ਅਨੰਦੁ ਸਾਹਿਬ – ਪਉੜੀ ੧0

ਅਨੰਦੁ ਸਾਹਿਬ ਪਉੜੀ ੧੦
ਏ ਮਨ ਚੰਚਲਾ ਚਤੁਰਾਈ ਕਿਨੈ ਨ ਪਾਇਆ ॥
ਚਤੁਰਾਈ ਨ ਪਾਇਆ ਕਿਨੈ ਤੂ ਸੁਣਿ ਮੰਨ ਮੇਰਿਆ ॥
ਏਹ ਮਾਇਆ ਮੋਹਣੀ ਜਿਨਿ ਏਤੁ ਭਰਮਿ ਭੁਲਾਇਆ ॥
ਮਾਇਆ ਤ ਮੋਹਣੀ ਤਿਨੈ ਕੀਤੀ ਜਿਨਿ ਠਗਉਲੀ ਪਾਈਆ ॥
ਕੁਰਬਾਣੁ ਕੀਤਾ ਤਿਸੈ ਵਿਟਹੁ ਜਿਨਿ ਮੋਹੁ ਮੀਠਾ ਲਾਇਆ ॥
ਕਹੈ ਨਾਨਕੁ ਮਨ ਚੰਚਲ ਚਤੁਰਾਈ ਕਿਨੈ
ਨ ਪਾਇਆ ॥੧੦॥
(ਪੰਨਾ ੯੧)

ਮਨੁੱਖ ਦਾ ਮਨ ਬਹੁਤ ਚੰਚਲ ਹੈ। ਮਨੁੱਖ ਦਾ ਮਨ ਕਦੇ ਚੁੱਪ ਨਹੀਂ ਕਰਦਾ। ਮਨੁੱਖ ਦਾ ਮਨ ਸਦਾ ਬੋਲਦਾ ਰਹਿੰਦਾ ਹੈ। ਮਨੁੱਖ ਦੇ ਮਨ ਵਿੱਚ ਚੰਗੇ ਅਤੇ ਮਾੜੇ ਵਿਚਾਰਾਂ ਦਾ ਕਦੇ ਅੰਤ ਨਹੀਂ ਹੁੰਦਾ ਹੈ। ਮਨੁੱਖ ਦੇ ਮਨ ਦੀ ਰਫ਼ਤਾਰ ਬਹੁਤ ਤੇਜ ਹੈ। ਮਨੁੱਖ ਦਾ ਮਨ ਬਹੁਤ ਤੇਜ ਰਫ਼ਤਾਰ ਨਾਲ ਭੱਜਦਾ ਹੈ। ਮਨੁੱਖ ਦਾ ਮਨ ਇੱਕ ਛਿਣ ਵਿੱਚ ਹੀ ਸਾਰੇ ਸੰਸਾਰ ਵਿੱਚ ਕਿਸੇ ਵੀ ਥਾਂ ‘ਤੇ ਜਾ ਕੇ ਵਾਪਸ ਆ ਜਾਂਦਾ ਹੈ। ਮਨੁੱਖੀ ਮਨ ਦੀ ਚੰਚਲਤਾ ਹੀ ਮਨੁੱਖ ਦੀ ਸਭ ਤੋਂ ਵੱਡੀ ਸਮੱਸਿਆ ਹੈ। ਮਨੁੱਖੀ ਮਨ ਦੀ ਚੰਚਲਤਾ ਹੀ ਮਨੁੱਖ ਦੇ ਸਾਰੇ ਦੁੱਖਾਂ ਕਲੇਸ਼ਾਂ ਸਮੱਸਿਆਵਾਂ ਦਾ ਕਾਰਨ ਹੈ। ਮਨੁੱਖੀ ਮਨ ਦੀ ਚੰਚਲਤਾ ਹੀ ਮਨੁੱਖ ਨੂੰ ਅਸਤਿ ਕਰਮ ਕਰਨ ਲਈ ਪ੍ਰੇਰਿਤ ਕਰਦੀ ਹੈ। ਮਨੁੱਖੀ ਮਨ ਦੀ ਚੰਚਲਤਾ ਹੀ ਮਨੁੱਖ ਕੋਲੋਂ ਅਸਤਿ ਕਰਮ ਕਰਵਾਉਂਦੀ ਹੈ। ਮਨੁੱਖੀ ਮਨ ਦੀ ਚੰਚਲਤਾ ਹੀ ਮਨੁੱਖ ਨੂੰ ਨਰਕ ਦਾ ਭਾਗੀਦਾਰ ਬਣਾਉਂਦੀ ਹੈ। ਮਨੁੱਖੀ ਮਨ ਦੀ ਚੰਚਲਤਾ ਹੀ ਮਨੁੱਖ ਦਾ ਸਭ ਤੋਂ ਵੱਡਾ ਦੁਸ਼ਮਨ ਹੈ। ਮਨੁੱਖੀ ਮਨ ਦੀ ਚੰਚਲਤਾ ਹੀ ਮਨੁੱਖ ਦੀ ਸਭ ਤੋਂ ਵੱਡੀ ਸਮੱਸਿਆ ਹੈ। ਜਿਸ ਮਨੁੱਖ ਦਾ ਮਨ ਘੱਟ ਚੰਚਲ ਹੁੰਦਾ ਹੈ ਉਸ ਦਾ ਧਿਆਨ ਸਤਿ ਕਰਮਾਂ ਵਿੱਚ ਜਿਆਦਾ ਜਾਂਦਾ ਹੈ। ਜਿਸ ਮਨੁੱਖ ਦਾ ਮਨ ਜਿਆਦਾ ਚੰਚਲ ਹੁੰਦਾ ਹੈ ਉਸ ਮਨੁੱਖ ਦਾ ਧਿਆਨ ਜਿਆਦਾ ਅਸਤਿ ਕਰਮਾਂ ਵਿੱਚ ਰਹਿੰਦਾ ਹੈ। ਭਾਵ ਜਿਸ ਮਨੁੱਖ ਦਾ ਮਨ ਜਿਆਦਾ ਚੰਚਲ ਹੁੰਦਾ ਹੈ ਉਸਦੀ ਬਿਰਤੀ ਰਜੋ ਅਤੇ ਤਮੋ ਜਿਆਦਾ ਹੁੰਦੀ ਹੈ। ਜਿਸ ਮਨੁੱਖ ਦਾ ਮਨ ਘੱਟ ਚੰਚਲ ਹੁੰਦਾ ਹੈ ਉਸਦੀ ਬਿਰਤੀ ਜਿਆਦਾ ਸਤੋ ਹੁੰਦੀ ਹੈ। ਜਿਸ ਮਨੁੱਖ ਦੀ ਬਿਰਤੀ ਜਿਆਦਾ ਰਜੋ ਅਤੇ ਤਮੋ ਹੁੰਦੀ ਹੈ ਉਸ ਮਨੁੱਖ ਦਾ ਮਨ ਜਿਆਦਾ ਚਤੁਰਾਈਆਂ ਵਿੱਚ ਰੁੱਝਦਾ ਹੈ। ਮਨੁੱਖੀ ਮਨ ਦੀਆ ਚਤੁਰਾਈਆਂ ਹੀ ਮਨੁੱਖ ਦੀ ਬੰਦਗੀ ਵਿੱਚ ਸਭ ਤੋਂ ਵੱਡੀ ਸਮੱਸਿਆ ਹੈ। ਚਤੁਰ ਮਨੁੱਖ ਨੂੰ ਬੰਦਗੀ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਚਤੁਰਾਈਆਂ ਕਰਨ ਵਾਲਾ ਮਨੁੱਖ ਮਨਮਤਿ, ਸੰਸਾਰਿਕ ਮਤਿ ਅਤੇ ਦੁਰਮਤਿ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਗੁਰਮਤਿ ਨੂੰ ਵਿਸਾਰ ਦਿੰਦਾ ਹੈ। ਗੁਰਮਤਿ ਉਸ ਮਨੁੱਖ ਦੇ ਸਮਝ ਨਹੀਂ ਆਉਂਦੀ ਹੈ। ਗੁਰਮਤਿ ਨੂੰ ਅਪਣਾਉਣ ਦੀ ਐਸੇ ਮਨੁੱਖ ਵਿੱਚ ਸ਼ਮਤਾ ਨਹੀਂ ਹੁੰਦੀ ਹੈ। ਚਤੁਰ ਮਨ ਅੜਿਅਲ ਘੋੜੇ ਵਾਂਗ ਹੈ ਜਿਸ ਨੂੰ ਕਾਬੂ ਕਰਨਾ ਮਨੁੱਖ ਲਈ ਅਸੰਭਵ ਹੁੰਦਾ ਹੈ। ਚਤੁਰ ਮਨੁੱਖ ਦੇ ਅਸਤਿ ਕਰਮਾਂ ਦਾ ਪਲੜਾ ਸਦਾ ਭਾਰੀ ਰਹਿੰਦਾ ਹੈ। ਜਦ ਮਨੁੱਖ ਅਸਤਿ ਕਰਮ ਕਰਦਾ ਹੈ ਤਾਂ ਮਨੁੱਖ ਜ਼ਹਿਰ ਇਕੱਤਰ ਕਰਦਾ ਹੈ। ਅਸਤਿ ਕਰਮ ਮਨੁੱਖ ਆਪਣੀ ਤ੍ਰਿਸ਼ਨਾ ਨੂੰ ਬੁਝਾਉਣ ਵਾਸਤੇ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਚੰਡਾਲਾਂ ਦੇ ਵੱਸ ਵਿੱਚ ਹੋ ਕੇ ਕਰਦਾ ਹੈ। ਇਸ ਲਈ ਜਦ ਵੀ ਮਨੁੱਖ ਅਸਤਿ ਕਰਮ ਕਰਦਾ ਹੈ ਉਹ ਜ਼ਹਿਰ ਪੀਂਦਾ ਹੈ। ਰਜੋ ਅਤੇ ਤਮੋ ਬਿਰਤੀ ਮਨੁੱਖ ਦੇ ਵੱਡੇ ਅਵਗੁਣ ਹਨ। ਮਨ ਦੀ ਚੰਚਲਤਾ ਮਨੁੱਖੀ ਮਨ ਨੂੰ ਰਜੋ ਅਤੇ ਤਮੋ ਬਿਰਤੀ ਵੱਲ ਖੜਦੀ ਹੈ। ਇਸ ਲਈ ਮਨੁੱਖੀ ਮਨ ਦੀ ਚੰਚਲਤਾ ਵੀ ਮਨੁੱਖ ਦਾ ਵੱਡਾ ਅਵਗੁਣ ਹੈ। ਮਨੁੱਖੀ ਮਨ ਦੀ ਚੰਚਲਤਾ ਮਨੁੱਖੀ ਮਨ ਨੂੰ ਚਤੁਰ ਬਣਾਉਂਦੀ ਹੈ। ਮਨ ਦੀ ਚਤੁਰਾਈ ਮਨੁੱਖ ਨੂੰ ਗੁਰਮਤਿ ਤੋਂ ਦੂਰ ਅਤੇ ਮਨਮਤਿ, ਦੁਰਮਤਿ ਅਤੇ ਸੰਸਾਰਿਕ ਮਤਿ ਵੱਲ ਖੜਦੀ ਹੈ। ਇਸ ਲਈ ਮਨੁੱਖੀ ਮਨ ਦੀ ਚਤੁਰਾਈ ਮਨੁੱਖ ਦਾ ਵੱਡਾ ਅਵਗੁਣ ਹੈ। ਮਨੁੱਖੀ ਮਨ ਦੀ ਚਤੁਰਾਈ ਮਨੁੱਖ ਨੂੰ ਅਸਤਿ ਕਰਮ ਕਰਨ ਦੀ ਪ੍ਰੇਰਣਾ ਕਰਦੀ ਹੈ ਇਸ ਲਈ ਮਨੁੱਖੀ ਮਨ ਦੀ ਚਤੁਰਾਈ ਉਸ ਦਾ ਵੱਡਾ ਅਵਗੁਣ ਹੈ। ਮਨੁੱਖ ਦੇ ਅਵਗੁਣ ਮਨੁੱਖ ਤੋਂ ਅਸਤਿ ਕਰਮ ਕਰਵਾਉਂਦੇ ਹਨ। ਅਸਤਿ ਕਰਮ ਕਰਨ ਦਾ ਭਾਵ ਹੈ ਮਨੁੱਖੀ ਦੇਹੀ ਰੂਪੀ ਭਾਂਡੇ ਵਿੱਚ ਜ਼ਹਿਰ ਇਕੱਤਰ ਕਰਨਾ ਹੈ। ਸਤਿ ਕਰਮਾਂ ਦਾ ਤਿਆਗ ਕਰਕੇ ਅਵਗੁਣਾਂ ਦੇ ਵੱਸ ਵਿੱਚ ਆ ਕੇ ਅਸਤਿ ਕਰਮ ਕਰਨ ਦਾ ਭਾਵ ਅੰਮ੍ਰਿਤ ਨੂੰ ਛੱਡ ਕੇ ਬਿਖਿਆ ਨੂੰ ਇਕੱਤਰ ਕਰਨਾ ਹੈ। ਇਸ ਪਰਮ ਸਤਿ ਤੱਤ ਨੂੰ ਗੁਰਬਾਣੀ ਦੇ ਇਸ ਸਲੋਕ ਵਿੱਚ ਸਤਿਗੁਰੂ ਸਾਹਿਬ ਨੇ ਦ੍ਰਿੜ੍ਹ ਕਰਵਾਇਆ ਹੈ:

ਹਮ ਅਵਗੁਣਿ ਭਰੇ ਏਕੁ ਗੁਣੁ ਨਾਹੀ ਅੰਮ੍ਰਿਤੁ ਛਾਡਿ ਬਿਖੈ ਬਿਖੁ ਖਾਈ ॥
(ਪੰਨਾ ੧੪੦੬)

ਮਨ ਦੀ ਚੰਚਲਤਾ ਅਤੇ ਮਨ ਦੀ ਚਤੁਰਾਈ ਮਨੁੱਖ ਦੇ ਜੀਵਨ ਵਿੱਚ ਜ਼ਹਿਰ ਘੋਲਣ ਦਾ ਕੰਮ ਕਰਦੀ ਹੈ। ਮਨ ਦੀ ਚੰਚਲਤਾ ਅਤੇ ਚਤੁਰਾਈ ਜ਼ਹਿਰੀਲੇ ਕੀੜੇ ਸਮਾਨ ਹੈ ਜੋ ਮਨੁੱਖ ਦੀ ਦੇਹੀ ਵਿੱਚ ਵਾਸ ਕਰਦਾ ਹੈ। ਚੰਚਲਤਾ ਅਤੇ ਚਤੁਰਾਈ ਰੂਪੀ ਇਹ ਕੀੜਾ ਮਨੁੱਖ ਦੇ ਜੀਵਨ ਵਿੱਚ ਜ਼ਹਿਰ ਉਗਲਣ ਅਤੇ ਜ਼ਹਿਰ ਇਕੱਤਰ ਕਰਨ ਦਾ ਕੰਮ ਕਰਦਾ ਹੈ। ਚੰਚਲਤਾ ਅਤੇ ਚਤੁਰਾਈ ਭਰਿਆ ਮਨ ਕੇਵਲ ਜ਼ਹਿਰ ਹੀ ਪੀਂਦਾ ਹੈ ਅਤੇ ਅੰਮ੍ਰਿਤ ਤੋਂ ਸੱਖਣਾ ਰਹਿ ਜਾਂਦਾ ਹੈ। ਮਨ ਦੀ ਚੰਚਲਤਾ ਅਤੇ ਚਤੁਰਾਈ ਮਨੁੱਖ ਨੂੰ ਦੁਬਿਧਾ ਵਿੱਚ ਪਾਉਂਦੀ ਹੈ ਅਤੇ ਦਸੋ ਦਿਸ਼ਾਵਾਂ ਵਿੱਚ ਭਟਕਾਉਂਦੀ ਹੈ। ਭਾਵ ਚੰਚਲਤਾ ਅਤੇ ਚਤੁਰਾਈ ਮਨੁੱਖ ਦੇ ਮਨ ਨੂੰ ਸਾਰੇ ਵਿਸ਼ਵ ਵਿੱਚ ਬਹੁਤ ਤੇਜ਼ ਰਫ਼ਤਾਰ ਨਾਲ ਭਟਕਾਉਂਦੀ ਹੈ। ਮਨ ਦੀ ਚੰਚਲਤਾ ਅਤੇ ਚਤੁਰਾਈ ਮਨੁੱਖ ਦੇ ਮਨ ਵਿੱਚ ਭਰਮਾਂ ਨੂੰ ਜਨਮ ਦਿੰਦੀ ਹੈ ਅਤੇ ਭਰਮ ਮਨੁੱਖ ਨੂੰ ਦੁਬਿਧਾ ਵਿੱਚ ਪਾਉਂਦੇ ਹਨ। ਦੁਬਿਧਾ ਵਿੱਚ ਮਨੁੱਖ ਕਦੇ ਵੀ ਬੰਦਗੀ ਵਿੱਚ ਕਾਮਯਾਬ ਨਹੀਂ ਹੁੰਦਾ ਹੈ। ਇੱਕ ਮਨ ਇੱਕ ਚਿੱਤ ਬੰਦਗੀ ਹੈ। ਦੋ ਚਿੱਤੇ ਮਨ ਵਿੱਚ ਜਾਂ ਬਹੁਚਿੱਤੇ ਮਨ ਵਿੱਚ ਕਦੇ ਸਤਿਨਾਮ ਦਾ ਪੂਰਨ ਪ੍ਰਕਾਸ਼ ਨਹੀਂ ਹੁੰਦਾ ਹੈ। ਭਰਮਾਂ ਅਤੇ ਦੁਬਿਧਾ ਦਾ ਅੰਤ ਹੋਣ ਦੇ ਨਾਲ ਹੀ ਮਨੁੱਖ ਦੇ ਮਨ ਅਤੇ ਹਿਰਦੇ ਵਿੱਚ ਸਤਿਨਾਮ ਦਾ ਪੂਰਨ ਪ੍ਰਕਾਸ਼ ਹੁੰਦਾ ਹੈ। ਮਨ ਦੀ ਚੰਚਲਤਾ ਅਤੇ ਚਤੁਰਾਈ ਦੇ ਮਹਾ ਵਿਨਾਸ਼ਕਾਰੀ ਸ਼ਕਤੀ ਦੀ ਕਥਾ ਧੰਨ ਧੰਨ ਸਤਿਗੁਰੂ ਸਾਹਿਬਾਨ ਨੇ ਗੁਰਬਾਣੀ ਵਿੱਚ ਬਾਰ-ਬਾਰ ਦ੍ਰਿੜ੍ਹ ਕਰਵਾਈ ਹੈ:

ਇਹੁ ਮਨੁ ਚੰਚਲੁ ਵਸਿ ਨ ਆਵੈ ॥ ਦੁਬਿਧਾ ਲਾਗੈ ਦਹ ਦਿਸਿ ਧਾਵੈ ॥
ਬਿਖੁ ਕਾ ਕੀੜਾ ਬਿਖੁ ਮਹਿ ਰਾਤਾ ਬਿਖੁ ਹੀ ਮਾਹਿ ਪਚਾਵਣਿਆ ॥੪॥
(ਪੰਨਾ ੧੨੭)
ਸਾਧੋ ਇਹੁ ਮਨੁ ਗਹਿਓ ਨ ਜਾਈ ॥ ਚੰਚਲ ਤ੍ਰਿਸਨਾ ਸੰਗਿ ਬਸਤੁ ਹੈ ਯਾ ਤੇ ਥਿਰੁ ਨ ਰਹਾਈ ॥੧॥
(ਪੰਨਾ ੨੧੯)
ਚੰਚਲ ਮਤਿ ਤਿਆਗੈ ਪੰਚ ਸੰਘਾਰੈ ॥੩॥
(ਪੰਨਾ ੨੨੬-੨੨੭)
ਮਨ ਕਰਹਲਾ ਤੂੰ ਚੰਚਲਾ ਚਤੁਰਾਈ ਛਡਿ ਵਿਕਰਾਲਿ ॥ ਹਰਿ ਹਰਿ ਨਾਮੁ ਸਮਾਲਿ ਤੂੰ ਹਰਿ ਮੁਕਤਿ ਕਰੇ ਅੰਤ ਕਾਲਿ ॥੬॥
(ਪੰਨਾ ੨੩੫)
ਕਹੁ ਕਬੀਰ ਚੰਚਲ ਮਤਿ ਤਿਆਗੀ ॥ ਕੇਵਲ ਰਾਮ ਭਗਤਿ ਨਿਜ ਭਾਗੀ ॥੩॥੧॥੧੯॥
(ਪੰਨਾ ੩੨੭)
ਮਨੁ ਚੰਚਲੁ ਬਹੁ ਚੋਟਾ ਖਾਇ ॥
(ਪੰਨਾ ੩੬੨)
ਚੰਚਲ ਮਨੁ ਦਹ ਦਿਸਿ ਕਉ ਧਾਵਤ ਅਚਲ ਜਾਹਿ ਠਹਰਾਨੋ ॥
(ਪੰਨਾ ੬੮੫)
ਪੰਚ ਚੋਰ ਚੰਚਲ ਚਿਤੁ ਚਾਲਹਿ ॥
(ਪੰਨਾ ੧੦੨੧-੧੦੨੨)
ਮਨਮੁਖ ਚੰਚਲ ਮਤਿ ਹੈ ਅੰਤਰਿ ਬਹੁਤੁ ਚਤੁਰਾਈ ॥
(ਪੰਨਾ ੧੪੧੪)

ਸਾਧਾਰਨ ਮਨੁੱਖ ਦਾ ਮਨ ਉਸਦੇ ਕਾਬੂ ਨਹੀਂ ਆਉਂਦਾ ਹੈ। ਮਨੁੱਖ ਦਾ ਮਨ ਫੜਿਆ ਨਹੀਂ ਜਾ ਸਕਦਾ ਹੈ। ਮਨ ਨੂੰ ਸਾਧ ਲੈਣਾ ਹੀ ਬੰਦਗੀ ਹੈ। ਜਿਸਨੇ ਮਨ ਨੂੰ ਸਾਧ ਲਿਆ ਹੈ ਉਹ ਮਨੁੱਖ ਸਾਧੂ ਬਣ ਜਾਂਦਾ ਹੈ। ਮਨ ਨੂੰ ਸਾਧ ਲੈਣ ਦਾ ਭਾਵ ਹੈ ਮਨ ਨੂੰ ਜਿੱਤ ਲੈਣਾ। ਤ੍ਰਿਸ਼ਨਾ ਦੀ ਅਗਨ ਵਿੱਚ ਸੜ੍ਹਦਾ-ਬਲਦਾ ਇਹ ਮਨ ਸਦਾ ਮਾਇਆ ਦੀ ਤਮੋ ਬਿਰਤੀ (ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ) ਅਧੀਨ ਅਸਤਿ ਕਰਮਾਂ ਦਾ ਜ਼ਹਿਰ ਇਕੱਤਰ ਕਰਦਾ ਰਹਿੰਦਾ ਹੈ। ਤ੍ਰਿਸ਼ਨਾ ਮਨੁੱਖ ਦੇ ਰੋਮ-ਰੋਮ ਵਿੱਚ ਰਚੀ ਹੁੰਦੀ ਹੈ। ਤ੍ਰਿਸ਼ਨਾ ਮਨੁੱਖ ਦੇ ਸਵਾਸ-ਸਵਾਸ ਵਿੱਚ ਰਚੀ ਹੁੰਦੀ ਹੈ। ਤ੍ਰਿਸ਼ਨਾ ਮਨੁੱਖ ਦੇ ਦਿਮਾਗ ਵਿੱਚ ਪ੍ਰਧਾਨ ਹੁੰਦੀ ਹੈ। ਤ੍ਰਿਸ਼ਨਾ ਮਨੁੱਖ ਦੇ ਮਨ ਉੱਪਰ ਰਾਜ ਕਰਦੀ ਹੈ। ਮਨੁੱਖ ਤ੍ਰਿਸ਼ਨਾ ਦਾ ਗੁਲਾਮ ਹੈ। ਤ੍ਰਿਸ਼ਨਾ ਮਨੁੱਖ ਦੀ ਗੁਰੂ ਬਣ ਕੇ ਉਸ ਤੋਂ ਸਾਰੇ ਅਸਤਿ ਕਰਮ ਕਰਵਾਉਂਦੀ ਹੈ। ਤ੍ਰਿਸ਼ਨਾ ਮਨੁੱਖੀ ਮਨ ਦੀ ਚੰਚਲਤਾ ਦਾ ਨਿਰਮਾਣ ਕਰਦੀ ਹੈ। ਤ੍ਰਿਸ਼ਨਾ ਹੀ ਮਨੁੱਖੀ ਮਨ ਦੀ ਚਤੁਰਾਈ ਨੂੰ ਜਨਮ ਦਿੰਦੀ ਹੈ। ਹਰ ਇੱਕ ਮਨੁੱਖ ਤ੍ਰਿਸ਼ਨਾ ਰੂਪੀ ਭੱਠੀ ਵਿੱਚ ਜੀਵਨ ਭਰ ਸੜ੍ਹਦਾ-ਬਲਦਾ ਹੋਇਆ ਦਮ ਤੋੜ ਦਿੰਦਾ ਹੈ ਪਰੰਤੂ ਉਸ ਦੀ ਤ੍ਰਿਸ਼ਨਾ ਫੇਰ ਵੀ ਨਹੀਂ ਬੁੱਝਦੀ ਹੈ। ਸਾਰੇ ਫਸਾਦ ਦੀ ਜੜ ਕੇਵਲ ਤ੍ਰਿਸ਼ਨਾ ਦੀ ਮਹਾ ਵਿਨਾਸ਼ਕਾਰੀ ਸ਼ਕਤੀ ਹੈ। ਮਨੁੱਖ ਦੇ ਸਾਰੇ ਦੁੱਖਾਂ-ਕਲੇਸ਼ਾਂ ਸਮੱਸਿਆਵਾਂ ਦਾ ਕਾਰਨ ਕੇਵਲ ਤ੍ਰਿਸ਼ਨਾ ਦੀ ਮਹਾ ਵਿਨਾਸ਼ਕਾਰੀ ਸ਼ਕਤੀ ਹੀ ਹੈ। ਤ੍ਰਿਸ਼ਨਾ ਦੀ ਇਸ ਮਹਾ ਵਿਨਾਸ਼ਕਾਰੀ ਸ਼ਕਤੀ ਦੁਆਰਾ ਨਿਰਮਾਣ ਕੀਤੀ ਗਈ ਅਗਨੀ ਵਿੱਚ ਸਾਰੇ ਸੰਸਾਰ ਦੀ ਲੋਕਾਈ ਝੁਲਸ ਰਹੀ ਹੈ। ਤ੍ਰਿਸ਼ਨਾ ਦੀ ਇਸ ਮਹਾ ਵਿਨਾਸ਼ਕਾਰੀ ਸ਼ਕਤੀ ਨੇ ਸਾਰੀ ਲੋਕਾਈ ਦੇ ਮਨਾਂ ਦੀ ਸ਼ਾਂਤੀ ਨੂੰ ਆਪਣੇ ਜ਼ਹਿਰ ਨਾਲ ਡੱਸ ਲਿਆ ਹੈ। ਤ੍ਰਿਸ਼ਨਾ ਦੇ ਨਾ ਬੁੱਝਣ ਕਾਰਨ ਸਾਰੀ ਲੋਕਾਈ ਦੇ ਮਨ ਕੇਵਲ ਅਸ਼ਾਂਤੀ ਦਾ ਜ਼ਹਿਰ ਪੀ ਰਹੇ ਹਨ। ਚੰਚਲ ਮਨ ਦਿਸ਼ਾਹੀਨ ਹੁੰਦਾ ਹੈ। ਚੰਚਲ ਮਨ ਚਤੁਰ ਚਲਾਕੀਆਂ ਵਿੱਚ ਰੁੱਝਿਆ ਰਹਿੰਦਾ ਹੈ। ਚਤੁਰ ਚਲਾਕੀਆਂ ਵਿੱਚ ਰੁੱਝੇ ਹੋਏ ਮਨ ਦਾ ਰੂਪ ਵਿਕਰਾਲ (ਮਹਾ ਵਿਨਾਸ਼ਕਾਰੀ ਅਤੇ ਡਰਾਉਣਾ) ਹੁੰਦਾ ਹੈ। ਚੰਚਲ ਮਨ ਮਨਮੁਖ ਦਾ ਮਨ ਹੈ। ਚਤੁਰ ਮਨ ਮਨਮੁਖ ਦਾ ਮਨ ਹੈ। ਮਨਮੁਖ ਮਨੁੱਖ ਮਨਮਤਿ ਵਿੱਚ ਫੱਸਿਆ ਰਹਿੰਦਾ ਹੈ। ਮਨਮੁਖ ਦਾ ਮੁਖ ਸਤਿਗੁਰੂ ਵੱਲ ਨਹੀ ਹੁੰਦਾ। ਭਾਵ ਮਨਮੁਖ ਮਨੁੱਖ ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਨਹੀਂ ਹੁੰਦਾ। ਮਨਮੁਖ ਗੁਰਮਤਿ ਦਾ ਧਾਰਨੀ ਨਹੀਂ ਹੁੰਦਾ ਹੈ। ਉਹ ਆਪਣੀ ਮਨਮਤਿ, ਸੰਸਾਰਿਕ ਮਤਿ ਅਤੇ ਦੁਰਮਤਿ ਦਾ ਧਾਰਨੀ ਹੁੰਦਾ ਹੈ। ਮਨਮੁਖ ਦੇ ਸਾਰੇ ਕਰਮ ਅਸਤਿ ਹੁੰਦੇ ਹਨ। ਮਨਮੁਖਤਾ ਬਹੁਤ ਵੱਡਾ ਸ਼ਰਾਪ ਹੈ। ਚੰਚਲ ਮਨ ਅਤੇ ਚਤੁਰ ਮਨ ਮਨੁੱਖ ਲਈ ਬਹੁਤ ਵੱਡਾ ਸ਼ਰਾਪ ਹੈ। ਚੰਚਲ ਮਨ ਸਦਾ ਚੋਟਾਂ ਖਾਂਦਾ ਹੈ। ਭਾਵ ਚੰਚਲ ਚਤੁਰ ਮਨ ਵਾਲਾ ਮਨਮੁਖ ਮਨੁੱਖ ਸਦਾ ਪੰਜ ਚੰਡਾਲਾਂ (ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ) ਦੀ ਗੁਲਾਮੀ ਵਿੱਚ ਕੀਤੇ ਅਸਤਿ ਕਰਮਾਂ ਕਾਰਨ ਆਪਣੇ ਜੀਵਨ ਵਿੱਚ ਜ਼ਹਿਰ ਇਕੱਤਰ ਕਰੀ ਜਾਂਦਾ ਹੈ। ਮਨੁੱਖ ਦੇ ਸਾਰੇ ਦੁੱਖਾਂ ਕਲੇਸ਼ਾਂ ਸਮੱਸਿਆਵਾਂ ਦਾ ਕਾਰਨ ਕੇਵਲ ਮਨੁੱਖ ਦੀ ਮਨਮੁਖਤਾ ਹੈ।

 
ਮਨੁੱਖੀ ਮਨ ਦੀ ਚੰਚਲਤਾ ਅਤੇ ਚਤੁਰਾਈ ਦਾ ਆਧਾਰ ਮਹਾ ਵਿਨਾਸ਼ਕਾਰੀ ਪੰਜ ਚੰਡਾਲ: ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਹਨ। ਮਨ ਦੀ ਚੰਚਲਤਾ ਅਤੇ ਚਤੁਰਾਈ ਦੇ ਤਿਆਗ ਨਾਲ ਹੀ ਤ੍ਰਿਸ਼ਨਾ ਸ਼ਾਂਤ ਹੁੰਦੀ ਹੈ ਅਤੇ ਪੰਜ ਚੰਡਾਲਾਂ (ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ) ਦਾ ਸੰਘਾਰ ਸੰਭਵ ਹੁੰਦਾ ਹੈ। ਭਾਵ ਤ੍ਰਿਸ਼ਨਾ ਦੇ ਬੁੱਝਣ ਨਾਲ ਹੀ ਪੰਜ ਚੰਡਾਲਾਂ (ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ) ਦਾ ਅੰਤ ਹੁੰਦਾ ਹੈ ਅਤੇ ਤ੍ਰਿਸ਼ਨਾ ਹੀ ਮਨ ਦੀ ਚੰਚਲਤਾ ਅਤੇ ਚਤੁਰਾਈ ਦਾ ਆਧਾਰ ਹੈ ਇਸ ਲਈ ਤ੍ਰਿਸ਼ਨਾ ਬੁੱਝਣ ਨਾਲ ਹੀ ਮਨੁੱਖੀ ਮਨ ਦੀ ਚੰਚਲਤਾ ਅਤੇ ਚਤੁਰਾਈ ਦਾ ਅੰਤ ਹੁੰਦਾ ਹੈ ਅਤੇ ਪੰਜ ਚੰਡਾਲਾਂ ਦਾ ਅੰਤ ਹੁੰਦਾ ਹੈ।

 
ਕੇਵਲ ਉਸ ਮਨੁੱਖ ਦੀ ਤ੍ਰਿਸ਼ਨਾ ਬੁੱਝਦੀ ਹੈ ਜੋ ਆਪਣੇ ਮਨ ਨੂੰ ਸਾਧ ਲੈਂਦਾ ਹੈ। ਕੇਵਲ ਉਸ ਮਨੁੱਖ ਦੀ ਚੰਚਲਤਾ ਅਤੇ ਚਤੁਰਾਈ ਦਾ ਅੰਤ ਹੁੰਦਾ ਹੈ ਜੋ ਆਪਣੇ ਮਨ ਨੂੰ ਸਾਧ ਲੈਂਦਾ ਹੈ। ਕੇਵਲ ਉਸ ਮਨੁੱਖ ਦੀ ਤ੍ਰਿਸ਼ਨਾ ਬੁੱਝਦੀ ਹੈ ਜੋ ਆਪਣੇ ਮਨ ਨੂੰ ਜਿੱਤ ਲੈਂਦਾ ਹੈ। ਕੇਵਲ ਉਸ ਮਨੁੱਖ ਦੀ ਤ੍ਰਿਸ਼ਨਾ ਬੁੱਝਦੀ ਹੈ ਅਤੇ ਪੰਜ ਚੰਡਾਲ ਵੱਸ ਆਉਂਦੇ ਹਨ ਜੋ ਮਨਮਤਿ, ਮਨ ਦੀ ਚੰਚਲਤਾ ਅਤੇ ਚਤੁਰਾਈ ਦਾ ਤਿਆਗ ਕਰਕੇ ਸਤਿਗੁਰੂ ਦੀ ਚਰਨ ਸ਼ਰਨ ਵਿੱਚ ਜਾਂਦਾ ਹੈ ਅਤੇ ਜਿਸ ਨੂੰ ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ ਅਤੇ ਪੂਰਨ ਬੰਦਗੀ ਦਾ ਗੁਰਪ੍ਰਸਾਦਿ ਪ੍ਰਾਪਤ ਹੁੰਦਾ ਹੈ। ਬਿਨਾਂ ਗੁਰਪ੍ਰਸਾਦਿ ਦੇ ਮਨ ਨਹੀਂ ਸਾਧਿਆ ਜਾਂਦਾ ਹੈ। ਕੇਵਲ ਸਤਿਗੁਰੂ ਦੀ ਗੁਰਕਿਰਪਾ ਦੇ ਨਾਲ ਹੀ ਮਨ ਵੱਸ ਆਉਂਦਾ ਹੈ।

 
ਮਨ ਨੂੰ ਜਿੱਤ ਲੈਣਾ ਹੀ ਪੂਰਨ ਬੰਦਗੀ ਹੈ। ਮਨਮਤਿ ਦਾ ਅੰਤ ਹੋ ਜਾਣਾ ਹੀ ਪੂਰਨ ਬੰਦਗੀ ਹੈ। ਮਨ ਦਾ ਅੰਤ ਹੋ ਜਾਣਾ ਹੀ ਪੂਰਨ ਬੰਦਗੀ ਹੈ। ਮਨ ਦਾ ਅੰਤ ਹੀ ਪਰਮ ਜੋਤ ਪੂਰਨ ਪ੍ਰਕਾਸ਼ ਦਾ ਹਿਰਦੇ ਵਿੱਚ ਪ੍ਰਗਟ ਹੋਣਾ ਹੈ। ਮਨ ਨੂੰ ਜਿੱਤ ਲੈਣਾ ਹੀ ਮਾਇਆ ਨੂੰ ਜਿੱਤਣਾ ਹੈ। ਮਨਮਤਿ ਦਾ ਅੰਤ ਹੀ ਗੁਰਮਤਿ ਦਾ ਪ੍ਰਕਾਸ਼ ਹੈ। ਐਸਾ ਹੋਣ ‘ਤੇ ਮਨ ਦਾ ਅੰਤ ਹੋ ਜਾਂਦਾ ਹੈ ਅਤੇ ਗੁਰ (ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ) ਦਾ ਪ੍ਰਕਾਸ਼ ਹੋ ਜਾਂਦਾ ਹੈ। ਮਨੁੱਖ ਦੀਆਂ ਪੰਜ ਕਰਮ ਇੰਦਰੀਆਂ ਦਾ ਆਧਾਰ ਹੈ ਮਨੁੱਖ ਦੀਆਂ ਪੰਜ ਗਿਆਨ ਇੰਦਰੀਆਂ। ਮਨੁੱਖ ਦੀਆਂ ਪੰਜ ਗਿਆਨ ਇੰਦਰੀਆਂ ਦਾ ਆਧਾਰ ਹੈ ਮਨੁੱਖ ਦਾ ਮਨ। ਮਨੁੱਖ ਦੇ ਮਨ ਦਾ ਆਧਾਰ ਹੈ ਮਨੁੱਖ ਦੀ ਮਤਿ। ਮਨੁੱਖ ਦੀ ਮਤਿ ਜੇਕਰ ਮਨਮਤਿ ਹੈ ਤਾਂ ਮਨੁੱਖ ਮਾਇਆ ਦਾ ਗੁਲਾਮ ਹੈ। ਮਨੁੱਖ ਦੀ ਮਤਿ ਜੇਕਰ ਦੁਰਮਤਿ ਹੈ ਤਾਂ ਮਨੁੱਖ ਮਾਇਆ ਦੀ ਗੁਲਾਮੀ ਵਿੱਚ ਹੈ। ਮਨੁੱਖ ਦੀ ਮਤਿ ਜੇਕਰ ਸੰਸਾਰਿਕ ਮਤਿ ਹੈ ਤਾਂ ਵੀ ਮਨੁੱਖ ਮਾਇਆ ਦਾ ਗੁਲਾਮ ਹੈ। ਮਨੁੱਖੀ ਮਨ ਦਾ ਆਧਾਰ ਹੈ ਮਨੁੱਖ ਦਾ ਦਿਮਾਗ ਅਤੇ ਮਨੁੱਖੀ ਦਿਮਾਗ ਦਾ ਆਧਾਰ ਹੈ ਪਰਮ ਜੋਤ ਪੂਰਨ ਪ੍ਰਕਾਸ਼। ਜਦ ਮਨਮਤਿ ਦਾ ਅੰਤ ਹੋ ਜਾਂਦਾ ਹੈ ਤਾਂ ਮਨ ਦਾ ਅੰਤ ਹੋ ਜਾਂਦਾ ਹੈ। ਮਨਮਤਿ, ਦੁਰਮਤਿ ਅਤੇ ਸੰਸਾਰਿਕ ਮਤਿ ਦਾ ਅੰਤ ਹੋ ਜਾਂਦਾ ਹੈ। ਮਨਮਤਿ, ਦੁਰਮਤਿ ਅਤੇ ਸੰਸਾਰਿਕ ਮਤਿ ਦਾ ਆਧਾਰ ਸੰਸਾਰ ਹੈ। ਸੰਸਾਰ ਮਾਇਆ ਦਾ ਖੇਲ ਹੈ। ਇਸ ਲਈ ਮਨ ਨੂੰ ਜਿੱਤ ਲੈਣਾ ਹੀ ਸੰਸਾਰ ਨੂੰ ਜਿੱਤ ਲੈਣਾ ਹੈ। ਮਨ ਦਾ ਅੰਤ ਹੁੰਦੇ ਹੀ, ਮਨਮਤਿ, ਦੁਰਮਤਿ ਅਤੇ ਸੰਸਾਰਿਕ ਮਤਿ ਖ਼ਤਮ ਹੋ ਜਾਣ ਨਾਲ ਮਨੁੱਖ ਦੀਆਂ ਪੰਜੇ ਗਿਆਨ ਇੰਦਰੀਆਂ ਗੁਰਮਤਿ ਵਿੱਚ ਚਲੀਆਂ ਜਾਂਦੀਆਂ ਹਨ। ਜਦ ਐਸਾ ਹੁੰਦਾ ਹੈ ਤਾਂ ਮਨੁੱਖ ਦੀਆਂ ਪੰਜੇ ਕਰਮ ਇੰਦਰੀਆਂ ਕੇਵਲ ਸਤਿ ਕਰਮ ਕਰਨ ਲੱਗ ਪੈਂਦੀਆਂ ਹਨ। ਮਨੁੱਖ ਦਾ ਦਿਮਾਗ ਪੂਰਨ ਰੂਪ ਵਿੱਚ ਕਿਰਿਆਸ਼ੀਲ ਹੋ ਜਾਂਦਾ ਹੈ ਅਤੇ ਪੂਰਨ ਬ੍ਰਹਮ ਗਿਆਨ ਪੂਰਨ ਤੱਤ ਗਿਆਨ ਪ੍ਰਗਟ ਹੋ ਜਾਂਦਾ ਹੈ। ਪਰਮ ਜੋਤ ਪ੍ਰਗਟ ਹੋ ਜਾਂਦੀ ਹੈ ਅਤੇ ਮਨੁੱਖ ਪ੍ਰਗਟਿਓ ਜੋਤ ਪੂਰਨ ਬ੍ਰਹਮ ਗਿਆਨੀ ਦੇ ਰੂਪ ਵਿੱਚ ਪ੍ਰਗਟ ਹੋ ਜਾਂਦਾ ਹੈ। ਇਸ ਤਰ੍ਹਾਂ ਨਾਲ ਮਨੁੱਖ ਦੇ ਪੰਜੇ ਗਿਆਨ ਇੰਦਰੇ ਅਤੇ ਕਰਮ ਇੰਦਰੇ ਪੂਰਨ ਹੁਕਮ ਵਿੱਚ ਆ ਜਾਂਦੇ ਹਨ।

 
ਮਾਇਆ ਮਿੱਠਾ ਜ਼ਹਿਰ ਹੈ। ਜਿਵੇਂ ਮਿੱਠੇ ਗੁੜ ਨੂੰ ਮੱਖੀਆਂ ਚਿੰਬੜ ਜਾਂਦੀਆਂ ਹਨ ਅਤੇ ਗੁੜ ਵਿੱਚ ਖੁੱਭ ਕੇ ਆਪਣਾ ਜੀਵਨ ਗੁਆ ਦਿੰਦੀਆਂ ਹਨ। ਠੀਕ ਇਸੇ ਤਰ੍ਹਾਂ ਨਾਲ ਮਨੁੱਖ ਮਾਇਆ ਜਾਲ ਵਿੱਚ ਫੱਸ ਜਾਂਦਾ ਹੈ ਅਤੇ ਮਾਇਆ ਦੇ ਜਾਲ ਵਿੱਚ ਫੱਸਿਆ ਹੋਇਆ ਆਪਣਾ ਜੀਵਨ ਵਿਅਰਥ ਗੁਆ ਦਿੰਦਾ ਹੈ। ਸੰਸਾਰਿਕ ਰਿਸ਼ਤੇ ਨਾਤੇ, ਸੰਸਾਰਿਕ ਪਦਾਰਥ, ਸੰਸਾਰਿਕ ਜਾਇਦਾਦਾਂ, ਸੰਸਾਰਿਕ ਉਪਾਧੀਆਂ ਅਤੇ ਕਾਰੋਬਾਰ ਸਾਰੇ ਮਿੱਠੇ ਗੁੜ ਦੀ ਨਿਆਈਂ ਹੀ ਹਨ। ਸੰਸਾਰਿਕ ਰਿਸ਼ਤੇ ਨਾਤੇ, ਸੰਸਾਰਿਕ ਪਦਾਰਥ, ਸੰਸਾਰਿਕ ਜਾਇਦਾਦਾਂ, ਸੰਸਾਰਿਕ ਉਪਾਧੀਆਂ ਅਤੇ ਕਾਰੋਬਾਰ ਆਦਿ ਸਾਰੇ ਮਨੁੱਖ ਨੂੰ ਆਪਣੇ ਮੋਹ ਜਾਲ ਵਿੱਚ ਫਸਾ ਕੇ ਰੱਖਦੇ ਹਨ ਜਿਨ੍ਹਾਂ ਵਿੱਚ ਖੁੱਭ ਕੇ ਮਨੁੱਖ ਫਿਰ ਬਾਹਰ ਨਿਕਲਣ ਦੀ ਸੋਝੀ ਨੂੰ ਗੁਆ ਬੈਠਦਾ ਹੈ ਜਾਂ ਸੋਝੀ ਹੁੰਦੇ ਹੋਏ ਵੀ ਮਾਇਆ ਦੇ ਇਸ ਵਿਨਾਸ਼ਕਾਰੀ ਖੇਲ ਵਿੱਚ ਐਸਾ ਫੱਸ ਜਾਂਦਾ ਹੈ ਕਿ ਇਸ ਵਿੱਚੋਂ ਨਿਕਲ ਨਹੀਂ ਪਾਉਂਦਾ ਹੈ ਅਤੇ ਇਸ ਭਵਜਲ ਵਿੱਚ ਫੱਸਿਆ ਹੋਇਆ ਹੀ ਦਮ ਤੋੜ ਦਿੰਦਾ ਹੈ। ਮਾਇਆ ਦਾ ਮੋਹ ਮਿੱਠਾ ਜ਼ਹਿਰ ਹੈ। ਮਮਤਾ ਤੋਂ ਭਾਵ ਹੈ ਮਾਇਆ ਦਾ ਮੋਹ। ਮਾਇਆ ਦੇ ਮੋਹ ਤੋਂ ਭਾਵ ਹੈ ਸੰਸਾਰਿਕ ਰਿਸ਼ਤੇ ਨਾਤੇ, ਸੰਸਾਰਿਕ ਪਦਾਰਥ, ਸੰਸਾਰਿਕ ਜਾਇਦਾਦਾਂ, ਸੰਸਾਰਿਕ ਉਪਾਧੀਆਂ ਅਤੇ ਕਾਰੋਬਾਰ ਆਦਿ ਨਾਲ ਲਗਾਵ। ਮੋਹ ਤੋਂ ਭਾਵ ਹੈ ਸੰਸਾਰਿਕ ਰਿਸ਼ਤੇ ਨਾਤੇ, ਸੰਸਾਰਿਕ ਪਦਾਰਥ, ਸੰਸਾਰਿਕ ਜਾਇਦਾਦਾਂ, ਸੰਸਾਰਿਕ ਉਪਾਧੀਆਂ ਅਤੇ ਕਾਰੋਬਾਰ ਆਦਿ ਦੇ ਖੋਹੇ ਜਾਣ ਦਾ ਭਉ ਅਤੇ ਚਿੰਤਾ। ਮਾਇਆ ਦੇ ਮੋਹ ਵਿੱਚ ਗ੍ਰਸਤ ਮਨੁੱਖ ਨੂੰ ਮਾਇਆ ਦੇ ਇਸ ਮਹਾ ਵਿਨਾਸ਼ਕਾਰੀ ਰੂਪ ਦਾ ਗਿਆਨ ਨਹੀਂ ਹੁੰਦਾ ਹੈ। ਮਾਇਆ ਨੇ ਸਾਰੇ ਸੰਸਾਰ ਨੂੰ ਆਪਣੇ ਇਸ ਮੋਹ ਦੇ ਜਾਲ ਵਿੱਚ ਫਸਾ ਕੇ ਰਖਿਆ ਹੋਇਆ ਹੈ। ਮਾਇਆ ਇੱਕ ਐਸੀ ਦੈਤਨੀ ਹੈ ਜਿਸਦੇ ਕੋਈ ਦੰਤ ਨਹੀਂ ਹਨ ਫਿਰ ਵੀ ਉਹ ਸਾਰੇ ਸੰਸਾਰ ਨੂੰ ਆਪਣੇ ਮੋਹ ਜਾਲ-ਪਾਸ਼ ਵਿੱਚ ਬੰਨ ਕੇ ਜਿਵੇਂ ਆਪਣੇ ਅੰਦਰ ਗੁਟਕੀ ਜਾ ਰਹੀ ਹੈ। ਸਾਰਾ ਸੰਸਾਰ ਜਿਵੇਂ ਮਾਇਆ ਦੇ ਮੋਹ ਰੂਪੀ ਢਿੱਡ ਵਿੱਚ ਸਮਾਇਆ ਹੋਇਆ ਹੈ। ਕਈ ਮਨੁੱਖ ਇਸ ਪਰਮ ਸਤਿ ਨੂੰ ਜਾਣਦੇ ਹੋਏ ਵੀ ਕਿ ਕਿਸੇ ਵੀ ਸੰਸਾਰਿਕ ਵਸਤੂ ਨੇ ਅੰਤ ਸਮੇਂ ਉਸਦੇ ਨਾਲ ਨਹੀਂ ਜਾਣਾ ਹੈ, ਫਿਰ ਵੀ ਉਹ ਇਨ੍ਹਾਂ ਸੰਸਾਰਿਕ ਵਸਤੂਆਂ ਅਤੇ ਸੰਬੰਧਾਂ ਦੇ ਮਗਰ ਭੱਜਦਾ-ਭੱਜਦਾ ਆਪਣਾ ਜਨਮ ਵਿਅਰਥ ਗੁਆ ਬੈਠਦਾ ਹੈ। ਮਾਇਆ ਦੇ ਇਸ ਵਿਨਾਸ਼ਕਾਰੀ ਖੇਲ ਦਾ ਪਰਮ ਸਤਿ ਤੱਤ ਸਤਿਗੁਰੂ ਸਾਹਿਬਾਨ ਨੇ ਗੁਰਬਾਣੀ ਵਿੱਚ ਬਾਰ-ਬਾਰ ਦ੍ਰਿੜ੍ਹ ਕਰਵਾਇਆ ਹੈ:

ਗੁੜੁ ਮਿਠਾ ਮਾਇਆ ਪਸਰਿਆ ਮਨਮੁਖੁ ਲਗਿ ਮਾਖੀ ਪਚੈ ਪਚਾਇ ॥੧॥
(ਪੰਨਾ ੪੧)
ਮਾਇਆ ਮਮਤਾ ਮੋਹਣੀ ਜਿਨਿ ਵਿਣੁ ਦੰਤਾ ਜਗੁ ਖਾਇਆ ॥
ਮਨਮੁਖ ਖਾਧੇ ਗੁਰਮੁਖਿ ਉਬਰੇ ਜਿਨੀ ਸਚਿ ਨਾਮਿ ਚਿਤੁ ਲਾਇਆ ॥
(ਪੰਨਾ ੬੪੩)

ਮਾਇਆ ਦਾ ਰਜੋ ਅਤੇ ਤਮੋ ਰੂਪ ਜਿਵੇਂ ਇੱਕ ਮਹਾ ਦੈਤਨੀ ਦਾ ਵਿਕਰਾਲ ਰੂਪ ਹੈ। ਮਨਮੁਖਾਂ ਨੂੰ ਮਾਇਆ ਦੈਤਨੀ ਆਪਣੇ ਮੋਹ ਜਾਲ ਵਿੱਚ ਫਸਾ ਕੇ ਨਿਗਲ ਜਾਂਦੀ ਹੈ। ਕੇਵਲ ਗੁਰਮੁਖ ਹੀ ਮਾਇਆ ਨੂੰ ਜਿੱਤ ਕੇ ਮਾਇਆ ਦੀ ਗੁਲਾਮੀ ਤੋਂ ਮੁਕਤ ਹੁੰਦੇ ਹਨ। ਕਈ ਜਿਗਿਆਸੂ ਜੋ ਗੁਰਪ੍ਰਸਾਦਿ ਦੀ ਪ੍ਰਾਪਤੀ ਕਰਕੇ ਸਤਿਨਾਮ ਸਿਮਰਨ ਦੀ ਕਮਾਈ ਕਰਦੇ ਹਨ ਉਨ੍ਹਾਂ ਨੂੰ ਸਿਮਰਨ ਅਭਿਆਸ ਦੇ ਦੌਰਾਨ ਸਮਾਧੀ ਵਿੱਚ ਮਾਇਆ ਦੇ ਇਸ ਵਿਕਰਾਲ ਰੂਪ ਦੇ ਦਰਸ਼ਨ ਹੁੰਦੇ ਹਨ। ਕਈ ਜਿਗਿਆਸੂਆਂ ਨੂੰ ਪੰਜ ਦੂਤਾਂ ਦੇ ਚੰਡਾਲ ਰੂਪਾਂ ਦੇ ਦਰਸ਼ਨ ਵੀ ਹੁੰਦੇ ਹਨ। ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਰੂਪੀ ਚੰਡਾਲ ਮਨੁੱਖ ਦੀ ਦੇਹੀ ਵਿੱਚ ਹੀ ਵਾਸ ਕਰਦੇ ਹਨ। ਜੋ ਮਨੁੱਖ ਸਤਿਗੁਰੂ ਦੇ ਚਰਨਾਂ ਉੱਪਰ ਪੂਰਨ ਸਮਰਪਣ ਕਰਦੇ ਹਨ ਉਨ੍ਹਾਂ ਨੂੰ ਮਾਇਆ ਦੇ ਇਸ ਵਿਨਾਸ਼ਕਾਰੀ ਦੂਤਾਂ ਦੇ ਦਰਸ਼ਨ ਹੁੰਦੇ ਹਨ। ਇਹ ਪੰਜ ਚੰਡਾਲ ਮਨੁੱਖ ਨੂੰ ਮਾਇਆ ਦੇ ਇਸ ਮਹਾ ਵਿਨਾਸ਼ਕਾਰੀ ਜਾਲ ਵਿੱਚ ਭਰਮਾ ਕੇ ਫਸਾਈ ਰੱਖਦੇ ਹਨ ਅਤੇ ਮਨੁੱਖ ਨੂੰ ਮਾਇਆ ਦੇ ਇਸ ਮਿੱਠੇ ਜ਼ਹਿਰ ਨੂੰ ਪਿਲਾਉਣ ਦਾ ਕੰਮ ਨਿਰੰਤਰ ਕਰਦੇ ਰਹਿੰਦੇ ਹਨ। ਗੁਰਬਾਣੀ ਪੂਰਨ ਬ੍ਰਹਮ ਗਿਆਨ ਹੈ। ਗੁਰਬਾਣੀ ਪੂਰਨ ਸਤਿ ਹੈ। ਇਸ ਲਈ ਕਈ ਮਨੁੱਖ ਜੋ ਗੁਰਬਾਣੀ ਦੀ ਕਮਾਈ ਕਰਦੇ ਹਨ, ਸਤਿਨਾਮ ਸਿਮਰਨ ਦੀ ਕਮਾਈ ਕਰਦੇ ਹਨ, ਗੁਰਪ੍ਰਸਾਦਿ ਦੀ ਪ੍ਰਾਪਤੀ ਕਰਦੇ ਹਨ ਅਤੇ ਆਪਣੇ ਸਤਿਗੁਰੂ ਦੇ ਸਤਿ ਚਰਨਾਂ ਉੱਪਰ ਪੂਰਨ ਸਮਰਪਣ ਕਰਦੇ ਹਨ, ਆਪਣੇ ਸਤਿਗੁਰੂ ਦੀ ਸੇਵਾ ਕਰਦੇ ਹਨ, ਨਾਮ ਧਿਆਉਂਦੇ ਹਨ, ਉਨ੍ਹਾਂ ਦੀ ਆਪਣੀ ਦੇਹੀ ਵਿੱਚ ਵੱਸਦੇ ਇਹ ਪੰਜ ਚੰਡਾਲ ਜਦੋਂ ਦੇਹੀ ਨੂੰ ਛੱਡ ਕੇ ਭੱਜਦੇ ਹਨ ਤਾਂ ਉਨ੍ਹਾਂ ਨੂੰ ਇਹ ਚੰਡਾਲ ਭੱਜਦੇ ਹੋਏ ਦਿੱਸਦੇ ਹਨ। ਆਪਣੇ ਸਤਿਗੁਰੂ ਦੀ ਕਿਰਪਾ ਦਾ ਸਦਕਾ ਕਈ ਬੰਦਗੀ ਵਿੱਚ ਰੱਤੇ ਹੋਏ ਮਨੁੱਖਾਂ ਨੂੰ ਸਮਾਧੀ ਵਿੱਚ ਅਤੇ ਸੁੰਨ ਸਮਾਧੀ ਵਿੱਚ ਮਾਇਆ ਦੇ ਨਾਲ ਯੁੱਧ ਹੁੰਦਾ ਦਿੱਸਦਾ ਹੈ। ਕਈ ਬੰਦਗੀ ਵਿੱਚ ਰੱਤੀਆਂ ਹੋਈਆਂ ਰੂਹਾਂ ਨੂੰ ਸਮਾਧੀ ਅਤੇ ਸੁੰਨ ਸਮਾਧੀ ਅਭਿਆਸ ਦੇ ਦੌਰਾਨ ਸਤਿਗੁਰੂ ਸਾਹਿਬਾਨ ਇਲਾਹੀ ਦਰਗਾਹੀ ਅਸਤਰ ਵੀ ਭੇਟ ਕਰਦੇ ਹਨ ਜੋ ਉਨ੍ਹਾਂ ਨੂੰ ਮਾਇਆ ਨੂੰ ਹਰਾਉਣ ਦੇ ਵਿੱਚ ਸਹਾਇਤਾ ਕਰਦੇ ਹਨ ਅਤੇ ਧਰਤੀ ਉੱਪਰ ਵਾਪਰ ਰਹੇ ਕੂੜ ਨੂੰ ਖ਼ਤਮ ਕਰਨ ਵਿੱਚ ਸਹਾਇਕ ਸਿੱਧ ਹੁੰਦੇ ਹਨ।

ਤ੍ਰਿਸਨਾ ਮਾਇਆ ਮੋਹਣੀ ਸੁਤ ਬੰਧਪ ਘਰ ਨਾਰਿ ॥
ਧਨਿ ਜੋਬਨਿ ਜਗੁ ਠਗਿਆ ਲਬਿ ਲੋਭਿ ਅਹੰਕਾਰਿ ॥
ਮੋਹ ਠਗਉਲੀ ਹਉ ਮੁਈ ਸਾ ਵਰਤੈ ਸੰਸਾਰਿ ॥੧॥
(ਪੰਨਾ ੬੧-੬੨)
ਤ੍ਰੈ ਗੁਣ ਬਿਖਿਆ ਅੰਧੁ ਹੈ ਮਾਇਆ ਮੋਹ ਗੁਬਾਰ ॥
(ਪੰਨਾ ੩੦)
ਮਾਇਆ ਜੇਵਡੁ ਦੁਖੁ ਨਹੀ ਸਭਿ ਭਵਿ ਥਕੇ ਸੰਸਾਰੁ ॥
(ਪੰਨਾ ੩੯)

ਮੋਹ ਕਾਰਨ ਹੀ ਮਨੁੱਖ ਦਾ ਸੰਸਾਰਿਕ ਪਰਿਵਾਰ ਹੈ ਅਤੇ ਮੋਹ ਕਾਰਨ ਹੀ ਸਾਰੇ ਦੁੱਖ ਹਨ ਮਨੁੱਖ ਦੇ ਜੀਵਨ ਵਿਚ। ਮੋਹ ਹੀ ਮਿੱਠਾ ਜ਼ਹਿਰ ਹੈ। ਮੋਹ ਦੇ ਮਿੱਠੇ ਜ਼ਹਿਰ ਕਾਰਨ ਹੀ ਮਨੁੱਖ ਇਸ ਭਰਮ ਵਿੱਚ ਸਾਰੀ ਉਮਰ ਉਲਝਿਆ ਰਹਿੰਦਾ ਹੈ ਕਿ ਸਾਰੇ ਪਰਿਵਾਰਕ ਸੰਬੰਧ ਸਤਿ ਹਨ। ਮੋਹ ਦੇ ਮਿੱਠੇ ਜ਼ਹਿਰ ਕਾਰਨ ਹੀ ਮਨੁੱਖ ਇਨ੍ਹਾਂ ਸੰਸਾਰਿਕ ਸੰਬੰਧਾਂ ਨੂੰ ਮਾਣਨ ਅਤੇ ਸੁਧਾਰਨ ਦੇ ਯਤਨ ਵਿੱਚ ਰੁੱਝਾ ਰਹਿੰਦਾ ਹੈ। ਮੋਹ ਦੇ ਮਿੱਠੇ ਜ਼ਹਿਰ ਕਾਰਨ ਹੀ ਮਨੁੱਖ ਸਾਰੀ ਉਮਰ ਇਨ੍ਹਾਂ ਸੰਸਾਰਿਕ ਰਿਸ਼ਤਿਆਂ ਦੀ ਸੇਵਾ ਕਰਨ ਦੇ ਵਿੱਚ ਰੁੱਝਾ ਰਹਿੰਦਾ ਹੈ। ਮੋਹ ਦੇ ਮਿੱਠੇ ਜ਼ਹਿਰ ਦੇ ਕਾਰਨ ਹੀ ਮਨੁੱਖ ਇਨ੍ਹਾਂ ਸੰਸਾਰਿਕ ਰਿਸ਼ਤਿਆਂ ਦੇ ਸੰਸਾਰਿਕ ਸੁੱਖ ਲਈ ਕਾਰੋਬਾਰ ਅਤੇ ਜਾਇਦਾਦਾਂ ਬਣਾਉਣ ਦੇ ਵਿੱਚ ਸਾਰੀ ਉਮਰ ਉਲਝਿਆ ਰਹਿੰਦਾ ਹੈ। ਧਨ, ਜੋਬਨ, ਮਾਲ, ਸ਼ਬਦ (ਭਾਵ ਬੋਲਣ ਦੀ ਸ਼ਕਤੀ), ਸਪਰਸ਼, ਰੰਗ, ਰਸ, ਭੋਗ ਆਦਿ ਸਭ ਮੋਹ ਦੇ ਮਿੱਠੇ ਜ਼ਹਿਰ ਦਾ ਹੀ ਰੂਪ ਹਨ, ਜੋ ਮਨੁੱਖ ਨੂੰ ਵਿਕਾਰਾਂ ਦੇ ਵਿਨਾਸ਼ਕਾਰੀ ਜਾਲ ਵਿੱਚ ਫਸਾ ਕੇ ਤਬਾਹ ਕਰ ਦਿੰਦੇ ਹਨ। ਸਮਝਣ ਵਾਲਾ ਸਤਿ ਇਹ ਹੈ ਕਿ ਇਸ ਜਨਮ ਦੇ ਤੁਹਾਡੇ ਪਰਿਵਾਰਕ ਸੰਬੰਧ ਕੋਈ ਨਵੇਂ ਸੰਬੰਧ ਨਹੀਂ ਹਨ। ਤੁਹਾਡੇ ਹੀ ਕਰਮਾਂ ਦੇ ਬੰਧਨਾਂ ਕਾਰਨ ਤੁਸੀਂ ਕਈ-ਕਈ ਵਾਰ ਇਨ੍ਹਾਂ ਸੰਬੰਧਾਂ ਵਿੱਚੋਂ ਲੰਘ ਚੁਕੇ ਹੋ। ਤੁਹਾਡੇ ਧੀਆਂ-ਪੁੱਤਰ ਮਾਤ-ਪਿਤਾ ਸਾਰੇ ਰਿਸ਼ਤੇ ਨਾਤੇ ਕੋਈ ਨਵੇਂ ਨਹੀਂ ਹਨ। ਤੁਸੀਂ ਜਨਮ-ਮਰਨ ਦੇ ਬੰਧਨ ਵਿੱਚ ਫਸੇ ਹੋਏ ਇਨ੍ਹਾਂ ਸੰਬੰਧਾਂ ਦਾ ਲੇਖਾ-ਜੋਖਾ ਦੇਣ ਲਈ ਫਿਰ ਜਨਮ ਲੈ ਕੇ ਆਪਣੇ ਪ੍ਰਾਲਬਧ ਅਨੁਸਾਰ ਕਰਮ ਕਰ ਰਹੇ ਹੋ। ਇਨ੍ਹਾਂ ਸੰਬੰਧਾਂ ਦੇ ਬੰਧਨ ਕਦੇ ਨਹੀਂ ਟੁੱਟਦੇ ਹਨ। ਕਲਯੁਗ ਵਿੱਚ ਜਨਮ ਲੈਣ ਵਾਲੇ ਮਨੁੱਖਾਂ ਦੇ ਜਨਮਾਂ ਦੀ ਗਿਣਤੀ ੨੦੦, ੩੦੦, ੪੦੦ ਜਨਮਾਂ ਤੋਂ ਵੀ ਵੱਧ ਹੈ। ਇਨ੍ਹਾਂ ਜਨਮਾਂ ਦੇ ਵਿਚਕਾਰ ਕਿਤਨੀ ਵਾਰ ਕਲਯੁਗੀ ਮਨੁੱਖ ਜੂਨਾਂ ਵਿੱਚ ਭਟਕੇ ਹਨ ਇਸ ਦਾ ਕੋਈ ਅੰਦਾਜ਼ਾ ਨਹੀਂ ਹੈ। ਜਿਸ ਮਨੁੱਖ ਦੇ ੨੦੦ ਮਨੁੱਖੇ ਜਨਮ ਹੋਏ ਹਨ ਉਸ ਦਾ ਜੇਕਰ ਹਿਸਾਬ ਲਾਇਆ ਜਾਏ ਤਾਂ ਫਰਜ਼ ਕਰੋ ਜੇਕਰ ਉਸਦੀ ਔਸਤਨ ਉਮਰ ੮੦ ਸਾਲ ਦੀ ਜਨਮ ਹੋਵੇ ਤਾਂ ਉਸਦੀ ਮਨੁੱਖੇ ਜਨਮਾਂ ਦੀ ਉਮਰ ੧੬੦੦੦ ਸਾਲ ਹੋਵੇਗੀ। ਇਸ ਤਰ੍ਹਾਂ ਨਾਲ ਜੇ ਮਨੁੱਖ ਦੇ ੪੦੦ ਮਨੁੱਖੇ ਜਨਮ ਹਨ, ਉਸਦੀ ਮਨੁੱਖੇ ਜਨਮਾਂ ਦੀ ਉਮਰ ੩੨੦੦੦ ਸਾਲ ਹੋਈ। ਪਰੰਤੂ ਗੁਰਬਾਣੀ ਅਨੁਸਾਰ ਮਾਇਆ ਵਿੱਚ ਡੁੱਬੇ ਹੋਏ ਮਨੁੱਖ ਦੇ ੧,੦੦,੦੦੦ ਜਨਮਾਂ ਦੀ ਕਥਾ ਲਿਖੀ ਗਈ ਹੈ। ਇਸ ਪਰਮ ਸਤਿ ਤੱਤ ਨੂੰ ਗੁਰਬਾਣੀ ਵਿੱਚ ਦ੍ਰਿੜ੍ਹ ਕਰਵਾਇਆ ਗਿਆ ਹੈ:

ਜਿਸੁ ਪ੍ਰਭੁ ਅਪਣਾ ਵਿਸਰੈ ਸੋ ਮਰਿ ਜੰਮੈ ਲਖ ਵਾਰ ਜੀਉ ॥੬॥
(ਪੰਨਾ ੭੬੧)

ਇਸ ਸਮੇਂ ਦੇ ਵਿੱਚ ਜੇਕਰ ਜੂਨੀਆਂ ਵਿੱਚ ਭਟਕਣ ਦਾ ਸਮਾਂ ਵੀ ਜੋੜ ਦਿੱਤਾ ਜਾਵੇ ਤਾਂ ਇਹ ਸਮਾਂ ਕਿਤਨਾ ਲੰਬਾ ਹੋ ਜਾਏਗਾ ਇਸਦਾ ਅੰਦਾਜ਼ਾ ਲਾਉਣਾ ਮੁਸ਼ਕਿਲ ਹੈ। ਭਾਵ ਕਲਯੁਗੀ ਮਨੁੱਖ ਅਣਮਿੱਥੇ ਸਮੇਂ ਤੋਂ ਮਨੁੱਖੇ ਜਨਮਾਂ ਅਤੇ ਜੂਨਾਂ ਵਿੱਚ ਭਟਕ ਰਿਹਾ ਹੈ। ਇਸ ਭਟਕਣਾ ਦਾ ਮੂਲ ਕਾਰਨ ਮਨੁੱਖ ਦਾ ਮਾਇਆ ਮੋਹ ਦਾ ਮਿੱਠਾ ਜ਼ਹਿਰ ਹੀ ਹੈ ਜਿਸਨੂੰ ਪੀ ਪੀ ਕੇ ਮਨੁੱਖ ਰੱਜਦਾ ਨਹੀਂ ਅਤੇ ਅਣਮਿੱਥੇ ਸਮੇਂ ਤੋਂ ਇਸੇ ਤਰ੍ਹਾਂ ਮਨੁੱਖੇ ਜਨਮਾਂ ਅਤੇ ਜੂਨਾਂ ਵਿੱਚ ਭਟਕਦਾ ਰਹਿੰਦਾ ਹੈ। ਜ਼ਰਾ ਸੋਚੋ ਕਿ ਜੇਕਰ ਮਨੁੱਖ ਦੀ ੧੬੦੦੦ ਤੋਂ ੩੨੦੦੦ ਸਾਲ ਮਨੁੱਖੀ ਉਮਰ ਭੋਗ ਕੇ ਤ੍ਰਿਸ਼ਨਾ ਨਹੀਂ ਬੁਝੀ ਤਾਂ ਇਸ ਜਨਮ ਵਿੱਚ ਬੁਝ ਜਾਏਗੀ? ਜਰਾ ਸੋਚੋ ਕਿ ਜੇਕਰ ਮਨੁੱਖ ਦੀ ੧੬੦੦੦ ਤੋਂ ੩੨੦੦੦ ਸਾਲ ਮਨੁੱਖੀ ਉਮਰ ਭੋਗ ਕੇ ਸੰਸਾਰਿਕ ਪਦਾਰਥਾਂ, ਸੰਬੰਧਾਂ ਅਤੇ ਰਿਸ਼ਤਿਆਂ ਨੂੰ ਭੋਗਦੇ ਹੋਏ ਰੱਜ ਨਾ ਹੋ ਸਕਿਆ ਤਾਂ ਹੋਰ ਕੁਝ ਸਾਲਾਂ ਦੀ ਉਮਰ ਭੋਗ ਕੇ ਇਨ੍ਹਾਂ ਝੂਠੇ ਸੰਬੰਧਾਂ ਨਾਲ ਅਤੇ ਪਦਾਰਥਾਂ ਦੇ ਭੋਗ ਨਾਲ ਰੱਜ ਹੋ ਸਕੇਗਾ? ਤ੍ਰਿਸ਼ਨਾ ਦਾ ਮਿੱਠਾ ਜ਼ਹਿਰ ਹੈ ਹੀ ਐਸੀ ਤਸੀਰ ਦਾ ਕਿ ਇਹ ਜਿਤਨਾ ਮਰਜ਼ੀ ਪੀ ਲਵੋ ਇਸ ਨਾਲ ਮਨੁੱਖ ਦੀ ਸੰਸਾਰਿਕ ਪਦਾਰਥਾਂ ਅਤੇ ਸੰਬੰਧਾਂ ਦੀ ਭੁੱਖ ਪਿਆਸ ਦਾ ਅੰਤ ਨਹੀਂ ਹੁੰਦਾ ਹੈ। ਕਿਉਂਕਿ ਮਾਇਆ ਦੀ ਗੁਲਾਮੀ ਵਿੱਚ ਇਤਨੀ ਲੰਬੀ ਮਨੁੱਖਾ ਜੂਨਾਂ ਵਿੱਚ ਵਿਚਰਦੇ ਹੋਏ ਮਨੁੱਖ ਦੀ ਤ੍ਰਿਸ਼ਨਾ ਨਹੀਂ ਬੁਝਦੀ ਇਸੇ ਲਈ ਮਾਇਆ ਨੂੰ ਗੁਰਬਾਣੀ ਵਿੱਚ ਜ਼ਹਿਰ ਦੀ ਸੰਗਿਆ ਦਿੱਤੀ ਗਈ ਹੈ। ਕਿਉਂਕਿ ਇਤਨੀ ਲੰਬੀ ਮਨੁੱਖੇ ਜਨਮਾਂ ਦੀ ਉਮਰ ਦੇ ਦੌਰਾਨ ਸੰਸਾਰਿਕ ਪਦਾਰਥਾਂ ਅਤੇ ਰਿਸ਼ਤਿਆਂ ਦਿਆਂ ਸੰਬੰਧਾਂ ਨੂੰ ਭੋਗ-ਭੋਗ ਕੇ ਮਨੁੱਖ ਦਾ ਰੱਜ ਨਹੀਂ ਹੁੰਦਾ ਹੈ। ਇਸੇ ਕਾਰਨ ਕਰਮ ਦੇ ਬੰਧਨਾਂ ਤੋਂ ਮਨੁੱਖ ਦਾ ਛੁਟਕਾਰਾ ਨਹੀਂ ਹੁੰਦਾ ਹੈ ਅਤੇ ਮਨੁੱਖ ਜਨਮ-ਮਰਨ ਦੇ ਬੰਧਨ ਤੋਂ ਮੁਕਤ ਨਹੀਂ ਹੁੰਦਾ ਹੈ। ਇਸੇ ਲਈ ਮਾਇਆ ਨੂੰ ‘ਬਿਖਿਆ’ ਕਿਹਾ ਗਿਆ ਹੈ। ਮਾਇਆ ਦੀ ਗੁਲਾਮੀ ਵਿੱਚ ਮਾਇਆ ਦੇ ਮਿੱਠੇ ਜ਼ਹਿਰ ਨਾਲ ਠਗਿਆ ਹੋਇਆ ਮਨੁੱਖ ਪੂਰਨ ਸਤਿ ਤੋਂ ਅਣਜਾਣ ਬਾਰ-ਬਾਰ ਜੰਮਦਾ ਅਤੇ ਮਰਦਾ ਹੈ। ਮਾਇਆ ਮੋਹ ਦੇ ਮਿੱਠੇ ਜ਼ਹਿਰ ਦੇ ਨਸ਼ੇ ਵਿੱਚ ਮਦਹੋਸ਼ ਮਨੁੱਖ ਸਤਿ ਪਾਰਬ੍ਰਹਮ ਪਰਮੇਸ਼ਰ ਨੂੰ ਵਿਸਾਰ ਕੇ ਜਨਮ-ਮਰਨ ਦੇ ਬੰਧਨ ਵਿੱਚ ਅਣਮਿੱਥੇ ਸਮੇਂ ਲਈ ਭਟਕਦਾ ਰਹਿੰਦਾ ਹੈ।

 
ਇਹ ਬੇਅੰਤ ਅਸ਼ਚਰਜ ਦੀ ਗੱਲ ਹੈ ਕਿ ਮਨੁੱਖੇ ਜੀਵਨ ਦੇ ਇਤਨੇ ਲੰਬੇ ਸਮੇਂ ਮਾਇਆ ਦੇ ਮਿੱਠੇ ਜ਼ਹਿਰ ਨੂੰ ਭੋਗਦੇ ਹੋਏ ਵੀ ਮਨੁੱਖ ਦਾ ਮਾਇਆ ਦਾ ਮਿੱਠਾ ਜ਼ਹਿਰ ਪੀ ਪੀ ਕੇ ਰੱਜ ਨਹੀਂ ਹੁੰਦਾ ਹੈ ਅਤੇ ਨਾ ਹੀ ਮਨੁੱਖ ਨੂੰ ਮਾਇਆ ਦੇ ਇਸ ਮਿੱਠੇ ਜ਼ਹਿਰ ਨੂੰ ਛੱਡਣ ਦੀ ਸੋਝੀ ਪੈਂਦੀ ਹੈ। ਮਾਇਆ ਐਸੀ ਠਗਣੀ ਦੈਤਨੀ ਹੈ ਕਿ ਆਮ ਮਨੁੱਖ ਜੋ ਕਿ ਮਾਇਆ ਦਾ ਗੁਲਾਮ ਹੈ ਉਸਦੀ ਗੱਲ ਤਾਂ ਛੱਡੋ ਪਰੰਤੂ ਹੈਰਾਨਗੀ ਦੀ ਗੱਲ ਇਹ ਹੈ ਕਿ ਜੋ ਮਨੁੱਖ ਗੁਰਬਾਣੀ ਦਾ ਪਠਨ ਵੀ ਕਰਦੇ ਹਨ ਅਤੇ ਰੋਜ਼ਾਨਾ ਨਿਤਨੇਮ ਵਿੱਚ ਪੰਜ ਬਾਣੀਆਂ ਦਾ ਪਠਨ ਵੀ ਕਰਦੇ ਹਨ, ਦਿਨ ਵਿੱਚ ਕਈ ਵਾਰੀ ਸੁਖਮਨੀ ਸਾਹਿਬ ਅਤੇ ਜਪੁਜੀ ਬਾਣੀ ਦਾ ਪਠਨ ਵੀ ਕਰਦੇ ਹਨ, ਕੀਰਤਨ ਬਾਣੀ ਵੀ ਸੁਣਦੇ ਹਨ, ਉਨ੍ਹਾਂ ਮਨੁੱਖਾਂ ਦੇ ਪੱਲੇ ਵੀ ਮਾਇਆ ਦੇ ਇਸ ਵਿਨਾਸ਼ਕਾਰੀ ਖੇਲ ਦੀ ਅਤੇ ਮਾਇਆ ਦਾ ਤਿਆਗ ਕਰਨ ਦੀ ਸੋਝੀ ਨਹੀਂ ਪੈਂਦੀ ਹੈ। ਇਸਦਾ ਕਾਰਨ ਇਹ ਹੀ ਹੈ ਕਿ ਮਨੁੱਖ ਆਪਣੇ ਮਨ ਦੀਆਂ ਚਤੁਰਾਈਆਂ ਵਿੱਚ ਉਲਝਿਆ ਰਹਿੰਦਾ ਹੈ। ਆਪਣੇ ਹੀ ਮਨ ਦੀਆਂ ਚਤੁਰਾਈਆਂ ਵਿੱਚ ਉਲਝੇ ਹੋਏ ਮਨੁੱਖ ਨੂੰ ਗੁਰਮਤਿ ਗੁਰਬਾਣੀ ਦਾ ਪਠਨ ਕਰਦੇ ਹੋਏ ਵੀ ਮਾਇਆ ਠਗਣੀ ਦੇ ਇਸ ਮਿੱਠੇ ਜ਼ਹਿਰ ਦੀ ਸੋਝੀ ਨਹੀਂ ਪੈਂਦੀ ਹੈ।

ਮਾਇਆ ਦੀ ਰਚਨਾ ਵੀ ਸਤਿ ਪਾਰਬ੍ਰਹਮ ਪਰਮੇਸ਼ਰ ਨੇ ਹੀ ਕੀਤੀ ਹੈ।
ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ ॥
ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ ॥

ਸ੍ਰਿਸ਼ਟੀ ਦੇ ਆਦਿ ਤੋਂ ਪੂਰਵ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ੩੬ ਯੁੱਗ ਸੁੰਨ ਸਮਾਧੀ ਵਿੱਚ ਸਥਿਤ ਰਹੇ; ਅਤੇ ਫਿਰ ਸੁੰਨ ਵਿੱਚੋਂ ਹੀ ਫੁਰਨਾ ਹੋਇਆ ਇੱਕ ਏਕ ਤੋਂ ਅਨੇਕ ਹੋ ਜਾਵਾਂ। ਇਹ ਫੁਰਨਾ ਹੀ ਮਾਇਆ ਦੀ ਉਤਪਤੀ ਦਾ ਕਾਰਨ ਬਣਿਆ ਅਤੇ ਮਾਇਆ ਪ੍ਰਗਟ ਹੋਈ। ਇਹ ਪਰਮ ਸਤਿ ਤੱਤ ਸਮਝਣਾ ਬਹੁਤ ਜ਼ਰੂਰੀ ਹੈ ਕਿ ਗੁਰਬਾਣੀ ਵਿੱਚ ਜਿੱਥੇ ਵੀ ‘ਏਕ’ ਸ਼ਬਦ ਜਾਂ ‘੧’ ਪ੍ਰਗਟ ਕੀਤਾ ਗਿਆ ਹੈ ਉਥੇ ਇਹ ਸ਼ਬਦ ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬੇਅੰਤ ਅਨੰਤ ਸ਼ਕਤੀ ਨੂੰ ਪ੍ਰਗਟ ਕਰਦਾ ਹੈ। ਫਿਰ ‘ਏਕਾ’ ਭਾਵ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਅਤੇ ਮਾਇਆ ਦੇ ਜੁੜਣ ਦੀ ਜੁਗਤ ਨਾਲ ਮਾਇਆ ਪ੍ਰਸੂਤ ਹੋਈ ਅਤੇ ਤਿੰਨ ਸ਼ਕਤੀਆਂ ਦਾ ਜਨਮ ਹੋਇਆ। ਗੁਰਬਾਣੀ ਅਨੁਸਾਰ ਇਨ੍ਹਾਂ ੩ ਸ਼ਕਤੀਆਂ ਦਾ ਨਾਮ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਹੈ।

ਸੁੰਨਹੁ ਬ੍ਰਹਮਾ ਬਿਸਨੁ ਮਹੇਸੁ ਉਪਾਏ ॥
(ਪੰਨਾ ੧੦੩੭)

ਇਸ ਸਲੋਕ ਵਿੱਚ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਸ਼ਾਹ ਜੀ ਨੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਅਤੇ ਮਾਇਆ ਦੇ ਸੰਬੰਧ ਨਾਲ ਤਿੰਨ ਚੇਲਿਆਂ ਦੇ ਉੱਤਪੰਨ ਹੋਣ ਦੀ ਕਥਾ ਪ੍ਰਗਟ ਕੀਤੀ ਹੈ। ਪੁੱਤਰ ਉਹ ਹੁੰਦਾ ਹੈ ਜੋ ਪਿਤਾ ਦੇ ਬਿੰਦ ਅਤੇ ਮਾਤਾ ਦੇ ਰਕਤ ਦੇ ਸੁਮੇਲ ਨਾਲ ਜੰਮਦਾ ਹੈ। ਇਸ ਤਰ੍ਹਾਂ ਪੁੱਤਰ ਦਾ ਜਨਮ ਕੇਵਲ ਮਾਤਾ ਅਤੇ ਪਿਤਾ ਦੇ ਸ਼ਰੀਰਕ ਸੰਬੰਧ ਨਾਲ ਪੈਦਾ ਹੁੰਦਾ ਹੈ। ਪਰੰਤੂ ਨਾ ਕੋਈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਸ਼ਰੀਰ ਹੈ ਕਿਉਂਕਿ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਕੋਈ ਰੂਪ, ਰੰਗ, ਰੇਖ ਨਹੀਂ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਆਕਾਰ ਰਹਿਤ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਕੇਵਲ ਬੇਅੰਤ ਪਰਮ ਸ਼ਕਤੀ ਰੂਪ ਹੀ ਹੈ। ਇਸੇ ਤਰ੍ਹਾਂ ਮਾਇਆ ਦਾ ਵੀ ਕੋਈ ਭੌਤਿਕ ਸ਼ਰੀਰ ਨਹੀਂ ਹੈ ਅਤੇ ਮਾਇਆ ਵੀ ਕੇਵਲ ਸ਼ਕਤੀ ਰੂਪ ਹੀ ਹੈ। ਇਸ ਲਈ ਇਨ੍ਹਾਂ ਦੋ ਸ਼ਕਤੀਆਂ ਜੋ ਕਿ ਮਾਇਆ ਅਤੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਸੂਖਸ਼ਮ ਰੂਪ ਵਿੱਚ ਹਨ ਉਨ੍ਹਾਂ ਦਾ ਸੰਬੰਧ ਵੀ ਸੂਖਸ਼ਮ ਹੀ ਹੈ ਇਸੇ ਲਈ ਇਨ੍ਹਾਂ ਦੋਨੋਂ ਸ਼ਕਤੀਆਂ ਦੇ ਸੰਬੰਧ ਨਾਲ ਜਦ ਮਾਇਆ ਪ੍ਰਸੂਤ ਹੋਈ ਤਾਂ ਤਿੰਨ ਸ਼ਕਤੀਆਂ ਦਾ ਹੀ ਜਨਮ ਹੋਇਆ। ਇਸੇ ਲਈ ਇਨ੍ਹਾਂ ਸ਼ਕਤੀਆਂ ਨੂੰ ੩ ਚੇਲੇ ਕਿਹਾ ਗਿਆ ਹੈ। ਇਸ ਤਰ੍ਹਾਂ ਇਹ ਪੂਰਨ ਸਤਿ ਤੱਤ ਹੈ ਕਿ ਪਿਤਾ ਦੇ ਵੀਰਜ ਅਤੇ ਮਾਤਾ ਦੇ ਰਕਤ ਤੋਂ ਬਿੰਦੀ ਸੰਤਾਨ ਜਨਮ ਲੈਂਦੀ ਹੈ ਅਤੇ ਸ਼ਬਦ ਦੀ ਕਿਰਪਾ ਸ਼ਕਤੀ ਨਾਲ ਪੈਦਾ ਹੋਏ ਚੇਲੇ ਹੁੰਦੇ ਹਨ। ਦੋ ਸੂਖਸ਼ਮ ਤੱਤਾਂ ਦੇ ਮੇਲ ਨਾਲ ਕੇਵਲ ਚੇਲੇ ਹੀ ਉੱਤਪੰਨ ਹੁੰਦੇ ਹਨ। ਸਤਿਗੁਰੂ ਦੇ ਪਰਮ ਤੱਤ ਸਤਿ ਤੱਤ ਅਤੇ ਜਿਗਿਆਸੂ ਦੇ ਪਰਮ ਤੱਤ ਸਤਿ ਤੱਤ ਦੇ ਸੁਮੇਲ ਨਾਲ ਗੁਰੂ ਅਤੇ ਚੇਲੇ ਦਾ ਸੰਬੰਧ ਬਣਦਾ ਹੈ। ਇਸ ਲਈ ਬ੍ਰਹਮ ਤੱਤ ਅਤੇ ਮਾਇਆ ਦੇ ਸੰਬੰਧ ਜੁੜਣ ਨਾਲ ਤਿੰਨ ਸ਼ਕਤੀਆਂ ਉੱਤਪੰਨ ਹੋਈਆਂ ਜਿਨ੍ਹਾਂ ਨੂੰ ਗੁਰਬਾਣੀ ਵਿੱਚ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਕਹਿ ਕੇ ਸੰਬੋਧਨ ਕੀਤਾ ਹੈ। ਇਹ ਤਿੰਨ ਸ਼ਕਤੀਆਂ ਜੋ ਸੂਖਸ਼ਮ ਤੱਤ ਦੇ ਸੁਮੇਲ ਨਾਲ ਉੱਤਪੰਨ ਹੋਈਆਂ ਉਨ੍ਹਾਂ ਨੂੰ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਸ਼ਾਹ ਜੀ ਨੇ ਤਿੰਨ ਚੇਲੇ ਕਹਿ ਕੇ ਬਿਆਨ ਕੀਤਾ ਹੈ।

 
ਮਾਇਆ ਦੇ ਪ੍ਰਸੂਤ ਹੋਣ ਨਾਲ ਜੋ ਇਹ ਤਿੰਨ ਸ਼ਕਤੀਆਂ ਪਰਮ ਸ਼ਕਤੀ ਦੇ ਪਰਮ ਤੱਤ ਵਿੱਚੋਂ ਉੱਤਪੰਨ ਹੋਈਆਂ ਉਨ੍ਹਾਂ ਸ਼ਕਤੀਆਂ ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਤਿੰਨ ਮਹਤੱਵਪੂਰਨ ਕਾਰਜ ਸੌਂਪੇ : ਬ੍ਰਹਮਾ ਨੂੰ ਸ੍ਰਿਸ਼ਟੀ ਦੀ ਹਰ ਇੱਕ ਰਚਨਾ ਨੂੰ ਰਚਨ ਦੀ ਸ਼ਕਤੀ ਸੌਂਪੀ। ਇਸ ਲਈ ਬ੍ਰਹਮਾ ਸਾਰੀ ਸ੍ਰਿਸ਼ਟੀ ਦੀ ਰਚਨਾ ਕਰਦਾ ਹੈ; ਵਿਸ਼ਨੂੰ ਨੂੰ ਸਾਰੀ ਸ੍ਰਿਸ਼ਟੀ ਦੀ ਪਾਲਣਾ ਦਾ ਕਾਰ ਵਿਹਾਰ ਸੌਂਪਿਆ; ਅਤੇ ਮਹੇਸ਼ ਨੂੰ ਜਿਸ ਨੂੰ ਸ਼ਿਵਾ ਵੀ ਕਿਹਾ ਜਾਂਦਾ ਹੈ ਉਸ ਨੂੰ ਸ੍ਰਿਸ਼ਟੀ ਦੇ ਸੰਘਾਰ ਕਰਨ ਦੀ ਸ਼ਕਤੀ ਨਾਲ ਨਿਵਾਜਿਆ। ਇਨ੍ਹਾਂ ਤਿੰਨ੍ਹਾਂ ਸ਼ਕਤੀਆਂ ਦੀ ਜਨਮ ਦਾਤਾ ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬੇਅੰਤ ਪਰਮ ਸ਼ਕਤੀ ਆਪ ਹੈ। ਇਹ ਤਿੰਨ ਸ਼ਕਤੀਆਂ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਬਣਾਏ ਸਾਰੇ ਵਿਧਾਨਾਂ ਅਨੁਸਾਰ ਹੀ ਵਰਤਦੀਆਂ ਹਨ। ਇਸ ਲਈ ਇਹ ਸ਼ਕਤੀਆਂ ਬੇਅੰਤ ਨਹੀਂ ਹਨ। ਇਹ ਤਿੰਨ ਸ਼ਕਤੀਆਂ ਬੇਅੰਤ ਅਨੰਤ ਦੇ ਹੁਕਮ ਅਨੁਸਾਰ ਹੀ ਆਪਣਾ ਕਾਰ ਵਿਹਾਰ ਸੰਭਾਲਦੀਆਂ ਹਨ। ਕਿਉਂਕਿ ਇਹ ਤਿੰਨ ਸ਼ਕਤੀਆਂ ਮਾਇਆ ਦੇ ਪ੍ਰਸੂਤ ਹੋਣ ਕਰਕੇ ਜੰਮੀਆਂ ਹਨ ਇਸ ਲਈ ਇਨ੍ਹਾਂ ਦੀ ਜਨਨੀ ਮਾਇਆ ਹੈ। ਇਸ ਲਈ ਸਾਰੀ ਸ੍ਰਿਸ਼ਟੀ ਦੀ ਹਰ ਇੱਕ ਭੌਤਿਕ ਰਚਨਾ ਮਾਇਆ ਹੀ ਹੈ। ਸੰਸਾਰ ਦੀ ਹਰ ਇੱਕ ਰਚਨਾ ਮਾਇਆ ਹੀ ਹੈ। ਇਸੇ ਕਰਕੇ ਸੰਸਾਰ ਨੂੰ ਭਵਸਾਗਰ ਕਿਹਾ ਗਿਆ ਹੈ। ਧੰਨ ਧੰਨ ਸਤਿਗੁਰ ਅਵਤਾਰ ਅਰਜਨ ਦੇਵ ਜੀ ਨੇ ਮਾਇਆ ਦੇ ਵਿਨਾਸ਼ਕਾਰੀ ਰੂਪ ਨੂੰ ਇਸ ਸਲੋਕ ਵਿੱਚ ਪ੍ਰਗਟ ਕੀਤਾ ਹੈ :-

ਆਸਾ ਮਹਲਾ ੫ ॥
ਮਾਥੈ ਤ੍ਰਿਕੁਟੀ ਦ੍ਰਿਸਟਿ ਕਰੂਰਿ ॥ ਬੋਲੈ ਕਉੜਾ ਜਿਹਬਾ ਕੀ ਫੂੜਿ ॥
ਸਦਾ ਭੂਖੀ ਪਿਰੁ ਜਾਨੈ ਦੂਰਿ ॥੧॥ ਐਸੀ ਇਸਤ੍ਰੀ ਇੱਕ ਰਾਮਿ ਉਪਾਈ ॥
ਉਨਿ ਸਭੁ ਜਗੁ ਖਾਇਆ ਹਮ ਗੁਰਿ ਰਾਖੇ ਮੇਰੇ ਭਾਈ ॥ ਰਹਾਉ ॥
ਪਾਇ ਠਗਉਲੀ ਸਭੁ ਜਗੁ ਜੋਹਿਆ ॥ ਬ੍ਰਹਮਾ ਬਿਸਨੁ ਮਹਾਦੇਉ ਮੋਹਿਆ ॥
ਗੁਰਮੁਖਿ ਨਾਮਿ ਲਗੇ ਸੇ ਸੋਹਿਆ ॥੨॥ ਵਰਤ ਨੇਮ ਕਰਿ ਥਾਕੇ ਪੁਨਹਚਰਨਾ ॥
ਤਟ ਤੀਰਥ ਭਵੇ ਸਭ ਧਰਨਾ ॥ ਸੇ ਉਬਰੇ ਜਿ ਸਤਿਗੁਰ ਕੀ ਸਰਨਾ ॥੩॥
ਮਾਇਆ ਮੋਹਿ ਸਭੋ ਜਗੁ ਬਾਧਾ ॥ ਹਉਮੈ ਪਚੈ ਮਨਮੁਖ ਮੂਰਾਖਾ ॥
ਗੁਰ ਨਾਨਕ ਬਾਹ ਪਕਰਿ ਹਮ ਰਾਖਾ ॥੪॥੨॥੯੬॥
(ਪੰਨਾ ੩੯੪)

ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਮਾਇਆ ਨੂੰ ਇੱਕ ਕਰੂਰ ਇਸਤ੍ਰੀ ਦੇ ਰੂਪ ਵਿੱਚ ਬਣਾਇਆ ਹੈ ਜਿਸਦੇ ਮਸਤਕ ਉੱਪਰ ਕ੍ਰੋਧ ਨਾਲ ਭਰੀਆਂ ਹੋਈਆਂ ਤਿਉੜੀਆਂ ਹਨ ਅਤੇ ਜਿਸਨੇ ਆਪਣੇ ਕ੍ਰੋਧ ਵਿੱਚ ਸਾਰੇ ਸੰਸਾਰ ਨੂੰ ਆਪਣੇ ਮਨ ਮੋਹਣੇ ਰੂਪ ਵਿੱਚ ਪ੍ਰਗਟ ਹੋ ਕੇ ਠੱਗ ਲਿਆ ਹੈ। ਮਾਇਆ ਇੱਕ ਨਸ਼ੀਲੀ ਬੂਟੀ ਵਾਂਗ ਹੈ ਜਿਸਨੂੰ ਛੱਕ ਕੇ ਮਨੁੱਖ ਬੇਹੋਸ਼ ਹੋ ਜਾਂਦਾ ਹੈ ਅਤੇ ਇਸੇ ਬੇਹੋਸ਼ੀ ਦੀ ਹਾਲਤ ਵਿੱਚ ਆਪਣਾ ਸਾਰਾ ਜੀਵਨ ਮਾਇਆ ਦੀ ਗੁਲਾਮੀ ਵਿੱਚ ਬਿਤਾ ਦਿੰਦਾ ਹੈ। ਮਨੁੱਖ ਜੋ ਕਿ ਅਕਾਲ ਪੁਰਖ ਦੀ ਸਰਵ ਉੱਤਮ ਰਚਨਾ ਹੈ ਉਸ ਨੂੰ ਬਣਾ ਕੇ ਮਾਇਆ ਦੇ ਇਸ ਮਨ ਮੋਹਕ ਜਾਲ ਵਿੱਚ ਛੱਡ ਦਿੱਤਾ ਹੈ। ਕੇਵਲ ਮਨੁੱਖ ਜੂਨ ਨੂੰ ਹੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਦਰਸ਼ਨ ਅਤੇ ਪੂਰਨ ਬ੍ਰਹਮ ਗਿਆਨ ਦੀ ਬਖ਼ਸ਼ਿਸ਼ ਪ੍ਰਾਪਤ ਹੋ ਸਕਦੀ ਹੈ। ਇਸ ਲਈ ਮਨੁੱਖਾ ਜਨਮ ਨੂੰ ਅਨਮੋਲਕ ਰਤਨ ਹੀਰਾ ਕਿਹਾ ਗਿਆ ਹੈ। ਪਰੰਤੂ ਮਾਇਆ ਦੇ ਇਸ ਜਾਲ ਜੋ ਕਿ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਤ੍ਰਿਸ਼ਨਾ ਦੇ ਨਾਲ ਬੁਣਿਆ ਗਿਆ ਹੈ ਉਸ ਵਿੱਚ ਮਨੁੱਖ ਬੜੀ ਆਸਾਨੀ ਨਾਲ ਉਲਝ ਕੇ ਰਹਿ ਜਾਂਦਾ ਹੈ ਅਤੇ ਇਸ ਤਰ੍ਹਾਂ ਮਾਇਆ ਉਸ ਨੂੰ ਆਪਣਾ ਗੁਲਾਮ ਬਣਾ ਕੇ ਖ਼ਤਮ ਕਰ ਦਿੰਦੀ ਹੈ। ਕੇਵਲ ਉਹ ਮਨੁੱਖ ਜਿਸ ਉੱਪਰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ ਉਸ ਨੂੰ ਮਾਇਆ ਦੀ ਇਸ ਗੁਲਾਮੀ ਤੋਂ ਬਚਾ ਕੇ ਰੱਖ ਲੈਂਦਾ ਹੈ। ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਕਿਰਪਾ ਦੀ ਪਰਮ ਸ਼ਕਤੀ ਹੀ ਮਾਇਆ ਦੇ ਇਸ ਠਗਉਲੀ ਰੂਪ ਤੋਂ ਬਚਾ ਸਕਦੀ ਹੈ। ਇਥੋਂ ਤੱਕ ਕਿ ਬ੍ਰਹਮਾ, ਵਿਸ਼ਨੂੰ ਅਤੇ ਮਹਾਦੇਵ (ਸ਼ਿਵਾ) ਨੂੰ ਵੀ ਮਾਇਆ ਨੇ ਆਪਣੀ ਗੁਲਾਮੀ ਦੇ ਜਾਲ ਵਿੱਚ ਮੋਹ ਕੇ ਕਾਬੂ ਕੀਤਾ ਹੋਇਆ ਹੈ। ਭਾਵ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਵੀ ਮਾਇਆ ਦੇ ਹੀ ਗੁਲਾਮ ਹਨ। ਜੋ ਮਨੁੱਖ ਸਤਿਗੁਰ ਦੀ ਸ਼ਰਨ ਵਿੱਚ ਚਲੇ ਜਾਂਦੇ ਹਨ ਉਨ੍ਹਾਂ ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਕਿਰਪਾ ਨਸੀਬ ਹੋ ਜਾਂਦੀ ਹੈ ਅਤੇ ਉਹ ਗੁਰਮੁਖ ਬਣ ਕੇ ਭਾਵ ਆਪਣਾ ਤਨ ਮਨ ਧਨ ਸਤਿਗੁਰ ਦੇ ਚਰਨਾਂ ਉੱਪਰ ਅਰਪਣ ਕਰਕੇ ਗੁਰਪ੍ਰਸਾਦਿ ਦੀ ਪ੍ਰਾਪਤੀ ਕਰਕੇ ਇਸ ਦੀ ਪਰਮ ਸ਼ਕਤੀ ਦੇ ਪ੍ਰਭਾਵ ਨਾਲ ਮਾਇਆ ਦੇ ਚੁੰਗਲ ਤੋਂ ਬੱਚ ਜਾਂਦੇ ਹਨ। ਅੱਠਸੱਠ ਤੀਰਥ, ਵਰਤ, ਨੇਮ, ਸਭ ਬਾਹਰਲੇ ਧਾਰਮਿਕ ਚਿੰਨ੍ਹ ਹਨ ਅਤੇ ਇਹ ਸਭ ਬਾਹਰਲੀ ਰਹਿਤ ਹੈ। ਇਨ੍ਹਾਂ ਬਾਹਰਲੇ ਧਾਰਮਿਕ ਚਿੰਨ੍ਹਾਂ ਦੇ ਧਾਰਨ ਕਰਨ ਨਾਲ ਕੋਈ ਮਨੁੱਖ ਮਾਇਆ ਦੇ ਪ੍ਰਕੋਪ ਤੋਂ ਨਹੀਂ ਬੱਚ ਸਕਦਾ ਹੈ। ਇਨ੍ਹਾਂ ਬਾਹਰਲੀਆਂ ਰਹਿਤਾਂ ਦੇ ਨਾਲ ਕੋਈ ਮਨੁੱਖ ਮਾਇਆ ਉੱਪਰ ਜਿੱਤ ਨਹੀਂ ਪ੍ਰਾਪਤ ਕਰ ਸਕਦਾ ਹੈ। ਕੇਵਲ ਉਹ ਮਨੁੱਖ ਜੋ ਗੁਰਮੁਖ ਬਣ ਜਾਂਦੇ ਹਨ ਭਾਵ ਜੋ ਮਨਮਤਿ ਨੂੰ ਤਿਆਗ ਕੇ ਸਤਿਗੁਰ ਦੀ ਸ਼ਰਨ ਵਿੱਚ ਜਾ ਕੇ ਗੁਰਮਤਿ ਧਾਰਨ ਕਰਦੇ ਹਨ ਉਹ ਮਨੁੱਖ ਮਾਇਆ ਨੂੰ ਜਿੱਤ ਲੈਂਦੇ ਹਨ। ਐਸੇ ਮਨੁੱਖ ਜੋ ਸਤਿਗੁਰ ਦੀ ਸ਼ਰਨ ਵਿੱਚ ਜਾ ਕੇ ਗੁਰਪ੍ਰਸਾਦਿ ਦੀ ਪ੍ਰਾਪਤੀ ਕਰ ਲੈਂਦੇ ਹਨ ਉਨ੍ਹਾਂ ਨੂੰ ਸਤਿਗੁਰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਬਾਂਹ ਪਕੜ ਕੇ ਮਾਇਆ ਦੇ ਇਸ ਭਵਸਾਗਰ ਵਿੱਚੋਂ ਬਾਹਰ ਕੱਢ ਕੇ ਆਪਣੇ ਵਿੱਚ ਸਮਾ ਲੈਂਦਾ ਹੈ। ਮਨਮੁਖ ਮਾਇਆ ਦੀ ਗੁਲਾਮੀ ਵਿੱਚ ਆਪਣਾ ਜਨਮ ਗੁਆ ਲੈਂਦੇ ਹਨ।

 
ਪੂਰਨ ਬ੍ਰਹਮ ਗਿਆਨ ਦੇ ਇਸ ਪਰਮ ਸ਼ਕਤੀਸ਼ਾਲੀ ਸਲੋਕ ਵਿੱਚ ਧੰਨ ਧੰਨ ਸਤਿਗੁਰ ਅਵਤਾਰ ਅਰਜਨ ਦੇਵ ਜੀ ਨੇ ਇਹ ਸਪੱਸ਼ਟ ਕੀਤਾ ਹੈ ਕਿ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਮਾਇਆ ਦੇ ਅਧੀਨ ਹਨ। ਮੁਕਤੀ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਜਾ ਕੇ ਪ੍ਰਾਪਤ ਹੁੰਦੀ ਹੈ ਜੋ ਕਿ ਸਤਿਗੁਰ ਦੀ ਚਰਨ ਸ਼ਰਨ ਵਿੱਚ ਜਾ ਕੇ ਹੀ ਹਾਸਿਲ ਕੀਤੀ ਜਾ ਸਕਦੀ ਹੈ। ਕਿਉਂਕਿ ਸਤਿਗੁਰ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਅਭੇਦ ਹੈ। ਸਤਿਗੁਰ ਅਤੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਕੋਈ ਭੇਦ ਨਹੀਂ ਹੈ। ਇਸ ਪਰਮ ਸਤਿ ਤੱਤ ਨੂੰ ਗੁਰਬਾਣੀ ਦੇ ਹੋਰ ਕਈ ਸਲੋਕਾਂ ਵਿੱਚ ਪ੍ਰਮਾਣ ਅਤੇ ਪੂਰਨ ਬ੍ਰਹਮ ਗਿਆਨ ਦੇ ਰੂਪ ਵਿੱਚ ਪ੍ਰਗਟ ਕੀਤਾ ਗਿਆ ਹੈ :-

ਬ੍ਰਹਮਾ ਬਿਸਨੁ ਮਹਾਦੇਉ ਤ੍ਰੈ ਗੁਣ ਰੋਗੀ ਵਿਚਿ ਹਉਮੈ ਕਾਰ ਕਮਾਈ ॥
ਜਿਨਿ ਕੀਏ ਤਿਸਹਿ ਨ ਚੇਤਹਿ ਬਪੁੜੇ ਹਰਿ ਗੁਰਮੁਖਿ ਸੋਝੀ ਪਾਈ ॥੨॥
(ਪੰਨਾ ੭੩੫)

ਬ੍ਰਹਮਾ ਬਿਸਨੁ ਮਹੇਸੁ ਤ੍ਰੈ ਮੂਰਤਿ ਤ੍ਰਿਗੁਣਿ ਭਰਮਿ ਭੁਲਾਈ ॥੧੬॥
ਗੁਰ ਪਰਸਾਦੀ ਤ੍ਰਿਕੁਟੀ ਛੂਟੈ ਚਉਥੈ ਪਦਿ ਲਿਵ ਲਾਈ ॥੧੭॥
(ਪੰਨਾ ੯੦੯)

ਤ੍ਰਿਹ ਗੁਣ ਮਾਇਆ ਹੈ; ਅਤੇ ਚਉਥੇ ਪਦਿ ਵਿੱਚ ਜਾ ਕੇ ਤ੍ਰਿਕੁਟੀ ਪ੍ਰਕਾਸ਼ਮਾਨ ਹੁੰਦੀ ਹੈ ਤਾਂ ਗੁਰਪ੍ਰਸਾਦਿ ਦੀ ਪ੍ਰਾਪਤੀ ਹੋ ਕੇ ਮਨੁੱਖ ਦੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਨਾਮ ਵਿੱਚ ਸੁਰਤਿ ਜੁੜਦੀ ਹੈ। ਤ੍ਰਿਕੁਟੀ ਉਹ ਸੂਖਸ਼ਮ ਪਰਮ ਸ਼ਕਤੀ ਦਾ ਕੇਂਦਰ ਹੈ ਜੋ ਕਿ ਮਨੁੱਖ ਦੇ ਮਸਤਕ ਦੇ ਮੱਧ ਭਾਗ ਵਿੱਚ ਸਥਿਤ ਹੈ ਅਤੇ ਇਥੇ ਇੜਾ, ਪਿੰਗਲਾ ਅਤੇ ਸੁਸ਼ਮਨਾ ਨਾਮ ਦੀਆਂ ਸੂਖਸ਼ਮ ਨਾੜਾਂ ਮਿਲਦੀਆਂ ਹਨ। ਇੜਾ, ਪਿੰਗਲਾ ਅਤੇ ਸੁਸ਼ਮਨਾ ਮਨੁੱਖ ਦੀ ਕੁੰਡਲਨੀ ਵਿੱਚੋਂ ਸ਼ੁਰੂ ਹੋ ਕੇ ਰੀੜ ਦੇ ਵਿੱਚੋਂ ਲੰਘਦੀਆਂ ਹੋਈਆਂ ਮਨੁੱਖ ਦੇ ਮਸਤਕ ਤੱਕ ਪਹੁੰਚਦੀਆਂ ਹਨ। ਜਦ ਨਾਮ ਸਾਰੇ ਸਤਿ ਸਰੋਵਰਾਂ ਨੂੰ ਪ੍ਰਕਾਸ਼ਮਾਨ ਕਰਦਾ ਹੋਇਆ; ਇੜਾ, ਪਿੰਗਲਾ ਅਤੇ ਸੁਸ਼ਮਨਾ ਨੂੰ ਪ੍ਰਕਾਸ਼ਮਾਨ ਕਰਦਾ ਹੋਇਆ ਤ੍ਰਿਕੁਟੀ ਵਿੱਚ ਜਾਂਦਾ ਹੈ ਤਾਂ ਇੜਾ, ਪਿੰਗਲਾ ਅਤੇ ਸੁਸ਼ਮਨਾ ਦੀਆਂ ਸ਼ਕਤੀਆਂ ਜਾਗਰਤ ਹੋ ਜਾਂਦੀਆਂ ਹਨ ਅਤੇ ਜਦ ਇਨ੍ਹਾਂ ਤਿੰਨ ਸ਼ਕਤੀਆਂ ਦਾ ਸੁਮੇਲ ਹੁੰਦਾ ਹੈ ਤਾਂ ਤ੍ਰਿਕੁਟੀ ਖੁੱਲ੍ਹ ਜਾਂਦੀ ਹੈ। ਤ੍ਰਿਕੁਟੀ ਦੇ ਖੁੱਲ੍ਹਣ ਨਾਲ ਮਨੁੱਖ ਦੀ ਲਿਵ ਲੱਗ ਜਾਂਦੀ ਹੈ ਅਤੇ ਮਨੁੱਖ ਦੀ ਬੰਦਗੀ ‘ਚਉਥੇ ਪਦਿ’ ਵਿੱਚ ਅੱਪੜ ਜਾਂਦੀ ਹੈ। ਭਾਵ ਇਸ ਅਵਸਥਾ ਨੂੰ ਪ੍ਰਾਪਤ ਕਰਨਾ ਹੀ ਗੁਰਪ੍ਰਸਾਦਿ ਦੀ ਪ੍ਰਾਪਤੀ ਕਿਹਾ ਜਾਂਦਾ ਹੈ। ਇਸ ਅਵਸਥਾ ਵਿੱਚ ਪਹੁੰਚ ਕੇ ਹੀ ਬੰਦਗੀ ਸ਼ੁਰੂ ਹੁੰਦੀ ਹੈ ਅਤੇ ਪੂਰਨ ਹੁੰਦੀ ਹੈ। ਇਸੇ ਅਵਸਥਾ ਵਿੱਚ ਪਹੁੰਚ ਕੇ ਹੀ ਮਨੁੱਖ ਦਾ ਦਰਗਾਹ ਵਿੱਚ ਬੰਦਗੀ ਦਾ ਖ਼ਾਤਾ ਖੁੱਲ੍ਹਦਾ ਹੈ ਅਤੇ ਨਾਮ ਧਨ ਇਕੱਠਾ ਹੋਣਾ ਸ਼ੁਰੂ ਹੁੰਦਾ ਹੈ। ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਕੇਵਲ ਤ੍ਰਿਹ ਗੁਣ ਮਾਇਆ ਦੇ ਵਿੱਚ ਹੀ ਵਾਸ ਕਰਦੇ ਹਨ। ਉਨ੍ਹਾਂ ਨੂੰ ‘ਚਉਥੇ ਪਦਿ’ ਦੀ ਪ੍ਰਾਪਤੀ ਨਹੀਂ ਹੈ। ਉਹ ਕੇਵਲ ਮਾਇਆ ਦੀ ਸੇਵਾ ਕਰਦੇ ਹਨ। ਇਸ ਪਰਮ ਸਤਿ ਤੱਤ ਨੂੰ ਗੁਰਬਾਣੀ ਦੇ ਵਿੱਚ ਸਪੱਸ਼ਟ ਰੂਪ ਵਿੱਚ ਪ੍ਰਗਟਾਇਆ ਗਿਆ ਹੈ।
ਗੁਰਬਾਣੀ ਵਿੱਚ ਸੰਤ ਸਤਿਗੁਰ ਕਬੀਰ ਪਾਤਸ਼ਾਹ ਜੀ ਨੇ ਮਾਇਆ ਨੂੰ ਸਰਪਨੀ ਤੁੱਲ ਵੀ ਕਿਹਾ ਹੈ :-

ਆਸਾ ਇਕਤੁਕੇ ੪ ॥
ਸਰਪਨੀ ਤੇ ਊਪਰਿ ਨਹੀ ਬਲੀਆ ॥ ਜਿਨਿ ਬ੍ਰਹਮਾ ਬਿਸਨੁ ਮਹਾਦੇਉ ਛਲੀਆ ॥੧॥
ਮਾਰੁ ਮਾਰੁ ਸ੍ਰਪਨੀ ਨਿਰਮਲ ਜਲਿ ਪੈਠੀ ॥ ਜਿਨਿ ਤ੍ਰਿਭਵਣੁ ਡਸੀਅਲੇ ਗੁਰ ਪ੍ਰਸਾਦਿ ਡੀਠੀ ॥੧॥ ਰਹਾਉ ॥
ਸ੍ਰਪਨੀ ਸ੍ਰਪਨੀ ਕਿਆ ਕਹਹੁ ਭਾਈ ॥ ਜਿਨਿ ਸਾਚੁ ਪਛਾਨਿਆ ਤਿਨਿ ਸ੍ਰਪਨੀ ਖਾਈ ॥੨॥
ਸ੍ਰਪਨੀ ਤੇ ਆਨ ਛੂਛ ਨਹੀ ਅਵਰਾ ॥ ਸ੍ਰਪਨੀ ਜੀਤੀ ਕਹਾ ਕਰੈ ਜਮਰਾ ॥੩॥
ਇਹ ਸ੍ਰਪਨੀ ਤਾਂ ਕੀ ਕੀਤੀ ਹੋਈ ॥ ਬਲੁ ਅਬਲੁ ਕਿਆ ਇਸ ਤੇ ਹੋਈ ॥੪॥
ਇਹ ਬਸਤੀ ਤਾਂ ਬਸਤ ਸਰੀਰਾ ॥ ਗੁਰ ਪ੍ਰਸਾਦਿ ਸਹਜਿ ਤਰੇ ਕਬੀਰਾ ॥੫॥੬॥੧੯॥
(ਪੰਨਾ ੪੮੦)

ਇਹ ਸੱਪਣੀ ਰੂਪ ਮਾਇਆ ਤੋਂ ਬਲਸ਼ਾਲੀ ਸੰਸਾਰ ਵਿੱਚ ਹੋਰ ਕੋਈ ਵਸਤੂ ਨਹੀਂ ਹੈ। ਇਹ ਇਤਨੀ ਸ਼ਕਤੀਸ਼ਾਲੀ ਹੈ ਕਿ ਇਸਨੇ ਬ੍ਰਹਮਾ, ਵਿਸ਼ਨੂੰ ਅਤੇ ਮਹਾਦੇਵ ਨੂੰ ਵੀ ਆਪਣੇ ਬਲ ਨਾਲ ਛੱਲ ਲਿਆ ਹੈ। ਇਸ ਮਾਇਆ ਸੱਪਣੀ ਨੇ ਆਪਣੇ ਮੋਹ ਦੇ ਜਾਲ ਵਿੱਚ ਫਸਾ ਕੇ ਸਾਰਾ ਸੰਸਾਰ ਡੱਸ ਲਿਆ ਹੈ। ਭਾਵ ਮਾਇਆ ਦੇ ਮਨ ਮੋਹਕ ਪ੍ਰਭਾਵ ਹੇਠ ਸਾਰਾ ਸੰਸਾਰ ਆ ਕੇ ਇਸਦਾ ਗੁਲਾਮ ਬਣਿਆ ਹੋਇਆ ਹੈ। ਮਾਇਆ ਨੇ ਸਾਰੇ ਸੰਸਾਰ ਨੂੰ ਆਪਣੇ ਪਿੱਛੇ ਲਾਇਆ ਹੋਇਆ ਹੈ ਅਤੇ ਮਨੁੱਖ ਇਸ ਦੇ ਜਾਲ ਵਿੱਚ ਫੱਸ ਕੇ ਨਿਰੰਤਰ ਅਸ਼ਾਂਤੀ ਦੀ ਅਗਨ ਵਿੱਚ ਝੁਲ਼ਸਿਆ ਜਾ ਰਿਹਾ ਹੈ। ਮਾਇਆ ਦੀ ਇਹ ਵਿਨਾਸ਼ਕਾਰੀ ਅਗਨ ਅਤੇ ਇਸਦੀਆਂ ਵਿਨਾਸ਼ਕਾਰੀ ਸ਼ਕਤੀਆਂ ਤੋਂ ਕੇਵਲ ਸਤਿ ਸੰਗਤ ਹੀ ਬਚਾ ਸਕਦੀ ਹੈ। ਸਤਿ ਸੰਗਤ ਉਹ ਪਰਮ ਸ਼ਕਤੀ ਵਰਤਣ ਦਾ ਸਥਾਨ ਹੈ ਜਿਥੇ ਸਤਿਗੁਰ ਬੈਠਾ ਹੈ। ਸਤਿ ਸੰਗਤ ਉਹ ਸੰਗਤ ਹੈ ਜਿਥੇ ਪੂਰਨ ਸਤਿ ਪ੍ਰਗਟ ਹੁੰਦਾ ਹੈ। ਸਤਿ ਸੰਗਤ ਉਹ ਇਕੱਠ ਹੈ ਜਿਥੇ ਪੂਰਨ ਜੋਤ ਪ੍ਰਕਾਸ਼ ਪ੍ਰਗਟਿਓ ਜੋਤ ਪੂਰਨ ਬ੍ਰਹਮ ਗਿਆਨੀ ਦਾ ਛੱਤਰ ਪ੍ਰਗਟ ਹੁੰਦਾ ਹੈ। ਇਸ ਲਈ ਇਸ ਪਰਮ ਸ਼ਕਤੀਸ਼ਾਲੀ ਛੱਤਰ ਦੇ ਹੇਠ ਮਾਇਆ ਦੀਆਂ ਵਿਨਾਸ਼ਕਾਰੀ ਸ਼ਕਤੀਆਂ ਠੰਡੀਆਂ ਪੈ ਜਾਂਦੀਆਂ ਹਨ ਕਿਉਂਕਿ ਮਾਇਆ ਐਸੇ ਮਹਾ ਪੁਰਖਾਂ ਦੀ ਦਾਸੀ ਹੁੰਦੀ ਹੈ ਅਤੇ ਐਸੇ ਮਹਾ ਪੁਰਖਾਂ ਦੀ ਸੇਵਾ ਕਰਦੀ ਹੈ। ਐਸੇ ਮਹਾ ਪੁਰਖਾਂ ਦੀ ਸੰਗਤ ਵਿੱਚ ਗੁਰਪ੍ਰਸਾਦਿ ਦੀ ਪਰਮ ਸ਼ਕਤੀ ਵਰਤਦੀ ਹੈ। ਗੁਰਪ੍ਰਸਾਦਿ ਦੀ ਇਸ ਪਰਮ ਸ਼ਕਤੀ ਦੇ ਸਨਮੁਖ ਮਾਇਆ ਨੂੰ ਨੱਤਮਸਤਕ ਹੋਣਾ ਹੀ ਪੈਂਦਾ ਹੈ। ਇਸ ਤਰ੍ਹਾਂ ਨਾਲ ਸਤਿ ਸੰਗੀ ਜਨ ਜੋ ਗੁਰਪ੍ਰਸਾਦਿ ਦੀ ਪ੍ਰਾਪਤੀ ਕਰਕੇ ਮਾਇਆ ਨੂੰ ਜਿੱਤ ਲੈਂਦੇ ਹਨ ਮਾਇਆ ਉਨ੍ਹਾਂ ਦੀ ਸੇਵਕ ਬਣ ਜਾਂਦੀ ਹੈ। ਇਸ ਲਈ ਮਾਇਆ ਦੇ ਇਸ ਵਿਨਾਸ਼ਕਾਰੀ ਰੂਪ ਤੋਂ ਡਰਨ ਦੀ ਲੋੜ ਨਹੀਂ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬੰਦਗੀ ਦੀ ਦਾਤ ਮੰਗੋ, ਗੁਰਪ੍ਰਸਾਦਿ ਲਈ ਬੇਨਤੀ ਕਰੋ, ਸਤਿ ਦੀ ਕਰਨੀ ਉੱਪਰ ਆਪਣਾ ਧਿਆਨ ਕੇਂਦਰਿਤ ਕਰੋ। ਇਸ ਨਾਲ ਆਪ ਨੂੰ ਸਤਿ ਸੰਗਤ ਦੀ ਪ੍ਰਾਪਤੀ ਹੋਵੇਗੀ ਅਤੇ ਸਤਿ ਸੰਗਤ ਵਿੱਚ ਜਾਣ ਨਾਲ ਗੁਰਪ੍ਰਸਾਦਿ ਦੀ ਪ੍ਰਾਪਤੀ ਹੋ ਜਾਵੇਗੀ ਅਤੇ ਆਪ ਬੰਦਗੀ ਵਿੱਚ ਲੀਨ ਹੋ ਕੇ ਮਾਇਆ ਨੂੰ ਕਾਬੂ ਕਰ ਲਵੋਗੇ। ਫਿਰ ਮਾਇਆ ਦੀ ਗੁਲਾਮੀ ਮੁੱਕ ਜਾਏਗੀ ਅਤੇ ਮਾਇਆ ਤੁਹਾਡੀ ਸੇਵਕ ਬਣ ਜਾਏਗੀ। ਫਿਰ ਮਾਇਆ ਦਾ ਸਾਰਾ ਬੱਲ ਅਤੇ ਸ਼ਕਤੀ ਤੁਹਾਡਾ ਕੁਝ ਨਹੀਂ ਵਿਗਾੜ ਸਕੇਗੀ। ਤੁਸੀਂ ਜੀਵਨ ਮੁਕਤੀ ਪ੍ਰਾਪਤ ਕਰ ਲਵੋਗੇ। ਸਹਿਜ ਸਮਾਧੀ ਦੀ ਪ੍ਰਾਪਤੀ ਹੋ ਜਾਵੇਗੀ। ਇਹ ਸਭ ਕੁਝ ਸਮਰੱਥ ਸਤਿਗੁਰ ਪੂਰੇ ਦੀ ਸੰਗਤ ਵਿੱਚ ਜਾ ਕੇ ਹੀ ਹੋ ਸਕਦਾ ਹੈ। ਧੰਨ ਧੰਨ ਸਤਿਗੁਰ ਸੰਤ ਕਬੀਰ ਜੀ ਨੇ ਆਪਣੀ ਪੂਰਨ ਬੰਦਗੀ ਦੀ ਗੁਰਪ੍ਰਸਾਦੀ ਕਥਾ ਨੂੰ ਪੂਰਨ ਬ੍ਰਹਮ ਗਿਆਨ ਦੇ ਇਸ ਸਲੋਕ ਰਾਹੀਂ ਗੁਰਬਾਣੀ ਵਿੱਚ ਪ੍ਰਗਟ ਕੀਤਾ ਹੈ। ਵੇਖਣ ਵਾਲੀ ਅਤੇ ਧਿਆਨ ਕੇਂਦਰਿਤ ਕਰਨ ਵਾਲਾ ਪਰਮ ਸਤਿ ਤੱਤ ਇਹ ਹੈ ਕਿ ਮਾਇਆ ਸੱਪਣੀ ਨੇ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਨੂੰ ਵੀ ਆਪਣੀ ਸ਼ਕਤੀ ਦਾ ਗੁਲਾਮ ਬਣਾ ਕੇ ਰੱਖਿਆ ਹੋਇਆ ਹੈ। ਸੋ ਇਹ ਪਰਮ ਸਤਿ ਤੱਤ ਹੈ ਕਿ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਤਿੰਨ ਚੇਲੇ ਵੀ ਮਾਇਆ ਦੇ ਅਧੀਨ ਹੀ ਹਨ। ਇਸੇ ਕਰਕੇ ਸਾਰਾ ਸੰਸਾਰ ਮਾਇਆ ਹੈ, ਸੰਸਾਰ ਦੀ ਉਤਪਤੀ ਮਾਇਆ ਵਿੱਚੋਂ ਹੀ ਹੁੰਦੀ ਹੈ, ਸੇਵਾ ਸੰਭਾਲਤਾ ਵੀ ਮਾਇਆ ਦੇ ਅਧੀਨ ਹੀ ਹੁੰਦੀ ਹੈ ਅਤੇ ਸੰਘਾਰ ਵੀ ਮਾਇਆ ਦੇ ਅਧੀਨ ਹੀ ਹੁੰਦਾ ਹੈ।

 
ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਇਹ ਤਿੰਨ ਚੇਲੇ ਸਤਿ ਪਾਰਬ੍ਰਹਮ ਦੇ ਹੁਕਮ ਵਿੱਚ ਆਪਣਾ ਕਾਰ ਵਿਹਾਰ ਕਰਦੇ ਹਨ। ਬ੍ਰਹਮਾ ਦੀ ਸ਼ਕਤੀ ਸ੍ਰਿਸ਼ਟੀ ਦੀ ਉਤਪਤੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਹੁਕਮ ਅਨੁਸਾਰ ਕਰਦੀ ਹੈ। ਵਿਸ਼ਨੂੰ ਦੀ ਸ਼ਕਤੀ ਸੰਸਾਰ ਦੀ ਸੇਵਾ ਸੰਭਾਲਤਾ ਪਾਲਣ-ਪੋਸ਼ਣ ਦਾ ਪ੍ਰਬੰਧ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਬਣਾਏ ਵਿਧਾਨ ਅਨੁਸਾਰ ਕਰਦੀ ਹੈ। ਮਹੇਸ਼ ਦੀ ਸ਼ਕਤੀ ਮੌਤ ਦੀ ਕਚਹਿਰੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਬਣਾਏ ਵਿਧਾਨ ਅਨੁਸਾਰ ਚਲਾਉਂਦੀ ਹੈ ਅਤੇ ਸ੍ਰਿਸ਼ਟੀ ਦੀ ਹਰ ਇੱਕ ਰਚਨਾ ਦਾ ਨਿਰਧਾਰਤ ਸਮੇਂ ਸਿਰ ਸੰਘਾਰ ਕਰਦੀ ਹੈ। ਵਿਧਿ ਦਾ ਵਿਧਾਨ ਬਣਾਉਣ ਦੀ ਪਰਮ ਸ਼ਕਤੀ ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਆਪਣੇ ਹੀ ਪਾਸ ਰੱਖੀ ਹੋਈ ਹੈ। ਇਸੇ ਕਰਕੇ ਇਨ੍ਹਾਂ ਤਿੰਨ੍ਹਾਂ ਨੂੰ ਚੇਲੇ ਕਿਹਾ ਗਿਆ ਹੈ ਕਿਉਂਕਿ ਇਨ੍ਹਾਂ ਕੋਲ ਦਰਗਾਹੀ ਵਿਧਾਨ ਬਣਾਉਣ ਦੀ ਸ਼ਕਤੀ ਨਹੀਂ ਹੈ ਅਤੇ ਇਨ੍ਹਾਂ ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਬਣਾਏ ਗਏ ਵਿਧਾਨਾਂ ਅਨੁਸਾਰ ਹੀ ਕਾਰ ਵਿਹਾਰ ਕਰਨਾ ਪੈਂਦਾ ਹੈ। ਇਸ ਲਈ ਸਾਰੀ ਸ੍ਰਿਸ਼ਟੀ ਦੀ ਰਚਨਾ, ਸੇਵਾ ਸੰਭਾਲਤਾ ਅਤੇ ਸੰਘਾਰ ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਬਣਾਏ ਗਏ ਦਰਗਾਹੀ ਵਿਧਾਨਾਂ ਅਨੁਸਾਰ ਹੀ ਹੁੰਦਾ ਹੈ। ਸਾਰੀ ਸ੍ਰਿਸ਼ਟੀ ਉੱਪਰ ਅਤੇ ਹਰ ਇੱਕ ਰਚਨਾ ਉੱਪਰ ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਹੀ ਹੁਕਮ ਚਲਦਾ ਹੈ। ਏਕ ਤੋਂ ਅਨੇਕ ਹੋਇਆ ਸਤਿ ਪਾਰਬ੍ਰਹਮ ਆਪਣੀ ਹਰ ਇੱਕ ਰਚਨਾ ਵਿੱਚ ਆਪ ਮੌਜੂਦ ਹੈ ਅਤੇ ਆਪ ਹੀ ਵਰਤਦਾ ਹੈ।

 
ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਆਪਣੇ ਨਿਰਗੁਣ ਸਰੂਪ ਵਿੱਚ ਹਰ ਇੱਕ ਰਚਨਾ ਵਿੱਚ ਮੌਜੂਦ ਹੈ। ਨਿਰਗੁਣ ਸਰੂਪ ਦੀ ਇਹ ਸ਼ਕਤੀ ਹੀ ਹਰ ਇੱਕ ਜੀਵ ਵਿੱਚ ਮੌਜੂਦ ਹੈ ਜੋ ਕਿ ਹਰ ਇੱਕ ਜੀਵ ਨੂੰ ਚਲਾ ਰਹੀ ਹੈ। ਪਰੰਤੂ ਇਹ ਸ਼ਕਤੀ ਕਿਸੇ ਜੀਵ ਨੂੰ ਨਜ਼ਰ ਨਹੀਂ ਆਉਂਦੀ ਹੈ। ਜਿਵੇਂ ਕਿ ਮਨੁੱਖ ਦੇ ਅੰਦਰ ਇਹ ਪਰਮ ਸ਼ਕਤੀ ਸੂਖਸ਼ਮ ਦੇਹੀ ਵਿੱਚ ਸਤਿ ਸਰੋਵਰਾਂ ਵਿੱਚ ਰਖੀ ਗਈ ਹੈ। ਮਨੁੱਖ ਦੀ ਦੇਹੀ ਅੰਦਰ ਟਿਕੇ ਹੋਏ ਇਹ ਸਤਿ ਸਰੋਵਰ ਜੋ ਕਿ ਪਰਮ ਸ਼ਕਤੀ ਦਾ ਹਿੱਸਾ ਹਨ ਉਹ ਸਾਰੇ ਅਦ੍ਰਿਸ਼ ਹਨ। ਪਰੰਤੂ ਜਦ ਮਨੁੱਖ ਦੇ ਬਜਰ ਕਪਾਟ ਖੁੱਲ੍ਹਦੇ ਹਨ ਅਤੇ ਨਾਮ ਦੇ ਗੁਰਪ੍ਰਸਾਦਿ ਨਾਲ ਇਹ ਸਤਿ ਸਰੋਵਰ ਪ੍ਰਕਾਸ਼ਮਾਨ ਹੁੰਦੇ ਹਨ ਤਾਂ ਮਨੁੱਖ ਨੂੰ ਦੇਹੀ ਵਿੱਚ ਨਾਮ ਦੀ ਧੜਕਣ ਸੁਣਨੀ ਸ਼ੁਰੂ ਹੋ ਜਾਂਦੀ ਹੈ। ਦਸਮ ਦੁਆਰ ਖੁੱਲ੍ਹਣ ਤੇ ਅਨਹਦ ਨਾਦ ਦਾ ਸੰਗੀਤ ਸੁਣਨਾ ਸ਼ੁਰੂ ਹੋ ਜਾਂਦਾ ਹੈ। ਨੇਤਰਾਂ ਵਿੱਚੋਂ ਪ੍ਰਕਾਸ਼ ਦਿਖਣ ਲੱਗ ਪੈਂਦਾ ਹੈ। ਦੇਹੀ ਵਿੱਚੋਂ ਪ੍ਰਕਾਸ਼ ਨਿਕਲਦਾ ਦਿੱਸਣ ਲੱਗ ਪੈਂਦਾ ਹੈ। ਅਕਾਲ ਪੁਰਖ ਦੇ ਨਿਰਗੁਣ ਸਰੂਪ ਦੇ ਦਰਸ਼ਨ ਹੋ ਜਾਂਦੇ ਹਨ। ਪੂਰਨ ਬ੍ਰਹਮ ਗਿਆਨ ਆਉਣਾ ਸ਼ੁਰੂ ਹੋ ਜਾਂਦਾ ਹੈ। ਸਤਿਗੁਰ ਅਵਤਾਰਾਂ, ਸੰਤ ਮਹਾਪੁਰਖਾਂ ਦੇ, ਬ੍ਰਹਮ ਗਿਆਨੀ ਮਹਾਪੁਰਖਾਂ ਦੇ ਦਰਸ਼ਨ ਹੋਣੇ ਸ਼ੁਰੂ ਹੋ ਜਾਂਦੇ ਹਨ; ਅਤੇ ਹੋਰ ਇਸ ਤਰ੍ਹਾਂ ਦੇ ਕਈ ਅਨੁਭਵ ਹੋਣੇ ਸ਼ੁਰੂ ਹੋ ਜਾਂਦੇ ਹਨ। ਇਹ ਸਾਰੇ ਇਲਾਹੀ ਅਨੁਭਵ ਜਿਗਿਆਸੂ ਲਈ ਬੇਅੰਤ ਅਸ਼ਚਰਜ ਜਨਕ ਹੁੰਦੇ ਹਨ। ਇਹ ਸਾਰੇ ਇਲਾਹੀ ਅਨੁਭਵ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਨਿਰਗੁਣ ਸ਼ਕਤੀ ਦਾ ਦੇਹੀ ਵਿੱਚ ਮੌਜੂਦ ਹੋਣ ਅਤੇ ਇਸ ਨੂੰ ਚਲਾਉਣ ਦਾ ਪ੍ਰਤੱਖ ਪ੍ਰਮਾਣ ਪ੍ਰਗਟ ਕਰਦੇ ਹਨ। ਪਰੰਤੂ ਮਨੁੱਖੀ ਅੱਖ ਨਾਲ ਇਹ ਸਭ ਕੁਝ ਨਜ਼ਰ ਨਹੀਂ ਆਉਂਦਾ ਹੈ। ਇਹ ਸਭ ਕੇਵਲ ਬੰਦਗੀ ਕਰਨ ਨਾਲ ਅਨੁਭਵ ਹੁੰਦਾ ਹੈ। ਇਸ ਲਈ ਜਿਸ ਮਨੁੱਖ ਨੂੰ ਇਹ ਅਨੁਭਵ ਪ੍ਰਤੱਖ ਤੌਰ ‘ਤੇ ਪ੍ਰਾਪਤ ਨਹੀਂ ਹਨ ਉਨ੍ਹਾਂ ਲਈ ਇਹ ਸਭ ਕੁਝ ਇੱਕ ਅਸਚਰਜ ਜਨਕ ਕਥਾ ਹੈ।

 
ਇਸ ਅਸਚਰਜ ਜਨਕ ਰੂਹਾਨੀ ਅਵਸਥਾ ਦਾ ਰਹੱਸ ਜਾਣਨ ਲਈ ਅਤੇ ਮਾਨਣ ਲਈ ਅਤੇ ਇਹ ਸਾਰੇ ਇਲਾਹੀ ਅਨੁਭਵਾਂ ਨੂੰ ਪ੍ਰਾਪਤ ਕਰਨ ਲਈ, ਮਾਨਣ ਲਈ ਅਤੇ ਆਪਣਾ ਜੀਵਨ ਸਫਲ ਕਰਨ ਲਈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਚਰਨਾਂ ਵਿੱਚ ਪਲ-ਪਲ ਛਿਨ-ਛਿਨ ਸਵਾਸ-ਸਵਾਸ ਕੋਟਾਨ ਕੋਟ ਡੰਡਉਤ ਅਤੇ ਸ਼ੁਕਰਾਨਾ ਕਰਨਾ ਚਾਹੀਦਾ ਹੈ। ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਪਰਮ ਸ਼ਕਤੀ ਹੀ ਦੋਸ਼ ਰਹਿਤ ਹੈ। ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਹੀ ਪਰਮ ਸ਼ਕਤੀ ਪਰਿਪੂਰਨ ਹੈ। ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਪਰਮ ਸ਼ਕਤੀ ਹੀ ਬੇਅੰਤ ਹੈ ਅਤੇ ਪੂਰਨ ਰੂਪ ਵਿੱਚ ਸ਼ੁੱਧ ਹੈ। ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਪਰਮ ਸ਼ਕਤੀ ਹੀ ਆਦਿ ਸਤਿ ਹੈ, ਜੁਗਾਦਿ ਸਤਿ ਹੈ ਅਤੇ ਸਦਾ-ਸਦਾ ਲਈ ਸਤਿ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਇਸ ਬੇਅੰਤ ਪਰਮ ਸ਼ਕਤੀ ਨੂੰ ਮਾਨਣ ਨਾਲ, ਐਸੀ ਬੇਅੰਤ ਪਰਮ ਸ਼ਕਤੀ ਉੱਪਰ ਭਰੋਸਾ ਕਰਨ ਨਾਲ ਅਤੇ ਪੂਰਨ ਸ਼ਰਧਾ ਨਾਲ ਆਪਾ ਸਮਰਪਣ ਕਰਨ ਨਾਲ ਮਨੁੱਖ ਬੇਅੰਤ ਉੱਚੀ ਰੂਹਾਨੀ ਅਵਸਥਾ ਨੂੰ ਪ੍ਰਾਪਤ ਕਰ ਸਕਦਾ ਹੈ।