ਜਪੁਜੀ ਪਉੜੀ ੩੬

 

ਗਿਆਨ ਖੰਡ ਮਹਿ ਗਿਆਨੁ ਪਰਚੰਡੁ

ਤਿਥੈ ਨਾਦ ਬਿਨੋਦ ਕੋਡ ਅਨੰਦੁ

ਸਰਮ ਖੰਡ ਕੀ ਬਾਣੀ ਰੂਪੁ

ਤਿਥੈ ਘਾੜਤਿ ਘੜੀਐ ਬਹੁਤੁ ਅਨੂਪੁ

ਤਾ ਕੀਆ ਗਲਾ ਕਥੀਆ ਨਾ ਜਾਹਿ

ਜੇ ਕੋ ਕਹੈ ਪਿਛੈ ਪਛੁਤਾਇ

ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ

ਤਿਥੈ ਘੜੀਐ ਸੁਰਾ ਸਿਧਾ ਕੀ ਸੁਧਿ ੩੬

 

            ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਸ਼ਾਹ ਜੀ ਬੇਅੰਤ ਦਿਆਲਤਾ ਨਾਲ ਇਸ ਪਉੜੀ ਵਿਚ ਮਨੁੱਖੀ ਬੰਦਗੀ ਦੇ ਪੜਾਅ “ਗਿਆਨ ਖੰਡ” ਅਤੇ “ਸਰਮ ਖੰਡ” ਦੀ ਮਹਿਮਾ ਸਾਰੀ ਲੋਕਾਈ ਦੀ ਝੋਲੀ ਵਿਚ ਪਾ ਰਹੇ ਹਨ। ਬੰਦਗੀ ਦੇ ਮੁੱਢਲੇ ਪੜਾਅ “ਧਰਮ ਖੰਡ” ਦੀ ਮਹਿਮਾ ਪਿੱਛਲੀ ਪਉੜੀ ਵਿਚ ਪ੍ਰਗਟ ਕੀਤੀ ਗਈ ਹੈ। ਬੰਦਗੀ ਦੇ ਅਗਲੇ ਪੜਾਅ “ਗਿਆਨ ਖੰਡ” ਦੀ ਮਹਿਮਾ ਵੀ ਪਿੱਛਲੀ ਪਉੜੀ ਵਿਚ ਪ੍ਰਗਟ ਕੀਤੀ ਗਈ ਹੈ। ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਸ਼ਾਹ ਜੀ ਇਸ ਪਉੜੀ ਵਿਚ “ਗਿਆਨ ਖੰਡ” ਦੀ ਮਹਿਮਾ ਨੂੰ ਦ੍ਰਿੜ੍ਹ ਕਰਵਾਉਣ ਦੀ ਕਿਰਪਾਲਤਾ ਕਰ ਰਹੇ ਹਨ। ਜਦ ਜਿਗਿਆਸੂ ਨੂੰ ਗਿਆਨ ਖੰਡ ਦੀ ਮਹਿਮਾ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ ਤਾਂ ਗੁਰਮਤਿ ਦਾ ਗਿਆਨ ਪ੍ਰਚੰਡ ਹੋਣਾ ਸ਼ੁਰੂ ਹੋ ਜਾਂਦਾ ਹੈ। ਭਾਵ ਗੁਰਬਾਣੀ ਦੇ ਹਰ ਇੱਕ ਸ਼ਬਦ ਦਾ ਜਿਗਿਆਸੂ ਉੱਪਰ ਸੁੰਦਰ ਪ੍ਰਭਾਵ ਪੈਣਾ ਸ਼ੁਰੂ ਹੋ ਜਾਂਦਾ ਹੈ। ਗੁਰ ਕੇ ਸ਼ਬਦ ਦੀ ਮਹਿਮਾ ਮਨੁੱਖ ਦੇ ਹਿਰਦੇ ਨੂੰ ਪਾੜ ਕੇ ਅੰਦਰ ਪ੍ਰਵੇਸ਼ ਕਰਨ ਲੱਗ ਜਾਂਦੀ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬੰਦਗੀ ਕਰਦੇ ਹੋਏ ਜੋ ਜੋ ਰੂਹਾਨੀ ਇਲਾਹੀ ਦਰਗਾਹੀ ਪ੍ਰਾਪਤੀਆਂ ਹੁੰਦੀਆਂ ਹਨ ਉਨ੍ਹਾਂ ਅਨੁਭਵਾਂ ਦਾ ਗਿਆਨ ਹੋ ਜਾਂਦਾ ਹੈ। ਜਿਵੇਂ ਕਿ ਗੁਰ ਪ੍ਰਸਾਦਿ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ, ਅਨਹਦ ਸ਼ਬਦ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ, ਬੱਜਰ ਕਪਾਟ ਕਿਵੇਂ ਖੁੱਲ੍ਹਦੇ ਹਨ, ਸਤਿ ਸਰੋਵਰ ਕਿਵੇਂ ਪ੍ਰਕਾਸ਼ਮਾਨ ਹੁੰਦੇ ਹਨ, ਹਿਰਦੇ ਵਿਚ ਪਰਮ ਜੋਤ ਦਾ ਪੂਰਨ ਪ੍ਰਕਾਸ਼ ਕਿਵੇਂ ਹੁੰਦਾ ਹੈ, ਹਿਰਦਾ ਪੂਰਨ ਸਚਿਆਰੀ ਰਹਿਤ ਵਿਚ ਕਿਵੇਂ ਜਾਂਦਾ ਹੈ, ਸੁਹਾਗ ਅਤੇ ਸਦਾ ਸੁਹਾਗ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ, ਸਮਾਧੀ ਅਤੇ ਸੁੰਨ ਸਮਾਧੀ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ, ਰੋਮ-ਰੋਮ ਸਿਮਰਨ ਕਿਵੇਂ ਪ੍ਰਾਪਤ ਹੁੰਦਾ ਹੈ, ਮਾਇਆ ਨੂੰ ਕਿਵੇਂ ਜਿੱਤਿਆ ਜਾਂਦਾ ਹੈ ਅਤੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿਚ ਅਭੇਦ ਹੋਣ ਦੀ ਅਵਸਥਾ ਦਾ ਗਿਆਨ ਪਤਾ ਲੱਗ ਜਾਂਦਾ ਹੈ। ਇਹ ਸਾਰੀਆਂ ਰੂਹਾਨੀ ਪ੍ਰਾਪਤੀਆਂ ਦਾ ਗਿਆਨ ਪ੍ਰਚੰਡ ਹੋ ਜਾਂਦਾ ਹੈ।

            ਗੁਰਬਾਣੀ, ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਅਤੇ ਸਤਿਗੁਰ ਉੱਪਰ ਮਨੁੱਖ ਦਾ ਭਰੋਸਾ, ਸ਼ਰਧਾ ਅਤੇ ਪ੍ਰੀਤ; ਜਾਗਣ ਲੱਗ ਜਾਂਦੇ ਹਨ। ਮਨੁੱਖ ਦਾ ਇਹ ਹੀ ਭਰੋਸਾ, ਪ੍ਰੀਤ ਅਤੇ ਸ਼ਰਧਾ ਹੀ ਮਨੁੱਖ ਦੀ ਬੰਦਗੀ ਦਾ ਆਧਾਰ ਬਣਦੇ ਹਨ। ਬੈਰਾਗ ਪ੍ਰਚੰਡ ਹੋ ਜਾਂਦਾ ਹੈ। ਗੁਰਬਾਣੀ ਸੁਣਦੇ ਹੀ ਮਨੁੱਖ ਨੂੰ ਸਤਿ ਪਾਰਬ੍ਰਹਮ ਦੇ ਦਰਸ਼ਨ ਕਰਨ ਦੀ ਤੜਪ ਸਤਾਉਣ ਲੱਗ ਜਾਂਦੀ ਹੈ। ਗੁਰਬਾਣੀ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ। ਮਨੁੱਖੀ ਹਿਰਦਾ ਅਤੇ ਮਨ ਬੰਦਗੀ ਕਰਨ ਲਈ ਤੜਪਣ ਲੱਗ ਜਾਂਦਾ ਹੈ। ਪੜ੍ਹੇ ਅਤੇ ਸੁਣੇ ਗਏ ਗੁਰਬਾਣੀ ਦੇ ਗਿਆਨ ਅੰਮ੍ਰਿਤ ਦੀ ਜਿਹੜੀ ਬੂੰਦ ਹਿਰਦੇ ਨੂੰ ਪਾੜ ਕੇ ਅੰਦਰ ਚਲੀ ਜਾਂਦੀ ਹੈ ਉਸ ਦੀ ਕਮਾਈ ਕਰਨ ਦੀ ਤੜਪ ਪ੍ਰਚੰਡ ਹੋ ਜਾਂਦੀ ਹੈ। ਸਤਿ ਸੰਗਤ ਵਿਚ ਜਾਉਣ ਦੀ ਤੜਪ ਪ੍ਰਚੰਡ ਹੋ ਜਾਂਦੀ ਹੈ। ਸੰਤ ਦੀ ਸੰਗਤ ਦੀ ਤੜਪ ਪ੍ਰਚੰਡ ਹੋ ਜਾਂਦੀ ਹੈ। ਗੁਰ ਪ੍ਰਸਾਦਿ ਪ੍ਰਾਪਤ ਕਰਨ ਦੀ ਤੜਪ ਹੋਰ ਪ੍ਰਚੰਡ ਹੋ ਜਾਂਦੀ ਹੈ। ਬੈਰਾਗ, ਸ਼ਰਧਾ, ਪ੍ਰੀਤ ਅਤੇ ਭਰੋਸਾ ਹੋਰ ਪ੍ਰਚੰਡ ਹੋ ਜਾਂਦਾ ਹੈ। ਨਾਮ ਜੱਪਣ ਅਤੇ ਨਾਮ ਦੀ ਕਮਾਈ ਕਰਨ ਦੀ ਤੜਪ ਹੋਰ ਪ੍ਰਚੰਡ ਹੋ ਜਾਂਦੀ ਹੈ। ਮਨੁੱਖੀ ਹਿਰਦੇ ਵਿਚ ਜੋ ਜੋ ਸ਼ਬਦ ਉਕਰ ਜਾਂਦੇ ਹਨ ਉਨ੍ਹਾਂ ਦੀ ਘੋਲ ਕਮਾਈ ਕਰਨ ਦੀ ਤੜਪ ਪ੍ਰਚੰਡ ਹੋ ਜਾਂਦੀ ਹੈ। ਗਿਆਨ ਖੰਡ ਦੀ ਇਹ ਪ੍ਰਚੰਡਤਾ ਹੀ ਮਨੁੱਖ ਦਾ ਬੰਦਗੀ ਦੇ ਇਸ ਗੁਰ ਪ੍ਰਸਾਦੀ ਮਾਰਗ ਉੱਪਰ ਮਾਰਗ ਦਰਸ਼ਨ ਕਰਦੀ ਹੈ ਅਤੇ ਮਨੁੱਖ ਬੰਦਗੀ ਦੇ ਅਗਲੇ ਪੜਾਅ “ਸਰਮ ਖੰਡ” ਵਿਚ ਗੁਰਕਿਰਪਾ ਅਤੇ ਗੁਰ ਪ੍ਰਸਦਿ ਨਾਲ ਪ੍ਰਵੇਸ਼ ਕਰ ਜਾਂਦਾ ਹੈ। 

 

 

ਸਰਮ ਖੰਡ :

 

ਸਰਮ ਤੋਂ ਭਾਵ ਹੈ ਕੜੀ ਮੁਸ਼ੱਕਤ ਕਰਨਾ, ਕੜਾ ਪਰਿਸ਼ਰਮ ਕਰਨਾ, ਕੜੀ ਮਿਹਨਤ ਕਰਨਾ। ਇਸ ਲਈ ਇਸ ਅਵਸਥਾ ਨੂੰ ਕੜੇ ਉੱਦਮ, ਪਰਿਸ਼ਰਮ, ਮੁਸ਼ੱਕਤ ਕਰਨ ਦੀ ਅਵਸਥਾ ਕਿਹਾ ਜਾਂਦਾ ਹੈ। ਜਿਗਿਆਸੂ ਦੀ ਪ੍ਰਬਲ ਅਤੇ ਪ੍ਰਚੰਡ ਜਿਗਿਆਸਾ ਉਸ ਨੂੰ ਗੁਰ ਕਾ ਸ਼ਬਦ ਦੀ ਕਮਾਈ ਵਿਚ ਲੈ ਜਾਂਦੀ ਹੈ। ਰੂਹਾਨੀਅਤ ਦੀ ਘੋਲ ਕਮਾਈ ਸ਼ੁਰੂ ਹੋ ਜਾਂਦੀ ਹੈ। ਗੁਰ ਸ਼ਬਦ ਦਾ ਅਭਿਆਸ ਸ਼ੁਰੂ ਹੋ ਜਾਂਦਾ ਹੈ। ਤੁਸੀਂ ਜ਼ਿੰਦਗੀ ਦੇ ਅਸਲੀ ਦਰਗਾਹੀ ਮੰਤਵ ਜੀਵਨ ਮੁਕਤੀ ਨੂੰ ਪ੍ਰਾਪਤ ਕਰਨ ਲਈ ਅਸਲ ਵਿੱਚ ਸਖ਼ਤ ਮਿਹਨਤ ਸ਼ੁਰੂ ਕਰਦੇ ਹੋ।

            ਅੰਮ੍ਰਿਤ ਵੇਲੇ ਦਾ ਜਾਗਣਾ, ਇਸ਼ਨਾਨ ਕਰਨਾ, ਫਿਰ ਲੰਬੇ ਨਾਮ ਸਿਮਰਨ ਦੇ ਅਭਿਆਸ ਵਿਚ ਬੈਠਣਾ। ਜਿਨ੍ਹਾਂ ਜਿਗਿਆਸੂਆਂ ਦਾ ਬੈਰਾਗ ਅਤੇ ਗੁਰ ਕਾ ਸ਼ਬਦ ਕਮਾਉਣ ਦੀ ਤਾਂਘ ਬਹੁਤ ਪ੍ਰਬਲ ਹੋ ਜਾਂਦੀ ਹੈ ਉਹ ਰਾਤ ਦੇ ੧੨ ਵਜੇ ਤੋਂ ਬਾਅਦ ਸੌਂਦੇ ਨਹੀਂ ਹਨ। ਐਸੇ ਜਿਗਿਆਸੂ ਨੀਂਦ ਦਾ ਤਿਆਗ ਕਰ ਦਿੰਦੇ ਹਨ ਅਤੇ ਰਾਤ ਦੇ ੧੨ ਵਜੇ ਤੋਂ ਉੱਠ ਕੇ ਇਸ਼ਨਾਨ ਕਰ ਲੰਬੇ ਨਾਮ ਸਿਮਰਨ ਦੇ ਅਭਿਆਸ ਵਿਚ ਚਲੇ ਜਾਂਦੇ ਹਨ। ਰਾਤ ਦੇ ੧੨ ਵਜੇ ਤੋਂ ਬਾਅਦ ਵਾਤਾਵਰਨ ਸ਼ਾਂਤ ਹੋ ਜਾਂਦਾ ਹੈ। ਵਿਨਾਸ਼ਕਾਰੀ ਸ਼ਕਤੀਆਂ ਥੱਕ ਟੁੱਟ ਕੇ ਬੈਠ ਜਾਂਦੀਆਂ ਹਨ। ਜਿਗਿਆਸੂ ਦਾ ਅਲੱਖ ਜਗਾਉਣ ਦਾ ਸਮਾਂ ਸ਼ੁਰੂ ਹੋ ਜਾਂਦਾ ਹੈ। ਜਿਗਿਆਸੂ ਦਾ ਬੰਦਗੀ ਦਾ ਸਮਾਂ ਸ਼ੁਰੂ ਹੋ ਜਾਂਦਾ ਹੈ। ਕੁਝ ਸੰਤ ਮਹਾ ਪੁਰਖ ਤਾਂ ਇਹ ਦੱਸਦੇ ਹਨ ਕਿ ਇਸ ਸਮੇਂ (ਰਾਤ ਦੇ ੧੨ ਵਜੇ ਤੋਂ) ਕੀਤਾ ਗਿਆ ਸਿਮਰਨ ਬਹੁਤ ਲਾਭਕਾਰੀ ਹੁੰਦਾ ਹੈ। (ਇਹ ਦਾਸਨ ਦਾਸ ਦਾ ਵੀ ਜਾਤੀ ਅਨੁਭਵ ਹੈ।) ਰਾਤ ਦੇ ੧ ਵਜੇ ਤੋਂ ੫ ਵਜੇ ਤੱਕ ਕੀਤਾ ਗਿਆ ਸਿਮਰਨ ਸਭ ਤੋਂ ਵੱਧ ਫੱਲ ਦਾਇਕ ਹੁੰਦਾ ਹੈ। ੧-੨ ਤੱਕ ਕੀਤਾ ਗਿਆ ਸਿਮਰਨ ਇਤਨਾ ਪੁੰਨ ਦਾਇਕ ਹੁੰਦਾ ਹੈ ਜਿਤਨਾ ਪੁੰਨ ਇੱਕ ਮਣ (੪੦ ਕਿਲੋ) ਹੀਰੇ ਵੀ ਦਾਨ ਕੀਤੇ ਜਾਣ ਤਾਂ ਵੀ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਹੈ। ੨-੩ ਤੱਕ ਕੀਤਾ ਗਿਆ ਸਿਮਰਨ ਇਤਨਾ ਪੁੰਨ ਦਾਇਕ ਹੁੰਦਾ ਹੈ ਕਿ ਇੱਕ ਮਣ (੪੦ ਕਿਲੋ) ਸੋਨਾ ਵੀ ਦਾਨ ਕੀਤਾ ਜਾਏ ਤਾਂ ਵੀ ਪ੍ਰਾਪਤ ਨਹੀਂ ਹੋ ਸਕਦਾ ਹੈ। ੩-੪ ਤੱਕ ਕੀਤਾ ਗਿਆ ਸਿਮਰਨ ਇਤਨਾ ਪੁੰਨ ਦਾਇਕ ਹੁੰਦਾ ਹੈ ਕਿ ਇੱਕ ਮਣ (੪੦ ਕਿਲੋ) ਚਾਂਦੀ ਵੀ ਦਾਨ ਕੀਤੀ ਜਾਏ ਤਾਂ ਵੀ ਪ੍ਰਾਪਤ ਨਹੀਂ ਹੋ ਸਕਦਾ ਹੈ। ੪-੫ ਤੱਕ ਕੀਤਾ ਗਿਆ ਸਿਮਰਨ ਇਤਨਾ ਪੁੰਨ ਦਾਇਕ ਹੁੰਦਾ ਹੈ ਕਿ ਇੱਕ ਮਣ (੪੦ ਕਿਲੋ) ਤਾਂਬਾ ਵੀ ਦਾਨ ਕੀਤਾ ਜਾਏ ਤਾਂ ਵੀ ਪ੍ਰਾਪਤ ਨਹੀਂ ਹੋ ਸਕਦਾ ਹੈ। ੫-੬ ਤੱਕ ਕੀਤਾ ਗਿਆ ਸਿਮਰਨ ਇਤਨਾ ਪੁੰਨ ਦਾਇਕ ਹੁੰਦਾ ਹੈ ਕਿ ਇੱਕ ਮਣ (੪੦ ਕਿਲੋ) ਲੋਹਾ ਵੀ ਦਾਨ ਕੀਤਾ ਜਾਏ ਤਾਂ ਵੀ ਪ੍ਰਾਪਤ ਨਹੀਂ ਹੋ ਸਕਦਾ ਹੈ। ਇਸ ਤਰ੍ਹਾਂ ਜਿਵੇਂ ਜਿਵੇਂ ਦਿਨ ਚੱੜ੍ਹਦਾ ਹੈ ਸਿਮਰਨ ਦਾ ਪੁੰਨ ਫੱਲ ਘੱਟਣਾ ਸ਼ੁਰੂ ਹੋ ਜਾਂਦਾ ਹੈ।

            ਇਸ ਤਰ੍ਹਾਂ ਨਾਲ ਜਦ ਗੁਰ ਕੇ ਸ਼ਬਦ ਦਾ ਅਭਿਆਸ ਪ੍ਰਚੰਡ ਹੋ ਜਾਂਦਾ ਹੈ ਤਾਂ ਗੁਰ ਕੇ ਸ਼ਬਦ ਦਾ ਰੰਗ ਚੜ੍ਹਨਾ ਸ਼ੁਰੂ ਹੋ ਜਾਂਦਾ ਹੈ। ਗੁਰਬਾਣੀ ਦਾ ਅਭਿਆਸ ਕਰਨ ਨਾਲ ਗੁਰਬਾਣੀ ਦਾ ਰੰਗ ਰੂਪ ਚੜ੍ਹਨਾ ਸ਼ੁਰੂ ਹੋ ਜਾਂਦਾ ਹੈ। ਨਾਮ ਅਭਿਆਸ ਨਾਲ ਗੁਰਬਾਣੀ ਮਨੁੱਖ ਦੇ ਹਿਰਦੇ ਅੰਦਰ ਪ੍ਰਵੇਸ਼ ਕਰਨ ਲੱਗ ਪੈਂਦੀ ਹੈ। ਗੁਰਬਾਣੀ ਦੀ ਹੋਰ ਡੂੰਘਾਈਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ। ਗੁਰਬਾਣੀ ਵਿਚ ਮਾਨਸਰੋਵਰ ਦੀ ਝਲਕ ਨਜ਼ਰ ਆਉਣ ਲੱਗ ਪੈਂਦੀ ਹੈ। ਸਿਮਰਨ ਅਭਿਆਸ ਮਨੁੱਖ ਦੇ ਮਨ ਨੂੰ ਘੜਣਾ ਸ਼ੁਰੂ ਕਰ ਦਿੰਦਾ ਹੈ। ਸਿਮਰਨ ਦੇ ਅਭਿਆਸ ਨਾਲ ਮਨ ਬਹੁਤ ਸੁੰਦਰ ਘੜਿਆ ਜਾਂਦਾ ਹੈ। ਮਨੁੱਖ ਦੇ ਮਨ ਵਿਚ ਮਾੜੇ ਫੁਰਨਿਆਂ ਦਾ ਆਉਣਾ ਬੰਦ ਹੋ ਜਾਂਦਾ ਹੈ ਅਤੇ ਕੇਵਲ ਸੁੰਦਰ ਰੂਹਾਨੀ ਫੁਰਨੇ ਹੀ ਰਹਿ ਜਾਂਦੇ ਹਨ। ਮਨੁੱਖ ਦਾ ਮਨ ਗੁਰ ਸ਼ਬਦ ਵਿਚ ਟਿਕ ਜਾਂਦਾ ਹੈ। ਮਨ ਪੂਰਨ ਸ਼ਾਂਤ ਹੋਣਾ ਸ਼ੁਰੂ ਹੋ ਜਾਂਦਾ ਹੈ। ਜੋ ਮਨੁੱਖ ਸਤਿਗੁਰ ਦੀ ਸੇਵਾ ਵਿਚ ਸਤਿਨਾਮ ਸਿਮਰਨ ਦੀ ਸੇਵਾ ਕਰਦੇ ਹਨ ਉਨ੍ਹਾਂ ਉੱਪਰ ਸੱਚੀ ਸ਼ਰਧਾ, ਪ੍ਰੀਤ ਅਤੇ ਭਰੋਸੇ ਦਾ ਰੰਗ ਚੜ੍ਹ ਜਾਂਦਾ ਹੈ। ਭਾਵ ਜੋ ਪੂਰਨ ਸੰਤ ਸਤਿਗੁਰੂ ਦੀ ਸਤਿਸੰਗਤ ਵਿਚ ਉਸਦੇ ਛੱਤਰ ਹੇਠ ਬੈਠ ਕੇ ਸਤਿਨਾਮ ਸਿਮਰਨ ਅਭਿਆਸ ਕਰਦੇ ਹਨ ਐਸੇ ਮਨੁੱਖਾਂ ਦਾ ਹਿਰਦਾ ਸੱਚੀ ਸ਼ਰਧਾ, ਪ੍ਰੀਤ ਅਤੇ ਭਰੋਸੇ ਵਿਚ ਭਿੱਜ ਜਾਂਦਾ ਹੈ ਅਤੇ ਉਨ੍ਹਾਂ ਦੀ ਸਤਿਨਾਮ ਨਾਲ ਚੜ੍ਹਦੀ ਕਲਾ ਹੋਣੀ ਸ਼ੁਰੂ ਹੋ ਜਾਂਦੀ ਹੈ। ਉਨ੍ਹਾਂ ਦੇ ਅੰਦਰ ਸਤਿਨਾਮ ਚੱਲਣਾ ਸ਼ੁਰੂ ਹੋ ਜਾਂਦਾ ਹੈ। ਗੁਰਬਾਣੀ ਵਿਚ ਇਸ ਪਰਮ ਸਤਿ ਤੱਤ ਨੂੰ ਇਸ ਸ਼ਲੋਕ ਵਿਚ ਪ੍ਰਗਟ ਕੀਤਾ ਗਿਆ ਹੈ :-

 

ਜੋ ਗੁਰਮੁਖਿ ਨਾਮੁ ਧਿਆਇਦੇ ਤਿਨੀ ਚੜੀ ਚਵਗਣਿ ਵੰਨੀ ੧੨

(ਪੰਨਾ ੫੯੧)

 

            ਜੋ ਸਤਿਨਾਮ ਧਿਆਉਂਦੇ ਹਨ ਉਨ੍ਹਾਂ ਗੁਰਮੁਖਾਂ ਉੱਪਰ ਸਤਿਨਾਮ ਦਾ ਰੰਗ ਚੜ੍ਹ ਜਾਂਦਾ ਹੈ। ਉਨ੍ਹਾਂ ਦੀ ਚੜ੍ਹਦੀ ਕਲਾ ਹੋ ਜਾਂਦੀ ਹੈ। ਜੋ ਮਨੁੱਖ ਸਤਿਗੁਰ ਦੇ ਚਰਨਾਂ ਉੱਪਰ ਆਪਣਾ ਤਨ, ਮਨ, ਧਨ ਅਰਪਣ ਕਰ ਦਿੰਦੇ ਹਨ ਉਹ ਧਿਆਨ ਵਿਚ ਚਲੇ ਜਾਂਦੇ ਹਨ ਅਤੇ ਉਨ੍ਹਾਂ ਦਾ ਹਿਰਦਾ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਪ੍ਰੀਤ ਵਿਚ ਓਤਪੌਤ ਹੋ ਜਾਂਦਾ ਹੈ। ਜਿਨ੍ਹਾਂ ਮਨੁੱਖਾਂ ਦਾ ਪੂਰਾ ਓਟ ਆਸਰਾ ਸਤਿਨਾਮ ਹੀ ਹੋ ਜਾਂਦਾ ਹੈ ਉਨ੍ਹਾਂ ਉੱਪਰ ਸਤਿਨਾਮ ਦਾ ਰੰਗ ਚੜ੍ਹ ਜਾਂਦਾ ਹੈ। 

            ਸਰਮ ਤੋਂ ਨਿੰਮਰਤਾ ਭਾਵਨਾ ਦਾ ਭਾਵ ਵੀ ਪ੍ਰਗਟ ਹੁੰਦਾ ਹੈ। ਨਿੰਮਰਤਾ ਵਿਚ ਦਰਗਾਹ ਦੀ ਕੁੰਜੀ ਹੈ। ਹਿਰਦੇ ਦੀ ਗਰੀਬੀ ਵਿਚ ਦਰਗਾਹ ਦੀ ਕੁੰਜੀ ਹੈ। ਗਰੀਬੀ ਵੇਸ ਹਿਰਦੇ ਵਿਚ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਆਪ ਪ੍ਰਗਟ ਹੁੰਦਾ ਹੈ। ਹਿਰਦੇ ਵਿਚ ਗਰੀਬੀ ਦੇ ਵੱਸ ਜਾਣ ਨਾਲ ਹੀ ਜੀਵਨ ਮੁਕਤੀ ਪ੍ਰਾਪਤ ਹੁੰਦੀ ਹੈ। ਹਿਰਦੇ ਵਿਚ ਗਰੀਬੀ ਤੋਂ ਭਾਵ ਹੈ ਮਨੁੱਖ ਦੇ ਹਿਰਦੇ ਵਿਚ ਅਤਿ ਦੀ ਨਿਰਮਾਣਤਾ ਆ ਜਾਣਾ। ਗਰੀਬੀ ਵੇਸ ਹਿਰਦਾ ਗੁਰ ਪ੍ਰਸਾਦਿ ਹੈ। ਇਹ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਜੋ ਮਨੁੱਖ ਹਿਰਦੇ ਦੀ ਗਰੀਬੀ ਦੀ ਕਮਾਈ ਕਰਦੇ ਹਨ ਉਨ੍ਹਾਂ ਨੂੰ ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਜੋ ਮਨੁੱਖ ਸਾਰੀ ਸ੍ਰਿਸ਼ਟੀ ਦੇ ਚਰਨਾਂ ਦੀ ਧੂਲ ਬਣ ਜਾਂਦੇ ਹਨ ਉਨ੍ਹਾਂ ਨੂੰ ਆਤਮ ਰਸ ਦੀ ਪ੍ਰਾਪਤੀ ਹੁੰਦੀ ਹੈ। ਆਤਮ ਰਸ ਅੰਮ੍ਰਿਤ ਕੇਵਲ ਜੀਵਨ ਮੁਕਤ ਪੂਰਨ ਸੰਤ ਸਤਿਗੁਰੂ ਅਤੇ ਪੂਰਨ ਬ੍ਰਹਮ ਗਿਆਨੀ ਨੂੰ ਪ੍ਰਾਪਤ ਹੁੰਦਾ ਹੈ। ਭਾਵ ਜਿਨ੍ਹਾਂ ਮਨੁੱਖਾਂ ਦਾ ਹਿਰਦਾ ਪੂਰਨ ਨਿੰਮਰਤਾ ਵਿਚ ਜਾ ਕੇ ਗਰੀਬੀ ਵੇਸ ਹਿਰਦਾ ਬਣ ਜਾਂਦਾ ਹੈ ਉਸ ਹਿਰਦੇ ਵਿਚ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਆਪ ਪ੍ਰਗਟਿਓ ਜੋਤ ਰੂਪ ਵਿਚ ਪ੍ਰਗਟ ਹੋ ਜਾਂਦਾ ਹੈ। ਇਸ ਪਰਮ ਸਤਿ ਤੱਤ ਨੂੰ ਗੁਰਬਾਣੀ ਦੇ ਕਈ ਸ਼ਲੋਕਾਂ ਵਿਚ ਪ੍ਰਗਟ ਕੀਤਾ ਗਿਆ ਹੈ :- 

 

ਕਰਿ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ

ਨਾਨਕ ਈਹਾ ਮੁਕਤੁ ਆਗੈ ਸੁਖੁ ਪਾਵੈ

(ਪੰਨਾ ੨੭੮)

 

ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ

(ਪੰਨਾ ੨੭੩)

 

ਬ੍ਰਹਮ ਗਿਆਨੀ ਸਗਲ ਕੀ ਰੀਨਾ ਆਤਮ ਰਸੁ ਬ੍ਰਹਮ ਗਿਆਨੀ ਚੀਨਾ

(ਪੰਨਾ ੨੭੨)

 

            ਨਿੰਮਰਤਾ ਭਾਵਨਾ ਦਾ ਇਹ ਗਿਆਨ ਮਨੁੱਖ ਦੇ ਹਿਰਦੇ ਨੂੰ ਭੇਦ (ਚੀਰ) ਕੇ ਰੱਖ ਦਿੰਦਾ ਹੈ ਅਤੇ ਮਨੁੱਖ ਨਿੰਮਰਤਾ ਭਾਵਨਾ ਵਿਚ ਚਲਾ ਜਾਂਦਾ ਹੈ। ਨਿੰਮਰਤਾ ਭਾਵਨਾ ਵਿਚ ਸਤਿਨਾਮ ਸਿਮਰਨ ਕਰਦਾ ਹੋਇਆ ਆਪਣੇ ਰੋਜ਼ਾਨਾ ਜੀਵਨ ਵਿਚ ਨਿੰਮਰਤਾ ਦੀ ਕਮਾਈ ਕਰਦਾ ਹੈ। ਜੋ ਮਨੁੱਖ ਨਿੰਮਰਤਾ ਦੀ ਕਮਾਈ ਕਰਦਾ ਹੈ ਉਹ ਆਪਣੇ ਆਪ ਨੂੰ ਗੁਰ ਅਤੇ ਗੁਰੂ ਦੇ ਸਤਿ ਚਰਨਾਂ ਤੇ ਪੂਰਨ ਰੂਪ ਵਿੱਚ ਸਮਰਪਿਤ ਕਰ ਦਿੰਦਾ ਹੈ। ਪੂਰਨ ਦ੍ਰਿੜ੍ਹਤਾ ਅਤੇ ਵਿਸ਼ਵਾਸ ਨਾਲ, ਭਰੋਸੇ ਅਤੇ ਯਕੀਨ ਨਾਲ, ਸ਼ਰਧਾ ਅਤੇ ਪਿਆਰ ਨਾਲ ਪੂਰੀ ਤਰ੍ਹਾਂ ਗੁਰੂ ਅੱਗੇ ਆਪਣਾ ਆਪਾ ਨਿਛਾਵਰ ਕਰਕੇ, ਤਨ ਮਨ ਧਨ ਗੁਰੂ ਦੇ ਚਰਨਾਂ ਤੇ ਅਰਪਣ ਕਰਕੇ ਆਪਣੇ ਆਪ ਨੂੰ ਨਾਮ ਸਿਮਰਨ ਨੂੰ ਸਮਰਪਿਤ ਕਰ ਦਿੰਦਾ ਹੈ। ਆਪਣੀ ਰੋਜ਼ਾਨਾ ਦੀ ਕਰਨੀ ਨੂੰ ਸਤਿ ਦੀ ਕਰਨੀ ਵਿਚ ਪਰਿਵਰਤਿਤ ਕਰ ਦਿੰਦਾ ਹੈ। ਮਨ, ਬਚਨ ਅਤੇ ਕਰਮ ਕਰਕੇ ਆਪਣੇ ਸਤਿਗੁਰ ਦੀ ਸੇਵਾ ਵਿੱਚ ਲੀਨ ਹੋ ਜਾਂਦਾ ਹੈ। ਆਪਣੇ ਸਤਿਗੁਰ ਦੇ ਸਤਿ ਚਰਨਾਂ ਤੇ ਆਪਣਾ ਦਸਵੰਧ ਦੇਣਾ ਸ਼ੁਰੂ ਕਰ ਦਿੰਦਾ ਹੈ – ਸਮੇਂ ਦਾ ਅਤੇ ਆਪਣੇ ਦਸਾਂ ਨਹੂੰਆਂ ਦੀ ਕਿਰਤ ਕਮਾਈ ਦਾ ਦਸਵੰਧ ਆਪਣੇ ਸਤਿਗੁਰ ਦੇ ਚਰਨਾਂ ਤੇ ਅਰਪਣ ਕਰਨਾ ਆਰੰਭ ਕਰ ਦਿੰਦਾ ਹੈ।

            ਨਿੰਮਰਤਾ ਮਨੁੱਖ ਦੀ ਹਉਮੈ ਨੂੰ ਨਸ਼ਟ ਕਰ ਦਿੰਦੀ ਹੈ। ਹਉਮੈ ਦੀ ਵਿਨਾਸ਼ਕਾਰੀ ਸ਼ਕਤੀ ਮਨੁੱਖ ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਮਿਲਣ ਦੇ ਵਿਚ ਕੂੜ ਦੀ ਕੰਧ ਦਾ ਕੰਮ ਕਰਦੀ ਹੈ। ਇਹ ਕੂੜ ਦੀ ਕੰਧ ਨਿੰਮਰਤਾ ਦੇ ਦਰਗਾਹੀ ਅਸਤਰ ਨਾਲ ਢਹਿ ਜਾਂਦੀ ਹੈ। ਨਿੰਮਰਤਾ ਵਿਚ ਦਰਗਾਹੀ ਪਰਮ ਸ਼ਕਤੀ ਹੈ ਜੋ ਮਨੁੱਖ ਦੀ ਹਉਮੈ ਦਾ ਨਾਸ ਕਰਕੇ ਉਸਨੂੰ ਜੀਵਨ ਮੁਕਤੀ ਦਾ ਗੁਰ ਪ੍ਰਸਾਦਿ ਦੇਣ ਵਿਚ ਸਹਾਇਕ ਸਿੱਧ ਹੁੰਦੀ ਹੈ। ਸੰਤ ਜਨਾਂ ਦੇ ਹਿਰਦੇ ਅਤੇ ਚਰਨਾਂ ਵਿਚ ਨਿੰਮਰਤਾ ਦੀ ਇਹ ਪਰਮ ਸ਼ਕਤੀ ਨਿਵਾਸ ਕਰਦੀ ਹੈ। ਇਸ ਲਈ ਸੰਤ ਜਨਾਂ ਦੇ ਚਰਨਾਂ ਦੀ ਮਹਿਮਾ ਗੁਰਬਾਣੀ ਵਿਚ ਬਾਰ-ਬਾਰ ਪ੍ਰਗਟ ਕੀਤੀ ਗਈ ਹੈ। ਜੋ ਮਨੁੱਖ ਸੰਤ ਜਨਾਂ ਦੇ ਚਰਨਾਂ ਉੱਪਰ ਡੰਡਉਤ ਬੰਦਨਾ ਕਰਦੇ ਹਨ ਅਤੇ ਸੰਤ ਜਨਾਂ ਦੇ ਚਰਨ ਚੁੰਮ ਕੇ ਉਨ੍ਹਾਂ ਦੇ ਚਰਨਾਂ ਦੀ ਧੂਲ ਆਪਣੇ ਮਸਤਕ ਉੱਪਰ ਲਾਉਂਦੇ ਹਨ ਉਨ੍ਹਾਂ ਨੂੰ ਹਿਰਦੇ ਦੀ ਗਰੀਬੀ ਅਤਿ ਦੀ ਨਿੰਮਰਤਾ ਦੀ ਪ੍ਰਾਪਤੀ ਹੁੰਦੀ ਹੈ ਜਿਸ ਨਾਲ ਉਨ੍ਹਾਂ ਦੀ ਹਉਮੈ ਦਾ ਨਾਸ ਹੋ ਜਾਂਦਾ ਹੈ। ਹਉਮੈ ਦੀ ਮੌਤ ਹੀ ਜੀਵਨ ਮੁਕਤੀ ਹੈ। ਇਸ ਪਰਮ ਸਤਿ ਤੱਤ ਨੂੰ ਗੁਰਬਾਣੀ ਵਿਚ ਬਾਰ-ਬਾਰ ਪ੍ਰਗਟ ਕੀਤਾ ਗਿਆ ਹੈ :-

 

ਕਰਿ ਸਾਧੂ ਅੰਜੁਲੀ ਪੁਨੁ ਵਡਾ ਹੇ ਕਰਿ ਡੰਡਉਤ ਪੁਨੁ ਵਡਾ ਹੇ

(ਪੰਨਾ ੧੩)

 

ਸੰਤਹ ਚਰਨ ਮਾਥਾ ਮੇਰੋ ਪਉਤ ਅਨਿਕ ਬਾਰ ਸੰਤਹ ਡੰਡਉਤ

(ਪੰਨਾ ੮੮੯)

 

ਸਾਧੂ ਕੀ ਹੋਹੁ ਰੇਣੁਕਾ ਅਪਣਾ ਆਪੁ ਤਿਆਗਿ

(ਪੰਨਾ ੪੫)

 

ਹੋਇ ਸਗਲ ਕੀ ਰੇਣੁਕਾ ਹਰਿ ਸੰਗਿ ਸਮਾਵਉ

(ਪੰਨਾ ੩੨੨)

 

ਸੰਤ ਜਨਾ ਕੀ ਰੇਣੁਕਾ ਲੈ ਮਾਥੈ ਲਾਵਉ

(ਪੰਨਾ ੮੧੨)

 

ਸਲੋਕ ਮ: ੫

ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ

ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ

(ਪੰਨਾ ੧੧੦੨)

 

            ਸਰਮ ਖੰਡ ਵਿਚ ਜਿਗਿਆਸੂ ਗੁਰ ਕਾ ਸ਼ਬਦ ਅਤੇ ਹਿਰਦੇ ਦੀ ਗਰੀਬੀ ਦੀ ਕਮਾਈ ਕਰਦਾ ਹੈ। ਸੰਤ ਜਨਾਂ ਦੀ ਸਤਿਸੰਗਤ ਗੁਰ ਪ੍ਰਸਾਦਿ ਹੈ। ਸੰਤ ਜਨਾਂ ਦੇ ਚਰਨਾਂ ਵਿਚ ਬਾਰ-ਬਾਰ ਨਮਸਕਾਰ ਕਰਨਾ ਅਤੇ ਡੰਡਉਤ ਕਰਨ ਦਾ ਭਾਵ ਹੈ ਬਹੁਤ ਵੱਡਾ ਪੁੰਨ ਕਰਮ ਕਮਾਉਣਾ। ਸੰਤ ਜਨਾਂ ਦੇ ਚਰਨਾਂ ਉੱਪਰ ਸੀਸ ਰੱਖਣ ਨਾਲ ਮਨੁੱਖ ਦਾ ਸੀਸ ਪਵਿੱਤਰ ਹੋ ਜਾਂਦਾ ਹੈ। ਜੋ ਜਨ ਸੰਤ ਜਨਾਂ ਦੇ ਚਰਨਾਂ ਉੱਪਰ ਆਪਣਾ ਸੀਸ ਭੇਟ ਕਰ ਦਿੰਦੇ ਹਨ ਉਨ੍ਹਾਂ ਨੂੰ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ ਅਤੇ ਪੂਰਨ ਬੰਦਗੀ ਦੇ ਗੁਰ ਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਸੰਤ ਜਨ ਸਾਰੀ ਸ੍ਰਿਸ਼ਟੀ ਦੇ ਚਰਨਾਂ ਦੀ ਧੂੜ ਬਣ ਜਾਂਦੇ ਹਨ। ਭਾਵ ਉਹ ਅਤਿ ਦੀ ਨਿੰਮਰਤਾ ਦੇ ਪੁੰਜ ਬਣ ਜਾਂਦੇ ਹਨ। ਇਸ ਲਈ ਸੰਤ ਜਨਾਂ ਦੇ ਚਰਨਾਂ ਦੀ ਧੂੜ ਲੈਣ ਨਾਲ, ਇਸ ਪਵਿੱਤਰ ਧੂੜ ਨੂੰ ਮਸਤਕ ਉੱਪਰ ਲਾਉਣ ਨਾਲ ਅਤੇ ਇਸ ਦੇ ਨਾਲ ਇਸ਼ਨਾਨ ਕਰਨ ਨਾਲ ਮਨੁੱਖ ਨੂੰ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ ਅਤੇ ਪੂਰਨ ਬੰਦਗੀ ਦੇ ਗੁਰ ਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਸੰਤ ਜਨਾਂ ਦੇ ਚਰਨ ਜਿਥੇ ਪੈਂਦੇ ਹਨ ਉਥੇ ਧਰਤੀ ਉੱਪਰ ਦਰਗਾਹ ਪ੍ਰਗਟ ਹੁੰਦੀ ਹੈ। ਸੰਤ ਜਨਾਂ ਦੀ ਸਤਿ ਸੰਗਤ ਵਿਚ ਬੈਠ ਕੇ ਕੀਤਾ ਗਿਆ ਸਿਮਰਨ ਅਤੇ ਸੇਵਾ ਸਿੱਧੀ ਦਰਗਾਹ ਵਿਚ ਪਰਵਾਨ ਹੁੰਦੀ ਹੈ। ਜੋ ਮਨੁੱਖ ਸਤਿਗੁਰੂ ਨੂੰ ਮੁੱਖ ਰੱਖਦੇ ਹਨ; ਉਹ ਮਨੁੱਖ ਗੁਰਮੁਖ ਬਣ ਜਾਂਦੇ ਹਨ। ਜੋ ਮਨੁੱਖ ਸਤਿਗੁਰੂ ਦੀ ਸਤਿਸੰਗਤ ਨੂੰ ਮੁੱਖ ਰੱਖਦੇ ਹਨ ਉਨ੍ਹਾਂ ਦੇ ਹਿਰਦੇ ਵਿਚ ਨਾਮ ਪ੍ਰਕਾਸ਼ਮਾਨ ਹੋ ਜਾਂਦਾ ਹੈ। ਜੋ ਮਨੁੱਖ ਸਤਿਗੁਰੂ ਦੇ ਚਰਨਾਂ ਉੱਪਰ ਤਨ, ਮਨ ਅਤੇ ਧਨ ਅਰਪਣ ਕਰ ਦਿੰਦੇ ਹਨ ਉਹ ਮਨੁੱਖ ਗੁਰ ਪ੍ਰਸਾਦਿ ਦੀ ਪ੍ਰਾਪਤੀ ਕਰਕੇ ਜੀਵਨ ਮੁਕਤ ਹੋ ਜਾਂਦੇ ਹਨ। ਜੋ ਮਨੁੱਖ ਗਰੀਬੀ ਵੇਸ ਹਿਰਦੇ ਦੀ ਕਮਾਈ ਕਰਦੇ ਹਨ ਉਹ ਮਨੁੱਖ ਸਾਰੀ ਸ੍ਰਿਸ਼ਟੀ ਦੇ ਚਰਨਾਂ ਦੀ ਧੂਲ ਬਣ ਕੇ ਸੰਤ ਹਿਰਦਾ ਬਣ ਜਾਂਦੇ ਹਨ। ਧੰਨ ਧੰਨ ਭਾਈ ਲਹਿਣਾ ਜੀ ਨੇ ਨਿਰਮਾਣਤਾ ਦੀ ਕਮਾਈ ਕੀਤੀ ਅਤੇ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਸ਼ਾਹ ਜੀ ਦੇ ਸਤਿ ਚਰਨਾਂ ਉੱਪਰ ਆਪਣਾ ਤਨ, ਮਨ, ਧਨ ਅਰਪਣ ਕਰਕੇ ਗਰੀਬੀ ਵੇਸ ਹਿਰਦੇ ਦੀ ਕਮਾਈ ਕਰਦੇ ਹੋਏ, ਮਨ, ਬਚਨ ਅਤੇ ਕਰਮ ਕਰਕੇ ਸਤਿਗੁਰੂ ਜੀ ਦੀ ਸੇਵਾ ਕਰਦੇ ਹੋਏ ਗੁਰ ਪ੍ਰਸਾਦਿ ਦੀ ਪ੍ਰਾਪਤੀ ਕਰਕੇ, ਸਤਿਗੁਰ ਅੰਗਦ ਦੇਵ ਜੀ ਦੇ ਰੂਪ ਵਿਚ ਧਰਤੀ ਉੱਪਰ ਪ੍ਰਗਟ ਹੋਏ। ਪੂਰਨ ਬੰਦਗੀ ਦਾ ਇਹ ਹੀ ਰਹੱਸ ਹੈ। ਇਸ ਤਰ੍ਹਾਂ ਨਾਲ ਤਨ, ਮਨ ਅਤੇ ਧਨ ਨਾਲ ਕੀਤੀ ਸਤਿਗੁਰ ਦੀ ਸੇਵਾ ਦਾ ਸਦਕਾ ਆਪ ਜੀ ਨੂੰ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ ਅਤੇ ਆਪ ਜੀ ਦੀ ਬੰਦਗੀ ਅਗਲੀ ਉੱਤਮ ਅਵਸਥਾ ਵਿੱਚ ਪ੍ਰਵੇਸ਼ ਕਰ ਜਾਂਦੀ ਹੈ।

            ਸਰਮ ਖੰਡ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਉਪਾਸਨਾ ਦੀ ਅਵਸਥਾ ਹੈ। ਜਦ ਮਨੁੱਖ ਗਰੀਬੀ ਵੇਸ ਹਿਰਦੇ ਦੀ ਕਮਾਈ ਕਰਦਾ ਹੈ ਤਾਂ ਉਸਦੇ ਬੋਲ ਬਾਣੀ ਬਹੁਤ ਸੁੰਦਰ ਹੋ ਜਾਂਦੀ ਹੈ। ਜਦ ਮਨੁੱਖ ਅਤਿ ਦੀ ਨਿਰਮਾਣਤਾ ਦੀ ਕਮਾਈ ਕਰਦਾ ਹੈ ਤਾਂ ਉਸਦੇ ਬੋਲ ਬਾਣੀ ਬਹੁਤ ਮਿੱਠੇ ਹੋ ਜਾਂਦੇ ਹਨ। ਮਿੱਠਾ ਬੋਲਣਾ ਸੰਤ ਜਨਾਂ ਦਾ ਸੁਭਾਅ ਹੈ। ਮਿੱਠਾ ਬੋਲਣਾ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਸੁਭਾਅ ਹੈ। ਨਿਰਮਾਣਤਾ ਦੀ ਕਮਾਈ ਕਰਨ ਵਾਲਾ ਮਨੁੱਖ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸੱਚੀ ਪ੍ਰੀਤ ਵਿਚ ਓਤਪੌਤ ਹੋ ਜਾਂਦਾ ਹੈ। ਉਸਨੂੰ ਹਰ ਇੱਕ ਪ੍ਰਾਣੀ ਦੇ ਹਿਰਦੇ ਵਿਚ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਜੋਤ ਦਿੱਸਣ ਲੱਗ ਪੈਂਦੀ ਹੈ ਅਤੇ ਉਸਦੀ ਸੱਚੀ ਪ੍ਰੀਤ ਸਾਰੀ ਸ੍ਰਿਸ਼ਟੀ ਲਈ ਇਕਸਾਰ ਹੋ ਜਾਂਦੀ ਹੈ। ਇਸ ਤਰ੍ਹਾਂ ਉਸਦੇ ਬੋਲਾਂ ਵਿਚ ਮਿਠਾਸ ਆ ਜਾਂਦੀ ਹੈ। ਉਸਦੇ ਲਈ ਕੋਈ ਬੈਰੀ ਜਾਂ ਬੇਗਾਨਾ ਨਹੀਂ ਰਹਿ ਜਾਂਦਾ ਹੈ। ਮਿੱਠੇ ਬੋਲਣਾ ਇੱਕ ਪਰਮ ਸ਼ਕਤੀਸ਼ਾਲੀ ਸਤਿ ਗੁਣ ਹੈ ਜਿਸਦੇ ਪ੍ਰਾਪਤ ਹੋਣ ਨਾਲ ਮਨੁੱਖ ਇੱਕ ਦ੍ਰਿਸ਼ਟ ਹੋ ਜਾਂਦਾ ਹੈ। ਮਿੱਠਾ ਬੋਲਣ ਵਾਲਾ ਮਨੁੱਖ ਸਾਰਿਆਂ ਦੀ ਮਿੱਤਰਤਾ ਹਾਸਿਲ ਕਰ ਲੈਂਦਾ ਹੈ। ਮਿੱਠਾ ਬੋਲਣ ਵਾਲੇ ਮਨੁੱਖ ਦਾ ਕੋਈ ਸ਼ੱਤਰੂ ਨਹੀਂ ਹੁੰਦਾ ਹੈ। ਮਿੱਠਾ ਬੋਲਣ ਵਾਲਾ ਮਨੁੱਖ ਕਿਸੇ ਦੇ ਅਵਗੁਣ ਨਹੀਂ ਚਿਤਾਰਦਾ। ਮਿੱਠਾ ਬੋਲਣ ਵਾਲਾ ਮਨੁੱਖ ਕਿਸੇ ਦੀ ਨਿੰਦਿਆ, ਚੁਗਲੀ ਅਤੇ ਬਖੀਲੀ ਨਹੀਂ ਕਰਦਾ ਹੈ। ਮਿੱਠਾ ਬੋਲਣ ਵਾਲਾ ਮਨੁੱਖ ਕਦੇ ਕੋੜੇ ਬੋਲ ਨਹੀਂ ਬੋਲਦਾ ਹੈ। ਮਿੱਠਾ ਬੋਲਣ ਵਾਲਾ ਮਨੁੱਖ ਸਤਿ ਦੀ ਸੇਵਾ ਕਰਦਾ ਹੈ। ਮਿੱਠਾ ਬੋਲਣਾ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਪਰਮ ਗੁਣ ਹੈ ਜੋ ਸੰਤ ਜਨਾਂ ਦੇ ਹਿਰਦੇ ਵਿਚ ਭਰਪੂਰ ਹੁੰਦਾ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਕਿਸੇ ਪ੍ਰਾਣੀ ਦੇ ਅਵਗੁਣ ਨਹੀਂ ਚਿਤਾਰਦਾ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਮਨੁੱਖ ਦੇ ਅਵਗੁਣਾਂ ਨੂੰ ਦੇਖ ਕੇ ਅਣਡਿੱਠਾ ਕਰ ਦਿੰਦਾ ਹੈ। ਇਸੇ ਤਰ੍ਹਾਂ ਦਾ ਸੁਭਾਅ ਸੰਤ ਜਨਾਂ ਦਾ ਹੁੰਦਾ ਹੈ। ਮਿੱਠਾ ਬੋਲਣ ਦੀ ਮਹਿਮਾ ਨੂੰ ਗੁਰਬਾਣੀ ਵਿਚ ਬਹੁਤ ਸਾਰੇ ਸ਼ਲੋਕਾਂ ਵਿਚ ਪ੍ਰਗਟ ਕੀਤਾ ਗਿਆ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਇਸ ਪਰਮ ਸ਼ਕਤੀ ਨੂੰ ਗੁਰਬਾਣੀ ਵਿਚ ਪ੍ਰਗਟ ਕੀਤਾ ਗਿਆ ਹੈ :-

 

ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ

ਹਉ ਸੰਮਲਿ ਥਕੀ ਜੀ ਓਹੁ ਕਦੇ ਨ ਬੋਲੈ ਕਉਰਾ

ਕਉੜਾ ਬੋਲਿ ਨ ਜਾਨੈ ਪੂਰਨ ਭਗਵਾਨੈ ਅਉਗਣੁ ਕੋ ਨ ਚਿਤਾਰੇ

(ਪੰਨਾ ੭੮੪)

 

            ਗੁਰ ਕਾ ਸ਼ਬਦ ਦੀ ਘੋਲ ਕਮਾਈ ਕਰਦੇ ਹੋਏ ਜਿਗਿਆਸੂ ਆਪਣੇ ਮਨ ਨੂੰ ਸੁੰਦਰਤਾ ਦੀ ਘਾੜਤ ਨਾਲ ਘੜਦਾ  ਹੈ। ਘਾੜਤ ਤੋਂ ਭਾਵ ਹੈ ਜਿਗਿਆਸੂ ਮਨ ਨੂੰ ਸੁੰਦਰ ਬਣਾਉਨ ਦਾ ਅਭਿਆਸ ਕਰਦਾ ਹੈ। ਜਿਗਿਆਸੂ ਆਪਣੇ ਸਾਰੇ ਕਰਮਾਂ ਨੂੰ ਸਤਿ ਦੀ ਤੱਕੜੀ ਉੱਪਰ ਤੋਲਣ ਲੱਗ ਪੈਂਦਾ ਹੈ। ਉਹ ਆਪਣੇ ਰੋਜ਼ਾਨਾ ਦੇ ਕਰਮਾਂ ਉੱਪਰ ਆਪਣੀ ਕੜੀ ਦ੍ਰਿਸ਼ਟੀ ਰੱਖਦਾ ਹੈ। ਉਸ ਨੂੰ ਇਹ ਗਿਆਨ ਹੋ ਜਾਂਦਾ ਹੈ ਕਿ ਉਸਦੇ ਸਾਰੇ ਕਰਮ ਸਤਿ ਕਰਮ ਹੋਣੇ ਚਾਹੀਦੇ ਹਨ। ਕੇਵਲ ਸਤਿ ਕਰਮ ਹੀ ਉਸਦੀ ਬੰਦਗੀ ਨੂੰ ਅੱਗੇ ਲੈ ਕੇ ਜਾਂਦੇ ਹਨ। ਅਸਤਿ ਕਰਮ ਕਰਨ ਨਾਲ ਮਨੁੱਖ ਦੀ ਬੰਦਗੀ ਉੱਪਰ ਮਾੜਾ ਅਸਰ ਪੈਂਦਾ ਹੈ। ਅਸਤਿ ਕਰਮ ਮਨੁੱਖ ਦੀ ਬੰਦਗੀ ਦੇ ਮਾਰਗ ਵਿਚ ਰੋੜਾ ਬਣ ਕੇ ਅੜਚਨ ਪੈਦਾ ਕਰਦੇ ਹਨ। ਅਸਤਿ ਕਰਮ ਮਨੁੱਖ ਦਾ ਅੰਮ੍ਰਿਤ ਲੁੱਟ ਲੈਂਦੇ ਹਨ। ਅਸਤਿ ਕਰਮ ਕੇਵਲ ਮਾਇਆ ਦੇ ਅਧੀਨ ਹੀ ਕੀਤੇ ਜਾਂਦੇ ਹਨ। ਭਾਵ ਪੰਜ ਦੂਤ ਮਨੁੱਖ ਨੂੰ ਅਸਤਿ ਕਰਮ ਕਰਵਾਉਂਦੇ ਹਨ। ਇਸ ਲਈ ਜਦ ਮਨੁੱਖ ਅਸਤਿ ਕਰਮ ਕਰਦਾ ਹੈ ਤਾਂ ਪੰਜ ਦੂਤ ਉਸਦਾ ਅੰਮ੍ਰਿਤ ਲੁੱਟਦੇ ਹਨ। ਪੰਜ ਦੂਤਾਂ ਦਾ ਵਾਸਾ ਮਨੁੱਖ ਦੀ ਦੇਹੀ ਵਿਚ ਹੁੰਦਾ ਹੈ। ਇਸ ਪਰਮ ਸਤਿ ਤੱਤ ਨੂੰ ਗੁਰਬਾਣੀ ਵਿਚ ਪ੍ਰਗਟ ਕੀਤਾ ਗਿਆ ਹੈ :-

 

ਇਸੁ ਦੇਹੀ ਅੰਦਰਿ ਪੰਚ ਚੋਰ ਵਸਹਿ ਕਾਮੁ ਕ੍ਰੋਧੁ ਲੋਭੁ ਮੋਹੁ ਅਹੰਕਾਰਾ

ਅੰਮ੍ਰਿਤੁ ਲੂਟਹਿ ਮਨਮੁਖ ਨਹੀਂ ਬੂਝਹਿ ਕੋਇ ਨ ਸੁਣੈ ਪੂਕਾਰਾ

(ਪੰਨਾ ੬੦੦)

 

            ਕਾਮ ਦਾ ਦੂਤ ਮਨੁੱਖ ਦੀਆਂ ਕਾਮ ਇੰਦਰੀਆਂ ਦੇ ਹਿੱਸੇ ਵਿਚ ਵਾਸ ਕਰਦਾ ਹੈ। ਕ੍ਰੋਧ ਦਾ ਦੂਤ ਮਨੁੱਖ ਦੇ ਪੇਟ ਵਿਚ ਵਾਸ ਕਰਦਾ ਹੈ। ਲੋਭ ਅਤੇ ਮੋਹ ਦੇ ਦੂਤ ਮਨੁੱਖ ਦੀ ਛਾਤੀ ਦੇ ਹਿੱਸੇ ਵਿਚ ਵਾਸ ਕਰਦੇ ਹਨ। ਅਹੰਕਾਰ ਦਾ ਦੂਤ ਮਨੁੱਖ ਦੇ ਦਿਮਾਗ ਵਿਚ ਵਾਸ ਕਰਦਾ ਹੈ। ਇਹ ਪੰਜੇ ਦੂਤ ਮਨੁੱਖ ਦੀ ਤ੍ਰਿਸ਼ਨਾ ਨੂੰ ਪੂਰਨ ਕਰਨ ਵਾਸਤੇ ਮਨੁੱਖ ਦੀਆਂ ਕਰਮ ਇੰਦਰੀਆਂ ਤੋਂ ਅਸਤਿ ਕਰਮ ਕਰਵਾਉਂਦੇ ਹਨ। ਇਹ ਪੰਜ ਦੂਤ ਮਨੁੱਖ ਦੀ ਦੇਹੀ ਨੂੰ ਪੰਜ ਦੂਤ ਅਤੇ ਤ੍ਰਿਸ਼ਨਾ ਦੀ ਗੁਲਾਮੀ ਕਰਵਾਉਂਦੇ ਹਨ। ਜਦ ਮਨੁੱਖ ਸਿਮਰਨ ਕਰਕੇ ਨਾਮ ਧਨ ਇਕੱਠਾ ਕਰਦਾ ਹੈ ਤਾਂ ਇਹ ਦੂਤ ਉਸ ਤੋਂ ਅਸਤਿ ਕਰਮ ਕਰਵਾ ਕੇ ਉਸਦਾ ਅੰਮ੍ਰਿਤ ਲੁੱਟ ਲੈਂਦੇ ਹਨ। ਜਦ ਤੱਕ ਮਨੁੱਖ ਮਾਇਆ ਨੂੰ ਜਿੱਤ ਨਹੀਂ ਲੈਂਦਾ ਹੈ ਤਦ ਤੱਕ ਪੰਜ ਦੂਤ ਮਨੁੱਖ ਦਾ ਅੰਮ੍ਰਿਤ ਲੁੱਟਦੇ ਹਨ। ਇਸ ਲਈ ਮਨੁੱਖ ਨੂੰ ਆਪਣੀ ਕਰਨੀ ਅਤੇ ਕਿਰਤ ਨੂੰ ਵਾਚਣ ਦਾ ਹੁਕਮ ਗੁਰਬਾਣੀ ਵਿਚ ਕੀਤਾ ਗਿਆ ਹੈ :-

 

ਅਗੈ ਕਰਣੀ ਕੀਰਤਿ ਵਾਚੀਐ ਬਹਿ ਲੇਖਾ ਕਰਿ ਸਮਝਾਇਆ

(ਪੰਨਾ ੪੬੪)

 

            ਆਪਣੀ ਕਰਨੀ ਕੀਰਤ ਉੱਪਰ ਧਿਆਨ ਕੇਂਦਰਿਤ ਕਰਨ ਨਾਲ ਮਨੁੱਖ ਦਾ ਮਨ ਸੁਚੇਤ ਹੋ ਜਾਂਦਾ ਹੈ ਅਤੇ ਆਪਣੇ ਲਾਗੇ ਇਨ੍ਹਾਂ ਦੂਤਾਂ ਦੇ ਪ੍ਰਭਾਵ ਨੂੰ ਆਉਣ ਨਹੀਂ ਦਿੰਦਾ ਹੈ। ਇਸ ਤਰ੍ਹਾਂ ਨਾਲ ਮਨੁੱਖ ਦੇ ਅਸਤਿ ਕਰਮ ਘੱਟਣੇ ਸ਼ੁਰੂ ਹੋ ਜਾਂਦੇ ਹਨ ਅਤੇ ਸਤਿ ਕਰਮ ਵੱਧਣੇ ਸ਼ੁਰੂ ਹੋ ਜਾਂਦੇ ਹਨ ਅਤੇ ਜਿਵੇਂ ਜਿਵੇਂ ਬੰਦਗੀ ਉੱਪਰ ਜਾਂਦੀ ਹੈ ਮਨੁੱਖ ਦੀ ਸੁਰਤਿ ਵੀ ਉੱਚੀ ਉੱਠਦੀ ਜਾਂਦੀ ਹੈ ਜਿਸਦੇ ਨਾਲ ਮਨੁੱਖ ਦੇ ਸਾਰੇ ਕਰਮ ਹੌਲੀ-ਹੌਲੀ ਸਤਿ ਕਰਮ ਹੋ ਜਾਂਦੇ ਹਨ। ਜਦ ਸਾਰੇ ਕਰਮ ਸਤਿ ਕਰਮ ਹੋ ਜਾਂਦੇ ਹਨ ਤਾਂ ਫਿਰ ਪੰਜ ਦੂਤ ਉਸਦਾ ਅੰਮ੍ਰਿਤ ਲੁੱਟਣ ਵਿਚ ਅਸਫਲ ਹੋ ਜਾਂਦੇ ਹਨ। ਜਦ ਐਸੀ ਅਵਸਥਾ ਤੇ ਮਨੁੱਖ ਅਪੜ ਜਾਂਦਾ ਹੈ ਤਾਂ ਉਸਦੀ ਦੇਹੀ ਰੂਪੀ ਭਾਂਡੇ ਵਿਚ ਅੰਮ੍ਰਿਤ ਸਮਾਉਣਾ ਸ਼ੁਰੂ ਹੋ ਜਾਂਦਾ ਹੈ।

            ਪਹਿਲਾਂ ਤਾਂ ਦੇਹੀ ਰੂਪੀ ਭਾਂਡਾ ਪੁੱਠਾ ਪਿਆ ਹੁੰਦਾ ਹੈ ਅਤੇ ਮਨੁੱਖ ਦੇ ਮਾੜੇ ਕਰਮਾਂ ਦੇ ਰੂਪੀ ਚਿੱਕੜ ਨਾਲ ਲਿਬੜਿਆ ਹੁੰਦਾ ਹੈ। ਇਸਦੇ ਨਾਲ ਹੀ ਇਸ ਭਾਂਡੇ ਵਿਚ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਤ੍ਰਿਸ਼ਨਾ ਰੂਪੀ ਛੇਕ ਹੁੰਦੇ ਹਨ। ਪੁੱਠੇ ਭਾਂਡੇ ਵਿਚ ਅੰਮ੍ਰਿਤ ਨਹੀਂ ਸਮਾ ਸਕਦਾ ਹੈ। ਚਿੱਕੜ ਨਾਲ ਲਿਬੜੇ ਹੋਏ ਭਾਂਡੇ ਵਿਚ ਅੰਮ੍ਰਿਤ ਕਿਵੇਂ ਰਹਿ ਸਕਦਾ ਹੈ। ਜਿਸ ਭਾਂਡੇ ਵਿਚ ਛੇਕ ਹੋਣ ਉਸ ਵਿਚ ਅੰਮ੍ਰਿਤ ਕਿਵੇਂ ਸਮਾ ਸਕਦਾ ਹੈ। ਇਸ ਲਈ ਪਹਿਲਾਂ ਤਾਂ ਭਾਂਡਾ ਸਿੱਧਾ ਕਰਨਾ ਹੁੰਦਾ ਹੈ। ਫਿਰ ਭਾਂਡੇ ਨੂੰ ਜੋ ਚਿੱਕੜ ਨੇ ਲਿਬੇੜਿਆ ਹੁੰਦਾ ਹੈ ਉਸ ਚਿੱਕੜ ਨੂੰ ਸਾਫ ਕਰਨਾ ਹੁੰਦਾ ਹੈ। ਫਿਰ ਭਾਂਡੇ ਦੇ ਛੇਕ ਬੰਦ ਹੋਣੇ ਚਾਹੀਦੇ ਹਨ ਤਾਂ ਹੀ ਭਾਂਡੇ ਵਿਚ ਅੰਮ੍ਰਿਤ ਸਮਾ ਸਕਦਾ ਹੈ। ਸਰਮ ਖੰਡ ਵਿਚ ਜਿਗਿਆਸੂ ਕੜੀ ਮਿਹਨਤ ਅਤੇ ਮੁਸ਼ੱਕਤ ਕਰਕੇ ਇਸ ਭਾਂਡੇ ਨੂੰ ਸਿੱਧਾ ਕਰਦਾ ਹੈ। ਫਿਰ ਸਿਮਰਨ ਅਤੇ ਸੇਵਾ ਕਰਦਾ ਹੋਇਆ ਇਸ ਭਾਂਡੇ ਦਾ ਚਿੱਕੜ ਸਾਫ ਕਰਦਾ ਹੈ। ਫਿਰ ਆਪਣੀ ਕਰਣੀ ਕੀਰਤ ਵਾਚ ਕੇ ਇਸ ਭਾਂਡੇ ਦੇ ਛੇਕ ਪੂਰਦਾ ਹੈ। ਤਾਂ ਜਾ ਕੇ ਇਸ ਭਾਂਡੇ ਵਿਚ ਅੰਮ੍ਰਿਤ ਸਮਾਉਣਾ ਸ਼ੁਰੂ ਹੁੰਦਾ ਹੈ। ਜਦ ਇਸ ਭਾਂਡੇ ਵਿਚ ਅੰਮ੍ਰਿਤ ਸਮਾਉਣਾ ਸ਼ੁਰੂ ਹੋ ਜਾਂਦਾ ਹੈ ਤਾਂ ਮਨੁੱਖ ਦਾ ਮਨ, ਹਿਰਦਾ ਅਤੇ ਰੂਹ ਪਵਿੱਤਰ ਹੋਣੇ ਸ਼ੁਰੂ ਹੋ ਜਾਂਦੇ ਹਨ।

            ਸਿਮਰਨ ਅਤੇ ਸੇਵਾ ਦਾ ਅਭਿਆਸ ਕਰਦੇ-ਕਰਦੇ ਅਤੇ ਆਪਣੀ ਕਰਨੀ ਨੂੰ ਸਤਿ ਦੀ ਕਰਨੀ ਵਿਚ ਪਰਿਵਰਤਿਤ ਕਰਦੇ ਹੋਏ ਜਿਗਿਆਸੂ ਦਾ ਮਨ, ਹਿਰਦਾ ਅਤੇ ਰੂਹ ਅੰਮ੍ਰਿਤ ਨਾਲ ਭਰਪੂਰ ਹੋਣੇ ਸ਼ੁਰੂ ਹੋ ਜਾਂਦੇ ਹਨ। ਇਸਦੇ ਨਾਲ ਮਨ, ਹਿਰਦਾ ਅਤੇ ਰੂਹ ਦਾ ਰੂਪ ਬਹੁਤ ਸੁੰਦਰ ਵਿਕਾਰਾਂ ਤੋਂ ਰਹਿਤ ਹੋਣਾ ਸ਼ੁਰੂ ਹੋ ਜਾਂਦਾ ਹੈ। ਸਿਮਰਨ ਅਤੇ ਸੇਵਾ ਕਰਦੇ-ਕਰਦੇ ਮਨੁੱਖ ਦਾ ਮਨ ਅਤੇ ਹਿਰਦਾ ਸ਼ੁੱਧ ਹੋ ਜਾਂਦਾ ਹੈ। ਮਨ ਪੂਰਨ ਟਿਕਾਅ ਵਿਚ ਆ ਜਾਂਦਾ ਹੈ। ਹਿਰਦਾ ਪਵਿੱਤਰ ਹੋ ਜਾਂਦਾ ਹੈ। ਗੁਰ ਪ੍ਰਸਾਦਿ ਦੀ ਪ੍ਰਾਪਤੀ ਹੋ ਜਾਂਦੀ ਹੈ। ਗੁਰ ਪ੍ਰਸਾਦਿ ਦੀ ਪ੍ਰਾਪਤੀ ਦੇ ਨਾਲ ਹੀ ਮਨੁੱਖ ਦੀ ਬੰਦਗੀ ਕਰਮ ਖੰਡ ਵਿਚ ਪ੍ਰਵੇਸ਼ ਕਰ ਜਾਂਦੀ ਹੈ।   

 

ਕਰਮ ਖੰਡ :

 

ਪੂਰਨ ਸਮਰਪਣ ਕਰਦੇ ਹੋਏ ਜਦ ਤਨ, ਮਨ ਅਤੇ ਧਨ ਗੁਰੂ ਦੇ ਚਰਨਾਂ ਤੇ ਅਰਪਣ ਕਰਕੇ ਜਦ ਤੁਸੀਂ ਗੁਰਪ੍ਰਸਾਦਿ ਪ੍ਰਾਪਤ ਕਰਦੇ ਹੋ – ਅਨਾਦਿ ਬਖ਼ਸ਼ੀਸ਼ ਅਤੇ ਅਨਾਦਿ ਮਹਿਰਾਮਤ ਦਾ ਸਦਕਾ ਗੁਰਪ੍ਰਸਾਦਿ ਦੀ ਪ੍ਰਾਪਤੀ ਨਾਲ ਤੁਹਾਡੇ ਸਾਰੇ ਬੱਜਰ-ਕਪਾਟ ਖੁੱਲ੍ਹ ਜਾਂਦੇ ਹਨ। ਗੁਰਕਿਰਪਾ ਹੋ ਜਾਂਦੀ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਰਾਮਤ ਹੋ ਜਾਂਦੀ ਹੈ। ਗੁਰ ਪ੍ਰਸਾਦਿ ਦੀ ਪਰਮ ਸ਼ਕਤੀ ਵਰਤ ਜਾਂਦੀ ਹੈ। ਕੁੰਡਲਨੀ ਸ਼ਕਤੀ ਜਾਗਰਤ ਹੋ ਜਾਂਦੀ ਹੈ। ਸਤਿ ਸਰੋਵਰਾਂ ਵਿਚ ਨਾਮ ਚਲਾ ਜਾਂਦਾ ਹੈ ਜਿਸਦੇ ਨਾਲ ੭ ਸਤਿ ਸਰੋਵਰ ਪ੍ਰਕਾਸ਼ਮਾਨ ਹੋ ਜਾਂਦੇ ਹਨ। ਸਿਮਰਨ ਸੁਰਤਿ ਵਿਚ ਟਿਕ ਜਾਂਦਾ ਹੈ। ਅਜਪਾ ਜਾਪ ਸ਼ੁਰੂ ਹੋ ਜਾਂਦਾ ਹੈ। ਮਨੁੱਖ ਦੇ ਅੰਦਰ ਨਿਰੰਤਰ ਸਿਮਰਨ ਹੋਣਾ ਸ਼ੁਰੂ ਹੋ ਜਾਂਦਾ ਹੈ। ਭਾਂਡਾ ਅੰਮ੍ਰਿਤ ਨਾਲ ਭਰਨਾ ਸ਼ੁਰੂ ਹੋ ਜਾਂਦਾ ਹੈ। ਤੁਸੀਂ ਸਮਾਧੀ ਵਿੱਚ ਚਲੇ ਜਾਂਦੇ ਹੋ। ਜਦ ਮਨੁੱਖ ਸਿਮਰਨ ਅਭਿਆਸ ਵਿਚ ਬੈਠਦਾ ਹੈ ਤਾਂ ਬੈਠਦੇ ਹੀ ਮਨੁੱਖ ਦੀ ਸੁਰਤਿ ਵਿਚ ਸਿਮਰਨ ਸੁਣਨਾ ਸ਼ੁਰੂ ਹੋ ਜਾਂਦਾ ਹੈ। ਮਨੁੱਖ ਜਦ ਕੀਰਤਨ, ਕਥਾ ਅਤੇ ਗੁਰਬਾਣੀ ਸੁਣਦਾ ਹੈ ਤੇ ਸੁਣਦੇ ਹੀ ਮਨੁੱਖ ਸਮਾਧੀ ਵਿਚ ਚਲਾ ਜਾਂਦਾ ਹੈ। ਮਨੁੱਖ ਦੀ ਸੁਰਤਿ ਇੱਕ ਦਮ ਕੀਰਤਨ, ਕਥਾ ਅਤੇ ਗੁਰਬਾਣੀ ਵਿਚ ਖਿੱਚੀ ਜਾਂਦੀ ਹੈ। ਸੁਰਤਿ ਅਤੇ ਸ਼ਬਦ ਦਾ ਸੁਮੇਲ ਹੋ ਜਾਂਦਾ ਹੈ। ਸੁਰਤਿ ਸ਼ਬਦ ਵਿਚ ਸਥਿਰ ਹੋ ਜਾਂਦੀ ਹੈ। ਨਿਰੰਤਰ ਸਿਮਰਨ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਇੜਾ, ਪਿੰਗਲਾ ਅਤੇ ਸ਼ੁਸ਼ਮਨਾ ਪ੍ਰਕਾਸ਼ਮਾਨ ਹੋ ਜਾਂਦੀਆਂ ਹਨ। ਗਿਆਨ ਨੇਤਰ ਖੁੱਲ੍ਹ ਜਾਂਦਾ ਹੈ। ਨਾਮ ਸਿਮਰਨ ਦੇ ਗੁਰਪ੍ਰਸਾਦਿ ਨਾਲ ਇੜਾ, ਪਿੰਗਲਾ ਅਤੇ ਸੁਖਮਨਾ ਨਾੜਾਂ ਵੀ ਸਹਿਜੇ ਹੀ ਪ੍ਰਕਾਸ਼ਮਾਨ ਹੋ ਜਾਂਦੀਆਂ ਹਨ। ਇਨ੍ਹਾਂ ਨਾੜਾਂ ਦੇ ਪ੍ਰਕਾਸ਼ਮਾਨ ਹੋਣ ਨਾਲ ਗਿਆਨ ਨੇਤਰ ਖੁੱਲ੍ਹ ਜਾਂਦਾ ਹੈ ਅਤੇ ਮਨੁੱਖ ਸਮਾਧੀ ਵਿਚ ਚਲਾ ਜਾਂਦਾ ਹੈ।

 

ਸੁਖਮਨਾ ਇੜਾ ਪਿੰਗੁਲਾ ਬੂਝੈ ਜਾ ਆਪੇ ਅਲਖੁ ਲਖਾਏ

ਨਾਨਕ ਤਿਹੁ ਤੇ ਊਪਰਿ ਸਾਚਾ ਸਤਿਗੁਰ ਸਬਦਿ ਸਮਾਏ ੬੦

{ਪੰਨਾ ੯੪੪}

 

ਇੜਾ ਪਿੰਗੁਲਾ ਅਉਰ ਸੁਖਮਨਾ ਤੀਨਿ ਬਸਹਿ ਇਕ ਠਾਈ

{ਪੰਨਾ ੯੭੪}

 

            ਇੜਾ, ਪਿੰਗਲਾ ਅਤੇ ਸੁਖਮਨਾ ਦੀਆਂ ਨਾੜਾਂ ਸੂਖਸ਼ਮ ਦੇਹੀ ਦਾ ਇੱਕ ਅਹਿਮ ਅੰਗ ਹਨ, ਜੋ ਮਨੁੱਖ ਦੇ ਸਾਰੇ ਸਤਿ ਸਰੋਵਰਾਂ ਨੂੰ ਜੋੜਦੀਆਂ ਹਨ, ਜੋ ਰੀੜ੍ਹ ਦੇ ਮੁੱਢ ਤੋਂ ਸ਼ੁਰੂ ਹੋ ਕੇ ਤ੍ਰਿਕੁਟੀ ਤੇ ਮਿਲਦੀਆਂ ਹਨ। ਇਨ੍ਹਾਂ ਤਿੰਨ੍ਹਾਂ ਨਾੜਾਂ ਵਿਚ ਮਨੁੱਖ ਦੇ ਪ੍ਰਾਣ ਵੱਸਦੇ ਹਨ। ਭਾਵ ਮਨੁੱਖ ਦੀ ਪ੍ਰਾਣ ਸ਼ਕਤੀ ਅਤੇ ਹੋਰ ਸਾਰੀਆਂ ਕਲਾਵਾਂ ਇਨ੍ਹਾਂ ਨਾੜਾਂ ਅਤੇ ਸਤਿ ਸਰੋਵਰਾਂ ਵਿਚੋਂ ਹੀ ਕ੍ਰਿਆਸ਼ੀਲ ਹੁੰਦੀਆਂ ਹਨ। ਮਨੁੱਖ ਨੂੰ ਸਾਰੀਆਂ ਸ਼ਕਤੀਆਂ ਇਨ੍ਹਾਂ ਤਿੰਨ੍ਹਾਂ ਨਾੜਾਂ ਅਤੇ ਸਤਿ ਸਰੋਵਰਾਂ ਤੋਂ ਹੀ ਪ੍ਰਾਪਤ ਹੁੰਦੀਆਂ ਹਨ। ਇਹ ਤਿੰਨ੍ਹਾਂ ਨਾੜਾਂ ਅਤੇ ਸਤਿ ਸਰੋਵਰ ਹੀ ਮਨੁੱਖ ਦੇ ਜੀਵਨ ਦਾ ਆਧਾਰ ਹਨ। ਇਹ ਤਿੰਨ੍ਹਾਂ ਨਾੜਾਂ ਅਤੇ ਸਤਿ ਸਰੋਵਰ ਸਤਿਨਾਮ ਦੇ ਗੁਰਪ੍ਰਸਾਦਿ ਨਾਲ ਹੀ ਪ੍ਰਕਾਸ਼ਮਾਨ ਹੁੰਦੇ ਹਨ। ਮਨੁੱਖ ਦੀ ਸੁਰਤਿ ਦਾ ਆਧਾਰ ਵੀ ਇਹ ਤਿੰਨ੍ਹਾਂ ਨਾੜਾਂ ਅਤੇ ਸਤਿ ਸਰੋਵਰ ਹੀ ਹਨ। ਜਿਵੇਂ-ਜਿਵੇਂ ਇਹ ਤਿੰਨ੍ਹਾਂ ਨਾੜਾਂ ਅਤੇ ਸਤਿ ਸਰੋਵਰ ਪ੍ਰਕਾਸ਼ਮਾਨ ਹੁੰਦੇ ਹਨ ਤਿਵੇਂ-ਤਿਵੇਂ ਮਨੁੱਖ ਦੀ ਸੁਰਤਿ ਵੀ ਉੱਚੀਆਂ ਅਵਸਥਾਵਾਂ ਵਿਚ ਪੁੱਜਦੀ ਜਾਂਦੀ ਹੈ।

            ਜਦ ਇਹ ਤਿੰਨ੍ਹਾਂ ਨਾੜਾਂ ਪ੍ਰਕਾਸ਼ਮਾਨ ਹੋ ਜਾਂਦੀਆਂ ਹਨ ਤਾਂ ਤ੍ਰਿਕੁਟੀ ਖੁੱਲ੍ਹ ਜਾਂਦੀ ਹੈ ਅਤੇ ਗਿਆਨ ਨੇਤਰ ਪ੍ਰਕਾਸ਼ਮਾਨ ਹੋ ਜਾਂਦਾ ਹੈ। ਸਤਿਨਾਮ ਦਾ ਗੁਰ ਪ੍ਰਸਾਦਿ ਜਦ ਇਨ੍ਹਾਂ ਨਾੜਾਂ ਵਿਚ ਜਾਂਦਾ ਹੈ ਤਾਂ ਇਹ ਪ੍ਰਕਾਸ਼ਮਾਨ ਹੋ ਜਾਂਦੀਆਂ ਹਨ। ਜਦ ਸਤਿਨਾਮ ਦਾ ਗੁਰ ਪ੍ਰਸਾਦਿ ਇਨ੍ਹਾਂ ਨਾੜਾਂ ਵਿਚੋਂ ਹੁੰਦਾ ਹੋਇਆ ਸਤਿ ਸਰੋਵਰਾਂ ਵਿਚੋਂ ਨਿਕਲਦਾ ਹੈ ਤਾਂ ਇਹ ਸਾਰੇ ਸਤਿ ਸਰੋਵਰ ਵੀ ਪ੍ਰਕਾਸ਼ਮਾਨ ਹੋ ਜਾਂਦੇ ਹਨ। ਇਸ ਤਰ੍ਹਾਂ ਨਾਲ ਮਨੁੱਖ ਦੇ ਸਾਰੇ ਬੱਜਰ ਕਪਾਟ ਖੁੱਲ੍ਹ ਜਾਂਦੇ ਹਨ ਅਤੇ ਸਮਾਧੀ ਲੱਗ ਜਾਂਦੀ ਹੈ। ਸਤਿਨਾਮ ਰੋਮ-ਰੋਮ ਵਿਚ ਪ੍ਰਕਾਸ਼ਮਾਨ ਹੋ ਜਾਂਦਾ ਹੈ। ਗੁਰ ਪ੍ਰਸਾਦਿ ਨਾਲ ਇਹ ਸਾਰੀਆਂ ਰੂਹਾਨੀ ਪ੍ਰਾਪਤੀਆਂ ਸਹਿਜੇ ਹੀ ਹੋ ਜਾਂਦੀਆਂ ਹਨ।

            ਜੋਗੀ ਲੋਕ ਪ੍ਰਾਣਾਯਾਮ ਦੀ ਸਾਧਨਾ ਨਾਲ ਇੜਾ, ਪਿੰਗਲਾ ਅਤੇ ਸੁਖਮਨਾ ਨੂੰ ਜਾਗਰਤ ਕਰਨ ਦਾ ਅਭਿਆਸ ਕਰਦੇ ਹਨ। ਇੜਾ ਵਿਚ ਪ੍ਰਾਣ ਉੱਪਰ ਨੂੰ ਖਿੱਚਦੇ ਹਨ, ਪਿੰਗਲਾ ਵਿਚ ਪ੍ਰਾਣ ਨੀਚੇ ਉਤਾਰਦੇ ਹਨ ਅਤੇ ਸੁਖਮਨਾ ਵਿਚ ਪ੍ਰਾਣ ਟਿਕਾਉਂਦੇ ਹਨ। ਇਹ ਜੋਗ ਦੇ ਅਭਿਆਸ ਵਿਚ ਜੋਗੀ ਪ੍ਰਾਣਾਯਾਮ ਸਾਧਨਾ ਨਾਲ ਇੜਾ, ਪਿੰਗਲਾ ਅਤੇ ਸੁਖਮਨਾ ਨਾੜਾਂ ਨੂੰ ਜਾਗਰਤ ਕਰਨ ਲਈ ਕਰਦੇ ਹਨ। ਇਸ ਦੇ ਨਾਲ ਹੀ ਜੋਗੀ ਲੋਕ ੭ ਸਤਿ ਸਰੋਵਰਾਂ ਨੂੰ ਵੀ ਜੋਗ ਸਾਧਨਾ ਕਰਕੇ ਜਾਗਰਤ ਕਰਨ ਦਾ ਅਭਿਆਸ ਕਰਦੇ ਹਨ। ਜੋਗੀ ਲੋਕ ਇਕੱਲੇ-ਇਕੱਲੇ ਸਤਿ ਸਰੋਵਰ ਨੂੰ ਜਾਗਰਤ ਕਰਨ ਦਾ ਅਭਿਆਸ ਕਰਦੇ ਹਨ। ਇਹ ਸਾਰੇ ਅਭਿਆਸ ਬਹੁਤ ਕਠਿਨ ਹੁੰਦੇ ਹਨ ਅਤੇ ਬਹੁਤ ਸਮੇਂ ਲਈ ਕਰਨੇ ਪੈਂਦੇ ਹਨ ਜਿਸਦੇ ਨਾਲ ਇਨ੍ਹਾਂ ਸਤਿ ਸਰੋਵਰਾਂ ਅਤੇ ਇੜਾ, ਪਿੰਗਲਾ ਅਤੇ ਸੁਖਮਨਾ ਦੇ ਜਾਗਰਤ ਹੋਣ ਦੀ ਸੰਭਾਵਨਾ ਹੁੰਦੀ ਹੈ। ਸੁਣਨ ਵਿਚ ਆਉਂਦਾ ਹੈ ਕਿ ਜੋਗੀ ਲੋਕ ਕਈ-ਕਈ ਸਾਲਾਂ ਤੱਕ ਇਕੱਲੇ-ਇਕੱਲੇ ਸਤਿ ਸਰੋਵਰ ਉੱਪਰ ਧਿਆਨ ਕੇਂਦਰਿਤ ਕਰਦੇ ਹਨ। ਇਸੇ ਤਰ੍ਹਾਂ ਨਾਲ ਇੜਾ, ਪਿੰਗਲਾ ਅਤੇ ਸੁਖਮਨਾ ਨੂੰ ਜਾਗਰਤ ਕਰਨ ਲਈ ਕਈ-ਕਈ ਸਾਲਾਂ ਦਾ ਅਭਿਆਸ ਕਰਦੇ ਹਨ। ਇਸ ਤਰ੍ਹਾਂ ਨਾਲ ਜੋਗ ਅਭਿਆਸ ਦੀ ਕ੍ਰਿਆ ਬਹੁਤ ਕਠਿਨ ਹੁੰਦੀ ਹੈ ਅਤੇ ਲੰਮੇ ਸਮੇਂ ਲਈ ਕਰਨੀ ਪੈਂਦੀ ਹੈ ਪਰੰਤੂ ਪ੍ਰੇਮਾ ਭਗਤੀ ਵਿਚ ਇਹ ਸਾਰੀਆਂ ਪ੍ਰਾਪਤੀਆਂ ਗੁਰ ਪ੍ਰਸਾਦੀ ਗੁਰ ਕਿਰਪਾ ਨਾਲ ਸਤਿਨਾਮ ਦੀ ਕਮਾਈ ਨਾਲ ਸਹਿਜੇ ਹੀ ਹੋ ਜਾਂਦੀਆ ਹਨ। 

            ਇਸ ਅਵਸਥਾ ਵਿਚ ਸੁਹਾਗ ਦੀ ਪ੍ਰਾਪਤੀ ਹੋ ਜਾਂਦੀ ਹੈ। ਤੁਸੀਂ ਅਕਾਲ ਪੁਰਖ ਦੀ ਦਰਗਾਹ ਵਿੱਚ ਸੁਹਾਗਣ ਦੇ ਤੌਰ ਤੇ ਸਵੀਕਾਰ ਕੀਤੇ ਜਾਂਦੇ ਹੋ ਅਤੇ ਤੁਹਾਡਾ ਅਕਾਲ ਪੁਰਖ ਦੀ ਦਰਗਾਹ ਵਿੱਚ ਨਾਮ ਦਾ ਖਾਤਾ ਖੁੱਲ੍ਹ ਜਾਂਦਾ ਹੈ। ਮਨੁੱਖ ਦੀ ਅਸਲੀ ਦਰਗਾਹੀ ਬੰਦਗੀ ਸ਼ੁਰੂ ਹੋ ਜਾਂਦੀ ਹੈ। ਨਿਰੰਤਰ ਸਿਮਰਨ ਅਜਪਾ ਜਾਪ ਸਿੱਧਾ ਦਰਗਾਹ ਵਿਚ ਤੁਹਾਡੇ ਨਾਮ ਦੇ ਖਾਤੇ ਵਿਚ ਜਮਾਂ ਹੋਣਾ ਸ਼ੁਰੂ ਹੋ ਜਾਂਦਾ ਹੈ। ਨਾਮ ਧਨ ਇਕੱਤਰ ਹੋਣਾ ਸ਼ੁਰੂ ਹੋ ਜਾਂਦਾ ਹੈ। ਜਦ ਮਨੁੱਖ ਲੰਮੇ ਸਮੇਂ ਲਈ ਨਾਮ ਅਭਿਆਸ ਵਿਚ ਬੈਠਦਾ ਹੈ ਤਾਂ ਉਹ ਸੁੰਨ ਸਮਾਧੀ ਵਿਚ ਚਲਾ ਜਾਂਦਾ ਹੈ। ਸੁੰਨ ਦੀ ਅਵਸਥਾ ਪ੍ਰਾਪਤ ਹੋਣੀ ਸ਼ੁਰੂ ਹੋ ਜਾਂਦੀ ਹੈ। ਮਨ ਅਤੇ ਹਿਰਦਾ ਪੂਰਨ ਸ਼ਾਂਤੀ ਵਿਚ ਚਲਾ ਜਾਂਦਾ ਹੈ। ਮਨ ਦੇ ਫੁਰਨੇ ਖਤਮ ਹੋ ਜਾਂਦੇ ਹਨ। ਮਨ ਵਿਚ ਕੋਈ ਵਿਕਲਪ ਨਹੀਂ ਰਹਿ ਜਾਂਦਾ ਹੈ। ਮਨ ਖ਼ਤਮ ਹੋ ਜਾਂਦਾ ਹੈ। ਮਨ ਪਰਮ ਜੋਤ ਵਿਚ ਬਦਲ ਜਾਂਦਾ ਹੈ। ਹਿਰਦੇ ਵਿਚ ਪੂਰਨ ਜੋਤ ਪ੍ਰਕਾਸ਼ ਪ੍ਰਗਟ ਹੋ ਜਾਂਦਾ ਹੈ। ਦੇਹੀ ਕੰਚਨ ਹੋ ਜਾਂਦੀ ਹੈ। ਭਾਵ ਦੇਹੀ ਵਿਕਾਰਾਂ ਤੋਂ ਰਹਿਤ ਹੋ ਜਾਂਦੀ ਹੈ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਮਨੁੱਖ ਦੇ ਵੱਸ ਵਿਚ ਆ ਜਾਂਦੇ ਹਨ। ਤ੍ਰਿਸ਼ਨਾ ਬੁਝ ਜਾਂਦੀ ਹੈ। ਹਿਰਦਾ ਸਤਿ ਸੰਤੋਖ਼ ਵਿਚ ਚਲਾ ਜਾਂਦਾ ਹੈ। ਰਾਜ, ਜੋਬਨ, ਧਨ, ਮਾਲ, ਸ਼ਬਦ, ਸਪਰਸ਼, ਨਿੰਦਿਆ, ਚੁਗਲੀ, ਬਖੀਲੀ ਅਤੇ ਹੋਰ ਸਾਰੇ ਵਿਕਾਰਾਂ ਦਾ ਅੰਤ ਹੋ ਜਾਂਦਾ ਹੈ। ਭਾਂਡਾ ਨਿਰਮਲ ਹੋ ਕੇ ਕੰਚਨ ਹੋ ਜਾਂਦਾ ਹੈ। ਭਾਂਡੇ ਦੇ ਸਾਰੇ ਵਿਕਾਰਾਂ ਰੂਪੀ ਛੇਕ ਖ਼ਤਮ ਹੋ ਜਾਂਦੇ ਹਨ। ਭਾਂਡੇ ਵਿਚ ਅੰਮ੍ਰਿਤ ਭਰਪੂਰ ਹੋ ਜਾਂਦਾ ਹੈ। ਭਾਂਡੇ ਵਿਚੋਂ ਅੰਮ੍ਰਿਤ ਛੱਲਕਣ ਲੱਗ ਜਾਂਦਾ ਹੈ। ਭਾਂਡੇ ਵਿਚੋਂ ਅੰਮ੍ਰਿਤ ਬਾਹਰ ਵੱਗਣਾ ਸ਼ੁਰੂ ਹੋ ਜਾਂਦਾ ਹੈ। ਭਾਵ ਮਨੁੱਖਾ ਦੇਹੀ ਵਿਚੋਂ ਅੰਮ੍ਰਿਤ ਬਾਹਰ ਡੁੱਲਣਾ ਸ਼ੁਰੂ ਹੋ ਜਾਂਦਾ ਹੈ। ਕੰਚਨ ਹੋਈ ਦੇਹੀ ਦੀ ਇਸ ਪਰਮ ਸ਼ਕਤੀਸ਼ਾਲੀ ਅਵਸਥਾ ਨੂੰ ਗੁਰਬਾਣੀ ਵਿਚ ਬਹੁਤ ਸਾਰੇ ਸ਼ਲੋਕਾਂ ਵਿਚ ਪ੍ਰਗਟ ਕੀਤਾ ਗਿਆ ਹੈ :-

 

ਕੰਚਨ ਕਾਇਆ ਕਸੀਐ ਵੰਨੀ ਚੜੈ ਚੜਾਉ

(ਪੰਨਾ ੧੪੬)

 

ਜਿਹ ਪ੍ਰਸਾਦਿ ਆਰੋਗ ਕੰਚਨ ਦੇਹੀ ਲਿਵ ਲਾਵਹੁ ਤਿਸੁ ਰਾਮ ਸਨੇਹੀ

(ਪੰਨਾ ੨੭੦)

 

ਕੰਚਨ ਕਾਇਆ ਜੋਤਿ ਅਨੂਪੁ

(ਪੰਨਾ ੪੧੩)

 

ਕੰਚਨ ਕਾਇਆ ਕੋਟ ਗੜ ਵਿਚਿ ਹਰਿ ਹਰਿ ਸਿਧਾ

(ਪੰਨਾ ੪੪੯)

 

ਕੰਚਨ ਕਾਇਆ ਜੋਤੀ ਜੋਤਿ ਸਮਾਈ

(ਪੰਨਾ ੮੩੨)

 

ਕਹੁ ਕਬੀਰ ਕੰਚਨੁ ਭਇਆ ਭ੍ਰਮੁ ਗਇਆ ਸਮੁਦ੍ਰੈ ਪਾਰਿ

(ਪੰਨਾ ੧੧੦੩)

 

            ਜਦ ਮਨੁੱਖ ਦੀ ਦੇਹੀ ਕੰਚਨ ਹੋ ਜਾਂਦੀ ਹੈ ਤਾਂ ਮਨੁੱਖ ਦੀ ਦੁਬਿਧਾ ਦਾ ਅੰਤ ਹੋ ਜਾਂਦਾ ਹੈ। ਸਾਰੇ ਭਰਮਾਂ ਦਾ ਨਾਸ ਹੋ ਜਾਂਦਾ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਕੰਚਨ ਹੋਈ ਦੇਹੀ ਵਿਚ ਹੀ ਪ੍ਰਗਟ ਹੁੰਦਾ ਹੈ। ਮਨੁੱਖ ਦੀ ਸੂਖਸ਼ਮ ਦੇਹੀ ਨਿਰੰਤਰ ਅੰਮ੍ਰਿਤ ਇਸ਼ਨਾਨ ਕਰਦੀ ਹੈ। ਸਾਰੇ ਪਾਸੇ ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਂਦਾ ਹੈ। ਪਰਮ ਜੋਤ ਪੂਰਨ ਪ੍ਰਕਾਸ਼ ਦੀ ਬਖ਼ਸ਼ਿਸ਼ ਕੰਚਨ ਹੋਈ ਦੇਹੀ ਨੂੰ ਹੀ ਪ੍ਰਾਪਤ ਹੁੰਦੀ ਹੈ। ਜਿਗਿਆਸੂ ਦੀ ਨਿਰੰਤਰ ਸਹਿਜ ਸਮਾਧੀ ਵੀ ਕੰਚਨ ਹੋਈ ਦੇਹੀ ਨੂੰ ਹੀ ਪ੍ਰਾਪਤ ਹੁੰਦੀ ਹੈ। ਸਾਰੇ ਮਾਨਸਿਕ ਰੋਗਾਂ ਤੋਂ ਮੁਕਤੀ ਕੰਚਨ ਦੇਹੀ ਬਣਨ ਤੇ ਹੀ ਮਿਲਦੀ ਹੈ। ਮਨੁੱਖ ਦੀ ਸੁਰਤਿ, ਮਤਿ ਅਤੇ ਬੁੱਧ ਉੱਤਮ ਅਵਸਥਾ ਵਿਚ ਪਹੁੰਚ ਜਾਂਦੀ ਹੈ ਅਤੇ ਦੇਵਤਿਆਂ ਵਾਲੀ ਅਤੇ ਸਿੱਧਾਂ ਵਾਲੀ ਅਵਸਥਾ ਬਣ ਜਾਂਦੀ ਹੈ। ਮਨੁੱਖ ਦੀ ਸੁਰਤਿ, ਮਤਿ ਅਤੇ ਬੁੱਧ ਪੂਰਨ ਗੁਰਮਤਿ ਵਿਚ ਚਲੀ ਜਾਂਦੀ ਹੈ।

            ਇਹ ਬਹੁਤ ਹੀ ਉੱਚੀ ਰੂਹਾਨੀ ਅਵਸਥਾ ਹੈ। ਇਹ ਉਹ ਅਵਸਥਾ ਹੈ ਜਦ ਮਨੁੱਖ ਦੀ ਬੰਦਗੀ ਬਹੁਤ ਉੱਚੀ ਅਵਸਥਾ ਵਿਚ ਚਲੀ ਜਾਂਦੀ ਹੈ। ਪੰਜ ਦੂਤ ਅਤੇ ਤ੍ਰਿਸ਼ਨਾ ਤੁਹਾਡੇ ਕਾਬੂ ਵਿੱਚ ਆ ਜਾਂਦੇ ਹਨ। ਮਾਇਆ ਨਾਲ ਅਸਲ ਲੜਾਈ ਪੂਰੇ ਜ਼ੋਰਾਂ ਨਾਲ ਹੁੰਦੀ ਹੈ ਅਤੇ ਗੁਰਪ੍ਰਸਾਦਿ ਦੇ ਫਲਸਰੂਪ ਤੁਸੀਂ ਮਾਇਆ ਅਤੇ ਮਨ ਤੇ ਜਿੱਤ ਪਾ ਲੈਂਦੇ ਹੋ। ਨਾਮ ਤੁਹਾਡੇ ਰੋਮ-ਰੋਮ ਵਿੱਚ ਚਲਾ ਜਾਂਦਾ ਹੈ। ਮਨੁੱਖ ਦਾ ਰੋਮ-ਰੋਮ ਭਾਵ ਦੇਹੀ ਦੀ ਹਰ ਇੱਕ ਕੋਸ਼ਿਕਾ ਨਾਮ ਦੇ ਨਾਲ ਧੜਕਣ ਲੱਗ ਪੈਂਦੀ ਹੈ। ਮਨੁੱਖ ਦੇ ਰੋਮ-ਰੋਮ ਵਿਚੋਂ ਇਲਾਹੀ ਪ੍ਰਕਾਸ਼ ਨਿਕਲਣ ਲੱਗ ਪੈਂਦਾ ਹੈ। ਮਨੁੱਖ ਦੇ ਨੇਤਰਾਂ ਵਿਚੋਂ ਵੀ ਪ੍ਰਕਾਸ਼ ਨਿਕਲਣ ਲੱਗ ਪੈਂਦਾ ਹੈ। ਤੁਹਾਡਾ ਦਸਮ ਦੁਆਰ ਖੁੱਲ੍ਹ ਜਾਂਦਾ ਹੈ ਅਤੇ ਅਕਾਲ ਪੁਰਖ ਨਾਲ ਤੁਹਾਡਾ ਸਿੱਧਾ ਸੰਪਰਕ ਕਾਇਮ ਹੋ ਜਾਂਦਾ ਹੈ। ਦਸਮ ਦੁਆਰ ਦੇ ਖੁੱਲ੍ਹਣ ਨਾਲ ਆਪਣੀ ਹੀ ਕੰਚਨ ਹੋਈ ਸੂਖਸ਼ਮ ਦੇਹੀ ਦੇ ਦਰਸ਼ਨ ਹੋ ਜਾਂਦੇ ਹਨ। ਦਸਮ ਦੁਆਰ ਦੇ ਖੁੱਲ੍ਹਣ ਨਾਲ ਮਨੁੱਖ ਨੂੰ ਅਨਹਦ ਸ਼ਬਦ ਅੰਮ੍ਰਿਤ ਦੀ ਪ੍ਰਾਪਤੀ ਹੋ ਜਾਂਦੀ ਹੈ। ਅਨਹਦ ਸ਼ਬਦ ਨਿਰੰਤਰ ਮਨੁੱਖ ਦੇ ਦਸਮ ਦੁਆਰ ਵਿਚ ਵੱਜਣ ਲੱਗ ਪੈਂਦਾ ਹੈ। ਅਨਹਦ ਸ਼ਬਦ ਜੋ ਮਨੁੱਖ ਦੇ ਦਸਮ ਦੁਆਰ ਵਿਚ ਵੱਜਦਾ ਹੈ ਉਹ ਹੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਧੁਨਾਤਮਕ ਨਾਮ ਅੰਮ੍ਰਿਤ ਹੈ। ਦਸਮ ਦੁਆਰ ਵਿਚ ਵੱਜਦੇ ਹੋਏ ਇਸ ਅਨਹਦ ਸ਼ਬਦ ਦੇ ਬਾਰੇ ਪਰਮ ਸਤਿ ਤੱਤ ਗੁਰਬਾਣੀ ਵਿਚ ਪ੍ਰਗਟ ਕੀਤਾ ਗਿਆ ਹੈ :-

 

ਅਨਹਦ ਸਬਦੁ ਦਸਮ ਦੁਆਰਿ ਵਜਿਓ ਤਹ ਅੰਮ੍ਰਿਤ ਨਾਮੁ ਚੁਆਇਆ ਥਾ

(ਪੰਨਾ ੧੦੦੨)

 

ਦਸਮ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ

(ਪੰਨਾ ੯੭੪)

 

            ਨਿਰੰਤਰ ਦਸਮ ਦੁਆਰ ਵਿਚ ਵੱਜਣ ਵਾਲਾ ਇਹ ਅਨਹਦ ਸ਼ਬਦ ਧੁਨਾਤਮਕ ਨਾਮ ਅੰਮ੍ਰਿਤ ਹੀ ਦਰਗਾਹੀ ਅਖੰਡ ਕੀਰਤਨ ਹੈ। ਅਨਹਦ ਤੋਂ ਭਾਵ ਹੈ ਜਿਸਦਾ ਕੋਈ ਹੱਦ ਬੰਨਾ ਨਹੀਂ ਹੈ। ਜੋ ਕਦੇ ਖ਼ਤਮ ਨਹੀਂ ਹੁੰਦਾ ਹੈ। ਜੋ ਬੇਅੰਤ ਹੈ ਅਤੇ ਨਿਰੰਤਰ ਵੱਜਦਾ ਹੈ। ਇਹ ਅਨਹਦ ਸ਼ਬਦ ਮਨੁੱਖ ਦੇ ਕੰਨਾਂ ਵਿਚ ਨਹੀਂ ਸੁਣਦਾ ਹੈ। ਇਹ ਅਨਹਦ ਸ਼ਬਦ ਬੇਅੰਤ ਸ਼ਕਤੀਸ਼ਾਲੀ ਹੈ ਅਤੇ ਇਹ ਮਨੁੱਖ ਦੇ ਕੇਵਲ ਦਸਮ ਦੁਆਰ ਵਿਚ ਹੀ ਵੱਜਦਾ ਅਤੇ ਸੁਣਦਾ ਹੈ। ਇਸ ਪਰਮ ਸ਼ਕਤੀਸ਼ਾਲੀ ਅਨਹਦ ਸ਼ਬਦ ਧੁਨਾਤਮਕ ਨਾਮ ਅੰਮ੍ਰਿਤ ਵਿਚ ਸਾਰੀ ਕੁਦਰਤ ਦਾ ਇਲਾਹੀ ਸੰਗੀਤ ਅਤੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਅੰਮ੍ਰਿਤ ਬਾਣੀ ਗੂੰਜਦੀ ਹੈ। ਜਦ ਇਹ ਅਨਹਦ ਸ਼ਬਦ ਪ੍ਰਗਟ ਹੁੰਦਾ ਹੈ ਤਾਂ ਇਸ ਦੇ ਸਨਮੁਖ ਸਾਰੇ ਸੰਗੀਤਾਂ ਦੀਆਂ ਧੁਨਾਂ ਫਿੱਕੀਆਂ ਪੈ ਜਾਂਦੀਆਂ ਹਨ। ਜਦ ਮਨੁੱਖ ਇਸ ਅਨਹਦ ਸ਼ਬਦ ਦੇ ਸੰਗੀਤ ਤੇ ਆਪਣਾ ਧਿਆਨ ਕੇਂਦਰਿਤ ਕਰਦਾ ਹੈ ਤਾਂ ਉਸਦਾ ਹਿਰਦਾ ਅਤੇ ਮਨ ਇੱਕ ਦਮ ਪੂਰਨ ਸ਼ਾਂਤੀ ਵਿਚ ਚਲਾ ਜਾਂਦਾ ਹੈ।

            ਐਸੀ ਸੁੰਦਰ ਅਤੇ ਪਰਮ ਸ਼ਕਤੀਸ਼ਾਲੀ ਕਰਮ ਖੰਡ ਦੀ ਅਵਸਥਾ ਵਿਚ ਜੋ ਮਨੁੱਖ ਪਹੁੰਚ ਜਾਂਦੇ ਹਨ ਉਨ੍ਹਾਂ ਉੱਪਰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬੇਅੰਤ ਅਪਾਰ ਕਿਰਪਾ ਬਰਸਦੀ ਹੈ। ਉਨ੍ਹਾਂ ਦੀ ਸੁਰਤਿ, ਮਤਿ, ਮਨ, ਬੁੱਧ ਬਹੁਤ ਰੂਹਾਨੀ ਉੱਚਾਈਆਂ ਤੇ ਚਲੀਆਂ ਜਾਂਦੀਆਂ ਹਨ। ਐਸੀ ਪਰਮ ਸ਼ਕਤੀਸ਼ਾਲੀ ਅਵਸਥਾ ਵਿਚ ਜੋ ਜਿਗਿਆਸੂ ਪਹੁੰਚ ਜਾਂਦੇ ਹਨ ਉਨ੍ਹਾਂ ਦੀ ਅਵਸਥਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ ਹੈ। ਇਹ ਗੁਰ ਪ੍ਰਸਾਦੀ ਕਥਾ ਐਸੇ ਮਹਾ ਪੁਰਖਾਂ ਦੀ ਇਸ ਪਰਮ ਸ਼ਕਤੀਸ਼ਾਲੀ ਅਵਸਥਾ ਦੀ ਕੇਵਲ ਇੱਕ ਝਲਕ ਮਾਤਰ ਹੀ ਹੈ। ਜੋ ਮਨੁੱਖ ਇਹ ਦਾਅਵਾ ਕਰਦੇ ਹਨ ਕਿ ਉਹ ਇਸ ਪਰਮ ਸ਼ਕਤੀਸ਼ਾਲੀ ਅਵਸਥਾ ਦਾ ਵਰਣਨ ਕਰ ਸਕਦੇ ਹਨ ਉਹ ਕੇਵਲ ਆਪਣੇ ਅਹੰਕਾਰ ਵੱਸ ਹੋ ਕੇ ਐਸਾ ਕਰਦੇ ਹਨ। ਜਿਸ ਕਾਰਣ ਉਨ੍ਹਾਂ ਨੂੰ ਪਸ਼ਚਾਤਾਪ ਕਰਨਾ ਪੈਂਦਾ ਹੈ। ਜੋ ਮਨੁੱਖ ਐਸੀ ਅਵਸਥਾ ਵਿਚ ਪਹੁੰਚ ਜਾਂਦੇ ਹਨ ਉਨ੍ਹਾਂ ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਬੇਅੰਤ ਪਰਮ ਸ਼ਕਤੀਆਂ ਦਾ ਅਨੁਭਵ ਹੋ ਜਾਂਦਾ ਹੈ ਇਸ ਲਈ ਉਹ ਆਪਣੇ ਆਪ ਨੂੰ ਮਹਾ ਕੰਗਾਲ ਕਹਿਣ ਲੱਗ ਜਾਂਦੇ ਹਨ। ਉਹ ਇਹ ਕਹਿਣ ਲੱਗ ਜਾਂਦੇ ਹਨ ਕਿ ਉਨ੍ਹਾਂ ਨੂੰ ਕੋਈ ਗਿਆਨ ਨਹੀਂ ਹੈ। ਇਹ ਸਭ ਕੁਝ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਹੀ ਮਹਿਮਾ ਹੈ। ਉਹ ਇਲਾਹੀ ਇਸ਼ਕ ਵਿਚ ਆਪਣੇ ਆਪ ਨੂੰ ਮਿਟਾ ਦਿੰਦੇ ਹਨ। ਉਹ ਆਪਣੀ ਹਸਤੀ ਨੂੰ ਮਿਟਾ ਕੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿਚ ਅਭੇਦ ਹੋ ਜਾਂਦੇ ਹਨ।