ਜਪੁਜੀ ਪਉੜੀ ੨੫

 

 

ਬਹੁਤਾ ਕਰਮੁ ਲਿਖਿਆ ਨਾ ਜਾਇ ॥

ਵਡਾ ਦਾਤਾ ਤਿਲੁ ਨ ਤਮਾਇ ॥

ਕੇਤੇ ਮੰਗਹਿ ਜੋਧ ਅਪਾਰ ॥

ਕੇਤਿਆ ਗਣਤ ਨਹੀ ਵੀਚਾਰੁ ॥

ਕੇਤੇ ਖਪਿ ਤੁਟਹਿ ਵੇਕਾਰ ॥

ਕੇਤੇ ਲੈ ਲੈ ਮੁਕਰੁ ਪਾਹਿ ॥

ਕੇਤੇ ਮੂਰਖ ਖਾਹੀ ਖਾਹਿ ॥

ਕੇਤਿਆ ਦੂਖ ਭੂਖ ਸਦ ਮਾਰ ॥

ਏਹਿ ਭਿ ਦਾਤਿ ਤੇਰੀ ਦਾਤਾਰ ॥

ਬੰਦਿ ਖਲਾਸੀ ਭਾਣੈ ਹੋਇ ॥

ਹੋਰੁ ਆਖਿ ਨ ਸਕੈ ਕੋਇ ॥

ਜੇ ਕੋ ਖਾਇਕੁ ਆਖਣਿ ਪਾਇ ॥

ਓਹੁ ਜਾਣੈ ਜੇਤੀਆ ਮੁਹਿ ਖਾਇ ॥

ਆਪੇ ਜਾਣੈ ਆਪੇ ਦੇਇ ॥

ਆਖਹਿ ਸਿ ਭਿ ਕੇਈ ਕੇਇ ॥

ਜਿਸ ਨੋ ਬਖਸੇ ਸਿਫਤਿ ਸਾਲਾਹ ॥

ਨਾਨਕ ਪਾਤਿਸਾਹੀ ਪਾਤਿਸਾਹੁ ॥੨੫॥

 

ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ‘ਤਮਾ’ ਤੋਂ ਮੁਕਤ ਹੋਣ ਦੀ ਪਰਮ ਸ਼ਕਤੀ ਦੇ ਬਾਰੇ ਪੂਰਨ ਬ੍ਰਹਮ ਗਿਆਨ ਸਾਰੀ ਲੋਕਾਈ ਦੀ ਝੋਲੀ ਵਿੱਚ ਪਾ ਰਹੇ ਹਨ। ਕੇਵਲ ਉਹ ਮਨੁੱਖ ਹੀ ਨਿਰਾਸਕਤਿ ਹੋ ਸਕਦਾ ਹੈ ਜੋ ‘ਤਮਾ’ ਤੋਂ ਮੁਕਤ ਹੋ ਜਾਂਦਾ ਹੈ। ‘ਤਮਾ’ ਤੋਂ ਭਾਵ ਹੈ ਇੱਛਾ। ਇੱਛਾ ਰਹਿਤ ਹੋਣਾ ਹੀ ਮਨੁੱਖ ਨੂੰ ਨਿਰਭਉ ਬਣਾ ਸਕਦਾ ਹੈ। ਇੱਛਾ ਰਹਿਤ ਹੋਣਾ ਹੀ ਮਨੁੱਖ ਨੂੰ ਮੋਹ ਮਾਇਆ ਦੇ ਬੰਧਨਾਂ ਤੋਂ ਮੁਕਤ ਕਰਾ ਸਕਦਾ ਹੈ। ਇੱਛਾ ਰਹਿਤ ਹੋਣਾ ਹੀ ਮਨੁੱਖ ਨੂੰ ਇੱਕ ਦ੍ਰਿਸ਼ਟ ਬਣਾ ਸਕਦਾ ਹੈ। ਇੱਛਾ ਰਹਿਤ ਹੋਣਾ ਹੀ ਮਨੁੱਖ ਨੂੰ ਨਿਰਵੈਰ ਬਣਾ ਸਕਦਾ ਹੈ। ਇੱਛਾ ਰਹਿਤ ਹੋਣਾ ਹੀ ਮਨੁੱਖ ਨੂੰ ਜੀਵਨ ਮੁਕਤੀ ਦੇ ਸਕਦਾ ਹੈ। ਇੱਛਾ ਰਹਿਤ ਹੋਣਾ ਹੀ ਮਨੁੱਖ ਨੂੰ ਦਰਗਾਹੀ ਭਾਣੇ ਵਿੱਚ ਲਿਆ ਸਕਦਾ ਹੈ। ਇੱਛਾ ਰਹਿਤ ਹੋਣਾ ਹੀ ਮਨੁੱਖ ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਪੂਰਨ ਹੁਕਮ ਵਿੱਚ ਲਿਆ ਸਕਦਾ ਹੈ। ਇੱਛਾ ਰਹਿਤ ਹੋਣਾ ਹੀ ਮਨੁੱਖ ਨੂੰ ਸਤਿ ਵਿੱਚ ਅਭੇਦ ਕਰਕੇ ਸਤਿ ਰੂਪ ਬਣਾ ਦਿੰਦਾ ਹੈ। ਇੱਛਾ ਰਹਿਤ ਹੋਣਾ ਹੀ ਮਨੁੱਖ ਨੂੰ ਪੂਰਨ ਬ੍ਰਹਮ ਗਿਆਨ ਦੀ ਅਤੇ ਪੂਰਨ ਤੱਤ ਗਿਆਨ ਦੀਆਂ ਬਖ਼ਸ਼ਿਸ਼ਾਂ ਪ੍ਰਾਪਤ ਕਰਵਾ ਸਕਦਾ ਹੈ। ਇੱਛਾ ਰਹਿਤ ਹੋਣਾ ਹੀ ਮਨੁੱਖ ਨੂੰ ਪੂਰਨ ਸਤਿ ਦੀ ਸੇਵਾ ਕਰਨ ਦੇ ਯੋਗ ਬਣਾ ਸਕਦਾ ਹੈ। ਇੱਛਾ ਰਹਿਤ ਹੋਣਾ ਹੀ ਮਨੁੱਖ ਨੂੰ ਪੂਰਨ ਸਤਿ ਵਰਤਾਉਣ ਦੇ ਸਮਰਥ ਬਣਾਉਂਦਾ ਹੈ। ਇੱਛਾ ਰਹਿਤ ਹੋਣਾ ਹੀ ਮਨੁੱਖ ਨੂੰ ਪਰਉਪਕਾਰੀ ਅਤੇ ਮਹਾ ਪਰਉਪਕਾਰੀ ਹਿਰਦਾ ਬਣਾ ਸਕਦਾ ਹੈ। ਇੱਛਾ ਰਹਿਤ ਹੋਣਾ ਹੀ ਮਨੁੱਖ ਨੂੰ ਗੁਰਪ੍ਰਸਾਦਿ ਦੇਣ ਦੀ ਪਰਮ ਸ਼ਕਤੀ ਨਾਲ ਨਿਵਾਜ ਸਕਦਾ ਹੈ। ਇੱਛਾ ਰਹਿਤ ਹੋਣਾ ਹੀ ਮਨੁੱਖ ਨੂੰ ਪਰਮ ਪੱਦਵੀ ਦੀ ਪ੍ਰਾਪਤੀ ਕਰਵਾ ਸਕਦਾ ਹੈ। ਇੱਛਾ ਰਹਿਤ ਹੋਣਾ ਹੀ ਮਨੁੱਖੀ ਹਿਰਦੇ ਨੂੰ ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ, ਸਤਿਗੁਰੂ ਜਾਂ ਪੂਰਨ ਖ਼ਾਲਸਾ ਬਣਾ ਸਕਦਾ ਹੈ।

ਇੱਛਾਵਾਂ ਮਨੁੱਖ ਦੀ ਬੰਦਗੀ ਵਿੱਚ ਸਭ ਤੋਂ ਵੱਡੀ ਅੜਚਨ ਪਾਉਂਦੀਆਂ ਹਨ। ਮਨੁੱਖ ਦੇ ਸਾਰੇ ਦੁੱਖਾਂ-ਕਲੇਸ਼ਾਂ ਦਾ ਕਾਰਨ ਕੇਵਲ ਇੱਛਾਵਾਂ ਹੀ ਹਨ। ਇੱਛਾਵਾਂ ਦੀ ਪੂਰਤੀ ਲਈ ਮਨੁੱਖ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਦੇ ਵੱਸ ਸਾਰੇ ਅਸਤਿ ਕਰਮਾਂ ਨੂੰ ਅੰਜਾਮ ਦਿੰਦਾ ਹੈ। ਤ੍ਰਿਸ਼ਨਾ ਮਾਇਆ ਦੇ ਰਜੋ ਗੁਣ ਦੀ ਮਹਾ ਵਿਨਾਸ਼ਕਾਰੀ ਸ਼ਕਤੀ ਹੈ। ਤ੍ਰਿਸ਼ਨਾ ਮਨੁੱਖ ਨੂੰ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਵਰਗੇ ਵਿਨਾਸ਼ਕਾਰੀ ਵਿਕਾਰਾਂ ਦੇ ਜ਼ਹਿਰ ਨੂੰ ਪੀਣ ਲਈ ਮਜਬੂਰ ਕਰ ਦਿੰਦੀ ਹੈ। ਗੁਰਬਾਣੀ ਵਿੱਚ ਬਹੁਤ ਸਾਰੇ ਪ੍ਰਮਾਣ ਇਸ ਪੂਰਨ ਸਤਿ ਨੂੰ ਪ੍ਰਗਟ ਕਰਦੇ ਹਨ :-

 

 

ਤ੍ਰਿਸਨ ਨ ਬੂਝੀ ਬਹੁ ਰੰਗ ਮਾਇਆ ॥     (੧੨੯੮)

ਲਾਖ ਕੋਟਿ ਬਿਖਿਆ ਕੇ ਬਿੰਜਨ ਤਾ ਮਹਿ ਤ੍ਰਿਸਨ ਨ ਬੂਝੀ ॥  (੪੯੭)

 

 

ਸਾਰਾ ਸੰਸਾਰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਾਇਆ ਦਾ ਖੇਲ ਹੈ। ਦੁਨਿਆਵੀ ਪਦਾਰਥਾਂ ਦੇ ਰੂਪ ਵਿੱਚ ਮਾਇਆ ਦੇ ਬੇਅੰਤ ਰੂਪ ਹਨ ਜਿਨ੍ਹਾਂ ਨੂੰ ਪ੍ਰਾਪਤ ਕਰਨ ਵਿੱਚ ਮਨੁੱਖੀ ਜੀਵਨ ਖੁੱਭਿਆ ਹੋਇਆ ਹੈ। ਮਾਇਆ ਦੇ ਇਹ ਬੇਅੰਤ ਮਨ ਮੋਹਕ ਪਦਾਰਥ ਮਨੁੱਖ ਨੂੰ ਨਿਰੰਤਰ ਭਟਕਾਉਣ ਦਾ ਕੰਮ ਕਰਦੇ ਹਨ। ਇਨ੍ਹਾਂ ਪਦਾਰਥਾਂ ਦੀ ਪ੍ਰਾਪਤੀ ਲਈ ਮਨੁੱਖੀ ਮਨ ਇੱਛਾਵਾਂ ਵਿੱਚ ਘਿਰ ਜਾਂਦਾ ਹੈ। ਇਨ੍ਹਾਂ ਇੱਛਾਵਾਂ ਦੀ ਪੂਰਤੀ ਕਰਨ ਲਈ ਮਨੁੱਖ ਹਰ ਮਾੜਾ ਅਤੇ ਚੰਗਾ ਰਸਤਾ ਅਖ਼ਤਿਆਰ ਕਰਦਾ ਹੈ। ਇੱਛਾਵਾਂ ਦੀ ਪੂਰਤੀ ਲਈ ਮਨੁੱਖ ਹਰ ਕਿਸਮ ਦੇ ਪਾਪ ਕਰਦਾ ਹੈ। ਇੱਛਾਵਾਂ ਦੇ ਹੱਥ ਮਜਬੂਰ ਹੋ ਕੇ ਮਨੁੱਖ ਭ੍ਰਸ਼ਟਾਚਾਰੀ ਬਣ ਜਾਂਦਾ ਹੈ। ਜੇਕਰ ਇੱਛਾਵਾਂ ਦੀ ਪੂਰਤੀ ਸਹੀ ਤਰੀਕੇ ਨਾਲ ਨਾ ਹੋ ਸਕੇ ਤਾਂ ਮਨੁੱਖ ਇਨ੍ਹਾਂ ਦੀ ਪੂਰਤੀ ਲਈ ਭ੍ਰਸ਼ਟਾਚਾਰ ਦਾ ਮਾਰਗ ਅਖ਼ਤਿਆਰ ਕਰਦਾ ਹੈ। ਇੱਛਾਵਾਂ ਦੀ ਪੂਰਤੀ ਲਈ ਮਨੁੱਖ ਆਪਣੇ ਚਰਿੱਤਰ ਤੋਂ ਗਿਰ ਕੇ ਸਾਰੇ ਮਾੜੇ ਕਰਮਾਂ ਨੂੰ ਅੰਜਾਮ ਦਿੰਦਾ ਹੈ। ਸਾਰੇ ਸੰਸਾਰ ਵਿੱਚ ਜੋ ਜੋ ਵੀ ਭ੍ਰਸ਼ਟਾਚਾਰ ਹੁੰਦਾ ਹੈ ਉਸਦਾ ਕਾਰਨ ਕੇਵਲ ਇੱਛਾਵਾਂ ਦੀ ਪੂਰਤੀ ਹੀ ਹੈ। ਇਸ ਲਈ ਮਨੁੱਖ ਦੀਆਂ ਇੱਛਾਵਾਂ ਦੀ ਪੂਰਤੀ ਕਰਨਾ ਹੀ ਮਨੁੱਖ ਲਈ ਆਉਣ ਵਾਲੇ ਸਮੇਂ ਵਿੱਚ ਸਾਰੀਆਂ ਔਕੜਾਂ ਦਾ ਕਾਰਨ ਬਣਦਾ ਹੈ। ਕੇਵਲ ਇੱਛਾਵਾਂ ਦੀ ਪੂਰਤੀ ਕਰਨਾ ਹੀ ਮਨੁੱਖ ਦਾ ਪ੍ਰਾਲੱਬਧ ਬਣਾਉਂਦਾ ਹੈ।

ਮਨੁੱਖ ਦੀਆਂ ਇੱਛਾਵਾਂ ਦਾ ਕੋਈ ਅੰਤ ਨਹੀਂ ਹੈ। ਇੱਕ ਇੱਛਾ ਪੂਰਨ ਹੁੰਦੀ ਹੈ ਤਾਂ ੧੦ ਹੋਰ ਉੱਠ ਖਲੋਂਦੀਆਂ ਹਨ। ਮਨੁੱਖੀ ਇੱਛਾਵਾਂ ਇੱਕ ਵੱਗਦੇ ਹੋਏ ਦਰਿਆ ਦੀ ਤਰ੍ਹਾਂ ਹਨ, ਜੋ ਕਿ ਕਦੇ ਨਹੀਂ ਰੁੱਕਦਾ ਹੈ। ਜਦ ਇੱਛਾਵਾਂ ਦੇ ਇਸ ਦਰਿਆ ਵਿੱਚ ਹੜ੍ਹ ਆਉਂਦਾ ਹੈ ਤਾਂ ਉਹ ਮਨੁੱਖ ਦੇ ਜੀਵਨ ਨੂੰ ਤਬਾਹ ਕਰਕੇ ਰੱਖ ਦਿੰਦਾ ਹੈ। ਜ਼ਰਾ ਆਪਣੇ ਰੋਜ਼ਾਨਾ ਜੀਵਨ ਵਿੱਚ ਝਾਤੀ ਮਾਰੀਏ ਤਾਂ ਇਹ ਪੂਰਨ ਸਤਿ ਸਪੱਸ਼ਟ ਨਜ਼ਰ ਆ ਜਾਵੇਗਾ। ਹਰ ਇੱਕ ਮਨੁੱਖ ਦੇ ਜੀਵਨ ਦਾ ਟੀਚਾ ਕੇਵਲ ਇੱਛਾਵਾਂ ਨੂੰ ਪੂਰਾ ਕਰਨਾ ਹੀ ਹੈ। ਸਾਰੀ ਲੋਕਾਈ ਇੱਛਾਵਾਂ ਦੀ ਇਸ ਅਗਨ ਵਿੱਚ ਸੜ੍ਹ ਬੱਲ ਰਹੀ ਹੈ। ਜਦ ਇੱਛਾ ਪੂਰੀ ਹੁੰਦੀ ਹੈ ਤਾਂ ਥੋੜੇ ਸਮੇਂ ਲਈ ਅਸਥਾਈ ਪ੍ਰਸੰਨਤਾ ਹਾਸਿਲ ਹੁੰਦੀ ਹੈ। ਪਰੰਤੂ ਜਦ ਇੱਛਾ ਪੂਰੀ ਨਹੀਂ ਹੁੰਦੀ ਹੈ ਤਾਂ ਨਿਰਾਸ਼ਾ ਹੁੰਦੀ ਹੈ। ਹੌਲੀ-ਹੌਲੀ ਜਦ ਇੱਛਾਵਾਂ ਦੀ ਪੂਰਤੀ ਨਹੀਂ ਹੁੰਦੀ ਹੈ ਤਾਂ ਮਨੁੱਖ ਪਰੇਸ਼ਾਨੀਆਂ ਵਿੱਚ ਘਿਰ ਜਾਂਦਾ ਹੈ। ਇਨ੍ਹਾਂ ਪਰੇਸ਼ਾਨੀਆਂ ਕਰਕੇ ਮਨੁੱਖ ਦਿਮਾਗੀ ਤੌਰ ਤੇ ਬੀਮਾਰ ਹੋਣਾ ਸ਼ੁਰੂ ਹੋ ਜਾਂਦਾ ਹੈ। ਅਤੇ ਹੌਲੀ-ਹੌਲੀ ਮਾਨਸਿਕ ਰੋਗੀ ਹੋ ਜਾਂਦਾ ਹੈ। ਇਹ ਮਾਨਸਿਕ ਰੋਗ ਮਨੁੱਖ ਦੀ ਦੇਹੀ ਦੀ ਸ਼ੱਮਤਾ ਨੂੰ ਨਸ਼ਟ ਕਰ ਦਿੰਦੇ ਹਨ ਅਤੇ ਮਨੁੱਖ ਸ਼ਰੀਰਕ ਰੋਗਾਂ ਵਿੱਚ ਗ੍ਰਸਿਆ ਜਾਂਦਾ ਹੈ। ਇਨ੍ਹਾਂ ਮਾਨਸਿਕ ਰੋਗਾਂ ਤੋਂ ਛੁਟਕਾਰਾ ਕੇਵਲ ਇੱਛਾ ਰਹਿਤ ਹੋ ਕੇ ਹੀ ਮਿਲ ਸਕਦਾ ਹੈ। ਮਨੁੱਖੀ ਤ੍ਰਿਸ਼ਨਾ ਦਾ ਬੁੱਝਣਾ ਗੁਰਪ੍ਰਸਾਦਿ ਦੀ ਬਖਸ਼ਿਸ਼ ਨਾਲ ਹੀ ਹੁੰਦਾ ਹੈ। ਗੁਰਬਾਣੀ ਵਿੱਚ ਇਸ ਪੂਰਨ ਸਤਿ ਨੂੰ ਪ੍ਰਗਟ ਕੀਤਾ ਗਿਆ ਹੈ :-

 

 

ਤ੍ਰਿਸਨਾ ਬੂਝੀ ਗੁਰ ਪ੍ਰਸਾਦਿ ॥    (੧੧੮੧)

ਸੀਤਲ ਸਾਂਤਿ ਸੰਤੋਖੁ ਹੋਇ ਸਭ ਬੂਝੀ ਤ੍ਰਿਸਨਾ ॥  (੮੧੧)

 

 

ਗੁਰਪ੍ਰਸਾਦਿ ਦੀ ਪ੍ਰਾਪਤੀ ਨਾਲ ਹੀ ਮਨੁੱਖ ਦਾ ਹਿਰਦਾ ਸਤਿ ਸੰਤੋਖ ਵਿੱਚ ਚਲਾ ਜਾਂਦਾ ਹੈ ਜਿਸਦੇ ਨਾਲ ਮਨੁੱਖ ਦੀ ਤ੍ਰਿਸ਼ਨਾ ਬੁੱਝ ਜਾਂਦੀ ਹੈ। ਗੁਰਪ੍ਰਸਾਦਿ ਦੀ ਪ੍ਰਾਪਤੀ ਕਰਨ ਨਾਲ ਮਨੁੱਖ ਬੰਦਗੀ ਵਿੱਚ ਚਲਾ ਜਾਂਦਾ ਹੈ। ਨਾਮ ਸਿਮਰਨ ਅਤੇ ਨਾਮ ਦੀ ਕਮਾਈ ਕਰਦੇ ਹੋਏ ਮਨ ਚਿੰਦਿਆ ਜਾਂਦਾ ਹੈ। ਸਾਰੇ ਬੱਜਰ ਕਪਾਟ ਖੁੱਲ੍ਹ ਜਾਂਦੇ ਹਨ। ਸਤਿ ਸਰੋਵਰ ਪ੍ਰਕਾਸ਼ਮਾਨ ਹੋ ਜਾਂਦੇ ਹਨ। ਮਾਇਆ ਦਾ ਸਾਰਾ ਖੇਲ ਸਮਝ ਵਿੱਚ ਆ ਜਾਂਦਾ ਹੈ। ਹਿਰਦਾ ਅਤੇ ਰੋਮ-ਰੋਮ ਨਾਮ ਨਾਲ ਭਰਪੂਰ ਹੋ ਕੇ ਮਨੁੱਖ ਮਾਇਆ ਨੂੰ ਜਿੱਤ ਕੇ ਪੂਰਨ ਸਚਿਆਰੀ ਰਹਿਤ ਦੀ ਕਮਾਈ ਕਰਕੇ, ਪੰਜ ਦੂਤ ਅਤੇ ਤ੍ਰਿਸ਼ਨਾ ਉੱਪਰ ਜਿੱਤ ਪ੍ਰਾਪਤ ਕਰਕੇ, ਤ੍ਰਿਸ਼ਨਾ ਰਹਿਤ ਹੋ ਕੇ, ਸਤਿ ਸੰਤੋਖ ਵਿੱਚ ਜਾਕੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਅਭੇਦ ਹੋ ਜਾਂਦਾ ਹੈ। ਐਸੇ ਮਹਾ ਪੁਰਖਾਂ ਦਾ ਹਰ ਇੱਕ ਕਰਮ ਤ੍ਰਿਸ਼ਨਾ ਰਹਿਤ ਹੁੰਦਾ ਹੈ। ਇਸ ਲਈ ਤ੍ਰਿਸ਼ਨਾ ਤੋਂ ਰਹਿਤ ਹੋ ਕੇ ਕੀਤਾ ਹਰ ਕਰਮ ਪੂਰਨ ਹੁਕਮ ਵਿੱਚ ਹੁੰਦਾ ਹੈ ਅਤੇ ਪਰਉਪਕਾਰ ਅਤੇ ਮਹਾ ਪਰਉਪਕਾਰ ਲਈ ਹੁੰਦਾ ਹੈ। ਤ੍ਰਿਸ਼ਨਾ ਰਹਿਤ ਹੋ ਕੇ ਨਿਸ਼ਕਾਮ ਭਾਵ ਨਾਲ ਕੀਤਾ ਗਿਆ ਹਰ ਕਰਮ ਕਦੇ ਲਿਖਿਆ ਨਹੀਂ ਜਾਂਦਾ ਹੈ। ਤ੍ਰਿਸ਼ਨਾ ਰਹਿਤ ਹੋ ਕੇ ਨਿਸ਼ਕਾਮ ਭਾਵ ਨਾਲ ਕੀਤੇ ਗਏ ਕਰਮ ਯੋਗ ਬਣ ਜਾਂਦੇ ਹਨ ਅਤੇ ਐਸੇ ਕਰਮਾਂ ਦਾ ਕੋਈ ਲੇਖਾ-ਜੋਖਾ ਨਹੀਂ ਬੱਝਦਾ ਹੈ।

ਜਦ ਮਨੁੱਖ ਤ੍ਰਿਸ਼ਨਾ ਰਹਿਤ ਹੋ ਜਾਂਦਾ ਹੈ ਤਾਂ ਸਾਰੇ ਦਰਗਾਹੀ ਖ਼ਜ਼ਾਨੇ ਅਤੇ ਸਾਰੀਆਂ ਦਾਤਾਂ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਉਸਦੀ ਝੋਲੀ ਵਿੱਚ ਪਾ ਦਿੰਦਾ ਹੈ। ਜੋ ਮਨੁੱਖ ਐਸੀ ਪਰਮ ਸ਼ਕਤੀਸ਼ਾਲੀ ਰੂਹਾਨੀ ਅਵਸਥਾ ਵਿੱਚ ਪਹੁੰਚ ਜਾਂਦੇ ਹਨ ਉਨ੍ਹਾਂ ਦੁਆਰਾ ਸੰਗਤ ਨੂੰ ਦਿੱਤੀ ਗਈ ਹਰ ਦਾਤ ਨੂੰ ਜਿਗਿਆਸੂਆਂ ਦੀ ਝੋਲੀ ਵਿੱਚ ਪਾਉਂਦਾ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਤ੍ਰਿਸ਼ਨਾ ਰਹਿਤ ਹੈ। ਇਸ ਲਈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਪਰਮ ਸ਼ਕਤੀਸ਼ਾਲੀ ਦਾਤਾ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਤ੍ਰਿਸ਼ਨਾ ਰਹਿਤ ਹੈ ਇਸ ਲਈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਸਾਰੀਆਂ ਦਾਤਾਂ ਦਾ ਮਾਲਕ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਤ੍ਰਿਸ਼ਨਾ ਰਹਿਤ ਹੈ ਇਸ ਲਈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਪਰਮ ਦਿਆਲੂ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਪਰਮ ਦਿਆਲੂ ਹੈ ਇਸ ਲਈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਆਪਣੇ ਅਟੁੱਟ ਭੰਡਾਰਾਂ ਵਿੱਚੋਂ ਨਿਰੰਤਰ ਸਾਰੀ ਸ੍ਰਿਸ਼ਟੀ ਦੇ ਪ੍ਰਾਣੀਆਂ ਨੂੰ ਦਾਤਾਂ ਦਿੰਦਾ ਨਹੀਂ ਥੱਕਦਾ ਹੈ। ਕਿਉਂਕਿ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਦਾਤਾਂ ਦੇਣ ਦੀ ਸ਼ੱਮਤਾ ਵੀ ਬੇਅੰਤ ਹੈ ਇਸ ਲਈ ਇਸ ਪਰਮ ਸ਼ਕਤੀਸ਼ਾਲੀ ਬੇਅੰਤ ਸ਼ੱਮਤਾ ਦਾ ਬਿਆਨ ਵੀ ਨਹੀਂ ਕੀਤਾ ਜਾ ਸਕਦਾ ਹੈ।

ਇਸ ਲਈ ਤ੍ਰਿਸ਼ਨਾ ਰਹਿਤ ਹੋ ਜਾਣਾ ਇੱਕ ਪਰਮ ਸ਼ਕਤੀਸ਼ਾਲੀ ਰੂਹਾਨੀ ਅਵਸਥਾ ਹੈ। ਕੇਵਲ ਤ੍ਰਿਸ਼ਨਾ ਰਹਿਤ ਮਨੁੱਖ ਹੀ ਪਰਮ ਦਿਆਲਤਾ ਵਿੱਚ ਜਾ ਸਕਦਾ ਹੈ ਅਤੇ ਸਾਰੀ ਲੋਕਾਈ ਦਾ ਪਰਉਪਕਾਰ ਅਤੇ ਮਹਾ ਪਰਉਪਕਾਰ ਕਰਨ ਦੀ ਸਮਰਥਾ ਰੱਖਦਾ ਹੈ।

ਮਨੁੱਖ ਦੁਨਿਆਵੀ ਤੌਰ ਤੇ ਜਿਤਨਾ ਮਰਜ਼ੀ ਬਲਸ਼ਾਲੀ ਹੋ ਜਾਵੇ ਪਰੰਤੂ ਉਹ ਤ੍ਰਿਸ਼ਨਾ ਰਹਿਤ ਨਹੀਂ ਹੋ ਸਕਦਾ ਹੈ। ਕਿਉਂਕਿ ਬਲਸ਼ਾਲੀ ਮਨੁੱਖ ਤ੍ਰਿਸ਼ਨਾ ਰਹਿਤ ਨਹੀਂ ਹੋ ਸਕਦਾ ਹੈ ਇਸ ਲਈ ਉਹ ਦਾਤਾ ਨਹੀਂ ਬਣ ਸਕਦਾ ਹੈ। ਇਸ ਲਈ ਐਸੇ ਬਲਸ਼ਾਲੀ ਮਨੁੱਖਾਂ ਨੂੰ ਵੀ ਦਾਤਾਂ ਮੰਗਣ ਲਈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸ਼ਰਨ ਵਿੱਚ ਜਾਣਾ ਪੈਂਦਾ ਹੈ। ਭਾਵ ਵੱਡੇ-ਵੱਡੇ ਰਾਜਿਆਂ ਮਹਾਰਾਜਿਆਂ ਨੂੰ ਵੀ ਦਾਤਾਂ ਦੇਣ ਵਾਲਾ ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਹੀ ਹੈ। ਕਿਸੇ ਮਨੁੱਖ ਦੀ ਇਤਨੀ ਸਮਰਥਾ ਨਹੀਂ ਹੈ ਕਿ ਉਹ ਕਿਸੇ ਨੂੰ ਵੀ ਕੋਈ ਵੀ ਦਾਤ ਦੇ ਸਕੇ। ਤੁਹਾਡੇ ਪਿੱਛਲੇ ਜਨਮਾਂ ਵਿੱਚ ਕੀਤੇ ਗਏ ਪੁੰਨ ਕਰਮਾਂ ਕਰਕੇ ਹੋ ਸਕਦਾ ਹੈ ਤੁਹਾਨੂੰ ਬਹੁਤ ਵੱਡੀਆਂ ਦੁਨਿਆਵੀ ਪੱਦਵੀਆਂ ਮਿਲ ਜਾਣ। ਜਿਨ੍ਹਾਂ ਸੰਸਾਰਕ ਪੱਦਵੀਆਂ ਮਿਲਣ ਦੇ ਕਾਰਨ ਹੋ ਸਕਦਾ ਹੈ ਤੁਹਾਨੂੰ ਦੁਨਿਆਵੀ ਲੋਕਾਂ ਦੇ ਉੱਪਰ ਰਾਜ ਭਾਗ ਕਰਨ ਦੀ ਸਮਰਥਾ ਮਿਲ ਜਾਵੇ ਪਰੰਤੂ ਇਹ ਚੇਤੇ ਰੱਖੋ ਕਿ ਇਨ੍ਹਾਂ ਪੱਦਵੀਆਂ ਦੀ ਦਾਤ ਵੀ ਤੁਹਾਨੂੰ ਤੁਹਾਡੇ ਪਿੱਛਲੇ ਜਨਮਾਂ ਦੇ ਕਰਮਾਂ ਅਨੁਸਾਰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਅਟੁੱਟ ਭੰਡਾਰਾਂ ਵਿਚੋਂ ਹੀ ਪ੍ਰਾਪਤ ਹੋਈ ਹੈ। ਸੰਸਾਰ ਵਿੱਚ ਲੈਣ ਅਤੇ ਦੇਣ ਦਾ ਸਾਰਾ ਵਿਵਹਾਰ ਕੇਵਲ ਕਰਮ ਦੇ ਵਿਧਾਨ ਅਨੁਸਾਰ ਹੀ ਚੱਲਦਾ ਹੈ। ਐਸੇ ਬਲਸ਼ਾਲੀ ਸੂਰਮਿਆਂ ਦੀ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ ਹੈ ਜਿਨ੍ਹਾਂ ਦੀ ਐਸੀ ਕੋਈ ਸਮਰਥਾ ਨਹੀਂ ਕਿ ਉਹ ਦਾਤਾ ਬਣ ਸਕਣ। ਬਹੁਤ ਸਾਰੇ ਐਸੇ ਬਲਸ਼ਾਲੀ ਸੂਰਮੇ ਅਤੇ ਵੱਡੀਆਂ ਸੰਸਾਰਕ ਪੱਦਵੀਆਂ ਉੱਪਰ ਰਾਜਸੀ ਸ਼ਕਤੀਆਂ ਦੇ ਮਾਲਕ ਜੋ ਹਨ ਉਨ੍ਹਾਂ ਦਾ ਜੀਵਨ ਵੀ ਭ੍ਰਸ਼ਟਾਚਾਰੀ ਕਰਨੀ ਨਾਲ ਭਰਪੂਰ ਹੁੰਦਾ ਹੈ। ਸੰਸਾਰ ਵਿੱਚ ਬਹੁਤ ਸਾਰੇ ਐਸੇ ਬਲਸ਼ਾਲੀ ਸੂਰਮੇ ਅਤੇ ਵੱਡੀਆਂ ਸੰਸਾਰਕ ਪੱਦਵੀਆਂ ਉੱਪਰ ਰਾਜਸੀ ਸ਼ਕਤੀਆਂ ਦੇ ਮਾਲਕ ਜੋ ਹਨ ਉਨ੍ਹਾਂ ਦਾ ਜੀਵਨ ਵਿਕਾਰਾਂ ਦੀ ਵਿਨਾਸ਼ਕਾਰੀ ਸ਼ਕਤੀਆਂ ਦੀ ਗੁਲਾਮੀ ਵਿੱਚ ਖੱਪ ਟੁੱਟ ਜਾਂਦਾ ਹੈ। ਭਾਵ ਸੰਸਾਰ ਵਿੱਚ ਅਣਗਿਣਤ ਹੀ ਐਸੇ ਬਲਸ਼ਾਲੀ ਸੂਰਮੇ, ਰਾਜੇ, ਮਹਾਰਾਜੇ, ਨੇਤਾ, ਰਾਜਸੀ ਸ਼ਕਤੀਆਂ ਦੇ ਮਾਲਕ ਹੋਏ ਹਨ ਅਤੇ ਨਿਰੰਤਰ ਇਸ ਧਰਤੀ ਉੱਪਰ ਵਿਚਰ ਰਹੇ ਹਨ ਜਿਨ੍ਹਾਂ ਨੇ ਆਪਣਾ ਅਨਮੋਲਕ ਜਨਮ ਵਿਕਾਰਾਂ ਦੇ ਦਲਦਲ ਵਿੱਚ ਵੱੜ੍ਹ ਕੇ ਨਸ਼ਟ ਕਰ ਲਿਆ ਹੈ ਅਤੇ ਨਸ਼ਟ ਕਰ ਰਹੇ ਹਨ। ਇਸ ਲਈ ਜਿਨ੍ਹਾਂ ਮਨੁੱਖਾਂ ਨੂੰ ਵੱਡੀਆਂ ਦੁਨਿਆਵੀ ਪੱਦਵੀਆਂ ਦੀਆਂ ਦਾਤਾਂ ਮਿਲਦੀਆਂ ਹਨ ਅਤੇ ਜਿਨ੍ਹਾਂ ਮਨੁੱਖਾਂ ਨੂੰ ਰਾਜਸੀ ਸ਼ਕਤੀਆਂ ਦੀ ਦਾਤ ਮਿਲਦੀ ਹੈ ਉਨ੍ਹਾਂ ਨੂੰ ਕੇਵਲ ਨਿਸ਼ਕਾਮ ਭਾਵ ਨਾਲ ਤ੍ਰਿਸ਼ਨਾ ਰਹਿਤ ਹੋ ਕੇ ਸੰਸਾਰ ਦੇ ਲੋਕਾਂ ਦੀ ਸੇਵਾ ਨੂੰ ਆਪਣਾ ਜੀਵਨ ਸਮਰਪਿਤ ਕਰ ਦੇਣਾ ਚਾਹੀਦਾ ਹੈ। ਐਸੇ ਬਲਸ਼ਾਲੀ ਸੂਰਮਿਆਂ ਨੂੰ ਆਪਣੇ ਬੱਲ ਦੀ ਵਰਤੋਂ ਕੇਵਲ ਪਰਉਪਕਾਰ ਵਾਸਤੇ ਹੀ ਕਰਨੀ ਚਾਹੀਦੀ ਹੈ। ਐਸਾ ਕਰਨ ਤੇ ਉਨ੍ਹਾਂ ਦੇ ਕਰਮ ਯੋਗ ਬਣ ਜਾਣਗੇ ਅਤੇ ਉਨ੍ਹਾਂ ਨੂੰ ਗੁਰਪ੍ਰਸਾਦਿ ਦੀ ਪ੍ਰਾਪਤੀ ਹੋਵੇਗੀ ਜਿਸ ਨਾਲ ਉਨ੍ਹਾਂ ਦਾ ਜਨਮ ਸਫਲ ਹੋ ਜਾਵੇਗਾ।

ਇਸ ਸੰਸਾਰ ਵਿੱਚ ਬਹੁਤ ਸਾਰੇ ਮਨੁੱਖ ਐਸੇ ਮੰਦੇ ਭਾਗਾਂ ਵਾਲੇ ਵੀ ਹਨ ਜਿਨ੍ਹਾਂ ਨੂੰ ਇਹ ਗਿਆਨ ਕਦੇ ਪ੍ਰਾਪਤ ਨਹੀਂ ਹੁੰਦਾ ਹੈ ਕਿ ਉਨ੍ਹਾਂ ਨੂੰ ਮਿਲ ਰਹੀਆਂ ਸਾਰੀਆਂ ਦਾਤਾਂ ਦੇਣ ਵਾਲਾ ਦਾਤਾ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਹੈ। ਐਸੇ ਮਨੁੱਖ ਇਸ ਭਰਮ ਵਿੱਚ ਸਾਰਾ ਜੀਵਨ ਵਤੀਤ ਕਰ ਦਿੰਦੇ ਹਨ ਕਿ ਜੋ ਕੁਝ ਵੀ ਉਨ੍ਹਾਂ ਨੂੰ ਮਿਲਿਆ ਹੈ ਅਤੇ ਮਿਲ ਰਿਹਾ ਹੈ ਉਹ ਉਨ੍ਹਾਂ ਦੀ ਹੀ ਕਮਾਈ ਹੈ। ਕਰਮ ਦੇ ਵਿਧਾਨ ਅਨੁਸਾਰ ਪਿੱਛਲੇ ਜਨਮਾਂ ਵਿੱਚ ਕੀਤੇ ਗਏ ਪਾਪ ਅਤੇ ਪੁੰਨ ਕਰਮਾਂ ਦਾ ਫਲ ਕਈ ਗੁਣਾ ਹੋ ਕੇ ਆਉਣ ਵਾਲੇ ਸਮੇਂ ਵਿੱਚ ਜੀਵਨ ਵਿੱਚ ਵਾਪਰਦਾ ਹੈ। ਪਰੰਤੂ ਆਮ ਮਨੁੱਖ ਆਪਣੀ ਹੀ ਹਉਮੈ ਦੇ ਕਾਰਨ ਇਸ ਪੂਰਨ ਸਤਿ ਤੱਤ, ਕਿ ਸਾਰੀਆਂ ਦਾਤਾਂ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਕਿਰਪਾ ਨਾਲ ਹੀ ਮਿਲਦੀਆਂ ਹਨ, ਤੋਂ ਇਨਕਾਰੀ ਹੋ ਕੇ ਆਪਣੇ ਪ੍ਰਾਲਬਧ ਨੂੰ ਹੋਰ ਦੁਸ਼ਕਰ ਬਣਾ ਲੈਂਦਾ ਹੈ। ਇਸ ਤਰ੍ਹਾਂ ਨਾਲ ਐਸੇ ਮਨੁੱਖ ਸਤਿ ਪਾਰਬ੍ਰਹਮ ਪਿਤਾ ਦੀ ਕਿਰਪਾ ਨਾਲ ਪ੍ਰਾਪਤ ਹੋਈਆਂ ਸਾਰੀਆਂ ਦਾਤਾਂ ਨੂੰ ਭੋਗਦੇ ਹਨ ਪਰੰਤੂ ਕਦੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਸ਼ੁਕਰਾਨਾ ਨਹੀਂ ਹਨ ਕਰਦੇ। ਦੁਨੀਆਂ ਵਿੱਚ ਬਹੁਤ ਸਾਰੇ ਲੋਕ, ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਹੈ, ਐਸੇ ਵੀ ਹਨ ਜੋ ਕਿ ਸਾਰੀਆਂ ਦਾਤਾਂ ਭੋਗਦੇ ਹੋਏ ਵੀ ਸਦਾ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਸ਼ਿਕਾਇਤ ਹੀ ਕਰਦੇ ਰਹਿੰਦੇ ਹਨ। ਐਸੇ ਲੋਕ ਜਦ ਕੋਈ ਉਪਲੱਬਧੀ ਦੀ ਪ੍ਰਾਪਤੀ ਹੋਵੇ ਤਾਂ ਆਪਣੇ ਆਪ ਨੂੰ ਆਪਣੀ ਹਉਮੈ ਵੱਸ ਹੋ ਕੇ ਸਾਲਾਹੁੰਦੇ ਹਨ। ਪਰੰਤੂ ਜਦ ਉਨ੍ਹਾਂ ਦੀ ਇੱਛਾ ਪੂਰਨ ਨਹੀਂ ਹੁੰਦੀ ਤਾਂ ਉਹ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਦੋਸ਼ ਦਿੰਦੇ ਹਨ। ਐਸੇ ਲੋਕ ਆਪਣੇ ਸਾਰੇ ਦੁੱਖਾਂ ਕਲੇਸ਼ਾਂ ਲਈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਜਾਂ ਹੋਰ ਲੋਕਾਂ ਨੂੰ ਦੋਸ਼ੀ ਕਰਾਰ ਦਿੰਦੇ ਹਨ। ਭਾਵ ਇਹ ਹੈ ਕਿ ਐਸੇ ਮਨੁੱਖ ਇਹ ਸਮਝਣ ਤੋਂ ਇਨਕਾਰ ਕਰ ਦਿੰਦੇ ਹਨ ਕਿ ਉਨ੍ਹਾਂ ਦੇ ਸਾਰੇ ਦੁੱਖਾਂ, ਕਲੇਸ਼ਾਂ, ਔਕੜਾਂ, ਮੁਸੀਬਤਾਂ ਅਤੇ ਅਸਫਲਤਾਵਾਂ ਦਾ ਕਾਰਨ ਕੇਵਲ ਉਨ੍ਹਾਂ ਦੇ ਕਰਮ ਹੀ ਹਨ। ਇਸ ਲਈ ਸਤਿ ਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਨੇ ਐਸੇ ਮਨੁੱਖਾਂ ਨੂੰ ਮੂਰਖ ਕਹਿ ਕੇ ਸੰਬੋਧਿਤ ਕੀਤਾ ਹੈ। ਉਹ ਮਨੁੱਖ ਮੂਰਖ ਹਨ ਜੋ ਆਪਣੀ ਹੀ ਹਉਮੈ ਕਾਰਨ ਇਹ ਸਮਝਦੇ ਹਨ ਕਿ ਉਨ੍ਹਾਂ ਨੂੰ ਮਿਲ ਰਹੀਆਂ ਸਾਰੀਆਂ ਸੰਸਾਰਕ ਸੁੱਖ ਸੁਵਿਧਾਵਾਂ ਅਤੇ ਪਦਾਰਥ ਉਨ੍ਹਾਂ ਦੀ ਆਪਣੀ ਕਮਾਈ ਹੈ। ਇਸ ਭਰਮ ਵਿੱਚ ਜੀਉਣ ਅਤੇ ਰਹਿਣ ਵਾਲੇ ਮਨੁੱਖ ਆਪਣਾ ਮਨੁੱਖਾ ਜਨਮ ਨਸ਼ਟ ਕਰ ਲੈਂਦੇ ਹਨ।

ਸੰਸਾਰ ਵਿੱਚ ਬਹੁਤ ਸਾਰੇ ਮਨੁੱਖ ਐਸੇ ਹਨ ਜਿਨ੍ਹਾਂ ਦਾ ਜੀਵਨ ਦੁੱਖਾਂ, ਕਲੇਸ਼ਾਂ, ਔਕੜਾਂ, ਰੋਗਾਂ, ਮੁਸੀਬਤਾਂ, ਗਰੀਬੀ, ਜ਼ਿੱਲਤ ਅਤੇ ਅਸਫਲਤਾਵਾਂ ਨਾਲ ਭਰਪੂਰ ਹੁੰਦਾ ਹੈ। ਐਸੇ ਮਨੁੱਖਾਂ ਦੇ ਜੀਵਨ ਵਿੱਚ ਕੋਈ ਦੁਨਿਆਵੀ ਸੁੱਖ ਸੁਵਿਧਾ ਨਹੀਂ ਹੁੰਦੀ ਹੈ। ਦੋ ਵਕਤ ਦੀ ਰੋਟੀ ਮਿਲਣਾ ਵੀ ਉਨ੍ਹਾਂ ਦੀ ਸਭ ਤੋਂ ਵੱਡੀ ਸਮੱਸਿਆ ਹੁੰਦੀ ਹੈ। ਐਸੇ ਮਨੁੱਖਾਂ ਦਾ ਸਾਰਾ ਜੀਵਨ ਗਰੀਬੀ ਨਾਲ ਲੜਦਿਆਂ ਹੋਇਆਂ ਨਿਕਲ ਜਾਂਦਾ ਹੈ। ਐਸੇ ਮਨੁੱਖਾਂ ਨੂੰ ਇਸ ਪੂਰਨ ਸਤਿ ਨੂੰ ਸਮਝਣਾ ਬੇਅੰਤ ਜ਼ਰੂਰੀ ਹੈ ਕਿ ਉਨ੍ਹਾਂ ਦੇ ਜੀਵਨ ਦੀ ਦੁਰਦਸ਼ਾ ਦੇ ਉਹ ਆਪ ਜ਼ਿੰਮੇਵਾਰ ਹਨ। ਉਨ੍ਹਾਂ ਦੇ ਸਾਰੇ ਦੁੱਖਾਂ, ਕਲੇਸ਼ਾਂ, ਔਕੜਾਂ, ਰੋਗਾਂ, ਮੁਸੀਬਤਾਂ, ਗਰੀਬੀ, ਜ਼ਿੱਲਤ ਅਤੇ ਅਸਫਲਤਾਵਾਂ ਦਾ ਕਾਰਨ ਕੇਵਲ ਉਨ੍ਹਾਂ ਦੇ ਆਪਣੇ ਕਰਮਾਂ ਦਾ ਹੀ ਦੋਸ਼ ਹੈ। ਗੁਰਬਾਣੀ ਵਿੱਚ ਇਸ ਪੂਰਨ ਸਤਿ ਨੂੰ ਸਪੱਸ਼ਟ ਕੀਤਾ ਗਿਆ ਹੈ :-

 

ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ ॥

ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ ॥੨੧॥

(ਪੰਨਾ ੪੩੩)

 

 

ਇਸ ਲਈ ਸਾਨੂੰ ਸਾਰਿਆਂ ਨੂੰ ਆਪਣੀ ਰੋਜ਼ਾਨਾ ਜੀਵਨ ਦੀ ਕਰਨੀ ਨੂੰ ਤੋਲਣ ਦਾ ਇਲਾਹੀ ਆਦੇਸ਼ ਹੈ। ਜੋ ਮਨੁੱਖ ਆਪਣੀ ਰੋਜ਼ਾਨਾ ਜੀਵਨ ਵਿੱਚ ਆਪਣੀ ਕਰਨੀ ਉੱਪਰ ਧਿਆਨ ਦਿੰਦੇ ਹਨ ਉਹ ਆਪਣੀ ਕਰਨੀ ਨੂੰ ਸਤਿ ਦੀ ਕਰਨੀ ਬਣਾਉਣ ਵਿੱਚ ਸਫਲ ਹੋ ਜਾਂਦੇ ਹਨ। ਜਿਸਦੇ ਫਲਸਰੂਪ ਉਨ੍ਹਾਂ ਦੇ ਸਤਿ ਕਰਮ ਇਕੱਤਰ ਹੋਣੇ ਸ਼ੁਰੂ ਹੋ ਜਾਂਦੇ ਹਨ ਜੋ ਕਿ ਉਨ੍ਹਾਂ ਦਾ ਪ੍ਰਾਲਭਧ ਸੁੰਦਰ ਅਤੇ ਸੁਖੈਣ ਬਣਾ ਦਿੰਦੇ ਹਨ। ਸਤਿ ਕਰਮ ਕਰਨ ਵਾਲੇ ਮਨੁੱਖਾਂ ਨੂੰ ਹੀ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਜੋ ਮਨੁੱਖ ਆਪਣੇ ਜੀਵਨ ਵਿੱਚ ਆ ਰਹੇ ਦੁੱਖਾਂ, ਕਲੇਸ਼ਾਂ, ਔਕੜਾਂ, ਰੋਗਾਂ, ਮੁਸੀਬਤਾਂ, ਗਰੀਬੀ, ਜ਼ਿੱਲਤ ਅਤੇ ਅਸਫਲਤਾਵਾਂ ਦਾ ਇਹ ਕਾਰਨ ਸਮਝ ਜਾਂਦੇ ਹਨ ਉਨ੍ਹਾਂ ਤੇ ਕਿਰਪਾ ਹੋ ਜਾਂਦੀ ਹੈ। ਉਨ੍ਹਾਂ ਲਈ ਉਨ੍ਹਾਂ ਦਾ ਦੁੱਖਾਂ, ਕਲੇਸ਼ਾਂ, ਔਕੜਾਂ, ਰੋਗਾਂ, ਮੁਸੀਬਤਾਂ, ਗਰੀਬੀ, ਜ਼ਿੱਲਤ ਅਤੇ ਅਸਫਲਤਾਵਾਂ ਨਾਲ ਭਰਪੂਰ ਜੀਵਨ ਹੀ ਉਨ੍ਹਾਂ ਦੀ ਪ੍ਰੇਰਣਾ ਦਾ ਸ੍ਰੋਤ ਬਣ ਜਾਂਦਾ ਹੈ ਅਤੇ ਦਾਰੂ ਬਣ ਜਾਂਦਾ ਹੈ। ਉਹ ਆਪਣੇ ਮਾੜੇ ਨਸੀਬਾਂ ਦੇ ਪਿੱਛੇ ਛੁਪੇ ਹੋਏ ਕਾਰਨ ਦੇ ਗਿਆਨ ਨਾਲ ਪ੍ਰਕਾਸ਼ਮਾਨ ਹੋ ਜਾਂਦੇ ਹਨ ਅਤੇ ਆਪਣੀ ਕਰਨੀ ਉੱਪਰ ਧਿਆਨ ਦੇਣਾ ਸ਼ੁਰੂ ਕਰ ਦਿੰਦੇ ਹਨ। ਉਨ੍ਹਾਂ ਨੂੰ ਇਹ ਸੋਝੀ ਪੈ ਜਾਂਦੀ ਹੈ ਕਿ ਉਨ੍ਹਾਂ ਦੇ ਦੁੱਖਾਂ, ਕਲੇਸ਼ਾਂ, ਔਕੜਾਂ, ਰੋਗਾਂ, ਮੁਸੀਬਤਾਂ, ਗਰੀਬੀ, ਜ਼ਿੱਲਤ ਅਤੇ ਅਸਫਲਤਾਵਾਂ ਦਾ ਕਾਰਨ ਕੇਵਲ ਉਨ੍ਹਾਂ ਦੇ ਆਪਣੇ ਹੀ ਕਰਮ ਹਨ ਅਤੇ ਇਨ੍ਹਾਂ ਕਰਮਾਂ ਦੇ ਬੰਧਨਾਂ ਤੋਂ ਮੁਕਤੀ ਕੇਵਲ ਗੁਰਪ੍ਰਸਾਦਿ ਦੀ ਪ੍ਰਾਪਤੀ ਨਾਲ ਹੀ ਹੋ ਸਕਦੀ ਹੈ। ਇਸ ਲਈ ਉਹ ਮਨੁੱਖ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਹੁਕਮ ਅਨੁਸਾਰ ਨਾਮ ਸਿਮਰਨ ਅਤੇ ਨਾਮ ਦੀ ਕਮਾਈ ਕਰਨ ਵਿੱਚ ਜੁੱਟ ਜਾਂਦੇ ਹਨ। ਉਨ੍ਹਾਂ ਦਾ ਦੁੱਖ ਦਾਰੂ ਬਣ ਕੇ ਸਹਾਈ ਹੁੰਦਾ ਹੈ। ਇਸੇ ਲਈ ਗੁਰਬਾਣੀ ਵਿੱਚ ਦੁੱਖ ਨੂੰ ਦਾਰੂ ਕਿਹਾ ਗਿਆ ਹੈ ਅਤੇ ਸੁੱਖ ਨੂੰ ਰੋਗ ਕਿਹਾ ਗਿਆ ਹੈ। ਕਿਉਂਕਿ ਦੁੱਖ ਮਨੁੱਖ ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਚਰਨ ਸ਼ਰਨ ਵਿੱਚ ਲੈ ਕੇ ਜਾਂਦਾ ਹੈ ਅਤੇ ਸੁੱਖ ਵਿੱਚ ਮਨੁੱਖ ‘ਤਮਾ’ (ਤ੍ਰਿਸ਼ਨਾ) ਵਿੱਚ ਚਲਾ ਜਾਂਦਾ ਹੈ। ‘ਤਮਾ’ ਮਨੁੱਖ ਦੇ ਵਿਨਾਸ਼ ਦਾ ਕਾਰਨ ਬਣਦੀ ਹੈ ਅਤੇ ਦੁੱਖ ਮਨੁੱਖ ਦੀ ਮੁਕਤੀ ਦਾ ਸਬੱਬ ਬਣਦਾ ਹੈ :-

 

 

ਦੁਖੁ ਦਾਰੂ ਸੁਖੁ ਰੋਗੁ ਭਇਆ ਜਾ ਸੁਖੁ ਤਾਮਿ ਨ ਹੋਈ ॥

(ਪੰਨਾ ੪੬੯)

 

 

ਇਸ ਲਈ ਸੁੱਖ ਰੋਗ ਹੈ ਅਤੇ ਮਨੁੱਖ ਦੀ ਬਿਪਤਾ ਦਾ ਕਾਰਨ ਬਣਦਾ ਹੈ ਅਤੇ ਦੁੱਖ ਮਨੁੱਖ ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਜੋੜਦਾ ਹੈ ਇਸ ਲਈ ਦੁੱਖ ਵਰਦਾਨ ਹੈ। ਇਸ ਲਈ ਜਦ ਵੀ ਸਾਡੇ ਜੀਵਨ ਵਿੱਚ ਦੁੱਖ ਆਵੇ ਤਾਂ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਸ਼ਿਕਾਇਤ ਨਹੀਂ ਕਰਨੀ ਚਾਹੀਦੀ ਹੈ ਅਤੇ ਇਸ ਨੂੰ ਵਰਦਾਨ ਸਮਝ ਕੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਚਰਨ ਸ਼ਰਨ ਵਿੱਚ ਜਾ ਕੇ ਅਰਦਾਸ ਕਰਨੀ ਚਾਹੀਦੀ ਹੈ। ਕਿਉਂਕਿ ਸ਼ਿਕਾਇਤ ਕਰਨ ਨਾਲ ਦੁੱਖ ਹੋਰ ਵੱਧ ਜਾਵੇਗਾ, ਪਰੰਤੂ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬੰਦਗੀ ਵਿੱਚ ਜਾਣ ਨਾਲ ਦੁੱਖ ਦਾ ਅੰਤ ਹੋ ਜਾਵੇਗਾ ਅਤੇ ਮਨੁੱਖ ਮੁਕਤੀ ਦੇ ਮਾਰਗ ਉੱਪਰ ਤੁਰਨ ਲਗ ਪਵੇਗਾ। ਇਹ ਸਮਝ ਲੈਣਾ ਚਾਹੀਦਾ ਹੈ ਕਿ ਇਹ ਸਾਰੇ ਦੁੱਖਾਂ, ਕਲੇਸ਼ਾਂ, ਔਕੜਾਂ, ਰੋਗਾਂ, ਮੁਸੀਬਤਾਂ, ਗਰੀਬੀ, ਜ਼ਿੱਲਤ ਅਤੇ ਅਸਫਲਤਾਵਾਂ ਦਾ ਕਾਰਨ ਕੇਵਲ ਸਾਡੇ ਆਪਣੇ ਕਰਮ ਹੀ ਹਨ।

ਇਸ ਲਈ ਦੁੱਖਾਂ, ਕਲੇਸ਼ਾਂ, ਔਕੜਾਂ, ਰੋਗਾਂ, ਮੁਸੀਬਤਾਂ, ਗਰੀਬੀ, ਜ਼ਿੱਲਤ ਅਤੇ ਅਸਫਲਤਾਵਾਂ ਨੂੰ ਆਪਣੀ ਸ਼ਕਤੀ ਬਣਾਓ ਅਤੇ ਇਸ ਨੂੰ ਵੀ ਦਾਤ ਸਮਝ ਕੇ ਸਵੀਕਾਰ ਕਰੋ ਅਤੇ ਭਾਣੇ ਵਿੱਚ ਰਹੋ। ਐਸਾ ਕਰਨ ਤੇ ਦੁਨਿਆਵੀ ਮੋਹ ਮਾਇਆ ਦੇ ਬੰਧਨਾਂ ਤੋਂ ਮੁਕਤੀ ਦਾ ਮਾਰਗ ਖੁੱਲ੍ਹ ਜਾਵੇਗਾ। ਸਾਰੇ ਕਰਮ ਸਤਿ ਕਰਮ ਹੋਣੇ ਸ਼ੁਰੂ ਹੋ ਜਾਣਗੇ। ਸਤਿ ਕਰਮ ਕਰਦੇ-ਕਰਦੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਰਾਮਤ ਹੋ ਜਾਵੇਗੀ। ਗੁਰ ਪ੍ਰਸਾਦਿ ਦੀ ਪ੍ਰਾਪਤੀ ਹੋ ਜਾਵੇਗੀ। ਨਾਮ, ਨਾਮ ਸਿਮਰਨ, ਨਾਮ ਦੀ ਕਮਾਈ ਅਤੇ ਪੂਰਨ ਬੰਦਗੀ ਦੇ ਗੁਰ ਪ੍ਰਸਾਦਿ ਦੀ ਪ੍ਰਾਪਤੀ ਨਾਲ ਮਾਇਆ ਦੇ ਬੰਧਨਾਂ ਤੋਂ ਖਲਾਸੀ (ਮੁਕਤੀ) ਮਿਲ ਜਾਵੇਗੀ। ਸਾਰੇ ਦੁੱਖਾਂ, ਕਲੇਸ਼ਾਂ, ਔਕੜਾਂ, ਰੋਗਾਂ, ਮੁਸੀਬਤਾਂ, ਗਰੀਬੀ, ਜ਼ਿੱਲਤ ਅਤੇ ਅਸਫਲਤਾਵਾਂ ਦਾ ਅੰਤ ਹੋ ਜਾਵੇਗਾ। ਹਿਰਦਾ ਪਰਮ ਆਨੰਦ ਸਤਿ ਚਿਤ ਆਨੰਦ ਵਿੱਚ ਲੀਨ ਹੋ ਕੇ ਸੰਤ ਹਿਰਦਾ ਬਣ ਜਾਵੇਗਾ। ਇਸ ਲਈ ਜੋ ਮਨੁੱਖ ਦੁੱਖਾਂ, ਕਲੇਸ਼ਾਂ, ਔਕੜਾਂ, ਰੋਗਾਂ, ਮੁਸੀਬਤਾਂ, ਗਰੀਬੀ, ਜ਼ਿੱਲਤ ਅਤੇ ਅਸਫਲਤਾਵਾਂ ਨੂੰ ਆਪਣੇ ਹੀ ਕਰਮਾਂ ਦਾ ਫੱਲ ਸਮਝ ਕੇ ਭਾਣੇ ਨੂੰ ਸਵੀਕਰ ਕਰਦੇ ਹੋਏ ਗੁਰਪ੍ਰਸਾਦਿ ਨਾਲ ਨਿਵਾਜੇ ਜਾਂਦੇ ਹਨ ਕੇਵਲ ਉਹ ਮਨੁੱਖ ਹੀ ਬੰਦਗੀ ਵਿੱਚ ਲੀਨ ਹੋ ਕੇ ਗੁਰਪ੍ਰਸਾਦਿ ਦੀ ਇਸ ਪਰਮ ਸ਼ਕਤੀ ਦਾ ਅਨੁਭਵ ਕਰਦੇ ਹਨ। ਇਸ ਤਰ੍ਹਾਂ ਨਾਲ ਜੋ ਮਨੁੱਖ ਮੋਹ ਮਾਇਆ ਦੇ ਇਸ ਮਹਾ ਵਿਨਾਸ਼ਕਾਰੀ ਬੰਧਨਾਂ ਤੋਂ ਮੁਕਤੀ ਪ੍ਰਾਪਤ ਕਰਦੇ ਹਨ ਕੇਵਲ ਉਹ ਹੀ ਇਹ ਅਨੁਭਵ ਕਰਦੇ ਹਨ ਕਿ ਸਾਰੇ ਦੁੱਖਾਂ, ਕਲੇਸ਼ਾਂ, ਔਕੜਾਂ, ਰੋਗਾਂ, ਮੁਸੀਬਤਾਂ, ਗਰੀਬੀ, ਜ਼ਿੱਲਤ ਅਤੇ ਅਸਫਲਤਾਵਾਂ ਨੂੰ ਭਾਣਾ ਸਮਝ ਕੇ ਮੰਨਣ ਨਾਲ ਉਨ੍ਹਾਂ ਉੱਪਰ ਕਿਤਨੀ ਕਿਰਪਾ ਵਾਪਰਦੀ ਹੈ ਅਤੇ ਕਿਸ ਤਰ੍ਹਾਂ ਨਾਲ ਉਨ੍ਹਾਂ ਦਾ ਦੁੱਖ ਦਾਰੂ ਬਣ ਕੇ ਉਨ੍ਹਾਂ ਦੀ ਰੱਖਿਆ ਕਰਦਾ ਹੈ। ਧੰਨ ਧੰਨ ਸਤਿਗੁਰ ਅਵਤਾਰ ਦਸਮ ਪਾਤਿਸ਼ਾਹ ਜੀ ਨੇ ਇਸੇ ਲਈ ਰੋਗਾਂ ਨੂੰ ਨਮਸਕਾਰ ਕੀਤਾ ਹੈ :-

 

ਨਮੋ ਰੋਗ ਰੋਗੇ ਨਮਸਤੰ ਸਨਾਨੇ ॥ ੫੬॥

(ਜਾਪ ਸਾਹਿਬ)

 

 

ਮਾਇਆ ਦੀਆਂ ਚੋਟਾਂ ਹੀ ਮਨੁੱਖ ਦਾ ਮਾਰਗ ਦਰਸ਼ਨ ਕਰਦੀਆਂ ਹਨ। ਜਦ ਅਸੀਂ ਆਪਣੇ ਰੋਜ਼ਾਨਾ ਜੀਵਨ ਵਿੱਚ ਮੋਹ ਮਾਇਆ ਦੀਆਂ ਇਨ੍ਹਾਂ ਸੱਟਾਂ ਨੂੰ ਅਨੁਭਵ ਕਰਦੇ ਹਾਂ ਤਾਂ ਸਮਝ ਲਵੋ ਕਿ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਸੰਕੇਤ ਹੈ ਕਿ ਹੁਣ ਸਾਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਚਰਨ ਸ਼ਰਨ ਵਿੱਚ ਚਲੇ ਜਾਣਾ ਚਾਹੀਦਾ ਹੈ। ਜਦ ਦੁੱਖਾਂ, ਕਲੇਸ਼ਾਂ, ਔਕੜਾਂ, ਰੋਗਾਂ, ਮੁਸੀਬਤਾਂ, ਗਰੀਬੀ, ਜ਼ਿੱਲਤ ਅਤੇ ਅਸਫਲਤਾਵਾਂ ਦਾ ਕੋਈ ਹੱਲ ਨਜ਼ਰ ਨਾ ਆਵੇ ਤਾਂ ਇਹ ਸਮਝ ਲੈਣਾ ਚਾਹੀਦਾ ਹੈ ਕਿ ਹੁਣ ਹੋਰ ਕੋਈ ਰਸਤਾ ਨਹੀਂ ਹੈ ਇਨ੍ਹਾਂ ਵਿੱਚੋਂ ਨਿਕਲਣ ਦਾ। ਆਮ ਜੀਵਨ ਵਿੱਚ ਹੁੰਦਾ ਵੀ ਠੀਕ ਇਸੇ ਤਰ੍ਹਾਂ ਹੀ ਹੈ। ਜਦ ਮਨੁੱਖ ਮੋਹ ਮਾਇਆ ਦੇ ਕਾਰਨ ਇਨ੍ਹਾਂ ਦੁੱਖਾਂ ਦੀਆਂ ਸੱਟਾਂ ਖਾ-ਖਾ ਕੇ ਸਾਰੇ ਪਾਸਿਓਂ ਟੁੱਟ ਹਾਰ ਜਾਂਦਾ ਹੈ ਤਾਂ ਉਹ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਚਰਨ-ਸ਼ਰਨ ਵਿੱਚ ਜਾਂਦਾ ਹੈ। ਇਸ ਤਰ੍ਹਾਂ ਨਾਲ ਮਨੁੱਖ ਦਾ ਦੁੱਖ ਹੀ ਉਸਦਾ ਦਾਰੂ ਬਣਦਾ ਹੈ। ਇਸ ਤਰ੍ਹਾਂ ਨਾਲ ਕੇਵਲ ਉਹ ਮਨੁੱਖ ਹੀ ਇਨ੍ਹਾਂ ਮੋਹ ਮਾਇਆ ਦੀਆਂ ਚੋਟਾਂ ਦਾ ਮਹੱਤਵ ਜਾਣਦਾ ਹੈ ਜੋ ਮਨੁੱਖ ਇਨ੍ਹਾਂ ਮੋਹ ਮਾਇਆ ਦੀਆਂ ਚੋਟਾਂ ਨੂੰ ਸਹਿਨ ਕਰਕੇ, ਭਾਣੇ ਨੂੰ ਹੁਕਮ ਸਮਝ ਕੇ ਮੰਨਦਾ ਹੈ ਅਤੇ ਦੁੱਖਾਂ, ਕਲੇਸ਼ਾਂ, ਔਕੜਾਂ, ਰੋਗਾਂ, ਮੁਸੀਬਤਾਂ, ਗਰੀਬੀ, ਜ਼ਿੱਲਤ ਅਤੇ ਅਸਫਲਤਾਵਾਂ ਨੂੰ ਨਮਸਕਾਰ ਕਰਦਾ ਹੈ ਅਤੇ ਇਸ ਦੇ ਫੱਲ ਸਵਰੂਪ ਗੁਰਪ੍ਰਸਾਦਿ ਦੀ ਪ੍ਰਾਪਤੀ ਕਰਕੇ ਨਾਮ ਦੀ ਕਮਾਈ ਕਰਦਾ ਹੈ ਅਤੇ ਨਾਮ ਦੀ ਕਮਾਈ ਕਰਦਾ-ਕਰਦਾ ਇਸ ਮੋਹ ਮਾਇਆ ਦੇ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ।

ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬੰਦਗੀ ਤੋਂ ਇਲਾਵਾ ਇਨ੍ਹਾਂ ਦੁੱਖਾਂ, ਕਲੇਸ਼ਾਂ, ਔਕੜਾਂ, ਰੋਗਾਂ, ਮੁਸੀਬਤਾਂ, ਗਰੀਬੀ, ਜ਼ਿੱਲਤ ਅਤੇ ਅਸਫਲਤਾਵਾਂ ਤੋਂ ਸਦਾ-ਸਦਾ ਲਈ ਛੁਟਕਾਰਾ ਪਾਉਣ ਦਾ ਹੋਰ ਕੋਈ ਰਸਤਾ ਨਹੀਂ ਹੈ। ਜੋ ਮਨੁੱਖ ਆਪਣੀ ਹੀ ਮੂਰਖਤਾਈ ਕਾਰਨ ਇਨ੍ਹਾਂ ਦੁੱਖਾਂ, ਕਲੇਸ਼ਾਂ, ਔਕੜਾਂ, ਰੋਗਾਂ, ਮੁਸੀਬਤਾਂ, ਗਰੀਬੀ, ਜ਼ਿੱਲਤ ਅਤੇ ਅਸਫਲਤਾਵਾਂ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰਦੇ ਹਨ ਉਨ੍ਹਾਂ ਦੇ ਦੁੱਖਾਂ ਦਾ ਭਾਰ ਹੋਰ ਵੱਧ ਜਾਂਦਾ ਹੈ। ਕਿਉਂਕਿ ਉਹ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਰਜ਼ਾ ਵਿੱਚ ਤੁਰਨ ਤੋਂ ਇਨਕਾਰੀ ਹੋ ਜਾਂਦੇ ਹਨ। ਜਿਸ ਕਾਰਨ ਉਨ੍ਹਾਂ ਦੇ ਅਸਤਿ ਕਰਮਾਂ ਦਾ ਪ੍ਰਭਾਵ ਖ਼ਤਮ ਹੋਣ ਦੇ ਬਜਾਇ ਉਨ੍ਹਾਂ ਦੇ ਚਿੱਤਰਗੁਪਤ ਉੱਪਰ ਹੋਰ ਅਸਤਿ ਕਰਮ ਬੱਝ ਜਾਂਦੇ ਹਨ। ਇਸ ਲਈ ਕੇਵਲ ਭਾਣੇ ਵਿੱਚ ਰਹਿਣ ਨਾਲ ਹੀ ਕਿਰਪਾ ਹੁੰਦੀ ਹੈ। ਇਸ ਪੂਰਨ ਸਤਿ ਨੂੰ ਗੁਰਬਾਣੀ ਵਿੱਚ ਬਹੁਤ ਸਲੋਕਾਂ ਵਿੱਚ ਪ੍ਰਗਟ ਕੀਤਾ ਗਿਆ ਹੈ :-

 

ਭਾਣੈ ਹੁਕਮੁ ਮਨਾਇਓਨੁ ਭਾਣੈ ਸੁਖੁ ਪਾਇਆ ॥

ਭਾਣੈ ਸਤਿਗੁਰੁ ਮੇਲਿਓਨੁ ਭਾਣੈ ਸਚੁ ਧਿਆਇਆ ॥

ਭਾਣੇ ਜੇਵਡ ਹੋਰ ਦਾਤਿ ਨਾਹੀ ਸਚੁ ਆਖਿ ਸੁਣਾਇਆ ॥

ਜਿਨ ਕਉ ਪੂਰਬਿ ਲਿਖਿਆ ਤਿਨ ਸਚੁ ਕਮਾਇਆ ॥

ਨਾਨਕ ਤਿਸੁ ਸਰਣਾਗਤੀ ਜਿਨਿ ਜਗਤੁ ਉਪਾਇਆ ॥੨੧॥

(ਪੰਨਾ ੧੦੯੩)

 

ਭਾਣੇ ਵਿੱਚ ਉਹ ਮਨੁੱਖ ਮੰਨਿਆ ਜਾਂਦਾ ਹੈ ਜੋ ਆਪਣੇ ਦੁੱਖਾਂ, ਕਲੇਸ਼ਾਂ, ਔਕੜਾਂ, ਰੋਗਾਂ, ਮੁਸੀਬਤਾਂ, ਗਰੀਬੀ, ਜ਼ਿੱਲਤ ਅਤੇ ਅਸਫਲਤਾਵਾਂ ਲਈ ਆਪਣੇ ਆਪ ਨੂੰ ਜ਼ਿੰਮੇਵਾਰ ਮੰਨਦਾ ਹੈ। ਜੋ ਮਨੁੱਖ ਭਾਣੇ ਵਿੱਚ ਆਉਂਦਾ ਹੈ ਕੇਵਲ ਉਸ ਉੱਪਰ ਹੀ ਕਿਰਪਾ ਵਾਪਰਦੀ ਹੈ ਅਤੇ ਉਸਨੂੰ ਹੀ ਸਤਿਗੁਰ ਦੀ ਸੰਗਤ ਮਿਲਦੀ ਹੈ। ਕੇਵਲ ਸਤਿਗੁਰ ਦੀ ਸੰਗਤ ਵਿੱਚ ਹੀ ਪੂਰਨ ਸਤਿ ਵਰਤਦਾ ਹੈ ਇਸ ਲਈ ਕੇਵਲ ਸਤਿਗੁਰ ਦੀ ਸੰਗਤ ਵਿੱਚ ਹੀ ਮਨੁੱਖ ਸਤਿ ਨੂੰ ਧਿਆਉਂਦਾ ਹੈ। ਭਾਣੇ ਵਿੱਚ ਹੀ ਕੇਵਲ ਪੂਰਨ ਸਤਿ ਦੇ ਉਪਦੇਸ਼ ਦੀ ਦਾਤ ਮਿਲਦੀ ਹੈ। ਭਾਣੇ ਵਿੱਚ ਹੀ ਕੇਵਲ ਸਤਿਗੁਰ ਪਾਸੋਂ ਪੂਰਨ ਸਤਿ ਦੀ ਪੂਰਨ ਦੀਖਿਆ ਦੀ ਪ੍ਰਾਪਤੀ ਹੁੰਦੀ ਹੈ। ਪੂਰਨ ਦੀਖਿਆ ਤੋਂ ਬਿਨਾ ਪੂਰਨ ਬੰਦਗੀ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਇਹ ਗੁਰਪ੍ਰਸਾਦਿ ਹੈ ਜੋ ਕਿ ਬੇਅੰਤ ਪਰਮ ਸ਼ਕਤੀ ਹੈ। ਗੁਰਪ੍ਰਸਾਦਿ ਦੇ ਪ੍ਰਾਪਤ ਹੁੰਦੇ ਹੀ ਮਨੁੱਖ ਦਾ ਜੀਵਨ ਬਦਲ ਜਾਂਦਾ ਹੈ। ਮਨ ਸ਼ਾਂਤ ਹੋ ਜਾਂਦਾ ਹੈ। ਨਾਮ ਸੁਰਤ, ਹਿਰਦੇ ਅਤੇ ਰੋਮ-ਰੋਮ ਵਿੱਚ ਉੱਕਰ ਜਾਂਦਾ ਹੈ। ਸਾਰੇ ਸਤਿ ਸਰੋਵਰ ਪ੍ਰਕਾਸ਼ਮਾਨ ਹੋ ਜਾਂਦੇ ਹਨ। ਸਾਰੇ ਬੱਜਰ ਕਪਾਟ ਖੁੱਲ੍ਹ ਜਾਂਦੇ ਹਨ। ਹਿਰਦਾ ਪਰਮ ਆਨੰਦ ਵਿੱਚ ਚਲਾ ਜਾਂਦਾ ਹੈ। ਹਿਰਦਾ ਸੰਤ ਬਣ ਜਾਂਦਾ ਹੈ। ਜੀਵਨ ਮੁਕਤੀ ਮਿਲ ਜਾਂਦੀ ਹੈ। ਇਸ ਲਈ ਭਾਣੇ ਵਰਗੀ ਹੋਰ ਕੋਈ ਵੱਡੀ ਦਾਤ ਨਹੀਂ ਹੈ। ਇਸ ਲਈ ਭਾਣੇ ਵਿੱਚ ਹੀ ਪਰਮ ਆਨੰਦ ਹੈ, ਭਾਣੇ ਵਿੱਚ ਹੀ ਸਾਰੇ ਸੁੱਖ ਹਨ, ਭਾਣੇ ਵਿੱਚ ਹੀ ਸਾਰੇ ਦੁੱਖਾਂ-ਕਲੇਸ਼ਾਂ ਦਾ ਅੰਤ ਹੋ ਜਾਂਦਾ ਹੈ :-

 

ਭਾਣਾ ਮੰਨੇ ਸੋ ਸੁਖੁ ਪਾਏ ਭਾਣੇ ਵਿਚਿ ਸੁਖੁ ਪਾਇਦਾ ॥੧॥

(ਪੰਨਾ ੧੦੬੩)

 

ਜਿਸ ਮਨੁੱਖ ਉੱਪਰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ ਉਹ ਮਨੁੱਖ ਭਾਣਾ ਮੰਨਦਾ ਹੈ। ਜੋ ਮਨੁੱਖ ਭਾਣਾ ਮੰਨਦਾ ਹੈ ਉਹ ਮਨੁੱਖ ਧੰਨ-ਧੰਨ ਹੋ ਜਾਂਦਾ ਹੈ। ਉਸ ਮਨੁੱਖ ਦੀਆਂ ਪੰਜੇ ਗਿਆਨ ਇੰਦਰੀਆਂ ਅਤੇ ਪੰਜੇ ਕਰਮ ਇੰਦਰੀਆਂ ਪੂਰਨ ਹੁਕਮ ਵਿੱਚ ਆ ਜਾਂਦੀਆਂ ਹਨ। ਉਸ ਮਨੁੱਖ ਦੀ ਹਉਮੈ ਦੀ ਮੌਤ ਹੋ ਜਾਂਦੀ ਹੈ। ਉਸ ਮਨੁੱਖ ਦੇ ਹਿਰਦੇ ਵਿੱਚ ਪਰਮ ਜੋਤ ਪੂਰਨ ਪ੍ਰਕਾਸ਼ ਨਾਲ ਜਗਮਗਾ ਉਠਦੀ ਹੈ। ਉਸ ਮਨੁੱਖ ਦਾ ਹਿਰਦਾ ਪੂਰਨ ਸਚਿਆਰੀ ਰਹਿਤ ਵਿੱਚ ਆ ਜਾਂਦਾ ਹੈ। ਉਹ ਮਨੁੱਖ ਤ੍ਰਿਹ ਗੁਣ ਮਾਇਆ ਨੂੰ ਜਿੱਤ ਕੇ ਅਕਾਲ ਪੁਰਖ ਵਿੱਚ ਅਭੇਦ ਹੋ ਜਾਂਦਾ ਹੈ। ਮਾਇਆ ਉਸਦੀ ਸੇਵਾ ਵਿੱਚ ਆ ਜਾਂਦੀ ਹੈ। ਅਕਾਲ ਪੁਰਖ ਦੇ ਦਰਸ਼ਨਾਂ ਦੇ ਨਾਲ ਹੀ ਪੂਰਨ ਬ੍ਰਹਮ ਗਿਆਨ ਅਤੇ ਤੱਤ ਗਿਆਨ ਪ੍ਰਗਟ ਹੋ ਜਾਂਦਾ ਹੈ। ਪੂਰਨ ਬ੍ਰਹਮ ਗਿਆਨ ਅਤੇ ਤੱਤ ਗਿਆਨ ਦੀ ਪ੍ਰਾਪਤੀ ਹੀ ਸੱਚੀ ਸਿਫਤ ਸਾਲਾਹ ਦੀ ਪ੍ਰਾਪਤੀ ਹੈ। ਇਸ ਲਈ ਉਸ ਮਨੁੱਖ ਨੂੰ ਸੱਚੀ ਸਿਫਤ ਸਾਲਾਹ ਦੀ ਬਖਸ਼ਿਸ਼ ਹੋ ਜਾਂਦੀ ਹੈ। ਉਸ ਮਨੁੱਖ ਨੂੰ ਪੂਰਨ ਸਤਿ ਦੀ ਸੇਵਾ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਹੋ ਜਾਂਦੀ ਹੈ। ਉਸ ਮਨੁੱਖ ਨੂੰ ਪੂਰਨ ਸਤਿ ਵਰਤਾਉਣ ਦਾ ਹੁਕਮ ਹੋ ਜਾਂਦਾ ਹੈ ਅਤੇ ਉਹ ਪਰਉਪਕਾਰ ਅਤੇ ਮਹਾ ਪਰਉਪਕਾਰ ਦੇ ਗੁਰਪ੍ਰਸਾਦਿ ਨਾਲ ਨਿਵਾਜਿਆ ਜਾਂਦਾ ਹੈ। ਉਹ ਮਨੁੱਖ ਜੀਅ ਦਾਨ ਦੇਣ ਦੀ ਸਮਰਥਾ ਨਾਲ ਨਿਵਾਜਿਆ ਜਾਂਦਾ ਹੈ। ਉਹ ਮਨੁੱਖ ਸੰਗਤ ਨੂੰ ਨਾਮ ਜਪਾਉਣ ਦੀ ਸੇਵਾ ਨਾਲ ਨਿਵਾਜਿਆ ਜਾਂਦਾ ਹੈ। ਉਹ ਮਨੁੱਖ ਸੰਗਤ ਨੂੰ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ ਅਤੇ ਪੂਰਨ ਬੰਦਗੀ ਵਰਤਾਉਣ ਦੇ ਗੁਰਪ੍ਰਸਦਿ ਨਾਲ ਨਿਵਾਜਿਆ ਜਾਂਦਾ ਹੈ। ਸਤਿਗੁਰ ਅਵਤਾਰ ਧੰਨ ਧੰਨ ਨਾਨਕ ਪਾਤਿਸ਼ਾਹ ਜੀ ਐਸੀ ਰੂਹ ਨੂੰ “ਪਾਤਿਸਾਹੀ ਪਾਤਿਸਾਹੁ” ਕਹਿ ਕੇ ਨਿਵਾਜਿਆ ਹੈ। ਕਿਉਂਕਿ ਐਸੇ ਮਹਾ ਪੁਰਖਾਂ ਦੇ ਬਚਨ ਸਤਿ ਬਚਨ ਹੁੰਦੇ ਹਨ। ਐਸੇ ਮਹਾ ਪੁਰਖਾਂ ਦੇ ਬਚਨ ਦਰਗਾਹੀ ਬਚਨ ਹੁੰਦੇ ਹਨ। ਐਸੇ ਮਹਾ ਪੁਰਖਾਂ ਦੇ ਬਚਨ ਦਰਗਾਹੀ ਹੁਕਮ ਹੁੰਦੇ ਹਨ। ਮਾਇਆ ਐਸੇ ਮਹਾ ਪੁਰਖਾਂ ਦੇ ਚਰਨਾਂ ਵਿੱਚ ਰਹਿੰਦੀ ਹੈ। ਰਿੱਧੀਆਂ ਸਿੱਧੀਆਂ ਐਸੇ ਮਹਾ ਪੁਰਖਾਂ ਦੇ ਚਰਨਾਂ ਵਿੱਚ ਹੁੰਦੀਆਂ ਹਨ। ਪੰਚ ਭੂਤਕ (ਪੰਜ ਤੱਤ) ਐਸੇ ਮਹਾ ਪੁਰਖਾਂ ਦੇ ਹੁਕਮ ਅਧੀਨ ਆ ਜਾਂਦੇ ਹਨ।