ਅਨੰਦੁ ਸਾਹਿਬ – ਪਉੜੀ ੨੫-੨੬

ਗੁਰ ਕਾ ਸਬਦੁ ਰਤੰਨੁ ਹੈ ਹੀਰੇ ਜਿਤੁ ਜੜਾਉ ॥

ਸਬਦੁ ਰਤਨੁ ਜਿਤੁ ਮੰਨੁ ਲਾਗਾ ਏਹੁ ਹੋਆ ਸਮਾਉ ॥

ਸਬਦ ਸੇਤੀ ਮਨੁ ਮਿਲਿਆ ਸਚੈ ਲਾਇਆ ਭਾਉ ॥

ਆਪੇ ਹੀਰਾ ਰਤਨੁ ਆਪੇ ਜਿਸ ਨੋ ਦੇਇ ਬੁਝਾਇ ॥

ਕਹੈ ਨਾਨਕੁ ਸਬਦੁ ਰਤਨੁ ਹੈ ਹੀਰਾ ਜਿਤੁ ਜੜਾਉ ॥੨੫॥

(ਪੰਨਾ ੯੨੦)

ਸਿਵ ਸਕਤਿ ਆਪਿ ਉਪਾਇ ਕੈ ਕਰਤਾ ਆਪੇ ਹੁਕਮੁ ਵਰਤਾਏ ॥

ਹੁਕਮੁ ਵਰਤਾਏ ਆਪਿ ਵੇਖੈ ਗੁਰਮੁਖਿ ਕਿਸੈ ਬੁਝਾਏ ॥

ਤੋੜੇ ਬੰਧਨ ਹੋਵੈ ਮੁਕਤੁ ਸਬਦੁ ਮੰਨਿ ਵਸਾਏ ॥

ਗੁਰਮੁਖਿ ਜਿਸ ਨੋ ਆਪਿ ਕਰੇ ਸੁ ਹੋਵੈ ਏਕਸ ਸਿਉ ਲਿਵ ਲਾਏ ॥

ਕਹੈ ਨਾਨਕੁ ਆਪਿ ਕਰਤਾ ਆਪੇ ਹੁਕਮੁ ਬੁਝਾਏ ॥੨੬॥

(ਪੰਨਾ ੯੨੦)

ਧੰਨ ਧੰਨ ਸਤਿਗੁਰੂ ਸਾਹਿਬ ਜੀ ਬੇਅੰਤ ਦਿਆਲਤਾ ਦੇ ਨਾਲ ਅਨੰਦ ਸਾਹਿਬ ਦੀ ਬਾਣੀ ਦੇ ਇਨ੍ਹਾਂ ਪਰਮ ਸ਼ਕਤੀਸ਼ਾਲੀ ਸਲੋਕਾਂ ਵਿੱਚ ‘ਗੁਰ ਕਾ ਸ਼ਬਦੁ’ ਅਤੇ ਦਰਗਾਹੀ ਇਲਾਹੀ ‘ਹੁਕਮ’ ਦੀ ਬੇਅੰਤ ਮਹਿਮਾ ਬਾਰੇ ਪੂਰਨ ਬ੍ਰਹਮ ਗਿਆਨ ਸਾਰੀ ਲੁਕਾਈ ਦੀ ਝੋਲੀ ਵਿੱਚ ਪਾਇਆ ਹੈ। ਇਹ ਪਰਮ ਸਤਿ ਹੈ ਕਿ “ਗੁਰ ਕਾ ਸਬਦੁ” ਹੀ “ਹੁਕਮੁ” ਹੈ। “ਗੁਰ ਕਾ ਸਬਦੁ” ਅਤੇ “ਹੁਕਮੁ” ਵਿੱਚ ਕੋਈ ਅੰਤਰ ਨਹੀਂ ਹੈ। ਸਾਰੀ ਗੁਰਬਾਣੀ “ਗੁਰ ਕਾ ਸਬਦੁ” ਹੈ ਇਸ ਲਈ ਸਾਰੀ ਗੁਰਬਾਣੀ ਹੀ ਸਤਿ ਪਾਰਬ੍ਰਹਮ ਪਰਮੇਸ਼ਰ ਦਾ “ਹੁਕਮੁ” ਹੈ। “ਗੁਰ ਕਾ ਸਬਦੁ” ਦਰਗਾਹੀ ਬਚਨ ਹੈ। “ਗੁਰ ਕਾ ਸਬਦੁ” ਪੂਰਨ ਸਤਿ ਹੈ। ਗੁਰਬਾਣੀ ਦਾ ਹਰ ਇੱਕ ਸ਼ਬਦ ਸ਼ਲੋਕ ਪੂਰਨ ਦਰਗਾਹੀ ਹੁਕਮ ਹੈ। “ਗੁਰ ਕਾ ਸਬਦੁ” ਸਾਰੀ ਸ੍ਰਿਸ਼ਟੀ ਵਿੱਚ ਪੂਰਨ ਸਤਿ ਦੇ ਰੂਪ ਵਿੱਚ ਸ੍ਰਿਸ਼ਟੀ ਦੇ ਆਦਿ ਵਿੱਚ ਪ੍ਰਗਟ ਹੋਇਆ ਹੈ, ਸਦਾ ਤੋਂ ਪ੍ਰਗਟ ਹੋ ਰਿਹਾ ਹੈ ਅਤੇ ਸਦਾ ਪ੍ਰਗਟ ਹੁੰਦਾ ਰਹੇਗਾ। “ਗੁਰ ਕਾ ਸਬਦੁ” ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਿਰਗੁਣ ਸਰੂਪ ਦੀ ਪਰਮ ਸ਼ਕਤੀ ਦੇ ਰੂਪ ਵਿੱਚ ਸ੍ਰਿਸ਼ਟੀ ਦੇ ਆਦਿ ਵਿੱਚ ਪ੍ਰਗਟ ਹੋਇਆ ਹੈ, ਸਦਾ ਤੋਂ ਪ੍ਰਗਟ ਹੋ ਰਿਹਾ ਹੈ ਅਤੇ ਸਦਾ ਪ੍ਰਗਟ ਹੁੰਦਾ ਰਹੇਗਾ।

ਸਾਰੀ ਸ੍ਰਿਸ਼ਟੀ ਦੀ ਸਿਰਜਣਾ, ਸੰਚਾਲਨ ਅਤੇ ਅੰਤ ਕੇਵਲ “ਗੁਰ ਕਾ ਸਬਦੁ” ਦੀ ਪਰਮ ਸ਼ਕਤੀ ਦੇ ਸੂਖਮ ਰੂਪ ਦੁਆਰਾ ਹੀ ਸ੍ਰਿਸ਼ਟੀ ਦੇ ਆਦਿ ਤੋਂ ਹੋਇਆ ਹੈ, ਹੋ ਰਿਹਾ ਹੈ ਅਤੇ ਸਦਾ ਹੁੰਦਾ ਰਹੇਗਾ। ਭਾਵ “ਗੁਰ ਕਾ ਸਬਦੁ” ਹੀ ਪਰਮ ਸ਼ਕਤੀ ਹੈ। “ਗੁਰ ਕਾ ਸਬਦੁ” ਵਿੱਚ ਹੀ ਸਾਰੀਆਂ ਇਲਾਹੀ ਦਰਗਾਹੀ ਪਰਮ ਸ਼ਕਤੀਆਂ ਸਮਾਈਆਂ ਹੋਈਆਂ ਹਨ। “ਗੁਰ ਕਾ ਸਬਦੁ” ਹੀ ਦਰਗਾਹੀ ਸੰਵਿਧਾਨ ਹੈ। ਇਸ ਦਰਗਾਹੀ ਸੰਵਿਧਾਨ ਦੇ ਅਨੁਸਾਰ ਸ੍ਰਿਸ਼ਟੀ ਦੀ ਹਰ ਇੱਕ ਰਚਨਾ ਉਤਪੰਨ ਹੁੰਦੀ ਹੈ। ਦਰਗਾਹੀ ਸੰਵਿਧਾਨ ਦੇ ਅਨੁਸਾਰ ਸ੍ਰਿਸ਼ਟੀ ਦੀ ਹਰ ਇੱਕ ਰਚਨਾ ਦੀ ਪਾਲਣਾ ਸੰਭਾਲਤਾ ਹੁੰਦੀ ਹੈ। ਦਰਗਾਹੀ ਸੰਵਿਧਾਨ ਦੇ ਅਨੁਸਾਰ ਸ੍ਰਿਸ਼ਟੀ ਦੀ ਹਰ ਇੱਕ ਰਚਨਾ ਆਪਣੇ ਅੰਤ ਨੂੰ ਪ੍ਰਾਪਤ ਹੋ ਜਾਂਦੀ ਹੈ। ਜਿਵੇਂ ਕਿਸੇ ਰਾਜ ਜਾਂ ਮੁਲਖ ਦਾ ਕਾਰ-ਵਿਹਾਰ ਉਸ ਮੁਲਖ ਦੇ ਸੰਵਿਧਾਨ ਦੇ ਅਨੁਸਾਰ ਸਾਰੀ ਸਰਕਾਰੀ ਸ਼ਕਤੀਆਂ ਦੁਆਰਾ ਚਲਾਇਆ ਜਾਂਦਾ ਹੈ ਠੀਕ ਉਸੇ ਤਰ੍ਹਾਂ ਹੀ “ਗੁਰ ਕਾ ਸਬਦੁ” ਹੀ ਦਰਗਾਹੀ ਸੰਵਿਧਾਨ ਹੈ ਜਿਸ ਦੇ ਵਿੱਚ ਸਮਾਈਆਂ ਹੋਈਆਂ ਪਰਮ ਸ਼ਕਤੀਆਂ ਦੁਆਰਾ ਸਾਰੀ ਸ੍ਰਿਸ਼ਟੀ ਦਾ ਕਾਰ-ਵਿਹਾਰ ਚਲਾਇਆ ਜਾ ਰਿਹਾ ਹੈ। ਦੁਨਿਆਵੀ ਮੁਲਖਾਂ ਦੇ ਸੰਵਿਧਾਨ ਵਿੱਚ ਤਾਂ ਬਦਲਾਵ ਹੁੰਦੇ ਹਨ, ਰਾਜ-ਕਾਜ ਨੂੰ ਹੋਰ ਸੁਚੱਜੇ ਢੰਗ ਨਾਲ ਚਲਾਉਣ ਲਈ ਸਮੇਂ-ਸਮੇਂ ਸਿਰ ਨਵੇਂ ਕਾਨੂੰਨ ਵੀ ਬਣਾਏ ਜਾਂਦੇ ਹਨ ਅਤੇ ਪੁਰਾਣੇ ਕਾਨੂੰਨਾਂ ਵਿੱਚ ਪਰਿਵਰਤਨ ਕੀਤੇ ਜਾਂਦੇ ਹਨ। ਪਰੰਤੂ ਦਰਗਾਹੀ ਸੰਵਿਧਾਨ ਵਿੱਚ ਕੋਈ ਬਦਲਾਵ ਨਾ ਕਦੀ ਹੋਇਆ ਹੈ, ਨਾ ਹੀ ਹੁੰਦਾ ਹੈ ਅਤੇ ਨਾ ਹੀ ਕਦੇ ਹੋ ਸਕਦਾ ਹੈ। ਦਰਗਾਹੀ ਵਿਧਾਨ ਦੀ ਸਥਾਪਨਾ ਸ੍ਰਿਸ਼ਟੀ ਦੀ ਸਿਰਜਣਾ ਦੇ ਆਦਿ ਵਿੱਚ ਹੀ ਹੋਈ ਹੈ ਅਤੇ ਉਸ ਤੋਂ ਉਪਰੰਤ ਕੇਵਲ ਇਸ ਦੀ ਪਾਲਣਾ ਹੋ ਰਹੀ ਹੈ। ਦਰਗਾਹੀ ਸੰਵਿਧਾਨ ਸਦੀਵੀ ਹੈ। ਦਰਗਾਹੀ ਸੰਵਿਧਾਨ ਸਦਾ ਕਾਇਮ-ਦਾਇਮ ਹੈ। ਦਰਗਾਹੀ ਸੰਵਿਧਾਨ ਅਟੱਲ ਹੈ। ਦਰਗਾਹੀ ਸੰਵਿਧਾਨ ਪੂਰਨ ਸਤਿ ਹੈ। ਦਰਗਾਹੀ ਸੰਵਿਧਾਨ ਨੂੰ ਕੋਈ ਸ਼ਕਤੀ ਚੁਣੌਤੀ ਨਹੀਂ ਦੇ ਸਕਦੀ ਹੈ। ਦਰਗਾਹੀ ਸੰਵਿਧਾਨ ਪਰਮ ਬ੍ਰਹਮ ਸ਼ਕਤੀ ਹੈ। ਧੰਨ ਧੰਨ ਸਤਿਗੁਰੂ ਅਵਤਾਰ ਨਾਨਕ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਮੁੱਢ ਵਿੱਚ ਹੀ ਜਪੁ ਜੀ ਬਾਣੀ ਵਿੱਚ ਦਰਗਾਹੀ ਹੁਕਮ ਦੇ ਇਸ ਪਰਮ ਸ਼ਕਤੀਸ਼ਾਲੀ ਸਤਿ ਤੱਤ ਨੂੰ ਪ੍ਰਗਟ ਕੀਤਾ ਹੈ:

ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲ ॥

ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥

ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ ॥

ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁੱਖ ਸੁੱਖ ਪਾਈਅਹਿ ॥

ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ ॥

ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥

ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥੨॥

(ਪੰਨਾ ੧)

ਪੂਰਨ ਬੰਦਗੀ ਲਈ ਦਰਗਾਹੀ ਇਲਾਹੀ ਹੁਕਮ ਦੇ ਪਰਮ ਸ਼ਕਤੀਸ਼ਾਲੀ ਸਤਿ ਤੱਤਾਂ ਨੂੰ ਜਾਣਨ, ਸਮਝਣ ਅਤੇ ਇਨ੍ਹਾਂ ਦਾ ਚਿੰਤਨ ਕਰਨ ਲਈ ਇਨ੍ਹਾਂ ਦਾ ਮੰਨਣ ਕਰਨਾ ਬੇਅੰਤ ਲਾਜ਼ਮੀ ਹੈ। ਦਰਗਾਹੀ ਇਲਾਹੀ ਹੁਕਮ ਕੇਵਲ ਦਰਗਾਹੀ ਕਾਨੂੰਨਾਂ ਦਾ ਸੰਗ੍ਰਹਿ ਹੈ ਜੋ ਕਿ ਸਤਿ ਪਾਰਬ੍ਰਹਮ ਪਰਮੇਸ਼ਰ ਨੇ ਸ੍ਰਿਸ਼ਟੀ ਦੀ ਸਿਰਜਣਾ ਕਰਨ ਦੇ ਸਮੇਂ ਸਿਰਜੇ ਹਨ। ਇਹ ਇਲਾਹੀ ਦਰਗਾਹੀ ਨਿਯਮ ਹਨ ਜੋ ਅਕਾਲ ਪੁਰਖ ਨੇ ਸਾਰੀ ਸਿਰਜਣਾ ਦੇ ਸੰਚਾਲਨ ਕਰਨ ਲਈ ਹੀ ਸਿਰਜੇ ਹਨ। ਸਾਰੀ ਗੁਰਮਤਿ ਕੇਵਲ ਇਹ ਇਲਾਹੀ ਦਰਗਾਹੀ ਨਿਯਮ ਹੀ ਵਖਾਣ ਕਰਦੀ ਹੈ। ਸਾਰੀ ਗੁਰਬਾਣੀ ਕੇਵਲ ਇਹ ਦਰਗਾਹੀ ਇਲਾਹੀ ਨਿਯਮ ਹੀ ਵਖਾਣ ਕਰਦੀ ਹੈ। ਇਸ ਲਈ ਇਸ ਮਹਾਨ ਸ਼ਕਤੀਸ਼ਾਲੀ ਬਾਣੀ ਵਿੱਚ ਇਨ੍ਹਾਂ ਮਹਾਨ ਅਤੇ ਪਰਮ ਸ਼ਕਤੀਸ਼ਾਲੀ ਦਰਗਾਹੀ ਕਾਨੂੰਨਾਂ ਦੀ ਮਹਿਮਾ ਦਾ ਵਖਾਣ ਕੀਤਾ ਗਿਆ ਹੈ। ਸਾਰੀ ਸ੍ਰਿਸ਼ਟੀ ਦੀ ਰਚਨਾ ਇਨ੍ਹਾਂ ਦਰਗਾਹੀ ਇਲਾਹੀ ਨਿਯਮਾਂ ਦੇ ਅਨੁਸਾਰ ਹੀ ਹੋਈ ਹੈ, ਹੁੰਦੀ ਹੈ, ਹੋ ਰਹੀ ਹੈ ਅਤੇ ਹੁੰਦੀ ਰਹੇਗੀ। ਸ਼ਬਦ “ਆਕਾਰ” ਤੋਂ ਭਾਵ ਹੈ ਸਾਰੀ ਸ੍ਰਿਸ਼ਟੀ ਦੀ ਰਚਨਾ। ਕੇਵਲ ਇਤਨਾ ਹੀ ਨਹੀਂ ਕਿ ਸਾਰੀ ਸ੍ਰਿਸ਼ਟੀ ਦੀ ਸਿਰਜਣਾ ਇਨ੍ਹਾਂ ਦਰਗਾਹੀ ਨਿਯਮਾਂ ਅਨੁਸਾਰ ਹੀ ਹੋਈ ਹੈ, ਹੁੰਦੀ ਹੈ, ਹੋ ਰਹੀ ਹੈ ਅਤੇ ਹੁੰਦੀ ਰਹੇਗੀ, ਬਲਕਿ ਇਸ ਸਾਰੀ ਸਿਰਜਣਾ ਦਾ ਪਾਲਣ, ਸੰਚਾਲਨ ਅਤੇ ਸੰਘਾਰ ਵੀ ਇਨ੍ਹਾਂ ਦਰਗਾਹੀ ਨਿਯਮਾਂ ਅਨੁਸਾਰ ਹੀ ਹੋਇਆ ਹੈ, ਹੋ ਰਿਹਾ ਹੈ ਅਤੇ ਹੁੰਦਾ ਰਹੇਗਾ। ਹੁਕਮੀ ਤੋਂ ਭਾਵ ਹੈ ‘ਹੁਕਮ’ ਦਾ ਸਿਰਜਣਹਾਰਾ, ਵਿਧਾਤਾ, ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਅਤੇ ‘ਹੁਕਮ’ ਦਾ ਭਾਵ ਹੈ ਵਿਧਾਤਾ ਦਾ ਸਿਰਜਿਆ ਗਿਆ ਇਹ ਸੰਵਿਧਾਨ।

ਜਿਸ ਸਮੇਂ (ਸ੍ਰਿਸ਼ਟੀ ਦੇ ਆਦਿ) ਅਕਾਲ ਪੁਰਖ, ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ, ਵਿਧਾਤਾ ਨੇ ਸ੍ਰਿਸ਼ਟੀ ਦੀ ਸਿਰਜਣਾ ਕੀਤੀ ਤਾਂ ਠੀਕ ਉਸੇ ਸਮੇਂ ਹੀ ਉਸ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਇਨ੍ਹਾਂ ਦਰਗਾਹੀ ਨਿਯਮਾਂ ਦੀ ਵੀ ਸਿਰਜਣਾ ਕੀਤੀ ਜਿਸ ਅਨੁਸਾਰ ਸ੍ਰਿਸ਼ਟੀ ਦੀ ਉਤਪਤੀ, ਪਾਲਣਾ ਅਤੇ ਸੰਘਾਰ ਹੋਇਆ, ਹੋ ਰਿਹਾ ਹੈ ਅਤੇ ਹੁੰਦਾ ਰਹੇਗਾ। ਇਸ ਦਾ ਭਾਵ ਇਹ ਹੈ ਕਿ ਜਿਸ ਸਮੇਂ ਸ੍ਰਿਸ਼ਟੀ ਦੀ ਸਿਰਜਣਾ ਹੋਈ ਤਾਂ ਠੀਕ ਉਸੇ ਸਮੇਂ ਹੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਸ੍ਰਿਸ਼ਟੀ ਦੀ ਉਤਪਤੀ, ਪਾਲਣਾ, ਸੰਘਾਰ ਨੂੰ ਇਨ੍ਹਾਂ ਦਰਗਾਹੀ ਨਿਯਮਾਂ ਅਨੁਸਾਰ ਸੰਚਾਲਨ ਕਰਨ ਦਾ ਹੁਕਮ ਵੀ ਦਰਗਾਹ ਵਿੱਚ ਲਿਖ ਦਿੱਤਾ। ਜਿਵੇਂ ਕਿ ਇੱਕ ਦੇਸ਼, ਪ੍ਰਾਂਤ ਜਾਂ ਨਗਰ ਦੇ ਸੰਚਾਲਨ ਲਈ ਉੱਥੋਂ ਦੀ ਸਰਕਾਰ ਨਿਯਮ ਅਤੇ ਕਾਨੂੰਨ ਬਣਾਉਂਦੀ ਹੈ ਜਿਸ ਨੂੰ ਸੰਵਿਧਾਨ ਕਿਹਾ ਜਾਂਦਾ ਹੈ ਅਤੇ ਇਸ ਸੰਵਿਧਾਨ ਵਿੱਚ ਦਰਜ ਨਿਯਮਾਂ ਅਤੇ ਕਾਨੂੰਨਾਂ ਅਨੁਸਾਰ ਸ਼ਾਸਨ ਕਰਦੀ ਹੈ, ਠੀਕ ਉਸੇ ਤਰ੍ਹਾਂ ਹੀ ਦਰਗਾਹ ਨੇ ਸਾਰੀ ਸ੍ਰਿਸ਼ਟੀ ਦੀ ਉਤਪਤੀ, ਪਾਲਣਾ ਅਤੇ ਸੰਘਾਰ ਦੇ ਸੰਚਾਲਨ ਲਈ ਇਨ੍ਹਾਂ ਦਰਗਾਹੀ ਕਾਨੂੰਨਾਂ ਅਤੇ ਨਿਯਮਾਂ ਦੀ ਸਿਰਜਣਾ ਕੀਤੀ ਹੈ। ਦਰਗਾਹ ਦੇ ਇਸ ਸੰਵਿਧਾਨ ਨੂੰ ਵਿਧੀ ਦਾ ਵਿਧਾਨ ਕਿਹਾ ਜਾਂਦਾ ਹੈ। ਦਰਗਾਹ ਦੇ ਇਨ੍ਹਾਂ ਕਾਨੂੰਨਾ ਅਤੇ ਨਿਯਮਾਂ ਨੂੰ ਵਿਧੀ ਦਾ ਵਿਧਾਨ ਕਿਹਾ ਜਾਂਦਾ ਹੈ। ਇਸ ਲਈ ਸਾਰੀ ਸ੍ਰਿਸ਼ਟੀ ਦੀ ਉਤਪਤੀ, ਪਾਲਣਾ ਅਤੇ ਸੰਘਾਰ ਇਨ੍ਹਾਂ ਦਰਗਾਹੀ ਨਿਯਮਾਂ ਅਤੇ ਕਾਨੂੰਨਾਂ ਅਨੁਸਾਰ ਅਦਿ ਜੁਗਾਦਿ ਤੋਂ ਹੋ ਰਿਹਾ ਹੈ ਅਤੇ ਆਉਣ ਵਾਲੇ ਸਾਰੇ ਯੁਗਾਂ ਵਿੱਚ ਵੀ ਹੁੰਦਾ ਰਹੇਗਾ। ਜਿਵੇਂ ਅਕਾਲ ਪੁਰਖ ਆਪ “ਆਦਿ ਸਚੁ ਜੁਗਾਦਿ ਸਚੁ ਹੈ ਵੀ ਸਚੁ ਨਾਨਕ ਹੋਸੀ ਵੀ ਸਚੁ ॥” ਹੈ ਠੀਕ ਉਸੇ ਤਰ੍ਹਾਂ ਉਸ ਦੇ ਬਣਾਏ ਗਏ ਇਹ ਦਰਗਾਹੀ ਨਿਯਮ ਅਤੇ ਕਾਨੂੰਨ ਵੀ “ਆਦਿ ਸਚੁ ਜੁਗਾਦਿ ਸਚੁ ਹੈ ਵੀ ਸਚੁ ਨਾਨਕ ਹੋਸੀ ਵੀ ਸਚੁ ॥” ਹਨ।

ਜਿਵੇਂ ਅਕਾਲ ਪੁਰਖ ਆਪ ਅਨੰਤ ਹੈ ਬੇਅੰਤ ਹੈ ਅਤੇ ਸਰਬ ਕਲਾ ਭਰਪੂਰ ਹੈ ਠੀਕ ਉਸੇ ਤਰ੍ਹਾਂ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਬਣਾਇਆ ਸੰਵਿਧਾਨ ਵੀ ਬੇਅੰਤ ਸ਼ਕਤੀਆਂ ਦਾ ਸੋਮਾ ਹੈ। ਜਿਵੇਂ ਅਨੰਤ ਬੇਅੰਤ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਕਥਾ ਅਕੱਥ ਹੈ ਠੀਕ ਉਸੇ ਤਰ੍ਹਾਂ ਉਸ ਦੇ ਇਸ ਹੁਕਮ ਦੀ ਕਥਾ ਭਾਵ ਉਸ ਦੇ ਇਸ ਵਿਧਾਨ ਦੀ ਕਥਾ ਵੀ ਕਥੀ ਨਹੀਂ ਜਾ ਸਕਦੀ ਹੈ। ਭਾਵ ਜੋ ਮਨੁੱਖ ਇਸ ਦਰਗਾਹੀ ਵਿਧਾਨ ਅਨੁਸਾਰ ਆਪਣਾ ਜੀਵਨ ਜਿਉਂਦੇ ਹਨ ਉਹ ਇਸ ਬੇਅੰਤ ਅਨੰਤ ਪਰਮ ਸ਼ਕਤੀ ਵਿੱਚ ਅਭੇਦ ਹੋ ਕੇ ਬੇਅੰਤ ਹੋ ਜਾਂਦੇ ਹਨ ਅਤੇ ਇਸ ਪਰਮ ਸ਼ਕਤੀ ਦਾ ਸੋਮਾ ਬਣ ਜਾਂਦੇ ਹਨ। ਐਸੇ ਮਹਾਂਪੁਰਖਾਂ ਦੇ ਵਿੱਚ ਦਰਗਾਹੀ ਵਿਧਾਨ ਦੀ ਕਥਾ ਧਰਤੀ ਉੱਪਰ ਪ੍ਰਤੱਖ ਪ੍ਰਗਟ ਹੁੰਦੀ ਹੈ। ਐਸੇ ਮਹਾਂਪੁਰਖ ਜਿੱਥੇ ਬੈਠਦੇ ਹਨ ਅਤੇ ਪੂਰਨ ਸਤਿ ਵਰਤਾਉਂਦੇ ਹਨ ਉਥੇ ਧਰਤੀ ਉੱਪਰ ਦਰਗਾਹ ਪ੍ਰਗਟ ਹੁੰਦੀ ਹੈ। ਐਸੇ ਮਹਾਂਪੁਰਖਾਂ ਦੀ ਸੰਗਤ ਵਿੱਚ ਇਹ ਦਰਗਾਹੀ ਵਿਧਾਨ ਪ੍ਰਤੱਖ ਪ੍ਰਗਟ ਹੁੰਦਾ ਹੈ ਅਤੇ ਸੁਹਾਗਣਾਂ ਅਤੇ ਸਦਾ ਸੁਹਾਗਣਾਂ ਦਾ ਜਨਮ ਹੁੰਦਾ ਹੈ। ਇਹ ਦਰਗਾਹੀ ਕਾਨੂੰਨ ਅਤੇ ਨਿਯਮ ਜਿਸ ਨੂੰ ਵਿਧੀ ਦਾ ਵਿਧਾਨ ਕਿਹਾ ਗਿਆ ਹੈ, ਹੀ ਪੂਰਨ ਗੁਰਮਤਿ ਹੈ। ਗੁਰਬਾਣੀ ਇਸ ਵਿਧਾਨ ਦਾ ਹੀ ਵਖਾਣ ਕਰਦੀ ਹੈ। ਸਾਰੀ ਗੁਰਬਾਣੀ ਹੀ ਗੁਰਮਤਿ ਹੈ। ਸਾਰੀ ਗੁਰਬਾਣੀ ਹੀ ਇਸ ਵਿਧਾਨ ਦੀ ਮਹਿਮਾ ਹੈ। ਅਵਤਾਰ, ਸਤਿਗੁਰੂ, ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ, ਪੂਰਨ ਖ਼ਾਲਸਾ ਇਸ ਵਿਧਾਨ ਦੇ ਅਨੁਸਾਰ ਆਪਣਾ ਜੀਵਨ ਜਿਉਂਦੇ ਹਨ ਅਤੇ ਸਾਰੀ ਲੁਕਾਈ ਨੂੰ ਇਸ ਦਰਗਾਹੀ ਵਿਧਾਨ ਦਾ ਮਾਰਗ ਦਰਸ਼ਨ ਕਰਦੇ ਹਨ ਅਤੇ ਇਸ ਮਹਾਨ ਪਰਮ ਸ਼ਕਤੀਸ਼ਾਲੀ ਵਿਧਾਨ ਉੱਪਰ ਚਲਣ ਲਈ ਗੁਰਕਿਰਪਾ ਅਤੇ ਗੁਰਪ੍ਰਸਾਦਿ ਦੀਆਂ ਪਰਮ ਸ਼ਕਤੀਆਂ ਦੀਆਂ ਬਖ਼ਸ਼ਿਸ਼ਾਂ ਦਿੰਦੇ ਹਨ। ਸਤਿਗੁਰੂ, ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ, ਪੂਰਨ ਖ਼ਾਲਸਾ ਇਸ ਵਿਧਾਨ ਦੇ ਵਰਤਾਉਣਹਾਰੇ ਹੁੰਦੇ ਹਨ ਅਤੇ ਉਹ ਇਸ ਪਰਮ ਸ਼ਕਤੀਸ਼ਾਲੀ ਵਿਧਾਨ ਦੇ ਅੰਮ੍ਰਿਤ ਨੂੰ ਸਾਰੀ ਲੁਕਾਈ ਨੂੰ ਵਰਤਾਉਂਦੇ ਹਨ। ਦਰਗਾਹੀ ਅਵਤਾਰਾਂ, ਸਤਿਗੁਰੂ ਪਾਤਸ਼ਾਹੀਆਂ, ਪੂਰਨ ਬ੍ਰਹਮ ਗਿਆਨੀਆਂ, ਪੂਰਨ ਸੰਤਾਂ ਅਤੇ ਪੂਰਨ ਖ਼ਾਲਸਿਆਂ ਨੇ ਇਸ ਪਰਮ ਸ਼ਕਤੀਸ਼ਾਲੀ ਦਰਗਾਹੀ ਵਿਧਾਨ ਦੀ ਕਮਾਈ ਕਰ ਕੇ ਇਸ ਬੇਅੰਤ ਸ਼ਕਤੀ ਨੂੰ ਗੁਰਬਾਣੀ ਦੇ ਰੂਪ ਵਿੱਚ ਸਾਡੀ ਸਾਰੀ ਲੁਕਾਈ ਦੀ ਝੋਲੀ ਵਿੱਚ ਪਾ ਦਿੱਤਾ ਹੈ। ਇਸ ਲਈ ਜੋ ਮਨੁੱਖ ਇਸ ਦਰਗਾਹੀ ਵਿਧਾਨ ਦੀ ਕਮਾਈ ਕਰਦੇ ਹਨ ਉਹ ਮਨੁੱਖ ਮਾਇਆ ਦੇ ਚੁੰਗਲ ਤੋਂ ਆਜ਼ਾਦ ਹੋ ਜਾਂਦੇ ਹਨ ਅਤੇ ਇਸ ਦਰਗਾਹੀ ਵਿਧਾਨ ਦੇ ਰਖਵਾਲੇ ਬਣ ਜਾਂਦੇ ਹਨ, ਇਸ ਦਰਗਾਹੀ ਵਿਧਾਨ ਦੇ ਅਧਿਕਾਰੀ ਬਣ ਜਾਂਦੇ ਹਨ, ਇਸ ਦਰਗਾਹੀ ਵਿਧਾਨ ਨੂੰ ਵਰਤਾਉਣ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਕਰ ਕੇ ਅਕਾਲ ਪੁਰਖ ਵਿੱਚ ਇੱਕ ਮਿੱਕ ਹੋ ਜਾਂਦੇ ਹਨ ਅਤੇ ਆਪਣਾ ਮਨੁੱਖਾ ਜਨਮ ਸਫ਼ਲ ਕਰ ਕੇ ਸਾਰੇ ਜੱਗ ਦੇ ਲੋਕਾਂ ਨੂੰ ਤਾਰਦੇ ਹਨ।

ਇਸ ਦਰਗਾਹੀ ਵਿਧਾਨ ਵਿੱਚ ਵਿਚਰਨਾ ਹੀ ਅਸਲੀ ਜੀਵਨ ਹੈ। ਜੀਵਨ ਦਾ ਸਹੀ ਆਨੰਦ ਕੇਵਲ ਇਸ ਵਿਧਾਨ ਅਨੁਸਾਰ ਜੀਵਨ ਜੀ ਕੇ ਹੀ ਮਾਣਿਆ ਜਾ ਸਕਦਾ ਹੈ। ਸਾਡੇ ਸਾਰੇ ਜੀਵਨ ਦੇ ਸੁੱਖ-ਦੁੱਖ ਇਸ ਵਿਧਾਨ ਦੇ ਅਨੁਸਾਰ ਹੀ ਸਾਡੇ ਜੀਵਨ ਵਿੱਚ ਪ੍ਰਗਟ ਹੁੰਦੇ ਹਨ। ਕਰਮ ਦਾ ਵਿਧਾਨ ਇਸ ਦਰਗਾਹੀ ਵਿਧਾਨ ਦਾ ਹੀ ਬੇਅੰਤ ਮਹਤੱਵਪੂਰਨ ਹਿੱਸਾ ਹੈ। ਕਰਮ ਦਾ ਵਿਧਾਨ ਇੱਕ ਪਰਮ ਸ਼ਕਤੀਸ਼ਾਲੀ ਵਿਧਾਨ ਹੈ ਜੋ ਧਰਤੀ ਉੱਪਰ ਵੱਸਦੀ ੮੪ ਲੱਖ ਮੇਦਨੀ ਦੇ ਜੀਵਨ ਦਾ ਸੰਚਾਲਨ ਕਰਦਾ ਹੈ। ਕਰਮ ਦੇ ਇਸ ਵਿਧਾਨ ਦੇ ਅਨੁਸਾਰ ਹੀ ਸਾਡੇ ਸਾਰੇ ਜੀਵਨ ਦਾ ਸੰਚਾਲਨ ਹੁੰਦਾ ਹੈ। ਸਾਡਾ ਹਰ ਪਲ ਹਰ ਸਵਾਸ ਇਸ ਕਰਮ ਦੇ ਪਰਮ ਸ਼ਕਤੀਸ਼ਾਲੀ ਵਿਧਾਨ ਦੇ ਅਨੁਸਾਰ ਹੀ ਪ੍ਰਗਟ ਹੁੰਦਾ ਹੈ। ਸਾਡੇ ਭਾਗ ਇਸ ਪਰਮ ਸ਼ਕਤੀਸ਼ਾਲੀ ਵਿਧਾਨ ਦੇ ਅਨੁਸਾਰ ਹੀ ਲਿਖੇ ਜਾਂਦੇ ਹਨ ਜੋ ਭਵਿੱਖ ਵਿੱਚ ਸਾਡੇ ਜਨਮਾਂ ਦੇ ਜੀਵਨ ਵਿੱਚ ਪ੍ਰਗਟ ਹੁੰਦੇ ਹਨ। ਪਰਮ ਮਹੱਤਵਪੂਰਨ ਤੱਥ ਜੋ ਸਾਨੂੰ ਸਮਝਣ ਦੀ ਜ਼ਰੂਰਤ ਹੈ ਉਹ ਇਹ ਹੈ ਕਿ: ਸਾਡੇ ਰੋਜ਼ਾਨਾ ਜੀਵਨ ਦੇ ਸਾਰੇ ਕਰਮ; ਸਾਰੇ ਦੁੱਖ ਅਤੇ ਸੁੱਖ; ਚੰਗੇ ਅਤੇ ਮਾੜੇ ਖਿਣ; ਖ਼ੁਸ਼ੀ ਅਤੇ ਗ਼ਮੀ; ਸੰਜੋਗ ਅਤੇ ਵਿਜੋਗ – ਮਿਲਾਪ ਅਤੇ ਵਿਛੋੜਾ; ਰਿਸ਼ਤੇ-ਨਾਤੇ; ਚੰਗੇ-ਮਾੜੇ ਸੰਸਾਰਿਕ ਸੰਬੰਧ; ਚੰਗੇ-ਮਾੜੇ ਪਰਿਵਾਰਕ ਸੰਬੰਧ; ਪਰਿਵਾਰਕ ਖ਼ੁਸ਼ੀਆਂ ਅਤੇ ਦੁੱਖ-ਕਲੇਸ਼; ਧਨ-ਸੰਪਦਾ ਦੀ ਪ੍ਰਾਪਤੀ ਅਤੇ ਨਿਰਧਨਤਾ; ਅਮੀਰੀ ਅਤੇ ਗਰੀਬੀ; ਦੁਨਿਆਵੀ ਸੁੱਖਾਂ ਦੀ ਪ੍ਰਾਪਤੀ ਅਤੇ ਅਭਾਵ; ਸਾਡਾ ਆਚਾਰ ਵਿਹਾਰ; ਸਾਡੇ ਸੰਸਕਾਰ ਅਤੇ ਆਦਤਾਂ; ਮਨ ਦੀ ਬਿਰਤੀ ਦਾ ਮਾਇਆਧਾਰੀ ਹੋਣਾ – ਰਜੋ ਗੁਣੀ ਜਾਂ ਤਮੋ ਗੁਣੀ ਹੋਣਾ ਭਾਵ ਮਨੋਬਿਰਤੀ ਦਾ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਤ੍ਰਿਸ਼ਣਾ ਦਾ ਗੁਲਾਮ ਹੋਣਾ; ਮਨ ਦੀ ਬਿਰਤੀ ਦਾ ਸਤੋ ਗੁਣੀ ਹੋਣਾ ਭਾਵ ਮਨੋ ਬਿਰਤੀ ਦਾ ਦਇਆ, ਧਰਮ, ਸੰਤੋਖ, ਸੰਜਮ ਵਾਲਾ ਹੋਣਾ; ਸਾਡੀ ਸੰਸਾਰਿਕ ਸਿੱØਖਿਆ ਦਾ ਪੱਧਰ; ਸਾਡੀ ਰੋਜ਼ੀ-ਰੋਟੀ ਕਮਾਉਣ ਦੇ ਸਾਧਨ ਅਤੇ ਸਾਡੀ ਸਫਲਤਾ ਅਤੇ ਵਿਫਲਤਾ; ਸਾਡੀ ਬੰਦਗੀ ਅਤੇ ਸੇਵਾ; ਮਾਣ-ਅਪਮਾਨ; ਮੁੱਕਦੀ ਗੱਲ ਕਿ ਸਾਡੇ ਰੋਜ਼ਾਨਾ ਜੀਵਨ ਵਿੱਚ ਜੋ ਕੁਝ ਵੀ ਵਾਪਰਦਾ ਹੈ ਉਹ ਇਸ ਪਰਮ ਸ਼ਕਤੀਸ਼ਾਲੀ ਕਰਮ ਦੇ ਵਿਧਾਨ ਦੇ ਅਨੁਸਾਰ ਵਾਪਰਦਾ ਹੈ।

ਜੋ ਮਨੁੱਖ ਕਰਮ ਦੇ ਪਰਮ ਸ਼ਕਤੀਸ਼ਾਲੀ ਵਿਧਾਨ ਨੂੰ ਸਮਝ ਲੈਂਦੇ ਹਨ ਅਤੇ ਇਸ ਦੇ ਅੱਗੇ ਨਤਮਸਤਕ ਹੋ ਜਾਂਦੇ ਹਨ, ਉਹ ਮਨੁੱਖ ਆਪਣਾ ਜੀਵਨ ਇਸ ਵਿਧਾਨ ਦੇ ਅਨੁਸਾਰ ਜਿਉਂਦੇ ਹਨ ਅਤੇ ਐਸਾ ਕਰਨ ਨਾਲ ਉਹ ਆਪਣੀ ਹਸਤੀ ਨੂੰ ਮਿਟਾ ਕੇ, ਆਪਣੀ ਹਉਮੈ ਦਾ ਅੰਤ ਕਰ ਕੇ ਮਾਇਆ ਤੋਂ ਮੁਕਤੀ ਪ੍ਰਾਪਤ ਕਰ ਜੀਵਨ ਸਫ਼ਲ ਕਰ ਲੈਂਦੇ ਹਨ। ਜੋ ਮਨੁੱਖ ਇਸ ਵਿਧਾਨ ਨੂੰ ਸਮਝ ਲੈਂਦੇ ਹਨ ਉਨ੍ਹਾਂ ਨੂੰ ਮਾਇਆ ਦਾ ਖੇਲ ਸਮਝ ਆ ਜਾਂਦਾ ਹੈ। ਉਹ ਮਨੁੱਖ ਤਮੋ ਬਿਰਤੀ ਅਤੇ ਰਜੋ ਬਿਰਤੀ ਦਾ ਤਿਆਗ ਕਰ ਕੇ ਆਪਣੀ ਰੋਜ਼ਾਨਾ ਕਰਨੀ ਨੂੰ ਸਤੋ ਬਿਰਤੀ ਵਿੱਚ ਲੈ ਜਾਂਦੇ ਹਨ ਅਤੇ ਆਪਣੇ ਸਾਰੇ ਕਰਮ ਸਤਿ ਕਰਮਾਂ ਵਿੱਚ ਪਰਿਵਰਤਿਤ ਕਰ ਲੈਂਦੇ ਹਨ। ਇਸ ਤਰ੍ਹਾਂ ਦੇ ਸਤਿ ਕਰਮਾਂ ਵਾਲੇ ਜੀਵਨ ਜਿਉਂਦੇ ਹੋਏ ਸਾਡੇ ਸਤਿ ਕਰਮ ਇਕੱਤਰ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਇੱਕ ਸਮਾਂ ਐਸਾ ਆਉਂਦਾ ਹੈ ਜਦ ਸਾਡੇ ਇਤਨੇ ਕੁ ਸਤਿ ਕਰਮ ਇਕੱਤਰ ਹੋ ਜਾਂਦੇ ਹਨ ਜਿਨ੍ਹਾਂ ਨਾਲ ਅਕਾਲ ਪੁਰਖ ਦੀ ਨਦਰ ਸਾਡੇ ‘ਤੇ ਪੈ ਜਾਂਦੀ ਹੈ ਅਤੇ ਇਸ ਬਖ਼ਸ਼ਿਸ ਦਾ ਸਦਕਾ ਅਸੀਂ ਗੁਰ ਪ੍ਰਸਾਦਿ ਦੀ ਪ੍ਰਾਪਤੀ ਦੇ ਹੱਕਦਾਰ ਬਣ ਜਾਂਦੇ ਹਾਂ। ਗੁਰ ਪ੍ਰਸਾਦਿ ਦੀ ਪ੍ਰਾਪਤੀ ਸਾਡਾ ਜੀਵਨ ਬਦਲ ਦਿੰਦੀ ਹੈ। ਕਰਮ ਦੇ ਇਸ ਪਰਮ ਸ਼ਕਤੀਸ਼ਾਲੀ ਵਿਧਾਨ ਵਿੱਚੋਂ ਨਿਕਲ ਕੇ ਆਪਣੇ ਜੀਵਨ ਨੂੰ ਸਦਾ-ਸਦਾ ਲਈ ਪਰਮ ਆਨੰਦ ਵਿੱਚ ਪ੍ਰਗਟ ਕਰਨ ਦਾ ਕੇਵਲ ਇੱਕ ਹੀ ਵਿਧਾਨ ਹੈ ਅਤੇ ਇਹ ਵਿਧਾਨ ਹੈ ਗੁਰ ਪ੍ਰਸਾਦਿ ਦੀ ਪ੍ਰਾਪਤੀ ਕਰ ਕੇ ਨਾਮ-ਸਿਮਰਨ ਕਰਦਿਆਂ, ਨਾਮ ਦੀ ਕਮਾਈ ਕਰਦਿਆਂ, ਹਿਰਦੇ ਵਿੱਚ ਨਾਮ ਦਾ ਪ੍ਰਕਾਸ਼ ਕਰਕੇ, ਰੋਮ-ਰੋਮ ਵਿੱਚ ਨਾਮ ਦਾ ਪ੍ਰਕਾਸ਼ ਕਰਕੇ, ਮਾਇਆ ਨੂੰ ਜਿੱਤ ਕੇ, ਬੰਦਗੀ ਪੂਰਨ ਕਰਦਿਆਂ ਹੀ ਸਾਰੇ ਪਿਛਲੇ ਜਨਮ-ਜਨਮਾਂਤਰਾਂ ਦੇ ਕਰਮਾਂ ਦਾ ਲੇਖਾ-ਜੋਖਾ ਪੂਰਾ ਹੋ ਜਾਂਦਾ ਹੈ ਅਤੇ ਪਰਮ ਆਨੰਦ ਸਤਿ ਚਿੱਤ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਇਸ ਤਰ੍ਹਾਂ ਜੋ ਮਨੁੱਖ ਸਤੋ ਬਿਰਤੀ ਵਿੱਚ ਵਿਚਰਦੇ ਹਨ ਉਹ ਗੁਰ ਪ੍ਰਸਾਦਿ ਦੀ ਪ੍ਰਾਪਤੀ ਅਤੇ ਗੁਰ ਪ੍ਰਸਾਦਿ ਦੀ ਸੇਵਾ-ਸੰਭਾਲਤਾ ਕਰ ਕੇ ਕਰਮਾਂ ਦੇ ਬੰਧਨਾਂ ਤੋਂ ਮੁਕਤੀ ਪ੍ਰਾਪਤ ਕਰਦੇ ਹਨ। ਜੀਵਨ ਮੁਕਤ ਮਨੁੱਖ ਦੇ ਸਾਰੇ ਕਰਮ ਫਿਰ ਸਤਿ ਕਰਮ ਹੋ ਜਾਂਦੇ ਹਨ। ਐਸੇ ਮਨੁੱਖ ਜੀਵਨ ਮੁਕਤ ਹੋ ਕੇ ਸਹੀ ਢੰਗ ਨਾਲ ਆਨੰਦਮਈ ਜੀਵਨ ਜਿਉਂਦੇ ਹਨ ਅਤੇ ਸਾਰੀ ਲੁਕਾਈ ਦਾ ਪਰਉਪਕਾਰ ਅਤੇ ਮਹਾ ਪਰਉਪਕਾਰ ਕਰਦੇ ਹਨ।

ਇੱਥੇ ਇੱਕ ਪ੍ਰਸ਼ਨ ‘ਤੇ ਵਿਚਾਰ ਕਰਨਾ ਲਾਜ਼ਮੀ ਹੈ ਕਿ ਐਸੇ ਮਹਾਂਪੁਰਖਾਂ ਦਾ ਜੀਵਨ ਅਤੇ ਸਾਰੇ ਕਰਮ ਕਿਵੇਂ ਹੁਕਮ ਵਿੱਚ ਚਲੇ ਜਾਂਦੇ ਹਨ? ਇਸ ਪਰਮ ਸਤਿ ਤੱਤ ਨੂੰ ਸਮਝ ਕੇ ਜਾਣਿਆ ਜਾ ਸਕਦਾ ਹੈ: ਮਨੁੱਖ ਦੀਆਂ ਪੰਜ ਕਰਮ ਇੰਦਰੀਆਂ ਹਨ (ਦੋ ਹੱਥ, ਦੋ ਪੈਰ ਅਤੇ ਮੁਖ) ਜਿਨ੍ਹਾਂ ਦਾ ਆਧਾਰ ਪੰਜ ਗਿਆਨ ਇੰਦਰੀਆਂ ਹਨ (ਨਾਸਿਕਾ, ਕੰਨ, ਅੱਖਾਂ, ਰਸਨਾ ਅਤੇ ਚਮੜੀ)। ਇਨ੍ਹਾਂ ਪੰਜ ਗਿਆਨ ਇੰਦਰੀਆਂ ਦਾ ਆਧਾਰ ਹੈ ਮਨੁੱਖ ਦਾ ਮਨ ਅਤੇ ਮਨ ਦਾ ਆਧਾਰ ਹੈ ਮਨੁੱਖ ਦੀ ਬੁੱਧੀ। ਇਸ ਦਾ ਭਾਵ ਇਹ ਹੈ ਕਿ ਜੋ ਪੰਜ ਗਿਆਨ ਇੰਦਰੀਆਂ ਅਨੁਭਵ ਕਰਦੀਆਂ ਹਨ ਉਸ ਗਿਆਨ ਦੇ ਆਧਾਰ ‘ਤੇ ਮਨ ਆਪਣੀ ਬੁੱਧੀ ਅਨੁਸਾਰ ਕਰਮ ਇੰਦਰੀਆਂ ਨੂੰ ਆਦੇਸ਼ ਦਿੰਦਾ ਹੈ ਅਤੇ ਪੰਜ ਕਰਮ ਇੰਦਰੀਆਂ ਕਰਮ ਕਰਦੀਆਂ ਹਨ। ਆਪਣੀ ਬੁੱਧੀ ਨੂੰ ਮਨਮਤਿ ਕਿਹਾ ਗਿਆ ਹੈ। ਇਸ ਦਾ ਭਾਵ ਹੈ ਕਿ ਇੱਕ ਆਮ ਮਨੁੱਖ ਦੇ ਸਾਰੇ ਕਰਮ ਮਨਮਤਿ ਦੇ ਅਨੁਸਾਰ ਹੁੰਦੇ ਹਨ। ਇਹ ਮਨਮਤਿ ਮਾਇਆ ਦੀ ਗੁਲਾਮ ਹੈ। ਇਹ ਮਨਮਤਿ ਹੀ ਮਾਇਆ ਹੈ। ਇਸ ਲਈ ਸਾਡੇ ਸਾਰੇ ਕਰਮ ਮਾਇਆ ਦੇ ਪ੍ਰਭਾਵ ਹੇਠ ਹੁੰਦੇ ਹਨ।

ਅਗਲਾ ਸਤਿ ਤੱਤ ਜੋ ਕਿ ਸਮਝਣਾ ਪਰਮ ਲਾਜ਼ਮੀ ਹੈ ਉਹ ਇਹ ਹੈ ਕਿ ਮਨ ਤੋਂ ਵੀ ਉੱਪਰ ਬੈਠੀ ਹੋਈ ਹੈ ਪਰਮ ਜੋਤ ਜਿਸ ਦੀ ਹੋਂਦ ਕਾਰਨ ਹੀ ਮਨੁੱਖ ਜੱਗ ਵਿੱਚ ਜਨਮ ਲੈਂਦਾ ਹੈ। ਇਸ ਪਰਮ ਜੋਤ ਵਿੱਚ ਹੀ ਸਮਾਇਆ ਹੋਇਆ ਹੈ ਬੇਅੰਤ ਗਿਆਨ ਦਾ ਭੰਡਾਰ ਜਿਸ ਨੂੰ ਅਸੀਂ ਪੂਰਨ ਬ੍ਰਹਮ ਗਿਆਨ ਪੂਰਨ ਤੱਤ ਗਿਆਨ ਕਹਿੰਦੇ ਹਾਂ। ਇਸ ਗਿਆਨ ਦੇ ਭੰਡਾਰ ਨੂੰ ਅਸੀਂ ਗੁਰਮਤਿ ਵੀ ਕਹਿੰਦੇ ਹਾਂ ਅਤੇ ਆਤਮ ਰਸ ਅੰਮ੍ਰਿਤ ਵੀ ਕਹਿੰਦੇ ਹਾਂ। ਇਹ ਪਰਮ ਜੋਤ ਹੀ ਬੇਅੰਤ ਅਨੰਤ ਦਰਗਾਹੀ ਇਲਾਹੀ ਪਰਮ ਸ਼ਕਤੀਆਂ ਦਾ ਭੰਡਾਰ ਹੈ। ਇਹ ਪਰਮ ਜੋਤ ਹੀ ਸਾਰੇ ਦਰਗਾਹੀ ਖ਼ਜ਼ਾਨਿਆਂ ਦਾ ਬੇਅੰਤ ਭੰਡਾਰ ਹੈ। ਇਹ ਪਰਮ ਜੋਤ ਹੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਆਪ ਹੈ ਜੋ ਸਾਡੀ ਦੇਹੀ ਵਿੱਚ ਆਪ ਬੈਠਾ ਹੋਇਆ ਹੈ। ਜਦ ਸਤੋ ਬਿਰਤੀ ‘ਤੇ ਚਲਣ ਵਾਲਾ ਮਨੁੱਖ ਸਤਿ ਕਰਮ ਇਕੱਤਰ ਕਰਦੇ-ਕਰਦੇ ਗੁਰ ਪ੍ਰਸਾਦਿ ਦੀ ਪ੍ਰਾਪਤੀ ਕਰ ਕੇ ਇਸ ਮਹਾਨ ਪਰਮ ਸ਼ਕਤੀ ਦੀ ਸੇਵਾ-ਸੰਭਾਲਤਾ ਕਰਦਾ ਹੋਇਆ ਮਾਇਆ ਨੂੰ ਜਿੱਤ ਕੇ ਹਿਰਦੇ ਦੀ ਪੂਰਨ ਸਚਿਆਰੀ ਰਹਿਤ ਦਾ ਗੁਰ ਪ੍ਰਸਾਦਿ ਪ੍ਰਾਪਤ ਕਰ ਕੇ ਪੂਰਨ ਬੰਦਗੀ ਦੇ ਪੜਾਅ ਪਾਰ ਕਰ ਕੇ ਦਰਗਾਹ ਪ੍ਰਵਾਨ ਚੜ੍ਹਦਾ ਹੈ ਤਾਂ ਉਸ ਨੂੰ ਅਕਾਲ ਪੁਰਖ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਦਰਸ਼ਨ ਹੁੰਦੇ ਹਨ ਅਤੇ ਉਹ ਅਕਾਲ ਪੁਰਖ ਵਿੱਚ ਅਭੇਦ ਹੋ ਜਾਂਦਾ ਹੈ। ਇਸ ਅਵਸਥਾ ਵਿੱਚ ਪਹੁੰਚ ਕੇ ਉਸ ਨੂੰ ਗੁਰਮਤਿ ਦੀ ਪ੍ਰਾਪਤੀ ਹੁੰਦੀ ਹੈ ਭਾਵ ਪੂਰਨ ਬ੍ਰਹਮ ਗਿਆਨ ਪੂਰਨ ਤੱਤ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਪੂਰਨ ਬ੍ਰਹਮ ਗਿਆਨ ਅਤੇ ਪੂਰਨ ਤੱਤ ਗਿਆਨ ਦੀ ਪ੍ਰਾਪਤੀ ਹੋਣ ਦੇ ਨਾਲ ਹੀ ਉਸ ਦੀ ਮਨਮਤਿ ਦਾ ਅੰਤ ਹੋ ਜਾਂਦਾ ਹੈ। ਭਾਵ ਮਾਇਆ ਦੀ ਗੁਲਾਮੀ ਖ਼ਤਮ ਹੋ ਜਾਂਦੀ ਹੈ, ਮਨ ਦਾ ਅੰਤ ਹੋ ਜਾਂਦਾ ਹੈ, ਮਾਇਆ ਉਸ ਦੀ ਸੇਵਾ ਵਿੱਚ ਆ ਜਾਂਦੀ ਹੈ। ਜਦ ਐਸੀ ਕਿਰਪਾ ਅਤੇ ਗੁਰ ਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ ਤਾਂ ਪੰਜੇ ਗਿਆਨ ਇੰਦਰੀਆਂ ਗੁਰਮਤਿ ਵਿੱਚ ਆ ਜਾਂਦੀਆਂ ਹਨ। ਪੰਜੇ ਗਿਆਨ ਇੰਦਰੀਆਂ ਪੂਰਨ ਬ੍ਰਹਮ ਗਿਆਨ ਦੇ ਅਧੀਨ ਹੋ ਜਾਂਦੀਆਂ ਹਨ। ਭਾਵ ਪੰਜੇ ਗਿਆਨ ਇੰਦਰੀਆਂ ਬ੍ਰਹਮ ਦੇ ਵਿਧਾਨ ਅਧੀਨ ਆ ਜਾਂਦੀਆਂ ਹਨ, ਪੂਰਨ ਹੁਕਮ ਵਿੱਚ ਆ ਜਾਂਦੀਆਂ ਹਨ। ਇਸ ਲਈ ਪੰਜੇ ਕਰਮ ਇੰਦਰੀਆਂ ਪੂਰਨ ਹੁਕਮ ਵਿੱਚ ਆ ਜਾਂਦੀਆਂ ਹਨ। ਇਸ ਲਈ ਐਸਾ ਮਨੁੱਖ ਜੋ ਜੋ ਕਰਮ ਕਰਦਾ ਹੈ ਉਹ ਪੂਰਨ ਹੁਕਮ ਵਿੱਚ ਹੁੰਦੇ ਹਨ ਅਤੇ ਸਤਿ ਕਰਮ ਹੁੰਦੇ ਹਨ। ਐਸੇ ਮਨੁੱਖ ਦੇ ਸਾਰੇ ਕਰਮ ਸਾਰੀ ਲੁਕਾਈ ਲਈ ਪਰਉਪਕਾਰ ਅਤੇ ਮਹਾ ਪਰਉਪਕਾਰ ਨਾਲ ਭਰਪੂਰ ਹੁੰਦੇ ਹਨ।

ਜੋ ਮਨੁੱਖ ਮਾਇਆ ਦੀ ਰਜੋ ਅਤੇ ਤਮੋ ਬਿਰਤੀ ਦੇ ਗੁਲਾਮ ਬਣ ਕੇ ਜੀਵਨ ਜਿਉਂਦੇ ਹਨ ਉਹ ਜਨਮ ਜਨਮਾਂਤਰਾਂ ਤੱਕ ਜੂਨਾਂ ਵਿੱਚ ਭਟਕਦੇ ਰਹਿੰਦੇ ਹਨ। ਉਨ੍ਹਾਂ ਮਨੁੱਖਾਂ ਦੇ ਸਾਰੇ ਕਰਮ ਅਸਤਿ ਕਰਮ ਹੁੰਦੇ ਹਨ ਅਤੇ ਇਹ ਅਸਤਿ ਕਰਮ ਹੀ ਉਨ੍ਹਾਂ ਦੇ ਮਾੜੇ ਸੰਸਕਾਰ, ਦੁਰਵਿਹਾਰ, ਦੁਰਚਰਿਤ੍ਰ, ਦੁੱਖਾਂ, ਕਲੇਸ਼ਾਂ, ਕਸ਼ਟਾਂ, ਗੰਦਗੀ ਨਾਲ ਭਰਪੂਰ ਜੀਵਨ, ਨਿਰਧਨਤਾ ਅਤੇ ਗਰੀਬੀ ਦਾ ਕਾਰਨ ਬਣਦੇ ਹਨ। ਇਹ ਅਸਤਿ ਕਰਮ ਹੀ ਸਾਡੀ ਜ਼ਿੰਦਗੀ ਦੀਆਂ ਸਾਰੀਆਂ ਸਮੱØਸਿਆਵਾਂ ਦਾ ਕਾਰਨ ਬਣਦੇ ਹਨ। ਕਰਮ ਦੇ ਇਸ ਵਿਧਾਨ ਦੇ ਅਨੁਸਾਰ ਜੈਸਾ ਅਸੀਂ ਬੀਜਦੇ ਹਾਂ ਵੈਸਾ ਹੀ ਸਾਨੂੰ ਫੱਲ ਪ੍ਰਾਪਤ ਹੁੰਦਾ ਹੈ। ਭਾਵ ਜੈਸੇ ਅਸੀਂ ਕਰਮ ਕਰਾਂਗੇ ਸਾਨੂੰ ਆਉਣ ਵਾਲੇ ਸਮੇਂ ਵਿੱਚ ਵੈਸਾ ਹੀ ਜੀਵਨ ਮਿਲੇਗਾ। ਜੋ ਮਨੁੱਖ ਇਸ ਦਰਗਾਹੀ ਵਿਧਾਨ, ਜਿਸ ਨੂੰ ਹੁਕਮ ਕਿਹਾ ਗਿਆ ਹੈ, ਦੇ ਖ਼ਿਲਾਫ਼ ਚਲਦੇ ਹਨ ਉਹ ਮੁਖ ਚੋਟਾਂ ਖਾਂਦੇ ਹਨ।

ਇਸ ਲਈ ਇਸ ਪੂਰਨ ਬ੍ਰਹਮ ਗਿਆਨ ਨੂੰ ਸਮਝਣ ਨਾਲ ਕਿ ਸਭ ਕੁਝ ਅਕਾਲ ਪੁਰਖ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਬਣਾਏ ਗਏ ਦਰਗਾਹੀ ਵਿਧਾਨ, ਜਿਸ ਨੂੰ ਗੁਰਬਾਣੀ ਵਿੱਚ ਹੁਕਮ ਕਿਹਾ ਗਿਆ ਹੈ, ਦੇ ਅਨੁਸਾਰ ਹੁੰਦਾ ਹੈ, ਸਾਨੂੰ ਹਉਮੈ ਦੀ ਸੂਝ ਪੈ ਜਾਂਦੀ ਹੈ। ਹਉਮੈ ਨੂੰ ਗੁਰਬਾਣੀ ਵਿੱਚ ਦੀਰਘ ਮਾਨਸਿਕ ਰੋਗ ਕਿਹਾ ਗਿਆ ਹੈ। ਹਉਮੈ ਦੀ ਸੂਝ ਅਤੇ ਗਿਆਨ ਦੇ ਪ੍ਰਕਾਸ਼ ਹੋ ਜਾਣ ਨਾਲ ਅਸੀਂ ਨਿਮਰਤਾ ਵਿੱਚ ਚਲੇ ਜਾਂਦੇ ਹਾਂ। ਭਰਪੂਰ ਨਿਮਰਤਾ ਹੀ ਦਰਗਾਹ ਦੀ ਕੁੰਜੀ ਹੈ। ਹਉਮੈ ਦੀ ਮੌਤ ਹੀ ਜੀਵਨ ਮੁਕਤੀ ਹੈ। ਹਉਮੈ ਦੀ ਮੌਤ ਗੁਰੂ ਚਰਨਾਂ ਉੱਪਰ ਪੂਰਨ ਸਮਰਪਣ ਕਰਨ ਨਾਲ ਹੁੰਦੀ ਹੈ। ਪੂਰਨ ਸਮਰਪਣ ਕਰਨ ਨਾਲ ਆਪਣੀ ਹਸਤੀ ਮਿੱਟ ਜਾਂਦੀ ਹੈ ਅਤੇ ਕੇਵਲ ਪਰਮ ਜੋਤ ਰਹਿ ਜਾਂਦੀ ਹੈ ਅਤੇ ਇਹ ਪਰਮ ਜੋਤ ਨਿਰਗੁਣ ਸਰੂਪ ਵਿੱਚ ਸਦਾ-ਸਦਾ ਲਈ ਸਮਾ ਜਾਂਦੀ ਹੈ।

ਇਕ ਆਮ ਮਨੁੱਖ ਨੂੰ ਤਾਂ ਇਹ ਸਮਝ ਨਹੀਂ ਕਿ ਹੁਕਮ ਕੀ ਹੈ। ਇੱਕ ਆਮ ਮਨੁੱਖ ਨੂੰ ਤਾਂ ਇਹ ਸੋਝੀ ਨਹੀਂ ਹੈ ਕਿ ਭਾਣਾ ਕੀ ਹੈ ਅਤੇ ਭਾਣੇ ਵਿੱਚ ਕਿਵੇਂ ਰਿਹਾ ਜਾਂਦਾ ਹੈ। ਭਾਣਾ ਅਤੇ ਹੁਕਮ ਇੱਕੋ ਹੀ ਪਰਮ ਸ਼ਕਤੀ ਦਾ ਨਾਮ ਹੈ। ਇੱਕ ਆਮ ਮਨੁੱਖ ਦੁਆਰਾ ਹੁਕਮ ਕਿਵੇਂ ਪਛਾਣਿਆ ਜਾ ਸਕਦਾ ਹੈ? ਇੱਕ ਆਮ ਮਨੁੱਖ ਲਈ ਹੁਕਮ ਵਿੱਚ ਕਿਵੇਂ ਰਿਹਾ ਜਾ ਸਕਦਾ ਹੈ? ਇੱਕ ਆਮ ਮਨੁੱਖ ਦੀ ਸੁਰਤਿ ਤਾਂ ਉਸ ਅਵਸਥਾ ਵਿੱਚ ਨਹੀਂ ਹੈ ਕਿ ਉਹ ਦਰਗਾਹੀ ਹੁਕਮ ਨੂੰ ਜਾਣ ਸਕੇ ਜਾਂ ਪਛਾਣ ਸਕੇ ਤੇ ਉਸ ਦੀ ਪਾਲਣਾ ਕਰ ਸਕੇ। ਇੱਕ ਆਮ ਮਨੁੱਖ ਦੀ ਸੁਰਤਿ ਤਾਂ ਉਸ ਅਵਸਥਾ ‘ਤੇ ਨਹੀਂ ਹੁੰਦੀ ਹੈ ਕਿ ਉਸ ਨੂੰ ਗੁਰਬਾਣੀ ਵਿੱਚ ਪ੍ਰਗਟ ਕੀਤੇ ਗਏ ਸਤਿ ਤੱਤਾਂ ਦਾ ਗਿਆਨ ਹੋ ਸਕੇ ਅਤੇ ਉਹ ਸ਼ਬਦ ਦੀ ਕਮਾਈ ਕਰ ਸਕੇ, ਦਰਗਾਹੀ ਹੁਕਮ ਦੀ ਪਾਲਣਾ ਕਰ ਸਕੇ। ਇਨ੍ਹਾਂ ਸਾਰੇ ਪ੍ਰਸ਼ਨਾਂ ਦੇ ਉੱਤਰ ਦੇ ਰੂਪ ਵਿੱਚ ਦਾਸਨ ਦਾਸ ਸਾਰੀ ਲੁਕਾਈ ਦੇ ਚਰਨਾਂ ‘ਤੇ ਸਨਿਮਰ ਬੇਨਤੀ ਕਰਦਾ ਹੈ ਕਿ:

੧.     ਆਪਣੇ ਦੁੱਖਾਂ, ਤਕਲੀਫ਼ਾਂ, ਕਲੇਸ਼ਾਂ, ਮੁਸੀਬਤਾਂ, ਸਮੱਸਿਆਵਾਂ, ਦੁਰਦਸ਼ਾ, ਰੋਗਾਂ, ਸੋਗਾਂ ਆਦਿ ਲਈ ਕਿਸੇ ਹੋਰ ਨੂੰ ਦੋਸ਼ ਨਾ ਦਿਓ। ਬਹੁਤ ਸਾਰੀ ਲੁਕਾਈ ਦੁੱਖਾਂ, ਤਕਲੀਫ਼ਾਂ, ਕਲੇਸ਼ਾਂ, ਮੁਸੀਬਤਾਂ, ਸਮੱਸਿਆਵਾਂ, ਦੁਰਦਸ਼ਾ, ਰੋਗਾਂ, ਸੋਗਾਂ ਆਦਿ ਲਈ ਸਤਿ ਪਾਰਬ੍ਰਹਮ ਪਰਮੇਸ਼ਰ ਨੂੰ ਦੋਸ਼ੀ ਮੰਨਣ ਲੱਗ ਜਾਂਦੇ ਹਨ ਜਾਂ ਆਪਣੇ ਇਲਾਵਾ ਦੂਜਿਆਂ ਨੂੰ ਦੋਸ਼ ਦੇਣ ਲੱਗ ਜਾਂਦੇ ਹਨ। ਐਸਾ ਕਰਨਾ ਸਰਾਸਰ ਗਲਤ ਹੈ। ਮਨੁੱਖ ਦੇ ਦੁੱਖਾਂ, ਤਕਲੀਫ਼ਾਂ, ਕਲੇਸ਼ਾਂ, ਮੁਸੀਬਤਾਂ, ਸਮੱਸਿਆਵਾਂ, ਦੁਰਦਸ਼ਾ, ਰੋਗਾਂ, ਸੋਗਾਂ ਆਦਿ ਲਈ ਮਨੁੱਖ ਆਪ ਜੁੰਮੇਵਾਰ ਹੁੰਦਾ ਹੈ। ਮਨੁੱਖ ਦੇ ਦੁੱਖਾਂ, ਤਕਲੀਫ਼ਾਂ, ਕਲੇਸ਼ਾਂ, ਮੁਸੀਬਤਾਂ, ਸਮੱਸਿਆਵਾਂ, ਦੁਰਦਸ਼ਾ, ਰੋਗਾਂ, ਸੋਗਾਂ ਆਦਿ ਦਾ ਕਾਰਨ ਕੇਵਲ ਉਸ ਦੇ ਆਪਣੇ ਕਰਮ ਹੀ ਹੁੰਦੇ ਹਨ। ਇਸ ਪਰਮ ਸਤਿ ਨੂੰ ਗੁਰਬਾਣੀ ਵਿੱਚ ਪ੍ਰਗਟ ਕੀਤਾ ਗਿਆ ਹੈ:

ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ ॥

ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ ॥੨੧॥

(ਪੰਨਾ ੪੩੩)

੨.     ਇਸ ਲਈ ਆਪਣੇ ਕਰਮਾਂ ਦੇ ਦੋਸ਼ਾਂ ਨੂੰ ਸਤਿ ਪਾਰਬ੍ਰਹਮ ਪਰਮੇਸ਼ਰ ਜਾਂ ਹੋਰ ਕਿਸੇ ਉੱਪਰ ਨਾ ਥੋਪੋ। ਆਪਣੇ ਕਰਮਾਂ ਦੇ ਦੋਸ਼ਾਂ ਨੂੰ ਕਬੂਲ ਕਰੋ। ਆਪਣੇ ਕਰਮਾਂ ਦੇ ਦੋਸ਼ਾਂ ਨੂੰ ਸਤਿ ਕਰ ਕੇ ਜਾਣੋ ਅਤੇ ਖਿੜੇ ਮੱਥੇ ਕਬੂਲ ਕਰੋ। ਇਸ ਪਰਮ ਸਤਿ ਨੂੰ ਮੰਨਣ ਨਾਲ ਅਸੀਂ ਭਾਣਾ ਮੰਨਣ ਦੀ ਕਮਾਈ ਕਰ ਸਕਦੇ ਹਾਂ। ਇਸ ਪਰਮ ਸਤਿ ਨੂੰ ਮੰਨਣ ਦੇ ਨਾਲ ਅਸੀਂ ਦਰਗਾਹੀ ਹੁਕਮ ਦੀ ਪਾਲਣਾ ਕਰਨ ਦਾ ਵੱਡਾ ਪੁੰਨ ਕਰਮ ਕਮਾ ਸਕਦੇ ਹਾਂ। ਇਸ ਪਰਮ ਸਤਿ ਨੂੰ ਮੰਨਣ ਨਾਲ ਅਸੀਂ ਆਪਣੇ ਦੁੱਖਾਂ, ਤਕਲੀਫ਼ਾਂ, ਕਲੇਸ਼ਾਂ, ਮੁਸੀਬਤਾਂ, ਸਮੱਸਿਆਵਾਂ, ਦੁਰਦਸ਼ਾ, ਰੋਗਾਂ, ਸੋਗਾਂ ਆਦਿ ਦਾ ਅੰਤ ਕਰ ਸਕਦੇ ਹਾਂ ਅਤੇ ਪਰਮ ਸੁੱਖ, ਸਤਿ ਚਿੱਤ ਆਨੰਦ ਦੀ ਪ੍ਰਾਪਤੀ ਕਰ ਸਕਦੇ ਹਾਂ। ਇਸ ਪਰਮ ਸਤਿ ਨੂੰ ਅਪਣਾਉਣ ਨਾਲ ਸਾਡੇ ਨਵੇਂ ਕਰਮ ਬਣਨੇ ਬੰਦ ਹੋ ਜਾਣਗੇ ਅਤੇ ਸਤਿ ਕਰਮ ਇਕੱਤਰ ਹੋਣੇ ਸ਼ੁਰੂ ਹੋ ਜਾਣਗੇ। ਸਾਡੀ ਬਿਰਤੀ ਸਤੋ ਬਿਰਤੀ ਵਿੱਚ ਪਰਿਵਰਤਿਤ ਹੋ ਜਾਏਗੀ। ਜਿਸ ਦੇ ਫਲਸਰੂਪ ਸਾਨੂੰ ਸਤਿਗੁਰੂ ਦੀ ਸੰਗਤ ਅਤੇ ਚਰਨ-ਸ਼ਰਨ ਪ੍ਰਾਪਤ ਹੋ ਜਾਏਗੀ। ਇਸੇ ਲਈ ਭਾਣੇ ਦੀ ਦਾਤ ਦੀ ਮਹਿਮਾ ਨੂੰ ਬੇਅੰਤ ਕਹਿ ਕੇ ਗੁਰਬਾਣੀ ਵਿੱਚ ਪ੍ਰਗਟ ਕੀਤਾ ਗਿਆ ਹੈ:

ਪਉੜੀ ॥

ਭਾਣੈ ਹੁਕਮੁ ਮਨਾਇਓਨੁ ਭਾਣੈ ਸੁਖੁ ਪਾਇਆ ॥

ਭਾਣੈ ਸਤਿਗੁਰੁ ਮੇਲਿਓਨੁ ਭਾਣੈ ਸਚੁ ਧਿਆਇਆ ॥

ਭਾਣੇ ਜੇਵਡ ਹੋਰ ਦਾਤਿ ਨਾਹੀ ਸਚੁ ਆਖਿ ਸੁਣਾਇਆ ॥

ਜਿਨ ਕਉ ਪੂਰਬਿ ਲਿਖਿਆ ਤਿਨ ਸਚੁ ਕਮਾਇਆ ॥

ਨਾਨਕ ਤਿਸੁ ਸਰਣਾਗਤੀ ਜਿਨਿ ਜਗਤੁ ਉਪਾਇਆ ॥੨੧॥

(ਪੰਨਾ ੧੦੯੩)

੩.     ਜਦ ਕੋਈ ਦੁੱਖ, ਤਕਲੀਫ਼, ਕਲੇਸ਼, ਮੁਸੀਬਤ, ਸਮੱਸਿਆ, ਰੋਗ, ਸੋਗ ਆਦਿ ਜੀਵਨ ਵਿੱਚ ਆਉਂਦਾ ਹੈ ਤਾਂ ਆਪਣੇ ਆਪ ਵਿੱਚ ਸਥਿਤ ਧੀਰਜ ਦੀ ਪਰਮ ਸ਼ਕਤੀ ਨੂੰ ਵਰਤੋ ਅਤੇ ਸਤਿ ਪਾਰਬ੍ਰਹਮ ਪਰਮੇਸ਼ਰ ਦਾ ਸ਼ੁਕਰਾਨਾ ਕਰ ਕੇ ਹਾਲਾਤ ਨੂੰ ਹੱਸ ਕੇ ਕਬੂਲ ਕਰੋ। ਐਸਾ ਕਰਨ ਨਾਲ ਤੁਸੀਂ ਭਾਣਾ ਮੰਨਣ ਵਿੱਚ ਸਫ਼ਲ ਹੋ ਜਾਓਗੇ ਜਿਸ ਦੇ ਫਲ ਸਰੂਪ ਆਪਣੇ ਆਪ ਉੱਪਰ ਬਹੁਤ ਵੱਡਾ ਪੁੰਨ ਕਰੋਗੇ। ਸ਼ਰਧਾ, ਪ੍ਰੀਤ ਅਤੇ ਭਰੋਸੇ ਨਾਲ ਸਤਿ ਪਾਰਬ੍ਰਹਮ ਪਰਮੇਸ਼ਰ ਦਾ ਧਿਆਨ ਧਾਰਨ ਕਰੋ ਅਤੇ ਐਸੇ ਵਿਪਰੀਤ ਹਾਲਾਤ ਵਿੱਚੋਂ ਨਿਕਲਣ ਲਈ ਉਪਾਓ ਲੱਭਣ ਉੱਪਰ ਆਪਣਾ ਧਿਆਨ ਕੇਂਦਰਿਤ ਕਰੋ। ਇਸ ਤਰ੍ਹਾਂ ਭਾਣਾ ਮੰਨਣ ਦੇ ਨਾਲ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਕਿਰਪਾ ਵਰਤੇਗੀ ਅਤੇ ਵਿਪਰੀਤ ਹਾਲਾਤ ਵਿੱਚੋਂ ਨਿਕਲਣ ਦਾ ਮਾਰਗ ਦਰਸ਼ਨ ਆਪਣੇ ਆਪ ਹੋ ਜਾਏਗਾ। ਆਪਣੇ ਰੋਜ਼ਾਨਾ ਜੀਵਨ ਵਿੱਚ ਐਸਾ ਅਭਿਆਸ ਕਰਨ ਦੇ ਨਾਲ ਸਾਡੇ ਪੁੰਨ ਕਰਮ ਵੱਧਣੇ ਸ਼ੁਰੂ ਹੋ ਜਾਣਗੇ ਅਤੇ ਕੂੜ ਕਰਮ ਘੱਟਣੇ ਸ਼ੁਰੂ ਹੋ ਜਾਣਗੇ। ਸਾਡਾ ਦੁੱਖ ਦਾਰੂ ਬਣ ਜਾਏਗਾ। ਸਤਿ ਦੀ ਸੇਵਾ ਵੱਧਣੀ ਸ਼ੁਰੂ ਹੋ ਜਾਏਗੀ। ਸਤਿ ਦੀ ਸੇਵਾ ਕਰਨ ਨਾਲ ਸਾਡੀ ਬਿਰਤੀ ਸਤੋ ਬਿਰਤੀ ਬਣ ਜਾਏਗੀ। ਸਤਿਗੁਰੂ ਦੀ ਪਰਮ ਸ਼ਕਤੀਸ਼ਾਲੀ ਚਰਨ-ਸ਼ਰਨ ਪ੍ਰਾਪਤ ਹੋ ਜਾਏਗੀ। ਗੁਰਪ੍ਰਸਾਦਿ ਦੀ ਪ੍ਰਾਪਤੀ ਹੋ ਜਾਏਗੀ। ਜੀਵਨ ਬਦਲ ਜਾਏਗਾ। ਬੰਦਗੀ ਸ਼ੁਰੂ ਹੋ ਜਾਏਗੀ। ਸਾਰੇ ਦੁੱਖਾਂ, ਤਕਲੀਫ਼ਾਂ, ਕਲੇਸ਼ਾਂ, ਮੁਸੀਬਤਾਂ, ਸਮੱਸਿਆਵਾਂ, ਦੁਰਦਸ਼ਾ, ਰੋਗਾਂ, ਸੋਗਾਂ ਆਦਿ ਦਾ ਅੰਤ ਆਪਣੇ ਆਪ ਹੋ ਜਾਏਗਾ।

ਇਸ ਲਈ ਇਲਾਹੀ ਦਰਗਾਹੀ ਹੁਕਮ ਦੀ ਪਰਮ ਸ਼ਕਤੀਸ਼ਾਲੀ ਕਥਾ ਸਤਿਗੁਰੂ ਸਾਹਿਬਾਨ ਨੇ ਗੁਰਬਾਣੀ ਵਿੱਚ ਬਾਰ-ਬਾਰ ਦ੍ਰਿੜ੍ਹ ਕਰਵਾਉਣ ਦਾ ਉਪਰਾਲਾ ਕੀਤਾ ਹੈ:

ਹੁਕਮੀ ਹੁਕਮੁ ਚਲਾਏ ਰਾਹੁ ॥ ਨਾਨਕ ਵਿਗਸੈ ਵੇਪਰਵਾਹੁ ॥੩॥

(ਪੰਨਾ ੨)

ਜਿਵ ਜਿਵ ਹੁਕਮੁ ਤਿਵੈ ਤਿਵ ਕਾਰ ॥

(ਪੰਨਾ ੮)

ਸਤਸੰਗਤਿ ਕੈਸੀ ਜਾਣੀਐ ॥ ਜਿਥੈ ਏਕੋ ਨਾਮੁ ਵਖਾਣੀਐ ॥

ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ ॥੫॥

(ਪੰਨਾ ੭੧-੭੨)

ਸੋ ਐਸਾ ਹਰਿ ਨਾਮੁ ਧਿਆਈਐ ਮਨ ਮੇਰੇ

ਜੋ ਸਭਨਾ ਉਪਰਿ ਹੁਕਮੁ ਚਲਾਏ ॥

ਸੋ ਐਸਾ ਹਰਿ ਨਾਮੁ ਜਪੀਐ ਮਨ ਮੇਰੇ ਜੋ ਅੰਤੀ ਅਉਸਰਿ ਲਏ ਛਡਾਏ ॥

ਸੋ ਐਸਾ ਹਰਿ ਨਾਮੁ ਜਪੀਐ ਮਨ ਮੇਰੇ ਜੁ ਮਨ ਕੀ ਤ੍ਰਿਸਨਾ ਸਭ ਭੁਖ ਗਵਾਏ ॥

ਸੋ ਗੁਰਮੁਖਿ ਨਾਮੁ ਜਪਿਆ ਵਡਭਾਗੀ ਤਿਨ ਨਿੰਦਕ ਦੁਸਟ ਸਭਿ ਪੈਰੀ ਪਾਏ ॥

ਨਾਨਕ ਨਾਮੁ ਅਰਾਧਿ ਸਭਨਾ ਤੇ ਵਡਾ ਸਭਿ ਨਾਵੈ ਅਗੈ ਆਣਿ ਨਿਵਾਏ ॥੧੫॥

(ਪੰਨਾ ੮੯)

ਪ੍ਰਣਵਤਿ ਨਾਨਕੁ ਹੁਕਮੁ ਪਛਾਣੈ ਸੁਖੁ ਹੋਵੈ ਦਿਨੁ ਰਾਤੀ ॥

(ਪੰਨਾ ੧੫੬)

ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ ॥

(ਪੰਨਾ ੪੭੨)

ਗੁਰਬਾਣੀ ਵਿੱਚ ਸਭ ਤੋਂ ਵੱਡਾ ਅਤੇ ਪਰਮ ਸ਼ਕਤੀਸ਼ਾਲੀ ਹੁਕਮ ‘ਨਾਮ’ ਹੁਕਮ ਦੇ ਰੂਪ ਵਿੱਚ ਪ੍ਰਗਟ ਕੀਤਾ ਗਿਆ ਹੈ। ਇਹ ‘ਨਾਮ’ ਹੁਕਮ ਸਤਿਨਾਮ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਦੇ ਇਸ ਪਰਮ ਸ਼ਕਤੀਸ਼ਾਲੀ ਹੁਕਮ “ਸਤਿਨਾਮ” ਦੀ ਬੇਅੰਤ ਮਹਿਮਾ ਦੀ ਵਿਚਾਰ (ਗੁਰਬਾਣੀ ‘ਤੇ ਆਧਾਰਿਤ ਪ੍ਰਮਾਣਾਂ ਸਹਿਤ) ‘ਅਨੰਦੁ ਸਾਹਿਬ ਪਉੜੀ ੧’ ਦੀ ਕਥਾ ਵਿੱਚ ਕੀਤੀ ਗਈ ਹੈ। ਜਿਗਿਆਸੂ ਮਨੁੱਖਾਂ ਲਈ ਇਸ ਪਰਮ ਸ਼ਕਤੀਸ਼ਾਲੀ “ਗੁਰ ਕਾ ਸਬਦੁ” ਜੋ ਕਿ “ਸਤਿਨਾਮ” ਹੈ, ਇਸ ਦੀ ਬੇਅੰਤ ਮਹਿਮਾ ਨੂੰ ਜਾਣਨਾ, ਸਮਝਣਾ ਅਤੇ ਮੰਨਣਾ ਬੇਅੰਤ ਲਾਜ਼ਮੀ ਹੈ। ਉਂਝ ਤਾਂ ਗੁਰਬਾਣੀ ਵਿੱਚ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਬਹੁਤ ਸਾਰੇ ਨਾਮ ਪ੍ਰਗਟ ਕੀਤੇ ਗਏ ਹਨ, ਪਰੰਤੂ ‘ਸਤਿ’ ਨਾਮ ਉਸ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਪਰਮ ਸ਼ਕਤੀ ਦਾ ਨਾਮ ਹੈ ਜਿਸ ਨੇ ਆਪਣੇ ਆਪ ਨੂੰ ਕੇਵਲ ਇਸ ‘ਸਤਿ’ ਨਾਮ ਵਿੱਚ ਪੂਰਨ ਤੌਰ ‘ਤੇ ਸਮਾ ਕੇ ਰੱਖਿਆ ਹੋਇਆ ਹੈ। ਇਸੇ ਲਈ ਧੰਨ ਧੰਨ ਸਤਿਗੁਰੂ ਅਵਤਾਰ ਨਾਨਕ ਪਾਤਸ਼ਾਹ ਜੀ ਨੇ ‘ਸਤਿ’ ਨਾਮ ਨੂੰ ਗੁਰਬਾਣੀ ਉਚਾਰਨ ਕਰਦੇ ਹੀ ਸਭ ਤੋਂ ਪਹਿਲਾਂ ਮੂਲ ਮੰਤਰ ਵਿੱਚ ਪ੍ਰਗਟ ਕੀਤਾ ਹੈ। ਉਸ ਤੋਂ ਉਪਰੰਤ ‘ਸਤਿ’ ਨਾਮ ਨੂੰ ਗੁਰਬਾਣੀ ਵਿੱਚ ਬਾਰ-ਬਾਰ ਦ੍ਰਿੜ੍ਹ ਕਰਵਾਇਆ ਹੈ। ‘ਸਤਿ’ ਨੂੰ ਕਦੇ ਨਾਮ ਦੇ ਰੂਪ ਵਿੱਚ ਪ੍ਰਗਟ ਕੀਤਾ ਗਿਆ ਹੈ, ਕਦੇ “ਮੂਲ ਸਤਿ” ਦੇ ਰੂਪ ਵਿੱਚ ਪ੍ਰਗਟ ਕੀਤਾ ਗਿਆ ਹੈ ਅਤੇ ਬੇਸ਼ੁਮਾਰ ਵਾਰੀ ‘ਸਤਿ’ ਗੁਰਪ੍ਰਸਾਦਿ ਦੇ ਰੂਪ ਵਿੱਚ ਪ੍ਰਗਟ ਕੀਤਾ ਗਿਆ ਹੈ। ‘ਸਤਿ’ ਨਾਮ ਉਹ ਪਰਮ ਸ਼ਕਤੀ ਹੈ ਜਿਸ ਦਾ ਸਾਰੀ ਸ੍ਰਿਸ਼ਟੀ ਉੱਪਰ ਹੁਕਮ ਵਰਤਦਾ ਹੈ। ‘ਸਤਿ’ ਨਾਮ ਉਹ ਪਰਮ ਸ਼ਕਤੀ ਹੈ ਜਿਸ ਵਿੱਚੋਂ ਹੀ ਸਾਰੀ ਸ੍ਰਿਸ਼ਟੀ ਦੀ ਰਚਨਾ, ਸੇਵਾ ਸੰਭਾਲਤਾ ਅਤੇ ਅੰਤ ਹੁੰਦਾ ਹੈ। ‘ਸਤਿ’ ਨਾਮ ਤੋਂ ਵੱਡੀ ਕੋਈ ਸ਼ਕਤੀ ਨਹੀਂ ਹੈ। ‘ਸਤਿ’ ਨਾਮ ਵਿੱਚ ਸਤਿ ਪਾਰਬ੍ਰਹਮ ਪਰਮੇਸ਼ਰ ਆਪ ਆਪਣੀਆਂ ਸਰਬ ਕਲਾਵਾਂ ਸਹਿਤ ਵਾਸ ਕਰਦਾ ਹੈ। ਇਸ ਲਈ ‘ਸਤਿ’ ਨਾਮ ਹੀ ਅਨਮੋਲ “ਗੁਰ ਕਾ ਸਬਦੁ ਰਤੰਨੁ” ਹੈ ਜਿਸ ਦੀ ਪਰਮ ਸ਼ਕਤੀਸ਼ਾਲੀ ਕਥਾ ਸਤਿਗੁਰੂ ਅਵਤਾਰ ਧੰਨ ਧੰਨ ਅਮਰ ਦਾਸ ਜੀ ਨੇ ਅਨੰਦ ਸਾਹਿਬ ਦੀਆਂ ਇਨ੍ਹਾਂ ਪਉੜੀਆਂ (੨੫-੨੬) ਵਿੱਚ ਪ੍ਰਗਟ ਕੀਤੀ ਹੈ। ਸਾਰੇ ਸਤਿਗੁਰੂ ਸਾਹਿਬਾਨ ਦੀ ਬੰਦਗੀ ਵੀ ਇਸੇ ਅਨਮੋਲ ਰਤਨ ‘ਸਤਿ’ ਨਾਮ ਵਿੱਚੋਂ ਹੀ ਪ੍ਰਗਟ ਹੋਈ ਹੈ। ਸਾਰੇ ਅਵਤਾਰਾਂ, ਸੰਤਾਂ, ਬ੍ਰਹਮ ਗਿਆਨੀਆਂ, ਭਗਤਾਂ ਅਤੇ ਖ਼ਾਲਸਿਆਂ ਦੀ ਬੰਦਗੀ ਇਸੇ ਅਨਮੋਲ ਰਤਨ ‘ਸਤਿ’ ਨਾਮ ਵਿੱਚੋਂ ਹੀ ਪ੍ਰਗਟ ਹੋਈ ਹੈ। ਸਾਰੀ ਗੁਰਬਾਣੀ ਇਸੇ ਅਨਮੋਲ ਰਤਨ ‘ਸਤਿ’ ਨਾਮ ਵਿੱਚੋਂ ਹੀ ਪ੍ਰਗਟ ਹੋਈ ਹੈ। ਇਸ ਪਰਮ ਸ਼ਕਤੀਸ਼ਾਲੀ ਨਾਮ ‘ਸਤਿ’ ਦੀ ਪ੍ਰਾਪਤੀ ਪੂਰੇ ਸਤਿਗੁਰੂ ਦੀ ਸੰਗਤ ਵਿੱਚੋਂ ਹੁੰਦੀ ਹੈ। ਪੂਰੇ ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਆਪਾ ਅਰਪਣ ਕਰਨ ਨਾਲ ਹੀ ‘ਸਤਿ’ ਨਾਮ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ।

ਸਾਰੀ ਗੁਰਬਾਣੀ ‘ਸਤਿ’ ਹੈ ਅਤੇ ਇਸ ਦੀ ਉਤਪਤੀ ਵੀ ‘ਸਤਿ’ ਵਿੱਚੋਂ ਹੀ ਹੋਈ ਹੈ। ਗੁਰਬਾਣੀ ਦਾ ਹਰ ਇੱਕ ਸ਼ਬਦ ਪੂਰਨ ਸਤਿ ਹੈ। ਗੁਰਬਾਣੀ ਦੇ ਕਿਸੇ ਸ਼ਬਦ ਵਿੱਚ ਕੋਈ ਲੇਸ ਮਾਤਰ ਵੀ ਖੋਟ ਨਹੀਂ ਹੈ। ਗੁਰਬਾਣੀ ਪਾਵਨ ਪਵਿੱਤਰ ਪੂਰਨ ਸਤਿ ਹੈ। ਗੁਰਬਾਣੀ ਨੂੰ ਸਤਿ ਸਤਿ ਕਰ ਕੇ ਜਾਣਨਾ, ਸਮਝਣਾ, ਮੰਨਣਾ ਅਤੇ ਇਸ ਦਾ ਆਪਣੇ ਰੋਜ਼ਾਨਾ ਜੀਵਨ ਵਿੱਚ ਅਭਿਆਸ ਕਰਨਾ ਪੂਰਨ ਸਤਿ ਦੀ ਪੂਰਨ ਸੇਵਾ ਹੈ। ਗੁਰਬਾਣੀ ਪੂਰਨ ਸਤਿ ਹੈ ਇਸੇ ਲਈ ਗੁਰਬਾਣੀ ਨੂੰ ਨਿਰੰਕਾਰ ਕਹਿ ਕੇ ਪ੍ਰਗਟ ਕੀਤਾ ਗਿਆ ਹੈ। ਇਸ ਲਈ ਗੁਰਬਾਣੀ ਸਤਿ ਪਾਰਬ੍ਰਹਮ ਪਰਮੇਸ਼ਰ ਦਾ ਪੂਰਨ ਬ੍ਰਹਮ ਗਿਆਨ ਸਰੂਪ ਹੈ। ਇਸ ਲਈ “ਗੁਰ ਕਾ ਸਬਦੁ” ਦੀ ਮਹਿਮਾ ਬੇਅੰਤ ਹੈ। “ਗੁਰ ਕਾ ਸਬਦੁ” ਦੀ ਬੇਅੰਤ ਮਹਿਮਾ ਗੁਰਬਾਣੀ ਵਿੱਚ ਬਾਰ-ਬਾਰ ਦ੍ਰਿੜ੍ਹ ਕਰਵਾਈ ਗਈ ਹੈ:

ਗੁਰ ਕਾ ਸਬਦੁ ਅੰਤਰਿ ਵਸੈ ਤਾ ਹਰਿ ਵਿਸਰਿ ਨ ਜਾਈ ॥੧॥

(ਪੰਨਾ ੩੧)

ਗੁਰ ਕਾ ਸਬਦੁ ਮਨਿ ਵਸੈ ਮਨੁ ਤਨੁ ਨਿਰਮਲੁ ਹੋਇ ॥੧॥

(ਪੰਨਾ ੩੨)

ਗੁਰ ਕਾ ਸਬਦੁ ਅੰਮ੍ਰਿਤੁ ਹੈ ਜਿਤੁ ਪੀਤੈ ਤਿਖ ਜਾਇ ॥

(ਪੰਨਾ ੩੫)

ਰਤਨੁ ਅਮੋਲਕੁ ਪਾਇਆ ਗੁਰ ਕਾ ਸਬਦੁ ਬੀਚਾਰੁ ॥

ਜਿਹਵਾ ਸਚੀ ਮਨੁ ਸਚਾ ਸਚਾ ਸਰੀਰ ਅਕਾਰੁ ॥

ਨਾਨਕ ਸਚੈ ਸਤਿਗੁਰਿ ਸੇਵਿਐ ਸਦਾ ਸਚੁ ਵਾਪਾਰੁ ॥੧॥

(ਪੰਨਾ ੮੩)

ਲਖ ਚਉਰਾਸੀਹ ਭਰਮਦੇ ਮਨਹਠਿ ਆਵੈ ਜਾਇ ॥

ਗੁਰ ਕਾ ਸਬਦੁ ਨ ਚੀਨਿਓ ਫਿਰਿ ਫਿਰਿ ਜੋਨੀ ਪਾਇ ॥੨॥

(ਪੰਨਾ ੧੬੨)

ਰਤਨਾ ਪਾਰਖੁ ਜੋ ਹੋਵੈ ਸੁ ਰਤਨਾ ਕਰੇ ਵੀਚਾਰੁ ॥

ਰਤਨਾ ਸਾਰ ਨ ਜਾਣਈ ਅਗਿਆਨੀ ਅੰਧੁ ਅੰਧਾਰੁ ॥

ਰਤਨੁ ਗੁਰੂ ਕਾ ਸਬਦੁ ਹੈ ਬੂਝੈ ਬੂਝਣਹਾਰੁ ॥

(ਪੰਨਾ ੫੮੯)

ਗੁਰ ਕੀ ਕੀਰਤਿ ਜਪੀਐ ਹਰਿ ਨਾਉ ॥

ਗੁਰ ਕੀ ਭਗਤਿ ਸਦਾ ਗੁਣ ਗਾਉ ॥

ਗੁਰ ਕੀ ਸੁਰਤਿ ਨਿਕਟਿ ਕਰਿ ਜਾਨੁ ॥

ਗੁਰ ਕਾ ਸਬਦੁ ਸਤਿ ਕਰਿ ਮਾਨੁ ॥੨॥

(ਪੰਨਾ ੮੯੭)

ਗੁਰ ਸੇਵਾ ਤੇ ਸਭੁ ਕਿਛੁ ਪਾਏ ॥

ਹਉਮੈ ਮੇਰਾ ਆਪੁ ਗਵਾਏ ॥

ਆਪੇ ਕ੍ਰਿਪਾ ਕਰੇ ਸੁਖਦਾਤਾ ਗੁਰ ਕੈ ਸਬਦੇ ਸੋਹਾ ਹੇ ॥੯॥

ਗੁਰ ਕਾ ਸਬਦੁ ਅੰਮ੍ਰਿਤ ਹੈ ਬਾਣੀ ॥

ਅਨਦਿਨੁ ਹਰਿ ਕਾ ਨਾਮੁ ਵਖਾਣੀ ॥

ਹਰਿ ਹਰਿ ਸਚਾ ਵਸੈ ਘਟ ਅੰਤਰਿ ਸੋ ਘਟੁ ਨਿਰਮਲੁ ਤਾਹਾ ਹੇ ॥੧੦॥

ਸੇਵਕ ਸੇਵਹਿ ਸਬਦਿ ਸਲਾਹਹਿ ॥

ਸਦਾ ਰੰਗਿ ਰਾਤੇ ਹਰਿ ਗੁਣ ਗਾਵਹਿ ॥

ਆਪੇ ਬਖਸੇ ਸਬਦਿ ਮਿਲਾਏ ਪਰਮਲ ਵਾਸੁ ਮਨਿ ਤਾਹਾ ਹੇ ॥੧੧॥

ਸਬਦੇ ਅਕਥੁ ਕਥੇ ਸਾਲਾਹੇ ॥ ਮੇਰੇ ਪ੍ਰਭ ਸਾਚੇ ਵੇਪਰਵਾਹੇ ॥

ਆਪੇ ਗੁਣਦਾਤਾ ਸਬਦਿ ਮਿਲਾਏ ਸਬਦੈ ਕਾ ਰਸੁ ਤਾਹਾ ਹੇ ॥੧੨॥

(ਪੰਨਾ ੧੦੫੭)

ਗੁਰ ਕਾ ਸਬਦੁ ਸਭਿ ਰੋਗ ਗਵਾਏ ਜਿਸ ਨੋ ਹਰਿ ਜੀਉ ਲਾਏ ॥

ਨਾਮੇ ਨਾਮਿ ਮਿਲੈ ਵਡਿਆਈ ਜਿਸ ਨੋ ਮੰਨਿ ਵਸਾਏ ॥

(ਪੰਨਾ ੧੧੩੦-੧੧੩੧)

‘ਗੁਰ ਕਾ ਸਬਦੁ’ ਦੀ ਕਮਾਈ ਕਰਨ ਨਾਲ ਹੀ ਮਨੁੱਖ ਦਾ ਮਨ ਟਿਕ ਜਾਂਦਾ ਹੈ, ਇਕਾਗਰ ਹੋ ਜਾਂਦਾ ਹੈ ਅਤੇ ਸ਼ਾਂਤ ਹੋ ਜਾਂਦਾ ਹੈ। ‘ਗੁਰ ਕਾ ਸਬਦੁ’ ਦੀ ਕਮਾਈ ਕਰਨ ਨਾਲ ਹੀ ਮਨੁੱਖ ਨੂੰ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ ਅਤੇ ਮਨੁੱਖ ਦੀ ਸੁਰਤਿ ਦਾ ਸ਼ਬਦ ਨਾਲ ਸੁਮੇਲ ਹੁੰਦਾ ਹੈ। ‘ਗੁਰ ਕਾ ਸਬਦੁ’ ਦੀ ਕਮਾਈ ਕਰਨ ਨਾਲ ਹੀ ਮਨੁੱਖ ਦੀ ਸੁਰਤਿ ਵਿੱਚ ਸਤਿਨਾਮ ਉੱਕਰਿਆ ਜਾਂਦਾ ਹੈ ਅਤੇ ਮਨੁੱਖ ਦੀ ਸਮਾਧੀ ਲੱਗ ਜਾਂਦੀ ਹੈ ਅਤੇ ਮਨੁੱਖ ਦੇ ਸਾਰੇ ਸਤਿ ਸਰੋਵਰ ਪ੍ਰਕਾਸ਼ਮਾਨ ਹੋ ਜਾਂਦੇ ਹਨ। ਜਿਸ ਦੇ ਨਾਲ ਹੀ ਮਨੁੱਖ ਦੇ ਰੋਮ-ਰੋਮ ਵਿੱਚ ਸਤਿਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ ਅਤੇ ਮਨੁੱਖ ਦੇ ਸਾਰੇ ਬਜਰ ਕਪਾਟ ਖੁਲ੍ਹ ਜਾਂਦੇ ਹਨ। ਸਮਾਧੀ ਵਿੱਚ ਬੈਠ ਕੇ ਕੀਤੇ ਗਏ ਸਤਿਨਾਮ ਦੇ ਅਭਿਆਸ ਦੇ ਨਾਲ ਹੀ ਮਨੁੱਖ ਨੂੰ ਸੁੰਨ ਸਮਾਧੀ ਦੀ ਪ੍ਰਾਪਤੀ ਹੋ ਜਾਂਦੀ ਹੈ ਅਤੇ ਮਨੁੱਖ ਦਾ ਮਨ ਚਿੰਦਿਆ ਜਾਂਦਾ ਹੈ। ‘ਗੁਰ ਕਾ ਸਬਦੁ’ ਦੀ ਕਮਾਈ ਕਰਨ ਨਾਲ ਹੀ ਮਨੁੱਖ ਦਾ ਮਨ ਨਿਰਮਲ ਹੁੰਦਾ ਹੈ। ਭਾਵ ‘ਗੁਰ ਕਾ ਸਬਦੁ’ ਦੀ ਕਮਾਈ ਕਰਨ ਨਾਲ ਹੀ ਜਨਮਾਂ-ਜਨਮਾਂਤਰਾਂ ਤੋਂ ਮਨੁੱਖ ਦੇ ਮਨ ਨੂੰ ਚਿੰਬੜੀ ਹੋਈ ਮੈਲ ਉਤਰ ਜਾਂਦੀ ਹੈ। ‘ਗੁਰ ਕਾ ਸਬਦੁ’ ਦੀ ਕਮਾਈ ਕਰਨ ਨਾਲ ਹੀ ਮਨੁੱਖ ਦੇ ਜਨਮਾਂ-ਜਨਮਾਂਤਰਾਂ ਦੇ ਕਰਮਾਂ ਦੇ ਬੰਧਨ ਟੁੱਟ ਜਾਂਦੇ ਹਨ ਅਤੇ ਮਨੁੱਖ ਦੀ ਰੂਹ ਇਨ੍ਹਾਂ ਬੇਅੰਤ ਕਰਮਾਂ ਦੇ ਭਾਰ ਤੋਂ ਮੁਕਤ ਹੋ ਜਾਂਦੀ ਹੈ। ਕਰਮਾਂ ਦੇ ਬੰਧਨ ਟੁੱਟਣ ਨਾਲ ਮਨੁੱਖ ਦੇ ਮਾਨਸਿਕ ਰੋਗਾਂ, ਦੁੱਖਾਂ, ਕਲੇਸ਼ਾਂ, ਸਮੱਸਿਆਵਾਂ, ਮੁਸੀਬਤਾਂ ਦਾ ਅੰਤ ਹੋ ਜਾਂਦਾ ਹੈ। ‘ਗੁਰ ਕਾ ਸਬਦੁ’ ਦੀ ਕਮਾਈ ਕਰਨ ਨਾਲ ਹੀ ਮਨੁੱਖ ਦੀ ਤ੍ਰਿਸ਼ਣਾ ਬੁਝ ਜਾਂਦੀ ਹੈ ਅਤੇ ਪੰਜ ਚੰਡਾਲ (ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ) ਮਨੁੱਖ ਦੇ ਵੱਸ ਵਿੱਚ ਆ ਜਾਂਦੇ ਹਨ। ‘ਗੁਰ ਕਾ ਸਬਦੁ’ ਦੀ ਕਮਾਈ ਕਰਨ ਨਾਲ ਹੀ ਮਨੁੱਖ ਮਾਇਆ ਨੂੰ ਜਿੱਤ ਲੈਂਦਾ ਹੈ। ‘ਗੁਰ ਕਾ ਸਬਦੁ’ ਦੀ ਕਮਾਈ ਕਰਨ ਨਾਲ ਹੀ ਮਨੁੱਖ ਦਾ ਹਿਰਦਾ ਪੂਰਨ ਸਚਿਆਰੀ ਰਹਿਤ ਵਿੱਚ ਆ ਜਾਂਦਾ ਹੈ ਅਤੇ ਸਾਰੇ ਸਤਿ ਗੁਣਾਂ ਨਾਲ ਭਰਪੂਰ ਹੋ ਜਾਂਦਾ ਹੈ। ‘ਗੁਰ ਕਾ ਸਬਦੁ’ ਦੀ ਕਮਾਈ ਹੀ ਬੰਦਗੀ ਹੈ ਅਤੇ ਮਨੁੱਖ ਨੂੰ ਦਰਗਾਹ ਪ੍ਰਵਾਨ ਕਰਵਾਉਣ ਦੀ ਸਮਰੱਥਾ ਰੱਖਦੀ ਹੈ। ਅੰਮ੍ਰਿਤ ਨਾਮ ‘ਗੁਰ ਕਾ ਸਬਦੁ’ ਹੈ ਜਿਸ ਦੀ ਕਮਾਈ ਕਰਨ ਨਾਲ ਹੀ ਮਨੁੱਖ ਨੂੰ ਜੀਵਨ ਮੁਕਤੀ ਪ੍ਰਾਪਤ ਹੁੰਦੀ ਹੈ। ‘ਗੁਰ ਕਾ ਸਬਦੁ’ ਦੀ ਕਮਾਈ ਕਰਨ ਨਾਲ ਹੀ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਦਰਸ਼ਨ ਹੁੰਦੇ ਹਨ ਅਤੇ ਗੁਰਪ੍ਰਸਾਦਿ ਵਰਤਾਉਣ ਦੀ ਸੇਵਾ ਦੀ ਪ੍ਰਾਪਤੀ ਹੁੰਦੀ ਹੈ। ਅੰਮ੍ਰਿਤ ਨਾਮ ‘ਗੁਰ ਕਾ ਸਬਦੁ’ ਹੈ ਜਿਸ ਦੀ ਕਮਾਈ ਕਰਨ ਨਾਲ ਹੀ ਮਨੁੱਖ ਨੂੰ ਜੀਵਨ ਮੁਕਤੀ ਪ੍ਰਾਪਤ ਹੁੰਦੀ ਹੈ। ‘ਗੁਰ ਕਾ ਸਬਦੁ’ ਦੀ ਕਮਾਈ ਕਰਨ ਨਾਲ ਹੀ ਪਰਮ ਪਦਵੀ ਦੀ ਪ੍ਰਾਪਤੀ ਹੁੰਦੀ ਹੈ। ‘ਗੁਰ ਕਾ ਸਬਦੁ’ ਦੀ ਕਮਾਈ ਕਰਨ ਨਾਲ ਹੀ ਪੂਰਨ ਬ੍ਰਹਮ ਗਿਆਨ ਅਤੇ ਆਤਮ ਰਸ ਅੰਮ੍ਰਿਤ ਦੀ ਪ੍ਰਾਪਤੀ ਹੁੰਦੀ ਹੈ।

ਤ੍ਰੈ ਗੁਣ (ਰਜ ਗੁਣ, ਤਮ ਗੁਣ ਅਤੇ ਸਤਿ ਗੁਣ) ਮਾਇਆ ਦੀ ਰਚਨਾ ਵੀ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਪੂਰਨ ਹੁਕਮ ਵਿੱਚ ਹੋਈ ਹੈ। ਜੀਵ ਆਤਮਾ ਦੀ ਰਚਨਾ ਵੀ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਪੂਰਨ ਹੁਕਮ ਵਿੱਚ ਹੋਈ ਹੈ। ਜੀਵ ਆਤਮਾ ਤੱਤ ਸਤਿ ਤੱਤ ਹੈ। ਇਹ ਉਹ ਇਲਾਹੀ ਜੋਤ ਹੈ ਜਿਸ ਦੀ ਪਰਮ ਸ਼ਕਤੀ ਦੇ ਨਾਲ ਮਨੁੱਖ ਹੋਂਦ ਵਿੱਚ ਪ੍ਰਗਟ ਹੁੰਦਾ ਹੈ। ਇਹ ਉਹ ਸਤਿ ਤੱਤ ਹੈ ਜਿਸ ਵਿੱਚ ਸਾਰੀਆਂ ਇਲਾਹੀ ਪਰਮ ਸ਼ਕਤੀਆਂ ਸਮਾਈਆਂ ਹੋਈਆਂ ਹਨ। ਇਸ ਲਈ ਮਾਇਆ ਦਾ ਖੇਲ ਜੋ ਸੰਸਾਰ ਵਿੱਚ ਵਾਪਰ ਰਿਹਾ ਹੈ ਉਹ ਵੀ ਸਾਰਾ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਪੂਰਨ ਹੁਕਮ ਵਿੱਚ ਵਾਪਰ ਰਿਹਾ ਹੈ। ਮਨੁੱਖ ਦੀ ਰਚਨਾ ਕਰਦੇ ਹੋਏ ਸਤਿ ਪਾਰਬ੍ਰਹਮ ਪਰਮੇਸ਼ਰ ਨੇ ਮਨੁੱਖ ਵਿੱਚ ਸਾਰੀਆਂ ਸਤੋ ਗੁਣੀ ਸ਼ਕਤੀਆਂ ਨੂੰ ਮਨੁੱਖ ਵਿੱਚ ਸਥਾਪਿਤ ਕਰ ਦਿੱਤਾ ਹੈ। ਇਹ ਪਰਮ ਸਤਿ ਹੈ ਕਿ: ਦਇਆ, ਧਰਮ, ਸੰਤੋਖ਼, ਸੰਜਮ, ਜਪ, ਤਪ, ਪੂਜਾ, ਨਿਮਰਤਾ, ਸ਼ਰਧਾ, ਪ੍ਰੀਤ, ਭਰੋਸਾ, ਦਾਨ, ਪੁੰਨ, ਨਿਰਭੈਤਾ, ਨਿਰਵੈਰਤਾ, ਸਿਮਰਨ, ਬੰਦਗੀ, ਸੇਵਾ, ਜਤ, ਸਤਿ ਆਦਿ ਸਤਿ ਗੁਣਾਂ ਦੀ ਕਮਾਈ ਕਰਨ ਦੀਆਂ ਸਾਰੀਆਂ ਸ਼ਕਤੀਆਂ ਮਨੁੱਖ ਦੇ ਵਿੱਚ ਸਥਾਪਿਤ ਹਨ।

ਇਸ ਦੇ ਨਾਲ ਹੀ ਸਤਿ ਪਾਰਬ੍ਰਹਮ ਪਰਮੇਸ਼ਰ ਨੇ ਮਾਇਆ ਦੀਆਂ ਵਿਨਾਸ਼ਕਾਰੀ ਸ਼ਕਤੀਆਂ (ਰਜੋ: ਤ੍ਰਿਸ਼ਣਾ ਅਤੇ ਤਮੋ: ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ) ਨੂੰ ਵੀ ਮਨੁੱਖ ਦੇ ਵਿੱਚ ਸਥਾਪਿਤ ਕਰ ਦਿੱਤਾ ਹੈ। ਭਾਵ ਸਤਿ ਪਾਰਬ੍ਰਹਮ ਪਰਮੇਸ਼ਰ ਨੇ ਮਨੁੱਖ ਵਿੱਚ ਤ੍ਰਿਸ਼ਣਾ ਦੀ ਪ੍ਰਬਲ ਵਿਨਾਸ਼ਕਾਰੀ ਅਗਨ ਵੀ ਪ੍ਰਜ੍ਵਲਿਤ ਕਰ ਦਿੱਤੀ ਹੈ। ਤ੍ਰਿਸ਼ਣਾ ਦੀ ਵਿਨਾਸ਼ਕਾਰੀ ਅਗਨ ਨੂੰ ਬੁਝਾਉਣ ਵਾਸਤੇ ਮਨੁੱਖ ਦੇ ਵਿੱਚ ਸਤਿ ਪਾਰਬ੍ਰਹਮ ਪਰਮੇਸ਼ਰ ਨੇ ਪੰਜ ਚੰਡਾਲ (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ) ਵੀ ਸਥਾਪਿਤ ਕਰ ਦਿੱਤੇ ਹਨ। ਇਹ ਪੰਜੇ ਚੰਡਾਲਾਂ ਦੀਆਂ ਮਹਾ ਵਿਨਾਸ਼ਕਾਰੀ ਸ਼ਕਤੀਆਂ ਵੀ ਮਨੁੱਖ ਦੇ ਵਿੱਚ ਸਥਾਪਿਤ ਹਨ ਜੋ ਕਿ ਮਨੁੱਖ ਦੀ ਤ੍ਰਿਸ਼ਣਾ ਅਗਨ ਨੂੰ ਬੁਝਾਉਣ ਦੇ ਬਜਾਇ ਉਸ ਨੂੰ ਹੋਰ ਭਿਆਨਕ ਰੂਪ ਇਖਤਿਆਰ ਕਰਨ ਵਿੱਚ ਸਮਰੱਥ ਹਨ। ਇਸ ਲਈ ਇਹ ਪਰਮ ਸਤਿ ਹੈ ਕਿ ਮਨੁੱਖ ਵਿੱਚ ਸਤਿ ਤੱਤ ਦੇ ਰੂਪ ਵਿੱਚ ਸਾਰੀਆਂ ਪਰਮ ਸ਼ਕਤੀਆਂ ਵੀ ਸਥਾਪਿਤ ਹਨ ਅਤੇ ਇਸ ਦੇ ਨਾਲ ਹੀ ਸਾਰੀਆਂ ਮਹਾ ਵਿਨਾਸ਼ਕਾਰੀ ਸ਼ਕਤੀਆਂ ਵੀ ਸਥਾਪਿਤ ਹਨ।

ਇਹ ਮਨੁੱਖ ‘ਤੇ ਨਿਰਭਰ ਕਰਦਾ ਹੈ ਕਿ ਉਹ ਕਿਸ ਮਾਰਗ ਉੱਪਰ ਚਲਣ ਦਾ ਯਤਨ ਕਰਦਾ ਹੈ। ਭਾਵ ਇਹ ਮਨੁੱਖ ਉੱਪਰ ਨਿਰਭਰ ਕਰਦਾ ਹੈ ਕਿ ਉਹ ਮਹਾ ਵਿਨਾਸ਼ਕਾਰੀ ਸ਼ਕਤੀਆਂ ਦਾ ਚਿੰਤਨ ਕਰਨ ਦਾ ਮਹਾ ਵਿਨਾਸ਼ਕਾਰੀ ਮਾਰਗ ਚੁਣਦਾ ਹੈ ਜਾਂ ਮਹਾ ਕਲਿਆਣਕਾਰੀ ਸਤੋ ਗੁਣੀ ਤੱਤਾਂ ਦੇ ਚਿੰਤਨ ਵਿੱਚ ਆਪਣਾ ਜੀਵਨ ਜਿਊਣ ਦਾ ਅਭਿਆਸ ਚੁਣਦਾ ਹੈ। ਇਹ ਪਰਮ ਸਤਿ ਹੈ ਕਿ ਮਨੁੱਖ ਦਾ ਮਨ ਜੈਸਾ ਚਿੰਤਨ ਕਰੇਗਾ ਉਸ ਦਾ ਚਿੱਤ ਉਸੇ ਤਰ੍ਹਾਂ ਦੇ ਰੰਗ ਵਿੱਚ ਰੰਗਿਆ ਜਾਏਗਾ। ਰਜੋ ਗੁਣੀ ਅਤੇ ਤਮੋ ਗੁਣੀ ਮਹਾ ਵਿਨਾਸ਼ਕਾਰੀ ਸ਼ਕਤੀਆਂ ਦੇ ਚਿੰਤਨ ਕਰਨ ਵਾਲੇ ਮਨੁੱਖ ਦਾ ਚਿੱਤ ਕਠੋਰ, ਕੁਗਿਆਨੀ, ਕੁਲੱਛਣੀ, ਕਾਮੀ, ਕ੍ਰੋਧੀ, ਲੋਭੀ, ਮੋਹੀ, ਅਹੰਕਾਰੀ, ਦੁਰਾਚਾਰੀ, ਭ੍ਰਿਸ਼ਟਾਚਾਰੀ, ਮਨਮੁਖੀ, ਦੁਰਮੁਖੀ, ਕੂੜ ਕਰਮੀ, ਅਪਰਾਧੀ, ਚੋਰ, ਜੁਆਰੀ ਆਦਿ ਅਤੇ ਹੋਰ ਸਾਰੇ ਕਿਸਮ ਦੇ ਵਿਕਾਰਾਂ ਅਤੇ ਮਾਨਸਿਕ ਰੋਗਾਂ ਨਾਲ ਗ੍ਰਸਤ ਹੋ ਜਾਏਗਾ। ਮਾਇਆ ਦੇ ਰਜੋ ਗੁਣੀ ਅਤੇ ਤਮੋ ਗੁਣੀ ਬਿਰਤੀ ਦਾ ਚਿੰਤਨ ਕਰਨ ਵਾਲਾ ਮਨੁੱਖ ਮਾਇਆ ਦੇ ਦਲਦਲ ਵਿੱਚ ਡੁੱਬਦਾ ਚਲਾ ਜਾਏਗਾ। ਜਿਸ ਮਨੁੱਖ ਦੀ ਤ੍ਰਿਸ਼ਣਾ ਨਹੀਂ ਬੁਝਦੀ ਹੈ ਅਤੇ ਆਪਣੀ ਤ੍ਰਿਸ਼ਣਾ ਨੂੰ ਬੁਝਾਉਣ ਵਾਸਤੇ ਉਹ ਨਿਰੰਤਰ ਪੰਜ ਚੰਡਾਲਾਂ ਦੀ ਗੁਲਾਮੀ ਅਧੀਨ ਇਨ੍ਹਾਂ ਸਾਰੇ ਵਿਕਾਰਾਂ ਦਾ ਧਾਰਨੀ ਬਣਦਾ ਜਾਏਗਾ। ਇਸ ਲਈ ਜੋ ਮਨੁੱਖ ਤ੍ਰਿਸ਼ਣਾ ਦਾ ਚਿੰਤਨ ਕਰਦਾ ਰਹੇਗਾ ਉਹ ਤ੍ਰਿਸ਼ਣਾ ਦੀ ਮਹਾ ਵਿਨਾਸ਼ਕਾਰੀ ਅਗਨ ਵਿੱਚ ਝੁਲ਼ਸਦਾ ਹੋਇਆ ਦਮ ਤੋੜ ਦੇਵੇਗਾ ਅਤੇ ਆਪਣਾ ਮਨੁੱਖਾ ਜਨਮ ਗੁਆ ਲਵੇਗਾ। ਜੋ ਮਨੁੱਖ ਪੰਜ ਚੰਡਾਲਾਂ ਦਾ ਚਿੰਤਨ ਕਰਦਾ ਰਹੇਗਾ ਉਹ ਮਨੁੱਖ ਇਨ੍ਹਾਂ ਚੰਡਾਲਾਂ ਦੀਆਂ ਮਹਾ ਵਿਨਾਸ਼ਕਾਰੀ ਸ਼ਕਤੀਆਂ ਦੀ ਗੁਲਾਮੀ ਅਧੀਨ ਸਾਰੇ ਵਿਕਾਰਾਂ ਦਾ ਸ਼ਿਕਾਰ ਹੋ ਕੇ ਦਮ ਤੋੜ ਦੇਵੇਗਾ ਅਤੇ ਆਪਣਾ ਮਨੁੱਖਾ ਜਨਮ ਗੁਆ ਲਵੇਗਾ।

ਇਹ ਵੀ ਪਰਮ ਸਤਿ ਹੈ ਕਿ ਜੋ ਮਨੁੱਖ ਦਇਆ, ਧਰਮ, ਸੰਤੋਖ਼, ਸੰਜਮ, ਜਪ, ਤਪ, ਪੂਜਾ, ਨਿਮਰਤਾ, ਸ਼ਰਧਾ, ਪ੍ਰੀਤ, ਭਰੋਸਾ, ਦਾਨ, ਪੁੰਨ, ਨਿਰਭੈਤਾ, ਨਿਰਵੈਰਤਾ, ਸਿਮਰਨ, ਬੰਦਗੀ, ਸੇਵਾ, ਜਤ, ਸਤਿ ਆਦਿ ਸਤਿ ਗੁਣਾਂ ਦਾ ਚਿੰਤਨ ਕਰੇਗਾ ਉਸ ਮਨੁੱਖ ਦਾ ਮਨ ਚਿੱਤ ਸਤੋ ਬਿਰਤੀ ਵਿੱਚ ਰੱਤਿਆ ਜਾਏਗਾ। ਐਸਾ ਮਨੁੱਖ ਸਤੋ ਗੁਣੀ ਬਣ ਜਾਏਗਾ। ਐਸੇ ਮਨੁੱਖ ਉੱਪਰ ਸਤੋ ਗੁਣੀ ਪਰਮ ਸ਼ਕਤੀ ਵਰਤ ਜਾਂਦੀ ਹੈ ਅਤੇ ਉਸ ਦੇ ਭਾਗ ਜਾਗ ਪੈਂਦੇ ਹਨ। ਜਿਸ ਦੇ ਫਲ਼ ਸਰੂਪ ਉਸ ਨੂੰ ਸਤਿਗੁਰੂ ਪੂਰੇ ਦੀ ਸੰਗਤ ਦੀ ਪ੍ਰਾਪਤੀ ਹੋ ਜਾਏਗੀ। ਸਤਿਗੁਰੂ ਪੂਰੇ ਦੇ ਸਨਮੁਖ ਹੋ ਜਾਏਗਾ। ਗੁਰਮੁਖ ਬਣਨ ਦੇ ਮਾਰਗ ਦੀ ਪ੍ਰਾਪਤੀ ਹੋ ਜਾਏਗੀ। ਸਤਿਗੁਰੂ ਪੂਰੇ ਦੀ ਸੇਵਾ ਕਰਨ ਨਾਲ “ਗੁਰ ਕਾ ਸਬਦੁ” ਦੀ ਪ੍ਰਾਪਤੀ ਹੋ ਜਾਏਗੀ। ਸਤਿਗੁਰੂ ਪੂਰੇ ਦੀ ਚਰਨ-ਸ਼ਰਨ ਵਿੱਚ ਜਾਣ ਨਾਲ ਉਸ ਨੂੰ ਸਤਿਨਾਮ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਹੋ ਜਾਏਗੀ। ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਹੋ ਜਾਏਗੀ। ਸ਼ਬਦ ਸੁਰਤਿ ਦਾ ਸੁਮੇਲ ਹੋ ਜਏਗਾ। ਅਜਪਾ ਜਾਪ ਸ਼ੁਰੂ ਹੋ ਜਾਏਗਾ ਅਤੇ ਸਤਿਨਾਮ ਸ਼ਬਦ ਸੁਰਤਿ ਵਿੱਚ ਉੱਕਰਿਆ ਜਾਏਗਾ। ਸੁਹਾਗ ਦੀ ਪ੍ਰਾਪਤੀ ਹੋ ਜਾਏਗੀ। ਸਮਾਧੀ ਅਤੇ ਸੁੰਨ ਸਮਾਧੀ ਦੀ ਪ੍ਰਾਪਤੀ ਹੋ ਜਾਏਗੀ। ਸਮਾਧੀ ਅਭਿਆਸ ਕਰਦੇ-ਕਰਦੇ ਮਨ ਚਿੰਦਿਆ ਜਾਏਗਾ। ਰੋਮ-ਰੋਮ ਵਿੱਚ ਸਤਿਨਾਮ ਸਿਮਰਨ ਉੱਕਰਿਆ ਜਾਏਗਾ। ਤ੍ਰੈ ਗੁਣ ਮਾਇਆ ਨੂੰ ਜਿੱਤ ਕੇ ਚੌਥੇ ਪਦ ਵਿੱਚ ਅੱਪੜ ਕੇ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਦਰਸ਼ਨ ਹੋ ਜਾਣਗੇ। ਮਨਮੁਖਤਾ ਦਾ ਨਾਸ਼ ਹੋ ਜਾਏਗਾ। ਗੁਰਮਤਿ ਦਾ ਧਾਰਨੀ ਬਣ ਜਾਏਗਾ। ਗੁਰਮੁਖ ਬਣ ਜਾਏਗਾ। ਹਿਰਦੇ ਵਿੱਚ ਪਰਮ ਜੋਤ ਪ੍ਰਗਟ ਹੋ ਜਾਏਗੀ। ਪੂਰਨ ਬ੍ਰਹਮ ਗਿਆਨ ਅਤੇ ਤੱਤ ਗਿਆਨ ਦੀ ਪ੍ਰਾਪਤੀ ਹੋ ਜਾਏਗੀ। ਆਤਮ ਰਸ ਅੰਮ੍ਰਿਤ ਦੀ ਪ੍ਰਾਪਤੀ ਹੋ ਜਾਏਗੀ। ਪਰਮ ਪਦਵੀ ਦੀ ਪ੍ਰਾਪਤੀ ਹੋ ਜਾਏਗੀ। ਪੂਰਨ ਅਵਸਥਾ, ਸਹਿਜ ਅਵਸਥਾ ਅਤੇ ਅਟੱਲ ਅਵਸਥਾ ਦੀ ਪ੍ਰਾਪਤੀ ਹੋ ਜਾਏਗੀ। ਜੀਵਨ ਮੁਕਤੀ ਦੀ ਪ੍ਰਾਪਤੀ ਹੋ ਜਾਏਗੀ।

ਇਸ ਲਈ ਸਾਰੀ ਲੁਕਾਈ ਦੇ ਚਰਨਾਂ ‘ਤੇ ਸਨਿਮਰ ਬੇਨਤੀ ਹੈ ਕਿ ਮਾਇਆ (ਰਜੋ ਅਤੇ ਤਮੋ) ਦੇ ਵਿਨਾਸ਼ਕਾਰੀ ਖੇਲ ਨੂੰ ਸਮਝੋ ਅਤੇ ਮਾਇਆ ਦੀਆਂ ਵਿਨਾਸ਼ਕਾਰੀ ਸ਼ਕਤੀਆਂ ਦਾ ਚਿੰਤਨ ਕਰਨਾ ਬੰਦ ਕਰੋ। ਮਾਇਆ ਦੀਆਂ ਵਿਨਾਸ਼ਕਾਰੀ ਸ਼ਕਤੀਆਂ ਦੀ ਗੁਲਾਮੀ ਵਿੱਚੋਂ ਨਿਕਲਣ ਦਾ ਯਤਨ ਕਰੋ। ਮਾਇਆ ਦੀਆਂ ਵਿਕਾਰੀ ਸ਼ਕਤੀਆਂ ਦੇ ਪ੍ਰਯੋਗ ਦਾ ਤਿਆਗ ਕਰੋ। ਸਤੋ ਗੁਣੀ ਰੂਹਾਨੀਅਤ ਦੇ ਖੇਲ ਨੂੰ ਸਮਝੋ ਅਤੇ ਸਤੋ ਗੁਣਾਂ ਦੇ ਧਾਰਨੀ ਬਣੋ। ਸਤੋ ਗੁਣਾਂ ਦਾ ਚਿੰਤਨ ਕਰਨ ਦਾ ਅਭਿਆਸ ਕਰੋ। ਸਤੋ ਬਿਰਤੀ ਦੇ ਧਾਰਨੀ ਬਣਨ ਨਾਲ ਸਾਰੇ ਦੁੱਖਾਂ, ਕਲੇਸ਼ਾਂ, ਵਿਕਾਰਾਂ, ਮਾਨਸਿਕ ਰੋਗਾਂ ਆਦਿ ਵਿੱਚੋਂ ਨਿਕਲਣ ਦਾ ਮਾਰਗ ਖੁਲ੍ਹ ਜਾਏਗਾ। ਸਦਾ ਸੁੱਖ ਦੀ ਪ੍ਰਾਪਤੀ ਦਾ ਮਾਰਗ ਖੁਲ੍ਹ ਜਾਏਗਾ। ਜੀਵਨ ਮੁਕਤੀ ਦਾ ਮਾਰਗ ਖੁਲ੍ਹ ਜਾਏਗਾ।