ਸੁਣਿਐ ਸਰਾ ਗੁਣਾ ਕੇ ਗਾਹ ॥
ਸੁਣਿਐ ਸੇਖ ਪੀਰ ਪਾਤਿਸਾਹ ॥
ਸੁਣਿਐ ਅੰਧੇ ਪਾਵਹਿ ਰਾਹੁ ॥
ਸੁਣਿਐ ਹਾਥ ਹੋਵੈ ਅਸਗਾਹੁ ॥
ਨਾਨਕ ਭਗਤਾ ਸਦਾ ਵਿਗਾਸੁ ॥
ਸੁਣਿਐ ਦੂਖ ਪਾਪ ਕਾ ਨਾਸੁ ॥੧੧॥
ਜੋ ਮਨੁੱਖ “ਸੁਣਿਐ” ਦੀ ਮਹਿਮਾ ਬਣ ਕੇ ਗੁਰਪ੍ਰਸਾਦਿ ਨਾਲ ਨਿਵਾਜੇ ਜਾਂਦੇ ਹਨ ਅਤੇ ਜਦ ਉਹ ਮਨੁੱਖ ਗੁਰਪ੍ਰਸਾਦਿ ਦੀ ਇਸ ਪਰਮ ਸ਼ਕਤੀ ਦੀ ਸੇਵਾ ਸੰਭਾਲਤਾ ਕਰਦੇ ਹੋਏ ਨਾਮ ਦੀ ਕਮਾਈ ਕਰਦੇ ਹਨ ਤਾਂ ਉਨ੍ਹਾਂ ਦਾ ਹਿਰਦਾ ਸਾਰੇ ਬ੍ਰਹਮ ਗੁਣਾਂ ਨਾਲ ਭਰਪੂਰ ਹੋ ਜਾਂਦਾ ਹੈ। ਐਸੇ ਮਨੁੱਖ ਇਲਾਹੀ ਦਰਗਾਹੀ ਗੁਣਾਂ ਦੇ ਬੇਅੰਤ ਸਰੋਵਰ ਬਣ ਜਾਂਦੇ ਹਨ। ਜੋ ਮਨੁੱਖ ਮਾਨਸਰੋਵਰ ਵਿੱਚ ਲੀਨ ਹੋ ਜਾਂਦਾ ਹੈ ਉਹ ਮਨੁੱਖ ਮਾਨਸਰੋਵਰ ਵਾਂਗ ਬੇਅੰਤਤਾ ਵਿੱਚ ਸਮਾ ਜਾਂਦੇ ਹਨ। ਸੁਹਾਗ ਦੀ ਪ੍ਰਾਪਤੀ ਹੋ ਜਾਂਦੀ ਹੈ ਅਤੇ ਬੰਦਗੀ ਸੰਪੂਰਨ ਹੋਣ ਤੇ ਸਦਾ ਸੁਹਾਗ ਦੀ ਪ੍ਰਾਪਤੀ ਹੋ ਜਾਂਦੀ ਹੈ। ਸਦਾ ਸੁਹਾਗਣ ਰੂਹ ਦੀ ਸਰਵ ਉੱਤਮ ਰੂਹਾਨੀ ਅਵਸਥਾ, ਆਤਮਿਕ ਅਵਸਥਾ ਹੈ ਜਿਹੜੀ ਕੋਈ ਵੀ ਮਨੁੱਖ ਪ੍ਰਾਪਤ ਕਰ ਸਕਦਾ ਹੈ। ਅਜਿਹੀ ਉੱਚ ਰੂਹਾਨੀ ਅਵਸਥਾ ਕੇਵਲ ਅਕਾਲ ਪੁਰਖ ਦੀ ਅਨਾਦਿ ਬਖਸ਼ਿਸ਼, ਗੁਰ ਪ੍ਰਸਾਦਿ ਨਾਲ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਅਨਾਦਿ ਬਖਸ਼ਿਸ਼ ਦੀ ਰਹਿਮਤ ਪਾਰਬ੍ਰਹਮ ਪਿਤਾ ਪਰਮੇਸ਼ਰ ਦੁਆਰਾ ਕੁਝ ਬਹੁਤ ਹੀ ਦੁਰਲਭ ਰੂਹਾਂ ਉੱਪਰ ਹੀ ਹੁੰਦੀ ਹੈ। ਦੂਸਰੇ ਸ਼ਬਦਾਂ ਵਿੱਚ, ਅਜਿਹੀਆਂ ਰੂਹਾਂ ਬਹੁਤ ਹੀ ਦੁਰਲਭ ਹਨ। ਇਥੇ ਸਰਵ ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਅਤੇ ਐਸੀ ਰੂਹ ਵਿੱਚ ਕੋਈ ਅੰਤਰ ਨਹੀਂ ਰਹਿ ਜਾਂਦਾ। ਅਜਿਹੀਆਂ ਰੂਹਾਂ ਸਦਾ ਸੁਹਾਗਣਾਂ ਹੁੰਦੀਆਂ ਹਨ ਅਤੇ ਪੂਰੀ ਤਰ੍ਹਾਂ ਬ੍ਰਹਮ ਗੁਣਾਂ ਨਾਲ ਬ੍ਰਹਮ ਸ਼ਕਤੀਆ ਨਾਲ ਭਰਪੂਰ ਹੁੰਦੀਆਂ ਹਨ। ਗੁਰਬਾਣੀ ਵਿੱਚ ਗੁਰੂ ਪਾਤਸ਼ਾਹ ਜੀ ਨੇ ਅਜਿਹੀਆਂ ਰੂਹਾਂ ਲਈ ਨਾਰੀ ਦਾ ਰੂਪਕ ਵਰਤਿਆ ਹੈ ਅਤੇ ਪਰਮਾਤਮਾ ਲਈ ਨਰ ਦਾ। ਰੂਹ ਅਤੇ ਪਰਮਾਤਮਾ ਦੇ ਮੇਲ ਨੂੰ ਬ੍ਰਹਮ ਵਿਆਹ ਦਰਸਾਇਆ ਹੈ, ਇਹ ਅਸਲੀ ਦਰਗਾਹੀ ਆਨੰਦ ਕਾਰਜ ਹੈ। ਹਰ ਰੂਹ ਦੁਹਾਗਣ, ਅਣਵਿਹਾਉਤਾ ਤੋਂ ਸ਼ੁਰੂ ਕਰਦੀ ਹੈ। ਜਦ ਉਹ ਗੁਰੂ ਵਿਚੋਲੇ ਨੂੰ ਮਿਲਦੀ ਹੈ ਅਤੇ ਉਸਦੇ ਗੁਰਪ੍ਰਸਾਦੀ ਨਾਮ ਨਾਲ ਬਖ਼ਸ਼ੀ ਜਾਂਦੀ ਹੈ ਤਾਂ ਉਹ ਸੁਹਾਗਣ ਬਣ ਜਾਂਦੀ ਹੈ ਅਤੇ ਕਰਮ ਖੰਡ, ਮਹਿਰਾਮਤ, ਬਖ਼ਸ਼ਿਸ਼ ਦੀ ਅਵਸਥਾ ਵਿੱਚ ਅੱਪੜ ਜਾਂਦੀ ਹੈ। ਜਦ ਉਹ ਪਰਮਾਤਮਾ, ਪਤੀ ਖਸਮ, ਨਾਲ ਵਿਆਹ ਪੂਰਾ ਕਰ ਲੈਂਦੀ ਹੈ ਤਾਂ ਉਹ ਸੱਚ ਖੰਡ ਦੀ ਅਵਸਥਾ ਵਿੱਚ ਇੱਕ ਸਦਾ ਸੁਹਾਗਣ ਬਣ ਜਾਂਦੀ ਹੈ। ਆਓ ਇਸ ਰੂਹਾਨੀ ਯਾਤਰਾ ਤੇ ਜੋ ਸਾਡੀ ਰੂਹ ਨੇ ਪੂਰੀ ਕਰਨੀ ਹੈ ਉਸ ਉੱਪਰ ਹੋਰ ਵਿਸਥਾਰ ਨਾਲ ਝਾਤੀ ਪਾਈਏ।
ਰੂਹ ਸੁਹਾਗਣ ਬਣਦੀ ਹੈ ਜਦੋਂ ਉਹ :-
* ‘ਏਕ ਬੂੰਦ ਅੰਮ੍ਰਿਤ’ ਤ੍ਰਿਕੁਟੀ ਵਿੱਚ ਪ੍ਰਾਪਤ ਕਰਦੀ ਹੈ ਅਤੇ
ਏਕ ਬੂੰਦ ਗੁਰਿ ਅੰਮ੍ਰਿਤੁ ਦੀਨੋ ਤਾ ਅਟਲੁ ਅਮਰੁ ਨ ਮੁਆ ॥
(ਸ਼੍ਰੀ ਗੁਰੂ ਗ੍ਰੰਥ ਸਾਹਿਬ ੬੧੨)
* ਸਾਰੇ ਬੱਜਰ ਕਪਾਟ ਖੁੱਲ੍ਹ ਜਾਂਦੇ ਹਨ :-
ਬਿਨੁ ਵਖਰ ਸੂਨੋ ਘਰੁ ਹਾਟੁ ॥ ਗੁਰ ਮਿਲਿ ਖੋਲੇ ਬੱਜਰ ਕਪਾਟ ॥੪॥
(ਸ਼੍ਰੀ ਗੁਰੂ ਗ੍ਰੰਥ ਸਾਹਿਬ ੧੫੩)
ਹੋਰ ਵਿਸਥਾਰ ਵਿੱਚ ਜਾਈਏ ਇਹ ਇਸ ਤਰ੍ਹਾਂ ਵਾਪਰਦਾ ਹੈ :-
੧. ਜਦ ਗੁਰੂ ਨਾਲ ਸੰਜੋਗ ਬਣਦਾ ਹੈ ਤਾਂ ਗੁਰੂ ਸਾਨੂੰ ਮਿਲਦਾ ਹੈ ਅਤੇ ਸਾਨੂੰ ਗੁਰਪ੍ਰਸਾਦੀ ਨਾਮ ਦੀ ਬਖ਼ਸ਼ਿਸ਼ ਕਰਦਾ ਹੈ ਤਾਂ ਸਾਡੇ ਅੰਦਰਲੀ ਜੋਤ ਜਾਗਰਤ ਹੋਣੀ ਸ਼ੁਰੂ ਹੋ ਜਾਂਦੀ ਹੈ।
੨. ਨਾਮ ਅੰਮ੍ਰਿਤ ਸੁਰਤ, ਮਨ ਵਿੱਚ ਜਾਂਦਾ ਹੈ।
੩. ਮਨ ਲਗਾਤਾਰ ਆਧਾਰ ਤੇ ਨਾਮ ਜਪਣਾ ਸ਼ੁਰੂ ਕਰਦਾ ਹੈ, ਅਜਪਾ ਜਾਪ ਸ਼ੁਰੂ ਹੋ ਜਾਂਦਾ ਹੈ।
੪. ਅੰਮ੍ਰਿਤ ਸਾਡੀ ਦੇਹੀ ਵਿੱਚ ਬ੍ਰਹਮ ਦਵਾਰਾਂ ਬੱਜਰ ਕਪਾਟਾਂ ਰਾਹੀਂ ਵਹਿਣਾ ਸ਼ੁਰੂ ਕਰ ਦਿੰਦਾ ਹੈ। ਸਾਡੇ ਸਿਰ ਵਿੱਚ ਪੰਜ ਦਰਵਾਜ਼ੇ ਹਨ, ਇੱਕ ਮੱਥੇ ਵਿੱਚ, ਇੱਕ ਸਾਡੇ ਸਿਰ ਦੇ ਦੋਹਾਂ ਪਾਸੇ ਕੰਨਾਂ ਦੇ ਉੱਪਰ ਅਤੇ ਇੱਕ ਸਾਡੇ ਸਿਰ ਦੇ ਪਿਛਲੇ ਪਾਸੇ, ਅਤੇ ਦਸਮ ਦੁਆਰ ਸਿਰ ਦੇ ਉੱਪਰਲੇ ਹਿੱਸੇ ਵਿੱਚ। ਜਦ ਵੀ ਮਨ ਨਾਮ ਸਿਮਰਨ ਤੇ ਧਿਆਨ ਲਗਾਉਂਦਾ ਹੈ, ਇਨ੍ਹਾਂ ਦਰਵਾਜ਼ਿਆਂ ਰਾਹੀਂ ਰੂਹਾਨੀ ਊਰਜਾ, ਅੰਮ੍ਰਿਤ ਅੰਦਰ ਆਉਣਾ ਸ਼ੁਰੂ ਹੋ ਜਾਂਦਾ ਹੈ।
੫. ਤਦ ਕੁਝ ਹੀ ਮਿੰਟਾਂ ਵਿੱਚ ਬਖਸ਼ਿਸ਼ਾਂ ਪ੍ਰਾਪਤ ਮਨੁੱਖ ਸਮਾਧੀ ਵਿੱਚ ਚਲਾ ਜਾਂਦਾ ਹੈ। ਇਹ ਉਦੋਂ ਵਾਪਰਦਾ ਹੈ ਜਦੋਂ ਮਿਹਰਾਮਤ ਪ੍ਰਾਪਤ ਮਨੁੱਖ ਗੁਰਬਾਣੀ ਜਾਂ ਕੀਰਤਨ ਵਿੱਚ ਲੀਨ ਹੋ ਜਾਂਦਾ ਹੈ, ਜਾਂ ਜਦੋਂ ਉਹ ਇੱਕ ਬ੍ਰਹਮ ਰੂਹ ਸੰਤ ਦੀ ਸੰਗਤ ਵਿੱਚ ਹੁੰਦਾ ਹੈ।
ਸ਼ੁਰੂ ਸ਼ੁਰੂ ਵਿੱਚ ਮਿਹਰਾਮਤ ਵਾਲੇ ਮਨੁੱਖ ਨੂੰ ਸਮਾਧੀ ਵਿੱਚ ਜਾਣ ਲਈ ਕੁਝ ਮਿੰਟ ਲੱਗਦੇ ਹਨ। ਕੁਝ ਸਮੇਂ ਬਾਅਦ ਇਸ ਦੇ ਫਲਸਰੂਪ ਉਹ ਉਸੇ ਵੇਲੇ ਸਮਾਧੀ ਵਿੱਚ ਚਲਾ ਜਾਂਦਾ ਹੈ। ਰੂਹਾਨੀਅਤ ਵਿੱਚ ਐਸੀ ਅਵਸਥਾ ਵਾਲੀ ਰੂਹ ਨੂੰ ਸੁਹਾਗਣ ਕਿਹਾ ਗਿਆ ਹੈ। ਸਰਵ ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਇਸ ਰੂਹ ਨੂੰ ਇੱਕ ਬ੍ਰਹਮ ਗਿਆਨੀ ਦੇ ਹਿਰਦੇ ਰਾਹੀਂ, ਸੁਹਾਗਣ ਦੇ ਤੌਰ ਉਸ ਨੂੰ ਅਨਾਦਿ ਗੁਰਪ੍ਰਸਾਦੀ ਬਖਸ਼ਿਸ਼ਾਂ, ਗੁਰ ਕ੍ਰਿਪਾ ਦੇ ਕੇ ਸਵੀਕਾਰ ਕਰ ਲਿਆ ਹੁੰਦਾ ਹੈ।
ਬੰਦਗੀ ਦੇ ਇਸ ਪੜਾਅ ਤੇ ਅਕਾਲ ਪੁਰਖ ਦੀ ਦਰਗਾਹ ਵਿੱਚ ਭਗਤੀ ਦਾ ਖ਼ਾਤਾ ਖੁੱਲ੍ਹ ਜਾਂਦਾ ਹੈ। ਇਸ ਪੜਾਅ ਤੇ ਅਸਲ ਭਗਤੀ ਸ਼ੁਰੂ ਹੁੰਦੀ ਹੈ। ਇਹ ਸਭ ਕਰਮ ਖੰਡ ਵਿੱਚ ਵਾਪਰਦਾ ਹੈ, ਜਿਸ ਨੂੰ ਜਪੁਜੀ ਸਾਹਿਬ ਜੀ ਵਿੱਚ ਚੌਥਾ ਖੰਡ ਦਰਸਾਇਆ ਗਿਆ ਹੈ। ਇਹ ਬਹੁਤ ਹੀ ਉੱਚ ਰੂਹਾਨੀ ਅਵਸਥਾ ਹੁੰਦੀ ਹੈ। ਇਸ ਤਰ੍ਹਾਂ ਰੂਹ ਸੱਚਖੰਡ ਦੇ ਪੰਥ ਉੱਪਰ ਅੱਗੇ ਵੱਧਣ ਲੱਗ ਪੈਂਦੀ ਹੈ।
ਜਦ ਬੰਦਗੀ ਪੂਰਨ ਹੁੰਦੀ ਹੈ ਤਾਂ ਰੂਹ ਸੱਚਖੰਡ ਪਰਵਾਨ ਹੁੰਦੀ ਹੈ ਤਾਂ ਅਕਾਲ ਪੁਰਖ ਨਾਲ ਇੱਕ ਹੋ ਜਾਂਦੀ ਹੈ। ਅਕਾਲ ਪੁਰਖ ਦੇ ਨਿਰਗੁਣ ਸਰੂਪ ਵਿੱਚ ਪੂਰੀ ਤਰ੍ਹਾਂ ਅਭੇਦ ਹੋ ਜਾਂਦੀ ਹੈ। ਉਹ ਪਰਮ ਪੱਦਵੀ ਨੂੰ ਪਹੁੰਚ ਜਾਂਦੀ ਹੈ। ਇਥੇ ਹੀ ਸੁਹਾਗਣ ਰੂਹ ਸਦਾ ਸੁਹਾਗਣ ਦੇ ਰੂਪ ਵਿੱਚ ਅਕਾਲ ਪੁਰਖ ਦੀ ਦਰਗਾਹ ਵਿੱਚ ਸਵੀਕਾਰ ਕੀਤੀ ਜਾਂਦੀ ਹੈ।
ਪੂਰਨ ਬ੍ਰਹਮ ਗਿਆਨੀ ਸਦਾ ਸੁਹਾਗਣ ਹੈ, ਨਿਰੰਕਾਰ ਰੂਪ ਹੈ। ਜਦੋਂ ਬੰਦਗੀ ਦੀਆਂ ਪੰਜ ਅਵਸਥਾਵਾਂ ਵਿੱਚੋਂ ਲੰਘਦੇ ਹਾਂ, ਖਾਸ ਤੌਰ ਤੇ ਅਖੀਰਲੀਆਂ ਦੋ, ਕਰਮ ਖੰਡ ਅਤੇ ਸੱਚ ਖੰਡ ਵਿੱਚੋਂ (੧. ਧਰਮ ਖੰਡ, ੨. ਗਿਆਨ ਖੰਡ, ੩. ਸਰਮ ਖੰਡ, ੪. ਕਰਮ ਖੰਡ, ੫. ਸੱਚ ਖੰਡ) ਤਦ ਸੁਹਾਗਣ ਨੂੰ ਪਾਰ ਬ੍ਰਹਮ ਪਰਮੇਸ਼ਰ ਦੁਆਰਾ ਬਣਾਏ ਗਏ ਸਾਰੇ ਬ੍ਰਹਮ ਗੁਣਾਂ ਦਾ ਧਾਰਨੀ ਹੋਣਾ ਪੈਂਦਾ ਹੈ। ਸੁਹਾਗਣ ਨੂੰ ਬੰਦਗੀ ਦੀ ਸਰਵ ਉੱਚ ਅਵਸਥਾ ਤੱਕ ਪਹੁੰਚਣ ਲਈ ਬੰਦਗੀ ਦੇ ਸਾਰੇ ਮਾਇਆ ਦੇ ਇਮਤਿਹਾਨ ਪਾਸ ਕਰਨੇ ਪੈਂਦੇ ਹਨ। ਸੁਹਾਗਣ ਨੂੰ ਇਲਾਹੀ ਪ੍ਰੇਮ ਵਿੱਚ, ਇਲਾਹੀ ਸ਼ਰਧਾ ਵਿੱਚ, ਇਲਾਹੀ ਭਰੋਸੇ ਵਿੱਚ, ਇਹ ਸਾਬਤ ਕਰਨਾ ਪੈਂਦਾ ਹੈ ਕਿ ਉਸਨੇ ਬੰਦਗੀ ਵਿੱਚ ਸਾਰੇ ਬ੍ਰਹਮ ਗੁਣਾਂ ਨੂੰ ਡੂੰਘਾਈ ਨਾਲ ਪੂਰਨ ਰੂਪ ਵਿੱਚ ਗ੍ਰਹਿਣ ਕਰ ਲਿਆ ਹੈ। ਸਰਵ ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਇਨ੍ਹਾਂ ਬ੍ਰਹਮ ਗੁਣਾਂ ਨੂੰ ਇੱਕ ਸੁਹਾਗਣ ਅਤੇ ਸਦਾ ਸੁਹਾਗਣ ਦੀ ਸੱਚੀ ਪ੍ਰੀਤ, ਸ਼ਰਧਾ ਅਤੇ ਭਰੋਸੇ ਨੂੰ ਮਾਪਣ ਦੇ ਪੈਮਾਨੇ ਵਜੋਂ ਵਰਤਦਾ ਹੈ। ਬ੍ਰਹਮ ਗੁਣਾਂ ਨੂੰ ਸਤਿ ਦੀ ਤੱਕੜੀ ਤੇ ਤੋਲਿਆ ਜਾਂਦਾ ਹੈ ਅਤੇ ਸੁਹਾਗਣ ਨੂੰ ਪਰਖ ਕੇ ਦਰਗਾਹੀ ਖ਼ਜਾਨੇ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ, ਸੁਹਾਗਣ ਨੂੰ ਸਦਾ ਸੁਹਾਗਣ ਬਣਾ ਕੇ ਦਰਗਾਹ ਵਿੱਚ ਸਦਾ ਸਦਾ ਲਈ ਮਾਣ ਦਿੱਤਾ ਜਾਂਦਾ ਹੈ।
“ਆਪੇ ਕੰਡਾ ਤੋਲੁ ਤਰਾਜੀ ਆਪੇ ਤੋਲਣਹਾਰਾ ॥“
(ਸ਼੍ਰੀ ਗੁਰੂ ਗ੍ਰੰਥ ਸਾਹਿਬ ੭੩੧)
ਇਨ੍ਹਾਂ ਬ੍ਰਹਮ ਗੁਣਾਂ ਨੂੰ ਸੁਹਾਗਣ ਦੇ ਕੈਂਠੇ ਦੇ ਮਣਕਿਆਂ ਦੀ ਤਰ੍ਹਾਂ ਵੀ ਵੇਖਿਆ ਜਾਣਿਆ ਜਾਂਦਾ ਹੈ ਜੋ ਸਦਾ ਸੁਹਾਗਣ ਆਪਣੇ ਹਿਰਦੇ ਵਿੱਚ ਧਾਰਣ ਕਰਦੀ ਹੈ। ਗੁਰਬਾਣੀ ਵਿੱਚ ਸਦਾ ਸੁਹਾਗਣ ਨੂੰ ਇੱਕ ਗੁਣਵੰਤੀ ਵੀ ਆਖਿਆ ਗਿਆ ਹੈ। ਸਦਾ ਸੁਹਾਗਣ ਨੇ ਇਲਾਹੀ ਦਰਗਾਹੀ ਗੁਣ ਆਪਣੇ ਹਿਰਦੇ ਵਿੱਚ ਧਾਰਣ ਕੀਤੇ ਹੁੰਦੇ ਹਨ ਅਤੇ ਉਹਨਾਂ ਨੂੰ ਇੱਕ ਕੈਂਠੇ ਵਿੱਚ, ਪਤੀ ਪਰਮਾਤਮਾ ਦੇ ਇਲਾਹੀ ਇਸ਼ਕ ਵਿੱਚ ਉਸਨੂੰ ਪ੍ਰਸੰਨ ਕਰਨ ਲਈ ਪਰੋਇਆ ਹੁੰਦਾ ਹੈ। ਇਸ ਤੋਂ ਭਾਵ ਹੈ ਕਿ ਸਾਨੂੰ ਇਨ੍ਹਾਂ ਸਾਰੇ ਬ੍ਰਹਮ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਲਿਆਉਣਾ ਪਵੇਗਾ। ਗੁਰਬਾਣੀ ਵਿੱਚ ਰੱਖੇ ਹੋਏ ਮਾਣਿਕ ਜਵਾਹਰ ਹੀਰੇ ਮੋਤੀ ਰੂਪੀ ਬ੍ਰਹਮ ਗਿਆਨ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਅਭਿਆਸ ਕਰਨ ਨਾਲ ਅਸੀਂ ਇਨ੍ਹਾਂ ਅਨਮੋਲਕ ਰੂਹਾਨੀ ਸ਼ਕਤੀਆਂ ਨੂੰ ਆਪਣੇ ਹਿਰਦੇ ਵਿੱਚ ਪਰੋ ਕੇ ਆਪਣੇ ਹਿਰਦੇ ਨੂੰ ਪੂਰਨ ਸਚਿਆਰੀ ਰਹਿਤ ਨਾਲ ਭਰਪੂਰ ਕਰ ਸਕਦੇ ਹਾਂ। ਇਸ ਲਈ ਜਿਹੜਾ ਭੀ ਬ੍ਰਹਮ ਗਿਆਨ ਰੂਪੀ ਮਾਣਿਕ ਮੋਤੀ ਹੀਰਾ ਸਾਨੂੰ ਸਮਝ ਵਿੱਚ ਆਉਂਦਾ ਹੈ ਉਸਨੂੰ ਆਪਣੇ ਰੋਜ਼ਾਨਾ ਜੀਵਨ ਦੇ ਅਭਿਆਸ ਵਿੱਚ ਲਿਆਓ। ਜਦ ਅਸੀਂ ਇਨ੍ਹਾਂ ਅਨਮੋਲਕ ਬਚਨਾਂ ਉੱਪਰ ਅਮਲ ਕਰਦੇ ਹਾਂ ਤਾਂ ਇਹ ਸਾਡੀ ਸਿਆਣਪ ਬਣ ਜਾਂਦੀ ਹੈ। ਅਸੀਂ ਇਨ੍ਹਾਂ ਅਨਮੋਲਕ ਸ਼ਬਦਾਂ ਦੀ ਕਮਾਈ ਕਰਦੇ ਹਾਂ ਅਤੇ ਆਪਣੇ ਚਿੱਤ ਰੂਪੀ ਧਾਗੇ ਵਿੱਚ ਇਨ੍ਹਾਂ ਮਾਣਿਕ ਹੀਰੇ ਮੋਤੀਆਂ ਨੂੰ ਪਰੋ ਕੇ ਸਦਾ ਸੁਹਾਗ ਪ੍ਰਾਪਤ ਕਰ ਸਕਦੇ ਹਾਂ।
“ਕਰਣੀ ਕਾਮਣ ਜੇ ਥੀਐ ਜੇ ਮਨੁ ਧਾਗਾ ਹੋਇ ॥
ਮਾਣਕੁ ਮੁਲਿ ਨ ਪਾਈਐ ਲੀਜੈ ਚਿਤਿ ਪਰੋਇ ॥੨॥“
(ਸ਼੍ਰੀ ਗੁਰੂ ਗ੍ਰੰਥ ਸਾਹਿਬ ੫੫੭)
ਉਹ ਕਿਹੜੇ ਬ੍ਰਹਮ ਗੁਣ, ਬ੍ਰਹਮ ਸ਼ਕਤੀਆਂ ਹਨ ਜਿਨ੍ਹਾਂ ਦੇ ਆਧਾਰ ਤੇ ਸਾਡੀ ਰੂਹਾਨੀਅਤ ਨੂੰ ਮਾਪਿਆ ਜਾਂਦਾ ਹੈ ? ਇਹ ਬ੍ਰਹਮ ਗੁਣਾਂ ਦੇ ਸੁੰਦਰ ਮਣਕੇ ਕਿਹੜੇ ਹਨ ? ਆਓ ਇਨ੍ਹਾਂ ਵਿੱਚੋਂ ਕੁਝ ਬ੍ਰਹਮ ਗੁਣਾਂ ਨੂੰ ਜਾਣਨ ਦਾ ਯਤਨ ਕਰੀਏ।
੧. ਅਨਾਦਿ ਬਖਸ਼ਿਸ਼ – ਗੁਰ ਪ੍ਰਸਾਦਿ
ਇਹ ਬ੍ਰਹਮ ਅਤੇ ਅਨਾਦਿ ਭਾਵਨਾ ਵਿੱਚ ਬੰਦਗੀ ਦਾ ਆਰੰਭ ਹੈ। ਗੁਰਪ੍ਰਸਾਦਿ ਨਾਲ ਬੰਦਗੀ ਸ਼ੁਰੂ ਹੁੰਦੀ ਹੈ। ਗੁਰਪ੍ਰਸਾਦਿ ਤੋਂ ਬਿਨਾਂ ਹੇਠ ਲਿਖੀਆਂ ਰੂਹਾਨੀ ਉਪਲਬਧੀਆਂ ਅਸੰਭਵ ਹਨ :-
* ਪੂਰਨ ਬੰਦਗੀ
* ਨਾਮ
* ਨਾਮ ਸਿਮਰਨ
* ਨਾਮ ਦੀ ਕਮਾਈ
* ਏਕ ਬੂੰਦ ਅੰਮ੍ਰਿਤ ਦੀ ਪ੍ਰਾਪਤੀ
* ਸਮਾਧੀ
* ਸੁੰਨ ਸਮਾਧੀ
* ਸੁਰਤ ਅਤੇ ਹਿਰਦੇ ਵਿੱਚ ਨਾਮ ਸਿਮਰਨ – ਅਜਪਾ ਜਾਪ
* ਸੂਖਸ਼ਮ ਦੇਹੀ ਦਾ ਕੰਚਨ ਬਣ ਜਾਣਾ
* ਰੋਮ ਰੋਮ ਸਿਮਰਨ
* ਸਾਰੀ ਦੇਹੀ ਵਿੱਚ ਅੰਮ੍ਰਿਤ ਭਰਪੂਰ ਹੋਣਾ
* ਸਾਰੇ ਬੱਜਰ ਕਪਾਟਾਂ ਦਾ ਖੁੱਲ੍ਹਨਾ ਸਣੇ ਦਸਮ ਦੁਆਰ ਦੇ
* ਅਨਹਦ ਸ਼ਬਦ ਦਾ ਦਸਮ ਦੁਆਰ ਵਿੱਚ ਪ੍ਰਗਟ ਹੋ ਕੇ ਨਿਰੰਤਰ ਵੱਜਣਾ ਅਤੇ ਦਸਮ ਦੁਆਰ ਵਿੱਚ ਅਖੰਡ ਕੀਰਤਨ ਦੀ ਬਖਸ਼ਿਸ਼ ਹੋਣਾ
* ਸੇਵਾ – ਪਰਉਪਕਾਰ ਅਤੇ ਮਹਾਪਰਉਪਕਾਰ
* ਮਾਇਆ ਉੱਪਰ ਜਿੱਤ
* ਹਉਮੈ ਦਾ ਅੰਤ
* ਪੰਜ ਦੂਤਾਂ ਉੱਪਰ ਜਿੱਤ
* ਇੱਛਾਵਾਂ ਉੱਪਰ ਜਿੱਤ – ਤ੍ਰਿਸ਼ਨਾ ਦਾ ਬੁਝਣਾ
* ਦੁਬਿਧਾ, ਭਰਮਾਂ ਅਤੇ ਭੁਲੇਖਿਆਂ ਦਾ ਅੰਤ
* ਹਿਰਦੇ ਦੀ ਪੂਰਨ ਸਚਿਆਰੀ ਰਹਿਤ
* ਮਨ ਤੇ ਜਿੱਤ
* ਹਿਰਦੇ ਵਿੱਚ ਪਰਮ ਜੋਤ ਪੂਰਨ ਪ੍ਰਕਾਸ਼
* ਸਾਰੇ ਬ੍ਰਹਮ ਗੁਣਾਂ ਦੀ ਕਮਾਈ
* ਪਰਮ ਪੱਦਵੀ ਦੀ ਪ੍ਰਾਪਤੀ
* ਜੀਵਨ ਮੁਕਤੀ
ਅੰਤਲੀ ਪੂਰਨ ਸਚਿਆਈ ਇਹ ਹੈ ਕਿ ਗੁਰਪ੍ਰਸਾਦਿ ਦੇ ਬਿਨਾਂ ਸਦਾ ਸੁਹਾਗਣ ਦੇ ੩੨ ਗੁਣਾਂ ਵਿੱਚੋਂ ਕੋਈ ਵੀ ਸੰਭਵ ਨਹੀਂ ਹੈ।
ਗੁਰਪ੍ਰਸਾਦਿ ਇੱਕ ਨਿਰੰਤਰ ਪ੍ਰਕ੍ਰੀਆ ਹੈ। ਇੱਕ ਵਾਰ ਜਦੋਂ ਤੁਸੀਂ ਗੁਰਪ੍ਰਸਾਦਿ ਦੀ ਪ੍ਰਾਪਤੀ ਕਰ ਲੈਂਦੇ ਹੋ ਅਤੇ ਬੰਦਗੀ ਮਾਰਗ ਦਾ ਪਾਲਣ ਅਤੇ ਤਨ ਮਨ ਧਨ ਨਾਲ ਸੇਵਾ ਕਰਦੇ ਹੋ ਤਾਂ ਗੁਰਪ੍ਰਸਾਦਿ ਦੀ ਬਖਸ਼ਿਸ਼ ਨਿਰੰਤਰ ਆਧਾਰ ਤੇ ਹੁੰਦੀ ਹੈ। ਗੁਰਪ੍ਰਸਾਦਿ ਤੁਹਾਨੂੰ ਬੰਦਗੀ ਮਾਰਗ ਤੇ ਚੱਲਦੇ ਰੱਖਦਾ ਹੈ। ਬੰਦਗੀ ਦੇ ਪੂਰੇ ਹੋਣ ਅਤੇ ਸਦਾ ਸੁਹਾਗਣ ਬਣਨ ਤੋਂ ਬਾਅਦ ਵੀ ਗੁਰਪ੍ਰਸਾਦਿ ਸਾਡੀ ਰੂਹ ਅਤੇ ਮਨ ਦਾ ਸਥਾਈ ਭਾਗ ਬਣ ਜਾਂਦਾ ਹੈ। ਇਹ ਅਮੋਲਕ ਗਹਿਣਾ ਹੈ ਜਿਹੜਾ ਬੰਦਗੀ ਦੀ ਪ੍ਰਕ੍ਰੀਆ ਤੇ ਤੁਹਾਨੂੰ ਤੌਰਦਾ ਹੈ ਅਤੇ ਤੁਹਾਨੂੰ ਰੂਹਾਨੀਅਤ ਦੀਆਂ ਸ਼ਿਖਰਾਂ ਤੇ ਲੈ ਜਾਂਦਾ ਹੈ। ਇਸ ਦੇ ਫਲਸਰੂਪ ਇਹ ਤੁਹਾਨੂੰ ਗੁਰਪ੍ਰਸਾਦਿ ਦਾ ਵਪਾਰੀ ਬਣਾ ਦਿੰਦਾ ਹੈ, ਇਹ ਗੁਰਪ੍ਰਸਾਦਿ ਹੈ ਜੋ ਤੁਹਾਨੂੰ ਬਣਾਉਂਦਾ ਹੈ :
“ਹਰਿ ਕੇ ਨਾਮ ਕੇ ਬਿਆਪਾਰੀ ॥“
(ਸ਼੍ਰੀ ਗੁਰੂ ਗ੍ਰੰਥ ਸਾਹਿਬ ੧੧੨੩)
੨. ਗੁਰ ਅਤੇ ਗੁਰੂ ਨੂੰ ਪੂਰਾ ਸਮਰਪਣ
ਇਹ ਪਰਮ ਪਿਤਾ ਪਰੀਪੂਰਨ ਪਰਮਾਤਮਾ ਦੀ ਦਰਗਾਹ ਦੇ ਦਰਵਾਜ਼ੇ ਦੀ ਚਾਬੀ ਹੈ। ਸਦਾ ਸੁਹਾਗਣ ਦੇ ਤਾਜ ਵਿੱਚ ਉੱਕਰਿਆ ਅਮੋਲਕ ਗਹਿਣਾ ਗੁਰ ਅਤੇ ਗੁਰੂ ਦੇ ਚਰਨਾਂ ਉੱਪਰ ਪੂਰਨ ਸਮਰਪਣ ਹੁੰਦਾ ਹੈ। ਉਸਦਾ ਤਨ ਮਨ ਧਨ ਗੁਰ ਅਤੇ ਗੁਰੂ ਦੇ ਚਰਨਾਂ ਤੇ ਪੂਰਨ ਤੌਰ ਤੇ ਸਮਰਪਿਤ ਹੋ ਜਾਂਦਾ ਹੈ। ਇਹ ਕੇਵਲ ਗੁਰਪ੍ਰਸਾਦਿ ਦੁਆਰਾ ਸੰਭਵ ਹੈ ਜਿਸ ਦੀ ਉਸ ਉੱਪਰ ਨਿਰੰਤਰ ਬਖਸ਼ਿਸ਼ ਹੁੰਦੀ ਹੈ। ਸਾਡੀ ਰੂਹ ਅਤੇ ਮਨ ਦੀ ਰੂਹਾਨੀ ਪ੍ਰਕ੍ਰੀਆ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਅਸੀਂ ਗੁਰ ਅਤੇ ਗੁਰੂ ਨੂੰ ਕਿੰਨਾ ਸੌਂਪਦੇ ਹਾਂ, ਕਿੰਨਾ ਸਮਰਪਣ ਕਰਦੇ ਹਾਂ। ਇਹ ਸਭ ਤੋਂ ਵੱਡਾ ਬ੍ਰਹਮ ਗੁਣ ਹੈ ਜਿਹੜਾ ਤੁਹਾਨੂੰ ਹਉਮੈ ਵਿੱਚੋਂ ਬਾਹਰ ਨਿਕਲਣ ਵਿੱਚ ਤੁਹਾਡੀ ਮਦਦ ਕਰਦਾ ਹੈ ਅਤੇ ਜੋ ਐਸਾ ਕਰਦੇ ਹਨ ਉਹ ਧੰਨ ਧੰਨ ਹੋ ਜਾਂਦੇ ਹਨ, ਸੁਹਾਗ ਅਤੇ ਸਦਾ ਸੁਹਾਗ ਸਹਿਜ ਹੀ ਪ੍ਰਾਪਤ ਕਰ ਲੈਂਦੇ ਹਨ। ਤੁਸੀਂ ਜਿੰਨ੍ਹਾ ਜ਼ਿਆਦਾ ਗੁਰ ਅਤੇ ਗੁਰੂ ਨੂੰ ਸੌਂਪਦੇ ਹੋ ਉਸ ਦਾ ਕਰੋੜਾਂ ਗੁਣਾਂ ਹੋ ਕੇ ਤੁਹਾਨੂੰ ਵਾਪਸ ਮਿਲਦਾ ਹੈ। ਇਸ ਲਈ ਗੁਰਬਾਣੀ ਦਾ ਬਚਨ ਹੈ :-
“ਸਤਿ ਗੁਰ ਕੋਟਿ ਪੈਡਾ ਆਗੇ ਹੋਇ ਲੇਤ ਹੈ ॥”
(ਭਾਈ ਗੁਰਦਾਸ ਜੀ ਵਾਰ ੩੭)
ਇਸ ਤਰ੍ਹਾਂ ਗੁਰ ਅਤੇ ਗੁਰੂ ਤੁਹਾਡੀਆਂ ਗੰਭੀਰ ਮਾਨਸਿਕ ਬਿਮਾਰੀਆਂ ਨੂੰ ਲੈ ਲੈਂਦਾ ਹੈ ਅਤੇ ਤੁਹਾਨੂੰ ਅੰਦਰੋਂ ਬਾਹਰੋਂ ਸਾਫ ਕਰਕੇ ਸਚਿਆਰਾ ਬਣਾ ਦਿੰਦਾ ਹੈ। ਪਰਮਾਤਮਾ ਸਚਿਆਰ ਕੇਵਲ ਇੱਕ ਪੂਰਨ ਸਚਿਆਰੇ ਹਿਰਦੇ ਵਿੱਚ ਹੀ ਪ੍ਰਗਟ ਹੁੰਦਾ ਹੈ। ਪੂਰਨ ਸਮਰਪਣ ਸਾਨੂੰ ਪੂਰਨ ਸਚਿਆਰੇ ਹਿਰਦੇ ਦੀ ਗੁਰਪ੍ਰਸਾਦੀ ਬਖਸ਼ਿਸ਼ ਕਰਦਾ ਹੈ ਅਤੇ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਸਾਡੇ ਹਿਰਦੇ ਵਿੱਚ ਪ੍ਰਗਟ ਕਰ ਦੇਂਦਾ ਹੈ।
੩. ਗੁਰ, ਗੁਰੂ ਅਤੇ ਗੁਰਬਾਣੀ ਵਿੱਚ ਭਰੋਸਾ, ਯਕੀਨ, ਦ੍ਰਿੜ੍ਹਤਾ ਅਤੇ ਵਿਸ਼ਵਾਸ
ਇਹ ਇੱਕ ਹੋਰ ਅਮੋਲਕ ਗਹਿਣਾ ਹੈ ਜਿਸ ਦੀ ਸਦਾ ਸੁਹਾਗਣ ਆਪਣੇ ਤਾਜ ਦੇ ਗਹਿਣਿਆਂ ਬ੍ਰਹਮ ਗਿਆਨ ਗੁਰਮਤਿ ਦੀ ਕਮਾਈ ਕਰਦੀ ਹੈ। ਇਸ ਸਭ ਤੋਂ ਮਹੱਤਵਪੂਰਨ ਲਾਜ਼ਮੀ ਦਰਗਾਹੀ ਕਾਨੂੰਨ ਦੇ ਅਭਿਆਸ ਤੋਂ ਬਿਨਾਂ ਬੰਦਗੀ ਸੰਭਵ ਨਹੀਂ ਹੈ। ਤੁਹਾਡੇ ਰੂਹਾਨੀ ਲਾਭ ਤੁਹਾਡੇ, ਗੁਰ, ਗੁਰੂ ਅਤੇ ਗੁਰਬਾਣੀ ਵਿੱਚ ਭਰੋਸੇ, ਯਕੀਨ, ਦ੍ਰਿੜ੍ਹਤਾ ਅਤੇ ਵਿਸ਼ਵਾਸ ਦੇ ਭਾਗ ਅਨੁਸਾਰ ਹੁੰਦੇ ਹਨ। ਸੱਚੀ ਪ੍ਰੀਤ, ਭਰੋਸਾ ਅਤੇ ਪਿਆਰ ਕੇਵਲ ਸਤੋ ਗੁਣ ਹੀ ਨਹੀਂ ਹਨ, ਇਹ ਬੇਅੰਤ ਇਲਾਹੀ ਸ਼ਕਤੀਆਂ ਹਨ ਜੋ ਕਿ ਆਪ ਨੂੰ ਦਰਗਾਹ ਵਿੱਚ ਮਾਣ ਪ੍ਰਾਪਤ ਕਰਨ ਵਿੱਚ ਸਹਾਇਕ ਸਿੱਧ ਹੁੰਦੀਆਂ ਹਨ। ਇਨ੍ਹਾਂ ਇਲਾਹੀ ਸ਼ਕਤੀਆਂ ਤੋਂ ਬਿਨਾਂ ਆਪ ਦੀ ਬੰਦਗੀ ਨੂੰ ਦਰਗਾਹ ਵਿੱਚ ਪਰਵਾਨਗੀ ਨਹੀਂ ਮਿਲਦੀ ਹੈ। ਇਨ੍ਹਾਂ ਰੂਹਾਨੀ ਸ਼ਕਤੀਆਂ ਦੀ, ਇਨ੍ਹਾਂ ਇਲਾਹੀ ਗੁਣਾਂ ਦੀ ਕੋਈ ਸੀਮਾ ਨਹੀਂ ਹੈ। ਸਦਾ ਸੁਹਾਗਣ ਦੇ ਇਹ ਪਰਮ ਲੱਛਣ ਆਪ ਅਕਾਲ ਪੁਰਖ ਦੀ ਤਰ੍ਹਾਂ ਅਸੀਮਿਤ ਹੁੰਦੇ ਹਨ, ਬੇਅੰਤ ਹੁੰਦੇ ਹਨ। ਜਿਸ ਤਰ੍ਹਾਂ ਪਰਮਾਤਮਾ ਦੀ ਕੋਈ ਸੀਮਾ ਨਹੀਂ ਹੁੰਦੀ, ਪਰਮਾਤਮਾ ਬੇਅੰਤ ਹੈ ਠੀਕ ਉਸੇ ਤਰ੍ਹਾਂ ਉਸਦੀਆਂ ਇਹ ਇਲਾਹੀ ਸ਼ਕਤੀਆਂ ਵੀ ਬੇਅੰਤ ਹਨ। ਇਹ ਗੁਣ ਮਾਪਣ ਅਤੇ ਮਾਤਰਾ ਤੋਂ ਪਰ੍ਹੇ ਹੁੰਦੇ ਹਨ। ਜਿੰਨ੍ਹਾ ਜ਼ਿਆਦਾ ਭਰੋਸਾ, ਯਕੀਨ, ਦ੍ਰਿੜ੍ਹਤਾ ਅਤੇ ਵਿਸ਼ਵਾਸ ਹੋਵੇਗਾ ਉਤਨੀ ਉੱਚੀ ਸੁਹਾਗਣ ਰੂਹ ਦੀ ਰੂਹਾਨੀ ਅਵਸਥਾ ਹੋਵੇਗੀ। ਅਸਲ ਵਿੱਚ ਭਰੋਸਾ, ਯਕੀਨ, ਦ੍ਰਿੜ੍ਹਤਾ ਅਤੇ ਵਿਸ਼ਵਾਸ ਬੰਦਗੀ ਦਾ ਦੂਸਰਾ ਨਾਮ ਹੈ। ਸ਼ਰਧਾ ਅਤੇ ਪਿਆਰ ਬੰਦਗੀ ਦੇ ਹੀ ਇਲਾਹੀ ਰੂਪ ਹਨ। ਬੰਦਗੀ ਕਰਦੇ ਕਰਦੇ ਜਦ ਭਰੋਸਾ, ਪਿਆਰ ਅਤੇ ਸ਼ਰਧਾ ਸਾਰੀਆ ਸੀਮਾਵਾਂ ਲੰਘ ਕੇ ਅਸੀਮਤਾ ਅਤੇ ਬੇਅੰਤਤਾ ਵਿੱਚ ਚਲਾ ਜਾਂਦਾ ਹੈ ਤਾਂ ਸਦਾ ਸੁਹਾਗਣ ਦਾ ਜਨਮ ਹੁੰਦਾ ਹੈ, ਤਾਂ ਪੂਰਨ ਬ੍ਰਹਮ ਗਿਆਨੀ ਦੇ ਰੂਪ ਵਿੱਚ ਅਕਾਲ ਪੁਰਖ ਦੀ ਮਹਿਮਾ ਪ੍ਰਗਟਿਓ ਜੋਤ ਬਣ ਕੇ ਸੰਸਾਰ ਵਿੱਚ ਪ੍ਰਗਟ ਹੁੰਦੀ ਹੈ।
੪. ਨਾਮ ਅੰਮ੍ਰਿਤ ਦੀ ਪ੍ਰਾਪਤੀ
ਇਹ ਅਨਮੋਲਕ ਹੀਰਾ ਹੈ, ਅਨਮੋਲਕ ਰਤਨ ਹੈ। ਇਹ ਗੁਰਪ੍ਰਸਾਦਿ “ੴ ਸਤਿਨਾਮ” ਜਿਸ ਤਰ੍ਹਾਂ ਧੰਨ ਧੰਨ ਅਕਾਲ ਪੁਰਖ ਦੇ ਅਵਤਾਰ ਸੱਚੇ ਪਾਤਿਸ਼ਾਹ ਨਾਨਕ ਪਾਤਿਸ਼ਾਹ ਜੀ ਨੇ ਮੂਲ ਮੰਤਰ ਵਿੱਚ ਬੇਅੰਤ ਕਿਰਪਾ ਕਰਕੇ ਸਾਡੇ ਵਰਗੇ ਸਾਰੇ ਕਲਯੁਗੀ ਜੀਵਾਂ ਦੀ ਝੋਲੀ ਵਿੱਚ ਪਾਉਣ ਦੀ ਕਿਰਪਾਲਤਾ ਕੀਤੀ ਹੈ। ਸੁਹਾਗਣ ਬਣਨ ਵੱਲ ਯਾਤਰਾ ਨਾਮ ਅੰਮ੍ਰਿਤ ਦੇ ਗੁਰਪ੍ਰਸਾਦਿ ਤੋਂ ਹੀ ਸ਼ੁਰੂ ਹੁੰਦੀ ਹੈ। ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਪਰਉਪਕਾਰ ਮਹਾਪਰਉਪਕਾਰ ਦੇ ਗੁਰਪ੍ਰਸਾਦਿ ਨਾਲ ਹੀ ਸਦਾ ਸੁਹਾਗਣ ਆਪਣੇ ਆਪ ਨੂੰ ਸ਼ਿੰਗਾਰਦੀ ਹੈ ਅਤੇ ਹਿਰਦੇ ਦੀ ਪੂਰਨ ਸਚਿਆਰੀ ਰਹਿਤ ਦੀ ਕਮਾਈ ਕਰਦੀ ਹੈ, ਮਾਇਆ ਨੂੰ ਜਿੱਤ ਕੇ ਦਰਗਾਹ ਵਿੱਚ ਮਾਣ ਪ੍ਰਾਪਤ ਕਰਦੀ ਹੈ।
੫. ਏਕ ਬੂੰਦ ਅੰਮ੍ਰਿਤ ਦੀ ਪ੍ਰਾਪਤੀ
ਗੁਰਪ੍ਰਸਾਦਿ ਇੱਕ ਰੂਹ ਦੇ ਅੰਦਰ ਇਹ ਬ੍ਰਹਮ ਅੰਮ੍ਰਿਤ ਲਿਆਉਂਦਾ ਹੈ ਅਤੇ ਰੂਹ ਇਸ ਗਹਿਣੇ ਨੂੰ ਤ੍ਰਿਕੁਟੀ ਵਿੱਚ ਧਾਰਣ ਕਰਕੇ ਸੁਹਾਗਣ ਬਣ ਜਾਂਦੀ ਹੈ। ਨਾਮ ਦੇ ਗੁਰਪ੍ਰਸਾਦਿ ਨਾਲ ਕੁੰਡਲਨੀ ਸ਼ਕਤੀ ਜਾਗਰਤ ਹੋ ਜਾਂਦੀ ਹੈ ਅਤੇ ਇੜਾ, ਪਿੰਗਲਾ ਅਤੇ ਸੁਸ਼ਮਨਾ ਨੂੰ ਜਾਗਰਤ ਕਰਕੇ ਤ੍ਰਿਕੁਟੀ ਦੇ ਪ੍ਰਕਾਸ਼ਮਾਨ ਹੋ ਜਾਣ ਨਾਲ ਨਾਮ ਸਿਮਰਨ ਮਨ ਅਤੇ ਸੁਰਤ ਵਿੱਚ ਚਲਾ ਜਾਂਦਾ ਹੈ, ਅਤੇ ਦੁਹਾਗਣ ਨੂੰ ਸੁਹਾਗਣ ਵਿੱਚ ਬਦਲ ਦਿੰਦਾ ਹੈ। ਇਹ ਗੁਰਪ੍ਰਸਾਦਿ ਦੀ ਦੂਸਰੀ ਅਨਾਦਿ ਦਾਤ ਹੈ ਜੋ ਦੁਹਾਗਣ ਸੁਹਾਗਣ ਬਣਨ ਲਈ ਪ੍ਰਾਪਤ ਕਰਦੀ ਹੈ। ਇਹ ਅਨਮੋਲਕ ਹੀਰਾ ਹੈ ਜਿਹੜਾ ਅੰਦਰਲੇ ੭ ਸਤਿ ਸਰੋਵਰ ਜਾਗਰਤ ਕਰਕੇ ਸਾਰੀ ਦੇਹੀ ਵਿੱਚ ਅੰਮ੍ਰਿਤ ਦੇ ਪ੍ਰਵਾਹ ਨਾਲ ਤੁਹਾਨੂੰ ਅੰਦਰੋਂ ਬਾਹਰੋਂ ਸਾਫ ਕਰਨਾ ਸ਼ੁਰੂ ਕਰਦਾ ਹੈ।
੬. ਸਮਾਧੀ ਦੀ ਪ੍ਰਾਪਤੀ
ਇਹ ਅਗਲੀ ਗੁਰਪ੍ਰਸਾਦੀ ਅਨਾਦਿ ਬਖਸ਼ਿਸ਼ ਦੀ ਦਾਤ ਹੈ ਜੋ ਸੁਹਾਗਣ ਸਰਵ ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਕੋਲੋਂ ਪ੍ਰਾਪਤ ਕਰਦੀ ਹੈ। ਜਦੋਂ ਨਾਮ ਅੰਮ੍ਰਿਤ ਸੁਰਤ ਵਿੱਚ ਚਲਾ ਜਾਂਦਾ ਹੈ ਇਸ ਦੇ ਬਾਅਦ ਇਹ ਹਿਰਦੇ ਵਿੱਚ ਜਾਂਦਾ ਹੈ। ਲਿਵ ਲੱਗ ਜਾਂਦੀ ਹੈ। ਜਦ ਸੁਹਾਗਣ ਧਿਆਨ ਨਾਮ ਵਿੱਚ ਲੈ ਕੇ ਜਾਂਦੀ ਹੈ ਤਾਂ ਉਸੇ ਵੇਲੇ ਹੀ ਸਮਾਧੀ ਲੱਗ ਜਾਂਦੀ ਹੈ, ਦੁਨੀਆਂ ਦੀ ਸੁੱਧ ਬੁੱਧ ਨਹੀਂ ਰਹਿੰਦੀ ਹੈ। ਜਦ ਗੁਰਬਾਣੀ ਜਾਂ ਕੀਰਤਨ ਸ਼ੁਰੂ ਹੁੰਦਾ ਹੈ ਤਾਂ ਸੁਰਤ ਸ਼ਬਦ ਵਿੱਚ ਖਿੱਚੀ ਜਾਂਦੀ ਹੈ, ਸਮਾਧੀ ਲੱਗ ਜਾਂਦੀ ਹੈ।
“ਇਕਸੁ ਸਿਉ ਲਿਵ ਲਾਗੀ ਸਦ ਹੀ ਹਰਿ ਨਾਮੁ ਮੰਨਿ ਵਸਾਵਣਿਆ।।੪।।“
(ਸ਼੍ਰੀ ਗੁਰੂ ਗ੍ਰੰਥ ਸਾਹਿਬ ੧੨੨)
ਅੰਮ੍ਰਿਤ ਅੰਦਰ ਆਉਣਾ ਸ਼ੁਰੂ ਹੁੰਦਾ ਹੈ। ਅੰਦਰੋਂ ਸਾਫ ਹੋਣ ਦੀ ਪ੍ਰਕ੍ਰੀਆ ਸ਼ੁਰੂ ਹੁੰਦੀ ਹੈ। ਅਨਾਦਿ ਖੁਸ਼ੀ ਅਤੇ ਆਨੰਦ ਰੂਹ ਅਤੇ ਮਨ ਵਿੱਚ ਵਹਿਣਾ ਸ਼ੁਰੂ ਹੁੰਦਾ ਹੈ। ਇਹ ਸੁਹਾਗਣ ਦੇ ਤਾਜ ਵਿੱਚ ਇੱਕ ਹੋਰ ਅਨਮੋਲਕ ਗਹਿਣਾ ਹੈ। ਜਿਸ ਦੀ ਉਸ ਨੂੰ ਬਖਸ਼ਿਸ਼ ਹੋਈ ਹੈ। ਉਸ ਸਮੇਂ ਜਦ ਕੀਰਤਨ, ਗੁਰਬਾਣੀ, ਜਾਂ ਸਿਮਰਨ ਸ਼ੁਰੂ ਹੁੰਦਾ ਹੈ ਤਾਂ ਸੁਹਾਗਣ ਸਮਾਧੀ ਵਿੱਚ ਚਲੀ ਜਾਂਦੀ ਹੈ। ਬ੍ਰਹਿਮੰਡ ਦੀ ਊਰਜਾ ਅਤੇ ਰੂਹਾਨੀ ਊਰਜਾ ਸ਼ਰੀਰ ਵਿੱਚੋਂ ਬਾਹਰ ਵੱਗਣੀ ਸ਼ੁਰੂ ਹੋ ਜਾਂਦੀ ਹੈ। ਰੂਹ ਕਰਮ ਖੰਡ ਵਿੱਚ ਸਥਾਪਿਤ ਹੋ ਜਾਂਦੀ ਹੈ, ਦਰਗਾਹ ਵਿੱਚ ਬੰਦਗੀ ਦਾ ਖ਼ਾਤਾ ਖੁੱਲ੍ਹ ਜਾਂਦਾ ਹੈ। ਅਸਲ ਵਿੱਚ ਬੰਦਗੀ ਸੁਹਾਗ ਦੀ ਪ੍ਰਾਪਤੀ ਨਾਲ ਹੀ ਸ਼ੁਰੂ ਹੁੰਦੀ ਹੈ।
੭. ਸੁੰਨ ਸਮਾਧੀ ਦੀ ਪ੍ਰਾਪਤੀ
ਇਹ ਅਗਲੀ ਬਹੁਤ ਹੀ ਉੱਚ ਗੁਰਪ੍ਰਸਾਦੀ ਅਨਾਦਿ ਬਖਸ਼ਿਸ਼ ਦੀ ਗੁਰਪ੍ਰਸਾਦਿ ਹੁੰਦੀ ਹੈ ; ਪੂਰਨ ਸ਼ਾਂਤੀ ਦੀ ਅਵਸਥਾ ਧਿਆਨ ਦੀ ਡੂੰਘੀ ਅਵਸਥਾ ਕੋਈ ਵਿਚਾਰ ਨਹੀਂ ਕੋਈ ਭੁਚਲਾਵਾ ਨਹੀਂ। ਮਨ ਪੂਰਨ ਸ਼ਾਂਤੀ ਵਿੱਚ ਚਲਾ ਜਾਂਦਾ ਹੈ। ਮਨ ਪੂਰਨ ਵਿਸ਼ਰਾਮ ਵਿੱਚ ਚਲਾ ਜਾਂਦਾ ਹੈ। ਇਹ ਨਾਮ ਸਿਮਰਨ ਦੀ ਅਗਲੀ ਸਰਵ ਉੱਚ ਅਵਸਥਾ ਹੁੰਦੀ ਹੈ। ਗੁਰਬਾਣੀ ਵਿੱਚ ਇਸ ਅਵਸਥਾ ਨੂੰ ਮਹਾ ਪਰਮਾਰਥ ਕਿਹਾ ਗਿਆ ਹੈ। ਸੁੰਨ ਸਮਾਧੀ ਦੇ ਅਭਿਆਸ ਨਾਲ ਮਨ ਚਿੰਦਿਆ ਜਾਂਦਾ ਹੈ। ਮਨ ਪਰਮ ਜੋਤ ਪੂਰਨ ਪ੍ਰਕਾਸ਼ ਵਿੱਚ ਪਰਿਵਰਤਿਤ ਹੋ ਜਾਂਦਾ ਹੈ, ਮਨ ਜੋਤ ਬਣ ਜਾਂਦਾ ਹੈ, ਮਨਮਤਿ ਸਮਾਪਤ ਹੋ ਜਾਂਦੀ ਹੈ, ਮਨਮਤਿ ਗੁਰਮਤਿ ਵਿੱਚ ਪਰਿਵਰਤਿਤ ਹੋ ਜਾਂਦੀ ਹੈ।
“ਸੁੰਨ ਸਮਾਧਿ ਮਹਾ ਪਰਮਾਰਥੁ ਤੀਨਿ ਭਵਣ ਪਤਿ ਨਾਮੰ ॥“
(ਸ਼੍ਰੀ ਗੁਰੂ ਗ੍ਰੰਥ ਸਾਹਿਬ ੬੩੪)
ਬਹੁਤੇ ਰੂਹਾਨੀ ਅਨੁਭਵ ਸੁੰਨ ਸਮਾਧੀ ਦੇ ਲੰਮੇ ਸਮੇਂ ਵਿੱਚ ਹੁੰਦੇ ਹਨ। ਜਦੋਂ ਅਸੀਂ ਨਾਮ ਸਿਮਰਨ ਸਮਾਧੀ ਅਤੇ ਸੁੰਨ ਸਮਾਧੀ ਵਿੱਚ ਕਰਦੇ ਹਾਂ ਤਾਂ ਰੂਹ ਦਰਗਾਹ ਵਿੱਚ ਚਲੀ ਜਾਂਦੀ ਹੈ, ਸਿਮਰਨ ਦਰਗਾਹ ਵਿੱਚ ਗਿਣਿਆ ਜਾਂਦਾ ਹੈ।
੮. ਬੱਜਰ ਕਪਾਟ ਖੁੱਲ੍ਹਣੇ
ਇਹ ਸਾਡੀ ਸੂਖਸ਼ਮ ਦੇਹੀ ਵਿਚਲੇ ਰੂਹਾਨੀ ਦੁਆਰ ਹਨ। ਸੂਖਸ਼ਮ ਦੇਹੀ ਇਨ੍ਹਾਂ ਦਵਾਰਾਂ ਰਾਹੀਂ ਰੂਹਾਨੀ ਊਰਜਾ ਪ੍ਰਾਪਤ ਕਰਦੀ ਹੈ। ਇਨ੍ਹਾਂ ਰੂਹਾਨੀ ਦੁਆਰਾਂ ਰਾਹੀਂ ਸਾਡਾ ਸੰਬੰਧ ਅਕਾਲ ਪੁਰਖ ਦੇ ਨਿਰਗੁਣ ਸਰੂਪ ਨਾਲ ਬਣ ਜਾਂਦਾ ਹੈ।
* ਸਿਰ ਵਿੱਚ ਐਸੇ ਚਾਰ ਦਵਾਰ ਹਨ: ਇੱਕ ਮੱਥੇ ਵਿੱਚ, ਦੋ ਸਾਡੇ ਸਿਰ ਦੇ ਦੋਹਾਂ ਕੰਨਾਂ ਦੇ ਉੱਪਰ ਅਤੇ ਇੱਕ ਪਿੱਛਲੇ ਪਾਸੇ ਜਿਥੇ ਰੀੜ੍ਹ ਦੀ ਹੱਡੀ ਖਤਮ ਹੁੰਦੀ ਹੈ ਉਸਦੇ ਬਿਲਕੁਲ ਉੱਪਰ ਵਾਲੀ ਥਾਂ।
* ਪੰਜਵਾਂ ਦੁਆਰ ਜਿਸਨੂੰ ਗੁਰਬਾਣੀ ਵਿੱਚ ਦਸਮ ਦੁਆਰ ਕਿਹਾ ਗਿਆ ਹੈ ਉਹ ਸਿਰ ਦੇ ਉੱਪਰਲੇ ਹਿੱਸੇ ਵਿੱਚ ਹੁੰਦਾ ਹੈ।
* ਹਰ ਹੱਥ ਦੀ ਹਥੇਲੀ ਵਿੱਚ ਦੋ ਦਰਵਾਜ਼ੇ ਹਨ।
* ਦੋ ਦਰਵਾਜ਼ੇ ਸਾਡੇ ਪੈਰਾਂ ਦੀਆਂ ਤਲੀਆਂ ਵਿੱਚ।
ਜਦ ਰੂਹ ਸੁਹਾਗਣ ਬਣਦੀ ਹੈ ਤਾਂ ਸਾਡੀ ਰੂਹ ਦੇ ਇਹ ਸਾਰੇ ਰੂਹਾਨੀ ਦੁਆਰ ਖੁੱਲ੍ਹ ਜਾਂਦੇ ਹਨ ਅਤੇ ਉਹ ਇਨ੍ਹਾਂ ਦਵਾਰਾਂ ਦੇ ਅੰਦਰੋਂ ਰੂਹਾਨੀ ਪਰਮ ਸ਼ਕਤੀ ਪ੍ਰਾਪਤ ਕਰਨੀ ਸ਼ੁਰੂ ਕਰਦੀ ਹੈ। ਸ਼ੁਰੂ ਵਿੱਚ ਸਮਾਧੀ ਅਤੇ ਸੁੰਨ ਸਮਾਧੀ ਵਿੱਚ ਸਿਮਰਨ ਕਰਨ ਦੇ ਨਤੀਜੇ ਵਜੋਂ ਇਹ ਰੂਹਾਨੀ ਪਰਮ ਸ਼ਕਤੀ ਅੰਦਰ ਆਉਂਦੀ ਹੈ। ਜਦ ਮਨੁੱਖ ਨਾਮ ਸਿਮਰਨ ਦੀਆਂ ਉੱਚ ਅਵਸਥਾਵਾਂ ਵਿੱਚ ਜਾਂਦਾ ਹੈ ਤਦ ਰੂਹਾਨੀ ਪਰਮ ਸ਼ਕਤੀ ਦਾ ਸ਼ਰੀਰ ਵਿੱਚ ਨਿਰੰਤਰ ਵਹਾਅ ਹੁੰਦਾ ਹੈ। ਰੂਹਾਨੀ ਪਰਮ ਸ਼ਕਤੀ ਸਾਨੂੰ ਅੰਦਰੋਂ ਪੂਰੀ ਤਰ੍ਹਾਂ ਸਾਫ ਕਰ ਦਿੰਦੀ ਹੈ ਅਤੇ ਅਸੀਂ ਆਪਣੀ ਅੰਤਿਮ ਪ੍ਰਾਪਤੀ ਵੱਲ ਤੇਜ਼ੀ ਨਾਲ ਅੱਗੇ ਵੱਧਦੇ ਹਾਂ। ਇਨ੍ਹਾਂ ਦਵਾਰਾਂ ਦਾ ਖੁੱਲ੍ਹਣਾ ਪੂਰਨ ਬੰਦਗੀ ਵਿੱਚ ਵੱਡੀ ਪ੍ਰਾਪਤੀ ਹੁੰਦੀ ਹੈ। ਇਹ ਸੁਹਾਗਣ ਦੇ ਤਾਜ ਵਿੱਚ ਇੱਕ ਹੋਰ ਅਨਮੋਲਕ ਗਹਿਣਾ ਹੁੰਦਾ ਹੈ।
੯. ਕੰਚਨ ਸੂਖਸ਼ਮ ਦੇਹੀ ਅਤੇ ਰੂਹ ਦੀ ਸ਼ੁੱਧਤਾ ਦੀ ਪ੍ਰਾਪਤੀ
ਜਦ ਸੁਹਾਗਣਾਂ ਹਰ ਰੋਜ਼ ਲੰਮੇ ਸਮੇਂ ਲਈ ਡੂੰਘੇ ਧਿਆਨ, ਸਮਾਧੀ ਅਤੇ ਸੁੰਨ ਸਮਾਧੀ ਵਿੱਚ ਜਾਂਦੀਆਂ ਹਨ ਤਾਂ ਉਹਨਾਂ ਦੀ ਰੂਹ, ਮਨ, ਹਿਰਦਾ ਸਾਫ ਹੋਣੇ ਸ਼ੁਰੂ ਹੋ ਜਾਂਦੇ ਹਨ। ਸਾਰੀਆਂ ਮਾਨਸਿਕ ਬਿਮਾਰੀਆਂ ਖਤਮ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਸਾਡੀ ਦੇਹੀ ਰੂਪੀ ਭਾਂਡੇ ਵਿੱਚ ਸਾਰੇ ਵਿਨਾਸ਼ਕਾਰੀ ਵਿਕਾਰਾਂ ਰੂਪੀ ਛੇਕ ਜੋ ਇਨ੍ਹਾਂ ਗੰਭੀਰ ਮਾਨਸਿਕ ਬਿਮਾਰੀਆਂ ਦਾ ਕਾਰਨ ਹੁੰਦੇ ਹਨ, ਭਰਨੇ ਸ਼ੁਰੂ ਹੋ ਜਾਂਦੇ ਹਨ। ਨਿਰੰਤਰ ਨਾਮ ਦੀ ਕਮਾਈ ਨਾਲ ਇਨ੍ਹਾਂ ਵਿਨਾਸ਼ਕਾਰੀ ਵਿਕਾਰਾਂ ਤੋਂ ਹਿਰਦੇ ਨੂੰ ਮੁਕਤੀ ਮਿਲ ਜਾਂਦੀ ਹੈ, ਹਿਰਦਾ ਨਿਰਮਲ ਹੋ ਜਾਂਦਾ ਹੈ, ਹਿਰਦਾ ਪਵਿੱਤਰ ਹੋ ਜਾਂਦਾ ਹੈ, ਸਾਰੀ ਜਨਮ ਜਨਮ ਦੀ ਮੈਲ ਧੁੱਲ੍ਹ ਜਾਂਦੀ ਹੈ, ਹਿਰਦਾ ਪੂਰਨ ਸਚਿਆਰੀ ਰਹਿਤ ਵਿੱਚ ਚਲਾ ਜਾਂਦਾ ਹੈ। ਅੰਮ੍ਰਿਤ ਸੂਖਸ਼ਮ ਦੇਹੀ ਵਿੱਚ ਭਰਪੂਰ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਇਸ ਦੇ ਫਲਸਰੂਪ ਸੂਖਸ਼ਮ ਦੇਹੀ ੨੪ ਕੈਰਟ ਸੋਨੇ ਦੀ ਤਰ੍ਹਾਂ ਸ਼ੁੱਧ ਬਣ ਜਾਂਦੀ ਹੈ, ਵਿਨਾਸ਼ਕਾਰੀ ਵਿਕਾਰਾਂ ਪੰਜ ਦੂਤਾਂ ਅਤੇ ਤ੍ਰਿਸ਼ਨਾ ਦੇ ਬੋਝ ਤੋਂ ਮੁਕਤ ਹੋ ਜਾਂਦੀ ਹੈ, ਸਾਰੇ ਪੂਰਬਲੇ ਜਨਮ ਜਨਮਾਂਤਰਾਂ ਦੇ ਕਰਮਾਂ ਦੇ ਬੋਝ ਤੋਂ ਮੁਕਤ ਹੋ ਜਾਂਦੀ ਹੈ। ਦੇਹੀ ਪੂਰੀ ਤਰ੍ਹਾਂ ਨਾਮ ਅੰਮ੍ਰਿਤ ਨਾਲ ਭਰਪੂਰ ਹੋ ਜਾਂਦੀ ਹੈ। ਦੇਹੀ ਪੂਰੀ ਤਰ੍ਹਾਂ ਰੂਹਾਨੀਅਤ ਨਾਲ ਭਰਪੂਰ ਹੋ ਜਾਂਦੀ ਹੈ ਅਤੇ ਇਸ ਦੇ ਫਲਸਰੂਪ ਅੰਮ੍ਰਿਤ ਸੂਖਸ਼ਮ ਦੇਹੀ ਵਿੱਚੋਂ ਬਾਹਰ ਵਹਿਣਾ ਸ਼ੁਰੂ ਹੋ ਜਾਂਦਾ ਹੈ। ਇਸ ਅਵਸਥਾ ਦਾ ਵਰਣਨ ਆਸਾ ਦੀ ਵਾਰ ਵਿੱਚ ਕੀਤਾ ਗਿਆ ਹੈ।
“ਹਰਿ ਅੰਮ੍ਰਿਤ ਭਿੰਨੇ ਲੋਇਣਾ ਮਨੁ ਪ੍ਰੇਮਿ ਰਤੰਨਾ ਰਾਮ ਰਾਜੇ ॥
ਮਨੁ ਰਾਮਿ ਕਸਵਟੀ ਲਾਇਆ ਕੰਚਨੁ ਸੋਵਿੰਨਾ ॥
ਗੁਰਮੁਖਿ ਰੰਗਿ ਚਲੂਲਿਆ ਮੇਰਾ ਮਨੁ ਤਨੋ ਭਿੰਨਾ ॥
ਜਨੁ ਨਾਨਕੁ ਮੁਸਕਿ ਝਕੋਲਿਆ ਸਭੁ ਜਨਮੁ ਧਨੁ ਧੰਨਾ ॥੧॥“
(ਸ਼੍ਰੀ ਗੁਰੂ ਗ੍ਰੰਥ ਸਾਹਿਬ ੪੪੮ )
ਇਹ ਸੰ ਤ੍ਰਿਪਤੀ ਹੈ : ਸੰ ਤ੍ਰਿਪਤੀ , ਸਰਵੋਤਮ ਸਰਵੋਤਮ ਸੰ ਤ੍ਰਿਪਤੀ ਸਾਰੇ ਸ਼ਰੀਰ ਵਿੱਚ ਨਾਮ ਅੰਮ੍ਰਿਤ ਦੀ ਕਦੀ ਨਾ ਖ਼ਤਮ ਹੋਣ ਵਾਲੀ ਸੰ ਤ੍ਰਿਪਤੀ ਜਿਹੜਾ ਕਿ ਸਦਾ ਸੁਹਾਗਣ ਦੇ ਤਾਜ ਉੱਪਰ ਜੜਿਆ ਸਭ ਤੋਂ ਅਨਮੋਲਕ ਹੀਰਾ ਹੈ।
੧੦. ਪੰਜ ਦੂਤਾਂ ਉੱਪਰ ਕਾਬੂ
ਜਦ ਸੁਹਾਗਣ ਨਿਰੰਤਰ ਆਧਾਰ ਤੇ ਡੂੰਘੇ ਧਿਆਨ ਦੇ ਲੰਬੇ ਅਭਿਆਸ ਵਿੱਚ ਜਾਂਦੀ ਹੈ, ਤਦ ਦਿਨ ਅਤੇ ਰਾਤ ਦੇ ਨਿਰੰਤਰ ਅਜੱਪਾ ਜਪ ਅਤੇ ਰੋਮ ਰੋਮ ਨਾਮ ਸਿਮਰਨ ਦੇ ਕਾਰਨ, ਇਹ ਪੰਜ ਚੋਰ : ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਸ਼ਰੀਰ ਨੂੰ ਛੱਡ ਦਿੰਦੇ ਹਨ, ਤ੍ਰਿਸ਼ਨਾ ਬੁੱਝ ਜਾਂਦੀ ਹੈ, ਮਾਇਆ ਉੱਪਰ ਜਿੱਤ ਪ੍ਰਾਪਤ ਹੋ ਜਾਂਦੀ ਹੈ, ਸੁਹਾਗਣ ਤ੍ਰਿਹ ਗੁਣ ਮਾਇਆ ਤੇ ਪਰ੍ਹੇ ਚਲੀ ਜਾਂਦੀ ਹੈ ਅਤੇ ਅਕਾਲ ਪੁਰਖ ਦੇ ਨਿਰਗੁਣ ਸਰੂਪ ਵਿੱਚ ਲੀਨ ਹੋ ਜਾਂਦੀ ਹੈ ਅਤੇ ਪਰਮਾਤਮਾ ਨਾਲ ਇੱਕ ਮਿੱਕ ਹੋ ਜਾਂਦੀ ਹੈ, ਸਦਾ ਸੁਹਾਗਣ ਬਣ ਜਾਂਦੀ ਹੈ। ਸੁਹਾਗਣ ਮਨ ਉੱਪਰ ਜਿੱਤ ਪਾ ਲੈਂਦੀ ਹੈ ਅਤੇ ਆਪਣੇ ਤਾਜ ਵਿੱਚ ਇੱਕ ਹੋਰ ਅਨਮੋਲਕ ਗਹਿਣੇ ਦੀ ਕਮਾਈ ਕਰ ਲੈਂਦੀ ਹੈ।
੧੧. ਆਸਾ, ਤ੍ਰਿਸ਼ਨਾ ਅਤੇ ਮਨਸਾ ਉੱਪਰ ਕਾਬੂ
ਜਦ ਸੁਹਾਗਣ ਨਿਰੰਤਰ ਆਧਾਰ ਤੇ ਡੂੰਘੇ ਧਿਆਨ ਦੇ ਲੰਬੇ ਅਭਿਆਸ ਵਿੱਚ ਸਮਾਧੀ ਅਤੇ ਸੁੰਨ ਸਮਾਧੀ ਵਿੱਚ ਜਾਂਦੀ ਹੈ ਤਦ ਇੱਛਾਵਾਂ ਚਲੇ ਜਾਂਦੀਆਂ ਹਨ, ਸੁਹਾਗਣ ਇੱਛਾ ਮੁਕਤ ਹੋ ਜਾਂਦੀ ਹੈ, ਸੁਹਾਗਣ ਸਤਿ ਸੰਤੋਖ ਵਿੱਚ ਚਲੀ ਜਾਂਦੀ ਹੈ। ਸੁਹਾਗਣ ਆਪਣੇ ਮਨ ਉੱਪਰ ਜਿੱਤ ਪਾ ਲੈਂਦੀ ਹੈ ਅਤੇ ਉਹ ਆਪਣੇ ਤਾਜ ਵਿੱਚ ਇੱਕ ਹੋਰ ਅਮੋਲਕ ਗਹਿਣੇ ਨਾਲ ਸਜਾਈ ਅਤੇ ਨਿਵਾਜੀ ਜਾਂਦੀ ਹੈ। ਤ੍ਰਿਸ਼ਨਾ ਦੇ ਬੁੱਝ ਜਾਣ ਨਾਲ ਹੀ ਅਕਾਲ ਪੁਰਖ ਦੇ ਦਰਸ਼ਨ ਹੁੰਦੇ ਹਨ, ਪੂਰਨ ਬ੍ਰਹਮ ਗਿਆਨ, ਪੂਰਨ ਤੱਤ ਗਿਆਨ, ਅਤਮ ਰਸ ਅੰਮ੍ਰਿਤ ਦੀ ਪ੍ਰਾਪਤੀ ਕਰ ਕੇ ਸੁਹਾਗਣ ਸਦਾ ਸੁਹਾਗਣ ਬਣ ਜਾਂਦੀ ਹੈ। ਪੂਰਨ ਬ੍ਰਹਮ ਗਿਆਨ, ਪੂਰਨ ਤੱਤ ਗਿਆਨ, ਅਤਮ ਰਸ ਅੰਮ੍ਰਿਤ ਦੀ ਪ੍ਰਾਪਤੀ ਕੇਵਲ ਅਕਾਲ ਪੁਰਖ ਦੇ ਦਰਸ਼ਨਾਂ ਨਾਲ ਹੀ ਹੁੰਦੀ ਹੈ। ਇਸ ਮਹਾਨ ਰੂਹਾਨੀ ਬਖ਼ਸ਼ਿਸ਼ ਦੀ ਪ੍ਰਾਪਤੀ ਅਤੇ ਸੇਵਾ ਦੀ ਪ੍ਰਾਪਤੀ ਕੇਵਲ ਅਕਾਲ ਪੁਰਖ ਦੇ ਦਰਸ਼ਨਾਂ ਨਾਲ ਹੀ ਪ੍ਰਾਪਤ ਹੁੰਦੀ ਹੈ।
੧੨. ਰਾਜ, ਜੋਬਨ, ਧਨ, ਮਾਲ, ਰੂਪ, ਰਸ, ਗੰਧ, ਸ਼ਬਦ ਅਤੇ ਸਪਰਸ਼ ਉੱਪਰ ਕਾਬੂ
ਇਹ ਪੰਜ ਦੂਤਾਂ ਅਤੇ ਇੱਛਾਵਾਂ ਦੇ ਨਾਲ ਹੋਰ ਭੁਚਲਾਵੇ ਵਿੱਚ ਲਿਆਉਣ ਵਾਲੇ, ਭਰਮਾਂ ਭੁਲੇਖਿਆਂ ਵਿੱਚ ਪਾਉਣ ਵਾਲੇ ਤੱਤ ਹਨ ਜਿਹੜੇ ਆਪ ਮਨੁੱਖ ਨੂੰ ਮਾਇਆ ਦੀ ਗੁਲਾਮੀ ਵਿੱਚ ਰੱਖਣ ਦਾ ਕਾਰਨ ਹੁੰਦੇ ਹਨ। ਪਰ ਇੱਕ ਸੁਹਾਗਣ ਗੁਰਪ੍ਰਸਾਦਿ ਦੀ ਬਖਸ਼ਿਸ਼ ਨਾਲ, ਸਮਾਧੀ ਅਤੇ ਸੁੰਨ ਸਮਾਧੀ ਵਿੱਚ ਬੈਠ ਕੇ ਆਪਣੇ ਆਪ ਨੂੰ ਨਾਮ ਅੰਮ੍ਰਿਤ ਨਾਲ ਭਰਪੂਰ ਕਰ ਲੈਂਦੀ ਹੈ ਅਤੇ ਆਪਣੇ ਆਪ ਨੂੰ ਇਨ੍ਹਾਂ ਭੁਲਾਵਿਆਂ ਅਤੇ ਭਰਮਾਂ ਦੇ ਪ੍ਰਭਾਵ ਤੋਂ ਮੁਕਤ ਕਰਾ ਲੈਂਦੀ ਹੈ। ਇਸ ਦੇ ਫਲਸਰੂਪ ਉਹ ਪੰਜ ਦੂਤਾਂ, ਇੱਛਾਵਾਂ ਅਤੇ ਭੁਲਾਵਿਆਂ ਤੇ ਜਿੱਤ ਪਾ ਲੈਂਦੀ ਹੈ। ਸੁਹਾਗਣ ਮਾਨਸਿਕ ਬਿਮਾਰੀਆਂ ਤੋਂ ਬਾਹਰ ਆ ਜਾਂਦੀ ਹੈ ਅਤੇ ਮਾਇਆ ਤੇ ਪੂਰੀ ਤਰ੍ਹਾਂ ਜਿੱਤ ਪਾ ਲੈਂਦੀ ਹੈ ਅਤੇ ਇਸ ਜਿੱਤ ਦੇ ਗੁਣ ਨਾਲ ਉਹ ਆਪਣੇ ਮਨ ਉੱਪਰ ਪੂਰਨ ਜਿੱਤ ਪਾ ਲੈਂਦੀ ਹੈ ਅਤੇ ਸਰਵ ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਇੱਕ ਮਿੱਕ ਹੋ ਜਾਂਦੀ ਹੈ, ਸਦਾ ਸੁਹਾਗਣ ਬਣ ਜਾਂਦੀ ਹੈ।
੧੩. ਦੁਬਿਧਾ ਅਤੇ ਭਰਮਾਂ ਦਾ ਨਾਸ਼ ਹੋ ਜਾਣਾ
ਸਾਰੀਆਂ ਹੀ ਦੁਬਿਧਾਵਾਂ, ਭਰਮ, ਭੁਲੇਖੇ, ਗੁਰੂ ਅਤੇ ਗੁਰਬਾਣੀ ਵਿੱਚ ਪੂਰਨ ਦ੍ਰਿੜ੍ਹਤਾ, ਵਿਸ਼ਵਾਸ, ਭਰੋਸੇ ਅਤੇ ਯਕੀਨ ਵਿੱਚ ਬਦਲ ਜਾਂਦੇ ਹਨ। ਸੁਹਾਗਣਾਂ ਅਤੇ ਸਦਾ ਸੁਹਾਗਣਾਂ ਇਨ੍ਹਾਂ ਵਿਚਲਿਤ ਕਰਨ ਵਾਲੇ ਤੱਤਾਂ ਤੋਂ ਉੱਪਰ ਉੱਠ ਜਾਂਦੀਆਂ ਹਨ ਅਤੇ ਉਹਨਾਂ ਅਤੇ ਸਰਵ ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਵਿਚਕਾਰ ਬਿਨਾਂ ਸ਼ਰਤ ਬੇਅੰਤ ਪਿਆਰ, ਬੇਅੰਤ ਸ਼ਰਧਾ ਅਤੇ ਬੇਅੰਤ ਭਰੋਸੇ ਦੇ ਬੰਧਨ ਦੇ ਵਿਚਕਾਰ ਕੁਝ ਨਹੀਂ ਆ ਸਕਦਾ। ਐਸੀ ਇੱਕ ਰੂਹ ਜੋ ਗੁਰਪ੍ਰਸਾਦਿ ਦੀ ਬਖਸ਼ਿਸ਼ ਪ੍ਰਾਪਤ ਕਰਦੀ ਹੈ, ਜੀਵਨ ਮੁਕਤ ਬਣ ਜਾਂਦੀ ਹੈ, ਸਦਾ ਸੁਹਾਗਣ ਬਣ ਜਾਂਦੀ ਹੈ। ਐਸੇ ਗੁਰਪ੍ਰਸਾਦਿ ਨਾਲ ਸਦਾ ਸੁਹਾਗਣ ਇੱਕ ਦ੍ਰਿਸ਼ਟ ਬਣ ਜਾਂਦੀ ਹੈ, ਨਿਰਵੈਰ ਬਣ ਜਾਂਦੀ ਹੈ ਅਤੇ ਸਾਰੀ ਸ੍ਰਿਸ਼ਟੀ ਲਈ ਸਾਰੀ ਲੋਕਾਈ ਲਈ ਬੇਅੰਤ ਇਲਾਹੀ ਪਿਆਰ ਨਾਲ ਭਰਪੂਰ ਹੋ ਜਾਂਦੀ ਹੈ।
੧੪. ਭਰਪੂਰ ਬੇਅੰਤ ਨਿੰਮਰਤਾ ਨਾਲ ਹਿਰਦਾ ਪ੍ਰਕਾਸ਼ਮਾਨ ਹੋ ਜਾਣਾ
ਭਰਪੂਰ ਨਿੰਮਰਤਾ ਅਕਾਲ ਪੁਰਖ ਦੀ ਦਰਗਾਹ ਦੀ ਕੂੰਜੀ ਹੈ, ਹਿਰਦੇ ਵਿੱਚ ਗਰੀਬੀ ਵੇਸ ਦਰਗਾਹ ਦੀ ਕੂੰਜੀ ਹੈ। ਸੁਹਾਗਣਾਂ ਅਤੇ ਸਦਾ ਸੁਹਾਗਣਾਂ ਇਸ ਅਨਮੋਲਕ ਹੀਰੇ ਦੀ ਆਪਣੇ ਹਿਰਦੇ ਵਿੱਚ ਕਮਾਈ ਕਰਦੀਆਂ ਹਨ। ਉਹਨਾਂ ਦਾ ਹਿਰਦਾ ਗਰੀਬੀ ਵੇਸ ਹਿਰਦਾ ਬਣ ਜਾਂਦਾ ਹੈ। ਉਹ ਭਰਪੂਰ ਨਿੰਮਰਤਾ ਵਿੱਚ ਵਿਚਰਦੇ ਹੋਏ ਸਾਰੀ ਰਚਨਾ ਦੇ ਚਰਨਾਂ ਵਿੱਚ ਸਦਾ ਸਦਾ ਲਈ ਰਹਿੰਦੇ ਹਨ, ਆਪਣੇ ਆਪ ਨੂੰ ਸਾਰੀ ਸ੍ਰਿਸ਼ਟੀ ਦੇ ਚਰਨਾਂ ਦੀ ਧੂਲ ਅਖਵਾਉਂਦੇ ਹਨ, ਦਾਸਨ ਦਾਸ ਅਖਵਾਉਂਦੇ ਹਨ। ਭਰਪੂਰ ਨਿੰਮਰਤਾ ਉਹਨਾਂ ਨੂੰ ਸਦਾ ਹੀ ਚੜ੍ਹਦੀ ਕਲਾ ਵਿੱਚ ਰੱਖਦੀ ਹੈ। ਸਦਾ ਸੁਹਾਗਣ ਲਈ ਆਦਰ ਅਤੇ ਨਿਰਾਦਰ ਕੁਝ ਨਹੀਂ ਹੁੰਦਾ, ਮਾਨ ਅਪਮਾਨ ਸਮਾਨ ਹੁੰਦਾ ਹੈ। ਸਦਾ ਸੁਹਾਗਣ ਉੱਪਰ ਸਿਫ਼ਤ ਅਤੇ ਨਿੰਦਿਆ ਦਾ ਕੋਈ ਪ੍ਰਭਾਵ ਨਹੀਂ ਹੁੰਦਾ।
੧੫. ਭਰਪੂਰ ਬੇਅੰਤ ਦਿਆਲਤਾ ਦਾ ਹਿਰਦੇ ਵਿੱਚ ਪ੍ਰਕਾਸ਼ਮਾਨ ਹੋ ਜਾਣਾ
ਬੇਅੰਤ ਦਿਆਲਤਾ ਸੁਹਾਗਣ ਅਤੇ ਸਦਾ ਸੁਹਾਗਣ ਦੇ ਹਿਰਦੇ ਨੂੰ ਬਹੁਤ ਵਿਸ਼ਾਲ ਬਣਾ ਦਿੰਦੀ ਹੈ। ਹਿਰਦੇ ਦੀ ਬੇਅੰਤ ਦਿਆਲਤਾ ਉਹਨਾਂ ਦੀ ਸੇਵਾ ਵਿੱਚ ਲੱਗੀਆਂ ਰੂਹਾਨੀ ਸ਼ਕਤੀਆਂ ਦੀ ਮਦਦ ਨਾਲ ਦੂਸਰਿਆਂ ਦੀ ਮਦਦ ਕਰਨ ਦੇ ਯੋਗ ਬਣਾ ਦਿੰਦੀ ਹੈ। ਸੁਹਾਗਣਾਂ ਅਤੇ ਸਦਾ ਸੁਹਾਗਣਾਂ ਦੂਸਰਿਆਂ ਦੀਆਂ ਪੀੜਾਂ ਲੈ ਕੇ ਉਹਨਾਂ ਨੂੰ ਅੰਮ੍ਰਿਤ ਦਿੰਦੀਆਂ ਹਨ। ਸਦਾ ਸੁਹਾਗਣਾਂ ਆਪਣੀ ਸੰਗਤ ਦੇ ਜ਼ਹਿਰ ਨੂੰ ਪੀ ਲੈਂਦੀਆਂ ਹਨ ਅਤੇ ਉਹਨਾਂ ਨੂੰ ਅੰਮ੍ਰਿਤ ਦੇ ਦਿੰਦੀਆਂ ਹਨ।
੧੬. ਬੇ ਸ਼ਰਤ ਬੇਅੰਤ ਪਿਆਰ, ਬੇਅੰਤ ਸ਼ਰਧਾ, ਅਤੇ ਬੇਅੰਤ ਭਰੋਸਾ
ਇਥੇ ਸੁਹਾਗਣਾਂ ਅਤੇ ਸਦਾ ਸੁਹਾਗਣਾਂ ਦੇ ਮਹੱਤਵਪੂਰਨ ਗੁਣਾਂ ਦੀ ਕੋਈ ਸੀਮਾ ਨਹੀਂ ਹੈ। ਬਲੀਦਾਨ ਸ਼ਾਂਤੀ ਲੈ ਕੇ ਆਉਂਦਾ ਹੈ। ਜਿਥੇ ਸ਼ਾਂਤੀ ਹੈ ਉਥੇ ਪਰਮਾਤਮਾ ਆਪ ਨਿਰਗੁਣ ਸਰੂਪ ਵਿੱਚ ਹੈ। ਇਹ ਹੀ ਕਾਰਨ ਹੈ ਕਿ ਸਰਵ ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਸਦਾ ਸੁਹਾਗਣਾਂ ਵਿੱਚ ਹਮੇਸ਼ਾਂ ਅਤੇ ਸਦਾ ਲਈ ਆਪਣੇ ਨਿਰਗੁਣ ਸਰੂਪ ਵਿੱਚ ਵਾਸ ਕਰਦਾ ਹੈ। ਇਹ ਇੱਕ ਹੋਰ ਗੁਰਪ੍ਰਸਾਦਿ ਦਾ ਵੱਡਾ ਗੁਣ ਹੈ ਜਿਸ ਦੀ ਸੁਹਾਗਣਾਂ ਅਤੇ ਸਦਾ ਸੁਹਾਗਣਾਂ ਨੂੰ ਬਖਸ਼ਿਸ਼ ਹੁੰਦੀ ਹੈ।
੧੭. ਮੁਆਫ਼ ਕਰ ਦੇਣਾ
ਦੂਸਰਿਆਂ ਦੇ ਗੁਨਾਹ ਮੁਆਫ਼ ਕਰ ਦੇਣਾ ਬੇਅੰਤ ਦਿਆਲਤਾ ਦੀ ਨਿਸ਼ਾਨੀ ਹੈ। ਗੁਨਾਹਾਂ ਦੀ ਮੁਆਫੀ ਅਤੇ ਬੇਅੰਤ ਦਿਆਲਤਾ ਇੱਕ ਦੂਸਰੇ ਦੇ ਪੂਰਕ ਹਨ। ਦੂਸਰਿਆਂ ਦੇ ਗੁਨਾਹ ਮੁਆਫ਼ ਕੇਵਲ ਇੱਕ ਬੇਅੰਤ ਦਿਆਲਤਾ ਵਾਲਾ ਹਿਰਦਾ ਹੀ ਕਰ ਸਕਦਾ ਹੈ। ਦੂਸਰਿਆਂ ਦੇ ਗੁਨਾਹ ਮੁਆਫ਼ ਕਰ ਦੇਣਾ ਬੇਅੰਤ ਬ੍ਰਹਮ ਗੁਣ ਹਨ ਜਿਹੜੇ ਸਦਾ ਸੁਹਾਗਣ ਦੇ ਹਿਰਦੇ ਵਿੱਚ ਬੇਅੰਤ ਸਥਾਨ ਪ੍ਰਾਪਤ ਕਰਦੇ ਹਨ ਅਤੇ ਉਹਨਾਂ ਦਾ ਹਿਰਦਾ ਵਿਸ਼ਾਲ, ਬੇਅੰਤ ਅਤੇ ਬੰਧਨਾਂ ਤੋਂ ਮੁਕਤ ਬਣ ਜਾਂਦਾ ਹੈ। ਜਿਥੇ ਮੁਆਫ਼ੀ ਹੈ ਉਥੇ ਗੁੱਸਾ ਕ੍ਰੋਧ ਨਹੀਂ ਹੈ। ਜਿਥੇ ਕ੍ਰੋਧ ਨਹੀਂ ਹੈ ਉਥੇ ਹਉਮੈ ਨਹੀਂ ਹੈ। ਜਿਥੇ ਹਉਮੈ ਨਹੀਂ ਹੈ ਉਥੇ ਪਰਮਾਤਮਾ ਆਪ ਆਪਣੇ ਨਿਰਗੁਣ ਸਰੂਪ ਵਿੱਚ ਪ੍ਰਗਟ ਹੁੰਦਾ ਹੈ। ਹਉਮੈ ਦੀ ਮੌਤ ਗੁਰਪ੍ਰਸਾਦਿ ਹੈ ਜੋ ਸਦਾ ਸੁਹਾਗਣਾਂ ਦੇ ਤਾਜ ਵਿੱਚ ਜੜਿਆ ਜਾਂਦਾ ਹੈ। ਹਉਮੈ ਦੀ ਮੌਤ ਹੀ ਜੀਵਨ ਮੁਕਤੀ ਹੈ। ਹਉਮੈ ਦੀ ਮੌਤ ਹੋਣ ਨਾਲ ਹੀ ਅਕਾਲ ਪੁਰਖ ਦੇ ਦਰਸ਼ਨਾਂ ਦੀ ਕਿਰਪਾ ਹੁੰਦੀ ਹੈ ਅਤੇ ਸਦਾ ਸੁਹਾਗ ਦੀ ਪ੍ਰਾਪਤੀ ਹੁੰਦੀ ਹੈ।
੧੮. ਨਿਰਭਉ ਹੋ ਜਾਣਾ
ਸਦਾ ਸੁਹਾਗਣ ਦੇ ਤਾਜ ਵਿੱਚ ਨਿਰਭਉਤਾ ਇੱਕ ਹੋਰ ਅਨਮੋਲਕ ਗਹਿਣਾ ਹੈ। ਉਸ ਦਾ ਕੋਈ ਵੈਰੀ ਨਹੀਂ ਹੁੰਦਾ, ਹਰ ਇੱਕ ਉਸ ਲਈ ਮਿੱਤਰ ਹੁੰਦਾ ਹੈ। ਉਹ ਸਾਰੀ ਰਚਨਾ ਨੂੰ ਉਸ ਤਰ੍ਹਾਂ ਪਿਆਰ ਕਰਦੀ ਹੈ ਜਿਸ ਤਰ੍ਹਾਂ ਆਪ ਸਰਵ ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਪਿਆਰ ਕਰਦੀ ਹੈ। ਨਿਰਭਉ ਹੋਣਾ ਉਸ ਨੂੰ ਪੂਰਨ ਸਚਿਆਰਾ ਮਨੁੱਖ ਬਣਾ ਦਿੰਦਾ ਹੈ। ਉਹ ਅਨਾਦਿ ਸਤਿ ਨੂੰ ਵਰਤਾਉਣ ਤੋਂ ਕਦੀ ਨਹੀਂ ਡਰਦੀ। ਉਹ ਪੂਰਨ ਸਤਿ ਵੇਖਦੀ ਹੈ। ਉਹ ਪੂਰਨ ਸਤਿ ਸੁਣਦੀ ਹੈ। ਉਹ ਪੂਰਨ ਸਤਿ ਦੀ ਸੇਵਾ ਕਰਦੀ ਹੈ ਅਤੇ ਪੂਰਨ ਸਤਿ ਵਰਤਾਉਂਦੀ ਹੈ। ਉਹ ਸਾਰੇ ਸੰਸਾਰਿਕ ਮੋਹ ਤੋਂ ਮੁਕਤ ਹੋ ਜਾਂਦੀ ਹੈ।
੧੯. ਸਤਿ ਸੰਤੋਖ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ
ਇਹ ਇੱਕ ਹੋਰ ਬੇਅੰਤ ਬ੍ਰਹਮ ਗੁਣ ਹੈ। ਮਨ ਅਤੇ ਰੂਹ ਦੀ ਇੱਕ ਪੂਰਨ ਸੰਤੁਸ਼ਟੀ ਦੀ ਅਵਸਥਾ। ਹਮੇਸ਼ਾਂ ਹੁਕਮ ਦੇ ਵਿੱਚ। ਹਮੇਸ਼ਾਂ ਹੀ ਸਰਵ ਸ਼ਕਤੀਮਾਨ ਦਾ ਹਰ ਹੁਕਮ ਦਾ ਸਵੀਕਾਰ ਕਰਨਾ। ਕੋਈ ਇੱਛਾਵਾਂ ਨਹੀਂ। ਪੂਰਨ ਤੌਰ ਤੇ ਮਨ ਦੀ ਸਥਿਰ ਅਵਸਥਾ। ਕੋਈ ਲਾਭ ਨਹੀਂ, ਕੋਈ ਹਾਨੀ ਨਹੀਂ, ਮਾਟੀ ਕੰਚਨ ਇੱਕ ਬਰਾਬਰ, ਦੁੱਖ ਸੁੱਖ ਇੱਕ ਬਰਾਬਰ, ਅੰਮ੍ਰਿਤ ਅਤੇ ਬਿੱਖ ਇੱਕ ਬਰਾਬਰ। ਸੰਸਾਰਿਕ ਅਰਾਮਾਂ ਅਤੇ ਪਦਾਰਥਾਂ ਲਈ ਕੋਈ ਲੋਭ ਨਹੀਂ। ਹਮੇਸ਼ਾਂ ਹੀ ਅਨਾਦਿ ਅਸੀਸ ਵਿੱਚ ਲੀਨ। ਸ਼ਾਂਤ, ਸਥਿਰ ਅਤੇ ਪੂਰੀ ਤਰ੍ਹਾਂ ਅਨਾਦਿ ਆਨੰਦ ਅਤੇ ਖੁਸ਼ੀਆਂ ਨਾਲ ਭਰਪੂਰ।
੨੦. ਨਿਰੰਤਰ ਸਿਮਰਨ, ਅਜਪਾ ਜਪ, ਰੋਮ ਰੋਮ ਸਿਮਰਨ ਵਿੱਚ ਚਲਾ ਜਾਣਾ
ਇਹ ਨਾਮ ਸਿਮਰਨ ਦੀਆਂ ਉੱਚੀਆਂ ਅਵਸਥਾਵਾਂ ਹਨ ਅਤੇ ਸਦਾ ਸੁਹਾਗਣ ਇਨ੍ਹਾਂ ਦੀ ਅਨਾਦਿ ਬਖਸ਼ਿਸ਼ ਨਾਲ ਬਖ਼ਸ਼ੀਆਂ ਹੁੰਦੀਆਂ ਹਨ। ਇਹ ਉਹਨਾਂ ਲਈ ਬੜੇ ਹੀ ਉੱਚ ਦਰਜੇ ਦਾ ਗੁਰਪ੍ਰਸਾਦਿ ਉਪਲਬਧ ਹੁੰਦਾ ਹੈ। ਉਹਨਾਂ ਦੇ ਸਾਰੀ ਦੇਹੀ ਵਿੱਚ ਸਿਮਰਨ ਨਿਰੰਤਰ ਚਲਦਾ ਹੈ। ਉਹ ਨਿਰੰਤਰ ਆਧਾਰ ਤੇ ਨਾਮ ਸਿਮਰਨ ਨਾਲ ਭਰਪੂਰ ਰਹਿੰਦੀਆਂ ਹਨ, ਉਹ ਸਦਾ ਹੀ ਸਮਾਧੀ ਦੀ ਅਵਸਥਾ ਵਿੱਚ ਹੁੰਦੀਆਂ ਹਨ।
੨੧. ਆਤਮ ਰਸ ਅੰਮ੍ਰਿਤ, ਪਰਮ ਜੋਤ ਪੂਰਨ ਪ੍ਰਕਾਸ਼ ਨਿਰਗੁਣ ਸਰੂਪ ਦਾ ਹਿਰਦੇ ਵਿੱਚ ਪ੍ਰਕਾਸ਼ਮਾਨ ਹੋ ਜਾਣਾ
ਆਤਮ ਰਸ ਸਭ ਤੋਂ ਉੱਚਾ ਅੰਮ੍ਰਿਤ ਹੁੰਦਾ ਹੈ ਜੋ ਸਦਾ ਸੁਹਾਗਣਾਂ ਨੂੰ ਉਪਲਬਧ ਹੁੰਦਾ ਹੈ।
“ਬ੍ਰਹਮ ਗਿਆਨੀ ਸਗਲ ਕੀ ਰੀਨਾ ॥ ਆਤਮ ਰਸੁ ਬ੍ਰਹਮ ਗਿਆਨੀ ਚੀਨਾ ॥“
(ਸ੍ਰੀ ਗੁਰੂ ਗ੍ਰੰਥ ਸਾਹਿਬ ੨੭੨)
“ਆਤਮ ਰਸ ਜਿਹ ਜਾਨਹੀਂ ਸੋ ਹੈ ਖ਼ਾਲਸ ਦੇਵ ॥
ਪ੍ਰਭ ਮਹਿ ਮੋ ਮਹਿ ਤਾਸ ਮਹਿ ਰੰਚਕ ਨਾਹਨ ਭੇਵ ॥“
(ਸਰਬ ਲੋਹ ਗ੍ਰੰਥ)
ਇਹ ਪਰਮਾਤਮਾ ਦੇ ਨਿਰਗੁਣ ਸਰੂਪ ਦਾ ਸਭ ਤੋਂ ਸ਼ੁੱਧ ਰੂਪ ਹੈ ਜਿਸ ਵਿੱਚ ਸਦਾ ਸੁਹਾਗਣ ਨਿਰੰਤਰ ਆਧਾਰ ਤੇ ਸਦਾ ਹੀ ਲੀਨ ਰਹਿੰਦੀ ਹੈ। ਇਸ ਅੰਮ੍ਰਿਤ ਦੀ ਕੋਈ ਵਿਆਖਿਆ ਨਹੀਂ ਕੀਤੀ ਜਾ ਸਕਦੀ ਹੈ। ਇਹ ਕੇਵਲ ਰੂਹਾਨੀ ਅੱਖ ਨਾਲ ਵੇਖਿਆ, ਅਨੁਭਵ ਅਤੇ ਮਹਿਸੂਸ ਕੀਤਾ ਜਾ ਸਕਦਾ ਹੈ। ਇਹ ਸਭ ਤੋਂ ਉੱਚੇ ਪੱਧਰ ਦਾ ਗੁਰਪ੍ਰਸਾਦਿ ਹੁੰਦਾ ਹੈ ਜਿਹੜਾ ਸਦਾ ਸੁਹਾਗਣਾਂ ਲਈ ਉਪਲਬਧ ਹੁੰਦਾ ਹੈ।
੨੨. ਦਸਮ ਦੁਆਰ ਖੁਲ੍ਹ ਜਾਣਾ
ਇਹ ਰੂਹਾਨੀ ਦਰਵਾਜ਼ਾ ਹੈ ਜਿਹੜਾ ਮਨੁੱਖੀ ਖੋਪੜੀ ਦੇ ਉੱਪਰਲੇ ਭਾਗ ਵਿੱਚ ਸਥਿਤ ਹੁੰਦਾ ਹੈ। ਜਦ ਇਹ ਖੁੱਲ੍ਹਦਾ ਹੈ ਇਹ ਸੁਹਾਗਣ ਦਾ ਅਕਾਲ ਪੁਰਖ ਨਾਲ ਨਿਰੰਤਰ ਆਧਾਰ ਤੇ ਸੰਬੰਧ ਜੋੜ ਦਿੰਦਾ ਹੈ। ਇਹ ਨਿਰੰਤਰ ਸ਼ਰੀਰ ਵਿੱਚ ਅੰਮ੍ਰਿਤ ਦਾ ਸੰਚਾਰ ਕਰਦਾ ਹੈ।
“ਦਸਮ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ ॥”
(ਸ੍ਰੀ ਗੁਰੂ ਗ੍ਰੰਥ ਸਾਹਿਬ ੯੭੪)
ਇਹ ਗੁਰਪ੍ਰਸਾਦਿ ਸੁਹਾਗਣਾਂ ਅਤੇ ਸਦਾ ਸੁਹਾਗਣਾਂ ਲਈ ਨਿਰੰਤਰ ਆਧਾਰ ਤੇ ਉਪਲਬਧ ਹੁੰਦਾ ਹੈ। ਇੱਕ ਵਾਰ ਜਦ ਦਸਮ ਦੁਆਰ ਖੁੱਲ੍ਹ ਜਾਂਦਾ ਹੈ ਤਾਂ ਬ੍ਰਹਮ ਗਿਆਨ ਅੰਦਰੋਂ ਫੁੱਟ ਪੈਂਦਾ ਹੈ। ਜਦੋਂ ਦਸਮ ਦੁਆਰ ਖੁੱਲ੍ਹ ਜਾਂਦਾ ਹੈ, ਗੁਰਬਾਣੀ ਅੰਦਰ ਆਉਣੀ ਸ਼ੁਰੂ ਹੋ ਜਾਂਦੀ ਹੈ। ਦਿਮਾਗ ਦੀ ਕਰਮ ਕਰਨ ਦੀ ਸਮਰਥਾ ਦਸਮ ਦੁਆਰ ਖੁੱਲ੍ਹਣ ਨਾਲ ਵੱਧ ਜਾਂਦੀ ਹੈ।
੨੩. ਅਨਹਦ ਨਾਦਿ ਸ਼ਬਦ ਦੀ ਪ੍ਰਾਪਤੀ
“ਅਨਹਦ ਸਬਦੁ ਦਸਮ ਦੁਆਰਿ ਵਜਿਓ ਤਹ ਅੰਮ੍ਰਿਤ ਨਾਮੁ ਚੁਆਇਆ ਥਾ ॥੨॥”
(ਸ੍ਰੀ ਗੁਰੂ ਗ੍ਰੰਥ ਸਾਹਿਬ ੧੦੦੨)
ਦਸਮ ਦੁਆਰ ਖੁੱਲ੍ਹਣ ਤੋਂ ਬਾਅਦ ਸੁਹਾਗਣ ਅਤੇ ਅਕਾਲ ਪੁਰਖ ਵਿੱਚ ਨਿਰੰਤਰ ਸੰਬੰਧ ਸਥਾਪਿਤ ਹੋ ਜਾਂਦਾ ਹੈ। ਦਸਮ ਦੁਆਰ ਤੋਂ ਸ਼ਰੀਰ ਵਿੱਚ ਨਿਰੰਤਰ ਅੰਮ੍ਰਿਤ ਦਾ ਸੰਚਾਰ ਹੁੰਦਾ ਹੈ ਅਤੇ ਉਸ ਵੇਲੇ ਹੀ ਅਨਹਦ ਨਾਦ ਬ੍ਰਹਮ ਸੰਗੀਤ ਦਸਮ ਦੁਆਰ ਵਿੱਚ ਵੱਜਣਾ ਸ਼ੁਰੂ ਹੁੰਦਾ ਹੈ। ਇਹ ਬ੍ਰਹਮ ਸੰਗੀਤ ਅੰਮ੍ਰਿਤ ਹੈ ਅਤੇ ਅਕਾਲ ਪੁਰਖ ਤੋਂ ਸਿੱਧਾ ਆਉਂਦਾ ਨਿਰੰਤਰ ਬ੍ਰਹਮ ਅਖੰਡ ਕੀਰਤਨ ਹੈ। ਇਹ ਪੰਜ ਵੱਖ ਵੱਖ ਸਾਜ਼ਾਂ ਦੁਆਰਾ ਵਜਾਏ ਜਾ ਰਹੇ ਸੰਗੀਤ ਦੇ ਰੂਪ ਵਿੱਚ ਸੁਣਾਈ ਦਿੰਦਾ ਹੈ ਇਸ ਲਈ ਇਸ ਨੂੰ ਗੁਰਬਾਣੀ ਵਿੱਚ ਪੰਚ ਸ਼ਬਦ ਅਨਹਦ ਨਾਦ ਭੀ ਕਿਹਾ ਗਿਆ ਹੈ।
ਕੁਝ ਸਦਾ ਸੁਹਾਗਣਾਂ ਨੂੰ ਐਸੀ ਬਖਸ਼ਿਸ਼ ਹੁੰਦੀ ਹੈ ਕਿ ਉਹ ਇਸ ਕੀਰਤਨ ਨੂੰ ਸੁਣ ਕੇ ਇਸ ਸੰਸਾਰ ਵਿੱਚ ਇਸ ਨੂੰ ਲਿਖਣ ਅਤੇ ਗਾਉਣ ਦੇ ਯੋਗ ਹੋ ਜਾਂਦੇ ਹਨ। ਇਹ ਬਖ਼ਸ਼ਿਸ ੬ ਗੁਰੂ ਸਾਹਿਬਾਨ ਅਤੇ ੧੫ ਭਗਤਾਂ ਨੂੰ ਪ੍ਰਾਪਤ ਸੀ। ਜਿਨ੍ਹਾਂ ਨੇ ਗੁਰਬਾਣੀ ਗਾਈ ਅਤੇ ਉਚਾਰਣ ਕੀਤੀ ਹੈ। ਉਹਨਾਂ ਪਰਮਾਤਮਾ ਦੀ ਧੁਰ ਕੀ ਬਾਣੀ ਨੂੰ ਗਾਇਆ ਅਤੇ ਲਿਖਿਆ। ਇਨ੍ਹਾਂ ਦੀ ਸੰਪਾਦਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੀਤੀ ਗਈ ਹੈ। ਇਹ ਸਦਾ ਸੁਹਾਗਣਾਂ ਨੂੰ ਪ੍ਰਾਪਤ ਇੱਕ ਹੋਰ ਉੱਚ ਪੱਧਰ ਦਾ ਗੁਰਪ੍ਰਸਾਦਿ ਹੈ।
੨੪. ੭ ਸਤਿ ਸਰੋਵਰ ਅੰਮ੍ਰਿਤ ਦੇ ਸੱਤ ਸਾਗਰ ਪ੍ਰਕਾਸ਼ਮਾਨ ਹੋ ਜਾਣੇ
ਇਹ ਮਨੁੱਖਾ ਦੇਹੀ ਦੇ ਅੰਦਰਲੇ ੭ ਰੂਹਾਨੀ ਸ਼ਕਤੀਆਂ ਦੇ ਸੋਮੇ ਹਨ। ਇਹ ਇਨ੍ਹਾਂ ਸਥਾਨਾਂ ਤੇ ਹਨ :
* ਸਿਰ ਦੇ ਬਿਲਕੁਲ ਉੱਪਰ ਦਸਮ ਦੁਆਰ
* ਮੱਥਾ ਤੇ ਤ੍ਰਿਕੁਟੀ
* ਕੰਠ ਵਿੱਚ
* ਛਾਤੀ ਦੇ ਵਿਚਕਾਰ ਹਿਰਦਾ
* ਧੁੰਨੀ ਦਾ ਸਥਾਨ ਨਾਭੀ ਵਿੱਚ
* ਲਿੰਗ ਇੰਦਰੀਆਂ ਦੇ ਉੱਪਰ
* ਰੀੜ੍ਹ ਦੀ ਹੱਡੀ ਦੇ ਆਧਾਰ ਤੇ – ਕੁੰਡਲਨੀ
ਇਹ ਨਾਮ ਅੰਮ੍ਰਿਤ ਨਾਲ ਪ੍ਰਕਾਸ਼ਮਾਨ ਹੋ ਜਾਂਦੇ ਹਨ। ਇੱਕ ਵਾਰ ਜਦੋਂ ਅਜਿਹਾ ਹੋ ਜਾਂਦਾ ਹੈ ਤਦ ਮਨੁੱਖੀ ਸ਼ਰੀਰ ਵਿੱਚ ਰੂਹਾਨੀ ਸ਼ਕਤੀਆਂ ਦੀ ਅੰਦਰੂਨੀ ਉਤਪੱਤੀ ਹੋਣੀ ਸ਼ੁਰੂ ਹੋ ਜਾਂਦੀ ਹੈ। ਇਹ ਸੁਹਾਗਣਾਂ ਅਤੇ ਸਦਾ ਸੁਹਾਗਣਾਂ ਲਈ ਉਪਲੱਬਧ ਗੁਰਪ੍ਰਸਾਦਿ ਹੈ। ਸਾਡੀ ਦੇਹੀ ਨਿਰਗੁਣ ਸਰੂਪ ਨਾਲ, ੧੪ ਲੋਕ ਪਰਲੋਕ ਅਤੇ ਮਾਨਸਰੋਵਰ ਨਾਲ ਇਨ੍ਹਾਂ ਇਲਾਹੀ ਅੰਮ੍ਰਿਤ ਦੇ ਸੋਮਿਆਂ ਰਾਹੀਂ ਸਦਾ ਸਦਾ ਲਈ ਇੱਕ ਮਿੱਕ ਹੋ ਜਾਂਦੀ ਹੈ।
੨੫. ਪੂਰਨ ਬ੍ਰਹਮ ਗਿਆਨ ਅਤੇ ਤੱਤ ਗਿਆਨ ਦੀ ਪ੍ਰਾਪਤੀ
ਅਕਾਲ ਪੁਰਖ ਦੇ ਦਰਸ਼ਨਾਂ ਨਾਲ ਪੂਰਨ ਬ੍ਰਹਮ ਗਿਆਨ ਅਤੇ ਤੱਤ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਇਸ ਗੁਰਪ੍ਰਸਾਦਿ ਦੀ ਪ੍ਰਾਪਤੀ ਬੰਦਗੀ ਸੰਪੂਰਨ ਹੋਣ ਤੇ ਅਤੇ ਦਰਗਾਹ ਵਿੱਚ ਪਰਵਾਨ ਹੋਣ ਤੇ ਹੁੰਦੀ ਹੈ। ਬੰਦਗੀ ਦੀ ਯਾਤਰਾ ਨੂੰ ਸੰਪੂਰਨ ਕਰਨ ਲਈ ਇਸ ਪੂਰਨ ਬ੍ਰਹਮ ਗਿਆਨ, ਪੂਰਨ ਗਿਆਨ ਦੀ ਜ਼ਰੂਰਤ ਹੈ ਕਿਉਂਕਿ ਇਸ ਗੁਰਪ੍ਰਸਾਦਿ ਤੋਂ ਬਿਨਾਂ ਬੰਦਗੀ ਸੰਪੂਰਨ ਨਹੀਂ ਹੁੰਦੀ ਹੈ।
ਬ੍ਰਹਮ ਗਿਆਨ ਨੂੰ ਇਸ ਤਰ੍ਹਾਂ ਵੀ ਜਾਣਿਆ ਜਾਂਦਾ ਹੈ :-
੧. ਤੱਤ ਗਿਆਨ – ਅਕਾਲ ਪੁਰਖ ਦੀ ਹੋਂਦ ਬਾਰੇ ਬ੍ਰਹਮ ਗਿਆਨ
੨. ਪਰਮ ਤੱਤ – ਸਰਵ ਉੱਤਮ ਦੀ ਸਦੀਵੀ ਹੋਂਦ
* ਬੇਅੰਤ
* ਅਨਾਦਿ ਸਤਿ
* ਅੰਮ੍ਰਿਤ
* ਪਰਮ ਜੋਤ
* ਪੂਰਨ ਪ੍ਰਕਾਸ਼
* ਨਿਰਗੁਨ ਸਰੂਪ
* ਮਾਨਸਰੋਵਰ
* ਗੁਰਸਾਗਰ
ਇਹ ਸਦਾ ਸੁਹਾਗਣਾਂ ਨੂੰ ਉਪਲਬਧ ਬਹੁਤ ਹੀ ਸਰਵਉੱਚ ਪੱਧਰ ਦਾ ਗੁਰਪ੍ਰਸਾਦਿ ਹੈ। ਸਦਾ ਸੁਹਾਗਣ ਦੇ ਤਾਜ ਵਿੱਚ ਸਾਰੇ ਹੀ ਬ੍ਰਹਮ ਗਿਆਨ ਦੇ ਅਨਮੋਲਕ ਹੀਰੇ ਅਤੇ ਗਹਿਣੇ ਜੜੇ ਹੁੰਦੇ ਹਨ।
੨੬. ਮਨ ਨੂੰ ਜਿੱਤਣਾ, ਮਾਇਆ ਨੂੰ ਜਿੱਤਣਾ, ਤ੍ਰੈ ਗੁਣ ਤੋਂ ਪਰ੍ਹੇ ਜਾ ਕੇ ਨਿਰਗੁਣ ਸਰੂਪ ਵਿੱਚ ਸਮਾ ਜਾਣਾ
ਮਾਇਆ ਉੱਤੇ ਜਿੱਤ ਪਾਉਣੀ ਬੰਦਗੀ ਦਾ ਸਭ ਤੋਂ ਕਠਿਨ ਭਾਗ ਹੈ। ਬੰਦਗੀ ਅਸਲ ਵਿੱਚ ਮਾਇਆ ਖ਼ਿਲਾਫ਼ ਜੰਗ ਹੀ ਹੈ। ਇਸ ਜੰਗ ਵਿੱਚ ਮਾਇਆ ਨੂੰ ਹਰਾ ਕੇ ਇੱਕ ਸੁਹਾਗਣ ਸਦਾ ਸੁਹਾਗਣ ਬਣ ਜਾਂਦੀ ਹੈ। ਜਦੋਂ ਉਹ ਮਾਇਆ ਵਿਰੁੱਧ ਲੜਾਈ ਵਿੱਚ ਜਿੱਤ ਜਾਂਦੀ ਹੈ ਅਤੇ ਮਾਇਆ ਦੇ ਤਿੰਨ ਗੁਣਾਂ ਤੋਂ ਪਰ੍ਹੇ ਚਲੀ ਜਾਂਦੀ ਹੈ ਤਦ ਉਹ ਅਕਾਲ ਪੁਰਖ ਨਾਲ ਇੱਕ ਮਿੱਕ ਹੋ ਜਾਂਦੀ ਹੈ। ਉਹ ਪਾਰਬ੍ਰਹਮ ਪਰਮੇਸ਼ਰ ਦੇ ਨਿਰਗੁਣ ਸਰੂਪ ਵਿੱਚ ਅਭੇਦ ਹੋ ਜਾਂਦੀ ਹੈ। ਇਹ ਸਰਵ ਉੱਚ ਪੱਧਰ ਦਾ ਗੁਰਪ੍ਰਸਾਦਿ ਹੈ ਜਿਸ ਦੀ ਸਦਾ ਸੁਹਾਗਣਾਂ ਨੂੰ ਬਖਸ਼ਿਸ਼ ਹੁੰਦੀ ਹੈ ਅਤੇ ਗੁਰਪ੍ਰਸਾਦਿ ਦੇ ਇਸ ਗੁਣ ਨਾਲ ਮਾਇਆ ਸਦਾ ਸੁਹਾਗਣਾਂ ਦੀ ਦਾਸੀ ਬਣ ਜਾਂਦੀ ਹੈ ਅਤੇ ਸਦਾ ਸੁਹਾਗਣਾਂ ਦੀ ਸੇਵਾ ਕਰਦੀ ਹੈ।
੨੭. ਏਕ ਦ੍ਰਿਸ਼ਟ ਹੋ ਜਾਣਾ
ਇੱਕ ਸਦਾ ਸੁਹਾਗਣ ਏਕ ਦ੍ਰਿਸ਼ਟ ਦੇ ਗੁਰਪ੍ਰਸਾਦਿ ਨਾਲ ਬਖ਼ਸ਼ੀ ਹੁੰਦੀ ਹੈ। ਇਸ ਤੋਂ ਭਾਵ ਹੈ ਕਿ ਉਸ ਲਈ ਸਾਰੇ ਹੀ ਬਰਾਬਰ ਹੁੰਦੇ ਹਨ। ਉਸ ਦੀ ਨਜ਼ਰ ਵਿੱਚ ਕੋਈ ਦਵੈਤ ਭਾਵਨਾ ਨਹੀਂ ਹੁੰਦੀ। ਉਹ ਹਰ ਇੱਕ ਨੂੰ ਇੱਕ ਨਜ਼ਰ ਨਾਲ ਦੇਖਦੀ ਹੈ। ਉਸ ਦੀ ਨਜ਼ਰ ਵਿੱਚ ਕੋਈ ਪੱਖਪਾਤ ਨਹੀਂ ਹੁੰਦਾ। ਸਦਾ ਸੁਹਾਗਣ ਵਾਸਤੇ ਸੰਸਾਰਕ ਦੁੱਖਾਂ ਅਤੇ ਖੁਸ਼ੀਆਂ ਵਿੱਚ ਕੋਈ ਅੰਤਰ ਨਹੀਂ ਹੁੰਦਾ। ਉਸ ਲਈ ਸੋਨੇ ਅਤੇ ਰੇਤ ਦਾ ਕੋਈ ਅੰਤਰ ਨਹੀਂ ਹੁੰਦਾ। ਉਸ ਲਈ ਸਾਰੇ ਸੰਸਾਰ ਅਤੇ ਆਪਣੇ ਪਰਿਵਾਰ ਵਿੱਚ ਕੋਈ ਫਰਕ ਨਹੀਂ ਹੁੰਦਾ, ਉਹ ਸਾਰੀ ਰਚਨਾ ਨਾਲ ਸੰਬੰਧਿਤ ਹੁੰਦੀ ਹੈ। ਸਦਾ ਸੁਹਾਗਣ ਦਾ ਸਾਰੀ ਸ੍ਰਿਸ਼ਟੀ ਦੇ ਪ੍ਰਾਣੀਆਂ ਲਈ ਪ੍ਰੇਮ ਬੇਅੰਤਤਾ ਵਿੱਚ ਚਲਾ ਜਾਂਦਾ ਹੈ, ਉਸਦੀ ਪ੍ਰੀਤ ਹਰ ਇੱਕ ਪ੍ਰਾਣੀ ਨਾਲ ਉਤਨੀ ਹੀ ਹੁੰਦੀ ਹੈ ਜਿੱਤਨੀ ਅਕਾਲ ਪੁਰਖ ਲਈ ਹੁੰਦੀ ਹੈ।
੨੮. ਨਿਰਵੈਰ ਹੋ ਜਾਣਾ
ਇੱਕ ਸਦਾ ਸੁਹਾਗਣ ਨੂੰ ਕਿਸੇ ਨਾਲ ਵੀ ਵੈਰ ਨਾ ਹੋਣ ਦੇ ਗੁਰਪ੍ਰਸਾਦਿ ਦੀ ਬਖਸ਼ਿਸ਼ ਹੁੰਦੀ ਹੈ। ਉਸ ਦੇ ਕੋਈ ਵੈਰੀ ਨਹੀਂ ਹੁੰਦੇ। ਉਸ ਨੂੰ ਕਿਸੇ ਪ੍ਰਤੀ ਕੋਈ ਨਫ਼ਰਤ ਨਹੀਂ ਹੁੰਦੀ, ਬਦਲੇ ਦੀ ਕੋਈ ਭਾਵਨਾ ਨਹੀਂ ਹੁੰਦੀ। ਉਹ ਈਰਖਾ ਅਤੇ ਦਵੇਸ਼ ਦੀ ਭਾਵਨਾ ਤੋਂ ਮੁਕਤ ਹੁੰਦੀ ਹੈ। ਉਹ ਤਿਆਗ, ਪਰਉਪਕਾਰ ਅਤੇ ਮਹਾ ਪਰਉਪਕਾਰ ਦੀ ਭਾਵਨਾ ਨਾਲ ਭਰਪੂਰ ਹੁੰਦੀ ਹੈ। ਉਹ ਸਾਰਿਆਂ ਨੂੰ ਉਤਨਾ ਹੀ ਪਿਆਰ ਕਰਦੀ ਹੈ ਜਿਤਨਾ ਉਹ ਸਰਵ ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਕਰਦੀ ਹੈ। ਉਹ ਸਰਬੱਤ ਦਾ ਭਲਾ ਕਰਦੀ ਅਤੇ ਮੰਗਦੀ ਹੈ।
੨੯. ਪਰਮ ਪੱਦਵੀ ਦੀ ਪ੍ਰਾਪਤੀ
ਸਦਾ ਸੁਹਾਗਣ ਨੂੰ ਅਕਾਲ ਪੁਰਖ ਦੀ ਦਰਗਾਹ ਵਿੱਚ ਸਰਵ ਉੱਚ ਰੂਹਾਨੀ ਪੱਦਵੀ ਪਰਮ ਪੱਦਵੀ ਦੇ ਗੁਰਪ੍ਰਸਾਦਿ ਦੀ ਅਨਾਦਿ ਬਖਸ਼ਿਸ਼ ਅਤੇ ਪ੍ਰਾਪਤੀ ਹੁੰਦੀ ਹੈ। ਉਹ ਦਰਗਾਹੀ ਹੁਕਮ ਵਿੱਚ ਰਹਿੰਦੀ ਹੈ ਅਤੇ ਨਿਰੰਤਰ ਹੁਕਮ ਦੀ ਪਾਲਣਾ ਕਰਦੀ ਹੈ। ਉਸ ਦੇ ਸਾਰੇ ਕਾਰਜ ਅਤੇ ਸੇਵਾ ਅਕਾਲ ਪੁਰਖ ਦੇ ਪੂਰਨ ਹੁਕਮ ਅੰਦਰ ਹੁੰਦੇ ਹਨ। ਉਸ ਦੇ ਸਾਰੇ ਕਰਮ ਸਤਿ ਕਰਮ ਹੁੰਦੇ ਹਨ ਅਤੇ ਸੰਗਤ ਦੇ ਭਲੇ ਲਈ ਹੁੰਦੇ ਹਨ। ਉਹ ਕੇਵਲ ਪਰਉਪਕਾਰ ਅਤੇ ਮਹਾ ਪਰਉਪਕਾਰ ਕਰਦੀ ਹੈ ਅਤੇ ਸੰਗਤਾਂ ਨੂੰ ਨਾਮ ਨਾਲ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਜੋੜਦੀ ਹੈ।
ਅਕਾਲ ਪੁਰਖ ਕੋਲੋਂ ਪਰਮ ਪੱਦਵੀ ਦੀ ਬਖਸ਼ਿਸ਼ ਪ੍ਰਾਪਤ ਕਰਨ ਦੇ ਬਾਅਦ ਉਹ ਅੰਮ੍ਰਿਤ ਦਾ ਦਾਤਾ, ਨਾਮ ਅਤੇ ਗੁਰਪ੍ਰਸਾਦਿ ਦੀ ਦਾਤ ਦੇਣ ਵਾਲੀ ਬਣ ਜਾਂਦੀ ਹੈ। ਉਹ ਪੂਰਨ ਸੰਤ ਅਤੇ ਇੱਕ ਪੂਰਨ ਬ੍ਰਹਮ ਗਿਆਨੀ ਬਣ ਜਾਂਦੀ ਹੈ। ਤਦ ਉਸ ਦਾ ਕਰਮ ਬ੍ਰਹਮ ਗਿਆਨ ਵੰਡਣਾ ਬਣ ਜਾਂਦਾ ਹੈ। ਸੰਗਤ ਨੂੰ ਅੰਮ੍ਰਿਤ ਦੀ ਦਾਤ ਵੰਡਣਾ ਅਤੇ ਉਹਨਾਂ ਨੂੰ ਭਗਤੀ ਦੇ ਮਾਰਗ ਸੱਚਖੰਡ ਵੱਲ ਜਾਣ ਵੱਲ ਸੇਧਿਤ ਕਰਨਾ ਹੋ ਜਾਂਦਾ ਹੈ।
੩੦. ਨਰਮ ਅਤੇ ਮਿੱਠਾ ਬੋਲਣਾ, ਮਿੱਠ ਬੋਲੜਾ ਬਣ ਜਾਣਾ
ਸਦਾ ਸੁਹਾਗਣਾਂ ਬਹੁਤ ਹੀ ਮਿੱਠ ਬੋਲੜਾ ਹੁੰਦੀਆਂ ਹਨ। ਉਹਨਾਂ ਦੇ ਸਾਰੇ ਸ਼ਬਦ ਅੰਮ੍ਰਿਤ ਬਚਨ ਹੁੰਦੇ ਹਨ। ਹਰ ਸ਼ਬਦ ਅੰਮ੍ਰਿਤ ਨਾਲ ਭਰਪੂਰ ਹੁੰਦਾ ਹੈ ਅਤੇ ਲੋਕ ਸਿਰਫ਼ ਉਹਨਾਂ ਨੂੰ ਸੁਣਨ ਨਾਲ ਹੀ ਸਮਾਧੀ ਵਿੱਚ ਚਲੇ ਜਾਂਦੇ ਹਨ। ਉਹ ਕਦੀ ਵੀ ਕਿਸੇ ਦਾ ਦਿੱਲ ਨਹੀਂ ਦੁਖਾਉਂਦੇ। ਉਹ ਹਮੇਸ਼ਾਂ ਦੂਸਰਿਆਂ ਦੇ ਦੁੱਖਾਂ ਨੂੰ ਜਜ਼ਬ ਕਰ ਲੈਂਦੇ ਹਨ ਅਤੇ ਉਹਨਾਂ ਨੂੰ ਅੰਮ੍ਰਿਤ ਬਖ਼ਸ਼ਦੇ ਹਨ। ਸਦਾ ਸੁਹਾਗਣ ਦੇ ਬਚਨਾਂ ਵਿੱਚ ਇਲਾਹੀ ਸ਼ਕਤੀ ਆ ਜਾਂਦੀ ਹੈ। ਸਦਾ ਸੁਹਾਗਣ ਦੇ ਬਚਨ ਸਦਾ ਸਤਿ ਹੁੰਦੇ ਹਨ।
੩੧. ਪਰਉਪਕਾਰੀ ਅਤੇ ਮਹਾ ਪਰਉਪਕਾਰੀ ਹੋ ਜਾਣਾ
ਇੱਕ ਸਦਾ ਸੁਹਾਗਣ ਦਾ ਕੰਮ ਦੂਸਰਿਆਂ ਨੂੰ ਗੁਰਪ੍ਰਸਾਦਿ ਬਖ਼ਸ਼ ਕੇ ਅਤੇ ਉਤਸ਼ਾਹ ਦੇ ਕੇ ਆਪਣੇ ਵਰਗਾ ਬਣਾਉਣਾ ਅਤੇ ਸੱਚਖੰਡ ਵੱਲ ਬੰਦਗੀ ਮਾਰਗ ਤੇ ਤੌਰਨਾ ਹੁੰਦਾ ਹੈ। ਉਹ ਇਹ ਇਸ ਤਰ੍ਹਾਂ ਕਰਦੇ ਹਨ :-
* ਦੂਸਰਿਆਂ ਨੂੰ ‘ ੴ ਸਤਿਨਾਮ ‘ ਦੇ ਗੁਰਪ੍ਰਸਾਦਿ ਦੀ ਬਖਸ਼ਿਸ਼ ਕਰਕੇ
* ਉਹਨਾਂ ਨੂੰ ਅੰਮ੍ਰਿਤ ਬਖਸ਼ ਕੇ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਪਰਉਪਕਾਰ ਅਤੇ ਮਹਾ ਪਰਉਪਕਾਰ ਦੇ ਗੁਰਪ੍ਰਸਾਦਿ ਨਾਲ ਨਿਵਾਜ ਕੇ
* ਪਹਿਲਾਂ ਵਖਿਆਨ ਕੀਤੇ ਗਏ ਗੁਰਪ੍ਰਸਾਦਿ ਦੀ ਕਮਾਈ ਕਰਨ ਵਿੱਚ ਮਦਦ ਕਰਕੇ ਅਤੇ
* ਉਹਨਾਂ ਲਈ ਜੀਵਨ ਮੁਕਤੀ ਲਿਆ ਕੇ ਅਤੇ ਉਨ੍ਹਾਂ ਨੂੰ ਸੰਤ ਹਿਰਦੇ ਵਿੱਚ ਪਰਿਵਰਤਿਤ ਕਰਕੇ
ਇੱਕ ਮਨੁੱਖ ਨੂੰ ਨਾਮ ਨਾਲ ਜੋੜ ਕੇ ਜੀਵਨ ਮੁਕਤੀ ਦੇਣਾ ਸਭ ਤੋਂ ਵੱਡਾ ਨਿਰਸਵਾਰਥ ਕਾਰਜ ਹੈ ਜੋ ਕੋਈ ਕਰ ਸਕਦਾ ਹੈ। ਇਸ ਨੂੰ ਮਹਾ ਪਰਉਪਕਾਰੀ ਕਿਹਾ ਗਿਆ ਹੈ।
ਧੰਨੁ ਧੰਨੁ ਧੰਨੁ ਜਨੁ ਆਇਆ ॥ ਜਿਸੁ ਪ੍ਰਸਾਦਿ ਸਭੁ ਜਗਤੁ ਤਰਾਇਆ ॥
(ਸ੍ਰੀ ਗੁਰੂ ਗ੍ਰੰਥ ਸਾਹਿਬ ੨੯੪)
ਮਹਾ ਪਰਉਪਕਾਰ ਹੈ :
* ਦੂਸਰਿਆਂ ਦੇ ਦੁੱਖਾਂ ਦਾ ਅੰਤ ਕਰਨਾ
* ਉਹਨਾਂ ਦੀਆਂ ਮਾਨਸਿਕ ਬਿਮਾਰੀਆਂ ਦਾ ਅੰਤ ਕਰਨਾ
* ਉਹਨਾਂ ਨੂੰ ਮਨ ਤੇ ਜਿੱਤ ਪਾਉਣ ਵਿੱਚ ਮਦਦ ਕਰਨਾ
* ਮਾਇਆ ਉੱਪਰ ਜਿੱਤ ਪਾਉਣ ਵਿੱਚ ਸਹਾਇਤਾ ਕਰਨਾ
* ਨਾਮ, ਬੰਦਗੀ ਅਤੇ ਸੇਵਾ ਦੇਣਾ ਅਤੇ
* ਜੀਵਨ ਮੁਕਤੀ ਦੇਣਾ ਮਾਨਵਤਾ ਦੀ ਸਭ ਤੋਂ ਉੱਚ ਪੱਧਰ ਦੀ ਸੇਵਾ ਹੈ
ਮਹਾ ਪਰਉਪਕਾਰ ਸਦਾ ਸੁਹਾਗਣ ਦਾ ਕੰਮ ਹੈ।
੩੨. ਪੂਰਨ ਸਚਿਆਰਾ ਹਿਰਦਾ ਬਣ ਜਾਣਾ
ਸਦਾ ਸੁਹਾਗਣਾਂ ਸਦਾ ਹੀ ਸਤਿ ਵੇਖਦੀਆਂ ਹਨ, ਸਦਾ ਸਤਿ ਸੁਣਦੀਆਂ ਹਨ, ਸਦਾ ਪੂਰਨ ਸਤਿ ਵਰਤਾਉਂਦੀਆਂ ਹਨ ਅਤੇ ਅਨਾਦਿ ਪੂਰਨ ਸਤਿ ਦੀ ਸੇਵਾ ਕਰਦੀਆਂ ਹਨ। ਉਹ ਸਦਾ ਅਨਾਦਿ ਸਤਿ ਵਿੱਚ ਲੀਨ ਰਹਿੰਦੀਆਂ ਹਨ। ਅਨਾਦਿ ਪੂਰਨ ਸਤਿ ਨੂੰ ਵਰਤਾਉਣਾ ਅਤੇ ਪੂਰਨ ਸਤਿ ਦੀ ਸੇਵਾ ਕਰਨਾ ਮਾਨਵਤਾ ਦੀ ਸਭ ਤੋਂ ਉੱਤਮ ਸੇਵਾ ਹੈ। ਸਤਿ ਹੀ ਸਾਰੀ ਸ੍ਰਿਸ਼ਟੀ ਦਾ ਗਰਭ ਹੈ, ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਸਰੂਪ ਹੈ ਇਸ ਲਈ ਪੂਰਨ ਸਤਿ ਦੀ ਸੇਵਾ ਸਰਵ ਉੱਤਮ ਸੇਵਾ ਹੈ।
ਸਦਾ ਸੁਹਾਗਣ ਦੀ ਮਹਿਮਾ, ਬ੍ਰਹਮ ਗੁਣ ਅਤੇ ਰੂਹਾਨੀ ਸ਼ਕਤੀਆਂ ਵਿਆਖਿਆ ਤੋਂ ਪਰੇ ਹਨ। ਇਹ ਕੇਵਲ ਸਦਾ ਸੁਹਾਗਣਾਂ ਦੇ ਕੁਝ ਬ੍ਰਹਮ ਗੁਣਾਂ ਤੇ ਝਾਤੀ ਪਾਉਣ ਦਾ ਯਤਨ ਸੀ। ਇਹ ਗੁਣ ਕੇਵਲ ਮਹਿਸੂਸ ਕੀਤੇ ਜਾ ਸਕਦੇ ਹਨ ਅਤੇ ਅਨੁਭਵ ਕੀਤੇ ਜਾ ਸਕਦੇ ਹਨ ਜਦੋਂ ਅਸੀਂ ਬੰਦਗੀ ਦੇ ਮਾਰਗ ਤੇ ਅੱਗੇ ਵਧਦੇ ਹਾਂ ਅਤੇ ਗੁਰਪ੍ਰਸਾਦਿ ਨਾਲ ਇਨ੍ਹਾਂ ਬ੍ਰਹਮ ਗੁਣਾਂ ਦੀ ਬਖਸ਼ਿਸ਼ ਪ੍ਰਾਪਤ ਕਰਦੇ ਹਾਂ। ਜੇਕਰ ਤੁਸੀਂ ਚੰਗੀ ਕਿਸਮਤ ਵਾਲੇ ਹੋ ਅਤੇ ਪਹਿਲਾਂ ਹੀ ਇਨ੍ਹਾਂ ਗੁਣਾਂ ਨੂੰ ਪ੍ਰਾਪਤ ਕਰਨ ਲਈ ਥਾਪੇ ਗਏ ਹੋ ਤਾਂ ਤੁਸੀਂ ਇਹ ਯਕੀਨ ਨਾਲ ਪ੍ਰਾਪਤ ਕਰ ਸਕਦੇ ਹੋ। ਪਰ ਵਿਹਲੇ ਨਾ ਬੈਠੋ, ਆਪਣੇ ਯਤਨ ਹੁਣੇ ਹੀ ਸ਼ੁਰੂ ਕਰ ਦਿਓ। ਗੁਰਪ੍ਰਸਾਦਿ ਲਈ ਬੇਨਤੀ ਸ਼ੁਰੂ ਕਰ ਦਿਓ। ਗੁਰ ਅਤੇ ਗੁਰੂ ਅੱਗੇ ਪੂਰਾ ਸਮਰਪਣ ਕਰਨਾ ਸ਼ੁਰੂ ਕਰ ਦਿਓ।
ਗੁਰ, ਸਤਿਗੁਰੂ ਅਤੇ ਗੁਰਬਾਣੀ ਵਿੱਚ ਭਰੋਸਾ, ਯਕੀਨ, ਦ੍ਰਿੜ੍ਹਤਾ, ਵਿਸ਼ਵਾਸ, ਸ਼ਰਧਾ ਅਤੇ ਪ੍ਰੀਤ ਵਿਕਸਿਤ ਕਰਦੇ ਰਹੋ। ਨਾਮ ਸਿਮਰਨ ਸ਼ੁਰੂ ਕਰ ਦਿਓ ਅਤੇ ਤੁਸੀਂ ਆਪਣੇ ਨਾਲ ਇਹ ਸਭ ਕੁਝ ਵਾਪਰਨਾ ਬਣਾ ਸਕਦੇ ਹੋ, ਸੁਹਾਗ ਅਤੇ ਸਦਾ ਸੁਹਾਗ ਦੀ ਪ੍ਰਾਪਤੀ ਕਰ ਸਕਦੇ ਹੋ।
ਇਸ ਲਈ “ਸੁਣਿਐ” ਦੀ ਅਵਸਥਾ ਵਿੱਚ ਇਤਨੀ ਪਰਮ ਸ਼ਕਤੀ ਹੈ ਕਿ ਇੱਕ ਆਮ ਮਨੁੱਖ ਸ਼ੇਖ, ਪੀਰ ਅਤੇ ਪਾਤਿਸ਼ਾਹ ਦੀਆਂ ਪੱਦਵੀਆਂ ਦੀ ਪ੍ਰਾਪਤੀ ਕਰ ਲੈਂਦਾ ਹੈ। ਇਸ ਤੋਂ ਭਾਵ ਇਹ ਹੈ ਕਿ ਜੋ ਮਨੁੱਖ ਬੰਦਗੀ ਕਰਦੇ ਹੋਏ ਆਉਣ ਵਾਲੇ ਜਨਮਾਂ ਵਿੱਚ ਰਾਜ ਭਾਗ ਦੀ ਇੱਛਾ ਕਰ ਬੈਠਦੇ ਹਨ ਉਨ੍ਹਾਂ ਨੂੰ ਬੰਦਗੀ ਦੇ ਖੱਟੇ ਗਏ ਪੁੰਨ ਦੇ ਬਦਲੇ ਰਾਜ ਭਾਗ ਦੀ ਪ੍ਰਾਪਤੀ ਹੋ ਜਾਂਦੀ ਹੈ। ਉਹ ਰਾਜੇ ਬਣ ਜਾਂਦੇ ਹਨ ਅਤੇ ਰਾਜ ਭਾਗ ਮਾਣਦੇ ਹਨ। ਇਸੇ ਤਰ੍ਹਾਂ ਜੋ ਮਨੁੱਖ ਧਨ ਸੰਪਦਾ ਦੀ ਇੱਛਾ ਕਰ ਬੈਠਦੇ ਹਨ ਉਨ੍ਹਾਂ ਨੂੰ ਧਨ ਸੰਪਦਾ ਦੀ ਪ੍ਰਾਪਤੀ ਹੋ ਜਾਂਦੀ ਹੈ ਅਤੇ ਉਹ ਸ਼ੇਖ ਬਣ ਜਾਂਦੇ ਹਨ। ਐਸੇ ਮਨੁੱਖਾਂ ਨੂੰ ਬੇਸ਼ੁਮਾਰ ਦੌਲਤ ਅਤੇ ਦੁਨਿਆਵੀ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸੇ ਤਰ੍ਹਾਂ ਜੋ ਮਨੁੱਖ ਕੇਵਲ ਨਾਮ ਬੰਦਗੀ ਅਤੇ ਸੇਵਾ ਮੰਗਦੇ ਹਨ ਉਹ ਪੀਰ ਬਣ ਜਾਂਦੇ ਹਨ। ਪੀਰ ਤੋਂ ਭਾਵ ਹੈ ਸੰਤ ਅਤੇ ਬ੍ਰਹਮ ਗਿਆਨੀ ਬਣ ਜਾਣਾ। ਜਿਨ੍ਹਾਂ ਮਨੁੱਖਾਂ ਦੀ ਬੰਦਗੀ ਇਸ ਜਨਮ ਵਿੱਚ ਸੰਪੂਰਨ ਨਹੀਂ ਹੁੰਦੀ ਹੈ ਉਨ੍ਹਾਂ ਨੂੰ ਅਗਲੇ ਜਨਮ ਵਿੱਚ ਫਿਰ ਬੰਦਗੀ ਦੀ ਦਾਤ ਮਿਲ ਜਾਂਦੀ ਹੈ ਅਤੇ ਉਹ ਸੁਹਾਗ ਅਤੇ ਸਦਾ ਸੁਹਾਗ ਦੀ ਪ੍ਰਾਪਤੀ ਕਰਕੇ ਪੀਰ ਬਣ ਜਾਂਦੇ ਹਨ। ਪਰੰਤੂ ਇੱਕ ਪੂਰਨ ਸਤਿ ਤੱਤ ਤੱਥ ਇਥੇ ਦ੍ਰਿੜ੍ਹ ਕਰ ਲਵੋ ਕਿ ਬੰਦਗੀ ਕਰਦੇ ਹੋਏ ਕਦੇ ਵੀ ਰਾਜ ਭਾਗ ਜਾਂ ਧਨ ਸੰਪਦਾ ਦੀ ਇੱਛਾ ਨਹੀਂ ਕਰਨੀ ਚਾਹੀਦੀ ਹੈ ਕਿਉਂਕਿ ਪਤਾ ਨਹੀਂ ਬੰਦਗੀ ਫਿਰ ਦੁਬਾਰਾ ਕਦੋਂ ਮਿਲੇ, ਮਿਲੇ ਵੀ ਜਾਂ ਨਾ ਮਿਲੇ ਅਤੇ ਜੀਵਨ ਮੁਕਤੀ ਦਾ ਮੌਕਾ ਹੱਥੋਂ ਨਿਕਲ ਜਾਵੇ। ਕਿਉਂਕਿ ਬਹੁਤ ਸਾਰੇ ਲੋਕ ਜੋ ਰਾਜ ਭਾਗ ਜਾਂ ਧਨ ਸੰਪਦਾ ਦੀ ਪ੍ਰਾਪਤੀ ਕਰ ਲੈਂਦੇ ਹਨ ਮਾਇਆ ਦਾ ਪ੍ਰਭਾਵ ਹੋਣ ਕਰਕੇ ਉਨ੍ਹਾਂ ਦੀ ਕਰਨੀ ਸਤਿ ਦੀ ਕਰਨੀ ਨਹੀਂ ਰਹਿੰਦੀ ਹੈ ਅਤੇ ਉਹ ਇਸ ਤਰ੍ਹਾਂ ਅਉਣ ਵਾਲੇ ਸਮੇਂ ਲਈ ਆਪਣੇ ਮੁਕੱਦਰ ਵਿੱਚ ਕੰਡੇ ਬੀਜ ਲੈਂਦੇ ਹਨ ਅਤੇ ਅਣਮਿੱਥੇ ਸਮੇਂ ਲਈ ਨਰਕਾਂ ਦੇ ਭਾਗੀ ਬਣ ਬੈਠਦੇ ਹਨ। ਇਸ ਲਈ ਬੰਦਗੀ ਕਰਨ ਵਾਲਿਆਂ ਜਿਗਿਆਸੂਆਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਉਹ ਐਸੀ ਕੋਈ ਇੱਛਾ ਨੂੰ ਪ੍ਰਬਲ ਨਾ ਹੋਣ ਦੇਣ ਜਿਸ ਨਾਲ ਉਨ੍ਹਾਂ ਦੀ ਬੰਦਗੀ ਪੂਰਨ ਹੋਣ ਤੋਂ ਰਹਿ ਜਾਵੇ ਅਤੇ ਫਿਰ ਜੂਨੀ ਵਿੱਚ ਭਟਕਣਾ ਪਵੇ। ਕਿਉਂਕਿ ਇਸ ਗੁਰ ਪ੍ਰਸਾਦਿ ਦੀ ਪ੍ਰਾਪਤੀ ਬੜੀ ਘਾਲਣਾ ਘਾਲਣ ਤੋਂ ਬਾਅਦ ਪ੍ਰਾਪਤ ਹੁੰਦੀ ਹੈ ਇਸ ਲਈ ਇਸ ਗੁਰ ਪ੍ਰਸਾਦਿ ਨੂੰ ਅਜਾਈਂ ਗੁਆਉਣਾ ਅਤਿ ਦੀ ਮੂਰਖਤਾਈ ਹੈ।
ਨਾਸਤਿਕ ਮਨੁੱਖ ਉਹ ਹੈ ਜੋ ਰੂਹਾਨੀਅਤ ਤੋਂ ਅਨਜਾਣ ਹੈ। ਨਾਸਤਿਕ ਮਨੁੱਖ ਉਹ ਹੈ ਜੋ ਕਿ ਰੂਹਾਨੀਅਤ ਦੀ ਪਰਮ ਸ਼ਕਤੀ ਤੋਂ ਪੂਰਨ ਤੌਰ ਤੇ ਅੰਧਕਾਰ ਵਿੱਚ ਹੈ। ਨਾਸਤਿਕ ਮਨੁੱਖ ਉਹ ਮਨੁੱਖ ਹੈ ਜਿਸ ਨੂੰ ਇਲਾਹੀ ਪਰਮ ਸ਼ਕਤੀ ਦਾ ਕੋਈ ਗਿਆਨ ਨਹੀਂ ਹੁੰਦਾ ਹੈ। ਨਾਸਤਿਕ ਮਨੁੱਖ ਉਹ ਮਨੁੱਖ ਹੈ ਜੋ ਕਦੇ ਕੋਈ ਧਰਮ ਕਰਮ ਨਹੀਂ ਕਰਦਾ ਹੈ। ਪਰੰਤੂ ਇਹ ਜ਼ਰੂਰੀ ਨਹੀਂ ਹੈ ਕਿ ਇੱਕ ਨਾਸਤਿਕ ਮਨੁੱਖ ਕੇਵਲ ਅਸਤਿ ਕਰਮ ਹੀ ਕਰਦਾ ਹੋਵੇ। ਬਹੁਤ ਸਾਰੇ ਮਨੁੱਖ ਜੋ ਰੂਹਾਨੀਅਤ ਤੋਂ ਅਨਜਾਣ ਹੁੰਦੇ ਹੋਏ ਵੀ ਸਾਫ ਸੁਥਰਾ ਜੀਵਨ ਜੀਉਣ ਦੀ ਕੋਸ਼ਿਸ਼ ਕਰਦੇ ਹਨ। ਐਸੇ ਮਨੁੱਖਾਂ ਦਾ ਜੀਵਨ ਸੁੰਦਰ ਹੁੰਦਾ ਹੈ ਅਤੇ ਐਸੇ ਮਨੁੱਖਾਂ ਤੇ ਵੀ ਸਮਾਂ ਆਉਣ ਤੇ ਕਿਰਪਾ ਹੋ ਜਾਂਦੀ ਹੈ। ਐਸੇ ਮਨੁੱਖਾਂ ਨੂੰ ਵੀ ਕਰਮਾਂ ਅਨੁਸਾਰ ਸਤਿ ਸੰਗਤ ਦੀ ਪ੍ਰਾਪਤੀ ਹੋ ਜਾਂਦੀ ਹੈ ਅਤੇ ਉਨ੍ਹਾਂ ਨੂੰ “ਸੁਣਿਐ” ਦੀ ਅਵਸਥਾ ਦੀ ਪ੍ਰਾਪਤੀ ਹੋ ਜਾਂਦੀ ਹੈ ਅਤੇ ਉਹ ਵੀ ਵਡਭਾਗੇ ਹੋ ਜਾਂਦੇ ਹਨ। ਗੁਰ ਪ੍ਰਸਾਦਿ ਦੀ ਪ੍ਰਾਪਤੀ ਕਰਕੇ ਬੰਦਗੀ ਦੇ ਸਤਿ ਪੰਥ ਉੱਪਰ ਚੱਲ ਪੈਂਦੇ ਹਨ ਅਤੇ ਆਪਣਾ ਜੀਵਨ ਸਾਰਥਕ ਕਰ ਲੈਂਦੇ ਹਨ।
ਸੰਸਾਰ ਨੂੰ ਗੁਰਬਾਣੀ ਵਿੱਚ “ਭਵਸਾਗਰ” ਕਿਹਾ ਗਿਆ ਹੈ। ਸੰਸਾਰ ਨੂੰ ਗੁਰਬਾਣੀ ਵਿੱਚ “ਭਵਜਲ” ਕਿਹਾ ਗਿਆ ਹੈ। ਸੰਸਾਰ ਨੂੰ ਗੁਰਬਾਣੀ ਵਿੱਚ “ਅੰਧ ਗਹੇਰਾ” ਕਿਹਾ ਗਿਆ ਹੈ। ਸੰਸਾਰ ਨੂੰ ਗੁਰਬਾਣੀ ਵਿੱਚ “ਬਿਖਮ ਨਦੀ” ਕਿਹਾ ਗਿਆ ਹੈ। ਇਨ੍ਹਾਂ ਸਭ ਸੰਗਿਆਵਾਂ ਦਾ ਭਾਵ ਹੈ ਕਿ ਸੰਸਾਰ ਮਾਇਆ ਦੇ ਵਿਕਾਰਾਂ ਦੀਆਂ ਵਿਨਾਸ਼ਕਾਰੀ ਸ਼ਕਤੀਆਂ ਨਾਲ ਭਰਪੂਰ ਹੈ। ਗੁਰਬਾਣੀ ਵਿੱਚ ਅੱਜ ਦੇ ਸਮੇਂ ਨੂੰ “ਕਲਯੁਗ” ਕਿਹਾ ਗਿਆ ਹੈ ਅਤੇ ਇਸ ਦੀ ਤੁਲਨਾ ਇੱਕ ਅਗਨ ਦੇ ਰੱਥ ਨਾਲ ਕੀਤੀ ਗਈ ਹੈ ਜਿਸ ਨੂੰ ਚਲਾਉਣ ਵਾਲਾ ਕੂੜ ਮੰਨਿਆ ਗਿਆ ਹੈ :-
“ਕਲਜੁਗਿ ਰਥੁ ਅਗਨਿ ਕਾ ਕੂੜੁ ਅਗੈ ਰਥਵਾਹੁ ॥੧॥”
(ਸ੍ਰੀ ਗੁਰੂ ਗ੍ਰੰਥ ਸਾਹਿਬ ੪੭੦)
ਅਗਨ ਤੋਂ ਭਾਵ ਹੈ ਵਿਨਾਸ਼ਕਾਰੀ ਵਿਕਾਰਾਂ ਦੀ ਅੱਗ ਹੈ : ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਆਸਾ, ਤ੍ਰਿਸ਼ਨਾ, ਮਨਸ਼ਾ, ਰੂਪ, ਰਸ, ਗੰਧ, ਸ਼ਬਦ, ਸਪਰਸ਼, ਰਾਜ, ਜੋਬਨ, ਧਨ, ਮਾਲ ਆਦਿ ਵਿਕਾਰਾਂ ਦੀ ਵਿਨਾਸ਼ਕਾਰੀ ਸ਼ਕਤੀਆਂ ਦੇ ਸੰਸਾਰ ਵਿੱਚ ਵਰਤਣ ਨੂੰ ਅਗਨ ਦੀ ਸੰਗਿਆ ਦਿੱਤੀ ਗਈ ਹੈ। ਇਨ੍ਹਾਂ ਵਿਨਾਸ਼ਕਾਰੀ ਸ਼ਕਤੀਆਂ ਦੇ ਪ੍ਰਭਾਵ ਹੇਠ ਕੀਤੇ ਗਏ ਸਾਰੇ ਕਰਮਾਂ ਨੂੰ ਕੂੜ ਕਿਹਾ ਗਿਆ ਹੈ ਭਾਵ ਇਨ੍ਹਾਂ ਵਿਨਾਸ਼ਕਾਰੀ ਸ਼ਕਤੀਆਂ ਦੇ ਗੁਲਾਮ ਬਣ ਕੇ ਕੀਤੇ ਗਏ ਸਾਰੇ ਕਰਮ ਅਸਤਿ ਕਰਮ ਹੁੰਦੇ ਹਨ। ਮੁਕਦੀ ਗੱਲ ਇਹ ਹੈ ਕਿ ਸਾਰਾ ਸੰਸਾਰ ਮਾਇਆ ਦਾ ਗੁਲਾਮ ਹੈ ਅਤੇ ਮਾਇਆ ਦੀ ਗੁਲਾਮੀ ਕਰਦਾ ਹੋਇਆ ਹਰ ਇੱਕ ਮਨੁੱਖ ਮਾਇਆ ਦੇ ਇਸ ਵਿਨਾਸ਼ਕਾਰੀ ਸਮੁੰਦਰ ਵਿੱਚ ਨਿਰੰਤਰ ਗੋਤੇ ਖਾ ਖਾ ਕੇ ਆਪਣਾ ਹੀਰਾ ਜਨਮ ਗੁਆ ਰਿਹਾ ਹੈ।
ਜੇਕਰ ਅਸੀਂ ਆਪਣੇ ਰੋਜ਼ਾਨਾ ਜੀਵਨ ਉੱਪਰ ਇੱਕ ਕਰੜੀ ਝਾਤੀ ਮਾਰੀਏ ਤਾਂ ਇਹ ਪਤਾ ਲੱਗ ਜਾਵੇਗਾ ਕਿ ਸਾਡੇ ਸਾਰੇ ਰੋਜ਼ਾਨਾ ਦੇ ਕੀਤੇ ਕਰਮ ਕਿਤਨੇ ਕੁ ਸਤਿ ਹਨ ਅਤੇ ਕਿਤਨੇ ਕੁ ਅਸਤਿ ਹਨ। ਸਾਰੇ ਸਤਿ ਕਰਮ ਮਾਇਆ ਦੀ ਸਤੋ ਬਿਰਤੀ ਦੇ ਅਧੀਨ ਹੁੰਦੇ ਹਨ ਅਤੇ ਸਾਰੇ ਅਸਤਿ ਕਰਮ ਮਾਇਆ ਦੀ ਰਜੋ ਅਤੇ ਤਮੋ ਬਿਰਤੀ ਦੇ ਅਧੀਨ ਹੁੰਦੇ ਹਨ। ਪਰੰਤੂ ਇਹ ਸਾਰੇ ਰੋਜ਼ਾਨਾ ਕੀਤੇ ਗਏ ਕਰਮ ਹੁੰਦੇ ਮਾਇਆ ਦੀ ਗੁਲਾਮੀ ਵਿੱਚ ਹੀ ਹਨ। ਭਾਵ ਅਸੀਂ ਕੇਵਲ ਮਾਇਆ ਦੀ ਗੁਲਾਮੀ ਦਾ ਜੀਵਨ ਜੀਉਂਦੇ ਹਾਂ। ਅਸੀਂ ਦਿਨ ਰਾਤ ਕੇਵਲ ਮਾਇਆ ਦੀ ਗੁਲਾਮੀ ਹੀ ਕਰਦੇ ਹਾਂ। ਮਾਇਆ ਦੀ ਗੁਲਾਮੀ ਕੇਵਲ ਉਹ ਮਨੁੱਖ ਨਹੀਂ ਕਰਦਾ ਹੈ ਜਿਸਨੇ ਮਾਇਆ ਉੱਪਰ ਜਿੱਤ ਪ੍ਰਾਪਤ ਕਰ ਲਈ ਹੈ ਅਤੇ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਜਾਕੇ ਅਕਾਲ ਪੁਰਖ ਵਿੱਚ ਅਭੇਦ ਹੋ ਗਿਆ ਹੈ। ਇਸ ਲਈ ਸਾਰਾ ਸੰਸਾਰ ਮਾਇਆ ਦਾ ਰੋਗੀ ਹੈ ਕੇਵਲ ਉਹ ਮਨੁੱਖ ਰੋਗ ਰਹਿਤ ਹੈ ਜੋ ਅਕਾਲ ਪੁਰਖ ਵਿੱਚ ਅਭੇਦ ਹੋ ਗਿਆ ਹੈ। ਜੋ ਮਨੁੱਖ “ਸੁਣਿਐ” ਦੀ ਇਸ ਪਰਮ ਸ਼ਕਤੀਸ਼ਾਲੀ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ ਉਸ ਨੂੰ ਇਸ ਪਰਮ ਤੱਤ ਤੱਥ ਦੀ ਸੋਝੀ ਪੈ ਜਾਂਦੀ ਹੈ ਅਤੇ ਉਹ ਮਾਇਆ ਨਾਲ ਆਪਣੀ ਜੰਗ ਸ਼ੁਰੂ ਕਰ ਦਿੰਦਾ ਹੈ। ਮਾਇਆ ਨੂੰ ਜਿੱਤਣ ਲਈ ਮਾਇਆ ਦੇ ਨਾਲ ਜੰਗ ਤਾਂ ਕਰਨੀ ਹੀ ਪਵੇਗੀ। ਮਾਇਆ ਨੂੰ ਜਿੱਤਣ ਦੇ ਅਸਤਰ ਸ਼ਸਤਰ ਹਨ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ ਅਤੇ ਪੂਰਨ ਬੰਦਗੀ ਦਾ ਗੁਰ ਪ੍ਰਸਾਦਿ। ਮਾਇਆ ਨੂੰ ਜਿੱਤਣ ਦੀ ਜੁਗਤ ਸਤਿਗੁਰ ਕੋਲੋਂ ਪ੍ਰਾਪਤ ਹੁੰਦੀ ਹੈ। “ਸੁਣਿਐ” ਦੀ ਪਉੜੀ ਮਾਇਆ ਨੂੰ ਜਿੱਤਣ ਦੇ ਸਾਰੇ ਅਸਤਰ ਸ਼ਸਤਰ ਪ੍ਰਦਾਨ ਕਰਦੀ ਹੈ ਅਤੇ ਮਨੁੱਖ ਨੂੰ ਬੰਦਗੀ ਵਿੱਚ ਲੈ ਜਾਂਦੀ ਹੈ। ਬੰਦਗੀ ਕਰਦੇ ਹੋਏ, ਨਾਮ ਦੀ ਕਮਾਈ ਕਰਦੇ ਹੋਏ, ਗੁਰਬਾਣੀ ਅਨੁਸਾਰ ਆਪਣਾ ਜੀਵਨ ਜੀਉਣ ਦਾ ਯਤਨ ਕਰਦੇ ਹੋਏ, ਸਾਰੇ ਦੂਤ ਮਨੁੱਖ ਨੂੰ ਛੱਡ ਦੇਂਦੇ ਹਨ ਅਤੇ ਮਨ ਚਿੰਦਿਆ ਜਾਂਦਾ ਹੈ ਅਤੇ ਅਖੀਰ ਵਿੱਚ ਮਾਇਆ ਤੁਹਾਡੇ ਸਨਮੁਖ ਆਪਣੇ ਗੋਡੇ ਟੇਕ ਦਿੰਦੀ ਹੈ ਅਤੇ ਤੁਸੀਂ ਮਾਇਆ ਤੋਂ ਮੁਕਤ ਹੋ ਜਾਂਦੇ ਹੋ।
ਜੋ ਮਨੁੱਖ ਗੁਰ ਪ੍ਰਸਾਦਿ ਦੀ ਪ੍ਰਾਪਤੀ ਕਰਕੇ ਨਾਮ ਦੀ ਕਮਾਈ ਕਰਦੇ ਹਨ ਉਨ੍ਹਾਂ ਦੇ ਚਿਹਰਿਆਂ ਉੱਪਰ ਸਦਾ ਖਿੜਾਅ ਬਣਿਆ ਰਹਿੰਦਾ ਹੈ। ਨਾਮ ਦੀ ਕਮਾਈ ਕਰਦੇ ਕਰਦੇ ਜਦ ਨਾਮ ਉਨ੍ਹਾਂ ਦੇ ਹਿਰਦੇ ਕਮਲ ਨੂੰ ਪ੍ਰਕਾਸ਼ਮਾਨ ਕਰ ਦਿੰਦਾ ਹੈ ਅਤੇ ਸਾਰੇ ਸਤਿ ਸਰੋਵਰਾਂ ਨੂੰ ਪ੍ਰਕਾਸ਼ਮਾਨ ਕਰ ਦਿੰਦਾ ਹੈ ਤਾਂ ਉਨ੍ਹਾਂ ਦੇ ਸਾਰੇ ਪਿੱਛਲੇ ਕਰਮਾਂ ਦਾ ਲੇਖਾ ਜੋਖਾ ਮਿੱਟ ਜਾਂਦਾ ਹੈ ਅਤੇ ਉਨ੍ਹਾਂ ਦੇ ਸਾਰੇ ਪਾਪਾਂ, ਦੁੱਖਾਂ ਅਤੇ ਕਲੇਸ਼ਾਂ ਦਾ ਅੰਤ ਹੋ ਜਾਂਦਾ ਹੈ। ਇੱਕ ਆਮ ਇਨਸਾਨ ਇਸ ਆਸ ਵਿੱਚ ਜ਼ਿੰਦਗੀ ਦਾ ਹਰ ਪਲ ਕੱਟਦਾ ਹੈ ਕਿ ਉਸ ਦੇ ਜੀਵਨ ਵਿੱਚ ਸੁੱਖ ਆਏਗਾ, ਖੁਸ਼ੀਆਂ ਆਉਣਗੀਆਂ, ਉਸਦੇ ਦੁੱਖਾਂ ਕਲੇਸ਼ਾਂ ਦਾ ਅੰਤ ਹੋਵੇਗਾ, ਉਸਦੇ ਸਾਰੇ ਕਾਰਜ ਸਿੱਧ ਹੋ ਜਾਣਗੇ, ਉਸਦੇ ਜੀਵਨ ਵਿੱਚ ਸਕੂਨ ਆਵੇਗਾ। ਇਹ ਸਭ ਕੁਝ ਮਨੁੱਖ ਸੋਚਦਾ ਤਾਂ ਹੈ ਪਰੰਤੂ ਐਸਾ ਕਦੇ ਅਸਲੀਅਤ ਵਿੱਚ ਹੁੰਦਾ ਨਹੀਂ ਹੈ। ਜੇਕਰ ਕੋਈ ਪ੍ਰਸੰਨਤਾ ਦੀ ਖ਼ਬਰ ਮਿਲਦੀ ਹੈ ਜਾਂ ਕੋਈ ਕਾਰਜ ਸਿੱਧ ਹੁੰਦਾ ਹੈ ਤਾਂ ਉਹ ਪ੍ਰਸੰਨਤਾ ਸਦੀਵੀ ਨਹੀਂ ਹੁੰਦੀ ਹੈ। ਹਰ ਦੁਨਿਆਵੀ ਸੁੱਖ ਦੇ ਨਾਲ ਹੀ ਦੁੱਖ ਕਲੇਸ਼ ਆਣ ਧਮਕਦੇ ਹਨ। ਕਰਮ ਦੇ ਸ਼ਕਤੀਸ਼ਾਲੀ ਵਿਧਾਨ ਨੂੰ ਕੋਈ ਹੋਰ ਸ਼ਕਤੀ ਨਹੀਂ ਟਾਲ ਸਕਦੀ ਹੈ ਅਤੇ ਕੇਵਲ ਨਾਮ ਦੀ ਪਰਮ ਸ਼ਕਤੀ ਹੀ ਇਸ ਵਿਧਾਨ ਨੂੰ ਕੱਟ ਸਕਦੀ ਹੈ। ਜਦ ਤੱਕ ਨਾਮ ਹਿਰਦੇ ਵਿੱਚ ਨਹੀਂ ਜਾਂਦਾ ਹੈ ਤਦ ਤੱਕ ਸੁੱਖ ਦੁੱਖ ਦਾ ਇਹ ਸਿਲਸਿਲਾ ਜਾਰੀ ਰਹਿੰਦਾ ਹੈ। ਜਦ ਨਾਮ ਹਿਰਦੇ ਵਿੱਚ ਚਲਾ ਜਾਂਦਾ ਹੈ ਤਾਂ ਸਾਰੇ ਦੁੱਖਾਂ ਕਲੇਸ਼ਾਂ ਦਾ ਨਾਸ਼ ਹੋ ਜਾਂਦਾ ਹੈ ਅਤੇ ਮਾਇਆ ਨੂੰ ਜਿੱਤਣ ਨਾਲ ਹੀ ਸਦੀਵੀ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸੇ ਕਰਕੇ ਬੰਦਗੀ ਕਰਨ ਵਾਲਿਆਂ ਦਾ ਸਦਾ ਵਿਗਾਸ ਹੁੰਦਾ ਰਹਿੰਦਾ ਹੈ। ਉਹ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਚਰਨਾਂ ਵਿੱਚ ਲੀਨ ਹੋ ਕੇ ਬਾਕੀ ਦੀ ਜ਼ਿੰਦਗੀ ਇਸੇ ਹੀ ਕਿਰਪਾ ਅਤੇ ਗੁਰ ਪ੍ਰਸਾਦਿ ਵਿੱਚ ਰਹਿੰਦੇ ਹੋਏ ਸਾਰੇ ਕਾਰਜ ਕਰਦੇ ਹੋਏ ਅਸਲੀ ਜੀਵਨ ਦਾ ਆਨੰਦ ਮਾਣਦੇ ਹਨ।