ਜਪੁਜੀ ਪਉੜੀ ੩੪

 

ਰਾਤੀ ਰੁਤੀ ਥਿਤੀ ਵਾਰ

ਪਵਣ ਪਾਣੀ ਅਗਨੀ ਪਾਤਾਲ

ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ

ਤਿਸੁ ਵਿਚਿ ਜੀਅ ਜੁਗਤਿ ਕੇ ਰੰਗ

ਤਿਨ ਕੇ ਨਾਮ ਅਨੇਕ ਅਨੰਤ

ਕਰਮੀ ਕਰਮੀ ਹੋਇ ਵੀਚਾਰੁ

ਸਚਾ ਆਪਿ ਸਚਾ ਦਰਬਾਰੁ

ਤਿਥੈ ਸੋਹਨਿ ਪੰਚ ਪਰਵਾਣੁ

ਨਦਰੀ ਕਰਮਿ ਪਵੈ ਨੀਸਾਣੁ

ਕਚ ਪਕਾਈ ਓਥੈ ਪਾਇ

ਨਾਨਕ ਗਇਆ ਜਾਪੈ ਜਾਇ ੩੪

 

            ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਇਸ ਪਉੜੀ ਵਿਚ ਮਨੁੱਖ ਦੇ ਕਰਮ ਕਾਂਡ ਦੀ ਰਚਨਾ ਦੇ ਆਧਾਰ ਬਾਰੇ ਪੂਰਨ ਬ੍ਰਹਮ ਗਿਆਨ ਸਾਰੀ ਲੋਕਾਈ ਦੀ ਝੋਲੀ ਵਿਚ ਪਾ ਰਹੇ ਹਨ। ਮਨੁੱਖ ਦਾ ਜਨਮ, ਜੀਵਨ ਅਤੇ ਮਰਣ ਦਾ ਆਧਾਰ ਕਰਮ ਕਾਂਡ ਹੈ। ਮਨੁੱਖ ਦੇ ਕਰਮ ਕਾਂਡ ਦਾ ਆਧਾਰ ਕਾਲ ਦਾ ਚੱਕਰ ਹੈ। ਸ੍ਰਿਸ਼ਟੀ ਦੀ ਰਚਨਾ ਅਤੇ ਇਸ ਦੀ ਸੇਵਾ ਸੰਭਾਲਤਾ ਕਰਨਾ ਅਤੇ ਵਿਨਾਸ਼ ਕਰਨ ਦੇ ਦਰਗਾਹੀ ਵਿਧਾਨ ਦਾ ਆਧਾਰ ਕਾਲ (ਸਮਾਂ) ਹੈ। ਕਾਲ ਦੀ ਰਚਨਾ ਦਾ ਕਾਰਣ ਕੇਵਲ ਸਾਰੇ ਦਰਗਾਹੀ ਵਿਧਾਨਾਂ ਨੂੰ ਸਿਰਜਣਾ ਅਤੇ ਇਨ੍ਹਾਂ ਵਿਧਾਨਾਂ ਅਨੁਸਾਰ ਸ੍ਰਿਸ਼ਟੀ ਦੇ ਸਾਰੇ ਕਾਰਜ ਚਲਾਉਣ ਲਈ ਹੀ ਕੀਤੀ ਗਈ ਹੈ। ਕਰਮ ਦਾ ਵਿਧਾਨ ਇਨ੍ਹਾਂ ਸਾਰੇ ਦਰਗਾਹੀ ਵਿਧਾਨਾਂ ਵਿਚੋਂ ਸਿਰਮੌਰ ਵਿਧਾਨ ਹੈ। ਕਿਉਂਕਿ ਮਨੁੱਖ ਦਾ ਜਨਮ, ਜੀਵਨ ਅਤੇ ਮਰਣ ਕਰਮ ਦੇ ਇਸ ਦਰਗਾਹੀ ਵਿਧਾਨ ਅਨੁਸਾਰ ਹੀ ਨਿਰਧਾਰਤ ਹੁੰਦਾ ਹੈ ਅਤੇ ਮਨੁੱਖੀ ਜਨਮ, ਜੀਵਨ ਅਤੇ ਮਰਣ ਦਾ ਸਿੱਧਾ ਸੰਬੰਧ ਕਾਲ ਦੇ ਨਾਲ ਹੈ। ਮਨੁੱਖ ਦੇ ਜਨਮ ਤੋਂ ਲੈ ਕੇ ਸਾਰਾ ਜੀਵਨ, ਜੀਵਨ ਦੇ ਪੱਲ-ਪੱਲ ਦਾ ਲੇਖਾ-ਜੋਖਾ ਅਤੇ ਅਖੀਰ ਵਿਚ ਮਰਣ ਸਭ ਕੁਝ ਕਾਲ ਦੇ ਅਨੁਸਾਰ ਹੁੰਦਾ ਹੈ। ਭਾਵ ਮਨੁੱਖ ਦਾ ਜਨਮ ਲੈ ਲਵੋ : ਮਨੁੱਖ ਦਾ ਸਰਵ ਪ੍ਰਥਮ ਕਰਮ ਜਨਮ ਲੈਣਾ ਹੈ, ਮਨੁੱਖ ਦੇ ਜਨਮ ਨੂੰ ਕਾਲ ਦੇ ਆਧਾਰ ਤੇ ਹੀ ਗਿਣਿਆ ਜਾਂਦਾ ਹੈ, ਮਨੁੱਖ ਦੇ ਜਨਮ ਦਾ ਸਮੇਂ ਨਾਲ ਗਹਿਰਾ ਸੰਬੰਧ ਹੈ, ਮਨੁੱਖ ਦੇ ਜਨਮ ਦਾ ਸਮਾਂ, ਤਾਰੀਖ, ਮਹੀਨਾ ਅਤੇ ਸਾਲ ਮਨੁੱਖ ਦੇ ਨਾਲ ਸਦਾ ਸਦਾ ਲਈ ਜੁੜ ਜਾਂਦਾ ਹੈ।

            ਜਨਮ ਤੋਂ ਉਪਰੰਤ ਮਨੁੱਖ ਦੇ ਸਾਰੇ ਕਰਮ ਕਾਲ ਦੇ ਅਨੁਸਾਰ ਹੀ ਹੁੰਦੇ ਹਨ। ਬੱਚੇ ਦਾ ਖੁਰਾਕ ਲੈਣਾ, ਸਮੇਂ ਅਨੁਸਾਰ ਖੁਰਾਕ ਵਿਚ ਬਦਲਾਵ, ਬੱਚੇ ਦਾ ਸੌਂਣਾ, ਜਾਗਣਾ, ਰੋਣਾ, ਹੱਸਣਾ, ਬੈਠਣਾ, ਰਿੱੜ੍ਹਣਾ ਫਿਰਨਾ, ਫਿਰ ਖੜ੍ਹੇ ਹੋਣ ਲੱਗਣਾ ਅਤੇ ਆਪਣੀਆਂ ਲੱਤਾਂ ਉੱਪਰ ਤੁਰਨਾ ਫਿਰਨਾ, ਦੌੜਨਾ ਸਾਰੇ ਕਰਮ ਸਮੇਂ ਅਨੁਸਾਰ ਹੀ ਹੁੰਦੇ ਹਨ। ਫਿਰ ਬੋਲਣ ਲੱਗ ਪੈਣਾ, ਗੱਲਾਂ ਕਰਨ ਲੱਗ ਪੈਣਾ, ਫਿਰ ਸਕੂਲ ਜਾਣ ਜੋਗਾ ਹੋ ਜਾਣਾ, ਪੜ੍ਹਾਈ ਲਿਖਾਈ, ਜਵਾਨ ਹੋ ਜਾਣਾ, ਨੌਕਰੀ, ਵਾਪਾਰ ਕਰਨਾ, ਆਪਣੇ ਪੈਰਾਂ ਉੱਪਰ ਖੜ੍ਹੇ ਹੋ ਜਾਣਾ, ਆਤਮ ਨਿਰਭਰ ਹੋ ਜਾਣਾ, ਵਿਆਹ ਹੋਣਾ, ਆਪਣਾ ਪਰਿਵਾਰ ਬਣਾਨਾ, ਫਿਰ ਆਪਣੇ ਗ੍ਰਹਿਸਤ ਜੀਵਨ ਨੂੰ ਚਲਾਉਣਾ, ਆਪਣੇ ਬੱਚਿਆਂ ਦੇ ਕਾਰਜ ਕਰਨੇ, ਫਿਰ ਬੁੜ੍ਹਾਪਾ, ਦੋਹਤਿਆਂ ਪੋਤਿਆਂ ਵਾਲਾ ਹੋ ਜਾਣਾ ਅਤੇ ਉਨ੍ਹਾਂ ਦੀ ਸੇਵਾ ਕਰਨੀ ਅਤੇ ਫਿਰ ਆਪਣੇ ਅੰਤ ਨੂੰ ਪ੍ਰਾਪਤ ਹੋ ਜਾਣਾ ਇਹ ਸਾਰਾ ਕਰਮ ਕਾਂਡ ਕਾਲ ਦੇ ਚੱਕਰ ਅਨੁਸਾਰ ਹੀ ਤਾਂ ਚੱਲਦਾ ਹੈ। ਹੋਰ ਅੱਗੇ ਵਿਚਾਰ ਕੀਤਾ ਜਾਏ ਤਾਂ ਮਨੁੱਖ ਦੀ ਰੋਜ਼ਾਨਾ ਕਰਮ ਕਿਰਿਆ ਨੂੰ ਵੇਖੋ : ਸੌਣਾ, ਜਾਗਣਾ, ਖਾਣਾ, ਪੀਣਾ, ਕੰਮ ਤੇ ਜਾਣਾ ਅਤੇ ਸਾਰੀ ਦੀ ਸਾਰੀ ਦਿਹਾੜੀ ਅਤੇ ਰਾਤ ਦੀ ਕਰਮ ਕਿਰਿਆ ਸਮੇਂ ਨਾਲ ਸੰਬੰਧਤ ਹੈ। ਇਸ ਲਈ ਮਨੁੱਖ ਦੇ ਕਰਮ ਕਾਂਡ ਵਿਚ ਕਾਲ ਪ੍ਰਧਾਨ ਹੈ। ਇਸ ਲਈ ਮਨੁੱਖ ਦੇ ਜਨਮ, ਜੀਵਨ ਅਤੇ ਮਰਣ ਤੱਕ ਕਰਮ ਦਾ ਦਰਗਾਹੀ ਵਿਧਾਨ ਵੀ ਕਾਲ ਦੇ ਅਨੁਸਾਰ ਸਾਰਾ ਕੁਝ ਵਾਪਰਨਾ ਕਰਦਾ ਹੈ। ਮਨੁੱਖ ਦਾ ਸਾਰਾ ਕਰਮ ਕਾਂਡ ਕਾਲ ਦੇ ਅਨੁਸਾਰ ਹੀ ਵਾਪਰਦਾ ਹੈ। ਮਨੁੱਖ ਦੇ ਹਰ ਇੱਕ ਕਰਮ ਦਾ ਸਮਾਂ ਕਰਮ ਦੇ ਵਿਧਾਨ ਅਨੁਸਾਰ ਪਹਿਲਾਂ ਹੀ ਨਿਰਧਾਰਤ ਹੁੰਦਾ ਹੈ।

            ਇਸ ਲਈ ਜਨਮ, ਜੀਵਨ ਅਤੇ ਮਰਣ ਦੇ ਕਰਮ ਦੇ ਵਿਧਾਨ ਨੂੰ ਅੰਜਾਮ ਦੇਣ ਲਈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਕਾਲ ਦੀ ਰਚਨਾ ਕੀਤੀ। ਸਕਿੰਟ, ਮਿੰਟ, ਘੰਟਾ, ਘੜੀ, ਪਹਿਰ, ਦਿਨ, ਰਾਤ, ਤਾਰੀਖ, ਵਾਰ, ਮਹੀਨਾ, ਸਾਲ ਅਤੇ ਰੁੱਤ ਸਭ ਕਾਲ ਦੀਆਂ ਹੀ ਇਕਾਈਆਂ ਹਨ। ਸਾਰੇ ਸੰਸਾਰ ਅਤੇ ਮਨੁੱਖੀ ਜੀਵਨ ਦਾ ਸਾਰਾ ਕਾਰ ਵਿਹਾਰ ਕਾਲ ਦੀਆਂ ਇਨ੍ਹਾਂ ਇਕਾਈਆਂ ਅਨੁਸਾਰ ਹੀ ਚੱਲਦਾ ਹੈ। ਸਾਰੇ ਸੰਸਾਰ ਦੇ ਇਨ੍ਹਾਂ ਕਾਰ ਵਿਹਾਰਾਂ ਨੂੰ ਚਲਾਉਣ ਲਈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਕਾਲ ਦੀ ਰਚਨਾ ਕੀਤੀ ਹੈ। ਮਨੁੱਖ ਸੰਸਾਰ ਦਾ ਹੀ ਇੱਕ ਅਹਿਮ ਹਿੱਸਾ ਹੈ। ਇਸ ਲਈ ਮਨੁੱਖ ਦਾ ਕਰਮ ਕਾਂਡ ਕਾਲ ਦੇ ਇਸ ਚੱਕਰ ਦੁਆਰਾ ਸਾਰੇ ਸੰਸਾਰ ਨਾਲ ਜੁੜਿਆ ਹੋਇਆ ਹੈ। ਸੰਸਾਰ ਦੇ ਸਾਰੇ ਮਨੁੱਖਾਂ ਅਤੇ ਪ੍ਰਾਣੀਆਂ ਦੇ ਕਰਮਾਂ ਨਾਲ ਹੀ ਸਾਰਾ ਸੰਸਾਰ ਚੱਲਦਾ ਹੈ; ਅਤੇ ਸਾਰੇ ਸੰਸਾਰ ਦੇ ਪ੍ਰਾਣੀਆਂ ਦੇ ਕਰਮ ਕਾਂਡ ਰੱਲ ਮਿਲ ਕੇ ਸਾਰੇ ਸੰਸਾਰ ਦੇ ਕਾਰ ਵਿਹਾਰ ਨੂੰ ਅੰਜਾਮ ਦਿੰਦੇ ਹਨ। ਇਸ ਲਈ ਕਾਲ ਤੋਂ ਬਿਨਾਂ ਨਾ ਹੀ ਮਨੁੱਖ ਦਾ ਜੀਵਨ ਸੰਭਵ ਹੈ ਅਤੇ ਨਾ ਹੀ ਸੰਸਾਰ ਸੰਭਵ ਹੈ ਅਤੇ ਨਾ ਹੀ ਸੰਸਾਰ ਦਾ ਕਾਰ ਵਿਹਾਰ ਸੰਭਵ ਹੈ।

            ਜਿਵੇਂ ਕਿ ਕਾਲ ਤੋਂ ਬਿਨਾਂ ਮਨੁੱਖ ਦੇ ਕਰਮ ਕਾਂਡ ਦੀ ਵਿਉਂਤ ਨਹੀਂ ਬਣ ਸਕਦੀ ਅਤੇ ਨਾ ਹੀ ਸੰਸਾਰ ਦੇ ਚੱਲਣ ਚਲਾਉਣ ਦੀ ਕਿਰਿਆ ਵਾਪਰ ਸਕਦੀ ਹੈ ਠੀਕ ਉਸੇ ਤਰ੍ਹਾਂ ਹੀ ਪਵਨ, ਪਾਣੀ, ਅਗਨੀ ਅਤੇ ਪਾਤਾਲ (ਧਰਤੀ ਦੀਆਂ ਭਿੰਨ ਭਿੰਨ ਤੈਹਾਂ) ਬਿਨਾਂ ਮਨੁੱਖ ਦੇ ਕਰਮ ਕਾਂਡ ਨੂੰ ਅੰਜਾਮ ਨਹੀਂ ਦਿੱਤਾ ਜਾ ਸਕਦਾ ਹੈ। ਇਨ੍ਹਾਂ ਚਾਰ ਤੱਤਾਂ ਤੋਂ ਬਿਨਾਂ ਤਾਂ ਜੀਵਨ ਹੀ ਸੰਭਵ ਨਹੀਂ ਹੈ ਤਾਂ ਇਨ੍ਹਾਂ ਤੱਤਾਂ ਤੋਂ ਬਿਨਾਂ ਮਨੁੱਖ ਦੀ ਹੋਂਦ ਕਿਵੇਂ ਹੋ ਸਕਦੀ ਹੈ। ਮਨੁੱਖਾ ਦੇਹੀ ਦੀ ਰਚਨਾ ਇਨ੍ਹਾਂ ਤੱਤਾਂ ਅਤੇ ਆਕਾਸ਼ ਦੇ ਸੁਮੇਲ ਨਾਲ ਹੀ ਹੁੰਦੀ ਹੈ। ਇਸ ਪਰਮ ਸਤਿ ਤੱਤ ਨੂੰ ਧੰਨ ਧੰਨ ਸਤਿਗੁਰ ਅਵਤਾਰ ਤੇਗ ਬਹਾਦੁਰ ਸਾਹਿਬ ਜੀ ਨੇ ਗੁਰਬਾਣੀ ਵਿਚ ਪ੍ਰਗਟ ਕੀਤਾ ਹੈ :-

 

ਪਾਂਚ ਤਤ ਕੋ ਤਨੁ ਰਚਿਓ ਜਾਨਹੁ ਚਤੁਰ ਸੁਜਾਨ

ਜਿਹ ਤੇ ਉਪਜਿਓ ਨਾਨਕਾ ਲੀਨ ਤਾਹਿ ਮੈ ਮਾਨੁ ੧੧

(ਪੰਨਾ ੧੪੨੭)

 

            ਸਾਰੇ ਸੰਸਾਰ ਦੀ ਰਚਨਾ ਇਨ੍ਹਾਂ ਪੰਜ ਤੱਤਾਂ (ਪਵਨ, ਪਾਣੀ, ਬੈਸੰਤਰ, ਧਰਤੀ ਅਤੇ ਆਕਾਸ਼) ਤੋਂ ਬਿਨਾਂ ਸੰਭਵ ਨਹੀਂ ਹੋ ਸਕਦੀ ਸੀ; ਇਸੇ ਲਈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਇਨ੍ਹਾਂ ਪੰਜ ਤੱਤਾਂ ਦੀ ਰਚਨਾ ਕੀਤੀ ਤਾਂਕਿ ਮਨੁੱਖ ਦੀ ਰਚਨਾ ਅਤੇ ਸਾਰੇ ਸੰਸਾਰ ਦੀ ਰਚਨਾ ਸੰਭਵ ਹੋ ਸਕੇ। ਨਾ ਹੀ ਇਨ੍ਹਾਂ ਪੰਜ ਤੱਤਾਂ ਤੋਂ ਬਿਨਾਂ ਮਨੁੱਖ ਦਾ ਜੀਵਨ ਸੰਭਵ ਹੋ ਸਕਦਾ ਹੈ। ਪਵਨ ਮਨੁੱਖ ਨੂੰ ਜੀਵਨ ਦਿੰਦੀ ਹੈ। ਪਵਨ ਗੁਰੂ ਤੋਂ ਬਿਨਾਂ ਮਨੁੱਖ ਕੁਝ ਹੀ ਮਿੰਟ ਜੀਵਤ ਰਹਿ ਸਕਦਾ ਹੈ। ਪਾਣੀ ਤੋਂ ਬਿਨਾਂ ਮਨੁੱਖ ਕੁਝ ਦਿਨ ਹੀ ਜੀਵਤ ਰਹਿ ਸਕਦਾ ਹੈ। ਬੈਸੰਤਰ (ਅਗਨ) ਤੋਂ ਬਿਨਾਂ ਵੀ ਮਨੁੱਖ ਦਾ ਗੁਜ਼ਾਰਾ ਨਹੀਂ ਹੋ ਸਕਦਾ ਹੈ। ਧਰਤੀ ਮਨੁੱਖ ਨੂੰ ਜੀਵਨ ਜੀਉਣ ਲਈ ਸਭ ਕੁਝ ਜਿਸ ਦੀ ਲੋੜ ਹੈ ਉਹ ਸਭ ਪ੍ਰਦਾਨ ਕਰਦੀ ਹੈ। ਅੰਨ ਦੇ ਦਾਣਿਆਂ ਤੋਂ ਲੈ ਕੇ ਹੋਰ ਸਾਰੀਆਂ ਵਸਤੂਆਂ ਧਰਤੀ ਵਿਚੋਂ ਹੀ ਉਪਜਦੀਆਂ ਹਨ ਜੋ ਮਨੁੱਖ ਨੂੰ ਜੀਵਨ ਜੀਉਣ ਲਈ ਲੋੜੀਂਦੀਆਂ ਹਨ। ਸਾਰੀ ਬਨਸਪਤ ਤੋਂ ਲੈ ਕੇ ਸਾਰੇ ਖਨਿਜ ਪਦਾਰਥ ਆਦਿ ਧਰਤੀ ਮਾਤਾ ਹੀ ਮਨੁੱਖ ਨੂੰ ਮੁਹੱਈਆ ਕਰਦੀ ਹੈ। ਇਸ ਲਈ ਇਨ੍ਹਾਂ ਪੰਜ ਤੱਤਾਂ ਤੋਂ ਬਿਨਾਂ ਮਨੁੱਖ ਦਾ ਜੀਵਨ ਹੀ ਸੰਭਵ ਨਹੀਂ ਹੋ ਸਕਦਾ ਹੈ ਅਤੇ ਨਾ ਹੀ ਸੰਸਾਰ ਦੀ ਰਚਨਾ ਸੰਭਵ ਹੋ ਸਕਦੀ ਹੈ। ਮਨੁੱਖੀ ਜੀਵਨ ਅਤੇ ਸੰਸਾਰ ਮਨੁੱਖ ਦੀ ਕਰਮ ਭੂਮੀ ਹੈ। ਇਨ੍ਹਾਂ ਪੰਜ ਤੱਤਾਂ ਤੋਂ ਬਿਨਾਂ ਮਨੁੱਖ ਦੀ ਕਰਮ ਭੂਮੀ ਦਾ ਨਿਰਮਾਣ ਨਹੀਂ ਹੋ ਸਕਦਾ ਹੈ। ਇਸ ਲਈ ਇਨ੍ਹਾਂ ਪੰਜ ਤੱਤਾਂ ਦੀ ਮਨੁੱਖੀ ਜੀਵਨ ਵਿਚ ਪਰਮ ਸ਼ਕਤੀਸ਼ਾਲੀ ਭੂਮਿਕਾ ਹੈ। ਇਥੋਂ ਤੱਕ ਕਿ ਜੇ ਕਰ ਮਨੁੱਖਾ ਦੇਹੀ ਵਿਚ ਇਨ੍ਹਾਂ ਪੰਜ ਤੱਤਾਂ ਦਾ ਸੰਤੁਲਨ ਖਰਾਬ ਹੋ ਜਾਏ ਤਾਂ ਮਨੁੱਖ ਦਾ ਸਵਾਸਥ ਬਿਗੜ ਜਾਂਦਾ ਹੈ ਅਤੇ ਮਨੁੱਖ ਦੀ ਦੇਹੀ ਦਾ ਵਿਨਾਸ਼ ਵੀ ਹੋ ਸਕਦਾ ਹੈ। ਜੇ ਕਰ ਸ੍ਰਿਸ਼ਟੀ ਵਿਚ ਇਨ੍ਹਾਂ ਪੰਜ ਤੱਤਾਂ ਦਾ ਸੰਤੁਲਨ ਬਿਗੜ ਜਾਏ ਤਾਂ ਸੰਸਾਰ ਦਾ ਵਿਨਾਸ਼ ਵੀ ਹੋ ਸਕਦਾ ਹੈ। ਮਨੁੱਖ ਦੀ ਦੇਹੀ ਦੇ ਵਿਨਾਸ਼ ਤੋਂ ਬਾਅਦ ਇਹ ਪੰਜ ਤੱਤ ਮੁੜ ਵਾਪਸ ਆਪਣੇ ਆਪ ਵਿਚ ਸਮਾ ਜਾਂਦੇ ਹਨ ਜਿਸ ਨਾਲ ਸਾਰੇ ਸੰਸਾਰ ਵਿਚ ਇਨ੍ਹਾਂ ਪੰਜ ਤੱਤਾਂ ਦਾ ਸੰਤੁਲਨ ਬਣਿਆ ਰਹਿੰਦਾ ਹੈ। ਇਸ ਲਈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਇਨ੍ਹਾਂ ਪੰਜ ਤੱਤਾਂ ਦੀ ਰਚਨਾ ਦੁਆਰਾ ਮਨੁੱਖ ਦੀ ਕਰਮ ਭੂਮੀ ਦਾ ਨਿਰਮਾਣ ਕਰਕੇ ਕਰਮ ਦੇ ਦਰਗਾਹੀ ਵਿਧਾਨ ਨੂੰ ਅੰਜਾਮ ਦਿੱਤਾ ਹੈ।

            ਮਨੁੱਖ ਦੀ ਪੈਦਾਇਸ਼ ਧਰਤੀ ਉੱਪਰ ਹੀ ਹੁੰਦੀ ਹੈ। ਜਨਮ ਤੋਂ ਲੈ ਕੇ ਮਰਣ ਤੱਕ ਦੇ ਮਨੁੱਖ ਦੇ ਸਾਰੇ ਕਰਮ ਕਾਂਡ ਵੀ ਧਰਤੀ ਉੱਪਰ ਹੀ ਵਾਪਰਦੇ ਹਨ। ਇਸ ਲਈ ਧਰਤੀ ਮਾਤਾ ਮਨੁੱਖ ਦੀ ਕਰਮ ਭੂਮੀ ਹੈ। ਮਨੁੱਖ ਦੇ ਸਾਰੇ ਜਨਮਾਂਤਰਾਂ ਵਿਚ ਜਨਮ, ਜੀਵਨ ਅਤੇ ਮਰਣ ਕੇਵਲ ਧਰਤੀ ਉੱਪਰ ਹੀ ਵਾਪਰਦੇ ਹਨ। ਮਨੁੱਖ ਦੇ ਹਰ ਇੱਕ ਜਨਮ ਵਿਚ ਸਾਰੇ ਕਰਮ ਵੀ ਧਰਤੀ ਉੱਪਰ ਵਾਪਰਦੇ ਹਨ। ਇਸ ਲਈ ਧਰਤੀ ਮਨੁੱਖ ਦੀ ਕਰਮ ਭੂਮੀ ਹੈ। ਆਪਣੇ ਸਾਰੇ ਜਨਮਾਂ ਜਨਮਾਂਤਰਾਂ  ਵਿਚ ਸਾਰੇ ਚੰਗੇ ਮਾੜੇ ਕਰਮ ਮਨੁੱਖ ਧਰਤੀ ਉੱਪਰ ਹੀ ਕਰਦਾ ਹੈ ਅਤੇ ਆਪਣੇ ਸਾਰੇ ਜਨਮਾਂਤਰਾਂ ਦੇ ਕਰਮਾਂ ਦਾ ਫੱਲ ਵੀ ਮਨੁੱਖ ਕੇਵਲ ਧਰਤੀ ਉੱਪਰ ਹੀ ਭੁਗਤਦਾ ਹੈ। ਇਸ ਲਈ ਮਨੁੱਖ ਦੇ ਕਰਮ ਕਾਂਡ ਦਾ ਧਰਤੀ ਮਾਤਾ ਨਾਲ ਅਤੁੱਟ ਸੰਬੰਧ ਹੈ। ਮਨੁੱਖੀ ਕਰਮ ਕਾਂਡ ਨੂੰ ਅੰਜਾਮ ਦੇਣ ਲਈ ਹੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਧਰਤੀ ਮਾਤਾ ਦੀ ਰਚਨਾ ਕੀਤੀ ਅਤੇ ਬ੍ਰਹਿਮੰਡ ਵਿਚ ਧਰਤੀ ਨੂੰ ਧਰਮਸਾਲ ਦੇ ਰੂਪ ਵਿਚ ਟਿਕਾ ਦਿੱਤਾ। ਧਰਮਸਾਲ ਤੋਂ ਭਾਵ ਹੈ ਉਹ ਅਸਥਾਨ ਜਿਥੇ ਧਰਮ ਦੀ ਉਪਾਸਨਾ ਹੋਵੇ। ਧਰਮ ਤੋਂ ਭਾਵ ਹੈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਨਾਲ ਇੱਕ ਮਿਕ ਹੋ ਜਾਣਾ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਵਿਚ ਅਭੇਦ ਹੋ ਜਾਣਾ। ਸੋ ਧਰਮਸਾਲ ਦੀ ਰਚਨਾ ਮਨੁੱਖ ਦੀ ਕਰਮ ਭੂਮੀ ਦੇ ਰੂਪ ਵਿਚ ਹੋਈ ਜਿਥੇ ਵਿਚਰਦਾ ਹੋਇਆ ਮਨੁੱਖ ਬੰਦਗੀ ਕਰਦਾ ਹੋਇਆ ਅਤੇ ਸੁੰਦਰ ਜੀਵਨ ਬਤੀਤ ਕਰਦਾ ਹੋਇਆ ਅੰਤ ਵਿਚ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿਚ ਅਭੇਦ ਹੋ ਜਾਵੇ।

            ਜਦ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਪਹਿਲਾਂ ਮਨੁੱਖ ਦੀ ਰਚਨਾ ਕੀਤੀ ਤਾਂ ਉਸ ਨੂੰ ਕਰਮ ਦੇ ਵਿਧਾਨ ਅਨੁਸਾਰ ਜੀਵਨ ਜੀਉਣ ਦੀ ਹਿਦਾਇਤ ਕੀਤੀ। ਮਨੁੱਖ ਨੂੰ ਚੰਗੇ ਅਤੇ ਮਾੜੇ ਕਰਮਾਂ ਦੇ ਬਾਰੇ ਅਤੇ ਇਨ੍ਹਾਂ ਕਰਮਾਂ ਦਾ ਮਨੁੱਖ ਦੇ ਜੀਵਨ ਤੇ ਕੀ ਅਸਰ ਹੋਏਗਾ ਇਸ ਬਾਰੇ ਗਿਆਨ ਦੇ ਕੇ ਦੁਨੀਆਂ ਵਿਚ ਤੌਰਿਆ। ਮਨੁੱਖ ਨੂੰ ਹਿਦਾਇਤ ਕੀਤੀ ਕਿ ਜੇ ਕਰ ਉਹ ਮਾੜੇ ਕਰਮ ਕਰੇਗਾ ਤਾਂ ਉਸਨੂੰ ਇਸਦੇ ਦੁੱਖ ਦਾਇਕ ਪਰਿਣਾਮਾਂ ਨੂੰ ਭੋਗਣਾ ਪਏਗਾ; ਅਤੇ ਜੇ ਕਰ ਮਨੁੱਖ ਨੇ ਚੰਗੇ ਕਰਮ ਕੀਤੇ ਤਾਂ ਉਸਦਾ ਜੀਵਨ ਸੁੱਖ ਮਈ ਹੋਏਗਾ। ਜੇ ਕਰ ਮਨੁੱਖ ਦੇ ਕਰਮ ਅਸਤਿ ਹੋਣਗੇ ਤਾਂ ਉਸਨੂੰ ਜਨਮ-ਮਰਣ ਦੇ ਚੱਕਰ ਵਿਚ ਭਟਕਣਾ ਪਏਗਾ ਅਤੇ ਜੇ ਕਰ ਸਾਰੇ ਕਰਮ ਸਤਿ ਹੋਏ ਅਤੇ ਮਨੁੱਖ ਦਾ ਹਿਰਦਾ ਪਾਵਨ ਪਵਿੱਤਰ ਰੂਪ ਵਿਚ ਕਾਇਮ ਰਿਹਾ ਤਾਂ ਉਸਦਾ ਫਿਰ ਜਨਮ ਨਹੀਂ ਹੋਏਗਾ। ਭਾਵ ਮਨੁੱਖ ਦੀ ਰਚਨਾ ਕੇਵਲ ਸਤਿ ਕਰਮ ਕਰਨ ਲਈ ਹੀ ਹੋਈ ਤਾਂ ਕਿ ਕੇਵਲ ਸਤਿ ਕਰਮ ਕਰਦਾ ਹੋਇਆ ਉਸਦਾ ਹਿਰਦਾ ਇੱਕ ਕੋਰੇ ਚਿੱਟੇ ਕੱਪੜੇ ਵਾਂਗੂ, ਜਿਵੇਂ ਜਨਮ ਦੇ ਸਮੇਂ ਸੀ ਉਸੇ ਤਰ੍ਹਾਂ ਹੀ ਕੋਰਾ ਚਿੱਟਾ ਦਾਗ ਰਹਿਤ ਰਹੇ ਅਤੇ ਜਦ ਮਨੁੱਖ ਦੇਹੀ ਦਾ ਤਿਆਗ ਕਰੇ ਤਾਂ ਉਸਨੂੰ ਮੁੜ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਨਿਰਗੁਨ ਸਰੂਪ ਵਿਚ ਵਾਪਸ ਜਾਣਾ ਨਸੀਬ ਹੋ ਜਾਵੇ। ਇਸ ਲਈ ਮਨੁੱਖ ਦੀ ਕਰਮ ਭੂਮੀ ਧਰਤੀ ਮਾਤਾ ਨੂੰ ਧਰਮਸਾਲ ਕਿਹਾ ਗਿਆ ਹੈ। ਭਾਵ ਧਰਤੀ ਉੱਪਰ ਕਰਮ ਕਰਦੇ ਹੋਏ ਮਨੁੱਖ ਕੇਵਲ ਸਤਿ ਕਰਮ ਕਰੇ। ਜੋ ਮਨੁੱਖ ਜੀਵਨ ਦਾ ਆਧਾਰ ਕੇਵਲ ਸਤਿ ਦੀ ਕਰਨੀ ਹੀ ਬਣਾਉਂਦੇ ਹਨ ਉਹ ਇਸ ਸਤਿ ਬਚਨ ਦਾ ਪਾਲਣ ਕਰਦੇ ਹਨ ਅਤੇ ਉਨ੍ਹਾਂ ਦੀ ਮੌਜੂਦਗੀ ਵਿਚ ਧਰਤੀ ਮਾਤਾ ਪ੍ਰਸੰਨ ਹੁੰਦੀ ਹੈ ਅਤੇ ਬੰਦਗੀ ਕਰਨ ਵਾਲਿਆਂ ਦੀ ਸੇਵਾ ਕਰਦੀ ਹੈ। ਕਿਉਂਕਿ ਐਸੇ ਮਹਾ ਪੁਰਖ ਧਰਤੀ ਮਾਤਾ ਦੇ ਉੱਪਰ ਬੋਝ ਨਹੀਂ ਬਣਦੇ ਹਨ ਬਲਕਿ ਉਹ ਧਰਤੀ ਉੱਪਰ ਹੋ ਰਹੇ ਪਾਪ ਕਰਮਾਂ ਨੂੰ ਘੱਟ ਕਰਨ ਵਿਚ ਸਹਾਇਤਾ ਕਰਦੇ ਹਨ। ਜੋ ਮਨੁੱਖ ਅਸਤਿ ਦੀ ਕਰਨੀ ਕਰਦੇ ਹਨ ਉਹ ਮਨੁੱਖ ਧਰਤੀ ਉੱਪਰ ਬੋਝ ਬਣ ਜਾਂਦੇ ਹਨ। ਉਨ੍ਹਾਂ ਦੇ ਪਾਪ ਕਰਮਾਂ ਕਾਰਨ ਧਰਤੀ ਉੱਪਰ ਵਾਤਾਵਰਣ ਦੂਸ਼ਿਤ ਹੋ ਜਾਂਦਾ ਹੈ। ਐਸੇ ਪਾਪੀ ਮਨੁੱਖਾਂ ਦੇ ਕਾਰਣ ਬਾਕੀ ਦੀ ਲੋਕਾਈ ਦਾ ਜੀਵਨ ਦੁੱਖਮਈ ਹੁੰਦਾ ਹੈ। ਇਸ ਲਈ ਧਰਤੀ ਮਾਤਾ ਦਾ ਮਾਨ ਸਨਮਾਨ ਕਰਦੇ ਹੋਏ ਅਤੇ ਗੁਰੂ ਦੇ ਬਚਨ ਕਮਾਉਂਦੇ ਹੋਏ ਸਾਨੂੰ ਕੇਵਲ ਸਤਿ ਕਰਮ ਕਰਨ ਉੱਪਰ ਹੀ ਆਪਣਾ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। 

            ਧਰਤੀ ਧਰਮਸਾਲ ਉੱਪਰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਫਿਰ ਹੋਰ ਅਨੇਕਾਂ ਕਿਸਮ ਦੇ ਪ੍ਰਾਣੀਆਂ ਦੇ ਜਨਮ, ਜੀਵਨ ਅਤੇ ਮਰਣ ਦੀ ਜੁਗਤ ਦਾ ਨਿਰਮਾਣ ਕੀਤਾ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਸੰਸਾਰ ਦੀ ਰਚਨਾ ਦੇ ਕਾਰਜ ਨੂੰ ਸੰਪੂਰਨ ਕਰਨ ਲਈ ਚਾਰ ਖਾਣੀਆਂ (ਅੰਡਜ਼, ਜੇਰਜ, ਸੇਤਜ ਅਤੇ ਉਤਭੁਜ) ਦੇ ਰੂਪ ਵਿਚ ਇਨ੍ਹਾਂ ਸਾਰੇ ਪ੍ਰਾਣੀਆਂ ਦੇ ਜਨਮ, ਜੀਵਨ ਅਤੇ ਮਰਣ ਦੀ ਜੁਗਤ ਦਾ ਨਿਰਮਾਣ ਕੀਤਾ। ਗੁਰਬਾਣੀ ਵਿਚ ਇਸ ਪਰਮ ਸਤਿ ਤੱਤ ਨੂੰ ਕਈ ਸ਼ਲੋਕਾਂ ਵਿਚ ਪ੍ਰਗਟ ਕੀਤਾ ਗਿਆ ਹੈ :-

 

ਅੰਡਜ ਜੇਰਜ ਉਤਭੁਜਾਂ ਖਾਣੀ ਸੇਤਜਾਂਹ

(ਪੰਨਾ ੪੬੭)

 

ਅੰਡਜ ਜੇਰਜ ਉਤਭੁਜ ਸੇਤਜ ਤੇਰੇ ਕੀਤੇ ਜੰਤਾ

(ਪੰਨਾ ੫੯੬)

 

ਦਸ ਅਠਾ ਅਠਸਠੇ ਚਾਰੇ ਖਾਣੀ ਇਹੈ ਵਰਤਣਿ ਹੈ ਸਗਲ ਸੰਸਾਰੇ

(ਪੰਨਾ ੬੯੪)

 

ਚਾਰਿ ਬੇਦ ਚਾਰੇ ਖਾਣੀ

(ਪੰਨਾ ੧੦੦੩)

 

            ਧਰਤੀ ਦੇ ਸਾਰੇ ਪ੍ਰਾਣੀ ਇਨ੍ਹਾਂ ਚਾਰ ਖਾਣੀਆਂ ਦੇ ਵਿਚ ਹੀ ਜੰਮਦੇ ਹਨ, ਜੀਵਨ ਜੀਉਂਦੇ ਹਨ ਅਤੇ ਕਰਮ ਕਰਦੇ ਹੋਏ ਆਪਣੇ ਅੰਤ ਨੂੰ ਪ੍ਰਾਪਤ ਹੋ ਜਾਂਦੇ ਹਨ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਇਨ੍ਹਾਂ ਸਾਰੀਆਂ ਸ਼੍ਰੇਣੀਆਂ ਦੇ ਪ੍ਰਾਣੀਆਂ ਦੇ ਜਨਮ ਦੀ ਜੁਗਤ ਨੂੰ ਧਰਤੀ ਉੱਪਰ ਹੀ ਅੰਜਾਮ ਦਿੱਤਾ। ਜਿਵੇਂ ਕਿ ਮਨੁੱਖ ਦੇ ਜਨਮ ਦੀ ਜੁਗਤ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਮਨੁੱਖ ਦੇ ਅੰਦਰ ਹੀ ਰੱਖ ਦਿਤੀ ਹੈ। ਮਨੁੱਖ ਦਾ ਜਨਮ ਮਾਤਾ ਦੇ ਰਕਤ ਅਤੇ ਪਿਤਾ ਦੇ ਬਿੰਦ ਦੇ ਸੁਮੇਲ ਨਾਲ ਹੁੰਦਾ ਹੈ। ਮਨੁੱਖ ਦੇ ਜਨਮ ਦੀ ਇਹ ਜੁਗਤ ਮਨੁੱਖ ਦੇ ਅੰਦਰੋਂ ਹੀ ਪ੍ਰਗਟ ਹੁੰਦੀ ਹੈ। ਇਸ ਤਰ੍ਹਾਂ ਨਾਲ ਮਨੁੱਖ ਦੇ ਅੰਦਰ ਹੀ ਸ੍ਰਿਸ਼ਟੀ ਦੇ ਨਿਰਮਾਣ ਦੀ ਕਲਾ ਪ੍ਰਗਟ ਹੁੰਦੀ ਹੈ ਜਦ ਪਿਤਾ ਦਾ ਬਿੰਦ ਅਤੇ ਮਾਤਾ ਦੇ ਰਕਤ ਦੇ ਸੁਮੇਲ ਨਾਲ ਮਨੁੱਖ ਦਾ ਮਾਤਾ ਦੇ ਗਰਭ ਵਿਚੋਂ ਜਨਮ ਹੁੰਦਾ ਹੈ। ਠੀਕ ਇਸੇ ਤਰ੍ਹਾਂ ਨਾਲ ਸਾਰੇ ਜੀਵ ਜੋ ਜੇਰਜ ਖਾਣੀ ਦੀ ਸ਼੍ਰੇਣੀ ਵਿਚ ਆਉਂਦੇ ਹਨ; ਉਨ੍ਹਾਂ ਦਾ ਜਨਮ ਇਸੇ ਹੀ ਜੁਗਤ ਦੇ ਦੁਆਰਾ ਹੁੰਦਾ ਹੈ ਜੋ ਕਿ ਇਨ੍ਹਾਂ ਸਾਰੇ ਪ੍ਰਾਣੀਆਂ ਦੇ ਅੰਦਰੋਂ ਹੀ ਪ੍ਰਗਟ ਹੁੰਦੀ ਹੈ। ਇਸੇ ਤਰ੍ਹਾਂ ਨਾਲ ਅੰਡਜ਼ ਖਾਣੀ ਦੇ ਪ੍ਰਾਣੀਆਂ ਦਾ ਜਨਮ ਮਾਤਾ ਅਤੇ ਪਿਤਾ ਦੇ ਸੁਮੇਲ ਨਾਲ ਪੈਦਾ ਹੋਏ ਅੰਡੇ ਵਿਚੋਂ ਹੁੰਦਾ ਹੈ। ਸਾਰੇ ਪੰਛੀ ਇਸੇ ਸ਼੍ਰੇਣੀ ਵਿਚ ਜੰਮਦੇ ਹਨ। ਉਤਭੁਜ ਸ਼੍ਰੇਣੀ ਦੇ ਵਿਚ ਸਾਰੀ ਬਨਸਪਤ ਆਉਂਦੀ ਹੈ। ਸਾਰੀ ਬਨਸਪਤ ਧਰਤੀ ਉੱਪਰ ਆਪਣੇ ਆਪ ਹੀ ਉੱਗਦੀ ਹੈ। ਬਨਸਪਤ ਦਾ ਬੀਜ ਜਦ ਧਰਤੀ ਵਿਚ ਜਾਂਦਾ ਹੈ ਤਾਂ ਬੀਜ ਵਿਚੋਂ ਹੀ ਅੰਕੁਰ ਫੁੱਟਦਾ ਹੈ ਅਤੇ ਬੂਟਾ ਪੈਦਾ ਹੁੰਦਾ ਹੈ। ਇਸ ਲਈ ਸਾਰੇ ਬੀਜਾਂ ਵਿਚ ਪੂਰੇ ਬੂਟੇ ਨੂੰ ਜਨਮ ਦੇਣ ਦੀ ਸਮਰੱਥਾ ਹੈ। ਜਿਵੇਂ ਕਿ ਹਰ ਇੱਕ ਅੰਨ ਦੇ ਦਾਣੇ ਵਿਚ ਜੀਅ ਸਮਾਇਆ ਹੋਇਆ ਹੈ। ਇਸੇ ਤਰ੍ਹਾਂ ਹਰ ਇੱਕ ਦਾਣੇ ਵਿਚ ਜੀਅ ਸਮਾਇਆ ਹੋਇਆ ਹੈ। ਇਸ ਪਰਮ ਸਤਿ ਤੱਤ ਨੂੰ ਗੁਰਬਾਣੀ ਵਿਚ ਪ੍ਰਗਟ ਕੀਤਾ ਗਿਆ ਹੈ :-

 

ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ

(ਪੰਨਾ ੪੭੨)

 

            ਇਸੇ ਤਰ੍ਹਾਂ ਸੇਤਜ ਸ਼੍ਰੇਣੀ ਦੇ ਪ੍ਰਾਣੀ ਜੋ ਕਿ ਜੀਵਾਂ ਦੇ ਮੁੜ੍ਹਕੇ ਵਿਚੋਂ ਜਨਮ ਲੈਂਦੇ ਹਨ ਉਨ੍ਹਾਂ ਦੇ ਜਨਮ ਦੀ ਜੁਗਤ ਵੀ ਮੁੜ੍ਹਕੇ ਵਿਚੋਂ ਹੀ ਪ੍ਰਗਟ ਹੁੰਦੀ ਹੈ। ਇਸ ਸ਼੍ਰੇਣੀ ਦੇ ਪ੍ਰਾਣੀਆਂ ਦਾ ਆਕਾਰ ਬਹੁਤ ਛੋਟਾ ਹੁੰਦਾ ਹੈ। ਜਿਵੇਂ ਕਿ ਮਨੁੱਖ ਦੇ ਸ਼ਰੀਰ ਵਿਚੋਂ ਮੁੜ੍ਹਕਾ ਬਾਹਰ ਆਉਂਦਾ ਹੈ ਤਾਂ ਉਸ ਮੁੜ੍ਹਕੇ ਵਿਚ ਕਿਟਾਣੂ ਹੁੰਦੇ ਹਨ ਜੋ ਕਿ ਇਨ੍ਹਾਂ ਪ੍ਰਾਣੀਆਂ ਦੇ ਰੂਪ ਵਿਚ ਪ੍ਰਗਟ ਹੁੰਦੇ ਹਨ। ਇਸ ਤਰ੍ਹਾਂ ਨਾਲ ਸਾਰੀ ਚੇਤਨ ਸ਼ਕਤੀ ਰੱਖਣ ਵਾਲੇ ਜੀਵ ਅਤੇ ਪ੍ਰਾਣੀ ਇਨ੍ਹਾਂ ਚਾਰੇ ਖਾਣੀਆਂ ਦੇ ਰੂਪ ਵਿਚ ਆਪੋ ਆਪਣੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੁਆਰਾ ਬਖ਼ਸ਼ੀ ਹੋਈ ਜੁਗਤ ਅਨੁਸਾਰ ਜੰਮਦੇ ਹਨ। ਗੁਰਬਾਣੀ ਦੇ ਅਨੁਸਾਰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ੮੪ ਲੱਖ ਮੇਦਨੀ ਦਾ ਨਿਰਮਾਣ ਕੀਤਾ ਹੈ :-

 

ਲਖ ਚਉਰਾਸੀਹ ਮੇਦਨੀ ਘਟੈ ਨ ਵਧੈ ਉਤਾਹਿ

(ਪੰਨਾ ੯੩੬)

 

ਲਖ ਚਉਰਾਸੀਹ ਮੇਦਨੀ ਸਭ ਆਵੈ ਜਾਸੀ

(ਪੰਨਾ ੧੧੦੦)

 

ਲਖ ਚਉਰਾਸੀਹ ਮੇਦਨੀ ਤੁਝ ਹੀ ਤੇ ਹੋਈ

(ਪੰਨਾ ੧੨੮੩)

 

ਲਖ ਚਉਰਾਸੀਹ ਮੇਦਨੀ ਤਿਸਨਾ ਜਲਤੀ ਕਰੇ ਪੁਕਾਰ

(ਪੰਨਾ ੧੪੧੬)

 

            ੮੪ ਲੱਖ ਜੂਨਾਂ ਦੇ ਜਨਮ, ਜੀਵਨ ਅਤੇ ਮਰਣ ਦੀ ਜੁਗਤ ਦਾ ਨਿਰਮਾਣ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਧਰਤੀ ਉੱਪਰ ਹੀ ਕਰ ਦਿੱਤਾ ਹੈ। ਇਹ ਸਾਰੀ ਦੀ ਸਾਰੀ ੮੪ ਲੱਖ ਮੇਦਨੀ ਧਰਤੀ ਉੱਪਰ ਅਤੇ ਧਰਤੀ ਉੱਪਰ ਸਥਿਤ ਪਾਣੀ ਪਿਤਾ ਦੇ ਵਿਚ ਜੰਮਦੇ ਹਨ, ਜੀਵਨ ਜੀਉਂਦੇ ਹਨ ਅਤੇ ਅੰਤ ਨੂੰ ਪ੍ਰਾਪਤ ਹੁੰਦੇ ਹਨ। ਇਨ੍ਹਾਂ ਸਾਰੇ ਪ੍ਰਾਣੀਆਂ ਦੇ ਜਨਮ, ਜੀਵਨ ਅਤੇ ਮਰਣ ਦਾ ਸਾਰਾ ਪ੍ਰਬੰਧ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਧਰਤੀ ਉੱਪਰ ਹੀ ਕਰ ਦਿੱਤਾ ਹੈ। ਇਨ੍ਹਾਂ ਸਾਰੇ ਪ੍ਰਾਣੀਆਂ ਦੀ ਬਣਤਰ, ਆਕਾਰ, ਰੰਗ, ਰੂਪ, ਨਾਮ, ਕਰਮ, ਕਰਨੀ, ਰਹਿਣੀ, ਬਹਿਣੀ, ਖਾਣਾ, ਪੀਣਾ, ਸੌਣਾ, ਜਾਗਣਾ, ਤੁਰਨਾ, ਫਿਰਨਾ, ਉੱਠਣਾ, ਬੈਠਣਾ, ਭੋਜਨ, ਸ਼ਕਤੀਆਂ, ਸਮਰੱਥਾਵਾਂ, ਬਾਕੀ ਦੀ ਕੁਦਰਤ ਨਾਲ ਇਨ੍ਹਾਂ ਦਾ ਵਿਵਹਾਰ, ਬੋਲ, ਬਾਣੀ, ਬਾਕੀ ਦੇ ਸੰਸਾਰ ਦੇ ਚਲਣ-ਚਲਾਉਣ ਵਿਚ ਇਨ੍ਹਾਂ ਸਾਰੇ ਪ੍ਰਾਣੀਆਂ ਦਾ ਯੋਗਦਾਨ ਆਦਿ ਸਭ ਕੁਝ ਇੱਕ ਦੂਜੇ ਨਾਲੋਂ ਭਿੰਨ ਹੈ ਅਤੇ ਬੇਅੰਤ ਹੈ। ਇਨ੍ਹਾਂ ਸਾਰੇ ਪ੍ਰਾਣੀਆਂ ਦੇ ਬਾਰੇ ਇਹ ਸਾਰੀ ਜਾਣਕਾਰੀ ਹਾਸਿਲ ਕਰਨਾ ਮਨੁੱਖ ਦੇ ਵੱਸ ਵਿਚ ਨਹੀਂ ਹੈ। ਇਸੇ ਲਈ ਇਹ ਸਾਰੀ ਰਚਨਾ ਨੂੰ ਅਨੇਕ ਅਨੰਤ ਕਿਹਾ ਗਿਆ ਹੈ। ਇਨ੍ਹਾਂ ਸਾਰੇ ਜੀਵਾਂ ਦੀ ਕਰਮ ਭੂਮੀ ਧਰਤੀ ਮਾਤਾ ਹੈ। ਇਨ੍ਹਾਂ ਦਾ ਜਨਮ, ਜੀਵਨ ਅਤੇ ਮਰਣ ਇਨ੍ਹਾਂ ਦੇ ਕਰਮਾਂ ਅਨੁਸਾਰ ਹੀ ਵਾਪਰਦਾ ਹੈ।

            ੮੪ ਲੱਖ ਮੇਦਨੀ ਦੀ ਰਚਨਾ ਬੜੀ ਅਦਭੁਤ ਰਚਨਾ ਹੈ। ਇਹ ਪੂਰਨ ਸਤਿ ਹੈ ਕਿ ੮੪ ਲੱਖ ਮੇਦਨੀ ਦੇ ਹਰ ਪ੍ਰਾਣੀ ਵਿਚ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਜੋਤ ਹੈ ਜੋ ਕਿ ਚੇਤਨ ਤੱਤ ਹੈ। ਇਹ ਚੇਤਨ ਤੱਤ ਹੀ ਸਤਿ ਤੱਤ ਹੈ। ਇਸ ਸਤਿ ਤੱਤ ਕਰਕੇ ਹੀ ਸਾਰੇ ਪ੍ਰਾਣੀਆਂ ਅਤੇ ਬਨਸਪਤ ਵਿਚ ਜੀਵਨ ਪ੍ਰਗਟ ਹੁੰਦਾ ਹੈ। ਜਦ ਤੱਕ ਪ੍ਰਾਣੀ ਵਿਚ ਜੋਤ ਰਹਿੰਦੀ ਹੈ ਤਦ ਤੱਕ ਪ੍ਰਾਣੀ ਵਿਚ ਜੀਵਨ ਰਹਿੰਦਾ ਹੈ। ਜਦ ਜੋਤ ਪ੍ਰਾਣੀ ਨੂੰ ਛੱਡ ਦਿੰਦੀ ਹੈ ਤਦ ਪ੍ਰਾਣੀ ਦੀ ਮੌਤ ਹੋ ਜਾਂਦੀ ਹੈ। ਇਹ ਸਤਿ ਦੀ ਸੱਤਾ ਹੀ ਹਰ ਇੱਕ ਪ੍ਰਾਣੀ ਦੇ ਜੀਵਨ ਦਾ ਆਧਾਰ ਹੈ। ਇਸ ਸਤਿ ਤੱਤ ਨੂੰ ਹੀ ਆਤਮਾ ਕਿਹਾ ਜਾਂਦਾ ਹੈ। ਇਸ ਪਰਮ ਸਤਿ ਤੱਤ ਨੂੰ ਗੁਰਬਾਣੀ ਵਿਚ ਪ੍ਰਗਟ ਕੀਤਾ ਗਿਆ ਹੈ :-

 

ਨਾਮ ਕੇ ਧਾਰੇ ਸਗਲੇ ਜੰਤ

(ਪੰਨਾ ੨੮੪)

 

ਆਪੇ ਜੰਤ ਉਪਾਇਅਨੁ ਆਪੇ ਆਧਾਰੁ

(ਪੰਨਾ ੫੫੬)

 

ਕੇਤੇ ਤੇਰੇ ਜੀਅ ਜੰਤ ਸਿਫਤਿ ਕਰਹਿ ਦਿਨੁ ਰਾਤਿ

(ਪੰਨਾ ੧੭)

 

ਸਭਿ ਤੁਝੈ ਧਿਆਵਹਿ ਜੀਅ ਜੰਤ ਹਰਿ ਸਾਰਗ ਪਾਣਾ

(ਪੰਨਾ ੮੪)

 

            ਸਤਿ ਦੀ ਪਰਮ ਸ਼ਕਤੀ ਹੀ ਸਾਰਿਆਂ ਜੀਅ ਜੰਤਾਂ ਦਾ ਆਧਾਰ ਹੈ। ਇਸ ਲਈ ਸਾਰੀ ਸ੍ਰਿਸ਼ਟੀ ਦੇ ਸਾਰੇ ਜੀਅ ਜੰਤ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸਿਫਤਿ ਸਾਲਾਹ ਵਿਚ ਦਿਨ ਰਾਤ ਰੁੱਝੇ ਰਹਿੰਦੇ ਹਨ। ਸਾਰੇ ਜੀਅ ਜੰਤ ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਹੀ ਧਿਆਂਦੇ ਹਨ ਅਤੇ ਕੇਵਲ ਐਸਾ ਕਰਨ ਨਾਲ ਹੀ ਇਨ੍ਹਾਂ ਸਾਰੇ ਜੀਅ ਜੰਤਾਂ ਦੀ ਜੂਨਾਂ ਵਿਚੋਂ ਮੁਕਤੀ ਹੁੰਦੀ ਹੈ ਅਤੇ ਫਿਰ ਮਨੁੱਖਾ ਜਨਮ ਹਾਸਿਲ ਹੁੰਦਾ ਹੈ। ਇਸ ਲਈ ਸਾਰੀ ਸ੍ਰਿਸ਼ਟੀ ਦੇ ਸਾਰੇ ਜੀਅ ਜੰਤ ਦਿਨ ਰਾਤ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸਿਫਤਿ ਸਾਲਾਹ ਅਤੇ ਆਰਾਧਣਾ ਕਰਦੇ ਹਨ ਭਾਵ ਸਿਮਰਨ ਕਰਦੇ ਹਨ ਤਾਂ ਕਿ ਉਨ੍ਹਾਂ ਦਾ ਜੂਨਾਂ ਵਿਚੋਂ ਛੁਟਕਾਰਾ ਹੋ ਸਕੇ ਅਤੇ ਮਨੁੱਖਾ ਜਨਮ ਮਿਲ ਸਕੇ। ਇਸੇ ਲਈ ਮਨੁੱਖੇ ਜਨਮ ਨੂੰ ਗੁਰਬਾਣੀ ਵਿਚ ਦੁਲੰਭ ਕਿਹਾ ਗਿਆ ਹੈ। ਇਸੇ ਲਈ ਮਨੁੱਖੇ ਜਨਮ ਨੂੰ ਸਾਰੀਆਂ ਜੂਨਾਂ ਵਿਚੋਂ ਸਰਵ ਸ਼੍ਰੇਸ਼ਠ ਕਿਹਾ ਗਿਆ ਹੈ। ਕਿਉਂਕਿ ਜਨਮ-ਮਰਣ ਦੇ ਬੰਧਨ ਤੋਂ ਮੁਕਤੀ ਕੇਵਲ ਮਨੁੱਖੇ ਜਨਮ ਵਿਚ ਹੀ ਮਿਲ ਸਕਦੀ ਹੈ।

            ਸਾਰੇ ਜੰਤਾਂ ਦੇ ਕਰਮਾਂ ਦਾ ਲੇਖਾ-ਜੋਖਾ ਕਰਮ ਦੇ ਵਿਧਾਨ ਅਨੁਸਾਰ ਹਰ ਇੱਕ ਜੰਤ ਵਿਚ ਸਥਿਤ ਸਤਿ ਤੱਤ ਦੁਆਰਾ ਹੀ ਰੱਖਿਆ ਜਾਂਦਾ ਹੈ। ਹਰ ਇੱਕ ਜੰਤ ਵਿਚ ਸਥਿਤ ਇਹ ਸਤਿ ਤੱਤ ਹੀ ਸਾਰੇ ਕਰਮਾਂ ਦਾ ਲੇਖਾ-ਜੋਖਾ ਅਗਲੇ ਜਨਮਾਂ ਜਾਂ ਜੂਨੀ ਵਿਚ ਵਿਚਰ ਰਹੇ ਪ੍ਰਾਣੀਆਂ ਦੀਆਂ ਅਗਲੀਆਂ ਜੂਨੀਆਂ ਵਿਚ ਲੈ ਕੇ ਜਾਂਦਾ ਹੈ। ਸਾਰੇ ਕਰਮਾਂ ਦਾ ਬੋਝ ਇਹ ਸਤਿ ਤੱਤ ਜਿਸਨੂੰ ਆਤਮਾ ਕਿਹਾ ਜਾਂਦਾ ਹੈ ਉਹ ਉਦੋਂ ਤੱਕ ਚੁੱਕੀ ਫਿਰਦਾ ਹੈ ਜਦੋਂ ਤੱਕ ਜੀਵ ਜਨਮ-ਮਰਣ ਦੇ ਬੰਧਨ ਤੋਂ ਮੁਕਤ ਨਹੀਂ ਹੋ ਜਾਂਦਾ ਹੈ। ਇਹ ਸਤਿ ਤੱਤ ਹੀ ਜੀਅ ਦੇ ਕਰਮਾਂ ਦਾ ਵਿਚਾਰ ਕਰਦਾ ਹੈ ਅਤੇ ਇਨ੍ਹਾਂ ਕਰਮਾਂ ਦੇ ਅਨੁਸਾਰ ਹੀ ਜੀਅ ਦਾ ਅਗਲਾ ਜਨਮ ਅਤੇ ਪ੍ਰਾਲਬਧ ਨਿਸ਼ਚਿਤ ਕਰਦਾ ਹੈ। ਜਨਮ-ਮਰਣ ਤੋਂ ਮੁਕਤ ਹੋਣ ਲਈ ਜੂਨਾਂ ਭੋਗਣ ਤੋਂ ਬਾਅਦ ਮਨੁੱਖਾ ਜਨਮ ਦੀ ਬਖ਼ਸ਼ਿਸ਼ ਹੁੰਦੀ ਹੈ। ਕੇਵਲ ਮਨੁੱਖੇ ਜਨਮ ਵਿਚ ਹੀ ਜੀਵਨ ਮੁਕਤੀ ਦਾ ਵਿਧਾਨ ਹੈ। ਮਨੁੱਖੇ ਜਨਮ ਵਿਚ ਕੀਤੇ ਗਏ ਕਰਮਾਂ ਦਾ ਲੇਖਾ-ਜੋਖਾ ਦਰਗਾਹ ਵਿਚ ਹੁੰਦਾ ਹੈ ਜਾਂ ਇਸ ਤਰ੍ਹਾਂ ਕਹਿ ਲਵੋ ਕਿ ਮਨੁੱਖ ਦੇ ਕਰਮਾਂ ਦਾ ਲੇਖਾ-ਜੋਖਾ ਕਰਮ ਦੇ ਦਰਗਾਹੀ ਵਿਧਾਨ ਅਨੁਸਾਰ ਹੀ ਹੁੰਦਾ ਹੈ।

            ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਆਪ ਸਤਿ ਹੈ ਅਤੇ ਉਸਦਾ ਦਰਬਾਰ ਸਤਿ ਹੈ। ਇਸੇ ਲਈ ਸਾਰੀ ਰਚਨਾ ਦਾ ਆਧਾਰ ਸਤਿ ਹੈ। ਹਰ ਇੱਕ ਜੀਵ ਜੰਤ ਦਾ ਆਧਾਰ ਸਤਿ ਹੈ। ਇਸੇ ਲਈ ਮਨੁੱਖੇ ਜਨਮ ਵਿਚ ਸਤਿ ਕਰਮਾਂ ਦੀ ਮਹਿਮਾ ਬਹੁਤ ਸ਼ਕਤੀਸ਼ਾਲੀ ਹੈ। ਸਤਿ ਕਰਮ ਹੀ ਮਨੁੱਖ ਦੀ ਮੁਕਤੀ ਦਾ ਆਧਾਰ ਬਣਦੇ ਹਨ। ਜੋ ਮਨੁੱਖ ਸਤਿ ਕਰਮ ਕਰਦੇ ਹਨ ਉਨ੍ਹਾਂ ਉੱਪਰ ਕਿਰਪਾ ਹੁੰਦੀ ਹੈ ਅਤੇ ਉਨ੍ਹਾਂ ਨੂੰ ਸਤਿ ਕਰਮ ਕਰਦੇ-ਕਰਦੇ ਇੱਕ ਸਮਾਂ ਐਸਾ ਆਉਂਦਾ ਹੈ ਜਦ ਉਨ੍ਹਾਂ ਦੇ ਸਤਿ ਕਰਮਾਂ ਉੱਪਰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਪ੍ਰਸੰਨ ਹੋ ਜਾਂਦਾ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਕਿਰਪਾ ਦੇ ਨਾਲ ਹੀ ਪੂਰਨ ਸੰਤ ਦੀ ਸੰਗਤ ਮਿਲਦੀ ਹੈ। ਪੂਰਨ ਸੰਤ ਦੀ ਸੰਗਤ ਕਰਦੇ-ਕਰਦੇ ਜਦ ਮਨੁੱਖ ਪੂਰਨ ਸੰਤ ਸਤਿਗੁਰ ਦੇ ਚਰਨਾਂ ਉੱਪਰ ਪੂਰਨ ਸਮਰਪਣ ਕਰਦਾ ਹੈ ਤਾਂ ਗੁਰ ਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਗੁਰ ਪ੍ਰਸਾਦਿ ਨੂੰ ਪ੍ਰਾਪਤ ਕਰਕੇ ਜੋ ਜਨ ਇਸ ਦੀ ਸੇਵਾ ਸੰਭਾਲਤਾ ਕਰਦੇ ਹਨ ਉਹ ਜਨ ਨਾਮ ਸਿਮਰਨ ਵਿਚ ਚਲੇ ਜਾਂਦੇ ਹਨ। ਉਨ੍ਹਾਂ ਦੇ ਅੰਦਰ ਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ। ਉਨ੍ਹਾਂ ਦੇ ਬੱਜਰ ਕਪਾਟ ਖੁੱਲ੍ਹ ਜਾਂਦੇ ਹਨ। ਉਨ੍ਹਾਂ ਦੇ ਸਤਿ ਸਰੋਵਰ ਪ੍ਰਕਾਸ਼ਮਾਨ ਹੋ ਜਾਂਦੇ ਹਨ ਅਤੇ ਉਹ ਮਨੁੱਖ ਰੋਮ-ਰੋਮ ਸਿਮਰਨ ਕਰਦੇ-ਕਰਦੇ ਮਾਇਆ ਨੂੰ ਜਿੱਤ ਕੇ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿਚ ਅਭੇਦ ਹੋ ਜਾਂਦੇ ਹਨ। ਐਸੇ ਮਹਾ ਪੁਰਖਾਂ ਨੂੰ ਪੰਚ ਕਿਹਾ ਗਿਆ ਹੈ। ਜਿਨ੍ਹਾਂ ਦਾ ਮਨ ਜੋਤ ਬਣ ਜਾਂਦਾ ਹੈ। ਜਿਨ੍ਹਾਂ ਦੇ ਪੰਜ ਦੂਤ ਵੱਸ ਹੋ ਜਾਂਦੇ ਹਨ। ਜਿਨ੍ਹਾਂ ਦੇ ਪੰਜੇ ਗਿਆਨ ਅਤੇ ਕਰਮ ਇੰਦਰੇ ਪੂਰਨ ਹੁਕਮ ਵਿਚ ਆ ਜਾਂਦੇ ਹਨ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਦਰਬਾਰ ਵਿਚ ਕੇਵਲ ਐਸੇ ਹੀ ਸਤਿ ਰੂਪ ਹੋ ਗਏ ਹੋਏ ਮਹਾ ਪੁਰਖਾਂ ਨੂੰ ਪਰਵਾਨਗੀ, ਮਾਨ ਅਤੇ ਸ਼ੋਭਾ ਪ੍ਰਾਪਤ ਹੁੰਦੀ ਹੈ।     

            ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਦਰਬਾਰ ਵਿਚ ਪਰਵਾਨਗੀ, ਮਾਨ ਅਤੇ ਸ਼ੋਭਾ ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਨਦਰ ਨਾਲ ਹੀ ਨਸੀਬ ਹੁੰਦੀ ਹੈ। ਜਿਸ ਜਨ ਉੱਪਰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਕਰਮ ਬਰਸਦਾ ਹੈ ਭਾਵ ਜਿਸ ਜਨ ਉੱਪਰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਰਹਿਮਤ, ਮਹਿਰਾਮਤ, ਦਇਆ ਅਤੇ ਗੁਰ ਪ੍ਰਸਾਦਿ ਬਰਸਦਾ ਹੈ ਕੇਵਲ ਉਸ ਮਨੁੱਖ ਨੂੰ ਹੀ ਜੀਅ ਦਾਨ ਮਿਲਦਾ ਹੈ ਅਤੇ ਕੇਵਲ ਐਸਾ ਭਾਗਸ਼ਾਲੀ ਮਨੁੱਖ ਹੀ ਬੰਦਗੀ ਵਿਚ ਚਲਾ ਜਾਂਦਾ ਹੈ। ਜੋ ਮਨੁੱਖ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਚਰਨਾਂ ਉੱਪਰ ਅਤੇ ਆਪਣੇ ਸਤਿਗੁਰ ਦੇ ਚਰਨਾਂ ਉੱਪਰ ਸੰਪੂਰਨ ਸਮਰਪਣ ਕਰਦਾ ਹੈ ਕੇਵਲ ਉਸ ਮਨੁੱਖ ਉੱਪਰ ਹੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਅਤੇ ਸਤਿਗੁਰ ਦੀ ਕਿਰਪਾ, ਰਹਿਮਤ, ਮਹਿਰਾਮਤ, ਦਇਆ ਬਰਸਦੀ ਹੈ ਅਤੇ ਉਸਨੂੰ ਗੁਰ ਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਜੋ ਮਨੁੱਖ ਆਪਣਾ ਪੂਰਨ ਆਪਾ ਸਤਿਗੁਰ ਦੇ ਚਰਨਾਂ ਉੱਪਰ ਅਰਪਣ ਕਰ ਦਿੰਦਾ ਹੈ ਸਤਿਨਾਮ ਦਾ ਗੁਰ ਪ੍ਰਸਾਦਿ ਉਸਦੀ ਸੁਰਤ ਵਿਚ ਟਿਕ ਜਾਂਦਾ ਹੈ। ਉਸ ਮਨੁੱਖ ਦੇ ਅੰਦਰ ਸਤਿਨਾਮ ਦਾ ਬੀਜ ਬੋਇਆ ਜਾਂਦਾ ਹੈ। ਉਸ ਮਨੁੱਖ ਦੇ ਅੰਦਰ ਅਜਪਾ ਜਾਪ ਸ਼ੁਰੂ ਹੋ ਜਾਂਦਾ ਹੈ। ਉਹ ਮਨੁੱਖ ਸਮਾਧੀ ਵਿਚ ਚਲਾ ਜਾਂਦਾ ਹੈ। ਉਹ ਮਨੁੱਖ ਬੰਦਗੀ ਵਿਚ ਚਲਾ ਜਾਂਦਾ ਹੈ। ਉਸ ਮਨੁੱਖ ਉੱਪਰ ਸਤਿਗੁਰ ਦੀ ਕਿਰਪਾ, ਰਹਿਮਤ, ਮਹਿਰਾਮਤ, ਦਇਆ ਬਰਸਦੀ ਹੈ ਅਤੇ ਉਸ ਨੂੰ ਅੰਮ੍ਰਿਤ ਦੀ ਦਾਤ ਮਿਲ ਜਾਂਦੀ ਹੈ। ਇਹ ਹੀ ਰਹੱਸ ਹੈ ਗੁਰ ਪ੍ਰਸਾਦਿ ਦੀ ਪ੍ਰਾਪਤੀ ਦਾ। ਇਸ ਲਈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਨਦਰ ਨਾਲ ਐਸੇ ਮਨੁੱਖ ਦੇ ਅੰਦਰ ਸਤਿਨਾਮ ਦਾ ਨਿਸਾਣੁ ਪ੍ਰਗਟ ਹੋ ਜਾਂਦਾ ਹੈ। ਭਾਵ ਐਸੇ ਮਨੁੱਖ ਦੇ ਅੰਦਰ ਸਤਿ ਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ। ਉਸਦੇ ਸਾਰੇ ਬੱਜਰ ਕਪਾਟ ਖੁੱਲ੍ਹ ਜਾਂਦੇ ਹਨ। ਸਾਰੇ ਸਤਿ ਸਰੋਵਰ ਪ੍ਰਕਾਸ਼ਮਾਨ ਹੋ ਜਾਂਦੇ ਹਨ। ਸਮਾਧੀ ਅਤੇ ਸੁੰਨ ਸਮਾਧੀ ਦੀ ਪ੍ਰਾਪਤੀ ਹੋ ਜਾਂਦੀ ਹੈ। ਲੰਬੇ ਸਮੇਂ ਲਈ ਸੁੰਨ ਸਮਾਧੀ ਅਭਿਆਸ ਕਰਦੇ-ਕਰਦੇ ਮਨੁੱਖ ਮਾਇਆ ਨੂੰ ਜਿੱਤ ਲੈਂਦਾ ਹੈ। ਹਿਰਦਾ ਪੂਰੀ ਸਚਿਆਰੀ ਰਹਿਤ ਵਿਚ ਆ ਜਾਂਦਾ ਹੈ। ਪੰਜੇ ਗਿਆਨ ਇੰਦਰੇ ਅਤੇ ਕਰਮ ਇੰਦਰੇ ਪੂਰਨ ਹੁਕਮ ਵਿਚ ਆ ਜਾਂਦੇ ਹਨ ਅਤੇ ਮਨੁੱਖ ਨੂੰ ਦਰਗਾਹ ਮਾਨ ਪ੍ਰਾਪਤ ਹੋ ਜਾਂਦਾ ਹੈ।

            ਮਨੁੱਖ ਦੇ ਕਰਮਾਂ ਦਾ ਨਿਬੇੜਾ ਸਤਿ ਦੀ ਤੱਕੜੀ ਉੱਪਰ ਕਰਮ ਦੇ ਦਰਗਾਹੀ ਵਿਧਾਨ ਅਨੁਸਾਰ ਹੁੰਦਾ ਹੈ। ਕੱਚੇ ਅਤੇ ਪੱਕੇ ਕਰਮਾਂ ਦਾ ਲੇਖਾ-ਜੋਖਾ ਸਤਿ ਦੀ ਕਸੌਟੀ ਉੱਪਰ ਤੋਲ ਕੇ ਹੁੰਦਾ ਹੈ। ਭਾਵ ਸਤਿ ਅਤੇ ਅਸਤਿ ਕਰਮਾਂ ਦਾ ਨਿਬੇੜਾ ਸਤਿ ਦੀ ਤੱਕੜੀ ਉੱਪਰ ਤੋਲ ਕੇ ਕਰਮ ਦੇ ਦਰਗਾਹੀ ਵਿਧਾਨ ਅਨੁਸਾਰ ਹੁੰਦਾ ਹੈ। ਦਰਗਾਹੀ ਵਿਧਾਨ ਦੇ ਅੱਗੇ ਮਨੁੱਖ ਦੀ ਆਪਣੀ ਇੱਕ ਨਹੀਂ ਚੱਲਦੀ। ਖਰੇ ਅਤੇ ਖੋਟੇ ਦੀ ਪਰਖ ਕੇਵਲ ਸਤਿ ਦੀ ਕਸੌਟੀ ਉੱਪਰ ਹੀ ਹੁੰਦੀ ਹੈ। ਜੋ ਮਨੁੱਖ ਸਤਿ ਦੀ ਕਸੌਟੀ ਉੱਪਰ ਖਰੇ ਉਤਰਦੇ ਹਨ ਉਨ੍ਹਾਂ ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਗੁਰ ਪ੍ਰਸਾਦਿ ਦੀ ਬਖ਼ਸ਼ਿਸ਼ ਦੇ ਕੇ ਆਪਣੇ ਦਰਗਾਹੀ ਖਜ਼ਾਨਿਆਂ ਵਿਚ ਸ਼ਾਮਿਲ ਕਰ ਲੈਂਦਾ ਹੈ। ਭਾਵ ਐਸੇ ਮਨੁੱਖਾਂ ਨੂੰ ਸੁਹਾਗ ਅਤੇ ਸਦਾ ਸੁਹਾਗ ਦੇ ਕੇ ਸਦਾ ਲਈ ਆਪਣੇ ਆਪ ਵਿਚ ਅਭੇਦ ਕਰ ਲੈਂਦਾ ਹੈ। ਇਸ ਪਰਮ ਸਤਿ ਤੱਤ ਨੂੰ ਗੁਰਬਾਣੀ ਵਿਚ ਬਹੁਤ ਸਾਰੇ ਸ਼ਲੋਕਾਂ ਵਿਚ ਪ੍ਰਗਟ ਕੀਤਾ ਗਿਆ ਹੈ :-

 

ਆਪੇ ਪਰਖੇ ਪਾਰਖੂ ਪਵੈ ਖਜਾਨੈ ਰਾਸਿ

(ਪੰਨਾ ੬੧)

 

ਖਰੇ ਪਰਖਿ ਖਜਾਨੈ ਪਾਇਹਿ ਖੋਟੇ ਭਰਮਿ ਭੁਲਾਵਣਿਆ

(ਪੰਨਾ ੧੧੮)

 

ਏਕੋ ਏਕੁ ਸੁ ਅਪਰ ਪਰੰਪਰੁ ਪਰਖਿ ਖਜਾਨੈ ਪਾਇਦਾ ੧੨

(ਪੰਨਾ ੧੦੩੩)

 

ਖਰੇ ਪਰਖਿ ਖਜਾਨੈ ਪਾਈਅਨਿ ਖੋਟਿਆ ਨਾਹੀ ਥਾਉ

(ਪੰਨਾ ੧੦੯੨)

 

ਐਸੇ ਜਨ ਵਿਰਲੇ ਜਗ ਅੰਦਰਿ ਪਰਖਿ ਖਜਾਨੈ ਪਾਇਆ

(ਪੰਨਾ ੧੩੪੫)

 

            ਭਾਵ ਜੋ ਮਨੁੱਖ ਗੁਰ ਪ੍ਰਸਾਦਿ ਦੀ ਪ੍ਰਾਪਤੀ ਕਰਕੇ ਬੰਦਗੀ ਵਿਚ ਚਲੇ ਜਾਂਦੇ ਹਨ, ਸਮਾਧੀ ਅਤੇ ਸੁੰਨ ਸਮਾਧੀ ਵਿਚ ਬੈਠ ਕੇ ਸਤਿਨਾਮ ਸਿਮਰਨ ਅਭਿਆਸ ਕਰਦੇ-ਕਰਦੇ ਉੱਚੀ ਆਤਮਿਕ ਅਵਸਥਾ ਉੱਪਰ ਪਹੁੰਚ ਜਾਂਦੇ ਹਨ; ਉਨ੍ਹਾਂ ਨੂੰ ਵੀ ਮਾਇਆ ਨੂੰ ਜਿੱਤਣ ਲਈ ਕਈ ਪਰੀਖਿਆਵਾਂ ਵਿਚੋਂ ਗੁਜ਼ਰਨਾ ਪੈਂਦਾ ਹੈ। ਜੋ ਮਨੁੱਖ ਮਾਇਆ ਨੂੰ ਜਿੱਤਣ ਵਿਚ ਸਫਲ ਹੋ ਜਾਂਦੇ ਹਨ ਕੇਵਲ ਉਹ ਮਨੁੱਖ ਹੀ ਇਲਾਹੀ ਇਸ਼ਕ ਦੀ ਚਰਮ ਸੀਮਾ ਨੂੰ ਪਹੁੰਚ ਕੇ ਸਤਿ ਦੀ ਕਸੌਟੀ ਉੱਪਰ ਖਰੇ ਉਤਰਦੇ ਹਨ ਅਤੇ ਦਰਗਾਹ ਵਿਚ ਮਾਨ ਪ੍ਰਾਪਤ ਕਰਦੇ ਹਨ। ਸਤਿ ਦੀ ਕਸੌਟੀ ਦੀ ਸ਼ਿਖਰ ਹੈ ਮਾਇਆ ਨੂੰ ਜਿੱਤਣਾ। ਪੰਜ ਦੂਤਾਂ ਉੱਪਰ ਵਿਜੈ ਹਾਸਿਲ ਕਰਨਾ ਅਤੇ ਤ੍ਰਿਸ਼ਨਾ ਉੱਪਰ ਜਿੱਤ ਪ੍ਰਾਪਤ ਕਰਨਾ ਹੀ ਸਤਿ ਦੀ ਕਸੌਟੀ ਹੈ। ਕੱਚੇ ਅਤੇ ਪੱਕੇ ਦੀ ਪਰਖ ਇਸ ਸਤਿ ਦੀ ਕਸੌਟੀ ਉੱਪਰ ਹੀ ਹੁੰਦੀ ਹੈ। ਗੁਰ ਪ੍ਰਸਾਦਿ ਦੀ ਪ੍ਰਾਪਤੀ ਤਾਂ ਬਹੁਤ ਸਾਰੇ ਮਨੁੱਖਾਂ ਨੂੰ ਹੋ ਜਾਂਦੀ ਹੈ ਪਰੰਤੂ ਮਾਇਆ ਨੂੰ ਜਿੱਤਣ ਵਿਚ ਕੋਈ ਵਿਰਲਾ ਹੀ ਸਫਲ ਹੁੰਦਾ ਹੈ ਅਤੇ ਪੂਰਨ ਅਵਸਥਾ ਨੂੰ ਪ੍ਰਾਪਤ ਕਰਦਾ ਹੈ। ਇਸ ਲਈ ਜੋ ਮਾਈ ਭਾਈ ਗੁਰ ਪ੍ਰਸਾਦਿ ਦੀ ਪ੍ਰਾਪਤੀ ਕਰਦੇ ਹਨ ਉਨ੍ਹਾਂ ਨੂੰ ਆਪਣੇ ਸਤਿਗੁਰ ਦੇ ਚਰਨਾਂ ਉੱਪਰ ਆਪਣਾ ਪੂਰਨ ਆਪਾ ਅਰਪਣ ਕਰ ਦੇਣਾ ਚਾਹੀਦਾ ਹੈ। ਸਤਿਗੁਰ ਪੂਰਨ ਹੈ ਅਤੇ ਸਮਰੱਥ ਹੈ ਜਿਸਦੀ ਕਿਰਪਾ ਨਾਲ ਹੀ ਮਾਇਆ ਨੂੰ ਜਿੱਤਿਆ ਜਾ ਸਕਦਾ ਹੈ। ਇਹ ਹੀ ਰਹੱਸ ਹੈ ਪੂਰਨ ਬੰਦਗੀ ਦਾ ਅਤੇ ਸਤਿ ਦੀ ਕਸੌਟੀ ਉੱਪਰ ਖਰੇ ਉਤਰ ਕੇ ਦਰਗਾਹ ਪਰਵਾਨਗੀ ਪ੍ਰਾਪਤ ਕਰਨ ਦਾ।