ਜਪੁਜੀ ਪਉੜੀ ੩੭

 

ਕਰਮ ਖੰਡ ਕੀ ਬਾਣੀ ਜੋਰੁ ਤਿਥੈ ਹੋਰੁ ਨ ਕੋਈ ਹੋਰੁ

ਤਿਥੈ ਜੋਧ ਮਹਾਬਲ ਸੂਰ ਤਿਨ ਮਹਿ ਰਾਮੁ ਰਹਿਆ ਭਰਪੂਰ

ਤਿਥੈ ਸੀਤੋ ਸੀਤਾ ਮਹਿਮਾ ਮਾਹਿ ਤਾ ਕੇ ਰੂਪ ਨ ਕਥਨੇ ਜਾਹਿ

ਨਾ ਓਹਿ ਮਰਹਿ ਨ ਠਾਗੇ ਜਾਹਿ ਜਿਨ ਕੈ ਰਾਮੁ ਵਸੈ ਮਨ ਮਾਹਿ

ਤਿਥੈ ਭਗਤ ਵਸਹਿ ਕੇ ਲੋਅ ਕਰਹਿ ਅਨੰਦੁ ਸਚਾ ਮਨਿ ਸੋਇ

ਸਚ ਖੰਡਿ ਵਸੈ ਨਿਰੰਕਾਰੁ ਕਰਿ ਕਰਿ ਵੇਖੈ ਨਦਰਿ ਨਿਹਾਲ

ਤਿਥੈ ਖੰਡ ਮੰਡਲ ਵਰਭੰਡ ਜੇ ਕੋ ਕਥੈ ਤ ਅੰਤ ਨ ਅੰਤ

ਤਿਥੈ ਲੋਅ ਲੋਅ ਆਕਾਰ ਜਿਵ ਜਿਵ ਹੁਕਮੁ ਤਿਵੈ ਤਿਵ ਕਾਰ

ਵੇਖੈ ਵਿਗਸੈ ਕਰਿ ਵੀਚਾਰੁ ਨਾਨਕ ਕਥਨਾ ਕਰੜਾ ਸਾਰੁ ੩੭

 

            ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ “ਕਰਮ ਖੰਡ” ਦੀ ਮਹਿਮਾ ਬੜੀ ਦਿਆਲਤਾ ਨਾਲ ਸਾਰੀ ਲੋਕਾਈ ਦੀ ਝੋਲੀ ਵਿਚ ਪਾ ਰਹੇ ਹਨ। ਕਰਮ ਖੰਡ ਵਿਚ ਜਿਗਿਆਸੂ ਉੱਪਰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬੇਅੰਤ ਅਪਾਰ ਕਿਰਪਾ ਅਤੇ ਗੁਰ ਪ੍ਰਸਾਦਿ ਦੀ ਪਰਮ ਸ਼ਕਤੀ ਵਰਤਦੀ ਹੈ। ਕਰਮ ਖੰਡ ਵਿਚ ਮਨੁੱਖ ਦੀ ਬੰਦਗੀ ਦਰਗਾਹ ਵਿਚ ਗਿਣੀ ਜਾਂਦੀ ਹੈ। ਇੜਾ, ਪਿੰਗਲਾ ਅਤੇ ਸੁਖਮਨਾ ਨਾੜਾਂ ਪ੍ਰਕਾਸ਼ਮਾਨ ਹੋ ਜਾਂਦੀਆਂ ਹਨ ਅਤੇ ਤ੍ਰਿਕੁਟੀ ਵਿਚ ਏਕ ਬੂੰਦ ਅੰਮ੍ਰਿਤ ਦੀ ਪ੍ਰਾਪਤੀ ਹੋਣ ਦੇ ਨਾਲ ਹੀ ਸਮਾਧੀ ਲੱਗ ਜਾਂਦੀ ਹੈ। ਏਕ ਬੂੰਦ ਅੰਮ੍ਰਿਤ ਦੀ ਮਹਿਮਾ ਗੁਰਬਾਣੀ ਵਿਚ ਪ੍ਰਗਟ ਕੀਤੀ ਗਈ ਹੈ।

 

ਏਕ ਬੂੰਦ ਗੁਰਿ ਅੰਮ੍ਰਿਤੁ ਦੀਨੋ ਤਾ ਅਟਲੁ ਅਮਰੁ ਨ ਮੁਆ

ਭਗਤਿ ਭੰਡਾਰ ਗੁਰਿ ਨਾਨਕ ਕਉ ਸਉਪੇ ਫਿਰਿ ਲੇਖਾ ਮੂਲਿ ਨ ਲਇਆ ੧੪

(ਪੰਨਾ ੬੧੨)

 

            ਏਕ ਬੂੰਦ ਅੰਮ੍ਰਿਤ ਦੀ ਪ੍ਰਾਪਤੀ ਹੀ ਗੁਰ ਪ੍ਰਸਾਦਿ ਦੀ ਪ੍ਰਾਪਤੀ ਦੀ ਨਿਸ਼ਾਨੀ ਹੈ। ਏਕ ਬੂੰਦ ਅੰਮ੍ਰਿਤ ਦੀ ਪ੍ਰਾਪਤੀ ਦੇ ਨਾਲ ਹੀ ਅਜਪਾ ਜਾਪ ਸ਼ੁਰੂ ਹੁੰਦਾ ਹੈ। ਏਕ ਬੂੰਦ ਅੰਮ੍ਰਿਤ ਦੀ ਪ੍ਰਾਪਤੀ ਦੇ ਨਾਲ ਹੀ ਮਨੁੱਖ ਦੀ ਸਮਾਧੀ ਲੱਗ ਜਾਂਦੀ ਹੈ। ਏਕ ਬੂੰਦ ਅੰਮ੍ਰਿਤ ਦੀ ਪ੍ਰਾਪਤੀ ਦੇ ਨਾਲ ਹੀ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ ਅਤੇ ਪੂਰਨ ਬੰਦਗੀ ਦੇ ਗੁਰ ਪ੍ਰਸਾਦਿ ਦੀ ਪ੍ਰਾਪਤੀ ਹੋ ਜਾਂਦੀ ਹੈ। ਏਕ ਬੂੰਦ ਅੰਮ੍ਰਿਤ ਦੀ ਪ੍ਰਾਪਤੀ ਦੇ ਨਾਲ ਹੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਸੁਹਾਗ ਦੀ ਪ੍ਰਾਪਤੀ ਹੋ ਜਾਂਦੀ ਹੈ। ਏਕ ਬੂੰਦ ਅੰਮ੍ਰਿਤ ਦੀ ਪ੍ਰਾਪਤੀ ਦੇ ਨਾਲ ਹੀ ਸਤਿਨਾਮ ਸਿਮਰਨ ਦੇ ਲੰਬੇ ਸਮੇਂ ਲਈ ਅਭਿਆਸ ਦੀ ਪ੍ਰਾਪਤੀ ਹੁੰਦੀ ਹੈ ਅਤੇ ਸਿਮਰਨ ਅਭਿਆਸ ਵਿਚ ਜਿਗਿਆਸੂ ਨੂੰ ਬੇਅੰਤ ਆਨੰਦ ਪ੍ਰਾਪਤ ਹੋਣਾ ਸ਼ੁਰੂ ਹੋ ਜਾਂਦਾ ਹੈ। ਸਿਮਰਨ ਦੇ ਲੰਬੇ ਸਮੇਂ ਦੇ ਅਭਿਆਸ ਨਾਲ ਮਨ ਸ਼ਾਂਤ ਹੋ ਜਾਂਦਾ ਹੈ ਅਤੇ ਸੁੰਨ ਸਮਾਧੀ ਦੀ ਪ੍ਰਾਪਤੀ ਹੋ ਜਾਂਦੀ ਹੈ।

            ਸੁੰਨ ਸਮਾਧੀ ਵਿਚ ਬੈਠਕੇ ਕੀਤੇ ਨਾਮ ਅਭਿਆਸ ਨਾਲ ਮਨੁੱਖ ਦਾ ਮਨ ਚਿੰਦਿਆ ਜਾਂਦਾ ਹੈ। ਸੁੰਨ ਸਮਾਧੀ ਵਿਚ ਬੈਠਕੇ ਕੀਤੇ ਨਾਮ ਅਭਿਆਸ ਨਾਲ ਮਨੁੱਖ ਦਾ ਮਨ ਜੋਤ ਸਰੂਪ ਹੋ ਜਾਂਦਾ ਹੈ। ਸੁੰਨ ਸਮਾਧੀ ਵਿਚ ਬੈਠਕੇ ਕੀਤੇ ਨਾਮ ਅਭਿਆਸ ਨਾਲ ਸੂਖਸ਼ਮ ਦੇਹੀ ਕੰਚਨ ਹੋ ਜਾਂਦੀ ਹੈ। ਸੁੰਨ ਸਮਾਧੀ ਵਿਚ ਬੈਠਕੇ ਕੀਤੇ ਨਾਮ ਅਭਿਆਸ ਨਾਲ ਪੰਜ ਦੂਤ ਵੱਸ ਵਿਚ ਆ ਜਾਂਦੇ ਹਨ। ਸੁੰਨ ਸਮਾਧੀ ਵਿਚ ਬੈਠਕੇ ਕੀਤੇ ਨਾਮ ਅਭਿਆਸ ਨਾਲ ਤ੍ਰਿਸ਼ਨਾ ਬੁੱਝ ਜਾਂਦੀ ਹੈ। ਸੁੰਨ ਸਮਾਧੀ ਵਿਚ ਬੈਠਕੇ ਕੀਤੇ ਨਾਮ ਅਭਿਆਸ ਨਾਲ ਮਨੁੱਖ ਤ੍ਰਿਹ ਗੁਣ ਮਾਇਆ ਨੂੰ ਜਿੱਤ ਲੈਂਦਾ ਹੈ। ਸੁੰਨ ਸਮਾਧੀ ਵਿਚ ਬੈਠਕੇ ਕੀਤੇ ਨਾਮ ਅਭਿਆਸ ਨਾਲ ਹੀ ਮਾਇਆ ਦੀ ਗੁਲਾਮੀ ਦਾ ਅੰਤ ਹੋ ਜਾਂਦਾ ਹੈ ਅਤੇ ਮਾਇਆ ਮਨੁੱਖ ਦੀ ਸੇਵਕ ਬਣ ਜਾਂਦੀ ਹੈ। ਸੁੰਨ ਸਮਾਧੀ ਵਿਚ ਬੈਠਕੇ ਕੀਤੇ ਨਾਮ ਅਭਿਆਸ ਨਾਲ ਹਿਰਦਾ ਪੂਰਨ ਸਚਿਆਰੀ ਰਹਿਤ ਵਿਚ ਚਲਾ ਜਾਂਦਾ ਹੈ। ਸੁੰਨ ਸਮਾਧੀ ਵਿਚ ਬੈਠਕੇ ਕੀਤੇ ਨਾਮ ਅਭਿਆਸ ਨਾਲ ਮਨੁੱਖ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਜਾ ਕੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿਚ ਅਭੇਦ ਹੋ ਜਾਂਦਾ ਹੈ ਕਿਉਂਕਿ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਵਾਸ ਸੁੰਨ ਮੰਡਲ ਵਿਚ ਹੀ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸਭ ਤੋਂ ਉੱਤਮ ਅਤੇ ਪਰਮ ਸ਼ਕਤੀਸ਼ਾਲੀ ਕਲਾ ਸੁੰਨ ਕਲਾ ਹੈ। (ਸੁੰਨ ਕਲਾ ਦੀ ਗੁਰ ਪ੍ਰਸਾਦੀ ਕਥਾ ਪਉੜੀ ੫ ਦੀ ਕਥਾ ਵਿਚ ਪ੍ਰਸਤੁਤ ਕੀਤੀ ਗਈ ਹੈ। ਜੋ ਜਿਗਿਆਸੂ ਸੁੰਨ ਕਲਾ ਦੀ ਮਹਿਮਾ ਨੂੰ ਹੋਰ ਡੂੰਘਾਈ ਵਿਚ ਜਾਣਨਾ ਚਾਹੁੰਦੇ ਹਨ ਉਹ ਪਉੜੀ ੫ ਦੀ ਗੁਰ ਪ੍ਰਸਾਦੀ ਕਥਾ ਦਾ ਦੁਬਾਰਾ ਅਧਿਐਨ ਕਰਨ।) ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਸਾਰੀ ਸ੍ਰਿਸ਼ਟੀ ਦੀ ਰਚਨਾ ਸੁੰਨ ਕਲਾ ਨਾਲ ਹੀ ਕੀਤੀ ਹੈ। ਜੋ ਮਨੁੱਖ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿਚ ਅਭੇਦ ਹੋ ਜਾਂਦੇ ਹਨ ਉਹ ਮਹਾ ਪੁਰਖਾਂ ਦਾ ਵਾਸਾ ਵੀ ਸੁੰਨ ਮੰਡਲ ਵਿਚ ਹੀ ਸਥਾਪਿਤ ਹੋ ਜਾਂਦਾ ਹੈ। ਸੁੰਨ ਸਮਾਧੀ ਦੀ ਮਹਿਮਾ ਬੇਅੰਤ ਹੈ ਅਤੇ ਗੁਰਬਾਣੀ ਦੇ ਬਹੁਤ ਸਾਰੇ ਸ਼ਲੋਕਾਂ ਵਿਚ ਸੁੰਨ ਮੰਡਲ, ਸੁੰਨ ਕਲਾ ਅਤੇ ਸੁੰਨ ਸਮਾਧੀ ਦੀ ਮਹਿਮਾ ਪ੍ਰਗਟ ਕੀਤੀ ਗਈ ਹੈ :-

 

ਓਤਿ ਪੋਤਿ ਜਨ ਹਰਿ ਰਸਿ ਰਾਤੇ ਸੁੰਨ ਸਮਾਧਿ ਨਾਮ ਰਸ ਮਾਤੇ

(ਪੰਨਾ ੨੬੫)

 

ਸੁੰਨ ਸਮਾਧਿ ਅਨਹਤ ਤਹ ਨਾਦ

(ਪੰਨਾ ੨੯੩)

 

ਸਲੋਕੁ ਸਰਗੁਨ ਨਿਰਗੁਨ ਨਿਰੰਕਾਰ ਸੁੰਨ ਸਮਾਧੀ ਆਪਿ

ਆਪਨ ਕੀਆ ਨਾਨਕਾ ਆਪੇ ਹੀ ਫਿਰਿ ਜਾਪਿ

(ਪੰਨਾ ੨੯੦)

 

ਅਨਦਿਨੁ ਰਾਤਾ ਮਨੁ ਬੈਰਾਗੀ ਸੁੰਨ ਮੰਡਲਿ ਘਰੁ ਪਾਇਆ

(ਪੰਨਾ ੪੨੬)

 

ਸੁੰਨ ਮੰਡਲ ਇਕੁ ਜੋਗੀ ਬੈਸੇ

(ਪੰਨਾ ੬੮੫)

 

ਸੁੰਨ ਸਮਾਧਿ ਮਹਾ ਪਰਮਾਰਥੁ ਤੀਨਿ ਭਵਣ ਪਤਿ ਨਾਮੰ

(ਪੰਨਾ ੬੩੪)

 

ਨਾਮਾ ਕਹੈ ਚਿਤੁ ਹਰਿ ਸਿਉ ਰਾਤਾ ਸੁੰਨ ਸਮਾਧਿ ਸਮਾਉਗੋ

(ਪੰਨਾ ੯੭੨-੯੭੩)

 

ਕਹੁ ਕਬੀਰ ਜੋ ਨਾਮਿ ਸਮਾਨੇ ਸੁੰਨ ਰਹਿਆ ਲਿਵ ਸੋਈ

(ਪੰਨਾ ੧੧੦੩)

 

 

            ਸੁੰਨ ਸਮਾਧੀ ਵਿਚ ਬੈਠਕੇ ਕੀਤੇ ਨਾਮ ਅਭਿਆਸ ਨਾਲ ਸਾਰੇ ਸਤਿ ਸਰੋਵਰ ਪ੍ਰਕਾਸ਼ਮਾਨ ਹੋ ਜਾਂਦੇ ਹਨ। ਸੁੰਨ ਸਮਾਧੀ ਵਿਚ ਬੈਠਕੇ ਕੀਤੇ ਨਾਮ ਅਭਿਆਸ ਨਾਲ ਸਾਰੇ ਬੱਜਰ ਕਪਾਟ ਖੁੱਲ੍ਹ ਜਾਂਦੇ ਹਨ। ਸੁੰਨ ਸਮਾਧੀ ਵਿਚ ਬੈਠਕੇ ਕੀਤੇ ਨਾਮ ਅਭਿਆਸ ਨਾਲ ਸਾਰੀ ਦੇਹੀ ਵਿਚ, ਰੋਮ-ਰੋਮ ਵਿਚ ਸਤਿਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ। ਸੁੰਨ ਸਮਾਧੀ ਵਿਚ ਬੈਠਕੇ ਕੀਤੇ ਨਾਮ ਅਭਿਆਸ ਨਾਲ ਦਸਮ ਦੁਆਰ ਖੁੱਲ੍ਹ ਜਾਂਦਾ ਹੈ। ਸੁੰਨ ਸਮਾਧੀ ਵਿਚ ਬੈਠਕੇ ਕੀਤੇ ਨਾਮ ਅਭਿਆਸ ਨਾਲ ਅਨਹਦ ਸ਼ਬਦ ਅੰਮ੍ਰਿਤ ਦੀ ਪ੍ਰਾਪਤੀ ਹੋ ਜਾਂਦੀ ਹੈ। ਸੁੰਨ ਸਮਾਧੀ ਵਿਚ ਬੈਠਕੇ ਕੀਤੇ ਨਾਮ ਅਭਿਆਸ ਨਾਲ ਨਿਰਗੁਣ ਸਰਗੁਣ ਇੱਕ ਹੋ ਜਾਂਦਾ ਹੈ ਭਾਵ ਸਰਗੁਣ ਵਿਚ ਨਿਰਗੁਣ ਦੇ ਦਰਸ਼ਨ ਹੋ ਜਾਂਦੇ ਹਨ। ਜਿਵੇਂ ਕਿ ਮਨੁੱਖ ਦੀ ਦੇਹੀ ਸਰਗੁਣ ਹੈ ਅਤੇ ਪਰਮ ਜੋਤ ਪੂਰਨ ਪ੍ਰਕਾਸ਼ ਨਿਰਗੁਣ ਸਰੂਪ ਹੈ। ਜਿਨ੍ਹਾਂ ਮਨੁੱਖਾਂ ਦਾ ਨਿਰਗੁਣ ਸਰਗੁਣ ਇੱਕ ਹੋ ਜਾਂਦਾ ਹੈ ਉਨ੍ਹਾਂ ਨੂੰ ਆਪਣੀ ਦੇਹੀ ਵਿਚ ਹੀ ਨਿਰਗੁਣ ਸਰੂਪ ਦੇ ਦਰਸ਼ਨ ਹੋ ਜਾਂਦੇ ਹਨ। ਭਾਵ ਸਰਗੁਣ ਦੇਹੀ ਦੇ ਪ੍ਰਕਾਸ਼ ਰੂਪ ਦੇ ਦਰਸ਼ਨ ਹੋ ਜਾਂਦੇ ਹਨ। ਮਨੁੱਖ ਨੂੰ ਸਾਰੇ ਰੂਹਾਨੀ ਅਨੁਭਵ ਵੀ ਸੁੰਨ ਸਮਾਧੀ ਵਿਚ ਹੀ ਹੁੰਦੇ ਹਨ। ਮਨੁੱਖ ਦੀ ਬੰਦਗੀ ਸੁੰਨ ਸਮਾਧੀ ਵਿਚ ਹੀ ਦਰਗਾਹ ਵਿਚ ਪਰਵਾਨ ਚੜ੍ਹਦੀ ਹੈ ਅਤੇ ਪੂਰਨ ਹੁੰਦੀ ਹੈ। ਮਨੁੱਖ ਨੂੰ ਅਕਾਲ ਪੁਰਖ ਦੇ ਦਰਸ਼ਨ ਵੀ ਸੁੰਨ ਸਮਾਧੀ ਵਿਚ ਹੀ ਹੁੰਦੇ ਹਨ। ਮਨੁੱਖ ਨੂੰ ਪੂਰਨ ਬ੍ਰਹਮ ਗਿਆਨ ਅਤੇ ਤੱਤ ਗਿਆਨ ਦੀ ਪ੍ਰਾਪਤੀ ਵੀ ਸੁੰਨ ਸਮਾਧੀ ਵਿਚ ਹੀ ਹੁੰਦੀ ਹੈ। ਮਨੁੱਖ ਨੂੰ ਆਤਮ ਰਸ ਅੰਮ੍ਰਿਤ ਦੀ ਪ੍ਰਾਪਤੀ ਵੀ ਸੁੰਨ ਸਮਾਧੀ ਵਿਚ ਹੀ ਹੁੰਦੀ ਹੈ। ਮਨੁੱਖ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿਚ ਅਭੇਦ ਵੀ ਸੁੰਨ ਸਮਾਧੀ ਵਿਚ ਹੀ ਹੁੰਦਾ ਹੈ। ਮਨੁੱਖ ਨੂੰ ਅਟੱਲ ਅਵਸਥਾ ਅਤੇ ਪਰਮ ਪੱਦਵੀ ਦੀ ਪ੍ਰਾਪਤੀ ਵੀ ਸੁੰਨ ਸਮਾਧੀ ਵਿਚ ਹੀ ਹੁੰਦੀ ਹੈ। ਜੀਵਨ ਮੁਕਤੀ ਵੀ ਸੁੰਨ ਸਮਾਧੀ ਵਿਚ ਹੀ ਪ੍ਰਾਪਤ ਹੁੰਦੀ ਹੈ। ਸੁੰਨ ਸਮਾਧੀ ਵਿਚ ਹੀ ਮਨੁੱਖ ਦੀਆਂ ਪੰਜੇ ਗਿਆਨ ਇੰਦਰੀਆਂ ਅਤੇ ਪੰਜੇ ਕਰਮ ਇੰਦਰੀਆਂ ਵੀ ਪੂਰਨ ਹੁਕਮ ਵਿਚ ਜਾਂਦੀਆਂ ਹਨ। ਸੁੰਨ ਸਮਾਧੀ ਵਿਚ ਹੀ ਰਿੱਧੀਆਂ-ਸਿੱਧੀਆਂ ਮਨੁੱਖ ਦੇ ਚਰਨਾਂ ਹੇਠ ਆ ਜਾਂਦੀਆਂ ਹਨ ਅਤੇ ਫਿਰ ਉਸਦੀ ਸੇਵਾ ਕਰਦੀਆਂ ਹਨ। ਸੁੰਨ ਸਮਾਧੀ ਵਿਚ ਹੀ ਮਨੁੱਖ ਨੂੰ ਅੰਮ੍ਰਿਤ ਦੀ ਦਾਤ ਵੰਡਣ ਦਾ ਗੁਰ ਪ੍ਰਸਾਦਿ ਪ੍ਰਾਪਤ ਹੁੰਦਾ ਹੈ ਅਤੇ ਮਹਾ ਪਰਉਪਕਾਰ ਦੀ ਸੇਵਾ ਮਿਲਦੀ ਹੈ। ਸੁੰਨ ਸਮਾਧੀ ਵਿਚੋਂ ਹੀ ਪੂਰਨ ਬ੍ਰਹਮ ਗਿਆਨੀ ਦਾ, ਪੂਰਨ ਸੰਤ ਦਾ ਅਤੇ ਸਤਿਗੁਰੂ ਦਾ ਜਨਮ ਹੁੰਦਾ ਹੈ। ਇਸੇ ਕਰਕੇ ਸੁੰਨ ਸਮਾਧੀ ਨੂੰ ਗੁਰਬਾਣੀ ਵਿਚ ਮਹਾ ਪਰਮਾਰਥ ਕਿਹਾ ਗਿਆ ਹੈ। ਸੁੰਨ ਵਿਚ ਰੱਤੇ ਹੋਏ ਮਨ ਅਤੇ ਹਿਰਦੇ ਦੇ ਸਨਮੁਖ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਵੀ ਝੁੱਕਣਾ ਪੈਂਦਾ ਹੈ ਅਤੇ ਐਸੇ ਹਿਰਦੇ ਵਿਚ ਪ੍ਰਗਟ ਹੋਣਾ ਪੈਂਦਾ ਹੈ।

            ਜਦ ਜਿਗਿਆਸੂ ਨੂੰ ਕਰਮ ਖੰਡ ਵਿਚ ਬੰਦਗੀ ਕਰਦੇ ਹੋਏ ਐਸੀ ਪਰਮ ਸ਼ਕਤੀਸ਼ਾਲੀ ਅਵਸਥਾ ਦੀ ਪ੍ਰਾਪਤੀ ਹੋ ਜਾਂਦੀ ਹੈ ਤਾਂ ਉਸਦੀ ਬਾਣੀ ਵਿਚ ਕ੍ਰਾਂਤੀ ਆ ਜਾਂਦੀ ਹੈ। ਉਸਦੇ ਬੋਲੇ ਸ਼ਬਦਾਂ ਵਿਚ ਪਰਮ ਸ਼ਕਤੀ ਵਰਤਦੀ ਹੈ। ਉਸਦੇ ਬਚਨ ਪੂਰਨ ਸਤਿ ਹੋ ਜਾਂਦੇ ਹਨ। ਉਸਦੇ ਕੀਤੇ ਬਚਨਾਂ ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਸ਼ਕਤੀਆਂ ਸਤਿ ਸਿੱਧ ਕਰ ਦਿੰਦੀਆਂ ਹਨ। ਜੋ ਐਸੇ ਮਹਾ ਪੁਰਖ ਬਚਨ ਕਰਦੇ ਹਨ ਉਹ ਬਚਨ ਵਾਪਰ ਜਾਂਦੇ ਹਨ। ਐਸੇ ਮਹਾ ਪੁਰਖਾਂ ਨੂੰ ਗੁਰਬਾਣੀ ਵਿਚ ਸੂਰਬੀਰ, ਬਲੀ ਅਤੇ ਮਹਾਬਲੀ ਕਿਹਾ ਗਿਆ ਹੈ :-

 

ਸੂਰਬੀਰ ਬਚਨ ਕੇ ਬਲੀ ਕਉਲਾ ਬਪੁਰੀ ਸੰਤੀ ਛਲੀ

(ਪੰਨਾ ੩੯੨)

 

ਜਿਨਿ ਮਿਲਿ ਮਾਰੇ ਪੰਚ ਸੂਰਬੀਰ ਐਸੋ ਕਉਨੁ ਬਲੀ ਰੇ

ਜਿਨਿ ਪੰਚ ਮਾਰਿ ਬਿਦਾਰਿ ਗੁਦਾਰੇ ਸੋ ਪੂਰਾ ਇਹ ਕਲੀ ਰੇ

(ਪੰਨਾ ੪੦੪)

 

ਪੰਜੇ ਬਧੇ ਮਹਾਬਲੀ ਕਰਿ ਸਚਾ ਢੋਆ

(ਪੰਨਾ ੧੧੯੩)

 

            ਬੰਦਗੀ ਮਾਇਆ ਦੇ ਨਾਲ ਜੰਗ ਹੈ। ਬੰਦਗੀ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਪੰਜ ਦੂਤਾਂ ਨੂੰ ਜਿੱਤਣ ਦਾ ਗੁਰ ਪ੍ਰਸਾਦੀ ਖੇਲ ਹੈ। ਬੰਦਗੀ ਤ੍ਰਿਸ਼ਨਾ ਉੱਪਰ ਜਿੱਤ ਪ੍ਰਾਪਤ ਕਰਨ ਦਾ ਗੁਰ ਪ੍ਰਸਾਦੀ ਖੇਲ ਹੈ। ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਨੂੰ ਹਰਾਉਣਾ ਅਤੇ ਤ੍ਰਿਸ਼ਨਾ ਨੂੰ ਖ਼ਤਮ ਕਰਨਾ ਬਹੁਤ ਕਠਿਨ ਕੰਮ ਹੈ। ਪੰਜ ਦੂਤਾਂ ਨਾਲ ਲੜਨਾ ਅਤੇ ਉਨ੍ਹਾਂ ਉੱਪਰ ਕਾਬੂ ਪਾ ਕੇ ਉਨ੍ਹਾਂ ਨੂੰ ਸਦਾ-ਸਦਾ ਲਈ ਵੱਸ ਵਿਚ ਕਰਨਾ ਬਹੁਤ ਕਠਿਨ ਖੇਲ ਹੈ। ਆਪਣੇ ਮਨ ਉੱਪਰ ਜਿੱਤ ਪ੍ਰਾਪਤ ਕਰਨਾ ਬਹੁਤ ਕਠਿਨ ਕੰਮ ਹੈ। ਮਨ ਨੂੰ ਸ਼ਾਂਤ ਕਰਨਾ, ਵਿਕਲਪ ਰਹਿਤ ਕਰਨਾ, ਮਨ ਦੇ ਫੁਰਨਿਆਂ ਦਾ ਅੰਤ ਕਰਨਾ ਬਹੁਤ ਕਠਿਨ ਕੰਮ ਹੈ। ਮਨ ਅਤੇ ਹਿਰਦੇ ਨੂੰ ਸਾਰੇ ਵਿਕਾਰਾਂ ਤੋਂ ਰਹਿਤ ਕਰਕੇ ਪੂਰਨ ਸਚਿਆਰੀ ਰਹਿਤ ਦੀ ਕਮਾਈ ਕਰਨਾ ਬਹੁਤ ਕਠਿਨ ਕੰਮ ਹੈ। ਤ੍ਰਿਹ ਗੁਣ ਮਾਇਆ ਨੂੰ ਆਪਣੀ ਸੇਵਕ ਬਣਾ ਲੈਣਾ ਬਹੁਤ ਕਠਿਨ ਕੰਮ ਹੈ। ਇਸ ਲਈ ਜੋ ਮਨੁੱਖ ਮਾਇਆ ਦੇ ਖ਼ਿਲਾਫ ਇਹ ਜੰਗ ਜਿੱਤ ਜਾਂਦੇ ਹਨ ਉਨ੍ਹਾਂ ਨੂੰ ਗੁਰਬਾਣੀ ਵਿਚ ਬਲੀ, ਮਹਾਬਲੀ ਅਤੇ ਸੂਰਬੀਰ ਕਹਿ ਕੇ ਪੁਕਾਰਿਆ ਗਿਆ ਹੈ। ਪੰਜ ਦੂਤ ਐਸੇ ਸੰਤ ਮਹਾ ਪੁਰਖਾਂ ਦੇ ਵੱਸ ਵਿਚ ਆ ਜਾਂਦੇ ਹਨ। ਐਸੇ ਸੰਤ ਮਹਾ ਪੁਰਖਾਂ ਦੀ ਤ੍ਰਿਸ਼ਨਾ ਬੁੱਝ ਜਾਂਦੀ ਹੈ ਅਤੇ ਉਨ੍ਹਾਂ ਦਾ ਹਿਰਦਾ ਸਤਿ ਸੰਤੋਖ਼ ਵਿਚ ਚਲਾ ਜਾਂਦਾ ਹੈ। ਐਸੇ ਮਹਾ ਪੁਰਖਾਂ ਦੀ ਮਾਇਆ ਸੇਵਕ ਬਣ ਜਾਂਦੀ ਹੈ ਅਤੇ ਉਹ ਸਤਿ ਵਿਚ ਸਮਾ ਕੇ ਸਤਿ ਰੂਪ ਹੋ ਜਾਂਦੇ ਹਨ। ਸਤਿ ਰੂਪ ਹੋਏ ਮਹਾ ਪੁਰਖਾਂ ਦੇ ਬਚਨਾਂ ਵਿਚ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਕਿਰਪਾ ਵਾਪਰਦੀ ਹੈ। ਐਸੇ ਮਹਾ ਪੁਰਖਾਂ ਦੇ ਬਚਨ ਦਰਗਾਹੀ ਹੁਕਮ ਹੁੰਦੇ ਹਨ। ਇਸ ਪਰਮ ਸਤਿ ਤੱਤ ਨੂੰ ਗੁਰਬਾਣੀ ਵਿਚ ਪ੍ਰਗਟ ਕੀਤਾ ਗਿਆ ਹੈ :-

 

ਜਾ ਕਾ ਕਹਿਆ ਦਰਗਹ ਚਲੈ

ਸੋ ਕਿਸ ਕਉ ਨਦਰਿ ਲੈ ਆਵੈ ਤਲੈ

(ਪੰਨਾ ੧੮੬)

 

ਮੇਰੀ ਬਾਂਧੀ ਭਗਤੁ ਛਡਾਵੈ ਬਾਂਧੈ ਭਗਤੁ ਨ ਛੂਟੈ ਮੋਹਿ

ਏਕ ਸਮੈ ਮੋ ਕਉ ਗਹਿ ਬਾਂਧੈ ਤਉ ਫੁਨਿ ਮੋ ਪੈ ਜਬਾਬੁ ਨ ਹੋਇ

(ਪੰਨਾ ੧੨੫੨)

 

            ਐਸੇ ਮਹਾਬਲੀ ਸੂਰਬੀਰ ਮਹਾ ਪੁਰਖ ਜੋ ਪੂਰਨ ਸੰਤ ਬਣ ਜਾਂਦੇ ਹਨ ਉਨ੍ਹਾਂ ਦੇ ਬਚਨਾਂ ਵਿਚ ਦਰਗਾਹੀ ਹੁਕਮ ਵਾਪਰਦਾ ਹੈ। ਜਿਨ੍ਹਾਂ ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਕਿਰਪਾ ਅਤੇ ਗੁਰ ਪ੍ਰਸਾਦਿ ਪ੍ਰਾਪਤ ਹੋ ਜਾਂਦਾ ਹੈ ਉਨ੍ਹਾਂ ਨੂੰ ਫਿਰ ਹੋਰ ਕਿਸੇ ਸ਼ਕਤੀ ਜਾਂ ਵਿਅਕਤੀ ਦੀ ਮੁਥਾਜੀ ਨਹੀਂ ਕਰਨੀ ਪੈਂਦੀ ਹੈ। ਉਨ੍ਹਾਂ ਦੇ ਪਰਮ ਜੋਤ ਪੂਰਨ ਪ੍ਰਕਾਸ਼ ਨਾਲ ਭਰਪੂਰ ਹਿਰਦੇ ਵਿਚ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਆਪ ਪ੍ਰਗਟ ਹੁੰਦਾ ਹੈ। ਇਸੇ ਕਰਕੇ ਗੁਰਬਾਣੀ ਵਿਚ ਬ੍ਰਹਮ ਗਿਆਨੀ ਨੂੰ ਪਰਮੇਸ਼ਰ, ਗੁਰ ਪਰਮੇਸ਼ਰ, ਨਿਰੰਕਾਰ, ਵਿਧਾਤਾ ਕਿਹਾ ਗਿਆ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਵੀ ਐਸੇ ਮਹਾਬਲੀ ਸੂਰਬੀਰ ਮਹਾ ਪੁਰਖਾਂ ਦੇ ਬਚਨਾਂ ਅੱਗੇ ਝੁੱਕਣਾ ਪੈਂਦਾ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਆਪਣੇ ਭਗਤਾਂ ਦੇ ਵੱਸ ਵਿਚ ਹੁੰਦਾ ਹੈ। ਮਨੁੱਖ ਦੇ ਕਰਮਾਂ ਦੀਆਂ ਬਧੀਆਂ ਹੋਈਆਂ ਗੰਡਾਂ ਨੂੰ ਖੋਲ੍ਹਣ ਦੀ ਸਮਰੱਥਾ ਭਗਤ ਦੇ ਵੱਸ ਵਿਚ ਹੁੰਦੀ ਹੈ। ਪਰੰਤੂ ਐਸੇ ਮਹਾਬਲੀ ਸੂਰਬੀਰ ਮਹਾ ਪੁਰਖਾਂ ਦੇ ਬਚਨਾਂ ਨੂੰ ਠੁਕਰਾਉਣ ਦੀ ਸਮਰੱਥਾ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿਚ ਵੀ ਨਹੀਂ ਹੈ। ਇਸ ਲਈ ਐਸੇ ਮਹਾਬਲੀ ਸੂਰਬੀਰ ਮਹਾ ਪੁਰਖਾਂ ਦੇ ਬਚਨਾਂ ਵਿਚ ਕ੍ਰਾਂਤੀ ਆ ਜਾਂਦੀ ਹੈ। ਉਨ੍ਹਾਂ ਦੇ ਬਚਨ ਪੂਰਨ ਸਤਿ ਹੁੰਦੇ ਹਨ ਅਤੇ ਦਰਗਾਹੀ ਹੁਕਮ ਹੁੰਦੇ ਹਨ। ਐਸੇ ਮਹਾ ਪੁਰਖਾਂ ਦੇ ਬਚਨ ਸਤਿ ਸਿੱਧ ਹੋ ਕੇ ਵਾਪਰਦੇ ਹਨ।

            ਐਸੇ ਮਹਾਬਲੀ ਅਤੇ ਸੂਰਬੀਰ ਮਹਾ ਪੁਰਖਾਂ ਦੇ ਰੋਮ-ਰੋਮ ਵਿਚ ਸਤਿਨਾਮ ਚੱਲਦਾ ਹੈ ਅਤੇ ਉਨ੍ਹਾਂ ਦੇ ਰੋਮ-ਰੋਮ ਵਿਚ ਅਕਾਲ ਪੁਰਖ ਆਪ ਆਣ ਵੱਸਦਾ ਹੈ। ਉਨ੍ਹਾਂ ਦੇ ਹਿਰਦੇ ਵਿਚ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਆਪ ਪ੍ਰਗਟ ਹੁੰਦਾ ਹੈ। ਐਸੇ ਮਹਾ ਪੁਰਖਾਂ ਨੂੰ ਪ੍ਰਗਟਿਓ ਜੋਤ ਬ੍ਰਹਮ ਗਿਆਨੀ ਵੀ ਕਿਹਾ ਜਾਂਦਾ ਹੈ। ਉਨ੍ਹਾਂ ਦੇ ਰੋਮ-ਰੋਮ ਵਿਚ ਰਾਮ ਰਮਿਆ ਰਹਿੰਦਾ ਹੈ। 

            ਐਸੇ ਸੂਰਬੀਰ, ਮਹਾਬਲੀ, ਬਚਨ ਕੇ ਬਲੀ ਮਹਾ ਪੁਰਖਾਂ ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਦਰਗਾਹ ਵਿਚੋਂ ਪਰਉਪਕਾਰ ਅਤੇ ਮਹਾ ਪਰਉਪਕਾਰ ਦੀ ਸੇਵਾ ਪ੍ਰਾਪਤ ਹੁੰਦੀ ਹੈ। ਜਦ ਉਹ ਇਸ ਸੇਵਾ ਵਿਚ ਆਪਣੇ ਆਪ ਨੂੰ ਅਰਪਣ ਕਰਦੇ ਹਨ ਤਾਂ ਉਨ੍ਹਾਂ ਦੀ ਇਸ ਸੇਵਾ ਵਿਚ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਪਰਮ ਸ਼ਕਤੀ ਵਰਤਦੀ ਹੈ। ਐਸੇ ਮਹਾ ਪੁਰਖਾਂ ਦੀ ਬੰਦਗੀ ਫਿਰ ਲੋਕਾਈ ਦਾ ਉਧਾਰ ਕਰਨਾ, ਨਾਮ ਜਪਾਉਣਾ, ਜੀਅ ਦਾਨ ਦੇ ਕੇ ਭਗਤੀ ਲਾਉਣਾ, ਗੁਰ ਪ੍ਰਸਾਦਿ ਵਰਤਾਉਣਾ, ਪੂਰਨ ਸਤਿ ਵਰਤਾਉਣਾ ਅਤੇ ਪੂਰਨ ਸਤਿ ਦੀ ਸੇਵਾ ਕਰਨਾ ਹੋ ਜਾਂਦੀ ਹੈ। ਇਸ ਅਵਸਥਾ ਵਿਚ ਸੇਵਾ ਕਰਦੇ ਹੋਏ ਉਹ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਪਰਮ ਸ਼ਕਤੀਆਂ ਦਾ ਅਨੁਭਵ ਕਰਦੇ ਹਨ। ਜੋ ਮਹਾ ਪੁਰਖ ਇਸ ਸੇਵਾ ਵਿਚ ਸਫਲ ਹੁੰਦੇ ਹਨ ਉਨ੍ਹਾਂ ਦੀ ਦਰਗਾਹ ਵਿਚ ਜੈ ਜੈ ਕਾਰ ਹੁੰਦੀ ਹੈ। ਐਸੀ ਪਰਮ ਸ਼ਕਤੀਸ਼ਾਲੀ ਸੇਵਾ ਜਿਨ੍ਹਾਂ ਨੂੰ ਪ੍ਰਾਪਤ ਹੁੰਦੀ ਹੈ ਉਹ ਮਹਾ ਪੁਰਖ ਬਹੁਤ ਵੱਡੇ ਭਾਗਾਂ ਵਾਲੇ ਹੁੰਦੇ ਹਨ। ਸੇਵਾ ਕਰਨ ਨਾਲ ਸੂਖਸ਼ਮ ਹਉਮੈ ਦਾ ਨਾਸ਼ ਹੋ ਜਾਂਦਾ ਹੈ। ਜੋ ਮਹਾ ਪੁਰਖ ਸੇਵਾ ਕਰਦੇ ਹੋਏ ਸਾਰੀ ਉਪਮਾ ਅਤੇ ਮਹਿਮਾ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਅਤੇ ਗੁਰੂ ਦੇ ਚਰਨਾਂ ਉੱਪਰ ਅਰਪਣ ਕਰ ਦਿੰਦੇ ਹਨ ਉਨ੍ਹਾਂ ਦੀ ਬੰਦਗੀ ਅੱਗੇ ਚਲੀ ਜਾਂਦੀ ਹੈ। ਜੋ ਮਨੁੱਖ ਸੇਵਾ ਕਰਦੇ ਹੋਏ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਪਰਮ ਸ਼ਕਤੀਆਂ ਤੋਂ ਬਹੁਤ ਪ੍ਰਭਾਵਿਤ ਹੋ ਕੇ ਆਪਣੀ ਹਉਮੈ ਵਿਚ ਚਲੇ ਜਾਂਦੇ ਹਨ ਉਹ ਮਨੁੱਖ ਬੰਦਗੀ ਗੁਆ ਬੈਠਦੇ ਹਨ। ਉਨ੍ਹਾਂ ਦੀ ਹਉਮੈ ਉਨ੍ਹਾਂ ਦੀ ਬੰਦਗੀ ਨੂੰ ਅੱਗੇ ਜਾਣ ਤੋਂ ਰੋਕ ਦਿੰਦੀ ਹੈ। ਜੇਕਰ ਉਹ ਇਸ ਪਰਮ ਸਤਿ ਤੱਤ ਨੂੰ ਸਮਝ ਕੇ ਆਪਣੀ ਭੁੱਲ ਸਵੀਕਾਰ ਕਰਕੇ ਗੁਰੂ ਤੋਂ ਬਖ਼ਸ਼ਾ ਲੈਂਦੇ ਹਨ ਤਾਂ ਉਨ੍ਹਾਂ ਦੀ ਫਿਰ ਚੜ੍ਹਦੀ ਕਲਾ ਹੋ ਜਾਂਦੀ ਹੈ ਪਰੰਤੂ ਜੋ ਆਪਣੀ ਇਸ ਹਉਮੈ ਵਿਚ ਉਲਝ ਕੇ ਰਹਿ ਜਾਂਦੇ ਹਨ ਅਤੇ ਆਪਣੇ ਆਪ ਨੂੰ ਕੁਝ ਸਮਝਣ ਲੱਗ ਜਾਂਦੇ ਹਨ ਉਨ੍ਹਾਂ ਦੀ ਬੰਦਗੀ ਉੱਪਰ ਉਥੇ ਹੀ ਤਾਲਾ ਲੱਗ ਜਾਂਦਾ ਹੈ। ਬਲਕਿ ਉਹ ਇਸ ਪਰਮ ਸ਼ਕਤੀਸ਼ਾਲੀ ਅਵਸਥਾ ਨੂੰ ਗੁਆ ਬੈਠਦੇ ਹਨ। ਜੋ ਮਨੁੱਖ ਸੇਵਾ ਕਰਦੇ ਹੋਏ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਪਰਮ ਸ਼ਕਤੀਆਂ ਨੂੰ ਅਨੁਭਵ ਕਰਦੇ ਹੋਏ ਆਪਣੀ ਜਿੱਤ ਸਮਝ ਕੇ ਹਉਮੈ ਵਿਚ ਚਲੇ ਜਾਂਦੇ ਹਨ ਉਹ ਜਿੱਤੀ ਹੋਈ ਬਾਜ਼ੀ ਹਾਰ ਜਾਂਦੇ ਹਨ। ਜਿਨ੍ਹਾਂ ਮਹਾ ਪੁਰਖਾਂ ਵਿਚ ਸੇਵਾ ਕਰਦੇ ਹੋਏ ਹੋਰ ਨਿੰਮਰਤਾ ਆ ਜਾਂਦੀ ਹੈ ਅਤੇ ਉਨ੍ਹਾਂ ਦਾ ਹਿਰਦਾ ਗਰੀਬੀ ਨਾਲ ਭਰਪੂਰ ਹੋ ਜਾਂਦਾ ਹੈ ਉਹ ਜਿੱਤ ਜਾਂਦੇ ਹਨ। ਐਸੇ ਮਹਾ ਪੁਰਖ ਸਾਰੀ ਵਡਿਆਈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਅਤੇ ਗੁਰੂ ਦੇ ਚਰਨਾਂ ਉੱਪਰ ਅਰਪਣ ਕਰਕੇ ਧੰਨ ਧੰਨ ਹੋ ਜਾਂਦੇ ਹਨ। ਐਸੇ ਮਹਾ ਪੁਰਖ ਸਾਰੀ ਸੇਵਾ ਦਾ ਸਿਹਰਾ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਅਤੇ ਗੁਰੂ ਦੇ ਚਰਨਾਂ ਨੂੰ ਦੇ ਦਿੰਦੇ ਹਨ ਅਤੇ ਆਪ ਨਿਰਮਾਣਤਾ ਭਾਵਨਾ ਵਿਚ ਹੋਰ ਹਲੀਮੀ ਵਿਚ ਚਲੇ ਜਾਂਦੇ ਹਨ ਅਤੇ ਹੋਰ ਮਿੱਠੇ ਬਣ ਜਾਂਦੇ ਹਨ। ਇਸ ਲਈ ਬੰਦਗੀ ਦੀ ਇਹ ਗੁਰ ਪ੍ਰਸਾਦੀ ਖੇਲ ਜਿੱਤ ਕੇ ਹਾਰਨ ਦੀ ਹੈ। ਜੋ ਜਿੱਤ ਕੇ ਹਾਰ ਜਾਂਦੇ ਹਨ ਭਾਵ ਜੋ ਸੇਵਾ ਕਰਦੇ ਹੋਏ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਪਰਮ ਸ਼ਕਤੀਆਂ ਦੀ ਮਾਣ, ਮਹੱਤਾ ਅਤੇ ਤੇਜ ਜਰ ਜਾਂਦੇ ਹਨ ਅਤੇ ਹੋਰ ਹਲੀਮੀ ਵਿਚ ਚਲੇ ਜਾਂਦੇ ਹਨ ਅਤੇ ਸਾਰੀ ਉਪਮਾ ਅਤੇ ਵਡਿਆਈ ਗੁਰ ਅਤੇ ਗੁਰੂ ਦੇ ਚਰਨਾਂ ਉੱਪਰ ਅਰਪਣ ਕਰਕੇ ਆਪਣੇ ਆਪ ਨੂੰ ਮਹਾ ਕੰਗਾਲ ਕਹਿੰਦੇ ਹਨ ਉਨ੍ਹਾਂ ਮਹਾ ਪੁਰਖਾਂ ਦੀ ਸੇਵਾ ਰੰਗ ਲੈ ਆਉਂਦੀ ਹੈ ਅਤੇ ਉਹ ਧੰਨ ਧੰਨ ਹੋ ਜਾਂਦੇ ਹਨ। ਪਰੰਤੂ ਜੋ ਮਨੁੱਖ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਪਰਮ ਸ਼ਕਤੀਆਂ ਦੇ ਅਨੁਭਵ ਦਾ ਮਾਣ ਕਰਕੇ ਹਉਮੈ ਵਿਚ ਚਲੇ ਜਾਂਦੇ ਹਨ ਉਹ ਆਪਣਾ ਸਭ ਕੁਝ ਗੁਆ ਬੈਠਦੇ ਹਨ। ਇਸੇ ਲਈ ਗੁਰਬਾਣੀ ਵਿਚ ਇਸ ਪਰਮ ਸਤਿ ਤੱਤ ਨੂੰ ਪ੍ਰਗਟ ਕੀਤਾ ਗਿਆ ਹੈ :-

 

ਜੀਤ ਹਾਰ ਕੀ ਸੋਝੀ ਕਰੀ ਤਉ ਇਸੁ ਘਰ ਕੀ ਕੀਮਤਿ ਪਰੀ

(ਪੰਨਾ ੨੩੫)

 

ਕਹਤ ਕਬੀਰੁ ਜੀਤਿ ਕੈ ਹਾਰਿ ਬਹੁ ਬਿਧਿ ਕਹਿਓ ਪੁਕਾਰਿ ਪੁਕਾਰਿ

(ਪੰਨਾ ੧੧੫੯)

 

            ਇਸ ਲਈ ਜਿਨ੍ਹਾਂ ਬੰਦਗੀ ਕਰਨ ਵਾਲਿਆਂ ਉੱਪਰ ਸੇਵਾ ਕਰਨ ਦੀ ਬਖ਼ਸ਼ਿਸ਼ ਹੁੰਦੀ ਹੈ ਉਨ੍ਹਾਂ ਨੂੰ ਸੇਵਾ ਕਰਦਿਆਂ ਹੋਏ ਜਦ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਪਰਮ ਸਕਤੀਆਂ, ਮਾਣ, ਮਹੱਤਾ ਅਤੇ ਤੇਜ ਦਾ ਅਨੁਭਵ ਹੁੰਦਾ ਹੈ ਤਾਂ ਉਨ੍ਹਾਂ ਨੂੰ ਹੋਰ ਨਿੰਮਰਤਾ ਵਿਚ ਚਲੇ ਜਾਣਾ ਚਾਹੀਦਾ ਹੈ ਅਤੇ ਹਿਰਦੇ ਵਿਚ ਹੋਰ ਗਰੀਬੀ ਅਤੇ ਹਲੀਮੀ ਦੀ ਕਮਾਈ ਕਰਨੀ ਚਾਹੀਦੀ ਹੈ। ਐਸੇ ਬੰਦਗੀ ਕਰਨ ਵਾਲਿਆਂ ਨੂੰ ਪੂਰਨ ਬ੍ਰਹਮ ਗਿਆਨ ਦੇ ਇਨ੍ਹਾਂ ਸ਼ਬਦਾਂ ਦੀ ਕਮਾਈ ਕਰਨੀ ਚਾਹੀਦੀ ਹੈ ਜਿਸਦੇ ਕਰਨ ਨਾਲ ਉਹ ਧੰਨ ਧੰਨ ਹੋ ਜਾਣਗੇ। ਜੋ ਮਨੁੱਖ ਐਸੀ ਅਵਸਥਾ ਵਿਚ ਪਹੁੰਚ ਕੇ ਆਪਣੇ ਸਤਿਗੁਰੂ ਦੇ ਚਰਨਾਂ ਤੋਂ ਆਪਣਾ ਸੀਸ ਨਹੀਂ ਚੁੱਕਦੇ ਹਨ ਉਨ੍ਹਾਂ ਦੀ ਸੇਵਾ ਸਹਿਜੇ ਹੀ ਪ੍ਰਵਾਨ ਹੋ ਜਾਂਦੀ ਹੈ ਅਤੇ ਉਹ ਜਿੱਤ ਕੇ ਹਾਰ ਦੀ ਕਮਾਈ ਸਹਿਜੇ ਹੀ ਕਰ ਲੈਂਦੇ ਹਨ। ਉਨ੍ਹਾਂ ਦੇ ਸਤਿਗੁਰੂ ਦੀ ਬੇਅੰਤ ਅਪਾਰ ਕਿਰਪਾ ਨਾਲ ਬੰਦਗੀ ਸੱਚ ਖੰਡ ਪਰਵਾਨ ਹੋ ਜਾਂਦੀ ਹੈ।

            ਐਸੀ ਅਵਸਥਾ ਵਿਚ ਪਹੁੰਚੇ ਹੋਏ ਮਹਾ ਪੁਰਖਾਂ ਦਾ ਭੋਜਨ ਗਿਆਨ ਹੁੰਦਾ ਹੈ। ਉਹ ਸਦਾ ਸਦਾ ਲਈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਵਿਚ ਰੱਤੇ ਜਾਂਦੇ ਹਨ। ਪਰਉਪਕਾਰ ਅਤੇ ਮਹਾ ਪਰਉਪਕਾਰ ਕਰਦੇ ਹੋਏ ਉਹ ਪੂਰਨ ਸਤਿ ਦੀ ਸੇਵਾ ਵਿਚ ਅਤੇ ਪੂਰਨ ਸਤਿ ਵਰਤਾਉਣ ਵਿਚ ਰੱਤੇ ਜਾਂਦੇ ਹਨ। ਉਹ ਅਕਾਲ ਪੁਰਖ ਦੀ ਮਹਿਮਾ ਵਿਚ ਆਪ ਪਰੋਏ ਜਾਂਦੇ ਹਨ। ਐਸੇ ਮਹਾ ਪੁਰਖ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਆਪ ਮਹਿਮਾ ਬਣ ਜਾਂਦੇ ਹਨ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸਭ ਤੋਂ ਵੱਡੀ ਅਤੇ ਉੱਤਮ ਮਹਿਮਾ ਪੂਰਨ ਬ੍ਰਹਮ ਗਿਆਨੀ ਹੈ, ਸਤਿਗੁਰੂ ਹੈ, ਪੂਰਨ ਸੰਤ ਹੈ, ਪੂਰਨ ਖਾਲਸਾ ਹੈ, ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਅਵਤਾਰ ਹਨ, ਕਲਕੀ ਅਵਤਾਰ ਹਨ। ਐਸੇ ਮਹਾ ਪੁਰਖਾਂ ਦੀ ਮਹਿਮਾ ਬੇਅੰਤ ਹੁੰਦੀ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਧਰਤੀ ਉੱਪਰ ਇਨ੍ਹਾਂ ਮਹਾ ਪੁਰਖਾਂ ਦੇ ਰੂਪ ਵਿਚ ਪ੍ਰਗਟ ਹੁੰਦੀ ਹੈ। ਗੁਰਬਾਣੀ ਵਿਚ ਇਸ ਪਰਮ ਸਤਿ ਤੱਤ ਨੂੰ ਪ੍ਰਗਟ ਕੀਤਾ ਗਿਆ ਹੈ :

 

ਸਾਧ ਕੀ ਮਹਿਮਾ ਬਰਨੈ ਕਉਨੁ ਪ੍ਰਾਨੀ

ਨਾਨਕ ਸਾਧ ਕੀ ਸੋਭਾ ਪ੍ਰਭ ਮਾਹਿ ਸਮਾਨੀ

(ਪੰਨਾ ੨੭੧)

 

ਸਾਧ ਕੀ ਉਪਮਾ ਤਿਹੁ ਗੁਣ ਤੇ ਦੂਰਿ ਸਾਧ ਕੀ ਉਪਮਾ ਰਹੀ ਭਰਪੂਰਿ

ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ

(ਪੰਨਾ ੨੭੨)

 

ਬ੍ਰਹਮ ਗਿਆਨੀ ਕਾ ਅੰਤੁ ਨ ਪਾਰੁ

(ਪੰਨਾ ੨੭੩)

 

            ਜਿਸ ਮਨੁੱਖ ਨੇ ਆਪਣੇ ਹਿਰਦੇ ਅਤੇ ਮਨ ਨੂੰ ਸਾਧ ਲਿਆ ਹੈ ਭਾਵ ਜਿਸ ਮਨੁੱਖ ਨੇ ਆਪਣੇ ਮਨ ਅਤੇ ਹਿਰਦੇ ਨੂੰ ਸਾਰੇ ਵਿਕਾਰਾਂ ਤੋਂ ਮੁਕਤ ਕਰ ਲਿਆ ਹੈ ਅਤੇ ਮਾਇਆ ਨੂੰ ਜਿੱਤ ਕੇ ਪੂਰਨ ਸਚਿਆਰੀ ਰਹਿਤ ਵਿਚ ਚਲਾ ਗਿਆ ਹੈ ਉਸ ਮਹਾ ਪੁਰਖ ਦੀ ਮਹਿਮਾ ਬੇਅੰਤ ਹੋ ਜਾਂਦੀ ਹੈ। ਐਸੇ ਮਹਾ ਪੁਰਖ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਜਾ ਕੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿਚ ਅਭੇਦ ਹੋ ਜਾਂਦੇ ਹਨ ਅਤੇ ਬੇਅੰਤ ਹੋ ਜਾਂਦੇ ਹਨ। ਐਸੇ ਮਹਾ ਪੁਰਖਾਂ ਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ ਹੈ। ਐਸੇ ਮਹਾ ਪੁਰਖਾਂ ਦਾ ਰੂਪ ਰੰਗ ਨਾਮ ਨਾਲ ਰੰਗਿਆ ਜਾਂਦਾ ਹੈ ਅਤੇ ਹਿਰਦਾ ਵਿਕਾਰਾਂ ਤੋਂ ਮੁਕਤ ਹੋ ਕੇ ਬੇਅੰਤ ਸੁੰਦਰ ਹੋ ਜਾਂਦਾ ਹੈ। ਐਸੇ ਮਹਾ ਪੁਰਖਾਂ ਦੇ ਹਿਰਦੇ ਵਿਚੋਂ ਸਾਰੇ ਅਵਗੁਣ ਨਿਕਲ ਜਾਂਦੇ ਹਨ ਅਤੇ ਸਾਰੇ ਸਤਿਗੁਣ ਪ੍ਰਗਟ ਹੋ ਜਾਂਦੇ ਹਨ। ਐਸੇ ਮਹਾ ਪੁਰਖਾਂ ਦੇ ਹਿਰਦੇ ਵਿਚ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਸਾਰੀਆਂ ਪਰਮ ਸ਼ਕਤੀਆਂ ਪ੍ਰਗਟ ਹੋ ਜਾਂਦੀਆਂ ਹਨ। ਹਿਰਦੇ ਵਿਚ ਸਮਾ ਕੇ ਸਾਰੇ ਸਤਿਗੁਣ ਪਰਮ ਸ਼ਕਤੀਆਂ ਦਾ ਰੂਪ ਧਾਰਣ ਕਰ ਲੈਂਦੇ ਹਨ।

            ਜੋ ਮਹਾ ਪੁਰਖ ਮਾਇਆ ਨੂੰ ਜਿੱਤ ਕੇ ਸਾਰੇ ਵਿਕਾਰਾਂ ਤੋਂ ਮੁਕਤ ਹੋ ਜਾਂਦੇ ਹਨ ਅਤੇ ਹਉਮੈ ਨੂੰ ਮਾਰ ਕੇ ਜੀਵਨ ਮੁਕਤੀ ਪ੍ਰਾਪਤ ਕਰ ਲੈਂਦੇ ਹਨ ਉਨ੍ਹਾਂ ਨੂੰ ਸ੍ਰਿਸ਼ਟੀ ਦੀ ਹੋਰ ਕੋਈ ਸ਼ਕਤੀ ਨਹੀਂ ਮਾਰ ਸਕਦੀ ਹੈ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਨੁਕਸਾਨ ਪਹੁੰਚਾ ਸਕਦੀ ਹੈ। ਕਿਉਂਕਿ ਉਹ ਆਪ ਸਾਰੀਆਂ ਪਰਮ ਸ਼ਕਤੀਆਂ ਦਾ ਸੋਮਾ ਬਣ ਜਾਂਦੇ ਹਨ। ਉਨ੍ਹਾਂ ਨੂੰ ਫਿਰ ਕੋਈ ਵੀ ਵਿਨਾਸ਼ਕਾਰੀ ਸ਼ਕਤੀ ਠੱਗ ਨਹੀਂ ਸਕਦੀ। ਉਹ ਮਾਇਆ ਦੇ ਚੁੰਗਲ ਤੋਂ ਮੁਕਤ ਹੋ ਜਾਂਦੇ ਹਨ ਇਸ ਲਈ ਮਾਇਆ ਉਨ੍ਹਾਂ ਨੂੰ ਠੱਗ ਨਹੀਂ ਸਕਦੀ। ਮਾਇਆ ਉਨ੍ਹਾਂ ਦੀ ਗੁਲਾਮ ਬਣ ਜਾਂਦੀ ਹੈ ਅਤੇ ਉਨ੍ਹਾਂ ਦੇ ਚਰਨਾਂ ਦੇ ਥੱਲੇ ਰਹਿ ਕੇ ਉਨ੍ਹਾਂ ਦੀ ਸੇਵਾ ਕਰਦੀ ਹੈ। ਸਾਰੀਆਂ ਰਿੱਧੀਆਂ ਅਤੇ ਸਿੱਧੀਆਂ ਉਨ੍ਹਾਂ ਦੇ ਚਰਨਾਂ ਦੇ ਥੱਲੇ ਰਹਿ ਕੇ ਉਨ੍ਹਾਂ ਦੀ ਸੇਵਾ ਵਿਚ ਹਾਜ਼ਰ ਰਹਿੰਦੀਆਂ ਹਨ। ਜਿਨ੍ਹਾਂ ਮਹਾ ਪੁਰਖਾਂ ਦੇ ਹਿਰਦੇ ਵਿਚ ਪਰਮ ਜੋਤ ਪੂਰਨ ਪ੍ਰਕਾਸ਼ ਹੋ ਜਾਂਦਾ ਹੈ ਅਤੇ ਰੋਮ-ਰੋਮ ਵਿਚ ਸਤਿ ਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ ਉਨ੍ਹਾਂ ਦਾ ਕੋਈ ਵਿਨਾਸ਼ਕਾਰੀ ਸ਼ਕਤੀ ਵੀ ਕੁਝ ਨਹੀਂ ਵਿਗਾੜ ਸਕਦੀ ਹੈ। ਐਸੇ ਮਹਾ ਪੁਰਖ ਸਦੀਵੀ ਹੋ ਜਾਂਦੇ ਹਨ। ਉਨ੍ਹਾਂ ਦਾ ਕਦੇ ਵਿਨਾਸ਼ ਨਹੀਂ ਹੁੰਦਾ ਹੈ। ਉਹ ਅਵਿਨਾਸ਼ੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿਚ ਅਭੇਦ ਹੋ ਕੇ ਅਵਿਨਾਸ਼ੀ ਬਣ ਜਾਂਦੇ ਹਨ :

 

ਬ੍ਰਹਮ ਗਿਆਨੀ ਸੁਖ ਸਹਜ ਨਿਵਾਸ

ਨਾਨਕ ਬ੍ਰਹਮ ਗਿਆਨੀ ਕਾ ਨਹੀ ਬਿਨਾਸ {ਪੰਨਾ ੨੭੩}

ਬ੍ਰਹਮ ਗਿਆਨੀ ਸਦ ਜੀਵੈ ਨਹੀ ਮਰਤਾ ॥ (੨੭੩)

 

            ਬ੍ਰਹਮ ਗਿਆਨੀ ਮਹਾ ਪੁਰਖਾਂ ਦਾ ਸਹਿਜ ਸਮਾਧੀ ਵਿਚ ਨਿਵਾਸ ਹੁੰਦਾ ਹੈ। ਉਹ ਸਦਾ ਸਦਾ ਲਈ ਸਹਿਜ ਸਮਾਧੀ ਅਵਸਥਾ ਵਿਚ ਸਥਾਪਿਤ ਹੋ ਜਾਂਦੇ ਹਨ। ਉਹ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿਚ ਅਭੇਦ ਹੋ ਜਾਂਦੇ ਹਨ ਇਸ ਲਈ ਉਨ੍ਹਾਂ ਦਾ ਕਦੇ ਵਿਨਾਸ਼ ਨਹੀਂ ਹੁੰਦਾ ਹੈ। ਉਹ ਸਦੀਵੀ ਆਉਣ ਵਾਲੇ ਸਾਰੇ ਯੁੱਗਾਂ ਲਈ ਅਮਰ ਹੋ ਜਾਂਦੇ ਹਨ। ਐਸੇ ਮਹਾ ਪੁਰਖ ਜਿਨ੍ਹਾਂ ਦਾ ਮਨ ਜੋਤ ਬਣ ਜਾਂਦਾ ਹੈ ਅਤੇ ਹਿਰਦਾ ਪੂਰਨ ਸਚਿਆਰੀ ਰਹਿਤ ਵਿਚ ਚਲਾ ਜਾਂਦਾ ਹੈ ਉਨ੍ਹਾਂ ਨੂੰ ਗੁਰਬਾਣੀ ਵਿਚ ਧੰਨ ਧੰਨ ਸਤਿਗੁਰ ਅਵਤਾਰ ਅਰਜਨ ਦੇਵ ਪਾਤਿਸ਼ਾਹ ਜੀ ਨੇ ਬ੍ਰਹਮ ਗਿਆਨੀ ਕਹਿ ਕੇ ਪ੍ਰਗਟ ਕੀਤਾ ਹੈ :-

 

ਸਲੋਕੁ ਮਨਿ ਸਾਚਾ ਮੁਖਿ ਸਾਚਾ ਸੋਇ

ਅਵਰੁ ਨ ਪੇਖੈ ਏਕਸੁ ਬਿਨੁ ਕੋਇ

ਨਾਨਕ ਇਹ ਲਛਣ ਬ੍ਰਹਮ ਗਿਆਨੀ ਹੋਇ

{ਪੰਨਾ ੨੭੨}

 

            ਇਥੇ ਪੂਰਨ ਬ੍ਰਹਮ ਗਿਆਨੀ ਦੇ ਕੁਝ ਬ੍ਰਹਮ ਗੁਣਾਂ ਨੂੰ ਵਖਿਆਨ ਕੀਤਾ ਗਿਆ ਹੈ। ਉਹ ਐਸੀ ਸੁੰਦਰ ਅਤੇ ਮਹਾਨ ਸਖਸ਼ੀਅਤ ਹੈ : ਜਿਸਦੀ ਰੂਹ, ਹਿਰਦਾ ਅਤੇ ਮਨ ਪੂਰਨ ਸਤਿ ਵਿੱਚ ਰੱਤੇ ਗਏ ਹਨ; ਜੋ ਹੋਰ ਕੁਝ ਨਹੀਂ ਸਿਰਫ ਪੂਰਨ ਸਤਿ ਦੀ ਸੇਵਾ ਕਰ ਰਿਹਾ ਹੈ; ਜੋ ਸਤਿ ਨੂੰ ਵੇਖ ਰਿਹਾ ਹੈ, ਸਤਿ ਨੂੰ ਸੁਣ ਰਿਹਾ ਹੈ, ਸਤਿ ਬੋਲ ਰਿਹਾ ਹੈ, ਸਤਿ ਵਰਤਾ ਰਿਹਾ ਹੈ ਅਤੇ ਸਤਿ ਦੀ ਸੇਵਾ ਕਰ ਰਿਹਾ ਹੈ; ਜਿਸ ਦੀਆਂ ਸਾਰੀਆਂ ਕ੍ਰਿਆਵਾਂ ਅਤੇ ਪ੍ਰਤੀ ਕ੍ਰਿਆਵਾਂ ਸੱਚੀਆਂ ਹਨ; ਜਿਹੜਾ ਪੂਰਨ ਸਚਿਆਰੀ ਰਹਿਤ ਵਿਚ ਹੈ, ਮਾਇਆ ਉੱਪਰ ਜਿੱਤ ਦੀ ਅੰਦਰੂਨੀ ਰਹਿਤ ਨੂੰ ਪ੍ਰਾਪਤ ਕਰ ਚੁੱਕਾ ਹੈ; ਜਿਹੜਾ ਮਾਇਆ ਤੋਂ ਪਰੇ ਹੈ, ਕਿਉਂਕਿ ਮਾਇਆ ਅਸਤਿ ਹੈ; ਜਿਹੜਾ ਪੂਰਨ ਸ਼ੁੱਧ ਰੂਹ ਹੈ ਜਿਸਦੇ ਹਿਰਦੇ ਵਿੱਚ ਪੂਰਨ ਪ੍ਰਕਾਸ਼ ਹੈ। ਕੇਵਲ ਅਕਾਲ ਪੁਰਖ ਦੇ ਨਿਰਗੁਣ ਸਰੂਪ ਦੇ ਦਰਸ਼ਨਾਂ ਨਾਲ ਹਿਰਦੇ ਵਿਚ ਪੂਰਨ ਪ੍ਰਕਾਸ਼ ਹੋ ਜਾਂਦਾ ਹੈ। ਜੋ ਹਿਰਦੇ ਨੂੰ ਸ਼ੁੱਧ ਕਰਕੇ ਸਦਾ ਸੁਹਾਗਣ ਦੀ ਉੱਤਪਤੀ ਕਰਦਾ ਹੈ। ਕੇਵਲ ਇੱਕ ਅਜਿਹਾ ਹਿਰਦਾ ਜਿਹੜਾ ਪੂਰਨ ਪਰਮ ਜੋਤ ਪ੍ਰਕਾਸ਼ ਦੀ ਅਨਾਦਿ ਬਖਸ਼ਿਸ਼ ਵਿਚ ਹੈ, ਇੱਕ ਖਾਲਸਾ ਬਣ ਸਕਦਾ ਹੈ। ਕੇਵਲ ਇੱਕ ਅਜਿਹੀ ਰੂਹ ਤੱਤ ਗਿਆਨ ਦਾ ਗੁਰਪ੍ਰਸਾਦਿ ਪ੍ਰਾਪਤ ਕਰ ਸਕਦੀ ਹੈ, ਬ੍ਰਹਮ ਗਿਆਨ ਅਤੇ ਇੱਕ ਪੂਰਨ ਬ੍ਰਹਮ ਗਿਆਨੀ ਬਣ ਸਕਦੀ ਹੈ; ਜੋ ਅਕਾਲ ਪੁਰਖ ਪਾਰਬ੍ਰਹਮ ਪਰਮੇਸ਼ਰ ਦੀ ਲਗਾਤਾਰ ਆਧਾਰ ਤੇ ਸੇਵਾ ਕਰਦਾ ਹੈ; ਜੋ ਆਪਣੇ ਆਪ ਨੂੰ ਸਰਵ ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਵਿਚ ਰੁਝਾ ਲੈਂਦਾ ਹੈ; ਜੋ ਪੂਰੀ ਤਰ੍ਹਾਂ ਸਰਵ ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸੇਵਾ ਵਿਚ ਹੈ; ਜੋ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦਿ ਦੇ ਰਿਹਾ ਹੈ; ਜਿਹੜਾ ਹਰ ਜਗ੍ਹਾ ਅਤੇ ਹਰ ਇੱਕ ਵਿਚ ਪਰਮਾਤਮਾ ਨੂੰ ਵੇਖਦਾ ਹੈ; ਜਿਹੜਾ ਨਿਰਵੈਰ ਹੈ; ਜਿਹੜਾ ਏਕ ਦ੍ਰਿਸ਼ਟ ਹੈ; ਜਿਹੜਾ ਨਿਰਭਉ ਹੈ; ਜਿਸ ਨੇ ਬ੍ਰਹਮ ਗਿਆਨ ਅਤੇ ਬ੍ਰਹਮਤਾ ਦਾ ਪੂਰੀ ਤਰ੍ਹਾਂ ਅਨੁਭਵ ਕਰ ਲਿਆ ਹੈ ਅਤੇ ਇਸ ਨੂੰ ਪ੍ਰਾਪਤ ਕਰ ਲਿਆ ਹੈ; ਜਿਸਨੇ ਪਰਮ ਪੱਦਵੀ ਦੀ ਪ੍ਰਾਪਤੀ ਕਰ ਲਈ ਹੈ; ਜਿਸਨੇ ਅਟੱਲ ਅਵਸਥਾ ਪ੍ਰਾਪਤ ਕਰ ਲਈ ਹੈ; ਜੋ ਸਦਾ ਸੁਹਾਗਣ ਹੈ; ਜੋ ਸਦਾ ਸਦਾ ਲਈ ਮਾਨਸਰੋਵਰ ਵਿੱਚ ਨਿਵਾਸ ਕਰਦਾ ਹੈ। ਕੇਵਲ ਪੂਰਨ ਬ੍ਰਹਮ ਗਿਆਨੀ ਹੀ ਪੂਰਨ ਸਤਿ ਹੈ, ਬਾਕੀ ਹਰ ਚੀਜ਼ ਨਾਸ਼ਵਾਨ ਹੈ।

            ਐਸੇ ਮਹਾ ਪੁਰਖਾਂ ਨੂੰ ਸਤਿ ਚਿਤ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਐਸੇ ਮਹਾ ਪੁਰਖਾਂ ਦੀ ਮਹਿਮਾ ਸੁਖਮਨੀ ਬਾਣੀ ਦੀ ਅਸਟਪਦੀ ੮ ਵਿਚ ਪ੍ਰਗਟ ਕੀਤੀ ਗਈ ਹੈ। ਜਿਨ੍ਹਾਂ ਦਾ ਹਿਰਦਾ ਪੂਰਨ ਸਚਿਆਰੀ ਰਹਿਤ ਵਿਚ ਚਲਾ ਜਾਂਦਾ ਹੈ ਉਨ੍ਹਾਂ ਨੂੰ ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ, ਤੱਤ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਅਤੇ ਆਤਮ ਰਸ ਅੰਮ੍ਰਿਤ ਦੀ ਪ੍ਰਾਪਤੀ ਹੁੰਦੀ ਹੈ। ਐਸੇ ਮਹਾ ਪੁਰਖਾਂ ਨੂੰ ਸਦਾ ਸੁਹਾਗ ਦੀ ਪ੍ਰਾਪਤੀ ਹੁੰਦੀ ਹੈ। ਐਸੇ ਮਹਾ ਪੁਰਖਾਂ ਦਾ ਵਾਸਾ ਸੱਚ ਖੰਡ ਵਿਚ ਹੁੰਦਾ ਹੈ।

 

            ਸੱਚ ਖੰਡ :

 

            ਸੱਚ ਖੰਡ ਦੀ ਅਵਸਥਾ ਪਰਮ ਸ਼ਕਤੀਸ਼ਾਲੀ ਰੂਹਾਨੀਅਤ ਦੀ ਅਵਸਥਾ ਹੈ। ਸੱਚ ਖੰਡ ਦੀ ਅਵਸਥਾ ਦੀ ਮਹਿਮਾ ਬੇਅੰਤ ਹੈ। ਤੁਸੀਂ ਸੱਚ ਖੰਡ ਦੀ ਅਵਸਥਾ ਵਿਚ ਸਦਾ ਸਦਾ ਲਈ ਸਥਾਪਿਤ ਹੋ ਜਾਂਦੇ ਹੋ ਜਦੋਂ ਤੁਸੀਂ ਮਾਇਆ ਨੂੰ ਜਿੱਤ ਲੈਂਦੇ ਹੋ, ਹਿਰਦਾ ਪੂਰਨ ਸਚਿਆਰੀ ਰਹਿਤ ਵਿਚ ਚਲਾ ਜਾਂਦਾ ਹੈ ਅਤੇ ਜੀਵਨ ਮੁਕਤੀ ਦੀ ਅਵਸਥਾ ਵਿੱਚ ਪਹੁੰਚ ਜਾਂਦੇ ਹੋ, ਅਟੱਲ ਅਵਸਥਾ ਦੀ ਬਖਸ਼ਿਸ਼ ਪ੍ਰਾਪਤ ਕਰ ਲੈਂਦੇ ਹੋ, ਪਰਮ ਪੱਦਵੀ ਦੀ ਪ੍ਰਾਪਤੀ ਕਰ ਲੈਂਦੇ ਹੋ, ਤ੍ਰਿਹ ਗੁਣ ਮਾਇਆ ਤੇ ਜਿੱਤ ਪ੍ਰਾਪਤ ਕਰ ਪਰਮ ਜੋਤ ਪੂਰਨ ਪ੍ਰਕਾਸ਼, ਪੂਰਨ ਬ੍ਰਹਮ ਗਿਆਨ ਅਤੇ ਪੂਰਨ ਤੱਤ ਗਿਆਨ ਦੀ ਪ੍ਰਾਪਤੀ ਕਰ ਲੈਂਦੇ ਹੋ। ਤੁਸੀਂ ਨਿਰਭਉ ਅਤੇ ਨਿਰਵੈਰ ਬਣ ਜਾਂਦੇ ਹੋ – ਏਕ ਦ੍ਰਿਸ਼ਟ ਹੋ ਜਾਂਦੇ ਹੋ। ਜਦੋਂ ਤੁਸੀਂ ਪੂਰਨ ਸਤਿ ਨੂੰ ਵੇਖ, ਸੁਣ, ਬੋਲ ਵਰਤਾਉਣ ਦੀ ਸਮਰੱਥਾ ਪ੍ਰਾਪਤ ਕਰ ਲੈਂਦੇ ਹੋ ਅਤੇ ਪੂਰਨ ਸਤਿ ਦੀ ਸੇਵਾ ਦਾ ਗੁਰਪ੍ਰਸਾਦਿ ਪ੍ਰਾਪਤ ਕਰ ਲੈਂਦੇ ਹੋ। ਤੁਹਾਡੀ ਬੰਦਗੀ ਅਕਾਲ ਪੁਰਖ ਦੀ ਦਰਗਾਹ ਵਿੱਚ ਪੂਰਨ ਅਤੇ ਪਰਵਾਨ ਮੰਨੀ ਜਾਂਦੀ ਹੈ ਅਤੇ ਤੁਹਾਨੂੰ ਸਦਾ ਸੁਹਾਗ ਦੇ ਗੁਰਪ੍ਰਸਾਦਿ ਦੀ ਬਖਸ਼ਿਸ਼ ਦੀ ਪ੍ਰਾਪਤੀ ਹੁੰਦੀ ਹੈ ਅਤੇ ਤੁਹਾਨੂੰ ਸਦਾ ਸੁਹਾਗਣ ਦੇ ਗੁਰਪ੍ਰਸਾਦਿ ਨਾਲ ਨਿਵਾਜਿਆ ਜਾਂਦਾ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਦਰਸ਼ਨ ਪ੍ਰਾਪਤ ਹੋ ਜਾਂਦੇ ਹਨ। ਸਰਗੁਣ ਵਿਚ ਨਿਰਗੁਣ ਦੇ ਦਰਸ਼ਨ ਹੋ ਜਾਂਦੇ ਹਨ। ਸਰਗੁਣ ਨਿਰਗੁਣ ਇੱਕ ਹੋ ਜਾਂਦੇ ਹਨ। ਸੇਵਾ ਕਰਦੇ-ਕਰਦੇ ਹਉਮੈ ਮਿਟ ਜਾਂਦੀ ਹੈ। ਪਰਉਪਕਾਰ ਅਤੇ ਮਹਾ ਪਰਉਪਕਾਰ ਕਰਦੇ-ਕਰਦੇ ਹਿਰਦਾ ਗਰੀਬੀ ਨਾਲ ਭਰਪੂਰ ਹੋ ਜਾਂਦਾ ਹੈ ਅਤੇ ਹਉਮੈ ਦਾ ਨਾਸ਼ ਹੋ ਜਾਂਦਾ ਹੈ। ਤੁਸੀਂ ਅਕਾਲ ਪੁਰਖ ਵਿਚ ਅਭੇਦ ਹੋ ਜਾਂਦੇ ਹੋ। ਜੀਵਨ ਮੁਕਤੀ ਮਿਲ ਜਾਂਦੀ ਹੈ। ਸਾਰੇ ਪਾਸੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਪਰਮ ਸ਼ਕਤੀ ਵਰਤਦੀ ਪ੍ਰਤੱਖ ਪ੍ਰਗਟ ਹੋ ਜਾਂਦੀ ਹੈ। ਇਸ ਅਵਸਥਾ ਵਿਚ ਅਕਾਲ ਪੁਰਖ ਤੁਹਾਨੂੰ ਸਾਰੇ ਅਨਾਦਿ ਰੂਹਾਨੀ ਦਰਗਾਹੀ ਖ਼ਜ਼ਾਨਿਆਂ ਦੀ ਬਖਸ਼ਿਸ਼ ਕਰਦਾ ਹੈ ਅਤੇ ਤੁਹਾਨੂੰ ਸਾਰੇ ਅਨਾਦਿ ਰੂਹਾਨੀ ਦਰਗਾਹੀ ਖ਼ਜ਼ਾਨਿਆਂ ਦੇ ਇਸ ਗੁਰਪ੍ਰਸਾਦਿ ਨੂੰ ਸੰਗਤ ਨੂੰ ਵਰਤਾਉਣ ਦੇ ਅਧਿਕਾਰ ਨਾਲ ਸੁਸ਼ੋਭਿਤ ਕਰ ਦਿੰਦਾ ਹੈ। ਤੁਸੀਂ ਅੰਮ੍ਰਿਤ ਦਾ ਦਾਤਾ ਬਣ ਜਾਂਦੇ ਹੋ, ਤੁਸੀਂ ਬੰਦਗੀ ਅਤੇ ਸੇਵਾ ਦਾ ਦਾਤਾ ਬਣ ਜਾਂਦੇ ਹੋ। ਤੁਸੀਂ ਗੁਰਪ੍ਰਸਾਦਿ ਦਾ ਦਾਤਾ ਬਣ ਜਾਂਦੇ ਹੋ ਅਤੇ ਤਦ ਤੁਸੀਂ ਸੰਗਤ ਦੇ ਬੰਦਗੀ ਕਰਨ ਅਤੇ ਜੀਵਨ ਮੁਕਤੀ ਪ੍ਰਾਪਤ ਕਰਨ ਵਿੱਚ ਸਹਾਇਕ ਬਣ ਕੇ ਸਤਿ ਦੇ ਇਨ੍ਹਾਂ ਅਨਾਦਿ ਰੂਹਾਨੀ ਦਰਗਾਹੀ ਖ਼ਜ਼ਾਨਿਆਂ ਦੀ ਸਹਾਇਤਾ ਨਾਲ ਮਹਾ ਪਰਉਪਕਾਰ ਦੀਆਂ ਸੇਵਾਵਾਂ ਵਿੱਚ ਵਿਲੀਨ ਹੋ ਜਾਂਦੇ ਹੋ। ਐਸੇ ਬ੍ਰਹਮ ਗਿਆਨੀ ਮਹਾ ਪੁਰਖਾਂ ਨੂੰ ਗੁਰਬਾਣੀ ਵਿਚ ਧੰਨ ਧੰਨ ਸਤਿਗੁਰ ਅਵਤਾਰ ਅਰਜਨ ਦੇਵ ਪਾਤਿਸ਼ਾਹ ਜੀ ਨੇ ਸੁਖਮਨੀ ਬਾਣੀ ਵਿਚ ਪਰਮੇਸ਼ਰ ਦੇ ਪਰਮ ਸ਼ਕਤੀਸ਼ਾਲੀ ਰੂਪ ਵਿਚ ਪ੍ਰਗਟ ਕੀਤਾ ਹੈ :-

 

ਬ੍ਰਹਮ ਗਿਆਨੀ ਕਉ ਖੋਜਹਿ ਮਹੇਸੁਰ ਨਾਨਕ ਬ੍ਰਹਮ ਗਿਆਨੀ ਆਪਿ ਪਰਮੇਸੁਰ

{ਪੰਨਾ ੨੭੩}

 

ਬ੍ਰਹਮ ਗਿਆਨੀ ਸਰਬ ਕਾ ਠਾਕੁਰੁ

(ਪੰਨਾ ੨੭੩)

 

ਬ੍ਰਹਮ ਗਿਆਨੀ ਮੁਕਤਿ ਜੁਗਤਿ ਜੀਅ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖੁ ਬਿਧਾਤਾ

(ਪੰਨਾ ੨੭੩)

 

ਬ੍ਰਹਮ ਗਿਆਨੀ ਆਪਿ ਨਿਰੰਕਾਰੁ

(ਪੰਨਾ ੨੭੩)

 

            ਬ੍ਰਹਮ ਗਿਆਨੀ ਮਹਾ ਪੁਰਖਾਂ ਨੂੰ “ਸਰਬ ਕਾ ਠਾਕੁਰ” ਦੇ ਪਰਮ ਸ਼ਕਤੀਸ਼ਾਲੀ ਰੂਪ ਵਿਚ ਪ੍ਰਗਟ ਕੀਤਾ ਹੈ। ਬ੍ਰਹਮ ਗਿਆਨੀ ਮਹਾ ਪੁਰਖਾਂ ਨੂੰ ਦਾਤਾ ਕਰਤਾ ਦੇ ਪਰਮ ਸ਼ਕਤੀਸ਼ਾਲੀ ਰੂਪ ਵਿਚ ਪ੍ਰਗਟ ਕੀਤਾ ਹੈ। ਬ੍ਰਹਮ ਗਿਆਨੀ ਮਹਾ ਪੁਰਖਾਂ ਨੂੰ ਮੁਕਤੀ ਦਾ ਦਾਤਾ ਦੇ ਪਰਮ ਸ਼ਕਤੀਸ਼ਾਲੀ ਰੂਪ ਵਿਚ ਪ੍ਰਗਟ ਕੀਤਾ ਗਿਆ ਹੈ। ਬ੍ਰਹਮ ਗਿਆਨੀ ਮਹਾ ਪੁਰਖਾਂ ਨੂੰ ਬੰਦਗੀ ਅਤੇ ਬੰਦਗੀ ਦੀ ਜੁਗਤ ਦਾ ਦਾਤਾ ਦੇ ਪਰਮ ਸ਼ਕਤੀਸ਼ਾਲੀ ਰੂਪ ਵਿਚ ਪ੍ਰਗਟ ਕੀਤਾ ਗਿਆ ਹੈ। ਬ੍ਰਹਮ ਗਿਆਨੀ ਮਹਾ ਪੁਰਖਾਂ ਨੂੰ “ਪੂਰਨ ਪੁਰਖ ਵਿਧਾਤਾ” ਦੇ ਪਰਮ ਸ਼ਕਤੀਸ਼ਾਲੀ ਰੂਪ ਵਿਚ ਪ੍ਰਗਟ ਕੀਤਾ ਗਿਆ ਹੈ। ਬ੍ਰਹਮ ਗਿਆਨੀ ਮਹਾ ਪੁਰਖਾਂ ਨੂੰ “ਨਿਰੰਕਾਰ” ਦੇ ਪਰਮ ਸ਼ਕਤੀਸ਼ਾਲੀ ਰੂਪ ਵਿਚ ਪ੍ਰਗਟ ਕੀਤਾ ਹੈ। ਬ੍ਰਹਮ ਗਿਆਨੀ ਦੀ ਮਹਿਮਾ, ਸਾਧ ਦੀ ਮਹਿਮਾ ਅਤੇ ਅਪਰਸ ਅਪਾਰਸ ਦੀ ਪਰਮ ਸ਼ਕਤੀਸ਼ਾਲੀ ਮਹਿਮਾ ਨੂੰ ਸਤਿਗੁਰ ਅਵਤਾਰ ਅਰਜਨ ਦੇਵ ਪਾਤਿਸ਼ਾਹ ਜੀ ਨੇ ਸੁਖਮਨੀ ਬਾਣੀ ਦੀ ੭,੮ ਅਤੇ ੯ ਅਸਟਪਦੀ ਵਿਚ ਪ੍ਰਗਟ ਕੀਤਾ ਹੈ ਅਤੇ ਸਤਿਗੁਰ ਦੀ ਪਰਮ ਸਕਤੀਸ਼ਾਲੀ ਮਹਿਮਾ ਨੂੰ ਅਸਟਪਦੀ ੧੮ ਵਿਚ ਪ੍ਰਗਟ ਕੀਤਾ ਹੈ। ਜਿਗਿਆਸੂਆਂ ਦੇ ਚਰਨਾਂ ਉੱਪਰ ਸਨਿਮਰ ਬੇਨਤੀ ਹੈ ਕਿ ਉਹ ਇਨ੍ਹਾਂ ਅਸ਼ਟਪਦੀਆਂ ਉੱਪਰ ਆਪਣਾ ਧਿਆਨ ਕੇਂਦਰਿਤ ਕਰਨ ਤਾਂ ਉਨ੍ਹਾਂ ਦੀ ਬੰਦਗੀ ਬਹੁਤ ਸੌਖੀ ਹੋ ਜਏਗੀ। ਐਸੇ ਮਹਾ ਪੁਰਖਾਂ ਦੇ ਛੱਤਰ ਹੇਠ ਬੈਠ ਕੇ ਹੀ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰ ਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਐਸੇ ਮਹਾ ਪੁਰਖਾਂ ਦੇ ਛੱਤਰ ਹੇਠ ਬੈਠ ਕੇ ਹੀ ਨਾਮ ਦੀ ਕਮਾਈ ਸਹਿਜੇ ਹੀ ਕੀਤੀ ਜਾਂਦੀ ਹੈ। ਐਸੇ ਮਹਾ ਪੁਰਖਾਂ ਦੇ ਛੱਤਰ ਹੇਠ ਬੈਠ ਕੇ ਸਹਿਜੇ ਹੀ ਮਾਇਆ ਨੂੰ ਜਿੱਤਿਆ ਜਾਂਦਾ ਹੈ। ਐਸੇ ਮਹਾ ਪੁਰਖਾਂ ਦੇ ਛੱਤਰ ਹੇਠ ਬੈਠ ਕੇ ਸਹਿਜੇ ਹੀ ਹਿਰਦੇ ਦੀ ਪੂਰਨ ਸਚਿਆਰੀ ਰਹਿਤ ਦੀ ਕਮਾਈ ਹੋ ਜਾਂਦੀ ਹੈ। ਐਸੇ ਮਹਾ ਪੁਰਖਾਂ ਦੇ ਛੱਤਰ ਹੇਠ ਬੈਠ ਕੇ ਬੰਦਗੀ ਕਰਦੇ ਹੋਏ ਸਾਰੀਆਂ ਰੂਹਾਨੀ ਅਵਸਥਾਵਾਂ ਦੀ ਪ੍ਰਾਪਤੀ ਸਹਿਜੇ ਹੀ ਹੋ ਜਾਂਦੀ ਹੈ।

            ਅਕਾਲ ਪੁਰਖ ਵਿਚ ਇੱਕ ਮਿਕ ਹੋਣ ਵਾਲੀ ਇਹ ਅਵਸਥਾ ਹੀ ਸੱਚ ਖੰਡ ਅਵਸਥਾ ਹੈ। ਐਸੇ ਮਹਾ ਪੁਰਖਾਂ ਦੇ ਹਿਰਦੇ ਵਿਚ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਆਪ ਪ੍ਰਗਟ ਹੋ ਜਾਂਦਾ ਹੈ। ਜਿਸ ਸਥਾਨ ਤੇ ਇਹ ਮਹਾ ਪੁਰਖ ਬੈਠਦੇ ਹਨ ਉਥੇ ਦਰਗਾਹ ਧਰਤੀ ਉੱਪਰ ਪ੍ਰਗਟ ਹੁੰਦੀ ਹੈ। ਐਸੇ ਮਹਾ ਪੁਰਖਾਂ ਦੀ ਸੰਗਤ ਹੀ ਪਰਮ ਸ਼ਕਤੀਸ਼ਾਲੀ ਸਤਿਸੰਗਤ ਹੈ। ਐਸੇ ਮਹਾ ਪੁਰਖਾਂ ਦੀ ਸੰਗਤ ਹੀ ਸੱਚ ਖੰਡ ਦੀ ਪਰਮ ਸ਼ਕਤੀਸ਼ਾਲੀ ਸੰਗਤ ਹੈ। ਐਸੇ ਮਹਾ ਪੁਰਖਾਂ ਦੀ ਸੰਗਤ ਵਿਚ ਹੀ ਸੱਚ ਖੰਡ ਦੀ ਪਰਮ ਸ਼ਕਤੀਸ਼ਾਲੀ ਮਹਿਮਾ ਵਰਤਦੀ ਹੈ। ਐਸੇ ਮਹਾ ਪੁਰਖਾਂ ਦੀ ਸੰਗਤ ਵਿਚ ਮਾਇਆ ਫਰਕ ਨਹੀਂ ਸਕਦੀ ਹੈ। ਐਸੇ ਮਹਾ ਪੁਰਖਾਂ ਦੀ ਸਤਿਸੰਗਤ ਵਿਚ ਸਿਮਰਨ ਕਰਨ ਵਾਲਿਆਂ ਦੇ ਹਿਰਦੇ ਵਿਚ ਪਰਮ ਜੋਤ ਸਹਿਜੇ ਹੀ ਪ੍ਰਗਟ ਹੋ ਜਾਂਦੀ ਹੈ। ਐਸੇ ਮਹਾ ਪੁਰਖਾਂ ਦੇ ਚਰਨਾਂ ਉੱਪਰ ਆਪਾ ਅਰਪਣ ਕਰਨ ਵਾਲਿਆਂ ਦੀ ਸੁਰਤ ਅਤੇ ਹਿਰਦੇ ਵਿਚ ਸਤਿਨਾਮ ਸਹਿਜੇ ਹੀ ਪ੍ਰਕਾਸ਼ਮਾਨ ਹੋ ਜਾਂਦਾ ਹੈ। ਐਸੇ ਮਹਾ ਪੁਰਖਾਂ ਦੇ ਚਰਨਾਂ ਉੱਪਰ ਸੰਪੂਰਨ ਸਮਰਪਣ ਕਰਨ ਵਾਲਿਆਂ ਦੇ ਸਾਰੇ ਬੱਜਰ ਕਪਾਟ ਖੁੱਲ੍ਹ ਜਾਂਦੇ ਹਨ ਅਤੇ ਸਤਿ ਸਰੋਵਰ ਸਹਿਜੇ ਹੀ ਪ੍ਰਕਾਸ਼ਮਾਨ ਹੋ ਜਾਂਦੇ ਹਨ। ਐਸੇ ਮਹਾ ਪੁਰਖਾਂ ਦੇ ਚਰਨਾਂ ਉੱਪਰ ਸੰਪੂਰਨ ਸਮਰਪਣ ਕਰਨ ਵਾਲਿਆਂ ਨੂੰ ਏਕ ਬੂੰਦ ਅੰਮ੍ਰਿਤ ਦੀ ਪ੍ਰਾਪਤੀ ਸਹਿਜੇ ਹੀ ਹੋ ਜਾਂਦੀ ਹੈ। ਐਸੇ ਮਹਾ ਪੁਰਖਾਂ ਦੇ ਚਰਨਾਂ ਉੱਪਰ ਸੰਪੂਰਨ ਸਮਰਪਣ ਕਰਨ ਵਾਲਿਆਂ ਦੀ ਸਮਾਧੀ ਅਤੇ ਸੁੰਨ ਸਮਾਧੀ ਸਹਿਜੇ ਹੀ ਲੱਗ ਜਾਂਦੀ ਹੈ। ਐਸੇ ਮਹਾ ਪੁਰਖਾਂ ਦੇ ਚਰਨਾਂ ਉੱਪਰ ਸੰਪੂਰਨ ਸਮਰਪਣ ਕਰਨ ਵਾਲਿਆਂ ਨੂੰ ਕਰਮ ਖੰਡ ਦੀ ਪਰਮ ਸ਼ਕਤੀਸ਼ਾਲੀ ਅਵਸਥਾ ਸਹਿਜੇ ਹੀ ਪ੍ਰਾਪਤ ਹੋ ਜਾਂਦੀ ਹੈ।

            ਉਹ ਰੂਹਾਂ ਜਿਹੜੀਆਂ ਸੱਚ ਖੰਡ ਵਿੱਚ ਪਹੁੰਚ ਜਾਂਦੀਆਂ ਹਨ ਸਦਾ ਲਈ ਆਪਣੇ ਪ੍ਰਮਾਤਮਾ ਦੇ ਪ੍ਰੇਮਾ-ਭਗਤੀ ਭਾਵ ਵਿੱਚ ਵਿਲੀਨ ਹੋ ਜਾਂਦੀਆਂ ਹਨ ਅਤੇ ਆਪਣੇ ਅਨਾਦਿ ਦਰਗਾਹੀ ਖ਼ਜ਼ਾਨਿਆਂ ਦੀ ਬਖਸ਼ਿਸ਼ ਨਾਲ ਬਹੁਤ ਸ਼ਕਤੀਸ਼ਾਲੀ ਬਣ ਜਾਂਦੀਆਂ ਹਨ। ਅਜਿਹੀਆਂ ਰੂਹਾਂ ਸਦਾ ਲਈ ਉਸ ਸਰਵ ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਵਿਲੀਨ ਹੋ ਜਾਂਦੀਆਂ ਹਨ ਅਤੇ ਸੁੰਨ ਸਮਾਧੀ ਵਿੱਚ ਬੈਠ ਕੇ ਉਸ ਅਕਾਲ ਪੁਰਖ ਨਾਲ ਏਕਮ ਹੋਣ ਦੀ ਉੱਚਤਮ ਅਵਸਥਾ ਨੂੰ ਮਾਣਦੀਆਂ ਹਨ। ਅਜਿਹੀਆਂ ਰੂਹਾਂ ਕਦੇ ਅਪਣੇ ਆਪ ਨੂੰ ਛੁਪਾ ਨਹੀਂ ਸਕਦੀਆਂ ਹਨ। ਇਹ ਰੂਹਾਂ ਉਸ ਸਰਵ ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੁਆਰਾ ਆਪ ਸਾਰੀ ਦੁਨੀਆਂ ਦੇ ਲੋਕਾਂ ਵਿੱਚ ਅਨਾਦਿ ਰੂਹਾਨੀ ਮਹਾ ਪਰਉਪਕਾਰ ਦੀ ਉੱਚਤਮ ਅਵਸਥਾ ਵਿੱਚ ਪ੍ਰਗਟ ਕੀਤੀਆਂ ਜਾਂਦੀਆਂ ਹਨ। ਉਹ ਅਨਾਦਿ ਮਹਾ ਪਰਉਪਕਾਰ ਕਰਦੇ ਹੋਏ ਅਨਾਦਿ ਸਤਿ ਦਾ ਸੰਦੇਸ਼ ਲੋਕਾਂ ਨੂੰ ਵਰਤਾਉਂਦੀਆਂ ਹਨ। ਅਜਿਹੀਆਂ ਰੂਹਾਂ ਸਮਾਜ ਦੇ ਕਿਸੇ ਖ਼ਾਸ ਵਰਗ ਨਾਲ ਸੰਬੰਧਿਤ ਨਹੀਂ ਹੁੰਦੀਆਂ। ਉਹ ਦੁਨਿਆਵੀ ਧਰਮਾਂ-ਜਾਤਾਂ ਦੇ ਬੰਧਨਾਂ ਤੋਂ ਮੁਕਤ ਹੁੰਦੀਆਂ ਹਨ ਅਤੇ ਸਾਰੀ ਸ੍ਰਿਸ਼ਟੀ ਦੀ ਸੇਵਾ ਕਰਦੀਆਂ ਹਨ, ਹਰ ਕਿਸੇ ਦੀ ਸਹਾਇਤਾ ਕਰਦੀਆਂ ਹਨ। ਜੋ ਵੀ ਉਹਨਾਂ ਦੀ ਸਤਿਸੰਗਤ ਵਿੱਚ ਜਾਂਦਾ ਹੈ, ਉਸ ਵਿੱਚ ਪਰਿਵਰਤਨ ਆ ਜਾਂਦਾ ਹੈ। ਅਜਿਹੀਆਂ ਰੂਹਾਂ ਆਪਣੀ ਸਤਿਸੰਗਤ ਨੂੰ ਗੁਰਪ੍ਰਸਾਦਿ ਦੀ ਬਖਸ਼ਿਸ਼ ਕਰਦੀਆਂ ਹਨ ਅਤੇ ਇਸ ਗੁਰਪ੍ਰਸਾਦਿ ਨਾਲ ਬਹੁਤ ਸਾਰੇ ਲੋਕ ਨਾਮ, ਬੰਦਗੀ ਅਤੇ ਸੇਵਾ ਦੀਆਂ ਬਖ਼ਸ਼ਿਸ਼ਾਂ ਪ੍ਰਾਪਤ ਕਰਦੇ ਹਨ ਅਤੇ ਜੀਵਨ ਮੁਕਤੀ ਪ੍ਰਾਪਤ ਕਰ ਜਾਂਦੇ ਹਨ। ਅਜਿਹੀਆਂ ਰੂਹਾਂ ਸੰਸਾਰ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦੀ ਮੁਕਤੀ ਕਰਵਾ ਕੇ ਉਹਨਾਂ ਨੂੰ ਭਵਸਾਗਰ ਮਾਇਆ ਦਾ ਸਮੁੰਦਰ ਪਾਰ ਕਰਵਾ ਕੇ ਉਹਨਾਂ ਦੇ ਅਸਲੀ ਘਰ ਲਿਜਾਉਣ ਲਈ ਆਉਂਦੀਆਂ ਹਨ।

            ਸਤਿ ਰੂਪ ਹੋ ਕੇ ਧਰਤੀ ਉੱਪਰ ਪ੍ਰਗਟਿਓ ਜੋਤ ਰੂਪ ਵਿਚ ਪ੍ਰਗਟ ਹੋ ਕੇ ਐਸੀਆਂ ਰੂਹਾਂ ਸੱਚ ਖੰਡ ਨੂੰ ਧਰਤੀ ਉੱਪਰ ਪ੍ਰਗਟ ਕਰ ਦਿੰਦੀਆਂ ਹਨ ਅਤੇ ਪੂਰਨ ਬ੍ਰਹਮ ਗਿਆਨ ਅਤੇ ਪੂਰਨ ਤੱਤ ਗਿਆਨ ਵਰਤਾ ਕੇ ਲੋਕਾਈ ਦਾ ਪਰਉਪਕਾਰ ਕਰਦੀਆਂ ਹਨ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਐਸੀਆਂ ਰੂਹਾਂ ਵਿਚ ਧਰਤੀ ਉੱਪਰ ਪ੍ਰਗਟ ਹੁੰਦਾ ਹੈ ਅਤੇ ਆਪਣੀ ਹੀ ਕਿਰਤ ਦਾ ਆਨੰਦ ਮਾਣਦਾ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਰਸਿਕ ਬੈਰਾਗੀ ਹੈ। ਇਹ ਹੀ ਉਸਦਾ ਪਰਮ ਸ਼ਕਤੀਸ਼ਾਲੀ ਗੁਰ ਪ੍ਰਸਾਦੀ ਖੇਲ ਹੈ। ਬਖ਼ਸ਼ਿਸ਼ ਕਰਦਾ ਹੈ, ਨਾਮ ਜਪਾਉਂਦਾ ਹੈ, ਬੰਦਗੀ ਕਰਵਾਉਂਦਾ ਹੈ, ਸੇਵਾ ਕਰਵਾਉਂਦਾ ਹੈ, ਫਿਰ ਮਨੁੱਖ ਵਿਚ ਪ੍ਰਗਟ ਹੋ ਕੇ ਮਹਾ ਪਰਉਪਕਾਰ ਕਰਦਾ ਹੈ ਅਤੇ ਆਪਣੀ ਹੀ ਰਚੀ ਹੋਈ ਖੇਲ ਦਾ ਆਪ ਆਨੰਦ ਮਾਣਦਾ ਹੈ। ਮਨੁੱਖ ਨੂੰ ਬੰਦਗੀ ਕਰਵਾ ਕੇ ਪਹਿਲਾਂ ਆਪਣੀ ਨਦਰ ਨਾਲ ਨਿਹਾਲ ਕਰਦਾ ਹੈ ਫਿਰ ਉਸੇ ਮਨੁੱਖ ਵਿਚ ਆਪ ਪ੍ਰਗਟ ਹੋ ਕੇ ਆਪਣੀ ਹੀ ਬੰਦਗੀ ਅਤੇ ਸੇਵਾ ਦਾ ਆਪ ਹੀ ਆਨੰਦ ਮਾਣਦਾ ਹੈ। ਇਸ ਤਰ੍ਹਾਂ ਦੇ ਨਾਲ ਆਪਣੀ ਬਣਾਈ ਹੋਈ ਇਸ ਪਰਮ ਸ਼ਕਤੀਸ਼ਾਲੀ ਖੇਲ ਵਿਚ ਆਪਣੀਆਂ ਪਰਮ ਸ਼ਕਤੀਆਂ ਨੂੰ ਮਨੁੱਖ ਵਿਚ ਪ੍ਰਗਟ ਕਰਕੇ ਉਸਦਾ ਆਨੰਦ ਮਾਣਦਾ ਹੈ। ਇਸ ਪਰਮ ਸ਼ਕਤੀਸ਼ਾਲੀ ਅਵਸਥਾ ਵਿਚ ਪਹੁੰਚ ਕੇ ਮਨੁੱਖ ਵਿਚ ਪ੍ਰਗਟ ਹੋਈ ਪਰਮ ਜੋਤ ਨੂੰ ਸਾਰੇ ਪਾਸੇ ਸਾਰੀ ਸ੍ਰਿਸ਼ਟੀ ਵਿਚ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਹੀ ਪਰਮ ਸ਼ਕਤੀ ਵਾਪਰਦੀ ਦਿੱਸਣ ਲੱਗ ਪੈਂਦੀ ਹੈ। ਇਸ ਪਰਮ ਸ਼ਕਤੀਸ਼ਾਲੀ ਅਵਸਥਾ ਦਾ ਬਿਆਨ ਭਗਤ ਨਾਮ ਦੇਵ ਜੀ ਨੇ ਗੁਰਬਾਣੀ ਵਿਚ ਪ੍ਰਗਟ ਕੀਤਾ ਹੈ :-

 

ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ

(ਪੰਨਾ ੪੮੫)

 

            ਜੋ ਮਹਾ ਪੁਰਖ ਸੱਚ ਖੰਡ ਦੀ ਇਸ ਪਰਮ ਸ਼ਕਤੀਸ਼ਾਲੀ ਅਵਸਥਾ ਨੂੰ ਪ੍ਰਾਪਤ ਕਰਕੇ ਸਤਿ ਪਾਰਬ੍ਰਹਮ ਪਿਤ ਪਰਮੇਸ਼ਰ ਵਿਚ ਅਭੇਦ ਹੋ ਜਾਂਦੇ ਹਨ ਉਨ੍ਹਾਂ ਨੂੰ ਸ੍ਰਿਸ਼ਟੀ ਦੀ ਬੇਅੰਤਤਾ ਦੇ ਰੂਪ ਦਿੱਸਦੇ ਹਨ। ਐਸੇ ਮਹਾ ਪੁਰਖਾਂ ਨੂੰ ਜਦ ਅਕਾਲ ਪੁਰਖ ਦੇ ਦਰਸ਼ਨ ਹੁੰਦੇ ਹਨ ਅਤੇ ਜਦ ਨਿਰਗੁਣ ਵਿਚ ਸਰਗੁਣ ਦੇ ਦਰਸ਼ਨ ਹੁੰਦੇ ਹਨ ਤਾਂ ਉਸ ਸਮੇਂ ਉਨ੍ਹਾਂ ਨੂੰ ਸਾਰੇ ਖੰਡ, ਮੰਡਲ ਅਤੇ ਬ੍ਰਹਿਮੰਡ ਦਿੱਸਦੇ ਹਨ। ਐਸੇ ਮਹਾ ਪੁਰਖ ਜਦ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿਚ ਅਭੇਦ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਆਪਣੇ ਅੰਦਰ ਹੀ ਸਾਰੇ ਖੰਡ, ਮੰਡਲ ਅਤੇ ਬ੍ਰਹਿਮੰਡਾਂ ਦੇ ਦਰਸ਼ਨ ਹੋ ਜਾਂਦੇ ਹਨ। ਕਈ ਖੰਡਾਂ ਦਾ ਸਮੂਹ ਇੱਕ ਮੰਡਲ ਹੈ ਜਿਵੇਂ ਕਿ ਧਰਤੀ, ਸੂਰਜ, ਚੰਦਰਮਾ ਅਤੇ ਹੋਰ ਗ੍ਰਹਿ ਨਕਸ਼ੱਤ੍ਰਾਂ ਨੂੰ ਮਿਲਾ ਕੇ ਇੱਕ ਸੌਰ ਮੰਡਲ ਬਣਦਾ ਹੈ ਅਤੇ ਕਈ ਐਸੇ ਮੰਡਲ ਰੱਲ ਕੇ ਇੱਕ ਬ੍ਰਹਿਮੰਡ ਬਣਦਾ ਹੈ। ਐਸੇ ਮਹਾ ਪੁਰਖਾਂ ਨੂੰ ਐਸੇ ਬ੍ਰਹਿਮੰਡਾਂ ਦੇ ਦਰਸ਼ਨ ਹੋ ਜਾਂਦੇ ਹਨ ਜਿਸਦੇ ਨਾਲ ਉਨ੍ਹਾਂ ਨੂੰ ਸ੍ਰਿਸ਼ਟੀ ਦੀ ਬੇਅੰਤਤਾ ਦਾ ਗਿਆਨ ਪ੍ਰਤੱਖ ਰੂਪ ਵਿਚ ਪ੍ਰਗਟ ਹੋ ਜਾਂਦਾ ਹੈ। ਕਈ ਮਹਾ ਪੁਰਖਾਂ ਵਿਚ ਇਨ੍ਹਾਂ ਖੰਡ, ਮੰਡਲ ਅਤੇ ਬ੍ਰਹਿਮੰਡਾਂ ਵਿਚ ਸੂਖਸ਼ਮ ਰੂਪ ਵਿਚ ਵਿਚਰਨ ਕਰਨ ਦੀ ਪਰਮ ਸ਼ਕਤੀ ਵੀ ਪ੍ਰਗਟ ਹੋ ਜਾਂਦੀ ਹੈ। ਜਿਸ ਪਰਮ ਸ਼ਕਤੀ ਦੇ ਨਾਲ ਉਹ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਹੁਕਮ ਅਨੁਸਾਰ ਪਰਉਪਕਾਰ ਦੇ ਕਾਰਜ ਸਿੱਧ ਕਰਨ ਲਈ ਆਪਣੀ ਭੌਤਿਕ ਦੇਹੀ ਨੂੰ ਛੱਡ ਕੇ ਚਲੇ ਜਾਂਦੇ ਹਨ ਅਤੇ ਐਸੇ ਪਰਉਕਾਰੀ ਕਾਰਜ ਸਿੱਧ ਕਰਕੇ ਆਪਣੀ ਭੌਤਿਕ ਦੇਹੀ ਵਾਪਸ ਆ ਜਾਂਦੇ ਹਨ।

            ਐਸੇ ਮਹਾ ਪੁਰਖ ਇੱਕ ਦ੍ਰਿਸ਼ਟ ਹੋ ਜਾਂਦੇ ਹਨ। ਨਿਰਵੈਰ ਹੋ ਜਾਂਦੇ ਹਨ। ਉਨ੍ਹਾਂ ਨੂੰ ਸਾਰੀ ਲੋਕਾਈ ਵਿਚ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਹੀ ਨਜ਼ਰ ਆਉਂਦਾ ਹੈ। ਐਸੇ ਮਹਾ ਪੁਰਖਾਂ ਦੀਆਂ ਪੰਜੇ ਕਰਮ ਇੰਦਰੀਆਂ ਅਤੇ ਪੰਜੇ ਗਿਆਨ ਇੰਦਰੀਆਂ ਪੂਰਨ ਹੁਕਮ ਵਿਚ ਆ ਜਾਂਦੀਆਂ ਹਨ। ਉਨ੍ਹਾਂ ਦੇ ਸਾਰੇ ਕਰਮ ਪੂਰਨ ਹੁਕਮ ਵਿਚ ਵਰਤਦੇ ਹਨ। ਉਨ੍ਹਾਂ ਦੀ ਸਾਰੀ ਕਰਨੀ ਸਤਿ ਦੀ ਕਰਨੀ ਹੋ ਜਾਂਦੀ ਹੈ ਅਤੇ ਪੂਰਨ ਭਾਣੇ ਵਿਚ ਵਰਤਦੀ ਹੈ। ਉਹ ਕੇਵਲ ਪੂਰਨ ਸਤਿ ਦੀ ਸੇਵਾ ਕਰਦੇ ਹਨ ਅਤੇ ਪੂਰਨ ਸਤਿ ਵਰਤਾਉਂਦੇ ਹਨ। ਉਨ੍ਹਾਂ ਦਾ ਜੀਵਨ ਕੇਵਲ ਪਰਉਪਕਾਰ ਅਤੇ ਮਹਾ ਪਰਉਪਕਾਰ ਵਿਚ ਬੀਤਦਾ ਹੈ। ਉਹ ਦੁਨੀਆਂ ਨੂੰ ਪੂਰਨ ਸਤਿ ਦਾ ਹੀ ਉਪਦੇਸ਼ ਦਿੰਦੇ ਹਨ ਅਤੇ ਭਵਸਾਗਰ ਸੰਸਾਰ ਤੋਂ ਤਾਰਦੇ ਹਨ। ਐਸੀ ਅਵਸਥਾ ਵਿਚ ਸਾਰੇ ਪਾਸੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਹੁਕਮ ਵਰਤਦਾ ਨਜ਼ਰ ਆਉਂਦਾ ਹੈ। ਸਾਰੀ ਸ੍ਰਿਸ਼ਟੀ ਵਿਚ ਕਰਤਾ ਪੁਰਖ ਆਪ ਵਰਤਦਾ ਨਜ਼ਰ ਆਉਂਦਾ ਹੈ। ਐਸੇ ਮਹਾ ਪੁਰਖਾਂ ਦਾ ਪੂਰਨ ਸਤਿ ਦੀ ਸੇਵਾ ਕਰਦੇ-ਕਰਦੇ ਨਿਰੰਤਰ ਵਿਕਾਸ ਹੁੰਦਾ ਹੈ। ਸੇਵਾ ਉਨ੍ਹਾਂ ਦੀ ਬੰਦਗੀ ਬਣ ਜਾਂਦੀ ਹੈ ਅਤੇ ਇਸ ਸੇਵਾ ਦਾ ਵੀ ਕੋਈ ਅੰਤ ਨਹੀਂ ਹੁੰਦਾ ਹੈ। ਸੇਵਾ ਵਿਚ ਰੱਤੇ ਹੋਏ ਉਨ੍ਹਾਂ ਦੀ ਆਤਮਿਕ ਅਵਸਥਾ ਨਿਰੰਤਰ ਵਿਗਸਦੀ ਜਾਂਦੀ ਹੈ। ਕਿਉਂਕਿ ਰੂਹਾਨੀ ਵਿਕਾਸ ਦਾ ਵੀ ਕੋਈ ਅੰਤ ਨਹੀਂ ਹੁੰਦਾ ਹੈ। ਜਿਵੇਂ ਜਿਵੇਂ ਐਸੇ ਮਹਾ ਪੁਰਖ ਗੁਰ ਪ੍ਰਸਾਦਿ ਵੰਡਦੇ ਹੋਏ ਦੁਨੀਆਂ ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬੰਦਗੀ ਨਾਲ ਜੋੜਦੇ ਹਨ ਤਿਵੇਂ ਤਿਵੇਂ ਉਨ੍ਹਾਂ ਦੀ ਆਤਮਿਕ ਅਵਸਥਾ ਹੋਰ ਉੱਪਰ ਚਲੀ ਜਾਂਦੀ ਹੈ। ਐਸੇ ਮਹਾ ਪੁਰਖਾਂ ਦੀ ਮਹਿਮਾ ਬੇਅੰਤ ਹੋ ਜਾਂਦੀ ਹੈ। ਇਸ ਲਈ ਐਸੇ ਮਹਾ ਪੁਰਖਾਂ ਦੀ ਇਸ ਅਵਸਥਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਹੈ। ਪੂਰਨ ਬੰਦਗੀ ਦੀ ਐਸੀ ਪਰਮ ਸ਼ਕਤੀਸ਼ਾਲੀ ਬੇਅੰਤ ਅਵਸਥਾ ਨੂੰ ਅਨੁਭਵ ਕੀਤਾ ਜਾਂਦਾ ਹੈ ਪਰੰਤੂ ਬਿਆਨ ਨਹੀਂ ਕੀਤਾ ਜਾ ਸਕਦਾ ਹੈ। ਮਾਨਸਰੋਵਰ ਵਿਚ ਨਿਵਾਸ ਦੀ ਇਸ ਪਰਮ ਉੱਤਮ ਅਵਸਥਾ ਨੂੰ ਕੇਵਲ ਬੰਦਗੀ ਕਰਕੇ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਅਨੁਭਵ ਕੀਤਾ ਜਾ ਸਕਦਾ ਹੈ ਪਰੰਤੂ ਬਿਆਨ ਨਹੀਂ ਕੀਤਾ ਜਾ ਸਕਦਾ ਹੈ। ਧੰਨ ਧੰਨ ਸੰਤ ਕਬੀਰ ਪਾਤਸ਼ਾਹ ਜੀ ਨੇ ਇਸ ਪਰਮ ਸਤਿ ਤੱਤ ਨੂੰ ਆਪਣੀ ਬਾਣੀ ਵਿਚ ਪ੍ਰਗਟ ਕੀਤਾ ਹੈ :-

 

ਕਬੀਰ ਚਰਨ ਕਮਲ ਕੀ ਮਉਜ ਕੋ ਕਹਿ ਕੈਸੇ ਉਨਮਾਨ

ਕਹਿਬੇ ਕਉ ਸੋਭਾ ਨਹੀ ਦੇਖਾ ਹੀ ਪਰਵਾਨੁ ੧੨੧

(ਪੰਨਾ ੧੩੭੦)

 

ਜਪੁਜੀ ਬਾਣੀ ਦੀ ਇਹ ਗੁਰ ਪ੍ਰਸਾਦੀ ਕਥਾ ਵੀ ਮਾਨਸਰੋਵਰ ਵਿਚ ਵੱਸਦੇ ਹੋਏ ਇਨ੍ਹਾਂ ਮਹਾ ਪੁਰਖਾਂ ਦੀ ਅਵਸਥਾ ਦੀ ਕੇਵਲ ਇੱਕ ਝਲਕ ਮਾਤਰ ਹੈ।