ਜਪੁਜੀ ਪਉੜੀ ੩੧

 

ਆਸਣੁ ਲੋਇ ਲੋਇ ਭੰਡਾਰ

ਜੋ ਕਿਛੁ ਪਾਇਆ ਸੁ ਏਕਾ ਵਾਰ

ਕਰਿ ਕਰਿ ਵੇਖੈ ਸਿਰਜਣਹਾਰੁ

ਨਾਨਕ ਸਚੇ ਕੀ ਸਾਚੀ ਕਾਰ

ਆਦੇਸੁ ਤਿਸੈ ਆਦੇਸੁ

ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ੩੧

 

            ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਸ਼ਾਹ ਜੀ ਪੂਰਨ ਬ੍ਰਹਮ ਗਿਆਨ ਦੇ ਇਸ ਸ਼ਲੋਕ ਵਿਚ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਬੇਅੰਤ ਭੰਡਾਰਾਂ ਦੀ ਬੇਅੰਤ ਮਹਿਮਾ ਸਾਰੀ ਲੋਕਾਈ ਦੀ ਝੋਲੀ ਵਿਚ ਪਾ ਰਹੇ ਹਨ। ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਆਪ ਬੇਅੰਤ ਹੈ ਇਸ ਲਈ ਉਸਦੇ ਰਚੇ ਹੋਏ ਭੰਡਾਰੇ ਵੀ ਬੇਅੰਤ ਹਨ। ਇਥੇ ਇਹ ਪਰਮ ਸਤਿ ਤੱਤ ਨੂੰ ਹਿਰਦੇ ਵਿਚ ਦ੍ਰਿੜ੍ਹ ਕਰਨਾ ਅਤਿ ਜ਼ਰੂਰੀ ਹੈ ਕਿ ਸਾਰੀ ਜਪੁਜੀ ਬਾਣੀ ਮੂਲ ਮੰਤਰ ਦੀ ਮਹਿਮਾ ਹੈ। ਮੂਲ ਮੰਤਰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਅਦੁੱਤੀ ਪਰਮ ਸ਼ਕਤੀ ਅਤੇ ਸਰਬ ਕਲਾ ਨੂੰ ਪ੍ਰਗਟ ਕਰਦਾ ਹੈ। ਮੂਲ ਮੰਤਰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸੰਪੂਰਨ ਅਤੇ ਦੋਸ਼ ਰਹਿਤ ਪਰਮ ਸ਼ਕਤੀਸ਼ਾਲੀ ਹਸਤੀ ਨੂੰ ਪ੍ਰਗਟ ਕਰਦਾ ਹੈ। ਜਪੁਜੀ ਬਾਣੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਅਦੁੱਤੀ ਪਰਮ ਸ਼ਕਤੀ ਦੇ ਮੂਲ ਤੱਤਾਂ ਨੂੰ ਪ੍ਰਗਟ ਕਰਦੀ ਹੈ। ਜਪੁਜੀ ਬਾਣੀ ਸਾਨੂੰ ਦਰਸਾਉਂਦੀ ਹੈ ਕਿ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਪਰਮ ਸ਼ਕਤੀ ਦੇ ਇਨ੍ਹਾਂ ਮੂਲ ਤੱਤਾਂ ਦੀ ਮਹਿਮਾ ਕਿਵੇਂ ਮਨੁੱਖੀ ਜੀਵਨ ਵਿਚ ਪ੍ਰਗਟ ਹੁੰਦੀ ਹੈ ਅਤੇ ਕਿਵੇਂ ਮਨੁੱਖੀ ਜੀਵਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਕਿਵੇਂ ਮਹਿਮਾ ਬਣਦਾ ਹੈ। ਜਪੁਜੀ ਬਾਣੀ ਸਾਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਨਾਮ “ਸਤਿਨਾਮ” ਦੀ ਪਰਮ ਸ਼ਕਤੀ ਦੇ ਵਿਸਮਾਦਜਨਕ ਕਰਿਸ਼ਮਿਆਂ ਦੀ ਮਹਿਮਾ ਦਰਸਾਉਂਦੀ ਹੈ ਅਤੇ ਇਸ ਪਰਮ ਸਤਿ ਤੱਤ ਨੂੰ ਪ੍ਰਗਟ ਕਰਦੀ ਹੈ ਕਿ ਸਤਿਨਾਮ ਕਿਵੇਂ ਮਨੁੱਖ ਨੂੰ ਮਾਇਆ ਦੇ ਭਵਜਲ ਭਵਸਾਗਰ ਸੰਸਾਰ ਤੋਂ ਪਾਰ ਉਤਾਰਦਾ ਹੈ। ਸਾਰੀ ਜਪੁਜੀ ਬਾਣੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਸਤਿਨਾਮ ਦੀ ਮਹਿਮਾ ਬਿਆਨ ਕਰਦੀ ਹੈ। ਬਾਕੀ ਦੀ ਸਾਰੀ ਗੁਰਬਾਣੀ ਜਪੁਜੀ ਬਾਣੀ ਦੀ ਮਹਿਮਾ ਬਿਆਨ ਕਰਦੀ ਹੈ। ਬਾਕੀ ਦੀ ਸਾਰੀ ਗੁਰਬਾਣੀ ਜਪੁਜੀ ਬਾਣੀ ਦੇ ਸਾਰੇ ਮੂਲ ਤੱਤਾਂ ਦੀ ਮਹਿਮਾ ਬਿਆਨ ਕਰਦੀ ਹੈ। ਬਾਕੀ ਦੀ ਸਾਰੀ ਗੁਰਬਾਣੀ ਇਨ੍ਹਾਂ ਮੂਲ ਤੱਤਾਂ ਨੂੰ ਵਿਸਥਾਰ ਵਿਚ ਬਿਆਨ ਕਰਦੀ ਹੈ। ਸਤਿਗੁਰ ਸਾਹਿਬਾਨ ਅਤੇ ਹੋਰ ਸਾਰੇ ਸੰਤ ਭਗਤ ਜਿਨ੍ਹਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਕੀਤੀ ਗਈ ਹੈ ਉਨ੍ਹਾਂ ਨੇ ਇਨ੍ਹਾਂ ਮੂਲ ਤੱਤਾਂ ਦੀ ਕਮਾਈ ਕੀਤੀ ਅਤੇ ਗੁਰਬਾਣੀ ਦੇ ਰੂਪ ਵਿਚ ਆਪਣੇ ਰੂਹਾਨੀ ਅਨੁਭਵਾਂ ਨੂੰ ਬਿਆਨ ਕਰ ਦਿੱਤਾ। ਇਨ੍ਹਾਂ ਮੂਲ ਸਤਿ ਤੱਤਾਂ ਦੀ ਕਮਾਈ ਕਰਨ ਵਾਲੇ ਸੰਤ, ਭਗਤ, ਬ੍ਰਹਮ ਗਿਆਨੀ, ਸਤਿਗੁਰ, ਅਵਤਾਰ, ਪੀਰ, ਪੈਗੰਬਰ ਅਤੇ ਖਾਲਸੇ ਸਾਰੇ ਦੇ ਸਾਰੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ, ਮੂਲ ਮੰਤਰ ਦੀ ਮਹਿਮਾ ਬਣ ਗਏ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸਭ ਤੋਂ ਉੱਚੀ ਮਹਿਮਾ ਹਨ : ਸੰਤ, ਭਗਤ, ਬ੍ਰਹਮ ਗਿਆਨੀ, ਸਤਿਗੁਰ, ਅਵਤਾਰ, ਪੀਰ, ਪੈਗੰਬਰ ਅਤੇ ਖਾਲਸੇ। ਅੱਜ ਦੇ ਸਮੇਂ ਵਿਚ ਵੀ ਜੋ ਐਸੇ ਮਹਾ ਪੁਰਖ ਇਨ੍ਹਾਂ ਮੂਲ ਸਤਿ ਤੱਤਾਂ ਦੀ ਕਮਾਈ ਕਰਦੇ ਹਨ ਉਹ ਵੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸਰਵ ਉੱਤਮ ਮਹਿਮਾ ਬਣ ਕੇ ਪ੍ਰਗਟਿਓ ਜੋਤ ਪੂਰਨ ਬ੍ਰਹਮ ਗਿਆਨੀ ਦੇ ਰੂਪ ਵਿਚ ਇਸ ਧਰਤੀ ਉੱਪਰ ਪ੍ਰਗਟ ਹੋ ਕੇ ਧਰਤੀ ਦਾ ਭਾਰ ਸੰਭਾਲਦੇ ਹਨ।

            ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਸ਼ਾਹ ਜੀ ਦੁਆਰਾ ਜਪੁਜੀ ਬਾਣੀ ਦੇ ਇਸ ਸ਼ਲੋਕ ਵਿਚ ਪ੍ਰਗਟ ਕੀਤੇ ਗਏ ਸਤਿ ਤੱਤ “ਭੰਡਾਰ” ਦੀ ਵੀ ਇਹ ਹੀ ਕਥਾ ਹੈ ਜੋ ਉੱਪਰ ਕਹੇ ਗਏ ਸ਼ਬਦਾਂ ਵਿਚ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਪੁਜੀ ਬਾਣੀ ਵਿਚ ਪ੍ਰਗਟ ਕੀਤੇ ਗਏ ਇਸ ਸ਼ਬਦ “ਭੰਡਾਰ” ਦੀ ਕਥਾ ਧੰਨ ਧੰਨ ਸਤਿਗੁਰ ਅਵਤਾਰਾਂ ਦੀ ਅਤੇ ਸੰਤਾਂ ਭਗਤਾਂ ਦੀ ਬਾਣੀ ਵਿਚ ਸੈਂਕੜਿਆਂ ਸ਼ਲੋਕਾਂ ਵਿਚ ਪ੍ਰਗਟ ਕੀਤੀ ਗਈ ਹੈ।

 

ਅਮੁਲ ਵਾਪਾਰੀਏ ਅਮੁਲ ਭੰਡਾਰ ॥ 

(ਪੰਨਾ ੫)

 

ਤੇਰੀ ਭਗਤਿ ਤੇਰੀ ਭਗਤਿ ਭੰਡਾਰ ਜੀ ਭਰੇ ਬਿਅੰਤ ਬੇਅੰਤਾ ॥ 

(ਪੰਨਾ ੧੧)

 

ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ਹਰਿ ਭਗਤਾ ਅਤੁਟੁ ਭੰਡਾਰੁ ॥ 

(ਪੰਨਾ ੨੮)

 

ਕਿਰਪਾ ਕਰਿ ਕੈ ਆਪਣੀ ਦਿਤੋਨੁ ਭਗਤਿ ਭੰਡਾਰੁ ॥ 

(ਪੰਨਾ ੩੬)

 

ਸੇਜ ਸੁਹਾਵੀ ਹਰਿ ਰੰਗਿ ਰਵੈ ਭਗਤਿ ਭਰੇ ਭੰਡਾਰ ॥ 

(ਪੰਨਾ ੩੮)

 

ਸਤਿਗੁਰੁ ਦਾਤਾ ਨਾਮ ਕਾ ਪੂਰਾ ਜਿਸੁ ਭੰਡਾਰੁ ॥ 

(ਪੰਨਾ ੪੯)

 

ਨਾਨਕ ਤੋਟਿ ਨ ਆਵਈ ਤੇਰੇ ਜੁਗਹ ਜੁਗਹ ਭੰਡਾਰ ॥ 

(ਪੰਨਾ ੫੩)

 

ਲਾਲ ਜਵੇਹਰ ਮਾਣਕੀ ਗੁਰ ਭੰਡਾਰੈ ਸੋਇ ॥ 

(ਪੰਨਾ ੫੯)

 

ਦਦਾ ਦਾਤਾ ਏਕੁ ਹੈ ਸਭ ਕਉ ਦੇਵਨਹਾਰ ॥ 

(ਪੰਨਾ ੨੫੭)

 

ਦੇਂਦੇ ਤੋਟਿ ਨ ਆਵਈ ਅਗਨਤ ਭਰੇ ਭੰਡਾਰ ॥ 

ਕੋਟਿ ਤੇਤੀਸ ਜਾਚਹਿ ਪ੍ਰਭ ਨਾਇਕ ਦੇਦੇ ਤੋਟਿ ਨਾਹੀ ਭੰਡਾਰ ॥ 

(ਪੰਨਾ ੫੦੩)

 

ਜਾ ਕੈ ਘਰਿ ਸਭੁ ਕਿਛੁ ਹੈ ਭਾਈ ਨਉ ਨਿਧਿ ਭਰੇ ਭੰਡਾਰ ॥ 

(ਪੰਨਾ ੬੩੯)

 

ਤੋਟਿ ਨ ਆਵੈ ਕਦੇ ਮੂਲਿ ਪੂਰਨ ਭੰਡਾਰ ॥ 

(ਪੰਨਾ ੮੧੬)

 

ਭੰਡਾਰ ਦਰਬ ਅਰਬ ਖਰਬ ਪੇਖਿ ਲੀਲਾ ਮਨੁ ਸਧਾਰੈ ॥ 

(ਪੰਨਾ ੯੦੧੦)

 

ਤੋਟਿ ਨ ਆਵੈ ਪੂਰ ਭੰਡਾਰੈ ਤ੍ਰਿਪਤਿ ਰਹੇ ਆਘੀਜਾ ਹੇ ॥ 

(ਪੰਨਾ ੧੦੭੪)

 

ਕੋਟਿ ਕਮੇਰ ਭਰਹਿ ਭੰਡਾਰ ॥ 

(ਪੰਨਾ ੧੧੬੩)

 

ਅਖੁਟ ਭੰਡਾਰ ਭਰੇ ਕਦੇ ਤੋਟਿ ਨ ਆਵੈ ਸਦਾ ਹਰਿ ਸੇਵਹੁ ਭਾਈ ॥ 

(ਪੰਨਾ ੧੦੩੩)

 

ਨਾਮੁ ਪਦਾਰਥੁ ਪਾਇਆ ਅਤੁਟ ਭਰੇ ਭੰਡਾਰ ॥ 

(ਪੰਨਾ ੧੪੧੪)

 

            ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਅਤੁੱਟ ਭੰਡਾਰਾਂ ਦੀ ਮਹਿਮਾ ਗੁਰਬਾਣੀ ਦੇ ਇਨ੍ਹਾਂ ਸ਼ਲੋਕਾਂ ਵਿਚ ਧੰਨ ਧੰਨ ਸਤਿਗੁਰੂ ਅਵਤਾਰਾਂ ਨੇ ਪ੍ਰਗਟ ਕੀਤੀ ਹੈ। ਸਭ ਤੋਂ ਸੁੰਦਰ ਅਤੇ ਪਰਮ ਸ਼ਕਤੀਸ਼ਾਲੀ ਬੇਅੰਤ ਭੰਡਾਰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਭਗਤੀ ਦਾ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬੰਦਗੀ ਵਿਚ ਬੇਅੰਤ ਸ਼ਕਤੀ ਹੈ ਅਤੇ ਬਾਕੀ ਦੇ ਸਾਰੇ ਭੰਡਾਰੇ ਵੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬੰਦਗੀ ਵਿਚੋਂ ਹੀ ਪ੍ਰਾਪਤ ਹੁੰਦੇ ਹਨ।

            ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬੰਦਗੀ ਨਾਮ “ਸਤਿਨਾਮ” ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਨਾਲ ਸ਼ੁਰੂ ਹੁੰਦੀ ਹੈ। ਸਤਿਨਾਮ ਦੇ ਗੁਰਪ੍ਰਸਾਦਿ ਦੀ ਦਾਤ ਕੇਵਲ ਸਤਿਗੁਰ ਪੂਰੇ ਕੋਲੋਂ ਹੀ ਪ੍ਰਾਪਤ ਹੁੰਦੀ ਹੈ। ਜੋ ਪੂਰਾ ਹੈ ਉਹ ਹੀ ਸਤਿ ਗੁਰ ਹੈ। ਅਧੂਰਾ ਸਤਿਗੁਰ ਨਹੀਂ ਹੈ। ਜਿਸਦੀ ਬੰਦਗੀ ਦਰਗਾਹ ਪਰਵਾਨ ਹੋ ਜਾਂਦੀ ਹੈ ਕੇਵਲ ਉਹ ਹੀ ਪੂਰਾ ਹੈ ਅਤੇ ਸਤਿਗੁਰ ਹੈ। ਜਿਸਦੀ ਬੰਦਗੀ ਦਰਗਾਹ ਪਰਵਾਨ ਨਹੀਂ ਹੁੰਦੀ ਉਹ ਅਧੂਰਾ ਹੈ ਅਤੇ ਸਤਿਗੁਰ ਨਹੀਂ ਹੋ ਸਕਦਾ ਹੈ ਅਤੇ ਨਾ ਹੀ ਉਸ ਕੋਲ ਸਤਿਨਾਮ ਦੇ ਗੁਰਪ੍ਰਸਾਦਿ ਦੇਣ ਦੀ ਸ਼ਕਤੀ ਹੁੰਦੀ ਹੈ।

            ਸਤਿਨਾਮ ਆਪਣੇ ਆਪ ਵਿਚ ਬੇਅੰਤ ਦਾਤ ਹੈ। ਜਿਸਨੂੰ ਸਤਿਨਾਮ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਹੋ ਜਾਂਦੀ ਹੈ ਮਾਨੋ ਉਸ ਮਨੁੱਖ ਨੂੰ ਸਭ ਕੁਝ ਮਿਲ ਜਾਂਦਾ ਹੈ। ਜੋ ਮਨੁੱਖ ਸਤਿਨਾਮ ਦੇ ਇਸ ਗੁਰਪ੍ਰਸਾਦਿ ਦੀ ਸੇਵਾ ਸੰਭਾਲਤਾ ਕਰਦੇ ਹਨ ਉਹ ਧੰਨ ਧੰਨ ਹੋ ਜਾਂਦੇ ਹਨ। ਉਨ੍ਹਾਂ ਨੂੰ ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਮਹਾ ਪਰਉਪਕਾਰ ਦੀ ਸੇਵਾ ਦੀ ਪ੍ਰਾਪਤੀ ਹੁੰਦੀ ਹੈ। ਇਥੇ ਇਹ ਸਤਿ ਤੱਤ ਨੂੰ ਦੱਸਣਾ ਜ਼ਰੂਰੀ ਹੈ ਕਿ ਗੁਰਪ੍ਰਸਾਦਿ ਦੀ ਪ੍ਰਾਪਤੀ ਬਹੁਤ ਸਾਰੇ ਮਨੁੱਖਾਂ ਨੂੰ ਹੁੰਦੀ ਹੈ ਪਰੰਤੂ ਗੁਰਪ੍ਰਸਾਦਿ ਦੀ ਸੇਵਾ ਸੰਭਾਲਤਾ ਕੋਈ ਵਿਰਲਾ ਹੀ ਕਰਦਾ ਹੈ। ਕੋਈ ਕਰੋੜਾਂ ਵਿਚੋਂ ਇਕ ਹੁੰਦਾ ਹੈ ਜੋ ਗੁਰਪ੍ਰਸਾਦਿ ਦੀ ਸੇਵਾ ਵਿਚ ਆਪਣੇ ਸਤਿਗੁਰ ਦੇ ਪਵਿੱਤਰ ਪਾਵਨ ਚਰਨਾਂ ਉੱਪਰ ਆਪਣਾ ਪੂਰਾ ਆਪਾ ਅਰਪਣ ਕਰਕੇ ਬੰਦਗੀ ਪੂਰੀ ਕਰਦਾ ਹੈ। ਬੰਦਗੀ ਦਾ ਦਰਗਾਹ ਵਿਚ ਪਰਵਾਨ ਹੋਣ ਦਾ ਕੇਵਲ ਇਹ ਹੀ ਰਹੱਸ ਹੈ ਕਿ ਤਨ ਮਨ ਧਨ ਸਤਿਗੁਰ ਦੇ ਪਵਿੱਤਰ ਪਾਵਨ ਚਰਨਾਂ ਉੱਪਰ ਕੁਰਬਾਣ ਕਰ ਦੇਣਾ।

            ਜਿਸ ਮਨੁੱਖ ਦੀ ਬੰਦਗੀ ਦਰਗਾਹ ਪਰਵਾਨ ਹੋ ਜਾਂਦੀ ਹੈ ਉਸ ਨੂੰ ਜੀਵਨ ਮੁਕਤੀ ਅਤੇ ਪੂਰਨ ਬ੍ਰਹਮ ਗਿਆਨ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਹੋ ਜਾਂਦੀ ਹੈ। ਐਸੇ ਮਹਾ ਪੁਰਖ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿਚ ਅਭੇਦ ਹੋ ਜਾਂਦੇ ਹਨ ਅਤੇ ਪਰਮ ਪੱਦਵੀ ਦੀ ਪ੍ਰਾਪਤੀ ਕਰ ਲੈਂਦੇ ਹਨ। ਐਸੇ ਮਹਾ ਪੁਰਖਾਂ ਨੂੰ ਪਰਉਪਕਾਰ ਅਤੇ ਮਹਾ ਪਰਉਪਕਾਰ ਦੀ ਸੇਵਾ ਦੀ ਪ੍ਰਾਪਤੀ ਹੋ ਜਾਂਦੀ ਹੈ। ਐਸੇ ਮਹਾ ਪੁਰਖਾਂ ਦਾ ਜੀਵਨ ਫਿਰ ਕੇਵਲ ਪਰਉਪਕਾਰ ਅਤੇ ਮਹਾ ਪਰਉਪਕਾਰ ਵਿਚ ਹੀ ਬੀਤਦਾ ਹੈ। ਇਸ ਤਰ੍ਹਾਂ ਨਾਲ ਬੰਦਗੀ ਦਾ ਵੀ ਕੋਈ ਅੰਤ ਨਹੀਂ ਹੁੰਦਾ ਹੈ। ਬੰਦਗੀ ਵੀ ਬੇਅੰਤਤਾ ਵਿਚ ਚਲੀ ਜਾਂਦੀ ਹੈ। ਬੰਦਗੀ ਦਰਗਾਹ ਪਰਵਾਨ ਹੋਣ ਤੋਂ ਉਪਰੰਤ ਸਤਿਗੁਰੂ ਦੀ, ਸੰਗਤ ਦੀ, ਸਤਿ ਦੀ, ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ, ਲੋਕਾਈ ਦੀ ਅਤੇ ਸਾਰੀ ਸ੍ਰਿਸ਼ਟੀ ਦੀ ਸੇਵਾ ਬਣ ਜਾਂਦੀ ਹੈ; ਅਤੇ ਸਤਿ ਦੀ ਸੇਵਾ ਦਾ ਕੋਈ ਅੰਤ ਨਹੀਂ ਹੈ। ਸਤਿ ਦੀ ਸੇਵਾ ਆਪਣੇ ਆਪ ਵਿਚ ਇਕ ਬੇਅੰਤ ਪਰਮ ਸ਼ਕਤੀ ਹੈ। ਜਿਨ੍ਹਾਂ ਮਹਾ ਪੁਰਖਾਂ ਨੂੰ ਐਸੀ ਸੇਵਾ ਦਾ ਗੁਰਪ੍ਰਸਾਦਿ ਪ੍ਰਾਪਤ ਹੋ ਜਾਂਦਾ ਹੈ ਉਹ ਇਸ ਸਤਿ ਦੇ ਨਸ਼ੇ ਵਿਚ ਮਸਤ ਹੋ ਜਾਂਦੇ ਹਨ ਅਤੇ ਇਸੇ ਨਸ਼ੇ ਵਿਚ ਚੂਰ ਲੋਕਾਈ ਦਾ ਮਾਰਗ ਦਰਸ਼ਨ ਕਰਦੇ ਹਨ ਅਤੇ ਗੁਰਪ੍ਰਸਾਦਿ ਵਰਤਾਉਂਦੇ ਹਨ।  

            ਜਿਸ ਸਮੇਂ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਤਾਂ ਉਸੇ ਸਮੇਂ ਹੀ ਸਾਰੇ ਭੰਡਾਰਾਂ ਦੀ ਵੀ ਰਚਨਾ ਨਾਲ ਹੀ ਕਰ ਦਿੱਤੀ। ਭਗਤੀ ਦੇ ਬੇਅੰਤ ਭੰਡਾਰ ਦੀ ਰਚਨਾ ਵੀ ਇਸੇ ਸਮੇਂ ਹੀ ਕਰ ਦਿੱਤੀ। ਸ੍ਰਿਸ਼ਟੀ ਦੀ ਰਚਨਾ ਮੂਲ ਤੱਤ “ਸਤਿ” ਵਿਚੋਂ ਹੀ ਹੋਈ ਹੈ। ਸਾਰੀ ਸ੍ਰਿਸ਼ਟੀ ਦਾ ਅਤੇ ਸਾਰੀਆਂ ਪਰਮ ਸ਼ਕਤੀਆਂ ਦਾ ਗਰਭ ਇਹ ਮੂਲ ਤੱਤ “ਸਤਿ” ਹੀ ਹੈ। ਇਸ ਲਈ ਹਰ ਇਕ ਰਚਨਾ ਦਾ ਆਧਾਰ ਕੇਵਲ ਮੂਲ ਤੱਤ “ਸਤਿ” ਹੀ ਹੈ। ਇਹ ਸਤਿ ਤੱਤ ਹੀ ਨਿਰਗੁਣ ਸਰੂਪ ਹੈ ਅਤੇ ਇਹ ਸਰਗੁਣ (ਰਚਨਾ) ਦੇ ਵਿਚ ਸਮਾਇਆ ਹੋਇਆ ਹੈ। ਇਸੇ ਲਈ ਇਹ ਮੂਲ ਤੱਤ “ਸਤਿ” ਸਰਵ ਵਿਆਪਕ ਹੈ। ਨਿਰਗੁਣ ਦੀ ਇਹ ਪਰਮ ਸ਼ਕਤੀ ਹੀ ਜਿਸਨੂੰ ਮੂਲ ਤੱਤ “ਸਤਿ” ਕਰਕੇ ਜਾਣਿਆ ਜਾਂਦਾ ਹੈ ਉਹ ਹੀ ਇਹ ਪਰਮ ਸ਼ਕਤੀ ਹੈ ਜੋ ਕਿ ਨਿਰਰਗੁਣ ਸਰੂਪ ਵਿਚ ਸਰਵ ਵਿਆਪਕ ਹੈ। ਇਸ ਲਈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਟਿਕਾਣਾ ਕਿਤੇ ਇਕ ਸਥਾਨ ਉੱਪਰ ਨਹੀਂ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਟਿਕਾਣਾ ਨਿਰਗੁਣ ਸਰੂਪ ਦੀ ਇਸ ਪਰਮ ਸ਼ਕਤੀ ਦੇ ਰੂਪ ਵਿਚ ਹਰ ਇਕ ਰਚਨਾ ਵਿਚ ਹੈ। ਇਸੇ ਲਈ ਇਸ ਪਰਮ ਸ਼ਕਤੀ ਨੂੰ ਸਰਵ ਵਿਆਪਕ ਕਿਹਾ ਗਿਆ ਹੈ। ਮੂਲ ਤੱਤ “ਸਤਿ” ਸਰਵ ਵਿਆਪਕ ਹੋਣ ਕਾਰਣ ਬੇਅੰਤ ਹੈ ਅਤੇ ਰੂਪ ਰੰਗ ਰੇਖ ਤੋਂ ਪਰ੍ਹੇ ਹੈ। ਇਸ ਲਈ ਹੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਨਾਮ ਸਤਿਨਾਮ ਹੈ।

            ਜਿਨ੍ਹਾਂ ਮਹਾ ਪੁਰਖਾਂ ਦੀ ਬੰਦਗੀ ਸ਼ਿਖਰਾਂ ਉੱਪਰ ਪਹੁੰਚ ਜਾਂਦੀ ਹੈ ਅਤੇ ਦਰਗਾਹ ਪਰਵਾਨ ਹੋ ਜਾਂਦੀ ਹੈ ਉਨ੍ਹਾਂ ਨੂੰ ਇਸ ਨਿਰਗੁਣ ਸਰੂਪ ਪਰਮ ਸ਼ਕਤੀ ਦੇ ਦਰਸ਼ਨ ਹੋ ਜਾਂਦੇ ਹਨ। ਐਸੇ ਮਹਾ ਪੁਰਖ ਜਦ ਵੀ ਚਾਹੁਣ ਉਹ ਇਸ ਨਿਰਗੁਣ ਸਰੂਪ ਪਰਮ ਸ਼ਕਤੀ ਦੇ ਦਰਸ਼ਨ ਕਰ ਲੈਂਦੇ ਹਨ। ਕਈ ਮਹਾ ਪੁਰਖਾਂ ਦੀ ਦੇਹੀ, ਜੋ ਕਿ ਸਰਗੁਣ ਹੈ, ਉਸਦੇ ਵਿਚ ਹੀ ਇਹ ਪਰਮ ਸ਼ਕਤੀ ਪੂਰਨ ਜੋਤ ਪ੍ਰਕਾਸ਼ ਦੇ ਰੂਪ ਵਿਚ ਪ੍ਰਗਟ ਹੋ ਜਾਂਦੀ ਹੈ। ਕਈ ਮਹਾ ਪੁਰਖਾਂ ਦੇ ਨੇਤਰਾਂ ਵਿਚ ਹੀ ਇਹ ਪਰਮ ਸ਼ਕਤੀ ਪ੍ਰਗਟ ਹੋ ਜਾਂਦੀ ਹੈ। ਜਦ ਉਹ ਅੱਖਾਂ ਨੂੰ ਬੰਦ ਕਰਦੇ ਹਨ ਤਾਂ ਉਨ੍ਹਾਂ ਨੂੰ ਇਸ ਨਿਰਗੁਣ ਪ੍ਰਕਾਸ਼ ਸਰੂਪ ਦੇ ਦਰਸ਼ਨ ਹੋ ਜਾਂਦੇ ਹਨ। ਕਈ ਮਹਾ ਪੁਰਖ ਜਦ ਧਿਆਨ ਧਰਦੇ ਹਨ ਤਾਂ ਉਨ੍ਹਾਂ ਨੂੰ ਇਸ ਨਿਰਗੁਣ ਸਰੂਪ ਦੇ ਦਰਸ਼ਨ ਹਰ ਪਾਸੇ ਹੋ ਜਾਂਦੇ ਹਨ।

            ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਸਾਰੇ ਭੰਡਾਰ ਵੀ ਮੂਲ ਤੱਤ “ਸਤਿ” ਵਿਚੋਂ ਹੀ ਉੱਤਪੰਨ ਹੋਏ ਹਨ। ਇਸ ਲਈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਸਾਰੇ ਭੰਡਾਰਾਂ ਵਿਚ ਵੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਟਿਕਾਣਾ ਮੌਜੂਦ ਹੈ। ਇਹ ਭੰਡਾਰ ਕੇਵਲ ਭਗਤੀ ਤੱਕ ਹੀ ਸੀਮਿਤ ਨਹੀਂ ਹਨ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਭੰਡਾਰਾਂ ਵਿਚ ਸਾਰੀਆਂ ਵਸਤੂਆਂ ਦੇ ਭੰਡਾਰ ਵੀ ਸ਼ਾਮਿਲ ਹਨ। ਮਨੁੱਖ ਨੂੰ ਜੀਵਨ ਜੀਉਣ ਲਈ ਪ੍ਰਾਪਤ ਸਾਰੀਆਂ ਦਾਤਾਂ ਦੇ ਭੰਡਾਰ ਵੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਭੰਡਾਰਾਂ ਵਿਚ ਸ਼ਾਮਿਲ ਹਨ ਅਤੇ ਇਨ੍ਹਾਂ ਸਾਰਿਆਂ ਭੰਡਾਰਾਂ ਵਿਚ ਮੂਲ ਤੱਤ “ਸਤਿ” ਦੇ ਰੂਪ ਵਿਚ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਟਿਕਾਣਾ ਕਾਇਮ ਹੈ। ਇਹ ਸਾਰੇ ਭੰਡਾਰ ਅਤੁੱਟ ਹਨ। ਭਾਵ ਇਹ ਭੰਡਾਰ ਕਦੇ ਖ਼ਤਮ ਨਹੀਂ ਹੁੰਦੇ ਹਨ ਇਸ ਲਈ ਇਹ ਸਾਰੇ ਭੰਡਾਰ ਬੇਅੰਤ ਹਨ। ਉਦਾਹਰਣ ਦੇ ਤੌਰ ਉੱਪਰ ਪਾਣੀ ਦਾ ਭੰਡਾਰ। ਪਾਣੀ ਚਾਰੇ ਖਾਣੀਆਂ ਦੇ ਪ੍ਰਾਣੀਆਂ ਦੇ ਜੀਵਨ ਅਤੇ ਸਾਰੀ ਬਨਸਪਤੀ ਦੇ ਜੀਵਨ ਦਾ ਸ੍ਰੋਤ ਹੈ। ਪਾਣੀ ਤੋਂ ਬਗੈਰ ਚਾਰੇ ਖਾਣੀਆਂ ਦੇ ਪ੍ਰਾਣੀਆਂ ਅਤੇ ਸਾਰੀ ਬਨਸਪਤੀ ਦੀ ਰਚਨਾ ਅਤੇ ਜੀਵਨ ਸੰਭਵ ਨਹੀਂ ਹੈ। ਕੀ ਸ੍ਰਿਸ਼ਟੀ ਵਿਚ ਕਿਤਨਾ ਪਾਣੀ ਹੈ ਇਸਦਾ ਕੋਈ ਹਿਸਾਬ ਲਗਾ ਸਕਦਾ ਹੈ ? ਕੀ ਪਾਣੀ ਦੀ ਦਾਤ ਬੇਅੰਤ ਨਹੀਂ ਹੈ ? ਕੀ ਪਾਣੀ ਦਾ ਭੰਡਾਰ ਬੇਅੰਤ ਨਹੀਂ ਹੈ। ਇਸੇ ਕਰਕੇ ਗੁਰਬਾਣੀ ਵਿਚ ਪਾਣੀ ਨੂੰ ਜਗਤ ਦਾ ਪਿਤਾ ਕਿਹਾ ਗਿਆ ਹੈ। ਇਸੇ ਤਰ੍ਹਾਂ ਨਾਲ ਪਵਨ ਨੂੰ ਗੁਰਬਾਣੀ ਵਿਚ ਗੁਰੂ ਦਾ ਦਰਜਾ ਦੇ ਕੇ ਨਿਵਾਜਿਆ ਗਿਆ ਹੈ। ਕਿਉਂਕਿ ਪਵਨ ਤੋਂ ਬਿਨਾਂ ਚਾਰੇ ਖਾਣੀਆਂ ਦੇ ਪ੍ਰਾਣੀਆਂ ਅਤੇ ਸਾਰੀ ਬਨਸਪਤੀ ਦੀ ਉੱਤਪਤੀ ਅਤੇ ਜੀਵਨ ਸੰਭਵ ਨਹੀਂ ਹੋ ਸਕਦਾ ਹੈ। ਕੀ ਕੋਈ ਇਹ ਅੰਦਾਜ਼ਾ ਲਗਾ ਸਕਦਾ ਹੈ ਕਿ ਸ੍ਰਿਸ਼ਟੀ ਵਿਚ ਕਿਤਨੀ ਪਵਨ ਹੈ। ਕੀ ਪਵਨ ਗੁਰੂ ਦਾ ਇਹ ਭੰਡਾਰ ਬੇਅੰਤ ਨਹੀਂ ਹੈ। ਠੀਕ ਇਸੇ ਤਰ੍ਹਾਂ ਨਾਲ ਮਨੁੱਖ ਨੂੰ ਜੀਵਨ ਦੇਣ ਵਾਲੇ ਸਾਰੇ ਪਦਾਰਥ ਅੰਨ ਆਦਿ ਦੇ ਭੰਡਾਰ ਵੀ ਬੇਅੰਤ ਹਨ।

            ਧਰਤੀ ਮਾਤਾ ਦੀ ਸਾਰੇ ਅੰਨ ਪਦਾਰਥਾਂ ਨੂੰ ਪੈਦਾ ਕਰਨ ਦੀ ਸ਼ੱਮਤਾ ਅਤੇ ਸ਼ਕਤੀ ਵੀ ਬੇਅੰਤ ਹੈ। ਧਰਤੀ ਮਾਤਾ ਦੀ ਸਾਰੇ ਖਨਿਜ ਪਦਾਰਥਾਂ ਨੂੰ ਦੇਣ ਦੀ ਸ਼ੱਮਤਾ ਅਤੇ ਸ਼ਕਤੀ ਵੀ ਬੇਅੰਤ ਹੈ। ਧਰਤੀ ਮਾਤਾ ਵਿਚ ਸਥਿਤ ਇਨ੍ਹਾਂ ਖਨਿਜ ਪਦਾਰਥਾਂ ਦੇ ਬੇਅੰਤ ਭੰਡਾਰਾਂ ਦੇ ਨਾਲ ਹੀ ਮਨੁੱਖੀ ਜੀਵਨ ਦੀਆਂ ਸਾਰੀਆਂ ਸੁੱਖ ਸੁਵਿਧਾਵਾਂ ਜੁੜੀਆਂ ਹੋਈਆਂ ਹਨ। ਮਨੁੱਖੀ ਜੀਵਨ ਵਿਚ ਵਿਗਿਆਨ ਦੇ ਨਿਰੰਤਰ ਵਿਕਾਸ ਨਾਲ ਧਰਤੀ ਮਾਤਾ ਵਿਚ ਸਥਿਤ ਇਨ੍ਹਾਂ ਖਨਿਜ ਪਦਾਰਥਾਂ ਦੇ ਬੇਅੰਤ ਭੰਡਾਰਾਂ ਦੀ ਵਰਤੋਂ ਨਾਲ ਅੱਜ ਦੇ ਜੁੱਗ ਵਿਚ ਮਨੁੱਖੀ ਜੀਵਨ ਲਈ ਉਪਲਬਧ ਕੀਤੀਆਂ ਜਾ ਰਹੀਆਂ ਸੁੱਖ ਸੁਵਿਧਾਵਾਂ ਦਾ ਵੀ ਕੋਈ ਅੰਤ ਨਹੀਂ ਹੈ। ਇਸੇ ਤਰ੍ਹਾਂ ਨਾਲ ਮਨੁੱਖੀ ਜੀਵਨ ਵਿਚ ਸੁੱਖ ਅਤੇ ਦੁੱਖ ਦੇ ਭੰਡਾਰਾਂ ਦਾ ਵੀ ਕੋਈ ਅੰਤ ਨਹੀਂ ਹੈ। ਸੰਸਾਰਕ ਸੁੱਖ ਵੀ ਬੇਅੰਤ ਹਨ ਅਤੇ ਸੰਸਾਰਕ ਦੁੱਖਾਂ ਦਾ ਵੀ ਕੋਈ ਅੰਤ ਨਹੀਂ ਹੈ। ਇਲਾਹੀ ਗੁਣਾਂ ਦੇ ਭੰਡਾਰਾਂ ਦਾ ਵੀ ਕੋਈ ਅੰਤ ਨਹੀਂ ਹੈ। ਸ਼ਰਧਾ, ਪ੍ਰੀਤ, ਭਰੋਸਾ, ਨਿੰਮਰਤਾ, ਸ਼ਾਂਤੀ, ਦਿਆਲਤਾ, ਨਿਰਭਉਤਾ, ਨਿਰਵੈਰਤਾ, ਪਰਉਪਕਾਰ, ਮਹਾ ਪਰਉਪਕਾਰ ਵਰਗੇ ਇਲਾਹੀ ਗੁਣ ਵੀ ਬੇਅੰਤ ਹਨ। ਇਨ੍ਹਾਂ ਇਲਾਹੀ ਗੁਣਾਂ ਦੇ ਭੰਡਾਰਾਂ ਦਾ ਵੀ ਕੋਈ ਅੰਤ ਨਹੀਂ ਹੈ। ਇਹ ਸਾਰੇ ਇਲਾਹੀ ਗੁਣ ਹੀ ਇਲਾਹੀ ਸ਼ਕਤੀਆਂ ਹਨ ਜੋ ਕਿ ਬੇਅੰਤ ਹਨ। 

            ਇਸ ਤਰ੍ਹਾਂ ਨਾਲ ਜੇ ਕਰ ਅਸੀਂ ਇਸ ਵਿਸ਼ੇ ਉੱਪਰ ਵਿਚਾਰ ਕਰੀਏ ਅਤੇ ਕਰਦੇ ਜਾਈਏ ਤਾਂ ਸਾਨੂੰ ਇਹ ਪੂਰਨ ਬ੍ਰਹਮ ਗਿਆਨ ਪ੍ਰਗਟ ਹੋ ਕੇ ਸਤਿ ਪਾਰਬ੍ਰਹਮ ਦੇ ਬੇਅੰਤ ਭੰਡਾਰਾਂ ਦਾ ਬੋਧ ਕਰਵਾਈ ਜਾਵੇਗਾ। ਪੂਰਨ ਬ੍ਰਹਮ ਗਿਆਨ ਦੇ ਭੰਡਾਰ ਦਾ ਵੀ ਕੋਈ ਅੰਤ ਨਹੀਂ ਹੈ। ਪੂਰਨ ਬ੍ਰਹਮ ਗਿਆਨ ਦਾ ਇਹ ਪਰਮ ਸ਼ਕਤੀਸ਼ਾਲੀ ਭੰਡਾਰ ਵੀ ਬੇਅੰਤ ਹੈ। ਕਿਸੇ ਵੀ ਵਿਸ਼ੇ ਉੱਪਰ ਜਦ ਪੂਰਨ ਬ੍ਰਹਮ ਗਿਆਨੀ ਆਪਣਾ ਧਿਆਨ ਕੇਂਦਰਿਤ ਕਰਦਾ ਹੈ ਤਾਂ ਉਸ ਵਿਸ਼ੇ ਬਾਰੇ ਪੂਰਨ ਬ੍ਰਹਮ ਗਿਆਨ ਆਪਣੇ ਆਪ ਹੀ ਪ੍ਰਗਟ ਹੋਣਾ ਸ਼ੁਰੂ ਹੋ ਜਾਂਦਾ ਹੈ। ਪੂਰਨ ਬ੍ਰਹਮ ਗਿਆਨ ਦਾ ਸੋਮਾ ਮਨੁੱਖ ਦੇ ਅੰਦਰੋਂ ਹੀ ਫੁੱਟਦਾ ਹੈ। ਪੂਰਨ ਬ੍ਰਹਮ ਗਿਆਨ ਦਾ ਇਹ ਸੋਮਾ ਵੀ ਬੇਅੰਤ ਹੈ ਜੋ ਕਿ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਮਨੁੱਖ ਤੇ ਬੇਅੰਤ ਕਿਰਪਾ ਕਰਕੇ ਉਸਦੇ ਅੰਦਰ ਹੀ ਇਸਦਾ ਟਿਕਾਣਾ ਬਣਾ ਦਿੱਤਾ ਹੈ।   

            ਜਦ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਸਾਰੀ ਸ੍ਰਿਸ਼ਟੀ ਦੀ ਅਤੇ ਮਨੁੱਖ ਦੀ ਰਚਨਾ ਕੀਤੀ ਤਾਂ ਉਸੇ ਸਮੇਂ ਹੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਸਾਰੇ ਦਰਗਾਹੀ ਵਿਧਾਨਾਂ ਦੀ ਵੀ ਰਚਨਾ ਕਰ ਦਿੱਤੀ। ਠੀਕ ਇਸ ਸਮੇਂ ਹੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਇਨ੍ਹਾਂ ਸਾਰੇ ਬੇਅੰਤ ਭੰਡਾਰਾਂ ਦੀ ਵੀ ਸਿਰਜਣਾ ਕਰ ਦਿੱਤੀ ਅਤੇ ਇਨ੍ਹਾਂ ਸਾਰੇ ਭੰਡਾਰਾਂ ਨੂੰ ਵੀ ਕਰਮ ਦੇ ਦਰਗਾਹੀ ਵਿਧਾਨ ਦੇ ਨਾਲ ਜੋੜ ਦਿੱਤਾ। ਇਸ ਲਈ ਇਨ੍ਹਾਂ ਦਰਗਾਹੀ ਭੰਡਾਰਾਂ ਦੀ ਪ੍ਰਾਪਤੀ ਮਨੁੱਖ ਦੇ ਕਰਮਾਂ ਅਨੁਸਾਰ ਹੁੰਦੀ ਹੈ। ਇਨ੍ਹਾਂ ਸਾਰੇ ਭੰਡਾਰਾਂ ਅਤੇ ਦਰਗਾਹੀ ਵਿਧਾਨਾਂ ਦਾ ਆਧਾਰ ਕੇਵਲ ਮੂਲ ਤੱਤ “ਸਤਿ” ਹੀ ਹੈ। ਇਸ ਲਈ ਇਨ੍ਹਾਂ ਦਰਗਾਹੀ ਭੰਡਾਰਾਂ ਦੇ ਭੁਗਤਾਨ ਵੀ ਮਨੁੱਖ ਦੇ ਕਰਮਾਂ ਨੂੰ “ਸਤਿ” ਦੀ ਕਸੌਟੀ ਉੱਪਰ ਪਰਖ ਕੇ ਕੀਤਾ ਜਾਂਦਾ ਹੈ। ਮਨੁੱਖ ਦੇ ਜੀਵਨ ਵਿਚ ਕੀਤੇ ਗਏ ਸਤਿ ਕਰਮ ਮਨੁੱਖ ਦਾ ਜੀਵਨ ਸੁੱਖਾਂ ਅਤੇ ਸਮ੍ਰਿਧੀ ਦੇ ਭੰਡਾਰਾਂ ਨਾਲ ਭਰਪੂਰ ਕਰ ਦਿੰਦੇ ਹਨ ਅਤੇ ਅਸਤਿ ਕਰਮ ਮਨੁੱਖ ਦੇ ਜੀਵਨ ਨੂੰ ਦੁੱਖਾਂ, ਕਲੇਸ਼ਾਂ ਅਤੇ ਮੁਸੀਬਤਾਂ ਦੇ ਭੰਡਾਰਾਂ ਨਾਲ ਬਰਬਾਦ ਕਰ ਦਿੰਦੇ ਹਨ। ਮਨੁੱਖੀ ਜੀਵਨ ਵਿਚ ਕੀਤੇ ਗਏ ਸਤਿ ਕਰਮ ਮਨੁੱਖ ਨੂੰ ਭਗਤੀ ਅਤੇ ਨਾਮ ਦੇ ਭੰਡਾਰਾਂ ਨਾਲ ਭਰਪੂਰ ਕਰਕੇ ਜੀਵਨ ਮੁਕਤੀ ਦਿਵਾ ਦਿੰਦੇ ਹਨ ਅਤੇ ਅਸਤਿ ਕਰਮ ਮਨੁੱਖ ਨੂੰ ੮੪ ਲੱਖ ਜੂਨੀ ਵਿਚ ਭਟਕਣ ਲਈ ਛੱਡ ਦਿੰਦੇ ਹਨ ਅਤੇ ਮਨੁੱਖ ਜਨਮ ਮਰਣ ਦੇ ਬੰਧਨਾਂ ਵਿਚ ਪਿੱਸਦਾ ਰਹਿੰਦਾ ਹੈ। ਮਨੁੱਖੀ ਜੀਵਨ ਵਿਚ ਕੀਤੇ ਗਏ ਸਤਿ ਕਰਮ ਮਨੁੱਖ ਨੂੰ ਸਾਰੇ ਦਰਗਾਹੀ ਇਲਾਹੀ ਗੁਣਾਂ ਅਤੇ ਸ਼ਕਤੀਆਂ ਦੇ ਭੰਡਾਰ ਦਿਵਾ ਦੇ ਕੇ ਮਨੁੱਖ ਦਾ ਜੀਵਨ ਧੰਨ ਧੰਨ ਕਰ ਦਿੰਦੇ ਹਨ ਅਤੇ ਅਸਤਿ ਕਰਮ ਮਨੁੱਖ ਨੂੰ ਮਾਇਆ ਦੀ ਗੁਲਾਮੀ ਦਾ ਜੀਵਨ ਜੀਉਣ ਲਈ ਮਜਬੂਰ ਕਰ ਦਿੰਦੇ ਹਨ। ਮਨੁੱਖੀ ਜੀਵਨ ਵਿਚ ਕੀਤੇ ਗਏ ਸਤਿ ਕਰਮ ਮਨੁੱਖ ਨੂੰ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਮਹਾ ਪਰਉਪਕਾਰ ਦੇ ਗੁਰਪ੍ਰਸਦਿ ਦੀ ਪ੍ਰਾਪਤੀ ਕਰਵਾ ਦਿੰਦੇ ਹਨ, ਪੂਰਨ ਬ੍ਰਹਮ ਗਿਆਨ ਅਤੇ ਤੱਤ ਗਿਆਨ ਦੀ ਪ੍ਰਾਪਤੀ ਕਰਵਾ ਦਿੰਦੇ ਹਨ ਅਤੇ ਅਸਤਿ ਕਰਮ ਮਨੁੱਖ ਨੂੰ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਤ੍ਰਿਸ਼ਨਾ ਦੀ ਅਗਨੀ ਵਿਚ ਸਾੜ-ਸਾੜ ਕੇ ਸੁਆਹ ਕਰ ਦਿੰਦੇ ਹਨ। ਇਸ ਲਈ ਮਨੁੱਖੀ ਜੀਵਨ ਵਿਚ ਕੀਤੇ ਗਏ ਸਾਰੇ ਕਰਮ, ਕਰਮ ਦੇ ਵਿਧਾਨ ਅਨੁਸਾਰ ਸਤਿ ਦੀ ਤੱਕੜੀ ਉੱਪਰ ਤੋਲੇ ਜਾਂਦੇ ਹਨ। ਗੁਰਬਾਣੀ ਵਿਚ ਇਸ ਪਰਮ ਸਤਿ ਤੱਤ ਨੂੰ ਪ੍ਰਗਟ ਕੀਤਾ ਗਿਆ ਹੈ :-

 

ਗੁਰਮੁਖਿ ਤੋਲਿ ਤੋਲਾਇਸੀ ਸਚੁ ਤਰਾਜੀ ਤੋਲੁ

(ਪੰਨਾ ੫੯)

 

ਆਪੇ ਕੰਡਾ ਆਪਿ ਤਰਾਜੀ ਪ੍ਰਭਿ ਆਪੇ ਤੋਲਿ ਤੋਲਾਇਆ

(ਪੰਨਾ ੬੦੫)

 

ਆਪੇ ਕੰਡਾ ਤੋਲੁ ਤਰਾਜੀ ਆਪੇ ਤੋਲਣਹਾਰਾ

(ਪੰਨਾ ੭੩੦)

        

            ਮਨੁੱਖ ਦੇ ਵਿਚ ਵਿੱਧਮਾਨ ਮੂਲ ਤੱਤ “ਸਤਿ” ਰੂਪ ਨਿਰਗੁਣ ਦੀ ਪਰਮ ਸ਼ਕਤੀ ਮਨੁੱਖ ਦੇ ਕਰਮਾਂ ਦਾ ਲੇਖਾ-ਜੋਖਾ ਰੱਖਦੀ ਹੈ ਅਤੇ ਮਨੁੱਖ ਦੇ ਸਾਰੇ ਮਾੜੇ ਚੰਗੇ ਕਰਮਾਂ ਅਨੁਸਾਰ ਕਰਮ ਦੇ ਦਰਗਾਹੀ ਵਿਧਾਨ ਦੇ ਅੰਤਰਗਤ ਮਨੁੱਖ ਨੂੰ ਸੁੱਖਾਂ, ਦੁੱਖਾਂ ਅਤੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਭਗਤੀ ਦੇ ਭੰਡਾਰਾਂ ਦੀ ਬਖ਼ਸ਼ਿਸ਼ ਕਰਦੀ ਹੈ। ਇਸ ਤਰ੍ਹਾਂ ਨਾਲ ਇਸ ਸਾਰੇ ਖੇਲ ਅਤੇ ਕਿਰਤ ਵਿਚ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਪਰਮ ਸ਼ਕਤੀ ਦਾ ਨਿਰਗੁਣ ਸਰੂਪ ਵਿਚ ਟਿਕਾਣਾ ਆਦਿ ਤੋਂ ਅੰਤ ਤੱਕ ਕਾਇਮ ਰਹਿੰਦਾ ਹੈ। ਸ੍ਰਿਸ਼ਟੀ ਦੀ ਕੋਈ ਰਚਨਾ ਸਤਿ ਪਾਰਬ੍ਰਹਮ ਦੇ ਇਸ ਨਿਰਗੁਣ ਪਰਮ ਸ਼ਕਤੀ ਤੋਂ ਵਾਂਝੀ ਨਹੀਂ ਹੈ। ਆਪਣੀ ਸਾਰੀ ਕਿਰਤ ਵਿਚ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਆਪ ਆਪਣਾ ਟਿਕਾਣਾ ਕਾਇਮ ਕਰੀ ਬੈਠਾ ਹੈ। ਇਸੇ ਲਈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਸਰਵ ਵਿਆਪਕ ਹੈ। ਸਾਰੇ ਭੰਡਾਰਾਂ ਵਿੱਚ ਵੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਮੂਲ ਤੱਤ “ਸਤਿ” ਰੂਪ ਵਿਚ ਟਿਕਾਣਾ ਕਾਇਮ ਹੈ ਅਤੇ ਕਿਉਂਕਿ ਇਨ੍ਹਾਂ ਸਾਰੇ ਭੰਡਾਰਾਂ ਦਾ ਆਧਾਰ “ਸਤਿ” ਹੈ ਇਸ ਲਈ ਇਨ੍ਹਾਂ ਸਾਰੇ ਭੰਡਾਰਾਂ ਦੀ ਰਚਨਾ ਦੇ ਆਦਿ ਵਿਚ ਹੀ ਇਕੋ ਵਾਰ ਹੀ ਸਦਾ ਸਦਾ ਲਈ ਬੇਅੰਤਤਾ ਦੇ ਦਿੱਤੀ ਹੈ। ਕਿਉਂਕਿ ਮੂਲ ਤੱਤ “ਸਤਿ” ਬੇਅੰਤ ਹੈ। ਇਸ ਲਈ ਇਨ੍ਹਾਂ ਸਾਰੇ ਭੰਡਾਰਾਂ ਦਾ ਆਧਾਰ “ਸਤਿ” ਹੈ ਇਸ ਲਈ ਇਹ ਸਾਰੇ ਭੰਡਾਰ ਵੀ ਬੇਅੰਤ ਹਨ ਅਤੇ ਕਦੇ ਖ਼ਤਮ ਨਹੀਂ ਹੁੰਦੇ ਹਨ।

            ਕੁਦਰਤ ਦੇ ਭੰਡਾਰਾਂ ਦਾ ਇਹ ਬਿਸਮਾਦਜਨਕ ਖੇਲ ਦਾ ਮੂਲ ਤੱਤ “ਸਤਿ” ਹੈ ਇਸ ਲਈ ਕਰਤੇ ਦੀ ਹਰ ਇਕ ਕਾਰ ਸਤਿ ਉੱਪਰ ਆਧਾਰਤ ਹੈ ਅਤੇ ਸਤਿ ਹੈ। ਮੂਲ ਤੱਤ “ਸਤਿ” ਤੋਂ ਭਾਵ ਹੈ ਜੋ ਕਿ ਸਦੀਵੀ ਹੈ :-

 

ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ

(ਪੰਨਾ ੧)

 

            ਭਾਵ “ਸਤਿ” ਤੱਤ ਸਦਾ ਅਟੱਲ ਹੈ। ਸਦਾ ਕਾਇਮ ਮੁਦਾਇਮ ਹੈ। ਇਹ “ਸਤਿ” ਤੱਤ ਕਿਉਂਕਿ ਹਰ ਇਕ ਰਚਨਾ ਦਾ ਆਧਾਰ ਹੈ ਇਸ ਲਈ ਕਰਤੇ (ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ) ਦੀ ਹਰ ਇਕ ਕਿਰਤ ਨੂੰ ਰਚਨ ਦਾ ਨਿਯਮ ਵੀ “ਸਤਿ” ਹੈ। ਭਾਵ ਜਿਨ੍ਹਾਂ ਦਰਗਾਹੀ ਨਿਯਮਾਂ ਅਤੇ ਵਿਧਾਨਾਂ ਅਨੁਸਾਰ ਸ੍ਰਿਸ਼ਟੀ ਦੀ ਸਿਰਜਣਾ, ਪਾਲਣਾ ਅਤੇ ਸੰਘਾਰ ਹੁੰਦਾ ਹੈ ਉਹ ਸਾਰੇ ਨਿਯਮ ਅਤੇ ਵਿਧਾਨ ਵੀ ਅਟੱਲ ਹਨ। ਅਟੱਲ ਤੋਂ ਭਾਵ ਹੈ ਉਹ ਨਿਯਮ ਅਤੇ ਵਿਧਾਨ ਜਿਨ੍ਹਾਂ ਨੂੰ ਬਦਲਿਆ ਨਹੀਂ ਜਾ ਸਕਦਾ ਹੈ। ਇਸ ਪਰਮ ਸਤਿ ਨੂੰ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਸ਼ਾਹ ਜੀ ਨੇ ਜਪੁਜੀ ਬਾਣੀ ਦੀ ਇਸ ਪਉੜੀ ਦੇ ਨਾਲ ਨਾਲ ਆਸਾ ਦੀ ਵਾਰ ਦੇ ਪੂਰਨ ਬ੍ਰਹਮ ਗਿਆਨ ਦੇ ਇਸ ਪਰਮ ਸ਼ਕਤੀਸ਼ਾਲੀ ਸ਼ਲੋਕ ਵਿਚ ਵੀ ਪ੍ਰਗਟ ਕੀਤਾ ਹੈ :-

 

ਸਲੋਕੁ ਮ; ੧

ਸਚੇ ਤੇਰੇ ਖੰਡ ਸਚੇ ਬ੍ਰਹਿਮੰਡ ਸਚੇ ਤੇਰੇ ਲੋਅ ਸਚੇ ਆਕਾਰ

ਸਚੇ ਤੇਰੇ ਕਰਣੇ ਸਰਬ ਬੀਚਾਰ ਸਚਾ ਤੇਰਾ ਅਮਰੁ ਸਚਾ ਦੀਬਾਣੁ

ਸਚਾ ਤੇਰਾ ਹੁਕਮੁ ਸਚਾ ਫੁਰਮਾਣੁ ਸਚਾ ਤੇਰਾ ਕਰਮੁ ਸਚਾ ਨੀਸਾਣੁ

ਸਚੇ ਤੁਧੁ ਆਖਹਿ ਲਖ ਕਰੋੜਿ ਸਚੈ ਸਭਿ ਤਾਣਿ ਸਚੈ ਸਭਿ ਜੋਰਿ

ਸਚੀ ਤੇਰੀ ਸਿਫਤਿ ਸਚੀ ਸਾਲਾਹ ਸਚੀ ਤੇਰੀ ਕੁਦਰਤਿ ਸਚੇ ਪਾਤਿਸਾਹ

ਨਾਨਕ ਸਚੁ ਧਿਆਇਨਿ ਸਚੁ ਜੋ ਮਰਿ ਜੰਮੇ ਸੁ ਕਚੁ ਨਿਕਚੁ

(ਸ੍ਰੀ ਗੁਰੂ ਗ੍ਰੰਥ ਸਾਹਿਬ ੪੬੩)

 

            ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਸਾਜੇ ਗਏ ਇਨ੍ਹਾਂ ਅਟੱਲ ਨਿਯਮਾਂ ਅਤੇ ਵਿਧਾਨਾਂ ਦੇ ਅਨੁਸਾਰ ਹੀ ਸਾਰੇ ਖੰਡਾਂ ਅਤੇ ਬ੍ਰਹਿਮੰਡਾਂ ਦੀ ਰਚਨਾ ਹੋਈ ਹੈ, ਹੋ ਰਹੀ ਹੈ ਅਤੇ ਹੁੰਦੀ ਰਹੇਗੀ। ਇਸ ਲਈ ਸਾਰੇ ਖੰਡਾਂ ਬ੍ਰਹਿਮੰਡਾਂ ਦਾ ਆਧਾਰ ਵੀ ਮੂਲ ਤੱਤ “ਸਤਿ” ਹੀ ਹੈ। ਸਾਰੇ ਲੋਕਾਂ ਦੀ ਰਚਨਾ ਅਤੇ ਸਾਰੇ ਆਕਾਰਾਂ ਦੀ ਰਚਨਾ ਵੀ ਇਨ੍ਹਾਂ ਅਟੱਲ ਦਰਗਾਹੀ ਨਿਯਮਾਂ ਅਤੇ ਵਿਧਾਨਾਂ ਅਨੁਸਾਰ ਹੀ ਹੁੰਦੀ ਹੈ। ਭਾਵ ਸਾਰੀ ਸ੍ਰਿਸ਼ਟੀ ਦੀ ਹਰ ਇਕ ਰਚਨਾ ਦਾ ਆਧਾਰ ਵੀ ਇਹ ਮੂਲ ਤੱਤ “ਸਤਿ” ਹੀ ਹੈ। ਇਸ ਲਈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਦਰਗਾਹ ਅਤੇ ਪਾਤਸ਼ਾਹੀ ਅਟੱਲ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਹੁਕਮ ਅਟੱਲ ਹੈ ਕਿਉਂਕਿ ਸ੍ਰਿਸ਼ਟੀ ਦਾ ਸਾਰਾ ਕਾਰ ਵਿਹਾਰ ਇਨ੍ਹਾਂ ਅਟੱਲ ਨਿਯਮਾਂ ਅਤੇ ਵਿਧਾਨਾਂ ਅਨੁਸਾਰ ਚਲਦਾ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਹੁਕਮ ਦਾ ਆਧਾਰ ਇਹ ਸਾਰੇ ਦਰਗਾਹੀ ਇਲਾਹੀ ਵਿਧਾਨ ਹੀ ਹਨ ਜੋ ਕਿ ਅਟੱਲ ਹਨ। ਇਸ ਲਈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਹੁਕਮ ਵੀ ਅਟੱਲ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਅਟੱਲ ਹੁਕਮ ਨੂੰ ਵਿਧੀ ਦੇ ਵਿਧਾਨ ਕਰਕੇ ਵੀ ਜਾਣਿਆ ਅਤੇ ਵਖਾਣਿਆ ਜਾਂਦਾ ਹੈ। ਅਟੱਲ ਦਰਗਾਹੀ ਹੁਕਮ ਨੂੰ ਹੀ ਕਰਤੇ ਦੀ ਕਿਰਤ ਕਰਕੇ ਜਾਣਿਆ ਅਤੇ ਵਖਾਣਿਆ ਜਾਂਦਾ ਹੈ। ਇਸ ਲਈ ਕਰਤੇ ਦੀ ਹਰ ਇਕ ਕਿਰਤ ਵੀ ਸਤਿ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਗਿਆਨ ਪੂਰਨ ਬ੍ਰਹਮ ਗਿਆਨ ਹੈ ਅਤੇ ਪੂਰਨ ਤੱਤ ਗਿਆਨ ਹੈ ਜੋ ਕਿ ਸਤਿ ਹੈ। ਪੂਰਨ ਬ੍ਰਹਮ ਗਿਆਨ ਹੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸਿਫਤ ਸਾਲਾਹ ਹੈ ਇਸ ਲਈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸਿਫਤ ਸਾਲਾਹ ਵੀ ਸਤਿ ਹੈ। ਸਾਰੀ ਗੁਰਬਾਣੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਗਿਆਨ ਸਰੂਪ ਹੈ ਇਸ ਲਈ ਸਾਰੀ ਗੁਰਬਾਣੀ ਸਤਿ ਹੈ।ਕਿਉਂਕਿ ਗੁਰਬਾਣੀ ਸਤਿ ਹੈ ਇਸ ਲਈ ਗੁਰਬਾਣੀ ਗੁਰੂ ਹੈ। ਕਿਉਂਕਿ ਸਤਿ ਹੀ ਗੁਰੂ ਹੈ। ਇਸ ਲਈ ਸਤਿ ਹੀ ਨਾਮ ਹੈ। ਸਾਰੀ ਗੁਰਬਾਣੀ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਫੁਰਮਾਨ ਹੈ। ਸਾਰੀ ਗੁਰਬਾਣੀ ਹੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਹੁਕਮ ਹੈ। ਇਸ ਲਈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਫੁਰਮਾਨ ਅਤੇ ਹੁਕਮ ਸਤਿ ਹੈ। ਇਸ ਲਈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਫੁਰਮਾਨ ਅਤੇ ਹੁਕਮ ਅਟੱਲ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਰਹਿਮਤ, ਦਿਆਲਤਾ, ਬਖ਼ਸ਼ਿਸ਼, ਜਲਵਾ, ਜ਼ਹੂਰ ਸਭ ਸਤਿ ਹੈ ਇਸ ਲਈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਇਹ ਸਾਰੀਆਂ ਪਰਮ ਸ਼ਕਤੀਆਂ ਅਟੱਲ ਹਨ। ਲੱਖਾਂ ਕਰੋੜਾਂ ਜੀਵ ਜੋ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਸਿਮਰਨ ਕਰ ਰਹੇ ਹਨ ਉਹ ਸਾਰੇ ਉਸਦਾ ਸਿਮਰਨ ਕਰਦੇ-ਕਰਦੇ ਸਤਿ ਰੂਪ ਬਣ ਗਏ ਹਨ। ਸਤਿਨਾਮ ਦਾ ਸਿਮਰਨ ਕਰਦੇ-ਕਰਦੇ ਮਨੁੱਖ ਸਤਿ ਵਿਚ ਸਮਾ ਕੇ ਸਤਿ ਰੂਪ ਹੋ ਜਾਂਦਾ ਹੈ। ਜੋ ਮਨੁੱਖ ਸਤਿ ਰੂਪ ਹੋ ਜਾਂਦਾ ਹੈ ਉਹ ਅਟੱਲ ਅਵਸਥਾ ਨੂੰ ਪ੍ਰਾਪਤ ਹੋ ਜਾਂਦਾ ਹੈ। ਜੋ ਮਨੁੱਖ ਅਟੱਲ ਅਵਸਥਾ ਨੂੰ ਪ੍ਰਾਪਤ ਹੋ ਜਾਂਦੇ ਹਨ ਉਹ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਪੂਰਨ ਹੁਕਮ ਵਿਚ ਚਲੇ ਜਾਂਦੇ ਹਨ। ਐਸੇ ਮਹਾ ਪੁਰਖਾਂ ਦਾ ਪਲ ਪਲ ਛਿਨ ਛਿਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਪੂਰਨ ਹੁਕਮ ਵਿਚ ਬਤੀਤ ਹੁੰਦਾ ਹੈ ਅਤੇ ਉਹ ਕੇਵਲ ਅਤੇ ਕੇਵਲ ਪੂਰਨ ਸਤਿ ਹੀ ਵਰਤਾਉਂਦੇ ਹਨ ਅਤੇ ਪੂਰਨ ਸਤਿ ਦੀ ਸੇਵਾ ਹੀ ਕਰਦੇ ਹਨ। ਐਸੇ ਮਨੁੱਖਾਂ ਦਾ ਹਰ ਕਰਮ ਸਤਿ ਹੁੰਦਾ ਹੈ ਅਤੇ ਲੋਕਾਈ ਦੇ ਪਰਉਪਕਾਰ ਲਈ ਹੁੰਦਾ ਹੈ। ਜੋ ਮਨੁੱਖ ਸਤਿ ਰੂਪ ਨਹੀਂ ਹਨ ਉਹ ਮਨੁੱਖ ਕੱਚੇ ਹਨ ਭਾਵ ਉਹ ਮਨੁੱਖ ਮਾਇਆ ਦੀ ਗੁਲਾਮੀ ਵਿਚ ਹਨ ਅਤੇ ਮਾਇਆ ਦੀ ਗੁਲਾਮੀ ਵਿਚ ਜਨਮ ਮਰਣ ਦੇ ਬੰਧਨ ਤੋਂ ਮੁਕਤ ਨਹੀਂ ਹਨ। ਜੋ ਮਨੁੱਖ ਸਤਿ ਰੂਪ ਹੋ ਜਾਂਦੇ ਹਨ ਉਹ ਮਾਇਆ ਨੂੰ ਜਿੱਤ ਲੈਂਦੇ ਹਨ ਅਤੇ ਮਾਇਆ ਉਨ੍ਹਾਂ ਦੀ ਸੇਵਕ ਬਣ ਜਾਂਦੀ ਹੈ। ਪਰੰਤੂ ਜੋ ਮਨੁੱਖ ਸਤਿ ਰੂਪ ਨਹੀਂ ਹਨ ਉਹ ਮਾਇਆ ਦੇ ਗੁਲਾਮ ਹਨ। ਭਾਵ ਐਸੇ ਮਨੁੱਖ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਤ੍ਰਿਸ਼ਨਾ ਦੇ ਗੁਲਾਮ ਹਨ। ਐਸੇ ਮਨੁੱਖ ਜਨਮ ਮਰਣ ਦੇ ਬੰਧਨ ਤੋਂ ਮੁਕਤ ਨਹੀਂ ਹਨ।

            ਇਸ ਤਰ੍ਹਾਂ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਇਹ ਸਾਰੀ ਸ੍ਰਿਸ਼ਟੀ ਦਾ ਪਸਾਰਾ ਮੂਲ ਤੱਤ “ਸਤਿ” ਦੀ ਖੇਲ ਹੈ। ਸਾਰੀ ਕਿਰਤ ਅਤੇ ਕਾਰ ਸਤਿ ਉੱਪਰ ਆਧਾਰਤ ਹੈ। ਸਾਰੀ ਸ੍ਰਿਸ਼ਟੀ ਦੀ ਸਿਰਜਣਾ, ਪਾਲਣ ਅਤੇ ਸੰਘਾਰ ਦੇ ਸਾਰੇ ਨਿਯਮ ਅਤੇ ਵਿਧਾਨ ਸਤਿ ਹਨ ਅਤੇ ਅਟੱਲ ਹਨ। ਸਦਾ ਥਿਰ ਰਹਿਣ ਵਾਲੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਸਾਰੇ ਕਾਰ ਵਿਹਾਰ, ਨਿਯਮ ਅਤੇ ਵਿਧਾਨ ਵੀ ਅਟੱਲ ਹਨ। ਬੰਦਗੀ ਕਰਨ ਵਾਲੇ ਮਨੁੱਖਾਂ ਨੂੰ ਇਸ ਪੂਰਨ ਸਤਿ ਦੀ ਸੋਝੀ ਪੈ ਜਾਂਦੀ ਹੈ ਅਤੇ ਉਹ ਮਨੁੱਖ ਸਤਿ ਦੀ ਬੰਦਗੀ ਸਿਮਰਨ ਕਰਦੇ ਹੋਏ ਆਪਣੇ ਹੀ ਅੰਦਰ ਸਤਿ ਦੇ ਇਸ ਕਾਇਮ ਮੁਦਾਇਮ ਟਿਕਾਣੇ ਨੂੰ ਖੋਜ ਲੈਂਦੇ ਹਨ ਅਤੇ ਸਤਿ ਰੂਪ ਹੋ ਕੇ ਆਪਣਾ ਜਨਮ ਸਫਲ ਕਰ ਲੈਂਦੇ ਹਨ। ਇਸ ਲਈ ਸਤਿ ਦੀ ਪੂਜਾ ਕਰੋ, ਸਤਿ ਦੀ ਬੰਦਗੀ ਕਰੋ, ਸਤਿਨਾਮ ਜਪੋ, ਸਤਿਨਾਮ ਸਿਮਰੋ, ਜੋ ਕਿ ਸਾਰੀ ਸ੍ਰਿਸ਼ਟੀ ਦਾ ਮੂਲ ਹੈ, ਪੂਰਨ ਸ਼ੁੱਧ ਹੈ, ਵਿਨਾਸ਼ ਰਹਿਤ ਹੈ, ਸਦੀਵੀ ਹੈ, ਪਰਮ ਸ਼ਕਤੀ ਹੈ, ਸਾਰੀਆਂ ਸ਼ਕਤੀਆਂ ਦਾ ਸੋਮਾ ਹੈ, ਪੂਰਨ ਬ੍ਰਹਮ ਗਿਆਨ ਦਾ ਸੋਮਾ ਹੈ, ਪੂਰਨ ਤੱਤ ਗਿਆਨ ਦਾ ਸੋਮਾ ਹੈ, ਸਦਾ ਅਟੱਲ ਹੈ, ਜਿਸਦਾ ਨਾ ਆਦਿ ਹੈ ਨਾ ਅੰਤ ਹੈ। ਕੇਵਲ ਐਸਾ ਕਰਨ ਤੇ ਹੀ ਮਨੁੱਖ ਜੀਵਨ ਮੁਕਤੀ ਪ੍ਰਾਪਤ ਕਰ ਸਕਦਾ ਹੈ।