ਜਪੁਜੀ ਪਉੜੀ ੩੩

 

ਆਖਣਿ ਜੋਰੁ ਚੁਪੈ ਨਹ ਜੋਰੁ

ਜੋਰੁ ਨ ਮੰਗਣਿ ਦੇਣਿ ਨ ਜੋਰੁ

ਜੋਰੁ ਨ ਜੀਵਣਿ ਮਰਣਿ ਨਹ ਜੋਰੁ

ਜੋਰੁ ਨ ਰਾਜਿ ਮਾਲਿ ਮਨਿ ਸੋਰੁ

ਜੋਰੁ ਨ ਸੁਰਤੀ ਗਿਆਨਿ ਵੀਚਾਰਿ

ਜੋਰੁ ਨ ਜੁਗਤੀ ਛੁਟੈ ਸੰਸਾਰੁ

ਜਿਸੁ ਹਥਿ ਜੋਰੁ ਕਰਿ ਵੇਖੈ ਸੋਇ

ਨਾਨਕ ਉਤਮੁ ਨੀਚੁ ਨ ਕੋਇ ੩੩

 

            ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਸ਼ਾਹ ਜੀ ਬੇਅੰਤ ਦਿਆਲਤਾ ਨਾਲ ਸਾਰੀ ਮਨੁੱਖਤਾ ਦੀ ਝੋਲੀ ਵਿਚ ਇਹ ਪੂਰਨ ਬ੍ਰਹਮ ਗਿਆਨ ਪਾ ਰਹੇ ਹਨ ਕਿ ਮਨੁੱਖ ਦੇ ਜੀਵਨ ਵਿਚ ਜੋ ਕੁਝ ਵੀ ਵਾਪਰਦਾ ਹੈ ਉਹ ਸਭ ਕੁਝ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਹੁਕਮ ਵਿਚ ਵਾਪਰਦਾ ਹੈ। ਇਸ ਪਉੜੀ ਵਿਚ ਸਤਿਗੁਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸ਼ਬਦ “ਜੋਰੁ” ਦੀ ਪਰਮ ਸ਼ਕਤੀਸ਼ਾਲੀ ਮਹਿਮਾ ਦੇ ਬਾਰੇ ਪੂਰਨ ਬ੍ਰਹਮ ਗਿਆਨ ਸਾਡੀ ਝੋਲੀ ਵਿਚ ਪਾਇਆ ਹੈ। ਸ਼ਬਦ “ਜੋਰੁ” ਤੋਂ ਭਾਵ ਹੈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਹੁਕਮ। ਹੁਕਮ ਤੋਂ ਭਾਵ ਹੈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਪਰਮ ਸ਼ਕਤੀ ਹੈ। ਇਸ ਲਈ ਸ਼ਬਦ “ਜੋਰੁ” ਤੋਂ ਭਾਵ ਹੈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਉਹ ਪਰਮ ਸ਼ਕਤੀ ਜਿਸਨੂੰ ਮੂਲ ਮੰਤਰ ਵਿਚ “ਕਰਤਾ ਪੁਰਖ” ਦੀ ਸੰਗਿਆ ਦਿੱਤੀ ਗਈ ਹੈ। ਮਨੁੱਖ ਦੇ ਸਾਰੇ ਕਰਮ ਕਰਤੇ ਦੇ ਜੋਰੁ ਅਧੀਨ ਹੁੰਦੇ ਹਨ। ਮਨੁੱਖਾ ਦੇਹੀ ਵਿਚ ਕਰਤੇ ਦੀ ਹੀ ਇਹ ਪਰਮ ਸ਼ਕਤੀ ਜਿਸਨੂੰ ਜੋਰੁ ਕਿਹਾ ਗਿਆ ਹੈ ਕੇਵਲ ਇਹ ਪਰਮ ਸ਼ਕਤੀ ਹੀ ਵਰਤਦੀ ਹੈ। ਜੋਰੁ ਦੀ ਇਹ ਪਰਮ ਸ਼ਕਤੀ ਕਰਮ ਦੇ ਦਰਗਾਹੀ ਵਿਧਾਨ ਨੂੰ ਮਨੁੱਖ ਦੇ ਰੋਜ਼ਾਨਾ ਜੀਵਨ ਵਿਚ ਲਾਗੂ ਕਰਦੀ ਹੈ। ਜਿਵੇਂ ਕਿ ਮੁਲਖ ਦਾ ਸ਼ਾਸਨ ਮੁਲਖ ਦੀ ਰਾਜਸੀ ਸੱਤਾ ਦੇ ਨਾਲ ਮੁਲਖ ਦੇ ਕਾਨੂੰਨ ਨੂੰ ਲਾਗੂ ਕਰ ਕੇ ਚਲਾਇਆ ਜਾਂਦਾ ਹੈ। ਇਹ ਸੱਤਾ ਮੁਲਖ ਦੀ ਪੁਲਿਸ ਹੋਵੇ ਜਾਂ ਮੁਲਖ ਦੀ ਅਦਾਲਤ ਹੋਵੇ ਜਾਂ ਫਿਰ ਮੁਲਖ ਦੀ ਫੌਜ ਹੋਵੇ ਜਾਂ ਇਹ ਸੱਤਾ ਹੋਰ ਕਿਸੇ ਵੀ ਰੂਪ ਵਿਚ ਹੋਵੇ, ਇਸ ਰਾਜਸੀ ਸੱਤਾ ਦੀ ਵਰਤੋਂ ਕਰਕੇ ਮੁਲਖ ਦੇ ਕਾਨੂੰਨ ਨੂੰ ਲਾਗੂ ਕੀਤਾ ਜਾਂਦਾ ਹੈ ਅਤੇ ਸਾਰੀ ਪ੍ਰਜਾ ਨੂੰ ਇਸ ਕਾਨੂੰਨ ਨੂੰ ਮੰਨਣ ਲਈ ਵਿਵੱਸ਼ ਕੀਤਾ ਜਾਂਦਾ ਹੈ। ਠੀਕ ਇਸੇ ਤਰ੍ਹਾਂ ਨਾਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਹਰ ਇੱਕ ਰਚਨਾ ਉਸਦੇ ਹੁਕਮ ਵਿਚ ਵਿਚਰਦੀ ਹੈ। ਇਸੇ ਤਰ੍ਹਾਂ ਨਾਲ ਮਨੁੱਖ ਦੇ ਰੋਜ਼ਾਨਾ ਜੀਵਨ ਵਿਚ ਸਾਰੇ ਕਰਮ ਵੀ ਜੋਰੁ ਦੀ ਇਸ ਪਰਮ ਸ਼ਕਤੀ ਨਾਲ ਕਰਮ ਦੇ ਵਿਧਾਨ ਅਨੁਸਾਰ ਵਾਪਰਦੇ ਹਨ। ਜੋਰੁ ਦੀ ਇਹ ਪਰਮ ਸ਼ਕਤੀ ਹੀ ਮਨੁੱਖ ਦੇ ਜੀਵਨ ਦਾ ਆਧਾਰ ਹੈ। ਇਸ ਲਈ ਜੋਰੁ ਦੀ ਇਹ ਪਰਮ ਸ਼ਕਤੀ ਮਨੁੱਖ ਦੀ ਦੇਹੀ ਵਿਚ ਹੀ ਵਾਸ ਕਰਦੀ ਹੈ। “ਜੋਰੁ” ਦੇ ਇਸ ਪਰਮ ਸ਼ਕਤੀਸ਼ਾਲੀ ਸ਼ਬਦ ਦੀ ਮਹਿਮਾ ਦੀ ਜਿਸ ਮਨੁੱਖ ਨੂੰ ਸਮਝ ਪੈ ਜਾਂਦੀ ਹੈ ਉਸ ਮਨੁੱਖ ਨੂੰ ਹਉਮੈ ਦੀ ਵਿਨਾਸ਼ਕਾਰੀ ਸ਼ਕਤੀ ਦਾ ਗਿਆਨ ਹੋ ਜਾਂਦਾ ਹੈ ਅਤੇ ਉਹ ਮਨੁੱਖ ਆਪਾ ਭਾਵ ਗੁਆ ਕੇ ਬੰਦਗੀ ਵਿਚ ਚਲਾ ਜਾਂਦਾ ਹੈ ਅਤੇ ਉਸਨੂੰ ਗੁਰ ਪ੍ਰਸਾਦਿ ਦੀ ਪ੍ਰਾਪਤੀ ਹੋ ਜਾਂਦੀ ਹੈ। ਐਸਾ ਮਨੁੱਖ ਵੱਡੇ ਭਾਗਾਂ ਵਾਲਾ ਹੁੰਦਾ ਹੈ ਜੋ ਕਿ ਗੁਰ ਪ੍ਰਸਾਦਿ ਦੀ ਪਰਮ ਸ਼ਕਤੀ ਦੀ ਸੇਵਾ ਕਰਦਾ ਹੋਇਆ ਨਾਮ ਦੀ ਕਮਾਈ ਕਰ ਕੇ ਸਤਿ ਰੂਪ ਹੋ ਜਾਂਦਾ ਹੈ ਅਤੇ ਜੀਵਨ ਮੁਕਤੀ ਪ੍ਰਾਪਤ ਕਰ ਲੈਂਦਾ ਹੈ।

            ਜਿਸ ਤਰ੍ਹਾਂ ਕਿ ਜਪੁਜੀ ਸਾਹਿਬ ਦੀ ਇਸ ਗੁਰ ਪ੍ਰਸਾਦੀ ਕਥਾ ਵਿਚ ਪਹਿਲਾਂ ਵੀ ਇਹ ਬਿਆਨ ਕੀਤਾ ਗਿਆ ਹੈ ਕਿ ਸਾਰੀ ਗੁਰਬਾਣੀ ਜਪੁਜੀ ਬਾਣੀ ਦੀ ਮਹਿਮਾ ਹੈ। ਜਪੁਜੀ ਦੇ ਹਰ ਇੱਕ ਸ਼ਬਦ ਨੂੰ ਗੁਰਬਾਣੀ ਵਿਚ ਬਾਰ-ਬਾਰ ਦ੍ਰਿੜ੍ਹ ਕਰਵਾਇਆ ਗਿਆ ਹੈ। ਗੁਰਬਾਣੀ ਦੇ ਆਧਾਰ ਤੇ ਇਸ ਪਰਮ ਸਤਿ ਤੱਤ ਦੇ ਪ੍ਰਮਾਣ ਇਸ ਗੁਰ ਪ੍ਰਸਾਦੀ ਕਥਾ ਵਿਚ ਕਈ ਵਾਰ ਦਿੱਤੇ ਗਏ ਹਨ। ਇਸੇ ਸਤਿ ਤੱਤ ਨੂੰ ਦ੍ਰਿੜ੍ਹ ਕਰਵਾਂਦੇ ਹੋਏ ਧੰਨ ਧੰਨ ਸਤਿਗੁਰ ਅਵਤਾਰਾਂ ਨੇ ਗੁਰਬਾਣੀ ਵਿਚ ਇਸ ਪਰਮ ਸ਼ਕਤੀਸ਼ਾਲੀ ਸ਼ਬਦ “ਜੋਰੁ” ਦੀ ਮਹਿਮਾ ਬਾਰ-ਬਾਰ ਪ੍ਰਗਟ ਕੀਤੀ ਹੈ :- 

 

ਜੀਉ ਪਿੰਡੁ ਸਭੁ ਰਾਸਿ ਤੁਮਾਰੀ ਤੇਰਾ ਜੋਰੁ ਗੋਪਾਲਾ ਜੀਉ

(ਪੰਨਾ ੧੦੬)

 

ਕਿਆ ਮਾਨੁਖ ਕਹਹੁ ਕਿਆ ਜੋਰੁ

(ਪੰਨਾ ੧੭੮)

 

ਤੇਤਾ ਜੁਗੁ ਆਇਆ ਅੰਤਰਿ ਜੋਰੁ ਪਾਇਆ ਜਤੁ ਸੰਜਮ ਕਰਮ ਕਮਾਇ ਜੀਉ

(ਪੰਨਾ ੪੪੫)

 

ਨਾਨਕ ਤਗੁ ਨ ਤੁਟਈ ਜੇ ਤਗਿ ਹੋਵੈ ਜੋਰੁ

(ਪੰਨਾ ੪੭੧)

 

ਤੇਰਾ ਜੋਰੁ ਤੇਰੀ ਮਨਿ ਟੇਕ

(੭੨੩)

 

ਅਸਾ ਜੋਰੁ ਨਾਹੀ ਜੇ ਕਿਛੁ ਕਰਿ ਹਮ ਸਾਕਹ ਜਿਉ ਭਾਵੈ ਤਿਵੈ ਬਖਸਿ ਰਹਾਉ

(ਪੰਨਾ ੭੩੬)

 

ਨਾਨਕ ਜੋਰੁ ਗੋਵਿੰਦ ਕਾ ਪੂਰਨ ਗੁਣਤਾਸਿ ੧੩੭੭

(ਪੰਨਾ ੮੧੯)

 

            ਮਨੁੱਖ ਦੀ ਦੇਹੀ ਸਤਿ ਪਾਰਬ੍ਰਹਮ ਦੀ ਕਿਰਪਾ ਸ਼ਕਤੀ ਨਾਲ ਹੀ ਪ੍ਰਾਪਤ ਹੁੰਦੀ ਹੈ ਇਸ ਲਈ ਮਨੁੱਖ ਦੀ ਰੂਹ ਅਤੇ ਦੇਹੀ ਸਭ ਕੁਝ ਸਤਿ ਪਾਰਬ੍ਰਹਮ ਪਿਤਾ ਦੁਆਰਾ ਦਿੱਤੀ ਗਈ ਹੀ ਪੂੰਜੀ ਹੈ। ਮਨੁੱਖ ਦਾ ਜਨਮ ਅਤੇ ਜੀਵਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਹੀ ਦਿੱਤਾ ਹੋਇਆ ਹੈ। ਮਨੁੱਖ ਦਾ ਜਨਮ ਅਤੇ ਮਰਣ ਮਨੁੱਖ ਦੇ ਕਰਮਾਂ ਅਨੁਸਾਰ ਕਰਮ ਦੇ ਵਿਧਾਨ ਦੇ ਅਧੀਨ ਹੀ ਨਿਰਧਾਰਿਤ ਹੁੰਦਾ ਹੈ। ਮਨੁੱਖ ਦਾ ਪ੍ਰਾਲਬਧ ਮਨੁੱਖ ਦੇ ਆਪਣੇ ਕਰਮਾਂ ਦਾ ਹੀ ਪ੍ਰਤੱਖ ਪ੍ਰਮਾਣ ਬਣ ਕੇ ਮਨੁੱਖ ਦੇ ਜੀਵਨ ਵਿਚ ਪ੍ਰਗਟ ਹੁੰਦਾ ਹੈ। ਮਨੁੱਖਾ ਦੇਹੀ ਨੂੰ ਚਲਾਉਣ ਵਾਲੀ ਪਰਮ ਸ਼ਕਤੀ “ਜੋਰੁ” ਹੈ। ਮਨੁੱਖ ਦਾ ਆਪਣੇ ਹੀ ਸਵਾਸਾਂ ਉੱਪਰ ਕੋਈ ਨਿਅੰਤਰਣ ਨਹੀਂ ਹੈ। ਮਨੁੱਖ ਨੂੰ ਤਾਂ ਇਹ ਵੀ ਨਹੀਂ ਪਤਾ ਹੁੰਦਾ ਹੈ ਕਿ ਅਗਲਾ ਸਵਾਸ ਆਉਣਾ ਹੈ ਕਿ ਨਹੀਂ ਜਾਂ ਆਖਰੀ ਸਵਾਸ ਕਦੋਂ ਨਿਕਲ ਜਾਣਾ ਹੈ ਅਤੇ ਜੀਵਨ ਦਾ ਅੰਤ ਕਦੋਂ ਹੋ ਜਾਣਾ ਹੈ। ਭਾਵ ਮਨੁੱਖ ਦਾ ਆਪਣੇ ਜਨਮ, ਜੀਵਨ ਅਤੇ ਮਰਣ ਉੱਪਰ ਕੋਈ ਨਿਅੰਤਰਣ ਨਹੀਂ ਹੈ। ਇਸ ਲਈ ਮਨੁੱਖੀ ਜੀਵਨ ਦਾ ਸਾਰਾ ਕਾਰ ਵਿਹਾਰ ਚਲਾਉਣ ਵਾਲੀ ਇਹ ਪਰਮ ਸ਼ਕਤੀ “ਜੋਰੁ” ਹੀ ਹੈ।

            ਜਿਸ ਤਰ੍ਹਾਂ ਨਾਲ ਮਨੁੱਖ ਨੂੰ ਜਨਮ, ਜੀਵਨ ਅਤੇ ਮਰਣ ਦੇਣ ਵਾਲੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਪਰਮ ਸ਼ਕਤੀ ਹੀ ਹੈ, ਜਿਸਨੂੰ ਗੁਰਬਾਣੀ ਵਿਚ ਦਰਜ ਪੂਰਨ ਬ੍ਰਹਮ ਗਿਆਨ ਦੇ ਇਨ੍ਹਾਂ ਸ਼ਲੋਕਾ ਵਿਚ “ਜੋਰੁ” ਕਿਹਾ ਗਿਆ ਹੈ, ਠੀਕ ਉਸੇ ਤਰ੍ਹਾਂ ਨਾਲ ਮਨੁੱਖ ਨੂੰ ਆਪਣਾ ਜੀਵਨ ਜੀਉਣ ਲਈ ਜੋ ਜੋ ਸ਼ਕਤੀਆਂ ਪ੍ਰਾਪਤ ਹਨ ਉਨ੍ਹਾਂ ਸਾਰੀਆਂ ਸ਼ਕਤੀਆਂ ਦਾ ਸੋਮਾ ਵੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਆਪ ਹੀ ਹੈ। ਇਸ ਲਈ ਮਨੁੱਖ ਨੂੰ ਦਿੱਤੀ ਗਈ ਬੋਲਣ ਦੀ ਸ਼ਕਤੀ ਵੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੁਆਰਾ ਦਿੱਤੀ ਗਈ ਹੈ। ਭਾਵ ਮਨੁੱਖ ਨੂੰ ਦਿੱਤੀ ਗਈ ਬੋਲਣ ਦੀ ਇਹ ਕਲਾ ਦਾ ਆਧਾਰ ਵੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਪਰਮ ਸ਼ਕਤੀ ਹੀ ਹੈ ਜਿਸਨੂੰ ਜਪੁਜੀ ਦੀ ਇਸ ਪਉੜੀ ਵਿਚ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਸ਼ਾਹ ਜੀ ਨੇ “ਜੋਰੁ” ਕਿਹਾ ਹੈ। ਇਸ ਲਈ ਮਨੁੱਖ ਦਾ ਆਪਣੀ ਹੀ ਰਸਨਾ ਉੱਪਰ ਕੋਈ ਆਪਣਾ ਨਿਅੰਤਰਣ ਨਹੀਂ ਹੈ ਕਿਉਂਕਿ ਬੋਲਣ ਦੀ ਸ਼ਕਤੀ ਅਤੇ ਮਨੁੱਖ ਦੇ ਬੋਲਾਂ ਦਾ ਆਧਾਰ ਵੀ ਦਰਗਾਹੀ ਵਿਧਾਨ ਹੀ ਹਨ। ਮਨੁੱਖ ਤਾਂ ਕੇਵਲ ਬੋਲਣ ਦਾ ਕਰਮ ਕਰਦਾ ਹੈ ਪਰੰਤੂ ਇਹ ਕਰਮ ਉਸਦੇ ਪ੍ਰਾਲਬਧ ਦੇ ਅੰਤਰਗਤ ਕਰਮ ਦੇ ਵਿਧਾਨ ਅਨੁਸਾਰ ਹੀ ਵਾਪਰਦੇ ਹਨ। ਇਸ ਲਈ ਜੇਕਰ ਮਨੁੱਖ ਇਹ ਸੋਚਦਾ ਹੈ ਕਿ ਉਸਦਾ ਉਸਦੇ ਹੀ ਬੋਲਣ ਉੱਪਰ ਕੋਈ ਨਿਅੰਤਰਣ ਹੈ ਤਾਂ ਇਹ ਸਤਿ ਨਹੀਂ ਹੈ।

            ਪੂਰਨ ਸਤਿ ਤਾਂ ਇਹ ਹੈ ਕਿ ਮਨੁੱਖ ਸੁਤੰਤਰ ਨਹੀਂ ਹੈ ਬਲਕਿ ਮਨੁੱਖ ਪਰਤੰਤਰ ਹੈ। ਭਾਵ ਮਨੁੱਖ ਦੇ ਹੱਥ ਵਿਚ ਕੁਝ ਨਹੀਂ ਹੈ। ਮਨੁੱਖ ਦੇ ਜੀਵਨ ਵਿਚ ਸਭ ਕੁਝ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਪਰਮ ਸ਼ਕਤੀਆਂ ਹੀ ਵਾਪਰਨਾ ਕਰਦੀਆਂ ਹਨ। ਇਸ ਲਈ ਮਨੁੱਖ ਦੀ ਚੁੱਪ ਰਹਿਣ ਦੀ ਸ਼ਕਤੀ ਵੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਹੀ ਦਿੱਤੀ ਗਈ ਸ਼ਕਤੀ ਹੈ। ਚੁੱਪ ਰਹਿਣ ਦੇ ਦੋ ਅੰਗ ਹਨ : ਮਨੁੱਖ ਦੀ ਰਸਨਾ ਦਾ ਸ਼ਾਂਤ ਰਹਿਣਾ ਅਤੇ ਦੂਸਰਾ ਅੰਗ ਹੈ ਮਨੁੱਖ ਦੇ ਮਨ ਦਾ ਸ਼ਾਂਤ ਹੋ ਜਾਣਾ। ਆਪਣੀ ਹੀ ਰਸਨਾ ਉੱਪਰ ਪਹਿਰਾ ਦੇਣਾ ਮਨੁੱਖ ਹੱਥ ਵੱਸ ਨਹੀਂ ਹੈ। ਮਨੁੱਖ ਲੱਖ ਯਤਨ ਕਰ ਲਵੇ ਫਿਰ ਵੀ ਮਨੁੱਖ ਆਪਣੀ ਹੀ ਰਸਨਾ ਉੱਪਰ ਕਾਬੂ ਨਹੀਂ ਪਾ ਸਕਦਾ ਹੈ। ਇਸ ਲਈ ਮਨੁੱਖ ਦਾ ਆਪਣੀ ਹੀ ਰਸਨਾ ਉੱਪਰ ਕੋਈ “ਜੋਰੁ” ਨਹੀਂ ਚੱਲਦਾ ਹੈ। ਜੇ ਕਰ ਮਨੁੱਖ ਆਪਣੀ ਰਸਨਾ ਨੂੰ ਕੁਝ ਸਮੇਂ ਲਈ ਮੋਨ ਵਰਤ ਧਾਰਣ ਕਰਕੇ ਚੁੱਪ ਕਰ ਵੀ ਲਵੇ ਤਾਂ ਮਨੁੱਖ ਦਾ ਮਨ ਕਦੇ ਚੁੱਪ ਨਹੀਂ ਕਰਦਾ ਹੈ। ਮਨੁੱਖ ਦਾ ਮਨ ਨਿਰੰਤਰ ਫੁਰਨਿਆਂ ਨੂੰ ਜਨਮ ਦੇਣ ਵਿਚ ਕਦੇ ਨਹੀਂ ਰੁੱਕਦਾ ਹੈ। ਮਨੁੱਖੀ ਮਨ ਦਾ ਸ਼ਾਂਤ ਹੋ ਜਾਣਾ ਹੀ ਅਸਲੀ ਚੁੱਪ ਹੈ। ਮਨੁੱਖੀ ਮਨ ਦਾ ਵਿਕਲਪ ਰਹਿਤ ਹੋ ਜਾਣਾ ਅਤੇ ਫੁਰਨਿਆਂ ਦਾ ਅੰਤ ਹੋ ਜਾਣਾ ਹੀ ਮਨ ਦਾ ਸ਼ਾਂਤ ਹੋ ਜਾਣਾ ਹੈ। ਮਨੁੱਖੀ ਮਨ ਦਾ ਸ਼ਾਂਤ ਹੋ ਜਾਣਾ ਮਨੁੱਖ ਦੇ ਵੱਸ ਵਿਚ ਨਹੀਂ ਹੈ। ਮਨੁੱਖੀ ਮਨ ਦੇ ਸ਼ਾਂਤ ਹੋ ਜਾਣ ਨੂੰ ਗੁਰਬਾਣੀ ਵਿਚ ਸੁੰਨ ਸਮਾਧੀ ਕਿਹਾ ਗਿਆ ਹੈ। ਸੁੰਨ ਸਮਾਧੀ ਬੰਦਗੀ ਵਿਚ ਬਹੁਤ ਉੱਚੀ ਅਵਸਥਾ ਹੈ ਜੋ ਕਿ ਗੁਰ ਪ੍ਰਸਾਦਿ ਨਾਲ ਹੀ ਪ੍ਰਾਪਤ ਹੁੰਦੀ ਹੈ। ਮਨੁੱਖੀ ਮਨ ਦਾ ਸ਼ਾਂਤ ਹੋ ਜਾਣਾ ਸਿਮਰਨ ਦੀ ਬਹੁਤ ਉੱਚੀ ਅਵਸਥਾ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਪਰਮ ਸ਼ਕਤੀਸ਼ਾਲੀ ਕਲਾਵਾਂ ਵਿਚੋਂ ਸੁੰਨ ਕਲਾ ਸਭ ਤੋਂ ਪਰਮ ਸ਼ਕਤੀਸ਼ਾਲੀ ਕਲਾ ਹੈ। ਇਸ ਪਰਮ ਸ਼ਕਤੀਸ਼ਾਲੀ ਕਲਾ ਦੀ ਮਹਿਮਾ ਬੇਅੰਤ ਹੈ ਅਤੇ ਇਸ ਦੇ ਬਾਰੇ ਗੁਰਬਾਣੀ ਉੱਪਰ ਆਧਾਰਤ ਵਿਚਾਰ ਪੰਜਵੀਂ ਪਉੜੀ ਦੀ ਗੁਰ ਪ੍ਰਸਾਦੀ ਕਥਾ ਵਿਚ ਕੀਤੀ ਗਈ ਹੈ। ਜਿਗਿਆਸੂਆਂ ਦੇ ਚਰਨਾਂ ਵਿਚ ਬੇਨਤੀ ਹੈ ਕਿ ਉਹ ਸੁੰਨ ਦੀ ਇਸ ਪਰਮ ਸ਼ਕਤੀਸ਼ਾਲੀ ਅਵਸਥਾ ਦੀ ਮਹਿਮਾ ਨੂੰ ਜਾਣਨ ਦਾ ਯਤਨ ਕਰਨ ਅਤੇ ਸਿਮਰਨ ਕਰਦੇ ਹੋਏ ਇਸ ਅਵਸਥਾ ਨੂੰ ਪ੍ਰਾਪਤ ਕਰਨ ਲਈ ਅਰਦਾਸ ਕਰਨ। ਕਿਉਂਕਿ ਕੇਵਲ ਇਸੇ ਅਵਸਥਾ ਵਿਚ ਹੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਵਾਸ ਹੈ ਅਤੇ ਇਸੇ ਅਵਸਥਾ ਨੂੰ ਪ੍ਰਾਪਤ ਕਰਕੇ ਹੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਦਰਸ਼ਨ ਹੁੰਦੇ ਹਨ। ਜੋ ਮਨੁੱਖ ਸਤਿਗੁਰ ਦੇ ਚਰਨਾਂ ਉੱਪਰ ਆਪਣਾ ਸੰਪੂਰਨ ਆਪਾ ਅਰਪਣ ਕਰ ਦਿੰਦੇ ਹਨ ਉਨ੍ਹਾਂ ਨੂੰ ਇਹ ਅਵਸਥਾ ਦੀ ਪ੍ਰਾਪਤੀ ਸਹਿਜੇ ਹੀ ਹੋ ਜਾਂਦੀ ਹੈ। ਕੇਵਲ ਸਤਿਗੁਰ ਦੇ ਚਰਨਾਂ ਉੱਪਰ ਸੰਪੂਰਨ ਸਮਰਪਣ ਹੀ ਸੁੰਨ ਸਮਾਧੀ ਦੇ ਗੁਰ ਪ੍ਰਸਾਦਿ ਨੂੰ ਪ੍ਰਾਪਤ ਕਰਨ ਦੀ ਕੁੰਜੀ ਹੈ। ਸਾਰੀ ਬੰਦਗੀ ਹੀ ਗੁਰ ਪ੍ਰਸਾਦੀ ਖੇਲ ਹੈ। ਇਸ ਲਈ ਸੁੰਨ ਸਮਾਧੀ ਦੀ ਪ੍ਰਾਪਤੀ ਵੀ ਗੁਰ ਪ੍ਰਸਾਦੀ ਖੇਲ ਹੈ। ਇਸ ਲਈ ਮਨੁੱਖ ਦਾ ਇਸ ਅਵਸਥਾ ਦੀ ਪ੍ਰਾਪਤੀ ਕਰਨ ਵਿਚ ਵੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਹੀ “ਜੋਰੁ” ਕੰਮ ਕਰਦਾ ਹੈ।

            ਸੰਸਾਰਕ ਵਸਤੂਆਂ, ਭੋਗ ਅਤੇ ਸੁੱਖਾਂ ਦੀ ਤ੍ਰਿਸ਼ਨਾ ਦਾ ਸ਼ਿਕਾਰ ਹੋਇਆ ਮਨੁੱਖ ਦਿਨ-ਰਾਤ ਮੰਗਣ ਦੇ ਵਿਚ ਵਿਅਸਤ ਹੈ। ਮਨੁੱਖ ਕਰਦਾ ਤੇ ਮਾਇਆ ਦੀ ਗੁਲਾਮੀ ਹੈ ਪਰੰਤੂ ਮੰਗਦਾ ਦਿਨ-ਰਾਤ ਪਰਮੇਸ਼ਰ ਤੋਂ ਹੈ। ਮਨੁੱਖ ਜੇ ਕੋਈ ਧਰਮ-ਕਰਮ ਕਰਦਾ ਵੀ ਹੈ ਤਾਂ ਆਪਣੀ ਮੰਗ ਪਹਿਲਾਂ ਅੱਗੇ ਰੱਖ ਦਿੰਦਾ ਹੈ। ਕੋਈ ਵਿਰਲਾ ਹੀ ਹੈ ਜੋ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਤੋਂ ਗੁਰ ਪ੍ਰਸਾਦਿ ਮੰਗਦਾ ਹੈ। ਕੋਈ ਵਿਰਲਾ ਹੀ ਹੈ ਜੋ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਤੋਂ ਨਾਮ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਮੰਗਦਾ ਹੈ। ਲਗਭਗ ਸਾਰੀ ਦੀ ਸਾਰੀ ਸੰਗਤ ਵਿਚ ਜੋ ਕੋਈ ਵੀ ਪਾਠ ਕਰਦਾ ਹੈ, ਨਿਤਨੇਮ ਕਰਦਾ ਹੈ ਜਾਂ ਜਾਪ ਕਰਦਾ ਹੈ ਉਹ ਆਪਣੀਆਂ ਮੰਗਾਂ ਗੁਰੂ ਅੱਗੇ ਪਹਿਲਾਂ ਰੱਖ ਦਿੰਦਾ ਹੈ। ਕਈ ਸੰਤ ਪੁਰਸ਼ਾਂ ਦੀ ਸੰਗਤ ਜੋ ਕਿ ਕਰੋੜਾਂ ਦੀ ਗਿਣਤੀ ਵਿਚ ਵੇਖਣ ਵਿਚ ਆਉਂਦੀ ਹੈ ਉਸ ਕਰੋੜਾਂ ਦੀ ਸੰਗਤ ਵਿਚ ਲਗਭਗ ਸਾਰੇ ਲੋਕ ਮੰਗਾਂ ਲੈ ਕੇ ਬੈਠੇ ਹੁੰਦੇ ਹਨ। ਕੋਈ ਦੇਹੀ ਦੀ ਅਰੋਗਤਾ ਮੰਗਦਾ ਹੈ ਤੇ ਕੋਈ ਨੌਕਰੀ ਮੰਗਦਾ ਹੈ। ਕੋਈ ਪਰਿਵਾਰਕ ਸੁੱਖਾਂ ਦੀ ਕਾਮਨਾ ਲੈ ਕੇ ਬੈਠਾ ਹੁੰਦਾ ਹੈ ਤੇ ਕੋਈ ਪੁੱਤਰ ਦੀ ਦਾਤ ਮੰਗ ਰਿਹਾ ਹੁੰਦਾ ਹੈ। ਕਿਸੇ ਦੀ ਧੀ ਦਾ ਵਿਆਹ ਹੋ ਜਾਵੇ ਤੇ ਕਿਸੇ ਦਾ ਪਤੀ ਸਿਆਣਾ ਬਣ ਜਾਵੇ। ਕੋਈ ਵਾਪਾਰਕ ਸਮ੍ਰਿਧੀ ਦੀ ਮੰਗ ਕਰ ਰਿਹਾ ਹੁੰਦਾ ਹੈ ਅਤੇ ਕੋਈ ਆਪਣੇ ਰਾਜਨੀਤਕ ਸਵਾਰਥਾਂ ਦੀ ਪੂਰਤੀ ਲਈ ਅਰਦਾਸ ਕਰ ਰਿਹਾ ਹੁੰਦਾ ਹੈ। ਇਸ ਤਰ੍ਹਾਂ ਦੀਆਂ ਬੇਅੰਤ ਮੰਗਾਂ ਲੈ ਕੇ ਸਾਰੇ ਲੋਕ ਐਸੇ ਮਹਾ ਪੁਰਖਾਂ ਦੀ ਸੰਗਤ ਵਿਚ ਬੈਠੇ ਹੁੰਦੇ ਹਨ। ਆਸ਼ਚਰਜ ਜਨਕ ਗੱਲ ਇਹ ਹੈ ਕਿ ਐਸੇ ਮਹਾ ਪੁਰਖ ਆਪਣੀ ਦੀਖਿਆ ਵਿਚ ਲੋਕਾਈ ਨੂੰ ਇਹ ਵੀ ਨਹੀਂ ਕਹਿੰਦੇ ਕਿ ਭਾਈ ਆਪਣੀਆਂ ਮੰਗਾਂ ਦਾ ਤਿਆਗ ਕਰੋ ਅਤੇ ਬੰਦਗੀ ਮੰਗੋ। ਕਈ ਲੋਕ ਤਾਂ ਸੁੱਖਣਾ ਸੁੱਖਦੇ ਹਨ ਕਿ ਮੇਰਾ ਕਾਰਜ ਪੂਰਾ ਹੋ ਜਾਵੇ ਤਾਂ ਮੈਂ ਅਖੰਡ ਪਾਠ ਕਰਵਾਵਾਂਗਾ; ਜਾਂ ਹੋਰ ਇਸ ਕਿਸਮ ਦੀਆਂ ਸੁੱਖਣਾ ਕਰਦੇ ਹਨ। ਜਿਵੇਂ ਕਿ ਉਹ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਸੌਦਾ ਕਰ ਰਹੇ ਹੋਣ ਕਿ ਤੂੰ ਮੇਰਾ ਇਹ ਕਾਰਜ ਪੂਰਾ ਕਰਦੇ ਤਾਂ ਮੈਂ ਤੇਰੀ ਇਹ ਸੇਵਾ ਕਰੂੰਗਾ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਜਾਂ ਗੁਰੂ ਨਾਲ ਇਸ ਕਿਸਮ ਦੀ ਸੌਦੇਬਾਜ਼ੀ ਅਤੇ ਮੰਗਾਂ ਮੰਗਣਾ ਸਭ ਕੁਝ ਵਿਅਰਥ ਹੈ। ਇਹ ਕੇਵਲ ਪਾਖੰਡਬਾਜ਼ੀ ਹੈ। ਇਹ ਸਭ ਮਾਇਆ ਦਾ ਖੇਲ ਹੈ ਜੋ ਮਨੁੱਖ ਨੂੰ ਇਸ ਕਿਸਮ ਦੇ ਕਰਮ ਕਾਂਡ ਵਿਚ ਉਲਝਾਈ ਰੱਖਦੀ ਹੈ। ਇਹ ਪਰਮ ਸਤਿ ਤੱਤ ਹੈ ਕਿ ਕਰਮ ਦੇ ਦਰਗਾਹੀ ਵਿਧਾਨ ਅਨੁਸਾਰ ਮਨੁੱਖ ਨੂੰ ਕੇਵਲ ਆਪਣੇ ਪਿੱਛਲੇ ਕਰਮਾਂ ਦੇ ਆਧਾਰ ਤੇ ਹੀ ਜੋ ਮਿਲਣਾ ਹੈ ਕੇਵਲ ਉਹ ਹੀ ਮਿਲਦਾ ਹੈ। ਐਸੀਆਂ ਮੰਗਾਂ ਮੰਗਣ ਨਾਲ ਜਾਂ ਸੁੱਖਣਾ ਸੁੱਖਣ ਨਾਲ ਕੋਈ ਲਾਭ ਨਹੀਂ ਹੁੰਦਾ ਹੈ। ਕਿਉਂਕਿ ਐਸਾ ਕਰਨ ਨਾਲ ਮਨੁੱਖ ਦੇ ਕਰਮਾਂ ਦਾ ਪ੍ਰਭਾਵ ਖ਼ਤਮ ਨਹੀਂ ਹੋ ਜਾਂਦਾ ਹੈ। ਮਨੁੱਖ ਦੇ ਕਰਮਾਂ ਦੇ ਬੰਧਨ ਕੇਵਲ ਗੁਰ ਪ੍ਰਸਾਦਿ ਦੀ ਪਰਮ ਸ਼ਕਤੀ ਹੀ ਤੋੜ ਸਕਦੀ ਹੈ। ਜਦੋਂ ਤੱਕ ਸਤਿਨਾਮ ਮਨੁੱਖ ਦੇ ਹਿਰਦੇ ਵਿਚ ਨਹੀਂ ਚਲਾ ਜਾਂਦਾ ਹੈ ਤਦ ਤੱਕ ਮਨੁੱਖ ਦੇ ਕਰਮਾਂ ਦੇ ਬੰਧਨ ਨਹੀਂ ਟੁੱਟਦੇ ਹਨ ਅਤੇ ਜਦ ਤੱਕ ਐਸੀ ਕਿਰਪਾ ਨਹੀਂ ਹੁੰਦੀ ਹੈ ਤਦ ਤੱਕ ਮਨੁੱਖ ਨੂੰ ਕਰਮਾਂ ਦਾ ਲੇਖਾ-ਜੋਖਾ ਭੁਗਤਣਾ ਹੀ ਪੈਂਦਾ ਹੈ। 

            ਬੰਦਗੀ ਮੰਗਾਂ ਨਾਲ ਨਹੀਂ ਹੁੰਦੀ ਹੈ ਨਾ ਹੀ ਬੰਦਗੀ ਕੋਈ ਸੌਦੇਬਾਜ਼ੀ ਹੈ। ਬੰਦਗੀ ਤਾਂ ਸ਼ਰਧਾ, ਪ੍ਰੀਤ ਅਤੇ ਭਰੋਸੇ ਨਾਲ ਸਤਿਗੁਰ ਦੇ ਚਰਨਾਂ ਉੱਪਰ ਕੀਤਾ ਗਿਆ ਸੰਪੂਰਨ ਸਮਰਪਣ ਦਾ ਨਾਮ ਹੈ। ਇਸ ਲਈ ਜਦ ਕਦੇ ਵੀ ਗੁਰਦੁਆਰੇ ਜਾਂ ਕਿਸੇ ਮਹਾ ਪੁਰਖ ਦੀ ਸਤਿ ਸੰਗਤ ਵਿਚ ਜਾਣ ਦਾ ਮੌਕਾ ਮਿਲੇ ਤਾਂ ਕੇਵਲ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰ ਪ੍ਰਸਾਦਿ ਦੀ ਬਖ਼ਸ਼ਿਸ਼ ਲਈ ਅਰਦਾਸ ਕਰੋ। ਕੇਵਲ ਗੁਰ ਪ੍ਰਸਾਦਿ ਦੀ ਪ੍ਰਾਪਤੀ ਨਾਲ ਹੀ ਕਰਮਾਂ ਦੇ ਬੰਧਨਾਂ ਨੂੰ ਤੋੜ ਕੇ ਜੀਵਨ ਵਿਚ ਪਰਮ ਆਨੰਦ ਦੀ ਪ੍ਰਾਪਤੀ ਹੋ ਸਕਦੀ ਹੈ। ਕੇਵਲ ਗੁਰ ਪ੍ਰਸਾਦਿ ਦੀ ਪ੍ਰਾਪਤੀ ਅਤੇ ਸੇਵਾ ਸੰਭਾਲਤਾ ਨਾਲ ਹੀ ਮਨੁੱਖ ਦੇ ਕਾਰਜ ਸਿੱਧੇ ਹੋ ਸਕਦੇ ਹਨ। ਕੇਵਲ ਗੁਰ ਪ੍ਰਸਾਦਿ ਦੀ ਪ੍ਰਾਪਤੀ ਨਾਲ ਹੀ ਮਨੁੱਖ ਦੇ ਸਾਰੇ ਦੁੱਖਾਂ ਕਲੇਸ਼ਾਂ ਦਾ ਅੰਤ ਹੁੰਦਾ ਹੈ। ਕੇਵਲ ਗੁਰ ਪ੍ਰਸਾਦਿ ਨਾਲ ਹੀ ਮਨੁੱਖੀ ਹਿਰਦਾ ਪਰਮ ਜੋਤ ਨਾਲ ਪ੍ਰਕਾਸ਼ਮਾਨਹੁੰਦਾ ਹੈ ਜਿਸ ਨਾਲ ਸਾਰੇ ਪਿੱਛਲੇ ਕਰਮਾਂ ਦੇ ਬੰਧਨ ਚੂਰ-ਚੂਰ ਹੋ ਕੇ ਟੁੱਟ ਜਾਂਦੇ ਹਨ ਅਤੇ ਮਨੁੱਖ ਨੂੰ ਸੁਤੰਤਰਤਾ ਦਾ ਅਨੁਭਵ ਹੁੰਦਾ ਹੈ। ਇਸ ਲਈ ਮੰਗਾਂ ਦਾ ਤਿਆਗ ਕਰੋ ਅਤੇ ਨਿਸ਼ਕਾਮ ਭਾਵ ਨਾਲ ਧਰਮ-ਕਰਮ ਕਰੋ। ਨਿਸ਼ਕਾਮ ਭਾਵ ਨਾਲ ਕੀਤਾ ਗਿਆ ਜਾਪ, ਕੀਰਤਨ, ਪਾਠ ਸਤਿ ਕਰਮ ਗਿਣਿਆ ਜਾਂਦਾ ਹੈ ਜੋ ਕਿ ਗੁਰ ਪ੍ਰਸਾਦਿ ਦੀ ਪ੍ਰਾਪਤੀ ਵਿਚ ਸਾਹਾਇਕ ਸਿੱਧ ਹੁੰਦਾ ਹੈ। ਇਸ ਲਈ ਸਤਿ ਕਰਮ ਕਰੋ ਅਤੇ ਗੁਰ ਪ੍ਰਸਾਦਿ ਦੀ ਪ੍ਰਾਪਤੀ ਲਈ ਅਰਦਾਸ ਕਰੋ। ਐਸਾ ਕਰਨ ਨਾਲ ਗੁਰ ਪ੍ਰਸਾਦਿ ਦੀ ਪ੍ਰਾਪਤੀ ਦਾ ਮਾਰਗ ਖ਼ੁੱਲ੍ਹ ਜਾਏਗਾ ਅਤੇ ਗੁਰ ਪ੍ਰਸਾਦਿ ਦੀ ਪ੍ਰਾਪਤੀ ਦਾ ਵਸੀਲਾ ਬਣ ਜਾਵੇਗਾ।

            ਜਿਸ ਤਰ੍ਹਾਂ ਨਾਲ ਮਨੁੱਖ ਦਾ ਮੰਗਣ ਉੱਪਰ ਕੋਈ “ਜੋਰੁ” ਨਹੀਂ ਚੱਲਦਾ ਅਤੇ ਸਭ ਕੁਝ ਕੇਵਲ ਕਰਮ ਦੇ ਦਰਗਾਹੀ ਵਿਧਾਨ ਅਨੁਸਾਰ ਹੀ ਮਿਲਦਾ ਹੈ ਠੀਕ ਉਸੇ ਤਰ੍ਹਾਂ ਮਨੁੱਖ ਦਾ ਦੇਣ ਉੱਪਰ ਵੀ ਕੋਈ “ਜੋਰੁ” ਨਹੀਂ ਚੱਲਦਾ ਹੈ। ਜੋ ਮਨੁੱਖ ਦਿੰਦੇ ਹਨ ਭਾਵ ਦਾਨ ਪੁੰਨ ਕਰਦੇ ਹਨ, ਸੇਵਾ ਕਰਵਾਉਂਦੇ ਹਨ, ਦਸਵੰਧ ਦਿੰਦੇ ਹਨ, ਜਾਂ ਐਸੇ ਪਰਉਪਕਾਰੀ ਕਾਰਜ ਕਰਦੇ ਹਨ ਉਨ੍ਹਾਂ ਦੀ ਵੀ ਸਾਰੀ ਐਸੀ ਕਰਨੀ ਕਰਮ ਦੇ ਵਿਧਾਨ ਅਨੁਸਾਰ ਹੀ ਵਾਪਰਦੀ ਹੈ। ਐਸੇ ਮਨੁੱਖਾਂ ਨੂੰ ਦਾਨ, ਦਇਆ, ਧਰਮ, ਪਰਉਪਕਾਰ ਕਰਨ ਦੀ ਸ਼ਕਤੀ ਵੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਕਿਰਪਾ ਨਾਲ ਹੀ ਪ੍ਰਾਪਤ ਹੁੰਦੀ ਹੈ। ਐਸੇ ਪਰਉਪਕਾਰ ਕਰਨ ਦਾ ਗਿਆਨ ਅਤੇ ਪਰਉਪਕਾਰੀ ਹਿਰਦੇ ਦੀ ਪ੍ਰਾਪਤੀ ਵੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਕਿਰਪਾ ਦਾ ਸਦਕਾ ਹੀ ਨਸੀਬ ਹੁੰਦੀ ਹੈ। ਜਿਸ ਮਨੁੱਖ ਉੱਪਰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ ਕੇਵਲ ਉਹ ਹੀ ਪਰਉਪਕਾਰ ਵਰਗੇ ਸਤਿ ਕਰਮ ਕਰਦਾ ਹੈ। ਇਸ ਤਰ੍ਹਾਂ ਦੇ ਸਤਿ ਕਰਮ ਕਰਦੇ-ਕਰਦੇ ਹੀ ਮਨੁੱਖ ਨੂੰ ਗੁਰ ਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ।

            ਇਸ ਲਈ ਇਹ ਪਰਮ ਸਤਿ ਤੱਤ ਨੂੰ ਦ੍ਰਿੜ੍ਹ ਕਰ ਲਵੋ ਕਿ ਮਨੁੱਖੀ ਜੀਵਨ ਵਿਚ ਮੰਗਣ ਅਤੇ ਦੇਣ ਦੀ ਕਿਰਿਆ ਕੇਵਲ ਕਰਮ ਦੇ ਦਰਗਾਹੀ ਵਿਧਾਨ ਅਨੁਸਾਰ ਆਪਣਾ ਭਾਣਾ ਵਰਤਾਉਂਦੀ ਹੈ। ਸਾਡੇ ਮੰਗਣ ਨਾਲ ਜਾਂ ਸੁੱਖਣਾ ਸੁੱਖਣ ਨਾਲ ਸਾਡੇ ਕਰਮਾਂ ਦੇ ਬੰਧਨ ਨਹੀਂ ਟੁੱਟਦੇ ਹਨ। ਮਨੁੱਖ ਦਾ ਨਾ ਹੀ ਮੰਗਣ ਉੱਪਰ ਅਤੇ ਨਾ ਹੀ ਦੇਣ ਉੱਪਰ ਕੋਈ “ਜੋਰੁ” ਚੱਲਦਾ ਹੈ। ਮੰਗਣ ਅਤੇ ਦੇਣ ਨੂੰ ਆਪਣਾ “ਜੋਰੁ” ਜਾਣਨ ਦਾ ਭਾਵ ਹੈ ਹਉਮੈ। ਹਉਮੈ ਦੀਰਘ ਮਾਨਸਿਕ ਰੋਗ ਹੈ ਅਤੇ ਸਾਰੇ ਦੁੱਖਾਂ ਕਲੇਸ਼ਾ ਦਾ ਕਾਰਨ ਹੈ। ਇਸ ਲਈ ਇਹ ਗਲਤੀ ਕਦੇ ਵੀ ਨਾ ਕਰੋ, ਬਿਨਾਂ ਮੰਗਾਂ ਦੇ ਬੰਦਗੀ ਕਰੋ ਅਤੇ ਜੇ ਕੋਈ ਦੇਣ ਦਾ ਮੌਕਾ ਮਿਲਦਾ ਹੈ ਤਾਂ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਸ਼ੁਕਰਾਨਾ ਕਰੋ ਕਿ ਉਸਨੇ ਸਾਨੂੰ ਕੋਈ ਚੰਗਾ ਕਰਮ ਕਰਨ ਦਾ ਮੌਕਾ ਦੇ ਦਿੱਤਾ ਹੈ। ਜੇ ਕਰ ਪਾਠ, ਪੂਜਾ, ਸਿਮਰਨ, ਦਇਆ, ਸੰਤੋਖ, ਸੰਜਮ ਅਤੇ ਹੋਰ ਧਰਮ-ਕਰਮ ਕਰਦੇ ਹੋ ਤਾਂ ਇਸ ਨੂੰ ਨੱਤ ਮਸਤਕ ਹੋ ਕੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਕਿਰਪਾ ਸਮਝ ਕੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਸ਼ੁਕਰਾਨਾ ਕਰੋ।

            ਮਨੁੱਖ ਦਾ ਜਨਮ ਅਤੇ ਜੀਵਨ ਉੱਪਰ ਵੀ ਕੋਈ “ਜੋਰੁ” ਨਹੀਂ ਹੈ; ਅਤੇ ਨਾ ਹੀ ਮਨੁੱਖ ਦਾ ਮੌਤ ਉੱਪਰ ਕੋਈ “ਜੋਰੁ” ਹੈ। ਮਨੁੱਖ ਦਾ ਜਨਮ ਮਰਣ ਦਾ ਬੰਧਨ ਮਨੁੱਖ ਦੇ ਕਰਮਾਂ ਦੇ ਕਾਰਣ ਹੀ ਹੈ। ਕਰਮ ਦੇ ਵਿਧਾਨ ਅਨੁਸਾਰ ਮਨੁੱਖ ਨੂੰ ਆਪਣੇ ਕਰਮਾਂ ਦਾ ਲੇਖਾ-ਜੋਖਾ ਪੂਰਾ ਕਰਨ ਲਈ ਬਾਰ-ਬਾਰ ਜਨਮ ਅਤੇ ਮਰਣ ਦੇ ਚੱਕਰ ਵਿਚੋਂ ਲੰਘਣਾ ਪੈਂਦਾ ਹੈ। ਮਨੁੱਖ ਦਾ ਜੀਵਨ ਜੋ ਕਾਲ ਵਿਚ ਉਪਜਦਾ ਹੈ ਉਸ ਨੂੰ ਕਾਲ ਹੀ ਗ੍ਰਸ ਲੈਂਦਾ ਹੈ। ਨਾ ਕੇਵਲ ਮਨੁੱਖੀ ਜੀਵਨ ਦਾ ਇਹ ਸਤਿ ਹੈ ਕਿ ਇਸਦਾ ਵਿਨਾਸ਼ ਨਿਸ਼ਚਿਤ ਹੈ ਪਰੰਤੂ ਹਰ ਇੱਕ ਵਸਤੂ, ਜੀਵ ਅਤੇ ਜੰਤ ਜੋ ਕਾਲ ਵਿਚ ਜੰਮਦੇ ਹਨ ਉਨ੍ਹਾਂ ਦਾ ਅੰਤ ਨਿਸ਼ਚਿਤ ਹੈ। ਇਹ ਹੀ ਮਨੁੱਖੀ ਜੀਵਨ ਦਾ ਸਤਿ ਹੈ ਕਿ ਜੋ ਜੰਮਿਆ ਹੈ ਉਸ ਦੀ ਮੌਤ ਨਿਸ਼ਚਿਤ ਹੈ। ਜਨਮ-ਮਰਣ ਦੇ ਇਸ ਵਿਧਾਨ ਨੂੰ ਗੁਰਬਾਣੀ ਵਿਚ ਦਰਗਾਹੀ ਹੁਕਮ ਕਿਹਾ ਗਿਆ ਹੈ; ਅਤੇ ਦਰਗਾਹੀ ਹੁਕਮ ਦੇ ਸਨਮੁਖ ਕਿਸੇ ਜੀਵ ਦਾ ਕੋਈ “ਜੋਰੁ” ਨਹੀਂ ਚੱਲਦਾ ਹੈ। ਗੁਰਬਾਣੀ ਵਿਚ ਇਸ ਪਰਮ ਸਤਿ ਤੱਤ ਨੂੰ ਬਾਰ-ਬਾਰ ਸਤਿਗੁਰ ਸਾਹਿਬਾਨ ਨੇ ਸਾਨੂੰ ਦ੍ਰਿੜ੍ਹ ਕਰਵਾਇਆ ਹੈ :- 

 

ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ

(ਪੰਨਾ ੪੭੨)

 

ਜੰਮਣੁ ਮਰਣਾ ਹੈ ਸੰਸਾਰੁ

(ਪੰਨਾ ੩੬੪)

 

ਜੰਮਣੁ ਮਰਣਾ ਹੁਕਮੁ ਪਛਾਣੁ ਰਹਾਉ

(ਪੰਨਾ ੪੧੨)

 

ਹੁਕਮੇ ਜੰਮਣੁ ਹੁਕਮੇ ਮਰਣਾ

(ਪੰਨਾ ੫੬੩)

 

ਜੰਮਣ ਮਰਣਾ ਹੁਕਮੋ ਵਰਤੈ ਗੁਰਮੁਖਿ ਆਪੁ ਪਛਾਣੈ

(ਪੰਨਾ ੭੫੪)

 

            ਜਿਨ੍ਹਾਂ ਉੱਪਰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਕਿਰਪਾ ਹੋ ਜਾਂਦੀ ਹੈ ਉਹ ਮਨੁੱਖ ਜਨਮ ਮਰਣ ਦੇ ਇਸ ਦਰਗਾਹੀ ਵਿਧਾਨ ਨੂੰ ਪਹਿਚਾਣ ਲੈਂਦੇ ਹਨ। ਉਨ੍ਹਾਂ ਨੂੰ ਇਹ ਗਿਆਨ ਹੋ ਜਾਂਦਾ ਹੈ ਕਿ ਇਹ ਸਭ ਕੁਝ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਹੀ ਮਹਿਮਾ ਹੈ ਅਤੇ ਸ਼ਕਤੀ ਹੈ ਜੋ ਮਨੁੱਖ ਦਾ ਜਨਮ ਅਤੇ ਮਰਣ ਨਿਸ਼ਚਿਤ ਕਰਦੀ ਹੈ ਅਤੇ ਮਨੁੱਖ ਦਾ ਇਸ ਪਰਮ ਸ਼ਕਤੀ ਅੱਗੇ ਕੋਈ ਵੱਸ ਨਹੀਂ ਚੱਲਦਾ ਹੈ। ਜਿਨ੍ਹਾਂ ਮਨੁੱਖਾਂ ਦੇ ਕਰਮ ਚੰਗੇ ਹੁੰਦੇ ਹਨ ਭਾਵ ਸਤਿ ਕਰਮ ਹੁੰਦੇ ਹਨ ਉਨ੍ਹਾਂ ਨੂੰ ਫਿਰ ਮਨੁੱਖਾ ਜਨਮ ਮਿਲ ਜਾਂਦਾ ਹੈ। ਪਰੰਤੂ ਜਿਨ੍ਹਾਂ ਮਨੁੱਖਾਂ ਦੇ ਕਰਮ ਅਸਤਿ ਹੁੰਦੇ ਹਨ ਉਨ੍ਹਾਂ ਨੂੰ ਜੂਨਾਂ ਵਿਚ ਭਟਕਣਾ ਪੈਂਦਾ ਹੈ। ਜੋ ਮਨੁੱਖ ਦਇਆ, ਧਰਮ, ਸੰਤੋਖ਼ ਅਤੇ ਸੰਜਮ ਦੀ ਕਰਨੀ ਕਰਦੇ ਹਨ; ਉਨ੍ਹਾਂ ਨੂੰ ਫਿਰ ਹੋਰ ਸੁੰਦਰ ਮਨੁੱਖਾ ਜਨਮ ਮਿਲਦਾ ਹੈ। ਜੋ ਮਨੁੱਖ ਬੰਦਗੀ ਕਰਦੇ ਹਨ ਅਤੇ ਆਪਣੀ ਰੋਜ਼ਾਨਾ ਦੀ ਕਰਨੀ ਨੂੰ ਵਾਚਦੇ ਹਨ ਅਤੇ ਸਤਿ ਦੀ ਕਰਨੀ ਉੱਪਰ ਧਿਆਨ ਕੇਂਦਰਿਤ ਕਰਦੇ ਹਨ ਉਨ੍ਹਾਂ ਨੂੰ ਆਉਣ ਵਾਲੇ ਜਨਮ ਵਿਚ ਵੀ ਬੰਦਗੀ ਮਿਲ ਜਾਂਦੀ ਹੈ। ਜੋ ਮਨੁੱਖ ਕੂੜ੍ਹ ਦੀ ਕਰਨੀ, ਧੋਖੇ ਬਾਜ਼ੀ, ਨਿੰਦਿਆ, ਚੁਗ਼ਲੀ, ਬਖੀਲੀ, ਰਿਸ਼ਵਤ ਖ਼ੋਰੀ, ਚੋਰ ਬਾਜ਼ਾਰੀ, ਕਪਟ, ਖੂਨ-ਖ਼ਰਾਬਾ, ਚੋਰੀ-ਚਕਾਰੀ, ਪਰਾਇਆ ਹੱਕ ਮਾਰਨਾ ਆਦਿ ਝੂਠ ਕਰਮ ਕਰਦੇ ਹਨ ਉਨ੍ਹਾਂ ਨੂੰ ਅਣਮਿੱਥੇ ਸਮੇਂ ਲਈ ਜੂਨਾਂ ਵਿਚ ਭਟਕਣਾ ਪੈਂਦਾ ਹੈ। ਇਸ ਤਰ੍ਹਾਂ ਨਾਲ ਸਤਿ ਕਰਮ ਕਰਨ ਵਾਲੇ ਮਨੁੱਖਾਂ ਨੂੰ ਚੰਗਾ ਜੀਵਨ ਅਤੇ ਸਤਿ ਰੂਪ ਹੋ ਕੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿਚ ਸਦਾ-ਸਦਾ ਲਈ ਸਮਾ ਜਾਣ ਦਾ ਮੌਕਾ ਮਿਲਦਾ ਹੈ ਅਤੇ ਝੂਠ ਕਰਮ ਕਰਨ ਵਾਲਿਆਂ ਨੂੰ ਜੂਨੀ ਭੋਗਣੀ ਪੈਂਦੀ ਹੈ। ਇਸ ਤਰ੍ਹਾਂ ਮਨੁੱਖ ਦਾ ਆਪਣੇ ਜਨਮ, ਜੀਵਨ ਅਤੇ ਮਰਣ ਉੱਪਰ ਕੋਈ “ਜੋਰੁ” ਨਹੀਂ ਚੱਲਦਾ ਹੈ ਅਤੇ ਇਹ ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਬਣਾਏ ਗਏ ਦਰਗਾਹੀ ਵਿਧਾਨ ਅਨੁਸਾਰ ਹੀ ਵਾਪਰਦਾ ਹੈ। 

            ਮਨੁੱਖ ਨੂੰ ਸੰਸਾਰਕ, ਰਾਜਸੀ ਅਤੇ ਹੋਰ ਪੱਦਵੀਆਂ ਦੀ ਪ੍ਰਾਪਤੀ ਵੀ ਕਰਮ ਦੇ ਦਰਗਾਹੀ ਵਿਧਾਨ ਅਨੁਸਾਰ ਹੀ ਹੁੰਦੀ ਹੈ। ਮਨੁੱਖ ਨੂੰ ਸੰਸਾਰ ਵਿਚ ਸਮਾਜਿਕ ਰੁਤਬਾ ਅਤੇ ਸ਼ਾਸਨਿਕ ਅਧਿਕਾਰਾਂ ਦੀ ਪ੍ਰਾਪਤੀ ਵੀ ਕਰਮ ਦੇ ਦਰਗਾਹੀ ਵਿਧਾਨ ਅਨੁਸਾਰ ਹੀ ਹੁੰਦੀ ਹੈ। ਮਨੁੱਖ ਨੂੰ ਸੰਸਾਰਕ ਵਿਗਿਆਨ ਦੀ ਅਤੇ ਹੋਰ ਕਈ ਤਰ੍ਹਾਂ ਦੀ ਵਿਦਿਆ ਦੀ ਪ੍ਰਾਪਤੀ ਵੀ ਕਰਮ ਦੇ ਦਰਗਾਹੀ ਵਿਧਾਨ ਅਨੁਸਾਰ ਹੀ ਹੁੰਦੀ ਹੈ। ਮਨੁੱਖ ਨੂੰ ਕਿਰਤ ਕਮਾਈ ਦੀ ਪ੍ਰਾਪਤੀ ਵੀ ਕਰਮ ਦੇ ਦਰਗਾਹੀ ਵਿਧਾਨ ਅਨੁਸਾਰ ਹੀ ਹੁੰਦੀ ਹੈ। ਮਨੁੱਖ ਨੂੰ ਧਨ ਸੰਪਦਾ ਅਤੇ ਸੰਸਾਰਕ ਸੁੱਖ ਸੁਵਿਧਾਵਾਂ ਅਤੇ ਪਦਾਰਥਾਂ ਦੀ ਪ੍ਰਾਪਤੀ ਵੀ ਕਰਮ ਦੇ ਦਰਗਾਹੀ ਵਿਧਾਨ ਅਨੁਸਾਰ ਹੁੰਦੀ ਹੈ। ਜੋ ਮਨੁੱਖ ਇਹ ਸਮਝਦੇ ਹਨ ਕਿ ਉਨ੍ਹਾਂ ਦੇ ਜੀਵਨ ਦੀਆਂ ਇਹ ਸਭ ਦੁਨਿਆਵੀ ਪ੍ਰਾਪਤੀਆਂ ਉਨ੍ਹਾਂ ਦੀ ਆਪਣੀ ਮਿਹਨਤ ਮੁਸ਼ੱਕਤ ਦਾ ਨਤੀਜਾ ਹੈ ਅਤੇ ਇਸ ਤਰ੍ਹਾਂ ਜੋ ਮਨੁੱਖ ਆਪਣੇ ਆਪ ਤੇ ਇਨ੍ਹਾਂ ਸਾਰੀਆਂ ਦੁਨਿਆਵੀ ਪ੍ਰਾਪਤੀਆਂ ਕਰ ਲੈਣ ਦਾ ਅਭਿਮਾਨ ਕਰਦੇ ਹਨ ਉਹ ਇਸ ਅਹੰਕਾਰ ਵਿਚ ਇਹ ਵਿਸਾਰ ਦਿੰਦੇ ਹਨ ਕਿ ਇਹ ਸਭ ਕੁਝ ਦਾਤਾ ਕਰਤਾ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਕਿਰਪਾ ਸ਼ਕਤੀ ਨਾਲ ਵਾਪਰਦਾ ਹੈ। ਐਸੇ ਅਹੰਕਾਰੀ ਮਨੁੱਖ ਜੋ ਆਪਣੇ ਅਹੰਕਾਰ ਵੱਸ ਇਨ੍ਹਾਂ ਦਾਤਾਂ ਦਾ ਦੁਰਉਪਯੋਗ ਕਰਦੇ ਹਨ ਉਨ੍ਹਾਂ ਦਾ ਭਲਾ ਘੱਟ ਪਰੰਤੂ ਅਨਿੱਸ਼ਟ ਜ਼ਿਆਦਾ ਹੁੰਦਾ ਹੈ। ਪਰੰਤੂ ਜੋ ਮਨੁੱਖ ਇਹ ਸਾਰੀਆਂ ਸੰਸਾਰਕ ਉਪਲੱਬਧੀਆਂ ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਦਾਤ ਮਨ ਕੇ ਸ਼ੁਕਰਾਨਾ ਕਰਦੇ ਹਨ ਅਤੇ ਇਨ੍ਹਾਂ ਦਾਤਾਂ ਦਾ ਸਦਉਪਯੋਗ ਕਰਦੇ ਹਨ ਉਨ੍ਹਾਂ ਦਾ ਭਲਾ ਹੁੰਦਾ ਹੈ।

            ਜੋ ਮਨੁੱਖ ਪ੍ਰਾਪਤ ਧਨ ਸੰਪਦਾ ਵਿਚੋਂ ਆਪਣਾ ਦਸਵੰਧ ਸਤਿਗੁਰ ਦੇ ਚਰਨਾਂ ਉੱਪਰ ਅਰਪਣ ਕਰਦੇ ਹਨ ਉਨ੍ਹਾਂ ਨੂੰ ਧਨ ਸੰਪਦਾ ਦੀ ਕਦੇ ਤੋਟ ਨਹੀਂ ਆਉਂਦੀ ਹੈ ਅਤੇ ਅੱਗੇ ਆਉਣ ਵਾਲੇ ਜਨਮਾਂ ਵਿਚ ਵੀ ਕਦੇ ਧਨ ਸੰਪਦਾ ਦੀ ਕਮੀ ਨਹੀਂ ਹੁੰਦੀ ਹੈ। ਜੋ ਮਨੁੱਖ ਆਪਣੀ ਕਿਰਤ ਕਮਾਈ ਅਤੇ ਧਨ ਸੰਪਦਾ ਵਿਚੋਂ ਦਸਵੰਧ ਨਹੀਂ ਕੱਢਦੇ ਹਨ ਉਨ੍ਹਾਂ ਨੂੰ ਅਗਲੇ ਜਨਮਾਂ ਵਿਚ ਗਰੀਬੀ ਮਿਲਦੀ ਹੈ। ਕਈ ਮਨੁੱਖ ਜੋ ਬੰਦਗੀ ਕਰਦੇ ਹਨ ਅਤੇ ਜਿਨ੍ਹਾਂ ਦੀ ਬੰਦਗੀ ਨਿਸ਼ਕਾਮ ਭਾਵ ਨਾਲ ਕੀਤੀ ਜਾਂਦੀ ਹੈ; ਜੇਕਰ ਉਹ ਰਾਜ ਭਾਗ ਦੀ ਕਾਮਨਾ ਕਰ ਬੈਠਣ ਤਾਂ ਉਨ੍ਹਾਂ ਨੂੰ ਅਗਲੇ ਜਨਮ ਵਿਚ ਰਾਜ ਮਿਲ ਜਾਂਦਾ ਹੈ। ਦੁਨੀਆਂ ਵਿਚ ਸਾਰੇ ਰਾਜੇ ਜਾਂ ਰਾਜਨੀਤਿਕ ਨੇਤਾ ਲੋਕ ਇਸੇ ਕਰਕੇ ਇਨ੍ਹਾਂ ਪੱਦਵੀਆਂ ਨੂੰ ਪ੍ਰਾਪਤ ਕਰਦੇ ਹਨ। ਪਰੰਤੂ ਜੋ ਰਾਜੇ ਦਾਨ ਪੁੰਨ ਨਹੀਂ ਕਰਦੇ ਹਨ ਜਾਂ ਜੋ ਧਨਵਾਨ ਮਨੁੱਖ ਹਨ ਅਤੇ ਦਾਨ ਪੁੰਨ ਨਹੀਂ ਕਰਦੇ ਹਨ ਉਨ੍ਹਾਂ ਨੂੰ ਆਉਣ ਵਾਲੇ ਜਨਮਾਂ ਵਿਚ ਗਰੀਬੀ ਅਤੇ ਭੁੱਖਮਰੀ ਦਾ ਜੀਵਨ ਮਿਲ ਜਾਂਦਾ ਹੈ। ਇਸੇ ਤਰ੍ਹਾਂ ਨਾਲ ਜੋ ਰਾਜਨੀਤਿਕ ਨੇਤਾ ਲੋਕ ਪ੍ਰਜਾ ਦਾ ਹਿੱਤ ਨਹੀਂ ਕਰਦੇ ਹਨ ਅਤੇ ਆਪਣੇ ਨਿਜੀ ਸਵਾਰਥਾਂ ਲਈ ਆਪਣੀ ਰਾਜਸੀ ਸੱਤਾ ਦਾ ਦੁਰਉਪਯੋਗ ਕਰਦੇ ਹਨ ਉਨ੍ਹਾਂ ਨੂੰ ਅਗਲੇ ਜਨਮਾਂ ਵਿਚ ਜੂਨੀ ਜਾਂ ਨਰਕ ਦਾ ਜੀਵਨ ਮਿਲਦਾ ਹੈ। ਇਸ ਲਈ ਅੱਜ ਦੇ ਸਮੇਂ ਵਿਚ ਸਾਨੂੰ ਜਿਤਨੇ ਧਨਵਾਨ ਅਤੇ ਸੱਤਾਧਾਰੀ ਮਨੁੱਖ ਦਿੱਸਦੇ ਹਨ ਉਨ੍ਹਾਂ ਨੇ ਪਿੱਛਲੇ ਜਨਮਾਂ ਵਿਚ ਜ਼ਰੂਰ ਬਹੁਤ ਪੁੰਨ ਕਮਾਇਆ ਹੋਣਾ ਹੈ ਅਤੇ ਜਿਤਨੇ ਨਿਰਧਨਤਾ ਦਾ ਅਤੇ ਮੁਸੀਬਤਾਂ ਨਾਲ ਭਰਪੂਰ ਜੀਵਨ ਜੀ ਰਹੇ ਹਨ ਉਨ੍ਹਾਂ ਨੇ ਜ਼ਰੂਰ ਪਿੱਛਲੇ ਜਨਮਾਂ ਵਿਚ ਕੋਈ ਪੁੰਨ ਨਹੀਂ ਕਮਾਇਆ ਹੋਣਾ ਹੈ। ਇਹ ਸਾਰਾ ਕਰਮਾਂ ਦਾ ਖੇਲ ਕੇਵਲ ਕਰਮ ਦੇ ਦਰਗਾਹੀ ਵਿਧਾਨ ਅਨੁਸਾਰ ਹੀ ਚੱਲਦਾ ਹੈ। ਮਨੁੱਖ ਦਾ ਇਸ ਉੱਪਰ ਕੋਈ “ਜੋਰੁ” ਨਹੀਂ ਚੱਲਦਾ ਹੈ। ਇਹ ਸਭ ਕੁਝ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਪਰਮ ਸ਼ਕਤੀ ਨਾਲ ਹੀ ਵਾਪਰਦਾ ਹੈ।

            ਮਨੁੱਖ ਦੀ ਆਤਮਿਕ ਵਿਗਸਤਾ ਅਤੇ ਪੂਰਨ ਬ੍ਰਹਮ ਗਿਆਨ ਦੀ ਵਿਚਾਰ ਕਰਨ ਦੀ ਸ਼ਕਤੀ ਵੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਗੁਰ ਪ੍ਰਸਾਦਿ ਅਤੇ ਗੁਰ ਕਿਰਪਾ ਨਾਲ ਹੀ ਪ੍ਰਾਪਤ ਹੁੰਦੀ ਹੈ। ਮਨੁੱਖ ਦਾ ਆਤਮਿਕ ਵਿਕਾਸ ਭਾਵ ਮਨੁੱਖ ਦੀ ਸੁਰਤ ਦਾ ਉੱਚੀ ਅਵਸਥਾ ਵਿਚ ਜਾਣਾ ਵੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਕਿਰਪਾ ਨਾਲ ਹੀ ਹੁੰਦਾ ਹੈ। ਜਦ ਤੱਕ ਮਨੁੱਖ ਦੀ ਸੁਰਤ ਪਵਿੱਤਰ ਨਹੀਂ ਹੁੰਦੀ ਹੈ ਅਤੇ ਪੂਰਨ ਬ੍ਰਹਮ ਦੇ ਰਚੇ ਗਏ ਰੂਹਾਨੀਅਤ ਦੇ ਉੱਚੇ ਮੰਡਲਾਂ ਵਿਚ ਨਹੀਂ ਜਾਂਦੀ ਹੈ ਤਦ ਤੱਕ ਮਨੁੱਖ ਨੂੰ ਪੂਰਨ ਬ੍ਰਹਮ ਗਿਆਨ ਨੂੰ ਵਿਚਾਰਣ ਦੀ ਸਤਿ ਬੁੱਧੀ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਗੁਰਬਾਣੀ ਬ੍ਰਹਮ ਵਿਚਾਰ ਹੈ। ਗੁਰਬਾਣੀ ਪੂਰਨ ਬ੍ਰਹਮ ਗਿਆਨ ਹੈ। ਇਸ ਨੂੰ ਸਮਝਣ ਅਤੇ ਵਿਚਾਰਣ ਲਈ ਮਨੁੱਖ ਦੀ ਸੁਰਤ ਦਾ ਉਸ ਉੱਚੇ ਸਤੱਰ ਉੱਪਰ ਪਹੁੰਚਣਾ ਲਾਜ਼ਮੀ ਹੈ। ਜਿਨ੍ਹਾਂ ਮਨੁੱਖਾਂ ਦੀ ਸੁਰਤ ਉੱਚੀ ਨਹੀਂ ਉੱਠਦੀ ਹੈ ਉਨ੍ਹਾਂ ਨੂੰ ਗੁਰਬਾਣੀ ਸਮਝ ਨਹੀਂ ਪੈਂਦੀ ਹੈ। ਭਾਵ ਉਹ ਭਾਵੇਂ ਜਿਤਨਾ ਵੀ ਗੁਰਬਾਣੀ ਨੂੰ ਪੜ੍ਹ ਲੈਣ ਉਨ੍ਹਾਂ ਨੂੰ ਗੁਰਬਾਣੀ ਵਿਚੋਂ ਅੰਮ੍ਰਿਤ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਜੇਕਰ ਐਸਾ ਹੋਣਾ ਸੰਭਵ ਹੋਵੇ ਤਾਂ ਸਾਰੇ ਗੁਰਬਾਣੀ ਪੜ੍ਹਣ ਵਾਲਿਆਂ ਨੂੰ ਅੰਮ੍ਰਿਤ ਦੀ ਪ੍ਰਾਪਤੀ ਹੋ ਜਾਵੇ। ਪਰੰਤੂ ਇਹ ਪਰਮ ਸਤਿ ਹੈ ਕਿ ਐਸਾ ਨਹੀਂ ਹੁੰਦਾ ਹੈ। ਕਿਉਂਕਿ ਇਹ ਪ੍ਰਾਪਤੀ ਕੇਵਲ ਗੁਰ ਪ੍ਰਸਾਦਿ ਨਾਲ ਹੀ ਹੁੰਦੀ ਹੈ। ਜਿਵੇਂ ਜਿਵੇਂ ਮਨੁੱਖ ਗੁਰ ਪ੍ਰਸਾਦਿ ਦੀ ਪ੍ਰਾਪਤੀ ਉਪਰੰਤ ਸਿਮਰਨ ਵਿਚ ਬੈਠਦਾ ਹੈ ਅਤੇ ਸਮਾਧੀ ਵਿਚ ਜਾਂਦਾ ਹੈ ਤਿਵੇਂ ਤਿਵੇਂ ਮਨੁੱਖ ਦੀ ਸੁਰਤ ਉੱਪਰ ਉੱਠਣਾ ਸ਼ੁਰੂ ਕਰ ਦਿੰਦੀ ਹੈ। ਸਮਾਧੀ ਵਿਚ ਬੈਠ ਕੇ ਲੰਬੇ ਸਮੇਂ ਲਈ ਕੀਤੇ ਗਏ ਸਿਮਰਨ ਨਾਲ ਬਹੁਤ ਲਾਭ ਹੁੰਦਾ ਹੈ। ਜਿਨ੍ਹਾਂ ਮਨੁੱਖਾਂ ਦਾ ਸਿਮਰਨ ਸੁਰਤ ਵਿਚ ਚਲਾ ਜਾਂਦਾ ਹੈ ਉਨ੍ਹਾਂ ਮਨੁੱਖਾਂ ਦੀ ਸਮਾਧੀ ਲੱਗ ਜਾਂਦੀ ਹੈ। ਜਦ ਮਨੁੱਖ ਸਮਾਧੀ ਵਿਚ ਲੰਬੇ ਸਮੇਂ ਲਈ ਬੈਠਣ ਲੱਗ ਜਾਂਦਾ ਹੈ (੨ ਘੰਟੇ ਜਾਂ ਵੱਧ ਸਮੇਂ ਲਈ, ਜਿਤਨਾ ਜ਼ਿਆਦਾ ਲੰਬਾ ਸਮਾਂ ਹੋਵੇਗਾ ਉਤਨਾ ਹੀ ਜ਼ਿਆਦਾ ਸੁਰਤ ਉੱਪਰ ਉੱਠ ਜਾਵੇਗੀ) ਤਾਂ ਉਸਦੀ ਸੁਰਤ ਸੁੰਨ ਵਿਚ ਪਰਵੇਸ਼ ਕਰ ਜਾਂਦੀ ਹੈ ਜਿਸ ਨਾਲ ਉਸਨੂੰ ਸੁੰਨ ਸਮਾਧੀ ਦੀ ਅਵਸਥਾ ਦੀ ਪ੍ਰਾਪਤੀ ਹੋ ਜਾਂਦੀ ਹੈ। ਐਸਾ ਹੋਣ ਨਾਲ ਮਨੁੱਖ ਦੇ ਸਾਰੇ ਬੱਜਰ ਕਪਾਟ ਖੁੱਲ੍ਹ ਜਾਂਦੇ ਹਨ, ਸਤਿ ਸਰੋਵਰ ਪ੍ਰਕਾਸ਼ਮਾਨ ਹੋ ਜਾਂਦੇ ਹਨ ਅਤੇ ਸਿਮਰਨ ਰੋਮ-ਰੋਮ ਵਿਚ ਚਲਾ ਜਾਂਦਾ ਹੈ। ਸੁੰਨ ਸਮਾਧੀ ਵਿਚ ਮਨ ਪੂਰਨ ਸ਼ਾਂਤੀ ਵਿਚ ਚਲਾ ਜਾਂਦਾ ਹੈ। ਇਸ ਤਰ੍ਹਾਂ ਨਾਲ ਨਾਮ ਅਭਿਆਸ ਕਰਦੇ-ਕਰਦੇ ਮਨੁੱਖ ਦੀ ਸੁਰਤ ਸੁੰਨ ਮੰਡਲ ਵਿੱਚ ਸਹਿਜੇ ਹੀ ਟਿੱਕਣੀ ਸ਼ੁਰੂ ਹੋ ਜਾਂਦੀ ਹੈ। ਇਸੇ ਅਵਸਥਾ ਵਿਚ ਹੀ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਦਰਸ਼ਨ ਹੁੰਦੇ ਹਨ ਅਤੇ ਦਰਸ਼ਨ ਹੁੰਦੇ ਹੀ ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਇਹ ਸਾਰਾ ਖੇਲ ਗੁਰ ਪਰਸਾਦੀ ਹੈ ਅਤੇ ਇਹ ਸਾਰੀਆਂ ਪ੍ਰਾਪਤੀਆਂ ਗੁਰ ਪ੍ਰਸਾਦਿ ਨਾਲ ਹੀ ਹੁੰਦੀਆਂ ਹਨ। ਕੇਵਲ ਇਹ ਸਭ ਪ੍ਰਾਪਤ ਹੋਣ ਤੇ ਹੀ ਮਨੁੱਖ ਨੂੰ ਗੁਰਬਾਣੀ ਨੂੰ ਵਿਚਾਰਣ ਦੀ ਸ਼ਕਤੀ ਦੀ ਪ੍ਰਾਪਤੀ ਹੁੰਦੀ ਹੈ। ਐਸੀ ਅਵਸਥਾ ਵਿਚ ਪਹੁੰਚ ਕੇ ਹੀ ਮਨੁੱਖ ਗੁਰਬਾਣੀ ਦੇ ਪਰਮ ਸਤਿ ਨੂੰ ਸਮਝਣ ਦੀ ਅਤੇ ਵਿਚਾਰਣ ਦੀ ਸਮਰੱਥਾ ਪ੍ਰਾਪਤ ਕਰਦਾ ਹੈ। ਇਸ ਲਈ ਜੇ ਕਰ ਮਨੁੱਖ ਇਹ ਸਮਝੇ ਕਿ ਉਹ ਬਿਨਾਂ ਗੁਰ ਪ੍ਰਸਾਦਿ ਦੇ ਇਹ ਸਭ ਕੁਝ ਪ੍ਰਾਪਤ ਕਰ ਲਵੇਗਾ ਤਾਂ ਇਹ ਕੇਵਲ ਇੱਕ ਭਰਮ ਹੈ, ਸਤਿ ਨਹੀਂ ਹੈ। ਇਸ ਲਈ ਆਤਮਿਕ ਵਿਕਾਸ ਲਈ ਅਤੇ ਗੁਰਬਾਣੀ ਦਾ ਗਿਆਨ ਵਿਚਾਰਣ ਲਈ ਉੱਚੀ ਸੁੱਚੀ ਸੁਰਤ ਦੀ ਪ੍ਰਾਪਤੀ ਲਈ ਮਨੁੱਖ ਨੂੰ ਸਿਮਰਨ ਅਤੇ ਸੇਵਾ ਨਿਸ਼ਕਾਮ ਭਾਵ ਨਾਲ ਕਰਦੇ ਹੋਏ ਨਿੰਮਰਤਾਪੂਰਵਕ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਚਰਨਾਂ ਉੱਪਰ ਗੁਰ ਪ੍ਰਸਾਦਿ ਦੀ ਬਖ਼ਸ਼ਿਸ਼ ਲਈ ਨਿਰੰਤਰ ਅਰਦਾਸ ਕਰਨੀ ਚਾਹੀਦੀ ਹੈ।

            ਸੰਸਾਰ ਮਾਇਆ ਦਾ ਖੇਲ ਹੈ। ਸੰਸਾਰ ਨੂੰ ਇਸੇ ਕਰਕੇ ਭਵਸਾਗਰ ਵੀ ਕਿਹਾ ਗਿਆ ਹੈ। ਸੰਸਾਰ ਵਿਚ ਵਿਚਰਦੇ ਹੋਏ ਇੱਕ ਆਮ ਮਨੁੱਖ ਕੇਵਲ ਮਾਇਆ ਦੀ ਗੁਲਾਮੀ ਵਿਚ ਜੀਵਨ ਜੀਉਂਦਾ ਹੈ। ਭਾਵ ਮਨੁੱਖੀ ਮਨ ਨੂੰ ਚਲਾਉਣ ਵਾਲੇ ਪੰਜ ਦੂਤ ਹਨ (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ) ਅਤੇ ਤ੍ਰਿਸ਼ਨਾ ਹੈ। ਤ੍ਰਿਸ਼ਨਾ ਪੂਰੀ ਕਰਨ ਲਈ ਮਨੁੱਖ ਦਾ ਮਨ ਇਨ੍ਹਾਂ ਪੰਜ ਦੂਤਾਂ ਦੇ ਅਧੀਨ ਮਨੁੱਖ ਦੀਆਂ ਪੰਜੇ ਕਰਮ ਇੰਦਰੀਆਂ ਦੁਆਰਾ ਅਸਤਿ ਕਰਮ ਕਰਦਾ ਹੋਇਆ ਮਾਇਆ ਦੀ ਗੁਲਾਮੀ ਕਰਦਾ ਰਹਿੰਦਾ ਹੈ। ਇਸ ਲਈ ਮਨ ਨੂੰ ਜਿੱਤਣਾ ਹੀ ਮਾਇਆ ਨੂੰ ਜਿੱਤਣਾ ਹੈ। ਮਨ ਨੂੰ ਜਿੱਤਣਾ ਹੀ ਸਾਰੇ ਸੰਸਾਰ ਨੂੰ ਜਿੱਤਣਾ ਹੈ। ਪੰਜ ਦੂਤਾਂ ਅਤੇ ਤ੍ਰਿਸ਼ਨਾ ਦੇ ਚੁੰਗਲ ਵਿਚੋਂ ਨਿਕਲਣ ਦੀ ਜੁਗਤ ਮਨੁੱਖ ਦੇ ਹੱਥ ਵੱਸ ਨਹੀਂ ਹੈ। ਮਾਇਆ ਨੂੰ ਜਿੱਤਣ ਦੀ ਜੁਗਤ ਮਨੁੱਖ ਦੇ ਵੱਸ ਵਿਚ ਨਹੀਂ ਹੈ। ਪੰਜ ਦੂਤਾਂ ਅਤੇ ਤ੍ਰਿਸ਼ਨਾ ਉੱਪਰ ਕਾਬੂ ਪਾਉਣਾ ਮਨੁੱਖ ਦੇ ਵੱਸ ਵਿਚ ਨਹੀਂ ਹੈ। ਮਾਇਆ ਨੂੰ ਕੇਵਲ ਗੁਰ ਪ੍ਰਸਾਦਿ ਦੀ ਪਰਮ ਸ਼ਕਤੀ ਨਾਲ ਹੀ ਜਿੱਤਿਆ ਜਾ ਸਕਦਾ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਜਿਸ ਪਰਮ ਸ਼ਕਤੀ ਦੇ ਅਧੀਨ ਮਾਇਆ ਦੀਆਂ ਇਹ ਸ਼ਕਤੀਆਂ (ਪੰਜ ਦੂਤ ਅਤੇ ਤ੍ਰਿਸ਼ਨਾ) ਕੰਮ ਕਰਦੀਆਂ ਹਨ ਕੇਵਲ ਉਸ ਪਰਮ ਸ਼ਕਤੀ ਨਾਲ ਹੀ ਮਾਇਆ ਨੂੰ ਜਿੱਤਿਆ ਜਾ ਸਕਦਾ ਹੈ। ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿਚ ਅਭੇਦ ਹੋ ਕੇ ਹੀ ਮਾਇਆ ਨੂੰ ਜਿੱਤਿਆ ਜਾ ਸਕਦਾ ਹੈ; ਅਤੇ ਇਹ ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਗੁਰ ਪ੍ਰਸਾਦਿ ਦੀ ਪ੍ਰਾਪਤੀ ਨਾਲ ਹੀ ਸੰਭਵ ਹੁੰਦਾ ਹੈ। ਸੰਸਾਰ ਨੂੰ ਜਿੱਤਣ ਦੀ ਜਾਂ ਮਾਇਆ ਨੂੰ ਜਿੱਤਣ ਉੱਪਰ ਮਨੁੱਖ ਦਾ ਕੋਈ “ਜੋਰੁ” ਨਹੀਂ ਚੱਲਦਾ ਹੈ। ਇਹ ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ “ਜੋਰੁ” ਨਾਲ ਹੀ ਜਿੱਤਿਆ ਜਾ ਸਕਦਾ ਹੈ। ਇਸ ਲਈ ਜੋ ਮਨੁੱਖ ਇਹ ਸਮਝ ਕੇ ਬੰਦਗੀ ਕਰਦੇ ਹਨ ਕਿ ਉਹ ਮਾਇਆ ਨੂੰ ਹਰਾ ਲੈਣਗੇ ਉਹ ਮਨੁੱਖ ਭਰਮ ਵਿਚ ਹਨ ਅਤੇ ਹਉਮੈ ਵਿਚ ਹਨ। ਪਰੰਤੂ ਜੋ ਮਨੁੱਖ ਆਪਣਾ ਸੰਪੂਰਨ ਸਮਰਪਣ ਸਤਿਗੁਰ ਦੇ ਚਰਨਾਂ ਉੱਪਰ ਕਰ ਦਿੰਦੇ ਹਨ ਉਨ੍ਹਾਂ ਨੂੰ ਗੁਰ ਪ੍ਰਸਾਦਿ ਨਾਲ ਮਾਇਆ ਉੱਪਰ ਜਿੱਤ ਹਾਸਿਲ ਹੋ ਜਾਂਦੀ ਹੈ। ਇਸ ਲਈ ਸਾਰੇ ਧਰਮ ਕਰਮ ਕਰਦੇ ਹੋਏ, ਇਨ੍ਹਾਂ ਸਾਰੇ ਧਰਮ ਕਰਮਾਂ ਨੂੰ ਸਤਿ ਪਾਰਬ੍ਰਹਮ ਦੀ ਕਿਰਪਾ ਮੰਨਦੇ ਹੋਏ ਅਤੇ ਇਨ੍ਹਾਂ ਧਰਮ ਕਰਮਾਂ ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਚਰਨਾਂ ਉੱਪਰ ਸਮਰਪਣ ਕਰਦੇ ਹੋਏ ਗੁਰ ਪ੍ਰਸਾਦਿ ਦੀ ਪ੍ਰਾਪਤੀ ਲਈ ਅਰਦਾਸ ਕਰਦੇ ਰਹਿਣਾ ਚਾਹੀਦਾ ਹੈ। ਐਸਾ ਕਰਨ ਨਾਲ ਇੱਕ ਦਿਨ ਤੁਹਾਡੇ ਭਾਗ ਜ਼ਰੂਰ ਜਾਗ ਪੈਣਗੇ ਅਤੇ ਤੁਹਾਨੂੰ ਗੁਰ ਪ੍ਰਸਾਦਿ ਦੀ ਪ੍ਰਾਪਤੀ ਹੋ ਜਾਏਗੀ। ਤੁਹਾਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਗੁਰ ਪ੍ਰਸਾਦਿ ਦੇ ਸੋਮੇ (ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ) ਕੋਲ ਜ਼ਰੂਰ ਲੈ ਕੇ ਜਾਏਗਾ ਜਿਸ ਦੀ ਸੰਗਤ ਕਰਕੇ ਤੁਹਾਡੇ ਭਾਗ ਜਾਗ ਪੈਣਗੇ ਅਤੇ ਤੁਹਾਨੂੰ ਗੁਰ ਪ੍ਰਸਾਦਿ ਦੀ ਪ੍ਰਾਪਤੀ ਹੋ ਜਾਏਗੀ। ਇਹੀ ਜੁਗਤ ਹੈ ਮਾਇਆ ਨੂੰ ਜਿੱਤਣ ਦੀ ਅਤੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ “ਜੋਰੁ” ਦੀ ਪ੍ਰਾਪਤੀ ਦੀ ਜਿਸ ਨਾਲ ਮਨ ਨੂੰ ਅਤੇ ਸੰਸਾਰ ਨੂੰ ਵੀ ਜਿੱਤਿਆ ਜਾ ਸਕਦਾ ਹੈ। ਇਹ ਹੀ ਜੁਗਤ ਹੈ ਜਿਸ ਦੀ ਪ੍ਰਾਪਤੀ ਨਾਲ ਜਨਮ-ਮਰਣ ਦਾ ਚੱਕਰ ਮੁੱਕ ਜਾਂਦਾ ਹੈ ਅਤੇ ਮਨੁੱਖ ਜੀਵਨ ਮੁਕਤ ਹੋ ਜਾਂਦਾ ਹੈ।

            ਸਾਰਾ ਸੰਸਾਰ ਅਤੇ ਸ੍ਰਿਸ਼ਟੀ ਸਤਿ ਪਾਰਬ੍ਰਹਮ ਦੇ “ਜੋਰੁ” ਨਾਲ ਹੀ ਚੱਲਦੀ ਹੈ। ਭਾਵ ਸਾਰੀ ਸ੍ਰਿਸ਼ਟੀ ਦੀ ਰਚਨਾ, ਸੇਵਾ ਸੰਭਾਲਤਾ ਅਤੇ ਵਿਨਾਸ਼ ਕੇਵਲ ਸਤਿ ਪਾਰਬ੍ਰਹਮ ਦੀਆਂ ਪਰਮ ਸ਼ਕਤੀਆਂ ਦੇ ਨਾਲ ਹੀ ਚੱਲਦਾ ਹੈ। ਸਾਰੇ ਜੀਵਾਂ ਅਤੇ ਪ੍ਰਾਣੀਆਂ ਦਾ ਜਨਮ, ਮਰਣ ਅਤੇ ਰੋਜ਼ਾਨਾ ਜੀਵਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਬਣਾਏ ਗਏ ਦਰਗਾਹੀ ਵਿਧਾਨਾਂ ਅਨੁਸਾਰ ਹੀ ਚੱਲਦਾ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਬਣਾਏ ਗਏ ਦਰਗਾਹੀ ਵਿਧਾਨ ਹੀ ਮਨੁੱਖ ਦੇ ਜੀਵਨ ਵਿਚ ਸਭ ਕੁਝ ਵਾਪਰਨਾ ਕਰਦੇ ਹਨ। ਮਨੁੱਖ ਦਾ ਪ੍ਰਾਲਬਧ ਉਸਦੇ ਕਰਮਾਂ ਅਨੁਸਾਰ ਹੀ ਲਿਖਿਆ ਜਾਂਦਾ ਹੈ ਅਤੇ ਵਾਪਰਦਾ ਹੈ। ਇਸ ਲਈ ਮਨੁੱਖ ਦੇ ਹੱਥ ਵੱਸ ਵਿਚ ਕੁਝ ਵੀ ਨਹੀਂ ਹੈ। ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਪਰਮ ਸ਼ਕਤੀ ਹੀ ਪ੍ਰਧਾਨ ਹੈ ਅਤੇ ਕਰਤਾ ਦੇ ਰੂਪ ਵਿਚ ਸਭ ਕੁਝ ਕਰਦੀ ਅਤੇ ਵੇਖਦੀ ਹੈ। ਇਹ ਪਰਮ ਸ਼ਕਤੀ ਮਨੁੱਖ ਦੇ ਹਿਰਦੇ ਵਿਚ ਹੀ ਬੈਠੀ ਸਭ ਕੁਝ ਕਰਦੀ ਅਤੇ ਵੇਖਦੀ ਹੈ। ਇਸ ਲਈ ਮਨੁੱਖ ਦਾ ਕੋਈ ਵੀ ਮਾੜਾ ਜਾਂ ਚੰਗਾ ਕਰਮ ਇਸ ਪਰਮ ਸ਼ਕਤੀ ਦੀ ਦ੍ਰਿਸ਼ਟੀ ਤੋਂ ਨਹੀਂ ਬੱਚ ਸਕਦਾ ਹੈ। ਇਹ ਪਰਮ ਸ਼ਕਤੀ ਇੱਕ ਦ੍ਰਿਸ਼ਟ ਹੈ। ਇਸ ਪਰਮ ਸ਼ਕਤੀ ਵਾਸਤੇ ਕਿਸੇ ਵੀ ਪ੍ਰਾਣੀ ਵਾਸਤੇ ਕੋਈ ਭੇਦ-ਭਾਵ ਨਹੀਂ ਹੈ। ਮਨੁੱਖ ਦੇ ਕਰਮਾਂ ਅਨੁਸਾਰ ਇਸ ਪਰਮ ਸ਼ਕਤੀ ਦੀ ਕਿਰਪਾ ਜਾਂ ਪ੍ਰਕੋਪ ਸਮਾਨ ਰੂਪ ਵਿਚ ਹੀ ਵਾਪਰਦਾ ਹੈ। ਭਾਵੇਂ ਰਾਜਾ ਹੋਵੇ ਜਾਂ ਰੰਕ ਹੋਵੇ। ਇਸ ਪਰਮ ਸ਼ਕਤੀ ਦੀ ਦ੍ਰਿਸ਼ਟ ਵਿਚ ਦੋਵੇਂ ਹੀ ਸਮਾਨ ਹਨ। ਇਸੇ ਕਾਰਨ ਇਸ ਪਰਮ ਸ਼ਕਤੀ ਨੂੰ ਨਿਰਵੈਰ ਵੀ ਕਿਹਾ ਗਿਆ ਹੈ। ਇਸ ਪਰਮ ਸ਼ਕਤੀ ਦੀ ਕਿਰਪਾ ਸਾਰੇ ਪ੍ਰਾਣੀਆਂ ਲਈ ਇੱਕ ਸਾਰ, ਇੱਕ ਸਮਾਨ ਅਤੇ ਇੱਕ ਰਸ ਹੈ। ਜੋ ਪ੍ਰਾਣੀ ਕਰਮ ਦੇ ਵਿਧਾਨ ਅਨੁਸਾਰ ਸਤਿ ਕਰਮ ਕਰਦੇ ਹਨ ਉਨ੍ਹਾਂ ਨੂੰ ਇਸ ਪਰਮ ਸ਼ਕਤੀ ਦੀ ਕਿਰਪਾ ਗੁਰ ਪ੍ਰਸਾਦਿ ਦੇ ਰੂਪ ਵਿਚ ਪ੍ਰਾਪਤ ਹੁੰਦੀ ਹੈ ਅਤੇ ਜੋ ਮਨੁੱਖ ਅਸਤਿ ਕਰਮ ਕਰਦੇ ਹਨ ਉਨ੍ਹਾਂ ਨੂੰ ਇਸ ਪਰਮ ਸ਼ਕਤੀ ਦੇ ਪ੍ਰਕੋਪ ਦਾ ਸ਼ਿਕਾਰ ਹੋਣਾ ਪੈਂਦਾ ਹੈ। ਇਸ ਪਰਮ ਸ਼ਕਤੀ ਨੂੰ ਹੀ ਗੁਰਬਾਣੀ ਵਿਚ ਬਾਰ-ਬਾਰ ਗੁਰ ਪ੍ਰਸਾਦਿ ਅਤੇ ਹੁਕਮ ਕਿਹਾ ਗਿਆ ਹੈ। ਮੁੱਕਦੀ ਗੱਲ ਇਹ ਹੈ ਕਿ ਬੰਦੇ ਦਾ ਹੁਕਮ ਨਹੀਂ ਚੱਲਦਾ ਹੈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਹੁਕਮ ਵਿਚ ਹੀ ਸਭ ਕੁਝ ਵਾਪਰਦਾ ਹੈ।