ਮੰਨੈ ਪਾਵਹਿ ਮੋਖੁ ਦੁਆਰੁ ॥
ਮੰਨੈ ਪਰਵਾਰੈ ਸਾਧਾਰੁ ॥
ਮੰਨੈ ਤਰੈ ਤਾਰੇ ਗੁਰੁ ਸਿਖ ॥
ਮੰਨੈ ਨਾਨਕ ਭਵਹਿ ਨ ਭਿਖ ॥
ਐਸਾ ਨਾਮੁ ਨਿਰੰਜਨੁ ਹੋਇ ॥
ਜੇ ਕੋ ਮੰਨਿ ਜਾਣੈ ਮਨਿ ਕੋਇ ॥੧੫॥
ਜੀਵਨ ਮੁਕਤੀ ਮਾਇਆ ਤੋਂ ਮੁਕਤੀ ਹੈ। ਜੀਵਨ ਮੁਕਤੀ ਮਾਇਆ ਦੀ ਗੁਲਾਮੀ ਤੋਂ ਮੁਕਤੀ ਹੈ। ਜੀਵਨ ਮੁਕਤੀ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਤ੍ਰਿਸ਼ਨਾ ਦੀ ਗੁਲਾਮੀ ਤੋਂ ਮੁਕਤੀ ਹੈ। ਜੀਵਨ ਮੁਕਤੀ ਸਾਰੇ ਵਿਨਾਸ਼ਕਾਰੀ ਵਿਕਾਰਾਂ ਤੋਂ ਮੁਕਤੀ ਹੈ। ਕੁਝ ਮਹਾ ਵਿਨਾਸ਼ਕਾਰੀ ਵਿਕਾਰ ਹਨ : ਨਿੰਦਿਆ, ਚੁਗਲੀ, ਬਖੀਲੀ, ਰਾਜ, ਜੋਬਨ, ਧਨ, ਮਾਲ, ਰੂਪ, ਰਸ, ਗੰਧ, ਸਬਦ, ਸਪਰਸ਼। ਜੀਵਨ ਮੁਕਤੀ ਸਾਰੇ ਅਵਗੁਣਾਂ ਤੋਂ ਮੁਕਤੀ ਹੈ। ਜੋ ਮਨੁੱਖ ਮਾਇਆ ਤੋਂ ਮੁਕਤ ਹੋ ਜਾਂਦੇ ਹਨ ਉਹ ਮਨੁੱਖ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਚਲੇ ਜਾਂਦੇ ਹਨ ਅਤੇ ਅਕਾਲ ਪੁਰਖ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਦਰਸ਼ਨ ਦੇ ਗੁਰ ਪ੍ਰਸਾਦਿ ਦੀ ਪ੍ਰਾਪਤੀ ਕਰਕੇ, ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਕੇ, ਪੂਰਨ ਤੱਤ ਗਿਆਨ ਦੀ ਪ੍ਰਾਪਤੀ ਕਰਕੇ, ਆਤਮ ਰਸ ਅੰਮ੍ਰਿਤ ਦੀ ਪ੍ਰਾਪਤੀ ਕਰਕੇ ਜੀਵਨ ਮੁਕਤ ਹੋ ਜਾਂਦੇ ਹਨ।
ਇੱਥੇ ਇਸ ਪਰਮ ਸਤਿ ਤੱਤ ਤੱਥ ਨੂੰ ਦ੍ਰਿੜ੍ਹ ਕਰਨਾ ਬਹੁਤ ਜ਼ਰੂਰੀ ਹੈ ਕਿ ਅਕਾਲ ਪੁਰਖ ਦੇ ਦਰਸ਼ਨਾਂ ਤੋਂ ਬਿਨਾਂ ਪੂਰਨ ਬ੍ਰਹਮ ਗਿਆਨ ਅਤੇ ਪੂਰਨ ਤੱਤ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ ਹੈ ਅਤੇ ਨਾ ਹੀ ਬੰਦਗੀ ਪੂਰਨ ਹੁੰਦੀ ਹੈ। ਜਦ ਤੱਕ ਬੰਦਗੀ ਪੂਰਨ ਹੋ ਕੇ ਦਰਗਾਹ ਵਿੱਚ ਪਰਵਾਨ ਨਹੀਂ ਹੁੰਦੀ ਹੈ ਤਦ ਤੱਕ ਪਰਉਪਕਾਰ ਅਤੇ ਮਹਾ ਪਰਉਪਕਾਰ ਦੀ ਸੇਵਾ ਦੀ ਬਖ਼ਸ਼ਿਸ਼ ਪ੍ਰਾਪਤ ਨਹੀਂ ਹੁੰਦੀ ਹੈ। ਇਸ ਲਈ ਜਦ ਤੱਕ ਦਰਗਾਹ ਤੋਂ ਪਰਉਪਕਾਰ ਅਤੇ ਮਹਾ ਪਰਉਪਕਾਰ ਦੀ ਸੇਵਾ ਕਰਨ ਦਾ ਹੁਕਮ ਨਹੀਂ ਹੁੰਦਾ ਹੈ ਤਦ ਤੱਕ ਮਨੁੱਖ ਨੂੰ ਸੰਗਤ ਦੀ ਸੇਵਾ ਦਾ ਹੁਕਮ ਨਹੀਂ ਹੁੰਦਾ ਹੈ ਅਤੇ ਨਾ ਹੀ ਸੰਗਤ ਨੂੰ ਗੁਰ ਪ੍ਰਸਾਦਿ ਵਰਤਾਉਣ ਦਾ ਹੁਕਮ ਹੁੰਦਾ ਹੈ। ਪਰਉਕਾਰ ਅਤੇ ਮਹਾ ਪਰਉਪਕਾਰ ਤੋਂ ਭਾਵ ਹੈ ਸੰਗਤ ਨੂੰ ਗੁਰ ਪ੍ਰਸਾਦਿ ਦੀ ਬਖ਼ਸ਼ਿਸ਼ ਕਰਨ ਦੇ ਹੁਕਮ ਦੀ ਪ੍ਰਾਪਤੀ ਹੈ। ਪਰਉਕਾਰ ਅਤੇ ਮਹਾ ਪਰਉਪਕਾਰ ਤੋਂ ਭਾਵ ਹੈ ਸੰਗਤ ਨੂੰ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰ ਪ੍ਰਸਾਦਿ ਦੇਣ ਦੇ ਹੁਕਮ ਦੀ ਪ੍ਰਾਪਤੀ ਹੈ। ਪਰਉਕਾਰ ਅਤੇ ਮਹਾ ਪਰਉਪਕਾਰ ਤੋਂ ਭਾਵ ਹੈ ਸੰਗਤ ਨੂੰ “ਜੀਅ ਦਾਨ” ਦੇਣ ਦੇ ਹੁਕਮ ਦੀ ਪ੍ਰਾਪਤੀ ਹੈ।
ਜੋ ਮਹਾ ਪੁਰਖ ਆਪ ਜੀਵਨ ਮੁਕਤ ਹੋ ਜਾਂਦੇ ਹਨ ਕੇਵਲ ਉਨ੍ਹਾਂ ਮਹਾ ਪੁਰਖਾਂ ਨੂੰ ਹੀ ਗੁਰ ਪ੍ਰਸਾਦਿ ਦੇਣ ਦਾ ਦਰਗਾਹੀ ਹੁਕਮ ਹੁੰਦਾ ਹੈ ਅਤੇ ਕੇਵਲ ਐਸੀਆਂ ਰੂਹਾਂ ਦੀ ਸੰਗਤ ਵਿੱਚ ਹੀ ਗੁਰ ਪ੍ਰਸਾਦਿ ਦੀ ਇਹ ਪਰਮ ਸ਼ਕਤੀਸ਼ਾਲੀ ਕਲਾ ਵਰਤਦੀ ਹੈ। ਕੇਵਲ ਐਸੇ ਮਹਾ ਪੁਰਖਾਂ ਦੀ ਸੰਗਤ ਵਿੱਚ ਹੀ ਸੁਹਾਗ ਦੀ ਪ੍ਰਾਪਤੀ ਹੁੰਦੀ ਹੈ। ਕੇਵਲ ਐਸੇ ਮਹਾ ਪੁਰਖਾ ਦੀ ਦੀਖਿਆ ਵਿੱਚ ਹੀ ਗੁਰ ਪ੍ਰਸਾਦਿ ਦੀ ਪਰਮ ਸ਼ਕਤੀ ਆਪਣਾ ਅਸਚਰਜ ਜਨਕ ਕਰਿਸ਼ਮਾ ਪ੍ਰਗਟ ਕਰਦੀ ਹੈ ਅਤੇ “ਮੰਨੈ” ਦੀ ਪਰਮ ਸ਼ਕਤੀਸ਼ਾਲੀ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ। ਇਸ ਲਈ ਜੋ ਮਨੁੱਖ “ਮੰਨੈ” ਦੀ ਇਸ ਪਰਮ ਸਕਤੀਸ਼ਾਲੀ ਅਵਸਥਾ ਦਾ ਗੁਰ ਪ੍ਰਸਾਦਿ ਪ੍ਰਾਪਤ ਕਰਦੇ ਹਨ ਅਤੇ ਤਨ ਮਨ ਧਨ ਨਾਲ ਇਸ ਗੁਰ ਪ੍ਰਸਾਦਿ ਦੀ ਸੇਵਾ ਸੰਭਾਲਤਾ ਕਰਦੇ ਹਨ ਉਨ੍ਹਾਂ ਨੂੰ “ਮੋਖ ਦੁਆਰ” ਭਾਵ ਦਰਗਾਹ ਦੇ ਦਰ ਦੀ ਪ੍ਰਾਪਤੀ ਹੁੰਦੀ ਹੈ। ਇਸ ਲਈ ਜੋ ਮਨੁੱਖ ਨਾਮ ਨਾਲ ਜੁੜ ਜਾਂਦੇ ਹਨ ਉਹ “ਸੁਣਿਐ” ਅਤੇ “ਮੰਨੈ” ਦੀਆਂ ਪਰਮ ਸ਼ਕਤੀਸ਼ਾਲੀ ਅਵਸਥਾਵਾਂ ਦੀ ਪ੍ਰਾਪਤੀ ਕਰ ਕੇ ਬੰਦਗੀ ਕਰਦੇ ਹੋਏ ਦਰਗਾਹ ਦੇ ਦੁਆਰ ਤੱਕ ਪਹੁੰਚ ਜਾਂਦੇ ਹਨ ਅਤੇ ਬੰਦਗੀ ਪੂਰਨ ਕਰਕੇ ਦਰਗਾਹ ਵਿੱਚ ਸਦਾ ਸਦਾ ਲਈ ਸਥਾਨ ਪ੍ਰਾਪਤ ਕਰ ਲੈਂਦੇ ਹਨ।
ਇਸ ਲਈ ਸਾਰੀ ਲੋਕਾਈ ਦੇ ਚਰਨਾਂ ਉੱਪਰ ਇਹ ਬੇਨਤੀ ਹੈ ਕਿ ਇਹ ਸਾਰੀ ਨਾਮ ਦੀ ਮਹਿਮਾ ਹੈ ਅਤੇ ਨਾਮ ਦੀ ਮਹਿਮਾ ਸਮਝਣ ਲਈ ਨਾਮ ਸਿਮਰਨ ਦੇ ਬੇਅੰਤ ਲਾਭਾਂ ਵਿੱਚੋਂ ਕੁਝ ਲਾਭ ਜੋ ਹੇਠ ਲਿਖੇ ਗਏ ਹਨ ਉਨ੍ਹਾਂ ਨੂੰ ਸਮਝਣ ਦਾ ਯਤਨ ਕੀਤਾ ਜਾਵੇ। ਇਹ ਲਿਖਤ ਅਗਮ ਅਗੋਚਰ ਅਨੰਤ ਬੇਅੰਤ ਅਪਰਮ ਅਪਾਰ ਧੰਨ ਧੰਨ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਅਤੇ ਗੁਰੂ ਦੀ ਗੁਰਪ੍ਰਸਾਦੀ ਗੁਰ ਕ੍ਰਿਪਾ ਨਾਲ ਲਿਖੀ ਗਈ ਹੈ। ਆਓ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਪਵਿੱਤਰ ਪਾਵਨ ਚਰਨਾਂ ਉੱਪਰ ਨਾਮ ਸਿਮਰਨ ਦੇ ਬ੍ਰਹਮ ਗਿਆਨ ਨੂੰ ਸਮਝਣ ਦੀ ਬ੍ਰਹਮ ਸੋਝੀ ਲਈ ਅਰਦਾਸ ਕਰੀਏ। ਆਓ ਗੁਰਪ੍ਰਸਾਦਿ ਲਈ ਅਰਦਾਸ ਕਰੀਏ। ਆਓ ਸਦਾ ਹੀ ਇਸ ਅਨਾਦਿ ਬਖਸ਼ਿਸ਼ ਦੀ ਦਾਤ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ ਅਤੇ ਪੂਰਨ ਬੰਦਗੀ ਦੇ ਗੁਰ ਪ੍ਰਸਾਦਿ ਦੀ ਪ੍ਰਾਪਤੀ ਲਈ ਅਰਦਾਸ ਕਰੀਏ। ਨਾਮ ਸਰਵ ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਪੂਰਨ ਬੋਧ ਲਈ ਪੌੜੀ ਹੈ। ਨਾਮ ਉਹ ਪੌੜੀ ਹੈ ਜੋ ਸਾਡੀ ਅਗਵਾਈ ਕਰਦੀ ਹੈ :
* ਅਨਾਦਿ ਸਤਿ ਦੀ ਖੋਜ ਵੱਲ,
* ਪਰਮ ਤੱਤ ਵੱਲ,
* ਬ੍ਰਹਮ ਤੱਤ ਵੱਲ,
* ਪੂਰਨ ਜੋਤ ਪ੍ਰਕਾਸ਼ ਵੱਲ
* ਅਕਾਲ ਪੁਰਖ ਦੇ ਨਿਰਗੁਣ ਸਰੂਪ ਵੱਲ
* ਮਨ ਦੀ ਅਤੇ ਰੂਹ ਦੀ ਪੂਰਨ ਸ਼ਾਂਤੀ ਵੱਲ
* ਪੂਰਨ ਤੌਰ ਤੇ ਸੱਚੇ ਬਣਨ ਵੱਲ
* ਸੱਚ ਖੰਡ ਵੱਲ
ਨਾਮ ਸਿਮਰਨ ਕਰਨ ਨਾਲ ਅਸੀਂ ਇਸ ਪੌੜੀ ਤੇ ਕਦਮ ਦਰ ਕਦਮ ਚੜ੍ਹ ਕੇ ਸਰਵ ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਨੇੜੇ ਹੋਈ ਜਾਂਦੇ ਹਾਂ ਅਤੇ ਹੌਲੀ ਹੌਲੀ ਅਸੀਂ ਉਸ ਵਿੱਚ ਅਭੇਦ ਹੋ ਜਾਂਦੇ ਹਾਂ।
ਨਾਮ ਅਨਾਦਿ ਸੱਚ ਹੈ। ਨਾਮ ਸਿਮਰਨ ਕਰਨ ਨਾਲ ਅਸੀਂ ਅਨਾਦਿ ਸਤਿ ਦਾ ਬੋਧ ਕਰ ਸਕਦੇ ਹਾਂ, ਆਪ ਸਰਵ ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ, ਅੰਮ੍ਰਿਤ ਦਾ ਅਤੇ ਆਤਮ ਰਸ ਦਾ ਬੋਧ ਕਰ ਸਕਦੇ ਹਾਂ।
ਨਾਮ ਸਰਵ ਉੱਚ ਅਨਾਦਿ ਦਾਤ ਹੈ ਜਿਹੜਾ ਕੋਈ ਮਨੁੱਖ ਗੁਰਪ੍ਰਸਾਦਿ ਨਾਲ ਪ੍ਰਾਪਤ ਕਰ ਸਕਦਾ ਹੈ :
ਜੇਵਡੁ ਆਪਿ ਤੇਵਡ ਤੇਰੀ ਦਾਤਿ ॥
(ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ੯)
ਨਾਮ ਸਿਮਰਨ ਕਰਨ ਨਾਲ ਅਸੀਂ ਸਰਵ ਉੱਚ ਦਾਤ ਦਾ ਬੋਧ ਕਰ ਸਕਦੇ ਹਾਂ। ਇਸ ਦਾਤ ਵਿੱਚ ਸ਼ਾਮਿਲ ਹੈ : ਆਪ ਅਕਾਲ ਪੁਰਖ; ਉਸਦੇ ਸਾਰੇ ਦਰਗਾਹੀ ਖਜ਼ਾਨੇ ਅਤੇ ਉਸਦੀਆਂ ਸਾਰੀਆਂ ਰੂਹਾਨੀ ਅਤੇ ਬ੍ਰਹਮ ਸ਼ਕਤੀਆਂ। ਇਸ ਲਈ ਇਸ ਨਾਲੋਂ ਕੋਈ ਘੱਟ ਚੀਜ਼ ਦੀ ਮੰਗ ਜਾਂ ਸਮਝੌਤਾ ਕਿਉਂ ਕਰਨਾ ਚਾਹੀਦਾ ਹੈ ? ਅਸੀਂ ਆਪਣੇ ਲਗਾਤਾਰ ਸੱਚੇ ਯਤਨਾਂ ਨਾਲ ਸਰਵ ਉੱਚ ਅਨਾਦਿ ਦਾਤ ਪ੍ਰਾਪਤ ਕਰ ਸਕਦੇ ਹਾਂ। ਸਾਨੂੰ ਦਿਨ ਪ੍ਰਤੀ ਦਿਨ ਸੰਸਾਰਕ ਚੀਜ਼ਾਂ ਬਾਰੇ ਭੁੱਲ ਕੇ ਸਰਵ ਉੱਚ ਅਨਾਦਿ ਦਾਤ “ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ” ਦੀ ਦਾਤ ਦੀ ਮੰਗ ਕਰਨੀ ਚਾਹੀਦੀ ਹੈ, ਜਿਸ ਵਿੱਚ ਹਰ ਚੀਜ਼ ਸ਼ਾਮਿਲ ਹੈ, ਜਿਸਨੇ ਆਪਣੇ ਆਪ ਵਿੱਚ ਸਤਿ ਪਾਰ ਬ੍ਰਹਮ ਪਰਮੇਸ਼ਰ ਨੂੰ ਵੀ ਸਮਾਇਆ ਹੋਇਆ ਹੈ। ਇੱਕ ਵਾਰ ਜਦੋਂ ਉਹ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਸਾਡਾ ਹੋ ਜਾਂਦਾ ਹੈ, ਅਤੇ ਅਸੀਂ ਉਸ ਨੂੰ ਪੂਰੀ ਤਰ੍ਹਾਂ ਨਾਲ ਆਪਣੇ ਆਪ ਅੰਦਰੋਂ ਜਾਣ ਲੈਂਦੇ ਹਾਂ ਅਤੇ ਉਸ ਦੇ ਬਣ ਜਾਂਦੇ ਹਾਂ ਤਦ ਉਸਦੀ ਸਾਰੀ ਸੰਪਤੀ ਸਾਡੀ ਬਣ ਜਾਂਦੀ ਹੈ। ਇਹ ਨਾਮ ਸਿਮਰਨ ਦਾ ਸਭ ਤੋਂ ਵੱਡਾ ਅਤੇ ਬਿਆਨ ਰਹਿਤ ਲਾਭ ਹੈ। ਹਾਲਾਂਕਿ, ਇੱਥੇ ਨਾਮ ਸਿਮਰਨ ਕਰਨ ਦੇ ਬਹੁਤ ਸਾਰੇ ਲਾਭ ਹਨ, ਉਨ੍ਹਾਂ ਵਿੱਚੋਂ ਕੁਝ ਕੁ ਦੀ ਸੰਖੇਪ ਵਿਆਖਿਆ ਹੇਠਾਂ ਦਿੱਤੀ ਗਈ ਹੈ :-
੧. ਨਾਮ ਨਾਲ ਤੁਸੀਂ ਵਿਆਖਿਆ ਤੋਂ ਪਰੇ ਚਲੇ ਜਾਂਦੇ ਹੋ:
ਕਿਨਕਾ ਏਕ ਜਿਸੁ ਜੀਅ ਬਸਾਵੈ ॥ ਤਾਂ ਕੀ ਮਹਿਮਾ ਗਨੀ ਨ ਆਵੈ ॥
(ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ੨੬੨)
ਨਾਮ ਦੀ ਮਹਿਮਾ ਅਨੰਤ ਹੈ। ਨਾਮ ਦੀ ਮਹਿਮਾ ਆਪ ਅਕਾਲ ਪੁਰਖ ਦੀ ਤਰ੍ਹਾਂ ਅਗੰਮ, ਅਪਾਰ, ਅਨੰਤ ਅਤੇ ਬੇਅੰਤ ਹੈ। ਨਾਮ ਬ੍ਰਹਿਮੰਡ ਦਾ ਮੂਲ ਅਧਾਰ ਹੈ। ਇਹ ਅਕਾਲ ਪੁਰਖ ਦਾ ਆਦਿ ਜੁਗਾਦਿ ਨਾਮ ਹੈ, ਜੋ ਉਸ ਦੁਆਰਾ ਆਪ ਹੀ ਰਚਿਆ ਗਿਆ ਹੈ। ਜੇਕਰ ਕੋਈ ਇੱਕ ਕਿਣਕਾ ਵੀ ਨਾਮ ਦਾ ਹਿਰਦੇ ਵਿੱਚ ਸਮਾ ਲੈਂਦਾ ਹੈ, ਤਦ ਐਸੀ ਰੂਹ ਦੀ ਵਿਆਖਿਆ ਅਸੰਭਵ ਹੋ ਜਾਂਦੀ ਹੈ। ਕਿਉਂਕਿ ਐਸੀ ਰੂਹ ਸੰਤ ਹਿਰਦਾ ਬਣ ਜਾਂਦੀ ਹੈ ਅਤੇ ਆਪ ਸਰਵ ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਤਰ੍ਹਾਂ ਅਨੰਤ ਬਣ ਜਾਂਦੀ ਹੈ। ਐਸੀ ਰੂਹ ਪ੍ਰਗਟਿਓ ਜੋਤ ਬ੍ਰਹਮ ਗਿਆਨੀ ਅਤੇ ਇੱਕ ਪੂਰਨ ਸੰਤ, ਇੱਕ ਪੂਰਨ ਖ਼ਾਲਸਾ ਬਣ ਜਾਂਦੀ ਹੈ। ਨਾਮ ਸਿਮਰਨ ਸਾਡੇ ਲਈ ਸਰਵ ਉੱਚ ਪੱਧਰ ਦੀਆਂ ਖੁਸ਼ੀਆਂ ਲੈ ਕੇ ਆਉਂਦਾ ਹੈ। ਸਾਡੇ ਸਾਰੇ ਦੁੱਖ ਅਲੋਪ ਹੋ ਜਾਂਦੇ ਹਨ ਅਤੇ ਅਸੀਂ ਪੂਰੀ ਤਰ੍ਹਾਂ ਨਾਲ ਖੁਸ਼ੀਆਂ ਅਤੇ ਸਦਾ ਸਦਾ ਹੀ ਆਨੰਦ ਮਾਣਦੇ ਹਾਂ।
੨. ਨਾਮ ਨਾਲ ਜਨਮ ਮਰਨ ਦੇ ਚੱਕਰ ਤੋਂ ਮੁਕਤੀ – ਜੀਵਨ ਮੁਕਤੀ ਪ੍ਰਾਪਤ ਹੁੰਦੀ ਹੈ:
ਸਭ ਤੋਂ ਉੱਚੇ ਪੱਧਰ ਦਾ ਦੁੱਖ ਜਨਮ ਮਰਨ ਦੇ ਚੱਕਰ ਵਿੱਚ ਫਸੇ ਰਹਿਣਾ ਹੈ। ਅਸੀਂ ਸਾਰੇ ਇਸ ਚੱਕਰ ਵਿੱਚ ਬਹੁਤ ਲੰਬੇ ਸਮੇਂ ਤੋਂ ਸ਼ਾਮਿਲ ਹਾਂ। ਅਸੀਂ ਅਣਗਿਣਤ ਵਾਰ ਹੀ ਜਨਮ ਅਤੇ ਮੌਤ ਅਤੇ ੮੪ ਲੱਖ ਜੂਨੀਆਂ ਦੇ ਚੱਕਰ ਵਿਚੋਂ ਲੰਘ ਚੁੱਕੇ ਹਾਂ। ਨਾਮ ਸਿਮਰਨ ਇੱਕੋ ਇੱਕ ਸ਼ਕਤੀ ਹੈ, ਜਿਹੜੀ ਸਾਨੂੰ ਜਨਮ ਮਰਨ ਦੇ ਚੱਕਰ ਦੇ ਦੁੱਖ ਵਿਚੋਂ ਕੱਢ ਸਕਦੀ ਹੈ। ਇਸ ਦਾ ਭਾਵ ਹੈ ਕਿ ਅਸੀਂ ਮੁਕਤੀ – ਜੀਵਨ ਮੁਕਤੀ ਕੇਵਲ ਨਾਮ ਸਿਮਰਨ ਰਾਹੀਂ ਪਾ ਸਕਦੇ ਹਾਂ। ਕੇਵਲ ਨਾਮ ਦਾ ਗੁਰ ਪ੍ਰਸਾਦਿ ਹੀ ਸਾਡੇ ਜਨਮ ਮਰਨ ਦੇ ਬੰਧਨਾਂ ਨੂੰ ਤੋੜ ਸਕਦਾ ਹੈ। ਕੇਵਲ ਨਾਮ ਦਾ ਗੁਰ ਪ੍ਰਸਾਦਿ ਹੀ ਸਾਨੂੰ ਕਰਮ ਦੇ ਵਿਧਾਨ ਵਿੱਚੋਂ ਕੱਢ ਕੇ ਸਾਡੇ ਸਾਰੇ ਪਿੱਛਲੇ ਕਰਮਾਂ ਦੇ ਬੰਧਨਾਂ ਨੂੰ ਤੋੜ ਸਕਦਾ ਹੈ।
੩. ਨਾਮ ਨਾਲ ਮੌਤ ਦਾ ਡਰ ਖ਼ਤਮ ਹੋ ਜਾਂਦਾ ਹੈ:
ਸਭ ਤੋਂ ਵੱਡਾ ਡਰ ਮੌਤ ਦਾ ਡਰ ਹੈ। ਇਹ ਪੂਰਨ ਬ੍ਰਹਿਮੰਡੀ ਸਤਿ ਤੱਤ ਤੱਥ ਹੈ ਜਿਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਐਸਾ ਡਰ ਕੇਵਲ ਨਾਮ ਸਿਮਰਨ ਨਾਲ ਹੀ ਖਤਮ ਹੁੰਦਾ ਹੈ। ਅਸਲ ਵਿੱਚ ਜਦੋਂ ਤੁਸੀਂ ਡੂੰਘੇ ਧਿਆਨ – ਸਮਾਧੀ ਅਤੇ ਸੁੰਨ ਸਮਾਧੀ ਵਿੱਚ ਜਾਂਦੇ ਹੋ ਤਾਂ ਤੁਸੀਂ ਸ਼ਰੀਰ ਨੂੰ ਛੱਡ ਕੇ ਸ਼ਰੀਰ ਤੋਂ ਬਾਹਰ ਜਾਣ ਦਾ ਅਨੁਭਵ ਕਰਦੇ ਹੋ ਅਤੇ ਰੂਹ ਦੀ ਬ੍ਰਹਿਮੰਡ ਦੇ ਹੋਰ ਹਿੱਸਿਆਂ ਦੀ ਯਾਤਰਾ ਦੇ ਅਨੁਭਵ ਪ੍ਰਾਪਤ ਕਰਦੇ ਹੋ। ਐਸੇ ਅਨੁਭਵਾਂ ਦੌਰਾਨ ਅਸਲ ਵਿੱਚ ਰੂਹ ਸ਼ਰੀਰ ਨੂੰ ਛੱਡ ਕੇ ਜਾਂਦੀ ਹੈ ਅਤੇ ਰੂਹਾਨੀ ਅਵਸਥਾ ਦੇ ਅਧਾਰ ਤੇ ਬ੍ਰਹਿਮੰਡ ਦੀਆਂ ਵੱਖ-ਵੱਖ ਸਲਤਨਤਾਂ ਵਿੱਚੋਂ ਲੰਘਦੀ ਹੈ ਅਤੇ ਉੱਚ ਰੂਹਾਨੀ ਸੰਸਾਰ ਦੇ ਹੋਰ ਖੰਡਾਂ ਨੂੰ ਦੇਖਦੀ ਹੈ। ਇਹ ਅਨੁਭਵ ਤੁਹਾਨੂੰ ਅਹਿਸਾਸ ਦਿਵਾਉਂਦੇ ਹਨ ਕਿ ਜਦੋਂ ਤੁਸੀਂ ਸ਼ਰੀਰਕ ਤੌਰ ਤੇ ਮਰ ਜਾਵੋਗੇ ਤਦ ਤੁਹਾਡੀ ਰੂਹ ਤੁਹਾਡੀ ਸ਼ਰੀਰਕ ਮੌਤ ਤੋਂ ਬਾਅਦ ਕਿੱਥੇ ਹੋਵੇਗੀ। ਇਸ ਕਰਕੇ ਹੀ ਸੰਤ ਅਤੇ ਬ੍ਰਹਮ ਗਿਆਨੀ ਪਹਿਲਾਂ ਹੀ ਜਾਣ ਲੈਂਦੇ ਹਨ ਕਿ ਮੌਤ ਤੋਂ ਬਾਅਦ ਉਨ੍ਹਾਂ ਦੀਆਂ ਰੂਹਾਂ ਨਾਲ ਕੀ ਵਾਪਰੇਗਾ।
੪. ਨਾਮ ਨਾਲ ਮਾਇਆ ਉੱਪਰ ਜਿੱਤ ਪ੍ਰਾਪਤ ਹੁੰਦੀ ਹੈ :
ਨਾਮ ਸਿਮਰਨ ਵਿੱਚ ਇੰਨ੍ਹੀ ਪਰਮ ਸ਼ਕਤੀ ਹੈ ਕਿ ਇਹ ਸਾਨੂੰ ਸਾਡੇ ਸਾਰੇ ਦੁਸ਼ਮਨਾਂ ਤੋਂ ਬਚਾਉਂਦਾ ਹੈ – ਅਤੇ ਸਾਡੇ ਦੁਸ਼ਮਨ ਕਿਹੜੇ ਹਨ ? ਇਹ ਪੰਜ ਦੂਤ ਹਨ – ਕਾਮ, ਕ੍ਰੋਧ, ਲੋਭ, ਮੋਹ, ਅਤੇ ਅਹੰਕਾਰ, ਜਿਹੜੇ ਕਿ ਸਭ ਤੋਂ ਡੂੰਘੀਆਂ ਮਾਨਸਿਕ ਬਿਮਾਰੀਆਂ ਹਨ। ਇਸ ਦੇ ਨਾਲ ਹੀ ਨਾਮ ਸਿਮਰਨ ਸਾਨੂੰ ਹੋਰ ਸਾਰੇ ਮਾਨਸਿਕ ਵਿਨਾਸ਼ਕਾਰੀ ਵਿਕਾਰਾਂ: ਆਸਾ, ਤ੍ਰਿਸ਼ਨਾ ਅਤੇ ਮਨਸ਼ਾ, ਨਿੰਦਿਆ, ਚੁਗਲੀ, ਬਖੀਲੀ, ਰਾਜ, ਜੋਬਨ, ਧਨ, ਮਾਲ, ਰੂਪ, ਰਸ, ਗੰਧ, ਸ਼ਬਦ, ਸਪਰਸ਼ ਤੋਂ ਮੁਕਤ ਕਰਦਾ ਹੈ। ਨਾਮ ਸਾਡੇ ਹਿਰਦੇ ਨੂੰ ਇਨ੍ਹਾਂ ਸਾਰੀਆਂ ਡੂੰਘੀਆਂ ਘਾਤਕ ਮਾਨਸਿਕ ਬਿਮਾਰੀਆਂ ਤੋਂ ਬਚਾਉਣ ਦਾ ਨੁਸਖ਼ਾ ਹੈ। ਸਾਡੀ ਰੂਹ ਦੇ ਇਹ ਸਾਰੇ ਦੁਸ਼ਮਨ ਸਾਡੇ ਅਤੇ ਸਰਵ ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਵਿਚਕਾਰ ਅੜਿੱਕਾ ਬਣੇ ਹੋਏ ਹਨ। ਨਾਮ ਸਿਮਰਨ ਇਨ੍ਹਾਂ ਦੁਸ਼ਮਨਾਂ ਨੂੰ ਮਾਰਨ ਲਈ ਸਭ ਤੋਂ ਵੱਡਾ ਅਤੇ ਸ਼ਕਤੀਸ਼ਾਲੀ ਦਰਗਾਹੀ ਹਥਿਆਰ ਹੈ। ਇਹ ਦੁਸ਼ਮਨ ਸੱਚਖੰਡ ਦੇ ਰਸਤੇ ਵੱਲ ਵੱਡੀ ਰੋਕ ਹਨ ਅਤੇ ਨਾਮ ਸਿਮਰਨ ਇਨ੍ਹਾਂ ਰੋਕਾਂ ਨੂੰ ਦੂਰ ਕਰ ਦਿੰਦਾ ਹੈ। ਸਾਡੇ ਮਨ ਨੂੰ ਚੇਤੰਨ ਅਤੇ ਐਸੇ ਦੁਸ਼ਮਨਾਂ ਦੇ ਪ੍ਰਭਾਵ ਅਧੀਨ ਕਰਮ ਕਰਨ ਤੋਂ ਰੋਕੀ ਰੱਖ ਕੇ ਨਾਮ ਸਿਮਰਨ ਸਾਨੂੰ ਇਨ੍ਹਾਂ ਤੋਂ ਬਚਾਈ ਰੱਖਦਾ ਹੈ। ਸਾਡਾ ਮਨ ਹਰ ਵੇਲੇ ਚੇਤੰਨ ਰਹਿੰਦਾ ਹੈ। ਅਸੀਂ ਦਿਨ ਪ੍ਰਤੀ ਦਿਨ ਦੀਆਂ ਕ੍ਰਿਆਵਾਂ ਵਿੱਚ ਇਨ੍ਹਾਂ ਵਿਨਾਸ਼ਕਾਰੀ ਦੁਸ਼ਮਨਾਂ ਨੂੰ ਨਜਿੱਠਣ ਦੇ ਯੋਗ ਹੋ ਜਾਂਦੇ ਹਾਂ। ਇਸ ਤਰ੍ਹਾਂ ਉਨ੍ਹਾਂ ਨੂੰ ਹਰ ਵੇਲੇ ਹਰਾ ਕੇ ਜਦ ਵੀ ਉਹ ਸਾਨੂੰ ਧੋਖਾ ਦੇਣ ਦਾ ਯਤਨ ਕਰਦੇ ਹਨ ਅਤੇ ਸਾਡੇ ਕੋਲੋਂ ਅੰਮ੍ਰਿਤ ਚੁਰਾਉਣ ਦਾ ਯਤਨ ਕਰਦੇ ਹਨ ਅਸੀਂ ਉਨ੍ਹਾਂ ਨੂੰ ਹਰਾ ਦਿੰਦੇ ਹਾਂ।
੫. ਨਾਮ ਨਾਲ ਮਨ ਉੱਪਰ ਜਿੱਤ ਪ੍ਰਾਪਤ ਹੁੰਦੀ ਹੈ :
ਤੁਹਾਡਾ ਮਨ ਤੁਹਾਡੀਆਂ ਸਾਰੀਆਂ ਪੰਜ ਇੰਦਰੀਆਂ ਨੂੰ ਚਲਾਉਂਦਾ ਹੈ, ਅਤੇ ਤੁਹਾਡਾ ਮਨ ਆਪਣੀ ਸਿਆਣਪ ਨਾਲ ਚਲਾਇਆ ਜਾਂਦਾ ਹੈ। ਤੁਹਾਡੀ ਆਪਣੀ ਸਿਆਣਪ ਮਾਇਆ ਦੇ ਤਿੰਨ ਗੁਣਾਂ : ਰਜੋ, ਤਮੋ ਅਤੇ ਸਤੋ ਅਧੀਨ ਚਲਾਈ ਜਾਂਦੀ ਹੈ। ਮਾਇਆ ਉੱਪਰ ਜਿੱਤ ਪਾਉਣ ਨਾਲ ਰੂਹ ਮਾਇਆ ਦੇ ਚੁੰਗਲ ਤੋਂ ਪਰ੍ਹੇ ਚਲੀ ਜਾਂਦੀ ਹੈ। ਇਹ ਮਾਇਆ ਦੇ ਸੰਗਲ਼ਾਂ ਤੋਂ ਮੁਕਤ ਹੋ ਜਾਂਦੀ ਹੈ ਅਤੇ ਤੁਹਾਡਾ ਮਨ ਬ੍ਰਹਮ ਗਿਆਨ ਦੇ ਅਧੀਨ ਆ ਜਾਂਦਾ ਹੈ। ਅਸਲ ਵਿੱਚ ਤੁਹਾਡੀ ਆਪਣੀ ਮਤਿ ਅਤੇ ਮਨ ਖਤਮ ਹੋ ਜਾਂਦੇ ਹਨ ਜਦੋਂ ਤੁਸੀਂ ਰੂਹਾਨੀ ਸ਼ਿਖਰਾਂ ਤੇ ਪਹੁੰਚਦੇ ਹੋ। ਤਦ ਤੁਹਾਡੀਆਂ ਸਾਰੀਆਂ ਪੰਜ ਇੰਦਰੀਆਂ ਸਿੱਧੇ ਬ੍ਰਹਮਤਾ ਦੇ ਅਧੀਨ ਆ ਜਾਂਦੀਆਂ ਹਨ ਅਤੇ ਬ੍ਰਹਮ ਗਿਆਨ ਤੁਹਾਡੀਆਂ ਪੰਜ ਇੰਦਰੀਆਂ ਨੂੰ ਚਲਾਉਂਦਾ ਹੈ। ਇਹ ਹੁਣ ਮਇਆ ਦੇ ਅਧੀਨ ਨਹੀਂ ਰਹਿੰਦੀਆਂ। ਇਹ ਮਾਇਆ ਤੋਂ ਮੁਕਤੀ ਹੈ। ਆਪਣੇ ਮਨ ਉੱਪਰ ਕਾਬੂ ਪਾਉਣ ਨਾਲ ਤੁਸੀਂ ਆਪਣੇ ਮਨ ਨੂੰ ਪਰਮ ਜੋਤ ਵਿੱਚ ਬਦਲ ਲੈਂਦੇ ਹੋ।
ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ ॥
(ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ੪੪੧)
੬. ਨਾਮ ਨਾਲ ਸਾਰੇ ਭਰਮ ਅਤੇ ਭੁਲੇਖੇ ਖ਼ਤਮ ਹੋ ਜਾਂਦੇ ਹਨ :
ਭਰਮ, ਭੁਲੇਖੇ, ਵਿਚਲਨ, ਸ਼ੱਕ, ਅਤੇ ਸਾਰੀਆਂ ਨਾ ਪੱਖੀ ਸ਼ਕਤੀਆਂ ਜੋ ਤੁਹਾਡੇ ਮਨ ਨੂੰ ਅਤੇ ਰੂਹ ਨੂੰ ਚਲਾ ਰਹੀਆਂ ਹਨ ਨਾਮ ਸਿਮਰਨ ਕਰਨ ਨਾਲ ਖਤਮ ਹੋ ਜਾਂਦੀਆਂ ਹਨ। ਤੁਹਾਡਾ ਮਨ ਸਥਿਰ ਬਣਨਾ ਸ਼ੁਰੂ ਹੁੰਦਾ ਹੈ ਅਤੇ ਹੌਲੀ ਹੌਲੀ ਤੁਸੀਂ ਸਾਰੀਆਂ ਸਥਿਤੀਆਂ ਉੱਪਰ ਕਾਬੂ ਪਾ ਲੈਂਦੇ ਹੋ ਜੋ ਤੁਹਾਡੇ ਮਨ ਨੂੰ ਵਿਚਲਿਤ ਕਰਦੀਆਂ ਹਨ। ਤੁਹਾਡੇ ਮਨ ਦੀ ਇਕਾਗਰਤਾ ਤੁਹਾਡੀ ਰੂਹ ਦੇ ਵਿਕਾਸ ਨਾਲ ਵੱਧ ਜਾਂਦੀ ਹੈ ਅਤੇ ਫਲਸਰੂਪ ਤੁਸੀਂ ਸਾਰੇ ਤਰ੍ਹਾਂ ਦੇ ਭਰਮਾਂ ਅਤੇ ਵਿਚਲਨ ਕਰਨ ਵਾਲੀਆਂ ਵਿਨਾਸ਼ਕਾਰੀ ਸ਼ਕਤੀਆਂ ਤੋਂ ਮੁਕਤ ਹੋ ਜਾਂਦੇ ਹੋ।
੭. ਨਾਮ ਸਾਨੂੰ ਨਿਰਭਉ ਬਣਾਉਂਦਾ ਹੈ :
ਨਾਮ ਸਿਮਰਨ ਸਾਨੂੰ ਦਿਨ ਪ੍ਰਤੀ ਦਿਨ ਦੀਆਂ ਕ੍ਰਿਆਵਾਂ ਵਿੱਚ ਨਿਰਭਉ ਬਣਾਉਂਦਾ ਹੈ। ਨਾਮ ਸਿਮਰਨ ਨਾਲ ਅਸੀਂ ਆਪਣੇ ਆਪ, ਹੋਰਾਂ ਨਾਲ ਅਤੇ ਸਰਵ ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਪੂਰਨ ਸਚਿਆਰੇ ਬਣ ਜਾਂਦੇ ਹਾਂ। ਸਾਨੂੰ ਸਤਿ ਬੋਲਣ, ਸਤਿ ਸੁਣਨ, ਸਤਿ ਦੀ ਸੇਵਾ ਕਰਨ ਅਤੇ ਸਤਿ ਵਰਤਾਉਣ ਦੀ ਪਰਮ ਸ਼ਕਤੀ ਮਿਲਦੀ ਹੈ। ਅਸੀਂ ਸਤਿ ਬੋਲਣ ਅਤੇ ਸਤਿ ਵਰਤਾਉਣ ਤੋਂ ਡਰਦੇ ਨਹੀਂ ਹਾਂ। ਅਸੀਂ ਸਤਿ ਅਤੇ ਅਸਤਿ ਵਿਚਲੇ ਫਰਕ ਨੂੰ ਪਹਿਚਾਣਨਾ ਸ਼ੁਰੂ ਕਰਦੇ ਹਾਂ, ਅਤੇ ਆਪਣੇ ਆਪ ਨੂੰ ਅਸਤਿ ਕਰਨੀਆਂ ਤੋਂ ਬਚਾ ਲੈਂਦੇ ਹਾਂ। ਅਸੀਂ ਅਸਤਿ ਦੇ ਭਾਰ ਤੋਂ ਮੁਕਤ ਹੋ ਜਾਂਦੇ ਹਾਂ। ਅਸੀਂ ਮਾਇਆ ਦੇ ਮੋਹ ਤੋਂ ਮੁਕਤ ਹੋ ਜਾਂਦੇ ਹਾਂ। ਭਾਵ ਅਸੀਂ ਸੰਸਾਰਕ ਅਤੇ ਪਰਿਵਾਰਕ ਮੋਹ ਤੋਂ ਮੁਕਤ ਹੋ ਜਾਂਦੇ ਹਾਂ। ਇੱਥੇ ਇਹ ਪਰਮ ਸਤਿ ਤੱਤ ਤੱਥ ਦ੍ਰਿੜ੍ਹ ਕਰਨਾ ਬਹੁਤ ਜ਼ਰੂਰੀ ਹੈ ਕਿ ਕੇਵਲ ਉਹ ਮਨੁੱਖ ਜੋ ਕਿ ਸੰਸਾਰਕ ਅਤੇ ਪਰਿਵਾਰਕ ਮੋਹ ਤੋਂ ਮੁਕਤ ਹੁੰਦਾ ਹੈ ਕੇਵਲ ਐਸਾ ਮਨੁੱਖ ਹੀ ਸਤਿ ਬੋਲ ਸਕਦਾ ਹੈ, ਸਤਿ ਸੁਣ ਸਕਦਾ ਹੈ, ਸਤਿ ਦੀ ਸੇਵਾ ਕਰ ਸਕਦਾ ਹੈ ਅਤੇ ਸਤਿ ਵਰਤਾ ਸਕਦਾ ਹੈ ਕਿਉਂਕਿ ਉਹ ਮਨੁੱਖ ਨਿਰਭਉ ਹੋ ਜਾਂਦਾ ਹੈ। ਇਸ ਲਈ ਪੂਰਨ ਸਚਿਆਰੀ ਰਹਿਤ ਕੇਵਲ ਉਸ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ ਜੋ ਨਿਰਭਉ ਹੋ ਜਾਂਦਾ ਹੈ ਅਤੇ ਪੂਰਨ ਸਤਿ ਵਰਤਾਉਂਦਾ ਹੈ।
੮. ਨਾਮ ਨਾਲ ਸਾਰੇ ਦੁੱਖਾਂ, ਕਲੇਸ਼ਾਂ ਅਤੇ ਰੋਗਾਂ ਦਾ ਅੰਤ ਹੋ ਜਾਂਦਾ ਹੈ :
ਸਰਬ ਰੋਗ ਕਾ ਅਉਖਦੁ ਨਾਮੁ ॥
(ਸ੍ਰੀ ਗੁਰੂ ਗ੍ਰੰਥ ਸਾਹਿਬ- ੨੭੪)
ਨਾਮ ਸਿਮਰਨ ਸਾਡੀ ਜ਼ਿੰਦਗੀ ਵਿੱਚੋਂ ਸਾਰੇ ਦੁੱਖਾਂ ਕਲੇਸ਼ਾਂ ਨੂੰ ਖਤਮ ਕਰ ਦਿੰਦਾ ਹੈ। ਅਸੀਂ ਮਾਨਸਿਕ ਤੌਰ ਤੇ ਇੰਨ੍ਹੇ ਸ਼ਕਤੀਸ਼ਾਲੀ ਹੋ ਜਾਂਦੇ ਹਾਂ ਕਿ ਅਸੀਂ ਹਰ ਤਰ੍ਹਾਂ ਦੇ ਦੁੱਖਾਂ ਅਤੇ ਘਾਤਕ ਬਿਮਾਰੀਆਂ ਨੂੰ ਸਹਿਣ ਦੇ ਯੋਗ ਹੋ ਜਾਂਦੇ ਹਾਂ। ਸਾਡੇ ਸਾਰੇ ਮਾਨਸਿਕ ਰੋਗਾਂ ਦਾ ਅੰਤ ਹੋ ਜਾਂਦਾ ਹੈ। ਭਾਵ ਸਾਡਾ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਤ੍ਰਿਸ਼ਨਾ, ਰਾਜ, ਜੋਬਨ, ਧਨ, ਮਾਲ, ਰੂਪ, ਰਸ, ਗੰਧ, ਸ਼ਬਦ, ਸਪਰਸ਼, ਨਿੰਦਿਆ, ਚੁਗਲੀ, ਬਖੀਲੀ, ਈਰਖਾ, ਰਾਗ, ਦਵੈਸ਼ ਵਰਗੇ ਘਾਤਕ ਮਾਨਸਿਕ ਰੋਗਾਂ ਤੋਂ ਛੁਟਕਾਰਾ ਹੋ ਜਾਂਦਾ ਹੈ। ਸਾਰੇ ਅਵਗੁਣ ਅਤੇ ਪਾਪਾਂ ਦਾ ਅੰਤ ਹੋ ਜਾਂਦਾ ਹੈ ਅਤੇ ਹਿਰਦਾ ਸਾਰੇ ਬ੍ਰਹਮ ਗੁਣਾਂ ਨਾਲ ਭਰਪੂਰ ਹੋ ਜਾਂਦਾ ਹੈ।
੯. ਨਾਮ ਨਾਲ ਅਸੀਂ ਨਿਰਵੈਰ ਬਣ ਜਾਂਦੇ ਹਾਂ :
ਸਾਡਾ ਹਿਰਦਾ ਈਰਖਾ, ਰਾਗ, ਦਵੈਸ਼, ਨਫ਼ਰਤ ਵਰਗੇ ਵਿਨਾਸ਼ਕਾਰੀ ਵਿਕਾਰਾਂ ਤੋਂ ਮੁਕਤ ਹੋ ਜਾਂਦਾ ਹੈ। ਸਾਨੂੰ ਸਾਰੀ ਰਚਨਾ ਵਿੱਚ ਨਿਰਗੁਣ ਦੀ ਪਰਮ ਸ਼ਕਤੀ ਵਰਤਦੀ ਪ੍ਰਤੱਖ ਨਜ਼ਰ ਆਉਣ ਲੱਗ ਪੈਂਦੀ ਹੈ। ਸਾਨੂੰ ਸਰਗੁਣ ਵਿੱਚ ਨਿਰਗੁਣ ਦੇ ਦਰਸ਼ਨ ਹੋ ਜਾਂਦੇ ਹਨ। ਸਾਡੇ ਲਈ ਨਿਰਗੁਣ ਅਤੇ ਸਰਗੁਣ ਇੱਕ ਹੋ ਜਾਂਦਾ ਹੈ। ਸਾਡਾ ਹਿਰਦਾ ਬੇਅੰਤ ਪ੍ਰੀਤ ਵਿੱਚ ਓਤਪੌਤ ਹੋ ਜਾਂਦਾ ਹੈ। ਕੇਵਲ ਪਿਆਰ ਹੀ ਪਿਆਰ ਰਹਿ ਜਾਂਦਾ ਹੈ। ਸਾਰੀ ਸ੍ਰਿਸ਼ਟੀ ਦੀ ਹਰ ਇੱਕ ਰਚਨਾ ਨਾਲ ਕੇਵਲ ਪਿਆਰ ਹੀ ਪਿਆਰ ਪ੍ਰਗਟ ਹੋ ਜਾਂਦਾ ਹੈ। ਅਸੀਂ ਏਕਿ ਦ੍ਰਿਸ਼ਟ ਬਣ ਜਾਂਦੇ ਹਾਂ ਅਤੇ ਸ਼ੁੱਧ ਅਤੇ ਪਵਿੱਤਰ ਖੁਸ਼ੀਆਂ – ਸਤਿ ਚਿੱਤ ਆਨੰਦ – ਨੂੰ ਮਾਣਦੇ ਹਾਂ – ਜਿਹੜਾ ਕਿ ਪਰਮ ਜੋਤ ਪੂਰਨ ਪ੍ਰਕਾਸ਼ – ਅਕਾਲ ਪੁਰਖ ਦਾ ਨਿਰਗੁਣ ਸਰੂਪ ਹੈ।
੧੦. ਨਾਮ ਨਾਲ ਸਾਨੂੰ ਦਰਗਾਹੀ ਅਨਾਦਿ ਖਜ਼ਾਨੇ ਪ੍ਰਾਪਤ ਹੋ ਜਾਂਦੇ ਹਨ :
ਨਾਮ ਸਿਮਰਨ ਸਾਰੇ ਅਨਾਦਿ ਖਜ਼ਾਨੇ ਅਤੇ ਪਰਮ ਅਲੌਕਿਕ ਸ਼ਕਤੀਆਂ – ਜੋ ਨੌਂ ਰਿੱਧੀਆਂ ਅਤੇ ੧੮ ਸਿੱਧੀਆਂ ਨੂੰ ਮਿਲਾ ਕੇ ਬਣਦੀਆਂ ਹਨ, ਨੂੰ ਸਾਡੇ ਚਰਨਾਂ ਵਿੱਚ ਲੈ ਕੇ ਆਉਂਦਾ ਹੈ। ਕ੍ਰਿਪਾ ਕਰਕੇ ਮਨ ਵਿੱਚ ਦ੍ਰਿੜ੍ਹ ਕਰ ਰੱਖੋ ਕਿ ਇਹ ਖਜ਼ਾਨੇ ਸਾਨੂੰ ਹਰ ਤਰ੍ਹਾਂ ਦੀਆਂ ਸ਼ਕਤੀਆਂ – ਕਰਾਮਾਤਾਂ ਕਰਨ ਦੀ ਤਾਕਤ ਦਿੰਦੀਆਂ ਹਨ, ਜਿਹੜੇ ਵੱਡੀ ਗਿਣਤੀ ਲੋਕਾਂ ਨੂੰ ਸਾਡੇ ਵੱਲ ਖਿੱਚਦੇ ਹਨ। ਇਨ੍ਹਾਂ ਸ਼ਕਤੀਆਂ ਦੀ ਵਰਤੋਂ ਕਰਕੇ ਅਸੀਂ ਲੋਕਾਂ ਦੀਆਂ ਸੰਸਾਰਕ ਇੱਛਾਵਾਂ ਪੂਰੀਆਂ ਕਰ ਸਕਦੇ ਹਾਂ, ਮਸ਼ਹੂਰ ਹੋ ਸਕਦੇ ਹਾਂ, ਬਹੁਤ ਸਾਰਾ ਧਨ ਬਣਾ ਸਕਦੇ ਹਾਂ ਅਤੇ ਹਰ ਤਰ੍ਹਾਂ ਦੇ ਸੰਸਾਰਕ ਸੁੱਖ ਅਰਾਮ ਪ੍ਰਾਪਤ ਕਰ ਸਕਦੇ ਹਾਂ। ਪਰ ਮਨ ਵਿੱਚ ਦ੍ਰਿੜ੍ਹ ਰੱਖੋ ਕਿ ਜੇਕਰ ਅਸੀਂ ਇਨ੍ਹਾਂ ਸ਼ਕਤੀਆਂ ਦੀ ਵਰਤੋਂ ਇੱਕ ਵਾਰ ਵੀ ਕਰਦੇ ਹਾਂ ਤਦ ਸਾਡਾ ਰੂਹਾਨੀ ਵਿਕਾਸ ਉੱਥੇ ਹੀ ਰੁਕ ਜਾਂਦਾ ਹੈ ਅਤੇ ਤਦ ਅਸੀਂ ਕਦੀ ਵੀ ਮੁਕਤੀ ਪ੍ਰਾਪਤ ਕਰਨ ਦੇ ਯੋਗ ਨਹੀਂ ਰਹਿੰਦੇ। ਜੋ ਮਨੁੱਖ ਇਨ੍ਹਾਂ ਸ਼ਕਤੀਆਂ ਦੀ ਵਰਤੋਂ ਨਿਜੀ ਸਵਾਰਥ ਲਈ ਕਰਦੇ ਹਨ ਉਹ ਮਨੁੱਖ ਅਕਾਲ ਪੁਰਖ ਦੇ ਸ਼ਰੀਕ ਬਣ ਜਾਂਦੇ ਹਨ। ਜਦ ਤੁਸੀਂ ਬੰਦਗੀ ਦੀਆਂ ਉੱਚ ਅਵਸਥਾਵਾਂ ਵਿੱਚ ਪਹੁੰਚਦੇ ਹੋ ਤਦ ਅਕਾਲ ਪੁਰਖ ਆਪ ਇਨ੍ਹਾਂ ਸ਼ਕਤੀਆਂ ਦੀ ਵਰਤੋਂ ਤੁਹਾਡੇ ਲਈ ਕ੍ਰਿਸ਼ਮਿਆਂ ਦੇ ਰੂਪ ਵਿੱਚ ਕਰਦਾ ਹੈ। ਐਸੇ ਕ੍ਰਿਸ਼ਮੇ ਸਰਵ ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੁਆਰਾ ਗੁਰੂ ਸਾਹਿਬਾਨਾਂ ਦੇ ਸਮੇਂ ਬਹੁਤ ਵਾਰ ਕੀਤੇ ਗਏ। ਜਦ ਮਨੁੱਖ ਦੀ ਬੰਦਗੀ ਪੂਰਨ ਹੁੰਦੀ ਹੈ ਅਤੇ ਦਰਗਾਹ ਵਿੱਚ ਪਰਵਾਨ ਹੁੰਦੀ ਹੈ ਤਾਂ ਇਹ ਸਾਰੀਆਂ ਸ਼ਕਤੀਆਂ ਐਸੇ ਮਹਾ ਪੁਰਖਾਂ ਦੇ ਚਰਨਾਂ ਵਿੱਚ ਆ ਜਾਂਦੀਆਂ ਹਨ ਅਤੇ ਐਸੇ ਮਹਾ ਪੁਰਖਾਂ ਦੀ ਅਕਾਲ ਪੁਰਖ ਦੇ ਹੁਕਮ ਅਨੁਸਾਰ ਸੇਵਾ ਕਰਦੀਆਂ ਹਨ।
੧੧. ਨਾਮ ਨਾਲ ਪੂਰਨ ਬ੍ਰਹਮ ਗਿਆਨ ਅਤੇ ਪੂਰਨ ਤੱਤ ਗਿਆਨ ਦੀ ਪ੍ਰਾਪਤੀ ਹੁੰਦੀ ਹੈ :
ਨਾਮ ਸਿਮਰਨ ਸਾਡੇ ਅੰਦਰ ਬ੍ਰਹਮ ਗਿਆਨ ਅਤੇ ਬ੍ਰਹਮ ਸੂਝ ਲੈ ਕੇ ਆਉਂਦਾ ਹੈ। ਅਸੀਂ ਗੁਰਬਾਣੀ ਨੂੰ ਸੁਣਨਾ ਅਤੇ ਸਮਝਣਾ ਸ਼ੁਰੂ ਕਰ ਦਿੰਦੇ ਹਾਂ। ਇਹ ਹੋਰ ਅੱਗੇ ਸਾਨੂੰ ਗੁਰਬਾਣੀ ਦੀਆਂ ਸਿੱਖਿਆਵਾਂ ਦਾ ਅਭਿਆਸ ਸਾਡੇ ਰੋਜ਼ਾਨਾ ਜੀਵਨ ਵਿੱਚ ਕਰਨ ਲਈ ਉਤਸ਼ਾਹਿਤ ਕਰਦਾ ਹੈ। ਸਾਡਾ ਗੁਰੂ, ਗੁਰਬਾਣੀ ਅਤੇ ਅਕਾਲ ਪੁਰਖ ਤੇ ਭਰੋਸਾ ਅਤੇ ਦ੍ਰਿੜ੍ਹਤਾ ਵੱਧਦੀ ਜਾਂਦੀ ਹੈ। ਸਰਵ ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਹਰ ਤਰ੍ਹਾਂ ਦੀ ਪੂਜਾ ਅਤੇ ਭਗਤੀ ਨਾਮ ਸਿਮਰਨ ਵਿੱਚ ਸਮਾਈ ਹੈ। ਇਸਦਾ ਭਾਵ ਹੈ ਕਿ ਨਾਮ ਸਿਮਰਨ ਸਰਵ ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸਰਵ ਉੱਚ ਪੱਧਰ ਸੇਵਾ ਹੈ। ਇਸ ਤਰ੍ਹਾਂ ਕਰਨ ਨਾਲ ਸਾਨੂੰ ਇਹ ਬੋਧ ਹੋ ਜਾਂਦਾ ਹੈ ਅਤੇ ਸਾਡੇ ਅੰਦਰ ਇਹ ਪੱਕਾ ਹੋ ਜਾਂਦਾ ਹੈ ਕਿ ਕੋਈ ਵੀ ਸਰਵ ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਰਗਾ ਹੋਰ ਨਹੀਂ ਹੈ ਅਤੇ ਉਹ ਸਰਵ ਉੱਚ ਅਤੇ ਸਾਰੇ ਬ੍ਰਹਿਮੰਡ ਦਾ ਰਚਨਹਾਰ ਹੈ। ਸਾਡੇ ਵਿੱਚ ਸਰਵ ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਪ੍ਰਤੀ ਦ੍ਰਿੜ੍ਹਤਾ ਅਤੇ ਵਿਸ਼ਵਾਸ ਵਿਕਸਿਤ ਹੁੰਦਾ ਹੈ। ਸਾਡੇ ਸਾਰੇ ਬੱਜਰ ਕਪਾਟ ਖ਼ੁੱਲ੍ਹ ਜਾਂਦੇ ਹਨ। ਸਾਡਾ ਦਸਮ ਦੁਆਰ ਖ਼ੁੱਲ੍ਹ ਜਾਂਦਾ ਹੈ। ਸਾਡੇ ੭ ਸਤਿ ਸਰੋਵਰ ਪ੍ਰਕਾਸ਼ਮਾਨ ਹੋ ਜਾਂਦੇ ਹਨ। ਤ੍ਰਿਹ ਗੁਣ ਮਾਇਆ ਨੂੰ ਜਿੱਤ ਕੇ ਅਸੀਂ ਅਕਾਲ ਪੁਰਖ ਦੇ ਦਰਸ਼ਨ ਕਰਦੇ ਹਾਂ ਅਤੇ ਦਰਸ਼ਨਾਂ ਦੇ ਨਾਲ ਹੀ ਸਾਨੂੰ ਪੂਰਨ ਬ੍ਰਹਮ ਗਿਆਨ ਅਤੇ ਪੂਰਨ ਤੱਤ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ।
੧੨. ਨਾਮ ਨਾਲ ਅੰਦਰੂਨੀ ਤੀਰਥ ਯਾਤਰਾ ਪੂਰਨ ਹੁੰਦੀ ਹੈ :
ਅਸਲ ਤੀਰਥ ਯਾਤਰਾ ਅੰਦਰੂਨੀ ਤੀਰਥ ਯਾਤਰਾ ਹੈ ਅਤੇ ਇਹ ਨਾਮ ਸਿਮਰਨ ਨਾਲ ਵਾਪਰਦੀ ਹੈ। ਇਸ ਦਾ ਭਾਵ ਹੈ ਕਿ ਜਦ ਅਸੀਂ ਸਮਾਧੀ ਵਿੱਚ ਨਾਮ ਸਿਮਰਨ ਦੀਆਂ ਵੱਖ-ਵੱਖ ਅਵਸਥਾਵਾਂ ਵਿੱਚੋਂ ਲੰਘਦੇ ਹਾਂ, ਜਦ ਅਸੀਂ ਰੂਹਾਨੀਅਤ ਦੀਆਂ ਵੱਖ-ਵੱਖ ਅਵਸਥਾਵਾਂ ਜਿਵੇਂ ਜਪੁਜੀ ਵਿੱਚ ਬਿਆਨ ਕੀਤੀਆਂ ਗਈਆਂ ਹਨ – ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ, ਅਤੇ ਸੱਚ ਖੰਡ ਵਿੱਚੋਂ ਲੰਘਦੇ ਹਾਂ, ਤਦ ਅਸੀਂ ਬ੍ਰਹਮਤਾ, ਪੂਰਨ ਪ੍ਰਕਾਸ਼, ਗੁਰੂ ਦਰਸ਼ਨ, ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਦਰਸ਼ਨ ਅਤੇ ਸੱਚ ਖੰਡ ਦਰਸ਼ਨ ਦਾ ਅਨੁਭਵ ਕਰਦੇ ਹਾਂ। ਸਾਡਾ ਹਿਰਦਾ ਪੂਰਨ ਸਚਿਆਰੀ ਰਹਿਤ ਵਿੱਚ ਚਲਾ ਜਾਂਦਾ ਹੈ ਅਤੇ ਸਾਰੇ ਅਵਗੁਣਾਂ ਨੂੰ ਤਿਆਗ ਕੇ ਬ੍ਰਹਮ ਗੁਣਾਂ ਨਾਲ ਭਰਪੂਰ ਹੋ ਜਾਂਦਾ ਹੈ। ਹਿਰਦੇ ਦਾ ਪੂਰਨ ਸਚਿਆਰੀ ਰਹਿਤ ਵਿੱਚ ਆ ਜਾਣਾ ਹੀ ਅੰਦਰਲਾ ਤੀਰਥ ਅਤੇ ਅਸਲ ਤੀਰਥ ਯਾਤਰਾ ਹੈ। ਜਦ ਅਸੀਂ ਰੂਹਾਨੀਅਤ ਦੀਆਂ ਇਨ੍ਹਾਂ ਅਵਸਥਾਵਾਂ ਵਿੱਚੋਂ ਲੰਘਦੇ ਹਾਂ ਅਤੇ ਸਮਾਧੀ ਅਤੇ ਸੁੰਨ ਸਮਾਧੀ ਵਿੱਚ ਜਾਂਦੇ ਹਾਂ, ਅਸੀਂ ਦਰਗਾਹ ਦੁਆਰਾ ਸਰਵ ਸ਼ਕਤੀ ਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਇਸ ਸਰਵ ਉੱਚ ਸੇਵਾ ਲਈ ਪਰਵਾਣੇ ਜਾਂਦੇ ਹਾਂ। ਅਸੀਂ ਹਰ ਹਲਾਤਾਂ ਵਿੱਚ ਸਬਰ ਅਤੇ ਸੰਤੁਸ਼ਟੀ ਵਿੱਚ ਰਹਿੰਦੇ ਹਾਂ ਅਤੇ ਸਾਡੇ ਆਲੇ ਦੁਆਲੇ ਹੋ ਰਹੀ ਹਰ ਘੱਟਨਾ ਪਰਮਾਤਮਾ ਦਾ ਹੁਕਮ ਪ੍ਰਤੀਤ ਹੁੰਦੀ ਹੈ। ਇਸ ਦਾ ਭਾਵ ਹੈ ਕਿ ਅਸੀਂ ਅਕਾਲ ਪੁਰਖ ਦਾ ਹੁਕਮ ਪਹਿਚਾਨਣ ਦੇ ਯੋਗ ਹੋ ਜਾਂਦੇ ਹਾਂ। ਅਸੀਂ ਕਿਸੇ ਵੀ ਹਾਲਾਤ ਲਈ ਸ਼ਿਕਾਇਤ ਨਹੀਂ ਕਰਦੇ ਅਤੇ ਇਸ ਤਰ੍ਹਾਂ ਹਰ ਹਾਲਾਤ ਵਿੱਚ ਚੁੱਪ ਅਤੇ ਸ਼ਾਂਤ ਰਹਿੰਦੇ ਹਾਂ। ਇਸ ਤਰ੍ਹਾਂ ਕਰਨ ਨਾਲ ਅਸੀਂ ਆਪਣੇ ਰੂਹਾਨੀ ਮੰਤਵ ਪ੍ਰਾਪਤ ਕਰਨ ਦੇ ਯੋਗ ਹੋ ਜਾਂਦੇ ਹਾਂ। ਜਦ ਪੰਜੇ ਗਿਆਨ ਅਤੇ ਕਰਮ ਇੰਦਰੀਆਂ ਪੂਰਨ ਹੁਕਮ ਵਿੱਚ ਆ ਜਾਂਦੀਆਂ ਹਨ ਤਾਂ ਪਰਮ ਪੱਦਵੀ ਦੀ ਪ੍ਰਾਪਤੀ ਹੁੰਦੀ ਹੈ। ਇਸੇ ਲਈ ਗੁਰਬਾਣੀ ਵਿੱਚ ਇਹ ਪਰਮ ਸਤਿ ਤੱਤ ਨੂੰ ਸਪੱਸ਼ਟ ਕੀਤਾ ਗਿਆ ਹੈ:
ਹੁਕਮੁ ਬੂਝਿ ਪਰਮ ਪਦੁ ਪਾਈ ॥
(ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ੨੯੨)
ਨਾਮ ਸਿਮਰਨ ਅਨਮੋਲ ਦਾਤ ਹੈ ਜਿਹੜੀ ਸਾਨੂੰ ਅਕਾਲ ਪੁਰਖ ਦੀਆਂ ਬਖਸ਼ਿਸ਼ਾਂ ਨਾਲ ਮਿਲਦੀ ਹੈ, ਅਤੇ ਇਹ ਹੀ ਹੈ ਜੋ ਗੁਰਪ੍ਰਸਾਦਿ ਦਾ ਭਾਵ ਹੈ। ਨਾਮ ਸਿਮਰਨ ਨਾਲੋਂ ਕੋਈ ਵੀ ਕਰਮ ਉੱਚਾ ਨਹੀਂ ਹੈ। ਸਾਨੂੰ ਹਮੇਸ਼ਾਂ ਹੀ ਐਸੀਆਂ ਰੂਹਾਂ ਅੱਗੇ ਸੀਸ ਝੁਕਾਉਣਾ ਚਾਹੀਦਾ ਹੈ ਜਿਹੜੀਆਂ ਨਾਮ ਸਿਮਰਨ ਦੀ ਬਖਸ਼ਿਸ਼ ਵਿੱਚ ਹਨ।
੧੩. ਨਾਮ ਸਿਮਰਨ ਸਰਵ ਸ਼ਕਤੀ ਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸਰਵ ਉੱਚ ਸੇਵਾ ਹੈ :
ਪ੍ਰਭ ਕਾ ਸਿਮਰਨੁ ਸਭ ਤੇ ਊਚਾ ॥
(ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ੨੬੩)
ਸਰਵ ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਇਹ ਬਿਲਕੁੱਲ ਸਪੱਸ਼ਟ ਕਰ ਦਿੱਤਾ ਹੈ ਕਿ ਨਾਮ ਸਿਮਰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸਰਵ ਉੱਤਮ ਸੇਵਾ ਹੈ। ਇਸ ਲਈ ਕਿਸੇ ਮਨੁੱਖ ਦੇ ਵੀ ਮਨ ਵਿੱਚ ਕੋਈ ਵੀ ਭਰਮ ਨਹੀਂ ਹੋਣਾ ਚਾਹੀਦਾ ਕਿ ਨਾਮ ਸਿਮਰਨ ਅਕਾਲ ਪੁਰਖ ਦੀ ਸਰਵ ਉੱਚ ਸੇਵਾ ਹੈ। ਇਸਦਾ ਭਾਵ ਹੈ ਕਿ ਦੂਸਰੇ ਸਾਰੇ ਧਰਮ ਕਰਮ ਨਾਮ ਸਿਮਰਨ ਨਾਲੋਂ ਨੀਵੇਂ ਮੁੱਲ ਦੇ ਹਨ। ਹੁਣ ਅਸੀਂ ਇਹ ਪੂਰਨ ਸਤਿ ਤੱਤ ਤੱਥ ਸੁਖਮਨੀ ਤੋਂ ਸਿੱਖਿਆ ਹੈ ਤਦ ਕਿਉਂ ਅਸੀਂ ਆਪਣਾ ਸਮਾਂ ਨਾਮ ਸਿਮਰਨ ਲਈ ਨਹੀਂ ਲਗਾਉਂਦੇ ? ਜਦ ਨਾਮ ਸਿਮਰਨ ਸਾਡੇ ਲਈ ਸਰਵ ਉੱਚ ਅਤੇ ਸਭ ਤੋਂ ਮਿੱਠੇ, ਸਦੀਵੀ ਪਰਮ ਆਨੰਦ ਦਾ ਸਰਵ ਉੱਚ ਪੱਧਰ, ਪੂਰਨ ਸ਼ਾਂਤੀ, ਪਰਮ ਜੋਤ ਅਤੇ ਪੂਰਨ ਪ੍ਰਕਾਸ਼ ਦਰਸ਼ਨ ਦੇ ਫੱਲ ਲੈ ਕੇ ਆਉਂਦਾ ਹੈ, ਤਦ ਅਸੀਂ ਨਾਮ ਸਿਮਰਨ ਉੱਪਰ ਧਿਆਨ ਕੇਂਦਰਤ ਕਿਉਂ ਨਹੀਂ ਕਰਦੇ ?
ਕੇਵਲ ਸੁਖਮਨੀ ਨੂੰ ਪੜ੍ਹਨਾ ਹੀ ਕਾਫੀ ਨਹੀਂ ਹੈ। ਜਿਸ ਤਰ੍ਹਾਂ ਸੁਖਮਨੀ ਦੱਸਦੀ ਹੈ ਉਸਦੇ ਅਨੁਸਾਰ ਨਾਮ ਸਿਮਰਨ ਸਰਵ ਸ਼ਕਤੀ ਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸਰਵ ਉੱਚ ਸੇਵਾ ਹੈ। ਇਹ ਪੂਰਨ ਤੱਤ ਗਿਆਨ ਅਤੇ ਪੂਰਨ ਭਗਤੀ ਦੀ ਪ੍ਰਾਪਤੀ ਲਈ ਲਾਜ਼ਮੀ ਹੈ। ਉਹ ਲੋਕ ਜੋ ਇਸ ਪੂਰਨ ਬ੍ਰਹਮ ਗਿਆਨ ਦੀ ਪਾਲਣਾ ਨਹੀਂ ਕਰਦੇ ਅਤੇ ਹੋਰ ਧਰਮ ਕਰਮਾਂ ਵਰਗੀ ਘੱਟ ਮੁੱਲ ਦੀ ਸੇਵਾ ਵਿੱਚ ਲੱਗੇ ਰਹਿੰਦੇ ਹਨ ਉਨ੍ਹਾਂ ਮਨੁੱਖਾਂ ਲਈ ਇਸ ਪੂਰਨ ਸਤਿ ਤੱਤ ਤੱਥ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਇਸ ਲਈ ਜੋ ਮਨੁੱਖ ਕੇਵਲ ਗੁਰਬਾਣੀ ਪੜ੍ਹਣ ਸੁਣਨ ਜਾਂ ਹੋਰ ਧਰਮ ਕਰਮਾਂ ਵਿੱਚ ਵਿਸ਼ਵਾਸ ਕਰਦੇ ਹਨ ਉਨ੍ਹਾਂ ਦੇ ਚਰਨਾਂ ਤੇ ਇਹ ਬੇਨਤੀ ਹੈ ਕਿ ਉਹ ਨਾਮ ਸਿਮਰਨ ਨੂੰ ਸਮਰਪਿਤ ਹੋ ਜਾਣ।
੧੪. ਨਾਮ ਨਾਲ ਅਤਿ ਨਿੰਮਰਤਾ ਅਤੇ ਹਿਰਦਾ ਗਰੀਬੀ ਵੇਸ ਵਿੱਚ ਚਲਾ ਜਾਂਦਾ ਹੈ :
ਅਤਿ ਦੀ ਨਿੰਮਰਤਾ ਦਰਗਾਹ ਦੀ ਕੁੰਜੀ ਹੈ। ਨਾਮ ਸਿਮਰਨ ਸਾਡੇ ਵਿੱਚ ਅਤਿ ਨਿੰਮਰਤਾ ਦਾ ਬ੍ਰਹਮ ਗੁਣ ਲਿਆਉਂਦਾ ਹੈ। ਉਹ ਰੂਹ ਜਿਹੜੀ ਨਾਮ ਸਿਮਰਨ ਵਿੱਚ ਲੀਨ ਰਹਿੰਦੀ ਹੈ; ਨਿੰਮਰਤਾ ਨਾਲ ਭਰਪੂਰ ਹੋ ਜਾਂਦੀ ਹੈ ਅਤੇ ਐਸੀ ਰੂਹ ਦਾ ਹਿਰਦਾ ਗਰੀਬੀ ਵੇਸ ਹਿਰਦਾ ਬਣ ਜਾਂਦਾ ਹੈ। ਉਨ੍ਹਾਂ ਦੀ ਅਤਿ ਨਿੰਮਰਤਾ ਅਤੇ ਹਿਰਦੇ ਦੀ ਗਰੀਬੀ ਉਨ੍ਹਾਂ ਨੂੰ ਰੂਹਾਨੀਅਤ ਦੀਆਂ ਸ਼ਿਖਰਾਂ ਤੇ ਲੈ ਜਾਂਦੀ ਹੈ।
ਬ੍ਰਹਮ ਗਿਆਨੀ ਸਗਲ ਕੀ ਰੀਨਾ ॥
ਆਤਮ ਰਸੁ ਬ੍ਰਹਮ ਗਿਆਨੀ ਚੀਨਾ ॥
(ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ੨੭੨)
ਜੋ ਮਨੁੱਖ ਹਿਰਦੇ ਦੀ ਗਰੀਬੀ ਕਮਾਉਂਦੇ ਹਨ ਅਤੇ ਸਾਰੀ ਸ੍ਰਿਸ਼ਟੀ ਦੇ ਚਰਨਾਂ ਦੀ ਧੂੜ ਬਣ ਜਾਂਦੇ ਹਨ ਉਨ੍ਹਾਂ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਅਤੇ ਆਤਮ ਰਸ ਅੰਮ੍ਰਿਤ ਦੀ ਪ੍ਰਾਪਤੀ ਹੁੰਦੀ ਹੈ। ਸਾਨੂੰ ਸਾਰਿਆਂ ਨੂੰ ਐਸੀਆਂ ਰੂਹਾਂ ਦੇ ਚਰਨਾਂ ਵਿੱਚ ਸੀਸ ਝੁਕਾਉਣਾ ਚਾਹੀਦਾ ਹੈ। ਐਸੀ ਨਿੰਮਰਤਾ ਕੇਵਲ ਨਾਮ ਸਿਮਰਨ ਨਾਲ ਆਉਂਦੀ ਹੈ। ਐਸੀ ਨਿੰਮਰਤਾ ਅਕਾਲ ਪੁਰਖ ਦੀ ਦਰਗਾਹ ਦੀ ਕੁੰਜੀ ਹੈ। ਇਸ ਲਈ ਸਭ ਤੋਂ ਵੱਡਾ ਖਜ਼ਾਨਾ ਅਕਾਲ ਪੁਰਖ ਦਾ ਨਾਮ *ੴ ਸਤਿਨਾਮ* ਹੈ:
ਅੰਮ੍ਰਿਤੁ ਨਾਮੁ ਨਿਧਾਨੁ ਹੈ ਮਿਲਿ ਪੀਵਹੁ ਭਾਈ ॥
(ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ੩੧੮)
ਜਦ ਅਸੀਂ ਨਾਮ ਸਿਮਰਨ ਕਰਦੇ ਹਾਂ, ਅਸੀਂ ਅਕਾਲ ਪੁਰਖ ਦੇ ਅਨਮੋਲ ਖਜ਼ਾਨੇ * ੴ ਸਤਿਨਾਮ * ਦੇ ਮਾਲਕ ਬਣ ਜਾਂਦੇ ਹਾਂ। ਜਦ ਅਸੀਂ ਇਸ ਅਨਮੋਲ ਰਤਨ ਨੂੰ ਧਾਰਨ ਕਰਦੇ ਹਾਂ ਅਤੇ ਇਹ ਸਾਡੇ ਮਨ ਅਤੇ ਰੂਹਾਨੀ ਹਿਰਦੇ ਵਿੱਚ ਚਲਾ ਜਾਂਦਾ ਹੈ, ਤਦ ਅਸੀਂ ਅਕਾਲ ਪੁਰਖ ਦੀ ਦਰਗਾਹ ਵਿੱਚ ਮਾਣ ਪ੍ਰਾਪਤ ਕਰਦੇ ਹਾਂ। ਸੰਤ, ਬ੍ਰਹਮ ਗਿਆਨੀ ਜਿਹੜਾ ਇਸ ਨਾਮ ਦੇ ਅਨਮੋਲ ਗਹਿਣੇ ਦਾ ਮਾਲਕ ਹੁੰਦਾ ਹੈ ਇਸ ਬ੍ਰਹਿਮੰਡ ਦੀ ਸਭ ਤੋਂ ਅਮੀਰ ਰੂਹ ਬਣ ਜਾਂਦਾ ਹੈ। ਇੱਥੇ ਕੁਝ ਵੀ ਇਸ ਖਜ਼ਾਨੇ ਨਾਲੋਂ ਉੱਪਰ ਨਹੀਂ ਹੈ। ਐਸੀ ਇੱਕ ਰੂਹ :
* ਮਾਣ ਯੋਗ ਬਣ ਜਾਂਦੀ ਹੈ
* ਬ੍ਰਹਿਮੰਡ ਵਿੱਚ ਹਰ ਜਗ੍ਹਾ ਆਦਰ ਪ੍ਰਾਪਤ ਕਰਦੀ ਹੈ
* ਆਪਣੀ ਅੰਦਰੂਨੀ ਤੀਰਥ ਯਾਤਰਾ ਪੂਰੀ ਕਰਦੀ ਹੈ
* ਦਰਗਾਹ ਵਿੱਚ ਸਫਲ ਸਵੀਕਾਰ ਕੀਤੀ ਜਾਂਦੀ ਹੈ
* ਸਦਾ ਹੀ ਉੱਚ ਰੂਹਾਨੀ ਅਵਸਥਾ ਵਿੱਚ ਰਹਿੰਦੀ ਹੈ
* ਕਿਸੇ ਹੋਰ ਚੀਜ਼ ਵੱਲ ਵੇਖਣ ਦੀ ਲੋੜ ਨਹੀਂ ਰਹਿੰਦੀ
* ਹਰ ਚੀਜ਼ ਪ੍ਰਾਪਤ ਕਰ ਲਈ ਹੁੰਦੀ ਹੈ
* ਅਨੰਤਤਾ ਪ੍ਰਾਪਤ ਕਰ ਲਈ ਹੁੰਦੀ ਹੈ
* ਸਾਰੇ ਬ੍ਰਹਿਮੰਡ ੧੪ ਲੋਕ ਪਰਲੋਕਾਂ ਦਾ ਰਾਜਾ ਬਣ ਜਾਂਦਾ ਹੈ
* ਜੋ ਬੋਲਦਾ ਹੈ ਵਾਪਰ ਜਾਂਦਾ ਹੈ ਉਸਦੇ ਸ਼ਬਦ ਸਰਵ ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੁਆਰਾ ਸਤਿਕਾਰੇ ਜਾਂਦੇ ਹਨ
* ਕਦੀ ਨਹੀਂ ਮਰਦੇ – ਉਹ ਅਨਾਦਿ ਖੁਸ਼ੀਆਂ ਅਤੇ ਅਨਾਦਿ ਸ਼ਾਂਤੀ ਪ੍ਰਾਪਤ ਕਰਦੇ ਹਨ
* ਹਰ ਚੀਜ਼ ਉੱਪਰ ਜਿੱਤ ਪਾ ਲੈਂਦੇ ਹਨ
* ਸਦਾ ਹੀ ਸਰਵ ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਲੀਨ ਰਹਿੰਦੇ ਹਨ
ਸਾਨੂੰ ਸਾਰਿਆਂ ਨੂੰ ਐਸੀਆਂ ਰੂਹਾਂ ਦੇ ਚਰਨਾਂ ਦੀ ਧੂੜ ਲਈ ਅਰਦਾਸ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਨਾਲ ਅਕਾਲ ਪੁਰਖ ਸਾਡੇ ਉੱਪਰ ਬਖਸ਼ਿਸ਼ ਕਰਦਾ ਹੈ ਅਤੇ ਸਾਨੂੰ ਇਸ ਗੁਰਪ੍ਰਸਾਦੀ ਖੇਡ ਵਿੱਚ ਸ਼ਾਮਿਲ ਕਰਦਾ ਹੈ। ਇਹ ਸਭ ਗੁਰ ਕ੍ਰਿਪਾ ਤੋਂ ਬਿਨਾਂ ਨਹੀਂ ਵਾਪਰਦਾ। ਸਾਨੂੰ ਗੁਰ ਕ੍ਰਿਪਾ ਲਈ ਅਰਦਾਸ ਕਰਨੀ ਚਾਹੀਦੀ ਹੈ ਅਤੇ ਨਾਮ ਦੇ ਅਨਾਦਿ ਖਜ਼ਾਨਿਆਂ ਦੀ ਮੰਗ ਕਰਨੀ ਚਾਹੀਦੀ ਹੈ।
੧੫. ਨਾਮ ਨਾਲ ਹਿਰਦਾ ਬ੍ਰਹਮ ਗੁਣਾਂ ਨਾਲ ਭਰਪੂਰ ਹੋ ਜਾਂਦਾ ਹੈ :
ਨਾਮ ਸਿਮਰਨ ਦੇ ਅਨਾਦਿ ਖਜ਼ਾਨਿਆਂ ਨਾਲ ਸਾਡਾ ਹਿਰਦਾ ਬਹੁਤ ਹੀ ਸ਼ਕਤੀਸ਼ਾਲੀ ਅਤੇ ਵਿਸ਼ਾਲ ਹੋ ਜਾਂਦਾ ਹੈ, ਇਹ ਸਾਡੇ ਅੰਦਰ ਦਿਮਾਗ ਅਤੇ ਦਿੱਲ ਦੇ ਸਰਵ ਉੱਚ ਗੁਣ, ਨਿਰ ਸੁਆਰਥ ਸੇਵਾ, ਦੂਸਰਿਆਂ ਲਈ ਬਲੀਦਾਨ ਦੀ ਭਾਵਨਾ, ਗਰੀਬਾਂ ਦੀ ਮਦਦ ਕਰਨਾ, ਦੂਸਰਿਆਂ ਉੱਪਰ ਪਰਉਪਕਾਰ ਅਤੇ ਮਹਾ ਪਰਉਪਕਾਰ ਕਰਨਾ, ਦੂਸਰਿਆਂ ਦੀ ਭਲਾਈ ਲਈ ਸੋਚਣਾ, ਆਪਣੇ ਲਈ ਨਾ ਜੀਅ ਕੇ ਦੂਸਰਿਆਂ ਲਈ ਜਿਉਣਾ, ਹਰ ਗੁਨਾਹ ਲਈ ਮੁਆਫ਼ੀ ਦੇਣ ਦੀ ਸ਼ਮਤਾ, ਪੂਰਨ ਦਿਆਲਤਾ, ਸਤਿ ਸੰਤੋਖ ਅਤੇ ਦਿੱਲ ਦੀ ਵਿਸ਼ਾਲਤਾ ਆਉਂਦੀ ਹੈ। ਮਨ ਦੀ ਪੂਰਨ ਸ਼ਾਂਤੀ ਅਤੇ ਨਿਰਵਿਕਲਪ ਅਵਸਥਾ ਆਉਂਦੀ ਹੈ। ਐਸੇ ਗੁਣ ਸਾਡੀ ਜ਼ਿੰਦਗੀ ਨੂੰ ਸਮਾਜ ਲਈ ਹੋਰ ਅਤੇ ਹੋਰ ਜ਼ਿਆਦਾ ਭਾਵ ਪੂਰਨ ਬਣਾਉਂਦਾ ਹੈ ਅਤੇ ਅੰਦਾਜ਼ਾ ਲਗਾਓ ਜੇਕਰ ਹਰ ਕੋਈ ਇਸ ਤਰ੍ਹਾਂ ਦਾ ਬਣ ਜਾਵੇ ਤਾਂ ਕੀ ਇਹ ਸਤਿ ਯੁੱਗ ਨਹੀਂ ਹੋਵੇਗਾ। ਇਹ ਸੰਤ ਹਿਰਦੇ ਦੇ ਕੁਝ ਮਹੱਤਵਪੂਰਨ ਗੁਣ ਲੱਛਣ ਹਨ ਅਤੇ ਐਸੀਆਂ ਰੂਹਾਂ ਹਮੇਸ਼ਾਂ ਦਰਗਾਹ ਵਿੱਚ ਮਾਣ ਪਾਉਂਦੀਆਂ ਹਨ। ਉਹ ਅਨਾਦਿ ਵਿਸ਼ਰਾਮ ਦਾ ਸਰਵ ਉੱਚ ਪੱਧਰ ਅਤੇ ਪਰਮ ਆਨੰਦ ਆਪਣੇ ਅੰਦਰ ਮਾਣਦੇ ਹਨ। ਐਸੀਆਂ ਰੂਹਾਂ ਆਪਣੇ ਮਨ ਉੱਪਰ ਜਿੱਤ ਪਾ ਲੈਂਦੀਆਂ ਹਨ ਅਤੇ ਉਨ੍ਹਾਂ ਦੀ ਜ਼ਿੰਦਗੀ ਸ਼ੁੱਧ ਅਤੇ ਪਵਿੱਤਰ, ਸਚਿਆਰੀ ਅਤੇ ਸਨਮਾਨ ਯੋਗ ਬਣ ਜਾਂਦੀ ਹੈ। ਐਸੀਆਂ ਰੂਹਾਂ ਜਿਹੜੀਆਂ ਨਾਮ ਸਿਮਰਨ ਵਿੱਚ ਲੱਗੀਆਂ ਹੋਈਆਂ ਹਨ ਸਰਵ ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਵਿੱਚ ਅਭੇਦ ਹੋ ਜਾਂਦੀਆਂ ਹਨ ਅਤੇ ਸਦਾ ਸਦਾ ਲਈ ਸਤਿ ਚਿੱਤ ਆਨੰਦ ਵਿੱਚ ਰਹਿੰਦੀਆਂ ਹਨ।
੧੬. ਨਾਮ ਨਾਲ ਤ੍ਰਿਸ਼ਨਾ ਬੁੱਝ ਜਾਂਦੀ ਹੈ ਅਤੇ ਚਿੰਤਾ ਦਾ ਅੰਤ ਹੋ ਜਾਂਦਾ ਹੈ :
ਰੂਹ ਅਤੇ ਮਨ ਜੋ ਨਾਮ ਸਿਮਰਨ ਵਿੱਚ ਲੀਨ ਰਹਿੰਦੀ ਹੈ ਉਸ ਲਈ ਸੰਸਾਰਕ ਇੱਛਾਵਾਂ ਦੀ ਪੂਰਤੀ ਦੀ ਕੋਈ ਜ਼ਰੂਰਤ ਨਹੀਂ ਰਹਿੰਦੀ ਅਤੇ ਤ੍ਰਿਸ਼ਨਾ ਬੁੱਝ ਜਾਂਦੀ ਹੈ। ਹਿਰਦਾ ਪੂਰਨ ਸਤਿ ਸੰਤੋਖ਼ ਵਿੱਚ ਚਲਾ ਜਾਂਦਾ ਹੈ। ਉਹ ਹਮੇਸ਼ਾਂ ਪੂਰਨ ਸੰਤੁਸ਼ਟੀ ਅਤੇ ਸਤਿ ਸੰਤੋਖ਼ ਵਿੱਚ ਰਹਿੰਦੀ ਹੈ। ਉਸ ਨੂੰ ਕਿਸੇ ਚੀਜ਼ ਦੀ ਘਾਟ ਨਹੀਂ ਰਹਿੰਦੀ। ਕੋਈ ਸੰਸਾਰਕ ਸੁੱਖ ਸੁਵਿਧਾ ਉਨ੍ਹਾਂ ਨੂੰ ਵਿਚਲਿਤ ਨਹੀਂ ਕਰ ਸਕਦਾ। ਉਸਦੀਆਂ ਸਾਰੀਆਂ ਚਿੰਤਾਵਾਂ ਖ਼ਤਮ ਹੋ ਜਾਂਦੀਆਂ ਹਨ। ਇਹ ਇਸ ਲਈ ਹੁੰਦਾ ਹੈ ਕਿ ਉਹ ਆਪਣੀਆਂ ਸਭ ਕ੍ਰਿਆਵਾਂ ਅਤੇ ਪ੍ਰਤੀ ਕ੍ਰਿਆਵਾਂ ਨੂੰ ਜਾਣਦਾ ਹੈ ਅਤੇ ਅਕਾਲ ਪੁਰਖ ਦੇ ਹੁਕਮ ਵਿੱਚ ਰਹਿੰਦਾ ਹੈ। ਅਸਲ ਵਿੱਚ ਉਸਦਾ ਮਨ ਅਤੇ ਰੂਹ ਪੂਰੀ ਤਰ੍ਹਾਂ ਸਥਿਰ ਬਣ ਜਾਂਦੀ ਹੈ। ਇਹ ਬਹੁਤ ਹੀ ਉੱਚ ਰੂਹਾਨੀ ਅਵਸਥਾ ਹੈ ਜਿਸ ਵਿੱਚ ਰੂਹ ਰਹਿੰਦੀ ਹੈ, ਅਤੇ ਇਹ ਅਵਸਥਾ ਕੇਵਲ ਸੱਚ ਖੰਡ ਵਿੱਚ ਆਉਂਦੀ ਹੈ, ਜਦ ਵਿਅਕਤੀ ਪੂਰੀ ਤਰ੍ਹਾਂ ਨਾਲ ਸਚਿਆਰਾ ਬਣ ਜਾਂਦਾ ਹੈ ਅਤੇ ਸਤਿ ਬੋਲਦਾ, ਸਤਿ ਸੁਣਦਾ, ਅਤੇ ਕੇਵਲ ਸਤਿ ਦੀ ਸੇਵਾ ਕਰਦਾ ਹੈ। ਐਸੀ ਰੂਹ ਸਦਾ ਸਦਾ ਅਕਾਲ ਪੁਰਖ ਦੀ ਮਹਿਮਾ ਅਤੇ ਗੁਰੂ ਅਤੇ ਸੰਗਤ ਦੀ ਸੇਵਾ ਵਿੱਚ ਲੱਗੀ ਰਹਿੰਦੀ ਹੈ। ਐਸੀ ਰੂਹ ਸਦਾ ਹੀ ਸਥਿਰ ਰਹਿੰਦੀ ਹੈ ਅਤੇ ਸਰਵ ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਲੀਨ ਰਹਿੰਦੀ ਹੈ। ਕੁਝ ਵੀ ਐਸੀ ਰੂਹ ਨੂੰ ਵਿਚਲਿਤ ਨਹੀਂ ਕਰ ਸਕਦਾ, ਜਿਹੜੀ ਸਦਾ ਹੀ ਪੂਰਨ ਅਨਾਦਿ ਸ਼ਾਂਤੀ ਅਤੇ ਆਨੰਦਿਤ ਅਵਸਥਾ ਵਿੱਚ ਰਹਿੰਦੀ ਹੈ। ਉਸਦਾ ਹਿਰਦਾ ਹਮੇਸ਼ਾਂ ਹੀ ਕਮਲ ਦੇ ਫੁੱਲ ਵਾਂਗ ਖਿੜਿਆ ਰਹਿੰਦਾ ਹੈ। ਐਸੀਆਂ ਰੂਹਾਂ ਆਪਣੇ ਸ਼ਰੀਰ ਵਿੱਚ ਲਗਾਤਾਰ ਆਧਾਰ ਤੇ ਅਨਾਦਿ ਸੰਗੀਤ ਦੀ ਥਿੜ੍ਹਕਣ ਦਾ ਆਨੰਦ ਮਾਣਦੀਆਂ ਹਨ, ਅਤੇ ਕਦੇ ਨਾ ਖ਼ਤਮ ਹੋਣ ਵਾਲੇ ਅਨਾਦਿ ਸਤਿ ਚਿੱਤ ਆਨੰਦ ਵਿੱਚ ਰਹਿੰਦੀਆਂ ਹਨ। ਕੇਵਲ ਅਜਿਹੇ ਵਿਅਕਤੀ ਜੋ ਅਕਾਲ ਪੁਰਖ ਦੁਆਰਾ ਬਖਸ਼ਿਸ਼ ਪ੍ਰਾਪਤ ਕਰਦੇ ਹਨ ਨਾਮ ਸਿਮਰਨ ਦੇ ਇਸ ਅਨਾਦਿ ਖਜ਼ਾਨੇ ਨੂੰ ਪ੍ਰਾਪਤ ਕਰਦੇ ਹਨ।
੧੭. ਨਾਮ ਨਾਲ ਰੋਜ਼ਾਨਾ ਜੀਵਨ ਬਦਲ ਜਾਂਦਾ ਹੈ, ਸੁੰਦਰ ਹੋ ਜਾਂਦਾ ਹੈ :
ਨਾਮ ਸਿਮਰਨ ਨਾਲ, ਹਰ ਚੀਜ਼ ਤੁਹਾਡੇ ਲਈ ਸਹੀ ਜਗ੍ਹਾ ਹੋਣ ਲੱਗ ਪੈਂਦੀ ਹੈ। ਤੁਹਾਡੀਆਂ ਸਾਰੀਆਂ ਮੁਸ਼ਕਲਾਂ ਅਲੋਪ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ, ਤੁਹਾਡੀ ਇੱਛਾ ਅਨੁਸਾਰ ਹਰ ਚੀਜ਼ ਵਾਪਰਨ ਲੱਗਦੀ ਹੈ। ਤੁਹਾਡੀ ਜ਼ਿੰਦਗੀ ਸਾਫ ਅਤੇ ਸਾਂਵੀਂ ਪੱਧਰੀ ਬਣ ਜਾਂਦੀ ਹੈ। ਤੁਹਾਡੇ ਰਸਤੇ ਵਿੱਚ ਕੋਈ ਕਠਿਨਾਈ ਨਹੀਂ ਰਹਿੰਦੀ। ਤੁਹਾਡੇ ਆਲੇ ਦੁਆਲੇ ਦੇ ਲੋਕ ਤੁਹਾਨੂੰ ਚੰਗੀ ਤਰ੍ਹਾਂ ਸਮਝ ਜਾਂਦੇ ਹਨ ਅਤੇ ਤੁਹਾਡਾ ਸਾਥ ਦੇਣਾ ਸ਼ੁਰੂ ਕਰ ਦਿੰਦੇ ਹਨ। ਤੁਹਾਡਾ ਕੰਮ ਦਾ ਵਾਤਾਵਰਨ ਅਤੇ ਪਰਿਵਾਰ ਦਾ ਮਾਹੌਲ ਹੋਰ ਜ਼ਿਆਦਾ ਖੁਸ਼ ਗਵਾਰ ਬਣ ਜਾਂਦਾ ਹੈ। ਤੁਹਾਨੂੰ ਹਰ ਚੀਜ਼ ਆਸਾਨ ਅਤੇ ਸਾਦੀ ਲੱਗਣ ਲੱਗ ਪੈਂਦੀ ਹੈ। ਪਰਿਵਾਰਕ ਝੱਗੜੇ ਅਤੇ ਹੋਰ ਮੁਸ਼ਕਲਾਂ ਹੌਲੀ-ਹੌਲੀ ਅਲੋਪ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਤੁਹਾਡਾ ਆਲਾ ਦੁਆਲਾ ਆਨੰਦਿਤ ਅਤੇ ਵਧੀਆ ਬਣ ਜਾਂਦਾ ਹੈ।
੧੮. ਨਾਮ ਨਾਲ ਰੂਹਾਨੀ ਸੰਸਾਰ ਦੀਆਂ ਸ਼ਿਖਰਾਂ ਦੀ ਪ੍ਰਾਪਤੀ ਹੁੰਦੀ ਹੈ :
ਸਾਰੇ ਹੀ ਧਰਮਾਂ ਦੇ ਸਾਰੇ ਹੀ ਸੰਤ ਅਤੇ ਭਗਤ ਕੇਵਲ ਨਾਮ ਸਿਮਰਨ ਕਰਨ ਨਾਲ ਹੀ ਸੰਤ ਅਤੇ ਭਗਤ ਬਣੇ। ਐਸੀਆਂ ਰੂਹਾਂ ਇਨ੍ਹਾਂ ਰੂਹਾਨੀਅਤ ਦੀਆਂ ਸ਼ਿਖਰਾਂ ਤੇ ਕੇਵਲ ਨਾਮ ਦੇ ਅਨਾਦਿ ਖ਼ਜ਼ਾਨੇ ਨਾਲ ਹੀ ਪਹੁੰਚੀਆਂ ਜਿਹੜਾ ਉਨ੍ਹਾਂ ਨੇ ਸਾਰੀ ਜ਼ਿੰਦਗੀ ਵਿੱਚ ਨੇਮ ਨਾਲ ਕੀਤਾ। ਇਸ ਤਰ੍ਹਾਂ ਇਹ ਰੂਹਾਂ ਰੂਹਾਨੀ ਤੌਰ ਤੇ ਇੰਨ੍ਹੀਆਂ ਸ਼ਕਤੀਸ਼ਾਲੀ ਬਣੀਆਂ ਅਤੇ ਸਰਵ ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਇੱਕ ਮਿੱਕ ਬਣ ਗਈਆਂ। ਇੱਥੇ ਕਈ ਰੂਹਾਂ ਹਨ ਜਿਨ੍ਹਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਸਾਹਿਬਾਨ ਨਾਲ ਹੀ ਦਰਜ ਹੈ। ਇਨ੍ਹਾਂ ਵਿੱਚੋਂ ਕੁਝ ਹਨ, ਸੰਤ ਕਬੀਰ ਜੀ, ਭਗਤ ਰਵੀ ਦਾਸ ਜੀ, ਭਗਤ ਨਾਮ ਦੇਵ ਜੀ, ਭਗਤ ਬਾਬਾ ਫਰੀਦ ਜੀ, ਭਗਤ ਪੀਪਾ ਜੀ, ਭਗਤ ਸੈਨ ਨਾਈ ਜੀ, ਭਗਤ ਬੇਣੀ ਜੀ ਅਤੇ ਕੁਝ ਹੋਰ। ਇਹ ਸਾਰੀਆਂ ਹੀ ਰੂਹਾਂ ਰੂਹਾਨੀਅਤ ਦੇ ਸ਼ਿਖਰਾਂ ਤੇ ਪਹੁੰਚੀਆਂ ਅਤੇ ਅਕਾਲ ਪੁਰਖ ਵਿੱਚ ਲੀਨ ਹੋ ਗਈਆਂ ਅਤੇ ਪਰਮ ਪੱਦਵੀ ਪ੍ਰਾਪਤ ਕੀਤੀ ਅਤੇ ਪੂਰਨ ਬ੍ਰਹਮ ਗਿਆਨੀ ਬਣੇ। ਐਸੀਆਂ ਰੂਹਾਂ ਨੂੰ ਪ੍ਰਗਟਿਓ ਜੋਤ ਪੂਰਨ ਬ੍ਰਹਮ ਗਿਆਨੀ ਵੀ ਜਾਣਿਆ ਜਾਂਦਾ ਹੈ। ਐਸੀਆਂ ਰੂਹਾਂ ਦਸਮ ਪਾਤਸ਼ਾਹ ਜੀ ਤੋਂ ਬਾਅਦ ਵੀ ਇਸ ਧਰਤੀ ਤੇ ਆਉਂਦੀਆਂ ਰਹੀਆਂ ਹਨ, ਉਨ੍ਹਾਂ ਵਿਚੋਂ ਕੁਝ ਹਨ ਸੰਤ ਬਾਬਾ ਨੰਦ ਸਿੰਘ ਜੀ, ਸੰਤ ਬਾਬਾ ਈਸ਼ਰ ਸਿੰਘ ਜੀ ਅਤੇ ਸੰਤ ਬਾਬਾ ਅਤਰ ਸਿੰਘ ਜੀ। ਐਸੀਆਂ ਰੂਹਾਂ ਹੁਣ ਵੀ ਧਰਤੀ ਉੱਪਰ ਮੌਜੂਦ ਹਨ ਅਤੇ ਸਰਵ ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸਰਵ ਉੱਚ ਪੱਧਰ ਸੇਵਾ – ਨਾਮ ਸਿਮਰਨ, ਪਰਉਪਕਾਰ ਅਤੇ ਮਹਾ ਪਰਉਪਕਾਰ ਵਿੱਚ ਲੱਗੀਆਂ ਹੋਈਆਂ ਹਨ। ਉਹ ਆਉਣ ਵਾਲੇ ਯੁੱਗਾਂ ਵਿੱਚ ਵੀ ਸੰਗਤ ਨੂੰ ਰੂਹਾਨੀ ਊਰਜਾ ਅਤੇ ਅਗਵਾਈ ਦਿੰਦੀਆਂ ਰਹਿਣਗੀਆਂ, ਉਨ੍ਹਾਂ ਵਿੱਚੋਂ ਕੁਝ ਇਸ ਵਰਤਮਾਨ ਸਮੇਂ ਵਿੱਚ ਵੀ ਹਨ। ਉਹ ਸੰਗਤ ਦੀ ਸੇਵਾ ਕਰ ਰਹੀਆਂ ਹਨ ਅਤੇ ਐਸੀਆਂ ਰੂਹਾਂ ਆਉਣ ਵਾਲੇ ਯੁੱਗਾਂ ਵਿੱਚ ਵੀ ਇਸ ਸੰਸਾਰ ਤੇ ਆਉਂਦੀਆਂ ਰਹਿਣਗੀਆਂ।
ਹਰਿ ਜੁਗੁ ਜੁਗੁ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ॥
(ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ੪੫੧)
ਨਾਮ ਸਿਮਰਨ ਦੇ ਲਾਭ ਬਿਆਨੇ ਨਹੀਂ ਜਾ ਸਕਦੇ। ਅਸੀਂ ਤੁਹਾਨੂੰ ਇੱਕ ਝਲਕ ਮਾਤਰ ਦੇਣ ਦਾ ਯਤਨ ਕੀਤਾ ਹੈ ਕਿ ਕੀ ਵਾਪਰਦਾ ਹੈ ਜਦ ਤੁਸੀਂ ਨਾਮ ਸਿਮਰਨ ਕਰਦੇ ਹੋ। ਅਸਲ ਵਿੱਚ ਇਨ੍ਹਾਂ ਲਾਭਾਂ ਨੂੰ ਅਸਲ ਵਿੱਚ ਸਮਝਣ ਲਈ ਇਨ੍ਹਾਂ ਨੂੰ ਸਥੂਲ ਰੂਪ ਵਿੱਚ ਅਨੁਭਵ ਅਤੇ ਮਹਿਸੂਸ ਕਰਨ ਦੀ ਜ਼ਰੂਰਤ ਹੁੰਦੀ ਹੈ। ਉੱਪਰ ਦਿੱਤੀ ਗਈ ਵਿਆਖਿਆ ਕੇਵਲ ਇਸ ਬ੍ਰਹਮ ਅਨਾਦਿ ਬਖਸ਼ਿਸ਼ ਦਾ ਰਸ ਹੈ ਅਤੇ ਤੁਹਾਨੂੰ ਨਾਮ ਸਿਮਰਨ ਸ਼ੁਰੂ ਕਰਨ ਲਈ ਉਤਸ਼ਾਹਿਤ ਕਰਨ ਲਈ ਗੁਰਪ੍ਰਸਾਦਿ ਹੈ। ਜਦ ਤੁਸੀਂ ਨਾਮ ਸਿਮਰਨ ਵਿੱਚ ਜਾਓਗੇ ਤਦ ਤੁਸੀਂ ਇਸ ਦੇ ਬੇਅੰਤ ਫੱਲਾਂ ਨੂੰ ਵੱਢੋਗੇ ਅਤੇ ਆਪਣੇ ਮਨੁੱਖਾ ਜੀਵਨ ਨੂੰ ਸਫਲਾ ਬਣਾ ਲਵੋਗੇ। ਕੇਵਲ ਸ਼ਰਤ ਇਹ ਹੈ ਕਿ ਪੂਰੀ ਤਰ੍ਹਾਂ ਗੁਰ ਅਤੇ ਗੁਰੂ ਅੱਗੇ ਸਮਰਪਣ ਕਰ ਦਿਓ ਅਤੇ ਪੂਰਨ ਭਰੋਸਾ, ਪਿਆਰ ਅਤੇ ਸ਼ਰਧਾ ਗੁਰ, ਗੁਰੂ ਅਤੇ ਗੁਰਬਾਣੀ ਵਿੱਚ ਰੱਖੋ।
ਜੋ ਮਨੁੱਖ ਨਾਮ ਵਿੱਚ ਲੀਨ ਹੋ ਜਾਂਦੇ ਹਨ ਉਹ ਨਾਮ ਦੀ ਮਹਿਮਾ ਬਣ ਜਾਂਦੇ ਹਨ। ਨਾਮ ਦੀ ਮਹਿਮਾ ਹੀ ਅਕਾਲ ਪੁਰਖ ਦੀ ਮਹਿਮਾ ਹੈ। ਪੂਰਨ ਬ੍ਰਹਮ ਗਿਆਨੀ, ਪੂਰਨ ਸੰਤ, ਪੂਰਨ ਖ਼ਾਲਸਾ ਅਤੇ ਸਤਿਗੁਰ ਨਾਮ ਦੀ ਹੀ ਮਹਿਮਾ ਹੈ। ਸਾਰੀ ਗੁਰਬਾਣੀ ਨਾਮ ਦੀ ਹੀ ਮਹਿਮਾ ਹੈ। ਸਾਰੀ ਸ੍ਰਿਸ਼ਟੀ ਕੇਵਲ ਨਾਮ ਤੋਂ ਹੀ ਉਪਜਦੀ ਹੈ, ਕੇਵਲ ਨਾਮ ਤੋਂ ਹੀ ਇਸਦਾ ਪਾਲਣ ਪੋਸ਼ਣ ਹੁੰਦਾ ਹੈ ਅਤੇ ਨਾਮ ਤੋਂ ਹੀ ਇਸਦਾ ਸੰਘਾਰ ਹੁੰਦਾ ਹੈ। ਐਸੇ ਮਹਾ ਪੁਰਖ ਕੇਵਲ ਆਪ ਹੀ ਨਹੀਂ ਭਵਸਾਗਰ ਤੋਂ ਪਾਰ ਉਤਰਦੇ ਹਨ ਬਲਕਿ ਆਪਣੀ ਜੀਵਨ ਮੁਕਤੀ ਨਾਲ ਉਹ ਸਾਰੇ ਕੁੱਲ ਦੀ ਜੀਵਨ ਮੁਕਤੀ ਲੈ ਕੇ ਆਉਂਦੇ ਹਨ। ਕੇਵਲ ਇਤਨਾ ਹੀ ਨਹੀਂ ਉਹ ਆਉਣ ਵਾਲੀਆਂ ੨੧ ਕੁੱਲਾਂ ਦੀ ਮੁਕਤੀ ਵੀ ਲੈ ਕੇ ਆਉਂਦੇ ਹਨ। ਕੇਵਲ ਇਤਨਾ ਹੀ ਨਹੀਂ ਉਹ ਆਪਣੇ ਪਿੱਛਲੇ ਜਨਮਾਂ ਦੇ ਵਿੱਛੜੇ ਪਰਿਵਾਰਾਂ ਦਾ ਵੀ ਉਧਾਰ ਕਰਦੇ ਹਨ। ਪੂਰਨ ਬ੍ਰਹਮ ਗਿਆਨੀ ਦੀ ਸੰਗਤ ਵਿੱਚ ਉਹ ਮਨੁੱਖ ਹੀ ਆਉਂਦੇ ਹਨ ਜਿਨ੍ਹਾਂ ਦਾ ਸੰਬੰਧ ਐਸੇ ਮਹਾ ਪੁਰਖਾਂ ਨਾਲ ਪੂਰਬਲੇ ਜਨਮਾਂ ਤੋਂ ਹੁੰਦਾ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਪੂਰਨ ਬ੍ਰਹਮ ਗਿਆਨੀ ਆਪਣੇ ਪਿੱਛਲੇ ਜਨਮਾਂ ਦੇ ਵਿੱਛੜੇ ਪਰਿਵਾਰਾਂ ਦਾ ਵੀ ਉਧਾਰ ਕਰਨ ਲਈ ਧਰਤੀ ਉੱਪਰ ਪ੍ਰਗਟ ਹੁੰਦੇ ਹਨ। ਇਸ ਲਈ ਇੱਕ ਪੂਰਨ ਬ੍ਰਹਮ ਗਿਆਨੀ ਕੇਵਲ ਆਪਣਾ ਹੀ ਉਧਾਰ ਨਹੀਂ ਕਰਦੇ ਹਨ ਬਲਕਿ ਉਹ ਆਪਣੇ ਸਾਰੇ ਕੁੱਲ, ਆਉਣ ਵਾਲੀਆਂ ੨੧ ਕੁੱਲਾਂ, ਆਪਣੇ ਵਿੱਛੜੇ ਪਰਿਵਾਰਾਂ ਦਾ ਅਤੇ ਬਹਤ ਸਾਰੇ ਸੰਸਾਰਕ ਲੋਕਾਂ ਦਾ ਉਧਾਰ ਕਰਨ ਲਈ ਧਰਤੀ ਉੱਪਰ ਪ੍ਰਗਟ ਹੁੰਦੇ ਹਨ। ਇਸ ਲਈ ਜੀਵਨ ਮੁਕਤੀ ਬਹੁਤ ਵੱਡੀ ਦਾਤ ਹੈ। ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਮਹਾ ਪਰਉਪਕਾਰ ਦੀ ਸੇਵਾ ਬਹੁਤ ਵੱਡੀ ਦਾਤ ਹੈ।
ਜੋ ਮਨੁੱਖ ਨਾਮ ਦੀ ਮਹਿਮਾ ਬਣ ਜਾਂਦੇ ਹਨ ਅਤੇ ਅਕਾਲ ਪੁਰਖ ਦੀ ਮਹਿਮਾ ਬਣ ਜਾਂਦੇ ਹਨ ਉਹ ਪੂਰਨ ਬ੍ਰਹਮ ਗਿਆਨੀ, ਪੂਰਨ ਸੰਤ ਜਾਂ ਸਤਿਗੁਰ ਪੱਦਵੀ ਨੂੰ ਪ੍ਰਾਪਤ ਹੋ ਜਾਂਦੇ ਹਨ। ਜਿਨ੍ਹਾਂ ਮਹਾ ਪੁਰਖਾਂ ਦੇ ਹਿਰਦੇ ਵਿੱਚ ਨਾਮ ਚਲਾ ਜਾਂਦਾ ਹੈ ਉਨ੍ਹਾਂ ਦੇ ਹਿਰਦੇ ਵਿੱਚ ਪਰਮ ਜੋਤ ਪੂਰਨ ਪ੍ਰਕਾਸ਼ ਪ੍ਰਗਟ ਹੋ ਜਾਂਦਾ ਹੈ ਅਤੇ ਉਹ ਪ੍ਰਗਟਿਓ ਜੋਤ ਬਣ ਜਾਂਦੇ ਹਨ ਅਤੇ ਗੁਰੂ ਪੱਦਵੀ ਪ੍ਰਾਪਤ ਕਰਦੇ ਹਨ। ਇਸੇ ਲਈ ਸੁਖਮਨੀ ਬਾਣੀ ਵਿੱਚ ਧੰਨ ਧੰਨ ਸਤਿਗੁਰ ਅਵਤਾਰ ਅਰਜਨ ਦੇਵ ਜੀ ਨੇ ਇਹ ਸਪੱਸ਼ਟ ਕਰ ਦਿੱਤਾ ਹੈ :
“ਸੋ ਸਤਿਗੁਰੁ ਜਿਸੁ ਰਿਦੈ ਹਰਿ ਨਾਉ।।“
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ੨੮੭)
ਪਰਮ ਪੱਦਵੀ ਗੁਰੂ ਪੱਦਵੀ ਹੈ ਜਿਸਦੀ ਪ੍ਰਾਪਤੀ ਅਕਾਲ ਪੁਰਖ ਦੇ ਦਰਸ਼ਨ, ਪੂਰਨ ਬ੍ਰਹਮ ਗਿਆਨ, ਪੂਰਨ ਤੱਤ ਗਿਆਨ ਅਤੇ ਮਾਇਆ ਦੇ ਜਿੱਤਣ ਤੇ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਜਾ ਕੇ ਅਕਾਲ ਪੁਰਖ ਵਿੱਚ ਅਭੇਦ ਹੋ ਕੇ ਪ੍ਰਾਪਤ ਹੁੰਦੀ ਹੈ। ਇਸ ਲਈ ਗੁਰੂ ਉਹ ਹੈ ਜੋ ਅਕਾਲ ਪੁਰਖ ਵਿੱਚ ਅਭੇਦ ਹੋ ਚੁੱਕਾ ਹੈ। ਮਹਾ ਪਰਉਪਕਾਰ ਦੀ ਸੇਵਾ ਗੁਰੂ ਨੂੰ ਅਕਾਲ ਪੁਰਖ ਦੁਆਰਾ ਬਖ਼ਸ਼ੀ ਜਾਂਦੀ ਹੈ। ਜੋ ਮਹਾ ਪੁਰਖ ਇਸ ਪੱਦਵੀ ਨੂੰ ਪ੍ਰਾਪਤ ਹੁੰਦੇ ਹਨ ਕੇਵਲ ਉਨ੍ਹਾਂ ਨੂੰ ਜੀਅ ਦਾਨ ਦਾ ਗੁਰ ਪ੍ਰਸਾਦਿ ਦੇਣ ਦੀ ਬਖ਼ਸ਼ਿਸ਼ ਪ੍ਰਾਪਤ ਹੁੰਦੀ ਹੈ। ਇਸੇ ਲਈ ਗੁਰਬਾਣੀ ਵਿੱਚ ਇਹ ਸਪੱਸ਼ਟ ਕੀਤਾ ਗਿਆ ਹੈ :
“ਐਸੇ ਗੁਰ ਕਉ ਬਲਿ ਬਲਿ ਜਾਈਐ ਆਪਿ ਮੁਕਤੁ ਮੋਹਿ ਤਾਰੈ ॥੧॥ ਰਹਾਉ ॥“
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ੧੩੦੧)
ਅਤੇ
“ਆਪਿ ਮੁਕਤੁ ਮੁਕਤੁ ਕਰੈ ਸੰਸਾਰੁ ॥ ਨਾਨਕ ਤਿਸੁ ਜਨ ਕਉ ਸਦਾ ਨਮਸਕਾਰੁ ॥੮॥੨੩॥“
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ੨੯੫)
ਇਸ ਲਈ ਐਸੇ ਮਹਾ ਪੁਰਖ ਹੀ ਸਿੱਖਾਂ ਨੂੰ ਤਾਰਣ ਦੀ ਸਮਰਥਾ ਰੱਖਦੇ ਹਨ ਅਤੇ ਉਹ ਸਿੱਖਾਂ ਨੂੰ ਤਾਰਦੇ ਹਨ। ਭਾਵ ਸਿੱਖ ਉਹ ਹੈ ਜੋ ਐਸੇ ਮਹਾ ਪੁਰਖਾਂ ਦੀ ਸੇਵਾ ਵਿੱਚ ਪੂਰਨ ਪ੍ਰੀਤ, ਸ਼ਰਧਾ ਅਤੇ ਭਰੋਸੇ ਨਾਲ ਆਪਣਾ ਤਨ ਮਨ ਧਨ ਅਰਪਣ ਕਰ ਦਿੰਦੇ ਹਨ। ਫਿਰ ਐਸੇ ਸਿੱਖ ਨੂੰ ਕੋਈ ਸ਼ਕਤੀ ਵੀ ਤਰਨ ਅਤੇ ਤਾਰਨ ਤੋਂ ਰੋਕ ਨਹੀਂ ਸਕਦੀ ਹੈ। ਇਸ ਲਈ ਉਹ ਹੀ ਗੁਰੂ ਹੈ ਜੋ ਆਪ ਪੂਰਨ ਹੈ ਅਤੇ ਜਿਸਨੇ ਆਪ ਪੂਰਨ ਅਵਸਥਾ ਪ੍ਰਾਪਤ ਕਰ ਲਈ ਹੈ। ਕੇਵਲ ਪੂਰਨ ਨੂੰ ਹੀ ਉਪਦੇਸ਼ ਦੇਣ ਦਾ ਹੱਕ ਹੈ। ਜੋ ਅਧੂਰਾ ਹੈ ਉਹ ਗੁਰੂ ਨਹੀਂ ਹੈ ਅਤੇ ਨਾ ਹੀ ਉਸਨੂੰ ਪ੍ਰਚਾਰ ਕਰਨ ਦਾ ਕੋਈ ਹੱਕ ਹੈ। ਇਹ ਹੀ ਕਾਰਨ ਹੈ ਕਿ ਬਹੁਤ ਸਾਰੇ ਅਧੂਰਿਆਂ ਦੀ ਸੰਗਤ ਵਿੱਚ ਜਾਣ ਵਾਲਿਆਂ ਨੂੰ ਕੋਈ ਲਾਭ ਪ੍ਰਾਪਤ ਨਹੀਂ ਹੁੰਦਾ ਹੈ ਅਤੇ ਉਹ ਭਰਮਾਂ ਭੁਲੇਖਿਆਂ ਵਿੱਚ ਫੱਸੇ ਰਹਿੰਦੇ ਹਨ ਕਿਉਂਕਿ ਅਧੂਰਿਆਂ ਕੋਲ ਗੁਰ ਪ੍ਰਸਾਦਿ ਦੇਣ ਦੀ ਦਰਗਾਹੀ ਬਖ਼ਸ਼ਿਸ਼ ਨਹੀਂ ਹੁੰਦੀ ਹੈ।
ਜੋ ਮਨੁੱਖ ਨਾਮ ਦੀ ਮਹਿਮਾ ਬਣ ਜਾਂਦੇ ਹਨ ਉਨ੍ਹਾਂ ਦਾ ਸਿੱਧਾ ਸੰਬੰਧ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਪਰਮ ਸ਼ਕਤੀ ਨਾਲ ਜੁੜ ਜਾਂਦਾ ਹੈ। ਜੋ ਮਨੁੱਖ ਸਤਿਗੁਰ ਦੀ ਸੇਵਾ ਵਿੱਚ ਜੁੜ ਜਾਂਦੇ ਹਨ ਉਹ ਮਨੁੱਖ ਨਾਮ ਨਾਲ ਜੁੜ ਜਾਂਦੇ ਹਨ। ਨਾਮ ਦੀ ਸੇਵਾ ਹੀ ਸਤਿਗੁਰ ਦੀ ਸਭ ਤੋਂ ਉੱਤਮ ਸੇਵਾ ਹੈ। ਨਾਮ ਦੀ ਸੇਵਾ ਹੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸਭ ਤੋਂ ਉੱਤਮ ਸੇਵਾ ਹੈ। ਕੇਵਲ ਸਤਿਗੁਰ ਹੀ ਗੁਰ ਪ੍ਰਸਾਦਿ ਦਾ ਦਾਤਾ ਹੈ। ਕੇਵਲ ਪੂਰਨ ਬ੍ਰਹਮ ਗਿਆਨੀ ਹੀ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰ ਪ੍ਰਸਾਦਿ ਦਾ ਦਾਤਾ ਹੈ। ਕੇਵਲ ਪੂਰਨ ਸੰਤ ਹੀ ਚਾਰ ਪਦਾਰਥਾਂ (ਧਰਮ, ਮੋਕਸ਼, ਅਰਥ, ਕਾਮ) ਦਾ ਦਾਤਾ ਹੈ। ਇਸ ਲਈ ਕੇਵਲ ਸਤਿਗੁਰ, ਪੂਰਨ ਬ੍ਰਹਮ ਗਿਆਨੀ ਜਾਂ ਪੂਰਨ ਸੰਤ ਹੀ ਜੀਵਨ ਮੁਕਤੀ ਦੀ ਜੁਗਤ ਦਾ ਦਾਤਾ ਹੈ ਅਤੇ ਕੇਵਲ ਐਸੇ ਮਹਾ ਪੁਰਖਾਂ ਦੀ ਸੇਵਾ ਕਰਨ ਨਾਲ ਹੀ ਜੀਵਨ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ। ਇਸ ਲਈ ਜੋ ਮਨੁੱਖ ਇਸ ਪੂਰਨ ਬ੍ਰਹਮ ਗਿਆਨ ਨੂੰ ਮੰਨ ਲੈਂਦੇ ਹਨ ਉਹ ਮਨੁੱਖ “ਮੰਨੈ” ਦੀ ਇਸ ਪਰਮ ਸ਼ਕਤੀਸ਼ਾਲੀ ਅਵਸਥਾ ਵਿੱਚ ਚਲੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਇਹ ਪੂਰਨ ਸਤਿ ਤੱਤ ਤੱਥ ਦੀ ਸਮਝ ਆ ਜਾਂਦੀ ਹੈ ਕਿ ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਨਾਮ ਦਾ ਗੁਰ ਪ੍ਰਸਾਦਿ ਹੀ ਉਨ੍ਹਾਂ ਨੂੰ ਜੀਵਨ ਮੁਕਤੀ ਦੇ ਸਕਦਾ ਹੈ। ਇਸ ਲਈ ਐਸੇ ਮਨੁੱਖ ਇਧਰ ਉਧਰ ਨਹੀਂ ਭਟਕਦੇ ਹਨ ਅਤੇ ਆਪਣੇ ਆਪ ਨੂੰ ਪੂਰਨ ਸ਼ਰਧਾ, ਪ੍ਰੀਤ ਅਤੇ ਭਰੋਸੇ ਨਾਲ ਗੁਰੂ ਦੇ ਚਰਨਾਂ ਤੇ ਸਮਰਪਿਤ ਕਰ ਦਿੰਦੇ ਹਨ। ਭਾਵ ਇਹ ਹੈ ਕਿ ਜੋ ਮਨੁੱਖ ਦੇਵੀ ਦੇਵਤਿਆਂ ਦੇ ਚੱਕਰ ਵਿੱਚ ਭਟਕਦੇ ਹਨ ਉਨ੍ਹਾਂ ਨੂੰ ਗੁਰ ਪ੍ਰਸਾਦਿ ਅਤੇ ਜੀਵਨ ਮੁਕਤੀ ਦੀ ਜੁਗਤ ਨਸੀਬ ਨਹੀਂ ਹੁੰਦੀ ਹੈ। ਕਿਉਂਕਿ ਦੇਵੀ ਦੇਵਤਿਆਂ ਨੂੰ ਗੁਰ ਪ੍ਰਸਾਦਿ ਦੇਣ ਦੀ ਪਰਮ ਸ਼ਕਤੀ ਦੀ ਬਖ਼ਸ਼ਿਸ਼ ਨਹੀਂ ਹੁੰਦੀ ਹੈ। ਕਿਉਂਕਿ ਦੇਵੀ ਦੇਵਤੇ ਆਪ ਮੁਕਤ ਨਹੀਂ ਹਨ ਅਤੇ ਉਹ ਆਪ ਗੁਰ ਪ੍ਰਸਾਦਿ ਦੀ ਭਾਲ ਵਿੱਚ ਰਹਿੰਦੇ ਹਨ ਤਾਂ ਕਿ ਉਹ ਗੁਰ ਪ੍ਰਸਾਦਿ ਦੀ ਪ੍ਰਾਪਤੀ ਕਰਕੇ ਜੀਵਨ ਮੁਕਤ ਹੋ ਸਕਣ। ਭਾਈ ਲਹਿਣਾ ਜੀ ਦੇਵੀ ਪੂਜਾ ਕਰਇਆ ਕਰਦੇ ਸਨ। ਫਿਰ ਉਨ੍ਹਾਂ ਦੇ ਪੂਰਬਲੇ ਜਨਮਾਂ ਦੇ ਅੰਕੁਰ ਫੁੱਟੇ। ਜਿਸਦੇ ਫਲਸਰੂਪ ਉਹ ਸਤਿਗੁਰ ਅਵਤਾਰ ਧੰਨ ਧੰਨ ਨਾਨਕ ਪਾਤਿਸ਼ਾਹ ਜੀ ਦੇ ਚਰਨਾਂ ਵਿੱਚ ਚਲੇ ਗਏ ਅਤੇ ਮੁੜ ਕੇ ਨਹੀਂ ਵੇਖਿਆ, ਆਪਣਾ ਤਨ ਮਨ ਧਨ ਸਤਿਗੁਰ ਦੇ ਚਰਨਾਂ ਉੱਪਰ ਅਰਪਣ ਕਰ ਦਿੱਤਾ। ਸਤਿਗੁਰ ਦੀ ਸੇਵਾ ਵਿੱਚ ਜੁੜ ਗਏ। ਐਸੀ ਸੇਵ ਕਮਾਈ ਕਿ ਭਾਈ ਲਹਿਣਾ ਜੀ ਸਤਿਗੁਰ ਅੰਗਦ ਪਾਤਿਸ਼ਾਹ ਜੀ ਬਣ ਗਏ। ਐਸੀ ਹੀ ਸੇਵਾ ਕਰਨ ਦੀ ਲੋੜ ਹੈ ਸਾਰੇ ਜਿਗਿਆਸੂਆਂ ਨੂੰ। ਕੇਵਲ ਤਾਂ ਹੀ ਗੁਰ ਪ੍ਰਸਾਦਿ ਦੀ ਪ੍ਰਾਪਤੀ ਹੋ ਸਕਦੀ ਹੈ ਅਤੇ ਦਰ ਦਰ ਦੀ ਭਟਕਣਾ ਮੁੱਕ ਜਾਂਦੀ ਹੈ। ਦੇਵੀ ਦੇਵਤੇ ਵੀ ਜਿਥੇ ਪੂਰਨ ਬ੍ਰਹਮ ਗਿਆਨੀ ਦੀ ਸੰਗਤ ਹੁੰਦੀ ਹੈ ਉਥੇ ਆ ਕੇ ਬੈਠ ਜਾਂਦੇ ਹਨ। ਇਸ ਕਰਕੇ ਕਿ ਕੇਵਲ ਪੂਰਨ ਬ੍ਰਹਮ ਗਿਆਨੀ ਦੀ ਸੰਗਤ ਵਿੱਚ ਹੀ ਪੂਰਨ ਸਤਿ ਵਰਤਦਾ ਹੈ ਅਤੇ ਜੀਵਨ ਮੁਕਤੀ ਦੀ ਜੁਗਤ ਮਿਲਦੀ ਹੈ। ਜੇਕਰ ਪੂਰਨ ਬ੍ਰਹਮ ਗਿਆਨੀ ਦੀ ਕਿਰਪਾ ਮਿਲ ਜਾਵੇ ਤਾਂ ਇਨ੍ਹਾਂ ਦੇਵੀ ਦੇਵਤਿਆਂ ਨੂੰ ਵੀ ਮਨੁੱਖਾ ਜਨਮ ਅਤੇ ਬੰਦਗੀ ਨਸੀਬ ਹੋ ਜਾਂਦੀ ਹੈ, ਗੁਰ ਪ੍ਰਸਾਦਿ ਨਸੀਬ ਹੋ ਜਾਂਦਾ ਹੈ ਅਤੇ ਹਰ ਕਿਸਮ ਦੀ ਭਟਕਣਾ ਮੁੱਕ ਜਾਂਦੀ ਹੈ। ਸਾਰੀਆਂ ਦਾਤਾਂ ਦੇਣ ਵਾਲਾ ਕੇਵਲ ਇੱਕ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਹੀ ਹੈ ਅਤੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ ਅਤੇ ਸਤਿਗੁਰ ਵਿੱਚ ਇਸ ਧਰਤੀ ਉੱਪਰ ਪ੍ਰਗਟ ਹੁੰਦਾ ਹੈ ਅਤੇ ਜੋ ਮਨੁੱਖ ਐਸੀ ਰੂਹ ਪਾਸੋਂ ਗੁਰ ਪ੍ਰਸਾਦਿ ਦੀ ਪ੍ਰਾਪਤੀ ਕਰਦਾ ਹੈ ਉਹ ਸਾਰੀਆਂ ਦਾਤਾਂ ਪਾਉਣ ਦੇ ਯੋਗ ਹੋ ਜਾਂਦਾ ਹੈ ਅਤੇ ਉਸਦੀ ਸਾਰੀ ਭਟਕਣਾ ਦਾ ਅੰਤ ਹੋ ਜਾਂਦਾ ਹੈ ਕਿਉਂਕਿ ਐਸੇ ਮਨੁੱਖ ਨੂੰ ਸਾਰੇ ਦਰਗਾਹੀ ਖਜ਼ਾਨੇ ਪ੍ਰਾਪਤ ਹੋ ਜਾਂਦੇ ਹਨ।
ਗੁਰ ਕਿਰਪਾ ਅਤੇ ਗੁਰ ਪ੍ਰਸਾਦਿ ਦੀ ਪ੍ਰਾਪਤੀ ਕਰੋੜਾਂ ਮਨੁੱਖਾਂ ਨੂੰ ਹੋ ਜਾਂਦੀ ਹੈ। ਪ੍ਰੰਤੂ ਐਸੀ ਰੂਹ ਕੋਈ ਕਰੋੜਾਂ ਵਿੱਚੋਂ ਇੱਕ ਹੁੰਦੀ ਹੈ ਜੋ ਗੁਰ ਪ੍ਰਸਾਦਿ ਦੀ ਸੇਵਾ ਸੰਭਾਲਤਾ ਕਰਦੀ ਹੈ ਅਤੇ ਨਾਮ ਦੀ ਮਹਿਮਾ ਬਣ ਜਾਂਦੀ ਹੈ। ਨਾਮ ਰਤਨ ਦੀ ਪਹਿਚਾਣ ਕਰਨ ਵਾਲੀ ਕੋਈ ਵਿਰਲੀ ਰੂਹ ਹੀ ਹੁੰਦੀ ਹੈ। ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ ਜਾਂ ਸਤਿਗੁਰ ਦੀ ਸੰਗਤ ਤਾਂ ਕਰੋੜਾਂ ਨੂੰ ਪ੍ਰਾਪਤ ਹੁੰਦੀ ਹੈ ਪ੍ਰੰਤੂ ਗੁਰੂ ਦੇ ਚਰਨਾਂ ਵਿੱਚ ਕੋਈ ਵਿਰਲਾ ਹੀ ਤਨ ਮਨ ਧਨ ਅਰਪਣ ਕਰਦਾ ਹੈ। ਇਸ ਲਈ ਕੋਈ ਵਿਰਲਾ ਹੀ ਬੰਦਗੀ ਪੂਰਨ ਕਰ ਕੇ ਅਕਾਲ ਪੁਰਖ ਦੇ ਦਰਸ਼ਨਾਂ ਦਾ ਹੱਕਦਾਰ ਬਣਦਾ ਹੈ। ਜ਼ਰਾ ਸੋਚੋ ਜੇਕਰ ਸਾਰੇ ਮਨੁੱਖ ਜਿਨ੍ਹਾਂ ਨੂੰ ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ ਜਾਂ ਸਤਿਗੁਰ ਦੀ ਸੰਗਤ ਪ੍ਰਾਪਤ ਹੁੰਦੀ ਹੈ ਅਤੇ ਗੁਰ ਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ, ਜੇਕਰ ਉਹ ਸਾਰੇ ਮਨੁੱਖ ਆਪਣਾ ਆਪਾ (ਤਨ ਮਨ ਧਨ) ਗੁਰੂ ਦੇ ਚਰਨਾਂ ਉੱਪਰ ਪੂਰਨ ਤੌਰ ਤੇ ਸਮਰਪਿਤ ਕਰ ਦੇਣ ਤਾਂ ਕੀ ਉਹ ਸਾਰੇ ਹੀ ਸਤਿ ਰੂਪ ਨਹੀਂ ਬਣ ਜਾਣਗੇ ਅਤੇ ਜੀਵਨ ਮੁਕਤ ਨਹੀਂ ਹੋ ਜਾਣਗੇ। ਇਸ ਲਈ ਸਾਡੀ ਸਾਰੀ ਲੋਕਾਈ ਦੇ ਚਰਨਾਂ ਤੇ ਇਹ ਬੇਨਤੀ ਹੈ ਕਿ ਜੇਕਰ ਆਪ ਜੀ ਨੂੰ ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ ਜਾਂ ਸਤਿਗੁਰ ਦੀ ਸੰਗਤ ਦਾ ਸੁਭਾਗ ਪ੍ਰਾਪਤ ਹੁੰਦਾ ਹੈ ਤਾਂ ਇਸ ਪੂਰਨ ਸਤਿ ਤੱਤ ਤੱਥ ਨੂੰ ਦ੍ਰਿੜ੍ਹ ਕਰ ਲਵੋ ਅਤੇ ਆਪਣਾ ਤਨ ਮਨ ਧਨ ਗੁਰੂ ਦੇ ਚਰਨਾਂ ਤੇ ਅਰਪਣ ਕਰਕੇ ਗੁਰ ਪ੍ਰਸਾਦਿ ਦੀ ਪ੍ਰਾਪਤੀ ਅਤੇ ਸੇਵਾ ਸੰਭਾਲਤਾ ਕਰਕੇ ਜੀਵਨ ਮੁਕਤੀ ਪ੍ਰਾਪਤ ਕਰੋ ਜੀ।
“ਸੁਣਿਐ” ਅਤੇ “ਮੰਨੈ” ਦੀ ਪਰਮ ਸ਼ਕਤੀਸ਼ਾਲੀ ਅਵਸਥਾ ਦੀ ਮਹਿਮਾ ਬਾਰੇ ਪੂਰਨ ਬ੍ਰਹਮ ਗਿਆਨ ਦੇ ਕੇ, ਇਨ੍ਹਾਂ ਚਾਰ-ਚਾਰ (੮) ਪਉੜੀਆਂ ਵਿੱਚ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਨੇ ਸਾਡੀ ਸਾਰੀ ਲੋਕਾਈ ਦੀ ਝੋਲੀ ਦਰਗਾਹੀ ਰਹਿਮਤ ਅਤੇ ਮਹਿਰਾਮਤ ਨਾਲ ਭਰਪੂਰ ਕਰ ਦਿੱਤੀ ਹੈ। ਨਾਮ ਦੀ ਮਹਿਮਾ, ਗੁਰ ਪ੍ਰਸਾਦਿ ਦੀ ਮਹਿਮਾ ਅਤੇ ਇਨ੍ਹਾਂ ਦਰਗਾਹੀ ਬਖ਼ਸ਼ਿਸ਼ਾਂ ਦੀ ਮਹਿਮਾ ਸਾਡੀ ਝੋਲੀ ਵਿੱਚ ਪਾ ਕੇ ਸਾਨੂੰ ਪੂਰਨ ਬੰਦਗੀ ਦਾ ਮਾਰਗ ਦਰਸ਼ਨ ਕਰ ਦਿੱਤਾ ਹੈ। ਇਸ ਲਈ ਸਾਡੀ ਸਾਰੀ ਲੋਕਾਈ ਦੇ ਚਰਨਾਂ ਤੇ ਬੇਨਤੀ ਹੈ ਕਿ ਇਸ ਮਨੁੱਖੇ ਜਨਮ ਨੂੰ ਅਜਾਈਂ ਨਾ ਗੁਆ ਕੇ ਅਸੀਂ ਇਨ੍ਹਾਂ ਪੂਰਨ ਬ੍ਰਹਮ ਗਿਆਨ ਦੇ ਰਤਨਾਂ ਨੂੰ ਆਪਣੇ ਹਿਰਦੇ ਵਿੱਚ ਪਰੋ ਲਈਏ ਅਤੇ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਦਾ ਗੁਰ ਪ੍ਰਸਾਦਿ ਪ੍ਰਾਪਤ ਕਰ ਅਤੇ ਇਸ ਪਰਮ ਸ਼ਕਤੀਸ਼ਾਲੀ ਗੁਰ ਕਿਰਪਾ ਦੀ ਸੇਵਾ ਸੰਭਾਲਤਾ ਕਰਕੇ ਆਪਣਾ ਇਹ ਮਨੁੱਖਾ ਜਨਮ ਅਤੇ ਜੀਵਨ ਸਾਰਥਕ ਕਰ ਲਈਏ, ਜੀਵਨ ਮੁਕਤ ਹੋ ਕੇ ਆਪ ਤਰੀਏ ਅਤੇ ਸਾਰੇ ਸੰਸਾਰ ਨੂੰ ਤਾਰ ਦੇਈਏ।