ਅਨੰਦੁ ਸਾਹਿਬ – ਪਉੜੀ ੧੪

 

ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਹ ਕੇਰੀ ਬਿਖਮ ਮਾਰਗਿ ਚਲਣਾ

ਲਬੁ ਲੋਭੁ ਅਹੰਕਾਰੁ ਤਜਿ ਤ੍ਰਿਸਨਾ ਬਹੁਤੁ ਨਾਹੀ ਬੋਲਣਾ ਖੰਨਿਅਹੁ ਤਿਖੀ ਵਾਲਹੁ ਨਿਕੀ ਏਤੁ ਮਾਰਗਿ ਜਾਣਾ

ਗੁਰ ਪਰਸਾਦੀ ਜਿਨੀ ਆਪੁ ਤਜਿਆ ਹਰਿ ਵਾਸਨਾ ਸਮਾਣੀ ਕਹੈ ਨਾਨਕੁ ਚਾਲ ਭਗਤਾ ਜੁਗਹੁ ਜੁਗੁ ਨਿਰਾਲੀ ੧੪

{ਪੰਨਾ ੯੧੮੯੧੯}

 

ਬੰਦਗੀ ਕਰਨ ਵਾਲੇ ਮਨੁੱਖਾਂ ਦਾ ਜੀਵਨ ਸੰਸਾਰੀ ਮਨੁੱਖਾਂ ਨਾਲੋਂ ਬਿਲਕੁਲ ਵੱਖਰੇ ਹੁੰਦਾ ਹੈ। ਜਿਨ੍ਹਾਂ ਮਨੁੱਖਾਂ ਉੱਪਰ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਕਿਰਪਾ ਵਰਤਦੀ ਹੈ ਉਨ੍ਹਾਂ ਨੂੰ ਪੂਰਨ ਸੰਤ ਸਤਿਗੁਰੂ ਦੀ ਸੰਗਤ ਦੀ ਪ੍ਰਾਪਤੀ ਹੁੰਦੀ ਹੈ ਅਤੇ ਐਸੇ ਮਹਾ ਪੁਰਖ ਦੀ ਚਰਨ-ਸ਼ਰਨ ਵਿੱਚ ਜਾਣ ਨਾਲ ਉਨ੍ਹਾਂ ਮਨੁੱਖਾਂ ਨੂੰ ਗੁਰਪ੍ਰਸਾਦਿ ਦੀ ਪ੍ਰਾਪਤੀ ਹੋ ਜਾਂਦੀ ਹੈ ਅਤੇ ਉਹ ਬੰਦਗੀ ਵਿੱਚ ਗਹਿਰੇ ਉਤਰ ਜਾਂਦੇ ਹਨ। ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿੱਚ ਪਰਮ ਜੋਤ ਦਾ ਪੂਰਨ ਪ੍ਰਕਾਸ਼ ਹੋ ਜਾਂਦਾ ਹੈ ਉਨ੍ਹਾਂ ਦਾ ਜੀਵਨ ਬਦਲ ਜਾਂਦਾ ਹੈ। ਜੋ ਮਨੁੱਖ ਗੁਰਪ੍ਰਸਾਦਿ ਦੀ ਕਮਾਈ ਵਿੱਚ ਰੱਤੇ ਜਾਂਦੇ ਹਨ ਉਨ੍ਹਾਂ ਦਾ ਰੋਮ-ਰੋਮ ਪਾਵਨ ਹੋ ਜਾਂਦਾ ਹੈ। ਜੋ ਮਨੁੱਖ ਸਤਿਨਾਮ ਸਿਮਰਨ ਵਿੱਚ ਡੂੰਘੇ ਉਤਰ ਜਾਂਦੇ ਹਨ ਉਨ੍ਹਾਂ ਦੇ ਰੋਮ-ਰੋਮ ਵਿੱਚ ਸਤਿਨਾਮ ਸਮਾ ਜਾਂਦਾ ਹੈ ਅਤੇ ਉਹ ਮਾਨਸਰੋਵਰ ਵਿੱਚ ਡੁੱਬ ਜਾਂਦੇ ਹਨ। ਬੰਦਗੀ ਵਿੱਚ ਰੱਤੇ ਗਏ ਮਨੁੱਖਾਂ ਨੂੰ ਪੂਰਨ ਸਤਿ ਦਾ ਗਿਆਨ ਹੋ ਜਾਂਦਾ ਹੈ। ਬੰਦਗੀ ਵਿੱਚ ਗਹਿਰੇ ਉਤਰਣ ਦੇ ਨਾਲ ਮਾਨਸਰੋਵਰ ਵਿੱਚ ਬੈਠੇ ਹੋਏ ਮਨੁੱਖਾਂ ਨੂੰ ਪੂਰਨ ਬ੍ਰਹਮ ਗਿਆਨ ਹੋ ਜਾਂਦਾ ਹੈ ਅਤੇ ਉਨ੍ਹਾਂ ਨੂੰ ਮਾਇਆ ਦੇ ਸਾਰੇ ਭੇਦਾਂ ਦਾ ਗਿਆਨ ਹੋ ਜਾਂਦਾ ਹੈ। ਬੰਦਗੀ ਵਿੱਚ ਡੂੰਘੇ ਉਤਰਣ ਦੇ ਨਾਲ ਉਨ੍ਹਾਂ ਨੂੰ ਸੰਸਾਰਿਕ ਜੀਵਨ ਦੇ ਸਾਰੇ ਪਰਮ ਸਤਿ ਤੱਤਾਂ ਦਾ ਪੂਰਨ ਗਿਆਨ ਹੋ ਜਾਂਦਾ ਹੈ। ਜਿਨ੍ਹਾਂ ਮਨੁੱਖਾਂ ਦੇ ਰੋਮ-ਰੋਮ ਵਿੱਚ ਸਤਿਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ ਅਤੇ ਹਿਰਦਾ ਪੂਰਨ ਸਚਿਆਰੀ ਰਹਿਤ ਵਿੱਚ ਚਲਾ ਜਾਂਦਾ ਹੈ ਉਨ੍ਹਾਂ ਦਾ ਜੀਵਨ ਸਤਿ ਦੀ ਕਰਨੀ ਵਿੱਚ ਪੂਰਨ ਤੌਰ ‘ਤੇ ਚਲਾ ਜਾਂਦਾ ਹੈ। ਐਸੇ ਮਹਾ ਪੁਰਖਾਂ ਨੂੰ ਸੰਸਾਰ ਵਿੱਚ ਵਰਤ ਰਹੀ ਮਾਇਆ ਦੇ ਸਾਰੇ ਭੇਦ ਸਮਝ ਆ ਜਾਂਦੇ ਹਨ। ਉਨ੍ਹਾਂ ਨੂੰ ਇਹ ਗਿਆਨ ਹੋ ਜਾਂਦਾ ਹੈ ਕਿ ਕਿਵੇਂ ਮਾਇਆ ਨੇ ਸਾਰੇ ਸੰਸਾਰ ਨੂੰ ਆਪਣੇ ਇਸ਼ਾਰਿਆਂ ਉੱਪਰ ਨੱਚਣ ਲਾਇਆ ਹੋਇਆ ਹੈ। ਬੰਦਗੀ ਵਿੱਚ ਗਹਿਰੇ ਉਤਰ ਗਏ ਮਹਾ ਪੁਰਖਾਂ ਨੂੰ ਸੰਸਾਰ ਦਾ ਹਰ ਇੱਕ ਮਨੁੱਖ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਰੂਪੀ ਚੰਡਾਲਾਂ ਦੇ ਚੁੰਗਲ ਵਿੱਚ ਬੁਰੀ ਤਰ੍ਹਾਂ ਨਾਲ ਫਸਿਆ ਹੋਇਆ ਪ੍ਰਤੱਖ ਨਜ਼ਰ ਆਉਣ ਲੱਗ ਪੈਂਦਾ ਹੈ। ਐਸੇ ਮਹਾ ਪੁਰਖਾਂ ਨੂੰ ਇਹ ਸਤਿ ਪ੍ਰਤੱਖ ਦਿਸਣ ਲਗ ਪੈਂਦਾ ਹੈ ਕਿ ਸੰਸਾਰਿਕ ਮਨੁੱਖਾਂ ਨੂੰ ਤ੍ਰਿਸ਼ਣਾ ਕਿਵੇਂ ਦਿਨ-ਰਾਤ ਆਪਣੀ ਅਗਨ ਵਿੱਚ ਸਾੜਦੀ-ਬਾਲਦੀ ਪਈ ਹੈ। ਭਗਤਾਂ ਨੂੰ ਹਰ ਇੱਕ ਮਨੁੱਖ ਮਾਇਆ ਦੇ ਕੂੜ ਦੇ ਜਾਲ ਵਿੱਚ ਬੁਰੀ ਤਰ੍ਹਾਂ ਨਾਲ ਟੁੰਗਿਆ ਹੋਇਆ ਪ੍ਰਤੱਖ ਨਜ਼ਰ ਆਉਣ ਲੱਗ ਪੈਂਦਾ ਹੈ। ਸੰਸਾਰ ਬਾਰੇ ਇਸ ਪੂਰਨ ਸਤਿ ਨੂੰ ਪ੍ਰਤੱਖ ਦੇਖ ਕੇ ਪੂਰਨ ਸੰਤ ਸੰਸਾਰਿਕ ਲੋਕਾਂ ਨੂੰ ਪੂਰਨ ਸਤਿ ਦਾ ਉਪਦੇਸ਼ ਦੇਣ ਨਿਕਲ ਪੈਂਦੇ ਹਨ। ਪੂਰਨ ਮਹਾ ਪੁਰਖ ਸੰਸਾਰ ਵਿੱਚ ਵਰਤ ਰਹੇ ਮਾਇਆ ਦੇ ਇਸ ਵਿਨਾਸ਼ਕਾਰੀ ਖੇਲ ਦੇ ਬਾਰੇ ਇਹ ਪੂਰਨ ਸਤਿ ਲੋਕਾਈ ਨੂੰ ਦੱਸਣ ਲਈ ਨਿਕਲ ਪੈਂਦੇ ਹਨ। ਪੂਰਨ ਸੰਤ ਲੋਕਾਈ ਨੂੰ ਮਾਇਆ ਦੇ ਇਸ ਭਿਆਨਕ ਵਿਨਾਸ਼ਕਾਰੀ ਦਲਦਲ ਵਿੱਚੋਂ ਕੱਢਣ ਲਈ ਨਿਕਲ ਪੈਂਦੇ ਹਨ ਇਸ ਲਈ ਉਨ੍ਹਾਂ ਦੀ ਚਾਲ ਬਾਕੀ ਸਾਰੀ ਲੋਕਾਈ ਨਾਲੋਂ ਵੱਖਰੀ ਅਤੇ ਨਿਰਾਲੀ ਹੋ ਜਾਂਦੀ ਹੈ।

ਭਗਤਾਂ ਨੂੰ ਸਮਾਜ ਵਿੱਚ ਫੈਲੇ ਹੋਏ ਮਾਇਆ ਦੇ ਸਾਰੇ ਭਰਮ ਜਾਲ ਪ੍ਰਤੱਖ ਦਿਸਣ ਲੱਗ ਪੈਂਦੇ ਹਨ। ਭਗਤਾਂ ਨੂੰ ਮਨੁੱਖਾਂ ਦੇ ਰੋਜ਼ਾਨਾ ਸਮਾਜਿਕ ਜੀਵਨ ਵਿੱਚ ਪ੍ਰਚਲਿਤ ਸਾਰੇ ਭਰਮਾਂ ਅਤੇ ਤਰੁੱਟੀਆਂ ਦਾ ਪ੍ਰਤੱਖ ਗਿਆਨ ਹੋ ਜਾਂਦਾ ਹੈ। ਭਗਤਾਂ ਨੂੰ ਮਨੁੱਖਾਂ ਦੇ ਸਮਾਜਿਕ ਜੀਵਨ ਵਿੱਚ ਪ੍ਰਚਲਿਤ ਸਾਰੇ ਪੁੱਠੇ ਰੀਤੀ ਰਿਵਾਜਾਂ ਦਾ ਪੂਰਨ ਗਿਆਨ ਹੋ ਜਾਂਦਾ ਹੈ। ਭਗਤਾਂ ਨੂੰ ਸੰਸਾਰਿਕ ਮਨੁੱਖਾਂ ਦੇ ਰੋਜ਼ਾਨਾ ਜੀਵਨ ਵਿੱਚ ਵਾਪਰ ਰਹੇ ਸਾਰੇ ਦੁੱਖਾਂ, ਕਲੇਸ਼ਾਂ, ਰੋਗਾਂ ਅਤੇ ਸਮੱਸਿਆਵਾਂ ਦੇ ਮੂਲ ਕਾਰਨਾਂ ਦਾ ਪੂਰਨ ਗਿਆਨ ਹੋ ਜਾਂਦਾ ਹੈ। ਭਗਤਾਂ ਨੂੰ ਇਹ ਗਿਆਨ ਹੋ ਜਾਂਦਾ ਹੈ ਕਿ ਸਾਰਾ ਸਮਾਜਿਕ ਢਾਂਚਾ ਕਿਵੇਂ ਮਾਇਆ ਦੇ ਦੁਆਰਾ ਬੁਣੇ ਗਏ ਭਰਮ ਜਾਲ ਵਿੱਚ ਬੁਰੀ ਤਰ੍ਹਾਂ ਨਾਲ ਜਕੜਿਆ ਹੋਇਆ ਹੈ। ਭਗਤਾਂ ਨੂੰ ਇਸ ਸਤਿ ਦਾ ਗਿਆਨ ਹੋ ਜਾਂਦਾ ਹੈ ਕਿ ਕਿਵੇਂ ਮਨੁੱਖ ਦਾ ਸਮਾਜਿਕ ਜੀਵਨ ਪੂਰਨ ਸਤਿ ਦੇ ਪੂਰਾ ਉਲਟ ਚੱਲ ਰਿਹਾ ਹੈ। ਭਗਤਾਂ ਨੂੰ ਇਸ ਪਰਮ ਸਤਿ ਦਾ ਗਿਆਨ ਹੋ ਜਾਂਦਾ ਹੈ ਕਿ ਸਾਰਾ ਸੰਸਾਰ ਭਵਸਾਗਰ ਅਸਤਿ ਹੈ, ਕੂੜ ਹੈ ਅਤੇ ਬਿਨਸਨਹਾਰ ਹੈ। ਇਸ ਲਈ ਪੂਰਨ ਸੰਤਾਂ ਦਾ ਮਾਰਗ ਸੰਸਾਰਿਕ ਲੋਕਾਂ ਨਾਲੋਂ ਵੱਖਰਾ ਹੋ ਜਾਂਦਾ ਹੈ ਅਤੇ ਉਨ੍ਹਾਂ ਦੀ ਚਾਲ ਸਾਰੇ ਸੰਸਾਰ ਨਾਲੋਂ ਨਿਰਾਲੀ ਹੋ ਜਾਂਦੀ ਹੈ ਕਿਉਂਕਿ ਉਨ੍ਹਾਂ ਦਾ ਮਾਰਗ ਪੂਰਨ ਸਤਿ ਦਾ ਮਾਰਗ ਹੁੰਦਾ ਹੈ। ਉਹ ਪੂਰਨ ਸਤਿ ਦੀ ਸੇਵਾ ਕਰਦੇ ਹਨ, ਪੂਰਨ ਸਤਿ ਵਰਤਾਉਂਦੇ ਹਨ ਅਤੇ ਮਾਇਆ ਉਨ੍ਹਾਂ ਦੀ ਸੇਵਾ ਕਰਦੀ ਹੈ। ਇਕ ਪੂਰਨ ਸੰਤ ਅਤੇ ਆਮ ਮਨੁੱਖ ਵਿੱਚ ਇਹ ਅੰਤਰ ਹੈ ਕਿ ਪੂਰਨ ਸੰਤ ਦੀ ਮਾਇਆ ਗੁਲਾਮ ਹੁੰਦੀ ਹੈ ਅਤੇ ਉਸਦੀ ਸੇਵਾ ਕਰਦੀ ਹੈ ਜਿੱਥੇ ਕਿ ਇਕ ਆਮ ਮਨੁੱਖ ਮਾਇਆ ਦਾ ਗੁਲਾਮ ਹੁੰਦਾ ਹੈ ਅਤੇ ਉਹ ਮਾਇਆ ਦੀ ਸੇਵਾ ਕਰਦਾ ਹੈ। ਇਸ ਲਈ ਪੂਰਨ ਮਹਾ ਪੁਰਖਾਂ ਦੀ ਚਾਲ ਬਾਕੀ ਸਾਰੇ ਸੰਸਾਰੀ ਲੋਕਾਂ ਨਾਲੋਂ ਵੱਖਰੀ ਹੁੰਦੀ ਹੈ ਅਤੇ ਨਿਰਾਲੀ ਹੁੰਦੀ ਹੈ।

ਇਸ ਤੋਂ ਵੀ ਵੱਡਾ ਸਤਿ ਜੋ ਭਗਤਾਂ ਨੂੰ ਪ੍ਰਤੱਖ ਦਿਸਣ ਲੱਗ ਪੈਂਦਾ ਹੈ ਉਹ ਹੈ ਕਿ ਸੰਸਾਰਿਕ ਜੀਵਨ ਵਿੱਚ ਮਾਇਆ ਦੇ ਭਵਸਾਗਰ ਵਿੱਚ ਉਲਝਿਆ ਹੋਇਆ ਸੰਸਾਰ ਕਿਵੇਂ ਝੂਠੇ ਧਾਰਮਿਕ ਪ੍ਰਚਾਰਕਾਂ ਦੇ ਹੱਥੇ ਚੜ੍ਹਿਆ ਹੋਇਆ ਹੈ। ਭਗਤਾਂ ਨੂੰ ਇਹ ਗਿਆਨ ਹੋ ਜਾਂਦਾ ਹੈ ਕਿ ਜਿਹੜੇ ਧਰਮ (ਸੰਸਾਰਿਕ) ਵਿੱਚ ਉਸਦਾ ਜਨਮ ਹੋਇਆ ਹੈ, ਜਿਹੜੀ ਕੁਲ ਵਿੱਚ ਉਸਦਾ ਜਨਮ ਹੋਇਆ ਹੈ, ਉਹ ਧਰਮ ਅਤੇ ਕੁਲ ਦੇ ਲੋਕ ਕਿਵੇਂ ਅੰਧਵਿਸ਼ਵਾਸ ਵਿੱਚ ਵਿਚਰ ਰਹੇ ਅਗਿਆਨੀ ਅਤੇ ਸਤਿ ਤੋਂ ਪੂਰੀ ਤਰ੍ਹਾਂ ਨਾਲ ਅਨਭਿਗ ਧਾਰਮਿਕ ਪ੍ਰਚਾਰਕਾਂ ਦੇ ਬੁਣੇ ਗਏ ਭਰਮ ਜਾਲ ਵਿੱਚ ਬੁਰੀ ਤਰ੍ਹਾਂ ਨਾਲ ਫਸੇ ਹੋਏ ਹਨ। ਭਗਤਾਂ ਨੂੰ ਇਸ ਪੂਰਨ ਸਤਿ ਦਾ ਗਿਆਨ ਹੋ ਜਾਂਦਾ ਹੈ ਕਿ ਝੂਠੇ ਧਾਰਮਿਕ ਪ੍ਰਚਾਰਕ, ਜੋ ਕਿ ਖੁਦ ਮਾਇਆਧਾਰੀ ਹਨ, ਅਗਿਆਨੀ ਹਨ, ਭਰਮਾਂ ਵਿੱਚ ਜਕੜੇ ਹੋਏ ਹਨ, ਉਹ ਕਿਵੇਂ ਲੋਕਾਈ ਨੂੰ ਸਹਾਇਤਾ ਕਰਨ ਦੇ ਬਜਾਏ ਹੋਰ ਭਰਮਾਂ ਵਿੱਚ ਉਲਝਾ ਕੇ ਨਰਕ ਵੱਲ ਧਕੇਲ ਰਹੇ ਹਨ। ਜੋ ਪ੍ਰਚਾਰਕ ਆਪ ਮਾਇਆ ਦੀ ਗੁਲਾਮੀ ਦਾ ਜੀਵਨ ਜੀਅ ਰਹੇ ਹਨ ਉਹ ਝੂਠੇ ਪ੍ਰਚਾਰਕ ਲੋਕਾਈ ਨੂੰ ਕਿਵੇਂ ਉਪਦੇਸ਼ ਦੇ ਸਕਦੇ ਹਨ। ਜੋ ਪ੍ਰਚਾਰਕ ਆਪ ਆਪਣੀ ਤ੍ਰਿਸ਼ਣਾ ਨੂੰ ਬੁਝਾਉਣ ਲਈ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਰੂਪੀ ਚੰਡਾਲਾਂ ਦੇ ਗੁਲਾਮ ਹਨ; ਉਹ ਪ੍ਰਚਾਰਕ ਝੂਠੇ ਹਨ ਅਤੇ ਐਸੇ ਝੂਠੇ ਪ੍ਰਚਾਰਕ ਲੋਕਾਂ ਨੂੰ ਕੀ ਦੇ ਸਕਦੇ ਹਨ। ਜਿਨ੍ਹਾਂ ਪ੍ਰਚਾਰਕਾਂ ਨੂੰ ਪੂਰਨ ਸਤਿ ਦਾ ਗਿਆਨ ਨਹੀਂ ਹੈ ਅਤੇ ਨਾ ਹੀ ਜਿਨ੍ਹਾਂ ਦੀ ਕੋਈ ਆਪਣੀ ਕਮਾਈ ਹੈ ਉਹ ਝੂਠੇ ਪ੍ਰਚਾਰਕ ਲੋਕਾਈ ਨੂੰ ਕੀ ਦੇ ਸਕਦੇ ਹਨ। ਜਿਨ੍ਹਾਂ ਨੇ ਧਾਰਮਿਕ ਪ੍ਰਚਾਰ ਆਪਣਾ ਕਿੱਤਾ ਬਣਾ ਲਿਆ ਹੈ ਅਤੇ ਇਸ ਦੀ ਕਮਾਈ ਨਾਲ ਆਪਣਾ ਜੀਵਨ ਨਿਰਬਾਹ ਕਰ ਰਹੇ ਹਨ ਉਨ੍ਹਾਂ ਝੂਠੇ ਪ੍ਰਚਾਰਕਾਂ ਨੇ ਲੋਕਾਈ ਦਾ ਕੀ ਭਲਾ ਕਰਨਾ ਹੈ।

ਧਰਮ ਦਾ ਪ੍ਰਚਾਰ ਕੋਈ ਕਿੱਤਾ ਨਹੀਂ ਹੈ। ਧਰਮ ਦਾ ਪ੍ਰਚਾਰ ਕੋਈ ਆਪਣੀ ਰੋਜ਼ੀ-ਰੋਟੀ ਕਮਾਉਣ ਦਾ ਸਾਧਨ ਨਹੀਂ ਹੈ। ਧਰਮ ਦਾ ਮਾਰਗ ਸਤਿ ਦੀ ਕਮਾਈ ਦਾ ਮਾਰਗ ਹੈ। ਧਰਮ ਦਾ ਮਾਰਗ ਸਤਿ ਦੀ ਸੇਵਾ ਦਾ ਮਾਰਗ ਹੈ। ਧਰਮ ਦਾ ਮਾਰਗ ਸਤਿ ਵਰਤਾਉਣ ਦਾ ਮਾਰਗ ਹੈ। ਧਰਮ ਦਾ ਮਾਰਗ ਨਿਸ਼ਕਾਮ ਸੇਵਾ ਦਾ ਮਾਰਗ ਹੈ। ਜਿੱਥੇ ਕਰਨੀ ਵਿੱਚ ਕਾਮਨਾ ਆ ਜਾਵੇ ਉਹ ਸੇਵਾ ਨਹੀਂ ਹੁੰਦੀ। ਜਿੱਥੇ ਧਰਮ-ਕਰਮ ਦੇ ਬਦਲੇ ਵਿੱਚ ਧਨ-ਸੰਪਦਾ ਦੀ ਪ੍ਰਾਪਤੀ ਹੋਵੇ ਉਹ ਸੇਵਾ ਨਹੀਂ ਵਪਾਰ ਬਣ ਜਾਂਦਾ ਹੈ। ਜਿੱਥੇ ਧਨ-ਸੰਪਦਾ ਦੀ ਕਮਾਈ ਵਿੱਚ ਆ ਜਾਏ ਉਹ ਸੇਵਾ ਨਹੀਂ ਹੁੰਦੀ ਹੈ। ਜਿੱਥੇ ਮਾਇਆ ਵਰਤਦੀ ਹੋਏ ਉੱਥੇ ਰੂਹਾਨੀਅਤ ਨਹੀਂ ਵਰਤਦੀ। ਜਿੱਥੇ ਮਾਇਆ ਵਰਤਦੀ ਹੋਏ ਉੱਥੇ ਗੁਰਪ੍ਰਸਾਦਿ ਨਹੀਂ ਵਰਤਦਾ ਹੈ। ਕੀਰਤਨ, ਗੁਰਬਾਣੀ ਦਾ ਪਾਠ ਅਤੇ ਹੋਰ ਧਰਮ-ਕਰਮ ਕਰਨ ਦੇ ਬਦਲੇ ਵਿੱਚ ਧਨ-ਸੰਪਦਾ ਲੈਣਾ ਵਪਾਰ ਬਣ ਜਾਂਦਾ ਹੈ ਅਤੇ ਉਥੋਂ ਭਰੋਸਾ, ਸ਼ਰਧਾ ਅਤੇ ਪ੍ਰੀਤ ਲੁਪਤ ਹੋ ਜਾਂਦੀ ਹੈ। ਰੂਹਾਨੀਅਤ ਕੇਵਲ ਉੱਥੇ ਵਰਤਦੀ ਹੈ ਜਿੱਥੇ ਸ਼ਰਧਾ, ਪ੍ਰੀਤ ਅਤੇ ਭਰੋਸੇ ਨਾਲ ਨਿਸ਼ਕਾਮ ਸੇਵਾ ਭਾਵਨਾ ਨਾਲ ਸਤਿ ਦੀ ਸੇਵਾ ਹੁੰਦੀ ਹੈ। ਗੁਰਪ੍ਰਸਾਦਿ ਕੇਵਲ ਉੱਥੇ ਵਰਤਦਾ ਹੈ ਜਿੱਥੇ ਸ਼ਰਧਾ, ਪ੍ਰੀਤ ਅਤੇ ਭਰੋਸੇ ਨਾਲ ਨਿਸ਼ਕਾਮ ਸੇਵਾ ਭਾਵਨਾ ਨਾਲ ਸਤਿ ਦੀ ਸੇਵਾ ਹੁੰਦੀ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਦੀ ਬੰਦਗੀ ਵਿੱਚ ਮੰਗਣਾ (ਸੰਸਾਰਿਕ ਵਸਤੂਆਂ ਦਾ) ਜਾਂ ਲੈਣਾ ਨਹੀਂ ਹੁੰਦਾ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਦੀ ਬੰਦਗੀ ਵਿੱਚ ਕੇਵਲ ਦੇਣਾ ਹੁੰਦਾ ਹੈ। ਤਨ, ਮਨ ਅਤੇ ਧਨ ਸਤਿਗੁਰੂ ਦੇ ਸਤਿ ਚਰਨਾਂ ਉੱਪਰ ਅਰਪਣ ਕਰਨਾ ਹੀ ਬੰਦਗੀ ਹੈ। ਪੂਰਨ ਸ਼ਰਧਾ, ਪ੍ਰੀਤ ਅਤੇ ਭਰੋਸੇ ਨਾਲ ਸਤਿਗੁਰੂ ਦੇ ਸਤਿ ਚਰਨਾਂ ‘ਤੇ ਆਪਣਾ ਪੂਰਨ ਸਮਰਪਣ ਹੀ ਬੰਦਗੀ ਹੈ। ਕੇਵਲ ਪੂਰਨ ਸੰਤ ਹੀ ਧਰਮ ਕਰਦਾ ਹੈ। ਕੇਵਲ ਸੰਤ ਦਾ ਮਾਰਗ ਹੀ ਧਰਮ ਦੀ ਪਉੜੀ ਹੈ। ਧਰਮ ਦਾ ਭਾਵ ਹੈ ਸਤਿ ਪਾਰਬ੍ਰਹਮ ਪਰਮੇਸ਼ਰ ਵਿੱਚ ਅਭੇਦ ਹੋ ਜਾਣਾ। ਧਰਮ ਦਾ ਭਾਵ ਹਿੰਦੂ ਧਰਮ, ਸਿੱਖ ਧਰਮ, ਇਸਾਈ ਧਰਮ ਜਾਂ ਹੋਰ ਧਰਮ ਜੋ ਅੱਜ ਦੀ ਦੁਨੀਆਂ ਵਿੱਚ ਆਮ ਪ੍ਰਚਾਰਕਾਂ ਦੀ ਭਾਸ਼ਾ ਵਿੱਚ ਜਾਣੇ ਜਾਂਦੇ ਹਨ, ਇਹ ਸਭ ਨਹੀਂ ਹੈ। ਧਰਮ ਦਾ ਪੂਰਨ ਬ੍ਰਹਮ ਗਿਆਨ ਦੀ ਭਾਸ਼ਾ ਵਿੱਚ ਭਾਵ ਹੈ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਿਰਗੁਣ ਸਰੂਪ ਵਿੱਚ ਅਭੇਦ ਹੋ ਜਾਣਾ। ਧਰਮ ਦਾ ਮਾਰਗ ਹੈ ਤ੍ਰਿਸ਼ਣਾ ਦਾ ਬੁਝਣਾ ਅਤੇ ਪੰਜ ਦੂਤਾਂ ਨੂੰ ਜਿੱਤ ਕੇ ਹਿਰਦੇ ਦੀ ਪੂਰਨ ਸਚਿਆਰੀ ਰਹਿਤ ਦੀ ਪ੍ਰਾਪਤੀ ਕਰ ਪ੍ਰਗਟਿਓ ਜੋਤ ਅਤੇ ਪੂਰਨ ਬ੍ਰਹਮ ਗਿਆਨ ਦਾ ਪ੍ਰਗਟ ਹੋ ਜਾਣਾ। ਧਰਮ ਦਾ ਭਾਵ ਹੈ ਅਕਾਲ ਪੁਰਖ ਦੇ ਦਰਸ਼ਨ, ਅਕਾਲ ਪੁਰਖ ਵਿੱਚ ਅਭੇਦਤਾ ਅਤੇ ਪੂਰਨ ਤੱਤ ਗਿਆਨ ਦੀ ਪ੍ਰਾਪਤੀ। ਧਰਮ ਦਾ ਭਾਵ ਹੈ ਮਹਾ ਪਰਉਪਕਾਰ — ਸੰਗਤ ਵਿੱਚ ਆਉਣ ਵਾਲੇ ਮਨੁੱਖਾਂ ਦਾ ਜ਼ਹਿਰ ਪੀਣਾ ਅਤੇ ਉਨ੍ਹਾਂ ਨੂੰ ਸਤਿਨਾਮ ਦਾ ਗੁਰਪ੍ਰਸਾਦਿ ਵਰਤਾਉਣਾ। ਧਰਮ ਦਾ ਭਾਵ ਹੈ ਸੰਗਤ ਨੂੰ ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਮਹਾ ਪਰਉਪਕਾਰ ਦੇ ਗੁਰਪ੍ਰਸਾਦਿ ਦਾ ਵਰਤਾਉਣਾ। ਧਰਮ ਦਾ ਭਾਵ ਹੈ ਸੰਗਤ ਨੂੰ ਪੂਰਨ ਸਤਿ ਵਰਤਾਉਣਾ। ਧਰਮ ਦਾ ਭਾਵ ਹੈ ਪੂਰਨ ਸਤਿ ਦੀ ਸੇਵਾ ਕਰਨੀ ਅਤੇ ਪੂਰਨ ਸਤਿ; ਸੰਗਤ ਨੂੰ ਵਰਤਾਉਣਾ। ਇਸ ਲਈ ਪੂਰਨ ਸੰਤਾਂ ਦਾ ਮਾਰਗ ਬਾਕੀ ਦੁਨਿਆਵੀ ਅਤੇ ਝੂਠੇ ਪ੍ਰਚਾਰਕਾਂ ਨਾਲੋਂ ਵੱਖਰਾ ਹੁੰਦਾ ਹੈ। ਕਿਉਂਕਿ ਪੂਰਨ ਸੰਤ ਸੰਸਾਰ ਵਿੱਚ ਪ੍ਰਚਲਿਤ ਇਨ੍ਹਾਂ ਸਾਰੇ ਭਰਮਾਂ ਅਤੇ ਪਖੰਡਾਂ ਦਾ ਖੰਡਨ ਕਰਦੇ ਹਨ। ਐਸੇ ਪੂਰਨ ਬ੍ਰਹਮ ਗਿਆਨੀ ਮਹਾ ਪੁਰਖ ਜਦ ਪੂਰਨ ਸਤਿ ਸੰਗਤ ਦੇ ਸਨਮੁਖ ਪ੍ਰਗਟ ਕਰਦੇ ਹਨ ਤਾਂ ਝੂਠੇ ਧਰਮ ਪ੍ਰਚਾਰਕਾਂ ਨੂੰ ਪੂਰਨ ਸਤਿ ਹਜ਼ਮ ਨਹੀਂ ਹੁੰਦਾ ਅਤੇ ਇਹ ਝੂਠੇ ਪ੍ਰਚਾਰਕ ਪੂਰਨ ਸੰਤਾਂ ਦੀ ਨਿੰਦਿਆ ਵਿੱਚ ਪੈ ਕੇ ਆਪਣਾ ਸਰਵਨਾਸ਼ ਕਰਨ ਲੱਗ ਜਾਂਦੇ ਹਨ। ਇਸ ਲਈ ਪੂਰਨ ਸੰਤਾਂ ਦੀ ਚਾਲ ਬਾਕੀ ਦੇ ਸੰਸਾਰ ਤੋਂ ਵੱਖਰੀ ਹੋ ਜਾਂਦੀ ਹੈ ਕਿਉਂਕਿ ਉਨ੍ਹਾਂ ਦਾ ਮਾਰਗ ਪੂਰਨ ਸਤਿ ਦਾ ਮਾਰਗ ਹੁੰਦਾ ਹੈ ਨਾ ਕਿ ਮਾਇਆ ਪਿੱਛੇ ਭੱਜਣ ਦਾ ਮਾਰਗ। ਕਿਉਂਕਿ ਪੂਰਨ ਸੰਤ ਪੂਰਨ ਸਤਿ ਬੋਲਦੇ ਹਨ, ਪੂਰਨ ਸਤਿ ਵਰਤਾਉਂਦੇ ਹਨ ਅਤੇ ਪੂਰਨ ਸਤਿ ਦੀ ਸੇਵਾ ਕਰਦੇ ਹਨ ਇਸ ਲਈ ਉਨ੍ਹਾਂ ਦੀ ਚਾਲ ਬਾਕੀ ਸੰਸਾਰ ਨਾਲੋਂ ਨਿਰਾਲੀ ਹੋ ਜਾਂਦੀ ਹੈ।

“ਸਿੱਖ ਧਰਮ” ਨਾਂ ਦਾ ਕੋਈ ਸ਼ਬਦ ਗੁਰਬਾਣੀ ਵਿੱਚ ਦਰਜ ਨਹੀਂ ਹੈ। ਇਹ ਦੋਨੋਂ ਸ਼ਬਦ ਅਲੱਗ-ਅਲੱਗ ਗੁਰਬਾਣੀ ਵਿੱਚ ਪ੍ਰਗਟ ਹੋਏ ਹਨ। ਇਹ ਦੋਨੋਂ ਸ਼ਬਦ ਗੁਰਬਾਣੀ ਵਿੱਚ ਇਕੱਠੇ ਪ੍ਰਗਟ ਨਹੀਂ ਹੋਏ ਹਨ। ਇਸ ਲਈ “ਸਿੱਖ” ਅਤੇ “ਧਰਮ” ਦੋ ਅਲੱਗ-ਅਲੱਗ ਸ਼ਬਦ ਹਨ। ਸ਼ਬਦ “ਧਰਮ” ਦਾ ਭਾਵ ਪਹਿਲਾਂ ਹੀ ਵਿਚਾਰਿਆ ਜਾ ਚੁੱਕਾ ਹੈ। ਸ਼ਬਦ “ਸਿੱਖ” ਦੇ ਦੋ ਭਾਵ ਹਨ। ਪਹਿਲਾ ਭਾਵ ਹੈ ਸਤਿਗੁਰੂ ਦੀ ਸਿੱਖਿਆ, ਸਤਿਗੁਰੂ ਦਾ ਉਪਦੇਸ਼, ਸਤਿਗੁਰੂ ਦੀ ਦੀਖਿਆ, ਸਤਿਗੁਰੂ ਦਾ ਹੁਕਮ, ਸਤਿਗੁਰੂ ਦੇ ਬਚਨ। ਇਸ ਪਰਮ ਸਤਿ ਨੂੰ ਗੁਰਬਾਣੀ ਦੇ ਵਿੱਚ ਬਹੁਤ ਵਾਰ ਦ੍ਰਿੜ੍ਹ ਕਰਵਾਇਆ ਗਿਆ ਹੈ:

ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ

{ਪੰਨਾ }

ਨਾਨਕੁ ਸਿਖ ਦੇਇ ਮਨ ਪ੍ਰੀਤਮ ਸਾਧਸੰਗਿ ਭ੍ਰਮੁ ਜਾਲੇ

{ਪੰਨਾ ੭੯}

ਹਉ ਤੁਧੁ ਆਖਾ ਮੇਰੀ ਕਾਇਆ ਤੂੰ ਸੁਣਿ ਸਿਖ ਹਮਾਰੀ

{ਪੰਨਾ ੧੫੪-੧੫੫}

ਮਨ ਕਰਹਲਾ ਮੇਰੇ ਪਿਆਰਿਆ ਇਕ ਗੁਰ ਕੀ ਸਿਖ ਸੁਣਾਇ

{ਪੰਨਾ ੨੩੪}

ਦੂਜਾ ਭਾਵ “ਸਿੱਖ” ਸ਼ਬਦ ਦਾ ਹੈ ਉਹ ਮਨੁੱਖ ਜੋ ਸਤਿਗੁਰੂ ਦਾ ਚੇਲਾ ਹੈ, ਉਹ ਮਨੁੱਖ ਜੋ ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਪੂਰਨ ਸਮਰਪਣ ਕਰਦਾ ਹੈ, ਉਹ ਮਨੁੱਖ ਜਿਸ ਨੂੰ ਸਤਿਗੁਰੂ ਨੇ ਦੀਖਿਆ ਦਿੱਤੀ ਹੈ, ਜਿਸ ਨੂੰ ਜੀਵਨ ਮੁਕਤੀ ਦੇ ਮਾਰਗ ਉੱਪਰ ਤੋਰਨ ਲਈ ਬੰਦਗੀ ਦਾ ਗੁਰਪ੍ਰਸਾਦਿ ਦੇ ਕੇ ਸਤਿਗੁਰੂ ਨੇ ਉਸਦੀ ਬਾਂਹ ਫੜੀ ਹੈ। ਇਸ ਪਰਮ ਸਤਿ ਤੱਤ ਨੂੰ ਗੁਰਬਾਣੀ ਵਿੱਚ ਬਾਰ-ਬਾਰ ਦ੍ਰਿੜ੍ਹ ਕਰਵਾਇਆ ਗਿਆ ਹੈ:

ਸਤਿਗੁਰੁ ਸਿਖ ਕੀ ਕਰੈ ਪ੍ਰਤਿਪਾਲ ਸੇਵਕ ਕਉ ਗੁਰੁ ਸਦਾ ਦਇਆਲ

ਸਿਖ ਕੀ ਗੁਰੁ ਦੁਰਮਤਿ ਮਲੁ ਹਿਰੈ ਗੁਰ ਬਚਨੀ ਹਰਿ ਨਾਮੁ ਉਚਰੈ

ਸਤਿਗੁਰੁ ਸਿਖ ਕੇ ਬੰਧਨ ਕਾਟੈ ਗੁਰ ਕਾ ਸਿਖੁ ਬਿਕਾਰ ਤੇ ਹਾਟੈ

ਸਤਿਗੁਰੁ ਸਿਖ ਕਉ ਨਾਮ ਧਨੁ ਦੇਇ ਗੁਰ ਕਾ ਸਿਖੁ ਵਡਭਾਗੀ ਹੇ

ਸਤਿਗੁਰੁ ਸਿਖ ਕਾ ਹਲਤੁ ਪਲਤੁ ਸਵਾਰੈ ਨਾਨਕ ਸਤਿਗੁਰੁ ਸਿਖ ਕਉ ਜੀਅ ਨਾਲਿ ਸਮਾਰੈ

{ਪੰਨਾ ੨੮੬}

ਸਚਿਆਰ ਸਿਖ ਬਹਿ ਸਤਿਗੁਰ ਪਾਸਿ ਘਾਲਨਿ ਕੂੜਿਆਰ ਨ ਲਭਨੀ ਕਿਤੈ ਥਾਇ ਭਾਲੇ

{ਪੰਨਾ ੩੦੪-੩੦੫}

ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ

{ਪੰਨਾ ੩੦੫}

ਇਸ ਲਈ ‘ਸਿੱਖ’ ਦਾ ਭਾਵ ‘ਧਰਮ’ ਨਹੀਂ ਹੈ। ਪਰੰਤੂ ‘ਸਿੱਖ’ ਦਾ ਭਾਵ ‘ਧਰਮ’ ਦੀ ਸਿੱਖਿਆ ਹੈ ਅਤੇ ‘ਧਰਮ’ ਦੇ ਮਾਰਗ ਉੱਪਰ ਚੱਲਣ ਵਾਲਾ ਮਨੁੱਖ ‘ਸਿੱਖ’ ਹੈ। ਠੀਕ ਇਸੇ ਤਰ੍ਹਾਂ ਨਾਲ ਹਿੰਦੂ ਕੋਈ ਧਰਮ ਨਹੀਂ ਹੈ, ਨਾ ਹੀ ਮੁਸਲਮਾਨ ਕੋਈ ਧਰਮ ਹੈ ਅਤੇ ਨਾ ਹੀ ਇਸਾਈ ਕੋਈ ਧਰਮ ਹੈ। ਹਿੰਦੂ, ਮੁਸਲਮਾਨ, ਸਿੱਖ, ਇਸਾਈ ਅਤੇ ਹੋਰ ਜਿਤਨੇ ਵੀ ਫਿਰਕੇ (ਸੰਸਾਰ ਵਿੱਚ ਪ੍ਰਚਲਿਤ ਧਰਮ) ਜੋ ਅੱਜ ਦੇ ਸੰਸਾਰ ਵਿੱਚ ਪ੍ਰਚਲਿਤ ਹਨ; ਸਾਰੇ ਦੇ ਸਾਰੇ ਮਨੁੱਖੀ ਮਨ ਦੀ ਉਪਜ ਹਨ। ਮਨੁੱਖੀ ਫਿਰਕਿਆਂ (ਸੰਸਾਰ ਵਿੱਚ ਪ੍ਰਚਲਿਤ ਧਰਮ) ਵਿੱਚ ਖੜ੍ਹੀਆਂ ਕੀਤੀਆਂ ਇਹ ਦੀਵਾਰਾਂ ਕੇਵਲ ਮਨੁੱਖੀ ਮਨ ਦੀ ਉਪਜ ਹਨ। ਸਤਿ ਪਾਰਬ੍ਰਹਮ ਦੀ ਦਰਗਾਹ ਵਿੱਚ ਇਨ੍ਹਾਂ ਵੱਖ-ਵੱਖ ਫਿਰਕਿਆਂ ਦਾ ਕੋਈ ਵਜੂਦ ਨਹੀਂ ਹੈ। ਦਰਗਾਹ ਵਿੱਚ ਸਾਰੀ ਮਨੁੱਖ ਜਾਤੀ ਕੇਵਲ ਇਕ ਹੀ ਜਾਤ ਕਰਕੇ ਜਾਣੀ ਜਾਂਦੀ ਹੈ – ‘ਮਾਨਸ ਕੀ ਜਾਤ’। ਧੰਨ ਧੰਨ ਸਤਿਗੁਰੂ ਅਵਤਾਰ ਦਸਮ ਪਾਤਸ਼ਾਹ ਜੀ ਨੇ ਇਸ ਪਰਮ ਸਤਿ ਨੂੰ ਆਪਣੀ ਬਾਣੀ ਵਿੱਚ ਪ੍ਰਤੱਖ ਪ੍ਰਗਟ ਕੀਤਾ ਹੈ: ‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ’। ਧੰਨ ਧੰਨ ਸਤਿਗੁਰੂ ਅਵਤਾਰ ਪੰਚਮ ਪਾਤਸ਼ਾਹ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਸਾਰੇ ਫਿਰਕਿਆਂ ਅਤੇ ਕੁਲਾਂ ਵਿੱਚ ਜਨਮੇ ਪੂਰਨ ਸੰਤਾਂ, ਭਗਤਾਂ ਅਤੇ ਪੂਰਨ ਬ੍ਰਹਮ ਗਿਆਨੀਆਂ ਦੀ ਬਾਣੀ ਦਰਜ ਕਰਕੇ ਇਸ ਪੂਰਨ ਸਤਿ ਦਾ ਪ੍ਰਤੱਖ ਪ੍ਰਮਾਣ ਸਾਰੀ ਲੋਕਾਈ ਦੇ ਸਨਮੁਖ ਪ੍ਰਗਟ ਕੀਤਾ ਹੈ ਕਿ ਕੋਈ ਦੁਨਿਆਵੀ ਜਾਤ/ਧਰਮ ਦਾ ਦਰਗਾਹ ਵਿੱਚ ਕੋਈ ਵਜੂਦ ਨਹੀਂ ਹੈ। ਧਰਮ ਦੇ ਨਾਂ ‘ਤੇ ਖੜ੍ਹੀਆਂ ਕੀਤੀਆਂ ਗਈਆਂ ਇਹ ਦੀਵਾਰਾਂ (ਹਿੰਦੂ, ਸਿੱਖ, ਮੁਸਲਮਾਨ, ਇਸਾਈ ਆਦਿ) ਦਾ ਦਰਗਾਹ ਵਿੱਚ ਕੋਈ ਵਜੂਦ ਨਹੀਂ ਹੈ ਅਤੇ ਇਹ ਸਭ ਦੀਵਾਰਾਂ ਦਾ ਆਧਾਰ ਕੇਵਲ ਮਾਇਆ ਅਤੇ ਝੂਠ ਹਨ। ਗੁਰੂ ਗ੍ਰੰਥ ਸਾਹਿਬ ਵਿੱਚ ਸਾਰੇ ਫਿਰਕਿਆਂ ਅਤੇ ਕੁਲਾਂ ਵਿੱਚ ਜਨਮੇ ਪੂਰਨ ਸੰਤਾਂ, ਭਗਤਾਂ ਅਤੇ ਪੂਰਨ ਬ੍ਰਹਮ ਗਿਆਨੀਆਂ ਦੀ ਬਾਣੀ ਦਰਜ ਕਰਕੇ ਸਤਿਗੁਰੂ ਪੰਚਮ ਪਾਤਸ਼ਾਹ ਨੇ ਇਨ੍ਹਾਂ ਸਾਰੀਆਂ ਝੂਠੀਆਂ ਦੀਵਾਰਾਂ (ਹਿੰਦੂ, ਸਿੱਖ, ਮੁਸਲਮਾਨ, ਇਸਾਈ ਆਦਿ) ਨੂੰ ਤੋੜਿਆ ਹੈ ਅਤੇ ਸਾਰੀ ਲੋਕਾਈ ਨੂੰ ਇਹ ਪ੍ਰਗਟ ਕਰਕੇ ਦਿਖਾ ਦਿੱਤਾ ਹੈ ਕਿ ਇਹ ਦੀਵਾਰਾਂ ਧਰਮ ਦੇ ਮਾਰਗ ਵਿੱਚ ਵੱਡੀ ਅੜਚਨ ਦਾ ਕੰਮ ਕਰਦੀਆਂ ਹਨ। ਸਤਿਗੁਰੂ ਪਾਤਸ਼ਾਹ ਨੇ ਇਸ ਪਰਮ ਸਤਿ ਤੱਤ ਨੂੰ ਪ੍ਰਗਟ ਕੀਤਾ ਹੈ ਕਿ ਕੇਵਲ ਇੱਕੋ ਜਾਤ ਹੈ ਸਾਰੇ ਸੰਸਾਰ ਵਿੱਚ – ‘ਮਾਨਸ ਕੀ ਜਾਤ’। ਇਸ ਲਈ ਗੁਰਬਾਣੀ ਨੂੰ ਗੁਰੂ ਕਰਕੇ ਜਾਣਨ ਵਾਲੇ, ਮੰਨਣ ਵਾਲੇ ਅਤੇ ਗੁਰਬਾਣੀ ਦੇ ਅੱਗੇ ਆਪਣਾ ਸੀਸ ਨਿਵਾਉਣ ਵਾਲੇ ਲੋਕ ਜਦ ਇਨ੍ਹਾਂ ਸੰਸਾਰਿਕ ਫਿਰਕਿਆਂ (ਹਿੰਦੂ, ਸਿੱਖ, ਮੁਸਲਮਾਨ, ਇਸਾਈ ਆਦਿ) ਦੀਆਂ ਦੀਵਾਰਾਂ ਬਣਾਉਣ ਦੀ ਗੱਲ ਕਰਦੇ ਹਨ ਤਾਂ ਉਹ ਗੁਰਬਾਣੀ ਪੂਰਨ ਸਤਿ ‘ਗੁਰੂ’ ਦੀ ਨਿਰਾਦਰੀ ਕਰਦੇ ਹਨ ਅਤੇ ਧਰਮ ਦਾ ਝੂਠਾ ਪ੍ਰਚਾਰ ਕਰਦੇ ਹਨ। ਐਸੇ ਝੂਠੇ ਪ੍ਰਚਾਰਕ ਲੋਕਾਈ ਨੂੰ ਭਰਮ ਅਤੇ ਪਖੰਡ ਦੇ ਮਾਰਗ ਉੱਪਰ ਪਾਉਣ ਦਾ ਅਸਤਿ ਅਤੇ ਵਿਨਾਸ਼ਕਾਰੀ ਕਰਮ ਕਰਦੇ ਹਨ। ਇਹ ਹੀ ਅੰਤਰ ਹੈ ਇੱਕ ਪੂਰਨ ਸੰਤ ਵਿੱਚ ਅਤੇ ਇੱਕ ਆਮ (ਝੂਠੇ) ਪ੍ਰਚਾਰਕ ਵਿੱਚ, ਪੂਰਨ ਸੰਤ ਜੋ ਗੁਰਬਾਣੀ ਵਿੱਚ ਲਿਖਿਆ ਹੈ ਉਸ ਉਪਦੇਸ਼ ਦੀ ਪਹਿਲਾਂ ਆਪ ਕਮਾਈ ਕਰਦੇ ਹਨ ਅਤੇ ਫਿਰ ਸੰਗਤ ਨੂੰ ਗੁਰਬਾਣੀ ਦੇ ਉਪਦੇਸ਼ ਦੀ ਕਮਾਈ ਕਰਨ ਵਿੱਚ ਸਹਾਇਤਾ ਕਰਦੇ ਹਨ ਅਤੇ ਭਰਮਾਂ ਦਾ ਨਾਸ ਕਰਕੇ ਪੂਰਨ ਸਤਿ ਦੇ ਮਾਰਗ ਉੱਪਰ ਚੱਲਣ ਲਈ ਸਹਾਇਤਾ ਕਰਦੇ ਹਨ। ਇਸ ਲਈ ਪੂਰਨ ਸੰਤਾਂ ਦੀ ਚਾਲ ਬਾਕੀ ਸਾਰੇ ਸੰਸਾਰ ਨਾਲੋਂ ਵੱਖਰੀ ਅਤੇ ਅਨੋਖੀ ਹੁੰਦੀ ਹੈ ਕਿਉਂਕਿ ਉਹ ਜੋ ਕੁਝ ਵੀ ਕਰਦੇ ਹਨ ਉਹ ਸੰਸਾਰ ਅਤੇ ਸਮਾਜ ਵਿੱਚ ਵਾਪਰ ਰਹੇ ਅਸਤਿ ਦੇ ਵਿਰੁੱਧ ਅਤੇ ਉਸਨੂੰ ਸਹੀ ਕਰਨ ਵਾਸਤੇ ਹੁੰਦਾ ਹੈ।

ਇਸ ਲਈ ਜਦ ਮਨੁੱਖ ਪੂਰਨ ਅਵਸਥਾ ਵਿੱਚ ਪਹੁੰਚ ਕੇ ਪ੍ਰਗਟਿਓ ਜੋਤ ਰੂਪ ਹੋ ਕੇ ਧਰਤੀ ਉੱਪਰ ਪ੍ਰਗਟ ਹੁੰਦਾ ਹੈ ਤਾਂ ਉਹ ਸਭ ਤੋਂ ਪਹਿਲਾਂ ਆਪਣੇ ਹੀ ਕੁਲ, ਜਾਤ ਜਾਂ ਜਿਸ ਫਿਰਕੇ (ਸੰਸਾਰਿਕ ਤੌਰ ਦੇ ਜਾਣੇ ਜਾਉਣ ਵਾਲੇ ਧਰਮ) ਵਿੱਚ ਵਾਪਰ ਰਹੇ ਭਰਮਾਂ ਅਤੇ ਪਖੰਡਾਂ ਦੇ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਦਾ ਹੈ। ਕਿਉਂਕਿ ਐਸੇ ਪੂਰਨ ਮਹਾ ਪੁਰਖ ਦੀ ਕਰਨੀ ਸੰਸਾਰਿਕ ਮਾਇਆ ਦੀ ਕਰਨੀ ਤੋਂ ਉਲਟ ਅਤੇ ਵੱਖਰੀ ਹੁੰਦੀ ਹੈ ਇਸ ਲਈ ਲੋਕ ਉਸਨੂੰ ਬਉਰਾ, ਕਮਲਾ ਅਤੇ ਪਾਗਲ ਸਮਝਣ ਲੱਗ ਪੈਂਦੇ ਹਨ। ਨਿਰੰਕਾਰ ਰੂਪ ਸਤਿਗੁਰ ਅਵਤਾਰ ਧੰਨ ਧੰਨ ਨਾਨਕ ਪਾਤਸ਼ਾਹ ਜੀ ਨੂੰ ਵੀ ਲੋਕਾਈ ਨੇ ਨਹੀਂ ਬਖਸ਼ਿਆ ਅਤੇ “ਭੂਤਨਾ, ਬੇਤਾਲਾ ਅਤੇ ਵੇਚਾਰਾ” ਵਰਗੇ ਸ਼ਬਦਾਂ ਨਾਲ ਸੰਬੋਧਨ ਕਰਦੇ ਹੋਏ ਉਨ੍ਹਾਂ ਦੀ ਭਰਪੂਰ ਨਿੰਦਿਆ ਕੀਤੀ। ਕਿਉਂਕਿ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਸ਼ਾਹ ਜੀ ਨੇ ਉਸ ਸਮੇਂ ਸੰਸਾਰ ਵਿੱਚ ਧਰਮ ਦੇ ਨਾਂ ‘ਤੇ ਵਾਪਰ ਰਹੇ ਸਾਰੇ ਭਰਮਾਂ ਅਤੇ ਪਖੰਡਾਂ ਦੇ ਖਿਲਾਫ ਪੂਰਨ ਬ੍ਰਹਮ ਗਿਆਨ ਲੋਕਾਈ ਨੂੰ ਦੇਣਾ ਸ਼ੁਰੂ ਕੀਤਾ ਜੋ ਕਿ ਮਾਇਆ ਵਿੱਚ ਗਰਕ ਰਹੀ ਲੋਕਾਈ ਲਈ ਇਲਾਹੀ ਵਰਦਾਨ ਸੀ, ਜੋ ਕਿ ਸਾਰੀ ਲੋਕਾਈ ਲਈ ਉੱਚਤਮ ਕੋਟੀ ਦਾ ਦਰਗਾਹੀ ਗੁਰਪ੍ਰਸਾਦਿ ਸੀ, ਪਰੰਤੂ ਜਿਨ੍ਹਾਂ ਮੂਰਖ ਮਨੁੱਖਾਂ ਨੂੰ ਇਹ ਸਮਝ ਨਹੀਂ ਆਇਆ ਉਨ੍ਹਾਂ ਨੇ ਸੱਚੇ ਪਾਤਸ਼ਾਹ ਸਤਿਗੁਰ ਨਾਨਕ ਪਾਤਸ਼ਾਹ ਜੀ ਨੂੰ “ਭੂਤਨਾ, ਬੇਤਾਲਾ, ਦੀਵਾਨਾ ਅਤੇ ਵੇਚਾਰਾ” ਕਹਿ ਕੇ ਨਿੰਦਿਆ ਕੀਤੀ ਅਤੇ ਆਪਣੇ ਕਾਲੇ ਕਰਮ ਲਿਖਦੇ ਹੋਏ ਆਪਣੇ ਹੀ ਸਰਵਨਾਸ਼ ਨੂੰ ਨਿਓਂਤਾ ਦਿੱਤਾ। ਭੂਤਨਾ ਤੋਂ ਭਾਵ ਹੈ ਪ੍ਰੇਤ ਅਤੇ ਬੇਤਾਲਾ ਤੋਂ ਭਾਵ ਹੈ ਜਿੰਨ ਅਤੇ ਵੇਚਾਰਾ ਤੋਂ ਭਾਵ ਹੈ ਜਿਸਦਾ ਕੋਈ ਸਹਾਰਾ ਨਾ ਹੋਏ। ਬਉਰਾਨਾ ਤੋਂ ਭਾਵ ਹੈ ਕਮਲਾ ਅਤੇ ਝੱਲਾ। ਐਸੀ ਮਹਾਨ ਸ਼ਖਸੀਅਤ ਜੋ ਧਰਤੀ ਉੱਪਰ ਆਪ ਨਿਰੰਕਾਰ ਦੀ ਪਰਮ ਜੋਤ ਪੂਰਨ ਪ੍ਰਕਾਸ਼ ਪੂਰਨ ਸੰਤ ਸਤਿਗੁਰੂ ਨਾਨਕ ਪਾਤਸ਼ਾਹ ਜੋ ਅਕਾਲ ਪੁਰਖ ਦੇ ਅਵਤਾਰ ਰੂਪ ਵਿੱਚ ਧਰਤੀ ਉੱਪਰ ਸਾਰੀ ਲੋਕਾਈ ਦਾ ਮਹਾ ਪਰਉਪਕਾਰ ਕਰਦੇ ਹੋਏ ਪ੍ਰਗਟ ਹੋਏ ਉਨ੍ਹਾਂ ਦੀ ਵੀ ਲੋਕਾਂ ਨੇ ਇਤਨੇ ਭਿਆਨਕ ਸ਼ਬਦਾਂ ਦੇ ਨਾਲ ਨਿੰਦਿਆ ਕੀਤੀ। ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਸ਼ਾਹ ਜੀ ਨੇ ਆਪਣੀ ਹੀ ਆਪ ਬੀਤੀ ਇਸ ਪਰਮ ਸ਼ਕਤੀਸ਼ਾਲੀ ਸਲੋਕ ਵਿੱਚ ਬਿਆਨ ਕੀਤੀ ਹੈ:

ਮਾਰੂ ਮਹਲਾ ੧

ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ ਕੋਈ ਆਖੈ ਆਦਮੀ ਨਾਨਕੁ ਵੇਚਾਰਾ

ਭਇਆ ਦਿਵਾਨਾ ਸਾਹ ਕਾ ਨਾਨਕੁ ਬਉਰਾਨਾ ਹਉ ਹਰਿ ਬਿਨੁ ਅਵਰੁ ਨ ਜਾਨਾ ਰਹਾਉ

ਤਉ ਦੇਵਾਨਾ ਜਾਣੀਐ ਜਾ ਭੈ ਦੇਵਾਨਾ ਹੋਇ ਏਕੀ ਸਾਹਿਬ ਬਾਹਰਾ ਦੂਜਾ ਅਵਰੁ ਨ ਜਾਣੈ ਕੋਇ

ਤਉ ਦੇਵਾਨਾ ਜਾਣੀਐ ਜਾ ਏਕਾ ਕਾਰ ਕਮਾਇ ਹੁਕਮੁ ਪਛਾਣੈ ਖਸਮ ਕਾ ਦੂਜੀ ਅਵਰ ਸਿਆਣਪ ਕਾਇ

ਤਉ ਦੇਵਾਨਾ ਜਾਣੀਐ ਜਾ ਸਾਹਿਬ ਧਰੇ ਪਿਆਰੁ ਮੰਦਾ ਜਾਣੈ ਆਪ ਕਉ ਅਵਰੁ ਭਲਾ ਸੰਸਾਰੁ

{ਪੰਨਾ ੯੯੧}

ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਸ਼ਾਹ ਜੀ ਨੇ ਸੰਸਾਰ ਵਿੱਚ ਵਿਚਰਦੇ ਹੋਏ ਆਪਣੇ ਜਾਤੀ ਅਨੁਭਵਾਂ ਦੇ ਆਧਾਰ ‘ਤੇ ਇਹ (ਉੱਪਰ ਲਿਖੇ ਗਏ ਸਲੋਕ ਵਿਚ) ਪੂਰਨ ਬ੍ਰਹਮ ਗਿਆਨ ਸਾਰੀ ਲੋਕਾਈ ਦੀ ਝੋਲੀ ਵਿੱਚ ਪਾਇਆ ਹੈ। ਇਹ ਪੂਰਨ ਸਤਿ ਹੈ ਕਿ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਇਲਾਹੀ ਇਸ਼ਕ ਵਿੱਚ ਰੱਤੇ ਹੋਏ (ਨਾਨਕ ਨੂੰ) ਨੂੰ ਦੁਨੀਆਂ ਦੇ ਲੋਕ ਪ੍ਰੇਤ, ਜਿੰਨ, ਕਮਲਾ ਅਤੇ ਝੱਲਾ ਸਮਝਦੇ ਹਨ। ਇਹ ਪੂਰਨ ਸਤਿ ਹੈ ਕਿ ਜਿਸ ਮਨੁੱਖ ਦੀ ਸਾਂਝ ਦੁਨਿਆਵੀ ਲੋਕਾਂ ਨੂੰ ਇਕ ਪਾਸੇ ਛੱਡ ਕੇ ਕੇਵਲ ਸਤਿ ਪਾਰਬ੍ਰਹਮ ਪਰਮੇਸ਼ਰ ਨਾਲ ਹੀ ਹੁੰਦੀ ਹੈ, ਦੁਨੀਆਂ ਦੇ ਲੋਕ ਬੰਦਗੀ ਵਿੱਚ ਰੱਤੇ ਹੋਏ ਐਸੇ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਪਿਆਰੇ ਭਗਤ ਨੂੰ ਕਮਲਾ ਸਮਝਦੀ ਹੈ। ਇਹ ਪੂਰਨ ਸਤਿ ਹੈ ਕਿ ਜੋ ਮਨੁੱਖ ਕੇਵਲ ਸਤਿ ਪਾਰਬ੍ਰਹਮ ਪਰਮੇਸ਼ਰ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਪਛਾਣਦਾ ਹੈ ਭਾਵ ਜੋ ਕੇਵਲ ਸਤਿ ਪਾਰਬ੍ਰਹਮ ਪਰਮੇਸ਼ਰ ਨੂੰ ਹੀ ਆਪਣਾ ਓਟ-ਆਸਰਾ ਮੰਨਦਾ ਹੈ ਅਤੇ ਕਿਸੇ ਹੋਰ ਦੀ ਮੁਥਾਜੀ ਜਾਂ ਖੁਸ਼ਾਮਦ ਨਹੀਂ ਕਰਦਾ ਹੈ, ਦੁਨੀਆਂ ਦੇ ਲੋਕ ਉਸਨੂੰ ਝੱਲਾ ਸਮਝਦੇ ਹਨ। ਇਹ ਪੂਰਨ ਸਤਿ ਹੈ ਕਿ ਜੋ ਮਨੁੱਖ ਦੁਨੀਆਂ ਦੇ ਡਰਾਂ ਅਤੇ ਫਿਕਰਾਂ ਤੋਂ ਬੇਪਰਵਾਹ ਹੋ ਜਾਂਦਾ ਹੈ, ਭਾਵ ਜਿਸਦਾ ਸੰਸਾਰਿਕ ਜੀਵਨ ਤੋਂ ਮੋਹ ਟੁੱਟ ਜਾਂਦਾ ਹੈ ਅਤੇ ਜੋ ਨਿਰਭਉ ਹੋ ਜਾਂਦਾ ਹੈ ਦੁਨੀਆਂ ਦੀ ਨਜ਼ਰ ਵਿੱਚ ਉਹ ਮਨੁੱਖ ਝੱਲਾ ਸਮਝਿਆ ਜਾਂਦਾ ਹੈ। ਇਹ ਪੂਰਨ ਸਤਿ ਹੈ ਕਿ ਜਦੋਂ ਮਨੁੱਖ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਪੂਰਨ ਹੁਕਮ ਵਿੱਚ ਵਿਚਰਦਾ ਹੈ ਅਤੇ ਪੂਰਨ ਬ੍ਰਹਮ ਗਿਆਨ ਦਾ ਧਾਰਨੀ ਬਣ ਜਾਂਦਾ ਹੈ ਅਤੇ ਦੁਨਿਆਵੀ ਮਤਿ ਨੂੰ ਨਕਾਰਦਾ ਹੈ ਤਾਂ ਉਸ ਮਨੁੱਖ ਨੂੰ ਦੁਨੀਆਂ ਦੇ ਲੋਕ ਝੱਲਾ ਸਮਝਣ ਲੱਗ ਪੈਂਦੇ ਹਨ। ਇਹ ਪੂਰਨ ਸਤਿ ਹੈ ਕਿ ਜੋ ਮਨੁੱਖ ਸਤਿ ਪਾਰਬ੍ਰਹਮ ਪਰਮੇਸ਼ਰ ਦਾ ਹੁਕਮ ਪਚਿਹਾਣਦਾ ਹੈ ਅਤੇ ਉਸ ਦੀ ਰਜ਼ਾ ਵਿੱਚ ਵਿਚਰਦਾ ਅਤੇ ਸਾਰੇ ਸਤਿ ਕਰਮਾਂ ਨੂੰ ਅੰਜਾਮ ਦਿੰਦਾ ਹੈ ਨਾ ਕਿ ਦੁਨਿਆਵੀ ਚਤੁਰਾਈਆਂ ਚਲਾਕੀਆਂ ਦਾ ਆਸਰਾ ਲੈਂਦਾ ਹੈ ਅਤੇ ਮਨਮਤਿ ਵਿੱਚ ਅਸਤਿ ਕਰਮ ਕਰਦਾ ਹੈ ਤਾਂ ਦੁਨੀਆਂ ਦੇ ਲੋਕ ਉਸਨੂੰ ਕਮਲਾ ਸਮਝਣ ਲੱਗ ਪੈਂਦੇ ਹਨ। ਇਹ ਪੂਰਨ ਸਤਿ ਹੈ ਕਿ ਬੰਦਗੀ ਵਿੱਚ ਰੱਤੇ ਹੋਏ ਮਨੁੱਖ ਦਾ ਹਿਰਦਾ ਗਰੀਬੀ ਵੇਸ ਹੋ ਜਾਂਦਾ ਹੈ ਅਤੇ ਨਿਮਰਤਾ ਨਾਲ ਭਰਪੂਰ ਹੋ ਜਾਂਦਾ ਹੈ। ਭਾਵ ਬੰਦਗੀ ਵਿੱਚ ਮਨੁੱਖ ਨਿਮਰਤਾ ਦੀ ਕਮਾਈ ਕਰਦਾ ਹੈ ਅਤੇ ਸਾਰੀ ਸ੍ਰਿਸ਼ਟੀ ਦੀ ਚਰਨ ਧੂਲ ਬਣ ਜਾਂਦਾ ਹੈ। ਭਾਵ ਬੰਦਗੀ ਵਿੱਚ ਰੱਤੀ ਹੋਈ ਰੂਹ ਦਾ ਸਾਰੀ ਸ੍ਰਿਸ਼ਟੀ ਦੇ ਚਰਨਾਂ ਉੱਪਰ ਸੀਸ ਝੁਕ ਜਾਂਦਾ ਹੈ। ਸਤਿ ਪਾਰਬ੍ਰਹਮ ਦੀ ਪੂਰਨ ਪ੍ਰੀਤ ਵਿੱਚ ਜੋ ਮਨੁੱਖ ਪੂਰਨ ਨਿਮਰਤਾ ਅਤੇ ਹਿਰਦੇ ਵਿੱਚ ਗਰੀਬੀ ਵਸਾ ਕੇ ਸਾਰੀ ਸ੍ਰਿਸ਼ਟੀ ਦੀ ਚਰਨ ਧੂਲ ਬਣਿਆ ਹੋਇਆ ਜਦ ਨਿਮਰਤਾ ਵਿੱਚ ਵਿਚਰਦਾ ਹੈ ਤਾਂ ਦੁਨੀਆਂ ਦੇ ਲੋਕ ਉਸਨੂੰ ਕਮਲਾ ਸਮਝਣ ਲੱਗ ਪੈਂਦੇ ਹਨ।

ਇਹ ਪੂਰਨ ਸਤਿ ਹੈ ਕਿ ਸੰਸਾਰੀ ਲੋਕਾਂ ਨੇ ਸਤਿਗੁਰ ਅਵਤਾਰ ਧੰਨ ਧੰਨ ਨਾਨਕ ਪਾਤਸ਼ਾਹ ਜੀ ਦੀ ਨਿੰਦਿਆ ਕੀਤੀ ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਚਾਲ ਨਿਰਾਲੀ ਸੀ ਅਤੇ ਸਮਾਜ ਵਿੱਚ ਪ੍ਰਚਲਿਤ ਝੂਠੇ ਰੀਤੀ, ਰਿਵਾਜਾਂ, ਭਰਮਾਂ ਅਤੇ ਪਖੰਡਾਂ ਦੇ ਵਿਰੁੱਧ ਸੀ। ਇਹ ਪੂਰਨ ਸਤਿ ਹੈ ਕਿ ਸੰਸਾਰੀ ਲੋਕਾਂ ਨੇ ਸਤਿਗੁਰ ਅਵਤਾਰ ਧੰਨ ਧੰਨ ਨਾਨਕ ਪਾਤਸ਼ਾਹ ਜੀ ਦੀ ਨਿੰਦਿਆ ਕੀਤੀ ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਪੂਰਨ ਸਤਿ ਦੀ ਨਿਸ਼ਕਾਮ ਸੇਵਾ ਦਾ ਪਾਠ ਲੋਕਾਈ ਨੂੰ ਪੜ੍ਹਾਉਣ ਦਾ ਉਪਰਾਲਾ ਕੀਤਾ। ਇਹ ਪੂਰਨ ਸਤਿ ਹੈ ਕਿ ਸੰਸਾਰੀ ਲੋਕਾਂ ਨੇ ਸਤਿਗੁਰ ਅਵਤਾਰ ਧੰਨ ਧੰਨ ਨਾਨਕ ਪਾਤਸ਼ਾਹ ਜੀ ਦੀ ਨਿੰਦਿਆ ਕੀਤੀ ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਪੂਰਨ ਸਤਿ ਲੋਕਾਈ ਦੇ ਮਹਾ ਪਰਉਪਕਾਰ ਲਈ ਵਰਤਾਇਆ। ਇਹ ਪੂਰਨ ਸਤਿ ਹੈ ਕਿ ਸੰਸਾਰੀ ਲੋਕਾਂ ਨੇ ਸਤਿਗੁਰ ਅਵਤਾਰ ਧੰਨ ਧੰਨ ਨਾਨਕ ਪਾਤਸ਼ਾਹ ਜੀ ਦੀ ਨਿੰਦਿਆ ਕੀਤੀ ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸੰਸਾਰ ਵਿੱਚ ਪ੍ਰਚਲਿਤ ਝੂਠੇ ਰੀਤੀ, ਰਿਵਾਜਾਂ, ਭਰਮਾਂ ਅਤੇ ਪਖੰਡਾਂ ਦਾ ਪੁਰਜ਼ੋਰ ਖੰਡਨ ਕੀਤਾ। ਉਦਾਹਰਨ ਦੇ ਤੌਰ ‘ਤੇ ਇਕ ਐਸਾ ਝੂਠਾ ਬੰਧਨ ਹੈ, ਜਨੇਊ ਦਾ ਬੰਧਨ ਜੋ ਕਿ ਪਤਾ ਨਹੀਂ ਕਿਤਨੇ ਸਮੇ ਤੋਂ ਹਿੰਦੋਸਤਾਨ ਦੇ ਵਿੱਚ ਬ੍ਰਾਹਮਣ ਵਰਨ ਦੇ ਲੋਕਾਂ ਨੇ ਪਾਲਿਆ ਹੋਇਆ ਹੈ। ਇਹ ਬੰਧਨ ਅੱਜ ਦੇ ਯੁੱਗ ਵਿੱਚ ਵੀ ਬ੍ਰਾਹਮਣ ਵਰਨ ਦੇ ਲੋਕਾਂ ਵਿੱਚ ਵੇਖਣ ਨੂੰ ਮਿਲਦਾ ਹੈ। (ਜਨੇਊ ਨੂੰ ਇੱਕ ਮਹੱਤਵਪੂਰਨ ਧਾਰਮਿਕ ਚਿੰਨ੍ਹ ਸਮਝਿਆ ਜਾਂਦਾ ਹੈ। ਜਨੇਊ ਕਪਾਹ ਦੇ ਤਿੰਨ ਵੱਟੇ ਹੋਏ ਧਾਗਿਆਂ ਦਾ ਬਣਾਇਆ ਜਾਂਦਾ ਹੈ। ਕਈ ਲੋਕ ਇਨ੍ਹਾਂ ਤਿੰਨ ਧਾਗਿਆਂ ਨੂੰ ਸ਼ਿਵਾ, ਬ੍ਰਹਮਾ ਅਤੇ ਵਿਸ਼ਨੂੰ ਦੀਆਂ ਸ਼ਕਤੀਆਂ ਦਾ ਪ੍ਰਤੀਕ ਮੰਨਦੇ ਹਨ ਅਤੇ ਕਈ ਲੋਕ ਇਨ੍ਹਾਂ ਤਿੰਨ ਧਾਗਿਆਂ ਨੂੰ ਮਾਇਆ ਦੇ ਤ੍ਰਿਹ ਗੁਣਾਂ (ਰਜੋ, ਤਮੋ ਅਤੇ ਸਤੋ) ਦਾ ਪ੍ਰਤੀਕ ਮੰਨਦੇ ਹਨ।) ਬ੍ਰਾਹਮਣ ਜਿਨ੍ਹਾਂ ਨੂੰ ਪੰਡਤ ਕਰਕੇ ਜਾਣਿਆ ਜਾਂਦਾ ਹੈ ਉਹ ਬੱਚੇ ਨੂੰ (੯-੧੦ ਸਾਲ ਦੀ ਉਮਰ ਵਿਚ) ਜਨੇਊ ਪਾਉਣ ਦੀ ਰਸਮ ਅਦਾ ਕਰਦੇ ਹਨ ਅਤੇ ਫਿਰ ਉਸਨੂੰ ਉਪਦੇਸ਼ ਦਿੰਦੇ ਹਨ। ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਬੰਧਨ ਦਾ ਝੂਠ ਆਪਣੀ ਬਾਣੀ ਵਿੱਚ ਪ੍ਰਤੱਖ ਪ੍ਰਗਟ ਕੀਤਾ ਹੈ ਅਤੇ ਇਸ ਪਰਮ ਸ਼ਕਤੀਸ਼ਾਲੀ ਸਲੋਕ ਵਿੱਚ ਪੂਰਨ ਸਤਿ ਦਾ ਉਪਦੇਸ਼ ਦਿੱਤਾ ਹੈ:

ਸਲੋਕੁ ਮ: ੧

ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ

ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ

ਚਉਕੜਿ ਮੁਲਿ ਅਣਾਇਆ ਬਹਿ ਚਉਕੈ ਪਾਇਆ ਸਿਖਾ ਕੰਨਿ ਚੜਾਈਆ ਗੁਰੁ ਬ੍ਰਾਹਮਣੁ ਥਿਆ

ਓਹੁ ਮੁਆ ਓਹੁ ਝੜਿ ਪਇਆ ਵੇਤਗਾ ਗਇਆ

{ਪੰਨਾ ੪੭੧}

ਸਤਿਗੁਰੂ ਪਾਤਸ਼ਾਹ ਜੀ ਨੇ ਉਸ ਸਮੇਂ ਦੇ ਪੰਡਤਾਂ ਨੂੰ ਇਹ ਪੂਰਨ ਸਤਿ ਨਾਲ ਅਵਗਤ ਕਰਾਇਆ ਕਿ ਕਪਾਹ ਦੇ ਬਣੇ ਹੋਏ ਇਨ੍ਹਾਂ ਤਿੰਨ ਧਾਗਿਆਂ ਦਾ ਕੋਈ ਰੂਹਾਨੀ ਮੁੱਲ ਨਹੀਂ ਹੈ। ਜਦ ਮਨੁੱਖੀ ਜੀਵਨ ਦਾ ਅੰਤ ਹੋ ਜਾਂਦਾ ਹੈ ਅਤੇ ਪੰਚ ਭੂਤਕ ਦੇਹੀ ਨੂੰ ਅਗਨ ਭੇਂਟ ਕੀਤਾ ਜਾਂਦਾ ਹੈ ਤਾਂ ਜਨੇਊ ਦੇ ਇਹ ਤਿੰਨ ਧਾਗੇ ਵੀ ਸੜ੍ਹ ਕੇ ਸੁਆਹ ਹੋ ਜਾਂਦੇ ਹਨ। ਜਨੇਊ ਮਨੁੱਖ ਦੀ ਆਤਮਾ ਦੇ ਨਾਲ ਨਹੀਂ ਜਾਂਦਾ ਹੈ। ਇਸ ਲਈ ਇਹ ਪੂਰਨ ਸਤਿ ਹੈ ਕਿ ਜਨੇਊ ਕੇਵਲ ਬਾਹਰਲੀ ਰਹਿਤ ਹੈ ਅਤੇ ਇਸ ਦਾ ਮਨੁੱਖ ਦੀ ਰੂਹਾਨੀ ਤਰੱਕੀ ਨਾਲ ਕੋਈ ਸੰਬੰਧ ਨਹੀਂ ਹੈ। ਸਤਿਗੁਰੂ ਪਾਤਸ਼ਾਹ ਜੀ ਇਨ੍ਹਾਂ ਪੰਡਤਾਂ ਨੂੰ ਇਹ ਪੂਰਨ ਸਤਿ ਦਾ ਉਪਦੇਸ਼ ਦਿੱਤਾ ਕਿ: ਜੇਕਰ ਜਨੇਊ ਪਾਉਣਾ ਹੈ ਤਾਂ ਐਸਾ ਜਨੇਊ ਬਣਾਓ ਜੋ ਦਇਆ ਦੀ ਕਪਾਹ ਨਾਲ ਬਣਿਆ ਹੋਵੇ, ਜਿਸ ਜਨੇਊ ਦਾ ਧਾਗਾ ਸਤਿ ਸੰਤੋਖ ਦਾ ਬਣਿਆ ਹੋਏ, ਜਿਸ ਜਨੇਊ ਦੀਆਂ ਗੰਡਾਂ ਜਤਿ ਦੀਆਂ ਹੋਣ ਅਤੇ ਜਿਸਦੇ ਵੱਟ ਮਨੁੱਖ ਦਾ ਉੱਚਾ ਆਚਰਣ ਬਣਾਉਣ ਵਿੱਚ ਸਕਸ਼ਮ ਹੋਣ। ਦਇਆ ਵਿੱਚੋਂ ਧਰਮ ਦਾ ਜਨਮ ਹੁੰਦਾ ਹੈ। ਦਇਆ ਵਿੱਚੋਂ ਸ਼ਰਧਾ, ਪ੍ਰੀਤ ਅਤੇ ਭਰੋਸਾ ਜਨਮ ਲੈਂਦਾ ਹੈ। ਦਇਆ ਵਿੱਚੋਂ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਬੰਦਗੀ ਜਨਮ ਲੈਂਦੀ ਹੈ। ਸਤਿ ਸੰਤੋਖ ਦੇ ਗੁਰਪ੍ਰਸਾਦਿ ਨਾਲ ਮਨੁੱਖ ਦੀ ਤ੍ਰਿਸ਼ਣਾ ਬੁਝਦੀ ਹੈ ਅਤੇ ਮਾਇਆ ਨੂੰ ਜਿੱਤਣ ਵਿੱਚ ਸਫਲਤਾ ਮਿਲਦੀ ਹੈ। ਜਤਿ ਦੀ ਕਮਾਈ ਨਾਲ ਮਨੁੱਖ ਕਾਮ ਉੱਪਰ ਜਿੱਤ ਹਾਸਲ ਕਰਦਾ ਹੈ ਅਤੇ ਉੱਚੇ ਆਚਰਨ ਨਾਲ, ਭਾਵ ਸਤਿ ਦੀ ਕਰਨੀ ਨਾਲ ਮਨੁੱਖ ਪੂਰਨ ਬੰਦਗੀ ਦਾ ਗੁਰਪ੍ਰਸਾਦਿ ਪ੍ਰਾਪਤ ਕਰਦਾ ਹੈ। ਦਇਆ, ਸਤਿ ਸੰਤੋਖ, ਜਤਿ (ਜਤਿ ਦਾ ਭਾਵ ਹੈ ਕਾਮ ਦੇ ਦੂਤ ਉੱਪਰ ਜਿੱਤ ਪ੍ਰਾਪਤ ਕਰਨਾ) ਅਤੇ ਸਤਿ ਦੀ ਕਰਨੀ ਦੇ ਪਰਮ ਸ਼ਕਤੀਸ਼ਾਲੀ ਸਤਿ ਗੁਣਾਂ ਨਾਲ ਬਣਿਆ ਹੋਇਆ ਜਨੇਊ ਜੋ ਮਨੁੱਖ ਪਾਉਂਦਾ ਹੈ ਉਹ ਮਨੁੱਖ ਧੰਨ ਧੰਨ ਹੋ ਜਾਂਦਾ ਹੈ।

ਦਇਆ, ਸਤਿ ਸੰਤੋਖ, ਜਤਿ ਅਤੇ ਸਤਿ ਦੀ ਕਰਨੀ ਨਾਲ ਬਣਾਏ ਗਏ ਜਨੇਊ ਨੂੰ ਨਾ ਹੀ ਕੋਈ ਸ਼ਕਤੀ ਤੋੜ ਸਕਦੀ ਹੈ – ਭਾਵ ਐਸੇ ਸ਼ਕਤੀਸ਼ਾਲੀ ਜਨੇਊ ਦਾ ਕੋਈ ਵਿਨਾਸ਼ਕਾਰੀ ਸ਼ਕਤੀ ਵਿਨਾਸ਼ ਨਹੀਂ ਕਰ ਸਕਦੀ ਹੈ, ਨਾ ਹੀ ਇਸ ਨੂੰ ਮਾਇਆ ਦੀ ਮੈਲ ਚੜ੍ਹ ਸਕਦੀ ਹੈ ਅਤੇ ਨਾ ਹੀ ਇਸ ਨੂੰ ਅਗਨ ਭਸਮ ਕਰ ਸਕਦੀ ਹੈ। ਭਾਵ ਦਇਆ, ਸਤਿ ਸੰਤੋਖ, ਜਤਿ ਅਤੇ ਸਤਿ ਦੀ ਕਰਨੀ ਨਾਲ ਬਣਾਇਆ ਹੋਇਆ ਜਨੇਊ ਮਨੁੱਖ ਦੀ ਆਤਮਾ ਨੂੰ ਪਰਮ ਆਤਮਾ ਵਿੱਚ ਅਭੇਦ ਕਰਕੇ ਸਤਿ ਰੂਪ ਬਣਾ ਦਿੰਦਾ ਹੈ। ਭਾਵ ਦਇਆ, ਸਤਿ ਸੰਤੋਖ, ਜਤਿ ਅਤੇ ਸਤਿ ਦੀ ਕਰਨੀ ਨਾਲ ਬੰਦਗੀ ਦਾ ਗੁਰਪ੍ਰਸਾਦਿ ਪ੍ਰਾਪਤ ਹੁੰਦਾ ਹੈ ਜਿਸ ਗੁਰਪ੍ਰਸਾਦਿ ਦੀ ਪਰਮ ਸ਼ਕਤੀ ਅਤੇ ਸਤਿ ਗੁਣਾਂ ਨੂੰ ਕੋਈ ਸ਼ਕਤੀ ਨਸ਼ਟ ਨਹੀਂ ਕਰ ਸਕਦੀ ਹੈ, ਗੁਰਪ੍ਰਸਾਦਿ ਦੀ ਪਰਮ ਸ਼ਕਤੀ ਨਾਲ ਮਨ ਦੀ ਮੈਲ ਧੁਲ੍ਹ ਜਾਂਦੀ ਹੈ, ਮਨ ਵੱਸ ਆ ਜਾਂਦਾ ਹੈ, ਤ੍ਰਿਸ਼ਣਾ ਬੁਝ ਜਾਂਦੀ ਹੈ, ਪੰਜ ਦੂਤ ਵੱਸ ਆ ਜਾਂਦੇ ਹਨ, ਹਿਰਦਾ ਪੂਰਨ ਸਚਿਆਰੀ ਰਹਿਤ ਵਿੱਚ ਚਲਾ ਜਾਂਦਾ ਹੈ, ਸਾਰੇ ਬਜਰ ਕਪਾਟ ਖੁੱਲ੍ਹ ਜਾਂਦੇ ਹਨ, ਸਾਰੇ ਸਤਿ ਸਰੋਵਰ ਜਾਗਰਤ ਹੋ ਜਾਂਦੇ ਹਨ, ਰੋਮ-ਰੋਮ ਵਿੱਚ ਸਿਮਰਨ ਚਲਾ ਜਾਂਦਾ ਹੈ, ਹਿਰਦੇ ਵਿੱਚ ਪਰਮ ਜੋਤ ਦਾ ਪੂਰਨ ਪ੍ਰਕਾਸ਼ ਹੋ ਜਾਂਦਾ ਹੈ, ਮਾਇਆ ਨੂੰ ਜਿੱਤ ਕੇ ਮਨੁੱਖ ਦੀ ਰੂਹ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਿਰਗੁਣ ਸਰੂਪ ਵਿੱਚ ਅਭੇਦ ਹੋ ਜਾਂਦੀ ਹੈ, ਪੂਰਨ ਬ੍ਰਹਮ ਗਿਆਨ ਅਤੇ ਤੱਤ ਗਿਅਨ ਪ੍ਰਾਪਤ ਹੋ ਜਾਂਦਾ ਹੈ, ਆਤਮ ਰਸ ਅੰਮ੍ਰਿਤ ਪ੍ਰਾਪਤ ਹੋ ਜਾਂਦਾ ਹੈ, ਮਨੁੱਖ ਜੀਵਨ ਮੁਕਤ ਹੋ ਜਾਂਦਾ ਹੈ। ਇਸ ਤਰ੍ਹਾਂ ਨਾਲ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਸ਼ਾਹ ਜੀ ਨੇ ਕਪਾਹ ਦੇ ਤਿੰਨ ਵੱਟੇ ਹੋਏ ਧਾਗਿਆਂ ਨਾਲ ਬਣਾਏ ਗਏ ਜਨੇਊ ਦੇ ਝੂਠ ਅਤੇ ਭਰਮ ਦਾ ਖੰਡਨ ਕੀਤਾ ਅਤੇ ਸਾਰੀ ਲੋਕਾਈ ਨੂੰ ਪੂਰਨ ਸਤਿ ਦੀ ਸੇਵਾ ਕਰਨ ਦਾ ਪਰਮ ਸ਼ਕਤੀਸ਼ਾਲੀ ਉਪਦੇਸ਼ ਦਿੱਤਾ।

ਧੰਨ ਧੰਨ ਸਤਿਗੁਰੂ ਅਵਤਾਰ ਨਾਨਕ ਪਾਤਸ਼ਾਹ ਜੀ ਐਸੇ ਪੰਡਤ ਨੂੰ ਜੋ ਕਿ ਆਪ ਮਾਇਆ ਦਾ ਗੁਲਾਮ ਹੈ ਅਤੇ ਆਪਣੇ ਆਪ ਨੂੰ “ਸੁਜਾਨ” ਭਾਵ “ਸਿਆਣਾ” ਸਮਝਦਾ ਹੈ ਉਸਦੀ ਅਪਣੀ ਕਰਨੀ ਨੂੰ ਝੂਠ ਦੀ ਕਰਨੀ ਦੱਸ ਕੇ ਉਸ ਨੂੰ ਚੁਨੌਤੀ ਦਿੱਤੀ ਹੈ ਕਿ ਉਸਦਾ ਆਪਣਾ ਮਨ ਤਾਂ ਮਾਇਆ ਦਾ ਗੁਲਾਮ ਹੈ, ਭਾਵ ਐਸਾ ਮਨੁੱਖ “ਸੁਜਾਨ” ਕਿਵੇਂ ਹੋ ਸਕਦਾ ਹੈ ਜਿਸਨੇ ਆਪ ਤਾਂ ਪੰਜ ਦੂਤ (ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਰੂਪੀ ਚੰਡਾਲ) ਵੱਸ ਨਹੀਂ ਕੀਤੇ ਹਨ ਅਤੇ ਜੋ ਆਪ ਤ੍ਰਿਸ਼ਣਾ ਦਾ ਗੁਲਾਮ ਹੈ। ਐਸੇ ਮਾਇਆ ਦੇ ਗੁਲਾਮ ਮਨੁੱਖ (ਪੰਡਤ) ਨੂੰ ਦੂਜਿਆਂ ਨੂੰ ਦੀਖਿਆ ਦੇਣ ਦਾ ਕੋਈ ਹੱਕ ਨਹੀਂ ਹੈ ਅਤੇ ਨਾ ਹੀ ਦੱਖਣਾ ਲੈਣ ਦਾ ਕੋਈ ਹੱਕ ਹੈ। ਐਸੇ ਅਗਿਆਨੀ ਪੰਡਤਾਂ ਦਾ ਇਹ ਕਿੱਤਾ ਹੈ ਕਿ ਉਹ ਆਪਣੇ ਜਜ਼ਮਾਨਾਂ ਨੂੰ ਜਨੇਊ ਪਾਉਂਦੇ ਹਨ ਅਤੇ ਦੀਖਿਆ ਦਿੰਦੇ ਹਨ, ਆਪਣੇ ਜਜ਼ਮਾਨਾਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਲੋਕਾਂ ਦੀਆਂ ਜਨਮ ਪੱਤਰੀਆਂ ਸੋਧਦੇ ਹਨ, ਆਪਣੇ ਜਜ਼ਮਾਨਾਂ ਦੀਆਂ ਬੇਟੀਆਂ ਦਾ ਵਿਆਹ ਕਰਵਾਉਂਦੇ ਹਨ ਅਤੇ ਫਿਰ ਆਪਣੇ ਆਪ ਨੂੰ ਉਨ੍ਹਾਂ ਦਾ ਗੁਰੂ ਕਹਿ ਕੇ ਉਨ੍ਹਾਂ ਤੋਂ ਦੱਖਣਾ ਲੈਂਦੇ ਹਨ। ਐਸੇ ਅਗਿਆਨੀ ਪੰਡਤਾਂ ‘ਤੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਦਇਆ ਕੀਤੀ ਅਤੇ ਉਪਦੇਸ਼ ਦਿੱਤਾ ਕਿ: ਐਸਾ ਜਨੇਊ ਕਿਸ ਕੰਮ ਦਾ ਹੈ ਜਿਸਦੇ ਪਾਉਣ ਨਾਲ ਮਨੁੱਖ ਦੀਆਂ ਪੰਜ ਕਰਮ ਅਤੇ ਗਿਆਨ ਇੰਦਰੀਆਂ ਵੱਸ ਨਹੀਂ ਆਉਂਦੀਆਂ ਹਨ ਅਤੇ ਇਨ੍ਹਾਂ ਇੰਦਰੀਆਂ ਤੋਂ ਅਸਤਿ ਕਰਮ ਕਰ-ਕਰ ਕੇ ਨਿੱਤ ਆਪਣੀ ਬੇਇੱਜ਼ਤੀ ਕਰਵਾਉਂਦਾ ਹੈ। ਭਾਵ ਮਨੁੱਖ ਮਾਇਆ ਦੀ ਗੁਲਾਮੀ ਵਿੱਚ ਵਿਚਰਦਾ ਹੋਇਆ ਪੰਜ ਕਰਮ ਅਤੇ ਗਿਆਨ ਇੰਦਰੀਆਂ ਤੋਂ ਅਸਤਿ ਕਰਮਾਂ ਨੂੰ ਅੰਜਾਮ ਦਿੰਦਾ ਹੈ ਜਿਸਦੇ ਫਲ ਸਰੂਪ ਉਸਦੇ ਜੀਵਨ ਵਿੱਚ ਦੁੱਖ, ਕਲੇਸ਼ ਅਤੇ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਇਸ ਲਈ ਜੇ ਜਨੇਊ ਪਾਉਣਾ ਹੈ ਤਾਂ ਦਇਆ, ਸਤਿ ਸੰਤੋਖ, ਜਤਿ ਅਤੇ ਸਤਿ ਦੀ ਕਰਨੀ ਦਾ ਜਨੇਊ ਪਾਓ। ਜਿਸ ਦੇ ਨਾਲ ਪੰਜ ਗਿਆਨ ਅਤੇ ਕਰਮ ਇੰਦਰੀਆਂ ਵੱਸ ਆ ਜਾਣ ਅਤੇ ਮਨੁੱਖ ਦੇ ਸਾਰੇ ਕਰਮ ਸਤਿ ਕਰਮ ਹੋ ਜਾਣ। ਜੇਕਰ ਜਨੇਊ ਪਾਉਣਾ ਹੀ ਹੈ ਤਾਂ ਆਪਣੇ ਹੱਥ ਪੈਰਾਂ ਨੂੰ ਪਾਓ ਜੋ ਅਸਤਿ ਕਰਮ ਕਰਦੇ ਹਨ। ਭਾਵ ਆਪਣੇ ਹੱਥਾਂ-ਪੈਰਾਂ ਨਾਲ ਸਤਿ ਕਰਮ ਕਰੋ ਅਤੇ ਅਸਤਿ ਕਰਮਾਂ ਦਾ ਤਿਆਗ ਕਰੋ ਕਿਉਂਕਿ ਅਸਤਿ ਕਰਮ ਹੀ ਮਨੁੱਖ ਦੇ ਸਾਰੇ ਦੁੱਖਾਂ, ਕਲੇਸ਼ਾਂ, ਮਾਨਸਿਕ ਅਤੇ ਸਰੀਰਕ ਰੋਗਾਂ ਅਤੇ ਸਮੱਸਿਆਵਾਂ ਦਾ ਕਾਰਨ ਬਣਦੇ ਹਨ। ਜੇਕਰ ਜਨੇਊ ਪਾਉਣਾ ਹੈ, ਆਪਣੀ ਜਿਹਵਾ ਨੂੰ ਪਾਓ ਤਾਂ ਜੋ ਇਸ ਜਿਹਵਾ ਤੋਂ ਕੋਈ ਕੂੜ ਸ਼ਬਦ ਨਾ ਉਚਾਰੇ ਜਾਣ। ਭਾਵ ਆਪਣੀ ਜਿਹਵਾ ਦਾ ਸਦਿਉਪਯੋਗ ਕਰੋ। ਕਿਸੇ ਨੂੰ ਮਾੜੇ ਬੋਲ-ਕੁਬੋਲ ਨਾ ਬੋਲੋ। ਸਦਾ ਮਿੱਠਾ ਬੋਲੋ। ਕਿਸੇ ਦੀ ਨਿੰਦਿਆ, ਚੁਗਲੀ ਅਤੇ ਬਖੀਲੀ ਨਾ ਕਰੋ। ਜਿਹਵਾ ਨਾਲ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਮਹਿਮਾ ਗਾਓ। ਕੁਬੋਲ, ਨਿੰਦਿਆ, ਚੁਗਲੀ ਅਤੇ ਬਖੀਲੀ ਕਰਨ ਨਾਲ ਮਨੁੱਖ ਆਪਣੇ ਹੀ ਕਾਲੇ ਲੇਖ ਆਪਣੀ ਹੀ ਜਿਹਵਾ ਨਾਲ ਆਪ ਲਿਖਦਾ ਹੈ। ਕੁਬੋਲ, ਨਿੰਦਿਆ, ਚੁਗਲੀ ਅਤੇ ਬਖੀਲੀ ਕਰਨ ਵਾਲਾ ਮਨੁੱਖ ਆਪਣੀ ਹੀ ਜਿਹਵਾ ਨਾਲ ਨਿੰਦਿਆ ਕਰਵਾਉਣ ਵਾਲੇ ਦੀ ਮੈਲ ਨੂੰ ਆਪਣੀ ਜਿਹਵਾ ਨਾਲ ਚੱਟ-ਚੱਟ ਕੇ ਖਾਂਦਾ ਹੈ ਅਤੇ ਆਪਣੇ ਸਤਿ ਕਰਮਾਂ ਦਾ ਨਿੰਦਿਆ ਕਰਵਾਉਣ ਵਾਲੇ ਨੂੰ ਦਾਨ ਕਰ ਦਿੰਦਾ ਹੈ। ਨਿੰਦਿਆ ਕਰਵਾਉਣ ਵਾਲੇ ਦਾ ਬਹੁਤ ਭਲਾ ਹੁੰਦਾ ਹੈ ਅਤੇ ਨਿੰਦਿਆ ਕਰਨ ਵਾਲੇ ਦਾ ਨਿਸ਼ਚਿਤ ਰੂਪ ਨਾਲ ਸਰਵਨਾਸ਼ ਹੁੰਦਾ ਹੈ। ਇਸ ਲਈ ਜੇ ਜਨੇਊ ਪਾਉਣਾ ਹੀ ਹੈ ਤਾਂ ਆਪਣੀ ਜਿਹਵਾ ਨੂੰ ਸਤਿ ਦੀ ਸੇਵਾ ਦਾ ਜਨੇਊ ਪਾਓ ਤਾਂ ਜੋ ਦੁੱਖਾਂ, ਕਲੇਸ਼ਾਂ, ਰੋਗਾਂ ਅਤੇ ਸਮੱਸਿਆਵਾਂ ਦਾ ਨਾਸ਼ ਹੋ ਸਕੇ ਅਤੇ ਚੜ੍ਹਦੀ ਕਲਾ ਹੋ ਸਕੇ। ਜੇਕਰ ਜਨੇਊ ਪਾਉਣਾ ਹੀ ਹੈ ਤਾਂ ਆਪਣੀਆਂ ਅੱਖਾਂ ਨੂੰ ਪਾਓ ਜੋ ਪਰਾਈ ਨਾਰੀ ਅਤੇ ਪਰਾਈ ਧਨ-ਸੰਪਦਾ ਨੂੰ ਬੁਰੀ ਨਜ਼ਰ ਨਾਲ ਦੇਖਦੀਆਂ ਹਨ। ਭਾਵ ਪਰਾਈ ਨਾਰ ਅਤੇ ਧਨ-ਸੰਪਦਾ ਨੂੰ ਪ੍ਰਾਪਤ ਕਰਨ ਦੀ ਦ੍ਰਿਸ਼ਟ ਘਾਤਕ ਸਿੱਧ ਹੁੰਦੀ ਹੈ। ਪਰ ਨਾਰੀ ਨੂੰ ਬੁਰੀ ਨਜ਼ਰ ਨਾਲ ਮਨੁੱਖ ਵਿੱਚ ਸਥਿਤ ਕਾਮ ਚੰਡਾਲ ਦੇਖਦਾ ਹੈ ਅਤੇ ਪ੍ਰਾਪਤ ਕਰਨ ਦੀ ਕਾਮਨਾ ਕਰਦਾ ਹੈ ਜੋ ਕਿ ਦਰਗਾਹ ਦੇ ਵਿਧਾਨ ਅਨੁਸਾਰ ਘੋਰ ਅਪਰਾਧ ਹੈ ਅਤੇ ਇਸ ਅਪਰਾਧ ਦਾ ਮਨੁੱਖ ਨੂੰ ਬਹੁਤ ਭਿਆਨਕ ਦੰਡ ਮਿਲਦਾ ਹੈ। ਇਸ ਤਰ੍ਹਾਂ ਨਾਲ ਕਾਮ ਚੰਡਾਲ ਮਨੁੱਖ ਦੇ ਮਾਨਸ ਜਨਮ ਨੂੰ ਤਬਾਹ ਕਰ ਦਿੰਦਾ ਹੈ। ਪਰਾਈ ਧਨ-ਸੰਪਦਾ ਉੱਪਰ ਲੋਭ ਦੀ ਨਜ਼ਰ ਰੱਖਣਾ ਅਤੇ ਉਸ ਨੂੰ ਅਸਤਿ ਕਰਮਾਂ ਦੇ ਦੁਆਰਾ ਪ੍ਰਾਪਤ ਕਰਨ ਦੇ ਯਤਨ ਕਰਨਾ ਵੀ ਦਰਗਾਹੀ ਵਿਧਾਨ ਅਨੁਸਾਰ ਬਹੁਤ ਵੱਡਾ ਗੁਨਾਹ ਹੈ ਅਤੇ ਇਸ ਗੁਨਾਹ ਕਰਨ ਵਾਲੇ ਮਨੁੱਖ ਨੂੰ ਵੀ ਬਹੁਤ ਭਿਆਨਕ ਸਜ਼ਾ ਮਿਲਦੀ ਹੈ। ਇਸ ਲਈ ਜੇਕਰ ਜਨੇਊ ਪਾਉਣਾ ਹੈ ਤਾਂ ਜਤਿ ਦਾ ਅਤੇ ਸਤਿ ਦਾ ਜਨੇਊ ਪਾਓ। ਜਿਸ ਦੇ ਨਾਲ ਤੁਹਾਡਾ ਕਾਮ ਦਾ ਚੰਡਾਲ ਵੱਸ ਆ ਸਕੇ ਅਤੇ ਲੋਭ ਚੰਡਾਲ ਵੱਸ ਆ ਸਕੇ। ਇਸ ਸਾਰੇ ਪਰਮ ਸਤਿ ਤੱਤਾਂ ਨੂੰ ਸਤਿਗੁਰ ਅਵਤਾਰ ਧੰਨ ਧੰਨ ਨਾਨਕ ਪਾਤਸ਼ਾਹ ਜੀ ਨੇ ਆਪਣੀ ਬਾਣੀ ਵਿੱਚ ਦ੍ਰਿੜ੍ਹ ਕਰਵਾਇਆ ਹੈ:

ਮ: ੧ ਤਗੁ ਨ ਇੰਦ੍ਰੀ ਤਗੁ ਨ ਨਾਰੀ ਭਲਕੇ ਥੁਕ ਪਵੈ ਨਿਤ ਦਾੜੀ

ਤਗੁ ਨ ਪੈਰੀ ਤਗੁ ਨ ਹਥੀ ਤਗੁ ਨ ਜਿਹਵਾ ਤਗੁ ਨ ਅਖੀ

ਵੇਤਗਾ ਆਪੇ ਵਤੈ ਵਟਿ ਧਾਗੇ ਅਵਰਾ ਘਤੈ

ਲੈ ਭਾੜਿ ਕਰੇ ਵੀਆਹੁ ਕਢਿ ਕਾਗਲੁ ਦਸੇ ਰਾਹੁ

ਸੁਣਿ ਵੇਖਹੁ ਲੋਕਾ ਏਹੁ ਵਿਡਾਣੁ ਮਨਿ ਅੰਧਾ ਨਾਉ ਸੁਜਾਣੁ

{ਪੰਨਾ ੪੭੧}

ਗੁਰਬਾਣੀ ਦੇ ਅਨੁਸਾਰ ਕੇਵਲ ਪੂਰਨ ਬ੍ਰਹਮ ਗਿਆਨੀ ਜਾਂ ਪੂਰਨ ਸੰਤ ਹੀ ਬ੍ਰਾਹਮਣ ਹੈ। ਭਾਵ ਜਨੇਊ ਪਾਉਣ ਵਾਲਾ ਬ੍ਰਾਹਮਣ ਨਹੀਂ ਹੁੰਦਾ। ਜਿਸ ਮਨੁੱਖ ਨੇ ਸਦਾ-ਸਦਾ ਲਈ ਸਤਿ ਪਾਰਬ੍ਰਹਮ ਪਰਮੇਸ਼ਰ ਨਾਲ ਆਪਣੀ ਲਿਵ ਲਗਾ ਲਈ ਹੈ ਕੇਵਲ ਉਹ ਮਨੁੱਖ ਹੀ ਬ੍ਰਾਹਮਣ ਹੈ। ਭਾਵ ਜੋ ਮਨੁੱਖ ਸਤਿ ਪਾਰਬ੍ਰਹਮ ਪਰਮੇਸ਼ਰ ਵਿੱਚ ਲੀਨ ਹੋ ਗਿਆ ਹੈ ਕੇਵਲ ਉਹ ਮਨੁੱਖ ਹੀ ਬ੍ਰਾਹਮਣ ਹੈ। ਜੋ ਮਨੁੱਖ ਸਤਿ ਪਾਰਬ੍ਰਹਮ ਪਰਮੇਸ਼ਰ ਵਿੱਚ ਅਭੇਦ ਹੋ ਗਿਆ ਹੈ ਕੇਵਲ ਉਹ ਮਨੁੱਖ ਹੀ ਬ੍ਰਾਹਮਣ ਹੈ।

ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਕਹੀਐ ਜਿ ਅਨਦਿਨੁ ਹਰਿ ਲਿਵ ਲਾਏ

{ਪੰਨਾ ੫੧੨}

ਇਸ ਤਰ੍ਹਾਂ ਸਤਿਗੁਰੂ ਅਵਤਾਰ ਧੰਨ ਧੰਨ ਨਾਨਕ ਪਾਤਸ਼ਾਹ ਜੀ ਨੇ ਝੂਠੇ ਧਾਰਮਿਕ ਪ੍ਰਚਾਰਕਾਂ ਦੇ ਵਿਰੁੱਧ ਆਵਾਜ਼ ਬੁਲੰਦ ਕੀਤੀ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਸਾਰੇ ਪੁੱਠੇ ਅਤੇ ਝੂਠੇ ਰੀਤੀ, ਰਿਵਾਜਾਂ, ਭਰਮਾਂ ਅਤੇ ਦੁਬਿਧਾ ਵਿੱਚ ਪਾਉਣ ਵਾਲੇ ਪ੍ਰਚਾਰਕਾਂ ਅਤੇ ਸਮਾਜਿਕ ਤੱਤਾਂ ਦੇ ਵਿਰੁੱਧ ਆਪਣੀ ਬਾਣੀ ਵਿੱਚ ਦਰਗਾਹੀ ਵਿਧਾਨਾਂ ਦਾ ਪੂਰਨ ਬ੍ਰਹਮ ਗਿਆਨ ਦੇ ਕੇ ਸਾਰੀ ਲੋਕਾਈ ਲਈ ਮੁਕਤੀ ਦਾ ਮਾਰਗ ਦਰਸ਼ਨ ਕੀਤਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਸਤਿ ਦੀ ਸੇਵਾ ਕਰਨ ਦਾ ਉਪਦੇਸ਼ ਦਿੱਤਾ ਅਤੇ ਸਤਿ ਦੀ ਕਰਨੀ ਨੂੰ ਮਨੁੱਖੀ ਜੀਵਨ ਸਫਲ ਕਰਨ ਦਾ ਮਾਰਗ ਦੱਸਿਆ। ਸਮਾਜ ਵਿੱਚ ਪ੍ਰਚਲਿਤ ਬਾਹਰਲੀਆਂ ਰਹਿਤਾਂ ਦਾ ਖੰਡਨ ਕੀਤਾ ਅਤੇ ਅੰਦਰਲੀ ਰਹਿਤ ਕਮਾਉਣ ਦਾ ਉਪਦੇਸ਼ ਸਾਰੇ ਜੱਗ ਨੂੰ ਦੇ ਕੇ ਪੂਰਨ ਸਤਿ ਵਰਤਾਇਆ। ਸਤਿਗੁਰੂ ਪਾਤਸ਼ਾਹ ਜੀ ਨੇ ਸਾਰੇ ਸਮਾਜ ਦੇ ਧਾਰਮਿਕ ਆਗੂਆਂ ਨਾਲ ਖੁਲ੍ਹੀ ਅਤੇ ਜ਼ਬਰਦਸਤ ਟੱਕਰ ਲੈ ਕੇ ਇਸ ਪਰਮ ਸਤਿ ਨੂੰ ਸਾਬਿਤ ਕਰ ਦਿੱਤਾ ਕਿ “ਭਗਤਾ ਕੀ ਚਾਲ ਨਿਰਾਲੀ”। ਇਸੇ ਕਾਰਨ ਸਤਿਗੁਰੂ ਪਾਤਸ਼ਾਹ ਨੂੰ ਲੋਕਾਂ ਨੇ “ਭੂਤਨਾ, ਬੇਤਾਲਾ ਅਤੇ ਦੀਵਾਨਾ” ਕਹਿ ਕੇ ਨਿੰਦਿਆ ਕੀਤੀ ਅਤੇ ਆਪਣੇ ਸਰਵਨਾਸ਼ ਨੂੰ ਨਿਉਤਾ ਦਿੱਤਾ।

ਜਿਸ ਤਰ੍ਹਾਂ ਨਾਲ ਸਤਿਗੁਰ ਅਵਤਾਰ ਧੰਨ ਧੰਨ ਨਾਨਕ ਪਾਤਸ਼ਾਹ ਜੀ ਨੇ ਦੁਨੀਆਂ ਵਿੱਚ ਪ੍ਰਚਲਿਤ ਭਰਮਾਂ ਅਤੇ ਝੂਠੀਆਂ ਰੀਤਾਂ, ਰਿਵਾਜਾਂ ਅਤੇ ਬਾਹਰਲੀਆਂ ਰਹਿਤਾਂ ਦਾ ਜ਼ਬਰਦਸਤ ਖੰਡਨ ਕੀਤਾ ਅਤੇ ਆਪਣੀ ਬਾਣੀ ਵਿੱਚ ਅੰਦਰਲੀ ਰਹਿਤ ਦੀ ਕਮਾਈ ਦਾ ਪਰਮ ਸ਼ਕਤੀਸ਼ਾਲੀ ਉਪਦੇਸ਼ ਦਿੱਤਾ, ਠੀਕ ਇਸੇ ਤਰ੍ਹਾਂ ਨਾਲ ਬਾਕੀ ਸਾਰੇ ਸਤਿਗੁਰੂ ਅਵਤਾਰ ਸਾਹਿਬਾਨ, ਸੰਤਾਂ, ਭਗਤਾਂ ਅਤੇ ਬ੍ਰਹਮ ਗਿਆਨੀਆਂ ਨੇ ਵੀ ਸਾਰੇ ਭਰਮਾਂ, ਰੀਤਾਂ ਅਤੇ ਰਿਵਾਜਾਂ ਦਾ ਖੰਡਨ ਕਰਕੇ ਝੂਠੇ ਪ੍ਰਚਾਰਕਾਂ ਨੂੰ ਫਿਟਕਾਰਾਂ ਪਾਈਆਂ ਅਤੇ ਅੰਦਰਲੀ ਰਹਿਤ ਦੀ ਕਮਾਈ ਦਾ ਉਪਦੇਸ਼ ਦਿੱਤਾ। ਅੰਦਰਲੀ ਰਹਿਤ ਤੋਂ ਭਾਵ ਹੈ ਮਾਇਆ ਨੂੰ ਜਿੱਤਣ ਦੀ ਰਹਿਤ, ਤ੍ਰਿਸ਼ਣਾ ਨੂੰ ਬੁਝਾਉਣ ਦੀ ਰਹਿਤ, ਪੰਜ ਦੂਤਾਂ ਨੂੰ ਜਿੱਤਣ ਦੀ ਰਹਿਤ, ਹਿਰਦੇ ਦੀ ਪੂਰਨ ਸਚਿਆਰੀ ਰਹਿਤ, ਹਿਰਦੇ ਵਿੱਚ ਪਰਮ ਜੋਤ ਪੂਰਨ ਪ੍ਰਕਾਸ਼ ਦੀ ਰਹਿਤ, ਰੋਮ-ਰੋਮ ਸਿਮਰਨ ਦੀ ਰਹਿਤ ਜਿਸਦੇ ਨਾਲ ਮਨੁੱਖਾ ਜਨਮ ਸਫਲ ਹੋ ਸਕੇ ਅਤੇ ਮਨੁੱਖ ਜੀਵਨ ਮੁਕਤੀ ਪ੍ਰਾਪਤ ਕਰ ਸਕੇ।

ਅੰਦਰਲੀ ਰਹਿਤ ਦੀ ਕਮਾਈ ਹੀ ਬੰਦਗੀ ਦਾ ਮਾਰਗ ਹੈ। ਬਾਹਰਲੀਆਂ ਰਹਿਤਾਂ ਦੀ ਕਮਾਈ ਅਤੇ ਪ੍ਰਚਲਿਤ ਰੀਤਾਂ-ਰਿਵਾਜਾਂ ਨੂੰ ਅਪਣਾਉਣਾ ਤਾਂ ਸੌਖਾ ਕਰਮ ਹੈ ਪਰੰਤੂ ਅੰਦਰਲੀ ਰਹਿਤ ਦੀ ਕਮਾਈ ਕਰਨਾ ਬਹੁਤ ਬਿਖਮ ਹੈ। ਬੰਦਗੀ ਦਾ ਮਾਰਗ ਤ੍ਰਿਹ ਗੁਣ ਮਾਇਆ ਨਾਲ ਜੰਗ ਦਾ ਮਾਰਗ ਹੈ। ਬੰਦਗੀ ਦਾ ਮਾਰਗ ਕਾਮ ਚੰਡਾਲ, ਕ੍ਰੋਧ ਚੰਡਾਲ, ਲੋਭ ਚੰਡਾਲ, ਮੋਹ ਚੰਡਾਲ ਅਤੇ ਅਹੰਕਾਰ ਚੰਡਾਲ ਦੇ ਨਾਲ ਜੰਗ ਦਾ ਮਾਰਗ ਹੈ। ਬੰਦਗੀ ਦਾ ਮਾਰਗ ਇਨ੍ਹਾਂ ਪੰਜ ਚੰਡਾਲਾਂ ਨਾਲ ਇਕੱਲੇ-ਇਕੱਲੇ ਨਾਲ ਜੰਗ ਦਾ ਮਾਰਗ ਹੈ। ਅਸ਼ਚਰਜ ਦੀ ਗੱਲ ਇਹ ਹੈ ਕਿ ਸਾਡੇ ਇਹ ਪੰਜ ਦੁਸ਼ਮਨ (ਪੰਜ ਦੂਤ) ਸਾਡੀ ਹੀ ਦੇਹੀ ਵਿੱਚ ਵਾਸ ਕਰਦੇ ਹਨ। ਕਾਮ ਚੰਡਾਲ ਸਾਡੇ ਧੜ ਦੇ ਹੇਠਲੇ ਹਿੱਸੇ ਵਿੱਚ ਵਾਸ ਕਰਦਾ ਹੈ ਜੋ ਕਿ ਸਾਡੀ ਕਾਮ ਵਾਸਨਾ ਨੂੰ ਉਤੇਜਿਤ ਕਰਕੇ ਸਾਡੇ ਉੱਪਰ ਬਾਰ-ਬਾਰ ਆਕਰਮਣ ਕਰਦਾ ਹੈ ਅਤੇ ਅਸਤਿ ਕਰਮ ਕਰਵਾਉਂਦਾ ਹੈ। ਇਸ ਤਰ੍ਹਾਂ ਨਾਲ ਅਸੀਂ ਕਾਮ ਚੰਡਾਲ ਦੀ ਵਿਨਾਸ਼ਕਾਰੀ ਸ਼ਕਤੀ ਦਾ ਸ਼ਿਕਾਰ ਹੋ ਕੇ ਆਪਣਾ ਭਵਿੱਖ ਦੁੱਖਾਂ ਨਾਲ ਭਰਦੇ ਹਾਂ। ਕ੍ਰੋਧ ਚੰਡਾਲ ਸਾਡੇ ਢਿੱਡ ਵਿੱਚ ਵਾਸ ਕਰਦਾ ਹੈ ਅਤੇ ਜਦ ਕਿਸੇ ਕਾਰਨ ਸਾਡੇ ਅਹੰਕਾਰ ਉੱਪਰ ਸੱਟ ਵੱਜਦੀ ਹੈ ਤਾਂ ਇਹ ਸਾਡੇ ਅੰਦਰ ਕ੍ਰੋਧ ਦੀ ਜਵਾਲਾ ਨੂੰ ਭੜਕਾਉਂਦਾ ਹੈ। ਕ੍ਰੋਧ ਚੰਡਾਲ ਵੱਸ ਆ ਕੇ ਅਸੀਂ ਨਿੱਤ ਕਈ ਅਸਤਿ ਕਰਮ ਕਰਦੇ ਹਾਂ ਅਤੇ ਆਪਣੇ ਅੰਦਰ ਨੂੰ ਕ੍ਰੋਧ ਦੀ ਵਿਨਾਸ਼ਕਾਰੀ ਅਗਨ ਵਿੱਚ ਸਾੜਦੇ ਹਾਂ। ਲੋਭ ਚੰਡਾਲ ਅਤੇ ਮੋਹ ਚੰਡਾਲ ਸਾਡੀ ਛਾਤੀ ਵਿੱਚ ਵਾਸ ਕਰਦੇ ਹਨ। ਲੋਭ ਚੰਡਾਲ ਦੀ ਗੁਲਾਮੀ ਵਿੱਚ ਅਸੀਂ ਪਰਾਏ ਧਨ ਨੂੰ ਪ੍ਰਾਪਤ ਕਰਨ ਲਈ ਕਈ ਅਸਤਿ ਕਰਮਾਂ ਨੂੰ ਅੰਜਾਮ ਦਿੰਦੇ ਹਾਂ। ਜਿਸ ਧਨ ਉੱਪਰ ਸਾਡਾ ਕੋਈ ਹੱਕ ਨਹੀਂ ਹੁੰਦਾ ਉਸ ਧਨ ਨੂੰ ਪ੍ਰਾਪਤ ਕਰਨ ਲਈ ਅਸੀਂ ਅਸਤਿ ਕਰਮ ਕਰਦੇ ਹਾਂ ਅਤੇ ਆਪਣੇ ਪ੍ਰਾਲਬਧ ਵਿੱਚ ਦੁੱਖਾਂ-ਕਲੇਸ਼ਾਂ ਦਾ ਬੀਜ ਬੀਜਦੇ ਹਾਂ। ਮੋਹ ਚੰਡਾਲ ਦੀ ਗੁਲਾਮੀ ਵਿੱਚ ਅਸੀਂ ਆਪਣੇ ਪਰਿਵਾਰ ਦੇ ਨਾਲ ਇਸ ਕਦਰ ਜੁੜ ਜਾਂਦੇ ਹਾਂ ਕਿ ਸਾਨੂੰ ਹੋਰ ਕੁਝ ਨਜ਼ਰ ਨਹੀਂ ਆਉਂਦਾ ਹੈ। ਪਰਿਵਾਰਕ ਮੋਹ ਦੇ ਕਾਰਨ ਹੀ ਸਾਡਾ ਪਰਿਵਾਰਕ ਜੀਵਨ ਦੁੱਖਾਂ ਅਤੇ ਕਲੇਸ਼ਾਂ ਨਾਲ ਭਰ ਜਾਂਦਾ ਹੈ। ਅਹੰਕਾਰ ਚੰਡਾਲ ਸਾਡੇ ਸਿਰ ਵਿੱਚ ਵਾਸ ਕਰਦਾ ਹੈ। ਅਹੰਕਾਰ ਚੰਡਾਲ ਮਨੁੱਖ ਨੂੰ ਨਿਮਰਤਾ ਦੀ ਕਮਾਈ ਨਹੀਂ ਕਰਨ ਦਿੰਦਾ ਹੈ। ਨਿਮਰਤਾ ਦਰਗਾਹ ਦੀ ਕੁੰਜੀ ਹੈ ਅਤੇ ਅਹੰਕਾਰ ਦੇ ਕਾਰਨ ਹੀ ਮਨੁੱਖ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਕਰਨ ਤੋਂ ਸੱਖਣਾ ਰਹਿ ਜਾਂਦਾ ਹੈ। ਨਿਮਰਤਾ ਨਾਲ ਭਰਪੂਰ ਗਰੀਬੀ ਵੇਸ ਹਿਰਦੇ ਵਿੱਚ ਸਤਿ ਪਾਰਬ੍ਰਹਮ ਪਰਮੇਸ਼ਰ ਨੂੰ ਆਪ ਪ੍ਰਗਟ ਹੋਣਾ ਪੈਂਦਾ ਹੈ। ਅਹੰਕਾਰ ਚੰਡਾਲ ਬਾਕੀ ਚਾਰ ਚੰਡਾਲਾਂ (ਕਾਮ, ਕ੍ਰੋਧ, ਲੋਭ ਅਤੇ ਮੋਹ) ਨਾਲੋਂ ਜਿਆਦਾ ਸ਼ਕਤੀਸ਼ਾਲੀ ਹੁੰਦਾ ਹੈ। ਬੰਦਗੀ ਕੇਵਲ ਉਸ ਮਨੁੱਖ ਦੀ ਪੂਰਨ ਹੁੰਦੀ ਹੈ ਜੋ ਅਹੰਕਾਰ ਚੰਡਾਲ ਨੂੰ ਜਿੱਤਦਾ ਹੈ।

ਇਨ੍ਹਾਂ ਪੰਜ ਚੰਡਾਲਾਂ ਨੂੰ ਆਪਣੀ ਹੀ ਦੇਹੀ ਵਿੱਚੋਂ ਬਾਹਰ ਕੱਢਣਾ ਬਹੁਤ ਬਿਖਮ ਕੰਮ ਹੈ। ਇਨ੍ਹਾਂ ਪੰਜ ਚੰਡਾਲਾਂ ਦੀਆਂ ਵਿਨਾਸ਼ਕਾਰੀ ਸ਼ਕਤੀਆਂ ਮਨੁੱਖ ਨੂੰ ਹਰ ਪਲ ਅਸਤਿ ਕਰਮ ਕਰਨ ਲਈ ਧੱਕਦੀਆਂ ਹਨ। ਇਨ੍ਹਾਂ ਪੰਜ ਚੰਡਾਲਾਂ ਦੀਆਂ ਵਿਨਾਸ਼ਕਾਰੀ ਸ਼ਕਤੀਆਂ ਮਨੁੱਖ ਨੂੰ ਸੰਸਾਰਿਕ ਝਮੇਲਿਆਂ ਵਿੱਚੋਂ ਨਿਕਲਣ ਨਹੀਂ ਦਿੰਦੀਆਂ ਹਨ। ਇਨ੍ਹਾਂ ਪੰਜ ਚੰਡਾਲਾਂ ਨੇ ਸਾਰੇ ਸੰਸਾਰ ਦੇ ਲੋਕਾਂ ਨੂੰ ਆਪਣੀਆਂ ਭਰਮ ਜਾਲ ਦੀਆਂ ਵਿਨਾਸ਼ਕਾਰੀ ਸ਼ਕਤੀਆਂ ਵਿੱਚ ਬੁਰੀ ਤਰ੍ਹਾਂ ਨਾਲ ਉਲਝਾਇਆ ਹੋਇਆ ਹੈ। ਇਨ੍ਹਾਂ ਪੰਜ ਚੰਡਾਲਾਂ ਦੀ ਗੁਲਾਮੀ ਵਿੱਚ ਮਨੁੱਖ ਅੰਨ੍ਹਾ ਹੋ ਕੇ ਭੌਤਿਕ ਸੰਸਾਰ ਨੂੰ ਹੀ ਸਤਿ ਮੰਨੀ ਬੈਠਾ ਹੈ। ਇਨ੍ਹਾਂ ਪੰਜ ਚੰਡਾਲਾਂ ਦੀ ਗੁਲਾਮੀ ਵਿੱਚ ਮਨੁੱਖ ਅੰਨ੍ਹਾ ਹੋ ਕੇ ਮਨੁੱਖ ਆਪਣੀ ਹੀ ਦੇਹੀ ਨੂੰ ਸਤਿ ਮੰਨੀ ਬੈਠਾ ਹੈ। ਇਸ ਪਰਮ ਸਤਿ ਨੂੰ ਜਾਣਦਾ ਹੋਇਆ ਕਿ ਇਸ ਦੇਹੀ ਦੀ ਮੌਤ ਹੋ ਜਾਣੀ ਹੈ ਫਿਰ ਵੀ ਇਸ ਦੇਹੀ ਨੂੰ ਹੀ ਸਤਿ ਮੰਨੀ ਬੈਠਾ ਹੈ। ਇਸ ਪਰਮ ਸਤਿ ਨੂੰ ਜਾਣਦੇ ਹੋਏ ਵੀ ਕਿ ਕਿਸੇ ਪਰਿਵਾਰਕ ਰਿਸ਼ਤੇ ਨੇ ਅੰਤ ਸਮੇਂ ਮਨੁੱਖ ਦੇ ਨਾਲ ਨਹੀਂ ਚੱਲਣਾ ਹੈ, ਫਿਰ ਵੀ ਸਾਰੇ ਪਰਿਵਾਰਕ ਰਿਸ਼ਤਿਆਂ ਨੂੰ ਸਤਿ ਮੰਨੀ ਬੈਠਾ ਹੈ। ਸੰਸਾਰ ਦਾ ਹਰ ਇੱਕ ਮਨੁੱਖ ਮਾਇਆ ਦੇ ਇਸ ਭਰਮ ਜਾਲ ਵਿੱਚ ਬੁਰੀ ਤਰ੍ਹਾਂ ਨਾਲ ਜਕੜਿਆ ਹੋਇਆ ਹੈ। ਮਾਇਆ ਦੇ ਇਸ ਵਿਨਾਸ਼ਕਾਰੀ ਜਾਲ ਨੂੰ ਹੀ ਗੁਰਬਾਣੀ ਵਿੱਚ ਭਵਜਲ ਕਿਹਾ ਗਿਆ ਹੈ।

ਭਾਈ ਰੇ ਭਵਜਲੁ ਬਿਖਮੁ ਡਰਾਂਉ ਪੂਰਾ ਸਤਿਗੁਰੁ ਰਸਿ ਮਿਲੈ ਗੁਰੁ ਤਾਰੇ ਹਰਿ ਨਾਉ

{ਪੰਨਾ ੬੩}  

ਭਵਜਲੁ ਬਿਖਮੁ ਡਰਾਵਣੋ ਨਾ ਕੰਧੀ ਨਾ ਪਾਰੁ

{ਪੰਨਾ ੫੯}  

ਬੰਦਗੀ ਮਾਇਆ ਦੇ ਨਾਲ ਜੰਗ ਹੈ। ਬੰਦਗੀ ਆਪਣੀ ਤ੍ਰਿਸ਼ਣਾ ਦੀ ਅਗਨ ਨੂੰ ਸਦਾ-ਸਦਾ ਵਾਸਤੇ ਬੁਝਾਉਣ ਲਈ ਕੀਤਾ ਜਾ ਰਿਹਾ ਕਾਮ ਚੰਡਾਲ, ਕ੍ਰੋਧ ਚੰਡਾਲ, ਲੋਭ ਚੰਡਾਲ, ਮੋਹ ਚੰਡਾਲ ਅਤੇ ਅਹੰਕਾਰ ਚੰਡਾਲ ਦੇ ਨਾਲ ਘਮਾਸਾਨ ਯੁੱਧ ਹੈ। ਬੰਦਗੀ ਆਪਣੇ ਹੀ ਮਨ ਨੂੰ ਜਿੱਤਣ ਦੀ ਜੰਗ ਹੈ। ਉਸ ਮਨ ਨੂੰ ਜਿੱਤਣ ਦੀ ਜੰਗ ਹੈ ਜੋ ਕਿ ਤ੍ਰਿਸ਼ਣਾ ਅਤੇ ਪੰਜ ਦੂਤਾਂ ਦਾ ਗੁਲਾਮ ਹੈ; ਉਸਨੂੰ ਇਸ ਗੁਲਾਮੀ ਤੋਂ ਮੁਕਤ ਕਰਵਾਉਣ ਲਈ ਘਮਾਸਾਨ ਜੰਗ ਹੈ। ਮਾਇਆ ਦੁਆਰਾ ਬੁਣਿਆ ਗਿਆ ਸੰਸਾਰਿਕ ਭਰਮ ਜਾਲ ਦੇਖਣ ਨੂੰ ਸਤਿ ਜਾਪਦਾ ਹੈ ਅਤੇ ਸਾਰੇ ਸੰਸਾਰਿਕ ਸੁਆਦਾਂ ਅਤੇ ਰਸਾਂ ਨੂੰ ਬਹੁਤ ਮਿੱਠੇ ਲਗਵਾਉਂਦਾ ਹੈ। ਸੰਸਾਰਿਕ ਵਸਤੂਆਂ ਦੇ ਸੁਆਦ, ਰਸ ਅਤੇ ਭੋਗ ਬਹੁਤ ਮਿੱਠੇ ਲੱਗਦੇ ਹਨ। ਪਰੰਤੂ ਇਨ੍ਹਾਂ ਰਸਾਂ ਅਤੇ ਸੁਆਦਾਂ ਦੇ ਭੋਗ ਤੋਂ ਬਾਅਦ ਮਨੁੱਖ ਇਨ੍ਹਾਂ ਦੀ ਕੁੜੱਤਣ ਅਤੇ ਵਿਨਾਸ਼ਕਾਰੀ ਪ੍ਰਭਾਵ ਦਾ ਸ਼ਿਕਾਰ ਹੁੰਦਾ ਹੈ। ਸੰਸਾਰਿਕ ਵਸਤੂਆਂ ਦੇ ਸੁਆਦ, ਰਸ ਅਤੇ ਇਨ੍ਹਾਂ ਦੇ ਭੋਗ ਦੀ ਲਾਲਸਾ ਮਨੁੱਖ ਨੂੰ ਬੰਦਗੀ ਦੇ ਮਾਰਗ ਉੱਪਰ ਚੱਲਦੇ ਹੋਏ ਭਰਮਾਉਣ ਵਿੱਚ ਕੋਈ ਕਸਰ ਨਹੀਂ ਛੱਡਦੀ ਹੈ। ਬੰਦਗੀ ਦੇ ਸਤਿ ਮਾਰਗ ਉੱਪਰ ਚੱਲਦੇ ਹੋਏ ਮਨੁੱਖ ਨੂੰ ਮਾਇਆ ਬਾਰ-ਬਾਰ ਡਿਗਾਉਣ ਦਾ ਯਤਨ ਕਰਦੀ ਹੈ। ਬੰਦਗੀ ਦੇ ਸਤਿ ਮਾਰਗ ਉੱਪਰ ਚੱਲਦੇ ਹੋਏ ਮਨੁੱਖ ਨੂੰ ਕਾਮ ਚੰਡਾਲ, ਕ੍ਰੋਧ ਚੰਡਾਲ, ਲੋਭ ਚੰਡਾਲ, ਮੋਹ ਚੰਡਾਲ ਅਤੇ ਅਹੰਕਾਰ ਚੰਡਾਲ ਆਪਣੀਆਂ ਵਿਨਾਸ਼ਕਾਰੀ ਅਤੇ ਭਰਮਾਉਣ ਵਾਲੀਆਂ ਸ਼ਕਤੀਆਂ ਦੀ ਵਰਤੋਂ ਕਰਕੇ ਬਾਰ-ਬਾਰ ਡਿਗਾਉਣ ਦਾ ਯਤਨ ਕਰਦੇ ਹਨ। ਬੰਦਗੀ ਦੇ ਸਤਿ ਮਾਰਗ ਉੱਪਰ ਚੱਲਦੇ ਹੋਏ ਮਨੁੱਖ ਦਾ ਮਾਇਆ ਨਾਲ ਯੁੱਧ ਹਰ ਪਲ ਹਰ ਛਿਣ ਹੁੰਦਾ ਹੈ। ਬੰਦਗੀ ਦੇ ਸਤਿ ਮਾਰਗ ‘ਤੇ ਚੱਲਦੇ ਹੋਏ ਮਨੁੱਖ ਦੀ ਆਪਣੇ ਸਤਿਗੁਰੂ ਪ੍ਰਤੀ ਸ਼ਰਧਾ, ਪ੍ਰੀਤ ਅਤੇ ਭਰੋਸੇ ਦਾ ਇਮਤਿਹਾਨ ਬਾਰ-ਬਾਰ ਹੁੰਦਾ ਹੈ। ਬੰਦਗੀ ਦੇ ਸਤਿ ਮਾਰਗ ‘ਤੇ ਚੱਲਦੇ ਹੋਏ ਮਨੁੱਖ ਦੀ ਸਤਿਗੁਰੂ ਅਤੇ ਅਕਾਲ ਪੁਰਖ ਦੇ ਲਈ ਉਸਦੇ ਸਮਰਪਣ ਦੀ ਪਰਖ ਬਾਰ-ਬਾਰ ਹੁੰਦੀ ਹੈ। ਬੰਦਗੀ ਦੇ ਸਤਿ ਮਾਰਗ ਉੱਪਰ ਚੱਲਦੇ ਹੋਏ ਮਨੁੱਖ ਨੇ ਕਿਤਨੀ ਨਿਮਰਤਾ ਦੀ ਕਮਾਈ ਕੀਤੀ ਹੈ, ਕਿਤਨੀ ਹਿਰਦੇ ਦੀ ਗਰੀਬੀ ਇਕੱਤਰ ਕੀਤੀ ਹੈ, ਕਿਤਨੀ ਸਤਿ ਸੰਤੋਖ ਦੀ ਕਮਾਈ ਕੀਤੀ ਹੈ, ਕਿਤਨੀ ਜਤਿ ਸਤਿ ਦੀ ਕਮਾਈ ਕੀਤੀ ਹੈ, ਕਿਤਨਾ ਲੋਭ ਅਤੇ ਮੋਹ ਦਾ ਤਿਆਗ ਕੀਤਾ ਹੈ, ਕਿਤਨਾ ਅਹੰਕਾਰ ਦਾ ਤਿਆਗ ਕੀਤਾ ਹੈ, ਆਦਿ ਦੀ ਪਰਖ ਬਾਰ-ਬਾਰ ਹੁੰਦੀ ਹੈ। ਇਸੇ ਕਰਕੇ ਬੰਦਗੀ ਦੇ ਸਤਿ ਮਾਰਗ ਨੂੰ “ਬਿਖਮੁ” ਕਿਹਾ ਗਿਆ ਹੈ। ਸੰਸਾਰਿਕ ਜੀਵਨ ਵਿੱਚ ਮੌਜੂਦ ਮਾਇਕ ਵਾਸਨਾਵਾਂ ਦੀਆਂ ਵਿਨਾਸ਼ਕਾਰੀ ਸ਼ਕਤੀਆਂ ਇਤਨੀਆਂ ਪ੍ਰਬਲ ਹਨ ਕਿ ਉਹ ਪਲ-ਪਲ ਛਿਣ-ਛਿਣ ਮਨੁੱਖ ਦੇ ਮਨ ਨੂੰ ਵਿਕ੍ਰਿਤ ਕਰ ਦਿੰਦੀਆਂ ਹਨ ਅਤੇ ਉਸਨੂੰ ਬੰਦਗੀ ਦੇ ਮਾਰਗ ਤੋਂ ਭਟਕਾਉਂਦੀਆਂ ਹਨ। ਪੰਜ ਚੰਡਾਲ (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ) ਜੋ ਕਿ ਮਨੁੱਖ ਦੀ ਦੇਹੀ ਵਿੱਚ ਹੀ ਵਾਸ ਕਰਦੇ ਹਨ; ਉਹ ਮਨੁੱਖ ਦਾ ਧਿਆਨ ਪਲ-ਪਲ ਛਿਣ-ਛਿਣ ਭਟਕਾਉਣ ਵਿੱਚ ਕਿਰਿਆਸ਼ੀਲ ਰਹਿੰਦੇ ਹਨ ਅਤੇ ਆਪਣੀਆਂ ਵਾਸ਼ਨਿਕ ਵਿਕਾਰੀ ਵਿਨਾਸ਼ਕਾਰੀ ਸ਼ਕਤੀਆਂ ਦੇ ਨਾਲ ਉਸਦਾ ਅੰਮ੍ਰਿਤ ਲੁੱਟਦੇ ਹਨ। ਮਾਇਆ ਦੇ ਨਾਲ ਇਸ ਯੁੱਧ ਨੂੰ ਜਿੱਤਣਾ ਬੇਅੰਤ ਬਿਖਮ ਪੈਂਡੇ ਉੱਪਰ ਤੁਰਨ ਦੇ ਬਰਾਬਰ ਹੈ। ਬੰਦਗੀ ਦਾ ਸਤਿ ਮਾਰਗ ਐਸਾ ਬਿਖਮ ਮਾਰਗ ਜੋ ਕਿ ਖੰਡੇ ਦੀ ਧਾਰ ਤੋਂ ਵੀ ਤਿੱਖਾ ਅਤੇ ਵਾਲ ਨਾਲੋਂ ਵੀ ਪਤਲਾ ਹੈ।

ਮਹਾ ਬਿਖਮੁ ਜਮ ਪੰਥੁ ਦੁਹੇਲਾ ਕਾਲੂਖਤ ਮੋਹ ਅੰਧਿਆਰਾ

ਨਾਨਕ ਗੁਰਮੁਖਿ ਨਾਮੁ ਧਿਆਇਆ ਤਾ ਪਾਏ ਮੋਖ ਦੁਆਰਾ

{ਪੰਨਾ ੪੪੩}

ਜੋਗੈ ਕਾ ਮਾਰਗੁ ਬਿਖਮੁ ਹੈ ਜੋਗੀ ਜਿਸ ਨੋ ਨਦਰਿ ਕਰੇ ਸੋ ਪਾਏ  

{ਪੰਨਾ ੯੦੮-੯੦੯}

ਤੇਰਾ ਮਹਲੁ ਅਗੋਚਰੁ ਮੇਰੇ ਪਿਆਰੇ ਬਿਖਮੁ ਤੇਰਾ ਹੈ ਭਾਣਾ

{ਪੰਨਾ ੧੧੮੫-੧੧੮੬}

ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿੱਚ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਕਿਰਪਾ ਨਾਲ ਬੇਅੰਤ ਬੈਰਾਗ ਉਪਜਦਾ ਹੈ ਉਹ ਮਾਇਆ ਦੀ ਪਰਵਾਹ ਨਹੀਂ ਕਰਦੇ ਹਨ। ਜਿਹੜੇ ਮਨੁੱਖ ਪੂਰਨ ਨਿਮਰਤਾ ਅਤੇ ਭੋਲੇਪਨ ਵਿੱਚ ਹੁੰਦੇ ਹਨ ਉਨ੍ਹਾਂ ਦਾ ਮਾਇਆ ਕੁਝ ਨਹੀਂ ਵਿਗਾੜ ਸਕਦੀ ਹੈ। ਜੋ ਮਨੁੱਖ ਆਪਣੇ ਸਤਿਗੁਰੂ ਦੇ ਚਰਨਾਂ ‘ਤੇ ਆਪਣਾ ਤਨ, ਮਨ, ਧਨ ਅਰਪਣ ਕਰ ਦਿੰਦੇ ਹਨ ਅਤੇ ਪੂਰਨ ਸ਼ਰਧਾ, ਪ੍ਰੀਤ ਅਤੇ ਭਰੋਸੇ ਨਾਲ ਬੰਦਗੀ ਵਿੱਚ ਉਤਰ ਜਾਂਦੇ ਹਨ ਉਹ ਸਹਿਜੇ ਹੀ ਮਾਇਆ ਨੂੰ ਜਿੱਤ ਲੈਂਦੇ ਹਨ। ਸਤਿਗੁਰੂ ਦੇ ਸਤਿ ਚਰਨਾਂ ‘ਤੇ ਪੂਰਨ ਸਮਰਪਣ ਹੀ ਪੂਰਨ ਬੰਦਗੀ ਦਾ ਮੂਲ ਰਹੱਸ ਹੈ। ਜੋ ਮਨੁੱਖ ਇਸ ਰਹੱਸ ਨੂੰ ਸਮਝ ਲੈਂਦੇ ਹਨ ਉਹ ਸਹਿਜੇ ਹੀ ਮਾਇਆ ਨੂੰ ਜਿੱਤ ਕੇ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਿਰਗੁਣ ਸਰੂਪ ਵਿੱਚ ਅਭੇਦ ਹੋ ਜਾਂਦੇ ਹਨ। ਜੋ ਮਨੁੱਖ ਪੂਰਨ ਸਮਰਪਣ ਤੋਂ ਗੁਰੇਜ਼ ਕਰਦੇ ਹਨ ਉਨ੍ਹਾਂ ਦੀ ਮਾਇਆ ਬਾਰ-ਬਾਰ ਪਰੀਖਿਆ ਲੈਂਦੀ ਹੈ। ਮਾਇਆ ਨੂੰ ਜਿੱਤੇ ਬਗੈਰ ਬੰਦਗੀ ਪੂਰਨ ਨਹੀਂ ਹੁੰਦੀ ਹੈ। ਜਦ ਮਨੁੱਖ ਦੀ ਬੰਦਗੀ ਕਰਮ ਖੰਡ ਅਤੇ ਸੱਚ ਖੰਡ ਵਿੱਚ ਅੱਪੜਦੀ ਹੈ ਤਾਂ ਅਹੰਕਾਰ ਨੂੰ ਛੱਡ ਕੇ ਬਾਕੀ ਦੇ ਚੰਡਾਲ ਸ਼ਾਂਤ ਹੋ ਜਾਂਦੇ ਹਨ। ਅਹੰਕਾਰ ਚੰਡਾਲ ਮਨੁੱਖ ਦਾ ਅਖੀਰ ਤੱਕ ਪਿੱਛਾ ਨਹੀਂ ਛੱਡਦਾ ਹੈ। ਜਦ ਮਨੁੱਖ ਦੀ ਬੰਦਗੀ ਸੱਚ ਖੰਡ ਦੀ ਅਵਸਥਾ ਵਿੱਚ ਪਹੁੰਚਦੀ ਹੈ ਤਾਂ ਇਲਾਹੀ ਰੂਹਾਨੀ ਸ਼ਕਤੀਆਂ ਦੀ ਪ੍ਰਾਪਤੀ ਹੁੰਦੀ ਹੈ। ਰਿੱਧੀਆਂ-ਸਿੱਧੀਆਂ ਆਪਣੇ ਕਰਤਬ ਦਿਖਾਉਣ ਦਾ ਯਤਨ ਕਰਦੀਆਂ ਹਨ। ਜਦ ਇਸ ਅਵਸਥਾ ਵਿੱਚ ਮਨੁੱਖ ਸਤਿਗੁਰੂ ਦੇ ਗੁਰਪ੍ਰਸਾਦਿ ਨਾਲ ਪ੍ਰਾਪਤ ਹੋਈ ਦਿੱਬ ਦ੍ਰਿਸ਼ਟੀ ਨਾਲ ਕਈ ਅਸ਼ਚਰਜ ਜਨਕ ਅਨੁਭਵ ਕਰਦਾ ਹੈ ਤਾਂ ਉਸਨੂੰ ਇਨ੍ਹਾਂ ਇਲਾਹੀ ਦਰਗਾਹੀ ਸ਼ਕਤੀਆਂ ਦੇ ਅਸ਼ਚਰਜ ਜਨਕ ਅਨੁਭਵ ਹੁੰਦੇ ਹਨ। ਇਸ ਅਵਸਥਾ ਵਿੱਚ ਪਹੁੰਚ ਕੇ ਬੰਦਗੀ ਦਾ ਮਾਰਗ ਖੰਡੇ ਦੀ ਧਾਰ ਬਣ ਜਾਂਦਾ ਹੈ। ਇਸ ਅਵਸਥਾ ਵਿੱਚ ਪਹੁੰਚ ਕੇ ਬੰਦਗੀ ਦਾ ਮਾਰਗ ਵਾਲ ਨਾਲੋਂ ਵੀ ਪਤਲਾ ਹੋ ਜਾਂਦਾ ਹੈ। ਜਦ ਮਨੁੱਖ ਨੂੰ ਇਨ੍ਹਾਂ ਇਲਾਹੀ ਪਰਮ ਸ਼ਕਤੀਆਂ ਦੇ ਅਨੁਭਵ ਹੁੰਦੇ ਹਨ ਤਾਂ ਉਸ ਨੂੰ ਇਨ੍ਹਾਂ ਪਰਮ ਸ਼ਕਤੀਆਂ ਦਾ ਨਸ਼ਾ ਹੋਣ ਦੀ ਸੰਭਾਵਨਾ ਬਹੁਤ ਪ੍ਰਬਲ ਹੁੰਦੀ ਹੈ। ਕਈ ਮਨੁੱਖ ਇਨ੍ਹਾਂ ਪਰਮ ਸ਼ਕਤੀਆਂ ਦੇ ਨਸ਼ੇ ਵਿੱਚ ਉਲਝ ਕੇ ਅਹੰਕਾਰ ਵਿੱਚ ਆ ਜਾਂਦੇ ਹਨ ਅਤੇ ਮਾਇਆ ਨੂੰ ਜਿੱਤਣ ਵਿੱਚ ਅਸਮਰੱਥ ਹੋ ਜਾਂਦੇ ਹਨ। ਇਲਾਹੀ ਪਰਮ ਸ਼ਕਤੀਆਂ ਦੇ ਨਸ਼ੇ ਵਿੱਚ ਅਹੰਕਾਰ ਵਿੱਚ ਆ ਕੇ ਆਪਣੇ ਸਤਿਗੁਰੂ ਦੇ ਉਪਦੇਸ਼ ਨੂੰ ਵਿਸਾਰ ਦਿੰਦੇ ਹਨ। ਇਹ ਸਮਝਣ ਦੀ ਗਲਤੀ ਕਰ ਬੈਠਦੇ ਹਨ ਕਿ ਉਨ੍ਹਾਂ ਨੇ ਸਭ ਕੁਝ ਹਾਸਿਲ ਕਰ ਲਿਆ ਹੈ ਅਤੇ ਹੁਣ ਉਨ੍ਹਾਂ ਨੂੰ ਸਤਿਗੁਰੂ ਦੀ ਲੋੜ ਨਹੀਂ ਹੈ। ਆਪਣੇ ਸਤਿਗੁਰੂ ਦੀ ਸਮਰੱਥਾ ਦੀ ਮਹਿਮਾ ਨੂੰ ਆਪਣੇ ਨਾਲੋਂ ਛੋਟਾ ਅਤੇ ਨੀਵਾਂ ਸਮਝਣ ਦਾ ਸੰਗੀਨ ਗੁਨਾਹ ਕਰ ਬੈਠਦੇ ਹਨ। ਆਪਣੇ ਅਹੰਕਾਰ ਵੱਸ ਇਸ ਮਹਾ ਅਗਿਆਨਤਾ ਦੇ ਕਾਰਨ ਆਪਣੇ ਹੀ ਪੂਰਨ ਸਮਰੱਥ ਸਤਿਗੁਰੂ ਨੂੰ ਆਪਣੇ ਨਾਲੋਂ ਛੋਟਾ ਸਮਝਣ ਦਾ ਗੁਨਾਹ ਕਰ ਬੈਠਦੇ ਹਨ। ਭਾਵ ਆਪਣੇ ਹੀ ਪੂਰਨ ਸਮਰੱਥ ਸਤਿਗੁਰੂ ਤੋਂ ਬੇਮੁਖ ਹੋਣ ਦਾ ਬਹੁਤ ਵੱਡਾ ਗੁਨਾਹ ਕਰ ਬੈਠਦੇ ਹਨ। ਆਪਣੀ ਬੰਦਗੀ ਦੇ ਆਖਰੀ ਪੜਾਉ ਵਿੱਚ ਪਹੁੰਚ ਕੇ ਖੰਡੇ ਦੀ ਧਾਰ ਉੱਪਰ ਚੱਲਣਾ ਸ਼ੁਰੂ ਕਰਦੇ ਹੀ ਅਹੰਕਾਰ ਕਾਰਨ ਮੂੰਹ ਦੇ ਭਾਰ ਗਿਰ ਕੇ ਆਪਣਾ ਸਭ ਕੁਝ ਨਸ਼ਟ ਕਰ ਦਿੰਦੇ ਹਨ। ਆਪਣੀ ਬੰਦਗੀ ਦੇ ਆਖਰੀ ਪੜਾਉ ਵਿੱਚ ਪਹੁੰਚ ਕੇ ਵਾਲ ਨਾਲੋਂ ਵੀ ਪਤਲੇ ਮਾਰਗ ਉੱਪਰ ਚੱਲਣਾ ਸ਼ੁਰੂ ਕਰਦੇ ਹੀ ਅਹੰਕਾਰ ਵੱਸ ਆ ਕੇ ਪੁੱਠੇ ਹੋ ਕੇ ਗਿਰਦੇ ਹਨ ਅਤੇ ਆਪਣੇ ਹੀ ਸਮਰੱਥ ਸਤਿਗੁਰੂ ਤੋਂ ਬੇਮੁਖ ਹੋ ਕੇ ਸਭ ਕੁਝ ਗੁਆ ਬੈਠਦੇ ਹਨ। ਬੰਦਗੀ ਦੇ ਮਾਰਗ ਉੱਪਰ ਇਸ ਅਵਸਥਾ ਵਿੱਚ ਸਤਿਗੁਰੂ ਦੀ ਬਾਂਹ ਫੜੀ ਰੱਖਣ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ। ਬੰਦਗੀ ਦੇ ਇਸ ਆਖਰੀ ਪੜਾਉ ਵਿੱਚ ਪਹੁੰਚ ਕੇ ਕੇਵਲ ਸਤਿਗੁਰੂ ਦੀ ਬਾਂਹ ਨੂੰ ਫੜ ਕੇ ਹੀ ਖੰਡੇ ਦੀ ਧਾਰ ਅਤੇ ਵਾਲ ਨਾਲੋਂ ਵੀ ਪਤਲੇ ਮਾਰਗ ਉੱਪਰ ਤੁਰਿਆ ਜਾ ਸਕਦਾ ਹੈ ਅਤੇ ਮਾਇਆ ਨੂੰ ਜਿੱਤਿਆ ਜਾ ਸਕਦਾ ਹੈ। ਸਤਿਗੁਰੂ ਦੀ ਕਿਰਪਾ ਤੋਂ ਬਗੈਰ ਮਾਇਆ ਨੂੰ ਨਹੀਂ ਜਿੱਤਿਆ ਜਾ ਸਕਦਾ ਹੈ। ਇਸ ਲਈ ਬੰਦਗੀ ਦੀ ਇਸ ਅਵਸਥਾ ਵਿੱਚ ਪਹੁੰਚ ਕੇ ਡੂੰਘੀ ਨਿਮਰਤਾ ਵਿੱਚ ਰਹਿਣਾ ਬੇਅੰਤ ਜ਼ਰੂਰੀ ਹੈ। ਬੰਦਗੀ ਦੀ ਇਸ ਅਵਸਥਾ ਵਿੱਚ ਹਿਰਦੇ ਦੀ ਗਰੀਬੀ ਹੋਰ ਗਹਿਰੀ ਹੋਣੀ ਚਾਹੀਦੀ ਹੈ। ਬੰਦਗੀ ਦੀ ਇਸ ਅਵਸਥਾ ਵਿੱਚ ਸਤਿਗੁਰੂ ਦੇ ਸਤਿ ਚਰਨਾਂ ‘ਤੇ ਪੂਰਨ ਸਮਰਪਣ ਕਰਨ ਨਾਲ ਹੀ ਖੰਡੇ ਦੀ ਧਾਰ ਅਤੇ ਵਾਲ ਨਾਲੋਂ ਵੀ ਪਤਲੇ ਮਾਰਗ ਉੱਪਰ ਤੁਰਿਆ ਜਾ ਸਕਦਾ ਹੈ ਅਤੇ ਮਾਇਆ ਨੂੰ ਜਿੱਤਿਆ ਜਾ ਸਕਦਾ ਹੈ। ਇਸ ਅਵਸਥਾ ਵਿੱਚ ਪਹੁੰਚ ਕੇ ਸਭ ਕੁਝ ਜਿੱਤ ਕੇ ਵੀ ਆਪਣੇ ਆਪ ਨੂੰ ਸਤਿਗੁਰੂ ਦੇ ਸਤਿ ਚਰਨਾਂ ਵਿੱਚ ਹਾਰਨ ਨਾਲ ਹੀ ਮਾਇਆ ਨੂੰ ਜਿੱਤਿਆ ਜਾਂਦਾ ਹੈ। ਸਤਿਗੁਰੂ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਚਰਨ-ਸ਼ਰਨ ਵਿੱਚ ਰਹਿ ਕੇ ਹੀ ਮਾਇਆ ਨੂੰ ਜਿੱਤਿਆ ਜਾ ਸਕਦਾ ਹੈ।

ਕਹਤ ਕਬੀਰੁ ਜੀਤਿ ਕੈ ਹਾਰਿ ਬਹੁ ਬਿਧਿ ਕਹਿਓ ਪੁਕਾਰਿ ਪੁਕਾਰਿ

{ਪੰਨਾ ੧੧੫੯}

 ਅਕਾਲ ਪੁਰਖ ਦੀ ਸਦਾ ਸੁਹਾਗਣ ਕੇਵਲ ਅਕਾਲ ਪੁਰਖ ਵਰਗੀ ਹੀ ਹੋ ਸਕਦੀ ਹੈ। ਇਸ ਲਈ ਜਿਸ ਸੁਹਾਗਣ ਉੱਪਰ ਸਤਿ ਪਾਰਬ੍ਰਹਮ ਪਰਮੇਸ਼ਰ ਤੁੱਠਦਾ ਹੈ ਉਸ ਨੂੰ ਚੰਗੀ ਤਰ੍ਹਾਂ ਨਾਲ ਸੁਆਰਦਾ ਹੈ ਅਤੇ ਇਕ ਪਰਮ ਪੂਰਨ ਸ਼ੁੱਧ ਹੀਰੇ ਵਾਂਗ ਤਰਾਸ਼ਦਾ ਹੈ। ਇਕ ਐਸਾ ਪੂਰਨ ਸਚਿਆਰੇ ਹਿਰਦੇ ਦਾ ਨਿਰਮਾਣ ਕਰਦਾ ਹੈ ਜਿਸਦੇ ਵਿੱਚ ਸਾਰੇ ਬ੍ਰਹਿਮੰਡਾਂ ਦੇ ਸਮਾਉਣ ਦੀ ਸ਼ੱਮਤਾ ਆ ਜਾਏ, ਤਾਂ ਐਸੀ ਸੁਹਾਗਣ ਨੂੰ ਸਦਾ ਸੁਹਾਗਣ ਬਣਾਉਂਦਾ ਹੈ। ਸੁਹਾਗਣਾਂ ਤਾਂ ਬਹੁਤ ਬਣਦੀਆਂ ਹਨ ਪਰੰਤੂ ਸਦਾ ਸੁਹਾਗ ਦੀ ਪ੍ਰਾਪਤੀ ਕੋਈ ਵਿਰਲਾ ਹੀ ਕਰਦਾ ਹੈ। ਜੋ ਸੁਹਾਗਣ ਖੰਡੇ ਦੀ ਧਾਰ ਉੱਪਰ ਚੱਲ ਕੇ ਮਾਇਆ ਦੀਆਂ ਸਾਰੀਆਂ ਪਰੀਖਿਆਵਾਂ ਵਿੱਚ ਸਫਲ ਹੁੰਦੀ ਹੈ ਕੇਵਲ ਉਹ ਸੁਹਾਗਣ ਸਦਾ ਸੁਹਾਗਣ ਬਣਦੀ ਹੈ। ਸਦਾ ਸੁਹਾਗ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਕੇਵਲ ਉਸ ਸੁਹਾਗਣ ਨੂੰ ਹੁੰਦੀ ਹੈ ਜੋ ਮਨੁੱਖ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਸਤਿ ਦੀ ਕਸੌਟੀ ਤੇ ਖਰਾ ਉਤਰਦਾ ਹੈ। ਇਸ ਪਰਮ ਸਤਿ ਤੱਤ ਨੂੰ ਗੁਰਬਾਣੀ ਵਿੱਚ ਬਾਰ-ਬਾਰ ਦ੍ਰਿੜ੍ਹ ਕਰਵਾਇਆ ਗਿਆ ਹੈ:

ਖਰੇ ਪਰਖਿ ਖਜਾਨੈ ਪਾਇਹਿ ਖੋਟੇ ਭਰਮਿ ਭੁਲਾਵਣਿਆ

{ਪੰਨਾ ੧੧੮-੧੧੯}

ਏਕੋ ਏਕੁ ਸੁ ਅਪਰ ਪਰੰਪਰੁ ਪਰਖਿ ਖਜਾਨੈ ਪਾਇਦਾ

{ਪੰਨਾ ੧੦੩੩-੧੦੩੪}

ਖਰੇ ਪਰਖਿ ਖਜਾਨੈ ਪਾਈਅਨਿ ਖੋਟਿਆ ਨਾਹੀ ਥਾਉ

{ਪੰਨਾ ੧੦੯੨}

ਐਸੇ ਜਨ ਵਿਰਲੇ ਜਗ ਅੰਦਰਿ ਪਰਖਿ ਖਜਾਨੈ ਪਾਇਆ

{ਪੰਨਾ ੧੩੪੫}

ਇਸ ਲਈ ਪੂਰਨ ਬੰਦਗੀ ਲਈ ਇਸ ਪਰਮ ਸਤਿ ਤੱਤ ਨੂੰ ਸਮਝਣ ਅਤੇ ਇਸ ਉੱਪਰ ਪੂਰਾ-ਪੂਰਾ ਅਮਲ ਕਰਨਾ ਬੇਅੰਤ ਜ਼ਰੂਰੀ ਹੈ ਕਿ: ਮਨੁੱਖ ਮਾਇਆ ਨੂੰ ਕੇਵਲ ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਪੂਰਨ ਸਮਰਪਣ ਕਰਨ ਨਾਲ ਹੀ ਜਿੱਤ ਸਕਦਾ ਹੈ ਅਤੇ ਸਦਾ ਸੁਹਾਗ ਦਾ ਗੁਰਪ੍ਰਸਾਦਿ ਪ੍ਰਾਪਤ ਕਰ ਸਕਦਾ ਹੈ।