ਅਨੰਦੁ ਸਾਹਿਬ – ਪਉੜੀ ੧੧

ਅਨੰਦੁ ਸਾਹਿਬ ਪਉੜੀ ੧੧

ਏ ਮੰਨ ਪਿਆਰਿਆ ਤੂ ਸਦਾ ਸਚੁ ਸਮਾਲੇ ਏਹੁ ਕੁਟੰਬੁ ਤੂ ਜਿ ਦੇਖਦਾ ਚਲੈ ਨਾਹੀ ਤੇਰੈ ਨਾਲੇ

ਸਾਥਿ ਤੇਰੈ ਚਲੈ ਨਾਹੀ ਤਿਸੁ ਨਾਲਿ ਕਿਉ ਚਿਤੁ ਲਾਈਐ ਐਸਾ ਕੰਮੁ ਮੂਲੇ ਨ ਕੀਚੈ ਜਿਤੁ ਅੰਤਿ ਪਛੋਤਾਈਐ

ਸਤਿਗੁਰੂ ਕਾ ਉਪਦੇਸੁ ਸੁਣਿ ਤੂ ਹੋਵੈ ਤੇਰੈ ਨਾਲੇ ਕਹੈ ਨਾਨਕੁ ਮੰਨ ਪਿਆਰੇ ਤੂ ਸਦਾ ਸਚੁ ਸਮਾਲੇ ੧੧

(ਪੰਨਾ ੯੧੮)

ਆਤਮਿਕ ਤਰੱਕੀ ਲਈ ਮਨੁੱਖ ਦੇ ਪਰਿਵਾਰਕ ਜੀਵਨ ਦੀ ਸੱਚਾਈ ਨੂੰ ਸਮਝਣਾ ਬੇਅੰਤ ਜ਼ਰੂਰੀ ਹੈ। ਰੂਹਾਨੀਅਤ ਦੀ ਮਹਿਮਾ ਨੂੰ ਜਾਣਨ ਲਈ ਮਨੁੱਖ ਦੇ ਪਰਿਵਾਰਕ ਜੀਵਨ ਦੇ ਰਹੱਸ ਜਾਣਨੇ ਬੇਅੰਤ ਜ਼ਰੂਰੀ ਹਨ। ਰੂਹਾਨੀਅਤ ਦੀ ਕਮਾਈ ਕਰਨ ਲਈ ਮਨੁੱਖੀ ਸੰਬੰਧ, ਰਿਸ਼ਤੇ, ਨਾਤੇ, ਸਾਖ ਆਦਿ ਦੇ ਪਿੱਛੇ ਕੀ ਸਤਿ ਹੈ ਇਸ ਪਰਮ ਸਤਿ ਨੂੰ ਜਾਣਨਾ, ਸਮਝਣਾ ਅਤੇ ਮੰਨਣਾ ਬੇਅੰਤ ਜ਼ਰੂਰੀ ਹੈ। ਪਰਿਵਾਰਕ ਜੀਵਨ ਵਿੱਚ ਮਨੁੱਖ ਦੇ ਜੀਵਨ ਨੂੰ ਮਾਇਆ ਮੋਹ ਕਿਵੇਂ ਨਰਕ ਬਣਾਉਂਦਾ ਹੈ ਇਸ ਪਰਮ ਸਤਿ ਨੂੰ ਜਾਣਨਾ, ਸਮਝਣਾ ਅਤੇ ਮੰਨਣਾ ਬੇਅੰਤ ਜ਼ਰੂਰੀ ਹੈ। ਮਨੁੱਖ ਦੇ ਜਨਮ ਤੋਂ ਲੈ ਕੇ ਅੰਤ ਤੱਕ ਮਾਇਆ ਮੋਹ ਰੂਪੀ ਚੰਡਾਲ ਕਿਵੇਂ ਮਨੁੱਖ ਨੂੰ ਪ੍ਰਾਪਤ ਹੋਏ ਇਸ ਜਨਮ ਪਦਾਰਥ ਨੂੰ ਕਿਵੇਂ ਗੁਆਉਣ ਵਿੱਚ ਕਾਰਗਰ ਸਿੱਧ ਹੁੰਦਾ ਹੈ ਇਸ ਪਰਮ ਸਤਿ ਤੱਤ ਦਾ ਗਿਆਨ ਮਨੁੱਖ ਨੂੰ ਹੋਣਾ ਬੇਅੰਤ ਜ਼ਰੂਰੀ ਹੈ। ਇੱਕ ਆਮ ਮਨੁੱਖ ਦਾ ਸਾਰਾ ਜੀਵਨ ਆਪਣੇ ਹੀ ਪਰਿਵਾਰ ਵਿੱਚ ਉਲਝਿਆ ਰਹਿੰਦਾ ਹੈ। ਇੱਕ ਆਮ ਮਨੁੱਖ ਦਾ ਜੀਵਨ ਆਪਣੇ ਹੀ ਪਰਿਵਾਰ ਦੇ ਝਮੇਲਿਆਂ ਵਿੱਚ ਉਲਝ-ਉਲਝ ਕੇ ਬਤੀਤ ਹੋ ਜਾਂਦਾ ਹੈ। ਸਾਰੇ ਸੰਸਾਰ ਦੇ ਲੋਕ ਆਪਣੇ ਪਰਿਵਾਰਕ ਰਿਸ਼ਤਿਆਂ ਨੂੰ ਹੀ ਸਤਿ ਮੰਨ ਕੇ ਇਨ੍ਹਾਂ ਸੰਬੰਧਾਂ ਦੀ ਹੀ ਪਾਲਣਾ ਕਰਨ ਵਿੱਚ ਆਪਣਾ ਸਾਰਾ ਜੀਵਨ ਬਤੀਤ ਕਰੀ ਜਾ ਰਹੇ ਹਨ।

ਜਦੋਂ ਨਵਜਾਤ ਸ਼ਿਸ਼ੂ ਦਾ ਜਨਮ ਹੁੰਦਾ ਹੈ ਤਾਂ ਉਹ ਬੱਚਾ ਸਾਰੇ ਸੰਸਾਰਿਕ ਬੰਧਨਾਂ ਤੋਂ ਮੁਕਤ ਹੁੰਦਾ ਹੈ। ਨਵੇਂ ਜਨਮੇ ਬੱਚੇ ਨੂੰ ਦੁਨੀਆਦਾਰੀ ਅਤੇ ਪਰਿਵਾਰ ਨਾਲ ਕੋਈ ਲਗਾਵ ਨਹੀਂ ਹੁੰਦਾ ਹੈ। ਨਵੇਂ ਜਨਮੇ ਬੱਚੇ ਦੇ ਸਿਰ ਉੱਪਰ, ਜਿੱਥੇ ਦਸਵਾਂ ਦੁਆਰ ਹੁੰਦਾ ਹੈ ਉਥੇ ਤੁਸੀਂ ਜੇਕਰ ਆਪਣਾ ਹੱਥ ਰਖੋ ਤਾਂ ਤੁਹਾਨੂੰ ਅਨੁਭਵ ਹੋਏਗਾ ਕਿ ਉਸਦੇ ਦਸਮ ਦੁਆਰ ਵਿੱਚੋਂ ਬੇਅੰਤ ਅੰਮ੍ਰਿਤ ਨਿਕਲ ਰਿਹਾ ਹੁੰਦਾ ਹੈ। ਇਹ ਅੰਮ੍ਰਿਤ ਤੁਹਾਨੂੰ ਹੱਥ ਦੀ ਤਲੀ ਵਿੱਚ ਦਸਮ ਦੁਆਰ ਵਿੱਚੋਂ ਨਿਕਲ ਰਹੀ ਗਰਮ ਤਰੰਗਾਂ ਦੇ ਰੂਪ ਵਿੱਚ ਅਨੁਭਵ ਕਰਵਾਏਗਾ। ਸਾਰੀ ਲੋਕਾਈ ਇਸ ਅਲੌਕਿਕ ਅਨੁਭਵ ਨੂੰ ਪ੍ਰਾਪਤ ਕਰ ਸਕਦੀ ਹੈ। ਨਵਾਂ ਜਨਮਾ ਬੱਚਾ ਅੰਮ੍ਰਿਤ ਦਾ ਭੰਡਾਰ ਹੁੰਦਾ ਹੈ। ਨਵੇਂ ਜਨਮੇ ਬੱਚੇ ਉੱਪਰ ਮਾਇਆ ਦਾ ਕੋਈ ਪ੍ਰਭਾਵ ਨਹੀਂ ਹੁੰਦਾ ਹੈ। ਨਵੇਂ ਜਨਮੇ ਬੱਚੇ ਦੇ ਸਾਰੇ ਬਜਰ ਕਪਾਟ ਖੁੱਲ੍ਹੇ ਹੁੰਦੇ ਹਨ। ਨਵੇਂ ਜਨਮੇ ਬੱਚੇ ਦੇ ਸਾਰੇ ਸਤਿ ਸਰੋਵਰ ਜਾਗਰਤ ਹੁੰਦੇ ਹਨ। ਜਨਮ ਤੋਂ ਪਹਿਲਾਂ ਬੱਚੇ ਦੀ ਮਾਤਾ ਦੇ ਗਰਭ ਵਿੱਚ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਾਲ ਲਿਵ ਲਗੀ ਹੁੰਦੀ ਹੈ। ਇਸੇ ਲਈ ਨਵੇਂ ਜਨਮੇ ਬੱਚੇ ਨੂੰ ਪ੍ਰਮਾਤਮਾ ਦਾ ਰੂਪ ਕਿਹਾ ਜਾਂਦਾ ਹੈ। ਇਸੇ ਕਰਕੇ ਹਰ ਇੱਕ ਮਨੁੱਖ ਨੂੰ ਨਵੇਂ ਜਨਮੇ ਬੱਚੇ ਨਾਲ ਬਦੋ-ਬਦੀ ਪਿਆਰ ਆਉਣ ਲੱਗ ਪੈਂਦਾ ਹੈ। ਇਸੇ ਲਈ ਜਦੋਂ ਅਸੀਂ ਨਵੇਂ ਜਨਮੇ ਬੱਚੇ ਨੂੰ ਦੇਖਦੇ ਹਾਂ ਤਾਂ ਸਾਡਾ ਚਿੱਤ ਬਦੋ-ਬਦੀ ਉਸ ਵੱਲ ਆਕਰਸ਼ਿਤ ਹੋ ਜਾਂਦਾ ਹੈ। ਧੰਨ ਧੰਨ ਸਤਿਗੁਰੂ ਸਾਹਿਬਾਨ ਨੇ ਇਸ ਪਰਮ ਸਤਿ ਤੱਤ ਨੂੰ ਗੁਰਬਾਣੀ ਵਿੱਚ ਬਾਰ-ਬਾਰ ਦ੍ਰਿੜ੍ਹ ਕਰਵਾਇਆ ਹੈ:

ਗਰਭ ਕੁੰਟ ਮਹਿ ਉਰਧ ਤਪ ਕਰਤੇ ਸਾਸਿ ਸਾਸਿ ਸਿਮਰਤ ਪ੍ਰਭੁ ਰਹਤੇ

(ਪੰਨਾ ੨੫੧)

ਗਰਭ ਜੋਨਿ ਮਹਿ ਉਰਧ ਤਪੁ ਕਰਤਾ

(ਪੰਨਾ ੩੩੭)

ਮਾਤ ਗਰਭ ਮਹਿ ਆਪਨ ਸਿਮਰਨੁ ਦੇ ਤਹ ਤੁਮ ਰਾਖਨਹਾਰੇ

(ਪੰਨਾ ੬੧੩)

ਅੰਤਰਿ ਗਰਭ ਉਰਧਿ ਲਿਵ ਲਾਗੀ ਸੋ ਪ੍ਰਭੁ ਸਾਰੇ ਦਾਤਿ ਕਰੇ

(ਪੰਨਾ ੧੦੧੩-੧੦੧੪)

ਮਾਤਾ ਦੇ ਗਰਭ ਵਿੱਚ ਬੱਚਾ ਉਲਟਾ ਲਟਕਿਆ ਹੁੰਦਾ ਹੈ। ਬੱਚੇ ਦਾ ਸਿਰ ਥੱਲੇ ਵਾਲੇ ਪਾਸੇ ਨੂੰ ਅਤੇ ਪੈਰਾਂ ਵਾਲਾ ਪਾਸਾ ਉੱਪਰ ਨੂੰ ਹੁੰਦਾ ਹੈ। ਇਸ ਅਵਸਥਾ ਵਿੱਚ ਬੱਚਾ ਮਾਤਾ ਦੇ ਗਰਭ ਵਿੱਚ ਨਿਰੰਤਰ ਸਮਾਧੀ ਵਿੱਚ ਲੀਨ ਰਹਿੰਦਾ ਹੈ। ਮਾਤਾ ਦੇ ਗਰਭ ਵਿੱਚ ਬੱਚਾ ਨਿਰੰਤਰ ਸਿਮਰਨ ਵਿੱਚ ਮਸਤ ਹੁੰਦਾ ਹੈ। ਮਾਤਾ ਦੇ ਗਰਭ ਨੂੰ ਗੁਰਬਾਣੀ ਵਿੱਚ ਕੁੰਭੀ ਨਰਕ ਕਿਹਾ ਗਿਆ ਹੈ। ਮਾਤਾ ਦਾ ਗਰਭ ਦੁੱਖ ਦਾ ਸਾਗਰ ਹੈ। ਮਾਤਾ ਦੇ ਗਰਭ ਵਿੱਚ ਬੱਚੇ ਦਾ ਵਾਸ ਬਿਸ਼ਟਾ ਵਿੱਚ ਵਾਸ ਦੇ ਤੁੱਲ ਹੈ। ਮਾਤਾ ਦੇ ਗਰਭ ਵਿੱਚ ਐਸੇ ਨਰਕ ਵਿੱਚ ਪੁੱਠਾ ਲਟਕ ਰਿਹਾ ਬੱਚਾ ਪੂਰਨ ਸ਼ਾਂਤੀ ਵਿੱਚ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਾਮ ਵਿੱਚ ਸਮਾਧੀ ਵਿੱਚ ਲੀਨ ਰਹਿੰਦਾ ਹੈ। ਮਾਤਾ ਦੇ ਗਰਭ ਵਿੱਚ ਬੱਚਾ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਚਰਨਾਂ ਦੇ ਧਿਆਨ ਵਿੱਚ ਪੂਰਨ ਤੌਰ ‘ਤੇ ਜੁੜਿਆ ਹੁੰਦਾ ਹੈ। ਇਸ ਪੂਰਨ ਸਤਿ ਨੂੰ ਗੁਰਬਾਣੀ ਵਿੱਚ ਸਤਿਗੁਰ ਸਾਹਿਬਾਨ ਨੇ ਦ੍ਰਿੜ੍ਹ ਕਰਵਾਇਆ ਹੈ:

ਗਰਭ ਕੁੰਡ ਨਰਕ ਤੇ ਰਾਖੈ ਭਵਜਲੁ ਪਾਰਿ ਉਤਾਰੇ

(ਪੰਨਾ ੨੧੦)

ਗਰਭ ਜੋਨਿ ਵਿਸਟਾ ਕਾ ਵਾਸੁ

(ਪੰਨਾ ੩੬੨)

ਮਾਤ ਗਰਭ ਦੁਖ ਸਾਗਰੋ ਪਿਆਰੇ ਤਹ ਅਪਣਾ ਨਾਮੁ ਜਪਾਇਆ

ਬਾਹਰਿ ਕਾਢਿ ਬਿਖੁ ਪਸਰੀਆ ਪਿਆਰੇ ਮਾਇਆ ਮੋਹੁ ਵਧਾਇਆ

(ਪੰਨਾ ੬੪੦)

ਜਨਮ ਤੋਂ ਪਹਿਲਾਂ (ਰੂਹ ਦੇ ਰੂਪ ਵਿੱਚ ਮੌਜੂਦ) ਬੱਚੇ ਨੂੰ ਆਪਣੇ ਬਾਰੇ ਅਤੇ ਬ੍ਰਹਮ ਬਾਰੇ ਸਾਰਾ ਗਿਆਨ ਹੁੰਦਾ ਹੈ, ਭਾਵ ਰੂਹ ਨੂੰ ਆਪਣੇ ਸਾਰੇ ਪਿਛਲੇ ਜਨਮਾਂ ਦਾ ਅਤੇ ਇਨ੍ਹਾਂ ਜਨਮਾਂ ਵਿੱਚ ਕੀਤੇ ਗਏ ਮਾੜੇ ਅਤੇ ਚੰਗੇ ਕਰਮਾਂ ਦਾ, ਪਾਪ ਅਤੇ ਪੁੰਨ ਕਰਮਾਂ ਦਾ ਸਾਰਾ ਗਿਆਨ ਹੁੰਦਾ ਹੈ। ਉਸਨੂੰ ਆਪਣੇ ਬਾਰੇ ਇਹ ਗਿਆਨ ਹੁੰਦਾ ਹੈ ਕਿ ਉਹ ਕਿਤਨੇ ਮਨੁੱਖੇ ਜਨਮ ਗੁਆ ਚੁੱਕਾ ਹੈ। ਉਸਨੂੰ ਇਹ ਗਿਆਨ ਹੁੰਦਾ ਹੈ ਕਿ ਉਹ ਕਿਤਨੇ ਸਮੇਂ ਤੋਂ ਜਨਮ-ਮਰਨ ਦੇ ਬੰਧਨਾਂ ਵਿੱਚ ਭਟਕ ਰਿਹਾ ਹੈ। ਉਸਨੂੰ ਇਹ ਵੀ ਗਿਆਨ ਹੁੰਦਾ ਹੈ ਕਿ ਉਹ ਚੁਰਾਸੀ ਲੱਖ ਜੂਨੀ ਵਿੱਚ ਕਿਤਨੀ ਵਾਰ ਅਤੇ ਕਿਤਨਾ ਸਮਾਂ ਭਟਕ ਚੁੱਕਾ ਹੈ। ਉਸਨੂੰ ਆਪਣੇ ਸਾਰੇ ਮਨੁੱਖਾ ਜਨਮਾਂ ਦਾ ਵੀ ਪੂਰਾ ਗਿਆਨ ਹੁੰਦਾ ਹੈ। ਜਨਮ ਤੋਂ ਪਹਿਲਾਂ ਮਾਤਾ ਦੇ ਗਰਭ ਵਿੱਚ ਮੌਜੂਦ ਬੱਚੇ ਨੂੰ ਸਾਰੇ ਬ੍ਰਹਿਮੰਡ ਬਾਰੇ ਵੀ ਪੂਰਾ ਗਿਆਨ ਹੁੰਦਾ ਹੈ। ਇਸ ਗਿਆਨ ਦੇ ਆਧਾਰ ਤੇ ਜਨਮ ਤੋਂ ਪਹਿਲਾਂ ਰੂਹ ਨੂੰ ਮਨੁੱਖੇ ਜਨਮ ਦੀ ਸੰਪੂਰਨ ਮਹੱਤਤਾ ਦਾ ਪੂਰਾ ਗਿਆਨ ਹੁੰਦਾ ਹੈ। ਇਸ ਲਈ ਜਨਮ ਤੋਂ ਪਹਿਲਾਂ ਬੱਚੇ ਦੀ ਰੂਹ ਆਪਣੇ ਆਪ ਨਾਲ ਵਾਅਦਾ ਕਰਦੀ ਹੈ ਕਿ ਉਹ ਇਸ ਜਨਮ ਨੂੰ ਬਿਰਥਾ ਨਹੀਂ ਗਵਾਏਗੀ। ਇਸ ਲਈ ਇਸ ਸਾਰੇ ਗਿਆਨ ਦੇ ਆਧਾਰ ਤੇ ਉਸ ਨੂੰ ਇਹ ਪਤਾ ਹੁੰਦਾ ਹੈ ਕਿ ਉਸ ਦਾ ਮਨੁੱਖਾ ਜਨਮ ਕਿਉਂ ਹੋ ਰਿਹਾ ਹੈ ਅਤੇ ਉਸਨੂੰ ਇਸ ਜਨਮ ਵਿੱਚ ਕੀ ਅਤੇ ਕਿਵੇਂ ਕਰਨਾ ਹੈ। ਉਸ ਨੂੰ ਇਹ ਪਤਾ ਹੁੰਦਾ ਹੈ ਕਿ ਜਨਮ ਤੋਂ ਬਾਅਦ ਉਸਨੂੰ ਬੰਦਗੀ ਕਰਨੀ ਹੈ ਅਤੇ ਜੀਵਨ ਮੁਕਤੀ ਪ੍ਰਾਪਤ ਕਰਨੀ ਹੈ।

ਇਸ ਲਈ ਮਾਤਾ ਦੇ ਗਰਭ ਵਿੱਚ ਪੁੱਠਾ ਲਟਕਿਆ ਹੋਇਆ ਕੁੰਭੀ ਨਰਕ, ਦੁੱਖ ਦੇ ਸਾਗਰ ਵਿੱਚ, ਵਿਸ਼ਟਾ ਤੁੱਲ ਸਥਾਨ ਵਿੱਚ ਸਥਿਤ, ਆਪਣੇ ਬਾਰੇ ਸਾਰੇ ਬ੍ਰਹਮ ਗਿਆਨ ਦੇ ਨਾਲ ਭਰਪੂਰ ਜਨਮ ਤੋਂ ਪਹਿਲਾਂ ਬੱਚਾ ਮਾਇਆ ਦੇ ਪ੍ਰਭਾਵ ਤੋਂ ਮੁਕਤ ਅਵਸਥਾ ਵਿੱਚ ਹੁੰਦਾ ਹੈ। ਪਰੰਤੂ ਮਾਤਾ ਦੇ ਗਰਭ ਤੋਂ ਬਾਹਰ ਦਾ ਪਰਿਵਾਰਕ ਮਾਹੌਲ ਤਾਂ ਸਾਰਾ ਮਾਇਆ ਦੇ ਪੂਰੇ ਪ੍ਰਭਾਵ ਵਿੱਚ ਗ੍ਰਸਤ ਹੁੰਦਾ ਹੈ। ਬੱਚੇ ਦੇ ਮਾਤਾ-ਪਿਤਾ, ਭੈਣ, ਭਰਾ, ਦਾਦਾ, ਦਾਦੀ, ਨਾਨਾ, ਨਾਨੀ, ਚਾਚੇ, ਤਾਏ, ਮਾਮੇ, ਮਾਸੀਆਂ ਸਾਰਾ ਕੁਟੰਬ ਕੋੜਮਾ ਮਾਇਆ ਦੀ ਗੁਲਾਮੀ ਵਿੱਚ ਗ੍ਰਸਤ ਹੁੰਦਾ ਹੈ। ਸਾਰਾ ਪਰਿਵਾਰ ਮਾਇਆ ਦੇ ਭਰਮ ਜਾਲ ਵਿੱਚ ਫੱਸਿਆ ਹੁੰਦਾ ਹੈ। ਸਾਰੇ ਪਰਿਵਾਰ ਦੇ ਲੋਕ ਆਪੋ-ਆਪਣੀ ਪਿਛਲੇ ਜਨਮਾਂ ਦੀ ਕਰਨੀ ਅਨੁਸਾਰ ਆਪਣੀ ਤ੍ਰਿਸ਼ਨਾ ਨੂੰ ਬੁਝਾਉਣ ਵਾਸਤੇ ਪੰਜ ਚੰਡਾਲਾਂ (ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ) ਦੀ ਅਧੀਨਤਾ ਵਿੱਚ ਆਪਣੇ ਕਰਮ ਕਾਂਡ ਨੂੰ ਅੰਜਾਮ ਦੇਣ ਵਿੱਚ ਪੂਰੇ ਤੌਰ ‘ਤੇ ਵਿਅਸਤ ਹੁੰਦੇ ਹਨ। ਮੁੱਕਦੀ ਗੱਲ ਕਿ ਸਾਰਾ ਕੁਟੁੰਬ ਮਾਇਆ ਦੀ ਗੁਲਾਮੀ ਵਿੱਚ ਪੰਜ ਚੰਡਾਲਾਂ ਨੂੰ ਗੁਰੂ ਧਾਰਨ ਕਰ ਕੇ ਆਪਣੀ ਤ੍ਰਿਸ਼ਨਾ ਨੂੰ ਬੁਝਾਉਣ ਵਿੱਚ ਪੂਰਨ ਤੌਰ ‘ਤੇ ਆਪਣੇ ਆਪ ਦਾ ਨਾਸ਼ ਕਰਨ ਵਿੱਚ ਰੁੱਝਿਆ ਹੁੰਦਾ ਹੈ। ਐਸੇ ਮਾਇਆ ਵਿੱਚ ਗ੍ਰਸਤ ਵਾਤਾਵਰਨ ਵਿੱਚ ਬੱਚਾ ਜਦ ਜਨਮ ਲੈਂਦਾ ਹੈ ਤਾਂ ਜਨਮ ਲੈਂਦੇ ਹੀ ਰੋਂਦਾ ਹੈ। ਜੇਕਰ ਜਨਮ ਦੇ ਸਮੇਂ ਬੱਚਾ ਰੋਂਦਾ ਨਹੀਂ ਤਾਂ ਸਾਰੇ ਚਿੰਤਤ ਹੋ ਜਾਂਦੇ ਹਨ ਕਿ ਬੱਚਾ ਰੋਇਆ ਕਿਉਂ ਨਹੀਂ। ਮਾਤ ਗਰਭ ਵਿੱਚ ਸਥਿਤ ਸਮਾਧੀ ਵਿੱਚ ਬੱਚੇ ਦੀ ਬਾਹਰਲੀ ਦੁਨੀਆਂ ਵਿੱਚ ਆਉਂਦੇ ਹੀ ਸਤਿ ਪਾਰਬ੍ਰਹਮ ਪਰਮੇਸ਼ਰ ਨਾਲ ਲੱਗੀ ਹੋਈ ਲਿਵ ਟੁੱਟ ਜਾਂਦੀ ਹੈ। ਜਨਮ ਦੇ ਸਮੇਂ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਾਲ ਲੱਗੀ ਹੋਈ ਲਿਵ ਟੁੱਟਣ ਕਾਰਨ ਬੱਚਾ ਜਨਮ ਦੇ ਸਮੇਂ ਰੋਣ ਲੱਗ ਪੈਂਦਾ ਹੈ। ਕਿਉਂਕਿ ਜਨਮ ਤੋਂ ਪਹਿਲਾਂ ਮਾਤ ਗਰਭ ਵਿੱਚ ਸਮਾਧੀ ਸਥਿਤ ਬੱਚੇ ਨੂੰ ਇਹ ਗਿਆਨ ਹੁੰਦਾ ਹੈ ਕਿ ਹੁਣ ਉਹ ਬਾਹਰਲੀ ਦੁਨੀਆਂ, ਜੋ ਕਿ ਮਾਇਆ ਦੀ ਗੁਲਾਮੀ ਵਿੱਚ ਵਿਅਸਤ ਹੈ, ਐਸੀ ਦੁਨੀਆਂ ਵਿੱਚ ਜਾਣ ਲੱਗਾ ਹੈ ਇਸ ਲਈ ਜਦ ਉਹ ਬਾਹਰਲੀ ਦੁਨੀਆਂ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਉਸ ਦਾ ਰੋਣਾ ਨਿਕਲ ਜਾਂਦਾ ਹੈ। ਮਾਇਆ ਦੇ ਇਸ ਵਿਨਾਸ਼ਕਾਰੀ ਖੇਲ ਤੋਂ ਅਣਜਾਣ, ਜਨਮ ਸਮੇਂ ਬੱਚੇ ਦਾ ਰੋਣਾ ਸੁਣ ਕੇ ਬਾਹਰਲੀ ਦੁਨੀਆਂ ਵਿੱਚ ਉਸ ਨੂੰ ਜਨਮ ਦੇਣ ਵਿੱਚ ਸਾਹਾਇਤਾ ਕਰਨ ਵਾਲੇ ਡਾਕਟਰ, ਨਰਸਾਂ ਅਤੇ ਮੌਜੂਦ ਪਰਿਵਾਰ ਦੇ ਲੋਕ ਬੱਚੇ ਦਾ ਰੋਣਾ ਸੁਣ ਕੇ ਬਹੁਤ ਪ੍ਰਸੰਨ ਹੁੰਦੇ ਹਨ। ਇਸ ਪਰਮ ਸਤਿ ਤੱਤ ਨੂੰ ਗੁਰਬਾਣੀ ਵਿੱਚ ਬਾਰ ਬਾਰ ਦ੍ਰਿੜ੍ਹ ਕਰਵਾਇਆ ਗਿਆ ਹੈ:

ਰੇ ਨਰ ਗਰਭ ਕੁੰਡਲ ਜਬ ਆਛਤ ਉਰਧ ਧਿਆਨ ਲਿਵ ਲਾਗਾ

ਮਿਰਤਕ ਪਿੰਡਿ ਪਦ ਮਦ ਨਾ ਅਹਿਨਿਸਿ ਏਕੁ ਅਗਿਆਨ ਸੁ ਨਾਗਾ

ਤੇ ਦਿਨ ਸੰਮਲੁ ਕਸਟ ਮਹਾ ਦੁਖ ਅਬ ਚਿਤੁ ਅਧਿਕ ਪਸਾਰਿਆ

ਗਰਭ ਛੋਡਿ ਮ੍ਰਿਤ ਮੰਡਲ ਆਇਆ ਤਉ ਨਰਹਰਿ ਮਨਹੁ ਬਿਸਾਰਿਆ

(ਪੰਨਾ ੯੩)

ਇਸ ਤਰ੍ਹਾਂ ਨਾਲ ਨਵਾਂ ਜੰਮਿਆ ਬੱਚਾ ਮਾਇਆ ਦੀਆਂ ਵਿਨਾਸ਼ਕਾਰੀ ਸ਼ਕਤੀਆਂ ਵਿੱਚ ਗਰਕ ਰਹੇ ਕੁਟੁੰਬ ਅਤੇ ਕੋੜਮੇ ਦੇ ਲੋਕਾਂ ਦੇ ਹੱਥਾਂ ਵਿੱਚ ਰਹਿਣ ਲਈ ਮਜਬੂਰ ਹੋ ਜਾਂਦਾ ਹੈ। ਨਵੇਂ ਜਨਮੇ ਬੱਚੇ ਦੀ ਇਹ ਵਿਵਸ਼ਤਾ ਹੁੰਦੀ ਹੈ ਕਿ ਸਤਿ ਪਾਰਬ੍ਰਹਮ ਪਰਮੇਸ਼ਰ ਨੇ ਉਸਨੂੰ ਬੋਲ ਕੇ ਆਪਣੇ ਅੰਦਰ ਦੀ ਭਾਵਨਾ ਦੱਸਣ ਦੀ ਸ਼ਕਤੀ ਦੀ ਬਖਸ਼ਿਸ਼ ਨਹੀਂ ਕੀਤੀ ਹੈ। ਜਿੱਥੇ ਨਵਾਂ ਜੰਮਿਆ ਬੱਚਾ ਪ੍ਰਮਾਤਮਾ ਦਾ ਰੂਪ ਹੁੰਦਾ ਹੈ ਪਰੰਤੂ ਉਹ ਆਪਣਾ ਸਾਰਾ ਗਿਆਨ ਬੋਲ ਕੇ ਦੱਸਣ ਵਿੱਚ ਅਸਮਰਥ ਹੁੰਦਾ ਹੈ। ਜੋ ਉਹ ਦੇਖਦਾ ਹੈ ਅਤੇ ਅਨੁਭਵ ਕਰਦਾ ਹੈ ਉਹ ਸਭ ਕੁਝ ਬੋਲ ਕੇ ਦੱਸ ਨਹੀਂ ਸਕਦਾ ਹੈ। ਇੱਕ ਤਰ੍ਹਾਂ ਨਾਲ ਇਹ ਸਮਝੋ ਕਿ ਨਵੇਂ ਜਨਮੇ ਬੱਚੇ ਨੂੰ ਬੋਲਣ ਦੀ ਸ਼ਕਤੀ ਤੋਂ ਵਾਂਝੇ ਰੱਖ ਕੇ ਕਰਮ ਦੇ ਦਰਗਾਹੀ ਵਿਧਾਨ ਅਨੁਸਾਰ ਉਸਨੂੰ ਮਾਇਆ ਦੇ ਦਲਦਲ ਵਿੱਚ ਆਪਣੇ ਪਿਛਲੇ ਕਰਮ ਕਾਡਾਂ ਦਾ ਲੇਖਾ-ਜੋਖਾ ਦੇਣ ਲਈ ਜਿਵੇਂ ਧੱਕ ਦਿੱਤਾ ਹੈ। ਮਾਇਆ ਦੇ ਇਸ ਵਿਨਾਸ਼ਕਾਰੀ ਸ਼ਕਤੀਆਂ ਵਿੱਚ ਗਰਕ ਰਹੇ ਪਰਿਵਾਰ ਦੇ ਹੱਥੇ ਚੜ੍ਹ ਕੇ ਬੱਚਾ ਹੌਲੀ-ਹੌਲੀ ਆਪਣਾ ਸਾਰਾ ਗਿਆਨ ਭੁੱਲ ਜਾਂਦਾ ਹੈ। ਜੋ ਕੁਝ ਗਿਆਨ ਉਸਨੂੰ ਜਨਮ ਤੋਂ ਪਹਿਲਾਂ ਮਾਤਾ ਦੇ ਗਰਭ ਵਿੱਚ ਹੁੰਦਾ ਹੈ ਉਹ ਸਭ ਕੁਝ ਹੌਲੀ-ਹੌਲੀ ਮਾਇਆ ਦੇ ਪਰਦੇ ਵਿੱਚ ਢੱਕਿਆ ਜਾਂਦਾ ਹੈ। ਬੱਚੇ ਦੇ ਸਾਰੇ ਬਜਰ ਕਪਾਟ ਬੰਦ ਜੋ ਜਾਂਦੇ ਹਨ। ਸਤਿ ਸਰੋਵਰ ਫਿਰ ਮਾਇਆ ਦੇ ਪ੍ਰਭਾਵ ਨਾਲ ਢੱਕੇ ਜਾਂਦੇ ਹਨ। ਅੰਮ੍ਰਿਤ ਨਾਲ ਭਰਪੂਰ ਜੰਮਿਆ ਬੱਚਾ ਮਾਇਆ ਦੇ ਵਿੱਚ ਗਲਤਾਨ ਹੋਣਾ ਸ਼ੁਰੂ ਹੋ ਜਾਂਦਾ ਹੈ। ਜਦ ਤੱਕ ਬੱਚੇ ਦੀ ਬੋਲਣ ਦੀ ਸ਼ਕਤੀ ਪ੍ਰਗਟ ਹੁੰਦੀ ਹੈ ਉਹ ਮਾਇਆ ਦੀ ਗੁਲਾਮੀ ਵਿੱਚ ਬਹੁਤ ਰੁੱਝ ਜਾਂਦਾ ਹੈ। ਹੌਲੀ-ਹੌਲੀ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਉਸਨੂੰ ਦਬੋਚ ਲੈਂਦੇ ਹਨ। ਮਾਇਆ ਵਿੱਚ ਗਲਤਾਨ ਕੁਟੁੰਬ ਅਤੇ ਕੋੜਮੇ ਦਾ ਰੰਗ ਬੱਚੇ ਉੱਪਰ ਛੇਤੀ ਹੀ ਚੜ੍ਹ ਜਾਂਦਾ ਹੈ ਅਤੇ ਉਹ ਵੀ ਮਾਇਆ ਦੀ ਗੁਲਾਮੀ ਵਿੱਚ ਚਲਾ ਜਾਂਦਾ ਹੈ। ਇਸ ਤਰ੍ਹਾਂ ਰੱਬ ਦੇ ਰੂਪ ਵਿੱਚ ਜੰਮਿਆ ਬੱਚਾ ਮਾਇਆ ਦਾ ਗੁਲਾਮ ਬਣ ਕੇ ਰਹਿ ਜਾਂਦਾ ਹੈ। ਫਿਰ ਮਾਇਆ ਦੀ ਗੁਲਾਮੀ ਵਿੱਚ ਆਪਣੇ ਕਰਮ-ਕਾਂਡ ਦਾ ਲੇਖਾ-ਜੋਖਾ ਦੇਣ ਵਿੱਚ ਵਿਅਸਤ ਹੋ ਜਾਂਦਾ ਹੈ ਅਤੇ ਬਾਕੀ ਦੇ ਪਰਿਵਾਰ ਦੇ ਲੋਕਾਂ ਵਾਂਗ ਮਾਇਆ ਦੇ ਖੇਲ ਵਿੱਚ ਰੁੱਝ ਕੇ ਆਪਣਾ ਸਾਰਾ ਜੀਵਨ ਬਤੀਤ ਕਰਕੇ ਆਪਣੇ ਅੰਤ ਨੂੰ ਪ੍ਰਾਪਤ ਹੋ ਜਾਂਦਾ ਹੈ।

ਕੇਵਲ ਇੱਕ ਸੂਰਤ ਵਿੱਚ ਹੀ ਬੱਚੇ ਦੇ ਜਨਮ ਨੂੰ ਬਚਾਇਆ ਜਾ ਸਕਦਾ ਹੈ। ਜੇ ਬੱਚੇ ਦਾ ਜਨਮ ਬੰਦਗੀ ਦੇ ਮਾਹੌਲ ਵਿੱਚ ਹੋਏ ਤਾਂ ਬੱਚੇ ਦੀ ਜਨਮ ਕਥਾ ਸੁੰਦਰ ਰੂਪ ਲੈ ਸਕਦੀ ਹੈ। ਭਾਵ ਜੇਕਰ ਬੱਚੇ ਦੇ ਮਾਤ-ਪਿਤਾ ਬੰਦਗੀ ਵਿੱਚ ਰੱਤੇ ਹੋਏ ਹੋਣ ਤਾਂ ਬੱਚੇ ਦੇ ਜਨਮ ਦੀ ਕਥਾ ਸੁੰਦਰ ਬਣ ਸਕਦੀ ਹੈ। ਜੇਕਰ ਮਾਤ-ਪਿਤਾ ਦੋਨੋਂ ਸੰਤ ਰੂਹਾਂ ਹੋਣ ਤਾਂ ਬੱਚੇ ਦਾ ਜਨਮ ਅਤਿ ਸੁੰਦਰ ਹੋ ਸਕਦਾ ਹੈ। ਜੇਕਰ ਬੱਚੇ ਦੇ ਮਾਤ-ਪਿਤਾ ਦੋਨੋਂ ਗੁਰਪ੍ਰਸਾਦਿ ਦੀ ਪ੍ਰਾਪਤੀ ਕੀਤੀਆਂ ਹੋਈਆਂ ਬੰਦਗੀ ਵਿੱਚ ਰੱਤੀਆਂ ਹੋਈਆਂ ਸੁਹਾਗਣਾਂ ਹੋਣ ਤਾਂ ਬੱਚੇ ਦੇ ਜਨਮ ਨੂੰ ਖ਼ੁਆਰ ਹੋਣ ਤੋਂ ਬਚਾਇਆ ਜਾ ਸਕਦਾ ਹੈ। ਐਸੀ ਮਾਤਾ ਜੋ ਕਿ ਸੁਹਾਗਣ ਹੋਏ ਉਸ ਦਾ ਗਰਭ ਧੰਨ ਧੰਨ ਸੰਤ ਰੂਹ ਨੂੰ ਜਨਮ ਦਿੰਦਾ ਹੈ। ਐਸੇ ਮਾਤ-ਪਿਤਾ ਜੋ ਕਿ ਸੰਤ ਰੂਹਾਂ ਹੋਣ ਉਨ੍ਹਾਂ ਦੀ ਸੰਤਾਨ ਵੀ ਬੰਦਗੀ ਕਰਨ ਵਾਲੀਆਂ ਰੂਹਾਂ ਹੁੰਦੀਆਂ ਹਨ। ਐਸੇ ਸੰਤ ਮਾਤ-ਪਿਤਾ ਦੀ ਸੰਤਾਨ ਵੀ ਸੰਤ ਹੀ ਬਣਦੀ ਹੈ। ਪਰੰਤੂ ਹਰ ਇਕ ਮਾਤ-ਪਿਤਾ ਤਾਂ ਸੰਤ ਰੂਹਾਂ ਨਹੀਂ ਹੋ ਸਕਦੀਆਂ ਹਨ। ਕਿਉਂਕਿ ਸੰਤ ਰੂਹ ਤਾਂ ਕੋਈ ਕਰੋੜਾਂ ਵਿੱਚ ਵਿਰਲੀ ਹੀ ਹੁੰਦੀ ਹੈ। ਇਸ ਲਈ ਐਸੀ ਸੰਭਾਵਨਾ, ਕਿ ਸੰਤਾਨ ਕੋਈ ਸੰਤ ਰੂਹ ਜਨਮੇ, ਬਹੁਤ ਘੱਟ ਜਾਂਦੀ ਹੈ। ਤਾਂ ਫਿਰ ਐਸੀ ਸਥਿਤੀ ਵਿੱਚ ਮਾਤ-ਪਿਤਾ ਨੂੰ ਕੀ ਕਰਨਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੀ ਸੰਤਾਨ ਉੱਪਰ ਮਾਇਆ ਦਾ ਪ੍ਰਭਾਵ ਘੱਟ ਕੀਤਾ ਜਾ ਸਕੇ। ਸੰਤਾਨ ਦੀ ਅਤੇ ਆਪਣੀ ਭਲਾਈ ਵਾਸਤੇ ਮਾਤ-ਪਿਤਾ ਦਾ ਸਤੋਗੁਣੀ ਹੋਣਾ ਬਹੁਤ ਜ਼ਰੂਰੀ ਹੈ। ਘੱਟ ਤੋਂ ਘੱਟ ਸਤਿ ਦੀ ਕਰਨੀ ਉੱਪਰ ਮਾਤ-ਪਿਤਾ ਆਪਣਾ ਧਿਆਨ ਕੇਂਦਰਿਤ ਕਰਨ ਤਾਂ ਉਨ੍ਹਾਂ ਦਾ ਅਤੇ ਸੰਤਾਨ ਦਾ ਭਲਾ ਹੋ ਸਕਦਾ ਹੈ। ਇਸ ਲਈ ਜੇਕਰ ਮਾਤ-ਪਿਤਾ ਨਵੇਂ ਜਨਮੇ ਬੱਚੇ ਦੇ ਕੋਲ ਗੁਰਬਾਣੀ ਦਾ ਪ੍ਰਕਾਸ਼ ਕਰੀ ਰੱਖਣ ਤਾਂ ਬੱਚੇ ਉੱਪਰ ਮਾਇਆ ਦਾ ਪ੍ਰਭਾਵ ਘੱਟ ਕੀਤਾ ਜਾ ਸਕਦਾ ਹੈ। ਭਾਵ ਨਵੇਂ ਜਨਮੇ ਬੱਚੇ ਨੂੰ ਵੱਧ ਤੋਂ ਵੱਧ ਗੁਰਬਾਣੀ ਸੁਣਾਈ ਜਾਏ ਤਾਂ ਉਸਦੀ ਰੂਹ ਸਕੂਨ ਵਿੱਚ ਰਹੇਗੀ ਅਤੇ ਉਸ ਉੱਪਰ ਮਾਇਆ ਦਾ ਪ੍ਰਭਾਵ ਘੱਟ ਹੋਏਗਾ। ਮਾਤ-ਪਿਤਾ ਨਵੇਂ ਜਨਮੇ ਬੱਚੇ ਨੂੰ ਗੋਦ ਵਿੱਚ ਲੈ ਕੇ ਵੱਧ ਤੋਂ ਵੱਧ ਸਤਿਨਾਮ ਦਾ ਸਿਮਰਨ ਕਰਨ ਤਾਂ ਉਸ ਉੱਪਰ ਮਾਇਆ ਦਾ ਪ੍ਰਭਾਵ ਘੱਟ ਹੋਏਗਾ। ਨਵੇਂ ਜਨਮੇ ਬੱਚੇ ਦੇ ਕਮਰੇ ਵਿੱਚ ਜੇਕਰ ਗੁਰਬਾਣੀ ਧੀਮੀ ਆਵਾਜ਼ ਵਿੱਚ ਹਰ ਵੇਲੇ ਚਲਦੀ ਰਹੇ ਤਾਂ ਇਸ ਦਾ ਪ੍ਰਭਾਵ ਵਿਸਮਾਦਜਨਕ ਹੋ ਸਕਦਾ ਹੈ। ਮਾਤ-ਪਿਤਾ ਦੋਵੇਂ ਸਤਿਨਾਮ ਦਾ ਸਿਮਰਨ ਅਭਿਆਸ ਕਰਨ ਤਾਂ ਬੱਚੇ ਉੱਪਰ ਇਸਦਾ ਬਹੁਤ ਸੁੰਦਰ ਪ੍ਰਭਾਵ ਪਵੇਗਾ।

ਇਸ ਤਰ੍ਹਾਂ ਦੇ ਨਾਲ ਮਨੁੱਖ ਮਾਇਆ ਦੇ ਇਸ ਖੇਲ ਵਿੱਚ ਫੱਸਿਆ ਹੋਇਆ ਜਨਮ-ਮਰਨ ਦੇ ਬੰਧਨ ਵਿੱਚ ਜਕੜਿਆ ਰਹਿੰਦਾ ਹੈ। ਕਈ ਕਰਮਾਂ ਦਾ ਲੇਖਾ ਦਿੰਦਾ ਹੈ ਅਤੇ ਕਈ ਨਵੇਂ ਕਰਮ ਲਿਖਦਾ ਹੈ, ਜਿਨ੍ਹਾਂ ਕਰਮਾਂ ਦਾ ਲੇਖਾ ਆਉਣ ਵਾਲੇ ਸਮੇਂ ਵਿੱਚ ਦੇਣਦਾਰ ਹੁੰਦਾ ਹੈ। ਇਸ ਤਰ੍ਹਾਂ ਨਾਲ ਮਨੁੱਖ ਦੀ ਰੂਹ ਇਨ੍ਹਾਂ ਕਰਮਾਂ ਦਾ ਬੋਝ ਇੱਕ ਜਨਮ ਤੋਂ ਅਗਲੇ ਜਨਮ, ਫਿਰ ਅਗਲੇ ਅਤੇ ਫਿਰ ਅਗਲੇ ਜਨਮਾਂ-ਜਨਮਾਂਤਰਾਂ ਤੱਕ ਚੁੱਕੀ ਫਿਰਦੀ ਹੈ। ਇਨ੍ਹਾਂ ਸਾਰੇ ਜਨਮਾਂ ਵਿੱਚ ਫਿਰ ਪਰਿਵਾਰ ਬਣਦਾ ਹੈ, ਪਰਿਵਾਰਕ ਸੰਬੰਧ ਬਣਦੇ ਹਨ, ਫਿਰ ਕਿਸੇ ਦਾ ਪੁੱਤਰ ਜਾਂ ਧੀ ਬਣਦਾ ਹੈ ਅਤੇ ਬਾਕੀ ਦੇ ਸਾਰੇ ਰਿਸ਼ਤੇ ਨਾਤਿਆਂ ਵਿੱਚ ਫੱਸਦਾ ਹੈ। ਇਸ ਤਰ੍ਹਾਂ ਦੇ ਨਾਲ ਪਿਛਲੇ ਜਨਮਾਂ ਵਿੱਚ ਅਤੇ ਇਸ ਜਨਮ ਤੱਕ ਪਤਾ ਨਹੀਂ ਕਿਤਨੇ ਮਾਤ-ਪਿਤਾ ਬਣੇ, ਕਿਤਨੇ ਭੈਣ-ਭਰਾ ਬਣੇ, ਕਿਤਨੇ ਰਿਸ਼ਤੇਦਾਰ ਬਣੇ, ਕਿਤਨੇ ਸੰਬੰਧ ਜੁੜੇ ਅਤੇ ਟੁੱਟੇ, ਕਿਤਨੇ ਕਰਮਾਂ ਦਾ ਲੇਖਾ ਦਿੱਤਾ, ਕਿਤਨੇ ਨਵੇਂ ਕਰਮ ਲਿਖੇ। ਮੁਕਦੀ ਗੱਲ ਜਦ ਤੱਕ ਜੀਵਨ ਮੁਕਤੀ ਨਹੀਂ ਮਿਲਦੀ ਇਹ ਸਿਲਸਿਲਾ ਖ਼ਤਮ ਨਹੀਂ ਹੁੰਦਾ ਹੈ। ਹਰ ਨਵੇਂ ਜਨਮ ਵਿੱਚ ਫਿਰ ਮਨੁੱਖ ਦੀ ਇਹੋ ਹੀ ਕਥਾ ਪ੍ਰਗਟ ਹੁੰਦੀ ਹੈ। ਫਿਰ ਕਰਮ-ਕਾਂਡ ਦਾ ਖੇਲ ਨਵੇਂ ਸਿਰੇ ਤੋਂ ਸ਼ੁਰੂ ਹੁੰਦਾ ਹੈ, ਫਿਰ ਮਾਇਆ ਦੀ ਗੁਲਾਮੀ ਅਤੇ ਮਾਇਆ ਦੀ ਗੁਲਾਮੀ ਵਿੱਚ ਜੀਵਨ ਦਾ ਅੰਤ। ਜਦ ਜੀਵਨ ਦਾ ਅੰਤ ਹੁੰਦਾ ਹੈ ਤਾਂ ਮਾਇਆ ਦੇ ਇਸ ਵਿਨਾਸ਼ਕਾਰੀ ਖੇਲ ਵਿੱਚ ਕੋਈ ਸੰਬੰਧ, ਰਿਸ਼ਤਾ, ਨਾਤਾ, ਪਰਿਵਾਰ, ਕੁਟੁੰਬ ਅਤੇ ਕੋੜਮੇ ਦੇ ਲੋਕ ਨਾਲ ਨਹੀਂ ਜਾਂਦੇ ਹਨ। ਜਦ ਮਨੁੱਖ ਦੇ ਜੀਵਨ ਦਾ ਅੰਤ ਹੁੰਦਾ ਹੈ ਤਾਂ ਮਨੁੱਖ ਦੀ ਰੂਹ ਦੇ ਨਾਲ ਕੇਵਲ ਬੰਦੇ ਦੇ ਚੰਗੇ ਅਤੇ ਮਾੜੇ ਕਰਮ ਨਾਲ ਜਾਂਦੇ ਹਨ। ਸਾਰੇ ਸਾਖ, ਰਿਸ਼ਤੇ, ਨਾਤੇ, ਸੰਬੰਧ, ਮਾਤ-ਪਿਤਾ, ਭੈਣ-ਭਰਾ ਕੋਈ ਨਾਲ ਨਹੀਂ ਨਿਭਦਾ ਨਾ ਹੀ ਬੰਦੇ ਦੀ ਜਾਇਦਾਦ ਅਤੇ ਸਾਰੇ ਦੁਨਿਆਵੀ ਪਦਾਰਥ, ਜੋ ਉਸਨੇ ਸਾਰੀ ਉਮਰ ਇਕੱਤਰ ਕਰਨ ਵਿੱਚ ਲਗਾਈ ਅਤੇ ਗਵਾਈ ਹੁੰਦੀ ਹੈ, ਨਾਲ ਨਹੀਂ ਜਾਂਦੇ।

ਇਸ ਤਰ੍ਹਾਂ ਮਨੁੱਖ ਦੇ ਇਸ ਜਨਮ ਵਿੱਚ ਜੋ ਸੰਬੰਧ, ਸਾਖ, ਰਿਸ਼ਤੇ, ਨਾਤੇ ਕੇਵਲ ਇਸ ਜਨਮ ਦੇ ਹੀ ਨਹੀਂ ਹੁੰਦੇ ਹਨ ਬਲਕਿ ਕਈ ਪਿਛਲੇ ਜਨਮਾਂ ਤੋਂ ਚਲੇ ਆ ਰਹੇ ਹੁੰਦੇ ਹਨ। ਇਸ ਲਈ ਇਹ ਸਾਰੇ ਸੰਬੰਧ, ਸਾਖ, ਰਿਸ਼ਤੇ, ਨਾਤੇ ਕਿਉਂਕਿ ਕੇਵਲ ਕਰਮ-ਕਾਂਡ ਦਾ ਲੇਖਾ-ਜੋਖਾ ਦੇਣ ਲਈ ਹੀ ਬਣਦੇ ਅਤੇ ਮਿਟਦੇ ਰਹਿੰਦੇ ਹਨ ਇਸ ਲਈ ਇਸ ਸਾਰੇ ਸੰਬੰਧ, ਸਾਖ, ਰਿਸ਼ਤੇ, ਨਾਤੇ ਝੂਠੇ ਹਨ। ਕੇਵਲ ਇਤਨਾ ਹੀ ਨਹੀਂ ਮਨੁੱਖ ਦੀ ਸਾਰੀ ਉਮਰ ਵਿੱਚ ਇਕੱਤਰ ਕੀਤਾ ਗਿਆ ਧਨ, ਦੌਲਤ, ਜਾਇਦਾਦ, ਦੁਨਿਆਵੀ ਪਦਾਰਥ ਆਦਿ ਸਾਰੇ ਅੰਤ ਸਮੇਂ ਮਨੁੱਖ ਦੇ ਨਾਲ ਨਹੀਂ ਜਾਂਦੇ ਹਨ। ਇਸ ਪਰਮ ਸਤਿ ਤੱਤ ਨੂੰ ਗੁਰਬਾਣੀ ਵਿੱਚ ਬਾਰ-ਬਾਰ ਦ੍ਰਿੜ੍ਹ ਕਰਵਾਇਆ ਗਿਆ ਹੈ। ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਸ਼ਾਹ ਜੀ ਨੇ ਸਾਰੇ ਸੰਸਾਰ ਦੀ ਸੱਚਾਈ ਨੂੰ ਆਸਾ ਦੀ ਵਾਰ ਦੇ ਇਸ ਪੂਰਨ ਬ੍ਰਹਮ ਗਿਆਨ ਦੇ ਪਰਮ ਸ਼ਕਤੀਸ਼ਾਲੀ ਸਲੋਕ ਵਿੱਚ ਦ੍ਰਿੜ੍ਹ ਕਰਵਾਇਆ ਹੈ:

ਸਲੋਕੁ ਮ ੧

ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰੁ

ਕੂੜੁ ਮੰਡਪ ਕੂੜੁ ਮਾੜੀ ਕੂੜੁ ਬੈਸਣਹਾਰੁ

ਕੂੜੁ ਸੁਇਨਾ ਕੂੜੁ ਰੁਪਾ ਕੂੜੁ ਪੈਨ੍ਹਣਹਾਰੁ

ਕੂੜੁ ਕਾਇਆ ਕੂੜੁ ਕਪੜੁ ਕੂੜੁ ਰੂਪੁ ਅਪਾਰੁ

ਕੂੜੁ ਮੀਆ ਕੂੜੁ ਬੀਬੀ ਖਪਿ ਹੋਏ ਖਾਰੁ

ਕੂੜਿ ਕੂੜੈ ਨੇਹੁ ਲਗਾ ਵਿਸਰਿਆ ਕਰਤਾਰੁ

ਕਿਸੁ ਨਾਲਿ ਕੀਚੈ ਦੋਸਤੀ ਸਭੁ ਜਗੁ ਚਲਣਹਾਰੁ

ਕੂੜੁ ਮਿਠਾ ਕੂੜੁ ਮਾਖਿਉ ਕੂੜੁ ਡੋਬੇ ਪੂਰੁ

ਨਾਨਕੁ ਵਖਾਣੈ ਬੇਨਤੀ ਤੁਧੁ ਬਾਝੁ ਕੂੜੋ ਕੂੜੁ

(ਪੰਨਾ ੪੬੮)

ਪਰਮ ਸਤਿ ਦੇ ਇਹ ਇਲਾਹੀ ਸ਼ਬਦ ਜੋ ਕਿ ਦਰਗਾਹੀ ਵਿਧਾਨਾਂ ਦਾ ਅਟੱਲ ਹਿੱਸਾ ਹਨ ਉਹ ਸਦਾ-ਸਦਾ ਤੋਂ ਸਾਰੀ ਸ੍ਰਿਸ਼ਟੀ ਉੱਪਰ ਲਾਗੂ ਹਨ। ਅਵਤਾਰਾਂ, ਸੰਤਾਂ, ਬ੍ਰਹਮ ਗਿਆਨੀਆਂ ਅਤੇ ਸਤਿਗੁਰੂਆਂ ਦੇ ਕਹੇ ਬਚਨ ਅਟੱਲ ਸਤਿ ਹੁੰਦੇ ਹਨ। ਅਵਤਾਰਾਂ, ਸੰਤਾਂ, ਬ੍ਰਹਮ ਗਿਆਨੀਆਂ ਅਤੇ ਸਤਿਗੁਰੂਆਂ ਦੀ ਬਾਣੀ ਪੂਰਨ ਸਤਿ, ਪੂਰਨ ਬ੍ਰਹਮ ਗਿਆਨ ਅਤੇ ਦਰਗਾਹੀ ਹੁਕਮ ਹੁੰਦਾ ਹੈ। ਇਸ ਲਈ ਗੁਰਬਾਣੀ ਵਿੱਚ ਦਰਜ ਹਰ ਇਕ ਸ਼ਬਦ ਪੂਰਨ ਸਤਿ, ਪੂਰਨ ਬ੍ਰਹਮ ਗਿਆਨ ਅਤੇ ਅਟੱਲ ਦਰਗਾਹੀ ਹੁਕਮ ਹੈ। ਪਰਮ ਸਤਿ ਦੇ ਇਸ ਸਲੋਕ ਵਿੱਚ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਨੇ ਸਾਰੇ ਸੰਸਾਰ ਦੇ ਪਸਾਰੇ ਨੂੰ ਕੂੜੁ ਕਿਹਾ ਹੈ। ਕੂੜੁ ਤੋਂ ਭਾਵ ਹੈ ਛਲਾਵਾ। ਕੂੜੁ ਤੋਂ ਭਾਵ ਹੈ ਭਰਮ। ਕੂੜੁ ਤੋਂ ਭਾਵ ਹੈ ਝੂਠ। ਕੂੜੁ ਤੋਂ ਭਾਵ ਹੈ ਜੋ ਸਤਿ ਨਹੀਂ ਹੈ। ਕੂੜੁ ਤੋਂ ਭਾਵ ਜੋ ਅਸਤਿ ਹੈ। ਕੂੜੁ ਤੋਂ ਭਾਵ ਹੈ ਜੋ ਸਦੀਵੀ ਨਹੀਂ ਹੈ। ਕੂੜੁ ਤੋਂ ਭਾਵ ਹੈ ਜੋ ਵਸਤੂ ਬਿਨਸਨਹਾਰ ਹੈ। ਕੂੜੁ ਤੋਂ ਭਾਵ ਹੈ ਜੋ ਵਸਤੂ ਸਮੇਂ ਦੇ ਨਾਲ ਪਰਿਵਰਤਨਸ਼ੀਲ ਹੈ। ਜੋ ਵਸਤੂ ਕਾਲ ਵਿੱਚ ਜੰਮਦੀ ਹੈ ਉਸ ਦਾ ਅੰਤ ਕਾਲ ਵਿੱਚ ਹੀ ਨਿਸ਼ਚਿਤ ਹੈ। ਕਿਉਂਕਿ ਇਸ ਸੰਸਾਰ ਦੀ ਰਚਨਾ ਵੀ ਕਾਲ ਵਿੱਚ ਹੀ ਹੋਈ ਹੈ ਅਤੇ ਹੋ ਰਹੀ ਹੈ ਇਸ ਲਈ ਇਹ ਸੰਸਾਰ ਵੀ ਕੂੜੁ ਹੈ। ਕਿਉਂਕਿ ਸੰਸਾਰ ਕੂੜੁ ਹੈ ਇਸ ਲਈ ਸੰਸਾਰ ਵਿੱਚ ਮੌਜੂਦ ਹਰ ਇੱਕ ਵਸਤੂ, ਸਾਰੀ ਲੋਕਾਈ ਬਿਨਸਨਹਾਰ ਹੈ ਇਸ ਲਈ ਸੰਸਾਰ ਦੀ ਹਰ ਇਕ ਰਚਨਾ ਕੂੜੁ ਹੈ। ਕਿਉਂਕਿ ਇਸ ਸੰਸਾਰ ਦੀ ਰਚਨਾ ਕਾਲ ਵਿੱਚ ਹੋਈ ਹੈ ਅਤੇ ਇਹ ਸੰਸਾਰ ਨਿਰੰਤਰ ਪਰਿਵਰਤਨਸ਼ੀਲ ਹੈ, ਇਸ ਲਈ ਇਸ ਸੰਸਾਰ ਵਿੱਚ ਮੌਜੂਦ ਹਰ ਇਕ ਰਚਨਾ ਪਰਿਵਰਤਨਸ਼ੀਲ ਹੈ ਅਤੇ ਹਰ ਪਲ ਪਰਿਵਰਤਿਤ ਹੋ ਰਹੀ ਹੈ, ਇਸ ਸੰਸਾਰ ਦਾ ਅੰਤ ਨਿਸ਼ਚਿਤ ਹੈ, ਭਾਵ ਇਸ ਸੰਸਾਰ ਵਿੱਚ ਵਿਚਰ ਰਹੀ ਹਰ ਇਕ ਰਚਨਾ ਦਾ ਅੰਤ ਨਿਸ਼ਚਿਤ ਹੈ। ਕਿਉਂਕਿ ਸੰਸਾਰ ਦੀ ਹਰ ਇਕ ਰਚਨਾ ਦਾ ਅੰਤ ਨਿਸ਼ਚਿਤ ਹੈ ਅਤੇ ਸਦੀਵੀ ਨਹੀਂ ਹੈ, ਅਸਤਿ ਹੈ, ਇਸ ਲਈ ਸੰਸਾਰ ਦੀ ਹਰ ਇਕ ਰਚਨਾ ਕੂੜੁ ਹੈ। ਇਸ ਦਾ ਭਾਵ ਹੈ ਸੰਸਾਰ ਦੀ ਹਰ ਇਕ ਰਚਨਾ ਅਸਤਿ ਹੈ, ਸਤਿ ਨਹੀਂ ਹੈ, ਬਿਨਸਨਹਾਰ ਹੈ, ਝੂਠ ਹੈ ਅਤੇ ਕੇਵਲ ਭਰਮ ਅਤੇ ਛਲਾਵਾ ਹੈ। ਇਸ ਪਰਮ ਸਤਿ ਦਾ ਸਭ ਤੋਂ ਵੱਡਾ ਉਦਾਹਰਨ ਮਨੁੱਖੀ ਜੀਵਨ ਦਾ ਆਰੰਭ ਅਤੇ ਅੰਤ ਹੈ। ਅਸੀਂ ਆਪਣੇ ਰੋਜ਼ਾਨਾ ਜੀਵਨ ਵਿੱਚ ਬਾਰ-ਬਾਰ ਇਸ ਸਤਿ ਨੂੰ ਪ੍ਰਤੱਖ ਦੇਖ ਰਹੇ ਹਾਂ। ਰੋਜ਼ ਲੱਖਾਂ ਨਵੇ ਜਨਮ ਹੁੰਦੇ ਹਨ ਅਤੇ ਰੋਜ਼ ਲੱਖਾਂ ਜੀਵਨਾਂ ਦਾ ਅੰਤ ਹੁੰਦਾ ਹੈ। ਕੇਵਲ ਇਤਨਾ ਹੀ ਨਹੀਂ, ਮਨੁੱਖ ਦੇ ਜਨਮ ਤੋਂ ਲੈ ਕੇ ਅੰਤ ਤੱਕ ਮਨੁੱਖ ਦੀ ਦੇਹੀ ਅਤੇ ਜੀਵਨ ਵਿੱਚ ਨਿਰੰਤਰ ਪਰਿਵਰਤਨ ਦੇ ਵਾਪਰਨਾ ਪੂਰਨ ਸਤਿ ਹੈ ਅਤੇ ਇਸ ਪਰਮ ਸਤਿ ਨੂੰ ਕਿਸੇ ਪਰਮਾਣ ਦੀ ਲੋੜ ਨਹੀਂ ਹੈ। ਨਿਰੰਤਰ ਇਸੇ ਤਰ੍ਹਾਂ ਨਾਲ ੮੪ ਲੱਖ ਮੇਦਨੀ ਵਿੱਚ (੪੨ ਲੱਖ ਮੇਦਨੀ ਧਰਤੀ ਉੱਪਰ ਅਤੇ ੪੨ ਲੱਖ ਮੇਦਨੀ ਪਾਣੀ ਵਿਚ) ਵਿਚਰਨ ਵਾਲੀ ਹਰ ਇਕ ਰਚਨਾ ਦਾ ਵੱਡੀ ਸੰਖਿਆ ਵਿੱਚ ਜਨਮ ਅਤੇ ਅੰਤ ਹੁੰਦਾ ਹੈ। ਸੰਸਾਰ ਵਿੱਚ ਰੋਜ਼ ਨਵੀਆਂ-ਨਵੀਆਂ ਰਚਨਾਵਾਂ ਦਾ ਜਨਮ ਅਤੇ ਅੰਤ ਹੁੰਦਾ ਹੈ। ਸਾਰਾ ਸੰਸਾਰ ਹਰ ਪਲ ਹਰ ਛਿਨ ਪਰਿਵਰਤਨ ਵਿੱਚੋਂ ਲੰਘ ਰਿਹਾ ਹੈ। ਸੰਸਾਰ ਦੀ ਹਰ ਇਕ ਰਚਨਾ ਪਲ-ਪਲ ਛਿਨ-ਛਿਨ ਆਪਣੇ ਅੰਤ ਵੱਲ ਨੂੰ ਜਾ ਰਹੀ ਹੈ।

ਇਹ ਪੂਰਨ ਸਤਿ ਹੈ ਕਿ ਕਾਲ ਵਿੱਚ ਆਪੋ-ਆਪਣੇ ਕਰਮ ਕਾਂਡ ਅਤੇ ਪ੍ਰਾਲਬਧ ਅਨੁਸਾਰ ਧਰਤੀ ਉੱਪਰ ਕਈ ਵੱਡੇ-ਵੱਡੇ ਛਤਰਪਤੀ, ਪ੍ਰਾਕਰਮੀ, ਸ਼ਕਤੀਸ਼ਾਲੀ, ਧਰਮੀ, ਅਧਰਮੀ, ਰਾਜੇ ਜਨਮੇ ਉਨ੍ਹਾਂ ਨੇ ਧਰਤੀ ਉੱਪਰ ਕਈ ਵੱਡੇ-ਵੱਡੇ ਰਾਜ ਕਾਇਮ ਕੀਤੇ, ਰਾਜ ਕੀਤਾ ਅਤੇ ਫਿਰ ਅੰਤ ਨੂੰ ਪ੍ਰਾਪਤ ਹੋਏ। ਕਾਲ ਵਿੱਚ ਧਰਤੀ ਦੇ ਵੱਖ-ਵੱਖ ਖੰਡਾਂ ਵਿੱਚ ਕਈ ਹਕੂਮਤਾਂ ਆਈਆਂ ਅਤੇ ਗਈਆਂ। ਅੱਜ ਦੇ ਸਮੇਂ ਵਿੱਚ ਵੀ ਜਦੋਂ ਕਿ ਲੋਕਤੰਤਰ ਦਾ ਜ਼ਮਾਨਾ ਚੱਲ ਰਿਹਾ ਹੈ, ਸਾਰੇ ਸੰਸਾਰ ਦੇ ਮੁਲਖਾਂ ਵਿੱਚ ਨਿਰੰਤਰ ਹਕੂਮਤਾਂ ਬਣਦੀਆਂ ਅਤੇ ਢਹਿੰਦੀਆਂ ਪ੍ਰਤੱਖ ਦਿੱਸ ਰਹੀਆਂ ਹਨ। ਜਿਸ ਤਰ੍ਹਾਂ ਨਾਲ ਸਾਰੇ ਰਾਜੇ, ਰਾਜ ਕਰਨ ਵਾਲੇ ਮਨੁੱਖ ਅਤੇ ਉਨ੍ਹਾਂ ਦੀਆ ਹਕੂਮਤਾਂ ਜੰਮਦੀਆਂ ਅਤੇ ਮਰਦੀਆਂ ਹਨ ਇਸੇ ਤਰ੍ਹਾਂ ਨਾਲ ਉਨ੍ਹਾਂ ਰਾਜਿਆਂ ਦੀ ਪਰਜਾ ਵੀ ਜੰਮਦੀ ਅਤੇ ਮਰਦੀ ਹੈ। ਰਾਜਿਆਂ ਦੇ ਮਹਿਲ ਮਾੜੀਆਂ ਅਤੇ ਸਾਰੇ ਸੰਸਾਰੀ ਪਦਾਰਥਾਂ ਦਾ ਵੀ ਕਾਲ ਵਿੱਚ ਅੰਤ ਹੋ ਜਾਂਦਾ ਹੈ। ਕਿਉਂਕਿ ਸਾਰੀਆਂ ਸੰਸਾਰਿਕ ਵਸਤੂਆਂ, ਮਹਿਲ ਅਤੇ ਮਾੜੀਆਂ ਬਿਨਸਨਹਾਰ ਹਨ, ਅਤੇ ਇਨ੍ਹਾਂ ਨੂੰ ਭੋਗਣ ਵਾਲੇ ਰਾਜੇ ਅਤੇ ਉਨ੍ਹਾਂ ਦੀ ਸਾਰੀ ਪਰਜਾ ਵੀ ਬਿਨਸਨਹਾਰ ਹੈ, ਇਸ ਲਈ ਇਹ ਸਭ ਕੁਝ ਕੂੜੁ ਹੈ, ਭਾਵ ਇਹ ਸਾਰੇ ਸੰਸਾਰ ਦਾ ਪਸਾਰਾ ਸਦੀਵੀ ਨਹੀਂ ਹੈ, ਅਸਤਿ ਹੈ ਅਤੇ ਝੂਠ ਹੈ। ਹੀਰੇ, ਜਵਾਹਰਾਤ, ਸੋਨੇ ਅਤੇ ਚਾਂਦੀ ਵਰਗੀਆਂ ਕੀਮਤੀ ਦੁਨਿਆਵੀ ਵਸਤੂਆਂ ਦੀ ਵੀ ਸਦੀਵੀ ਹੋਂਦ ਨਹੀਂ ਹੈ ਅਤੇ ਨਾ ਹੀ ਇਨ੍ਹਾਂ ਨੂੰ ਵਰਤਣ, ਪਾਉਣ (ਇਨ੍ਹਾਂ ਦੇ ਬਣੇ ਗਹਿਣੇ ਆਦਿ) ਅਤੇ ਹੰਢਾਉਣ ਵਾਲੇ ਮਨੁੱਖਾਂ ਦੀ ਵੀ ਸਦੀਵੀ ਹੋਂਦ ਨਹੀਂ ਹੈ। ਭਾਵ ਇਨ੍ਹਾਂ ਕੀਮਤੀ ਵਸਤੂਆਂ ਦੀ ਰੂਹਾਨੀਅਤ ਦੀ ਨਿਗਾਹ ਵਿੱਚ ਕੋਈ ਕੀਮਤ ਨਹੀਂ ਹੈ ਅਤੇ ਨਾ ਹੀ ਇਨ੍ਹਾਂ ਨੂੰ ਪਾਉਣ ਹੰਢਾਉਣ ਵਾਲਿਆਂ ਦੀ ਕੋਈ ਰੂਹਾਨੀ ਅਹਿਮੀਅਤ ਹੈ। ਰੂਹਾਨੀਅਤ ਦੀ ਨਿਗਾਹ ਵਿੱਚ ਹੀਰੇ, ਸੋਨਾ, ਚਾਂਦੀ ਆਦਿ ਕੇਵਲ ਰੇਤ ਸਮਾਨ ਹੈ।

ਮੀਆਂ ਅਤੇ ਬੀਬੀ ਦਾ ਸੰਬੰਧ ਵੀ ਕੂੜੁ ਹੈ। ਭਾਵ ਪਤੀ ਅਤੇ ਪਤਨੀ ਦਾ ਸੰਬੰਧ ਵੀ ਅਸਤਿ ਹੈ। ਪਤੀ-ਪਤਨੀ ਦੇ ਜਿਸ ਸੰਬੰਧ ਨੂੰ ਸਮਾਜ ਪਵਿੱਤਰ ਮੰਨਦਾ ਹੈ ਉਹ ਸੰਬੰਧ ਵੀ ਅਸਤਿ ਹੈ। ਪਤੀ-ਪਤਨੀ ਦਾ ਸੰਬੰਧ ਵੀ ਝੂਠਾ ਹੈ। ਕਾਲ ਵਿੱਚ ਵਿਚਰ ਚੁੱਕੇ, ਵਿਚਰ ਰਹੇ ਅਤੇ ਆਉਣ ਵਾਲੇ ਸਮੇਂ ਵਿੱਚ ਜਿਨ੍ਹਾਂ ਨੇ ਵਿਚਰਨਾ ਹੈ ਉਹ ਸਾਰੇ ਪਤੀ-ਪਤਨੀਆਂ ਦਾ ਸੰਬੰਧ ਕੋਈ ਇੱਕ ਜਨਮ ਦਾ ਸੰਬੰਧ ਨਹੀਂ ਹੈ। ਇਹ ਸੰਬੰਧ ਕਈ ਜਨਮਾਂ ਦਾ ਸੰਬੰਧ ਹੈ। ਕਈ ਵਾਰ ਇਹ ਸੰਬੰਧ ਬਣਿਆ ਅਤੇ ਇਸ ਦਾ ਅੰਤ ਹੋਇਆ ਹੈ। ਪਤੀ ਜਾਂ ਪਤਨੀ ਦੇ ਅੰਤ ਨਾਲ ਹੀ ਇਸ ਸੰਬੰਧ ਦਾ ਵੀ ਅੰਤ ਹੋ ਜਾਂਦਾ ਹੈ। ਇਸ ਲਈ ਇਹ ਸੰਬੰਧ ਵੀ ਝੂਠਾ ਹੈ। ਇਸ ਸੰਬੰਧ ਦਾ ਆਧਾਰ ਕੇਵਲ ਕਰਮ-ਕਾਂਡ ਹੀ ਹੈ। ਪਤੀ-ਪਤਨੀ ਦਾ ਸੰਬੰਧ ਕੇਵਲ ਉਦੋਂ ਸਤਿ ਹੁੰਦਾ ਹੈ ਜਦ ਦੋਨੋਂ ਪਤੀ-ਪਤਨੀ ਸੰਤ ਬਣਦੇ ਹਨ। ਗੁਰਬਾਣੀ ਵਿੱਚ ਲਿਖੀਆਂ ਗਈਆਂ ਲਾਵਾਂ ਸੁਹਾਗਣ ਦੀਆਂ ਸਤਿ ਪਾਰਬ੍ਰਹਮ ਪਰਮੇਸ਼ਰ ਨਾਲ ਲਈਆਂ ਗਈਆਂ ਲਾਵਾਂ ਹਨ। ਪਹਿਲੀ ਲਾਂਵ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਗੁਰਪ੍ਰਸਾਦਿ ਦੀ ਪ੍ਰਾਪਤੀ ਕਰਕੇ ਬੰਦਗੀ ਸ਼ੁਰੂ ਹੁੰਦੀ ਹੈ ਅਤੇ ਚੌਥੀ ਲਾਂਵ ਉਦੋਂ ਪੂਰੀ ਹੁੰਦੀ ਹੈ ਜਦੋਂ ਸੁਹਾਗਣ ਦੀ ਬੰਦਗੀ ਪੂਰਨ ਹੁੰਦੀ ਹੈ ਅਤੇ ਸਦਾ ਸੁਹਾਗਣ ਬਣਦੀ ਹੈ। ਪਤੀ-ਪਤਨੀ ਦੇ ਸੰਬੰਧ ਵਿੱਚ ਇਲਾਹੀ ਪ੍ਰੀਤ ਦੀ ਭਾਵਨਾ ਉਦੋਂ ਜਾਗਰਤ ਹੁੰਦੀ ਹੈ ਜਦੋਂ ਦੋਨਾਂ ਨੂੰ ਸੁਹਾਗ ਦੀ ਪ੍ਰਾਪਤੀ ਹੁੰਦੀ ਹੈ। ਸਤਿ ਦਾ ਸੰਬੰਧ ਸੱਚਾ ਸੰਬੰਧ ਹੈ। ਬਾਕੀ ਸਾਰੇ ਰਿਸ਼ਤੇ-ਨਾਤੇ ਝੂਠੇ ਹਨ। ਇਸ ਲਈ ਝੂਠੇ ਸੰਬੰਧਾਂ ਵਿੱਚ ਤਾਂ ਪਤੀ-ਪਤਨੀ ਖੱਪ-ਖੱਪ ਕੇ ਮਰਦੇ ਹਨ ਅਤੇ ਖੁਆਰ ਹੁੰਦੇ ਹਨ। ਮਾਇਆ ਵਿੱਚ ਬਣੇ ਸੰਬੰਧ ਸਭ ਝੂਠੇ ਸੰਬੰਧ ਹਨ। ਮਾਇਆ ਵਿੱਚ ਪਤੀ-ਪਤਨੀ ਇੱਕ ਦੂਜੇ ਨੂੰ ਸੱਚੀ ਪ੍ਰੀਤ ਦੇਣ ਤੋਂ ਵਾਂਝੇ ਰਹਿ ਜਾਂਦੇ ਹਨ। ਪਰਿਵਾਰਕ ਮੋਹ ਅਤੇ ਅਹੰਕਾਰ ਵਿੱਚ ਉਨ੍ਹਾਂ ਦਾ ਜੀਵਨ ਨਰਕ ਸਮਾਨ ਬਣਕੇ ਰਹਿ ਜਾਂਦਾ ਹੈ।

ਪਰਿਵਾਰਕ ਮੋਹ ਅਤੇ ਅਹੰਕਾਰ ਹੀ ਮਨੁੱਖ ਦੇ ਸਾਰੇ ਦੁੱਖਾਂ ਅਤੇ ਕਲੇਸ਼ਾਂ ਦਾ ਕਾਰਨ ਹੈ। ਹਰ ਇੱਕ ਆਪਣਾ ਭਲਾ ਚਾਹੁੰਦਾ ਹੈ। ਹਰ ਇੱਕ ਇਹ ਸੋਚਦਾ ਅਤੇ ਸਮਝਦਾ ਹੈ ਕਿ ਉਸੇ ਦਾ ਖਿਆਲ ਰਖਿਆ ਜਾਣਾ ਚਾਹੀਦਾ ਹੈ। ਹਰ ਇੱਕ ਇਹ ਸੋਚਦਾ ਅਤੇ ਚਾਹੁੰਦਾ ਹੈ ਕਿ ਉਸ ਦਾ ਹੀ ਭਲਾ ਹੋਣਾ ਚਾਹੀਦਾ ਹੈ। ਕੋਈ ਇਹ ਨਹੀਂ ਸੋਚਦਾ ਕਿ ਦੂਜੇ ਦਾ ਭਲਾ ਹੋਣਾ ਚਾਹੀਦਾ ਹੈ। ਕੋਈ ਆਪਣਾ ਜੀਵਨ ਪਰਉਪਕਾਰ ਲਈ ਸਮਰਪਿਤ ਨਹੀਂ ਕਰਦਾ ਹੈ। ਮਾਇਆ ਦੀ ਗੁਲਾਮੀ ਵਿੱਚ ਬਤੀਤ ਹੋ ਰਿਹਾ ਜੀਵਨ ਸਦਾ ਝੂਠਾ ਜੀਵਨ ਹੈ। ਅਸਤਿ ਦੀ ਕਰਨੀ ਵਿੱਚ ਬਤੀਤ ਹੋ ਰਿਹਾ ਜੀਵਨ ਕੇਵਲ ਅਸਤਿ ਹੀ ਹੈ। ਇਸ ਲਈ ਮਾਇਆ ਦੀ ਗੁਲਾਮੀ ਵਿੱਚ ਪਤੀ-ਪਤਨੀ ਦਾ ਸੰਬੰਧ ਵੀ ਅਸਤਿ ਹੈ। ਕੇਵਲ ਮਾਇਆ ਨੂੰ ਜਿੱਤ ਕੇ ਹੀ ਕੋਈ ਸੰਬੰਧ ਸਤਿ ਦਾ ਸੰਬੰਧ ਬਣਦਾ ਹੈ। ਮੋਹ ਕਾਰਨ ਹੀ ਪਰਿਵਾਰ ਹੈ ਅਤੇ ਮੋਹ ਕਾਰਨ ਹੀ ਸਾਰੇ ਪਰਿਵਾਰਕ ਦੁੱਖ, ਤਕਲੀਫਾਂ, ਕਸ਼ਟ ਅਤੇ ਕਲੇਸ਼ ਹਨ। ਕੁਟੰਬ ਕੇਵਲ ਮੋਹ ਮਾਇਆ ਦਾ ਹੀ ਭੰਡਾਰ ਹੈ। ਮੋਹ ਮਾਇਆ ਵਿੱਚ ਵਰਤ ਰਿਹਾ ਕੁਟੰਬ ਅਤੇ ਸਾਰਾ ਜਗ ਸ਼ਹਿਦ ਵਾਂਗ ਇੱਕ ਮਿੱਠਾ ਛਲਾਵਾ ਹੈ। ਮਾਇਆ ਮੋਹ ਇੱਕ ਮਿੱਠਾ ਜ਼ਹਿਰ ਹੈ ਜੋ ਮਨੁੱਖੀ ਜੀਵਨ ਨੂੰ ਹੌਲੀ-ਹੌਲੀ ਨਸ਼ਟ ਕਰ ਦਿੰਦਾ ਹੈ। ਮਨੁੱਖ ਦੇ ਸਾਰੇ ਮਾਨਸਿਕ ਅਤੇ ਭੌਤਿਕ ਰੋਗਾਂ ਦਾ ਕਾਰਨ ਮਾਇਆ ਦਾ ਇਹ ਮਿੱਠਾ ਜ਼ਹਿਰ ਹੀ ਹੈ। ਜਦ ਨਵੇਂ ਜਨਮੇ ਬੱਚੇ ਨੂੰ ਮਾਇਆ ਦੇ ਇਸ ਮਿੱਠੇ ਜ਼ਹਿਰ ਦੀ ਲੱਤ ਲੱਗ ਜਾਂਦੀ ਹੈ ਤਾਂ ਉਸ ਦਾ ਸਤਿ ਕਰਤਾਰ ਨਾਲੋਂ ਸੰਬੰਧ ਟੁੱਟ ਜਾਂਦਾ ਹੈ। ਮਾਤਾ ਦੇ ਗਰਭ ਵਿੱਚ ਡੂੰਘੀ ਸਮਾਧੀ ਵਿੱਚ ਅੰਮ੍ਰਿਤ ਅਤੇ ਗਿਆਨ ਨਾਲ ਭਰਪੂਰ ਬੱਚਾ ਜਨਮ ਤੋਂ ਉਪਰੰਤ ਮਾਇਆ ਦੇ ਇਸ ਮਿੱਠੇ ਜ਼ਹਿਰ ਨੂੰ ਜਦ ਪੀਣ ਦੀ ਜਾਚ ਸਿੱਖ ਜਾਂਦਾ ਹੈ ਤਾਂ ਉਸਨੂੰ ਸਤਿ ਕਰਤਾਰ ਵਿਸਰ ਜਾਂਦਾ ਹੈ।

ਪ੍ਰਸ਼ਨ ਉੱਠਦਾ ਹੈ ਕਿ ਮਾਇਆ ਮਿੱਠਾ ਜ਼ਹਿਰ ਕਿਵੇਂ ਹੈ? ਕਿਉਂਕਿ ਮਨੁੱਖ ਰਾਜ, ਜੋਬਨ, ਧਨ, ਮਾਲ, ਰੂਪ, ਰਸ ਅਤੇ ਗੰਧ, ਜੋ ਕਿ ਮਾਇਆ ਦੇ ਹੀ ਰੂਪ ਹਨ ਮਨੁੱਖ ਨੂੰ ਸੰਸਾਰਿਕ ਵਸਤੂਆਂ ਵੱਲ ਆਕਰਸ਼ਿਤ ਕਰਦੇ ਹਨ ਅਤੇ ਮਨੁੱਖ ਇਨ੍ਹਾਂ ਵਿਕਾਰਾਂ ਦੇ ਜਾਲ ਵਿੱਚ ਫੱਸ ਕੇ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਵੱਸ ਅਸਤਿ ਕਰਮ ਕਰਨ ਵਿੱਚ ਰੁੱਝ ਜਾਂਦਾ ਹੈ। ਮਨੁੱਖ ਰਾਜਮਦ ਦੇ ਨਸ਼ੇ ਵਿੱਚ ਅਸਤਿ ਕਰਮ ਕਰਦਾ ਹੈ। ਭਾਵ ਮਨੁੱਖ ਆਪਣੇ ਸੰਸਾਰਿਕ ਅਹੁਦੇ ਦੇ ਅਨੁਸਾਰ ਪ੍ਰਾਪਤ ਆਪਣੀਆਂ ਰਾਜਸੀ ਸ਼ਕਤੀਆਂ ਦਾ ਆਪਣੇ ਅਤੇ ਆਪਣੇ ਸੰਬੰਧੀਆਂ-ਮਿੱਤਰਾਂ ਦੇ ਕਾਰਜ ਸੁਆਰਨ ਵਾਸਤੇ, ਧਨ-ਸੰਪਦਾ ਇਕੱਤਰ ਕਰਨ ਵਿੱਚ, ਜ਼ਮੀਨ-ਜਾਇਦਾਦ ਇਕੱਤਰ ਕਰਨ ਵਾਸਤੇ, ਸੰਸਾਰਿਕ ਵਸਤੂਆਂ ਨੂੰ ਇਕੱਤਰ ਕਰਨ ਵਾਸਤੇ ਸਾਰੀ ਉਮਰ ਦੁਰਉਪਯੋਗ ਕਰਦਾ ਹੈ ਅਤੇ ਐਸਾ ਕਰਦਾ-ਕਰਦਾ ਗੁਨਾਹਾਂ ਦੇ ਦਲਦਲ ਵਿੱਚ ਧੱਸਦਾ ਚਲਾ ਜਾਂਦਾ ਹੈ। ਮਨੁੱਖ ਜੋਬਨਮਦ ਦੇ ਨਸ਼ੇ ਵਿੱਚ ਕਾਮ ਚੰਡਾਲ ਦਾ ਸ਼ਿਕਾਰ ਹੋ ਕੇ ਗੁਨਾਹਾਂ ਦੇ ਦਲਦਲ ਵਿੱਚ ਧੱਸਦਾ ਚਲਾ ਜਾਂਦਾ ਹੈ। ਪਰ ਨਾਰੀ ਅਤੇ ਪਰ ਪੁਰਖ ਦੇ ਰੂਪ, ਸਪਰਸ਼ ਅਤੇ ਗੰਧ ਦੇ ਨਸ਼ੇ ਵਿੱਚ ਆਪਣੀ ਕਾਮ ਵਾਸਨਾ ਦੀ ਗੁਲਾਮੀ ਕਰਦੇ ਹੋਏ ਕਾਮ ਚੰਡਾਲ ਦਾ ਸ਼ਿਕਾਰ ਹੋ ਕੇ ਗੁਨਾਹਾਂ ਦੇ ਦਲਦਲ ਵਿੱਚ ਧੱਸਦਾ ਚਲਾ ਜਾਂਦਾ ਹੈ। ਧਨ ਅਤੇ ਮਾਲ (ਸੰਸਾਰਿਕ ਵਸਤੂਆਂ, ਜ਼ਮੀਨ ਜਾਇਦਾਦ, ਧਨ ਸੰਪਦਾ) ਦੇ ਨਸ਼ੇ ਵਿੱਚ ਅਹੰਕਾਰ ਚੰਡਾਲ ਦੇ ਹੱਥੇ ਚੜ੍ਹ ਕੇ ਗੁਨਾਹਾਂ ਦੇ ਦਲਦਲ ਵਿੱਚ ਧੱਸਦਾ ਚਲਾ ਜਾਂਦਾ ਹੈ। ਇਸ ਤਰ੍ਹਾਂ ਨਾਲ ਮਾਇਆ ਦੇ ਇਨ੍ਹਾਂ ਮਨਮੋਹਕ ਵਿਕਾਰਾਂ ਦੇ ਹੱਥੇ ਚੜ੍ਹ ਕੇ ਮਨੁੱਖ ਇਨ੍ਹਾਂ ਦੀ ਵਿਨਾਸ਼ਕਾਰੀ ਸ਼ਕਤੀਆਂ ਤੋਂ ਅਣਜਾਣ ਗੁਨਾਹਾਂ ਦੇ ਦਲਦਲ ਵਿੱਚ ਬੁਰੀ ਤਰ੍ਹਾਂ ਨਾਲ ਧੱਸ ਜਾਂਦਾ ਹੈ। ਮਨੁੱਖ ਨੂੰ ਮਾਇਆ ਦੇ ਇਸ ਮਿੱਠੇ ਜ਼ਹਿਰ ਦੇ ਨਸ਼ੇ ਵਿੱਚ ਚੰਗੇ, ਮਾੜੇ, ਪਾਪ ਅਤੇ ਪੁੰਨ ਦੀ ਸੋਝੀ ਅਤੇ ਸੁੱਧ ਨਹੀਂ ਰਹਿੰਦੀ। ਮਾਇਆ ਦਾ ਇਹ ਮਿੱਠਾ ਜ਼ਹਿਰ ਮਨੁੱਖ ਦੀ ਬੁੱਧੀ ਨੂੰ ਭ੍ਰਸ਼ਟ ਕਰ ਦਿੰਦਾ ਹੈ। ਮਨੁੱਖ ਮਾਇਆ ਦੀ ਗੁਲਾਮੀ ਨੂੰ ਹੀ ਆਪਣਾ ਜੀਵਨ ਸਮਝ ਕੇ ਇਸ ਮਿੱਠੇ ਜ਼ਹਿਰ ਨੂੰ ਨਿਰੰਤਰ ਪੀਣ ਵਿੱਚ ਰੁੱਝਿਆ ਰਹਿੰਦਾ ਹੈ। ਇਸ ਭਿਅੰਕਰ ਵਿਨਾਸ਼ਕਾਰੀ ਦਸ਼ਾ ਵਿੱਚ ਮਾਇਆ ਦੇ ਦਲਦਲ ਵਿੱਚ ਧੱਸੇ ਹੋਏ ਮਨੁੱਖ ਨੂੰ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਸੁੱਧ-ਬੁੱਧ ਕਿਵੇਂ ਹੋ ਸਕਦੀ ਹੈ? ਭਾਵ ਮਨੁੱਖ ਨੂੰ ਸਤਿ ਕਰਤਾਰ ਵਿਸਰ ਜਾਂਦਾ ਹੈ। ਮਨੁੱਖ ਨੂੰ ਆਪਣੇ ਮਨੁੱਖੇ ਜਨਮ ਦਾ ਕਾਰਨ ਅਤੇ ਮੰਤਵ ਵਿਸਰ ਜਾਂਦਾ ਹੈ। ਜੋ ਵਾਅਦੇ ਉਸਨੇ ਮਾਤਾ ਦੇ ਗਰਭ ਵਿੱਚ ਆਪਣੇ ਆਪ ਨਾਲ ਕੀਤੇ ਹੁੰਦੇ ਹਨ; ਉਹ ਵਿਸਰ ਜਾਂਦੇ ਹਨ ਅਤੇ ਮੋਹ-ਮਾਇਆ ਦੇ ਦਲਦਲ ਵਿੱਚ ਧੱਸਿਆ ਹੋਇਆ ਦਮ ਤੋੜ ਕੇ ਆਪਣੇ ਅੰਤ ਨੂੰ ਪ੍ਰਾਪਤ ਹੋ ਜਾਂਦਾ ਹੈ। ਮੋਹ-ਮਾਇਆ ਦੇ ਇਸ ਪਰਮ ਸਤਿ ਤੱਤ ਨੂੰ ਸਤਿਗੁਰ ਸਾਹਿਬਾਨ ਨੇ ਬਾਰ-ਬਾਰ ਗੁਰਬਾਣੀ ਵਿੱਚ ਦ੍ਰਿੜ੍ਹ ਕਰਵਾਇਆ ਹੈ:

ਦੇਖਿ ਕੁਟੰਬੁ ਮੋਹਿ ਲੋਭਾਣਾ ਚਲਦਿਆ ਨਾਲਿ ਨ ਜਾਈ

(ਪੰਨਾ ੩੨)

ਇਹੁ ਮਾਇਆ ਮੋਹ ਕੁਟੰਬੁ ਹੈ ਭਾਇ ਦੂਜੈ ਫਾਸ

(ਪੰਨਾ ੧੬੬)

ਮਿਥਿਆ ਤਨੁ ਧਨੁ ਕੁਟੰਬੁ ਸਬਾਇਆ ਮਿਥਿਆ ਹਉਮੈ ਮਮਤਾ ਮਾਇਆ

(ਪੰਨਾ ੨੬੮)

ਮੋਹੁ ਕੁਟੰਬੁ ਦਿਸਿ ਆਵਦਾ ਸਭੁ ਚਲਣਹਾਰਾ ਆਵਣ ਜਾਣਾ

(ਪੰਨਾ ੩੦੫)

ਮੋਹੁ ਕੂੜੁ ਕੁਟੰਬੁ ਹੈ ਮਨਮੁਖੁ ਮੁਗਧੁ ਰਤਾ

(ਪੰਨਾ ੭੮੭)

ਕਬੀਰ ਹਰਿ ਕਾ ਸਿਮਰਨੁ ਛਾਡਿ ਕੈ ਪਾਲਿਓ ਬਹੁਤੁ ਕੁਟੰਬੁ

ਧੰਧਾ ਕਰਤਾ ਰਹਿ ਗਇਆ ਭਾਈ ਰਹਿਆ ਨ ਬੰਧੁ ੧੦੬

(ਪੰਨਾ ੧੩੭੦)

ਕਬੀਰ ਰਾਮ ਨਾਮੁ ਜਾਨਿਓ ਨਹੀ ਪਾਲਿਓ ਕਟਕੁ ਕੁਟੰਬੁ

ਧੰਧੇ ਹੀ ਮਹਿ ਮਰਿ ਗਇਓ ਬਾਹਰਿ ਭਈ ਨ ਬੰਬ ੨੨੬

(ਪੰਨਾ ੧੩੭੬)

ਪੁਤੁ ਕਲਤੁ ਕੁਟੰਬੁ ਹੈ ਮਾਇਆ ਮੋਹੁ ਵਧਾਇ

(ਪੰਨਾ ੧੪੨੨-੧੪੨੩)

ਮੋਹੁ ਕੁਟੰਬੁ ਸਭੁ ਕੂੜੁ ਹੈ ਕੂੜਿ ਰਹਿਆ ਲਪਟਾਇ

(ਪੰਨਾ ੧੪੨੪)

ਇਸ ਤਰ੍ਹਾਂ ਨਾਲ ਇਹ ਪਰਮ ਸਤਿ ਹੈ ਕਿ ਮਾਇਆ ਦੀ ਗੁਲਾਮੀ ਵਿੱਚ ਵਿਚਰ ਰਿਹਾ ਸਾਰਾ ਸੰਸਾਰ ਛਲਾਵਾ ਅਤੇ ਬਿਨਸਨਹਾਰ ਹੈ। ਤਾਂ ਜੇਕਰ ਸਾਰਾ ਸੰਸਾਰ ਬਿਨਸਨਹਾਰ ਹੈ, ਜਿਵੇਂ ਕਿ ਇਸ ਗੁਰਪ੍ਰਸਾਦੀ ਕਥਾ ਵਿੱਚ ਬਿਆਨ ਕੀਤਾ ਗਿਆ ਹੈ ਤਾਂ ਕਿਸ ਵਸਤੂ, ਸੰਬੰਧ, ਸਾਖ, ਰਿਸ਼ਤੇ ਅਤੇ ਨਾਤੇ ਉੱਪਰ ਭਰੋਸਾ ਕੀਤਾ ਜਾਏ। ਜਦ ਸਾਰਾ ਸੰਸਾਰ ਅਤੇ ਇਸ ਦਾ ਸਾਰਾ ਪਸਾਰਾ ਹੀ ਛਲਾਵਾ ਹੈ, ਅਸਤਿ ਹੈ ਤਾਂ ਕਿਹੜੀ ਵਸਤੂ, ਸੰਬੰਧ, ਸਾਖ, ਰਿਸ਼ਤੇ ਜਾਂ ਨਾਤੇ ਉੱਪਰ ਭਰੋਸਾ ਕੀਤਾ ਜਾਏ। ਭਾਵ ਇਹ ਸਾਰਾ ਸੰਸਾਰ ਮਾਇਆ ਦਾ ਪਸਾਰਾ ਹੈ ਅਤੇ ਇਸ ਉੱਪਰ ਭਰੋਸਾ ਨਹੀਂ ਕੀਤਾ ਜਾ ਸਕਦਾ ਹੈ। ਭਰੋਸੇਯੋਗ ਤੱਤ ਕੇਵਲ ਪਰਮ ਤੱਤ ਹੈ ਜੋ ਕਿ ਸਤਿ ਤੱਤ ਹੈ। ਪਰਮ ਸਤਿ ਤੱਤ ਹੀ ਸਦੀਵੀ ਹੈ ਅਤੇ ਇਹ ਪਰਮ ਸਤਿ ਤੱਤ ਸਤਿ ਪਾਰਬ੍ਰਹਮ ਪਰਮੇਸ਼ਰ ਆਪ ਹੈ। (ਪਰਮ ਸਤਿ ਤੱਤ ਦੀ ਪਰਮ ਸ਼ਕਤੀਸ਼ਾਲੀ ਮਹਿਮਾ ਪਉੜੀ ੧ ਦੀ ਗੁਰਪ੍ਰਸਾਦੀ ਕਥਾ ਵਿੱਚ ਵਿਸਤਾਰ ਨਾਲ ਸਮਝਾਈ ਗਈ ਹੈ।) ਮਨੁੱਖ ਮਿੱਤਰਤਾ ਉਸ ਮਨੁੱਖ ਨਾਲ ਕਰਦਾ ਹੈ ਜਿਸ ਉੱਪਰ ਉਸ ਦਾ ਭਰੋਸਾ ਹੁੰਦਾ ਹੈ। ਮਿੱਤਰਤਾ ਦਾ ਨਾਤਾ ਭਰੋਸੇ ਉੱਪਰ ਆਧਾਰਿਤ ਹੁੰਦਾ ਹੈ। ਜਿੱਥੇ ਭਰੋਸਾ ਹੋਵੇ ਉਥੇ ਹੀ ਪਿਆਰ ਹੁੰਦਾ ਹੈ। ਭਾਵ ਜਿਸ ਉੱਪਰ ਮਨੁੱਖ ਭਰੋਸਾ ਕਰਦਾ ਹੈ ਕੇਵਲ ਉਸ ਨਾਲ ਹੀ ਪ੍ਰੀਤ ਕਰਦਾ ਹੈ। ਭਰੋਸੇ ਵਿੱਚੋਂ ਹੀ ਪ੍ਰੀਤ ਜਨਮ ਲੈਂਦੀ ਹੈ। ਭਰੋਸੇ ਵਿੱਚੋਂ ਹੀ ਸ਼ਰਧਾ ਜਨਮ ਲੈਂਦੀ ਹੈ। ਮੋਹ ਵਿੱਚ ਭਰੋਸਾ ਨਹੀਂ ਹੁੰਦਾ ਹੈ। ਮੋਹ ਵਿੱਚ ਕੇਵਲ ਕਿਸੇ ਵਸਤੂ, ਰਿਸ਼ਤੇ, ਨਾਤੇ, ਸਾਖ ਜਾਂ ਸੰਬੰਧ ਦੇ ਖੋਹੇ ਜਾਣ ਦਾ ਭਉ ਹੁੰਦਾ ਹੈ। ਮੋਹ ਵਿੱਚ ਤਿਆਗ ਦੀ ਭਾਵਨਾ ਨਹੀਂ ਹੁੰਦੀ ਹੈ। ਪਿਆਰ ਵਿੱਚ ਤਿਆਗ ਦੀ ਭਾਵਨਾ ਹੁੰਦੀ ਹੈ। ਮੋਹ ਵਿੱਚ ਲਗਾਅ ਦੀ ਖਿੱਚ ਹੁੰਦੀ ਹੈ। ਇਸ ਲਈ ਮਿੱਤਰਤਾ ਦਾ ਰਿਸ਼ਤਾ ਭਰੋਸਾ, ਪ੍ਰੀਤ ਅਤੇ ਸ਼ਰਧਾ ਦਾ ਰਿਸ਼ਤਾ ਹੁੰਦਾ ਹੈ। ਇਸ ਲਈ ਸਾਰਾ ਸੰਸਾਰ ਜੋ ਕਿ ਚਲਣਹਾਰ ਹੈ, ਭਾਵ ਮਾਇਆ ਦੀ ਗੁਲਾਮੀ ਵਿੱਚ ਵਿਚਰ ਰਿਹਾ, ਕਾਲ ਵਿੱਚ ਜੰਮਿਆ ਅਤੇ ਜੋ ਪਰਿਵਰਤਨਸ਼ੀਲ ਹੈ, ਜਿਸਦਾ ਅੰਤ ਕਾਲ ਵਿੱਚ ਹੀ ਨਿਸ਼ਚਿਤ ਹੈ, ਜੋ ਅਸਤਿ ਹੈ, ਜੋ ਸਦੀਵੀ ਨਹੀਂ ਹੈ, ਜੋ ਸਤਿ ਨਹੀਂ ਹੈ, ਉਸ ਉੱਪਰ ਭਰੋਸਾ ਨਹੀਂ ਕੀਤਾ ਜਾ ਸਕਦਾ ਹੈ। ਕੇਵਲ ਪਰਮ ਸਤਿ ਤੱਤ ਉੱਪਰ ਹੀ ਭਰੋਸਾ ਕੀਤਾ ਜਾ ਸਕਦਾ ਹੈ, ਜੋ ਕਿ ਸਦੀਵੀ ਹੈ, ਜੋ ਬਿਨਸਦਾ ਨਹੀਂ ਹੈ, ਜੋ ਆਦਿ ਵੀ ਸਤਿ ਸੀ, ਜੁਗਾਦਿ ਵੀ ਸਤਿ ਹੈ, ਵਰਤਮਾਨ ਵਿੱਚ ਵੀ ਸਤਿ ਹੈ ਅਤੇ ਆਉਣ ਵਾਲੇ ਸਾਰੇ ਯੁਗਾਂ ਵਿੱਚ ਵੀ ਸਤਿ ਰਹੇਗਾ, ਉਹ ਹੀ ਭਰੋਸੇਯੋਗ ਹੈ। ਇਸ ਪਰਮ ਸਤਿ ਤੱਤ ਵਿੱਚ ਹੀ ਸਾਰੀਆਂ ਬੇਅੰਤ ਪਰਮ ਸ਼ਕਤੀਆਂ ਸਮਾਈਆਂ ਹੋਈਆਂ ਹਨ। ਸਾਰੀ ਸ੍ਰਿਸ਼ਟੀ ਦੀ ਉਤਪਤੀ, ਸੇਵਾ-ਸੰਭਾਲਤਾ ਅਤੇ ਲਯਤਾ ਇਸੇ ਪਰਮ ਸਤਿ ਤੱਤ ਵਿੱਚੋਂ ਹੀ ਹੁੰਦੀ ਹੈ।

ਬਿਨਸਨਹਾਰ, ਅਸਤਿ, ਮਾਇਆ ਦੀ ਗੁਲਾਮੀ ਵਿੱਚ ਗਰਕ ਰਹੇ ਸਮੁੱਚੇ ਸੰਸਾਰ, ਸੰਸਾਰਿਕ ਵਸਤੂਆਂ, ਰਿਸ਼ਤੇ, ਨਾਤੇ, ਸਾਖ, ਸੰਬੰਧ ਜੋ ਕਿ ਸਭ ਕੂੜੁ ਹੈ, ਛਲਾਵਾ ਹੈ, ਅਸਤਿ ਹੈ, ਝੂਠ ਹੈ, ਭਰੋਸੇਯੋਗ ਨਹੀਂ ਹੈ, ਆਦਿ ਨਾਲ ਚਿੱਤ ਲਾਉਣ ਦਾ ਕੋਈ ਲਾਭ ਨਹੀਂ ਹੈ। ਇਸ ਲਈ ਪਰਮ ਸਤਿ ਤੱਤ ਨੂੰ ਅਪਣਾਓ। ਪਰਮ ਸਤਿ ਤੱਤ ਨਾਲ ਮਿੱਤਰਤਾ ਕਰੋ। ਪਰਮ ਸਤਿ ਤੱਤ ਵਿੱਚ ਆਪਣਾ ਚਿੱਤ ਅਤੇ ਧਿਆਨ ਕੇਂਦਰਿਤ ਕਰੋ। ਪਰਮ ਸਤਿ ਤੱਤ ਦੀ ਬੰਦਗੀ ਕਰੋ। ਪਰਮ ਸਤਿ ਤੱਤ ਦੀ ਸੇਵਾ ਸੰਭਾਲਤਾ ਕਰੋ। ਸਤਿ ਦੀ ਕਰਨੀ ਨੂੰ ਅਪਣਾਓ। ਆਪਣੀ ਤ੍ਰਿਸ਼ਨਾ ਨੂੰ ਬੁਝਾਉਣ ਵਾਸਤੇ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ (ਚੰਡਾਲਾਂ) ਦੀਆਂ ਵਿਨਾਸ਼ਕਾਰੀ ਸ਼ਕਤੀਆਂ ਦੀ ਵਰਤੋਂ ਨਾ ਕਰੋ। ਆਪਣੇ ਰੋਜ਼ਾਨਾ ਦੇ ਕਾਰ-ਵਿਹਾਰ ਵਿੱਚ ਇਨ੍ਹਾਂ ਪੰਜ ਚੰਡਾਲਾਂ (ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ) ਨੂੰ ਆਪਣੇ ਮਨ ਉੱਪਰ ਹਾਵੀ ਨਾ ਹੋਣ ਦਿਓ। ਆਪਣੀ ਰੋਜ਼ਾਨਾ ਦੀ ਕਰਨੀ ਉੱਪਰ ਧਿਆਨ ਦਿਓ ਅਤੇ ਸਤੋ ਬਿਰਤੀ ਉੱਪਰ ਧਿਆਨ ਕੇਂਦਰਿਤ ਕਰੋ। ਆਪਣਾ ਪਰਿਵਾਰਕ ਜੀਵਨ ਸਤੋ ਬਿਰਤੀ ਵਿੱਚ ਰੱਖ ਕੇ ਸਾਰੇ ਕਰਮ ਕਰੋ। ਜੀਵਨ ਵਿੱਚ ਮਿਲੀਆਂ ਸੰਸਾਰਿਕ ਵਸਤੂਆਂ, ਜਾਇਦਾਦਾਂ, ਧਨ-ਸੰਪਦਾ, ਰਿਸ਼ਤੇ, ਨਾਤੇ, ਸਾਖ, ਸੰਬੰਧ ਆਦਿ ਨੂੰ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਕਿਰਪਾ ਨਾਲ ਮਿਲੀਆਂ ਦਾਤਾਂ ਸਮਝ ਕੇ ਸਤੋ ਬਿਰਤੀ ਵਿੱਚ ਵਿਚਰਦੇ ਹੋਏ ਭੋਗਦੇ ਰਹੋ। ਆਪਣੇ ਸਾਰੇ ਸੰਸਾਰਿਕ ਅਤੇ ਪਰਿਵਾਰਕ ਕਰਮਾਂ ਨੂੰ ਸਤੋ ਬਿਰਤੀ ਨਾਲ ਕਰਦੇ ਹੋਏ ਸਤਿ ਤੱਤ ਦੀ ਸੇਵਾ ਕਰਦੇ ਰਹੋ। ਆਪਣੇ ਸਾਰੇ ਪਰਿਵਾਰ, ਸਾਖ, ਸੰਬੰਧ, ਰਿਸ਼ਤੇ, ਨਾਤਿਆਂ ਨੂੰ ਸੰਗਤ ਸਮਝ ਕੇ ਉਸਦੀ ਸੇਵਾ ਕਰੋ ਤਾਂ ਪਰਿਵਾਰਕ ਮੋਹ ਟੁੱਟ ਜਾਏਗਾ ਅਤੇ ਤੁਹਾਡੇ ਕਰਮ ਸਤਿ ਕਰਮ ਬਣ ਜਾਣਗੇ। ਦਇਆ, ਧਰਮ, ਸੰਤੋਖ ਅਤੇ ਸੰਜਮ ਉੱਪਰ ਆਪਣਾ ਧਿਆਨ ਕੇਂਦਰਿਤ ਕਰੋ। ਨਿੰਮਰਤਾ ਦੀ ਕਮਾਈ ਕਰੋ। ਸਤਿ ਤੱਤ ਉੱਪਰ ਆਪਣਾ ਭਰੋਸਾ, ਪ੍ਰੀਤ ਅਤੇ ਸ਼ਰਧਾ ਵਧਾਉਂਦੇ ਰਹੋ। ਗੁਰਬਾਣੀ ਦੇ ਉਪਦੇਸ਼ ਦੀ ਕਮਾਈ ਕਰੋ। ਦਇਆ ਦੀ ਕਮਾਈ ਕਰੋ। ਸਤਿ ਸੰਤੋਖ ਵਿੱਚ ਰਹਿਣ ਦਾ ਅਭਿਆਸ ਕਰੋ। ਧਰਮ ਦਾ ਜਨਮ ਦਇਆ ਵਿੱਚੋਂ ਹੀ ਹੁੰਦਾ ਹੈ। ਨਿੰਮਰਤਾ ਦੀ ਕਮਾਈ ਕਰੋ। ਨਿੰਮਰਤਾ ਅਹੰਕਾਰ ਅਤੇ ਕ੍ਰੋਧ ਰੂਪੀ ਚੰਡਾਲਾਂ ਨੂੰ ਮਾਰਨ ਦਾ ਦਰਗਾਹੀ ਅਸਤਰ ਹੈ। ਆਪਣੇ ਰੋਜ਼ਾਨਾ ਜੀਵਨ ਵਿੱਚ ਸਤਿ ਬੋਲਣ, ਸੁਣਨ, ਕਰਨ ਅਤੇ ਵਰਤਾਉਣ ਦਾ ਅਭਿਆਸ ਕਰੋ। ਆਪਣੀ ਕਮਾਈ ਗਈ ਧਨ ਸੰਪਦਾ ਵਿੱਚੋਂ ਦਸਵੰਧ ਦੇਣ ਦੀ ਸੇਵਾ ਦਾ ਲਾਹਾ ਖੱਟੋ ਤਾਂ ਲੋਭ ਰੂਪੀ ਚੰਡਾਲ ਤੋਂ ਮੁਕਤੀ ਮਿਲੇਗੀ। ਦਸਵੰਧ ਦੀ ਸੇਵਾ ਕਰਨ ਨਾਲ ਕਦੇ ਧਨ ਸੰਪਦਾ ਦੀ ਤੋਟ ਨਹੀਂ ਆਏਗੀ। ਸਤਿ ਕਰਮਾਂ ਨੂੰ ਆਪਣਾ ਜੀਵਨ ਬਣਾਉਣ ਨਾਲ ਸਾਰੇ ਕਲੇਸ਼ ਅਤੇ ਦੁੱਖਾਂ ਦਾ ਅੰਤ ਹੋਣਾ ਸ਼ੁਰੂ ਹੋ ਜਾਏਗਾ। ਤੁਹਾਡੇ ਕਰਮ ਭਵਿੱਖ ਵਿੱਚ ਪ੍ਰਗਟ ਹੋਣ ਤੋਂ ਬੱਝ ਜਾਣਗੇ। ਭਾਵ ਸਤਿ ਕਰਮਾਂ ਦਾ ਆਪ ਦੇ ਆਉਣ ਵਾਲੇ ਸਮੇਂ ਵਿੱਚ ਆਪ ਦੇ ਪ੍ਰਾਲਬਧ ਉੱਪਰ ਬਹੁਤ ਸੁੰਦਰ ਪ੍ਰਭਾਵ ਪਏਗਾ। ਸਤਿ ਕਰਮ ਪੁੰਨ ਕਰਮ ਬਣ ਜਾਂਦੇ ਹਨ ਅਤੇ ਅਸਤਿ ਕਰਮਾਂ ਦਾ ਬੋਝ ਖਤਮ ਕਰਕੇ ਤੁਹਾਡੇ ਆਉਣ ਵਾਲੇ ਸਮੇਂ ਵਿੱਚ ਜੀਵਨ ਨੂੰ ਸੁਖੀ ਬਣਾਉਂਦੇ ਹਨ।

ਜਿਉਂ-ਜਿਉਂ ਤੁਹਾਡੀ ਕਰਨੀ ਸਤਿ ਦੀ ਕਰਨੀ ਵਿੱਚ ਬਦਲਦੀ ਜਾਏਗੀ ਅਤੇ ਸਤਿ ਕਰਮ ਇਕੱਤਰ ਹੁੰਦੇ ਜਾਣਗੇ ਤਿਵੇਂ-ਤਿਵੇਂ ਤੁਸੀਂ ਸਤਿਗੁਰੂ ਅਤੇ ਗੁਰਪ੍ਰਸਾਦਿ ਦੀ ਪ੍ਰਾਪਤੀ ਵੱਲ ਨੂੰ ਵਧਦੇ ਰਹੋਗੇ। ਜਦੋਂ ਤੁਹਾਡੇ ਇਤਨੇ ਸਤਿ ਕਰਮ ਇਕੱਤਰ ਹੋ ਜਾਣਗੇ ਕਿ ਤੁਹਾਡਾ ਅਸਤਿ ਦੀ ਕਰਨੀ ਦੇ ਮੁਕਾਬਲੇ ਵਿੱਚ ਸਤਿ ਦੀ ਸੇਵਾ ਦਾ ਪਲੜਾ ਭਾਰੀ ਹੋ ਜਾਏ ਤਾਂ ਤੁਹਾਡੇ ਭਾਗ ਜਾਗ ਜਾਣਗੇ ਅਤੇ ਤੁਹਾਨੂੰ ਸਤਿ ਪਾਰਬ੍ਰਹਮ ਪਰਮੇਸ਼ਰ ਕਿਸੇ ਪੂਰਨ ਸੰਤ ਸਤਿਗੁਰੂ ਦੀ ਸੰਗਤ ਵਿੱਚ ਲੈ ਜਾਏਗਾ। ਧਰਤੀ ਉੱਪਰ ਸਤਿ ਪਾਰਬ੍ਰਹਮ ਪਰਮੇਸ਼ਰ ਕੇਵਲ ਪੂਰਨ ਸੰਤ, ਸਤਿਗੁਰੂ ਜਾਂ ਪੂਰਨ ਬ੍ਰਹਮ ਗਿਆਨੀ ਦੇ ਰੂਪ ਵਿੱਚ ਹੀ ਪ੍ਰਗਟ ਹੁੰਦਾ ਹੈ। ਐਸੇ ਮਹਾ ਪੁਰਖ ਦੇ ਉਪਦੇਸ਼ ਨੂੰ ਸੁਣਨ, ਮੰਨਣ ਅਤੇ ਉਸਦੀ ਸੇਵਾ-ਸੰਭਾਲਤਾ ਕਰਨ ਨਾਲ ਹੀ ਮਨੁੱਖ ਨੂੰ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਐਸੇ ਮਹਾ ਪੁਰਖਾਂ ਦੇ ਸਤਿ ਚਰਨਾਂ ਉੱਪਰ ਆਪਣਾ ਆਪਾ ਅਰਪਣ ਕਰਨ ਨਾਲ ਹੀ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ ਅਤੇ ਮਨੁੱਖ ਬੰਦਗੀ ਵਿੱਚ ਚਲਾ ਜਾਂਦਾ ਹੈ। ਐਸੇ ਪੂਰਨ ਸੰਤ ਸਤਿਗੁਰੂ ਪੂਰਨ ਬ੍ਰਹਮ ਗਿਆਨੀ ਦੇ ਸਤਿ ਚਰਨਾਂ ਉੱਪਰ ਆਪਣਾ ਤਨ-ਮਨ-ਧਨ ਅਰਪਣ ਕਰਨ ਨਾਲ ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਕਰਨ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਸਹਿਜੇ ਹੀ ਹੋ ਜਾਂਦੀ ਹੈ ਅਤੇ ਮਨੁੱਖ ਸਮਾਧੀ ਵਿੱਚ ਚਲਾ ਜਾਂਦਾ ਹੈ। ਗੁਰਪ੍ਰਸਾਦਿ ਦੀ ਪ੍ਰਾਪਤੀ ਤੋਂ ਬਿਨਾਂ ਬੰਦਗੀ ਨਹੀਂ ਹੁੰਦੀ ਹੈ। ਗੁਰਪ੍ਰਸਾਦਿ ਦੀ ਪ੍ਰਾਪਤੀ ਦੇ ਨਾਲ ਹੀ ਬੰਦਗੀ ਸ਼ੁਰੂ ਹੁੰਦੀ ਹੈ। ਸਤਿ ਪਾਰ ਬ੍ਰਹਮ ਪਰਮੇਸ਼ਰ ਕੇਵਲ ਉਨ੍ਹਾਂ ਮਨੁੱਖਾ ਨੂੰ ਆਪਣੀ ਚਰਨ-ਸ਼ਰਨ ਵਿੱਚ ਲੈਂਦਾ ਹੈ ਜੋ ਆਪਣੇ ਸਤਿਗੁਰੂ ਦੇ ਸਤਿ ਬਚਨ ਕਮਾਉਂਦੇ ਹਨ ਅਤੇ ਆਪਣੇ ਸਤਿਗੁਰੂ ਦੇ ਸਤਿ ਚਰਨਾਂ ਉੱਪਰ ਢਹਿ ਪੈਂਦੇ ਹਨ। ਕੇਵਲ ਉਨ੍ਹਾਂ ਮਨੁੱਖਾ ਨੂੰ ਪੂਰਨ ਬੰਦਗੀ ਅਤੇ ਜੀਵਨ ਮੁਕਤੀ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ ਜੋ ਆਪਣੇ ਸਤਿਗੁਰੂ ਦੇ ਸਤਿ ਚਰਨਾਂ ਉੱਪਰ ਆਪਣਾ ਤਨ-ਮਨ-ਧਨ ਅਰਪਣ ਕਰ ਦਿੰਦੇ ਹਨ। ਗੁਰਪ੍ਰਸਾਦਿ ਦੀ ਦਾਤ ਕੇਵਲ ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਹੀ ਪ੍ਰਾਪਤ ਹੁੰਦੀ ਹੈ। ਜੋ ਮਨੁੱਖ ਪੂਰਨ ਸ਼ਰਧਾ, ਪ੍ਰੀਤ ਅਤੇ ਭਰੋਸੇ ਨਾਲ ਆਪਣੇ ਸਤਿਗੁਰੂ ਦੇ ਸਤਿ ਚਰਨਾਂ ਉੱਪਰ ਆਪਣਾ ਪੂਰਨ ਆਪਾ ਅਰਪਣ ਕਰ ਦਿੰਦੇ ਹਨ ਉਨ੍ਹਾਂ ਦੀ ਬੰਦਗੀ ਸਹਿਜੇ ਹੀ ਪੂਰਨ ਹੋ ਜਾਂਦੀ ਹੈ।

ਇਸ ਲਈ ਸਾਰੀ ਲੋਕਾਈ ਦੇ ਚਰਨਾਂ ਵਿੱਚ ਸਨਿਮਰ ਬੇਨਤੀ ਹੈ ਕਿ ਸਤਿ ਦੀ ਬੇਅੰਤ ਮਹਿਮਾ ਨੂੰ ਸੁਣੋ, ਪਹਿਚਾਣੋ, ਸਮਝੋ ਅਤੇ ਮੰਨੋ। ਸਤਿਗੁਰੂ ਦੀ ਬੇਅੰਤ ਮਹਿਮਾ ਨੂੰ ਸੁਣੋ, ਪਹਿਚਾਣੋ, ਸਮਝੋ ਅਤੇ ਮੰਨੋ। ਪੂਰਨ ਸੰਤ ਅਤੇ ਪੂਰਨ ਬ੍ਰਹਮ ਗਿਆਨੀ ਦੀ ਪਰਮ ਸ਼ਕਤੀਸ਼ਾਲੀ ਮਹਿਮਾ ਨੂੰ ਸੁਣੋ, ਪਹਿਚਾਣੋ, ਸਮਝੋ ਅਤੇ ਮੰਨੋ। ਐਸਾ ਕਰਨ ਨਾਲ ਆਪ ਜੀ ਨੂੰ ਗੁਰਪ੍ਰਸਾਦਿ ਦੀ ਪ੍ਰਾਪਤੀ ਹੋਏਗੀ। ਐਸਾ ਕਰਨ ਨਾਲ ਆਪ ਜੀ ਨੂੰ ਐਸੇ ਮਹਾ ਪੁਰਖਾਂ ਦੀ ਚਰਨ-ਸ਼ਰਨ ਦੀ ਪ੍ਰਾਪਤੀ ਹੋਏਗੀ ਅਤੇ ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੀ ਪ੍ਰਾਪਤੀ ਹੋਏਗੀ। ਸਾਰੀ ਗੁਰਬਾਣੀ ਸਤਿ ਦੀ ਮਹਿਮਾ ਹੈ। ਪੂਰਨ ਸੰਤ, ਸਤਿਗੁਰੂ ਅਤੇ ਪੂਰਨ ਬ੍ਰਹਮ ਗਿਆਨੀ ਮਹਾ ਪੁਰਖ ਸਤਿ ਦਾ ਰੂਪ ਹੁੰਦੇ ਹਨ। ਐਸੇ ਮਹਾ ਪੁਰਖਾਂ ਵਿੱਚ ਅਤੇ ਸਤਿ ਪਾਰਬ੍ਰਹਮ ਵਿੱਚ ਕੋਈ ਭੇਦ ਨਹੀਂ ਹੁੰਦਾ ਹੈ। ਸਤਿ ਪਾਰਬ੍ਰਹਮ ਇਨ੍ਹਾਂ ਮਹਾ ਪੁਰਖਾਂ ਵਿੱਚ ਹੀ ਧਰਤੀ ਉੱਪਰ ਪ੍ਰਗਟ ਹੁੰਦਾ ਹੈ। ਐਸੇ ਮਹਾ ਪੁਰਖ ਧਰਤੀ ਉੱਪਰ ਪ੍ਰਗਟ ਹੋਏ ਨਿਰੰਕਾਰ ਦਾ ਹੀ ਰੂਪ ਹੁੰਦੇ ਹਨ। ਐਸੇ ਮਹਾ ਪੁਰਖਾਂ ਦੇ ਬਚਨ ਸਤਿ ਹੁੰਦੇ ਹਨ। ਐਸੇ ਮਹਾ ਪੁਰਖਾਂ ਦੇ ਬਚਨ ਦਰਗਾਹੀ ਹੁਕਮ ਹੁੰਦਾ ਹੈ। ਐਸੇ ਮਹਾ ਪੁਰਖਾਂ ਦੇ ਚਰਨ ਸਤਿ ਚਰਨ ਹੁੰਦੇ ਹਨ ਅਤੇ ਇਨ੍ਹਾਂ ਚਰਨਾਂ ਵਿੱਚੋਂ ਬੇਅੰਤ ਅੰਮ੍ਰਿਤ ਅਤੇ ਪ੍ਰਕਾਸ਼ ਨਿਕਲਦਾ ਹੈ। ਐਸੇ ਮਹਾ ਪੁਰਖਾਂ ਦੇ ਚਰਨਾਂ ਵਿੱਚ ਬੇਅੰਤ ਪਰਮ ਸ਼ਕਤੀਆਂ ਦਾ ਵਾਸਾ ਹੁੰਦਾ ਹੈ। ਐਸੇ ਮਹਾ ਪੁਰਖਾਂ ਦੀ ਚਰਨ-ਸ਼ਰਨ ਹੀ ਸਤਿ ਪਾਰਬ੍ਰਹਮ ਦੀ ਚਰਨ-ਸ਼ਰਨ ਹੁੰਦੀ ਹੈ। ਐਸੇ ਪਰਮ ਸ਼ਕਤੀਸ਼ਾਲੀ ਮਹਿਮਾ ਦੇ ਮਾਲਿਕ ਮਹਾ ਪੁਰਖਾਂ ਦੇ ਸਤਿ ਚਰਨਾਂ ਉੱਪਰ ਪੂਰਨ ਸਮਰਪਣ ਕਰਨ ਨਾਲ ਮਨੁੱਖ ਮਾਇਆ ਦੇ ਭਰਮ ਜਾਲ ਵਿੱਚੋਂ ਮੁਕਤ ਹੋ ਕੇ ਜੀਵਨ ਮੁਕਤੀ ਸਹਿਜੇ ਹੀ ਪ੍ਰਾਪਤ ਕਰ ਲੈਂਦਾ ਹੈ।