ਜਪੁਜੀ ਸਾਹਿਬ – ਗੁਰਪ੍ਰਸਾਦੀ ਕਥਾ

 

ੴ ਸਤਿਨਾਮੁ ਸਤਿਗੁਰ ਪ੍ਰਸਾਦਿ 

ਧੰਨ ਧੰਨ ਸਤਿ ਪਾਰਬ੍ਰਹਮ ਪਰਮੇਸ਼ਰ,

ਧੰਨ ਧੰਨ ਗੁਰ ਗੁਰੂ, ਸਤਿਗੁਰ, ਗੁਰਬਾਣੀ, ਸਤਿ ਸੰਗਤ, ਸਤਿ ਨਾਮ,

ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ,

ਧੰਨ ਧੰਨ ਗੁਰੂ ਸਾਹਿਬਾਨ ਜੀ ਅਤੇ ਧੰਨ ਧੰਨ ਉਨ੍ਹਾਂ ਦੀ ਵੱਡੀ ਕਮਾਈ,

ਧੰਨ ਧੰਨ ਸਾਰੇ ਬ੍ਰਹਮ ਗਿਆਨੀ, ਸਾਰੇ ਜੁੱਗਾਂ ਦੇ ਸੰਤ ਅਤੇ ਭਗਤ,

ਧੰਨ ਧੰਨ ਗੁਰੂ ਸੰਗਤ ਜੀ,

ਕੋਟਾਨ ਕੋਟ ਡੰਡਉਤ ਅਤੇ ਸ਼ੁਕਰਾਨਾ ਪਰਵਾਣ ਕਰਨਾ ਜੀ,

ਗੁਰ ਫਤਹਿ ਪਰਵਾਣ ਕਰਨਾ ਜੀ

 

ਸਮਰਪਣ

ਇਹ ਪੁਸਤਕ ਉਨ੍ਹਾਂ ਨੂੰ ਸਮਰਪਿਤ ਹੈ ਜੋ ਮਾਇਆ ਵਿਚ ਸਰਾਬੋਰ ਹੋ ਚੁੱਕੇ ਹਨ। ਇਹ ਪੁਸਤਕ ਉਨ੍ਹਾਂ ਨੂੰ ਸਮਰਪਿਤ ਹੈ ਜੋ ਮਾਇਆ ਦੇ ਗੁਲਾਮ ਹਨ। ਇਹ ਪੁਸਤਕ ਆਉਣ ਵਾਲੇ ਸਾਰੇ ਜੁਗਾਂ ਦੀ ਸਾਰੀ ਮਨੁੱਖ ਜਾਤੀ ਨੂੰ ਸਮਰਪਿਤ ਹੈ। ਇਹ ਪੁਸਤਕ ਗੁਰਪ੍ਰਸਾਦਿ ਹੈ ਅਤੇ ਉਨ੍ਹਾਂ ਨੂੰ ਸਮਰਪਿਤ ਹੈ ਜੋ ਗੁਰਪ੍ਰਸਾਦਿ ਦੀ ਭਾਲ ਵਿਚ ਹਨ। ਇਹ ਪੁਸਤਕ ਗੁਰਪ੍ਰਸਾਦੀ ਨਾਮ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ – ਪਰਉਪਕਾਰ ਅਤੇ ਮਹਾ ਪਰਉਪਕਾਰ ਨੂੰ ਸਮਰਪਿਤ ਹੈ। ਸਾਰਿਆਂ ਤੋਂ ਉੱਪਰ ਇਹ ਪੁਸਤਕ ਅਨਾਦਿ ਸਤਿ – ਸਤਿਨਾਮ ਦੀ ਸੇਵਾ ਅਤੇ ਵਰਤਾਰੇ ਨੂੰ ਸਮਰਪਿਤ ਹੈ

 

ਜਪੁਜੀ ਸਾਹਿਬ

ਸੱਚਖੰਡ ਦੀ ਯਾਤਰਾ

 

* ਮਨ ਦੀ ਪੂਰਨ ਸ਼ਾਂਤ ਅਵਸਥਾ ਪ੍ਰਾਪਤ ਕਰਨ ਦਾ ਗੁਰਪ੍ਰਸਾਦੀ ਮਾਰਗ

* ਅਨਾਦਿ – ਅਨੰਤ ਬ੍ਰਹਮ ਸ਼ਕਤੀ ਨੂੰ ਪ੍ਰਾਪਤ ਕਰਨ ਦਾ ਗੁਰਪ੍ਰਸਾਦੀ ਮਾਰਗ

* ਮਾਇਆ ਨੂੰ ਜਿੱਤਣ ਦਾ ਗੁਰਪ੍ਰਸਾਦੀ ਮਾਰਗ

* ਮਨ ਉੱਤੇ ਜਿੱਤ ਪ੍ਰਾਪਤ ਕਰਨ ਦਾ ਗੁਰਪ੍ਰਸਾਦੀ ਮਾਰਗ

* ਜੀਵਨ ਮੁਕਤੀ ਨੂੰ ਪ੍ਰਾਪਤ ਕਰਨ ਦਾ ਗੁਰਪ੍ਰਸਾਦੀ ਮਾਰਗ

* ਪਰਮ ਪੱਦਵੀ ਦੀ ਪ੍ਰਾਪਤੀ ਕਰਨ ਦਾ ਗੁਰਪ੍ਰਸਾਦੀ ਮਾਰਗ

* ਪੂਰਨ ਬ੍ਰਹਮ ਗਿਆਨ ਪ੍ਰਾਪਤ ਕਰਨ ਦਾ ਗੁਰਪ੍ਰਸਾਦੀ ਮਾਰਗ

* ਪੂਰਨ ਤੱਤ ਗਿਆਨ ਪ੍ਰਾਪਤ ਕਰਨ ਦਾ ਗੁਰਪ੍ਰਸਾਦੀ ਮਾਰਗ

* ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਦਰਸ਼ਨ ਪ੍ਰਾਪਤ ਕਰਨ ਦਾ ਗੁਰਪ੍ਰਸਾਦੀ ਮਾਰਗ

* ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਅਭੇਦ ਹੋਣ ਦਾ ਗੁਰਪ੍ਰਸਾਦੀ ਮਾਰਗ

* ਗੁਰਪ੍ਰਸਾਦੀ ਨਾਮ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ – ਪਰਉਪਕਾਰ ਅਤੇ ਮਹਾ ਪਰਉਪਕਾਰ ਨੂੰ ਪ੍ਰਾਪਤ ਕਰਨ ਦਾ ਗੁਰਪ੍ਰਸਾਦੀ ਮਾਰਗ

 

ਭੂਮਿਕਾ

 

ਇਹ ਪੋਥੀ ਦੀ ਰਚਨਾ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੀ ਗੁਰਪ੍ਰਸਾਦੀ ਗੁਰਕਿਰਪਾ ਅਤੇ ਪੂਰਨ ਹੁਕਮ ਵਿਚ ਹੋਈ ਹੈ। ਜਪੁਜੀ ਬਾਣੀ ਨੂੰ, ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਧਰਤੀ ਉੱਪਰ ਪ੍ਰਤੱਖ ਪ੍ਰਗਟ ਹੋਏ ਅਵਤਾਰ ਧੰਨ ਧੰਨ ਨਿਰੰਕਾਰ ਰੂਪ ਸਤਿਗੁਰ ਨਾਨਕ ਪਾਤਸ਼ਾਹ ਜੀ ਨੇ ਧਰਤੀ ਉੱਪਰ ਆਪਣੀ ਬੇਅੰਤ ਅਪਾਰ ਗੁਰਕਿਰਪਾ ਅਤੇ ਗੁਰਪ੍ਰਸਾਦਿ ਨਾਲ ਸਭ ਤੋਂ ਪਹਿਲਾਂ ਪ੍ਰਗਟ ਕੀਤਾ ਹੈ। ਜਪੁਜੀ ਬਾਣੀ ਦੇ ਆਰੰਭ ਵਿਚ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਸ਼ਾਹ ਜੀ ਨੇ ਮੂਲ ਮੰਤਰ ਦੀ ਬੇਅੰਤ ਅਤੇ ਪਰਮ ਸ਼ਕਤੀਸ਼ਾਲੀ ਮਹਿਮਾ ਨੂੰ ਪ੍ਰਗਟ ਕੀਤਾ ਹੈ। ਮੂਲ ਮੰਤਰ ਦੀ ਮਹਿਮਾ ਬੇਅੰਤ ਅਨੰਤ ਅਗੰਮ ਅਗੋਚਰ ਅਲਿਖ ਅਦਿੱਖ ਜਗਤੇਸ਼ਵਰ ਬ੍ਰਹਮੇਸ਼ਵਰ ਸਰਵੇਸ਼ਵਰ ਸਰਬ ਗੁਣੀ ਨਿਧਾਨ ਸਰਬ ਦਇਆ ਨਿਧਾਨ ਸਰਬ ਕਲਾ ਭਰਪੂਰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੀ ਅਦੁੱਤੀ ਹਸਤੀ ਅਤੇ ਸਾਰੀਆਂ ਅਨੰਤ ਬ੍ਰਹਮ ਪਰਮ ਸ਼ਕਤੀਆਂ ਦੀ ਪਰਿਭਾਸ਼ਾ ਪ੍ਰਗਟ ਕਰਦਾ ਹੈ। ਇਸੇ ਲਈ ਮੂਲ ਮੰਤਰ ਨੂੰ ਮਹਾ ਮੰਤਰ ਕਿਹਾ ਗਿਆ ਹੈ। ਬਾਕੀ ਦੀ ਸਾਰੀ ਜਪੁਜੀ ਬਾਣੀ ਮੂਲ ਮੰਤਰ ਦੀ ਬੇਅੰਤ ਅਤੇ ਪਰਮ ਸ਼ਕਤੀਸ਼ਾਲੀ ਮਹਿਮਾ ਵਖਿਆਣ ਕਰਦੀ ਹੈ। ਇਸੇ ਲਈ ਜਪੁਜੀ ਨੂੰ ਸਿਰਮੌਰ ਅਤੇ ਪਰਮ ਸ਼ਕਤੀਸ਼ਾਲੀ ਬਾਣੀ ਕਿਹਾ ਹੈ ਅਤੇ ਬਾਕੀ ਦੀ ਸਾਰੀ ਗੁਰਬਾਣੀ ਨੂੰ ਜਪੁਜੀ ਬਾਣੀ ਦੀ ਮਹਿਮਾ ਕਿਹਾ ਹੈ

ਜਪੁਜੀ ਦੀ ਇਸ ਪਰਮ ਸ਼ਕਤੀਸ਼ਾਲੀ ਬਾਣੀ ਵਿਚ ਧੰਨ ਧੰਨ ਸਤਿਗੁਰੂ ਅਵਤਾਰ ਨਾਨਕ ਪਾਤਸ਼ਾਹ ਜੀ ਨੇ ਬਾਕੀ ਦੀ ਗੁਰਬਾਣੀ ਵਿਚ ਥਾਂ-ਥਾਂ ਕਈ ਢੰਗਾਂ ਨਾਲ ਪ੍ਰਗਟ ਕੀਤੇ ਗਏ ਸਾਰੇ ਦਰਗਾਹੀ ਵਿਧਾਨਾਂ ਅਤੇ ਪਰਮ ਤੱਤਾਂ ਦਾ ਆਧਾਰ ਅੰਕਿਤ ਕੀਤਾ ਹੈਇਸ ਪੋਥੀ ਵਿਚ ਗੁਰਪ੍ਰਸਾਦਿ ਅਤੇ ਗੁਰੂ ਕਿਰਪਾ ਨਾਲ ਪੂਰਨ ਦਰਗਾਹੀ ਹੁਕਮ ਅਨੁਸਾਰ ਪੂਰਨ ਬ੍ਰਹਮ ਗਿਆਨ ਅਤੇ ਪੂਰਨ ਤੱਤ ਗਿਆਨ ਦੇ ਆਧਾਰ ਤੇ ਇਨ੍ਹਾਂ ਦਰਗਾਹੀ ਵਿਧਾਨਾਂ ਅਤੇ ਪਰਮ ਸ਼ਕਤੀਸ਼ਾਲੀ ਤੱਤਾਂ ਨੂੰ ਵਖਿਆਣ ਕਰਦੇ ਹੋਏ ਮਾਨਸਰੋਵਰ ਦੀ ਇਕ ਝਲਕ ਮਾਤਰ ਦਰਸਾਉਣ ਦਾ ਸਨਿਮਰ ਯਤਨ ਕੀਤਾ ਗਿਆ ਹੈ। ਇਸ ਗੁਰਪ੍ਰਸਾਦੀ ਕਥਾ ਵਿਚ ਬੰਦਗੀ ਕਰਦੇ ਹੋਏ ਜਿਗਿਆਸੂਆਂ ਦੇ ਮਨਾਂ ਵਿਚ ਪੈਦਾ ਹੋਣ ਵਾਲੇ ਸਾਰੇ ਸ਼ੰਕਿਆਂ, ਭਰਮਾਂ ਅਤੇ ਪ੍ਰਸ਼ਨਾਂ ਨੂੰ ਪੂਰਨ ਸਤਿ ਤੱਤ ਦੇ ਆਧਾਰ ਤੇ ਨਵਿਰਤ ਕਰਨ ਦਾ ਸਨਿਮਰ ਯਤਨ ਕੀਤਾ ਗਿਆ ਹੈ। ਜਿਵੇਂ ਕੀ ਹੁਕਮ ਕੀ ਹੈ ? ਨਾਮ ਕੀ ਹੈ ? ਗੁਰਪ੍ਰਸਾਦਿ ਕੀ ਹੈ ? ਗੁਰਪ੍ਰਸਾਦਿ ਨੂੰ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ ? ਪੂਰਨ ਬੰਦਗੀ ਦੇ ਗੁਰਪ੍ਰਸਾਦਿ ਨੂੰ ਪ੍ਰਾਪਤ ਕਰਨ ਦਾ ਕੀ ਰਹੱਸ ਹੈ ? ਗੁਰਪ੍ਰਸਾਦਿ ਦੀ ਪ੍ਰਾਪਤੀ ਤੋਂ ਬਾਅਦ ਗੁਰਪ੍ਰਸਾਦਿ ਦੀ ਸੇਵਾ ਸੰਭਾਲਤਾ ਕਿਸ ਤਰ੍ਹਾਂ ਕੀਤੀ ਜਾਏ ? ਕਰਮ ਦੇ ਵਿਧਾਨ ਦੇ ਬੰਧਨਾਂ ਤੋਂ ਕਿਸ ਤਰ੍ਹਾਂ ਮੁਕਤ ਹੋਇਆ ਜਾ ਸਕਦਾ ਹੈ ? ਮਾਇਆ ਦੇ ਤ੍ਰੈ ਗੁਣ ਕਿਹੜੇ ਹਨ ਅਤੇ ਮਨੁੱਖ ਮਾਇਆ ਦੀ ਗੁਲਾਮੀ ਵਿਚ ਕਿਸ ਤਰ੍ਹਾਂ ਨਾਲ ਖੁੱਭਿਆ ਹੋਇਆ ਹੈ ? ਮਾਇਆ ਨੂੰ ਜਿੱਤਣ ਦੀ ਕੀ ਜੁਗਤੀ ਹੈ ? ਹਿਰਦੇ ਦੀ ਪੂਰਨ ਸਚਿਆਰੀ ਰਹਿਤ ਦੀ ਮਹਿਮਾ ਕੀ ਹੈ ਅਤੇ ਇਸ ਨੂੰ ਪ੍ਰਾਪਤ ਕਰਨ ਦੀ ਕੀ ਜੁਗਤੀ ਹੈ ? ਜੀਵਨ ਮੁਕਤੀ ਦੀ ਅਵਸਥਾ ਕਦੋਂ ਪ੍ਰਾਪਤ ਹੁੰਦੀ ਹੈ ? ਨਾਮ ਸਿਮਰਨ ਦੀ ਮਹਿਮਾ ਅਤੇ ਨਾਮ ਹਿਰਦੇ ਵਿਚ ਕਦੋਂ ਤੇ ਕਿਸ ਤਰ੍ਹਾਂ ਜਾਂਦਾ ਹੈ ? ਰੋਮ-ਰੋਮ ਨਾਮ ਸਿਮਰਨ ਦੀ ਮਹਿਮਾ ਅਤੇ ਜੁਗਤੀ ਕੀ ਹੈ ? ਮਨ ਕਿਵੇਂ ਚਿੰਦਿਆ ਜਾਂਦਾ ਹੈ ? ਸਮਾਧੀ ਅਤੇ ਸੁੰਨ ਸਮਾਧੀ ਕੀ ਹੈ ਅਤੇ ਇਹ ਅਵਸਥਾਵਾਂ ਕਿਸ ਤਰ੍ਹਾਂ ਪ੍ਰਾਪਤ ਹੁੰਦੀਆਂ ਹਨ ? ਹਿਰਦੇ ਵਿਚ ਪਰਮ ਜੋਤ ਦੇ ਪੂਰਨ ਪ੍ਰਕਾਸ਼ ਦੀ ਮਹਿਮਾ ਅਤੇ ਜੁਗਤੀ ਕੀ ਹੈ ?  ਪੂਰਨ ਬੰਦਗੀ ਦੇ ਵਿਚ ਰਿੱਧੀਆਂ-ਸਿੱਧੀਆਂ ਦਾ ਕੀ ਮਹਤੱਵ ਹੈ ? ਸਤਿ ਸਰੋਵਰਾਂ ਦੀ ਮਹਿਮਾ ਕੀ ਹੈ ? ਪੂਰਨ ਬੰਦਗੀ ਦੇ ਪੰਜ ਪੜਾਅ (ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ ਅਤੇ ਸੱਚ ਖੰਡ) ਦੀ ਮਹਿਮਾ ਕੀ ਹੈ ਅਤੇ ਜਿਗਿਆਸੂ ਕਿਸ ਜੁਗਤੀ ਨਾਲ ਆਪਣੀ ਬੰਦਗੀ ਨੂੰ ਪੂਰਨ ਕਰਕੇ ਦਰਗਾਹ ਮਾਨ ਪ੍ਰਾਪਤ ਕਰ ਸਕਦਾ ਹੈ ?

ਜਪੁਜੀ ਸਾਹਿਬ ਸੱਚਖੰਡ ਦੀ ਯਾਤਰਾ ਦਾ ਮਾਰਗ ਦਰਸ਼ਨ ਕਰਦੀ ਹੈ। ਜਿਸ ਅਵਸਥਾ ਵਿਚ ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ, ਪੂਰਨ ਖਾਲਸੇ ਅਤੇ ਅੰਮ੍ਰਿਤਧਾਰੀ ਹੀ ਵਿਚਰਦੇ ਹਨ। ਇਹ ਉਹ ਅਵਸਥਾ ਹੈ ਜਦੋਂ ਇੱਕ ਰੂਹ ਅਨੰਤ ਖਜ਼ਾਨਿਆਂ ਦਾ ਸੋਮਾ ਬਣ ਜਾਂਦੀ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਨਿਰਗੁਣ ਸਰੂਪ ਨਾਲ ਇਕਮਿਕ ਹੋ ਜਾਂਦੀ ਹੈ। ਜਦੋਂ ਉਹ ਰੂਹ ਦੂਜਿਆਂ ਲਈ ਗੁਰਪ੍ਰਸਾਦਿ – ਅਨੰਤ ਦਰਗਾਹੀ ਬਖਸ਼ਿਸ਼ਾਂ ਦਾ ਸੋਮਾ ਬਣ ਜਾਂਦੀ ਹੈ। ਸੋ ਇਹ ਪੂਰਨ ਬੰਦਗੀ ਦੀ ਸਹਿਜ ਸਮਾਧੀ ਵਾਲੀ ਇੱਕ ਬਹੁਤ ਉੱਚੀ ਬ੍ਰਹਮ ਅਵਸਥਾ ਹੈ। ਜੋ ਕੇਵਲ ਗੁਰਪ੍ਰਸਾਦਿ ਨਾਲ ਹੀ ਪ੍ਰਾਪਤ ਅਤੇ ਅਨੁਭਵ ਕੀਤੀ ਜਾ ਸਕਦੀ ਹੈ ਅਤੇ ਬਿਆਨ ਨਹੀਂ ਕੀਤੀ ਜਾ ਸਕਦੀ ਹੈ। ਪੂਰਨ ਬੰਦਗੀ ਉਸਨੂੰ ਕਹਿੰਦੇ ਹਨ ਜਦੋਂ ਮਾਇਆ ਉੱਤੇ ਰੂਹ ਪੂਰੀ ਤਰ੍ਹਾਂ ਜਿੱਤ ਪ੍ਰਾਪਤ ਕਰ ਲੈਂਦੀ ਹੈ ਅਤੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਨਿਰਗੁਨ ਸਰੂਪ ਵਿਚ ਅਭੇਦ ਹੋ ਜਾਂਦੀ ਹੈ

ਅਸਲ ਰੂਹਾਨੀਅਤ ਦੀ ਪ੍ਰਾਪਤੀ ਜਪੁਜੀ ਸਾਹਿਬ ਦੀ ਬਾਣੀ ਜਾਂ ਹੋਰ ਕੋਈ ਵੀ ਬਾਣੀ ਨੂੰ ਅਮਲੀ ਤੌਰ ਤੇ ਕਰਨ ਵਿਚ ਹੈ ਨਾ ਕਿ ਦਿਨ ਵਿਚ ਬਾਰ-ਬਾਰ ਪੜ੍ਹਣ ਵਿਚ ਹੈ। ਜੇਕਰ ਆਪ ਜੀ ਆਪਣੇ ਜੀਵਨ ਵਿਚ ਸੱਚਮੁੱਚ ਰੂਹਾਨੀਅਤ ਦੀ ਪ੍ਰਾਪਤੀ ਅਤੇ ਅਨੁਭਵ ਕਰਨਾ ਚਾਹੁੰਦੇ ਹੋ ਤਾਂ ਇਸ ਪੋਥੀ ਵਿਚ ਵਿਚਾਰੇ ਗਏ ਪਰਮ ਸਤਿ ਤੱਤਾਂ ਨੂੰ ਅਮਲੀ ਤੌਰ ਤੇ ਆਪਣੇ ਰੋਜ਼ਾਨਾ ਜੀਵਨ ਵਿਚ ਢਾਲਣਾ ਪਵੇਗਾ ਅਤੇ ਜੋ ਜਪੁਜੀ ਬਾਣੀ ਵਿਚ ਲਿਖਿਆ ਹੈ ਉਸ ਪੂਰਨ ਬ੍ਰਹਮ ਗਿਆਨ ਦੀ ਕਮਾਈ ਕਰਨੀ ਪਵੇਗੀ। ਕੇਵਲ ਉਹ ਜਿਗਿਆਸੂ ਹੀ ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ, ਅੰਮ੍ਰਿਤਧਾਰੀ ਅਤੇ ਖਾਲਸੇ ਬਣਨਗੇ ਜੋ ਇਸ ਪੂਰਨ ਬ੍ਰਹਮ ਗਿਆਨ ਨੂੰ ਅਮਲੀ ਤੌਰ ਤੇ ਆਪਣੇ ਰੋਜ਼ਾਨਾ ਜੀਵਨ ਵਿਚ ਵਰਤਣਗੇ। ਇਹ ਪੋਥੀ ਆਪ ਜੀ ਨੂੰ ਗੁਰ ਅਤੇ ਗੁਰੂ ਦੇ ਪਾਵਨ ਚਰਨਾਂ-ਕਮਲਾਂ ਤੇ ਪੂਰਨ ਸਮਰਪਣ ਕਰਨ ਲਈ ਉਤਸ਼ਾਹਿਤ ਕਰੇਗੀ ਅਤੇ ਨਾਮ, ਨਾਮ-ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਵਿਚ ਪੂਰਨ ਤੌਰ ਤੇ ਸਮਰਪਿਤ ਹੋਣ ਲਈ ਪ੍ਰੇਰਿਤ ਕਰੇਗੀ

ਸਾਡਾ ਹਉਮੈ ਵੇੜਿਆ ਤਰਕਸ਼ੀਲ ਮਨ ਪੂਰਨ ਬ੍ਰਹਮ ਗਿਆਨ ਨੂੰ ਛੇਤੀ ਨਹੀ ਮੰਨਣ ਦਿੰਦਾ। ਜਿੰਨ੍ਹੀ ਦੇਰ ਤੱਕ ਅਸੀਂ ਸਾਰੇ ਹਉਮੈ ਵਿਚ ਹੁੰਦੇ ਹਾਂ ਤਦ ਤੱਕ ਅਸੀਂ ਬ੍ਰਹਮ ਗਿਆਨ ਵਿਚ ਤਰਕਸ਼ੀਲ “ਕਿਉਂ” ਤੇ “ਕਿਵੇਂ” ਨੂੰ ਲੱਭਦੇ ਹਾਂ। ਜਦ ਕਿ ਆਤਮਿਕ ਮਾਰਗ ਤੇ “ਕਿਉਂ” ਤੇ “ਕਿਵੇਂ” ਦੀ ਤਰਕਸ਼ੀਲਤਾ ਲਈ ਕੋਈ ਥਾਂ ਨਹੀਂ ਹੈ। ਇਥੇ ਤਾਂ ਕੇਵਲ ਅਤੁੱਟ ਸ਼ਰਧਾ ਤੇ ਵਿਸ਼ਵਾਸ ਲਈ ਹੀ ਥਾਂ ਹੈ ਭਾਵ ਕਿ ਜੋ ਕੁਝ ਵੀ ਗੁਰੂ ਕਹਿੰਦਾ ਹੈ ਉਹ ਸਤਿ ਸਤਿ ਸਤਿ ਹੈ। ਇਨ੍ਹਾਂ ਸਤਿ ਬਚਨਾਂ ਨੂੰ ਤਾਂ ਕੇਵਲ ਅਮਲੀ ਤੌਰ ਤੇ ਕਮਾ ਕੇ ਅਨੁਭਵ ਕੀਤਾ ਜਾ ਸਕਦਾ ਹੈ ਅਤੇ ਇਸੀ ਤਰ੍ਹਾਂ ਕਮਾਈ ਕਰਦੇ ਹੋਏ ਗੁਰਪ੍ਰਸਾਦਿ ਨਾਲ ਪੂਰਨ ਬ੍ਰਹਮ ਗਿਆਨ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ

ਹਰ ਸ਼ਬਦ ਪੂਰਨ ਹੁਕਮ ਹੈ ਅਤੇ ਉਸ ਨੂੰ ਪੜ੍ਹ ਕੇ ਸਾਡੇ ਗਿਆਨ ਵਿਚ ਵਾਧਾ ਹੁੰਦਾ ਹੈ। ਪਰ ਇਸ ਗਿਆਨ ਦਾ ਲਾਭ ਤਾਂ ਹੁੰਦਾ ਹੈ ਜੇ ਅਸੀਂ ਇਸ ਗਿਆਨ ਨੂੰ ਆਪਣੇ ਜੀਵਨ ਵਿਚ ਅਮਲੀ ਤੌਰ ਤੇ ਪ੍ਰਯੋਗ ਕਰੀਏ। ਨਾ ਕੀ ਹਉਮੈ ਵਿਚ ਪੜ੍ਹ-ਪੜ੍ਹ ਕੇ ਗੱਡੀ ਲੱਧੀ ਜਾਈਏ। ਕਿਉਂਕਿ ਇਸ ਤਰ੍ਹਾਂ ਕਰਨ ਨਾਲ ਕੇਵਲ ਹਉਮੈ ਨੂੰ ਹੀ ਪੱਠੇ ਪੈਣਗੇ। ਤਰਕਸ਼ੀਲਤਾ ਹਉਮੈ ਹੈ। ਤਰਕਸ਼ੀਲਤਾ ਵਿਚ ਫੈਸਲਾ ਕਰਨਾ ਕਿ ਇਹ ਸਹੀ ਹੈ ਅਤੇ ਉਹ ਗਲਤ ਹੈ; ਹਉਮੈ ਹੈ; ਮਾਇਆ ਹੈ। ਪਰ ਗੁਰਪ੍ਰਸਾਦਿ ਮਾਇਆ, ਹਉਮੈ ਅਤੇ ਤਰਕਸ਼ੀਲਤਾ ਤੋਂ ਪਰੇ ਹੈ। ਗੁਰਪ੍ਰਸਾਦਿ ਤਾਂ ਅਨੰਤ ਬ੍ਰਹਮ ਪਰਮ ਸ਼ਕਤੀ ਹੈ

ਜਦੋਂ ਅਸੀਂ ਗੁਰੂ ਦੇ ਸਤਿ ਬਚਨਾਂ ਉੱਤੇ ਆਪਣੀ ਹਉਮੈ ਵੇੜੀ ਕਾਰਨ ਤਰਕਸ਼ੀਲਤਾ ਦਾ ਪ੍ਰਯੋਗ ਕਰਦੇ ਹਾਂ ਤਦ ਅਸੀਂ ਆਤਮਿਕ ਮਾਰਗ ਵਿਚ ਬੁਰੀ ਤਰ੍ਹਾਂ ਨਾਲ ਅਸਫਲ ਹੋ ਜਾਂਦੇ ਹਾਂ। ਪਰ ਜਿਥੇ ਗੁਰੂ ਲਈ ਨਿਸ਼ਕਾਮ ਅਟੁੱਟ ਪਿਆਰ ਹੈ, ਅਟੁੱਟ ਸ਼ਰਧਾ ਹੈ; ਉਥੇ ਤਰਕਸ਼ੀਲਤਾ ਨਹੀਂ ਹੈ। ਜਿਹੜੇ ਅਜਿਹੇ ਅਟੁੱਟ ਪਿਆਰ, ਅਟੁੱਟ ਸ਼ਰਧਾ ਅਤੇ ਅਟੁੱਟ ਭਰੋਸੇ ਦੀਆਂ ਇਨ੍ਹਾਂ ਅਨੰਤ ਬ੍ਰਹਮ ਸ਼ਕਤੀਆਂ ਤੋਂ ਵਾਂਝੇ ਹਨ; ਉਹ ਸਦਾ ਮਾਇਆ ਦੇ ਦਲਦਲ ਵਿਚ ਫੱਸੇ ਰਹਿਣਗੇ

ਬ੍ਰਹਮ ਗਿਆਨ ਕਦੀ ਵੀ ਕਿਤਾਬਾਂ ਪੜ੍ਹ ਕੇ ਨਹੀਂ ਆਉਂਦਾ ਹੈ। ਨਾ ਹੀ ਇਹ ਪੋਥੀ ਪੜ੍ਹ ਕੇ ਆਏਗਾ। ਨਾ ਹੀ ਬ੍ਰਹਮ ਗਿਆਨ ਕਦੀ ਗੁਰਬਾਣੀ ਪੜ੍ਹਣ ਨਾਲ ਆਉਂਦਾ ਹੈ। ਬ੍ਰਹਮ ਗਿਆਨ ਤਾਂ ਗੁਰਪ੍ਰਸਾਦਿ ਹੈ ਅਤੇ ਮਾਇਆ ਤੇ ਪੂਰੀ ਤਰ੍ਹਾਂ ਜਿੱਤ ਪ੍ਰਾਪਤ ਕਰਨ ਤੇ ਹੀ ਆਉਂਦਾ ਹੈ। ਤੱਤ ਗਿਆਨ ਮਾਇਆ ਤੇ ਪੂਰੀ ਤਰ੍ਹਾਂ ਜਿੱਤ ਪ੍ਰਾਪਤ ਕਰਨ ਤੇ ਹੀ ਆਏਗਾ ਅਤੇ ਮਾਇਆ ਤੇ ਜਿੱਤ ਗੁਰਪ੍ਰਸਾਦਿ ਨਾਲ ਹੀ ਪ੍ਰਾਪਤ ਹੁੰਦੀ ਹੈ। ਸੋ ਕਦੀ ਵੀ ਬ੍ਰਹਮ ਗਿਆਨ ਵਿਚ ਤਰਕਸ਼ੀਲਤਾ ਨਹੀਂ ਵਰਤਣੀ ਚਾਹੀਦੀ। ਕੇਵਲ ਪੂਰਨ ਵਿਸ਼ਵਾਸ, ਪੂਰਨ ਸ਼ਰਧਾ ਅਤੇ ਪੂਰਨ ਸਮਰਪਣ ਦੀ ਪਰਮ ਸ਼ਕਤੀਆਂ ਨੂੰ ਹੀ ਵਰਤਣਾ ਚਾਹੀਦਾ ਹੈ। ਸੋ ਇਸ ਪੋਥੀ ਨੂੰ ਪੜ੍ਹਣ ਲੱਗਿਆਂ ਵੀ ਆਪਣੀ ਪੂਰਨ ਵਿਸ਼ਵਾਸ, ਸ਼ਰਧਾ, ਪ੍ਰੀਤ ਅਤੇ ਪੂਰਨ ਸਮਰਪਣ ਦੀ ਪਰਮ ਸ਼ਕਤੀਆਂ ਨੂੰ ਹੀ ਵਰਤੋ; ਅਤੇ ਜੋ ਪੜ੍ਹਦੇ ਹੋ ਉਸਨੂੰ ਉਸੇ ਵੇਲੇ ਅਮਲੀ ਤੌਰ ਵਿਚ ਪ੍ਰਯੋਗ ਕਰੋ। ਜੋ ਪੜ੍ਹਦੇ ਹੋ ਉਸਦੀ ਕਮਾਈ ਕਰੋ ਅਤੇ ਉਸ ਬ੍ਰਹਮ ਗਿਆਨ ਨੂੰ ਆਪ ਆਪਣੇ ਅੰਦਰ ਅਨੁਭਵ ਕਰੋ। ਕਿਉਂਕਿ ਬ੍ਰਹਮ ਗਿਆਨ ਗੁਰਪ੍ਰਸਾਦਿ ਨਾਲ ਅੰਤਰ ਆਤਮਾ ਵਿਚੋਂ ਉਦੋਂ ਉਪਜਦਾ ਹੈ ਜਦ ਅਸੀਂ ਮਾਇਆ ਉੱਤੇ ਪੂਰੀ ਤਰ੍ਹਾਂ ਜਿੱਤ ਪ੍ਰਾਪਤ ਕਰ ਲੈਂਦੇ ਹਾਂ। ਗੁਰਬਾਣੀ ਉੱਤੇ ਅਮਲ ਕਰਨਾ ਆਪ ਸਾਰਿਆਂ ਨੂੰ ਸੱਚਖੰਡ ਲੈ ਕੇ ਜਾਏਗਾ; ਗੁਰਬਾਣੀ ਕੇਵਲ ਪੜ੍ਹਣ ਨਾਲ ਨਹੀਂ। ਸੋ ਅੰਤ ਵਿਚ ਕੇਵਲ ਇਤਨਾ ਹੀ ਕਹਾਂਗੇ ਕਿ ਜੋ ਗੁਰਬਾਣੀ ਕਹਿੰਦੀ ਹੈ ਉਹ ਕਰੋ ਅਤੇ ਗੁਰਬਾਣੀ ਬਣੋ

ਗੁਰਪ੍ਰਸਾਦੀ ਗੁਰਕਰਿਪਾ ਨਾਲ ਪੂਰਨ ਹੁਕਮ ਉੱਪਰ ਆਧਾਰਤ ਪੂਰਨ ਸਤਿ ਦੀ ਮਹਿਮਾ ਇਸ ਪੋਥੀ ਵਿਚ ਬੜੇ ਸੌਖੇ ਸ਼ਬਦਾਂ ਵਿਚ ਸਾਰੀ ਲੋਕਾਈ ਨਾਲ ਸਾਂਝੀ ਕੀਤੀ ਗਈ ਹੈ। ਪੂਰਨ ਸਤਿ ਵਿਚ ਭਿੱਜੀ ਹੋਈ ਇਹ ਗੁਰਪ੍ਰਸਾਦੀ ਕਥਾ ਜਿਗਿਆਸੂਆਂ ਨੂੰ ਬੰਦਗੀ ਦੇ ਮਾਰਗ ਉੱਪਰ ਸੁਗਮਤਾ ਨਾਲ ਚੱਲਣ ਵਿਚ ਬਹੁਤ ਸਹਾਇਕ ਸਿੱਧ ਹੋਵੇਗੀ ਅਤੇ ਭਗਤੀ ਦੇ ਮਾਰਗ ਉੱਤੇ ਵਿਚਰ ਰਹੇ ਜਿਗਿਆਸੂਆਂ ਦਾ ਮਾਰਗ ਦਰਸ਼ਨ ਕਰੇਗੀ। ਜਿਸ ਨਾਲ ਜਿਗਿਆਸੂ ਪੂਰਨ ਬੰਦਗੀ ਦੀ ਅਵਸਥਾ ਨੂੰ ਬੜੀ ਛੇਤੀ ਅਤੇ ਬੜੀ ਸੌਖ ਨਾਲ ਪ੍ਰਾਪਤ ਕਰ ਸਕਣਗੇ ਅਤੇ ਆਤਮ ਰਸ ਅੰਮ੍ਰਿਤ ਨੂੰ ਬੜੀ ਹੀ ਛੇਤੀ ਅਤੇ ਸੁਗਮਤਾ ਨਾਲ ਭੁੰਚ ਸਕਣਗੇ। ਭਗਤੀ ਦੇ ਮਾਰਗ ਉੱਪਰ ਚੱਲਦੇ ਹੋਏ ਆਮ ਤੌਰ ਤੇ ਜੋ ਜੋ ਸ਼ੰਕਿਆਂ ਅਤੇ ਸਵਾਲਾਂ ਦਾ ਸਾਹਮਣਾ ਜਿਗਿਆਸੂਆਂ ਨੂੰ ਕਰਨਾ ਪੈਂਦਾ ਹੈ, ਇਸ ਪੁਸਤਕ ਵਿਚ ਗੁਰਪ੍ਰਸਾਦਿ ਅਤੇ ਗੁਰੂ ਕਿਰਪਾ ਦੇ ਨਾਲ ਪੂਰਨ ਬ੍ਰਹਮ ਗਿਆਨ ਪੂਰਨ ਸਤਿ ਦੁਆਰਾ ਉਨ੍ਹਾਂ ਸਭ ਸਵਾਲਾਂ ਦੇ ਜਵਾਬ ਅੰਕਿਤ ਹਨ। ਜੋ ਪਰਮਾਰਥ ਦੇ ਮਾਰਗ ਉੱਪਰ ਚੱਲ ਰਹੇ ਜਿਗਿਆਸੂਆਂ ਦੇ ਸ਼ੰਕੇ ਨਵਿਰਤ ਕਰਨਗੇ ਅਤੇ ਉਨ੍ਹਾਂ ਨੂੰ ਭਰਮ ਮੁਕਤ ਕਰਕੇ ਸਚਖੰਡ ਵਾਸੀ ਬਣਨ ਵਿਚ ਸਹਾਇਕ ਸਿੱਧ ਹੋਣਗੇ

 

 

 

 

 

 

ਲੇਖਕ ਦੇ ਬਾਰੇ

 

ਦਾਸਨ ਦਾਸ ਜੀ ਕੇਵਲ ਇੱਕ ਸਾਧਾਰਨ ਗ੍ਰਹਿਸਤੀ ਹਨ। ਸੰਸਾਰਕ ਫਰਜ਼ਾਂ ਨੂੰ ਨਿਭਾਉਂਦੇ ਹੋਏ, ਉਹ ਗੁਰਪ੍ਰਸਾਦੀ ਗੁਰਕਿਰਪਾ ਨਾਲ ਆਤਮਿਕ ਤੌਰ ਤੇ ਬਖਸ਼ੇ ਗਏ ਹਨ ਅਤੇ ਪੂਰਨ ਸਤਿ ਦੀ ਸੇਵਾ ਕਰਨ ਲਈ ਆਪਣੇ ਸਵਾਸ ਲੇਖੇ ਲਾਉਣ ਲਈ ਯਤਨਸ਼ੀਲ ਹਨ। ਉਹ ਆਪ ਜੀ ਨਾਲ ਆਪਣੇ ਬਾਰੇ ਕੇਵਲ ਇਤਨਾ ਹੀ ਦੱਸਣਾ ਚਾਹੁੰਦੇ ਹਨ :-

“ਅਸੀਂ ਕੇਵਲ ਦਾਸਾਂ ਦੇ ਦਾਸ ਹਾਂ। ਕੋਟ ਬ੍ਰਹਮੰਡ ਕੇ ਚਰਨਾਂ ਕੇ ਦਾਸ ਦਾਸਨ ਦਾਸ। ਸਾਰੀ ਸ੍ਰਿਸ਼ਟੀ ਦੀ ਚਰਣ ਧੂਲ। ਬਿਸ਼ਟਾ ਕੇ ਕੀੜੇ ਕੇ ਭੀ ਦਾਸ। ਇਸ ਧਰਤੀ ਤੇ ਕੇਵਲ ਇੱਕ ਕਿਰਮ ਜੰਤ ਹਾਂ। ਜੋ ਕੁਝ ਵੀ ਸਾਡੇ ਜੀਵਨ ਵਿਚ ਵਾਪਰਿਆ ਹੈ ਉਹ ਸਭ ਕੁਝ ਸਤਿਗੁਰ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਗੁਰ ਕਿਰਪਾ ਅਤੇ ਗੁਰਪ੍ਰਸਾਦਿ ਕਰਕੇ ਵਾਪਰਿਆ ਹੈ ਅਤੇ ਵਾਪਰ ਰਿਹਾ ਹੈ। ਅਸੀਂ ਸਾਰੀ ਰਚਨਾ ਦੇ ਕੇਵਲ ਇੱਕ ਨਿਮਾਣੇ ਸੇਵਕ ਹਾਂ ਅਤੇ ਪੂਰਨ ਸਤਿ ਦੀ ਸੇਵਾ ਵਿਚ ਪੂਰਨ ਹੁਕਮ ਅਨੁਸਾਰ ਸਾਰੀ ਲੋਕਾਈ ਨੂੰ ਪੂਰਨ ਸਤਿ ਵਰਤਾਉਣ ਲਈ ਯਤਨ ਕਰ ਰਹੇ ਹਾਂ । ਸਤਿਗੁਰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਹਰ ਇੱਕ ਮਨੁੱਖ ਨੂੰ ਗੁਰਪ੍ਰਸਾਦੀ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ-ਪਰਉਪਕਾਰ ਅਤੇ ਮਹਾ ਪਰਉਪਕਾਰ ਦੀ ਪਰਮ ਸ਼ਕਤੀ ਨਾਲ ਨਿਵਾਜੇ ਜਿਸ ਦੇ ਫੱਲਸਰੂਪ ਇਸ ਧਰਤੀ ਉੱਪਰ ਫਿਰ ਸਤਿਯੁਗ ਦੀ ਸਥਾਪਨਾ ਸੰਭਵ ਹੋ ਜਾਵੇ।”

 

ਵੈਬਸਾਈਟ ਦੇ ਬਾਰੇ

ਇਹ ਪੁਸਤਕ ਸਭ ਤੋਂ ਪਹਿਲਾਂ www.satnaam.info ਵੈਬਸਾਈਟ ਤੇ ਪ੍ਰਕਾਸ਼ਿਤ ਹੋਈ ਸੀ। ਆਪ ਜੀ ਦੇ ਆਤਮਿਕ ਲਾਭ ਲਈ ਵੈਬਸਾਈਟ ਤੇ ਅੰਗ੍ਰੇਜ਼ੀ ਅਤੇ ਪੰਜਾਬੀ ਵਿਚ ਬਹੁਤ ਸਾਰੀਆਂ ਪੁਸਤਕਾਂ ਉਪਲਬਧ ਹਨ। ਵੈਬਸਾਈਟ, ਫੋਰਮ ਅਤੇ ਈਮੇਲ ਗਰੁੱਪ ਦਾ ਗੁਰਪ੍ਰਸਾਦੀ ਮਨੋਰਥ, ਸੰਗਤ ਨੂੰ ਨਾਮ, ਗੁਰਬਾਣੀ, ਅਕਾਲ ਪੁਰਖ, ਪੂਰਨ ਬੰਦਗੀ ਅਤੇ ਸੇਵਾ – ਪਰਉਪਕਾਰ ਅਤੇ ਮਹਾ ਪਰਉਪਕਾਰ ਨਾਲ ਜੋੜਣਾ ਹੈ। ਗੁਰਬਾਣੀ ਨੇ ਸੱਚਖੰਡ ਤੱਕ ਦੀ ਯਾਤਰਾ ਕਰਨ ਦਾ ਨਕਸ਼ਾ ਦਰਸਾਇਆ ਹੈ ਅਤੇ ਜਦੋਂ ਅਸੀਂ ਇਸ ਨਕਸ਼ੇ ਅਨੁਸਾਰ ਚੱਲਦੇ ਹਾਂ ਤਾਂ ਅਸੀਂ ਇਸ ਅਨੰਤਤਾ ਦੇ ਮਾਰਗ ਉੱਤੇ ਚੱਲਦੇ ਹਾਂ। ਗੁਰਬਾਣੀ ਦੀ ਪਾਲਣਾ ਕਰਨ ਤੋਂ ਬਗੈਰ ਸੱਚਖੰਡ ਦੇ ਮਾਰਗ ਉੱਤੇ ਚੱਲਣਾ ਬਹੁਤ ਹੀ ਮੁਸ਼ਕਿਲ ਹੈ। ਆਪ ਜੀ ਦੀ ਆਤਮਿਕ ਸਫਲਤਾ ਦੀ ਕੁੰਜੀ ਗੁਰਬਾਣੀ ਉੱਤੇ ਅਮਲ ਕਰਨਾ ਹੈ

ਅਸੀਂ ਜੋ ਕੁਝ ਵੀ ਭੌਤਿਕ ਤੌਰ ਤੇ ਅਨੁਭਵ ਕੀਤਾ ਹੈ ਅਤੇ ਸਾਡੇ ਆਤਮਿਕ ਅਨੁਭਵ ਵਿਚ ਜੋ ਕੁਝ ਵੀ ਬੀਤਿਆ ਹੈ ਉਹ ਸਭ ਇਸੇ ਕਰਕੇ ਹੀ ਬੀਤਿਆ ਹੈ ਕਿ ਅਸੀਂ ਜੋ ਗੁਰਬਾਣੀ ਕਹਿੰਦੀ ਹੈ ਉਹ ਕੀਤਾ ਹੈ। ਇਸ ਪੋਥੀ ਵਿਚ ਅਤੇ ਵੈਬਸਾਈਟ ਵਿਚ ਜੋ ਕੁਝ ਵੀ ਲਿਖਿਆ ਹੈ; ਉਹ ਸਾਡੇ ਨਿਜੀ ਗੁਰਬਾਣੀ ਅਨੁਸਾਰ ਆਤਮਿਕ ਅਨੁਭਵਾਂ ਤੇ ਆਧਾਰਤ ਹੈ ਅਤੇ ਇਹ ਅਨੰਤ ਪੂਰਨ ਸਤਿ ਹੈ, ਇਸ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਹੈ

ਅਸੀਂ ਨਿੰਮਰਤਾ ਸਹਿਤ ਸਾਰੀ ਸੰਗਤ ਜੀ ਦੇ ਸ੍ਰੀ ਚਰਨਾਂ ਤੇ ਬੇਨਤੀ ਕਰਦੇ ਹਾਂ ਕਿ ਵੈਬਸਾਈਟ ਤੇ ਪ੍ਰਕਾਸ਼ਿਤ ਪੁਸਤਕਾਂ ਨੂੰ ਖੁੱਲ੍ਹੇ ਮਨ ਅਤੇ ਉਦਾਰਤਾ ਨਾਲ ਪੜ੍ਹੋ। ਤਦ ਹੀ ਆਪ ਜੀ ਅਨੰਤ ਪੂਰਨ ਸਤਿ ਨੂੰ ਅਨੁਭਵ ਕਰ ਸਕੋਗੇ ਤੇ ਮਾਣ ਸਕੋਗੇ। ਸਾਡੀ ਧੰਨ ਧੰਨ, ਅਗੰਮ, ਅਗੋਚਰ, ਅਨੰਤ, ਬੇਅੰਤ ਸ੍ਰੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਨੂੰ ਨਿਰੰਤਰ ਅਰਦਾਸ ਹੈ ਕਿ ਉਹ ਉਸ ਹਰ ਇੱਕ ਮਨੁੱਖ ਨੂੰ ਗੁਰਪ੍ਰਸਾਦੀ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਬਖਸ਼ੇ

(ਆਪਣੀ ਆਤਮਿਕ ਯਾਤਰਾ ਦੇ ਕਿਸੇ ਵੀ ਪੱਖ ਸੰਬੰਧੀ ਵਿਮਰਸ਼ ਕਰਨ ਲਈ ਜਾਂ ਕੋਈ ਸਵਾਲ ਪੁੱਛਣ ਲਈ, ਕਿਸੀ ਮੁਸ਼ਕਿਲ ਲਈ, ਕਿਰਪਾ ਕਰਕੇ dassandas@gmail.com ਤੇ ਈਮੇਲ ਕਰੋ। ਜੇਕਰ ਆਪ ਜੀ ਇਸ ਭਗਤੀ ਦੇ ਮਾਰਗ ਵਿਚ ਇਕ ਦੂਜੇ ਦੀ ਮਦਦ ਕਰਨ ਲਈ ਪੂਰੇ ਵਿਸ਼ਵ ਵਿਚ ਫੈਲੀ ਹੋਈ ਵੈਬ ਸੰਗਤ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਦ ਵੀ ਉਪ੍ਰੋਕਤ ਈਮੇਲ ਆਈ. ਡੀ. ਤੇ ਈਮੇਲ ਕਰੋ ਜੀ।)