ਸੁਣਿਐ ਈਸਰੁ ਬਰਮਾ ਇੰਦੁ ॥
ਸੁਣਿਐ ਮੁਖਿ ਸਾਲਾਹਣ ਮੰਦੁ ॥
ਸੁਣਿਐ ਜੋਗ ਜੁਗਤਿ ਤਨਿ ਭੇਦ ॥
ਸੁਣਿਐ ਸਾਸਤ ਸਿਮ੍ਰਿਤਿ ਵੇਦ ॥
ਨਾਨਕ ਭਗਤਾ ਸਦਾ ਵਿਗਾਸੁ ॥
ਸੁਣਿਐ ਦੂਖ ਪਾਪ ਕਾ ਨਾਸੁ ॥੯॥
ਧੰਨ ਧੰਨ ਸਤਿਗੁਰ ਅਵਤਾਰ ਸਤਿ ਨਿਰੰਕਾਰ ਰੂਪ ਨਾਨਕ ਪਾਤਿਸ਼ਾਹ ਜੀ ਸ਼ਬਦ “ਸੁਣਿਐ” ਦੀ ਪਰਮ ਸ਼ਕਤੀਸ਼ਾਲੀ ਅਵਸਥਾ ਦੀ ਮਹਿਮਾ ਬਾਰੇ ਪੂਰਨ ਬ੍ਰਹਮ ਗਿਆਨ ਸਾਰੀ ਲੋਕਾਈ ਦੀ ਝੋਲੀ ਵਿੱਚ ਪਾਉਣਾ ਜਾਰੀ ਰੱਖ ਰਹੇ ਹਨ। ਜੋ ਮਨੁੱਖ “ਸੁਣਿਐ” ਦੀ ਪਰਮ ਸ਼ਕਤੀਸ਼ਾਲੀ ਅਵਸਥਾ ਵਿੱਚ ਚਲੇ ਜਾਂਦੇ ਹਨ ਉਹ ਗੁਰ ਪ੍ਰਸਾਦਿ ਦੀ ਪ੍ਰਾਪਤੀ ਕਰਕੇ ਨਾਮ ਨਾਲ ਜੁੜ ਜਾਂਦੇ ਹਨ, ਉਨ੍ਹਾਂ ਦੀ ਸੁਰਤ ਵਿੱਚ ਨਾਮ ਚਲਾ ਜਾਂਦਾ ਹੈ, ਉਨ੍ਹਾਂ ਦੇ ਹਿਰਦੇ ਵਿੱਚ ਨਾਮ ਚਲਾ ਜਾਂਦਾ ਹੈ, ਉਨ੍ਹਾਂ ਦੇ ਸਾਰੇ ਸਤਿ ਸਰੋਵਰ ਜਾਗਰਤ ਹੋ ਜਾਂਦੇ ਹਨ, ਉਨ੍ਹਾਂ ਦੀ ਕੁੰਡਲਨੀ ਸ਼ਕਤੀ ਜਾਗਰਤ ਹੋ ਜਾਂਦੀ ਹੈ ਅਤੇ ਸਾਰੇ ਬੱਜਰ ਕਪਾਟ ਖ਼ੁਲ੍ਹ ਜਾਂਦੇ ਹਨ। ਸਮਾਧੀ ਵਿੱਚ ਅਤੇ ਸੁੰਨ ਸਮਾਧੀ ਵਿੱਚ ਨਾਮ ਸਿਮਰਨ ਕਰਦੇ ਹੋਏ ਅਤੇ ਨਾਮ ਦੀ ਕਮਾਈ ਕਰਦੇ ਹੋਏ ਬਹੁਤ ਉੱਚੀਆਂ ਆਤਮਿਕ ਅਵਸਥਾਵਾਂ ਦੀ ਪ੍ਰਾਪਤੀ ਕਰ ਲੈਂਦੇ ਹਨ। ਈਸਰ (ਸ਼ਿਵਾ), ਬ੍ਰਹਮਾ ਅਤੇ ਇੰਦਰ ਵਰਗੀਆਂ ਅਵਸਥਾਵਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਭਾਵ ਈਸਰ (ਸ਼ਿਵਾ), ਬ੍ਰਹਮਾ ਅਤੇ ਇੰਦਰ ਦੀਆਂ ਉਪਾਧੀਆਂ ਦੀ ਪ੍ਰਾਪਤੀ ਹੋ ਜਾਂਦੀ ਹੈ। ਭਾਵ ਈਸਰ (ਸ਼ਿਵਾ), ਬ੍ਰਹਮਾ ਅਤੇ ਇੰਦਰ ਦੀਆਂ ਸ਼ਕਤੀਆਂ ਦੀ ਪ੍ਰਾਪਤੀ ਹੋ ਜਾਂਦੀ ਹੈ।
ਇਥੇ ਜਿਗਿਆਸੂਆਂ ਲਈ ਇੱਕ ਪੂਰਨ ਸਤਿ ਤੱਤ ਤੱਥ ਸਮਝਣਾ ਪਰਮ ਜ਼ਰੂਰੀ ਹੈ ਕਿ ਦੇਵੀਆਂ ਅਤੇ ਦੇਵਤੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬੰਦਗੀ ਕਰਨ ਲਈ ਨਹੀਂ ਪ੍ਰੇਰਦੇ ਹਨ ਬਲਕਿ ਆਪਣੀ ਪੂਜਾ ਲਈ ਪ੍ਰੇਰਦੇ ਹਨ ਅਤੇ ਜੋ ਮਨੁੱਖ ਉਨ੍ਹਾਂ ਦੀ ਪੂਜਾ ਵਿੱਚ ਉਲਝ ਜਾਂਦੇ ਹਨ ਉਨ੍ਹਾਂ ਨੂੰ ਕੁਝ ਸ਼ਕਤੀਆਂ ਦੀ ਪ੍ਰਾਪਤੀ ਤਾਂ ਹੋ ਸਕਦੀ ਹੈ ਪ੍ਰੰਤੂ ਜੀਵਨ ਮੁਕਤੀ ਨਹੀਂ ਮਿਲ ਸਕਦੀ ਕਿਉਂਕਿ ਦੇਵੀ ਦੇਵਤੇ ਆਪ ਵੀ ਮੁਕਤ ਨਹੀਂ ਹੁੰਦੇ ਹਨ ਅਤੇ ਨਾ ਹੀ ਉਨ੍ਹਾਂ ਕੋਲ ਜਿਗਿਆਸੂ ਨੂੰ ਮੁਕਤੀ ਦੇਣ ਦੀ ਸਮਰਥਾ ਹੁੰਦੀ ਹੈ। ਉਹ ਤਾਂ ਆਪ ਮਨੁੱਖਾ ਜਨਮ ਲੈਣ ਦੀ ਕੋਸ਼ਿਸ ਵਿੱਚ ਹੁੰਦੇ ਹਨ ਤਾਂ ਕਿ ਉਹ ਆਪਣੀ ਬੰਦਗੀ ਪੂਰਨ ਕਰਕੇ ਮੁਕਤ ਹੋ ਸਕਣ। ਮੁਕਤੀ ਕੇਵਲ ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ ਜਾਂ ਸਤਿਗੁਰ ਹੀ ਦੇ ਸਕਦਾ ਹੈ। ਦੇਵੀਆਂ ਅਤੇ ਦੇਵਤਿਆਂ ਕੋਲ ਗੁਰ ਪ੍ਰਸਾਦਿ ਦੇਣ ਦੀ ਬਖ਼ਸ਼ਿਸ਼ ਨਹੀਂ ਹੁੰਦੀ ਹੈ। ਇਸੇ ਲਈ ਗੁਰਮਤਿ ਵਿੱਚ ਦੇਵੀਆਂ ਅਤੇ ਦੇਵਤਿਆਂ ਦੀ ਪੂਜਾ ਨੂੰ ਕਰਨ ਲਈ ਨਹੀਂ ਕਿਹਾ ਗਿਆ ਹੈ ਅਤੇ ਕੇਵਲ ਅਕਾਲ ਪੁਰਖ ਦੀ ਬੰਦਗੀ ਦਾ ਵਿਧਾਨ ਸਮਝਾਇਆ ਗਿਆ ਹੈ ਅਤੇ ਜੋ ਮਨੁੱਖ ਅਕਾਲ ਪੁਰਖ ਦੀ ਬੰਦਗੀ ਦਾ ਗੁਰ ਪ੍ਰਸਾਦਿ ਪ੍ਰਾਪਤ ਕਰਦੇ ਹਨ ਉਨ੍ਹਾਂ ਨੂੰ ਦੇਵੀਆਂ ਅਤੇ ਦੇਵਤਿਆਂ ਦੇ ਦਰਸ਼ਨ ਆਦਿ ਸਹਿਜ ਹੀ ਹੋ ਜਾਂਦੇ ਹਨ। ਪ੍ਰੰਤੂ ਜਿਗਿਆਸੂਆਂ ਨੂੰ ਬੰਦਗੀ ਵਿੱਚ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਇਸ ਤਰ੍ਹਾਂ ਦੀ ਦੇਵੀ ਦੇਵਤਿਆਂ ਦੀ ਸ਼ਕਤੀ ਅੱਗੇ ਸਿਰ ਨਹੀ ਨਿਵਾਉਣਾ ਚਾਹੀਦਾ ਹੈ।
ਬਹੁਤ ਸਾਰੇ ਜਿਗਿਆਸੂ ਜੋ ਨਾਮ ਵਿੱਚ ਲੀਨ ਹੋ ਜਾਂਦੇ ਹਨ ਉਨ੍ਹਾਂ ਨੂੰ ਦੇਵੀ ਦੇਵਤਿਆਂ ਦੇ ਦਰਸ਼ਨ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਕਈ ਵਾਰ ਐਸੇ ਦੇਵੀ ਦੇਵਤੇ ਆਪਣੀਆਂ ਸ਼ਕਤੀਆਂ ਸਿਮਰਨ ਕਰਨ ਵਾਲਿਆਂ ਨੂੰ ਦੇ ਜਾਂਦੇ ਹਨ। ਬਹੁਤ ਸਾਰੇ ਜਿਗਿਆਸੂ ਜਦ ਨਾਮ ਸਿਮਰਨ ਵਿੱਚ ਬੈਠਦੇ ਹਨ ਤਾਂ ਦੇਵੀ ਦੇਵਤੇ ਅਤੇ ਸੰਤ ਭਗਤ ਬ੍ਰਹਮ ਗਿਆਨੀ ਮਹਾ ਪੁਰਖ ਉਨ੍ਹਾਂ ਦੇ ਕੋਲ ਆ ਕੇ ਬੈਠ ਜਾਂਦੇ ਹਨ। ਬਹੁਤ ਸਾਰੇ ਜਿਗਿਆਸੂ ਜਦ ਨਾਮ ਸਿਮਰਨ ਵਿੱਚ ਬੈਠਦੇ ਹਨ ਅਤੇ ਸੁੰਨ ਸਮਾਧੀ ਵਿੱਚ ਜਾਂਦੇ ਹਨ ਉਹ ਆਪਣੀ ਬੰਦਗੀ ਦੀ ਸ਼ਕਤੀ ਕਾਰਨ ਇਨ੍ਹਾਂ ਰੂਹਾਂ ਦੇ ਦਰਸ਼ਨ ਕਰਦੇ ਹਨ। ਬਹੁਤ ਸਾਰੇ ਜਿਗਿਆਸੂ ਜਦ ਨਾਮ ਸਿਮਰਨ ਵਿੱਚ ਬੈਠਦੇ ਹਨ ਅਤੇ ਸੁੰਨ ਸਮਾਧੀ ਵਿੱਚ ਜਾਂਦੇ ਹਨ ਤਾਂ ਉਹ ਗੁਰੂ ਪਾਤਿਸ਼ਾਹੀਆਂ ਦੇ ਦਰਸ਼ਨ ਕਰਦੇ ਹਨ ਅਤੇ ਗੁਰੂ ਪਾਤਿਸ਼ਾਹੀਆਂ ਉਨ੍ਹਾਂ ਨੂੰ ਆਪਣਾ ਆਸ਼ਿਰਵਾਦ ਦੇਣ ਵਾਸਤੇ ਆਉਂਦੇ ਹਨ। ਬਹੁਤ ਸਾਰੇ ਜਿਗਿਆਸੂ ਜਦ ਨਾਮ ਸਿਮਰਨ ਵਿੱਚ ਬੈਠਦੇ ਹਨ ਅਤੇ ਸੁੰਨ ਸਮਾਧੀ ਵਿੱਚ ਜਾਂਦੇ ਹਨ ਤਾਂ ਉਨ੍ਹਾਂ ਨੂੰ ਪਰਮ ਜੋਤ ਅਤੇ ਪ੍ਰਕਾਸ਼ ਦੇ ਦਰਸ਼ਨ ਹੁੰਦੇ ਹਨ। ਬਹੁਤ ਸਾਰੇ ਜਿਗਿਆਸੂ ਜਦ ਨਾਮ ਸਿਮਰਨ ਵਿੱਚ ਬੈਠਦੇ ਹਨ ਅਤੇ ਸੁੰਨ ਸਮਾਧੀ ਵਿੱਚ ਜਾਂਦੇ ਹਨ ਤਾਂ ਉਨ੍ਹਾਂ ਨੂੰ ਕਈ ਰੂਹਾਨੀ ਨਜ਼ਾਰਿਆਂ ਦੇ ਜਿਵੇਂ ਕਿ ਅੰਮ੍ਰਿਤ ਸਰੋਵਰ, ਦੁੱਧ ਦੇ ਦਰਿਆ ਅਤੇ ਸਰੋਵਰ, ਮਾਨਸਰੋਵਰ ਆਦਿ ਦੇ ਦਰਸ਼ਨ ਹੁੰਦੇ ਹਨ। ਬਹੁਤ ਸਾਰੇ ਜਿਗਿਆਸੂ ਜਦ ਨਾਮ ਸਿਮਰਨ ਵਿੱਚ ਬੈਠਦੇ ਹਨ ਅਤੇ ਸੁੰਨ ਸਮਾਧੀ ਵਿੱਚ ਜਾਂਦੇ ਹਨ ਤਾਂ ਉਨ੍ਹਾਂ ਨੂੰ ਆਪਣੇ ਪਿੱਛਲੇ ਜਨਮਾਂ ਦਾ ਗਿਆਨ ਹੋਣਾ ਸ਼ੁਰੂ ਹੋ ਜਾਂਦਾ ਹੈ।
ਸਤਿ ਇਹ ਹੈ ਕਿ ਅਨੁਭਵ ਕਰਨ ਵਾਲਿਆਂ ਗੁਰਸਿੱਖਾਂ ਲਈ “ਸੁਣਿਐ” ਦੀ ਪਰਮ ਸ਼ਕਤੀਸ਼ਾਲੀ ਅਵਸਥਾ ਦਾ ਵਖਾਣ ਕਰਨਾ ਇੱਕ ਅਸੰਭਵ ਜਿਹਾ ਕੰਮ ਲੱਗਣ ਲੱਗ ਪੈਂਦਾ ਹੈ। ਪ੍ਰੰਤੂ ਧਿਆਨ ਵਿੱਚ ਰੱਖਣ ਵਾਲਾ ਅਤੇ ਹਿਰਦੇ ਵਿੱਚ ਦ੍ਰਿੜ੍ਹ ਕਰਨ ਵਾਲਾ ਪੂਰਨ ਸਤਿ ਤੱਤ ਤੱਥ ਇਹ ਹੈ ਕਿ ਬੰਦਗੀ ਕਰਨ ਵਾਲਿਆਂ ਨੂੰ ਇਨ੍ਹਾਂ ਸ਼ਕਤੀਆਂ ਦੇ ਵਿੱਚ ਉਲਝਣਾ ਨਹੀਂ ਚਾਹੀਦਾ ਹੈ ਅਤੇ ਆਪਣੇ ਬੈਰਾਗ ਉੱਪਰ ਧਿਆਨ ਕਾਇਮ ਰੱਖਣਾ ਚਾਹੀਦਾ ਹੈ, ਸਿਮਰਨ ਉੱਪਰ ਧਿਆਨ ਕਾਇਮ ਰੱਖਣਾ ਚਾਹੀਦਾ ਹੈ ਅਤੇ ਕੁਝ ਮੰਗਣਾ ਨਹੀਂ ਚਾਹੀਦਾ ਹੈ। ਜਦ ਇਹ ਸ਼ਕਤੀਆਂ ਦੇ ਦਰਸ਼ਨ ਹੋਣ ਤਾਂ ਨਿੰਮਰਤਾ ਭਾਵਨਾ ਨਾਲ ਨਮਸਕਾਰ ਕਰਕੇ ਇਹ ਅਰਦਾਸ ਕਰ ਦੇਣੀ ਚਾਹੀਦੀ ਹੈ ਕਿ ਸਾਨੂੰ ਕੁਝ ਨਹੀਂ ਚਾਹੀਦਾ ਹੈ ਅਤੇ ਕੇਵਲ ਨਾਮ, ਬੰਦਗੀ ਅਤੇ ਸੇਵਾ ਹੀ ਚਾਹੀਦੀ ਹੈ। ਜੋ ਮਨੁੱਖ ਇਨ੍ਹਾਂ ਸ਼ਕਤੀਆਂ ਵਿੱਚ ਉਲੱਝ ਜਾਂਦੇ ਹਨ ਉਨ੍ਹਾਂ ਦੀ ਬੰਦਗੀ ਨੂੰ ਉਸੇ ਸਮੇਂ ਹੀ ਤਾਲਾ ਲੱਗ ਜਾਂਦਾ ਹੈ ਅਤੇ ਉਹ ਜੀਵਨ ਮੁਕਤੀ ਦੀ ਪ੍ਰਾਪਤੀ ਤੋਂ ਵਾਂਝੇ ਰਹਿ ਜਾਂਦੇ ਹਨ। ਦੇਵੀ ਦੇਵਤਿਆਂ ਦਾ ਸੁਭਾਵ ਹੈ ਆਪਣੀ ਹੀ ਸੇਵਾ ਕਰਵਾਉਣ ਦਾ। ਜਿਸਦੇ ਕਾਰਣ ਹੀ ਉਹ ਕੇਵਲ ਚਉਥੇ ਖੰਡ (ਕਰਮ ਖੰਡ) ਵਿੱਚ ਹੀ ਰਹਿ ਜਾਂਦੇ ਹਨ ਅਤੇ ਜੀਵਨ ਮੁਕਤੀ ਦੀ ਪ੍ਰਾਪਤੀ ਤੋਂ ਵਾਂਝੇ ਰਹਿ ਜਾਂਦੇ ਹਨ।
ਇੱਕ ਹੋਰ ਪਰਮ ਮਹਤੱਵਪੂਰਨ ਤੱਤ ਜੋ ਸਿਮਰਨ ਕਰਨ ਵਾਲਿਆਂ ਨੂੰ ਹਿਰਦੇ ਵਿੱਚ ਦ੍ਰਿੜ੍ਹ ਕਰ ਲੈਣਾ ਚਾਹੀਦਾ ਹੈ ਕਿ ਜਦ ਸੰਤਾਂ ਭਗਤਾਂ ਬ੍ਰਹਮ ਗਿਆਨੀ ਮਹਾ ਪੁਰਖਾਂ ਦੇ ਅਤੇ ਸਤਿਗੁਰੂ ਪਾਤਿਸ਼ਾਹੀਆਂ ਦੇ ਦਰਸ਼ਨ ਹੋਣ ਤਾਂ ਉਨ੍ਹਾਂ ਨੂੰ ਡੰਡਉਤ ਬੰਧਨਾ ਕਰੋ ਅਤੇ ਉਨ੍ਹਾਂ ਦੇ ਚਰਨਾਂ ਨੂੰ ਚੁੰਮ ਲਵੋ ਜੀ। ਬੰਦਗੀ ਕਰਨ ਵਾਲੇ ਸਾਰੀ ਸ੍ਰਿਸ਼ਟੀ ਦੇ ਚਰਨਾਂ ਦੀ ਧੂਲ ਬਣ ਜਾਂਦੇ ਹਨ। ਬੰਦਗੀ ਕਰਨ ਵਾਲੇ ਇਹ ਅਰਦਾਸ ਕਰਦੇ ਹਨ ਕਿ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਉਨ੍ਹਾਂ ਨੂੰ ਸਾਰੇ ਕੋਟਿ ਬ੍ਰਹਮੰਡ ਦੇ ਚਰਨਾਂ ਦੀ ਧੂਲ ਬਣਾ ਦੇਵੇ। ਇਸ ਲਈ ਹਰ ਇੱਕ ਰਚਨਾ ਨੂੰ ਨਮਸਕਾਰ ਕਰਨਾ ਹੈ, ਹਰ ਇੱਕ ਸਿਰਜਨਾ ਨੂੰ ਡੰਡਉਤ ਬੰਧਨਾ ਕਰਨੀ ਹੈ ਅਤੇ “ਸਗਲ ਕੀ ਰੀਨਾ” ਬਣਨਾ ਹੈ ਤਾਂ ਆਤਮ ਰਸ ਅੰਮ੍ਰਿਤ ਦੀ ਪ੍ਰਾਪਤੀ ਹੁੰਦੀ ਹੈ ਅਤੇ ਕੇਵਲ ਤਦ ਹੀ ਪੂਰਨ ਬ੍ਰਹਮ ਗਿਆਨ ਦੀ ਦਾਤ ਮਿਲਦੀ ਹੈ। ਗਰੀਬੀ ਵੇਸ ਹਿਰਦਾ ਹੀ ਕੇਵਲ ਦਰਗਾਹ ਵਿੱਚ ਪਰਵਾਨ ਹੁੰਦਾ ਹੈ। ਗਰੀਬੀ ਵੇਸ ਹਿਰਦੇ ਵਿੱਚ ਸਦਾ ਸਦਾ ਲਈ ਰਹਿਣ ਨਾਲ ਹੀ ਹੁਕਮ ਦੀ ਸੋਝੀ ਪੈਂਦੀ ਹੈ। ਕਈ ਬੰਦਗੀ ਕਰਨ ਵਾਲੇ ਜਦ ਅਕਾਲ ਪੁਰਖ ਦੀ ਬਖ਼ਸ਼ਿਸ਼ ਹੁੰਦੀ ਹੈ ਤਾਂ ਇਹ ਸਮਝ ਬੈਠਦੇ ਹਨ ਕਿ ਉਹ ਹੁਣ ਸਾਰੀਆਂ ਸ਼ਕਤੀਆਂ ਦੇ ਮਾਲਿਕ ਬਣ ਗਏ ਹਨ ਅਤੇ ਇਸ ਸੂਖਮ ਅਹੰਕਾਰ ਦਾ ਸ਼ਿਕਾਰ ਹੋ ਜਾਂਦੇ ਹਨ ਜਿਸ ਕਾਰਨ ਸਾਰੀ ਕੀਤੀ ਹੋਈ ਕਮਾਈ ਗੁਆ ਬੈਠਦੇ ਹਨ। ਅਕਾਲ ਪੁਰਖ ਦੇ ਦਰਸ਼ਨਾਂ ਅਤੇ ਸਾਰੀਆਂ ਪ੍ਰਾਪਤੀਆਂ ਦਾ ਮਾਣ ਨਾ ਕਰਕੇ ਇਸ ਨੂੰ ਗੁਰ ਪ੍ਰਸਾਦੀ ਬਖ਼ਸ਼ਿਸ਼ ਸਮਝ ਕੇ ਗਰੀਬੀ ਵੇਸ ਹਿਰਦੇ ਵਿੱਚ ਰਹਿਣਾ ਅਤੇ ਮਨੁੱਖਤਾ ਦੀ ਸੇਵਾ ਕਰਨ ਨਾਲ ਹੀ ਚੜ੍ਹਦੀ ਕਲਾ ਸਦਾ ਸਦਾ ਲਈ ਕਾਇਮ ਰਹਿੰਦੀ ਹੈ।
ਸਾਰੀ ਉਮਰ ਕੁਬੁੱਧ ਕਰਨ ਵਾਲੇ, ਲੁਟੇਰੇ, ਚੋਰ, ਡਾਕੂ ਅਤੇ ਹਤਿਆਰੇ ਵੀ ਨਾਮ ਦੀ ਮਹਿਮਾ ਵਿੱਚ ਭਿੱਜ ਕੇ ਬਦਲ ਜਾਂਦੇ ਹਨ ਅਤੇ ਸਾਧੂ ਸੰਤ ਬਣ ਜਾਂਦੇ ਹਨ। ਸੰਸਾਰ ਵਿੱਚ ਦੋ ਤਰ੍ਹਾਂ ਦੇ ਲੋਕ ਤੁਰਦੇ ਹਨ: ਲੁਟੇਰੇ, ਚੋਰ, ਡਾਕੂ, ਹਤਿਆਰੇ ਅਤੇ ਕੁਬੁੱਧ ਕਰਮ ਕਰਨ ਵਾਲੇ ਤੁਰਦੇ ਹਨ ਜਾਂ ਸੰਤ ਮਹਾ ਪੁਰਖ ਤੁਰਦੇ ਹਨ। ਭਾਵ ਇਹ ਦੋ ਤਰ੍ਹਾਂ ਦੇ ਮਨੁੱਖ ਹਨ ਜਿਨ੍ਹਾਂ ਦੇ ਜੀਵਨ ਵਿੱਚ ਨਿਰੰਤਰ ਗਤੀ ਹੁੰਦੀ ਹੈ। ਲੁਟੇਰੇ, ਚੋਰ, ਡਾਕੂ, ਹਤਿਆਰੇ ਅਤੇ ਕੁਬੁੱਧ ਕਰਮ ਕਰਨ ਵਾਲੇ ਮਨੁੱਖ ਨਿਰੰਤਰ ਆਪਣੇ ਕਰਮਾਂ ਵਿੱਚ ਗਤੀਸ਼ੀਲ ਹੁੰਦੇ ਹਨ। ਲੁਟੇਰੇ, ਚੋਰ, ਡਾਕੂ, ਹਤਿਆਰੇ ਅਤੇ ਕੁਬੁੱਧ ਕਰਮ ਕਰਨ ਵਾਲੇ ਸਦਾ ਲੋਕਾਈ ਨੂੰ ਕਸ਼ਟ ਦੇਣ ਵਿੱਚ ਨਿਰੰਤਰ ਅੱਗੇ ਵੱਧਦੇ ਰਹਿੰਦੇ ਹਨ। ਸੰਤ ਮਹਾ ਪੁਰਖ ਸਦਾ ਆਪਣੀ ਬੰਦਗੀ, ਪਰਉਪਕਾਰ ਅਤੇ ਮਹਾ ਪਰਉਪਕਾਰ ਦੇ ਵਿੱਚ ਨਿਰੰਤਰ ਗਤੀਸ਼ੀਲ ਰਹਿੰਦੇ ਹਨ ਅਤੇ ਉਹ ਦੁਨੀਆਂ ਦੇ ਦੁੱਖਾਂ ਕਲੇਸ਼ਾਂ ਦਾ ਅੰਤ ਕਰਨ ਵਿੱਚ, ਲੋਕਾਂ ਦੇ ਕਰਮਾਂ ਦਾ ਜ਼ਹਿਰ ਪੀ ਕੇ ਅੰਮ੍ਰਿਤ ਵਰਤਾਉਣ ਵਿੱਚ ਦਿਨ ਰਾਤ ਸੇਵਾ ਵਿੱਚ ਲੀਨ ਰਹਿੰਦੇ ਹਨ।
ਬਾਕੀ ਸਾਰੇ ਲੋਕ ਖੜੋਤੇ ਪਾਣੀ ਵਾਂਗ ਗਤੀ ਹੀਨ ਹੁੰਦੇ ਹਨ। ਉਨ੍ਹਾਂ ਦਾ ਜੀਵਨ ਕੇਵਲ ਰੋਜ਼ ਦੀ ਦਿਨ ਚਰਿਆ ਤੋਂ ਬਾਹਰ ਨਹੀਂ ਨਿਕਲਦਾ ਅਤੇ ਸਾਰੀ ਉਮਰ ਇਸੇ ਹੀ ਤਰ੍ਹਾਂ ਬਤੀਤ ਕਰ ਦਿੰਦੇ ਹਨ। ਜਿਵੇਂ ਖੜੋਤਾ ਪਾਣੀ ਖੜਾ ਖੜਾ ਗੰਦਲਾ ਹੋ ਜਾਂਦਾ ਹੈ ਅਤੇ ਬਦਬੂ ਮਾਰਨ ਲੱਗ ਪੈਂਦਾ ਹੈ ਅਤੇ ਕਿਸੇ ਕੰਮ ਨਹੀਂ ਆਉਂਦਾ ਹੈ ਠੀਕ ਇਸੇ ਤਰ੍ਹਾਂ ਹੀ ਇਹ ਸਾਰੇ ਲੋਕਾਂ ਦਾ ਜੀਵਨ ਰਸਹੀਨ ਹੋ ਕੇ ਰਹਿ ਜਾਂਦਾ ਹੈ। ਐਸੇ ਲੋਕ ਕੇਵਲ ਪਰਿਵਾਰਿਕ ਜੀਵਨ ਵਿੱਚ ਉਲਝ ਕੇ ਰਹਿ ਜਾਂਦੇ ਹਨ ਅਤੇ ਲੋਕਾਈ ਅਤੇ ਸਮਾਜ ਦੀ ਭਲਾਈ ਵਿੱਚ ਕੋਈ ਮਹਤੱਵਪੂਰਨ ਯੋਗਦਾਨ ਨਹੀਂ ਪਾ ਸਕਦੇ ਹਨ। ਇਸ ਤਰ੍ਹਾਂ ਇਹ ਲੋਕ ਮਨੁੱਖਾ ਜਨਮ ਗੁਆਉਣ ਵਿੱਚ ਸਫਲ ਹੋ ਜਾਂਦੇ ਹਨ। ਬਹੁਤ ਸਾਰੇ ਲੋਕਾਂ ਉੱਪਰ ਗੁਰ ਪ੍ਰਸਾਦਿ ਦੀ ਕਿਰਪਾ ਵੀ ਹੁੰਦੀ ਹੈ ਪ੍ਰੰਤੂ ਬਹੁਤ ਘੱਟ ਗਿਣਤੀ ਲੋਕ ਐਸੇ ਹੁੰਦੇ ਹਨ ਜੋ ਨਾਮ ਦੀ ਕਮਾਈ ਕਰਕੇ ਜੀਵਨ ਸਫਲ ਕਰਦੇ ਹਨ।
ਲੁਟੇਰੇ, ਚੋਰ, ਡਾਕੂ, ਹਤਿਆਰੇ ਅਤੇ ਕੁਬੁੱਧ ਕਰਮ ਕਰਨ ਵਾਲੇ ਲੋਕਾਂ ਵਿੱਚ ਇੱਕ ਖਾਸੀਅਤ ਹੁੰਦੀ ਹੈ। ਉਹ ਖਾਸੀਅਤ ਇਹ ਹੈ ਕਿ ਮਾੜੇ ਰਸਤੇ ਉੱਪਰ ਚਲਦੇ ਹੋਏ ਜੇਕਰ ਉਨ੍ਹਾਂ ਤੇ ਕਿਰਪਾ ਹੋ ਜਾਵੇ ਅਤੇ ਕਿਸੇ ਸੰਤ ਨਾਲ ਟਾਕਰਾ ਹੋ ਜਾਵੇ ਤਾਂ ਉਨ੍ਹਾਂ ਦੇ ਮਾੜੇ ਰਸਤੇ ਤੋਂ ਪਲਟਣ ਵਿੱਚ ਜ਼ਰਾ ਸਮੇਂ ਨਹੀਂ ਲਗਦਾ ਹੈ। ਸੰਤ ਦੀ ਕਿਰਪਾ ਨਾਲ ਜਦ ਐਸੇ ਲੋਕ ਮੁੜਦੇ ਹਨ ਤਾਂ ਉਹ ਰੂਹਾਨੀਅਤ ਦੇ ਰਸਤੇ ਉੱਪਰ ਵੀ ਮੁੜ ਉਸੇ ਰਫ਼ਤਾਰ ਨਾਲ ਦੌੜਦੇ ਹਨ ਜਿਸ ਨਾਲ ਉਹ ਮਾੜੇ ਕਰਮਾਂ ਦੇ ਰਸਤੇ ਉੱਪਰ ਦੌੜ ਰਹੇ ਸਨ। ਐਸਾ ਹੋਣ ਤੇ ਉਨ੍ਹਾਂ ਦਾ ਹਿਰਦਾ ਬਦਲਦੇ ਦੇਰ ਨਹੀਂ ਲਗਦੀ ਅਤੇ ਬੰਦਗੀ ਵਿੱਚ ਜਾ ਕੇ ਉਹ ਆਪਣੇ ਸਾਰੇ ਪਾਪਾਂ ਤੋਂ ਮੁਕਤ ਹੋ ਜਾਂਦੇ ਹਨ। ਸ੍ਰਿਸ਼ਟੀ ਦੇ ਇਤਿਹਾਸ ਵਿੱਚ ਐਸੀਆਂ ਕਈ ਉਦਾਹਰਣਾਂ ਹਨ ਜੋ ਇਸ ਪੂਰਨ ਸਤਿ ਤੱਤ ਤੱਥ ਨੂੰ ਪ੍ਰਮਾਣਿਤ ਕਰਦੀਆਂ ਹਨ। ਸੱਜਣ ਠੱਗ ਦਾ ਸੰਤ ਬਣ ਜਾਣਾ, ਅਜਾਮਲ ਪਾਪੀ ਦਾ ਸੰਤ ਬਣ ਜਾਣਾ, ਗਨਕਾ ਪਾਪਣ ਦਾ ਤਰ ਜਾਣਾ, ਬਾਲਮਿਕੀ ਦਾ ਸੰਤ ਬਣ ਜਾਣਾ, ਕੋਡੇ ਰਾਕਸ਼ਸ ਦਾ ਸਾਧੂ ਬਣ ਜਾਣਾ, ਸਧਨੇ ਕਸਾਈ ਦਾ ਮੁਕਤ ਹੋਣਾ ਇਹ ਸਭ ਇਤਿਹਾਸਕ ਪ੍ਰਮਾਣ ਹਨ ਜੋ ਇਸ ਪੂਰਨ ਸਤਿ ਤੱਤ ਤੱਥ ਨੂੰ ਸਪਸ਼ਟ ਕਰਦੇ ਹਨ। ਇਸ ਲਈ “ਸੁਣਿਐ” ਦੀ ਮਹਿਮਾ ਬਹੁਤ ਸੁੰਦਰ ਹੈ ਜੋ ਕਿ ਲੁਟੇਰੇ, ਚੋਰ, ਡਾਕੂ, ਹਤਿਆਰੇ ਅਤੇ ਕੁਬੁੱਧ ਕਰਮ ਕਰਨ ਵਾਲੇ ਲੋਕਾਂ ਨੂੰ ਵੀ ਤਾਰ ਦਿੰਦੀ ਹੈ।
ਜੋਗ ਤੋਂ ਭਾਵ ਹੈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਅਭੇਦ ਹੋ ਜਾਣਾ। ਜੋਗ ਤੋਂ ਭਾਵ ਹੈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਨਿਰਗੁਣ ਸਰੂਪ ਵਿੱਚ ਸਮਾ ਜਾਣਾ। ਜੋਗ ਤੋਂ ਭਾਵ ਹੈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਇੱਕ ਮਿਕ ਹੋ ਜਾਣਾ। ਜੋਗ ਤੋਂ ਭਾਵ ਹੈ ਨਿਰਗੁਣ ਅਤੇ ਸਰਗੁਣ ਦਾ ਇੱਕ ਹੋ ਜਾਣਾ। ਜੋਗ ਤੋਂ ਭਾਵ ਹੈ ਸਰਗੁਣ (ਆਪਣੀ ਹੀ ਦੇਹੀ ਵਿੱਚ) ਨਿਰਗੁਣ ਦੇ ਦਰਸ਼ਨ ਹੋ ਜਾਣਾ। ਜੋਗ ਤੋਂ ਭਾਵ ਹੈ ੭ ਸਤਿ ਸਰੋਵਰਾਂ ਦਾ ਜਾਗਰਤ ਹੋ ਜਾਣਾ ਅਤੇ ਸਾਰੇ ਬੱਜਰ ਕਪਾਟਾਂ ਦਾ ਖ਼ੁਲ੍ਹ ਜਾਣਾ। ਜੋਗ ਤੋਂ ਭਾਵ ਹੈ ਰੋਮ ਰੋਮ ਸਿਮਰਨ ਵਿੱਚ ਚਲਾ ਜਾਣਾ ਅਤੇ ਰੋਮ ਰੋਮ ਸਤਿ ਰੂਪ ਹੋ ਜਾਣਾ। ਜੋਗ ਤੋਂ ਭਾਵ ਹੈ ਮਾਇਆ ਨੂੰ ਜਿੱਤ ਕੇ ਹਿਰਦੇ ਦੀ ਪੂਰਨ ਸਚਿਆਰੀ ਰਹਿਤ ਵਿੱਚ ਚਲੇ ਜਾਣਾ। ਜੋਗ ਤੋਂ ਭਾਵ ਹੈ ਪੰਜਾ ਦੂਤਾਂ ਅਤੇ ਤ੍ਰਿਸ਼ਨਾ ਦੀ ਰਹਿਤ ਦੀ ਕਮਾਈ ਕਰਕੇ ਮਨ ਨੂੰ ਜਿੱਤ ਲੈਣਾ। ਜੋਗ ਤੋਂ ਭਾਵ ਹੈ ਅਕਾਲ ਪੁਰਖ ਦੇ ਦਰਸ਼ਨ ਹੋ ਜਾਣਾ ਅਤੇ ਉਸ ਵਿੱਚ ਲੀਨ ਹੋ ਜਾਣਾ। ਜੋਗ ਤੋਂ ਭਾਵ ਹੈ ਬ੍ਰਹਮ ਲੀਨ ਹੋ ਜਾਣਾ। ਜੋਗ ਤੋਂ ਭਾਵ ਹੈ ਪੂਰਨ ਬ੍ਰਹਮ ਗਿਆਨ ਅਤੇ ਪੂਰਨ ਤੱਤ ਗਿਆਨ ਦਾ ਪ੍ਰਾਪਤ ਹੋ ਜਾਣਾ। ਜੋਗ ਤੋਂ ਭਾਵ ਹੈ ਆਤਮ ਰਸ ਅੰਮ੍ਰਿਤ ਦੀ ਪ੍ਰਾਪਤੀ ਹੋ ਜਾਣਾ। ਜੋਗ ਤੋਂ ਭਾਵ ਹੈ ਹਿਰਦੇ ਦਾ ਸਾਰੇ ਬ੍ਰਹਮ ਗੁਣਾਂ ਨਾਲ ਭਰਪੂਰ ਹੋ ਜਾਣਾ। ਜੋਗ ਤੋਂ ਭਾਵ ਹੈ ਹਿਰਦੇ ਦਾ ਬੇਅੰਤ ਹੋ ਜਾਣਾ। ਜੋਗ ਤੋਂ ਭਾਵ ਹੈ ਮਾਨਸਰੋਵਰ ਦੀਆਂ ਬੇਅੰਤ ਗਹਿਰਾਈਆਂ ਵਿੱਚ ਲੀਨ ਹੋ ਜਾਣਾ। ਜੋਗ ਤੋਂ ਭਾਵ ਹੈ ਗੁਰਸਾਗਰ ਦੀਆਂ ਗਹਿਰਾਈਆਂ ਵਿੱਚ ਸਮਾ ਜਾਣਾ। ਮੁਕਦੀ ਗੱਲ ਇਹ ਹੈ ਕਿ ਜੋਗ ਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ ਹੈ। ਜੋਗ ਦੀ ਮਹਿਮਾ ਕੇਵਲ ਅਨੁਭਵ ਕੀਤੀ ਜਾ ਸਕਦੀ ਹੈ ਉਹ ਵੀ ਪੂਰਨ ਤੌਰ ਤੇ ਨਹੀਂ ਕਿਉਂਕਿ ਜੋਗ ਦੀ ਮਹਿਮਾ ਬੇਅੰਤ ਹੈ। ਜੋ ਮਨੁੱਖ “ਸੁਣਿਐ” ਦੀ ਪਰਮ ਸਕਤੀਸ਼ਾਲੀ ਅਵਸਥਾ ਵਿੱਚ ਚਲੇ ਜਾਂਦੇ ਹਨ ਉਨ੍ਹਾਂ ਉੱਪਰ ਗੁਰਕਿਰਪਾ ਹੋ ਜਾਂਦੀ ਹੈ ਜਿਸਦਾ ਸਦਕਾ ਉਨ੍ਹਾਂ ਮਨੁੱਖਾਂ ਨੂੰ ਜੋਗ ਦੀ ਮਹਿਮਾ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ।
ਜੁਗਤ ਤੋਂ ਭਾਵ ਹੈ ਜੋਗ ਕਮਾਉਣ ਦਾ ਤਰੀਕਾ। ਜੁਗਤ ਤੋਂ ਭਾਵ ਹੈ ਜੋਗ ਦੀ ਕਮਾਈ ਕਰਨ ਦਾ ਕੀ ਭੇਦ ਹੈ। ਜੁਗਤ ਤੋਂ ਭਾਵ ਹੈ ਕਿ ਮਨੁੱਖ ਕੀ ਕਰੇ ਜਿਸਦੇ ਕਰਨ ਨਾਲ ਜੋਗ ਕਮਾਇਆ ਜਾ ਸਕੇ। ਜੋਗ ਤੋਂ ਭਾਵ ਹੈ ਉਹ ਪੰਥ ਨੂੰ ਜਾਣਨਾ ਜਿਹੜਾ ਜੋਗ ਵੱਲ ਲੈ ਕੇ ਜਾਂਦਾ ਹੈ। ਜੁਗਤ ਤੋਂ ਭਾਵ ਹੈ ਸੱਚਖੰਡ ਜਾਣ ਵਾਲਾ ਪੰਥ ਕੀ ਹੈ। ਜੁਗਤ ਤੋਂ ਭਾਵ ਹੈ ਬੰਦਗੀ ਕਿਵੇਂ ਮਿਲਦੀ ਹੈ। ਜੋਗ ਤੋਂ ਭਾਵ ਹੈ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ, ਪਰਉਪਕਾਰ ਅਤੇ ਮਹਾ ਪਰਉਪਕਾਰ ਦੀ ਸੇਵਾ ਕਿਵੇਂ ਮਿਲਦੀ ਹੈ। ਜੁਗਤ ਤੋਂ ਭਾਵ ਹੈ ਨਾਮ ਸੁਰਤ, ਹਿਰਦੇ ਅਤੇ ਰੋਮ ਰੋਮ ਵਿੱਚ ਕਿਵੇਂ ਚਲਾ ਜਾਂਦਾ ਹੈ। ਜੁਗਤ ਤੋਂ ਭਾਵ ਹੈ ੭ ਸਤਿ ਸਰੋਵਰ ਕਿਵੇਂ ਜਾਗਰਤ ਹੁੰਦੇ ਹਨ। ਜੁਗਤ ਤੋਂ ਭਾਵ ਹੈ ਸਾਰੇ ਬੱਜਰ ਕਪਾਟ ਕਿਵੇਂ ਖ਼ੁਲ੍ਹਦੇ ਹਨ। ਜੁਗਤ ਤੋਂ ਭਾਵ ਹੈ ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ। ਜੁਗਤ ਤੋਂ ਭਾਵ ਹੈ ਪੂਰਨ ਤੱਤ ਗਿਆਨ ਕਿਵੇਂ ਪ੍ਰਗਟ ਹੁੰਦਾ ਹੈ। ਜੁਗਤ ਤੋਂ ਭਾਵ ਹੈ ਹਿਰਦਾ ਸੰਤ ਕਿਵੇਂ ਬਣਦਾ ਹੈ। ਜੁਗਤ ਤੋਂ ਭਾਵ ਹੈ ਹਿਰਦਾ ਸਾਰੇ ਇਲਾਹੀ ਗੁਣਾਂ ਨਾਲ ਭਰਪੂਰ ਕਿਵੇਂ ਹੁੰਦਾ ਹੈ। ਜੁਗਤ ਤੋਂ ਭਾਵ ਹੈ ਹਿਰਦਾ ਬੇਅੰਤਤਾ ਵਿੱਚ ਕਿਵੇਂ ਜਾਂਦਾ ਹੈ। ਜੁਗਤ ਤੋਂ ਭਾਵ ਹੈ ਹਿਰਦਾ ਪੂਰਨ ਸਚਿਆਰੀ ਰਹਿਤ ਵਿੱਚ ਕਿਵੇਂ ਜਾਂਦਾ ਹੈ। ਜੁਗਤ ਤੋਂ ਭਾਵ ਹੈ ਮਾਇਆ ਨੂੰ ਜਿੱਤ ਕੇ ਕਿਵੇਂ ਮਨ ਨੂੰ ਖ਼ਤਮ ਕਰ ਕੇ ਪਰਮ ਜੋਤ ਪੂਰਨ ਪ੍ਰਕਾਸ਼ ਹੋ ਜਾਂਦਾ ਹੈ। ਜੁਗਤ ਤੋਂ ਭਾਵ ਹੈ ਮਾਇਆ ਨੂੰ ਜਿੱਤ ਕੇ ਕਿਵੇਂ ਮਨੁੱਖ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਜਾ ਕੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਦਰਸ਼ਨ ਪ੍ਰਾਪਤ ਕਰਦਾ ਹੈ। ਜੁਗਤ ਤੋਂ ਭਾਵ ਹੈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਕਿਵੇਂ ਅਭੇਦ ਹੋਇਆ ਜਾ ਸਕਦਾ ਹੈ। ਜੁਗਤ ਤੋਂ ਭਾਵ ਹੈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਕਿਵੇਂ ਅਭੇਦ ਹੋਇਆ ਜਾ ਸਕਦਾ ਹੈ। ਜੁਗਤ ਤੋਂ ਭਾਵ ਹੈ ਕਿਵੇਂ ਜੀਵਨ ਮੁਕਤ ਹੋਇਆ ਜਾਂਦਾ ਹੈ।
“ਸੁਣਿਐ” ਦੀ ਪਰਮ ਸ਼ਕਤੀਸ਼ਾਲੀ ਅਵਸਥਾ ਵਿੱਚ ਪਹੁੰਚਣ ਵਾਲੇ ਮਨੁੱਖਾਂ ਨੂੰ ਜੋਗ ਕਮਾਉਣ ਦੀ ਜੁਗਤ ਦਾ ਭੇਦ ਪਤਾ ਲੱਗ ਜਾਂਦਾ ਹੈ। ਉੱਪਰ ਬਿਆਨ ਕੀਤੇ ਗਏ ਇਹ ਸਾਰੇ ਭੇਦ ਪਰਮ ਸ਼ਕਤੀਸ਼ਾਲੀ ਗੁਰਮਤਿ ਦੇ ਹਿੱਸੇ ਹਨ ਅਤੇ ਇਹ ਸਾਰੇ ਭੇਦ ਮਨੁੱਖ ਦਾ ਜੀਵਨ ਬਦਲ ਕੇ ਰੱਖ ਦਿੰਦੇ ਹਨ। ਇਸ ਗੁਰ ਪ੍ਰਸਾਦਿ ਦੀ ਪ੍ਰਾਪਤੀ ਪੂਰਨ ਬ੍ਰਹਮ ਗਿਆਨੀ ਦੀ ਬਖ਼ਸ਼ਿਸ਼ ਨਾਲ ਪ੍ਰਾਪਤ ਹੁੰਦੀ ਹੈ। ਇਸੇ ਲਈ ਗੁਰਬਾਣੀ ਦਾ ਸਤਿ ਬਚਨ ਹੈ “ਬ੍ਰਹਮ ਗਿਆਨੀ ਮੁਕਤਿ ਜੁਗਤਿ ਜੀਅ ਕਾ ਦਾਤਾ ॥” ਜੋ ਮਨੁੱਖ ਇਸ ਗੁਰ ਪ੍ਰਸਾਦਿ ਦੀ ਪ੍ਰਾਪਤੀ ਕਰਕੇ ਬੰਦਗੀ ਵਿੱਚ ਚਲੇ ਜਾਂਦੇ ਹਨ ਅਤੇ ਨਾਮ ਦੀ ਕਮਾਈ ਕਰਦੇ ਹੋਏ ਬੰਦਗੀ ਸੰਪੂਰਨ ਕਰਕੇ ਅਕਾਲ ਪੁਰਖ ਵਿੱਚ ਅਭੇਦ ਹੋ ਜਾਂਦੇ ਹਨ। ਬੰਦਗੀ ਕਰਦੇ ਹੋਏ ਜਦ ਸਾਰੇ ਬੱਜਰ ਕਪਾਟ ਖ਼ੁਲ੍ਹ ਜਾਂਦੇ ਹਨ ਅਤੇ ੭ ਸਤਿ ਸਰੋਵਰ ਪ੍ਰਕਾਸ਼ਮਾਨ ਹੋ ਜਾਂਦੇ ਹਨ ਤਾਂ ਮਨੁੱਖਾ ਤਨ ਦੇ ਸਾਰੇ ਭੇਦਾਂ ਦਾ ਵੀ ਗਿਆਨ ਹੋ ਜਾਂਦਾ ਹੈ। ਤਨ ਦੇ ਭੇਦ ਕੀ ਹਨ ? ਮਨੁੱਖਾ ਦੇਹੀ ਵਿੱਚ ਕਿਨ੍ਹਾਂ ਪਰਮ ਸ਼ਕਤੀਆਂ ਦਾ ਵਾਸਾ ਹੈ ? ਮਨੁੱਖਾ ਦੇਹੀ ਦੇ ਇੱਕ ਦੂਜੇ ਦੇ ਵਿਰੋਧੀ ਪੰਜ ਤੱਤਾਂ (ਮਨੁੱਖਾ ਦੇਹੀ ਪੰਜ ਤੱਤਾਂ ਤੋਂ ਸਿਰਜੀ ਗਈ ਹੈ: ਹਵਾ, ਪਾਣੀ, ਅਗਨੀ, ਧਰਤੀ ਅਤੇ ਆਕਾਸ਼ ਜਿਨ੍ਹਾਂ ਦਾ ਭੌਤਿਕ ਸਥੱਲ ਉੱਪਰ ਪਰਸਪਰ ਮੇਲ ਮੁਮਕਿਨ ਨਹੀਂ ਹੈ, ਅਤੇ ਜੋ ਕਿ ਆਪਣੇ ਭੌਤਿਕ ਗੁਣਾਂ ਕਾਰਨ ਇੱਕ ਦੂਜੇ ਦੇ ਵਿਰੋਧੀ ਤੱਤ ਹਨ) ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਹੁਕਮ ਕਿਵੇਂ ਜੋੜ ਕੇ ਇਸ ਨੂੰ ਸਤਿ ਪਾਰਬ੍ਰਹਮ ਪਿਤਾ ਦੇ ਪ੍ਰਗਟ ਹੋਣ ਦਾ ਸਥਾਨ ਬਣਾ ਦਿੰਦਾ ਹੈ ? ਇੜਾ, ਪਿੰਗਲਾ ਅਤੇ ਸੁਖ਼ਮਣਾ ਦੀਆਂ ਸੂਖ਼ਮ ਸ਼ਕਤੀਆਂ ਕਿਵੇਂ ਜਾਗਰਤ ਹੁੰਦੀਆਂ ਹਨ ਅਤੇ ਸਮਾਧੀ ਅਤੇ ਸੁੰਨ ਸਮਾਧੀ ਕਿਵੇਂ ਪ੍ਰਾਪਤ ਹੁੰਦੀ ਹੈ ? ਮਨੁੱਖਾ ਦੇਹੀ ਦੀ ਰਚਨਾ ਦੇ ਸਾਰੇ ਰਹੱਸ, ੭ ਸਤਿ ਸਰੋਵਰਾਂ ਦੀਆਂ ਪਰਮ ਸ਼ਕਤੀਆਂ ਦਾ ਜਾਗਰਤ ਹੋਣਾ ? ਨਾਮ ਕਿਵੇਂ ਸੁਰਤ, ਹਿਰਦੇ ਅਤੇ ਰੋਮ ਰੋਮ ਵਿੱਚ ਜਾ ਕੇ ਸਾਰੀ ਦੇਹੀ ਨੂੰ ਅੰਮ੍ਰਿਤ ਭਰਪੂਰ ਕਰ ਦਿੰਦਾ ਹੈ ? ਮਨੁੱਖਾ ਹਿਰਦਾ ਕਿਵੇਂ ਪੰਜਾ ਦੂਤਾਂ ਅਤੇ ਤ੍ਰਿਸ਼ਨਾ ਤੋਂ ਮੁਕਤ ਹੋ ਕੇ ਪੂਰਨ ਸਚਿਆਰੀ ਰਹਿਤ ਵਿੱਚ ਚਲਾ ਜਾਂਦਾ ਹੈ ? ਦਸਮ ਦੁਆਰ ਦਾ ਖ਼ੁਲ੍ਹ ਜਾਣਾ ਅਤੇ ਅਨਹਦ ਸ਼ਬਦ ਦੀ ਨਿਰੰਤਰ ਪ੍ਰਾਪਤੀ ਦਾ ਰਹੱਸ ? ਪਰਮ ਜੋਤ ਪੂਰਨ ਪ੍ਰਕਾਸ਼ ਦਾ ਹਿਰਦੇ ਵਿੱਚ ਪ੍ਰਗਟ ਹੋ ਜਾਣਾ ? ਅਕਾਲ ਪੁਰਖ ਦੇ ਦਰਸ਼ਨ ਅਤੇ ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ? ਪੂਰਨ ਤੱਤ ਗਿਆਨ ਦੀ ਪ੍ਰਾਪਤੀ ? ਇਹ ਸਾਰਾ ਕੁਝ ਮਨੁੱਖਾ ਤਨ ਦੇ ਵਿੱਚ ਛੁਪੀਆਂ ਹੋਈਆਂ ਪਰਮ ਸ਼ਕਤੀਆਂ ਹਨ ਅਤੇ ਇਹ ਕੁਝ ਤਨ ਦੇ ਭੇਦ ਹਨ ਜੋ ਕਿ “ਸੁਣਿਐ” ਦੀ ਪਰਮ ਸ਼ਕਤੀਸ਼ਾਲੀ ਅਵਸਥਾ ਵਿੱਚ ਪਹੁੰਚਣ ਵਾਲੇ ਮਨੁੱਖਾਂ ਨੂੰ ਖ਼ੁਲ੍ਹ ਜਾਂਦੇ ਹਨ।
ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਗੁਰਬਾਣੀ ਪੜ੍ਹਣ ਨਾਲ ਜਾਂ ਸੁਣਨ ਨਾਲ ਨਹੀਂ ਹੁੰਦੀ ਹੈ। ਸਾਰੇ ਜਹਾਨ ਦੇ ਧਰਮ ਗ੍ਰੰਥਾਂ ਦੇ ਅਧਿਐਨ ਕਰਨ ਨਾਲ ਗਿਆਨ ਤਾਂ ਪ੍ਰਾਪਤ ਹੁੰਦਾ ਹੈ ਪ੍ਰੰਤੂ ਪੂਰਨ ਬ੍ਰਹਮ ਗਿਆਨ ਅਤੇ ਪੂਰਨ ਤੱਤ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਗਿਆਨ ਹਉਮੈ ਨੂੰ ਪ੍ਰਬਲ ਕਰ ਦਿੰਦਾ ਹੈ ਅਤੇ ਪੂਰਨ ਬ੍ਰਹਮ ਗਿਆਨ ਮਨੁੱਖ ਨੂੰ ਅਤਿ ਦੀ ਨਿੰਮਰਤਾ ਅਤੇ ਹਲੀਮੀ ਨਾਲ ਭਰਪੂਰ ਕਰਕੇ ਗਰੀਬੀ ਵੇਸ ਹਿਰਦਾ ਬਣਾ ਦਿੰਦਾ ਹੈ। ਪੂਰਨ ਬ੍ਰਹਮ ਗਿਆਨ ਦੀ ਅਤੇ ਪੂਰਨ ਤੱਤ ਗਿਆਨ ਦੀ ਪ੍ਰਾਪਤੀ ਕੇਵਲ ਪੂਰਨ ਬੰਦਗੀ ਨਾਲ ਹੀ ਪ੍ਰਾਪਤ ਹੁੰਦੀ ਹੈ। ਬੰਦਗੀ ਪੂਰਨ ਤਦ ਹੁੰਦੀ ਹੈ ਜਦ ਇਹ ਦਰਗਾਹ ਵਿੱਚ ਪਰਵਾਨ ਹੁੰਦੀ ਹੈ ਅਤੇ ਮਨੁੱਖ ਦੇ ਪੰਜੇ ਗਿਆਨ ਇੰਦਰੇ ਅਤੇ ਕਰਮ ਇੰਦਰੇ ਪੂਰਨ ਹੁਕਮ ਵਿੱਚ ਆ ਜਾਂਦੇ ਹਨ। ਐਸਾ ਅਕਾਲ ਪੁਰਖ ਦੇ ਦਰਸ਼ਨਾਂ ਅਤੇ ਉਸਦੀ ਬੇਅੰਤ ਅਨੰਤ ਗੁਰਕਿਰਪਾ ਅਤੇ ਗੁਰ ਪ੍ਰਸਾਦਿ ਨਾਲ ਹੁੰਦਾ ਹੈ ਅਤੇ ਮਾਇਆ ਨੂੰ ਜਿੱਤ ਕੇ ਤ੍ਰਿਹ ਗੁਣ ਮਾਇਆ ਤੋਂ ਉੱਪਰ ਜਾ ਕੇ ਹੁੰਦਾ ਹੈ। ਜਦ ਐਸਾ ਹੁੰਦਾ ਹੈ ਤਾਂ ਹੀ ਪੂਰਨ ਬ੍ਰਹਮ ਗਿਆਨ ਅਤੇ ਪੂਰਨ ਤੱਤ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਪੂਰਨ ਬ੍ਰਹਮ ਗਿਆਨ ਦਾ ਅਤੇ ਪੂਰਨ ਤੱਤ ਗਿਆਨ ਦਾ ਸੋਮਾ ਮਨੁੱਖ ਦੇ ਅੰਦਰੋਂ ਹੀ ਸਤਿ ਸਰੋਵਰਾਂ ਦੇ ਵਿੱਚੋਂ ਫੁੱਟਦਾ ਹੈ। ਕੇਵਲ ਐਸੀ ਅਵਸਥਾ ਦੀ ਪ੍ਰਾਪਤੀ ਕਰਨ ਨਾਲ ਹੀ ਗੁਰਬਾਣੀ ਦੇ ਗੁੱਝੇ ਭੇਦ ਸਮਝ ਵਿੱਚ ਆਉਂਦੇ ਹਨ। ਕੇਵਲ ਐਸੀ ਅਵਸਥਾ ਦੀ ਪ੍ਰਾਪਤੀ ਕਰਨ ਨਾਲ ਹੀ ਗੁਰਬਾਣੀ ਘਰ ਆਉਂਦੀ ਹੈ ਭਾਵ ਗੁਰਬਾਣੀ ਰੋਮ ਰੋਮ ਵਿੱਚ ਵੱਸ ਜਾਂਦੀ ਹੈ। ਕੇਵਲ ਐਸੀ ਅਵਸਥਾ ਦੀ ਪ੍ਰਾਪਤੀ ਕਰਨ ਨਾਲ ਹੀ ਗੁਰਬਾਣੀ ਦਾ ਭਾਵ ਸਮਝ ਵਿੱਚ ਆਉਂਦਾ ਹੈ। ਕੇਵਲ ਐਸੀ ਅਵਸਥਾ ਦੀ ਪ੍ਰਾਪਤੀ ਕਰਨ ਨਾਲ ਹੀ ਮਨੁੱਖ ਗੁਰਬਾਣੀ ਬਣ ਜਾਂਦਾ ਹੈ ਭਾਵ ਜੋ ਗੁਰਬਾਣੀ ਕਹਿੰਦੀ ਹੈ ਮਨੁੱਖ ਉਹ ਬਣ ਜਾਂਦਾ ਹੈ। ਕੇਵਲ ਐਸੀ ਅਵਸਥਾ ਦੀ ਪ੍ਰਾਪਤੀ ਕਰਨ ਨਾਲ ਹੀ ਮਨੁੱਖ ਗੁਰਬਾਣੀ ਵਿੱਚ ਵਖਾਣ ਕੀਤੀ ਗਈ ਨਾਮ ਅਤੇ ਅਕਾਲ ਪੁਰਖ ਦੀ ਮਹਿਮਾ ਬਣ ਜਾਂਦਾ ਹੈ। ਕੇਵਲ ਐਸੀ ਅਵਸਥਾ ਦੀ ਪ੍ਰਾਪਤੀ ਕਰਨ ਨਾਲ ਹੀ ਸਾਰੇ ਸ਼ਾਸਤਰ, ਸਿਮ੍ਰਤੀਆਂ ਅਤੇ ਵੇਦਾਂ ਦੇ ਗੁੱਝੇ ਭੇਦ (ਬਿਨਾਂ ਪੜ੍ਹੇ ਹੀ) ਸਹਿਜ ਹੀ ਸਮਝ ਆ ਜਾਂਦੇ ਹਨ। (੬ ਸ਼ਾਸਤ੍ਰ: ਮੀਮਾਂਸਾ, ਵਿਸ਼ੇਸ਼ਕ, ਸਾਂਖਯ, ਨਿਆਇ, ਯੋਗ ਅਤੇ ਵੇਦਾਂਤ ਹਨ। ੨੭ ਸਿਮ੍ਰਤੀਆਂ ਹਨ: ਮਨੂ, ਯਾਗਵਲਕ, ਵਸ਼ਿਸ਼ਟ, ਪਰਾਸ਼ਰ, ਸੰਖ, ਲਘੁ ਹਾਰੀਤ, ਵ੍ਰਿਧ ਹਾਰੀਤ, ਨਾਰਦ, ਦਖ, ਲਘੂ ਅੱਤ੍ਰਿ, ਵ੍ਰਿਧ ਅੱਤ੍ਰਿ, ਸੋਮ, ਯਮ, ਦਤ, ਬੁੱਧ, ਵਿਸ਼ਨੂ, ਸ਼ੁਕਰ, ਲਘੁ, ਗੋਤਮ, ਵ੍ਰਿਧਾਗੋਤਮ, ਕਾਤਯਾਇਨ ਦੇਵਲ, ਅਪਸਤੰਬ, ਬ੍ਰਹਿਸਪਤ, ਵਿਆਸ, ਲਿਖਿਤ, ਆਗ੍ਰਿਸ, ਸ਼ਾਂਤਾਤਪ। ੪ ਵੇਦ ਹਨ: ਰਿਗ, ਯਜੁਰ, ਅਤਰਵਣ, ਸ਼ਾਮ। ) ਕਿਉਂਕਿ ਪੂਰਨ ਬ੍ਰਹਮ ਗਿਆਨ ਅਤੇ ਤੱਤ ਗਿਆਨ ਤੋਂ ਵੱਡਾ ਕੋਈ ਗਿਆਨ ਨਹੀਂ ਹੈ। ਇਹ ਸਾਰੇ ਧਰਮ ਸ਼ਾਸਤਰਾਂ ਦਾ ਆਧਾਰ ਕੇਵਲ ਨਾਮ ਹੀ ਹੈ। ਇਹ ਸਾਰੇ ਧਰਮ ਸ਼ਾਸਤਰ ਕੇਵਲ ਜੀਉਣ ਦੀ ਕਲਾ ਹੀ ਸਿਖਾਉਂਦੇ ਹਨ ਅਤੇ ਸਤਿ ਪਾਰਬ੍ਰਹਮ ਦੀ ਪ੍ਰਾਪਤੀ ਦੇ ਸਾਧਨਾਂ ਦਾ ਹੀ ਵਖਾਣ ਕਰਦੇ ਹਨ। ਇਸ ਲਈ ਜਿਸ ਮਨੁੱਖ ਦੇ ਰੋਮ ਰੋਮ ਵਿੱਚ ਨਾਮ ਚਲਾ ਜਾਂਦਾ ਹੈ ਅਤੇ ਪੂਰਨ ਬ੍ਰਹਮ ਗਿਆਨ ਅਤੇ ਤੱਤ ਗਿਆਨ ਜਿਸ ਦੇ ਅੰਦਰੋਂ ਪ੍ਰਗਟ ਹੋ ਜਾਂਦਾ ਹੈ ਉਹ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਵਿੱਚ ਆਪ ਹੀ ਅਭੇਦ ਹੋ ਜਾਂਦਾ ਹੈ। ਉਸ ਮਨੁੱਖ ਦਾ ਜੀਵਨ ਸਾਰਥਕ ਹੋ ਜਾਂਦਾ ਹੈ।
ਇਸ ਲਈ “ਸੁਣਿਐ” ਦੀ ਪਰਮ ਸ਼ਕਤੀਸ਼ਾਲੀ ਅਵਸਥਾ ਦੀ ਪ੍ਰਾਪਤੀ ਕਰਨ ਵਾਲੇ ਮਨੁੱਖਾਂ ਦੇ ਹਿਰਦੇ ਵਿੱਚ ਜਦ ਨਾਮ ਪ੍ਰਗਟ ਹੋ ਜਾਂਦਾ ਹੈ ਤਾਂ ਉਨ੍ਹਾਂ ਦਾ ਕਰਮ ਦੇ ਪਰਮ ਸ਼ਕਤੀਸ਼ਾਲੀ ਵਿਧਾਨ ਤੋਂ ਜੀਵਨ ਮੁਕਤੀ ਹੋ ਜਾਂਦੀ ਹੈ। ਐਸਾ ਹੋਣ ਤੇ ਉਨ੍ਹਾਂ ਦੇ ਸਾਰੇ ਕਰਮਾਂ ਦਾ ਲੇਖਾ ਜੋਖਾ ਖ਼ਤਮ ਹੋ ਜਾਂਦਾ ਹੈ ਅਤੇ ਉਹ ਕਰਮ ਦੇ ਇਸ ਵਿਧਾਨ ਤੋਂ ਮੁਕਤ ਹੋ ਜਾਂਦੇ ਹਨ। ਐਸਾ ਹੋਣ ਤੇ ਉਨ੍ਹਾਂ ਦੇ ਸਾਰੇ ਦੁੱਖ ਕਲੇਸ਼ਾਂ ਦਾ ਵੀ ਨਾਸ਼ ਹੋ ਜਾਂਦਾ ਹੈ ਅਤੇ ਉਹ ਭਗਤੀ ਰਸ ਦੇ ਆਨੰਦ ਵਿੱਚ ਲੀਨ ਹੋ ਜਾਂਦੇ ਹਨ। ਐਸੇ ਮਨੁੱਖਾਂ ਦੇ ਵਿਕਾਸ ਦਾ ਕੋਈ ਹੱਦ ਬੰਨਾ ਨਹੀਂ ਹੁੰਦਾ ਹੈ। ਉਹ ਸਦਾ ਹੀ ਨਿਤ ਹੀ ਨਵਾਂ ਰੂਹਾਨੀ ਅਨੁਭਵ ਕਰਦੇ ਹਨ ਅਤੇ ਨਿਤ ਹੀ ਨਵਾਂ ਗਿਆਨ ਅਨੁਭਵ ਕਰਦੇ ਹਨ ਅਤੇ ਇਸ ਅਟੁੱਟ ਭੰਡਾਰੇ ਵਿੱਚੋਂ ਲੋਕਾਈ ਦੀ ਭਲਾਈ ਲਈ ਇਸ ਅੰਮ੍ਰਿਤ ਦੀ ਵਰਖਾ ਵਰਸਾਉਂਦੇ ਰਹਿੰਦੇ ਹਨ। ਉਨ੍ਹਾਂ ਦੇ ਪਰਉਪਕਾਰ ਅਤੇ ਮਹਾ ਪਰਉਪਕਾਰ ਦਾ ਵੀ ਕੋਈ ਹੱਦ ਬੰਨਾ ਨਹੀਂ ਰਹਿੰਦਾ ਹੈ। ਪਰਉਪਕਾਰ ਅਤੇ ਮਹਾ ਪਰਉਪਕਾਰ ਹੀ ਉਨ੍ਹਾਂ ਦਾ ਜੀਵਨ ਬਣ ਜਾਂਦਾ ਹੈ।