾਂ ਨੇ ਆਪਣਾ ਲੋਹਾ ਮਨਵਾਉਣ ਲਈ ਦੂਸਰੇ ਲੋਕਾਂ ਨਾਲ ਲੜਾਈਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਨਿਰਬਲਾਂ ਦੇ ਉੱਪਰ ਬੱਲਸ਼ਾਲੀਆਂ ਨੇ ਰਾਜ ਕਰਨਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਨਾਲ ਇਸ ਜੁੱਗ ਦੇ ਵਿੱਚ ਮੋਹ, ਕ੍ਰੋਧ ਅਤੇ ਅਹੰਕਾਰ ਵਰਗੀਆਂ ਮਾਇਆ ਦੀਆਂ ਵਿਨਾਸ਼ਕਾਰੀ ਸ਼ਕਤੀਆਂ ਨੇ ਆਪਣਾ ਰੰਗ ਵਿਖਾਇਆ ਅਤੇ ਲੋਕਾਈ ਨੂੰ ਮਾਇਆ ਨੇ ਆਪਣੀ ਚਪੇਟ ਵਿੱਚ ਲੈਣਾ ਸ਼ੁਰੂ ਕਰ ਦਿੱਤਾ। ਇਸੇ ਕਰਕੇ ਇਸ ਜੁੱਗ ਵਿੱਚ ਰਾਵਣ ਵਰਗੇ ਅਹੰਕਾਰੀ ਸੂਰਮਿਆਂ ਦਾ ਬੋਲ-ਬਾਲਾ ਹੋਇਆ ਜਿਸ ਨੂੰ ਧਰਮ ਦੀ ਸਥਾਪਨਾ ਕਰਨ ਲਈ ਇਸ ਜੁੱਗ ਦੇ ਅਵਤਾਰ ਸ਼੍ਰੀ ਰਾਮ ਜੀ ਨੇ ਖ਼ਤਮ ਕੀਤਾ। ਇਸੇ ਤਰ੍ਹਾਂ ਸ਼੍ਰੀ ਰਾਮ ਜੀ ਨੇ ਕਈ ਦੈਤਾਂ ਦਾ ਖ਼ਾਤਮਾ ਕੀਤਾ ਅਤੇ ਸਾਰੀ ਲੋਕਾਈ ਲਈ ਧਰਮ ਦਾ ਮਾਰਗ ਦਰਸ਼ਨ ਕੀਤਾ। ਇਸ ਤਰ੍ਹਾਂ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਲੋਕਾਈ ਉੱਪਰ ਕਿਰਪਾ ਕੀਤੀ ਅਤੇ ਧਰਮ ਦੀ ਰੱਖਿਆ ਕਰਨ ਲਈ ਗੁਰਮਤਿ ਦੇ ਅੰਮ੍ਰਿਤ ਨਾਲ ਮੋਹ, ਕ੍ਰੋਧ ਅਤੇ ਅਹੰਕਾਰ ਦੇ ਬਿੱਖ ਨੂੰ ਨਸ਼ਟ ਕਰਨ ਦਾ ਉਪਦੇਸ਼ ਦਿਵਾਇਆ। ਭਾਵ ਜੋ ਮਨੁੱਖ ਮੋਹ, ਕ੍ਰੋਧ ਅਤੇ ਅਹੰਕਾਰ ਦੀ ਬਿਰਤੀ ਦੇ ਗੁਲਾਮ ਬਣ ਜਾਂਦੇ ਹਨ ਅਤੇ ਮਾਇਆ ਦੀਆਂ ਇਨ੍ਹਾਂ ਵਿਨਾਸ਼ਕਾਰੀ ਸ਼ਕਤੀਆਂ ਦੇ ਵੱਸ ਵਿੱਚ ਆ ਕੇ ਬੇਅੰਤ ਪਾਪ ਅਤੇ ਕੂੜ੍ਹ ਕਰਮ ਕਰਦੇ ਹਨ ਉਨ੍ਹਾਂ ਦੀ ਇਨ੍ਹਾਂ ਮਾਇਆ ਦੀਆਂ ਵਿਨਾਸ਼ਕਾਰੀ ਸ਼ਕਤੀਆਂ ਤੋਂ ਕੇਵਲ ਗੁਰਮਤਿ ਦਾ ਅੰਮ੍ਰਿਤ ਹੀ ਰੱਖਿਆ ਕਰ ਸਕਦਾ ਹੈ। ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਨੇ ਇਸ ਪਉੜੀ ਵਿੱਚ ਉਨ੍ਹਾਂ ਅਣਗਿਣਤ ਰੂਹਾਂ ਬਾਰੇ ਪੂਰਨ ਬ੍ਰਹਮ ਗਿਆਨ ਦਿੱਤਾ ਹੈ ਜੋ ਮੋਹ, ਕ੍ਰੋਧ ਅਤੇ ਅਹੰਕਾਰ ਦੇ ਬਿੱਖ ਦਾ ਨਿਰੰਤਰ ਪਾਨ ਕਰ ਰਹੇ ਹਨ। ਗੁਰਬਾਣੀ ਵਿੱਚ ਮਾਇਆ ਦੇ ਰਜੋ (ਆਸਾ, ਤ੍ਰਿਸ਼ਨਾ, ਮਨਸ਼ਾ) ਅਤੇ ਤਮੋ (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ) ਗੁਣਾਂ ਨੂੰ ਬਿੱਖਿਆ ਦੀ ਸੰਗਿਆ ਦਿੱਤੀ ਹੈ। ਕਿਉਂਕਿ ਜੋ ਮਨੁੱਖ ਮਾਇਆ ਦੀਆਂ ਇਨ੍ਹਾਂ ਵਿਨਾਸ਼ਕਾਰੀ ਸ਼ਕਤੀਆਂ ਦੀ ਗੁਲਾਮੀ ਕਰਦੇ ਹਨ ਉਨ੍ਹਾਂ ਦਾ ਹਿਰਦਾ ਨਸ਼ਟ ਹੋ ਜਾਂਦਾ ਹੈ। ਮਨੁੱਖ ਦਾ ਹਿਰਦਾ ਹੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਪ੍ਰਗਟ ਹੋਣ ਦਾ ਸਥਾਨ ਹੈ। ਇਸ ਲਈ ਜਿਨ੍ਹਾਂ ਮਨੁੱਖਾਂ ਦਾ ਹਿਰਦਾ ਹੀ ਖੋਖਲਾ ਹੋ ਜਾਂਦਾ ਹੈ ਉਹ ਸਦਾ-ਸਦਾ ਲਈ ਭੱਟਕਣਾ ਵਿੱਚ ਚਲੇ ਜਾਂਦੇ ਹਨ। ਕੇਵਲ ਗੁਰਮਤਿ ਦਾ ਅੰਮ੍ਰਿਤ ਹੀ ਉਨ੍ਹਾਂ ਨੂੰ ਇਸ ਮਹਾ ਘਾਤਕ ਬਿੱਖਿਆ ਤੋਂ ਬਚਾ ਸਕਦਾ ਹੈ।
ਜੁਗੁ ਦੁਆਪੁਰੁ ਆਇਆ ਭਰਮਿ ਭਰਮਾਇਆ ਹਰਿ ਗੋਪੀ ਕਾਨ੍ੁ ਉਪਾਇ ਜੀਉ ॥
ਤਪੁ ਤਾਪਨ ਤਾਪਹਿ ਜਗ ਪੁੰਨ ਆਰੰਭਹਿ ਅਤਿ ਕਿਰਿਆ ਕਰਮ ਕਮਾਇ ਜੀਉ ॥
ਕਿਰਿਆ ਕਰਮ ਕਮਾਇਆ ਪਗ ਦੁਇ ਖਿਸਕਾਇਆ ਦੁਇ ਪਗ ਟਿਕੈ ਟਿਕਾਇ ਜੀਉ ॥
ਮਹਾ ਜੁਧ ਜੋਧ ਬਹੁ ਕੀਨ੍ੇ ਵਿਚਿ ਹਉਮੈ ਪਚੈ ਪਚਾਇ ਜੀਉ ॥
ਦੀਨ ਦਇਆਲਿ ਗੁਰੁ ਸਾਧੁ ਮਿਲਾਇਆ ਮਿਲਿ ਸਤਿਗੁਰ ਮਲੁ ਲਹਿ ਜਾਇ ਜੀਉ ॥
ਜੁਗੁ ਦੁਆਪੁਰੁ ਆਇਆ ਭਰਮਿ ਭਰਮਾਇਆ ਹਰਿ ਗੋਪੀ ਕਾਨ੍ੁ ਉਪਾਇ ਜੀਉ ॥੩॥
{ਪੰਨਾ ੪੪੫}
ਤ੍ਰੇਤੇ ਜੁੱਗ ਤੋਂ ਬਾਅਦ ਦੁਆਪਰ ਜੁੱਗ ਆਇਆ ਜਿਸ ਵਿੱਚ ਧਰਮ ਦਾ ਇੱਕ ਹੋਰ ਪੈਰ ਖਿਸਕ ਗਿਆ ਅਤੇ ਧਰਮ ਦੇ ਕੇਵਲ ਦੋ ਪੈਰ ਹੀ ਸਕ੍ਰਿਯ ਰਹਿ ਗਏ। ਦੁਆਪਰ ਜੁੱਗ ਵਿੱਚ ਮਾਇਆ ਦਾ ਪ੍ਰਭਾਵ ਲੋਕਾਈ ਦੇ ਜੀਵਨ ਵਿੱਚ ਬਹੁਤ ਵੱਧ ਗਿਆ। ਗੁਰਬਾਣੀ ਵਿੱਚ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਨਰ ਕਿਹਾ ਗਿਆ ਹੈ ਅਤੇ ਸਾਰੇ ਸੰਸਾਰ ਦੇ ਲੋਕਾਂ ਨੂੰ ਨਾਰੀ ਕਹਿ ਕੇ ਸੰਬੋਧਨ ਕੀਤਾ ਗਿਆ ਹੈ। ਕਿਉਂਕਿ ਲੋਕਾਈ ਦੇ ਜੀਵਨ ਵਿੱਚ ਧਰਮ ਦਾ ਅਭਾਵ ਆ ਗਿਆ ਸੀ ਇਸ ਲਈ ਲੋਕਾਈ ਦੀ ਮਾਇਆ ਦੇ ਪ੍ਰਭਾਵ ਕਾਰਨ ਭੱਟਕਣਾ ਬਹੁਤ ਵੱਧ ਗਈ ਸੀ ਅਤੇ ਲੋਕਾਈ ਦੇ ਜੀਵਨ ਵਿੱਚੋਂ ਸ਼ਾਂਤੀ ਖ਼ਤਮ ਹੋ ਗਈ ਸੀ। ਇਸ ਲਈ ਮਾਇਆ ਦੀ ਭੱਟਕਣਾ ਤੋਂ ਬਚਨ ਲਈ ਸੰਸਾਰ ਦੇ ਲੋਕ ਭਾਵ ਜੀਵ ਰੂਪੀ ਨਾਰੀ ਆਪਣੇ ਨਰ ਰੂਪੀ ਪਤੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸੇਵਾ ਕਰਕੇ ਮਨ ਦੀ ਭੱਟਕਣਾ ਦੂਰ ਕਰ ਸ਼ਾਂਤੀ ਦੀ ਪ੍ਰਾਪਤੀ ਕਰਨ ਲਈ ਕਈ ਤਰ੍ਹਾਂ ਦੇ ਤਪ, ਜਪ ਅਤੇ ਕਈ ਤਰ੍ਹਾਂ ਦੇ ਜੱਗ ਕਰਨ ਦੇ ਪੁੰਨ ਕਰਮ ਕਰਨ ਲੱਗ ਪਏ ਸੀ। ਮਾਇਆ ਦੀ ਭੱਟਕਣਾ ਵਿੱਚ ਅਹੰਕਾਰ ਦੇ ਕਾਰਨ ਵੱਡੇ-ਵੱਡੇ ਜੋਧੇ ਅਤੇ ਰਾਜੇ ਮਹਾਰਾਜੇ ਆਪਣੀ ਰਾਜਸੀ ਸ਼ਕਤੀ ਅਤੇ ਰਾਜ ਵਧਾਉਣ ਦੇ ਲੋਭ ਵਿੱਚ ਆ ਕੇ ਇੱਕ ਦੂਜੇ ਨਾਲ ਵੱਡੇ-ਵੱਡੇ ਜੁੱਧਾਂ ਵਿੱਚ ਉਲਝ ਗਏ ਅਤੇ ਲੜ-ਲੜ ਕੇ ਮਰਦੇ ਰਹੇ। ਪ੍ਰਸਿੱਧ ਮਹਾ ਭਾਰਤ ਦਾ ਜੁੱਧ ਇਸੇ ਜੁੱਗ ਵਿੱਚ ਵਾਪਰਿਆ, ਜਿਸ ਵਿੱਚ ਸਗੇ ਸੰਬੰਧੀਆਂ ਨੇ ਹੀ ਇੱਕ ਦੂਜੇ ਨੂੰ ਮਾਰ ਮੁਕਾਇਆ। ਇਸ ਜੁੱਗ ਵਿੱਚ ਹੀ ਧਰਮ ਦੀ ਸਥਾਪਨਾ ਕਰਨ ਲਈ ਸ਼੍ਰੀ ਕ੍ਰਿਸ਼ਨ ਜੀ ਨੇ ਅਵਤਾਰ ਧਾਰਿਆ ਅਤੇ ਭਗਵਤ ਗੀਤਾ ਦਾ ਉਪਦੇਸ਼ ਦੇ ਕੇ ਲੋਕਾਈ ਦੇ ਅਧਿਆਤਮਿਕ ਜੀਵਨ ਦਾ ਮਾਰਗ ਦਰਸ਼ਨ ਕੀਤਾ। ਮਾਇਆ ਦੀ ਇਸੇ ਅਹੰਕਾਰੀ ਬਿਰਤੀ ਵਿੱਚ ਵਿਚਰਣ ਵਾਲੇ ਲੋਕ ਆਪਣੀ ਹਉਮੈ ਦੀ ਅੱਗ ਵਿੱਚ ਖੁੱਦ ਵੀ ਸੱੜ੍ਹਦੇ ਹਨ ਅਤੇ ਬਾਕੀ ਲੋਕਾਂ ਨੂੰ ਵੀ ਸਾੜ੍ਹਦੇ ਹਨ। ਸਾਰਾ ਸੰਸਾਰ ਮਾਇਆ ਦੀਆਂ ਭਰਮਿਤ ਕਰਨ ਵਾਲੀਆਂ ਵਿਨਾਸ਼ਕਾਰੀ ਸ਼ਕਤੀਆਂ ਦਾ ਸ਼ਿਕਾਰ ਹੋ ਗਿਆ। ਮਾਇਆ ਦੀਆਂ ਇਨ੍ਹਾਂ ਵਿਨਾਸ਼ਕਾਰੀ ਸ਼ਕਤੀਆਂ ਤੋਂ ਬਚਣ ਦਾ ਕੇਵਲ ਇੱਕ ਹੀ ਤਰੀਕਾ ਹੈ ਉਹ ਹੈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਗੁਰਕਿਰਪਾ ਅਤੇ ਗੁਰਪ੍ਰਸਾਦਿ ਦੀ ਪ੍ਰਾਪਤੀ। ਦੀਨ ਦਇਆਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਜਿਸ ਪ੍ਰਾਣੀ ਉੱਪਰ ਕਿਰਪਾ ਕਰਕੇ ਉਸਨੂੰ ਪੂਰਾ ਗੁਰੂ ਮਿਲਾ ਦਿੱਤਾ ਹੈ ਕੇਵਲ ਉਹ ਮਨੁੱਖ ਹੀ ਗੁਰਪ੍ਰਸਾਦਿ ਦੀ ਪ੍ਰਾਪਤੀ ਕਰਕੇ ਸਤਿਜੁਗੀ ਬਣ ਗਿਆ ਹੈ ਅਤੇ ਮਾਇਆ ਦੀ ਗੁਲਾਮੀ ਤੋਂ ਬੱਚ ਗਿਆ ਹੈ।
ਕਲਿਜੁਗੁ ਹਰਿ ਕੀਆ ਪਗ ਤ੍ਰੈ ਖਿਸਕੀਆ ਪਗੁ ਚਉਥਾ ਟਿਕੈ ਟਿਕਾਇ ਜੀਉ ॥
ਗੁਰ ਸਬਦੁ ਕਮਾਇਆ ਅਉਖਧੁ ਹਰਿ ਪਾਇਆ ਹਰਿ ਕੀਰਤਿ ਹਰਿ ਸਾਂਤਿ ਪਾਇ ਜੀਉ ॥
ਹਰਿ ਕੀਰਤਿ ਰੁਤਿ ਆਈ ਹਰਿ ਨਾਮੁ ਵਡਾਈ ਹਰਿ ਹਰਿ ਨਾਮੁ ਖੇਤੁ ਜਮਾਇਆ ॥
ਕਲਿਜੁਗਿ ਬੀਜੁ ਬੀਜੇ ਬਿਨੁ ਨਾਵੈ ਸਭੁ ਲਾਹਾ ਮੂਲੁ ਗਵਾਇਆ ॥
ਜਨ ਨਾਨਕਿ ਗੁਰੁ ਪੂਰਾ ਪਾਇਆ ਮਨਿ ਹਿਰਦੈ ਨਾਮੁ ਲਖਾਇ ਜੀਉ ॥
ਕਲਜੁਗੁ ਹਰਿ ਕੀਆ ਪਗ ਤ੍ਰੈ ਖਿਸਕੀਆ ਪਗੁ ਚਉਥਾ ਟਿਕੈ ਟਿਕਾਇ ਜੀਉ ॥੪॥੪॥੧੧॥
{ਪੰਨਾ ੪੪੫}
ਦੁਆਪਰ ਜੁੱਗ ਤੋਂ ਬਾਅਦ ਕਲਿਜੁਗ ਆ ਗਿਆ। ਕਲਜੁੱਗ ਵਿੱਚ ਧਰਮ ਦਾ ਤੀਜਾ ਪੈਰ ਵੀ ਖਿਸਕ ਚੁੱਕਾ ਹੈ ਅਤੇ ਹੁਣ ਧਰਮ ਕੇਵਲ ਇੱਕ ਪੈਰ ਉੱਪਰ ਹੀ ਟਿਕਿਆ ਹੋਇਆ ਹੈ। ਵਰਤਮਾਨ ਸਮਾਂ ਕਲਜੁੱਗ ਦਾ ਚੱਲ ਰਿਹਾ ਹੈ। ਕਲਜੁੱਗ ਤੋਂ ਭਾਵ ਹੈ ਮਾਇਆ ਦੇ ਰਜੋ ਗੁਣ (ਆਸਾ, ਤ੍ਰਿਸ਼ਨਾ, ਮਨਸ਼ਾ) ਅਤੇ ਤਮੋ ਗੁਣ (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ) ਦੇ ਵਿਨਾਸ਼ਕਾਰੀ ਪ੍ਰਭਾਵ ਕਾਰਨ ਛਾਇਆ ਹੋਇਆ ਅੰਧਕਾਰ ਹੈ। ਇਸੇ ਲਈ ਇਸ ਜੁੱਗ ਨੂੰ ਕਲਜੁੱਗ ਕਿਹਾ ਗਿਆ ਹੈ। ਕਲਜੁੱਗ ਵਿੱਚ ਮਾਇਆ ਦਾ ਸਾਰੀ ਲੋਕਾਈ ਉੱਪਰ ਪੂਰੇ ਜ਼ੋਰਾਂ ਨਾਲ ਰਾਜ ਚੱਲ ਰਿਹਾ ਹੈ। ਸਾਰਾ ਸੰਸਾਰ ਮਾਇਆ ਦੀ ਗੁਲਾਮੀ ਵਿੱਚ ਡੁੱਬਿਆ ਪਿਆ ਹੈ। ਸਾਰੀ ਲੋਕਾਈ ਮਾਇਆ ਦੀ ਵਿਨਾਸ਼ਕਾਰੀ ਗੰਦਗੀ ਵਿੱਚ ਗਰਕ ਰਹੀ ਹੈ। ਸਾਰੇ ਸੰਬੰਧ ਅਤੇ ਰਿਸ਼ਤੇ ਨਾਤੇ ਮਾਇਆ ਦੀ ਭੇਂਟ ਚੜ੍ਹੇ ਹੋਏ ਹਨ। ਕਿਸੇ ਰਿਸ਼ਤੇ ਅਤੇ ਸੰਬੰਧ ਵਿੱਚ ਸਤਿ ਨਹੀਂ ਵਰਤਦਾ ਪਿਆ ਹੈ। ਪਰਿਵਾਰਕ ਮੋਹ, ਕਾਮ, ਕ੍ਰੋਧ, ਲੋਭ, ਅਹੰਕਾਰ ਅਤੇ ਤ੍ਰਿਸ਼ਨਾ ਨੇ ਸਾਰੀ ਲੋਕਾਈ ਨੂੰ ਜਿਵੇਂ ਪਾਗਲ ਹੀ ਕਰ ਦਿੱਤਾ ਹੈ। ਹਰ ਮਨੁੱਖ ਕੇਵਲ ਆਪਣਾ ਹੀ ਸੁਆਰਥ ਸਿੱਧ ਕਰਨ ਵਿੱਚ ਲੀਨ ਹੈ। ਸਾਰੇ ਪਾਸੇ ਮੰਗ ਹੀ ਮੰਗ ਹੈ। ਦੇਣ ਦੀ ਬਿਰਤੀ ਦਾ ਮਾਲਕ ਕੋਈ ਨਹੀਂ ਲੱਭਦਾ ਹੈ। ਸਮਾਜ ਦੇ ਹਰ ਪੱਧਰ ਤੇ ਭ੍ਰਿਸ਼ਟਾਚਾਰ ਦਾ ਬੋਲ-ਬਾਲਾ ਹੈ। ਸਾਰੀ ਲੋਕਾਈ ਵਿੱਚ ਅਸਤਿ ਦੀ ਕਰਨੀ ਦਾ ਬੋਲ-ਬਾਲਾ ਹੈ। ਜਾਣੇ-ਅਨਜਾਣੇ ਮਾਇਆ ਦੇ ਇਸ ਭਿਆਨਕ ਤਾਂਡਵ ਦਾ ਸ਼ਿਕਾਰ ਹੋਣ ਕਰਕੇ ਸਾਰੀ ਲੋਕਾਈ ਦੁੱਖਾਂ-ਕਲੇਸ਼ਾਂ ਭਰਿਆ ਜੀਵਨ ਜੀਉਣ ਲਈ ਜਨਮ-ਮਰਣ ਦੇ ਚੱਕਰ ਵਿੱਚ ਭਟਕ ਰਹੀ ਹੈ। ਮਾਇਆ ਦੇ ਐਸੇ ਭਿਆਨਕ ਅਤੇ ਵਿਨਾਸ਼ਕਾਰੀ ਰੋਗਾਂ ਦਾ ਦਾਰੂ ਕੇਵਲ ਗੁਰ ਸ਼ਬਦ ਹੀ ਹੈ। ਮਾਇਆ ਦੇ ਇਨ੍ਹਾਂ ਮਾਨਸਿਕ ਰੋਗਾਂ ਅਤੇ ਮਹਾ ਵਿਨਾਸ਼ਕਾਰੀ ਸ਼ਕਤੀਆਂ ਤੋਂ ਮੁਕਤੀ ਪਾਉਣ ਦਾ ਸਾਧਨ ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਨਾਮ ਹੀ ਹੈ। ਕੇਵਲ ਗੁਰ ਸ਼ਬਦ ਦੀ ਕਮਾਈ ਕਰਕੇ ਹੀ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਤ੍ਰਿਸ਼ਨਾ ਦੇ ਭਿਆਨਕ ਅਤੇ ਮਹਾ ਵਿਨਾਸ਼ਕਾਰੀ ਰੋਗਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਜੋ ਮਨੁੱਖ ਸਤਿ ਦੀ ਕਰਨੀ ਦੀ ਕਮਾਈ ਕਰਦਾ ਹੈ ਉਸ ਨੂੰ ਪੂਰੇ ਗੁਰੂ ਦੇ ਦਰਸ਼ਨ ਅਤੇ ਮਿਲਾਪ ਹੁੰਦਾ ਹੈ। ਪੂਰੇ ਗੁਰੂ ਤੋਂ ਐਸੇ ਮਨੁੱਖ ਨੂੰ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦਿ ਪ੍ਰਾਪਤ ਹੁੰਦਾ ਹੈ। ਗੁਰਪ੍ਰਸਾਦਿ ਦੀ ਪ੍ਰਾਪਤੀ ਨਾਲ ਜਦ ਉਹ ਨਾਮ ਸਿਮਰਨ ਅਤੇ ਨਾਮ ਦੀ ਕਮਾਈ ਕਰਦਾ ਹੈ ਤਾਂ ਉਸਦਾ ਹਿਰਦਾ ਪੂਰਨ ਸ਼ਾਂਤੀ ਵਿੱਚ ਚਲਾ ਜਾਂਦਾ ਹੈ। ਜਦ ਨਾਮ ਦਾ ਪ੍ਰਕਾਸ਼ ਹਿਰਦੇ ਵਿੱਚ ਹੋ ਜਾਂਦਾ ਹੈ ਤਾਂ ਹਿਰਦਾ ਪੂਰਨ ਸਚਿਆਰੀ ਰਹਿਤ ਵਿੱਚ ਚਲਾ ਜਾਂਦਾ ਹੈ ਅਤੇ ਮਨੁੱਖ ਕਰਮ ਦੇ ਵਿਧਾਨ ਤੋਂ ਮੁਕਤ ਹੋ ਜਾਂਦਾ ਹੈ। ਕਲਜੁੱਗ ਵਿੱਚ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਨਾਮ ਦੀ ਮਹਿਮਾ ਬੇਅੰਤ ਹੈ। ਗੁਰਬਾਣੀ ਵਿੱਚ ਕੇਵਲ ਨਾਮ ਦੀ ਕਮਾਈ ਨੂੰ ਹੀ ਸਰਵ ਸ੍ਰੇਸ਼ਠ ਕਮਾਈ ਅਤੇ ਸਭ ਤੋਂ ਉੱਚੀ ਕਮਾਈ ਕਿਹਾ ਗਿਆ ਹੈ। ਨਾਮ ਦੀ ਕਮਾਈ ਤੋਂ ਇਲਾਵਾ ਹੋਰ ਸਾਰੇ ਕਰਮਾਂ ਨੂੰ ਨਿਰਾਫਲ ਕਿਹਾ ਗਿਆ ਹੈ। ਜੋ ਮਨੁੱਖ ਨਾਮ ਦੀ ਕਮਾਈ ਨਹੀਂ ਕਰਦੇ ਹਨ ਉਨ੍ਹਾਂ ਨੂੰ ਗੁਰਬਾਣੀ ਵਿੱਚ ਆਤਮਘਾਤੀ ਕਿਹਾ ਗਿਆ ਹੈ। ਗੁਰਬਾਣੀ ਵਿੱਚ ਨਾਮ ਬਿਨਾਂ ਸਭ ਕੁਝ ਕੂੜ੍ਹ ਕਿਹਾ ਗਿਆ ਹੈ। ਗੁਰਬਾਣੀ ਵਿੱਚ ਨਾਮ ਬਿਨਾਂ ਸਭ ਕੁਝ ਨੂੰ ਮਿਥਿਆ ਕਿਹਾ ਗਿਆ ਹੈ। ਗੁਰਬਾਣੀ ਵਿੱਚ ਨਾਮ ਬਿਨਾਂ ਸਾਰੇ ਸੰਸਾਰ ਨੂੰ ਬਉਰਾਨਾ ਕਿਹਾ ਗਿਆ ਹੈ। ਕੇਵਲ ਨਾਮ ਹੀ ਮਾਇਆ ਦੀ ਗੁਲਾਮੀ ਤੋਂ ਮੁਕਤ ਕਰਵਾ ਸਕਦਾ ਹੈ।
ਇਸ ਤਰ੍ਹਾਂ ਸਮੇਂ ਨਾਲ ਲੋਕਾਈ ਦਾ ਵਿਵਹਾਰ ਅਤੇ ਚਾਲ-ਚਲਣ ਬਦਲਦਾ ਗਿਆ ਅਤੇ ਸਤਿਜੁਗ ਵਿੱਚ ਸਤਿ ਤੋਂ ਸ਼ੁਰੂ ਹੋਈ ਇਹ ਸ੍ਰਿਸ਼ਟੀ ਦੀ ਖੇਡ ਕਲਜੁੱਗ ਵਿੱਚ ਅੱਜ ਕੂੜ੍ਹ ਵਿੱਚ ਖੁੱਬ ਗਈ ਹੋਈ ਹੈ। ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਨੇ ਇਸ ਪਉੜੀ ਵਿੱਚ ਐਸੀਆਂ ਅਣਗਿਣਤ ਰੂਹਾਂ ਦੇ ਬਾਰੇ ਜੋ ਕਿ ਅਸਤਿ ਦੀ ਕਰਨੀ ਵਿੱਚ ਲੀਨ ਹਨ, ਦੇ ਬਾਰੇ ਪੂਰਨ ਬ੍ਰਹਮ ਗਿਆਨ ਸਾਰੀ ਲੋਕਾਈ ਦੀ ਝੋਲੀ ਵਿੱਚ ਪਾ ਦਿੱਤਾ ਹੈ ਤਾਂ ਜੋ ਅੱਜ ਦੀ ਲੋਕਾਈ ਇਹ ਸਮਝ ਸਕੇ ਕਿ ਉਨ੍ਹਾਂ ਦੀ ਅੱਜ ਦੀ ਕਰਨੀ ਕਿਸ ਪਾਸੇ ਜਾ ਰਹੀ ਹੈ ਅਤੇ ਇਸ ਤਰ੍ਹਾਂ ਦੀ ਅਸਤਿ ਦੀ ਕਰਨੀ ਦੇ ਸਿੱਟੇ ਵੱਜੋਂ ਉਨ੍ਹਾਂ ਦਾ ਪ੍ਰਾਲਬੱਧ ਕਿਸ ਪਾਸੇ ਜਾ ਰਿਹਾ ਹੈ। ਕਰਮ ਦੇ ਵਿਧਾਨ ਅਨੁਸਾਰ ਮਨੁੱਖ ਆਪਣਾ ਮੁਕੱਦਰ ਆਪ ਲਿਖਦਾ ਹੈ। ਕਰਮ ਦੇ ਵਿਧਾਨ ਅਨੁਸਾਰ ਮਨੁੱਖ ਆਪਣੀ ਕਿਸਮਤ ਆਪ ਬਣਾਉਂਦਾ ਹੈ। ਇਸ ਲਈ ਇਸ ਪਰਮ ਸਤਿ ਤੱਤ ਦਾ ਬ੍ਰਹਮ ਗਿਆਨ ਬੇਅੰਤ ਸ਼ਕਤੀਸ਼ਾਲੀ ਹੈ। ਜੋ ਇਸ ਪਰਮ ਸਤਿ ਨੂੰ ਪਹਿਚਾਣ ਲੈਂਦੇ ਹਨ ਉਹ ਮਨੁੱਖ ਆਪਣਾ ਜਨਮ ਸੁਆਰ ਲੈਂਦੇ ਹਨ ਅਤੇ ਹੋਰ ਮਨੁੱਖਾਂ ਦਾ ਜੀਵਨ ਵੀ ਸੁਆਰ ਦਿੰਦੇ ਹਨ। ਬੰਦਗੀ ਦਾ ਬੀਜ ਮਨੁੱਖ ਦੇ ਹਿਰਦੇ ਵਿੱਚ ਇਸੇ ਪਰਮ ਸਤਿ ਤੱਤ ਦੇ ਪ੍ਰਗਟ ਹੋਣ ਨਾਲ ਹੀ ਹੁੰਦਾ ਹੈ। ਜੋ ਮਨੁੱਖ ਇਸ ਪਰਮ ਸਤਿ ਤੱਤ ਨੂੰ ਪਹਿਚਾਣ ਜਾਂਦੇ ਹਨ ਉਨ੍ਹਾਂ ਦੀ ਕਰਨੀ ਸਤਿ ਦੀ ਕਰਨੀ ਵਿੱਚ ਪਰਿਵਰਤਿਤ ਹੋ ਜਾਂਦੀ ਹੈ ਅਤੇ ਉਹ ਮਨੁੱਖ ਸਤਿ ਕਰਮ ਇਕੱਠੇ ਕਰਦੇ-ਕਰਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਕਰ ਲੈਂਦੇ ਹਨ। ਇਸ ਲਈ ਸਾਡੀ ਸਾਰੀ ਲੋਕਾਈ ਦੇ ਚਰਨਾਂ ਉੱਪਰ ਸਨਿੰਮਰਤਾ ਪੂਰਵਕ ਬੇਨਤੀ ਹੈ ਕਿ ਆਪਣੀ ਅੱਜ ਦੀ ਕਰਨੀ ਉੱਪਰ ਝਾਤੀ ਮਾਰੋ ਅਤੇ ਸਮਝੋ ਕਿ ਆਪ ਦੀ ਕਰਨੀ ਆਪ ਨੂੰ ਕਿਸ ਪਾਸੇ ਲੈ ਜਾ ਰਹੀ ਹੈ। ਐਸਾ ਕਰਨ ਤੇ ਆਪ ਦੀ ਕਰਨੀ ਨੂੰ ਸਤਿ ਦੇ ਮਾਰਗ ਉੱਪਰ ਚਲਣ ਦੀ ਸੇਧ ਮਿਲੇਗੀ, ਆਪ ਦੇ ਮਨ ਵਿੱਚ ਜਾਗ੍ਰਿਤੀ ਆ ਜਾਵੇਗੀ, ਆਪ ਦੇ ਕਰਮ ਸਤਿ ਵਾਲੇ ਪਾਸੇ ਨੂੰ ਤੁਰਨੇ ਸ਼ੁਰੂ ਹੋ ਜਾਣਗੇ ਅਤੇ ਆਪ ਦਾ ਜੀਵਨ ਅਤੇ ਹਿਰਦਾ ਪਰਿਵਰਤਿਤ ਹੋਣਾ ਸ਼ੁਰੂ ਹੋ ਜਾਵੇਗਾ। ਆਪ ਦੇ ਹਿਰਦੇ ਵਿੱਚ ਬੰਦਗੀ ਦਾ ਅੰਕੁਰ ਫੁੱਟ ਪਵੇਗਾ।
ਸਤਿਗੁਰ ਅਵਤਾਰ ਧੰਨ ਧੰਨ ਨਾਨਕ ਪਾਤਿਸ਼ਾਹ ਜੀ ਦੱਸ ਰਹੇ ਹਨ ਕਿ ਇਸ ਸ੍ਰਿਸ਼ਟੀ ਵਿੱਚ ਅਣਗਿਣਤ ਰੂਹਾਂ ਐਸੀਆਂ ਹਨ ਜੋ ਕਿ ਪਰਲੇ ਦਰਜੇ ਦੇ ਮੂਰਖਾਂ ਦੀ ਸ਼੍ਰੇਣੀ ਵਿੱਚ ਗਿਣੇ ਜਾਂਦੇ ਹਨ। ਭਾਵ ਅਣਗਿਣਤ ਰੂਹਾਂ ਐਸੀਆਂ ਹਨ ਜੋ ਕਿ ਮਾਇਆ ਦੇ ਅੰਧਕਾਰ ਵਿੱਚ ਡੁੱਬੀਆਂ ਹੋਈਆਂ ਹਨ ਅਤੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਤ੍ਰਿਸ਼ਨਾ ਦੇ ਵੱਸ ਸਾਰੇ ਅਸਤਿ ਅਤੇ ਕੂੜ੍ਹ ਕਰਮ ਕਰਨ ਵਿੱਚ ਵਿਅਸਤ ਹਨ। ਇਹ ਜਾਣਦੇ ਹੋਏ ਵੀ ਕਿ ਉਨ੍ਹਾਂ ਦੀ ਕਰਨੀ ਦਾ ਫੱਲ ਉਨ੍ਹਾਂ ਨੂੰ ਭੁਗਤਣਾ ਪਵੇਗਾ ਫਿਰ ਵੀ ਉਹ ਮਨੁੱਖ ਪਾਪ ਕਰਮਾਂ ਨੂੰ ਅੰਜਾਮ ਦੇਣ ਤੋਂ ਗੁਰੇਜ਼ ਨਹੀਂ ਕਰਦੇ ਹਨ। ਜ਼ਰਾ ਆਪਣੇ ਰੋਜ਼ਾਨਾ ਜੀਵਨ ਵਿੱਚ ਝਾਤੀ ਮਾਰੀਏ ਅਤੇ ਆਪਣੇ ਰੋਜ਼ਾਨਾ ਦੇ ਕਰਮਾਂ ਨੂੰ ਘੌਖੀਏ ਤਾਂ ਸਾਨੂੰ ਇਹ ਸਪਸ਼ਟ ਦਿੱਸ ਜਾਵੇਗਾ ਕਿ ਅਸੀਂ ਕਿਹੜੇ ਅਸਤਿ ਕਰਮ ਕੀਤੇ ਹਨ ਅਤੇ ਕਰ ਰਹੇ ਹਾਂ ਅਤੇ ਕਿਹੜੇ ਸਤਿ ਕਰਮ ਕੀਤੇ ਹਨ ਅਤੇ ਕਰ ਰਹੇ ਹਾਂ। ਜ਼ਰਾ ਆਪਣੀ ਰੋਜ਼ ਦੀ ਕਰਨੀ ਵੱਲ ਧਿਆਨ ਕਰੀਏ ਅਤੇ ਹਰ ਰੋਜ਼ ਕੁਝ ਸਮੇਂ ਲਈ ਆਪਣੇ ਪਿੱਛਲੇ ੨੪ ਘੰਟੇ ਵਿੱਚ ਕੀਤੇ ਗਏ ਕਰਮਾਂ ਉੱਪਰ ਝਾਤੀ ਮਾਰੀਏ ਤਾਂ ਸਾਨੂੰ ਲਾਜ਼ਮੀ ਤੌਰ ਤੇ ਇਹ ਗਿਆਨ ਹੋ ਜਾਵੇਗਾ ਕਿ ਅਸੀਂ ਕਿਤਨੇ ਕੁ ਅਸਤਿ ਕਰਮ ਕੀਤੇ ਹਨ ਅਤੇ ਕਿਤਨੇ ਕੁ ਸਤਿ ਕਰਮ ਕੀਤੇ ਹਨ। ਜੇਕਰ ਅਸੀਂ ਆਪਣੀ ਰੋਜ਼ਾਨਾ ਦੀ ਕਰਨੀ ਨੂੰ ਸਤਿ ਦੀ ਤੱਕੜੀ ਉੱਪਰ ਤੋਲੀਏ ਤਾਂ ਸਾਨੂੰ ਸਹਿਜੇ ਹੀ ਗਿਆਨ ਹੋ ਜਾਵੇਗਾ ਕਿ ਅਸੀਂ ਕਿਤਨੇ ਕੁ ਸਚਿਆਰੇ ਹਾਂ।
ਸੰਸਾਰ ਵਿੱਚ ਅਣਗਿਣਤ ਮਨੁੱਖ ਐਸੇ ਹਨ ਜੋ ਪਰਾਇਆ ਧਨ-ਮਾਲ ਚੋਰੀ ਕਰਨ ਵਿੱਚ ਵਿਅਸਤ ਹਨ। ਮਾਇਆ ਵਿੱਚ ਡੁੱਬਿਆ ਹੋਇਆ ਮਨੁੱਖ ਦਿਨ-ਰਾਤ ਇਸ ਸੋਚ ਅਤੇ ਕਰਨੀ ਵਿੱਚ ਵਿਅਸਤ ਹੈ ਕਿ ਕਿਸ ਤਰ੍ਹਾਂ ਧਨ ਅਤੇ ਦੁਨਿਆਵੀ ਪਦਾਰਥਾਂ ਨੰ ਇਕੱਤਰ ਕੀਤਾ ਜਾਵੇ ਇਸ ਗੱਲ ਦੀ ਪਰਵਾਹ ਕੀਤੇ ਬਿਨਾਂ ਕਿ ਧਨ ਕਮਾਉਣ ਦਾ ਵਸੀਲਾ ਗਲਤ ਹੈ ਜਾਂ ਸਹੀ ਹੈ। ਸਾਰੇ ਪਾਸੇ ਇੱਕ ਦੂਜੇ ਨੂੰ ਕਤਰ ਕੇ ਮਾਇਆ ਦੀ ਦੌੜ ਵਿੱਚ ਜਿੱਤ ਪ੍ਰਾਪਤ ਕਰਨ ਦੇ ਵਿੱਚ ਸਾਰਾ ਸੰਸਾਰ ਜੁੱਟਿਆ ਹੋਇਆ ਹੈ। ਅੱਜ ਦੇ ਸਮੇਂ ਵਿੱਚ ਭ੍ਰਿਸ਼ਟਾਚਾਰ ਦਾ ਬੋਲ-ਬਾਲਾ ਹੈ। ਰਿਸ਼ਵਤਖ਼ੋਰੀ ਅੱਜ ਦੇ ਮਨੁੱਖ ਦਾ ਚਰਿੱਤਰ ਬਣ ਗਿਆ ਹੈ। ਰਾਜਸੀ ਸੱਤਾ ਦੇ ਅਧਿਕਾਰੀ ਮਨੁੱਖ ਆਪਣੀਆਂ ਰਾਜਸੀ ਸ਼ਕਤੀਆਂ ਦਾ ਪ੍ਰਯੋਗ ਕੇਵਲ ਧਨ ਦੀ ਪ੍ਰਾਪਤੀ ਕਰਨ ਲਈ, ਜਾਇਦਾਦਾਂ ਇਕੱਤਰ ਕਰਨ ਲਈ ਅਤੇ ਆਪਣੇ ਆਪ ਨੂੰ ਸ਼੍ਰੇਸ਼ਠ ਸਾਬਿਤ ਕਰਨ ਲਈ ਕਰ ਰਹੇ ਹਨ। ਸਰਕਾਰੀ ਹਾਕਮ ਅਤੇ ਆਲਾ ਅਧਿਕਾਰੀ ਉੱਚੇ ਅਹੁਦਿਆਂ ਉੱਪਰ ਕੰਮ ਕਰਨ ਵਾਲੇ ਮਨੁੱਖ ਲੋਭ, ਅਹੰਕਾਰ ਅਤੇ ਕ੍ਰੋਧ ਵੱਸ ਹੋ ਕੇ ਪ੍ਰਜਾ ਦੀ ਕਮਜ਼ੋਰੀ ਅਤੇ ਸੰਪਤੀ ਦਾ ਦੁਰਉਪਯੋਗ ਕਰਨ ਵਿੱਚ ਵਿਅਸਤ ਹਨ। ਦੁਰਾਚਾਰ ਅਤੇ ਉਨਾਚਾਰ ਦਾ ਬੋਲ-ਬਾਲਾ ਹੈ। ਕੁਝ ਆਪਣੇ ਕਰਮਾਂ ਕਰਕੇ ਅਤੇ ਕੁਝ ਰਾਜਸੀ ਅਤੇ ਸਮਾਜਿਕ ਭ੍ਰਿਸ਼ਟਾਚਾਰ ਕਾਰਨ ਅੱਜ ਦਾ ਪਰਿਵਾਰਕ ਜੀਵਨ ਦੁੱਖਾਂ ਅਤੇ ਕਲੇਸ਼ਾਂ ਨਾਲ ਭਰਪੂਰ ਹੋ ਚੁੱਕਿਆ ਹੈ। ਅੱਜ ਦੀ ਯੂਵਾ ਪੀੜ੍ਹੀ ਕਾਮ ਦੇ ਭਿਆਨਕ ਰੋਗ ਵਿੱਚ ਬਹੁਤ ਬੁਰੀ ਤਰ੍ਹਾਂ ਗ੍ਰਸਤ ਹੋ ਚੁੱਕੀ ਹੈ। ਰਾਜਸੀ ਅਤੇ ਸਮਾਜਿਕ ਢਾਂਚਾ ਪੂਰਨ ਤੌਰ ਉੱਪਰ ਮਾਇਆ ਦਾ ਗੁਲਾਮ ਬਣ ਕੇ ਸਾਰੀ ਲੋਕਾਈ ਦਾ ਸਰਵਨਾਸ਼ ਕਰਨ ਵਿੱਚ ਵਿਅਸਤ ਹੈ। ਅਧਿਆਤਮਿਕ ਜੀਵਨ ਦਾ ਪਤਨ ਹੋ ਚੁੱਕਾ ਹੈ। ਸਤਿਜੁਗੀ ਮਨੁੱਖਾਂ ਦਾ ਜਿਵੇਂ ਕਾਲ ਪੈ ਗਿਆ ਹੈ। ਸਾਰੀ ਲੋਕਾਈ ਦੀ ਮਤਿ ਉੱਪਰ ਮਾਇਆ ਦਾ ਪਰਦਾ ਪੈ ਗਿਆ ਹੈ ਅਤੇ ਭ੍ਰਿਸ਼ਟਾਚਾਰੀ ਜੀਵਨ ਜੀਉਣ ਵਾਲੇ ਲੋਕ ਇਹ ਵਿਸਾਰ ਚੁੱਕੇ ਹਨ ਕਿ ਉਨ੍ਹਾਂ ਨੂੰ ਆਪਣੇ ਇਨ੍ਹਾਂ ਅਸਤਿ ਕਰਮਾਂ ਦਾ ਲੇਖਾ ਦੇਣਾ ਪੈਣਾ ਹੈ। ਇਸੇ ਤਰ੍ਹਾਂ ਦਾ ਵਿਨਾਸ਼ਕਾਰੀ ਜੀਵਨ ਜੀਉਂਦੇ ਹੋਏ ਲੋਕਾਈ ਆਪਣੇ ਮਨੁੱਖਾ ਜੀਵਨ ਨੂੰ ਗੁਆ ਕੇ ਜੂਨੀ ਵਿੱਚ ਭਟਕਣ ਦੇ ਚੱਕਰ ਵਿੱਚ ਫੱਸੀ ਹੋਈ ਹੈ। ਰਾਜਸੀ ਅਤੇ ਸਮਾਜਿਕ ਸ਼ਕਤੀਆਂ ਦੀ ਕਰਨੀ ਅਸਤਿ ਦੀ ਕਰਨੀ ਵਿੱਚ ਬਦਲ ਚੁੱਕੀ ਹੈ।
ਐਸੀਆਂ ਰੂਹਾਂ ਦੀ ਵੀ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ ਜੋ ਆਪਣੇ ਸੁਆਰਥ ਸਿੱਧ ਕਰਨ ਲਈ ਦੂਜਿਆਂ ਦਾ ਗਲਾ ਕੱਟਣ ਤੋਂ ਵੀ ਗੁਰੇਜ਼ ਨਹੀਂ ਕਰਦੇ ਹਨ। ਦੂਜਿਆਂ ਦਾ ਹੱਕ ਮਾਰ ਕੇ ਆਪਣਾ ਸੁਆਰਥ ਸਿੱਧ ਕਰਨਾ ਦੂਜੇ ਦਾ ਗਲਾ ਵੱਢਣ ਤੋਂ ਘੱਟ ਪਾਪ ਨਹੀਂ ਹੈ। ਰਿਸ਼ਵਤਖ਼ੋਰੀ ਰਾਹੀਂ ਲੋਕਾਈ ਨੂੰ ਪਰੇਸ਼ਾਨ ਕਰਨਾ ਦੂਜਿਆਂ ਦਾ ਗੱਲ ਵੱਢਣ ਨਾਲੋਂ ਘੱਟ ਜੁਰਮ ਨਹੀਂ ਹੈ। ਰਾਜਸੀ ਸ਼ਕਤੀਆਂ ਦੁਆਰਾ ਦੇਸ਼ ਅਤੇ ਪ੍ਰਜਾ ਦੀ ਸੰਪਤੀ ਅਤੇ ਧਨ ਨੂੰ ਲੁੱਟਣਾ ਪ੍ਰਜਾ ਦੇ ਗੱਲ ਵੱਢਣ ਨਾਲੋਂ ਘੱਟ ਜੁਰਮ ਨਹੀਂ ਹੈ। ਰਾਜਸੀ ਅਤੇ ਸਮਾਜਿਕ ਸ਼ਕਤੀਆਂ ਦੁਆਰਾ ਆਪਣੇ ਅਧਿਕਾਰਾਂ ਦਾ ਨਿੱਜ ਸਵਾਰਥਾਂ ਲਈ ਦੁਰਉਪਿਯੋਗ ਕਰਨਾ ਅਤੇ ਭ੍ਰਿਸ਼ਟਾਚਾਰੀ ਬਿਰਤੀ ਨੂੰ ਵਧਾਵਾ ਦੇਣਾ ਲੋਕਾਈ ਦਾ ਗੱਲ ਵੱਢਣ ਨਾਲੋਂ ਘੱਟ ਪਾਪ ਨਹੀਂ ਹੈ। ਸਮਾਜ ਦੇ ਹਰ ਇੱਕ ਪੱਧਰ ਤੇ ਇਸ ਤਰ੍ਹਾਂ ਦੇ ਸਾਰੇ ਮਹਾ ਵਿਨਾਸ਼ਕਾਰੀ ਕਰਮਾਂ ਕਰਕੇ ਪਾਪ ਦਾ ਸਾਰੇ ਪਾਸੇ ਬੋਲ-ਬਾਲਾ ਹੋ ਗਿਆ ਹੈ। ਭਾਈਚਾਰੇ ਦੀਆਂ ਕਦਰਾਂ ਅਤੇ ਕੀਮਤਾਂ ਦੀ ਪਹਿਚਾਣ ਅਤੇ ਅਮਲ ਦਾ ਜਿਵੇਂ ਅੰਤ ਹੋ ਗਿਆ ਹੈ। ਇਨ੍ਹਾਂ ਪਾਪਾਂ ਵਿੱਚ ਵਿਚਰਦੇ ਹੋਏ ਅਣਗਿਣਤ ਮਨੁੱਖ ਐਸਾ ਵਿਨਾਸ਼ਕਾਰੀ ਜੀਵਨ ਜੀਉਂਦੇ ਹੋਏ ਮਾਇਆ ਦੀ ਗੁਲਾਮੀ ਵਿੱਚ ਹੀ ਆਪਣਾ ਜੀਵਨ ਨਸ਼ਟ ਕਰਕੇ ਮਨੁੱਖਾ ਜਨਮ ਗੁਆਂਦੇ ਹੋਏ ਸੰਸਾਰ ਤੋਂ ਕੂਚ ਕਰ ਜਾਂਦੇ ਹਨ।
ਐਸੇ ਅਣਗਿਣਤ ਹੀ ਮਨੁੱਖ ਹਨ ਜੋ ਕੂੜ੍ਹ ਦਾ ਜੀਵਨ ਜੀਉਂਦੇ ਹਨ ਅਤੇ ਕੂੜ੍ਹ ਦਾ ਜੀਵਨ ਜੀਉਂਦੇ ਹੋਏ ਇਸ ਸੰਸਾਰ ਤੋਂ ਆਪਣਾ ਜਨਮ ਗੁਆ ਕੇ ਚਲੇ ਜਾਂਦੇ ਹਨ। ਕੂੜਿਆਰ ਉਹ ਮਨੁੱਖ ਹਨ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਤ੍ਰਿਸ਼ਨਾ ਦੇ ਟਿਕਾਣੇ ਬਣੇ ਹੋਏ ਹਨ। ਭਾਵ ਉਹ ਮਨੁੱਖ ਜਿਨ੍ਹਾਂ ਦੇ ਹਿਰਦੇ ਮਾਇਆ ਦੀਆਂ ਇਨ੍ਹਾਂ ਵਿਨਾਸ਼ਕਾਰੀ ਸ਼ਕਤੀਆਂ ਦੇ ਗੁਲਾਮ ਬਣੇ ਹੋਏ ਹਨ। ਜਿਨ੍ਹਾਂ ਦੇ ਸਾਰੇ ਕਰਮ ਅਸਤਿ ਕਰਮ ਹੁੰਦੇ ਹਨ ਉਨ੍ਹਾਂ ਮਨੁੱਖਾਂ ਨੂੰ ਕੂੜਿਆਰ ਕਿਹਾ ਗਿਆ ਹੈ। ਜੋ ਮਾਇਆ ਦੇ ਇਸ ਗੰਦਗੀ ਭਰੇ ਦਲਦਲ ਵਿੱਚ ਧੱਸੇ ਹੋਏ ਹਨ ਉਨ੍ਹਾਂ ਮਨੁੱਖਾਂ ਨੂੰ ਕੂੜਿਆਰ ਕਿਹਾ ਗਿਆ ਹੈ। ਪਾਪਾਂ ਭਰਿਆ ਜਿਨ੍ਹਾਂ ਮਨੁੱਖਾਂ ਦਾ ਜੀਵਨ ਬਣ ਗਿਆ ਹੈ ਉਨ੍ਹਾਂ ਮਨੁੱਖਾਂ ਨੂੰ ਕੂੜਿਆਰ ਕਿਹਾ ਗਿਆ ਹੈ। ਐਸੇ ਮਨੁੱਖਾਂ ਦੀ ਬੁੱਧੀ ਭ੍ਰੱਸ਼ਟ ਹੋ ਗਈ ਹੈ। ਮਾਇਆ ਦੇ ਗੁਲਾਮ ਮਨੁੱਖ ਦਾ ਗੁਰੂ ਮਾਇਆ ਬਣ ਜਾਂਦੀ ਹੈ। ਕਾਮੀ ਮਨੁੱਖ ਦਾ ਗੁਰੂ ਕੇਵਲ ਕਾਮ ਹੁੰਦਾ ਹੈ। ਕ੍ਰੋਧੀ ਮਨੁੱਖ ਦਾ ਗੁਰੂ ਕੇਵਲ ਕ੍ਰੋਧ ਹੁੰਦਾ ਹੈ। ਲੋਭੀ ਮਨੁੱਖ ਦਾ ਗੁਰੂ ਕੇਵਲ ਲੋਭ ਹੁੰਦਾ ਹੈ। ਮੋਹ ਵਿੱਚ ਲਿਪਟੇ ਹੋਏ ਮਨੁੱਖ ਦਾ ਗੁਰੂ ਕੇਵਲ ਮੋਹ ਹੁੰਦਾ ਹੈ। ਮੋਹੀ ਮਨੁੱਖ ਕਦੇ ਵੀ ਨਿਰਭਉ ਨਹੀਂ ਹੋ ਸਕਦਾ ਹੈ ਅਤੇ ਨਾ ਹੀ ਨਿਰਵੈਰ ਹੋ ਸਕਦਾ ਹੈ। ਅਹੰਕਾਰੀ ਮਨੁੱਖ ਦਾ ਗੁਰੂ ਕੇਵਲ ਅਹੰਕਾਰ ਹੀ ਹੁੰਦਾ ਹੈ। ਤ੍ਰਿਸ਼ਨਾ ਵਿੱਚ ਲਿਪਟੇ ਹੋਏ ਮਨੁੱਖ ਦਾ ਗੁਰੂ ਕੇਵਲ ਤ੍ਰਿਸ਼ਨਾ ਹੀ ਹੁੰਦੀ ਹੈ। ਇਸ ਲਈ ਜਿਨ੍ਹਾਂ ਮਨੁੱਖਾਂ ਦਾ ਗੁਰੂ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਤ੍ਰਿਸ਼ਨਾ ਹੁੰਦੀ ਹੈ ਉਨ੍ਹਾਂ ਨੂੰ ਕੂੜਿਆਰ ਕਿਹਾ ਗਿਆ ਹੈ। ਕੂੜਿਆਰ ਮਨੁੱਖ ਦੀ ਮਤਿ ਮਲੀਨ ਹੋ ਜਾਂਦੀ ਹੈ। ਉਹ ਮਾਇਆ ਦੀ ਮਤਿ ਦਾ ਅਨੁਸਰਣ ਕਰਦਾ ਹੈ। ਇਸ ਲਈ ਉਹ ਮਾਇਆ ਦੀ ਇਸ ਗੰਦਗੀ ਦਾ ਭੋਜਨ ਕਰਦਾ ਹੈ। ਮਾਇਆ ਦੀ ਗੁਲਾਮੀ ਦਾ ਜੀਵਨ ਜੀਉਣਾ ਮਲਿ ਖਾਣ ਦੇ ਤੁਲ ਹੈ। ਕਿਉਂਕਿ ਮਾਇਆ ਦੀ ਗੁਲਾਮੀ ਵਿੱਚ ਮਨੁੱਖਾ ਦੇਹੀ ਦੀ ਬੇਅੰਤ ਬੇਅਦਬੀ ਹੈ ਅਤੇ ਇਸ ਦੀ ਦੁਰਵਰਤੋਂ ਹੈ। ਜੋ ਮਨੁੱਖਾ ਦੇਹੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬੰਦਗੀ ਕਰਨ ਲਈ ਮਿਲੀ ਹੈ ਅਤੇ ਸਤਿ ਦੀ ਕਰਨੀ ਕਰਕੇ ਸੁੱਖਮਈ ਅਤੇ ਆਨੰਦਮਈ ਜੀਵਨ ਜੀਉਣ ਲਈ ਮਿਲੀ ਸੀ ਉਸਦੀ ਦੁਰਵਰਤੋਂ ਮਾਇਆ ਦੇ ਇਸ ਮਲਿ ਨੂੰ ਖਾਣ ਵਿੱਚ ਕਰਨ ਨਾਲ ਤਾਂ ਨਾ ਕੇਵਲ ਮਨੁੱਖਾ ਦੇਹੀ ਦਾ ਸ਼ਰੀਰਕ ਅਤੇ ਮਾਨਸਿਕ ਰੋਗਾਂ ਵਿੱਚ ਗ੍ਰਸਤ ਹੋ ਕੇ ਸਰਵਨਾਸ਼ ਹੋ ਜਾਂਦਾ ਹੈ ਬਲਕਿ ਮਨੁੱਖ ਆਪਣਾ ਦੁਲੰਭ ਮਨੁੱਖਾ ਜੀਵਨ ਵੀ ਗੁਆ ਬੈਠਦਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਜੂਨੀ ਵਿੱਚ ਭੱਟਕਣ ਲਈ ਵਿਵਸ਼ ਹੋ ਜਾਂਦਾ ਹੈ। ਸਾਰੀ ਲੋਕਾਈ ਦੇ ਚਰਨਾਂ ਉੱਪਰ ਇਹ ਸਨਿਮਰ ਬੇਨਤੀ ਹੈ ਕਿ ਇਸ ਪੂਰਨ ਸਤਿ ਤੱਤ ਤੱਥ ਨੂੰ ਦ੍ਰਿੜ੍ਹ ਕਰ ਲੈਣ ਕਿ ਸਾਰੇ ਮਾਨਸਿਕ ਅਤੇ ਸ਼ਰੀਰਕ ਰੋਗਾਂ ਦਾ ਕਾਰਨ ਕੇਵਲ ਮਾਇਆ ਦੀ ਗੁਲਾਮੀ ਹੀ ਹੈ। ਸਾਰੇ ਪਰਿਵਾਰਕ ਕਲੇਸ਼ਾਂ ਦਾ ਕਾਰਨ ਕੇਵਲ ਮਾਇਆ ਦੀ ਗੁਲਾਮੀ ਹੀ ਹੈ।
ਨਿੰਦਿਆ; ਈਰਖਾ ਅਤੇ ਦਵੈਤ ਵਿੱਚੋਂ ਜਨਮ ਲੈਂਦੀ ਹੈ। ਈਰਖਾ ਮੋਹ ਦਾ ਇੱਕ ਅੰਗ ਹੈ। ਨਿੰਦਿਆ ਤੋਂ ਭਾਵ ਹੈ ਕਿਸੇ ਵਿਅਕਤੀ ਨੂੰ ਨੀਵਾਂ ਦਿਖਾਉਣ ਲਈ ਉਸ ਦੀ ਨਕਰਾਤਮਕ ਆਲੋਚਨਾ ਕਰਨਾ ਹੈ। ਨਿੰਦਿਆ ਤੋਂ ਭਾਵ ਹੈ ਕਿਸੇ ਮਨੁੱਖ ਦੀ ਮੰਦੀ ਭਾਵਨਾ ਨਾਲ ਈਰਖਾ ਵੱਸ ਕੀਤੀ ਗਈ ਆਲੋਚਨਾ ਹੈ। ਨਿੰਦਿਆ ਤੋਂ ਭਾਵ ਹੈ ਕਿਸੇ ਵਿਅਕਤੀ ਦੇ ਕਰਮਾਂ, ਚਰਿੱਤਰ, ਜੀਵਨ ਸ਼ੈਲੀ, ਵਿਹਾਰ ਜਾਂ ਦੂਜੇ ਗੁਣਾਂ ਦੀ ਨਕਰਾਤਮਕ ਭਾਵ ਵਿੱਚ ਜਾਣ ਬੁੱਝ ਕੇ ਆਲੋਚਨਾ ਕਰਨਾ ਹੈ। ਨਿੰਦਿਆ ਤੋਂ ਭਾਵ ਹੈ ਕਿਸੇ ਮਨੁੱਖ ਦੇ ਅਖੌਤੀ ਗੁਣਾਂ ਅਤੇ ਕਰਮਾਂ ਤੇ ਨਕਰਾਤਮਕ ਬਹਿਸ ਕਰਨੀ, ਇਹ ਉਸਦੇ ਸਾਹਮਣੇ ਜਾਂ ਉਸ ਦੀ ਗੈਰ ਮੌਜੂਦਗੀ ਵਿੱਚ ਹੋ ਸਕਦੀ ਹੈ। ਕਿਸੇ ਵੀ ਮਨੁੱਖ ਦੇ ਖ਼ਿਲਾਫ਼ ਅਪਸ਼ਬਦਾਂ ਦਾ ਪ੍ਰਯੋਗ ਕਰਨਾ, ਬੁਰਾ ਕਰਨਾ ਅਤੇ ਬੁਰਾ ਸੋਚਨਾ ਨਿੰਦਿਆ ਹੈ। ਹਰ ਇੱਕ ਨਿੰਦਕ ਨਿੰਦਿਆ ਕਰਨ ਵਿੱਚ ਆਨੰਦ ਅਨੁਭਵ ਕਰਦਾ ਹੈ। ਪਰੰਤੂ ਇਹ ਭੁੱਲ ਜਾਂਦਾ ਹੈ ਕਿ ਇਹ ਆਨੰਦ ਦਾ ਰਸ ਅਸਲ ਵਿੱਚ ਕੋਈ ਮਿੱਠਾ ਰਸ ਨਹੀਂ ਹੁੰਦਾ ਹੈ ਅਤੇ ਕੇਵਲ ਅਤੇ ਕੇਵਲ ਬਿੱਖਿਆ ਦਾ ਕੰਮ ਕਰਦਾ ਹੈ। ਨਿੰਦਿਆ ਇੱਕ ਭਿਆਨਕ, ਵਿਨਾਸ਼ਕਾਰੀ ਅਤੇ ਘਾਤਕ ਮਾਨਸਿਕ ਰੋਗ ਹੈ ਜੋ ਮਨੁੱਖ ਦਾ ਸਭ ਕੁਝ ਨਸ਼ਟ ਕਰ ਦਿੰਦਾ ਹੈ। ਇਹ ਰੋਗ ਮਨੁੱਖ ਦੀ ਸਾਰੀ ਅਧਿਆਤਮਕ ਕਮਾਈ ਨੂੰ ਪੱਲ ਭਰ ਦੀ ਨਿੰਦਿਆ ਨਾਲ ਹੀ ਨਸ਼ਟ ਕਰ ਦਿੰਦਾ ਹੈ। ਕਿਸੇ ਵੀ ਮਨੁੱਖ ਦੁਆਰਾ ਕੀਤੀ ਗਈ ਨਿੰਦਿਆ ਦਾ ਕੋਈ ਸੁਧਾਰ ਕਰਨ ਦਾ ਤਰੀਕਾ ਨਹੀਂ ਹੈ। ਕੀਤੀ ਗਈ ਨਿੰਦਿਆ ਦਾ ਭੁਗਤਾਨ ਹਰ ਨਿੰਦਕ ਨੂੰ ਆਪਣੇ ਪ੍ਰਾਲੱਬਧ ਦੁਆਰਾ ਕਰਨਾ ਹੀ ਪੈਂਦਾ ਹੈ। ਕੇਵਲ ਇੱਕੋ ਹੀ ਤਰੀਕਾ ਹੈ ਜਿਸ ਨਾਲ ਨਿੰਦਕ ਆਪਣੇ ਇਸ ਵਿਵਹਾਰ ਦੁਆਰਾ ਕੀਤੇ ਗਏ ਪਾਪਾਂ ਤੋਂ ਮੁਕਤ ਹੋ ਸਕਦਾ ਹੈ ਅਤੇ ਉਹ ਹੈ ਕਿ ਨਿੰਦਕ ਉਸ ਦੁਆਰਾ ਕੀਤੀ ਗਈ ਨਿੰਦਿਆ ਦਾ ਪਸ਼ਚਾਤਾਪ ਕਰੇ ਅਤੇ ਜਿਸ ਮਨੁੱਖ ਦੀ ਨਿੰਦਿਆ ਕੀਤੀ ਗਈ ਹੈ ਉਸ ਤੋਂ ਮੁਆਫ਼ੀ ਮੰਗ ਲਏ। ਜੇਕਰ ਮੁਆਫ਼ੀ ਮਿਲ ਜਾਵੇ ਤਾਂ ਨਿੰਦਕ ਆਪਣੇ ਇਸ ਦੁਸ਼ਕਰਮ ਦੇ ਪ੍ਰਭਾਵ ਤੋਂ ਬੱਚ ਜਾਂਦਾ ਹੈ। ਇਸ ਲਈ ਨਿੰਦਕ ਨਿੰਦਿਆ ਦੇ ਇਸ ਵਿਨਾਸ਼ਕਾਰੀ ਪ੍ਰਭਾਵ ਨੂੰ ਆਪਣੇ ਸਿਰ ਉੱਪਰ ਚੁੱਕੀ ਫਿਰਦਾ ਹੈ। ਇਸ ਸ੍ਰਿਸ਼ਟੀ ਵਿੱਚ ਅਣਗਿਣਤ ਰੂਹਾਂ ਐਸੀਆਂ ਹਨ ਜੋ ਕਿ ਨਿੰਦਕ ਬਿਰਤੀ ਵਿੱਚ ਵਿਅਸਤ ਹਨ ਅਤੇ ਨਿੰਦਿਆ ਦਾ ਭਾਰ ਆਪਣੇ ਉੱਪਰ ਚੁੱਕੀ ਫਿਰਦੀਆਂ ਹਨ। ਨਿੰਦਕ ਨੂੰ ਨਿੰਦਿਆ ਦਾ ਇਹ ਵਿਨਾਸ਼ਕਾਰੀ ਭਾਰ ਜਨਮਾਂ-ਜਨਮਾਂਤਰਾਂ ਤੱਕ ਚੁੱਕਣਾ ਪੈਂਦਾ ਹੈ। ਇਨ੍ਹਾਂ ਮਾੜੇ ਕਰਮਾਂ ਕਾਰਨ ਹੀ ਮਨੁੱਖ ਨੂੰ ਆਉਣ ਵਾਲੇ ਸਮੇਂ ਵਿੱਚ ਆਪਣੇ ਜੀਵਨ ਵਿੱਚ ਦੁੱਖਾਂ ਅਤੇ ਕਲੇਸ਼ਾਂ ਨੂੰ ਭੋਗਣਾ ਪੈਂਦਾ ਹੈ।
ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਨੇ ਆਪਣੇ ਆਪ ਨੂੰ “ਨੀਚ” ਕਿਹਾ ਹੈ। ਸ਼ਬਦ “ਨੀਚ” ਤੋਂ ਭਾਵ ਹੈ ਗਰੀਬੀ ਵੇਸ ਹਿਰਦਾ। ਸ਼ਬਦ “ਨੀਚ” ਤੋਂ ਭਾਵ ਹੈ ਅਤਿ ਦੀ ਨਿੰਮਰਤਾ। ਸ਼ਬਦ “ਨੀਚ” ਤੋਂ ਭਾਵ ਹੈ ਸਾਰੀ ਸ੍ਰਿਸ਼ਟੀ ਦੇ ਚਰਨਾਂ ਦੀ ਧੂਲ ਬਣ ਜਾਣਾ। ਸ਼ਬਦ “ਨੀਚ” ਤੋਂ ਭਾਵ ਹੈ ਹਉਮੈ ਦੀ ਮੌਤ। ਸ਼ਬਦ “ਨੀਚ” ਤੋਂ ਭਾਵ ਹੈ ਮਾਨ-ਅਭਿਮਾਨ ਦਾ ਅੰਤ। ਹਿਰਦੇ ਦੀ ਐਸੀ ਨਿੰਮਰਤਾ ਭਰਪੂਰ ਅਵਸਥਾ ਐਸੀ ਪਰਮ ਸ਼ਕਤੀਸ਼ਾਲੀ ਰੂਹਾਨੀਅਤ ਦੀ ਅਵਸਥਾ ਹੈ ਜਿਸ ਵਿੱਚ ਪਹੁੰਚ ਕੇ ਮਨੁੱਖ ਦਰਗਾਹ ਦੀ ਕੁੰਜੀ ਪ੍ਰਾਪਤ ਕਰ ਲੈਂਦਾ ਹੈ। ਹਿਰਦੇ ਦੀ ਐਸੀ ਨਿੰਮਰਤਾ ਭਰਪੂਰ ਅਵਸਥਾ ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਦੀ ਅਵਸਥਾ ਹੈ। ਜੋ ਮਨੁੱਖ ਇਸ ਅਵਸਥਾ ਨੂੰ ਕਮਾ ਲੈਂਦੇ ਹਨ ਉਹ ਮਨੁੱਖ ਦਰਗਾਹ ਵਿੱਚ ਅੱਪੜ ਜਾਂਦੇ ਹਨ ਅਤੇ ਨਾਲ ਹੀ ਪੂਰਨ ਬ੍ਰਹਮ ਗਿਆਨ ਦੇ ਗੁਰ ਪ੍ਰਸਾਦਿ ਦੀ ਪ੍ਰਾਪਤੀ ਕਰ ਲੈਂਦੇ ਹਨ। ਇਸ ਕਾਰਨ ਗੁਰਬਾਣੀ ਦੇ ਕਈ ਸ਼ਲੋਕਾਂ ਵਿੱਚ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਨੇ ਇਸ ਪੂਰਨ ਬ੍ਰਹਮ ਗਿਆਨ ਨੂੰ ਪ੍ਰਗਟ ਕੀਤਾ ਹੈ :-
“ਮੈ ਕੀਤਾ ਨ ਜਾਤਾ ਹਰਾਮਖੋਰੁ ॥ ਹਉ ਕਿਆ ਮੁਹੁ ਦੇਸਾ ਦੁਸਟੁ ਚੋਰੁ ॥
ਨਾਨਕੁ ਨੀਚੁ ਕਹੈ ਬੀਚਾਰੁ ॥ ਧਾਣਕ ਰੂਪਿ ਰਹਾ ਕਰਤਾਰ ॥੪॥੨੯॥“
(ਸਿਰੀਰਾਗੁ ਮਹਲਾ ੧ ਘਰੁ ੪, ਪੰਨਾ ੨੪)
“ਜੁਗੁ ਜੁਗੁ ਸਾਚਾ ਹੈ ਭੀ ਹੋਸੀ ॥ ਕਉਣੁ ਨ ਮੂਆ ਕਉਣੁ ਨ ਮਰਸੀ ॥
ਨਾਨਕੁ ਨੀਚੁ ਕਹੈ ਬੇਨੰਤੀ ਦਰਿ ਦੇਖਹੁ ਲਿਵ ਲਾਈ ਹੇ ॥੧੬॥੨॥“
(ਮਾਰੂ ਮਹਲਾ ੧, ਪੰਨਾ ੧੦੨੨)
“ਕਥਨੀ ਕਥਉ ਨ ਆਵੈ ਓਰੁ ॥ ਗੁਰੁ ਪੁਛਿ ਦੇਖਿਆ ਨਾਹੀ ਦਰੁ ਹੋਰੁ ॥
ਦੁਖੁ ਸੁਖੁ ਭਾਣੈ ਤਿਸੈ ਰਜਾਇ ॥ ਨਾਨਕੁ ਨੀਚੁ ਕਹੈ ਲਿਵ ਲਾਇ ॥੮॥੪॥ “
(ਗਉੜੀ ਗੁਆਰੇਰੀ ਮਹਲਾ ੧, ਪੰਨਾ ੨੨੩)
ਹਿਰਦੇ ਦੀ ਗਰੀਬੀ ਵੇਸ ਅਵਸਥਾ ਮਨੁੱਖ ਨੂੰ ਸੁੰਨ ਦੀ ਅਵਸਥਾ ਵਿੱਚ ਲੈ ਜਾਂਦੀ ਹੈ। ਜਿਸ ਅਵਸਥਾ ਵਿੱਚ ਪਹੁੰਚ ਕੇ ਮਨੁੱਖ ਨੂੰ ਪੂਰਨ ਬ੍ਰਹਮ ਗਿਆਨ ਅਤੇ ਪੂਰਨ ਤੱਤ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਸੁੰਨ ਦੀ ਪਰਮ ਸ਼ਕਤੀਸ਼ਾਲੀ ਅਵਸਥਾ ਵਿੱਚ ਪਹੁੰਚ ਕੇ ਹੀ ਮਨੁੱਖ ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਅਨੰਤ ਬੇਅੰਤਤਾ ਦੇ ਬਾਰੇ ਪੂਰਨ ਬ੍ਰਹਮ ਗਿਆਨ ਪ੍ਰਾਪਤ ਹੁੰਦਾ ਹੈ। ਇਸ ਕਰਕੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਅਨੰਤ ਬੇਅੰਤ ਪਰਮ ਸ਼ਕਤੀ ਨੂੰ ਅਨੁਭਵ ਕਰਨ ਤੇ ਬੰਦਗੀ ਕਰਨ ਵਾਲੇ ਮਨੁੱਖ ਨੂੰ ਇਹ ਪੂਰਨ ਬ੍ਰਹਮ ਗਿਆਨ ਹੋ ਜਾਂਦਾ ਹੈ ਕਿ ਉਸ ਦੀ ਹਸਤੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਸਾਹਮਣੇ ਕੁਝ ਵੀ ਨਹੀਂ ਹੈ ਅਤੇ ਉਸਦਾ ਆਪਣਾ ਆਪਾ ਖ਼ਤਮ ਹੋ ਜਾਂਦਾ ਹੈ। ਐਸਾ ਹੋਣ ਤੇ ਆਪਣੀ ਹਸਤੀ ਨੂੰ ਮਿਟਾ ਕੇ ਭਗਤ ਭਗਵਾਨ ਵਿੱਚ ਸਦਾ-ਸਦਾ ਲਈ ਲੀਨ ਹੋ ਜਾਂਦਾ ਹੈ। ਜਦ ਇਸ ਅਵਸਥਾ ਦੇ ਵਿੱਚ ਮਨੁੱਖ ਪਹੁੰਚ ਜਾਂਦਾ ਹੈ ਫਿਰ ਉਸਨੂੰ ਸਾਰੇ ਪਾਸੇ, ਦਸੋ-ਦਿਸ਼ਾ ਵਿੱਚ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਪਰਮ ਸ਼ਕਤੀ ਹੀ ਵਾਪਰਦੀ ਨਜ਼ਰ ਆਉਂਦੀ ਹੈ ਅਤੇ ਉਸਦਾ ਹੁਕਮ ਹੀ ਵਰਤਦਾ ਨਜ਼ਰ ਆਉਂਦਾ ਹੈ।
ਐਸੇ ਅਨੰਤ ਬੇਅੰਤ ਸਤਿ ਪਾਰਬ੍ਰਹਮ ਪਿਤਾ ਦੇ ਬਾਰੇ ਪੂਰਨ ਵਿਚਾਰ ਕਰਨਾ ਜਾਂ ਕਹਿਣਾ ਤਾਂ ਕਿਤੇ ਰਿਹਾ, ਜੇ ਕਰ ਅਸੀਂ ਸੰਸਾਰ ਦੇ ਚੋਰ, ਠੱਗ, ਧੱਕਾ ਕਰਨ ਵਾਲੇ, ਭ੍ਰਿਸ਼ਟਾਚਾਰੀ, ਨਿੰਦਕਾਂ, ਮਹਾ ਪਾਪੀਆਂ, ਕੂੜਿਆਰਾਂ, ਰਿਸ਼ਵਤਖ਼ੋਰਾਂ, ਅਭਿਮਾਨੀ, ਦੁਰਾਚਾਰੀ, ਅਨਾਚਾਰੀ ਆਦਿ ਬਿਰਤੀ ਵਾਲੇ ਲੋਕਾਂ ਦਾ ਹੀ ਅੰਤ ਨਹੀਂ ਪਾਇਆ ਜਾ ਸਕਦਾ ਹੈ। ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਬਿਆਨ ਕਰ ਰਹੇ ਹਨ ਕਿ ਇਹ ਸਭ ਇੱਕ ਕੇਵਲ ਤੁੱਛ ਜਿਹਾ ਵਿਚਾਰ ਕਰਨ ਦਾ ਯਤਨ ਕੀਤਾ ਗਿਆ ਹੈ। ਸਤਿਜੁਗ ਤੋਂ ਲੈ ਕੇ ਅੱਜ ਤੱਕ ਦੇ ਕਲਜੁੱਗ ਦੇ ਸਮੇਂ ਬਾਰੇ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਦੇ ਉੱਪਰ ਬਿਆਨੇ ਗਏ ਬਚਨਾਂ ਅਨੁਸਾਰ ਜਦ ਤੋਂ ਇਸ ਜਗਤ ਦਾ ਨਿਰਮਾਣ ਹੋਇਆ ਹੈ ਐਸੇ ਚੋਰ, ਠੱਗ, ਧੱਕਾ ਕਰਨ ਵਾਲੇ, ਭ੍ਰਿਸ਼ਟਾਚਾਰੀ, ਨਿੰਦਕਾਂ, ਮਹਾ ਪਾਪੀਆਂ, ਕੂੜਿਆਰਾਂ, ਰਿਸ਼ਵਤਖ਼ੋਰਾਂ, ਅਭਿਮਾਨੀ, ਦੁਰਾਚਾਰੀ, ਅਨਾਚਾਰੀ ਆਦਿ ਬਿਰਤੀ ਵਾਲੇ ਲੋਕਾਂ ਦਾ ਆਗਮਨ ਇਸ ਸੰਸਾਰ ਵਿੱਚ ਚਲਿਆ ਆ ਰਿਹਾ ਹੈ, ਜਿਸਦਾ ਨਾ ਹੀ ਕੋਈ ਅੰਤ ਪਾ ਸਕਿਆ ਹੈ ਅਤੇ ਨਾ ਹੀ ਕੋਈ ਪਾ ਸਕਦਾ ਹੈ। ਇਸ ਲਈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਆਪਣੀ ਗਤਿ ਕੇਵਲ ਆਪ ਹੀ ਜਾਣਦਾ ਹੈ। ਸਾਡੀ ਕੋਈ ਸਮਰਥਾ ਨਹੀਂ ਹੈ ਕਿ ਅਸੀਂ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਅਨੰਤ ਬੇਅੰਤ ਸਰੂਪ ਦੇ ਇੱਕ ਵਾਰੀ ਬਲਿਹਾਰ ਵੀ ਜਾ ਸਕੀਏ। ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਹੀ ਆਪਣੇ ਸਹਾਰੇ ਆਪ ਸਥਿਰ ਹੈ ਅਤੇ ਆਪਣੀ ਸਾਰੀ ਕਿਰਤ ਵਿੱਚ ਆਪ ਪ੍ਰਕਾਸ਼ਮਾਨ ਹੈ। ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਪਰਮ ਸ਼ਕਤੀਸ਼ਾਲੀ ਵਿਧਾਨ ਦੇ ਅਨੁਸਾਰ ਹੀ ਸਾਰੀ ਸ੍ਰਿਸ਼ਟੀ ਦਾ ਕਾਰ ਵਿਹਾਰ ਸਦਾ-ਸਦਾ ਚੱਲਦਾ ਹੈ। ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਹੀ ਹੁਕਮ ਸਦਾ-ਸਦਾ ਲਈ ਅਟੱਲ ਹੈ।