ਜਪੁਜੀ ਪਉੜੀ ੩

ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ ॥

ਗਾਵੈ ਕੋ ਦਾਤਿ ਜਾਣੈ ਨੀਸਾਣੁ ॥

ਗਾਵੈ ਕੋ ਗੁਣ ਵਡਿਆਈਆ ਚਾਰ ॥

ਗਾਵੈ ਕੋ ਵਿਦਿਆ ਵਿਖਮੁ ਵੀਚਾਰੁ ॥

ਗਾਵੈ ਕੋ ਸਾਜਿ ਕਰੇ ਤਨੁ ਖੇਹ ॥

ਗਾਵੈ ਕੋ ਜੀਅ ਲੈ ਫਿਰਿ ਦੇਹ ॥

ਗਾਵੈ ਕੋ ਜਾਪੈ ਦਿਸੈ ਦੂਰਿ ॥

ਗਾਵੈ ਕੋ ਵੇਖੈ ਹਾਦਰਾ ਹਦੂਰਿ ॥

ਕਥਨਾ ਕਥੀ ਨ ਆਵੈ ਤੋਟਿ ॥

ਕਥਿ ਕਥਿ ਕਥੀ ਕੋਟੀ ਕੋਟਿ ਕੋਟਿ ॥

ਦੇਦਾ ਦੇ ਲੈਦੇ ਥਕਿ ਪਾਹਿ ॥

ਜੁਗਾ ਜੁਗੰਤਰਿ ਖਾਹੀ ਖਾਹਿ ॥

ਹੁਕਮੀ ਹੁਕਮੁ ਚਲਾਏ ਰਾਹੁ ॥

ਨਾਨਕ ਵਿਗਸੈ ਵੇਪਰਵਾਹੁ ॥੩॥

 

     ਧੰਨ ਧੰਨ ਸਤਿਗੁਰੂ ਅਵਤਾਰ ਨਾਨਕ ਪਾਤਿਸ਼ਾਹ ਜੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਬੰਦਗੀ ਦੀ ਮਹਿਮਾ ਬਾਰੇ ਪੂਰਨ ਬ੍ਰਹਮ ਗਿਆਨ ਦੀ ਬਖ਼ਸ਼ਿਸ਼ ਸਾਰੀ ਲੋਕਾਈ ਦੀ ਝੋਲੀ ਵਿੱਚ ਪਾ ਰਹੇ ਹਨ। ਜੋ ਮਨੁੱਖ ਮੂਲ ਮੰਤਰ ਦੀ ਮਹਿਮਾ ਦੇ ਬਾਰੇ ਵਖਾਨੇ ਗਏ ਪੂਰਨ ਬ੍ਰਹਮ ਗਿਆਨ ਦੇ ਤੱਤ ਤੱਥ ਨੂੰ ਸਮਝ ਕੇ ਜਪ ਵਿੱਚ ਚਲੇ ਜਾਂਦੇ ਹਨ ਭਾਵ ਸਿਮਰਨ ਵਿੱਚ ਚਲੇ ਜਾਂਦੇ ਹਨ ਅਤੇ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਮਹਾ ਪਰਉਪਕਾਰ ਦੇ ਗੁਰ ਪ੍ਰਸਾਦਿ ਦੀ ਪ੍ਰਾਪਤੀ ਕਰ ਪੂਰਨ ਹੁਕਮ ਵਿੱਚ ਚਲੇ ਜਾਂਦੇ ਹਨ ਉਹ ਮਨੁੱਖ ਹੀ ਕੇਵਲ ਧੰਨ ਧੰਨ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਦੇ “ਤਾਣ” ਨੂੰ ਵੇਖਦੇ ਹਨ ਅਤੇ ਅਨੁਭਵ ਕਰਦੇ ਹਨ। “ਤਾਣ” ਤੋਂ ਭਾਵ ਹੈ ਪਰਮ ਬਲ, ਸਮਰਥਾ, ਪਰਮ ਸ਼ਕਤੀ, ਸਰਬ ਕਲਾ, ਅੰਮ੍ਰਿਤ ਦੀ ਮਹਿਮਾ, ਕਿਰਪਾ ਦੀ ਮਹਿਮਾ, ਗੁਰ ਪ੍ਰਸਾਦਿ ਦੀ ਮਹਿਮਾ, ਅਕਾਲ ਪੁਰਖ ਦੀ ਮਹਿਮਾ। ਧੰਨ ਧੰਨ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਦੇ ਇਸ “ਤਾਣ” ਨੂੰ ਉਹ ਮਨੁੱਖ ਹੀ ਅਨੁਭਵ ਕਰਦਾ ਹੈ ਜੋ ਇਸ “ਤਾਣ” ਵਿੱਚ ਲੀਨ ਹੋ ਜਾਂਦਾ ਹੈ ਭਾਵ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਵਿੱਚ ਸਮਾ ਜਾਂਦਾ ਹੈ, ਬ੍ਰਹਮ ਲੀਨ ਹੋ ਜਾਂਦਾ ਹੈ, ਨਿਰਗੁਣ ਸਰੂਪ ਵਿੱਚ ਅਭੇਦ ਹੋ ਜਾਂਦਾ ਹੈ, ਆਪਣੀ ਹਸਤੀ ਨੂੰ ਮਿਟਾ ਕੇ ਮਾਇਆ ਤੋਂ ਮੁਕਤ ਹੋ ਜੀਵਨ ਮੁਕਤੀ ਨੂੰ ਪ੍ਰਾਪਤ ਕਰ ਲੈਂਦਾ ਹੈ, ਪੂਰਨ ਬ੍ਰਹਮ ਗਿਆਨ ਨੂੰ ਪ੍ਰਾਪਤ ਕਰ ਲੈਂਦਾ ਹੈ, ਪੂਰਨ ਤੱਤ ਗਿਆਨ ਨੂੰ ਪ੍ਰਾਪਤ ਕਰ ਲੈਂਦਾ ਹੈ, ਆਤਮ ਰਸ ਅੰਮ੍ਰਿਤ ਨੂੰ ਪ੍ਰਾਪਤ ਕਰ ਲੈਂਦਾ ਹੈ ਅਤੇ ਪਰਮ ਪਦਵੀ ਨੂੰ ਪ੍ਰਾਪਤ ਕਰਕੇ ਇਕ ਸੰਤ ਹਿਰਦਾ ਬਣ ਜਾਂਦਾ ਹੈ। ਕੇਵਲ ਐਸੀ ਹੀ ਕੋਈ ਵਿਰਲੀ ਰੂਹ ਹੈ ਜੋ ਇਸ “ਤਾਣ” ਦੀ ਮਹਿਮਾ ਗਾਉਣ ਦੇ ਸਮਰਥ ਹੋ ਜਾਂਦੀ ਹੈ। ਉਹ ਅਤਿ ਸੁੰਦਰ ਰੂਹ ਜੋ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਵਿੱਚ ਲੀਨ ਹੋ ਕੇ ਆਪ “ਤਾਣ” ਬਣ ਜਾਂਦੀ ਹੈ, ਆਪ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਬਣ ਜਾਂਦੀ ਹੈ, ਕੇਵਲ ਉਹ ਅਤਿ ਸੁੰਦਰ ਰੂਹ ਹੀ ਇਸ “ਤਾਣ” ਦੀ ਮਹਿਮਾ ਗਾਉਣ ਦੇ ਸਮਰਥ ਹੋ ਜਾਂਦੀ ਹੈ। ਐਸਾ ਬ੍ਰਹਮ ਲੀਨ ਸੰਤ ਹਿਰਦਾ ਅਤੇ ਸੰਤ ਰੂਹ ਫਿਰ ਸਦਾ ਸਦਾ ਲਈ ਕੇਵਲ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਦੇ “ਤਾਣ” ਦਾ ਗੁਣ ਗਾਇਨ ਕਰਦੀ ਹੈ। ਇਕ ਆਮ ਮਨੁੱਖ ਲਈ ਸਮਝਣ ਵਾਲੀ ਗੱਲ ਇਹ ਹੈ ਕਿ ਐਸੀ ਰੂਹ ਕੋਈ ਵਿਰਲੀ ਹੀ ਹੁੰਦੀ ਹੈ ਜੋ ਇਸ “ਤਾਣ” ਦੀ ਕਮਾਈ ਕਰਕੇ “ਤਾਣ” ਵਿੱਚ ਅਭੇਦ ਹੋ ਕੇ “ਤਾਣ” ਦੇ ਗੁਣ ਗਾਇਨ ਦੀ ਸਮਰਥਾ ਪ੍ਰਾਪਤ ਕਰਦੀ ਹੈ। ਇਹ ਭਾਵ ਹੈ ਸ਼ਬਦ “ਕੋ” ਦਾ। ਗੁਰਬਾਣੀ ਅਨੁਸਾਰ ਕੋਈ ਕਰੋੜਾਂ ਵਿੱਚੋਂ ਇਕ ਰੂਹ ਹੁੰਦੀ ਹੈ ਜੋ ਬੰਦਗੀ ਪੂਰਨ ਕਰਕੇ ਅਕਾਲ ਪੁਰਖ ਵਿੱਚ ਅਭੇਦ ਹੋ ਜਾਂਦੀ ਹੈ। ਇਸ ਦਾ ਇਹ ਭਾਵ ਨਹੀਂ ਹੈ ਕਿ ਤੁਸੀਂ ਇਸ ਗੁਰ ਪ੍ਰਸਾਦਿ ਦੀ ਪ੍ਰਾਪਤੀ ਨਹੀਂ ਕਰ ਸਕਦੇ ਹੋ। ਯਕੀਨਨ ਤੁਸੀਂ ਇਸ ਗੁਰ ਪ੍ਰਸਾਦਿ ਦੀ ਪ੍ਰਾਪਤੀ ਕਰ ਸਕਦੇ ਹੋ। ਗੁਰ ਪ੍ਰਸਾਦਿ ਦੀ ਪ੍ਰਾਪਤੀ ਹਰ ਮਨੁੱਖ ਦਾ ਜਨਮ ਸਿੱਧ ਅਧਿਕਾਰ ਹੈ। ਮਨੁੱਖੇ ਜਨਮ ਦੀ ਪ੍ਰਾਪਤੀ ਹੀ ਇਸ ਪੂਰਨ ਸਤਿ ਤੱਤ ਤੱਥ ਦਾ ਪ੍ਰਮਾਣ ਹੈ ਕਿ ਅਸੀਂ ਗੁਰ ਪ੍ਰਸਾਦਿ ਪ੍ਰਾਪਤ ਕਰਨ ਦੇ ਇਸ ਦਰਗਾਹੀ ਹੱਕ ਨਾਲ ਨਿਵਾਜੇ ਗਏ ਹਾਂ। ਇਹ ਵੀ ਪੂਰਨ ਸਤਿ ਹੈ ਕਿ ਬਹੁਤ ਸਾਰੇ ਮਨੁੱਖ ਇਸ ਗੁਰ ਪ੍ਰਸਾਦਿ ਦੀ ਪ੍ਰਾਪਤੀ ਕਰਦੇ ਹਨ, ਪ੍ਰੰਤੂ ਸਮੱਸਿਆ ਇਸ ਗੁਰ ਪ੍ਰਸਾਦਿ ਦੀ ਸੇਵਾ ਅਤੇ ਸੰਭਾਲਤਾ ਕਰਨ ਦੀ ਹੈ। ਸੇਵਾ ਸੰਭਾਲਤਾ ਨਾ ਕਰਨ ਕਾਰਨ ਬਹੁਤ ਸਾਰੇ ਮਨੁੱਖ ਇਸ ਗੁਰ ਪ੍ਰਸਾਦਿ ਨੂੰ ਗੁਆ ਬੈਠਦੇ ਹਨ ਅਤੇ ਕੋਈ ਵਿਰਲਾ ਮਨੁੱਖ ਹੀ ਇਸ ਸੱਚਖੰਡ ਦੀ ਯਾਤਰਾ ਨੂੰ ਪੂਰੀ ਕਰਦਾ ਹੈ ਅਤੇ ਆਪਣੀ ਬੰਦਗੀ ਪੂਰੀ ਕਰਦਾ ਹੈ। ਆਮ ਮਨੁੱਖ ਮਾਇਆ ਅੱਗੇ ਆਪਣੇ ਘੁੱਟਣੇ ਟੇਕ ਦਿੰਦੇ ਹਨ। ਆਮ ਮਨੁੱਖ ਮਾਇਆ ਦੇ ਇਮਤਿਹਾਨਾਂ ਵਿੱਚ ਖਰੇ ਨਹੀਂ ਉਤਰਦੇ ਹਨ ਅਤੇ ਬੰਦਗੀ ਵਿੱਚ ਹੀ ਛੱਡ ਕੇ ਆਪਣੀ ਪੁਰਾਣੀ ਜ਼ਿੰਦਗੀ ਵਿੱਚ ਵਾਪਸ ਚਲੇ ਜਾਂਦੇ ਹਨ।  

     ਜਿਵੇਂ ਕਿ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਬੇਅੰਤ ਅਨੰਤ ਹੈ ਠੀਕ ਉਸੇ ਤਰ੍ਹਾਂ ਹੀ ਉਸਦੀ ਦਾਤ ਵੀ ਬੇਅੰਤ ਹੈ ਅਨੰਤ ਹੈ। ਜਿਵੇਂ ਕਿ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਤਾਣ ਅਨੰਤ ਬੇਅੰਤ ਹੈ ਠੀਕ ਉਸੇ ਤਰ੍ਹਾਂ ਹੀ ਉਸਦੀ ਦਾਤ ਵੀ ਅਨੰਤ ਬੇਅੰਤ ਹੈ। ਕੇਵਲ ਉਹ ਰੂਹ ਜੋ ਇਸ ਅਨੰਤ ਬੇਅੰਤ ਪਰਮ ਸ਼ਕਤੀ ਵਿੱਚ ਮਿਟ ਜਾਂਦੀ ਹੈ ਉਹ ਹੀ ਇਸ ਅਨੰਤ ਬੇਅੰਤ ਦਾਤ ਦੀ ਬਖ਼ਸ਼ਿਸ਼ ਪ੍ਰਾਪਤ ਕਰਦੀ ਹੈ। ਸਾਰੀ ਲੋਕਾਈ ਮੰਗਾਂ ਵਿੱਚ ਬੈਠੀ ਹੋਈ ਹੈ ਭਾਵ ਜੋ ਕੋਈ ਵੀ ਕੋਈ ਧਰਮ ਕਰਮ ਕਰਦਾ ਹੈ, ਸਤਿ ਕਰਮ ਕਰਦਾ ਹੈ ਉਹ ਆਪਣੀ ਮੰਗ ਪਹਿਲਾਂ ਅਕਾਲ ਪੁਰਖ ਦੇ ਅੱਗੇ ਧਰ ਦਿੰਦਾ ਹੈ। ਸਾਰੀ ਲੋਕਾਈ ਵਿੱਚ ਜੋ ਜੋ ਵੀ ਮਾੜਾ ਮੋਟਾ ਕੋਈ ਪਾਠ ਯਾ ਸਿਮਰਨ ਕਰਦਾ ਹੈ ਉਹ ਇਹ ਮਨ ਵਿੱਚ ਤਾੜ ਕੇ ਕਰਦਾ ਹੈ ਕਿ ਮੇਰੇ ਕਾਰਜ ਸਿੱਧੇ ਹੋ ਜਾਣ। ਜੋ ਕੋਈ ਵੀ ਪਾਠ ਕਰਦਾ ਹੈ ਉਹ ਮੰਗਾਂ ਨਾਲ ਭਰਪੂਰ ਮਨ ਨਾਲ ਹੀ ਪਾਠ ਕਰਦਾ ਹੈ। ਮੰਗਾਂ ਵਿੱਚ ਬੰਦਗੀ ਨਹੀਂ ਹੁੰਦੀ। ਸਵਾਰਥ ਸਿੱਧ ਕਰਨ ਵਿੱਚ ਬੰਦਗੀ ਨਹੀਂ ਹੁੰਦੀ ਹੈ। ਮੰਗਾਂ ਦਾ ਭਾਵ ਹੈ ਅਕਾਲ ਪੁਰਖ ਨਾਲ ਵਪਾਰ ਕਰਨਾ ਕਿ ਮੈਂ ਤੇਰਾ ਪਾਠ ਕਰਦਾ ਹਾਂ ਤੂੰ ਮੇਰੇ ਕਾਰਜ ਸਿੱਧ ਕਰ ਦੇ। ਬੰਦਗੀ ਵਿੱਚ ਮੰਗਣਾ ਨਹੀਂ ਹੁੰਦਾ ਹੈ। ਬੰਦਗੀ ਵਿੱਚ ਕੇਵਲ ਦੇਣਾ ਹੀ ਹੁੰਦਾ ਹੈ ਆਪਣਾ ਤਨ ਮਨ ਧਨ ਗੁਰੂ ਦੇ ਚਰਨਾਂ ਵਿੱਚ ਅਰਪਣ ਕਰਨਾ ਹੀ ਬੰਦਗੀ ਹੈ। ਮੰਗਣਾ ਬੰਦਗੀ ਨਹੀਂ ਹੈ। ਜਦ ਅਸੀਂ ਗੁਰੂ ਦੇ ਚਰਨਾਂ ਉੱਪਰ ਆਪਣਾ ਆਪਾ ਅਰਪਣ ਕਰ ਦਿੰਦੇ ਹਾਂ ਤਨ ਮਨ ਧਨ ਨਾਲ ਤਾਂ ਹੀ ਸਾਡੇ ਉੱਪਰ ਬੇਅੰਤ ਅਪਾਰ ਕਿਰਪਾ ਹੁੰਦੀ ਹੈ ਅਤੇ ਸਾਨੂੰ ਗੁਰ ਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ ਜਿਸ ਦੀ ਸੇਵਾ ਸੰਭਾਲਤਾ ਕਰਦੇ ਹੋਏ ਅਸੀਂ ਬੇਅੰਤ ਅਨੰਤ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਲੀਨ ਹੋ ਜਾਂਦੇ ਹਾਂ। ਐਸਾ ਹੋ ਜਾਣ ਤੇ ਹੀ ਸਾਨੂੰ ਇਸ ਬੇਅੰਤ ਅਨੰਤ ਦਾਤ ਦੀ ਮਹਿਮਾ ਦਾ ਗਿਆਨ ਅਤੇ ਬਖ਼ਸ਼ਿਸ਼ ਹੁੰਦੀ ਹੈ। ਕੇਵਲ ਇਸ ਅਵਸਥਾ ਵਿੱਚ ਜਾਕੇ ਹੀ ਅਸੀਂ ਇਸ ਬੇਅੰਤ ਅਨੰਤ ਦਾਤ ਦੀ ਮਹਿਮਾ ਬਾਰੇ ਪੂਰਨ ਬ੍ਰਹਮ ਗਿਆਨ ਪ੍ਰਾਪਤ ਕਰਦੇ ਹਾਂ ਅਤੇ ਫਿਰ ਇਸ ਦੀ ਸੇਵਾ ਕਰਦੇ ਹਾਂ ਮਹਿਮਾ ਕਰਦੇ ਹਾਂ ਇਸ ਮਹਿਮਾ ਦਾ ਗਾਇਣ ਕਰਦੇ ਹਾਂ। ਇਸ ਲਈ ਸਾਡੀ ਸਾਰੀ ਲੋਕਾਈ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪਣੇ ਆਪ ਤੇ ਕਿਰਪਾ ਕਰੋ ਆਤੇ ਮੰਗਣਾ ਬੰਦ ਕਰ ਦਿਉ ਜੀ। ਜੋ ਜੋ ਤੁਹਾਡੇ ਭਾਗਾਂ ਵਿੱਚ ਕਰਮ ਦੇ ਦਰਗਾਹੀ ਵਿਧਾਨ ਦੇ ਅਨੁਸਾਰ ਲਿਖਿਆ ਹੈ ਕੇਵਲ ਉਹ ਹੀ ਤੁਹਾਨੂੰ ਮਿਲੇਗਾ, ਮਿਲ ਰਿਹਾ ਹੈ ਅਤੇ ਮਿਲਦਾ ਰਹੇਗਾ। ਤੁਹਾਡੇ ਭਾਗਾਂ ਦਾ ਬਦਲਣਾ ਕੇਵਲ ਗੁਰ ਪ੍ਰਸਾਦਿ ਦੀ ਪ੍ਰਾਪਤੀ ਅਤੇ ਸੇਵਾ ਸੰਭਾਲਤਾ ਦੇ ਨਾਲ ਹੀ ਸੰਭਵ ਹੈ। ਕਰਮ ਦੇ ਵਿਧਾਨ ਤੋਂ ਮੁਕਤੀ ਕੇਵਲ ਗੁਰ ਪ੍ਰਸਾਦਿ ਦੀ ਪ੍ਰਾਪਤੀ ਅਤੇ ਸੇਵਾ ਕਰਦਿਆਂ ਜਦ ਨਾਮ ਹਿਰਦੇ ਵਿੱਚ ਚਲਾ ਜਾਂਦਾ ਹੈ ਤਾਂ ਹੀ ਹੁੰਦੀ ਹੈ। ਜੋ ਜੋ ਪ੍ਰਾਣੀ ਸਿਮਰਨ ਵਿੱਚ ਚਲਾ ਜਾਂਦਾ ਹੈ ਉਸਦੇ ਕਾਰਜ ਫਿਰ ਬਿਨਾ ਮੰਗਾਂ ਦੇ ਆਪਣੇ ਆਪ ਪੂਰੇ ਹੋਣੇ ਸ਼ੁਰੂ ਹੋ ਜਾਂਦੇ ਹਨ। ਇਹ ਹੀ ਸਤਿਗੁਰੂ ਜੀ ਦਾ ਦਰਗਾਹੀ ਵਾਅਦਾ ਹੈ “ਪ੍ਰਭ ਕੇ ਸਿਮਰਨ ਕਾਰਜ ਪੂਰੇ”। ਜੋ ਜੋ ਪ੍ਰਾਣੀ ਸਿਮਰਨ ਵਿੱਚ ਲੀਨ ਹੋ ਜਾਂਦੇ ਹਨ ਉਹ ਦਰਗਾਹ ਵਿੱਚ ਮਾਨ ਪ੍ਰਾਪਤ ਕਰਦੇ ਹਨ “ਪ੍ਰਭ ਕੇ ਸਿਮਰਨ ਦਰਗਹ ਮਾਨੀ” ਅਤੇ ਬੇਅੰਤ ਅਨੰਤ ਵਿੱਚ ਸਮਾ ਕੇ ਉਸ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਹੀ ਸਤਿ ਰੂਪ ਬਣ ਕੇ ਇਸ ਬੇਅੰਤ ਅਨੰਤ ਦਾਤ ਦੀ ਮਹਿਮਾ ਦਾ ਆਨੰਦ ਮਾਣਦੇ ਹਨ।

     ਜਿਸ ਤਰ੍ਹਾਂ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਆਪ ਅਨੰਤ ਬੇਅੰਤ ਹੈ ਠੀਕ ਉਸੇ ਤਰ੍ਹਾਂ ਹੀ ਉਸਦੇ ਪਰਮ ਸੁੰਦਰ ਗੁਣਾਂ ਦਾ ਪਰਮ ਖ਼ਜ਼ਾਨਾ ਵੀ ਅਨੰਤ ਬੇਅੰਤ ਹੈ। ਇਸੇ ਲਈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ “ਗੁਣੀ ਨਿਧਾਨ” ਦੇ ਕਿਰਤਮ ਨਾਮ ਨਾਲ ਵੀ ਸਤਿਗੁਰੂਆਂ ਨੇ ਪੁਕਾਰਿਆ ਹੈ। ਇਹ ਪਰਮ ਗੁਣ ਹੀ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਦੀਆਂ ਪਰਮ ਸ਼ਕਤੀਆਂ ਹਨ। ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਜੀ ਦੇ ਵਾਗੂੰ ਇਹ ਸਭ ਪਰਮ ਗੁਣ ਵੀ ਬੇਅੰਤ ਹਨ। ਇਨ੍ਹਾਂ ਪਰਮ ਗੁਣਾਂ ਦੀ ਵੀ ਕੋਈ ਸੀਮਾ ਨਹੀਂ ਹੈ। ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਨੇ ਸਭ ਤੋਂ ਵੱਡੇ ਪਰਮ ਗੁਣਾਂ ਦਾ ਵਖਾਨ ਅਤੇ ਗਾਇਨ ਮੂਲ ਮੰਤਰ ਵਿੱਚ ਕਰ ਦਿਤਾ ਹੈ। ਇਨ੍ਹਾਂ ਪਰਮ ਗੁਣਾਂ ਦੀ ਝਲਕ ਅਸੀਂ ਮੂਲ ਮੰਤਰ ਦੀ ਗੁਰ ਪ੍ਰਸਾਦੀ ਕਥਾ ਵਿੱਚ ਅਸੀਂ ਕਰ ਚੁੱਕੇ ਹਾਂ ਜੀ। ਇਕ ਸਤਿ ਤੱਤ ਤੱਥ ਅਸੀਂ ਸਪਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਗੁਰਬਾਣੀ ਦਾ ਹਰ ਇੱਕ ਸ਼ਬਦ ਸਾਨੂੰ ਮਾਨਸਰੋਵਰ ਵਿੱਚ ਲੈ ਕੇ ਚੁੱਭੀ ਮਰਵਾਉਂਦਾ ਹੈ ਜੀ ਅਤੇ ਮਾਨਸਰੋਵਰ ਬੇਅੰਤ ਹੈ, ਜਿਤਨੀ ਅਸੀਂ ਮਾਨਸਰੋਵਰ ਵਿੱਚ ਚੁੱਭੀ ਲਾਉਂਦੇ ਹਾਂ ਉਸਦੀ ਗਹਿਰਾਈ ਹੋਰ ਵੱਧ ਜਾਂਦੀ ਹੈ ਅਤੇ ਇੰਝ ਜਾਪਦਾ ਹੈ ਜਿਵੇਂ ਕਿ ਅਸੀਂ ਕੁਝ ਨਹੀ ਜਾਣ ਪਾਏ ਹਾਂ। ਜਾਣ ਵੀ ਕਿਵੇਂ ਸਕਦੇ ਹਾਂ ਕਿਉਂਕਿ ਬੇਅੰਤ ਦੇ ਸਨਮੁਖ ਸਾਡੀ ਬੁੱਧ ਕੁਝ ਨਹੀਂ ਕੇਵਲ ਸਿਫਰ ਹੈ ਅਸੀਂ ਕੁਝ ਨਹੀਂ ਜਾਣਦੇ ਹਾਂ। ਸਾਡੀ ਕੋਈ ਹਸਤੀ ਨਹੀਂ ਹੈ ਸਭ ਕੁਝ ਕਰਤਾ ਹੀ ਕਰ ਰਿਹਾ ਹੈ। ਇਹ ਸਭ ਕੁਝ ਗੁਰ ਪ੍ਰਸਾਦਿ ਹੈ। ਅਤੇ ਇਸ ਗੁਰ ਪ੍ਰਸਾਦਿ ਦਾ ਸਦਕਾ ਇਹ ਗੁਰ ਪ੍ਰਸਾਦੀ ਲਿਖਤ ਕੇਵਲ ਮਾਨਸਰੋਵਰ ਦੀ ਇਕ ਝਲਕ ਮਾਤਰ ਹੀ ਹੈ। ਸਤਿ ਸੰਗਤ ਜੀ ਆਉ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਦੇ ਕੁਝ ਹੋਰ ਪਰਮ ਗੁਣਾਂ ਤੇ ਵਿਚਾਰ ਕਰੀਏ। ਧੰਨ ਧੰਨ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਸਾਡੇ ਅਵਗੁਣ ਨਹੀਂ ਚਿਤਾਰਦਾ ਹੈ। ਸਾਡੇ ਅਵਗੁਣਾਂ ਦਾ ਕੋਈ ਅੰਤ ਨਹੀਂ ਹੈ ਅਤੇ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਜੀ ਦੀ ਪਰਮ ਦਿਆਲਤਾ ਦਾ ਕੋਈ ਅੰਤ ਨਹੀਂ ਹੈ। ਇਸ ਲਈ ਹੀ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਸਾਡੇ ਅਵਗੁਣ ਚਿਤਾਰੇ ਬਿਨਾਂ ਹੀ ਮੁਆਫ ਕਰ ਦਿੰਦਾ ਹੈ। ਸਾਨੂੰ ਲੋੜ ਹੈ ਕੇਵਲ ਆਪਣੇ ਗੁਨਾਹਾਂ ਨੂੰ ਪਹਿਚਾਨਣ ਦੀ ਅਤੇ ਕਬੂਲ ਕਰਨ ਦੀ। ਜਿਵੇਂ ਸਾਡਾ ਹਿਰਦਾ ਇਨ੍ਹਾਂ ਅਵਗੁਣਾ ਨੂੰ ਕਬੂਲ ਕਰਦਾ ਹੈ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਸਾਨੂੰ ਉਸੇ ਖਿਣ ਮੁਆਫ ਕਰ ਦਿੰਦਾ ਹੈ। ਸਾਡੇ ਗੁਨਾਹ ਭਾਵੇਂ ਜਿਤਨੇ ਮਰਜ਼ੀ ਸੰਗੀਨ ਹੋਣ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਉਨ੍ਹਾਂ ਨੂੰ ਮੁਆਫ ਕਰਨ ਲਗਿਆਂ ਉਨ੍ਹਾਂ ਗੁਨਾਹਾਂ ਨੂੰ ਅਵਗੁਣਾਂ ਨੂੰ ਚਿਤਾਰਦਾ ਨਹੀਂ ਹੈ ਅਤੇ ਸਾਨੂੰ ਮੁਆਫ ਕਰਕੇ ਆਪਣਾ ਜੀਵਨ ਸੁਧਾਰਣ ਦਾ ਮੌਕਾ ਫਿਰ ਬਖ਼ਸ਼ ਦਿੰਦਾ ਹੈ। ਤਾਂ ਇਸ ਪਰਮ ਸ਼ਕਤੀ ਦੇ ਇਸ ਪਰਮ ਗੁਣ ਉੱਪਰ ਧਿਆਨ ਧਰੋ ਅਤੇ ਸੋਚੋ ਕਿ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਦੀ ਦਿਆਲਤਾ ਦਾ ਕੋਈ ਅੰਤ ਹੈ ? ਦਿਆਲਤਾ ਦੀ ਗਹਿਰਾਈ ਵੀ ਮਾਨਸਰੋਵਰ ਦੀ ਗਹਿਰਾਈ ਵਾਂਗ ਮਾਪੀ ਨਹੀਂ ਜਾ ਸਕਦੀ। ਦਿਆਲਤਾ ਦੀ ਇਹ ਪਰਮ ਸ਼ਕਤੀ ਵੀ ਅਸੀਮ ਹੈ, ਬੇਅੰਤ ਹੈ। ਬੇਅੰਤ ਦਿਆਲਤਾ ਦੀ ਇਸ ਪਰਮ ਸ਼ਕਤੀ ਦਾ ਸਦਕਾ ਮੁਆਫ ਕਰਨ ਦੀ ਪਰਮ ਸ਼ਕਤੀ, ਜੋ ਕਿ ਇਸਦਾ ਪੂਰਕ ਹੈ, ਵੀ ਬੇਅੰਤ ਹੈ, ਅਸੀਮ ਹੈ। ਦਿਆਲਤਾ ਦੇ ਵਾਂਗ ਹੀ ਕੀ ਕੋਈ ਕਿਰਪਾਲਤਾ ਦੀ ਸੀਮਾ ਹੈ ? ਕੀ ਕੋਈ ਸ਼ਰਧਾ ਦੀ ਸੀਮਾ ਹੈ ? ਕੀ ਕੋਈ ਨਿੰਮਰਤਾ ਦੀ ਸੀਮਾ ਹੈ ? ਕੀ ਕੋਈ ਪਿਆਰ ਦੀ ਸੀਮਾ ਹੈ ? ਕੀ ਕੋਈ ਭਰੋਸੇ ਦੀ ਸੀਮਾ ਹੈ ? ਕੀ ਕੋਈ ਨਿਰਭਉਤਾ ਦੀ ਸੀਮਾ ਹੈ ? ਕੀ ਕੋਈ ਨਿਰਵੈਰਤਾ ਦੀ ਸੀਮਾ ਹੈ ? ਜਿਵੇਂ ਮਾਨਸਰੋਵਰ ਦੀ ਕੋਈ ਸੀਮਾ ਨਹੀਂ, ਕੋਈ ਹੱਦ ਬੰਨਾ ਨਹੀਂ ਹੈ ਠੀਕ ਉਸੇ ਤਰ੍ਹਾਂ ਇਨ੍ਹਾਂ ਸਾਰੇ ਪਰਮ ਗੁਣਾਂ ਦਾ ਵੀ ਹੱਦ ਬੰਨਾ ਨਹੀ ਹੈ, ਕੋਈ ਸੀਮਾ ਨਹੀਂ ਹੈ। ਇਹ ਸਾਰੇ ਪਰਮ ਗੁਣਾਂ ਵਿੱਚ ਵੀ ਅਸੀਮ ਬੇਅੰਤ ਪਰਮ ਸ਼ਕਤੀ ਹੈ। ਇਹ ਸਾਰੇ ਪਰਮ ਗੁਣ ਅਤਿ ਸੁੰਦਰ ਹਨ ਅਤੇ ਇਹ ਪੂਰਨ ਸਤਿ ਹੈ ਕਿ ਇਨ੍ਹਾਂ ਪਰਮ ਗੁਣਾਂ ਦੀ ਸੁੰਦਰਤਾ ਦੀ ਵੀ ਕੋਈ ਸੀਮਾ ਨਹੀਂ ਹੈ। ਦਰਸ਼ਨ ਕਰਨ ਵਾਲਿਆਂ ਨੇ ਅਤੇ ਇਸ ਪਰਮ ਤੱਤ ਨੂੰ ਅਨੁਭਵ ਕਰਨ ਵਾਲਿਆਂ ਨੇ, ਆਪਣੇ ਹਿਰਦੇ ਨੂੰ ਇਨ੍ਹਾਂ ਪਰਮ ਗੁਣਾਂ ਨਾਲ ਭਰਪੂਰ ਕਰਨ ਵਾਲਿਆਂ ਨੇ ਇਸ ਬੇਅੰਤ ਸੁੰਦਰਤਾ ਨੂੰ ਵੇਖ ਕੇ ਅਤੇ ਅਨੁਭਵ ਕਰਦ ਹੋਏ ਹੀ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਨੂੰ “ਅਤਿ ਸੁੰਦਰ ਅਪਾਰ ਅਨੂਪ” ਕਿਹਾ ਗਿਆ ਹੈ। ਅਤਿ ਸੁੰਦਰ ਪੂਰਨ ਸਤਿ ਤੱਤ ਤੱਥ ਇਹ ਹੈ ਕਿ ਸਾਨੂੰ ਮਨੁੱਖਾ ਜਨਮ ਦੇ ਕੇ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਨੇ ਇਹ ਸਾਰੇ ਪਰਮ ਗੁਣ ਸਾਨੂੰ ਵੀ ਬਖ਼ਸ਼ੇ ਹਨ।

     ਜ਼ਰਾ ਵਿਚਾਰ ਕਰੋ ਕੀ ਅਸੀਂ ਦਿਆਲਤਾ ਨਹੀਂ ਕਮਾ ਸਕਦੇ ਹਾਂ ? ਕੀ ਅਸੀਂ ਮੁਆਫ ਕਰਨ ਦੀ ਸ਼ਕਤੀ ਨਹੀਂ ਰਖਦੇ ਹਾਂ ? ਕੀ ਜੇ ਕੋਈ ਸਾਡਾ ਨੁਕਸਾਨ ਕਰੇ ਤਾਂ ਅਸੀਂ ਉਸ ਨੂੰ ਮੁਆਫ ਨਹੀਂ ਕਰ ਸਕਦੇ ਹਾਂ। ਇਹ ਹੀ ਫਰਕ ਹੈ ਇਕ ਆਮ ਮਨੁੱਖ ਵਿੱਚ ਅਤੇ ਇਕ ਸੰਤ ਹਿਰਦੇ ਵਿੱਚ ਕਿ ਆਮ ਮਨੁੱਖ ਕਿਸੇ ਹੋਰ ਮਨੁੱਖ ਦੁਆਰਾ ਮਾੜਾ ਕੀਤੇ ਨੂੰ ਮੁਆਫ ਨਹੀਂ ਕਰਦਾ ਹੈ ਸਗੋਂ ਬਦਲੇ ਦੀ ਭਾਵਨਾ ਵਿੱਚ ਸੜਦਾ ਹੈ ਅਤੇ ਵਾਰੀ ਦਾ ਵੱਟਾ ਲੈਣ ਦਾ ਮੌਕਾ ਭਾਲਦਾ ਹੈ। ਐਸਾ ਕਰਕੇ ਇਕ ਆਮ ਮਨੁੱਖ ਆਪਣੇ ਕਰਮਾਂ ਦੇ ਬੰਧਨ ਵਿੱਚ ਹੋਰ ਡੂੰਘਾ ਫੱਸਦਾ ਜਾਂਦਾ ਹੈ। ਪ੍ਰੰਤੂ ਸੰਤ ਹਿਰਦਾ ਉਸਨੂੰ ਮੁਆਫ ਕਰਕੇ ਉਸ ਉੱਪਰ ਪਰਉਪਕਾਰ ਕਰਦਾ ਹੈ ਅਤੇ ਐਸੇ ਮਨੁੱਖ ਲਈ ਅਰਦਾਸ ਕਰਦਾ ਹੈ ਕਿ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਉਸ ਨੂੰ ਸਤਿ ਬੁੱਧੀ ਬਖ਼ਸ਼ੇ। ਇਸ ਲਈ ਇਕ ਸੰਤ ਹਿਰਦਾ ਹੀ ਦਿਆਲਤਾ ਦੇ ਇਸ ਮਹਾਨ ਦਰਗਾਹੀ ਇਲਾਹੀ ਗੁਣ ਅਤੇ ਇਸ ਦਰਗਾਹੀ ਪਰਮ ਸ਼ਕਤੀ ਦੇ ਗੁਣ ਦੀ ਸੇਵਾ ਕਰਦਾ ਹੈ ਅਤੇ ਇਸ ਦੀ ਮਹਿਮਾ ਬਿਆਨ ਕਰਕੇ ਸਾਰੀ ਲੋਕਾਈ ਦਾ ਪਰਉਪਕਾਰ ਕਰਦਾ ਹੈ। 

     ਹੋਰ ਅਗੇ ਵਿਚਾਰ ਕਰੀਏ ਤਾਂ ਸੋਚੋ ਕੀ ਸਾਨੂੰ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਨੇ ਪਿਆਰ ਕਰਨ ਦੀ ਸ਼ਕਤੀ ਨਹੀਂ ਬਖ਼ਸ਼ੀ ਹੈ ? ਯਕੀਨਨ ਅਸੀਂ ਪਿਆਰ ਕਰਨ ਦੀ ਇਸ ਮਹਾਨ ਪਰਮ ਅਸੀਮ ਬੇਅੰਤ ਸ਼ਕਤੀ ਨਾਲ ਨਿਵਾਜੇ ਗਏ ਹਾਂ। ਅਸੀਂ ਹਰ ਪਲ ਹਰ ਇਕ ਨੂੰ ਪਿਆਰ ਕਰ ਸਕਦੇ ਹਾਂ। ਇਹ ਦਰਗਾਹੀ ਇਲਾਹੀ ਸ਼ਕਤੀ ਦੀ ਵਰਤੋਂ ਅਸੀਂ ਹਰ ਪਲ ਹਰ ਖਿਣ ਕਰਕੇ ਇਸ ਨੂੰ ਬੇਅੰਤਤਾ ਦੀ ਬਖ਼ਸ਼ਿਸ਼ ਵਿੱਚ ਲੈ ਜਾਣ ਦੀ ਸ਼ਕਤੀ ਰਖਦੇ ਹਾਂ। ਪਿਆਰ ਕਰਨ ਦੀ ਇਸ ਪਰਮ ਇਲਾਹੀ ਸ਼ਕਤੀ ਦੀ ਵਰਤੋਂ ਕਰਦੇ ਹੋਏ ਅਸੀਂ ਨਿਰਵੈਰ ਬਣ ਕੇ ਇਕ ਦ੍ਰਿਸ਼ਟ ਬਣ ਸਕਦੇ ਹਾਂ ਅਤੇ ਅਕਾਲ ਪੁਰਖ ਵਿੱਚ ਅਭੇਦ ਹੋ ਸਕਦੇ ਹਾਂ। “ਨਿਰਵੈਰ” ਅਕਾਲ ਪੁਰਖ ਦਾ ਇਕ ਪਰਮ ਇਲਾਹੀ ਗੁਣ ਹੈ। ਸੱਚੇ ਪਿਆਰ ਕਰਨ ਦੀ ਇਸ ਪਰਮ ਸ਼ਕਤੀ ਦੇ ਅਭਿਆਸ ਕਰਨ ਨਾਲ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਤੁਹਡੇ ਹਿਰਦੇ ਵਿੱਚ ਆਪ ਪ੍ਰਗਟ ਹੁੰਦਾ ਹੈ। ਪ੍ਰੰਤੂ ਇਸ ਦੇ ਵਿਪਰੀਤ ਸਾਰੀ ਲੋਕਾਈ ਪਿਆਰ ਨੂੰ ਛੱਡ ਕੇ ਈਰਖਾ ਅਤੇ ਦਵੇਸ਼ ਦੀ ਅੱਗ ਵਿੱਚ ਸੜ ਬਲ ਰਹੀ ਹੈ। ਨਫ਼ਰਤ ਦਾ ਬੋਲਬਾਲਾ ਹੈ। ਹਰ ਮਨੁੱਖ ਦੂਜੇ ਨੂੰ ਨੀਚਾ ਦਿਖਆਉਣ ਵਿੱਚ ਰੁੱਝਿਆ ਹੋਇਆ ਹੈ। ਹਰ ਪਰਿਵਾਰ ਵਿੱਚ ਮਹਾਭਾਰਤ ਵਰਗਾ ਕ੍ਰੋਪ ਵਰਤ ਰਿਹਾ ਹੈ। ਪਿਆਰ ਦੀ ਇਸ ਪਰਮ ਇਲਾਹੀ ਸ਼ਕਤੀ ਨੂੰ ਛੱਡ ਕੇ ਸਾਰੀ ਲੋਕਾਈ ਕਰੋਧ, ਨਫ਼ਰਤ, ਈਰਖਾ ਅਤੇ ਦਵੇਸ਼ ਵਰਗੀਆਂ ਮਾਇਆ ਦੀਆਂ ਵਿਨਾਸ਼ਕਾਰੀ ਸ਼ਕਤੀਆਂ ਦੀ ਗੁਲਾਮ ਬਣ ਕੇ ਆਪਣਾ ਆਪ ਤਬਾਹ ਕਰਨ ਵਿੱਚ ਰੁੱਝੀ ਹੋਈ ਹੈ। ਪਿਆਰ ਕਰਨ ਦੀ ਇਸ ਅਸੀਮ ਬੇਅੰਤ ਪਰਮ ਸ਼ਕਤੀ ਵਿੱਚ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਨੂੰ ਪਰਗਟ ਕਰਨ ਦੀ ਸ਼ਕਤੀ ਹੈ। ਇਸੇ ਲਈ ਗੁਰਬਾਣੀ ਦਾ ਕਥਨ ਹੈ – “ਜਿਨ ਪ੍ਰੇਮ ਕੀਉ ਤਿਨ੍ਹ ਹੀ ਪ੍ਰਭ ਪਾਇਉ”। ਇਸ ਦੇ ਵਿਪਰੀਤ ਨਫ਼ਰਤ, ਈਰਖਾ ਅਤੇ  ਦਵੇਸ਼ ਦੀਆਂ ਵਿਨਾਸ਼ਕਾਰੀ ਸ਼ਕਤੀਆਂ ਸਾਰੀ ਮਨੁੱਖਤਾ ਨੂੰ ਤਬਾਹ ਅਤੇ ਬਰਬਾਦ ਕਰਦੀਆਂ ਹਨ। ਇਹ ਪੂਰਨ ਸਤਿ ਹੈ ਕਿ ਅੱਜ ਦੇ ਸਮੇਂ ਵਿੱਚ ਸਾਰੀ ਲੋਕਾਈ ਦੀਆਂ ਸਮੱਸਿਆਵਾਂ ਦਾ ਕਾਰਨ ਕੇਵਲ ਇਨ੍ਹਾਂ ਵਿਨਾਸ਼ਕਾਰੀ ਸ਼ਕਤੀਆਂ ਦਾ ਬੋਲਬਾਲਾ ਹੈ। ਇਹ ਪੂਰਨ ਸਤਿ ਹੈ ਕਿ ਸਾਰੇ ਪਰਿਵਾਰਿਕ ਕਲੇਸ਼ ਅਤੇ ਦੁੱਖਾਂ ਦਾ ਕਾਰਨ ਇਹ ਵਿਨਾਸ਼ਕਾਰੀ ਸ਼ਕਤੀਆਂ ਹੀ ਹਨ। ਇੱਥੋਂ ਤੱਕ ਕਿ ਸਾਰੀ ਲੋਕਾਈ ਦੇ ਮਾਨਸਿਕ ਅਤੇ ਦੇਹੀ ਦੇ ਰੋਗਾਂ ਦਾ ਕਾਰਨ ਵੀ ਇਹ ਵਿਨਾਸ਼ਕਾਰੀ ਸ਼ਕਤੀਆਂ ਹਨ। ਜੋ ਮਨੁੱਖ ਸਤਿ ਕਰਮ ਕਰਦੇ ਹਨ ਉਨ੍ਹਾਂ ਨੂੰ ਕਦੇ ਵੀ ਮਾਨਸਿਕ ਅਤੇ ਸ਼ਰੀਰਿਕ ਰੋਗ ਨਹੀਂ ਗ੍ਰਸਦੇ ਹਨ। ਇਸ ਲਈ ਇਕ ਸੰਤ ਹਿਰਦਾ ਜੋ ਕਿ ਇਕ ਦ੍ਰਿਸ਼ਟ ਹੈ ਅਤੇ ਨਿਰਵੈਰ ਹੈ, ਉਹ ਹੀ ਪਿਆਰ ਕਰਨ ਦੇ ਇਸ ਮਹਾਨ ਦਰਗਾਹੀ ਇਲਾਹੀ ਗੁਣ ਅਤੇ ਇਸ ਦਰਗਾਹੀ ਪਰਮ ਸ਼ਕਤੀ ਦੇ ਗੁਣ ਦੀ ਸੇਵਾ ਕਰਦਾ ਹੈ ਅਤੇ ਇਸ ਦੀ ਮਹਿਮਾ ਬਿਆਨ ਕਰਕੇ ਸਾਰੀ ਲੋਕਾਈ ਦਾ ਪਰਉਪਕਾਰ ਕਰਦਾ ਹੈ।

     ਹੋਰ ਅਗੇ ਵਿਚਾਰ ਕਰੀਏ ਤਾਂ ਕੀ ਅਕਾਲ ਪੁਰਖ ਮਨੁੱਖਾ ਜਨਮ ਦੇ ਕੇ ਸਾਨੂੰ ਨਿੰਮਰਤਾ ਵਿੱਚ ਰਹਿਣ ਦੀ ਪਰਮ ਸ਼ਕਤੀ ਨਾਲ ਨਹੀਂ ਨਿਵਾਜਿਆ ਹੈ। ਕੀ ਅਸੀਂ ਨਿੰਮਰਤਾ ਦੇ ਇਸ ਪਰਮ ਸ਼ਕਤੀਸ਼ਾਲੀ ਗੁਣ ਨੂੰ ਵਰਤ ਕੇ ਆਪਣੇ ਹਿਰਦੇ ਨੂੰ ਹਲੀਮੀ ਨਾਲ ਭਰਪੂਰ ਗਰੀਬੀ ਵੇਸ ਹਿਰਦਾ ਨਹੀਂ ਬਣਾ ਸਕਦੇ ਹਾਂ। ਯਕੀਨਨ ਅਸੀਂ ਨਿੰਮਰਤਾ ਦੀ ਇਸ ਪਰਮ ਅਸੀਮ ਬੇਅੰਤ ਸ਼ਕਤੀ ਦੀ ਵਰਤੋਂ ਕਰਕੇ ਆਪਣੇ ਹਿਰਦੇ ਨੂੰ ਹਲੀਮੀ ਨਾਲ ਭਰਪੂਰ ਕਰਕੇ ਇਸ ਨੂੰ ਗਰੀਬੀ ਵੇਸ ਹਿਰਦਾ ਬਣਾ ਕੇ ਇਸ ਵਿੱਚ ਅਕਾਲ ਪੁਰਖ ਨੂੰ ਪਰਗਟ ਕਰਣ ਦੀ ਸਮਰਥਾ ਰਖਦੇ ਹਾਂ। ਅਤਿ ਦਰਜੇ ਦੀ ਹਲੀਮੀ ਅਤੇ ਹਿਰਦੇ ਵਿੱਚ ਗਰੀਬੀ ਵੇਸ ਦਰਗਾਹ ਦੀ ਕੁੰਜੀ ਹੈ। ਨਿੰਮਰਤਾ ਦੇ ਇਸ ਪਰਮ ਦਰਗਾਹੀ ਗੁਣ ਵਿੱਚ ਇਤਨੀ ਪਰਮ ਸ਼ਕਤੀ ਹੈ ਕਿ ਇਹ ਤੁਹਾਡੀ ਹਉਮੈਂ ਨੂੰ ਮਾਰ ਕੇ ਤੁਹਾਨੂੰ ਜੀਵਨ ਮੁਕਤੀ ਦੀ ਪ੍ਰਾਪਤੀ ਕਰਵਾ ਦਿੰਦੀ ਹੈ। ਨਿੰਮਰਤਾ ਅਤੇ ਹਲੀਮੀ ਹਉਮੈਂ ਨੂੰ ਮਾਰਨ ਦਾ ਬ੍ਰਹਮ ਅਸਤਰ ਹੈ। ਹਉਮੈਂ ਦੀ ਮੌਤ ਹੀ ਜੀਵਨ ਮੁਕਤੀ ਹੈ। ਇਸ ਲਈ ਸੰਤ ਹਿਰਦਾ ਉਹ ਹਿਰਦਾ ਹੈ ਜੋ ਕਿ ਹਉਮੈਂ ਨੂੰ ਮਾਰ ਕੇ ਹਿਰਦੇ ਵਿੱਚ ਗਰੀਬੀ ਵੇਸ ਧਾਰਣ ਕਰ ਕੇ ਸਾਰੀ ਸ੍ਰਿਸ਼ਟੀ ਦੀ ਚਰਨ ਧੂਲ ਬਣ ਕੇ ਪੂਰਨ ਬ੍ਰਹਮ ਗਿਆਨ ਆਤਮਰਸ ਅੰਮ੍ਰਿਤ ਦੀ ਪ੍ਰਾਪਤੀ ਕਰਦਾ ਹੈ ਅਤੇ ਫਿਰ ਹਲੀਮੀ ਅਤੇ ਭਰਪੂਰ ਨਿੰਮਰਤਾ ਵਿੱਚ ਵਿੱਚਰਦਾ ਹੋਇਆ ਇਸ ਪਰਮ ਬ੍ਰਹਮ ਸ਼ਕਤੀ ਦੇ ਗੁਣ ਦਾ ਉਪਦੇਸ਼ ਦਿੰਦਾ ਹੈ ਅਤੇ ਗੁਣ ਗਾਇਣ ਕਰਦਾ ਹੈ।

     ਇਸੇ ਤਰ੍ਹਾਂ ਹੀ ਧੰਨ ਧੰਨ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਨੇ ਸਾਨੂੰ ਮਨੁੱਖਾ ਜਨਮ ਦੇ ਕੇ ਸਾਨੂੰ ਸ਼ਰਧਾ ਅਤੇ ਭਰੋਸੇ ਵਰਗੇ ਪਰਮ ਗੁਣਾਂ ਨਾਲ ਵੀ ਨਿਵਾਜਿਆ ਹੈ। ਗੁਰੂ ਉੱਪਰ ਪੂਰਨ ਸ਼ਰਧਾ ਹੀ ਬੰਦਗੀ ਹੈ। ਗੁਰੂ ਉੱਪਰ ਪੂਰਨ ਭਰੋਸਾ ਹੀ ਬੰਦਗੀ ਹੈ। ਪੂਰਨ ਸ਼ਰਧਾ ਅਤੇ ਪੂਰਨ ਭਰੋਸੇ ਦੇ ਇਨ੍ਹਾਂ ਪਰਮ ਸ਼ਕਤੀਸ਼ਾਲੀ ਗੁਣਾਂ ਵਿੱਚ ਬੇਅੰਤ ਅਨੰਤ ਪਰਮ ਸ਼ਕਤੀ ਹੈ। ਜੋ ਮਨੁੱਖ ਗੁਰੂ ਉੱਪਰ ਪੂਰਨ ਪ੍ਰੀਤ, ਸ਼ਰਧਾ ਅਤੇ ਭਰੋਸੇ ਨਾਲ ਆਪਣਾ ਆਪਾ ਵਾਰ ਦਿੰਦੇ ਹਨ, ਗੁਰੂ ਚਰਨਾਂ ਉੱਪਰ ਤਨ ਮਨ ਧਨ ਨਾਲ ਪੂਰਨ ਸਮਰਪਣ ਕਰ ਦਿੰਦੇ ਹਨ ਉਹ ਮਨੁੱਖ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਦਾ ਗੁਰ ਪ੍ਰਸਾਦਿ ਪ੍ਰਾਪਤ ਕਰਕੇ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਦੇ ਵਿੱਚ ਅਭੇਦ ਹੋ ਜਾਂਦੇ ਹਨ। ਐਸੀ ਸੁੰਦਰ ਅਵਸਥਾ ਵਿੱਚ ਪਹੁੰਚ ਕੇ ਫਿਰ ਉਹ ਸਾਰੀ ਲੋਕਾਈ ਦਾ ਪਰਉਪਕਾਰ ਅਤੇ ਮਹਾ ਪਰਉਪਕਾਰ ਕਰਦੇ ਹਨ ਅਤੇ ਇਨ੍ਹਾਂ ਪਰਮ ਗੁਣਾਂ ਦੀ ਮਹਿਮਾ ਦਾ ਗਾਇਨ ਕਰਦੇ ਹਨ।     

      ਠੀਕ ਇਸੇ ਤਰ੍ਹਾਂ ਹੀ ਧੰਨ ਧੰਨ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਦੇ ਬੇਅੰਤ ਗੁਣ ਅਤੇ ਪਰਮ ਸ਼ਕਤੀਆਂ ਹਨ ਜਿਨ੍ਹਾਂ ਦਾ ਬਿਆਨ ਨਹੀਂ ਕੀਤਾ ਜਾ ਸਕਦਾ ਹੈ। ਇਹ ਕੇਵਲ ਟੂਕ ਮਾਤਰ ਹੀ ਕੁਝ ਪਰਮ ਗੁਣਾਂ ਦੀ ਮਹਿਮਾ ਕਰਣ ਦਾ ਯਤਨ ਕੀਤਾ ਗਿਆ ਹੈ। ਪ੍ਰੰਤੂ ਜੋ ਮਨੁੱਖ ਸੰਤ ਹਿਰਦਾ ਬਣ ਜਾਂਦਾ ਹੈ ਉਸਦਾ ਹਿਰਦਾ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਦੇ ਇਨ੍ਹਾਂ ਪਰਮ ਗੁਣਾਂ ਨਾਲ ਭਰਪੂਰ ਹੋ ਜਾਂਦਾ ਹੈ ਅਤੇ ਕੇਵਲ ਐਸਾ ਕੋਈ ਵਿਰਲਾ ਹੀ ਇਨ੍ਹਾਂ ਪਰਮ ਗੁਣਾਂ ਅਤੇ ਪਰਮ ਸ਼ਕਤੀਆਂ ਦਾ ਗੁਣ ਗਾਇਨ ਕਰਦਾ ਹੈ।

     ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਦੇ ਵਿੱਚ ਲੀਨ ਹੋ ਚੁਕੇ ਮਨੁੱਖ ਹੀ ਕੇਵਲ ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਦੇ ਹਨ। ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਵਿੱਚ ਅਭੇਦ ਹੋ ਚੁਕੇ ਮਨੁੱਖ ਹੀ ਕੇਵਲ ਪੂਰਨ ਬ੍ਰਹਮ ਗਿਆਨ ਅਤੇ ਪੂਰਨ ਤੱਤ ਗਿਆਨ ਦੇ ਗੁਰ ਪ੍ਰਸਾਦਿ ਦੀ ਪ੍ਰਾਪਤੀ ਕਰਦੇ ਹਨ ਅਤੇ ਆਤਮਰਸ ਅੰਮ੍ਰਿਤ ਪੀਂਦੇ ਹਨ। ਐਸਾ ਮਨੁੱਖ ਕੋਈ ਕਰੋੜਾਂ ਵਿੱਚ ਇਕ ਹੁੰਦਾ ਹੈ ਜੋ ਇਸ “ਵਿਖਮ” ਭਾਵ ਪਰਮ ਦੁਰਲਭ ਦਰਗਾਹੀ ਖ਼ਜ਼ਾਨੇ ਦੀ ਪ੍ਰਾਪਤੀ ਕਰਦਾ ਹੈ ਅਤੇ ਪੂਰਨ ਬ੍ਰਹਮ ਗਿਆਨ ਦੇ ਇਸ ਪਰਮ ਦਰਗਾਹੀ ਖਜ਼ਾਨੇ ਨੂੰ ਸਾਰੀ ਲੋਕਾਈ ਵਿੱਚ ਵਰਤਾਉਂਦਾ ਹੈ ਅਤੇ ਇਸ ਦੀ ਮਹਿਮਾ ਦਾ ਗਾਇਨ ਕਰਦਾ ਹੈ।

     ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਦੇ ਵਿੱਚ ਅਭੇਦ ਹੋਏ ਕੋਈ ਵਿਰਲੇ ਹੀ ਐਸੇ ਮਨੁੱਖ ਹਨ ਜੋ ਇਸ ਪੂਰਨ ਬ੍ਰਹਮ ਗਿਆਨ ਦੇ ਆਤਮਰਸ ਅੰਮ੍ਰਿਤ ਨੂੰ ਪੀਂਦੇ ਹਨ। ਪੂਰਨ ਬੰਦਗੀ ਹੋਣ ਤੋਂ ਬਿਨਾਂ ਇਸ ਸਤਿ ਤੱਤ ਤੱਥ ਦਾ ਗਿਆਨ ਨਹੀਂ ਹੁੰਦਾ ਹੈ ਕਿ ਜਨਮ ਮਰਣ ਦਾ ਵਿਧਾਨ ਵੀ ਧੰਨ ਧੰਨ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਦਾ ਦਰਗਾਹੀ ਨਿਯਮ ਹੈ ਅਤੇ ਸਾਰੇ ਪ੍ਰਾਣੀਆਂ ਦਾ ਜਨਮ ਅਤੇ ਮਰਣ ਇਸ ਪਰਮ ਸ਼ਕਤੀਸ਼ਾਲੀ ਵਿਧਾਨ ਦੇ ਅਧੀਨ ਹੀ ਹੁੰਦਾ ਹੈ। ਕਰਮ ਦੇ ਵਿਧਾਨ ਅਨੁਸਾਰ ਅਤੇ ਜਨਮ ਮਰਣ ਦੇ ਇਸ ਵਿਧਾਨ ਦੇ ਅਨੁਸਾਰ ਹਰ ਪ੍ਰਾਣੀ ਵੱਖ ਵੱਖ ਜੂਨੀਆਂ ਵਿੱਚ ਅਣਮਿੱਥੇ ਸਮੇਂ ਲਈ ਭਟਕਦਾ ਹੈ। ਇਹ ਪੂਰਨ ਬ੍ਰਹਮ ਗਿਆਨ ਦਾ ਤੱਤ ਕੇਵਲ ਅਵਤਾਰਾਂ, ਸਤਿਗੁਰੂਆਂ, ਪੂਰਨ ਬ੍ਰਹਮ ਗਿਆਨੀਆਂ ਅਤੇ ਪੂਰਨ ਸੰਤਾਂ ਨੂੰ ਹੀ ਪ੍ਰਾਪਤ ਹੁੰਦਾ ਹੈ ਅਤੇ ਐਸੇ ਮਹਾ ਪੁਰਖ ਹੀ ਜਨਮ ਮਰਣ ਦੇ ਇਸ ਪਰਮ ਸ਼ਕਤੀਸ਼ਾਲੀ ਵਿਧਾਨ ਦੀ ਮਹਿਮਾ ਦਾ ਗੁਣ ਗਾਇਨ ਕਰਦੇ ਹਨ।   

     ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਦੇ ਵਿੱਚ ਅਭੇਦ ਹੋਏ ਕੋਈ ਵਿਰਲੇ ਹੀ ਐਸੇ ਮਨੁੱਖ ਹਨ ਜੋ ਇਸ ਪਰਮ ਤੱਤ ਨੂੰ ਹਰ ਰਚਨਾ ਵਿੱਚ ਅਨੁਭਵ ਕਰਦੇ ਹਨ। ਇਹ ਪਰਮ ਸਤਿ ਤੱਤ ਤੱਥ ਹੈ ਕਿ ਕਰਤਾ ਸ੍ਰਿਸ਼ਟੀ ਦੀ ਹਰ ਰਚਨਾ ਵਿੱਚ ਮੌਜੂਦ ਹੈ। ਅਕਾਲ ਪੁਰਖ ਦੇ ਦਰਸ਼ਨਾਂ ਦੇ ਉਪਰੰਤ ਅਤੇ ਉਸਦੀ ਪਰਮ ਸ਼ਕਤੀ ਨਿਰਗੁਣ ਸਰੂਪ ਵਿੱਚ ਅਭੇਦ ਹੋਣ ਤੋਂ ਬਾਅਦ ਹੀ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਦੇ ਹਰ ਰਚਨਾ ਵਿੱਚ ਮੌਜੂਦ ਹੋਣ ਦਾ ਅਨੁਭਵ ਹੁੰਦਾ ਹੈ। ਇਹ ਅਨੁਭਵ  ਦਰਗਾਹੀ ਪ੍ਰੀਤ ਦੀ ਅਸੀਮ ਪਰਮ ਸ਼ਕਤੀ ਦੀ ਪ੍ਰਾਪਤੀ ਨਾਲ ਹੁੰਦਾ ਹੈ। ਫਿਰ ਸਾਰੀ ਸ੍ਰਿਸ਼ਟੀ ਅਤੇ ਹਰ ਪ੍ਰਾਣੀ ਵਿੱਚ, ਸਰਗੁਣ ਵਿੱਚ ਨਿਰਗੁਣ ਦੇ ਦਰਸ਼ਨ ਹੁੰਦੇ ਹਨ ਅਤੇ ਨਿਰਗੁਣ ਸਰਗੁਣ ਇੱਕ ਬਣ ਜਾਂਦਾ ਹੈ। ਐਸੇ ਮਹਾ ਪੁਰਖ ਫਿਰ ਸਰਗੁਣ ਨਿਰਗੁਣ ਦੀ ਮਹਿਮਾ ਦੇ ਗੁਣਾਂ ਦਾ ਗਾਇਨ ਕਰਦੇ ਹਨ।

     ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਦਾ ਪੂਰਾ ਭੇਦ ਕਿਸੇ ਨਹੀਂ ਪਾਇਆ ਹੈ। ਕਈ ਕਈ ਕਰੋੜਾਂ ਮਨੁੱਖਾਂ ਨੇ ਪੂਰਨ ਬੰਦਗੀ ਕਰ ਕੇ ਅੱਟਲ ਪਦਵੀ ਪਰਮ ਪਦਵੀ ਪ੍ਰਾਪਤ ਕੀਤੀ ਹੈ ਅਤੇ ਅਵਤਾਰ, ਸਤਿਗੁਰੂ, ਪੂਰਨ ਬ੍ਰਹਮ ਗਿਆਨੀ, ਪੂਰਨ ਸੰਤ ਅਤੇ ਪੂਰਨ ਖ਼ਾਲਸੇ ਹੋਏ ਹਨ ਜੋ ਕਿ ਮਾਨਸਰੋਵਰ ਵਿੱਚ ਬੈਠੇ ਹਨ। ਐਸੇ ਅਵਤਾਰੀ ਪੁਰਖਾਂ ਨੇ ਅਕਾਲ ਪੁਰਖ ਦੇ ਦਰਗਾਹੀ ਵਿਧਾਨਾਂ ਦੀ ਕਥਾ ਆਪਣੀ ਬੰਦਗੀ ਦੇ ਬਲ ਨਾਲ ਪਰਗਟ ਕੀਤੀ ਹੈ ਅਤੇ ਇਸ ਕਥਾ ਨੂੰ ਬਿਆਨ ਕਰਨ ਦਾ ਯਤਨ ਕੀਤਾ ਹੈ। ਪ੍ਰੰਤੂ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਦਾ ਪੂਰਾ ਭੇਦ ਕਿਸੇ ਨੇ ਅੱਜ ਤੱਕ ਨਹੀਂ ਪਾਇਆ ਹੈ ਅਤੇ ਨਾ ਹੀ ਪਾ ਸਕਦਾ ਹੈ। ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਅਨੰਤ ਹੈ ਬੇਅੰਤ ਹੈ ਇਸ ਲਈ ਉਸਦਾ ਪੂਰਾ ਭੇਦ ਪਾਇਆ ਵੀ ਕਿਵੇਂ ਜਾ ਸਕਦਾ ਹੈ। ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਦੀ ਬੇਅੰਤਤਾ ਅਨੰਤਤਾ ਦੇ ਅੱਗੇ ਸਭ ਪ੍ਰਾਪਤੀਆਂ ਤੁੱਛ ਹਨ। ਇਸੇ ਕਰਕੇ ਜੋ ਜੋ ਮਨੁੱਖ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਵਿੱਚ ਸਮਾ ਗਏ ਹਨ ਉਨ੍ਹਾਂ ਨੇ ਇਹ ਹੀ ਫੁਰਮਾਣ ਕੀਤਾ ਹੈ ਕਿ ਉਹ ਕੁਝ ਨਹੀਂ ਜਾਣਦੇ ਹਨ ਅਤੇ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਅਨੰਤ ਹੈ ਬੇਅੰਤ ਹੈ ਅਤੇ ਇਸ ਮਹਿਮਾ ਦਾ ਵਰਨਣ ਨਹੀਂ ਕੀਤਾ ਜਾ ਸਕਦਾ ਹੈ। ਸਤਿ ਪਾਰ ਬ੍ਰਹਮ ਦੀ ਮਹਿਮਾ ਕਥੀ ਨਹੀਂ ਜਾਂਦੀ ਹੈ। ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਦੀ ਕਥਾ ਪਰਗਟ ਹੁੰਦੀ ਹੈ। ਜਦ ਇੱਕ ਅਵਤਾਰ ਪਰਗਟ ਹੁੰਦਾ ਹੈ ਤਾਂ ਇਸ ਅਵਤਾਰ ਦੇ ਰੂਪ ਵਿੱਚ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਦੀ ਕਥਾ ਧਰਤੀ ਤੇ ਪਰਗਟ ਹੁੰਦੀ ਹੈ। ਜਦ ਇਕ ਸਤਿਗੁਰੂ, ਪੂਰਨ ਬ੍ਰਹਮ ਗਿਆਨੀ, ਪੂਰਨ ਸੰਤ ਇਸ ਧਰਤੀ ਤੇ ਪਰਗਟ ਹੁੰਦਾ ਹੈ ਤਾਂ ਉਸਦੇ ਇਸ ਇਲਾਹੀ ਰੂਪ ਵਿੱਚ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਪਰਗਟ ਹੁੰਦੀ ਹੈ। ਅਵਤਾਰ, ਸਤਿਗੁਰੂ, ਪੂਰਨ ਬ੍ਰਹਮ ਗਿਆਨੀ, ਪੂਰਨ ਸੰਤ ਹੀ ਧੰਨ ਧੰਨ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਦੀ ਸਭ ਤੋਂ ਉਤੱਮ ਮਹਿਮਾ ਬਣ ਕੇ ਪਰਗਟ ਹੁੰਦੇ ਹਨ।

     ਐਸੇ ਅਵਤਾਰੀ ਪੁਰਖਾਂ ਨੂੰ ਹੀ ਇਸ ਪੂਰਨ ਬ੍ਰਹਮ ਗਿਆਨ ਦੀ ਬਖ਼ਸ਼ਿਸ਼ ਪ੍ਰਾਪਤ ਹੁੰਦੀ ਹੈ ਕਿ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ੮੪ ਲੱਖ ਮੇਦਨੀ ਦੀ ਸ੍ਰਿਸ਼ਟੀ ਦੇ ਆਦਿ ਤੋਂ ਯੁਗਾਂ ਯੁਗਾਤਰਾਂ ਤੋਂ ਪਾਲਣਾ ਕਰ ਰਿਹਾ ਹੈ ਅਤੇ ਐਸਾ ਕਰਦਾ ਕਰਦਾ ਉਹ ਕਦੇ ਥੱਕਦਾ ਨਹੀਂ ਹੈ। ਜੂਨੀਆਂ ਵਿੱਚ ਭਟਕਦੇ ਪ੍ਰਾਣੀ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਦੀਆਂ ਦਿੱਤੀਆਂ ਦਾਤਾਂ ਖਾਂਦੇ-ਖਾਂਦੇ ਥੱਕ-ਟੁੱਟ ਕੇ ਫਿਰ ਅੰਤ ਨੂੰ ਪ੍ਰਾਪਤ ਹੁੰਦੇ ਹਨ ਅਤੇ ਫਿਰ ਅਗਲੇ ਜਨਮਾਂ ਵਿੱਚ ਇਹ ਸਿਲਸਿਲਾ ਚਲਦਾ ਰਹਿੰਦਾ ਹੈ। ਜਨਮਾਂ-ਜਨਮਾਂਤਰਾਂ ਤੋਂ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਦੇ ਬੇਅੰਤ ਭੰਡਾਰਿਆਂ ਤੋਂ ਅਸੀਂ ਸਾਰੇ ਪ੍ਰਾਣੀ ਖਾਂਦੇ ਹੰਡਾਂਦੇ ਚਲੇ ਆ ਰਹੇ ਹਾਂ ਪ੍ਰੰਤੂ ਇਹ ਦਰਗਾਹੀ ਭੰਡਾਰੇ ਕਦੇ ਖ਼ਤਮ ਨਹੀਂ ਹੁੰਦੇ ਹਨ। ਕਿਉਂਕਿ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਬੇਅੰਤ ਅਨੰਤ ਹੈ ਇਸ ਲਈ ਉਸਦੇ ਭੰਡਾਰੇ ਵੀ ਅਨੰਤ ਬੇਅੰਤ ਹਨ। ਕਰਮ ਦੇ ਵਿਧਾਨ ਅਨੁਸਾਰ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਸਾਨੂੰ ਜੀਵਨ ਜੀਉਣ ਲਈ ਸਾਰੇ ਪਦਾਰਥ ਅਤੇ ਸਹੂਲਤਾਂ ਦੀ ਬਖ਼ਸ਼ਿਸ਼ ਕਰ ਰਿਹਾ ਹੈ ਅਤੇ ਅਸੀਂ ਇਨ੍ਹਾਂ ਦਾਤਾਂ ਨੂੰ ਖਾਂਦੇ ਹੰਡਾਂਦੇ ਅੰਤ ਨੂੰ ਪ੍ਰਾਪਤ ਹੁੰਦੇ ਹਾਂ ਪ੍ਰੰਤੂ ਇਹ ਭੰਡਾਰੇ ਕਦੇ ਖ਼ਤਮ ਨਹੀਂ ਹੁੰਦੇ ਹਨ। ਇਥੇ ਇਸ ਪੂਰਨ ਸਤਿ ਤੱਤ ਤੱਥ ਨੂੰ ਸਮਝਣਾ ਬੇਅੰਤ ਜ਼ਰੂਰੀ ਹੈ ਕਿ ਕਰਮ ਦੇ ਵਿਧਾਨ ਦੇ ਅਨੁਸਾਰ ਸਾਡੇ ਪਿੱਛਲੇ ਕਰਮਾਂ ਦੇ ਫਲਸਰੂਪ ਸਾਨੂੰ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਦੇ ਇਨ੍ਹਾਂ ਬੇਅੰਤ ਭੰਡਾਰਿਆਂ ਵਿੱਚੋਂ ਉਹ ਸਭ ਕੁਝ ਮਿਲੀ ਜਾਣਾ ਹੈ ਜਿਸਦੇ ਅਸੀਂ ਹੱਕਦਾਰ ਹਾਂ। ਕਰਮ ਦੇ ਵਿਧਾਨ ਅਨੁਸਾਰ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਸਾਡੀਆਂ ਸਾਰੀਆਂ ਜ਼ਰੂਰਤਾਂ ਜ਼ਰੂਰ ਪੂਰੀਆਂ ਕਰੀ ਜਾਂਦਾ ਹੈ ਪ੍ਰੰਤੂ ਸਾਡੀਆਂ ਸਾਰੀਆਂ ਇੱਛਾਵਾਂ ਕਦੇ ਵੀ ਪੂਰੀਆਂ ਨਹੀਂ ਹੁੰਦੀਆਂ ਹਨ। ਇਸ ਲਈ ਜੋ ਕੁਝ ਮਿਲ ਰਿਹਾ ਹੈ ਉਨ੍ਹਾਂ ਦਾਤਾਂ ਨੂੰ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਦੀ ਰਹਿਮਤ ਕਿਰਪਾ ਸਮਝ ਕੇ ਸਤਿ ਸੰਤੋਖ ਵਿੱਚ ਰਹਿਣਾ ਹੀ ਹੁਕਮ ਵਿੱਚ ਰਹਿਣਾ ਹੈ। ਐਸਾ ਕਰਨ ਨਾਲ ਹਿਰਦਾ ਸਤਿ ਸੰਤੋਖ ਵਿੱਚ ਚਲਾ ਜਾਂਦਾ ਹੈ ਅਤੇ ਤ੍ਰਿਸ਼ਨਾ ਬੁੱਝ ਜਾਂਦੀ ਹੈ। ਐਸਾ ਨਾ ਕਰਨ ਨਾਲ ਮਨੁੱਖ ਸਾਰੀ ਉਮਰ ਤ੍ਰਿਸ਼ਨਾ ਦੀ ਭੱਠੀ ਵਿੱਚ ਭੁੱਜਦਾ ਰਹਿੰਦਾ ਹੈ ਅਤੇ ਆਪਣੇ ਕਰਮਾਂ ਦੇ ਬੰਧਨਾਂ ਵਿੱਚੋਂ ਨਿਕਲਣ ਦੇ ਬਜਾਇ ਹੋਰ ਫੱਸਦਾ ਜਾਂਦਾ ਹੈ।

     ਇਹ ਸਭ ਇਲਾਹੀ ਕੌਤੁੱਕ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਦੇ ਪੂਰਨ ਹੁਕਮ ਵਿੱਚ ਹੀ ਪਰਗਟ ਹੁੰਦਾ ਹੈ। ਪੂਰਨ ਹੁਕਮ ਦਾ ਦਰਗਾਹੀ ਵਿਧਾਨ ਪਰਮ ਸ਼ਕਤੀਸ਼ਾਲੀ ਵਿਧਾਨ ਹੈ। ਸਾਰੀ ਸ੍ਰਿਸ਼ਟੀ ਦੀ ਰਚਨਾ ਅਤੇ ਕਾਰ ਵਿਹਾਰ ਇਸ ਹੁਕਮ ਦੇ ਦਰਗਾਹੀ ਵਿਧਾਨ ਅਨੁਸਾਰ ਹੀ ਚਲਦਾ ਹੈ। ਜੋ ਜੋ ਮਨੁੱਖ ਇਸ ਪਰਮ ਸ਼ਕਤੀਸ਼ਾਲੀ ਵਿਧਾਨ ਦੀ ਕਮਾਈ ਕਰਦਾ ਹੈ ਉਸਦਾ ਹਿਰਦਾ ਪਰਮ ਸ਼ਕਤੀਆਂ ਦਾ ਸੋਮਾ ਬਣ ਜਾਂਦਾ ਹੈ, ਪਰਮ ਗੁਣਾਂ ਦਾ ਸੋਮਾ ਬਣ ਜਾਂਦਾ ਹੈ, ਬੇਅੰਤ ਹੋ ਜਾਂਦਾ ਹੈ ਅਤੇ ਬੇਅੰਤਤਾ ਵਿੱਚ ਜਾ ਕੇ ਬੇਪਰਵਾਹ ਹੋ ਜਾਂਦਾ ਹੈ ਕਿਉਂਕਿ ਉਸ ਮਨੁੱਖ ਦੀਆਂ ਪੰਜੇ ਗਿਆਨ ਇੰਦਰੀਆਂ ਅਤੇ ਕਰਮ ਇੰਦਰੀਆਂ ਪੂਰਨ ਹੁਕਮ ਵਿੱਚ ਚਲੀਆਂ ਜਾਂਦੀਆਂ ਹਨ। ਧੰਨ ਧੰਨ ਸਤਿਗੁਰ ਅਵਤਾਰ ਨਿਰੰਕਾਰ ਰੂਪ ਨਾਨਕ ਪਾਤਿਸ਼ਾਹ ਜੀ ਨੇ ਪੂਰਨ ਬ੍ਰਹਮ ਗਿਆਨ ਦੇ ਇਹ ਅਨਮੋਲਕ ਰਤਨ ਸਾਰੀ ਲੋਕਾਈ ਦੀ ਝੋਲੀ ਵਿੱਚ ਪਾਏ ਹਨ। ਸਾਰੀ ਲੋਕਾਈ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਨ੍ਹਾਂ ਬੇਅੰਤ ਸ਼ਕਤੀਸ਼ਾਲੀ ਅਤੇ ਅਨਮੋਲਕ ਰਤਨਾਂ ਦੀ ਕਮਾਈ ਕਰਕੇ ਆਪਣਾ ਜੀਵਨ ਸਫਲ ਕਰੋ ਜੀ। ਮਾਇਆ ਦੀ ਗੁਲਾਮੀ ਛੱਡ ਕੇ ਹੁਕਮ ਦੇ ਵਿਧਾਨ ਦੀ ਕਮਾਈ ਕਰਕੇ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਦੀਆਂ ਸਦੀਵੀ ਰਹਿਣ ਵਾਲੀਆਂ ਦਰਗਾਹੀ ਖ਼ੁਸ਼ੀਆਂ ਪ੍ਰਾਪਤ ਕਰੋ ਜੀ। ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਬਣ ਕੇ ਸਦਾ ਸਦਾ ਲਈ ਸਤਿ ਚਿੱਤ ਆਨੰਦ ਪ੍ਰਾਪਤ ਕਰੋ ਜੀ। ਸਤਿ ਪਾਰ ਬ੍ਰਹਮ ਵਿੱਚ ਸਮਾ ਕੇ ਜੀਵਨ ਮੁਕਤੀ ਪ੍ਰਾਪਤ ਕਰੋ ਜੀ।