ਅੰਤੁ ਨ ਸਿਫਤੀ ਕਹਣਿ ਨ ਅੰਤੁ ॥
ਅੰਤੁ ਨ ਕਰਣੈ ਦੇਣਿ ਨ ਅੰਤੁ ॥
ਅੰਤੁ ਨ ਵੇਖਣਿ ਸੁਣਣਿ ਨ ਅੰਤੁ ॥
ਅੰਤੁ ਨ ਜਾਪੈ ਕਿਆ ਮਨਿ ਮੰਤੁ ॥
ਅੰਤੁ ਨ ਜਾਪੈ ਕੀਤਾ ਆਕਾਰੁ ॥
ਅੰਤੁ ਨ ਜਾਪੈ ਪਾਰਾਵਾਰੁ ॥
ਅੰਤ ਕਾਰਣਿ ਕੇਤੇ ਬਿਲਲਾਹਿ ॥
ਤਾ ਕੇ ਅੰਤ ਨ ਪਾਏ ਜਾਹਿ ॥
ਏਹੁ ਅੰਤੁ ਨ ਜਾਣੈ ਕੋਇ ॥
ਬਹੁਤਾ ਕਹੀਐ ਬਹੁਤਾ ਹੋਇ ॥
ਵਡਾ ਸਾਹਿਬੁ ਊਚਾ ਥਾਉ ॥
ਊਚੇ ਉਪਰਿ ਊਚਾ ਨਾਉ ॥
ਏਵਡੁ ਊਚਾ ਹੋਵੈ ਕੋਇ ॥
ਤਿਸੁ ਊਚੇ ਕਉ ਜਾਣੈ ਸੋਇ ॥
ਜੇਵਡੁ ਆਪਿ ਜਾਣੈ ਆਪਿ ਆਪਿ ॥
ਨਾਨਕ ਨਦਰੀ ਕਰਮੀ ਦਾਤਿ ॥੨੪॥
ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਬੇਅੰਤ ਦਿਆਲਤਾ ਨਾਲ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਅਨੰਤਤਾ ਬੇਅੰਤਤਾ ਦੀ ਮਹਿਮਾ ਬਾਰੇ ਪੂਰਨ ਬ੍ਰਹਮ ਗਿਆਨ ਸਾਰੀ ਲੋਕਾਈ ਦੀ ਝੋਲੀ ਵਿੱਚ ਪਾ ਰਹੇ ਹਨ। ਸਤਿਗੁਰ ਜੀ ਫੁਰਮਾ ਰਹੇ ਹਨ ਕਿ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਅਪਰੰਪਾਰ ਹੈ। ਅੱਜ ਤੱਕ ਕੋਈ ਅਵਤਾਰ, ਸਤਿਗੁਰ, ਸੰਤ, ਬ੍ਰਹਮ ਗਿਆਨੀ, ਪੀਰ ਜਾਂ ਪੈਗੰਬਰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਪੂਰਾ ਭੇਦ ਨਹੀਂ ਪਾ ਸਕਿਆ ਹੈ ਅਤੇ ਨਾ ਹੀ ਕੋਈ ਪਾ ਸਕਦਾ ਹੈ। ਇਥੋਂ ਤੱਕ ਕਿ ਬ੍ਰਹਮਾ ਜੀ ਨੇ ਵੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਪੂਰਾ ਭੇਦ ਨਹੀਂ ਪਾਇਆ ਹੈ –
ਨਾਲਿ ਕੁਟੰਬੁ ਸਾਥਿ ਵਰਦਾਤਾ ਬ੍ਰਹਮਾ ਭਾਲਣ ਸ੍ਰਿਸਟਿ ਗਇਆ ॥
ਆਗੈ ਅੰਤੁ ਨ ਪਾਇਓ ਤਾ ਕਾ ਕੰਸੁ ਛੇਦਿ ਕਿਆ ਵਡਾ ਭਇਆ ॥੩॥
(ਸ੍ਰੀ ਗੁਰੂ ਗ੍ਰੰਥ ਸਾਹਿਬ ੩੫੦)
ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ੩੬ ਜੁੱਗ (ਅੰਧ ਗੁਬਾਰ ਧੁੰਧੂਕਾਰ ਦੇ ਸਮੇਂ ਜਿਵੇਂ ਕਿ ਪਉੜੀ ੫ ਦੀ ਗੁਰਪ੍ਰਸਾਦੀ ਕਥਾ ਵਿੱਚ ਇਸ ਪੂਰਨ ਸਤਿ ਤੱਤ ਨੂੰ ਮਾਨਸਰੋਵਰ ਦੀਆਂ ਗਹਿਰਾਈਆਂ ਵਿੱਚੋਂ ਗੁਰਕਿਰਪਾ ਅਤੇ ਗੁਰਪ੍ਰਸਾਦਿ ਨਾਲ ਦਰਸਾਇਆ ਗਿਆ ਹੈ) ਸੁੰਨ ਸਮਾਧੀ ਵਿੱਚ ਵਿਰਾਜੇ ਰਹਿਣ ਉਪਰੰਤ ਜਦ ਸ੍ਰਿਸ਼ਟੀ ਦੀ ਸਿਰਜਣਾ ਦਾ ਫੁਰਨਾ ਹੋਇਆ ਤਾਂ ਸਭ ਤੋਂ ਪਹਿਲਾਂ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਕਿਰਪਾ ਨਾਲ ਬ੍ਰਹਮਾ ਜੀ ਦੀ ਉਤਪੱਤੀ ਹੋਈ। ਜਦ ਬ੍ਰਹਮਾ ਜੀ ਹੋਂਦ ਵਿੱਚ ਆਏ ਤਾਂ ਉਤਪੰਨ ਹੁੰਦਿਆਂ ਹੀ ਵਿਚਾਰਨ ਲੱਗੇ ਕਿ ਉਨ੍ਹਾਂ ਨੂੰ ਪੈਦਾ ਕਰਨ ਵਾਲੀ ਕਿਹੜੀ ਪਰਮ ਸ਼ਕਤੀ ਹੈ। ਜਦ ਬ੍ਰਹਮਾ ਜੀ ਇਹ ਵਿਚਾਰ ਕਰਦੇ ਹੋਏ ਕੁਝ ਅਹੰਕਾਰ ਵਿੱਚ ਆਏ ਤਾਂ ਇਹ ਸੋਚਨ ਲੱਗੇ ਕਿ ਮੈਂ ਖੁਦ ਆਪ ਹੀ ਆਪਣਾ ਸਿਰਜਣਹਾਰਾ ਹਾਂ ਤਾਂ ਆਕਾਸ਼ ਬਾਣੀ ਹੋਈ ਕਿ ਤੇਰੀ ਉਤਪੱਤੀ ਇਸ ਕਮਲ ਫੁੱਲ ਦੇ ਵਿੱਚੋਂ ਹੋਈ ਹੈ। ਐਸਾ ਸੁਣ ਕੇ ਬ੍ਰਹਮਾ ਜੀ ਨੇ ਕਮਲ ਦੇ ਫੁੱਲ ਨੂੰ ਬੜੇ ਗਹੁ ਦੇ ਨਾਲ ਵੇਖਿਆ ਅਤੇ ਬਹੁਤ ਕ੍ਰੋਧ ਵਿੱਚ ਆ ਗਏ ਅਤੇ ਇਸ ਕਮਲ ਦੇ ਫੁੱਲ ਨੂੰ ਜ਼ੋਰ ਨਾਲ ਲੱਤ ਮਾਰ ਦਿੱਤੀ ਕਿ ਇਸ ਕਮਲ ਦੇ ਫੁੱਲ ਦੀ ਕੀ ਹਸਤੀ ਹੈ ਜੋ ਮੈਨੂੰ ਉਤਪੰਨ ਕਰ ਸਕੇ। ਬ੍ਰਹਮਾ ਜੀ ਨੇ ਸੋਚਿਆ ਕਿ ਮੈਂ ਇਤਨਾ ਬਲਵਾਨ ਅਤੇ ਇਹ ਕੋਮਲ ਜਿਹਾ ਫੁੱਲ ਜਿਸਨੂੰ ਲੱਤ ਮਾਰਾਂ ਤਾਂ ਇਸ ਨੂੰ ਨਸ਼ਟ ਕਰ ਦਿਆਂ ਤਾਂ ਇਸ ਕਮਲ ਦੇ ਫੁੱਲ ਦੀ ਕੀ ਹਸਤੀ ਹੈ ਮੇਰੇ ਸਾਹਮਣੇ ਜੋ ਇਹ ਮੈਨੂੰ ਪੈਦਾ ਕਰ ਸਕੇ। ਇਹ ਸੋਚ ਕੇ ਜਦ ਬ੍ਰਹਮਾ ਜੀ ਨੇ ਅਹੰਕਾਰ ਵੱਸ ਇਸ ਕਮਲ ਦੇ ਫੁੱਲ ਨੂੰ ਹੋਰ ਨਾਲ ਲੱਤ ਮਾਰੀ ਤਾਂ ਉਹ ਇਸ ਕਮਲ ਦੇ ਫੁੱਲ ਦੀ ਨਲੀ ਵਿੱਚ ਹੀ ਗੜੂੰਦ ਹੋ ਗਏ। ਐਸਾ ਮੰਨਿਆ ਜਾਂਦਾ ਹੈ ਕਿ (ਇਹ ਕਥਾ ਪੁਰਾਣਾਂ ਵਿੱਚ ਲਿਖੀ ਗਈ ਹੈ) ਬ੍ਰਹਮਾ ਜੀ ਕਈ ਹਜ਼ਾਰ ਸਾਲ ਤੱਕ ਇਸ ਕਮਲ ਫੁੱਲ ਦੀ ਨਲੀ ਵਿੱਚ ਆਪਣੇ ਸਿਰਜਣਹਾਰੇ ਦਾ ਅੰਤ ਲੱਭਣ ਵਾਸਤੇ ਭੱਟਕਦੇ ਰਹੇ, ਪਰੰਤੂ ਜਿਵੇਂ ਕਿ ਸਾਗਰ ਦੀ ਇੱਕ ਬੂੰਦ ਸਾਗਰ ਦਾ ਅੰਤ ਨਹੀਂ ਪਾ ਸਕਦੀ, ਠੀਕ ਇਸੇ ਤਰ੍ਹਾਂ ਨਾਲ ਬ੍ਰਹਮਾ ਜੀ ਵੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਅੰਤ ਪਾਉਣ ਵਿੱਚ ਅਸਫਲ ਹੋ ਗਏ। ਅੰਤ ਨੂੰ ਜਦ ਭਾਲ-ਭਾਲ ਕੇ ਥੱਕ ਗਏ ਤਾਂ ਫਿਰ ਉਸਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸ਼ਰਨ ਵਿੱਚ ਹੀ ਜਾਣਾ ਪਿਆ। ਇਸ ਤਰ੍ਹਾਂ ਨਾਲ ਜਦ ਉਸਦਾ ਕ੍ਰੋਧ ਸ਼ਾਂਤ ਹੋਇਆ ਅਤੇ ਅਹੰਕਾਰ ਦਾ ਨਾਸ਼ ਹੋ ਗਿਆ ਤਾਂ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਨੇ ਉਸ ਉੱਪਰ ਕਿਰਪਾ ਕੀਤੀ ਅਤੇ ਉਸਦੀ ਬੇਨਤੀ ਸੁਣ ਕੇ ਉਸ ਨੂੰ ਤੱਤਕਾਲ ਕਮਲ ਫੁੱਲ ਦੀ ਨਾਲ ਵਿੱਚੋਂ ਬਾਹਰ ਕੱਢ ਲਿਆ। ਇਸ ਤੋਂ ਉਪਰੰਤ ਬ੍ਰਹਮਾ ਜੀ ਨੇ ਇਸ ਕਮਲ ਉੱਪਰ ਹੀ ਬੈਠ ਕੇ ਹੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਉਸਤੱਤੀ ਕੀਤੀ। ਇਸੇ ਕਮਲ ਫੁੱਲ ਉੱਪਰ ਬੈਠ ਕੇ ਹੀ ਚਾਰਾਂ ਵੇਦਾਂ ਦੀ ਰਚਨਾ ਵੀ ਕੀਤੀ। ਪਰੰਤੂ ਇਤਨਾ ਕੁਝ ਕਰਨ ਤੋਂ ਉਪਰੰਤ ਵੀ ਇਹ ਹੀ ਕਿਹਾ ਕਿ ਮੈਂ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਬਾਰੇ ਕੁਝ ਵੀ ਨਹੀਂ ਜਾਣਦਾ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਜੋ ਹੈ ਉਹ ਹੀ ਹੈ, ਉਹ ਹੀ ਜਾਣਦਾ ਹੈ, ਉਹ ਕੀ ਹੈ, ਮੈਨੂੰ ਕੁਝ ਵੀ ਪਤਾ ਨਹੀਂ ਹੈ।
ਧੰਨ ਧੰਨ ਸਤਿਗੁਰ ਅਵਤਾਰ ਗੋਬਿੰਦ ਸਿੰਘ ਸੱਚੇ ਪਾਤਿਸ਼ਾਹ ਜੀ ਨੇ ਵੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੀ ਉਸਤਤੀ ਵਿੱਚ “ਅਕਾਲ ਉਸਤਤਿ” ਦਾ ਉਚਾਰਣ ਕੀਤਾ ਹੈ। ਇਸ ਪਰਮ ਸ਼ਕਤੀਸ਼ਾਲੀ ਗੁਰਬਾਣੀ ਵਿੱਚ ਆਪ ਜੀ ਨੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਪਰਮ ਸ਼ਕਤੀਆਂ ਦਾ ਵਖਿਆਣ ਕਰਨ ਦਾ ਯਤਨ ਬੜੇ ਸੁੰਦਰ ਸ਼ਬਦਾਂ ਵਿੱਚ ਕੀਤਾ ਹੈ। ਪਰੰਤੂ ਜਦ ਸਤਿਗੁਰ ਪਾਤਿਸ਼ਾਹ ਜੀ ਨੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੀ ਸਿਫਤ ਸਾਲਾਹ ਕਰਦੇ-ਕਰਦੇ ਜਦ ਇਹ ਅਨੁਭਵ ਕੀਤਾ ਕਿ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸਿਫਤ ਦਾ ਕੋਈ ਹੱਦ ਬੰਨਾ ਨਹੀਂ ਹੈ ਅਤੇ ਨਾ ਹੀ ਉਸਦਾ ਕੋਈ ਅੰਤ ਪਾਇਆ ਜਾ ਸਕਦਾ ਹੈ ਤਾਂ ਉਚਾਰਨ ਕੀਤਾ –
“ਜਤਸ ਤੁਹੀ ॥ ਬ੍ਰਤਸ ਤੁਹੀ ॥ ਗਤਸ ਤੁਹੀ ॥ ਮਤਸ ਤੁਹੀ ॥੧੮॥੬੮॥“
(ਸ੍ਰੀ ਦਸਮ ਗ੍ਰੰਥ ੪੧)
ਇਸੇ ਪਰਮ ਪੂਰਨ ਸਤਿ ਤੱਤ ਨੂੰ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਨੇ ਇਸ ਪਉੜੀ ਵਿੱਚ ਪ੍ਰਗਟ ਕੀਤਾ ਹੈ ਕਿ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਆਪ ਬੇਅੰਤ ਹੈ, ਅਨੰਤ ਹੈ, ਉਸਦੀ ਸਿਰਜੀ ਹੋਈ ਸ੍ਰਿਸ਼ਟੀ ਵੀ ਬੇਅੰਤ ਹੈ, ਉਸਦੀ ਮਹਿਮਾ ਵੀ ਬੇਅੰਤ ਹੈ। ਇਸ ਲਈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸਿਫਤ ਸਾਲਾਹ ਦਾ ਵੀ ਕੋਈ ਅੰਤ ਨਹੀਂ ਹੈ ਅਤੇ ਨਾ ਹੀ ਕੋਈ ਉਸਦਾ ਅੰਤ ਅੱਜ ਤੱਕ ਪਾ ਸਕਿਆ ਹੈ ਅਤੇ ਨਾ ਹੀ ਕੋਈ ਪਾ ਸਕੇਗਾ। ਸਾਰੀ ਗੁਰਬਾਣੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸਿਫਤ ਸਾਲਾਹ ਹੈ। ਸਾਰੀ ਗੁਰਬਾਣੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਨਾਮ ਦੀ ਅਤੇ ਨਾਮ ਦੇ ਵਿੱਚ ਸਮਾਈਆਂ ਹੋਈਆਂ ਸਾਰੀਆਂ ਇਲਾਹੀ ਕਲਾਵਾਂ ਦੀ ਮਹਿਮਾ ਅਤੇ ਸਿਫਤ ਸਾਲਾਹ ਹੈ। ਸਾਰੀ ਗੁਰਬਾਣੀ ਅਵਤਾਰਾਂ, ਸਤਿਗੁਰੂਆਂ, ਸੰਤਾ, ਭਗਤਾਂ ਅਤੇ ਬ੍ਰਹਮ ਗਿਆਨੀਆਂ ਦੀ ਮਹਿਮਾ ਅਤੇ ਉਨ੍ਹਾਂ ਵਿੱਚ ਪ੍ਰਗਟ ਹੋਈਆਂ ਪਰਮ ਸ਼ਕਤੀਆਂ ਦੀ ਸਿਫਤ ਸਾਲਾਹ ਹੈ। ਗੁਰਬਾਣੀ “ਧੁਰ ਕੀ” ਹੈ ਇਸ ਲਈ ਗੁਰਬਾਣੀ ਦਾ ਵੀ ਕੋਈ ਅੰਤ ਨਹੀਂ ਹੈ।ਗੁਰਬਾਣੀ ਕਦੇ ਖ਼ਤਮ ਨਹੀਂ ਹੁੰਦੀ ਹੈ। ਗੁਰਬਾਣੀ ਨਿਰੰਤਰ ਆ ਰਹੀ ਹੈ ਅਤੇ ਸਦਾ-ਸਦਾ ਲਈ ਆਉਂਦੀ ਰਹੇਗੀ। ਦਰਗਾਹ ਵਿੱਚ ਗੁਰਬਾਣੀ ਦੇ ਅੰਗਾਂ ਦਾ ਕੋਈ ਅੰਤ ਨਹੀਂ ਹੈ। ਜੋ ਮਨੁੱਖ ਐਸੀਆਂ ਉੱਚੀਆਂ ਅਵਸਥਾਵਾਂ ਵਿੱਚ ਚਲੇ ਜਾਂਦੇ ਹਨ ਉਹ ਗੁਰਬਾਣੀ ਨੂੰ ਸੁਣ ਲੈਂਦੇ ਹਨ। ਜਦ ਉਨ੍ਹਾਂ ਦਾ ਦਸਮ ਦੁਆਰ ਖੁੱਲ੍ਹ ਜਾਂਦਾ ਹੈ ਤਾਂ ਉਹ ਇਸ ਇਲਾਹੀ ਦਰਗਾਹੀ ਅਖੰਡ ਕੀਰਤਨ ਦਾ ਆਨੰਦ ਆਪਣੇ ਦਸਮ ਦੁਆਰ ਵਿੱਚ ਸਦਾ-ਸਦਾ ਲਈ ਅਤੇ ਨਿਰੰਤਰ ਸੁਣਦੇ ਹਨ। ਜਿਨ੍ਹਾਂ ਮਹਾ ਪੁਰਖਾਂ ਦਾ ਸਰਗੁਣ ਅਤੇ ਨਿਰਗੁਣ ਇੱਕ ਹੋ ਜਾਂਦਾ ਹੈ ਉਨ੍ਹਾਂ ਨੂੰ ਅਨਹਦ ਸ਼ਬਦ ਨਿਰੰਤਰ ਸੁਣਦਾ ਹੈ। ਇਹ ਅਨਹਦ ਸ਼ਬਦ ਜਿਸਦਾ ਕੋਈ ਹੱਦ ਬੰਨਾ ਨਹੀਂ ਹੈ, ਜੋ ਕਿ ਨਿਰੰਤਰ ਚੱਲਦਾ ਹੈ, ਇਹ ਹੀ ਅਖੰਡ ਕੀਰਤਨ ਹੈ।
ਜੋ ਮਨੁੱਖ ਸੁੰਨ ਸਮਾਧੀ ਦੀ ਅਵਸਥਾ ਵਿੱਚ ਚਲੇ ਜਾਂਦੇ ਹਨ ਉਨ੍ਹਾਂ ਨੂੰ ਸਾਰੀ ਸ੍ਰਿਸ਼ਟੀ ਦੀ ਬੇਅੰਤਤਾ ਦੀ ਕਥਾ ਸਪੱਸ਼ਟ ਰੂਪ ਵਿੱਚ ਅਨੁਭਵ ਹੋ ਜਾਂਦੀ ਹੈ। ਜੋ ਮਨੁੱਖ ਸੁੰਨ ਵਿੱਚ ਜਾ ਕੇ ਸਾਰੀ ਸ੍ਰਿਸ਼ਟੀ ਦਾ ਸੂਖ਼ਮ ਰੂਪ ਵਿੱਚ ਭਰਮਣ ਕਰਦੇ ਹਨ ਉਨ੍ਹਾਂ ਨੂੰ ਸ੍ਰਿਸ਼ਟੀ ਦੀ ਬੇਅੰਤਤਾ ਦਾ ਅਨੁਭਵ ਸਪੱਸ਼ਟ ਰੂਪ ਵਿੱਚ ਹੋ ਜਾਂਦਾ ਹੈ। ਪਰੰਤੂ ਇਸ ਤਰ੍ਹਾਂ ਨਾਲ ਉੱਚੀਆਂ ਆਤਮਿਕ ਅਵਸਥਾਵਾਂ ਵਿੱਚ ਪਹੁੰਚ ਕੇ ਸੂਖਸ਼ਮ ਰੂਪ ਵਿੱਚ ਵੇਖਣ ਅਤੇ ਸੁਣਨ ਨਾਲ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਦੀਆਂ ਸਾਰੀਆਂ ਪਰਮ ਸ਼ਕਤੀਸ਼ਾਲੀ ਕਲਾਵਾਂ ਦਾ ਅਤੇ ਸਾਰੇ ਦਰਗਾਹੀ ਇਲਾਹੀ ਗੁਣਾਂ ਦਾ ਨਾ ਤਾਂ ਸਾਨੂੰ ਪੂਰਨ ਗਿਆਨ ਹੋ ਸਕਦਾ ਹੈ ਅਤੇ ਨਾ ਹੀ ਅਸੀਂ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਇਨ੍ਹਾਂ ਇਲਾਹੀ ਦਰਗਾਹੀ ਪਰਮ ਸ਼ਕਤੀਆਂ ਨੂੰ ਪੂਰਨ ਤੌਰ ਤੇ ਜਾਣ ਸਕਦੇ ਹਾਂ ਅਤੇ ਨਾ ਹੀ ਉਨ੍ਹਾਂ ਦਾ ਵਖਾਣ ਕਰ ਸਕਦੇ ਹਾਂ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਕਿਰਤ ਵੀ ਅਨੰਤ ਹੈ ਬੇਅੰਤ ਹੈ। ਸਾਰੀ ਸ੍ਰਿਸ਼ਟੀ ਦੀ ਰਚਨਾ ਕਰਨਾ, ਸਾਰੀ ਸ੍ਰਿਸ਼ਟੀ ਦਾ ਸੰਚਾਲਨ ਪਾਲਣ ਕਰਨਾ, ਸਾਰੀ ਸ੍ਰਿਸ਼ਟੀ ਦੀ ਸੇਵਾ-ਸੰਭਾਲਤਾ ਕਰਨੀ, ਇਹ ਸਭ ਕੁਝ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਕਿਰਤ ਹੀ ਹੈ ਜਿਸਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਆਪਣੀਆਂ ਬੇਅੰਤ ਅਨੰਤ ਕਲਾਵਾਂ ਨਾਲ ਇਸ ਸਾਰੀ ਕਿਰਤ ਨੂੰ ਅੰਜਾਮ ਦਿੰਦਾ ਹੈ।
ਸਾਰੀ ਸ੍ਰਿਸ਼ਟੀ ਦੀ ਸੇਵਾ ਸੰਭਾਲਤਾ ਅਤੇ ਪਾਲਣਾ ਕਰਦੇ ਹੋਏ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਦੇਣ ਦੀ ਸ਼ਮਤਾ ਦਾ ਵੀ ਕੋਈ ਅੰਤ ਨਹੀਂ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਹੀ ਸਾਰੀਆਂ ਦਾਤਾਂ ਦਾ ਦੇਣ ਵਾਲਾ ਹੈ। ਕਰਮ ਦੇ ਵਿਧਾਨ ਅਨੁਸਾਰ ਸਾਰੇ ਪ੍ਰਾਣੀਆਂ ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਆਪਣੇ ਇਨ੍ਹਾਂ ਬੇਅੰਤ ਭੰਡਾਰਿਆਂ ਵਿੱਚੋਂ ਨਿਰੰਤਰ ਦਾਤਾਂ ਦੇਣ ਵਿੱਚ ਵੀ ਕੋਈ ਢਿੱਲ ਨਹੀਂ ਕਰਦਾ ਹੈ। ਪੁੰਨ ਕਰਮਾਂ ਦੇ ਫੱਲ ਸਵਰੂਪ ਸਾਨੂੰ ਸੰਸਾਰਕ ਸੁੱਖ ਅਤੇ ਧਨ ਸੰਪਦਾ ਦੀ ਪ੍ਰਾਪਤੀ ਹੁੰਦੀ ਹੈ। ਪਾਪ ਕਰਮਾਂ ਦੇ ਫੱਲ ਸਵਰੂਪ ਸਾਨੂੰ ਸੰਸਾਰਕ ਦੁੱਖਾਂ ਕਲੇਸ਼ਾਂ ਅਤੇ ਧਨ ਸੰਪਦਾ ਦੀ ਕਮੀ ਭੋਗਣੀ ਪੈਂਦੀ ਹੈ। ਪੁੰਨ ਕਰਮਾਂ ਦੇ ਫੱਲ ਸਵਰੂਪ ਸਾਨੂੰ ਆਪਣੇ ਜੀਵਨ ਵਿੱਚ ਸਫਲਤਾ ਅਤੇ ਹੋਰ ਦੁਨਿਆਵੀ ਉਪਲੱਬਧੀਆਂ ਦੀ ਪ੍ਰਾਪਤੀ ਹੁੰਦੀ ਹੈ। ਪਾਪ ਕਰਮਾਂ ਦੇ ਫੱਲ ਸਵਰੂਪ ਸਾਨੂੰ ਆਪਣੇ ਜੀਵਨ ਵਿੱਚ ਅਸਫਲਤਾਵਾਂ ਅਤੇ ਹੋਰ ਸੰਸਾਰਕ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੇਵਲ ਪੁੰਨ ਕਰਮਾਂ ਦੇ ਨਾਲ ਹੀ ਮਨੁੱਖ ਦਾ ਆਉਣ ਵਾਲੇ ਸਮੇਂ ਵਿੱਚ ਜੀਵਨ ਸਮ੍ਰਿਧਸ਼ਾਲੀ ਹੋ ਸਕਦਾ ਹੈ। ਅੱਜ ਦੇ ਸਮੇਂ ਵਿੱਚ ਕੀਤਾ ਗਿਆ ਇੱਕ ਅੰਨ ਦੇ ਦਾਣੇ ਦਾ ਦਾਨ ਲੱਖਾਂ ਕਰੋੜਾਂ ਗੁਣਾ ਹੋ ਕੇ ਆਉਣ ਵਾਲੇ ਸਮੇਂ ਵਿੱਚ ਤੁਹਾਡੀ ਝੋਲੀ ਵਿੱਚ ਪੈਂਦਾ ਹੈ। ਭਾਵ ਅੱਜ ਦੇ ਸਮੇਂ ਵਿੱਚ ਦਿੱਤਾ ਗਿਆ ਕਮਾਈ ਦਾ ਦਸਵੰਧ ਪੂਰਾ ਸੋ (੧੦੦) ਗੁਣਾ ਹੋ ਕੇ ਤੁਹਾਡੇ ਲੇਖੇ ਵਿੱਚ ਲਿਖਿਆ ਜਾਂਦਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਦਸਵੰਧ ਹੀ ਤੁਹਾਨੂੰ ਸੂਦ ਸਮੇਤ ਲੱਖਾਂ ਗੁਣਾ ਹੋ ਕੇ ਤੁਹਾਡੇ ਕੋਲ ਹੀ ਵਾਪਸ ਆ ਜਾਂਦਾ ਹੈ। ਜਦ ਅਸੀਂ ਦਸਵੰਧ ਦਿੰਦੇ ਹਾਂ ਤਾਂ ਬਾਕੀ ਦਾ ੯੦% ਗੁਰੁ ਆਪਣੇ ਕੋਲੋਂ ਪਾ ਕੇ ਸਾਡੇ ਲੇਖੇ ਵਿੱਚ ਜਮਾ ਕਰ ਦਿੰਦਾ ਹੈ। ਇਸ ਲਈ ਜਦ ਅਸੀਂ ਦਸਵੰਧ ਦਿੰਦੇ ਹਾਂ ਤਾਂ ਅਸੀਂ ਦਸਵੰਧ ਕਿਸੇ ਹੋਰ ਨੂੰ ਨਹੀਂ ਦਿੰਦੇ ਹਾਂ ਬਲਕਿ ਦਸਵੰਧ ਸਾਡੇ ਹੀ ਲੇਖੇ ਵਿੱਚ ਜਮਾ ਹੁੰਦਾ ਹੈ ਜੋ ਸਾਨੂੰ ਸੂਦ ਸਮੇਤ ਕਈ ਗੁਣਾ ਹੋ ਕੇ ਵਾਪਸ ਮਿਲਦਾ ਹੈ। ਇਸ ਲਈ ਦਸਵੰਧ ਦੇਣਾ ਕੋਈ ਘਾਟੇ ਦਾ ਸੌਦਾ ਨਹੀਂ ਹੈ। ਦਸਵੰਧ ਦੇਣ ਵਰਗਾ ਲਾਭਕਾਰੀ ਵਿਵਹਾਰ ਹੋਰ ਕੋਈ ਹੋ ਹੀ ਨਹੀਂ ਸਕਦਾ ਹੈ। ਇਸ ਲਈ ਦਸਵੰਧ ਦੇਣ ਵਿੱਚ ਗੁਰੇਜ਼ ਨਹੀਂ ਕਰਨਾ ਚਾਹੀਦਾ ਹੈ। ਬਲਕਿ ਖੁੱਲ੍ਹੇ ਦਿੱਲ ਨਾਲ ਖ਼ੁਸ਼ੀ-ਖ਼ੁਸ਼ੀ ਦਸਵੰਧ ਦੇਣਾ ਚਾਹੀਦਾ ਹੈ।
ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਰੰਗਾਂ ਦਾ ਬਿਆਨ ਨਹੀਂ ਕੀਤਾ ਜਾ ਸਕਦਾ ਹੈ। ਭਾਵ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਰੰਗਾਂ ਦਾ ਕੋਈ ਅੰਤ ਨਹੀਂ ਪਾ ਸਕਦਾ ਹੈ। ਕਿਸ ਵੇਲੇ ਸੰਸਾਰ ਵਿੱਚ ਕੀ ਭਾਣਾ ਵਰਤ ਜਾਣਾ ਹੈ ਇਸ ਦੇ ਬਾਰੇ ਕੁਝ ਕਹਿਣਾ ਅਸੰਭਵ ਹੈ। ਸੰਸਾਰ ਵਿੱਚ ਐਸੀਆਂ ਐਸੀਆਂ ਘਟਨਾਵਾਂ ਹੋ ਜਾਂਦੀਆ ਹਨ ਜਿਨ੍ਹਾਂ ਦਾ ਕਿਸੇ ਵੀ ਢੰਗ ਤਰੀਕੇ ਨਾਲ ਪਤਾ ਲਗਾਉਣਾ ਅਸੰਭਵ ਹੈ। ਕੋਈ ਸ਼ਕਤੀ ਵੀ (ਅੱਜ ਦੀ ਸਾਇੰਸ ਅਤੇ ਤਕਨੀਕੀ ਵਿਦਿਆ) ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਆਉਣ ਵਾਲੇ ਦੁਨਿਆਵੀ ਸੰਕਟ, ਵੱਡੇ ਪੱਧਰ ਦਾ ਹਾਦਸਾ ਜਾਂ ਕੋਈ ਲਾਭਕਾਰੀ ਘਟਨਾ ਦੇ ਹੋਣ ਬਾਰੇ ਪੂਰਾ ਅਨੁਮਾਨ ਨਹੀਂ ਲਗਾ ਸਕਦੀ ਹੈ। ਉਦਾਹਰਣ ਦੇ ਤੌਰ ਤੇ ਸੰਸਾਰ ਵਿੱਚ ਭੂਚਾਲ ਅਤੇ ਸੁਨਾਮੀ ਕਦੋਂ ਅਤੇ ਕਿੱਥੇ ਆ ਜਾਣਾ ਹੈ ਅਤੇ ਐਸੇ ਹਾਦਸੇ ਨਾਲ ਕਿਤਨੀ ਤਬਾਹੀ ਹੋਣੀ ਹੈ, ਇਸਦਾ ਕੋਈ ਪੂਰਾ ਅਨੁਮਾਨ ਨਹੀਂ ਲਗਾ ਸਕਦਾ ਹੈ। ਸੰਸਾਰ ਵਿੱਚ ਸੋਕਾ, ਹੱੜ ਜਾਂ ਹੋਰ ਕੁਦਰਤੀ ਪ੍ਰਕੋਪ ਕਿਥੇ ਅਤੇ ਕਦੋਂ ਆ ਜਾਣਾ ਹੈ ਇਸ ਦਾ ਕੋਈ ਪੂਰਾ ਅਨੁਮਾਨ ਨਹੀਂ ਲਗਾ ਸਕਦਾ ਹੈ। ਕਿਸ ਸਮੇਂ ਅਤੇ ਕਿਹੜੇ ਪੱਧਰ ਤੇ ਕੋਈ ਭਿਅੰਕਰ ਸੰਕ੍ਰਾਮਕ ਰੋਗ ਨੇ ਸੰਸਾਰ ਦੇ ਲੋਕਾਂ ਨੂੰ ਆ ਜੱਕੜਨਾ ਹੈ, ਇਸ ਦੇ ਬਾਰੇ ਕੋਈ ਕੁਝ ਨਹੀਂ ਕਹਿ ਸਕਦਾ ਹੈ। ਠੀਕ ਇਸੇ ਤਰ੍ਹਾਂ ਹੀ ਪ੍ਰਕਿਰਤਿਕ ਸ਼ਕਤੀਆਂ ਦਾ ਚੰਗਾ ਪ੍ਰਭਾਵ ਕਿੱਥੇ ਪੈਣਾ ਹੈ ਜਿਸਦੇ ਨਾਲ ਉਥੇ ਚੰਗੀ ਉਪਜ ਹੋਣ ਨਾਲ ਸਮ੍ਰਿਧਤਾ ਆਵੇਗੀ, ਦੇ ਬਾਰੇ ਕੋਈ ਅੰਦਾਜ਼ਾ ਵੀ ਲਗਾਉਣਾ ਅਸੰਭਵ ਹੈ। ਭਾਵ ਇਹ ਹੈ ਕਿ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਸ੍ਰਿਸ਼ਟੀ ਵਿੱਚ ਕਿਸ ਵੇਲੇ ਕੀ ਭਾਣਾ ਵਰਤਾ ਦੇਣਾ ਹੈ ਇਸ ਦਾ ਭੇਦ ਅੱਜ ਤੱਕ ਨਾ ਹੀ ਕੋਈ ਪਾ ਸਕਿਆ ਹੈ ਅਤੇ ਨਾ ਹੀ ਕੋਈ ਪਾ ਸਕਦਾ ਹੈ।
ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸਿਰਜੀ ਹੋਈ ਸ੍ਰਿਸ਼ਟੀ ਦਾ ਵੀ ਅੱਜ ਤੱਕ ਕੋਈ ਅੰਤ ਨਹੀਂ ਪਾ ਸਕਿਆ ਹੈ ਅਤੇ ਨਾ ਹੀ ਕੋਈ ਪਾ ਸਕਦਾ ਹੈ। ਜੇਕਰ ਅਸੀਂ ਕੁਦਰਤ ਦੁਆਰਾ ਰਚੀ ਗਈ ਹਰ ਇੱਕ ਰਚਨਾ ਦੇ ਵੱਲ ਇੱਕ ਨੇੜੇ ਹੋ ਕੇ ਝਾਤੀ ਮਾਰੀਏ ਤਾਂ ਸਾਨੂੰ ਇਹ ਅਨੁਭਵ ਹੋਏਗਾ ਕਿ ਪ੍ਰਤੱਖ ਰੂਪ ਵਿੱਚ ਕੁਦਰਤ ਦਾ ਕੋਈ ਅੰਤ ਨਹੀਂ ਪਾ ਸਕਦਾ ਹੈ। ਉਦਾਹਰਣ ਦੇ ਤੌਰ ਤੇ ਅੰਬ ਦੇ ਬੂਟੇ ਨੂੰ ਕੇਵਲ ਅੰਬ ਹੀ ਕਿਉਂ ਲਗਦੇ ਹਨ ਅਮਰੂਦ ਕਿਉਂ ਨਹੀਂ ਲੱਗ ਜਾਂਦੇ ਹਨ। ਅੰਬ ਦੀ ਬਣਤਰ, ਸੁਆਦ, ਰੰਗ ਰੂਪ, ਆਕਾਰ ਅਮਰੂਦ ਨਾਲੋਂ ਕਿਤਨਾ ਭਿੰਨ ਹੈ। ਇਹ ਕਿਉਂ ਹੈ। ਗੁਲਾਬ ਦੇ ਫੁੱਲ ਵਿੱਚ ਰੰਗ ਕਿਸ ਪਰਮ ਸ਼ਕਤੀ ਨੇ ਭਰਿਆ ਹੈ। ਗੁਲਾਬ ਦੇ ਫੁੱਲ ਦੀ ਅਦਭੁਤ ਬਣਤਰ ਅਤੇ ਇਸਦਾ ਸੁੰਦਰ ਰੂਪ ਕਿਸ ਪਰਮ ਸ਼ਕਤੀ ਨੇ ਘੜਿਆ ਹੈ। ਗੁਲਾਬ ਦੇ ਸੁੰਦਰ ਫੁੱਲ ਵਿੱਚ ਮਹਿਕ ਕਿਸ ਪਰਮ ਸ਼ਕਤੀ ਦਾ ਚਮਤਕਾਰ ਹੈ। ਦੁਰਗਮ ਪਾਹਾੜਾਂ ਦੀਆਂ ਚੋਟੀਆਂ ਦੀ ਰਚਨਾ ਦਾ ਕੀ ਰਹੱਸ ਹੈ। ਧਰਤੀ ਵਿੱਚੋਂ ਉਪਜਣ ਅਤੇ ਨਿਕਲਣ ਵਾਲੀ ਹਰ ਇੱਕ ਵਸਤੂ ਦਾ ਕੀ ਸੋਮਾ ਹੈ। ਸੰਸਾਰ ਦੀ ਅਦਭੁਤ ਰਚਨਾ ਦਾ ਕੀ ਭੇਦ ਹੈ। ਚਾਰੇ ਖਾਣੀਆਂ ਵਿੱਚ ਵਿਚਰਦੇ ਹੋਏ ੮੪ ਲੱਖ ਮੇਦਨੀ ਦੇ ਪ੍ਰਾਣੀਆਂ ਦੇ ਆਕਾਰ ਦੀ ਰਚਨਾ ਦਾ ਕੀ ਭੇਦ ਹੈ। ਪਾਣੀ ਦੀ ਰਚਨਾ ਦਾ ਕੀ ਰਹੱਸ ਹੈ। ਕਹਿਣ ਨੂੰ ਤਾਂ ਅੱਜ ਦੇ ਵਿਗਿਆਨ ਦੇ ਅਨੁਸਾਰ ਪਾਣੀ ਦੋ ਹਿੱਸੇ ਆਕਸੀਜ਼ਨ ਗੈਸ ਹੈ ਅਤੇ ਇੱਕ ਹਿੱਸਾ ਹਾਈਡਰੋਜ਼ਨ ਗੈਸ ਹੈ। ਆਕਸੀਜ਼ਨ ਗੈਸ ਅਤੇ ਹਾਈਡਰੋਜ਼ਨ ਗੈਸ ਦੇ ਭੌਤਿਕ ਗੁਣਾਂ ਅਨੁਸਾਰ ਇਹ ਦੋ ਤੱਤ ਇੱਕ ਦੂਜੇ ਦੇ ਵਿਰੋਧੀ ਤੱਤ ਹਨ। ਹਾਈਡਰੋਜ਼ਨ ਅਤਿਅੰਤ ਬਲਣਸ਼ੀਲ ਗੈਸ ਹੈ ਅਤੇ ਆਕਸੀਜ਼ਨ ਗੈਸ ਇਸਨੂੰ ਬਲਣ ਵਿੱਚ ਸਾਹਾਇਕ ਤੱਤ ਹੈ। ਫਿਰ ਇਹ ਦੋਨੋਂ ਵਿਰੋਧੀ ਤੱਤ ਕਿਸ ਪਰਮ ਸ਼ਕਤੀ ਨੇ ਇਕੱਠੇ ਕਰ ਕੇ ਇਸ ਨੂੰ ਪਾਣੀ ਦਾ ਰੂਪ ਦੇ ਦਿੱਤਾ ਹੈ ਜੋ ਕਿ ਅੱਗ ਨੂੰ ਬੁਝਾਉਂਦਾ ਹੈ ਅਤੇ ਸਾਰੀ ਸ੍ਰਿਸ਼ਟੀ ਦੇ ਪ੍ਰਾਣੀਆਂ ਅਤੇ ਸਾਰੀ ਬਨਸਪਤ ਨੂੰ ਜੀਵਨ ਦਿੰਦਾ ਹੈ। ਅੱਜ ਦੇ ਵਿਗਿਆਨ ਕੋਲ ਪਾਣੀ ਦੀ ਇਸ ਅਲੌਕਿਕ ਬਣਤਰ ਬਾਰੇ ਕੋਈ ਉੱਤਰ ਨਹੀਂ ਮਿਲੇਗਾ। ਕੁਦਰਤ ਦੇ ਇਨ੍ਹਾਂ ਕਰਿਸ਼ਮਿਆਂ ਦੇ ਬਾਰੇ ਵਿਗਿਆਨ ਦੇ ਤਰਕ ਦਾ ਅੰਤ ਹੋ ਜਾਂਦਾ ਹੈ। ਜਿਥੇ ਤਰਕ ਦਾ ਅੰਤ ਹੋ ਜਾਂਦਾ ਹੈ ਉਥੇ ਕੁਦਰਤ ਦੇ ਇਨ੍ਹਾਂ ਕਰਿਸ਼ਮਿਆਂ ਵਿੱਚ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬੇਅੰਤਤਾ ਦਾ ਪ੍ਰਮਾਣ ਪ੍ਰਤੱਖ ਰੂਪ ਵਿੱਚ ਪ੍ਰਗਟ ਹੋ ਕੇ ਸਾਹਮਣੇ ਆ ਜਾਂਦਾ ਹੈ। ਲੋੜ ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਇਨ੍ਹਾਂ ਕੁਦਰਤੀ ਕਰਿਸ਼ਮਿਆਂ ਉੱਪਰ ਭਰੋਸਾ ਕਰਨ ਦੀ ਹੈ। ਜਦ ਹਿਰਦਾ ਭਰੋਸੇ ਵਿੱਚ ਓਤਪੌਤ ਹੋ ਜਾਂਦਾ ਹੈ ਤਾਂ ਸਾਰੇ ਸਰਗੁਣ ਸਰੂਪ ਵਿੱਚ ਨਿਰਗੁਣ ਸਰੂਪ ਦੀ ਪਰਮ ਸ਼ਕਤੀ ਵਰਤਦੀ ਸਪੱਸ਼ਟ ਦਿੱਸਣ ਲੱਗ ਪੈਂਦੀ ਹੈ।
ਇਸ ਲਈ ਜਿਥੇ ਤੱਕ ਸਤਿ ਪਾਰਬ੍ਰਹਮ ਦੀ ਅਨੰਤਤਾ ਬੇਅੰਤਤਾ ਦੀ ਭਾਲ ਕਰਨ ਦਾ ਸੰਬੰਧ ਹੈ ਉਥੇ ਤੱਕ ਤਰਕ ਹੈ। ਜਿਥੇ ਤੱਕ ਤਰਕ ਹੈ ਉਥੇ ਤੱਕ ਵਿਗਿਆਨ ਹੈ। ਜਿਥੇ ਤਰਕ ਖ਼ਤਮ ਹੋ ਜਾਂਦਾ ਹੈ ਉਥੇ ਬ੍ਰਹਮ ਗਿਆਨ ਪ੍ਰਗਟ ਹੋ ਜਾਂਦਾ ਹੈ। ਵਿਗਿਆਨ ਦੇ ਅੰਤ ਅਤੇ ਬ੍ਰਹਮ ਗਿਆਨ ਦੀ ਬੇਅੰਤਤਾ ਦੇ ਇਸ ਪੂਰਨ ਪਰਮ ਸਤਿ ਤੱਤ ਨੂੰ ਜ਼ਰਾ ਹੋਰ ਵਿਚਾਰ ਕਰਨ ਦਾ ਯਤਨ ਕਰੀਏ। ਅੱਜ ਦੇ ਸੰਸਾਰ ਵਿੱਚ ਸਾਰੇ ਪਾਸੇ ਵਿਗਿਆਨ ਅਤੇ ਤਕਨੋਲੋਜੀ ਨੇ ਬਹੁਤ ਉØੰਨਤੀ ਕੀਤੀ ਹੈ। ਮਨੁੱਖੀ ਜੀਵਨ ਦਾ ਕੋਈ ਐਸਾ ਪਹਿਲੂ ਨਹੀਂ ਹੈ ਜਿਸ ਵਿੱਚ ਅੱਜ ਦੇ ਵਿਗਿਆਨਕਾਂ ਨੇ ਨਵੀਆਂ-ਨਵੀਆਂ ਕਾਢਾਂ ਕੱਢਣ ਵਿੱਚ ਕੋਈ ਕਸਰ ਛੱਡੀ ਹੋਵੇ। ਵਿਗਿਆਨ ਦੀਆਂ ਇਨ੍ਹਾਂ ਉਪਲੱਬਧੀਆਂ ਦਾ ਸਦਕਾ ਅੱਜ ਦੇ ਜੁੱਗ ਵਿੱਚ ਮਨੁੱਖਾ ਜੀਵਨ ਨੂੰ ਬਹੁਤ ਸਹੂਲਤਾਂ ਮਿਲ ਰਹੀਆਂ ਹਨ। ਵਿਗਿਆਨਕ ਖੋਜ ਦੀ ਇਹ ਦੌੜ ਨਿਰੰਤਰ ਅੱਗੇ ਜਾ ਰਹੀ ਹੈ। ਮਨੁੱਖ ਦੇ ਹਰ ਇੱਕ ਅੰਗ ਦਾ ਇਲਾਜ ਕਰਨ ਲਈ ਅਲਗ-ਅਲਗ ਸਪੈਸ਼ਲਿਸਟ ਡਾਕਟਰ ਉਪਲੱਬਧ ਹਨ। ਪਰ ਕੀ ਫਿਰ ਵੀ ਚਿਕਿੱਤਸਕ ਵਿਗਿਆਨ ਸਾਰੀਆਂ ਬੀਮਾਰੀਆਂ ਉੱਪਰ ਕਾਬੂ ਪਾ ਸਕਿਆ ਹੈ ? ਕੀ ਅੱਜ ਦਾ ਚਿਕਿੱਤਸਕ ਵਿਗਿਆਨ ਕੈਂਸਰ ਜਾਂ ਹੋਰ ਐਸੇ ਰੋਗਾਂ ਕਰਕੇ ਮਨੁੱਖਾ ਦੇਹੀ ਦੀ ਮੌਤ ਉੱਪਰ ਕਾਬੂ ਪਾ ਸਕਿਆ ਹੈ ? ਕੀ ਅੱਜ ਦਾ ਚਿਕਿੱਤਸਕ ਵਿਗਿਆਨ ਇਹ ਜਾਣ ਸਕਿਆ ਹੈ ਕਿ ਮਨੁੱਖੀ ਸਵਾਸਾਂ ਦੇ ਪਿੱਛੇ ਕਿਹੜੀ ਸ਼ਕਤੀ ਕੰਮ ਕਰ ਰਹੀ ਹੈ ? ਕੀ ਅੱਜ ਦਾ ਚਿਕਿੱਤਸਕ ਵਿਗਿਆਨ ਇਹ ਜਾਣ ਸਕਿਆ ਹੈ ਕਿ ਮਨੁੱਖੀ ਦਿੱਲ ਦੀ ਧੜਕਣ ਪਿੱਛੇ ਕਿਹੜੀ ਸ਼ਕਤੀ ਕੰਮ ਕਰ ਰਹੀ ਹੈ ? ਕੀ ਅੱਜ ਦਾ ਵਿਗਿਆਨ ਇਹ ਜਾਣ ਸਕਿਆ ਹੈ ਕਿ ਇਲੈਕਟ੍ਰੋਨਾਂ (ਨਿਊਟ੍ਰੋਨ ਅਤੇ ਪ੍ਰੋਟੋਨ) ਦੀ ਉਤਪੱਤੀ ਕਿਸ ਪਰਮ ਸ਼ਕਤੀ ਵਿੱਚੋਂ ਹੁੰਦੀ ਹੈ ? ਕੀ ਅੱਜ ਦਾ ਵਿਗਿਆਨ ਇਹ ਜਾਣ ਸਕਿਆ ਹੈ ਕਿ ਧਰਤੀ ਅਤੇ ਹੋਰ ਸਾਰੇ ਗ੍ਰਹਾਂ ਦੇ ਆਕਾਸ਼ ਵਿੱਚ ਸਥਿਰ ਰੱਖਣ ਪਿੱਛੇ ਕਿਹੜੀ ਪਰਮ ਸ਼ਕਤੀ ਕੰਮ ਕਰ ਰਹੀ ਹੈ ? ਕੀ ਅੱਜ ਦਾ ਵਿਗਿਆਨ ਇਹ ਜਾਣ ਸਕਿਆ ਹੈ ਕਿ ਗ੍ਰੁੱਤੁਆਕਰਸ਼ਨ ਸ਼ਕਤੀ ਦਾ ਸੋਮਾ ਕੀ ਹੈ ? ਤਰਕ ਦੇ ਆਧਾਰ ਤੇ ਇਨ੍ਹਾਂ ਪ੍ਰਸ਼ਨਾਂ ਦਾ ਉੱਤਰ ਅੱਜ ਦੇ ਕਿਸੇ ਵਿਗਿਆਨਕ ਕੋਲ ਨਹੀਂ ਹੈ। ਇਹ ਪੂਰਨ ਸਤਿ ਹੈ ਕਿ ਮਨੁੱਖੀ ਦਿਮਾਗ ਦੀ ਸ਼ੱਮਤਾ ਬੇਅੰਤ ਹੈ ਅਤੇ ਇਸੇ ਸ਼ੱਮਤਾ ਦੇ ਆਧਾਰ ਤੇ ਉਹ ਬਹੁਤ ਸਾਰੀਆਂ ਅਸਚਰਜ ਜਨਕ ਕਾਢਾਂ ਕੱਢਣ ਵਿੱਚ ਸਫਲ ਹੋ ਰਿਹਾ ਹੈ ਅਤੇ ਹੁੰਦਾ ਰਹੇਗਾ। ਪਰੰਤੂ ਕੀ ਮਨੁੱਖ ਫਿਰ ਵੀ ਆਪਣੇ ਬੁੱਧੀ ਬੱਲ ਉੱਪਰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬੇਅੰਤਤਾ ਅਨੰਤਤਾ ਦਾ ਪਾਰ ਬੰਨਾ ਲੱਭ ਸਕੇਗਾ ? ਜਿਨ੍ਹਾਂ ਮਹਾ ਪੁਰਖਾਂ, ਸਤਿਗੁਰੂਆਂ, ਅਵਤਾਰਾਂ, ਸੰਤਾ, ਭਗਤਾਂ ਨੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਅਭੇਦ ਹੋ ਕੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬੇਅੰਤਤਾ ਅਨੰਤਤਾ ਦਾ ਅਨੁਭਵ ਕੀਤਾ ਹੈ ਉਨ੍ਹਾਂ ਸਾਰਿਆਂ ਨੇ ਇਹ ਹੀ ਕਿਹਾ ਹੈ ਕਿ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਕੋਈ ਹੱਦ ਬੰਨਾ ਨਹੀਂ ਪਾ ਸਕਦਾ ਹੈ।
ਇਸ ਤਰ੍ਹਾਂ ਨਾਲ ਆਦਿ ਕਾਲ ਤੋਂ ਬਹੁਤ ਸਾਰੇ ਐਸੇ ਲੋਕ ਹਨ ਜੋ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਹੱਦ ਬੰਨਾ ਲੱਭਣ ਦਾ ਯਤਨ ਕਰਦੇ ਰਹੇ ਹਨ ਅਤੇ ਵਰਤਮਾਨ ਵਿੱਚ ਵੀ ਕਰ ਰਹੇ ਹਨ। ਪਰੰਤੂ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਤਾਂ ਬੇਅੰਤ ਹੈ ਅਨੰਤ ਹੈ ਤਾਂ ਉਸਦਾ ਹੱਦ ਬੰਨਾ ਕਿਵੇਂ ਪਾਇਆ ਜਾ ਸਕਦਾ ਹੈ। ਇਸ ਲਈ ਇਨ੍ਹਾਂ ਸਾਰੇ ਲੋਕਾਂ ਦੀ ਘਾਲਣਾ ਵਿਅਰਥ ਸਿੱਧ ਹੋਈ ਹੈ ਅਤੇ ਹੋ ਰਹੀ ਹੈ। ਜਿਵੇਂ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਆਪ ਬੇਅੰਤ ਹੈ ਅਨੰਤ ਹੈ ਠੀਕ ਉਸੇ ਤਰ੍ਹਾਂ ਨਾਲ ਉਸਦੇ ਗੁਣ ਅਤੇ ਉਸਦੀਆਂ ਪਰਮ ਸ਼ਕਤੀਆਂ ਦਾ ਵੀ ਕੋਈ ਅੰਤ ਨਹੀਂ ਹੈ। ਉਸਦੇ ਪਰਮ ਗੁਣ ਹੀ ਉਸਦੀਆਂ ਪਰਮ ਸ਼ਕਤੀਆਂ ਹਨ। ਅਤੇ ਇਹ ਪਰਮ ਸ਼ਕਤੀਆਂ ਹੀ ਉਸਦੀਆਂ ਕਲਾਵਾਂ ਹਨ ਜਿਨ੍ਹਾਂ ਦੀ ਵਰਤੋਂ ਉਹ ਸ੍ਰਿਸ਼ਟੀ ਦੀ ਉਤਪੱਤੀ, ਪਾਲਣਾ ਅਤੇ ਸੰਘਾਰ ਲਈ ਕਰਦਾ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਹਰ ਇੱਕ ਰਚਨਾ ਵਿੱਚ ਕੋਈ ਨਾ ਕੋਈ ਗੁਣ ਮੌਜੂਦ ਹੈ। ਅਤੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਰਚਨਾਵਾਂ ਦਾ ਕੋਈ ਅੰਤ ਨਹੀਂ ਹੈ। ਇਸ ਲਈ ਇਨ੍ਹਾਂ ਗੁਣਾਂ ਦਾ ਵੀ ਕੋਈ ਅੰਤ ਨਹੀਂ ਹੈ। ਸ੍ਰਿਸ਼ਟੀ ਦੀ ਹਰ ਇੱਕ ਰਚਨਾ ਵਿੱਚ ਮੌਜੂਦ ਇਹ ਗੁਣ ਹੀ ਸ੍ਰਿਸ਼ਟੀ ਦਾ ਸੰਤੁਲਨ ਬਣਾ ਕੇ ਰੱਖਦਾ ਹੈ ਅਤੇ ਸਾਰੀ ਸ੍ਰਿਸ਼ਟੀ ਦੇ ਕਾਰ ਵਿਹਾਰ ਨੂੰ ਸੰਚਾਲਣ ਕਰਨ ਵਿੱਚ ਸਹਾਈ ਹੁੰਦਾ ਹੈ। ਅੱਜ ਦਾ ਵਿਗਿਆਨ ਇਨ੍ਹਾਂ ਗੁਣਾਂ ਦੀ ਖੋਜ ਵਿੱਚ ਵਿਅਸਤ ਹੈ। ਪਰੰਤੂ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਇਨ੍ਹਾਂ ਰਚਨਾਵਾਂ ਦਾ ਕੋਈ ਅੰਤ ਨਹੀਂ ਹੈ ਇਸ ਲਈ ਇਨ੍ਹਾਂ ਗੁਣਾਂ ਦਾ ਅੰਤ ਪਾਉਣਾ ਵੀ ਅਸੰਭਵ ਕਾਰਜ ਹੈ। ਜਿਵੇਂ-ਜਿਵੇਂ ਮਨੁੱਖਾ ਦਿਮਾਗ ਇਨ੍ਹਾਂ ਖੋਜਾਂ ਨੂੰ ਅੰਜਾਮ ਦਿੰਦਾ ਹੈ ਉਸਨੂੰ ਹੋਰ ਨਵੇਂ-ਨਵੇਂ ਤੱਥ ਨਜ਼ਰ ਆਉਣ ਲੱਗ ਪੈਂਦੇ ਹਨ ਜਿਨ੍ਹਾਂ ਦਾ ਰੂਹਾਨਿਅਤ ਦੀ ਭਾਸ਼ਾ ਵਿੱਚ ਅਤੇ ਪੂਰਨ ਬ੍ਰਹਮ ਗਿਆਨ ਵਿੱਚ ਕੋਈ ਅੰਤ ਨਹੀਂ ਹੈ। ਇਸ ਤਰ੍ਹਾਂ ਨਾਲ ਜਿਵੇਂ-ਜਿਵੇਂ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਵਡਿਆਈ ਅੱਗੇ ਤੋਂ ਅੱਗੇ ਵੱਧਦੀ ਹੈ ਤਿਵੇਂ-ਤਿਵੇਂ ਇਹ ਸਪੱਸ਼ਟ ਹੁੰਦਾ ਜਾ ਰਿਹਾ ਹੈ ਕਿ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਵਡਿਆਈ ਦਾ ਕੋਈ ਅੰਤ ਨਹੀਂ ਹੈ। ਮਨੁੱਖੀ ਦਿਮਾਗ ਜੋ ਕੇਵਲ ੬-੯% ਕ੍ਰਿਆਸ਼ੀਲ ਹੈ, ਉਹ ਇਨ੍ਹਾਂ ਕਾਢਾਂ ਕੱਢਣ ਵਿੱਚ ਵਿਅਸਤ ਹੈ। ਪਰੰਤੂ ਇੱਕ ਪੂਰਨ ਬ੍ਰਹਮ ਗਿਆਨੀ ਜਿਸਦਾ ਕਿ ਦਿਮਾਗ ੧੦੦% ਕ੍ਰਿਆਸ਼ੀਲ ਹੈ ਉਸ ਨੂੰ ਇਸ ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਅਤੇ ਅਨੁਭਵ ਹੋਣ ਕਰਕੇ ਕਿ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਬੇਅੰਤ ਹੈ, ਅਨੰਤ ਹੈ, ਉਸਦੇ ਗੁਣ ਅਤੇ ਕਲਾਵਾਂ ਪਰਮ ਸ਼ਕਤੀਆਂ ਬੇਅੰਤ ਹਨ, ਅਨੰਤ ਹਨ, ਉਹ ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਇਸ ਬੇਅੰਤਤਾ ਅਨੰਤਤਾ ਦੀ ਮਹਿਮਾ ਬਣ ਕੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਕਰਨ ਅਤੇ ਗਾਉਣ ਵਿੱਚ ਮਸਤ ਹੋ ਜਾਂਦਾ ਹੈ।
ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਸਰਬ ਕਲਾ ਭਰਪੂਰ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਸਰਬ ਕਲਾ ਕਾ ਗਿਆਤਾ ਹੈ। ਗੁਰਬਾਣੀ ਵਿੱਚ ਇਸ ਪਰਮ ਸਤਿ ਤੱਤ ਨੂੰ ਬਹੁਤ ਸਾਰੇ ਸਲੋਕਾਂ ਵਿੱਚ ਪ੍ਰਗਟ ਕੀਤਾ ਗਿਆ ਹੈ –
ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨਹਾਰ ॥
ਜਾ ਕੈ ਸਿਮਰਨਿ ਉਧਰੀਐ ਨਾਨਕ ਤਿਸੁ ਬਲਿਹਾਰ ॥੧॥
(ਪੰਨਾ ੨੮੨)
ਹਮ ਮੂਰਖ ਤੁਮ ਚਤੁਰ ਸਿਆਣੇ ਤੂ ਸਰਬ ਕਲਾ ਕਾ ਗਿਆਤਾ ॥੧॥
(ਪੰਨਾ ੬੧੩)
ਸਫਲ ਮੂਰਤਿ ਗੁਰਦੇਉ ਸੁਆਮੀ ਸਰਬ ਕਲਾ ਭਰਪੂਰੇ ॥
(ਪੰਨਾ ੮੦੨)
ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਸਰਬ ਕਲਾਵਾਂ ਹੀ ਉਸਦੀਆਂ ਪਰਮ ਸ਼ਕਤੀਆਂ ਹਨ। ਇਹ ਪਰਮ ਸ਼ਕਤੀਆਂ ਬੇਅੰਤ ਹਨ ਅਨੰਤ ਹਨ। ਇਨ੍ਹਾਂ ਦਾ ਪੂਰਾ ਭੇਦ ਨਾ ਹੀ ਕੋਈ ਪਾ ਸਕਿਆ ਹੈ ਅਤੇ ਨਾ ਹੀ ਕੋਈ ਪਾ ਸਕਦਾ ਹੈ।ਇਸ ਲਈ ਧੰਨ ਧੰਨ ਸਤਿਗੁਰ ਅਵਤਾਰ ਅਰਜਨ ਦੇਵ ਜੀ ਨੇ ਇਸ ਪੂਰਨ ਬ੍ਰਹਮ ਗਿਆਨ ਨੂੰ ਪ੍ਰਗਟ ਕੀਤਾ ਹੈ ਕਿ ਇੱਕ ਜਿਗਿਆਸੂ ਲਈ ਸਤਿ ਪਾਰ ਬ੍ਰਹਮ ਦੀ ਅਨੰਤਤਾ ਬੇਅੰਤਤਾ ਅਤੇ ਪਰਮ ਸ਼ਕਤੀਆਂ ਬਾਰੇ ਜਾਣਨ ਦਾ ਯਤਨ ਕਰਨਾ ਵਿਅਰਥ ਹੈ। ਇਸ ਲਈ ਸਾਨੂੰ ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਨਾਮ ਸਿਮਰਨ ਦੀ ਕਮਾਈ ਕਰਨ ਵਿੱਚ ਲੀਨ ਹੋ ਜਾਣਾ ਚਾਹੀਦਾ ਹੈ। ਕੇਵਲ ਨਾਮ ਸਿਮਰਨ ਕਰਨ ਦੇ ਨਾਲ ਹੀ ਸਾਡਾ ਉਧਾਰ ਹੋ ਸਕਦਾ ਹੈ। ਕੇਵਲ ਨਾਮ ਸਿਮਰਨ ਨਾਲ ਹੀ ਅਸੀਂ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਅਤੇ ਧੰਨ ਧੰਨ ਸਤਿਗੁਰੂ ਸਾਹਿਬਾਨਾਂ ਦੀਆਂ ਬੇਅੰਤ ਅਨੰਤ ਖੁਸ਼ੀਆਂ ਅਤੇ ਪਰਮ ਆਨੰਦ ਸਤਿ ਚਿੱਤ ਆਨੰਦ ਦੀ ਪ੍ਰਾਪਤੀ ਕਰ ਸਕਦੇ ਹਾਂ। ਕੇਵਲ ਨਾਮ ਸਿਮਰਨ ਕਰਨ ਨਾਲ ਹੀ ਅਸੀਂ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਅਨੰਤ ਬੇਅੰਤ ਸ਼ਕਤੀਆਂ ਅਤੇ ਸ੍ਰਿਸ਼ਟੀ ਦੀ ਬੇਅੰਤਤਾ ਦੇ ਬਾਰੇ ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਸਾਰੀ ਮਨਮਤਿ, ਦੁਰਮਤਿ ਅਤੇ ਸੰਸਾਰਕ ਮਤਿ ਨੂੰ ਤਿਆਗ ਕੇ ਨਾਮ ਸਿਮਰਨ ਵਿੱਚ ਲੀਨ ਹੋ ਕੇ ਹੀ ਅਸੀਂ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬੇਅੰਤਤਾ ਅਨੰਤਤਾ ਦੇ ਬਾਰੇ ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਕਰ ਸਕਦੇ ਹਾਂ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਸਰਬ ਕਲਾ ਭਰਪੂਰ ਹੈ ਇਸ ਲਈ ਉਹ ਸਭ ਤੋਂ ਉੱਚਾ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਰਗਾ ਉੱਚਾ ਹੋਰ ਕੋਈ ਨਹੀਂ ਹੈ। ਇਸ ਲਈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਕਿਤਨਾ ਸ਼ਕਤੀਸ਼ਾਲੀ ਹੈ ਇਸ ਭੇਦ ਨੂੰ ਕੋਈ ਨਹੀਂ ਜਾਣ ਸਕਿਆ ਹੈ ਅਤੇ ਨਾ ਹੀ ਕੋਈ ਜਾਣ ਸਕਦਾ ਹੈ। ਜੇਕਰ ਕੋਈ ਉਸ ਵਰਗਾ ਵੱਡਾ ਅਤੇ ਉੱਚਾ ਹੋਵੇ ਤਾਂ ਹੀ ਉਸ ਦਾ ਪੂਰਾ ਭੇਦ ਪਾ ਸਕਦਾ ਹੈ। ਪਰੰਤੂ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਸਾਨੀ ਕੋਈ ਹੋਰ ਸ਼ਕਤੀ ਨਹੀਂ ਹੈ ਇਸ ਲਈ ਉਸਦਾ ਪੂਰਾ ਭੇਦ ਨਹੀਂ ਪਾਇਆ ਜਾ ਸਕਦਾ ਹੈ।
ਜਿਤਨਾ ਵੱਡਾ, ਬੇਅੰਤ ਅਤੇ ਅਨੰਤ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਹੈ ਠੀਕ ਉਤਨਾ ਹੀ ਵੱਡਾ, ਬੇਅੰਤ ਅਤੇ ਅਨੰਤ ਉਸਦਾ ਨਾਮ “ਸਤਿਨਾਮ” ਹੈ। ਸਾਰੀ ਸ੍ਰਿਸ਼ਟੀ ਦਾ ਆਧਾਰ ਸਤਿਨਾਮ ਹੈ। ਸਾਰੀ ਸ੍ਰਿਸ਼ਟੀ ਦੀ ਉਤਪੱਤੀ ਸਤਿ ਵਿੱਚੋਂ ਹੋਈ ਹੈ ਅਤੇ ਹੋ ਰਹੀ ਹੈ। ਧੰਨ ਧੰਨ ਸਤਿਗੁਰ ਅਵਤਾਰ ਅਰਜਨ ਦੇਵ ਪਾਤਿਸ਼ਾਹ ਜੀ ਨੇ ਇਸ ਪੂਰਨ ਬ੍ਰਹਮ ਗਿਆਨ ਨੂੰ ਸੁਖਮਨੀ ਬਾਣੀ ਵਿੱਚ ਪ੍ਰਗਟ ਕੀਤਾ ਹੈ –
ਮੂਲੁ ਸਤਿ ਸਤਿ ਉਤਪਤਿ ॥
(ਪੰਨਾ ੨੮੪)
ਸਾਰੀਆਂ ਕਲਾਵਾਂ ਦਾ, ਗੁਣਾਂ ਦਾ ਗਰਭ ਕੇਵਲ ਸਤਿ ਹੀ ਹੈ। ਸਾਰੇ ਜੀਵਾਂ, ਜੰਤਾਂ, ਖੰਡਾਂ ਅਤੇ ਬ੍ਰਹਿਮੰਡਾਂ ਦਾ ਆਧਾਰ ਕੇਵਲ ਸਤਿ ਹੀ ਹੈ। ਇਹ ਸਤਿ ਹੀ ਪਰਮ ਸ਼ਕਤੀ ਹੈ। ਇਸ ਲਈ ਇਹ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਨਾਮ “ਸਤਿਨਾਮ” ਹੈ। ਸਾਰੀ ਸ੍ਰਿਸ਼ਟੀ ਦਾ ਆਧਾਰ ਅਤੇ ਗਰਭ ਕੇਵਲ “ਸਤਿਨਾਮ” ਹੀ ਹੈ। ਇਸ ਪੂਰਨ ਸਤਿ ਨੂੰ ਸਤਿਗੁਰ ਅਵਤਾਰ ਧੰਨ ਧੰਨ ਅਰਜਨ ਦੇਵ ਪਾਤਿਸ਼ਾਹ ਜੀ ਨੇ ਗੁਰਬਾਣੀ ਦੇ ਇਸ ਸਲੋਕ ਵਿੱਚ ਪ੍ਰਗਟ ਕੀਤਾ ਹੈ –
ਨਾਮ ਕੇ ਧਾਰੇ ਸਗਲੇ ਜੰਤ ॥
ਨਾਮ ਕੇ ਧਾਰੇ ਖੰਡ ਬ੍ਰਹਮੰਡ ॥
ਨਾਮ ਕੇ ਧਾਰੇ ਸਿਮ੍ਰਿਤਿ ਬੇਦ ਪੁਰਾਨ ॥
ਨਾਮ ਕੇ ਧਾਰੇ ਸੁਨਨ ਗਿਆਨ ਧਿਆਨ ॥
ਨਾਮ ਕੇ ਧਾਰੇ ਆਗਾਸ ਪਾਤਾਲ ॥
ਨਾਮ ਕੇ ਧਾਰੇ ਸਗਲ ਆਕਾਰ ॥
ਨਾਮ ਕੇ ਧਾਰੇ ਪੁਰੀਆ ਸਭ ਭਵਨ ॥
ਨਾਮ ਕੈ ਸੰਗਿ ਉਧਰੇ ਸੁਨਿ ਸ੍ਰਵਨ ॥
ਕਰਿ ਕਿਰਪਾ ਜਿਸੁ ਆਪਨੈ ਨਾਮਿ ਲਾਏ ॥
ਨਾਨਕ ਚਉਥੇ ਪਦ ਮਹਿ ਸੋ ਜਨੁ ਗਤਿ ਪਾਏ ॥੫॥
(ਪੰਨਾ ੨੮੪)
ਪੂਰਨ ਬ੍ਰਹਮ ਗਿਆਨ ਦੇ ਇਸ ਮਹਾਨ ਸਲੋਕ ਵੱਲ ਵੇਖੋ, ਇਹ ਵਿਸ਼ਵਾਸਯੋਗ ਹੈ। ਇਹ ਬਹੁਤ ਜ਼ਿਆਦਾ ਹੈਰਾਨੀਜਨਕ ਅਤੇ ਭਰਪੂਰ ਬਿਸਮਾਦ ਜਨਕ ਹੈ। ਧੰਨ ਧੰਨ ਪੰਚਮ ਪਾਤਸ਼ਾਹ ਜੀ ਅਕਾਲ ਪੁਰਖ ਦੇ ਨਾਮ ਦੀ ਮਹਿਮਾ ਬਾਰੇ ਸਾਨੂੰ ਹੋਰ ਦੱਸਦੇ ਹਨ। ਜਿਹੜਾ ਪਹਿਲਾਂ ਹੀ ਅਸੀਮ ਵਜੋਂ ਪਰਿਭਾਸ਼ਤ ਕੀਤਾ ਗਿਆ ਹੈ।
ਹਰ ਰਚਨਾ ਦੀ ਨੀਂਹ ਨਾਮ ਹੈ। ਹਰ ਚੀਜ਼ ਦਾ ਆਧਾਰ ਨਾਮ ਹੈ। ਹਰ ਚੀਜ਼ ਨਾਮ ਵਿੱਚੋਂ ਉਪਜੀ ਹੈ। ਹਰ ਚੀਜ਼ ਦੀ ਉਤਪੱਤੀ ਨਾਮ ਵਿੱਚੋਂ ਹੈ। ਸਾਰੇ ਜੀਵਤ ਜੀਵ ਨਾਮ ਵਿੱਚੋਂ ਸਿਰਜੇ ਹੋਏ ਹਨ। ਸਾਰੀ ਬਨਸਪਤ, ਸੂਰਜ, ਤਾਰੇ ਅਤੇ ਹਰ ਚੀਜ਼ ਜਿਹੜੀ ਖੰਡ ਬ੍ਰਹਿਮੰਡ ਵਿੱਚ ਹੈ – ਭਾਵ ਸ੍ਰਿਸ਼ਟੀ ਦੀ ਹਰ ਚੀਜ਼ ਨਾਮ ਵੱਲੋਂ ਚਲਾਈ ਜਾਂਦੀ ਹੈ। ਸਾਰੀਆਂ ਧਾਰਮਿਕ ਪੁਸਤਕਾਂ, ਯੋਗੀਆਂ, ਰਿਸ਼ੀਆਂ, ਅਤੇ ਮੁਨੀਆਂ ਦੁਆਰਾ ਲਿਖੀਆਂ ਗਈਆਂ ਦਾ ਆਧਾਰ ਨਾਮ ਹੈ। ਲੋਕ-ਪਰਲੋਕ ਵਿੱਚ ਹਰ ਚੀਜ਼ ਨਾਮ ਵਿੱਚੋਂ ਉਪਜੀ ਹੈ। ਲੋਕ-ਪਰਲੋਕ ਵਿੱਚ ਹਰ ਚੀਜ਼ ਦੀ ਸੰਸਥਾਪਨਾ ਦਾ ਆਧਾਰ ਨਾਮ ਹੈ। ਕੋਈ ਸ਼ੱਕ ਨਹੀਂ, ਕਿ ਕੇਵਲ ਨਾਮ ਹੀ ਸਾਨੂੰ ਅਕਾਲ ਪੁਰਖ ਤੱਕ ਲੈ ਜਾ ਸਕਦਾ ਹੈ। ਸਾਰਾ ਬ੍ਰਹਮ ਗਿਆਨ ਵੀ ਨਾਮ ਦੀ ਦੇਣ ਹੈ।
ਵਿਅਕਤੀਗਤ ਰੂਪ ਵਿੱਚ ਜਿਹੜੇ ਆਪਣੇ ਆਪ ਨੂੰ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਵਿੱਚ ਸਮਰਪਿਤ ਕਰ ਦਿੰਦੇ ਹਨ, ਉਹਨਾਂ ਦੀ ਬੰਦਗੀ ਵਿੱਚ ਅਵਸਥਾ ਆਉਂਦੀ ਹੈ ਜਦੋਂ ਨਾਮ ਨਾਲ ਸਾਰੇ ਸਤਿ ਸਰੋਵਰ ਪ੍ਰਕਾਸ਼ਮਾਨ ਹੋ ਜਾਂਦੇ ਹਨ। ਪ੍ਰਮਾਤਮਾ ਆਪ ਸਾਡੇ ਹਿਰਦੇ ਅੰਦਰ ਸਾਰੇ ਅਨਾਦੀ ਖਜ਼ਾਨੇ ਸਥਾਪਿਤ ਕਰ ਦਿੰਦਾ ਹੈ। ਸਤਿ ਸਰੋਵਰ ਜਿਹੜੇ ਸਾਡੀ ਰੂਹ ਦੇ ਅਟੁੱਟ ਅੰਗ ਹਨ ਸਾਰੇ ਅਨਾਦੀ ਖਜ਼ਾਨਿਆਂ ਦਾ ਸਰੋਤ ਹਨ। ਜਦੋਂ ਇਹ ਸਤਿ ਸਰੋਵਰ ਪ੍ਰਕਾਸ਼ਮਾਨ ਹੋ ਜਾਂਦੇ ਹਨ ਅਤੇ ਸਾਡੀ ਕੁੰਡਲਨੀ ਜਾਗ ਪੈਂਦੀ ਹੈ ਤਦ ਅਸੀਂ ਰੋਮ-ਰੋਮ ਨਾਲ ਨਾਮ ਸਿਮਰਨ ਦੀ ਬਖਸ਼ਿਸ਼ ਪ੍ਰਾਪਤ ਕਰਦੇ ਹਾਂ। ਸਾਰੇ ਬੱਜਰ ਕਪਾਟਾਂ ਦਾ ਖੁੱਲ੍ਹਣਾ, ਦਸਮ ਦੁਆਰ ਨਾਮ ਸਰੂਪ ਨਾਲ ਸਿੱਧਾ ਸੰਬੰਧ, ਪਰਮ ਜੋਤ ਪੂਰਨ ਪ੍ਰਕਾਸ਼ ਨਾਲ ਹਿਰਦੇ ਦਾ ਭਰਨਾ ਹੈ।
ਸਤਿ ਸਰੋਵਰਾਂ ਵਿੱਚੋਂ ਇੱਕ ਸਰੋਵਰ ਬ੍ਰਹਮ ਗਿਆਨ ਦੀਆਂ ਅਲੌਕਿਕ ਸ਼ਕਤੀਆਂ ਵਾਲਾ ਹੈ ਅਤੇ ਜਦੋਂ ਇਹ ਸਤਿ ਸਰੋਵਰ ਨਾਮ ਨਾਲ ਭਰਪੂਰ ਹੋ ਜਾਂਦੇ ਹਨ ਤਦ ਅਸੀਂ ਪੂਰਨ ਬ੍ਰਹਮ ਗਿਆਨ ਪੂਰਨ ਤੱਤ ਗਿਆਨ ਦੀ ਬਖਸ਼ਿਸ਼ ਪ੍ਰਾਪਤ ਕਰਦੇ ਹਾਂ। ਇਹ ਬ੍ਰਹਮ ਗਿਆਨ ਦਾ ਸਭ ਤੋਂ ਉੱਚਾ ਪੱਧਰ ਹੈ ਅਤੇ ਇਹ ਗੁਰਬਾਣੀ ਪੜ੍ਹਣ ਅਤੇ ਜਾਪ ਕਰਨ ਨਾਲ ਨਹੀਂ ਆਉਂਦਾ ਹੈ। ਇਹ ਕਿਤਾਬਾਂ ਦੀ ਕੋਈ ਗਿਣਤੀ ਪੜ੍ਹਣ ਅਤੇ ਕੋਈ ਲਿਖਤਾਂ ਦਾ ਅਧਿਐਨ ਕਰਨ ਨਾਲ ਨਹੀਂ ਆਉਂਦਾ ਹੈ।ਇਹ ਇਹਨਾਂ ਲਿਖਤਾਂ ਨੂੰ ਪੜ੍ਹਣ ਨਾਲ ਵੀ ਨਹੀਂ ਆਵੇਗਾ। ਇਹ ਕੇਵਲ ਅਤੇ ਕੇਵਲ ਤਦ ਆਵੇਗਾ ਜਦੋਂ ਸਾਰੇ ਸਤਿ ਸਰੋਵਰ ਨਾਮ ਦੁਆਰਾ ਭਰਪੂਰ ਹੋ ਜਾਣਗੇ। ਤਦ, ਪੂਰਨ ਬ੍ਰਹਮ ਗਿਆਨ ਦਾ ਗੁਰਪ੍ਰਸਾਦਿ ਪੂਰਨ ਤੱਤ ਗਿਆਨ ਦਾ ਗੁਰਪ੍ਰਸਾਦਿ ਪ੍ਰਾਪਤ ਹੁੰਦਾ ਹੈ। ਜਿਹੜੇ ਮਨੁੱਖ ਪੂਰਨ ਧਿਆਨ ਵਿੱਚ ਜਾਂਦੇ ਹਨ, ਇਸ ਦਾ ਭਾਵ ਹੈ ਇੱਕ ਉਹ ਮਨੁੱਖ ਜਿਹੜੇ ਗੁਰਪ੍ਰਸਾਦਿ ਨੂੰ ਪ੍ਰਾਪਤ ਕਰਦੇ ਹਨ ਅਤੇ ਤਦ ਆਪਣੇ ਆਪ ਨੂੰ ਪੂਰਨ ਰੂਪ ਵਿੱਚ ਤਨ, ਮਨ ਅਤੇ ਧਨ ਨਾਲ ਗੁਰ ਅਤੇ ਗੁਰੂ ਨੂੰ ਸਮਰਪਿਤ ਕਰ ਦਿੰਦੇ ਹਨ ਅਤੇ ਉਹ ਆਪਣੇ ਗੁਰ ਅਤੇ ਗੁਰੂ ਨੂੰ ਪੂਰਨ ਵਿਸ਼ਵਾਸ, ਭਗਤੀ, ਅਤੇ ਪਿਆਰ ਨਾਲ ਅਜਿਹਾ ਕਰਦੇ ਹਨ। ਤਦ ਬ੍ਰਹਮ ਗਿਆਨ ਨਾਮ ਵਿੱਚੋਂ ਉਪਜਦਾ ਹੈ ਅਤੇ ਇਸੇ ਤਰ੍ਹਾਂ ਧਿਆਨ ਨਾਮ ਤੋਂ ਉਪਜਦਾ ਹੈ। ਜੋ ਮਨੁੱਖ ਧਿਆਨ ਵਿੱਚ ਚਲੇ ਜਾਂਦੇ ਹਨ ਨਾਮ ਉਨ੍ਹਾਂ ਦੇ ਰੋਮ-ਰੋਮ ਵਿੱਚ ਚਲਾ ਜਾਂਦਾ ਹੈ ਅਤੇ ਪੂਰਨ ਬ੍ਰਹਮ ਗਿਆਨ ਉਨ੍ਹਾਂ ਦੇ ਅੰਦਰੋਂ ਹੀ ਪ੍ਰਗਟ ਹੋ ਜਾਂਦਾ ਹੈ।
ਇਸ ਦਾ ਭਾਵ ਹੈ ਬੰਦਗੀ ਦੇ ਸ਼ੁਰੂਆਤ ਪੱਧਰ ਤੇ ਸਮਾਧੀ ਅਤੇ ਸੁੰਨ ਸਮਾਧੀ ਦੀ ਪ੍ਰਾਪਤੀ ਹੁੰਦੀ ਹੈ। ਤਦ ਪੂਰਨ ਬੰਦਗੀ ਨਾਲ ਅਟੱਲ ਅਵਸਥਾ ਦਾ ਗੁਰ ਪ੍ਰਸਾਦਿ ਪਰਮ ਪੱਦਵੀ ਜਾਂ ਸਹਿਜ ਸਮਾਧੀ ਦੀ ਪ੍ਰਾਪਤੀ ਹੁੰਦੀ ਹੈ। ਜਿਹੜੀ ੨੪ ਘੰਟੇ ਬੇਰੋਕ ਲਗਾਤਾਰ ਸਮਾਧੀ ਨਾਮ ਵੱਲੋਂ ਆਉਂਦੀ ਹੈ। ਪੰਚ ਸ਼ਬਦ ਅਨਹਦ ਨਾਦ ਦੀ ਪ੍ਰਾਪਤੀ ਹੁੰਦੀ ਹੈ, ਜਿਹੜਾ ਦਸਮ ਦੁਆਰ ਵਿੱਚ ਨਿਰੰਤਰ ਸੁਣਿਆ ਜਾਣ ਵਾਲਾ ਇੱਕ ਬ੍ਰਹਮ ਸੰਗੀਤ ਹੈ, ਪਰਮ ਬ੍ਰਹਮ ਸ਼ਕਤੀ ਹੈ। ਦਸਮ ਦੁਆਰ ਵੀ ਨਾਮ ਦੇ ਨਾਲ ਪ੍ਰਕਾਸ਼ਮਾਨ ਹੁੰਦਾ ਹੈ ਜਦ ਅਨਹਦ ਸ਼ਬਦ ਦਸਮ ਦੁਆਰ ਵਿੱਚ ਪ੍ਰਗਟ ਹੁੰਦਾ ਹੈ। ਇਹ ਬ੍ਰਹਮ ਸੰਗੀਤ ਇੱਕ ਬਹੁਤ ਉੱਚੇ ਪੱਧਰ ਦਾ ਗੁਰਪ੍ਰਸਾਦਿ ਹੈ ਅਤੇ ਉਦੋਂ ਬਖਸ਼ਿਆ ਜਾਂਦਾ ਹੈ ਜਿਵੇਂ ਹੀ ਸਾਡਾ ਦਸਮ ਦੁਆਰਾ ਖੁੱਲ੍ਹਦਾ ਹੈ। ਇਹ ਬ੍ਰਹਮ ਸੰਗੀਤ ਅਖੰਡ ਕੀਰਤਨ ਨਿਰੰਤਰ ਦਿਨ ਅਤੇ ਰਾਤ ਅਤੇ ਸਦਾ-ਸਦਾ ਲਈ ਪ੍ਰਕਾਸ਼ਮਾਨ ਰਹਿੰਦਾ ਹੈ। ਨਾਮ ਗੁਰਪ੍ਰਸਾਦਿ ਹੈ ਅਤੇ ਕੇਵਲ ਉਹਨਾਂ ਨੂੰ ਉਪਲੱਬਧ ਹੈ ਜਿਹੜੇ ਮਨੁੱਖ ਮਾਇਆ ਤੋਂ ਪਰ੍ਹੇ ਚਲੇ ਗਏ ਹਨ ਜਾਂ ਮਾਇਆ ਨੂੰ ਹਰਾ ਦਿੱਤਾ ਹੈ ਅਤੇ ਪਰਮਾਤਮਾ ਵਿੱਚ ਲੀਨ ਹੋ ਗਏ ਹਨ। ਅਜਿਹੀਆਂ ਰੂਹਾਂ ਅਖਵਾਉਂਦੀਆਂ ਹਨ ਇੱਕ ਪੂਰਨ ਸੰਤ, ਇੱਕ ਸਤਿਗੁਰੂ, ਇੱਕ ਪੂਰਨ ਬ੍ਰਹਮ ਗਿਆਨੀ ਜੋ ਇੱਕ ਪੂਰਨ ਖ਼ਾਲਸਾ ਹੈ।
ਕਿਉਂਕਿ ਮਾਇਆ ਦੇ ਤਿੰਨ ਰੂਪ ਹਨ ਇਸ ਲਈ ਹਰ ਮਨੁੱਖ ਜਿਹੜਾ ਇਹਨਾਂ ਤਿੰਨ੍ਹਾਂ ਰੂਪਾਂ ਦੇ ਪ੍ਰਭਾਵ ਹੇਠ ਰਹਿੰਦਾ ਹੈ ਉਹ ਮਾਇਆ ਦੇ ਪ੍ਰਭਾਵ ਹੇਠ ਰਹਿੰਦਾ ਹੈ। ਜਿਵੇਂ ਕਿ ਉਹ ਮਨੁੱਖ ਜਿਹੜੇ ਭਾਗਸ਼ਾਲੀ ਹਨ ਅਤੇ ਗੁਰਪ੍ਰਸਾਦਿ ਦੀ ਬਖਸ਼ਿਸ਼ ਪ੍ਰਾਪਤ ਹਨ ਅਤੇ ਪੂਰਨ ਬੰਦਗੀ ਦੀ ਪ੍ਰਕਿਰਿਆ ਵਿੱਚੋਂ ਗੁਜ਼ਰਦੇ ਹਨ ਉਹ ਮਾਇਆ ਤੋਂ ਪਰ੍ਹੇ ਚਲੇ ਜਾਂਦੇ ਹਨ ਅਤੇ ਮਾਇਆ ਦੇ ਪਰ੍ਹੇ ਜਾਣ ਦੀ ਅਵਸਥਾ ‘ਚੌਥਾ ਪਦ’ ਅਖਵਾਉਂਦੀ ਹੈ। ਮਾਇਆ ਦੇ ਤਿੰਨ ਰੂਪ ਅਤੇ ‘ਚੌਥਾ ਪਦ’ ਮਾਇਆ ਤੋਂ ਪਰ੍ਹੇ ਜੀਵਨ ਮੁਕਤੀ ਹੈ। ਜਦੋਂ ਅਸੀਂ ਮਾਇਆ ਨੂੰ ਹਰਾ ਦਿੰਦੇ ਹਾਂ ਤਦ ਅਸੀਂ ‘ਚੌਥੇ ਪਦ’ ਵਿੱਚ ਚਲੇ ਜਾਂਦੇ ਹਾਂ, ਜਿਥੇ ਅਸੀਂ ਜੀਵਨ ਮੁਕਤੀ ਦੀ ਬਖਸ਼ਿਸ਼ ਪ੍ਰਾਪਤ ਕਰਦੇ ਹਾਂ। ਪੂਰਨ ਪੱਦਵੀ ਆਧਾਰ ਪਦ ਇਹ ਹੈ ਅਤੇ ਨਾਮ ਸਾਨੂੰ ਮਾਇਆ ਤੋਂ ‘ਚੌਥੇ ਪਦ’ ਤੱਕ ਲੈ ਜਾਂਦਾ ਹੈ ਜਿਹੜਾ ਜੀਵਨ ਮੁਕਤੀ ਹੈ। ਇਸੇ ਕਰਕੇ ਨਾਮ ਅਸੀਮ ਸ਼ਕਤੀ ਹੈ। ਉਹ ਮਨੁੱਖ ਜਿਹੜੇ ਨਾਮ ਦੀ ਬਖਸ਼ਿਸ਼ ਪ੍ਰਾਪਤ ਕਰਦੇ ਹਨ ਇਸ ਨੂੰ ਹਲਕੇ ਤਰੀਕੇ ਨਾਲ ਨਹੀਂ ਲੈਣਾ ਚਾਹੀਦਾ ਹੈ, ਇਹ ਇੱਕ ਬ੍ਰਹਮ ਤੋਹਫ਼ਾ ਹੈ। ਅਸੀਮ ਕੀਮਤ ਦਾ ਗੁਰ ਪ੍ਰਸਾਦਿ ਹੈ ਅਤੇ ਸਾਨੂੰ ਚੌਥੇ ਪਦ ਤੱਕ ਲੈ ਜਾਵੇਗਾ।
ਉਹ ਮਨੁੱਖ ਜਿਹੜੇ ਨਾਮ ਦੀ ਬਖਸ਼ਿਸ਼ ਪ੍ਰਾਪਤ ਨਹੀਂ ਕਰ ਸਕੇ ਹਨ ਉਹ ਸਤਿ ਨਾਮ ਸਿਮਰਨ ਅਤੇ ਸਾਰੇ ਸਤਿ ਕਰਮਾਂ ਤੇ ਕੇਂਦਰਿਤ ਕਰਨ ਅਤੇ ਇਸ ਤਰ੍ਹਾਂ ਕਰਨ ਨਾਲ ਉਹ ਯਕੀਨਨ ਇੱਕ ਦਿਨ ਗੁਰਪ੍ਰਸਾਦਿ ਦੀ ਬਖਸ਼ਿਸ਼ ਨਾਲ ਨਿਵਾਜੇ ਜਾਣਗੇ।
ਜਿਸ ਮਨੁੱਖ ਉੱਪਰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਕਿਰਪਾ ਅਤੇ ਮਹਿਰਾਮਤ ਦੀ ਨਦਰਿ ਹੁੰਦੀ ਹੈ ਉਸ ਮਨੁੱਖ ਨੂੰ ਹੀ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰ ਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਇਸ ਪਰਮ ਸਕਤੀਸ਼ਾਲੀ ਗੁਰਪ੍ਰਸਾਦਿ ਨਾਲ ਹੀ ਪਰਮ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ। ਪਰਮ ਪੱਦਵੀ ਦੀ ਪ੍ਰਾਪਤੀ ਹੀ ਪੂਰਨ ਬ੍ਰਹਮ ਗਿਆਨ ਪੂਰਨ ਤੱਤ ਗਿਆਨ ਦੀ ਅਤੇ ਆਤਮ ਰਸ ਅੰਮ੍ਰਿਤ ਦੀ ਪ੍ਰਾਪਤੀ ਹੈ।