॥ ਜਪੁ ॥
ਆਦਿ ਸਚੁ ਜੁਗਾਦਿ ਸਚੁ ॥
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥
ਮੂਲ ਮੰਤਰ ਤੋਂ ਅੱਗੇ ਸ਼ਬਦ “ਜਪ” ਜੋ ਕਿ ਸਿਮਰਨ ਲਈ ਮਹਾ ਸੁੰਦਰ ਅਤੇ ਪਰਮ ਸ਼ਕਤੀਸ਼ਾਲੀ ਉਪਦੇਸ਼ ਹੈ। ਜਿਹੜਾ ਕਿ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਸ਼ਾਹ ਜੀ ਦੀ ਹਿਦਾਇਤ ਹੈ ਕਿ ਸਿਮਰਨ ਕਰੋ ਜੀ। ਜਿਹੜਾ ਕਿ ਇਲਾਹੀ ਦਰਗਾਹੀ ਹੁਕਮ ਹੈ ਕਿ ਨਾਮ ਸਿਮਰਨ ਕਰੋ। ਕਿਉਂਕਿ ੴ ਸਤਿ ਹੈ ਅਤੇ ਇਹ ਹੀ ਸਤਿ “ਨਾਮ” ਹੈ। ਕਿਉਂਕਿ ਕਰਤਾ ਪੁਰਖ “ਸਤਿ” ਹੈ ਇਸ ਲਈ ਇਹ ਸਤਿ ਹੀ “ਨਾਮ” ਹੈ। ਕਿਉਂਕਿ ਨਿਰਭਉ “ਸਤਿ” ਹੈ ਇਸ ਲਈ ਇਹ ਸਤਿ ਹੀ “ਨਾਮ” ਹੈ। ਕਿਉਂਕਿ ਨਿਰਵੈਰ “ਸਤਿ” ਹੈ ਇਸ ਲਈ ਇਹ ਸਤਿ ਹੀ “ਨਾਮ” ਹੈ। ਅਕਾਲ ਮੂਰਤਿ “ਸਤਿ” ਹੈ ਇਸ ਲਈ ਇਹ ਸਤਿ ਹੀ “ਨਾਮ” ਹੈ। ਕਿਉਂਕਿ ਅਜੂਨੀ “ਸਤਿ” ਹੈ ਇਸ ਲਈ ਇਹ ਸਤਿ ਹੀ “ਨਾਮ” ਹੈ। ਕਿਉਂਕਿ ਸੈਭੰ “ਸਤਿ” ਹੈ ਇਸ ਲਈ ਇਹ ਸਤਿ ਹੀ “ਨਾਮ” ਹੈ। ਕਿਉਂਕਿ ਗੁਰ ਪ੍ਰਸਾਦਿ “ਸਤਿ” ਹੈ ਇਸ ਲਈ ਇਹ ਸਤਿ ਹੀ “ਨਾਮ” ਹੈ। ਇਸ ਲਈ ਸਾਰਾ ਮੂਲ ਮੰਤਰ “ਸਤਿ” ਹੈ ਇਸ ਲਈ ਇਹ ਸਤਿ ਹੀ “ਨਾਮ” ਹੈ। ਇਸੇ ਲਈ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਸ਼ਾਹ ਜੀ ਨੇ “ਸਤਿਨਾਮੁ” ਦਾ ਉਚਾਰਣ ਕੀਤਾ ਹੈ। ਇਸ ਲਈ ਸ਼ਬਦ “ਸਤਿ” ਸਾਰੀ ਸ੍ਰਿਸ਼ਟੀ ਦਾ ਗਰਭ ਹੈ। ਇਸ ਲਈ ਸ਼ਬਦ “ਸਤਿ” ਸਾਰੀਆਂ ਪਰਮ ਸ਼ਕਤੀਆਂ ਦਾ ਗਰਭ ਹੈ। ਇਸ ਲਈ ਸ਼ਬਦ “ਸਤਿ” ਸਾਰੇ ਪਰਮ ਇਲਾਹੀ ਗੁਣਾਂ ਦਾ ਗਰਭ ਹੈ। ਇਸ ਲਈ “ਸਤਿ” ਕੇਵਲ ਇਕ ਸ਼ਬਦ ਹੀ ਨਹੀਂ ਹੈ। ਸਾਰੀ ਗੁਰਬਣੀ “ਸਤਿ” ਹੈ ਇਸ ਲਈ ਇਹ ਸਤਿ “ਨਾਮ” ਹੈ ਕਿਉਂਕਿ ਗੁਰਬਾਣੀ “ਸਤਿ” ਵਿੱਚੋਂ ਹੀ ਪ੍ਰਗਟ ਹੋਈ ਹੈ, ਹੋ ਰਹੀ ਹੈ ਅਤੇ ਹੁੰਦੀ ਰਹੇਗੀ। ਗੁਰਬਾਣੀ ਕੇਵਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਤੱਕ ਹੀ ਸੀਮਿਤ ਨਹੀਂ ਹੈ। ਦਰਗਾਹ ਵਿੱਚ ਗੁਰਬਾਣੀ ਲਗਾਤਾਰ ਪ੍ਰਗਟ ਹੋ ਰਹੀ ਹੈ। ਦਰਗਾਹ ਵਿੱਚ ਗੁਰਬਾਣੀ ਦੇ ਅੰਕਾਂ ਦੀ ਕੋਈ ਗਿਣਤੀ-ਮਿਣਤੀ ਨਹੀਂ ਹੈ। ਦਰਗਾਹ ਵਿੱਚ ਗੁਰਬਾਣੀ ਦੇ ਅੰਕ ਕਦੇ ਖ਼ਤਮ ਨਹੀਂ ਹੁੰਦੇ ਹਨ। ਇਸ ਲਈ ਇਹ ਸਤਿ ਹੀ “ਨਾਮ” ਹੈ। ਇਹ ਸਤਿ ਕੇਵਲ ਨਾਮ ਹੀ ਨਹੀਂ ਹੈ ਬਲਕਿ ਇਹ ਸਤਿ ਹੀ ਪਰਮ ਸ਼ਕਤੀ ਆਪ ਹੈ, ਪਰਮ ਸ਼ਕਤੀ ਹਾਜ਼ਰ ਨਾਜ਼ਰ ਹੈ, ਪਰਮ ਸ਼ਕਤੀ ਸਰਵ ਵਿਆਪਕ ਹੈ। ਸਤਿਨਾਮ ਹੀ ਪਰਮ ਦਰਗਾਹੀ ਹੁਕਮ ਹੈ “ਏਕੋ ਨਾਮ ਹੁਕਮੁ ਹੈ॥” ਇਸ ਲਈ ਹੀ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਸ਼ਾਹ ਜੀ ਨੇ ਬੇਅੰਤ ਕਿਰਪਾ ਨਾਲ ਅਕਾਲ ਪੁਰਖ ਦੇ ਪੂਰਨ ਹੁਕਮ ਅਨੁਸਾਰ ਇਸ ਮਹਾ ਮੰਤਰ ਅਨਮੋਲਕ ਰਤਨ “ਸਤਿਨਾਮ” ਦਾ ਉਚਾਰਣ ਕਰਕੇ ਸਾਡੀ ਸਾਰੀ ਮਨੁੱਖਤਾ ਦੀ ਝੋਲੀ ਵਿੱਚ ਇਸ ਮਹਾ ਮੰਤਰ ਨੂੰ ਪਾ ਕੇ ਸਾਨੂੰ ਸੱਚਖੰਡ ਦਾ ਪੰਥ ਪ੍ਰਦਰਸ਼ਨ ਕੀਤਾ ਹੈ ਅਤੇ ਇਸਦਾ ਸਿਮਰਨ ਕਰਨ ਦਾ ਸਾਰੀ ਲੋਕਾਈ ਨੂੰ ਸਰਵਉੱਚ ਸ਼ਿਖਰ ਦਾ ਉਪਦੇਸ਼ ਦਿੱਤਾ ਹੈ। ਕਿਉਂਕਿ ਸਾਰਾ ਮੂਲ ਮੰਤਰ ਹੀ ਸਤਿ ਹੈ ਇਸ ਲਈ “ਸਤਿਨਾਮ” ਦੇ ਸਿਮਰਨ ਵਿੱਚ ਹੀ ਸਾਰੀਆਂ ਪਰਮ ਸ਼ਕਤੀਆਂ ਸਮਾਈਆਂ ਹੋਈਆਂ ਹਨ। ਇਸੇ ਲਈ ਧੰਨ ਧੰਨ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਵਿੱਚ ਹੀ ਸਤਿਨਾਮ ਦੀ ਮਹਿਮਾ ਦਾ ਵਰਣਨ ਕੀਤਾ ਗਿਆ ਹੈ। ਕਈ ਸੰਤ ਮਹਾ ਪੁਰਖ ਪਹਿਲਾਂ ਸਾਰੇ ਮੂਲ ਮੰਤਰ ਦਾ ਜਾਪ ਕਰਨ ਦਾ ਉਪਦੇਸ਼ ਦਿੰਦੇ ਹਨ ਅਤੇ ਫਿਰ ਸਤਿਨਾਮ ਦੇ ਗੁਰ ਪ੍ਰਸਾਦਿ ਦੀ ਬਖ਼ਸ਼ਿਸ ਕਰਦੇ ਹਨ; ਅਤੇ ਕੁਝ ਮਹਾ ਪੁਰਖ ਹੀ ਹਨ ਜੋ ਪਹਿਲਾਂ ਤੋਂ ਹੀ ਸਤਿਨਾਮ ਦਾ ਅਨਮੋਲਕ ਰਤਨ ਗੁਰ ਪ੍ਰਸਾਦਿ ਤੁਹਾਡੀ ਸੁਰਤ ਵਿੱਚ ਟਿਕਾ ਦਿੰਦੇ ਹਨ। ਗੁਰਬਾਣੀ ਅਨੁਸਾਰ ਕੇਵਲ ਸਤਿਨਾਮ ਦੇ ਗੁਰ ਪ੍ਰਸਾਦਿ ਨਾਲ ਹੀ ਸੁਰਤ ਦੀ ਲਿਵ ਲਗਦੀ ਹੈ। ਕੇਵਲ ਸਤਿਨਾਮ ਦੇ ਸਿਮਰਨ ਨਾਲ ਹੀ ਸੁਰਤ, ਹਿਰਦਾ ਅਤੇ ਸਾਰੀ ਰੂਹ ਕੰਚਨ ਹੁੰਦੀ ਹੈ। ਕੇਵਲ ਸਤਿਨਾਮ ਸਿਮਰਨ ਨਾਲ ਹੀ ਕੁੰਡਲਨੀ ਸ਼ਕਤੀ ਜਾਗਰਤ ਹੁੰਦੀ ਹੈ। ਕੇਵਲ ਸਤਿਨਾਮ ਸਿਮਰਨ ਨਾਲ ਹੀ ਸਾਰੇ ਬੱਜਰ ਕਪਾਟ ਖ਼ੁੱਲਦੇ ਹਨ। ਕੇਵਲ ਸਤਿਨਾਮ ਸਿਮਰਨ ਨਾਲ ਹੀ ਸਾਰੇ (੭) ਸੱਤ ਸਰੋਵਰ ਪ੍ਰਕਾਸ਼ਮਾਨ ਹੁੰਦੇ ਹਨ। ਕੇਵਲ ਸਤਿਨਾਮ ਸਿਮਰਨ ਨਾਲ ਹੀ ਈੜਾ, ਪਿੰਗਲਾ ਅਤੇ ਸੁਸ਼ਮਣਾ ਦੀਆਂ ਸ਼ਕਤੀਆਂ ਜਾਗਰਤ ਹੁੰਦੀਆਂ ਹਨ ਅਤੇ ਸਮਾਧੀ ਅਤੇ ਸੁੰਨ ਸਮਾਧੀ ਦੇ ਗੁਰ ਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਇਸ ਤਰ੍ਹਾਂ ਸਿਮਰਨ ਕਰਦਿਆਂ ਹੋਇਆਂ ਨਾਮ ਸਿਮਰਨ ਰੋਮ-ਰੋਮ ਵਿੱਚ ਚਲਾ ਜਾਂਦਾ ਹੈ ਅਤੇ ਭਗਤ ਜਨ ਸਤਿਨਾਮ ਰਸ ਵਿੱਚ ਰੱਤੇ ਜਾਂਦੇ ਹਨ ਅਤੇ ਮਾਇਆ ਤੇ ਜਿੱਤ ਪ੍ਰਾਪਤ ਕਰ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਜਾ ਕੇ ਅਕਾਲ ਪੁਰਖ ਜੀ ਦੇ ਦਰਸ਼ਨ ਪ੍ਰਾਪਤ ਕਰਕੇ ਪੂਰਨ ਬ੍ਰਹਮ ਗਿਆਨ, ਆਤਮ ਰਸ ਅੰਮ੍ਰਿਤ ਅਤੇ ਪੂਰਨ ਤੱਤ ਗਿਆਨ ਦੇ ਗੁਰ ਪ੍ਰਸਾਦਿ ਨੂੰ ਪ੍ਰਾਪਤ ਕਰਕੇ ਪਰਮ ਪੱਦ ਦੀ ਪ੍ਰਾਪਤੀ ਕਰ ਲੈਂਦੇ ਹਨ। ਇਸ ਲਈ ਸਿਮਰਨ ਕਰੋ ਨਾਮ ਦਾ ”ਅਨਾਦਿ ਸਤਿ, ਸਤਿ ਨਾਮ” ਜਿਹੜਾ ਨਾਮ ਅੰਮ੍ਰਿਤ ਦੇ ਤੌਰ ਤੇ ਵੀ ਵਖਾਣਿਆ ਅਤੇ ਜਾਣਿਆ ਜਾਂਦਾ ਹੈ। ਸਤਿ ਦਾ ਭਾਵ ਹੈ ਅਨਾਦਿ ਸਤਿ। ਸਤਿਨਾਮ ਦਾ ਭਾਵ ਹੈ ਪਰਮਾਤਮਾ ਅਨਾਦਿ ਸਤਿ ਹੈ। ਨਾਮ ਦਾ ਸਿਮਰਨ ਕਰਨ ਨਾਲ ਅਸੀਂ ਆਪਣੇ ਅੰਦਰ ਅਨਾਦਿ ਸਤਿ ਨਾਲ ਰੱਤੇ ਜਾਂਦੇ ਹਾਂ ਅਤੇ ਸਤਿਨਾਮ ਸਾਡੇ ਰੋਮ ਰੋਮ ਵਿੱਚ ਪ੍ਰਗਟ ਹੁੰਦੀ ਹੈ। ਸਿਮਰਨ ਤੋਂ ਭਾਵ ਹੈ:-
• ਸਤਿ ਨੂੰ ਆਪਣੀ ਯਾਦ ਵਿਚ ਉੱਕਰਨਾ
• ਸਤਿ ਨੂੰ ਆਪਣੇ ਮਨ (ਸੁਰਤ) ਵਿਚ ਉੱਕਰਨਾ
• ਸਤਿ ਨੂੰ ਆਪਣੇ ਰੂਹਾਨੀ ਦਿੱਲ (ਹਿਰਦੇ) ਵਿਚ ਪਿਆਰ ਨਾਲ ਯਾਦ ਕਰਨਾ
• ਸਤਿ ਨੂੰ ਆਪਣੇ ਸ਼ਰੀਰ ਦੇ ਰੋਮ ਰੋਮ ਵਿਚ ਅਭੇਦ ਕਰਨਾ
• ਸੁਰਤ ਅਤੇ ਹਿਰਦੇ ਦਾ ਸਤਿ ਰੂਪ ਬਣ ਜਾਣਾ
• ਆਪ ਸਤਿਨਾਮ ਬਣ ਜਾਣਾ (ਹਰਿ ਕਾ ਨਾਮੁ ਜਨ ਕਾ ਰੂਪ ਰੰਗੁ।।)
• ਸਤਿ ਵਿੱਚ ਸਮਾ ਜਾਣਾ
• ਸਤਿ ਵਿੱਚ ਅਭੇਦ ਹੋ ਜਾਣਾ
ਸ਼ਬਦ ”ਜਪ” ਤੋਂ ਅਗਲਾ ਸ਼ਬਦ ”ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋ ਸੀ ਭੀ ਸਚੁ” ਇਸ ਦਾ ਭਾਵ ਹੈ ਉਹ ਪਰਮ ਸ਼ਕਤੀਸ਼ਾਲੀ ਸਰਬ ਕਲਾ ਭਰਪੂਰ ਹਸਤੀ ਜੋ ਮੂਲ ਮੰਤਰ ਵਿਚ ਪ੍ਰਗਟ ਕੀਤੀ ਗਈ ਹੈ ਕੇਵਲ ਇਹ ਹਸਤੀ ਹੀ ਅਨਾਦਿ ਸਤਿ ਹੈ ਅਤੇ ਇਹ ਨਾ ਪਤਾ ਯੋਗ ਸਮੇਂ ਤੋਂ (ਅਣਮਿੱਥੇ ਸਮੇਂ ਤੋਂ) ਉੱਤਪੱਤੀ ਸਮੇਂ ਤੋਂ ਮੌਜੂਦ ਹੈ ਭਾਵ ਸਦਾ ਤੋਂ ਕਾਇਮ ਮੁਦਾਇਮ ਹੈ, ਸਾਰੇ ਯੁੱਗਾਂ ਵਿੱਚ ਪ੍ਰਤੱਖ ਵਿਆਪਕ ਰਿਹਾ ਹੈ, ਹੁਣ ਵੀ ਵਿਆਪਕ ਹੈ ਅਤੇ ਭਵਿੱਖ ਵਿਚ ਵਿਆਪਕ ਰਹੇਗਾ। ਇਸਦਾ ਭਾਵ ਇਹ ਹੈ ਕਿ ਮੂਲ ਮੰਤਰ ਅਦਿ ਤੋਂ ਵਰਤਮਾਨ ਤੱਕ ਪ੍ਰਤੱਖ ਵਿਆਪਕ ਰਿਹਾ ਹੈ ਅਤੇ ਆਉਣ ਵਾਲੇ ਸਾਰੇ ਯੁੱਗਾਂ ਵਿੱਚ ਅੰਤ ਤੱਕ ਵਿਆਪਕ ਰਹੇਗਾ।
ਆਦਿ ਦਾ ਭਾਵ ਹੈ ਅਗਿਆਤ ਸਮੇਂ ਤੋਂ ਸਤਿ ਪਾਰਬ੍ਰਹਮ ਪਰੀ ਪੂਰਨ ਪਰਮਾਤਮਾ ਬ੍ਰਹਿਮੰਡ ਦੀ ਉੱਤਪੱਤੀ ਤੋਂ ਪਹਿਲਾਂ ਵੀ ਹੋਂਦ ਵਿਚ ਸੀ। ਗੁਰਬਾਣੀ ਕਹਿੰਦੀ ਹੈ ਕਿ ਸ੍ਰਿਸ਼ਟੀ ਦੀ ਸਿਰਜਣਾ ਤੋਂ ਪਹਿਲਾਂ ਅਕਾਲ ਪੁਰਖ ੩੬ ਯੁੱਗਾਂ ਲਈ ਸੁੰਨ ਸਮਾਧੀ ਵਿੱਚ ਸਥਿਤ ਸੀ। ਭਾਵ ਇੱਕ ਅਗਿਆਤ ਸਮੇਂ ਤੋਂ ਕਿ ੩੬ ਯੁੱਗਾਂ ਦੇ ਸਮੇਂ ਦੀ ਲੰਬਾਈ ਅਗਿਆਤ ਹੈ। ਸ਼ਬਦ ”ਆਦਿ” ਦਾ ਭਾਵ ਹੈ ਸ਼ੁਰੂਆਤ। ਇਥੇ ਉਸਦੀ ਹੋਂਦ ਦੀ ਸ਼ੁਰੂਆਤ ਦੀ ਕੋਈ ਪਰਿਭਾਸ਼ਾ ਨਹੀਂ ਹੈ ਅਤੇ ਉਹ ਬੇਅੰਤ ਹੈ, ਅਨੰਤ, ਅਪਰੰਪਰ, ਅਪਾਰ ਹੈ। ਹੋਂਦ ਦਾ ਭਾਵ ਹੈ ਸਤਿ ਹੈ। ਉਹ ਪਰਮ ਸ਼ਕਤੀਸ਼ਾਲੀ ਹਸਤੀ ਜੋ ਕਿ ਅਮਿਤੋਜ ਹੈ, ਜੋ ਕਿ ਬੇਅੰਤ ਹੈ, ਅਨੰਤ ਹੈ ਅਤੇ ਪਰਿਵਰਤਨ ਸ਼ੀਲ ਨਹੀਂ ਹੈ ਅਤੇ ਸਦੀਵੀ ਹੈ।
ਜੁਗਾਦਿ ਦਾ ਭਾਵ ਹੈ ਪਰਮਾਤਮਾ ਸਾਰੇ ਯੁੱਗਾਂ ਤੋਂ ਹੋਂਦ ਵਿੱਚ ਹੈ ਅਤੇ ਸਾਰੇ ਆਉਣ ਵਾਲੇ ਯੁੱਗਾਂ ਵਿਚ ਵੀ ਰਹੇਗਾ। ਇਥੇ ਸਾਰੇ ਯੁੱਗਾਂ ਦੀ ਕੋਈ ਪਰਿਭਾਸ਼ਾ ਨਹੀਂ ਹੈ ਅਤੇ ਸਮੇਂ ਦੀ ਕੋਈ ਪਰਿਭਾਸ਼ਾ ਨਹੀਂ ਹੈ। ਯੁੱਗ ਦੀ ਰਚਨਾ ਮਨੁੱਖ ਜਾਤੀ ਦੇ ਹੇਠ ਲਿਖੇ ਗੁਣਾਂ ਦੇ ਅਧਾਰ ਤੇ ਹੁੰਦੀ ਹੈ।
• ਵਿਹਾਰ
• ਮੌਜੂਦਾ ਸੋਚ
• ਧਾਰਮਿਕ ਵਿਸ਼ਵਾਸ
• ਚਰਿੱਤਰ ਅਤੇ
• ਕਰਨੀਆਂ
ਜਦ ਇਨ੍ਹਾਂ ਗੁਣਾਂ ਵਿਚ ਵੱਡਾ ਪਰਿਵਰਤਨ ਆਉਂਦਾ ਹੈ ਤਾਂ ਯੁੱਗ ਬਦਲਦਾ ਹੈ। ਇਸ ਲਈ ਕਿਸੇ ਵੀ ਯੁੱਗ ਨੂੰ ਸਮੇਂ ਦੀ ਲੰਬਾਈ ਦੀ ਪਰਿਭਾਸ਼ਾ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਇੱਥੇ ਭਾਵ ਇਹ ਹੈ ਕਿ ਸਤਿ ਪਰਮ ਪਾਰ ਬ੍ਰਹਮ ਪਰਮੇਸ਼ਰ ਦੀ ਹੋਂਦ ਸਾਰੇ ਪਿੱਛਲੇ ਸਮਿਆਂ ਤੋਂ ਹੈ, ਵਰਤਮਾਨ ਸਮੇਂ ਵਿਚ ਹੈ ਅਤੇ ਸਾਰੇ ਆਉਣ ਵਾਲੇ ਸਮਿਆਂ ਵਿਚ ਰਹੇਗੀ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਅਤੇ ਗੁਰਬਾਣੀ ਵਿਚ ਕਿਹਾ ਗਿਆ ਹੈ ਕਿ ਇਸ ਬ੍ਰਹਿਮੰਡ ਦੀ ਉੱਤਪੱਤੀ ਤੋਂ ਇੱਥੇ ਚਾਰ ਯੁੱਗ ਹੋਏ ਹਨ। ਪਰ ਅਕਾਲ ਪੁਰਖ ਦੀ ਹੋਂਦ ਇਨ੍ਹਾਂ ਚਾਰ ਯੁੱਗਾਂ ਤੋਂ ਪਰੇ ਹੈ। ਭਾਵ ਹੈ ਮੂਲ ਮੰਤਰ ਵਿਚ ਬਿਆਨ ਕੀਤੇ ਅਨਾਦਿ ਸਤਿ ਦੀ ਹੋਂਦ ਹੁਣ ਵੀ ਹੈ। ਹੋਸੀ ਭੀ ਦਾ ਭਾਵ ਹੈ ਪਰਮਾਤਮਾ ਆਉਣ ਵਾਲੇ ਯੁੱਗਾਂ ਵਿਚ ਵੀ ਹੋਂਦ ਵਿਚ ਰਹੇਗਾ। ਇਸ ਦਾ ਭਾਵ ਹੈ ਅਕਾਲ ਪੁਰਖ:-
• ਕੇਵਲ ਅਨਾਦਿ ਸਤਿ ਹੈ ਜਿਹੜਾ ਕਿ ਇਸ ਬ੍ਰਹਿਮੰਡ ਦੀ ਅਗਿਆਤ ਸ਼ੁਰੂਆਤ (ਆਦਿ) ਉੱਤਪੱਤੀ ਦੇ ਸਮੇਂ ਤੋਂ ਪਹਿਲਾਂ ਹੋਂਦ ਵਿਚ ਹੈ।
• ਰਚਨਾ ਦੀ ਉੱਤਪੱਤੀ ਸਮੇਂ (ਜੁਗਾਦਿ) ਤੋਂ ਹੋਂਦ ਵਿਚ ਹੈ।
• ਮੌਜੂਦਾ ਸਮੇਂ (ਹੋਸੀ ਭੀ) ਕੇਵਲ ਅਨਾਦਿ ਸਤਿ ਹੈ।
• ਬਾਕੀ ਸਾਰੀ ਗੁਰਬਾਣੀ ਇਸ ਉੱਪਰ ਬਿਆਨ ਕੀਤੇ ਅਨਾਦਿ ਸਤਿ ਸ਼ਬਦ ਦੀ ਵਿਆਖਿਆ ਹੈ। ਇਹ ਸਤਿ ਦੀ ਮਹਿਮਾ ਹੈ, ਭਾਵ ਕਿ ਗੁਰਬਾਣੀ :-
* ਮੂਲ ਮੰਤਰ ਦੀ ਵਿਆਖਿਆ ਅਤੇ ਮਹਿਮਾ ਹੈ ਜਿਹੜਾ ਕਿ ਆਪਣੇ ਆਪ ਵਿਚ ਵਿਆਖਿਆ ਹੈ ਅਤੇ ਅਨਾਦਿ (ਪਰਮਾਤਮਾ) ਦੇ ਪ੍ਰਭਾਵੀ ਗੁਣਾਂ ਦੀ ਮਹਿਮਾ ਹੈ।
* ਸਾਨੂੰ ਦੱਸਦੀ ਹੈ ਕਿ ਸਾਡੇ ਨਾਲ ਕੀ ਵਾਪਰਦਾ ਹੈ ਜੇਕਰ ਅਸੀਂ ਅਨਾਦਿ ਸਤਿ ਦੀ ਪਾਲਣਾ ਕਰਦੇ ਹਾਂ।
* ਸਾਨੂੰ ਦੱਸਦੀ ਹੈ ਉਨ੍ਹਾਂ ਰੂਹਾਂ ਨਾਲ ਕੀ ਵਾਪਰਦਾ ਹੈ ਜੋ ਅਨਾਦਿ ਸਤਿ ਵਿਚ ਲੀਨ ਹੋ ਜਾਂਦੀਆਂ ਹਨ।
* ਸਾਨੂੰ ਦੱਸਦੀ ਹੈ ਕਿ ਉਹ ਰੂਹਾਂ ਸਤਿ ਦਾ ਮੰਦਰ ਹਨ, ਜਿਨ੍ਹਾਂ ਦੀ ਪਹੁੰਚ ਪੂਰਨ ਬ੍ਰਹਮ ਗਿਆਨ ਤੱਕ ਹੈ।
* ਸਤਿ ਵਿਚ ਲੀਨ ਹੋਣ ਲਈ ਕਹਿੰਦੀ ਹੈ।
* ਪਰਮ ਤੱਤ ਨਾਲ ਇੱਕ ਹੋਣਾ ਦੱਸਦੀ ਹੈ ਅਤੇ
* ਉਸਦੇ ਸਰੂਪ ਵਰਗਾ ਬਣਨਾ ਦੱਸਦੀ ਹੈ।
ਬਹੁਤ ਸਾਰੀ ਸੰਗਤ ਇਸ ਭਰਮ ਵਿੱਚ ਹੈ ਕਿ ਗੁਰਬਾਣੀ ਪੜ੍ਹਣਾ ਹੀ ਸਿਮਰਨ ਹੈ। ਜੋ ਕਿ ਇਕ ਗਲਤ ਧਾਰਣਾ ਹੈ ਅਤੇ ਇਕ ਵੱਡਾ ਭਰਮ ਹੈ। ਇਹ ਸਮਝ ਨਾਲ ਕਿ ਗੁਰਬਾਣੀ ਪੜ੍ਹਣਾ ਹੀ ਸਿਮਰਨ ਹੈ ਆਮ ਸੰਗਤ ਗੁਰਬਾਣੀ ਪੜ੍ਹਣ ਤੇ ਜੋਰ ਦਿੰਦੀ ਹੈ। ਇਹ ਸਮਝਣਾ ਕਿ ਗੁਰਬਾਣੀ ਪੜ੍ਹਣ ਨਾਲ ਹੀ ਸਾਡਾ ਜੀਵਨ ਬੇਹਤਰ ਹੋ ਜਾਵੇਗਾ ਇਕ ਵੱਡਾ ਭਰਮ ਹੈ। ਗੁਰਬਾਣੀ ਪੜ੍ਹਣ ਅਤੇ ਗੁਰਬਾਣੀ ਕਰਨ ਵਿੱਚ ਬਹੁਤ ਵੱਡਾ ਅੰਤਰ ਹੈ। ਗੁਰਬਾਣੀ ਕਰਨ ਦਾ ਉਪਦੇਸ਼ ਦਿੰਦੀ ਹੈ, ਖ਼ਾਲੀ ਪੜ੍ਹਣ ਦਾ ਹੀ ਨਹੀਂ ਉਪਦੇਸ਼ ਦਿੰਦੀ ਹੈ। ਗੁਰਬਾਣੀ ਕਰਨ ਤੋਂ ਭਾਵ ਹੈ ਸ਼ਬਦ ਦੀ ਕਮਾਈ ਕਰਨਾ। ਜੋ ਸ਼ਬਦ ਉਪਦੇਸ਼ ਦਿੰਦਾ ਹੈ ਉਸ ਨੂੰ ਆਪਣੀ ਰੋਜ਼ਾਨਾ ਦੀ ਕਰਨੀ ਵਿੱਚ ਲੈ ਕੇ ਅਉਣਾ ਹੀ ਰੂਹਾਨੀ ਸਫਲਤਾ ਦੀ ਕੁੰਜੀ ਹੈ। ਗੁਰਬਾਣੀ ਦਾ ਸਭ ਤੋਂ ਵੱਡਾ ਅਤੇ ਪਰਮ ਸ਼ਕਤੀਸ਼ਾਲੀ ਉਪਦੇਸ਼ ਹੈ ਸਿਮਰਨ ਕਰਨਾ। ਸਿਮਰਨ ਕਰਨ ਨਾਲ ਹੀ ਸਾਰੇ ਦਰਗਾਹੀ ਇਲਾਹੀ ਖ਼ਜ਼ਾਨਿਆਂ ਦੀ ਪ੍ਰਾਪਤੀ ਹੁੰਦੀ ਹੈ। ਇਸੇ ਲਈ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਸ਼ਾਹ ਜੀ ਨੇ “ਜਪ” ਦਾ ਪਰਮ ਸ਼ਕਤੀਸ਼ਾਲੀ ਦਰਗਾਹੀ ਹੁਕਮ ਸਾਨੂੰ ਸਾਰੀ ਲੋਕਾਈ ਨੂੰ ਸੁਣਾਇਆ ਹੈ। ਇਸ ਲਈ ਸਾਨੂੰ ਇਸ ਹੁਕਮ ਦੀ ਹਿਰਦੇ ਨਾਲ, ਪੂਰਨ ਸ਼ਰਧਾ, ਪੂਰਨ ਪ੍ਰੀਤ ਅਤੇ ਪੂਰਨ ਭਰੋਸੇ ਨਾਲ ਪਾਲਣਾ ਕਰਨ ਦਾ ਪ੍ਰਣ ਕਰਕੇ ਆਪਣੇ ਆਪ ਨੂੰ ਗੁਰੂ ਚਰਨਾਂ ਵਿੱਚ ਪੂਰਨ ਸਮਰਪਣ ਕਰਕੇ ਸਿਮਰਨ ਵਿੱਚ ਲੀਨ ਹੋ ਜਾਣਾ ਚਾਹੀਦਾ ਹੈ ਅਤੇ ਇਸ ਜਨਮ ਵਿੱਚ ਪਰਮ ਪੱਦ ਦੀ ਪ੍ਰਾਪਤੀ ਕਰ ਲੈਣੀ ਚਾਹੀਦੀ ਹੈ। ਇਹ ਹੀ ਸਾਰੀ ਜਪੁਜੀ ਬਾਣੀ ਦਾ ਸਾਰ ਹੈ।