ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਇਕ ਹੈ । ਉਸ ਦੇ ਜੈਸਾ ਹੋਰ ਕੋਈ ਨਹੀਂ ਹੈ । ਉਸ ਦਾ ਕੋਈ ਸਾਨੀ ਨਹੀਂ ਹੈ ਨਾਂ ਹੀ ਹੋ ਸਕਦਾ ਹੈ । ਉਸਦਾ ਕੋਈ ਸ਼ਰੀਕ ਨਾਂ ਹੀ ਕੋਈ ਹੈ ਨਾਂ ਹੀ ਕੋਈ ਹੋ ਸਕਦਾ ਹੈ। ਉਸ ਜੈਸਾ ਕੋਈ ਹੋਰ ਕਿਉਂ ਨਹੀਂ ਹੈ: ਕਿਉਂਕਿ ਉਹ ਸਰਬ ਕਲਾ ਭਰਪੂਰ ਹੈ; ਉਹ ਸਾਰੀਆਂ ਅਨੰਤ ਬੇਅੰਤ ਪਰਮ ਸ਼ਕਤੀਆਂ ਦਾ ਮਾਲਕ ਅਤੇ ਸੋਮਾ ਹੈ; ਉਸਦਾ ਪੂਰਾ ਭੇਦ ਅੱਜ ਤੱਕ ਨਾਂ ਹੀ ਕਿਸੇ ਨੇ ਪਾਇਆ ਹੈ ਅਤੇ ਨਾਂ ਹੀ ਕੋਈ ਪਾ ਸਕਦਾ ਹੈ; ਉਹ ਅਕਾਰ ਰਹਿਤ ਹੈ ਇਸ ਲਈ ਉਹ ਸਰਵਵਿਆਪਕ ਹੈ; ਉਹ ਸਰਵ ਵਿਆਪਕ ਹੈ ਇਸ ਲਈ ਉਹ ਅਨੰਤ ਹੈ ਬੇਅੰਤ ਹੈ; ਉਹ ਅਨੰਤ ਹੈ ਬੇਅੰਤ ਹੈ ਇਸ ਲਈ ਉਸਦੀ ਰਚਨਾ (ਸ੍ਰਿਸ਼ਟੀ) ਵੀ ਅਨੰਤ ਹੈ ਬੇਅੰਤ ਹੈ; ਉਹ ਅਨੰਤ ਹੈ ਬੇਅੰਤ ਹੈ ਇਸ ਲਈ ਉਸਦੀਆਂ ਸਾਰੀਆਂ ਪਰਮ ਸ਼ਕਤੀਆਂ ਵੀ ਅਨੰਤ ਬੇਅੰਤ ਹਨ; ਕਿਉਂਕਿ ਉਹ ਸਰਬ ਕਲਾ ਭਰਪੂਰ ਹੈ ਇਸ ਲਈ ਉਹ ਰਚਨਾ ਕਰਨ ਦੀ ਸ਼ਕਤੀ (ਬ੍ਰਹਮਾ ਦੀ ਸ਼ਕਤੀ), ਪਾਲਣਾ ਕਰਨ ਦੀ ਸ਼ਕਤੀ (ਵਿਸ਼ਨੂੰ ਦੀ ਸ਼ਕਤੀ) ਅਤੇ ਸੰਘਾਰ ਕਰਨ ਦੀ ਸ਼ਕਤੀ (ਸ਼ਿਵੇ ਦੀ ਸ਼ਕਤੀ) ਦਾ ਮਾਲਿਕ ਆਪ ਹੈ; ਇਹ ਤਿੰਨ ਮਹਾਨ ਪਰਮ ਸ਼ਕਤੀਆਂ ਦਾ ਸੋਮਾ ਉਹ ਆਪ ਹੈ; ਕਿਉਂਕਿ ਉਹ ਸਾਰੀ ਰਚਨਾ ਦਾ ਸਿਰਜਨਹਾਰਾ ਆਪ ਹੈ ਇਸ ਲਈ ਉਹ ਮਾਇਆ ਦਾ ਵੀ ਰਚਨਹਾਰਾ ਆਪ ਹੈ, ਇਸ ਲਈ ਉਹ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਹੈ; ਇਸ ਲਈ ਮਾਇਆ ਉਸ ਦੀ ਸੇਵਕ ਹੈ; ਕਿਉਂਕਿ ਉਹ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਹੈ ਇਸ ਲਈ ਉਹ ਮਨੁੱਖੀ ਇੰਦਰੀਆ ਦੀ ਪਹੁੰਚ ਤੋਂ ਪਰ੍ਹੇ ਹੈ, ਇਸ ਲਈ ਉਹ ਅਗਾਧ ਹੈ, ਅਗੱਮ ਹੈ, ਅਗੋਚੱਰ ਹੈ ।

 

ਹੋਰ ਵਿਸਥਾਰ ਨਾਲ ਵੀਚਾਰ ਕਰੀਏ ਤਾਂ ਓਅੰਕਾਰ ਦਾ ਕੀ ਭਾਵ ਹੈ : ਸ਼ਬਦ ੴ ਦੋ ਸ਼ਬਦਾਂ ਦਾ ਸੁਮੇਲ ਹੈ ੧ ਅਤੇ ਓਅੰਕਾਰ।

 

ਸ਼ਬਦ ਦਾ ਭਾਵ ਹੈ : ਅਦਵੈਤ ਜਿਸਦਾ ਭਾਵ ਹੈ ਹੋਰ ਕੋਈ ਉਸ ਵਰਗਾ ਨਹੀਂ ਹੈ, ਕੋਈ ਸ਼ਕਤੀ ਉਸਦੀ ਸਾਨੀ ਨਹੀਂ, ਹੋਰ ਕੋਈ ਸ਼ਕਤੀ ਉਸਦੀ ਸ਼ਰੀਕ ਨਹੀਂ ਹੈ; ਉਹ ਇੱਕ ਖੰਡ ਹੈ; ਇੱਕ ਖੰਡ ਸੱਚ ਖੰਡ ਹੈ (ਬਹੁ ਖੰਡ ਸੱਚ ਖੰਡ ਨਹੀਂ ਹੈ, ਬਹੁ ਖੰਡ ਪਾਖੰਡ ਹੈ); ਉਹ ਇੱਕ ਰਸ ਹੈ; ਉਹ ਆਤਮ ਰਸ ਹੈ; ਉਹ ਇੱਕ ਸਾਰ ਹੈ; ਉਹ ਸਭ ਦਾ ਸਾਂਝਾ ਹੈ; ਉਹ ਸਾਰੀ ਸ੍ਰਿਸ਼ਟੀ ਦਾ ਸਾਂਝਾ ਹੈ।

 

ਸ਼ਬਦ ਓਅੰਕਾਰ ਇਨ੍ਹਾਂ ਸ਼ਬਦਾਂ ਦਾ ਸੁਮੇਲ ਹੈ :

 

  • ਓ ਦਾ ਭਾਵ ਹੈ ਉਕਾਰ ਜਿਸਦਾ ਭਾਵ ਹੈ ਉੱਤਪੱਤੀ ਕਰਨ ਵਾਲਾ, ਭਾਵ ਸਾਰੀ ਸ੍ਰਿਸ਼ਟੀ ਦੀ ਰਚਨਾ ਕਰਨ ਵਾਲਾ, ਸਾਰੀ ਰਚਨਾ ਦਾ ਸਿਰਜਣਹਾਰਾ, ਸਾਰੀ ਰਚਨਾ ਦੀ ਜਿਸ ਵਿੱਚੋਂ ਉੱਤਪੱਤੀ ਹੋਈ ਹੈ, ਹੁੰਦੀ ਹੈ ਅਤੇ ਹੁੰਦੀ ਰਹੇਗੀ;

 

  • ਅ ਦਾ ਭਾਵ ਹੈ ਆਕਾਰ ਜਿਸਦਾ ਭਾਵ ਹੈ ਪਾਲਣਾ ਕਰਨ ਵਾਲਾ, ਜੋ ਸਾਰੀ ਸ੍ਰਿਸ਼ਟੀ ਦੀ ਪਾਲਣਾ ਕਰਦਾ ਹੈ, ਪਾਲਣਾ ਕਰ ਰਿਹਾ ਹੈ ਅਤੇ ਕਰਦਾ ਰਹੇਗਾ;

 

  • ਮ ਦਾ ਭਾਵ ਹੈ ਮਕਾਰ ਜਿਸਦਾ ਭਾਵ ਹੈ ਲਯਤਾ ਕਰਨ ਵਾਲਾ, ਸੰਘਾਰ ਕਰਨ ਵਾਲਾ, ਜੋ ਸਾਰੀ ਸ੍ਰਿਸ਼ਟੀ ਦਾ ਸੰਘਾਰਕ ਹੈ, ਸੰਘਾਰ ਕਰਦਾ ਹੈ, ਸੰਘਾਰ ਕਰ ਰਿਹਾ ਹੈ ਅਤੇ ਕਰਦਾ ਰਹੇਗਾ।  ਇਸ ਤਰ੍ਹਾਂ ਸ਼ਬਦ ਓਅੰਕਾਰ ਉਸਦੀ ਇਸ ਅਦੁੱਤੀ ਅਤੇ ਬੇਅੰਤ ਅਨੰਤ ਹਸਤੀ ਨੂੰ ਵਖਾਣ ਕਰਦਾ ਹੈ।

ਉਹ ਸੁੰਨ ਮੰਡਲ ਵਿੱਚ ਹੀ ਪਰਗਟ ਹੁੰਦਾ ਹੈ । ਸੁੰਨ ਮੰਡਲ ਦੀ ਪੂਰਨ ਸ਼ਾਂਤੀ ਹੀ ਆਤਮ ਰਸ ਹੈ । ਭਾਵ ਉਹ ਕੇਵਲ ਉਸ ਹਿਰਦੇ ਵਿੱਚ ਹੀ ਪਰਗਟ ਹੁੰਦਾ ਹੈ ਜੋ ਹਿਰਦਾ ਸੁੰਨ ਮੰਡਲ ਵਿੱਚ ਨਿਵਾਸ ਕਰਦਾ ਹੈ ।