ਜਪੁਜੀ ਪਉੜੀ ੩੨

ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ

 ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ

 ਏਤੁ ਰਾਹਿ ਪਤਿ ਪਵੜੀਆ ਚੜੀਐ ਹੋਇ ਇਕੀਸ

 ਸੁਣਿ ਗਲਾ ਆਕਾਸ ਕੀ ਕੀਟਾ ਆਈ ਰੀਸ

 ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ੩੨

 

      ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਸ਼ਾਹ ਜੀ ਬੇਅੰਤ ਦਿਆਲਤਾ ਦਾ ਸਦਕਾ ਸਾਰੀ ਲੋਕਾਈ ਨੂੰ ਇਹ ਪੂਰਨ ਬ੍ਰਹਮ ਗਿਆਨ ਦੇ ਕੇ ਨਿਵਾਜ ਰਹੇ ਹਨ ਕਿ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬੰਦਗੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਹੀ ਨਦਰ ਨਾਲ ਹੀ ਪ੍ਰਾਪਤ ਹੁੰਦੀ ਹੈ। ਨਦਰ ਤੋਂ ਭਾਵ ਹੈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਕਿਰਪਾ, ਦਿਆਲਤਾ, ਮਹਿਰਾਮਤ, ਕਰਮ ਅਤੇ ਗੁਰ ਪ੍ਰਸਾਦੀ ਹੈ। ਇਹ ਸਾਰੇ ਸ਼ਬਦ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬੇਅੰਤ ਮਹਿਮਾ ਦੇ ਪ੍ਰਤੀਕ ਹਨ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਨਦਰ ਉਹ ਪਰਮ ਸ਼ਕਤੀ ਹੈ ਜਿਸ ਵਿਚ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਆਪ ਪ੍ਰਗਟ ਹੁੰਦਾ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਇਸ ਪਰਮ ਸ਼ਕਤੀ ਦਾ ਮਨੁੱਖ ਦੇ ਭਾਗਾਂ ਵਿਚ ਬੰਦਗੀ ਦੇ ਰੂਪ ਵਿਚ ਪ੍ਰਗਟ ਹੋਣਾ ਇੱਕ ਗੁਰ ਪ੍ਰਸਾਦੀ ਖੇਲ ਹੈ। ਜਿਸ ਮਨੁੱਖ ਦੇ ਭਾਗ ਜਾਗ ਪੈਂਦੇ ਹਨ ਉਸ ਮਨੁੱਖ ਦੇ ਜੀਵਨ ਵਿਚ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਗੁਰਪ੍ਰਸਾਦਿ ਦੇ ਰੂਪ ਵਿਚ ਇਹ ਪਰਮ ਸ਼ਕਤੀ ਪ੍ਰਗਟ ਹੁੰਦੀ ਹੈ। ਐਸੇ ਮਨੁੱਖ ਨੂੰ ਸਤਿਨਾਮ ਦੀ ਗੁਰ ਪ੍ਰਸਾਦੀ ਦਾਤ ਪ੍ਰਾਪਤ ਹੁੰਦੀ ਹੈ। ਐਸੇ ਭਾਗਾਂ ਵਾਲੇ ਮਨੁੱਖ ਨੂੰ ਸਤਿਨਾਮ ਰੂਪ ਵਿਚ ਅੰਮ੍ਰਿਤ ਦੀ ਦਾਤ ਪ੍ਰਾਪਤ ਹੁੰਦੀ ਹੈ। ਐਸੇ ਵੱਡੇ ਭਾਗਾਂ ਵਾਲੇ ਮਨੁੱਖ ਨੂੰ ਸਤਿਨਾਮ ਸਿਮਰਨ ਦੀ ਦਾਤ ਪ੍ਰਾਪਤ ਹੁੰਦੀ ਹੈ। ਐਸੇ ਵਡਭਾਗੇ ਮਨੁੱਖ ਨੂੰ ਸਤਿਨਾਮ ਦੀ ਕਮਾਈ ਅਤੇ ਪੂਰਨ ਬੰਦਗੀ ਦੀ ਪਰਮ ਸ਼ਕਤੀਸ਼ਾਲੀ ਦਾਤ ਪ੍ਰਾਪਤ ਹੁੰਦੀ ਹੈ। ਸਾਰੀ ਗੁਰਬਾਣੀ ਵਿਚ ਗੁਰ ਪ੍ਰਸਾਦਿ ਦੀ ਪਰਮ ਸ਼ਕਤੀ ਦੀ ਬੇਅੰਤ ਮਹਿਮਾ ਨੂੰ ਬਾਰ-ਬਾਰ ਪ੍ਰਗਟ ਕੀਤਾ ਗਿਆ ਹੈ। ਸਾਰੀ ਗੁਰਬਾਣੀ ਵਿਚ ਇਸ ਗੁਰ ਪ੍ਰਸਾਦਿ ਦੇ ਇਸ ਪਰਮ ਸਤਿ ਤੱਤ ਨੂੰ ਸਤਿਗੁਰ ਅਵਤਾਰਾਂ ਨੇ ਆਪਣੀ ਬਾਣੀ ਵਿਚ ਬਹੁਤ ਸਲੋਕਾਂ ਵਿਚ ਪ੍ਰਗਟ ਕੀਤਾ ਹੈ ਜਿਨ੍ਹਾਂ ਵਿਚੋਂ ਕੁਝ ਸ਼ਬਦ ਪ੍ਰਮਾਣ ਵਜੋਂ ਇਹ ਹਨ :- 

 

ਗੁਰ ਪਰਸਾਦੀ ਹਉਮੈ ਜਾਏ ਨਾਨਕ ਨਾਮੁ ਵਸੈ ਮਨ ਅੰਤਰਿ ਦਰਿ ਸਚੈ ਸੋਭਾ ਪਾਵਣਿਆ

{ਪੰਨਾ ੧੧੪}

 

ਅੰਮ੍ਰਿਤੁ ਗੁਰ ਪਰਸਾਦੀ ਪਾਏ

(ਪੰਨਾ ੧੧੮)

 

ਗੁਰ ਪਰਸਾਦੀ ਸਹਜਿ ਲਿਵ ਲਾਏ

(ਪੰਨਾ ੧੧੯)

 

ਗੁਰ ਪਰਸਾਦੀ ਪਰਮ ਪਦੁ ਪਾਏ

(ਪੰਨਾ ੧੨੩)

 

ਨਾਮੁ ਅਮੋਲਕੁ ਗੁਰ ਪਰਸਾਦੀ ਪਾਇਆ

(ਪੰਨਾ ੧੨੪)

 

ਗੁਰ ਪਰਸਾਦੀ ਸਾਗਰੁ ਤਰਿਆ

(ਪੰਨਾ ੧੯੭)

 

ਗੁਰ ਪਰਸਾਦੀ ਭਵਜਲੁ ਤਰੈ

(ਪੰਨਾ ੩੬੪)

 

ਗੁਰ ਪਰਸਾਦੀ ਰਾਮੁ ਮਨਿ ਵਸੈ ਤਾ ਫਲੁ ਪਾਵੈ ਕੋਇ

(ਪੰਨਾ ੪੯੧)

 

ਗੁਰ ਪਰਸਾਦੀ ਜੀਵਤੁ ਮਰੈ ਉਲਟੀ ਹੋਵੈ ਮਤਿ ਬਦਲਾਹੁ

ਨਾਨਕ ਮੈਲੁ ਨ ਲਗਈ ਨਾ ਫਿਰਿ ਜੋਨੀ ਪਾਹੁ

{ਪੰਨਾ ੬੫੧}

 

ਗੁਰ ਪਰਸਾਦੀ ਏਕ ਲਿਵ ਲਾਗੀ ਦੁਬਿਧਾ ਤਦੇ ਬਿਨਾਸੀ

(ਪੰਨਾ ੯੯੩)

 

ਜਿਨ ਗੁਰ ਪਰਸਾਦੀ ਮਨੁ ਜੀਤਿਆ ਜਗੁ ਤਿਨਹਿ ਜਿਤਾਨਾ

{ਪੰਨਾ ੧੦੮੯}

 

ਗੁਰ ਪਰਸਾਦੀ ਕੋ ਵਿਰਲਾ ਬੂਝੈ ਸੋ ਜਨੁ ਮੁਕਤੁ ਸਦਾ ਹੋਇ

{ਪੰਨਾ ੧੨੮੩}

           

            ਗੁਰ ਪ੍ਰਸਾਦਿ ਦੀ ਪ੍ਰਾਪਤੀ ਨਾਲ ਹੀ ਮਨੁੱਖ ਦੀ ਹਉਮੈ ਦਾ ਨਾਸ਼ ਹੁੰਦਾ ਹੈ। ਅਤਿ ਦੀ ਨਿੰਮਰਤਾ ਅਤੇ ਹਿਰਦੇ ਵਿਚ ਗਰੀਬੀ ਦੀ ਕਮਾਈ ਹੀ ਦਰਗਾਹ ਦੀ ਕੁੰਜੀ ਹੈ। ਗਰੀਬੀ ਵੇਸ ਹਿਰਦੇ ਵਿਚ ਹੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਪੂਰਨ ਜੋਤ ਦਾ ਪ੍ਰਕਾਸ਼ ਪ੍ਰਗਟ ਹੁੰਦਾ ਹੈ। ਗੁਰ ਪ੍ਰਸਾਦਿ ਦੀ ਪਰਮ ਸ਼ਕਤੀ ਹੀ ਮਨੁੱਖ ਨੂੰ ਹਿਰਦੇ ਦੀ ਗਰੀਬੀ ਦੀ ਘੋਲ ਕਮਾਈ ਕਰਨ ਦੀ ਬਖ਼ਸ਼ਿਸ਼ ਕਰਦੀ ਹੈ ਅਤੇ ਮਨੁੱਖ ਨਿਰਮਾਣਤਾ ਦੇ ਇਸ ਪਰਮ ਸ਼ਕਤੀਸ਼ਾਲੀ ਗੁਣ ਨੂੰ ਆਪਣੇ ਹਿਰਦੇ ਵਿਚ ਧਾਰਣ ਕਰਦਾ ਹੈ। ਗੁਰ ਪ੍ਰਸਾਦਿ ਦੀ ਪਰਮ ਸ਼ਕਤੀਸ਼ਾਲੀ ਕਿਰਪਾ ਦਾ ਸਦਕਾ ਹਿਰਦੇ ਵਿਚ ਗਰੀਬੀ ਵੇਸ ਦੀ ਕਮਾਈ ਹੀ ਮਨੁੱਖ ਦੀ ਹਉਮੈ ਦਾ ਅੰਤ ਕਰਦੀ ਹੈ। ਹਉਮੈ ਦਾ ਅੰਤ ਹੀ ਜੀਵਨ ਮੁਕਤੀ ਦੀ ਪ੍ਰਾਪਤੀ ਹੈ। ਹਿਰਦੇ ਵਿਚ ਗਰੀਬੀ ਦੀ ਘੋਲ ਕਮਾਈ ਕਰਕੇ ਹਉਮੈ ਦਾ ਅੰਤ ਹੋ ਜਾਣਾ ਹੀ ਮਨੁੱਖ ਦਾ “ਜੀਵਤ ਮਰਣ” ਹੈ। ਹਉਮੈ ਦਾ ਅੰਤ ਹੋਣ ਤੇ ਹੀ ਮਨੁੱਖ ਦੇ ਵਿਚ ਅਤੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਵਿਚਕਾਰਲੀ ਵਿੱਥ ਖ਼ਤਮ ਹੋ ਜਾਂਦੀ ਹੈ ਅਤੇ ਮਨੁੱਖੀ ਰੂਹ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿਚ ਅਭੇਦ ਹੋ ਜਾਂਦੀ ਹੈ। ਹਉਮੈ ਦੇ ਅੰਤ ਨਾਲ ਹੀ ਮਨੁੱਖ ਦੀ ਮਨਮਤਿ ਦਾ ਅੰਤ ਹੋ ਜਾਂਦਾ ਹੈ ਅਤੇ ਗੁਰਮਤਿ ਦਾ ਪ੍ਰਕਾਸ਼ ਹੋ ਜਾਂਦਾ ਹੈ। ਪੂਰਨ ਬ੍ਰਹਮ ਗਿਆਨ ਅਤੇ ਪੂਰਨ ਤੱਤ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਲਈ ਹਉਮੈ ਮਨੁੱਖ ਦਾ ਸਭ ਤੋਂ ਵੱਡਾ ਅਤੇ ਸ਼ਕਤੀਸ਼ਾਲੀ ਸ਼ੱਤਰੂ ਹੈ ਜਿਸਨੂੰ ਕੇਵਲ ਨਿਰਮਾਣਤਾ ਦੇ ਪਰਮ ਸ਼ਕਤੀਸ਼ਾਲੀ ਦਰਗਾਹੀ ਅਸਤਰ ਨਾਮ ਦੁਆਰਾ ਹੀ ਪਰਾਜਿਤ ਕੀਤਾ ਜਾ ਸਕਦਾ ਹੈ। ਨਿਰਮਾਣਤਾ ਅਤੇ ਹਿਰਦੇ ਦੀ ਗਰੀਬੀ ਦਾ ਇਹ ਪਰਮ ਸ਼ਕਤੀਸ਼ਾਲੀ ਅਸਤਰ ਹੀ ਗੁਰ ਪ੍ਰਸਾਦਿ ਹੈ। ਭਾਵ ਮਨੁੱਖ ਦੇ ਆਪਣੇ ਜਤਨਾਂ ਨਾਲ ਕੁਝ ਨਹੀਂ ਹੁੰਦਾ ਹੈ। ਜੋ ਕੁਝ ਹੁੰਦਾ ਹੈ ਉਹ ਕੇਵਲ ਗੁਰ ਪ੍ਰਸਾਦੀ ਹੈ ਭਾਵ ਬੰਦਗੀ ਕੇਵਲ ਗੁਰ ਪ੍ਰਸਾਦਿ ਦੀ ਪਰਮ ਸ਼ਕਤੀ ਹੀ ਕਰਦੀ ਹੈ। 

            ਗੁਰ ਪ੍ਰਸਾਦਿ ਦੀ ਪ੍ਰਾਪਤੀ ਨਾਲ ਹੀ ਸਤਿਨਾਮ ਮਨ ਵਿਚ ਵੱਸਦਾ ਹੈ ਅਤੇ ਦਰਗਾਹ ਵਿਚ ਮਾਨ ਪ੍ਰਾਪਤ ਹੁੰਦਾ ਹੈ। ਗੁਰ ਪ੍ਰਸਾਦਿ ਦੇ ਨਾਲ ਹੀ ਸਤਿਨਾਮ ਅੰਮ੍ਰਿਤ ਦੀ ਪ੍ਰਾਪਤੀ ਹੁੰਦੀ ਹੈ। ਗੁਰ ਪ੍ਰਸਾਦਿ ਦੇ ਨਾਲ ਹੀ ਸਤਿਨਾਮ ਅੰਮ੍ਰਿਤ ਦੇ ਸਿਮਰਨ ਦੀ ਦਾਤ ਅਤੇ ਸਤਿਨਾਮ ਅੰਮ੍ਰਿਤ ਦੀ ਕਮਾਈ ਦੀ ਪ੍ਰਾਪਤੀ ਹੁੰਦੀ ਹੈ। ਗੁਰ ਪ੍ਰਸਾਦਿ ਦੀ ਪ੍ਰਾਪਤੀ ਨਾਲ ਹੀ ਮਨੁੱਖ ਦੇ ਮਨ ਦਾ ਅੰਤ ਹੋ ਜਾਂਦਾ ਹੈ ਭਾਵ ਮਨੁੱਖ ਦਾ ਮਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਪੂਰਨ ਜੋਤ ਨਾਲ ਪ੍ਰਕਾਸ਼ਮਾਨ ਹੋ ਜਾਂਦਾ ਹੈ ਅਤੇ ਮਨਮਤਿ, ਦੁਰਮਤਿ ਅਤੇ ਸੰਸਾਰਕ ਮਤਿ ਦਾ ਅੰਤ ਹੋ ਕੇ ਗੁਰਮਤਿ ਦਾ ਪ੍ਰਕਾਸ਼ ਹੋ ਜਾਂਦਾ ਹੈ। ਗੁਰ ਪ੍ਰਸਾਦਿ ਦੀ ਪ੍ਰਾਪਤੀ ਨਾਲ ਹੀ ਮਨੁੱਖ ਨੂੰ ਸਮਾਧੀ, ਸੁੰਨ ਸਮਾਧੀ ਅਤੇ ਅੰਤ ਵਿਚ ਸਹਿਜ ਸਮਾਧੀ ਦੀ ਪ੍ਰਾਪਤੀ ਹੁੰਦੀ ਹੈ। ਸਮਾਧੀ ਦੀ ਪ੍ਰਾਪਤੀ ਗੁਰ ਪ੍ਰਸਾਦਿ ਦੀ ਪ੍ਰਾਪਤੀ ਦੀ ਪਹਿਲੀ ਨਿਸ਼ਾਨੀ ਹੈ। ਜਿਸ ਮਨੁੱਖ ਦੇ ਅੰਦਰ ਸੁਰਤ ਵਿਚ ਨਾਮ ਚੱਲਣ ਲੱਗ ਪੈਂਦਾ ਹੈ ਅਤੇ ਜਿਸ ਮਨੁੱਖ ਦੀ ਸਤਿਨਾਮ ਵਿਚ ਲਿਵ ਲੱਗ ਜਾਂਦੀ ਹੈ ਅਤੇ ਅਜਪਾ ਜਾਪ ਸ਼ੁਰੂ ਹੋ ਜਾਂਦਾ ਹੈ ਉਸ ਨੂੰ ਗੁਰ ਪ੍ਰਸਾਦਿ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿਸ ਮਨੁੱਖ ਦੀ ਸੁਰਤ ਅਤੇ ਮਨ ਨਾਮ ਵਿਚ ਜੁੜ ਜਾਂਦੇ ਹਨ ਉਸ ਨੂੰ ਸਤਿਨਾਮ ਅੰਮ੍ਰਿਤ ਦੀ ਪ੍ਰਾਪਤੀ ਹੋ ਜਾਂਦੀ ਹੈ। ਜਦ ਐਸੇ ਮਨੁੱਖ ਲੰਬੇ ਸਮੇਂ ਲਈ ਸਤਿਨਾਮ ਅਭਿਆਸ ਕਰਦੇ ਹਨ ਤਾਂ ਉਨ੍ਹਾਂ ਦੀ ਸੁਰਤ ਸੁੰਨ ਵਿਚ ਚਲੀ ਜਾਂਦੀ ਹੈ ਅਤੇ ਉਸਨੂੰ ਸੁੰਨ ਸਮਾਧੀ ਦੀ ਪ੍ਰਾਪਤੀ ਹੋ ਜਾਂਦੀ ਹੈ। ਸੁੰਨ ਸਮਾਧੀ ਵਿਚ ਮਨੁੱਖ ਦਾ ਮਨ ਵਿਕਲਪ ਰਹਿਤ ਹੋ ਜਾਂਦਾ ਹੈ ਅਤੇ ਫੁਰਨਿਆਂ ਦਾ ਅੰਤ ਹੋ ਜਾਂਦਾ ਹੈ। ਮਨ ਪੂਰਨ ਵਿਸ਼ਰਾਮ ਵਿਚ ਚਲਾ ਜਾਂਦਾ ਹੈ। ਸਾਰੇ ਬੱਜਰ ਕਪਾਟ ਖੁੱਲ੍ਹ ਜਾਂਦੇ ਹਨ। ਸਾਰੇ ਸਤਿ ਸਰੋਵਰ ਪ੍ਰਕਾਸ਼ਮਾਨ ਹੋ ਜਾਂਦੇ ਹਨ। ਸਿਮਰਨ ਰੋਮ-ਰੋਮ ਵਿਚ ਚਲਾ ਜਾਂਦਾ ਹੈ। ਸਿਮਰਨ ਦੀ ਇਹ ਪਰਮ ਸ਼ਕਤੀਸ਼ਾਲੀ ਅਵਸਥਾ ਹੈ। ਇਸ ਤਰ੍ਹਾਂ ਸਤਿਨਾਮ ਅਭਿਆਸ ਕਰਦੇ ਹੋਏ ਸਤਿਨਾਮ ਧਨ ਇਕੱਤਰ ਕਰਦੇ-ਕਰਦੇ ਮਨੁੱਖ ਮਾਇਆ ਨੂੰ ਜਿੱਤ ਲੈਂਦਾ ਹੈ ਅਤੇ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਜਾ ਕੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿਚ ਸਦਾ-ਸਦਾ ਲਈ ਅਭੇਦ ਹੋ ਜਾਂਦਾ ਹੈ ਅਤੇ ਪਰਮ ਪੱਦਵੀ ਦੀ ਪ੍ਰਾਪਤੀ ਕਰ ਲੈਂਦਾ ਹੈ। ਪਰਮ ਪੱਦਵੀ ਅਟੱਲ ਅਵਸਥਾ ਹੈ। ਪਰਮ ਪੱਦਵੀ ਸਹਿਜ ਸਮਾਧੀ ਹੈ। ਸਹਿਜ ਸਮਾਧੀ ੨੪ ਘੰਟੇ ਦਿਨ ਰਾਤ ਸਦਾ-ਸਦਾ ਦੀ ਸਮਾਧੀ ਦੀ ਅਵਸਥਾ ਹੈ।

            ਇਸ ਤਰ੍ਹਾਂ ਮਨੁੱਖ ਦੇ ਅੰਦਰ ਮਨੁੱਖ ਦੀ ਰੂਹ ਅਤੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਵਿਚਕਾਰ ਖੜ੍ਹੀਹੋਈ ਕੂੜ੍ਹ ਦੀ ਕੰਧ ਕੇਵਲ ਗੁਰ ਪ੍ਰਸਾਦਿ ਨਾਲ ਹੀ ਢਹਿੰਦੀ ਹੈ। ਕੂੜ੍ਹ ਦੀ ਕੰਧ ਹੈ ਮਾਇਆ ਮੋਹ ਦਾ ਪਸਾਰਾ ਜਿਸਨੇ ਮਨੁੱਖ ਦੇ ਅੰਦਰ ਆਪਣਾ ਘਰ ਬਣਾ ਕੇ ਮਨੁੱਖ ਨੂੰ ਮਾਇਆ ਦਾ ਗੁਲਾਮ ਬਣਾ ਕੇ ਰੱਖ ਦਿੱਤਾ ਹੈ। ਇੱਕ ਆਮ ਮਨੁੱਖ ਦੇ ਹਿਰਦੇ ਉੱਪਰ ਮਾਇਆ ਦਾ ਰਾਜ ਹੈ। ਮਨੁੱਖ ਦੇ ਸਾਰੇ ਕਰਮ ਮਾਇਆ ਦੀ ਗੁਲਾਮੀ ਵਿਚ ਹੁੰਦੇ ਹਨ। ਭਾਵ ਮਨੁੱਖ ਦੇ ਰੋਜ਼ਾਨਾ ਜੀਵਨ ਵਿਚ ਕੀਤੇ ਗਏ ਸਾਰੇ ਕਰਮ ਮਾਇਆ ਦੇ ਅਧੀਨ ਹੀ ਕੀਤੇ ਜਾਂਦੇ ਹਨ। ਮਨੁੱਖ ਦੇ ਰੋਜ਼ਾਨਾ ਜੀਵਨ ਵਿਚ ਕੀਤੇ ਗਏ ਸਾਰੇ ਕਰਮ ਮਾਇਆ ਦੀਆਂ ਤਿੰਨ ਸ਼ਕਤੀਆਂ ਦੇ ਅਧੀਨ ਕੀਤੇ ਜਾਂਦੇ ਹਨ :-

 

•        ਤਮੋ ਗੁਣ : ਜੋ ਕਿ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਹੈ;

•        ਰਜੋ ਗੁਣ : ਜੋ ਕਿ ਆਸਾ, ਮਨਸ਼ਾ ਅਤੇ ਤ੍ਰਿਸ਼ਨਾ ਹੈ ਅਤੇ

•        ਸਤੋ ਗੁਣ : ਜੋ ਕਿ ਦਇਆ, ਧਰਮ, ਸੰਤੋਖ, ਸੰਜਮ ਹੈ।

 

            ਤ੍ਰਿਹ ਗੁਣ ਮਾਇਆ ਹੀ ਕੂੜ੍ਹ ਦੀ ਕੰਧ ਹੈ। ਰਜੋ ਅਤੇ ਤਮੋ ਬਿਰਤੀ ਅਧੀਨ ਕੀਤੇ ਗਏ ਕਰਮ ਅਸਤਿ ਕਰਮ ਹੁੰਦੇ ਹਨ ਅਤੇ ਇਹ ਕਰਮ ਕੂੜ੍ਹ ਦੀ ਕੰਧ ਨੂੰ ਹੋਰ ਮਜ਼ਬੂਤ ਕਰਨ ਦਾ ਕੰਮ ਕਰਦੇ ਹਨ। ਸਤੋ ਬਿਰਤੀ ਅਧੀਨ ਕੀਤੇ ਗਏ ਕਰਮ ਸਤਿ ਕਰਮ ਹੁੰਦੇ ਹਨ ਅਤੇ ਮਨੁੱਖ ਨੂੰ ਗੁਰਪ੍ਰਸਾਦਿ ਦੀ ਪ੍ਰਾਪਤੀ ਵੱਲ ਨੂੰ ਤੌਰਦੇ ਹਨ। ਜੋ ਮਨੁੱਖ ਸਤੋ ਬਿਰਤੀ ਉੱਪਰ ਆਪਣਾ ਧਿਆਨ ਕੇਂਦਰਿਤ ਕਰਕੇ ਰੱਖਦੇ ਹਨ ਉਨ੍ਹਾਂ ਉੱਪਰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਕਿਰਪਾ ਜ਼ਰੂਰ ਹੋ ਜਾਂਦੀ ਹੈ ਅਤੇ ਇਸ ਗੁਰਕਿਰਪਾ ਦਾ ਸਦਕਾ ਉਨ੍ਹਾਂ ਨੂੰ ਗੁਰ ਪ੍ਰਸਾਦਿ ਦੀ ਪ੍ਰਾਪਤੀ ਹੋ ਜਾਂਦੀ ਹੈ। ਜੋ ਮਨੁੱਖ ਰਜੋ ਅਤੇ ਤਮੋ ਬਿਰਤੀ ਵਿਚ ਫੱਸੇ ਰਹਿੰਦੇ ਹਨ ਉਨ੍ਹਾਂ ਦਾ ਮਾਇਆ ਦੀ ਗੁਲਾਮੀ ਵਿਚ ਜੀਵਨ ਨੱਸ਼ਟ ਹੋ ਜਾਂਦਾ ਹੈ। ਮਾਇਆ ਦੀ ਗੁਲਾਮੀ (ਰਜੋ ਅਤੇ ਤਮੋ ਬਿਰਤੀ) ਵਿਚ ਜੀਵਨ ਝੂਠੇ ਕਰਮਾਂ ਵਿਚ ਉਲਝ ਕੇ ਤਬਾਹ ਹੋ ਜਾਂਦਾ ਹੈ। ਜਿਨ੍ਹਾਂ ਮਨੁੱਖਾਂ ਉੱਪਰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਕਿਰਪਾ ਵਰਤਦੀ ਹੈ ਉਨ੍ਹਾਂ ਨੂੰ ਸਤੋ ਬਿਰਤੀ ਵਿਚ ਜੀਵਨ ਜੀਉਣ ਦੀ ਸੋਝੀ ਪੈ ਜਾਂਦੀ ਹੈ ਅਤੇ ਉਹ ਮਨੁੱਖ ਆਪਣਾ ਧਿਆਨ ਸਤਿ ਕਰਮਾਂ ਉੱਪਰ ਕੇਂਦਰਿਤ ਕਰ ਦਿੰਦੇ ਹਨ। ਸਤਿ ਕਰਮਾਂ ਦੀ ਕਮਾਈ ਕਰਦੇ ਹੋਏ ਉਹ ਗੁਰਪ੍ਰਸਾਦਿ ਦੀ ਪ੍ਰਾਪਤੀ ਕਰਕੇ ਆਪਣਾ ਜੀਵਨ ਸਫਲ ਕਰ ਲੈਂਦੇ ਹਨ। ਕਿਉਂਕਿ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਹੈ ਇਸ ਲਈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਪ੍ਰਾਪਤੀ ਵੀ ਮਾਇਆ ਨੂੰ ਜਿੱਤ ਕੇ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਜਾ ਕੇ ਹੀ ਹੁੰਦੀ ਹੈ। ਤ੍ਰਿਹ ਗੁਣ ਮਾਇਆ ਨੂੰ ਜਿੱਤਣਾ ਹੀ ਮਨ ਉੱਪਰ ਜਿੱਤ ਪ੍ਰਾਪਤ ਕਰਨਾ ਹੈ। ਕਿਉਂਕਿ ਸਾਰਾ ਜਗਤ ਮਾਇਆ ਦੇ ਅਧੀਨ ਹੈ ਭਾਵ ਕਿ ਸਾਰੇ ਜਗਤ ਉੱਪਰ ਮਾਇਆ ਦਾ ਰਾਜ ਹੈ ਇਸ ਲਈ ਜੋ ਮਨੁੱਖ ਮਾਇਆ ਨੂੰ ਜਿੱਤ ਲੈਂਦਾ ਹੈ ਉਹ ਸਾਰੇ ਜਗਤ ਨੂੰ ਜਿੱਤ ਲੈਂਦਾ ਹੈ। ਮਨ ਨੂੰ ਜਿੱਤਣਾ ਮਾਇਆ ਨੂੰ ਜਿੱਤਣਾ ਹੈ ਜੋ ਕਿ ਕੇਵਲ ਗੁਰ ਪ੍ਰਸਾਦਿ ਦੀ ਪ੍ਰਾਪਤੀ ਨਾਲ ਹੀ ਹੁੰਦਾ ਹੈ।

            ਇਸ ਲਈ ਗੁਰ ਪ੍ਰਸਾਦਿ ਦੀ ਪਰਮ ਸ਼ਕਤੀ ਦੀ ਮਹਿਮਾ ਨੂੰ ਸਮਝਣਾ ਅਤਿਅੰਤ ਜ਼ਰੂਰੀ ਹੈ। ਇਸੇ ਕਰਕੇ ਸਤਿਗੁਰ ਅਵਤਾਰ ਧੰਨ ਧੰਨ ਨਾਨਕ ਪਾਤਸ਼ਾਹ ਜੀ ਨੇ ਗੁਰ ਪ੍ਰਸਾਦਿ ਦੀ ਮਹਿਮਾ ਮੂਲ ਮੰਤਰ ਵਿਚ ਹੀ ਪ੍ਰਗਟ ਕਰ ਦਿੱਤੀ ਹੈ :-

 

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ

(ਪੰਨਾ ੧)

 

            ਗੁਰਬਾਣੀ ਵਿਚ ਮੂਲ ਮੰਤਰ ਕੇਵਲ ਗੁਰਬਾਣੀ ਦੇ ਸ਼ੁਰੂ ਵਿਚ ਹੀ ਨਹੀਂ ਪ੍ਰਗਟ ਕੀਤਾ ਗਿਆ ਹੈ। ਬਲਕਿ ਇਹ ਪਰਮ ਸ਼ਕਤੀਸ਼ਾਲੀ ਮੂਲ ਮੰਤਰ ਨੂੰ ਬਾਰ-ਬਾਰ ਪ੍ਰਗਟ ਕੀਤਾ ਗਿਆ ਹੈ। ਕੇਵਲ ਇਤਨਾ ਹੀ ਨਹੀਂ ਗੁਰਬਾਣੀ ਵਿਚ “ਗੁਰ ਪ੍ਰਸਾਦਿ” ਦੇ ਪਰਮ ਸ਼ਕਤੀਸ਼ਾਲੀ ਸ਼ਬਦ ਨੂੰ ਵੀ ਬਾਰ-ਬਾਰ ਦ੍ਰਿੜ੍ਹ ਕੀਤਾ ਗਿਆ ਹੈ। ਐਸਾ ਇਸੇ ਲਈ ਕੀਤਾ ਗਿਆ ਹੈ ਕਿ ਸਾਰੀ ਗੁਰਬਾਣੀ ਮੂਲ ਮੰਤਰ ਦੀ ਮਹਿਮਾ ਹੈ। ਗੁਰ ਪ੍ਰਸਾਦਿ ਸਾਰੀ ਬੰਦਗੀ ਦਾ ਆਧਾਰ ਹੈ। ਬਿਨਾਂ ਗੁਰ ਪ੍ਰਸਾਦਿ ਦੇ ਬੰਦਗੀ ਨਹੀਂ ਹੋ ਸਕਦੀ ਹੈ। ਬਗੈਰ ਗੁਰ ਪ੍ਰਸਾਦਿ ਦੇ ਨਾ ਹੀ ਮੂਲ ਮੰਤਰ ਦੀ ਮਹਿਮਾ ਸਮਝ ਪੈਂਦੀ ਹੈ ਅਤੇ ਨਾ ਹੀ ਮੂਲ ਮੰਤਰ ਦੀ ਪ੍ਰਾਪਤੀ ਹੋ ਸਕਦੀ ਹੈ। ਇਸੇ ਲਈ ਧੰਨ ਧੰਨ ਸਤਿਗੁਰ ਅਵਤਾਰਾਂ ਨੇ ਗੁਰਬਾਣੀ ਵਿਚ ਬਾਰ-ਬਾਰ ਮੂਲ ਮੰਤਰ ਨੂੰ ਦ੍ਰਿੜ੍ਹ ਕਰਵਾਇਆ ਹੈ ਅਤੇ ਇਸਦੇ ਨਾਲ-ਨਾਲ ਹੀ “ਗੁਰ ਪ੍ਰਸਾਦਿ” ਨੂੰ ਬਾਰ-ਬਾਰ ਦ੍ਰਿੜ੍ਹ ਕਰਵਾਇਆ ਹੈ ਤਾਂ ਜੋ ਜਿਗਿਆਸੂ ਨੂੰ ਗੁਰਬਾਣੀ ਪੜ੍ਹਣ ਨਾਲ ਇਨ੍ਹਾਂ ਪਰਮ ਸ਼ਕਤੀਸ਼ਾਲੀ ਸ਼ਬਦਾਂ ਦੀ ਸਮਝ ਸੋਝੀ ਪੈ ਜਾਵੇ ਜਿਸਦੇ ਨਾਲ ਜਿਗਿਆਸੂ ਨੂੰ ਬੰਦਗੀ ਦੇ ਗੁਰ ਪ੍ਰਸਾਦਿ ਦੀ ਪ੍ਰਾਪਤੀ ਹੋ ਸਕੇ। ਇਸ ਲਈ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸਾਰੀ ਗੁਰਬਾਣੀ ਮੂਲ ਮੰਤਰ ਦੀ ਮਹਿਮਾ ਹੈ ਅਤੇ ਗੁਰ ਪ੍ਰਸਾਦਿ ਦੀ ਮਹਿਮਾ ਹੀ ਹੈ।

            ਸਤਿ ਸੰਗਤ ਦੇ ਚਰਨਾਂ ਵਿਚ ਬੇਨਤੀ ਹੈ ਕਿ ਗੁਰ ਪ੍ਰਸਾਦਿ ਦੀ ਮਹਿਮਾ ਵਿਸਥਾਰ ਵਿਚ ਜਾਣਨ ਲਈ ਮੂਲ ਮੰਤਰ ਦੀ ਮਹਿਮਾ ਵਿਚ ਵਿਚਾਰੀ ਗਈ ਗੁਰ ਪ੍ਰਸਾਦੀ ਕਥਾ ਨੂੰ ਫਿਰ ਪੜ੍ਹੋ। ਉੱਪਰ ਬਿਆਨ ਕੀਤੇ ਗਏ ਪ੍ਰਮਾਣਾਂ ਅਨੁਸਾਰ ਬੰਦਗੀ ਦੀ ਪ੍ਰਾਪਤੀ ਕੇਵਲ ਗੁਰ ਪ੍ਰਸਾਦਿ ਨਾਲ ਹੀ ਹੁੰਦੀ ਹੈ। ਇਸੇ ਲਈ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਸ਼ਾਹ ਜੀ ਫੁਰਮਾਨ ਕਰ ਰਹੇ ਹਨ ਕਿ ਜੇ ਕਰ ਮਨੁੱਖ ਦੀ ਇੱਕ ਜੀਭ ਤੋਂ ਇੱਕ ਲੱਖ ਜੀਭਾਂ ਵੀ ਹੋ ਜਾਣ, ਫਿਰ ਇੱਕ ਲੱਖ ਜੀਭਾਂ ਤੋਂ ਵੀਹ (੨੦) ਲੱਖ ਜੀਭਾਂ ਵੀ ਹੋ ਜਾਣ ਅਤੇ ਇਨ੍ਹਾਂ ਵੀਹ ਲੱਖ ਜੀਭਾਂ ਨਾਲ ਲੱਖ-ਲੱਖ ਵਾਰੀ ਵੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਨਾਮ ਲਿਆ ਜਾਵੇ ਤਾਂ ਵੀ ਮਨੁੱਖ ਦੇ ਅੰਦਰ ਖੜ੍ਹੀ ਹੋਈ ਕੂੜ੍ਹ ਦੀ ਕੰਧ ਨਹੀਂ ਢਹਿੰਦੀ ਹੈ। ਭਾਵ ਇਹ ਹੈ ਕਿ ਜੇ ਕਰ ਕੂੜ੍ਹ ਨਾਲ ਭਰਪੂਰ ਮਨੁੱਖ ਇਹ ਸੋਚਦਾ ਹੈ ਕਿ ਮੈਂ ਆਪਣਾ ਉੱਧਮ ਕਰਕੇ ਇਸ ਤਰ੍ਹਾਂ ਨਾਮ ਸਿਮਰਨ ਕਰ-ਕਰ ਕੇ ਅਤੇ ਨਿਤਨੇਮ ਕਰਕੇ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਦੀ ਪ੍ਰਾਪਤੀ ਕਰ ਲਵਾਂਗਾ ਤਾਂ ਇਹ ਕੇਵਲ ਅਹੰਕਾਰ ਮਾਤਰ ਹੀ ਹੈ। ਮਾਇਆ ਦੀ ਗੁਲਾਮੀ ਕਰਦਾ ਹੋਇਆ ਮਨੁੱਖ ਜੇ ਕਰ ਇਹ ਸੋਚੇ ਕਿ ਉਹ ਸਿਮਰਨ ਕਰ-ਕਰ ਕੇ ਹਉਮੈ ਦਾ ਨਾਸ਼ ਕਰ ਲਵੇਗਾ ਤਾਂ ਇਹ ਇੱਕ ਕੇਵਲ ਭਰਮ ਮਾਤਰ ਹੀ ਹੈ। ਹਾਂ ਸਿਮਰਨ ਕਰਨਾ ਇੱਕ ਸਤਿ ਕਰਮ ਜ਼ਰੂਰ ਹੈ, ਸਿਮਰਨ ਕਰਨਾ ਇੱਕ ਅਤਿਅੰਤ ਸੁੰਦਰ ਅਤੇ ਉੱਚਾ ਧਰਮ ਕਰਮ ਜ਼ਰੂਰ ਹੈ ਪਰੰਤੂ ਜੇ ਸਿਮਰਨ ਕਰਦਾ ਹੋਇਆ ਮਨੁੱਖ ਇਹ ਸੋਚੇ ਕਿ ਉਹ ਐਸਾ ਕਰ-ਕਰ ਕੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਦਰਸ਼ਨ ਪ੍ਰਾਪਤ ਕਰ ਲਵੇਗਾ ਤਾਂ ਇਹ ਕੇਵਲ ਇੱਕ ਭਰਮ ਹੀ ਹੈ। ਇਸੇ ਲਈ ਬਹੁਤ ਸਾਰੇ ਮਾਈ ਭਾਈ ਐਸੇ ਹੋਣਗੇ ਜੋ ਕਿ ਸਿਮਰਨ ਬਹੁਤ ਕਰਦੇ ਹਨ ਪਰੰਤੂ ਉਨ੍ਹਾਂ ਨੂੰ ਕੋਈ ਪ੍ਰਾਪਤੀ ਨਹੀਂ ਹੁੰਦੀ ਹੈ। ਕਿਉਂਕਿ ਬੰਦਗੀ ਦੀ ਪ੍ਰਾਪਤੀ ਇੱਕ ਗੁਰ ਪ੍ਰਸਾਦੀ ਖੇਲ ਹੈ ਅਤੇ ਗੁਰ ਪ੍ਰਸਾਦਿ ਦੀ ਪ੍ਰਾਪਤੀ ਤੋਂ ਬਿਨਾਂ ਬੰਦਗੀ ਅੱਗੇ ਨਹੀਂ ਵੱਧਦੀ ਹੈ। ਪਰੰਤੂ ਇਸਦਾ ਇਹ ਭਾਵ ਨਹੀਂ ਹੈ ਕਿ ਜੋ ਮਾਈ ਭਾਈ ਸਿਮਰਨ ਕਰਦੇ ਹਨ ਉਨ੍ਹਾਂ ਨੂੰ ਸਿਮਰਨ ਕਰਨਾ ਛੱਡ ਦੇਣਾ ਚਾਹੀਦਾ ਹੈ। ਬਲਕਿ ਉਨ੍ਹਾਂ ਨੂੰ ਆਪਣਾ ਸਿਮਰਨ ਵਧਾ ਕੇ ਬਾਰ-ਬਾਰ ਗੁਰ ਪ੍ਰਸਾਦਿ ਦੀ ਪ੍ਰਾਪਤੀ ਲਈ ਅਰਦਾਸ ਕਰਨੀ ਚਾਹੀਦੀ ਹੈ। ਇਹ ਅਰਦਾਸ ਕਰਨੀ ਚਾਹੀਦੀ ਹੈ ਕਿ ਉਨ੍ਹਾਂ ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਇਹ ਸਮਰੱਥਾ ਦੀ ਬਖ਼ਸ਼ਿਸ਼ ਕਰਨ ਕਿ ਉਹ ਆਪਣਾ ਆਪਾ ਸਤਿਗੁਰ ਦੇ ਚਰਨਾਂ ਵਿਚ ਅਰਪਣ ਕਰਨ ਦੇ ਯੋਗ ਹੋ ਜਾਣ। ਜੋ ਵੀ ਸਿਮਰਨ ਕੀਤਾ ਜਾਏ ਉਹ ਸਤਿਗੁਰ ਦੇ ਚਰਨਾਂ ਉੱਪਰ ਅਰਪਣ ਕਰਕੇ ਇਹ ਕਹਿਣ ਕਿ ਉਨ੍ਹਾਂ ਦੀ ਕੁਝ ਕਰਨ ਦੀ ਸਮਰੱਥਾ ਨਹੀਂ ਹੈ ਅਤੇ ਸਾਰਾ ਸਿਮਰਨ ਸਤਿਗੁਰ ਦੇ ਚਰਨਾਂ ਉੱਪਰ ਅਰਪਣ ਕਰ ਦੇਣ। ਸਿਮਰਨ ਸਤਿਗੁਰ ਦੀ ਉਪਮਾ ਹੈ। ਸਿਮਰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਉਪਮਾ ਹੈ। ਇਸ ਲਈ ਸਤਿਗੁਰੂ ਦੀ ਉਪਮਾ ਸਤਿਗੁਰ ਦੇ ਚਰਨਾਂ ਉੱਪਰ ਅਰਪਣ ਕਰ ਦੇਣ। ਸਿਮਰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਉਪਮਾ ਹੈ ਇਸ ਲਈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਉਪਮਾ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਚਰਨਾਂ ਉੱਪਰ ਅਰਪਣ ਕਰ ਦੇਣ।

            ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਗੁਰ ਪ੍ਰਸਾਦਿ ਨਾਲ ਹੀ ਪ੍ਰਾਪਤ ਹੁੰਦੀ ਹੈ। ਸਤਿ ਕਰਮ ਕਰਦੇ ਹੋਏ ਜਿਗਿਆਸੂ ਨੂੰ ਆਪਣਾ ਆਪਾ ਅਰਪਣ ਕਰਕੇ ਹੀ ਗੁਰ ਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਜੋ ਮਨੁੱਖ ਬੰਦਗੀ ਕਰਦੇ ਹੋਏ ਆਪਣਾ ਸੰਪੂਰਨ ਆਪਾ ਸਤਿਗੁਰ ਦੇ ਚਰਨਾਂ ਉੱਪਰ ਅਰਪਣ ਕਰ ਦਿੰਦੇ ਹਨ ਕੇਵਲ ਉਨ੍ਹਾਂ ਨੂੰ ਹੀ ਗੁਰ ਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਆਪਾ ਅਰਪਣ ਕਰਨ ਤੋਂ ਭਾਵ ਹੈ ਤਨ, ਮਨ ਅਤੇ ਧਨ ਸਤਿਗੁਰ ਦੇ ਚਰਨਾਂ ਉੱਪਰ ਅਰਪਣ ਕਰ ਦੇਣਾ ਹੈ। ਤਨ ਅਰਪਣ ਕਰਕੇ ਸੇਵਾ ਸਿਮਰਨ ਕਰਨਾ, ਮਨ ਅਰਪਣ ਕਰਕੇ ਸਤਿਗੁਰ ਦੇ ਸਤਿ ਬਚਨਾਂ ਦੀ ਕਮਾਈ ਕਰਨੀ ਅਤੇ ਗੁਰਮਤਿ ਨੂੰ ਧਾਰਣ ਕਰਨਾ ਅਤੇ ਧਨ ਅਰਪਣ ਕਰਕੇ ਕਮਾਈ ਦਾ ਦਸਵੰਧ ਸਤਿਗੁਰ ਦੇ ਚਰਨਾਂ ਉੱਪਰ ਭੇਟ ਕਰਨਾ। ਪੂਰਨ ਬੰਦਗੀ ਦੇ ਗੁਰ ਪ੍ਰਸਾਦਿ ਦੀ ਪ੍ਰਾਪਤੀ ਕਰਨ ਦਾ ਇਹ ਹੀ ਰਹੱਸ ਹੈ ਕਿ ਸਤਿਗੁਰ ਦੇ ਚਰਨਾਂ ਉੱਪਰ ਪੂਰਨ ਸਮਰਪਣ ਕਰ ਦੇਣਾ। ਸੱਚਖੰਡ ਦੇ ਮਾਰਗ ਉੱਪਰ ਚੜ੍ਹਣ ਵਾਲੀ ਪਉੜੀ ਕੇਵਲ ਸਤਿਗੁਰ ਦੇ ਚਰਨਾਂ ਉੱਪਰ ਪੂਰਨ ਆਪਾ ਸਮਰਪਣ ਕਰਕੇ ਹੀ ਚੜ੍ਹਿਆ ਜਾ ਸਕਦਾ ਹੈ। ਸਤਿਗੁਰ ਦੇ ਚਰਨਾਂ ਉੱਪਰ ਤਨ, ਮਨ ਅਤੇ ਧਨ ਅਰਪਣ ਕੀਤੇ ਬਿਨਾਂ ਜੋ ਵੀ ਧਰਮ ਕਰਮ ਕਰੀ ਜਾਈਏ, ਜਿਤਨਾ ਵੀ ਮਰਜ਼ੀ ਗੁਰਬਾਣੀ ਦਾ ਪਾਠ ਕਰੀ ਜਾਈਏ, ਜਿਤਨਾ ਵੀ ਮਰਜ਼ੀ ਸਿਮਰਨ ਵੀ ਕਰੀ ਜਾਈਏ, ਗੁਰ ਪ੍ਰਸਾਦਿ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈ। ਗੁਰਬਾਣੀ ਪੜ੍ਹਣਾ ਅਤੇ ਸਿਮਰਨ ਕਰਨਾ ਸਤਿ ਕਰਮ ਹਨ ਇਸ ਲਈ ਇਹ ਸਤਿ ਕਰਮ ਗੁਰ ਪ੍ਰਸਾਦਿ ਦੀ ਪ੍ਰਾਪਤੀ ਵਿਚ ਸਹਾਇਕ ਸਿੱਧ ਜ਼ਰੂਰ ਹੁੰਦੇ ਹਨ ਪਰੰਤੂ ਗੁਰ ਪ੍ਰਸਾਦਿ ਦੀ ਪ੍ਰਾਪਤੀ ਸਤਿਗੁਰ ਦੇ ਚਰਨਾਂ ਉੱਪਰ ਸੰਪੂਰਨ ਸਮਰਪਣ ਨਾਲ ਹੀ ਹੁੰਦੀ ਹੈ। ਜਿਵੇਂ ਕੋਈ ਕੀੜੀ ਕੇਵਲ ਆਕਾਸ਼ ਦੀਆਂ ਗੱਲਾਂ ਸੁਣਨ ਨਾਲ ਆਕਾਸ਼ ਵਿਚ ਨਹੀਂ ਵਿਚਰ ਸਕਦੀ ਹੈ ਠੀਕ ਇਸੇ ਤਰ੍ਹਾਂ ਨਾਲ ਮਨਮਤਿ ਅਤੇ ਸੰਸਾਰਕ ਮਤਿ ਧਾਰਣ ਕਰਦੇ ਹੋਏ ਅਧੂਰੇ ਪ੍ਰਚਾਰਕਾਂ ਦੇ ਬਚਨਾਂ ਨੂੰ ਸੁਣਨ ਨਾਲ ਜਾਂ ਕਰਨ ਨਾਲ ਗੁਰ ਪ੍ਰਸਾਦਿ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਜੋ ਮਨੁੱਖ ਐਸਾ ਕਰਦੇ ਹਨ ਉਨ੍ਹਾਂ ਮਨੁੱਖਾਂ ਦੀ ਕੂੜ੍ਹ ਦੀ ਕੰਧ ਨਹੀਂ ਢਹਿੰਦੀ ਹੈ।

            ਗੁਰ ਪ੍ਰਸਾਦਿ ਦੀ ਪ੍ਰਾਪਤੀ ਲਈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਨਦਰ ਦੀ ਲੋੜ ਹੁੰਦੀ ਹੈ। ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਨਦਰ ਨਾਲ ਹੀ ਗੁਰ ਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ;ਅਤੇ ਕੇਵਲ ਗੁਰ ਪ੍ਰਸਾਦਿ ਦੀ ਪ੍ਰਾਪਤੀ ਨਾਲ ਹੀ ਬੰਦਗੀ ਸੰਪੂਰਨ ਹੁੰਦੀ ਹੈ। ਗੁਰ ਪ੍ਰਸਾਦਿ ਦੀ ਪ੍ਰਾਪਤੀ ਲਈ ਸਤਿ ਕਰਮਾਂ ਦਾ ਇਕੱਤਰ ਹੋਣਾ ਜ਼ਰੂਰੀ ਹੈ। ਜੋ ਮਨੁੱਖ ਸਤਿ ਕਰਮ ਇਕੱਤਰ ਕਰਦੇ ਹਨ ਉਨ੍ਹਾਂ ਨੂੰ ਸਤਿਗੁਰ ਦੀ ਸੰਗਤ ਮਿਲਦੀ ਹੈ, ਪੂਰਨ ਸੰਤ ਦੀ ਸੰਗਤ ਮਿਲਦੀ ਹੈ, ਪੂਰਨ ਬ੍ਰਹਮ ਗਿਆਨੀ ਦੀ ਸੰਗਤ ਮਿਲਦੀ ਹੈ। ਜਿਨ੍ਹਾਂ ਮਨੁੱਖਾਂ ਉੱਪਰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਨਦਰ ਹੁੰਦੀ ਹੈ ਉਹ ਐਸੇ ਮਹਾ ਪੁਰਖਾਂ ਦੇ ਚਰਨਾਂ ਉੱਪਰ ਸੰਪੂਰਨ ਸਮਰਪਣ ਕਰਕੇ ਗੁਰ ਪ੍ਰਸਾਦਿ ਦੀ ਪ੍ਰਾਪਤੀ ਕਰ ਲੈਂਦੇ ਹਨ ਅਤੇ ਆਪਣੀ ਬੰਦਗੀ ਪੂਰਨ ਕਰਕੇ ਜੀਵਨ ਮੁਕਤੀ ਪ੍ਰਾਪਤ ਕਰ ਲੈਂਦੇ ਹਨ। ਜੋ ਮਨੁੱਖ ਪੂਰਨ ਪ੍ਰੀਤ, ਸ਼ਰਧਾ ਅਤੇ ਭਰੋਸੇ ਨਾਲ ਐਸੇ ਮਹਾ ਪੁਰਖਾਂ ਦੇ ਚਰਨਾਂ ਉੱਪਰ ਆਪਣਾ ਤਨ, ਮਨ ਅਤੇ ਧਨ ਅਰਪਣ ਕਰ ਦਿੰਦੇ ਹਨ ਉਨ੍ਹਾਂ ਨੂੰ ਗੁਰ ਪ੍ਰਸਾਦਿ ਦੀ ਪ੍ਰਾਪਤੀ ਹੋ ਜਾਂਦੀ ਹੈ।

            ਮਾਇਆ ਨੂੰ ਕੇਵਲ ਗੁਰ ਪ੍ਰਸਾਦਿ ਨਾਲ ਹੀ ਜਿੱਤਿਆ ਜਾ ਸਕਦਾ ਹੈ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਤ੍ਰਿਸ਼ਨਾ ਨੂੰ ਕੇਵਲ ਗੁਰ ਪ੍ਰਸਾਦਿ ਨਾਲ ਹੀ ਜਿੱਤਿਆ ਜਾ ਸਕਦਾ ਹੈ। ਕੇਵਲ ਗੁਰ ਪ੍ਰਸਾਦਿ ਦੀ ਪ੍ਰਾਪਤੀ ਦੇ ਨਾਲ ਹੀ ਸਤਿਨਾਮ ਮਨੁੱਖ ਦੀ ਸੁਰਤ ਵਿਚ ਟਿੱਕਦਾ ਹੈ। ਕੇਵਲ ਗੁਰ ਪ੍ਰਸਾਦਿ ਨਾਲ ਹੀ ਸਤਿਨਾਮ ਮਨੁੱਖ ਦੇ ਹਿਰਦੇ ਵਿਚ ਜਾਂਦਾ ਹੈ। ਕੇਵਲ ਗੁਰ ਪ੍ਰਸਾਦਿ ਨਾਲ ਹੀ ਸਤਿਨਾਮ ਮਨੁੱਖ ਦੇ ਰੋਮ ਰੋਮ ਵਿਚ ਜਾਂਦਾ ਹੈ। ਜਦ ਐਸਾ ਹੁੰਦਾ ਹੈ ਤਾਂ ਇਵੇਂ ਅਨੁਭਵ ਹੁੰਦਾ ਹੈ ਕਿ ਮਨੁੱਖ ਦੀ ਦੇਹੀ ਨਾਲ ਬੇਅੰਤ ਮੁੱਖ ਲੱਗ ਗਏ ਹਨ, ਵੀਹ ਲੱਖ ਰਸਨਾਵਾਂ ਨਾਲੋਂ ਕਿਤੇ ਵੱਧ ਰਸਨਾਵਾਂ ਲੱਗ ਗਈਆਂ ਹਨ ਅਤੇ ਹਰ ਇੱਕ ਰਸਨਾ ਸਤਿਨਾਮ ਦਾ ਜਾਪ ਕਰ ਰਹੀ ਹੈ। ਕਈ ਮਹਾ ਪੁਰਖ ਤਾਂ ਇਹ ਵੀ ਕਹਿੰਦੇ ਹਨ ਕਿ ਮਨੁੱਖ ਦੀ ਦੇਹੀ ਨੂੰ ੩੩ ਕਰੋੜ ਰਸਨਾਵਾਂ ਲੱਗ ਜਾਂਦੀਆਂ ਹਨ ਅਤੇ ਹਰ ਇਸ ਰਸਨਾ ਵਿਚੋਂ ਸਤਿਨਾਮ ਦੀ ਧੜਕਣ ਸੁਣਦੀ ਹੈ। (ਇਥੇ ਰੋਮ ਰੋਮ ਤੋਂ ਭਾਵ ਹੈ ਮਨੁੱਖ ਦੀ ਦੇਹੀ ਦੀ ਹਰ ਇੱਕ ਕੋਸ਼ਿਕਾ ਵਿਚ ਸਤਿਨਾਮ ਦੀ ਧੜਕਣ ਸੁਣਦੀ ਹੈ। ਰੋਮਾਂ ਦਾ ਭਾਵ ਮਨੁੱਖੀ ਦੇਹੀ ਉੱਪਰ ਮੌਜੂਦਵਾਲਾਂ ਨਾਲ ਨਹੀਂ ਹੈ ਜਿਵੇਂ ਕਿ ਬਹੁਤ ਸਾਰੇ ਲੋਕ ਸਮਝਦੇ ਹਨ। ਐਸਾ ਸਮਝਣਾ ਮਿਥਿਆ ਹੈ।) ਕੇਵਲ ਗੁਰ ਪ੍ਰਸਾਦਿ ਨਾਲ ਹੀ ਸਤਿਨਾਮ ਮਨੁੱਖ ਦੇ ਸਾਰੇ ਬੱਜਰ ਕਪਾਟ ਖੋਲ ਦਿੰਦਾ ਹੈ। ਕੇਵਲ ਗੁਰ ਪ੍ਰਸਾਦਿ ਨਾਲ ਹੀ ਮਨੁੱਖ ਦੇ ਸਾਰੇ ਸਤਿ ਸਰੋਵਰ ਪ੍ਰਕਾਸ਼ਮਾਨ ਹੁੰਦੇ ਹਨ ਅਤੇ ਸਤਿਨਾਮ ਰੋਮ ਰੋਮ ਵਿਚ ਜਾਂਦਾ ਹੈ। ਕੇਵਲ ਗੁਰ ਪ੍ਰਸਾਦਿ ਨਾਲ ਹੀ ਮਨੁੱਖ ਦੇ ਹਿਰਦੇ ਵਿਚ ਪਰਮ ਜੋਤ ਦਾ ਪੂਰਨ ਪ੍ਰਕਾਸ਼ ਹੁੰਦਾ ਹੈ। ਕੇਵਲ ਗੁਰ ਪ੍ਰਸਾਦਿ ਨਾਲ ਹੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਦਰਸ਼ਨ ਹੁੰਦੇ ਹਨ ਅਤੇ ਪੂਰਨ ਬ੍ਰਹਮ ਗਿਆਨ ਅਤੇ ਪੂਰਨ ਤੱਤ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਕੇਵਲ ਗੁਰ ਪ੍ਰਸਾਦਿ ਨਾਲ ਹੀ ਆਤਮ ਰਸ ਅੰਮ੍ਰਿਤ ਦੀ ਪ੍ਰਾਪਤੀ ਹੁੰਦੀ ਹੈ। ਕੇਵਲ ਗੁਰ ਪ੍ਰਸਾਦਿ ਨਾਲ ਹੀ ਪਰਮ ਪੱਦਵੀ ਦੀ ਪ੍ਰਾਪਤੀ ਹੁੰਦੀ ਹੈ। ਕੇਵਲ ਗੁਰ ਪ੍ਰਸਾਦਿ ਨਾਲ ਹੀ ਅਟੱਲ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ। 

            ਇਸ ਲਈ ਮਾਇਆ ਦੀ ਗੁਲਾਮੀ ਵਿਚ ਫੱਸਿਆ ਹੋਇਆ ਮਨੁੱਖ, ਸਾਰੇ ਕਰਮ ਕਾਂਡ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੇ ਅਧੀਨ ਆਪਣੀ ਤ੍ਰਿਸ਼ਨਾ ਨੂੰ ਪੂਰੀ ਕਰਨ ਲਈ ਕਰਦਾ ਹੋਇਆ ਜਿਤਨੇ ਮਰਜ਼ੀ ਯਤਨ ਕਰਦਾ ਰਹੇ ਉਹ ਆਪਣੇ ਅੰਦਰ ਬਣੀ ਹੋਈ ਇਸ ਕੂੜ੍ਹ ਦੀ ਕੰਧ ਨੂੰ ਨਹੀਂ ਖ਼ਤਮ ਕਰ ਸਕਦਾ ਹੈ। ਆਮ ਸਮਾਜ ਵਿਚ ਪ੍ਰਚਲਿਤ ਮਤਿ ਦੇ ਅਧਾਰ ਤੇ, ਜਿਸਨੂੰ ਕੇਵਲ ਸੰਸਾਰਕ ਮਤਿ ਕਿਹਾ ਜਾ ਸਕਦਾ ਹੈ, ਜਾਂ ਮਨਮਤਿ ਦੇ ਆਧਾਰ ਤੇ ਧਰਮ ਕਰਮ ਕਰਦਾ ਹੋਇਆ ਮਨੁੱਖ ਇਸ ਕੂੜ੍ਹ ਦੀ ਕੰਧ ਨੂੰ ਨਹੀਂ ਗਿਰਾ ਸਕਦਾ ਹੈ। ਜਿਵੇਂ ਕੀੜੀ ਆਕਾਸ਼ ਦੀ ਕਥਾ ਸੁਣ ਕੇ ਜੇ ਕੋਸ਼ਿਸ਼ ਕਰਨ ਲੱਗ ਪਵੇ ਤਾਂ ਉਹ ਆਕਾਸ਼ ਉੱਪਰ ਨਹੀਂ ਅੱਪੜ ਸਕੇਗੀ। ਠੀਕ ਇਸੇ ਤਰ੍ਹਾਂ ਸੰਸਾਰਕ ਮਤਿ ਅਤੇ ਮਨਮਤਿ ਦੇ ਅਧੀਨ ਕਰਮ ਕਾਂਡ ਵਿਚ ਕੀਤੇ ਗਏ ਸਾਰੇ ਧਰਮ ਕਰਮ, ਪੂਜਾ, ਪਾਠ, ਸਿਮਰਨ ਆਦਿ ਕਰਨ ਨਾਲ ਕੇਵਲ ਮਨੁੱਖ ਅਹੰਕਾਰ ਦੇ ਦੂਤ ਦਾ ਸ਼ਿਕਾਰ ਹੋ ਜਾਂਦਾ ਹੈ ਪਰੰਤੂ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਦਰਸ਼ਨ ਜਾਂ ਕੋਈ ਰੂਹਾਨੀ ਪ੍ਰਾਪਤੀ ਨਹੀਂ ਕਰ ਸਕਦਾ ਹੈ। ਦੁਨਿਆਵੀ ਤੌਰ ਤੇ ਸਮਾਜ ਵਿਚ ਭਾਵੇਂ ਐਸਾ ਕਰਨ ਵਾਲੇ ਮਨੁੱਖ ਨੂੰ ਝੂਠੀ ਵਡਿਆਈ ਮਿਲਣ ਲੱਗ ਜਾਵੇ ਪਰੰਤੂ ਐਸੇ ਮਨੁੱਖ ਦੀ ਕੂੜ੍ਹ ਦੀ ਕੰਧ ਨਹੀਂ ਟੁੱਟਦੀ ਹੈ ਅਤੇ ਨਾ ਹੀ ਰੂਹਾਨੀਅਤ ਦੀ ਪ੍ਰਾਪਤੀ ਹੁੰਦੀ ਹੈ। ਐਸਾ ਮਨੁੱਖ ਸਾਰੇ ਯਤਨ ਕਰਦਾ ਹੋਇਆ ਵੀ ਮਾਇਆ ਦੇ ਦਲਦਲ ਵਿਚੋਂ ਨਹੀਂ ਉਭਰ ਪਾਉਂਦਾ ਹੈ। ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਨਦਰ ਕਰਮ ਦੇ ਨਾਲ ਹੀ ਮਨੁੱਖ ਨੂੰ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰ ਪ੍ਰਸਾਦਿ ਪ੍ਰਾਪਤ ਹੁੰਦਾ ਹੈ ਅਤੇ ਕੇਵਲ ਇਸ ਗੁਰ ਪ੍ਰਸਾਦਿ ਦੀ ਬੇਅੰਤ ਪਰਮ ਸ਼ਕਤੀ ਦੇ ਨਾਲ ਹੀ ਮਨੁੱਖ ਮਾਇਆ ਨੂੰ ਜਿੱਤ ਕੇ ਤ੍ਰਿਹ ਗੁਣ ਤੇ ਪਰ੍ਹੇ ਜਾ ਕੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਦਰਸ਼ਨ ਪ੍ਰਾਪਤ ਕਰਦਾ ਹੈ ਅਤੇ ਪੂਰਨ ਬ੍ਰਹਮ ਗਿਆਨ ਆਤਮ ਰਸ ਅੰਮ੍ਰਿਤ ਦੀ ਪ੍ਰਾਪਤੀ ਕਰ ਕੇ ਪਰਮ ਪੱਦਵੀ ਨੂੰ ਹਾਸਿਲ ਕਰਦਾ ਹੈ ਅਤੇ ਜੀਵਨ ਮੁਕਤ ਹੋ ਜਾਂਦਾ ਹੈ।