ਇਸ ਅਸਟਪਦੀ ਵਿੱਚ ਵੀ ਧੰਨ ਧੰਨ ਸਤਿਗੁਰੂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਭਰਪੂਰ ਦਿਆਲਤਾ ਨਾਲ ਨਾਮ ਦੀ ਮਹਿਮਾ ਦੇ ਪੂਰਨ ਬ੍ਰਹਮ ਗਿਆਨ ਦੀ ਬਖ਼ਸ਼ਿਸ਼ ਕਰਦੇ ਹਨ। ਭਾਵੇਂ ਕਿ ਨਾਮ ਦੀ ਮਹਿਮਾ ਅਸੀਮ ਹੈ, ਇਹ ਅਕਾਲ ਪੁਰਖ ਦੀ ਤਰ੍ਹਾਂ ਹੀ ਬੇਅੰਤ ਹੈ, ਨਾਮ ਦੀ ਮਹਿਮਾ ਅਨੰਤ ਹੈ, ਨਾਮ ਦੀ ਮਹਿਮਾ ਅਗਮ ਹੈ, ਨਾਮ ਦੀ ਮਹਿਮਾ ਅਗੋਚਰ ਹੈ, ਨਾਮ ਦੀ ਮਹਿਮਾ ਕਥੀ ਨਹੀਂ ਜਾ ਸਕਦੀ, ਨਾਮ ਦੀ ਮਹਿਮਾ ਦੀ ਇਕ ਝਲਕ ਨਾਲ ਹੀ ਇਨਸਾਨ ਦਾ ਪਾਰ-ਉਤਾਰਾ ਹੋ ਜਾਂਦਾ ਹੈ, ਨਾਮ ਦੀ ਇਕ ਝਲਕ ਨਾਲ ਹੀ ਮਾਨਸਰੋਵਰ ਗੁਰਸਾਗਰ ਰਤਨਾਗਰ ਗੁਣੀ ਨਿਧਾਨ ਨਿਰਗੁਨ ਸਰੂਪ ਅਗਮ ਅਗੋਚਰ ਅਨੰਤ ਬੇਅੰਤ ਅਕਾਲ ਪੁਰਖ ਦੇ ਦਰਸ਼ਨਾਂ ਨਾਲ ਭਰਪੂਰ ਹੋ ਕੇ ਪੂਰਨ ਬ੍ਰਹਮ ਗਿਆਨ, ਪੂਰਨ ਤੱਤ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਲਈ ਨਾਮ ਦੀ ਪ੍ਰਾਪਤੀ ਨਾਮ ਦੀ ਮਹਿਮਾ ਦਾ ਭਾਵ ਹੈ :
* ਬ੍ਰਹਮ ਲੀਨ ਹੋ ਜਾਣਾ।
* ਮਾਇਆ ’ਤੇ ਜਿੱਤ ਪ੍ਰਾਪਤ ਕਰ ਲੈਣਾ।
* ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ।
* ਪੂਰਨ ਤੱਤ ਗਿਆਨ ਦੀ ਪ੍ਰਾਪਤੀ।
* ਮਨ ’ਤੇ ਜਿੱਤ ਦੀ ਪ੍ਰਾਪਤੀ।
* ਅਕਾਲ ਪੁਰਖ ਵਿੱਚ ਅਭੇਦ ਹੋ ਜਾਣਾ।
* ਪਰਮ ਪਦ ਦੀ ਪ੍ਰਾਪਤੀ।
* ਪਰਉਪਕਾਰ ਅਤੇ ਮਹਾਂ ਪਰਉਪਕਾਰ ਕਰਨ ਦੀ ਮਹਾਨ ਸੇਵਾ ਅਤੇ ਸ਼ਕਤੀ ਦੀ ਪ੍ਰਾਪਤੀ।
ਇਸ ਲਈ ਨਾਮ ਅਮੋਲਾ ਹੈ, ਨਾਮ ਦੀ ਕੀਮਤ ਬਿਆਨ ਨਹੀਂ ਕੀਤੀ ਜਾ ਸਕਦੀ। ਹੁਣ ਤਕ ਕੋਈ ਵੀ ਐਸੀ ਸ਼ਖ਼ਸੀਅਤ ਧਰਤੀ ’ਤੇ ਪ੍ਰਗਟ ਨਹੀਂ ਹੋਈ ਜੋ ਨਾਮ ਦਾ ਮੁੱਲ ਜਾਣਦੀ ਹੋਵੇ। ਨਾਮ ਇਕ ਮਹਾਨ ਅਸੀਮ ਸ਼ਕਤੀ ਹੈ। ਪਰ ਫਿਰ ਵੀ ਗੁਰੂ ਅਰਜਨ ਦੇਵ ਜੀ ਨੇ ਸਾਡੇ ਉਪਰ ਇਨ੍ਹਾਂ ਸ਼ਬਦਾਂ ਰਾਹੀਂ ਨਾਮ ਦੀ ਮਹਿਮਾ ਦਾ ਝਲਕਾਰਾ ਦੇ ਕੇ ਸਾਡੇ ਉੱਤੇ ਬਹੁਤ ਕ੍ਰਿਪਾ ਕੀਤੀ ਹੈ।
ਸਲੋਕੁ॥
ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ ਸਰਬ ਢਢੋਲਿ ॥
ਪੂਜਸਿ ਨਾਹੀ ਹਰਿ ਹਰੇ ਨਾਨਕ ਨਾਮ ਅਮੋਲ ॥੧॥
ਸ਼ਾਸਤਰ, ਸਿਮ੍ਰਿਤੀਆਂ, ਵੇਦ, ਪੁਰਾਨ ਅਤੇ ਉਪਨਿਸ਼ਦਾਂ ਦੇ ਨਾਂ ਨਾਲ ਜਾਣੀਆਂ ਜਾਣ ਵਾਲੀਆਂ, ਪੁਰਾਤਨ ਰਿਸ਼ੀਆਂ ਅਤੇ ਮੁਨੀਆਂ ਦੁਆਰਾ ਰਚਿਤ, ਧਰਤੀ ’ਤੇ ਬਹੁਤ ਸਾਰੀਆਂ ਧਾਰਮਿਕ ਪੁਸਤਕਾਂ ਉਪਲੱਬਧ ਹਨ। ਇਹ ਸਭ ਧਾਰਮਿਕ ਗ੍ਰੰਥ ਹਿੰਦੂ ਧਰਮ ਦਾ ਹਿੱਸਾ ਕਰਕੇ ਜਾਣੀਆਂ ਜਾਂਦੀਆਂ ਹਨ। ਇਹ ਸਾਰੀਆਂ ਧਾਰਮਿਕ ਪੁਸਤਕਾਂ ਮਨੁੱਖੀ ਜੀਵਨ ਨੂੰ ਸੁੰਦਰ ਅਤੇ ਸੁਖਾਲਾ ਬਨਾਉਣ ਦੀਆਂ ਵਿਧੀਆਂ ਅਤੇ ਮੰਤਰਾਂ ਦੀ ਵਿਆਖਿਆ ਨਾਲ ਭਰੀਆਂ ਪਈਆਂ ਹਨ। ਇਹ ਸਾਰੇ ਧਰਮ ਗ੍ਰੰਥ ਮਨੁੱਖ ਦੇ ਜੀਵਨ ਨੂੰ ਸੁਖਾਲਾ ਬਣਾਉਣ ਅਤੇ ਇਕ ਚੰਗੀ ਅਤੇ ਸੱਚੀ ਜ਼ਿੰਦਗੀ ਗੁਜ਼ਾਰਨ ਵਿੱਚ ਸਹਾਇਕ ਸਿੱਧ ਹੁੰਦੇ ਹਨ। ਇਹ ਧਾਰਮਿਕ ਗ੍ਰੰਥ ਪੁਰਾਣੇ ਸਮੇਂ ਵਿਚ ਹੋਏ ਰਿਸ਼ੀਆਂ ਅਤੇ ਮੁਨੀਆਂ ਦੀਆਂ ਜੀਵਨ ਕਹਾਣੀਆਂ ਵੀ ਦੱਸਦੀਆਂ ਹਨ। ਇਹ ਧਾਰਮਿਕ ਪੁਸਤਕਾਂ ਇਹ ਭੀ ਬਿਆਨ ਕਰਦੀਆਂ ਹਨ ਕਿ ਪੁਰਾਤਨ ਸਮੇਂ ਅੰਦਰ ਰਿਸ਼ੀਆਂ ਅਤੇ ਮੁਨੀਆਂ ਦੀ ਰੋਜ਼ਾਨਾ ਜ਼ਿੰਦਗੀ ਕਿਵੇਂ ਹੁੰਦੀ ਸੀ ਅਤੇ ਉਹਨਾਂ ਦੀਆਂ ਕੀ ਧਾਰਮਿਕ ਪ੍ਰਾਪਤੀਆਂ ਸਨ। ਇਹ ਧਰਮ ਗ੍ਰੰਥ ਧਰਮ ਕਰਮ ਦਾ ਬਿਓਰਾ ਵੀ ਦਿੰਦੇ ਹਨ। ਇਨ੍ਹਾਂ ਧਰਮ ਗ੍ਰੰਥਾਂ ਦਾ ਅਸਲ ਅਧਾਰ ਨਾਮ ਦਾ ਗੁਰਪ੍ਰਸਾਦਿ ਹੀ ਹੈ, “ਨਾਮ ਕੇ ਧਾਰੇ ਸਿਮ੍ਰਿਤਿ ਬੇਦ ਪੁਰਾਨ ॥” ਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਸਾਨੂੰ ਦੱਸ ਰਹੇ ਹਨ ਕਿ ਇਨ੍ਹਾਂ ਸਾਰਿਆਂ ਧਰਮ ਗ੍ਰੰਥਾਂ ਨੂੰ ਭਾਲਣ ’ਤੇ ਇਹ ਹੀ ਪਤਾ ਲਗਿਆ ਹੈ ਕਿ ਕੇਵਲ ਇਹਨਾਂ ਧਾਰਮਿਕ ਕਿਤਾਬਾਂ ਨੂੰ ਪੜ੍ਹਨ ਨਾਲ ਗੁਰਪ੍ਰਸਾਦਿ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਪਰਮਾਤਮਾ ਦੀ ਭਗਤੀ ਕੇਵਲ ਇਹਨਾਂ ਧਾਰਮਿਕ ਪੁਸਤਕਾਂ ਨੂੰ ਪੜ੍ਹਨ ਨਾਲ ਨਹੀਂ ਹੁੰਦੀ। ਕੇਵਲ ਗੁਰਪ੍ਰਸਾਦਿ ਪ੍ਰਾਪਤ ਕਰਨ ਨਾਲ ਬੰਦਗੀ ਹੁੰਦੀ ਹੈ। ਨਾਮ, ਨਾਮ ਸਿਮਰਨ, ਨਾਮ ਦੀ ਕਮਾਈ ਅਤੇ ਪੂਰਨ ਬੰਦਗੀ ਦਾ ਗੁਰਪ੍ਰਸਾਦਿ ਦੀ ਪ੍ਰਾਪਤੀ ਹੀ ਬੰਦਗੀ ਹੈ ਜਿਹੜੀ ਕਿ ਇਹਨਾਂ ਧਾਰਮਿਕ ਗ੍ਰੰਥਾਂ ਜਾਂ ਗੁਰਬਾਣੀ ਪੜ੍ਹਨ ਨਾਲ ਹੀ ਨਹੀਂ ਹੁੰਦੀ। ਬੰਦਗੀ ਇਹਨਾਂ ਧਰਮ ਗ੍ਰੰਥਾਂ ਜਾਂ ਗੁਰਬਾਣੀ ਅਨੁਸਾਰ ਦੱਸੇ ਗਏ ਰਸਤੇ ਦੀ ਪਾਲਣਾ ਕਰਨ ਨਾਲ ਹੁੰਦੀ ਹੈ। ਜੇਕਰ ਨਾਮ ਅਧਾਰ ਹੈ ਤਾਂ ਕੇਵਲ ਨਾਮ ਦੇ ਗੁਰਪ੍ਰਸਾਦਿ ਨਾਲ ਹੀ ਪੂਰਨ ਬ੍ਰਹਮ ਗਿਆਨ ਅਤੇ ਪੂਰਨ ਤੱਤ ਗਿਆਨ ਦੀ ਪ੍ਰਾਪਤੀ ਹੋ ਸਕਦੀ ਹੈ। ਇਸ ਲਈ ਅਧਾਰ ਵਿੱਚ ਲੀਨ ਹੋਣ ਲਈ ਅਧਾਰ ਦੀ ਪ੍ਰਾਪਤੀ ਦਰਗਾਹੀ ਕਾਨੂੰਨ ਹੈ ਜੋ ਕਿ ਅਟੱਲ ਦਰਗਾਹੀ ਹੁਕਮ ਹੈ। ਅਕਾਲ ਪੁਰਖ ਦੇ ਨਿਰਗੁਣ ਸਰੂਪ, ਜੋ ਕਿ ਅਧਾਰ ਹੈ, ਅਕਾਲ ਪੁਰਖ ਦਾ ਗੁਰਪ੍ਰਸਾਦੀ ਨਾਮ ਜੋ ਕਿ ਅਧਾਰ ਹੈ, ਮਾਨਸਰੋਵਰ ਗੁਰਸਾਗਰ ਜੋ ਕਿ ਅਧਾਰ ਹੈ, ਜਿਸਤੋਂ ਉਤਪਤੀ ਹੋਈ ਹੈ ਉਹ ਹੀ ਅਧਾਰ ਹੈ ਅਤੇ ਉਸੇ ਹੀ ਅਧਾਰ ਵਿੱਚ ਲੀਨ ਹੋਣ ਲਈ ਅਧਾਰ ਦੀ ਪ੍ਰਾਪਤੀ ਕੇਵਲ ਅਧਾਰ ਦੁਆਰਾ ਹੀ ਕੀਤੀ ਜਾ ਸਕਦੀ ਹੈ ਅਤੇ ਇਹ ਅਮੁੱਲਾ ਹੀਰਾ ਨਾਮ ਹੈ, ਨਾਮ ਦਾ ਗੁਰਪ੍ਰਸਾਦਿ ੴ ਸਤਿਨਾਮ ਜੋ ਕਿ ਧੰਨ ਧੰਨ ਸਤਿਗੁਰ ਨਾਨਕ ਪਾਤਸ਼ਾਹ ਜੀ ਨੇ ਇਸ ਨਾਮ ਅਮੋਲਾ ਨੂੰ ਮੂਲ-ਮੰਤਰ ਵਿਚ ਸਪਸ਼ਟ ਰੂਪ ਵਿੱਚ ਦਰਗਾਹੀ ਹੁਕਮ ਅਨੁਸਾਰ ਪ੍ਰਗਟ ਕੀਤਾ ਹੈ। ਤਥਾਨੁਸਾਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਪਹਿਲੀ ਵਾਰ ਵਿੱਚ ਸਤਿਨਾਮ ਮੰਤਰ ਦੀ ਮਹਿਮਾ ਦੀ ਇਕ ਝਲਕ ਪ੍ਰਕਾਸ਼ਮਾਨ ਕੀਤੀ ਹੈ। ਸਤਿਨਾਮ ਦਾ ਭਾਵ ਸੱਚਾ ਨਾਮ ਨਹੀਂ ਹੈ, ਸਤਿਨਾਮ ਦਾ ਭਾਵ ਹੈ : ੴ ਸਤਿ ਹੈ ਅਤੇ ਇਹ ਸਤਿ ਅਕਾਲ ਪੁਰਖ ਦਾ ਨਾਮ ਹੈ। ਇਸੇ ਤਰ੍ਹਾਂ ਨਾਲ ਸਤਿਗੁਰ ਦਾ ਭਾਵ ਇਹ ਹੈ ਕਿ ਸਤਿ ਹੀ ਗੁਰੂ ਹੈ, ਇਸਦਾ ਭਾਵ ਇਹ ਨਹੀਂ ਹੈ ਕਿ ਦੇਹੀ ਗੁਰੂ ਹੈ, ਬਲਕਿ ਦੇਹੀ ਵਿੱਚ ਜੋ ਜੋਤ ਪ੍ਰਗਟ ਹੁੰਦੀ ਹੈ ਜਿਸਨੂੰ ਗੁਰਬਾਣੀ ਵਿੱਚ “ਪ੍ਰਗਟਿਓ ਜੋਤਿ” ਦੀ ਸੰਗਿਆ ਦਿੱਤੀ ਗਈ ਹੈ, ਉਹ ਇਲਾਹੀ ਜੋਤ ਪਰਮ ਜੋਤ ਹੈ ਜੋ ਕਿ ਸਤਿ ਹੈ ਅਤੇ ਇਹ ਸਤਿ ਹੀ ਗੁਰੂ ਹੈ।
ਇਸ ਦਾ ਭਾਵ ਇਹ ਹੈ ਕਿ ਨਾਮ ਦਾ ਗੁਰਪ੍ਰਸਾਦਿ ਹੀ ਸਾਨੂੰ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਲੀਨ ਕਰ ਸਕਦਾ ਹੈ। ਕੋਈ ਵੀ ਹੋਰ ਧਰਮ ਕਰਮ ਸਾਨੂੰ ਉਸ ਮਹਾਨ ਸ਼ਕਤੀ ਤੱਕ ਪਹੁੰਚਣ ਅਤੇ ਉਸ ਪਰਮ ਸ਼ਕਤੀ ਵਿੱਚ ਸਮਾਉਣ ਦੇ ਯੋਗ ਨਹੀਂ ਬਣਾ ਸਕਦੇ। ਜਿੰਨਾ ਚਿਰ ਅਸੀਂ ਨਾਮ ਦੇ ਗੁਰਪ੍ਰਸਾਦਿ ਨੂੰ ਪ੍ਰਾਪਤ ਨਹੀਂ ਕਰਦੇ ਹਾਂ ਤਦ ਤਕ ਅਸੀਂ ਇਸ ਗੁਰਪ੍ਰਸਾਦਿ ਵਿੱਚ ਸਮਾਉਣ ਦੇ ਯੋਗ ਨਹੀਂ ਹੋ ਸਕਦੇ ਹਾਂ। ਕੇਵਲ ਗੁਰਪ੍ਰਸਾਦਿ ਦੀ ਮਹਾਨ ਸ਼ਕਤੀ ਹੀ ਸਾਡੀ ਅੰਦਰੂਨੀ ਮਨ ਦੀ ਮੈਲ ਦੀ ਸਫ਼ਾਈ ਕਰਨ ਵਿੱਚ ਸਮਰਥ ਹੈ। ਕੇਵਲ ਗੁਰਪ੍ਰਸਾਦਿ ਦੀ ਮਹਾਨ ਸ਼ਕਤੀ ਹੀ ਸਾਡੇ ਸਾਰੇ ਪਿਛਲੇ ਜਨਮ ਜਨਮਾਂਤਰਾਂ ਦੇ ਪਾਪਾਂ ਦੀ ਮੈਲ ਧੋ ਕੇ ਸਾਨੂੰ ਕਰਮ ਬੰਧਨਾਂ ਤੋਂ ਛੁਟਕਾਰਾ ਦਿਵਾ ਸਕਦੀ ਹੈ। ਕੇਵਲ ਗੁਰਪ੍ਰਸਾਦਿ ਦੀ ਮਹਾਨ ਸ਼ਕਤੀ ਹੀ ਸਾਡੇ ਹਿਰਦੇ ਨੂੰ ਪੂਰਨ ਸਚਿਆਰੀ ਰਹਿਤ ਦੀ ਬਖ਼ਸ਼ਿਸ਼ ਨਾਲ ਭਰਪੂਰ ਕਰ ਸਕਣ ਦੀ ਸਮਰਥਾ ਰਖਦੀ ਹੈ। ਕੇਵਲ ਗੁਰਪ੍ਰਸਾਦਿ ਦੀ ਮਹਾਨ ਸ਼ਕਤੀ ਹੀ ਸਾਡੇ ਹਿਰਦੇ ਵਿੱਚ ਪਰਮ ਜੋਤ ਦਾ ਪੂਰਨ ਪ੍ਰਕਾਸ਼ ਕਰ ਸਕਦੀ ਹੈ। ਕੇਵਲ ਗੁਰਪ੍ਰਸਾਦਿ ਦੀ ਮਹਾਨ ਸ਼ਕਤੀ ਹੀ ਸਾਡੇ ਹਿਰਦੇ ਨੂੰ ਸਾਰੇ ਸੱਤ ਗੁਣਾਂ ਨਾਲ ਭਰਪੂਰ ਕਰ ਸਕਦੀ ਹੈ। ਕੇਵਲ ਗੁਰਪ੍ਰਸਾਦਿ ਦੀ ਮਹਾਨ ਸ਼ਕਤੀ ਹੀ ਸਾਡੇ ਅੰਦਰ ਪੂਰਨ ਬ੍ਰਹਮ ਗਿਆਨ ਦਾ ਪ੍ਰਕਾਸ਼ ਕਰ ਸਕਦੀ ਹੈ। ਕੇਵਲ ਗੁਰਪ੍ਰਸਾਦਿ ਦੀ ਮਹਾਨ ਸ਼ਕਤੀ ਹੀ ਸਾਡੇ ਅੰਦਰ ਤੱਤ ਗਿਆਨ ਪ੍ਰਗਟ ਕਰ ਸਕਦੀ ਹੈ। ਕੇਵਲ ਗੁਰਪ੍ਰਸਾਦਿ ਦੀ ਮਹਾਨ ਸ਼ਕਤੀ ਹੀ ਸਾਨੂੰ ਜੀਵਨ ਮੁਕਤੀ ਦਿਵਾ ਸਕਦੀ ਹੈ। ਕੇਵਲ ਗੁਰਪ੍ਰਸਾਦਿ ਦੀ ਮਹਾਨ ਸ਼ਕਤੀ ਹੀ ਸਾਨੂੰ ਮਾਇਆ ਦੇ ਬੰਧਨਾਂ ਤੋਂ ਮੁਕਤ ਕਰ ਸਕਦੀ ਹੈ। ਕੇਵਲ ਗੁਰਪ੍ਰਸਾਦਿ ਦੀ ਮਹਾਨ ਸ਼ਕਤੀ ਹੀ ਅਤੇ ਸਾਡੀ ਸੂਖਮ ਦੇਹੀ ਨੂੰ ਸੋਨੇ ਦੀ ਤਰ੍ਹਾਂ ਸ਼ੁੱਧ ਬਣਾ ਕੇ ਸਾਨੂੰ ਸੁਹਾਗਣ ਅਤੇ ਸਦਾ ਸੁਹਾਗਣ ਦੇ ਸਾਰੇ ਹੀ ਦੈਵੀ ਗੁਣਾਂ ਨਾਲ ਭਰਪੂਰ ਕਰ ਸਕਦੀ ਹੈ। ਕੇਵਲ ਗੁਰਪ੍ਰਸਾਦਿ ਦੀ ਮਹਾਨ ਸ਼ਕਤੀ ਹੀ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਸਾਡੇ ਹਿਰਦੇ ਵਿੱਚ ਪ੍ਰਗਟ ਹੋਣ ਦੀ ਸਮਰਥਾ ਰਖਦੀ ਹੈ। ਇਸ ਲਈ ਸਾਰੀ ਸੰਗਤ ਦੇ ਚਰਨਾਂ ਵਿੱਚ ਦਾਸ ਦੀ ਬੇਨਤੀ ਹੈ ਕਿ ਗੁਰਪ੍ਰਸਾਦਿ ਦੀ ਇਸ ਮਹਾਨ ਸ਼ਕਤੀ ਦੀ ਪ੍ਰਾਪਤੀ ਲਈ ਦਿਨ ਰਾਤ ਉਸ ਪਰਮ ਸ਼ਕਤੀਸ਼ਾਲੀ ਸਰਬ ਕਲਾ ਭਰਪੂਰ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਪਾਵਨ ਚਰਨਾਂ ਵਿੱਚ ਬੇਨਤੀ ਕੀਤੀ ਜਾਵੇ। ਜਿਨ੍ਹਾਂ ਪ੍ਰੇਮੀਆਂ ਨੂੰ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਹੁੰਦੀ ਹੈ, ਉਨ੍ਹਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਉਹ ਤਨ, ਮਨ, ਧਨ ਨਾਲ ਇਸ ਗੁਰਪ੍ਰਸਾਦਿ ਦੀ ਭਰਪੂਰ ਸੇਵਾ ਕਰਨ ਅਤੇ ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ – ਪਰਉਪਕਾਰ ਅਤੇ ਮਹਾਂ ਪਰਉਪਕਾਰ ਵਿੱਚ ਆਪਣਾ ਆਪਾ ਅਰਪਣ ਕਰ ਦੇਣ।
ਅਸਟਪਦੀ ॥
ਜਾਪ ਤਾਪ ਗਿਆਨ ਸਭਿ ਧਿਆਨ ॥
ਖਟ ਸਾਸਤ੍ਰ ਸਿਮ੍ਰਿਤਿ ਵਖਿਆਨ ॥
ਜੋਗ ਅਭਿਆਸ ਕਰਮ ਧ੍ਰਮ ਕਿਰਿਆ ॥
ਸਗਲ ਤਿਆਗਿ ਬਨ ਮਧੇ ਫਿਰਿਆ ॥
ਅਨਿਕ ਪ੍ਰਕਾਰ ਕੀਏ ਬਹੁ ਜਤਨਾ ॥
ਪੁੰਨ ਦਾਨ ਹੋਮੇ ਬਹੁ ਰਤਨਾ ॥
ਸਰੀਰੁ ਕਟਾਇ ਹੋਮੈ ਕਰਿ ਰਾਤੀ ॥
ਵਰਤ ਨੇਮ ਕਰੈ ਬਹੁ ਭਾਤੀ ॥
ਨਹੀ ਤੁਲਿ ਰਾਮ ਨਾਮ ਬੀਚਾਰ ॥
ਨਾਨਕ ਗੁਰਮੁਖਿ ਨਾਮੁ ਜਪੀਐ ਇਕ ਬਾਰ ॥੧॥
ਜੇਕਰ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਸਾਰੇ ਵੇਦਾਂ, ਪੁਰਾਣਾਂ, ਉਪਨਿਸ਼ਦਾਂ, ਸ਼ਾਸਤਰਾਂ ਅਤੇ ਸਿਮ੍ਰਿਤੀਆਂ ਦੇ ਦੱਸੇ ਗਿਆਨ ਅਨੁਸਾਰ ਆਪਣੀ ਬੁੱਧੀ ਦਾ ਪ੍ਰਯੋਗ ਕਰਦੇ ਹਾਂ ਅਤੇ ਇਸ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਦੇ ਹਾਂ; ਸਾਰੀਆਂ ਹੀ ਰੀਤੀਆਂ ਸ਼ਾਸਤਰੀ ਵਿਧੀਆਂ ਅਨੁਸਾਰ ਕਰਦੇ ਹਾਂ ਅਤੇ ਇਨ੍ਹਾਂ ਧਰਮ ਗ੍ਰੰਥਾਂ ਵਿੱਚ ਦੱਸੇ ਗਏ ਮੰਤਰਾਂ ਉੱਤੇ ਧਿਆਨ ਦਿੰਦੇ ਹਾਂ; ਹਰ ਰੋਜ਼ ਇਹਨਾਂ ਮੰਤਰਾਂ ਉੱਤੇ ਧਿਆਨ ਕੇਂਦਰਿਤ ਕਰਦੇ ਹਾਂ; ਇਹਨਾਂ ਧਾਰਮਿਕ ਪੁਸਤਕਾਂ ਵਿਚ ਦੱਸੇ ਨਿਯਮਾਂ ਅਨੁਸਾਰ ਆਪਣੀ ਰੋਜ਼ਾਨਾ ਜ਼ਿੰਦਗੀ ਗੁਜ਼ਾਰਦੇ ਹਾਂ; ਭਾਵ ਇਹ ਹੈ ਕਿ ਇਹ ਸਭ ਕੁਛ ਕਰਨ ਤੋਂ ਉਪਰੰਤ ਭੀ ਅਸੀਂ ਸਰਵ-ਸ਼ਕਤੀਮਾਨ ਨੂੰ ਪ੍ਰਾਪਤ ਕਰਨ ਦੇ ਯੋਗ ਨਹੀਂ ਹੋਵਾਂਗੇ। ਨਿਰਾਪੁਰਾ ਸ਼ਾਸਤਰੀ ਗਿਆਨ ਅਨੁਸਾਰ ਜੀਵਨ ਜਿਊਣਾ ਮੁਕਤੀ ਦਾ ਮਾਰਗ ਨਹੀਂ ਦਰਸਾਉਂਦਾ ਹੈ।
ਜੇਕਰ ਅਸੀਂ ਸਾਰੇ ਹੀ ਧਰਮ ਕਰਮ ਕਰਦੇ ਹਾਂ; ਆਪਣਾ ਪਰਿਵਾਰ ਅਤੇ ਘਰ ਦਾ ਤਿਆਗ ਭੀ ਕਰ ਦਿੰਦੇ ਹਾਂ; ਸਾਡੇ ਕੋਲ ਜੋ ਕੁਝ ਹੈ ਉਹ ਅਰਪਿਤ ਕਰ ਦਿੰਦੇ ਹਾਂ ਅਤੇ ਜੰਗਲ ਵਿਚ ਚਲੇ ਜਾਂਦੇ ਹਾਂ, ਉਥੇ ਹੀ ਰਹਿੰਦੇ ਹਾਂ ਅਤੇ ਆਪਣੇ ਆਪ ਨੂੰ ਇਹਨਾਂ ਰੀਤੀਆਂ ਨੂੰ ਕਰਨ ਵਿਚ ਲੀਨ ਕਰ ਲੈਂਦੇ ਹਾਂ ਜਿਵੇਂ ਕਿ ਇਹਨਾਂ ਧਾਰਮਿਕ ਪੁਸਤਕਾਂ ਵਿੱਚ ਪੇਸ਼ ਅਤੇ ਵਖਿਆਨ ਕੀਤੀਆਂ ਗਈਆਂ ਹਨ; ਆਪਣੀ ਪਦਾਰਥਕ ਦੇਹੀ ਨੂੰ ਤਸੀਹੇ ਦਿੰਦੇ ਹਾਂ; ਹਰ ਚੀਜ਼ ਦਾਨ ਕਰ ਦਿੰਦੇ ਹਾਂ ਜੋ ਅਸੀਂ ਕਰ ਸਕਦੇ ਹਾਂ ਜਾਂ ਜੋ ਸਾਡੇ ਕੋਲ ਹੈ; ਸਾਰੇ ਪ੍ਰਕਾਰ ਦੇ ਹਵਨ ਅਤੇ ਯਗ ਭੀ ਕਰਦੇ ਹਾਂ; ਆਪਣੇ ਸਰੀਰ ਨੂੰ ਹਿੱਸਿਆਂ ਵਿਚ ਕੱਟਦੇ ਹਾਂ ਅਤੇ ਇਹਨਾਂ ਹਵਨਾਂ ਵਿਚ ਜਲਨ ਲਈ ਪਾਉਂਦੇ ਹਾਂ, ਭਾਵ ਹੈ ਕਿ ਅਸੀਂ ਉਸ ਪਾਰਬ੍ਰਹਮ ਪਰਮੇਸ਼ਰ ਨੂੰ ਮਿਲਣ ਦੇ ਆਪਣੇ ਰੂਹਾਨੀ ਸੁਪਨਿਆਂ ਨੂੰ ਸਾਕਾਰ ਕਰਨ ਲਈ ਆਪਣੀ ਮੌਤ ਤੱਕ ਸਰੀਰ ਨੂੰ ਤਸੀਹੇ ਦਿੰਦੇ ਹਾਂ ਅਤੇ ਵਰਤ ਰੱਖ ਕੇ ਆਪਣੇ ਸਰੀਰ ਨੂੰ ਕਸ਼ਟ ਦਿੰਦੇ ਹਾਂ ਅਤੇ ਇਸ ਤਰ੍ਹਾਂ ਕਦੀ ਨਾ ਖ਼ਤਮ ਹੋਣ ਵਾਲੀਆਂ ਕਈ ਰੀਤਾਂ ਕਰਦੇ ਹਾਂ। ਫਿਰ ਵੀ ਅਸੀਂ ਜੀਵਨ ਮੁਕਤੀ ਪ੍ਰਾਪਤ ਨਹੀਂ ਕਰ ਸਕਦੇ ਹਾਂ। ਇਸਦਾ ਭਾਵ ਇਹ ਹੈ ਕਿ ਇਹਨਾਂ ਸ਼ਾਸਤਰਾਂ, ਵੇਦਾਂ, ਪੁਰਾਣਾਂ, ਉਪਨਿਸ਼ਦਾਂ ਅਤੇ ਸਿਮਰਤੀਆਂ ਵਿਚ ਜੋ ਕੁਝ ਵੀ ਲਿਖਿਆ ਹੈ ਜਦੋਂ ਅਸੀਂ ਇਹਨੂੰ ਪੂਰੇ ਵਿਸ਼ਵਾਸ ਅਤੇ ਯਕੀਨ ਨਾਲ ਪਾਲਣ ਕਰਦੇ ਹਾਂ ਸਾਨੂੰ ਫਿਰ ਵੀ ਮੁਕਤੀ ਨਹੀਂ ਮਿਲੇਗੀ। ਅਰਥਾਤ ਸਾਰੇ ਧਰਮ ਕਰਮ ਸਾਡਾ ਜੀਵਨ ਤਾਂ ਸੁਖੀ ਭਾਵੇਂ ਬਣਾ ਦੇਣ, ਪਰ ਜੀਵਨ ਮੁਕਤੀ ਦੀ ਪ੍ਰਾਪਤੀ ਨਹੀਂ ਕਰਵਾ ਸਕਦੇ ਹਨ।
ਕੇਵਲ ਨਾਮ ਦਾ ਗੁਰਪ੍ਰਸਾਦਿ ਹੀ ਜੀਵਨ ਮੁਕਤੀ ਦੁਆ ਸਕਦਾ ਹੈ। ਨਾਮ ਦੇ ਗੁਰਪ੍ਰਸਾਦਿ ਦੇ ਤੁਲ ਹੋਰ ਕੁਝ ਵੀ ਨਹੀਂ ਹੈ ਅਤੇ ਨਾਮ ਸਿਮਰਨ ਕਰਕੇ ਹੀ, ਨਾਮ ਵਿੱਚ ਲੀਨ ਹੋ ਕੇ ਹੀ ਅਸੀਂ ਇਕ ਜੀਵਨ ਵਿੱਚ ਹੀ ਜੀਵਨ ਮੁਕਤੀ ਪ੍ਰਾਪਤ ਕਰ ਸਕਦੇ ਹਾਂ। ਇਸ ਜੀਵਨ ਵਿੱਚ ਜੇਕਰ ਅਸੀਂ ਆਪਣੇ ਜੀਵਨ ਨੂੰ ਨਾਮ ਸਿਮਰਨ ਲਈ ਸਮਰਪਿਤ ਕਰ ਦਿੰਦੇ ਹਾਂ ਤਦ ਅਸੀਂ ਆਪਣੇ ਆਤਮਿਕ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਇਸ ਜੀਵਨ ਵਿਚ ਸਫਲਤਾ ਪਾ ਲਵਾਂਗੇ। ਅਜਿਹੀਆਂ ਰੂਹਾਂ ਗੁਰਮੁਖ ਰੂਹਾਂ ਹਨ ਜੋ ਆਪਣਾ ਸਭ ਕੁਝ ਜੋ ਉਹਨਾਂ ਕੋਲ ਹੈ ਗੁਰ ਅਤੇ ਗੁਰੂ ਨੂੰ ਅਰਪਿਤ ਕਰ ਦਿੰਦੀਆਂ ਹਨ-ਤਨ, ਮਨ ਅਤੇ ਧਨ। ਅਜਿਹੀਆਂ ਗੁਰਮੁਖ ਰੂਹਾਂ ਨਾਮ ਦਾ ਗੁਰਪ੍ਰਸਾਦਿ, ਨਾਮ ਸਿਮਰਨ ਦਾ ਗੁਰਪ੍ਰਸਾਦਿ, ਨਾਮ ਦੀ ਕਮਾਈ ਦਾ ਗੁਰਪ੍ਰਸਾਦਿ, ਪੂਰਨ ਬੰਦਗੀ ਦਾ ਗੁਰਪ੍ਰਸਾਦਿ ਅਤੇ ਸੇਵਾ ਦਾ ਗੁਰਪ੍ਰਸਾਦਿ ਪ੍ਰਾਪਤ ਕਰਦੀਆਂ ਹਨ ਅਤੇ ਅਕਾਲ ਪੁਰਖ ਦੇ ਨਿਰਗੁਣ ਸਰੂਪ ਵਿੱਚ ਸਦਾ ਸਦਾ ਲਈ ਸਮਾ ਜਾਂਦੀਆਂ ਹਨ।
ਜੋ ਕੁਝ ਸਾਡੇ ਕੋਲ ਹੈ, ਸਾਡਾ ਪਰਿਵਾਰ, ਸਾਡੀ ਭੌਤਿਕ ਸੰਪਤੀ, ਸਾਡਾ ਸਰੀਰ, ਮਨ ਅਤੇ ਆਤਮਾ ਭਾਵੇਂ ਅਸੀਂ ਸਭ ਕੁਝ ਗੁਰੂ ਦੇ ਸੱਤ ਚਰਨਾਂ ’ਤੇ ਸਮਰਪਿਤ ਕਰ ਦਿੰਦੇ ਹਾਂ ਅਸੀਂ ਫਿਰ ਵੀ ਨਾਮ ਦੇ ਗੁਰਪ੍ਰਸਾਦਿ ਦੀ ਕੀਮਤ ਨਹੀਂ ਦੇ ਸਕਦੇ ਹਾਂ, ਕਿਉਂਕਿ ਇਸ ਹੀਰੇ ਦੀ ਕੋਈ ਕੀਮਤ ਨਹੀਂ ਹੈ। ਨਾਮ ਦਾ ਗੁਰਪ੍ਰਸਾਦਿ ਇਕ ਅਮੁੱਲਾ ਗਹਿਣਾ ਹੈ ਜਿਹੜਾ ਕਿ ਗੁਰਮੁਖ ਰੂਹਾਂ ਆਪਣੇ ਹਿਰਦੇ ਵਿੱਚ ਧਾਰਨ ਕਰ ਲੈਂਦੀਆਂ ਹਨ। ਉਹ ਆਪਣੇ ਪਰਿਵਾਰ ਦੀਆਂ ੨੧ ਕੁਲਾਂ ਲਈ ਜੀਵਨ ਮੁਕਤੀ ਦਾ ਗੁਰਪ੍ਰਸਾਦਿ ਲਿਆਉਂਦੀਆਂ ਹਨ। ਇਸਦਾ ਅਰਥ ਇਹ ਨਹੀਂ ਹੈ ਕਿ ਜਿਵੇਂ ਹੀ ਉਹ ਗੁਰਮੁਖ ਬਣ ਜਾਂਦੇ ਹਨ ਉਸੇ ਵੇਲੇ ਹੀ ਉਹਨਾਂ ਦੀਆਂ ੨੧ ਪੁਸ਼ਤਾਂ ਬਿਨਾਂ ਕਿਸੇ ਕੋਸ਼ਿਸ਼ ਦੇ ਸੁਰੱਖਿਅਤ ਹੋ ਜਾਂਦੀਆਂ ਹਨ। ਨਹੀਂ, ਇਸਦਾ ਭਾਵ ਇਹ ਹੈ ਕਿ ਇਹਨਾਂ ਦੇ ਪਰਿਵਾਰ ਵਿੱਚ ਆਉਣ ਵਾਲੀਆਂ ਰੂਹਾਂ ਜੋ ਹੁਣ ਆਉਣ ਵਾਲੇ ਸਮੇਂ ਵਿੱਚ ਜਨਮ ਲੈਣਗੀਆਂ, ਉਹ ਰੂਹਾਂ ਜੀਵਨ ਮੁਕਤੀ ਲਈ ਗੁਰਮੁਖੀ ਜੀਵਨ ਦਾ ਗੁਰਪ੍ਰਸਾਦਿ ਪ੍ਰਾਪਤ ਕਰਨ ਦੇ ਯੋਗ ਹੋਣਗੀਆਂ। ਹਰ ਗੁਰਮੁਖ ਦੀ ਸੰਗਤ, ਹਰ ਬ੍ਰਹਮ ਗਿਆਨੀ ਦੀ ਸੰਗਤ, ਹਰ ਸੰਤ ਦੀ ਸੰਗਤ, ਵਾਸਤਵ ਵਿਚ ਉਹਨਾਂ ਦਾ ਬੀਤ ਚੁੱਕਾ ਪਿਛਲੇ ਜਨਮਾਂ ਦਾ ਪਰਿਵਾਰ ਹੈ ਜੋ ਹੁਣ ਉਨ੍ਹਾਂ ਕੋਲ ਨਾਮ ਦੇ ਗੁਰਪ੍ਰਸਾਦਿ ਲਈ ਆ ਰਹੇ ਹਨ। ਇਸ ਵਿਧੀ ਨਾਲ ੨੧ ਆਉਣ ਵਾਲੀਆਂ ਕੁਲਾਂ ਗੁਰਮੁਖ ਦੇ ਨਾਲ ਹੀ ਸੁਰੱਖਿਅਤ ਹੋ ਜਾਂਦੀਆਂ ਹਨ। ਆਪਣੇ ਆਪ ਨੂੰ ਮੁਸੀਬਤਾਂ ਭਰੇ ਅਤੇ ਤਸੀਹੇ ਦੇਣ ਵਾਲੇ ਢੰਗਾਂ ਵਿੱਚ ਨਾ ਲਗਾਉ ਜਿਵੇਂ ਕਿ ਸ਼ਾਸਤਰਾਂ ਅਤੇ ਸਿਮ੍ਰਿਤੀਆਂ ਵਿੱਚ ਪਰਿਭਾਸ਼ਿਤ ਅਤੇ ਵਖਿਆਨ ਕੀਤਾ ਗਿਆ ਹੈ। ਸਾਨੂੰ ਇਸ ਤਰ੍ਹਾਂ ਕਰਨ ਦੀ ਜ਼ਰੂਰਤ ਨਹੀਂ ਹੈ ਅਤੇ ਸਾਨੂੰ ਆਪਣੇ ਗ੍ਰਹਿਸਤ ਜੀਵਨ ਨੂੰ ਕੁਰਬਾਨ ਕਰਨ ਦੀ ਲੋੜ ਨਹੀਂ ਹੈ ਅਤੇ ਨਾ ਹੀ ਸੰਸਾਰਿਕ ਜ਼ਿੰਮੇਵਾਰੀਆਂ ਤੋਂ ਭੱਜਣ ਦੀ ਲੋੜ ਹੈ। ਅਸੀਂ ਇਕ ਸਧਾਰਨ ਤਰੀਕੇ ਦਾ ਜੀਵਨ ਗੁਜ਼ਾਰ ਸਕਦੇ ਹਾਂ। ਪਰ ਆਪਣੇ ਆਪ ਨੂੰ ਨਾਮ ਲਈ ਸਮਰਪਿਤ ਕਰ ਦਿਉ ਅਤੇ ਨਾਮ ਦੀ ਕਮਾਈ ਕਰੋ। ਨਾਮ ਦੀ ਕਮਾਈ ਸਾਨੂੰ ਜੀਵਨ ਮੁਕਤੀ ਦਿਵਾਏਗੀ ਕਿਉਂਕਿ ਇੱਥੇ ਨਾਮ ਅਤੇ ਨਾਮ ਦੀ ਕਮਾਈ ਦੇ ਤੁੱਲ ਕੁਝ ਨਹੀਂ ਹੈ। ਇਹ ਅਕਾਲ ਪੁਰਖ ਦੀ ਸਭ ਤੋਂ ਉੱਤਮ ਸੇਵਾ ਹੈ ਇਹ ਆਪਣੇ ਰੂਹਾਨੀ ਸੁਪਨਿਆਂ ਨੂੰ ਸਾਕਾਰ ਕਰਨ ਦਾ ਸਭ ਤੋਂ ਆਸਾਨ ਰਾਹ ਹੈ ਕਿਉਂਕਿ ਨਾਮ ਹੀ ਸਭ ਤੋਂ ਉੱਤਮ ਅਨਾਦਿ ਖ਼ਜ਼ਾਨਾ ਹੈ। ਨਾਮ ਸਾਡੇ ਸਾਰੇ ਮਾਨਸਿਕ ਰੋਗਾਂ ਅਤੇ ਇੱਛਾਵਾਂ ਤੋਂ ਛੁਟਕਾਰਾ ਦਿਵਾਉਂਦਾ ਹੈ ਅਤੇ ਸਾਡੇ ਹਿਰਦੇ ਨੂੰ ਦੈਵੀ ਗੁਣਾਂ ਨਾਲ ਭਰਪੂਰ ਕਰਦਾ ਹੈ। ਨਾਮ ਸਾਨੂੰ ਨਿਰਭਉ ਅਤੇ ਨਿਰਵੈਰ ਬਣਾ ਦਿੰਦਾ ਹੈ ਅਤੇ ਸਾਨੂੰ ਵਾਪਿਸ ਆਦਿ ਅਕਾਲ ਪੁਰਖ ਵਿੱਚ ਸਮਾ ਦਿੰਦਾ ਹੈ। ਨਾਮ ਦੇ ਗੁਰਪ੍ਰਸਾਦਿ ਦੀ ਮਹਾਨ ਸ਼ਕਤੀ ਵਿੱਚ ਅਕਾਲ ਪੁਰਖ ਦੀਆਂ ਸਾਰੀਆਂ ਮਹਾਨ ਸ਼ਕਤੀਆਂ ਦਾ ਵਾਸ ਹੈ, ਨਾਮ ਦੀ ਪ੍ਰਾਪਤੀ ਨਾਲੋਂ ਵੱਡੀ ਹੋਰ ਕੋਈ ਪ੍ਰਾਪਤੀ ਨਹੀਂ ਹੈ। ਨਾਮ ਅੰਮ੍ਰਿਤ ਦੇ ਰੋਮ-ਰੋਮ ਵਿੱਚ ਪ੍ਰਕਾਸ਼ ਹੋ ਜਾਣ ਨਾਲ ਸਾਰੇ ਦਰਗਾਹੀ ਖ਼ਜ਼ਾਨਿਆਂ ਦੀਆਂ ਪ੍ਰਾਪਤੀਆਂ ਹੋ ਜਾਂਦੀਆਂ ਹਨ। ਇਸ ਲਈ ਨਾਮ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਲਈ ਦਿਨ ਰਾਤ ਹਿਰਦੇ ਵਿੱਚੋਂ ਅਰਦਾਸ ਕਰੋ ਜੀ ਤਾਂ ਜੋ ਆਪਜੀ ਨੂੰ ਨਾਮ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਹੋ ਸਕੇ ਅਤੇ ਆਪਜੀ ਆਪਣਾ ਇਹ ਮਨੁੱਖਾ ਜਨਮ ਸਫਲ ਕਰ ਸਕੋ ਜੀ।
ਨਉ ਖੰਡ ਪ੍ਰਿਥਮੀ ਫਿਰੈ ਚਿਰੁ ਜੀਵੈ ॥
ਮਹਾ ਉਦਾਸੁ ਤਪੀਸਰੁ ਥੀਵੈ ॥
ਅਗਨਿ ਮਾਹਿ ਹੋਮਤ ਪਰਾਨ ॥
ਕਨਿਕ ਅਸ੍ਵ ਹੈਵਰ ਭੂਮਿ ਦਾਨ ॥
ਨਿਉਲੀ ਕਰਮ ਕਰੈ ਬਹੁ ਆਸਨ ॥
ਜੈਨ ਮਾਰਗ ਸੰਜਮ ਅਤਿ ਸਾਧਨ ॥
ਨਿਮਖ ਨਿਮਖ ਕਰਿ ਸਰੀਰੁ ਕਟਾਵੈ ॥
ਤਉ ਭੀ ਹਉਮੈ ਮੈਲੁ ਨ ਜਾਵੈ ॥
ਹਰਿ ਕੇ ਨਾਮ ਸਮਸਰਿ ਕਛੁ ਨਾਹਿ ॥
ਨਾਨਕ ਗੁਰਮੁਖਿ ਨਾਮੁ ਜਪਤ ਗਤਿ ਪਾਹਿ ॥੨॥
ਉਹ ਲੋਕ ਜੋ ਇਹਨਾਂ ਧਾਰਮਿਕ ਗ੍ਰੰਥਾਂ – ਵੇਦਾਂ, ਪੁਰਾਣਾਂ, ਉਪਨਿਸ਼ਦਾਂ, ਸ਼ਾਸਤਰਾਂ ਅਤੇ ਸਿਮ੍ਰਿਤੀਆਂ ਵਿਚ ਦੱਸੇ ਗਿਆਨ ਅਨੁਸਾਰ ਯੋਗਾ ਅਭਿਆਸ, ਮੰਤਰਾਂ, ਰੀਤੀਆਂ ਅਤੇ ਵਿਧੀਆਂ ਕਰਦੇ ਹਨ, ਉਹ ਕੁਝ ਕਰਾਮਾਤੀ ਸ਼ਕਤੀਆਂ ਪ੍ਰਾਪਤ ਕਰ ਲੈਂਦੇ ਹਨ ਜਿਨ੍ਹਾਂ ਨੂੰ ਗੁਰਮਤ ਵਿੱਚ ਰਿੱਧੀਆਂ ਸਿੱਧੀਆਂ ਕਿਹਾ ਜਾਂਦਾ ਹੈ। ਇਹਨਾਂ ਅਲੌਕਿਕ ਸ਼ਕਤੀਆਂ ਨਾਲ ਅਜਿਹੇ ਲੋਕ ਅਤੇ ਯੋਗ ਦੇ ਅਭਿਆਸ ਨਾਲ ਆਪਣੇ ਜੀਵਨ ਕਾਲ ਨੂੰ ਵਧਾ ਲੈਂਦੇ ਹਨ। ਯੋਗ ਅਭਿਆਸ ਨਾਲ ਆਪਣੇ ਸੁਆਸਾਂ ਦੀ ਗਤੀ ਨੂੰ ਧੀਮੀ ਕਰ ਕੇ ਆਪਣੇ ਜੀਵਨ ਕਾਲ ਨੂੰ ਵਧਾ ਲੈਂਦੇ ਹਨ। ਪ੍ਰਸਿੱਧ ਸਿਧ ਗੋਸਟਿ, ਜੋ ਕਿ ਧੰਨ ਧੰਨ ਸਤਿਗੁਰ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੱਲਬਾਤ ਜਿਵੇਂ ਕਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਸਾਈ ਗਈ ਹੈ, ਇਕ ਬ੍ਰਹਮ ਕੱਥ ਦਾ ਵਖਿਆਨ ਕਰਦੀ ਹੈ। ਧੰਨ ਧੰਨ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਭਰਪੂਰ ਦਿਆਲਤਾ ਨਾਲ ਸਿੱਧਾਂ ਨੂੰ ਪੂਰਨ ਬ੍ਰਹਮ ਗਿਆਨ ਦੀ ਬਖ਼ਸ਼ਿਸ਼ ਕੀਤੀ ਅਤੇ ਸਾਰੀ ਲੋਕਾਈ ਨੂੰ ਦਰਸਾਇਆ ਕਿ ਕਿਵੇਂ ਨਾਮ ਦੇ ਗੁਰਪ੍ਰਸਾਦਿ ਨਾਲ ਪੂਰਨ ਬ੍ਰਹਮ ਗਿਆਨ ਦੀ ਬੇਅੰਤ ਸ਼ਕਤੀ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਜੀਵਨ ਮੁਕਤੀ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਇਹ ਸਿੱਧ ਰੂਹਾਨੀ ਤਾਕਤਾਂ ਦੇ ਮਾਲਕ ਸਨ ਅਤੇ ਹਿਮਾਲਿਆ ਤੇ ਲੰਮੇ ਸਮੇਂ ਤੋਂ ਰਹਿ ਕੇ ਆਪਣਾ ਜੀਵਨ ਕਾਲ ਵਧਾ ਰਹੇ ਸਨ। ਇਹ ਸਾਰੇ ਸਿੱਧ ਪੂਰਨ ਬ੍ਰਹਮ ਗਿਆਨ ਤੋਂ ਸੱਖਣੇ, ਜੀਵਨ ਮੁਕਤੀ ਦੇ ਪਰਮ ਸੁਖ ਤੋਂ ਵਾਂਝੇ, ਇਹਨਾਂ ਗ਼ੈਬੀ ਸ਼ਕਤੀਆਂ ਦੇ ਬਲ ਨਾਲ ਇਹਨਾਂ ਪਹਾੜਾਂ ’ਤੇ ਬਹੁਤ ਲੰਮੇ ਸਮੇਂ ਤੋਂ ਰਹਿ ਰਹੇ ਸਨ। ਧੰਨ ਧੰਨ ਸਤਿਗੁਰ ਨਾਨਕ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਦਾ ਸਦਕਾ ਇਨ੍ਹਾਂ ਦੀ ਭਟਕਣਾ ਦਾ ਅੰਤ ਹੋਇਆ ਅਤੇ ਇਹ ਸਾਰੇ ਪੂਰਨ ਬ੍ਰਹਮ ਗਿਆਨ ਆਤਮ ਰਸ ਅੰਮ੍ਰਿਤ ਦੀ ਪ੍ਰਾਪਤੀ ਕਰ ਕੇ ਜੀਵਨ ਮੁਕਤੀ ਨੂੰ ਪ੍ਰਾਪਤ ਹੋਏ। ਇਨ੍ਹਾਂ ਸਿੱਧਾਂ ਦੀ ਸੁੰਦਰ ਕਥਾ, ਸਿਧ ਗੋਸਟਿ ਅਨੁਸਾਰ, ਸਾਰੀ ਲੋਕਾਈ ਨੂੰ ਇਹ ਦਰਸਾਉਂਦੀ ਹੈ ਕਿ ਇਨ੍ਹਾਂ ਧਰਮ ਗ੍ਰੰਥਾਂ ਅਨੁਸਾਰ ਜੀਵਨ ਜੀਅ ਕੇ ਜੀਵਨ ਮੁਕਤੀ ਦੀ ਪ੍ਰਾਪਤੀ ਨਹੀਂ ਕੀਤੀ ਜਾ ਸਕਦੀ ਹੈ ਅਤੇ ਗੁਰਪ੍ਰਸਾਦੀ ਮਾਰਗ ਸਹਿਜ ਮਾਰਗ ਹੈ ਜਿਸ ਅਨੁਸਾਰ ਕੇਵਲ ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ ਦੇ ਚਰਨ ਸ਼ਰਨ ਵਿੱਚ ਜਾ ਕੇ ਅਤੇ ਆਪਣਾ ਆਪਾ ਅਰਪਣ ਕਰਕੇ, ਤਨ, ਮਨ, ਧਨ ਚਰਨਾਂ ’ਤੇ ਅਰਪਣ ਕਰਕੇ ਹੀ ਸਹਿਜ ਨਾਲ ਗੁਰਪ੍ਰਸਾਦਿ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ।
ਗੁਰਮਤਿ ਅਨੁਸਾਰ, ਪੂਰਨ ਬ੍ਰਹਮ ਗਿਆਨ ਅਨੁਸਾਰ, ਇਹ ਗ਼ੈਬੀ ਸ਼ਕਤੀਆਂ ਬੰਦਗੀ ਦੇ ਪਹਿਲੇ ਹੀ ਪੜਾਅ ਵਿੱਚ ਪ੍ਰਗਟ ਹੋਣ ਲੱਗ ਪੈਂਦੀਆਂ ਹਨ। ਜੇਕਰ ਆਪ ਇਨ੍ਹਾਂ ਸ਼ਕਤੀਆਂ ਵਿੱਚ ਹੀ ਉਲਝ ਗਏ ਤਾਂ ਆਪ ਦੀ ਰੂਹਾਨੀ ਤਰੱਕੀ ਉੱਥੇ ਹੀ ਰੁਕ ਜਾਵੇਗੀ, ਜਿਵੇਂ ਕਿ ਸਿੱਧਾਂ ਦੀ ਰੂਹਾਨੀ ਤਰੱਕੀ ਰੁਕੀ ਪਈ ਸੀ ਜਿਸਨੂੰ ਧੰਨ ਧੰਨ ਸਤਿਗੁਰ ਨਾਨਕ ਪਾਤਸ਼ਾਹ ਜੀ ਨੇ ਆਪਣੀ ਅਗੰਮੀ ਕਿਰਪਾ ਨਾਲ ਗੁਰਪ੍ਰਸਾਦਿ ਦੇ ਕੇ ਬਹਾਲ ਕੀਤਾ ਸੀ। ਇਹ ਸ਼ਕਤੀਆਂ ਸੱਚ-ਖੰਡ ਦੇ ਰਸਤੇ ਦੀ ਵੱਡੀ ਰੁਕਾਵਟ ਸਮਝੀਆਂ ਜਾਂਦੀਆਂ ਹਨ। ਇਹ ਕੁਦਰਤੀ ਸ਼ਕਤੀਆਂ ਅਕਾਲ ਪੁਰਖ ਦੁਆਰਾ, ਬ੍ਰਹਿਮੰਡ ਨੂੰ ਚਲਾਣ ਵਾਸਤੇ ਨਿਰਮਿਤ ਕੀਤੀਆਂ ਗਈਆਂ ਹਨ। ਇਸ ਲਈ ਜੇ ਕੋਈ ਵਿਅਕਤੀ ਇਹਨਾਂ ਦੀ ਵਰਤੋਂ ਕਰਦਾ ਹੈ ਤਾਂ ਦਰਗਾਹ ਵਿੱਚ ਇਨ੍ਹਾਂ ਦੀ ਵਰਤੋਂ ਅਕਾਲ ਪੁਰਖ ਦੇ ਹੁਕਮ ਦੀ ਉਲੰਘਣਾ ਮੰਨੀ ਜਾਂਦੀ ਹੈ। ਇਨ੍ਹਾਂ ਸ਼ਕਤੀਆਂ ਦੀ ਵਰਤੋਂ ਕਰਨ ਵਾਲਾ ਵਿਅਕਤੀ ਅਕਾਲ ਪੁਰਖ ਦਾ ਸ਼ਰੀਕ ਮੰਨਿਆ ਜਾਂਦਾ ਹੈ। ਜਦੋਂ ਭਗਤ ਦੀ ਬੰਦਗੀ ਪੂਰਨ ਸਿਖ਼ਰਾਂ ’ਤੇ ਪਹੁੰਚ ਜਾਂਦੀ ਹੈ ਅਤੇ ਭਗਤ ਅਤੇ ਭਗਵਾਨ ਇੱਕ-ਮਿੱਕ ਹੋ ਜਾਂਦੇ ਹਨ, ਤਦ ਇਹ ਸਾਰੀਆਂ ਰੂਹਾਨੀ ਸ਼ਕਤੀਆਂ ਅਤੇ ਗੁਰਪ੍ਰਸਾਦੀ ਅਨਾਦਿ ਖ਼ਜ਼ਾਨੇ ਭਗਤ ਦੇ ਸਪੁਰਦ ਬਖ਼ਸ਼ੇ ਜਾਂਦੇ ਹਨ। ਇਸ ਅਵਸਥਾ ਵਿੱਚ ਵਿਚਰਣ ਵਾਲੇ ਮਹਾਂਪੁਰਖਾਂ ਦੀ ਸੇਵਾ ਵਿੱਚ ਰਿੱਧੀਆਂ ਸਿੱਧੀਆਂ ਦੀਆਂ ਸ਼ਕਤੀਆਂ ਹਰ ਵੇਲੇ ਹਾਜ਼ਰ ਹੁੰਦੀਆਂ ਹਨ ਅਤੇ ਉਨ੍ਹਾਂ ਦੀ ਸੇਵਾ ਕਰਦੀਆਂ ਹਨ। ਜਦ ਭੀ ਮਹਾਂਪੁਰਖ ਕੋਈ ਬਚਨ ਕਰਦੇ ਹਨ ਤਾਂ ਇਹ ਰੂਹਾਨੀ ਸ਼ਕਤੀਆਂ ਉਨ੍ਹਾਂ ਦੇ ਬਚਨ ਪੂਰੇ ਕਰਨ ਵਿੱਚ ਸੇਵਾ ਕਰਦੀਆਂ ਹਨ। ਇਸ ਲਈ ਐਸੇ ਮਹਾਂਪੁਰਖਾਂ ਦੀ ਸੰਗਤ ਵਿੱਚ ਕਈ ਵਾਰ ਆਪਣੇ ਆਪ ਹੀ ਅਕਾਲ ਪੁਰਖ ਦੇ ਹੁਕਮ ਅਨੁਸਾਰ ਚਮਤਕਾਰ ਹੋ ਜਾਂਦੇ ਹਨ। ਐਸੇ ਚਮਤਕਾਰ ਭਗਤ ਦੀ ਮਹਿਮਾ ਵਧਾਉਣ ਵਾਸਤੇ; ਸੰਗਤ ਵਿੱਚ ਪ੍ਰਮਾਤਮਾ ਦੀ ਸਮਝ ਬੂਝ ਵਧਾਉਣ ਵਾਸਤੇ; ਦਰਗਾਹੀ ਕਾਨੂੰਨਾਂ ਦੀ ਪਾਲਣਾ ਲਈ; ਸੰਗਤ ਦੀ ਸਹਾਇਤਾ ਵਾਸਤੇ ਅਤੇ ਭਗਤੀ ਵਿੱਚ ਆਪਣੇ ਗੁਰੂ ’ਤੇ ਭਰੋਸਾ, ਸ਼ਰਧਾ ਅਤੇ ਪਿਆਰ ਵਧਾਉਣ ਲਈ ਵਾਪਰਦੇ ਹਨ।
ਇਹ ਰੂਹਾਨੀ ਸ਼ਕਤੀ ਲੰਮੀ ਜ਼ਿੰਦਗੀ ਨਾਲ ਅਤੇ ਧਰਤੀ ਦੇ ਹਰ ਹਿੱਸੇ ’ਤੇ ਰਹਿਣ ਦੇ ਯੋਗ ਨਾਲ ਹੀ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਗੁਰਬਾਣੀ ਵਿੱਚ ਧਰਤੀ ਦੇ ਨੌਂ ਭਾਗ ਜਾਂ ਖੰਡ ਬਿਆਨ ਕੀਤੇ ਗਏ ਹਨ। ਇਹਨਾਂ ਧਰਮ ਕਰਮਾਂ ਦੀ ਸਾਰੀ ਉਮਰ ਪਾਲਣਾ ਕਰਕੇ ਅਤੇ ਇਹਨਾਂ ਸਾਰਿਆਂ ਖੰਡਾਂ ਤੇ ਜਿਸ ਤਰ੍ਹਾਂ ਧਾਰਮਿਕ ਗ੍ਰੰਥਾਂ ਵਿੱਚ ਦੱਸਿਆ ਹੈ, ’ਤੇ ਵਿਚਰ ਕੇ ਜੀਵਣਾ ਭੀ ਤੁਹਾਡੇ ਲਈ ਜੀਵਨ ਮੁਕਤੀ ਨਹੀਂ ਪ੍ਰਾਪਤ ਕਰ ਸਕੇਗਾ। ਸਿੱਧਾਂ ਨੂੰ ਧੰਨ ਧੰਨ ਸਤਿਗੁਰੂ ਨਾਨਕ ਪਾਤਸ਼ਾਹ ਜੀ ਦੀ ਮਹਾਨ ਗੁਰ ਕਿਰਪਾ ਨਾਲ ਗੁਰਪ੍ਰਸਾਦੀ ਨਾਮ ਅਤੇ ਬ੍ਰਹਮ ਗਿਆਨ ਦੀ ਬਖ਼ਸ਼ਿਸ਼ ਹੋਈ, ਹਜ਼ਾਰਾਂ ਸਾਲਾਂ ਤੋਂ ਆਪਣੀਆਂ ਤਾਕਤਾਂ ਦੀ ਵਰਤੋਂ ਨਾਲ ਜੀਅ ਰਹੇ ਸਨ, ਪਰ ਮੁਕਤੀ ਪਾਉਣ ਦੇ ਯੋਗ ਨਹੀਂ ਸਨ ਹੋਏ। ਧੰਨ ਧੰਨ ਸਤਿਗੁਰੂ ਨਾਨਕ ਪਾਤਸ਼ਾਹ ਜੀ ਦੀ ਮਹਾਨ ਗੁਰ ਕਿਰਪਾ ਅਤੇ ਗੁਰਪ੍ਰਸਾਦਿ ਨਾਲ ਹੀ ਇਨ੍ਹਾਂ ਸਿੱਧਾਂ ਦੀ ਮੁਕਤੀ ਸੰਭਵ ਹੋਈ। ਸਾਰੀ ਲੋਕਾਈ ਨੂੰ ਇਸ ਮਹਾਨ ਬ੍ਰਹਮ ਗਿਆਨ ਦੀ ਸੁੰਦਰ ਬਖ਼ਸ਼ਿਸ਼ ਦੇਣ ਵਾਸਤੇ ਹੀ ਧੰਨ ਧੰਨ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਸੁਮੇਰ ਪਰਬਤ ’ਤੇ ਜਾ ਕੇ ਸਿੱਧ ਗੋਸ਼ਟੀ ਦੀ ਸੁੰਦਰ ਸਾਖੀ ਨੂੰ ਅੰਜਾਮ ਦਿੱਤਾ।
ਜੀਵਨ ਮੁਕਤੀ ਦੀ ਪ੍ਰਾਪਤੀ ਨਹੀਂ ਹੁੰਦੀ ਭਾਵੇਂ ਤੁਸੀਂ ਆਪਣੇ ਆਪ ਨੂੰ ਅੱਗ ਨਾਲ ਜਲਾ ਲਵੋ, ਭਾਵ ਆਪਣੇ ਆਪ ਨੂੰ ਇਨ੍ਹਾਂ ਧਰਮ ਕਰਮਾਂ ਦੀ ਪਾਲਣਾ ਕਰਦੇ ਹੋਏ ਤਸੀਹਿਆਂ ਨਾਲ ਖ਼ਤਮ ਕਰ ਲਵੋ। ਨਾ ਹੀ ਜੀਵਨ ਮੁਕਤੀ ਸੋਨਾ, ਘੋੜੇ ਅਤੇ ਜ਼ਮੀਨ ਦਾਨ ਕਰਨ ਨਾਲ ਪ੍ਰਾਪਤ ਹੁੰਦੀ ਹੈ। ਬਾਬਾ ਫਰੀਦ ਜੀ ਨੇ ਲਗਭਗ ਦੋ ਦਹਾਕੇ ਆਪਣੇ ਆਪ ਨੂੰ ਤਸੀਹੇ ਦਿੱਤੇ ਪਰ ਮੁਕਤੀ ਨਾ ਪਾ ਸਕੇ, ਭਾਵੇਂ ਕਿ ਉਹਨਾਂ ਨੇ ਰਿੱਧੀਆਂ-ਸਿੱਧੀਆਂ ਪ੍ਰਾਪਤ ਕੀਤੀਆਂ, ਪਰ ਪਰਮੇਸ਼ਰ ਨੂੰ ਨਾ ਮਿਲ ਸਕੇ। ਅਖ਼ੀਰ ਵਿੱਚ ਉਹ ਸਤਿਗੁਰੂ ਮੁਰਸ਼ਦ ਕੋਲ ਗਏ, ਜਿਨ੍ਹਾਂ ਨੂੰ ਉਹਨਾਂ ਨੇ ਗੁਰੂ ਧਾਰਿਆ ਅਤੇ ਗੁਰਪ੍ਰਸਾਦਿ ਦੀ ਪ੍ਰਾਪਤੀ ਕੀਤੀ। ਕੇਵਲ ਤਦ ਹੀ ਬਾਬਾ ਫਰੀਦ ਜੀ ਜੀਵਨ ਮੁਕਤੀ ਪ੍ਰਾਪਤ ਕਰ ਸਕੇ।
ਨਿਉਲੀ ਕਰਮ ਅਤੇ ਹੋਰ ਹਰ ਤਰ੍ਹਾਂ ਦੇ ਯੋਗ ਆਸਨ ਕਰਕੇ ਭੀ ਜੀਵਨ ਮੁਕਤੀ ਦੀ ਪ੍ਰਾਪਤੀ ਨਹੀਂ ਕੀਤੀ ਜਾ ਸਕਦੀ। ਇਹ ਯੋਗ ਆਸਨ ਚੰਗੀ ਸਰੀਰਕ ਸਿਹਤ ਬਣਾਈ ਰੱਖਣ ਲਈ ਕੀਤੇ ਜਾਂਦੇ ਹਨ, ਪਰ ਇਹਨਾਂ ਔਖੇ ਯੋਗ ਆਸਨਾਂ ਦੇ ਕਰਨ ਨਾਲ ਤੁਸੀਂ ਮੁਕਤੀ ਪ੍ਰਾਪਤ ਨਹੀਂ ਕਰ ਸਕਦੇ।
ਜੈਨ ਧਰਮ ਵਿੱਚ ਵੀ ਬਹੁਤ ਕਠਿਨ ਧਰਮ ਕਰਮਾਂ ਦੀ ਪਾਲਣਾ ਕੀਤੀ ਜਾਂਦੀ ਹੈ। ਅਸਲ ਵਿੱਚ ਜੈਨੀ ਆਪਣੇ ਵਿਹਾਰ ਵਿਚ ਹੋਰ ਵੀ ਸਖ਼ਤ ਹਨ। ਉਹ ਘਰ ਅਤੇ ਪਰਿਵਾਰ ਛੱਡ ਦਿੰਦੇ ਹਨ ਅਤੇ ਬੜੀ ਕਠਿਨ ਜ਼ਿੰਦਗੀ ਜਿਊਂਦੇ ਹਨ। ਉਹ ਨੰਗੇ ਪੈਰ ਸਫ਼ਰ ਕਰਦੇ ਹਨ, ਆਪਣੇ ਸਿਰ ਤੋਂ ਸਾਰੇ ਵਾਲ ਪੁੱਟ ਦਿੰਦੇ ਹਨ, ਬਹੁਤ ਬੰਦਸ਼ਾਂ ਵਾਲਾ ਭੋਜਨ ਕਰਦੇ ਹਨ, ਧਰਤੀ ਉਪਰ ਸੌਂਦੇ ਹਨ ਅਤੇ ਹੋਰ ਵੀ ਇਸ ਤਰ੍ਹਾਂ ਦੇ ਕਈ ਸੰਕਟਮਈ ਕਰਮ ਉਨ੍ਹਾਂ ਦੀ ਰੋਜ਼ਮਈ ਜ਼ਿੰਦਗੀ ਦਾ ਹਿੱਸਾ ਹੁੰਦੇ ਹਨ। ਪਰ, ਇਸ ਤਰ੍ਹਾਂ ਦੇ ਧਰਮ ਕਰਮਾਂ ਦੇ ਕਰਨ ਨਾਲ ਵੀ ਅਤੇ ਆਪਣੇ ਸਰੀਰ ਨੂੰ ਮਰਨ ਤਕ ਤਸੀਹੇ ਦੇਣ ਨਾਲ ਵੀ ਆਪਣੇ ਆਪ ਲਈ ਜੀਵਨ ਮੁਕਤੀ ਦੀ ਪ੍ਰਾਪਤੀ ਨਹੀਂ ਕਰ ਸਕਦੇ। ਕਿਉਂ ? ਕਿਉਂਕਿ ਹਉਮੈ ਦੀ ਮੈਲ ਅਹੰਕਾਰ ਨਹੀਂ ਛੱਡਦੇ। ਇਹ ਸਾਰੇ ਧਰਮ ਕਰਮ ਕਰਨ ਨਾਲ ਭੀ ਹਉਮੈ ਦੀ ਮੈਲ ਮਨ ਤੋਂ ਨਹੀਂ ਉਤਰਦੀ ਹੈ। ਇਕਾਂਤ ਵਿੱਚ ਰਹਿਣ ਨਾਲ ਤੁਸੀਂ ਹਉਮੈ ਦੇ ਮਾਨਸਿਕ ਰੋਗ ਤੋਂ ਮੁਕਤ ਨਹੀਂ ਹੁੰਦੇ। ਜਦੋਂ ਤੱਕ ਹਉਮੈ ਪੂਰੀ ਖ਼ਤਮ ਨਹੀਂ ਹੁੰਦੀ ਜੀਵਨ ਮੁਕਤੀ ਨਹੀਂ ਹੁੰਦੀ। ਅਸਲ ਵਿੱਚ ਲੋਕ ਜਦੋਂ ਯੋਗੀ ਬਣ ਜਾਂਦੇ ਹਨ ਅਤੇ ਇਹ ਧਾਰਮਿਕ ਗ੍ਰੰਥਾਂ ਵਿੱਚ ਦੱਸੀਆਂ ਰਹੁ-ਰੀਤਾਂ ਅਨੁਸਾਰ ਧਰਮ ਕਰਮ ਕਰਦੇ ਹਨ ਤਾਂ ਹੋਰ ਇਕੱਲੇ ਹੋ ਜਾਂਦੇ ਹਨ ਅਤੇ ਤਦ ਇਸ ਤਰ੍ਹਾਂ ਨਾਲ ਸਖ਼ਤ ਮਿਹਨਤ ਕਰਨ ਮਗਰੋਂ ਵੀ ਜੋ ਉਹ ਚਾਹੁੰਦੇ ਹਨ, ਪ੍ਰਾਪਤ ਨਾ ਕਰ ਸਕਣ ਕਾਰਣ ਉਹ ਹੋਰ ਕ੍ਰੋਧੀ ਹੋ ਜਾਂਦੇ ਹਨ। ਕ੍ਰੋਧ ਹਉਮੈ ਦਾ ਪੂਰਕ ਹੈ। ਕ੍ਰੋਧ ਹਉਮੈ ਕਾਰਨ ਆਉਂਦਾ ਹੈ ਅਤੇ ਹਉਮੈ ਤੁਹਾਡੇ ਕ੍ਰੋਧ ਵਿਚੋਂ ਦਿੱਸਦੀ ਹੈ। ਇਹ ਮਨੁੱਖ ਦਾ ਸਭ ਤੋਂ ਭੈੜਾ ਅਤੇ ਵੱਡਾ ਮਾਨਸਿਕ ਰੋਗ ਅਤੇ ਦੁਸ਼ਮਣ ਹੈ। ਇਹੋ ਹੀ ਕਾਰਣ ਹੈ ਕਿ ਇਥੇ ਕਈ ਕਹਾਣੀਆਂ ਯੋਗੀਆਂ, ਰਿਸ਼ੀਆਂ ਅਤੇ ਮੁਨੀਆਂ ਦੀਆਂ ਹਨ ਜੋ ਕ੍ਰੋਧੀ ਹੋ ਗਏ ਅਤੇ ਤਦ ਲੋਕਾਂ ਨੂੰ ਸਰਾਪ ਦਿੱਤਾ। ਇਸ ਤੋਂ ਭਾਵ ਹੈ ਕਿ ਉਹਨਾਂ ਦੀ ਹਉਮੈ ਨੇ ਉਹਨਾਂ ਨੂੰ ਅਜੇ ਵੀ ਨਹੀਂ ਛੱਡਿਆ।
ਜੀਵਨ ਮੁਕਤੀ ਹਉਮੈ ਦੀ ਮੌਤ ਹੈ। ਜੀਵਨ ਮੁਕਤੀ ਮਾਇਆ ਤੋਂ ਮੁਕਤੀ ਹੈ। ਜੀਵਨ ਮੁਕਤੀ ਮਾਇਆ ’ਤੇ ਜਿੱਤ ਪ੍ਰਾਪਤ ਕਰਨਾ ਹੈ। ਜੀਵਨ ਮੁਕਤੀ ਪੰਜ ਦੂਤਾਂ¸ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ’ਤੇ ਜਿੱਤ ਪ੍ਰਾਪਤ ਕਰਨਾ ਹੈ। ਜੀਵਨ ਮੁਕਤੀ ਆਸਾ ਤ੍ਰਿਸ਼ਨਾ ਮਨਸਾ ’ਤੇ ਜਿੱਤ ਪ੍ਰਾਪਤ ਕਰਨਾ ਹੈ। ਜੇਕਰ ਮਾਇਆ ਦਾ ਪ੍ਰਭਾਵ ਅਜੇ ਵੀ ਆਪ ’ਤੇ ਮੌਜੂਦ ਹੈ ਤਦ ਇਹਨਾਂ ਰੀਤਾਂ, ਧਰਮ ਕਰਮਾਂ, ਮੰਤਰਾਂ ਅਤੇ ਕਠਿਨ ਜ਼ਿੰਦਗੀ ਜੀਵਨ ਦਾ ਕੀ ਲਾਭ ਹੈ? ਜੇਕਰ ਮਾਇਆ ਦਾ ਪ੍ਰਭਾਵ ਆਪ ’ਤੇ ਅਜੇ ਵੀ ਮੌਜੂਦ ਹੈ ਤਾਂ ਜੰਗਲਾਂ ਵਿਚ ਭੱਜ ਜਾਣ, ਆਪਣੇ ਪਰਿਵਾਰ ਅਤੇ ਸੰਸਾਰਿਕ ਚੀਜ਼ਾਂ ਨੂੰ ਛੱਡਣ ਦਾ ਕੀ ਲਾਭ, ਜੇਕਰ ਤੁਸੀਂ ਉਥੇ ਨਹੀਂ ਪਹੁੰਚ ਸਕੇ ਜਿਥੇ ਪਹੁੰਚਣਾ ਚਾਹੁੰਦੇ ਸੀ।
ਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਸਾਨੂੰ ਦੱਸ ਰਹੇ ਹਨ ਕਿ ਅਜਿਹੇ ਕੋਈ ਵੀ ਕੰਮ ਜੋ ਸ਼ਾਸਤਰਾਂ ਅਤੇ ਸਿਮ੍ਰਿਤੀਆਂ ਵਿਚ ਦੱਸੇ ਹਨ ਕਰਨ ਨਾਲ ਮੁਕਤੀ ਪ੍ਰਾਪਤ ਨਹੀਂ ਹੋ ਸਕਦੀ। ਕੇਵਲ ਨਾਮ ਦਾ ਗੁਰਪ੍ਰਸਾਦਿ ਸਾਡੇ ਲਈ ਮੁਕਤੀ ਲਿਆ ਸਕਦਾ ਹੈ। ਗੁਰਪ੍ਰਸਾਦਿ ਦੀ ਪਰਮ ਸ਼ਕਤੀ ਹੀ ਸਾਡੀ ਹਉਮੈ ਨੂੰ ਮਾਰ ਸਕਦੀ ਹੈ। ਕੇਵਲ ਇਹ ਹੀ ਨਹੀਂ, ਗੁਰਪ੍ਰਸਾਦਿ ਹੀ ਸਾਨੂੰ ਪੰਜ ਦੂਤਾਂ – ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਤ੍ਰਿਸ਼ਨਾ ਤੋਂ ਵੀ ਮੁਕਤ ਕਰਵਾਏਗਾ ਅਤੇ ਅਸੀਂ ਮਨ ’ਤੇ ਜਿੱਤ ਪਾ ਲਵਾਂਗੇ ਅਤੇ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਲੀਨ ਹੋ ਜਾਵਾਂਗੇ। ਇਥੇ ਕੋਈ ਵੀ ਹੋਰ ਵਸਤੂ ਜਾਂ ਸ਼ਕਤੀ ਗੁਰਪ੍ਰਸਾਦੀ ਨਾਮ ਅਤੇ ਨਾਮ ਦੀ ਕਮਾਈ ਦੇ ਤੁੱਲ ਨਹੀਂ ਹੈ। ਉਹ ਮਨੁੱਖ ਜਿਹੜੇ ਨਾਮ ਦੀ ਕਮਾਈ ਪੂਰਨ ਸਮਰਪਣ, ਨਿਸਚੇ, ਵਿਸ਼ਵਾਸ, ਯਕੀਨ, ਭਰੋਸੇ, ਪਿਆਰ ਅਤੇ ਸ਼ਰਧਾ ਨਾਲ ਕਰਦੇ ਹਨ, ਗੁਰਮੁਖ ਹਿਰਦਾ ਬਣ ਜਾਂਦੇ ਹਨ ਅਤੇ ਦੈਵੀ ਗੁਣਾਂ ਨਾਲ ਭਰਪੂਰ ਹੋ ਜਾਂਦੇ ਹਨ ਅਤੇ ਜੀਵਨ ਮੁਕਤੀ ਦੀ ਪ੍ਰਾਪਤੀ ਕਰ ਲੈਂਦੇ ਹਨ।
ਮਨ ਕਾਮਨਾ ਤੀਰਥ ਦੇਹ ਛੁਟੈ ॥
ਗਰਬੁ ਗੁਮਾਨੁ ਨ ਮਨ ਤੇ ਹੁਟੈ ॥
ਸੋਚ ਕਰੈ ਦਿਨਸੁ ਅਰੁ ਰਾਤਿ ॥
ਮਨ ਕੀ ਮੈਲੁ ਨ ਤਨ ਤੇ ਜਾਤਿ ॥
ਇਸੁ ਦੇਹੀ ਕਉ ਬਹੁ ਸਾਧਨਾ ਕਰੈ ॥
ਮਨ ਤੇ ਕਬਹੂ ਨ ਬਿਖਿਆ ਟਰੈ ॥
ਜਲਿ ਧੋਵੈ ਬਹੁ ਦੇਹ ਅਨੀਤਿ ॥
ਸੁਧ ਕਹਾ ਹੋਇ ਕਾਚੀ ਭੀਤਿ ॥
ਮਨ ਹਰਿ ਕੇ ਨਾਮ ਕੀ ਮਹਿਮਾ ਊਚ ॥
ਨਾਨਕ ਨਾਮਿ ਉਧਰੇ ਪਤਿਤ ਬਹੁ ਮੂਚ ॥੩॥
ਬਹੁਤ ਸਾਰੇ ਲੋਕ ਬਾਹਰੀ ਤੀਰਥਾਂ ’ਤੇ ਜਾਂਦੇ ਹਨ। ਭਾਵ ਕਿ ਉਹ ਮੰਦਰਾਂ, ਗੁਰਦਵਾਰਿਆਂ ਅਤੇ ਧਾਰਮਿਕ ਮਹੱਤਤਾ ਵਾਲੇ ਸਥਾਨਾਂ ’ਤੇ ਇਸ ਆਸ ਨਾਲ ਯਾਤਰਾ ਕਰਦੇ ਹਨ ਕਿ ਉਹ ਮੁਕਤੀ ਪ੍ਰਾਪਤ ਕਰਨ ਦੇ ਯੋਗ ਹੋ ਜਾਣਗੇ। ਕੁਝ ਲੋਕਾਂ ਦੀ ਇਹ ਇੱਛਾ ਹੁੰਦੀ ਹੈ ਕਿ ਉਹ ਐਸੀ ਜਗ੍ਹਾ ’ਤੇ ਯਾਤਰਾ ਕਰਦੇ ਹੋਏ ਜੀਵਨ ਦੇ ਅੰਤ ਨੂੰ ਪ੍ਰਾਪਤ ਹੋਣ। ਕਿਉਂਕਿ ਉਹ ਵਿਸ਼ਵਾਸ ਕਰਦੇ ਹਨ ਕਿ ਐਸੇ ਧਾਰਮਿਕ ਮਹੱਤਵ ਵਾਲੇ ਸਥਾਨ (ਦੇਵੀ ਅਤੇ ਦੇਵਤਿਆਂ ਦੇ ਪੁਰਾਣੇ ਮੰਦਰ, ਹਰਿਦੁਆਰ, ਹਰਿ ਕੀ ਪੌੜੀ; ਆਦਿ) ’ਤੇ ਪਰਾਣ ਤਿਆਗਣ ਨਾਲ ਉਹਨਾਂ ਦੀ ਰੂਹ ਅਜ਼ਾਦ ਹੋ ਜਾਵੇਗੀ ਅਤੇ ਮੁਕਤੀ ਪਾ ਲਏਗੀ, ਪਰ ਇਹ ਸੱਚ ਨਹੀਂ ਹੈ, ਅਸਲੀ ਤੀਰਥ ਯਾਤਰਾ ਅੰਦਰੂਨੀ ਤੀਰਥ ਯਾਤਰਾ ਹੈ। ਬਾਹਰੀ ਤੀਰਥ ਸਥਾਨਾਂ ਦੀ ਯਾਤਰਾ, ਜਿਨ੍ਹਾਂ ਨੂੰ ਗੁਰਬਾਣੀ ਵਿੱਚ ਅਠਸਠ ਤੀਰਥ ਕਿਹਾ ਗਿਆ ਹੈ, ਇਹ ੬੮ ਪਵਿੱਤਰ ਤੀਰਥ ਸਥਾਨ ਜਿਨ੍ਹਾਂ ਵਿੱਚ ਬਹੁਤ ਸਾਰੇ ਲੋਕ ਮੁਕਤੀ ਪਾਉਣ ਦਾ ਵਿਸ਼ਵਾਸ ਰੱਖਦੇ ਹਨ, ਉਨ੍ਹਾਂ ਦੀ ਹਉਮੈ ਅਤੇ ਲੱਖਾਂ ਕਰੋੜਾਂ ਹੀ ਪਾਪਾਂ ਦੀ ਮੈਲ ਨੂੰ ਧੋ ਨਹੀਂ ਸਕਦੇ। ਉਹ ਬੇਅੰਤ ਪਾਪ ਜਿਹੜੇ ਸਾਡੀ ਰੂਹ ਨੂੰ ਕਈ ਜਨਮ ਜਨਮਾਂਤਰਾਂ ਤੋਂ ਚੰਬੜੇ ਹੋਏ ਹਨ, ਅਠਸਠ ਤੀਰਥਾਂ ਦੀ ਯਾਤਰਾ ਨਾਲ ਧੋਏ ਨਹੀਂ ਜਾ ਸਕਦੇ ਹਨ। ਬਾਹਰੀ ਤੀਰਥਾਂ ਦੀ ਯਾਤਰਾ ਸਾਡੇ ਹਿਰਦੇ ਨੂੰ ਨਿਰਮਲ ਨਹੀਂ ਕਰ ਸਕਦੀ ਅਤੇ ਬਾਹਰਲੇ ਤੀਰਥ ਨਾਲ ਮਾਇਆ ¸ ਪੰਜ ਦੂਤ ਅਤੇ ਇੱਛਾਵਾਂ ’ਤੇ ਜਿੱਤ ਨਹੀਂ ਪਾਈ ਜਾ ਸਕਦੀ। ਕੇਵਲ ਅੰਦਰੂਨੀ ਤੀਰਥ ਯਾਤਰਾ ਸਾਡੇ ਹਿਰਦੇ ਨੂੰ ਸਾਫ਼ ਕਰਨ ਦੇ ਯੋਗ ਹੈ ਅਤੇ ਹਿਰਦੇ ਨੂੰ ਨਾਮ ਅਤੇ ਦੈਵੀ ਗੁਣਾਂ ਨਾਲ ਭਰ ਦਿੰਦੀ ਹੈ ਅਤੇ ਅਸੀਂ ਜੀਵਨ ਮੁਕਤੀ ਪਾਉਣ ਦੇ ਯੋਗ ਹੋ ਜਾਵਾਂਗੇ। ਜੀਵਨ ਮੁਕਤੀ ਦੀ ਖੇਡ ਬਾਹਰਲੀ ਖੇਡ ਨਹੀਂ ਹੈ, ਇਹ ਅੰਦਰਲੀ ਖੇਡ ਹੈ। ਬਾਹਰਲੀ ਰਹਿਤ ਨਾਲ ਜੀਵਨ ਮੁਕਤੀ ਨਹੀਂ ਪ੍ਰਾਪਤ ਕੀਤੀ ਜਾ ਸਕਦੀ, ਅੰਦਰਲੀ ਰਹਿਤ ਨਾਲ ਹੀ ਜੀਵਨ ਮੁਕਤੀ ਪ੍ਰਾਪਤ ਕੀਤੀ ਜਾ ਸਕਦੀ ਹੈ। ਅਠਸਠ ਤੀਰਥ ਬਾਹਰਲੀ ਰਹਿਤ ਹੈ, ਪੰਜ ਦੂਤਾਂ ਦੀ ਰਹਿਤ ਅਤੇ ਤ੍ਰਿਸ਼ਨਾ ਦੀ ਰਹਿਤ ਅੰਦਰਲੀ ਰਹਿਤ ਹੈ। ਹਿਰਦੇ ਦੀ ਪੂਰਨ ਸਚਿਆਰੀ ਰਹਿਤ ਹੀ ਅਸਲੀ ਰੂਹਾਨੀ ਰਹਿਤ ਹੈ, ਮਾਇਆ ’ਤੇ ਜਿੱਤ ਪ੍ਰਾਪਤ ਕਰਨ ਦੀ ਰਹਿਤ ਹੀ ਰੂਹਾਨੀ ਦਰਗਾਹੀ ਰਹਿਤ ਹੈ।
ਇਸ ਲਈ ਕੇਵਲ ਆਪਣੇ ਆਪ ਨੂੰ ਬਾਹਰੋਂ ਸਾਫ਼ ਕਰਨ ਨਾਲ ਮਨ ਅਤੇ ਰੂਹ ਦੇ ਪਾਪ ਅਤੇ ਹਉਮੈ ਦੀ ਮੈਲ ਨਹੀਂ ਧੋਤੀ ਜਾ ਸਕਦੀ। ਅਸੀਂ ਜੋ ਵੀ ਆਪਣੇ ਪਦਾਰਥਕ ਸਰੀਰ ਨੂੰ ਸਾਫ਼ ਕਰਨ ਲਈ ਕਰਦੇ ਹਾਂ ਸਾਡੇ ਮਨ ਅਤੇ ਰੂਹ ਨੂੰ ਪੰਜ ਦੂਤਾਂ ਅਤੇ ਤ੍ਰਿਸ਼ਨਾ ਤੋਂ ਮੁਕਤ ਨਹੀਂ ਕਰਾ ਸਕਦਾ। ਅੰਦਰੂਨੀ ਤੀਰਥ ਤਦ ਹੁੰਦਾ ਹੈ ਜਦ ਤੁਹਾਡੀ ਰੂਹ ’ਤੇ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਹੁੰਦੀ ਹੈ ਅਤੇ ਤੁਸੀਂ ਸਮਾਧੀ ਅਤੇ ਸੁੰਨ ਸਮਾਧੀ ਵਿੱਚ ਚਲੇ ਜਾਂਦੇ ਹੋ ਅਤੇ ਨਾਮ ਦੀ ਕਮਾਈ ਕਰਦੇ ਹੋ, ਜਿਹੜੀ ਸਾਡੀ ਅੰਦਰ ਦੀ ਮੈਲ ਅਤੇ ਪਾਪਾਂ ਨੂੰ ਧੋ ਦਿੰਦੀ ਹੈ, ਜੋ ਜਨਮ ਜਨਮਾਂਤਰਾਂ ਤੋਂ ਸਾਡੀ ਰੂਹ ਅਤੇ ਮਨ ਨੂੰ ਚਿੰਬੜੀ ਹੋਈ ਸੀ। ਜਦ ਅਜਿਹਾ ਹੁੰਦਾ ਹੈ ਤਾਂ ਤੁਹਾਡੇ ਸਾਰੇ ਬ੍ਰਹਮ ਦਰਵਾਜ਼ੇ ਖੁੱਲ੍ਹ ਜਾਂਦੇ ਹਨ, ਤ੍ਰਿਕੁਟੀ ਅਤੇ ਦਸਮ ਦੁਆਰ ਪ੍ਰਕਾਸ਼ਮਾਨ ਹੋ ਜਾਂਦੇ ਹਨ ਅਤੇ ਨਾਮ ਤੁਹਾਡੀ ਸੁਰਤ ਅਤੇ ਹਿਰਦੇ ਵਿਚ ਚਲਾ ਜਾਂਦਾ ਹੈ, ਤੁਹਾਡੇ ਸਾਰੇ ਹੀ ਸੱਤ ਰੂਹਾਨੀ ਸ਼ਕਤੀਆਂ ਦੇ ਕੇਂਦਰ-ਸੱਤ ਸਰੋਵਰ ਪ੍ਰਕਾਸ਼ਮਾਨ ਹੋ ਜਾਂਦੇ ਹਨ ਅਤੇ ਤੁਸੀਂ ਸ਼ੁੱਧ ਖ਼ਾਲਸਾ ਰੂਹ ਬਣ ਜਾਂਦੇ ਹੋ ਅਤੇ ਨਾਮ ਤੁਹਾਡੇ ਰੋਮ-ਰੋਮ ਵਿੱਚ ਪ੍ਰਕਾਸ਼ਮਾਨ ਹੋ ਜਾਂਦਾ ਹੈ ਅਤੇ ਇਸ ਤਰ੍ਹਾਂ ਤੁਸੀਂ ਜੀਵਨ ਮੁਕਤੀ ਦੀ ਪ੍ਰਾਪਤੀ ਕਰਦੇ ਹੋ।
ਮਾਇਆ ਦਾ ਜ਼ਹਿਰ ਕੇਵਲ ਨਾਮ ਦੇ ਅੰਮ੍ਰਿਤ ਨਾਲ ਧੋਤਾ ਜਾਂਦਾ ਹੈ ਅਤੇ ਕਿਸੇ ਬਾਹਰਲੀ ਰਹਿਤ ਨੂੰ ਮੰਨਣ ਅਤੇ ਕਰਨ ਨਾਲ ਨਹੀਂ। ਅੰਦਰਲੀ ਰਹਿਤ ਦਾ ਅਰਥ ਹੈ: ਪੰਜ ਦੂਤਾਂ ’ਤੇ ਜਿੱਤ, ਤ੍ਰਿਸ਼ਨਾ ਉੱਤੇ ਜਿੱਤ, ਮਾਇਆ ਉੱਤੇ ਜਿੱਤ, ਸਾਰੀ ਦੇਹੀ ਵਿਚੋਂ ਲਗਾਤਾਰ ਅੰਮ੍ਰਿਤ ਦਾ ਵਹਾਅ; ਰੋਮ-ਰੋਮ ਸਿਮਰਨ; ਸਾਰੇ ਬ੍ਰਹਮ ਗੁਣਾਂ ਨਾਲ ਭਰਿਆ ਹੋਇਆ ਸੰਤ ਹਿਰਦਾ; ਸਦਾ ਸੁਹਾਗ ਦੀ ਪ੍ਰਾਪਤੀ; ਨਿਰਭਉ ਅਤੇ ਨਿਰਵੈਰ ਬਣ ਜਾਣਾ, ਏਕ ਦ੍ਰਿਸ਼ਟ ਅਤੇ ਪੂਰਨ ਬ੍ਰਹਮ ਗਿਆਨੀ ਬਣ ਜਾਣਾ।
ਪਦਾਰਥਕ ਸਰੀਰ ਗਾਰੇ ਦੀ ਕੰਧ ਵਾਂਗ ਹੈ, ਇਹ ਨਾਸਵਾਨ ਹੈ, ਸੋ ਨਾਸਵਾਨ ਦੇਹੀ ਨੂੰ ਧੋਣ ਨਾਲ ਪਾਪਾਂ ਅਤੇ ਮਾੜੇ ਕਰਮਾਂ ਦੀ ਮੈਲ ਜੋ ਸਾਡੀ ਰੂਹ ਨਾਲ ਕਈ ਜਨਮਾਂ ਜਨਮਾਂਤਰਾਂ ਤੋਂ ਚਿੰਬੜੀ ਹੈ, ਉਸ ਮੈਲ ਦਾ ਪ੍ਰਭਾਵ ਧੋਤਾ ਨਹੀਂ ਜਾਵੇਗਾ। ਅਸਲੀ ਚੀਜ਼ ਆਤਮਾ ਹੈ ਜਿਹੜੀ ਨਾਸਵਾਨ ਨਹੀਂ ਹੈ। ਇਹ ਪਰਮ ਆਤਮਾ ਦਾ ਅੰਸ ਹੈ। ਆਤਮਾ ਨੂੰ ਮਾਇਆ ਦੇ ਚੁੰਗਲ ਵਿਚੋਂ ਮੁਕਤ ਹੋਣ ਲਈ ਪਰਮ ਆਤਮਾ ਬਣਨਾ ਪੈਂਦਾ ਹੈ। ਸੋ ਕੇਵਲ ਪਦਾਰਥ ਸਰੀਰ ਦਾ ਇਸ਼ਨਾਨ (ਤੀਰਥ ਕੇਂਦਰਾਂ ’ਤੇ ਪਵਿੱਤਰ ਡੁਬਕੀਆਂ ਲਗਾਉਣਾ) ਮਾਇਆ ਦਾ ਹੀ ਇੱਕ ਕਾਰਜ ਹੈ। ਅਸਲ ਰੂਹਾਨੀ ਇਸ਼ਨਾਨ ਰੂਹ ਅਤੇ ਮਨ ਦਾ ਨਾਮ ਅੰਮ੍ਰਿਤ ਨਾਲ ਇਸ਼ਨਾਨ ਹੈ। ਇਹ ਅਸਲ ਰੂਹਾਨੀ ਇਸ਼ਨਾਨ, ਗਿਆਨ ਧਿਆਨ ਇਸ਼ਨਾਨ ਹੈ। ਨਾਮ ਅੰਮ੍ਰਿਤ ਨਾਲ ਇਸ਼ਨਾਨ ਮਾਇਆ ਦੇ ਜ਼ਹਿਰ ਨੂੰ ਪੀ ਜਾਂਦਾ ਹੈ। ਨਾਮ ਅੰਮ੍ਰਿਤ ਤੁਹਾਨੂੰ ਸਾਰੇ ਪਾਪਾਂ ਅਤੇ ਬੁਰੇ ਕੰਮਾਂ ਤੋਂ ਰਾਹਤ ਦਿੰਦਾ ਹੈ ਅਤੇ ਤੁਹਾਡੇ ਅੰਦਰ ਨੂੰ ਸਾਫ਼ ਕੱਪੜੇ ਵਾਂਗ ਬਣਾ ਦਿੰਦਾ ਹੈ ਜਿਸਨੂੰ ਕੋਈ ਮੈਲ ਚਿੰਬੜੀ ਨਹੀਂ ਰਹਿ ਜਾਂਦੀ। ਨਾਮ ਅੰਮ੍ਰਿਤ ਤੁਹਾਨੂੰ ਪੂਰੀ ਤਰ੍ਹਾਂ ਸੱਚ ਅਤੇ ਸ਼ੁਧ ਖ਼ਾਲਸਾ ਬਣਾ ਦਿੰਦਾ ਹੈ ਅਤੇ ਪੂਰਨ ਜੋਤ ਪ੍ਰਕਾਸ਼ ਤੁਹਾਡੇ ਹਿਰਦੇ ਦੇ ਅੰਦਰ ਪੈਦਾ ਕਰਦਾ ਹੈ ਅਤੇ ਤੁਹਾਡੀ ਆਤਮਾ ਨੂੰ ਪਰਮ ਆਤਮਾ ਵਿੱਚ ਪਰਿਵਰਤਿਤ ਕਰ ਕੇ ਖ਼ਾਲਸ ਬਣਾ ਦਿੰਦਾ ਹੈ। ਕੇਵਲ ਬਾਹਰੀ ਆਗਿਆ ਪਾਲਣ ਨਾਲ ਤੁਸੀਂ ਆਪਣੇ ਅੰਦਰ ਨੂੰ ਸਿੱਧਾ ਨਹੀਂ ਕਰ ਸਕਦੇ ਅਤੇ ਇਸ ਨੂੰ ਨਿਰਮਲ ਹਿਰਦਾ ਨਹੀਂ ਬਣਾ ਸਕਦੇ। ਕੇਵਲ ਅੰਦਰੂਨੀ ਆਗਿਆ ਪਾਲਣ ਜੋ ਨਾਮ ਦੀ ਕਮਾਈ ਤੇ ਗੁਰਪ੍ਰਸਾਦਿ ਨਾਲ ਕਮਾਇਆ ਜਾਂਦਾ ਹੈ, ਤੁਹਾਡੀ ਸਹਾਇਤਾ ਕਰਨ ਯੋਗ ਹੈ।
ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੇ ਭਰਪੂਰ ਦਿਆਲਤਾ ਦਾ ਸਦਕਾ ਸਾਨੂੰ ਨਾਮ, ਬੰਦਗੀ ਅਤੇ ਸੇਵਾ, ਜੋ ਸ਼ਰਧਾ ਅਤੇ ਪਿਆਰ ਯਕੀਨ ਅਤੇ ਭਰੋਸੇ ਨਾਲ ਮਿਲਦਾ ਹੈ, ਦਾ ਰਸਤਾ ਪ੍ਰਕਾਸ਼ਮਾਨ ਕੀਤਾ ਹੈ। ਇਸ ਗੁਰਪ੍ਰਸਾਦਿ ਨਾਲ ਬਹੁਤ ਸਾਰੀਆਂ ਰੂਹਾਂ ਮਾਇਆ ਦੇ ਚੁੰਗਲ ਵਿੱਚੋਂ ਮੁਕਤ ਹੋ ਜਾਂਦੀਆਂ ਹਨ ਅਤੇ ਉਹਨਾਂ ਨੂੰ ਗੁਰਪ੍ਰਸਾਦਿ ਇਤਨਾ ਉੱਚਾ ਉਠਾ ਦਿੰਦਾ ਹੈ ਕਿ ਉਹ ਅਕਾਲ ਪੁਰਖ ਦੀ ਦਰਗਾਹ ਵਿੱਚ ਸਤਿਕਾਰਯੋਗ ਬਣ ਜਾਂਦੀਆਂ ਹਨ। ਕੇਵਲ ਨਾਮ ਦੇ ਗੁਰਪ੍ਰਸਾਦਿ, ਨਾਮ ਦੀ ਕਮਾਈ ਅਤੇ ਅੰਦਰੂਨੀ ਆਗਿਆ ਪਾਲਣ ਸਾਡੇ ਲਈ ਜੀਵਨ ਮੁਕਤੀ ਲੈ ਕੇ ਆਉਂਦੀ ਹੈ।
ਬਹੁਤੁ ਸਿਆਣਪ ਜਮ ਕਾ ਭਉ ਬਿਆਪੈ ॥
ਅਨਿਕ ਜਤਨ ਕਰਿ ਤ੍ਰਿਸਨ ਨਾ ਧ੍ਰਾਪੈ ॥
ਭੇਖ ਅਨੇਕ ਅਗਨਿ ਨਹੀ ਬੁਝੈ ॥
ਕੋਟਿ ਉਪਾਵ ਦਰਗਹ ਨਹੀ ਸਿਝੈ ॥
ਛੂਟਸਿ ਨਾਹੀ ਊਭ ਪਇਆਲਿ ॥
ਮੋਹਿ ਬਿਆਪਹਿ ਮਾਇਆ ਜਾਲਿ ॥
ਅਵਰ ਕਰਤੂਤਿ ਸਗਲੀ ਜਮੁ ਡਾਨੈ ॥
ਗੋਵਿੰਦ ਭਜਨ ਬਿਨੁ ਤਿਲੁ ਨਹੀ ਮਾਨੈ ॥
ਹਰਿ ਕਾ ਨਾਮੁ ਜਪਤ ਦੁਖੁ ਜਾਇ ॥
ਨਾਨਕ ਬੋਲੈ ਸਹਜਿ ਸੁਭਾਇ ॥੪॥
ਨਿਰਭਉ ਬਣਨਾ, ਇੱਕ ਲਾਜ਼ਮੀ ਦਰਗਾਹੀ ਗੁਣ ਹੈ। ਜਦ ਤੱਕ ਤੁਸੀਂ ਪੂਰੀ ਤਰ੍ਹਾਂ ਭਉ ਰਹਿਤ ਨਹੀਂ ਹੋ, ਤੁਸੀਂ ਸੱਤ ਦੀ ਸੇਵਾ ਕਰਨ ਦੇ ਯੋਗ ਨਹੀਂ ਹੁੰਦੇ। ਨਿਰਭਉ ਹੋਣਾ ਧੰਨ ਧੰਨ ਪਾਰਬ੍ਰਹਮ ਪਰਮੇਸ਼ਰ ਦੀ ਇੱਕ ਸਭ ਤੋਂ ਮਹੱਤਵਪੂਰਨ ਕਲਾਵਾਂ ਵਿੱਚੋ ਬੇਅੰਤ ਸ਼ਕਤੀਸ਼ਾਲੀ ਬ੍ਰਹਮ ਕਲਾ ਹੈ। ਜਦ ਤੱਕ ਤੁਸੀਂ ਸੰਪੂਰਨ ਤੌਰ ’ਤੇ ਭਉ ਰਹਿਤ ਨਹੀਂ ਹੋ ਜਾਂਦੇ, ਅਰਥਾਤ ਜਦ ਤੀਕ ਤੁਸੀਂ ਸੰਪੂਰਨ ਨਿਰਭਉਤਾ ਦੀ ਇਸ ਮਹਾਨ ਇਲਾਹੀ ਸ਼ਕਤੀ ਦੇ ਗੁਰਪ੍ਰਸਾਦਿ ਨਾਲ ਨਿਵਾਜੇ ਨਹੀਂ ਜਾਂਦੇ ਤਦ ਤੀਕ ਤੁਸੀਂ ਪੂਰਾ ਸੱਤ ਬੋਲਣ ਅਤੇ ਸੁਨਣ ਦੇ ਯੋਗ ਨਹੀਂ ਹੁੰਦੇ, ਤੁਸੀਂ ਸੱਤ ਦੀ ਸੇਵਾ ਕਰਨ ਅਤੇ ਸੱਤ ਨੂੰ ਵਰਤਾਉਣ ਦੇ ਯੋਗ ਨਹੀਂ ਹੁੰਦੇ, ਤੁਸੀਂ ਸੱਤ ਅਤੇ ਝੂਠ ਦਾ ਨਿਸਤਾਰ ਕਰਨ ਯੋਗ ਨਹੀਂ ਹੁੰਦੇ, ਤੁਸੀਂ ਸਤਿ ਸਰੂਪ ਬਣਨ ਦੇ ਯੋਗ ਨਹੀਂ ਹੁੰਦੇ। ਭਉ ਦਾ ਇਲਾਹੀ ਭਾਵ ਹੈ ਪਦਾਰਥਾਂ ਨਾਲ ਮੋਹ, ਪਰਿਵਾਰਿਕ ਮੋਹ, ਆਪਣੇ ਆਪ ਨਾਲ ਮੋਹ। ਜ਼ਰਾ ਆਪਣਾ ਅੰਦਰ ਵਿਚਾਰ ਕੇ ਵੇਖੋ। ਕੀ ਆਪ ਜੀ ਨੂੰ ਸਾਰੇ ਜੀਵਨ ਵਿੱਚ ਚੰਗੇ ਮਾੜੇ ਤਰੀਕਿਆਂ ਨਾਲ ਇਕੱਠੇ ਕੀਤੇ ਹੋਏ ਦੁਨਿਆਵੀ ਪਦਾਰਥਾਂ ਦੇ ਖੋਹੇ ਜਾਣ ਦਾ ਭਉ ਹਰ ਦਮ ਨਹੀਂ ਹੈ ? ਕੀ ਆਪਜੀ ਨੂੰ ਸਾਰੇ ਜੀਵਨ ਵਿੱਚ ਚੰਗੇ ਮਾੜੇ ਤਰੀਕਿਆਂ ਨਾਲ ਇਕੱਠੇ ਕੀਤੇ ਹੋਏ ਧਨ ਦੇ ਘਟ ਜਾਣ ਜਾਂ ਖੋਹੇ ਜਾਣ ਦਾ ਭਉ ਨਹੀਂ ਲਗਦਾ ਹੈ? ਕੀ ਆਪਜੀ ਨੂੰ ਸਾਰੇ ਜੀਵਨ ਵਿੱਚ ਚੰਗੇ ਮਾੜੇ ਤਰੀਕਿਆਂ ਨਾਲ ਬਣਾਈ ਗਈ ਜਾਇਦਾਦ ਦੇ ਖੇਰੂੰ-ਖੇਰੂੰ ਹੋਣ ਦਾ ਭਉ ਨਹੀਂ ਸਤਾਉਂਦਾ ਹੈ ? ਕੀ ਆਪਜੀ ਨੂੰ ਆਪਣੇ ਪਰਿਵਾਰਿਕ ਰਿਸ਼ਤਿਆਂ ਦੇ ਖੋਹੇ ਜਾਣ ਦਾ ਜਾਂ ਵਿਗੜ ਜਾਣ ਦਾ ਭਉ ਨਹੀਂ ਸਤਾਉਂਦਾ ਹੈ? ਕੀ ਆਪਜੀ ਨੂੰ ਆਪਣੀ ਦੇਹ ਛੱਡਣ ਦਾ ਭਉ ਨਹੀਂ ਲੱਗਦਾ ਹੈ ਕਿ ਮੇਰੀ ਮੌਤ ਤੋਂ ਬਾਅਦ ਮੇਰੇ ਪਰਿਵਾਰ ਦਾ ਕੀ ਬਣੇਗਾ? ਇਸੇ ਹੀ ਭਉ ਨੂੰ ਗੁਰਬਾਣੀ ਵਿੱਚ ਮੋਹ ਆਖਿਆ ਗਿਆ ਹੈ। ਜਿਥੇ ਪੂਰਨ ਸੱਤ ਹੈ ਉਥੇ ਮੋਹ ਨਹੀਂ ਹੈ। ਜਿਥੇ ਪੂਰਨ ਸੱਤ ਹੈ ਉਥੇ ਪਿਆਰ ਹੈ। ਜਿਥੇ ਪੂਰਨ ਸੱਤ ਹੈ ਉਥੇ ਕੋਈ ਮੰਗ ਨਹੀਂ ਹੈ। ਜਿਥੇ ਪੂਰਨ ਸੱਤ ਹੈ ਉਥੇ ਲੈਣ ਦੀ ਭਾਵਨਾ ਨਹੀਂ ਹੈ, ਉਥੇ ਸਿਰਫ਼ ਦੇਣ ਦੀ ਭਾਵਨਾ ਹੈ।
ਸਭ ਤੋਂ ਵੱਡਾ ਭਉ ਕੀ ਹੈ ? ਮੌਤ ਦਾ ਭਉ ਹੈ। ਇਹ ਭਉ ਹਮੇਸ਼ਾਂ ਤੁਹਾਨੂੰ ਚੰਬੜਿਆ ਰਹਿੰਦਾ ਹੈ ਜਦੋਂ ਤੱਕ ਤੁਸੀਂ ਪੂਰੀ ਤਰ੍ਹਾਂ ਭਉ-ਰਹਿਤ ਨਹੀਂ ਹੋ ਜਾਂਦੇ। ਨਿਰਭਉ ਦਾ ਦੈਵੀ ਗੁਣ ਅਤੇ ਮਹਾਨ ਕਲਾ ਕੇਵਲ ਅਕਾਲ ਪੁਰਖ ਦੀ ਸੇਵਾ ਅਤੇ ਅਕਾਲ ਪੁਰਖ ਦੀ ਸਭ ਤੋਂ ਵੱਡੀ ਸੇਵਾ ਨਾਮ ਦੀ ਕਮਾਈ ਨਾਲ ਪ੍ਰਾਪਤ ਹੁੰਦਾ ਹੈ।
ਸਿਆਣਪ ਚਾਰ ਤਰ੍ਹਾਂ ਦੀ ਹੁੰਦੀ ਹੈ :
੧. ਆਪਣੀ ਸਿਆਣਪ : ਇਹ ਤੁਹਾਡੀ ਆਪਣੀ ਬੁੱਧੀ ਦੇ ਨਤੀਜੇ ਵਜੋਂ ਅਤੇ ਦੁਨਿਆਵੀ ਸਿੱਖਿਆਵਾਂ ਨਾਲ ਪ੍ਰਾਪਤ ਕੀਤੀ ਗਈ ਹੁੰਦੀ ਹੈ।
੨. ਸੰਸਾਰਿਕ ਸਿਆਣਪ : ਇਹ ਦੁਨਿਆਵੀ ਰਿਵਾਜਾਂ, ਨਿਯਮਾਂ ਅਤੇ ਕਾਨੂੰਨ ਜਾਂ ਰਸਮਾਂ ਜੋ ਸਮਾਜ ਦੁਆਰਾ ਪਾਲਣ ਕੀਤੀਆਂ ਜਾਂਦੀਆਂ ਹਨ ਜਿਸ ਵਿੱਚ ਤੁਸੀਂ ਰਹਿੰਦੇ ਹੋ ਦੁਆਰਾ ਹੁੰਦੀ ਹੈ।
੩. ਦੁਰਮਤਿ: ਕੂੜ ਅਤੇ ਗੰਦਗੀ ਭਰੇ ਵਿਚਾਰ ਜਿਵੇਂ ਗਾਲ੍ਹਾਂ, ਨਿੰਦਿਆ, ਚੁਗ਼ਲੀ, ਬਖ਼ੀਲੀ, ਉਹ ਵਿਚਾਰ ਜਿਹੜੇ ਕਿਸੇ ਦੇ ਵੀ ਭਲੇ ਵਾਸਤੇ ਨਾ ਹੋਣ ਅਤੇ ਦੂਸਰਿਆਂ ਦੀ ਬੁਰਿਆਈ ਵਾਸਤੇ ਹੋਣ।
੪. ਸਭ ਤੋਂ ਮਹੱਤਵਪੂਰਨ ਅਤੇ ਸੁੰਦਰ ਬ੍ਰਹਮ ਗਿਆਨ – ਗੁਰਮਤਿ: ਅਕਾਲ ਪੁਰਖ ਦਾ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਪਰਉਪਕਾਰ ਮਹਾਂ ਪਰਉਪਕਾਰ ਹੈ, ਇਹ ਕੇਵਲ ਗੁਰੂ ਦਾ ਸ਼ਬਦ ਹੈ, ਇਸਨੂੰ ਸ਼ਬਦ ਗੁਰੂ ਅਤੇ ਗੁਰਬਾਣੀ ਕਹਿੰਦੇ ਹਾਂ।
ਆਪਣੀ ਸਿਆਣਪ ਦਾ ਅਮਲ, ਸੰਸਾਰਿਕ ਸਿਆਣਪ ਅਤੇ ਭੈੜੀ ਸਿਆਣਪ (ਦੁਰਮਤਿ) ਤੁਹਾਨੂੰ ਕਦੀ ਵੀ ਨਿਰਭਉ ਬਣਾਉਣ ਦੇ ਯੋਗ ਨਹੀਂ ਹੁੰਦੀ ਅਤੇ ਤੁਸੀਂ ਮੌਤ ਦੇ ਡਰ ਤੋਂ ਰਾਹਤ ਨਹੀਂ ਪਾ ਸਕਦੇ, ਤੁਸੀਂ ਨਿਰਭਉ ਨਹੀਂ ਹੋ ਸਕਦੇ, ਕਿਉਂਕਿ ਇਹ ਸਾਰੀਆਂ ਸਿਆਣਪਾਂ ਹਉਮੈ ਨੂੰ ਵਧਾਵਾ ਦਿੰਦੀਆਂ ਹਨ। ਹਉਮੈ ਅਹੰਕਾਰ, ਕ੍ਰੋਧ, ਨਫ਼ਰਤ, ਪੱਖਪਾਤ, ਨਿੰਦਿਆ, ਚੁਗ਼ਲੀ, ਬਖ਼ੀਲੀ, ਕੂੜ ਭਰੇ ਵਿਚਾਰ ਅਤੇ ਗੁਰਮਤਿ ਤੋਂ ਇਲਾਵਾ ਸਾਰੀਆਂ ਸਿਆਣਪਾਂ ਤੁਹਾਨੂੰ ਸਰਵ-ਸ਼ਕਤੀਮਾਨ ਪਰੀਪੂਰਨ ਪਰਮਾਤਮਾ ਕੋਲੋਂ ਦੂਰ ਲੈ ਜਾਂਦੀਆਂ ਹਨ। ਜਦ ਕਿ ਗੁਰਮਤਿ ਦਾ ਅਮਲ ਤੁਹਾਡੇ ਹਿਰਦੇ ਵਿੱਚ ਨਾਮ ਲਿਆਉਂਦਾ ਹੈ ਜਿਹੜਾ ਮਾਨਸਿਕ ਰੋਗਾਂ ਨੂੰ ਅਤੇ ਇੱਛਾਵਾਂ ਨੂੰ ਸਾਰੇ ਦੈਵੀ ਗੁਣਾਂ ਵਿੱਚ ਬਦਲ ਦਿੰਦਾ ਹੈ ਅਤੇ ਤੁਹਾਨੂੰ ਨਿਰਭਉ ਬਣਾਉਣ ਦੇ ਯੋਗ ਹੁੰਦਾ ਹੈ ਅਤੇ ਤੁਸੀਂ ਮੌਤ ਦੇ ਭਉ ਤੋਂ ਰਾਹਤ ਪਾ ਲੈਂਦੇ ਹੋ, ਤੁਸੀਂ ਨਿਰਭਉ ਦੀ ਮਹਾਨ ਅਤੇ ਸ਼ਕਤੀਸ਼ਾਲੀ ਕਲਾ ਨਾਲ ਸਮਰੱਥ ਹੋ ਕੇ ਸੱਤ ਦੀ ਸੇਵਾ ਕਰਨ ਦੇ ਯੋਗ ਹੋ ਜਾਂਦੇ ਹੋ।
ਧਨ ਅਤੇ ਸੰਸਾਰਿਕ ਸੁਖ ਸੁਵਿਧਾਵਾਂ ਅਤੇ ਪਦਾਰਥਕ ਵਸਤਾਂ ਨੂੰ ਇਕੱਠੇ ਕਰਨ ਦਾ ਮੂਲ ਕਾਰਣ ਹੀ ਤ੍ਰਿਸ਼ਨਾ ਹੈ, ਜੋ ਕਿ ਮਾਇਆ ਦੀ ਇਕ ਸ਼ਕਤੀ ਹੈ। ਆਮ ਇਨਸਾਨ ਮਾਇਆ ਦਾ ਗ਼ੁਲਾਮ ਹੈ। ਮਾਇਆ ਦੇ ਤਿੰਨ ਗੁਣ ਹਨ। ਇਹ ਤਿੰਨਾਂ ਗੁਣਾਂ ਨੂੰ ਮਾਇਆ ਦੀਆਂ ਸ਼ਕਤੀਆਂ ਕਹਿਣਾ ਗ਼ਲਤ ਨਹੀਂ ਹੋਵੇਗਾ। ਆਮ ਇਨਸਾਨ ਮਾਇਆ ਦੀਆਂ ਇਨ੍ਹਾਂ ਤਿੰਨਾਂ ਸ਼ਕਤੀਆਂ ਦਾ ਗ਼ੁਲਾਮ ਹੈ। ਆਮ ਇਨਸਾਨ ਦੇ ਸਾਰੇ ਕਰਮ ਮਾਇਆ ਦੀਆਂ ਇਨ੍ਹਾਂ ਤਿੰਨਾਂ ਸ਼ਕਤੀਆਂ ਦੇ ਪ੍ਰਭਾਵ ਹੇਠ ਹੀ ਕੀਤੇ ਜਾਂਦੇ ਹਨ। ਤ੍ਰਿਸ਼ਨਾ ਮਾਇਆ ਦਾ ਰਜੋ ਗੁਣ ਹੈ। ਰਜੋ ਗੁਣ ਦੀ ਸ਼ਕਤੀ ਤੁਹਾਨੂੰ ਨਿਰੰਤਰ ਸੰਸਾਰਿਕ ਪਦਾਰਥਾਂ ਨੂੰ ਇਕੱਠੇ ਕਰਨ ਵਿੱਚ ਰੁੱਝੇ ਰਹਿਣ ਲਈ ਉਕਸਾਉਂਦੀ ਹੈ। ਮਾਇਆ ਦੀ ਰਜੋ ਸ਼ਕਤੀ ਦੇ ਅਧੀਨ ਧਨ ਅਤੇ ਸੰਸਾਰਿਕ ਸੁਖ ਸੁਵਿਧਾਵਾਂ ਦੀ ਪ੍ਰਾਪਤੀ ਤੁਹਾਡੇ ਜੀਵਨ ਨੂੰ ਭਉ ਵਿੱਚ ਪੂਰੀ ਤਰ੍ਹਾਂ ਨਾਲ ਜਕੜ ਲੈਂਦੀ ਹੈ। ਇੱਕ ਇੱਛਾ, ਦੂਸਰੀ ਇੱਛਾ ਨੂੰ ਜਨਮ ਦਿੰਦੀ ਹੈ, ਦੂਸਰੀ ਇੱਛਾ ਤੋਂ ਬਾਅਦ ਤੀਸਰੀ ਅਤੇ ਇਹ ਲੜੀ ਕਦੀ ਨਹੀਂ ਟੁੱਟਦੀ। ਇਨਸਾਨ ਇੱਛਾਵਾਂ ਦੇ ਸਾਗਰ ਵਿੱਚ ਸਦਾ-ਸਦਾ ਲਈ ਡੁਬਿਆ ਰਹਿੰਦਾ ਹੈ। ਮਾਇਆ ਦੀ ਰਜੋ ਗੁਣੀ ਇਸ ਸ਼ਕਤੀ ਨਾਲ ਤੁਹਾਡੇ ਕਰਮ-ਕਾਂਡ (ਉਹ ਕਾਰਜ ਜੋ ਨਤੀਜੇ ਵਜੋਂ ਦੁਬਾਰਾ ਜਨਮ ਦਾ ਕਾਰਨ ਹੁੰਦੇ ਹਨ) ਵਧਦੇ ਜਾਂਦੇ ਹਨ, ਕਿਉਂਕਿ ਮਾਇਆ ਦੇ ਪ੍ਰਭਾਵ ਹੇਠ ਕੀਤੇ ਸਾਰੇ ਕਰਮਾਂ ਦਾ ਲੇਖਾ-ਜੋਖਾ ਤਾਂ ਦੇਣਾ ਹੀ ਪਵੇਗਾ, ਅੱਜ ਨਹੀਂ ਤਾਂ ਕੱਲ੍ਹ, ਇਸ ਜਨਮ ਵਿੱਚ ਨਹੀਂ ਤਾਂ ਅਗਲੇ ਜਨਮ ਵਿੱਚ, ਇਸ ਤਰ੍ਹਾਂ ਇਹ ਸਿਲਸਿਲਾ ਕਦੇ ਖ਼ਤਮ ਨਹੀਂ ਹੁੰਦਾ ਹੈ, ਅਤੇ ਇਨਸਾਨ ਜਨਮ ਮਰਨ ਦੇ ਗੇੜ ਵਿੱਚ ਪਿਆ ਆਪਣੇ ਇਨ੍ਹਾਂ ਹੀ ਕਰਮਾਂ ਅਨੁਸਾਰ ਸੁਖ ਦੁੱਖ ਦਾ ਭਾਗੀ ਬਣਿਆ ਰਹਿੰਦਾ ਹੈ।
ਅਗਲੀ ਮਹੱਤਵਪੂਰਨ ਕਹਿਣ ਅਤੇ ਸਮਝਣ ਵਾਲੀ ਗੱਲ ਹੈ ਕਿ ਅਸੀਂ ਆਪਣੇ ਆਪ ਨੂੰ ਗ਼ਲਤ ਤਰੀਕਿਆਂ ਨਾਲ ਇੱਛਾਵਾਂ ਪੂਰੀਆਂ ਕਰਨ ਵਿੱਚ ਲਗਾ ਲੈਂਦੇ ਹਾਂ। ਜਿਹੜਾ ਸਾਡੀ ਭਵਿੱਖੀ ਜ਼ਿੰਦਗੀ ਨੂੰ ਹੋਰ ਜ਼ਿਆਦਾ ਪੀੜਾਦਾਇਕ ਬਣਾ ਦੇਂਦਾ ਹੈ। ਇਸ ਤਰੀਕੇ ਨਾਲ ਅਸੀਂ ਆਪਣੇ ਆਪ ਨੂੰ ਇੱਛਾਵਾਂ ਦੀ ਅੱਗ ਵਿੱਚ ਹਮੇਸ਼ਾਂ ਸਾੜਦੇ ਰਹਿੰਦੇ ਹਾਂ ਜੋ ਕਦੀ ਸ਼ਾਂਤ ਨਹੀਂ ਹੁੰਦੀ। ਭਾਵੇਂ ਅਸੀਂ ਕੁਝ ਵੀ ਕਰੀਏ, ਇੱਛਾਵਾਂ ਦੀ ਅੱਗ ਕਦੀ ਨਹੀਂ ਰੁਕਦੀ। ਇੱਛਾਵਾਂ ਦੀ ਇਹ ਅੱਗ ਕਦੀ ਨਹੀਂ ਬੁਝਦੀ ਬਲਕਿ ਹੋਰ ਵਧਦੀ ਜਾਂਦੀ ਹੈ। ਤਾਂ ਫਿਰ ਸੁਆਲ ਪੈਦਾ ਹੁੰਦਾ ਹੈ ਕਿ ਇੱਛਾਵਾਂ ਦੀ ਇਸ ਅਣਬੁਝ ਅੱਗ ਨੂੰ ਅਸਲ ਵਿੱਚ ਕੌਣ ਬੁਝਾ ਸਕਦਾ ਹੈ, ਇੱਛਾਵਾਂ ਦੀ ਇਹ ਅਣਬੁਝ ਅੱਗ ਕਿਵੇਂ ਠੰਡੀ ਹੋ ਸਕਦੀ ਹੈ, ਮਾਇਆ ਦੀ ਇਸ ਰਜੋ ਗੁਣੀ ਸ਼ਕਤੀ ਨੂੰ ਕਿਵੇਂ ਠੱਲ੍ਹ ਪਾਈ ਜਾ ਸਕਦੀ ਹੈ, ਮਾਇਆ ਦੀ ਇਸ ਰਜੋ ਗੁਣੀ ਸ਼ਕਤੀ ਨੂੰ ਕਿਹੜੀ ਸ਼ਕਤੀ ਹਰਾ ਸਕਦੀ ਹੈ? ਗੁਰਮਤਿ ਗੁਰਬਾਣੀ ਪੂਰਨ ਬ੍ਰਹਮ ਗਿਆਨ ਵਿੱਚ ਗੁਰੂ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਦੱਸਿਆ ਹੈ ਕਿ ਰਜੋ ਗੁਣ ਦੀ ਇਸ ਵਿਨਾਸ਼ਕਾਰੀ ਮਾਇਕ ਸ਼ਕਤੀ ਨੂੰ ਬੜੀ ਸਰਲਤਾ ਦੇ ਨਾਲ ਪਰਾਜਿਤ ਕੀਤਾ ਜਾ ਸਕਦਾ ਹੈ। ਰਜੋ ਗੁਣ ਦੀ ਇਸ ਵਿਨਾਸ਼ਕਾਰੀ ਸ਼ਕਤੀ ਨੂੰ ਸਤਿ ਸੰਤੋਖ ਦੇ ਗੁਰਪ੍ਰਸਾਦੀ ਸ਼ਸਤਰ ਨਾਲ ਬੜੀ ਸੁਗਮਤਾ ਦੇ ਨਾਲ ਪਰਾਜਿਤ ਕੀਤਾ ਜਾ ਸਕਦਾ ਹੈ। ਜਿਹੜਾ ਹਿਰਦਾ ਸਤਿ ਸੰਤੋਖ ਦੀ ਮਹਾਨ ਬਖ਼ਸ਼ਿਸ਼ ਨੂੰ ਪ੍ਰਾਪਤ ਕਰ ਲੈਂਦਾ ਹੈ ਉਹ ਹਿਰਦਾ ਇਛਾਵਾਂ ਤੋਂ ਮੁਕਤੀ ਪ੍ਰਾਪਤ ਕਰਕੇ ਪਰਮਾਤਮਾ ਵਿੱਚ ਸਦਾ ਸਦਾ ਲਈ ਲੀਨ ਹੋ ਜਾਂਦਾ ਹੈ।
ਸਤਿ ਸੰਤੋਖ ਦੇ ਮਹਾਨ ਬ੍ਰਹਮ ਅਸਤਰ ਦੀ ਅਸੀਮ ਇਲਾਹੀ ਸ਼ਕਤੀ ਦੇ ਪ੍ਰਕਾਸ਼ ਨਾਲ ਹਿਰਦਾ ਕਮਲ ਇਸ ਸਦਾ ਰਹਿਣ ਵਾਲੀ ਅਤੇ ਕਦੇ ਨਾ ਬੁਝਣ ਵਾਲੀ ਇੱਛਾਵਾਂ ਦੀ ਅੱਗ ਨੂੰ ਠੱਲ੍ਹ ਪਾ ਦਿੰਦਾ ਹੈ। ਇਸ ਮਹਾਨ ਸਰਵ-ਸ਼ਕਤੀਮਾਨ ਅੰਮ੍ਰਿਤ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਨਾਲ ਹਿਰਦਾ ਪੂਰਨ ਸ਼ਾਂਤੀ ਨਾਲ ਭਰਪੂਰ ਹੋ ਜਾਂਦਾ ਹੈ ਅਤੇ ਇੱਛਾਵਾਂ ਤੋਂ ਰਹਿਤ ਹੋ ਜਾਂਦਾ ਹੈ। ਸਤਿ ਸੰਤੋਖ ਦੇ ਇਸ ਮਹਾਨ ਬ੍ਰਹਮ ਗੁਣ ਨੂੰ ਕੇਵਲ ਨਾਮ ਦੀ ਕਮਾਈ ਦੇ ਗੁਰਪ੍ਰਸਾਦਿ ਨਾਲ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਸਤਿ ਸੰਤੋਖ ਦੇ ਇਸ ਮਹਾਨ ਬ੍ਰਹਮ ਅਸਤਰ ਦੀ ਪ੍ਰਾਪਤੀ ਨਾਲ ਅੰਦਰਲੀ (ਹਿਰਦੇ ਦੀ) ਰਹਿਤ ਦਰਗਾਹੀ ਕਿਰਪਾ ਨਾਲ ਭਰਪੂਰ ਹੋ ਜਾਂਦੀ ਹੈ। ਇਸ ਲਈ ਬ੍ਰਹਮ ਦੇ ਇਸ ਦਰਗਾਹੀ ਕਾਨੂੰਨ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਬਾਹਰਲੀਆਂ ਰਹਿਤਾਂ ਇਸ ਇੱਛਾਵਾਂ ਦੀ ਅਣਬੁਝ ਅੱਗ ਨੂੰ ਬੁਝਾਉਣ ਦੇ ਯੋਗ ਨਹੀਂ ਹੁੰਦੀਆਂ ਹਨ। ਬਾਹਰੀ ਭੇਖ ਅਤੇ ਚੋਲਾ (ਧਾਰਮਿਕ ਦਿਖਾਵਾ) ਤੁਹਾਨੂੰ ਅਕਾਲ ਪੁਰਖ ਦੀ ਦਰਗਾਹ ਵਿੱਚ ਪਰਵਾਨਤਾ ਦਿਵਾਉਣ ਦੇ ਯੋਗ ਨਹੀਂ ਹੁੰਦੇ। ਕੇਵਲ ਅੰਦਰਲੀ ਰਹਿਤ (ਮਾਇਆ ਨੂੰ ਜਿੱਤਣ ਦੀ ਰਹਿਤ) ਬ੍ਰਹਮ ਗਿਆਨ ਦੇ ਅਮਲ ਨਾਲ ਅਤੇ ਨਾਮ ਦੀ ਕਮਾਈ ਕਰਨ ਨਾਲ ਹੀ ਤੁਸੀਂ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਦਰਗਾਹ ਵਿੱਚ ਮਾਨ ਪਾਉਣ ਦੇ ਯੋਗ ਹੋਵੋਗੇ। ਅੰਦਰਲੀ ਰਹਿਤ ਜੋ ਕਿ ਮਾਇਆ ਨੂੰ ਜਿੱਤਣ ਦੀ ਰਹਿਤ ਹੈ, ਅੰਦਰਲੀ ਰਹਿਤ ਜੋ ਕਿ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਤ੍ਰਿਸ਼ਨਾ ਨੂੰ ਜਿੱਤਣ ਦੀ ਰਹਿਤ ਹੈ, ਅੰਦਰਲੀ ਰਹਿਤ ਜੋ ਕਿ ਹਿਰਦੇ ਵਿੱਚ ਪਰਮ ਜੋਤ ਪੂਰਨ ਪ੍ਰਕਾਸ਼ ਦੀ ਪ੍ਰਾਪਤੀ ਦੀ ਰਹਿਤ ਹੈ, ਅੰਦਰਲੀ ਰਹਿਤ ਜੋ ਕਿ ਪੂਰਨ ਸਚਿਆਰੀ ਰਹਿਤ ਹੈ, ਅੰਦਰਲੀ ਰਹਿਤ ਜੋ ਕਿ ਹਿਰਦੇ ਨੂੰ ਸਾਰੇ ਇਲਾਹੀ ਗੁਣਾਂ ਨਾਲ ਭਰਪੂਰ ਕਰਨ ਦੀ ਰਹਿਤ ਹੈ।
ਮੋਹ ਦਾ ਮਤਲਬ ਹੈ : ਪਰਿਵਾਰ ਅਤੇ ਸੰਸਾਰਿਕ ਚੀਜ਼ਾਂ ਨਾਲ ਲਗਾਓ, ਜਿਸ ਕਾਰਣ ਇਨ੍ਹਾਂ ਪਰਿਵਾਰਿਕ ਸਬੰਧਾਂ ਅਤੇ ਸੰਸਾਰਿਕ ਪਦਾਰਥਾਂ ਦੇ ਖੋਹੇ ਜਾਣ ਦਾ ਭਉ ਜਨਮ ਲੈਂਦਾ ਹੈ, ਜਿਸ ਕਾਰਣ ਸੰਸਾਰਿਕ ਸਬੰਧਾਂ ਦੇ ਵਿਜੋਗ ਦਾ ਭਉ ਉਤਪੰਨ ਹੁੰਦਾ ਹੈ। ਇਸੇ ਭਉ ਦਾ ਨਾਮ ਮੋਹ ਹੈ। ਮੋਹ ਮਾਇਆ ਦੇ ਤਮੋ ਗੁਣ ਦਾ ਉਹ ਜ਼ਹਿਰੀਲਾ ਹਥਿਆਰ ਹੈ ਜਿਹੜਾ ਸਾਨੂੰ ਪਿਆਰ ਤੋਂ ਸੱਖਣਾ ਕਰ ਦੇਂਦਾ ਹੈ, ਇਹ ਮਾਇਆ ਦੀ ਜ਼ਹਿਰੀਲੀ ਸ਼ਕਤੀ ਸਾਡੇ ਹਿਰਦੇ ਨੂੰ ਸੁਆਰਥੀ ਬਣਾ ਕੇ ਪਿਆਰ ਤੋਂ ਸੱਖਣਾ ਰੱਖਦੀ ਹੈ ਅਤੇ ਸਾਨੂੰ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਤੋਂ ਦੂਰ ਕਰਦੀ ਹੈ। ਇਸ ਲਈ ਮੋਹ ਸਾਰੇ ਦੁੱਖਾਂ ਦਾ ਅਧਾਰ ਮੰਨਿਆ ਜਾਂਦਾ ਹੈ। ਮੋਹ ਕਾਰਣ ਹੀ ਪਰਿਵਾਰ ਹੈ ਅਤੇ ਮੋਹ ਕਾਰਣ ਹੀ ਸਾਰੇ ਕਲੇਸ਼ ਅਤੇ ਦੁੱਖ ਹਨ। ਮੋਹ ਕੇਵਲ ਸੁਆਰਥੀ ਲਗਾਓ ਹੈ। ਇਸ ਤੋਂ ਭਾਵ ਹੈ ਕਿ ਤੁਸੀਂ ਕੇਵਲ ਉਹ ਕਰਨੀ ਕਰਦੇ ਹੋ ਜਿਹੜੀ ਤੁਹਾਡੇ ਪਰਿਵਾਰ ਅਤੇ ਨੇੜਲੇ ਰਿਸ਼ਤੇਦਾਰਾਂ ਦੀ ਮਦਦ ਕਰ ਸਕਦੀ ਹੈ ਅਤੇ ਇਸ ਤਰ੍ਹਾਂ ਬਾਕੀ ਸਾਰੇ ਸੰਸਾਰ ਨੂੰ ਤੁਸੀਂ ਅਣਗੌਲਿਆ ਕਰ ਦਿੰਦੇ ਹੋ। ਐਸੀ ਕਰਨੀ ਤੁਹਾਨੂੰ ਸੁਆਰਥੀ ਬਣਾਉਂਦੀ ਹੈ। ਸੁਆਰਥ ਵਿੱਚ ਪਿਆਰ ਨਹੀਂ ਹੁੰਦਾ, ਮੋਹ ਹੁੰਦਾ ਹੈ। ਨਿਰਸੁਆਰਥ ਦੀ ਕਰਨੀ ਵਿੱਚ ਪਿਆਰ ਦੀ ਬਖ਼ਸ਼ਿਸ਼ ਹੁੰਦੀ ਹੈ। ਸੁਆਰਥੀ ਹਿਰਦਾ ਭਗਤੀ ਤੋਂ ਸੱਖਣਾ ਹੁੰਦਾ ਹੈ, ਨਿਰਸੁਆਰਥੀ ਹਿਰਦੇ ਵਿੱਚ ਪਿਆਰ ਪ੍ਰਫੁੱਲਤ ਹੁੰਦਾ ਹੈ, ਪਿਆਰ ਵਿੱਚ ਪਰਮ ਸ਼ਕਤੀ ਹੈ ਜੋ ਬੰਦਗੀ ਨੂੰ ਜਨਮ ਦੇਂਦੀ ਹੈ। ਇਸ ਲਈ ਜੋ ਹਿਰਦਾ ਪਿਆਰ ਨਾਲ ਭਰਪੂਰ ਹੋ ਜਾਂਦਾ ਹੈ ਉਸ ਵਿੱਚ ਅਕਾਲ ਪੁਰਖ ਪ੍ਰਗਟ ਹੋ ਜਾਂਦਾ ਹੈ। ਨਿਰਸੁਆਰਥ ਪਿਆਰ ਅਕਾਲ ਪੁਰਖ ਦਾ ਹੀ ਰੂਪ ਬਣ ਜਾਂਦਾ ਹੈ। ਨਿਰਸੁਆਰਥ ਪਿਆਰ ਅਸੀਮ ਹੁੰਦਾ ਹੈ, ਨਿਰਸੁਆਰਥ ਪਿਆਰ ਦੀ ਕੋਈ ਸੀਮਾ ਨਹੀਂ ਹੁੰਦੀ ਹੈ। ਇਸ ਲਈ ਨਿਰਸੁਆਰਥ ਪਿਆਰ ਅਕਾਲ ਪੁਰਖ ਦੀ ਮਹਾਨ ਸ਼ਕਤੀ ਹੈ। ਨਿਰਸੁਆਰਥ ਪਿਆਰ ਅੰਮ੍ਰਿਤ ਹੈ, ਨਿਰਸੁਆਰਥ ਪਿਆਰ ਮਾਨਸਰੋਵਰ ਹੈ ਅਤੇ ਜਿਸ ਹਿਰਦੇ ਵਿੱਚ ਨਿਰਸੁਆਰਥ ਪਿਆਰ ਦੀ ਬਖ਼ਸ਼ਿਸ਼ ਹੁੰਦੀ ਹੈ ਉਹ ਹਿਰਦਾ ਧੰਨ ਧੰਨ ਹੋ ਜਾਂਦਾ ਹੈ। ਇਸ ਲਈ ਸਾਰੀ ਸ੍ਰਿਸ਼ਟੀ ਨਾਲ, ਨਿਰਸੁਆਰਥ ਪਿਆਰ ਹਰੇਕ ਪ੍ਰਾਣੀ ਨਾਲ ਜੋ ਉਸ ਨੇ ਬਣਾਇਆ ਹੈ ਇੱਕ ਦਰਗਾਹੀ ਕਾਨੂੰਨ ਹੈ ਅਤੇ ਲਾਜ਼ਮੀ ਬ੍ਰਹਮ ਗੁਣ ਹੈ। ਪ੍ਰਮਾਤਮਾ ਦੂਸਰਿਆਂ ਨਾਲ ਨਿਰਸੁਆਰਥ ਪਿਆਰ ਅਤੇ ਦਇਆ ਦਾ ਨਾਮ ਹੈ। ਪਰਉਪਕਾਰ ਅਤੇ ਮਹਾਂ ਪਰਉਪਕਾਰ ਦੈਵੀ ਗੁਣ ਹਨ ਜੋ ਤੁਹਾਡੀ ਦੂਸਰਿਆਂ ਦੀ ਨਿਰਸੁਆਰਥ, ਖ਼ੁਦਗਰਜ਼ੀ ਰਹਿਤ ਅਤੇ ਬਿਨਾਂ ਕਿਸੇ ਫਲ ਦੀ ਇੱਛਾ ਦੇ ਸੇਵਾ ਕਰਨਾ ਹਨ। ਇਹ ਮਾਨਵਤਾ ਦੀ ਅਸਲੀ ਸੇਵਾ ਹੈ ਅਤੇ ਇਹ ਵੀ ਅਸਲੀ ਸੇਵਾ ਗਿਣੀ ਜਾਂਦੀ ਹੈ। ਸੁਆਰਥ ਸਾਨੂੰ ਸਾਡੇ ਆਪਣੇ ਨਜ਼ਦੀਕੀਆਂ ਵੱਲ ਖਿੱਚਦਾ ਹੈ। ਇਹ ਖ਼ੁਦਗਰਜ਼ੀ ਹੈ ਅਤੇ ਦੈਵੀ ਨਿਯਮਾਂ ਦੇ ਵਿਰੁੱਧ ਹੈ। ਇਸ ਲਈ ਮੋਹ ਇੱਕ ਗੰਭੀਰ ਮਾਨਸਿਕ ਰੋਗ ਹੈ। ਹਾਲਾਂਕਿ ਇਸਨੂੰ ਮਾਤ ਦੇਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਛੱਡ ਦੇਵੋ। ਨਹੀਂ, ਸਿਰਫ਼ ਹਰੇਕ ਨਾਲ ਇਸ ਤਰ੍ਹਾਂ ਦਾ ਵਿਹਾਰ ਕਰੋ ਜੋ ਤੁਸੀਂ ਆਪਣੇ ਪਰਿਵਾਰ ਨਾਲ ਕਰਦੇ ਹੋ। ਸਾਰੇ ਵੱਡਿਆਂ ਨੂੰ ਪਿਆਰ ਕਰੋ ਜਿਸ ਤਰ੍ਹਾਂ ਤੁਸੀਂ ਆਪਣੇ ਮਾਤਾ-ਪਿਤਾ ਨਾਲ ਕਰਦੇ ਹੋ, ਸਾਰੇ ਛੋਟਿਆਂ ਨੂੰ ਇਸ ਤਰ੍ਹਾਂ ਪਿਆਰ ਕਰੋ ਜਿਵੇਂ ਤੁਸੀਂ ਅਪਣੇ ਬੱਚਿਆਂ ਨੂੰ ਕਰਦੇ ਹੋ। ਪਰਿਵਾਰ ਨੂੰ ਸੰਗਤ ਦੇ ਰੂਪ ਵਿੱਚ ਵੇਖੋ ਅਤੇ ਜਿਸ ਤਰ੍ਹਾਂ ਸੰਗਤ ਗੁਰੂ ਦਾ ਰੂਪ ਜਾਣ ਕੇ ਉਸ ਨੂੰ ਮਾਨ ਸਤਿਕਾਰ ਨਾਲ ਪਿਆਰ ਕਰਦੇ ਹੋ ਉਸੇ ਤਰ੍ਹਾਂ ਨਾਲ ਆਪਣੇ ਪਰਿਵਾਰ ਨਾਲ ਪਿਆਰ ਕਰੋ ਤਾਂ ਜੋ ਤੁਹਾਡਾ ਘਰ ਹੀ ਧਰਮਸਾਲ ਬਣ ਜਾਵੇ ਅਤੇ ਸਤਿਗੁਰ ਨਾਨਕ ਪਾਤਸ਼ਾਹ ਜੀ ਦੇ ਬਚਨਾਂ “ਘਰਿ ਘਰਿ ਅੰਦਰਿ ਧਰਮਸਾਲ” (ਭਾਈ ਗੁਰਦਾਸ ਜੀ, ਵਾਰ ੧, ਪਉੜੀ ੨੭) ਅਨੁਸਾਰ ਪਰਿਵਾਰਿਕ ਜੀਵਨ ਜੀਣ ਦੀ ਕਲਾ ਪ੍ਰਗਟ ਹੋ ਕੇ ਆਪਜੀ ਦਾ ਜਨਮ ਸਫਲ ਕਰ ਦੇਵੇ। ਇਸ ਤਰ੍ਹਾਂ ਇਸ ਮਹਾਨ ਕਲਾ ਦੇ ਪ੍ਰਗਟ ਹੋਣ ਨਾਲ ਮੋਹ ਪਿਆਰ ਵਿੱਚ ਬਦਲ ਜਾਵੇਗਾ। ਦੂਸਰਿਆਂ ਨੂੰ ਆਪਣੇ ਪਰਿਵਾਰ ਦੀ ਤਰ੍ਹਾਂ ਪਿਆਰ ਕਰਨ ਦੇ ਨਾਲ ਹੀ ਤੁਸੀਂ ਆਪਣੇ ਪਰਿਵਾਰ ਨੂੰ ਸੰਗਤ ਦੇ ਮੈਂਬਰ ਦੀ ਤਰ੍ਹਾਂ ਸਮਝ ਸਕਦੇ ਹੋ। ਉਹਨਾਂ ਦੀ ਸੇਵਾ ਕਰੋ ਜਿਸ ਤਰ੍ਹਾਂ ਤੁਸੀਂ ਸੰਗਤ ਦੀ ਸੇਵਾ ਕਰਦੇ ਹੋ। ਉਹਨਾਂ ਦੀ ਮਦਦ ਕਰੋ ਜਿਸ ਤਰ੍ਹਾਂ ਸੰਗਤ ਦੀ ਮਦਦ ਕਰਦੇ ਹੋ। ਉਹਨਾਂ ਦਾ ਸਤਿਕਾਰ ਕਰੋ ਜਿਸ ਤਰ੍ਹਾਂ ਸੰਗਤ ਦਾ ਸਤਿਕਾਰ ਕਰਦੇ ਹੋ। ਇਹ ਤੁਹਾਨੂੰ ਅੰਦਰੋਂ ਨਿਮਰ ਬਣਾਏਗਾ ਅਤੇ ਤੁਹਾਡੇ ਵਿੱਚ ਹਰ ਇੱਕ ਨੂੰ ਸੰਗਤ ਵਾਂਗ ਵਿਹਾਰ ਕਰਨ ਦੀ ਆਦਤ ਬਣ ਜਾਵੇਗੀ। ਇਸ ਤਰ੍ਹਾਂ ਕਰਨ ਨਾਲ ਤੁਸੀਂ ਹਰ ਇੱਕ ਨਾਲ ਬਰਾਬਰ ਵਿਹਾਰ ਕਰੋਗੇ ਜੋ ਵੀ ਤੁਹਾਨੂੰ ਮਿਲਦਾ ਹੈ। ਨਿਰਸੁਆਰਥ ਪਿਆਰ ਦੀ ਇਹ ਮਹਾਨ ਸ਼ਕਤੀ ਆਪਜੀ ਨੂੰ ਏਕ ਦ੍ਰਿਸ਼ਟ ਬਣਾ ਦੇਵੇਗੀ। ਨਿਰਸੁਆਰਥ ਪਿਆਰ ਦੀ ਇਹ ਮਹਾਨ ਸ਼ਕਤੀ ਆਪਜੀ ਨੂੰ ਨਿਰਵੈਰ ਬਣਾ ਦੇਵੇਗੀ।
ਏਕ ਦ੍ਰਿਸ਼ਟ ਬਣਨਾ ਅਤੇ ਨਿਰਵੈਰ ਹੋਣ ਦੀ ਮਹਾਨ ਪਰਮ ਸ਼ਕਤੀ ਪ੍ਰਾਪਤ ਕਰਨਾ ਦਰਗਾਹੀ ਗੁਣ ਹਨ। ਪਰੰਤੂ ਮੋਹ ਅਜਿਹੀ ਦੈਵੀ ਸ਼ਕਤੀ ਅਤੇ ਗੁਣ ਤੁਹਾਡੇ ਹਿਰਦੇ ਵਿੱਚ ਉਪਜਣ ਦੇ ਰਾਹ ਵਿੱਚ ਰੋੜਾ ਹਨ। ਹਰੇਕ ਵਿਅਕਤੀ ਵਿੱਚ ਅਕਾਲ ਪੁਰਖ ਦੀ ਜੋਤ ਹੈ ਅਤੇ ਜੋਤ ਦਾ ਹਰ ਪ੍ਰਾਣੀ ਵਿੱਚ ਪਿਆਰ ਅਤੇ ਸਤਿਕਾਰ ਕਰਨਾ ਚਾਹੀਦਾ ਹੈ। ਅੰਦਰੂਨੀ ਲਗਾਓ ਅਤੇ ਲਗਾਓ ਦਾ ਪਿਆਰ ਦੀ ਮਹਾਨ ਸ਼ਕਤੀ ਵਿੱਚ ਬਦਲਾਵ, ਨਿਰਸੁਆਰਥ ਪਿਆਰ ਨਾਲ ਭਗਤੀ ਦੀ ਦਾਤ ਪ੍ਰਾਪਤ ਕਰਕੇ ਅਤੇ ਆਪਣਾ ਹਿਰਦਾ ਹਰੇਕ ਲਈ ਦਇਆ ਨਾਲ ਭਰਪੂਰ ਕਰਕੇ ਤੁਹਾਨੂੰ ਪਿਆਰ ਦੀ ਪਰਮ ਸ਼ਕਤੀ ਏਕ ਦ੍ਰਿਸ਼ਟ ਬਣਾ ਦੇਵੇਗੀ। ਇਸ ਦਾ ਭਾਵ ਹੈ ਤੁਹਾਡੇ ਵਿੱਚ ਕੋਈ ਵੈਰ ਭਾਵ ਨਹੀਂ ਰਹੇਗਾ, ਤੁਹਾਡਾ ਹਿਰਦਾ ਸਾਰਿਆਂ ਨੂੰ ਇਕਸਾਰ ਪਿਆਰ ਕਰਨ ਯੋਗ ਅਤੇ ਸਤਿਕਾਰ ਕਰਨ ਯੋਗ ਬਣਾ ਕੇ ਤੁਹਾਡੇ ਹਿਰਦੇ ਵਿੱਚ ਸਾਰੀਆਂ ਇਲਾਹੀ ਦਰਗਾਹੀ ਸ਼ਕਤੀਆਂ ਦਾ ਪ੍ਰਕਾਸ਼ ਹੋ ਜਾਵੇਗਾ।
ਜਦ ਤਕ ਤੁਸੀਂ ਮਾਇਆ ਦੇ ਪ੍ਰਭਾਵ ਹੇਠ ਵਿਚਰਦੇ ਹੋ, ਭਾਵ ਜਦ ਤਕ ਤੁਸੀਂ ਮਾਇਆ ਦੇ ਗ਼ੁਲਾਮ ਬਣ ਕੇ ਜੀਵਨ ਜਿਊਂਦੇ ਹੋ, ਭਾਵ ਜਦ ਤਕ ਤੁਸੀਂ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਤ੍ਰਿਸ਼ਨਾ ਦੀ ਗ਼ੁਲਾਮੀ ਕਰਦੇ ਹੋ, ਤੁਸੀਂ ਅਨਾਦਿ ਸੱਤ ਦੀ ਸਲਤਨਤ ਵਿੱਚ ਭਾਵ ਕਿ ਦਰਗਾਹ ਵਿੱਚ ਨਹੀਂ ਜਾ ਸਕਦੇ। ਤੁਸੀਂ ਸੱਚਖੰਡ ਵਿੱਚ ਨਹੀਂ ਪਹੁੰਚ ਸਕਦੇ ਅਤੇ ਪਰਮ ਸ਼ਕਤੀ ਦੀ ਕਿਰਪਾ ਦੀ ਪ੍ਰਾਪਤੀ ਨਹੀਂ ਕਰ ਸਕਦੇ। ਕੋਈ ਲਾਭ ਨਹੀਂ ਭਾਵੇਂ ਤੁਸੀਂ ਜੋ ਵੀ ਹੋਰ ਕਰਮ ਕਰੋ, ਭਾਵੇਂ ਕਿ ਤੁਸੀਂ ਕਿੰਨੇ ਵੀ ਧਰਮ ਕਰਮ ਅਤੇ ਧਨ ਦਾਨ ਕਰੋ ਤੇ ਇਸ ਵਿੱਚ ਆਪਣੇ ਆਪ ਨੂੰ ਰੁਚਿਤ ਕਰ ਲਵੋ, ਭਾਵੇਂ ਤੁਸੀਂ ਅਠਸਠ ਤੀਰਥਾਂ ’ਤੇ ਦਰਸ਼ਨ ਇਸ਼ਨਾਨ ਕਰ ਆਵੋ, ਭਾਵੇਂ ਤੁਸੀਂ ਧਾਰਮਿਕ ਸਥਾਨਾਂ ’ਤੇ ਇਸ਼ਨਾਨ ਕਰ ਲਵੋ ਇਸ ਦਾ ਕੋਈ ਲਾਭ ਨਹੀਂ ਹੈ। ਕੋਈ ਕਰਮ ਵੀ ਤੁਹਾਨੂੰ ਮਾਇਆ ਦੀ ਗ਼ੁਲਾਮੀ ਤੋਂ ਪਰ੍ਹੇ ਨਹੀਂ ਲਿਜਾ ਸਕਦਾ ਕਿ ਤੁਸੀਂ ਮਾਇਆ ਦੀ ਗ਼ੁਲਾਮੀ ਵਿੱਚੋਂ ਨਿਕਲ ਕੇ ਪਰਮ ਸ਼ਕਤੀ ਦੇ, ਪਰਮ ਜੋਤ ਪੂਰਨ ਪ੍ਰਕਾਸ਼ ਦੇ ਦਰਸ਼ਨ ਨਹੀਂ ਕਰ ਸਕਦੇ। ਕੇਵਲ ਨਾਮ ਦਾ ਗੁਰਪ੍ਰਸਾਦਿ, ਬੰਦਗੀ ਅਤੇ ਸੇਵਾ-ਨਾਮ ਦੀ ਕਮਾਈ ਤੁਹਾਨੂੰ ਮਾਇਆ ਦੀ ਗ਼ੁਲਾਮੀ ਤੋਂ ਅਜ਼ਾਦੀ ਦੁਆ ਸਕਦੀ ਹੈ। ਕੇਵਲ ਨਾਮ ਦੀ ਕਮਾਈ ਇਹਨਾਂ ਮਾਨਸਿਕ ਰੋਗਾਂ ਦਾ ਖ਼ਾਤਮਾ ਕਰ ਸਕਦੀ ਹੈ। ਕੇਵਲ ਨਾਮ ਦੀ ਕਮਾਈ ਹੀ ਪੰਜ ਦੂਤਾਂ – ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਤ੍ਰਿਸ਼ਨਾ ਦੇ ਮਾਨਸਿਕ ਰੋਗਾਂ ਦੀ ਗ਼ੁਲਾਮੀ ਤੋਂ ਛੁਟਕਾਰਾ ਦਿਵਾ ਕੇ ਤੁਹਾਨੂੰ ਅਕਾਲ ਪੁਰਖ ਦੇ ਪਵਿੱਤਰ ਚਰਨਾਂ ਦੀ ਬਖ਼ਸ਼ਿਸ਼ ਦਾ ਪਾਤਰ ਬਣਾ ਕੇ ਜੀਵਨ ਮੁਕਤੀ ਦਾ ਗੁਰਪ੍ਰਸਾਦਿ ਦਿਵਾ ਸਕਦੀ ਹੈ।
ਜਦ ਤੁਸੀਂ ਮਾਇਆ ਉਪਰ ਜਿੱਤ ਪਾ ਲੈਂਦੇ ਹੋ ਅਤੇ ਤਦ ਹੀ ਤੁਸੀਂ ਮਾਇਆ ਤੋਂ ਪਰ੍ਹੇ ਨਿਰਗੁਣ ਸਰੂਪ ਦੇ ਦਰਸ਼ਨਾਂ ਦੀ ਬਖ਼ਸ਼ਿਸ਼ ਪ੍ਰਾਪਤ ਕਰ ਸਕਦੇ ਹੋ। ਇਹ ਸਹਿਜ ਅਵਸਥਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਗੁਰੂ ਅਵਤਾਰ ਪੂਰਨ ਬ੍ਰਹਮ ਗਿਆਨੀ ਨਿਰੰਕਾਰ ਰੂਪ ਸਨ ਅਤੇ ਹਮੇਸ਼ਾਂ ਸਹਿਜ ਅਵਸਥਾ ਵਿੱਚ ਰਹਿੰਦੇ ਸਨ। ਸੋ ਸਹਿਜ ਅਵਸਥਾ ਬੜੀ ਉੱਚੀ, ਰੂਹਾਨੀ ਅਵਸਥਾ ਹੈ, ਇਹ ਮਾਇਆ ਨੂੰ ਆਪਣੇ ਕਾਬੂ ਵਿੱਚ ਰੱਖਣ ਨਾਲ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਜਿੰਨਾ ਚਿਰ ਮਾਇਆ ਦੀ ਗ਼ੁਲਾਮੀ ਹੈ ਸਹਿਜ ਦੀ ਪ੍ਰਾਪਤੀ ਨਹੀਂ ਹੋ ਸਕਦੀ, ਜਦ ਮਾਇਆ ਤੁਹਾਡੀ ਗ਼ੁਲਾਮ ਬਣ ਜਾਂਦੀ ਹੈ ਤਾਂ ਸਹਿਜ ਸਮਾਧ ਦੀ ਪ੍ਰਾਪਤੀ ਹੈ। ਸਹਿਜ ਅਵਸਥਾ ਨਿਰੰਤਰ ਦਿਨ ਰਾਤ ਸਹਿਜ ਸਮਾਧ ਹੈ।
ਮਾਇਆ ਗੁਰੂ ਨਾਨਕ ਪਾਤਸ਼ਾਹ ਦੀ ਸੇਵਾ ਕਰਦੀ ਸੀ। ਜਦ ਤੁਸੀਂ ਮਨ ਅਤੇ ਮਾਇਆ ’ਤੇ ਜਿੱਤ ਪਾ ਲੈਂਦੇ ਹੋ ਤਦ ਮਾਇਆ ਤੁਹਾਡੀ ਦਾਸੀ ਬਣ ਜਾਂਦੀ ਹੈ। ਪੰਜ ਦੂਤ ਅਤੇ ਇੱਛਾਵਾਂ ਤੁਹਾਡੇ ਹੁਕਮ ਅੰਦਰ ਕੰਮ ਕਰਦੀਆਂ ਹਨ। ਮਾਇਆ ਦੀਆਂ ਇਹ ਸ਼ਕਤੀਆਂ ਤੁਹਾਡੀਆਂ ਗ਼ੁਲਾਮ ਬਣ ਜਾਂਦੀਆਂ ਹਨ ਅਤੇ ਤੁਸੀਂ ਉਹਨਾਂ ’ਤੇ ਰਾਜ ਕਰਦੇ ਹੋ। ਇਹ ਸਹਿਜ ਅਵਸਥਾ ਹੈ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਸਹਿਜ ਅਵਸਥਾ ਵਿੱਚ ਰਹਿੰਦੇ ਸਨ, ਸੋ ਉਹ ਜੋ ਵੀ ਬੋਲਦੇ ਸਨ ਹੁਣ ਵੀ ਸ਼ੁੱਧ ਅਤੇ ਪਵਿੱਤਰ ਹੈ ਅਤੇ ਅਨਾਦਿ ਸੱਚ ਹੈ। ਜਦ ਆਦਮੀ ਸਹਿਜ ਅਵਸਥਾ ਵਿੱਚ ਪਹੁੰਚ ਜਾਂਦਾ ਹੈ ਉਸਦੇ ਸ਼ਬਦ ਪੱਥਰਾਂ ਉਪਰ ਤਰਾਸ਼ੇ ਜਾਂਦੇ ਹਨ, ਉਹ ਸਰਵ-ਸ਼ਕਤੀਮਾਨ ਪਰੀਪੂਰਨ ਪਰਮਾਤਮਾ ਦੇ ਸ਼ਬਦ ਹੁੰਦੇ ਹਨ ਤਾਂ ਹੀ ਇਹ ਗੁਰਬਾਣੀ ਧੁਰ ਕੀ ਬਾਣੀ ਕਹੀ ਗਈ ਹੈ। ਇਸ ਲਈ ਜੋ ਵੀ ਗੁਰਬਾਣੀ ਸੁਣਦਾ ਹੈ, ਗੁਰਬਾਣੀ ’ਤੇ ਪੂਰਨ ਵਿਸ਼ਵਾਸ ਕਰਦਾ ਹੈ ਅਤੇ ਗੁਰਬਾਣੀ ਦੇ ਅਨੁਸਾਰ ਕਰਮ ਕਰਦਾ ਹੈ, ਉਹ ਸਹਿਜ ਅਵਸਥਾ ਵਿੱਚ ਪਹੁੰਚ ਜਾਂਦਾ ਹੈ। ਉਹ ਧੰਨ ਧੰਨ ਹੋ ਜਾਂਦਾ ਹੈ ਅਤੇ ਮਨੁੱਖੀ ਜੀਵਨ ਦੇ ਮੰਤਵ ਜੀਵਨ ਮੁਕਤੀ ਨੂੰ ਪ੍ਰਾਪਤ ਕਰ ਲੈਂਦਾ ਹੈ।
ਚਾਰਿ ਪਦਾਰਥ ਜੇ ਕੋ ਮਾਗੈ ॥
ਸਾਧ ਜਨਾ ਕੀ ਸੇਵਾ ਲਾਗੈ ॥
ਜੇ ਕੋ ਆਪੁਨਾ ਦੂਖੁ ਮਿਟਾਵੈ ॥
ਹਰਿ ਹਰਿ ਨਾਮੁ ਰਿਦੈ ਸਦ ਗਾਵੈ ॥
ਜੇ ਕੋ ਅਪੁਨੀ ਸੋਭਾ ਲੋਰੈ ॥
ਸਾਧਸੰਗਿ ਇਹ ਹਉਮੈ ਛੋਰੈ ॥
ਜੇ ਕੋ ਜਨਮ ਮਰਣ ਤੇ ਡਰੈ ॥
ਸਾਧ ਜਨਾ ਕੀ ਸਰਨੀ ਪਰੈ ॥
ਜਿਸੁ ਜਨ ਕਉ ਪ੍ਰਭ ਦਰਸ ਪਿਆਸਾ ॥
ਨਾਨਕ ਤਾ ਕੈ ਬਲਿ ਬਲਿ ਜਾਸਾ ॥੫॥
ਗੁਰੂ ਨਾਨਕ ਪਾਤਸ਼ਾਹ ਜੀ ਦੀ, ਸਾਰੀ ਲੋਕਾਈ ’ਤੇ ਮਹਾਨ ਦਿਆਲਤਾ ਬਿਆਨ ਨਹੀਂ ਕੀਤੀ ਜਾ ਸਕਦੀ ਹੈ। ਉਹਨਾਂ ਸਾਨੂੰ ਬੜਾ ਹੀ ਸੁੰਦਰ ਰਸਤਾ ਜੀਵਨ ਦਾ ਦਰਸਾਇਆ ਹੈ ਕਿ ਪਰਿਵਾਰ ਨਾਲ ਰਹਿਣ ਦੇ ਵਾਤਾਵਰਣ ਦਾ ਅਨੰਦ ਮਾਣਦਿਆਂ ਹੋਇਆਂ ਜ਼ਿੰਦਗੀ ਦੇ ਅਸਲ ਮਕਸਦ ਜੀਵਨ ਮੁਕਤੀ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਇਸ ਲਈ ਸੁਖੀ ਪਰਿਵਾਰਿਕ ਜੀਵਨ ਜਿਊਂਦਿਆਂ ਅਤੇ ਜ਼ਿੰਦਗੀ ਦੇ ਸਾਰੇ ਸੁਖ ਸੁਵਿਧਾਵਾਂ ਨੂੰ ਮਾਣਦਿਆਂ ਜੀਵਨ ਮੁਕਤੀ ਪ੍ਰਾਪਤ ਕਰਨ ਲਈ ਕੀ ਜ਼ਰੂਰਤਾਂ ਹਨ? ਚਾਰ ਜ਼ਰੂਰੀ ਤੱਤ ਜੋ ਲੋੜੀਂਦੇ ਹਨ ਜਿਨ੍ਹਾਂ ਨੂੰ ਚਾਰ ਪਦਾਰਥ ਕਿਹਾ ਜਾਂਦਾ ਹੈ, ਉਹ ਹਨ :
੧ ਧਰਮ : ਸੱਚਾ ਜੀਵਨ ਜਿਊਣ ਦੇ ਯੋਗ ਹੋਣ ਲਈ ਸਾਨੂੰ ਧਰਮ ਦੀ ਜ਼ਰੂਰਤ ਹੈ। ਹਿਰਦੇ ਦੀ ਪੂਰਨ ਸਚਿਆਰੀ ਰਹਿਤ ਦੀ ਪ੍ਰਾਪਤੀ ਲਈ ਧਰਮ ਦੀ ਲੋੜ ਹੈ। ਧਰਮ ਦਾ ਦਰਗਾਹੀ ਅਰਥ ਹੈ ਪਰਮਾਤਮਾ ਨਾਲ ਇੱਕ-ਮਿੱਕ ਹੋ ਜਾਣਾ। ਸੱਤ ਦੇਖਣ, ਸੱਤ ਸੁਣਨ, ਸੱਤ ਦੀ ਸੇਵਾ ਅਤੇ ਸੱਤ ਵਰਤਾਉਣ ਦੇ ਯੋਗ ਹੋਣ ਲਈ ਧਰਮ ਪਰਮ ਆਵੱਸ਼ਕ ਹੈ। ਦਰਗਾਹੀ ਕਾਨੂੰਨਾਂ ਨੂੰ ਸੁਣਨ, ਸਵੀਕਾਰ ਕਰਨ, ਸਿੱਖਣ ਅਤੇ ਅਮਲ ਵਿੱਚ ਲਿਆਉਣ ਲਈ ਧਰਮ ਲਾਜ਼ਮੀ ਹੈ। ਧਰਮ ਦੀ ਪ੍ਰਾਪਤੀ ਜ਼ਿੰਦਗੀ ਨੂੰ ਅਨਾਦਿ ਤੌਰ ’ਤੇ ਅਤੇ ਆਤਮਿਕ ਤੌਰ ’ਤੇ ਅਨੰਦਮਈ ਬਣਾਏਗੀ ਅਤੇ ਅਸੀਂ ਮਾਇਆ ਦੇ ਤਿੰਨਾਂ ਗੁਣਾਂ ਦੀ ਗ਼ੁਲਾਮੀ ਤੋਂ ਬਚ ਜਾਵਾਂਗੇ। ਅਸੀਂ ਮਨ ਅਤੇ ਮਾਇਆ ’ਤੇ ਪੂਰੀ ਤਰ੍ਹਾਂ ਜਿੱਤ ਪ੍ਰਾਪਤ ਕਰ ਲਵਾਂਗੇ। ਅਸੀਂ ਨਾਮ ਦਾ ਗੁਰਪ੍ਰਸਾਦਿ ਕਮਾ ਲਵਾਂਗੇ, ਆਪਣੇ ਆਪ ਨੂੰ ਬੰਦਗੀ ਅਤੇ ਸੇਵਾ ਵਿੱਚ ਰੁਝਾ ਲਵਾਂਗੇ। ਪਰਉਪਕਾਰ ਤੇ ਮਹਾਂ ਪਰਉਪਕਾਰ ਦੀ ਕਮਾਈ ਕਰ ਲਵਾਂਗੇ। ਇਹ ਧਰਮ ਦੀ ਮਹਾਨ ਦਰਗਾਹੀ ਦਾਤ (ਫਲ) ਹੈ। ਧਰਮ ਦੀ ਬਖ਼ਸ਼ਿਸ਼ ਅਤੇ ਪ੍ਰਾਪਤੀ ਸੰਤਾਂ ਦੀ ਸੰਗਤ ਅਤੇ ਸੇਵਾ ਕਰਨ ਨਾਲ ਹੁੰਦੀ ਹੈ।
੨ ਅਰਥ : ਸੰਸਾਰਿਕ ਲੋੜਾਂ ਲਈ ਸਾਨੂੰ ਧਨ ਦੀ ਜ਼ਰੂਰਤ ਹੈ। ਧਨ ਦੀ ਸਾਨੂੰ ਘਰ, ਭੋਜਨ, ਕੱਪੜੇ ਅਤੇ ਹੋਰ ਜੀਵਨ ਦੀਆਂ ਲੋੜੀਂਦੀਆਂ ਵਸਤੂਆਂ ਲਈ ਅਤੇ ਅਰਾਮਦਾਇਕ ਜ਼ਿੰਦਗੀ ਲਈ ਲੋੜ ਹੈ। ਪਰ, ਇਹ ਹਮੇਸ਼ਾਂ ਮਨ ਵਿੱਚ ਰੱਖੋ ਕਿ ਸਹੀ ਢੰਗਾਂ ਅਤੇ ਤਰੀਕਿਆਂ ਨਾਲ ਅਤੇ ਸੱਚਾਈ ਨਾਲ ਕਮਾਇਆ ਧਨ ਹੀ ਚੰਗਾ ਹੈ। ਸੱਚਾਈ ਨਾਲ ਕਮਾਏ ਗਏ ਧਨ ਵਿੱਚ ਹੀ ਬਰਕਤ ਹੁੰਦੀ ਹੈ। ਸੱਚਾਈ ਨਾਲ ਕਮਾਏ ਗਏ ਧਨ ਦੀ ਵਰਤੋਂ ਨਾਲ ਮਾਇਆ ਘਟਦੀ ਨਹੀਂ। ਸੱਚਾਈ ਨਾਲ ਕਮਾਏ ਗਏ ਧਨ ਦੀ ਵਰਤੋਂ ਨਾਲ ਦੁੱਖਾਂ ਅਤੇ ਕਲੇਸ਼ਾਂ ਦਾ ਪ੍ਰਭਾਵ ਪਰਿਵਾਰਿਕ ਜੀਵਨ ’ਤੇ ਨਹੀਂ ਪੈਂਦਾ ਹੈ। ਸੱਚਾਈ ਨਾਲ ਕਮਾਏ ਗਏ ਧਨ ਦੀ ਵਰਤੋਂ ਨਾਲ ਪਰਿਵਾਰ ਵਿੱਚ ਹੋਰ ਖ਼ੁਸ਼ਹਾਲੀ ਦੀ ਬਖ਼ਸ਼ਿਸ਼ ਹੁੰਦੀ ਹੈ। ਗ਼ਲਤ ਤਰੀਕਿਆਂ ਨਾਲ ਕਮਾਇਆ ਧਨ, ਰਿਸ਼ਵਤਖ਼ੋਰੀ ਨਾਲ ਕਮਾਇਆ ਧਨ, ਚੋਰੀ ਚਕਾਰੀ ਨਾਲ ਅਤੇ ਧੋਖਾਧੜੀ ਨਾਲ ਕਮਾਇਆ ਧਨ ਇਕ ਮਾਰੂ ਹਥਿਆਰ ਬਣ ਜਾਂਦਾ ਹੈ, ਪਰਿਵਾਰਿਕ ਦੁੱਖਾਂ ਅਤੇ ਕਲੇਸ਼ਾਂ ਦਾ ਕਾਰਣ ਬਣ ਜਾਂਦਾ ਹੈ, ਪਰਿਵਾਰਿਕ ਸ਼ਾਂਤੀ ਨਸ਼ਟ ਕਰਕੇ ਸਾਰੀਆਂ ਬਰਕਤਾਂ ਦਾ ਅੰਤ ਕਰਕੇ ਸਾਰੇ ਪਰਿਵਾਰ ਨੂੰ ਨਰਕੀ ਜੀਵਨ ਜਿਊਣ ਲਈ ਮਜਬੂਰ ਕਰ ਦੇਂਦਾ ਹੈ। ਦਸਾਂ ਨਹੁੰਆਂ ਦੀ ਨੇਕ ਕਮਾਈ ਹੀ ਜੀਵਨ ਨੂੰ ਸੁਖੀ ਅਤੇ ਇਲਾਹੀ ਬਰਕਤਾਂ ਨਾਲ ਭਰਪੂਰ ਬਣਾ ਕੇ ਸਤਿ ਸੰਤੋਖ ਦੇ ਗੁਰਪ੍ਰਸਾਦਿ ਦੀ ਦਾਤ ਨਾਲ ਪਰਮ ਅਨੰਦ ਦੀ ਅਵਸਥਾ ਵਿੱਚ ਲੈ ਜਾਂਦੀ ਹੈ। ਅਰਥ ਦੀ ਬਖ਼ਸ਼ਿਸ਼ ਅਤੇ ਪ੍ਰਾਪਤੀ ਸੰਤਾਂ ਦੀ ਸੰਗਤ ਅਤੇ ਸੇਵਾ ਕਰਨ ਨਾਲ ਹੁੰਦੀ ਹੈ।
੩ ਕਾਮ : ਕਾਮ ਦਾ ਭਾਵ ਹੈ ਕਾਮਨਾ, ਸੁਖੀ ਅਤੇ ਅਰਾਮਦਾਇਕ ਵਿਵਾਹਿਕ ਪਰਿਵਾਰਿਕ ਜੀਵਨ ਜਿਊਣ ਦੀ ਕਾਮਨਾ ਕਿਸ ਨੂੰ ਨਹੀਂ ਹੁੰਦੀ ਹੈ? ਸਾਰੀ ਲੋਕਾਈ ਇਸ ਕਾਮਨਾ ਰੂਪੀ ਬਖ਼ਸ਼ਿਸ਼ ਦੀ ਪ੍ਰਾਪਤੀ ਦੀ ਮੁਹਤਾਜ ਹੈ। ਸੱਤੋਗੁਣੀ ਜੀਵਨ ਜਿਊਂਦਿਆਂ ਕਾਮਨਾ ਦੀ ਬਖ਼ਸ਼ਿਸ਼ ਦੀ ਪ੍ਰਾਪਤੀ ਸਹਿਜ ਹੀ ਹੋ ਜਾਂਦੀ ਹੈ। ਸੱਤੋਗੁਣੀ ਜੀਵਨ ਕਾਮਨਾ ਦਾ ਅਧਾਰ ਹੋਵੇ ਤਾਂ ਇਹ ਵਾਸ਼ਨਾ ਨਾ ਬਣ ਕੇ ਵਰਦਾਨ ਬਣ ਜਾਂਦੀ ਹੈ। ਕਾਮਨਾ ਦੀ ਪ੍ਰਾਪਤੀ ਸੰਤਾਂ ਦੀ ਸੰਗਤ ਅਤੇ ਸੇਵਾ ਨਾਲ ਹੁੰਦੀ ਹੈ। ਇਹ ਅਕਾਲ ਪੁਰਖ ਦੀ ਸ੍ਰਿਸ਼ਟੀ ਦੀ ਸਾਜਨਾ ਦਾ ਅਧਾਰ ਅਤੇ ਪਰਮ ਸ਼ਕਤੀਸ਼ਾਲੀ ਲੀਲ੍ਹਾ ਹੈ। ਇਸ ਸੰਸਾਰ ਨੂੰ ਪੀੜ੍ਹੀ ਦਰ ਪੀੜ੍ਹੀ ਅੱਗੇ ਚਾਲੂ ਰੱਖਣ ਲਈ ਇਸ ਤੋਂ ਬਿਨਾਂ ਹੋਂਦ ਸੰਭਵ ਨਹੀਂ ਸੀ। ਜੇਕਰ ਇਸ ਦੀ ਵਰਤੋਂ ਦਰਗਾਹੀ ਕਾਨੂੰਨ ਅਨੁਸਾਰ ਹੋਵੇ ਤਾਂ ਇਹ ਪਰਿਵਾਰਿਕ ਸੁੱਖ ਸ਼ਾਂਤੀ ਖ਼ੁਸ਼ਹਾਲੀ ਅਤੇ ਸੰਸਾਰ ਦੀ ਹੋਂਦ ਬਣਾਈ ਰੱਖਦਾ ਹੈ। ਪਰ ਜੇਕਰ ਇਸ ਦੀ ਗ਼ਲਤ ਵਰਤੋਂ ਹੋਵੇ, ਇਹ ਇੱਕ ਗੰਭੀਰ ਅਪਰਾਧ ਬਣ ਜਾਂਦਾ ਹੈ ਅਤੇ ਸਾਡੀ ਜ਼ਿੰਦਗੀ ਨੂੰ ਤਬਾਹ ਕਰ ਦਿੰਦਾ ਹੈ। ਇਹ ਕੇਵਲ ਚਰਿੱਤਰ ਨੂੰ ਹੀ ਨਹੀਂ ਮਾਰਦਾ ਅਤੇ ਮਨੁੱਖੀ ਕਦਰਾਂ ਕੀਮਤਾਂ ਦਾ ਘਾਣ ਹੀ ਨਹੀਂ ਕਰਦਾ ਸਗੋਂ ਪੂਰੀ ਤਰ੍ਹਾਂ ਮਨੁੱਖੀ ਜੀਵਨ ਨੂੰ ਤਬਾਹ ਕਰ ਦਿੰਦਾ ਹੈ। ਸੋ ਤੁਹਾਨੂੰ ਇਸ ’ਤੇ ਕਾਬੂ ਰੱਖਣਾ ਚਾਹੀਦਾ ਹੈ ਅਤੇ ਇਹ ਕੇਵਲ ਪਤੀ ਪਤਨੀ ਵਿਚ ਹੀ ਹੋਣਾ ਚਾਹੀਦਾ ਹੈ ਅਤੇ ਇਸ ਤੋਂ ਬਾਹਰ ਨਹੀਂ ਹੋਣਾ ਚਾਹੀਦਾ। ਜੇਕਰ ਇਹ ਪਤੀ ਪਤਨੀ ਦੇ ਰਿਸ਼ਤੇ ਤੋਂ ਬਾਹਰ ਜਾਂਦਾ ਹੈ ਤਾਂ ਇਹ ਇੱਕ ਸਰਾਪ ਹੈ। ਜੇਕਰ ਇਹ ਵਿਵਾਹਿਕ ਜੀਵਨ ਤੱਕ ਸੀਮਿਤ ਰਹਿੰਦਾ ਹੈ ਤਾਂ ਇਹ ਵਰਦਾਨ ਹੈ। ਸੋ ਕਾਮ ਨੂੰ ਸਰਾਪ ਨਾ ਬਣਨ ਦਿਉ, ਇਹ ਤਦ ਹੀ ਪੰਜ ਚੋਰਾਂ ਵਿੱਚ ਗਿਣਿਆ ਜਾਂਦਾ ਹੈ। ਪਰ ਵਿਵਾਹਿਕ ਜੀਵਨ ਦੇ ਵਿੱਚ ਇਸ ਦਾ ਵਰਦਾਨ ਦੀ ਤਰ੍ਹਾਂ ਅਨੰਦ ਮਾਣਿਆ ਜਾ ਸਕਦਾ ਹੈ। ਇਸ ਲਈ ਪਤੀ ਪਤਨੀ ਨੂੰ ਛੱਡ ਕੇ ਬਾਕੀ ਸਾਰਿਆਂ ਵਿੱਚ ਮਾਂ, ਭੈਣ, ਧੀ, ਭਰਾ ਅਤੇ ਪਿਤਾ ਦੇ ਦਰਸ਼ਨ ਕਰੋ।
੪ ਮੋਖ : ਇਹ ਜੀਵਨ ਦੀ ਪਰਮ ਸ਼ਕਤੀ ਹੈ, ਜੀਵਨ ਹੀ ਪਰਮ ਸ਼ਕਤੀ ਹੈ, ਭਾਵ ਜਿਊਂਦਿਆਂ ਹੋਇਆਂ ਅਕਾਲ ਪੁਰਖ ਵਿੱਚ ਅਭੇਦ ਹੋ ਜਾਣਾ। ਤਦ ਮੌਤ ਦੇ ਸਮੇਂ ਜਦੋਂ ਰੂਹ ਸੰਸਾਰਿਕ ਸਰੀਰ ਛੱਡਦੀ ਹੈ ਤਾਂ ਰੂਹ ਸਦਾ ਲਈ ਅਸਲ ਘਰ ਸੱਚ ਖੰਡ ਅਕਾਲ ਪੁਰਖ ਦੀ ਦਰਗਾਹ ਵਿੱਚ ਅਭੇਦ ਹੋ ਜਾਂਦੀ ਹੈ ਅਤੇ ਜਨਮ ਮਰਨ ਦੇ ਬੰਧਨਾਂ ਤੋਂ ਮੁਕਤ ਹੋ ਜਾਂਦੀ ਹੈ। ਮੋਖ ਦੀ ਬਖ਼ਸ਼ਿਸ਼ ਅਤੇ ਪ੍ਰਾਪਤੀ ਸੰਤਾਂ ਦੀ ਸੰਗਤ ਅਤੇ ਸੇਵਾ ਕਰਨ ਨਾਲ ਹੁੰਦੀ ਹੈ।
ਗੁਰੂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਭਰਪੂਰ ਦਿਆਲਤਾ ਨਾਲ ਸਾਨੂੰ ਇਹ ਬ੍ਰਹਮ ਗਿਆਨ ਬਖ਼ਸ਼ਿਆ ਹੈ ਅਤੇ ਸਾਡੀ ਅਗਵਾਈ ਕੀਤੀ ਹੈ ਕਿ ਕਿਵੇਂ ਅਸੀਂ ਜੀਵਨ ਨੂੰ ਮਹਾਨ ਕਰਨ ਲਈ ਇਹਨਾਂ ੪ ਜ਼ਰੂਰੀ ਤੱਤਾਂ ਨੂੰ ਲੱਭ ਸਕਦੇ ਹਾਂ। ਇਹ ਚਾਰ ਪਦਾਰਥ ਕੇਵਲ ਇੱਕ ਪੂਰਨ ਸੰਤ, ਇੱਕ ਪੂਰਨ ਸਾਧ, ਇਕ ਪੂਰਨ ਬ੍ਰਹਮ ਗਿਆਨੀ ਦੇ ਚਰਨ ਕਮਲਾਂ ਵਿਚ ਹੀ ਲੱਭ ਸਕਦੇ ਹਨ ਕਿਉਂਕਿ ਅਜਿਹੀਆਂ ਰੂਹਾਂ ਇਹਨਾਂ ਖ਼ਜ਼ਾਨਿਆਂ ਦੀਆਂ ਰਖਵਾਲੀਆਂ ਹੁੰਦੀਆਂ ਹਨ ਅਤੇ ਸਾਰੇ ਅਨਾਦਿ ਖ਼ਜ਼ਾਨਿਆਂ ਦੀਆਂ ਮਾਲਕ ਹੁੰਦੀਆਂ ਹਨ। ਮਾਇਆ ਇਹਨਾਂ ਦੀ ਦਾਸੀ ਹੁੰਦੀ ਹੈ ਅਤੇ ਇਹਨਾਂ ਦੇ ਚਰਨਾਂ ਵਿਚ ਰਹਿੰਦੀ ਹੈ। ਇਸ ਕਰਕੇ ਹੀ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਬੜੀ ਦਿਆਲਤਾ ਨਾਲ ਐਸੇ ਪੂਰਨ ਸਾਧ, ਪੂਰਨ ਬ੍ਰਹਮ ਗਿਆਨੀ ਦੀ ਸ਼ਰਨ ਵਿੱਚ ਜਾਣ ਦੀ ਮਤਿ ਦਿੱਤੀ ਹੈ ਤਾਂ ਕਿ ਇਹਨਾਂ ਦੀਆਂ ਅਸੀਸਾਂ ਨਾਲ ਚਾਰ ਪਦਾਰਥ ਜੋ ਕਿ ਸੁਖੀ ਜੀਵਨ ਲਈ ਜ਼ਰੂਰੀ ਹਨ ਮਿਲ ਸਕਣ ਅਤੇ ਚੰਗਾ ਜੀਵਨ ਜਿਊਂਦੇ ਹੋਏ ਹੀ ਸਾਨੂੰ ਜੀਵਨ ਮੁਕਤੀ ਦੀ ਪ੍ਰਾਪਤੀ ਹੋ ਜਾਵੇ।
ਪਰਮ ਸ਼ਕਤੀ ਦੀ ਅਵਸਥਾ ਉਦੋਂ ਪ੍ਰਗਟ ਹੁੰਦੀ ਹੈ ਜਦੋਂ ਨਾਮ ਸਾਡੇ ਹਿਰਦੇ ਵਿੱਚ ਚਲਾ ਜਾਂਦਾ ਹੈ। ਜਦੋਂ ਤੁਸੀਂ ਜੀਵਨ ਮੁਕਤ ਹੋ ਜਾਂਦੇ ਹੋ ਤਾਂ ਤੁਹਾਡੇ ਸਾਰੇ ਦੁੱਖ ਅਤੇ ਮਾਨਸਿਕ ਰੋਗ ਅਲੋਪ ਹੋ ਜਾਂਦੇ ਹਨ। ਅਸਲ ਵਿੱਚ ਜਦ ਤੁਹਾਡੀ ਬੰਦਗੀ ਸ਼ੁਰੂ ਹੁੰਦੀ ਹੈ ਤੁਹਾਡੇ ਸਾਰੇ ਦੁੱਖ ਅਤੇ ਪੰਜ ਦੂਤ ਅਲੋਪ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਇਸ ਦੇ ਫਲਸਰੂਪ ਤੁਸੀਂ ਸਹਿਜ ਅਵਸਥਾ ਵਿੱਚ ਪਹੁੰਚ ਜਾਂਦੇ ਹੋ ਅਤੇ ਅਟੱਲ ਅਵਸਥਾ ਵਿੱਚ ਤੁਹਾਨੂੰ ਕੋਈ ਚੀਜ਼ ਵਿਚਲਿਤ ਨਹੀਂ ਕਰ ਸਕਦੀ ਤੇ ਤੁਹਾਨੂੰ ਚਿੰਤਾ ਨਹੀਂ ਦੇ ਸਕਦੀ।
ਹਉਮੈ ਮਹਾਂ ਗੰਭੀਰ ਮਾਨਸਿਕ ਰੋਗ ਦੱਸਿਆ ਗਿਆ ਹੈ। ਮਾਇਆ ਅਤੇ ਮਨ ’ਤੇ ਜਿੱਤ ਪ੍ਰਾਪਤ ਕਰਨ ਲਈ ਸਭ ਤੋਂ ਔਖਾ ਹੈ ਇਸ ਦੀਰਘ ਮਾਨਸਿਕ ਰੋਗ ਨੂੰ ਕਾਬੂ ਕਰਨਾ। ਕੇਵਲ ਨਾਮ ਅਤੇ ਨਾਮ ਦੀ ਕਮਾਈ ਸਾਡੇ ਇਸ ਗੰਭੀਰ ਮਾਨਸਿਕ ਰੋਗ ਨੂੰ ਕਾਬੂ ਕਰਨ ਵਿੱਚ ਸਹਾਇਤਾ ਕਰ ਸਕਦੇ ਹਨ। ਨਾਮ ਦਾ ਗੁਰਪ੍ਰਸਾਦਿ ਕੇਵਲ ਕਿਸੇ ਪੂਰਨ ਸੰਤ ਕੋਲੋਂ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦਿ ਕੇਵਲ ਕਿਸੇ ਪੂਰਨ ਬ੍ਰਹਮ ਗਿਆਨੀ ਦੀ ਸਤਿ ਸੰਗਤ ਵਿੱਚ ਪ੍ਰਾਪਤ ਕੀਤਾ ਜਾ ਸਕਦਾ ਹੈ। ਜਦ ਤੁਸੀਂ ਬੰਦਗੀ ਦੇ ਇਸ ਘਟਨਾ ਚੱਕਰ ਨੂੰ ਪੂਰਾ ਕਰ ਲੈਂਦੇ ਹੋ ਤਦ ਤੁਹਾਡੀ ਰੂਹ ਸੱਚ ਖੰਡ ਵਿਚ ਚਲੀ ਜਾਂਦੀ ਹੈ ਅਤੇ ਤੁਸੀਂ ਅਕਾਲ ਪੁਰਖ ਦੀ ਦਰਗਾਹ ਵਿੱਚ ਉੱਚਾ ਰੁਤਬਾ ਅਤੇ ਮਾਣ ਪ੍ਰਾਪਤ ਕਰਦੇ ਹੋ। ਤੁਹਾਡਾ ਹਰ ਜਗ੍ਹਾ ਮਾਣ ਅਤੇ ਸਤਿਕਾਰ ਹੁੰਦਾ ਹੈ। ਜਨਮ ਅਤੇ ਮਰਨ ਦਾ ਚੱਕਰ ਸਭ ਤੋਂ ਵੱਡਾ ਦੁੱਖ ਦੱਸਿਆ ਗਿਆ ਹੈ। ਜਿਸ ਵਿੱਚੋਂ ਸਭ ਨੂੰ ਸਮੇਂ ਅਨੁਸਾਰ ਬਾਰ-ਬਾਰ ਲੰਘਣਾ ਪੈਂਦਾ ਹੈ। ਕੇਵਲ ਪੂਰਨ ਸੰਤ ਦੀ ਸੰਗਤ ਹੀ ਸਾਡੀ ਜਨਮ ਮਰਨ ਦੇ ਚੱਕਰ ਤੋਂ ਬਾਹਰ ਨਿਕਲਣ ਵਿੱਚ ਮਦਦ ਕਰ ਸਕਦੀ ਹੈ।
ਬੰਦਗੀ ਕੇਵਲ ਪੂਰਨ ਸੰਤ ਦੀਆਂ ਅਸੀਸਾਂ ਅਤੇ ਬਖ਼ਸ਼ਿਸ਼ ਨਾਲ ਹੀ ਪ੍ਰਵਾਨ ਹੁੰਦੀ ਹੈ ਅਤੇ ਮੁਕਤੀ ਕੇਵਲ ਪੂਰਨ ਸੰਤ ਦੀ ਬਖ਼ਸ਼ਿਸ਼ ਨਾਲ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਉਹ ਜਿਨ੍ਹਾਂ ਨੇ ਇਸ ਮਨੁੱਖਾ ਜੀਵਨ ਦੇ ਮੰਤਵ ਨੂੰ ਜਾਣ ਲਿਆ ਹੈ, ਦਰਗਾਹ ਵਿੱਚ ਮਾਨਯੋਗ ਅਤੇ ਸਤਿਕਾਰਯੋਗ ਹਨ ਅਤੇ ਗੁਰੂ ਅਤੇ ਅਕਾਲ ਪੁਰਖ ਦੁਆਰਾ ਮਾਣ ਪ੍ਰਾਪਤ ਕਰਦੇ ਹਨ। ਉਨ੍ਹਾਂ ਮਾਇਆ ਦੇ ਰਸਤੇ ਵਿਚੋਂ ਲੰਘ ਕੇ ਰੂਹਾਨੀ ਸੁਪਨਿਆਂ ਨੂੰ ਜਾਣ ਲਿਆ ਹੁੰਦਾ ਹੈ ਅਤੇ ਉਹ ਨਾਮ ਦੀ ਕਮਾਈ, ਸੇਵਾ, ਪਰਉਪਕਾਰ ਅਤੇ ਮਹਾਂ ਪਰਉਪਕਾਰ ਵਿੱਚ ਰੁੱਝੇ ਰਹਿੰਦੇ ਹਨ। ਗੁਰੂ ਅਤੇ ਅਕਾਲ ਪੁਰਖ ਇਹਨਾਂ ਰੂਹਾਂ ਦੇ ਬਲਿਹਾਰ ਜਾਂਦਾ ਹੈ। ਪਰਮ ਸ਼ਕਤੀ ਦੀ ਅਵਸਥਾ ਵਿੱਚ ਭਗਵਾਨ ਅਤੇ ਭਗਤ ਵਿੱਚ ਕੋਈ ਭੇਦ ਨਹੀਂ ਰਹਿ ਜਾਂਦਾ।
ਸਗਲ ਪੁਰਖ ਮਹਿ ਪੁਰਖੁ ਪ੍ਰਧਾਨੁ ॥
ਸਾਧਸੰਗਿ ਜਾ ਕਾ ਮਿਟੈ ਅਭਿਮਾਨੁ ॥
ਆਪਸ ਕਉ ਜੋ ਜਾਣੈ ਨੀਚਾ ॥
ਸੋਊ ਗਨੀਐ ਸਭ ਤੇ ਊਚਾ ॥
ਜਾ ਕਾ ਮਨੁ ਹੋਇ ਸਗਲ ਕੀ ਰੀਨਾ ॥
ਹਰਿ ਹਰਿ ਨਾਮੁ ਤਿਨਿ ਘਟਿ ਘਟਿ ਚੀਨਾ ॥
ਮਨ ਅਪੁਨੇ ਤੇ ਬੁਰਾ ਮਿਟਾਨਾ ॥
ਪੇਖੈ ਸਗਲ ਸ੍ਰਿਸਟਿ ਸਾਜਨਾ ॥
ਸੂਖ ਦੂਖ ਜਨ ਸਮ ਦ੍ਰਿਸਟੇਤਾ ॥
ਨਾਨਕ ਪਾਪ ਪੁੰਨ ਨਹੀ ਲੇਪਾ ॥੬॥
ਨਿਮਰਤਾ ਲਾਜ਼ਮੀ ਦਰਗਾਹੀ ਗੁਣ ਹੈ, ਮਹਾਨ ਨਿਮਰਤਾ ਗ਼ਰੀਬੀ ਵੇਸ ਹਿਰਦਾ ਹੈ। ਨਿਮਰਤਾ ਦੀ ਕੋਈ ਸੀਮਾ ਨਹੀਂ ਹੁੰਦੀ ਹੈ, ਅਕਾਲ ਪੁਰਖ ਦੇ ਵਾਂਗ ਨਿਮਰਤਾ ਭੀ ਅਸੀਮ ਹੈ। ਹਿਰਦੇ ਦੀ ਨਿਮਰਤਾ ਬਹੁਤ ਹੀ ਮਹੱਤਵਪੂਰਨ ਅਤੇ ਜ਼ਰੂਰੀ ਹੈ ਅਤੇ ਅੰਦਰਲੀ ਰਹਿਤ ਦਾ ਬ੍ਰਹਮ ਕਾਨੂੰਨ ਹੈ। ਗ਼ਰੀਬੀ ਵੇਸ ਹਿਰਦੇ ਵਿੱਚ, ਨਿਮਰਤਾ ਨਾਲ ਭਰਪੂਰ ਹਿਰਦੇ ਵਿੱਚ ਸਾਰੀਆਂ ਦਰਗਾਹੀ ਬਖ਼ਸ਼ਿਸ਼ਾਂ ਪ੍ਰਕਾਸ਼ਮਾਨ ਹੋ ਜਾਂਦੀਆਂ ਹਨ। ਨਿਮਰਤਾ ਇਕ ਮਹਾਨ ਇਲਾਹੀ ਸ਼ਕਤੀ ਹੈ ਜਿਸ ਅਗੇ ਸਾਰੀਆਂ ਦਰਗਾਹੀ ਸ਼ਕਤੀਆਂ ਭੀ ਨੱਤਮਸਤਕ ਹੋ ਜਾਂਦੀਆਂ ਹਨ। ਹਿਰਦੇ ਵਿੱਚ ਗ਼ਰੀਬੀ ਦਰਗਾਹ ਦੀ ਕੁੰਜੀ ਹੈ। ਅਤਿ ਨਿਮਰਤਾ ਦੇ ਅਗੰਮੀ ਪ੍ਰਕਾਸ਼ ਨੂੰ ਪ੍ਰਾਪਤ ਕਰਨ ਤੋਂ ਬਿਨਾਂ ਅਸੀਂ ਸਰਵ-ਸ਼ਕਤੀਮਾਨ ਪਰੀਪੂਰਨ ਪਰਮਾਤਮਾ ਤੱਕ ਨਹੀਂ ਪਹੁੰਚ ਸਕਦੇ। ਅਤਿ ਨਿਮਰਤਾ ਦੇ ਅਗੰਮੀ ਪ੍ਰਕਾਸ਼ ਦੀ ਮਹਾਨ ਸ਼ਕਤੀ ਨਾਲ ਅਸੀਂ ਆਪਣੀ ਹਉਮੈ ਨੂੰ ਪਰਾਜਿਤ ਕਰਕੇ ਮਾਇਆ ਤੋਂ ਮੁਕਤੀ ਦੀ ਪ੍ਰਾਪਤੀ ਕਰ ਸਕਦੇ ਹਾਂ। ਨਿਮਰਤਾ ਹੀ ਇਕ ਐਸਾ ਅਗੰਮੀ ਅਸਤਰ ਹੈ ਜਿਸ ਨਾਲ ਅਸੀਂ ਖ਼ੁਦੀ, ਅਹੰਕਾਰ ਅਤੇ ਹਉਮੈ ਨੂੰ ਮਾਰ ਸਕਦੇ ਹਾਂ। ਜਿੱਥੇ ਹਉਮੈ ਦੀ ਮੌਤ ਹੈ ਉੱਥੇ ਪਰਮ ਜੋਤ ਦਾ ਪੂਰਨ ਪ੍ਰਕਾਸ਼ ਪ੍ਰਗਟ ਹੋ ਜਾਂਦਾ ਹੈ। ਹਉਮੈ ਇਕ ਗੰਭੀਰ ਅਤੇ ਦੀਰਘ ਮਾਨਸਿਕ ਰੋਗ ਹੈ ਅਤੇ ਜੋ ਸਾਡੇ ਸਰੀਰ ਵਿੱਚ ਸਿਰ ਦੇ ਹਿੱਸੇ ਵਿੱਚ ਨਿਵਾਸ ਕਰਦਾ ਹੈ। ਅਤਿ ਨਿਮਰਤਾ ਦੇ ਅਗੰਮੀ ਪ੍ਰਕਾਸ਼ ਨਾਲ ਹਉਮੈ ਦੇ ਇਸ ਦੀਰਘ ਮਾਨਸਿਕ ਰੋਗ ਦਾ ਅੰਤ ਹੋ ਜਾਂਦਾ ਹੈ। ਅਸਲ ਵਿੱਚ ਸਾਰੇ ਹੀ ਪੰਜ ਦੂਤ ਸਾਡੇ ਸਰੀਰ ਵਿੱਚ ਹੀ ਵਾਸ ਕਰਦੇ ਹਨ :
* ਕਾਮ (ਵਾਸ਼ਨਾ) ਸਰੀਰ ਦੇ ਵਿਚਕਾਰਲੇ ਹਿੱਸੇ ਕਾਮ ਇੰਦਰਿਆਂ ਦੁਆਲੇ ਵਾਸ ਕਰਦਾ ਹੈ।
* ਕ੍ਰੋਧ (ਗੁੱਸਾ) ਸਾਡੇ ਪੇਟ ਵਿੱਚ ਵਾਸ ਕਰਦਾ ਹੈ।
* ਲੋਭ ਅਤੇ ਮੋਹ ਸਾਡੇ ਛਾਤੀ ਦੇ ਖੇਤਰ ਵਿੱਚ ਵਾਸ ਕਰਦਾ ਹੈ।
* ਅਹੰਕਾਰ ਸਾਡੇ ਸਿਰ ਵਿੱਚ ਵਾਸ ਕਰਦਾ ਹੈ।
ਮਾਇਆ ਦੀਆਂ ਇਨ੍ਹਾਂ ਘਾਤਕ ਸ਼ਕਤੀਆਂ ਨੂੰ ਗੁਰਬਾਣੀ ਵਿੱਚ ਚੋਰ ਕਿਹਾ ਗਿਆ ਹੈ। ਇਹ ਸਦਾ ਹੀ ਤੁਹਾਨੂੰ ਆਪਣੇ ਪ੍ਰਭਾਵ ਹੇਠ ਕਰਮ ਕਰਨ ਲਈ ਉਕਸਾਉਂਦੇ ਹਨ। ਇਹ ਦੂਤ ਮਾਇਆ ਦੇ ਬਹੁਤ ਮਹੱਤਵਪੂਰਨ ਅਤੇ ਸ਼ਕਤੀਸ਼ਾਲੀ ਹਥਿਆਰ ਹਨ ਅਤੇ ਇਹ ਤੁਹਾਡੇ ਨਿਰੰਤਰ ਹੋ ਰਹੇ ਆਤਮਿਕ ਵਿਕਾਸ ਨੂੰ ਲੁੱਟ ਕੇ ਤੁਹਾਡੀ ਰੂਹਾਨੀਅਤ ਦਾ ਵਿਨਾਸ਼ ਕਰਨ ਵਿੱਚ ਸਦਾ-ਸਦਾ ਲਈ ਲੱਗੇ ਰਹਿੰਦੇ ਹਨ। ਵਿਚਾਰਨ ਯੋਗ ਵੀਚਾਰ ਇਹ ਹੈ ਕਿ ਇਹ ਵਿਨਾਸ਼ਕਾਰੀ ਸ਼ਕਤੀਆਂ ਆਪ ਜੀ ਦੇ ਅੰਦਰ ਹੀ ਬੈਠੀਆਂ ਹਨ ਅਤੇ ਆਪਜੀ ਨੂੰ ਬਿਨਾਂ ਪਤਾ ਲਗਾਏ ਆਪਣੀ ਵਿਨਾਸ਼ ਦੀ ਇਸ ਕਿਰਿਆ ਨੂੰ ਜਾਰੀ ਰਖਦੀਆਂ ਹਨ। ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਦੀਆਂ ਇਹ ਵਿਨਾਸ਼ਕਾਰੀ ਸ਼ਕਤੀਆਂ ਆਪਜੀ ਦੀ ਬੜੀ ਅਸਾਨੀ ਨਾਲ ਬੁੱਧੀ ਨੂੰ ਭ੍ਰਸ਼ਟ ਕਰਕੇ ਆਪਜੀ ਨੂੰ ਧੋਖਾ ਦੇਣ ਵਿੱਚ ਅਤੇ ਸਫਲਤਾ ਪੂਰਵਕ ਆਪਣਾ ਕਾਰਾ ਕਰਨ ਵਿੱਚ ਜੁੱਟੀਆਂ ਰਹਿੰਦੀਆਂ ਹਨ। ਇਸ ਲਈ ਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਇਥੇ ਆਪਣੀ ਖ਼ੁਦੀ ਨੂੰ ਮਾਰਨ ਅਤੇ ਪੂਰਨ ਨਿਮਰਤਾ ਪ੍ਰਾਪਤ ਕਰਨ ਦੀ ਗੱਲ ਕਰਦੇ ਹਨ ਜਿਹੜਾ ਤੁਹਾਨੂੰ ਪੁਰਖ ਪ੍ਰਧਾਨ ਬਣਾ ਦਿੰਦੀ ਹੈ – ਭਾਵ ਕਿ ਪੂਰਨ ਨਿਮਰਤਾ ਤੁਹਾਨੂੰ ਇੱਕ ਪੂਰਨ ਵਿਵੇਕੀ ਪੁਰਖ ਬਣਾ ਦਿੰਦੀ ਹੈ, ਆਪ ਜੀ ਦੇ ਹਿਰਦੇ ਵਿੱਚ ਪੂਰਨ ਬ੍ਰਹਮ ਗਿਆਨ ਦਾ ਪ੍ਰਕਾਸ਼ ਕਰ ਦਿੰਦੀ ਹੈ। ਗੁਰਬਾਣੀ ਤੁਹਾਡੇ ਹਿਰਦੇ ਵਿੱਚ ਬਹੁਤ ਡੂੰਘੀ ਸਮਾ ਜਾਂਦੀ ਹੈ। ਨਾਮ ਤੁਹਾਡੀ ਆਤਮਾ, ਮਨ ਅਤੇ ਸਰੀਰ ਵਿੱਚ ਬਹੁਤ ਡੂੰਘਾ ਸਮਾ ਜਾਂਦਾ ਹੈ, ਨਾਮ ਤੁਹਾਡੇ ਰੋਮ-ਰੋਮ ਵਿਚ ਸਮਾ ਜਾਂਦਾ ਹੈ ਅਤੇ ਤੁਸੀਂ ਇੱਕ ਪੂਰਨ ਬ੍ਰਹਮ ਗਿਆਨੀ ਪੁਰਖ ਪ੍ਰਧਾਨ ਬਣ ਜਾਂਦੇ ਹੋ। ਐਸੀ ਇਲਾਹੀ ਬਖ਼ਸ਼ਿਸ਼ ਕੇਵਲ ਇਕ ਪੂਰਨ ਸੰਤ, ਇੱਕ ਪੂਰਨ ਬ੍ਰਹਮ ਗਿਆਨੀ ਦੀ ਸੰਗਤ ਵਿੱਚ ਰਹਿ ਕੇ ਹੀ ਹੋ ਸਕਦੀ ਹੈ, ਐਸੀ ਇਲਾਹੀ ਬਖ਼ਸ਼ਿਸ਼ ਕੇਵਲ ਇਕ ਪੂਰਨ ਸੰਤ, ਇੱਕ ਪੂਰਨ ਬ੍ਰਹਮ-ਗਿਆਨੀ ਦੇ ਛੱਤਰ ਹੇਠ ਰਹਿ ਕੇ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਜੋ ਇਨਸਾਨ ਨੀਵਿਆਂ ਤੋਂ ਨੀਵਾਂ ਹੋ ਜਾਂਦਾ ਹੈ, ਉਹ ਅਕਾਲ ਪੁਰਖ ਜੀ ਦੀ ਦਰਗਾਹ ਵਿੱਚ ਸਨਮਾਨਿਆ ਅਤੇ ਸਤਿਕਾਰਿਆ ਜਾਂਦਾ ਹੈ ਅਤੇ ਬ੍ਰਹਿਮੰਡ ਵਿੱਚ ਵੀ ਹਰ ਥਾਂ ਉਸ ਦਾ ਸਨਮਾਨ ਅਤੇ ਸਤਿਕਾਰ ਕੀਤਾ ਜਾਂਦਾ ਹੈ। ਅਜਿਹਾ ਇਨਸਾਨ ਪ੍ਰਮਾਤਮਾ ਦੇ ਦਾਸਾਂ ਦਾ ਦਾਸ ਹੁੰਦਾ ਹੈ ਅਤੇ ਸਾਰੀ ਸ੍ਰਿਸ਼ਟੀ ਦੀ ਚਰਨ ਧੂੜ ਹੁੰਦਾ ਹੈ। ਇਕ ਇਨਸਾਨ ਜੋ ਸੱਚਮੁੱਚ ਹੀ ਬਹੁਤ ਨਿਮਰ ਬਣ ਜਾਂਦਾ ਹੈ ਅਤੇ ਜਿਸ ਦਾ ਹਿਰਦਾ ਇਸ ਪੂਰਨ ਨਿਮਰਤਾ ਦੇ ਰੂਹਾਨੀ ਗੁਣ ਨਾਲ ਭਰਪੂਰ ਹੋ ਜਾਂਦਾ ਹੈ ਨਾਮ ਵਿੱਚ ਸਮਾ ਜਾਂਦਾ ਹੈ ਅਤੇ ਉਸ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਇੱਕ-ਮਿੱਕ ਹੋ ਜਾਂਦਾ ਹੈ।
ਅਕਾਲ ਪੁਰਖ ਅਤੇ ਉਸਦਾ ਨਾਮ ਕੇਵਲ ਅਜਿਹੇ ਹਿਰਦੇ ਵਿੱਚ ਹੀ ਰਹਿੰਦਾ ਹੈ ਜੋ ਨਿਮਰਤਾ ਨਾਲ ਭਰਪੂਰ ਹੋ ਕੇ ਪੂਰਨ ਸਚਿਆਰੀ ਰਹਿਤ ਵਿੱਚ ਸਮਾ ਜਾਂਦਾ ਹੈ। ਅੰਮ੍ਰਿਤ ਦਾ ਇਹ ਲਗਾਤਾਰ ਵਹਾਅ ਉਸ ਨੂੰ ਦਿੱਤਾ ਜਾਂਦਾ ਹੈ ਜੋ ਸਾਰੀ ਸ੍ਰਿਸ਼ਟੀ ਦੀ ਚਰਨ ਧੂਲ – ‘ਸਗਲ ਕੀ ਰੀਨਾ’ ਬਣ ਜਾਂਦਾ ਹੈ। ਏਕ ਦ੍ਰਿਸ਼ਟ ਬਣ ਜਾਂਦਾ ਹੈ ਅਤੇ ਸਾਰੀ ਸ੍ਰਿਸ਼ਟੀ ਨੂੰ ਪਿਆਰ ਅਤੇ ਦਇਆ ਦੀ ਸਮਾਨ ਦ੍ਰਿਸ਼ਟੀ ਨਾਲ ਦੇਖਦਾ ਹੈ। ਸਭ ਨੂੰ ਸਮਾਨ ਸਮਝਦਾ ਹੈ। ਸਾਰਿਆਂ ਨੂੰ ਮਿੱਤਰ ਸਮਝਦਾ ਹੈ ਅਤੇ ਕਿਸੇ ਨੂੰ ਦੁਸ਼ਮਣ ਨਹੀਂ ਸਮਝਦਾ। ਕਿਸੇ ਨਾਲ ਘ੍ਰਿਣਾ ਨਹੀਂ ਕਰਦਾ ਅਤੇ ਸਭ ਨਾਲ ਇਕੋ ਜਿਹਾ ਪਿਆਰ ਕਰਦਾ ਹੈ। ਸਾਰੀ ਮਨੁੱਖਤਾ ਨੂੰ ਇਕ ਸੰਗਤ ਸਮਝਦਾ ਹੈ ਅਤੇ ਕਿਸੇ ਕੀਮਤ ’ਤੇ ਵੀ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ ਅਤੇ ਨਾ ਹੀ ਅਜਿਹਾ ਸੋਚਦਾ ਹੈ ਅਤੇ ਸਰਬੱਤ ਦਾ ਭਲਾ ਕਰਦਾ ਹੈ। ਖ਼ੁਸ਼ੀ ਅਤੇ ਗ਼ਮ ਵਿੱਚ ਕੋਈ ਅੰਤਰ ਨਹੀਂ ਕਰਦਾ ਭਾਵ ਉਸ ਉੱਤੇ ਗ਼ਮ ਅਤੇ ਖ਼ੁਸ਼ੀ ਦਾ ਕੋਈ ਅਸਰ ਨਹੀਂ ਹੁੰਦਾ ਹੈ। ਉਹ ਸਭ ਪ੍ਰਕਾਰ ਦੇ ਹਾਲਾਤਾਂ ਵਿੱਚ ਸਥਿਰ ਅਤੇ ਸਹਿਜ ਅਵਸਥਾ ਵਿੱਚ ਰਹਿੰਦਾ ਹੈ। ਪੁੰਨ ਅਤੇ ਪਾਪ ਦੇ ਕਰਮਾਂ ਤੋਂ ਪਰ੍ਹੇ ਰਹਿੰਦਾ ਹੈ ਅਤੇ ਉਸ ਉੱਤੇ ਪੁੰਨ ਪਾਪ ਦੇ ਕਰਮਾਂ ਦਾ ਕੋਈ ਪ੍ਰਭਾਵ ਨਹੀਂ ਹੁੰਦਾ ਹੈ। ਇਕ ਪੁਰਖ ਪ੍ਰਧਾਨ ਬਣ ਜਾਂਦਾ ਹੈ।
ਜਦੋਂ ਇੱਕ ਇਨਸਾਨ ਪੂਰਨ ਬੰਦਗੀ ਦੀ ਅਵਸਥਾ ਵਿੱਚ ਪਹੁੰਚ ਜਾਂਦਾ ਹੈ ਅਤੇ ਇੱਕ ਪੂਰਨ ਸੰਤ ਇੱਕ ਬ੍ਰਹਮ ਗਿਆਨੀ ਬਣ ਜਾਂਦਾ ਹੈ ਅਤੇ ਉਸ ਦੇ ਸਾਰੇ ਕਰਮ ਸੱਚੇ ਕਰਮ ਹੁੰਦੇ ਹਨ। ਉਹ ਮਾਇਆ ਦੇ ਤਿੰਨ ਗੁਣਾਂ ਤੋਂ ਮੁਕਤ ਹੋ ਜਾਂਦਾ ਹੈ ਅਤੇ ਨਿਰੰਕਾਰ ਰੂਪ ਬਣ ਜਾਂਦਾ ਹੈ, ਇਸ ਲਈ ਦੁੱਖ ਅਤੇ ਸੁੱਖ, ਪਾਪ ਅਤੇ ਪੁੰਨ ਕਰਮਾਂ ਦਾ ਕੋਈ ਅਰਥ ਨਹੀਂ ਰਹਿੰਦਾ ਹੈ। ਅਜਿਹੀ ਰੂਹ ’ਤੇ ਇਹਨਾਂ ਚੀਜ਼ਾਂ ਦਾ ਕੋਈ ਪ੍ਰਭਾਵ ਨਹੀਂ ਪੈਂਦਾ ਹੈ। ਰੇਤ ਅਤੇ ਸੋਨਾ ਉਹਨਾਂ ਲਈ ਬਰਾਬਰ ਹੈ। ਪੂਰਨ ਨਿਮਰਤਾ ਦੀ ਮਹਾਨ ਇਲਾਹੀ ਸ਼ਕਤੀ ਤੁਹਾਨੂੰ ਆਤਮਿਕ ਸੰਸਾਰ ਦੀਆਂ ਉਚਾਈਆਂ ’ਤੇ ਲਿਜਾ ਸਕਦੀ ਹੈ ਅਤੇ ਤੁਹਾਡੀ ਰੂਹ ਨੂੰ ਪੁਰਖ ਪ੍ਰਧਾਨ ਦੀ ਰੂਹ ਵਿੱਚ ਬਦਲ ਸਕਦੀ ਹੈ। ਵੱਡੀ ਸਮਝਣ ਵਾਲੀ ਗੱਲ ਇਹ ਹੈ ਕਿ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਆਪਜੀ ਨੂੰ ਇਸ ਮਹਾਨ ਇਲਾਹੀ ਸ਼ਕਤੀ ਨਾਲ ਜਨਮ ਤੋਂ ਹੀ ਬਖ਼ਸ਼ਿਆ ਅਤੇ ਨਿਵਾਜਿਆ ਹੈ, ਇਸ ਮਹਾਨ ਇਲਾਹੀ ਸ਼ਕਤੀ ਦੀ ਵਰਤੋਂ ਕਰਨ ਦੀ ਸਮਰਥਾ ਆਪਜੀ ਦੇ ਅੰਦਰ ਮੌਜੂਦ ਹੈ, ਜੋ ਪ੍ਰਾਣੀ ਇਸ ਮਹਾਨ ਇਲਾਹੀ ਸ਼ਕਤੀ ਦੀ ਵਰਤੋਂ ਕਰਦੇ ਹਨ ਉਹ ਦਰਗਾਹ ਵਿੱਚ ਮਾਨ ਪ੍ਰਾਪਤ ਕਰ ਲੈਂਦੇ ਹਨ।
ਨਿਰਧਨ ਕਉ ਧਨੁ ਤੇਰੋ ਨਾਉ ॥
ਨਿਥਾਵੇ ਕਉ ਨਾਉ ਤੇਰਾ ਥਾਉ ॥
ਨਿਮਾਨੇ ਕਉ ਪ੍ਰਭ ਤੇਰੋ ਮਾਨੁ ॥
ਸਗਲ ਘਟਾ ਕਉ ਦੇਵਹੁ ਦਾਨੁ ॥
ਕਰਨ ਕਰਾਵਨਹਾਰ ਸੁਆਮੀ ॥
ਸਗਲ ਘਟਾ ਕੇ ਅੰਤਰਜਾਮੀ ॥
ਅਪਨੀ ਗਤਿ ਮਿਤਿ ਜਾਨਹੁ ਆਪੇ ॥
ਆਪਨ ਸੰਗਿ ਆਪਿ ਪ੍ਰਭ ਰਾਤੇ ॥
ਤੁਮ੍ਰੀ ਉਸਤਤਿ ਤੁਮ ਤੇ ਹੋਇ ॥
ਨਾਨਕ ਅਵਰੁ ਨ ਜਾਨਸਿ ਕੋਇ ॥੭॥
ਗੁਰੂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਭਰਪੂਰ ਦਿਆਲਤਾ ਨਾਲ ਇਹਨਾਂ ਬ੍ਰਹਮ ਸ਼ਬਦਾਂ ਵਿੱਚ ਸਾਨੂੰ ਨਿਮਰਤਾ ਦੇ ਬਾਰੇ ਵਿੱਚ ਪੂਰਨ ਬ੍ਰਹਮ ਗਿਆਨ ਦੇਣਾ ਜਾਰੀ ਰੱਖਦੇ ਹਨ। ਨਿਰਧਨ ਦਾ ਇਹ ਭਾਵ ਨਹੀਂ ਹੈ ਕਿ ਪ੍ਰਮਾਤਮਾ ਉਹਨਾਂ ਹਿਰਦਿਆਂ ਵਿੱਚ ਰਹਿੰਦਾ ਹੈ ਜਿਹੜੇ ਕਿ ਆਰਥਿਕ ਰੂਪ ਵਿੱਚ ਗ਼ਰੀਬ ਹਨ, ਇਸ ਦਾ ਭਾਵ ਹਿਰਦੇ ਦੀ ਨਿਰਧਨਤਾ, ਹਿਰਦੇ ਦੀ ਗ਼ਰੀਬੀ ਹੈ। ਹਿਰਦੇ ਦੀ ਗ਼ਰੀਬੀ ਹੀ ਪੂਰਨ ਨਿਮਰਤਾ ਹੈ। ਹਿਰਦੇ ਵਿੱਚ ਨਿਮਰਤਾ ਇਕ ਮਹਾਨ ਇਲਾਹੀ ਸ਼ਕਤੀ ਹੈ। ਇਹ ਇਲਾਹੀ ਸ਼ਕਤੀ ਇਤਨੀ ਮਹਾਨ ਹੈ ਕਿ ਜਿਥੇ ਕਿਤੇ ਵੀ ਹਿਰਦੇ ਵਿੱਚ ਨਿਮਰਤਾ ਹੈ, ਉਸ ਹਿਰਦੇ ਵਿੱਚ ਨਾਮ ਦਾ ਵਾਸਾ ਹੈ, ਉਸ ਹਿਰਦੇ ਵਿੱਚ ਨਾਮ ਦਾ ਪੂਰਨ ਪ੍ਰਕਾਸ਼ ਹੈ। ਇਸ ਦਾ ਭਾਵ ਇਹ ਹੈ ਕਿ ਕੇਵਲ ਪੂਰਨ ਨਿਮਰਤਾ ਹੀ ਤੁਹਾਡੇ ਹਿਰਦੇ ਵਿੱਚ ਪੂਰਨ ਜੋਤ ਪ੍ਰਕਾਸ਼ ਲਿਆ ਸਕਦੀ ਹੈ। ਇਸ ਦਾ ਭਾਵ ਇਹ ਹੈ ਕਿ ਜਿਥੇ ਹਉਮੈ ਨਹੀਂ ਉਥੇ ਪ੍ਰਮਾਤਮਾ ਹੈ। ਜਿਥੇ ਅਹੰਕਾਰ ਨਹੀਂ ਹੈ, ਅਕਾਲ ਪੁਰਖ ਉਸ ਹਿਰਦੇ ਵਿੱਚ ਵਾਸ ਕਰਦਾ ਹੈ।
ਨਿਥਾਵੇਂ ਦਾ ਭਾਵ ਉਸ ਇਨਸਾਨ ਤੋਂ ਨਹੀਂ ਜਿਸ ਕੋਲ ਰਹਿਣ ਲਈ ਜਗ੍ਹਾ ਨਹੀਂ ਹੈ। ਨਿਥਾਵੇਂ ਤੋਂ ਭਾਵ ਉਹ ਇਨਸਾਨ ਹੈ ਜੋ ਆਪਣਾ ਸਭ ਕੁਝ ਉਸ ਦਾਤੇ ਅਕਾਲ ਪੁਰਖ ਨੂੰ ਅਰਪਣ ਕਰ ਦਿੰਦਾ ਹੈ। ਉਹ ਜਿਸ ਨੇ ਸਭ ਕੁਝ ਅਕਾਲ ਪੁਰਖ ਨੂੰ ਸਮਰਪਿਤ ਕਰ ਦਿੱਤਾ ਹੈ ਅਤੇ ਇਸ ਗੱਲ ਨੂੰ ਸਵੀਕਾਰ ਕਰ ਲਿਆ ਹੈ ਕਿ ਸਭ ਕੁਝ ਉਸ ਅਕਾਲ ਪੁਰਖ ਦਾ ਹੀ ਹੈ ਅਤੇ ਉਸ ਦਾ ਕੁਝ ਵੀ ਆਪਣਾ ਨਹੀਂ। ਪੂਰਨ ਤਿਆਗ ਅਤੇ ਸੰਸਾਰਿਕ ਵਸਤੂਆਂ ਤੋਂ ਨਿਰਲੇਪਤਾ ਉਹ ਹਿਰਦਾ ਹੈ, ਜਿਥੇ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਆਪਣਾ ਸਦੀਵੀ ਘਰ ਬਣਾਉਂਦਾ ਹੈ ਅਤੇ ਸਦਾ ਲਈ ਪਰਮ ਜੋਤ ਪੂਰਨ ਪ੍ਰਕਾਸ਼ ਦੇ ਰੂਪ ਵਿੱਚ ਵਾਸ ਕਰਦਾ ਹੈ।
ਨਿਮਾਣਾ ਤੋਂ ਭਾਵ ਉਸ ਤੋਂ ਹੈ ਜਿਸ ਨੂੰ ਕੋਈ ਮਾਣ ਨਹੀਂ ਹੈ, ਭਾਵ ਉਹ ਜਿਥੇ ਰਹਿੰਦਾ ਹੈ, ਉਸ ਸਮਾਜ ਵੱਲੋਂ ਆਪਣੇ ਸਤਿਕਾਰ ਕਰਨ ਦੀ ਕੋਈ ਪ੍ਰਵਾਹ ਨਹੀਂ ਕਰਦਾ ਹੈ। ਜੋ ਆਪਣੇ ਦਿਮਾਗ਼ ਵਿਚੋਂ ਖ਼ੁਦੀ ਨੂੰ ਪੂਰਨ ਰੂਪ ਵਿੱਚ ਖ਼ਤਮ ਕਰ ਦਿੰਦਾ ਹੈ, ਉਸ ਲਈ ਮਾਨ ਤੇ ਅਪਮਾਨ-ਸਤਿਕਾਰ ਜਾਂ ਦੁਰਕਾਰ ਵਿੱਚ ਕੋਈ ਫ਼ਰਕ ਨਹੀਂ ਰਹਿ ਜਾਂਦਾ ਹੈ। ਸਤਿਕਾਰ ਜਾਂ ਦੁਰਕਾਰ ਦਾ ਉਸ ਉੱਤੇ ਕੋਈ ਪ੍ਰਭਾਵ ਨਹੀਂ ਹੁੰਦਾ ਹੈ ਅਤੇ ਉਹ ਇਹਨਾਂ ਉੱਤੇ ਪੂਰਨ ਨਿਯੰਤਰਣ ਕਰਨ ਦੀ ਅਵਸਥਾ ਵਿੱਚ ਹੁੰਦਾ ਹੈ। ਐਸੀ ਰੂਹ ਨੂੰ ਪਰਮ ਪਦਵੀ ਦੀ ਬਖ਼ਸ਼ਿਸ਼ ਪ੍ਰਾਪਤ ਹੁੰਦੀ ਹੈ ਅਤੇ ਉਹ ਅਕਾਲ ਪੁਰਖ ਦੀ ਦਰਗਾਹ ਵਿੱਚ ਸਤਿਕਾਰੀ ਅਤੇ ਸਨਮਾਨੀ ਜਾਂਦੀ ਹੈ।
ਉਹ ਮਨੁੱਖ ਜੋ ਅਕਾਲ ਪੁਰਖ ਦੀ ਕ੍ਰਿਪਾ ਨੂੰ ਪਛਾਣ ਲੈਂਦੇ ਹਨ ਅਤੇ ਆਪਣੇ ਹਿਰਦੇ ਨੂੰ ਪਰਮਾਤਮਾ ਲਈ ਪ੍ਰੇਮ ਭਾਵਨਾ, ਵਿਸ਼ਵਾਸ ਅਤੇ ਸ਼ਰਧਾ ਨਾਲ ਭਰਪੂਰ ਕਰ ਲੈਂਦੇ ਹਨ, ਉਹ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਜੋ ਅਗਮ, ਅਗੋਚਰ, ਅਨੰਤ, ਬੇਅੰਤ ਅਤੇ ਅਪਾਰ ਹੈ, ਉਨ੍ਹਾਂ ਮਨੁੱਖਾਂ ਨੂੰ ਉਹ ਹਰ ਚੀਜ਼ ਪ੍ਰਦਾਨ ਕਰਦਾ ਹੈ ਜੋ ਉਹਨਾਂ ਨੂੰ ਇਕ ਖ਼ੁਸ਼ਗਵਾਰ ਅਤੇ ਖ਼ੁਸ਼ਹਾਲ ਜੀਵਨ ਗੁਜ਼ਾਰਨ ਲਈ ਲੋੜੀਂਦੀ ਹੁੰਦੀ ਹੈ। ਹੁਣ ਕਲਪਨਾ ਕਰੋ ਕਿ ਜਦੋਂ ਤੁਸੀਂ ਅਜਿਹਾ ਕਰਦੇ ਹੋ ਅਤੇ ਪ੍ਰਮਾਤਮਾ ਆਉਂਦਾ ਹੈ ਅਤੇ ਤੁਹਾਡੇ ਹਿਰਦੇ ਵਿੱਚ ਵਾਸ ਕਰਦਾ ਹੈ ਤਾਂ ਤੁਸੀਂ ਹੋਰ ਕੀ ਚਾਹੋਗੇ। ਫਿਰ ਆਪਦਾ ਹਿਰਦਾ ਤ੍ਰਿਪਤ ਹੋ ਜਾਵੇਗਾ। ਐਸੀ ਬਖ਼ਸ਼ਿਸ਼ ਤਾਂ ਪ੍ਰਾਪਤ ਹੁੰਦੀ ਹੈ ਜਦੋਂ ਤੁਹਾਡਾ ਹਿਰਦਾ ਨਿਰਧਨਤਾ ਨਾਲ ਭਰਪੂਰ ਹੋ ਜਾਂਦਾ ਹੈ।
ਅਕਾਲ ਪੁਰਖ ਹੀ ਸਭ ਕਾਸੇ ਦਾ ਕਰਤਾ ਹੈ, ਕਰਤਾ ਪੁਰਖ ਹੈ ਅਤੇ ਉਹ ਹਰ ਚੀਜ਼ ਨੂੰ ਜਾਣਦਾ ਹੈ ਕਿ ਸਾਡੇ ਹਿਰਦੇ ਵਿੱਚ ਚਲਦਾ ਹੈ ਅਤੇ ਉਸ ਕੋਲੋਂ ਕੁਝ ਵੀ ਲੁਕਾਇਆ ਨਹੀਂ ਜਾ ਸਕਦਾ ਹੈ। ਇਸ ਲਈ ਉਹ ਉਸੇ ਵੇਲੇ ਭੀ ਜਾਣ ਜਾਵੇਗਾ ਜਦ ਤੁਹਾਡਾ ਹਿਰਦਾ ਨਿਰਧਨਤਾ ਪੂਰਨ ਨਿਮਰਤਾ ਨਾਲ ਭਰ ਗਿਆ ਹੈ, ਜਦ ਤੁਹਾਡਾ ਹਿਰਦਾ ਗ਼ਰੀਬੀ ਵੇਸ ਨਾਲ ਭਰਪੂਰ ਹੋ ਗਿਆ ਹੈ, ਪਰਮਾਤਮਾ ਠੀਕ ਉਸੇ ਵੇਲੇ ਹੀ ਉਸ ਹਿਰਦੇ ਵਿੱਚ ਪ੍ਰਗਟ ਹੋ ਜਾਵੇਗਾ ਅਤੇ ਐਸੇ ਹਿਰਦੇ ਨੂੰ ਪਰਮ ਜੋਤ ਪੂਰਨ ਪ੍ਰਕਾਸ਼ ਨਾਲ ਸੁਸ਼ੋਭਿਤ ਕਰ ਦੇਵੇਗਾ।
ਇਥੇ ਜ਼ਿਆਦਾ ਜ਼ੋਰ ਵਿਅਕਤੀ ਦੇ ਅੰਦਰੂਨੀ ਅਤੇ ਬਾਹਰੀ ਵਿਹਾਰ ਉੱਤੇ ਹੈ। ਜੇਕਰ ਸਾਡੀ ਬਾਹਰੀ ਦਿੱਖ ਵੱਖਰੀ ਹੈ ਭਾਵ ਸਾਡਾ ਬਾਹਰੀ ਵਿਹਾਰ ਸਾਡੀ ਸੋਚ ਨੂੰ ਪੇਸ਼ ਨਹੀਂ ਕਰਦਾ ਤਦ ਸਾਡੀ ਕਰਨੀ ਅਤੇ ਸੋਚਣੀ ਵਿੱਚ ਫ਼ਰਕ ਹੈ ਜੋ ਇਕ ਚੰਗੀ ਗੱਲ ਨਹੀਂ ਹੈ। ਸਾਡੀ ਵੇਖਣੀ, ਸੋਚਣੀ ਅਤੇ ਕਰਨੀ ਇਕ ਹੋਣੀ ਚਾਹੀਦੀ ਹੈ। ਉਹ ਲੋਕ ਜੋ ਇਸੇ ਕੰਮ ਵਿੱਚ ਲੱਗੇ ਰਹਿੰਦੇ ਹਨ, ਮੁੱਖ ਹੋਰ ਮਨ ਹੋਰ – ਕਹਿਣਾ ਕੁਝ ਅਤੇ ਕਰਨਾ ਕੁਝ, ਇਹ ਯਾਦ ਕਰ ਲੈਣਾ ਚਾਹੀਦਾ ਹੈ ਕਿ ਉਹ ਲਗਾਤਾਰ ਅਕਾਲ ਪੁਰਖ ਦੀ ਨਜ਼ਰ ਵਿੱਚ ਹਨ। ਸਾਡੇ ਸਾਰੇ ਕਾਰਜ ਹੀ ਦਰਜ ਕੀਤੇ ਜਾ ਰਹੇ ਹਨ ਅਤੇ ਇਹ ਕਾਰਜ ਹੀ ਸਾਡੇ ਭਵਿੱਖ ਦਾ ਆਧਾਰ ਹਨ। ਸਾਡਾ ਵਿਹਾਰ ਸਾਡੀ ਸੋਚ ਨੂੰ ਦਰਸਾਉਂਦਾ ਹੈ ਅਤੇ ਅਸੀਂ ਜੇਕਰ ਸੱਚਾਈ ਨਾਲ ਵਿਹਾਰ ਕਰਾਂਗੇ ਤੇ ਸਾਡੇ ਕਰਮ ਹੋਰ ਸੱਚੇ ਹੋ ਜਾਣਗੇ।
ਹਮੇਸ਼ਾਂ ਮਨ ਵਿਚ ਇਹ ਗੱਲ ਰੱਖੋ ਕਿ ਕੁਝ ਵੀ ਅਕਾਲ ਪੁਰਖ ਤੋਂ ਲੁਕਾਇਆ ਨਹੀਂ ਜਾ ਸਕਦਾ ਕਿਉਂਕਿ ਉਹ ਅੰਤਰਜਾਮੀ ਹੈ। ਮਨ ਨੂੰ ਪੜ੍ਹਨ ਦਾ ਇਹ ਗੁਣ ਉਹਨਾਂ ਲੋਕਾਂ ਨੂੰ ਇੱਕ ਬ੍ਰਹਮ ਦਾਤ ਮਿਲਦੀ ਹੈ ਜੋ ਪੂਰੀ ਤਰ੍ਹਾਂ ਆਪਣੇ ਆਪ ਨੂੰ ਨਾਮ ਦੀ ਕਮਾਈ ਵਿੱਚ ਸਮਰਪਿਤ ਕਰ ਦਿੰਦੇ ਹਨ ਅਤੇ ਕਰਮ ਖੰਡ ਅਤੇ ਸੱਚ ਖੰਡ ਦੀ ਅਵਸਥਾ ਵਿਚ ਪਹੁੰਚ ਚੁੱਕੇ ਹੁੰਦੇ ਹਨ। ਇਸ ਦੇ ਨਾਲ ਹੀ ਅਸੀਂ ਉਸ ਦੀ ਮਹਿਮਾ ਨੂੰ ਕਦੀ ਵੀ ਪੂਰੀ ਤਰ੍ਹਾਂ ਸਮਝ ਨਹੀਂ ਸਕਦੇ। ਅਸੀਂ ਕੇਵਲ ਉਹ ਹੀ ਜਾਣ ਸਕਦੇ ਹਾਂ ਜਿਸ ਦਾ ਸਾਨੂੰ ਅਨੁਭਵ ਹੈ ਅਤੇ ਜੋ ਵੇਖ ਸਕਦੇ ਹਾਂ। ਪਰ ਉਸ ਦੀ ਮਹਿਮਾ ਵਰਣਨ ਤੋਂ ਬਾਹਰ ਹੈ ਅਤੇ ਕਿਸੇ ਵੀ ਦੁਆਰਾ ਵਰਣਨ ਨਹੀਂ ਕੀਤੀ ਜਾ ਸਕਦੀ ਭਾਵੇਂ ਉਹ ਕੋਈ ਵੀ ਕਿਉਂ ਨਾ ਹੋਵੇ।
ਕੇਵਲ ਉਹ ਹੀ ਆਪਣੀ ਮਹਿਮਾ ਨੂੰ ਜਾਣਦਾ ਹੈ ਕਿ ਉਸ ਦੀਆਂ ਸ਼ਕਤੀਆਂ ਕੀ ਹਨ ਅਤੇ ਉਹ ਕੀ ਕਰ ਸਕਦਾ ਹੈ। ਉਹ ਅੱਖ ਦੇ ਫੋਰ ਵਿੱਚ ਕੁਝ ਵੀ ਕਰ ਸਕਦਾ ਹੈ। ਉਸ ਦੀਆਂ ਸ਼ਕਤੀਆਂ ਅਤੇ ਤਾਕਤ ਸ਼ੱਕ ਤੋਂ ਪਰ੍ਹੇ ਹੈ ਅਤੇ ਇਸ ’ਤੇ ਕੋਈ ਕਿੰਤੂ ਪ੍ਰੰਤੂ ਨਹੀਂ ਕੀਤਾ ਜਾ ਸਕਦਾ। ਸਭ ਤੋਂ ਜ਼ਰੂਰੀ ਭਾਗ ਇਥੇ ਇਹ ਸਿੱਖਣ ਵਾਲਾ ਹੈ ਕਿ ਅਸੀਂ ਉਸ ਨੂੰ ਮਿਲ ਸਕਦੇ ਜਾਂ ਪ੍ਰਾਪਤ ਕਰ ਸਕਦੇ ਹਾਂ ਜਾਂ ਉਸ ਦਾ ਅਨੁਭਵ ਕਰ ਸਕਦੇ ਹਾਂ ਕੇਵਲ ਉਸ ਦੀ ਆਪਣੀ ਗੁਰ ਕ੍ਰਿਪਾ ਅਤੇ ਗੁਰਪ੍ਰਸਾਦਿ ਨਾਲ ਉਸ ਦੀ ਆਪਣੀ ਨਦਰਿ ਨਾਲ। ਗੁਰੂ ਪਾਤਸ਼ਾਹ ਜੀ ਸਾਨੂੰ ਦੱਸ ਰਹੇ ਹਨ ਕਿ ਕੋਈ ਵੀ ਉਸ ਦੀ ਮਹਿਮਾ ਕਰਨ ਦੇ ਜਾਂ ਉਸ ਦੀ ਮਹਿਮਾ ਦਾ ਗੁਣਗਾਣ ਕਰਨ ਅਤੇ ਵਡਿਆਈ ਦਾ ਗੁਣਗਾਣ ਕਰਨ ਦੇ ਯੋਗ ਨਹੀਂ ਹੈ। ਪਰ ਕੇਵਲ ਉਸ ਦੀ ਆਪਣੀ ਕ੍ਰਿਪਾ ਅਤੇ ਗੁਰਪ੍ਰਸਾਦਿ ਨਾਲ ਉਸ ਦੀ ਮਹਿਮਾ ਕੀਤੀ ਅਤੇ ਗਾਈ ਜਾ ਸਕਦੀ ਹੈ।
ਸਰਬ ਧਰਮ ਮਹਿ ਸ੍ਰੇਸਟ ਧਰਮੁ ॥
ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ॥
ਸਗਲ ਕ੍ਰਿਆ ਮਹਿ ਊਤਮ ਕਿਰਿਆ ॥
ਸਾਧਸੰਗਿ ਦੁਰਮਤਿ ਮਲੁ ਹਿਰਿਆ ॥
ਸਗਲ ਉਦਮ ਮਹਿ ਉਦਮੁ ਭਲਾ ॥
ਹਰਿ ਕਾ ਨਾਮੁ ਜਪਹੁ ਜੀਅ ਸਦਾ ॥
ਸਗਲ ਬਾਨੀ ਮਹਿ ਅੰਮ੍ਰਿਤ ਬਾਨੀ ॥
ਹਰਿ ਕੋ ਜਸੁ ਸੁਨਿ ਰਸਨ ਬਖਾਨੀ ॥
ਸਗਲ ਥਾਨ ਤੇ ਓਹੁ ਊਤਮ ਥਾਨੁ ॥
ਨਾਨਕ ਜਿਹ ਘਟਿ ਵਸੈ ਹਰਿ ਨਾਮੁ ॥੮॥੩॥
ਗੁਰੂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਉਪਰੋਕਤ ਦੈਵੀ ਸ਼ਬਦਾਂ ਵਿੱਚ ਭਰਪੂਰ ਸੁੰਦਰਤਾ ਨਾਲ ਨਾਮ ਅਤੇ ਨਾਮ ਦੀ ਮਹਿਮਾ ਦੀ ਵਿਆਖਿਆ ਕੀਤੀ ਹੈ। ਜ਼ਿਆਦਾ ਲੋਕ ਸਿਰਫ਼ ਸੁਖਮਨੀ ਪੜ੍ਹਦੇ ਹਨ। ਪਰ ਦੱਸ ਲੱਖ ਲੋਕਾਂ ਵਿੱਚੋਂ, ਕਰੋੜਾਂ ਵਿੱਚੋਂ ਕੋਈ ਵਿਰਲਾ ਹੀ ਹੈ ਜੋ ਸੁਖਮਨੀ ਨੂੰ ਪੜ੍ਹ ਕੇ ਅਮਲ ਕਰਦਾ ਹੈ ਅਤੇ ਸੁਖਮਨੀ ਬਣ ਜਾਂਦਾ ਹੈ। ਇਸ ਤਰ੍ਹਾਂ ਦੇ ਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਸਨ¸ਬ੍ਰਹਮ ਗਿਆਨ ਦੇ ਚਲਦੇ ਫਿਰਦੇ ਸੋਮੇਂ। ਬ੍ਰਹਮ ਗਿਆਨ ਕੇਵਲ ਜੋ ਅਸੀਂ ਪੜ੍ਹਿਆ ਹੈ ਉਸ ਨੂੰ ਅਮਲ ਵਿਚ ਲਿਆਉਣ ਨਾਲ ਹੀ ਆਉਂਦਾ ਹੈ-ਨਾ ਕਿ ਕੇਵਲ ਪੜ੍ਹਨ ਨਾਲ। ਸਾਰੀਆਂ ਹੀ ਗੁਰੂ ਪਾਤਸ਼ਾਹੀਆਂ ਪੂਰਨ ਬ੍ਰਹਮ ਗਿਆਨੀ ਸਨ, ਗੁਰੂ ਅਵਤਾਰ ਸਨ ਅਤੇ ਉਹ ਸਾਰੇ ਸੰਤ ਅਤੇ ਭਗਤ ਵੀ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹਿੱਸਾ ਪਾਇਆ ਇਹ ਸਾਰੇ ਤੱਤ ਆਪਣੇ ਆਪ ਵਿੱਚ ਗੁਰਬਾਣੀ ਬਣ ਗਏ। ਭਾਵ ਜੋ ਗੁਰਬਾਣੀ ਕਹਿੰਦੀ ਹੈ ਉਹ ਉਸ ਤਰ੍ਹਾਂ ਬਣ ਗਏ। ਗੁਰਬਾਣੀ ਇਹਨਾਂ ਰੂਹਾਂ ਲਈ ਸੱਚ ਬਣ ਗਈ। ਹੁਣ ਵੀ ਇਥੇ ਧਰਤੀ ਉੱਤੇ ਪੂਰਨ ਬ੍ਰਹਮ ਗਿਆਨੀ ਹਨ। ਅਸਲ ਵਿੱਚ ਸੰਸਾਰ ਇਹਨਾਂ ਰੂਹਾਂ ਦੇ ਸਹਾਰੇ ਹੀ ਚਲ ਰਿਹਾ ਹੈ ਜੋ ਆਤਮਿਕ ਸੰਸਾਰ ਦੀਆਂ ਉਚਾਈਆਂ ’ਤੇ ਪਹੁੰਚ ਚੁੱਕੀਆਂ ਹਨ।
ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਪੂਰਨ ਬ੍ਰਹਮ ਗਿਆਨ ਦੇ ਇਸ ਹਿੱਸੇ ਵਿੱਚ ਭਰਪੂਰ ਦਿਆਲਤਾ ਨਾਲ ਕੁਝ ਬ੍ਰਹਮ ਨਤੀਜੇ ਕੱਢੇ ਹਨ। ਸਿੱਖ, ਹਿੰਦੂ ਮੁਸਲਿਮ ਅਤੇ ਵੱਖ-ਵੱਖ ਧਾਰਮਿਕ ਸਮੂਹਾਂ ਦੇ ਲੋਕ ਅਤੇ ਇਸ ਤਰ੍ਹਾਂ ਦੇ ਮੰਨੇ ਜਾਣ ਵਾਲੇ ਧਰਮ ਇਕ ਦੂਸਰੇ ਨਾਲ ਨਾ ਖ਼ਤਮ ਹੋਣ ਵਾਲੀ ਲੜਾਈ ਲੜਦੇ ਰਹਿੰਦੇ ਹਨ। ਗੁਰ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਪੂਰਨ ਦਿਆਲਤਾ ਨਾਲ ਸਾਨੂੰ ਸੱਚੇ ਧਰਮ ’ਤੇ ਚੱਲਣ ਲਈ ਕਹਿੰਦੇ ਹਨ ਜੋ ਹੈ ਨਾਮ ਸਿਮਰਨ, ਨਾਮ ਦੀ ਕਮਾਈ ਅਤੇ ਨਿਰਮਲ ਕਰਮ (ਸ਼ੁੱਧ ਕੰਮ) ਸਤਿ ਕਰਮ, ਅਜਿਹੇ ਕਰਮ ਜਿਹੜੇ ਮਾਇਆ ਦੀ ਸਤੋ ਬਿਰਤੀ ਦੇ ਅਧੀਨ ਕੀਤੇ ਜਾਂਦੇ ਹਨ, ਕਰਨ ਲਈ ਪ੍ਰੇਰਨਾ ਕਰਦੇ ਹਨ। ਮਨੁੱਖੀ ਜੀਵਨ ਵਿੱਚ ਨਾਮ ਸਿਮਰਨ ਸਾਰੇ ਬ੍ਰਹਿਮੰਡ ਵਿੱਚ ਸਭ ਤੋਂ ਉੱਚਾ ਧਰਮ ਕਰਮ ਹੈ। ਆਪਣੇ ਰੋਜ਼ਾਨਾ ਜੀਵਨ ਵਿੱਚ ਸਾਰੇ ਕਰਮ, ਸਾਰੀਆਂ ਕ੍ਰਿਆਵਾਂ ਅਤੇ ਪ੍ਰਤੀ ਕ੍ਰਿਆਵਾਂ ਸਤੋ ਬਿਰਤੀ ਦੇ ਅਨੁਸਾਰ ਕਰਨ ਨਾਲ ਸਤਿ ਕਰਮਾਂ ਵਿੱਚ ਬਰਕਤ ਹੁੰਦੀ ਹੈ ਜਿਸ ਨਾਲ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ, ਅਤੇ ਗੁਰਪ੍ਰਸਾਦਿ ਦੀ ਇਸ ਮਹਾਨ ਸ਼ਕਤੀ ਨਾਲ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਪਰਉਪਕਾਰ ਅਤੇ ਮਹਾਂ ਪਰਉਪਕਾਰ ਦੀ ਪ੍ਰਾਪਤੀ ਹੁੰਦੀ ਹੈ, ਜੋ ਇਕ ਆਮ ਇਨਸਾਨ ਨੂੰ ਦਰਗਾਹ ਵਿੱਚ ਲੈ ਜਾਂਦੀ ਹੈ ਅਤੇ ਉਸ ਨੂੰ ਪ੍ਰਗਟਿਓ ਜੋਤ ਪੂਰਨ ਬ੍ਰਹਮ ਗਿਆਨੀ ਬਣਾ ਦਿੰਦੀ ਹੈ।
ਦੁਰਮਤਿ ਇਕ ਮੰਦ ਬੁਧੀ ਹੈ ਜਿਹੜੀ ਤੁਹਾਨੂੰ ਅਸਤਿ ਕਰਮ ਕਰਨ ਲਈ ਪ੍ਰੇਰਦੀ ਹੈ ਜਿਵੇਂ ਕਿ ਨਿੰਦਿਆ, ਚੁਗ਼ਲੀ, ਬਖ਼ੀਲੀ-ਨਕਾਰਾਤਮਕ ਅਲੋਚਨਾ, ਚੋਰੀ, ਗ਼ਲਤ ਵਿਹਾਰ, ਜ਼ੋਰ ਜ਼ਬਰਦਸਤੀ, ਰਿਸ਼ਵਤਖੋਰੀ, ਬੇਈਮਾਨੀ, ਝੂਠ ਬੋਲਣਾ ਅਤੇ ਕਰਨਾ, ਦੂਜਿਆਂ ਨੂੰ ਦੁੱਖ ਦੇਣਾ, ਮਾਰਨਾ ਕੁੱਟਣਾ ਅਤੇ ਇਸ ਤਰ੍ਹਾਂ ਦੇ ਹੋਰ ਕਰਮ ਜੋ ਆਪਨੂੰ ਨਰਕ ਦੇ ਰਸਤੇ ’ਤੇ ਪਾਉਂਦੇ ਹਨ। ਸਤਿਸੰਗਤ ਕਰਕੇ ਹੀ ਤੁਸੀਂ ਆਪਣੇ ਸਾਰੇ ਪਾਪ ਧੋ ਸਕਦੇ ਹੋ। ਸਤਿਸੰਗਤ ਕੀ ਹੈ? ਇਹ ਉਥੇ ਹੈ ਜਿਥੇ ਸਤਿ-ਧਰਮ ਜੋਤਿ ਪੂਰਨ ਪ੍ਰਕਾਸ਼ ਹਾਜ਼ਰ ਹੈ। ਇਹ ਕੇਵਲ ਪੂਰਨ ਸਾਧ, ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ ਦੇ ਹਿਰਦੇ ਵਿੱਚ ਹੀ ਵਾਪਰਦਾ ਹੈ। ਇਸ ਲਈ ਕੇਵਲ ਪੂਰਨ ਸਾਧ, ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ ਦੀ ਸੰਗਤ ਹੀ ਸਤਿਸੰਗਤ ਹੈ।
ਸਭ ਤੋਂ ਉੱਤਮ ਅਤੇ ਸ਼ੁੱਧ ਕਰਮ ਨਾਮ ਸਿਮਰਨ ਕਰਨਾ ਹੈ ਅਤੇ ਨਾਮ ਧਨ ਇਕੱਠਾ ਕਰਨਾ ਅਤੇ ਨਾਮ ਦੀ ਕਮਾਈ ਕਰਨਾ ਹੈ। ਫਲਸਰੂਪ ਇਹ ਤੁਹਾਨੂੰ ਮੁਕਤੀ ਦੇ ਗੁਰਪ੍ਰਸਾਦਿ ਤੱਕ ਲੈ ਜਾਵੇਗਾ। ਸਭ ਤੋਂ ਉੱਤਮ ਅਤੇ ਸ਼ੁੱਧ ਦੈਵੀ ਸ਼ਬਦ ਉਹ ਹਨ ਜਿਹੜੇ ਅਕਾਲ ਪੁਰਖ ਦੀ ਮਹਿਮਾ ਕਰਨ ਅਤੇ ਗਾਉਣ ਲਈ ਵਰਤੇ ਜਾਂਦੇ ਹਨ। ਸਭ ਤੋਂ ਪਵਿੱਤਰ ਅਤੇ ਸ਼ੁੱਧ ਜਗ੍ਹਾ ਉਹ ਜਗ੍ਹਾ ਹੈ ਜਿੱਥੇ ਪ੍ਰਮਾਤਮਾ ਰਹਿੰਦਾ ਹੈ ਅਤੇ ਉਹ ਪੂਰਨ ਸੰਤ, ਇਕ ਪੂਰਨ ਬ੍ਰਹਮ ਗਿਆਨੀ ਦਾ ਹਿਰਦਾ ਹੈ।
ਦੂਜੇ ਸ਼ਬਦਾਂ ਵਿੱਚ ਇਕ ਵਾਰ ਤੁਸੀਂ ਇਕ ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ ਦੁਆਰਾ ਨਾਮ, ਬੰਦਗੀ ਅਤੇ ਸੇਵਾ ਗੁਰਪ੍ਰਸਾਦਿ ਨਾਲ ਨਿਵਾਜੇ ਜਾਂਦੇ ਹੋ ਤਾਂ ਤੁਸੀਂ ਆਪਣੇ ਆਪ ਦੇ ਤਨ, ਮਨ ਅਤੇ ਧਨ ਨਾਲ ਪੂਰਨ ਰੂਪ ਵਿੱਚ ਉਸ ਗੁਰ ਅਤੇ ਗੁਰੂ ਨੂੰ ਸਮਰਪਿਤ ਹੋਣ ਦੇ ਯੋਗ ਹੋ ਜਾਂਦੇ ਹੋ। ਤਦ ਤੁਸੀਂ ਨਾਮ ਦੀ ਕਮਾਈ ਕਰਨ ਦੇ ਯੋਗ ਹੋ ਜਾਓਗੇ, ਫਲਸਰੂਪ, ਤੁਹਾਡਾ ਹਿਰਦਾ ਇਕ ਅਜਿਹੀ ਜਗ੍ਹਾ ਬਣ ਜਾਵੇਗਾ ਜਿਥੇ ਨਾਮ ਅਮੋਲਕ ਰਤਨ ਸਜਾਇਆ ਜਾਵੇਗਾ। ਤੁਹਾਡਾ ਹਿਰਦਾ ਸਾਰਿਆਂ ਹੀ ਰੂਹਾਨੀ ਗੁਣਾਂ ਨਾਲ ਭਰਪੂਰ ਹੋ ਜਾਵੇਗਾ ਅਤੇ ਤੁਸੀਂ ਜੀਵਨ ਮੁਕਤੀ ਤੱਕ ਪਹੁੰਚ ਜਾਓਗੇ ਅਤੇ ਮਨੁੱਖੀ ਜੀਵਨ ਦੇ ਮੁੱਖ ਉਦੇਸ਼ ਨੂੰ ਪ੍ਰਾਪਤ ਕਰ ਲਵੋਗੇ।