ਅਨੰਦੁ ਸਾਹਿਬ – ਪਉੜੀ ੧੨

ਅਨੰਦੁ ਸਾਹਿਬ ਪਉੜੀ ੧੨

ਅਗਮ ਅਗੋਚਰਾ ਤੇਰਾ ਅੰਤੁ ਨ ਪਾਇਆ

ਅੰਤੋ ਨ ਪਾਇਆ ਕਿਨੈ ਤੇਰਾ ਆਪਣਾ ਆਪੁ ਤੂ ਜਾਣਹੇ

ਜੀਅ ਜੰਤ ਸਭਿ ਖੇਲੁ ਤੇਰਾ ਕਿਆ ਕੋ ਆਖਿ ਵਖਾਣਏ

ਆਖਹਿ ਤ ਵੇਖਹਿ ਸਭੁ ਤੂਹੈ ਜਿਨਿ ਜਗਤੁ ਉਪਾਇਆ

ਕਹੈ ਨਾਨਕੁ ਤੂ ਸਦਾ ਅਗੰਮੁ ਹੈ ਤੇਰਾ ਅੰਤੁ ਨ ਪਾਇਆ ੧੨

(ਪੰਨਾ ੯੧੮)

ਮਾਇਆ ਦੇ ਦਲਦਲ ਵਿੱਚ ਧੱਸੇ ਹੋਏ ਇੱਕ ਆਮ ਮਨੁੱਖ ਵਾਸਤੇ ਧੰਨ ਧੰਨ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਬੇਅੰਤ ਮਹਿਮਾ ਨੂੰ ਸਮਝਣਾ, ਜਾਣਨਾ ਅਤੇ ਪਹਿਚਾਣਨਾ ਅਸੰਭਵ ਹੈ। ਮਾਇਆ ਦੀ ਗੁਲਾਮੀ ਵਿੱਚ ਫਸੇ ਹੋਏ ਇੱਕ ਆਮ ਮਨੁੱਖ ਦੀ ਪਹੁੰਚ ਧੰਨ ਧੰਨ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਬੇਅੰਤ ਮਹਿਮਾ ਤੋਂ ਪਰੇ ਹੈ। ਆਪਣੀ ਕਦੇ ਨਾ ਬੁਝਣ ਵਾਲੀ ਤ੍ਰਿਸ਼ਨਾ ਦੀ ਅਗਨ ਨੂੰ ਬੁਝਾਉਣ ਦੇ ਵਿੱਚ ਰੁੱਝੇ ਹੋਏ ਇੱਕ ਆਮ ਮਨੁੱਖ ਦੀ ਚੇਤਨਾ ਪੰਜ ਚੰਡਾਲਾਂ (ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ) ਦੇ ਹੱਥੇ ਚੜ੍ਹੀ ਰਹਿਣ ਦੇ ਕਾਰਨ ਧੰਨ ਧੰਨ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਮਹਿਮਾ ਦੀ ਪਹੁੰਚ ਤੋਂ ਪਰੇ ਹੀ ਦਮ ਤੋੜ ਦਿੰਦੀ ਹੈ। ਮਾਇਆ ਦੇ ਦਲਦਲ ਵਿੱਚ ਧੱਸੇ ਹੋਏ ਮਨੁੱਖ ਦੀ ਪਹੁੰਚ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਬੇਅੰਤ ਮਹਿਮਾ ਤੱਕ ਨਹੀਂ ਹੈ। ਮਾਇਆ ਦੇ ਤ੍ਰਿਹ ਗੁਣਾਂ (ਰਜੋ: ਤ੍ਰਿਸ਼ਨਾ; ਤਮੋ: ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ; ਸਤੋ: ਦਇਆ, ਧਰਮ, ਸੰਤੋਖ ਅਤੇ ਸੰਜਮ) ਤੋਂ ਪਰੇ ਚਉਥੇ ਪਦ ਅਤੇ ਸੁੰਨ ਮੰਡਲ ਵਿੱਚ ਸਦਾ-ਸਦਾ ਤੋਂ ਸਥਿਤ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਪਰਮ ਸ਼ਕਤੀਸ਼ਾਲੀ ਨਿਰਗੁਣ ਸਰੂਪ ਦੀ ਮਹਿਮਾ ਇੱਕ ਆਮ ਮਨੁੱਖ ਦੀ ਪਹੁੰਚ ਦੇ ਦਾਇਰੇ ਵਿੱਚ ਨਹੀਂ ਹੈ। ਧੰਨ ਧੰਨ ਸਤਿ ਪਾਰਬ੍ਰਹਮ ਪਰਮੇਸ਼ਰ ਦਾ ਪਰਮ ਸ਼ਕਤੀਸ਼ਾਲੀ ਸਰਬ ਕਲਾ ਭਰਪੂਰ ਨਿਰਗੁਣ ਸਰੂਪ ਇੱਕ ਆਮ ਮਨੁੱਖ ਦੀਆਂ ਪੰਜ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਬਾਹਰ ਹੈ। ਇਨ੍ਹਾਂ ਪੰਜ ਗਿਆਨ ਇੰਦਰੀਆਂ ਦੀ ਪਹੁੰਚ ਕੇਵਲ ਸੰਸਾਰਿਕ ਭੇਦਾਂ ਨੂੰ ਸਮਝਣ ਤੱਕ ਹੀ ਸੀਮਿਤ ਹੈ। ਇਨ੍ਹਾਂ ਪੰਜ ਸ਼ਕਤੀਆਂ ਦੀ ਪਹੁੰਚ ਕੇਵਲ ਮਾਇਆ ਦੇ ਅਧੀਨ ਵਰਤ ਰਹੀ ਸੰਸਾਰਿਕ ਖੇਡ ਤੱਕ ਹੀ ਸੀਮਿਤ ਹੈ। ਮਨੁੱਖ ਦੀਆਂ ਇਹ ਪੰਜ ਸ਼ਕਤੀਆਂ ਦੀ ਪਹੁੰਚ ਕੇਵਲ ਮਾਇਕ ਸੰਸਾਰੀ ਵਿੱਦਿਆਵਾਂ, ਵਿਗਿਆਨ, ਗਿਆਨ, ਦੁੱਖਾਂ, ਸੁੱਖਾਂ, ਭੋਗਾਂ, ਵਿਲਾਸਾਂ ਆਦਿ ਤੱਕ ਹੀ ਸੀਮਿਤ ਹੈ। ਇਨ੍ਹਾਂ ਪੰਜ ਸ਼ਕਤੀਆਂ ਨਾਲ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਦੀਦਾਰ ਨਹੀਂ ਹੋ ਸਕਦੇ ਹਨ। ਇਸ ਲਈ ਇਨ੍ਹਾਂ ਪੰਜ ਗਿਆਨ ਇੰਦਰੀਆਂ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਤਾਂ ਕਿ ਸਾਨੂੰ ਇਨ੍ਹਾਂ ਮਨੁੱਖੀ ਸ਼ਕਤੀਆਂ ਦੀ ਸਹੀ ਵਰਤੋਂ ਦੀ ਜਾਚ ਆ ਸਕੇ ਅਤੇ ਇਨ੍ਹਾਂ ਸ਼ਕਤੀਆਂ ਦੀ ਸਹੀ ਵਰਤੋਂ ਕਰਨ ਵਿੱਚ ਸਕਸ਼ਮ ਹੋ ਕੇ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਬੰਦਗੀ ਦਾ ਗਿਆਨ ਪ੍ਰਕਾਸ਼ ਪ੍ਰਾਪਤ ਕਰਕੇ ਅਸੀਂ ਬੰਦਗੀ ਦੇ ਮਾਰਗ ਉੱਪਰ ਚੱਲ ਸਕੀਏ।

ਮਨੁੱਖ ਨੂੰ ਸਤਿ ਪਾਰਬ੍ਰਹਮ ਪਰਮੇਸ਼ਰ ਨੇ ਪੰਜ ਗਿਆਨ ਇੰਦਰੀਆਂ ਦੇ ਰੂਪ ਵਿੱਚ ਪੰਜ ਸ਼ਕਤੀਆਂ ਨਾਲ ਨਿਵਾਜਿਆ ਹੈ। ਇਹ ਪੰਜ ਗਿਆਨ ਇੰਦਰੀਆਂ ਅਤੇ ਸ਼ਕਤੀਆਂ ਹਨ: ਅੱਖਾਂ ਨਾਲ ਦੇਖਣ ਦੀ ਸ਼ਕਤੀ, ਨੱਕ ਨਾਲ ਸੂੰਘਣ ਦੀ ਸ਼ਕਤੀ; ਰਸਨਾ ਨਾਲ ਬੋਲਣ ਦੀ ਸ਼ਕਤੀ ਅਤੇ ਸੁਆਦ ਨੂੰ ਪਹਿਚਾਣਨ ਦੀ ਸ਼ਕਤੀ; ਅਤੇ ਤਵੱਚਾ ਨਾਲ ਮਹਿਸੂਸ ਕਰਨ ਦੀ ਸ਼ਕਤੀ। ਇਹ ਪੰਜ ਗਿਆਨ ਇੰਦਰੀਆਂ ਅਤੇ ਇਨ੍ਹਾਂ ਵਿੱਚ ਸਮਾਈਆਂ ਹੋਈਆਂ ਸ਼ਕਤੀਆਂ ਹੀ ਮਨੁੱਖ ਨੂੰ ਬਖਸ਼ੀਆਂ ਗਈਆਂ ਪੰਜ ਕਲਾਵਾਂ ਹਨ। ਇਨ੍ਹਾਂ ਪੰਜ ਗਿਆਨ ਇੰਦਰੀਆਂ ਅਤੇ ਇਨ੍ਹਾਂ ਵਿੱਚ ਸਮਾਈਆਂ ਹੋਈਆਂ ਸ਼ਕਤੀਆਂ ਨਾਲ ਹੀ ਮਨੁੱਖ ਦਾ ਜੀਵਨ ਸੰਸਾਰ ਵਿੱਚ ਵਿਚਰਨ ਦੇ ਲਾਇਕ ਬਣਿਆ ਹੈ। ਇਹ ਪੰਜ ਸ਼ਕਤੀਆਂ ਹੀ ਮਨੁੱਖ ਦੇ ਕਰਮਾਂ ਦਾ ਆਧਾਰ ਬਣਦੀਆਂ ਹਨ। ਇਨ੍ਹਾਂ ਸ਼ਕਤੀਆਂ ਦੀ ਵਰਤੋਂ ਦੇ ਨਾਲ ਹੀ ਮਨੁੱਖ ਦਾ ਸੰਸਾਰਿਕ ਜੀਵਨ ਚਲਦਾ ਹੈ। ਇਨ੍ਹਾਂ ਪੰਜ ਇਲਾਹੀ ਸ਼ਕਤੀਆਂ ਦੀ ਵਰਤੋਂ ਦੇ ਨਾਲ ਹੀ ਮਨੁੱਖ ਸੰਸਾਰਿਕ ਸੁੱਖ, ਦੁੱਖ, ਪਦਾਰਥਾਂ, ਵਸਤੂਆਂ, ਰਿਸ਼ਤੇ-ਨਾਤਿਆਂ, ਸੰਬੰਧਾਂ ਨੂੰ ਸਮਝਦਾ, ਵਰਤਦਾ ਅਤੇ ਸਾਰੇ ਕਾਰ-ਵਿਹਾਰਾਂ ਨੂੰ ਅੰਜਾਮ ਦਿੰਦਾ ਹੈ। ਇਨ੍ਹਾਂ ਪੰਜ ਗਿਆਨ ਇੰਦਰੀਆਂ ਦੀ ਵਰਤੋਂ ਦੇ ਨਾਲ ਹੀ ਮਨੁੱਖ ਆਪਣੀ ਪੜ੍ਹਾਈ-ਲਿਖਾਈ ਕਰਦਾ ਹੈ ਅਤੇ ਆਪਣੇ ਜੀਵਨ ਨਿਰਬਾਹ ਦੇ ਸਾਧਨ-ਸਮਾਨ ਨੂੰ ਇਕੱਤਰ ਕਰਦਾ ਹੈ ਅਤੇ ਆਪਣੇ ਜੀਵਨ ਨੂੰ ਨਿਰਬਾਹ ਕਰਦਾ ਹੈ। ਇਨ੍ਹਾਂ ਪੰਜ ਇਲਾਹੀ ਸ਼ਕਤੀਆਂ ਦੀ ਵਰਤੋਂ ਦੇ ਨਾਲ ਹੀ ਮਨੁੱਖ ਸੰਸਾਰ ਵਿੱਚ ਵਿਚਰਦਾ ਹੈ। ਇਨ੍ਹਾਂ ਪੰਜ ਇਲਾਹੀ ਸ਼ਕਤੀਆਂ ਦੀ ਵਰਤੋਂ ਦੇ ਨਾਲ ਹੀ ਮਨੁੱਖ ਸੰਸਾਰ ਵਿੱਚ ਮਿਲਦਾ-ਵਰਤਦਾ ਹੈ ਅਤੇ ਸਾਰੇ ਕਾਰ-ਵਿਹਾਰ ਕਰਦਾ ਹੈ। ਇਨ੍ਹਾਂ ਪੰਜ ਇਲਾਹੀ ਸ਼ਕਤੀਆਂ ਦੀ ਵਰਤੋਂ ਦੇ ਨਾਲ ਹੀ ਮਨੁੱਖ ਸੰਸਾਰ ਵਿੱਚ ਆਪਣੀ ਰੋਜ਼ੀ-ਰੋਟੀ ਕਮਾਉਂਦਾ ਹੈ ਅਤੇ ਆਪਣਾ ਅਤੇ ਆਪਣੇ ਪਰਿਵਾਰ ਦੀ ਸੇਵਾ-ਸੰਭਾਲਤਾ ਕਰਦਾ ਹੈ।

ਭਾਵ ਇਨ੍ਹਾਂ ਪੰਜ ਗਿਆਨ ਇੰਦਰੀਆਂ ਤੋਂ ਬਿਨਾਂ ਮਨੁੱਖ ਦਾ ਇਸ ਸੰਸਾਰ ਵਿੱਚ ਵਿਚਰਨਾ ਦੁਰਭਰ ਹੈ। ਭਾਵ ਇਨ੍ਹਾਂ ਪੰਜ ਗਿਆਨ ਇੰਦਰੀਆਂ ਤੋਂ ਬਿਨਾਂ ਮਨੁੱਖ ਦਾ ਇਸ ਸੰਸਾਰ ਵਿੱਚ ਸੰਪੂਰਨ ਮਨੁੱਖਾ ਜੀਵਨ ਅਸੰਭਵ ਹੈ। ਭਾਵ ਇਨ੍ਹਾਂ ਪੰਜ ਗਿਆਨ ਇੰਦਰੀਆਂ ਤੋਂ ਬਿਨਾਂ ਮਨੁੱਖ ਇਸ ਸੰਸਾਰ ਵਿੱਚ ਜੀਵਨ ਦਾ ਪੂਰਾ ਆਨੰਦ ਨਹੀਂ ਲੈ ਸਕਦਾ ਹੈ। ਕਰਮ ਰੋਗਾਂ ਦੇ ਕਾਰਨ ਕਈ ਮਨੁੱਖਾਂ ਨੂੰ ਇਹ ਪੰਜ ਸ਼ਕਤੀਆਂ ਪੂਰੀ ਤੌਰ ‘ਤੇ ਨਹੀਂ ਬਖਸ਼ੀਆਂ ਜਾਂਦੀਆਂ ਹਨ ਜਿਸ ਕਾਰਨ ਉਨ੍ਹਾਂ ਨੂੰ ਅਪੰਗ ਜੀਵਨ ਜੀਉਣ ਲਈ ਮਜਬੂਰ ਹੋਣਾ ਪੈਂਦਾ ਹੈ। ਐਸੀ ਅਵਸਥਾ ਵਿੱਚ ਜੋ ਮਨੁੱਖ ਅਪੰਗਤਾ ਵਾਲਾ ਜੀਵਨ ਜੀਉਂਦੇ ਹਨ ਉਨ੍ਹਾਂ ਵੱਲ ਵੇਖ ਕੇ ਅਸੀਂ ਇਨ੍ਹਾਂ ਇਲਾਹੀ ਸ਼ਕਤੀਆਂ ਦੀ ਅਹਿਮੀਅਤ ਨੂੰ ਹੋਰ ਚੰਗੀ ਤਰ੍ਹਾਂ ਨਾਲ ਸਮਝ ਸਕਦੇ ਹਾਂ।

ਮਨੁੱਖ ਦੇ ਸਮਝਣ ਵਾਲਾ ਪੂਰਨ ਸਤਿ ਤੱਤ ਇਹ ਹੈ ਕਿ ਇਨ੍ਹਾਂ ਪੰਜ ਇਲਾਹੀ ਸ਼ਕਤੀਆਂ ਦੀ ਵਰਤੋਂ ਅਸਤਿ ਕਰਮ ਕਰਨ ਵਿੱਚ ਕਰਨ ਨਾਲ ਮਨੁੱਖੀ ਜਨਮ ਅਤੇ ਜੀਵਨ ਨਸ਼ਟ ਹੋ ਜਾਂਦਾ ਹੈ। ਇਨ੍ਹਾਂ ਪੰਜ ਇਲਾਹੀ ਸ਼ਕਤੀਆਂ ਦੀ ਵਰਤੋਂ ਅਸਤਿ ਕਰਮ ਵਿਚ ਕਰਨ ਨਾਲ ਮਨੁੱਖੀ ਜਨਮ ਅਤੇ ਜੀਵਨ ਕੇਵਲ ਦੁੱਖਾਂ-ਕਲੇਸ਼ਾਂ ਅਤੇ ਮੁਸੀਬਤਾਂ ਨਾਲ ਭਰ ਜਾਂਦਾ ਹੈ। ਕੇਵਲ ਇਤਨਾ ਹੀ ਨਹੀਂ ਬਲਕਿ ਮਨੁੱਖ ਦੇ ਆਉਣ ਵਾਲੇ ਜਨਮ ਵੀ ਨਸ਼ਟ ਹੋ ਜਾਂਦੇ ਹਨ। ਕਰਮ ਦੇ ਵਿਧਾਨ ਅਨੁਸਾਰ ਇਨ੍ਹਾਂ ਅਸਤਿ ਕਰਮਾਂ ਦਾ ਮਾੜਾ ਅਸਰ ਮਨੁੱਖ ਦੇ ਭਵਿੱਖ ਉੱਪਰ ਪੈਂਦਾ ਹੈ। ਇਨ੍ਹਾਂ ਕਰਮਾਂ ਦੇ ਆਧਾਰ ‘ਤੇ ਹੀ ਮਨੁੱਖ ਨੂੰ ਅਗਲਾ ਮਨੁੱਖਾ ਜਨਮ ਮਿਲਦਾ ਹੈ ਜਾਂ ਮਨੁੱਖ ੮੪ ਲੱਖ ਜੂਨੀ ਵਿੱਚ ਜਾਂਦਾ ਹੈ, ਇਸਦਾ ਫੈਸਲਾ ਧਰਮ ਰਾਜ ਕਰਦਾ ਹੈ। ਜੇਕਰ ਮਨੁੱਖ ਇਨ੍ਹਾਂ ਪੰਜ ਸ਼ਕਤੀਆਂ ਦਾ ਸਦਉਪਯੋਗ ਕਰਦਾ ਹੈ ਤਾਂ ਬੰਦਗੀ ਵੱਲ ਵੱਧਦਾ ਹੈ ਅਤੇ ਜੇਕਰ ਦੁਰਉਪਯੋਗ ਕਰਦਾ ਹੈ ਤਾਂ ਆਪਣੀ ਹੀ ਤਬਾਹੀ ਦਾ ਸਬੱਬ ਆਪ ਬਣਦਾ ਹੈ। ਇਸ ਲਈ ਇਸ ਪਰਮ ਸਤਿ ਤੱਤ ਨੂੰ ਆਪਣੇ ਹਿਰਦੇ ਵਿੱਚ ਦ੍ਰਿੜ੍ਹ ਕਰ ਲੈਣਾ ਚਾਹੀਦਾ ਹੈ ਕਿ ਇਨ੍ਹਾਂ ਪੰਜ ਸ਼ਕਤੀਆਂ ਦਾ ਉਪਯੋਗ ਕੇਵਲ ਸਤਿ ਕਰਮ ਕਰਨ ਲਈ ਹੀ ਜ਼ਰੂਰੀ ਹੈ।

ਭਾਵ ਬੋਲਣ ਦੀ ਸ਼ਕਤੀ ਦਾ ਕੇਵਲ ਸਤਿ ਬੋਲਣ ਲਈ ਵਰਤਣਾ, ਝੂਠ ਨਹੀਂ ਬੋਲਣਾ ਨਾ ਹੀ ਝੂਠ ਦਾ ਸਾਥ ਦੇਣਾ, ਬੁਰੇ ਬੋਲ ਨਹੀਂ ਬੋਲਣਾ, ਕਿਸੇ ਦੀ ਨਿੰਦਿਆ-ਚੁਗਲੀ ਨਹੀਂ ਕਰਨੀ, ਬੇਫਜ਼ੂਲ ਨਹੀਂ ਬੋਲਣਾ, ਫਿੱਕਾ ਨਹੀਂ ਬੋਲਣਾ, ਬੋਲਣ ਦੀ ਇਸ ਇਲਾਹੀ ਸ਼ਕਤੀ ਦੀ ਸਹੀ ਵਰਤੋਂ ਕਰਨੀ, ਸਰਬੱਤ ਦਾ ਭਲਾ ਕਰਨਾ ਅਤੇ ਮੰਗਣਾ, ਰਸਨਾ ਨਾਲ ਸਤਿਨਾਮ ਜਪਣਾ ਅਤੇ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਮਹਿਮਾ ਅਤੇ ਜੱਸ ਗਾਉਣਾ। ਫਿੱਕਾ ਬੋਲਣ ਨਾਲ ਤਨ-ਮਨ ਵੀ ਫਿੱਕਾ ਹੋ ਜਾਂਦਾ ਹੈ। ਫਿੱਕਾ ਬੋਲਣ ਦਾ ਭਾਵ ਹੈ ਕੁਬੋਲ ਬੋਲਣਾ। ਫਿੱਕਾ ਬੋਲਣ ਤੋਂ ਭਾਵ ਹੈ: ਬੁਰਾ ਬੋਲਣਾ, ਨਿੰਦਿਆ ਕਰਨੀ, ਚੁਗਲੀ ਕਰਨੀ, ਕ੍ਰੋਧ ਵਿੱਚ ਆ ਕੇ ਗਲਤ ਬਚਨ ਬੋਲਣੇ, ਗਾਲੀ-ਗਲੋਚ ਕਰਨਾ, ਦੂਜੇ ਦੀ ਬੇਇੱਜ਼ਤੀ ਕਰਨੀ, ਹੰਕਾਰ ਵਿੱਚ ਆ ਕੇ ਕੁਬੋਲ ਬੋਲਣੇ ਆਦਿ। ਫਿੱਕਾ ਬੋਲਣ ਵਾਲਾ ਮਨੁੱਖ ਆਪਣਾ ਬਹੁਤ ਨੁਕਸਾਨ ਕਰਦਾ ਹੈ। ਫਿੱਕਾ ਬੋਲਣ ਵਾਲੇ ਮਨੁੱਖ ਦਾ ਤਨ-ਮਨ ਨਸ਼ਟ ਹੋ ਜਾਂਦਾ ਹੈ। ਫਿੱਕਾ ਬੋਲਣ ਵਾਲਾ ਮਨੁੱਖ ਸਦਾ ਪੰਜ ਚੰਡਾਲਾਂ (ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ) ਦੇ ਚੁੰਗਲ ਵਿੱਚ ਫੱਸਿਆ ਹੋਇਆ ਅਸਤਿ ਕਰਮ ਕਰਦਾ ਹੈ ਅਤੇ ਆਪਣੇ ਤਨ-ਮਨ ਨੂੰ ਮਾਇਆ ਦੀ ਅਗਨ ਵਿੱਚ ਸਾੜ-ਸਾੜ ਕੇ ਨਸ਼ਟ ਕਰ ਦਿੰਦਾ ਹੈ। ਇਸ ਲਈ ਫਿੱਕਾ ਬੋਲਣ ਵਾਲਾ ਮਨੁੱਖ ਮਹਾ ਮੂਰਖ ਹੈ। ਫਿੱਕਾ ਬੋਲਣ ਵਾਲਾ ਮਨੁੱਖ ਪ੍ਰੇਮ ਤੋਂ ਹੀਣਾ ਹੁੰਦਾ ਹੈ। ਫਿੱਕਾ ਬੋਲਣ ਵਾਲੇ ਮਨੁੱਖ ਦਾ ਤਨ-ਮਨ ਪਿਆਰ ਤੋਂ ਸੱਖਣਾ ਹੁੰਦਾ ਹੈ। ਫਿੱਕਾ ਬੋਲਣ ਵਾਲਾ ਮਨੁੱਖ ਸਦਾ ਈਰਖਾ, ਨਫ਼ਰਤ ਅਤੇ ਦਵੈਸ਼ ਦੀ ਅਗਨ ਵਿੱਚ ਸੜ੍ਹਦਾ ਅਤੇ ਕੁੜ੍ਹਦਾ ਹੈ। ਇਸ ਲਈ ਫਿੱਕਾ ਬੋਲਣਾ ਬਹੁਤ ਵੱਡੀ ਮੂਰਖਤਾਈ ਹੈ। ਫਿੱਕਾ ਬੋਲਣ ਵਾਲਾ ਮਨੁੱਖ ਫਿੱਕਾ ਬੋਲ ਕੇ ਆਪਣੇ ਹੀ ਮੂੰਹ ‘ਤੇ ਥੁੱਕਣ ਦਾ ਕੰਮ ਕਰਦਾ ਹੈ। ਕਿਉਂਕਿ ਨੁਕਸਾਨ ਫਿੱਕਾ ਬੋਲਣ ਵਾਲੇ ਮਨੁੱਖ ਦਾ ਹੀ ਹੁੰਦਾ ਹੈ ਨਾ ਕਿ ਜਿਸ ਮਨੁੱਖ ਲਈ ਫਿੱਕਾ ਬੋਲਿਆ ਜਾਂਦਾ ਹੈ। ਫਿੱਕਾ ਬੋਲਣ ਵਾਲਾ ਮਨੁੱਖ ਆਪਣੀ ਰਸਨਾ ਨਾਲ ਨਿੰਦਿਆ ਕਰਵਾਉਣ ਵਾਲੇ ਦੇ ਮਨ ਦੀ ਮੈਲ ਅਤੇ ਪਾਪ ਆਪਣੀ ਰਸਨਾ ਨਾਲ ਧੋਂਦਾ ਹੈ। ਭਾਵ ਨਿੰਦਿਆ ਕਰਵਾਉਣ ਵਾਲੇ ਮਨੁੱਖ ਦੇ ਪਾਪਾਂ ਦਾ ਬੋਝ ਫਿੱਕਾ ਬੋਲਣ ਵਾਲਾ ਮਨੁੱਖ ਆਪਣੇ ਸਿਰ ਚੜ੍ਹਾ ਲੈਂਦਾ ਹੈ। ਮਾਇਆ ਵਿੱਚ ਗਰਕੇ ਹੋਏ ਫਿੱਕਾ ਬੋਲਣ ਵਾਲੇ ਮਨੁੱਖ ਨੂੰ ਦਰਗਾਹ ਤੋਂ ਫਿਟਕਾਰਾਂ ਪੈਂਦੀਆਂ ਹਨ। ਇਸ ਤਰ੍ਹਾਂ ਨਾਲ ਫਿੱਕਾ ਬੋਲਣ ਵਾਲਾ ਮਨੁੱਖ ਦੂਜੇ ਦਾ ਬੁਰਾ ਕਰਨ ਦੇ ਯਤਨ ਕਰਦਾ ਹੈ ਪਰੰਤੂ ਆਪਣਾ ਹੀ ਬੁਰਾ ਕਰਦਾ ਹੋਇਆ ਆਪਣਾ ਆਪ ਨਸ਼ਟ ਕਰਦਾ ਹੋਇਆ ਸਾਰੇ ਪਾਸਿਓਂ ਜੁੱਤੀਆਂ ਖਾਂਦਾ ਹੈ ਅਤੇ ਆਪਣੀ ਹੀ ਪੱਤ ਗੁਆਂਦਾ ਹੈ। ਇਸ ਪਰਮ ਸਤਿ ਤੱਤ ਨੂੰ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਨੇ ਆਸਾ ਦੀ ਵਾਰ ਵਿੱਚ ਦ੍ਰਿੜ੍ਹ ਕਰਵਾਇਆ ਹੈ:

  ਸਲੋਕੁ ਮ: ੧

ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ

ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ

ਫਿਕਾ ਦਰਗਹ ਸਟੀਐ ਮੁਹਿ ਥੁਕਾ ਫਿਕੇ ਪਾਇ

ਫਿਕਾ ਮੂਰਖੁ ਆਖੀਐ ਪਾਣਾ ਲਹੈ ਸਜਾਇ

(ਪੰਨਾ ੪੭੩)

ਮਨ ਕਾ ਸੂਤਕੁ ਲੋਭੁ ਹੈ ਜਿਹਵਾ ਸੂਤਕੁ ਕੂੜੁ

(ਪੰਨਾ ੪੭੨)

ਵੇਖਣ ਦੀ ਸ਼ਕਤੀ ਦਾ ਕੇਵਲ ਸਤਿ ਵੇਖਣ ਲਈ ਵਰਤਣਾ; ਨਰਾਂ ਲਈ: ਕਿਸੇ ਮਾਂ, ਧੀ, ਭੈਣ ਨੂੰ ਬੁਰੀ ਨਜ਼ਰ ਨਾਲ ਨਹੀਂ ਦੇਖਣਾ ਅਤੇ ਕਾਮ ਦੀ ਭਾਵਨਾ ਤੋਂ ਬਚਣਾ; ਨਾਰੀਆਂ ਲਈ: ਕਿਸੇ ਭਰਾ, ਪਿਤਾ ਅਤੇ ਪੁੱਤ ਨੂੰ ਬੁਰੀ ਨਜ਼ਰ ਨਾਲ ਨਹੀਂ ਦੇਖਣਾ ਅਤੇ ਕਾਮ ਦੀ ਭਾਵਨਾ ਤੋਂ ਬਚਣਾ; ਪਰ ਨਰ ਅਤੇ ਨਾਰੀ ਦੀ ਸੁੰਦਰਤਾ ਨੂੰ ਸਤਿ ਪਾਰਬ੍ਰਹਮ ਪਰਮੇਸ਼ਰ ਦਾ ਕ੍ਰਿਸ਼ਮਾ ਸਮਝੋ ਅਤੇ ਇਸ ਦੀ ਸਹੀ ਭਾਵਨਾ ਨਾਲ ਸਿਫਤ ਕਰੋ; ਪਰਾਈ ਧਨ-ਸੰਪਦਾ ਉੱਪਰ ਬੁਰੀ ਨਜ਼ਰ ਜਾਂ ਭਾਵਨਾ ਨਾਲ ਨਹੀਂ ਦੇਖਣਾ; ਆਪਣੇ ਅਵਗੁਣਾਂ ਵੱਲ ਦੇਖਣਾ ਅਤੇ ਉਨ੍ਹਾਂ ਨੂੰ ਤਿਆਗਣ ਦਾ ਯਤਨ ਕਰਨਾ; ਦੂਸਰੇ ਮਨੁੱਖ ਦੇ ਗੁਣਾਂ ਵੱਲ ਦੇਖਣਾ ਅਤੇ ਉਨ੍ਹਾਂ ਨੂੰ ਅਪਣਾਉਣਾ; ਦੂਸਰੇ ਮਨੁੱਖ ਦੇ ਅਵਗੁਣਾਂ ਨੂੰ ਦੂਰ ਕਰਨ ਲਈ ਸਹਾਇਤਾ ਕਰਨੀ ਆਦਿ। ਪਰਾਈ ਨਾਰੀ ਨੂੰ ਕਾਮ ਦੀ ਭਾਵਨਾ ਨਾਲ ਦੇਖਣ ਨਾਲ ਵੇਖਣ ਦੀ ਸ਼ਕਤੀ ਦਾ ਸਰੋਤ ਅੱਖਾਂ ਅਪਵਿੱਤਰ ਹੋ ਜਾਂਦੀਆ ਹਨ। ਪਰਾਏ ਧਨ ਨੂੰ ਬੁਰੀ ਨਜ਼ਰ ਨਾਲ ਵੇਖਣ ਨਾਲ ਵੇਖਣ ਦੀ ਸ਼ਕਤੀ ਦਾ ਸਰੋਤ ਅੱਖਾਂ ਅਪਵਿੱਤਰ ਹੋ ਜਾਂਦੀਆ ਹਨ ਅਤੇ ਐਸਾ ਲੋਭੀ ਅਤੇ ਕਾਮੀ ਮਨੁੱਖ ਨਰਕ ਦਾ ਭਾਗੀਦਾਰ ਬਣਦਾ ਹੈ। ਇਸ ਪਰਮ ਸਤਿ ਤੱਤ ਨੂੰ ਗੁਰਬਾਣੀ ਵਿੱਚ ਪ੍ਰਗਟ ਕੀਤਾ ਗਿਆ ਹੈ:

ਅਖੀ ਸੂਤਕੁ ਵੇਖਣਾ ਪਰ ਤ੍ਰਿਅ ਪਰ ਧਨ ਰੂਪੁ

(ਪੰਨਾ ੪੭੨)

ਸੁਣਨ ਦੀ ਸ਼ਕਤੀ ਨੂੰ ਕੇਵਲ ਸਤਿ ਸੁਣਨ ਲਈ ਵਰਤਣਾ; ਸਤਿ ਪਾਰਬ੍ਰਹਮ ਦਾ ਸਤਿਨਾਮ, ਮਹਿਮਾ ਅਤੇ ਜੱਸ ਸੁਣਨ ਲਈ ਵਰਤਣਾ; ਸਤਿ ਦੀ ਪਹਿਚਾਣ ਕਰਨੀ ਅਤੇ ਸਤਿ ਦੇ ਧਾਰਨੀ ਬਣਨ ਦਾ ਪੁਰਜ਼ੋਰ ਯਤਨ ਕਰਨਾ; ਪਰਨਿੰਦਿਆ, ਚੁਗਲੀ, ਬਖੀਲੀ ਆਦਿ ਨੂੰ ਨਹੀਂ ਸੁਣਨਾ; ਝੂਠੇ ਅਤੇ ਨਿਰਾਧਾਰ ਵਾਦ-ਵਿਵਾਦ ਨੂੰ ਨਾ ਹੀ ਸੁਣਨਾ ਅਤੇ ਨਾ ਹੀ ਇਸ ਵਿੱਚ ਪੈਣਾ ਆਦਿ। ਪਰਨਿੰਦਿਆ, ਚੁਗਲੀ, ਬਖੀਲੀ ਆਦਿ ਨੂੰ ਨਹੀਂ ਸੁਣਨਾ; ਝੂਠੇ ਅਤੇ ਨਿਰਾਧਾਰ ਵਾਦ-ਵਿਵਾਦ ਨੂੰ ਸੁਣਨ ਨਾਲ ਕੰਨ ਅਪਵਿੱਤਰ ਹੋ ਜਾਂਦੇ ਹਨ। ਪਰਨਿੰਦਿਆ, ਚੁਗਲੀ, ਬਖੀਲੀ ਸੁਣਨ ਵਾਲਾ ਅਤੇ ਝੂਠੇ ਵਾਦ-ਵਿਵਾਦ ਨੂੰ ਸੁਣਨ ਵਾਲਾ ਮਨੁੱਖ ਨਰਕ ਦਾ ਭਾਗੀਦਾਰ ਬਣਦਾ ਹੈ। ਬਾਹਰੋਂ ਹੰਸ ਵਰਗੇ ਪਵਿੱਤਰ ਦਿਸਣ ਵਾਲੇ ਮਨੁੱਖ ਪਰਨਿੰਦਿਆ, ਚੁਗਲੀ, ਬਖੀਲੀ ਨੂੰ ਸੁਣਨ ਨਾਲ; ਝੂਠੇ ਅਤੇ ਨਿਰਾਧਾਰ ਵਾਦ-ਵਿਵਾਦ ਨੂੰ ਸੁਣਨ ਨਾਲ ਨਰਕ ਦੇ ਭਾਗੀਦਾਰ ਬਣ ਜਾਂਦੇ ਹਨ। ਇਸ ਪਰਮ ਸਤਿ ਤੱਤ ਨੂੰ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਨੇ ਆਸਾ ਦੀ ਵਾਰ ਵਿੱਚ ਦ੍ਰਿੜ੍ਹ ਕਰਵਾਇਆ ਹੈ:

ਕੰਨੀ ਸੂਤਕੁ ਕੰਨਿ ਪੈ ਲਾਇਤਬਾਰੀ ਖਾਹਿ ਨਾਨਕ ਹੰਸਾ ਆਦਮੀ ਬਧੇ ਜਮ ਪੁਰਿ ਜਾਹਿ

(ਪੰਨਾ ੪੭੨)

ਮਨੁੱਖ ਦੀ ਨਾਸਿਕਾ ਹਰ ਪ੍ਰਕਾਰ ਦੀ ਸੁਗੰਧ ਨੂੰ ਮਾਣਨ ਦੀ ਸ਼ਕਤੀ ਰੱਖਦੀ ਹੈ। ਸੂੰਘਣ ਦੀ ਸ਼ਕਤੀ ਨਾਲ ਮਨੁੱਖ ਨੂੰ ਚੰਗੇ ਅਤੇ ਮਾੜੇ ਭੋਜਨ ਦੇ ਵਿਅੰਜਨਾਂ ਦਾ ਗਿਆਨ ਹੁੰਦਾ ਹੈ। ਇਸ ਲਈ ਸੂੰਘਣ ਦੀ ਸ਼ਕਤੀ ਨਾਲ ਮਿਲੇ ਗਿਆਨ ਦੀ ਸਹੀ ਵਰਤੋਂ ਕਰੋ। ਆਪਣੀਆਂ ਖਾਣ-ਪੀਣ ਸੰਬੰਧੀ ਆਦਤਾਂ ਨੂੰ ਨਾ ਵਿਗੜਨ ਦਿਓ। ਹਿਸਾਬ ਦਾ ਖਾਵੋ ਅਤੇ ਪੀਵੋ। ਆਪਣੀ ਸਿਹਤ ਲਈ ਸਿਹਤਮੰਦ ਵਿਅੰਜਨਾਂ ਅਤੇ ਭੋਜਨਾਂ ਦੀ ਸਹੀ ਮਾਤਰਾ ਵਿੱਚ ਵਰਤੋਂ ਕਰੋ। ਆਪਣੀ ਸਿਹਤ ਦਾ ਪੂਰਾ-ਪੂਰਾ ਖਿਆਲ ਰੱਖੋ। ਸੂੰਘਣ ਦੀ ਸ਼ਕਤੀ ਨਾਲ ਮਨੁੱਖ ਨੂੰ ਚੰਗੇ ਅਤੇ ਮਾੜੇ ਵਾਤਾਵਰਨ ਦਾ ਗਿਆਨ ਹੁੰਦਾ ਹੈ। ਸੂੰਘਣ ਦੀ ਸ਼ਕਤੀ ਨਾਲ ਮਨੁੱਖ ਨੂੰ ਗੰਦਗੀ ਅਤੇ ਸਫਾਈ ਦਾ ਵੀ ਗਿਆਨ ਹੁੰਦਾ ਹੈ। ਗੰਦਗੀ ਨੂੰ ਸਾਫ਼ ਰੱਖਣ ਲਈ ਯਤਨਸ਼ੀਲ ਰਹੋ। ਗੰਦਗੀ ਬਿਮਾਰੀ ਨੂੰ ਜਨਮ ਦਿੰਦੀ ਹੈ। ਸਫਾਈ ਰੱਖਣ ਨਾਲ ਸਿਹਤ ਉੱਪਰ ਚੰਗਾ ਅਸਰ ਪੈਂਦਾ ਹੈ। ਸੂੰਘਣ ਦੀ ਸ਼ਕਤੀ ਨਾਲ ਮਨੁੱਖ ਨੂੰ ਨਰ ਅਤੇ ਨਾਰੀ ਦੁਆਰਾ ਵਰਤੇ ਜਾ ਰਹੇ ਇਤਰ ਫਲੇਲ ਆਦਿ ਦੀ ਸੁਗੰਧ ਦਾ ਗਿਆਨ ਹੁੰਦਾ ਹੈ। ਸੂੰਘਣ ਦੀ ਸ਼ਕਤੀ ਨਾਲ ਮਨੁੱਖ ਨੂੰ ਨਰ ਅਤੇ ਨਾਰੀ ਦੀ ਦੇਹੀ ਦੇ ਬਾਰੇ ਵੀ ਗਿਆਨ ਹੁੰਦਾ ਹੈ। ਸੂੰਘਣ ਦੀ ਸ਼ਕਤੀ ਦਾ ਜਿਆਦਾ ਦੁਰਉਪਯੋਗ ਨਰ-ਨਾਰੀ ਕਾਮ ਵਾਸ਼ਨਾ ਦੀ ਪੂਰਤੀ ਲਈ ਕਰਦੇ ਹਨ। ਦੇਹੀ ਦੀ ਸੁਗੰਧ ਨਰ-ਨਾਰੀ ਨੂੰ ਕਾਮ ਵਾਸ਼ਨਾ ਵੱਲ ਆਕਰਸ਼ਿਤ ਅਤੇ ਪ੍ਰੇਰਿਤ ਕਰਦੀ ਹੈ। ਇਸ ਲਈ ਪਰ ਨਾਰੀ ਅਤੇ ਨਰ ਦਾ ਧਿਆਨ ਰੱਖੋ। ਪਰ ਨਰ ਅਤੇ ਨਾਰੀ ਦੀ ਸ਼ਰੀਰਕ ਸੁਗੰਧ ਨੂੰ ਆਪਣੀ ਕਮਜ਼ੋਰੀ ਨਾ ਬਣਨ ਦਿਓ। ਸੁੰਘਣ ਦੀ ਸ਼ਕਤੀ ਦਾ ਸਤਿ ਉਪਯੋਗ ਕਰੋ, ਫੁੱਲਾਂ ਦੀ ਮਹਿਕ ਦਾ ਆਨੰਦ ਉਠਾਓ, ਭੋਜਨ ਦੀ ਸੁਗੰਧ ਦਾ ਆਨੰਦ ਲਵੋ, ਗੰਦਗੀ ਨੂੰ ਸਾਫ਼ ਕਰਨ ਦਾ ਉਪਰਾਲਾ ਅਤੇ ਸੇਵਾ ਕਰੋ। ਸੂੰਘਣ ਦੀ ਇਸ ਸ਼ਕਤੀ ਨੂੰ ਆਪਣੇ ਪਤਨ ਦਾ ਕਾਰਨ ਨਾ ਬਣਨ ਦਿਓ ਬਲਕਿ ਇਸ ਨੂੰ ਸਤਿ ਦੀ ਸੇਵਾ ਦੀ ਸ਼ਕਤੀ ਬਣਾਓ ਅਤੇ ਇਸ ਨੂੰ ਆਪਣਾ ਜੀਵਨ ਸਹੀ ਢੰਗ ਨਾਲ ਜੀਉਣ ਵਾਸਤੇ ਵਰਤੋ।

ਸਤਿ ਪਾਰਬ੍ਰਹਮ ਪਰਮੇਸ਼ਰ ਦੀ ਕਿਰਪਾ ਸਦਕਾ ਮਨੁੱਖ ਦੀ ਤਵੱਚਾ ਵਿੱਚ ਰੱਖੀ ਗਈ ਸਪਰਸ਼ ਕਰਨ ਦੀ ਸ਼ਕਤੀ ਮਨੁੱਖ ਦੇ ਰੋਜ਼ਾਨਾ ਜੀਵਨ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਆਪਣੇ ਹੱਥਾਂ ਨਾਲ ਸਪਰਸ਼ ਕਰਕੇ ਅਸੀਂ ਹਰ ਇੱਕ ਵਸਤੂ ਦੇ ਬਾਰੇ ਗਿਆਨ ਪ੍ਰਾਪਤ ਕਰਦੇ ਹਾਂ। ਇਸੇ ਤਰ੍ਹਾਂ ਨਾਲ ਦੇਹੀ ਦੇ ਵੱਖ-ਵੱਖ ਅੰਗ ਸਪਰਸ਼ ਨਾਲ ਅਨੁਭਵ ਕਰਨ ਦੀ ਸ਼ਕਤੀ ਰੱਖਦੇ ਹਨ। ਸਪਰਸ਼ ਕਰਨ ਦੀ ਸ਼ਕਤੀ ਨਾਲ ਮਨੁੱਖਾ ਦੇਹੀ ਦੇ ਭਿੰਨ-ਭਿੰਨ ਅੰਗ ਭਿੰਨ-ਭਿੰਨ ਭੂਮਿਕਾ ਨਿਭਾਉਂਦੇ ਹਨ। ਮਨੁੱਖਾ ਦੇਹੀ ਦੇ ਭਿੰਨ-ਭਿੰਨ ਅੰਗਾਂ ਵਿੱਚ ਸਮਾਈ ਹੋਈ ਸਪਰਸ਼ ਕਰਨ ਦੀ ਸ਼ਕਤੀ ਮਨੁੱਖ ਨੂੰ ਭਿੰਨ-ਭਿੰਨ ਤਰ੍ਹਾਂ ਦੇ ਅਨੁਭਵ ਕਰਵਾਉਂਦੀ ਹੈ। ਸਪਰਸ਼ ਕਰਨ ਦੀ ਇਸ ਸ਼ਕਤੀ ਦਾ ਸਦਿਉਪਯੋਗ ਕਰੋ। ਸਪਰਸ਼ ਕਰਨ ਦੀ ਇਸ ਸ਼ਕਤੀ ਦਾ ਦੁਰਉਪਯੋਗ ਨਾ ਕਰੋ। ਸਪਰਸ਼ ਜੇ ਸਦਿਭਾਵਨਾ ਨਾਲ ਅਤੇ ਮਰਿਆਦਾ ਵਿੱਚ ਰਹਿ ਕੇ ਕੀਤਾ ਜਾਏ ਤਾਂ ਆਨੰਦ ਦਾ ਸੋਮਾ ਹੈ। ਸਪਰਸ਼ ਜੇ ਸਦਿਭਾਵਨਾ ਨਾਲ ਅਤੇ ਮਰਿਆਦਾ ਵਿੱਚ ਰਹਿ ਕੇ ਕੀਤਾ ਜਾਏ ਤਾਂ ਇਹ ਵਰਦਾਨ ਬਣ ਜਾਂਦਾ ਹੈ। ਸਪਰਸ਼ ਜੇ ਦੁਰਭਾਵਨਾ ਨਾਲ ਕੀਤਾ ਜਾਏ ਅਤੇ ਮਰਿਆਦਾ ਨੂੰ ਭੰਗ ਕਰਕੇ ਕੀਤਾ ਜਾਏ ਤਾਂ ਸਰਾਪ ਬਣ ਜਾਂਦਾ ਹੈ ਅਤੇ ਮਨੁੱਖ ਦੇ ਜੀਵਨ ਨੂੰ ਨਰਕ ਬਣਾ ਦਿੰਦਾ ਹੈ। ਸਪਰਸ਼ ਵਿੱਚ ਹੀ ਇੱਕ ਮਾਨਸਿਕ ਰੋਗੀ ਮਨੁੱਖ ਨੂੰ ਠੀਕ ਕਰਨ ਦੀ ਸ਼ਕਤੀ ਹੁੰਦੀ ਹੈ। ਸਤਿਗੁਰੂ ਦੁਆਰਾ ਭਰਪੂਰ ਪ੍ਰੇਮ ਨਾਲ ਕਿਸੇ ਮਨੁੱਖ ਦੇ ਸਿਰ ਤੇ ਰਖਿਆ ਗਿਆ ਹੱਥ ਉਸ ਮਨੁੱਖ ਨੂੰ ਸਮਾਧੀ ਦੀ ਬਖਸ਼ਿਸ਼ ਕਰਕੇ ਧੰਨ ਧੰਨ ਕਰ ਸਕਦਾ ਹੈ। ਅਸੀਂ ਆਪਣੇ ਰੋਜ਼ਾਨਾ ਜੀਵਨ ਵਿੱਚ ਸਪਰਸ਼ ਕਰਨ ਦੀ ਸ਼ਕਤੀ ਦੀ ਕਈ ਵਾਰ ਵਰਤੋਂ ਕਰਦੇ ਹਾਂ। ਸਪਰਸ਼ ਕਰਨ ਦੀ ਸ਼ਕਤੀ ਦੀ ਵਰਤੋਂ ਕਰਦੇ ਸਮੇਂ ਕੇਵਲ ਇਹ ਧਿਆਨ ਰੱਖੋ ਕਿ ਤੁਸੀਂ ਕੋਈ ਹੀਣ ਭਾਵਨਾ ਦੇ ਵੱਸ ਆ ਕੇ ਇਸ ਸ਼ਕਤੀ ਦੀ ਵਰਤੋਂ ਨਾ ਕਰੋ। ਆਪਣੀ ਸਮਾਜਿਕ ਮਰਿਆਦਾ ਵਿੱਚ ਰਹਿ ਕੇ ਇਸ ਸ਼ਕਤੀ ਦੀ ਵਰਤੋਂ ਕਰੋ। ਮਰਿਆਦਾ ਤੋਂ ਬਾਹਰ ਜਾ ਕੇ ਸਪਰਸ਼ ਕਰਨ ਦੀ ਸ਼ਕਤੀ ਦੀ ਕੀਤੀ ਗਈ ਵਰਤੋਂ ਤੁਹਾਡਾ ਸੰਸਾਰਿਕ ਜੀਵਨ ਅਤੇ ਰੂਹਾਨੀ ਜੀਵਨ ਦੋਨੋਂ ਨਸ਼ਟ ਕਰ ਦਿੰਦੀ ਹੈ। ਮਰਿਆਦਾ ਦੀ ਉਲੰਘਣਾ ਕਰਕੇ ਸਪਰਸ਼ ਕਰਨ ਦੀ ਸ਼ਕਤੀ ਦੀ ਕੀਤੀ ਗਈ ਵਰਤੋਂ ਮਨੁੱਖ ਦਾ ਚਰਿੱਤਰ ਅਤੇ ਆਤਮਾ ਦੋਨਾਂ ਨੂੰ ਘਾਇਲ ਕਰ ਦਿੰਦੀ ਹੈ। ਮਰਿਆਦਾ ਦੀ ਉਲੰਘਣਾ ਕਰਕੇ ਸਪਰਸ਼ ਕਰਨ ਦੀ ਸ਼ਕਤੀ ਦੀ ਕੀਤੀ ਗਈ ਵਰਤੋਂ ਕਰਨਾ ਗੁਨਾਹ ਹੈ ਅਤੇ ਐਸਾ ਕਰਨ ਨਾਲ ਮਨੁੱਖ ਕਾਮ ਚੰਡਾਲ ਦੇ ਹੱਥੇ ਚੜ੍ਹ ਕੇ ਆਪਣੇ ਆਪ ਨੂੰ ਤਬਾਹ ਕਰ ਸਕਦਾ ਹੈ।

ਸੰਸਾਰਿਕ ਜੀਵਨ ਜੀਉਣ ਲਈ ਬਖਸ਼ੀਆਂ ਗਈਆਂ ਇਹ ਪੰਜ ਸ਼ਕਤੀਆਂ ਦਾ ਦੁਰਉਪਯੋਗ ਮਨੁੱਖ ਨਾ ਜੀਵਨ ਨਸ਼ਟ ਕਰ ਦਿੰਦਾ ਹੈ। ਇਨ੍ਹਾਂ ਪੰਜ ਸ਼ਕਤੀਆਂ ਦੀ ਸਹੀ ਅਤੇ ਮਰਿਆਦਾ ਵਿੱਚ ਰਹਿ ਕੇ ਕੀਤੀ ਗਈ ਵਰਤੋਂ ਮਨੁੱਖ ਦਾ ਜੀਵਨ ਸਾਰਥਕ ਸਿੱਧ ਹੋਣ ਵਿੱਚ ਸਹਾਇਕ ਹੁੰਦੀ ਹੈ। ਪਰੰਤੂ ਇਨ੍ਹਾਂ ਪੰਜ ਸ਼ਕਤੀਆਂ ਵਿੱਚ ਇਤਨੀ ਸ਼ਕਤੀ ਨਹੀਂ ਕਿ ਇਹ ਮਨੁੱਖ ਨੂੰ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਦਰਸ਼ਨ ਕਰਵਾ ਸਕਣ। ਇਸ ਲਈ ਸਤਿ ਪਾਰਬ੍ਰਹਮ ਪਰਮੇਸ਼ਰ ਨੂੰ ‘ਅਗਮ’ ਅਤੇ ‘ਅਗੋਚਰ’ ਦੀ ਸੰਗਿਆ ਨਾਲ ਸਤਿਗੁਰੂ ਸਾਹਿਬਾਨ ਨੇ ਗੁਰਬਾਣੀ ਵਿੱਚ ਪ੍ਰਗਟਾਇਆ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਨੂੰ ਮਨੁੱਖ ਆਪਣੀਆਂ ਦੋ ਅੱਖਾਂ ਨਾਲ ਦੇਖਣ ਦੀ ਸਮਰੱਥਾ ਨਹੀਂ ਰੱਖਦਾ ਹੈ। ਨਾ ਹੀ ਮਨੁੱਖ ਕੋਲ ਇਤਨੀ ਸਮਰੱਥਾ ਹੈ ਕਿ ਉਹ ਆਪਣੀਆਂ ਵੇਖਣ, ਬੋਲਣ, ਸੁਣਨ, ਸੂੰਘਣ ਅਤੇ ਸਪਰਸ਼ ਕਰਨ ਦੀ ਸ਼ਕਤੀਆਂ ਨਾਲ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਪਰਮ ਸ਼ਕਤੀ ਦਾ ਅਨੁਭਵ ਕਰ ਸਕੇ। ਇਨ੍ਹਾਂ ਪੰਜ ਸ਼ਕਤੀਆਂ ਨਾਲ ਮਨੁੱਖ ਕੇਵਲ ਸੰਸਾਰਿਕ ਅਨੁਭਵ ਹੀ ਕਰ ਸਕਦਾ ਹੈ। ਇਨ੍ਹਾਂ ਪੰਜ ਗਿਆਨ ਇੰਦ੍ਰੀਆਂ ਦੀਆਂ ਸ਼ਕਤੀਆਂ ਕੇਵਲ ਸੰਸਾਰਿਕ ਜੀਵਨ ਤੱਕ ਹੀ ਸੀਮਿਤ ਹਨ। ਕਿਉਂਕਿ ਸਤਿ ਪਾਰਬ੍ਰਹਮ ਪਰਮੇਸ਼ਰ ਅਤੇ ਉਸਦੀ ਮਹਿਮਾ ਬੇਅੰਤ ਹੈ ਇਸ ਲਈ ਸੀਮਾ ਵਿੱਚ ਰਹਿ ਕੇ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਦਰਸ਼ਨ ਅਤੇ ਉਸਦੀ ਬੇਅੰਤਤਾ ਦਾ ਅਨੁਭਵ ਨਹੀਂ ਕੀਤਾ ਜਾ ਸਕਦਾ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਦੇ ਦਰਸ਼ਨ ਅਤੇ ਉਸਦੀ ਬੇਅੰਤਤਾ ਦਾ ਅਨੁਭਵ ਕੇਵਲ ਉਸ ਵਿੱਚ ਅਭੇਦ ਹੋ ਕੇ ਹੀ ਮਾਣਿਆ ਜਾ ਸਕਦਾ ਹੈ। ਲੇਕਿਨ ਇਸਦਾ ਇਹ ਮਤਲਬ ਨਹੀਂ ਹੈ ਕਿ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਦਰਸ਼ਨ ਕਰਨ ਦੀ ਅਤੇ ਉਸਦੀ ਬੇਅੰਤਤਾ ਦਾ ਅਨੁਭਵ ਕਰਨ ਦੀ ਸ਼ਕਤੀ ਮਨੁੱਖ ਵਿੱਚ ਨਹੀਂ ਹੈ। ਮਨੁੱਖ ਵਿੱਚ ਸਤਿ ਪਾਰਬ੍ਰਹਮ ਪਰਮੇਸ਼ਰ ਨੂੰ ਆਪਣੇ ਹੀ ਹਿਰਦੇ ਵਿੱਚ ਪ੍ਰਗਟ ਕਰਨ ਦੀ ਸ਼ਕਤੀ ਹੈ। ਮਨੁੱਖ ਦੇ ਵਿੱਚ ਆਪਣੇ ਹੀ ਸਰਗੁਣ ਰੂਪ ਵਿੱਚ ਨਿਰਗੁਣ ਨੂੰ ਪ੍ਰਗਟ ਕਰਨ ਦੀ ਪਰਮ ਸ਼ਕਤੀ ਸਥਿਤ ਹੈ। ਸਾਰੀਆਂ ਦਰਗਾਹੀ ਸ਼ਕਤੀਆਂ ਸਤਿ ਪਾਰਬ੍ਰਹਮ ਪਰਮੇਸ਼ਰ ਨੇ ਮਨੁੱਖ ਦੀ ਸੂਖਸ਼ਮ ਦੇਹੀ ਵਿੱਚ ਹੀ ਸਤਿ ਸਰੋਵਰਾਂ ਦੇ ਵਿੱਚ ਸਥਾਪਿਤ ਕੀਤੀਆਂ ਹੋਈਆਂ ਹਨ। ਮਾਇਆ ਨੂੰ ਜਿੱਤ ਕੇ ਅਤੇ ਤ੍ਰਿਹ ਗੁਣ ਮਾਇਆ ਤੋਂ ਪਰੇ ਜਾ ਕੇ ਚਉਥੇ ਪਦ ਵਿੱਚ ਆਪਣੇ ਦਰਸ਼ਨ ਦੇਣ ਦੀ ਪਰਮ ਸ਼ਕਤੀ ਸਤਿ ਪਾਰਬ੍ਰਹਮ ਪਰਮੇਸ਼ਰ ਨੇ ਮਨੁੱਖ ਦੀ ਸੂਖਸ਼ਮ ਦੇਹੀ ਵਿੱਚ ਹੀ ਸਥਾਪਿਤ ਕਰ ਦਿੱਤੀ ਹੋਈ ਹੈ। ਜ਼ਰੂਰਤ ਹੈ ਕੇਵਲ ਇਸ ਪਰਮ ਸ਼ਕਤੀ ਨੂੰ ਜਗਾਉਣ ਦੀ। ਜ਼ਰੂਰਤ ਹੈ ਕੇਵਲ ਸਤਿ ਸਰੋਵਰਾਂ ਵਿੱਚ ਸਥਿਤ ਸਾਰੀਆਂ ਪਰਮ ਸ਼ਕਤੀਆਂ ਨੂੰ ਜਾਗਰਤ ਕਰਨ ਦੀ। ਜੋ ਮਨੁੱਖ ਪੰਜ ਗਿਆਨ ਇੰਦ੍ਰੀਆਂ ਦੀ ਵਰਤੋਂ ਸਤਿ ਕਰਮ ਕਰਨ ਲਈ ਕਰਦੇ ਹਨ ਉਨ੍ਹਾਂ ਦਾ ਜੀਵਨ ਸਤੋ ਗੁਣੀ ਹੋ ਜਾਂਦਾ ਹੈ ਅਤੇ ਉਨ੍ਹਾਂ ਮਨੁੱਖਾਂ ਉੱਪਰ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਗੁਰਕਿਰਪਾ ਬਰਸਦੀ ਹੈ ਅਤੇ ਉਨ੍ਹਾਂ ਨੂੰ ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿਸਦਾ ਸਦਕਾ ਐਸੇ ਮਨੁੱਖ ਮਾਇਆ ਨੂੰ ਜਿੱਤ ਕੇ ਸਤਿ ਪਾਰਬ੍ਰਹਮ ਪਰਮੇਸ਼ਰ ਵਿੱਚ ਅਭੇਦ ਹੋ ਜਾਂਦੇ ਹਨ ਅਤੇ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਬੇਅੰਤਤਾ ਦਾ ਆਨੰਦ ਮਾਣਦੇ ਹਨ। ਐਸੀ ਅਵਸਥਾ ਨੂੰ ਪ੍ਰਾਪਤ ਕਰਕੇ ਹੀ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਬੇਅੰਤਤਾ ਦਾ ਅਨੁਭਵ ਕਰਦੇ ਹੋਏ ਮਹਾ ਪੁਰਖ ਇਸ ਪਰਮ ਸਤਿ ਤੱਤ ਨੂੰ ਲੋਕਾਈ ਨੂੰ ਦੱਸਦੇ ਹਨ। ਜਦ ਮਨੁੱਖ ਮਾਇਆ ਨੂੰ ਜਿੱਤ ਕੇ ਚਉਥੇ ਪਦ ਵਿੱਚ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਦਰਸ਼ਨ ਕਰਕੇ ਪੂਰਨ ਅਵਸਥਾ ਦੀ ਪ੍ਰਾਪਤੀ ਕਰਦਾ ਹੈ ਤਾਂ ਉਸਨੂੰ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਬੇਅੰਤਤਾ ਅਤੇ ਬੇਅੰਤ ਪਰਮ ਸ਼ਕਤੀਆਂ ਦਾ ਅਨੁਭਵ ਹੁੰਦਾ ਹੈ। ਜਦ ਮਨੁੱਖ ਆਪਣੀ ਬੰਦਗੀ ਦੇ ਸ਼ਿਖਰ ‘ਤੇ ਪਹੁੰਚ ਕੇ ਸਰਗੁਣ ਵਿੱਚ ਨਿਰਗੁਣ ਦੇ ਦਰਸ਼ਨ ਕਰਦਾ ਹੈ ਤਾਂ ਉਸਨੂੰ ਅਕਾਲ ਪੁਰਖ ਦੇ ਨਿਰਗੁਣ ਸਰੂਪ ਵਿੱਚ ਅਭੇਦ ਹੋਣ ਦਾ ਅਨੁਭਵ ਹੁੰਦਾ ਹੈ। ਐਸੀ ਬੇਅੰਤਤਾ ਵਿੱਚ ਸਮਾ ਕੇ ਭਗਤ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਬੇਅੰਤਤਾ ਦੇ ਗੁਣ ਗਾਇਨ ਵਿੱਚ ਮਸਤ ਹੋ ਜਾਂਦਾ ਹੈ। ਸਤਿਗੁਰ ਅਵਤਾਰ ਸਤਿਗੁਰ ਪਾਤਿਸ਼ਾਹੀਆਂ ਨੇ ਅਤੇ ਸਾਰੇ ਸੰਤਾਂ-ਭਗਤਾਂ ਨੇ ਸਤਿ ਪਾਰਬ੍ਰਹਮ ਦੀ ਬੇਅੰਤਤਾ ਦਾ ਅਨੁਭਵ ਕੀਤਾ ਹੈ ਅਤੇ ਇਸ ਨੂੰ ਗੁਰਬਾਣੀ ਵਿੱਚ ਪ੍ਰਗਟ ਕੀਤਾ ਹੈ।

ਸਤਿ ਪਾਰਬ੍ਰਹਮ ਦੀ ਬੇਅੰਤਤਾ ਦੇ ਬਾਰੇ ਪੂਰਨ ਬ੍ਰਹਮ ਗਿਆਨ ਹੀ ਸਤਿਗੁਰ ਅਵਤਾਰ ਧੰਨ ਧੰਨ ਤੀਸਰੀ ਪਾਤਿਸ਼ਾਹੀ ਨੇ ਆਨੰਦ ਸਾਹਿਬ ਗੁਰਬਾਣੀ ਦੀ ਇਸ ਪਉੜੀ ਵਿੱਚ ਦ੍ਰਿੜ੍ਹ ਕਰਾਇਆ ਹੈ। ਧੰਨ ਧੰਨ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਮਹਿਮਾ ਬੇਅੰਤ ਹੈ। ਧੰਨ ਧੰਨ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਮਹਿਮਾ ਅਨੰਤ ਹੈ। ਧੰਨ ਧੰਨ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਮਹਿਮਾ ਅਪਰੰਪਾਰ ਹੈ। ਧੰਨ ਧੰਨ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਮਹਿਮਾ ਕਥੀ ਨਹੀਂ ਜਾ ਸਕਦੀ। ਧੰਨ ਧੰਨ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ। ਕਿਉਂਕਿ ਧੰਨ ਧੰਨ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਬੇਅੰਤ ਮਹਿਮਾ ਦਾ, ਅੱਜ ਤੱਕ ਇਸ ਧਰਤੀ ਉੱਪਰ ਪ੍ਰਗਟ ਹੋਏ ਸਾਰੇ ਅਵਤਾਰਾਂ, ਸਤਿਗੁਰੂਆਂ, ਸੰਤਾਂ, ਬ੍ਰਹਮ ਗਿਆਨੀਆਂ, ਪੀਰਾਂ ਜਾਂ ਪੈਗੰਬਰਾਂ ਵਿੱਚੋਂ ਪੂਰਾ ਭੇਦ ਕੋਈ ਨਹੀਂ ਪਾ ਸਕਿਆ ਹੈ ਅਤੇ ਵਰਤਮਾਨ ਵਿੱਚ ਜਾਂ ਆਉਣ ਵਾਲੇ ਸਮੇਂ ਵਿੱਚ ਵੀ ਨਾ ਹੀ ਕੋਈ ਪਾ ਸਕਦਾ ਹੈ। ਇਸ ਪਰਮ ਸਤਿ ਤੱਤ ਨੂੰ ਗੁਰਬਾਣੀ ਵਿੱਚ ਬਾਰ-ਬਾਰ ਦ੍ਰਿੜ੍ਹ ਕਰਵਾਇਆ ਗਿਆ ਹੈ:

ਆਦਿ ਪੁਰਖ ਤੇਰਾ ਅੰਤੁ ਨ ਪਾਇਆ ਕਰਿ ਕਰਿ ਦੇਖਹਿ ਵੇਸ

(ਪੰਨਾ ੪੧੭)

ਅੰਤੁ ਤੇਰਾ ਤੂੰਹੈ ਜਾਣਹਿ ਤੂੰ ਸਭ ਮਹਿ ਰਹਿਆ ਸਮਾਏ

(ਪੰਨਾ ੫੪੧-੫੪੨)

ਅਟਲੁ ਅਥਾਹੁ ਅਤੋਲੁ ਤੂ ਤੇਰਾ ਅੰਤੁ ਨ ਪਾਰਾਵਾਰਿਆ

(ਪੰਨਾ ੯੬੮)

ਹਉ ਕਿਆ ਆਖਾ ਇਕ ਜੀਭ ਤੇਰਾ ਅੰਤੁ ਨ ਕਿਨ ਹੀ ਪਾਇਆ

(ਪੰਨਾ ੧੨੯੦)

ਤੂ ਬਿਅੰਤੁ ਤੇਰਾ ਅੰਤੁ ਨ ਪਾਇਆ ਸਬਦੇ ਦੇਹੁ ਬੁਝਾਈ

(ਪੰਨਾ ੧੩੩੩)

ਕੋਟਿ ਬ੍ਰਹਮੰਡ ਕੋ ਠਾਕੁਰੁ ਸੁਆਮੀ ਸਰਬ ਜੀਆ ਕਾ ਦਾਤਾ ਰੇ

(ਪੰਨਾ ੬੧੨)

ਸਤਿਗੁਰੂ ਅਵਤਾਰਾਂ ਅਤੇ ਸੰਤਾਂ-ਭਗਤਾਂ ਨੇ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਵਿੱਚ ਅਭੇਦ ਹੋ ਕੇ ਉਸਦੀਆਂ ਬੇਅੰਤ ਪਰਮ ਸ਼ਕਤੀਆਂ ਅਤੇ ਉਸ ਦੁਆਰਾ ਸਿਰਜੀ ਗਈ ਸਾਰੀ ਸ੍ਰਿਸ਼ਟੀ ਦੀ ਬੇਅੰਤਤਾ ਨੂੰ ਅਨੁਭਵ ਕੀਤਾ ਅਤੇ ਇਹ ਪਰਮ ਸ਼ਕਤੀਸ਼ਾਲੀ ਕਥਾ ਗੁਰਬਾਣੀ ਵਿੱਚ ਪ੍ਰਗਟ ਕੀਤੀ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਅਟੱਲ ਹੈ, ਸਦਾ ਕਾਇਮ ਰਹਿਣ ਵਾਲਾ ਹੈ। ਭਾਵ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਬਣਾਏ ਗਏ ਸਾਰੇ ਦਰਗਾਹੀ ਵਿਧਾਨ ਅਟੱਲ ਹਨ। ਸਤਿ ਪਾਰਬ੍ਰਹਮ ਪਰਮੇਸ਼ਰ ਦਾ ਹੁਕਮ ਅਟੱਲ ਹੈ। ਗੁਰਬਾਣੀ ਸਤਿ ਪਾਰਬ੍ਰਹਮ ਪਰਮੇਸ਼ਰ ਦਾ ਗਿਆਨ ਸਰੂਪ ਹੈ। ਇਸ ਲਈ ਗੁਰਬਾਣੀ ਪੂਰਨ ਸਤਿ ਹੈ। ਭਾਵ ਗੁਰਬਾਣੀ ਵਿੱਚ ਕੋਈ ਖੋਟ ਨਹੀਂ ਹੈ। ਇਸ ਲਈ ਗੁਰਬਾਣੀ ਵਿੱਚ ਪ੍ਰਗਟ ਕੀਤੇ ਗਏ ਸਾਰੇ ਦਰਗਾਹੀ ਵਿਧਾਨ ਅਟੱਲ ਹਨ। ਅਥਾਹ ਤੋਂ ਭਾਵ ਹੈ ਜਿਸਦਾ ਕੋਈ ਹੱਦ-ਬੰਨਾ ਨਹੀਂ ਹੈ। ਜੋ ਅਨਹਦ ਹੈ। ਜਿਸਦਾ ਕੋਈ ਉਰਲਾ ਕਿਨਾਰਾ ਜਾਂ ਪਰਲਾ ਕਿਨਾਰਾ ਕਿਸੇ ਨੇ ਅੱਜ ਤੱਕ ਨਹੀਂ ਦੇਖਿਆ ਹੈ। ਐਸਾ ਸਾਗਰ ਜਿਸਦਾ ਕੋਈ ਕਿਨਾਰਾ ਨਹੀਂ ਹੈ ਅਤੇ ਨਾ ਹੀ ਉਸਦੀ ਗਹਿਰਾਈ ਦਾ ਕੋਈ ਅੰਤ ਹੈ। ਕਿਉਂਕਿ ਮਾਨਸਰੋਵਰ ਬੇਅੰਤ ਹੈ ਇਸ ਲਈ ਭਗਤ ਬੰਦਗੀ ਵਿੱਚ ਲੀਨ ਜਿਤਨਾ ਗਹਿਰਾ ਮਾਨਸਰੋਵਰ ਵਿੱਚ ਉਤਰਦਾ ਹੈ ਉਸਦੀ ਪਿਆਸ ਅਤੇ ਜਿਗਿਆਸਾ ਹੋਰ ਵੱਧ ਜਾਂਦੀ ਹੈ। ਪਰੰਤੂ ਜਦ ਉਸਨੂੰ ਇਸ ਬੇਅੰਤ ਪਰਮ ਸ਼ਕਤੀ ਦਾ ਕੋਈ ਆਦਿ ਅੰਤ ਨਹੀਂ ਦਿਸਦਾ ਤਾਂ ਉਹ ਸਤਿ ਪਾਰਬ੍ਰਹਮ ਦੀ ਕਿਰਪਾ ਦੇ ਨਾਲ ਹੀ ਇਸ ਸਤਿ-ਸੰਤੋਖ ਵਿੱਚ ਚਲਾ ਜਾਂਦਾ ਹੈ ਅਤੇ ਕਹਿ ਦਿੰਦਾ ਹੈ ਕਿ ਤੂੰ ਅਨੰਤ ਹੈ, ਬੇਅੰਤ ਹੈ, ਅਥਾਹ ਹੈ, ਅਤੁੱਲ ਹੈ। ਮਾਨਸਰੋਵਰ ਦੀਆਂ ਗਹਿਰਾਈਆਂ ਵਿੱਚ ਡੁਬਕੀਆਂ ਲਾਉਂਦੇ ਹੋਏ ਭਗਤ ਕਹਿ ਦਿੰਦੇ ਹਨ ਹੇ ਸਤਿ ਪਾਰਬ੍ਰਹਮ ਪਰਮੇਸ਼ਰ ਤੇਰਾ ਅੰਤ ਤੂੰ ਹੀ ਜਾਣਦਾ ਹੈਂ। ਅੱਜ ਤੱਕ ਜਿਤਨੇ ਅਵਤਾਰ, ਸਤਿਗੁਰੂ, ਸੰਤ, ਬ੍ਰਹਮ ਗਿਆਨੀ, ਭਗਤ, ਗੁਰਮੁਖ, ਪੀਰ ਅਤੇ ਪੈਗੰਬਰ ਧਰਤੀ ਉੱਪਰ ਪ੍ਰਗਟ ਹੋਏ ਹਨ, ਉਨ੍ਹਾਂ ਨੇ ਸਾਰਿਆਂ ਨੇ ਇਹ ਹੀ ਸਤਿ ਬਚਨ ਫੁਰਮਾਏ ਹਨ ਕਿ ਸਤਿ ਪਾਰ ਬ੍ਰਹਮ ਪਰਮੇਸ਼ਰ ਦਾ ਆਦਿ ਅਤੇ ਅੰਤ ਨਹੀਂ ਪਾਇਆ ਜਾ ਸਕਦਾ ਹੈ। ਜਿਵੇਂ ਬ੍ਰਹਿਮੰਡ ਦਾ ਗਿਆਨ ਅੱਜ ਦੇ ਜੁਗ ਵਿੱਚ ਧਰਤੀ ਉੱਪਰ ਵਿਚਰ ਰਹੇ ਪ੍ਰਾਣੀਆਂ ਨੇ ਪ੍ਰਾਪਤ ਕੀਤਾ ਹੈ ਜਿਸਨੂੰ ਕਿ ਵਿਗਿਆਨੀਆਂ ਨੇ ਸੋਰ ਮੰਡਲ ਕਿਹਾ ਹੈ। ਭਾਵ ਧਰਤੀ ਅਤੇ ਇਸ ਤੋਂ ਦਿਸਣ ਵਾਲੇ ਸਾਰੇ ਗ੍ਰਹਿ, ਉਪਗ੍ਰਹਿ ਅਤੇ ਸਾਰੇ ਤਾਰੇ ਆਦਿ ਮਿਲਾ ਕੇ ਇਸ ਬ੍ਰਹਿਮੰਡ ਦੀ ਪਰਿਭਾਸ਼ਾ ਬਣਦੀ ਹੈ। ਸਤਿ ਪਾਰਬ੍ਰਹਮ ਸਤਿਗੁਰੂ ਸਾਹਿਬਾਨ ਨੇ ਗੁਰਬਾਣੀ ਵਿੱਚ ਐਸੇ ਕਰੋੜਾਂ ਬ੍ਰਹਿਮੰਡਾਂ ਦੀ ਕਥਾ ਪ੍ਰਗਟ ਕੀਤੀ ਹੈ। ਇੱਕ ਬ੍ਰਹਿਮੰਡ ਜਿਸਦਾ ਕਿ ਸੰਸਾਰਿਕ ਵਿਗਿਆਨੀਆਂ ਨੇ ਗਿਆਨ ਪ੍ਰਾਪਤ ਕੀਤਾ ਹੈ ਉਸਦੇ ਬਾਰੇ ਵੀ ਅਜੇ ਪੂਰਾ ਗਿਆਨ ਨਹੀਂ ਹੈ ਤਾਂ ਕਰੋੜਾਂ ਬ੍ਰਹਿਮੰਡਾਂ ਦਾ ਗਿਆਨ ਤਾਂ ਬਹੁਤ ਪਰੇ ਦੀ ਗੱਲ ਹੈ। ਸਤਿਗੁਰੂ ਅਵਤਾਰਾਂ ਨੇ ਕਰੋੜਾਂ ਬ੍ਰਹਿਮੰਡਾਂ ਦੀ ਕਥਾ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਬੰਦਗੀ ਅਤੇ ਸੇਵਾ ਦੇ ਦੌਰਾਨ ਹੋਏ ਆਪਣੇ ਅਨੁਭਵਾਂ ਦੇ ਆਧਾਰ ਉੱਪਰ ਗੁਰਬਾਣੀ ਵਿੱਚ ਪ੍ਰਗਟ ਕੀਤੀ ਹੈ। ਇਹ ਕੋਈ ਸੁਣੀ-ਸੁਣਾਈ ਗੱਲ ਨਹੀਂ ਹੈ ਇਹ ਕਥਾ ਜੋ ਗੁਰਬਾਣੀ ਵਿੱਚ ਪ੍ਰਗਟ ਹੋਈ ਹੈ ਇਹ ਪੂਰਨ ਸਤਿ ਹੈ। ਜੋ ਮਨੁੱਖ ਆਪਣੀ ਬੰਦਗੀ ਦੇ ਦੌਰਾਨ ਸਤਿਨਾਮ ਸਿਮਰਨ ਦੇ ਲੰਬੇ ਅਭਿਆਸ ਵਿੱਚ ਬੈਠੇ ਹੋਏ ਸੁੰਨ ਸਮਾਧੀ ਵਿੱਚ ਜਾਂਦੇ ਹਨ ਜਾਂ ਡੂੰਘੀ ਸਮਾਧੀ ਵਿੱਚ ਜਾਂਦੇ ਹਨ; ਉਹ ਸ੍ਰਿਸ਼ਟੀ ਦੀ ਬੇਅੰਤਤਾ ਦੇ ਪ੍ਰਮਾਣ ਅਨੁਭਵ ਕਰਦੇ ਹਨ। ਇਹ ਪਰਮ ਸਤਿ ਹੈ ਕਿ ਜੋ ਕੁਝ ਵੀ ਗੁਰਬਾਣੀ ਵਿੱਚ ਸਤਿਗੁਰੂ ਸਾਹਿਬਾਨ ਨੇ ਲਿਖਿਆ ਹੈ ਉਹ ਪੂਰਨ ਸਤਿ ਹੈ। ਗੁਰਬਾਣੀ ਵਿੱਚ ਲਿਖਿਆ ਗਿਆ ਹਰ ਇੱਕ ਸ਼ਬਦ ਪੂਰਨ ਸਤਿ ਹੈ ਅਤੇ ਇਹ ਸਤਿ ਦੀ ਬੰਦਗੀ ਕਰਨ ਵਾਲੇ ਮਨੁੱਖਾਂ ਨਾਲ ਪ੍ਰਤੱਖ ਵਾਪਰਦਾ ਹੈ। ਗੁਰਬਾਣੀ ਵਿੱਚ ਲਿਖਿਆ ਗਿਆ ਹਰ ਇੱਕ ਸ਼ਬਦ ਕੇਵਲ ਗਿਆਨ ਹੀ ਨਹੀਂ ਹੈ ਬਲਕਿ ਜਿਨ੍ਹਾਂ ਸਤਿਗੁਰੂਆਂ ਨੇ ਇਨ੍ਹਾਂ ਸ਼ਬਦਾਂ ਦਾ ਉਚਾਰਨ ਕੀਤਾ ਹੈ ਉਨ੍ਹਾਂ ਨਾਲ ਇਹ ਸਤਿ ਪ੍ਰਤੱਖ ਪ੍ਰਗਟ ਹੋਇਆ ਹੈ। ਗੁਰਬਾਣੀ ਵਿੱਚ ਲਿਖੇ ਗਏ ਸਾਰੇ ਸ਼ਬਦ ਸਤਿਗੁਰੂਆਂ ਦਾ ਉਨ੍ਹਾਂ ਦੀ ਬੰਦਗੀ ਦੌਰਾਨ ਕੀਤਾ ਗਿਆ ਅਨੁਭਵ ਹੈ।

ਐਸੀ ਬੇਅੰਤਤਾ ਦੀ ਕਥਾ ਧੰਨ ਧੰਨ ਸੰਤ ਸਤਿਗੁਰੂ ਕਬੀਰ ਪਾਤਿਸ਼ਾਹ ਜੀ ਦੀ ਬੰਦਗੀ ਦੌਰਾਨ ਪ੍ਰਗਟ ਹੋਈ ਜੋ ਕਿ ਇਸ ਸਤਿ ਪਾਰਬ੍ਰਹਮ ਰੂਪ ਪੂਰਨ ਸੰਤ ਸਤਿਗੁਰੂ ਨੇ ਆਪਣੀ ਬਾਣੀ ਵਿੱਚ ਪ੍ਰਗਟ ਕੀਤੀ ਹੈ। ਐਸਾ ਬੇਅੰਤ ਹੈ ਸਤਿ ਪਾਰਬ੍ਰਹਮ ਪਰਮੇਸ਼ਰ ਕਿ ਜਿਸਦੇ ਦਰ ਉੱਪਰ ਕਰੋੜਾਂ ਸੂਰਜ ਚਾਨਣ ਕਰ ਰਹੇ ਹਨ। ਭਾਵ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਚਰਨਾਂ ਵਿੱਚ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਹੈ। ਕਰੋੜਾਂ ਸੂਰਜ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਸੇਵਾ ਵਿੱਚ ਸਥਾਪਿਤ ਹਨ। ਕਰੋੜਾਂ ਸ਼ਿਵਾ ਜੀ ਅਤੇ ਕਰੋੜਾਂ ਹੀ ਕੈਲਾਸ਼ ਪਰਬਤ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਸੇਵਾ ਵਿੱਚ ਉਪਸਥਿਤ ਹਨ। ਕਰੋੜਾਂ ਬ੍ਰਹਮਾ ਜੀ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਸੇਵਾ ਵਿੱਚ ਵੇਦਾਂ ਦਾ ਉਚਾਰਨ ਕਰ ਰਹੇ ਹਨ। ਕਰੋੜਾਂ ਹੀ ਦੁਰਗਾ (ਦੇਵੀ) ਜਿਸਦੇ ਚਰਨਾਂ ਨੂੰ ਪਰਸ ਰਹੀਆਂ ਹਨ। ਐਸਾ ਬੇਅੰਤ ਸਤਿ ਪਾਰਬ੍ਰਹਮ ਪਰਮੇਸ਼ਰ ਜਿਸਦਾ ਮਾਲਕ ਹੋਵੇ, ਸੁਆਮੀ ਹੋਵੇ ਅਤੇ ਰਾਖਾ ਹੋਵੇ ਉਹ ਭਲਾ ਹੋਰ ਕਿਸੇ ਦੇਵਤੇ ਅੱਗੇ ਆਪਣੀ ਝੋਲੀ ਕਿਉਂ ਅੱਡੇਗਾ। ਕਰੋੜਾਂ ਚੰਦਰਮੇ ਜਿਸਦੀ ਸਿਰਜੀ ਹੋਈ ਸ੍ਰਿਸ਼ਟੀ ਵਿੱਚ ਵਿਚਰ ਰਹੇ ਹਨ ਅਤੇ ੩੩ ਕਰੋੜ ਦੇਵਤੇ ਜਿਸਦੇ ਦਰ ‘ਤੇ ਸਵਰਗ ਦੇ ਸੁੱਖਾਂ ਦਾ ਆਨੰਦ ਮਾਣਦੇ ਹਨ, ਐਸਾ ਪਰਮ ਸ਼ਕਤੀਸ਼ਾਲੀ, ਅਨੰਤ, ਬੇਅੰਤ, ਅਗੰਮ, ਅਗੋਚਰ, ਸਰਬ ਕਲਾ ਕਾ ਗਿਆਤਾ, ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਸਤਿ ਪਾਰ ਬ੍ਰਹਮ ਪਰਮੇਸ਼ਰ। ਕਰੋੜਾਂ ਹੀ ਨੌਂ ਗ੍ਰਹਿ ਜਿਸਦੇ ਦਰਬਾਰ ਦੀ ਸ਼ੋਭਾ ਵਿੱਚ ਖੜ੍ਹੇ ਹੋਏ ਹਨ। ਹਰ ਇੱਕ ਬ੍ਰਹਿਮੰਡ ਵਿੱਚ ਨੌਂ ਗ੍ਰਹਿ ਹੁੰਦੇ ਹਨ। ਇਸ ਲਈ ਕਰੋੜਾਂ ਬ੍ਰਹਿਮੰਡਾਂ ਵਿੱਚ ਕਰੋੜਾਂ ਗੁਣਾ ਹੀ ਗ੍ਰਹਿ ਹਨ ਜੋ ਕਿ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਦਰਬਾਰ ਵਿੱਚ ਸੇਵਾ ਕਰਦੇ ਖੜ੍ਹੇ ਹੋਏ ਹਨ। ਐਸੇ ਪਰਮ ਸ਼ਕਤੀਸ਼ਾਲੀ, ਅਨੰਤ, ਬੇਅੰਤ, ਅਗੰਮ, ਅਗੋਚਰ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਦਰਬਾਰ ਦੇ ਕਰੋੜਾਂ ਧਰਮਰਾਜ ਦਰਬਾਨ ਹਨ। ਐਸੇ ਪਰਮ ਸ਼ਕਤੀਸ਼ਾਲੀ, ਅਨੰਤ, ਬੇਅੰਤ, ਅਗੰਮ, ਅਗੋਚਰ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਭਵਨਾਂ ਉੱਪਰ ਕਰੋੜਾਂ ਹੀ ਪਵਨ ਗੁਰੂ ਚੌਰ ਕਰਦੀਆਂ ਹਨ। ਕਰੋੜਾਂ ਹੀ ਸਾਗਰ ਜਿਸਦਾ ਪਾਣੀ ਭਰਦੇ ਹਨ ਅਤੇ ਕਰੋੜਾਂ ਹੀ ਸ਼ੇਸ਼ਨਾਗ ਜਿਸਦੀ ਸੇਜ ਵਿਛਾਉਂਦੇ ਹਨ। ਸਾਰੀ ਬਨਸਪਤ ਜਿਸਦੇ ਰੋਮ-ਰੋਮ ਹਨ। ਭਾਵ ਐਸਾ ਪਰਮ ਸ਼ਕਤੀਸ਼ਾਲੀ, ਸਰਵ-ਸ਼ਕਤੀਮਾਨ, ਅਨੰਤ, ਬੇਅੰਤ ਅਗੰਮ, ਅਗੋਚਰ ਸਤਿ ਪਾਰਬ੍ਰਹਮ ਪਰਮੇਸ਼ਰ ਸਰਵ ਵਿਆਪਕ ਹੈ। ਕਰੋੜਾਂ ਕੁਬੇਰ ਦੇਵਤੇ ਹਨ ਜੋ ਪਰਮ ਸ਼ਕਤੀਸ਼ਾਲੀ, ਸਰਵ-ਸ਼ਕਤੀਮਾਨ, ਅਨੰਤ, ਬੇਅੰਤ, ਅਗੰਮ, ਅਗੋਚਰ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਖਜ਼ਾਨੇ ਭਰਦੇ ਹਨ ਅਤੇ ਕਰੋੜਾਂ ਹੀ ਲੱਛਮੀਆਂ ਸ਼ਿੰਗਾਰ ਕਰਕੇ ਜਿਸਦੇ ਚਰਨ-ਕਮਲਾਂ ਦੀ ਸੇਵਾ ਵਿੱਚ ਸਮਰਪਿਤ ਹਨ। ਕਰੋੜਾਂ ਹੀ ਪਾਪ ਅਤੇ ਪੁੰਨ ਜਿਸਦੇ ਹੁਕਮ ਦੀ ਉਡੀਕ ਵਿੱਚ ਖੜ੍ਹੇ ਹੋਏ ਹਨ ਅਤੇ ਕਰੋੜਾਂ ਹੀ ਇੰਦਰ ਦੇਵਤੇ ਜਿਸਦੀ ਸੇਵਾ ਵਿੱਚ ਹਾਜ਼ਿਰ ਹਨ। ਜਿਸ ਪਰਮ ਸ਼ਕਤੀਮਾਨ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਦਰ ‘ਤੇ ਛਪੰਜਾ (੫੬) ਕਰੋੜ ਬੱਦਲ ਦਰਬਾਨ ਹਨ ਅਤੇ ਜੋ ਬੱਦਲ ਸਾਰੇ ਬ੍ਰਹਿਮੰਡਾਂ ਵਿੱਚ ਥਾਂ-ਥਾਂ ‘ਤੇ ਚਮਕ ਰਹੇ ਹਨ। ਸਰਵ-ਸ਼ਕਤੀਮਾਨ, ਅਨੰਤ, ਬੇਅੰਤ, ਅਗੰਮ, ਅਗੋਚਰ, ਸਤਿ ਪਾਰਬ੍ਰਹਮ ਪਰਮੇਸ਼ਰ ਜੋ ਸਾਰੇ ਬ੍ਰਹਿਮੰਡਾਂ ਦਾ ਪਾਲਣਹਾਰਾ ਹੈ ਉਸ ਦੇ ਦਰ ‘ਤੇ ਕ੍ਰੋੜਾਂ ਸ਼ਕਤੀਆਂ ਖੇਡਾਂ ਕਰ ਰਹੀਆਂ ਹਨ ਅਤੇ ਕ੍ਰੋੜਾਂ ਹੀ ਕਾਲਕਾ (ਦੇਵੀਆਂ) ਕੇਸ ਖੋਲ੍ਹ ਕੇ ਡਰਾਉਣਾ ਰੂਪ ਧਾਰ ਕੇ ਜਿਸ ਦੇ ਦਰ ‘ਤੇ ਮੌਜੂਦ ਹਨ। ਪਰਮ ਸ਼ਕਤੀਸ਼ਾਲੀ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਦਰਗਾਹ ਵਿੱਚ ਕ੍ਰੋੜਾਂ ਜੱਗ ਹੋ ਰਹੇ ਹਨ ਅਤੇ ਕ੍ਰੋੜਾਂ ਗੰਧਰਬ (ਸਵਰਗ ਲੋਕ ਦੇ ਕੀਰਤਨੀਏ) ਸਤਿ ਪਾਰਬ੍ਰਹਮ ਪਰਮੇਸ਼ਰ ਦੀ ਬੇਅੰਤ ਮਹਿਮਾ ਦਾ ਗਾਇਨ ਕਰਦੇ ਹੋਏ ਜੈ ਜੈ ਕਾਰ ਕਰ ਰਹੇ ਹਨ। ਕ੍ਰੋੜਾਂ ਕਿਸਮ ਦੀਆਂ ਵਿੱਦਿਆਵਾਂ ਜਿਸ ਦੇ ਬੇਅੰਤ ਗੁਣਾਂ ਅਤੇ ਮਹਿਮਾ ਦਾ ਬਿਆਨ ਕਰ ਰਹੀਆਂ ਹਨ। ਪਰੰਤੂ ਫਿਰ ਭੀ ਪਰਮ ਸ਼ਕਤੀਸ਼ਾਲੀ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਬੇਅੰਤ ਗੁਣਾਂ ਦਾ, ਬੇਅੰਤ ਸ਼ਕਤੀਆਂ ਦਾ ਅਤੇ ਬੇਅੰਤ ਸ੍ਰਿਸ਼ਟੀ ਦਾ ਅੰਤ ਨਹੀਂ ਪਾ ਸਕਦੀਆਂ ਹਨ। ਕ੍ਰੋੜਾਂ ਹੀ ਵਾਮਨ ਅਵਤਾਰ (ਜਿਸ ਨੂੰ ਸਤਿਯੁਗ ਦੇ ਸਤਿਗੁਰੂ ਅਵਤਾਰ ਰੂਪ ਵਿੱਚ ਗੁਰਬਾਣੀ ਨੇ ਸਤਿਕਾਰਿਆ ਹੈ) ਸਤਿ ਪਾਰਬ੍ਰਹਮ ਪਰਮੇਸ਼ਰ ਦੇ ਜਿਵੇਂ ਰੋਮ-ਰੋਮ ਹਨ। ਸਤਿ ਪਾਰਬ੍ਰਹਮ ਪਰਮੇਸ਼ਰ ਦੇ ਦਰ ‘ਤੇ ਕ੍ਰੋੜਾਂ ਹੀ ਸ੍ਰੀ ਰਾਮ ਚੰਦਰ ਜੀ (ਜਿਸ ਨੂੰ ਤ੍ਰੇਤੇ ਯੁਗ ਦਾ ਸਤਿਗੁਰੂ ਅਵਤਾਰ ਕਹਿ ਕੇ ਗੁਰਬਾਣੀ ਵਿੱਚ ਸਨਮਾਨਿਆ ਗਿਆ ਹੈ) ਹਨ ਜਿਸ ਤੋਂ ਰਾਵਣ ਦੀ ਸੈਨਾ ਹਾਰੀ ਸੀ। ਸਤਿ ਪਾਰਬ੍ਰਹਮ ਪਰਮੇਸ਼ਰ ਦੇ ਦਰ ‘ਤੇ ਕ੍ਰੋੜਾਂ ਹੀ ਸ੍ਰੀ ਕ੍ਰਿਸ਼ਨ ਜੀ (ਜਿਸ ਨੂੰ ਗੁਰਬਾਣੀ ਵਿੱਚ ਦਵਾਪਰ ਯੁਗ ਦੇ ਸਤਿਗੁਰ ਅਵਤਾਰ ਰੂਪ ਵਿੱਚ ਪ੍ਰਗਟ ਕੀਤਾ ਗਿਆ ਹੈ) ਹਨ ਜਿਸ ਨੂੰ ਭਾਗਵਤ ਪੁਰਾਣ ਬਿਆਨ ਕਰ ਰਿਹਾ ਹੈ ਅਤੇ ਜਿਸ ਨੇ ਦੁਰਜੋਧਨ (ਮਹਾ ਭਾਰਤ ਦੇ ਯੁੱਧ ਵਿੱਚ ਪਰਾਜਿਤ ਕਰਕੇ) ਦਾ ਅਹੰਕਾਰ ਤੋੜਿਆ ਸੀ। ਸਤਿ ਪਾਰਬ੍ਰਹਮ ਪਰਮੇਸ਼ਰ ਦੀ ਬੇਅੰਤ ਸੁੰਦਰਤਾ ਦੀ ਸਮਤਾ ਕ੍ਰੋੜਾਂ ਕਾਮਦੇਵ ਭੀ ਨਹੀਂ ਕਰ ਸਕਦੇ ਹਨ। (ਕਾਮਦੇਵ ਜੋ ਕਾਮ ਦਾ ਦੇਵਤਾ ਹੈ ਅਤੇ ਦੇਵੀ ਰਤੀ ਉਸਦੀ ਪਤਨੀ ਹੈ ਜਿਨ੍ਹਾਂ ਦਾ ਕਰਮ ਕੇਵਲ ਨਿੱਤ ਜੀਵਾਂ ਦੇ ਵਿੱਚ ਕਾਮ ਦੀ ਅੰਦਰਲੀ ਵਾਸ਼ਨਾ ਨੂੰ ਜਗਾਉਣਾ ਹੈ।) ਜਿਸਦਾ ਸਿਰਜਣਹਾਰ, ਪਾਲਣਹਾਰ, ਸੁਆਮੀ, ਮਾਲਕ ਅਤੇ ਰੱਖਣਹਾਰਾ ਸਤਿ ਪਾਰਬ੍ਰਹਮ ਪਰਮੇਸ਼ਰ ਸਾਰੀਆਂ ਪਰਮ ਸ਼ਕਤੀਆਂ ਦਾ ਸੋਮਾ ਹੈ ਅਤੇ ਮਾਲਕ ਹੈ ਉਸਨੂੰ ਹੋਰ ਕਿਸੇ ਦੇਵੀ-ਦੇਵਤਿਆਂ ਦੇ ਅੱਗੇ ਝੋਲੀ ਅੱਡਣ ਦੀ ਕੀ ਜ਼ਰੂਰਤ ਹੈ। ਭਾਵ ਸਾਡਾ ਸਾਰੇ ਪ੍ਰਾਣੀਆਂ ਦਾ ਸਿਰਜਣਹਾਰ, ਪਾਲਣਹਾਰ, ਸੁਆਮੀ, ਮਾਲਕ ਅਤੇ ਰੱਖਣਹਾਰਾ ਸਤਿ ਪਾਰਬ੍ਰਹਮ ਪਰਮੇਸ਼ਰ ਸਾਰੀਆਂ ਪਰਮ ਸ਼ਕਤੀਆਂ ਦਾ ਸੋਮਾ ਹੈ ਅਤੇ ਮਾਲਕ ਹੈ ਇਸ ਲਈ ਸਾਨੂੰ ਹੋਰ ਕਿਸੇ ਦੇਵੀ-ਦੇਵਤਿਆਂ ਦੇ ਅੱਗੇ ਝੋਲੀ ਅੱਡਣ ਦੀ ਕੋਈ ਜ਼ਰੂਰਤ ਨਹੀਂ ਹੈ। ਇਸ ਲਈ ਸਾਰੀ ਮਾਨਸ ਜਾਤ ਨੂੰ ਸਨਿਮਰ ਬੇਨਤੀ ਹੈ ਕਿ ਕੇਵਲ ਪਰਮ ਸ਼ਕਤੀਸ਼ਾਲੀ, ਅਨੰਤ, ਬੇਅੰਤ, ਅਗੰਮ, ਅਗੋਚਰ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਬੰਦਗੀ ਕਰੋ ਅਤੇ ਕਿਸੇ ਦੇਵੀ-ਦੇਵਤੇ ਦੇ ਅੱਗੇ ਆਪਣੀ ਝੋਲੀ ਨਾ ਅੱਡੋ ਅਤੇ ਨਾ ਹੀ ਕਿਸੇ ਦੇਵੀ-ਦੇਵਤੇ ਦੀ ਪੂਜਾ-ਅਰਚਨਾ ਕਰੋ। ਇਸ ਪਰਮ ਸਤਿ ਤੱਤ ਨੂੰ ਧੰਨ ਧੰਨ ਸੰਤ ਸਤਿਗੁਰੂ ਕਬੀਰ ਪਾਤਿਸ਼ਾਹ ਜੀ ਨੇ ਆਪਣੇ ਇਸ ਪਰਮ ਸ਼ਕਤੀਸ਼ਾਲੀ ਸਲੋਕ ਵਿੱਚ ਪ੍ਰਗਟ ਕੀਤਾ ਹੈ:

ਕੋਟਿ ਸੂਰ ਜਾ ਕੈ ਪਰਗਾਸ ਕੋਟਿ ਮਹਾਦੇਵ ਅਰੁ ਕਬਿਲਾਸ ਦੁਰਗਾ ਕੋਟਿ ਜਾ ਕੈ ਮਰਦਨੁ ਕਰੈ ਬ੍ਰਹਮਾ ਕੋਟਿ ਬੇਦ ਉਚਰੈ ਜਉ ਜਾਚਉ ਤਉ ਕੇਵਲ ਰਾਮ ਆਨ ਦੇਵ ਸਿਉ ਨਾਹੀ ਕਾਮ ਰਹਾਉ ਕੋਟਿ ਚੰਦ੍ਰਮੇ ਕਰਹਿ ਚਰਾਕ ਸੁਰ ਤੇਤੀਸਉ ਜੇਵਹਿ ਪਾਕ ਨਵ ਗ੍ਰਹ ਕੋਟਿ ਠਾਢੇ ਦਰਬਾਰ ਧਰਮ ਕੋਟਿ ਜਾ ਕੈ ਪ੍ਰਤਿਹਾਰ ਪਵਨ ਕੋਟਿ ਚਉਬਾਰੇ ਫਿਰਹਿ ਬਾਸਕ ਕੋਟਿ ਸੇਜ ਬਿਸਥਰਹਿ ਸਮੁੰਦ ਕੋਟਿ ਜਾ ਕੇ ਪਾਨੀਹਾਰ ਰੋਮਾਵਲਿ ਕੋਟਿ ਅਠਾਰਹ ਭਾਰ ਕੋਟਿ ਕਮੇਰ ਭਰਹਿ ਭੰਡਾਰ ਕੋਟਿਕ ਲਖਿਮੀ ਕਰੈ ਸੀਗਾਰ ਕੋਟਿਕ ਪਾਪ ਪੁੰਨ ਬਹੁ ਹਿਰਹਿ ਇੰਦ੍ਰ ਕੋਟਿ ਜਾ ਕੇ ਸੇਵਾ ਕਰਹਿ ਛਪਨ ਕੋਟਿ ਜਾ ਕੈ ਪ੍ਰਤਿਹਾਰ ਨਗਰੀ ਨਗਰੀ ਖਿਅਤ ਅਪਾਰ ਲਟ ਛੂਟੀ ਵਰਤੈ ਬਿਕਰਾਲ ਕੋਟਿ ਕਲਾ ਖੇਲੈ ਗੋਪਾਲ ਕੋਟਿ ਜਗ ਜਾ ਕੈ ਦਰਬਾਰ ਗੰਧ੍ਰਬ ਕੋਟਿ ਕਰਹਿ ਜੈਕਾਰ ਬਿਦਿਆ ਕੋਟਿ ਸਭੈ ਗੁਨ ਕਹੈ ਤਊ ਪਾਰਬ੍ਰਹਮ ਕਾ ਅੰਤੁ ਨ ਲਹੈ ਬਾਵਨ ਕੋਟਿ ਜਾ ਕੈ ਰੋਮਾਵਲੀ ਰਾਵਨ ਸੈਨਾ ਜਹ ਤੇ ਛਲੀ ਸਹਸ ਕੋਟਿ ਬਹੁ ਕਹਤ ਪੁਰਾਨ ਦੁਰਜੋਧਨ ਕਾ ਮਥਿਆ ਮਾਨੁ ਕੰਦ੍ਰਪ ਕੋਟਿ ਜਾ ਕੈ ਲਵੈ ਨ ਧਰਹਿ ਅੰਤਰ ਅੰਤਰਿ ਮਨਸਾ ਹਰਹਿ ਕਹਿ ਕਬੀਰ ਸੁਨਿ ਸਾਰਿਗਪਾਨ ਦੇਹਿ ਅਭੈ ਪਦੁ ਮਾਂਗਉ ਦਾਨ ੧੮੨੦

(ਪੰਨਾ ੧੧੬੨-੧੧੬੩)

ਪਰਮ ਸ਼ਕਤੀਸ਼ਾਲੀ ਸਤਿ ਪਾਰ ਬ੍ਰਹਮ ਪਰਮੇਸ਼ਰ ਦੀ ਬੇਅੰਤਤਾ ਦੀ ਕਥਾ ਧੰਨ ਧੰਨ ਪੰਚਮ ਪਾਤਿਸ਼ਾਹ ਜੀ ਨੇ ਆਪਣੀ ਬਾਣੀ ਵਿੱਚ ਪ੍ਰਗਟ ਕਰਕੇ ਇਸ ਪਰਮ ਸਤਿ ਤੱਤ ਨੂੰ ਦ੍ਰਿੜ੍ਹ ਕਰਾਇਆ ਹੈ। ਧੰਨ ਧੰਨ ਸਤਿ ਪਾਰਬ੍ਰਹਮ ਦੀ ਮਹਿਮਾ ਦਾ ਕੋਈ ਅੰਤ ਨਹੀਂ ਹੈ। ਧਰਤੀ ਉੱਪਰ ਵਿਚਰਨ ਵਾਲੇ ਪ੍ਰਾਣੀ ਮਾਤਰ ਇੱਕ ਵਿਸ਼ਨੂ, ਇੱਕ ਬ੍ਰਹਮਾ ਅਤੇ ਇੱਕ ਸ਼ਿਵੇ ਨੂੰ ਸੁਣਦੇ ਅਤੇ ਜਾਣਦੇ ਹਨ। ਪਰੰਤੂ ਪੰਚਮ ਸਤਿਗੁਰ ਅਵਤਾਰ ਜੀ ਨੇ ਆਪਣੀ ਬੰਦਗੀ ਦੇ ਦੌਰਾਨ ਕਰੋੜਾਂ ਹੀ ਵਿਸ਼ਨੂ ਅਵਤਾਰਾਂ ਦੀ ਕਥਾ ਨੂੰ ਅਨੁਭਵ ਕੀਤਾ ਹੈ। ਉਨ੍ਹਾਂ ਨੇ ਕਰੋੜਾਂ ਹੀ ਬ੍ਰਹਿਮੰਡਾਂ ਦੇ ਦਰਸ਼ਨ ਕੀਤੇ ਹਨ ਜਿੱਥੇ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਉਸਤਤ ਬੰਦਗੀ ਪ੍ਰਗਟ ਹੋ ਰਹੀ ਹੈ। ਉਨ੍ਹਾਂ ਨੇ ਕਰੋੜਾਂ ਹੀ ਸ਼ਿਵਾਂ ਦੀ ਕਥਾ ਨੂੰ ਪ੍ਰਗਟ ਹੁੰਦੇ ਹੋਏ ਅਨੁਭਵ ਕੀਤਾ ਹੈ। ਪੰਚਮ ਪਾਤਸ਼ਾਹ ਜੀ ਨੇ ਇਹ ਵੀ ਅਨੁਭਵ ਕੀਤਾ ਹੈ ਕਿ ਸਤਿ ਪਾਰਬ੍ਰਹਮ ਪਰਮੇਸ਼ਰ ਨੇ ਕਰੋੜਾਂ ਹੀ ਬ੍ਰਹਮ ਦੇਵਾਂ ਨੂੰ ਕਰੋੜਾਂ ਹੀ ਜੱਗਾਂ ਦੀ ਸਿਰਜਣਾ ਕਰਨ ਲਈ ਲਾਇਆ ਹੋਇਆ ਹੈ।

ਭੈਰਉ ਮਹਲਾ ੫

ਕੋਟਿ ਬਿਸਨ ਕੀਨੇ ਅਵਤਾਰ

ਕੋਟਿ ਬ੍ਰਹਮੰਡ ਜਾ ਕੇ ਧ੍ਰਮਸਾਲ

ਕੋਟਿ ਮਹੇਸ ਉਪਾਇ ਸਮਾਏ

ਕੋਟਿ ਬ੍ਰਹਮੇ ਜਗੁ ਸਾਜਣ ਲਾਏ

ਐਸੋ ਧਣੀ ਗੁਵਿੰਦੁ ਹਮਾਰਾ

ਬਰਨਿ ਨ ਸਾਕਉ ਗੁਣ ਬਿਸਥਾਰਾ

(ਪੰਨਾ ੧੧੫੬)

ਐਸੇ ਪਰਮ ਸ਼ਕਤੀਸ਼ਾਲੀ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਮਹਿਮਾ, ਰਚਨਾ, ਸ੍ਰਿਸ਼ਟੀ, ਸਾਰੇ ਬ੍ਰਹਿਮੰਡ ਆਦਿ ਦਾ ਕੋਈ ਸੰਤ, ਸਤਿਗੁਰੂ, ਅਵਤਾਰ, ਬ੍ਰਹਮ ਗਿਆਨੀ, ਭਗਤ, ਪੀਰ ਅਤੇ ਪੈਗੰਬਰ ਅੱਜ ਤੱਕ ਆਦਿ ਅਤੇ ਅੰਤ ਨਹੀਂ ਪਾ ਸਕਿਆ ਹੈ। ਐਸੇ ਪਰਮ ਸ਼ਕਤੀਸ਼ਾਲੀ ਸਰਬ ਕਲਾ ਭਰਪੂਰ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਸਤਿਗੁਣਾਂ ਦੀ ਮਹਿਮਾ ਵੀ ਬੇਅੰਤ ਹੈ। ਐਸੇ ਪਰਮ ਸ਼ਕਤੀਸ਼ਾਲੀ ਸਰਬ ਕਲਾ ਭਰਪੂਰ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਬੰਦਗੀ ਦਾ ਵੀ ਕੋਈ ਅੰਤ ਨਹੀਂ ਹੈ ਨਾ ਹੀ ਉਸਦੇ ਬ੍ਰਹਮ ਗਿਆਨ ਦਾ ਕੋਈ ਅੰਤ ਹੈ। ਜਦ ਬੰਦਗੀ ਦਰਗਾਹ ਵਿੱਚ ਪ੍ਰਵਾਨ ਹੋ ਜਾਂਦੀ ਹੈ ਤਾਂ ਉਸ ਤੋਂ ਉਪਰੰਤ ਲੋਕਾਈ ਦੀ ਸੇਵਾ ਬੰਦਗੀ ਬਣ ਜਾਂਦੀ ਹੈ। ਇਸੇ ਤਰ੍ਹਾਂ ਨਾਲ ਬ੍ਰਹਮ ਗਿਆਨ ਦਾ ਵੀ ਕੋਈ ਅੰਤ ਨਹੀਂ ਹੈ। ਜਿਵੇਂ-ਜਿਵੇਂ ਬੰਦਗੀ ਸੇਵਾ ਮਾਨਸਰੋਵਰ ਵਿੱਚ ਹੋਰ ਗਹਿਰੀ ਉਤਰਦੀ ਜਾਂਦੀ ਹੈ ਤਾਂ ਬ੍ਰਹਮ ਗਿਆਨ ਵੀ ਹੋਰ ਡੂੰਘਾ ਮਾਨਸਰੋਵਰ ਵਿੱਚ ਉਤਰਦਾ ਜਾਂਦਾ ਹੈ। ਐਸੇ ਸੰਤ, ਸਤਿਗੁਰੂ, ਅਵਤਾਰ, ਬ੍ਰਹਮ ਗਿਆਨੀ, ਭਗਤ, ਪੀਰ ਅਤੇ ਪੈਗੰਬਰਾਂ ਦਾ ਧਰਤੀ ਉੱਪਰ ਵਿਚਰਨਾ ਧਰਤੀ ਉੱਪਰ ਵਿਚਰਨ ਵਾਲੇ ਪ੍ਰਾਣੀਆਂ ਲਈ ਬਹੁਤ ਵੱਡਾ ਵਰਦਾਨ ਬਣ ਜਾਂਦਾ ਹੈ। ਐਸੇ ਮਹਾ ਪੁਰਖ ਜਿੱਥੇ ਵੀ ਬੈਠ ਜਾਂਦੇ ਹਨ ਉਥੇ ਧਰਤੀ ਹਰੀ ਹੋ ਜਾਂਦੀ ਹੈ। ਧਰਤੀ ਉੱਪਰ ਦਾ ਵਾਤਾਵਰਨ ਸਾਫ਼-ਸੁਥਰਾ ਅਤੇ ਸ਼ਾਂਤਮਈ ਹੋ ਜਾਂਦਾ ਹੈ। ਧਰਤੀ ਤੋਂ ਕੂੜ ਦਾ ਨਾਸ ਹੋ ਜਾਂਦਾ ਹੈ। ਐਸੇ ਮਹਾ ਪੁਰਖਾਂ ਦੀ ਸੰਗਤ ਵਿੱਚ ਜਾਣ ਵਾਲੇ ਮਨੁੱਖ ਧੰਨ-ਧੰਨ ਹੋ ਜਾਂਦੇ ਹਨ।

ਤੱਤ ਭਾਵ ਇਹ ਹੈ ਕਿ ਸਤਿ ਪਾਰਬ੍ਰਹਮ ਆਪ ਅਗੰਮ ਹੈ, ਅਗੋਚਰ ਹੈ, ਅਨੰਤ ਹੈ, ਬੇਅੰਤ ਹੈ, ਅਲਿਖ ਹੈ, ਅਦਿੱਖ ਹੈ, ਸਰਵੇਸ਼ਵਰ ਹੈ, ਸਰਬ ਕਲਾ ਭਰਪੂਰ ਹੈ, ਜਿਸਦਾ ਨਾ ਕੋਈ ਆਦਿ ਜਾਣਦਾ ਹੈ ਨਾ ਹੀ ਕੋਈ ਅੰਤ ਜਾਣਦਾ ਹੈ ਅਤੇ ਐਸੇ ਸਰਵ-ਸ਼ਕਤੀਮਾਨ ਪਾਰਬ੍ਰਹਮ ਪਰਮੇਸ਼ਰ ਦਾ ਪੂਰਾ ਭੇਦ ਅੱਜ ਤੱਕ ਕਿਸੇ ਸੰਤ, ਸਤਿਗੁਰੂ, ਅਵਤਾਰ, ਬ੍ਰਹਮ ਗਿਆਨੀ, ਭਗਤ, ਪੀਰ ਅਤੇ ਪੈਗੰਬਰ ਨੇ ਨਹੀਂ ਪਾਇਆ ਹੈ। ਪਰਮ ਸ਼ਕਤੀਸ਼ਾਲੀ ਸਤਿ ਪਾਰਬ੍ਰਹਮ ਪਰਮੇਸ਼ਰ ਦਾ ਆਦਿ ਅਤੇ ਅੰਤ ਕੇਵਲ ਉਹ ਆਪ ਹੀ ਜਾਣਦਾ ਹੈ।