ਸਾਚਾ ਨਾਮੁ ਮੇਰਾ ਆਧਾਰੋ ॥ ਸਾਚੁ ਨਾਮੁ ਅਧਾਰੁ ਮੇਰਾ ਜਿਨਿ ਭੁਖਾ ਸਭਿ ਗਵਾਈਆ ॥
ਕਰਿ ਸਾਂਤਿ ਸੁਖ ਮਨਿ ਆਇ ਵਸਿਆ ਜਿਨਿ ਇਛਾ ਸਭਿ ਪੁਜਾਈਆ ॥
ਸਦਾ ਕੁਰਬਾਣੁ ਕੀਤਾ ਗੁਰੂ ਵਿਟਹੁ ਜਿਸ ਦੀਆ ਏਹਿ ਵਡਿਆਈਆ ॥
ਕਹੈ ਨਾਨਕੁ ਸੁਣਹੁ ਸੰਤਹੁ ਸਬਦਿ ਧਰਹੁ ਪਿਆਰੋ ॥ ਸਾਚਾ ਨਾਮੁ ਮੇਰਾ ਆਧਾਰੋ ॥੪॥
{ਪੰਨਾ ੯੧੭}
ਇਹ ਪਰਮ ਸਤਿ ਤੱਤ ਹੈ ਕਿ ਸਤਿ ਪਾਰਬ੍ਰਹਮ ਪਰਮੇਸ਼ਰ ਦਾ ਨਾਮ “ਸਤਿਨਾਮ” ਹੀ ਮਨੁੱਖ ਦੇ ਜੀਵਨ ਦਾ ਆਧਾਰ ਹੈ। ਕੇਵਲ ਇਤਨਾ ਹੀ ਨਹੀਂ ਇਹ ਪਰਮ ਸਤਿ ਹੈ ਕਿ “ਸਤਿ” ਸਾਰੀ ਸ੍ਰਿਸ਼ਟੀ ਦਾ ਗਰਭ ਹੈ। ਸਾਰੀ ਸ੍ਰਿਸ਼ਟੀ ਦੀ ਰਚਨਾ “ਸਤਿ” ਦੀ ਪਰਮ ਸ਼ਕਤੀ ਵਿਚੋਂ ਹੀ ਹੋਈ ਹੈ, ਹੋ ਰਹੀ ਹੈ ਅਤੇ ਸਦਾ ਸਦਾ ਲਈ ਹੁੰਦੀ ਰਹੇਗੀ। ਇਸ ਪਰਮ ਸਤਿ ਤੱਤ ਨੂੰ ਧੰਨ ਧੰਨ ਸਤਿਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਬਾਣੀ ਵਿੱਚ ਪ੍ਰਗਟ ਕੀਤਾ ਹੈ:
ਮੂਲੁ ਸਤਿ ਸਤਿ ਉਤਪਤਿ ॥
{ਪੰਨਾ ੨੮੪}
ਭਾਵ ਇਹ ਹੈ ਕਿ “ਸਤਿ” ਵਿੱਚ ਹੀ ਸਾਰੀ ਸ੍ਰਿਸ਼ਟੀ ਨੂੰ ਸਾਜਨ ਦੀਆ ਸਾਰੀਆਂ ਪਰਮ ਸ਼ਕਤੀਆਂ ਸਮਾਈਆਂ ਹੋਈਆਂ ਹਨ। ਇਸ ਲਈ ਸਤਿ ਪਾਰਬ੍ਰਹਮ ਪਰਮੇਸ਼ਰ ਦਾ ਨਾਮ “ਸਤਿਨਾਮ” ਸਾਰੀ ਸ੍ਰਿਸ਼ਟੀ ਦੀ ਹਰ ਇਕ ਰਚਨਾ ਦਾ ਆਧਾਰ ਹੈ। ਮਨੁੱਖ ਦਾ ਜੀਵਨ ਇਲਾਹੀ ਜੋਤ ਕਾਰਨ ਹੈ। ਮਨੁੱਖ ਦੀ ਹੋਂਦ ਕੇਵਲ ਜੋਤ ਕਾਰਨ ਹੀ ਹੈ ਅਤੇ ਇਹ ਜੋਤ ਹੀ “ਸਤਿ” ਹੈ। ਇਹ ਜੋਤ ਹੀ ਮਨੁੱਖ ਦੀ ਰੂਹ ਜਾਂ ਅਤਮਾ ਹੈ। ਇਹ ਜੋਤ ਹੀ ਮਨੁੱਖ ਦੇ ਪ੍ਰਾਣ ਹਨ। ਜਦ ਇਹ ਜੋਤ ਮਨੁੱਖ ਦੀ ਦੇਹੀ ਦਾ ਤਿਆਗ ਕਰ ਦਿੰਦੀ ਹੈ ਤਾਂ ਮਨੁੱਖਾ ਦੇਹੀ ਦਾ ਅੰਤ ਹੋ ਜਾਂਦਾ ਹੈ। ਇਹ ਇਲਾਹੀ ਜੋਤ ਹੀ ਪੰਜ ਤੱਤਾਂ ਨੂੰ (ਹਵਾ, ਪਾਣੀ, ਅਗਨੀ, ਧਰਤੀ ਅਤੇ ਆਕਾਸ਼), ਜੋ ਕਿ ਕੁਦਰਤੀ ਤੌਰ ਤੇ ਆਪਸ ਵਿੱਚ ਇਕ ਦੂਜੇ ਦੇ ਵਿਰੋਧੀ ਤੱਤ ਹਨ (ਪਾਣੀ ਅਤੇ ਅਗਨੀ ਇਕ ਦੂਜੇ ਦਾ ਵਿਰੋਧ ਕਰਦੇ ਹਨ, ਪਾਣੀ ਅਗਨੀ ਨੂੰ ਬੁਝਾਉਂਦਾ ਹੈ, ਹਵਾ ਅਗਨੀ ਨੂੰ ਭੜਕਾਉਂਦੀ ਹੈ, ਧਰਤੀ ਪਾਣੀ ਵਿੱਚ ਘੁਲ ਜਾਂਦੀ ਹੈ, ਹਵਾ ਪਾਣੀ ਨੂੰ ਜ਼ਬਤ ਕਰ ਲੈਂਦੀ ਹੈ ਆਦਿ) ਇਲਾਹੀ ਹੁਕਮ ਵਿੱਚ ਜੋੜ ਕੇ ਰੱਖਦੀ ਹੈ ਅਤੇ ਮਨੁੱਖਾ ਦੇਹੀ ਦਾ ਨਿਰਮਾਣ ਕਰਦੀ ਹੈ। ਮਨੁੱਖਾ ਦੇਹੀ ਵਿੱਚ ਸਥਿਤ ਇਲਾਹੀ ਜੋਤ ਵਿੱਚ ਹੀ ਸਾਰੀਆਂ ਪਰਮ ਸ਼ਕਤੀਆਂ ਸਮਾਈਆਂ ਹੋਈਆਂ ਹਨ। ਮਨੁੱਖ ਨੂੰ ਬਖਸ਼ੀਆਂ ਗਈਆਂ ਪੰਜ ਕਲਾਵਾਂ, ਜੋ ਕਿ ਪੰਜ ਗਿਆਨ ਇੰਦਰੀਆਂ ਦੇ ਰੂਪ ਵਿੱਚ ਮਨੁੱਖਾ ਦੇਹੀ ਦਾ ਸੰਚਾਲਨ ਕਰਦੀਆਂ ਹਨ ਅਤੇ ਮਨੁੱਖ ਦੀਆਂ ਪੰਜ ਕਰਮ ਇੰਦਰੀਆਂ ਤੋਂ ਕਰਮ ਕਰਵਾਉਂਦੀਆਂ ਹਨ, ਇਸੇ ਇਲਾਹੀ ਜੋਤ ਕਾਰਨ ਹੀ ਹਨ। ਕੇਵਲ ਇਤਨਾ ਹੀ ਨਹੀਂ, ਇਸ ਇਲਾਹੀ ਜੋਤ ਕਾਰਨ ਹੀ ਮਨੁੱਖ ਦੀ ਰੂਹ ਵਿੱਚ ੭ ਸਤਿ ਸਰੋਵਰ ਸਥਿਤ ਹਨ, ਜਿਨ੍ਹਾਂ ਵਿੱਚ ਸਤਿ ਪਾਰਬ੍ਰਹਮ ਪਰਮੇਸ਼ਰ ਦੀਆਂ ਬੇਅੰਤ ਪਰਮ ਸ਼ਕਤੀਆਂ ਸਮਾਈਆਂ ਹੋਈਆਂ ਹਨ। ਜੋ ਮਨੁੱਖ ਇਸ ਪਰਮ ਜੋਤ ਨੂੰ ਵਿਸਾਰ ਕੇ ਮਾਇਆ ਨੂੰ ਆਪਣਾ ਗੁਰੂ ਬਣਾ ਲੈਂਦੇ ਹਨ ਉਹ ਮਨੁੱਖ ਮਾਇਆ ਦੀ ਸੇਵਾ ਕਰਦੇ ਹੋਏ ਮਾਇਆ ਦੀ ਗੁਲਾਮੀ ਵਿੱਚ ਆਪਣਾ ਅਨਮੋਲਕ ਰਤਨ ਹੀਰਾ ਜਨਮ ਗੁਆ ਬੈਠਦੇ ਹਨ ਅਤੇ ਜਨਮ-ਮਰਨ ਦੇ ਬੰਧਨ ਤੋਂ ਮੁਕਤ ਨਹੀਂ ਹੁੰਦੇ ਹਨ। ਜੋ ਮਨੁੱਖ ਇਸ ਇਲਾਹੀ ਪਰਮ ਜੋਤ ਨੂੰ ਜੋ ਜੀਵਨ ਦਾ ਆਧਾਰ ਹੈ ਉਸ ਨੂੰ ਆਪਣਾ ਗੁਰੂ ਬਣਾ ਲੈਂਦੇ ਹਨ ਉਹ ਮਨੁੱਖ ਗੁਰਪ੍ਰਸਾਦਿ ਦੀ ਪ੍ਰਾਪਤੀ ਕਰਕੇ ਸਤਿ ਦੀ ਸੰਗਤ ਵਿੱਚ ਸਤਿ ਦੇ ਛੱਤਰ ਹੇਠ ਬੈਠ ਕੇ ਆਪਣੀ ਬੰਦਗੀ ਪੂਰਨ ਕਰਕੇ ਮਾਇਆ ਨੂੰ ਜਿੱਤ ਲੈਂਦੇ ਹਨ ਅਤੇ ਸਤਿ ਪਾਰਬ੍ਰਹਮ ਪਰਮੇਸ਼ਰ ਵਿੱਚ ਸਮਾ ਕੇ ਆਪਣਾ ਜੀਵਨ ਸਫਲ ਕਰ ਜਾਂਦੇ ਹਨ।
ਸਤਿਨਾਮ ਕੇਵਲ ਮਨੁੱਖਾ ਜੀਵਨ ਦਾ ਹੀ ਆਧਾਰ ਨਹੀਂ ਹੈ। ਸਤਿ ਦੇ ਵਿੱਚ ਸਮਾਈ ਹੋਈ ਬੇਅੰਤ ਪਰਮ ਸ਼ਕਤੀ ਸ੍ਰਿਸ਼ਟੀ ਦੀ ਹਰ ਇਕ ਰਚਨਾ ਦਾ ਆਧਾਰ ਹੈ। ਇਸ ਪਰਮ ਸਤਿ ਤੱਤ ਨੂੰ ਸਤਿਗੁਰ ਅਵਤਾਰ ਧੰਨ ਧੰਨ ਅਰਜਨ ਦੇਵ ਪਾਤਿਸ਼ਾਹ ਜੀ ਨੇ ਸੁਖਮਨੀ ਬਾਣੀ ਵਿੱਚ ਪ੍ਰਗਟ ਕੀਤਾ ਹੈ:
ਨਾਮ ਕੇ ਧਾਰੇ ਸਗਲੇ ਜੰਤ ॥
ਨਾਮ ਕੇ ਧਾਰੇ ਖੰਡ ਬ੍ਰਹਮੰਡ ॥
ਨਾਮ ਕੇ ਧਾਰੇ ਸਿਮ੍ਰਿਤਿ ਬੇਦ ਪੁਰਾਨ ॥
ਨਾਮ ਕੇ ਧਾਰੇ ਸੁਨਨ ਗਿਆਨ ਧਿਆਨ ॥
ਨਾਮ ਕੇ ਧਾਰੇ ਆਗਾਸ ਪਾਤਾਲ ॥
ਨਾਮ ਕੇ ਧਾਰੇ ਸਗਲ ਆਕਾਰ ॥
ਨਾਮ ਕੇ ਧਾਰੇ ਪੁਰੀਆ ਸਭ ਭਵਨ ॥
ਨਾਮ ਕੈ ਸੰਗਿ ਉਧਰੇ ਸੁਨਿ ਸ੍ਰਵਨ ॥
ਕਰਿ ਕਿਰਪਾ ਜਿਸੁ ਆਪਨੈ ਨਾਮਿ ਲਾਏ ॥
ਨਾਨਕ ਚਉਥੇ ਪਦ ਮਹਿ ਸੋ ਜਨੁ ਗਤਿ ਪਾਏ ॥੫॥
(ਪੰਨਾ ੨੮੪)
ਪੂਰਨ ਬ੍ਰਹਮ ਗਿਆਨ ਦੇ ਇਸ ਪਰਮ ਸ਼ਕਤੀਸ਼ਾਲੀ ਸ਼ਲੋਕ ਵਿੱਚ ਧੰਨ ਧੰਨ ਸਤਿਗੁਰੂ ਸਾਹਿਬ ਜੀ ਨੇ ਇਸ ਪਰਮ ਸਤਿ ਤੱਤ ਦਾ ਖੁਲਾਸਾ ਕੀਤਾ ਹੈ ਕਿ ਸਤਿਨਾਮ ਦੀ ਮਹਿਮਾ ਕਿਤਨੀ ਹੈਰਾਨੀਜਨਕ ਅਤੇ ਬਿਸਮਾਦ ਜਨਕ ਹੈ। ਧੰਨ ਧੰਨ ਪੰਚਮ ਪਾਤਸ਼ਾਹ ਜੀ ਅਕਾਲ ਪੁਰਖ ਦੇ ਨਾਮ ਸਤਿਨਾਮ ਦੀ ਮਹਿਮਾ ਦੀ ਬੇਅੰਤਤਾ ਨੂੰ ਪ੍ਰਗਟ ਕਰ ਰਹੇ ਹਨ। ਸ੍ਰਿਸ਼ਟੀ ਵਿੱਚ ਵਿਚਰ ਰਹੀ ਸ਼ੈ ਦੀ ਨੀਂਹ ਸਤਿਨਾਮ ਹੈ। ਸ੍ਰਿਸ਼ਟੀ ਵਿੱਚ ਮੌਜੂਦ ਹਰ ਵਸਤੂ ਦਾ ਆਧਾਰ ਸਤਿਨਾਮ ਹੈ। ਸ੍ਰਿਸਟੀ ਵਿੱਚ ਵਿਚਰ ਰਹੀ ਹਰ ਸ਼ੈ ਸਤਿਨਾਮ ਵਿਚੋਂ ਉਪਜੀ ਹੈ, ਉਪਜ ਰਹੀ ਹੈ ਅਤੇ ਉਪਜਦੀ ਰਹੇਗੀ। ਸੰਸਾਰ ਵਿੱਚ ਮੌਜੂਦ ਹਰ ਇਕ ਰਚਨਾ ਦੀ ਉਤਪਤੀ ਨਾਮ ਵਿਚੋਂ ਹੋਈ ਹੈ, ਹੋ ਰਹੀ ਹੈ ਅਤੇ ਹੁੰਦੀ ਰਹੇਗੀ। ਸੰਸਾਰ ਵਿੱਚ ਵਿਚਰ ਰਹੇ ਸਾਰੇ ਜੀਵਤ ਜੀਵ ਜੰਤ ਸਤਿਨਾਮ ਵਿਚੋਂ ਸਿਰਜੇ ਹੋਏ ਹਨ, ਸਿਰਜੇ ਜਾ ਰਹੇ ਹਨ ਅਤੇ ਸਿਰਜੇ ਜਾਂਦੇ ਰਹਿਣਗੇ। ਸੰਸਾਰ ਵਿੱਚ ਵਿਚਰ ਰਹੀ ਸਾਰੀ ਬਨਸਪਤ, ਸਾਰੇ ਖੰਡ ਬ੍ਰਹਿਮੰਡ, ਪ੍ਰਿਥਵੀ, ਸੂਰਜ, ਚੰਦ, ਤਾਰੇ, ਸਾਰੇ ਗ੍ਰਹਿ ਨਕਸ਼ੱਤਰ, ਅਤੇ ਹਰ ਚੀਜ਼ ਜਿਹੜੀ ਖੰਡ ਬ੍ਰਹਿਮੰਡਾਂ ਵਿੱਚ ਮੌਜੂਦ ਹੈ – ਭਾਵ ਸ੍ਰਿਸ਼ਟੀ ਦੀ ਹਰ ਰਚਨਾ ਸਤਿਨਾਮ ਵਿਚੋਂ ਉਪਜੀ ਹੈ, ਉਪਜ ਰਹੀ ਹੈ ਅਤੇ ਉਪਜਦੀ ਰਹੇਗੀ। ਸਾਰੇ ਧਾਰਮਿਕ ਗ੍ਰੰਥ: ਸਿਮ੍ਰਿਤੀਆਂ, ਚਾਰ ਵੇਦ, ਸਾਰੇ ਉਪਨਿਸ਼ਦ ਅਤੇ ਸਾਰੇ ਪੁਰਾਣ ਜਿਨ੍ਹਾਂ ਦੀ ਰਚਨਾ ਯੋਗੀਆਂ, ਰਿਸ਼ੀਆਂ, ਅਤੇ ਮੁਨੀਆਂ ਦੁਆਰਾ ਸਮੇਂ-ਸਮੇਂ ਸਿਰ ਹੋਈ ਹੈ; ਇਨ੍ਹਾਂ ਸਾਰੇ ਧਰਮ ਗ੍ਰੰਥਾਂ ਦਾ ਆਧਾਰ ਵੀ ਸਤਿਨਾਮ ਹੀ ਹੈ। ਭਾਵ ਸ੍ਰਿਸ਼ਟੀ ਵਿੱਚ ਸਮੇਂ-ਸਮੇਂ ਸਿਰ ਪ੍ਰਗਟ ਕੀਤੇ ਗਏ ਸਾਰੇ ਗਿਆਨ ਦਾ ਆਧਾਰ ਵੀ ਸਤਿਨਾਮ ਹੈ। ਗੁਰਬਾਣੀ ਵਿੱਚ ਪ੍ਰਗਟ ਹੋਏ ਪੂਰਨ ਬ੍ਰਹਮ ਗਿਆਨ ਦਾ ਆਧਾਰ ਵੀ ਸਤਿਨਾਮ ਹੀ ਹੈ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦਾ ਆਧਾਰ ਵੀ ਕੇਵਲ ਸਤਿਨਾਮ ਹੀ ਹੈ। ਕਿਉਂਕਿ “ਸਤਿ” ਨਾਮ ਹੈ ਇਸ ਲਈ “ਸਤਿ” ਹੀ ਸਾਰੀ ਸ੍ਰਿਸ਼ਟੀ ਦੀ ਹਰ ਇਕ ਰਚਨਾ ਦਾ ਆਧਾਰ ਹੈ। ਇਸ ਲਈ ਗੁਰਬਾਣੀ ਵਿੱਚ ਪ੍ਰਗਟ ਹੋਏ ਪੂਰਨ ਬ੍ਰਹਮ ਗਿਆਨ ਦਾ ਗੁਰੂ ਵੀ ਸਤਿਨਾਮ ਹੀ ਹੈ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦਾ ਗੁਰੂ ਵੀ ਸਤਿਨਾਮ ਹੀ ਹੈ। ਅੱਜ ਤੱਕ ਧਰਤੀ ਉੱਪਰ ਪ੍ਰਗਟ ਹੋਏ ਸਾਰੇ ਸਤਿਗੁਰੂਆਂ, ਅਵਤਾਰਾਂ, ਸੰਤਾਂ, ਭਗਤਾਂ, ਬ੍ਰਹਮ ਗਿਆਨੀਆਂ, ਪੀਰਾਂ, ਪੈਗੰਬਰਾਂ, ਖ਼ਾਲਸਿਆਂ ਅਤੇ ਗੁਰਮੁਖਾਂ ਦਾ ਗੁਰੂ ਵੀ ਸਤਿਨਾਮ ਹੀ ਹੈ। ਲੋਕ ਪ੍ਰਲੋਕ ਵਿੱਚ ਹਰ ਚੀਜ਼ ਸਤਿਨਾਮ ਵਿਚੋਂ ਉਪਜੀ ਹੈ, ਉਪਜ ਰਹੀ ਹੈ ਅਤੇ ਉਪਜਦੀ ਰਹੇਗੀ। ਲੋਕ ਪ੍ਰਲੋਕ ਵਿੱਚ ਹਰ ਚੀਜ਼ ਦੀ ਸੰਸਥਾਪਨਾ ਦਾ ਆਧਾਰ ਸਤਿਨਾਮ ਹੈ। ਅੱਜ ਤੱਕ ਧਰਤੀ ਉੱਪਰ ਪ੍ਰਗਟ ਹੋਇਆ ਸਾਰਾ ਬ੍ਰਹਮ ਗਿਆਨ ਵੀ ਸਤਿਨਾਮ ਦੀ ਹੀ ਦੇਣ ਹੈ। ਮੁੱਕਦੀ ਗੱਲ ਇਹ ਹੈ ਕਿ ਸ੍ਰਿਸ਼ਟੀ ਦੀ ਹਰ ਇਕ ਰਚਨਾ ਦਾ ਗੁਰੂ ਕੇਵਲ “ਸਤਿ” ਨਾਮ ਹੀ ਹੈ।
ਇਹ ਪਰਮ ਸਤਿ ਤੱਤ ਨੂੰ ਜਾਣਨਾ, ਸਮਝਣਾ ਅਤੇ ਮੰਨਣਾ ਬੇਅੰਤ ਜ਼ਰੂਰੀ ਹੈ ਕਿ ਕੇਵਲ “ਸਤਿ” ਨਾਮ ਦਾ ਗੁਰਪ੍ਰਸਾਦਿ ਹੀ: ਮਨੁੱਖ ਨੂੰ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਚਰਨ-ਸ਼ਰਨ ਵਿੱਚ ਲੈ ਜਾ ਸਕਦਾ ਹੈ; ਮਨੁੱਖ ਦੀ ਕੁੰਡਲਨੀ ਸ਼ਕਤੀ ਨੂੰ ਜਾਗਰਤ ਕਰਕੇ ਸਮਾਧੀ ਅਤੇ ਸੁੰਨ ਸਮਾਧੀ ਦੀ ਪ੍ਰਾਪਤੀ ਕਰਵਾ ਸਕਦਾ ਹੈ; ਮਨੁੱਖ ਦੇ ਰੋਮ-ਰੋਮ ਨੂੰ ਅੰਮ੍ਰਿਤ ਨਾਲ ਭਰਪੂਰ ਕਰ ਸਕਦਾ ਹੈ; ਮਨੁੱਖ ਦੇ ਸਾਰੇ ਬੱਜਰ ਕਪਾਟ ਅਤੇ ਦਸਮ ਦੁਆਰ ਖੋਲ ਸਕਦਾ ਹੈ; ਮਨੁੱਖ ਦੇ ੭ ਸਤਿ ਸਰੋਵਰਾਂ ਨੂੰ ਪ੍ਰਕਾਸ਼ਮਾਨ ਕਰ ਸਕਦਾ ਹੈ; ਮਨੁੱਖ ਦੇ ਹਿਰਦੇ ਵਿੱਚ ਪਰਮ ਜੋਤ ਦਾ ਪੂਰਨ ਪ੍ਰਕਾਸ਼ ਕਰ ਸਕਦਾ ਹੈ; ਮਨੁੱਖ ਦੇ ਹਿਰਦੇ ਨੂੰ ਸਾਰੇ ਇਲਾਹੀ ਸਤਿਗੁਣਾਂ ਅਤੇ ਪਰਮ ਸ਼ਕਤੀਆਂ ਨਾਲ ਭਰਪੂਰ ਕਰ ਸਕਦਾ ਹੈ; ਮਨੁੱਖ ਦੀ ਤ੍ਰਿਸ਼ਨਾ ਨੂੰ ਬੁਝਾ ਕੇ, ਪੰਜ ਦੂਤਾਂ ਨੂੰ ਵੱਸ ਕਰਵਾ ਕੇ, ਮਨੁੱਖ ਨੂੰ ਤ੍ਰਿਹ ਗੁਣ ਮਾਇਆ ਉੱਪਰ ਜਿੱਤ ਪ੍ਰਾਪਤ ਕਰਵਾ ਸਕਦਾ ਹੈ; ਮਨੁੱਖ ਨੂੰ ਆਪਣੇ ਮਨ ਉੱਪਰ ਜਿੱਤ ਹਾਸਲ ਕਰਵਾ ਸਕਦਾ ਹੈ; ਮਨੁੱਖ ਨੂੰ ਜੀਵਨ ਮੁਕਤੀ ਪ੍ਰਾਪਤ ਕਰਵਾ ਸਕਦਾ ਹੈ; ਮਨੁੱਖ ਨੂੰ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਿਰਗੁਣ ਸਰੂਪ ਵਿੱਚ ਸਦਾ-ਸਦਾ ਲਈ ਸਮਾ ਸਕਦਾ ਹੈ; ਮਨੁੱਖ ਨੂੰ ਪਰਮ ਪਦਵੀ ਪ੍ਰਾਪਤ ਕਰਵਾ ਸਕਦਾ ਹੈ।
ਜਿਹੜੇ ਮਨੁੱਖ ਆਪਣੇ ਆਪ ਨੂੰ ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਵਿੱਚ ਸਮਰਪਿਤ ਕਰ ਦਿੰਦੇ ਹਨ, ਉਹਨਾਂ ਦੀ ਬੰਦਗੀ ਵਿੱਚ ਅਵਸਥਾ ਆਉਂਦੀ ਹੈ ਜਦੋਂ ਸਤਿਨਾਮ ਨਾਲ ਸਾਰੇ (੭) “ਸਤਿ” ਸਰੋਵਰ ਪ੍ਰਕਾਸ਼ਮਾਨ ਹੋ ਜਾਂਦੇ ਹਨ। ਸਤਿ ਪਾਰਬ੍ਰਹਮ ਪਰਮੇਸ਼ਰ ਦਾਤਾ ਕਰਤਾ ਆਪ ਸਾਡੇ ਹਿਰਦੇ ਅੰਦਰ ਸਾਰੇ ਅਨਾਦੀ ਖਜ਼ਾਨੇ ਸਥਾਪਿਤ ਕਰ ਦਿੰਦਾ ਹੈ। ੭ ਸਤਿ ਸਰੋਵਰ ਜਿਹੜੇ ਸਾਡੀ ਰੂਹ ਦੇ ਅਟੁੱਟ ਅੰਗ ਹਨ ਸਾਰੇ ਦਰਗਾਹੀ ਖਜ਼ਾਨਿਆਂ ਦਾ ਸਰੋਤ ਹਨ। ਜਦੋਂ ਇਹ ਸਤਿ ਸਰੋਵਰ ਪ੍ਰਕਾਸ਼ਮਾਨ ਹੋ ਜਾਂਦੇ ਹਨ ਅਤੇ ਸਾਡੀ ਕੁੰਡਲਨੀ ਸ਼ਕਤੀ ਜਾਗ੍ਰਿਤ ਹੋ ਜਾਂਦੀ ਹੈ ਤਦ ਅਸੀਂ ਰੋਮ-ਰੋਮ ਨਾਲ ਸਤਿਨਾਮ ਸਿਮਰਨ ਦੀ ਬਖਸ਼ਿਸ਼ ਪ੍ਰਾਪਤ ਕਰਦੇ ਹਾਂ। ਸਾਰੇ ਬਜਰ ਕਪਾਟਾਂ ਦਾ ਖੁੱਲ੍ਹਣਾ, ਦਸਮ ਦੁਆਰ ਵਿੱਚ ਅਨਹਦ ਸ਼ਬਦ ਦੀ ਪ੍ਰਾਪਤੀ ਨਾਲ ਸਤਿ ਪਾਰਬ੍ਰਹਮ ਪਰਮੇਸ਼ਰ ਨਾਲ ਸਿੱਧਾ ਸੰਬੰਧ, ਪਰਮ ਜੋਤ ਪੂਰਨ ਪ੍ਰਕਾਸ਼ ਨਾਲ ਹਿਰਦੇ ਦਾ ਭਰਪੂਰ ਹੋ ਜਾਣਾ, ਹਿਰਦੇ ਵਿੱਚ ਸਾਰੇ ਇਲਾਹੀ ਦਰਗਾਹੀ ਸਤਿਗੁਣਾਂ ਅਤੇ ਸ਼ਕਤੀਆਂ ਦਾ ਪ੍ਰਗਟ ਹੋਣਾ, ਇਹ ਸਭ ਕੁਝ ਸਤਿਨਾਮ ਦੀ ਸੇਵਾ ਕਰਨ ਨਾਲ ਸਹਿਜ ਹੀ ਪ੍ਰਾਪਤ ਹੋ ਜਾਂਦਾ ਹੈ।
ਸਤਿ ਸਰੋਵਰਾਂ ਵਿਚੋਂ ਇਕ ਸਤਿ ਸਰੋਵਰ ਵਿੱਚ ਪੂਰਨ ਬ੍ਰਹਮ ਗਿਆਨ ਦੀਆਂ ਅਲੌਕਿਕ ਸ਼ਕਤੀਆਂ ਰੱਖੀਆਂ ਹੋਈਆਂ ਹਨ ਅਤੇ ਜਦੋਂ ਇਹ ਸਤਿ ਸਰੋਵਰ ਸਤਿਨਾਮ ਨਾਲ ਪ੍ਰਕਾਸ਼ਮਾਨ ਹੋ ਜਾਂਦਾ ਹੈ ਤਦ ਅਸੀਂ ਪੂਰਨ ਬ੍ਰਹਮ ਗਿਆਨ ਪੂਰਨ ਤੱਤ ਗਿਆਨ ਦੀ ਬਖਸ਼ਿਸ਼ ਪ੍ਰਾਪਤ ਕਰਦੇ ਹਾਂ। ਤੱਤ ਗਿਆਨ ਪੂਰਨ ਬ੍ਰਹਮ ਗਿਆਨ ਦਾ ਸਭ ਤੋਂ ਉੱਚਾ ਪੱਧਰ ਹੈ ਅਤੇ ਇਹ ਗੁਰਬਾਣੀ ਪੜ੍ਹਨ ਨਾਲ ਨਹੀਂ ਆਉਂਦਾ ਹੈ। ਪੂਰਨ ਬ੍ਰਹਮ ਗਿਆਨ ਗੁਰਬਾਣੀ ਪੜ੍ਹਨ ਨਾਲ, ਰੂਹਾਨੀਅਤ ਦੀਆਂ ਪੁਸਤਕਾਂ ਅਤੇ ਲਿਖਤਾਂ ਦਾ ਅਧਿਐਨ ਕਰਨ ਨਾਲ ਨਹੀਂ ਆਉਂਦਾ ਹੈ। ਰੋਮ-ਰੋਮ ਸਿਮਰਨ, ਸਾਰੀਆਂ ਇਲਾਹੀ ਸ਼ਕਤੀਆਂ ਅਤੇ ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਕੇਵਲ ਸਤਿ ਸਰੋਵਰਾਂ ਦੇ ਸਤਿਨਾਮ ਦੁਆਰਾ ਪ੍ਰਕਾਸ਼ਮਾਨ ਹੋਣ ਨਾਲ ਹੀ ਹੁੰਦੀ ਹੈ। ਇਸ ਤਰ੍ਹਾਂ ਨਾਲ ਪੂਰਨ ਬ੍ਰਹਮ ਗਿਆਨ ਅਤੇ ਪੂਰਨ ਤੱਤ ਗਿਆਨ ਦਾ ਸੋਮਾ ਮਨੁੱਖ ਦੇ ਅੰਦਰੋਂ ਹੀ ਫੁੱਟਦਾ ਹੈ। ਜਿਹੜੇ ਮਨੁੱਖ ਗੁਰਪ੍ਰਸਾਦਿ ਨੂੰ ਪ੍ਰਾਪਤ ਕਰਦੇ ਹਨ ਅਤੇ ਆਪਣੇ ਆਪ ਨੂੰ ਪੂਰਨ ਭਰੋਸੇ, ਸ਼ਰਧਾ ਅਤੇ ਪ੍ਰੀਤ ਨਾਲ ਆਪਣਾ ਤਨ, ਮਨ ਅਤੇ ਧਨ ਸਤਿਗੁਰੂ ਦੇ ਸਤਿ ਚਰਨਾ ਉੱਪਰ ਪੂਰਨ ਤੌਰ ਤੇ ਸਮਰਪਿਤ ਕਰ ਦਿੰਦੇ ਹਨ, ਉਹ ਮਨੁੱਖ ਧਿਆਨ ਵਿੱਚ ਚਲੇ ਜਾਂਦੇ ਹਨ। ਧਿਆਨ ਵਿੱਚ ਬੈਠ ਕੇ ਲੰਬੇ ਸਤਿਨਾਮ ਅਭਿਆਸ ਨਾਲ ਹੀ ਸਮਾਧੀ ਅਤੇ ਸੁੰਨ ਸਮਾਧੀ ਦੀ ਪ੍ਰਾਪਤੀ ਹੋ ਜਾਂਦੀ ਹੈ। ਧਿਆਨ ਵਿੱਚ ਬੈਠਣ ਨਾਲ (ਭਾਵ ਲੰਬੇ ਸਤਿਨਾਮ ਅਭਿਆਸ ਵਿੱਚ ਬੈਠਣ ਨਾਲ) ਹੀ ਸਾਰੇ ਬੱਜਰ ਕਪਾਟ ਖੁੱਲ੍ਹ ਜਾਂਦੇ ਹਨ, ੭ ਸਤਿ ਸਰੋਵਰ ਪ੍ਰਕਾਸ਼ਮਾਨ ਹੋ ਜਾਂਦੇ ਹਨ, ਦਸਮ ਦੁਆਰ ਖੁੱਲ੍ਹ ਜਾਂਦਾ ਹੈ, ਸਤਿਨਾਮ ਰੋਮ-ਰੋਮ ਵਿੱਚ ਚਲਾ ਜਾਂਦਾ ਹੈ ਅਤੇ ਪੂਰਨ ਬ੍ਰਹਮ ਗਿਆਨ ਦਾ ਸੋਮਾ ਫੁੱਟ ਪੈਂਦਾ ਹੈ।
ਕਿਉਂਕਿ ਮਾਇਆ ਦੇ ਤਿੰਨ ਰੂਪ ਹਨ: ਰਜੋ (ਤ੍ਰਿਸ਼ਨਾ); ਤਮੋ (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ); ਸਤੋ (ਦਇਆ, ਧਰਮ, ਸੰਤੋਖ, ਸੰਜਮ); ਇਸ ਲਈ ਜਿਹੜਾ ਮਨੁੱਖ ਇਹਨਾਂ ਤਿੰਨਾਂ ਰੂਪਾਂ ਦੇ ਪ੍ਰਭਾਵ ਹੇਠ ਰਹਿੰਦਾ ਹੈ ਉਹ ਮਨੁੱਖ ਮਾਇਆ ਦੇ ਪ੍ਰਭਾਵ ਹੇਠ ਰਹਿੰਦਾ ਹੈ, ਭਾਵ ਉਹ ਮਨੁੱਖ ਮਾਇਆ ਦਾ ਗ਼ੁਲਾਮ ਹੈ। ਜਿਹੜੇ ਮਨੁੱਖ ਵੱਡੇ ਭਾਗਾਂ ਵਾਲੇ ਹਨ ਉਹ ਗੁਰਪ੍ਰਸਾਦਿ ਦੀ ਬਖਸ਼ਿਸ਼ ਪ੍ਰਾਪਤ ਕਰਦੇ ਹਨ ਅਤੇ ਪੂਰਨ ਬੰਦਗੀ ਦੀ ਪ੍ਰਕਿਰਿਆ ਵਿਚੋਂ ਗੁਜ਼ਰਦੇ ਹਨ ਅਤੇ ਮਾਇਆ ਨੂੰ ਜਿੱਤ ਕੇ ਮਾਇਆ ਤੋਂ ਪਰ੍ਹੇ ਚਲੇ ਜਾਂਦੇ ਹਨ, ਜਿਸ ਅਵਸਥਾ ਨੂੰ ‘ਚੌਥਾ ਪਦ’ ਕਿਹਾ ਗਿਆ ਹੈ। ਮਾਇਆ ਦੇ ਤਿੰਨ ਰੂਪ ਅਤੇ ‘ਚੌਥਾ ਪਦ’ ਮਾਇਆ ਤੋਂ ਪਰ੍ਹੇ ਜੀਵਨ ਮੁਕਤੀ ਹੈ। ਜਦੋਂ ਅਸੀਂ ਮਾਇਆ ਨੂੰ ਜਿੱਤ ਲੈਂਦੇ ਹਾਂ ਤਾਂ ਅਸੀਂ ‘ਚੌਥੇ ਪਦ’ ਵਿੱਚ ਚਲੇ ਜਾਂਦੇ ਹਾਂ, ਜਿਥੇ ਅਸੀਂ ਜੀਵਨ ਮੁਕਤੀ ਦੀ ਬਖਸ਼ਿਸ਼ ਪ੍ਰਾਪਤ ਕਰਦੇ ਹਾਂ। ਪੂਰਨ ਸਤਿ ਤੱਤ ਇਹ ਹੈ ਕਿ ਸਤਿਨਾਮ ਸਾਨੂੰ ਮਾਇਆ ਨੂੰ ਜਿੱਤ ਕੇ ‘ਚੌਥੇ ਪਦ’ ਤੱਕ ਲੈ ਜਾਂਦਾ ਹੈ ਜਿਸ ਵਿੱਚ ਜੀਵਨ ਮੁਕਤੀ ਹੈ। ਇਸੇ ਕਰਕੇ ਸਤਿਨਾਮ ਦੇ ਗੁਰਪ੍ਰਸਾਦਿ ਵਿੱਚ ਅਸੀਮ ਪਰਮ ਬ੍ਰਹਮ ਸ਼ਕਤੀ ਹੈ।
ਉਹ ਮਨੁੱਖ ਜਿਹੜੇ ਸਤਿਨਾਮ ਦੀ ਬਖਸ਼ਿਸ਼ ਪ੍ਰਾਪਤ ਕਰਦੇ ਹਨ ਉਹ ਵੱਡਭਾਗੇ ਹਨ ਇਸ ਲਈ ਉਨ੍ਹਾਂ ਨੂੰ ਇਸ ਗੁਰਪ੍ਰਸਾਦੀ ਗੁਰਕਿਰਪਾ ਨੂੰ ਐਵੇਂ ਹੀ ਨਹੀਂ ਸਮਝਣਾ ਚਾਹੀਦਾ ਅਤੇ ਇਸ ਪਰਮ ਸ਼ਕਤੀ ਦੀ ਨਿਰਾਦਰੀ ਨਹੀਂ ਕਰਨੀ ਚਾਹੀਦੀ ਹੈ। ਉਨ੍ਹਾਂ ਮਨੁੱਖਾਂ ਨੂੰ ਤਨ-ਮਨ-ਧਨ ਨਾਲ ਗੁਰਪ੍ਰਸਾਦਿ ਦੀ ਇਸ ਪੂਰਨ ਬ੍ਰਹਮ ਪਰਮ ਸ਼ਕਤੀ ਦੀ ਸੇਵਾ ਕਰਨੀ ਚਾਹੀਦੀ ਹੈ। ਜੋ ਮਨੁੱਖ ਗੁਰਪ੍ਰਸਾਦਿ ਦੀ ਨਿਰਾਦਰੀ ਕਰਦੇ ਹਨ ਉਹ ਅੱਤ ਦਰਜੇ ਦੇ ਮੂਰਖ ਹਨ ਅਤੇ ਆਪਣਾ ਜਨਮ ਗੁਆ ਬੈਠਦੇ ਹਨ। ਦਾਸ ਦਾ ਇਹ ਆਪਣਾ ਅਨੁਭਵ ਹੈ ਕਿ ਗੁਰਪ੍ਰਸਾਦੀ ਗੁਰਕਿਰਪਾ ਬਹੁਤ ਸਾਰੀ ਸੰਗਤ ਉੱਪਰ ਵਾਪਰਦੀ ਹੈ ਪਰੰਤੂ ਸਮੱਸਿਆ ਇਹ ਹੈ ਕਿ ਕੋਈ ਵਿਰਲਾ ਹੀ ਸਤਿਨਾਮ ਦੇ ਗੁਰਪ੍ਰਸਾਦਿ ਦੀ ਇਸ ਪਰਮ ਸ਼ਕਤੀ ਦੀ ਸੇਵਾ ਸੰਭਾਲਤਾ ਅਤੇ ਕਮਾਈ ਕਰਦਾ ਹੈ। ਕੋਈ ਵਿਰਲਾ ਮਨੁੱਖ ਹੀ ਸਤਿਗੁਰੂ ਦੇ ਚਰਨਾਂ ਉੱਪਰ ਤਨ ਮਨ ਧਨ ਨਾਲ ਪੂਰਨ ਸਮਰਪਣ ਕਰਕੇ ਆਪਣੀ ਬੰਦਗੀ ਪੂਰਨ ਕਰਦਾ ਹੈ। ਬਹੁਗਿਣਤੀ ਸੰਗਤ ਭਰਮਾਂ ਵਿੱਚ ਪੈ ਕੇ ਮਾਇਆ ਦੇ ਦਲਦਲ ਵਿੱਚ ਫਿਰ ਧੱਸ ਜਾਂਦੀ ਹੈ ਅਤੇ ਗੁਰਪ੍ਰਸਾਦਿ ਦੀ ਇਸ ਪਰਮ ਸ਼ਕਤੀ ਦੀ ਬੇਅੰਤ ਬਖਸ਼ਿਸ਼ ਨੂੰ ਗੁਆ ਬੈਠਦੀ ਹੈ। ਇਸ ਦਾ ਵੱਡਾ ਕਾਰਨ ਸੰਗਤ ਦੀਆਂ ਦੁਨਿਆਵੀ ਮੰਗਾਂ ਹਨ। ਇਹ ਪੂਰਨ ਸਤਿ ਹੈ ਕਿ ਸਤਿਗੁਰੂ ਸੰਗਤ ਦੀਆਂ ਕੁਝ ਮੰਗਾਂ ਤਾਂ ਪੂਰੀਆਂ ਕਰ ਸਕਦਾ ਹੈ ਪਰੰਤੂ ਸਾਰੀਆਂ ਮੰਗਾਂ ਪੂਰੀਆਂ ਨਹੀਂ ਕਰ ਸਕਦਾ ਹੈ ਨਾ ਹੀ ਕਰਦਾ ਹੈ। ਦੁਨਿਆਵੀ ਮੰਗਾਂ ਵਿੱਚ ਉਲਝਿਆ ਹੋਇਆ ਮਨੁੱਖ ਸਾਰੀਆਂ ਮੰਗਾਂ ਨਾਂ ਪੂਰੀਆਂ ਹੋਣ ਕਰਕੇ ਮਾਇਆ ਦੀ ਪ੍ਰੀਖਿਆ ਵਿੱਚ ਅਸਫਲ ਹੋ ਕੇ ਆਪਣਾ ਭਰੋਸਾ, ਸ਼ਰਧਾ ਅਤੇ ਪ੍ਰੀਤ ਗੁਆ ਬੈਠਦਾ ਹੈ। ਮੂਰਖ ਮਨੁੱਖ ਮਾਇਆ ਵਿੱਚ ਆਪਣੀ ਦੁਨਿਆਵੀ ਸਫਲਤਾ ਵੇਖਣਾ ਚਾਹੁੰਦਾ ਹੈ, ਇਸ ਲਈ ਗੁਰਪ੍ਰਸਾਦਿ ਗੁਆ ਕੇ ਮਾਇਆ ਦੇ ਭਰਮ ਜਾਲ ਵਿੱਚ ਮੁੜ ਜਾ ਕੇ ਫੱਸ ਜਾਂਦਾ ਹੈ।
ਮਨੁੱਖ ਦੀਆਂ ਦੁਨਿਆਵੀ ਮੰਗਾਂ ਦਾ ਕੋਈ ਅੰਤ ਨਹੀਂ ਹੈ। ਸਾਰੀ ਸੰਗਤ ਕੇਵਲ ਦੁਨਿਆਵੀ ਮੰਗਾਂ ਲੈ ਕੇ ਹੀ ਸਤਿਗੁਰੂ ਦੇ ਚਰਨਾਂ ਵਿੱਚ ਆਉਂਦੀ ਹੈ। ਕੋਈ ਵਿਰਲਾ ਮਨੁੱਖ ਹੈ ਜੋ ਕਿ ਸਤਿਗੁਰੂ ਦੇ ਚਰਨਾਂ ਵਿੱਚ ਬੰਦਗੀ ਲੈਣ ਅਤੇ ਕਰਨ ਲਈ ਆਉਂਦਾ ਹੈ। ਇਹ ਪੂਰਨ ਸਤਿ ਤੱਤ ਨੂੰ ਜਾਣਨਾ, ਸਮਝਨਾ, ਅਤੇ ਮੰਨਣਾ ਬੇਅੰਤ ਜਰੂਰੀ ਹੈ ਕਿ ਮਨੁੱਖ ਦਾ ਜੀਵਨ ਸੁਖੀ ਕੇਵਲ ਤਾਂ ਹੋ ਸਕਦਾ ਹੈ ਅਤੇ ਉਸਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਅਤੇ ਸਾਰੇ ਦੁੱਖਾਂ ਕਲੇਸ਼ਾਂ ਦਾ ਅੰਤ ਤਾਂ ਹੋ ਸਕਦਾ ਹੈ ਜਦ ਉਸਦੇ ਪਿਛਲੇ ਸਾਰੇ ਕਰਮਾਂ ਦੇ ਬੰਧਨ ਟੁੱਟਦੇ ਹਨ। ਮਨੁੱਖ ਦੇ ਸਾਰੇ ਪਿਛਲੇ ਕਰਮਾਂ ਦੇ ਬੰਧਨ ਤਾਂ ਟੁੱਟਦੇ ਹਨ ਜਦ ਮਨੁੱਖ ਦੀ ਬੰਦਗੀ ਦਰਗਾਹ ਵਿੱਚ ਪਰਵਾਨ ਚੜ੍ਹਦੀ ਹੈ ਅਤੇ ਉਸਦੇ ਹਿਰਦੇ ਵਿੱਚ ਪਰਮ ਜੋਤ ਦਾ ਪੂਰਨ ਪ੍ਰਕਾਸ਼ ਹੋ ਜਾਂਦਾ ਹੈ। ਇਸ ਲਈ ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਜੋ ਮਨੁੱਖ ਆਉਂਦਾ ਹੈ ਉਸਨੂੰ ਦੁਨਿਆਵੀ ਮੰਗਾਂ ਨੂੰ ਛੱਡ ਕੇ ਕੇਵਲ ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਦੀ ਮੰਗ ਕਰਨੀ ਚਾਹੀਦੀ ਹੈ। ਜਿਨ੍ਹਾਂ ਮਨੁੱਖਾਂ ਨੂੰ ਸਤਿਗੁਰੂ ਦੀ ਸੰਗਤ ਦੀ ਪ੍ਰਾਪਤੀ ਹੁੰਦੀ ਹੈ ਉਨ੍ਹਾਂ ਮਨੁੱਖਾਂ ਨੂੰ ਕੇਵਲ ਆਪਣੀ ਬੰਦਗੀ ਵੱਲ ਧਿਆਨ ਦੇਣਾ ਚਾਹੀਦਾ ਹੈ। ਜਿਨ੍ਹਾਂ ਮਨੁੱਖਾਂ ਨੂੰ ਸਤਿਗੁਰੂ ਦੀ ਕਿਰਪਾ ਨਾਲ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ ਉਨ੍ਹਾਂ ਮਨੁੱਖਾਂ ਨੂੰ ਕੇਵਲ ਸਤਿਗੁਰੂ ਦੇ ਚਰਨਾਂ ਉੱਪਰ ਪੂਰਨ ਸ਼ਰਧਾ, ਪ੍ਰੀਤ ਅਤੇ ਭਰੋਸੇ ਨਾਲ ਤਨ ਮਨ ਧਨ ਅਰਪਣ ਕਰਕੇ ਆਪਣੀ ਬੰਦਗੀ ਪੂਰਨ ਕਰਨ ਵਿੱਚ ਇਕ ਜੁੱਟ ਹੋ ਕੇ ਲੱਗ ਜਾਣਾ ਚਾਹੀਦਾ ਹੈ।
ਮਨੁੱਖ ਦੀ ਤ੍ਰਿਸ਼ਨਾ ਕੇਵਲ ਸਤਿਨਾਮ ਦੇ ਗੁਰਪ੍ਰਸਾਦਿ ਨਾਲ ਹੀ ਬੁਝਦੀ ਹੈ। ਮਨੁੱਖ ਦੀ ਤ੍ਰਿਸ਼ਨਾ ਕਾਰਨ ਹੀ ਮਨੁੱਖ ਮਾਇਆ ਦੇ ਦਲਦਲ ਵਿੱਚ ਫੱਸਿਆ ਰਹਿੰਦਾ ਹੈ। ਮਨੁੱਖ ਆਪਣੀ ਤ੍ਰਿਸ਼ਨਾ ਨੂੰ ਬੁਝਾਉਣ ਵਾਸਤੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੀ ਗੁਲਾਮੀ ਵਿੱਚ ਸਾਰੇ ਅਸਤਿ ਕਰਮ ਕਰਦਾ ਹੈ। ਸਾਰੇ ਅਸਤਿ ਕਰਮ ਕੇਵਲ ਗੁਨਾਹ ਸਮ ਹੀ ਹੁੰਦੇ ਹਨ। ਮਾਇਆ ਦੇ ਦਲਦਲ ਵਿੱਚ ਫੱਸਿਆ ਹੋਇਆ ਮਨੁੱਖ ਜਦੋਂ ਅਸਤਿ ਕਰਮ ਕਰਦਾ ਹੈ ਤਾਂ ਉਹ ਅਸਤਿ ਕਰਮ ਕਦੇ ਵੀ ਮਨੁੱਖ ਦਾ ਭਲਾ ਨਹੀਂ ਕਰਦੇ ਬਲਕਿ ਸਦਾ ਨੁਕਸਾਨ ਹੀ ਕਰਦੇ ਹਨ। ਪਰੰਤੂ ਮੂਰਖ ਮਨੁੱਖ ਇਸ ਭੁਲੇਖੇ ਵਿੱਚ ਰਹਿੰਦਾ ਹੈ ਕਿ ਉਹ ਆਪਣਾ ਭਲਾ ਕਰ ਰਿਹਾ ਹੈ। ਮੂਰਖ ਮਨੁੱਖ ਇਹ ਨਹੀਂ ਸੋਚਦਾ ਕਿ ਝੂਠ ਕਰਮ ਕਰਕੇ ਵੀ ਕਦੇ ਭਲਾ ਹੋ ਸਕਦਾ ਹੈ? ਝੂਠ ਕਰਮ ਕਰਕੇ ਕਦੇ ਕਿਸੇ ਦਾ ਲਾਭ ਹੋ ਸਕਦਾ ਹੈ? ਝੂਠ ਦਾ ਸਹਾਰਾ ਲੈ ਕੇ ਕਮਾਈ ਦੌਲਤ ਜ਼ਹਿਰ ਸਮਾਨ ਹੁੰਦੀ ਹੈ। ਝੂਠੇ ਕਰਮ ਕਰਕੇ ਕਮਾਈ ਗਈ ਜਾਇਦਾਦ ਮਨੁੱਖ ਦੀ ਅਧਿਆਤਮਿਕ ਤਬਾਹੀ ਦਾ ਕੰਮ ਕਰਦੀ ਹੈ। ਝੂਠ ਕਰਮ ਕਰਕੇ ਕੀਤਾ ਗਿਆ ਕਿਸੇ ਕਿਸਮ ਦਾ ਫਾਇਦਾ ਕਦੇ ਫਾਇਦਾ ਨਹੀਂ ਹੁੰਦਾ ਬਲਕਿ ਮਨੁੱਖ ਦੇ ਜੀਵਨ ਵਿੱਚ ਦੁੱਖਾਂ ਕਲੇਸ਼ਾਂ ਦਾ ਕਾਰਨ ਬਣਦਾ ਹੈ। ਮਾਇਆ ਦੀ ਗੁਲਾਮੀ ਵਿੱਚ ਕੀਤੇ ਗਏ ਸਾਰੇ ਅਸਤਿ ਕਰਮ ਹੀ ਮਨੁੱਖ ਦੇ ਜੀਵਨ ਨੂੰ ਨਰਕ ਸਮਾਨ ਬਣਾ ਦਿੰਦੇ ਹਨ। ਤ੍ਰਿਸ਼ਨਾ ਦੀ ਅਗਨ ਵਿੱਚ ਦਿਨ ਰਾਤ ਸੜਦਾ ਬਲਦਾ ਹੋਇਆ ਵੀ ਮੂਰਖ ਮਨੁੱਖ ਅਸਤਿ ਕਰਮ ਕਰਨ ਤੋਂ ਬਾਜ਼ ਨਹੀਂ ਆਉਂਦਾ ਅਤੇ ਤ੍ਰਿਸ਼ਨਾ ਦੀ ਨਾ ਬੁਝਣ ਵਾਲੀ ਇਸ ਭੱਠੀ ਵਿੱਚ ਦਿਨ ਰਾਤ ਝੁਲਸਦਾ ਰਹਿੰਦਾ ਹੈ। ਤ੍ਰਿਸ਼ਨਾ ਦੀ ਅਗਨ ਮਨੁੱਖ ਦੀ ਮਤਿ ਮਾਰ ਦਿੰਦੀ ਹੈ ਅਤੇ ਮਨੁੱਖ ਤ੍ਰਿਸ਼ਨਾ ਦੇ ਜਾਲ ਵਿੱਚ ਉਲਝਿਆ ਰਹਿੰਦਾ ਹੈ।
ਕੇਵਲ ਸਤਿਨਾਮ ਦਾ ਗੁਰਪ੍ਰਸਾਦਿ ਹੀ ਮਨੁੱਖ ਦੀ ਤ੍ਰਿਸ਼ਨਾ ਨੂੰ ਸ਼ਾਂਤ ਕਰਦਾ ਹੈ। ਕੇਵਲ ਸਤਿਨਾਮ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਨਾਲ ਹੀ ਮਨੁੱਖ ਨੂੰ ਮਾਇਆ ਦੇ ਇਸ ਮਹਾ ਵਿਨਾਸ਼ਕਾਰੀ ਜਾਲ ਦੀ ਸੋਝੀ ਪੈਂਦੀ ਹੈ। ਕੇਵਲ ਸਤਿਨਾਮ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਨਾਲ ਹੀ ਮਨੁੱਖ ਨੂੰ ਤ੍ਰਿਸ਼ਨਾ ਅਤੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੇ ਵਿਨਾਸ਼ਕਾਰੀ ਖੇਲ ਦੀ ਸਮਝ ਪੈਂਦੀ ਹੈ ਅਤੇ ਮਨੁੱਖ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਪਰਮ ਸ਼ਕਤੀ ਨੂੰ ਪਹਿਚਾਣ ਕੇ ਬੰਦਗੀ ਵਿੱਚ ਲੀਨ ਹੋ ਜਾਂਦਾ ਹੈ। ਸਤਿਨਾਮ ਸਿਮਰਨ ਦੇ ਲੰਬੇ ਅਭਿਆਸ ਵਿੱਚ ਬੈਠ ਕੇ ਮਨੁੱਖ ਦਾ ਮਨ ਚਿੰਦਿਆ ਜਾਂਦਾ ਹੈ। ਸਤਿਨਾਮ ਸਿਮਰਨ ਦੇ ਅਭਿਆਸ ਨਾਲ ਮਨੁੱਖ ਦੀ ਸਮਾਧੀ ਲੱਗ ਜਾਂਦੀ ਹੈ ਅਤੇ ਜਦ ਸਮਾਧੀ ਵਿੱਚ ਬੈਠ ਕੇ ਮਨੁੱਖ ਸਤਿਨਾਮ ਸਿਮਰਨ ਕਰਦਾ ਹੈ ਤਾਂ ਸੁੰਨ ਸਮਾਧੀ ਦੀ ਪ੍ਰਾਪਤੀ ਹੋ ਜਾਂਦੀ ਹੈ। ਸੁੰਨ ਸਮਾਧੀ ਵਿੱਚ ਬੈਠ ਕੇ ਕੀਤੇ ਗਏ ਲੰਬੇ ਅਭਿਆਸ ਨਾਲ ਮਨੁੱਖ ਦਾ ਮਨ ਪੂਰਨ ਸ਼ਾਂਤੀ ਵਿੱਚ ਚਲਾ ਜਾਂਦਾ ਹੈ। ਸਾਰੇ ਵਿਚਾਰਾਂ ਦਾ ਅੰਤ ਹੋ ਜਾਂਦਾ ਹੈ। ਤ੍ਰਿਸ਼ਨਾ ਬੁੱਝ ਜਾਂਦੀ ਹੈ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਮਨੁੱਖ ਦੇ ਚਰਨਾਂ ਹੇਠ ਚਲੇ ਜਾਂਦੇ ਹਨ। ਮਨੁੱਖ ਮਾਇਆ ਨੂੰ ਜਿੱਤ ਕੇ ਚਉਥੇ ਪਦਿ ਵਿੱਚ ਅਕਾਲ ਪੁਰਖ ਵਿੱਚ ਅਭੇਦ ਹੋ ਜਾਂਦਾ ਹੈ। ਜੀਵਨ ਮੁਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ। ਅਕਾਲ ਪੁਰਖ ਦੇ ਦਰਸ਼ਨ ਹੋ ਜਾਂਦੇ ਹਨ। ਪੂਰਨ ਬ੍ਰਹਮ ਗਿਆਨ ਅਤੇ ਤੱਤ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਮਨ ਸਤਿ ਸੰਤੋਖ ਵਿੱਚ ਚਲਾ ਜਾਂਦਾ ਹੈ। ਇਸਦੇ ਨਾਲ ਹੀ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ। ਮਨੁੱਖ ਦਾ ਜੀਵਨ ਕੇਵਲ ਸੰਗਤ ਦੀ ਸੇਵਾ ਵਿੱਚ ਲੀਨ ਹੋ ਜਾਂਦਾ ਹੈ। ਸੰਗਤ ਨੂੰ ਸਤਿਨਾਮ ਜਪਾਉਣਾ ਅਤੇ ਜੀਅ ਦਾਨ ਦੇ ਕੇ ਬੰਦਗੀ ਵਿੱਚ ਮਾਰਗ ਦਰਸ਼ਨ ਕਰਨਾ ਹੀ ਮਨੁੱਖ ਦੀ ਬੰਦਗੀ ਬਣ ਜਾਂਦੀ ਹੈ। ਪਰਉਪਕਾਰ ਅਤੇ ਮਹਾ ਪਰਉਪਕਾਰ ਹੀ ਮਨੁੱਖ ਦਾ ਜੀਵਨ ਬਣ ਜਾਂਦਾ ਹੈ।
ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਕੇਵਲ ਪੂਰਨ ਸੰਤ ਸਤਿਗੁਰੂ ਦੀ ਕਿਰਪਾ ਨਾਲ ਹੀ ਹੁੰਦੀ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਨੇ ਗੁਰਪ੍ਰਸਾਦਿ ਦੀ ਪਰਮ ਸ਼ਕਤੀ ਵਰਤਾਉਣ ਦੀ ਵਡਿਆਈ ਕੇਵਲ ਪੂਰਨ ਸੰਤ ਸਤਿਗੁਰੂ ਨੂੰ ਹੀ ਬਖਸ਼ੀ ਹੈ। ਪੂਰਨ ਸੰਤ ਸਤਿਗੁਰੂ ਅਤੇ ਸਤਿ ਪਾਰਬ੍ਰਹਮ ਪਰਮੇਸ਼ਰ ਵਿੱਚ ਕੋਈ ਅੰਤਰ ਨਹੀਂ ਹੁੰਦਾ ਹੈ। ਪੂਰਨ ਸੰਤ ਸਤਿਗੁਰੂ, ਪੂਰਨ ਬ੍ਰਹਮ ਗਿਆਨੀ ਨੂੰ ਗੁਰਬਾਣੀ ਵਿੱਚ ਪਰਮੇਸ਼ਰ, ਪੁਰਖ ਵਿਧਾਤਾ ਅਤੇ ਨਿਰੰਕਾਰ ਕਿਹਾ ਗਿਆ ਹੈ। ਜੋ ਮਨੁੱਖ ਪੂਰਨ ਸੰਤ ਸਤਿਗੁਰੂ ਪੂਰਨ ਬ੍ਰਹਮ ਗਿਆਨੀ ਨੂੰ ਗੁਰਬਾਣੀ ਦੇ ਹੁਕਮ ਅਨੁਸਾਰ ਸਤਿ ਪਾਰਬ੍ਰਹਮ ਪਰਮੇਸ਼ਰ ਮੰਨ ਕੇ ਪੂਰਨ ਸ਼ਰਧਾ, ਪ੍ਰੀਤ ਅਤੇ ਭਰੋਸੇ ਨਾਲ ਐਸੇ ਮਹਾ ਪੁਰਖਾਂ ਦੇ ਚਰਨਾਂ ਉੱਪਰ ਪੂਰਨ ਸਮਰਪਣ ਕਰ ਦਿੰਦੇ ਹਨ ਉਨ੍ਹਾਂ ਦੇ ਹਿਰਦੇ ਵਿੱਚ ਸਤਿਨਾਮ ਪਰਮ ਜੋਤ ਪੂਰਨ ਪ੍ਰਕਾਸ਼ ਪ੍ਰਗਟ ਹੋ ਜਾਂਦਾ ਹੈ। ਪੂਰਨ ਸੰਤ ਸਤਿਗੁਰੂ ਪੂਰਨ ਬ੍ਰਹਮ ਗਿਆਨੀ ਦੀ ਮਹਿਮਾ ਬੇਅੰਤ ਹੈ ਅਤੇ ਕਥੀ ਨਹੀਂ ਜਾ ਸਕਦੀ ਹੈ। ਪੂਰਨ ਸੰਤ ਸਤਿਗੁਰੂ ਪੂਰਨ ਬ੍ਰਹਮ ਗਿਆਨੀ ਆਪ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਸਭ ਤੋਂ ਵੱਡੀ ਮਹਿਮਾ ਹੈ। ਧਰਤੀ ਉੱਪਰ ਸਤਿ ਪਾਰਬ੍ਰਹਮ ਪਰਮੇਸ਼ਰ ਪੂਰਨ ਸੰਤ ਸਤਿਗੁਰੂ ਪੂਰਨ ਬ੍ਰਹਮ ਗਿਆਨੀ ਦੇ ਰੂਪ ਵਿੱਚ ਹੀ ਪ੍ਰਗਟ ਹੁੰਦਾ ਹੈ। ਇਸ ਲਈ ਜੇ ਕਰ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਬੇਅੰਤ ਗੁਰਕਿਰਪਾ ਅਤੇ ਗੁਰਪ੍ਰਸਾਦਿ ਦੇ ਪਾਤਰ ਬਣਨਾ ਹੈ ਤਾਂ ਪੂਰਨ ਸੰਤ ਸਤਿਗੁਰੂ ਪੂਰਨ ਬ੍ਰਹਮ ਗਿਆਨੀ ਦੀ ਸੰਗਤ ਲਈ ਅਰਦਾਸ ਕਰੋ ਅਤੇ ਜਦ ਇਸ ਪਰਮ ਸ਼ਕਤੀਸ਼ਾਲੀ ਸੰਗਤ ਦੀ ਪ੍ਰਾਪਤੀ ਹੋ ਜਾਂਦੀ ਹੈ ਤਾਂ ਐਸੇ ਮਹਾ ਪੁਰਖ ਨੂੰ ਨਿਰੰਕਾਰ ਜਾਣ ਕੇ ਉਸਦੇ ਸਤਿ ਚਰਨਾਂ ਉੱਪਰ ਆਪਣਾ ਪੂਰਨ ਆਪਾ ਅਰਪਣ ਕਰ ਕੇ ਗੁਰਪ੍ਰਸਾਦਿ ਦੀ ਪ੍ਰਾਪਤੀ ਕਰੋ ਅਤੇ ਆਪਣੀ ਬੰਦਗੀ ਪੂਰਨ ਕਰਕੇ ਦਰਗਾਹ ਵਿੱਚ ਮਾਨ ਪ੍ਰਾਪਤ ਕਰਕੇ ਜੀਵਨ ਮੁਕਤੀ ਪ੍ਰਾਪਤ ਕਰੋ ਜੀ।
ਮਨੁੱਖ ਦੀ ਪਿਛਲੇ ਜਨਮਾਂ ਦੀ ਕਰਨੀ ਦੇ ਅਨੁਸਾਰ ਮਨੁੱਖ ਨੂੰ ਪੂਰਨ ਸੰਤ ਸਤਿਗੁਰੂ ਦੀ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਪੂਰਨ ਸੰਤ ਸਤਿਗੁਰੂ ਕੋਲੋਂ ਹੀ ਮਨੁੱਖ ਨੂੰ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਜੋ ਮਨੁੱਖ ਪੂਰਨ ਸੰਤ ਸਤਿਗੁਰੂ ਦੇ ਚਰਨਾਂ ਉੱਪਰ ਪੂਰਨ ਸ਼ਰਧਾ ਪ੍ਰੀਤ ਅਤੇ ਭਰੋਸੇ ਨਾਲ ਆਪਣਾ ਤਨ ਮਨ ਧਨ ਅਰਪਣ ਕਰਕੇ ਪੂਰਨ ਸਮਰਪਣ ਕਰ ਦਿੰਦੇ ਹਨ ਉਨ੍ਹਾਂ ਮਨੁੱਖਾਂ ਨੂੰ ਪੂਰਨ ਬੰਦਗੀ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਹੋ ਜਾਂਦੀ ਹੈ। ਪੂਰਨ ਸੰਤ ਸਤਿਗੁਰੂ ਹੀ ਗੁਰਪ੍ਰਸਾਦਿ ਦਾ ਦਾਤਾ ਹੈ। ਪੂਰਨ ਸੰਤ ਸਤਿਗੁਰੂ ਹੀ ਅੰਮ੍ਰਿਤ ਦਾ ਦਾਤਾ ਹੈ। ਪੂਰਨ ਸੰਤ ਸਤਿਗੁਰੂ ਦੇ ਚਰਨਾਂ ਉੱਪਰ ਪੂਰਨ ਸਮਰਪਣ ਕਰਨ ਵਾਲੇ ਮਨੁੱਖ ਉਸਦੇ ਪਰਮ ਸ਼ਕਤੀਸ਼ਾਲੀ ਛੱਤਰ ਹੇਠ ਬੈਠ ਕੇ ਹੀ ਬੰਦਗੀ ਪੂਰਨ ਕਰਕੇ ਆਪਣਾ ਜੀਵਨ ਸਫਲ ਕਰ ਲੈਂਦੇ ਹਨ। ਪੂਰਨ ਸੰਤ ਸਤਿਗੁਰ ਪੂਰਨ ਬ੍ਰਹਮ ਗਿਆਨੀ ਹੀ ਸਾਰੇ ਦਰਗਾਹੀ ਖਜ਼ਾਨਿਆਂ ਦਾ ਮਾਲਕ ਹੁੰਦਾ ਹੈ। ਪੂਰਨ ਸੰਤ ਸਤਿਗੁਰ ਪੂਰਨ ਬ੍ਰਹਮ ਗਿਆਨੀ ਕੋਲ ਹੀ ਸਾਰੇ ਦਰਗਾਹੀ ਖਜ਼ਾਨਿਆਂ ਦੀ ਕੁੰਜੀ ਹੁੰਦੀ ਹੈ। ਪੂਰਨ ਸੰਤ ਸਤਿਗੁਰ ਪੂਰਨ ਬ੍ਰਹਮ ਗਿਆਨੀ ਹੀ ਮੁਕਤ ਜੁਗਤ ਜੀਅ ਦਾ ਦਾਤਾ ਹੁੰਦਾ ਹੈ। ਪੂਰਨ ਸੰਤ ਸਤਿਗੁਰ ਪੂਰਨ ਬ੍ਰਹਮ ਗਿਆਨੀ ਹੀ ਅੰਮ੍ਰਿਤ ਦਾ ਦਾਤਾ ਹੁੰਦਾ ਹੈ। ਪੂਰਨ ਸੰਤ ਸਤਿਗੁਰ ਪੂਰਨ ਬ੍ਰਹਮ ਗਿਆਨੀ ਦੇ ਵਿੱਚ ਹੀ ਸਾਰੀਆਂ ਦਰਗਾਹੀ ਇਲਾਹੀ ਪਰਮ ਸ਼ਕਤੀਆਂ ਸਮਾਈਆਂ ਹੋਈਆਂ ਹਨ। ਪੂਰਨ ਸੰਤ ਸਤਿਗੁਰ ਪੂਰਨ ਬ੍ਰਹਮ ਗਿਆਨੀ ਵਿੱਚ ਹੀ ਸਾਰੀਆਂ ਸਤਿ ਪਾਰਬ੍ਰਹਮ ਪਰਮੇਸ਼ਰ ਦੀਆਂ ਬੇਅੰਤ ਵਡਿਆਈਆਂ ਸਮਾਈਆਂ ਹੋਈਆਂ ਹਨ।
ਗੁਰਬਾਣੀ ਧੰਨ ਧੰਨ ਸਤਿਗੁਰੂ ਪਾਤਿਸ਼ਾਹ ਜੀ ਦਾ ਉਪਦੇਸ਼ ਹੈ। ਗੁਰਬਾਣੀ ਦਾ ਹਰ ਇਕ ਸ਼ਲੋਕ ਸਤਿ ਪਾਰਬ੍ਰਹਮ ਪਰਮੇਸ਼ਰ ਦਾ ਦਰਗਾਹੀ ਹੁਕਮ ਹੈ। ਇਸ ਲਈ ਗੁਰਬਾਣੀ ਦਾ ਹਰ ਇਕ ਸ਼ਬਦ ਗੁਰੂ ਹੈ। ਗੁਰਬਾਣੀ ਦਾ ਹਰ ਇਕ ਸ਼ਬਦ ਪੂਰਨ ਸਤਿ ਹੈ ਇਸ ਲਈ ਗੁਰਬਾਣੀ ਦਾ ਹਰ ਇਕ ਸ਼ਬਦ ਗੁਰੂ ਹੈ। ਗੁਰਬਾਣੀ ਦਾ ਹਰ ਇਕ ਸ਼ਬਦ ਪੂਰਨ ਬ੍ਰਹਮ ਗਿਆਨ ਹੈ। ਇਸ ਲਈ ਗੁਰਬਾਣੀ ਦਾ ਹਰ ਇਕ ਸ਼ਬਦ ਗੁਰੂ ਹੈ। ਗੁਰਬਾਣੀ ਅਕਾਲ ਪੁਰਖ ਦਾ ਗਿਆਨ ਸਰੂਪ ਹੈ। ਇਸ ਲਈ ਗੁਰਬਾਣੀ ਦਾ ਹਰ ਇਕ ਸ਼ਬਦ ਪੂਰਨ ਸਤਿ ਹੈ ਅਤੇ ਇਹ ਲਈ ਗੁਰਬਾਣੀ “ਸਤਿ” ਗੁਰੂ ਹੈ। ਇਸ ਲਈ ਗੁਰਬਾਣੀ ਨਿਰੰਕਾਰ ਹੈ। ਇਸ ਲਈ ਸਤਿਗੁਰੂ ਦਾ ਉਪਦੇਸ਼ ਹੈ ਕਿ ਇਸ “ਸਤਿ” ਗੁਰੂ ਨੂੰ ਧਾਰਨ ਕਰੋ। ਸਤਿਗੁਰੂ ਜੀ ਗੁਰਬਾਣੀ ਵਿੱਚ ਉਪਦੇਸ਼ ਦੇ ਰਹੇ ਹਨ ਕਿ ਗੁਰ ਸ਼ਬਦ ਨੂੰ ਧਾਰਨ ਕਰੋ। ਭਾਵ “ਸਤਿ” ਨੂੰ ਗੁਰੂ ਧਾਰਨ ਕਰੋ। ਗੁਰਬਾਣੀ ਉਪਦੇਸ਼ ਨੂੰ ਧਾਰਨ ਕਰੋ। ਗੁਰਬਾਣੀ ਦੇ ਉਪਦੇਸ਼ ਨੂੰ ਧਾਰਨ ਕਰਨਾ ਹੀ ਨਿਰੰਕਾਰ ਨੂੰ ਗੁਰੂ ਧਾਰਨ ਕਰਨਾ ਹੈ। ਭਾਵ ਗੁਰਬਾਣੀ ਦੇ ਉਪਦੇਸ਼ ਦੀ ਕਮਾਈ ਕਰੋ। ਆਪਣੇ ਰੋਜ਼ਾਨਾ ਜੀਵਨ ਵਿੱਚ “ਸਤਿ” ਗੁਰੂ ਗੁਰ ਸ਼ਬਦ ਦੀ ਕਮਾਈ ਕਰੋ। ਜੋ ਗੁਰਬਾਣੀ ਕਹਿ ਰਹੀ ਹੈ ਉਸ ਇਲਾਹੀ ਦਰਗਾਹੀ ਹੁਕਮ ਦੀ ਕਮਾਈ ਕਰੋ। ਕੇਵਲ ਗੁਰਬਾਣੀ ਦੇ ਉਪਦੇਸ਼ ਨੂੰ ਬਾਰੰਬਾਰ ਪੜ੍ਹਨ ਨਾਲ ਕੋਈ ਪ੍ਰਾਪਤੀ ਨਹੀਂ ਹੋਣੀ। ਕੇਵਲ ਗੁਰਬਾਣੀ ਦੇ ਉਪਦੇਸ਼ ਨੂੰ ਬਾਰੰਬਾਰ ਪੜ੍ਹਨ ਨਾਲ “ਸਤਿ” ਗੁਰੂ ਗੁਰ ਸ਼ਬਦ ਧਾਰਨ ਨਹੀਂ ਹੋਣਾ ਹੈ। ਕੇਵਲ ਗੁਰਬਾਣੀ ਦੇ ਉਪਦੇਸ਼ ਨੂੰ ਬਾਰੰਬਾਰ ਪੜ੍ਹਨ ਨਾਲ ਮਨ ਨਹੀਂ ਚਿੰਦਿਆ ਜਾਣਾ ਹੈ। ਕੇਵਲ ਗੁਰਬਾਣੀ ਦੇ ਉਪਦੇਸ਼ ਨੂੰ ਬਾਰੰਬਾਰ ਪੜ੍ਹਨ ਨਾਲ ਤ੍ਰਿਸ਼ਨਾ ਨਹੀਂ ਬੁਝਣੀ ਅਤੇ ਨਾ ਹੀ ਪੰਜ ਦੂਤ (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ) ਵੱਸ ਆਉਣੇ ਹਨ। ਕੇਵਲ ਗੁਰਬਾਣੀ ਦੇ ਉਪਦੇਸ਼ ਨੂੰ ਬਾਰੰਬਾਰ ਪੜ੍ਹਨ ਨਾਲ ਹੀ ਮਾਇਆ ਨਹੀਂ ਜਿੱਤੀ ਜਾਣੀ ਹੈ। ਕੇਵਲ ਗੁਰਬਾਣੀ ਦੇ ਉਪਦੇਸ਼ ਨੂੰ ਬਾਰੰਬਾਰ ਪੜ੍ਹਨ ਨਾਲ ਚਉਥੇ ਪਦਿ ਦੀ ਪ੍ਰਾਪਤੀ ਨਹੀਂ ਹੋਣੀ ਹੈ। ਇਸ ਲਈ ਗੁਰਬਾਣੀ ਦੇ ਉਪਦੇਸ਼ ਨੂੰ ਧਾਰਨ ਕਰੋ, ਗੁਰ ਸ਼ਬਦ ਨੂੰ ਗੁਰੂ ਧਾਰਨ ਕਰੋ, ਗੁਰਬਾਣੀ ਨੂੰ ਆਪਣੀ ਰੋਜ਼ਾਨਾ ਕਰਨੀ ਵਿੱਚ ਲੈ ਕੇ ਆਓ, ਗੁਰਬਾਣੀ ਦੇ ਉਪਦੇਸ਼ ਦਾ ਅਭਿਆਸ ਕਰੋ ਤਾਂ ਰੂਹਾਨੀਅਤ ਵਿੱਚ ਅਗਾਂਹ ਵੱਧ ਸਕੋਗੇ ਨਹੀਂ ਤਾਂ ਜਨਮ ਬਿਰਥਾ ਚਲਾ ਜਾਏਗਾ।
ਗੁਰਬਾਣੀ ਦਾ ਸਭ ਤੋਂ ਉੱਚਾ ਅਤੇ ਵੱਡਾ ਹੁਕਮ “ਸਤਿ” ਨਾਮ ਹੈ। ਗੁਰਬਾਣੀ ਦਾ ਸਭ ਤੋਂ ਵੱਡਾ ਹੁਕਮ ਉਪਦੇਸ਼ ਸਤਿਗੁਰ ਅਵਤਾਰ ਧੰਨ ਧੰਨ ਨਾਨਕ ਪਾਤਿਸ਼ਾਹ ਜੀ ਨੇ ਗੁਰਬਾਣੀ ਦੇ ਸਭ ਤੋਂ ਪਹਿਲੇ ਸ਼ਬਦ “ਮੂਲ ਮੰਤਰ” ਵਿੱਚ ਪ੍ਰਗਟ ਕੀਤਾ ਹੈ। ਇਹ ਹੁਕਮ “ਸਤਿ” ਨਾਮ ਦਾ ਗੁਰਪ੍ਰਸਾਦਿ ਹੈ। ਇਸ ਲਈ ਇਸ ਪਰਮ ਸ਼ਕਤੀਸ਼ਾਲੀ ਹੁਕਮ ਉਪਦੇਸ਼ ਨੂੰ ਧਾਰਨ ਕਰੋ। ਸਤਿਨਾਮ ਦੇ ਇਸ ਮਹਾ ਸ਼ਕਤੀਸ਼ਾਲੀ ਸ਼ਬਦ ਗੁਰੂ ਨੂੰ ਆਪਣਾ ਗੁਰੂ ਧਾਰਨ ਕਰੋ ਅਤੇ ਇਸ ਦੀ ਕਮਾਈ ਕਰੋ। ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ ਅਤੇ ਸੇਵਾ ਨਾਲ ਹੀ ਸਾਰੇ ਦਰਗਾਹੀ ਇਲਾਹੀ ਖਜ਼ਾਨਿਆਂ ਦੀ ਪ੍ਰਾਪਤੀ ਹੋਵੇਗੀ।