ਸਾਲਾਹੀ ਸਾਲਾਹਿ ਏਤੀ ਸੁਰਤਿ ਨ ਪਾਈਆ ॥
ਨਦੀਆ ਅਤੈ ਵਾਹ ਪਵਹਿ ਸਮੁੰਦਿ ਨ ਜਾਣੀਅਹਿ ॥
ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲੁ ਧਨੁ ॥
ਕੀੜੀ ਤੁਲਿ ਨ ਹੋਵਨੀ ਜੇ ਤਿਸੁ ਮਨਹੁ ਨ ਵੀਸਰਹਿ ॥੨੩॥
ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਸ਼ਾਹ ਜੀ ਬੇਅੰਤ ਦਿਆਲਤਾ ਦੇ ਨਾਲ ਬੰਦਗੀ ਦੀ ਮਹਿਮਾ ਸਾਰੀ ਲੋਕਾਈ ਦੀ ਝੋਲੀ ਵਿੱਚ ਪਾ ਰਹੇ ਹਨ। ਸਾਰੀ ਗੁਰਬਾਣੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੀ ਮਹਿਮਾ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੇ ਨਾਮ ਸਤਿਨਾਮ ਦੀ ਮਹਿਮਾ ਹੈ। ਸਾਰੀ ਗੁਰਬਾਣੀ ਸੰਤਾਂ, ਭਗਤਾਂ, ਬ੍ਰਹਮ ਗਿਆਨੀਆਂ, ਸਤਿਗੁਰੂਆਂ ਅਤੇ ਅਵਤਾਰਾਂ ਦੀ ਮਹਿਮਾ ਹੈ। ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਸਤਿਗੁਰ ਅਵਤਾਰਾਂ, ਸੰਤਾਂ, ਭਗਤਾਂ, ਬ੍ਰਹਮ ਗਿਆਨੀਆਂ ਨੇ ਗੁਰਬਾਣੀ ਵਿੱਚ ਪ੍ਰਗਟ ਕੀਤੀ ਹੈ ਕਿਉਂਕਿ ਉਹ ਆਪ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਬਣ ਕੇ ਉਸਦੀ ਮਹਿਮਾ ਵਿੱਚ ਹੀ ਲੀਨ ਹੋ ਗਏ। ਇਸ ਲਈ ਕੇਵਲ ਉਹ ਮਹਾ ਪੁਰਖ ਹੀ ਸਤਿ ਪਾਰਬ੍ਰਹਮ ਦੀ ਸਿਫਤ ਸਾਲਾਹ ਅਤੇ ਮਹਿਮਾ ਕਰਦਾ ਹੈ ਜੋ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਸਮਾ ਜਾਂਦਾ ਹੈ ਅਤੇ ਆਪ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਬਣ ਜਾਂਦਾ ਹੈ।
ਜਿਵੇਂ ਕਿ ਨਦੀਆਂ ਧਰਤੀ ਉੱਪਰ ਵੱਗਦੀਆਂ ਹੋਈਆਂ ਸਮੁੰਦਰ ਦੀ ਬੇਅੰਤਤਾ ਦਾ ਅਨੁਮਾਨ ਨਹੀਂ ਲਗਾ ਸਕਦੀਆਂ ਹਨ। ਭਾਵ ਕਿਸੇ ਵੀ ਨਦੀ ਦਾ ਪਾਣੀ ਜਦ ਤੱਕ ਧਰਤੀ ਉੱਪਰ ਵੱਗ ਰਿਹਾ ਹੈ ਤਦ ਤੱਕ ਉਸਨੂੰ ਸਾਗਰ ਦੀ ਬੇਅੰਤਤਾ ਦਾ ਕੋਈ ਅਨੁਮਾਨ ਨਹੀਂ ਹੋ ਸਕਦਾ ਹੈ। ਕੇਵਲ ਉਨ੍ਹਾਂ ਨਦੀਆਂ ਦਾ ਪਾਣੀ ਹੀ ਸਾਗਰ ਦੀ ਮਹਾਨਤਾ ਨੂੰ ਵੇਖਦਾ ਹੈ ਜੋ ਨਦੀਆਂ ਸਾਗਰ ਵਿੱਚ ਜਾ ਕੇ ਸਮਾ ਜਾਂਦੀਆਂ ਹਨ। ਜੋ ਨਦੀਆਂ ਕੇਵਲ ਧਰਤੀ ਉੱਪਰ ਹੀ ਰਹਿ ਜਾਂਦੀਆਂ ਹਨ ਉਨ੍ਹਾਂ ਦਾ ਪਾਣੀ ਸਾਗਰ ਦੀ ਵਿਸ਼ਾਲਤਾ ਨੂੰ ਨਹੀਂ ਜਾਣ ਸਕਦਾ ਹੈ। ਜਦ ਕੋਈ ਵੀ ਨਦੀ ਦਾ ਪਾਣੀ ਕਿਸੇ ਥਾਂ ਉੱਪਰ ਪਹੁੰਚ ਕੇ ਸਾਗਰ ਵਿੱਚ ਜਾ ਮਿਲਦਾ ਹੈ ਤਾਂ ਉਹ ਪਾਣੀ ਸਾਗਰ ਦੇ ਕੇਵਲ ਬਹੁਤ ਥੋੜੇ ਹਿੱਸੇ (ਜਿਹੜੇ ਹਿੱਸੇ ਵਿੱਚ ਉਹ ਪਾਣੀ ਸਾਗਰ ਵਿੱਚ ਮਿਲਦਾ ਹੈ) ਦਾ ਹੀ ਅਨੁਮਾਨ ਲਗਾ ਸਕਦਾ ਹੈ, ਨਾ ਕਿ ਸਾਰੇ ਸਾਗਰ ਦੀ ਵਿਸ਼ਾਲਤਾ ਦਾ ਅਨੁਮਾਨ ਲਗਾ ਸਕਦਾ ਹੈ। ਪਰੰਤੂ ਸਾਗਰ ਦਾ ਉਹ ਹਿੱਸਾ ਵੀ ਇਤਨਾ ਵਿਸ਼ਾਲ (ਨਦੀ ਦੇ ਥੋੜੇ ਜਿਹੇ ਪਾਣੀ ਦੀ ਤੁਲਨਾ ਵਿੱਚ) ਹੁੰਦਾ ਹੈ ਕਿ ਨਦੀ ਦਾ ਪਾਣੀ ਉਸ ਵਿੱਚ ਸਮਾ ਕੇ ਆਪਣੀ ਹੋਂਦ ਗੁਆ ਬੈਠਦਾ ਹੈ। ਠੀਕ ਇਸੇ ਤਰ੍ਹਾਂ ਜੋ ਮਹਾ ਪੁਰਖ ਬੰਦਗੀ ਵਿੱਚ ਲੀਨ ਹੋ ਕੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਸਦਾ-ਸਦਾ ਲਈ ਲੀਨ ਹੋ ਜਾਂਦੇ ਹਨ ਕੇਵਲ ਉਹ ਮਹਾ ਪੁਰਖ ਹੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬੇਅੰਤਤਾ ਦੀ ਝਲਕ ਅਨੁਭਵ ਕਰਦੇ ਹਨ ਅਤੇ ਇਸ ਝਲਕ ਵਿੱਚ ਇਤਨੀ ਸ਼ਕਤੀ ਹੁੰਦੀ ਹੈ ਕਿ ਉਹ ਇਨ੍ਹਾਂ ਮਹਾ ਪੁਰਖਾਂ ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਬਣਾ ਕੇ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਕਰਨ ਵਿੱਚ ਲੀਨ ਕਰ ਦਿੰਦੀ ਹੈ। ਇਸ ਲਈ ਜਿਵੇਂ ਕਿ ਨਦੀਆਂ ਸਾਗਰ ਵਿੱਚ ਲੀਨ ਹੋ ਕੇ ਹੀ ਉਸਦੇ ਬੇਅੰਤ ਰੂਪ ਦੀ ਝਲਕ ਵੇਖਦੀਆਂ ਹਨ ਠੀਕ ਉਸੇ ਤਰ੍ਹਾਂ ਜੋ ਮਨੁੱਖ ਆਪਣੀ ਹਸਤੀ ਨੂੰ ਮਿਟਾ ਕੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਅਭੇਦ ਹੋ ਜਾਂਦੇ ਹਨ ਕੇਵਲ ਉਹ ਮਨੁੱਖ ਹੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬੇਅੰਤਤਾ ਨੂੰ ਅਨੁਭਵ ਕਰਦੇ ਹਨ ਅਤੇ ਫਿਰ ਉਹ ਮਹਾ ਪੁਰਖਾਂ ਦਾ ਜੀਵਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸਿਫਤ ਸਾਲਾਹ ਵਿੱਚ ਲੀਨ ਹੋ ਜਾਂਦਾ ਹੈ।
ਇਸ ਪਉੜੀ ਵਿੱਚ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਸ਼ਾਹ ਜੀ ਨੇ ਇਸ ਪੂਰਨ ਬ੍ਰਹਮ ਗਿਆਨ ਨੂੰ ਹੀ ਦ੍ਰਿੜ੍ਹ ਕਰਵਾਇਆ ਹੈ। ਮਨੁੱਖ ਨੂੰ ਐਸੀ ਸੁਰਤਿ ਦੀ ਪ੍ਰਾਪਤੀ ਕਿਵੇਂ ਹੋਵੇ ਕਿ ਉਸ ਦੀ ਸੁਰਤਿ ਸਦਾ-ਸਦਾ ਲਈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਵਿੱਚ ਹੀ ਲੀਨ ਹੋ ਜਾਵੇ। ਮਨੁੱਖ ਨੂੰ ਐਸੀ ਬਿਰਤੀ ਕਿਵੇਂ ਪ੍ਰਾਪਤ ਹੋਵੇ ਤਾਂ ਜੋ ਮਨੁੱਖ ਦੀ ਬਿਰਤੀ ਸਦਾ-ਸਦਾ ਲਈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੀ ਸਿਫਤ ਸਾਲਾਹ ਕਰਨ ਵਿੱਚ ਰੱਤੀ ਜਾਵੇ। ਮਨੁੱਖ ਨੂੰ ਐਸੀ ਕਿਰਪਾ ਕਿਸ ਤਰ੍ਹਾਂ ਨਾਲ ਪ੍ਰਾਪਤ ਹੋਵੇ ਕਿ ਉਹ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਦੀ ਸਿਫਤ ਸਾਲਾਹ ਵਿੱਚ ਸਦਾ-ਸਦਾ ਲਈ ਲੀਨ ਹੋ ਜਾਵੇ।
ਇਕ ਆਮ ਮਨੁੱਖ ਦਾ ਮਨ ਤਾਂ ਸਦਾ ਦੁਨਿਆਵੀ ਉਲਝਣਾਂ ਵਿੱਚ ਰੁੱਝਿਆ ਰਹਿੰਦਾ ਹੈ। ਇੱਕ ਆਮ ਮਨੁੱਖ ਦੀ ਸੁਰਤ ਤਾਂ ਸਦਾ ਲਈ ਦੁਨਿਆਵੀ ਝਮੇਲਿਆਂ ਵਿੱਚ ਉਲਝੀ ਰਹਿੰਦੀ ਹੈ। ਇੱਕ ਆਮ ਮਨੁੱਖ ਦਾ ਮਨ ਕਦੇ ਵਿਸ਼ਰਾਮ ਵਿੱਚ ਨਹੀਂ ਜਾਂਦਾ ਹੈ। ਇੱਕ ਆਮ ਮਨੁੱਖ ਦਾ ਮਨ ਸਦਾ ਭੱਟਕਦਾ ਹੀ ਰਹਿੰਦਾ ਹੈ। ਇੱਕ ਆਮ ਮਨੁੱਖ ਦਾ ਮਨ ਕਦੇ ਚੁੱਪ ਨਹੀਂ ਹੁੰਦਾ ਹੈ। ਤਾਂ ਇਸ ਦਸ਼ਾ ਵਿੱਚ ਜੋ ਮਨ ਸਦਾ ਰਹਿੰਦਾ ਹੈ ਉਹ ਸਿਫਤ ਸਾਲਾਹ ਵਿੱਚ ਕਿਵੇਂ ਜਾ ਸਕਦਾ ਹੈ। ਜੋ ਮਨ ਅਤੇ ਸੁਰਤਿ ਮਾਇਆ ਦੇ ਗੁਲਾਮ ਹਨ ਉਹ ਸਤਿ ਕਰਤਾਰ ਦੀ ਸਿਫਤਿ ਸਾਲਾਹ ਕਿਵੇਂ ਕਰ ਸਕਦੇ ਹਨ। ਜਿਸ ਮਨ ਅਤੇ ਸੁਰਤਿ ਦੇ ਗੁਰੂ ਹਨ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਤ੍ਰਿਸ਼ਨਾ ਉਹ ਮਨ ਅਤੇ ਸੁਰਤਿ ਸਿਫਤ ਸਾਲਾਹ ਕਿਵੇਂ ਕਰ ਸਕਦੇ ਹਨ। ਇਹ ਪੂਰਨ ਸਤਿ ਹੈ ਕਿ ਇੱਕ ਆਮ ਮਨੁੱਖ ਜੋ ਕਿ ਮਾਇਆ ਦਾ ਗੁਲਾਮ ਹੈ ਉਸਦੇ ਗੁਰੂ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਤ੍ਰਿਸ਼ਨਾ ਹਨ ਕਿਉਂਕਿ ਉਸਦੇ ਸਾਰੇ ਕਰਮ ਇਨ੍ਹਾਂ ਦੂਤਾਂ ਦੇ ਹੁਕਮ ਅਨੁਸਾਰ ਹੁੰਦੇ ਹਨ। ਭਾਵ ਮਨ ਰੂਪੀ ਇਸ ਚੰਚਲ ਘੋੜੇ ਨੂੰ ਕਿਵੇਂ ਕਾਬੂ ਕੀਤਾ ਜਾਵੇ ਤਾਂ ਜੋ ਇਹ ਸ਼ਾਂਤ ਹੋ ਜਾਵੇ, ਚੁੱਪ ਕਰ ਜਾਵੇ ਤਾਂ ਹੀ ਇਹ ਮਨ ਸਿਫਤ ਸਾਲਾਹ ਦੀ ਬਖ਼ਸ਼ਿਸ਼ ਪ੍ਰਾਪਤ ਕਰਨ ਦੇ ਯੋਗ ਹੋ ਸਕਦਾ ਹੈ। ਐਸੀ ਬਖ਼ਸ਼ਿਸ਼ ਕੇਵਲ ਪੂਰਾ ਸਤਿਗੁਰ ਹੀ ਕਰ ਸਕਦਾ ਹੈ ਜਿਸ ਦੇ ਨਾਲ ਸਚੀ ਸਿਫਤਿ ਸਾਲਾਹ ਦੀ ਪ੍ਰਾਪਤੀ ਹੁੰਦੀ ਹੈ :
ਸਚੀ ਸਿਫਤਿ ਸਚੀ ਸਾਲਾਹ ਪੂਰੇ ਗੁਰ ਤੇ ਪਾਏ ॥੫॥
(੭੫੩)
ਸੱਚੀ ਸਿਫਤ ਸੱਚੀ ਸਾਲਾਹ ਤੋਂ ਭਾਵ ਹੈ ਪੂਰਨ ਬ੍ਰਹਮ ਗਿਆਨ। ਸੱਚੀ ਸਿਫਤ ਸੱਚੀ ਸਾਲਾਹ ਤੋਂ ਭਾਵ ਹੈ ਪੂਰਨ ਤੱਤ ਗਿਆਨ। ਸਾਰੀ ਗੁਰਬਾਣੀ ਸੱਚੀ ਸਿਫਤ ਸੱਚੀ ਸਾਲਾਹ ਹੈ। ਸੱਚੀ ਸਿਫਤ ਸੱਚੀ ਸਾਲਾਹ ਤੋਂ ਭਾਵ ਹੈ ਪੂਰਨ ਸਤਿ ਅਤੇ ਗੁਰਬਾਣੀ ਪੂਰਨ ਸਤਿ ਹੈ। ਗੁਰਬਾਣੀ ਪੂਰਨ ਬ੍ਰਹਮ ਗਿਆਨ ਹੈ। ਅਤੇ ਪੂਰਨ ਤੱਤ ਗਿਆਨ ਦੇ ਅਨਮੋਲਕ ਰਤਨ ਵੀ ਗੁਰਬਾਣੀ ਵਿੱਚ ਹੀ ਰੱਖੇ ਹੋਏ ਹਨ। ਇਸ ਲਈ ਸੱਚੀ ਸਿਫਤਿ ਸਾਲਾਹ ਦੀ ਪ੍ਰਾਪਤੀ ਤੋਂ ਭਾਵ ਹੈ ਪੂਰਨ ਬ੍ਰਹਮ ਗਿਆਨ ਅਤੇ ਪੂਰਨ ਤੱਤ ਗਿਆਨ ਦੀ ਪ੍ਰਾਪਤੀ ਹੈ ਜੋ ਕਿ ਇੱਕ ਗੁਰਪ੍ਰਸਾਦੀ ਖੇਲ ਹੈ। ਸੱਚੀ ਸਿਫਤ ਸੱਚੀ ਸਾਲਾਹ ਕੇਵਲ ਉਸ ਹਿਰਦੇ ਵਿੱਚੋਂ ਹੀ ਉੱਤਪੰਨ ਹੁੰਦੀ ਹੈ ਜੋ ਹਿਰਦਾ ਸੁੰਨ ਵਿੱਚ ਸਮਾ ਗਿਆ ਹੈ। ਜਿਗਿਆਸੂ ਲਈ ਇਸ ਪਰਮ ਸ਼ਕਤੀਸ਼ਾਲੀ ਗੁਰਪ੍ਰਸਾਦੀ ਖੇਲ ਨੂੰ ਸਮਝਣਾ ਬੇਅੰਤ ਜ਼ਰੂਰੀ ਹੈ। ਪੂਰੇ ਗੁਰ ਤੋਂ ਭਾਵ ਹੈ ਜੋ ਆਪ ਪੂਰਨ ਹੈ। ਉਹ ਮਨੁੱਖ ਜਿਸਨੇ ਨਾਮ ਦੀ ਕਮਾਈ ਕਰਦੇ ਹੋਏ ਬੰਦਗੀ ਪੂਰਨ ਕਰ ਲਈ ਹੈ। ਜਿਸਦੀ ਬੰਦਗੀ ਦਰਗਾਹ ਵਿੱਚ ਪਰਵਾਨ ਚੜ੍ਹ ਗਈ ਹੈ। ਜਿਸਨੇ ਮਾਇਆ ਨੂੰ ਜਿੱਤ ਕੇ ਹਿਰਦੇ ਦੀ ਪੂਰਨ ਸਚਿਆਰੀ ਰਹਿਤ ਕਮਾਈ ਹੈ। ਜਿਸਨੇ ਪੰਜ ਦੂਤਾਂ ਅਤੇ ਤ੍ਰਿਸ਼ਨਾ ਉੱਪਰ ਜਿੱਤ ਪ੍ਰਾਪਤ ਕਰਕੇ ਤ੍ਰਹਿ ਗੁਣ ਮਾਇਆ ਤੋਂ ਪਰ੍ਹੇ ਜਾ ਕੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਆਪਣੇ ਆਪ ਨੂੰ ਅਭੇਦ ਕਰ ਲਿਆ ਹੈ। ਜਿਸਨੇ ਪੂਰਨ ਬ੍ਰਹਮ ਗਿਆਨ ਅਤੇ ਪੂਰਨ ਤੱਤ ਗਿਆਨ ਦੀ ਪ੍ਰਾਪਤੀ ਕਰ ਲਈ ਹੈ। ਜਿਸਨੇ ਆਤਮ ਰਸ ਅੰਮ੍ਰਿਤ ਦੀ ਪ੍ਰਾਪਤੀ ਕਰ ਲਈ ਹੈ। ਜਿਸਨੂੰ ਗੁਰਪ੍ਰਸਾਦਿ ਵਰਤਾਉਣ ਦੀ ਪਰਮ ਸ਼ਕਤੀ ਦਰਗਾਹ ਵੱਲੋਂ ਬਖ਼ਸ਼ੀ ਗਈ ਹੈ। ਕੇਵਲ ਐਸੇ ਮਹਾ ਪੁਰਖ ਕੋਲੋਂ ਹੀ ਜੋ ਕਿ ਆਪ ਪੂਰਨ ਹੈ ਉਸ ਦੀ ਸੇਵਾ ਕਰਦਿਆਂ ਹੀ ਇਸ ਗੁਰਪ੍ਰਸਾਦਿ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਇਸ ਲਈ ਇੱਕ ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ ਜਾਂ ਸਤਿਗੁਰੂ ਨੂੰ ਹੀ ਸੱਚੀ ਸਿਫਤ ਸੱਚੀ ਸਾਲਾਹ ਦੀ ਪ੍ਰਾਪਤੀ ਹੁੰਦੀ ਹੈ ਅਤੇ ਕੇਵਲ ਐਸੇ ਮਹਾ ਪੁਰਖਾਂ ਨੂੰ ਹੀ ਗੁਰਪ੍ਰਸਾਦਿ ਦੇਣ ਦਾ ਹੱਕ ਦਰਗਾਹ ਵੱਲੋਂ ਬਖ਼ਸ਼ਿਆ ਜਾਂਦਾ ਹੈ। ਇਸੇ ਲਈ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਸ਼ਾਹ ਜੀ ਨੇ ਐਸੇ ਮਹਾ ਪੁਰਖਾਂ ਲਈ ਜੋ ਕਿ ਸੱਚੀ ਸਿਫਤ ਸੱਚੀ ਸਾਲਾਹ ਵਿੱਚ ਰੱਤੇ ਜਾਂਦੇ ਹਨ ਉਨ੍ਹਾਂ ਲਈ ਫੁਰਮਾਨ ਕੀਤਾ ਹੈ :-
ਜਿਸ ਨੋ ਬਖਸੇ ਸਿਫਤਿ ਸਾਲਾਹ ॥ ਨਾਨਕ ਪਾਤਿਸਾਹੀ ਪਾਤਿਸਾਹੁ ॥੨੫॥
(ਸ੍ਰੀ ਗੁਰੂ ਗ੍ਰੰਥ ਸਾਹਿਬ ਪੰਨਾ ੫)
ਜਦ ਜਿਗਿਆਸੂ ਦੇ ਪੂਰਬਲੇ ਜਨਮਾਂ ਦੇ ਅੰਕੁਰ ਪ੍ਰਗਟ ਹੁੰਦੇ ਹਨ ਤਾਂ ਉਸਨੂੰ ਐਸੇ ਪੂਰੇ ਗੁਰੂ ਦੀ ਸੰਗਤ ਪ੍ਰਾਪਤ ਹੁੰਦੀ ਹੈ। ਪਿੱਛਲੇ ਜਨਮਾਂ ਵਿੱਚ ਕੀਤੇ ਗਏ ਸਤਿ ਕਰਮਾਂ ਦੇ ਸੰਸਕਾਰ ਜਦ ਉਜਾਗਰ ਹੁੰਦੇ ਹਨ ਤਾਂ ਉਸ ਜਿਗਿਆਸੂ ਉੱਪਰ ਕਿਰਪਾ ਹੁੰਦੀ ਹੈ ਜਿਸਦੇ ਫੱਲਸਰੂਪ ਉਸਨੂੰ “ਪੁਰਖੁ ਰਸਿਕ ਬੈਰਾਗੀ“ ਦੀ ਸੰਗਤ ਦੀ ਪ੍ਰਾਪਤੀ ਹੁੰਦੀ ਹੈ ਜਿਸ ਤੋਂ ਉਸ ਮਨੁੱਖ ਨੂੰ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਰਸਿਕ ਤੋਂ ਭਾਵ ਹੈ ਸਾਰੀ ਸਿਰਜਨਾ ਵਿੱਚ ਵਿਆਪਕ ਰਹਿਣ ਵਾਲਾ ਅਤੇ ਬੈਰਾਗੀ ਤੋਂ ਭਾਵ ਹੈ ਸਾਰੀ ਰਚਨਾ ਵਿੱਚ ਵਿਆਪਕ ਰਹਿ ਕੇ ਵੀ ਉਸ ਤੋਂ ਨਿਰਲੇਪ ਰਹਿਣ ਵਾਲਾ ਪੁਰਖ। ਭਾਵ ਉਹ ਪੁਰਖ ਜੋ ਕਿ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਅਭੇਦ ਹੋ ਚੁੱਕਾ ਹੈ ਉਸਦੇ ਦਰਸ਼ਨਾਂ ਨਾਲ ਜਿਗਿਆਸੂ ਦੇ ਜਨਮਾਂ-ਜਨਮਾਂਤਰਾਂ ਤੋਂ ਸੁੱਤੇ ਹੋਏ ਭਾਗ ਜਾਗ ਪੈਂਦੇ ਹਨ ਅਤੇ ਉਸਦੇ ਮਨ ਅਤੇ ਸੁਰਤਿ ਤੋਂ ਮਾਇਆ ਦਾ ਹਨੇਰਾ ਨਸ਼ਟ ਹੋ ਜਾਂਦਾ ਹੈ। ਉਸ ਮਨੁੱਖ ਦੀ ਮਾਇਆ ਦੀ ਗੁਲਾਮੀ ਸਮਾਪਤ ਹੋ ਜਾਂਦੀ ਹੈ ਅਤੇ ਉਹ ਗੁਰਪ੍ਰਸਾਦਿ ਦੀ ਪ੍ਰਾਪਤੀ ਨਾਲ ਧੰਨ ਧੰਨ ਹੋ ਜਾਂਦਾ ਹੈ। ਕਿਉਂਕਿ ਐਸੇ ਮਹਾ ਪੁਰਖਾਂ ਦੇ ਛੱਤਰ ਹੇਠ ਮਾਇਆ ਦਾ ਰਾਜ ਨਹੀਂ ਚੱਲਦਾ ਹੈ ਅਤੇ ਜੋ ਮਨੁੱਖ ਐਸੇ ਪੂਰਨ ਸਤਿਗੁਰ ਦੇ ਚਰਨਾਂ ਉੱਪਰ ਆਪਣਾ ਤਨ, ਮਨ, ਧਨ ਅਰਪਣ ਕਰਕੇ ਪੂਰਨ ਸਮਰਪਨ ਕਰ ਦਿੰਦੇ ਹਨ ਉਨ੍ਹਾਂ ਦਾ ਮਾਇਆ ਕੁਝ ਨਹੀਂ ਵਿਗਾੜ ਸਕਦੀ ਹੈ। ਮਾਇਆ ਦੀ ਗੁਲਾਮੀ ਸਮਾਪਤ ਹੋ ਜਾਣ ਨਾਲ ਉਸ ਮਨੁੱਖ ਦੀ ਬੰਦਗੀ ਸ਼ੁਰੂ ਹੋ ਜਾਂਦੀ ਹੈ। ਮਨ ਅਤੇ ਸੁਰਤਿ ਨਾਮ ਵਿੱਚ ਚਲੇ ਜਾਂਦੇ ਹਨ। ਸਾਰੇ ਸਤਿ ਸਰੋਵਰ ਪ੍ਰਕਾਸ਼ਮਾਨ ਹੋ ਜਾਂਦੇ ਹਨ। ਸਾਰੇ ਬੱਜਰ ਕਪਾਟ ਖ਼ੁੱਲ੍ਹ ਜਾਂਦੇ ਹਨ। ਨਾਮ ਰੋਮ-ਰੋਮ ਵਿੱਚ ਚਲਾ ਜਾਂਦਾ ਹੈ। ਅਕਾਲ ਪੁਰਖ ਦੇ ਦਰਸ਼ਨ ਹੋ ਜਾਂਦੇ ਹਨ। ਪੂਰਨ ਬ੍ਰਹਮ ਗਿਆਨ ਅਤੇ ਪੂਰਨ ਤੱਤ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਸੱਚੀ ਸਿਫਤ ਸੱਚੀ ਸਾਲਾਹ ਦੀ ਪ੍ਰਾਪਤੀ ਹੋ ਜਾਂਦੀ ਹੈ।
ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖੁ ਰਸਿਕ ਬੈਰਾਗੀ ॥
ਮਿਟਿਓ ਅੰਧੇਰੁ ਮਿਲਤ ਹਰਿ ਨਾਨਕ ਜਨਮ ਜਨਮ ਕੀ ਸੋਈ ਜਾਗੀ ॥੨॥੨॥੧੧੯॥
(ਸ੍ਰੀ ਗੁਰੂ ਗ੍ਰੰਥ ਸਾਹਿਬ ਪੰਨਾ ੨੦੪)
ਜਿਨ ਕਉ ਪੂਰਬਿ ਲਿਖਿਆ ਸਤਗੁਰੁ ਭੇਟਿਆ ਤਿਨ ਆਇ ॥੨॥
(ਸ੍ਰੀ ਗੁਰੂ ਗ੍ਰੰਥ ਸਾਹਿਬ ਪੰਨਾ ੩੫)
ਜਿਨ ਕਉ ਪੂਰਬਿ ਲਿਖਿਆ ਸੇ ਆਇ ਮਿਲੇ ਗੁਰ ਪਾਸਿ ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਪੰਨਾ ੮੨)
ਜਿਵੇਂ ਨਦੀਆਂ ਸਾਗਰ ਵਿੱਚ ਅਭੇਦ ਹੋ ਕੇ ਆਪਣੀ ਹਸਤੀ ਮਿਟਾ ਦਿੰਦੀਆਂ ਹਨ ਤਾਂ ਸਾਗਰ ਦੇ ਵਿੱਚ ਲੀਨ ਹੋ ਕੇ ਹੀ ਸਾਗਰ ਦੀ ਬੇਅੰਤਤਾ ਦਾ ਅਨੁਭਵ ਕਰਦੀਆਂ ਹਨ ਠੀਕ ਇਸੇ ਤਰ੍ਹਾਂ ਹੀ ਜਿਸ ਮਨੁੱਖ ਦਾ ਮਨ ਅਤੇ ਸੁਰਤਿ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਨਾਮ ਵਿੱਚ ਰੱਤੀ ਜਾਂਦੀ ਹੈ ਅਤੇ ਜੋ ਮਨੁੱਖ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਇਲਾਹੀ ਇਸ਼ਕ ਵਿੱਚ ਆਪਣੀ ਹਸਤੀ ਨੂੰ ਮਿਟਾ ਦਿੰਦਾ ਹੈ (ਭਾਵ ਜਿਸ ਮਨੁੱਖ ਦੀ ਹਉਮੈ ਦੀ ਮੌਤ ਹੋ ਜਾਂਦੀ ਹੈ ਅਤੇ ਜੋ ਮਨੁੱਖ ਮਾਇਆ ਨੂੰ ਜਿੱਤ ਕੇ ਤ੍ਰਿਹ ਗੁਣ ਤੋਂ ਪਰ੍ਹੇ ਚਲਾ ਜਾਂਦਾ ਹੈ) ਅਤੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਅਭੇਦ ਹੋ ਜਾਂਦਾ ਹੈ ਕੇਵਲ ਉਹ ਮਨੁੱਖ ਹੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਅਨੰਤ ਬੇਅੰਤ ਪਰਮ ਸ਼ਕਤੀ ਦਾ ਅਨੁਭਵ ਕਰਦਾ ਹੈ। ਕੇਵਲ ਐਸੇ ਮਹਾ ਪੁਰਖਾਂ ਨੂੰ ਹੀ ਸੱਚੀ ਸਿਫਤ ਸੱਚੀ ਸਾਲਾਹ ਦੀ ਪ੍ਰਾਪਤੀ ਹੁੰਦੀ ਹੈ। ਜੋ ਮਨੁੱਖ ਗੁਰਬਾਣੀ ਵਿੱਚ ਪ੍ਰਗਟ ਕੀਤੇ ਗਏ ਪੂਰਨ ਬ੍ਰਹਮ ਗਿਆਨ ਦੀ ਕਮਾਈ ਕਰਦੇ ਹਨ ਅਤੇ ਗੁਰਬਾਣੀ ਬਣਦੇ ਹਨ ਭਾਵ ਜੋ ਮਨੁੱਖ ਗੁਰਬਾਣੀ ਵਿੱਚ ਬਖ਼ਸ਼ੇ ਗਏ ਪੂਰਨ ਬ੍ਰਹਮ ਗਿਆਨ ਦੀ ਆਪਣੇ ਜੀਵਨ ਵਿੱਚ ਕਮਾਈ ਕਰਦੇ ਹਨ ਉਨ੍ਹਾਂ ਨੂੰ ਉਹ ਅਵਸਥਾਵਾਂ ਦੀ ਪ੍ਰਾਪਤੀ ਹੁੰਦੀ ਹੈ ਜੋ ਗੁਰਬਾਣੀ ਵਿੱਚ ਪ੍ਰਗਟ ਕੀਤੀਆਂ ਗਈਆਂ ਹਨ। ਐਸਾ ਕਰਨ ਨਾਲ ਇਹ ਮਨੁੱਖ ਗੁਰਬਾਣੀ ਬਣ ਜਾਂਦੇ ਹਨ। ਇਸ ਲਈ ਕੇਵਲ ਉਹ ਮਨੁੱਖ ਜੋ ਆਪ ਗੁਰਬਾਣੀ ਬਣ ਜਾਂਦੇ ਹਨ ਕੇਵਲ ਉਹ ਮਨੁੱਖ ਹੀ ਮਾਨਸਰੋਵਰ ਦੀ ਗਹਿਰਾਈ ਵਿੱਚ ਆਪਣੇ ਆਪ ਨੂੰ ਅਨੁਭਵ ਕਰਦੇ ਹਨ ਅਤੇ ਐਸਾ ਹੋਣ ਤੇ ਉਹ ਮਾਨਸਰੋਵਰ ਦੀ ਸੱਚੀ ਸਿਫਤ ਸੱਚੀ ਸਾਲਾਹ ਵਿੱਚ ਲੀਨ ਹੋ ਜਾਂਦੇ ਹਨ। ਐਸੇ ਮਹਾ ਪੁਰਖਾਂ ਦੇ ਰੋਮ-ਰੋਮ ਵਿੱਚ ਸੱਚੀ ਸਿਫਤ ਸੱਚੀ ਸਾਲਾਹ ਰੱਤੀ ਜਾਂਦੀ ਹੈ। ਨਾਮ ਰੋਮ-ਰੋਮ ਵਿੱਚ ਨਿਰੰਤਰ ਵੱਜਦਾ ਹੈ। ਅਨਹਦ ਸ਼ਬਦ ਦਸਮ ਦੁਆਰ ਵਿੱਚ ਨਿਰੰਤਰ ਵੱਜਦਾ ਹੈ। ਉਨ੍ਹਾਂ ਦੀ ਦੇਹੁਰੀ ਅੰਮ੍ਰਿਤ ਨਾਲ ਭਰਪੂਰ ਹੋ ਜਾਂਦੀ ਹੈ। ਸਾਰੀ ਦੇਹੀ ਵਿੱਚੋਂ ਇਲਾਹੀ ਪ੍ਰਕਾਸ਼ ਅਤੇ ਅੰਮ੍ਰਿਤ ਡੁੱਲ੍ਹ-ਡੁੱਲ੍ਹ ਪੈਂਦਾ ਹੈ। ਉਨ੍ਹਾਂ ਦੇ ਨੇਤਰਾਂ ਵਿੱਚੋਂ ਅੰਮ੍ਰਿਤ ਅਤੇ ਪੂਰਨ ਪ੍ਰਕਾਸ਼ ਡੁੱਲ੍ਹ-ਡੁੱਲ੍ਹ ਪੈਂਦਾ ਹੈ। ਉਨ੍ਹਾਂ ਦਾ ਛੱਤਰ ਸਾਰੇ ਬ੍ਰਹਿਮੰਡ ਵਿੱਚ ਝੂਲਦਾ ਹੈ। ਮਾਇਆ ਉਨ੍ਹਾਂ ਦੀ ਸੇਵਾ ਕਰਦੀ ਹੈ। ਫਿਰ ਉਨ੍ਹਾਂ ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਕਦੇ ਨਹੀਂ ਵਿਸਰਦਾ ਹੈ। ਐਸੇ ਮਹਾ ਪੁਰਖਾਂ ਲਈ ਦੁਨੀਆਂ ਦਾ ਵੱਡੇ ਤੋਂ ਵੱਡਾ ਖ਼ਜ਼ਾਨਾ ਵੀ ਇੱਕ ਕੀੜੀ ਦੇ ਸਮਾਨ ਵੀ ਨਹੀਂ ਹੁੰਦਾ ਹੈ। ਵੱਡੇ-ਵੱਡੇ ਸੁਲਤਾਨਾਂ ਦਾ ਸਾਰਾ ਖ਼ਜ਼ਾਨਾ ਜੋ ਕਿ ਸਮੁੰਦਰਾਂ ਅਤੇ ਪਹਾੜਾਂ ਦੀ ਨਿਆਈਂ ਵੱਡਾ ਵੀ ਭਾਵੇਂ ਕਿਉਂ ਨਾ ਹੋਵੇ ਉਹ ਵੀ ਐਸੇ ਮਹਾ ਪੁਰਖਾਂ ਲਈ ਕੀੜੀ ਦੇ ਤੁੱਲ ਵੀ ਨਹੀਂ ਹੁੰਦਾ ਹੈ। ਭਾਵ ਇੱਕ ਕੀੜੀ ਦੇ ਵਿੱਚ ਵੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਜੋਤ ਐਸੇ ਮਹਾ ਪੁਰਖਾਂ ਨੂੰ ਪ੍ਰਤੱਖ ਨਜ਼ਰ ਆਉਣ ਲੱਗ ਪੈਂਦੀ ਹੈ। ਇਸ ਲਈ ਉਨ੍ਹਾਂ ਦੀ ਦਿਬ ਦ੍ਰਿਸ਼ਟ ਵਿੱਚ ਇੱਕ ਕੀੜੀ ਵਿੱਚ ਵਿਚਰ ਰਹੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਜੋਤ ਦੀ ਬੇਅੰਤਤਾ ਅਨੰਤਤਾ ਦਾ ਅਨੁਭਵ ਐਸੇ ਸਾਰੇ ਦੁਨਿਆਵੀ ਖ਼ਜ਼ਾਨਿਆਂ ਦੀ ਪ੍ਰਾਪਤੀ ਤੋਂ ਕਿਤੇ ਜ਼ਿਆਦਾ ਆਨੰਦਮਈ ਹੋ ਜਾਂਦਾ ਹੈ। ਜੋ ਮਨੁੱਖ ਪਰਮ ਆਨੰਦ ਦੀ ਇਸ ਅਵਸਥਾ ਦਾ ਅਨੁਭਵ ਕਰਦਾ ਹੈ ਉਸ ਲਈ ਸਾਰੇ ਦੁਨਿਆਵੀ ਖ਼ਜ਼ਾਨੇ ਵੀ ਪ੍ਰਭਾਵਿਤ ਨਹੀਂ ਕਰ ਸਕਦੇ ਹਨ।
ਕੇਵਲ ਗੁਰਬਾਣੀ (ਪੂਰਨ ਬ੍ਰਹਮ ਗਿਆਨ) ਦੀ ਕਮਾਈ ਕਰਨ ਨਾਲ ਹੀ ਪੂਰਨ ਬ੍ਰਹਮ ਗਿਆਨ ਸਾਡੇ ਅੰਦਰੋਂ ਪ੍ਰਗਟ ਹੁੰਦਾ ਹੈ। ਪੂਰਨ ਬ੍ਰਹਮ ਗਿਆਨ ਦਾ ਸੋਮਾ ਸਾਡੇ ਅੰਦਰ ਹੀ ਮੌਜੂਦ ਹੈ। ਜਦ ਨਾਮ ਇਸ ਸੋਮੇ ਦਾ ਦੁਆਰ ਖੋਲ੍ਹਦਾ ਹੈ ਤਾਂ ਪੂਰਨ ਬ੍ਰਹਮ ਗਿਆਨ ਪ੍ਰਗਟ ਹੁੰਦਾ ਹੈ। ਕੇਵਲ ਪੜ੍ਹਣ ਨਾਲ ਜਾਂ ਸੁਣਨ ਨਾਲ ਹੀ ਪੂਰਨ ਬ੍ਰਹਮ ਗਿਆਨ ਪ੍ਰਗਟ ਨਹੀਂ ਹੁੰਦਾ ਹੈ। ਪੂਰਨ ਬ੍ਰਹਮ ਗਿਆਨ ਪ੍ਰਗਟ ਹੋਣ ਤੋਂ ਭਾਵ ਹੈ ਪੂਰਨ ਬ੍ਰਹਮ ਗਿਆਨ ਬੰਦਗੀ ਵਿੱਚ ਲੀਨ ਹੋਏ ਮਨੁੱਖ ਦੇ ਅਨੁਭਵ ਵਿੱਚ ਆਉਂਦਾ ਹੈ। ਜੋ ਜੋ ਗੁਰਬਾਣੀ ਵਿੱਚ ਲਿਖਿਆ ਹੈ ਉਹ ਸਭ ਕੁਝ ਬੰਦਗੀ ਵਿੱਚ ਲੀਨ ਹੋਏ ਮਨੁੱਖ ਨਾਲ ਵਾਪਰਦਾ ਹੈ। ਜੋ ਕੁਝ ਗੁਰਬਾਣੀ ਕਹਿੰਦੀ ਹੈ ਉਹ ਸਭ ਕੁਝ ਬੰਦਗੀ ਵਿੱਚ ਰੱਤੇ ਹੋਏ ਮਨੁੱਖ ਨੂੰ ਪ੍ਰਤੱਖ ਅਨੁਭਵ ਹੁੰਦਾ ਹੈ। ਗੁਰਬਾਣੀ ਵਿੱਚ ਲਿਖੀ ਗਈ ਸਾਰੀ ਬ੍ਰਹਮ ਕਥਾ ਬੰਦਗੀ ਵਿੱਚ ਲੀਨ ਹੋਏ ਮਨੁੱਖ ਨਾਲ ਪ੍ਰਤੱਖ ਪ੍ਰਗਟ ਹੁੰਦੀ ਹੈ। ਬ੍ਰਹਮ ਕਥਾ ਕੀਤੀ ਨਹੀਂ ਜਾਂਦੀ ਹੈ ਬਲਕਿ ਬ੍ਰਹਮ ਕਥਾ ਬੰਦਗੀ ਵਿੱਚ ਲੀਨ ਹੋਏ ਮਨੁੱਖ ਨਾਲ ਪ੍ਰਤੱਖ ਬਣਦੀ ਹੈ ਅਤੇ ਪ੍ਰਗਟ ਹੁੰਦੀ ਹੈ। ਇਸ ਲਈ ਸਾਰੀ ਲੋਕਾਈ ਦੇ ਚਰਨਾਂ ਉੱਪਰ ਸਨਿਮਰ ਬੇਨਤੀ ਹੈ ਕਿ ਜੇਕਰ ਸੱਚੀ ਸਿਫਤ ਸੱਚੀ ਸਾਲਾਹ ਕਰਨ ਦੀ ਪਰਮ ਸ਼ਕਤੀ ਦੀ ਕਮਾਈ ਕਰਨੀ ਹੈ ਤਾਂ ਸਤਿਗੁਰ ਦੀ ਗੁਰਕਿਰਪਾ ਅਤੇ ਗੁਰਪ੍ਰਸਾਦਿ ਦੀ ਪ੍ਰਾਪਤੀ ਕਰਕੇ ਸਤਿ ਪਾਰਬ੍ਰਹਮ ਵਿੱਚ ਅਭੇਦ ਹੋਣਾ ਪਵੇਗਾ ਕੇਵਲ ਤਾਂ ਹੀ ਸੱਚੀ ਸਿਫਤ ਸੱਚੀ ਸਾਲਾਹ ਦੀ ਪ੍ਰਾਪਤੀ ਹੋ ਸਕੇਗੀ। ਕੇਵਲ ਸਤਿਗੁਰ ਹੀ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦਿ ਦੇਣ ਦੀ ਸਮਰਥਾ ਰੱਖਦਾ ਹੈ। ਇਸ ਲਈ ਸਤਿ ਕਰਮਾਂ ਉੱਪਰ ਆਪਣਾ ਧਿਆਨ ਕੇਂਦਰਿਤ ਕਰੋ ਤਾਂ ਜੋ ਸਾਡੇ ਵੀ ਪੁੰਨ ਕਰਮਾਂ ਦੇ ਅੰਕੁਰ ਪ੍ਰਗਟ ਹੋਣ ਅਤੇ ਸਾਨੂੰ ਪੂਰਨ ਬ੍ਰਹਮ ਗਿਆਨੀ, ਪੂਰਨ ਸੰਤ ਜਾਂ ਸਤਿਗੁਰ ਦੀ ਸੰਗਤ ਦੀ ਪ੍ਰਾਪਤੀ ਹੋ ਸਕੇ ਅਤੇ ਜਿਸ ਦੀ ਕਿਰਪਾ ਨਾਲ ਅਸੀਂ ਆਪਣਾ ਤਨ, ਮਨ, ਧਨ ਅਰਪਣ ਕਰਕੇ ਗੁਰਪ੍ਰਸਾਦਿ ਦੀ ਪ੍ਰਾਪਤੀ ਕਰਕੇ ਸੱਚੀ ਸਿਫਤ ਸੱਚੀ ਸਾਲਾਹ ਦੀ ਕਮਾਈ ਕਰਨ ਦੇ ਸਮਰਥ ਹੋ ਸਕੀਏ।