ਅਨੰਦੁ ਸਾਹਿਬ ਪਉੜੀ ੧੩
ਸੁਰਿ ਨਰ ਮੁਨਿ ਜਨ ਅੰਮ੍ਰਿਤੁ ਖੋਜਦੇ ਸੁ ਅੰਮ੍ਰਿਤੁ ਗੁਰ ਤੇ ਪਾਇਆ ॥
ਪਾਇਆ ਅੰਮ੍ਰਿਤੁ ਗੁਰਿ ਕ੍ਰਿਪਾ ਕੀਨੀ ਸਚਾ ਮਨਿ ਵਸਾਇਆ ॥
ਜੀਅ ਜੰਤ ਸਭਿ ਤੁਧੁ ਉਪਾਏ ਇਕਿ ਵੇਖਿ ਪਰਸਣਿ ਆਇਆ ॥
ਲਬੁ ਲੋਭੁ ਅਹੰਕਾਰੁ ਚੂਕਾ ਸਤਿਗੁਰੂ ਭਲਾ ਭਾਇਆ ॥
ਕਹੈ ਨਾਨਕੁ ਜਿਸ ਨੋ ਆਪਿ ਤੁਠਾ ਤਿਨਿ ਅੰਮ੍ਰਿਤੁ ਗੁਰ ਤੇ ਪਾਇਆ ॥੧੩॥
{ਪੰਨਾ ੯੧੮}
ਸਤਿ ਪਾਰਬ੍ਰਹਮ ਪਰਮੇਸ਼ਰ ਦੀ ਬੰਦਗੀ ਕੇਵਲ ਮਨੁੱਖੇ ਜਨਮ ਵਿੱਚ ਹੀ ਨਸੀਬ ਹੁੰਦੀ ਹੈ। ਅੰਮ੍ਰਿਤ ਦੀ ਪ੍ਰਾਪਤੀ ਕੇਵਲ ਮਨੁੱਖੇ ਜਨਮ ਵਿੱਚ ਹੀ ਹੁੰਦੀ ਹੈ। ਗੁਰਪ੍ਰਸਾਦਿ ਦੀ ਪ੍ਰਾਪਤੀ ਕੇਵਲ ਮਨੁੱਖੇ ਜਨਮ ਵਿੱਚ ਹੀ ਹੁੰਦੀ ਹੈ। ਸਤਿਗੁਰੂ ਦੀ ਕਿਰਪਾ ਕੇਵਲ ਮਨੁੱਖੇ ਜਨਮ ਵਿੱਚ ਹੀ ਪ੍ਰਾਪਤ ਹੁੰਦੀ ਹੈ। ਸੰਤ ਸਤਿਗੁਰੂ ਬ੍ਰਹਮ ਗਿਆਨੀ ਦੀ ਸੰਗਤ ਕੇਵਲ ਮਨੁੱਖੇ ਜਨਮ ਵਿੱਚ ਹੀ ਪ੍ਰਾਪਤ ਹੁੰਦੀ ਹੈ। ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਕੇਵਲ ਮਨੁੱਖੇ ਜਨਮ ਵਿੱਚ ਹੀ ਹੁੰਦੀ ਹੈ। ਮਾਇਆ ਨੂੰ ਕੇਵਲ ਮਨੁੱਖੇ ਜਨਮ ਵਿੱਚ ਹੀ ਜਿੱਤਿਆ ਜਾ ਸਕਦਾ ਹੈ। ਤ੍ਰਿਹ ਗੁਣ ਮਾਇਆ ਨੂੰ ਜਿੱਤ ਕੇ ਜੀਵਨ ਮੁਕਤੀ ਦੀ ਪ੍ਰਾਪਤੀ ਕੇਵਲ ਮਨੁੱਖੇ ਜਨਮ ਵਿੱਚ ਹੀ ਹੁੰਦੀ ਹੈ। ਕੇਵਲ ਮਨੁੱਖਾ ਜਨਮ ਹੀ ਐਸਾ ਹੈ ਜਿਸ ਵਿੱਚ ਆ ਕੇ ਅਸੀਂ ਸਤਿ ਪਾਰਬ੍ਰਹਮ ਪਰਮੇਸ਼ਰ ਵਿੱਚ ਅਭੇਦ ਹੋ ਸਕਦੇ ਹਾਂ। ਇਸ ਪਰਮ ਸਤਿ ਤੱਤ ਨੂੰ ਹੀ ਸਤਿਗੁਰ ਅਵਤਾਰ ਧੰਨ ਧੰਨ ਅਮਰ ਦਾਸ ਜੀ ਇਸ ਪਉੜੀ ਵਿੱਚ ਦ੍ਰਿੜ੍ਹ ਕਰਵਾ ਰਹੇ ਹਨ। ਇਸ ਲਈ ਸਾਰੀਆਂ ੮੪ ਲੱਖ ਜੂਨਾਂ ਵਿੱਚੋਂ ਕੇਵਲ ਮਨੁੱਖਾ ਜਨਮ ਸਰਵ-ਸ੍ਰੇਸ਼ਠ ਹੈ। ਕਿਉਂਕਿ ੮੪ ਲੱਖ ਜੂਨਾਂ ਵਿੱਚ ਅਣਮਿੱਥੇ ਸਮੇਂ ਤੋਂ ਭਟਕ ਰਹੀ ਰੂਹ ਨੂੰ ਕੇਵਲ ਮਨੁੱਖਾ ਦੇਹੀ ਵਿੱਚ ਆ ਕੇ ਹੀ ੮੪ ਲੱਖ ਜੂਨਾਂ ਵਿੱਚੋਂ ਨਿਕਲ ਕੇ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਵਿੱਚ ਮੁੜ ਜਾ ਕੇ ਸਮਾਉਣ ਦਾ ਮੌਕਾ ਮਿਲਦਾ ਹੈ। ਕੇਵਲ ਮਨੁੱਖਾ ਜਨਮ ਹੀ ਰੂਹ ਨੂੰ ਜਨਮ-ਮਰਨ ਦੇ ਬੰਧਨ ਵਿੱਚੋਂ ਕੱਢਣ ਦੀ ਸਮਰੱਥਾ ਰੱਖਦਾ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਨੇ ਜੀਵਨ ਮੁਕਤੀ ਪ੍ਰਾਪਤ ਕਰਨ ਦੀ ਸ਼ਕਤੀ ਕੇਵਲ ਮਨੁੱਖੇ ਜਨਮ ਨੂੰ ਹੀ ਬਖਸ਼ੀ ਹੈ। ਹੋਰ ਕਿਸੇ ਜੂਨੀ ਨੂੰ ਸਤਿ ਪਾਰਬ੍ਰਹਮ ਪਰਮੇਸ਼ਰ ਨੇ ਜੀਵਨ ਮੁਕਤੀ ਪ੍ਰਾਪਤ ਕਰਨ ਦੀ ਪਰਮ ਸ਼ਕਤੀ ਨਹੀਂ ਬਖਸ਼ੀ ਹੈ।
ਇੱਥੋਂ ਤੱਕ ਕਿ ਦੇਵੀਆਂ ਅਤੇ ਦੇਵਤਿਆਂ ਨੂੰ ਵੀ ਜੀਵਨ ਮੁਕਤੀ ਪ੍ਰਾਪਤ ਕਰਨ ਦੀ ਸ਼ਕਤੀ ਹਾਸਿਲ ਨਹੀਂ ਹੈ। ਜੀਵਨ ਮੁਕਤੀ ਪ੍ਰਾਪਤ ਕਰਨ ਲਈ ਦੇਵੀਆਂ ਅਤੇ ਦੇਵਤਿਆਂ ਨੂੰ ਵੀ ਮਨੁੱਖਾ ਜਨਮ ਲੈਣਾ ਪੈਂਦਾ ਹੈ। ਦੇਵੀਆਂ ਅਤੇ ਦੇਵਤੇ ਵੀ ਮਨੁੱਖੇ ਜਨਮ ਵਿੱਚ ਆਉਣ ਲਈ ਲੋਚਦੇ ਹਨ ਤਾਂ ਕਿ ਉਹ ਬੰਦਗੀ ਪੂਰਨ ਕਰਕੇ ਸਤਿ ਪਾਰਬ੍ਰਹਮ ਵਿੱਚ ਲੀਨ ਹੋ ਸਕਣ। ਦੇਵੀਆਂ ਅਤੇ ਦੇਵਤੇ ਚੌਥੇ ਖੰਡ (ਕਰਮ ਖੰਡ) ਵਿੱਚ ਸਥਿਤ ਹਨ। ਬੰਦਗੀ ਪੂਰਨ ਪੰਜਵੇਂ ਖੰਡ ਸੱਚ ਖੰਡ ਵਿੱਚ ਜਾ ਕੇ ਹੁੰਦੀ ਹੈ। ਕਿਸੇ ਕਾਰਨਵਸ਼ ਉਨ੍ਹਾਂ ਦੀ ਬੰਦਗੀ ਪੂਰਨ ਨਹੀਂ ਹੁੰਦੀ ਹੈ ਅਤੇ ਉਹ ਦੇਵੀਆਂ-ਦੇਵਤਿਆਂ ਦੇ ਜਾਮੇ ਨੂੰ ਪ੍ਰਾਪਤ ਕਰ ਲੈਂਦੇ ਹਨ। ਬੰਦਗੀ ਦੇ ਦੌਰਾਨ ਜੋ ਮਨੁੱਖ ਦੇਵੀਆਂ ਅਤੇ ਦੇਵਤਿਆਂ ਦੀਆਂ ਸ਼ਕਤੀਆਂ ਨੂੰ ਮੁੱਖ ਰੱਖ ਲੈਂਦੇ ਹਨ ਉਨ੍ਹਾਂ ਦੀ ਬੰਦਗੀ ਪੂਰਨ ਨਹੀਂ ਹੁੰਦੀ ਅਤੇ ਉਨ੍ਹਾਂ ਨੂੰ ਦੇਵੀ-ਦੇਵਤਿਆਂ ਦਾ ਜਾਮਾ ਮਿਲ ਜਾਂਦਾ ਹੈ। ਇਸ ਜਾਮੇ ਦੇ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਇਹ ਗਿਆਨ ਆਉਂਦਾ ਹੈ ਕਿ ਉਨ੍ਹਾਂ ਦੀ ਬੰਦਗੀ ਪੂਰਨ ਨਹੀਂ ਹੋਈ ਅਤੇ ਨਾ ਹੀ ਉਨ੍ਹਾਂ ਨੂੰ ਜੀਵਨ ਮੁਕਤੀ ਮਿਲੀ ਹੈ। ਇਸ ਗਿਆਨ ਦੀ ਪ੍ਰਾਪਤੀ ਤੋਂ ਬਾਅਦ ਹੀ ਉਨ੍ਹਾਂ ਨੂੰ ਇਹ ਪਤਾ ਲਗਦਾ ਹੈ ਕਿ ਉਨ੍ਹਾਂ ਨੂੰ ਮਨੁੱਖਾ ਜਨਮ ਫਿਰ ਲੈਣਾ ਪਏਗਾ ਤਾਂ ਹੀ ਉਨ੍ਹਾਂ ਦੀ ਬੰਦਗੀ ਪੂਰਨ ਹੋ ਸਕੇਗੀ। ਇਸ ਲਈ ਦੇਵੀਆਂ ਅਤੇ ਦੇਵਤੇ ਸਾਰੇ ਮਨੁੱਖੇ ਜਨਮ ਨੂੰ ਪ੍ਰਾਪਤ ਕਰਨ ਦੀ ਲੋਚਾ ਰੱਖਦੇ ਹਨ। ੮੪ ਸਿੱਧਾਂ ਦੇ ਮੁਖੀ ਅਤੇ ੩੩ ਕਰੋੜ ਦੇਵੀਆਂ-ਦੇਵਤੇ, ਸਾਰੇ ਰਿਸ਼ੀ, ਮੁਨੀ ਅਤੇ ਗਿਆਨੀ ਮਨੁੱਖ ਸਤਿਨਾਮ ਅਤੇ ਪੂਰਨ ਬੰਦਗੀ ਪ੍ਰਾਪਤ ਕਰਨ ਲਈ ਲੋਚਦੇ ਹਨ।
ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ, ਸਤਿਗੁਰੂ ਅਵਤਾਰ ਜਿਸਨੇ ਪੂਰਨ ਬੰਦਗੀ ਕੀਤੀ ਹੈ ਉਸਦਾ ਦਰਜਾ ਦਰਗਾਹ ਵਿੱਚ ਸਭ ਤੋਂ ਉੱਤਮ ਹੁੰਦਾ ਹੈ, ਭਾਵ ਦੇਵੀਆਂ-ਦੇਵਤਿਆਂ ਦੇ ਦਰਜੇ ਤੋਂ ਬਹੁਤ ਉੱਪਰ ਹੁੰਦਾ ਹੈ। ਕੇਵਲ ਐਸੇ ਪੂਰਨ ਮਹਾ ਪੁਰਖਾਂ ਦੀ ਕਿਰਪਾ ਨਾਲ ਹੀ ਦੇਵੀਆਂ-ਦੇਵਤਿਆਂ ਨੂੰ ਫਿਰ ਮਨੁੱਖੇ ਜਨਮ ਦੀ ਪ੍ਰਾਪਤੀ ਹੁੰਦੀ ਹੈ। ਕੇਵਲ ਐਸੇ ਪੂਰਨ ਮਹਾ ਪੁਰਖਾਂ ਦੀ ਕਿਰਪਾ ਨਾਲ ਹੀ ਦੇਵੀ-ਦੇਵਤਿਆਂ ਨੂੰ ਪੂਰਨ ਬੰਦਗੀ ਦੀ ਪ੍ਰਾਪਤੀ ਹੋ ਸਕਦੀ ਹੈ। ਇਸ ਲਈ ਧਰਤੀ ਉੱਪਰ ਜਿਸ ਸਥਾਨ ‘ਤੇ ਕੋਈ ਪੂਰਨ ਸੰਤ, ਸਤਿਗੁਰੂ, ਪੂਰਨ ਬ੍ਰਹਮ ਗਿਆਨੀ, ਸਤਿ ਪਾਰਬ੍ਰਹਮ ਪਰਮੇਸ਼ਰ ਦਾ ਅਵਤਾਰ ਬੈਠਾ ਸਤਿਨਾਮ ਦੀ ਸੰਗਤ ਕਰ ਰਿਹਾ, ਸਤਿਨਾਮ ਦਾ ਗੁਰਪ੍ਰਸਾਦਿ ਵਰਤਾ ਰਿਹਾ ਹੋਏ, ਸਤਿਨਾਮ ਸਿਮਰਨ ਦਾ ਗੁਰਪ੍ਰਸਾਦਿ ਵਰਤਾ ਰਿਹਾ ਹੋਏ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦਿ ਵਰਤਾ ਰਿਹਾ ਹੋਏ, ਉਸ ਸਥਾਨ ‘ਤੇ ਦੇਵੀਆਂ ਅਤੇ ਦੇਵਤੇ ਆ ਕੇ ਬੈਠ ਜਾਂਦੇ ਹਨ ਤਾਂ ਕਿ ਉਨ੍ਹਾਂ ਦਾ ਵੀ ਕਲਿਆਣ ਹੋ ਸਕੇ। ਕੇਵਲ ਇਤਨਾ ਹੀ ਨਹੀਂ ਬਲਕਿ ਦੇਵੀ-ਦੇਵਤਿਆਂ ਦੀ ਇਹ ਭਰਪੂਰ ਕੋਸ਼ਿਸ਼ ਹੁੰਦੀ ਹੈ ਕਿ ਉਹ ਐਸੇ ਪੂਰਨ ਮਹਾ ਪੁਰਖਾਂ ਦਾ ਧਿਆਨ ਆਪਣੇ ਵੱਲ ਨੂੰ ਖਿੱਚਣ ਅਤੇ ਉਨ੍ਹਾਂ ਦੀ ਕਿਰਪਾ ਨਾਲ ਮਨੁੱਖਾ ਜਨਮ ਅਤੇ ਬੰਦਗੀ ਪ੍ਰਾਪਤ ਕਰ ਸਕਣ। ਕਿਉਂਕਿ ਕੇਵਲ ਐਸੇ ਪੂਰਨ ਮਹਾ ਪੁਰਖਾਂ ਕੋਲ ਹੀ ਇਹ ਪਰਮ ਸ਼ਕਤੀ ਹੁੰਦੀ ਹੈ ਜਿਸਦੇ ਨਾਲ ਦੇਵੀ-ਦੇਵਤਿਆਂ ਨੂੰ ਮਨੁੱਖਾ ਜਨਮ ਅਤੇ ਬੰਦਗੀ ਦਿੱਤੀ ਜਾ ਸਕੇ। ਕੇਵਲ ਐਸੇ ਪੂਰਨ ਮਹਾ ਪੁਰਖ ਹੀ ਦੇਵੀ-ਦੇਵਤਿਆਂ ਦਾ ਪ੍ਰਾਲਬਧ ਬਦਲਣ ਵਿੱਚ ਸਕਸ਼ਮ ਹੁੰਦੇ ਹਨ। ਕੇਵਲ ਐਸੇ ਮਹਾ ਪੁਰਖਾਂ ਕੋਲ ਹੀ ਉਹ ਸਾਰੀਆਂ ਦਰਗਾਹੀ ਸ਼ਕਤੀਆਂ ਹੁੰਦੀਆਂ ਹਨ ਜਿਨ੍ਹਾਂ ਨਾਲ ਉਹ ਦੇਵੀ-ਦੇਵਤਿਆਂ ਨੂੰ ਵੀ ਜੀਵਨ ਮੁਕਤੀ ਦੇ ਸਕਦੇ ਹਨ। ਇਸ ਪਰਮ ਸਤਿ ਤੱਤ ਨੂੰ ਗੁਰਬਾਣੀ ਵਿੱਚ ਸਤਿਗੁਰੂ ਸਾਹਿਬਾਨ ਨੇ ਗੁਰਬਾਣੀ ਵਿੱਚ ਬਾਰ-ਬਾਰ ਦ੍ਰਿੜ੍ਹ ਕਰਵਾਇਆ ਹੈ:
ਇਸੁ ਭਗਤੀ ਨੋ ਸੁਰਿ ਨਰ ਮੁਨਿ ਜਨ ਲੋਚਦੇ ਵਿਣੁ ਸਤਿਗੁਰ ਪਾਈ ਨ ਜਾਇ ॥
{ਪੰਨਾ ੪੨੫}
ਸੁਰਿ ਨਰ ਮੁਨਿ ਜਨ ਖੋਜਤੇ ਸੁਖ ਸਾਗਰ ਗੋਪਾਲ ॥
{ਪੰਨਾ ੨੯੭}
ਸੁਰਿ ਨਰ ਮੁਨਿ ਜਨ ਲੋਚਦੇ ਸੋ ਸਤਿਗੁਰਿ ਦੀਆ ਬੁਝਾਇ ਜੀਉ ॥੪॥
ਸਤਸੰਗਤਿ ਕੈਸੀ ਜਾਣੀਐ ॥ ਜਿਥੈ ਏਕੋ ਨਾਮੁ ਵਖਾਣੀਐ ॥
ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ ॥੫॥
{ਪੰਨਾ ੭੧}
ਚਉਰਾਸੀਹ ਸਿਧ ਬੁਧ ਤੇਤੀਸ ਕੋਟਿ ਮੁਨਿ ਜਨ ਸਭਿ ਚਾਹਹਿ ਹਰਿ ਜੀਉ ਤੇਰੋ ਨਾਉ ॥
ਗੁਰ ਪ੍ਰਸਾਦਿ ਕੋ ਵਿਰਲਾ ਪਾਵੈ ਜਿਨ ਕਉ ਲਿਲਾਟਿ ਲਿਖਿਆ ਧੁਰਿ ਭਾਉ ॥
{ਪੰਨਾ ੬੬੯}
ਅੰਮ੍ਰਿਤ ਦਾ ਭਾਵ ਹੈ: ਜਿਸਦੀ ਮੌਤ ਨਹੀਂ ਹੁੰਦੀ ਹੈ, ਜੋ ਨਾ ਹੀ ਜੰਮਦਾ ਹੈ ਅਤੇ ਨਾ ਹੀ ਮਰਦਾ ਹੈ, ਜਿਸਦਾ ਨਾ ਕੋਈ ਆਦਿ ਹੈ ਨਾ ਅੰਤ ਹੈ; ਜੋ ਸਦੀਵੀ ਹੈ; ਜੋ “ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥” ਹੈ, ਭਾਵ ਜੋ ਆਦਿ ਵੀ ਸਤਿ ਹੈ, ਜੁਗੋ ਜੁਗ ਸਤਿ ਹੈ, ਵਰਤਮਾਨ ਵਿੱਚ ਵੀ ਸਤਿ ਹੈ ਅਤੇ ਆਉਣ ਵਾਲੇ ਸਾਰੇ ਜੁਗਾਂ ਵਿੱਚ ਵੀ ਸਤਿ ਹੈ; ਜੋ ਸਦਾ ਕਾਇਮ ਮੁਦਾਇਮ ਹੈ; ਉਹ ਅੰਮ੍ਰਿਤ ਹੈ ਅਤੇ ਉਹ ਹੈ ਆਪ ਸਤਿ ਪਾਰਬ੍ਰਹਮ ਪਰਮੇਸ਼ਰ। ਇਸ ਲਈ ਉਸਦਾ ਨਾਮ ਵੀ ਸਤਿ ਹੈ – ਸਤਿਨਾਮ। ਇਸ ਲਈ ਸਤਿ ਹੀ ਅੰਮ੍ਰਿਤ ਹੈ, ਸਤਿਨਾਮ ਹੀ ਅੰਮ੍ਰਿਤ ਹੈ। ਗੁਰਬਾਣੀ ਸਤਿ ਹੈ ਇਸ ਲਈ ਗੁਰਬਾਣੀ ਵੀ ਅੰਮ੍ਰਿਤ ਬਾਣੀ ਹੈ। ਕਿਉਂਕਿ ਗੁਰਬਾਣੀ ਸਤਿ ਹੈ ਇਸ ਲਈ ਗੁਰਬਾਣੀ ਅਕਾਲ ਪੁਰਖ ਦਾ ਗਿਆਨ ਸਰੂਪ ਹੈ। ਕਿਉਂਕਿ ਸਤਿ ਦੀ ਮਹਿਮਾ ਬੇਅੰਤ ਹੈ ਇਸ ਲਈ ਸਤਿਨਾਮ ਦੀ ਮਹਿਮਾ ਵੀ ਬੇਅੰਤ ਹੈ। ਸਤਿਨਾਮ ਕੇਵਲ ਨਾਮ ਹੀ ਨਹੀਂ ਹੈ, ਸਤਿਨਾਮ ਵਿੱਚ ਸਤਿ ਪਾਰਬ੍ਰਹਮ ਪਰਮੇਸ਼ਰ ਦੀਆਂ ਸਾਰੀਆਂ ਪਰਮ ਸ਼ਕਤੀਆਂ ਵੀ ਸਮਾਈਆਂ ਹੋਈਆਂ ਹਨ। ਉਦਾਹਰਣ ਦੇ ਤੌਰ ‘ਤੇ ਸਮਝਣ ਲਈ ਜਿਵੇਂ ਕਿਸੇ ਮਨੁੱਖ ਦੀ ਪਹਿਚਾਣ, ਉਸਦੀ ਸ਼ਖਸੀਅਤ ਅਤੇ ਉਸਦਾ ਸਾਰਾ ਪਰਿਵਾਰ, ਹਸਤੀ, ਸਮਰੱਥਾ, ਯੋਗਤਾ ਆਦਿ ਸਭ ਕੁਝ ਉਸਦੇ ਨਾਮ ਵਿੱਚ ਹੀ ਸਮਾਇਆ ਹੁੰਦਾ ਹੈ। ਠੀਕ ਉਸੇ ਤਰ੍ਹਾਂ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਪੂਰਨ ਪਰਮ ਸ਼ਕਤੀਸ਼ਾਲੀ ਅਤੇ ਬੇਅੰਤ ਹਸਤੀ, ਸਤਿ ਪਾਰਬ੍ਰਹਮ ਪਰਮੇਸ਼ਰ ਦੀਆਂ ਸਰਬ ਕਲਾਵਾਂ, ਸਰਬ ਪਰਮ ਸ਼ਕਤੀਆਂ ਸਤਿਨਾਮ ਵਿੱਚ ਹੀ ਸਮਾਈਆਂ ਹੋਈਆਂ ਹਨ। ਸਾਰੀ ਸ੍ਰਿਸ਼ਟੀ ਅਤੇ ਸ੍ਰਿਸ਼ਟੀ ਵਿੱਚ ਵਿਚਰ ਰਹੇ ਸਾਰੇ ਕਰੋੜਾਂ ਬ੍ਰਹਿਮੰਡ ਆਦਿ ਸਤਿਨਾਮ ਵਿੱਚ ਹੀ ਸਮਾਏ ਹੋਏ ਹਨ। ਇਸ ਲਈ ਪਰਮ ਸ਼ਕਤੀਸ਼ਾਲੀ ਸਤਿਨਾਮ ਦਾ ਗੁਰਪ੍ਰਸਾਦਿ ਹੀ ਅੰਮ੍ਰਿਤ ਹੈ। ਇਸ ਲਈ ਸਤਿਨਾਮ ਦੀ ਮਹਿਮਾ ਵੀ ਬੇਅੰਤ ਹੈ।
ਮਨੁੱਖਾਂ ਨੂੰ, ਰਿਸ਼ੀ ਅਤੇ ਮੁਨੀ ਜਨਾਂ ਨੂੰ ਵੀ ਅੰਮ੍ਰਿਤ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਕੇਵਲ ਸਤਿਗੁਰੂ ਦੇ ਸਤਿ ਚਰਨਾਂ ਉੱਪਰ ਆਪਾ ਅਰਪਣ ਕਰਨ ਨਾਲ ਹੀ ਹੁੰਦੀ ਹੈ। ਭਾਵ ਪੂਰਨ ਸੰਤ, ਸਤਿਗੁਰੂ ਅਤੇ ਪੂਰਨ ਬ੍ਰਹਮ ਗਿਆਨੀ ਦੇ ਚਰਨਾਂ ਵਿੱਚ ਹੀ ਅੰਮ੍ਰਿਤ ਦਾ ਭੰਡਾਰ ਹੁੰਦਾ ਹੈ। ਪੂਰਨ ਸੰਤ, ਸਤਿਗੁਰੂ ਅਤੇ ਪੂਰਨ ਬ੍ਰਹਮ ਗਿਆਨੀ ਹੀ ਅੰਮ੍ਰਿਤ ਦਾ ਸੋਮਾ ਹੁੰਦਾ ਹੈ। ਪੂਰਨ ਸੰਤ, ਸਤਿਗੁਰੂ ਅਤੇ ਪੂਰਨ ਬ੍ਰਹਮ ਗਿਆਨੀ ਹੀ ਅੰਮ੍ਰਿਤਧਾਰੀ ਅਤੇ ਅੰਮ੍ਰਿਤ ਦਾ ਦਾਤਾ ਹੁੰਦਾ ਹੈ। ਕੇਵਲ ਪੂਰਨ ਸੰਤ, ਸਤਿਗੁਰੂ ਅਤੇ ਪੂਰਨ ਬ੍ਰਹਮ ਗਿਆਨੀ ਨੂੰ ਹੀ ਦਰਗਾਹੀ ਹੁਕਮ ਹੁੰਦਾ ਹੈ ਅੰਮ੍ਰਿਤ ਵਰਤਾਉਣ ਦਾ। ਕੇਵਲ ਪੂਰਨ ਸੰਤ, ਸਤਿਗੁਰੂ ਅਤੇ ਪੂਰਨ ਬ੍ਰਹਮ ਗਿਆਨੀ ਹੀ ਦਾਤਾ ਹੈ: ਸਤਿਨਾਮ ਦੇ ਗੁਰਪ੍ਰਸਾਦਿ ਦਾ; ਸਤਿਨਾਮ ਸਿਮਰਨ ਦੇ ਗੁਰਪ੍ਰਸਾਦਿ ਦਾ; ਸਤਿਨਾਮ ਦੀ ਕਮਾਈ ਦੇ ਗੁਰਪ੍ਰਸਾਦਿ ਦਾ; ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਦਾ। ਕੇਵਲ ਉਹ ਹੀ ਮਹਾ ਪੁਰਖ ਗੁਰਪ੍ਰਸਾਦਿ ਵਰਤਾ ਸਕਦਾ ਹੈ ਜੋ: ਪੂਰਨ ਪੁਰਖ ਹੈ; ਜਿਸਦਾ ਰੋਮ-ਰੋਮ ਸਤਿਨਾਮ ਸਿਮਰਨ ਵਿੱਚ ਚਲਾ ਗਿਆ ਹੈ; ਜਿਸਦਾ ਹਿਰਦਾ ਪੂਰਨ ਸਚਿਆਰੀ ਰਹਿਤ ਵਿੱਚ ਚਲਾ ਗਿਆ ਹੈ ਅਤੇ ਜਿਸਦੇ ਹਿਰਦੇ ਵਿੱਚ ਪਰਮ ਜੋਤ ਪੂਰਨ ਪ੍ਰਕਾਸ਼ ਪ੍ਰਗਟ ਹੋ ਗਿਆ ਹੈ; ਜਿਸਦੇ ਸਾਰੇ ਬਜਰ ਕਪਾਟ ਖੁੱਲ੍ਹ ਗਏ ਹਨ; ਜਿਸਨੇ ਮਾਇਆ ਨੂੰ ਜਿੱਤ ਕੇ (ਜਿਸਦੀ ਤ੍ਰਿਸ਼ਣਾ ਬੁੱਝ ਗਈ ਹੈ ਅਤੇ ਜਿਸਦੇ ਪੰਜ ਦੂਤ ਵੱਸ ਆ ਗਏ ਹਨ) ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਜਾ ਕੇ ਚਉਥੇ ਪਦ ਵਿੱਚ ਕਾਇਮ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਦਰਸ਼ਨ ਕਰਕੇ ਉਸਦੇ ਨਿਰਗੁਣ ਸਰੂਪ ਵਿੱਚ ਅਭੇਦ ਹੋ ਗਿਆ ਹੈ; ਜਿਸਨੂੰ ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਗਈ ਹੈ; ਜਿਸਨੇ ਅਟੱਲ ਅਵਸਥਾ ਅਤੇ ਪਰਮ ਪਦਵੀ ਦੀ ਪ੍ਰਾਪਤੀ ਕੀਤੀ ਹੈ। ਕੇਵਲ ਐਸੇ ਪੂਰਨ ਮਹਾ ਪੁਰਖਾਂ ਨੂੰ ਦਰਗਾਹੀ ਹੁਕਮ ਪ੍ਰਾਪਤ ਹੁੰਦਾ ਹੈ ਸੰਗਤ ਨੂੰ ਗੁਰਪ੍ਰਸਾਦਿ ਵਰਤਾਉਣ ਦਾ। ਕੇਵਲ ਐਸੇ ਪੂਰਨ ਮਹਾ ਪੁਰਖ ਨਿਰਭਉ ਅਤੇ ਨਿਰਵੈਰ ਹੁੰਦੇ ਹਨ ਅਤੇ ਸੰਗਤ ਨੂੰ ਪੂਰਨ ਸਤਿ ਵਰਤਾਉਂਦੇ ਹਨ। ਕੇਵਲ ਐਸੇ ਪੂਰਨ ਮਹਾ ਪੁਰਖਾਂ ਦੀ ਸੰਗਤ ਹੀ ਸਤਿ ਸੰਗਤ ਹੁੰਦੀ ਹੈ। ਕੇਵਲ ਐਸੇ ਪੂਰਨ ਮਹਾ ਪੁਰਖਾਂ ਦੀ ਸਤਿ ਸੰਗਤ ਵਿੱਚ ਕੇਵਲ ਸਤਿਨਾਮ ਦੇ ਗੁਰਪ੍ਰਸਾਦਿ ਅੰਮ੍ਰਿਤ ਦੀ ਵਰਖਾ ਹੁੰਦੀ ਹੈ ਅਤੇ ਸਤਿਨਾਮ ਦੀ ਪੂਰਨ ਮਹਿਮਾ ਵਰਤਦੀ ਹੈ। ਕੇਵਲ ਐਸੇ ਪੂਰਨ ਮਹਾ ਪੁਰਖਾਂ ਦੀ ਸਤਿ ਸੰਗਤ ਵਿੱਚ ਸੁਹਾਗਣਾਂ ਦਾ ਜਨਮ ਹੁੰਦਾ ਹੈ। ਕੇਵਲ ਐਸੇ ਪੂਰਨ ਮਹਾ ਪੁਰਖਾਂ ਦੀ ਸਤਿ ਸੰਗਤ ਵਿੱਚ “ਏਕੋ ਨਾਮੁ ਹੁਕਮੁ” ਵਰਤਦਾ ਹੈ ਅਤੇ ਸਤਿਨਾਮ ਦੀ ਪਰਮ ਸ਼ਕਤੀਸ਼ਾਲੀ ਮਹਿਮਾ ਸੁਹਾਗਣਾਂ ਦੇ ਰੂਪ ਵਿੱਚ ਪ੍ਰਗਟ ਹੁੰਦੀ ਹੈ।
ਸਤਿ ਸੰਗਤ ਤੋਂ ਭਾਵ ਹੈ ਸਤਿ ਦੇ ਸੰਗ ਨਾਲ ਹੀ ਮਨੁੱਖ ਦੀ ਗਤਿ ਹੁੰਦੀ ਹੈ। ਕੇਵਲ ਸਤਿ ਵਿੱਚ ਹੀ ਉਹ ਪਰਮ ਸ਼ਕਤੀ ਹੈ ਜੋ ਮਨੁੱਖ ਨੂੰ ਜੀਵਨ ਮੁਕਤੀ ਦੇ ਸਕਦੀ ਹੈ। ਗਤਿ ਤੋਂ ਭਾਵ ਹੈ ਮੁਕਤੀ। ਇਸ ਦਾ ਭਾਵ ਇਹ ਹੈ ਕਿ ਕੇਵਲ ਜਿੱਥੇ ਪੂਰਨ ਸਤਿ ਰੂਪ ਸੰਤ ਸਤਿਗੁਰੂ ਬੈਠਾ ਹੋਏ ਕੇਵਲ ਉਥੇ ਹੀ ਸਤਿ ਸੰਗਤ ਹੈ। ਕੇਵਲ ਐਸੇ ਪੂਰਨ ਸਤਿ ਰੂਪ ਸੰਤ ਸਤਿਗੁਰੂ ਦੀ ਸੰਗਤ ਵਿੱਚ ਹੀ ਜੀਵਨ ਮੁਕਤੀ ਦਾ ਗੁਰਪ੍ਰਸਾਦਿ ਵਰਤਦਾ ਹੈ। ਸਤਿ ਸੰਗਤ ਕੇਵਲ ਉਹ ਸੰਗਤ ਹੈ ਜਿੱਥੇ ਪੂਰਨ ਸਤਿ ਵਰਤਦਾ ਹੈ। ਭਾਵ ਜਿੱਥੇ ਅੰਮ੍ਰਿਤ ਦੀ ਵਰਖਾ ਹੁੰਦੀ ਹੈ। ਜਿੱਥੇ ਸਤਿਨਾਮ ਦਾ ਗੁਰਪ੍ਰਸਾਦਿ ਵਰਤਾਇਆ ਜਾਂਦਾ ਹੈ। ਜਿੱਥੇ ਕੇਵਲ ‘ਏਕੋ ਨਾਮ ਹੁਕਮੁ’ ਵਰਤਦਾ ਹੈ। ਜਿੱਥੇ ਸਤਿਨਾਮ ਦੀ ਮਹਿਮਾ ਪ੍ਰਤੱਖ ਪ੍ਰਗਟ ਹੁੰਦੀ ਹੈ। ਜਿੱਥੇ ਸਤਿਨਾਮ ਦਾ ਗੁਰਪ੍ਰਸਾਦਿ ਵਰਤਾਇਆ ਜਾਂਦਾ ਹੈ ਅਤੇ ਜਿੱਥੇ ਸੰਗਤ ਵਿੱਚ ਆਏ ਹੋਏ ਜਿਗਿਆਸੂਆਂ ਨੂੰ ਸੁਹਾਗ ਅਤੇ ਪੂਰਨ ਬੰਦਗੀ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਸਤਿ ਸੰਗਤ ਕੇਵਲ ਪੂਰਨ ਸੰਤ ਸਤਿਗੁਰੂ ਦੀ ਹਜ਼ੂਰੀ ਵਿੱਚ ਅਤੇ ਉਸਦੇ ਪਰਮ ਸ਼ਕਤੀਸ਼ਾਲੀ ਛਤਰ ਹੇਠ ਹੀ ਵਾਪਰਦੀ ਹੈ। ਜਿੱਥੇ ਪੂਰਨ ਸੰਤ ਸਤਿਗੁਰੂ ਬੈਠਾ ਹੋਏ ਉਸ ਸਥਾਨ ‘ਤੇ ਧਰਤੀ ਉੱਪਰ ਦਰਗਾਹ ਪ੍ਰਤੱਖ ਪ੍ਰਗਟ ਹੁੰਦੀ ਹੈ। ਉਸ ਸਥਾਨ ‘ਤੇ ਸਾਰੇ ਸਤਿਗੁਰੂ ਅਵਤਾਰ, ਸੰਤ, ਭਗਤ, ਬ੍ਰਹਮ ਗਿਆਨੀ, ਪੀਰ ਅਤੇ ਪੈਗੰਬਰ ਆ ਕੇ ਬੈਠ ਜਾਂਦੇ ਹਨ ਅਤੇ ਸਾਰੀ ਸੰਗਤ ਉੱਪਰ ਆਪਣੀ ਕਿਰਪਾ ਦੀ ਵਰਖਾ ਕਰਦੇ ਹਨ। ਕੇਵਲ ਪੂਰਨ ਸੰਤ ਸਤਿਗੁਰੂ ਹੀ ਪੂਰਨ ਸਤਿ ਵਰਤਾਉਂਦਾ ਹੈ ਅਤੇ ਪੂਰਨ ਸਤਿ ਦੀ ਸੇਵਾ ਕਰਦਾ ਹੈ ਇਸ ਲਈ ਉਸਦੇ ਬਚਨਾਂ ਵਿੱਚ ਪਰਮ ਸ਼ਕਤੀ ਹੁੰਦੀ ਹੈ ਜੋ ਕਿ ਜਿਗਿਆਸੂਆਂ ਦੇ ਹਿਰਦੇ ਨੂੰ ਭੇਦ ਕੇ ਉਨ੍ਹਾਂ ਨੂੰ ਬੈਰਾਗ ਵਿੱਚ ਲੈ ਜਾਂਦੀ ਹੈ। ਐਸਾ ਪੂਰਨ ਸੰਤ ਸਤਿਗੁਰੂ ਜਦ ਜਿਗਿਆਸੂ ਦੇ ਮਸਤਕ ਉੱਪਰ ਹੱਥ ਰੱਖ ਕੇ ਜਦ ਸਤਿਨਾਮ ਜਪਾਉਂਦਾ ਹੈ ਤਾਂ ਸਤਿਨਾਮ ਸਿੱਧਾ ਜਿਗਿਆਸੂ ਦੀ ਸੁਰਤਿ ਵਿੱਚ ਉੱਕਰਿਆ ਜਾਂਦਾ ਹੈ ਅਤੇ ਸ਼ਬਦ ਸੁਰਤਿ ਦਾ ਮੇਲ ਹੋ ਜਾਂਦਾ ਹੈ। ਸਤਿਗੁਰੂ ਦੇ ਵਿੱਚ ਪ੍ਰਗਟ ਹੋਏ ਸਤਿ ਤੱਤ ਦਾ ਜਿਗਿਆਸੂ ਵਿੱਚ ਮੌਜੂਦ ਸਤਿ ਤੱਤ ਨਾਲ ਮੇਲ ਹੋ ਜਾਂਦਾ ਹੈ ਅਤੇ ਜਿਗਿਆਸੂ ਨੂੰ ਸੁਹਾਗ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਹੋ ਜਾਂਦੀ ਹੈ। ਸ਼ਬਦ ਸੁਰਤਿ ਦਾ ਮੇਲ ਹੋ ਜਾਂਦਾ ਹੈ ਅਤੇ ਜਿਗਿਆਸੂ ਸਮਾਧੀ ‘ਚ ਲੀਨ ਹੋ ਜਾਂਦਾ ਹੈ। ਸਤਿਨਾਮ ਦਾ ਗੁਰਪ੍ਰਸਾਦਿ ਜਿਗਿਆਸੂ ਦੀ ਸੁਰਤਿ ਵਿੱਚ ਪ੍ਰਕਾਸ਼ਮਾਨ ਹੋ ਜਾਂਦਾ ਹੈ ਅਤੇ ਜਿਗਿਆਸੂ ਦਾ ਮਨ ਸ਼ਾਂਤ ਹੋ ਜਾਂਦਾ ਹੈ, ਉਸਦਾ ਅਜਪਾ ਜਾਪ ਸ਼ੁਰੂ ਹੋ ਜਾਂਦਾ ਹੈ। ਜਿਗਿਆਸੂ ਕਰਮ ਖੰਡ (ਬੰਦਗੀ ਦਾ ਚੌਥਾ ਖੰਡ) ਵਿੱਚ ਚਲਾ ਜਾਂਦਾ ਹੈ। ਉਸਦਾ ਦਰਗਾਹ ਵਿੱਚ ਬੰਦਗੀ ਦਾ ਖਾਤਾ ਖੁੱਲ੍ਹ ਜਾਂਦਾ ਹੈ ਅਤੇ ਬੰਦਗੀ ਸ਼ੁਰੂ ਹੋ ਜਾਂਦੀ ਹੈ।
ਇਹ ਪੂਰਨ ਸਤਿ ਹੈ ਕਿ ਜਿਗਿਆਸੂ ਦੀ ਬੰਦਗੀ ਗੁਰਪ੍ਰਸਾਦਿ ਦੀ ਪ੍ਰਾਪਤੀ ਨਾਲ ਹੀ ਸ਼ੁਰੂ ਹੁੰਦੀ ਹੈ ਜੋ ਕਿ ਕਰਮ ਖੰਡ (ਚੌਥਾ ਖੰਡ; ਬੰਦਗੀ ਦੇ ਪੰਜ ਖੰਡ ਹਨ: ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ ਅਤੇ ਸੱਚ ਖੰਡ) ਵਿੱਚ ਹੀ ਵਾਪਰਦਾ ਹੈ। ਇਸ ਤੋਂ ਪਹਿਲਾਂ ਜੋ ਕੁਝ ਵੀ ਜਿਗਿਆਸੂ ਕਰਦਾ ਹੈ ਉਹ ਕੇਵਲ ਗੁਰਪ੍ਰਸਾਦਿ ਦੀ ਪ੍ਰਾਪਤੀ ਲਈ ਹੀ ਗਿਣਿਆ ਜਾਂਦਾ ਹੈ। ਧਰਮ ਖੰਡ, ਗਿਆਨ ਖੰਡ ਅਤੇ ਸਰਮ ਖੰਡ ਵਿੱਚ ਜਿਗਿਆਸੂ ਦੀ ਕੇਵਲ ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ ਅਤੇ ਬੰਦਗੀ ਦੇ ਗੁਰਪ੍ਰਸਾਦਿ ਨੂੰ ਪ੍ਰਾਪਤ ਕਰਨ ਲਈ ਤਿਆਰੀ ਹੀ ਹੁੰਦੀ ਹੈ। ਇਹ ਪੂਰਨ ਸਤਿ ਹੈ ਕਿ ਜਿਗਿਆਸੂ ਦੀ ਬੰਦਗੀ ਕੇਵਲ ਗੁਰਪ੍ਰਸਾਦਿ ਦੀ ਪ੍ਰਾਪਤੀ ਦੇ ਨਾਲ ਹੀ ਹੁੰਦੀ ਹੈ। ਦਰਗਾਹ ਵਿੱਚ ਸਤਿਨਾਮ ਧਨ ਦਾ ਖਾਤਾ ਕੇਵਲ ਗੁਰਪ੍ਰਸਾਦਿ ਦੀ ਪ੍ਰਾਪਤੀ ਨਾਲ ਹੀ ਖੁੱਲ੍ਹਦਾ ਹੈ। ਜਦ ਸਤਿਨਾਮ ਜਿਗਿਆਸੂ ਦੀ ਸੁਰਤਿ ਵਿੱਚ ਟਿਕ ਜਾਂਦਾ ਹੈ ਅਤੇ ਸ਼ਬਦ ਸੁਰਤਿ ਦਾ ਮੇਲ ਹੋ ਜਾਂਦਾ ਹੈ ਤਾਂ ਹੀ ਸਤਿਨਾਮ ਧਨ ਇਕੱਤਰ ਹੋਣਾ ਸ਼ੁਰੂ ਹੁੰਦਾ ਹੈ। ਜਦ ਪੂਰਨ ਸੰਤ ਸਤਿਗੁਰੂ ਦਾ ਸਤਿ ਤੱਤ ਜਿਗਿਆਸੂ ਦੇ ਸਤਿ ਤੱਤ ਨਾਲ ਮਿਲਦਾ ਹੈ ਤਾਂ ਹੀ ਜਿਗਿਆਸੂ ਦੀ ਸੁਰਤਿ ਅਤੇ ਸ਼ਬਦ ਦਾ ਮੇਲ ਹੁੰਦਾ ਹੈ ਅਤੇ ਜਿਗਿਆਸੂ ਸਮਾਧੀ ਵਿੱਚ ਚਲਾ ਜਾਂਦਾ ਹੈ। ਮਾਇਆ ਦੀ ਸਤੋ ਬਿਰਤੀ ਦੇ ਅਧੀਨ ਜਦ ਮਨੁੱਖ ਦਇਆ, ਧਰਮ, ਸੰਤੋਖ ਅਤੇ ਸੰਜਮ ਦਾ ਅਭਿਆਸ ਕਰਦਾ ਹੈ ਅਤੇ ਸਤਿ ਦੀ ਕਰਨੀ ਵਿੱਚ ਭਰੋਸੇ ਨਾਲ ਅਗਾਂਹ ਵਧਦਾ ਹੈ ਤਾਂ ਉਸਦੇ ਸਤਿ ਕਰਮਾਂ ਦਾ ਪਲੜਾ ਜਦੋਂ ਭਾਰੀ ਹੋ ਜਾਂਦਾ ਹੈ ਤਾਂ ਉਸਨੂੰ ਆਪਣੇ ਪ੍ਰਾਲਬਧ ਦੇ ਅਨੁਸਾਰ ਪੂਰਨ ਸੰਤ ਸਤਿਗੁਰੂ ਦੀ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਮਨੁੱਖ ਦੀ ਇਸ ਅਵਸਥਾ ਨੂੰ ਗੁਰਬਾਣੀ ਵਿੱਚ ‘ਪੂਰੇ ਭਾਗ’ ਦੀ ਅਵਸਥਾ ਕਿਹਾ ਗਿਆ ਹੈ। ਇਸ ਅਵਸਥਾ ਵਿੱਚ ਪਹੁੰਚ ਕੇ ਹੀ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ ਅਤੇ ਮਨੁੱਖ ਦੀ ਬੰਦਗੀ ਸ਼ੁਰੂ ਹੁੰਦੀ ਹੈ। ਇਸ ਲਈ ਜਿਨ੍ਹਾਂ ਜਿਗਿਆਸੂਆਂ ਨੂੰ ਗੁਰਪ੍ਰਸਾਦਿ ਦੀ ਪ੍ਰਾਪਤੀ ਨਹੀਂ ਹੈ ਉਨ੍ਹਾਂ ਨੂੰ ਇਹ ਬੇਨਤੀ ਹੈ ਕਿ ਉਹ ਸਤਿ ਦੀ ਕਰਨੀ ਅਤੇ ਦਇਆ, ਧਰਮ, ਸੰਤੋਖ, ਸੰਜਮ ਉੱਪਰ ਆਪਣਾ ਧਿਆਨ ਕੇਂਦਰਿਤ ਕਰੋ ਤਾਂ ਜੋ ਆਪ ਨੂੰ ਪੂਰਨ ਸੰਤ ਸਤਿਗੁਰੂ ਦੀ ਸੰਗਤ ਪ੍ਰਾਪਤ ਹੋ ਸਕੇ ਅਤੇ ਗੁਰਪ੍ਰਸਾਦਿ ਦੀ ਪ੍ਰਾਪਤੀ ਹੋ ਸਕੇ। ਇਸ ਪਰਮ ਸਤਿ ਨੂੰ ਗੁਰਬਾਣੀ ਵਿੱਚ ਦ੍ਰਿੜ੍ਹ ਕਰਵਾਇਆ ਗਿਆ ਹੈ:
ਪੂਰੈ ਭਾਗਿ ਸਤਿਗੁਰੁ ਮਿਲੈ ਸੁਖਦਾਤਾ ਨਾਮੁ ਵਸੈ ਮਨਿ ਆਇ ॥
{ਪੰਨਾ ੮੫}
ਸਤਿਨਾਮ ਦਾ ਦਾਤਾ ਕੇਵਲ ਪੂਰਨ ਸੰਤ ਸਤਿਗੁਰੂ ਹੈ। ਗੁਰਪ੍ਰਸਾਦਿ ਦਾ ਦਾਤਾ ਕੇਵਲ ਪੂਰਨ ਸੰਤ ਸਤਿਗੁਰੂ ਹੈ। ਸਤਿਨਾਮ ਦਾ ਵਪਾਰੀ ਕੇਵਲ ਪੂਰਨ ਸੰਤ ਸਤਿਗੁਰੂ ਹੀ ਹੁੰਦਾ ਹੈ। ਜੋ ਪੂਰਨ ਨਹੀਂ ਹੈ ਉਹ ਸਤਿਗੁਰੂ ਨਹੀਂ ਹੈ। ਜਿਸ ਭਗਤ ਨੇ ਪੂਰਨ ਅਵਸਥਾ ਦੀ ਪ੍ਰਾਪਤੀ ਕੀਤੀ ਹੈ ਅਤੇ ਪਰਮ ਪਦਵੀ ਦੀ ਪ੍ਰਾਪਤੀ ਕੀਤੀ ਹੈ ਕੇਵਲ ਉਹ ਹੀ ਪੂਰਨ ਸੰਤ ਸਤਿਗੁਰੂ ਹੈ। ਪੂਰਨ ਸੰਤ ਸਤਿਗੁਰੂ ਦੀ ਚਰਨ ਸ਼ਰਨ ਵਿੱਚ ਹੀ ਸਾਰੇ ਦਰਗਾਹੀ ਖਜ਼ਾਨਿਆਂ ਦੀ ਕੁੰਜੀ ਹੁੰਦੀ ਹੈ। ਪੂਰਨ ਸੰਤ ਸਤਿਗੁਰੂ ਦੀ ਚਰਨ ਸ਼ਰਨ ਵਿੱਚ ਹੀ ਸਾਰੀਆਂ ਰਿੱਧੀਆਂ-ਸਿੱਧੀਆਂ ਸੇਵਾ ਕਰਦੀਆਂ ਹਨ। ਪੂਰਨ ਸੰਤ ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਹੀ ਸਾਰੀਆਂ ਦਰਗਾਹੀ ਪਰਮ ਸ਼ਕਤੀਆਂ ਨਿਵਾਸ ਕਰਦੀਆਂ ਹਨ। ਪੂਰਨ ਸੰਤ ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਹੀ ਬੇਅੰਤ ਪ੍ਰਕਾਸ਼ ਹੁੰਦਾ ਹੈ। ਪੂਰਨ ਸੰਤ ਸਤਿਗੁਰੂ ਦੀ ਚਰਨ-ਸ਼ਰਨ ਹੀ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਚਰਨ-ਸ਼ਰਨ ਹੁੰਦੀ ਹੈ। ਪੂਰਨ ਸੰਤ ਸਤਿਗੁਰੂ ਦੇ ਛਤਰ ਹੇਠ ਮਾਇਆ ਦਾ ਪ੍ਰਭਾਵ ਨਹੀਂ ਹੁੰਦਾ ਹੈ ਕਿਉਂਕਿ ਮਾਇਆ ਐਸੇ ਮਹਾ ਪੁਰਖਾਂ ਦੀ ਗੁਲਾਮ ਬਣ ਜਾਂਦੀ ਹੈ ਅਤੇ ਉਨ੍ਹਾਂ ਦੀ ਸੇਵਾ ਕਰਦੀ ਹੈ। ਐਸੇ ਪੂਰਨ ਮਹਾ ਪੁਰਖ ਦੀ ਸੰਗਤ ਦੀ ਪ੍ਰਾਪਤੀ ਕੇਵਲ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਕਿਰਪਾ ਨਾਲ ਹੀ ਹੁੰਦੀ ਹੈ। ਭਾਵ ਜਿਸ ਮਨੁੱਖ ਦੇ ਭਾਗ ਪੂਰਨ ਹੋ ਜਾਂਦੇ ਹਨ, ਜਿਸ ਦੇ ਸਤਿ ਕਰਮਾਂ ਦਾ ਪਲੜਾ ਭਾਰੀ ਹੋ ਜਾਂਦਾ ਹੈ ਉਸ ਨੂੰ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਹੁਕਮ ਅਨੁਸਾਰ ਪੂਰਨ ਸੰਤ ਸਤਿਗੁਰੂ ਦੀ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਜਦ ਮਨੁੱਖ ਪੂਰਨ ਸੰਤ ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਆਪਣਾ ਆਪਾ ਅਰਪਣ ਕਰਦਾ ਹੈ, ਆਪਣਾ ਤਨ-ਮਨ-ਧਨ ਅਰਪਣ ਕਰਦਾ ਹੈ ਤਾਂ ਉਸ ਮਨੁੱਖ ਨੂੰ ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਇਸ ਪਰਮ ਸਤਿ ਤੱਤ ਨੂੰ ਸਤਿਗੁਰੂ ਪਾਤਿਸ਼ਾਹੀਆਂ ਨੇ ਗੁਰਬਾਣੀ ਵਿੱਚ ਬਾਰ-ਬਾਰ ਦ੍ਰਿੜ੍ਹ ਕਰਵਾਇਆ ਹੈ:
ਸਤਿਗੁਰੁ ਦਾਤਾ ਹਰਿ ਨਾਮ ਕਾ ਪ੍ਰਭੁ ਆਪਿ ਮਿਲਾਵੈ ਸੋਇ ॥
{ਪੰਨਾ ੩੯}
ਨਾਮੁ ਅਮੋਲਕੁ ਰਤਨੁ ਹੈ ਪੂਰੇ ਸਤਿਗੁਰ ਪਾਸਿ ॥ ਸਤਿਗੁਰ ਸੇਵੈ ਲਗਿਆ ਕਢਿ ਰਤਨੁ ਦੇਵੈ ਪਰਗਾਸਿ ॥
{ਪੰਨਾ ੪੦}
ਬਿਨੁ ਸਤਿਗੁਰ ਹਰਿ ਨਾਮੁ ਨ ਲਭਈ ਲਖ ਕੋਟੀ ਕਰਮ ਕਮਾਉ ॥
{ਪੰਨਾ ੪੦}
ਸਤਿਗੁਰੁ ਦਾਤਾ ਨਾਮ ਕਾ ਪੂਰਾ ਜਿਸੁ ਭੰਡਾਰੁ ॥
{ਪੰਨਾ ੪੯}
ਸਤਿਗੁਰ ਵਿਚਿ ਨਾਮੁ ਨਿਧਾਨੁ ਹੈ ਕਰਮਿ ਪਰਾਪਤਿ ਹੋਇ ॥
{ਪੰਨਾ ੮੮}
ਨਾਮੁ ਨਿਧਾਨੁ ਸਤਿਗੁਰਿ ਦੀਆ ਸੁਖੁ ਨਾਨਕ ਮਨ ਮਹਿ ਮੰਡੁ ॥
{ਪੰਨਾ ੪੯-੫੦}
ਬਿਨੁ ਸਤਿਗੁਰ ਨਾਉ ਨ ਪਾਈਐ ਬਿਨੁ ਨਾਵੈ ਕਿਆ ਸੁਆਉ ॥
{ਪੰਨਾ ੫੮}
ਸਦਾ ਸੁਹਾਗੁ ਸੁਹਾਗਣੀ ਜੇ ਚਲਹਿ ਸਤਿਗੁਰ ਭਾਇ ॥
{ਪੰਨਾ ੬੬-੬੭}
ਲਖ ਚਉਰਾਸੀਹ ਫਿਰਦੇ ਰਹੇ ਬਿਨੁ ਸਤਿਗੁਰ ਮੁਕਤਿ ਨ ਹੋਈ ॥
{ਪੰਨਾ ੬੯-੭੦}
ਜਿਨੀ ਪੂਰਾ ਸਤਿਗੁਰੁ ਸੇਵਿਆ ਸੇ ਦਰਗਹ ਸਦਾ ਸੁਹੇਲੇ ॥
{ਪੰਨਾ ੭੮}
ਸਤਿਗੁਰ ਦਇਆਲ ਕਿਰਪਾਲ ਭੇਟਤ ਹਰੇ ਕਾਮੁ ਕ੍ਰੋਧੁ ਲੋਭੁ ਮਾਰਿਆ ॥
{ਪੰਨਾ ੮੧}
ਸਤਿਨਾਮ ਅਨਮੋਲਕ ਰਤਨ ਹੀਰਾ ਹੈ ਜੋ ਕੇਵਲ ਪੂਰਨ ਸੰਤ ਸਤਿਗੁਰੂ ਦੀ ਸੇਵਾ ਨਾਲ ਹੀ ਪ੍ਰਾਪਤ ਹੁੰਦਾ ਹੈ। ਜੋ ਮਨੁੱਖ ਪੂਰਨ ਸੰਤ ਸਤਿਗੁਰੂ ਦੀ ਸੇਵਾ ਕਰਦੇ ਹਨ ਭਾਵ ਜੋ ਮਨੁੱਖ ਪੂਰਨ ਸੰਤ ਸਤਿਗੁਰੂ ਦੀ ਤਨ-ਮਨ-ਧਨ ਨਾਲ ਸੇਵਾ ਕਰਦੇ ਹਨ ਅਤੇ ਉਸਦੇ ਸਤਿਬਚਨ ਕਮਾਉਂਦੇ ਹਨ ਕੇਵਲ ਉਨ੍ਹਾਂ ਨੂੰ ਹੀ ਸਤਿਨਾਮ ਦਾ ਅਨਮੋਲਕ ਰਤਨ ਹੀਰਾ ਪ੍ਰਾਪਤ ਹੁੰਦਾ ਹੈ। ਭਾਵ ਜੋ ਪੂਰਨ ਸੰਤ ਸਤਿਗੁਰੂ ਦੇ ਸਤਿ ਚਰਨਾਂ ‘ਤੇ ਪੂਰਨ ਸਮਰਪਣ ਕਰਦੇ ਹਨ ਉਨ੍ਹਾਂ ਦੀ ਸੁਰਤਿ ਵਿੱਚ ਨਾਮ ਉਤਰ ਜਾਂਦਾ ਹੈ। ਜਦ ਐਸੇ ਮਨੁੱਖ ਸਤਿਨਾਮ ਸਿਮਰਨ ਦਾ ਲੰਬੇ ਸਮੇਂ ਲਈ (੨.੫ ਘੰਟੇ ਜਾਂ ਵੱਧ ਸਮੇਂ ਲਈ ਰੋਜ਼ਾਨਾ) ਅਭਿਆਸ ਕਰਦੇ ਹਨ ਉਨ੍ਹਾਂ ਮਨੁੱਖਾਂ ਦੀ ਸਮਾਧੀ ਲੱਗ ਜਾਂਦੀ ਹੈ। ਐਸੇ ਅਭਿਆਸੀ ਮਨੁੱਖਾਂ ਦੇ ਸਾਰੇ ਬਜਰ ਕਪਾਟ ਖੁੱਲ੍ਹ ਜਾਂਦੇ ਹਨ, ਸਤਿ ਸਰੋਵਰ ਜਾਗਰਤ ਹੋ ਜਾਂਦੇ ਹਨ, ਸੁੰਨ ਸਮਾਧੀ ਦੀ ਪ੍ਰਾਪਤੀ ਹੋ ਜਾਂਦੀ ਹੈ, ਮਨ ਪੂਰਨ ਵਿਸ਼ਰਾਮ ਵਿੱਚ ਚਲਾ ਜਾਂਦਾ ਹੈ, ਸਤਿਨਾਮ ਰੋਮ-ਰੋਮ ਵਿੱਚ ਚਲਾ ਜਾਂਦਾ ਹੈ, ਹਿਰਦੇ ਵਿੱਚ ਪਰਮ ਜੋਤ ਦਾ ਪੂਰਨ ਪ੍ਰਕਾਸ਼ ਹੋ ਜਾਂਦਾ ਹੈ, ਹਿਰਦਾ ਪੂਰਨ ਸਚਿਆਰੀ ਰਹਿਤ ਵਿੱਚ ਚਲਾ ਜਾਂਦਾ ਹੈ, ਤ੍ਰਿਸ਼ਣਾ ਬੁੱਝ ਜਾਂਦੀ ਹੈ, ਪੰਜ ਦੂਤ ਵੱਸ ਆ ਜਾਂਦੇ ਹਨ, ਮਨ ਜਿੱਤਿਆ ਜਾਂਦਾ ਹੈ, ਮਾਇਆ ਦੀ ਗੁਲਾਮੀ ਦਾ ਅੰਤ ਹੋ ਜਾਂਦਾ ਹੈ, ਮਾਇਆ ਚਰਨਾਂ ਵਿੱਚ ਆ ਜਾਂਦੀ ਹੈ, ਬੰਦਗੀ ਪੂਰਨ ਹੋ ਜਾਂਦੀ ਹੈ ਅਤੇ ਦਰਗਾਹ ਵਿੱਚ ਮਾਨ ਪ੍ਰਾਪਤ ਹੋ ਜਾਂਦਾ ਹੈ, ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਿਰਗੁਣ ਸਰੂਪ ਦੇ ਦਰਸ਼ਨ ਹੋ ਜਾਂਦੇ ਹਨ, ਰੂਹ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਿਰਗੁਣ ਸਰੂਪ ਵਿੱਚ ਅਭੇਦ ਹੋ ਜਾਂਦੀ ਹੈ, ਪੂਰਨ ਬ੍ਰਹਮ ਗਿਆਨ ਦੀ ਅਤੇ ਤੱਤ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ, ਆਤਮ ਰਸ ਅੰਮ੍ਰਿਤ ਦੀ ਪ੍ਰਾਪਤੀ ਹੋ ਜਾਂਦੀ ਹੈ, ਪਰਮ ਪਦਵੀ ਦੀ ਪ੍ਰਾਪਤੀ ਹੋ ਜਾਂਦੀ ਹੈ, ਅਟੱਲ ਅਵਸਥਾ ਦੀ ਪ੍ਰਾਪਤੀ ਹੋ ਜਾਂਦੀ ਹੈ। ਐਸੀ ਪਰਮ ਸ਼ਕਤੀਸ਼ਾਲੀ ਹੈ ਮਹਿਮਾ ਪੂਰਨ ਸੰਤ ਸਤਿਗੁਰੂ ਦੀ ਸੰਗਤ ਦੀ ਜਿਸਦੇ ਛਤਰ ਹੇਠ ਬੈਠ ਕੇ ਮਨੁੱਖ ਨੂੰ ਇਨ੍ਹਾਂ ਸਾਰਿਆਂ ਦਰਗਾਹੀ ਖਜਾਨਿਆਂ ਦੀ ਪ੍ਰਾਪਤੀ ਹੋ ਜਾਂਦੀ ਹੈ। ਪੂਰਨ ਸੰਤ ਸਤਿਗੁਰੂ ਦੇ ਪਰਮ ਸ਼ਕਤੀਸ਼ਾਲੀ ਛਤਰ ਹੇਠ ਬੈਠੇ ਹੋਏ ਜਿਗਿਆਸੂਆਂ ਦੀ ਬੰਦਗੀ ਸਹਿਜੇ ਹੀ ਪੂਰਨ ਹੋ ਜਾਂਦੀ ਹੈ। ਜੋ ਜਿਗਿਆਸੂ ਪੂਰਨ ਸ਼ਰਧਾ, ਪੂਰਨ ਪ੍ਰੀਤ ਅਤੇ ਪੂਰਨ ਭਰੋਸੇ ਵਿੱਚ ਡੁੱਬ ਕੇ ਆਪਣੇ ਸੰਤ ਸਤਿਗੁਰੂ ਦੇ ਸਤਿ ਚਰਨਾਂ ਉੱਪਰ ਪੂਰਨ ਸਮਰਪਣ ਕਰਦੇ ਹਨ ਉਨ੍ਹਾਂ ਦੀ ਬੰਦਗੀ ਸਹਿਜੇ ਹੀ ਪੂਰਨ ਹੋ ਜਾਂਦੀ ਹੈ।
ਬੰਦਗੀ ਕੇਵਲ ਮਨੁੱਖ ਦੀ ਮਾਇਆ ਨਾਲ ਜੰਗ ਹੈ। ਭਾਵ ਇਸ ਜੰਗ ਵਿੱਚ ਕਾਮ ਚੰਡਾਲ, ਕ੍ਰੋਧ ਚੰਡਾਲ, ਲੋਭ ਚੰਡਾਲ, ਮੋਹ ਚੰਡਾਲ ਅਤੇ ਅਹੰਕਾਰ ਚੰਡਾਲ ਨੂੰ ਜਿੱਤਣਾ ਹੀ ਬੰਦਗੀ ਹੈ। ਇਸ ਜੰਗ ਵਿੱਚ ਮਾਇਆ ਨੂੰ ਜਿੱਤਣਾ ਹੀ ਬੰਦਗੀ ਹੈ। ਤ੍ਰਿਸ਼ਣਾ ਦਾ ਬੁਝਣਾ ਹੀ ਬੰਦਗੀ ਹੈ। ਤ੍ਰਿਸ਼ਣਾ ਦੇ ਬੁਝਣ ਨਾਲ ਮਨ ਸਤਿ ਸੰਤੋਖ ਵਿੱਚ ਚਲਾ ਜਾਂਦਾ ਹੈ। ਪੰਜ ਦੂਤਾਂ (ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਰੂਪ ਚੰਡਾਲਾਂ) ਨੂੰ ਜਿੱਤਣ ਨਾਲ ਮਾਇਆ ਜਿੱਤੀ ਜਾਂਦੀ ਹੈ। ਮਾਇਆ ਦੀ ਗੁਲਾਮੀ ਤੋਂ ਮੁਕਤੀ ਹੀ ਜੀਵਨ ਮੁਕਤੀ ਹੈ। ਤ੍ਰਿਸ਼ਣਾ ਦਾ ਬੁੱਝਣਾ ਅਤੇ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਰੂਪ ਚੰਡਾਲਾਂ ਨੂੰ ਜਿੱਤਣਾ ਹੀ ਜੀਵਨ ਮੁਕਤੀ ਹੈ। ਪੂਰਨ ਸੰਤ ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਮਾਇਆ ਦਾ ਕੋਈ ਪ੍ਰਭਾਵ ਨਹੀਂ ਹੁੰਦਾ ਹੈ। ਇਸ ਲਈ ਜੋ ਮਨੁੱਖ ਪੂਰਨ ਸੰਤ ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਪੂਰਨ ਪ੍ਰੀਤ, ਸ਼ਰਧਾ ਅਤੇ ਭਰੋਸੇ ਨਾਲ ਪੂਰਨ ਸਮਰਪਣ ਕਰ ਦੇਂਦੇ ਹਨ ਉਨ੍ਹਾਂ ਦੀ ਤ੍ਰਿਸ਼ਣਾ ਸਹਿਜੇ ਹੀ ਬੁਝ ਜਾਂਦੀ ਹੈ ਅਤੇ ਉਹ ਪੰਜ ਦੂਤਾਂ ਉੱਪਰ ਸਹਿਜੇ ਹੀ ਫ਼ਤਿਹ ਹਾਸਿਲ ਕਰ ਲੈਂਦੇ ਹਨ। ਜੋ ਮਨੁੱਖ ਪੂਰਨ ਸੰਤ ਸਤਿਗੁਰੂ ਦੇ ਛਤਰ ਹੇਠ ਪੂਰਨ ਸ਼ਰਧਾ, ਪ੍ਰੀਤ ਅਤੇ ਭਰੋਸੇ ਨਾਲ ਪੂਰਨ ਸਮਰਪਣ ਕਰਦੇ ਹਨ ਉਹ ਮਨੁੱਖ ਸਹਿਜੇ ਹੀ ਤ੍ਰਿਹ ਗੁਣ ਮਾਇਆ ਨੂੰ ਜਿੱਤ ਕੇ ਸਤਿ ਪਾਰਬ੍ਰਹਮ ਪਰਮੇਸ਼ਰ ਵਿੱਚ ਅਭੇਦ ਹੋ ਜਾਂਦੇ ਹਨ।
ਸਾਰੀ ਸ੍ਰਿਸ਼ਟੀ ਦੀ ਰਚਨਾ ਸਤਿ ਪਾਰਬ੍ਰਹਮ ਪਰਮੇਸ਼ਰ ਦੀਆਂ ਪਰਮ ਸ਼ਕਤੀਆਂ ਹੀ ਕਰਦੀਆਂ ਹਨ। ੮੪ ਲੱਖ ਮੇਦਨੀ ਦੀ ਰਚਨਾ ਵੀ ਸਤਿ ਪਾਰਬ੍ਰਹਮ ਦੀਆਂ ਪਰਮ ਸ਼ਕਤੀਆਂ ਦੁਆਰਾ ਹੀ ਕੀਤੀ ਗਈ ਹੈ। ੮੪ ਲੱਖ ਮੇਦਨੀ ਵਿੱਚ ਸਾਰੇ ਜੀਅ-ਜੰਤਾਂ ਵਿੱਚ ਕੇਵਲ ਮਨੁੱਖੇ ਜਨਮ ਵਿੱਚ ਹੀ ਧਰਤੀ ਉੱਪਰ ਸਤਿਗੁਰੂ ਪ੍ਰਗਟ ਹੁੰਦਾ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਦੇ ਦਰਗਾਹੀ ਵਿਧਾਨ ਅਨੁਸਾਰ ਮਨੁੱਖੇ ਜਨਮ ਵਿੱਚ ਹੀ ਜਿਸ ਪ੍ਰਾਣੀ ਉੱਪਰ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਕਿਰਪਾ ਵਰਤਦੀ ਹੈ ਉਸ ਪ੍ਰਾਣੀ ਨੂੰ ਸਤਿਗੁਰੂ ਦੀ ਚਰਨ-ਸ਼ਰਨ ਦੀ ਪ੍ਰਾਪਤੀ ਹੁੰਦੀ ਹੈ। ਜਿਸ ਪ੍ਰਾਣੀ ਉੱਪਰ ਸਤਿ ਪਾਰਬ੍ਰਹਮ ਪਰਮੇਸ਼ਰ ਤੁਠੱਦਾ ਹੈ ਉਸ ਪ੍ਰਾਣੀ ਨੂੰ ਉਹ ਪੂਰਨ ਸੰਤ ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਲੈ ਜਾਂਦਾ ਹੈ ਅਤੇ ਉਸਦੇ ਹਿਰਦੇ ਵਿੱਚ ਸਤਿਗੁਰੂ ਲਈ ਸ਼ਰਧਾ, ਪ੍ਰੀਤ ਅਤੇ ਭਰੋਸਾ ਭਰ ਦਿੰਦਾ ਹੈ। ਜਿਸ ਪ੍ਰਾਣੀ ਉੱਪਰ ਸਤਿ ਪਾਰਬ੍ਰਹਮ ਪਰਮੇਸ਼ਰ ਮਿਹਰ, ਮਿਹਰਾਮਤ ਅਤੇ ਦਇਆ ਕਰਦਾ ਹੈ ਉਸ ਪ੍ਰਾਣੀ ਨੂੰ ਉਹ ਪੂਰਨ ਸੰਤ ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਲੈ ਜਾਂਦਾ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਦੀ ਮਿਹਰ, ਦਇਆ ਅਤੇ ਕਿਰਪਾ ਦਾ ਪਾਤਰ ਉਹ ਪ੍ਰਾਣੀ ਹੀ ਬਣਦਾ ਹੈ ਜੋ ਸਤੋ ਬਿਰਤੀ ਉੱਪਰ ਆਪਣਾ ਧਿਆਨ ਕੇਂਦਰਿਤ ਕਰਦਾ ਹੈ ਅਤੇ ਦਇਆ, ਧਰਮ, ਸੰਤੋਖ ਅਤੇ ਸੰਜਮ ਦੇ ਅਧੀਨ ਸਤਿ ਕਰਮ ਕਰਦਾ ਹੈ। ਇਸ ਲਈ ਸਾਰੀ ਲੋਕਾਈ ਦੇ ਚਰਨਾਂ ਵਿੱਚ ਸਨਿਮਰ ਬੇਨਤੀ ਹੈ ਕਿ ਆਪਣਾ ਧਿਆਨ ਸਤਿ ਦੀ ਕਰਨੀ ਉੱਪਰ ਕੇਂਦਰਿਤ ਕਰੋ। ਆਪਣੀ ਤ੍ਰਿਸ਼ਣਾ ਨੂੰ ਪੂਰੀ ਕਰਨ ਲਈ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਰੂਪੀ ਚੰਡਾਲਾਂ ਦੀ ਗੁਲਾਮੀ ਵਿੱਚ ਅਸਤਿ ਕਰਮ ਨਾ ਕਰੋ। ਅਸੀਂ ਕੇਵਲ ਸਤਿ ਦੀ ਕਰਨੀ ਇਕੱਤਰ ਕਰਨ ਨਾਲ ਹੀ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਕਿਰਪਾ, ਰਹਿਮਤ ਅਤੇ ਦਇਆ ਦੇ ਪਾਤਰ ਬਣ ਸਕਦੇ ਹਾਂ ਅਤੇ ਪੂਰਨ ਸੰਤ ਸਤਿਗੁਰੂ ਦੀ ਚਰਨ-ਸ਼ਰਨ ਦੀ ਪ੍ਰਾਪਤੀ ਕਰ ਸਕਦੇ ਹਾਂ।
ਸਤਿ ਪਾਰਬ੍ਰਹਮ ਪਰਮੇਸ਼ਰ ਦੀ ਬੰਦਗੀ ਗੁਰਪ੍ਰਸਾਦੀ ਖੇਡ ਹੈ। ਅੰਮ੍ਰਿਤ ਦੀ ਪ੍ਰਾਪਤੀ ਕੇਵਲ ਗੁਰਪ੍ਰਸਾਦੀ ਗੁਰਕਿਰਪਾ ਨਾਲ ਹੀ ਹੁੰਦੀ ਹੈ। ਗੁਰਪ੍ਰਸਾਦਿ ਦੀ ਪਰਮ ਸ਼ਕਤੀ ਜਿਸ ਮਨੁੱਖ ਉੱਪਰ ਵਰਤਦੀ ਹੈ ਕੇਵਲ ਉਸ ਨੂੰ ਅੰਮ੍ਰਿਤ ਦੀ ਪ੍ਰਾਪਤੀ ਹੁੰਦੀ ਹੈ। ਜਿਸ ਮਨੁੱਖ ਉੱਪਰ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਗੁਰਪ੍ਰਸਾਦੀ ਪਰਮ ਸ਼ਕਤੀ ਵਰਤਦੀ ਹੈ ਉਸ ਮਨੁੱਖ ਨੂੰ ਹੀ ਪੂਰਨ ਸੰਤ ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਜਾ ਕੇ ਅੰਮ੍ਰਿਤ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ।