ਕਰਤਾ ਪੁਰਖ ਸਾਰੀ ਸ੍ਰਿਸ਼ਟੀ ਦਾ ਸਿਰਜਨਹਾਰਾ ਹੈ ਅਤੇ ਅਕਾਲ ਮੂਰਤਿ ਹੈ ਇਸ ਲਈ ਉਹ ਜਨਮ ਮਰਣ ਦੇ ਬੰਧਨਾਂ ਤੋਂ ਮੁਕਤ ਹੈ । ਕਿਉਂਕਿ ਕਾਲ ਅਤੇ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਹੈ ਇਸ ਲਈ ਜੰਮਦਾ ਮਰਦਾ ਨਹੀਂ ਹੈ । ਕਿਉਂਕਿ ਕਾਲ ਅਤੇ ਤ੍ਰਿਹ ਗੁਣ ਮਾਇਆ ਦਾ ਵੀ ਉਹ ਸਿਰਜਨਹਾਰਾ ਹੈ ਇਸ ਲਈ ਉਹ ਪਰਮ ਅਨੰਤ ਬੇਅੰਤ ਸ਼ਕਤੀਆਂ ਦਾ ਰਚਨਹਾਰਾ ਅਤੇ ਮਾਲਿਕ ਕਾਲ ਅਤੇ ਮਾਇਆ ਤੋਂ ਪਰ੍ਹੇ ਹੋਣ ਕਾਰਨ ਉਹ ਜਨਮ ਮਰਨ ਤੋਂ ਰਹਿਤ ਹੈ ਅਤੇ ਸਦੀਵੀ ਹੈ । ਉਹ ਆਦਿ ਜੁਗਾਦਿ ਤੋਂ ਸਦਾ ਜੀਵਤ ਹੈ ਅਤੇ ਉਸ ਦਾ ਕਦੇ ਅੰਤ ਨਹੀਂ ਹੁੰਦਾ । ਨਾਂ ਹੀ ਉਸਦੇ ਆਦਿ ਦਾ ਅਤੇ ਨਾਂ ਹੀ ਉਸਦੇ ਅੰਤ ਦਾ ਕਿਸੇ ਨੂੰ ਭੇਦ ਮਿਲ ਸਕਿਆ ਹੈ ਇਸੇ ਕਰਕੇ ਉਹ ਸਦਾ ਬੇਅੰਤ ਅਤੇ ਅਨੰਤ ਹੈ । ਸਦਾ ਸਦਾ ਸਦੀਵੀ ਹੈ । ਕਿਉਂਕਿ ਉਹ ੮੪ ਲੱਖ ਮੇਦਨੀ ਦਾ ਸਿਰਜਨਹਾਰਾ ਹੈ ਇਸ ਲਈ ਉਹ ੮੪ ਲੱਖ ਮੇਦਨੀ ਵਿੱਚ ਨਹੀਂ ਅਉਦਾਂ ਹੈ । ਇਸ ਲਈ ਜੋ ਰੂਹ ਤ੍ਰਿਹ ਗੁਣ ਮਾਇਆ ਨੂੰ ਜਿੱਤ ਕੇ ਮਾਇਆ ਤੋਂ ਪਰ੍ਹੇ ਚਲੀ ਜਾਂਦੀ ਹੈ ਉਹ “ੴ ਸਤਿਨਾਮੁ” ਵਿੱਚ ਸਮਾ ਜਾਂਦੀ ਹੈ ਅਤੇ ਕਿਉਂਕਿ ਐਸੀ ਰੂਹ “ੴ ਸਤਿਨਾਮੁ” ਵਿਚ ਸਮਾ ਜਾਂਦੀ ਹੈ ਇਸ ਲਈ ਉਹ ਆਪਣੀ ਹਸਤੀ ਨੂੰ ਗੁਆ ਕੇ ਸਦਾ ਸਦਾ ਲਈ ਸਦੀਵੀ ਹੋ ਜਾਂਦੀ ਹੈ । ਐਸੀ ਰੂਹ ਫਿਰ ਜਨਮ ਮਰਣ ਦੇ ਬੰਧਨਾਂ ਤੋਂ ਮੁਕਤ ਹੋ ਜਾਂਦੀ ਹੈ । ਐਸੀ ਰੂਹ ਜੀਵਨ ਮੁਕਤ ਹੋ ਜਾਂਦੀ ਹੈ ਅਤੇ ਅਜੂਨੀ ਬਣ ਜਾਂਦੀ ਹੈ ।