ਅਨੰਦੁ ਸਾਹਿਬ ਪਉੜੀ ੬
ਸਾਚੀ ਲਿਵੈ ਬਿਨੁ ਦੇਹ ਨਿਮਾਣੀ ॥
ਦੇਹ ਨਿਮਾਣੀ ਲਿਵੈ ਬਾਝਹੁ ਕਿਆ ਕਰੇ ਵੇਚਾਰੀਆ ॥
ਤੁਧੁ ਬਾਝੁ ਸਮਰਥ ਕੋਇ ਨਾਹੀ ਕ੍ਰਿਪਾ ਕਰਿ ਬਨਵਾਰੀਆ ॥
ਏਸ ਨਉ ਹੋਰੁ ਥਾਉ ਨਾਹੀ ਸਬਦਿ ਲਾਗਿ ਸਵਾਰੀਆ ॥
ਕਹੈ ਨਾਨਕੁ ਲਿਵੈ ਬਾਝਹੁ ਕਿਆ ਕਰੇ ਵੇਚਾਰੀਆ ॥੬॥
(ਪੰਨਾ ੯੧੭)
ਇਹ ਪਰਮ ਸਤਿ ਹੈ ਕਿ ਮਨੁੱਖਾ ਦੇਹੀ ਦਾ ਆਧਾਰ ‘ਸਤਿ’ ਹੈ। ਮਨੁੱਖ ਦੀ ਉਤਪਤੀ ‘ਸਤਿ’ ਦੀ ਪਰਮ ਸ਼ਕਤੀ ਵਿਚੋਂ ਹੀ ਹੁੰਦੀ ਹੈ। ‘ਸਤਿ’ ਦੀ ਪਰਮ ਸ਼ਕਤੀ ਦੇ ਨਾਲ ਹੀ ਮਨੁੱਖ ਦੀ ਪੰਚ ਭੂਤਕ ਦੇਹੀ ਦਾ ਨਿਰਮਾਣ ਪੂਰਨ ਹੁਕਮ ਦੇ ਵਿੱਚ ਹੁੰਦਾ ਹੈ। ਪੂਰਨ ਹੁਕਮ ਤੋਂ ਬਿਨਾਂ ਪੰਚ ਭੂਤਕ ਜੋ ਕਿ ਪਰਸਪਰ ਵਿਰੋਧੀ ਤੱਤ ਹਨ: ਹਵਾ, ਪਾਣੀ, ਅਗਨੀ, ਧਰਤੀ ਅਤੇ ਅਕਾਸ਼ ਦਾ ਸੁਮੇਲ ਨਹੀਂ ਹੋ ਸਕਦਾ ਹੈ। ‘ਸਤਿ’ ਦੀ ਪਰਮ ਸ਼ਕਤੀ ਹੀ ਪੂਰਨ ਹੁਕਮ ਹੈ ਜਿਸ ਦੇ ਨਾਲ ਹੀ ਪੰਚ ਭੂਤਕ (ਜੋ ਕਿ ਪਰਸਪਰ ਵਿਰੋਧੀ ਤੱਤ ਹਨ) ਦੇਹੀ ਦਾ ਨਿਰਮਾਣ ਹੁੰਦਾ ਹੈ ਅਤੇ ਦੇਹੀ ਦਾ ਵਿਕਾਸ ਅਤੇ ਸੰਚਾਲਨ ਹੁੰਦਾ ਹੈ। ਮਨੁੱਖਾ ਦੇਹੀ ਦੀ ਹੋਂਦ ਕੇਵਲ ‘ਸਤਿ’ ਦੀ ਪਰਮ ਸ਼ਕਤੀ ਦੇ ਕਾਰਨ ਹੀ ਹੈ। ਮਨੁੱਖ ਦਾ ਸਾਰਾ ਜੀਵਨ ਅਤੇ ਜੀਵਨ ਦੀਆਂ ਸਾਰੀਆਂ ਉਪਲਬਧੀਆਂ ਕੇਵਲ ‘ਸਤਿ’ ਦੀ ਪਰਮ ਸ਼ਕਤੀ ਕਾਰਨ ਹੀ ਹਨ। ਮਨੁੱਖ ਦੇ ਸਵਾਸ ਅਤੇ ਰਗਾਂ ਵਿੱਚ ਖੂਨ ਦਾ ਸੰਚਾਰ ਕੇਵਲ ‘ਸਤਿ’ ਦੀ ਇਸ ਪਰਮ ਸ਼ਕਤੀ ਦੇ ਕਾਰਨ ਹੀ ਹੈ। ਮਨੁੱਖ ਦੀਆਂ ਗਿਆਨ ਇੰਦਰੀਆਂ, ਸੋਚਣ, ਸਮਝਣ ਅਤੇ ਕਰਮ ਕਰਨ ਦੀ ਸ਼ਕਤੀ ਕੇਵਲ ‘ਸਤਿ’ ਦੀ ਪਰਮ ਸ਼ਕਤੀ ਦੀ ਮਨੁੱਖਾ ਦੇਹੀ ਵਿੱਚ ਮੌਜੂਦਗੀ ਕਾਰਨ ਹੀ ਹੈ। ਮਨੁੱਖ ਨੂੰ ਬਖਸ਼ੀਆਂ ਗਈਆ ਪੰਜ ਕਲਾਵਾਂ (ਜੋ ਕਿ ਪੰਜ ਗਿਆਨ ਇੰਦਰੀਆਂ ਵਿੱਚ ਸਥਿਤ ਹਨ) ਜੋ ਕਿ ਮਨੁੱਖ ਨੂੰ ਆਪਣੇ ਜੀਵਨ ਜੀਉਣ ਅਤੇ ਜੀਵਨ ਦਾ ਭਰਪੂਰ ਆਨੰਦ ਮਾਣਨ ਲਈ ਬਖਸ਼ੀਆਂ ਗਈਆਂ ਹਨ, ਉਨ੍ਹਾਂ ਦੀ ਹੋਂਦ ਵੀ ‘ਸਤਿ’ ਦੀ ਪਰਮ ਸ਼ਕਤੀ ਕਾਰਨ ਹੀ ਹੈ। ‘ਸਤਿ’ ਦੀ ਇਹ ਨਿਰਗੁਣ ਪਰਮ ਸ਼ਕਤੀ ਮਨੁੱਖ ਦੀ ਸਰਗੁਣ ਦੇਹੀ ਦਾ ਨਿਰਮਾਣ ਕਰਦੀ ਹੈ, ਇਸ ਦਾ ਵਿਕਾਸ ਕਰਦੀ ਹੈ ਅਤੇ ਇਸਦਾ ਸੰਚਾਲਨ ਕਰਦੀ ਹੈ। ‘ਸਤਿ’ ਦੀ ਇਸ ਪਰਮ ਸ਼ਕਤੀ ਨੂੰ ਜਾਣਨਾ, ਸਮਝਣਾ ਅਤੇ ਇਸ ਦੀ ਸੇਵਾ ਕਰਨਾ ਹੀ ਮਨੁੱਖ ਦੇ ਜੀਵਨ ਦਾ ਉਦੇਸ਼ ਹੈ। ਆਪਣੀ ਹੀ ਦੇਹੀ ਵਿੱਚ ਸਥਿਤ ‘ਸਤਿ’ ਦੀ ਇਸ ਪਰਮ ਸ਼ਕਤੀ ਦੀ ਸੇਵਾ ਸੰਭਾਲਤਾ ਕਰਨਾ ਹੀ ਬੰਦਗੀ ਹੈ। ਆਪਣੀ ਹੀ ਦੇਹੀ ਵਿੱਚ ਸਥਿਤ ‘ਸਤਿ’ ਦੀ ਪਰਮ ਸ਼ਕਤੀ ਨੂੰ ਹਿਰਦੇ ਵਿੱਚ ਪ੍ਰਗਟ ਕਰਨਾ ਹੀ ਬੰਦਗੀ ਹੈ। ਆਪਣੀ ਹੀ ਦੇਹੀ ਵਿੱਚ ਸਥਿਤ ‘ਸਤਿ’ ਦੀ ਪਰਮ ਸ਼ਕਤੀ ਦੇ ੭ ਸਰੋਤਾਂ ਨੂੰ ਜਿਨ੍ਹਾਂ ਨੂੰ ਗੁਰਬਾਣੀ ਵਿੱਚ ‘ਸਤਿ ਸਰੋਵਰ’ ਕਿਹਾ ਗਿਆ ਹੈ ਜਾਗਰਤ ਕਰਨਾ ਹੀ ਬੰਦਗੀ ਹੈ।
ਧੰਨ ਧੰਨ ਸਤਿਗੁਰ ਸਾਹਿਬ ਜੀ ਇਸ ਪਉੜੀ ਵਿੱਚ ਇਸ ਪਰਮ ਸਤਿ ਤੱਤ ਦੇ ਬਾਰੇ ਪੂਰਨ ਬ੍ਰਹਮ ਗਿਆਨ ਪ੍ਰਗਟ ਕਰ ਰਹੇ ਹਨ ਕਿ ‘ਸਤਿ’ ਦੀ ਪਰਮ ਸ਼ਕਤੀ ਨੂੰ ਵਿਸਾਰ ਕੇ ਮਨੁੱਖ ਦੀ ਦੇਹੀ ਦਾ ਕੀ ਹਸ਼ਰ ਹੁੰਦਾ ਹੈ। ਪੂਰਨ ਬ੍ਰਹਮ ਗਿਆਨ ਦੇ ਇਸ ਪਰਮ ਸ਼ਕਤੀਸ਼ਾਲੀ ਸਲੋਕ ਵਿੱਚ ਸੱਚੇ ਪਾਤਿਸ਼ਾਹ ਜੀ ਇਸ ਪਰਮ ਸਤਿ ਤੱਤ ਨੂੰ ਪ੍ਰਗਟ ਕਰ ਰਹੇ ਹਨ ਕਿ ਜਿਹੜੀ ਪਰਮ ਸ਼ਕਤੀ ਦੀ ਕਿਰਪਾ ਦੇ ਨਾਲ ਮਨੁੱਖਾ ਦੇਹੀ ਦੀ ਹੋਂਦ ਹੈ ਅਤੇ ਇਸਦਾ ਦਾ ਸਾਰਾ ਕਾਰ ਵਿਹਾਰ ਵਾਪਰਦਾ ਹੈ ਉਸ ਪਰਮ ਸ਼ਕਤੀ ਨੂੰ ਵਿਸਾਰ ਕੇ ਮਨੁੱਖ ਦੀ ਦੇਹੀ ਦਾ ਕੀ ਹਾਲ ਹੁੰਦਾ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਨੂੰ ਵਿਸਾਰ ਕੇ ਮਨੁੱਖਾ ਦੇਹੀ ਦਾ ਕੀ ਹਾਲ ਹੁੰਦਾ ਹੈ ਇਸ ਪਰਮ ਸਤਿ ਤੱਤ ਨੂੰ ਜਾਣਨਾ, ਸਮਝਣਾ ਅਤੇ ਮੰਨਣਾ ਮਨੁੱਖ ਲਈ ਬੇਅੰਤ ਲਾਜ਼ਮੀ ਹੈ।
ਮਨੁੱਖ ਦੀ ਲਿਵ ਲੱਗਣ ਦੀ ਕਥਾ ਇਸ ਪਰਮ ਸ਼ਕਤੀਸ਼ਾਲੀ ਸਲੋਕ ਵਿੱਚ ਸਤਿਗੁਰ ਸੱਚੇ ਪਾਤਿਸ਼ਾਹ ਜੀ ਪ੍ਰਗਟ ਕਰ ਰਹੇ ਹਨ। ਕੇਵਲ ਇਤਨਾ ਹੀ ਨਹੀਂ ਗੁਰਬਾਣੀ ਵਿੱਚ ਮਨੁੱਖ ਦੀ ਲਿਵ ਲੱਗਣ ਦੀ ਕਥਾ ਕਈ ਵਾਰ ਪ੍ਰਗਟ ਕੀਤੀ ਗਈ ਹੈ। ਗੁਰਬਾਣੀ ਵਿੱਚ ੪੪੪ ਸਲੋਕ ਹਨ ਜਿਨ੍ਹਾਂ ਵਿੱਚ ‘ਲਿਵ’ ਦੀ ਮਹਿਮਾ ਪ੍ਰਗਟ ਕੀਤੀ ਗਈ ਹੈ:
ਮਿਲਿ ਸਤਸੰਗਤਿ ਹਰਿ ਪਾਈਐ ਗੁਰਮੁਖਿ ਹਰਿ ਲਿਵ ਲਾਇ ॥
(ਪੰਨਾ ੨੨)
ਧੁਰਿ ਮਸਤਕਿ ਜਿਨ ਕਉ ਲਿਖਿਆ ਸੇ ਗੁਰਮੁਖਿ ਰਹੇ ਲਿਵ ਲਾਇ ॥੧॥
(ਪੰਨਾ ੨੭-੨੮)
ਗੁਰੁ ਪੂਰਾ ਆਰਾਧਿ ਨਿਤ ਇਕਸੁ ਕੀ ਲਿਵ ਲਾਗੁ ॥੧॥
(ਪੰਨਾ ੪੫)
ਅੰਤਰਿ ਜੋਤਿ ਪ੍ਰਗਾਸੀਆ ਏਕਸੁ ਸਿਉ ਲਿਵ ਲਾਇ ॥
(ਪੰਨਾ ੪੬)
ਜਿ ਸਤਿਗੁਰੁ ਸੇਵਨਿ ਸੇ ਉਬਰੇ ਹਰਿ ਸੇਤੀ ਲਿਵ ਲਾਇ ॥੧॥
(ਪੰਨਾ ੬੫)
ਨਾਨਕ ਹਰਿ ਨਾਮੁ ਜਿਨੀ ਆਰਾਧਿਆ ਅਨਦਿਨੁ ਹਰਿ ਲਿਵ ਤਾਰ ॥
(ਪੰਨਾ ੯੦)
ਸਹਜ ਸਮਾਧਿ ਲਗੀ ਲਿਵ ਅੰਤਰਿ ਸੋ ਰਸੁ ਸੋਈ ਜਾਣੈ ਜੀਉ ॥੧॥
(ਪੰਨਾ ੧੦੬)
ਗੁਰ ਪ੍ਰਸਾਦਿ ਅੰਤਰਿ ਲਿਵ ਲਾਗੈ ॥੩॥
(ਪੰਨਾ ੯੨)
ਮਨੁੱਖ ਦੀ ਲਿਵ ਲੱਗਣ ਦਾ ਕੀ ਭਾਵ ਹੈ ? ਮਨੁੱਖ ਦੀ ਲਿਵ ਕਿਵੇਂ ਲੱਗਦੀ ਹੈ ? ਜਦ ਮਨੁੱਖ ਦੀ ਲਿਵ ਲੱਗਦੀ ਹੈ ਤਾਂ ਮਨੁੱਖ ਦੇ ਕੀ ਅਨੁਭਵ ਹੁੰਦੇ ਹਨ ? ਲਿਵ ਲੱਗਣ ਨਾਲ ਮਨੁੱਖ ਨੂੰ ਕੀ ਪ੍ਰਾਪਤੀਆਂ ਹੁੰਦੀਆਂ ਹਨ ? ਆਦਿ ਬਹੁਤ ਸਾਰੇ ਪ੍ਰਸ਼ਨ ਹਨ ਜੋ ਇੱਕ ਆਮ ਜਿਗਿਆਸੂ ਦੇ ਮਨ ਵਿੱਚ ਸੁਭਾਵਿਕ ਤੌਰ ਤੇ ਉਭਰਦੇ ਹਨ। ਲਿਵ ਲੱਗਣ ਦੀ ਗਹਿਰਾਈ ਦੇ ਬਾਰੇ ਗਿਆਨ ਤੋਂ ਅਨਭਿੱਗ ਹਰ ਇੱਕ ਜਿਗਿਆਸੂ ਇਹ ਚਾਹੁੰਦਾ ਹੈ ਕਿ ਉਸ ਦੀ ਲਿਵ ਲੱਗ ਜਾਏ। ‘ਲਿਵ’ ਲੱਗਣ ਦੀ ਇਸ ਪਰਮ ਸ਼ਕਤੀਸ਼ਾਲੀ ਅਵਸਥਾ ਨੂੰ ਜਾਣਨ ਅਤੇ ਸਮਝਣ ਲਈ ਆਉ ਸਿਮਰਨ ਦੀਆਂ ਅਵਸਥਾਵਾਂ ਤੇ ਵਿਚਾਰ ਕਰੀਏ। ਸਿਮਰਨ ਦੀਆਂ ਅਵਸਥਾਵਾਂ ਹਨ:
੧. ਰਸਨਾ ਨਾਲ ਜਾਪ – ਇਹ ਧਰਮ ਖੰਡ ਵਿੱਚ ਵਾਪਰਦਾ ਹੈ।
੨. ਸਵਾਸਾਂ ਨਾਲ ਜਾਪ – ਇਹ ਗਿਆਨ ਖੰਡ ਅਤੇ ਸਰਮ ਖੰਡ ਵਿੱਚ ਵਾਪਰਦਾ ਹੈ।
੩. ਨਾਮ ਤੁਹਾਡੇ ਮਨ-ਸੁਰਤ ਵਿੱਚ ਚਲਾ ਜਾਂਦਾ ਹੈ, ਤੁਹਾਡੀ ਸੋਚ ਵਿੱਚ ਚਲਾ ਜਾਂਦਾ ਹੈ ਅਤੇ ਫਿਰ ਇਹ ਜਾਪ ਤੋਂ ਸਿਮਰਨ ਬਣ ਜਾਂਦਾ ਹੈ। ਇਹ ਪਰਮ ਸ਼ਕਤੀਸ਼ਾਲੀ ਅਤੇ ਅਤਿ ਸੁੰਦਰ ਅਵਸਥਾ ਹੈ। ਇਹ ਸਰਮ ਖੰਡ ਅਤੇ ਕਰਮ ਖੰਡ ਵਿੱਚ ਵਾਪਰਦਾ ਹੈ। ਕੁਝ ਲੋਕ ਇਸ ਅਵਸਥਾ ਵਿੱਚ ਸਮਾਧੀ ਵਿੱਚ ਚਲੇ ਜਾਂਦੇ ਹਨ।
੪. ਅਗਲੀ ਅਵਸਥਾ ਹੈ ਜਦ ਸਿਮਰਨ ਸੁਰਤ ਤੋਂ ਅਗਾਂਹ ਵੱਧਦਾ ਹੈ ਅਤੇ ਹਿਰਦੇ ਅੰਦਰ ਵਿੱਚ ਚਲਾ ਜਾਂਦਾ ਹੈ। ਇਹ ਹੋਰ ਵੀ ਉੱਚ ਅਵਸਥਾ ਹੈ ਜਦ ਨਾਮ ਹਿਰਦੇ ਅੰਦਰ ਜਾਂਦਾ ਹੈ। ਇਥੇ ਹੀ ਇਹ ਆਪਣੇ ਆਪ ਚਲਣ ਵਾਲੀ ਅਵਸਥਾ ਜਿਸ ਨੂੰ ਅਜਪਾ ਜਾਪ ਕਿਹਾ ਗਿਆ ਹੈ, ਉਸ ਅਵਸਥਾ ਵਿੱਚ ਜਾਂਦਾ ਹੈ, ਇਸ ਅਵਸਥਾ ਵਿੱਚ ਹੀ ਮਨੁੱਖ ਦੀ ਅਸਲ ਭਗਤੀ ਸ਼ੁਰੂ ਹੁੰਦੀ ਹੈ। ਮਨੁੱਖ ਪਹਿਲਾਂ ਸਮਾਧੀ ਵਿੱਚ ਜਾਂਦਾ ਹੈ ਅਤੇ ਫਿਰ ਸੁੰਨ ਸਮਾਧੀ ਵਿੱਚ ਚਲਾ ਜਾਂਦਾ ਹੈ। ਐਸੀ ਅਵਸਥਾ ਨੂੰ ਕਰਮ ਖੰਡ ਕਿਹਾ ਗਿਆ ਹੈ। ਇਹ ਸਿਮਰਨ ਦੀ ਉਹ ਅਵਸਥਾ ਹੈ ਜਦ ਮਨੁੱਖ ਦੀ ਅਸਲ ਭਗਤੀ ਸ਼ੁਰੂ ਹੁੰਦੀ ਹੈ ਅਤੇ ਭਗਤੀ ਦਾ ਖਾਤਾ ਦਰਗਾਹ ਵਿੱਚ ਖੁੱਲ੍ਹ ਜਾਂਦਾ ਹੈ।
੫. ਅਗਲੀ ਅਵਸਥਾ ਹੈ ਜਦ ਸਿਮਰਨ ਨਾਭੀ ਵਿੱਚ ਯਾਤਰਾ ਕਰਦਾ ਹੈ, ਜਦ ਨਾਭੀ ਕਮਲ ਖਿੜਦਾ ਹੈ – ਕਰਮ ਖੰਡ ਦੀ ਅਵਸਥਾ ਹੈ।
੬. ਅਗਲੀ ਅਵਸਥਾ ਹੈ ਜਦ ਸਿਮਰਨ ਕੁੰਡਲਨੀ ਵਿੱਚ ਜਾਂਦਾ ਹੈ ਮੂਲ ਅਧਾਰ ਚੱਕਰ ਅਤੇ ਰੀੜ੍ਹ ਵਿੱਚ – ਕਰਮ ਖੰਡ ਦੀ ਅਵਸਥਾ ਹੈ।
੭. ਅਗਲੀ ਅਵਸਥਾ ਹੈ ਜਦ ਸਿਮਰਨ ਕੰਗਰੋੜ ਰਾਹੀਂ ਦਿਮਾਗ ਵੱਲ ਯਾਤਰਾ ਕਰਦਾ ਹੈ ਅਤੇ ਵਾਪਸ ਸੁਰਤ ਵਿੱਚ ਜਾਂਦਾ ਹੈ ਜਿੱਥੇ ਇਹ ਚੱਕਰ ਪੂਰਾ ਕਰਦਾ ਹੈ। ਇਹ ਨਾਮ ਦੀ ਅਸਲ ਮਾਲਾ ਹੈ। ਜਦ ਇਹ ਵਾਪਰਦਾ ਹੈ ਤਦ ਗਿਆਨ ਨੇਤਰ ਅਤੇ ਦਸਮ ਦੁਆਰ ਖੁੱਲ੍ਹ ਜਾਂਦਾ ਹੈ ਅਤੇ ਤੁਸੀਂ ਅਕਾਲ ਪੁਰਖ ਨਾਲ ਪੱਕਾ ਸੰਪਰਕ ਬਣਾ ਲੈਂਦੇ ਹੋ, ਤੁਸੀਂ ਬ੍ਰਹਮ ਗਿਆਨ ਪ੍ਰਾਪਤ ਕਰਨਾ ਸ਼ੁਰੂ ਕਰਦੇ ਹੋ। ਇਹ ਸੱਚ ਖੰਡ ਵਿੱਚ ਵਾਪਰਦਾ ਹੈ। ਸਮਾਧੀ ਵਿੱਚ ਆਨੰਦ ਅਤੇ ਸੁੰਨ ਸਮਾਧੀ ਵਿੱਚ ਆਨੰਦ ਵਿਆਖਿਆ ਤੋਂ ਪਰੇ ਹੈ। ਇਸ ਕਾਰਨ ਹੀ ਮਹਾਂਪੁਰਖ ਕਈ ਵਾਰ ਕਈ-ਕਈ ਦਿਨਾਂ ਲਈ ਸੁੰਨ ਸਮਾਧੀ ਵਿੱਚ ਚਲੇ ਜਾਂਦੇ ਹਨ। ਤੁਸੀਂ ਸਮਾਧੀ ਅਤੇ ਸੁੰਨ ਸਮਾਧੀ ਦੌਰਾਨ ਬਹੁਤ ਸਾਰੇ ਅਨੁਭਵ ਪ੍ਰਾਪਤ ਕਰਦੇ ਹੋ, ਬਹੁਤ ਸਾਰੀਆਂ ਚੀਜ਼ਾਂ ਦੇਖਦੇ ਹੋ, ਬਹੁਤ ਸਾਰੇ ਸੰਤਾਂ ਨੂੰ ਮਿਲਦੇ ਹੋ, ਗੁਰੂਆਂ ਨੂੰ ਮਿਲਦੇ ਹੋ, ਪਰਮ ਜੋਤ ਦੇਖਦੇ ਹੋ, ਸੰਤਾਂ ਅਤੇ ਅਕਾਲ ਪੁਰਖ ਦੇ ਦਰਸ਼ਨ ਕਰਦੇ ਹੋ ਅਤੇ ਗੱਲਬਾਤ ਕਰਦੇ ਹੋ। ਇਹ ਅਵਸਥਾ ਵਿਆਖਿਆ ਤੋਂ ਪਰੇ ਹੈ ਜਦੋਂ ਤੁਸੀਂ ਡੂੰਘੀ ਸਮਾਧੀ ਵਿੱਚ ਜਾਂਦੇ ਹੋ। ਇਹ ਉਹ ਅਵਸਥਾ ਹੈ ਜਦੋਂ ਸਾਰੇ ਬਜਰ ਕਪਾਟ ਖੁੱਲ੍ਹ ਜਾਂਦੇ ਹਨ ਅਤੇ ਅੰਮ੍ਰਿਤ ਦਾ ਨਿਰੰਤਰ ਪ੍ਰਵਾਹ ਹੁੰਦਾ ਹੈ, ਸਰੀਰ ਹਰ ਸਮੇਂ ਅੰਮ੍ਰਿਤ ਨਾਲ ਭਰਿਆ ਰਹਿੰਦਾ ਹੈ।
੮. ਸਮਾਧੀ ਅਤੇ ਸੁੰਨ ਸਮਾਧੀ ਵਿੱਚ ਸਿਮਰਨ ਲਗਾਤਾਰ ਚੱਲਦਾ ਹੈ ਜਦ ਤੱਕ ਨਿਰਗੁਣ ਅਤੇ ਸਰਗੁਣ ਇੱਕ ਨਹੀਂ ਬਣ ਜਾਂਦੇ। ਇਸ ਅਵਸਥਾ ਵਿੱਚ ਸਿਮਰਨ ਰੋਮ-ਰੋਮ ਵਿੱਚ ਚਲਾ ਜਾਂਦਾ ਹੈ। ਤੁਹਾਡੇ ਸਰੀਰ ਦੀ ਹਰ ਕੋਸ਼ਕਾ ਨਾਮ ਸਿਮਰਨ ਕਰਦੀ ਹੈ, ਤੁਹਾਡੀ ਸੂਖਸ਼ਮ ਦੇਹੀ ਸੋਨੇ ਦੀ ਤਰ੍ਹਾਂ ਸ਼ੁੱਧ ਬਣ ਜਾਂਦੀ ਹੈ, ਤੁਹਾਡਾ ਸਾਰਾ ਸਰੀਰ ਹਰ ਸਮੇਂ ਨਾਮ ਅੰਮ੍ਰਿਤ ਨਾਲ ਭਰਿਆ ਰਹਿੰਦਾ ਹੈ। ਤੁਸੀਂ ਬ੍ਰਹਮ ਲੀਨ ਹੋ ਜਾਂਦੇ ਹੋ ਅਤੇ ਅਟੱਲ ਅਵਸਥਾ ਵਿੱਚ ਪਹੁੰਚਦੇ ਹੋ। ਇਹ ਅਵਸਥਾਵਾਂ ਵਿਆਖਿਆ ਤੋਂ ਪਰੇ ਹਨ।
ਸਤਿ ਚਿੱਤ ਘਰਿ ਆਨੰਦੁ ਹਮਾਰੈ
ਗੁਰਮੁਖਿ ਰੋਮਿ ਰੋਮਿ ਹਰਿ ਧਿਆਵੈ ॥
ਸਰਗੁਨ ਨਿਰਗੁਨ ਨਿਰੰਕਾਰ ਸੁੰਨ ਸਮਾਧੀ ਆਪਿ ॥
ਆਪਨ ਕੀਆ ਨਾਨਕਾ ਆਪੇ ਹੀ ਫਿਰਿ ਜਾਪਿ ॥੧॥
ਉਹ ਹਰ ਸਮੇਂ ਪੂਰਨ ਪ੍ਰਕਾਸ਼ ਵਿੱਚ ਰਹਿੰਦਾ ਹੈ ਅਤੇ ਇਲਾਹੀ ਕੀਰਤਨ – ਅਨਹਦ ਨਾਦਿ ਧੁਨੀ ਹਰ ਸਮੇਂ ਸੁਣਦੇ ਹਨ। ਇਹ ਅਚੰਭਵ ਅਤੇ ਵਿਸਮਾਦਜਨਕ ਅਨੁਭਵ ਹਨ। ਇਹ ਹੀ ਹੈ ਜਦ ਮਨੁੱਖ ਸਤਿ ਰਾਮ ਦਾਸ ਬਣਦਾ ਹੈ ਅਤੇ ਸਰਵਸ਼ਕਤੀਮਾਨ ਸਤਿ ਪਾਰਬ੍ਰਹਮ ਪਰਮੇਸ਼ਰ ਦੁਆਰਾ ਸੰਗਤ ਦੀ ਸੇਵਾ ਲਈ ਨਿਰਦੇਸ਼ਿਤ ਹੁੰਦਾ ਹੈ।
ਹੇਠਾਂ ਨਾਮ ਸਿਮਰਨ ਦੇ ਲਾਭਾਂ ਦੀ ਤਰਤੀਬ ਹੈ ;
- ਰਸਨਾ ਨਾਲ ੧੦੦੦ ਵਾਰ ਜਾਪ = ਸਵਾਸ ਨਾਲ ਇੱਕ ਵਾਰ ਜਾਪ
- ਸਵਾਸ ਨਾਲ ੧੦੦੦ ਵਾਰ ਜਾਪ = ਸੁਰਤ ਵਿੱਚ ਇੱਕ ਵਾਰ ਜਾਪ
- ਸੁਰਤ ਵਿੱਚ ੧੦੦੦ ਵਾਰ ਜਾਪ = ਹਿਰਦੇ ਜਾਂ ਹੋਰ ਕਿਤੇ ਇੱਕ ਵਾਰ ਜਾਪ
ਇਸ ਲਈ ਹਿਰਦੇ ਵਿੱਚ ਸਿਮਰਨ ਵਿਆਖਿਆ ਤੋਂ ਪਰੇ ਹੈ ਅਤੇ ਸਭ ਤੋਂ ਵੱਧ ਫਲ ਕਾਰੀ ਹੈ।
ਫਿਰ ਕੁਝ ਲੋਕ ਸੋਚਣਗੇ ਕਿ ਅਸੀਂ ਲਾਭਾਂ ਦੀ ਗਿਣਤੀ ਵਿੱਚ ਪੈ ਗਏ ਹਾਂ, ਅਤੇ ਇਹ ਕਹਿਣਾ ਸਤਿ ਹੈ ਕਿ ਸਾਨੂੰ ਗਿਣਤੀ ਵਿੱਚ ਨਹੀਂ ਉਲਝਣਾ ਚਾਹੀਦਾ, ਪਰ ਇਹ ਸਿਰਫ਼ ਸੰਗਤ ਦੇ ਸਮਝਣ ਲਈ ਹੈ ਕਿ ਕਿਸ ਤਰੀਕੇ ਨਾਲ ਅਤੇ ਕਿੱਥੇ ਸਿਮਰਨ ਕਿਸ ਤਰ੍ਹਾਂ ਦੇ ਫਲ ਲੈ ਕੇ ਆਉਂਦਾ ਹੈ।
੧੦੦੦ ਗਿਣਤੀ ਇਹ ਦਰਸਾਉਂਦੀ ਹੈ ਕਿ ਹਿਰਦੇ ਵਿੱਚ ਸਿਮਰਨ ਦੇ ਲਾਭ ਰਸਨਾ ਨਾਲ ਜਾਪ ਕਰਨ ਨਾਲੋਂ ਬਹੁਤ ਜਿਆਦਾ ਵੱਧ ਹੁੰਦੇ ਹਨ। ਜੇਕਰ ਤੁਸੀਂ ਰਸਨਾ ਨਾਲ ਜਾਪ ਕਰਦੇ ਹੋ ਤੁਹਾਡੀ ਰਸਨਾ ਪਵਿੱਤਰ ਹੋ ਜਾਂਦੀ ਹੈ, ਸਵਾਸਾਂ ਨਾਲ ਜਾਪ ਕਰਨ ਨਾਲ ਤੁਹਾਡਾ ਸਵਾਸ-ਸਵਾਸ ਪਵਿੱਤਰ ਬਣ ਜਾਂਦਾ ਹੈ। ਮਨ-ਸੁਰਤ-ਚਿੱਤ ਵਿੱਚ ਸਿਮਰਨ ਕਰਨ ਨਾਲ ਮਨ ਪਵਿੱਤਰ ਹੋ ਜਾਂਦਾ ਹੈ ਅਤੇ ਇਹ ਹੈ ਜਿਸਦੀ ਤੁਹਾਨੂੰ ਪਵਿੱਤਰ ਕਰਨ ਦੀ ਜ਼ਰੂਰਤ ਹੈ, ਇਸ ਤਰ੍ਹਾਂ ਤੁਸੀਂ ਆਪਣੇ ਮਨ ਨੂੰ ਕਾਬੂ ਵਿੱਚ ਕਰ ਸਕਦੇ ਹੋ। ‘ਮਨਿ ਜੀਤੈ ਜਗੁ ਜੀਤੁ’ – ‘ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ’ ਅਤੇ ਤੁਸੀਂ ਪੰਜ ਦੂਤਾਂ – ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਤੋਂ ਉੱਪਰ ਉੱਠ ਜਾਂਦੇ ਹੋ ਅਤੇ ਆਸਾ ਤ੍ਰਿਸ਼ਨਾ, ਮਨਸਾ ਨਿੰਦਿਆ, ਚੁਗਲੀ, ਰਾਜ, ਜੋਬਨ, ਧਨ, ਮਾਲ, ਰੂਪ, ਰਸ, ਗੰਧ ਤੋਂ ਉੱਪਰ ਉੱਠ ਜਾਂਦਾ ਹੈ, ਇਨ੍ਹਾਂ ਠੱਗਾਂ ਅਤੇ ਮਾਨਸਿਕ ਬਿਮਾਰੀਆਂ ਤੋਂ ਉੱਪਰ ਉੱਠ ਜਾਂਦਾ ਹੈ।
ਜਦ ਸਿਮਰਨ ਹਿਰਦੇ ਵਿੱਚ ਜਾਂਦਾ ਹੈ ਅਤੇ ਸਿਮਰਨ ਹਿਰਦੇ ਵਿੱਚ ਆਪਣੇ ਆਪ ਕੇਵਲ ਗੁਰ ਕ੍ਰਿਪਾ ਨਾਲ ਜਾਂਦਾ ਹੈ, ਅਤੇ ਇਸ ਤਰ੍ਹਾਂ ਹੀ ਚਿੱਤ ਵਿੱਚ ਜਾਂਦਾ ਹੈ, ਹਿਰਦਾ ਪਵਿੱਤਰ ਬਣ ਜਾਂਦਾ ਹੈ ਅਤੇ ਹਿਰਦਾ ਮਹਾਂ ਪਰਉਪਕਾਰੀ ਅਤੇ ਦਾਨਾ ਦੀਨਾ, ਨਿਰਭਉ, ਨਿਰਵੈਰ ਬਣ ਜਾਂਦਾ ਹੈ, ਇਹ ਅਕਾਲ ਪੁਰਖ ਦੇ ਸਾਰੇ ਮਹੱਤਵਪੂਰਨ ਗੁਣਾਂ ਨੂੰ ਜਜ਼ਬ ਕਰ ਲੈਂਦਾ ਹੈ ਅਤੇ ਪੂਰਨ ਸੰਤ ਹਿਰਦਾ ਬਣ ਜਾਂਦਾ ਹੈ, ਇਹ ਜੀਵਨ ਮੁਕਤੀ – ਪਰਮ ਪਦਵੀ – ਬ੍ਰਹਮ ਗਿਆਨ ਪਾ ਲੈਂਦਾ ਹੈ।
ਗੁਰਬਾਣੀ ਅਨੁਸਾਰ ਬੰਦਗੀ ਦੀਆਂ ਪੰਜ ਅਵਸਥਾਵਾਂ ਹਨ: ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ ਅਤੇ ਸੱਚ ਖੰਡ। ‘ਲਿਵ’ ਲੱਗਣ ਦੀ ਅਵਸਥਾ ਵਿੱਚ ਮਨੁੱਖ ਕਿਵੇਂ ਪਹੁੰਚਦਾ ਹੈ ਇਸ ਪਰਮ ਸਤਿ ਤੱਤ ਨੂੰ ਜਾਣਨ ਅਤੇ ਸਮਝਣ ਲਈ ਬੰਦਗੀ ਦੀਆਂ ਇਨ੍ਹਾਂ ਪੰਜ ਅਵਸਥਾਵਾਂ ਦਾ ਗਿਆਨ ਪ੍ਰਾਪਤ ਕਰਨਾ ਜਿਗਿਆਸੂਆਂ ਲਈ ਲਾਭਕਾਰੀ ਸਿੱਧ ਹੋਏਗਾ:
੧. ਧਰਮ ਖੰਡ:
ਜਦੋਂ ਤੁਹਾਨੂੰ ਇਹ ਗਿਆਨ ਪ੍ਰਾਪਤ ਹੋ ਜਾਂਦਾ ਹੈ ਕਿ ਮਨੁੱਖਾ ਜ਼ਿੰਦਗੀ ਦਾ ਅਸਲੀ ਮੰਤਵ ਜੀਵਨ ਮੁਕਤੀ ਪ੍ਰਾਪਤ ਕਰਨਾ ਹੈ ਅਤੇ ਤੁਸੀਂ ਪਾਠ, ਪੂਜਾ, ਦਇਆ, ਧਰਮ, ਸੰਤੋਖ ਅਤੇ ਸੰਜਮ ਕਰਮਾਂ ਵੱਲ ਰੁਚਿਤ ਹੋ ਜਾਂਦੇ ਹੋ। ਭਾਵ ਤੁਹਾਡੀ ਬਿਰਤੀ ਸਤੋ ਬਿਰਤੀ ਵਿੱਚ ਪਰਿਵਰਤਿਤ ਹੋਣੀ ਸ਼ੁਰੂ ਹੋ ਜਾਂਦੀ ਹੈ ਅਤੇ ਤੁਸੀਂ ਸਤਿ ਕਰਮਾਂ ਉੱਪਰ ਆਪਣਾ ਧਿਆਨ ਕੇਂਦਰਿਤ ਕਰਨਾ ਸ਼ੁਰੂ ਕਰ ਦਿੰਦੇ ਹੋ। ਹੌਲੀ-ਹੌਲੀ ਤੁਹਾਡੇ ਕਰਮ ਸਤਿ ਕਰਮ ਹੋਣੇ ਸ਼ੁਰੂ ਹੋ ਜਾਂਦੇ ਹਨ। ਵਿਚਾਰਣ ਯੋਗ ਵਿਚਾਰ ਇਹ ਹੈ ਕਿ ਲਗਭਗ ਸਾਰੀ ਸੰਗਤ ਇਸ ਖੰਡ ਵਿੱਚ ਜਾਂ ਇਸ ਤੋਂ ਭੀ ਥੱਲੇ ਦੀ ਅਵਸਥਾ ਵਿੱਚ ਹੀ ਅਟਕੀ ਹੋਈ ਹੈ। ਬਹੁਤ ਘੱਟ ਗਿਣਤੀ ਵਿੱਚ ਸੰਗਤ ਇਸ ਅਵਸਥਾ ਤੋਂ ਅੱਗੇ ਵੱਧਦੀ ਹੈ। ਸਾਰੀ ਸੰਗਤ ਕੇਵਲ ਬਾਣੀ ਪੜ੍ਹਣ ਵਿੱਚ ਹੀ ਲੱਗੀ ਹੋਈ ਹੈ। ਰੋਜ਼ਾਨਾ ਨਿੱਤਨੇਮ – ਪੰਜ ਬਾਣੀਆਂ ਦੇ ਪੜ੍ਹਣ ਵਿੱਚ, ਸੁਖਮਨੀ ਬਾਣੀ ਦੇ ਪੜ੍ਹਣ ਵਿੱਚ, ਆਸਾ ਦੀ ਵਾਰ ਪੜ੍ਹਣ ਵਿੱਚ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੜ੍ਹਣ ਵਿੱਚ ਲਗਭਗ ਸਾਰੀ ਸੰਗਤ ਰੁੱਝੀ ਹੋਈ ਹੈ। ਸਾਰੀ ਸੰਗਤ ਕੇਵਲ ਇਸ ਭਰਮ ਅਤੇ ਅਗਿਆਨਤਾ ਵਿੱਚ ਹੈ ਕਿ ਸ਼ਾਇਦ ਬਾਣੀ ਪੜ੍ਹਣਾ ਹੀ ਕਾਫੀ ਹੈ। ਇਹ ਸਤਿ ਹੈ ਕਿ ਬਾਣੀ ਪੜ੍ਹਣਾ ਸਤਿ ਕਰਮ ਹੈ, ਪਰੰਤੂ ਇਹ ਸਮਝ ਲੈਣਾ ਕਿ ਕੇਵਲ ਬਾਣੀ ਪੜ੍ਹਣ ਨਾਲ ਹੀ ਰੂਹਾਨੀਅਤ ਦੀਆਂ ਸਾਰੀਆਂ ਪ੍ਰਾਪਤੀਆਂ ਹੋ ਜਾਣਗੀਆਂ, ਕੇਵਲ ਭਰਮ ਹੈ ਅਤੇ ਅਗਿਆਨਤਾ ਹੈ। ਇਹ ਹੀ ਕਾਰਨ ਹੈ ਕਿ ਲਗਭਗ ਸਾਰੀ ਸੰਗਤ ਦੀ ਰੂਹਾਨੀ ਤਰੱਕੀ ਜਿਵੇਂ ਖੜ੍ਹ ਗਈ ਹੈ। ਇਸ ਲਈ ਤੁਹਾਡੀ ਰੂਹਾਨੀ ਤਰੱਕੀ ਲਈ ਇਹ ਜ਼ਰੂਰੀ ਹੈ ਕਿ ਬਜਾਏ ਗੁਰਬਾਣੀ ਨੂੰ ਬਾਰ-ਬਾਰ ਪੜ੍ਹਣ ਦੇ ਉਹ ਕੀਤਾ ਜਾਵੇ ਜੋ ਗੁਰਬਾਣੀ ਕਰਨ ਨੂੰ ਆਖਦੀ ਹੈ। ਗੁਰਬਾਣੀ ਦਰਗਾਹੀ ਉਪਦੇਸ਼ ਹੈ। ਇਸ ਉਪਦੇਸ਼ ਨੂੰ ਪੜ੍ਹਣ ਦਾ ਲਾਭ ਤਾਂ ਹੋ ਸਕਦਾ ਹੈ ਜੇਕਰ ਜੀਵਨ ਵਿੱਚ ਇਸ ਇਲਾਹੀ ਉਪਦੇਸ਼ ਨੂੰ ਕਮਾਇਆ ਜਾਵੇ। ਗੁਰਬਾਣੀ ਕਰਨ ਨਾਲ ਦਰਗਾਹੀ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ, ਕੇਵਲ ਗੁਰਬਾਣੀ ਪੜ੍ਹਣ ਨਾਲ ਨਹੀਂ। ਗੁਰਬਾਣੀ ਕਰਨ ਨਾਲ ਉਹ ਸਭ ਕੁਝ ਪ੍ਰਾਪਤ ਹੁੰਦਾ ਹੈ ਜੋ ਗੁਰਬਾਣੀ ਵਿੱਚ ਲਿਖਿਆ ਹੈ। ਗੁਰਬਾਣੀ ਕਰਨ ਵਾਲੇ ਹੀ ਰੂਹਾਨੀਅਤ ਦੀਆਂ ਅਗਲੀਆਂ ਅਵਸਥਾਵਾਂ ਦੀ ਪ੍ਰਾਪਤੀ ਕਰਦੇ ਹਨ। ਗੁਰਬਾਣੀ ਵਿੱਚ ਇਸ ਪਰਮ ਸਤਿ ਤੱਤ ਨੂੰ ਪ੍ਰਗਟ ਕੀਤਾ ਗਿਆ ਹੈ:
ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ ॥
(ਪੰਨਾ ੩੦੪)
ਗੁਰਬਾਣੀ ਸਤਿ ਸਰੂਪ ਹੈ। ਭਾਵ ਗੁਰਬਾਣੀ ਅਕਾਲ ਪੁਰਖ ਦਾ ਗਿਆਨ ਸਰੂਪ ਹੈ। ਗੁਰਬਾਣੀ ਪੂਰਨ ਬ੍ਰਹਮ ਗਿਆਨ ਗੁਰੂ ਹੈ। ਗੁਰਬਾਣੀ ਸਤਿ ਹੈ ਇਸ ਲਈ ਗੁਰਬਾਣੀ ਗੁਰੂ ਹੈ। ਗੁਰਬਾਣੀ ਸਤਿ ਹੈ ਇਸ ਲਈ ਗੁਰਬਾਣੀ ਨਿਰੰਕਾਰ ਦਾ ਗਿਆਨ ਸਰੂਪ ਹੈ। ਜੋ ਮਨੁੱਖ ਇਸ ਪੂਰਨ ਬ੍ਰਹਮ ਗਿਆਨ ਗੁਰੂ ਨੂੰ ਆਪਣੇ ਜੀਵਨ ਵਿੱਚ ਕਮਾਉਂਦੇ ਹਨ, ਉਹ ਜੋ ਗੁਰਬਾਣੀ ਵਿੱਚ ਲਿਖਿਆ ਹੈ ਬਣ ਜਾਂਦੇ ਹਨ। ਭਾਵ ਜੋ ਮਨੁੱਖ ਗੁਰਬਾਣੀ ਕਰਦੇ ਹਨ ਉਹ ਮਨੁੱਖ ਸਤਿ ਸਰੂਪ ਬਣ ਜਾਂਦੇ ਹਨ। ਜੋ ਮਨੁੱਖ ਗੁਰ ਸ਼ਬਦ ਦੀ ਕਮਾਈ ਆਪਣੇ ਰੋਜ਼ਾਨਾ ਜੀਵਨ ਵਿੱਚ ਕਰਦੇ ਹਨ ਉਹ ਮਨੁੱਖ ਸਤਿ ਸਰੂਪ ਬਣ ਜਾਂਦੇ ਹਨ। ਸਤਿ ਰੂਪ ਹੋ ਕੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਸਮਾ ਜਾਂਦੇ ਹਨ। ਸਤਿ ਰੂਪ ਹੋ ਕੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਅਭੇਦ ਹੋ ਜਾਂਦੇ ਹਨ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਨਿਰਗੁਣ ਸਰੂਪ ਵਿੱਚ ਸਮਾ ਜਾਂਦੇ ਹਨ। ਇਸੇ ਲਈ ਗੁਰਬਾਣੀ ਇੱਕ ਉਪਦੇਸ਼ ਹੈ ਜਿਸਨੂੰ ਕਮਾਉਣ ਨਾਲ ਮਨੁੱਖ ਇਸ ਉੱਚੀ ਆਤਮਿਕ ਅਵਸਥਾ ਨੂੰ ਪ੍ਰਾਪਤ ਹੁੰਦਾ ਹੈ। ਇਸ ਲਈ ਸਾਰੀ ਲੋਕਾਈ ਦੇ ਚਰਨਾਂ ਉੱਪਰ ਬੇਨਤੀ ਹੈ ਕਿ ਗੁਰਬਾਣੀ ਨੂੰ ਕਮਾਉਣ ਦਾ ਯਤਨ ਕੀਤਾ ਜਾਏ ਨਾ ਕਿ ਕੇਵਲ ਗੁਰਬਾਣੀ ਨੂੰ ਪੜ੍ਹ-ਪੜ੍ਹ ਕੇ ਛੱਡ ਦਿੱਤਾ ਜਾਏ।
ਗੁਰਬਾਣੀ ਵਿੱਚ ਇਸ ਪਰਮ ਸਤਿ ਤੱਤ ਨੂੰ ਵੀ ਪ੍ਰਗਟ ਕੀਤਾ ਗਿਆ ਹੈ ਕਿ ਕੋਈ ਵਿਰਲਾ ਮਨੁੱਖ ਹੀ ਗੁਰਬਾਣੀ ਦੇ ਉਪਦੇਸ਼ ਦੀ ਕਮਾਈ ਕਰਦਾ ਹੈ:
ਗੁਰ ਕਾ ਸਬਦੁ ਕੋ ਵਿਰਲਾ ਬੂਝੈ ॥
(ਪੰਨਾ ੧੨੦)
ਗੁਰ ਕੀ ਸਿਖ ਕੋ ਵਿਰਲਾ ਲੇਵੈ ॥
(ਪੰਨਾ ੫੦੯)
ਕੋਈ ਵਿਰਲਾ ਮਨੁੱਖ ਹੈ ਜੋ ਗੁਰ ਸ਼ਬਦ ਦੀ ਆਪਣੇ ਰੋਜ਼ਾਨਾ ਦੇ ਜੀਵਨ ਵਿੱਚ ਕਮਾਈ ਕਰਦਾ ਹੈ। ਕੋਈ ਵਿਰਲਾ ਮਨੁੱਖ ਹੈ ਜਿਸਨੂੰ ਇਹ ਸੋਝੀ ਦੀ ਬਖ਼ਸ਼ਿਸ਼ ਹੁੰਦੀ ਹੈ ਕਿ ਗੁਰਬਾਣੀ ਦੇ ਸ਼ਬਦ ਦੀ ਕਮਾਈ ਕੀਤੀ ਜਾਵੇ। ਇਹ ਹੀ ਕਾਰਨ ਹੈ ਕਿ ਲਗਭਗ ਸਾਰੀ ਜਿਗਿਆਸੂ ਸੰਗਤ ਇਸ ਪਰਮ ਸਤਿ ਨੂੰ ਜਾਣਦੇ ਹੋਏ ਵੀ ਗੁਰ ਕੇ ਸ਼ਬਦ ਦੀ ਕਮਾਈ ਵਿੱਚ ਆਪਣੇ ਆਪ ਨੂੰ ਸਮਰਪਿਤ ਨਹੀਂ ਕਰਦੀ ਹੈ। ਬਹੁਤ ਸਾਰੇ ਜਿਗਿਆਸੂਆਂ ਦੇ ਮਨ ਵਿੱਚ ਇਹ ਪ੍ਰਸ਼ਨ ਆਏਗਾ ਕਿ ਗੁਰ ਸ਼ਬਦ ਦੀ ਕਮਾਈ ਕੀ ਹੈ ਅਤੇ ਕਿਸ ਤਰ੍ਹਾਂ ਇਹ ਕਮਾਈ ਕੀਤੀ ਜਾ ਸਕਦੀ ਹੈ। ਜਿਗਿਆਸੂ ਕਿਵੇਂ ਆਪਣੇ ਰੋਜ਼ਾਨਾ ਕਰਮਾਂ ਨੂੰ ਸਤਿ ਦੀ ਕਰਨੀ ਵਿੱਚ ਬਦਲ ਸਕਦਾ ਹੈ। ਇਸ ਲਈ ਗੁਰ ਸ਼ਬਦ ਦੀ ਕਮਾਈ ਕਰਨ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਗੁਰ ਸ਼ਬਦ ਦੀ ਕਮਾਈ ਕੀ ਹੈ ਅਤੇ ਕਿਸ ਤਰ੍ਹਾਂ ਨਾਲ ਕੀਤੀ ਜਾ ਸਕਦੀ ਹੈ। ਇਨ੍ਹਾਂ ਪ੍ਰਸ਼ਨਾਂ ਦਾ ਉੱਤਰ ਬੜਾ ਸੁਖਾਲਾ ਹੈ। ਸਾਨੂੰ ਕੇਵਲ ਉਹ ਕਰਨਾ ਹੈ ਜੋ ਗੁਰਬਾਣੀ ਕਰਨ ਦਾ ਉਪਦੇਸ਼ ਦੇ ਰਹੀ ਹੈ।
ਉਦਾਹਰਨ ਦੇ ਤੌਰ ਤੇ ਜੇ ਕਰ ਗੁਰਬਾਣੀ ਕਹਿ ਰਹੀ ਹੈ ਕਿ ਨਾਮ ਸਿਮਰਨ ਕਰੋ ਤਾਂ ਇਸ ਵਿੱਚ ਸਮਝਣ ਵਾਲੀ ਕੀ ਗੱਲ ਹੈ ? ਬੱਸ ਆਪਣੇ ਆਪ ਨੂੰ ਨਾਮ ਸਿਮਰਨ ਕਰਨ ਵਿੱਚ ਸਮਰਪਿਤ ਕਰ ਦਿਓ ਜੀ। ਨਾਮ ਸਿਮਰਨ ਨੂੰ ਆਪਣਾ ਨਿਤਨੇਮ ਬਣਾ ਲਵੋ ਜੀ। ਜਿਵੇਂ ਰੋਜ਼ਾਨਾ ਪੰਜ ਬਾਣੀਆਂ ਅਤੇ ਸੁਖਮਨੀ ਬਾਣੀ ਨੂੰ ਪੜ੍ਹਦੇ ਹੋ ਉਸੇ ਤਰ੍ਹਾਂ ਨਾਲ ਨਾਮ ਸਿਮਰਨ ਕਰਨਾ ਸ਼ੁਰੂ ਕਰ ਦਿਓ ਜੀ। ਗੁਰਬਾਣੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਹੁਕਮ ਹੈ ਅਤੇ ਗੁਰਬਾਣੀ ਕਹਿ ਰਹੀ ਹੈ ‘ਸਿਮਰਉ ਸਿਮਰਿ ਸਿਮਰਿ ਸੁਖੁ ਪਾਵਉ’ (੨੬੨) ਗੁਰਬਾਣੀ ਇਹ ਵੀ ਕਹਿੰਦੀ ਹੈ ਕਿ ‘ਪ੍ਰਭ ਕਾ ਸਿਮਰਨੁ ਸਭ ਤੇ ਊਚਾ’ (੨੬੩) ਤਾਂ ਫਿਰ ਇਸ ਵਿੱਚ ਸੋਚਣ ਵਾਲੀ ਕਿਹੜੀ ਗੱਲ ਹੈ। ਬੱਸ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਅਤੇ ਗੁਰਬਾਣੀ ਗੁਰੂ ਦਾ ਹੁਕਮ ਮੰਨੋ ਅਤੇ ਆਪਣੇ ਆਪ ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਨਾਮ ਸਿਮਰਨ ਵਿੱਚ ਸਮਰਪਿਤ ਕਰ ਦਿਓ ਜੀ। ਜਦ ਅਸੀਂ ਐਸਾ ਕਰਨਾ ਸ਼ੁਰੂ ਕਰ ਦਿੰਦੇ ਹਾਂ ਤਾਂ ਅਸੀਂ ਇਨ੍ਹਾਂ ਗੁਰ ਕੇ ਸ਼ਬਦਾਂ ਦੀ ਕਮਾਈ ਕਰਨਾ ਸ਼ੁਰੂ ਕਰ ਦਿੰਦੇ ਹਾਂ। ਇਹ ਪੂਰਨ ਸਤਿ ਤੱਤ ਹੈ ਕਿ ਜੇ ਕਰ ਅਸੀਂ ਕੇਵਲ ਇਸ ਇੱਕ ਗੁਰ ਸ਼ਬਦ ਦੀ ਕਮਾਈ ਕਰਨ ਵਿੱਚ ਆਪਣੇ ਆਪ ਨੂੰ ਸਮਰਪਿਤ ਕਰਦੇ ਹਾਂ ਤਾ ਸਾਨੂੰ ਉਹ ਸਾਰੇ ਫੱਲ ਪ੍ਰਾਪਤ ਹੋਣਗੇ ਜੋ ਕਿ ਸੁਖਮਨੀ ਬਾਣੀ ਦੀ ਪਹਿਲੀ ਅਸਟਪਦੀ ਵਿੱਚ ਧੰਨ ਧੰਨ ਸਤਿਗੁਰ ਅਵਤਾਰ ਅਰਜਨ ਦੇਵ ਜੀ ਨੇ ਪ੍ਰਗਟ ਕੀਤੇ ਹਨ। ਕੇਵਲ ਇਸ ਇੱਕ ਗੁਰ ਸ਼ਬਦ ਦੀ ਕਮਾਈ ਕਰਨ ਨਾਲ ਹੀ ਸਾਨੂੰ ਰੂਹਾਨੀਅਤ ਦੀਆਂ ਸਾਰੀਆਂ ਪ੍ਰਾਪਤੀਆਂ ਹੋ ਜਾਣਗੀਆਂ ਅਤੇ ਸਾਨੂੰ ਦਰਗਾਹ ਵਿੱਚ ਮਾਣ ਪ੍ਰਾਪਤ ਹੋ ਜਾਏਗਾ ‘ਪ੍ਰਭ ਕੈ ਸਿਮਰਨਿ ਦਰਗਹ ਮਾਨੀ’ (੨੬੨)। ਕੇਵਲ ਇਸ ਇੱਕ ਗੁਰ ਸ਼ਬਦ ਦੀ ਕਮਾਈ ਕਰਨ ਨਾਲ ਸਾਨੂੰ ਪੂਰਨ ਬ੍ਰਹਮ ਗਿਆਨ, ਪੂਰਨ ਤੱਤ ਗਿਆਨ ਅਤੇ ਧਿਆਨ ਦੀਆਂ ਪਰਮ ਸ਼ਕਤੀਸ਼ਾਲੀ ਅਤੇ ਪਰਮ ਉੱਚੀਆਂ ਅਵਸਥਾਵਾਂ ਪ੍ਰਾਪਤ ਹੋ ਜਾਣਗੀਆਂ ‘ਪ੍ਰਭ ਕੈ ਸਿਮਰਨਿ ਗਿਆਨੁ ਧਿਆਨੁ ਤਤੁ ਬੁਧਿ’ (੨੬੨)। ਕੇਵਲ ਇਸ ਇੱਕ ਗੁਰ ਸ਼ਬਦ ਦੀ ਕਮਾਈ ਕਰਨ ਦੇ ਨਾਲ ਸਾਨੂੰ ਸਹਿਜ ਸਮਾਧੀ ਦੀ ਪ੍ਰਾਪਤੀ ਹੋ ਜਾਏਗੀ ‘ਪ੍ਰਭ ਕੈ ਸਿਮਰਨਿ ਸਹਜਿ ਸਮਾਨੀ’ (੨੬੨)। ਸਹਿਜ ਸਮਾਧੀ ੨੪ ਘੰਟੇ ਨਿਰੰਤਰ ਸਮਾਧੀ ਦੀ ਅਵਸਥਾ ਹੈ। ਸਹਿਜ ਸਮਾਧੀ ਪੂਰਨ ਅਟੱਲ ਅਵਸਥਾ ਹੈ। ਸਹਿਜ ਸਮਾਧੀ ਪਰਮ ਪਦਵੀ ਦੀ ਅਵਸਥਾ ਹੈ। ਸਿਮਰਨ ਵਿੱਚ ਸਾਡੇ ਹਿਰਦੇ ਵਿੱਚ ਆਪ ਨਿਰੰਕਾਰ ਪ੍ਰਗਟ ਹੋ ਜਾਂਦਾ ਹੈ ‘ਹਰਿ ਸਿਮਰਨ ਮਹਿ ਆਪਿ ਨਿਰੰਕਾਰਾ’ (੨੬੩)। ਭਾਵ ਸਿਮਰਨ ਕਰਦੇ-ਕਰਦੇ ਮਨੁੱਖ ਦੇ ਹਿਰਦੇ ਵਿੱਚ ਆਪ ਨਿਰੰਕਾਰ ਪ੍ਰਗਟਿਓ ਜੋਤ ਪੂਰਨ ਬ੍ਰਹਮ ਗਿਆਨੀ ਦੇ ਰੂਪ ਵਿੱਚ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਆਪ ਪ੍ਰਗਟ ਹੋ ਜਾਂਦਾ ਹੈ। ਨਾਮ ਸਿਮਰਨ ਨਾਲ ਹੋਰ ਕੀ ਕੀ ਸਾਨੂੰ ਪ੍ਰਾਪਤ ਹੋ ਸਕਦਾ ਹੈ ਇਸ ਪਰਮ ਸਤਿ ਨੂੰ ਜਾਣਨ ਲਈ ਆਪਣਾ ਧਿਆਨ ਸੁਖਮਨੀ ਬਾਣੀ ਦੀ ਪਹਿਲੀ ਅਸਟਪਦੀ ਉੱਪਰ ਕੇਂਦਰਿਤ ਕਰੋ ਤਾਂ ਆਪ ਨੂੰ ਇਹ ਪਤਾ ਚਲੇਗਾ ਕਿ ਆਪ ਨੂੰ ਕੀ ਕੀ ਲਾਭ ਹੋਣਗੇ, ਕਿਵੇਂ ਆਪ ਦੇ ਸਾਰੇ ਬਿਗੜੇ ਹੋਏ ਕਾਰਜ ਸਿੱਧੇ ਹੋਣੇ ਸ਼ੁਰੂ ਹੋ ਜਾਣਗੇ, ਕਿਵੇਂ ਆਪ ਦੇ ਸਾਰੇ ਦੁੱਖਾਂ ਕਲੇਸ਼ਾਂ ਦਾ ਅੰਤ ਹੋ ਜਾਏਗਾ ਅਤੇ ਆਪ ਉੱਚੀ ਆਤਮਿਕ ਅਵਸਥਾ ਨੂੰ ਪਹੁੰਚ ਕੇ ਸਹਿਜ ਸਮਾਧੀ ਵਿੱਚ ਸਦਾ-ਸਦਾ ਲਈ ਸਥਿਤ ਹੋ ਜਾਓਗੇ। ਇਸ ਲਈ ਇਸ ਗੁਰ ਪ੍ਰਸਾਦੀ ਕਥਾ ਦੇ ਹਰ ਇੱਕ ਪੜ੍ਹਣ ਵਾਲੇ ਦੇ ਚਰਨਾਂ ਉੱਪਰ ਬੇਨਤੀ ਹੈ ਕਿ ਇਸ ਪਰਮ ਸ਼ਕਤੀਸ਼ਾਲੀ ਪਰਮ ਸਤਿ ਨੂੰ ਆਪਣੇ ਜੀਵਨ ਵਿੱਚ ਆਪਣਾਓ ਅਤੇ ਗੁਰੂ ਦੀਆਂ ਬੇਅੰਤ ਮਿਹਰ ਅਤੇ ਕਿਰਪਾ ਦੇ ਪਾਤਰ ਬਣੋ ਜੀ।
ਅਗਲਾ ਉਦਾਹਰਨ ਗੁਰਬਾਣੀ ਵਿੱਚ ਪ੍ਰਗਟ ਕੀਤੇ ਗਏ ਪਰਮ ਸ਼ਕਤੀਸ਼ਾਲੀ ਸਤਿ ਤੱਤ ਦਾ ਸੰਬੰਧ ਮਨੁੱਖ ਦਾ ਸਤਿਗੁਰ ਦੇ ਚਰਨਾਂ ਉੱਪਰ ਸੰਪੂਰਨ ਸਮਰਪਣ ਨਾਲ ਹੈ। ਜੋ ਮਨੁੱਖ ਸਤਿਗੁਰ ਦੇ ਚਰਨਾਂ ਉੱਪਰ ਆਪਣਾ ਤਨ, ਮਨ, ਧਨ ਅਰਪਣ ਕਰ ਦਿੰਦੇ ਹਨ ਉਹ ਮਨੁੱਖ ਧੰਨ ਧੰਨ ਹੋ ਜਾਂਦੇ ਹਨ। ਜੋ ਮਨੁੱਖ ਸਤਿਗੁਰ ਦੇ ਚਰਨਾਂ ਉੱਪਰ ਆਪਣਾ ਤਨ, ਮਨ, ਧਨ ਅਰਪਣ ਕਰ ਦਿੰਦੇ ਹਨ ਉਹ ਮਨੁੱਖ ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ, ਪੂਰਨ ਬੰਦਗੀ, ਪਰਉਪਕਾਰ ਅਤੇ ਮਹਾ ਪਰਉਪਕਾਰ ਦੇ ਗੁਰ ਪ੍ਰਸਾਦਿ ਦੀ ਪ੍ਰਾਪਤੀ ਕਰ ਲੈਂਦੇ ਹਨ। ਜੋ ਮਨੁੱਖ ਸਤਿਗੁਰ ਦੇ ਚਰਨਾਂ ਉੱਪਰ ਆਪਣਾ ਤਨ, ਮਨ, ਧਨ ਅਰਪਣ ਕਰ ਦਿੰਦੇ ਹਨ ਉਹ ਮਨੁੱਖ ਆਪਣੇ ਸਤਿਗੁਰ ਦੇ ਛੱਤਰ ਹੇਠ ਬੈਠ ਕੇ ਬੰਦਗੀ ਕਰਦੇ ਹੋਏ ਮਾਇਆ ਨੂੰ ਜਿੱਤ ਕੇ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਜਾ ਕੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਅਭੇਦ ਹੋ ਜਾਂਦੇ ਹਨ। ਜੋ ਮਨੁੱਖ ਸਤਿਗੁਰ ਦੇ ਚਰਨਾਂ ਉੱਪਰ ਆਪਣਾ ਤਨ, ਮਨ, ਧਨ ਅਰਪਣ ਕਰ ਦਿੰਦੇ ਹਨ ਉਹ ਮਨੁੱਖ ਬੰਦਗੀ ਕਰਦੇ ਹੋਏ ਆਪਣੇ ਹਿਰਦੇ ਵਿੱਚ ਪਰਮ ਜੋਤ ਪੂਰਨ ਪ੍ਰਕਾਸ਼ ਨੂੰ ਪ੍ਰਾਪਤ ਕਰਕੇ ਪ੍ਰਗਟਿਓ ਜੋਤ ਪੂਰਨ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਕੇ ਜੀਵਨ ਮੁਕਤ ਹੋ ਜਾਂਦੇ ਹਨ। ਜੋ ਮਨੁੱਖ ਸਤਿਗੁਰ ਦੇ ਚਰਨਾਂ ਉੱਪਰ ਆਪਣਾ ਤਨ, ਮਨ, ਧਨ ਅਰਪਣ ਕਰ ਦਿੰਦੇ ਹਨ ਉਹ ਮਨੁੱਖ ਗੁਰ ਕਿਰਪਾ ਅਤੇ ਗੁਰ ਪ੍ਰਸਾਦਿ ਨਾਲ ਬੰਦਗੀ ਕਰਦੇ ਹੋਏ ਆਪਣਾ ਹਿਰਦਾ ਬੇਅੰਤ ਕਰਕੇ ਇਸ ਨੂੰ ਸਾਰੇ ਇਲਾਹੀ ਦਰਗਾਹੀ ਗੁਣਾਂ ਅਤੇ ਸ਼ਕਤੀਆਂ ਨਾਲ ਭਰਪੂਰ ਕਰ ਕੇ ਸੁਘੜ ਸੁਜਾਨੀ ਬਣ ਜਾਂਦੇ ਹਨ। ਤਨ, ਮਨ ਅਤੇ ਧਨ ਦੇ ਸੰਪੂਰਨ ਸਮਰਪਣ ਦੇ ਇਸ ਇਲਾਹੀ ਦਰਗਾਹੀ ਹੁਕਮ ਨੂੰ ਗੁਰਬਾਣੀ ਵਿੱਚ ਬਹੁਤ ਸਲੋਕਾਂ ਵਿੱਚ ਪ੍ਰਗਟ ਕੀਤਾ ਗਿਆ ਹੈ:
ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ ॥
(ਪੰਨਾ ੯੧੮)
ਤਨੁ ਮਨੁ ਧਨੁ ਅਰਪਉ ਤਿਸੈ ਪ੍ਰਭੂ ਮਿਲਾਵੈ ਮੋਹਿ ॥
(ਪੰਨਾ ੨੫੬)
ਤਨੁ ਸੰਤਨ ਕਾ ਧਨੁ ਸੰਤਨ ਕਾ ਮਨੁ ਸੰਤਨ ਕਾ ਕੀਆ ॥
ਸੰਤ ਪ੍ਰਸਾਦਿ ਹਰਿ ਨਾਮੁ ਧਿਆਇਆ ਸਰਬ ਕੁਸਲ ਤਬ ਥੀਆ ॥੧॥
ਸੰਤਨ ਬਿਨੁ ਅਵਰੁ ਨ ਦਾਤਾ ਬੀਆ ॥
ਜੋ ਜੋ ਸਰਣਿ ਪਰੈ ਸਾਧੂ ਕੀ ਸੋ ਪਾਰਗਰਾਮੀ ਕੀਆ ॥ ਰਹਾਉ ॥
(ਪੰਨਾ ੬੧੦)
ਜਿਸ ਕਾ ਤਨੁ ਮਨੁ ਧਨੁ ਸਭੁ ਤਿਸ ਕਾ ਸੋਈ ਸੁਘੜੁ ਸੁਜਾਨੀ ॥
(ਪੰਨਾ ੬੭੧)
ਜੋ ਮਨੁੱਖ ਸੰਤ ਸਤਿਗੁਰ ਦੇ ਚਰਨਾਂ ਉੱਪਰ ਆਪਣਾ ਤਨ, ਮਨ, ਧਨ ਅਰਪਣ ਕਰ ਦਿੰਦੇ ਹਨ ਉਹ ਮਨੁੱਖ ਇਸ ਸੰਸਾਰ ਭਵਸਾਗਰ ਮਾਇਆ ਜਾਲ ਤੋਂ ਮੁਕਤ ਹੋ ਜਾਂਦੇ ਹਨ ਅਤੇ ਸਦਾ ਸਦਾ ਲਈ ਦਰਗਾਹ ਵਿੱਚ ਮਾਣ ਪ੍ਰਾਪਤ ਕਰਕੇ ਅਮਰ ਹੋ ਜਾਂਦੇ ਹਨ। ਇਹ ਹੀ ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ ਅਤੇ ਪੂਰਨ ਬੰਦਗੀ ਦੇ ਗੁਰ ਪ੍ਰਸਾਦਿ ਨੂੰ ਪ੍ਰਾਪਤ ਕਰਨ ਦਾ ਰੱਹਸ ਹੈ। ਗੁਰ ਪ੍ਰਸਾਦਿ ਦੀ ਪ੍ਰਾਪਤੀ ਕਰਕੇ ਮਨੁੱਖ ਸਿਮਰਨ ਸਮਾਧੀ ਵਿੱਚ ਚਲਾ ਜਾਂਦਾ ਹੈ। ਸਮਾਧੀ ਅਤੇ ਸੁੰਨ ਸਮਾਧੀ ਵਿੱਚ ਸਿਮਰਨ ਕਰਦੇ ਹੋਏ ਸਾਰੇ ਬੱਜਰ ਕਪਾਟ ਖੁੱਲ੍ਹ ਜਾਂਦੇ ਹਨ ਅਤੇ ਸਾਰੇ ਸਤਿ ਸਰੋਵਰ ਪ੍ਰਕਾਸ਼ਮਾਨ ਹੋ ਜਾਂਦੇ ਹਨ। ਇਸ ਤਰ੍ਹਾਂ ਸਿਮਰਨ ਕਰਦੇ-ਕਰਦੇ ਮਨੁੱਖ ਮਾਇਆ ਨੂੰ ਜਿੱਤ, ਹਿਰਦੇ ਦੀ ਪੂਰਨ ਸਚਿਆਰੀ ਰਹਿਤ ਪ੍ਰਾਪਤ ਕਰ ਪਰਮ ਪਦ ਨੂੰ ਪ੍ਰਾਪਤ ਹੋ ਜਾਂਦਾ ਹੈ।
ਇਸੇ ਤਰ੍ਹਾਂ ਨਾਲ ਜੇਕਰ ਅਸੀਂ ਆਪਣੇ ਰੋਜ਼ਾਨਾ ਕਰਮਾਂ ਉੱਪਰ ਧਿਆਨ ਕੇਂਦਰਿਤ ਕਰੀਏ ਤਾਂ ਅਸੀਂ ਮਾਇਆ ਦੇ ਪ੍ਰਭਾਵ ਤੋਂ ਬਚ ਸਕਦੇ ਹਾਂ ਅਤੇ ਆਪਣੇ ਕਰਮਾਂ ਨੂੰ ਸਤਿ ਕਰਮਾਂ ਵਿੱਚ ਬਦਲ ਸਕਦੇ ਹਾਂ। ਨਿੰਮਰਤਾ ਵਿੱਚ ਰਹਿਣਾ; ਦੂਸਰਿਆਂ ਉੱਪਰ ਦਇਆ ਭਾਵ ਰੱਖਣਾ; ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਤੋਂ ਬਚ ਕੇ ਰਹਿਣਾ; ਤ੍ਰਿਸ਼ਨਾ ਦੇ ਜਾਲ ਵਿੱਚ ਨਾ ਫਸਣਾ; ਕਿਸੇ ਦੇ ਹਿਰਦੇ ਨੂੰ ਕਸ਼ਟ ਨਾ ਦੇਣਾ; ਕਿਸੇ ਨੂੰ ਦੁੱਖ ਨਾ ਦੇਣਾ; ਸਦਾ ਸਤਿ ਬੋਲਣਾ; ਮਨ ਕਰਕੇ ਅਤੇ ਤਨ ਕਰਕੇ ਪਾਪ ਕਰਮਾਂ ਤੋਂ ਬਚਣਾ; ਪਰ ਨਿੰਦਿਆ, ਚੁਗਲੀ ਅਤੇ ਬਖੀਲੀ ਤੋਂ ਬਚਣਾ; ਰਿਸ਼ਵਤ ਖ਼ੋਰੀ ਤੋਂ ਬਚਣਾ; ਚੋਰ ਬਜ਼ਾਰੀ ਤੋਂ ਬਚਣਾ; ਕਿਸੇ ਦਾ ਕਿਸੇ ਕਿਸਮ ਦਾ ਨੁਕਸਾਨ ਨਾ ਕਰਨਾ; ਕਿਸੇ ਵਾਸਤੇ ਅਪ ਸ਼ਬਦਾਂ ਨੂੰ ਨਾ ਵਰਤਣਾ; ਸਰਬੱਤ ਦਾ ਭਲਾ ਮੰਗਣਾ ਅਤੇ ਕਰਨਾ; ਪਰਉਪਕਾਰ ਕਰਨਾ; ਗਰੀਬਾਂ ਨੂੰ ਅਤੇ ਜ਼ਰੂਰਤ ਮੰਦਾਂ ਦੀ ਹਰ ਤਰੀਕੇ ਨਾਲ ਸਹਾਇਤਾ ਕਰਨੀ; ਸ਼ਰਮ, ਧਨ ਅਤੇ ਗਰੀਬਾਂ ਨੂੰ ਸਹਾਇਤਾ ਕਰਨ ਵਾਲੇ ਪਦਾਰਥਾਂ ਦਾ ਦਾਨ ਕਰਨਾ; ਸੰਜਮ ਵਿੱਚ ਰਹਿਣਾ; ਸਤਿ ਸੰਤੋਖ਼ ਵਿੱਚ ਰਹਿਣਾ; ਨਾ ਜ਼ੁਲਮ ਕਰਨਾ ਅਤੇ ਨਾ ਹੀ ਜ਼ੁਲਮ ਸਹਿਣਾ; ਸਦਾ ਨਿਆਂ ਵਿੱਚ ਵਿਸ਼ਵਾਸ ਰੱਖਣਾ ਅਤੇ ਨਿਆਂ ਕਰਨ ਤੋਂ ਕਦੇ ਪਿੱਛੇ ਨਹੀਂ ਹਟਣਾ; ਬੁਰਿਆਈਆਂ ਦਾ ਤਿਆਗ ਕਰਨਾ ਅਤੇ ਚੰਗਿਆਈਆਂ ਉੱਪਰ ਧਿਆਨ ਕੇਂਦਰਿਤ ਕਰਨਾ ਆਦਿ ਇਹ ਸਾਰੇ ਸਤਿ ਕਰਮ ਹਨ ਜਿਨ੍ਹਾਂ ਉੱਪਰ ਆਪਣਾ ਧਿਆਨ ਕੇਂਦਰਿਤ ਕਰਕੇ ਅਸੀਂ ਆਪਣੇ ਕਰਮਾਂ ਨੂੰ ਸਤਿ ਕਰਮਾਂ ਵਿੱਚ ਬਦਲ ਸਕਦੇ ਹਾਂ ਅਤੇ ਆਪਣੇ ਕਰਮਾਂ ਵਿਚੋਂ ਧਰਮ ਨੂੰ ਉਤਪੰਨ ਕਰ ਸਕਦੇ ਹਾਂ। ਭਾਵ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਮਿਲਣ ਦਾ ਮਾਰਗ ਤਿਆਰ ਕਰ ਸਕਦੇ ਹਾਂ।
੨. ਗਿਆਨ ਖੰਡ:
ਇਹ ਉਹ ਅਵਸਥਾ ਹੈ ਜਦ ਤੁਸੀਂ ਗੁਰਬਾਣੀ ਨੂੰ ਪੜ੍ਹਦੇ ਅਤੇ ਸੁਣਦੇ ਹੋ, ਗੁਰਬਾਣੀ ਨੂੰ ਸਵੀਕਾਰ ਕਰਦੇ ਹੋ ਅਤੇ ਫਿਰ ਇਸਨੂੰ ਰੋਜ਼ਾਨਾ ਜੀਵਨ ਵਿੱਚ ਅਮਲ ਵਿੱਚ ਲਿਆਉਂਦੇ ਹੋ। ਜਿਹੜੀ ਭੀ ਬ੍ਰਹਮ ਗਿਆਨ ਅੰਮ੍ਰਿਤ ਦੀ ਬੂੰਦ ਤੁਹਾਡੇ ਅੰਦਰ ਪ੍ਰਕਾਸ਼ਮਾਨ ਹੁੰਦੀ ਹੈ ਤੁਸੀਂ ਝਟਪਟ ਉਸਨੂੰ ਆਪਣੇ ਰੋਜ਼ਾਨਾ ਜੀਵਨ ਦਾ ਅੰਗ ਬਣਾ ਲੈਂਦੇ ਹੋ। ਜੋ ਜੋ ਗੁਰਬਾਣੀ ਵਿਚਾਰ ਤੁਹਾਨੂੰ ਸਮਝ ਵਿੱਚ ਆਉਂਦਾ ਹੈ ਤੁਸੀਂ ਬਿਨਾਂ ਇੱਕ ਪਲ ਗੁਆਏ ਉਸ ਨੂੰ ਆਪਣੇ ਜੀਵਨ ਜੀਉਣ ਦੀ ਕਲਾ ਬਣਾ ਲੈਂਦੇ ਹੋ। ਇਸ ਤਰ੍ਹਾਂ ਤੁਹਾਡੇ ਰੋਜ਼ਾਨਾ ਜੀਵਨ ਵਿੱਚ ਪਰਿਵਰਤਨ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਇਲਾਹੀ ਰਹਿਮਤ ਦਾ ਸਦਕਾ ਤੁਹਾਡਾ ਮਨ ਸਾਫ਼ ਹੋਣਾ ਸ਼ੁਰੂ ਹੋ ਜਾਂਦਾ ਹੈ, ਮਨ ਦੀ ਮੈਲ ਧੁਪਣੀ ਸ਼ੁਰੂ ਹੋ ਜਾਂਦੀ ਹੈ ਅਤੇ ਮਨ ਤੇ ਨਵੀਂ ਮੈਲ ਚੜ੍ਹਨੀ ਬੰਦ ਹੋ ਜਾਂਦੀ ਹੈ, ਮਨ ਵਿੱਚ ਮਾੜੇ ਅਤੇ ਹੀਣ ਫੁਰਨੇ ਘੱਟਣੇ ਸ਼ੁਰੂ ਹੋ ਜਾਂਦੇ ਹਨ। ਮਨ ਸ਼ਾਂਤ ਹੋਣਾ ਸ਼ੁਰੂ ਹੋ ਜਾਂਦਾ ਹੈ। ਤੁਹਾਡੇ ਸਾਰੇ ਕਰਮ ਸਤਿ ਕਰਮ ਹੋਣੇ ਸ਼ੁਰੂ ਹੋ ਜਾਂਦੇ ਹਨ। ਤੁਹਾਡੇ ਸਾਰੇ ਪੁਰਾਤਨ ਅਸਤਿ ਕਰਮਾਂ ਦਾ ਭਾਰ ਘੱਟਣਾ ਸ਼ੁਰੂ ਹੋ ਜਾਂਦਾ ਹੈ। ਜਦ ਮਨੁੱਖ ਦੇ ਕਰਮ ਸਤਿ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਮਨੁੱਖ ਦੇ ਕਰਮਾਂ ਵਿੱਚ ਸਤਿ ਵਰਤਣਾ ਸ਼ੁਰੂ ਹੋ ਜਾਂਦਾ ਹੈ ਤਾਂ ਫਿਰ ਸਤਿ ਕਰਮ ਕਰਦੇ-ਕਰਦੇ ਇਹ ਅਵਸਥਾ ਬਣ ਜਾਂਦੀ ਹੈ ਜਿਸ ਵਿੱਚ ਮਨੁੱਖ ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਕਿਰਪਾ ਨਾਲ ਸਤੋ ਬਿਰਤੀ ਵਿੱਚ ਵਿਚਰਦੇ ਹੋਏ ਰੂਹਾਨੀਅਤ ਦੇ ਗਿਆਨ ਦੇ ਅਨੁਭਵ ਹੋਣੇ ਸ਼ੁਰੂ ਹੋ ਜਾਂਦੇ ਹਨ। ਗੁਰਬਾਣੀ ਮਨੁੱਖ ਦੇ ਹਿਰਦੇ ਨੂੰ ਚੀਰ ਕੇ ਅੰਦਰ ਪ੍ਰਵੇਸ਼ ਕਰ ਜਾਂਦੀ ਹੈ। ਗੁਰ ਕਾ ਸ਼ਬਦ ਸੁਣਦੇ ਹੀ ਮਨੁੱਖ ਦਾ ਹਿਰਦਾ ਬੈਰਾਗ ਵਿੱਚ ਜਾਣਾ ਸ਼ੁਰੂ ਹੋ ਜਾਂਦਾ ਹੈ। ਤੁਸੀਂ ਆਪਣੀ ਰੂਹਾਨੀ ਤਰੱਕੀ ਵੱਲ ਵਧਣਾ ਸ਼ੁਰੂ ਕਰ ਦਿੰਦੇ ਹੋ। ਤੁਹਾਡਾ ਰੂਹਾਨੀ ਸਫਰ ਹੁਣ ਸ਼ੁਰੂ ਹੋ ਜਾਂਦਾ ਹੈ। ਗੁਰ ਕੇ ਸ਼ਬਦ ਦੀ ਕਮਾਈ ਦੀ ਤਾਂਘ ਹਿਰਦੇ ਨੂੰ ਘੋਖਣ ਲੱਗ ਜਾਂਦੀ ਹੈ। ਜਿਵੇਂ ਜਿਵੇਂ ਤੁਸੀਂ ਗੁਰ ਕਾ ਸ਼ਬਦ ਦਾ ਅਭਿਆਸ ਕਰਨ ਦਾ ਯਤਨ ਕਰਦੇ ਹੋ ਤੁਹਾਨੂੰ ਆਨੰਦ ਆਉਣਾ ਸ਼ੁਰੂ ਹੋ ਜਾਂਦਾ ਹੈ। ਤੁਸੀਂ ਅੰਤਰ ਮੁਖੀ ਹੋਣਾ ਸ਼ੁਰੂ ਹੋ ਜਾਂਦੇ ਹੋ।
ਜਿਵੇਂ ਜਿਵੇਂ ਬੈਰਾਗ ਵੱਧਦਾ ਹੈ, ਗੁਰ ਕਾ ਸ਼ਬਦ ਦੇ ਅਭਿਆਸ ਦੀ ਤਾਂਘ ਵੱਧਦੀ ਹੈ, ਗੁਰਬਾਣੀ ਨਾਲ ਪਿਆਰ ਵੱਧਦਾ ਹੈ, ਗੁਰੂ ਦੇ ਨਾਲ ਪਿਆਰ ਵੱਧਦਾ ਹੈ, ਗੁਰੂ ਉੱਪਰ ਵਿਸ਼ਵਾਸ ਅਤੇ ਸ਼ਰਧਾ ਵੱਧਦੀ ਹੈ, ਸਤਿ ਸੰਗਤ ਵਿੱਚ ਜਾਣ ਦੀ ਤਾਂਘ ਵੱਧਦੀ ਹੈ, ਨਾਮ ਜਪਣ ਦੀ ਤਾਂਘ ਵੱਧਦੀ ਹੈ, ਪੁੰਨ ਕਰਮ ਕਰਨ ਦੀ ਤਾਂਘ ਵੱਧਦੀ ਹੈ, ਪਰਉਪਕਾਰ ਕਰਨ ਦੀ ਤਾਂਘ ਵੱਧਦੀ ਹੈ। ਜਦ ਐਸੀ ਕਿਰਪਾ ਹੁੰਦੀ ਹੈ ਤਾਂ ਭਰਮਾਂ ਦਾ ਨਾਸ ਹੋਣਾ ਸ਼ੁਰੂ ਹੋ ਜਾਂਦਾ ਹੈ। ਚਿੱਤ ਦੀ ਇਕਾਗਰਤਾ ਵਧਣੀ ਸ਼ੁਰੂ ਹੋ ਜਾਂਦੀ ਹੈ। ਮਾਇਆ ਦਾ ਗਿਆਨ ਹੋਣਾ ਸ਼ੁਰੂ ਹੋ ਜਾਂਦਾ ਹੈ। ਪੰਜ ਦੂਤ ਮਨੁੱਖ ਨੂੰ ਆਪਣੇ ਘੇਰੇ ਵਿੱਚ ਕਿਵੇਂ ਰੱਖਦੇ ਹਨ ਇਹ ਅਨੁਭਵ ਹੋਣੇ ਸ਼ੁਰੂ ਹੋ ਜਾਂਦੇ ਹਨ। ਮਨੁੱਖ ਨੂੰ ਆਪਣੀ ਰੋਜ਼ਾਨਾ ਕਰਨੀ ਵਿੱਚ ਤ੍ਰੁਟੀਆਂ ਨਜ਼ਰ ਆਉਣ ਲੱਗ ਪੈਂਦੀਆਂ ਹਨ। ਚੰਗੇ ਮਾੜੇ ਕਰਮਾਂ ਵਿੱਚ ਅੰਤਰ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਹੈ। ਤ੍ਰਿਸ਼ਨਾ ਦੀ ਸਮਝ ਪੈ ਜਾਂਦੀ ਹੈ। ਤ੍ਰਿਸ਼ਨਾ ਮਨੁੱਖ ਨੂੰ ਕਿਵੇਂ ਗਲਤ ਕਰਮ ਕਰਨ ਲਈ ਉਕਸਾਉਂਦੀ ਹੈ ਇਸ ਦੀ ਸੋਝੀ ਪੈਣੀ ਸ਼ੁਰੂ ਹੋ ਜਾਂਦੀ ਹੈ। ਮਾਇਆ ਦਾ ਖੇਲ ਸਮਝ ਪੈਣਾ ਸ਼ੁਰੂ ਹੋ ਜਾਂਦਾ ਹੈ। ਸੰਸਾਰ ਨੂੰ ਮਾਇਆ ਕਿਵੇਂ ਚਲਾ ਰਹੀ ਹੈ ਇਹ ਗਿਆਨ ਹੋ ਜਾਂਦਾ ਹੈ। ਸੰਸਾਰ ਮਾਇਆ ਜਾਲ ਹੈ ਭਵਸਾਗਰ ਹੈ ਇਹ ਗਿਆਨ ਹੋ ਜਾਂਦਾ ਹੈ। ਧੰਨ ਧੰਨ ਸੰਤ ਸਤਿਗੁਰ ਕਬੀਰ ਪਾਤਿਸ਼ਾਹ ਜੀ ਨੇ ਇਸ ਅਵਸਥਾ ਨੂੰ ਆਪਣੀ ਬੰਦਗੀ ਦੇ ਆਧਾਰ ਉੱਪਰ ਆਪਣੇ ਇਸ ਪਰਮ ਸੁੰਦਰ ਸਲੋਕ ਵਿੱਚ ਬਿਆਨ ਕੀਤਾ ਹੈ:
ਰਾਗੁ ਗਉੜੀ ਚੇਤੀ ॥
ਦੇਖੌ ਭਾਈ ਗ੍ਹਾਨ ਕੀ ਆਈ ਆਂਧੀ ॥
ਸਭੈ ਉੱਡਾਨੀ ਭ੍ਰਮ ਕੀ ਟਾਟੀ ਰਹੈ ਨ ਮਾਇਆ ਬਾਂਧੀ ॥੧॥ ਰਹਾਉ ॥
ਦੁਚਿਤੇ ਕੀ ਦੁਇ ਥੂਨਿ ਗਿਰਾਨੀ ਮੋਹ ਬਲੇਡਾ ਟੂਟਾ ॥
ਤਿਸਨਾ ਛਾਨਿ ਪਰੀ ਧਰ ਊਪਰਿ ਦੁਰਮਤਿ ਭਾਂਡਾ ਫੂਟਾ ॥੧॥
ਆਂਧੀ ਪਾਛੇ ਜੋ ਜਲੁ ਬਰਖੈ ਤਿਹਿ ਤੇਰਾ ਜਨੁ ਭੀਨਾਂ ॥
ਕਹਿ ਕਬੀਰ ਮਨਿ ਭਇਆ ਪ੍ਰਗਾਸਾ ਉਦੈ ਭਾਨੁ ਜਬ ਚੀਨਾ ॥੨॥੪੩॥
(ਪੰਨਾ ੩੩੧)
ਜਿਵੇਂ ਕਿ ਜੋਰਾਂ ਦੀ ਹਨੇਰੀ ਆਉਣ ਦੇ ਨਾਲ ਕੱਚੀ ਕੱਖਾਂ ਦੀ ਬਣੀ ਹੋਈ ਕੁੱਲੀ ਟੁੱਟ ਜਾਂਦੀ ਹੈ ਅਤੇ ਸਾਰੇ ਕੱਖ ਖੇਰੂੰ ਖੇਰੂੰ ਹੋ ਕੇ ਉੱਡ ਜਾਂਦੇ ਹਨ ਅਤੇ ਕੁੱਲੀ ਵਿੱਚ ਰਹਿਣ ਵਾਲੇ ਮਨੁੱਖ ਦਾ ਜੋ ਹਾਲ ਹੁੰਦਾ ਹੈ ਅਤੇ ਇਸ ਸ਼ਿਖਰਾਂ ਦੀ ਹਨੇਰੀ ਵਿੱਚ ਉਸਦੇ ਬਚਾਅ ਦਾ ਕੋਈ ਸਾਧਨ ਨਹੀਂ ਰਹਿੰਦਾ ਹੈ ਠੀਕ ਇਸੇ ਤਰ੍ਹਾਂ ਨਾਲ ਜਦ ਗਿਆਨ ਦੀ ਹਨੇਰੀ ਆਉਂਦੀ ਹੈ ਤਾਂ ਮਨੁੱਖੀ ਮਨ ਉੱਪਰ ਬੁਣਿਆ ਹੋਇਆ ਮਾਇਆ ਦਾ ਸਾਰਾ ਜਾਲ ਖੇਰੂੰ ਖੇਰੂੰ ਹੋ ਜਾਂਦਾ ਹੈ। ਮਨੁੱਖ ਦਾ ਮਨ ਤ੍ਰਿਸ਼ਨਾ ਦੇ ਮਾਇਆ ਜਾਲ ਵਿਚੋਂ ਉੱਡ ਕੇ ਬਾਹਰ ਨਿਕਲਣ ਦੇ ਯਤਨਾਂ ਵਿੱਚ ਜੁੱਟ ਜਾਂਦਾ ਹੈ। ਦੁਰਮਤਿ ਦਾ ਨਾਸ ਹੋ ਜਾਂਦਾ ਹੈ ਅਤੇ ਗੁਰਮਤਿ ਦਾ ਪ੍ਰਕਾਸ਼ ਹੋ ਜਾਂਦਾ ਹੈ। ਮਨੁੱਖ ਦੇ ਭਰਮਾਂ ਦਾ ਨਾਸ ਹੋ ਜਾਂਦਾ ਹੈ ਅਤੇ ਮਨੁੱਖ ਦੋ ਚਿੱਤੀ ਵਿਚੋਂ ਨਿਕਲ ਕੇ ਇੱਕ ਮਨ ਇੱਕ ਚਿੱਤ ਵੱਲ ਵਧਣਾ ਸ਼ੁਰੂ ਹੋ ਜਾਂਦਾ ਹੈ। ਦੁਬਿਧਾ ਦਾ ਨਾਸ ਹੋ ਜਾਂਦਾ ਹੈ ਅਤੇ ਮਨੁੱਖ ਦੇ ਹਿਰਦੇ ਵਿੱਚ ਅੰਮ੍ਰਿਤ ਦਾ ਪ੍ਰਕਾਸ਼ ਹੋ ਜਾਂਦਾ ਹੈ। ਹਨੇਰੀ ਤੋਂ ਬਾਅਦ ਖੇਰੂੰ ਖੇਰੂੰ ਹੋਈ ਕੁੱਲੀ ਵਿੱਚ ਜਿਵੇਂ ਬਰਖਾ ਹੋਣ ਤੇ ਮਨੁੱਖ ਭਿੱਜ ਜਾਂਦਾ ਹੈ ਠੀਕ ਉਸੇ ਤਰ੍ਹਾਂ ਜਦ ਗਿਆਨ ਦੀ ਹਨੇਰੀ ਆਉਣ ਤੇ ਮਨੁੱਖ ਦੀ ਦੁਬਿਧਾ, ਭਰਮ, ਅਤੇ ਮਾਇਆ ਜਾਲ ਟੁੱਟਦਾ ਹੈ ਅਤੇ ਜਦ ਮਨੁੱਖ ਦੇ ਹਿਰਦੇ ਅੰਦਰ ਗੁਰਮਤਿ ਦਾ ਪ੍ਰਕਾਸ਼ ਹੋ ਜਾਂਦਾ ਹੈ ਤਾਂ ਉਸ ਦਾ ਹਿਰਦਾ ਇਸ ਪਰਮ ਸ਼ਕਤੀਸ਼ਾਲੀ ਗਿਆਨ ਦੀ ਬਰਖਾ, ਅੰਮ੍ਰਿਤ ਦੀ ਬਰਖਾ ਨਾਲ ਭਿੱਜ ਜਾਂਦਾ ਹੈ। ਸਾਰੇ ਝੂਠੇ ਸੰਸਾਰਕ ਆਸਰਿਆਂ ਦੀ ਥੰਮੀ ਟੁੱਟ ਜਾਂਦੀ ਹੈ। ਭਾਵ ਸੰਸਾਰਕ ਆਸਰਿਆਂ ਵਿੱਚ ਉਲਝੇ ਹੋਏ ਮਨ ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਇੱਕ ਸੱਚੇ ਆਸਰੇ ਦੀ ਸੋਝੀ ਪੈ ਜਾਂਦੀ ਹੈ ਅਤੇ ਮਨ ਅਡੋਲ ਹੋ ਜਾਂਦਾ ਹੈ। ਸੰਸਾਰਕ ਆਸਰਿਆਂ ਉੱਪਰ ਟਿਕਿਆ ਹੋਇਆ ਮੋਹ ਮਾਇਆ ਦੇ ਭਰਮ ਦਾ ਨਾਸ ਹੋ ਜਾਂਦਾ ਹੈ ਅਤੇ ਮਨੁੱਖ ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਇਕੋ ਇੱਕ ਸੱਚੇ ਆਸਰੇ ਦਾ ਗਿਆਨ ਹੋ ਜਾਂਦਾ ਹੈ। ਤ੍ਰਿਸ਼ਨਾ ਰੂਪੀ ਛੱਪਰ ਭੂੰਏ ਆਉਣ ਗਿਰਣ ਨਾਲ ਦੁਰਮਤਿ ਦਾ ਭਾਂਡਾ ਭੱਜ ਜਾਂਦਾ ਹੈ। ਦੁਰਮਤਿ ਮੁੱਕ ਜਾਂਦੀ ਹੈ ਅਤੇ ਗੁਰਮਤਿ ਨਾਲ ਪਿਆਰ, ਸ਼ਰਧਾ ਅਤੇ ਅਤੇ ਗੁਰਮਤਿ ਉੱਪਰ ਵਿਸ਼ਵਾਸ ਬਣ ਜਾਂਦਾ ਹੈ। ਮਨੁੱਖ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸ਼ਰਧਾ, ਪ੍ਰੀਤ ਅਤੇ ਵਿਸ਼ਵਾਸ ਵਿੱਚ ਬੰਧ ਜਾਂਦਾ ਹੈ। ਗਿਆਨ ਦੀ ਹਨੇਰੀ ਤੋਂ ਬਾਅਦ ਫਿਰ ਜੋ ਅੰਮ੍ਰਿਤ ਦੀ ਬਰਖਾ ਹੁੰਦੀ ਹੈ ਮਨੁੱਖ ਦਾ ਹਿਰਦਾ ਉਸ ਵਿੱਚ ਭਿੱਜ ਜਾਂਦਾ ਹੈ।
ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਸਮਝ ਆ ਜਾਂਦੀ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਪਰਮ ਸ਼ਕਤੀਆਂ ਦੀ ਮਹਿਮਾ ਸਮਝ ਆ ਜਾਂਦੀ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬਣਾਈ ਹੋਈ ਸ੍ਰਿਸ਼ਟੀ ਦੀ ਰਚਨਾ ਦਾ ਆਧਾਰ ਅਤੇ ਬੇਅੰਤਤਾ ਦੀ ਸਮਝ ਆ ਜਾਂਦੀ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੁਆਰਾ ਸ੍ਰਿਸ਼ਟੀ ਵਿੱਚ ਰਚੀ ਗਈ ਪਵਣ, ਪਾਣੀ ਅਤੇ ਬੈਸੰਤਰ ਦੀ ਮਹਿਮਾ ਸਮਝ ਆ ਜਾਂਦੀ ਹੈ। ਪਵਣ ਗੁਰੂ ਹੈ, ਪਾਣੀ ਜਗਤ ਦਾ ਪਿਤਾ ਹੈ। ਪਵਣ ਤੋਂ ਬਿਨਾਂ ਅਤੇ ਪਾਣੀ ਤੋਂ ਬਿਨਾਂ ਕਿਵੇਂ ਸ੍ਰਿਸ਼ਟੀ ਵਿੱਚ ਜੀਵਨ ਨਹੀਂ ਹੋ ਸਕਦਾ ਇਸ ਪਰਮ ਸਤਿ ਤੱਤ ਦੀ ਸਮਝ ਆ ਜਾਂਦੀ ਹੈ। ਭਾਵ ਕਿਵੇਂ ਪਵਣ ਗੁਰੂ ਅਤੇ ਪਾਣੀ ਪਿਤਾ ਜੀਵਨ ਦਾਤਾ ਹਨ ਅਤੇ ਇਨ੍ਹਾਂ ਤੱਤਾਂ ਨਾਲ ਕਿਵੇਂ ਜੀਵਨ ਚਲਦਾ ਹੈ ਇਸ ਦਾ ਗਿਆਨ ਹੋ ਜਾਂਦਾ ਹੈ। ਮਨੁੱਖ ਨੂੰ ਕੁਦਰਤ ਅਤੇ ਕੁਦਰਤ ਦੇ ਕਰਿਸ਼ਮੇ ਸਮਝ ਆਉਣੇ ਸ਼ੁਰੂ ਹੋ ਜਾਂਦੇ ਹਨ। ਕੁਦਰਤ ਦੀ ਬੇਅੰਤਤਾ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ।
ਕਈ ਕਰਮ ਭੂਮੀਆਂ ਹਨ ਅਤੇ ਇਨ੍ਹਾਂ ਕਰਮ ਭੂਮੀਆਂ ਉੱਪਰ ਕਈ ਪਵਣ, ਪਾਣੀ ਅਤੇ ਬੈਸੰਤਰ ਹਨ ਜੋ ਕਿ ਕਰਮ ਕਾਂਡ ਦੀ ਨੀਂਵ ਰੱਖਦੇ ਹਨ। ਕਈ ਧਰਤੀਆਂ ਹਨ ਜਿੱਥੇ ਪਵਣ, ਪਾਣੀ, ਬੈਸੰਤਰ, ਧਰਤੀ ਅਤੇ ਆਕਾਸ਼ ਦੇ ਸੁਮੇਲ ਨਾਲ ਜੀਵਨ ਮੌਜੂਦ ਹੈ। ਇਨ੍ਹਾਂ ਧਰਤੀਆਂ ਉੱਪਰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਅਨੇਕਾਂ ਖਾਣੀਆਂ ਅਤੇ ਬਾਣੀਆਂ ਵਾਲੇ ਜੀਵਾਂ ਦੀ ਰਚਨਾ ਕਰਕੇ ਉਨ੍ਹਾਂ ਦੇ ਕਰਮ ਕਾਂਡ ਨਿਰਮਿਤ ਕਰਕੇ ਉਨ੍ਹਾਂ ਸ੍ਰਿਸ਼ਟੀਆਂ ਨੂੰ ਆਪਣੀਆਂ ਪਰਮ ਸ਼ਕਤੀਆਂ ਨਾਲ ਚਲਾ ਰਿਹਾ ਹੈ। ਇਨ੍ਹਾਂ ਹਰ ਇੱਕ ਵੱਖੋ-ਵੱਖ ਸ੍ਰਿਸ਼ਟੀਆਂ ਦੀਆਂ ਰਚਨਾਤਮਕ ਸ਼ਕਤੀਆਂ: ਬ੍ਰਹਮਾ – ਰਚਨਾ ਕਰਨ ਵਾਲੀ ਪਰਮ ਸ਼ਕਤੀ; ਵਿਸ਼ਨੂੰ – ਪਾਲਣਾ ਕਰਨ ਵਾਲੀ ਪਰਮ ਸ਼ਕਤੀ; ਅਤੇ ਸ਼ਿਵਾ – ਸੰਘਾਰ ਕਰਨ ਵਾਲੀ ਪਰਮ ਸ਼ਕਤੀ ਹਨ। ਇਸ ਤਰ੍ਹਾਂ ਨਾਲ ਸਾਰੀਆਂ ਸ੍ਰਿਸ਼ਟੀਆਂ ਵਿੱਚ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਰੂਪੀ ਕਈ ਸ਼ਕਤੀਆਂ ਹਨ।
ਇਨ੍ਹਾਂ ਸ੍ਰਿਸ਼ਟੀਆਂ ਵਿੱਚ ਕਈ ਇੰਦਰ ਦੇਵਤੇ ਹਨ ਅਤੇ ਉਨ੍ਹਾਂ ਦੇ ਰਾਜ ਵਿੱਚ ਕਈ ਦੇਵੀ ਦੇਵਤੇ ਹਨ। ਕਈ ਸੋਰ ਮੰਡਲ ਹਨ। ਕਈ ਸੂਰਜ ਅਤੇ ਚੰਦਰਮੇ ਹਨ। ਜਿਵੇਂ ਜਿਸ ਧਰਤੀ ਉੱਪਰ ਅਸੀਂ ਵਾਸ ਕਰਦੇ ਹਾਂ ਅਤੇ ਸਾਡੀ ਧਰਤੀ ਦੇ ਚੌਗਿਰਦ ਇੱਕ ਸੋਰ ਮੰਡਲ ਹੈ। ਇਸੇ ਤਰ੍ਹਾਂ ਨਾਲ ਇਨ੍ਹਾਂ ਸਾਰੀਆਂ ਸ੍ਰਿਸ਼ਟੀਆਂ ਦੇ ਆਪੋ ਆਪਣੇ ਸੋਰ ਮੰਡਲ ਹਨ। ਹਰ ਇੱਕ ਸ੍ਰਿਸ਼ਟੀ ਵਿੱਚ ਅਲਗ ਅਲਗ ਖਾਣੀਆਂ ਵਿੱਚ ਪੈਦਾ ਹੋਏ ਅਤੇ ਅਲਗ ਅਲਗ ਬਾਣੀਆਂ ਬੋਲਣ ਵਾਲੇ ਜੀਵ ਜੀਵਨ ਜੀ ਰਹੇ ਹਨ ਅਤੇ ਆਪਣੇ ਕਰਮ ਕਾਂਡ ਨੂੰ ਅੰਜਾਮ ਦੇ ਰਹੇ ਹਨ। ਜਿਵੇਂ ਕਿ ਸਾਡੀ ਧਰਤੀ ਉੱਪਰ ਅਤੇ ਸ੍ਰਿਸ਼ਟੀ ਵਿੱਚ ਬੇਅੰਤ ਭਗਤ ਹੋਏ ਹਨ ਅਤੇ ਹੁਣ ਵੀ ਸੰਸਾਰ ਵਿੱਚ ਵਿਚਰ ਰਹੇ ਹਨ ਅਤੇ ਉਪਦੇਸ਼ ਦੇ ਰਹੇ ਹਨ ਇਸੇ ਤਰ੍ਹਾਂ ਨਾਲ ਇਨ੍ਹਾਂ ਸਾਰੀਆਂ ਸ੍ਰਿਸ਼ਟੀਆਂ ਵਿੱਚ ਵੀ ਬੇਅੰਤ ਭਗਤ ਗੁਣ ਗਿਆਨ ਵਿਚਾਰ ਕਰਦੇ ਹੋਏ ਬੰਦਗੀ ਵਿੱਚ ਲੀਨ ਹਨ ਅਤੇ ਬਾਕੀ ਦੇ ਪ੍ਰਾਣੀਆਂ ਨੂੰ ਉਪਦੇਸ਼ ਦੇ ਰਹੇ ਹਨ। ਜਿਵੇਂ ਕਿ ਸਾਡੀ ਧਰਤੀ ਉੱਪਰ ਕਈ ਸਿੱਧ ਪੁਰਖ ਅਤੇ ਮਹਾਤਮਾ ਬੁੱਧ ਵਰਗੇ ਤਪੱਸਵੀ, ਬ੍ਰਹਮ ਗਿਆਨੀ, ਸੰਤ, ਭਗਤ, ਸਤਿਗੁਰ, ਅਵਤਾਰ ਅਤੇ ਖਾਲਸੇ ਹੋਏ ਹਨ ਅਤੇ ਹੋ ਰਹੇ ਹਨ ਠੀਕ ਇਸੇ ਤਰ੍ਹਾਂ ਹੀ ਇਨ੍ਹਾਂ ਸਾਰੀਆਂ ਸ੍ਰਿਸ਼ਟੀਆਂ ਵਿੱਚ ਵੀ ਐਸੇ ਹੀ ਕਈ ਸਿੱਧ ਪੁਰਖ ਅਤੇ ਮਹਾਤਮਾ ਬੁੱਧ ਵਰਗੇ ਤਪੱਸਵੀ, ਬ੍ਰਹਮ ਗਿਆਨੀ, ਸੰਤ, ਭਗਤ, ਸਤਿਗੁਰ, ਅਵਤਾਰ ਅਤੇ ਖਾਲਸੇ ਹੋਏ ਹਨ ਅਤੇ ਹੋ ਰਹੇ ਹਨ।
ਸ੍ਰਿਸ਼ਟੀ ਦੀ ਰਚਨਾ ਵਿੱਚ ਬੇਅੰਤ ਦੇਵੀ ਦੇਵਤੇ ਹਨ, ਬੇਅੰਤ ਦਾਨਵ ਹਨ, ਬੇਅੰਤ ਰਿਸ਼ੀ ਅਤੇ ਮੁਨੀ ਹਨ, ਬੇਅੰਤ ਕਿਸਮ ਦੀ ਧਨ ਸੰਪਦਾ ਦੇ ਭੰਡਾਰ ਹਨ, ਬੇਅੰਤ ਰਤਨਾਂ ਨਾਲ ਭਰਪੂਰ ਸਮੁੰਦਰ ਹਨ, ਬੇਅੰਤ ਪਾਤਿਸ਼ਾਹ ਅਤੇ ਰਾਜੇ ਹਨ, ਬੇਅੰਤ ਪ੍ਰਕਾਰ ਦੀਆਂ ਖਾਣੀਆਂ ਹਨ ਜਿਨ੍ਹਾਂ ਵਿੱਚ ਜੀਵ ਜੰਮਦੇ ਹਨ, ਬੇਅੰਤ ਪ੍ਰਕਾਰ ਦੀਆਂ ਇਨ੍ਹਾਂ ਜੀਵਾਂ ਦੀਆਂ ਬਾਣੀਆਂ ਹਨ, ਬੇਅੰਤ ਜੀਵ ਸੁਰਤ ਵਿੱਚ ਧਿਆਨ ਲਗਾ ਕੇ ਬੈਠਦੇ ਹਨ, ਬੇਅੰਤ ਕਿਸਮ ਦੇ ਧਿਆਨ ਲਗਾਉਣ ਦੇ ਤਰੀਕੇ ਹਨ, ਬੇਅੰਤ ਸੇਵਕ ਜਨ ਹਨ, ਇਨ੍ਹਾਂ ਸਾਰਿਆਂ ਦਾ ਕੋਈ ਅੰਤ ਨਹੀਂ ਪਾ ਸਕਦਾ ਹੈ।
ਇਸ ਪਉੜੀ ਵਿੱਚ ਪ੍ਰਗਟ ਕੀਤੇ ਗਏ ਪੂਰਨ ਬ੍ਰਹਮ ਗਿਆਨ ਦੇ ਸਾਰੇ ਸ਼ਬਦਾਂ ਦਾ ਇਹ ਹੀ ਭਾਵ ਹੈ ਕਿ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਆਪ ਬੇਅੰਤ ਹੈ, ਅਨੰਤ ਹੈ, ਅਪਰੰਪਰ ਹੈ, ਅਪਾਰ ਹੈ, ਅਗੰਮ ਹੈ, ਅਗੋਚਰ ਹੈ ਅਤੇ ਉਸਦੀਆਂ ਬਣਾਈਆਂ ਗਈਆਂ ਸਾਰੀਆਂ ਸ੍ਰਿਸ਼ਟੀਆਂ ਵੀ ਬੇਅੰਤ ਹਨ। ਇਸ ਪਰਮ ਸਤਿ ਤੱਤ ਦਾ ਗਿਆਨ ਮਨੁੱਖ ਨੂੰ ਹੋ ਜਾਂਦਾ ਹੈ। ਸਤਿ ਪਾਰਬ੍ਰਹਮ ਦੀ ਬੇਅੰਤਤਾ ਦੀ ਮਹਿਮਾ ਮਨੁੱਖ ਨੂੰ ਗਿਆਨ ਖੰਡ ਵਿੱਚ ਸਮਝ ਆ ਜਾਂਦੀ ਹੈ।
ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਨਾਮ ਦੀ ਮਹਿਮਾ ਸਮਝ ਆ ਜਾਂਦੀ ਹੈ। ਨਾਮ ਸਿਮਰਨ ਦੀ ਮਹਿਮਾ ਸਮਝ ਆ ਜਾਂਦੀ ਹੈ। ਨਾਮ ਦੀ ਕਮਾਈ ਦੀ ਮਹਿਮਾ ਸਮਝ ਆ ਜਾਂਦੀ ਹੈ। ਪੂਰਨ ਬੰਦਗੀ ਦੀ ਮਹਿਮਾ ਸਮਝ ਆ ਜਾਂਦੀ ਹੈ। ਗੁਰਬਾਣੀ ਦੇ ਪੂਰਨ ਬ੍ਰਹਮ ਗਿਆਨ ਦੀ ਮਹਿਮਾ ਸਮਝ ਆ ਜਾਂਦੀ ਹੈ। ਸਤਿ ਦੀ ਮਹਿਮਾ ਸਮਝ ਆ ਜਾਂਦੀ ਹੈ। ਸਤਿ ਸੰਗਤ ਦਾ ਗਿਆਨ ਹੋ ਜਾਂਦਾ ਹੈ। ਸਤਿ ਸੰਗਤ ਦੀ ਮਹਿਮਾ ਸਮਝ ਆ ਜਾਂਦੀ ਹੈ। ਸੰਤ ਦੀ ਸੰਗਤ ਦਾ ਗਿਆਨ ਹੋ ਜਾਂਦਾ ਹੈ। ਸੰਤ ਦੀ ਮਹਿਮਾ ਸਮਝ ਆ ਜਾਂਦੀ ਹੈ। ਸਤਿਗੁਰ ਦੀ ਮਹਿਮਾ ਦਾ ਗਿਆਨ ਹੋ ਜਾਂਦਾ ਹੈ। ਬ੍ਰਹਮ ਗਿਆਨੀ ਦੀ ਮਹਿਮਾ ਦਾ ਗਿਆਨ ਹੋ ਜਾਂਦਾ ਹੈ। ਸਤਿਗੁਰ ਅਵਤਾਰਾਂ ਦੀ ਮਹਿਮਾ ਸਮਝ ਆ ਜਾਂਦੀ ਹੈ। ਨਾਮ ਜਪਣ ਵਾਲਿਆਂ ਦਾ ਗਿਆਨ ਹੋ ਜਾਂਦਾ ਹੈ। ਸੁਹਾਗਣ ਅਤੇ ਸਦਾ ਸੁਹਾਗਣ ਦੀ ਮਹਿਮਾ ਦਾ ਗਿਆਨ ਹੋ ਜਾਂਦਾ ਹੈ। ਸਿੱਖ, ਗੁਰਸਿੱਖ ਅਤੇ ਗੁਰਮੁਖ ਦੀ ਮਹਿਮਾ ਸਮਝ ਆ ਜਾਂਦੀ ਹੈ। ਪਰਮ ਪਦਵੀ, ਸਹਿਜ ਅਵਸਥਾ ਅਤੇ ਅਟੱਲ ਅਵਸਥਾ ਦੀ ਮਹਿਮਾ ਸਮਝ ਆ ਜਾਂਦੀ ਹੈ। ਹਿਰਦੇ ਦੀ ਪੂਰਨ ਸਚਿਆਰੀ ਰਹਿਤ ਦੀ ਸਮਝ ਪੈ ਜਾਂਦੀ ਹੈ। ਅੰਦਰਲੀ ਰਹਿਤ ਜੋ ਕਿ ਮਾਇਆ ਨੂੰ ਜਿੱਤਣ ਦੀ ਰਹਿਤ ਹੈ ਉਸ ਦੀ ਸੋਝੀ ਆ ਜਾਂਦੀ ਹੈ। ਸਿਮਰਨ, ਅਜਪਾ ਜਾਪ, ਸਮਾਧੀ, ਸੁੰਨ ਸਮਾਧੀ ਅਤੇ ਰੋਮ-ਰੋਮ ਸਿਮਰਨ ਦੀਆਂ ਪਰਮ ਅਵਸਥਾਵਾਂ ਦੀ ਮਹਿਮਾ ਸਮਝ ਆ ਜਾਂਦੀ ਹੈ। ਸਤਿ ਸਰੋਵਰਾਂ ਦੀ ਮਹਿਮਾ ਸਮਝ ਆ ਜਾਂਦੀ ਹੈ। ਸਾਰੇ ਬੱਜਰ ਕਪਾਟਾਂ ਦੀ ਮਹਿਮਾ ਸਮਝ ਆ ਜਾਂਦੀ ਹੈ। ਗੁਰ ਪ੍ਰਸਾਦਿ ਦੀ ਮਹਿਮਾ ਦਾ ਗਿਆਨ ਹੋ ਜਾਂਦਾ ਹੈ।
ਸਤਿ ਸੰਗਤ ਦੀ ਪ੍ਰਾਪਤੀ ਦੀ ਤਾਂਘ ਬਹੁਤ ਪ੍ਰਬਲ ਹੋ ਜਾਂਦੀ ਹੈ। ਗੁਰ ਪ੍ਰਸਾਦਿ ਦੀ ਪ੍ਰਾਪਤੀ ਦੀ ਤਾਂਘ ਬਹੁਤ ਪ੍ਰਬਲ ਹੋ ਜਾਂਦੀ ਹੈ। ਸੰਤ ਦੀ ਸੰਗਤ ਪ੍ਰਾਪਤ ਕਰਨ ਦੀ ਤਾਂਘ ਬਹੁਤ ਪ੍ਰਬਲ ਹੋ ਜਾਂਦੀ ਹੈ। ਬੈਰਾਗ ਆਉਣਾ ਸ਼ੁਰੂ ਹੋ ਜਾਂਦਾ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਦਰਸ਼ਨ ਦੀ ਤਾਂਘ ਬਹੁਤ ਪ੍ਰਬਲ ਹੋ ਜਾਂਦੀ ਹੈ। ਨਾਮ ਜਪਣ ਅਤੇ ਨਾਮ ਦੀ ਕਮਾਈ ਕਰਨ ਦੀ ਤਾਂਘ ਬਹੁਤ ਪ੍ਰਬਲ ਹੋ ਜਾਂਦੀ ਹੈ। ਬਾਣੀ ਤੁਹਾਡਾ ਮਾਰਗ ਦਰਸ਼ਨ ਕਰਨ ਲੱਗ ਪੈਂਦੀ ਹੈ ਅਤੇ ਤੁਸੀਂ ਬੰਦਗੀ ਦੀ ਅਗਲੀ ਅਵਸਥਾ ਵਿੱਚ ਪ੍ਰਵੇਸ਼ ਕਰ ਜਾਂਦੇ ਹੋ। ਅਗਲੀ ਅਵਸਥਾ ਦੀ ਮਹਿਮਾ ਅਗਲੀ ਪਉੜੀ ਵਿੱਚ ਬਿਆਨ ਕੀਤੀ ਗਈ ਹੈ।
੩. ਸਰਮ ਖੰਡ:
ਸਰਮ ਤੋਂ ਭਾਵ ਹੈ ਕੜੀ ਮੁਸ਼ੱਕਤ ਕਰਨਾ, ਕੜਾ ਪਰਿਸ਼ਰਮ ਕਰਨਾ, ਕੜੀ ਮੇਹਨਤ ਕਰਨਾ। ਇਸ ਲਈ ਇਸ ਅਵਸਥਾ ਨੂੰ ਕੜੇ ਉਦੱਮ, ਪਰਿਸ਼ਰਮ, ਮੁਸ਼ੱਕਤ ਕਰਨ ਦੀ ਅਵਸਥਾ ਕਿਹਾ ਜਾਂਦਾ ਹੈ। ਜਿਗਿਆਸੂ ਦੀ ਪ੍ਰਬਲ ਅਤੇ ਪ੍ਰਚੰਡ ਜਿਗਿਆਸਾ ਉਸ ਨੂੰ ਗੁਰ ਕਾ ਸ਼ਬਦ ਦੀ ਕਮਾਈ ਵਿੱਚ ਲੈ ਜਾਂਦੀ ਹੈ। ਰੂਹਾਨੀਅਤ ਦੀ ਘੋਲ ਕਮਾਈ ਸ਼ੁਰੂ ਹੋ ਜਾਂਦੀ ਹੈ। ਗੁਰ ਸ਼ਬਦ ਦਾ ਅਭਿਆਸ ਸ਼ੁਰੂ ਹੋ ਜਾਂਦਾ ਹੈ। ਤੁਸੀਂ ਜ਼ਿੰਦਗੀ ਦੇ ਅਸਲੀ ਦਰਗਾਹੀ ਮੰਤਵ ਜੀਵਨ ਮੁਕਤੀ ਨੂੰ ਪ੍ਰਾਪਤ ਕਰਨ ਲਈ ਅਸਲ ਵਿੱਚ ਸਖ਼ਤ ਮਿਹਨਤ ਸ਼ੁਰੂ ਕਰਦੇ ਹੋ।
ਅੰਮ੍ਰਿਤ ਵੇਲੇ ਦਾ ਜਾਗਣਾ, ਇਸ਼ਨਾਨ ਕਰਨਾ, ਫਿਰ ਲੰਬੇ ਨਾਮ ਸਿਮਰਨ ਦੇ ਅਭਿਆਸ ਵਿੱਚ ਬੈਠਣਾ। ਜਿਨ੍ਹਾਂ ਜਿਗਿਆਸੂਆਂ ਦਾ ਬੈਰਾਗ ਅਤੇ ਗੁਰ ਕਾ ਸ਼ਬਦ ਕਮਾਉਣ ਦੀ ਤਾਂਘ ਬਹੁਤ ਪ੍ਰਬਲ ਹੋ ਜਾਂਦੀ ਹੈ ਉਹ ਰਾਤ ਦੇ ੧੨ ਵਜੇ ਤੋਂ ਬਾਅਦ ਸੌਂਦੇ ਨਹੀਂ ਹਨ। ਐਸੇ ਜਿਗਿਆਸੂ ਨੀਂਦ ਦਾ ਤਿਆਗ ਕਰ ਦਿੰਦੇ ਹਨ ਅਤੇ ਰਾਤ ਦੇ ੧੨ ਵਜੇ ਤੋਂ ਉੱਠ ਕੇ ਇਸ਼ਨਾਨ ਕਰ ਲੰਬੇ ਨਾਮ ਸਿਮਰਨ ਦੇ ਅਭਿਆਸ ਵਿੱਚ ਚਲੇ ਜਾਂਦੇ ਹਨ। ਰਾਤ ਦੇ ੧੨ ਵਜੇ ਤੋਂ ਬਾਅਦ ਵਾਤਾਵਰਨ ਸ਼ਾਂਤ ਹੋ ਜਾਂਦਾ ਹੈ। ਵਿਨਾਸ਼ਕਾਰੀ ਸ਼ਕਤੀਆਂ ਥੱਕ ਟੁੱਟ ਕੇ ਬੈਠ ਜਾਂਦੀਆਂ ਹਨ। ਜਿਗਿਆਸੂ ਦਾ ਅਲੱਖ ਜਗਾਉਣ ਦਾ ਸਮਾਂ ਸ਼ੁਰੂ ਹੋ ਜਾਂਦਾ ਹੈ। ਜਿਗਿਆਸੂ ਦਾ ਬੰਦਗੀ ਦਾ ਸਮਾਂ ਸ਼ੁਰੂ ਹੋ ਜਾਂਦਾ ਹੈ। ਕੁਝ ਸੰਤ ਮਹਾ ਪੁਰਖ ਤਾਂ ਇਹ ਦੱਸਦੇ ਹਨ ਕਿ ਇਸ ਸਮੇਂ (ਰਾਤ ਦੇ ੧੨ ਵਜੇ ਤੋਂ) ਕੀਤਾ ਗਿਆ ਸਿਮਰਨ ਬਹੁਤ ਲਾਭਕਾਰੀ ਹੁੰਦਾ ਹੈ। (ਇਹ ਦਾਸਨ ਦਾਸ ਦਾ ਵੀ ਜਾਤੀ ਅਨੁਭਵ ਹੈ।) ਰਾਤ ਦੇ ੧ ਵਜੇ ਤੋਂ ੫ ਵਜੇ ਤੱਕ ਕੀਤਾ ਗਿਆ ਸਿਮਰਨ ਸਭ ਤੋਂ ਵੱਧ ਫੱਲ ਦਾਇਕ ਹੁੰਦਾ ਹੈ। ੧-੨ ਤੱਕ ਕੀਤਾ ਗਿਆ ਸਿਮਰਨ ਇਤਨਾ ਪੁੰਨ ਦਾਇਕ ਹੁੰਦਾ ਹੈ ਜਿਤਨਾ ਪੁੰਨ ਇੱਕ ਮਣ (੪੦ ਕਿਲੋ) ਹੀਰੇ ਵੀ ਦਾਨ ਕੀਤੇ ਜਾਣ ਤਾਂ ਵੀ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਹੈ। ੨-੩ ਤੱਕ ਕੀਤਾ ਗਿਆ ਸਿਮਰਨ ਇਤਨਾ ਪੁੰਨ ਦਾਇਕ ਹੁੰਦਾ ਹੈ ਕਿ ਇੱਕ ਮਣ (੪੦ ਕਿਲੋ) ਸੋਨਾ ਵੀ ਦਾਨ ਕੀਤਾ ਜਾਏ ਤਾਂ ਵੀ ਪ੍ਰਾਪਤ ਨਹੀਂ ਹੋ ਸਕਦਾ ਹੈ। ੩-੪ ਤੱਕ ਕੀਤਾ ਗਿਆ ਸਿਮਰਨ ਇਤਨਾ ਪੁੰਨ ਦਾਇਕ ਹੁੰਦਾ ਹੈ ਕਿ ਇੱਕ ਮਣ (੪੦ ਕਿਲੋ) ਚਾਂਦੀ ਵੀ ਦਾਨ ਕੀਤੀ ਜਾਏ ਤਾਂ ਵੀ ਪ੍ਰਾਪਤ ਨਹੀਂ ਹੋ ਸਕਦਾ ਹੈ। ੪-੫ ਤੱਕ ਕੀਤਾ ਗਿਆ ਸਿਮਰਨ ਇਤਨਾ ਪੁੰਨ ਦਾਇਕ ਹੁੰਦਾ ਹੈ ਕਿ ਇੱਕ ਮਣ (੪੦ ਕਿਲੋ) ਤਾਂਬਾ ਵੀ ਦਾਨ ਕੀਤਾ ਜਾਏ ਤਾਂ ਵੀ ਪ੍ਰਾਪਤ ਨਹੀਂ ਹੋ ਸਕਦਾ ਹੈ। ੫-੬ ਤੱਕ ਕੀਤਾ ਗਿਆ ਸਿਮਰਨ ਇਤਨਾ ਪੁੰਨ ਦਾਇਕ ਹੁੰਦਾ ਹੈ ਕਿ ਇੱਕ ਮਣ (੪੦ ਕਿਲੋ) ਲੋਹਾ ਵੀ ਦਾਨ ਕੀਤਾ ਜਾਏ ਤਾਂ ਵੀ ਪ੍ਰਾਪਤ ਨਹੀਂ ਹੋ ਸਕਦਾ ਹੈ। ਇਸ ਤਰ੍ਹਾਂ ਜਿਵੇਂ ਜਿਵੇਂ ਦਿਨ ਚੜ੍ਹਦਾ ਹੈ ਸਿਮਰਨ ਦਾ ਪੁੰਨ ਫੱਲ ਘਟਣਾ ਸ਼ੁਰੂ ਹੋ ਜਾਂਦਾ ਹੈ।
ਇਸ ਤਰ੍ਹਾਂ ਨਾਲ ਜਦ ਗੁਰ ਕੇ ਸ਼ਬਦ ਦਾ ਅਭਿਆਸ ਪ੍ਰਚੰਡ ਹੋ ਜਾਂਦਾ ਹੈ ਤਾਂ ਗੁਰ ਕੇ ਸ਼ਬਦ ਦਾ ਰੰਗ ਚੜ੍ਹਨਾ ਸ਼ੁਰੂ ਹੋ ਜਾਂਦਾ ਹੈ। ਗੁਰਬਾਣੀ ਦਾ ਅਭਿਆਸ ਕਰਨ ਨਾਲ ਗੁਰਬਾਣੀ ਦਾ ਰੰਗ ਰੂਪ ਚੜ੍ਹਨਾ ਸ਼ੁਰੂ ਹੋ ਜਾਂਦਾ ਹੈ। ਨਾਮ ਅਭਿਆਸ ਨਾਲ ਗੁਰਬਾਣੀ ਮਨੁੱਖ ਦੇ ਹਿਰਦੇ ਅੰਦਰ ਪ੍ਰਵੇਸ਼ ਕਰਨ ਲੱਗ ਪੈਂਦੀ ਹੈ। ਗੁਰਬਾਣੀ ਦੀ ਹੋਰ ਡੂੰਘਾਈ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ। ਗੁਰਬਾਣੀ ਵਿੱਚ ਮਾਨਸਰੋਵਰ ਦੀ ਝਲਕ ਨਜ਼ਰ ਆਉਣ ਲੱਗ ਪੈਂਦੀ ਹੈ। ਸਿਮਰਨ ਅਭਿਆਸ ਮਨੁੱਖ ਦੇ ਮਨ ਨੂੰ ਘੜਣਾ ਸ਼ੁਰੂ ਕਰ ਦਿੰਦਾ ਹੈ। ਸਿਮਰਨ ਦੇ ਅਭਿਆਸ ਨਾਲ ਮਨ ਬਹੁਤ ਸੁੰਦਰ ਘੜਿਆ ਜਾਂਦਾ ਹੈ। ਮਨੁੱਖ ਦੇ ਮਨ ਵਿੱਚ ਮਾੜੇ ਫੁਰਨਿਆਂ ਦਾ ਆਉਣਾ ਬੰਦ ਹੋ ਜਾਂਦਾ ਹੈ ਅਤੇ ਕੇਵਲ ਸੁੰਦਰ ਰੂਹਾਨੀ ਫੁਰਨੇ ਹੀ ਰਹਿ ਜਾਂਦੇ ਹਨ। ਮਨੁੱਖ ਦਾ ਮਨ ਗੁਰ ਸ਼ਬਦ ਵਿੱਚ ਟਿਕ ਜਾਂਦਾ ਹੈ। ਮਨ ਪੂਰਨ ਸ਼ਾਂਤ ਹੋਣਾ ਸ਼ੁਰੂ ਹੋ ਜਾਂਦਾ ਹੈ। ਜੋ ਮਨੁੱਖ ਸਤਿਗੁਰ ਦੀ ਸੇਵਾ ਵਿੱਚ ਸਤਿਨਾਮ ਸਿਮਰਨ ਦੀ ਸੇਵਾ ਕਰਦੇ ਹਨ ਉਨ੍ਹਾਂ ਉੱਪਰ ਸੱਚੀ ਸ਼ਰਧਾ, ਪ੍ਰੀਤ ਅਤੇ ਭਰੋਸੇ ਦਾ ਰੰਗ ਚੜ੍ਹ ਜਾਂਦਾ ਹੈ। ਭਾਵ ਜੋ ਪੂਰਨ ਸੰਤ ਸਤਿਗੁਰੂ ਦੀ ਸਤਿਸੰਗਤ ਵਿੱਚ ਉਸਦੇ ਛੱਤਰ ਹੇਠ ਬੈਠ ਕੇ ਸਤਿਨਾਮ ਸਿਮਰਨ ਅਭਿਆਸ ਕਰਦੇ ਹਨ ਐਸੇ ਮਨੁੱਖਾਂ ਦਾ ਹਿਰਦਾ ਸੱਚੀ ਸ਼ਰਧਾ, ਪ੍ਰੀਤ ਅਤੇ ਭਰੋਸੇ ਵਿੱਚ ਭਿੱਜ ਜਾਂਦਾ ਹੈ ਅਤੇ ਉਨ੍ਹਾਂ ਦੀ ਸਤਿਨਾਮ ਨਾਲ ਚੜ੍ਹਦੀ ਕਲਾ ਹੋਣੀ ਸ਼ੁਰੂ ਹੋ ਜਾਂਦੀ ਹੈ। ਉਨ੍ਹਾਂ ਦੇ ਅੰਦਰ ਸਤਿਨਾਮ ਚਲਣਾ ਸ਼ੁਰੂ ਹੋ ਜਾਂਦਾ ਹੈ। ਗੁਰਬਾਣੀ ਵਿੱਚ ਇਸ ਪਰਮ ਸਤਿ ਤੱਤ ਨੂੰ ਇਸ ਸਲੋਕ ਵਿੱਚ ਪ੍ਰਗਟ ਕੀਤਾ ਗਿਆ ਹੈ:
ਜੋ ਗੁਰਮੁਖਿ ਨਾਮੁ ਧਿਆਇਦੇ ਤਿਨੀ ਚੜੀ ਚਵਗਣਿ ਵੰਨੀ ॥੧੨॥
(ਪੰਨਾ ੫੯੧)
ਜੋ ਸਤਿਨਾਮ ਧਿਆਉਂਦੇ ਹਨ ਉਨ੍ਹਾਂ ਗੁਰਮੁਖਾਂ ਉੱਪਰ ਸਤਿਨਾਮ ਦਾ ਰੰਗ ਚੜ੍ਹ ਜਾਂਦਾ ਹੈ। ਉਨ੍ਹਾਂ ਦੀ ਚੜ੍ਹਦੀ ਕਲਾ ਹੋ ਜਾਂਦੀ ਹੈ। ਜੋ ਮਨੁੱਖ ਸਤਿਗੁਰ ਦੇ ਚਰਨਾਂ ਉੱਪਰ ਆਪਣਾ ਤਨ, ਮਨ, ਧਨ ਅਰਪਣ ਕਰ ਦਿੰਦੇ ਹਨ ਉਹ ਧਿਆਨ ਵਿੱਚ ਚਲੇ ਜਾਂਦੇ ਹਨ ਅਤੇ ਉਨ੍ਹਾਂ ਦਾ ਹਿਰਦਾ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਪ੍ਰੀਤ ਵਿੱਚ ਓਤਪੋਤ ਹੋ ਜਾਂਦਾ ਹੈ। ਜਿਨ੍ਹਾਂ ਮਨੁੱਖਾਂ ਦਾ ਪੂਰਾ ਓਟ ਆਸਰਾ ਸਤਿਨਾਮ ਹੀ ਹੋ ਜਾਂਦਾ ਹੈ ਉਨ੍ਹਾਂ ਉੱਪਰ ਸਤਿਨਾਮ ਦਾ ਰੰਗ ਚੜ੍ਹ ਜਾਂਦਾ ਹੈ।
ਸਰਮ ਤੋਂ ਨਿੰਮਰਤਾ ਭਾਵਨਾ ਦਾ ਭਾਵ ਵੀ ਪ੍ਰਗਟ ਹੁੰਦਾ ਹੈ। ਨਿੰਮਰਤਾ ਵਿੱਚ ਦਰਗਾਹ ਦੀ ਕੁੰਜੀ ਹੈ। ਹਿਰਦੇ ਦੀ ਗਰੀਬੀ ਵਿੱਚ ਦਰਗਾਹ ਦੀ ਕੁੰਜੀ ਹੈ। ਗਰੀਬੀ ਵੇਸ ਹਿਰਦੇ ਵਿੱਚ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਆਪ ਪ੍ਰਗਟ ਹੁੰਦਾ ਹੈ। ਹਿਰਦੇ ਵਿੱਚ ਗਰੀਬੀ ਦੇ ਵੱਸ ਜਾਣ ਨਾਲ ਹੀ ਜੀਵਨ ਮੁਕਤੀ ਪ੍ਰਾਪਤ ਹੁੰਦੀ ਹੈ। ਹਿਰਦੇ ਵਿੱਚ ਗਰੀਬੀ ਤੋਂ ਭਾਵ ਹੈ ਮਨੁੱਖ ਦੇ ਹਿਰਦੇ ਵਿੱਚ ਅਤਿ ਦੀ ਨਿਰਮਾਣਤਾ ਆ ਜਾਣਾ। ਗਰੀਬੀ ਵੇਸ ਹਿਰਦਾ ਗੁਰ ਪ੍ਰਸਾਦਿ ਹੈ। ਇਹ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਜੋ ਮਨੁੱਖ ਹਿਰਦੇ ਦੀ ਗਰੀਬੀ ਦੀ ਕਮਾਈ ਕਰਦੇ ਹਨ ਉਨ੍ਹਾਂ ਨੂੰ ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਜੋ ਮਨੁੱਖ ਸਾਰੀ ਸ੍ਰਿਸ਼ਟੀ ਦੇ ਚਰਨਾਂ ਦੀ ਧੂਲ ਬਣ ਜਾਂਦੇ ਹਨ ਉਨ੍ਹਾਂ ਨੂੰ ਆਤਮ ਰਸ ਦੀ ਪ੍ਰਾਪਤੀ ਹੁੰਦੀ ਹੈ। ਆਤਮ ਰਸ ਅੰਮ੍ਰਿਤ ਕੇਵਲ ਜੀਵਨ ਮੁਕਤ ਪੂਰਨ ਸੰਤ ਸਤਿਗੁਰੂ ਅਤੇ ਪੂਰਨ ਬ੍ਰਹਮ ਗਿਆਨੀ ਨੂੰ ਪ੍ਰਾਪਤ ਹੁੰਦਾ ਹੈ। ਭਾਵ ਜਿਨ੍ਹਾਂ ਮਨੁੱਖਾਂ ਦਾ ਹਿਰਦਾ ਪੂਰਨ ਨਿੰਮਰਤਾ ਵਿੱਚ ਜਾ ਕੇ ਗਰੀਬੀ ਵੇਸ ਹਿਰਦਾ ਬਣ ਜਾਂਦਾ ਹੈ ਉਸ ਹਿਰਦੇ ਵਿੱਚ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਆਪ ਪ੍ਰਗਟਿਓ ਜੋਤ ਰੂਪ ਵਿੱਚ ਪ੍ਰਗਟ ਹੋ ਜਾਂਦਾ ਹੈ। ਇਸ ਪਰਮ ਸਤਿ ਤੱਤ ਨੂੰ ਗੁਰਬਾਣੀ ਦੇ ਕਈ ਸਲੋਕਾਂ ਵਿੱਚ ਪ੍ਰਗਟ ਕੀਤਾ ਗਿਆ ਹੈ:
ਕਰਿ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ ॥
ਨਾਨਕ ਈਹਾ ਮੁਕਤੁ ਆਗੈ ਸੁਖੁ ਪਾਵੈ ॥੧॥
(ਪੰਨਾ ੨੭੮)
ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ ॥
(ਪੰਨਾ ੨੭੩)
ਬ੍ਰਹਮ ਗਿਆਨੀ ਸਗਲ ਕੀ ਰੀਨਾ ॥ ਆਤਮ ਰਸੁ ਬ੍ਰਹਮ ਗਿਆਨੀ ਚੀਨਾ ॥
(ਪੰਨਾ ੨੭੨)
ਨਿੰਮਰਤਾ ਭਾਵਨਾ ਦਾ ਇਹ ਗਿਆਨ ਮਨੁੱਖ ਦੇ ਹਿਰਦੇ ਨੂੰ ਭੇਦ (ਚੀਰ) ਕੇ ਰੱਖ ਦਿੰਦਾ ਹੈ ਅਤੇ ਮਨੁੱਖ ਨਿੰਮਰਤਾ ਭਾਵਨਾ ਵਿੱਚ ਚਲਾ ਜਾਂਦਾ ਹੈ। ਨਿੰਮਰਤਾ ਭਾਵਨਾ ਵਿੱਚ ਸਤਿਨਾਮ ਸਿਮਰਨ ਕਰਦਾ ਹੋਇਆ ਆਪਣੇ ਰੋਜ਼ਾਨਾ ਜੀਵਨ ਵਿੱਚ ਨਿੰਮਰਤਾ ਦੀ ਕਮਾਈ ਕਰਦਾ ਹੈ। ਜੋ ਮਨੁੱਖ ਨਿੰਮਰਤਾ ਦੀ ਕਮਾਈ ਕਰਦਾ ਹੈ ਉਹ ਆਪਣੇ ਆਪ ਨੂੰ ਗੁਰ ਅਤੇ ਗੁਰੂ ਦੇ ਸਤਿ ਚਰਨਾਂ ਤੇ ਪੂਰਨ ਰੂਪ ਵਿੱਚ ਸਮਰਪਿਤ ਕਰ ਦਿੰਦਾ ਹੈ। ਪੂਰਨ ਦ੍ਰਿੜ੍ਹਤਾ ਅਤੇ ਵਿਸ਼ਵਾਸ ਨਾਲ, ਭਰੋਸੇ ਅਤੇ ਯਕੀਨ ਨਾਲ, ਸ਼ਰਧਾ ਅਤੇ ਪਿਆਰ ਨਾਲ ਪੂਰੀ ਤਰ੍ਹਾਂ ਗੁਰੂ ਅੱਗੇ ਆਪਣਾ ਆਪਾ ਨਿਛਾਵਰ ਕਰਕੇ, ਤਨ ਮਨ ਧਨ ਗੁਰੂ ਦੇ ਚਰਨਾਂ ਤੇ ਅਰਪਣ ਕਰਕੇ ਆਪਣੇ ਆਪ ਨੂੰ ਸਤਿਨਾਮ ਸਿਮਰਨ ਨੂੰ ਸਮਰਪਿਤ ਕਰ ਦਿੰਦਾ ਹੈ। ਆਪਣੀ ਰੋਜ਼ਾਨਾ ਦੀ ਕਰਨੀ ਨੂੰ ਸਤਿ ਦੀ ਕਰਨੀ ਵਿੱਚ ਪਰਿਵਰਤਿਤ ਕਰ ਦਿੰਦਾ ਹੈ। ਮਨ, ਬਚਨ ਅਤੇ ਕਰਮ ਕਰਕੇ ਆਪਣੇ ਸਤਿਗੁਰ ਦੀ ਸੇਵਾ ਵਿੱਚ ਲੀਨ ਹੋ ਜਾਂਦਾ ਹੈ। ਆਪਣੇ ਸਤਿਗੁਰ ਦੇ ਸਤਿ ਚਰਨਾਂ ਤੇ ਆਪਣਾ ਦਸਵੰਧ ਦੇਣਾ ਸ਼ੁਰੂ ਕਰ ਦਿੰਦਾ ਹੈ – ਸਮੇਂ ਦਾ ਅਤੇ ਆਪਣੀ ਦਸਾਂ ਨਹੁੰਆਂ ਦੀ ਕਿਰਤ ਕਮਾਈ ਦਾ ਦਸਵੰਧ ਆਪਣੇ ਸਤਿਗੁਰ ਦੇ ਚਰਨਾਂ ਤੇ ਅਰਪਣ ਕਰਨਾ ਆਰੰਭ ਕਰ ਦਿੰਦਾ ਹੈ।
ਨਿੰਮਰਤਾ ਮਨੁੱਖ ਦੀ ਹਉਮੈ ਨੂੰ ਨਸ਼ਟ ਕਰ ਦਿੰਦੀ ਹੈ। ਹਉਮੈ ਦੀ ਵਿਨਾਸ਼ਕਾਰੀ ਸ਼ਕਤੀ ਮਨੁੱਖ ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਮਿਲਣ ਦੇ ਵਿੱਚ ਕੂੜ ਦੀ ਕੰਧ ਦਾ ਕੰਮ ਕਰਦੀ ਹੈ। ਇਹ ਕੂੜ ਦੀ ਕੰਧ ਨਿੰਮਰਤਾ ਦੇ ਦਰਗਾਹੀ ਅਸਤਰ ਨਾਲ ਢਹਿ ਜਾਂਦੀ ਹੈ। ਨਿੰਮਰਤਾ ਵਿੱਚ ਦਰਗਾਹੀ ਪਰਮ ਸ਼ਕਤੀ ਹੈ ਜੋ ਮਨੁੱਖ ਦੀ ਹਉਮੈ ਦਾ ਨਾਸ ਕਰਕੇ ਉਸਨੂੰ ਜੀਵਨ ਮੁਕਤੀ ਦਾ ਗੁਰ ਪ੍ਰਸਾਦਿ ਦੇਣ ਵਿੱਚ ਸਹਾਇਕ ਸਿੱਧ ਹੁੰਦੀ ਹੈ। ਸੰਤ ਜਨਾਂ ਦੇ ਹਿਰਦੇ ਅਤੇ ਚਰਨਾਂ ਵਿੱਚ ਨਿੰਮਰਤਾ ਦੀ ਇਹ ਪਰਮ ਸ਼ਕਤੀ ਨਿਵਾਸ ਕਰਦੀ ਹੈ। ਇਸ ਲਈ ਸੰਤ ਜਨਾਂ ਦੇ ਚਰਨਾਂ ਦੀ ਮਹਿਮਾ ਗੁਰਬਾਣੀ ਵਿੱਚ ਬਾਰ-ਬਾਰ ਪ੍ਰਗਟ ਕੀਤੀ ਗਈ ਹੈ। ਜੋ ਮਨੁੱਖ ਸੰਤ ਜਨਾਂ ਦੇ ਚਰਨਾਂ ਉੱਪਰ ਡੰਡਉਤ ਬੰਦਨਾ ਕਰਦੇ ਹਨ ਅਤੇ ਸੰਤ ਜਨਾਂ ਦੇ ਚਰਨ ਚੁੰਮ ਕੇ ਉਨ੍ਹਾਂ ਦੇ ਚਰਨਾਂ ਦੀ ਧੂਲ ਆਪਣੇ ਮਸਤਕ ਉੱਪਰ ਲਾਉਂਦੇ ਹਨ ਉਨ੍ਹਾਂ ਨੂੰ ਹਿਰਦੇ ਦੀ ਗਰੀਬੀ ਅਤਿ ਦੀ ਨਿੰਮਰਤਾ ਦੀ ਪ੍ਰਾਪਤੀ ਹੁੰਦੀ ਹੈ ਜਿਸ ਨਾਲ ਉਨ੍ਹਾਂ ਦੀ ਹਉਮੈ ਦਾ ਨਾਸ ਹੋ ਜਾਂਦਾ ਹੈ। ਹਉਮੈ ਦੀ ਮੌਤ ਹੀ ਜੀਵਨ ਮੁਕਤੀ ਹੈ। ਇਸ ਪਰਮ ਸਤਿ ਤੱਤ ਨੂੰ ਗੁਰਬਾਣੀ ਵਿੱਚ ਬਾਰ-ਬਾਰ ਪ੍ਰਗਟ ਕੀਤਾ ਗਿਆ ਹੈ:
ਕਰਿ ਸਾਧੂ ਅੰਜੁਲੀ ਪੁਨੁ ਵਡਾ ਹੇ ॥ ਕਰਿ ਡੰਡਉਤ ਪੁਨੁ ਵਡਾ ਹੇ ॥੧॥
(ਪੰਨਾ ੧੩)
ਸੰਤਹ ਚਰਨ ਮਾਥਾ ਮੇਰੋ ਪਉਤ ॥ ਅਨਿਕ ਬਾਰ ਸੰਤਹ ਡੰਡਉਤ ॥੧॥
(ਪੰਨਾ ੮੮੯)
ਸਾਧੂ ਕੀ ਹੋਹੁ ਰੇਣੁਕਾ ਅਪਣਾ ਆਪੁ ਤਿਆਗਿ ॥
(ਪੰਨਾ ੪੫)
ਹੋਇ ਸਗਲ ਕੀ ਰੇਣੁਕਾ ਹਰਿ ਸੰਗਿ ਸਮਾਵਉ ॥
(ਪੰਨਾ ੩੨੨)
ਸੰਤ ਜਨਾ ਕੀ ਰੇਣੁਕਾ ਲੈ ਮਾਥੈ ਲਾਵਉ ॥੧॥
(ਪੰਨਾ ੮੧੨)
ਸਲੋਕ ਮ ੫ ॥ ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ ॥
ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ ॥੧॥
(ਪੰਨਾ ੧੧੦੨)
ਸਰਮ ਖੰਡ ਵਿੱਚ ਜਿਗਿਆਸੂ ਗੁਰ ਕਾ ਸ਼ਬਦ ਅਤੇ ਹਿਰਦੇ ਦੀ ਗਰੀਬੀ ਦੀ ਕਮਾਈ ਕਰਦਾ ਹੈ। ਸੰਤ ਜਨਾਂ ਦੀ ਸਤਿਸੰਗਤ ਗੁਰ ਪ੍ਰਸਾਦਿ ਹੈ। ਸੰਤ ਜਨਾਂ ਦੇ ਚਰਨਾਂ ਵਿੱਚ ਬਾਰ-ਬਾਰ ਨਮਸਕਾਰ ਕਰਨਾ ਅਤੇ ਡੰਡਉਤ ਕਰਨ ਦਾ ਭਾਵ ਹੈ ਬਹੁਤ ਵੱਡਾ ਪੁੰਨ ਕਰਮ ਕਮਾਉਣਾ। ਸੰਤ ਜਨਾਂ ਦੇ ਚਰਨਾਂ ਉੱਪਰ ਸੀਸ ਰੱਖਣ ਨਾਲ ਮਨੁੱਖ ਦਾ ਸੀਸ ਪਵਿੱਤਰ ਹੋ ਜਾਂਦਾ ਹੈ। ਜੋ ਜਨ ਸੰਤ ਜਨਾਂ ਦੇ ਚਰਨਾਂ ਉੱਪਰ ਆਪਣਾ ਸੀਸ ਭੇਟ ਕਰ ਦਿੰਦੇ ਹਨ ਉਨ੍ਹਾਂ ਨੂੰ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ ਅਤੇ ਪੂਰਨ ਬੰਦਗੀ ਦੇ ਗੁਰ ਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਸੰਤ ਜਨ ਸਾਰੀ ਸ੍ਰਿਸ਼ਟੀ ਦੇ ਚਰਨਾਂ ਦੀ ਧੂੜ ਬਣ ਜਾਂਦੇ ਹਨ। ਭਾਵ ਉਹ ਅਤਿ ਦੀ ਨਿੰਮਰਤਾ ਦੇ ਪੁੰਜ ਬਣ ਜਾਂਦੇ ਹਨ। ਇਸ ਲਈ ਸੰਤ ਜਨਾਂ ਦੇ ਚਰਨਾਂ ਦੀ ਧੂੜ ਲੈਣ ਨਾਲ, ਇਸ ਪਵਿੱਤਰ ਧੂੜ ਨੂੰ ਮਸਤਕ ਉੱਪਰ ਲਾਉਣ ਨਾਲ ਅਤੇ ਇਸ ਦੇ ਨਾਲ ਇਸ਼ਨਾਨ ਕਰਨ ਨਾਲ ਮਨੁੱਖ ਨੂੰ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ ਅਤੇ ਪੂਰਨ ਬੰਦਗੀ ਦੇ ਗੁਰ ਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਸੰਤ ਜਨਾਂ ਦੇ ਚਰਨ ਜਿਥੇ ਪੈਂਦੇ ਹਨ ਉਥੇ ਧਰਤੀ ਉੱਪਰ ਦਰਗਾਹ ਪ੍ਰਗਟ ਹੁੰਦੀ ਹੈ। ਸੰਤ ਜਨਾਂ ਦੀ ਸਤਿ ਸੰਗਤ ਵਿੱਚ ਬੈਠ ਕੇ ਕੀਤਾ ਗਿਆ ਸਿਮਰਨ ਅਤੇ ਸੇਵਾ ਸਿੱਧੀ ਦਰਗਾਹ ਵਿੱਚ ਪ੍ਰਵਾਨ ਹੁੰਦੀ ਹੈ। ਜੋ ਮਨੁੱਖ ਸਤਿਗੁਰੂ ਨੂੰ ਮੁੱਖ ਰੱਖਦੇ ਹਨ ਉਹ ਮਨੁੱਖ ਗੁਰਮੁਖ ਬਣ ਜਾਂਦੇ ਹਨ। ਜੋ ਮਨੁੱਖ ਸਤਿਗੁਰੂ ਦੀ ਸਤਿਸੰਗਤ ਨੂੰ ਮੁੱਖ ਰੱਖਦੇ ਹਨ ਉਨ੍ਹਾਂ ਦੇ ਹਿਰਦੇ ਵਿੱਚ ਨਾਮ ਪ੍ਰਕਾਸ਼ਮਾਨ ਹੋ ਜਾਂਦਾ ਹੈ। ਜੋ ਮਨੁੱਖ ਸਤਿਗੁਰੂ ਦੇ ਚਰਨਾਂ ਉੱਪਰ ਤਨ, ਮਨ ਅਤੇ ਧਨ ਅਰਪਣ ਕਰ ਦਿੰਦੇ ਹਨ ਉਹ ਮਨੁੱਖ ਗੁਰ ਪ੍ਰਸਾਦਿ ਦੀ ਪ੍ਰਾਪਤੀ ਕਰਕੇ ਜੀਵਨ ਮੁਕਤ ਹੋ ਜਾਂਦੇ ਹਨ। ਜੋ ਮਨੁੱਖ ਗਰੀਬੀ ਵੇਸ ਹਿਰਦੇ ਦੀ ਕਮਾਈ ਕਰਦੇ ਹਨ ਉਹ ਮਨੁੱਖ ਸਾਰੀ ਸ੍ਰਿਸ਼ਟੀ ਦੇ ਚਰਨਾਂ ਦੀ ਧੂਲ ਬਣ ਕੇ ਸੰਤ ਹਿਰਦਾ ਬਣ ਜਾਂਦੇ ਹਨ। ਧੰਨ ਧੰਨ ਭਾਈ ਲਹਿਣਾ ਜੀ ਨੇ ਨਿਰਮਾਣਤਾ ਦੀ ਕਮਾਈ ਕੀਤੀ ਅਤੇ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਦੇ ਸਤਿ ਚਰਨਾਂ ਉੱਪਰ ਆਪਣਾ ਤਨ, ਮਨ, ਧਨ ਅਰਪਣ ਕਰਕੇ ਗਰੀਬੀ ਵੇਸ ਹਿਰਦੇ ਦੀ ਕਮਾਈ ਕਰਦੇ ਹੋਏ, ਮਨ, ਬਚਨ ਅਤੇ ਕਰਮ ਕਰਕੇ ਸਤਿਗੁਰੂ ਜੀ ਦੀ ਸੇਵਾ ਕਰਦੇ ਹੋਏ ਗੁਰ ਪ੍ਰਸਾਦਿ ਦੀ ਪ੍ਰਾਪਤੀ ਕਰਕੇ, ਸਤਿਗੁਰ ਅੰਗਦ ਦੇਵ ਜੀ ਦੇ ਰੂਪ ਵਿੱਚ ਧਰਤੀ ਉੱਪਰ ਪ੍ਰਗਟ ਹੋਏ। ਪੂਰਨ ਬੰਦਗੀ ਦਾ ਇਹ ਹੀ ਰਹੱਸ ਹੈ। ਇਸ ਤਰ੍ਹਾਂ ਨਾਲ ਤਨ, ਮਨ ਅਤੇ ਧਨ ਨਾਲ ਕੀਤੀ ਸਤਿਗੁਰ ਦੀ ਸੇਵਾ ਦਾ ਸਦਕਾ ਆਪ ਜੀ ਨੂੰ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ ਅਤੇ ਆਪ ਜੀ ਦੀ ਬੰਦਗੀ ਅਗਲੀ ਉੱਤਮ ਅਵਸਥਾ ਵਿੱਚ ਪ੍ਰਵੇਸ਼ ਕਰ ਜਾਂਦੀ ਹੈ।
ਸਰਮ ਖੰਡ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਉਪਾਸਨਾ ਦੀ ਅਵਸਥਾ ਹੈ। ਜਦ ਮਨੁੱਖ ਗਰੀਬੀ ਵੇਸ ਹਿਰਦੇ ਦੀ ਕਮਾਈ ਕਰਦਾ ਹੈ ਤਾਂ ਉਸਦੇ ਬੋਲ ਬਾਣੀ ਬਹੁਤ ਸੁੰਦਰ ਹੋ ਜਾਂਦੀ ਹੈ। ਜਦ ਮਨੁੱਖ ਅਤਿ ਦੀ ਨਿਰਮਾਣਤਾ ਦੀ ਕਮਾਈ ਕਰਦਾ ਹੈ ਤਾਂ ਉਸਦੇ ਬੋਲ ਬਾਣੀ ਬਹੁਤ ਮਿੱਠੇ ਹੋ ਜਾਂਦੇ ਹਨ। ਮਿੱਠਾ ਬੋਲਣਾ ਸੰਤ ਜਨਾਂ ਦਾ ਸੁਭਾਅ ਹੈ। ਮਿੱਠਾ ਬੋਲਣਾ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਸੁਭਾਅ ਹੈ। ਨਿਮਾਰਣਤਾ ਦੀ ਕਮਾਈ ਕਰਨ ਵਾਲਾ ਮਨੁੱਖ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸੱਚੀ ਪ੍ਰੀਤ ਵਿੱਚ ਓਤਪੋਤ ਹੋ ਜਾਂਦਾ ਹੈ। ਉਸਨੂੰ ਹਰ ਇੱਕ ਪ੍ਰਾਣੀ ਦੇ ਹਿਰਦੇ ਵਿੱਚ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਜੋਤ ਦਿਸਣ ਲੱਗ ਪੈਂਦੀ ਹੈ ਅਤੇ ਉਸਦੀ ਸੱਚੀ ਪ੍ਰੀਤ ਸਾਰੀ ਸ੍ਰਿਸ਼ਟੀ ਲਈ ਇਕਸਾਰ ਹੋ ਜਾਂਦੀ ਹੈ। ਇਸ ਤਰ੍ਹਾਂ ਉਸਦੇ ਬੋਲਾਂ ਵਿੱਚ ਮਿਠਾਸ ਆ ਜਾਂਦੀ ਹੈ। ਉਸਦੇ ਲਈ ਕੋਈ ਬੈਰੀ ਜਾਂ ਬੇਗਾਨਾ ਨਹੀਂ ਰਹਿ ਜਾਂਦਾ ਹੈ। ਮਿੱਠੇ ਬੋਲਣਾ ਇੱਕ ਪਰਮ ਸ਼ਕਤੀਸ਼ਾਲੀ ਸਤਿ ਗੁਣ ਹੈ ਜਿਸਦੇ ਪ੍ਰਾਪਤ ਹੋਣ ਨਾਲ ਮਨੁੱਖ ਇੱਕ ਦ੍ਰਿਸ਼ਟ ਹੋ ਜਾਂਦਾ ਹੈ। ਮਿੱਠਾ ਬੋਲਣ ਵਾਲਾ ਮਨੁੱਖ ਸਾਰਿਆਂ ਦੀ ਮਿੱਤਰਤਾ ਹਾਸਿਲ ਕਰ ਲੈਂਦਾ ਹੈ। ਮਿੱਠਾ ਬੋਲਣ ਵਾਲੇ ਮਨੁੱਖ ਦਾ ਕੋਈ ਸ਼ਤਰੂ ਨਹੀਂ ਹੁੰਦਾ ਹੈ। ਮਿੱਠਾ ਬੋਲਣ ਵਾਲਾ ਮਨੁੱਖ ਕਿਸੇ ਦੇ ਅਵਗੁਣ ਨਹੀਂ ਚਿਤਾਰਦਾ। ਮਿੱਠਾ ਬੋਲਣ ਵਾਲਾ ਮਨੁੱਖ ਕਿਸੇ ਦੀ ਨਿੰਦਿਆ, ਚੁਗਲੀ ਅਤੇ ਬਖੀਲੀ ਨਹੀਂ ਕਰਦਾ ਹੈ। ਮਿੱਠਾ ਬੋਲਣ ਵਾਲਾ ਮਨੁੱਖ ਕਦੇ ਕੌੜੇ ਬੋਲ ਨਹੀਂ ਬੋਲਦਾ ਹੈ। ਮਿੱਠਾ ਬੋਲਣ ਵਾਲਾ ਮਨੁੱਖ ਸਤਿ ਦੀ ਸੇਵਾ ਕਰਦਾ ਹੈ। ਮਿੱਠਾ ਬੋਲਣਾ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਪਰਮ ਗੁਣ ਹੈ ਜੋ ਸੰਤ ਜਨਾਂ ਦੇ ਹਿਰਦੇ ਵਿੱਚ ਭਰਪੂਰ ਹੁੰਦਾ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਕਿਸੇ ਪ੍ਰਾਣੀ ਦੇ ਅਵਗੁਣ ਨਹੀਂ ਚਿਤਾਰਦਾ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਮਨੁੱਖ ਦੇ ਅਵਗੁਣਾਂ ਨੂੰ ਦੇਖ ਕੇ ਅਣਡਿੱਠਾ ਕਰ ਦਿੰਦਾ ਹੈ। ਇਸੇ ਤਰ੍ਹਾਂ ਦਾ ਸੁਭਾਅ ਸੰਤ ਜਨਾਂ ਦਾ ਹੁੰਦਾ ਹੈ। ਮਿੱਠਾ ਬੋਲਣ ਦੀ ਮਹਿਮਾ ਨੂੰ ਗੁਰਬਾਣੀ ਵਿੱਚ ਬਹੁਤ ਸਾਰੇ ਸਲੋਕਾਂ ਵਿੱਚ ਪ੍ਰਗਟ ਕੀਤਾ ਗਿਆ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਇਸ ਪਰਮ ਸ਼ਕਤੀ ਨੂੰ ਗੁਰਬਾਣੀ ਵਿੱਚ ਪ੍ਰਗਟ ਕੀਤਾ ਗਿਆ ਹੈ:
ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ ॥
ਹਉ ਸੰਮਲਿ ਥਕੀ ਜੀ ਓਹੁ ਕਦੇ ਨ ਬੋਲੈ ਕਉਰਾ ॥
ਕਉੜਾ ਬੋਲਿ ਨ ਜਾਨੈ ਪੂਰਨ ਭਗਵਾਨੈ ਅਉਗਣੁ ਕੋ ਨ ਚਿਤਾਰੇ ॥
(ਪੰਨਾ ੭੮੪)
ਗੁਰ ਕਾ ਸ਼ਬਦ ਦੀ ਘੋਲ ਕਮਾਈ ਕਰਦੇ ਹੋਏ ਜਿਗਿਆਸੂ ਆਪਣੇ ਮਨ ਨੂੰ ਸੁੰਦਰਤਾ ਦੀ ਘੜਤ ਨਾਲ ਘੜਦਾ ਹੈ। ਘਾੜਤ ਤੋਂ ਭਾਵ ਹੈ ਜਿਗਿਆਸੂ ਮਨ ਨੂੰ ਸੁੰਦਰ ਬਣਾਉਣ ਦਾ ਅਭਿਆਸ ਕਰਦਾ ਹੈ। ਜਿਗਿਆਸੂ ਆਪਣੇ ਸਾਰੇ ਕਰਮਾਂ ਨੂੰ ਸਤਿ ਦੀ ਤਕੜੀ ਉੱਪਰ ਤੋਲਣ ਲੱਗ ਪੈਂਦਾ ਹੈ। ਉਹ ਆਪਣੇ ਰੋਜ਼ਾਨਾ ਦੇ ਕਰਮਾਂ ਉੱਪਰ ਆਪਣੀ ਕੜੀ ਦ੍ਰਿਸ਼ਟੀ ਰੱਖਦਾ ਹੈ। ਉਸ ਨੂੰ ਇਹ ਗਿਆਨ ਹੋ ਜਾਂਦਾ ਹੈ ਕਿ ਉਸਦੇ ਸਾਰੇ ਕਰਮ ਸਤਿ ਕਰਮ ਹੋਣੇ ਚਾਹੀਦੇ ਹਨ। ਕੇਵਲ ਸਤਿ ਕਰਮ ਹੀ ਉਸਦੀ ਬੰਦਗੀ ਨੂੰ ਅੱਗੇ ਲੈ ਕੇ ਜਾਂਦੇ ਹਨ। ਅਸਤਿ ਕਰਮ ਕਰਨ ਨਾਲ ਮਨੁੱਖ ਦੀ ਬੰਦਗੀ ਉੱਪਰ ਮਾੜਾ ਅਸਰ ਪੈਂਦਾ ਹੈ। ਅਸਤਿ ਕਰਮ ਮਨੁੱਖ ਦੀ ਬੰਦਗੀ ਦੇ ਮਾਰਗ ਵਿੱਚ ਰੋੜਾ ਬਣ ਕੇ ਅੜਚਨ ਪੈਦਾ ਕਰਦੇ ਹਨ। ਅਸਤਿ ਕਰਮ ਮਨੁੱਖ ਦਾ ਅੰਮ੍ਰਿਤ ਲੁੱਟ ਲੈਂਦੇ ਹਨ। ਅਸਤਿ ਕਰਮ ਕੇਵਲ ਮਾਇਆ ਦੇ ਅਧੀਨ ਹੀ ਕੀਤੇ ਜਾਂਦੇ ਹਨ। ਭਾਵ ਪੰਜ ਦੂਤ ਮਨੁੱਖ ਨੂੰ ਅਸਤਿ ਕਰਮ ਕਰਵਾਉਂਦੇ ਹਨ। ਇਸ ਲਈ ਜਦ ਮਨੁੱਖ ਅਸਤਿ ਕਰਮ ਕਰਦਾ ਹੈ ਤਾਂ ਪੰਜ ਦੂਤ ਉਸ ਦਾ ਅੰਮ੍ਰਿਤ ਲੁੱਟਦੇ ਹਨ। ਪੰਜ ਦੂਤਾਂ ਦਾ ਵਾਸਾ ਮਨੁੱਖ ਦੀ ਦੇਹੀ ਵਿੱਚ ਹੁੰਦਾ ਹੈ। ਇਸ ਪਰਮ ਸਤਿ ਤੱਤ ਨੂੰ ਗੁਰਬਾਣੀ ਵਿੱਚ ਪ੍ਰਗਟ ਕੀਤਾ ਗਿਆ ਹੈ:
ਇਸੁ ਦੇਹੀ ਅੰਦਰਿ ਪੰਚ ਚੋਰ ਵਸਹਿ ਕਾਮੁ ਕ੍ਰੋਧੁ ਲੋਭੁ ਮੋਹੁ ਅਹੰਕਾਰਾ ॥
ਅੰਮ੍ਰਿਤੁ ਲੂਟਹਿ ਮਨਮੁਖ ਨਹੀ ਬੂਝਹਿ ਕੋਇ ਨ ਸੁਣੈ ਪੂਕਾਰਾ ॥
(ਪੰਨਾ ੬੦੦)
ਕਾਮ ਦਾ ਦੂਤ ਮਨੁੱਖ ਦੀਆਂ ਕਾਮ ਇੰਦਰੀਆਂ ਦੇ ਹਿੱਸੇ ਵਿੱਚ ਵਾਸ ਕਰਦਾ ਹੈ। ਕ੍ਰੋਧ ਦਾ ਦੂਤ ਮਨੁੱਖ ਦੇ ਪੇਟ ਵਿੱਚ ਵਾਸ ਕਰਦਾ ਹੈ। ਲੋਭ ਅਤੇ ਮੋਹ ਦੇ ਦੂਤ ਮਨੁੱਖ ਦੀ ਛਾਤੀ ਦੇ ਹਿਸੇ ਵਿੱਚ ਵਾਸ ਕਰਦੇ ਹਨ। ਅਹੰਕਾਰ ਦਾ ਦੂਤ ਮਨੁੱਖ ਦੇ ਦਿਮਾਗ ਵਿੱਚ ਵਾਸ ਕਰਦਾ ਹੈ। ਇਹ ਪੰਜੇ ਦੂਤ ਮਨੁੱਖ ਦੀ ਤ੍ਰਿਸ਼ਨਾ ਨੂੰ ਪੂਰਨ ਕਰਨ ਵਾਸਤੇ ਮਨੁੱਖ ਦੀਆਂ ਕਰਮ ਇੰਦਰੀਆਂ ਤੋਂ ਅਸਤਿ ਕਰਮ ਕਰਵਾਉਂਦੇ ਹਨ। ਇਹ ਪੰਜ ਦੂਤ ਮਨੁੱਖ ਦੀ ਦੇਹੀ ਨੂੰ ਪੰਜ ਦੂਤ ਅਤੇ ਤ੍ਰਿਸ਼ਨਾ ਦੀ ਗੁਲਾਮੀ ਕਰਵਾਉਂਦੇ ਹਨ। ਜਦ ਮਨੁੱਖ ਸਿਮਰਨ ਕਰਕੇ ਨਾਮ ਧਨ ਇਕੱਠਾ ਕਰਦਾ ਹੈ ਤਾਂ ਇਹ ਦੂਤ ਉਸ ਤੋਂ ਅਸਤਿ ਕਰਮ ਕਰਵਾ ਕੇ ਉਸ ਦਾ ਅੰਮ੍ਰਿਤ ਲੁੱਟ ਲੈਂਦੇ ਹਨ। ਜਦ ਤੱਕ ਮਨੁੱਖ ਮਾਇਆ ਨੂੰ ਜਿੱਤ ਨਹੀਂ ਲੈਂਦਾ ਹੈ ਤਦ ਤੱਕ ਪੰਜ ਦੂਤ ਮਨੁੱਖ ਦਾ ਅੰਮ੍ਰਿਤ ਲੁੱਟਦੇ ਹਨ। ਇਸ ਲਈ ਮਨੁੱਖ ਨੂੰ ਆਪਣੀ ਕਰਨੀ ਅਤੇ ਕਿਰਤ ਨੂੰ ਵਾਚਣ ਦਾ ਹੁਕਮ ਗੁਰਬਾਣੀ ਵਿੱਚ ਕੀਤਾ ਗਿਆ ਹੈ:
ਅਗੈ ਕਰਣੀ ਕੀਰਤਿ ਵਾਚੀਐ ਬਹਿ ਲੇਖਾ ਕਰਿ ਸਮਝਾਇਆ ॥
(ਪੰਨਾ ੪੬੪)
ਆਪਣੀ ਕਰਨੀ ਕਿਰਤ ਉੱਪਰ ਧਿਆਨ ਕੇਂਦਰਿਤ ਕਰਨ ਨਾਲ ਮਨੁੱਖ ਦਾ ਮਨ ਸੁਚੇਤ ਹੋ ਜਾਂਦਾ ਹੈ ਅਤੇ ਆਪਣੇ ਲਾਗੇ ਇਨ੍ਹਾਂ ਦੂਤਾਂ ਦੇ ਪ੍ਰਭਾਵ ਨੂੰ ਆਉਣ ਨਹੀਂ ਦਿੰਦਾ ਹੈ। ਇਸ ਤਰ੍ਹਾਂ ਨਾਲ ਮਨੁੱਖ ਦੇ ਅਸਤਿ ਕਰਮ ਘਟਣੇ ਸ਼ੁਰੂ ਹੋ ਜਾਂਦੇ ਹਨ ਅਤੇ ਸਤਿ ਕਰਮ ਵਧਣੇ ਸ਼ੁਰੂ ਹੋ ਜਾਂਦੇ ਹਨ ਅਤੇ ਜਿਵੇਂ ਜਿਵੇਂ ਬੰਦਗੀ ਉੱਪਰ ਜਾਂਦੀ ਹੈ ਮਨੁੱਖ ਦੀ ਸੁਰਤ ਵੀ ਉੱਚੀ ਉੱਠਦੀ ਜਾਂਦੀ ਹੈ ਜਿਸਦੇ ਨਾਲ ਮਨੁੱਖ ਦੇ ਸਾਰੇ ਕਰਮ ਹੌਲੀ-ਹੌਲੀ ਸਤਿ ਕਰਮ ਹੋ ਜਾਂਦੇ ਹਨ। ਜਦ ਸਾਰੇ ਕਰਮ ਸਤਿ ਕਰਮ ਹੋ ਜਾਂਦੇ ਹਨ ਤਾਂ ਫਿਰ ਪੰਜ ਦੂਤ ਉਸ ਦਾ ਅੰਮ੍ਰਿਤ ਲੁੱਟਣ ਵਿੱਚ ਅਸਫਲ ਹੋ ਜਾਂਦੇ ਹਨ। ਜਦ ਐਸੀ ਅਵਸਥਾ ਤੇ ਮਨੁੱਖ ਅੱਪੜ ਜਾਂਦਾ ਹੈ ਤਾਂ ਉਸਦੀ ਦੇਹੀ ਰੂਪੀ ਭਾਂਡੇ ਵਿੱਚ ਅੰਮ੍ਰਿਤ ਸਮਾਉਣਾ ਸ਼ੁਰੂ ਹੋ ਜਾਂਦਾ ਹੈ।
ਪਹਿਲਾਂ ਤਾਂ ਦੇਹੀ ਰੂਪੀ ਭਾਂਡਾ ਪੁੱਠਾ ਪਿਆ ਹੁੰਦਾ ਹੈ ਅਤੇ ਮਨੁੱਖ ਦੇ ਮਾੜੇ ਕਰਮਾਂ ਦੇ ਰੂਪੀ ਚਿੱਕੜ ਨਾਲ ਲਿਬੜਿਆ ਹੁੰਦਾ ਹੈ। ਇਸਦੇ ਨਾਲ ਹੀ ਇਸ ਭਾਂਡੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਤ੍ਰਿਸ਼ਨਾ ਰੂਪੀ ਛੇਕ ਹੁੰਦੇ ਹਨ। ਪੁੱਠੇ ਭਾਂਡੇ ਵਿੱਚ ਅੰਮ੍ਰਿਤ ਨਹੀਂ ਸਮਾ ਸਕਦਾ ਹੈ। ਚਿੱਕੜ ਨਾਲ ਲਿਬੜੇ ਹੋਏ ਭਾਂਡੇ ਵਿੱਚ ਅੰਮ੍ਰਿਤ ਕਿਵੇਂ ਰਹਿ ਸਕਦਾ ਹੈ। ਜਿਸ ਭਾਂਡੇ ਵਿੱਚ ਛੇਕ ਹੋਣ ਉਸ ਵਿੱਚ ਅੰਮ੍ਰਿਤ ਕਿਵੇਂ ਸਮਾ ਸਕਦਾ ਹੈ। ਇਸ ਲਈ ਪਹਿਲਾਂ ਦਾ ਭਾਂਡਾ ਸਿੱਧਾ ਕਰਨਾ ਹੁੰਦਾ ਹੈ। ਫਿਰ ਭਾਂਡੇ ਨੂੰ ਜੋ ਚਿੱਕੜ ਨੇ ਲਿਬੇੜਿਆ ਹੁੰਦਾ ਹੈ ਉਸ ਚਿੱਕੜ ਨੂੰ ਸਾਫ਼ ਕਰਨਾ ਹੁੰਦਾ ਹੈ। ਫਿਰ ਭਾਂਡੇ ਦੇ ਛੇਕ ਬੰਦ ਹੋਣੇ ਚਾਹੀਦੇ ਹਨ ਤਾਂ ਹੀ ਭਾਂਡੇ ਵਿੱਚ ਅੰਮ੍ਰਿਤ ਸਮਾ ਸਕਦਾ ਹੈ। ਸਰਮ ਖੰਡ ਵਿੱਚ ਜਿਗਿਆਸੂ ਕੜੀ ਮਿਹਨਤ ਅਤੇ ਮੁਸ਼ੱਕਤ ਕਰਕੇ ਇਸ ਭਾਂਡੇ ਨੂੰ ਸਿੱਧਾ ਕਰਦਾ ਹੈ। ਫਿਰ ਸਿਮਰਨ ਅਤੇ ਸੇਵਾ ਕਰਦਾ ਹੋਇਆ ਇਸ ਭਾਂਡੇ ਦਾ ਚਿੱਕੜ ਸਾਫ਼ ਕਰਦਾ ਹੈ। ਫਿਰ ਆਪਣੀ ਕਰਣੀ ਕੀਰਤ ਵਾਚ ਕੇ ਇਸ ਭਾਂਡੇ ਦੇ ਛੇਕ ਪੂਰਦਾ ਹੈ। ਤਾਂ ਜਾ ਕੇ ਇਸ ਭਾਂਡੇ ਵਿੱਚ ਅੰਮ੍ਰਿਤ ਸਮਾਉਣਾ ਸ਼ੁਰੂ ਹੁੰਦਾ ਹੈ। ਜਦ ਇਸ ਭਾਂਡੇ ਵਿੱਚ ਅੰਮ੍ਰਿਤ ਸਮਾਉਣਾ ਸ਼ੁਰੂ ਹੋ ਜਾਂਦਾ ਹੈ ਤਾਂ ਮਨੁੱਖ ਦਾ ਮਨ, ਹਿਰਦਾ ਅਤੇ ਰੂਹ ਪਵਿੱਤਰ ਹੋਣੇ ਸ਼ੁਰੂ ਹੋ ਜਾਂਦੇ ਹਨ।
ਸਿਮਰਨ ਅਤੇ ਸੇਵਾ ਦਾ ਅਭਿਆਸ ਕਰਦੇ-ਕਰਦੇ ਅਤੇ ਆਪਣੀ ਕਰਨੀ ਨੂੰ ਸਤਿ ਦੀ ਕਰਨੀ ਵਿੱਚ ਪਰਿਵਰਤਿਤ ਕਰਦੇ ਹੋਏ ਜਿਗਿਆਸੂ ਦਾ ਮਨ, ਹਿਰਦਾ ਅਤੇ ਰੂਹ ਅੰਮ੍ਰਿਤ ਨਾਲ ਭਰਪੂਰ ਹੋਣੇ ਸ਼ੁਰੂ ਹੋ ਜਾਂਦੇ ਹਨ। ਇਸਦੇ ਨਾਲ ਮਨ, ਹਿਰਦਾ ਅਤੇ ਰੂਹ ਦਾ ਰੂਪ ਬਹੁਤ ਸੁੰਦਰ ਵਿਕਾਰਾਂ ਤੋਂ ਰਹਿਤ ਹੋਣਾ ਸ਼ੁਰੂ ਹੋ ਜਾਂਦਾ ਹੈ। ਸਿਮਰਨ ਅਤੇ ਸੇਵਾ ਕਰਦੇ-ਕਰਦੇ ਮਨੁੱਖ ਦਾ ਮਨ ਅਤੇ ਹਿਰਦਾ ਸ਼ੁੱਧ ਹੋ ਜਾਂਦਾ ਹੈ। ਮਨ ਪੂਰਨ ਟਿਕਾਅ ਵਿੱਚ ਆ ਜਾਂਦਾ ਹੈ। ਹਿਰਦਾ ਪਵਿੱਤਰ ਹੋ ਜਾਂਦਾ ਹੈ। ਗੁਰ ਪ੍ਰਸਾਦਿ ਦੀ ਪ੍ਰਾਪਤੀ ਹੋ ਜਾਂਦੀ ਹੈ। ਗੁਰ ਪ੍ਰਸਾਦਿ ਦੀ ਪ੍ਰਾਪਤੀ ਦੇ ਨਾਲ ਹੀ ਮਨੁੱਖ ਦੀ ਬੰਦਗੀ ਕਰਮ ਖੰਡ ਵਿੱਚ ਪ੍ਰਵੇਸ਼ ਕਰ ਜਾਂਦੀ ਹੈ।
੪. ਕਰਮ ਖੰਡ:
ਪੂਰਨ ਸਮਰਪਣ ਕਰਦੇ ਹੋਏ ਜਦ ਤਨ, ਮਨ ਅਤੇ ਧਨ ਗੁਰੂ ਦੇ ਚਰਨਾਂ ਤੇ ਅਰਪਣ ਕਰਕੇ ਜਦ ਤੁਸੀਂ ਗੁਰਪ੍ਰਸਾਦਿ ਪ੍ਰਾਪਤ ਕਰਦੇ ਹੋ – ਅਨਾਦਿ ਬਖ਼ਸ਼ੀਸ਼ ਅਤੇ ਅਨਾਦਿ ਮਹਿਰਾਮਤ ਦਾ ਸਦਕਾ ਗੁਰਪ੍ਰਸਾਦਿ ਦੀ ਪ੍ਰਾਪਤੀ ਨਾਲ ਤੁਹਾਡੇ ਸਾਰੇ ਬਜਰ-ਕਪਾਟ ਖੁੱਲ੍ਹ ਜਾਂਦੇ ਹਨ। ਗੁਰਕਿਰਪਾ ਹੋ ਜਾਂਦੀ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਰਾਮਤਿ ਹੋ ਜਾਂਦੀ ਹੈ। ਗੁਰ ਪ੍ਰਸਾਦਿ ਦੀ ਪਰਮ ਸ਼ਕਤੀ ਵਰਤ ਜਾਂਦੀ ਹੈ। ਕੁੰਡਲਨੀ ਸ਼ਕਤੀ ਜਾਗਰਤ ਹੋ ਜਾਂਦੀ ਹੈ। ਸਤਿ ਸਰੋਵਰਾਂ ਵਿੱਚ ਨਾਮ ਚਲਾ ਜਾਂਦਾ ਹੈ ਜਿਸਦੇ ਨਾਲ ੭ ਸਤਿ ਸਰੋਵਰ ਪ੍ਰਕਾਸ਼ਮਾਨ ਹੋ ਜਾਂਦੇ ਹਨ। ਸਿਮਰਨ ਸੁਰਤ ਵਿੱਚ ਟਿਕ ਜਾਂਦਾ ਹੈ। ਅਜਪਾ ਜਾਪ ਸ਼ੁਰੂ ਹੋ ਜਾਂਦਾ ਹੈ। ਮਨੁੱਖ ਦੇ ਅੰਦਰ ਨਿਰੰਤਰ ਸਿਮਰਨ ਹੋਣਾ ਸ਼ੁਰੂ ਹੋ ਜਾਂਦਾ ਹੈ। ਭਾਂਡਾ ਅੰਮ੍ਰਿਤ ਨਾਲ ਭਰਨਾ ਸ਼ੁਰੂ ਹੋ ਜਾਂਦਾ ਹੈ। ਤੁਸੀਂ ਸਮਾਧੀ ਵਿੱਚ ਚਲੇ ਜਾਂਦੇ ਹੋ। ਜਦ ਮਨੁੱਖ ਸਿਮਰਨ ਅਭਿਆਸ ਵਿੱਚ ਬੈਠਦਾ ਹੈ ਤਾਂ ਬੈਠਦੇ ਹੀ ਮਨੁੱਖ ਦੀ ਸੁਰਤ ਵਿੱਚ ਸਿਮਰਨ ਸੁਣਨਾ ਸ਼ੁਰੂ ਹੋ ਜਾਂਦਾ ਹੈ। ਮਨੁੱਖ ਜਦ ਕੀਰਤਨ, ਕਥਾ ਅਤੇ ਗੁਰਬਾਣੀ ਸੁਣਦਾ ਹੈ ਤੇ ਸੁਣਦੇ ਹੀ ਮਨੁੱਖ ਸਮਾਧੀ ਵਿੱਚ ਚਲਾ ਜਾਂਦਾ ਹੈ। ਮਨੁੱਖ ਦੀ ਸੁਰਤ ਇੱਕ ਦਮ ਕੀਰਤਨ, ਕਥਾ ਅਤੇ ਗੁਰਬਾਣੀ ਵਿੱਚ ਖਿੱਚੀ ਜਾਂਦੀ ਹੈ। ਸੁਰਤ ਅਤੇ ਸ਼ਬਦ ਦਾ ਸੁਮੇਲ ਹੋ ਜਾਂਦਾ ਹੈ। ਸੁਰਤ ਸ਼ਬਦ ਵਿੱਚ ਸਥਿਰ ਹੋ ਜਾਂਦੀ ਹੈ। ਨਿਰੰਤਰ ਸਿਮਰਨ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਇੜਾ, ਪਿੰਗਲਾ ਅਤੇ ਸ਼ੁਸ਼ਮਨਾ ਪ੍ਰਕਾਸ਼ਮਾਨ ਹੋ ਜਾਂਦੀਆਂ ਹਨ। ਗਿਆਨ ਨੇਤਰ ਖੁੱਲ੍ਹ ਜਾਂਦਾ ਹੈ। ਸਤਿਨਾਮ ਸਿਮਰਨ ਦੇ ਗੁਰਪ੍ਰਸਾਦਿ ਨਾਲ ਇੜਾ, ਪਿੰਗਲਾ ਅਤੇ ਸੁਖਮਨਾ ਨਾੜੀਆਂ ਵੀ ਸਹਿਜੇ ਹੀ ਪ੍ਰਕਾਸ਼ਮਾਨ ਹੋ ਜਾਂਦੀਆਂ ਹਨ। ਇਨ੍ਹਾਂ ਨਾੜੀਆਂ ਦੇ ਪ੍ਰਕਾਸ਼ਮਾਨ ਹੋਣ ਨਾਲ ਗਿਆਨ ਨੇਤਰ ਖੁੱਲ੍ਹ ਜਾਂਦਾ ਹੈ ਅਤੇ ਮਨੁੱਖ ਸਮਾਧੀ ਵਿੱਚ ਚਲਾ ਜਾਂਦਾ ਹੈ।
ਸੁਖਮਨਾ ਇੜਾ ਪਿੰਗੁਲਾ ਬੂਝੈ ਜਾ ਆਪੇ ਅਲਖੁ ਲਖਾਏ ॥
ਨਾਨਕ ਤਿਹੁ ਤੇ ਊਪਰਿ ਸਾਚਾ ਸਤਿਗੁਰ ਸਬਦਿ ਸਮਾਏ ॥੬੦॥
(ਪੰਨਾ ੯੪੪)
ਇੜਾ ਪਿੰਗੁਲਾ ਅਉਰ ਸੁਖਮਨਾ ਤੀਨਿ ਬਸਹਿ ਇਕ ਠਾਈ ॥
(ਪੰਨਾ ੯੭੪)
ਇੜਾ, ਪਿੰਗਲਾ ਅਤੇ ਸੁਖਮਨਾ ਦੀਆਂ ਨਾੜੀਆਂ ਸੂਖਸ਼ਮ ਦੇਹੀ ਦਾ ਇੱਕ ਅਹਿਮ ਅੰਗ ਹਨ, ਜੋ ਮਨੁੱਖ ਦੇ ਸਾਰੇ ਸਤਿ ਸਰੋਵਰਾਂ ਨੂੰ ਜੋੜਦੀਆਂ ਹਨ, ਜੋ ਰੀੜ੍ਹ ਦੇ ਮੁੱਢ ਤੋਂ ਸ਼ੁਰੂ ਹੋ ਕੇ ਤ੍ਰਿਕੁਟੀ ਤੇ ਮਿਲਦੀਆਂ ਹਨ। ਇਨ੍ਹਾਂ ਤਿੰਨੋਂ ਨਾੜੀਆਂ ਵਿੱਚ ਮਨੁੱਖ ਦੇ ਪ੍ਰਾਣ ਵੱਸਦੇ ਹਨ। ਭਾਵ ਮਨੁੱਖ ਦੀ ਪ੍ਰਾਣ ਸ਼ਕਤੀ ਅਤੇ ਹੋਰ ਸਾਰੀਆਂ ਕਲਾਵਾਂ ਇਨ੍ਹਾਂ ਨਾੜੀਆਂ ਅਤੇ ਸਤਿ ਸਰੋਵਰਾਂ ਵਿਚੋਂ ਹੀ ਕਿਰਿਆਸ਼ੀਲ ਹੁੰਦੀਆਂ ਹਨ। ਮਨੁੱਖ ਨੂੰ ਸਾਰੀਆਂ ਸ਼ਕਤੀਆਂ ਇਨ੍ਹਾਂ ਤਿੰਨੋਂ ਨਾੜੀਆਂ ਅਤੇ ਸਤਿ ਸਰੋਵਰਾਂ ਤੋਂ ਹੀ ਪ੍ਰਾਪਤ ਹੁੰਦੀਆਂ ਹਨ। ਇਹ ਤਿੰਨੋਂ ਨਾੜੀਆਂ ਅਤੇ ਸਤਿ ਸਰੋਵਰ ਹੀ ਮਨੁੱਖ ਦੇ ਜੀਵਨ ਦਾ ਆਧਾਰ ਹਨ। ਇਹ ਤਿੰਨੋਂ ਨਾੜੀਆਂ ਅਤੇ ਸਤਿ ਸਰੋਵਰ ਸਤਿਨਾਮ ਦੇ ਗੁਰਪ੍ਰਸਾਦਿ ਨਾਲ ਹੀ ਪ੍ਰਕਾਸ਼ਮਾਨ ਹੁੰਦੇ ਹਨ। ਮਨੁੱਖ ਦੀ ਸੁਰਤਿ ਦਾ ਆਧਾਰ ਵੀ ਇਹ ਤਿੰਨੋਂ ਨਾੜੀਆਂ ਅਤੇ ਸਤਿ ਸਰੋਵਰ ਹੀ ਹਨ। ਜਿਵੇਂ ਜਿਵੇਂ ਇਹ ਤਿੰਨੋਂ ਨਾੜੀਆਂ ਅਤੇ ਸਤਿ ਸਰੋਵਰ ਪ੍ਰਕਾਸ਼ਮਾਨ ਹੁੰਦੇ ਹਨ ਤਿਵੇਂ ਤਿਵੇਂ ਮਨੁੱਖ ਦੀ ਸੁਰਤਿ ਵੀ ਉੱਚੀਆਂ ਅਵਸਥਾਵਾਂ ਵਿੱਚ ਪੁੱਜਦੀ ਜਾਂਦੀ ਹੈ।
ਜਦ ਇਹ ਤਿੰਨੋਂ ਨਾੜੀਆਂ ਪ੍ਰਕਾਸ਼ਮਾਨ ਹੋ ਜਾਂਦੀਆਂ ਹਨ ਤਾਂ ਤ੍ਰਿਕੁਟੀ ਖੁੱਲ੍ਹ ਜਾਂਦੀ ਹੈ ਅਤੇ ਗਿਆਨ ਨੇਤਰ ਪ੍ਰਕਾਸ਼ਮਾਨ ਹੋ ਜਾਂਦਾ ਹੈ। ਸਤਿਨਾਮ ਦਾ ਗੁਰ ਪ੍ਰਸਾਦਿ ਜਦ ਇਨ੍ਹਾਂ ਨਾੜੀਆਂ ਵਿੱਚ ਜਾਂਦਾ ਹੈ ਤਾਂ ਇਹ ਪ੍ਰਕਾਸ਼ਮਾਨ ਹੋ ਜਾਂਦੀਆਂ ਹਨ। ਜਦ ਸਤਿਨਾਮ ਦਾ ਗੁਰ ਪ੍ਰਸਾਦਿ ਇਨ੍ਹਾਂ ਨਾੜੀਆਂ ਵਿਚੋਂ ਹੁੰਦਾ ਹੋਇਆ ਸਤਿ ਸਰੋਵਰਾਂ ਵਿਚੋਂ ਨਿਕਲਦਾ ਹੈ ਤਾਂ ਇਹ ਸਾਰੇ ਸਤਿ ਸਰੋਵਰ ਵੀ ਪ੍ਰਕਾਸ਼ਮਾਨ ਹੋ ਜਾਂਦੇ ਹਨ। ਇਸ ਤਰ੍ਹਾਂ ਨਾਲ ਮਨੁੱਖ ਦੇ ਸਾਰੇ ਬੱਜਰ ਕਪਾਟ ਖੁੱਲ੍ਹ ਜਾਂਦੇ ਹਨ ਅਤੇ ਸਮਾਧੀ ਲੱਗ ਜਾਂਦੀ ਹੈ। ਸਤਿਨਾਮ ਰੋਮ-ਰੋਮ ਵਿੱਚ ਪ੍ਰਕਾਸ਼ਮਾਨ ਹੋ ਜਾਂਦਾ ਹੈ। ਗੁਰ ਪ੍ਰਸਾਦਿ ਨਾਲ ਇਹ ਸਾਰੀਆਂ ਰੂਹਾਨੀ ਪ੍ਰਾਪਤੀਆਂ ਸਹਿਜੇ ਹੀ ਹੋ ਜਾਂਦੀਆਂ ਹਨ।
ਜੋਗੀ ਲੋਕ ਪ੍ਰਾਣਾਯਾਮ ਦੀ ਸਾਧਨਾ ਨਾਲ ਇੜਾ, ਪਿੰਗਲਾ ਅਤੇ ਸੁਖਮਨਾ ਨੂੰ ਜਾਗਰਤ ਕਰਨ ਦਾ ਅਭਿਆਸ ਕਰਦੇ ਹਨ। ਇੜਾ ਵਿੱਚ ਪ੍ਰਾਣ ਉੱਪਰ ਨੂੰ ਖਿੱਚਦੇ ਹਨ, ਪਿੰਗਲਾ ਵਿੱਚ ਪ੍ਰਾਣ ਹੇਠਾਂ ਉਤਾਰਦੇ ਹਨ ਅਤੇ ਸੁਖਮਨਾ ਵਿੱਚ ਪ੍ਰਾਣ ਟਿਕਾਉਂਦੇ ਹਨ। ਇਹ ਜੋਗ ਦੇ ਅਭਿਆਸ ਵਿੱਚ ਜੋਗੀ ਪ੍ਰਾਣਾਯਾਮ ਸਾਧਨਾ ਨਾਲ ਇੜਾ, ਪਿੰਗਲਾ ਅਤੇ ਸੁਖਮਨਾ ਨਾੜੀਆਂ ਨੂੰ ਜਾਗਰਤ ਕਰਨ ਲਈ ਕਰਦੇ ਹਨ। ਇਸ ਦੇ ਨਾਲ ਹੀ ਜੋਗੀ ਲੋਕ ੭ ਸਤਿ ਸਰੋਵਰਾਂ ਨੂੰ ਵੀ ਜੋਗ ਸਾਧਨਾ ਕਰਕੇ ਜਾਗਰਤ ਕਰਨ ਦਾ ਅਭਿਆਸ ਕਰਦੇ ਹਨ। ਜੋਗੀ ਲੋਕ ਇਕੱਲੇ-ਇਕੱਲੇ ਸਤਿ ਸਰੋਵਰ ਨੂੰ ਜਾਗਰਤ ਕਰਨ ਦਾ ਅਭਿਆਸ ਕਰਦੇ ਹਨ। ਇਹ ਸਾਰੇ ਅਭਿਆਸ ਬਹੁਤ ਕਠਿਨ ਹੁੰਦੇ ਹਨ ਅਤੇ ਬਹੁਤ ਸਮੇਂ ਲਈ ਕਰਨੇ ਪੈਂਦੇ ਹਨ ਜਿਸਦੇ ਨਾਲ ਇਨ੍ਹਾਂ ਸਤਿ ਸਰੋਵਰਾਂ ਅਤੇ ਇੜਾ, ਪਿੰਗਲਾ ਅਤੇ ਸੁਖਮਨਾ ਦੇ ਜਾਗਰਤ ਹੋਣ ਦੀ ਸੰਭਾਵਨਾ ਹੁੰਦੀ ਹੈ। ਸੁਣਨ ਵਿੱਚ ਆਉਂਦਾ ਹੈ ਕਿ ਜੋਗੀ ਲੋਕ ਕਈ-ਕਈ ਸਾਲਾ ਤੱਕ ਇਕੱਲੇ-ਇਕੱਲੇ ਸਤਿ ਸਰੋਵਰ ਉੱਪਰ ਧਿਆਨ ਕੇਂਦਰਿਤ ਕਰਦੇ ਹਨ। ਇਸੇ ਤਰ੍ਹਾਂ ਨਾਲ ਇੜਾ, ਪਿੰਗਲਾ ਅਤੇ ਸੁਖਮਨਾ ਨੂੰ ਜਾਗਰਤ ਕਰਨ ਲਈ ਕਈ-ਕਈ ਸਾਲਾਂ ਦਾ ਅਭਿਆਸ ਕਰਦੇ ਹਨ। ਇਸ ਤਰ੍ਹਾਂ ਨਾਲ ਜੋਗ ਅਭਿਆਸ ਦੀ ਕਿਰਿਆ ਬਹੁਤ ਕਠਿਨ ਹੁੰਦੀ ਹੈ ਅਤੇ ਲੰਮੇ ਸਮੇਂ ਲਈ ਕਰਨੀ ਪੈਂਦੀ ਹੈ ਪਰੰਤੂ ਪ੍ਰੇਮਾ ਭਗਤੀ ਵਿੱਚ ਇਹ ਸਾਰੀਆਂ ਪ੍ਰਾਪਤੀਆਂ ਗੁਰ ਪ੍ਰਸਾਦੀ ਗੁਰ ਕਿਰਪਾ ਨਾਲ ਸਤਿਨਾਮ ਦੀ ਕਮਾਈ ਨਾਲ ਸਹਿਜੇ ਹੀ ਹੋ ਜਾਂਦੀਆ ਹਨ।
ਇਸ ਅਵਸਥਾ ਵਿੱਚ ਸੁਹਾਗ ਦੀ ਪ੍ਰਾਪਤੀ ਹੋ ਜਾਂਦੀ ਹੈ। ਤੁਸੀਂ ਅਕਾਲ ਪੁਰਖ ਦੀ ਦਰਗਾਹ ਵਿੱਚ ਸੁਹਾਗਣ ਦੇ ਤੌਰ ਤੇ ਸਵੀਕਾਰ ਕੀਤੇ ਜਾਂਦੇ ਹੋ ਅਤੇ ਤੁਹਾਡਾ ਅਕਾਲ ਪੁਰਖ ਦੀ ਦਰਗਾਹ ਵਿੱਚ ਨਾਮ ਦਾ ਖਾਤਾ ਖੁੱਲ੍ਹ ਜਾਂਦਾ ਹੈ। ਮਨੁੱਖ ਦੀ ਅਸਲੀ ਦਰਗਾਹੀ ਬੰਦਗੀ ਸ਼ੁਰੂ ਹੋ ਜਾਂਦੀ ਹੈ। ਨਿਰੰਤਰ ਸਿਮਰਨ ਅਜਪਾ ਜਾਪ ਸਿੱਧਾ ਦਰਗਾਹ ਵਿੱਚ ਤੁਹਾਡੇ ਨਾਮ ਦੇ ਖਾਤੇ ਵਿੱਚ ਜਮਾ ਹੋਣਾ ਸ਼ੁਰੂ ਹੋ ਜਾਂਦਾ ਹੈ। ਨਾਮ ਧਨ ਇਕੱਤਰ ਹੋਣਾ ਸ਼ੁਰੂ ਹੋ ਜਾਂਦਾ ਹੈ। ਜਦ ਮਨੁੱਖ ਲੰਮੇ ਸਮੇਂ ਲਈ ਨਾਮ ਅਭਿਆਸ ਵਿੱਚ ਬੈਠਦਾ ਹੈ ਤਾਂ ਉਹ ਸੁੰਨ ਸਮਾਧੀ ਵਿੱਚ ਚਲਾ ਜਾਂਦਾ ਹੈ। ਸੁੰਨ ਦੀ ਅਵਸਥਾ ਪ੍ਰਾਪਤ ਹੋਣੀ ਸ਼ੁਰੂ ਹੋ ਜਾਂਦੀ ਹੈ। ਮਨ ਅਤੇ ਹਿਰਦਾ ਪੂਰਨ ਸ਼ਾਂਤੀ ਵਿੱਚ ਚਲਾ ਜਾਂਦਾ ਹੈ। ਮਨ ਦੇ ਫੁਰਨੇ ਖਤਮ ਹੋ ਜਾਂਦੇ ਹਨ। ਮਨ ਵਿੱਚ ਕੋਈ ਵਿਕਲਪ ਨਹੀਂ ਰਹਿ ਜਾਂਦਾ ਹੈ। ਮਨ ਖ਼ਤਮ ਹੋ ਜਾਂਦਾ ਹੈ। ਮਨ ਪਰਮ ਜੋਤ ਵਿੱਚ ਬਦਲ ਜਾਂਦਾ ਹੈ। ਹਿਰਦੇ ਵਿੱਚ ਪੂਰਨ ਜੋਤ ਪ੍ਰਕਾਸ਼ ਪ੍ਰਗਟ ਹੋ ਜਾਂਦਾ ਹੈ। ਦੇਹੀ ਕੰਚਨ ਹੋ ਜਾਂਦੀ ਹੈ। ਭਾਵ ਦੇਹੀ ਵਿਕਾਰਾਂ ਤੋਂ ਰਹਿਤ ਹੋ ਜਾਂਦੀ ਹੈ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਮਨੁੱਖ ਦੇ ਵਸ ਵਿੱਚ ਆ ਜਾਂਦੇ ਹਨ। ਤ੍ਰਿਸ਼ਨਾ ਬੁਝ ਜਾਂਦੀ ਹੈ। ਹਿਰਦਾ ਸਤਿ ਸੰਤੋਖ਼ ਵਿੱਚ ਚਲਾ ਜਾਂਦਾ ਹੈ। ਰਾਜ, ਜੋਬਨ, ਧਨ, ਮਾਲ, ਸ਼ਬਦ, ਸਪਰਸ਼, ਨਿੰਦਿਆ, ਚੁਗਲੀ, ਬਖੀਲੀ ਅਤੇ ਹੋਰ ਸਾਰੇ ਵਿਕਾਰਾਂ ਦਾ ਅੰਤ ਹੋ ਜਾਂਦਾ ਹੈ। ਭਾਂਡਾ ਨਿਰਮਲ ਹੋ ਕੇ ਕੰਚਨ ਹੋ ਜਾਂਦਾ ਹੈ। ਭਾਂਡੇ ਦੇ ਸਾਰੇ ਵਿਕਾਰਾਂ ਰੂਪੀ ਛੇਕ ਖ਼ਤਮ ਹੋ ਜਾਂਦੇ ਹਨ। ਭਾਂਡੇ ਵਿੱਚ ਅੰਮ੍ਰਿਤ ਭਰਪੂਰ ਹੋ ਜਾਂਦਾ ਹੈ। ਭਾਂਡੇ ਵਿਚੋਂ ਅੰਮ੍ਰਿਤ ਛਲਕਣ ਲੱਗ ਜਾਂਦਾ ਹੈ। ਭਾਂਡੇ ਵਿਚੋਂ ਅੰਮ੍ਰਿਤ ਬਾਹਰ ਵਗਣਾ ਸ਼ੁਰੂ ਹੋ ਜਾਂਦਾ ਹੈ। ਭਾਵ ਮਨੁੱਖਾ ਦੇਹੀ ਵਿਚੋਂ ਅੰਮ੍ਰਿਤ ਬਾਹਰ ਡੁੱਲ੍ਹਣਾ ਸ਼ੁਰੂ ਹੋ ਜਾਂਦਾ ਹੈ। ਕੰਚਨ ਹੋਈ ਦੇਹੀ ਦੀ ਇਸ ਪਰਮ ਸ਼ਕਤੀਸ਼ਾਲੀ ਅਵਸਥਾ ਨੂੰ ਗੁਰਬਾਣੀ ਵਿੱਚ ਬਹੁਤ ਸਾਰੇ ਸਲੋਕਾਂ ਵਿੱਚ ਪ੍ਰਗਟ ਕੀਤਾ ਗਿਆ ਹੈ:
ਕੰਚਨ ਕਾਇਆ ਕਸੀਐ ਵੰਨੀ ਚੜੈ ਚੜਾਉ ॥
(ਪੰਨਾ ੧੪੬)
ਜਿਹ ਪ੍ਰਸਾਦਿ ਆਰੋਗ ਕੰਚਨ ਦੇਹੀ ॥ ਲਿਵ ਲਾਵਹੁ ਤਿਸੁ ਰਾਮ ਸਨੇਹੀ ॥
(ਪੰਨਾ ੨੭੦)
ਕੰਚਨ ਕਾਇਆ ਜੋਤਿ ਅਨੂਪੁ ॥
(ਪੰਨਾ ੪੧੩)
ਕੰਚਨ ਕਾਇਆ ਕੋਟ ਗੜ ਵਿਚਿ ਹਰਿ ਹਰਿ ਸਿਧਾ ॥
(ਪੰਨਾ ੪੪੯)
ਕੰਚਨ ਕਾਇਆ ਜੋਤੀ ਜੋਤਿ ਸਮਾਈ ॥੬॥
(ਪੰਨਾ ੮੩੨)
ਕਹੁ ਕਬੀਰ ਕੰਚਨੁ ਭਇਆ ਭ੍ਰਮੁ ਗਇਆ ਸਮੁਦ੍ਰੈ ਪਾਰਿ ॥
(ਪੰਨਾ ੧੧੦੩)
ਜਦ ਮਨੁੱਖ ਦੀ ਦੇਹੀ ਕੰਚਨ ਹੋ ਜਾਂਦੀ ਹੈ ਤਾਂ ਮਨੁੱਖ ਦੀ ਦੁਬਿਧਾ ਦਾ ਅੰਤ ਹੋ ਜਾਂਦਾ ਹੈ। ਸਾਰੇ ਭਰਮਾਂ ਦਾ ਨਾਸ ਹੋ ਜਾਂਦਾ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਕੰਚਨ ਹੋਈ ਦੇਹੀ ਵਿੱਚ ਹੀ ਪ੍ਰਗਟ ਹੁੰਦਾ ਹੈ। ਮਨੁੱਖ ਦੀ ਸੂਖਸ਼ਮ ਦੇਹੀ ਨਿਰੰਤਰ ਅੰਮ੍ਰਿਤ ਇਸ਼ਨਾਨ ਕਰਦੀ ਹੈ। ਸਾਰੇ ਪਾਸੇ ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਂਦਾ ਹੈ। ਪਰਮ ਜੋਤ ਪੂਰਨ ਪ੍ਰਕਾਸ਼ ਦੀ ਬਖ਼ਸ਼ਿਸ਼ ਕੰਚਨ ਹੋਈ ਦੇਹੀ ਨੂੰ ਹੀ ਪ੍ਰਾਪਤ ਹੁੰਦੀ ਹੈ। ਜਿਗਿਆਸੂ ਦੀ ਨਿਰੰਤਰ ਸਹਿਜ ਸਮਾਧੀ ਵੀ ਕੰਚਨ ਹੋਈ ਦੇਹੀ ਨੂੰ ਹੀ ਪ੍ਰਾਪਤ ਹੁੰਦੀ ਹੈ। ਸਾਰੇ ਮਾਨਸਿਕ ਰੋਗਾਂ ਤੋਂ ਮੁਕਤੀ ਕੰਚਨ ਦੇਹੀ ਬਣਨ ਤੇ ਹੀ ਮਿਲਦੀ ਹੈ। ਮਨੁੱਖ ਦੀ ਸੁਰਤਿ, ਮਤਿ ਅਤੇ ਬੁੱਧ ਉੱਤਮ ਅਵਸਥਾ ਵਿੱਚ ਪਹੁੰਚ ਜਾਂਦੀ ਹੈ ਅਤੇ ਦੇਵਤਿਆਂ ਵਾਲੀ ਅਤੇ ਸਿੱਧਾਂ ਵਾਲੀ ਅਵਸਥਾ ਬਣ ਜਾਂਦੀ ਹੈ। ਮਨੁੱਖ ਦੀ ਸੁਰਤ, ਮਤਿ ਅਤੇ ਬੁੱਧ ਪੂਰਨ ਗੁਰਮਤਿ ਵਿੱਚ ਚਲੀ ਜਾਂਦੀ ਹੈ।
ਇਹ ਬਹੁਤ ਹੀ ਉੱਚੀ ਰੂਹਾਨੀ ਅਵਸਥਾ ਹੈ। ਇਹ ਉਹ ਅਵਸਥਾ ਹੈ ਜਦ ਮਨੁੱਖ ਦੀ ਬੰਦਗੀ ਬਹੁਤ ਉੱਚੀ ਅਵਸਥਾ ਵਿੱਚ ਚਲੀ ਜਾਂਦੀ ਹੈ। ਪੰਜ ਦੂਤ ਅਤੇ ਤ੍ਰਿਸ਼ਨਾ ਤੁਹਾਡੇ ਕਾਬੂ ਵਿੱਚ ਆ ਜਾਂਦੇ ਹਨ। ਮਾਇਆ ਨਾਲ ਅਸਲ ਲੜਾਈ ਪੂਰੇ ਜ਼ੋਰਾਂ ਨਾਲ ਹੁੰਦੀ ਹੈ ਅਤੇ ਗੁਰਪ੍ਰਸਾਦਿ ਦੇ ਫਲਸਰੂਪ ਤੁਸੀਂ ਮਾਇਆ ਅਤੇ ਮਨ ‘ਤੇ ਜਿੱਤ ਪਾ ਲੈਂਦੇ ਹੋ। ਨਾਮ ਤੁਹਾਡੇ ਰੋਮ-ਰੋਮ ਵਿੱਚ ਚਲਾ ਜਾਂਦਾ ਹੈ। ਮਨੁੱਖ ਦਾ ਰੋਮ-ਰੋਮ ਭਾਵ ਦੇਹੀ ਦੀ ਹਰ ਇੱਕ ਕੋਸ਼ਿਕਾ ਨਾਮ ਦੇ ਨਾਲ ਧੜਕਣ ਲੱਗ ਪੈਂਦੀ ਹੈ। ਮਨੁੱਖ ਦੇ ਰੋਮ-ਰੋਮ ਵਿਚੋਂ ਇਲਾਹੀ ਪ੍ਰਕਾਸ਼ ਨਿਕਲਣ ਲੱਗ ਪੈਂਦਾ ਹੈ। ਮਨੁੱਖ ਦੇ ਨੇਤਰਾਂ ਵਿਚੋਂ ਵੀ ਪ੍ਰਕਾਸ਼ ਨਿਕਲਣ ਲੱਗ ਪੈਂਦਾ ਹੈ। ਤੁਹਾਡਾ ਦਸਮ ਦੁਆਰ ਖੁੱਲ੍ਹ ਜਾਂਦਾ ਹੈ ਅਤੇ ਅਕਾਲ ਪੁਰਖ ਨਾਲ ਤੁਹਾਡਾ ਸਿੱਧਾ ਸੰਪਰਕ ਕਾਇਮ ਹੋ ਜਾਂਦਾ ਹੈ। ਦਸਮ ਦੁਆਰ ਦੇ ਖੁੱਲ੍ਹਣ ਨਾਲ ਆਪਣੀ ਹੀ ਕੰਚਨ ਹੋਈ ਸੂਖਸ਼ਮ ਦੇਹੀ ਦੇ ਦਰਸ਼ਨ ਹੋ ਜਾਂਦੇ ਹਨ। ਦਸਮ ਦੁਆਰ ਦੇ ਖੁੱਲ੍ਹਣ ਨਾਲ ਮਨੁੱਖ ਨੂੰ ਅਨਹਦ ਸ਼ਬਦ ਅੰਮ੍ਰਿਤ ਦੀ ਪ੍ਰਾਪਤੀ ਹੋ ਜਾਂਦੀ ਹੈ। ਅਨਹਦ ਸ਼ਬਦ ਨਿਰੰਤਰ ਮਨੁੱਖ ਦੇ ਦਸਮ ਦੁਆਰ ਵਿੱਚ ਵੱਜਣ ਲੱਗ ਪੈਂਦਾ ਹੈ। ਅਨਹਦ ਸ਼ਬਦ ਜੋ ਮਨੁੱਖ ਦੇ ਦਸਮ ਦੁਆਰ ਵਿੱਚ ਵੱਜਦਾ ਹੈ ਉਹ ਹੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਧੁਨਾਤਮਕ ਨਾਮ ਅੰਮ੍ਰਿਤ ਹੈ। ਦਸਮ ਦੁਆਰ ਵਿੱਚ ਵੱਜਦੇ ਹੋਏ ਇਸ ਅਨਹਦ ਸ਼ਬਦ ਦੇ ਬਾਰੇ ਪਰਮ ਸਤਿ ਤੱਤ ਗੁਰਬਾਣੀ ਵਿੱਚ ਪ੍ਰਗਟ ਕੀਤਾ ਗਿਆ ਹੈ:
ਅਨਹਦ ਸਬਦੁ ਦਸਮ ਦੁਆਰਿ ਵਜਿਓ ਤਹ ਅੰਮ੍ਰਿਤ ਨਾਮੁ ਚੁਆਇਆ ਥਾ ॥੨॥
(ਪੰਨਾ ੧੦੦੨)
ਦਸਮ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ ॥
(ਪੰਨਾ ੯੭੪)
ਨਿਰੰਤਰ ਦਸਮ ਦੁਆਰ ਵਿੱਚ ਵੱਜਣ ਵਾਲਾ ਇਹ ਅਨਹਦ ਸ਼ਬਦ ਧੁਨਾਤਮਕ ਨਾਮ ਅੰਮ੍ਰਿਤ ਹੀ ਦਰਗਾਹੀ ਅਖੰਡ ਕੀਰਤਨ ਹੈ। ਅਨਹਦ ਤੋਂ ਭਾਵ ਹੈ ਜਿਸਦਾ ਕੋਈ ਹੱਦ ਬੰਨਾ ਨਹੀਂ ਹੈ। ਜੋ ਕਦੇ ਖ਼ਤਮ ਨਹੀਂ ਹੁੰਦਾ ਹੈ। ਜੋ ਬੇਅੰਤ ਹੈ ਅਤੇ ਨਿਰੰਤਰ ਵੱਜਦਾ ਹੈ। ਇਹ ਅਨਹਦ ਸ਼ਬਦ ਮਨੁੱਖ ਦੇ ਕੰਨਾਂ ਵਿੱਚ ਨਹੀਂ ਸੁਣਦਾ ਹੈ। ਇਹ ਅਨਹਦ ਸ਼ਬਦ ਬੇਅੰਤ ਸ਼ਕਤੀਸ਼ਾਲੀ ਹੈ ਅਤੇ ਇਹ ਮਨੁੱਖ ਦੇ ਕੇਵਲ ਦਸਮ ਦੁਆਰ ਵਿੱਚ ਹੀ ਵੱਜਦਾ ਅਤੇ ਸੁਣਦਾ ਹੈ। ਇਸ ਪਰਮ ਸ਼ਕਤੀਸ਼ਾਲੀ ਅਨਹਦ ਸ਼ਬਦ ਧੁਨਾਤਮਕ ਨਾਮ ਅੰਮ੍ਰਿਤ ਵਿੱਚ ਸਾਰੀ ਕੁਦਰਤ ਦਾ ਇਲਾਹੀ ਸੰਗੀਤ ਅਤੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਅੰਮ੍ਰਿਤ ਬਾਣੀ ਗੂੰਜਦੀ ਹੈ। ਜਦ ਇਹ ਅਨਹਦ ਸ਼ਬਦ ਪ੍ਰਗਟ ਹੁੰਦਾ ਹੈ ਤਾਂ ਇਸ ਦੇ ਸਨਮੁਖ ਸਾਰੇ ਸੰਗੀਤਾਂ ਦੀਆਂ ਧੁਨਾਂ ਫਿੱਕੀਆਂ ਪੈ ਜਾਂਦੀਆਂ ਹਨ। ਜਦ ਮਨੁੱਖ ਇਸ ਅਨਹਦ ਸ਼ਬਦ ਦੇ ਸੰਗੀਤ ਤੇ ਆਪਣਾ ਧਿਆਨ ਕੇਂਦਰਿਤ ਕਰਦਾ ਹੈ ਤਾਂ ਉਸ ਦਾ ਹਿਰਦਾ ਅਤੇ ਮਨ ਇੱਕ ਦਮ ਪੂਰਨ ਸ਼ਾਂਤੀ ਵਿੱਚ ਚਲਾ ਜਾਂਦਾ ਹੈ।
ਐਸੀ ਸੁੰਦਰ ਅਤੇ ਪਰਮ ਸ਼ਕਤੀਸ਼ਾਲੀ ਕਰਮ ਖੰਡ ਦੀ ਅਵਸਥਾ ਵਿੱਚ ਜੋ ਮਨੁੱਖ ਪਹੁੰਚ ਜਾਂਦੇ ਹਨ ਉਨ੍ਹਾਂ ਉੱਪਰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬੇਅੰਤ ਅਪਾਰ ਕਿਰਪਾ ਬਰਸਦੀ ਹੈ। ਉਨ੍ਹਾਂ ਦੀ ਸੁਰਤਿ, ਮਤਿ, ਮਨ, ਬੁੱਧ ਬਹੁਤ ਰੂਹਾਨੀ ਉਚਾਈਆਂ ਤੇ ਚਲੀਆਂ ਜਾਂਦੀਆਂ ਹਨ। ਐਸੀ ਪਰਮ ਸ਼ਕਤੀਸ਼ਾਲੀ ਅਵਸਥਾ ਵਿੱਚ ਜੋ ਜਿਗਿਆਸੂ ਪਹੁੰਚ ਜਾਂਦੇ ਹਨ ਉਨ੍ਹਾਂ ਦੀ ਅਵਸਥਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ ਹੈ। ਇਹ ਗੁਰ ਪ੍ਰਸਾਦੀ ਕਥਾ ਐਸੇ ਮਹਾ ਪੁਰਖਾਂ ਦੀ ਇਸ ਪਰਮ ਸ਼ਕਤੀਸ਼ਾਲੀ ਅਵਸਥਾ ਦੀ ਕੇਵਲ ਇੱਕ ਝਲਕ ਮਾਤਰ ਹੀ ਹੈ। ਜੋ ਮਨੁੱਖ ਇਹ ਦਾਅਵਾ ਕਰਦੇ ਹਨ ਕਿ ਉਹ ਇਸ ਪਰਮ ਸ਼ਕਤੀਸ਼ਾਲੀ ਅਵਸਥਾ ਦਾ ਵਰਣਨ ਕਰ ਸਕਦੇ ਹਨ ਉਹ ਕੇਵਲ ਆਪਣੇ ਅਹੰਕਾਰ ਵੱਸ ਹੋ ਕੇ ਐਸਾ ਕਰਦੇ ਹਨ। ਜਿਸ ਕਾਰਨ ਉਨ੍ਹਾਂ ਨੂੰ ਪਸ਼ਚਾਤਾਪ ਕਰਨਾ ਪੈਂਦਾ ਹੈ। ਜੋ ਮਨੁੱਖ ਐਸੀ ਅਵਸਥਾ ਵਿੱਚ ਪਹੁੰਚ ਜਾਂਦੇ ਹਨ ਉਨ੍ਹਾਂ ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਬੇਅੰਤ ਪਰਮ ਸ਼ਕਤੀਆਂ ਦਾ ਅਨੁਭਵ ਹੋ ਜਾਂਦਾ ਹੈ ਇਸ ਲਈ ਉਹ ਆਪਣੇ ਆਪ ਨੂੰ ਮਹਾ ਕੰਗਾਲ ਕਹਿਣ ਲੱਗ ਜਾਂਦੇ ਹਨ। ਉਹ ਇਹ ਕਹਿਣ ਲੱਗ ਜਾਂਦੇ ਹਨ ਕਿ ਉਨ੍ਹਾਂ ਨੂੰ ਕੋਈ ਗਿਆਨ ਨਹੀਂ ਹੈ। ਇਹ ਸਭ ਕੁਝ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਹੀ ਮਹਿਮਾ ਹੈ। ਉਹ ਇਲਾਹੀ ਇਸ਼ਕ ਵਿੱਚ ਆਪਣੇ ਆਪ ਨੂੰ ਮਿਟਾ ਦਿੰਦੇ ਹਨ। ਉਹ ਆਪਣੀ ਹਸਤੀ ਨੂੰ ਮਿਟਾ ਕੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਅਭੇਦ ਹੋ ਜਾਂਦੇ ਹਨ।
ਕਰਮ ਖੰਡ ਵਿੱਚ ਜਿਗਿਆਸੂ ਉੱਪਰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬੇਅੰਤ ਅਪਾਰ ਕਿਰਪਾ ਅਤੇ ਗੁਰ ਪ੍ਰਸਾਦਿ ਦੀ ਪਰਮ ਸ਼ਕਤੀ ਵਰਤਦੀ ਹੈ। ਕਰਮ ਖੰਡ ਵਿੱਚ ਮਨੁੱਖ ਦੀ ਬੰਦਗੀ ਦਰਗਾਹ ਵਿੱਚ ਗਿਣੀ ਜਾਂਦੀ ਹੈ। ਇੜਾ, ਪਿੰਗਲਾ ਅਤੇ ਸੁਖਮਨਾ ਨਾੜੀਆਂ ਪ੍ਰਕਾਸ਼ਮਾਨ ਹੋ ਜਾਂਦੀਆਂ ਹਨ ਅਤੇ ਤ੍ਰਿਕੁਟੀ ਵਿੱਚ ਏਕ ਬੂੰਦ ਅੰਮ੍ਰਿਤ ਦੀ ਪ੍ਰਾਪਤੀ ਹੋਣ ਦੇ ਨਾਲ ਹੀ ਸਮਾਧੀ ਲੱਗ ਜਾਂਦੀ ਹੈ। ਏਕ ਬੂੰਦ ਅੰਮ੍ਰਿਤ ਦੀ ਮਹਿਮਾ ਗੁਰਬਾਣੀ ਵਿੱਚ ਪ੍ਰਗਟ ਕੀਤੀ ਗਈ ਹੈ।
ਏਕ ਬੂੰਦ ਗੁਰਿ ਅੰਮ੍ਰਿਤੁ ਦੀਨੋ ਤਾ ਅਟਲੁ ਅਮਰੁ ਨ ਮੁਆ ॥
ਭਗਤਿ ਭੰਡਾਰ ਗੁਰਿ ਨਾਨਕ ਕਉ ਸਉਪੇ ਫਿਰਿ ਲੇਖਾ ਮੂਲਿ ਨ ਲਇਆ ॥੪॥੩॥੧੪॥
(ਪੰਨਾ ੬੧੨)
ਏਕ ਬੂੰਦ ਅੰਮ੍ਰਿਤ ਦੀ ਪ੍ਰਾਪਤੀ ਹੀ ਗੁਰ ਪ੍ਰਸਾਦਿ ਦੀ ਪ੍ਰਾਪਤੀ ਦੀ ਨਿਸ਼ਾਨੀ ਹੈ। ਏਕ ਬੂੰਦ ਅੰਮ੍ਰਿਤ ਦੀ ਪ੍ਰਾਪਤੀ ਦੇ ਨਾਲ ਹੀ ਅਜਪਾ ਜਾਪ ਸ਼ੁਰੂ ਹੁੰਦਾ ਹੈ। ਏਕ ਬੂੰਦ ਅੰਮ੍ਰਿਤ ਦੀ ਪ੍ਰਾਪਤੀ ਦੇ ਨਾਲ ਹੀ ਮਨੁੱਖ ਦੀ ਸਮਾਧੀ ਲੱਗ ਜਾਂਦੀ ਹੈ। ਏਕ ਬੂੰਦ ਅੰਮ੍ਰਿਤ ਦੀ ਪ੍ਰਾਪਤੀ ਦੇ ਨਾਲ ਹੀ ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ ਅਤੇ ਪੂਰਨ ਬੰਦਗੀ ਦੇ ਗੁਰ ਪ੍ਰਸਾਦਿ ਦੀ ਪ੍ਰਾਪਤੀ ਹੋ ਜਾਂਦੀ ਹੈ। ਏਕ ਬੂੰਦ ਅੰਮ੍ਰਿਤ ਦੀ ਪ੍ਰਾਪਤੀ ਦੇ ਨਾਲ ਹੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਸੁਹਾਗ ਦੀ ਪ੍ਰਾਪਤੀ ਹੋ ਜਾਂਦੀ ਹੈ। ਏਕ ਬੂੰਦ ਅੰਮ੍ਰਿਤ ਦੀ ਪ੍ਰਾਪਤੀ ਦੇ ਨਾਲ ਹੀ ਸਤਿਨਾਮ ਸਿਮਰਨ ਦੇ ਲੰਬੇ ਸਮੇਂ ਲਈ ਅਭਿਆਸ ਦੀ ਪ੍ਰਾਪਤੀ ਹੁੰਦੀ ਹੈ ਅਤੇ ਸਿਮਰਨ ਅਭਿਆਸ ਵਿੱਚ ਜਿਗਿਆਸੂ ਨੂੰ ਬੇਅੰਤ ਆਨੰਦ ਪ੍ਰਾਪਤ ਹੋਣਾ ਸ਼ੁਰੂ ਹੋ ਜਾਂਦਾ ਹੈ। ਸਿਮਰਨ ਦੇ ਲੰਬੇ ਸਮੇਂ ਦੇ ਅਭਿਆਸ ਨਾਲ ਮਨ ਸ਼ਾਂਤ ਹੋ ਜਾਂਦਾ ਹੈ ਅਤੇ ਸੁੰਨ ਸਮਾਧੀ ਦੀ ਪ੍ਰਾਪਤੀ ਹੋ ਜਾਂਦੀ ਹੈ।
ਸੁੰਨ ਸਮਾਧੀ ਵਿੱਚ ਬੈਠ ਕੇ ਕੀਤੇ ਸਤਿਨਾਮ ਅਭਿਆਸ ਨਾਲ ਮਨੁੱਖ ਦਾ ਮਨ ਚਿੰਦਿਆ ਜਾਂਦਾ ਹੈ। ਸੁੰਨ ਸਮਾਧੀ ਵਿੱਚ ਬੈਠ ਕੇ ਕੀਤੇ ਨਾਮ ਅਭਿਆਸ ਨਾਲ ਮਨੁੱਖ ਦਾ ਮਨ ਜੋਤ ਸਰੂਪ ਹੋ ਜਾਂਦਾ ਹੈ। ਸੁੰਨ ਸਮਾਧੀ ਵਿੱਚ ਬੈਠ ਕੇ ਕੀਤੇ ਸਤਿਨਾਮ ਅਭਿਆਸ ਨਾਲ ਸੂਖਸ਼ਮ ਦੇਹੀ ਕੰਚਨ ਹੋ ਜਾਂਦੀ ਹੈ। ਸੁੰਨ ਸਮਾਧੀ ਵਿੱਚ ਬੈਠ ਕੇ ਕੀਤੇ ਸਤਿਨਾਮ ਅਭਿਆਸ ਨਾਲ ਪੰਜ ਦੂਤ ਵੱਸ ਵਿੱਚ ਆ ਜਾਂਦੇ ਹਨ। ਸੁੰਨ ਸਮਾਧੀ ਵਿੱਚ ਬੈਠ ਕੇ ਕੀਤੇ ਸਤਿਨਾਮ ਅਭਿਆਸ ਨਾਲ ਤ੍ਰਿਸ਼ਨਾ ਬੁੱਝ ਜਾਂਦੀ ਹੈ। ਸੁੰਨ ਸਮਾਧੀ ਵਿੱਚ ਬੈਠ ਕੇ ਕੀਤੇ ਸਤਿਨਾਮ ਅਭਿਆਸ ਨਾਲ ਮਨੁੱਖ ਤ੍ਰਿਹ ਗੁਣ ਮਾਇਆ ਨੂੰ ਜਿੱਤ ਲੈਂਦਾ ਹੈ। ਸੁੰਨ ਸਮਾਧੀ ਵਿੱਚ ਬੈਠ ਕੇ ਕੀਤੇ ਸਤਿਨਾਮ ਅਭਿਆਸ ਨਾਲ ਹੀ ਮਾਇਆ ਦੀ ਗੁਲਾਮੀ ਦਾ ਅੰਤ ਹੋ ਜਾਂਦਾ ਹੈ ਅਤੇ ਮਾਇਆ ਮਨੁੱਖ ਦੀ ਸੇਵਕ ਬਣ ਜਾਂਦੀ ਹੈ। ਸੁੰਨ ਸਮਾਧੀ ਵਿੱਚ ਬੈਠ ਕੇ ਕੀਤੇ ਸਤਿਨਾਮ ਅਭਿਆਸ ਨਾਲ ਹਿਰਦਾ ਪੂਰਨ ਸਚਿਆਰੀ ਰਹਿਤ ਵਿੱਚ ਚਲਾ ਜਾਂਦਾ ਹੈ। ਸੁੰਨ ਸਮਾਧੀ ਵਿੱਚ ਬੈਠ ਕੇ ਕੀਤੇ ਸਤਿਨਾਮ ਅਭਿਆਸ ਨਾਲ ਮਨੁੱਖ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਜਾ ਕੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਅਭੇਦ ਹੋ ਜਾਂਦਾ ਹੈ ਕਿਉਂਕਿ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਵਾਸ ਸੁੰਨ ਮੰਡਲ ਵਿੱਚ ਹੀ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸਭ ਤੋਂ ਉੱਤਮ ਅਤੇ ਪਰਮ ਸ਼ਕਤੀਸ਼ਾਲੀ ਕਲਾ ਸੁੰਨ ਕਲਾ ਹੈ। (ਸੁੰਨ ਕਲਾ ਦੀ ਗੁਰ ਪ੍ਰਸਾਦੀ ਕਥਾ ਜਪ ਜੀ ਸਾਹਿਬ ਪਉੜੀ ੫ ਦੀ ਗੁਰਪ੍ਰਸਾਦੀ ਕਥਾ ਵਿੱਚ ਪ੍ਰਸਤੁਤ ਕੀਤੀ ਗਈ ਹੈ। ਜੋ ਜਿਗਿਆਸੂ ਸੁੰਨ ਕਲਾ ਦੀ ਮਹਿਮਾ ਨੂੰ ਹੋਰ ਡੂੰਘਾਈ ਵਿੱਚ ਜਾਣਨਾ ਚਾਹੁੰਦੇ ਹਨ ਉਹ ਪਉੜੀ ੫ ਦੀ ਗੁਰ ਪ੍ਰਸਾਦੀ ਕਥਾ ਦਾ ਦੁਬਾਰਾ ਅਧਿਐਨ ਕਰਨ।) ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਸਾਰੀ ਸ੍ਰਿਸ਼ਟੀ ਦੀ ਰਚਨਾ ਸੁੰਨ ਕਲਾ ਨਾਲ ਹੀ ਕੀਤੀ ਹੈ। ਜੋ ਮਨੁੱਖ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਅਭੇਦ ਹੋ ਜਾਂਦੇ ਹਨ ਉਹ ਮਹਾ ਪੁਰਖਾਂ ਦਾ ਵਾਸਾ ਵੀ ਸੁੰਨ ਮੰਡਲ ਵਿੱਚ ਹੀ ਸਥਾਪਿਤ ਹੋ ਜਾਂਦਾ ਹੈ। ਸੁੰਨ ਸਮਾਧੀ ਦੀ ਮਹਿਮਾ ਬੇਅੰਤ ਹੈ ਅਤੇ ਗੁਰਬਾਣੀ ਦੇ ਬਹੁਤ ਸਾਰੇ ਸਲੋਕਾਂ ਵਿੱਚ ਸੁੰਨ ਮੰਡਲ, ਸੁੰਨ ਕਲਾ ਅਤੇ ਸੁੰਨ ਸਮਾਧੀ ਦੀ ਮਹਿਮਾ ਪ੍ਰਗਟ ਕੀਤੀ ਗਈ ਹੈ:
ਓਤਿ ਪੋਤਿ ਜਨ ਹਰਿ ਰਸਿ ਰਾਤੇ ॥ ਸੁੰਨ ਸਮਾਧਿ ਨਾਮ ਰਸ ਮਾਤੇ ॥
(ਪੰਨਾ ੨੬੫)
ਸੁੰਨ ਸਮਾਧਿ ਅਨਹਤ ਤਹ ਨਾਦ ॥
(ਪੰਨਾ ੨੯੩)
ਸਲੋਕੁ ॥ ਸਰਗੁਨ ਨਿਰਗੁਨ ਨਿਰੰਕਾਰ ਸੁੰਨ ਸਮਾਧੀ ਆਪਿ ॥ ਆਪਨ ਕੀਆ ਨਾਨਕਾ ਆਪੇ ਹੀ ਫਿਰਿ ਜਾਪਿ ॥੧॥
(ਪੰਨਾ ੨੯੦)
ਅਨਦਿਨੁ ਰਾਤਾ ਮਨੁ ਬੈਰਾਗੀ ਸੁੰਨ ਮੰਡਲਿ ਘਰੁ ਪਾਇਆ ॥
(ਪੰਨਾ ੪੨੬)
ਸੁੰਨ ਮੰਡਲ ਇਕੁ ਜੋਗੀ ਬੈਸੇ ॥
(ਪੰਨਾ ੬੮੫)
ਸੁੰਨ ਸਮਾਧਿ ਮਹਾ ਪਰਮਾਰਥੁ ਤੀਨਿ ਭਵਣ ਪਤਿ ਨਾਮੰ ॥
(ਪੰਨਾ ੬੩੪)
ਨਾਮਾ ਕਹੈ ਚਿਤੁ ਹਰਿ ਸਿਉ ਰਾਤਾ ਸੁੰਨ ਸਮਾਧਿ ਸਮਾਉਗੋ ॥੪॥੨॥
(ਪੰਨਾ ੯੭੨-੯੭੩)
ਕਹੁ ਕਬੀਰ ਜੋ ਨਾਮਿ ਸਮਾਨੇ ਸੁੰਨ ਰਹਿਆ ਲਿਵ ਸੋਈ ॥੪॥੪॥
(ਪੰਨਾ ੧੧੦੩)
ਸੁੰਨ ਸਮਾਧੀ ਵਿੱਚ ਬੈਠ ਕੇ ਕੀਤੇ ਨਾਮ ਅਭਿਆਸ ਨਾਲ ਸਾਰੇ ਸਤਿ ਸਰੋਵਰ ਪ੍ਰਕਾਸ਼ਮਾਨ ਹੋ ਜਾਂਦੇ ਹਨ। ਸੁੰਨ ਸਮਾਧੀ ਵਿੱਚ ਬੈਠ ਕੇ ਕੀਤੇ ਸਤਿਨਾਮ ਅਭਿਆਸ ਨਾਲ ਸਾਰੇ ਬੱਜਰ ਕਪਾਟ ਖੁੱਲ੍ਹ ਜਾਂਦੇ ਹਨ। ਸੁੰਨ ਸਮਾਧੀ ਵਿੱਚ ਬੈਠ ਕੇ ਕੀਤੇ ਸਤਿਨਾਮ ਅਭਿਆਸ ਨਾਲ ਸਾਰੀ ਦੇਹੀ ਵਿਚ, ਰੋਮ-ਰੋਮ ਵਿੱਚ ਸਤਿਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ। ਸੁੰਨ ਸਮਾਧੀ ਵਿੱਚ ਬੈਠ ਕੇ ਕੀਤੇ ਸਤਿਨਾਮ ਅਭਿਆਸ ਨਾਲ ਦਸਮ ਦੁਆਰ ਖੁੱਲ੍ਹ ਜਾਂਦਾ ਹੈ। ਸੁੰਨ ਸਮਾਧੀ ਵਿੱਚ ਬੈਠ ਕੇ ਕੀਤੇ ਸਤਿਨਾਮ ਅਭਿਆਸ ਨਾਲ ਅਨਹਦ ਸ਼ਬਦ ਅੰਮ੍ਰਿਤ ਦੀ ਪ੍ਰਾਪਤੀ ਹੋ ਜਾਂਦੀ ਹੈ। ਸੁੰਨ ਸਮਾਧੀ ਵਿੱਚ ਬੈਠ ਕੇ ਕੀਤੇ ਸਤਿਨਾਮ ਅਭਿਆਸ ਨਾਲ ਨਿਰਗੁਣ ਸਰਗੁਣ ਇੱਕ ਹੋ ਜਾਂਦਾ ਹੈ ਭਾਵ ਸਰਗੁਣ ਵਿੱਚ ਨਿਰਗੁਣ ਦੇ ਦਰਸ਼ਨ ਹੋ ਜਾਂਦੇ ਹਨ। ਜਿਵੇਂ ਕਿ ਮਨੁੱਖ ਦੀ ਦੇਹੀ ਸਰਗੁਣ ਹੈ ਅਤੇ ਪਰਮ ਜੋਤ ਪੂਰਨ ਪ੍ਰਕਾਸ਼ ਨਿਰਗੁਣ ਸਰੂਪ ਹੈ। ਜਿਨ੍ਹਾਂ ਮਨੁੱਖਾਂ ਦਾ ਨਿਰਗੁਣ ਸਰਗੁਣ ਇੱਕ ਹੋ ਜਾਂਦਾ ਹੈ ਉਨ੍ਹਾਂ ਨੂੰ ਆਪਣੀ ਦੇਹੀ ਵਿੱਚ ਹੀ ਨਿਰਗੁਣ ਸਰੂਪ ਦੇ ਦਰਸ਼ਨ ਹੋ ਜਾਂਦੇ ਹਨ। ਭਾਵ ਸਰਗੁਣ ਦੇਹੀ ਦੇ ਪ੍ਰਕਾਸ਼ ਰੂਪ ਦੇ ਦਰਸ਼ਨ ਹੋ ਜਾਂਦੇ ਹਨ। ਮਨੁੱਖ ਨੂੰ ਸਾਰੇ ਰੂਹਾਨੀ ਅਨੁਭਵ ਵੀ ਸੁੰਨ ਸਮਾਧੀ ਵਿੱਚ ਹੀ ਹੁੰਦੇ ਹਨ। ਮਨੁੱਖ ਦੀ ਬੰਦਗੀ ਸੁੰਨ ਸਮਾਧੀ ਵਿੱਚ ਹੀ ਦਰਗਾਹ ਵਿੱਚ ਪ੍ਰਵਾਨ ਚੜ੍ਹਦੀ ਹੈ ਅਤੇ ਪੂਰਨ ਹੁੰਦੀ ਹੈ। ਮਨੁੱਖ ਨੂੰ ਅਕਾਲ ਪੁਰਖ ਦੇ ਦਰਸ਼ਨ ਵੀ ਸੁੰਨ ਸਮਾਧੀ ਵਿੱਚ ਹੀ ਹੁੰਦੇ ਹਨ। ਮਨੁੱਖ ਨੂੰ ਪੂਰਨ ਬ੍ਰਹਮ ਗਿਆਨ ਅਤੇ ਤੱਤ ਗਿਆਨ ਦੀ ਪ੍ਰਾਪਤੀ ਵੀ ਸੁੰਨ ਸਮਾਧੀ ਵਿੱਚ ਹੀ ਹੁੰਦੀ ਹੈ। ਮਨੁੱਖ ਨੂੰ ਆਤਮ ਰਸ ਅੰਮ੍ਰਿਤ ਦੀ ਪ੍ਰਾਪਤੀ ਵੀ ਸੁੰਨ ਸਮਾਧੀ ਵਿੱਚ ਹੀ ਹੁੰਦੀ ਹੈ। ਮਨੁੱਖ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਅਭੇਦ ਵੀ ਸੁੰਨ ਸਮਾਧੀ ਵਿੱਚ ਹੀ ਹੁੰਦਾ ਹੈ। ਮਨੁੱਖ ਨੂੰ ਅਟੱਲ ਅਵਸਥਾ ਅਤੇ ਪਰਮ ਪਦਵੀ ਦੀ ਪ੍ਰਾਪਤੀ ਵੀ ਸੁੰਨ ਸਮਾਧੀ ਵਿੱਚ ਹੀ ਹੁੰਦੀ ਹੈ। ਜੀਵਨ ਮੁਕਤੀ ਵੀ ਸੁੰਨ ਸਮਾਧੀ ਵਿੱਚ ਹੀ ਪ੍ਰਾਪਤ ਹੁੰਦੀ ਹੈ। ਸੁੰਨ ਸਮਾਧੀ ਵਿੱਚ ਹੀ ਮਨੁੱਖ ਦੀਆਂ ਪੰਜੇ ਗਿਆਨ ਇੰਦਰੀਆਂ ਅਤੇ ਪੰਜੇ ਕਰਮ ਇੰਦਰੀਆਂ ਵੀ ਪੂਰਨ ਹੁਕਮ ਵਿੱਚ ਜਾਂਦੀਆਂ ਹਨ। ਸੁੰਨ ਸਮਾਧੀ ਵਿੱਚ ਹੀ ਰਿੱਧੀਆਂ ਸਿੱਧੀਆਂ ਮਨੁੱਖ ਦੇ ਚਰਨਾਂ ਹੇਠ ਆ ਜਾਂਦੀਆਂ ਹਨ ਅਤੇ ਫਿਰ ਉਸਦੀ ਸੇਵਾ ਕਰਦੀਆਂ ਹਨ। ਸੁੰਨ ਸਮਾਧੀ ਵਿੱਚ ਹੀ ਮਨੁੱਖ ਨੂੰ ਅੰਮ੍ਰਿਤ ਦੀ ਦਾਤ ਵੰਡਣ ਦਾ ਗੁਰ ਪ੍ਰਸਾਦਿ ਪ੍ਰਾਪਤ ਹੁੰਦਾ ਹੈ ਅਤੇ ਮਹਾ ਪਰਉਪਕਾਰ ਦੀ ਸੇਵਾ ਮਿਲਦੀ ਹੈ। ਸੁੰਨ ਸਮਾਧੀ ਵਿਚੋਂ ਹੀ ਪੂਰਨ ਬ੍ਰਹਮ ਗਿਆਨੀ ਦਾ, ਪੂਰਨ ਸੰਤ ਦਾ ਅਤੇ ਸਤਿਗੁਰੂ ਦਾ ਜਨਮ ਹੁੰਦਾ ਹੈ। ਇਸੇ ਕਰਕੇ ਸੁੰਨ ਸਮਾਧੀ ਨੂੰ ਗੁਰਬਾਣੀ ਵਿੱਚ ਮਹਾ ਪਰਮਾਰਥ ਕਿਹਾ ਗਿਆ ਹੈ। ਸੁੰਨ ਵਿੱਚ ਰੱਤੇ ਹੋਏ ਮਨ ਅਤੇ ਹਿਰਦੇ ਦੇ ਸਨਮੁਖ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਵੀ ਝੁਕਣਾ ਪੈਂਦਾ ਹੈ ਅਤੇ ਐਸੇ ਹਿਰਦੇ ਵਿੱਚ ਪ੍ਰਗਟ ਹੋਣਾ ਪੈਂਦਾ ਹੈ। ਸਮਾਧੀ ਅਤੇ ਸੁੰਨ ਸਮਾਧੀ ਦੀ ਅਵਸਥਾ ਹੀ ‘ਲਿਵ’ ਲੱਗਣ ਦੀ ਅਵਸਥਾ ਹੈ।
ਜਦ ਜਿਗਿਆਸੂ ਨੂੰ ਕਰਮ ਖੰਡ ਵਿੱਚ ਬੰਦਗੀ ਕਰਦੇ ਹੋਏ ਐਸੀ ਪਰਮ ਸ਼ਕਤੀਸ਼ਾਲੀ ਅਵਸਥਾ ਦੀ ਪ੍ਰਾਪਤੀ ਹੋ ਜਾਂਦੀ ਹੈ ਤਾਂ ਉਸਦੀ ਬਾਣੀ ਵਿੱਚ ਕ੍ਰਾਂਤੀ ਆ ਜਾਂਦੀ ਹੈ। ਉਸਦੇ ਬੋਲੇ ਸ਼ਬਦਾਂ ਵਿੱਚ ਪਰਮ ਸ਼ਕਤੀ ਵਰਤਦੀ ਹੈ। ਉਸਦੇ ਬਚਨ ਪੂਰਨ ਸਤਿ ਹੋ ਜਾਂਦੇ ਹਨ। ਉਸਦੇ ਕੀਤੇ ਬਚਨਾਂ ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਸ਼ਕਤੀਆਂ ਸਤਿ ਸਿੱਧ ਕਰ ਦਿੰਦੀਆਂ ਹਨ। ਜੋ ਐਸੇ ਮਹਾ ਪੁਰਖ ਬਚਨ ਕਰਦੇ ਹਨ ਉਹ ਬਚਨ ਵਾਪਰ ਜਾਂਦੇ ਹਨ। ਐਸੇ ਮਹਾ ਪੁਰਖਾਂ ਨੂੰ ਗੁਰਬਾਣੀ ਵਿੱਚ ਸੂਰਬੀਰ, ਬਲੀ ਅਤੇ ਮਹਾਬਲੀ ਕਿਹਾ ਗਿਆ ਹੈ:
ਸੂਰਬੀਰ ਬਚਨ ਕੇ ਬਲੀ ॥ ਕਉਲਾ ਬਪੁਰੀ ਸੰਤੀ ਛਲੀ ॥੩॥
(ਪੰਨਾ ੩੯੨)
ਜਿਨਿ ਮਿਲਿ ਮਾਰੇ ਪੰਚ ਸੂਰਬੀਰ ਐਸੋ ਕਉਨੁ ਬਲੀ ਰੇ ॥
ਜਿਨਿ ਪੰਚ ਮਾਰਿ ਬਿਦਾਰਿ ਗੁਦਾਰੇ ਸੋ ਪੂਰਾ ਇਹ ਕਲੀ ਰੇ ॥੧॥
(ਪੰਨਾ ੪੦੪)
ਪੰਜੇ ਬਧੇ ਮਹਾਬਲੀ ਕਰਿ ਸਚਾ ਢੋਆ ॥
(ਪੰਨਾ ੧੧੯੩)
ਬੰਦਗੀ ਮਾਇਆ ਦੇ ਨਾਲ ਜੰਗ ਹੈ। ਬੰਦਗੀ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਪੰਜ ਦੂਤਾਂ ਨੂੰ ਜਿੱਤਣ ਦਾ ਗੁਰ ਪ੍ਰਸਾਦੀ ਖੇਲ ਹੈ। ਬੰਦਗੀ ਤ੍ਰਿਸ਼ਨਾ ਉੱਪਰ ਜਿੱਤ ਪ੍ਰਾਪਤ ਕਰਨ ਦਾ ਗੁਰ ਪ੍ਰਸਾਦੀ ਖੇਲ ਹੈ। ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਨੂੰ ਹਰਾਉਣਾ ਅਤੇ ਤ੍ਰਿਸ਼ਨਾ ਨੂੰ ਖ਼ਤਮ ਕਰਨਾ ਬਹੁਤ ਕਠਿਨ ਕੰਮ ਹੈ। ਪੰਜ ਦੂਤਾਂ ਨਾਲ ਲੜਨਾ ਅਤੇ ਉਨ੍ਹਾਂ ਉੱਪਰ ਕਾਬੂ ਪਾ ਕੇ ਉਨ੍ਹਾਂ ਨੂੰ ਸਦਾ ਸਦਾ ਲਈ ਵੱਸ ਵਿੱਚ ਕਰਨਾ ਬਹੁਤ ਕਠਿਨ ਖੇਲ ਹੈ। ਆਪਣੇ ਮਨ ਉੱਪਰ ਜਿੱਤ ਪ੍ਰਾਪਤ ਕਰਨਾ ਬਹੁਤ ਕਠਿਨ ਕੰਮ ਹੈ। ਮਨ ਨੂੰ ਸ਼ਾਂਤ ਕਰਨਾ, ਵਿਕਲਪ ਰਹਿਤ ਕਰਨਾ, ਮਨ ਦੇ ਫੁਰਨਿਆਂ ਦਾ ਅੰਤ ਕਰਨਾ ਬਹੁਤ ਕਠਿਨ ਕੰਮ ਹੈ। ਮਨ ਅਤੇ ਹਿਰਦੇ ਨੂੰ ਸਾਰੇ ਵਿਕਾਰਾਂ ਤੋਂ ਰਹਿਤ ਕਰਕੇ ਪੂਰਨ ਸਚਿਆਰੀ ਰਹਿਤ ਦੀ ਕਮਾਈ ਕਰਨਾ ਬਹੁਤ ਕਠਿਨ ਕੰਮ ਹੈ। ਤ੍ਰਿਹ ਗੁਣ ਮਾਇਆ ਨੂੰ ਆਪਣੀ ਸੇਵਕ ਬਣਾ ਲੈਣਾ ਬਹੁਤ ਕਠਿਨ ਕੰਮ ਹੈ। ਇਸ ਲਈ ਜੋ ਮਨੁੱਖ ਮਾਇਆ ਦੇ ਖ਼ਿਲਾਫ ਇਹ ਜੰਗ ਜਿੱਤ ਜਾਂਦੇ ਹਨ ਉਨ੍ਹਾਂ ਨੂੰ ਗੁਰਬਾਣੀ ਵਿੱਚ ਬਲੀ, ਮਹਾਬਲੀ ਅਤੇ ਸੂਰਬੀਰ ਕਹਿ ਕੇ ਪੁਕਾਰਿਆ ਗਿਆ ਹੈ। ਪੰਜ ਦੂਤ ਐਸੇ ਸੰਤ ਮਹਾ ਪੁਰਖਾਂ ਦੇ ਵੱਸ ਵਿੱਚ ਆ ਜਾਂਦੇ ਹਨ। ਐਸੇ ਸੰਤ ਮਹਾ ਪੁਰਖਾਂ ਦੀ ਤ੍ਰਿਸ਼ਨਾ ਬੁੱਝ ਜਾਂਦੀ ਹੈ ਅਤੇ ਉਨ੍ਹਾਂ ਦਾ ਹਿਰਦਾ ਸਤਿ ਸੰਤੋਖ ਵਿੱਚ ਚਲਾ ਜਾਂਦਾ ਹੈ। ਐਸੇ ਮਹਾ ਪੁਰਖਾਂ ਦੀ ਮਾਇਆ ਸੇਵਕ ਬਣ ਜਾਂਦੀ ਹੈ ਅਤੇ ਉਹ ਸਤਿ ਵਿੱਚ ਸਮਾ ਕੇ ਸਤਿ ਰੂਪ ਹੋ ਜਾਂਦੇ ਹਨ। ਸਤਿ ਰੂਪ ਹੋਏ ਮਹਾ ਪੁਰਖਾਂ ਦੇ ਬਚਨਾਂ ਵਿੱਚ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਕਿਰਪਾ ਵਾਪਰਦੀ ਹੈ। ਐਸੇ ਮਹਾ ਪੁਰਖਾਂ ਦੇ ਬਚਨ ਦਰਗਾਹੀ ਹੁਕਮ ਹੁੰਦੇ ਹਨ। ਇਸ ਪਰਮ ਸਤਿ ਤੱਤ ਨੂੰ ਗੁਰਬਾਣੀ ਵਿੱਚ ਪ੍ਰਗਟ ਕੀਤਾ ਗਿਆ ਹੈ:
ਜਾ ਕਾ ਕਹਿਆ ਦਰਗਹ ਚਲੈ ॥ ਸੋ ਕਿਸ ਕਉ ਨਦਰਿ ਲੈ ਆਵੈ ਤਲੈ ॥੩॥
(ਪੰਨਾ ੧੮੬)
ਮੇਰੀ ਬਾਂਧੀ ਭਗਤੁ ਛਡਾਵੈ ਬਾਂਧੈ ਭਗਤੁ ਨ ਛੂਟੈ ਮੋਹਿ ॥
ਏਕ ਸਮੈ ਮੋ ਕਉ ਗਹਿ ਬਾਂਧੈ ਤਉ ਫੁਨਿ ਮੋ ਪੈ ਜਬਾਬੁ ਨ ਹੋਇ ॥੧॥
(ਪੰਨਾ ੧੨੫੨)
ਐਸੇ ਮਹਾਬਲੀ ਸੂਰਬੀਰ ਮਹਾ ਪੁਰਖ ਜੋ ਪੂਰਨ ਸੰਤ ਬਣ ਜਾਂਦੇ ਹਨ ਉਨ੍ਹਾਂ ਦੇ ਬਚਨਾਂ ਵਿੱਚ ਦਰਗਾਹੀ ਹੁਕਮ ਵਾਪਰਦਾ ਹੈ। ਜਿਨ੍ਹਾਂ ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਕਿਰਪਾ ਅਤੇ ਗੁਰ ਪ੍ਰਸਾਦਿ ਪ੍ਰਾਪਤ ਹੋ ਜਾਂਦਾ ਹੈ ਉਨ੍ਹਾਂ ਨੂੰ ਫਿਰ ਹੋਰ ਕਿਸੇ ਸ਼ਕਤੀ ਜਾਂ ਵਿਅਕਤੀ ਦੀ ਮੁਥਾਜੀ ਨਹੀਂ ਕਰਨੀ ਪੈਂਦੀ ਹੈ। ਉਨ੍ਹਾਂ ਦੇ ਪਰਮ ਜੋਤ ਪੂਰਨ ਪ੍ਰਕਾਸ਼ ਨਾਲ ਭਰਪੂਰ ਹਿਰਦੇ ਵਿੱਚ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਆਪ ਪ੍ਰਗਟ ਹੁੰਦਾ ਹੈ। ਇਸੇ ਕਰਕੇ ਗੁਰਬਾਣੀ ਵਿੱਚ ਬ੍ਰਹਮ ਗਿਆਨੀ ਨੂੰ ਪਰਮੇਸ਼ਰ, ਗੁਰ ਪਰਮੇਸ਼ਰ, ਨਿਰੰਕਾਰ, ਵਿਧਾਤਾ ਕਿਹਾ ਗਿਆ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਵੀ ਐਸੇ ਮਹਾਬਲੀ ਸੂਰਬੀਰ ਮਹਾ ਪੁਰਖਾਂ ਦੇ ਬਚਨਾਂ ਅੱਗੇ ਝੁੱਕਣਾ ਪੈਂਦਾ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਆਪਣੇ ਭਗਤਾਂ ਦੇ ਵੱਸ ਵਿੱਚ ਹੁੰਦਾ ਹੈ। ਮਨੁੱਖ ਦੇ ਕਰਮਾਂ ਦੀਆਂ ਬਧੀਆਂ ਹੋਈਆਂ ਗੰਢਾਂ ਨੂੰ ਖੋਲ੍ਹਣ ਦੀ ਸਮਰੱਥਾ ਭਗਤ ਦੇ ਵੱਸ ਵਿੱਚ ਹੁੰਦੀ ਹੈ। ਪਰੰਤੂ ਐਸੇ ਮਹਾਬਲੀ ਸੂਰਬੀਰ ਮਹਾ ਪੁਰਖਾਂ ਦੇ ਬਚਨਾਂ ਨੂੰ ਠੁਕਰਾਉਣ ਦੀ ਸਮਰੱਥਾ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਵੀ ਨਹੀਂ ਹੈ। ਇਸ ਲਈ ਐਸੇ ਮਹਾਬਲੀ ਸੂਰਬੀਰ ਮਹਾ ਪੁਰਖਾਂ ਦੇ ਬਚਨਾਂ ਵਿੱਚ ਕ੍ਰਾਂਤੀ ਆ ਜਾਂਦੀ ਹੈ। ਉਨ੍ਹਾਂ ਦੇ ਬਚਨ ਪੂਰਨ ਸਤਿ ਹੁੰਦੇ ਹਨ ਅਤੇ ਦਰਗਾਹੀ ਹੁਕਮ ਹੁੰਦੇ ਹਨ। ਐਸੇ ਮਹਾ ਪੁਰਖਾਂ ਦੇ ਬਚਨ ਸਤਿ ਸਿੱਧ ਹੋ ਕੇ ਵਾਪਰਦੇ ਹਨ।
ਐਸੇ ਮਹਾਬਲੀ ਅਤੇ ਸੂਰਬੀਰ ਮਹਾ ਪੁਰਖਾਂ ਦੇ ਰੋਮ-ਰੋਮ ਵਿੱਚ ਸਤਿਨਾਮ ਚਲਦਾ ਹੈ ਅਤੇ ਉਨ੍ਹਾਂ ਦੇ ਰੋਮ-ਰੋਮ ਵਿੱਚ ਅਕਾਲ ਪੁਰਖ ਆਪ ਆਣ ਵਸਦਾ ਹੈ। ਉਨ੍ਹਾਂ ਦੇ ਹਿਰਦੇ ਵਿੱਚ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਆਪ ਪ੍ਰਗਟ ਹੁੰਦਾ ਹੈ। ਐਸੇ ਮਹਾ ਪੁਰਖਾਂ ਨੂੰ ਪ੍ਰਗਟਿਓ ਜੋਤ ਬ੍ਰਹਮ ਗਿਆਨੀ ਵੀ ਕਿਹਾ ਜਾਂਦਾ ਹੈ। ਉਨ੍ਹਾਂ ਦੇ ਰੋਮ-ਰੋਮ ਵਿੱਚ ਰਾਮ ਰਮਿਆ ਰਹਿੰਦਾ ਹੈ।
ਐਸੇ ਸੂਰਬੀਰ, ਮਹਾਬਲੀ, ਬਚਨ ਕੇ ਬਲੀ ਮਹਾ ਪੁਰਖਾਂ ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਦਰਗਾਹ ਵਿਚੋਂ ਪਰਉਪਕਾਰ ਅਤੇ ਮਹਾ ਪਰਉਪਕਾਰ ਦੀ ਸੇਵਾ ਪ੍ਰਾਪਤ ਹੁੰਦੀ ਹੈ। ਜਦ ਉਹ ਇਸ ਸੇਵਾ ਵਿੱਚ ਆਪਣੇ ਆਪ ਨੂੰ ਅਰਪਣ ਕਰਦੇ ਹਨ ਤਾਂ ਉਨ੍ਹਾਂ ਦੀ ਇਸ ਸੇਵਾ ਵਿੱਚ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਪਰਮ ਸ਼ਕਤੀ ਵਰਤਦੀ ਹੈ। ਐਸੇ ਮਹਾ ਪੁਰਖਾਂ ਦੀ ਬੰਦਗੀ ਫਿਰ ਲੋਕਾਈ ਦਾ ਉਧਾਰ ਕਰਨਾ, ਨਾਮ ਜਪਾਉਣਾ, ਜੀਅ ਦਾਨ ਦੇ ਕੇ ਭਗਤੀ ਲਾਉਣਾ, ਗੁਰ ਪ੍ਰਸਾਦਿ ਵਰਤਾਉਣਾ, ਪੂਰਨ ਸਤਿ ਵਰਤਾਉਣਾ ਅਤੇ ਪੂਰਨ ਸਤਿ ਦੀ ਸੇਵਾ ਕਰਨਾ ਹੋ ਜਾਂਦੀ ਹੈ। ਇਸ ਅਵਸਥਾ ਵਿੱਚ ਸੇਵਾ ਕਰਦੇ ਹੋਏ ਉਹ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਪਰਮ ਸ਼ਕਤੀਆਂ ਦਾ ਅਨੁਭਵ ਕਰਦੇ ਹਨ। ਜੋ ਮਹਾ ਪੁਰਖ ਇਸ ਸੇਵਾ ਵਿੱਚ ਸਫਲ ਹੁੰਦੇ ਹਨ ਉਨ੍ਹਾਂ ਦੀ ਦਰਗਾਹ ਵਿੱਚ ਜੈ ਜੈ ਕਾਰ ਹੁੰਦੀ ਹੈ। ਐਸੀ ਪਰਮ ਸ਼ਕਤੀਸ਼ਾਲੀ ਸੇਵਾ ਜਿਨ੍ਹਾਂ ਨੂੰ ਪ੍ਰਾਪਤ ਹੁੰਦੀ ਹੈ ਉਹ ਮਹਾ ਪੁਰਖ ਬਹੁਤ ਵੱਡੇ ਭਾਗਾਂ ਵਾਲੇ ਹੁੰਦੇ ਹਨ। ਸੇਵਾ ਕਰਨ ਨਾਲ ਸੂਖਸ਼ਮ ਹਉਮੈ ਦਾ ਨਾਸ ਹੋ ਜਾਂਦਾ ਹੈ। ਜੋ ਮਹਾ ਪੁਰਖ ਸੇਵਾ ਕਰਦੇ ਹੋਏ ਸਾਰੀ ਉਪਮਾ ਅਤੇ ਮਹਿਮਾ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਅਤੇ ਗੁਰੂ ਦੇ ਚਰਨਾਂ ਉੱਪਰ ਅਰਪਣ ਕਰ ਦਿੰਦੇ ਹਨ ਉਨ੍ਹਾਂ ਦੀ ਬੰਦਗੀ ਅੱਗੇ ਚਲੀ ਜਾਂਦੀ ਹੈ। ਜੋ ਮਨੁੱਖ ਸੇਵਾ ਕਰਦੇ ਹੋਏ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਪਰਮ ਸ਼ਕਤੀਆਂ ਤੋਂ ਬਹੁਤ ਪ੍ਰਭਾਵਿਤ ਹੋ ਕੇ ਆਪਣੀ ਹਉਮੈ ਵਿੱਚ ਚਲੇ ਜਾਂਦੇ ਹਨ ਉਹ ਮਨੁੱਖ ਬੰਦਗੀ ਗੁਆ ਬੈਠਦੇ ਹਨ। ਉਨ੍ਹਾਂ ਦੀ ਹਉਮੈ ਉਨ੍ਹਾਂ ਦੀ ਬੰਦਗੀ ਨੂੰ ਅੱਗੇ ਜਾਣ ਤੋਂ ਰੋਕ ਦਿੰਦੀ ਹੈ। ਜੇਕਰ ਉਹ ਇਸ ਪਰਮ ਸਤਿ ਤੱਤ ਨੂੰ ਸਮਝ ਕੇ ਆਪਣੀ ਭੁੱਲ ਸਵੀਕਾਰ ਕਰਕੇ ਗੁਰੂ ਤੋਂ ਬਖ਼ਸ਼ਾ ਲੈਂਦੇ ਹਨ ਤਾਂ ਉਨ੍ਹਾਂ ਦੀ ਫਿਰ ਚੜ੍ਹਦੀ ਕਲਾ ਹੋ ਜਾਂਦੀ ਹੈ ਪਰੰਤੂ ਜੋ ਆਪਣੀ ਇਸ ਹਉਮੈ ਵਿੱਚ ਉਲਝ ਕੇ ਰਹਿ ਜਾਂਦੇ ਹਨ ਅਤੇ ਆਪਣੇ ਆਪ ਨੂੰ ਕੁਝ ਸਮਝਣ ਲੱਗ ਜਾਂਦੇ ਹਨ ਉਨ੍ਹਾਂ ਦੀ ਬੰਦਗੀ ਉੱਪਰ ਉਥੇ ਹੀ ਤਾਲਾ ਲੱਗ ਜਾਂਦਾ ਹੈ। ਬਲਕਿ ਉਹ ਇਸ ਪਰਮ ਸ਼ਕਤੀਸ਼ਾਲੀ ਅਵਸਥਾ ਨੂੰ ਗੁਆ ਬੈਠਦੇ ਹਨ। ਜੋ ਮਨੁੱਖ ਸੇਵਾ ਕਰਦੇ ਹੋਏ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਪਰਮ ਸ਼ਕਤੀਆਂ ਨੂੰ ਅਨੁਭਵ ਕਰਦੇ ਹੋਏ ਆਪਣੀ ਜਿੱਤ ਸਮਝ ਕੇ ਹਉਮੈ ਵਿੱਚ ਚਲੇ ਜਾਂਦੇ ਹਨ ਉਹ ਜਿੱਤੀ ਹੋਈ ਬਾਜ਼ੀ ਹਾਰ ਜਾਂਦੇ ਹਨ। ਜਿਨ੍ਹਾਂ ਮਹਾ ਪੁਰਖਾਂ ਵਿੱਚ ਸੇਵਾ ਕਰਦੇ ਹੋਏ ਹੋਰ ਨਿੰਮਰਤਾ ਆ ਜਾਂਦੀ ਹੈ ਅਤੇ ਉਨ੍ਹਾਂ ਦਾ ਹਿਰਦਾ ਗਰੀਬੀ ਨਾਲ ਭਰਪੂਰ ਹੋ ਜਾਂਦਾ ਹੈ ਉਹ ਜਿੱਤ ਜਾਂਦੇ ਹਨ। ਐਸੇ ਮਹਾ ਪੁਰਖ ਸਾਰੀ ਵਡਿਆਈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਅਤੇ ਗੁਰੂ ਦੇ ਚਰਨਾਂ ਉੱਪਰ ਅਰਪਣ ਕਰਕੇ ਧੰਨ ਧੰਨ ਹੋ ਜਾਂਦੇ ਹਨ। ਐਸੇ ਮਹਾ ਪੁਰਖ ਸਾਰੀ ਸੇਵਾ ਦਾ ਸਿਹਰਾ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਅਤੇ ਗੁਰੂ ਦੇ ਚਰਨਾਂ ਨੂੰ ਦੇ ਦਿੰਦੇ ਹਨ ਅਤੇ ਆਪ ਨਿਰਮਾਣਤਾ ਭਾਵਨਾ ਵਿੱਚ ਹੋਰ ਹਲੀਮੀ ਵਿੱਚ ਚਲੇ ਜਾਂਦੇ ਹਨ ਅਤੇ ਹੋਰ ਮਿੱਠੇ ਬਣ ਜਾਂਦੇ ਹਨ। ਇਸ ਲਈ ਬੰਦਗੀ ਦੀ ਇਹ ਗੁਰ ਪ੍ਰਸਾਦੀ ਖੇਲ ਜਿੱਤ ਕੇ ਹਾਰਨ ਦੀ ਹੈ। ਜੋ ਜਿੱਤ ਕੇ ਹਾਰ ਜਾਂਦੇ ਹਨ ਭਾਵ ਜੋ ਸੇਵਾ ਕਰਦੇ ਹੋਏ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਪਰਮ ਸ਼ਕਤੀਆਂ ਦੀ ਮਾਣ, ਮਹੱਤਾ ਅਤੇ ਤੇਜ ਜਰ ਜਾਂਦੇ ਹਨ ਅਤੇ ਹੋਰ ਹਲੀਮੀ ਵਿੱਚ ਚਲੇ ਜਾਂਦੇ ਹਨ ਅਤੇ ਸਾਰੀ ਉਪਮਾ ਅਤੇ ਵਡਿਆਈ ਗੁਰ ਅਤੇ ਗੁਰੂ ਦੇ ਚਰਨਾਂ ਉੱਪਰ ਅਰਪਣ ਕਰਕੇ ਆਪਣੇ ਆਪ ਨੂੰ ਮਹਾ ਕੰਗਾਲ ਕਹਿੰਦੇ ਹਨ ਉਨ੍ਹਾਂ ਮਹਾ ਪੁਰਖਾਂ ਦੀ ਸੇਵਾ ਰੰਗ ਲੈ ਆਉਂਦੀ ਹੈ ਅਤੇ ਉਹ ਧੰਨ ਧੰਨ ਹੋ ਜਾਂਦੇ ਹਨ। ਪਰੰਤੂ ਜੋ ਮਨੁੱਖ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਪਰਮ ਸ਼ਕਤੀਆਂ ਦੇ ਅਨੁਭਵ ਦਾ ਮਾਣ ਕਰਕੇ ਹਉਮੈ ਵਿੱਚ ਚਲੇ ਜਾਂਦੇ ਹਨ ਉਹ ਆਪਣਾ ਸਭ ਕੁਝ ਗੁਆ ਬੈਠਦੇ ਹਨ। ਇਸੇ ਲਈ ਗੁਰਬਾਣੀ ਵਿੱਚ ਇਸ ਪਰਮ ਸਤਿ ਤੱਤ ਨੂੰ ਪ੍ਰਗਟ ਕੀਤਾ ਗਿਆ ਹੈ:
ਜੀਤ ਹਾਰ ਕੀ ਸੋਝੀ ਕਰੀ ॥ ਤਉ ਇਸੁ ਘਰ ਕੀ ਕੀਮਤਿ ਪਰੀ ॥੭॥
(ਪੰਨਾ ੨੩੫)
ਕਹਤ ਕਬੀਰੁ ਜੀਤਿ ਕੈ ਹਾਰਿ ॥ ਬਹੁ ਬਿਧਿ ਕਹਿਓ ਪੁਕਾਰਿ ਪੁਕਾਰਿ ॥੫॥੧॥੯॥
(ਪੰਨਾ ੧੧੫੯)
ਇਸ ਲਈ ਜਿਨ੍ਹਾਂ ਬੰਦਗੀ ਕਰਨ ਵਾਲਿਆਂ ਉੱਪਰ ਸੇਵਾ ਕਰਨ ਦੀ ਬਖ਼ਸ਼ਿਸ਼ ਹੁੰਦੀ ਹੈ ਉਨ੍ਹਾਂ ਨੂੰ ਸੇਵਾ ਕਰਦਿਆਂ ਜਦ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਪਰਮ ਸ਼ਕਤੀਆਂ, ਮਾਣ, ਮਹੱਤਾ ਅਤੇ ਤੇਜ ਦਾ ਅਨੁਭਵ ਹੁੰਦਾ ਹੈ ਤਾਂ ਉਨ੍ਹਾਂ ਨੂੰ ਹੋਰ ਨਿੰਮਰਤਾ ਵਿੱਚ ਚਲੇ ਜਾਣਾ ਚਾਹੀਦਾ ਹੈ ਅਤੇ ਹਿਰਦੇ ਵਿੱਚ ਹੋਰ ਗਰੀਬੀ ਅਤੇ ਹਲੀਮੀ ਦੀ ਕਮਾਈ ਕਰਨੀ ਚਾਹੀਦੀ ਹੈ। ਐਸੇ ਬੰਦਗੀ ਕਰਨ ਵਾਲਿਆਂ ਨੂੰ ਪੂਰਨ ਬ੍ਰਹਮ ਗਿਆਨ ਦੇ ਇਨ੍ਹਾਂ ਸ਼ਬਦਾਂ ਦੀ ਕਮਾਈ ਕਰਨੀ ਚਾਹੀਦੀ ਹੈ ਜਿਸਦੇ ਕਰਨ ਨਾਲ ਉਹ ਧੰਨ ਧੰਨ ਹੋ ਜਾਣਗੇ। ਜੋ ਮਨੁੱਖ ਐਸੀ ਅਵਸਥਾ ਵਿੱਚ ਪਹੁੰਚ ਕੇ ਆਪਣੇ ਸਤਿਗੁਰੂ ਦੇ ਚਰਨਾਂ ਤੋਂ ਆਪਣਾ ਸੀਸ ਨਹੀਂ ਚੁੱਕਦੇ ਹਨ ਉਨ੍ਹਾਂ ਦੀ ਸੇਵਾ ਸਹਿਜੇ ਹੀ ਪ੍ਰਵਾਨ ਹੋ ਜਾਂਦੀ ਹੈ ਅਤੇ ਉਹ ਜਿੱਤ ਕੇ ਹਾਰ ਦੀ ਕਮਾਈ ਸਹਿਜੇ ਹੀ ਕਰ ਲੈਂਦੇ ਹਨ। ਉਨ੍ਹਾਂ ਦੇ ਸਤਿਗੁਰੂ ਦੀ ਬੇਅੰਤ ਅਪਾਰ ਕਿਰਪਾ ਨਾਲ ਬੰਦਗੀ ਸੱਚ ਖੰਡ ਪ੍ਰਵਾਨ ਹੋ ਜਾਂਦੀ ਹੈ।
ਐਸੀ ਅਵਸਥਾ ਵਿੱਚ ਪਹੁੰਚੇ ਹੋਏ ਮਹਾ ਪੁਰਖਾਂ ਦਾ ਭੋਜਨ ਗਿਆਨ ਹੁੰਦਾ ਹੈ। ਉਹ ਸਦਾ ਸਦਾ ਲਈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਵਿੱਚ ਰੱਤੇ ਜਾਂਦੇ ਹਨ। ਪਰਉਪਕਾਰ ਅਤੇ ਮਹਾ ਪਰਉਪਕਾਰ ਕਰਦੇ ਹੋਏ ਉਹ ਪੂਰਨ ਸਤਿ ਦੀ ਸੇਵਾ ਵਿੱਚ ਅਤੇ ਪੂਰਨ ਸਤਿ ਵਰਤਾਉਣ ਵਿੱਚ ਰੱਤੇ ਜਾਂਦੇ ਹਨ। ਉਹ ਅਕਾਲ ਪੁਰਖ ਦੀ ਮਹਿਮਾ ਵਿੱਚ ਆਪ ਪਰੋਏ ਜਾਂਦੇ ਹਨ। ਐਸੇ ਮਹਾ ਪੁਰਖ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਆਪ ਮਹਿਮਾ ਬਣ ਜਾਂਦੇ ਹਨ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸਭ ਤੋਂ ਵੱਡੀ ਅਤੇ ਉੱਤਮ ਮਹਿਮਾ ਪੂਰਨ ਬ੍ਰਹਮ ਗਿਆਨੀ ਹੈ, ਸਤਿਗੁਰੂ ਹੈ, ਪੂਰਨ ਸੰਤ ਹੈ, ਪੂਰਨ ਖਾਲਸਾ ਹੈ, ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਅਵਤਾਰ ਹਨ, ਕਲਕੀ ਅਵਤਾਰ ਹਨ। ਐਸੇ ਮਹਾ ਪੁਰਖਾਂ ਦੀ ਮਹਿਮਾ ਬੇਅੰਤ ਹੁੰਦੀ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਧਰਤੀ ਉੱਪਰ ਇਨ੍ਹਾਂ ਮਹਾ ਪੁਰਖਾਂ ਦੇ ਰੂਪ ਵਿੱਚ ਪ੍ਰਗਟ ਹੁੰਦੀ ਹੈ। ਗੁਰਬਾਣੀ ਵਿੱਚ ਇਸ ਪਰਮ ਸਤਿ ਤੱਤ ਨੂੰ ਪ੍ਰਗਟ ਕੀਤਾ ਗਿਆ ਹੈ:
ਸਾਧ ਕੀ ਮਹਿਮਾ ਬਰਨੈ ਕਉਨੁ ਪ੍ਰਾਨੀ ॥
ਨਾਨਕ ਸਾਧ ਕੀ ਸੋਭਾ ਪ੍ਰਭ ਮਾਹਿ ਸਮਾਨੀ ॥੧॥
(ਪੰਨਾ ੨੭੧)
ਸਾਧ ਕੀ ਉਪਮਾ ਤਿਹੁ ਗੁਣ ਤੇ ਦੂਰਿ ॥
ਸਾਧ ਕੀ ਉਪਮਾ ਰਹੀ ਭਰਪੂਰਿ ॥
ਸਾਧ ਕੀ ਸੋਭਾ ਕਾ ਨਾਹੀ ਅੰਤ ॥
ਸਾਧ ਕੀ ਸੋਭਾ ਸਦਾ ਬੇਅੰਤ ॥
(ਪੰਨਾ ੨੭੨)
ਬ੍ਰਹਮ ਗਿਆਨੀ ਕਾ ਅੰਤੁ ਨ ਪਾਰੁ ॥
(ਪੰਨਾ ੨੭੩)
ਜਿਸ ਮਨੁੱਖ ਨੇ ਆਪਣੇ ਹਿਰਦੇ ਅਤੇ ਮਨ ਨੂੰ ਸਾਧ ਲਿਆ ਹੈ ਭਾਵ ਜਿਸ ਮਨੁੱਖ ਨੇ ਆਪਣੇ ਮਨ ਅਤੇ ਹਿਰਦੇ ਨੂੰ ਸਾਰੇ ਵਿਕਾਰਾਂ ਤੋਂ ਮੁਕਤ ਕਰ ਲਿਆ ਹੈ ਅਤੇ ਮਾਇਆ ਨੂੰ ਜਿੱਤ ਕੇ ਪੂਰਨ ਸਚਿਆਰੀ ਰਹਿਤ ਵਿੱਚ ਚਲਾ ਗਿਆ ਹੈ ਉਸ ਮਹਾ ਪੁਰਖ ਦੀ ਮਹਿਮਾ ਬੇਅੰਤ ਹੋ ਜਾਂਦੀ ਹੈ। ਐਸੇ ਮਹਾ ਪੁਰਖ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਜਾ ਕੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਅਭੇਦ ਹੋ ਜਾਂਦੇ ਹਨ ਅਤੇ ਬੇਅੰਤ ਹੋ ਜਾਂਦੇ ਹਨ। ਐਸੇ ਮਹਾ ਪੁਰਖਾਂ ਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ ਹੈ। ਐਸੇ ਮਹਾ ਪੁਰਖਾਂ ਦਾ ਰੂਪ ਰੰਗ ਨਾਮ ਨਾਲ ਰੰਗਿਆ ਜਾਂਦਾ ਹੈ ਅਤੇ ਹਿਰਦਾ ਵਿਕਾਰਾਂ ਤੋਂ ਮੁਕਤ ਹੋ ਕੇ ਬੇਅੰਤ ਸੁੰਦਰ ਹੋ ਜਾਂਦਾ ਹੈ। ਐਸੇ ਮਹਾ ਪੁਰਖਾਂ ਦੇ ਹਿਰਦੇ ਵਿਚੋਂ ਸਾਰੇ ਅਵਗੁਣ ਨਿਕਲ ਜਾਂਦੇ ਹਨ ਅਤੇ ਸਾਰੇ ਸਤਿਗੁਣ ਪ੍ਰਗਟ ਹੋ ਜਾਂਦੇ ਹਨ। ਐਸੇ ਮਹਾ ਪੁਰਖਾਂ ਦੇ ਹਿਰਦੇ ਵਿੱਚ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਸਾਰੀਆਂ ਪਰਮ ਸ਼ਕਤੀਆਂ ਪ੍ਰਗਟ ਹੋ ਜਾਂਦੀਆ ਹਨ। ਹਿਰਦੇ ਵਿੱਚ ਸਮਾ ਕੇ ਸਾਰੇ ਸਤਿਗੁਣ ਪਰਮ ਸ਼ਕਤੀਆਂ ਦਾ ਰੂਪ ਧਾਰਨ ਕਰ ਲੈਂਦੇ ਹਨ।
ਜੋ ਮਹਾ ਪੁਰਖ ਮਾਇਆ ਨੂੰ ਜਿੱਤ ਕੇ ਸਾਰੇ ਵਿਕਾਰਾਂ ਤੋਂ ਮੁਕਤ ਹੋ ਜਾਂਦੇ ਹਨ ਅਤੇ ਹਉਮੈ ਨੂੰ ਮਾਰ ਕੇ ਜੀਵਨ ਮੁਕਤੀ ਪ੍ਰਾਪਤ ਕਰ ਲੈਂਦੇ ਹਨ ਉਨ੍ਹਾਂ ਨੂੰ ਸ੍ਰਿਸ਼ਟੀ ਦੀ ਹੋਰ ਕੋਈ ਸ਼ਕਤੀ ਨਹੀਂ ਮਾਰ ਸਕਦੀ ਹੈ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਨੁਕਸਾਨ ਪਹੁੰਚਾ ਸਕਦੀ ਹੈ। ਕਿਉਂਕਿ ਉਹ ਆਪ ਸਾਰੀਆਂ ਪਰਮ ਸ਼ਕਤੀਆਂ ਦਾ ਸੋਮਾ ਬਣ ਜਾਂਦੇ ਹਨ। ਉਨ੍ਹਾਂ ਨੂੰ ਫਿਰ ਕੋਈ ਵੀ ਵਿਨਾਸ਼ਕਾਰੀ ਸ਼ਕਤੀ ਠਗ ਨਹੀਂ ਸਕਦੀ। ਉਹ ਮਾਇਆ ਦੇ ਚੁੰਗਲ ਤੋਂ ਮੁਕਤ ਹੋ ਜਾਂਦੇ ਹਨ ਇਸ ਲਈ ਮਾਇਆ ਉਨ੍ਹਾਂ ਨੂੰ ਠਗ ਨਹੀਂ ਸਕਦੀ। ਮਾਇਆ ਉਨ੍ਹਾਂ ਦੀ ਗੁਲਾਮ ਬਣ ਜਾਂਦੀ ਹੈ ਅਤੇ ਉਨ੍ਹਾਂ ਦੇ ਚਰਨਾਂ ਦੇ ਥੱਲੇ ਰਹਿ ਕੇ ਉਨ੍ਹਾਂ ਦੀ ਸੇਵਾ ਕਰਦੀ ਹੈ। ਸਾਰੀਆਂ ਰਿੱਧੀਆਂ ਅਤੇ ਸਿੱਧੀਆਂ ਉਨ੍ਹਾਂ ਦੇ ਚਰਨਾਂ ਦੇ ਥੱਲੇ ਰਹਿ ਕੇ ਉਨ੍ਹਾਂ ਦੀ ਸੇਵਾ ਵਿੱਚ ਹਾਜ਼ਰ ਰਹਿੰਦੀਆਂ ਹਨ। ਜਿਨ੍ਹਾਂ ਮਹਾ ਪੁਰਖਾਂ ਦੇ ਹਿਰਦੇ ਵਿੱਚ ਪਰਮ ਜੋਤ ਪੂਰਨ ਪ੍ਰਕਾਸ਼ ਹੋ ਜਾਂਦਾ ਹੈ ਅਤੇ ਰੋਮ-ਰੋਮ ਵਿੱਚ ਸਤਿ ਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ ਉਨ੍ਹਾਂ ਦਾ ਕੋਈ ਵਿਨਾਸ਼ਕਾਰੀ ਸ਼ਕਤੀ ਵੀ ਕੁਝ ਨਹੀਂ ਵਿਗਾੜ ਸਕਦੀ ਹੈ। ਐਸੇ ਮਹਾ ਪੁਰਖ ਸਦੀਵੀ ਹੋ ਜਾਂਦੇ ਹਨ। ਉਨ੍ਹਾਂ ਦਾ ਕਦੇ ਵਿਨਾਸ਼ ਨਹੀਂ ਹੁੰਦਾ ਹੈ। ਉਹ ਅਵਿਨਾਸ਼ੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਅਭੇਦ ਹੋ ਕੇ ਅਵਿਨਾਸ਼ੀ ਬਣ ਜਾਂਦੇ ਹਨ:
ਬ੍ਰਹਮ ਗਿਆਨੀ ਸੁਖ ਸਹਜ ਨਿਵਾਸ ॥
ਨਾਨਕ ਬ੍ਰਹਮ ਗਿਆਨੀ ਕਾ ਨਹੀ ਬਿਨਾਸ ॥੫॥
(ਪੰਨਾ ੨੭੩)
ਬ੍ਰਹਮ ਗਿਆਨੀ ਸਦ ਜੀਵੈ ਨਹੀ ਮਰਤਾ ॥
(ਪੰਨਾ ੨੭੩)
ਬ੍ਰਹਮ ਗਿਆਨੀ ਮਹਾ ਪੁਰਖਾਂ ਦਾ ਸਹਿਜ ਸਮਾਧੀ ਵਿੱਚ ਨਿਵਾਸ ਹੁੰਦਾ ਹੈ। ਉਹ ਸਦਾ ਸਦਾ ਲਈ ਸਹਿਜ ਸਮਾਧੀ ਅਵਸਥਾ ਵਿੱਚ ਸਥਾਪਿਤ ਹੋ ਜਾਂਦੇ ਹਨ। ਉਹ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਅਭੇਦ ਹੋ ਜਾਂਦੇ ਹਨ ਇਸ ਲਈ ਉਨ੍ਹਾਂ ਦਾ ਕਦੇ ਵਿਨਾਸ਼ ਨਹੀਂ ਹੁੰਦਾ ਹੈ। ਉਹ ਸਦੀਵੀ ਆਉਣ ਵਾਲੇ ਸਾਰੇ ਯੁਗਾਂ ਲਈ ਅਮਰ ਹੋ ਜਾਂਦੇ ਹਨ। ਐਸੇ ਮਹਾ ਪੁਰਖ ਜਿਨ੍ਹਾਂ ਦਾ ਮਨ ਜੋਤ ਬਣ ਜਾਂਦਾ ਹੈ ਅਤੇ ਹਿਰਦਾ ਪੂਰਨ ਸਚਿਆਰੀ ਰਹਿਤ ਵਿੱਚ ਚਲਾ ਜਾਂਦਾ ਹੈ ਉਨ੍ਹਾਂ ਨੂੰ ਗੁਰਬਾਣੀ ਵਿੱਚ ਧੰਨ ਧੰਨ ਸਤਿਗੁਰ ਅਵਤਾਰ ਅਰਜਨ ਦੇਵ ਪਾਤਿਸ਼ਾਹ ਜੀ ਨੇ ਬ੍ਰਹਮ ਗਿਆਨੀ ਕਹਿ ਕੇ ਪ੍ਰਗਟ ਕੀਤਾ ਹੈ:
ਸਲੋਕੁ ॥
ਮਨਿ ਸਾਚਾ ਮੁਖਿ ਸਾਚਾ ਸੋਇ ॥ ਅਵਰੁ ਨ ਪੇਖੈ ਏਕਸੁ ਬਿਨੁ ਕੋਇ ॥
ਨਾਨਕ ਇਹ ਲਛਣ ਬ੍ਰਹਮ ਗਿਆਨੀ ਹੋਇ ॥੧॥
(ਪੰਨਾ ੨੭੨)
ਇਥੇ ਪੂਰਨ ਬ੍ਰਹਮ ਗਿਆਨੀ ਦੇ ਕੁਝ ਬ੍ਰਹਮ ਗੁਣਾਂ ਨੂੰ ਵਖਿਆਨ ਕੀਤਾ ਗਿਆ ਹੈ। ਉਹ ਐਸੀ ਸੁੰਦਰ ਅਤੇ ਮਹਾਨ ਸ਼ਖਸੀਅਤ ਹੈ: ਜਿਸਦੀ ਰੂਹ, ਹਿਰਦਾ ਅਤੇ ਮਨ ਪੂਰਨ ਸਤਿ ਵਿੱਚ ਰੱਤੇ ਗਏ ਹਨ; ਜੋ ਹੋਰ ਕੁਝ ਨਹੀਂ ਸਿਰਫ਼ ਪੂਰਨ ਸਤਿ ਦੀ ਸੇਵਾ ਕਰ ਰਿਹਾ ਹੈ; ਜੋ ਸਤਿ ਨੂੰ ਵੇਖ ਰਿਹਾ ਹੈ, ਸਤਿ ਨੂੰ ਸੁਣ ਰਿਹਾ ਹੈ, ਸਤਿ ਬੋਲ ਰਿਹਾ ਹੈ, ਸਤਿ ਵਰਤਾ ਰਿਹਾ ਹੈ ਅਤੇ ਸਤਿ ਦੀ ਸੇਵਾ ਕਰ ਰਿਹਾ ਹੈ; ਜਿਸ ਦੀਆਂ ਸਾਰੀਆਂ ਕਿਰਿਆਵਾਂ ਅਤੇ ਪ੍ਰਤੀ ਕਿਰਿਆਵਾਂ ਸੱਚੀਆਂ ਹਨ; ਜਿਹੜਾ ਪੂਰਨ ਸਚਿਆਰੀ ਰਹਿਤ ਵਿੱਚ ਹੈ, ਮਾਇਆ ਉੱਪਰ ਜਿੱਤ ਦੀ ਅੰਦਰੂਨੀ ਰਹਿਤ ਨੂੰ ਪ੍ਰਾਪਤ ਕਰ ਚੁੱਕਾ ਹੈ; ਜਿਹੜਾ ਮਾਇਆ ਤੋਂ ਪਰੇ ਹੈ, ਕਿਉਂਕਿ ਮਾਇਆ ਅਸਤਿ ਹੈ; ਜਿਹੜਾ ਪੂਰਨ ਸ਼ੁੱਧ ਰੂਹ ਹੈ ਜਿਸਦੇ ਹਿਰਦੇ ਵਿੱਚ ਪੂਰਨ ਪ੍ਰਕਾਸ਼ ਹੈ। ਕੇਵਲ ਅਕਾਲ ਪੁਰਖ ਦੇ ਨਿਰਗੁਣ ਸਰੂਪ ਦੇ ਦਰਸ਼ਨਾਂ ਨਾਲ ਹਿਰਦੇ ਵਿੱਚ ਪੂਰਨ ਪ੍ਰਕਾਸ਼ ਹੋ ਜਾਂਦਾ ਹੈ। ਜੋ ਹਿਰਦੇ ਨੂੰ ਸ਼ੁੱਧ ਕਰਕੇ ਸਦਾ ਸੁਹਾਗਣ ਦੀ ਉਤਪਤੀ ਕਰਦਾ ਹੈ। ਕੇਵਲ ਇੱਕ ਅਜਿਹਾ ਹਿਰਦਾ ਜਿਹੜਾ ਪੂਰਨ ਪਰਮ ਜੋਤ ਪ੍ਰਕਾਸ਼ ਦੀ ਅਨਾਦਿ ਬਖਸ਼ਿਸ਼ ਵਿੱਚ ਹੈ, ਇੱਕ ਖਾਲਸਾ ਬਣ ਸਕਦਾ ਹੈ। ਕੇਵਲ ਇੱਕ ਅਜਿਹੀ ਰੂਹ ਤੱਤ ਗਿਆਨ ਦਾ ਗੁਰਪ੍ਰਸਾਦਿ ਪ੍ਰਾਪਤ ਕਰ ਸਕਦੀ ਹੈ, ਬ੍ਰਹਮ ਗਿਆਨ ਅਤੇ ਇੱਕ ਪੂਰਨ ਬ੍ਰਹਮ ਗਿਆਨੀ ਬਣ ਸਕਦੀ ਹੈ; ਜੋ ਅਕਾਲ ਪੁਰਖ ਪਾਰਬ੍ਰਹਮ ਪਰਮੇਸ਼ਰ ਦੀ ਲਗਾਤਾਰ ਆਧਾਰ ਤੇ ਸੇਵਾ ਕਰਦਾ ਹੈ; ਜੋ ਆਪਣੇ ਆਪ ਨੂੰ ਸਰਵ ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਵਿੱਚ ਰੁਝਾ ਲੈਂਦਾ ਹੈ; ਜੋ ਪੂਰੀ ਤਰ੍ਹਾਂ ਸਰਵ ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸੇਵਾ ਵਿੱਚ ਹੈ; ਜੋ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦਿ ਦੇ ਰਿਹਾ ਹੈ; ਜਿਹੜਾ ਹਰ ਜਗ੍ਹਾ ਅਤੇ ਹਰ ਇੱਕ ਵਿੱਚ ਪਰਮਾਤਮਾ ਨੂੰ ਵੇਖਦਾ ਹੈ; ਜਿਹੜਾ ਨਿਰਵੈਰ ਹੈ; ਜਿਹੜਾ ਏਕ ਦ੍ਰਿਸਟ ਹੈ; ਜਿਹੜਾ ਨਿਰਭਉ ਹੈ; ਜਿਸ ਨੇ ਬ੍ਰਹਮ ਗਿਆਨ ਅਤੇ ਬ੍ਰਹਮਤਾ ਦਾ ਪੂਰੀ ਤਰ੍ਹਾਂ ਅਨੁਭਵ ਕਰ ਲਿਆ ਹੈ ਅਤੇ ਇਸ ਨੂੰ ਪ੍ਰਾਪਤ ਕਰ ਲਿਆ ਹੈ; ਜਿਸਨੇ ਪਰਮ ਪਦਵੀ ਦੀ ਪ੍ਰਾਪਤੀ ਕਰ ਲਈ ਹੈ; ਜਿਸਨੇ ਅਟੱਲ ਅਵਸਥਾ ਪ੍ਰਾਪਤ ਕਰ ਲਈ ਹੈ; ਜੋ ਸਦਾ ਸੁਹਾਗਣ ਹੈ; ਜੋ ਸਦਾ ਸਦਾ ਲਈ ਮਾਨਸਰੋਵਰ ਵਿੱਚ ਨਿਵਾਸ ਕਰਦਾ ਹੈ। ਕੇਵਲ ਪੂਰਨ ਬ੍ਰਹਮ ਗਿਆਨੀ ਹੀ ਪੂਰਨ ਸਤਿ ਹੈ, ਬਾਕੀ ਹਰ ਚੀਜ਼ ਨਾਸ਼ਵਾਨ ਹੈ।
ਐਸੇ ਮਹਾ ਪੁਰਖਾਂ ਨੂੰ ਸਤਿ ਚਿੱਤ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਐਸੇ ਮਹਾ ਪੁਰਖਾਂ ਦੀ ਮਹਿਮਾ ਸੁਖਮਨੀ ਬਾਣੀ ਦੀ ਅਸਟਪਦੀ ੮ ਵਿੱਚ ਪ੍ਰਗਟ ਕੀਤੀ ਗਈ ਹੈ। ਜਿਨ੍ਹਾਂ ਦਾ ਹਿਰਦਾ ਪੂਰਨ ਸਚਿਆਰੀ ਰਹਿਤ ਵਿੱਚ ਚਲਾ ਜਾਂਦਾ ਹੈ ਉਨ੍ਹਾਂ ਨੂੰ ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ, ਤੱਤ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਅਤੇ ਆਤਮ ਰਸ ਅੰਮ੍ਰਿਤ ਦੀ ਪ੍ਰਾਪਤੀ ਹੁੰਦੀ ਹੈ। ਐਸੇ ਮਹਾ ਪੁਰਖਾਂ ਨੂੰ ਸਦਾ ਸੁਹਾਗ ਦੀ ਪ੍ਰਾਪਤੀ ਹੁੰਦੀ ਹੈ। ਐਸੇ ਮਹਾ ਪੁਰਖਾਂ ਦਾ ਵਾਸਾ ਸੱਚ ਖੰਡ ਵਿੱਚ ਹੁੰਦਾ ਹੈ।
੫. ਸੱਚ ਖੰਡ:
ਸੱਚ ਖੰਡ ਦੀ ਅਵਸਥਾ ਪਰਮ ਸ਼ਕਤੀਸ਼ਾਲੀ ਰੂਹਾਨੀਅਤ ਦੀ ਅਵਸਥਾ ਹੈ। ਸੱਚ ਖੰਡ ਦੀ ਅਵਸਥਾ ਦੀ ਮਹਿਮਾ ਬੇਅੰਤ ਹੈ। ਤੁਸੀਂ ਸੱਚ ਖੰਡ ਦੀ ਅਵਸਥਾ ਵਿੱਚ ਸਦਾ ਸਦਾ ਲਈ ਸਥਾਪਿਤ ਹੋ ਜਾਂਦੇ ਹੋ ਜਦੋਂ ਤੁਸੀਂ ਮਾਇਆ ਨੂੰ ਜਿੱਤ ਲੈਂਦੇ ਹੋ, ਹਿਰਦਾ ਪੂਰਨ ਸਚਿਆਰੀ ਰਹਿਤ ਵਿੱਚ ਚਲਾ ਜਾਂਦਾ ਹੈ ਅਤੇ ਜੀਵਨ ਮੁਕਤੀ ਦੀ ਅਵਸਥਾ ਵਿੱਚ ਪਹੁੰਚ ਜਾਂਦੇ ਹੋ, ਅਟੱਲ ਅਵਸਥਾ ਦੀ ਬਖਸ਼ਿਸ਼ ਪ੍ਰਾਪਤ ਕਰ ਲੈਂਦੇ ਹੋ, ਪਰਮ ਪਦਵੀ ਦੀ ਪ੍ਰਾਪਤੀ ਕਰ ਲੈਂਦੇ ਹੋ, ਤ੍ਰਿਹ ਗੁਣ ਮਾਇਆ ਤੇ ਜਿੱਤ ਪ੍ਰਾਪਤ ਕਰ ਪਰਮ ਜੋਤ ਪੂਰਨ ਪ੍ਰਕਾਸ਼, ਪੂਰਨ ਬ੍ਰਹਮ ਗਿਆਨ ਅਤੇ ਪੂਰਨ ਤੱਤ ਗਿਆਨ ਦੀ ਪ੍ਰਾਪਤੀ ਕਰ ਲੈਂਦੇ ਹੋ। ਤੁਸੀਂ ਨਿਰਭਉ ਅਤੇ ਨਿਰਵੈਰ ਬਣ ਜਾਂਦੇ ਹੋ – ਏਕ ਦ੍ਰਿਸਟ ਹੋ ਜਾਂਦੇ ਹੋ। ਜਦੋਂ ਤੁਸੀਂ ਪੂਰਨ ਸਤਿ ਨੂੰ ਵੇਖ, ਸੁਣ, ਬੋਲ ਵਰਤਾਉਣ ਦੀ ਸਮਰੱਥਾ ਪ੍ਰਾਪਤ ਕਰ ਲੈਂਦੇ ਹੋ ਅਤੇ ਪੂਰਨ ਸਤਿ ਦੀ ਸੇਵਾ ਦਾ ਗੁਰਪ੍ਰਸਾਦਿ ਪ੍ਰਾਪਤ ਕਰ ਲੈਂਦੇ ਹੋ। ਤੁਹਾਡੀ ਬੰਦਗੀ ਅਕਾਲ ਪੁਰਖ ਦੀ ਦਰਗਾਹ ਵਿੱਚ ਪੂਰਨ ਅਤੇ ਪ੍ਰਵਾਨ ਮੰਨੀ ਜਾਂਦੀ ਹੈ ਅਤੇ ਤੁਹਾਨੂੰ ਸਦਾ ਸੁਹਾਗ ਦੇ ਗੁਰਪ੍ਰਸਾਦਿ ਦੀ ਬਖਸ਼ਿਸ਼ ਦੀ ਪ੍ਰਾਪਤੀ ਹੁੰਦੀ ਹੈ ਅਤੇ ਤੁਹਾਨੂੰ ਸਦਾ ਸੁਹਾਗਣ ਦੇ ਗੁਰਪ੍ਰਸਾਦਿ ਨਾਲ ਨਿਵਾਜਿਆ ਜਾਂਦਾ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਦਰਸ਼ਨ ਪ੍ਰਾਪਤ ਹੋ ਜਾਂਦੇ ਹਨ। ਸਰਗੁਣ ਵਿੱਚ ਨਿਰਗੁਣ ਦੇ ਦਰਸ਼ਨ ਹੋ ਜਾਂਦੇ ਹਨ। ਸਰਗੁਣ ਨਿਰਗੁਣ ਇੱਕ ਹੋ ਜਾਂਦੇ ਹਨ। ਸੇਵਾ ਕਰਦੇ-ਕਰਦੇ ਹਉਮੈ ਮਿਟ ਜਾਂਦੀ ਹੈ। ਪਰਉਪਕਾਰ ਅਤੇ ਮਹਾ ਪਰਉਪਕਾਰ ਕਰਦੇ-ਕਰਦੇ ਹਿਰਦਾ ਗਰੀਬੀ ਨਾਲ ਭਰਪੂਰ ਹੋ ਜਾਂਦਾ ਹੈ ਅਤੇ ਹਉਮੈ ਦਾ ਨਾਸ਼ ਹੋ ਜਾਂਦਾ ਹੈ। ਤੁਸੀਂ ਅਕਾਲ ਪੁਰਖ ਵਿੱਚ ਅਭੇਦ ਹੋ ਜਾਂਦੇ ਹੋ। ਜੀਵਨ ਮੁਕਤੀ ਮਿਲ ਜਾਂਦੀ ਹੈ। ਸਾਰੇ ਪਾਸੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਪਰਮ ਸ਼ਕਤੀ ਵਰਤਦੀ ਪ੍ਰਤੱਖ ਪ੍ਰਗਟ ਹੋ ਜਾਂਦੀ ਹੈ। ਇਸ ਅਵਸਥਾ ਵਿੱਚ ਅਕਾਲ ਪੁਰਖ ਤੁਹਾਨੂੰ ਸਾਰੇ ਅਨਾਦਿ ਰੂਹਾਨੀ ਦਰਗਾਹੀ ਖ਼ਜ਼ਾਨਿਆਂ ਦੀ ਬਖਸ਼ਿਸ਼ ਕਰਦਾ ਹੈ ਅਤੇ ਤੁਹਾਨੂੰ ਸਾਰੇ ਅਨਾਦਿ ਰੂਹਾਨੀ ਦਰਗਾਹੀ ਖ਼ਜ਼ਾਨਿਆਂ ਦੇ ਇਸ ਗੁਰਪ੍ਰਸਾਦਿ ਨੂੰ ਸੰਗਤ ਨੂੰ ਵਰਤਾਉਣ ਦੇ ਅਧਿਕਾਰ ਨਾਲ ਸੁਸ਼ੋਭਿਤ ਕਰ ਦਿੰਦਾ ਹੈ। ਤੁਸੀਂ ਅੰਮ੍ਰਿਤ ਦਾ ਦਾਤਾ ਬਣ ਜਾਂਦੇ ਹੋ, ਤੁਸੀਂ ਬੰਦਗੀ ਅਤੇ ਸੇਵਾ ਦਾ ਦਾਤਾ ਬਣ ਜਾਂਦੇ ਹੋ। ਤੁਸੀਂ ਗੁਰਪ੍ਰਸਾਦਿ ਦਾ ਦਾਤਾ ਬਣ ਜਾਂਦੇ ਹੋ ਅਤੇ ਤਦ ਤੁਸੀਂ ਸੰਗਤ ਦੇ ਬੰਦਗੀ ਕਰਨ ਅਤੇ ਜੀਵਨ ਮੁਕਤੀ ਪ੍ਰਾਪਤ ਕਰਨ ਵਿੱਚ ਸਹਾਇਕ ਬਣ ਕੇ ਸਤਿ ਦੇ ਇਨ੍ਹਾਂ ਅਨਾਦਿ ਰੂਹਾਨੀ ਦਰਗਾਹੀ ਖ਼ਜ਼ਾਨਿਆਂ ਦੀ ਸਹਾਇਤਾ ਨਾਲ ਮਹਾ ਪਰਉਪਕਾਰ ਦੀਆਂ ਸੇਵਾਵਾਂ ਵਿੱਚ ਵਿਲੀਨ ਹੋ ਜਾਂਦੇ ਹੋ। ਐਸੇ ਬ੍ਰਹਮ ਗਿਆਨੀ ਮਹਾ ਪੁਰਖਾਂ ਨੂੰ ਗੁਰਬਾਣੀ ਵਿੱਚ ਧੰਨ ਸਤਿਗੁਰ ਅਵਤਾਰ ਅਰਜਨ ਦੇਵ ਪਾਤਿਸ਼ਾਹ ਜੀ ਨੇ ਸੁਖਮਨੀ ਬਾਣੀ ਵਿੱਚ ਪਰਮੇਸ਼ਰ ਦੇ ਪਰਮ ਸ਼ਕਤੀਸ਼ਾਲੀ ਰੂਪ ਵਿੱਚ ਪ੍ਰਗਟ ਕੀਤਾ ਹੈ:
ਬ੍ਰਹਮ ਗਿਆਨੀ ਕਉ ਖੋਜਹਿ ਮਹੇਸੁਰ ॥ ਨਾਨਕ ਬ੍ਰਹਮ ਗਿਆਨੀ ਆਪਿ ਪਰਮੇਸੁਰ ॥੬॥
(ਪੰਨਾ ੨੭੩)
ਬ੍ਰਹਮ ਗਿਆਨੀ ਸਰਬ ਕਾ ਠਾਕੁਰੁ ॥
(ਪੰਨਾ ੨੭੩)
ਬ੍ਰਹਮ ਗਿਆਨੀ ਮੁਕਤਿ ਜੁਗਤਿ ਜੀਅ ਕਾ ਦਾਤਾ ॥ ਬ੍ਰਹਮ ਗਿਆਨੀ ਪੂਰਨ ਪੁਰਖੁ ਬਿਧਾਤਾ ॥
(ਪੰਨਾ ੨੭੩)
ਬ੍ਰਹਮ ਗਿਆਨੀ ਆਪਿ ਨਿਰੰਕਾਰੁ ॥
(ਪੰਨਾ ੨੭੩)
ਬ੍ਰਹਮ ਗਿਆਨੀ ਮਹਾ ਪੁਰਖਾਂ ਨੂੰ ‘ਸਰਬ ਕਾ ਠਾਕੁਰ’ ਦੇ ਪਰਮ ਸ਼ਕਤੀਸ਼ਾਲੀ ਰੂਪ ਵਿੱਚ ਪ੍ਰਗਟ ਕੀਤਾ ਹੈ। ਬ੍ਰਹਮ ਗਿਆਨੀ ਮਹਾ ਪੁਰਖਾਂ ਨੂੰ ਦਾਤਾ ਕਰਤਾ ਦੇ ਪਰਮ ਸ਼ਕਤੀਸ਼ਾਲੀ ਰੂਪ ਵਿੱਚ ਪ੍ਰਗਟ ਕੀਤਾ ਹੈ। ਬ੍ਰਹਮ ਗਿਆਨੀ ਮਹਾ ਪੁਰਖਾਂ ਨੂੰ ਮੁਕਤੀ ਦਾ ਦਾਤਾ ਦੇ ਪਰਮ ਸ਼ਕਤੀਸ਼ਾਲੀ ਰੂਪ ਵਿੱਚ ਪ੍ਰਗਟ ਕੀਤਾ ਗਿਆ ਹੈ। ਬ੍ਰਹਮ ਗਿਆਨੀ ਮਹਾ ਪੁਰਖਾਂ ਨੂੰ ਬੰਦਗੀ ਅਤੇ ਬੰਦਗੀ ਦੀ ਜੁਗਤ ਦਾ ਦਾਤਾ ਦੇ ਪਰਮ ਸ਼ਕਤੀਸ਼ਾਲੀ ਰੂਪ ਵਿੱਚ ਪ੍ਰਗਟ ਕੀਤਾ ਗਿਆ ਹੈ। ਬ੍ਰਹਮ ਗਿਆਨੀ ਮਹਾ ਪੁਰਖਾਂ ਨੂੰ ‘ਪੂਰਨ ਪੁਰਖ ਵਿਧਾਤਾ’ ਦੇ ਪਰਮ ਸ਼ਕਤੀਸ਼ਾਲੀ ਰੂਪ ਵਿੱਚ ਪ੍ਰਗਟ ਕੀਤਾ ਗਿਆ ਹੈ। ਬ੍ਰਹਮ ਗਿਆਨੀ ਮਹਾ ਪੁਰਖਾਂ ਨੂੰ ‘ਨਿਰੰਕਾਰ’ ਦੇ ਪਰਮ ਸ਼ਕਤੀਸ਼ਾਲੀ ਰੂਪ ਵਿੱਚ ਪ੍ਰਗਟ ਕੀਤਾ ਹੈ। ਬ੍ਰਹਮ ਗਿਆਨੀ ਦੀ ਮਹਿਮਾ, ਸਾਧ ਦੀ ਮਹਿਮਾ ਅਤੇ ਅਪਰਸ ਅਪਾਰਸ ਦੀ ਪਰਮ ਸ਼ਕਤੀਸ਼ਾਲੀ ਮਹਿਮਾ ਨੂੰ ਸਤਿਗੁਰ ਅਵਤਾਰ ਅਰਜਨ ਦੇਵ ਪਾਤਿਸ਼ਾਹ ਜੀ ਨੇ ਸੁਖਮਨੀ ਬਾਣੀ ਦੀ ੭, ੮ ਅਤੇ ੯ ਅਸਟਪਦੀ ਵਿੱਚ ਪ੍ਰਗਟ ਕੀਤਾ ਹੈ ਅਤੇ ਸਤਿਗੁਰ ਦੀ ਪਰਮ ਸ਼ਕਤੀਸ਼ਾਲੀ ਮਹਿਮਾ ਨੂੰ ਅਸਟਪਦੀ ੧੮ ਵਿੱਚ ਪ੍ਰਗਟ ਕੀਤਾ ਹੈ। ਜਿਗਿਆਸੂਆਂ ਦੇ ਚਰਨਾਂ ਉੱਪਰ ਸਨਿਮਰ ਬੇਨਤੀ ਹੈ ਕਿ ਉਹ ਇਨ੍ਹਾਂ ਅਸ਼ਟਪਦੀਆਂ ਉੱਪਰ ਆਪਣਾ ਧਿਆਨ ਕੇਂਦਰਿਤ ਕਰਨ ਤਾਂ ਉਨ੍ਹਾਂ ਦੀ ਬੰਦਗੀ ਬਹੁਤ ਸੌਖੀ ਹੋ ਜਏਗੀ। ਐਸੇ ਮਹਾ ਪੁਰਖਾਂ ਦੇ ਛੱਤਰ ਹੇਠ ਬੈਠ ਕੇ ਹੀ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰ ਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਐਸੇ ਮਹਾ ਪੁਰਖਾਂ ਦੇ ਛੱਤਰ ਹੇਠ ਬੈਠ ਕੇ ਹੀ ਨਾਮ ਦੀ ਕਮਾਈ ਸਹਿਜੇ ਹੀ ਕੀਤੀ ਜਾਂਦੀ ਹੈ। ਐਸੇ ਮਹਾ ਪੁਰਖਾਂ ਦੇ ਛੱਤਰ ਹੇਠ ਬੈਠ ਕੇ ਸਹਿਜੇ ਹੀ ਮਾਇਆ ਨੂੰ ਜਿੱਤਿਆ ਜਾਂਦਾ ਹੈ। ਐਸੇ ਮਹਾ ਪੁਰਖਾਂ ਦੇ ਛੱਤਰ ਹੇਠ ਬੈਠ ਕੇ ਸਹਿਜੇ ਹੀ ਹਿਰਦੇ ਦੀ ਪੂਰਨ ਸਚਿਆਰੀ ਰਹਿਤ ਦੀ ਕਮਾਈ ਹੋ ਜਾਂਦੀ ਹੈ। ਐਸੇ ਮਹਾ ਪੁਰਖਾਂ ਦੇ ਛੱਤਰ ਹੇਠ ਬੈਠ ਕੇ ਬੰਦਗੀ ਕਰਦੇ ਹੋਏ ਸਾਰੀਆਂ ਰੂਹਾਨੀ ਅਵਸਥਾਵਾਂ ਦੀ ਪ੍ਰਾਪਤੀ ਸਹਿਜੇ ਹੀ ਹੋ ਜਾਂਦੀ ਹੈ।
ਅਕਾਲ ਪੁਰਖ ਵਿੱਚ ਇੱਕ ਮਿਕ ਹੋਣ ਵਾਲੀ ਇਹ ਅਵਸਥਾ ਹੀ ਸੱਚ ਖੰਡ ਅਵਸਥਾ ਹੈ। ਐਸੇ ਮਹਾ ਪੁਰਖਾਂ ਦੇ ਹਿਰਦੇ ਵਿੱਚ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਆਪ ਪ੍ਰਗਟ ਹੋ ਜਾਂਦਾ ਹੈ। ਜਿਸ ਸਥਾਨ ਤੇ ਇਹ ਮਹਾ ਪੁਰਖ ਬੈਠਦੇ ਹਨ ਉਥੇ ਦਰਗਾਹ ਧਰਤੀ ਉੱਪਰ ਪ੍ਰਗਟ ਹੁੰਦੀ ਹੈ। ਐਸੇ ਮਹਾ ਪੁਰਖਾਂ ਦੀ ਸੰਗਤ ਹੀ ਪਰਮ ਸ਼ਕਤੀਸ਼ਾਲੀ ਸਤਿਸੰਗਤ ਹੈ। ਐਸੇ ਮਹਾ ਪੁਰਖਾਂ ਦੀ ਸੰਗਤ ਹੀ ਸੱਚ ਖੰਡ ਦੀ ਪਰਮ ਸ਼ਕਤੀਸ਼ਾਲੀ ਸੰਗਤ ਹੈ। ਐਸੇ ਮਹਾ ਪੁਰਖਾਂ ਦੀ ਸੰਗਤ ਵਿੱਚ ਹੀ ਸੱਚ ਖੰਡ ਦੀ ਪਰਮ ਸ਼ਕਤੀਸ਼ਾਲੀ ਮਹਿਮਾ ਵਰਤਦੀ ਹੈ। ਐਸੇ ਮਹਾ ਪੁਰਖਾਂ ਦੀ ਸੰਗਤ ਵਿੱਚ ਮਾਇਆ ਫੜਕ ਨਹੀਂ ਸਕਦੀ ਹੈ। ਐਸੇ ਮਹਾ ਪੁਰਖਾਂ ਦੀ ਸਤਿਸੰਗਤ ਵਿੱਚ ਸਿਮਰਨ ਕਰਨ ਵਾਲਿਆਂ ਦੇ ਹਿਰਦੇ ਵਿੱਚ ਪਰਮ ਜੋਤ ਸਹਿਜੇ ਹੀ ਪ੍ਰਗਟ ਹੋ ਜਾਂਦੀ ਹੈ। ਐਸੇ ਮਹਾ ਪੁਰਖਾਂ ਦੇ ਚਰਨਾਂ ਉੱਪਰ ਆਪਾ ਅਰਪਣ ਕਰਨ ਵਾਲਿਆਂ ਦੀ ਸੁਰਤ ਅਤੇ ਹਿਰਦੇ ਵਿੱਚ ਸਤਿਨਾਮ ਸਹਿਜੇ ਹੀ ਪ੍ਰਕਾਸ਼ਮਾਨ ਹੋ ਜਾਂਦਾ ਹੈ। ਐਸੇ ਮਹਾ ਪੁਰਖਾਂ ਦੇ ਚਰਨਾਂ ਉੱਪਰ ਸੰਪੂਰਨ ਸਮਰਪਣ ਕਰਨ ਵਾਲਿਆਂ ਦੇ ਸਾਰੇ ਬੱਜਰ ਕਪਾਟ ਖੁੱਲ੍ਹ ਜਾਂਦੇ ਹਨ ਅਤੇ ਸਤਿ ਸਰੋਵਰ ਸਹਿਜੇ ਹੀ ਪ੍ਰਕਾਸ਼ਮਾਨ ਹੋ ਜਾਂਦੇ ਹਨ। ਐਸੇ ਮਹਾ ਪੁਰਖਾਂ ਦੇ ਚਰਨਾਂ ਉੱਪਰ ਸੰਪੂਰਨ ਸਮਰਪਣ ਕਰਨ ਵਾਲਿਆਂ ਨੂੰ ਏਕ ਬੂੰਦ ਅੰਮ੍ਰਿਤ ਦੀ ਪ੍ਰਾਪਤੀ ਸਹਿਜੇ ਹੀ ਹੋ ਜਾਂਦੀ ਹੈ। ਐਸੇ ਮਹਾ ਪੁਰਖਾਂ ਦੇ ਚਰਨਾਂ ਉੱਪਰ ਸੰਪੂਰਨ ਸਮਰਪਣ ਕਰਨ ਵਾਲਿਆਂ ਦੀ ਸਮਾਧੀ ਅਤੇ ਸੁੰਨ ਸਮਾਧੀ ਸਹਿਜੇ ਹੀ ਲੱਗ ਜਾਂਦੀ ਹੈ। ਐਸੇ ਮਹਾ ਪੁਰਖਾਂ ਦੇ ਚਰਨਾਂ ਉੱਪਰ ਸੰਪੂਰਨ ਸਮਰਪਣ ਕਰਨ ਵਾਲਿਆਂ ਨੂੰ ਕਰਮ ਖੰਡ ਦੀ ਪਰਮ ਸ਼ਕਤੀਸ਼ਾਲੀ ਅਵਸਥਾ ਸਹਿਜੇ ਹੀ ਪ੍ਰਾਪਤ ਹੋ ਜਾਂਦੀ ਹੈ।
ਉਹ ਰੂਹਾਂ ਜਿਹੜੀਆਂ ਸੱਚ ਖੰਡ ਵਿੱਚ ਪਹੁੰਚ ਜਾਂਦੀਆਂ ਹਨ ਸਦਾ ਲਈ ਆਪਣੇ ਪ੍ਰਮਾਤਮਾ ਦੇ ਪ੍ਰੇਮਾ-ਭਗਤੀ ਭਾਵ ਵਿੱਚ ਵਿਲੀਨ ਹੋ ਜਾਂਦੀਆਂ ਹਨ ਅਤੇ ਆਪਣੇ ਅਨਾਦਿ ਦਰਗਾਹੀ ਖ਼ਜ਼ਾਨਿਆਂ ਦੀ ਬਖਸ਼ਿਸ਼ ਨਾਲ ਬਹੁਤ ਸ਼ਕਤੀਸ਼ਾਲੀ ਬਣ ਜਾਂਦੀਆਂ ਹਨ। ਅਜਿਹੀਆਂ ਰੂਹਾਂ ਸਦਾ ਲਈ ਉਸ ਸਰਵ ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਵਿਲੀਨ ਹੋ ਜਾਂਦੀਆਂ ਹਨ ਅਤੇ ਸੁੰਨ ਸਮਾਧੀ ਵਿੱਚ ਬੈਠ ਕੇ ਉਸ ਅਕਾਲ ਪੁਰਖ ਨਾਲ ਏਕਮ ਹੋਣ ਦੀ ਉੱਚਤਮ ਅਵਸਥਾ ਨੂੰ ਮਾਣਦੀਆਂ ਹਨ। ਅਜਿਹੀਆਂ ਰੂਹਾਂ ਕਦੇ ਆਪਣੇ ਆਪ ਨੂੰ ਛੁਪਾ ਨਹੀਂ ਸਕਦੀਆਂ ਹਨ। ਇਹ ਰੂਹਾਂ ਉਸ ਸਰਵ ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੁਆਰਾ ਆਪ ਸਾਰੀ ਦੁਨੀਆਂ ਦੇ ਲੋਕਾਂ ਵਿੱਚ ਅਨਾਦਿ ਰੂਹਾਨੀ ਮਹਾ ਪਰਉਪਕਾਰ ਦੀ ਉੱਚਤਮ ਅਵਸਥਾ ਵਿੱਚ ਪ੍ਰਗਟ ਕੀਤੀਆਂ ਜਾਂਦੀਆਂ ਹਨ। ਉਹ ਅਨਾਦਿ ਮਹਾ ਪਰਉਪਕਾਰ ਕਰਦੇ ਹੋਏ ਅਨਾਦਿ ਸਤਿ ਦਾ ਸੰਦੇਸ਼ ਲੋਕਾਂ ਨੂੰ ਵਰਤਾਉਂਦੀਆਂ ਹਨ। ਅਜਿਹੀਆਂ ਰੂਹਾਂ ਸਮਾਜ ਦੇ ਕਿਸੇ ਖ਼ਾਸ ਵਰਗ ਨਾਲ ਸੰਬੰਧਿਤ ਨਹੀਂ ਹੁੰਦੀਆਂ। ਉਹ ਦੁਨਿਆਵੀ ਧਰਮਾਂ ਜਾਤਾਂ ਦੇ ਬੰਧਨਾਂ ਤੋਂ ਮੁਕਤ ਹੁੰਦੀਆਂ ਹਨ ਅਤੇ ਸਾਰੀ ਸ੍ਰਿਸ਼ਟੀ ਦੀ ਸੇਵਾ ਕਰਦੀਆਂ ਹਨ, ਹਰ ਕਿਸੇ ਦੀ ਸਹਾਇਤਾ ਕਰਦੀਆਂ ਹਨ। ਜੋ ਵੀ ਉਨ੍ਹਾਂ ਦੀ ਸਤਿਸੰਗਤ ਵਿੱਚ ਜਾਂਦਾ ਹੈ, ਉਸ ਵਿੱਚ ਪਰਿਵਰਤਨ ਆ ਜਾਂਦਾ ਹੈ। ਅਜਿਹੀਆਂ ਰੂਹਾਂ ਆਪਣੀ ਸਤਿਸੰਗਤ ਨੂੰ ਗੁਰਪ੍ਰਸਾਦਿ ਦੀ ਬਖਸ਼ਿਸ਼ ਕਰਦੀਆਂ ਹਨ ਅਤੇ ਇਸ ਗੁਰਪ੍ਰਸਾਦਿ ਨਾਲ ਬਹੁਤ ਸਾਰੇ ਲੋਕ ਨਾਮ, ਬੰਦਗੀ ਅਤੇ ਸੇਵਾ ਦੀਆਂ ਬਖ਼ਸ਼ਿਸ਼ਾਂ ਪ੍ਰਾਪਤ ਕਰਦੇ ਹਨ ਅਤੇ ਜੀਵਨ ਮੁਕਤੀ ਪ੍ਰਾਪਤ ਕਰ ਜਾਂਦੇ ਹਨ। ਅਜਿਹੀਆਂ ਰੂਹਾਂ ਸੰਸਾਰ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦੀ ਮੁਕਤੀ ਕਰਵਾ ਕੇ ਉਨ੍ਹਾਂ ਨੂੰ ਭਵਸਾਗਰ ਮਾਇਆ ਦਾ ਸਮੁੰਦਰ ਪਾਰ ਕਰਵਾ ਕੇ ਉਨ੍ਹਾਂ ਦੇ ਅਸਲੀ ਘਰ ਲਿਜਾਉਣ ਲਈ ਆਉਂਦੀਆਂ ਹਨ।
ਸਤਿ ਰੂਪ ਹੋ ਕੇ ਧਰਤੀ ਉੱਪਰ ਪ੍ਰਗਟਿਓ ਜੋਤ ਰੂਪ ਵਿੱਚ ਪ੍ਰਗਟ ਹੋ ਕੇ ਐਸੀਆਂ ਰੂਹਾਂ ਸੱਚ ਖੰਡ ਨੂੰ ਧਰਤੀ ਉੱਪਰ ਪ੍ਰਗਟ ਕਰ ਦਿੰਦੀਆਂ ਹਨ ਅਤੇ ਪੂਰਨ ਬ੍ਰਹਮ ਗਿਆਨ ਅਤੇ ਪੂਰਨ ਤੱਤ ਗਿਆਨ ਵਰਤਾ ਕੇ ਲੋਕਾਈ ਦਾ ਪਰਉਪਕਾਰ ਕਰਦੀਆਂ ਹਨ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਐਸੀਆਂ ਰੂਹਾਂ ਵਿੱਚ ਧਰਤੀ ਉੱਪਰ ਪ੍ਰਗਟ ਹੁੰਦਾ ਹੈ ਅਤੇ ਆਪਣੀ ਹੀ ਕਿਰਤ ਦਾ ਆਨੰਦ ਮਾਣਦਾ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਰਸਿਕ ਬੈਰਾਗੀ ਹੈ। ਇਹ ਹੀ ਉਸ ਦਾ ਪਰਮ ਸ਼ਕਤੀਸ਼ਾਲੀ ਗੁਰ ਪ੍ਰਸਾਦੀ ਖੇਲ ਹੈ। ਬਖ਼ਸ਼ਿਸ਼ ਕਰਦਾ ਹੈ, ਨਾਮ ਜਪਾਉਂਦਾ ਹੈ, ਬੰਦਗੀ ਕਰਵਾਉਂਦਾ ਹੈ, ਸੇਵਾ ਕਰਵਾਉਂਦਾ ਹੈ, ਫਿਰ ਮਨੁੱਖ ਵਿੱਚ ਪ੍ਰਗਟ ਹੋ ਕੇ ਮਹਾ ਪਰਉਪਕਾਰ ਕਰਦਾ ਹੈ ਅਤੇ ਆਪਣੀ ਹੀ ਰਚੀ ਹੋਈ ਖੇਲ ਦਾ ਆਪ ਆਨੰਦ ਮਾਣਦਾ ਹੈ। ਮਨੁੱਖ ਨੂੰ ਬੰਦਗੀ ਕਰਵਾ ਕੇ ਪਹਿਲਾਂ ਆਪਣੀ ਨਦਰ ਨਾਲ ਨਿਹਾਲ ਕਰਦਾ ਹੈ ਫਿਰ ਉਸੇ ਮਨੁੱਖ ਵਿੱਚ ਆਪ ਪ੍ਰਗਟ ਹੋ ਕੇ ਆਪਣੀ ਹੀ ਬੰਦਗੀ ਅਤੇ ਸੇਵਾ ਦਾ ਆਪ ਹੀ ਆਨੰਦ ਮਾਣਦਾ ਹੈ। ਇਸ ਤਰ੍ਹਾਂ ਦੇ ਨਾਲ ਆਪਣੀ ਬਣਾਈ ਹੋਈ ਇਸ ਪਰਮ ਸ਼ਕਤੀਸ਼ਾਲੀ ਖੇਲ ਵਿੱਚ ਆਪਣੀਆਂ ਪਰਮ ਸ਼ਕਤੀਆਂ ਨੂੰ ਮਨੁੱਖ ਵਿੱਚ ਪ੍ਰਗਟ ਕਰਕੇ ਉਸ ਦਾ ਆਨੰਦ ਮਾਣਦਾ ਹੈ। ਇਸ ਪਰਮ ਸ਼ਕਤੀਸ਼ਾਲੀ ਅਵਸਥਾ ਵਿੱਚ ਪਹੁੰਚ ਕੇ ਮਨੁੱਖ ਵਿੱਚ ਪ੍ਰਗਟ ਹੋਈ ਪਰਮ ਜੋਤ ਨੂੰ ਸਾਰੇ ਪਾਸੇ ਸਾਰੀ ਸ੍ਰਿਸ਼ਟੀ ਵਿੱਚ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਹੀ ਪਰਮ ਸ਼ਕਤੀ ਵਾਪਰਦੀ ਦਿਸਣ ਲੱਗ ਪੈਂਦੀ ਹੈ। ਇਸ ਪਰਮ ਸ਼ਕਤੀਸ਼ਾਲੀ ਅਵਸਥਾ ਦਾ ਬਿਆਨ ਭਗਤ ਨਾਮ ਦੇਵ ਜੀ ਨੇ ਗੁਰਬਾਣੀ ਵਿੱਚ ਪ੍ਰਗਟ ਕੀਤਾ ਹੈ:
ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ ॥
(ਪੰਨਾ ੪੮੫)
ਜੋ ਮਹਾ ਪੁਰਖ ਸੱਚ ਖੰਡ ਦੀ ਇਸ ਪਰਮ ਸ਼ਕਤੀਸ਼ਾਲੀ ਅਵਸਥਾ ਨੂੰ ਪ੍ਰਾਪਤ ਕਰਕੇ ਸਤਿ ਪਾਰਬ੍ਰਹਮ ਪਿਤ ਪਰਮੇਸ਼ਰ ਵਿੱਚ ਅਭੇਦ ਹੋ ਜਾਂਦੇ ਹਨ ਉਨ੍ਹਾਂ ਨੂੰ ਸ੍ਰਿਸ਼ਟੀ ਦੀ ਬੇਅੰਤਤਾ ਦੇ ਰੂਪ ਦਿਸਦੇ ਹਨ। ਐਸੇ ਮਹਾ ਪੁਰਖਾਂ ਨੂੰ ਜਦ ਅਕਾਲ ਪੁਰਖ ਦੇ ਦਰਸ਼ਨ ਹੁੰਦੇ ਹਨ ਅਤੇ ਜਦ ਨਿਰਗੁਣ ਵਿੱਚ ਸਰਗੁਣ ਦੇ ਦਰਸ਼ਨ ਹੁੰਦੇ ਹਨ ਤਾਂ ਉਸ ਸਮੇਂ ਉਨ੍ਹਾਂ ਨੂੰ ਸਾਰੇ ਖੰਡ, ਮੰਡਲ ਅਤੇ ਬ੍ਰਹਿਮੰਡ ਦਿਸਦੇ ਹਨ। ਐਸੇ ਮਹਾ ਪੁਰਖ ਜਦ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਅਭੇਦ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਆਪਣੇ ਅੰਦਰ ਹੀ ਸਾਰੇ ਖੰਡ, ਮੰਡਲ ਅਤੇ ਬ੍ਰਹਿਮੰਡਾਂ ਦੇ ਦਰਸ਼ਨ ਹੋ ਜਾਂਦੇ ਹਨ। ਕਈ ਖੰਡਾਂ ਦਾ ਸਮੂਹ ਇੱਕ ਮੰਡਲ ਹੈ ਜਿਵੇਂ ਕਿ ਧਰਤੀ, ਸੂਰਜ, ਚੰਦਰਮਾਂ ਅਤੇ ਹੋਰ ਗ੍ਰਹਿ ਨਕਸ਼ਤ੍ਰਾਂ ਨੂੰ ਮਿਲਾ ਕੇ ਇੱਕ ਸੋਰ ਮੰਡਲ ਬਣਦਾ ਹੈ ਅਤੇ ਕਈ ਐਸੇ ਮੰਡਲ ਰਲ ਕੇ ਇੱਕ ਬ੍ਰਹਿਮੰਡ ਬਣਦਾ ਹੈ। ਐਸੇ ਮਹਾ ਪੁਰਖਾਂ ਨੂੰ ਐਸੇ ਬ੍ਰਹਿਮੰਡਾਂ ਦੇ ਦਰਸ਼ਨ ਹੋ ਜਾਂਦੇ ਹਨ ਜਿਸਦੇ ਨਾਲ ਉਨ੍ਹਾਂ ਨੂੰ ਸ੍ਰਿਸ਼ਟੀ ਦੀ ਬੇਅੰਤਤਾ ਦਾ ਗਿਆਨ ਪ੍ਰਤੱਖ ਰੂਪ ਵਿੱਚ ਪ੍ਰਗਟ ਹੋ ਜਾਂਦਾ ਹੈ। ਕਈ ਮਹਾ ਪੁਰਖਾਂ ਵਿੱਚ ਇਨ੍ਹਾਂ ਖੰਡ, ਮੰਡਲ ਅਤੇ ਬ੍ਰਹਿਮੰਡਾਂ ਵਿੱਚ ਸੂਖਸ਼ਮ ਰੂਪ ਵਿੱਚ ਵਿਚਰਨ ਕਰਨ ਦੀ ਪਰਮ ਸ਼ਕਤੀ ਵੀ ਪ੍ਰਗਟ ਹੋ ਜਾਂਦੀ ਹੈ। ਜਿਸ ਪਰਮ ਸ਼ਕਤੀ ਦੇ ਨਾਲ ਉਹ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਹੁਕਮ ਅਨੁਸਾਰ ਪਰਉਪਕਾਰ ਦੇ ਕਾਰਜ ਸਿੱਧ ਕਰਨ ਲਈ ਆਪਣੀ ਭੌਤਿਕ ਦੇਹੀ ਨੂੰ ਛੱਡ ਕੇ ਚਲੇ ਜਾਂਦੇ ਹਨ ਅਤੇ ਐਸੇ ਪਰਉਕਾਰੀ ਕਾਰਜ ਸਿੱਧ ਕਰਕੇ ਆਪਣੀ ਭੌਤਿਕ ਦੇਹੀ ਵਾਪਸ ਆ ਜਾਂਦੇ ਹਨ।
ਐਸੇ ਮਹਾ ਪੁਰਖ ਇੱਕ ਦ੍ਰਿਸ਼ਟ ਹੋ ਜਾਂਦੇ ਹਨ। ਨਿਰਵੈਰ ਹੋ ਜਾਂਦੇ ਹਨ। ਉਨ੍ਹਾਂ ਨੂੰ ਸਾਰੀ ਲੋਕਾਈ ਵਿੱਚ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਹੀ ਨਜ਼ਰ ਆਉਂਦਾ ਹੈ। ਐਸੇ ਮਹਾ ਪੁਰਖਾਂ ਦੀਆਂ ਪੰਜੇ ਕਰਮ ਇੰਦਰੀਆਂ ਅਤੇ ਪੰਜੇ ਗਿਆਨ ਇੰਦਰੀਆਂ ਪੂਰਨ ਹੁਕਮ ਵਿੱਚ ਆ ਜਾਂਦੀਆ ਹਨ। ਉਨ੍ਹਾਂ ਦੇ ਸਾਰੇ ਕਰਮ ਪੂਰਨ ਹੁਕਮ ਵਿੱਚ ਵਰਤਦੇ ਹਨ। ਉਨ੍ਹਾਂ ਦੀ ਸਾਰੀ ਕਰਨੀ ਸਤਿ ਦੀ ਕਰਨੀ ਹੋ ਜਾਂਦੀ ਹੈ ਅਤੇ ਪੂਰਨ ਭਾਣੇ ਵਿੱਚ ਵਰਤਦੀ ਹੈ। ਉਹ ਕੇਵਲ ਪੂਰਨ ਸਤਿ ਦੀ ਸੇਵਾ ਕਰਦੇ ਹਨ ਅਤੇ ਪੂਰਨ ਸਤਿ ਵਰਤਾਉਂਦੇ ਹਨ। ਉਨ੍ਹਾਂ ਦਾ ਜੀਵਨ ਕੇਵਲ ਪਰਉਪਕਾਰ ਅਤੇ ਮਹਾ ਪਰਉਪਕਾਰ ਵਿੱਚ ਬੀਤਦਾ ਹੈ। ਉਹ ਦੁਨੀਆਂ ਨੂੰ ਪੂਰਨ ਸਤਿ ਦਾ ਹੀ ਉਪਦੇਸ਼ ਦਿੰਦੇ ਹਨ ਅਤੇ ਭਵਸਾਗਰ ਸੰਸਾਰ ਤੋਂ ਤਾਰਦੇ ਹਨ। ਐਸੀ ਅਵਸਥਾ ਵਿੱਚ ਸਾਰੇ ਪਾਸੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਹੁਕਮ ਵਰਤਦਾ ਨਜ਼ਰ ਆਉਂਦਾ ਹੈ। ਸਾਰੀ ਸ੍ਰਿਸ਼ਟੀ ਵਿੱਚ ਕਰਤਾ ਪੁਰਖ ਆਪ ਵਰਤਦਾ ਨਜ਼ਰ ਆਉਂਦਾ ਹੈ। ਐਸੇ ਮਹਾ ਪੁਰਖਾਂ ਦਾ ਪੂਰਨ ਸਤਿ ਦੀ ਸੇਵਾ ਕਰਦੇ-ਕਰਦੇ ਨਿਰੰਤਰ ਵਿਕਾਸ ਹੁੰਦਾ ਹੈ। ਸੇਵਾ ਉਨ੍ਹਾਂ ਦੀ ਬੰਦਗੀ ਬਣ ਜਾਂਦੀ ਹੈ ਅਤੇ ਇਸ ਸੇਵਾ ਦਾ ਵੀ ਕੋਈ ਅੰਤ ਨਹੀਂ ਹੁੰਦਾ ਹੈ। ਸੇਵਾ ਵਿੱਚ ਰੱਤੇ ਹੋਏ ਉਨ੍ਹਾਂ ਦੀ ਆਤਮਿਕ ਅਵਸਥਾ ਨਿਰੰਤਰ ਵਿਗਸਦੀ ਜਾਂਦੀ ਹੈ। ਕਿਉਂਕਿ ਰੂਹਾਨੀ ਵਿਕਾਸ ਦਾ ਵੀ ਕੋਈ ਅੰਤ ਨਹੀਂ ਹੁੰਦਾ ਹੈ। ਜਿਵੇਂ ਜਿਵੇਂ ਐਸੇ ਮਹਾ ਪੁਰਖ ਗੁਰ ਪ੍ਰਸਾਦਿ ਵੰਡਦੇ ਹੋਏ ਦੁਨੀਆਂ ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬੰਦਗੀ ਨਾਲ ਜੋੜਦੇ ਹਨ ਤਿਵੇਂ ਤਿਵੇਂ ਉਨ੍ਹਾਂ ਦੀ ਆਤਮਿਕ ਅਵਸਥਾ ਹੋਰ ਉੱਪਰ ਚਲੀ ਜਾਂਦੀ ਹੈ। ਐਸੇ ਮਹਾ ਪੁਰਖਾਂ ਦੀ ਮਹਿਮਾ ਬੇਅੰਤ ਹੋ ਜਾਂਦੀ ਹੈ। ਇਸ ਲਈ ਐਸੇ ਮਹਾ ਪੁਰਖਾਂ ਦੀ ਇਸ ਅਵਸਥਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਹੈ। ਪੂਰਨ ਬੰਦਗੀ ਦੀ ਐਸੀ ਪਰਮ ਸ਼ਕਤੀਸ਼ਾਲੀ ਬੇਅੰਤ ਅਵਸਥਾ ਨੂੰ ਅਨੁਭਵ ਕੀਤਾ ਜਾਂਦਾ ਹੈ ਪਰੰਤੂ ਬਿਆਨ ਨਹੀਂ ਕੀਤਾ ਜਾ ਸਕਦਾ ਹੈ। ਮਾਨਸਰੋਵਰ ਵਿੱਚ ਨਿਵਾਸ ਦੀ ਇਸ ਪਰਮ ਉੱਤਮ ਅਵਸਥਾ ਨੂੰ ਕੇਵਲ ਬੰਦਗੀ ਕਰਕੇ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਅਨੁਭਵ ਕੀਤਾ ਜਾ ਸਕਦਾ ਹੈ ਪਰੰਤੂ ਬਿਆਨ ਨਹੀਂ ਕੀਤਾ ਜਾ ਸਕਦਾ ਹੈ। ਧੰਨ ਧੰਨ ਸੰਤ ਕਬੀਰ ਪਾਤਸ਼ਾਹ ਜੀ ਨੇ ਇਸ ਪਰਮ ਸਤਿ ਤੱਤ ਨੂੰ ਆਪਣੀ ਬਾਣੀ ਵਿੱਚ ਪ੍ਰਗਟ ਕੀਤਾ ਹੈ:
ਕਬੀਰ ਚਰਨ ਕਮਲ ਕੀ ਮਉਜ ਕੋ ਕਹਿ ਕੈਸੇ ਉਨਮਾਨ ॥ ਕਹਿਬੇ ਕਉ ਸੋਭਾ ਨਹੀ ਦੇਖਾ ਹੀ ਪਰਵਾਨੁ ॥੧੨੧॥
(ਪੰਨਾ ੧੩੭੦)
ਐਸੀ ਪਰਮ ਸ਼ਕਤੀਸ਼ਾਲੀ ‘ਲਿਵ’ ਲੱਗਣ ਦੀ ਮਹਿਮਾ ਬੰਦਗੀ ਦੇ ਪੰਜ ਖੰਡਾਂ ਵਿੱਚ ਵਾਪਰਦੀ ਹੈ। ਐਸੀ ਸੁੰਦਰ ਸਤਿ ਚਿੱਤ ਆਨੰਦ ਦੀ ਪਰਮ ਸ਼ਕਤੀਸ਼ਾਲੀ ਅਵਸਥਾ ਮਨੁੱਖ ਪ੍ਰਾਪਤ ਕਰਨ ਦੀ ਸਮਰੱਥਾ ਲੈ ਕੇ ਜਨਮ ਲੈਂਦਾ ਹੈ। ਫਿਰ ਜੇ ਕਰ ਮਨੁੱਖ ਨੂੰ ਇਸ ਪਰਮ ਸ਼ਕਤੀਸ਼ਾਲੀ ਅਵਸਥਾ ਦੀ ਪ੍ਰਾਪਤੀ ਨਾ ਹੋਵੇ ਤਾਂ ਉਸ ਦਾ ਕੀ ਹਸ਼ਰ ਹੁੰਦਾ ਹੈ ? ‘ਲਿਵ’ ਦੀ ਪ੍ਰਾਪਤੀ ਨਾ ਕਰ ਕੇ ਮਨੁੱਖ ਮਾਇਆ ਵਿੱਚ ਗਲਤਾਨ ਹੋ ਕੇ ਆਪਣਾ ਅਨਮੋਲਕ ਰਤਨ ਹੀਰਾ ਜਨਮ ਗੁਆ ਬੈਠਦਾ ਹੈ ਅਤੇ ਜਨਮ-ਮਰਣ ਦੇ ਚੱਕਰ ਵਿੱਚ ਅਣਗਿਣਤ ਸਮੇਂ ਲਈ ਫੱਸਿਆ ਰਹਿੰਦਾ ਹੈ। ਭਾਵ ਮਨੁੱਖ ਜਨਮ-ਮਰਣ ਦੇ ਚੱਕਰ ਵਿੱਚ ਫੱਸਿਆ ਹੋਇਆ ਮਾਇਆ ਦੀ ਗੁਲਾਮੀ ਵਿੱਚ ਨਰਕ ਨਿਵਾਜ਼ ਜੀਵਨ ਕਿਰਿਆ ਵਿਚੋਂ ਲੰਘ-ਲੰਘ ਕੇ ਜੰਮਦਾ ਹੈ ਅਤੇ ਮਰਦਾ ਹੈ। ਆਪਣੇ ਕਰਮਾਂ ਅਨੁਸਾਰ ਇਨ੍ਹਾਂ ਜਨਮਾਂ ਦੇ ਦੌਰਾਨ ਪਤਾ ਨਹੀਂ ਕਿਤਨੀ ਵਾਰੀ ਹੋਰ ਜੂਨਾਂ ਵਿੱਚ ਭਟਕਦਾ ਹੈ। ਨਰਕ ਨਿਵਾਜ਼ ਜੀਵਨ ਤੋਂ ਭਾਵ ਹੈ ਕਿ ਸਤਿ ਪਾਰਬ੍ਰਹਮ ਪਰਮੇਸ਼ਰ ਤੋਂ ਬੇਮੁਖ ਹੋ ਕੇ ਇੱਕ ਆਮ ਮਨੁੱਖ ਦਾ ਜੀਵਨ ਕੇਵਲ ਦੁੱਖਾਂ ਕਲੇਸ਼ਾਂ ਮੁਸੀਬਤਾਂ ਸਮੱਸਿਆਵਾਂ ਅਤੇ ਕੁਝ ਅਸਥਾਈ ਸਫਲਤਾਵਾਂ ਅਤੇ ਪ੍ਰਸੰਨਤਾ ਨਾਲ ਘਿਰਿਆ ਰਹਿੰਦਾ ਹੈ। ਮਾਇਆ ਦੀ ਗੁਲਾਮੀ ਵਿੱਚ ਮਨੁੱਖੀ ਜੀਵਨ ਵਿੱਚ ਕਦੇ ਸਦਾ ਸੁੱਖ ਦੀ, ਸਤਿ ਚਿੱਤ ਆਨੰਦ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਪੂਰਨ ਅਤੇ ਸਦਾ ਸੁੱਖ ਦੀ ਪ੍ਰਾਪਤੀ ਕੇਵਲ ਬੰਦਗੀ ਕਰਨ ਨਾਲ ਹੀ ਮਾਇਆ ਨੂੰ ਜਿੱਤ ਕੇ ਹਾਸਿਲ ਹੁੰਦੀ ਹੈ। ਇਸ ਲਈ ਸਾਰੀ ਲੋਕਾਈ ਦੇ ਚਰਨਾਂ ਉੱਪਰ ਸਨਿਮਰ ਬੇਨਤੀ ਹੈ ਕਿ ਸਤਿ ਦੀ ਕਰਨੀ ਉੱਪਰ ਆਪਣਾ ਧਿਆਨ ਟਿਕਾਵੋ ਤਾਂ ਕਿ ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦਿ ਪ੍ਰਾਪਤ ਕਰਕੇ ਜੀਵਨ ਸਫਲ ਹੋ ਸਕੇ ਅਤੇ ਇਹ ਮਨੁੱਖਾ ਜਨਮ ਲੇਖੇ ਲੱਗ ਜਾਏ।