ਤਾਂ ਕਿ ਸਾਡੇ ਅੰਦਰ ਸਾਰੇ ਸਤਿ ਗੁਣਾਂ ਦਾ ਪ੍ਰਕਾਸ਼ ਹੋ ਸਕੇ ਅਤੇ ਸਾਰੇ ਅਵਗੁਣਾਂ ਦਾ ਤਿਆਗ ਹੋ ਸਕੇ। ਇਸ ਪਰਮ ਸਤਿ ਤੱਤ ਨੂੰ ਦ੍ਰਿੜ੍ਹ ਕਰ ਲਵੋ ਕਿ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਸਾਰੇ ਇਲਾਹੀ ਗੁਣਾਂ ਦਾ ਬੇਅੰਤ ਖਜ਼ਾਨਾ ਹੈ ਅਤੇ ਅਸੀਂ ਬੇਅੰਤ ਅਵਗੁਣਾਂ ਨਾਲ ਭਰੇ ਹੋਏ ਹਾਂ। ਐਸੀ ਅਰਦਾਸ ਕਰਨ ਨਾਲ ਸਾਡੇ ਹਿਰਦੇ ਦੇ ਅੰਦਰ ਗਰੀਬੀ ਆਵੇਗੀ ਅਤੇ ਸਾਡਾ ਹਿਰਦਾ ਨਿੰਮਰਤਾ ਨਾਲ ਭਰਪੂਰ ਹੋ ਜਾਵੇਗਾ। ਇਸੇ ਤਰ੍ਹਾਂ, ਜਿਵੇਂ ਕਿ ਪਹਿਲਾਂ ਬਿਆਨ ਕੀਤਾ ਗਿਆ ਹੈ, ਕਿ ਆਪਣੇ ਗੁਨਾਹ ਅਤੇ ਅਵਗੁਣ ਸਵੀਕਾਰ ਕਰਨ ਨਾਲ ਸਾਡਾ ਚਿੱਤਰਗੁਪਤ ਨਿਰਮਲ ਹੋ ਜਾਵੇਗਾ ਅਤੇ ਹਿਰਦੇ ਵਿੱਚ ਸਾਰੇ ਇਲਾਹੀ ਗੁਣਾਂ ਦਾ ਪ੍ਰਕਾਸ਼ ਹੋ ਜਾਵੇਗਾ। ਇਸ ਲਈ ਸਾਰੀ ਲੋਕਾਈ ਦੇ ਚਰਨਾਂ ਤੇ ਸਨਿੰਮਰ ਇਹ ਬੇਨਤੀ ਹੈ ਕਿ ਸਤਿ ਕਰਮਾਂ ਅਤੇ ਆਪਣੇ ਗੁਣਾਂ ਦੀ ਵਡਿਆਈ ਵਿੱਚ ਫੱਸ ਕੇ ਅਹੰਕਾਰ ਨੂੰ ਦ੍ਰਿੜ੍ਹ ਕਰਨ ਦੇ ਬਜਾਇ ਸਾਰੇ ਗੁਣਾਂ ਅਤੇ ਸਤਿ ਕਰਮਾਂ ਨੂੰ ਗੁਰ ਕਿਰਪਾ ਅਤੇ ਗੁਰਪ੍ਰਸਾਦਿ ਮੰਨਿਆ ਜਾਵੇ ਅਤੇ ਸਾਰੇ ਇਲਾਹੀ ਗੁਣਾਂ ਦੀ ਕਮਾਈ ਕੀਤੀ ਜਾਵੇ। ਅਹੰਕਾਰ ਦਾ ਨਾਸ਼ ਹਉਮੈ ਦੀ ਮੌਤ ਹੈ ਅਤੇ ਹਉਮੈ ਦੀ ਮੌਤ ਸਭ ਤੋਂ ਵੱਡਾ ਇਲਾਹੀ ਗੁਣ ਹੈ ਅਤੇ ਪਰਮ ਸ਼ਕਤੀ ਹੈ ਜੋ ਕਿ ਜੀਵਨ ਮੁਕਤੀ ਦੀ ਪ੍ਰਾਪਤੀ ਹੈ। ਮਨੁੱਖ ਦੇ ਸਾਰੇ ਅਵਗੁਣ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਤ੍ਰਿਸ਼ਨਾ ਤੋਂ ਜੰਮਦੇ ਅਤੇ ਪਣਪਦੇ ਹਨ। ਮਨੁੱਖ ਦੇ ਸਾਰੇ ਕਰਮ ਜੋ ਕਿ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਤ੍ਰਿਸ਼ਨਾ ਦੇ ਵੱਸ ਆ ਕੇ ਕੀਤੇ ਜਾਂਦੇ ਹਨ ਉਹ ਸਾਰੇ ਅਸਤਿ ਕਰਮ ਹੁੰਦੇ ਹਨ। ਇਹ ਅਸਤਿ ਕਰਮ ਹੀ ਮਨੁੱਖ ਦੇ ਵਿਨਾਸ਼ਕਾਰੀ ਸੰਸਕਾਰ ਬਣਦੇ ਹਨ ਅਤੇ ਇਹ ਵਿਨਾਸ਼ਕਾਰੀ ਸੰਸਕਾਰ ਹੀ ਸਾਰੇ ਅਵਗੁਣਾਂ ਦਾ ਆਧਾਰ ਬਣਦੇ ਹਨ ਅਤੇ ਮਨੁੱਖ ਦੇ ਹਿਰਦੇ, ਤਨ ਅਤੇ ਮਨ ਨੂੰ ਰੋਗੀ ਬਣਾ ਦਿੰਦੇ ਹਨ। ਇਨ੍ਹਾਂ ਸਾਰੇ ਮਾਨਸਿਕ ਰੋਗਾਂ ਤੋਂ ਛੁੱਟਕਾਰਾ ਕੇਵਲ ਸਾਰੇ ਇਲਾਹੀ ਗੁਣਾਂ ਨੂੰ ਆਪਣੀ ਰੋਜ਼ਾਨਾ ਦੀ ਕਰਨੀ ਵਿੱਚ ਲਿਆਉਣ ਨਾਲ ਹੀ ਹੋ ਸਕਦਾ ਹੈ। ਸਾਰੇ ਸ਼ਰੀਰਕ ਰੋਗ ਵੀ ਇਨ੍ਹਾਂ ਮਾਨਸਿਕ ਰੋਗਾਂ ਦੇ ਕਾਰਨ ਹੀ ਜੰਮਦੇ ਅਤੇ ਪਣਪਦੇ ਹਨ। ਜਦ ਮਨੁੱਖ ਦੇਹੀ ਦੀ ਵਰਤੋਂ ਅਸਤਿ ਕਰਮਾਂ ਦੇ ਕਰਨ ਲਈ ਕਰਦਾ ਹੈ ਤਾਂ ਅਵਗੁਣ ਜੰਮਦੇ ਹਨ ਅਤੇ ਇਨ੍ਹਾਂ ਅਵਗੁਣਾਂ ਕਰਕੇ ਮਨੁੱਖ ਪਹਿਲਾਂ ਮਾਨਸਿਕ ਰੋਗਾਂ ਨਾਲ ਗ੍ਰਸਿਆ ਜਾਂਦਾ ਹੈ ਅਤੇ ਫਿਰ ਸਾਰੇ ਸ਼ਰੀਰਕ ਰੋਗਾਂ ਦਾ ਸ਼ਿਕਾਰ ਹੋ ਜਾਂਦਾ ਹੈ। ਇਸ ਲਈ ਅਵਗੁਣ ਮਨੁੱਖ ਦੀ ਦੇਹੀ ਨੂੰ ਗਾਲ ਦਿੰਦੇ ਹਨ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਸਾਨੂੰ ਮਨੁੱਖਾ ਜਨਮ ਦੇ ਕੇ ਇਹ ਸਾਰੇ ਇਲਾਹੀ ਗੁਣਾਂ (ਦਇਆ, ਧਰਮ, ਸੰਤੋਖ, ਸੰਜਮ, ਵੈਰਾਗ, ਸ਼ਰਧਾ, ਪ੍ਰੀਤ, ਗੁਰ ਅਤੇ ਗੁਰੂ ਉੱਪਰ ਭਰੋਸਾ, ਨਿੰਮਰਤਾ, ਹਿਰਦੇ ਦੀ ਗਰੀਬੀ, ਪਰਉਪਕਾਰ ਆਦਿ) ਨਾਲ ਸਾਨੂੰ ਪਹਿਲਾਂ ਹੀ ਨਿਵਾਜ਼ ਦਿੱਤਾ ਹੈ। ਜ਼ਰੂਰਤ ਕੇਵਲ ਇਨ੍ਹਾਂ ਇਲਾਹੀ ਗੁਣਾਂ ਨੂੰ ਆਪਣੀ ਰੋਜ਼ਾਨਾ ਦੀ ਕਰਨੀ ਵਿੱਚ ਲਿਆਉਣ ਦੀ ਹੈ। ਜਦ ਅਸੀਂ ਐਸਾ ਕਰਦੇ ਹਾਂ ਤਾਂ ਸਾਡੇ ਸਾਰੇ ਕਰਮ ਸਤਿ ਕਰਮ ਹੋ ਜਾਂਦੇ ਹਨ ਅਤੇ ਫਿਰ ਸਾਡੇ ਉੱਪਰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਰਾਮਤ ਬਰਸਦੀ ਹੈ ਅਤੇ ਸਾਨੂੰ ਬੰਦਗੀ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਗੁਰਪ੍ਰਸਾਦਿ ਦੀ ਪ੍ਰਾਪਤੀ ਨਾਲ ਜਦ ਅਸੀਂ ਨਾਮ ਦੀ ਕਮਾਈ ਕਰਦੇ ਹਾਂ ਤਾਂ ਇਨ੍ਹਾਂ ਇਲਾਹੀ ਗੁਣਾਂ ਦਾ ਸਾਡੇ ਹਿਰਦੇ ਵਿੱਚ ਬੇਅੰਤ ਵਿਕਾਸ ਹੁੰਦਾ ਹੈ। ਇਹ ਇਲਾਹੀ ਗੁਣ ਕੇਵਲ ਗੁਣ ਹੀ ਨਹੀਂ ਹਨ, ਬਲਕਿ ਇਹ ਸਾਰੇ ਇਲਾਹੀ ਗੁਣ ਬੇਅੰਤ ਪਰਮ ਸ਼ਕਤੀਆਂ ਹਨ ਜਿਨ੍ਹਾਂ ਨਾਲ ਭਰਪੂਰ ਹੋ ਕੇ ਸਾਡਾ ਹਿਰਦਾ ਵੀ ਬੇਅੰਤਤਾ ਵਿੱਚ ਚਲਾ ਜਾਂਦਾ ਹੈ। ਪਰੰਤੂ ਜੋ ਮਨੁੱਖ ਸਤਿ ਕਰਮਾਂ ਨੂੰ ਵਿਸਾਰ ਦਿੰਦੇ ਹਨ ਅਤੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਵਿਸਾਰ ਦਿੰਦੇ ਹਨ ਉਨ੍ਹਾਂ ਦਾ ਸਰਵਨਾਸ਼ ਨਿਸ਼ਚਿਤ ਹੁੰਦਾ ਹੈ। ਗੁਰਬਾਣੀ ਵਿੱਚ ਇਸ ਪੂਰਨ ਸਤਿ ਤੱਤ ਨੂੰ ਸਪੱਸ਼ਟ ਕੀਤਾ ਗਿਆ ਹੈ :-
“ਹਰਿ ਬਿਸਰਤ ਤੇਰੇ ਗੁਣ ਗਲਿਆ ॥੧॥ ਰਹਾਉ ॥“
(੧੨, ੩੫੭, ੯੯੦)
ਇਸ ਲਈ ਬੰਦਗੀ ਤੋਂ ਬਿਨਾਂ ਪਰਮ ਇਲਾਹੀ ਗੁਣ ਅਤੇ ਇਲਾਹੀ ਗੁਣਾਂ ਦੀਆਂ ਇਹ ਪਰਮ ਸ਼ਕਤੀਆਂ ਦਾ ਮਨੁੱਖ ਦੇ ਹਿਰਦੇ ਵਿੱਚ ਵਿਕਾਸ ਨਹੀਂ ਹੁੰਦਾ ਹੈ ਅਤੇ ਨਾ ਹੀ ਇਨ੍ਹਾਂ ਇਲਾਹੀ ਗੁਣਾਂ ਤੋਂ ਬਿਨਾਂ ਮਨੁੱਖ ਦਾ ਹਿਰਦਾ ਪੂਰਨ ਸਚਿਆਰੀ ਰਹਿਤ ਵਿੱਚ ਜਾ ਸਕਦਾ ਹੈ ਅਤੇ ਨਾ ਹੀ ਮਨੁੱਖ ਦੀ ਬੰਦਗੀ ਪੂਰਨ ਹੋ ਸਕਦੀ ਹੈ।
ਇਸ ਪਉੜੀ ਦੇ ਅਗਲੇ ਹਿੱਸੇ ਵਿੱਚ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਸ੍ਰਿਸ਼ਟੀ ਦੀ ਰਚਨਾ ਦੇ ਆਦਿ ਬਾਰੇ ਪੂਰਨ ਬ੍ਰਹਮ ਗਿਆਨ ਸਾਰੀ ਲੋਕਾਈ ਦੀ ਝੋਲੀ ਵਿੱਚ ਪਾ ਰਹੇ ਹਨ। ਸ੍ਰਿਸ਼ਟੀ ਦੇ ਆਦਿ ਤੋਂ ਪਹਿਲਾਂ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਹੀ ੩੬ ਯੁੱਗ ਸੁੰਨ ਸਮਾਧੀ ਵਿੱਚ ਸਥਿਤ ਰਹੇ ਹਨ। ਇਸੇ ਅਵਸਥਾ ਵਿੱਚ ਬੈਠੇ ਹੋਏ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਜਗਤ ਦੀ ਰਚਨਾ ਦਾ ਫੁਰਨਾ ਹੋਇਆ। ਇਹ ਫੁਰਨਾ ਹੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਾਇਆ ਦੀ ਉਤਪੱਤੀ ਦਾ ਜਨਮ ਸੀ। ਇਸੇ ਫੁਰਨੇ ਤੋਂ “ਇੱਕ ਤੋਂ ਬਹੁਤ ਹੋ ਜਾਵਾਂ” ਦੀ ਬਾਣੀ ਨੇ ਜਨਮ ਲਿੱਤਾ ਜਿਸਦੇ ਉਚਾਰਣ ਨਾਲ ਬਾਕੀ ਸਾਰੀਆਂ ਪਰਮ ਸ਼ਕਤੀਆਂ ਦੀ ਸਾਜਨਾ ਹੋਈ ਹੈ ਭਾਵ ਬ੍ਰਹਮਾ (ਉਤਪੱਤੀ ਕਰਨ ਦੀ ਪਰਮ ਸ਼ਕਤੀ), ਵਿਸ਼ਨੂੰ (ਪਾਲਣਾ ਕਰਨ ਦੀ ਪਰਮ ਸ਼ਕਤੀ) ਅਤੇ ਸ਼ਿਵੇ (ਸੰਘਾਰ ਕਰਨ ਦੀ ਪਰਮ ਸ਼ਕਤੀ) ਦੀਆਂ ਪਰਮ ਸ਼ਕਤੀਆਂ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚੋਂ ਪ੍ਰਗਟ ਹੋਈਆਂ। ਇਸ ਤਰ੍ਹਾਂ ਇਨ੍ਹਾਂ ਪਰਮ ਸ਼ਕਤੀਆਂ ਤੋਂ ਸਾਰੇ ਜਗਤ ਦੀ ਉਤਪੱਤੀ ਹੋਈ ਅਤੇ ਹੁੰਦੀ ਹੈ ਅਤੇ ਇਹਨਾਂ ਸ਼ਕਤੀਆਂ ਦੁਆਰਾ ਹੀ ਸਾਰੀ ਸ੍ਰਿਸ਼ਟੀ ਦੀ ਪਾਲਣਾ ਅਤੇ ਅੰਤ ਹੁੰਦਾ ਹੈ। ਇਸੇ ਤਰ੍ਹਾਂ ਸਾਰੇ ਜੀਵ ਹੋਂਦ ਵਿੱਚ ਆਏ ਅਤੇ ਜਗਤ ਦੇ ਜੀਵ ਮਾਇਆ ਦੇ ਤਿੰਨ ਗੁਣਾਂ (ਰਜੋ, ਤਮੋ ਅਤੇ ਸਤੋ) ਦੇ ਅਧੀਨ ਆਪਣੇ ਕਾਰ–ਵਿਹਾਰ ਦੇ ਵਿੱਚ ਲੀਨ ਹੋ ਗਏ।
“ਛਤੀਹ ਜੁਗ ਗੁਬਾਰੁ ਸਾ ਆਪੇ ਗਣਤ ਕੀਨੀ ॥
ਆਪੇ ਸ੍ਰਿਸਟਿ ਸਭ ਸਾਜੀਅਨੁ ਆਪਿ ਮਤਿ ਦੀਨੀ ॥“
(ਸ੍ਰੀ ਗੁਰੂ ਗ੍ਰੰਥ ਸਾਹਿਬ ੯੪੯)
“ਜੁਗ ਛਤੀਹ ਗੁਬਾਰੁ ਕਰਿ ਵਰਤਿਆ ਸੁੰਨਾਹਰਿ ॥“
(ਸ੍ਰੀ ਗੁਰੂ ਗ੍ਰੰਥ ਸਾਹਿਬ ੫੫੫)
ਜਦ ਤੱਕ ਇਸ ਸ੍ਰਿਸ਼ਟੀ ਦੀ ਆਯੂ ਹੈ ਤਦ ਤੱਕ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਬਣਾਏ ਗਏ ਦਰਗਾਹੀ ਵਿਧਾਨ ਅਨੁਸਾਰ ਇਸ ਸ੍ਰਿਸ਼ਟੀ ਦਾ ਕਾਰ–ਵਿਹਾਰ ਚੱਲਦਾ ਰਹੇਗਾ। ਇਸ ਤੋਂ ਉਪਰੰਤ ਸ੍ਰਿਸ਼ਟੀ ਦਾ ਅੰਤ ਹੋਣ ਤੇ ਫਿਰ ਉਹ ਹੀ ਸ੍ਰਿਸ਼ਟੀ ਦੇ ਆਦਿ ਦੀ ਕਥਾ ਜਨਮੇਗੀ ਅਤੇ ਕਈ ਯੁੱਗਾਂ ਦੇ ਧੁੰਧੂਕਾਰੇ ਤੋਂ ਬਾਅਦ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸੁਅਸਤਿ ਆਥਿ ਬਾਣੀ ਹੋਵੇਗੀ ਅਤੇ ਫਿਰ ਸ੍ਰਿਸ਼ਟੀ ਦਾ ਜਨਮ ਹੋਵੇਗਾ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਐਸੇ ਸ੍ਰਿਸ਼ਟੀ ਦੀ ਰਚਨਾ ਦੇ ਕੌਤਕ ਪਤਾ ਨਹੀਂ ਕਿਤਨੀ ਕੁ ਵਾਰ ਕੀਤੇ ਹਨ ਅਤੇ ਕਰਦਾ ਰਹੇਗਾ। ਇਸ ਪੂਰਨ ਸਤਿ ਤੱਤ ਨੂੰ ਗੁਰਬਾਣੀ ਵਿੱਚ ਸਪੱਸ਼ਟ ਕੀਤਾ ਗਿਆ ਹੈ :-
ਕਈ ਬਾਰ ਪਸਰਿਓ ਪਾਸਾਰ ॥
ਸਦਾ ਸਦਾ ਇਕੁ ਏਕੰਕਾਰ ॥
(ਸ੍ਰੀ ਗੁਰੂ ਗ੍ਰੰਥ ਸਾਹਿਬ ੨੭੬)
ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ “ਸਤਿ” ਹੈ। ਸਤਿ ਹੀ ਸਾਰੀਆਂ ਬੇਅੰਤ ਅਨੰਤ ਪਰਮ ਦਰਗਾਹੀ ਸ਼ਕਤੀਆਂ ਦਾ ਸੋਮਾ ਹੈ। ਸਤਿ ਹੀ ਸਾਰੇ ਪਰਮ ਬ੍ਰਹਮ ਗੁਣਾਂ ਦਾ ਸੋਮਾ ਹੈ। ਸਤਿ ਹੀ ਸਾਰੇ ਦਰਗਾਹੀ ਵਿਧਾਨਾਂ ਦਾ ਥਾਪਣਹਾਰਾ ਹੈ। ਸਤਿ ਹੀ ਸਾਰੀ ਸ੍ਰਿਸ਼ਟੀ ਦਾ ਗਰਭ ਹੈ। ਸਤਿ ਹੀ ਸਰਬ ਕਲਾ ਭਰਪੂਰ ਹੈ। ਸਤਿ ਹੀ ਸਦਾ ਸਥਿਰ ਹੈ। ਸਤਿ ਹੀ ਸਦਾ ਅਟੱਲ ਹੈ। ਸਤਿ ਹੀ ਸ਼ਰਧਾ, ਪ੍ਰੀਤ, ਭਰੋਸੇ, ਨਾਮ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦਾ ਸੋਮਾ ਹੈ। ਇਸ ਲਈ ਸਤਿ ਹੀ ਅਤਿ ਸੁੰਦਰ ਅਪਾਰ ਅਨੂਪ ਹੈ। ਸਤਿ ਹੀ ਚੇਤਨ ਹੈ। ਸਤਿ ਹੀ ਸਰਵ ਵਿਆਪਕ ਹੈ। ਸਤਿ ਹੀ ਪਰਮ ਆਨੰਦ ਹੈ। ਸਤਿ ਹੀ ਚਿੱਤ ਆਨੰਦ ਹੈ। ਇਸ ਲਈ ਜਿਸ ਹਿਰਦੇ ਵਿੱਚ ਸਤਿ ਪ੍ਰਗਟ ਹੋ ਜਾਂਦਾ ਹੈ ਉਹ ਹਿਰਦਾ ਸਦਾ–ਸਦਾ ਲਈ ਖੇੜੇ ਵਿੱਚ ਚਲਾ ਜਾਂਦਾ ਹੈ ਅਤੇ ਚਾਉ ਨਾਲ ਭਰਪੂਰ ਹੋ ਜਾਂਦਾ ਹੈ। ਇਸੇ ਨੂੰ ਸਤਿ ਚਿੱਤ ਆਨੰਦ ਅਤੇ ਪਰਮ ਆਨੰਦ ਅਵਸਥਾ ਕਿਹਾ ਗਿਆ ਹੈ। ਇਸ ਲਈ ਹੀ ਸਤਿ ਅਕਾਲ ਪੁਰਖ ਦਾ ਨਾਮ “ਸਤਿ ਨਾਮ” ਹੈ ਅਤੇ ਇਹ ਹੀ ਪਰਮ ਸ਼ਕਤੀ ਹੈ ਜੋ ਕਿ ਗੁਰ ਪ੍ਰਸਾਦਿ ਹੈ।
ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬੇਅੰਤ ਅਪਾਰ ਗੁਰ ਕਿਰਪਾ ਦਾ ਸਦਕਾ ਸ੍ਰਿਸ਼ਟੀ ਦੇ ਆਦਿ ਦੀ ਕਥਾ ਦੀ ਇੱਕ ਝਲਕ ਪਉੜੀ ੫ ਵਿੱਚ ਵਿਚਾਰੀ ਗਈ ਹੈ। ਅਕਾਲ ਪੁਰਖ ਦਾ ੩੬ ਯੁੱਗ ਸੁੰਨ ਸਮਾਧੀ ਵਿੱਚ ਸਥਿਰ ਰਹਿਣ ਦੀ ਕਥਾ ਅਤੇ ਫਿਰ ਸੁੰਨ ਕਲਾ ਵਿੱਚੋਂ ਸ੍ਰਿਸ਼ਟੀ ਦੀ ਉਤਪੱਤੀ ਕਿਵੇਂ ਹੋਈ ਹੈ, ਇਸ ਪੂਰਨ ਸਤਿ ਤੱਤ ਨੂੰ ਸੰਖੇਪ ਵਿੱਚ ਪਉੜੀ ੫ ਵਿੱਚ ਪਹਿਲਾਂ ਹੀ ਵਿਚਾਰਿਆ ਗਿਆ ਹੈ। ਇਸ ਲਈ ਜੋ ਜਿਗਿਆਸੂ ਇਸ ਕਥਾ ਨੂੰ ਦ੍ਰਿੜ੍ਹ ਕਰਨਾ ਚਾਹੁੰਦੇ ਹਨ ਉਹ ਕਿਰਪਾ ਕਰਕੇ ਪਉੜੀ ੫ ਦੀ ਕਥਾ ਫਿਰ ਪੜ੍ਹਣ ਅਤੇ ਇਸ ਮਹਾਨ ਪਰਮ ਸਤਿ ਨੂੰ ਆਪਣੇ ਹਿਰਦੇ ਵਿੱਚ ਉੱਕਰ ਲੈਣ।
ਸ੍ਰਿਸ਼ਟੀ ਦੀ ਰਚਨਾ ਕਿਵੇਂ ਹੋਈ ਇਸ ਬਾਰੇ ਤਾਂ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਨੇ ਗੁਰਬਾਣੀ ਵਿੱਚ ਪੂਰਨ ਬ੍ਰਹਮ ਗਿਆਨ ਪ੍ਰਗਟ ਕੀਤਾ ਹੈ। ਪਰੰਤੂ ਸ੍ਰਿਸ਼ਟੀ ਦੇ ਆਦਿ ਦੇ ਬਾਰੇ ਇਹ ਹੀ ਪੂਰਨ ਬ੍ਰਹਮ ਗਿਆਨ ਪ੍ਰਗਟ ਕੀਤਾ ਹੈ ਕਿ ਸ੍ਰਿਸ਼ਟੀ ਦੇ ਆਦਿ ਬਾਰੇ ਕਿਸੇ ਵੀ ਧਰਮ ਗ੍ਰੰਥ, ਅਵਤਾਰ, ਪੀਰ ਪੈਗੰਬਰ ਜਾਂ ਸਤਿਗੁਰ ਨੂੰ ਕੁਝ ਬੋਧ ਨਹੀਂ ਹੋ ਸਕਿਆ ਹੈ। ਭਾਵ ਸ੍ਰਿਸ਼ਟੀ ਦੀ ਸਾਜਨਾ ਕਿਸ ਸਮੇਂ ਹੋਈ ਇਸ ਦੇ ਬਾਰੇ ਸਾਰੀ ਸ੍ਰਿਸ਼ਟੀ ਵਿੱਚ ਕਿਸੇ ਸ਼ਕਤੀ ਨੂੰ ਇਸ ਤੱਤ ਦਾ ਅੱਜ ਤੱਕ ਗਿਆਨ ਨਹੀਂ ਹੋ ਸਕਿਆ ਹੈ। ਇਸ ਪਉੜੀ ਦੇ ਅਖੀਰਲੇ ਹਿੱਸੇ ਵਿੱਚ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਇਹ ਪੂਰਨ ਬ੍ਰਹਮ ਗਿਆਨ ਹੀ ਸਾਰੀ ਲੋਕਾਈ ਦੀ ਝੋਲੀ ਵਿੱਚ ਪਾ ਰਹੇ ਹਨ। ਉਹ ਕਿਹੜਾ ਸਮਾਂ ਸੀ, ਕਿਹੜੀ ਥਿੱਤ ਸੀ (ਥਿੱਤ ਚੰਦਰਮਾ ਦੇ ਚੜ੍ਹਣ ਅਤੇ ਘੱਟਣ ਦੇ ਨਾਲ ਸੰਬੰਧਿਤ ਸਮੇਂ ਦੀ ਇਕਾਈ ਹੈ ਭਾਵ ਏਕਮ, ਦੂਜ, ਤੀਜ ਆਦਿ), ਕਿਹੜਾ ਦਿਨ ਸੀ (ਦਿਨ ਸੂਰਜ ਦੇ ਚੜ੍ਹਣ ਅਤੇ ਡੁੱਬਣ ਨਾਲ ਸੰਬੰਧਿਤ ਸਮੇਂ ਦੀ ਇਕਾਈ ਹੈ ਭਾਵ ਸੋਮਵਾਰ, ਮੰਗਲਵਾਰ ਆਦਿ), ਕਿਹੜੀ ਰੁੱਤ ਸੀ ਭਾਵ ਕਿਹੜਾ ਮੌਸਮ (ਗਰਮੀ, ਸਰਦੀ, ਬਸੰਤ, ਪਤਝੱੜ, ਬਰਖਾ ਆਦਿ) ਸੀ, ਅਤੇ ਕਿਹੜਾ ਮਹੀਨਾ ਸੀ ਜਦ ਇਸ ਸ੍ਰਿਸ਼ਟੀ ਦੀ ਰਚਨਾ ਹੋਈ ? ਇਨ੍ਹਾਂ ਪ੍ਰਸ਼ਨਾਂ ਦਾ ਉੱਤਰ ਕਿਸੇ ਅਵਤਾਰ, ਬ੍ਰਹਮ ਗਿਆਨੀ, ਸਤਿਗੁਰੂ, ਪੀਰ, ਪੈਗੰਬਰ, ਸੰਤ ਅਤੇ ਭਗਤ ਕੋਲ ਨਹੀਂ ਹੈ ਅਤੇ ਨਾ ਹੀ ਕਿਸੇ ਧਰਮ ਗ੍ਰੰਥ ਵਿੱਚ ਇਸ ਦਾ ਉੱਤਰ ਦਰਜ ਹੈ। ਨਾ ਹੀ ਕਿਸੇ ਪੰਡਤ ਨੂੰ ਇਸ ਦਾ ਗਿਆਨ ਹੈ ਅਤੇ ਨਾ ਹੀ ਕਿਸੀ ਪੁਰਾਣ ਵਿੱਚ ਇਸ ਦਾ ਜ਼ਿਕਰ ਹੈ। ਭਾਵ ਜਿਨ੍ਹਾਂ ਪੰਡਤਾਂ, ਰਿਸ਼ੀਆਂ ਅਤੇ ਮੁਨੀਆਂ ਨੇ ਪੁਰਾਣਾਂ ਦੀ ਰਚਨਾ ਕੀਤੀ ਹੈ ਉਨ੍ਹਾਂ ਨੂੰ ਵੀ ਸ੍ਰਿਸ਼ਟੀ ਦੇ ਆਦਿ ਦੇ ਬਾਰੇ ਕੋਈ ਗਿਆਨ ਨਹੀਂ ਹੈ। ਜੇਕਰ ਇਨ੍ਹਾਂ ਪੰਡਤਾਂ, ਰਿਸ਼ੀਆਂ ਅਤੇ ਮੁਨੀਆਂ ਨੂੰ ਇਸ ਅਹਿਮ ਪ੍ਰਸ਼ਨ ਦੇ ਉੱਤਰ ਦਾ ਗਿਆਨ ਹੁੰਦਾ ਤਾਂ ਉਨ੍ਹਾਂ ਨੇ ਜ਼ਰੂਰ ਇਸ ਬਾਰੇ ਪੁਰਾਣ ਦੀ ਰਚਨਾ ਕਰ ਦੇਣੀ ਸੀ। ਨਾ ਹੀ ਜਿਨ੍ਹਾਂ ਕਾਜ਼ੀਆਂ ਨੇ ਕੁਰਾਨ ਸ਼ਰੀਫ ਦੇ ਮਹਾਨ ਗ੍ਰੰਥ ਦੇ ਵਿੱਚ ਧੰਨ ਧੰਨ ਮੁਹੰਮਦ ਸਾਹਿਬ ਜੀ ਦੀਆਂ ਉਚਾਰੀਆਂ ਹੋਈਆ ਆਇਤਾਂ ਇਕੱਠੀਆਂ ਕਰਕੇ ਇਸ ਮਹਾਨ ਗ੍ਰੰਥ ਦੀ ਰਚਨਾ ਕੀਤੀ ਹੈ ਉਨ੍ਹਾਂ ਨੂੰ ਸ੍ਰਿਸ਼ਟੀ ਦੇ ਆਦਿ ਬਾਰੇ ਕਿਸੇ ਗਿਆਨ ਦਾ ਪਤਾ ਚੱਲ ਸਕਿਆ ਹੈ। ਜੇਕਰ ਐਸਾ ਹੁੰਦਾ ਤਾਂ ਇਨ੍ਹਾਂ ਕਾਜ਼ੀਆਂ ਨੇ ਇਸ ਗਿਆਨ ਨੂੰ ਕੁਰਾਨ ਸ਼ਰੀਫ ਵਿੱਚ ਪ੍ਰਗਟ ਕਰ ਦੇਣਾ ਸੀ। ਨਾ ਹੀ ਕਿਸੇ ਜੋਗੀ ਨੂੰ ਸ੍ਰਿਸ਼ਟੀ ਦੇ ਆਦਿ ਬਾਰੇ ਕੋਈ ਗਿਆਨ ਪ੍ਰਗਟ ਹੋਇਆ ਹੈ। ਕਿਸੇ ਜੋਗੀ ਨੇ ਵੀ ਉਸ ਥਿੱਤ ਅਤੇ ਦਿਨ ਦਾ ਕਿਤੇ ਵੀ ਕੋਈ ਜ਼ਿਕਰ ਨਹੀਂ ਕੀਤਾ ਹੈ ਜਿਸ ਸਮੇਂ ਸ੍ਰਿਸ਼ਟੀ ਦੀ ਰਚਨਾ ਹੋਈ। ਇਨ੍ਹਾਂ ਸਾਰੇ ਪ੍ਰਸ਼ਨਾਂ ਦਾ ਉੱਤਰ ਕੇਵਲ ਸ੍ਰਿਸ਼ਟੀ ਦਾ ਰਚਨਹਾਰਾ, ਕਰਤਾ ਪੁਰਖ, ਕਰਤਾਰ, ਕਾਦਰ ਹੀ ਜਾਣਦਾ ਹੈ। ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਹੀ ਜਾਣਦਾ ਹੈ ਕਿ ਉਸਨੇ ਇਸ ਸ੍ਰਿਸ਼ਟੀ ਦੀ ਰਚਨਾ ਕਿਸ ਸਮੇਂ ਕੀਤੀ ਹੈ। ਭਾਵ ਇਸ ਵਾਦ–ਵਿਵਾਦ ਵਿੱਚ ਪੈਣ ਦਾ ਕੋਈ ਲਾਭ ਨਹੀਂ ਹੈ ਨਾ ਹੀ ਇਨ੍ਹਾਂ ਪ੍ਰਸ਼ਨਾਂ ਦਾ ਉੱਤਰ ਲੱਭਣ ਦਾ ਕੋਈ ਯਤਨ ਕਰਨ ਦਾ ਲਾਭ ਹੈ। ਕੇਵਲ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਲਈ ਯਤਨ ਕਰਨਾ ਚਾਹੀਦਾ ਹੈ। ਕੇਵਲ ਸਾਰੇ ਕਰਮ ਸਤਿ ਹੋ ਜਾਣ ਇਸ ਉੱਪਰ ਆਪਣਾ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਕੇਵਲ ਸਤਿਨਾਮ ਸਿਮਰਨ ਉੱਪਰ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਕੇਵਲ ਐਸਾ ਕਰਨ ਤੇ ਹੀ ਸਤਿ ਦੀ ਪ੍ਰਾਪਤੀ ਹੋ ਸਕੇਗੀ।
ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਅਨੰਤ ਹੈ ਬੇਅੰਤ ਹੈ। ਇਸ ਲਈ ਉਸਦੇ ਗੁਣ ਵੀ ਅਨੰਤ ਬੇਅੰਤ ਹਨ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਸਰਬ ਕਲਾ ਭਰਪੂਰ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਇਨ੍ਹਾਂ ਸਾਰੀਆਂ ਬ੍ਰਹਮ ਸ਼ਕਤੀਆਂ ਦਾ ਸਿਰਜਨਹਾਰਾ ਅਤੇ ਸੋਮਾ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਬੇਅੰਤ ਅਨੰਤ ਗੁਣ ਅਤੇ ਕਲਾਵਾਂ ਹੀ ਉਸਦੀਆਂ ਪਰਮ ਸ਼ਕਤੀਆਂ ਹਨ। ਇਸ ਲਈ ਜੋ ਪਰਮ ਸ਼ਕਤੀ ਅਨੰਤ ਹੈ ਬੇਅੰਤ ਹੈ ਉਸਦਾ ਪੂਰਾ ਭੇਦ ਕਿਵੇਂ ਪਾਇਆ ਜਾ ਸਕਦਾ ਹੈ। ਭਾਵ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਸਾਰੇ ਗੁਣਾਂ ਅਤੇ ਪਰਮ ਸ਼ਕਤੀਆਂ ਦੀ ਸਿਫਤ ਸਾਲਾਹ ਨਹੀਂ ਕੀਤੀ ਜਾ ਸਕਦੀ ਹੈ। ਅਵਤਾਰਾਂ, ਸਤਿਗੁਰੂਆਂ, ਬ੍ਰਹਮ ਗਿਆਨੀਆਂ, ਸੰਤਾਂ ਅਤੇ ਭਗਤਾਂ ਨੇ ਜਿਤਨਾ ਕੁਝ ਆਪਣੀ ਬੰਦਗੀ ਵਿੱਚ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਅਤੇ ਉਸਦੇ ਪਰਮ ਗੁਣਾਂ ਅਤੇ ਪਰਮ ਸ਼ਕਤੀਆਂ ਨੂੰ ਅਨੁਭਵ ਕੀਤਾ ਹੈ ਉਸਦੀ ਸਿਫਤ ਸਾਲਾਹ ਕਰ ਦਿੱਤੀ ਹੈ। ਪਰੰਤੂ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਪੂਰਨ ਭੇਦ ਕਿਸੇ ਵੀ ਅਵਤਾਰ, ਸਤਿਗੁਰੂ, ਬ੍ਰਹਮ ਗਿਆਨੀ, ਸੰਤ, ਪੀਰ, ਪੈਗੰਬਰ ਜਾਂ ਭਗਤ ਨੇ ਨਹੀਂ ਪਾਇਆ ਹੈ ਅਤੇ ਨਾ ਹੀ ਕੋਈ ਪਾ ਸਕਦਾ ਹੈ। ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਦੱਸ ਰਹੇ ਹਨ ਕਿ ਹਰ ਮਨੁੱਖ (ਧਰਮ ਦਾ ਪ੍ਰਚਾਰਕ) ਆਪਣੇ ਆਪ ਨੂੰ ਇੱਕ ਦੂਜੇ ਨਾਲੋਂ ਵੱਧ ਸਿਆਣਾ ਸਮਝ ਕੇ ਅਕਾਲ ਪੁਰਖ ਦੀ ਵਡਿਆਈ ਕਰਨ ਦਾ ਯਤਨ ਕਰਦਾ ਹੈ। ਇਹ ਪੂਰਨ ਸਤਿ ਹੈ ਕਿ ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਧਰਮ ਪ੍ਰਚਾਰਕ ਉੱਠ ਖਲੋਏ ਹਨ, ਪਰੰਤੂ ਧਰਮ ਦਾ ਅਸਲੀ ਪ੍ਰਚਾਰਕ ਉਹ ਮਹਾ ਪੁਰਖ ਹੀ ਹੋ ਸਕਦਾ ਹੈ ਜੋ ਆਪ ਪੂਰਨ ਅਵਸਥਾ ਪ੍ਰਾਪਤ ਕਰ ਲੈਂਦਾ ਹੈ ਅਤੇ ਜਿਸਨੂੰ ਸੰਗਤ ਦੀ ਸੇਵਾ ਕਰਨ ਦਾ ਦਰਗਾਹੀ ਹੁਕਮ ਪ੍ਰਾਪਤ ਹੁੰਦਾ ਹੈ। ਜੋ ਆਪ ਪੂਰਨ ਨਹੀਂ ਹੈ ਉਸਨੂੰ ਧਰਮ ਦਾ ਪ੍ਰਚਾਰ ਕਰਨ ਦਾ ਹੁਕਮ ਨਹੀਂ ਹੁੰਦਾ ਹੈ। ਐਸੇ ਪ੍ਰਚਾਰਕਾਂ ਨੂੰ ਸਤਿਗੁਰ ਪਾਤਿਸ਼ਾਹ ਜੀ ਨੇ “ਇਕ ਦੂ ਇਕੁ ਸਿਆਣਾ” ਕਹਿ ਕੇ ਸੰਬੋਧਿਤ ਕੀਤਾ ਹੈ। ਇਸੇ ਕਰਕੇ ਪੂਰਨ ਅਵਸਥਾ ਵਾਲੇ ਮਹਾ ਪੁਰਖ ਆਪਣੇ ਆਪ ਨੂੰ ਮਹਾ ਕੰਗਾਲ ਦੱਸਣ ਲੱਗ ਪੈਂਦੇ ਹਨ। ਕਿਉਂਕਿ ਉਨ੍ਹਾਂ ਨੂੰ ਇਹ ਅਨੁਭਵ ਹੋ ਜਾਂਦਾ ਹੈ ਕਿ ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਪਰਮ ਸ਼ਕਤੀਆਂ ਹੀ ਸਭ ਕੁਝ ਵਾਪਰਨਾ ਬਣਾਉਂਦੀਆਂ ਹਨ। ਐਸੇ ਮਹਾ ਪੁਰਖਾਂ ਦੀ ਸੰਗਤ ਵਿੱਚ ਕਥਾ ਕੇਵਲ ਪੂਰਨ ਹੁਕਮ ਵਿੱਚ ਹੀ ਹੁੰਦੀ ਹੈ ਅਤੇ ਉਸੇ ਵਿਸ਼ੇ ਉੱਪਰ ਹੁੰਦੀ ਹੈ ਜਿਸਦੇ ਗਿਆਨ ਦੀ ਲੋੜ ਬੈਠੀ ਹੋਈ ਸੰਗਤ ਨੂੰ ਹੁੰਦੀ ਹੈ। ਕਿਉਂਕਿ ਐਸੇ ਮਹਾ ਪੁਰਖਾਂ ਦੇ ਸਾਰੇ ਕਰਮ ਪੂਰਨ ਹੁਕਮ ਵਿੱਚ ਹੁੰਦੇ ਹਨ। ਉਨ੍ਹਾਂ ਦੇ ਬਚਨ ਦਰਗਾਹੀ ਬਚਨ ਹੁੰਦੇ ਹਨ। ਉਨ੍ਹਾਂ ਦੇ ਬਚਨ ਦਰਗਾਹੀ ਹੁਕਮ ਹੁੰਦੇ ਹਨ। ਉਨ੍ਹਾਂ ਦੇ ਬਚਨ ਪੂਰਨ ਸਤਿ ਹੁੰਦੇ ਹਨ। ਇਸ ਲਈ ਜੋ ਜਗਿਆਸੂ ਉਨ੍ਹਾਂ ਦੇ ਸਤਿ ਬਚਨਾਂ ਦੀ ਪਾਲਣਾ ਦਰਗਾਹੀ ਹੁਕਮ ਮੰਨ ਕੇ ਕਰਦੇ ਹਨ ਉਹ ਮਨੁੱਖ ਧੰਨ ਧੰਨ ਹੋ ਜਾਂਦੇ ਹਨ। ਨਾਮ ਉਨ੍ਹਾਂ ਦੇ ਹਿਰਦੇ ਵਿੱਚ ਸਹਿਜ ਹੀ ਚਲਾ ਜਾਂਦਾ ਹੈ।
ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਪਰਮ ਸ਼ਕਤੀਆਂ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਸਰਵ ਉੱਚ ਸਭ ਤੋਂ ਵੱਡਾ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਵੀ ਸਰਵ ਉੱਚ ਅਤੇ ਬੇਅੰਤ ਅਨੰਤ ਹੈ। ਸਾਰੀ ਸ੍ਰਿਸ਼ਟੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਬਣਾਏ ਗਏ ਵਿਧਾਨਾਂ ਅਨੁਸਾਰ ਚੱਲਦੀ ਹੈ। ਜੋ ਕੁਝ ਸਾਡੇ ਨਾਲ ਅਤੇ ਸਾਡੇ ਆਲੇ–ਦੁਆਲੇ ਵਾਪਰਦਾ ਹੈ ਉਹ ਸਭ ਕੁਝ ਦਰਗਾਹੀ ਵਿਧਾਨਾਂ ਅਨੁਸਾਰ ਹੀ ਵਾਪਰਦਾ ਹੈ। ਇਸ ਲਈ ਜੋ ਪ੍ਰਚਾਰਕ ਮਨਮਤਿ ਅਨੁਸਾਰ ਪ੍ਰਚਾਰ ਕਰਦੇ ਹਨ ਉਨ੍ਹਾਂ ਨੂੰ ਦਰਗਾਹ ਵਿੱਚ ਮਾਨ ਪ੍ਰਾਪਤ ਨਹੀਂ ਹੁੰਦਾ ਹੈ। ਇਹ ਪੂਰਨ ਸਤਿ ਹੈ ਕਿ ਜੋ ਮਨੁੱਖ ਪੂਰਨ ਅਵਸਥਾ ਵਿੱਚ ਪਹੁੰਚੇ ਬਗੈਰ, ਅਤੇ ਬਗੈਰ ਦਰਗਾਹੀ ਹੁਕਮ ਦੇ ਪ੍ਰਚਾਰਕ ਬਣ ਬੈਠਦੇ ਹਨ ਉਨ੍ਹਾਂ ਨੂੰ ਦਰਗਾਹ ਵਿੱਚ ਮਾਨ ਪ੍ਰਾਪਤ ਨਹੀਂ ਹੁੰਦਾ ਹੈ। ਕਿਉਂਕਿ ਕੇਵਲ ਉਹ ਮਨੁੱਖ ਹੀ ਗੁਰਮਤਿ ਵਿੱਚ ਜਾਂਦੇ ਹਨ ਜੋ ਪੂਰਨ ਅਵਸਥਾ ਦੀ ਪ੍ਰਾਪਤੀ ਕਰ ਲੈਂਦੇ ਹਨ ਅਤੇ ਮਾਇਆ ਨੂੰ ਜਿੱਤ ਕੇ ਤ੍ਰਿਹ ਗੁਣ ਤੇ ਪਰ੍ਹੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਅਭੇਦ ਹੋ ਕੇ ਪੂਰਨ ਹੁਕਮ ਵਿੱਚ ਚਲੇ ਜਾਂਦੇ ਹਨ। ਕੇਵਲ ਐਸੇ ਮਹਾ ਪੁਰਖ ਹੀ ਪੂਰਨ ਸਤਿ ਵਰਤਾਉਣ ਦੀ ਸ਼ੱਮਤਾ ਨਾਲ ਨਿਵਾਜੇ ਜਾਂਦੇ ਹਨ। ਉਹ ਪ੍ਰਚਾਰਕ ਜੋ ਕਿ ਆਪ ਮਾਇਆ ਵਿੱਚ ਹੁੰਦੇ ਹਨ ਉਹ ਗੁਰਮਤਿ ਦਾ ਪ੍ਰਚਾਰ ਕਿਵੇਂ ਕਰ ਸਕਦੇ ਹਨ। ਉਹ ਪ੍ਰਚਾਰਕ ਜਿਨ੍ਹਾਂ ਨੇ ਆਪ ਪੂਰਨ ਅਵਸਥਾ ਦੀ ਕਮਾਈ ਨਹੀਂ ਕੀਤੀ ਉਹ ਸੰਗਤ ਨੂੰ ਪੂਰਨ ਸਤਿ ਕਿਵੇਂ ਵਰਤਾ ਸਕਦੇ ਹਨ। ਉਹ ਪ੍ਰਚਾਰਕ ਜਿਨ੍ਹਾਂ ਨੇ ਆਪ ਗੁਰਮਤਿ ਦੀ ਕਮਾਈ ਨਹੀਂ ਕੀਤੀ ਹੁੰਦੀ ਉਹ ਸੰਗਤ ਨੂੰ ਗੁਰਮਤਿ ਦਾ ਉਪਦੇਸ਼ ਕਿਵੇਂ ਦੇ ਸਕਦੇ ਹਨ। ਇਸ ਲਈ ਜੋ ਮਨੁੱਖ ਅੰਦਰਲਾ ਤੀਰਥ ਪੂਰਨ ਕਰਕੇ ਹਿਰਦੇ ਦੀ ਪੂਰਨ ਸਚਿਆਰੀ ਰਹਿਤ ਦੀ ਕਮਾਈ ਕਰਕੇ, ਹਿਰਦੇ ਵਿੱਚ ਸਾਰੇ ਦਰਗਾਹੀ ਗੁਣਾਂ ਨੂੰ ਪਿਰੋ ਕੇ, ਤ੍ਰਿਹ ਗੁਣ ਮਾਇਆ ਨੂੰ ਜਿੱਤ ਕੇ ਪੂਰਨ ਅਵਸਥਾ ਦੀ ਪ੍ਰਾਪਤੀ ਕਰਦੇ ਹਨ ਅਤੇ ਪੂਰਨ ਹੁਕਮ ਵਿੱਚ ਚਲੇ ਜਾਂਦੇ ਹਨ ਕੇਵਲ ਉਹ ਮਨੁੱਖ ਹੀ ਗੁਰ ਪ੍ਰਸਾਦਿ ਵਰਤਾਉਣ ਦੀ ਬਖ਼ਸ਼ਿਸ਼ ਪ੍ਰਾਪਤ ਕਰਦੇ ਹਨ ਅਤੇ ਕੇਵਲ ਐਸੇ ਮਹਾ ਪੁਰਖ ਹੀ ਪੂਰਨ ਸਤਿ ਵਰਤਾਉਂਦੇ ਹਨ।