ਜਪੁਜੀ ਪਉੜੀ ੩੦

 

ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ

 ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ

 ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ

 ਓਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ

 ਆਦੇਸੁ ਤਿਸੈ ਆਦੇਸੁ

 ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥30॥

 

       ਸ੍ਰਿਸ਼ਟੀ ਦੀ ਰਚਨਾ ਦੀ ਕਥਾ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਗ ੧੦੩੫-੧੦੩੭ ਤੇ ਮਾਰੂ ਮਹਲਾ ੧ ਦੇ ਸ਼ਲੋਕਾਂ ਵਿਚ ਪ੍ਰਗਟ ਕੀਤੀ ਹੈ। ਸਾਰੀ ਸ੍ਰਿਸ਼ਟੀ ਦੀ ਉੱਤਪਤੀ ਤੋਂ ਪਹਿਲਾਂ ਕੇਵਲ ਅੰਧ ਗੁਬਾਰ ਸੀ ਅਤੇ ਹੋਰ ਕੁਝ ਨਹੀਂ ਸੀ। ਫਿਰ ਸਾਰੀ ਸ੍ਰਿਸ਼ਟੀ ਦੀ ਸਿਰਜਣਾ ਕਿਵੇਂ ਹੋਈ ਇਹ ਪੂਰਨ ਬ੍ਰਹਮ ਗਿਆਨ ਇਨ੍ਹਾਂ ਸ਼ਲੋਕਾਂ ਦੀ ਕਥਾ ਵਿਚ ਗੁਰਕਿਰਪਾ ਅਤੇ ਗੁਰਪ੍ਰਸਾਦਿ ਨਾਲ ਜਪੁਜੀ ਸਾਹਿਬ ਦੀ ਇਸ ਗੁਰਪ੍ਰਸਾਦੀ ਕਥਾ ਵਿਚ ਜਪੁਜੀ ਪਉੜੀ ੫ ਦੀ ਕਥਾ ਵਿਚ ਦਰਸਾਉਣ ਦਾ ਯਤਨ ਕੀਤਾ ਗਿਆ ਹੈ। ਸ੍ਰਿਸ਼ਟੀ ਦੇ ਆਦਿ ਤੋਂ ਪੂਰਵ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ੩੬ ਯੁੱਗ ਸੁੰਨ ਸਮਾਧੀ ਵਿਚ ਸਥਿਤ ਰਹੇ; ਅਤੇ ਫਿਰ ਸੁੰਨ ਵਿਚੋਂ ਹੀ ਫੁਰਨਾ ਹੋਇਆ ਇੱਕ ਏਕ ਤੋਂ ਅਨੇਕ ਹੋ ਜਾਵਾਂ। ਇਹ ਫੁਰਨਾ ਹੀ ਮਾਇਆ ਦੀ ਉੱਤਪਤੀ ਦਾ ਕਾਰਨ ਬਣਿਆ ਅਤੇ ਮਾਇਆ ਪ੍ਰਗਟ ਹੋਈ। ਇਹ ਪਰਮ ਸਤਿ ਤੱਤ ਸਮਝਣਾ ਬਹੁਤ ਜ਼ਰੂਰੀ ਹੈ ਕਿ ਗੁਰਬਾਣੀ ਵਿਚ ਜਿਥੇ ਵੀ “ਏਕ” ਸ਼ਬਦ ਜਾਂ “੧” ਪ੍ਰਗਟ ਕੀਤਾ ਗਿਆ ਹੈ ਉਥੇ ਇਹ ਸ਼ਬਦ ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬੇਅੰਤ ਅਨੰਤ ਸ਼ਕਤੀ ਨੂੰ ਪ੍ਰਗਟ ਕਰਦਾ ਹੈ। ਫਿਰ “ਏਕਾ” ਭਾਵ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਅਤੇ ਮਾਇਆ ਦੇ ਜੁੜਣ ਦੀ ਜੁਗਤ ਨਾਲ ਮਾਇਆ ਪ੍ਰਸੂਤ ਹੋਈ ਅਤੇ ਤਿੰਨ੍ਹ ਸ਼ਕਤੀਆਂ ਦਾ ਜਨਮ ਹੋਇਆ। ਗੁਰਬਾਣੀ ਅਨੁਸਾਰ ਇਨ੍ਹਾਂ 3 ਸ਼ਕਤੀਆਂ ਦਾ ਨਾਮ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਹੈ।

 

ਸੁੰਨਹੁ ਬ੍ਰਹਮਾ ਬਿਸਨੁ ਮਹੇਸੁ ਉਪਾਏ ॥          (ਪੰਨਾ ੧੦੩੭)

 

            ਇਸ ਸ਼ਲੋਕ ਵਿਚ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਸ਼ਾਹ ਜੀ ਨੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਅਤੇ ਮਾਇਆ ਦੇ ਸੰਬੰਧ ਨਾਲ ਤਿੰਨ੍ਹ ਚੇਲਿਆਂ ਦੇ ਉੱਤਪੰਨ ਹੋਣ ਦੀ ਕਥਾ ਪ੍ਰਗਟ ਕੀਤੀ ਹੈ। ਪੁੱਤਰ ਉਹ ਹੁੰਦਾ ਹੈ ਜੋ ਪਿਤਾ ਦੇ ਬਿੰਦ ਅਤੇ ਮਾਤਾ ਦੇ ਰਕਤ ਦੇ ਸੁਮੇਲ ਨਾਲ ਜੰਮਦਾ ਹੈ। ਇਸ ਤਰ੍ਹਾਂ ਪੁੱਤਰ ਦਾ ਜਨਮ ਕੇਵਲ ਮਾਤਾ ਅਤੇ ਪਿਤਾ ਦੇ ਸ਼ਰੀਰਕ ਸੰਬੰਧ ਨਾਲ ਪੈਦਾ ਹੁੰਦਾ ਹੈ। ਪਰੰਤੂ ਨਾ ਕੋਈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਸ਼ਰੀਰ ਹੈ ਕਿਉਂਕਿ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਕੋਈ ਰੂਪ, ਰੰਗ, ਰੇਖ ਨਹੀਂ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਆਕਾਰ ਰਹਿਤ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਕੇਵਲ ਬੇਅੰਤ ਪਰਮ ਸ਼ਕਤੀ ਰੂਪ ਹੀ ਹੈ। ਇਸੇ ਤਰ੍ਹਾਂ ਮਾਇਆ ਦਾ ਵੀ ਕੋਈ ਭੌਤਿਕ ਸ਼ਰੀਰ ਨਹੀਂ ਹੈ ਅਤੇ ਮਾਇਆ ਵੀ ਕੇਵਲ ਸ਼ਕਤੀ ਰੂਪ ਹੀ ਹੈ। ਇਸ ਲਈ ਇਨ੍ਹਾਂ ਦੋ ਸ਼ਕਤੀਆਂ ਜੋ ਕਿ ਮਾਇਆ ਅਤੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਸੂਖਸ਼ਮ ਰੂਪ ਵਿਚ ਹਨ ਉਨ੍ਹਾਂ ਦਾ ਸੰਬੰਧ ਵੀ ਸੂਖਸ਼ਮ ਹੀ ਹੈ ਇਸੇ ਲਈ ਇਨ੍ਹਾਂ ਦੋਨੋਂ ਸ਼ਕਤੀਆਂ ਦੇ ਸੰਬੰਧ ਨਾਲ ਜਦ ਮਾਇਆ ਪ੍ਰਸੂਤ ਹੋਈ ਤਾਂ ਤਿੰਨ੍ਹ ਸ਼ਕਤੀਆਂ ਦਾ ਹੀ ਜਨਮ ਹੋਇਆ। ਇਸੇ ਲਈ ਇਨ੍ਹਾਂ ਸ਼ਕਤੀਆਂ ਨੂੰ ੩ ਚੇਲੇ ਕਿਹਾ ਗਿਆ ਹੈ। ਇਸ ਤਰ੍ਹਾਂ ਇਹ ਪੂਰਨ ਸਤਿ ਤੱਤ ਹੈ ਕਿ ਪਿਤਾ ਦੇ ਵੀਰਜ ਅਤੇ ਮਾਤਾ ਦੇ ਰਕਤ ਤੋਂ ਬਿੰਦੀ ਸੰਤਾਨ ਜਨਮ ਲੈਂਦੀ ਹੈ ਅਤੇ ਸ਼ਬਦ ਦੀ ਕਿਰਪਾ ਸ਼ਕਤੀ ਨਾਲ ਪੈਦਾ ਹੋਏ ਚੇਲੇ ਹੁੰਦੇ ਹਨ। ਦੋ ਸੂਖਸ਼ਮ ਤੱਤਾਂ ਦੇ ਮੇਲ ਨਾਲ ਕੇਵਲ ਚੇਲੇ ਹੀ ਉੱਤਪੰਨ ਹੁੰਦੇ ਹਨ। ਸਤਿਗੁਰੂ ਦੇ ਪਰਮ ਤੱਤ ਸਤਿ ਤੱਤ ਅਤੇ ਜਿਗਿਆਸੂ ਦੇ ਪਰਮ ਤੱਤ ਸਤਿ ਤੱਤ ਦੇ ਸੁਮੇਲ ਨਾਲ ਗੁਰੂ ਅਤੇ ਚੇਲੇ ਦਾ ਸੰਬੰਧ ਬਣਦਾ ਹੈ। ਇਸ ਲਈ ਬ੍ਰਹਮ ਤੱਤ ਅਤੇ ਮਾਇਆ ਦੇ ਸੰਬੰਧ ਜੁੜਣ ਨਾਲ ਤਿੰਨ੍ਹ ਸ਼ਕਤੀਆਂ ਉੱਤਪੰਨ ਹੋਈਆਂ ਜਿਨ੍ਹਾਂ ਨੂੰ ਗੁਰਬਾਣੀ ਵਿਚ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਕਹਿ ਕੇ ਸੰਬੋਧਨ ਕੀਤਾ ਹੈ। ਇਹ ਤਿੰਨ੍ਹ ਸ਼ਕਤੀਆਂ ਜੋ ਸੂਖਸ਼ਮ ਤੱਤ ਦੇ ਸੁਮੇਲ ਨਾਲ ਉੱਤਪੰਨ ਹੋਈਆਂ ਉਨ੍ਹਾਂ ਨੂੰ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਸ਼ਾਹ ਜੀ ਨੇ ਤਿੰਨ੍ਹ ਚੇਲੇ ਕਹਿ ਕੇ ਬਿਆਨ ਕੀਤਾ ਹੈ। 

       ਮਾਇਆ ਦੇ ਪ੍ਰਸੂਤ ਹੋਣ ਨਾਲ ਜੋ ਇਹ ਤਿੰਨ੍ਹ ਸ਼ਕਤੀਆਂ ਪਰਮ ਸ਼ਕਤੀ ਦੇ ਪਰਮ ਤੱਤ ਵਿਚੋਂ ਉੱਤਪੰਨ ਹੋਈਆ ਉਨ੍ਹਾਂ ਸ਼ਕਤੀਆਂ ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਤਿੰਨ੍ਹ ਮਹਤੱਵਪੂਰਨ ਕਾਰਜ ਸੌਂਪੇ : ਬ੍ਰਹਮਾ ਨੂੰ ਸ੍ਰਿਸ਼ਟੀ ਦੀ ਹਰ ਇੱਕ ਰਚਨਾ ਨੂੰ ਰਚਨ ਦੀ ਸ਼ਕਤੀ ਸੌਂਪੀ। ਇਸ ਲਈ ਬ੍ਰਹਮਾ ਸਾਰੀ ਸ੍ਰਿਸ਼ਟੀ ਦੀ ਰਚਨਾ ਕਰਦਾ ਹੈ; ਵਿਸ਼ਨੂੰ ਨੂੰ ਸਾਰੀ ਸ੍ਰਿਸ਼ਟੀ ਦੀ ਪਾਲਣਾ ਦਾ ਕਾਰ ਵਿਹਾਰ ਸੌਂਪਿਆ; ਅਤੇ ਮਹੇਸ਼ ਨੂੰ ਜਿਸ ਨੂੰ ਸ਼ਿਵਾ ਵੀ ਕਿਹਾ ਜਾਂਦਾ ਹੈ ਉਸਨੂੰ ਸ੍ਰਿਸ਼ਟੀ ਦੇ ਸੰਘਾਰ ਕਰਨ ਦੀ ਸ਼ਕਤੀ ਨਾਲ ਨਿਵਾਜਿਆ। ਇਨ੍ਹਾਂ ਤਿੰਨ੍ਹਾਂ ਸ਼ਕਤੀਆਂ ਦਾ ਜਨਮ ਦਾਤਾ ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬੇਅੰਤ ਪਰਮ ਸ਼ਕਤੀ ਆਪ ਹੈ। ਇਹ ਤਿੰਨ੍ਹ ਸ਼ਕਤੀਆਂ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਬਣਾਏ ਸਾਰੇ ਵਿਧਾਨਾਂ ਅਨੁਸਾਰ ਹੀ ਵਰਤਦੀਆਂ ਹਨ। ਇਸ ਲਈ ਇਹ ਸ਼ਕਤੀਆਂ ਬੇਅੰਤ ਨਹੀਂ ਹਨ। ਇਹ ਤਿੰਨ੍ਹ ਸ਼ਕਤੀਆਂ ਬੇਅੰਤ ਅਨੰਤ ਦੇ ਹੁਕਮ ਅਨੁਸਾਰ ਹੀ ਆਪਣਾ ਕਾਰ ਵਿਹਾਰ ਸੰਭਾਲਦੀਆਂ ਹਨ। ਕਿਉਂਕਿ ਇਹ ਤਿੰਨ੍ਹ ਸ਼ਕਤੀਆਂ ਮਾਇਆ ਦੇ ਪ੍ਰਸੂਤ ਹੋਣ ਕਰਕੇ ਜੰਮੀਆਂ ਹਨ ਇਸ ਲਈ ਇਨ੍ਹਾਂ ਦੀ ਜਨਨੀ ਮਾਇਆ ਹੈ। ਇਸ ਲਈ ਸਾਰੀ ਸ੍ਰਿਸ਼ਟੀ ਦੀ ਹਰ ਇੱਕ ਭੌਤਿਕ ਰਚਨਾ ਮਾਇਆ ਹੀ ਹੈ। ਸੰਸਾਰ ਦੀ ਹਰ ਇੱਕ ਰਚਨਾ ਮਾਇਆ ਹੀ ਹੈ। ਇਸੇ ਕਰਕੇ ਸੰਸਾਰ ਨੂੰ ਭਵਸਾਗਰ ਕਿਹਾ ਗਿਆ ਹੈ। ਧੰਨ ਧੰਨ ਸਤਿਗੁਰ ਅਵਤਾਰ ਅਰਜਨ ਦੇਵ ਜੀ ਨੇ ਮਾਇਆ ਦੇ ਵਿਨਾਸ਼ਕਾਰੀ ਰੂਪ ਨੂੰ ਇਸ ਸ਼ਲੋਕ ਵਿਚ ਪ੍ਰਗਟ ਕੀਤਾ ਹੈ :-   

ਆਸਾ ਮਹਲਾ ੫

ਮਾਥੈ ਤ੍ਰਿਕੁਟੀ ਦ੍ਰਿਸਟਿ ਕਰੂਰਿ ਬੋਲੈ ਕਉੜਾ ਜਿਹਬਾ ਕੀ ਫੂੜਿ

ਸਦਾ ਭੂਖੀ ਪਿਰੁ ਜਾਨੈ ਦੂਰਿ ਐਸੀ ਇਸਤ੍ਰੀ ਇਕ ਰਾਮਿ ਉਪਾਈ

ਉਨਿ ਸਭੁ ਜਗੁ ਖਾਇਆ ਹਮ ਗੁਰਿ ਰਾਖੇ ਮੇਰੇ ਭਾਈ ਰਹਾਉ

ਪਾਇ ਠਗਉਲੀ ਸਭੁ ਜਗੁ ਜੋਹਿਆ ਬ੍ਰਹਮਾ ਬਿਸਨੁ ਮਹਾਦੇਉ ਮੋਹਿਆ

ਗੁਰਮੁਖਿ ਨਾਮਿ ਲਗੇ ਸੇ ਸੋਹਿਆ ਵਰਤ ਨੇਮ ਕਰਿ ਥਾਕੇ ਪੁਨਹਚਰਨਾ

ਤਟ ਤੀਰਥ ਭਵੇ ਸਭ ਧਰਨਾ ਸੇ ਉਬਰੇ ਜਿ ਸਤਿਗੁਰ ਕੀ ਸਰਨਾ

ਮਾਇਆ ਮੋਹਿ ਸਭੋ ਜਗੁ ਬਾਧਾ ਹਉਮੈ ਪਚੈ ਮਨਮੁਖ ਮੂਰਾਖਾ

ਗੁਰ ਨਾਨਕ ਬਾਹ ਪਕਰਿ ਹਮ ਰਾਖਾ ੯੬

 (ਪੰਨਾ ੩੯੪)

 

            ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਮਾਇਆ ਨੂੰ ਇੱਕ ਕਰੂਰ ਇਸਤ੍ਰੀ ਦੇ ਰੂਪ ਵਿਚ ਬਣਾਇਆ ਹੈ ਜਿਸਦੇ ਮਸਤਕ ਉੱਪਰ ਕ੍ਰੋਧ ਨਾਲ ਭਰੀਆਂ ਹੋਈਆਂ ਤਿਉੜੀਆਂ ਹਨ ਅਤੇ ਜਿਸਨੇ ਆਪਣੇ ਕ੍ਰੋਧ ਵਿਚ ਸਾਰੇ ਸੰਸਾਰ ਨੂੰ ਆਪਣੇ ਮਨ ਮੋਹਣੇ ਰੂਪ ਵਿਚ ਪ੍ਰਗਟ ਹੋ ਕੇ ਠੱਗ ਲਿਆ ਹੈ। ਮਾਇਆ ਇੱਕ ਨਸ਼ੀਲੀ ਬੂਟੀ ਵਾਂਗ ਹੈ ਜਿਸਨੂੰ ਛੱਕ ਕੇ ਮਨੁੱਖ ਬੇਹੋਸ਼ ਹੋ ਜਾਂਦਾ ਹੈ ਅਤੇ ਇਸੇ ਬੇਹੋਸ਼ੀ ਦੀ ਹਾਲਤ ਵਿਚ ਆਪਣਾ ਸਾਰਾ ਜੀਵਨ ਮਾਇਆ ਦੀ ਗੁਲਾਮੀ ਵਿਚ ਬਿਤਾ ਦਿੰਦਾ ਹੈ। ਮਨੁੱਖ ਜੋ ਕਿ ਅਕਾਲ ਪੁਰਖ ਦੀ ਸਰਵ ਉੱਤਮ ਰਚਨਾ ਹੈ ਉਸਨੂੰ ਬਣਾ ਕੇ ਮਾਇਆ ਦੇ ਇਸ ਮਨ ਮੋਹਕ ਜਾਲ ਵਿਚ ਛੱਡ ਦਿੱਤਾ ਹੈ। ਕੇਵਲ ਮਨੁੱਖ ਜੂਨ ਨੂੰ ਹੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਦਰਸ਼ਨ ਅਤੇ ਪੂਰਨ ਬ੍ਰਹਮ ਗਿਆਨ ਦੀ ਬਖ਼ਸ਼ਿਸ਼ ਪ੍ਰਾਪਤ ਹੋ ਸਕਦੀ ਹੈ। ਇਸ ਲਈ ਮਨੁੱਖਾ ਜਨਮ ਨੂੰ ਅਨਮੋਲਕ ਰਤਨ ਹੀਰਾ ਕਿਹਾ ਗਿਆ ਹੈ। ਪਰੰਤੂ ਮਾਇਆ ਦੇ ਇਸ ਜਾਲ ਜੋ ਕਿ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਤ੍ਰਿਸ਼ਨਾ ਦੇ ਨਾਲ ਬੁਣਿਆ ਗਿਆ ਹੈ ਉਸ ਵਿਚ ਮਨੁੱਖ ਬੜੀ ਆਸਾਨੀ ਨਾਲ ਉਲਝ ਕੇ ਰਹਿ ਜਾਂਦਾ ਹੈ ਅਤੇ ਇਸ ਤਰ੍ਹਾਂ ਮਾਇਆ ਉਸਨੂੰ ਆਪਣਾ ਗੁਲਾਮ ਬਣਾ ਕੇ ਖ਼ਤਮ ਕਰ ਦਿੰਦੀ ਹੈ। ਕੇਵਲ ਉਹ ਮਨੁੱਖ ਜਿਸ ਉੱਪਰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ ਉਸਨੂੰ ਮਾਇਆ ਦੀ ਇਸ ਗੁਲਾਮੀ ਤੋਂ ਬਚਾ ਕੇ ਰੱਖ ਲੈਂਦਾ ਹੈ। ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਕਿਰਪਾ ਦੀ ਪਰਮ ਸ਼ਕਤੀ ਹੀ ਮਾਇਆ ਦੇ ਇਸ ਠਗਉਲੀ ਰੂਪ ਤੋਂ ਬਚਾ ਸਕਦੀ ਹੈ। ਇਥੋਂ ਤੱਕ ਕਿ ਬ੍ਰਹਮਾ, ਵਿਸ਼ਨੂੰ ਅਤੇ ਮਹਾਦੇਵ (ਸ਼ਿਵਾ) ਨੂੰ ਵੀ ਮਾਇਆ ਨੇ ਆਪਣੀ ਗੁਲਾਮੀ ਦੇ ਜਾਲ ਵਿਚ ਮੋਹ ਕੇ ਕਾਬੂ ਕੀਤਾ ਹੋਇਆ ਹੈ। ਭਾਵ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਵੀ ਮਾਇਆ ਦੇ ਹੀ ਗੁਲਾਮ ਹਨ। ਜੋ ਮਨੁੱਖ ਸਤਿਗੁਰ ਦੀ ਸ਼ਰਨ ਵਿਚ ਚਲੇ ਜਾਂਦੇ ਹਨ ਉਨ੍ਹਾਂ ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਕਿਰਪਾ ਨਸੀਬ ਹੋ ਜਾਂਦੀ ਹੈ ਅਤੇ ਉਹ ਗੁਰਮੁਖ ਬਣ ਕੇ ਭਾਵ ਆਪਣਾ ਤਨ ਮਨ ਧਨ ਸਤਿਗੁਰ ਦੇ ਚਰਨਾਂ ਉੱਪਰ ਅਰਪਣ ਕਰਕੇ ਗੁਰਪ੍ਰਸਾਦਿ ਦੀ ਪ੍ਰਾਪਤੀ ਕਰਕੇ ਇਸ ਦੀ ਪਰਮ ਸ਼ਕਤੀ ਦੇ ਪ੍ਰਭਾਵ ਨਾਲ ਮਾਇਆ ਦੇ ਚੁੰਗਲ ਤੋਂ ਬੱਚ ਜਾਂਦੇ ਹਨ। ਅੱਠਸੱਠ ਤੀਰਥ, ਵਰਤ, ਨੇਮ, ਸਭ ਬਾਹਰਲੇ ਧਾਰਮਿਕ ਚਿੰਨ੍ਹ ਹਨ ਅਤੇ ਇਹ ਸਭ ਬਾਹਰਲੀ ਰਹਿਤ ਹੈ। ਇਨ੍ਹਾਂ ਬਾਹਰਲੇ ਧਾਰਮਿਕ ਚਿੰਨ੍ਹਾਂ ਦੇ ਧਾਰਣ ਕਰਨ ਨਾਲ ਕੋਈ ਮਨੁੱਖ ਮਾਇਆ ਦੇ ਪ੍ਰਕੋਪ ਤੋਂ ਨਹੀਂ ਬੱਚ ਸਕਦਾ ਹੈ। ਇਨ੍ਹਾਂ ਬਾਹਰਲੀਆਂ ਰਹਿਤਾਂ ਦੇ ਨਾਲ ਕੋਈ ਮਨੁੱਖ ਮਾਇਆ ਉੱਪਰ ਜਿੱਤ ਨਹੀਂ ਪ੍ਰਾਪਤ ਕਰ ਸਕਦਾ ਹੈ। ਕੇਵਲ ਉਹ ਮਨੁੱਖ ਜੋ ਗੁਰਮੁਖ ਬਣ ਜਾਂਦੇ ਹਨ ਭਾਵ ਜੋ ਮਨਮਤਿ ਨੂੰ ਤਿਆਗ ਕੇ ਸਤਿਗੁਰ ਦੀ ਸ਼ਰਨ ਵਿਚ ਜਾ ਕੇ ਗੁਰਮਤਿ ਧਾਰਣ ਕਰਦੇ ਹਨ ਉਹ ਮਨੁੱਖ ਮਾਇਆ ਨੂੰ ਜਿੱਤ ਲੈਂਦੇ ਹਨ। ਐਸੇ ਮਨੁੱਖ ਜੋ ਸਤਿਗੁਰ ਦੀ ਸ਼ਰਨ ਵਿਚ ਜਾ ਕੇ ਗੁਰਪ੍ਰਸਾਦਿ ਦੀ ਪ੍ਰਾਪਤੀ ਕਰ ਲੈਂਦੇ ਹਨ ਉਨ੍ਹਾਂ ਨੂੰ ਸਤਿਗੁਰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਬਾਂਹ ਪਕੜ ਕੇ ਮਾਇਆ ਦੇ ਇਸ ਭਵਸਾਗਰ ਵਿਚੋਂ ਬਾਹਰ ਕੱਢ ਕੇ ਆਪਣੇ ਵਿਚ ਸਮਾ ਲੈਂਦਾ ਹੈ। ਮਨਮੁਖ ਮਾਇਆ ਦੀ ਗੁਲਾਮੀ ਵਿਚ ਆਪਣਾ ਜਨਮ ਗੁਆ ਲੈਂਦੇ ਹਨ।

            ਪੂਰਨ ਬ੍ਰਹਮ ਗਿਆਨ ਦੇ ਇਸ ਪਰਮ ਸ਼ਕਤੀਸ਼ਾਲੀ ਸ਼ਲੋਕ ਵਿਚ ਧੰਨ ਧੰਨ ਸਤਿਗੁਰ ਅਵਤਾਰ ਅਰਜਨ ਦੇਵ ਜੀ ਨੇ ਇਹ ਸਪੱਸ਼ਟ ਕੀਤਾ ਹੈ ਕਿ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਮਾਇਆ ਦੇ ਅਧੀਨ ਹਨ। ਮੁਕਤੀ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਜਾ ਕੇ ਪ੍ਰਾਪਤ ਹੁੰਦੀ ਹੈ ਜੋ ਕਿ ਸਤਿਗੁਰ ਦੀ ਚਰਨ ਸ਼ਰਨ ਵਿਚ ਜਾ ਕੇ ਹੀ ਹਾਸਿਲ ਕੀਤੀ ਜਾ ਸਕਦੀ ਹੈ। ਕਿਉਂਕਿ ਸਤਿਗੁਰ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿਚ ਅਭੇਦ ਹੈ। ਸਤਿਗੁਰ ਅਤੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿਚ ਕੋਈ ਭੇਦ ਨਹੀਂ ਹੈ। ਇਸ ਪਰਮ ਸਤਿ ਤੱਤ ਨੂੰ ਗੁਰਬਾਣੀ ਦੇ ਹੋਰ ਕਈ ਸ਼ਲੋਕਾਂ ਵਿਚ ਪ੍ਰਮਾਣ ਅਤੇ ਪੂਰਨ ਬ੍ਰਹਮ ਗਿਆਨ ਦੇ ਰੂਪ ਵਿਚ ਪ੍ਰਗਟ ਕੀਤਾ ਗਿਆ ਹੈ :-  

 

ਬ੍ਰਹਮਾ ਬਿਸਨੁ ਮਹਾਦੇਉ ਤ੍ਰੈ ਗੁਣ ਰੋਗੀ ਵਿਚਿ ਹਉਮੈ ਕਾਰ ਕਮਾਈ

ਜਿਨਿ ਕੀਏ ਤਿਸਹਿ ਨ ਚੇਤਹਿ ਬਪੁੜੇ ਹਰਿ ਗੁਰਮੁਖਿ ਸੋਝੀ ਪਾਈ

(ਪੰਨਾ ੭੩੫)

 

ਬ੍ਰਹਮਾ ਬਿਸਨੁ ਮਹੇਸੁ ਤ੍ਰੈ ਮੂਰਤਿ ਤ੍ਰਿਗੁਣਿ ਭਰਮਿ ਭੁਲਾਈ ੧੬

ਗੁਰ ਪਰਸਾਦੀ ਤ੍ਰਿਕੁਟੀ ਛੂਟੈ ਚਉਥੈ ਪਦਿ ਲਿਵ ਲਾਈ ੧੭

(ਪੰਨਾ ੯੦੯)

 

 

            ਤ੍ਰਿਹ ਗੁਣ ਮਾਇਆ ਹੈ; ਅਤੇ ਚਉਥੇ ਪਦਿ ਵਿਚ ਜਾ ਕੇ ਤ੍ਰਿਕੁਟੀ ਪ੍ਰਕਾਸ਼ਮਾਨ ਹੁੰਦੀ ਹੈ ਤਾਂ ਗੁਰਪ੍ਰਸਾਦਿ ਦੀ ਪ੍ਰਾਪਤੀ ਹੋ ਕੇ ਮਨੁੱਖ ਦੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਨਾਮ ਵਿਚ ਸੁਰਤਿ ਜੁੜਦੀ ਹੈ। ਤ੍ਰਿਕੁਟੀ ਉਹ ਸੂਖਸ਼ਮ ਪਰਮ ਸ਼ਕਤੀ ਦਾ ਕੇਂਦਰ ਹੈ ਜੋ ਕਿ ਮਨੁੱਖ ਦੇ ਮਸਤਕ ਦੇ ਮੱਧ ਭਾਗ ਵਿਚ ਸਥਿਤ ਹੈ ਅਤੇ ਇਥੇ ਇੜਾ, ਪਿੰਗਲਾ ਅਤੇ ਸੁਸ਼ਮਨਾ ਨਾਮ ਦੀਆਂ ਸੂਖਸ਼ਮ ਨਾੜਾਂ ਮਿਲਦੀਆਂ ਹਨ। ਇੜਾ, ਪਿੰਗਲਾ ਅਤੇ ਸੂਸ਼ਮਨਾ ਮਨੁੱਖ ਦੀ ਕੁੰਡਲਨੀ ਵਿਚੋਂ ਸ਼ੁਰੂ ਹੋ ਕੇ ਰੀੜ ਦੇ ਵਿਚੋਂ ਲੰਘਦੀਆਂ ਹੋਈਆਂ ਮਨੁੱਖ ਦੇ ਮਸਤਕ ਤੱਕ ਪਹੁੰਚਦੀਆਂ ਹਨ। ਜਦ ਨਾਮ ਸਾਰੇ ਸਤਿ ਸਰੋਵਰਾਂ ਨੂੰ ਪ੍ਰਕਾਸ਼ਮਾਨ ਕਰਦਾ ਹੋਇਆ; ਇੜਾ, ਪਿੰਗਲਾ ਅਤੇ ਸੂਸ਼ਮਨਾ ਨੂੰ ਪ੍ਰਕਾਸ਼ਮਾਨ ਕਰਦਾ ਹਇਆ ਤ੍ਰਿਕੁਟੀ ਵਿਚ ਜਾਂਦਾ ਹੈ ਤਾਂ ਇੜਾ, ਪਿੰਗਲਾ ਅਤੇ ਸੂਸ਼ਮਨਾ ਦੀਆਂ ਸ਼ਕਤੀਆਂ ਜਾਗਰਤ ਹੋ ਜਾਂਦੀਆਂ ਹਨ ਅਤੇ ਜਦ ਇਨ੍ਹਾਂ ਤਿੰਨ੍ਹ ਸ਼ਕਤੀਆਂ ਦਾ ਸੁਮੇਲ ਹੁੰਦਾ ਹੈ ਤਾਂ ਤ੍ਰਿਕੁਟੀ ਖੁੱਲ੍ਹ ਜਾਂਦੀ ਹੈ। ਤ੍ਰਿਕੁਟੀ ਦੇ ਖੁੱਲ੍ਹਣ ਨਾਲ ਮਨੁੱਖ ਦੀ ਲਿਵ ਲੱਗ ਜਾਂਦੀ ਹੈ ਅਤੇ ਮਨੁੱਖ ਦੀ ਬੰਦਗੀ ‘ਚਉਥੇ ਪਦਿ’ ਵਿਚ ਅੱਪੜ ਜਾਂਦੀ ਹੈ। ਭਾਵ ਇਸ ਅਵਸਥਾ ਨੂੰ ਪ੍ਰਾਪਤ ਕਰਨਾ ਹੀ ਗੁਰਪ੍ਰਸਾਦਿ ਦੀ ਪ੍ਰਾਪਤੀ ਕਿਹਾ ਜਾਂਦਾ ਹੈ। ਇਸ ਅਵਸਥਾ ਵਿਚ ਪਹੁੰਚ ਕੇ ਹੀ ਬੰਦਗੀ ਸ਼ੁਰੂ ਹੁੰਦੀ ਹੈ ਅਤੇ ਪੂਰਨ ਹੁੰਦੀ ਹੈ। ਇਸੇ ਅਵਸਥਾ ਵਿਚ ਪਹੁੰਚ ਕੇ ਹੀ ਮਨੁੱਖ ਦਾ ਦਰਗਾਹ ਵਿਚ ਬੰਦਗੀ ਦਾ ਖ਼ਾਤਾ ਖੁੱਲ੍ਹਦਾ ਹੈ ਅਤੇ ਨਾਮ ਧਨ ਇਕੱਠਾ ਹੋਣਾ ਸ਼ੁਰੂ ਹੁੰਦਾ ਹੈ। ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਕੇਵਲ ਤ੍ਰਿਹ ਗੁਣ ਮਾਇਆ ਦੇ ਵਿਚ ਹੀ ਵਾਸ ਕਰਦੇ ਹਨ। ਉਨ੍ਹਾਂ ਨੂੰ ‘ਚਉਥੇ ਪਦਿ’ ਦੀ ਪ੍ਰਾਪਤੀ ਨਹੀਂ ਹੈ। ਉਹ ਕੇਵਲ ਮਾਇਆ ਦੀ ਸੇਵਾ ਕਰਦੇ ਹਨ। ਇਸ ਪਰਮ ਸਤਿ ਤੱਤ ਨੂੰ ਗੁਰਬਾਣੀ ਦੇ ਵਿਚ ਸਪੱਸ਼ਟ ਰੂਪ ਵਿਚ ਪ੍ਰਗਟਾਇਆ ਗਿਆ ਹੈ।

 

ਗੁਰਬਾਣੀ ਵਿਚ ਸੰਤ ਸਤਿਗੁਰ ਕਬੀਰ ਪਾਤਸ਼ਾਹ ਜੀ ਨੇ ਮਾਇਆ ਨੂੰ ਸਰਪਨੀ ਤੁੱਲ ਵੀ ਕਿਹਾ ਹੈ :-

 

ਆਸਾ ਇਕਤੁਕੇ ੪

ਸਰਪਨੀ ਤੇ ਊਪਰਿ ਨਹੀ ਬਲੀਆ

ਜਿਨਿ ਬ੍ਰਹਮਾ ਬਿਸਨੁ ਮਹਾਦੇਉ ਛਲੀਆ

ਮਾਰੁ ਮਾਰੁ ਸ੍ਰਪਨੀ ਨਿਰਮਲ ਜਲਿ ਪੈਠੀ

ਜਿਨਿ ਤ੍ਰਿਭਵਣੁ ਡਸੀਅਲੇ ਗੁਰ ਪ੍ਰਸਾਦਿ ਡੀਠੀ ਰਹਾਉ

ਸ੍ਰਪਨੀ ਸ੍ਰਪਨੀ ਕਿਆ ਕਹਹੁ ਭਾਈ

ਜਿਨਿ ਸਾਚੁ ਪਛਾਨਿਆ ਤਿਨਿ ਸ੍ਰਪਨੀ ਖਾਈ

ਸ੍ਰਪਨੀ ਤੇ ਆਨ ਛੂਛ ਨਹੀ ਅਵਰਾ

ਸ੍ਰਪਨੀ ਜੀਤੀ ਕਹਾ ਕਰੈ ਜਮਰਾ

ਇਹ ਸ੍ਰਪਨੀ ਤਾ ਕੀ ਕੀਤੀ ਹੋਈ

ਬਲੁ ਅਬਲੁ ਕਿਆ ਇਸ ਤੇ ਹੋਈ

ਇਹ ਬਸਤੀ ਤਾ ਬਸਤ ਸਰੀਰਾ

ਗੁਰ ਪ੍ਰਸਾਦਿ ਸਹਜਿ ਤਰੇ ਕਬੀਰਾ ੧੯

(ਪੰਨਾ ੪੮੦)

 

            ਇਹ ਸੱਪਣੀ ਰੂਪ ਮਾਇਆ ਤੋਂ ਬੱਲਸ਼ਾਲੀ ਸੰਸਾਰ ਵਿਚ ਹੋਰ ਕੋਈ ਵਸਤੂ ਨਹੀਂ ਹੈ। ਇਹ ਇਤਨੀ ਸ਼ਕਤੀਸ਼ਾਲੀ ਹੈ ਕਿ ਇਸਨੇ ਬ੍ਰਹਮਾ, ਵਿਸ਼ਨੂੰ ਅਤੇ ਮਹਾਦੇਵ ਨੂੰ ਵੀ ਆਪਣੇ ਬੱਲ ਨਾਲ ਛੱਲ ਲਿਆ ਹੈ। ਇਸ ਮਾਇਆ ਸੱਪਣੀ ਨੇ ਆਪਣੇ ਮੋਹ ਦੇ ਜਾਲ ਵਿਚ ਫਸਾ ਕੇ ਸਾਰਾ ਸੰਸਾਰ ਡੱਸ ਲਿਆ ਹੈ। ਭਾਵ ਮਾਇਆ ਦੇ ਮਨ ਮੋਹਕ ਪ੍ਰਭਾਵ ਹੇਠ ਸਾਰਾ ਸੰਸਾਰ ਆ ਕੇ ਇਸਦਾ ਗੁਲਾਮ ਬਣਿਆ ਹੋਇਆ ਹੈ। ਮਾਇਆ ਨੇ ਸਾਰੇ ਸੰਸਾਰ ਨੂੰ ਆਪਣੇ ਪਿੱਛੇ ਲਾਇਆ ਹੋਇਆ ਹੈ ਅਤੇ ਮਨੁੱਖ ਇਸ ਦੇ ਜਾਲ ਵਿਚ ਫੱਸ ਕੇ ਨਿਰੰਤਰ ਅਸ਼ਾਂਤੀ ਦੀ ਅਗਨ ਵਿਚ ਝੁੱਲਸਿਆ ਜਾ ਰਿਹਾ ਹੈ। ਮਾਇਆ ਦੀ ਇਹ ਵਿਨਾਸ਼ਕਾਰੀ ਅਗਨ ਅਤੇ ਇਸਦੀਆਂ ਵਿਨਾਸ਼ਕਾਰੀ ਸ਼ਕਤੀਆਂ ਤੋਂ ਕੇਵਲ ਸਤਿ ਸੰਗਤ ਹੀ ਬਚਾ ਸਕਦੀ ਹੈ। ਸਤਿ ਸੰਗਤ ਉਹ ਪਰਮ ਸ਼ਕਤੀ ਵਰਤਣ ਦਾ ਸਥਾਨ ਹੈ ਜਿਥੇ ਸਤਿਗੁਰ ਬੈਠਾ ਹੈ। ਸਤਿ ਸੰਗਤ ਉਹ ਸੰਗਤ ਹੈ ਜਿਥੇ ਪੂਰਨ ਸਤਿ ਪ੍ਰਗਟ ਹੁੰਦਾ ਹੈ। ਸਤਿ ਸੰਗਤ ਉਹ ਇਕੱਠ ਹੈ ਜਿਥੇ ਪੂਰਨ ਜੋਤ ਪ੍ਰਕਾਸ਼ ਪ੍ਰਗਟਿਉ ਜੋਤ ਪੂਰਨ ਬ੍ਰਹਮ ਗਿਆਨੀ ਦਾ ਛੱਤਰ ਪ੍ਰਗਟ ਹੁੰਦਾ ਹੈ। ਇਸ ਲਈ ਇਸ ਪਰਮ ਸ਼ਕਤੀਸ਼ਾਲੀ ਛੱਤਰ ਦੇ ਹੇਠ ਮਾਇਆ ਦੀਆਂ ਵਿਨਾਸ਼ਕਾਰੀ ਸ਼ਕਤੀਆਂ ਠੰਡੀਆਂ ਪੈ ਜਾਂਦੀਆਂ ਹਨ ਕਿਉਂਕਿ ਮਾਇਆ ਐਸੇ ਮਹਾ ਪੁਰਖਾਂ ਦੀ ਦਾਸੀ ਹੁੰਦੀ ਹੈ ਅਤੇ ਐਸੇ ਮਹਾ ਪੁਰਖਾਂ ਦੀ ਸੇਵਾ ਕਰਦੀ ਹੈ। ਐਸੇ ਮਹਾ ਪੁਰਖਾਂ ਦੀ ਸੰਗਤ ਵਿਚ ਗੁਰਪ੍ਰਸਾਦਿ ਦੀ ਪਰਮ ਸ਼ਕਤੀ ਵਰਤਦੀ ਹੈ। ਗੁਰਪ੍ਰਸਾਦਿ ਦੀ ਇਸ ਪਰਮ ਸ਼ਕਤੀ ਦੇ ਸਨਮੁਖ ਮਾਇਆ ਨੂੰ ਨੱਤਮਸਤਕ ਹੋਣਾ ਹੀ ਪੈਂਦਾ ਹੈ। ਇਸ ਤਰ੍ਹਾਂ ਨਾਲ ਸਤਿ ਸੰਗੀ ਜਨ ਜੋ ਗੁਰਪ੍ਰਸਾਦਿ ਦੀ ਪ੍ਰਾਪਤੀ ਕਰਕੇ ਮਾਇਆ ਨੂੰ ਜਿੱਤ ਲੈਂਦੇ ਹਨ ਮਾਇਆ ਉਨ੍ਹਾਂ ਦੀ ਸੇਵਕ ਬਣ ਜਾਂਦੀ ਹੈ। ਇਸ ਲਈ ਮਾਇਆ ਦੇ ਇਸ ਵਿਨਾਸ਼ਕਾਰੀ ਰੂਪ ਤੋਂ ਡਰਣ ਦੀ ਲੋੜ ਨਹੀਂ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬੰਦਗੀ ਦੀ ਦਾਤ ਮੰਗੋ, ਗੁਰਪ੍ਰਸਾਦਿ ਲਈ ਬੇਨਤੀ ਕਰੋ, ਸਤਿ ਦੀ ਕਰਨੀ ਉੱਪਰ ਆਪਣਾ ਧਿਆਨ ਕੇਂਦਰਿਤ ਕਰੋ। ਇਸ ਨਾਲ ਆਪ ਨੂੰ ਸਤਿ ਸੰਗਤ ਦੀ ਪ੍ਰਾਪਤੀ ਹੋਵੇਗੀ ਅਤੇ ਸਤਿ ਸੰਗਤ ਵਿਚ ਜਾਣ ਨਾਲ ਗੁਰਪ੍ਰਸਾਦਿ ਦੀ ਪ੍ਰਾਪਤੀ ਹੋ ਜਾਵੇਗੀ ਅਤੇ ਆਪ ਬੰਦਗੀ ਵਿਚ ਲੀਨ ਹੋ ਕੇ ਮਾਇਆ ਨੂੰ ਕਾਬੂ ਕਰ ਲਵੋਗੇ। ਫਿਰ ਮਾਇਆ ਦੀ ਗੁਲਾਮੀ ਮੁੱਕ ਜਾਏਗੀ ਅਤੇ ਮਾਇਆ ਤੁਹਾਡੀ ਸੇਵਕ ਬਣ ਜਾਏਗੀ। ਫਿਰ ਮਾਇਆ ਦਾ ਸਾਰਾ ਬੱਲ ਅਤੇ ਸ਼ਕਤੀ ਤੁਹਾਡਾ ਕੁਝ ਨਹੀਂ ਵਿਗਾੜ ਸਕੇਗੀ। ਤੁਸੀਂ ਜੀਵਨ ਮੁਕਤੀ ਪ੍ਰਾਪਤ ਕਰ ਲਵੋਗੇ। ਸਹਿਜ ਸਮਾਧੀ ਦੀ ਪ੍ਰਾਪਤੀ ਹੋ ਜਾਵੇਗੀ। ਇਹ ਸਭ ਕੁਝ ਸਮਰੱਥ ਸਤਿਗੁਰ ਪੂਰੇ ਦੀ ਸੰਗਤ ਵਿਚ ਜਾ ਕੇ ਹੀ ਹੋ ਸਕਦਾ ਹੈ। ਧੰਨ ਧੰਨ ਸਤਿਗੁਰ ਸੰਤ ਕਬੀਰ ਜੀ ਨੇ ਆਪਣੀ ਪੂਰਨ ਬੰਦਗੀ ਦੀ ਗੁਰਪ੍ਰਸਾਦੀ ਕਥਾ ਨੂੰ ਪੂਰਨ ਬ੍ਰਹਮ ਗਿਆਨ ਦੇ ਇਸ ਸ਼ਲੋਕ ਰਾਹੀਂ ਗੁਰਬਾਣੀ ਵਿਚ ਪ੍ਰਗਟ ਕੀਤਾ ਹੈ। ਵੇਖਣ ਵਾਲੀ ਅਤੇ ਧਿਆਨ ਕੇਂਦਰਿਤ ਕਰਨ ਵਾਲਾ ਪਰਮ ਸਤਿ ਤੱਤ ਇਹ ਹੈ ਕਿ ਮਾਇਆ ਸੱਪਣੀ ਨੇ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਨੂੰ ਵੀ ਆਪਣੀ ਸ਼ਕਤੀ ਦਾ ਗੁਲਾਮ ਬਣਾ ਕੇ ਰੱਖਿਆ ਹੋਇਆ ਹੈ। ਸੋ ਇਹ ਪਰਮ ਸਤਿ ਤੱਤ ਹੈ ਕਿ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਤਿੰਨ੍ਹ ਚੇਲੇ ਵੀ ਮਾਇਆ ਦੇ ਅਧੀਨ ਹੀ ਹਨ। ਇਸੇ ਕਰਕੇ ਸਾਰਾ ਸੰਸਾਰ ਮਾਇਆ ਹੈ, ਸੰਸਾਰ ਦੀ ਉੱਤਪਤੀ ਮਾਇਆ ਵਿਚੋਂ ਹੀ ਹੁੰਦੀ ਹੈ, ਸੇਵਾ ਸੰਭਾਲਤਾ ਵੀ ਮਾਇਆ ਦੇ ਅਧੀਨ ਹੀ ਹੁੰਦੀ ਹੈ ਅਤੇ ਸੰਘਾਰ ਵੀ ਮਾਇਆ ਦੇ ਅਧੀਨ ਹੀ ਹੁੰਦਾ ਹੈ।

       ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਇਹ ਤਿੰਨ੍ਹ ਚੇਲੇ ਸਤਿ ਪਾਰਬ੍ਰਹਮ ਦੇ ਹੁਕਮ ਵਿਚ ਆਪਣਾ ਕਾਰ ਵਿਹਾਰ ਕਰਦੇ ਹਨ। ਬ੍ਰਹਮਾ ਦੀ ਸ਼ਕਤੀ ਸ੍ਰਿਸ਼ਟੀ ਦੀ ਉੱਤਪਤੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਹੁਕਮ ਅਨੁਸਾਰ ਕਰਦੀ ਹੈ। ਵਿਸ਼ਨੂੰ ਦੀ ਸ਼ਕਤੀ ਸੰਸਾਰ ਦੀ ਸੇਵਾ ਸੰਭਾਲਤਾ ਪਾਲਣ ਪੋਸ਼ਨ ਦਾ ਪ੍ਰਬੰਧ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਬਣਾਏ ਵਿਧਾਨ ਅਨੁਸਾਰ ਕਰਦੀ ਹੈ। ਮਹੇਸ਼ ਦੀ ਸ਼ਕਤੀ ਮੌਤ ਦੀ ਕਚਹਿਰੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਬਣਾਏ ਵਿਧਾਨ ਅਨੁਸਾਰ ਚਲਾਉਂਦੀਹੈ ਅਤੇ ਸ੍ਰਿਸ਼ਟੀ ਦੀ ਹਰ ਇੱਕ ਰਚਨਾ ਦਾ ਨਿਰਧਾਰਤ ਸਮੇਂ ਸਿਰ ਸੰਘਾਰ ਕਰਦੀ ਹੈ।ਵਿਧਿ ਦਾ ਵਿਧਾਨ ਬਣਾਉਣ ਦੀ ਪਰਮ ਸ਼ਕਤੀ ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਆਪਣੇ ਹੀ ਪਾਸ ਰੱਖੀ ਹੋਈ ਹੈ। ਇਸੇ ਕਰਕੇ ਇਨ੍ਹਾਂ ਤਿੰਨ੍ਹਾਂ ਨੂੰ ਚੇਲੇ ਕਿਹਾ ਗਿਆ ਹੈ ਕਿਉਂਕਿ ਇਨ੍ਹਾਂ ਕੋਲ ਦਰਗਾਹੀ ਵਿਧਾਨ ਬਣਾਉਣ ਦੀ ਸ਼ਕਤੀ ਨਹੀਂ ਹੈ ਅਤੇ ਇਨ੍ਹਾਂ ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਬਣਾਏ ਗਏ ਵਿਧਾਨਾਂ ਅਨੁਸਾਰ ਹੀ ਕਾਰ ਵਿਹਾਰ ਕਰਨਾ ਪੈਂਦਾ ਹੈ।ਇਸ ਲਈ ਸਾਰੀ ਸ੍ਰਿਸ਼ਟੀ ਦੀ ਰਚਨਾ, ਸੇਵਾ ਸੰਭਾਲਤਾ ਅਤੇ ਸੰਘਾਰ ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਬਣਾਏ ਗਏ ਦਰਗਾਹੀ ਵਿਧਾਨਾਂ ਅਨੁਸਾਰ ਹੀ ਹੁੰਦਾ ਹੈ। ਸਾਰੀ ਸ੍ਰਿਸ਼ਟੀ ਉੱਪਰ ਅਤੇ ਹਰ ਇੱਕ ਰਚਨਾ ਉੱਪਰ ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਹੀ ਹੁਕਮ ਚੱਲਦਾਹੈ। ਏਕ ਤੋਂ ਅਨੇਕ ਹੋਇਆ ਸਤਿ ਪਾਰਬ੍ਰਹਮ ਆਪਣੀ ਹਰ ਇੱਕ ਰਚਨਾ ਵਿਚ ਆਪ ਮੌਜੂਦ ਹੈ ਅਤੇ ਆਪ ਹੀ ਵਰਤਦਾ ਹੈ।

       ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਆਪਣੇ ਨਿਰਗੁਣ ਸਰੂਪ ਵਿਚ ਹਰ ਇੱਕ ਰਚਨਾ ਵਿਚ ਮੌਜੂਦ ਹੈ। ਨਿਰਗੁਣ ਸਰੂਪ ਦੀ ਇਹ ਸ਼ਕਤੀ ਹੀ ਹਰ ਇੱਕ ਜੀਵ ਵਿਚ ਮੌਜੂਦ ਹੈ ਜੋ ਕਿ ਹਰ ਇੱਕ ਜੀਵ ਨੂੰ ਚਲਾ ਰਹੀ ਹੈ। ਪਰੰਤੂ ਇਹ ਸ਼ਕਤੀ ਕਿਸੇ ਜੀਵ ਨੂੰ ਨਜ਼ਰ ਨਹੀਂ ਆਉਂਦੀਹੈ। ਜਿਵੇਂ ਕਿ ਮਨੁੱਖ ਦੇ ਅੰਦਰ ਇਹ ਪਰਮ ਸ਼ਕਤੀ ਸੂਖਸ਼ਮ ਦੇਹੀ ਵਿਚ ਸਤਿ ਸਰੋਵਰਾਂ ਵਿਚ ਰਖੀ ਗਈ ਹੈ। ਮਨੁੱਖ ਦੀ ਦੇਹੀ ਅੰਦਰ ਟਿਕੇ ਹੋਏ ਇਹ ਸਤਿ ਸਰੋਵਰ ਜੋ ਕਿ ਪਰਮ ਸ਼ਕਤੀ ਦਾ ਹਿੱਸਾ ਹਨ ਉਹ ਸਾਰੇ ਅਦ੍ਰਿਸ਼ ਹਨ। ਪਰੰਤੂ ਜਦ ਮਨੁੱਖ ਦੇ ਬੱਜਰ ਕਪਾਟ ਖੁੱਲ੍ਹਦੇ ਹਨ ਅਤੇ ਨਾਮ ਦੇ ਗੁਰਪ੍ਰਸਾਦਿ ਨਾਲ ਇਹ ਸਤਿ ਸਰੋਵਰ ਪ੍ਰਕਾਸ਼ਮਾਨ ਹੁੰਦੇ ਹਨ ਤਾਂ ਮਨੁੱਖ ਨੂੰ ਦੇਹੀ ਵਿਚ ਨਾਮ ਦੀ ਧੜਕਣ ਸੁਣਨੀ ਸ਼ੁਰੂ ਹੋ ਜਾਂਦੀ ਹੈ। ਦਸਮ ਦੁਆਰ ਖੁੱਲ੍ਹਣ ਤੇ ਅਨਹਦ ਨਾਦ ਦਾ ਸੰਗੀਤ ਸੁਣਨਾ ਸ਼ੁਰੂ ਹੋ ਜਾਂਦਾ ਹੈ। ਨੇਤਰਾਂ ਵਿਚੋਂ ਪ੍ਰਕਾਸ਼ ਦਿਖਣ ਲੱਗ ਪੈਂਦਾ ਹੈ। ਦੇਹੀ ਵਿਚੋਂ ਪ੍ਰਕਾਸ਼ ਨਿਕਲਦਾ ਦਿੱਸਣ ਲੱਗ ਪੈਂਦਾ ਹੈ। ਅਕਾਲ ਪੁਰਖ ਦੇ ਨਿਰਗੁਣ ਸਰੂਪ ਦੇ ਦਰਸ਼ਨ ਹੋ ਜਾਂਦੇ ਹਨ। ਪੂਰਨ ਬ੍ਰਹਮ ਗਿਆਨ ਆਉਣਾ ਸ਼ੁਰੂ ਹੋ ਜਾਂਦਾ ਹੈ। ਸਤਿਗੁਰ ਅਵਤਾਰਾਂ, ਸੰਤ ਮਹਾ ਪੁਰਖਾਂ ਦੇ, ਬ੍ਰਹਮ ਗਿਆਨੀ ਮਹਾ ਪੁਰਖਾਂ ਦੇ ਦਰਸ਼ਨ ਹੋਣੇ ਸ਼ੁਰੂ ਹੋ ਜਾਂਦੇ ਹਨ; ਅਤੇ ਹੋਰ ਇਸ ਤਰ੍ਹਾਂ ਦੇ ਕਈ ਅਨੁਭਵ ਹੋਣੇ ਸ਼ੁਰੂ ਹੋ ਜਾਂਦੇ ਹਨ। ਇਹ ਸਾਰੇ ਇਲਾਹੀ ਅਨੁਭਵ ਜਿਗਿਆਸੂ ਲਈ ਬੇਅੰਤ ਅਸ਼ਚਰਜ ਜਨਕ ਹੁੰਦੇ ਹਨ। ਇਹ ਸਾਰੇ ਇਲਾਹੀ ਅਨੁਭਵ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਨਿਰਗੁਣ ਸ਼ਕਤੀ ਦਾ ਦੇਹੀ ਵਿਚ ਮੌਜੂਦ ਹੋਣ ਅਤੇ ਇਸ ਨੂੰ ਚਲਾਉਣ ਦਾ ਪ੍ਰਤੱਖ ਪ੍ਰਮਾਣ ਪ੍ਰਗਟ ਕਰਦੇ ਹਨ। ਪਰੰਤੂ ਮਨੁੱਖੀ ਅੱਖ ਨਾਲ ਇਹ ਸਭ ਕੁਝ ਨਜ਼ਰ ਨਹੀਂ ਆਉਂਦਾ ਹੈ। ਇਹ ਸਭ ਕੇਵਲ ਬੰਦਗੀ ਕਰਨ ਨਾਲ ਅਨੁਭਵ ਹੁੰਦਾ ਹੈ। ਇਸ ਲਈ ਜਿਸ ਮਨੁੱਖ ਨੂੰ ਇਹ ਅਨੁਭਵ ਪ੍ਰਤੱਖ ਤੌਰ ਤੇ ਪ੍ਰਾਪਤ ਨਹੀਂ ਹਨ ਉਨ੍ਹਾਂ ਲਈ ਇਹ ਸਭ ਕੁਝ ਇੱਕ ਅਸਚਰਜ ਜਨਕ ਕਥਾ ਹੈ।  

       ਇਸ ਅਸਚਰਜ ਜਨਕ ਰੂਹਾਨੀ ਅਵਸਥਾ ਦਾ ਰਹੱਸ ਜਾਣਨ ਲਈ ਅਤੇ ਮਾਨਣ ਲਈ ਅਤੇ ਇਹ ਸਾਰੇ ਇਲਾਹੀ ਅਨੁਭਵਾਂ ਨੂੰ ਪ੍ਰਾਪਤ ਕਰਨ ਲਈ, ਮਾਨਣ ਲਈ ਅਤੇ ਆਪਣਾ ਜੀਵਨ ਸਫਲ ਕਰਨ ਲਈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਚਰਨਾਂ ਵਿਚ ਪਲ-ਪਲ ਛਿਨ-ਛਿਨ ਸਵਾਸ-ਸਵਾਸ ਕੋਟਾਨ ਕੋਟ ਡੰਡਉਤ ਅਤੇ ਸ਼ੁਕਰਾਨਾ ਕਰਨਾ ਚਾਹੀਦਾ ਹੈ। ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਪਰਮ ਸ਼ਕਤੀ ਹੀ ਦੋਸ਼ ਰਹਿਤ ਹੈ। ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਹੀ ਪਰਮ ਸ਼ਕਤੀ ਪਰੀਪੂਰਨ ਹੈ। ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਪਰਮ ਸ਼ਕਤੀ ਹੀ ਬੇਅੰਤ ਹੈ ਅਤੇ ਪੂਰਨ ਰੂਪ ਵਿਚ ਸ਼ੁੱਧ ਹੈ। ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਪਰਮ ਸ਼ਕਤੀ ਹੀ ਆਦਿ ਸਤਿ ਹੈ, ਜੁਗਾਦਿ ਸਤਿ ਹੈ ਅਤੇ ਸਦਾ ਸਦਾ ਲਈ ਸਤਿ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਇਸ ਬੇਅੰਤ ਪਰਮ ਸ਼ਕਤੀ ਨੂੰ ਮਾਨਣ ਨਾਲ, ਐਸੀ ਬੇਅੰਤ ਪਰਮ ਸ਼ਕਤੀ ਉੱਪਰ ਭਰੋਸਾ ਕਰਨ ਨਾਲ ਅਤੇ ਪੂਰਨ ਸ਼ਰਧਾ ਨਾਲ ਆਪਾ ਸਮਰਪਣ ਕਰਨ ਨਾਲ ਮਨੁੱਖ ਬੇਅੰਤ ਉੱਚੀ ਰੂਹਾਨੀ ਅਵਸਥਾ ਨੂੰ ਪ੍ਰਾਪਤ ਕਰ ਸਕਦਾ ਹੈ।