ਜਪੁਜੀ ਸਲੋਕੁ

 

ਸਲੋਕੁ ॥

ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥

ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥

ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ ॥

ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥

ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥

ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥੧॥

 

ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਦੀ, ਧੰਨ ਧੰਨ ਸਤਿਗੁਰ ਸੱਚੇ ਪਾਤਿਸ਼ਾਹ ਜੀ ਅਤੇ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੀ ਬੇਅੰਤ ਅਪਾਰ ਗੁਰ ਕਿਰਪਾ ਅਤੇ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਨਾਲ ਮਾਨਸਰੋਵਰ ਦੀ ਪਰਮ ਸ਼ਕਤੀ ਦੀ ਮਹਿਮਾ ਅਤੇ ਮਾਨਸਰੋਵਰ ਵਿਚ ਵਾਸ ਕਰਨ ਵਾਲੀਆਂ ਰੂਹਾਂ ਦੀ ਪਰਮ ਸ਼ਕਤੀਸ਼ਾਲੀ ਮਹਿਮਾ ਦੀ ਇਕ ਝਲਕ ਜਪੁ ਜੀ ਸਾਹਿਬ ਦੀ ਬਾਣੀ ਦੀ ਇਸ ਗੁਰ ਪ੍ਰਸਾਦੀ ਕਥਾ ਦੁਆਰਾ ਕਰਨ ਦਾ ਇਕ ਸਨਿਮਰ ਯਤਨ ਕੀਤਾ ਗਿਆ ਹੈ। ਉਂਝ ਤਾਂ ਗੁਰਬਾਣੀ ਦੀ ਮਹਿਮਾ ਅਕੱਥ ਅਤੇ ਬੇਅੰਤ ਹੈ, ਮਾਨਸਰੋਵਰ ਦੀ ਮਹਿਮਾ ਅਕੱਥ ਅਤੇ ਬੇਅੰਤ ਹੈ, ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਅਕੱਥ ਅਤੇ ਬੇਅੰਤ ਹੈ, ਸਤਿਨਾਮ ਦੀ ਮਹਿਮਾ ਅਕੱਥ ਅਤੇ ਬੇਅੰਤ ਹੈ, ਸਤਿ ਵਿਚ ਰੱਤੀਆਂ ਗਈਆਂ ਰੂਹਾਂ ਦੀ ਮਹਿਮਾ ਅਕੱਥ ਅਤੇ ਬੇਅੰਤ ਹੈ, ਸਤਿਗੁਰ, ਸੰਤ, ਬ੍ਰਹਮ ਗਿਆਨੀ ਅਤੇ ਖ਼ਾਲਸੇ ਦੀ ਮਹਿਮਾ ਅਕੱਥ ਅਤੇ ਬੇਅੰਤ ਹੈ ਅਤੇ ਇਹ ਕੇਵਲ ਬੰਦਗੀ ਕਰਨ ਵਾਲੀਆਂ ਰੂਹਾਂ ਨੇ ਹੀ ਅਨੁਭਵ ਕੀਤਾ ਹੈ ਅਤੇ ਐਸੀਆਂ ਰੂਹਾਂ ਹੀ ਅਨੁਭਵ ਕਰ ਸਕਦੀਆਂ ਹਨ। ਇਸ ਲਈ ਇਸ ਪਰਮ ਸ਼ਕਤੀਸ਼ਾਲੀ ਮਹਿਮਾ ਦਾ ਬਿਆਨ ਨਹੀਂ ਕੀਤਾ ਜਾ ਸਕਦਾ ਹੈ। ਇਸ ਲਈ ਇਸ ਗੁਰ ਪ੍ਰਸਾਦੀ ਕਥਾ ਦੁਆਰਾ ਮਾਨਸਰੋਵਰ ਦੀ ਇਕ ਝਲਕ ਮਾਤਰ ਬਿਆਨ ਕਰਨ ਦਾ ਯਤਨ ਕੀਤਾ ਹੈ। ਇਸ ਲਈ ਇਸ ਗੁਰ ਪ੍ਰਸਾਦੀ ਕਥਾ ਨੂੰ ਪੜ੍ਹਣ ਅਤੇ ਜੋ ਕੁਝ ਪੜ੍ਹਿਆ ਹੈ ਉਸ ਨੂੰ ਆਪਣੇ ਰੋਜ਼ਾਨਾ ਜੀਵਨ ਵਿਚ ਢਾਲਣ ਨਾਲ ਤੁਸੀਂ ਵੀ ਆਪਣੇ ਇਸ ਜੀਵਨ ਕਾਲ ਵਿਚ ਮਾਨਸਰੋਵਰ ਦੀ ਪਰਮ ਸ਼ਕਤੀ ਨੂੰ ਅਨੁਭਵ ਕਰ ਕੇ ਆਪਣਾ ਜੀਵਨ ਸਫਲ ਕਰ ਸਕਦੇ ਹੋ। ਇਹ ਹੀ ਸਤਿਗੁਰ ਦਾ ਅਤੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਵਾਅਦਾ ਹੈ ਕਿ ਜੋ ਕੋਈ ਮਨੁੱਖ ਇਸ ਪੂਰਨ ਬ੍ਰਹਮ ਗਿਆਨ ਦੇ ਬੇਅੰਤ ਸੋਮੇ ਵਿਚੋਂ ਇਕ ਵੀ ਰਤਨ ਦੀ ਕਮਾਈ ਕਰ ਲਵੇਗਾ ਉਹ ਮਨੁੱਖ ਮਾਨਸਰੋਵਰ ਵਿਚ ਸਮਾ ਜਾਏਗਾ ਅਤੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਵਿਚ ਅਭੇਦ ਹੋ ਜਾਏਗਾ।

ਸੰਸਾਰ ਵਿਚ ਜਨਮੇ ਹੋਏ ਸਾਰੇ ਪ੍ਰਾਣੀਆਂ ਵਿਚ ਵਰਤ ਰਹੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਪਰਮ ਸ਼ਕਤੀ ਦੀ ਕਥਾ ਅਤੇ ਮਹਿਮਾ ਫਿਰ ਇਕ ਬਾਰ ਧੰਨ ਧੰਨ ਸਤਿਗੁਰ ਅਵਤਾਰ ਨਾਨਾਕ ਪਾਤਿਸ਼ਾਹ ਜੀ ਨੇ ਇਸ ਪਰਮ ਸ਼ਕਤੀਸ਼ਾਲੀ ਸ਼ਲੋਕ ਦੁਆਰਾ ਸਾਰੀ ਲੋਕਾਈ ਦੀ ਝੋਲੀ ਵਿਚ ਪਾ ਦਿੱਤੀ ਹੈ। ‘ਪਵਣੁ’ ਹੀ ਜੀਵਾਂ ਦਾ ਜੀਵਨ ਹੈ। ‘ਪਵਣੁ’ ਹੀ ਉਹ ਪਰਮ ਸ਼ਕਤੀ ਹੈ ਜੋ ਸਾਰੇ ਜੀਵਾਂ ਅਤੇ ਬਨਸਪਤ ਦੇ ਜੀਵਨ ਦਾ ਮੂਲ ਤੱਤ ਹੈ। ‘ਪਵਣੁ’ ਹੀ ਮਨੁੱਖ ਦੇ ਪੰਜ ਤੱਤਾਂ ਨਾਲ ਸਿਰਜੀ ਗਈ ਦੇਹੀ ਦਾ ਮੂਲ ਤੱਤ ਹੈ ਜਿਸਦੇ ਨਾਲ ਮਨੁੱਖ ਦੇ ਪ੍ਰਾਣ ਕਾਇਮ ਰਹਿੰਦੇ ਹਨ। ‘ਪਵਣੁ’ ਤੋਂ ਬਿਨਾਂ ਮਨੁੱਖ ਦਾ ਜੀਵਨ ਸੰਭਵ ਨਹੀਂ ਹੈ। ‘ਗੁਰ’ ਤੱਤ ਤੋਂ ਭਾਵ ਹੈ ਉਹ ਤੱਤ ਜੋ ਸਰਵ ਵਿਆਪਕ ਹੈ। ਜੋ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਪਰਮ ਸ਼ਕਤੀ ਹੈ। ਜੋ ਹਨੇਰਾ ਦੂਰ ਕਰਕੇ ਜੀਵਨ ਵਿਚ ਪਰਮ ਜੋਤ ਪੂਰਨ ਪ੍ਰਕਾਸ਼ ਕਰ ਦਿੰਦਾ ਹੈ। ਇਹ ਪਰਮ ਤੱਤ ‘ਪਵਣੁ’ ਵਿਚ ਵੀ ਵਿਆਪਕ ਹੈ ਜੋ ਜੀਵਨ ਦਿੰਦਾ ਹੈ। ਇਸ ਲਈ ‘ਪਵਣੁ’ ਨੂੰ ਗੁਰੂ ਕਿਹਾ ਗਿਆ ਹੈ। ਮਨੁੱਖ ਦਾ ਜਨਮ ਅਤੇ ਹੋਂਦ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਜੋਤ ਦੇ ਕਾਰਣ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਇਹ ਜੋਤ ਦੀ ਹੋਂਦ ਦੇ ਕਾਰਣ ਹੀ ਅਤੇ ਇਸ ਜੋਤ ਦੇ ਹੁਕਮ ਵਿਚ ਹੀ ਪੰਜ ਭੂਤਕ (ਪਵਣੁ, ਬੈਸੰਤਰ, ਧਰਤੀ, ਪਾਣੀ ਅਤੇ ਆਕਾਸ਼) ਮਨੁੱਖਾ ਦੇਹੀ ਦਾ ਨਿਰਮਾਣ ਹੁੰਦਾ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਇਸ ਜੋਤ ਦੇ ਕਾਰਣ ਹੀ ਮਨੁੱਖਾ ਦੇਹੀ ਵਿਚ ‘ਪਵਣੁ ਗੁਰੂ’ ਸਵਾਸਾਂ ਦੇ ਰੂਪ ਵਿਚ ਚੱਲਦੀ ਹੈ ਅਤੇ ਮਨੁੱਖਾ ਦੇਹੀ ਨੂੰ ਜੀਵਨ ਦਿੰਦੀ ਹੈ। ‘ਪਵਣੁ ਗੁਰੂ’ ਰਾਹੀਂ ਚੱਲ ਰਹੇ ਇਨ੍ਹਾਂ ਸਵਾਸਾਂ ਦੀ ਇਸ ਪਰਮ ਸ਼ਕਤੀ ਨੂੰ ਹੀ ਪ੍ਰਾਣ ਕਿਹਾ ਜਾਂਦਾ ਹੈ। ਇਸੇ ਪਰਮ ਸ਼ਕਤੀ ਦੇ ਕਾਰਣ ਹੀ ਮਨੁੱਖ ਦੀ ਦੇਹੀ ਦੇ ਸਾਰੇ ਅੰਗ ਆਪੋ ਆਪਣਾ ਕਾਰਜ ਕਰਦੇ ਹਨ। ਇਸੇ ਪਰਮ ਸ਼ਕਤੀ ਦੇ ਕਾਰਣ ਹੀ ਮਨੁੱਖ ਦੀ ਦੇਹੀ ਦੇ ਵਿਚ ਦਿਲ ਧੜਕਦਾ ਹੈ ਅਤੇ ਸਾਰੀ ਦੇਹੀ ਵਿਚ ਖੂਨ ਦਾ ਦੌਰਾ ਕਰਦਾ ਹੈ। ਇਸੇ ਪਰਮ ਸ਼ਕਤੀ ਦੇ ਕਾਰਣ ਹੀ ਮਨੁੱਖ ਦੀ ਦੇਹੀ ਦੇ ਵਿਚ ਦਿਮਾਗ ਆਪਣਾ ਕਰਮ ਕਰਦਾ ਹੈ, ਮਨੁੱਖ ਦੀਆਂ ਪੰਜ ਗਿਆਨ ਇੰਦਰੀਆਂ ਅਤੇ ਪੰਜ ਕਰਮ ਇੰਦਰੀਆਂ ਅਪੋ ਆਪਣੇ ਕਾਰਜ ਕਰਦੀਆਂ ਹਨ। ਜਦ ਇਹ ਜੋਤ ਮਨੁੱਖਾ ਦੇਹੀ ਨੂੰ ਛੱਡ ਦਿੰਦੀ ਹੈ ਤਾਂ ਮਨੁੱਖ ਦੀ ਦੇਹੀ ਦੀ ਮੌਤ ਹੋ ਜਾਂਦੀ ਹੈ ਅਤੇ ਪੰਜੇ ਤੱਤ ਕੁਦਰਤ ਵਿਚ ਵਾਪਸ ਜਾ ਕੇ ਲੀਨ ਹੋ ਜਾਂਦੇ ਹਨ। ਇਸ ਪਰਮ ਸਤਿ ਤੱਤ ਨੂੰ ਗੁਰਬਾਣੀ ਵਿਚ ਬਾਰ-ਬਾਰ ਦ੍ਰਿੜ੍ਹ ਕਰਵਾਇਆ ਗਿਆ ਹੈ ਅਤੇ ਪ੍ਰਗਟ ਕੀਤਾ ਗਿਆ ਹੈ :

 

 

ਸਭ ਮਹਿ ਜੋਤਿ ਜੋਤਿ ਹੈ ਸੋਇ ॥

(ਪੰਨਾ ੧੩)

 

ਏਕਾ ਜੋਤਿ ਜੋਤਿ ਹੈ ਸਰੀਰਾ ॥ ਸਬਦਿ ਦਿਖਾਏ ਸਤਿਗੁਰੁ ਪੂਰਾ ॥

(ਪੰਨਾ ੧੨੫)

 

ਪ੍ਰਭ ਕੀ ਜੋਤਿ ਸਗਲ ਘਟ ਸੋਹੈ ॥

(ਪੰਨਾ ੨੮੨)

 

ਇਹੁ ਸਰੀਰੁ ਸਭੁ ਧਰਮੁ ਹੈ ਜਿਸੁ ਅੰਦਰਿ ਸਚੇ ਕੀ ਵਿਚਿ ਜੋਤਿ ॥

(ਪੰਨਾ ੩੦੯)

 

ਜਾਤਿ ਮਹਿ ਜੋਤਿ ਜੋਤਿ ਮਹਿ ਜਾਤਾ ਅਕਲ ਕਲਾ ਭਰਪੂਰਿ ਰਹਿਆ ॥

(ਪੰਨਾ ੪੬੯)

 

ਏ ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰਖੀ ਤਾ ਤੂ ਜਗ ਮਹਿ ਆਇਆ ॥

ਹਰਿ ਜੋਤਿ ਰਖੀ ਤੁਧੁ ਵਿਚਿ ਤਾ ਤੂ ਜਗ ਮਹਿ ਆਇਆ ॥

(ਪੰਨਾ ੯੨੧)

 

ਪੂਰੇ ਸਤਿਗੁਰ ਦੀ ਗੁਰ ਕਿਰਪਾ ਅਤੇ ਗੁਰ ਪ੍ਰਸਾਦਿ ਨਾਲ ਹੀ ਇਸ ਪਰਮ ਸਤਿ ਤੱਤ ਦਾ ਗਿਆਨ ਮਨੁੱਖ ਨੂੰ ਪ੍ਰਾਪਤ ਹੁੰਦਾ ਹੈ। ਮਾਇਆ ਵਿਚ ਉਲਝੇ ਹੋਣ ਕਾਰਣ ਆਮ ਮਨੁੱਖ ਨੂੰ ਇਸ ਪਰਮ ਸਤਿ ਤੱਤ ਦਾ ਬੋਧ ਨਹੀਂ ਹੁੰਦਾ ਹੈ। ਕੇਵਲ ਉਹ ਮਨੁੱਖ ਜੋ ਸਤਿਗੁਰ ਪੂਰੇ ਦੀ ਕਿਰਪਾ ਨਾਲ ਗੁਰ ਪ੍ਰਸਾਦਿ ਪ੍ਰਾਪਤ ਕਰਕੇ ਬੰਦਗੀ ਵਿਚ ਲੀਨ ਹੋ ਜਾਂਦੇ ਹਨ ਉਨ੍ਹਾਂ ਨੂੰ ਇਸ ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ।

ਪਾਣੀ ਮਨੁੱਖ ਨੂੰ ਜੀਵਨ ਦੇਣ ਵਾਲਾ ਅਗਲਾ ਪਰਮ ਸ਼ਕਤੀਸ਼ਾਲੀ ਤੱਤ ਹੈ ਜਿਸਦਾ ਨਿਰਮਾਣ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਹੁਕਮ ਵਿਚ ਹੋਇਆ ਹੈ। ਪਾਣੀ ਦੀ ਰਚਨਾ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬੇਅੰਤ ਬਿਸਮਾਦ ਜਨਕ ਕਿਰਤ ਹੈ।ਅੱਜ ਦੇ ਵਿਗਿਆਨ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਦੋ ਹਿੱਸੇ ਹਾਈਡਰੋਜਨ ਗੈਸ ਅਤੇ ਇਕ ਹਿੱਸਾ ਆਕਸੀਜਨ ਗੈਸ ਦੇ ਮਿਲਾਪ ਨਾਲ ਪਾਣੀ ਦਾ ਨਿਰਮਾਣ ਹੁੰਦਾ ਹੈ। ਵਿਗਿਆਨ ਇਹ ਵੀ ਸਿੱਧ ਕਰ ਚੁੱਕਾ ਹੈ ਕਿ ਹਾਈਡਰੋਜਨ ਗੈਸ ਬਹੁਤ ਬਲਣਸ਼ੀਲ ਤੱਤ ਹੈ ਅਤੇ ਅਕਸੀਜਨ ਗੈਸ ਬਲਣ ਵਿਚ ਸਹਾਇਤਾ ਕਰਦੀ ਹੈ। ਇਹ ਕੁਦਰਤ ਦੀ ਪਰਮ ਸ਼ਕਤੀ ਦਾ ਅਦੁੱਤਾ ਕਰਿਸ਼ਮਾ ਹੈ ਕਿ ਇਹ ਦੋਨੋਂ ਵਿਰੋਧੀ ਤੱਤ ਮਿਲ ਕੇ ਪਾਣੀ ਦਾ ਨਿਰਮਾਣ ਕਰਦੇ ਹਨ ਜੋ ਅੱਗ ਨੂੰ ਬੁਝਾਉਂਦਾ ਹੈ ਅਤੇ ਸਾਰੇ ਜਗਤ ਨੂੰ ਜੀਵਨ ਦਿੰਦਾ ਹੈ। ਕੁਦਰਤ ਦੇ ਇਸ ਅਦੁੱਤੇ ਕਰਿਸ਼ਮੇ ਨੂੰ ਗੁਰਬਾਣੀ ਵਿਚ ‘ਵਿਸਮਾਦੁ’ ਕਿਹਾ ਗਿਆ ਹੈ ਅਤੇ ਪਾਣੀ ਨੂੰ ‘ਪਿਤਾ ਜਗਤ ਕਾ’ ਕਿਹਾ ਗਿਆ ਹੈ। ਕਿਉਂਕਿ ਪਾਣੀ ਸਾਰੇ ਸੰਸਾਰ ਦੇ ਜੀਵਾਂ ਅਤੇ ਸਾਰੀ ਬਨਸਪਤ ਨੂੰ ਜੀਵਨ ਦਿੰਦਾ ਹੈ। ਇਸ ਪਰਮ ਸਤਿ ਤੱਤ ਨੂੰ ਗੁਰਬਾਣੀ ਵਿਚ ਪ੍ਰਗਟ ਕੀਤਾ ਗਿਆ ਹੈ :

 

ਵਿਸਮਾਦੁ ਪਉਣੁ ਵਿਸਮਾਦੁ ਪਾਣੀ ॥

(ਪੰਨਾ ੪੬੪)

 

ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ ॥

(ਪੰਨਾ ੪੭੨)

 

ਪਾਣੀ ਚਿਤੁ ਨ ਧੋਪਈ ਮੁਖਿ ਪੀਤੈ ਤਿਖ ਜਾਇ ॥

ਪਾਣੀ ਪਿਤਾ ਜਗਤ ਕਾ ਫਿਰਿ ਪਾਣੀ ਸਭੁ ਖਾਇ ॥੨॥

(ਪੰਨਾ ੧੨੪੦)

 

ਪਵਣੁ ਤੋਂ ਬਿਨਾਂ ਮਨੁੱਖ ਥੋੜ੍ਹੇ ਪੱਲ ਹੀ ਜੀ ਸਕਦਾ ਹੈ। ਅੱਜ ਦੇ ਚਿਕਿਤਸਕ ਵਿਗਿਆਨ (ਮੈਡੀਕਲ ਸਾਈਂਸ) ਨੇ ਇਹ ਸਿੱਧ ਕਰ ਦਿੱਤਾ ਹੈ ਜਦ ਮਨੁੱਖ ਦੇ ਖੂਨ ਵਿਚ ਆਕਸੀਜਨ ਗੈਸ ਦੀ ਕਮੀ ਹੋ ਜਾਂਦੀ ਹੈ ਤਾਂ ਮਨੁੱਖ ਦਾ ਜੀਵਨ ਸੰਕਟ ਵਿਚ ਪੈ ਜਾਂਦਾ ਹੈ।ਮਨੁੱਖੀ ਦੇਹੀ ਵਿਚ ਆਕਸੀਜਨ ਦੇ ਨਾਲ ਹੀ ਜੀਵਨ ਚਲਦਾ ਹੈ ਅਤੇ ਆਕਸੀਜਨ ਨਾ ਮਿਲਣ ਦੀ ਸੂਰਤ ਵਿਚ ਮਨੁੱਖਾ ਦੇਹੀ ਦੀ ਮੌਤ ਹੋ ਜਾਂਦੀ ਹੈ। ਇਸ ਪਰਮ ਸਤਿ ਤੱਤ ਨੂੰ ਗੁਰਬਾਣੀ ਵਿਚ ਕਈ ਸੌ (੧੦੦) ਸਾਲ ਪਹਿਲਾਂ ਹੀ ਪ੍ਰਗਟ ਕਰ ਦਿੱਤਾ ਗਿਆ ਸੀ। ਇਸ ਲਈ ‘ਪਵਣੁ’ ਨੂੰ ‘ਗੁਰੂ’ ਪੱਦਵੀ ਦਿੱਤੀ ਗਈ ਹੈ ਕਿਉਂਕਿ ‘ਗੁਰੂ’ ਤੋਂ ਬਿਨਾਂ ਜੀਵਨ ਸੰਭਵ ਨਹੀਂ ਹੈ। ਪਾਣੀ ਤੋਂ ਬਿਨਾਂ ਮਨੁੱਖ ਕੁਝ ਦਿਨ ਜੀ ਸਕਦਾ ਹੈ। ਪਾਣੀ ਤੋਂ ਬਿਨਾਂ ਬਨਸਪਤ ਵੀ ਥੋੜ੍ਹੇ ਸਮੇਂ ਲਈ ਹਰੀ ਰਹਿ ਸਕਦੀ ਹੈ। ਇਸ ਲਈ ਪਾਣੀ ਜੀਵਨ ਦਾ ਆਧਾਰ ਹੈ।ਇਸ ਲਈ ਗੁਰਬਾਣੀ ਵਿਚ ਪਾਣੀ ਨੂੰ ‘ਜੀਉ’ ਕਿਹਾ ਗਿਆ ਹੈ। ਭਾਵ ਪਾਣੀ ਪਿਤਾ ਤੋਂ ਬਿਨਾਂ ਜੀਵਨ ਸੰਭਵ ਨਹੀਂ ਹੈ। ਇਸ ਤਰ੍ਹਾਂ ‘ਪਵਣੁ’ ਅਤੇ ‘ਪਾਣੀ’ ਜੀਵਨ ਦੇ ਮੂਲ ਤੱਤ ਹਨ ਜਿਨ੍ਹਾਂ ਦੀ ਮਹਿਮਾ ਸਤਿਗੁਰ ਅਵਤਾਰ ਧੰਨ ਧੰਨ ਨਾਨਕ ਪਾਤਿਸ਼ਾਹ ਜੀ ਨੇ ਗੁਰਬਾਣੀ ਦੇ ਇਸ ਪਰਮ ਸ਼ਕਤੀਸ਼ਾਲੀ ਸ਼ਬਦ ਰਾਹੀਂ ਸਾਰੀ ਲੋਕਾਈ ਦੀ ਝੋਲੀ ਵਿਚ ਪਾਈ ਹੈ।

ਜੀਵਨ ਦਾ ਅਗਲਾ ਮੂਲ ਤੱਤ ਧਰਤੀ ਹੈ। ਪਵਣੁ ਅਤੇ ਪਾਣੀ ਨਾਲ ਹੀ ਧਰਤੀ ਵੀ ਮਨੁੱਖਾ ਦੇਹੀ ਦੇ ਨਿਰਮਾਣ ਵਿਚ ਵਰਤਿਆ ਗਿਆ ਮੂਲ ਤੱਤ ਹੈ। ਧਰਤੀ ਤੋਂ ਬਿਨਾਂ ਮਨੁੱਖਾ ਦੇਹੀ ਦਾ ਨਿਰਮਾਣ ਸੰਭਵ ਨਹੀਂ ਹੈ। ਇਸ ਪਰਮ ਸਤਿ ਤੋਂ ਇਲਾਵਾ ਧਰਤੀ ਦੀ ਮਨੁੱਖੇ ਜੀਵਨ ਵਿਚ ਪਰਮ ਸ਼ਕਤੀਸ਼ਾਲੀ ਭੂਮਿਕਾ ਹੈ। ਧਰਤੀ ਮਨੁੱਖ ਦੀ ਕਰਮ ਭੂਮੀ ਹੈ। ਮਨੁੱਖ ਨੂੰ ਜੀਵਨ ਜੀਉਣ ਲਈ ਲੋੜੀਂਦੀ ਹਰ ਇਕ ਵਸਤੂ ਧਰਤੀ ਹੀ ਦਿੰਦੀ ਹੈ। ਮਨੁੱਖ ਦੀ ਭੁੱਖ ਮਿਟਾਉਣ ਲਈ ਹਰ ਕਿਸਮ ਦੇ ਭੋਜਨ ਪਦਾਰਥ ਧਰਤੀ ਵਿਚੋਂ ਹੀ ਪੈਦਾ ਹੁੰਦੇ ਹਨ। ਮਨੁੱਖ ਨੂੰ ਆਪਣਾ ਤਨ ਢੱਕਣ ਲਈ ਹਰ ਕਿਸਮ ਦੇ ਵਸਤਰ ਪਦਾਰਥ ਵੀ ਧਰਤੀ ਵਿਚੋਂ ਹੀ ਪੈਦਾ ਹੁੰਦੇ ਹਨ। ਮਨੁੱਖ ਨੂੰ ਰਹਿਣ ਵਾਸਤੇ ਗ੍ਰਹਿ ਸਥਾਨ ਵੀ ਧਰਤੀ ਹੀ ਦਿੰਦੀ ਹੈ ਅਤੇ ਉਸ ਗ੍ਰਹਿ ਵਿਚ ਲੋੜੀਂਦੀ ਹਰ ਇਕ ਵਸਤੂ ਵੀ ਧਰਤੀ ਵਿਚੋਂ ਹੀ ਜਨਮਦੀ ਹੈ।ਸਾਰੇ ਖਨਿਜ ਪਦਾਰਥ ਅਤੇ ਸਾਰੀ ਜੀਵਨ ਲਈ ਜ਼ਰੂਰੀ ਸਮਗੱਰੀ ਧਰਤੀ ਵਿਚੋਂ ਹੀ ਪ੍ਰਾਪਤ ਹੁੰਦੀ ਹੈ। ਭਾਵ ਧਰਤੀ ਤੋਂ ਬਿਨਾਂ ਨਾ ਹੀ ਮਨੁੱਖ ਦੀ ਦੇਹੀ ਦਾ ਨਿਰਮਾਣ ਹੋ ਸਕਦਾ ਹੈ ਅਤੇ ਨਾ ਹੀ ਇਸ ਦਾ ਜੀਵਨ ਜੀਉਣ ਦਾ ਵਸੀਲਾ ਬਣ ਸਕਦਾ ਹੈ। ਇਸ ਤਰ੍ਹਾਂ ਧਰਤੀ ਸਾਰੀ ਦੁਨੀਆਂ ਨੂੰ ਸਹਾਰਾ ਦਿੰਦੀ ਹੈ, ਸਾਰੀ ਦੁਨੀਆਂ ਨੂੰ ਝੱਲਦੀ ਹੈ ਅਤੇ ਸਾਰੀ ਦੁਨੀਆਂ ਨੂੰ ਚਲਾਉਣ ਅਤੇ ਪਾਲਣ ਵਿਚ ਸਹਾਇਤਾ ਕਰਦੀ ਹੈ। ਇਸ ਤਰ੍ਹਾਂ ਨਾਲ ਸਾਰੀ ਦੁਨੀਆਂ ਧਰਤੀ ਦੀ ਗੋਦ ਵਿਚ ਸਮਾਈ ਹੋਈ ਹੈ। ਇਸ ਲਈ ਹੀ ਗੁਰਬਾਣੀ ਵਿਚ ਧਰਤੀ ਨੂੰ ‘ਧਰਤ ਮਹਤੁ’ ਭਾਵ ਸਭ ਤੋਂ ਵੱਡੀ ਮਾਂ ਕਹਿ ਕੇ ਸੁਸ਼ੋਭਿਤ ਕੀਤਾ ਗਿਆ ਹੈ।

ਧਰਤੀ ਮਨੁੱਖ ਦੀ ਕਰਮ ਭੂਮੀ ਹੈ। ਧਰਤੀ ਉੱਪਰ ਰਹਿੰਦੇ ਵਸਦੇ ਹੋਏ ਮਨੁੱਖ ਆਪਣੇ ਸਾਰੇ ਕਰਮਾਂ ਨੂੰ ਅੰਜਾਮ ਦਿੰਦਾ ਹੈ। ਸਾਰੀ ਦੁਨੀਆਂ ਨਾਲ ਮਨੁੱਖ ਦਾ ਕਾਰ ਵਿਹਾਰ ਚਲਦਾ ਹੈ। ਇਸੇ ਤਰ੍ਹਾਂ ਨਾਲ ਹੀ ਸਾਰੀ ਦੁਨੀਆਂ ਦਾ ਕਾਰ ਵਿਹਾਰ ਚਲਦਾ ਹੈ। ਇਸ ਕਾਰ ਵਿਹਾਰ ਅਤੇ ਮਨੁੱਖੀ ਜੀਵਨ ਦੇ ਖੇਲ ਨੂੰ ਚਲਾਉਣ ਵਾਸਤੇ ਧਰਤੀ ਦੇ ਨਾਲ-ਨਾਲ ਹੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਧਰਤੀ, ਸੂਰਜ ਅਤੇ ਚੰਦਰਮਾਂ ਦਾ ਸੰਬੰਧ ਸਥਾਪਿਤ ਕੀਤਾ ਹੈ ਜਿਸਦੇ ਨਾਲ ਧਰਤੀ ਉੱਪਰ ਸੂਰਜ ਅਤੇ ਚੰਦਰਮਾ ਦੇ ਆਗਮਨ ਅਤੇ ਜਾਣ ਨਾਲ ਰਾਤ ਅਤੇ ਦਿਨ ਦਾ ਨਿਰਮਾਣ ਹੁੰਦਾ ਹੈ। ਸੂਰਜ ਦਿਨ ਲੈ ਕੇ ਆਉਂਦਾ ਹੈ ਅਤੇ ਜਦ ਸੂਰਜ ਡੁੱਬਦਾ ਹੈ ਤਾਂ ਧਰਤੀ ਉੱਪਰ ਰਾਤ ਦਾ ਆਗਮਨ ਹੁੰਦਾ ਹੈ। ਧਰਤੀ ਅਤੇ ਸੂਰਜ ਦੇ ਵਿਚ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੁਆਰਾ ਬਖ਼ਸ਼ੀ ਗਈ ਗਤੀ ਦੇ ਅਨੁਸਾਰ ਇਸ ਪਰਸਪਰ ਮੇਲ ਨਾਲ ਹੀ ਦਿਵਸ ਅਤੇ ਰਾਤ ਦਾ ਬਣਨਾ ਸੰਭਵ ਹੁੰਦਾ ਹੈ। ਦਿਵਸ ਅਤੇ ਰਾਤ ਵਿਚ ਨਿਰੰਤਰ ਸਾਰਾ ਜਗਤ ਆਪੋ ਆਪਣੇ ਕਰਮਾਂ ਦਾ ਖੇਲ ਖੇਲਦਾ ਹੈ। ਰਾਤ ਅਤੇ ਦਿਵਸ ਦਾ ਮਨੁੱਖ ਅਤੇ ਸਾਰੇ ਸੰਸਾਰ ਦੇ ਕਰਮਾਂ ਉੱਪਰ ਗਹਿਰਾ ਪ੍ਰਭਾਵ ਪੈਂਦਾ ਹੈ। ਮਨੁੱਖ ਦਾ ਖਾਣਾ, ਪੀਣਾ, ਸੌਣਾ, ਜਾਗਣਾ, ਨੌਕਰੀ, ਚਾਕਰੀ, ਵਪਾਰ ਅਤੇ ਹੋਰ ਸਾਰੇ ਕਰਮ ਕਾਲ ਦੇ ਚੱਕਰ ਵਿਚ ਚੱਲ ਰਹੇ ਦਿਵਸ ਅਤੇ ਰਾਤ ਦੇ ਅਨੁਸਾਰ ਹੀ ਸੰਪੰਨ ਹੁੰਦੇ ਹਨ। ਇਸ ਲਈ ਦਿਵਸ ਅਤੇ ਰਾਤ ਨੂੰ ਖਿਡਾਵਾ ਅਤੇ ਖਿਡਾਵੀ ਕਹਿ ਕੇ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਨੇ ਸੰਬੋਧਿਤ ਕੀਤਾ ਹੈ। ਇਸ ਤਰ੍ਹਾਂ ਦੇ ਨਾਲ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਰਚੇ ਹੋਏ ਰਾਤ ਅਤੇ ਦਿਵਸ ਦੇ ਇਸ ਵਿਸਮਾਦ ਜਨਕ ਇਲਾਹੀ ਖੇਡ ਵਿਚ ਸਾਰਾ ਜਗਤ ਖੇਲ ਰਿਹਾ ਹੈ।

ਦਿਵਸ ਅਤੇ ਰਾਤ ਵਿਚ ਵਿਚਰਦੇ ਹੋਏ ਮਨੁੱਖ ਆਪਣੇ ਸਾਰੇ ਮਾੜੇ ਅਤੇ ਚੰਗੇ ਕਰਮਾਂ ਨੂੰ ਅੰਜਾਮ ਦਿੰਦਾ ਹੈ। ਇਸ ਤਰ੍ਹਾਂ ਮਨੁੱਖ ਦਾ ਜੀਵਨ ਬੀਤਦਾ ਹੈ। ਬੀਤਦੇ ਹੋਏ ਇਸ ਜੀਵਨ ਨਾਲ ਕਾਲ ਦੇ ਚੱਕਰ ਵਿਚ ਵਿਚਰਦੇ ਹੋਏ ਮਨੁੱਖ ਦੇ ਸਾਰੇ ਸਤਿ ਅਤੇ ਅਸਤਿ ਕਰਮ ਇਕੱਤਰ ਹੁੰਦੇ ਹਨ। ਇਹ ਸਾਰੇ ਸਤਿ ਅਤੇ ਅਸਤਿ ਕਰਮਾਂ ਦਾ ਲੇਖਾ-ਜੋਖਾ ਮਨੁੱਖ ਦੇ ਵਿਚ ਹੀ ਸਥਿਤ ਪਰਮ ਸ਼ਕਤੀ ਨਿਰੰਤਰ ਰੱਖਦੀ ਹੈ। ਇਸ ਪਰਮ ਸ਼ਕਤੀ ਨੂੰ ਹੀ ਗੁਰਬਾਣੀ ਵਿਚ ‘ਚਿਤ੍ਰ ਗੁਪਤੁ’ ਕਿਹਾ ਗਿਆ ਹੈ ਅਤੇ ਗੁਰਬਾਣੀ ਵਿਚ ਇਸ ਪਰਮ ਸਤਿ ਤੱਤ ਨੂੰ ਪ੍ਰਗਟ ਕੀਤਾ ਗਿਆ ਹੈ :

 

ਚਿਤ੍ਰ ਗੁਪਤੁ ਸਭ ਲਿਖਤੇ ਲੇਖਾ ॥

(ਪੰਨਾ ੩੯੩)

 

ਲੇਖਾ ਚਿਤ੍ਰ ਗੁਪਤਿ ਜੋ ਲਿਖਿਆ ਸਭ ਛੂਟੀ ਜਮ ਕੀ ਬਾਕੀ ॥੨॥

(ਪੰਨਾ ੬੬੮)

 

ਚਿਤ ਗੁਪਤ ਕਰਮਹਿ ਜਾਨ ॥

(ਪੰਨਾ ੮੩੮)

 

ਜਿਹੜੀ ਪਰਮ ਸ਼ਕਤੀ ਮਨੁੱਖ ਦੇ ਸਾਰੇ ਕਰਮਾਂ ਦਾ ਲੇਖਾ-ਜੋਖਾ ਰੱਖਦੀ ਹੈ ਉਸ ਸ਼ਕਤੀ ਨੂੰ ਧਰਮ ਰਾਜ ਕਹਿ ਕੇ ਵੀ ਸੰਬੋਧਿਤ ਕੀਤਾ ਗਿਆ ਹੈ। ਭਾਵ ਕਰਮ ਦੇ ਦਰਗਾਹੀ ਵਿਧਾਨ ਦੇ ਅਨੁਸਾਰ ਮਨੁੱਖ ਦੀ ਰੋਜ਼ ਦੀ ਕਰਨੀ ਮਨੁੱਖ ਦੀ ਰੂਹ ਉੱਪਰ ਉੱਕਰੀ ਜਾਂਦੀ ਹੈ। ਮਨੁੱਖ ਦੇ ਸਾਰੇ ਸਤਿ ਅਤੇ ਅਸਤਿ ਕਰਮਾਂ ਦਾ ਭਾਰ ਮਨੁੱਖ ਦੀ ਰੂਹ ਨੂੰ ਚੁੱਕਣਾ ਪੈਂਦਾ ਹੈ। ਮਨੁੱਖ ਦੀ ਰੂਹ ਉਸਦੇ ਸਾਰੇ ਪਿੱਛਲੇ ਜਨਮਾਂ ਅਤੇ ਇਸ ਜਨਮ ਦੇ ਬੀਤੇ ਸਮੇਂ ਵਿਚ ਕੀਤੇ ਗਏ ਸਾਰੇ ਕਰਮਾਂ ਦਾ ਭਾਰ ਚੁੱਕੀ ਫਿਰਦੀ ਹੈ। ਮਨੁੱਖ ਦਾ ਪ੍ਰਾਲੱਬਧ ਇਨ੍ਹਾਂ ਸਤਿ ਅਤੇ ਅਸਤਿ ਕਰਮਾਂ ਦੇ ਅਨੁਸਾਰ ਹੀ ਲਿਖਿਆ ਜਾਂਦਾ ਹੈ ਅਤੇ ਉਸਦੇ ਰੋਜ਼ਾਨਾ ਜੀਵਨ ਵਿਚ ਵਾਪਰਦਾ ਹੈ। ਮਨੁੱਖ ਦੇ ਜੀਵਨ ਵਿਚ ਵਾਪਰਦੇ ਹੋਏ ਸਾਰੇ ਦੁੱਖ, ਕਲੇਸ਼, ਸਾਰੇ ਸੁੱਖ ਸੁਵਿਧਾਵਾਂ, ਗਰੀਬੀ-ਅਮੀਰੀ, ਰੋਗ-ਸੋਗ, ਊਂਚ-ਨੀਚ, ਮਾੜੀ-ਚੰਗੀ ਆਦਿ ਸਭ ਕੁਝ ਮਨੁੱਖ ਦੇ ਪ੍ਰਾਲੱਬਧ ਅਨੁਸਾਰ ਹੀ ਵਾਪਰਦਾ ਹੈ। ਜਦ ਤੱਕ ਮਨੁੱਖ ਦੀ ਰੂਹ ਇਨ੍ਹਾਂ ਸਾਰੇ ਕਰਮਾਂ ਦਾ ਭਾਰ ਚੁੱਕੀ ਫਿਰਦੀ ਹੈ ਤਦ ਤੱਕ ਮਨੁੱਖ ਨੂੰ ਜੀਵਨ ਮੁਕਤੀ ਨਹੀਂ ਮਿਲਦੀ ਹੈ ਅਤੇ ਮਨੁੱਖ ਜਨਮ-ਮਰਣ ਦੇ ਚੱਕਰ ਵਿਚ ਫੱਸਿਆ ਰਹਿੰਦਾ ਹੈ। ਜਦ ਮਨੁੱਖ ਦੇ ਕਰਮਾਂ ਦਾ ਲੇਖਾ-ਜੋਖਾ ਪੂਰਾ ਹੋ ਜਾਂਦਾ ਹੈ ਤਾਂ ਮਨੁੱਖ ਦੀ ਰੂਹ ਕਰਮਾਂ ਦੇ ਬੋਝ ਤੋਂ ਮੁਕਤ ਹੋ ਜਾਂਦੀ ਹੈ ਅਤੇ ਜੀਵਨ ਮੁਕਤ ਹੋ ਕੇ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਵਿਚ ਸਦਾ-ਸਦਾ ਲਈ ਅਭੇਦ ਹੋ ਜਾਂਦੀ ਹੈ।

ਮਨੁੱਖ ਦੇ ਸਤਿ ਕਰਮ ਉਸਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਨੇੜੇ ਲੈ ਕੇ ਜਾਂਦੇ ਹਨ ਅਤੇ ਅਸਤਿ ਕਰਮ ਦੂਰ ਲੈ ਕੇ ਜਾਂਦੇ ਹਨ। ਸਤਿ ਕਰਮਾਂ ਦੇ ਕਰਨ ਨਾਲ ਮਨੁੱਖ ਦਾ ਜੀਵਨ ਸ਼ਾਂਤਮਈ, ਸੁਖਦ ਅਤੇ ਵੈਭਵਸ਼ਾਲੀ ਹੁੰਦਾ ਹੈ। ਅਸਤਿ ਕਰਮ ਕਰਨ ਨਾਲ ਮਨੁੱਖ ਨੂੰ ਦੁੱਖਾਂ, ਕਲੇਸ਼ਾਂ ਅਤੇ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਤਿ ਕਰਮ ਕਰਦੇ-ਕਰਦੇ ਮਨੁੱਖ ਗੁਰ ਪ੍ਰਸਾਦਿ ਦੀ ਪ੍ਰਾਪਤੀ ਦਾ ਹੱਕਦਾਰ ਬਣ ਜਾਂਦਾ ਹੈ। ਅਸਤਿ ਕਰਮ ਕਰਦੇ-ਕਰਦੇ ਮਨੁੱਖ ਨਰਕ ਦਾ ਭਾਗੀ ਬਣ ਜਾਂਦਾ ਹੈ। ਸਤਿ ਕਰਮ ਕਰਦੇ-ਕਰਦੇ ਮਨੁੱਖ ਨੂੰ ਬੰਦਗੀ ਪੂਰਨ ਕਰਨ ਲਈ ਮਨੁੱਖੇ ਜਨਮ ਮਿਲਦੇ ਹਨ। ਅਸਤਿ ਕਰਮ ਕਰਦੇ-ਕਰਦੇ ਮਨੁੱਖ ਨੂੰ ੮੪ ਲੱਖ ਜੂਨੀ ਵਿਚ ਭਟਕਣਾ ਪੈਂਦਾ ਹੈ। ਸਤਿ ਕਰਮ ਇਕੱਤਰ ਕਰਦੇ-ਕਰਦੇ ਮਨੁੱਖ ਗੁਰ ਪ੍ਰਸਾਦਿ ਦੀ ਪ੍ਰਾਪਤੀ ਕਰ ਕੇ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ ਕਰਦਾ ਹੋਇਆ ਦਰਗਾਹ ਵਿਚ ਪਰਵਾਨਗੀ ਹਾਸਿਲ ਕਰਕੇ ਆਪਣੇ ਸਾਰੇ ਕਰਮਾਂ ਦਾ ਲੇਖਾ-ਜੋਖਾ ਮਿਟਾ ਕੇ, ਆਪਣੀ ਰੂਹ ਨੂੰ ਕਰਮਾਂ ਦੇ ਭਾਰ ਤੋਂ ਮੁਕਤ ਕਰਵਾ ਕੇ, ਜੀਵਨ ਮੁਕਤ ਹੋ ਜਾਂਦਾ ਹੈ। ਅਸਤਿ ਕਰਮ ਕਰਨ ਵਾਲਾ ਮਨੁੱਖ ਆਪਣੀ ਰੂਹ ਉੱਪਰ ਕਰਮਾਂ ਦੇ ਬੋਝ ਨੂੰ ਹੋਰ ਵਧਾਈ ਜਾਂਦਾ ਹੈ ਅਤੇ ਨਰਕ ਦੇ ਜੀਵਨ ਜਾਂ ਜੂਨੀ ਦੇ ਜੀਵਨ ਦਾ ਭਾਗੀ ਬਣਦਾ ਹੈ। ਇਸ ਤਰ੍ਹਾਂ ਨਾਲ ਕਰਮ ਦੇ ਪਰਮ ਸ਼ਕਤੀਸ਼ਾਲੀ ਦਰਗਾਹੀ ਵਿਧਾਨ ਅਨੁਸਾਰ ਮਨੁੱਖ ਆਪਣਾ ਮੁਕੱਦਰ ਆਪ ਲਿਖਦਾ ਹੈ ਅਤੇ ਮਨੁੱਖ ਦਾ ਭਵਿੱਖ ਉਸਦੇ ਆਪਣੇ ਹੱਥ ਵਿਚ ਹੁੰਦਾ ਹੈ। ਕਰਮ ਦੇ ਵਿਧਾਨ ਦਾ ਪਰਮ ਸਤਿ ਤੱਤ ਗੁਰਬਾਣੀ ਵਿਚ ਬਾਰ-ਬਾਰ ਦ੍ਰਿੜ੍ਹ ਕਰਵਾਇਆ ਗਿਆ ਹੈ :-

 

ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ ॥

(ਪੰਨਾ ੧੩੪)

 

ਵਿਣੁ ਕਰਮਾ ਕਿਛੁ ਪਾਈਐ ਨਹੀ ਕਿਆ ਕਰਿ ਕਹਿਆ ਜਾਇ ॥੨॥

(ਪੰਨਾ ੪੩੦)

 

ਨਾਨਕ ਵਿਣੁ ਕਰਮਾ ਕਿਆ ਪਾਈਐ ਪੂਰਬਿ ਲਿਖਿਆ ਕਮਾਇ ॥੨॥

(ਪੰਨਾ ੬੪੫)

 

ਵਿਣੁ ਕਰਮਾ ਕਿਛੁ ਪਾਈਐ ਨਾਹੀ ਜੇ ਬਹੁਤੇਰਾ ਧਾਵੈ ॥

(ਪੰਨਾ ੭੭੨)

 

ਹਰਿ ਜਨ ਨਾਮੁ ਅਧਾਰੁ ਹੈ ਧੁਰਿ ਪੂਰਬਿ ਲਿਖੇ ਵਡ ਕਰਮਾ ॥

ਗੁਰਿ ਸਤਿਗੁਰਿ ਨਾਮੁ ਦ੍ਰਿੜਾਇਆ ਜਨ ਨਾਨਕ ਸਫਲੁ ਜਨੰਮਾ ॥੪॥੨॥

(ਪੰਨਾ ੭੯੯)

 

ਨਾਮ ਬਿਨਾ ਫੋਕਟ ਸਭਿ ਕਰਮਾ ਜਿਉ ਬਾਜੀਗਰੁ ਭਰਮਿ ਭੁਲੈ ॥੧॥

(ਪੰਨਾ ੧੩੪੩)

 

ਕਰਮ ਦੇ ਵਿਧਾਨ ਅਨੁਸਾਰ ਜਦ ਮਨੁੱਖ ਦੇ ਸਤਿ ਕਰਮ ਜਾਗਰਤ ਹੁੰਦੇ ਹਨ ਤਾਂ ਸਤਿਗੁਰੂ ਦੀ ਕਿਰਪਾ ਨਾਲ ਨਾਮ ਦੇ ਗੁਰ ਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਇਸ ਲਈ ਜੋ ਮਨੁੱਖ ਸਤਿ ਕਰਮਾਂ ਉੱਪਰ ਆਪਣਾ ਧਿਆਨ ਕੇਂਦਰਿਤ ਕਰਦੇ ਹਨ ਅਤੇ ਆਪਣੀ ਰੋਜ਼ਾਨਾ ਜਿੰਦਗੀ ਵਿਚ ਸਤਿ ਕਰਮ ਇਕੱਤਰ ਕਰਦੇ ਹਨ ਉਨ੍ਹਾਂ ਉੱਪਰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਕਿਰਪਾ ਬਰਸਦੀ ਹੈ ਅਤੇ ਉਨ੍ਹਾਂ ਦੇ ਭਾਗ ਜਾਗਰਤ ਹੋ ਜਾਂਦੇ ਹਨ। ਜਿਸਦੇ ਫਲਸਰੂਪ ਉਨ੍ਹਾਂ ਨੂੰ ਪੂਰੇ ਸਤਿਗੁਰੂ ਦੀ ਸੰਗਤ ਪ੍ਰਾਪਤ ਹੁੰਦੀ ਹੈ। ਪੂਰੇ ਸਤਿਗੁਰੂ ਦੀ ਕਿਰਪਾ ਨਾਲ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰ ਪ੍ਰਸਾਦਿ ਪ੍ਰਾਪਤ ਹੋ ਜਾਂਦਾ ਹੈ। ਨਾਮ ਸਿਮਰਨ, ਨਾਮ ਦੀ ਕਮਾਈ ਅਤੇ ਬੰਦਗੀ ਪੂਰਨ ਕੇਵਲ ਪੂਰੇ ਸਤਿਗੁਰੁ ਦੀ ਕਿਰਪਾ ਅਤੇ ਉਸਦੇ ਛੱਤਰ ਹੇਠ ਬੈਠ ਕੇ ਸਹਿਜ ਹੀ ਹੋ ਜਾਂਦੀ ਹੈ। ਮਨੁੱਖਾ ਜਨਮ ਕੇਵਲ ਨਾਮ ਦੇ ਗੁਰ ਪ੍ਰਸਾਦਿ ਨਾਲ ਹੀ ਸਫਲ ਹੁੰਦਾ ਹੈ। ਨਾਮ ਸਿਮਰਨ ਤੋਂ ਇਲਾਵਾ ਸਾਰੇ ਮਨੁੱਖ ਦੇ ਕੀਤੇ ਗਏ ਕਰਮ ਮਨੁੱਖ ਦਾ ਜੀਵਨ ਸਫਲ ਨਹੀਂ ਕਰ ਸਕਦੇ ਹਨ। ਇਸ ਲਈ ਹੋਰ ਸਾਰੇ ਧਰਮ ਕਰਮ ਵੀ ਮਨੁੱਖ ਦਾ ਜਨਮ ਸਫਲ ਨਹੀਂ ਕਰ ਸਕਦੇ ਹਨ। ਕੇਵਲ ਨਾਮ ਸਿਮਰਨ ਅਤੇ ਨਾਮ ਦੀ ਕਮਾਈ ਕਰਨ ਨਾਲ ਹੀ ਮਨੁੱਖ ਦਾ ਜਨਮ ਸਫਲ ਹੁੰਦਾ ਹੈ। ਨਾਮ ਸਿਮਰਨ ਦੀ ਬੇਅੰਤ ਮਹਿਮਾ ਸੁਖਮਨੀ ਸਾਹਿਬ ਦੀ ਪਹਿਲੀ ਅਸ਼ਟਪਦੀ ਵਿਚ ਪ੍ਰਗਟ ਕੀਤੀ ਗਈ ਹੈ। ਧੰਨ ਧੰਨ ਸਤਿਗੁਰ ਅਵਤਾਰ ਅਰਜਨ ਦੇਵ ਜੀ ਨੇ ਇਸ ਪਰਮ ਸਤਿ ਤੱਤ ਨੂੰ ਇਸੇ ਹੀ ਅਸ਼ਟਪਦੀ ਵਿਚ ਪ੍ਰਗਟ ਕੀਤਾ ਹੈ :

 

ਪ੍ਰਭ ਕਾ ਸਿਮਰਨੁ ਸਭ ਤੇ ਊਚਾ ॥

(ਪੰਨਾ ੨੬੩)

 

ਇਸ ਤਰ੍ਹਾਂ ਨਾਲ ਮਨੁੱਖ ਆਪਣੇ ਕਰਮਾਂ ਦੇ ਦੁਆਰਾ ਆਪਣਾ ਮੁਕੱਦਰ ਆਪ ਲਿਖਦਾ ਹੈ। ਮਨੁੱਖ ਸਵਾਸ-ਸਵਾਸ ਕਾਲ ਦੇ ਚੱਕਰ ਵਿਚ ਵਿਚਰਦਾ ਹੋਇਆ ਜੋ ਕੁਝ ਕਰਮ ਕਰਦਾ ਹੈ ਉਹ ਸਭ ਕੁਝ ਮਾਨਸਰੋਵਰ ਵਿਚ ਦਰਜ ਹੋ ਜਾਂਦਾ ਹੈ। ਮਾਨਸਰੋਵਰ ਤੋਂ ਮਨੁੱਖ ਦਾ ਕੋਈ ਵੀ ਕਰਮ ਲੁਕਿਆ ਨਹੀਂ ਰਹਿੰਦਾ ਹੈ। ਮਨੁੱਖ ਕੋਈ ਕਰਮ ਭਾਵੇਂ ਕਿਤਨਾ ਵੀ ਗੁਪਤ ਰੂਪ ਵਿਚ ਸਮਝ ਕੇ ਕਰੇ ਮਾਨਸਰੋਵਰ ਵਿਚ ਉਸਦਾ ਮੂਲ ਰੂਪ ਅੰਕਿਤ ਹੋ ਜਾਂਦਾ ਹੈ। ਮਨੁੱਖ ਦੀ ਸੋਚ, ਮਨੁੱਖ ਦੇ ਵਿਚਾਰ, ਮਨੁੱਖ ਦੇ ਬੋਲ, ਮਨੁੱਖ ਦੇ ਲਿਖਤ ਜਾਂ ਅਣਲਿਖਤ ਬਚਨ ਭਾਵ ਮਨੁੱਖ ਦੇ ਸਵਾਸ ਸਵਾਸ ਦਾ ਹਿਸਾਬ ਕਿਤਾਬ ਮਾਨਸਰੋਵਰ ਵਿਚ ਦਰਜ ਹੋ ਜਾਂਦਾ ਹੈ। ਇਹ ਹੀ ਕਾਰਣ ਹੈ ਕਿ ਮਾਨਸਰੋਵਰ ਵਿਚ ਵਾਸ ਕਰਦੇ ਹੋਏ ਮਹਾ ਪੁਰਖਾਂ ਨੂੰ ਉਨ੍ਹਾਂ ਦੇ ਸਨਮੁਖ ਬੈਠੇ ਹੋਏ ਮਨੁੱਖਾਂ ਦੇ ਬਾਰੇ ਗਿਆਨ ਹੋ ਜਾਂਦਾ ਹੈ। ਇਹ ਹੀ ਕਾਰਣ ਹੈ ਕਿ ਮਾਨਸਰੋਵਰ ਵਿਚ ਵਾਸ ਕਰਦੇ ਹੋਏ ਮਹਾ ਪੁਰਖਾਂ ਦੇ ਸਾਹਮਣੇ ਆਉਣ ਵਾਲੇ ਹਰ ਇਕ ਮਨੁੱਖ ਦਾ ਸਤਿ ਉਨ੍ਹਾਂ ਦੇ ਸਨਮੁਖ ਆਪ ਪ੍ਰਗਟ ਹੋ ਜਾਂਦਾ ਹੈ। ਇਸ ਤਰ੍ਹਾਂ ਨਾਲ ਮਨੁੱਖ ਆਪਣੇ ਕਰਮਾਂ ਦੇ ਆਧਾਰ ਤੇ ਮਾਨਸਰੋਵਰ ਦੇ ਨਿਆਂ ਤੋਂ ਕਦੇ ਨਹੀਂ ਬੱਚ ਸਕਦਾ ਹੈ। ਮਨੁੱਖੀ ਅਦਾਲਤਾਂ ਵਿਚ ਤਾਂ ਘੱਪਲਾ ਹੋ ਸਕਦਾ ਹੈ ਅਤੇ ਮਨੁੱਖ ਨਾਲ ਧੋਖਾ ਹੋ ਸਕਦਾ ਹੈ ਜਾਂ ਘੱਟ-ਵੱਧ ਹੋ ਸਕਦੀ ਹੈ। ਪਰੰਤੂ ਮਾਨਸਰੋਵਰ ਦੇ ਨਿਆਂ ਵਿਚ ਕੋਈ ਖੋਟ ਨਹੀਂ ਹੁੰਦੀ ਅਤੇ ਮਾਨਸਰੋਵਰ ਦੇ ਨਿਆਂ ਤੋਂ ਕੋਈ ਨਹੀਂ ਬੱਚ ਸਕਦਾ ਹੈ। ਕਰਮ ਦਾ ਪਰਮ ਸ਼ਕਤੀਸ਼ਾਲੀ ਦਰਗਾਹੀ ਵਿਧਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਹੁਕਮ ਵਿਚ ਇਸ ਤਰ੍ਹਾਂ ਦੇ ਨਾਲ ਨਿਰੰਤਰ ਆਪਣਾ ਕਾਰਜ ਕਰਦਾ ਹੈ ਅਤੇ ਹਰ ਇਕ ਜੀਵ ਨੂੰ ਨਿਆਂ ਦੇਣ ਵਿਚ ਲੀਨ ਰਹਿੰਦਾ ਹੈ। ਇਸ ਲਈ ਹਰ ਇਕ ਮਨੁੱਖ ਨੂੰ ਕੇਵਲ ਸਤਿ ਕਰਮਾਂ ਉੱਪਰ ਆਪਣਾ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਕਿਉਂਕਿ ਕੇਵਲ ਸਤਿ ਕਰਮ ਹੀ ਮਨੁੱਖ ਦੀ ਮੁਕਤੀ ਦਾ ਮਾਰਗ ਖੋਲ੍ਹਣ ਵਿਚ ਸਹਾਇਕ ਸਿੱਧ ਹੁੰਦੇ ਹਨ।

ਸਤਿ ਕਰਮ ਕਰਨ ਵਾਲੇ ਮਨੁੱਖਾਂ ਨੂੰ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਪਰਉਪਕਾਰ ਅਤੇ ਮਹਾ ਪਰਉਪਕਾਰ ਦੀ ਸੇਵਾ ਦੇ ਗੁਰ ਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਜੋ ਮਨੁੱਖ ਆਪਣੇ ਸਤਿਗੁਰੂ ਦੇ ਚਰਨਾਂ ਉੱਪਰ ਆਪਣਾ ਸਭ ਕੁਝ ਵਾਰ ਦਿੰਦੇ ਹਨ ਉਨ੍ਹਾਂ ਮਨੁੱਖਾਂ ਦੇ ਅੰਦਰ ਸਤਿਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ। ਜੋ ਮਨੁੱਖ ਆਪਣੇ ਸਤਿਗੁਰ ਦੇ ਚਰਨਾਂ ਉੱਪਰ ਸੰਪੂਰਨ ਸਮਰਪਣ ਤਨ, ਮਨ ਅਤੇ ਧਨ ਨਾਲ ਕਰ ਦਿੰਦੇ ਹਨ ਉਨ੍ਹਾਂ ਮਨੁੱਖਾਂ ਦਾ ਧਿਆਨ ਸਤਿਨਾਮ ਵਿਚ ਲੀਨ ਹੋ ਜਾਂਦਾ ਹੈ। ਉਨ੍ਹਾਂ ਦੀ ਸੁਰਤ ਵਿਚ ਸਤਿਨਾਮ ਉਕਰਿਆ ਜਾਂਦਾ ਹੈ। ਉਨ੍ਹਾਂ ਦੀਆਂ ਇੜਾ, ਪਿੰਗਲਾ ਅਤੇ ਸੂਸ਼ਮਨਾ ਦੀਆ ਸ਼ਕਤੀਆਂ ਜਾਗਰਤ ਹੋ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ਏਕ ਬੂੰਦ ਅੰਮ੍ਰਿਤ ਦੀ ਪ੍ਰਾਪਤੀ ਹੋ ਜਾਂਦੀ ਹੈ। ਉਨ੍ਹਾਂ ਦੀ ਕੁੰਡਲਨੀ ਸ਼ਕਤੀ ਜਾਗਰਤ ਹੋ ਜਾਂਦੀ ਹੈ ਅਤੇ ਏਕ ਬੂੰਦ ਅੰਮ੍ਰਿਤ ਦੀ ਪ੍ਰਾਪਤੀ ਦੇ ਨਾਲ ਹੀ ਸਮਾਧੀ ਲਗ ਜਾਂਦੀ ਹੈ। ਸੁਰਤ ਸਤਿਨਾਮ ਵਿਚ ਚਲੀ ਜਾਂਦੀ ਹੈ। ਅਜਪਾ ਜਾਪ ਸ਼ੁਰੂ ਹੋ ਜਾਂਦਾ ਹੈ। ਅਜਪਾ ਜਾਪ ਨਿਰੰਤਰ ਜਾਪ ਦੀ ਅਵਸਥਾ ਹੈ। ਰੋਮ ਰੋਮ ਵਿਚ ਸਤਿਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ ਅਤੇ ਰੋਮ ਰੋਮ ਸਿਮਰਨ ਵਿਚ ਚਲਾ ਜਾਂਦਾ ਹੈ। ਦੇਹੀ ਅੰਮ੍ਰਿਤ ਨਾਲ ਭਰਪੂਰ ਹੋ ਜਾਂਦੀ ਹੈ। ਰੋਮ ਰੋਮ ਅੰਮ੍ਰਿਤ ਬਣ ਜਾਂਦਾ ਹੈ। ਸਤਿਗੁਰ ਦੀ ਮਹਿਰਾਮਤਿ ਦਾ ਸਦਕਾ ਧਿਆਨ ਦੀ ਅਵਸਥਾ ਦੀ ਪ੍ਰਾਪਤੀ ਹੋ ਜਾਂਦੀ ਹੈ :-

 

ਕਰਮੀ ਸਤਿਗੁਰੁ ਪਾਈਐ ਅਨਦਿਨੁ ਲਗੈ ਧਿਆਨੁ ॥

ਤਿਨ ਕੀ ਸੰਗਤਿ ਮਿਲਿ ਰਹਾ ਦਰਗਹ ਪਾਈ ਮਾਨੁ ॥

(ਪੰਨਾ ੩੧੩)

 

ਬਲ ਬੁਧਿ ਗਿਆਨੁ ਧਿਆਨੁ ਅਪਣਾ ਆਪਿ ਨਾਮੁ ਜਪਾਇਆ ॥

(ਪੰਨਾ ੪੬੦)

 

ਧਿਆਨ ਦੀ ਅਵਸਥਾ ਪਰਮ ਸ਼ਕਤੀਸ਼ਾਲੀ ਅਵਸਥਾ ਹੈ ਜੋ ਸਤਿਗੁਰੂ ਦੀ ਕਿਰਪਾ ਅਤੇ ਗੁਰ ਪ੍ਰਸਾਦਿ ਨਾਲ ਹੀ ਪ੍ਰਾਪਤ ਹੁੰਦੀ ਹੈ। ਜਦ ਮਨੁੱਖ ਧਿਆਨ ਸਮਾਧੀ ਵਿਚ ਬੈਠ ਕੇ ਘੋਲ ਕਮਾਈ ਦੀ ਘਾਲਣਾ ਘਾਲਦਾ ਹੈ ਤਾਂ ਉਸਦਾ ਮਨ ਚਿੰਦਿਆ ਜਾਂਦਾ ਹੈ। ਨਾਮ ਧਿਆਨ ਵਿਚ ਲੀਨ ਹੋਣ ਨਾਲ ਸਾਰੇ ਬੱਜਰ ਕਪਾਟ ਖੁੱਲ੍ਹ ਜਾਂਦੇ ਹਨ। ੭ ਸਤਿ ਸਰੋਵਰ ਪ੍ਰਕਾਸ਼ਮਾਨ ਹੋ ਜਾਂਦੇ ਹਨ। ਜਦ ਮਨੁੱਖ ਸਮਾਧੀ ਵਿਚ ਬੈਠ ਕੇ ਲੰਬੇ ਸਮੇਂ ਲਈ ਨਾਮ ਅਭਿਆਸ ਵਿਚ ਲੀਨ ਹੁੰਦਾ ਹੈ ਤਾਂ ਪੰਜ ਦੂਤ ਵੱਸ ਆ ਜਾਂਦੇ ਹਨ ਅਤੇ ਤ੍ਰਿਸ਼ਨਾ ਬੁੱਝ ਜਾਂਦੀ ਹੈ। ਮਨੁੱਖ ਮਾਇਆ ਦੇ ਨਾਲ ਛਿੜੀ ਹੋਈ ਇਹ ਜੰਗ ਆਪਣੇ ਨਾਮ ਸਿਮਰਨ ਦੇ ਬਲ ਜਿੱਤ ਲੈਂਦਾ ਹੈ। ਨਾਲ ਮਨੁੱਖ ਦਾ ਹਿਰਦਾ ਸ਼ਾਂਤ ਹੋ ਜਾਂਦਾ ਹੈ। ਸੁੰਨ ਸਮਾਧੀ ਪ੍ਰਾਪਤ ਹੋ ਜਾਂਦੀ ਹੈ। ਮਨ ਜੋਤ ਵਿਚ ਪਰਿਵਰਤਿਤ ਹੋ ਜਾਂਦਾ ਹੈ। ਪੰਜੇ ਗਿਆਨ ਇੰਦਰੀਆਂ ਅਤੇ ਪੰਜੇ ਕਰਮ ਇੰਦਰੀਆਂ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਪੂਰਨ ਹੁਕਮ ਵਿਚ ਚਲੀਆਂ ਜਾਂਦੀਆਂ ਹਨ। ਤ੍ਰਿਹ ਗੁਣ ਮਾਇਆ ਨੂੰ ਜਿੱਤ ਲੈਂਦਾ ਹੈ। ਮਨੁੱਖ ਦੀ ਘਾਲਣਾ ਸਫਲ ਹੋ ਜਾਂਦੀ ਹੈ। ਬੰਦਗੀ ਪੂਰਨ ਹੋ ਜਾਂਦੀ ਹੈ। ਬੰਦਗੀ ਦਰਗਾਹ ਵਿਚ ਪਰਵਾਨ ਹੋ ਜਾਂਦੀ ਹੈ।ਅਕਾਲ ਪੁਰਖ ਦੇ ਦਰਸ਼ਨ ਹੋ ਜਾਂਦੇ ਹਨ। ਅਕਾਲ ਪੁਰਖ ਦੇ ਦਰਸ਼ਨਾਂ ਦੇ ਨਾਲ ਹੀ ਪੂਰਨ ਬ੍ਰਹਮ ਗਿਆਨ ਦੀ ਅਤੇ ਤੱਤ ਗਿਆਨ ਦੀ ਦਾਤ ਦੀ ਪ੍ਰਾਪਤੀ ਹੋ ਜਾਂਦੀ ਹੈ। ਆਤਮ ਰਸ ਅੰਮ੍ਰਿਤ ਦੀ ਪ੍ਰਾਪਤੀ ਹੋ ਜਾਂਦੀ ਹੈ। ਪਰਮ ਪੱਦਵੀ ਦੀ ਪ੍ਰਾਪਤੀ ਹੋ ਜਾਂਦੀ ਹੈ। ਮਨੁੱਖ ਜੀਵਨ ਮੁਕਤ ਹੋ ਜਾਂਦਾ ਹੈ। ਦਰਗਾਹ ਵਿਚ ਮੁਖ ਉੱਜਲ ਹੋ ਜਾਂਦਾ ਹੈ।

ਪੂਰਨ ਬ੍ਰਹਮ ਗਿਆਨ, ਤੱਤ ਗਿਆਨ ਅਤੇ ਆਤਮ ਰਸ ਅੰਮ੍ਰਿਤ ਦੀ ਪਰਮ ਸ਼ਕਤੀਸ਼ਾਲੀ ਅਵਸਥਾ ਦੀ ਪ੍ਰਾਪਤੀ ਦੇ ਨਾਲ ਹੀ ਮਨੁੱਖ ਅੰਮ੍ਰਿਤ ਦਾ ਦਾਤਾ ਬਣ ਜਾਂਦਾ ਹੈ, ਜੀਅ ਦਾਨ ਦਾ ਦਾਤਾ ਬਣ ਜਾਂਦਾ ਹੈ, ਸਾਰੀ ਲੋਕਾਈ ਲਈ ਅੰਮ੍ਰਿਤ ਦਾ ਪਰਮ ਸ਼ਕਤੀਸ਼ਾਲੀ ਸੋਮਾ ਬਣ ਜਾਂਦਾ ਹੈ। ਪਰਉਪਕਾਰ ਅਤੇ ਮਹਾ ਪਰਉਪਕਾਰ ਦੀ ਸੇਵਾ ਦੀ ਪ੍ਰਾਪਤੀ ਹੋ ਜਾਂਦੀ ਹੈ। ਦੁਨੀਆਂ ਨੂੰ ਤਾਰਨ ਦੀ ਸੇਵਾ ਦੀ ਪ੍ਰਾਪਤੀ ਹੋ ਜਾਂਦੀ ਹੈ। ਸੰਗਤ ਦਾ ਜ਼ਹਿਰ ਪੀ ਕੇ ਉਸਨੂੰ ਅੰਮ੍ਰਿਤ ਦੇਣ ਦੀ ਪਰਮ ਸ਼ਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ। ਪੂਰਨ ਸਤਿ ਦੀ ਸੇਵਾ ਕਰਨ ਦੀ ਪਰਮ ਸ਼ਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ। ਪੂਰਨ ਸਤਿ ਸੰਗਤ ਨੂੰ ਵਰਤਾਉਣ ਦੀ ਪਰਮ ਸ਼ਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ। ਐਸੇ ਮਹਾ ਪੁਰਖਾਂ ਦਾ ਜੀਵਨ ਸਾਰੇ ਸੰਸਾਰ ਦੇ ਲਈ ਮੁਕਤੀ ਦਾ ਮਾਰਗ ਦਰਸ਼ਨ ਕਰਦਾ ਹੈ। ਉਹ ਆਪ ਤਾਂ ਤਰ ਹੀ ਜਾਂਦੇ ਹਨ ਅਤੇ ਆਪਣੇ ਨਾਲ-ਨਾਲ ਆਪਣੀ ਸਾਰੀ ਕੁਲ ਨੂੰ ਵੀ ਤਾਰ ਦਿੰਦੇ ਹਨ ਅਤੇ ਸਾਰੀਆਂ ਕੁਲਾਂ ਨੂੰ ਵੀ ਤਾਰ ਦਿੰਦੇ ਹਨ। ਪਿੱਛਲੀਆਂ ਅਤੇ ਆਉਣ ਵਾਲੀਆਂ ਸਾਰੀਆਂ ਕੁਲਾਂ ਦਾ ਉਧਾਰ ਕਰ ਦਿੰਦੇ ਹਨ। ਇਸ ਪਰਮ ਸਤਿ ਤੱਤ ਨੂੰ ਗੁਰਬਾਣੀ ਵਿਚ ਸਪੱਸ਼ਟ ਰੂਪ ਵਿਚ ਪ੍ਰਗਟ ਕੀਤਾ ਗਿਆ ਹੈ :-

 

ਕੁਲੁ ਉਧਾਰਹਿ ਆਪਣਾ ਧੰਨੁ ਜਣੇਦੀ ਮਾਇ ॥

(ਪੰਨਾ ੨੮)

 

ਆਏ ਸੇ ਪਰਵਾਣੁ ਹੈ ਸਭ ਕੁਲ ਕਾ ਕਰਹਿ ਉਧਾਰੁ ॥੭॥

(ਪੰਨਾ ੬੬)

 

ਆਪਿ ਹੋਆ ਸਦਾ ਮੁਕਤੁ ਸਭੁ ਕੁਲੁ ਨਿਸਤਾਰਿਆ ॥

(ਪੰਨਾ ੮੬)

 

ਆਪਿ ਤਰਹਿ ਸਗਲੇ ਕੁਲ ਤਾਰੇ ॥

(ਪੰਨਾ ੧੧੭)

 

ਆਪਿ ਤਰੈ ਸਗਲੇ ਕੁਲ ਤਾਰੈ ਹਰਿ ਨਾਮੁ ਮੰਨਿ ਵਸਾਵਣਿਆ ॥੧॥

(ਪੰਨਾ ੧੨੮)

 

ਆਪਿ ਤਰੈ ਸਗਲੇ ਕੁਲ ਉਧਾਰਾ ॥੩॥

(ਪੰਨਾ ੧੬੦)

 

ਹਰਿ ਗੁਰੁ ਨਾਨਕੁ ਜਿਨ੍ਹ੍ਹ ਪਰਸਿਓ ਤਿਨ੍ਹ੍ਹ ਸਭ ਕੁਲ ਕੀਓ ਉਧਾਰੁ ॥੬॥

(ਪੰਨਾ ੧੩੮੬)

 

ਇਸ ਪਰਮ ਸਤਿ ਨੂੰ ਜਾਨਣ ਅਤੇ ਸਮਝਣ ਨਾਲ ਇਹ ਗਿਆਨ ਹੁੰਦਾ ਹੈ ਕਿ ਜੀਵਨ ਮੁਕਤੀ ਦੇ ਗੁਰ ਪ੍ਰਸਾਦਿ ਦੀ ਦਾਤ ਬਹੁਤ ਵੱਡੀ ਦਾਤ ਹੈ। ਇਕ ਮਨੁੱਖ ਜੋ ਜੀਵਨ ਮੁਕਤੀ ਦੀ ਕਮਾਈ ਕਰਦਾ ਹੈ ਉਹ ਭਵਸਾਗਰ ਮਾਇਆ ਸੰਸਾਰ ਤੋਂ ਕੇਵਲ ਆਪ ਹੀ ਨਹੀਂ ਤਰਦਾ ਹੈ ਬਲਕਿ ਆਪਣੇ ਨਾਲ ਸੰਬੰਧਤ ਹਰ ਇਕ ਰੂਹ ਨੂੰ ਤਾਰ ਦਿੰਦਾ ਹੈ। ਐਸੇ ਪੂਰਨ ਬ੍ਰਹਮ ਗਿਆਨੀ ਮਹਾ ਪੁਰਖਾਂ ਦੀ ਸੰਗਤ ਵਿਚ ਉਹ ਮਨੁੱਖ ਹੀ ਆਉਂਦੇ ਹਨ ਜਿਨ੍ਹਾਂ ਨਾਲ ਉਨ੍ਹਾਂ ਦਾ ਕੋਈ ਨਾ ਕੋਈ ਇਸ ਜਨਮ ਦਾ ਜਾਂ ਪਿੱਛਲੇ ਜਨਮਾਂ ਦਾ ਸੰਬੰਧ ਹੁੰਦਾ ਹੈ। ਇਸ ਤਰ੍ਹਾਂ ਨਾਲ ਐਸੇ ਮਹਾ ਪੁਰਖ ਆਪਣੇ ਵਿੱਛੜੇ ਪਰਿਵਾਰਾਂ ਦਾ ਉਧਾਰ ਕਰਦੇ ਹਨ। ਐਸੇ ਪੂਰਨ ਸੰਤ ਮਹਾ ਪੁਰਖ ਪੂਰਨ ਬ੍ਰਹਮ ਗਿਆਨ ਸਾਰੀ ਲੋਕਾਈ ਨੂੰ ਵਰਤਾਉਂਦੇ ਹਨ ਅਤੇ ਸਾਰੀ ਸ੍ਰਿਸ਼ਟੀ ਦੀ ਸੇਵਾ ਕਰਦੇ ਹਨ। ਕਈ ਲੋਕ ਉਨ੍ਹਾਂ ਦੀ ਸੰਗਤ ਨਾਲ ਤਰ ਜਾਂਦੇ ਹਨ।ਕਈ ਲੋਕਾਂ ਦੇ ਭਾਗਾਂ ਵਿਚ ਬੰਦਗੀ ਅਤੇ ਗੁਰ ਪ੍ਰਸਾਦਿ ਵਰਗੀਆਂ ਪਰਮ ਸ਼ਕਤੀਸ਼ਾਲੀ ਦਾਤਾਂ ਲਿਖੀਆਂ ਜਾਂਦੀਆ ਹਨ। ਕਈ ਲੋਕਾਂ ਦੇ ਸੰਸਾਰਕ ਦੁਖਾਂ ਕਲੇਸ਼ਾਂ ਦਾ ਅੰਤ ਹੋ ਜਾਂਦਾ ਹੈ। ਕਈ ਲੋਕਾਂ ਦਾ ਜੀਵਨ ਬਦਲ ਜਾਂਦਾ ਹੈ। ਕਈ ਲੋਕਾਂ ਨੂੰ ਨਾਮ ਜਪਣ ਅਤੇ ਬੰਦਗੀ ਕਰਨ ਦੀ ਸੋਝੀ ਪੈ ਜਾਂਦੀ ਹੈ। ਕਈ ਲੋਕਾਂ ਨੂੰ ਉਨ੍ਹਾਂ ਦੇ ਮਨੁੱਖੇ ਜਨਮ ਦਾ ਟੀਚਾ ਸਮਝ ਆ ਜਾਂਦਾ ਹੈ ਅਤੇ ਉਹ ਸਤਿ ਕਰਮਾਂ ਨੂੰ ਇਕੱਤਰ ਕਰਨਾ ਸ਼ੁਰੂ ਕਰ ਦਿੰਦੇ ਹਨ। ਇਸ ਤਰ੍ਹਾਂ ਨਾਲ ਕਈ ਲੋਕ ਜੀਵਨ ਮੁਕਤੀ ਦੇ ਮਾਰਗ ਉੱਪਰ ਚਲਣਾ ਸ਼ੁਰੂ ਕਰ ਦਿੰਦੇ ਹਨ। ਐਸੇ ਮਹਾ ਪੁਰਖ, ਜਿਨ੍ਹਾਂ ਦਾ ਵਾਸਾ ਮਾਨਸਰੋਵਰ ਵਿਚ ਹੁੰਦਾ ਹੈ ਉਨ੍ਹਾਂ ਦੀ ਮਹਿਮਾ ਵਰਣਨ ਨਹੀਂ ਕੀਤੀ ਜਾ ਸਕਦੀ ਹੈ। ਉਨ੍ਹਾਂ ਦੀ ਮਹਿਮਾ ਬੇਅੰਤ ਹੋ ਜਾਂਦੀ ਹੈ। ਲੋਕਾਈ ਦਾ ਉਧਾਰ ਕਰਨਾ ਹੀ ਉਨ੍ਹਾਂ ਦੀ ਬੰਦਗੀ ਬਣ ਜਾਂਦੀ ਹੈ। ਸਾਰੀ ਗੁਰਬਾਣੀ ਐਸੇ ਮਹਾ ਪੁਰਖਾਂ, ਸਤਿਗੁਰੂ ਅਵਤਾਰਾਂ, ਸੰਤਾਂ, ਬ੍ਰਹਮ ਗਿਆਨੀਆਂ ਅਤੇ ਭਗਤਾਂ ਦੀ ਬੇਅੰਤ ਮਹਿਮਾ ਹੀ ਬਿਆਨ ਕਰਦੀ ਹੈ। ਸਾਰੀ ਜਪੁਜੀ ਬਾਣੀ ਵਿਚ ਸਤਿਗੁਰ ਅਵਤਾਰ ਧੰਨ ਧੰਨ ਨਾਨਕ ਦੇਵ ਪਾਤਿਸ਼ਾਹ ਜੀ ਨੇ ਸਾਰੀ ਲੋਕਾਈ ਨੂੰ ਇਸ ਪਰਮ ਸ਼ਕਤੀਸ਼ਾਲੀ ਅਵਸਥਾ ਨੂੰ ਪ੍ਰਾਪਤ ਕਰਨ ਲਈ ਮਾਰਗ ਦਰਸ਼ਨ ਕੀਤਾ ਹੈ। ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਨੇ ਜਪੁ ਜੀ ਬਾਣੀ ਵਿਚ ਸੱਚ ਖੰਡ ਦੀ ਪੂਰਨ ਯਾਤਰਾ ਦਾ ਪ੍ਰਤੱਖ ਮਾਨ ਚਿੱਤਰ ਪ੍ਰਗਟ ਕਰਕੇ ਸਾਰੀ ਲੋਕਾਈ ਲਈ ਇਸ ਪਰਮ ਸ਼ਕਤੀਸ਼ਾਲੀ ਮਾਰਗ ਦਾ ਦਰ ਖੋਲ ਦਿੱਤਾ ਹੈ।

ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ, ਧੰਨ ਧੰਨ ਸਤਿਗੁਰ ਸੱਚੇ ਪਾਤਿਸ਼ਾਹ ਜੀ, ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ, ਧੰਨ ਧੰਨ ਸਾਰੇ ਸਤਿਗੁਰ ਅਵਤਾਰਾਂ ਅਤੇ ਸਾਰੀ ਸ੍ਰਿਸ਼ਟੀ ਦੇ ਬ੍ਰਹਮ ਗਿਆਨੀ ਮਹਾ ਪੁਰਖਾਂ ਦੀ ਬੇਅੰਤ ਕਿਰਪਾ ਅਤੇ ਗੁਰ ਪ੍ਰਸਾਦਿ ਦਾ ਸਦਕਾ ਜਪੁ ਜੀ ਸਾਹਿਬ ਦੀ ਇਹ ਗੁਰ ਪ੍ਰਸਾਦੀ ਕਥਾ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਪੂਰਨ ਹੁਕਮ ਵਿਚ ਮਾਨਸਰੋਵਰ ਵਿਚ ਅੰਕਿਤ ਹੋਈ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਅਕੱਥ ਹੈ। ਸਾਰੇ ਸਤਿਗੁਰ ਅਵਤਾਰਾਂ, ਸੰਤ ਮਹਾ ਪੁਰਖਾਂ, ਭਗਤਾਂ ਅਤੇ ਬ੍ਰਹਮ ਗਿਆਨੀ ਮਹਾ ਪੁਰਖਾਂ ਦੀ ਕਥਾ ਕੀਤੀ ਨਹੀਂ ਜਾਂਦੀ ਹੈ। ਐਸੇ ਮਹਾ ਪੁਰਖਾਂ ਦੀ ਕਥਾ ਧਰਤੀ ਉੱਪਰ ਪ੍ਰਤੱਖ ਪ੍ਰਗਟ ਹੁੰਦੀ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਇਨ੍ਹਾਂ ਸਾਰੇ ਸਤਿਗੁਰ ਅਵਤਾਰਾਂ, ਸੰਤ ਮਹਾ ਪੁਰਖਾਂ, ਭਗਤਾਂ ਅਤੇ ਬ੍ਰਹਮ ਗਿਆਨੀ ਮਹਾ ਪੁਰਖਾਂ ਦੇ ਰੂਪ ਵਿਚ ਧਰਤੀ ਉੱਪਰ ਸਮੇਂ-ਸਮੇਂ ਤੇ ਪ੍ਰਤੱਖ ਪ੍ਰਗਟ ਹੋਈ ਹੈ ਅਤੇ ਇਸ ਸਮੇਂ ਵੀ ਪ੍ਰਗਟ ਹੋ ਰਹੀ ਹੈ। ਇਨ੍ਹਾਂ ਮਹਾ ਪੁਰਖਾਂ ਨੇ ਧਰਤੀ ਉੱਪਰ ਮਾਨਸਰੋਵਰ ਨੂੰ ਪ੍ਰਤੱਖ ਪ੍ਰਗਟ ਕੀਤਾ ਹੈ। ਇਸ ਗੁਰ ਪ੍ਰਸਾਦੀ ਕਥਾ ਵਿਚ ਮਾਨਸਰੋਵਰ ਦੀ ਇਕ ਝਲਕ ਮਾਤਰ ਦਰਸਾਉਣ ਦਾ ਸਨਿਮਰ ਯਤਨ ਕੀਤਾ ਗਿਆ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਪਾਵਨ ਚਰਨ ਕਮਲਾਂ, ਸਾਰੇ ਸਤਿਗੁਰ ਅਵਤਾਰਾਂ, ਸੰਤ ਮਹਾ ਪੁਰਖਾਂ, ਭਗਤਾਂ ਅਤੇ ਬ੍ਰਹਮ ਗਿਆਨੀ ਮਹਾ ਪੁਰਖਾਂ ਦੇ ਚਰਨ ਕਮਲਾਂ ਅਤੇ ਸਾਰੀ ਲੋਕਾਈ ਦੇ ਚਰਨਾਂ ਉੱਪਰ ਸੀਸ ਰੱਖਦੇ ਹੋਏ ਅਤੇ ਡੰਡਉਤ ਬੰਦਨਾ ਕਰਦੇ ਹੋਏ ਇਸ ਦਾਸਨ ਦਾਸ ਦੀ ਇਹ ਸਨਿਮਰ ਬੇਨਤੀ ਹੈ ਕਿ ਇਸ ਸੇਵਾ ਨੂੰ ਪਰਵਾਨ ਕਰੋ ਜੀ ਅਤੇ ਅੱਗੇ ਵਾਸਤੇ ਹੋਰ ਸੇਵਾ ਬਖ਼ਸ਼ਣ ਦੀ ਕਿਰਪਾਲਤਾ ਕਰੋ ਜੀ ਤਾਂਕਿ ਦਾਸ ਦੇ ਬਚੇ ਹੋਏ ਸਵਾਸ ਲੇਖੇ ਲੱਗ ਜਾਣ।