ਜਪੁਜੀ ਪਉੜੀ ੨੮

 

ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ

ਖਿੰਥਾ ਕਾਲੁ ਕੁਆਰੀ ਕਾਇਆ ਜੁਗਤਿ ਡੰਡਾ ਪਰਤੀਤਿ

ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ

ਆਦੇਸੁ ਤਿਸੈ ਆਦੇਸੁ

ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ੨੮

 

        ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਸ਼ਾਹ ਜੀ ਬੇਅੰਤ ਕਿਰਪਾ ਨਾਲ ਸਮੁੱਚੀ ਲੋਕਾਈ ਦਾ ਪੂਰਨ ਬੰਦਗੀ ਲਈ ਮਾਰਗ ਦਰਸ਼ਨ ਕਰ ਰਹੇ ਹਨ। ਮਨ ਨੂੰ ਜਿੱਤ ਲੈਣਾ ਹੀ ਪੂਰਨ ਬੰਦਗੀ ਹੈ। ਮਨਮਤਿ ਦਾ ਅੰਤ ਹੋ ਜਾਣਾ ਹੀ ਪੂਰਨ ਬੰਦਗੀ ਹੈ। ਮਨ ਦਾ ਅੰਤ ਹੋ ਜਾਣਾ ਹੀ ਪੂਰਨ ਬੰਦਗੀ ਹੈ। ਮਨ ਦਾ ਅੰਤ ਹੀ ਪਰਮ ਜੋਤ ਪੂਰਨ ਪ੍ਰਕਾਸ਼ ਦਾ ਹਿਰਦੇ ਵਿੱਚ ਪ੍ਰਗਟ ਹੋਣਾ ਹੈ। ਮਨ ਨੂੰ ਜਿੱਤ ਲੈਣਾ ਹੀ ਮਾਇਆ ਨੂੰ ਜਿੱਤਣਾ ਹੈ। ਮਨ ਮਤਿ ਦਾ ਅੰਤ ਹੀ ਗੁਰਮਤਿ ਦਾ ਪ੍ਰਕਾਸ਼ ਹੈ। ਐਸਾ ਹੋਣ ਤੇ ਮਨ ਦਾ ਅੰਤ ਹੋ ਜਾਂਦਾ ਹੈ ਅਤੇ ਗੁਰ (ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ) ਦਾ ਪ੍ਰਕਾਸ਼ ਹੋ ਜਾਂਦਾ ਹੈ। ਮਨੁੱਖ ਦੀਆਂ ਪੰਜ ਕਰਮ ਇੰਦਰੀਆਂ ਦਾ ਆਧਾਰ ਹੈ ਮਨੁੱਖ ਦੀਆਂ ਪੰਜ ਗਿਆਨ ਇੰਦਰੀਆਂ। ਮਨੁੱਖ ਦੀਆਂ ਪੰਜ ਗਿਆਨ ਇੰਦਰੀਆਂ ਦਾ ਆਧਾਰ ਹੈ ਮਨੁੱਖ ਦਾ ਮਨ। ਮਨੁੱਖ ਦੇ ਮਨ ਦਾ ਆਧਾਰ ਹੈ ਮਨੁੱਖ ਦੀ ਮਤਿ। ਮਨੁੱਖ ਦੀ ਮਤਿ ਜੇਕਰ ਮਨਮਤਿ ਹੈ ਤਾਂ ਮਨੁੱਖ ਮਾਇਆ ਦਾ ਗੁਲਾਮ ਹੈ। ਮਨੁੱਖ ਦੀ ਮਤਿ ਜੇਕਰ ਦੁਰਮਤਿ ਹੈ ਤਾਂ ਮਨੁੱਖ ਮਾਇਆ ਦੀ ਗੁਲਾਮੀ ਵਿੱਚ ਹੈ। ਮਨੁੱਖ ਦੀ ਮਤਿ ਜੇਕਰ ਸੰਸਾਰਕ ਮਤਿ ਹੈ ਤਾਂ ਵੀ ਮਨੁੱਖ ਮਾਇਆ ਦਾ ਗੁਲਾਮ ਹੈ। ਮਨੁੱਖੀ ਮਨ ਦਾ ਆਧਾਰ ਹੈ ਮਨੁੱਖ ਦਾ ਦਿਮਾਗ; ਅਤੇ ਮਨੁੱਖੀ ਦਿਮਾਗ ਦਾ ਆਧਾਰ ਹੈ ਪਰਮ ਜੋਤ ਪੂਰਨ ਪ੍ਰਕਾਸ਼। ਜਦ ਮਨਮਤਿ ਦਾ ਅੰਤ ਹੋ ਜਾਂਦਾ ਹੈ ਤਾਂ ਮਨ ਦਾ ਅੰਤ ਹੋ ਜਾਂਦਾ ਹੈ। ਮਨਮਤਿ, ਦੁਰਮਤਿ ਅਤੇ ਸੰਸਾਰਕ ਮਤਿ ਦਾ ਅੰਤ ਹੋ ਜਾਂਦਾ ਹੈ। ਮਨਮਤਿ, ਦੁਰਮਤਿ ਅਤੇ ਸੰਸਾਰਕ ਮਤਿ ਦਾ ਆਧਾਰ ਸੰਸਾਰ ਹੈ। ਸੰਸਾਰ ਮਾਇਆ ਦਾ ਖੇਲ ਹੈ। ਇਸ ਲਈ ਮਨ ਨੂੰ ਜਿੱਤ ਲੈਣਾ ਹੀ ਸੰਸਾਰ ਨੂੰ ਜਿੱਤ ਲੈਣਾ ਹੈ। ਮਨ ਦਾ ਅੰਤ ਹੁੰਦੇ ਹੀ, ਮਨਮਤਿ, ਦੁਰਮਤਿ ਅਤੇ ਸੰਸਾਰਕ ਮਤਿ ਖ਼ਤਮ ਹੋ ਜਾਣ ਨਾਲ ਮਨੁੱਖ ਦੀਆਂ ਪੰਜੇ ਗਿਆਨ ਇੰਦਰੀਆਂ ਗੁਰਮਤਿ ਵਿੱਚ ਚਲੀਆਂ ਜਾਂਦੀਆਂ ਹਨ। ਜਦ ਐਸਾ ਹੁੰਦਾ ਹੈ ਤਾਂ ਮਨੁੱਖ ਦੀਆਂ ਪੰਜੇ ਕਰਮ ਇੰਦਰੀਆਂ ਕੇਵਲ ਸਤਿ ਕਰਮ ਕਰਨ ਲੱਗ ਪੈਂਦੀਆਂ ਹਨ। ਮਨੁੱਖ ਦਾ ਦਿਮਾਗ ਪੂਰਨ ਰੂਪ ਵਿੱਚ ਕਿਰਿਆਸ਼ੀਲ ਹੋ ਜਾਂਦਾ ਹੈ ਅਤੇ ਪੂਰਨ ਬ੍ਰਹਮ ਗਿਆਨ ਪੂਰਨ ਤੱਤ ਗਿਆਨ ਪ੍ਰਗਟ ਹੋ ਜਾਂਦਾ ਹੈ। ਪਰਮ ਜੋਤ ਪ੍ਰਗਟ ਹੋ ਜਾਂਦੀ ਹੈ ਅਤੇ ਮਨੁੱਖ ਪ੍ਰਗਟਿਓ ਜੋਤ ਪੂਰਨ ਬ੍ਰਹਮ ਗਿਆਨੀ ਦੇ ਰੂਪ ਵਿੱਚ ਪ੍ਰਗਟ ਹੋ ਜਾਂਦਾ ਹੈ। ਇਸ ਤਰ੍ਹਾਂ ਨਾਲ ਮਨੁੱਖ ਦੇ ਪੰਜੇ ਗਿਆਨ ਇੰਦਰੇ ਅਤੇ ਕਰਮ ਇੰਦਰੇ ਪੂਰਨ ਹੁਕਮ ਵਿੱਚ ਆ ਜਾਂਦੇ ਹਨ।

                ਸਾਰੀ ਜਪੁਜੀ ਬਾਣੀ ਮਨ ਨੂੰ ਜਿੱਤਣ ਦੀ ਜੁਗਤ ਹੀ ਹੈ। ਪਰੰਤੂ ਇਸ ਪਉੜੀ ਵਿੱਚ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਸ਼ਾਹ ਜੀ ਨੇ ਖ਼ਾਸ ਤੌਰ ਉੱਪਰ ਮਨ ਨੂੰ ਜਿੱਤਣ ਦੀ ਜੁਗਤ ਉੱਪਰ ਵਿਸ਼ੇਸ਼ ਧਿਆਨ ਪ੍ਰਗਟ ਕੀਤਾ ਹੈ। ਪੂਰਨ ਬ੍ਰਹਮ ਗਿਆਨ ਦੇ ਇਸ ਉਪਦੇਸ਼ ਵਿੱਚ ਜੋਗੀਆਂ ਅਤੇ ਸਿੱਧਾਂ ਦੇ ਭਰਮਾਂ ਦਾ ਖੰਡਨ ਕੀਤਾ ਹੈ। ਕੰਨਾਂ ਵਿੱਚ ਮੁੰਦਰਾਂ ਪਾ ਲੈਣੀਆਂ, ਗਲ ਵਿੱਚ ਖ਼ਫਨੀ ਪਾ ਲੈਣੀ, ਸਾਰੇ ਸ਼ਰੀਰ ਉੱਪਰ ਗੋਹਿਆਂ ਦੀ ਸੁਆਹ ਦੀ ਵਿਭੂਤ ਨੂੰ ਮੱਲ ਲੈਣਾ, ਹੱਥ ਵਿੱਚ ਭਿੱਖਿਆ ਮੰਗਣ ਵਾਲਾ ਖੱਪਰ ਫੱੜ੍ਹ ਲੈਣਾ ਆਦਿ ਸਾਰੇ ਜੋਗੀ ਅਤੇ ਸਿੱਧ ਪੁਰਸ਼ਾਂ ਦੇ ਬਾਹਰੀ ਧਾਰਮਿਕ ਚਿੰਨ੍ਹ ਹਨ। ਜੋਗੀ ਕੱਚ ਦੇ ਮੁੰਦਰੇ ਕੰਨਾਂ ਵਿੱਚ ਪਾਉਂਦੇ ਹਨ। ਹੱਥ ਵਿੱਚ ਖੱਪਰ (ਚਿੱਪੀ) ਫੱੜਦੇ ਹਨ ਜਿਸ ਵਿੱਚ ਭਿੱਖਿਆ ਲੈਂਦੇ ਹਨ ਅਤੇ ਗਲ ਵਿੱਚ ਬਗਲੀ (ਖ਼ਫਨੀ) ਪਾਉਂਦੇ ਹਨ ਜਿਸ ਵਿੱਚ ਭਿੱਖਿਆ ਇਕੱਠੀ ਕਰਦੇ ਹਨ। ਸਾਰੇ ਸ਼ਰੀਰ ਉੱਪਰ ਸੁਆਹ ਮੱਲਦੇ ਹਨ ਇਹ ਦਰਸਾਉਣ ਲਈ ਕਿ ਉਹ ਨਿੰਮਰਤਾ ਦਾ ਜੀਵਨ ਜੀਉਂਦੇ ਹਨ। ਬਿਭੂਤ ਜੋ ਕਿ ਗਊ ਦੇ ਗੋਹੇ ਦੀ ਸੁਆਹ ਹੁੰਦੀ ਹੈ ਜਿਸਨੂੰ ਜੋਗੀ ਲੋਕ ਦੇਹੀ ਦੀ ਹੰਗਤਾ ਨੂੰ ਦੂਰ ਕਰਨ ਲਈ ਦੇਹੀ ਉੱਪਰ ਮੱਲਦੇ ਹਨ। ਹਿੰਦੂ ਸ਼ਾਸਤਰਾਂ ਵਿੱਚ ਗਊ ਦੇ ਗੋਹੇ ਨੂੰ ਪਵਿੱਤਰ ਵਸਤੂ ਕਰਕੇ ਦਰਸਾਇਆ ਗਿਆ ਹੈ। ਗੋਹੇ ਦੀਆਂ ਪਾਥੀਆਂ ਨੂੰ ਸਾੜ ਕੇ ਅੱਗ ਸੇਕ ਲੈਣੀ ਅਤੇ ਸੁਆਹ ਸ਼ਰੀਰ ਉੱਪਰ ਮੱਲ ਲੈਣਾ ਅਤੇ ਆਪਣੇ ਆਪ ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਰੂਪ ਮੰਨ ਲੈਣਾ ਜੋਗੀਆਂ ਦਾ ਕਿੱਤਾ ਹੈ। ਇਸ ਤਰ੍ਹਾਂ ਜੋਗੀ ਅਤੇ ਸਿੱਧ ਪੁਰਸ਼ ਬਾਹਰਲੇ ਧਾਰਮਿਕ ਚਿੰਨ੍ਹ ਧਾਰਣ ਕਰਕੇ ਪਾਖੰਡ ਦਾ ਜੀਵਨ ਜੀਉਂਦੇ ਹਨ ਅਤੇ ਪੂਰਨ ਸਤਿ ਤੋਂ ਅਨਭਿੱਗ ਅਤੇ ਅਨਜਾਣ ਜਨਮ-ਮਰਣ ਦੇ ਚੱਕਰ ਵਿੱਚ ਫੱਸੇ ਰਹਿੰਦੇ ਹਨ।   

                ਜਦ ਧੰਨ ਧੰਨ ਸਤਿਗੁਰ ਨਾਨਕ ਪਾਤਸ਼ਾਹ ਜੀ ਸਿੱਧਾਂ ਦਾ ਉਧਾਰ ਕਰਨ ਲਈ ਸੁਮੇਰ ਪਰਬਤ ਤੇ ਅੱਪੜੇ ਤਾਂ ਉਨ੍ਹਾਂ ਨੇ ਸਿੱਧਾਂ ਦੇ ਇਨ੍ਹਾਂ ਬਾਹਰਲੇ ਧਾਰਮਿਕ ਚਿੰਨ੍ਹਾਂ ਨੂੰ ਵੇਖ ਕੇ ਉਨ੍ਹਾਂ ਨੂੰ ਇਨ੍ਹਾਂ ਬਾਹਰਲੇ ਧਾਰਮਿਕ ਚਿੰਨ੍ਹਾਂ ਦੇ ਖੋਖਲੇ ਪਨ ਦੇ ਬਾਰੇ ਪੂਰਨ ਬ੍ਰਹਮ ਗਿਆਨ ਕਰਵਾਇਆ ਅਤੇ ਇਹ ਦੱਸਿਆ ਕਿ ਇਨ੍ਹਾਂ ਬਾਹਰਲੇ ਧਾਰਮਿਕ ਚਿੰਨ੍ਹਾਂ ਦੇ ਧਾਰਣ ਕਰ ਲੈਣ ਨਾਲ ਮਨੁੱਖ ਨੂੰ ਜੀਵਨ ਮੁਕਤੀ ਪ੍ਰਾਪਤ ਨਹੀਂ ਹੋ ਸਕਦੀ ਹੈ। ਸਿੱਧਾਂ ਨੂੰ ਇਹ ਗਿਆਨ ਨਹੀਂ ਸੀ ਕਿ ਇਨ੍ਹਾਂ ਧਾਰਮਕਿ ਚਿੰਨ੍ਹਾਂ ਦੇ ਧਾਰਣ ਕਰ ਲੈਣ ਨਾਲ ਮਨ ਨੂੰ ਨਹੀਂ ਜਿੱਤਿਆ ਜਾ ਸਕਦਾ ਹੈ। ਸਿੱਧਾਂ ਨੂੰ ਇਹ ਗਿਆਨ ਨਹੀਂ ਸੀ ਕਿ ਮਨ ਨੂੰ ਜਿੱਤਣ ਨਾਲ ਹੀ ਉਨ੍ਹਾਂ ਨੂੰ ਜੀਵਨ ਮੁਕਤੀ ਮਿਲ ਸਕਦੀ ਹੈ। ਸਿੱਧਾਂ ਨੂੰ ਇਹ ਵੀ ਗਿਆਨ ਨਹੀਂ ਸੀ ਕਿ ਬੰਦਗੀ ਅੰਦਰਲੀ ਖੇਡ ਹੈ ਅਤੇ ਗੁਰਪ੍ਰਸਾਦਿ ਨਾਲ ਪ੍ਰਾਪਤ ਹੁੰਦੀ ਹੈ। ਸਿੱਧਾਂ ਨੂੰ ਇਹ ਵੀ ਗਿਆਨ ਨਹੀਂ ਸੀ ਕਿ ਬੰਦਗੀ ਕਰਨ ਦਾ ਭਾਵ ਅੰਦਰਲੀ ਰਹਿਤ ਕਮਾਉਣਾ ਹੈ। ਸਿੱਧਾਂ ਨੂੰ ਇਹ ਵੀ ਗਿਆਨ ਨਹੀਂ ਸੀ ਕਿ ਉਹ ਸਾਰੇ ਮਾਇਆ ਦੀ ਗੁਲਾਮੀ ਵਿੱਚ ਜੀਵਨ ਨਸ਼ਟ ਕਰ ਰਹੇ ਹਨ। ਸਿੱਧਾਂ ਨੂੰ ਇਹ ਵੀ ਗਿਆਨ ਨਹੀਂ ਸੀ ਕਿ ਰਿੱਧੀਆਂ-ਸਿੱਧੀਆਂ ਮਾਇਆ ਹਨ ਅਤੇ ਉਹ ਮਾਇਆ ਦੇ ਇਸ ਜਾਲ ਵਿੱਚ ਫੱਸ ਕੇ ਰਹਿ ਗਏ ਸਨ। ਸਿੱਧਾਂ ਨੂੰ ਇਹ ਵੀ ਗਿਆਨ ਨਹੀਂ ਸੀ ਕਿ ਮਾਇਆ ਨੂੰ ਜਿੱਤਣ ਨਾਲ ਹੀ ਅੰਦਰਲੀ ਰਹਿਤ ਸੰਪੂਰਨ ਹੁੰਦੀ ਹੈ ਅਤੇ ਜੀਵਨ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ। ਜੋਗ ਅਭਿਆਸ ਅਤੇ ਪ੍ਰਾਣਾਯਾਮ ਦੇ ਬੱਲ ਉੱਪਰ ਆਪਣੀਆਂ ਉਮਰਾਂ ਲੰਬੀਆਂ ਕਰਕੇ ਅਤੇ ਰਿੱਧੀਆਂ-ਸਿੱਧੀਆਂ ਹਾਸਿਲ ਕਰਕੇ ਸਿੱਧ ਇਸ ਭਰਮ ਵਿੱਚ ਜੀ ਰਹੇ ਸਨ ਕਿ ਉਨ੍ਹਾਂ ਨੇ ਰੂਹਾਨੀਅਤ ਦੀ ਸਭ ਤੋਂ ਉੱਚ ਅਵਸਥਾ ਪ੍ਰਾਪਤ ਕਰ ਲਈ ਹੈ।

                ਅੱਜ ਦੇ ਧਾਰਮਿਕ ਆਗੂਆਂ ਦੀ ਕਥਾ ਵੀ ਜੋਗੀਆਂ ਅਤੇ ਸਿੱਧਾਂ ਨਾਲੋਂ ਕੋਈ ਵੱਖਰੀ ਨਹੀਂ ਹੈ। ਆਦਿ ਕਾਲ ਤੋਂ ਸੰਸਾਰ ਵਿੱਚ ਪ੍ਰਚਲਿਤ ਸਾਰੇ ਧਰਮਾਂ ਵਿੱਚ ਐਸੇ ਧਾਰਮਿਕ ਚਿੰਨ੍ਹਾਂ ਦਾ ਬੋਲ-ਬਾਲਾ ਰਿਹਾ ਹੈ। ਅੱਜ ਦੀ ਦੁਨੀਆਂ ਵਿੱਚ ਵੀ ਸਾਰੇ ਧਰਮਾਂ ਦੇ ਧਾਰਮਿਕ ਆਗੂ ਇਨ੍ਹਾਂ ਧਾਰਮਿਕ ਚਿੰਨ੍ਹਾਂ ਨੂੰ ਬਹੁਤ ਵੱਧ-ਚੜ੍ਹ ਕੇ ਅਪਨਾਉਣ ਦਾ ਉਪਰਾਲਾ ਕਰਨ ਵਿੱਚ ਵਿਅਸਤ ਹਨ। ਐਸੇ ਧਾਰਮਿਕ ਆਗੂ ਕੇਵਲ ਬਾਹਰਲੀ ਰਹਿਤ ਦੀ ਪ੍ਰਪੱਕਤਾ ਦੀ ਗੱਲ ਹੀ ਕਰਦੇ ਹਨ। ਇਹ ਧਾਰਮਿਕ ਆਗੂ ਇਹ ਨਹੀਂ ਜਾਣਦੇ ਹਨ ਕਿ ਬਾਹਰਲੇ ਧਾਰਮਿਕ ਚਿੰਨ੍ਹਾਂ ਨੂੰ ਧਾਰਣ ਕਰਨ ਨਾਲ ਮਨ ਨੂੰ ਨਹੀਂ ਜਿੱਤਿਆ ਜਾ ਸਕਦਾ ਹੈ। ਕੇਵਲ ਬਾਹਰਲੀ ਰਹਿਤ ਨੂੰ ਧਾਰਣ ਕਰ ਲੈਣ ਨਾਲ ਮਨੁੱਖ ਨੂੰ ਦਰਗਾਹ ਵਿੱਚ ਪਰਵਾਨਗੀ ਹਾਸਿਲ ਨਹੀਂ ਹੋ ਸਕਦੀ ਹੈ। ਇਨ੍ਹਾਂ ਧਾਰਮਿਕ ਚਿੰਨ੍ਹਾਂ ਨੂੰ ਧਾਰਣ ਕਰ ਲੈਣ ਨਾਲ ਲੋਕਾਈ ਦੀ ਨਜ਼ਰ ਵਿੱਚ ਤਾਂ ਤੁਸੀ ਸੰਤ ਨਜ਼ਰ ਆ ਸਕਦੇ ਹੋ ਪਰੰਤੂ ਇਹ ਧਾਰਮਿਕ ਚਿੰਨ੍ਹ ਤੁਹਾਨੂੰ ਦਰਗਾਹ ਵਿੱਚ ਮਾਣ ਨਹੀਂ ਪ੍ਰਾਪਤ ਕਰਵਾ ਸਕਦੇ ਹਨ। ਇਹ ਪੂਰਨ ਸਤਿ ਤੱਤ ਤੱਥ ਹੈ ਕਿ ਬਾਹਰਲੀ ਰਹਿਤ ਰੱਖਣ ਨਾਲ ਮਨੁੱਖ ਸੰਤ ਨਹੀਂ ਬਣ ਜਾਂਦਾ ਹੈ। ਬਾਹਰਲੀ ਰਹਿਤ ਰੱਖਣ ਨਾਲ ਮਨੁੱਖ ਖਾਲਸਾ ਨਹੀਂ ਬਣ ਜਾਂਦਾ ਹੈ। ਬਾਹਰਲੀ ਰਹਿਤ ਰੱਖਣ ਨਾਲ ਮਨੁੱਖ ਅੰਮ੍ਰਿਤਧਾਰੀ ਨਹੀਂ ਬਣ ਸਕਦਾ ਹੈ। ਕੇਵਲ ਚੋਲਾ ਪਹਿਣ ਕੇ ਮਨੁੱਖ ਖਾਲਸਾ, ਸੰਤ ਅਤੇ ਅੰਮ੍ਰਿਤਧਾਰੀ ਨਹੀਂ ਬਣ ਜਾਂਦਾ ਹੈ। ਬਾਹਰਲੀ ਰਹਿਤ ਰੱਖਣ ਵਾਲੇ ਮਨੁੱਖਾਂ ਨੂੰ ਸਮਾਜਿਕ ਮਾਣ ਤਾਂ ਮਿਲ ਸਕਦਾ ਹੈ ਪਰੰਤੂ ਦਰਗਾਹ ਵਿੱਚ ਮਾਣ ਨਹੀਂ ਮਿਲ ਸਕਦਾ ਹੈ। ਕਿਉਂਕਿ ਖਾਲਸਾ ਤਾਂ ਉਹ ਰੂਹ ਹੈ ਜਿਸਨੂੰ ਪੂਰਨ ਬ੍ਰਹਮ ਗਿਆਨ ਅਤੇ ਪੂਰਨ ਤੱਤ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਸੰਤ ਤਾਂ ਉਹ ਪੁਰਖ ਹੈ ਜਿਸਨੂੰ ਪੂਰਨ ਬ੍ਰਹਮ ਗਿਆਨ ਅਤੇ ਪੂਰਨ ਤੱਤ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਅੰਮ੍ਰਿਤਧਾਰੀ ਤਾਂ ਉਹ ਮਨੁੱਖ ਹੈ ਜੋ ਆਪ ਅੰਮ੍ਰਿਤ ਬਣ ਗਿਆ ਹੈ ਅਤੇ ਜਿਸਨੂੰ ਪੂਰਨ ਬ੍ਰਹਮ ਗਿਆਨ ਅਤੇ ਪੂਰਨ ਤੱਤ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਲਈ ਜੋ ਮਨੁੱਖ ਪੂਰਨ ਬ੍ਰਹਮ ਗਿਆਨੀ ਨਹੀਂ ਹੈ ਉਸਨੂੰ ਖਾਲਸਾ ਕਹਿਣਾ ਅਤੇ ਅੰਮ੍ਰਿਤਧਾਰੀ, ਗੁਰਮੁਖ ਜਾਂ ਸੰਤ ਕੀ ਕੇ ਸੰਬੋਧਨ ਕਰਨਾ ਸਰਾਸਰ ਝੂਠ ਹੈ ਅਤੇ ਦਰਗਾਹੀ ਵਿਧਾਨ ਦੀ ਉਲੰਘਣਾ ਹੈ ਘੋਰ ਪਾਖੰਡ ਹੈ। ਕੇਵਲ ਉਹ ਮਨੁੱਖ ਜੋ ਕਿ ਇੱਕ ਖੰਡ “ਸੱਚ ਖੰਡ”ਮਾਨਸਰੋਵਰ ਵਿੱਚ ਪੂਰਨ ਤੌਰ ਤੇ ਸਦਾ-ਸਦਾ ਲਈ ਲੀਨ ਹੋ ਗਿਆ ਹੈ ਕੇਵਲ ਉਹ ਮਨੁੱਖ ਹੀ ਖਾਲਸਾ ਹੈ, ਸੰਤ ਹੈ, ਗੁਰਮੁਖ ਹੈ ਅਤੇ ਅੰਮ੍ਰਿਤਧਾਰੀ ਹੈ।

                ਐਸੀ ਰੂਹ ਜੋ ਕਿ ਸੰਤ ਹੈ, ਜੀਵਨ ਮੁਕਤ ਹੈ, ਖਾਲਸਾ ਹੈ, ਗੁਰਮੁਖ ਹੈ, ਅੰਮ੍ਰਿਤਧਾਰੀ ਹੈ ਜਾਂ ਪੂਰਨ ਬ੍ਰਹਮ ਗਿਆਨੀ ਹੈ ਉਸਦੇ ਧਾਰਮਿਕ ਚਿੰਨ੍ਹ ਕੀ ਹਨ ? ਇਸ ਪੂਰਨ ਸਤਿ ਤੱਤ ਤੱਥ ਨੂੰ ਹੀ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਸ਼ਾਹ ਜੀ ਇਸ ਪਉੜੀ ਵਿੱਚ ਪ੍ਰਗਟ ਕਰ ਰਹੇ ਹਨ। ਐਸੀ ਰੂਹ ਜੋ ਕਿ ਸੰਤ ਹੈ, ਜੀਵਨ ਮੁਕਤ ਹੈ, ਖਾਲਸਾ ਹੈ, ਗੁਰਮੁਖ ਹੈ, ਅੰਮ੍ਰਿਤਧਾਰੀ ਹੈ ਜਾਂ ਪੂਰਨ ਬ੍ਰਹਮ ਗਿਆਨੀ ਹੈ ਉਸਦੇ ਧਾਰਮਿਕ ਚਿੰਨ੍ਹ ਬਾਹਰਲੇ ਚਿੰਨ੍ਹ ਨਹੀਂ ਹੁੰਦੇ ਹਨ। ਐਸੀ ਰੂਹ ਜੋ ਕਿ ਸੰਤ ਹੈ, ਜੀਵਨ ਮੁਕਤ ਹੈ, ਖਾਲਸਾ ਹੈ, ਗੁਰਮੁਖ ਹੈ, ਅੰਮ੍ਰਿਤਧਾਰੀ ਹੈ ਜਾਂ ਪੂਰਨ ਬ੍ਰਹਮ ਗਿਆਨੀ ਹੈ ਉਸਦੇ ਧਾਰਮਿਕ ਚਿੰਨ੍ਹ ਕੇਵਲ ਦਿਬ ਦ੍ਰਿਸ਼ਟ ਨਾਲ ਹੀ ਵੇਖੇ ਅਤੇ ਪਹਿਚਾਣੇ ਜਾ ਸਕਦੇ ਹਨ। ਇਸੇ ਲਈ ਧੰਨ ਧੰਨ ਸਤਿਗੁਰ ਅਵਤਾਰ ਅਰਜਨ ਦੇਵ ਪਤਿਸ਼ਾਹ ਜੀ ਨੇ ਸੁਖਮਨੀ ਬਾਣੀ ਵਿੱਚ ਇਹ ਸਪੱਸ਼ਟ ਕਰ ਦਿੱਤਾ ਹੈ :-

 

ਬ੍ਰਹਮ ਗਿਆਨੀ ਕਾ ਕਉਨ ਜਾਨੈ ਭੇਦੁ

ਬ੍ਰਹਮ ਗਿਆਨੀ ਕੀ ਮਿਤਿ ਕਉਨੁ ਬਖਾਨੈ

ਬ੍ਰਹਮ ਗਿਆਨੀ ਕੀ ਗਤਿ ਬ੍ਰਹਮ ਗਿਆਨੀ ਜਾਨੈ

(ਪੰਨਾ ੨੭੩)

 

                ਕੇਵਲ ਇੱਕ ਪੂਰਨ ਬ੍ਰਹਮ ਗਿਆਨੀ ਹੀ ਦੂਸਰੇ ਬ੍ਰਹਮ ਗਿਆਨੀ ਦੀ ਪਹਿਚਾਣ ਕਰ ਸਕਦਾ ਹੈ। ਕੇਵਲ ਇੱਕ ਬ੍ਰਹਮ ਗਿਆਨੀ ਹੀ ਦੂਸਰੇ ਬ੍ਰਹਮ ਗਿਆਨੀ ਦੀਆਂ ਪਰਮ ਸ਼ਕਤੀਆਂ ਦੀ ਪਹਿਚਾਣ ਕਰ ਸਕਦਾ ਹੈ। ਕੇਵਲ ਇੱਕ ਬ੍ਰਹਮ ਗਿਆਨੀ ਹੀ ਦੂਸਰੇ ਬ੍ਰਹਮ ਗਿਆਨੀ ਦੀ ਮਹਿਮਾ ਨੂੰ ਪਹਿਚਾਣ ਸਕਦਾ ਹੈ। ਕੇਵਲ ਪੂਰਨ ਬ੍ਰਹਮ ਹੀ ਇਨ੍ਹਾਂ ਅੰਦਰਲੇ ਧਾਰਮਿਕ ਚਿੰਨ੍ਹਾਂ ਨੂੰ ਆਪਣੀ ਦਿਬ ਦ੍ਰਿਸ਼ਟ ਨਾਲ ਦੇਖ ਸਕਦਾ ਹੈ। ਕਿਉਂਕਿ ਸਿੱਧਾਂ ਨੂੰ ਪੂਰਨ ਬ੍ਰਹਮ ਗਿਆਨ ਨਹੀਂ ਸੀ ਇਸ ਲਈ ਉਨ੍ਹਾਂ ਨੂੰ ਸਤਿਗੁਰ ਅਵਤਾਰ ਧੰਨ ਧੰਨ ਨਾਨਕ ਪਾਤਸ਼ਾਹ ਜੀ ਦੀ ਪਹਿਚਾਣ ਨਹੀਂ ਸੀ ਹੋ ਸਕੀ। ਇਸੇ ਲਈ ਸਿੱਧਾਂ ਨੇ ਸਤਿਗੁਰ ਅਵਤਾਰ ਧੰਨ ਧੰਨ ਨਾਨਕ ਪਾਤਸ਼ਾਹ ਜੀ ਨਾਲ ਵਾਦ-ਵਿਵਾਦ ਕੀਤਾ। ਪਰੰਤੂ ਧੰਨ ਧੰਨ ਸਤਿਗੁਰ ਪਾਤਸ਼ਾਹ ਜੀ ਤਾਂ ਪਰਮ ਦਿਆਲੂ ਸਨ ਅਤੇ ਉਨ੍ਹਾਂ ਨੇ ਸਿੱਧਾਂ ਦੀ ਦਸ਼ਾ ਨੂੰ ਸਮਝਦੇ ਹੋਏ ਉਨ੍ਹਾਂ ਨੂੰ ਪੂਰਨ ਬ੍ਰਹਮ ਗਿਆਨ ਦੇ ਕੇ ਜੀਵਨ ਮੁਕਤੀ ਦਾ ਮਾਰਗ ਦਰਸ਼ਨ ਕਰਾਇਆ ਅਤੇ ਉਨ੍ਹਾਂ ਨੂੰ ਜੀਵਨ ਮੁਕਤੀ ਦੇ ਗੁਰਪ੍ਰਸਾਦਿ ਨਾਲ ਨਿਵਾਜਿਆ। 

        ਐਸੀ ਰੂਹ ਜੋ ਕਿ ਸੰਤ ਹੈ, ਜੀਵਨ ਮੁਕਤ ਹੈ, ਖਾਲਸਾ ਹੈ, ਗੁਰਮੁਖ ਹੈ, ਅੰਮ੍ਰਿਤਧਾਰੀ ਹੈ ਜਾਂ ਪੂਰਨ ਬ੍ਰਹਮ ਗਿਆਨੀ ਹੈ ਉਸਦੇ ਧਾਰਮਿਕ ਚਿੰਨ੍ਹ ਹਨ :

 

                ਸਤਿ ਸੰਤੋਖ :ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਸ਼ਾਹ ਜੀ ਇਸ ਪੂਰਨ ਸਤਿ ਤੱਤ ਤੱਥ ਨੂੰ ਪ੍ਰਗਟ ਕਰ ਰਹੇ ਹਨ ਕਿ ਉਨ੍ਹਾਂ ਨੇ ਸਤਿ ਸੰਤੋਖ ਦੀਆਂ ਮੁੰਦਰਾਂ ਪਾਈਆਂ ਹੋਈਆਂ ਹਨ। ਸਤਿ ਸੰਤੋਖ ਉਸ ਰੂਹ ਨੂੰ ਪ੍ਰਾਪਤ ਹੁੰਦਾ ਹੈ ਜਿਸਦੀ ਤ੍ਰਿਸ਼ਨਾ ਬੁੱਝ ਜਾਂਦੀ ਹੈ। ਜੋ ਮਨੁੱਖ ਇੱਛਾ ਰਹਿਤ ਹੋ ਜਾਂਦਾ ਹੈ ਉਹ ਮਨੁੱਖ ਸਤਿ ਸੰਤੋਖ ਵਿੱਚ ਚਲਾ ਜਾਂਦਾ ਹੈ। ਜਿਸ ਮਨੁੱਖ ਵਿੱਚ ਮਾਇਆ ਦੀ ਰਜੋ ਬਿਰਤੀ ਦਾ ਅੰਤ ਹੋ ਜਾਂਦਾ ਹੈ ਉਹ ਮਨੁੱਖ ਸਤਿ ਸੰਤੋਖ ਵਿੱਚ ਚਲਾ ਜਾਂਦਾ ਹੈ। ਭਾਵ ਜੋ ਮਨੁੱਖ ਜੀਵਨ ਮੁਕਤੀ ਪ੍ਰਾਪਤ ਕਰ ਲੈਂਦਾ ਹੈ ਉਹ ਮਨੁੱਖ ਸਤਿ ਸੰਤੋਖ ਵਿੱਚ ਚਲਾ ਜਾਂਦਾ ਹੈ। ਤ੍ਰਿਸ਼ਨਾ ਦੀ ਵਿਨਾਸ਼ਕਾਰੀ ਸ਼ਕਤੀ ਹੀ ਮਨੁੱਖ ਨੂੰ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਦੇ ਵੱਸ ਆ ਕੇ ਸਾਰੇ ਅਸਤਿ ਕਰਮ ਕਰਨ ਉੱਪਰ ਮਜਬੂਰ ਕਰ ਦਿੰਦੀ ਹੈ। ਸਾਰੀ ਲੋਕਾਈ ਤ੍ਰਿਸ਼ਨਾ ਦੀ ਗੁਲਾਮੀ ਕਰਦੇ ਹੋਏ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਦੀਆਂ ਮਹਾ ਵਿਨਾਸ਼ਕਾਰੀ ਸ਼ਕਤੀਆਂ ਦਾ ਨਿਰੰਤਰ ਸ਼ਿਕਾਰ ਹੋ ਰਹੀ ਹੈ। ਤ੍ਰਿਸ਼ਨਾ ਮਨੁੱਖ ਦੀ (ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਦੀ) ਭੁੱਖ ਨੂੰ ਕਦੇ ਮਿਟਣ ਨਹੀਂ ਦਿੰਦੀ ਹੈ। ਕਿਉਂਕਿ ਕਿ ਇੱਕ ਆਮ ਮਨੁੱਖ ਤ੍ਰਿਸ਼ਨਾ ਦੀ ਗੁਲਾਮੀ ਕਰਦਾ ਹੋਇਆ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਦੇ ਵੱਸ ਆ ਕੇ ਸਾਰੇ ਅਸਤਿ ਕਰਮ ਕਰਦਾ ਹੈ ਇਸ ਲਈ ਇੱਕ ਆਮ ਮਨੁੱਖ ਦੇ ਗੁਰੂ ਹਨ : ਤ੍ਰਿਸ਼ਨਾ ਅਤੇ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ। ਤ੍ਰਿਸ਼ਨਾ ਦੀ ਅਗਨ ਵਿੱਚ ਸੱੜ੍ਹਦੇ-ਬੱਲਦੇ ਹੋਏ ਮਨੁੱਖ ਦੀ ਕੀ ਹਾਲਤ ਹੁੰਦੀ ਹੈ ਉਸਦਾ ਬਿਆਨ ਧੰਨ ਧੰਨ ਸਤਿਗੁਰ ਅਵਤਾਰ ਅਰਜਨ ਦੇਵ ਪਾਤਸ਼ਾਹ ਜੀ ਨੇ ਸੁਖਮਨੀ ਬਾਣੀ ਵਿੱਚ ਬੜੇ ਸੁੰਦਰ ਪੂਰਨ ਬ੍ਰਹਮ ਗਿਆਨ ਦੇ ਇਨ੍ਹਾਂ ਸ਼ਬਦਾਂ ਵਿੱਚ ਸਪੱਸ਼ਟ ਕੀਤਾ ਹੈ :-

 

ਸਹਸ ਖਟੇ ਲਖ ਕਉ ਉਠਿ ਧਾਵੈ

ਤ੍ਰਿਪਤਿ ਨ ਆਵੈ ਮਾਇਆ ਪਾਛੈ ਪਾਵੈ

ਅਨਿਕ ਭੋਗ ਬਿਖਿਆ ਕੇ ਕਰੈ

ਨਹ ਤ੍ਰਿਪਤਾਵੈ ਖਪਿ ਖਪਿ ਮਰੈ

ਬਿਨਾ ਸੰਤੋਖ ਨਹੀ ਕੋਊ ਰਾਜੈ

ਸੁਪਨ ਮਨੋਰਥ ਬ੍ਰਿਥੇ ਸਭ ਕਾਜੈ

(ਪੰਨਾ ੨੭੮)

 

                ਲੋਭ, ਲਾਲਚ, ਇੱਕ ਬਹੁਤ ਹੀ ਸ਼ਕਤੀਸ਼ਾਲੀ ਅਤੇ ਨਕਰਾਤਮਕ ਵਿਨਾਸ਼ਕਾਰੀ ਦੂਤ ਹੈ। ਇਹ ਸਾਡੇ ਸ਼ਰੀਰ ਵਿੱਚ ਛਾਤੀ ਦੇ ਭਾਗ ਵਿੱਚ ਰਹਿੰਦਾ ਹੈ। ਇਹ ਮਾਇਆ ਦਾ ਦੂਤ ਸਾਡੇ ਜੀਵਨ ਵਿੱਚ ਰੋਜ਼ਾਨਾ ਆਧਾਰ ਤੇ ਆਪਣੇ ਅਧੀਨ ਕਰਮ ਕਰਨ ਲਈ ਉਕਸਾਉਂਦਾ ਹੈ। ਇਸ ਦੂਤ ਦੇ ਪ੍ਰਭਾਵ ਹੇਠ ਕੀਤੀਆਂ ਗਈਆਂ ਸਾਰੀਆਂ ਕਰਨੀਆਂ ਅਸਤਿ ਕਰਮ ਹੁੰਦੀਆਂ ਹਨ। ਲੋਭ ਤੋਂ ਭਾਵ ਹੈ ਕਿਸੇ ਵੀ ਤਰ੍ਹਾਂ ਦੇ ਅਸਤਿ ਤਰੀਕਿਆਂ ਰਾਹੀਂ ਧਨ ਇਕੱਠਾ ਕਰਨਾ। ਉਦਾਹਰਣ ਵਜੋਂ ਜ਼ੋਰ-ਜਬਰਦਸਤੀ, ਧੋਖਾ ਦੇ ਕੇ, ਚੋਰੀ ਕਰਕੇ, ਜਾਲਸਾਜ਼ੀ ਕਰਕੇ, ਅਤੇ ਕਿਸੇ ਵੀ ਗਲਤ ਤਰੀਕੇ ਨਾਲ, ਰਿਸ਼ਵਤ ਨਾਲ ਕਮਾਇਆ ਧਨ। ਇਸ ਤਰ੍ਹਾਂ ਦੇ ਤਰੀਕੇ ਨਾਲ ਧਨ ਇਕੱਠਾ ਕਰਨ ਦਾ ਭਾਰਤੀ ਨੌਕਰਸ਼ਾਹੀ, ਰਾਜਨੀਤੀ ਅਤੇ ਪ੍ਰਸ਼ਾਸਨ ਦੇ ਵੱਖ-ਵੱਖ ਪੱਧਰਾਂ ਤੇ ਬਹੁਤ ਪ੍ਰਚਲਣ ਹੈ। ਲੋਭ ਦੇ ਕਾਰਨ ਸਾਡੇ ਵਿਚੋਂ ਕਈ ਅਧਿਕਾਰਾਂ ਦੀ ਗਲਤ ਵਰਤੋਂ ਕਰਦੇ ਹਨ। ਇਸ ਨੂੰ ਲੋਕਾਂ ਦੀ ਭਲਾਈ ਲਈ ਵਰਤਣ ਦੀ ਬਜਾਇ ਅਤੇ ਇਸ ਨੂੰ ਆਪਣੀ ਸ਼ੁੱਧ ਅਤੇ ਪਵਿੱਤਰ ਕਿਰਤ ਬਣਾਉਣ, ਇੱਕ ਪੁੰਨ ਕਰਮ ਬਣਾਉਣ ਦੀ ਬਜਾਇ ਅਸੀਂ ਇਸ ਦਾ ਵਿਰੋਧੀ ਰਸਤਾ ਚੁਣਦੇ ਹਾਂ। ਅਸੀਂ ਕੇਵਲ ਧਨ ਲਈ ਅਸਤਿ ਕਰਮ ਕਰਦੇ ਹਾਂ ਜਿਹੜਾ ਕਿਸੇ ਵੀ ਤਰ੍ਹਾਂ ਸਾਡੇ ਨਾਲ ਨਹੀਂ ਜਾਵੇਗਾ ਜਦੋਂ ਅਸੀਂ ਇਹ ਪਦਾਰਥਕ ਸ਼ਰੀਰ ਛੱਡਦੇ ਹਾਂ। 

                ਸਾਡੇ ਵਿਚੋਂ ਬਹੁਤ ਸਾਰੇ ਅਸਤਿ ਤਰੀਕਿਆਂ ਨਾਲ ਧਨ ਇਕੱਠਾ ਕਰਕੇ ਅਮੀਰ ਬਣਦੇ ਹਨ, ਪਰ ਇਹ ਕਰਮ ਚੱਕਰ ਇਥੇ ਹੀ ਰੁਕਦਾ ਨਹੀਂ ਹੈ। ਅਮੀਰ ਅਤੇ ਹੋਰ ਅਮੀਰ ਬਣਨ ਦੀ ਤ੍ਰਿਸ਼ਨਾ ਠੱਲ੍ਹਦੀ ਨਹੀਂ ਹੈ। ਇਹ ਵੱਧਦੀ ਹੀ ਜਾਂਦੀ ਹੈ ਅਤੇ ਕਦੇ ਖ਼ਤਮ ਨਹੀਂ ਹੁੰਦੀ ਹੈ ਜਿਹੜੀ ਭ੍ਰਿਸ਼ਟ ਤਰੀਕਿਆਂ ਨਾਲ ਧਨ ਦੇ ਢੇਰ ਇਕੱਠੇ ਕਰਨ ਵੱਲ ਖੱੜ੍ਹਦੀ ਹੈ। ਇਸ ਤਰ੍ਹਾਂ ਕਰਨ ਦੀ ਲਾਲਸਾ ਨੂੰ ਲੱਬ ਕਿਹਾ ਜਾਂਦਾ ਹੈ। ਲੱਬ ਲਾਲਚ ਤੋਂ ਉੱਪਰਲਾ ਪੱਧਰ ਹੈ। ਹੋਰ ਅਤੇ ਹੋਰ ਜ਼ਿਆਦਾ ਇਕੱਠਾ ਕਰਨ ਦੀ ਪਿਆਸ ਕਦੀ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹੁੰਦੀ। ਅਸੀਂ ਇਸਦੇ ਪਰਿਣਾਮ ਦੇ ਅੰਤ ਨੂੰ ਦੇਖਣ ਤੋਂ ਬਿਨ੍ਹਾਂ ਹੋਰ ਅਤੇ ਹੋਰ ਜ਼ਿਆਦਾ ਧਨ ਇਕੱਠੇ ਕਰਨ ਦੇ ਮੌਕੇ ਲੱਭਦੇ ਰਹਿੰਦੇ ਹਾਂ। ਅਸਲ ਵਿੱਚ ਇਹ ਪਿਆਸ ਕਦੀ ਵੀ ਸੰਤੁਸ਼ਟ ਨਹੀਂ ਹੁੰਦੀ ਭਾਵੇਂ ਜਿੰਨ੍ਹੀ ਮਰਜ਼ੀ ਦੌਲਤ ਇਕੱਠੀ ਕਰ ਲਈਏ। ਇਹ ਪਿਆਸ ਸਾਨੂੰ ਅੰਦਰੋਂ ਕਦੀ ਵੀ ਸ਼ਾਂਤ ਨਹੀਂ ਹੋਣ ਦਿੰਦੀ। ਇਹ ਮਾਇਆ ਦਾ ਦੂਤ ਸਾਨੂੰ ਹਮੇਸ਼ਾਂ ਇਸੇ ਹੀ ਦਿਸ਼ਾ ਵਿੱਚ ਦੌੜਾਈ ਰੱਖਦਾ ਹੈ।       

                ਰਿਸ਼ਵਤ, ਧੋਖਾ, ਜ਼ਬਰਦਸਤੀ ਅਤੇ ਜਾਲਸਾਜ਼ੀ ਕਦੇ ਵੀ ਸਾਡੇ ਮਨ ਨੂੰ ਵਿਸ਼ਰਾਮ ਨਹੀਂ ਕਰਨ ਦਿੰਦੇ ਹਨ। ਜਦ ਕਿ ਲੋਭ ਅਤੇ ਲੱਬ ਦੇ ਪ੍ਰਭਾਵ ਅਧੀਨ ਅਸੀਂ ਮਾਇਆ ਦੀ ਖੇਡ ਨੂੰ ਸਮਝਣ ਦੇ ਯੋਗ ਨਹੀਂ ਹੁੰਦੇ ਹਾਂ। ਮਾਇਆ ਕੁਝ ਹੋਰ ਨਹੀਂ ਸਿਰਫ਼ ਇੱਕ ਮਿੱਠਾ ਜ਼ਹਿਰ ਹੈ। ਇਹ ਜ਼ਹਿਰ ਸਾਨੂੰ ਧੀਮੀ ਮੌਤ ਦੀ ਦਸ਼ਾ ਵਿੱਚ ਖੱੜ੍ਹਦਾ ਹੈ। ਸਾਡੀ ਸਾਰੀ ਜ਼ਿੰਦਗੀ ਹੌਲੀ-ਹੌਲੀ ਇੱਕ ਦਰਦ ਭਰੀ ਮੌਤ ਵਾਂਗ ਬਣ ਜਾਂਦੀ ਹੈ। ਸਾਡੀ ਜ਼ਿੰਦਗੀ ਅਸਲ ਮੰਤਵ ਤੋਂ ਨਜ਼ਰਾਂ ਹਟਾ ਲੈਂਦੀ ਹੈ। ਇੱਕ ਜ਼ਿੰਦਗੀ ਜੋ ਧੀਮੀ ਮੌਤ ਦੀ ਤਰ੍ਹਾਂ ਹੈ ਕਿਉਂਕਿ ਅਸੀਂ ਅਸਲ ਸੰਤੁਸ਼ਟੀ ਦੇ ਅਨਾਦਿ ਆਨੰਦ ਤੋਂ ਅਨਜਾਣ ਹੁੰਦੇ ਹਾਂ ਅਤੇ ਪਰਮਾਤਮਾ ਨਾਲ ਜੁੜਨ ਦੀ ਚਮਤਕਾਰੀ ਦਾਤ ਤੋਂ ਅਨਜਾਣ ਹੁੰਦੇ ਹਾਂ।         

                ਸਾਡੀ ਜ਼ਿੰਦਗੀ ਜਿਹੜੀ ਮਿੱਠੀ ਮੌਤ ਦੀ ਤਰ੍ਹਾਂ ਹੁੰਦੀ ਹੈ ਜਿਹੜੀ ਹੌਲੀ-ਹੌਲੀ ਸਾਡੀ ਰੂਹਾਨੀਅਤ ਨੂੰ ਇੰਨ੍ਹੇ ਨੀਵੇਂ ਪੱਧਰ ਤੇ ਲੈ ਆਉਂਦੀ ਹੈ ਕਿ ਅਸੀਂ ਫਿਰ ਦੁਬਾਰਾ ਮਨੁੱਖਾ ਜੂਨੀ ਵਿੱਚ ਵਾਪਸ ਜਾਣ ਦੇ ਯੋਗ ਹੋਣ ਲਈ ਵਿਚਾਰੇ ਵੀ ਨਹੀਂ ਜਾਂਦੇ ਹਾਂ। ਤਦ ਅਸੀਂ ੮੪ ਲੱਖ ਜੂਨਾਂ ਵਿੱਚ ਅਨੰਤ ਸਮੇਂ ਤੱਕ ਭਟਕਣ ਲਈ ਛੱਡ ਦਿੱਤੇ ਜਾਂਦੇ ਹਾਂ। ਸੰਸਾਰਕ ਪਦਾਰਥ ਪ੍ਰਾਪਤ ਕਰਨ ਅਤੇ ਇਕੱਠੇ ਕਰਨ ਦਾ ਲਾਲਚ ਸਾਡੇ ਲਈ ਜ਼ਹਿਰ ਹੈ ਜਦ ਕਿ ਸਤਿ ਸੰਤੋਖ ਵਿੱਚ ਰਹਿਣਾ, ਮਨ ਦੀ ਬ੍ਰਹਮ ਸ਼ਾਂਤੀ ਵਿੱਚ ਰਹਿਣਾ ਹੈ ਜੋ ਸਾਡੇ ਲਈ ਮੁਕਤੀ ਲਿਆਉਂਦੀ ਹੈ। ਜ਼ਬਰਦਸਤੀ, ਚੋਰੀ, ਜਾਲਸਾਜ਼ੀ ਅਤੇ ਰਿਸ਼ਵਤ ਖ਼ੋਰੀ ਵਿੱਚ ਕੋਈ ਆਨੰਦ ਅਤੇ ਖੁਸ਼ੀ ਨਹੀਂ ਹੈ। ਪਰ ਇੱਥੇ ਅਨਾਦਿ ਸ਼ਾਂਤੀ ਦਾ ਸਰਵ ਉੱਚ ਪੱਧਰ ਹੈ : ਸਬਰ ਸੰਤੋਖ; ਜਿਸ ਵਿੱਚ ਅਨਾਦਿ ਬਖਸ਼ਿਸ਼ਾਂ ਅਤੇ ਅਨਾਦਿ ਖ਼ਜ਼ਾਨੇ ਹਨ। ਕੇਵਲ ਸੰਤੁਸ਼ਟੀ (ਸਤਿ ਸੰਤੋਖ) ਸਾਡੀ ਸੰਸਾਰਕ ਸੰਪੱਤੀਆਂ ਵਾਸਤੇ ਪਿਆਸ ਨੂੰ ਬੁਝਾਉਂਦੀ ਹੈ। ਕੇਵਲ ਸੰਤੁਸ਼ਟੀ (ਸਤਿ ਸੰਤੋਖ) ਸਾਡੀਆਂ ਇੱਛਾਵਾਂ ਦੀ ਲਾਲਸਾ ਅਤੇ ਸੰਸਾਰਕ ਅਰਾਮਾਂ ਨੂੰ ਚੰਗੇ ਮਾੜੇ ਤਰੀਕਿਆਂ ਨਾਲ ਇਕੱਠੇ ਕਰਨ ਦੀ ਲਾਲਸਾ ਦਾ ਖ਼ਾਤਮਾ ਕਰਦੀ ਹੈ।        

                ਸੰਤੁਸ਼ਟੀ (ਸਤਿ ਸੰਤੋਖ) ਬ੍ਰਹਮ ਗੁਣ ਹੈ। ਸੰਤੁਸ਼ਟੀ (ਸਤਿ ਸੰਤੋਖ) ਪਰਮ ਬ੍ਰਹਮ ਸ਼ਕਤੀ ਹੈ। ਸੰਤੁਸ਼ਟੀ (ਸਤਿ ਸੰਤੋਖ) ਗੁਰਪ੍ਰਸਾਦਿ ਹੈ। ਸੰਤੁਸ਼ਟੀ (ਸਤਿ ਸੰਤੋਖ) ਪਰਮ ਬ੍ਰਹਮ ਸ਼ਕਤੀ ਹੈ ਜਿਹੜੀ ਸਾਨੂੰ ਪਰਮਾਤਮਾ ਨਾਲ ਜੋੜਦੀ ਹੈ। ਇਹ ਸਾਡੇ ਲਈ ਸਾਰੇ ਅਨਾਦਿ ਖਜ਼ਾਨੇ ਲਿਆਉਂਦੀ ਹੈ। ਸਾਰੀਆਂ ਇੱਛਾਵਾਂ ਨੂੰ ਖ਼ਤਮ ਕਰਕੇ ਅਸੀਂ ਅਨਾਦਿ ਖਜ਼ਾਨਿਆਂ ਦੇ ਅਧਿਕਾਰੀ ਬਣ ਜਾਂਦੇ ਹਾਂ। ਇਹ ਕੋਈ ਬੁਰਾ ਸੌਦਾ ਨਹੀਂ ਹੈ। ਇਹ ਸਭ ਤੋਂ ਵਧੀਆ ਅਤੇ ਸਭ ਤੋਂ ਲਾਭਦਾਇਕ ਸੌਦਾ ਹੈ।

                ਇੱਛਾਵਾਂ ਦੀ ਪੂਰਤੀ ਵੱਲ ਕੀਤੇ ਯਤਨ ਜੋ ਮਾਇਆ ਦਾ ਪਿੱਛਾ ਕਰਕੇ ਕੀਤੇ ਜਾਂਦੇ ਹਨ ਵਿਅਰਥ ਹਨ ਅਤੇ ਅਸਲ ਬ੍ਰਹਮ ਭਾਵ ਵਿੱਚ ਇਨ੍ਹਾਂ ਦਾ ਕੋਈ ਲਾਭ ਨਹੀਂ ਹੈ। ਪਰ ਸਾਰੇ ਹੀ ਸੰਤੁਸ਼ਟੀ (ਸਤਿ ਸੰਤੋਖ) ਵੱਲ ਕੀਤੇ ਜਾਂਦੇ ਯਤਨ ਸਾਡੇ ਲਈ ਹਰ ਤਰ੍ਹਾਂ ਦੀਆਂ ਬ੍ਰਹਮ ਦਾਤਾਂ ਅਤੇ ਵਿਸ਼ਵਾਸ ਤੋਂ ਪਰ੍ਹੇ ਰੂਹਾਨੀ ਫੱਲ ਲਿਆਉਂਦੇ ਹਨ। ਇਹ ਸਾਡੇ ਲਈ ਜੀਵਨ ਮੁਕਤੀ-ਪਰਮਾਤਮਾ ਨਾਲ ਜੁੜਨਾ ਲਿਆਉਂਦੀ ਹੈ। ਇਸ ਲਈ ਆਓ ਕ੍ਰਿਪਾ ਕਰਕੇ ਸੰਤੁਸ਼ਟੀ (ਸਤਿ ਸੰਤੋਖ) ਪ੍ਰਾਪਤ ਕਰਨ ਦੇ ਯਤਨਾਂ ਤੇ ਧਿਆਨ ਕੇਂਦਰਿਤ ਕਰੀਏ ਤਾਂ ਅਸੀਂ ਰੂਹਾਨੀ ਸੰਸਾਰ ਦੇ ਅਵਿਸ਼ਵਸ਼ਨੀਅ ਅਤੇ ਚਮਤਕਾਰੀ ਫੱਲ ਪਾਵਾਂਗੇ।       

                ਸਤਿ ਸੰਤੋਖ ਦੀ ਪ੍ਰਾਪਤੀ ਸਭ ਤੋਂ ਉੱਚੀ ਅਤੇ ਵੱਡੀ ਕਿਸਮਤ ਦੀ ਨਿਸ਼ਾਨੀ ਹੈ। ਉਹ ਮਨੁੱਖ ਜਿਹੜੇ ਸੰਤੁਸ਼ਟੀ (ਸਤਿ ਸੰਤੋਖ) ਦੇ ਗੁਰਪ੍ਰਸਾਦਿ ਦੀ ਬਖਸ਼ਿਸ਼ ਵਿੱਚ ਹਨ, ਬਹੁਤ ਹੀ ਕਿਸਮਤ ਵਾਲੇ ਹਨ, ਉਹ ਅਨੰਤ ਭਾਗਾਂ ਵਾਲੇ ਹਨ। ਸਾਰੀ ਰੂਹਾਨੀਅਤ ਹੀ ਇੱਕ ਗੁਰਪ੍ਰਸਾਦਿ ਹੈ। ਸਾਰੀਆਂ ਹੀ ਬ੍ਰਹਮ ਸ਼ਕਤੀਆਂ ਅਤੇ ਬ੍ਰਹਮ ਗੁਣ ਇਸ ਬ੍ਰਹਮ ਕ੍ਰਿਪਾ ਨਾਲ ਪ੍ਰਾਪਤ ਹੁੰਦੇ ਹਨ। ਅਸਲ ਵਿੱਚ ਇਹ ਪ੍ਰਾਪਤ ਨਹੀਂ ਕੀਤੇ ਜਾਂਦੇ, ਪਰ ਇਹ ਸਾਨੂੰ ਦਿੱਤੇ ਜਾਂਦੇ ਹਨ। ਅਸੀਂ ਕੁਝ ਵੀ ਚੀਜ਼ ਕਰਨ ਦੇ ਯੋਗ ਨਹੀਂ ਹੁੰਦੇ ਹਾਂ। ਕੇਵਲ ਇੱਕ ਕਰਤਾ ਹੈ ਅਤੇ ਉਸ ਦੀਆਂ ਪਰਮ ਅਨੰਤ ਬ੍ਰਹਮ ਸ਼ਕਤੀਆਂ ਇਸ ਦਾ ਵਾਪਰਨਾ ਬਣਾ ਰਹੀਆਂ ਹਨ। ਇਹ ਸਿਰਫ਼ ਗੁਰ ਕਿਰਪਾ ਨਾਲ ਵਾਪਰਦਾ ਹੈ ਅਤੇ ਉਹਨਾਂ ਮਨੁੱਖਾਂ ਨਾਲ ਵਾਪਰਦਾ ਹੈ ਜਿਹੜੇ ਇਸ ਗੁਰਪ੍ਰਸਾਦਿ ਨਾਲ ਨਾਮ ‘ਸਤਿਨਾਮ’ ਵਿੱਚ ਲੀਨ ਰਹਿੰਦੇ ਹਨ। ਉਹਨਾਂ ਦਾ ਰੋਮ-ਰੋਮ ਨਾਮ ਸਿਮਰਨ ਕਰਦਾ ਹੈ। ਉਹ ਧੰਨ ਧੰਨ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਜੀ ਦੇ ਨਿਰਗੁਣ ਸਰੂਪ ਵਿੱਚ ਸਦਾ ਹੀ ਲੀਨ ਰਹਿੰਦੇ ਹਨ।       

                ਐਸੀ ਕਿਸਮਤ ਆਪਣੇ ਆਪ ਵਿੱਚ ਇੱਕ ਬ੍ਰਹਮ ਸ਼ਕਤੀ ਹੈ। ਸੰਤੁਸ਼ਟੀ (ਸਤਿ ਸੰਤੋਖ) ਇੱਕ ਅਨੰਤ ਪਰਮ ਸ਼ਕਤੀ ਹੈ ਜਿਹੜੀ ਸਾਡੇ ਲਈ ਸਦਾ ਲਈ ਅਨਾਦਿ ਅਸੀਸ ਅਤੇ ਅਨਾਦਿ ਆਨੰਦ ਲਿਆਉਂਦੀ ਹੈ। ਇਹ ਸਾਡੇ ਹਿਰਦੇ ਨੂੰ ਸਾਰੇ ਬ੍ਰਹਮ ਗੁਣਾਂ ਨਾਲ ਭਰਪੂਰ ਕਰ ਦਿੰਦੀ ਹੈ ਅਤੇ ਇਸ ਨੂੰ ਅਨੰਤ ਹਿਰਦਾ ਬਣਾ ਦਿੰਦੀ ਹੈ। ਸਾਰੇ ਹੀ ਬ੍ਰਹਮ ਗੁਣ ਅਨੰਤ ਬ੍ਰਹਮ ਸ਼ਕਤੀਆਂ ਹਨ। ਜਦ ਸਾਨੂੰ ਇਹਨਾਂ ਸਾਰੀਆਂ ਅਨੰਤ ਸ਼ਕਤੀਆਂ ਦੀ ਬਖਸ਼ਿਸ਼ ਹੁੰਦੀ ਹੈ ਤਾਂ ਇਸਨੂੰ ‘ਨਾਮ ਰੰਗ’ ਕਿਹਾ ਜਾਂਦਾ ਹੈ। ਜਦ ਇਹ ਵਾਪਰਦਾ ਹੈ ਤਾਂ ਅਸੀਂ ਮਾਇਆ ਦਾ ਪਿੱਛਾ ਨਹੀਂ ਕਰਦੇ, ਇਸ ਦੀ ਬਜਾਇ ਮਾਇਆ ਸਾਡੀ ਸੇਵਾ ਕਰਦੀ ਹੈ। ਐਸੇ ਵਿਅਕਤੀ ਨੂੰ ਬਹੁਤ ਵਡਭਾਗੀ ਕਿਹਾ ਜਾਂਦਾ ਹੈ ਜਿਸਦੀ ਮਾਇਆ ਸੇਵਾ ਕਰਦੀ ਹੈ।

                ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਸ਼ਾਹ ਜੀ ਨੇ ਸਦਾ ਸੁਹਗਣ ਦੇ ਇਨ੍ਹਾਂ ਧਾਰਮਿਕ ਚਿੰਨ੍ਹਾਂ ਦਾ ਆਪਣੇ ਇਸ ਸ਼ਬਦ ਬੇਅੰਤ ਸੁੰਦਰਤਾ ਨਾਲ ਪੂਰਨ ਬ੍ਰਹਮ ਗਿਆਨ ਪ੍ਰਗਟ ਕੀਤਾ ਹੈ। ਸੱਚੇ ਪਾਤਸ਼ਾਹ ਜੀ ਨੇ ਗੁਰਮਤਿ ਨੂੰ ਸੁਹਾਗਣ ਦੀ ਮਾਤਾ ਕਿਹਾ ਹੈ ਅਤੇ ਸੰਤੋਖ ਨੂੰ ਸੁਹਾਗਣ ਦਾ ਪਿਤਾ ਕਿਹਾ ਹੈ। ਸਤਿ ਦੀ ਸੇਵਾ ਅਤੇ ਸਤਿ ਵਰਤਾਉਣ ਨੂੰ ਸੁਹਾਗਣ ਦੇ ਭਾਈ ਦਾ ਦਰਜਾ ਦਿੱਤਾ ਹੈ। ਬੰਦਗੀ ਵਿੱਚ ਲੀਨ ਹੋਣ ਲਈ ਸੁਹਾਗਣ ਦੇ ਕੀਤੇ ਉੱਦਮ ਨੂੰ ਅਤੇ ਸੁਰਤਿ ਨੂੰ ਸੁਹਾਗਣ ਦੇ ਸਹੁਰਾ ਅਤੇ ਸੱਸ ਦਾ ਸਥਾਨ ਦਿੱਤਾ ਹੈ। ਸੁਚੱਜਾ ਜੀਵਨ ਸੁਹਾਗਣ ਦੀ ਕਰਨੀ ਹੈ। ਭਾਵ ਸੁਹਾਗਣ ਦੇ ਸਾਰੇ ਕਰਮ ਸਤਿ ਕਰਮ ਹੋ ਜਾਂਦੇ ਹਨ। ਸਤਿ ਸੰਗਤ ਸੁਹਾਗਣ ਦੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਵਿਆਹ ਦਾ ਸਾਹਾ ਹੈ। ਸੁਹਾਗਣ ਦੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਨਾਲ ਸੁਹਾਗ ਦੀ ਪ੍ਰਾਪਤੀ ਸੰਸਾਰ ਦੇ ਨਾਲੋਂ ਵਿਜੋਗ ਦੇ ਨਾਲ ਹੀ ਹੁੰਦੀ ਹੈ। ਭਾਵ ਭਵਜਲ ਸੰਸਾਰ ਮਾਇਆ ਨੂੰ ਜਿੱਤਣ ਨਾਲ ਅਤੇ ਸੰਸਾਰਕ ਮੋਹ ਤੋਂ ਛੁੱਟਣ ਨਾਲ ਹੀ ਸੁਹਾਗਣ ਦਾ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਸੰਜੋਗ ਬਣਦਾ ਹੈ। ਭਵਜਲ ਸੰਸਾਰ ਮਾਇਆ ਨੂੰ ਸੁਹਾਗਣ ਦਾ ਪੇਕੜੇ ਘਰ ਸਮਝਿਆ ਗਿਆ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਸੁਹਾਗ ਦੀ ਪ੍ਰਾਪਤੀ ਨਾਲ ਹੀ ਸਤਿ ਦੀ ਸੇਵਾ ਅਤੇ ਸਤਿ ਵਰਤਾਉਣ ਦੀ ਪਰਮ ਸ਼ਕਤੀ ਸੁਹਾਗਣ ਦੀ ਸੰਤਾਨ ਬਣ ਜਾਂਦੀ ਹੈ।   

 

ਗਉੜੀ ਮਹਲਾ ੧

ਮਾਤਾ ਮਤਿ ਪਿਤਾ ਸੰਤੋਖੁ ਸਤੁ ਭਾਈ ਕਰਿ ਏਹੁ ਵਿਸੇਖੁ

ਕਹਣਾ ਹੈ ਕਿਛੁ ਕਹਣੁ ਨ ਜਾਇ

ਤਉ ਕੁਦਰਤਿ ਕੀਮਤਿ ਨਹੀ ਪਾਇ ਰਹਾਉ

ਸਰਮ ਸੁਰਤਿ ਦੁਇ ਸਸੁਰ ਭਏ ਕਰਣੀ ਕਾਮਣਿ ਕਰਿ ਮਨ ਲਏ

ਸਾਹਾ ਸੰਜੋਗੁ ਵੀਆਹੁ ਵਿਜੋਗੁ ਸਚੁ ਸੰਤਤਿ ਕਹੁ ਨਾਨਕ ਜੋਗੁ

 

{ਪੰਨਾ ੧੫੧-੧੫੨}

 

                ਇਸ ਤਰ੍ਹਾਂ ਨਾਲ ਪੂਰਨ ਬ੍ਰਹਮ ਗਿਆਨ ਦੇ ਇਸ ਸੁੰਦਰ ਸਲੋਕ ਵਿੱਚ ਸਦਾ ਸੁਹਾਗਣ ਬਣਨ ਦੀ ਪ੍ਰਤੀਕਿਰਿਆ ਨੂੰ ਬਿਆਨ ਕੀਤਾ ਗਿਆ ਹੈ। ਜੀਵਨ ਮੁਕਤੀ ਦੀ ਸਾਰੀ ਕਥਾ ਨੂੰ ਸੁੰਦਰ ਅਤੇ ਸਪੱਸ਼ਟ ਰੂਪ ਵਿੱਚ ਪ੍ਰਗਟ ਕੀਤਾ ਗਿਆ ਹੈ। ਸਦਾ ਸੁਹਾਗਣ ਹੀ ਜੀਵਨ ਮੁਕਤ ਹੈ। ਸਦਾ ਸੁਹਾਗਣ ਹੀ ਪੂਰਨ ਸੰਤ ਅਤੇ ਪੂਰਨ ਬ੍ਰਹਮ ਗਿਆਨੀ ਹੈ। ਸਦਾ ਸੁਹਾਗਣ ਹੀ ਖਾਲਸਾ ਹੈ।

 

                ਗਰੀਬੀ ਵੇਸ ਹਿਰਦਾ :- ਸਿੱਧ ਆਪਣੇ ਤਨ ਉੱਪਰ ਗਊ ਦੇ ਗੋਹਿਆਂ ਦੀ ਸੁਆਹ ਮੱਲ ਕੇ ਨਿੰਮਰਤਾ ਦਾ ਪ੍ਰਦਰਸ਼ਨ ਕਰਦੇ ਹਨ। ਹੱਥ ਵਿੱਚ ਖੱਪਰ ਫੱੜ੍ਹ ਕੇ ਅਤੇ ਗਲੇ ਵਿੱਚ ਖਪਨੀ ਪਾ ਕੇ ਜੋਗੀ ਲੋਕ ਹੰਗਤਾ ਨੂੰ ਦੂਰ ਕਰਨ ਦਾ ਢੋਂਗ ਕਰਦੇ ਹਨ। ਇਸ ਤਰ੍ਹਾਂ ਬਾਹਰਲੇ ਚਿੰਨ੍ਹ ਧਾਰਣ ਕਰਨ ਨਾਲ ਹਿਰਦੇ ਵਿੱਚ ਨਿੰਮਰਤਾ ਨਹੀਂ ਆ ਸਕਦੀ ਹੈ। ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਸ਼ਾਹ ਜੀ ਇਸ ਪੂਰਨ ਸਤਿ ਤੱਤ ਤੱਥ ਨੂੰ ਪ੍ਰਗਟ ਕਰ ਰਹੇ ਹਨ ਕਿ ਜੋ ਮਨੁੱਖ ਹਿਰਦੇ ਦੀ ਗਰੀਬੀ ਦੀ ਕਮਾਈ ਕਰਦਾ ਹੈ ਉਹ ਮਨੁੱਖ ਜੀਵਨ ਮੁਕਤ ਹੋ ਜਾਂਦਾ ਹੈ। ਭਾਵ ਉਹ ਮਨੁੱਖ ਅਤਿ ਦੀ ਨਿੰਮਰਤਾ ਵਿੱਚ ਚਲਾ ਜਾਂਦਾ ਹੈ। ਐਸਾ ਮਨੁੱਖ ਸਮਸਤ ਸ੍ਰਿਸ਼ਟੀ ਦੇ ਚਰਨਾਂ ਦੀ ਧੂੜ ਬਣ ਜਾਂਦਾ ਹੈ। ਅਤਿ ਦੀ ਨਿੰਮਰਤਾ ਦਰਗਾਹ ਦੀ ਕੁੰਜੀ ਹੈ। ਹਿਰਦੇ ਦੀ ਗਰੀਬੀ ਹਉਮੈ ਨੂੰ ਮਾਰਨ ਦਾ ਦਰਗਾਹੀ ਅਸਤਰ ਹੈ। ਅਤਿ ਦੀ ਨਿੰਮਰਤਾ ਨਾਲ ਹਉਮੈ ਦਾ ਨਾਸ਼ ਹੋ ਜਾਂਦਾ ਹੈ ਅਤੇ ਮਨੁੱਖ ਕ੍ਰੋਧ ਦੀ ਗੁਲਾਮੀ ਤੋਂ ਬੱਚ ਜਾਂਦਾ ਹੈ। ਜਦ ਮਨੁੱਖ ਦੀ ਹਉਮੈ ਉੱਪਰ ਸੱਟ ਵੱਜਦੀ ਹੈ ਤਾਂ ਮਨੁੱਖ ਕ੍ਰੋਧ ਨਾਲ ਤਿਲਮਿਲਾ ਉੱਠਦਾ ਹੈ। ਹਉਮੈ ਦਾ ਨਾਸ਼ ਹਿਰਦੇ ਵਿੱਚ ਗਰੀਬੀ ਧਾਰਣ ਕਰਨ ਨਾਲ ਹੁੰਦਾ ਹੈ ਨਾ ਕਿ ਤਨ ਉੱਪਰ ਸੁਆਹ ਮਲਣ ਨਾਲ ਅਤੇ ਗਲੇ ਵਿੱਚ ਖਪਨੀ ਪਾ ਕੇ ਹੱਥ ਵਿੱਚ ਖੱਪਰ ਫੱੜ੍ਹ ਕੇ ਭਿੱਖਿਆ ਮੰਗਣ ਨਾਲ ਹੁੰਦਾ ਹੈ। ਹਿਰਦੇ ਦੀ ਗਰੀਬੀ ਧਾਰਣ ਕਰਨ ਨਾਲ ਮਨੁੱਖ ਨੂੰ ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਇਸ ਪਰਮ ਸਤਿ ਤੱਤ ਤੱਥ ਨੂੰ ਸਤਿਗੁਰ ਅਵਤਾਰ ਧੰਨ ਧੰਨ ਅਰਜਨ ਦੇਵ ਜੀ ਨੇ ਸੁਖਮਨੀ ਬਾਣੀ ਵਿੱਚ ਪ੍ਰਗਟ ਕੀਤਾ ਹੈ। 

 

ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ

(ਪੰਨਾ ੨੭੩)

 

ਬ੍ਰਹਮ ਗਿਆਨੀ ਊਚ ਤੇ ਊਚਾ ਮਨਿ ਅਪਨੈ ਹੈ ਸਭ ਤੇ ਨੀਚਾ

(ਪੰਨਾ ੨੭੩)

 

ਬ੍ਰਹਮ ਗਿਆਨੀ ਸਗਲ ਕੀ ਰੀਨਾ ਆਤਮ ਰਸੁ ਬ੍ਰਹਮ ਗਿਆਨੀ ਚੀਨਾ

(ਪੰਨਾ ੨੭੩)

 

                ਗਰੀਬੀ ਵੇਸ ਹਿਰਦਾ ਸਾਰੀ ਸ੍ਰਿਸ਼ਟੀ ਦੇ ਚਰਨਾਂ ਦੀ ਧੂੜ ਆਪਣੇ ਮਸਤਕ ਉੱਪਰ ਧਾਰਣ ਕਰਦਾ ਹੈ ਅਤੇ ਆਤਮ ਰਸ ਅੰਮ੍ਰਿਤ ਦੀ ਪ੍ਰਾਪਤੀ ਕਰਕੇ ਅੰਮ੍ਰਿਤਧਾਰੀ ਬਣ ਜਾਂਦਾ ਹੈ। ਪੂਰਨ ਬ੍ਰਹਮ ਗਿਆਨ ਪ੍ਰਾਪਤ ਕਰਕੇ ਅੰਮ੍ਰਿਤ ਧਾਰਣ ਕਰਦਾ ਹੈ ਅਤੇ ਪੂਰਨ ਖਾਲਸਾ ਬਣ ਜਾਂਦਾ ਹੈ। ਇਸ ਲਈ ਕੇਵਲ ਪੂਰਨ ਬ੍ਰਹਮ ਗਿਆਨੀ ਹੀ ਅੰਮ੍ਰਿਤਧਾਰੀ ਹੈ ਅਤੇ ਪੂਰਨ ਖਾਲਸਾ ਹੈ।

 

                ਪੂਰਨ ਨਿੰਮਰਤਾ, ਹਿਰਦੇ ਦੀ ਹਲੀਮੀ ਅਤੇ ਗਰੀਬੀ ਵੇਸ ਹਿਰਦਾ ਦਰਗਾਹ ਦੀ ਕੁੰਜੀ ਹੈ

 

ਮੈਂ                             :               ਹਉਮੈ-ਅਹੰਕਾਰ ਮਹਾ ਵਿਨਾਸ਼ਕਾਰੀ ਦੀਰਘ ਮਾਨਸਿਕ ਰੋਗ ਹੈ,

                                                ਅਹੰਕਾਰੀ ਮਾਇਆ ਦਾ ਗੁਲਾਮ ਹੈ ।

ਨਿੰਮਰਤਾ    :               ਨਿੰਮਰਤਾ ਸਭ ਤੋਂ ਵੱਡਾ ਜੇਤੂ ਹੈ, ਨਿਰਮਾਣਤਾ ਦਰਗਾਹ ਦੀ ਕੁੰਜੀ ਹੈ।

ਮੈਂ                             :               ਅਹੰਕਾਰ ਇੱਕ ਸਰਾਪ ਹੈ, ਜਨਮ ਮਰਣ ਦੇ ਬੰਧਨ ਦਾ ਮੂਲ ਕਾਰਣ ਹੈ।

ਨਿੰਮਰਤਾ    :               ਨਿੰਮਰਤਾ ਇੱਕ ਵਰਦਾਨ ਹੈ, ਪਰਮ ਬ੍ਰਹਮ ਗੁਣ ਹੈ,

                                                ਪਰਮ ਸ਼ਕਤੀ ਹੈ ਇਹ ਗੁਰਪ੍ਰਸਾਦਿ ਹੈ ।

ਮੈਂ                             :               ਅਹੰਕਾਰ ਤੁਹਾਨੂੰ ਵਾਪਸ ਜੂਨਾਂ ਵਿੱਚ ਲੈ ਜਾਵੇਗਾ।

ਨਿੰਮਰਤਾ    :               ਨਿੰਮਰਤਾ ਤੁਹਾਨੂੰ ਦਰਗਾਹ ਵਿੱਚ ਵਾਪਸ ਲੈ ਜਾਵੇਗੀ।

 

                ਇਸ ਲਈ ਪੂਰਨ ਬ੍ਰਹਮ ਗਿਆਨੀ ਦੀ ਖਫ਼ਨੀ ਅਤੇ ਖੱਪਰ ਹਿਰਦੇ ਦੀ ਗਰੀਬੀ ਹੈ। ਹਿਰਦੇ ਦੀ ਗਰੀਬੀ ਵਿੱਚ ਉਹ ਪਰਮ ਸ਼ਕਤੀ ਹੈ ਜੋ ਮਨੁੱਖ ਨੂੰ ਦਰਗਾਹ ਵਿੱਚ ਮਾਣ ਦੁਆਂਦੀ ਹੈ। ਹੱਥ ਵਿੱਚ ਖੱਪਰ ਅਤੇ ਗਲੇ ਵਿੱਚ ਖਫ਼ਨੀ ਤਾਂ ਕੇਵਲ ਜੋਗੀ ਨੂੰ ਪੇਟ ਭਰ ਭੋਜਨ ਦਿਵਾਉਣ ਦੀ ਸਮਰਥਾ ਰੱਖਦੀ ਹੈ ਪਰੰਤੂ ਹਿਰਦੇ ਦੀ ਗਰੀਬੀ ਤਾਂ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਮਨੁੱਖ ਦੇ ਹਿਰਦੇ ਵਿੱਚ ਪ੍ਰਗਟ ਕਰਨ ਦੀ ਸਮਰਥਾ ਰੱਖਦੀ ਹੈ। ਹਿਰਦੇ ਦੀ ਗਰੀਬੀ ਮਨੁੱਖ ਨੂੰ ਜੀਵਨ ਮੁਕਤੀ ਦਿਵਾਉਣ ਦੀ ਸਮਰਥਾ ਰੱਖਦੀ ਹੈ। ਹਿਰਦੇ ਦੀ ਗਰੀਬੀ ਮਨੁੱਖ ਨੂੰ ਸਦਾ-ਸਦਾ ਲਈ ਦਰਗਾਹ ਵਿੱਚ ਸਥਾਨ ਦਿਵਾਉਣ ਦੀ ਸਮਰਥਾ ਰੱਖਦੀ ਹੈ।

 

                ਧਿਆਨ : ਪੂਰਨ ਬ੍ਰਹਮ ਗਿਆਨੀ ਦਾ ਅਗਲਾ ਚਿੰਨ੍ਹ ਹੈ ਪੂਰਨ ਧਿਆਨ ਵਿੱਚ ਸਦਾ-ਸਦਾ ਲਈ ਸਥਿਤ ਹੋ ਜਾਣਾ। ਪੂਰਨ ਧਿਆਨ ਗੁਰਪ੍ਰਸਾਦਿ ਹੈ। ਪੂਰਨ ਧਿਆਨ ਤੋਂ ਭਾਵ ਹੈ ਸਦਾ-ਸਦਾ ਲਈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਨਾਮ ਵਿੱਚ ਲੀਨ ਹੋ ਜਾਣਾ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਨਾਮ ਵਿੱਚ ਸਮਾ ਜਾਣਾ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਨਾਮ ਦਾ ਕਦੇ ਨਾ ਵਿਸਰ ਜਾਣਾ। ਇਹ ਉਹ ਅਵਸਥਾ ਹੈ ਜਿਸ ਵਿੱਚ ਨਾਮ ਰੋਮ-ਰੋਮ ਵਿੱਚ ਚਲਾ ਜਾਂਦਾ ਹੈ। ਸਾਰੀ ਦੇਹੀ ਨਾਮ ਅੰਮ੍ਰਿਤ ਨਾਲ ਭਰਪੂਰ ਹੋ ਜਾਂਦੀ ਹੈ। ਇਸ ਅਵਸਥਾ ਵਿੱਚ ਮਨੁੱਖ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਪੂਰਨ ਤੌਰ ਤੇ ਸਮਾ ਜਾਂਦਾ ਹੈ। ਮਨੁੱਖ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਨਿਰਗੁਣ ਸਰੂਪ ਵਿੱਚ ਸਦਾ-ਸਦਾ ਲਈ ਅਭੇਦ ਹੋ ਜਾਂਦਾ ਹੈ।

 

ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨੁ

{ਪੰਨਾ ੨੭੨-੨੭੩}

 

                ਧਿਆਨ ਦੀ ਪ੍ਰਾਪਤੀ ਨਾਲ ਜਨਮ-ਮਰਣ ਦੇ ਬੰਧਨ ਤੋਂ ਮੁਕਤੀ ਮਿਲ ਜਾਂਦੀ ਹੈ। ਧਿਆਨ ਦੀ ਅਵਸਥਾ ਸਹਿਜ ਸਮਾਧੀ ਹੈ। ਇਸ ਅਵਸਥਾ ਵਿੱਚ ਮਨੁੱਖ ਦੇ ਰੋਮ-ਰੋਮ ਵਿੱਚ ਸਿਮਰਨ ਚਲਾ ਜਾਂਦਾ ਹੈ। ਸਾਰੇ ਬੱਜਰ ਕਪਾਟ ਖੁੱਲ੍ਹ ਜਾਂਦੇ ਹਨ। ਸਤਿ ਸਰੋਵਰ ਪ੍ਰਕਾਸ਼ਮਾਨ ਹੋ ਜਾਂਦੇ ਹਨ। ਨਾਮ ਹਿਰਦੇ ਵਿੱਚ ਚਲਾ ਜਾਂਦਾ ਹੈ। ਹਿਰਦੇ ਵਿੱਚ ਪਰਮ ਜੋਤ ਦਾ ਪੂਰਨ ਪ੍ਰਕਾਸ਼ ਹੋ ਜਾਂਦਾ ਹੈ। ਪੂਰਨ ਬ੍ਰਹਮ ਗਿਆਨ ਅਤੇ ਪੂਰਨ ਤੱਤ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਸਹਿਜ ਸਮਾਧੀ ੨੪ ਘੰਟੇ ਨਿਰੰਤਰ ਸਮਾਧੀ ਦੀ ਅਵਸਥਾ ਹੈ। ਸੁਰਤ ਸ਼ਬਦ ਵਿੱਚ ਹਰ ਸਮੇਂ ਲੀਨ ਰਹਿੰਦੀ ਹੈ। ਜਦ ਗੁਰਬਾਣੀ ਜਾਂ ਕੀਰਤਨ ਸ਼ੁਰੂ ਹੁੰਦਾ ਹੈ ਤਾਂ ਸੁਰਤ ਤੱਤਕਾਲ ਸ਼ਬਦ ਵਿੱਚ ਖਿੱਚੀ ਜਾਂਦੀ ਹੈ। ਐਸੀ ਅਵਸਥਾ ਨੂੰ ਬਿਆਨ ਕਰਨਾ ਅਸੰਭਵ ਹੈ। ਐਸੀ ਅਵਸਥਾ ਨੂੰ ਕੇਵਲ ਮਾਣਿਆ ਅਤੇ ਅਨੁਭਵ ਕੀਤਾ ਜਾਂਦਾ ਹੈ। ਗੁਰਬਾਣੀ ਵਿੱਚ ਇਸ ਪਰਮ ਸਤਿ ਤੱਤ ਨੂੰ ਸਪੱਸ਼ਟ ਕੀਤਾ ਗਿਆ ਹੈ।

 

ਜਨਮ ਮਰਣ ਦੁਖੁ ਕਾਟੀਐ ਲਾਗੈ ਸਹਜਿ ਧਿਆਨੁ

(ਪੰਨਾ ੪੬)

 

ਸਹਜ ਸਮਾਧਿ ਲਗੀ ਲਿਵ ਅੰਤਰਿ ਸੋ ਰਸੁ ਸੋਈ ਜਾਣੈ ਜੀਉ

(ਪੰਨਾ ੧੦੬)

 

ਬੰਧਨ ਤੋਰੇ ਸਹਜਿ ਧਿਆਨੁ

(ਪੰਨਾ ੪੧੬)

 

                ਸਿਮਰਨ ਦੇ ਗੁਰਪ੍ਰਸਦਿ ਨਾਲ ਧਿਆਨ ਦੀ ਪ੍ਰਾਪਤੀ ਹੁੰਦੀ ਹੈ। ਸਿਮਰਨ ਦੇ ਗੁਰਪ੍ਰਸਾਦਿ ਨਾਲ ਹੀ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਅਤੇ ਤੱਤ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਸਿਮਰਨ ਕਰਦੇ-ਕਰਦੇ ਹੀ ਮਨੁੱਖ ਸਮਾਧੀ, ਸੁੰਨ ਸਮਾਧੀ ਅਤੇ ਸਹਿਜ ਸਮਾਧੀ ਵਿੱਚ ਜਾਂਦਾ ਹੈ। ਸਿਮਰਨ ਕਰਦੇ-ਕਰਦੇ ਹੀ ਨਾਮ ਮਨੁੱਖ ਦੀ ਸੁਰਤ, ਕੰਠ, ਹਿਰਦੇ, ਨਾਭੀ, ਅਤੇ ਸਾਰੇ ਸਤਿ ਸਰੋਵਰ ਪ੍ਰਕਾਸ਼ਮਾਨ ਕਰਦਾ ਹੋਇਆ ਦਸਮ ਦੁਆਰ ਵਿੱਚ ਚਲਾ ਜਾਂਦਾ ਹੈ ਅਤੇ ਸਾਰੇ ਬੱਜਰ ਕਪਾਟ ਖੋਲ ਦਿੰਦਾ ਹੈ। ਸਾਰੇ ਬੱਜਰ ਕਪਾਟ ਖੁੱਲ੍ਹਣ ਦੇ ਨਾਲ ਹੀ ਅਤੇ ਸਾਰੇ ਸਤਿ ਸਰੋਵਰਾਂ ਦੇ ਪ੍ਰਕਾਸ਼ਮਾਨ ਹੋ ਜਾਣ ਨਾਲ ਅਤੇ ਦਸਮ ਦੁਆਰ ਦੇ ਖੁੱਲ੍ਹਣ ਨਾਲ ਹੀ ਮਨੁੱਖ ਪੂਰਨ ਧਿਆਨ ਵਿੱਚ ਚਲਾ ਜਾਂਦਾ ਹੈ ਅਤੇ ਬੰਦਗੀ ਪੂਰਨ ਹੋਣ ਦੇ ਨਾਲ ਅਕਾਲ ਪੁਰਖ ਦੇ ਨਿਰਗੁਣ ਸਰੂਪ ਦੇ ਦਰਸ਼ਨ ਹੁੰਦੇ ਹਨ ਜਿਸ ਨਾਲ ਪੂਰਨ ਬ੍ਰਹਮ ਗਿਆਨ ਅਤੇ ਤੱਤ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਧੰਨ ਧੰਨ ਸਤਿਗੁਰ ਅਵਤਾਰ ਅਰਜਨ ਦੇਵ ਜੀ ਨੇ ਸੁਖਮਨੀ ਬਾਣੀ ਵਿੱਚ ਇਸ ਪਰਮ ਸਤਿ ਤੱਤ ਨੂੰ ਪ੍ਰਗਟ ਕੀਤਾ ਹੈ।

 

ਪ੍ਰਭ ਕੈ ਸਿਮਰਨਿ ਗਿਆਨੁ ਧਿਆਨੁ ਤਤੁ ਬੁਧਿ

(ਪੰਨਾ ੨੬੨)

 

                ਇਸ ਤਰ੍ਹਾਂ ਨਾਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬੰਦਗੀ ਵਿੱਚ ਓਤਪੋਤ ਹੋਏ ਮਹਾ ਪੁਰਖਾਂ ਦਾ ਸਰਵ ਉੱਤਮ ਚਿੰਨ੍ਹ ਧਿਆਨ ਹੈ। ਕੁਝ ਲੋਕ ਧਿਆਨ ਦੀ ਅਵਸਥਾ ਨੂੰ ਸਿਮਰਨ ਕਰਨ ਦੇ ਯਤਨ ਕਰਨ ਨੂੰ ਕਹਿੰਦੇ ਹਨ। ਜੋ ਕਿ ਸਤਿ ਨਹੀਂ ਹੈ। ਪੂਰਨ ਸਤਿ ਉੱਪਰ ਲਿਖੇ ਗਏ ਸ਼ਬਦਾਂ ਵਿੱਚ ਬਿਆਨ ਕੀਤਾ ਗਿਆ ਹੈ। ਜੋਗੀ ਗਊ ਦੇ ਗੋਹਿਆਂ ਦੀ ਸੁਆਹ ਆਪਣੇ ਤਨ ਉੱਪਰ ਮੱਲ ਕੇ ਹੰਗਤਾ ਨੂੰ ਮਿਟਾਉਣ ਦਾ ਪਾਖੰਡ ਕਰਦੇ ਹਨ ਅਤੇ ਬੰਦਗੀ ਕਰਨ ਵਾਲੇ ਧਿਆਨ ਦੀ ਬਿਭੂਤ ਸਾਰੀ ਦੇਹੀ ਵਿੱਚ ਰਚਾ ਕੇ ਸਾਰੇ ਇਲਾਹੀ ਗੁਣਾਂ ਅਤੇ ਸ਼ਕਤੀਆਂ ਨਾਲ ਆਪਣਾ ਹਿਰਦਾ ਭਰਪੂਰ ਕਰ ਲੈਂਦੇ ਹਨ। ਨਿੰਮਰਤਾ ਦੀ ਪਰਮ ਸ਼ਕਤੀ ਮਨੁੱਖ ਦੇ ਹਿਰਦੇ ਨੂੰ ਗਰੀਬੀ ਵੇਸ ਹਿਰਦਾ ਬਣਾ ਦਿੰਦੀ ਹੈ ਜੋ ਕਿ ਕੇਵਲ ਨਾਮ ਸਿਮਰਨ ਅਤੇ ਧਿਆਨ ਦੇ ਨਾਲ ਹੀ ਪ੍ਰਾਪਤ ਹੁੰਦੀ ਹੈ। ਹਉਮੈ ਦਾ ਅੰਤ ਕੇਵਲ ਗੁਰਪ੍ਰਸਾਦਿ ਨਾਲ ਹੀ ਹੁੰਦਾ ਹੈ। ਭਾਵ ਕੇਵਲ ਗੁਰਪ੍ਰਸਾਦਿ ਦੀ ਪਰਮ ਸ਼ਕਤੀ ਹੀ ਹਉਮੈ ਦਾ ਅੰਤ ਕਰਦੀ ਹੈ। ਇਸ ਲਈ ਬਾਹਰਲੇ ਚਿੰਨ੍ਹ ਧਾਰਣ ਕਰਨ ਨਾਲ ਹਉਮੈ ਦਾ ਨਾਸ਼ ਨਹੀਂ ਹੁੰਦਾ ਹੈ। ਜਿਸ ਮਨੁੱਖ ਨੂੰ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦਿ ਪ੍ਰਾਪਤ ਹੁੰਦਾ ਹੈ ਕੇਵਲ ਉਸਦੀ ਹਉਮੈ ਦਾ ਨਾਸ਼ ਹੁੰਦਾ ਹੈ। ਹਉਮੈ ਦਾ ਨਾਸ਼ ਹੀ ਜੀਵਨ ਮੁਕਤੀ ਹੈ। ਹਉਮੈ ਦਾ ਨਾਸ਼ ਹੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਮਿਲਣ ਅਤੇ ਸਦਾ ਸੁਹਾਗ ਦੀ ਪ੍ਰਾਪਤੀ ਹੈ। ਹਉਮੈ ਦਾ ਨਾਸ਼ ਹੀ ਪੂਰਨ ਬ੍ਰਹਮ ਗਿਆਨ ਅਤੇ ਤੱਤ ਗਿਆਨ ਦੀ ਪ੍ਰਾਪਤੀ ਹੈ। ਹਉਮੈ ਦਾ ਨਾਸ਼ ਹੀ ਆਤਮ ਰਸ ਅੰਮ੍ਰਿਤ ਦੀ ਪ੍ਰਾਪਤੀ ਹੈ। ਇਹ ਸਾਰੇ ਇਲਾਹੀ ਗੁਣ ਅਤੇ ਦਰਗਾਹੀ ਸ਼ਕਤੀਆਂ ਇੱਕ ਭਗਤ ਦੇ ਧਾਰਮਿਕ ਚਿੰਨ੍ਹ ਹਨ। ਇਸ ਪਰਮ ਸਤਿ ਤੱਤ ਨੂੰ ਗੁਰਬਾਣੀ ਵਿੱਚ ਸਪੱਸ਼ਟ ਕੀਤਾ ਗਿਆ ਹੈ।

 

ਗੁਰ ਪਰਸਾਦੀ ਮਨਿ ਵਸੈ ਹਉਮੈ ਦੂਰਿ ਕਰੇਇ

 (ਪੰਨਾ ੩੦)

 

ਗੁਰ ਪਰਸਾਦੀ ਹਉਮੈ ਜਾਏ

ਨਾਨਕ ਨਾਮੁ ਵਸੈ ਮਨ ਅੰਤਰਿ ਦਰਿ ਸਚੈ ਸੋਭਾ ਪਾਵਣਿਆ

{ਪੰਨਾ ੧੧੪}

 

 

                ਇਸ ਲਈ ਸਾਰੀ ਲੋਕਾਈ ਦੇ ਚਰਨਾਂ ਤੇ ਬੇਨਤੀ ਹੈ ਕਿ ਪੂਰਨ ਬੰਦਗੀ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਲਈ ਸਤਿ ਕਰਮ ਇਕੱਤਰ ਕਰੋ ਅਤੇ ਗੁਰਪ੍ਰਸਾਦਿ ਲਈ ਅਰਦਾਸ ਕਰੋ। ਐਸਾ ਕਰਨ ਤੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਤੁਹਾਡੀ ਝੋਲੀ ਗੁਰਪ੍ਰਸਾਦਿ ਦੀ ਖੈਰ ਜ਼ਰੂਰ ਪਾਉਣਗੇ ਅਤੇ ਆਪ ਨੂੰ ਆਪਣੀ ਬੰਦਗੀ ਦੀ ਦਾਤ ਦੇ ਕੇ ਜ਼ਰੂਰ ਨਿਹਾਲ ਕਰ ਦੇਣਗੇ ਜੀ।

                ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਸ਼ਾਹ ਜੀ ਮਨੁੱਖਾ ਦੇਹੀ ਦੀ ਤੁਲਨਾ ਜੋਗੀਆਂ ਦੀ ਖਫਨੀ (ਖਿੰਥਾ) ਨਾਲ ਕਰ ਰਹੇ ਹਨ। ਖਫਨੀ ਜੋ ਕਿ ਲੀਰਾਂ ਦੀ ਬਣਾਈ ਹੋਈ ਜੋਗੀ ਲੋਕ ਭਿੱਖਿਆ ਪਾਉਣ ਲਈ ਗਲ ਵਿੱਚ ਪਾ ਕੇ ਵਰਤਦੇ ਹਨ ਉਹ ਨਾਸ਼ਵਾਨ ਹੈ। ਠੀਕ ਇਸੇ ਤਰ੍ਹਾਂ ਹੀ ਮਨੁੱਖਾ ਦੇਹੀ ਨਾਸ਼ਵਾਨ ਹੈ ਅਤੇ ਇੱਕ ਦਿਨ ਇਹ ਦੇਹੀ ਕਾਲ (ਮੌਤ) ਨੇ ਆਪਣੀ ਗਰਾਹੀ ਬਣਾ ਕੇ ਨਿਗਲ ਜਾਣੀ ਹੈ। ਜਿੱਥੇ ਕਿ ਸਿੱਧ ਪੁਰਖ ਆਪਣੀਆਂ ਉਮਰਾਂ ਜੋਗ ਅਭਿਆਸ ਦੇ ਜ਼ੋਰ ਨਾਲ ਲੰਬੀਆਂ ਕਰ ਕੇ ਬੈਠੇ ਹੋਏ ਸਨ ਅਤੇ ਜੀਵਨ ਮੁਕਤੀ ਦੇ ਗਿਆਨ ਤੋਂ ਸੱਖਣੇ ਹੋਣ ਕਾਰਣ ਪ੍ਰਭੂ ਮਿਲਾਪ ਤੋਂ ਅਨਜਾਣ ਸਨ, ਉਥੇ ਸਤਿਗੁਰ ਅਵਤਾਰ ਨਾਨਕ ਪਾਤਸ਼ਾਹ ਜੀ ਨੇ ਉਨ੍ਹਾਂ ਨੂੰ ਇਹ ਪੂਰਨ ਬ੍ਰਹਮ ਗਿਆਨ ਦੇ ਕੇ ਉਨ੍ਹਾਂ ਦਾ ਉਧਾਰ ਕੀਤਾ। ਉਮਰ ਭਾਵੇਂ ਹਜ਼ਾਰਾਂ ਵਰ੍ਹਿਆਂ ਦੀ ਹੋ ਜਾਵੇ ਤਾਂ ਵੀ ਇਹ ਦੇਹੀ ਦਾ ਨਾਸ਼ ਨਿਸ਼ਚਿਤ ਹੈ। ਇਸ ਪਰਮ ਸਤਿ ਤੱਤ ਨੂੰ ਗੁਰਬਾਣੀ ਵਿੱਚ ਬਾਰ-ਬਾਰ ਪ੍ਰਗਟ ਕੀਤਾ ਗਿਆ ਹੈ :-

 

ਜੋ ਆਇਆ ਸੋ ਚਲਸੀ ਅਮਰੁ ਸੁ ਗੁਰੁ ਕਰਤਾਰੁ

(ਪੰਨਾ ੬੩)

 

ਜੋ ਆਇਆ ਸੋ ਚਲਸੀ ਸਭੁ ਕੋਈ ਆਈ ਵਾਰੀਐ

(ਪੰਨਾ ੪੭੪)

 

ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ

(ਪੰਨਾ ੧੪੨੯)

 

ਕਬੀਰ ਖਿੰਥਾ ਜਲਿ ਕੋਇਲਾ ਭਈ ਖਾਪਰੁ ਫੂਟ ਮਫੂਟ

ਜੋਗੀ ਬਪੁੜਾ ਖੇਲਿਓ ਆਸਨਿ ਰਹੀ ਬਿਭੂਤਿ ੪੮

(ਪੰਨਾ ੧੩੬੬)

 

                ਮਨੁੱਖਾ ਦੇਹੀ ਦਾ ਪਰਮ ਉਦੇਸ਼ ਕੇਵਲ ਜੀਵਨ ਮੁਕਤੀ ਪ੍ਰਾਪਤ ਕਰਨਾ ਹੈ। ਮਨੁੱਖਾ ਦੇਹੀ ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਨਿਰਗੁਣ ਸਰੂਪ ਵਿੱਚ ਸਮਾਉਣ ਵਾਸਤੇ ਹੀ ਮਿਲਦੀ ਹੈ। ਪ੍ਰਭੂ ਨੂੰ ਮਿਲਣ ਦਾ ਮੌਕਾ ਕੇਵਲ ਮਨੁੱਖਾ ਜਨਮ ਵਿੱਚ ਹੀ ਮਿਲਦਾ ਹੈ। ਗੁਰਪ੍ਰਸਾਦਿ ਪ੍ਰਾਪਤ ਕਰਨ ਦੀ ਪਰਮ ਸ਼ਕਤੀ ਕੇਵਲ ਮਨੁੱਖਾ ਦੇਹੀ ਨੂੰ ਹੀ ਪ੍ਰਾਪਤ ਹੈ। ਇਸ ਪਰਮ ਸਤਿ ਤੱਤ ਨੂੰ ਗੁਰਬਾਣੀ ਵਿੱਚ ਸਪੱਸ਼ਟ ਪ੍ਰਗਟ ਕੀਤਾ ਗਿਆ ਹੈ :

 

ਭਈ ਪਰਾਪਤਿ ਮਾਨੁਖ ਦੇਹੁਰੀਆ

ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ

(ਪੰਨਾ ੧੨)

 

                ਇਸ ਲਈ ਇਸ ਦੇਹੀ ਦੀ ਵਰਤੋਂ ਕੇਵਲ ਇਸ ਮਨੋਰਥ (ਜੀਵਨ ਮੁਕਤੀ) ਨੂੰ ਪੂਰਨ ਕਰਨ ਲਈ ਹੀ ਹੋਣੀ ਚਾਹੀਦੀ ਹੈ। ਜੇਕਰ ਇਹ ਮਨੋਰਥ (ਜੀਵਨ ਮੁਕਤੀ) ਪੂਰਨ ਨਾ ਹੋ ਸਕਿਆ ਤਾਂ ਇਹ ਹੀਰਾ ਜਨਮ ਅਨਮੋਲ ਬਿਰਥਾ ਚਲਾ ਜਾਵੇਗਾ ਕਿਉਂਕਿ ਇਸ ਦੇਹੀ ਨੇ ਤਾਂ ਬਿਨਸ ਜਾਣਾ ਹੈ ਹੀ। ਇਸ ਦੇਹੀ ਦਾ ਤਾਂ ਨਾਸ਼ ਨਿਸ਼ਚਿਤ ਹੀ ਹੈ। ਇਸ ਲਈ ਸਤਿਗੁਰ ਅਵਤਾਰ ਧੰਨ ਧੰਨ ਨਾਨਕ ਪਾਤਸ਼ਾਹ ਜੀ ਨੇ ਇਸ ਦੇਹੀ ਦੀ ਜੋਗੀਆਂ ਦੀ ਖਫਨੀ ਨਾਲ ਤੁਲਨਾ ਕੀਤੀ ਹੈ। ਬੰਦਗੀ ਕਰਨ ਵਾਲੇ ਮਨੁੱਖ ਇਸ ਪੂਰਨ ਬ੍ਰਹਮ ਗਿਆਨ ਨੂੰ ਆਪਣੇ ਹਿਰਦੇ ਵਿੱਚ ਉੱਕਰ ਲੈਂਦੇ ਹਨ ਅਤੇ ਇਸ ਨੂੰ ਆਪਣੀ ਸ਼ਕਤੀ ਬਣਾ ਕੇ ਗੁਰਪ੍ਰਸਾਦਿ ਪ੍ਰਾਪਤ ਕਰ ਲੈਂਦੇ ਹਨ।

                ਕੁਆਰੀ ਕਾਇਆ ਤੋਂ ਭਾਵ ਹੈ ਪੂਰਨ ਰੂਪ ਵਿੱਚ ਸ਼ੁੱਧ ਦੇਹੀ। ਉਹ ਦੇਹੀ ਜਿਸ ਵਿੱਚ ਕੋਈ ਵਿਕਾਰ ਨਹੀਂ ਹੈ। ਜੋ ਪੂਰਨ ਰੂਪ ਵਿੱਚ ਅਰੋਗ ਹੈ। ਉਹ ਦੇਹੀ ਜੋ ਕਿ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਤ੍ਰਿਸ਼ਨਾ ਵਰਗੇ ਭਿਆਨਕ ਅਤੇ ਵਿਨਾਸ਼ਕਾਰੀ ਰੋਗਾਂ ਤੋਂ ਮੁਕਤ ਹੈ ਉਹ ਦੇਹੀ ਕੁਆਰੀ ਹੈ ਭਾਵ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸਦਾ ਸੁਹਾਗਣ ਬਣਨ ਲਈ ਸਮਰਥ ਹੈ। ਉਹ ਦੇਹੀ ਜਿਸ ਉੱਪਰ ਪੰਜ ਦੂਤਾਂ, ਤ੍ਰਿਸ਼ਨਾ, ਰਾਜ, ਜੋਬਨ, ਧਨ, ਮਾਲ, ਰੂਪ, ਰਸ, ਗੰਧ, ਸ਼ਬਦ, ਸਪਰਸ਼ ਅਤੇ ਹੋਰ ਸਾਰੇ ਵਿਕਾਰਾਂ ਦਾ ਕੋਈ ਪ੍ਰਭਾਵ ਨਹੀਂ ਰਹਿੰਦਾ ਹੈ ਉਸ ਦੇਹੀ ਨੂੰ ਗੁਰਬਾਣੀ ਵਿੱਚ ਕੰਚਨ ਦੇਹੀ ਕਿਹਾ ਗਿਆ ਹੈ :-

 

ਜਿਹ ਪ੍ਰਸਾਦਿ ਆਰੋਗ ਕੰਚਨ ਦੇਹੀ

(ਪੰਨਾ ੨੭੦)

 

ਕੰਚਨ ਕਾਇਆ ਕੋਟ ਗੜ ਵਿਚਿ ਹਰਿ ਹਰਿ ਸਿਧਾ

(ਪੰਨਾ ੪੪੯)

 

ਕੰਚਨ ਕਾਇਆ ਨਿਰਮਲੀ ਜੋ ਸਚਿ ਨਾਮਿ ਸਚਿ ਲਾਗੀ

(ਪੰਨਾ ੫੯੦)

 

                ਜੋ ਹਿਰਦਾ ਪੂਰਨ ਸਚਿਆਰੀ ਰਹਿਤ ਵਿੱਚ ਚਲਾ ਜਾਂਦਾ ਹੈ ਉਸਦੀ ਦੇਹੀ ਕੰਚਨ ਹੋ ਜਾਂਦੀ ਹੈ। ਜੋ ਮਨੁੱਖ ਧਿਆਨ ਦੀ ਅਵਸਥਾ ਵਿੱਚ ਚਲਾ ਜਾਂਦਾ ਹੈ ਉਸ ਮਨੁੱਖ ਦੀ ਦੇਹੀ ਕੰਚਨ ਹੋ ਜਾਂਦੀ ਹੈ। ਜਿਸ ਮਨੁੱਖ ਦੇ ਰੋਮ-ਰੋਮ ਵਿੱਚ ਨਾਮ ਚਲਾ ਜਾਂਦਾ ਹੈ ਉਸ ਮਨੁੱਖ ਦੀ ਦੇਹੀ ਕੰਚਨ ਹੋ ਜਾਂਦੀ ਹੈ। ਜਿਸ ਮਨੁੱਖ ਦੇ ਸਾਰੇ ਬੱਜਰ ਕਪਾਟ ਖੁੱਲ੍ਹ ਜਾਂਦੇ ਹਨ ਅਤੇ ਸਤਿ ਸਰੋਵਰ ਪ੍ਰਕਾਸ਼ਮਾਨ ਹੋ ਜਾਂਦੇ ਹਨ ਉਸ ਮਨੁੱਖ ਦੀ ਦੇਹੀ ਕੰਚਨ ਬਣ ਜਾਂਦੀ ਹੈ। ਜਿਸ ਮਨੁੱਖ ਦੀ ਦੇਹੀ ਅੰਮ੍ਰਿਤ ਨਾਲ ਭਰਪੂਰ ਹੋ ਜਾਂਦੀ ਹੈ ਉਸ ਮਨੁੱਖ ਦੀ ਦੇਹੀ ਕੰਚਨ ਹੋ ਜਾਂਦੀ ਹੈ। ਜਿਸ ਮਨੁੱਖ ਦਾ ਹਿਰਦਾ ਪੂਰਨ ਸਚਿਆਰੀ ਰਹਿਤ ਵਿੱਚ ਚਲਾ ਜਾਂਦਾ ਹੈ ਉਸ ਮਨੁੱਖ ਦੀ ਦੇਹੀ ਕੰਚਨ ਹੋ ਜਾਂਦੀ ਹੈ। ਜੋ ਮਨੁੱਖ ਮਾਇਆ ਨੂੰ ਜਿੱਤ ਲੈਂਦਾ ਹੈ ਉਸ ਮਨੁੱਖ ਦੀ ਦੇਹੀ ਕੰਚਨ ਹੋ ਜਾਂਦੀ ਹੈ।

 

                ਸ਼ਰਧਾ, ਪ੍ਰੀਤ ਅਤੇ ਭਰੋਸਾ : ਹੱਥ ਵਿੱਚ ਡੰਡਾ ਫੱੜ੍ਹਨਾ ਜੋਗੀਆਂ ਦਾ ਇੱਕ ਹੋਰ ਧਾਰਮਿਕ ਚਿੰਨ੍ਹ ਹੈ। ਬੰਦਗੀ ਕਰਨ ਵਾਲਿਆਂ ਦਾ ਡੰਡਾ ਬੰਦਗੀ ਕਰਨ ਦੀ ਜੁਗਤ ਹੈ। ਬੰਦਗੀ ਕਰਨ ਦੀ ਜੁਗਤ ਗੁਰ ਅਤੇ ਗੁਰੂ ਦੀ ਪਰਤੀਤ ਹੈ। ਇਸ ਲਈ ਬੰਦਗੀ ਕਰਨ ਵਾਲਿਆਂ ਦਾ ਡੰਡਾ ਗੁਰ ਅਤੇ ਗੁਰੂ ਦੀ ਪਰਤੀਤ ਹੈ। ਪਰਤੀਤ ਤੋਂ ਭਾਵ ਹੈ ਗੁਰ ਅਤੇ ਗੁਰੂ ਲਈ ਬੇਅੰਤ ਸ਼ਰਧਾ ਦੀ ਭਾਵਨਾ, ਬੇਅੰਤ ਪ੍ਰੀਤ ਦੀ ਭਾਵਨਾ ਅਤੇ ਬੇਅੰਤ ਭਰੋਸੇ ਦੀ ਭਾਵਨਾ ਰੱਖਣਾ ਹੈ। ਬੇਅੰਤ ਸ਼ਰਧਾ, ਪ੍ਰੀਤ ਅਤੇ ਭਰੋਸਾ ਹੀ ਬੰਦਗੀ ਦੇ ਸਤੰਭ ਹਨ। ਬੇਅੰਤ ਸ਼ਰਧਾ, ਪ੍ਰੀਤ ਅਤੇ ਭਰੋਸੇ ਦੀਆਂ ਪਰਮ ਸ਼ਕਤੀਆਂ ਹੀ ਮਨੁੱਖ ਦੇ ਹਿਰਦੇ ਵਿੱਚ ਬੰਦਗੀ ਦੀ ਡੂੰਘੀ ਨੀਂਹ ਉਸਾਰਦੀਆਂ ਹਨ। ਮਨੁੱਖ ਦੀ ਸਾਰੀ ਬੰਦਗੀ ਕੇਵਲ ਸ਼ਰਧਾ, ਪ੍ਰੀਤ ਅਤੇ ਭਰੋਸੇ ਉੱਪਰ ਨਿਰਭਰ ਹੁੰਦੀ ਹੈ। ਜਿਨ੍ਹਾਂ ਮਨੁੱਖਾਂ ਦੀ ਸ਼ਰਧਾ, ਪ੍ਰੀਤ ਅਤੇ ਭਰੋਸਾ ਬੇਅੰਤਤਾ ਵਿੱਚ ਚਲੇ ਜਾਂਦੇ ਹਨ ਉਨ੍ਹਾਂ ਦੇ ਹਿਰਦੇ ਵਿੱਚ ਪਰਮ ਜੋਤ ਪੂਰਨ ਪ੍ਰਕਾਸ਼ ਪ੍ਰਗਟ ਹੋ ਜਾਂਦਾ ਹੈ। ਇਸ ਪਰਮ ਸਤਿ ਤੱਤ ਨੂੰ ਗੁਰਬਾਣੀ ਵਿੱਚ ਸਪੱਸ਼ਟ ਪ੍ਰਗਟ ਕੀਤਾ ਗਿਆ ਹੈ :-

 

ਜਾ ਕੈ ਮਨਿ ਗੁਰ ਕੀ ਪਰਤੀਤਿ ਤਿਸੁ ਜਨ ਆਵੈ ਹਰਿ ਪ੍ਰਭੁ ਚੀਤਿ

(ਪੰਨਾ ੨੮੩)

 

ਪਰਤੀਤਿ ਹੀਐ ਆਈ ਜਿਨ ਜਨ ਕੈ ਤਿਨ੍‍ ਕਉ ਪੱਦਵੀ ਉਚ ਭਈ

(ਪੰਨਾ ੧੪੦੨)

 

                ਇਸ ਲਈ ਬੰਦਗੀ ਆਪਣੇ ਗੁਰ ਅਤੇ ਗੁਰੂ ਉੱਪਰ ਕੇਵਲ ਬੇਅੰਤ ਸ਼ਰਧਾ, ਪ੍ਰੀਤ ਅਤੇ ਭਰੋਸੇ ਦਾ ਹੀ ਨਾਮ ਹੈ। ਜਿਸ ਮਨੁੱਖ ਦੇ ਹਿਰਦੇ ਅੰਦਰ ਇਹ ਪਰਤੀਤ ਉਤਪੰਨ ਹੋ ਜਾਂਦੀ ਹੈ ਉਹ ਇਸ ਦੇ ਵੱਸ ਵਿੱਚ ਆ ਕੇ ਆਪਣਾ ਤਨ, ਮਨ ਅਤੇ ਧਨ ਗੁਰੂ ਦੇ ਚਰਨਾਂ ਉੱਪਰ ਅਰਪਣ ਕਰ ਦਿੰਦਾ ਹੈ। ਜਿਸ ਮਨੁੱਖ ਦੇ ਹਿਰਦੇ ਅੰਦਰ ਇਹ ਪਰਤੀਤ ਉਤਪੰਨ ਹੋ ਜਾਂਦੀ ਹੈ ਉਹ ਇਸ ਦੇ ਵੱਸ ਵਿੱਚ ਆ ਕੇ ਆਪਣਾ ਪੂਰਨ ਆਪਾ ਗੁਰੂ ਦੇ ਚਰਨਾਂ ਉੱਪਰ ਸਮਰਪਿਤ ਕਰਕੇ ਗੁਰਪ੍ਰਸਾਦਿ ਦੀ ਪ੍ਰਾਪਤੀ ਕਰ ਲੈਂਦਾ ਹੈ ਅਤੇ ਪਰਮ ਪੱਦਵੀ ਨੂੰ ਪ੍ਰਾਪਤ ਕਰ ਲੈਂਦਾ ਹੈ। ਇਹ ਹੀ ਸੰਤ ਮਹਾ ਪੁਰਖਾਂ ਦੀ ਬੰਦਗੀ ਦੀ ਪੂਰਨ ਜੁਗਤ ਹੈ ਅਤੇ ਪੂਰਨ ਰਹੱਸ ਹੈ। ਇਹ ਹੀ ਸੰਤ ਮਹਾ ਪੁਰਖਾਂ ਦੀ ਬੰਦਗੀ ਦੇ ਧਾਰਮਿਕ ਚਿੰਨ੍ਹ ਹਨ।

 

                ਮਨ ਨੂੰ ਜਿੱਤਣਾ : ਜਿਨ੍ਹਾਂ ਮਨੁੱਖਾਂ ਨੂੰ ਗੁਰ ਅਤੇ ਗੁਰੂ ਦੀ ਪਰਤੀਤ ਹੋ ਜਾਂਦੀ ਹੈ ਉਸ ਨੂੰ ਗੁਰਪ੍ਰਸਾਦਿ ਦੀ ਪ੍ਰਾਪਤੀ ਹੋ ਜਾਂਦੀ ਹੈ। ਨਾਮ, ਨਾਮ ਸਿਮਰਨ, ਨਾਮ ਦੀ ਕਮਾਈ ਅਤੇ ਪੂਰਨ ਬੰਦਗੀ ਦੇ ਗੁਰਪ੍ਰਸਾਦਿ ਨਾਲ ਮਨੁੱਖ ਦਾ ਮਨ ਚਿੰਦਿਆ ਜਾਂਦਾ ਹੈ। ਮਨ ਦਾ ਅੰਤ ਹੋ ਜਾਂਦਾ ਹੈ ਅਤੇ ਪਰਮ ਜੋਤ ਪੂਰਨ ਪ੍ਰਕਾਸ਼ ਮਨੁੱਖ ਦੇ ਮਨ ਦਾ ਸਥਾਨ ਲੈ ਲੈਂਦਾ ਹੈ। ਮਨ ਜੋਤ ਸਰੂਪ ਹੈ ਅਤੇ ਮਨ ਦੇ ਅੰਤ ਹੋ ਜਾਣ ਨਾਲ ਹੀ ਮਨ ਦਾ ਜੋਤ ਸਰੂਪ ਪ੍ਰਗਟ ਹੋ ਜਾਂਦਾ ਹੈ।

 

ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ ॥ (੪੪੧)

 

                ਮਨ ਮਾਇਆ ਦੀ ਗੁਲਾਮੀ (ਪੰਜ ਦੂਤ ਅਤੇ ਤ੍ਰਿਸ਼ਨਾ) ਤੋਂ ਆਜ਼ਾਦ ਹੋ ਜਾਂਦਾ ਹੈ ਅਤੇ ਪਰਮ ਜੋਤ ਪੂਰਨ ਪ੍ਰਕਾਸ਼ ਦੇ ਪੂਰਨ ਹੁਕਮ ਵਿੱਚ ਚਲਾ ਜਾਂਦਾ ਹੈ। ਇਹ ਹੀ ਮਨ ਦਾ ਜਿੱਤਣਾ ਹੈ। ਮਾਇਆ ਦਾ ਜਿੱਤਣਾ ਹੀ ਮਨ ਦੀ ਜਿੱਤ ਹੈ। ਮਾਇਆ ਦਾ ਜਿੱਤਣਾ ਹੀ ਸੰਸਾਰ ਭਵਸਾਗਰ ਦਾ ਜਿੱਤਣਾ ਹੈ। ਕਿਉਂਕਿ ਇਹ ਸੰਸਾਰ ਭਵਜਲ ਸਾਰਾ ਮਾਇਆ ਦਾ ਹੀ ਪਸਾਰਾ ਹੈ। ਇਸ ਲਈ ਮਾਇਆ ਨੂੰ ਜਿੱਤਣ ਨਾਲ ਹੀ ਮਨੁੱਖ ਮਨ ਨੂੰ ਜਿੱਤ ਕੇ ਜੀਵਨ ਮੁਕਤੀ ਨੂੰ ਪ੍ਰਾਪਤ ਹੋ ਜਾਂਦਾ ਹੈ। ਬੰਦਗੀ ਕਰਨ ਵਾਲੇ ਮਹਾ ਪੁਰਖਾਂ ਦਾ ਇਹ ਸਭ ਤੋਂ ਮਹਤੱਵਪੂਰਨ ਚਿੰਨ੍ਹ ਹੈ। ਸਿੱਧਾਂ ਨੂੰ ਇਸ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਸਤਿਗੁਰ ਅਵਤਾਰ ਧੰਨ ਧੰਨ ਨਾਨਕ ਪਾਤਸ਼ਾਹ ਜੀ ਨੇ ਕਰਕੇ ਉਨ੍ਹਾਂ ਨੂੰ ਜੀਵਨ ਮੁਕਤੀ ਦਿੱਤੀ। ਭਾਵ ਸਤਿਗੁਰ ਪਾਤਸ਼ਾਹ ਜੀ ਦੇ ਮਿਲਣ ਤੋਂ ਪਹਿਲਾਂ ਸਿੱਧਾਂ ਨੂੰ ਗੁਰਪ੍ਰਸਾਦਿ ਪ੍ਰਾਪਤ ਨਹੀਂ ਸੀ।

 

                ਇਕ ਦ੍ਰਿਸ਼ਟਤਾ: ਜੋਗੀਆਂ ਦਾ ਅਗਲਾ ਧਾਰਮਿਕ ਚਿੰਨ੍ਹ ਉਨ੍ਹਾਂ ਦਾ ਫਿਰਕਾ ਹੈ, ਕਿ ਜੋਗੀ ਕਿਸ ਫਿਰਕੇ ਨੂੰ ਜਾਂ ਕਿਸ ਫਿਰਕੇ ਦੀ ਸੰਪਰਦਾ ਨੂੰ ਮੰਨਦੇ ਹਨ। ਜੋਗੀਆਂ ਦੇ ਕਈ ਫਿਰਕੇ ਹਨ। ਜਿਨ੍ਹਾਂ ਵਿਚੋਂ ਆਈ ਪੰਥੀ ਨੂੰ ਮੋਢੀ ਫਿਰਕਾ ਕਰ ਕੇ ਜਾਣਿਆ ਜਾਂਦਾ ਹੈ। ਆਈ ਪੰਥੀ ਨੂੰ ਜੋਗੀਆਂ ਦਾ ਸਰਵ ਉੱਤਮ ਫਿਰਕਾ ਕਰਕੇ ਜਾਣਿਆ ਜਾਂਦਾ ਹੈ। ਬੰਦਗੀ ਕਰਨ ਵਾਲਿਆਂ ਦਾ ਆਈ ਪੰਥ ਹੈ ਜਿਸ ਵਿੱਚ ਸਾਰੀ ਮਨੁੱਖਾ ਜਾਤੀ ਨੂੰ ਸਮਾਨ ਸਮਝਿਆ ਜਾਂਦਾ ਹੈ। ਸੰਤ ਮਹਾ ਪੁਰਖ ਇੱਕ ਦ੍ਰਿਸ਼ਟ ਹੁੰਦੇ ਹਨ। ਉਨ੍ਹਾਂ ਦੇ ਹਿਰਦੇ ਵਿੱਚ ਕੋਈ ਭੇਦ ਭਾਵ ਨਹੀਂ ਹੁੰਦਾ ਹੈ। ਉਨ੍ਹਾਂ ਦੇ ਹਿਰਦੇ ਵਿੱਚ ਹਰ ਮਨੁੱਖ ਲਈ, ਹਰ ਰਚਨਾ ਲਈ ਇਕੋ ਜਿਹਾ ਪਿਆਰ ਹੁੰਦਾ ਹੈ। ਇਸ ਲਈ ਉਹ ਨਿਰਵੈਰ ਹੁੰਦੇ ਹਨ। ਉਨ੍ਹਾਂ ਦਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਹੁੰਦਾ ਹੈ। ਉਨ੍ਹਾਂ ਦਾ ਹਿਰਦਾ ਮਹਾ ਪਰਉਪਕਾਰੀ ਹੁੰਦਾ ਹੈ। ਉਹ ਕੇਵਲ ਲੋਕਾਈ ਦੇ ਪਰਉਪਕਾਰ ਵਿੱਚ ਹੀ ਆਪਣਾ ਜੀਵਨ ਅਰਪਣ ਕਰ ਦਿੰਦੇ ਹਨ। ਸੰਤ ਮਹਾ ਪੁਰਖਾਂ ਦਾ ਇੱਕ ਦ੍ਰਿਸ਼ਟ ਹਿਰਦਾ, ਨਿਰਵੈਰ ਹਿਰਦਾ ਅਤੇ ਮਹਾ ਪਰਉਪਕਾਰੀ ਹਿਰਦਾ ਉਨ੍ਹਾਂ ਦੀ ਬੰਦਗੀ ਦਾ ਇੱਕ ਸਰਵ ਉੱਤਮ ਚਿੰਨ੍ਹ ਹੈ। ਲੋਕਾਈ ਦਾ ਜ਼ਹਿਰ ਪੀਣਾ ਅਤੇ ਲੋਕਾਈ ਨੂੰ ਅੰਮ੍ਰਿਤ ਦੇਣਾ, ਨਾਮ ਦਾਨ ਦੇਣਾ, ਨਾਮ ਦੀ ਕਮਾਈ ਅਤੇ ਪੂਰਨ ਬੰਦਗੀ ਦੇ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਕਰਨੀ, ਪੂਰਨ ਬ੍ਰਹਮ ਗਿਆਨ ਦੇਣਾ ਅਤੇ ਜੀਵਨ ਮੁਕਤੀ ਦਾ ਮਾਰਗ ਦਿਖਲਾ ਕੇ ਬੰਦਗੀ ਕਰਵਾਉਣੀ, ਇਹ ਸਭ ਮਹਾ ਪਰਉਪਕਾਰੀ ਹਿਰਦੇ ਦੇ ਇਲਾਹੀ ਗੁਣ ਅਤੇ ਪਰਮ ਸ਼ਕਤੀਆਂ ਹਨ ਅਤੇ ਐਸੇ ਮਹਾ ਪੁਰਖਾਂ ਦੇ ਧਾਰਮਿਕ ਚਿੰਨ੍ਹ ਹਨ ਜਿਨ੍ਹਾਂ ਦਾ ਬਿਆਨ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਸ਼ਾਹ ਜੀ ਨੇ ਇਸ ਬਾਣੀ ਵਿੱਚ ਕੀਤਾ ਹੈ ਅਤੇ ‘ਸਚਿਖੰਡ’ ਦਾ ਮਾਰਗ ਸਪੱਸ਼ਟ ਕਰਕੇ ਸਾਰੀ ਲੋਕਾਈ ਦਾ ਮਹਾ ਪਰਉਪਕਾਰ ਕੀਤਾ ਹੈ।   

                ਮਨੁੱਖ ਦੇ ਅੰਦਰ ਕੂੜ ਦੀ ਕੰਧ ਹੈ ਮਾਇਆ ਦੀ ਗੁਲਾਮੀ। ਮਨੁੱਖ ਦੇ ਅੰਦਰ ਕੂੜ ਦੀ ਕੰਧ ਹੈ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਤ੍ਰਿਸ਼ਨਾ ਦੀ ਗੁਲਾਮੀ। ਮਨੁੱਖ ਦੀਆਂ ਸਾਰੀਆਂ ਸਮੱਸਿਆਵਾਂ ਦਾ ਆਧਾਰ ਇਹ ਕੂੜ ਦੀ ਕੰਧ ਹੀ ਹੈ। ਮਾਇਆ ਦੀ ਗੁਲਾਮੀ ਮਾਨਸਿਕ ਅਤੇ ਸ਼ਰੀਰਕ ਰੋਗਾਂ ਦਾ ਭੰਡਾਰ ਹੈ। ਪੰਜ ਦੂਤ ਅਤੇ ਤ੍ਰਿਸ਼ਨਾ ਹੀ ਸਭ ਤੋਂ ਵੱਡੇ ਮਾਨਸਿਕ ਰੋਗ ਹਨ ਜੋ ਮਨੁੱਖ ਨੂੰ ਅੰਦਰੋਂ ਖੋਖਲਾ ਬਣਾ ਦਿੰਦੇ ਹਨ। ਇਹ ਮਾਨਸਿਕ ਰੋਗ ਹੀ ਮਨੁੱਖ ਦੇ ਸਾਰੇ ਸ਼ਰੀਰਕ ਰੋਗਾਂ ਦਾ ਕਾਰਨ ਹਨ। ਮਨੁੱਖਾ ਦੇਹੀ ਨੂੰ ਹਰ ਤਰ੍ਹਾਂ ਦੀ ਪੀੜ੍ਹਾ ਮਿਲਣ ਦਾ ਕਾਰਨ ਕੇਵਲ ਮਾਇਆ ਦੀ ਗੁਲਾਮੀ ਹੀ ਹੈ। ਪਰਿਵਾਰਕ ਝਗੜੇ, ਸਾਰੇ ਰਿਸ਼ਤੇ ਨਾਤਿਆਂ ਵਿੱਚ ਤਨਾਅ, ਦੁੱਖ, ਕਲੇਸ਼, ਅਸਫਲਤਾਵਾਂ, ਸਮਾਜਿਕ ਭ੍ਰਸ਼ਟਾਚਾਰ ਦਾ ਬੋਲ ਬਾਲਾ, ਰਿਸ਼ਵਤਖ਼ੋਰੀ, ਚੋਰਬਾਜ਼ਾਰੀ ਆਦਿ ਸਾਰੇ ਫਸਾਦਾਂ ਦੀ ਜੜ੍ਹ ਕੇਵਲ ਮਾਇਆ ਦੀ ਗੁਲਾਮੀ ਹੀ ਹੈ। ਮਾਇਆ ਦੀ ਇਸ ਗੁਲਾਮੀ ਦੀਆਂ ਜੰਜ਼ੀਰਾਂ ਨੂੰ ਤੋੜਣ ਦੀ ਜੁਗਤ ਹੀ ਸਾਰੀ ਜਪੁਜੀ ਬਾਣੀ ਹੈ ਅਤੇ ਸਾਰੀ ਗੁਰਬਾਣੀ ਹੈ। ਇਹ ਕੂੜ ਦੀ ਕੰਧ ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਗੁਰਕਿਰਪਾ ਅਤੇ ਗੁਰ ਪ੍ਰਸਾਦਿ ਨਾਲ ਹੀ ਟੁੱਟ ਸਕਦੀ ਹੈ। ਇਸ ਲਈ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਸ਼ਾਹ ਜੀ ਇਹ ਪੂਰਨ ਬ੍ਰਹਮ ਗਿਆਨ ਸਾਰੀ ਲੋਕਾਈ ਦੀ ਝੋਲੀ ਵਿੱਚ ਪਾ ਰਹੇ ਹਨ ਅਤੇ ਸਾਰੀ ਲੋਕਾਈ ਦਾ ਮਾਰਗ ਦਰਸ਼ਨ ਕਰ ਰਹੇ ਹਨ ਕਿ ਇਸ ਕੂੜ ਦੀ ਕੰਧ ਨੂੰ ਤੋੜਣ ਲਈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਨਮਸਕਾਰ ਕਰੋ, ਪ੍ਰਣਾਮ ਕਰੋ, ਡੰਡਉਤ ਕਰੋ ਅਤੇ ਉਸਦਾ ਸ਼ੁਕਰਾਨਾ ਕਰੋ। ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਹੀ ਇੱਕ ਰਸ ਪਰਮ ਸ਼ਕਤੀ ਹੈ, ਜਿਸਦਾ ਨਾ ਕੋਈ ਆਦਿ ਹੈ ਅਤੇ ਨਾ ਹੀ ਕੋਈ ਅੰਤ ਹੈ। ਜੋ ਸਦਾ ਸਦਾ ਬੇਅੰਤ ਹੈ। ਜੋ ਸਦਾ ਸਦਾ ਲਈ ਕਾਇਮ ਮੁਦਾਇਮ ਹੈ। ਜੋ ਸਦਾ ਸਦਾ ਲਈ ਸਥਿਰ ਹੈ। ਜੋ ਨਾਸ਼ ਰਹਿਤ ਹੈ। ਜੋ ਸਦਾ ਸਦਾ ਪੂਰਨ ਪਵਿੱਤਰ ਕਲੰਕ ਰਹਿਤ ਹੈ। ਐਸੇ ਪਰਮ ਸ਼ਕਤੀਸ਼ਾਲੀ, ਸਰਬ ਕਲਾ ਭਰਪੂਰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਧਿਆਨ ਧਰੋ ਅਤੇ ਬਾਰ ਬਾਰ ਅਰਦਾਸ ਕਰੋ ਕਿ ਸਾਡੇ ਉੱਪਰ ਉਸਦੀ ਗੁਰਕਿਰਪਾ ਅਤੇ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਹੋਵੇ ਅਤੇ ਸਾਡਾ ਇਹ ਮਨੁੱਖਾ ਜੀਵਨ ਸਫਲ ਹੋ ਸਕੇ।