ਜਪੁਜੀ ਪਉੜੀ ੨

ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥

ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ ॥

ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ ॥

ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ ॥

ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥

ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥੨॥

ਧੰਨ ਧੰਨ ਸਤਿਗੁਰ ਅਵਤਾਰ ਨਿਰੰਕਾਰ ਰੂਪ ਨਾਨਕ ਪਾਤਿਸ਼ਾਹ ਜੀ ਬੇਅੰਤ ਦਿਆਲਤਾ ਨਾਲ ਸਾਨੂੰ ਦਰਗਾਹੀ ਇਲਾਹੀ ਹੁਕਮ ਦੀ ਮਹਿਮਾ ਬਾਰੇ ਪੂਰਨ ਬ੍ਰਹਮ ਗਿਆਨ ਬਖ਼ਸ਼ ਰਹੇ ਹਨ। ਦਰਗਾਹੀ ਇਲਾਹੀ ਹੁਕਮ ਕੇਵਲ ਦਰਗਾਹੀ ਕਾਨੂੰਨ ਹਨ ਜੋ ਕਿ ਅਕਾਲ ਪੁਰਖ ਨੇ ਸਿਰਜੇ ਹਨ। ਇਹ ਇਲਾਹੀ ਦਰਗਾਹੀ ਨਿਯਮ ਹਨ ਜੋ ਅਕਾਲ ਪੁਰਖ ਨੇ ਸਾਰੀ ਸਿਰਜਨਾ ਦੇ ਸੰਚਾਲਣ ਕਰਨ ਲਈ ਹੀ ਸਿਰਜੇ ਹਨ। ਸਾਰੀ ਗੁਰਮਤਿ ਕੇਵਲ ਇਹ ਇਲਾਹੀ ਦਰਗਾਹੀ ਨਿਯਮ ਹੀ ਵਖਾਨ ਕਰਦੀ ਹੈ। ਸਾਰੀ ਗੁਰਬਾਣੀ ਕੇਵਲ ਇਹ ਇਹ ਦਰਗਾਹੀ ਇਲਾਹੀ ਨਿਯਮ ਹੀ ਵਖਾਨ ਕਰਦੀ ਹੈ। ਇਸ ਲਈ ਇਸ ਮਹਾਨ ਸ਼ਕਤੀਸ਼ਾਲੀ ਬਾਣੀ ਵਿੱਚ ਇਨ੍ਹਾਂ ਮਹਾਨ ਅਤੇ ਪਰਮ ਸ਼ਕਤੀਸ਼ਾਲੀ ਦਰਗਾਹੀ ਕਾਨੂੰਨਾਂ ਦੀ ਮਹਿਮਾ ਦਾ ਵਖਾਨ ਕੀਤਾ ਗਿਆ ਹੈ। ਸਾਰੀ ਸ੍ਰਿਸ਼ਟੀ ਦੀ ਰਚਨਾ ਇਨ੍ਹਾਂ ਦਰਗਾਹੀ ਇਲਾਹੀ ਨਿਯਮਾਂ ਦੇ ਅਨੁਸਾਰ ਹੀ ਹੋਈ ਹੈ, ਹੁੰਦੀ ਹੈ, ਹੋ ਰਹੀ ਹੈ ਅਤੇ ਹੁੰਦੀ ਰਹੇਗੀ। ਸ਼ਬਦ “ਆਕਾਰ” ਤੋਂ ਭਾਵ ਹੈ ਸਾਰੀ ਸ੍ਰਿਸ਼ਟੀ ਦੀ ਰਚਨਾ। ਕੇਵਲ ਇਤਨਾ ਹੀ ਨਹੀਂ ਕਿ ਸਾਰੀ ਸ੍ਰਿਸ਼ਟੀ ਦੀ ਸਿਰਜਨਾ ਇਨ੍ਹਾਂ ਦਰਗਾਹੀ ਨਿਯਮਾਂ ਅਨੁਸਾਰ ਹੀ ਹੋਈ ਹੈ, ਹੁੰਦੀ ਹੈ, ਹੋ ਰਹੀ ਹੈ ਅਤੇ ਹੁੰਦੀ ਰਹੇਗੀ, ਬਲਕਿ ਇਸ ਸਾਰੀ ਸਿਰਜਨਾ ਦਾ ਪਾਲਣ, ਸੰਚਾਲਣ ਅਤੇ ਸੰਘਾਰ ਵੀ ਇਨ੍ਹਾਂ ਦਰਗਾਹੀ ਨਿਯਮਾਂ ਅਨੁਸਾਰ ਹੀ ਹੋਇਆ ਹੈ, ਹੋ ਰਿਹਾ ਹੈ ਅਤੇ ਹੁੰਦਾ ਰਹੇਗਾ। ਹੁਕਮੀ ਤੋਂ ਭਾਵ ਹੈ ਹੁਕਮ ਦਾ ਸਿਰਜਨਹਾਰਾ, ਵਿਧਾਤਾ, ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਅਤੇ ਹੁਕਮ ਦਾ ਭਾਵ ਹੈ ਵਿਧਾਤਾ ਦਾ ਸਿਰਜਿਆ ਗਿਆ ਇਹ ਵਿਧਾਨ। ਜਿਸ ਸਮੇਂ (ਸ੍ਰਿਸ਼ਟੀ ਦੇ ਆਦਿ) ਅਕਾਲ ਪੁਰਖ, ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ, ਵਿਧਾਤਾ ਨੇ ਸ੍ਰਿਸ਼ਟੀ ਦੀ ਸਿਰਜਨਾ ਕੀਤੀ ਤਾਂ ਠੀਕ ਉਸੇ ਸਮੇਂ ਹੀ ਉਸ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਇਨ੍ਹਾਂ ਦਰਗਾਹੀ ਨਿਯਮਾਂ ਦੀ ਵੀ ਸਿਰਜਨਾ ਕੀਤੀ ਜਿਸ ਅਨੁਸਾਰ ਸ੍ਰਿਸ਼ਟੀ ਦੀ ਉਤਪਤੀ, ਪਾਲਣਾ ਅਤੇ ਸੰਘਾਰ ਹੋਇਆ, ਹੋ ਰਿਹਾ ਹੈ ਅਤੇ ਹੁੰਦਾ ਰਹੇਗਾ। ਇਸਦਾ ਭਾਵ ਇਹ ਹੈ ਕਿ ਜਿਸ ਸਮੇਂ ਸ੍ਰਿਸ਼ਟੀ ਦੀ ਸਿਰਜਨਾ ਹੋਈ ਤਾਂ ਠੀਕ ਉਸੇ ਸਮੇਂ ਹੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਸ੍ਰਿਸ਼ਟੀ ਦੀ ਉਤਪਤੀ, ਪਾਲਣਾ, ਸੰਘਾਰ ਨੂੰ ਇਨ੍ਹਾਂ ਦਰਗਾਹੀ ਨਿਯਮਾਂ ਅਨੁਸਾਰ ਸੰਚਾਲਣ ਕਰਨ ਦਾ ਹੁਕਮ ਵੀ ਦਰਗਾਹ ਵਿੱਚ ਲਿਖ ਦਿੱਤਾ। ਜਿਵੇਂ ਕਿ ਇਕ ਦੇਸ਼, ਪ੍ਰਾਂਤ ਯਾਂ ਨਗਰ ਦੇ ਸੰਚਾਲਣ ਲਈ ਉਥੋਂ ਦੀ ਸਰਕਾਰ ਨਿਯਮ ਅਤੇ ਕਾਨੂੰਨ ਬਣਾਉਂਦੀ ਹੈ ਜਿਸਨੂੰ ਸੰਵਿਧਾਨ ਕਿਹਾ ਜਾਂਦਾ ਹੈ ਅਤੇ ਇਸ ਸੰਵਿਧਾਨ ਵਿੱਚ ਦਰਜ ਨਿਯਮਾਂ ਅਤੇ ਕਾਨੂੰਨਾਂ ਅਨੁਸਾਰ ਸ਼ਾਸਨ ਕਰਦੀ ਹੈ, ਠੀਕ ਉਸੇ ਤਰ੍ਹਾਂ ਹੀ ਦਰਗਾਹ ਨੇ ਸਾਰੀ ਸ੍ਰਿਸ਼ਟੀ ਦੀ ਉਤਪਤੀ, ਪਾਲਣਾ ਅਤੇ ਸੰਘਾਰ ਦੇ ਸੰਚਾਲਣ ਲਈ ਇਨ੍ਹਾਂ ਦਰਗਾਹੀ ਕਾਨੂੰਨਾਂ ਅਤੇ ਨਿਯਮਾਂ ਦੀ ਸਿਰਜਨਾ ਕੀਤੀ ਹੈ। ਦਰਗਾਹ ਦੇ ਇਸ ਸੰਵਿਧਾਨ ਨੂੰ ਵਿਧੀ ਦਾ ਵਿਧਾਨ ਕਿਹਾ ਜਾਂਦਾ ਹੈ। ਦਰਗਾਹ ਦੇ ਇਸ ਕਾਨੂੰਨ ਅਤੇ ਨਿਯਮਾਂ ਨੂੰ ਵਿਧੀ ਦਾ ਵਿਧਾਨ ਕਿਹਾ ਜਾਂਦਾ ਹੈ। ਇਸ ਲਈ ਸਾਰੀ ਸ੍ਰਿਸ਼ਟੀ ਦੀ ਉਤਪਤੀ, ਪਾਲਣਾ ਅਤੇ ਸੰਘਾਰ ਇਨ੍ਹਾਂ ਦਰਗਾਹੀ ਨਿਯਮਾਂ ਅਤੇ ਕਾਨੂੰਨਾਂ ਅਨੁਸਾਰ ਅਦਿ ਜੁਗਾਦਿ ਤੋਂ ਹੋ ਰਿਹਾ ਹੈ ਅਤੇ ਅਉਣ ਵਾਲੇ ਸਾਰੇ ਯੁਗਾਂ ਵਿੱਚ ਵੀ ਹੁੰਦਾ ਰਹੇਗਾ। ਜਿਵੇਂ ਅਕਾਲ ਪੁਰਖ ਆਪ “ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥” ਹੈ ਠੀਕ ਉਸੇ ਤਰ੍ਹਾਂ ਉਸਦੇ ਬਣਾਏ ਗਏ ਇਹ ਦਰਗਾਹੀ ਨਿਯਮ ਅਤੇ ਕਾਨੂੰਨ ਵੀ “ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥” ਹਨ। ਜਿਵੇਂ ਅਕਾਲ ਪੁਰਖ ਆਪ ਅਨੰਤ ਹੈ ਬੇਅੰਤ ਹੈ ਅਤੇ ਸਰਬ ਕਲਾ ਭਰਪੂਰ ਹੈ ਠੀਕ ਉਸੇ ਤਰ੍ਹਾਂ ਉਸ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਬਣਾਇਆ ਵਿਧਾਨ ਵੀ ਬੇਅੰਤ ਸ਼ਕਤੀਆਂ ਦਾ ਸੋਮਾ ਹੈ। ਜਿਵੇਂ ਅਨੰਤ ਬੇਅੰਤ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਕਥਾ ਅਕੱਥ ਹੈ ਠੀਕ ਉਸੇ ਤਰ੍ਹਾਂ ਉਸਦੇ ਇਸ ਹੁਕਮ ਦੀ ਕਥਾ ਭਾਵ ਉਸ ਦੇ ਇਸ ਵਿਧਾਨ ਦੀ ਕਥਾ ਵੀ ਕਥੀ ਨਹੀਂ ਜਾ ਸਕਦੀ ਹੈ। ਭਾਵ ਜੋ ਮਨੁੱਖ ਇਸ ਦਰਗਾਹੀ ਵਿਧਾਨ ਅਨੁਸਾਰ ਆਪਣਾ ਜੀਵਨ ਜੀਉਂਦੇ ਹਨ ਉਹ ਇਸ ਬੇਅੰਤ ਅਨੰਤ ਪਰਮ ਸ਼ਕਤੀ ਵਿੱਚ ਅਭੇਦ ਹੋ ਕੇ ਬੇਅੰਤ ਹੋ ਜਾਂਦੇ ਹਨ ਅਤੇ ਇਸ ਪਰਮ ਸ਼ਕਤੀ ਦਾ ਸੋਮਾ ਬਣ ਜਾਂਦੇ ਹਨ। ਐਸੇ ਮਹਾ ਪੁਰਖ ਜਿੱਥੇ ਬੈਠਦੇ ਹਨ ਅਤੇ ਪੂਰਨ ਸਤਿ ਵਰਤਉਂਦੇ ਹਨ ਉਥੇ ਦਰਗਾਹ ਪਰਗਟ ਹੁੰਦੀ ਹੈ। ਐਸੇ ਮਹਾ ਪੁਰਖਾਂ ਦੀ ਸੰਗਤ ਵਿੱਚ ਇਹ ਦਰਗਾਹੀ ਵਿਧਾਨ ਵਰਤਦਾ ਹੈ ਅਤੇ ਸੁਹਾਗਣਾਂ ਅਤੇ ਸਦਾ ਸੁਹਾਗਣਾਂ ਦਾ ਜਨਮ ਹੁੰਦਾ ਹੈ। ਇਹ ਦਰਗਾਹੀ ਕਾਨੂੰਨ ਅਤੇ ਨਿਯਮ ਜਿਸ ਨੂੰ ਵਿਧੀ ਦਾ ਵਿਧਾਨ ਕਿਹਾ ਗਿਆ ਹੈ, ਹੀ ਗੁਰਮਤਿ ਹੈ। ਗੁਰਬਾਣੀ ਇਸ ਵਿਧਾਨ ਦਾ ਹੀ ਵਖਾਨ ਕਰਦੀ ਹੈ। ਸਾਰੀ ਗੁਰਬਾਣੀ ਹੀ ਗੁਰਮਤਿ ਹੈ। ਸਾਰੀ ਗੁਰਬਾਣੀ ਹੀ ਇਸ ਵਿਧਾਨ ਦੀ ਮਹਿਮਾ ਹੈ। ਅਵਤਾਰ, ਸਤਿਗੁਰ, ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ, ਪੂਰਨ ਖ਼ਾਲਸਾ ਇਸ ਵਿਧਾਨ ਦੇ ਅਨੁਸਾਰ ਆਪਣਾ ਜੀਵਨ ਜੀਉਂਦੇ ਹਨ ਅਤੇ ਸਾਰੀ ਲੋਕਾਈ ਨੂੰ ਇਸ ਦਰਗਾਹੀ ਵਿਧਾਨ ਦਾ ਮਾਰਗ ਦਰਸ਼ਨ ਕਰਦੇ ਹਨ ਅਤੇ ਇਸ ਮਹਾਨ ਪਰਮ ਸ਼ਕਤੀਸ਼ਾਲੀ ਵਿਧਾਨ ਉੱਪਰ ਚਲਣ ਲਈ ਗੁਰਕਿਰਪਾ ਅਤੇ ਗੁਰਪ੍ਰਸਾਦਿ ਦੀਆਂ ਪਰਮ ਸ਼ਕਤੀਆਂ ਦੀਆਂ ਬਖ਼ਸ਼ਿਸ਼ਾਂ ਦਿੰਦੇ ਹਨ। ਸਤਿਗੁਰ, ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ, ਪੂਰਨ ਖ਼ਾਲਸਾ ਇਸ ਵਿਧਾਨ ਦੇ ਰਖਵਾਲੇ ਅਤੇ ਵਰਤਾਉਣਹਾਰੇ ਹੁੰਦੇ ਹਨ ਅਤੇ ਉਹ ਇਸ ਪਰਮ ਸ਼ਕਤੀਸ਼ਾਲੀ ਵਿਧਾਨ ਦੇ ਅੰਮ੍ਰਿਤ ਨੂੰ ਸਾਰੀ ਲੋਕਾਈ ਨੂੰ ਵਰਤਾਉਂਦੇ ਹਨ। ਦਰਗਾਹੀ ਅਵਤਾਰਾਂ, ਸਤਿਗੁਰੂ ਪਾਤਿਸ਼ਾਹੀਆਂ, ਪੂਰਨ ਬ੍ਰਹਮ ਗਿਆਨੀਆਂ, ਪੂਰਨ ਸੰਤਾਂ ਅਤੇ ਪੂਰਨ ਖ਼ਾਲਸਿਆਂ ਨੇ ਇਸ ਪਰਮ ਸ਼ਕਤੀਸ਼ਾਲੀ ਦਰਗਾਹੀ ਵਿਧਾਨ ਦੀ ਕਮਾਈ ਕਰਕੇ ਇਸ ਬੇਅੰਤ ਸ਼ਕਤੀ ਨੂੰ ਗੁਰਬਾਣੀ ਦੇ ਰੂਪ ਵਿੱਚ ਸਾਡੀ ਸਾਰੀ ਲੋਕਾਈ ਦੀ ਝੋਲੀ ਵਿੱਚ ਪਾ ਦਿੱਤਾ ਹੈ। ਇਸ ਲਈ ਜੋ ਮਨੁੱਖ ਇਸ ਦਰਗਾਹੀ ਵਿਧਾਨ ਦੀ ਕਮਾਈ ਕਰਦੇ ਹਨ ਉਹ ਮਨੁੱਖ ਮਾਇਆ ਦੇ ਚੁੰਗਲ ਤੋਂ ਅਜ਼ਾਦ ਹੋ ਜਾਂਦੇ ਹਨ ਅਤੇ ਇਸ ਦਰਗਾਹੀ ਵਿਧਾਨ ਦੇ ਰਖਵਾਲੇ ਬਣ ਜਾਂਦੇ ਹਨ, ਇਸ ਦਰਗਾਹੀ ਵਿਧਾਨ ਦੇ ਅਧਿਕਾਰੀ ਬਣ ਜਾਂਦੇ ਹਨ, ਇਸ ਦਰਗਾਹੀ ਵਿਧਾਨ ਨੂੰ ਵਰਤਾਉਣ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਕਰਕੇ ਅਕਾਲ ਪੁਰਖ ਵਿੱਚ ਇੱਕ ਮਿੱਕ ਹੋ ਜਾਂਦੇ ਹਨ ਅਤੇ ਆਪਣਾ ਮਨੁੱਖਾ ਜਨਮ ਸਫਲ ਕਰਕੇ ਸਾਰੇ ਜਗ ਦੇ ਲੋਕਾਂ ਨੂੰ ਤਾਰਦੇ ਹਨ।

ਇਸ ਦਰਗਾਹੀ ਵਿਧਾਨ ਵਿੱਚ ਰਹਿਣਾ ਹੀ ਅਸਲੀ ਜੀਵਨ ਹੈ। ਜੀਵਨ ਦਾ ਸਹੀ ਆਨੰਦ ਕੇਵਲ ਇਸ ਵਿਧਾਨ ਅਨੁਸਾਰ ਜੀਵਨ ਜੀ ਕੇ ਹੀ ਮਾਣਿਆ ਜਾ ਸਕਦਾ ਹੈ। ਸਾਡੇ ਸਾਰੇ ਜੀਵਨ ਦੇ ਸੁਖ ਦੁਖ ਇਸ ਵਿਧਾਨ ਦੇ ਅਨੁਸਾਰ ਹੀ ਸਾਡੇ ਜੀਵਨ ਵਿੱਚ ਪਰਗਟ ਹੁੰਦੇ ਹਨ। ਕਰਮ ਦਾ ਵਿਧਾਨ ਇਸ ਦਰਗਾਹੀ ਵਿਧਾਨ ਦਾ ਹੀ ਬੇਅੰਤ ਮਹਤੱਵਪੂਰਨ ਹਿੱਸਾ ਹੈ। ਕਰਮ ਦਾ ਵਿਧਾਨ ਇਕ ਪਰਮ ਸ਼ਕਤੀਸ਼ਾਲੀ ਵਿਧਾਨ ਹੈ ਜੋ ਧਰਤੀ ਉੱਪਰ ਵਸਦੀ ੮੪ ਲੱਖ ਮੇਦਨੀ ਦੇ ਜੀਵਨ ਦਾ ਸੰਚਾਲਨ ਕਰਦਾ ਹੈ। ਕਰਮ ਦੇ ਇਸ ਵਿਧਾਨ ਦੇ ਅਨੁਸਾਰ ਹੀ ਸਾਡੇ ਸਾਰੇ ਜੀਵਨ ਦਾ ਸੰਚਾਲਨ ਹੁੰਦਾ ਹੈ। ਸਾਡਾ ਹਰ ਪਲ ਹਰ ਸਵਾਸ ਇਸ ਕਰਮ ਦੇ ਪਰਮ ਸ਼ਕਤੀਸ਼ਾਲੀ ਵਿਧਾਨ ਦੇ ਅਨੁਸਾਰ ਹੀ ਪਰਗਟ ਹੁੰਦਾ ਹੈ। ਸਾਡੇ ਭਾਗ ਇਸ ਪਰਮ ਸ਼ਕਤੀਸ਼ਾਲੀ ਵਿਧਾਨ ਦੇ ਅਨੁਸਾਰ ਹੀ ਲਿਖੇ ਜਾਂਦੇ ਹਨ ਜੋ ਭਵਿੱਖ ਵਿੱਚ ਸਾਡੇ ਜਨਮਾਂ ਦੇ ਜੀਵਨ ਵਿੱਚ ਪਰਗਟ ਹੁੰਦੇ ਹਨ। ਪਰਮ ਮਹੱਤਵਪੂਰਨ ਤੱਥ ਜੋ ਸਾਨੂੰ ਸਮਝਣ ਦੀ ਜਰੂਰਤ ਹੈ ਉਹ ਇਹ ਹੈ ਕਿ: ਸਾਡੇ ਰੋਜ਼ਾਨਾ ਜੀਵਨ ਦੇ ਸਾਰੇ ਕਰਮ; ਸਾਰੇ ਦੁਖ ਅਤੇ ਸੁਖ; ਚੰਗੇ ਅਤੇ ਮਾੜੇ ਖਿਣ; ਖ਼ੁਸ਼ੀ ਅਤੇ ਗ਼ਮੀ; ਸੰਜੋਗ ਅਤੇ ਵਿਜੋਗ – ਮਿਲਾਪ ਅਤੇ ਵਿਛੋੜਾ; ਰਿਸ਼ਤੇ ਨਾਤੇ; ਚੰਗੇ ਮਾੜੇ ਸੰਸਾਰਿਕ ਸੰਬੰਧ; ਚੰਗੇ ਮਾੜੇ ਪਰਿਵਾਰਿਕ ਸੰਬੰਧ; ਪਰਿਵਾਰਿਕ ਖ਼ੁਸ਼ੀਆਂ ਅਤੇ ਦੁਖ ਕਲੇਸ਼; ਧਨ ਸੰਪਦਾ ਦੀ ਪ੍ਰਾਪਤੀ ਅਤੇ ਨਿਰਧਨਤਾ; ਅਮੀਰੀ ਅਤੇ ਗਰੀਬੀ; ਦੁਨਿਆਵੀ ਸੁਖਾਂ ਦੀ ਪ੍ਰਾਪਤੀ ਅਤੇ ਅਭਾਵ; ਸਾਡਾ ਅਚਾਰ ਵਿਹਾਰ; ਸਾਡੇ ਸੰਸਕਾਰ ਅਤੇ ਆਦਤਾਂ; ਮਨ ਦੀ ਬਿਰਤੀ ਦਾ ਮਾਇਆਧਾਰੀ ਹੋਣਾ – ਰਜੋ ਗੁਣੀ ਯਾਂ ਤਮੋ ਗੁਣੀ ਹੋਣਾ ਭਾਵ ਮਨੋਬਿਰਤੀ ਦਾ ਕਾਮ, ਕ੍ਰੋਧ, ਲੋਭ, ਮੋਹ, ਅੰਹਕਾਰ ਅਤੇ ਤ੍ਰਿਸ਼ਨਾ ਦਾ ਗੁਲਾਮ ਹੋਣਾ; ਮਨ ਦੀ ਬਿਰਤੀ ਦਾ ਸਤੋ ਗੁਣੀ ਹੋਣਾ ਭਾਵ ਮਨੋ ਬਿਰਤੀ ਦਾ ਦਇਆ, ਧਰਮ, ਸੰਤੋਖ, ਸੰਜਮ, ਵਾਲਾ ਹੋਣਾ; ਸਾਡੀ ਸੰਸਾਰਿਕ ਸਿੱਖਿਆ ਦਾ ਪੱਧਰ; ਸਾਡੀ ਰੋਜ਼ੀ ਰੋਟੀ ਕਮਾਉਣ ਦੇ ਸਾਧਨ ਅਤੇ ਸਾਡੀ ਸਫਲਤਾ ਅਤੇ ਵਿਫਲਤਾ; ਸਾਡੀ ਬੰਦਗੀ ਅਤੇ ਸੇਵਾ; ਮਾਨ ਅਪਮਾਨ; ਮੁਕੱਦੀ ਗਲ ਕਿ ਸਾਡੇ ਰੋਜ਼ਾਨਾ ਜੀਵਨ ਵਿੱਚ ਜੋ ਕੁਝ ਵੀ ਵਾਪਰਦਾ ਹੈ ਉਹ ਇਸ ਪਰਮ ਸ਼ਕਤੀਸ਼ਾਲੀ ਕਰਮ ਦੇ ਵਿਧਾਨ ਦੇ ਅਨੁਸਾਰ ਵਾਪਰਦਾ ਹੈ। ਜੋ ਮਨੁੱਖ ਇਸ ਪਰਮ ਸ਼ਕਤੀਸ਼ਾਲੀ ਵਿਧਾਨ ਨੂੰ ਸਮਝ ਲੈਂਦੇ ਹਨ ਅਤੇ ਇਸ ਦੇ ਅਗੇ ਨਤਿਮਸਤਕ ਹੋ ਜਾਂਦੇ ਹਨ, ਉਹ ਮਨੁੱਖ ਆਪਣਾ ਜੀਵਨ ਇਸ ਵਿਧਾਨ ਦੇ ਅਨੁਸਾਰ ਜੀਉਂਦੇ ਹਨ ਅਤੇ ਐਸਾ ਕਰਨ ਨਾਲ ਉਹ ਆਪਣੀ ਹਸਤੀ ਨੂੰ ਮਿਟਾ ਕੇ, ਆਪਣੀ ਹੁਉਮੈ ਦਾ ਅੰਤ ਕਰ ਕੇ ਮਾਇਆ ਤੋਂ ਮੁਕਤੀ ਪ੍ਰਾਪਤ ਕਰ ਜੀਵਨ ਸਫਲ ਕਰ ਲੈਂਦੇ ਹਨ। ਜੋ ਮਨੁੱਖ ਇਸ ਵਿਧਾਨ ਨੂੰ ਸਮਝ ਲੈਂਦੇ ਹਨ ਉਨ੍ਹਾਂ ਨੂੰ ਮਾਇਆ ਦਾ ਖੇਲ ਸਮਝ ਆ ਜਾਂਦਾ ਹੈ। ਉਹ ਮਨੁੱਖ ਤਮੋ ਬਿਰਤੀ ਅਤੇ ਰਜੋ ਬਿਰਤੀ ਦਾ ਤਿਆਗ ਕਰ ਕੇ ਆਪਣੀ ਰੋਜ਼ਾਨਾ ਕਰਨੀ ਨੂੰ ਸਤੋ ਬਿਰਤੀ ਵਿੱਚ ਲੈ ਜਾਂਦੇ ਹਨ ਅਤੇ ਆਪਣੇ ਸਾਰੇ ਕਰਮ ਸਤਿ ਕਰਮਾਂ ਵਿੱਚ ਪਰਿਵਰਤਿਤ ਕਰ ਲੈਂਦੇ ਹਨ। ਇਸ ਤਰ੍ਹਾਂ ਦੇ ਸਤਿ ਕਰਮਾਂ ਵਾਲੇ ਜੀਵਨ ਜੀਉਂਦੇ ਹੋਏ ਸਾਡੇ ਸਤਿ ਕਰਮ ਇਕੱਤਰ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਇਕ ਸਮਾਂ ਐਸਾ ਆਉਂਦਾ ਹੈ ਜਦ ਸਾਡੇ ਇਤਨੇ ਕੁ ਸਤਿ ਕਰਮ ਇਕੱਤਰ ਹੋ ਜਾਂਦੇ ਹਨ ਜਿਨ੍ਹਾਂ ਨਾਲ ਅਕਾਲ ਪੁਰਖ ਦੀ ਨਦਰ ਸਾਡੇ ਤੇ ਪੈ ਜਾਂਦੀ ਹੈ ਅਤੇ ਇਸ ਬਖ਼ਸ਼ਿਸ ਦਾ ਸਦਕਾ ਅਸੀਂ ਗੁਰ ਪ੍ਰਸਾਦਿ ਦੀ ਪ੍ਰਾਪਤੀ ਦੇ ਹੱਕਦਾਰ ਬਣ ਜਾਂਦੇ ਹਾਂ। ਗੁਰ ਪ੍ਰਸਾਦਿ ਦੀ ਪ੍ਰਾਪਤੀ ਸਾਡਾ ਜੀਵਨ ਬਦਲ ਦਿੰਦੀ ਹੈ। ਕਰਮ ਦੇ ਇਸ ਪਰਮ ਸ਼ਕਤੀਸ਼ਾਲੀ ਵਿਧਾਨ ਵਿੱਚੋਂ ਨਿਕਲ ਕੇ ਆਪਣੇ ਜੀਵਨ ਨੂੰ ਸਦਾ ਸਦਾ ਲਈ ਪਰਮ ਆਨੰਦ ਵਿੱਚ ਪਰਗਟ ਕਰਨ ਦਾ ਕੇਵਲ ਇੱਕ ਹੀ ਵਿਧਾਨ ਹੈ ਅਤੇ ਇਹ ਵਿਧਾਨ ਹੈ ਗੁਰ ਪ੍ਰਸਾਦਿ ਦੀ ਪ੍ਰਾਪਤੀ ਕਰ ਕੇ ਨਾਮ ਸਿਮਰਨ ਕਰਦਿਆਂ, ਨਾਮ ਦੀ ਕਮਾਈ ਕਰਦਿਆਂ, ਹਿਰਦੇ ਵਿੱਚ ਨਾਮ ਦਾ ਪ੍ਰਕਾਸ਼ ਕਰਕੇ, ਰੋਮ ਰੋਮ ਵਿੱਚ ਨਾਮ ਦਾ ਪ੍ਰਕਾਸ਼ ਕਰਕੇ, ਮਾਇਆ ਨੂੰ ਜਿੱਤ ਕੇ, ਬੰਦਗੀ ਪੂਰਨ ਕਰਦਿਆਂ ਹੀ ਸਾਰੇ ਪਿੱਛਲੇ ਜਨਮ ਜਨਮਾਂਤਰਾਂ ਦੇ ਕਰਮਾਂ ਦਾ ਲੇਖਾ ਜੋਖਾ ਪੂਰਾ ਹੋ ਜਾਂਦਾ ਹੈ ਅਤੇ ਪਰਮ ਆਨੰਦ ਸਤਿ ਚਿਤ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਇਸ ਤਰ੍ਹਾਂ ਜੋ ਮਨੁੱਖ ਸਤੋ ਬਿਰਤੀ ਵਿੱਚ ਵਿਚਰਦੇ ਹਨ ਉਹ ਗੁਰ ਪ੍ਰਸਾਦਿ ਦੀ ਪ੍ਰਾਪਤੀ ਅਤੇ ਗੁਰ ਪ੍ਰਸਾਦਿ ਦੀ ਸੇਵਾ ਸੰਭਾਲਤਾ ਕਰਕੇ ਕਰਮਾਂ ਦੇ ਬੰਧਨਾਂ ਤੋਂ ਮੁਕਤੀ ਪ੍ਰਾਪਤ ਕਰਦੇ ਹਨ। ਜੀਵਨ ਮੁਕਤ ਮਨੁੱਖ ਦੇ ਸਾਰੇ ਕਰਮ ਫਿਰ ਸਤਿ ਕਰਮ ਹੋ ਜਾਂਦੇ ਹਨ। ਐਸੇ ਮਨੁੱਖ ਜੀਵਨ ਮੁਕਤ ਹੋ ਕੇ ਸਹੀ ਢੰਗ ਨਾਲ ਆਨੰਦਮਈ ਜੀਵਨ ਜੀਉਂਦੇ ਹਨ ਅਤੇ ਸਾਰੀ ਲੋਕਾਈ ਦਾ ਪਰਉਪਕਾਰ ਅਤੇ ਮਹਾ ਪਰਉਪਕਾਰ ਕਰਦੇ ਹਨ।

ਇਥੇ ਇਕ ਪ੍ਰਸ਼ਨ ਤੇ ਵਿਚਾਰ ਕਰਨਾ ਲਾਜ਼ਮੀ ਹੈ ਕਿ ਐਸੇ ਮਹਾ ਪੁਰਖਾਂ ਦਾ ਜੀਵਨ ਅਤੇ ਸਾਰੇ ਕਰਮ ਕਿਵੇਂ ਹੁਕਮ ਵਿੱਚ ਚਲੇ ਜਾਂਦੇ ਹਨ ? ਇਸ ਪਰਮ ਤੱਤ ਤੱਥ ਨੂੰ ਇਸ ਪੂਰਨ ਸਤਿ ਨੂੰ ਸਮਝ ਕੇ ਜਾਣਿਆ ਜਾ ਸਕਦਾ ਹੈ: ਮਨੁੱਖ ਦੀਆਂ ਪੰਜ ਕਰਮ ਇੰਦਰੀਆਂ ਹਨ (ਦੋ ਹੱਥ, ਦੋ ਪੈਰ ਅਤੇ ਮੁੱਖ) ਜਿਨ੍ਹਾਂ ਦਾ ਆਧਾਰ ਪੰਜ ਗਿਆਨ ਇੰਦਰੀਆਂ ਹਨ (ਨਾਸਿਕਾ, ਕੰਨ, ਅੱਖਾਂ, ਰਸਨਾ ਅਤੇ ਚਮੜੀ)। ਇਨ੍ਹਾਂ ਪੰਜ ਗਿਆਨ ਇੰਦਰੀਆਂ ਦਾ ਆਧਾਰ ਹੈ ਮਨੁੱਖ ਦਾ ਮਨ ਅਤੇ ਮਨ ਦਾ ਆਧਾਰ ਹੈ ਮਨੁੱਖ ਦੀ ਬੁੱਧੀ। ਇਸਦਾ ਭਾਵ ਇਹ ਹੈ ਕਿ ਜੋ ਪੰਜ ਗਿਆਨ ਇੰਦਰੀਆਂ ਅਨੁਭਵ ਕਰਦੀਆਂ ਹਨ ਉਸ ਗਿਆਨ ਦੇ ਆਧਾਰ ਤੇ ਮਨ ਆਪਣੀ ਬੁੱਧੀ ਅਨੁਸਾਰ ਕਰਮ ਇੰਦਰੀਆਂ ਨੂੰ ਆਦੇਸ਼ ਦਿੰਦਾ ਹੈ ਅਤੇ ਪੰਜ ਕਰਮ ਇੰਦਰੀਆਂ ਕਰਮ ਕਰਦੀਆਂ ਹਨ। ਆਪਣੀ ਬੁੱਧੀ ਨੂੰ ਮਨਮਤਿ ਕਿਹਾ ਗਿਆ ਹੈ। ਇਸ ਦਾ ਭਾਵ ਹੈ ਕਿ ਇਕ ਆਮ ਮਨੁੱਖ ਦੇ ਸਾਰੇ ਕਰਮ ਮਨਮਤਿ ਦੇ ਅਨੁਸਾਰ ਹੁੰਦੇ ਹਨ। ਇਹ ਮਨਮਤਿ ਮਾਇਆ ਦੀ ਗੁਲਾਮ ਹੈ। ਇਹ ਮਨਮਤਿ ਹੀ ਮਾਇਆ ਹੈ। ਇਸ ਲਈ ਸਾਡੇ ਸਾਰੇ ਕਰਮ ਮਾਇਆ ਦੇ ਪ੍ਰਭਾਵ ਹੇਠ ਹੁੰਦੇ ਹਨ। ਅਗਲਾ ਤੱਤ ਤੱਥ ਜੋ ਕਿ ਸਮਝਣਾ ਪਰਮ ਲਾਜ਼ਮੀ ਹੈ ਉਹ ਇਹ ਹੈ ਕਿ ਮਨ ਤੋਂ ਵੀ ਉਪਰ ਬੈਠੀ ਹੋਈ ਹੈ ਪਰਮ ਜੋਤ ਜਿਸ ਦੀ ਹੋਂਦ ਕਾਰਨ ਹੀ ਮਨੁੱਖ ਜਗ ਵਿੱਚ ਜਨਮ ਲੈਂਦਾ ਹੈ। ਇਸ ਪਰਮ ਜੋਤ ਵਿੱਚ ਹੀ ਸਮਾਇਆ ਹੋਇਆ ਹੈ ਬੇਅੰਤ ਗਿਆਨ ਦਾ ਭੰਡਾਰ ਜਿਸਨੂੰ ਅਸੀਂ ਪੂਰਨ ਬ੍ਰਹਮ ਗਿਆਨ ਪੂਰਨ ਤੱਤ ਗਿਆਨ ਕਹਿੰਦੇ ਹਾਂ। ਇਸ ਗਿਆਨ ਦੇ ਭੰਡਾਰ ਨੂੰ ਅਸੀਂ ਗੁਰਮਤਿ ਵੀ ਕਹਿੰਦੇ ਹਾਂ ਅਤੇ ਆਤਮਰਸ ਅੰਮ੍ਰਿਤ ਵੀ ਕਹਿੰਦੇ ਹਾਂ। ਇਹ ਪਰਮ ਜੋਤ ਹੀ ਬੇਅੰਤ ਅਨੰਤ ਦਰਗਾਹੀ ਇਲਾਹੀ ਪਰਮ ਸ਼ਕਤੀਆਂ ਦਾ ਭੰਡਾਰ ਹੈ। ਇਹ ਪਰਮ ਜੋਤ ਹੀ ਸਾਰੇ ਦਰਗਾਹੀ ਖ਼ਜ਼ਾਨਿਆਂ ਦਾ ਬੇਅੰਤ ਭੰਡਾਰ ਹੈ। ਇਹ ਪਰਮ ਜੋਤ ਹੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਆਪ ਹੈ ਜੋ ਸਾਡੀ ਦੇਹੀ ਵਿੱਚ ਆਪ ਬੈਠਾ ਹੋਇਆ ਹੈ। ਜਦ ਸਤੋ ਬਿਰਤੀ ਤੇ ਚਲਣ ਵਾਲਾ ਮਨੁੱਖ ਸਤਿ ਕਰਮ ਇਕੱਤਰ ਕਰਦੇ ਕਰਦੇ ਗੁਰ ਪ੍ਰਸਾਦਿ ਦੀ ਪ੍ਰਾਪਤੀ ਕਰਕੇ ਇਸ ਮਹਾਨ ਪਰਮ ਸ਼ਕਤੀ ਦੀ ਸੇਵਾ ਸੰਭਾਲਤਾ ਕਰਦਾ ਹੋਇਆ ਮਾਇਆ ਨੂੰ ਜਿੱਤ ਕੇ ਹਿਰਦੇ ਦੀ ਪੂਰਨ ਸਚਿਆਰੀ ਰਹਿਤ ਦਾ ਗੁਰ ਪ੍ਰਸਾਦਿ ਪ੍ਰਾਪਤ ਕਰਕੇ ਪੂਰਨ ਬੰਦਗੀ ਦੇ ਪੜਾਅ ਪਾਰ ਕਰਕੇ ਦਰਗਾਹ ਪਰਵਾਨ ਚੜ੍ਹਦਾ ਹੈ ਤਾਂ ਉਸ ਨੂੰ ਅਕਾਲ ਪੁਰਖ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਦਰਸ਼ਨ ਹੁੰਦੇ ਹਨ ਅਤੇ ਉਹ ਅਕਾਲ ਪੁਰਖ ਵਿੱਚ ਅਭੇਦ ਹੋ ਜਾਂਦਾ ਹੈ। ਇਸ ਅਵਸਥਾ ਵਿੱਚ ਪਹੁੰਚ ਕੇ ਉਸ ਨੂੰ ਗੁਰਮਤਿ ਦੀ ਪ੍ਰਾਪਤੀ ਹੁੰਦੀ ਹੈ ਭਾਵ ਪੂਰਨ ਬ੍ਰਹਮ ਗਿਆਨ ਪੂਰਨ ਤੱਤ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਪੂਰਨ ਬ੍ਰਹਮ ਗਿਆਨ ਅਤੇ ਪੂਰਨ ਤੱਤ ਗਿਆਨ ਦੀ ਪ੍ਰਾਪਤੀ ਹੋਣ ਦੇ ਨਾਲ ਹੀ ਉਸਦੀ ਮਨਮਤਿ ਦਾ ਅੰਤ ਹੋ ਜਾਂਦਾ ਹੈ। ਭਾਵ ਮਾਇਆ ਦੀ ਗੁਲਾਮੀ ਖ਼ਤਮ ਹੋ ਜਾਂਦੀ ਹੈ, ਮਨ ਦਾ ਅੰਤ ਹੋ ਜਾਂਦਾ ਹੈ, ਮਾਇਆ ਉਸਦੀ ਸੇਵਾ ਵਿੱਚ ਆ ਜਾਂਦੀ ਹੈ। ਜਦ ਐਸੀ ਕਿਰਪਾ ਅਤੇ ਗੁਰ ਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ ਤਾਂ ਪੰਜੇ ਗਿਆਨ ਇੰਦਰੀਆਂ ਗੁਰਮਤਿ ਵਿੱਚ ਆ ਜਾਂਦੀਆਂ ਹਨ। ਪੰਜੇ ਗਿਆਨ ਇੰਦਰੀਆਂ ਪੂਰਨ ਬ੍ਰਹਮ ਗਿਆਨ ਦੇ ਅਧੀਨ ਹੋ ਜਾਂਦੀਆਂ ਹਨ। ਭਾਵ ਪੰਜੇ ਗਿਆਨ ਇੰਦਰੀਆਂ ਬ੍ਰਹਮ ਦੇ ਵਿਧਾਨ ਅਧੀਨ ਆ ਜਾਂਦੀਆਂ ਹਨ, ਪੂਰਨ ਹੁਕਮ ਵਿੱਚ ਆ ਜਾਂਦੀਆਂ ਹਨ। ਇਸ ਲਈ ਪੰਜੇ ਕਰਮ ਇੰਦਰੀਆਂ ਪੂਰਨ ਹੁਕਮ ਵਿੱਚ ਆ ਜਾਂਦੀਆ ਹਨ। ਇਸ ਲਈ ਐਸਾ ਮਨੁੱਖ ਜੋ ਜੋ ਕਰਮ ਕਰਦਾ ਹੈ ਉਹ ਪੂਰਨ ਹੁਕਮ ਵਿੱਚ ਹੁੰਦੇ ਹਨ ਅਤੇ ਸਤਿ ਕਰਮ ਹੁੰਦੇ ਹਨ। ਐਸੇ ਮਨੁੱਖ ਦੇ ਸਾਰੇ ਕਰਮ ਸਾਰੀ ਲੋਕਾਈ ਲਈ ਪਰਉਪਕਾਰ ਅਤੇ ਮਹਾ ਪਰਉਪਕਾਰ ਨਾਲ ਭਰਪੂਰ ਹੁੰਦੇ ਹਨ।

ਜੋ ਮਨੁੱਖ ਮਾਇਆ ਦੀ ਰਜੋ ਅਤੇ ਤਮੋ ਬਿਰਤੀ ਦੇ ਗੁਲਾਮ ਬਣ ਕੇ ਜੀਵਨ ਜੀਉਂਦੇ ਹਨ ਉਹ ਜਨਮ ਜਨਮਾਂਤਰਾਂ ਤੱਕ ਜੂਨੀ ਵਿੱਚ ਭਟਕਦੇ ਰਹਿੰਦੇ ਹਨ। ਉਨ੍ਹਾਂ ਮਨੁੱਖਾਂ ਦੇ ਸਾਰੇ ਕਰਮ ਅਸਤਿ ਕਰਮ ਹੁੰਦੇ ਹਨ ਅਤੇ ਇਹ ਅਸਤਿ ਕਰਮ ਹੀ ਉਨਹਾਂ ਦੇ ਮਾੜੇ ਸੰਸਕਾਰ, ਦੁਰਵਿਹਾਰ, ਦੁਰਚਰਿਤ੍ਰ, ਦੁਖਾਂ, ਕਲੇਸ਼ਾਂ, ਕਸ਼ਟਾਂ, ਗੰਦਗੀ ਨਾਲ ਭਰਪੂਰ ਜੀਵਨ, ਨਿਰਧਨਤਾ ਅਤੇ ਗਰੀਬੀ ਦਾ ਕਾਰਨ ਬਣਦੇ ਹਨ। ਇਹ ਅਸਤਿ ਕਰਮ ਹੀ ਸਾਡੀ ਜਿੰਦਗੀ ਦੀਆਂ ਸਾਰੀਆਂ ਸਮੱਸਿਆਵਾਂ ਦਾ ਕਾਰਨ ਬਣਦੇ ਹਨ। ਕਰਮ ਦੇ ਇਸ ਵਿਧਾਨ ਦੇ ਅਨੁਸਾਰ ਜੈਸਾ ਅਸੀਂ ਬੀਜਦੇ ਹਾਂ ਵੈਸਾ ਹੀ ਸਾਨੂੰ ਫੱਲ ਪ੍ਰਾਪਤ ਹੁੰਦਾ ਹੈ। ਭਾਵ ਜੈਸੇ ਅਸੀਂ ਕਰਮ ਕਰਾਂਗੇ ਸਾਨੂੰ ਆਉਣ ਵਾਲੇ ਸਮੇਂ ਵਿੱਚ ਵੈਸਾ ਹੀ ਜੀਵਨ ਮਿਲੇਗਾ। ਜੋ ਮਨੁੱਖ ਇਸ ਦਰਗਾਹੀ ਵਿਧਾਨ ਜਿਸ ਨੂੰ ਹੁਕਮ ਕਿਹਾ ਗਿਆ ਹੈ ਦੇ ਖ਼ਿਲਾਫ ਚਲਦੇ ਹਨ ਉਹ ਮੁੱਖ ਚੋਟਾਂ ਖਾਂਦੇ ਹਨ।

ਇਸ ਲਈ ਇਸ ਪੂਰਨ ਬ੍ਰਹਮ ਗਿਆਨ ਨੂੰ ਸਮਝਣ ਨਾਲ ਕਿ ਸਭ ਕੁਝ ਅਕਾਲ ਪੁਰਖ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਬਣਾਏ ਗਏ ਦਰਗਾਹੀ ਵਿਧਾਨ, ਜਿਸ ਨੂੰ ਗੁਰਬਾਣੀ ਵਿੱਚ ਹੁਕਮ ਕਿਹਾ ਗਿਆ ਹੈ ਦੇ ਅਨੁਸਾਰ ਹੁੰਦਾ ਹੈ, ਸਾਨੂੰ ਹਉਮੈ ਦੀ ਸੂਝ ਪੈ ਜਾਂਦੀ ਹੈ। ਹਉਮੈ ਨੂੰ ਗੁਰਬਾਣੀ ਵਿੱਚ ਦੀਰਘ ਮਾਨਸਿਕ ਰੋਗ ਕਿਹਾ ਗਿਆ ਹੈ। ਹਉਮੈ ਦੀ ਸੂਝ ਅਤੇ ਗਿਆਨ ਦੇ ਪ੍ਰਕਾਸ਼ ਹੋ ਜਾਣ ਨਾਲ ਅਸੀਂ ਨਿੰਮਰਤਾ ਵਿੱਚ ਚਲੇ ਜਾਂਦੇ ਹਾਂ। ਭਰਪੂਰ ਨਿੰਮਰਤਾ ਹੀ ਦਰਗਾਹ ਦੀ ਕੁੰਜੀ ਹੈ। ਹਉਮੈ ਦੀ ਮੌਤ ਹੀ ਜੀਵਨ ਮੁਕਤੀ ਹੈ। ਹਉਮੈ ਦੀ ਮੌਤ ਗੁਰੂ ਚਰਨਾਂ ਉੱਪਰ ਪੂਰਨ ਸਮਰਪਣ ਕਰਨ ਨਾਲ ਹੁੰਦੀ ਹੈ। ਪੂਰਨ ਸਮਰਪਣ ਕਰਨ ਨਾਲ ਆਪਣੀ ਹਸਤੀ ਮਿੱਟ ਜਾਂਦੀ ਹੈ ਅਤੇ ਕੇਵਲ ਪਰਮ ਜੋਤ ਰਹਿ ਜਾਂਦੀ ਹੈ ਅਤੇ ਇਹ ਪਰਮ ਜੋਤ ਨਿਰਗੁਣ ਸਰੂਪ ਵਿੱਚ ਸਦਾ ਸਦਾ ਲਈ ਸਮਾ ਜਾਂਦੀ ਹੈ।