ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ ॥
ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ ॥
ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ ॥
ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ ॥
ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ॥
ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ ॥
ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ ॥੪॥
ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਬੇਅੰਤ ਦਿਆਲਤਾ ਦਾ ਸਦਕਾ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਬਾਰੇ ਪੂਰਨ ਬ੍ਰਹਮ ਗਿਆਨ ਸਾਰੀ ਲੋਕਾਈ ਦੀ ਝੋਲੀ ਵਿੱਚ ਪਾ ਰਹੇ ਹਨ। ਅਸੀਂ ਇਸ ਗੁਰ ਪ੍ਰਸਾਦੀ ਕਥਾ ਵਿੱਚ ਮੂਲ ਮੰਤਰ ਵਾਲੇ ਭਾਗ ਵਿੱਚ ਸ਼ਬਦ “ਸਤਿ” ਅਤੇ “ਸਤਿਨਾਮੁ” ਦੀ ਮਹਿਮਾ ਬਿਆਨ ਕਰ ਚੁਕੇ ਹਾਂ। ਫਿਰ ਅਸੀਂ “ਸਤਿ” ਸ਼ਬਦ ਦੀ ਵਰਤੋਂ ਬਾਰ ਬਾਰ ਸ਼ਬਦ “ਪਾਰ ਬ੍ਰਹਮ ਪਿਤਾ ਪਰਮੇਸ਼ਰ” ਨਾਲ ਕਰਦੇ ਆ ਰਹੇ ਹਾਂ। ਇਹ ਹੀ ਅਰਥ ਹੈ ਇਸ ਪੂਰਨ ਸਤਿ ਤੱਤ ਤੱਥ ਦਾ ਜਿਸਨੂੰ ਇਸ ਸ਼ਬਦ ਵਿੱਚ “ਸਾਚਾ ਸਾਹਿਬ” ਕਿਹਾ ਗਿਆ ਹੈ। ਧੰਨ ਧੰਨ ਸਤਿਗੁਰੂ ਅਵਤਾਰ ਨਾਨਕ ਪਤਿਸ਼ਾਹ ਜੀ ਨੇ ਇਸ ਪੂਰਨ ਸਤਿ ਤੱਤ ਤੱਥ ਦੀ ਪੁਸ਼ਟੀ ਫਿਰ ਦੁਬਾਰਾ ਇਸ ਬ੍ਰਹਮ ਸ਼ਬਦ “ਸਾਚਾ ਸਾਹਿਬ” ਕਹਿ ਕੇ ਕਰ ਦਿੱਤੀ ਹੈ। ਜਿਵੇਂ ਕਿ ਮੂਲ ਮੰਤਰ ਦੀ ਕਥਾ ਵਿੱਚ ਵਖਾਣ ਕੀਤਾ ਗਿਆ ਹੈ, ਸ਼ਬਦ “ਸਤਿ” ਦਾ ਗੁਰ ਪ੍ਰਸਾਦੀ ਭਾਵ ਹੈ ਜਿਸਦੀ ਹੋਂਦ ਸਦੀਵੀ ਹੈ, ਜੋ ਆਦਿ ਸਤਿ ਹੈ, ਜੁਗਾਦ ਸਤਿ ਹੈ ਅਤੇ ਅਉਣ ਵਾਲੇ ਸਾਰੇ ਯੁਗਾਂ ਵਿੱਚ ਵੀ ਸਤਿ ਰਹੇਗਾ। ਸ਼ਬਦ “ਸਾਹਿਬ” ਦਾ ਭਾਵ ਹੈ ਮਾਲਿਕ। ਜੋ ਆਪਣਾ ਮਾਲਿਕ ਆਪ ਹੈ। ਕਿਉਂਕਿ ਉਸ ਦੀ ਆਪਣੀ ਰਚਨਾ ਕਰਨ ਵਾਲੀ ਹੋਰ ਕੋਈ ਸ਼ਕਤੀ ਨਹੀਂ ਹੈ ਅਤੇ ਉਸ ਨੇ ਆਪਣੀ ਰਚਨਾ ਆਪ ਕੀਤੀ ਹੈ ਅਤੇ ਆਪਣਾ ਨਾਮ ਵੀ ਆਪ ਹੀ ਰਚਿਆ ਹੈ ਇਸੇ ਲਈ ਆਸਾ ਦੀ ਵਾਰ ਬਾਣੀ ਵਿੱਚ ਇਹ ਪੂਰਨ ਸਤਿ ਤੱਤ ਤੱਥ ਇਸ ਸ਼ਬਦ ਵਿੱਚ ਸ਼ਪਸ਼ਟ ਕਰ ਦਿੱਤਾ ਗਿਆ ਹੈ “ਆਪੀਨੈ ਆਪੁ ਸਾਜਿਓ ਆਪੀਨੈ ਰਚਿਓ ਨਾਉ ॥”। ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਸਾਰੀ ਸ੍ਰਿਸ਼ਟੀ ਦਾ ਮਾਲਿਕ ਹੈ ਕਿਉਂਕਿ ਉਹ ਸਾਰੀ ਸ੍ਰਿਸ਼ਟੀ ਦਾ ਸਿਰਜਨਹਾਰਾ, ਪਾਲਣਹਾਰਾ ਅਤੇ ਸੰਘਾਰਕ ਹੈ। ਉਹ ਮਾਲਿਕ ਹੈ ਕਿਉਂਕਿ ਸਾਰੀ ਸ੍ਰਿਸ਼ਟੀ ਉਸ ਦੇ ਬਣਾਏ ਗਏ ਪਰਮ ਸ਼ਕਤੀਸ਼ਾਲੀ ਵਿਧਾਨ ਅਨੁਸਾਰ ਹੀ ਚਲਦੀ ਹੈ। ਉਹ ਆਪ ਸਤਿ ਹੈ ਇਸ ਲਈ ਉਸਦਾ ਬਣਾਇਆ ਗਇਆ ਪਰਮ ਸ਼ਕਤੀਸ਼ਾਲੀ ਵਿਧਾਨ ਵੀ ਸਤਿ ਹੈ। ਕਿਉਂਕਿ ਉਸਦਾ ਬਣਾਇਆ ਗਇਆ ਪਰਮ ਸ਼ਕਤੀਸ਼ਾਲੀ ਵਿਧਾਨ ਵੀ ਸਤਿ ਹੈ ਅਤੇ ਉਸ ਦੀ ਦਰਗਾਹ ਵਿੱਚ ਨਿਯਾਇ ਇਸ ਪਰਮ ਸ਼ਕਤੀਸ਼ਾਲੀ ਵਿਧਾਨ ਅਨੁਸਾਰ ਹੀ ਹੁੰਦਾ ਹੈ ਇਸ ਲਈ ਇਸ ਪਰਮ ਸ਼ਕਤੀਸ਼ਾਲੀ ਵਿਧਾਨ ਅਨੁਸਾਰ ਕੀਤਾ ਗਿਆ ਨਿਯਾਇ ਵੀ ਸਤਿ ਹੈ। ਇਸੇ ਲਈ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਸਤਿ ਰੂਪ ਹੈ।
ਪੂਰਨ ਬ੍ਰਹਮ ਗਿਆਨ ਦੇ ਇਸ ਸ਼ਬਦ ਵਿੱਚ ਅੱਗੇ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਨੇ ਧੰਨ ਧੰਨ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਦੀ ਭਾਸ਼ਾ ਦੇ ਬਾਰੇ ਵਖਾਨ ਕੀਤਾ ਹੈ। ਸ਼ਬਦ “ਭਾਖਿਆ” ਦਾ ਭਾਵ ਹੈ ਬੋਲ, ਬਾਣੀ, ਭਾਸ਼ਾ ਦੀ ਪਰਮ ਸ਼ਕਤੀਸ਼ਾਲੀ ਕਲਾ ਅਤੇ ਜਿਸ ਕਲਾ ਦੇ ਨਾਲ ਉਹ ਆਪਣੇ ਭਗਤਾਂ ਦੇ ਹਿਰਦੇ ਵਿੱਚ ਆਪ ਪਰਗਟ ਹੁੰਦਾ ਹੈ ਉਹ ਅਤੇ ਸ਼ਬਦ “ਭਾਉ” ਦਾ ਭਾਵ ਹੈ ਪਿਆਰ ਅਤੇ ਸ਼ਬਦ “ਅਪਾਰ” ਦਾ ਭਾਵ ਹੈ ਬੇਅੰਤ ਅਨੰਤ ਅਸੀਮ। ਇਸ ਦਾ ਭਾਵ ਹੈ ਕਿ ਅਨੰਤ ਬੇਅੰਤ ਅਸੀਮ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਦੀ ਬਾਣੀ ਬੋਲ ਭਾਸ਼ਾ ਅਪਾਰ ਪਿਆਰ ਹੈ। ਇਸ ਇਲਾਹੀ ਪਿਆਰ ਦੀ ਕੋਈ ਸੀਮਾ ਨਹੀਂ ਹੈ। ਪਿਆਰ ਦਾ ਭਾਵ ਇਹ ਨਹੀਂ ਹੈ ਕਿ ਕੇਵਲ ਬੋਲ ਬਾਣੀ ਵਿੱਚ ਪਿਆਰ ਦਾ ਝਲਕਣਾ। ਪਿਆਰ ਤੋਂ ਭਾਵ ਹੈ ਹਿਰਦੇ ਦੀ ਪੂਰਨ ਪ੍ਰੀਤ। ਪਿਆਰ ਦਾ ਭਾਵ ਹੈ ਹਿਰਦੇ ਦਾ ਪਿਆਰ ਨਾਲ ਭਿੱਜ ਜਾਣਾ। ਜਿਹੜਾ ਵਿਹਾਰ ਹਿਰਦੇ ਦੀ ਪੂਰਨ ਪ੍ਰੀਤ ਪਰਗਟ ਕਰਦਾ ਹੈ ਉਹ ਹਿਰਦਾ ਹੀ ਇਸ ਪੂਰਨ ਪ੍ਰੀਤ ਦਾ ਅਨੁਭਵ ਕਰਦਾ ਹੈ। ਸਤਿ ਹੀ ਇਸ ਅਪਾਰ ਪਿਆਰ ਦਾ ਗਰਭ ਹੈ। ਇਹ ਅਸੀਮ ਪਿਆਰ ਸਤਿ ਵਿੱਚੋਂ ਹੀ ਜਨਮ ਲੈਂਦਾ ਹੈ।
ਸਤਿ ਹੀ ਪਿਆਰ ਦੀ ਮਾਂ ਹੈ। ਸਤਿ ਹੀ ਪਿਆਰ ਦੀ ਜਨਨੀ ਹੈ ਅਤੇ ਇਹ ਸਤਿ ਹੀ ਧੰਨ ਧੰਨ ਪਾਰ ਬ੍ਰਹਮ ਪਿਤਾ ਪਰਮੇਸ਼ਰ ਹੈ। ਇਸ ਲਈ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਆਪ ਪਿਆਰ ਦਾ ਹੀ ਇਕ ਅਤਿ ਸੁੰਦਰ ਰੂਪ ਹੈ। ਇਹ ਅਸੀਮ ਪਿਆਰ ਹੀ ਸ਼ਰਧਾ ਦਾ ਆਧਾਰ ਹੈ। ਇਹ ਅਸੀਮ ਪਿਆਰ ਹੀ ਭਰੋਸੇ ਦਾ ਆਧਾਰ ਹੈ। ਇਹ ਅਸੀਮ ਪਿਆਰ ਹੀ ਬੰਦਗੀ ਦਾ ਆਧਾਰ ਹੈ। ਨਿੰਮਰਤਾ ਅਤੇ ਦਿਆਲਤਾ ਵੀ ਪਿਆਰ ਵਿੱਚੋਂ ਹੀ ਜਨਮ ਲੈਂਦੀਆਂ ਹਨ। ਮਨ ਅਤੇ ਹਿਰਦੇ ਵਿੱਚ ਪੂਰਨ ਸ਼ਾਂਤੀ ਵੀ ਇਸ ਅਸੀਮ ਪਿਆਰ ਵਿੱਚੋਂ ਹੀ ਜਨਮ ਲੈਂਦੀ ਹੈ। ਮੁਕਦੀ ਗੱਲ ਸਾਰੀ ਸ੍ਰਿਸ਼ਟੀ ਦਾ ਆਧਾਰ ਹੀ ਇਹ ਅਸੀਮ ਪਿਆਰ ਹੈ। ਸਾਰੇ ਇਲਾਹੀ ਦਰਗਾਹੀ ਵਿਧਾਨ ਦਾ ਆਧਾਰ ਵੀ ਇਹ ਅਸੀਮ ਪਿਆਰ ਹੀ ਹੈ। ਅਕਾਲ ਪੁਰਖ ਦਾ ਨਾਮ ਵੀ “ਸਤਿਨਾਮ” ਕੇਵਲ ਇਹ ਅਸੀਮ ਪਿਆਰ ਹੀ ਹੈ। ਜੋ ਹਿਰਦਾ ਇਸ ਇਲਾਹੀ ਦਰਗਾਹੀ ਅਸੀਮ ਪਿਆਰ ਵਿੱਚ ਓਤਪੋਤ ਹੋ ਜਾਂਦਾ ਹੈ ਉਸ ਹਿਰਦੇ ਵਿੱਚ ਪਰਮ ਜੋਤ ਪੂਰਨ ਪ੍ਰਕਾਸ਼ ਧੰਨ ਧੰਨ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਆਪ ਪਰਗਟ ਹੋ ਜਾਂਦਾ ਹੈ। ਮੂਲ ਮੰਤਰ ਵਿੱਚ ਪਰਗਟ ਕੀਤੇ ਗਏ ਅਕਾਲ ਪੁਰਖ ਦੇ ਪਰਮ ਸ਼ਕਤੀਸ਼ਾਲੀ ਗੁਣਾਂ ਵਿੱਚੋਂ “ਨਿਰਵੈਰ” ਦਾ ਭਾਵ ਵੀ ਇਹ ਅਸੀਮ ਪਿਆਰ ਹੀ ਹੈ। ਇਸ ਲਈ ਇਹ ਦਰਗਾਹੀ ਇਲਾਹੀ ਪਿਆਰ ਹੀ ਅਨੰਤ ਬੇਅੰਤ ਪਰਮ ਸ਼ਕਤੀ ਹੈ। ਜੋ ਮਨੁੱਖ ਇਸ ਅਸੀਮ ਪਿਆਰ ਨਾਲ ਭਰਪੂਰ ਹੋ ਜਾਂਦਾ ਹੈ ਉਹ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਦੇ ਦਰਸ਼ਨ ਕਰਕੇ ਇਸ ਇਲਾਹੀ ਇਸ਼ਕ ਵਿੱਚ ਆਪਣੇ ਆਪ ਨੂੰ ਕੁਰਬਾਣ ਕਰਕੇ ਆਪਣੀ ਹਸਤੀ ਮਿਟਾ ਕੇ ਅਕਾਲ ਪੁਰਖ ਵਿੱਚ ਸਦਾ-ਸਦਾ ਲਈ ਅਭੇਦ ਹੋ ਜਾਂਦਾ ਹੈ। ਸਾਨੂੰ ਇਸ ਪੂਰਨ ਸਤਿ ਤੱਤ ਤੱਥ ਨੂੰ ਦ੍ਰਿੜ ਕਰ ਲੈਣਾ ਚਾਹੀਦਾ ਹੈ ਕਿ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਨੇ ਸਾਨੂੰ ਇਹ ਮਨੁੱਖਾ ਜਨਮ ਦੇ ਕੇ ਪਿਆਰ ਕਰਨ ਦੀ ਇਸ ਪਰਮ ਸ਼ਕਤੀ ਨਾਲ ਪਹਿਲਾਂ ਹੀ ਨਿਵਾਜ ਦਿੱਤਾ ਹੈ। ਜ਼ਰਾ ਇਕ ਖਿਣ ਲਈ ਇਸ ਪੂਰਨ ਸਤਿ ਤੱਤ ਤੱਥ ਉੱਪਰ ਆਪਣਾ ਧਿਆਨ ਕੇਂਦਰਿਤ ਕਰੋ ਅਤੇ ਸੋਚੋ ਕਿ ਕੀ ਤੁਸੀਂ ਇਸ ਪਿਆਰ ਕਰਨ ਦੀ ਅਸੀਮ ਪਰਮ ਸ਼ਕਤੀ ਨੂੰ ਨਹੀਂ ਰੱਖਦੇ ਹੋ ? ਕੀ ਤੁਸੀਂ ਪਿਆਰ ਵਿੱਚ ਨਹੀਂ ਰਹਿ ਸਕਦੇ ਹੋ। ਕੀ ਤੁਸੀਂ ਸਾਰੀ ਸ੍ਰਿਸ਼ਟੀ ਨੂੰ ਪਿਆਰ ਨਹੀਂ ਕਰ ਸਕਦੇ ਹੋ ? ਕੀ ਤੁਸੀਂ ਸਾਰੇ ਪ੍ਰਾਣੀਆਂ ਨੂੰ ਪਿਆਰ ਨਹੀਂ ਕਰ ਸਕਦੇ ਹੋ ? ਕੀ ਤੁਸੀਂ ਆਪਣੇ ਸਾਰੇ ਰਿਸ਼ਤਿਆਂ ਨੂੰ ਪਿਆਰ ਨਹੀਂ ਕਰ ਸਕਦੇ ਹੋ ? ਯਕੀਨੱਨ ਤੁਸੀਂ ਪਿਆਰ ਕਰਨ ਦੀ ਪਰਮ ਸ਼ਕਤੀ ਰੱਖਦੇ ਹੋ ਅਤੇ ਪਿਆਰ ਵਿੱਚ ਭਿੱਜ ਕੇ ਆਪਣੀ ਜ਼ਿੰਦਗੀ ਨੂੰ ਸਾਰਥਕ ਕਰ ਸਕਦੇ ਹੋ। ਬਿਨਾਂ ਸ਼ਰਤ ਬਿਨਾਂ ਮੰਗਾਂ ਦੇ ਪਿਆਰ ਇਲਾਹੀ ਪਿਆਰ ਹੈ। ਸ਼ਰਤਾਂ ਅਤੇ ਮੰਗਾਂ ਨਾਲ ਪਿਆਰ ਨਹੀਂ ਹੁੰਦਾ ਹੈ ਉਹ ਮੋਹ ਵਿੱਚ ਬਦਲ ਜਾਂਦਾ ਹੈ। ਨਿਸਵਾਰਥ ਭਾਵ ਨਾਲ ਕੀਤਾ ਗਿਆ ਪਿਆਰ ਹੁੰਦਾ ਹੈ। ਸਵਾਰਥ ਵਿੱਚ ਆਕੇ ਉਹ ਮੋਹ ਮਾਇਆ ਦੀ ਵਿਨਾਸ਼ਕਾਰੀ ਸ਼ਕਤੀ ਵਿੱਚ ਬਦਲ ਜਾਂਦਾ ਹੈ। ਪਿਆਰ ਵਿੱਚ ਤਿਆਗ ਹੈ। ਪਿਆਰ ਵਿੱਚ ਦੇਣਾ ਹੀ ਦੇਣਾ ਹੈ, ਮੰਗਣਾ ਨਹੀਂ ਹੈ ਜਿਸ ਤਰ੍ਹਾਂ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਕੇਵਲ ਦੇਣਾ ਹੀ ਜਾਣਦਾ ਹੈ ਅਤੇ ਸਦਾ ਸਦਾ ਤੋਂ ਦਿੰਦਾ ਹੀ ਆ ਰਿਹਾ ਹੈ ਅਤੇ ਦਿੰਦਾ ਹੀ ਰਹਿੰਦਾ ਹੈ। ਬੰਦਗੀ ਵਿੱਚ ਕੇਵਲ ਦੇਣਾ ਹੀ ਦੇਣਾ ਹੈ। ਪਿਆਰ ਵਿੱਚ ਕੇਵਲ ਦੇਣਾ ਹੀ ਦੇਣਾ ਹੈ।
ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਵਖਾਨ ਕਰ ਰਹੇ ਹਨ ਕਿ ਇਕ ਆਮ ਮਨੁੱਖ ਵਾਸਤੇ ਪ੍ਰਸ਼ਨ ਇਹ ਉਠਦਾ ਹੈ ਕਿ ਅਸੀਂ ਧੰਨ ਧੰਨ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਅਤੇ ਸਤਿਗੁਰ ਦੇ ਚਰਨਾਂ ਤੇ ਕੀ ਭੇਟ ਕਰੀਏ ਕਿ ਅਸੀਂ ਇਸ ਦਰਗਾਹੀ ਇਲਾਹੀ ਪਿਆਰ ਦੀ ਪਰਮ ਸ਼ਕਤੀ ਵਿੱਚ ਭਿੱਜ ਜਾਈਏ ਅਤੇ ਸਾਡਾ ਹਿਰਦਾ ਇਸ ਦਰਗਾਹੀ ਇਲਾਹੀ ਇਸ਼ਕ ਨਾਲ ਓਤਪੋਤ ਹੋ ਜਾਏ। ਜਦ ਸਾਰੀਆਂ ਦਾਤਾਂ ਦੇਣ ਵਾਲਾ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਆਪ ਹੈ ਤਾਂ ਸਾਡੇ ਕੋਲ ਕਿਹੜੀ ਵਸਤੂ ਹੈ ਜੋ ਅਸੀਂ ਸਤਿਗੁਰੂ ਦੇ ਚਰਨਾਂ ਤੇ ਭੇਟ ਕਰੀਏ ਜਿਸਦੇ ਭੇਟ ਕਰਨ ਨਾਲ ਸਾਡਾ ਹਿਰਦਾ ਇਸ ਸੱਚੀ ਪ੍ਰੀਤ ਨਾਲ ਭਰਪੂਰ ਹੋ ਜਾਏ ਅਤੇ ਅਸੀਂ ਦਰਗਾਹ ਦੇ ਦਰ ਤੱਕ ਪਹੁੰਚ ਸਕੀਏ। ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਤਾਂ ਪਰਮ ਸ਼ਕਤੀਸ਼ਾਲੀ ਹੈ ਬੇਅੰਤ ਹੈ ਅਨੰਤ ਹੈ ਸਰਬਕਲਾ ਭਰਪੂਰ ਹੈ ਉਸਦੇ ਭੰਡਾਰੇ ਵੀ ਅਨੰਤ ਬੇਅੰਤ ਹਨ, ਸਾਰੀ ਸ੍ਰਿਸ਼ਟੀ ਦੀ ਸਿਰਜਨਾ ਅਤੇ ਪਾਲਣਾ ਕਰਨ ਵਾਲਾ ਆਪ ਹੀ ਹੈ ਤਾਂ ਸਾਡੇ ਕੋਲ ਐਸੀ ਕਿਹੜੀ ਵਸਤੂ ਉਸਨੇ ਦਿੱਤੀ ਹੈ ਜੋ ਅਸੀਂ ਉਸ ਨੂੰ ਵਾਪਸ ਅਰਪਣ ਕਰ ਸਕਦੇ ਹਾਂ ਜਿਸਦੇ ਅਰਪਣ ਕਰਨ ਨਾਲ ਉਹ ਸਾਡੇ ਉੱਪਰ ਪ੍ਰਸੰਨ ਹੋ ਕੇ ਸਾਡੇ ਲਈ ਦਰਗਾਹ ਦਾ ਦਰ ਖੋਲ ਕੇ ਆਪਣੀ ਸ਼ਰਣ ਵਿੱਚ ਲੈ ਲਏ।
ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਦੇ ਦਰਸ਼ਨਾਂ ਦਾ ਤਾਂ ਹਰ ਕੋਈ ਪਿਆਸਾ ਹੈ ਪ੍ਰੰਤੂ ਇਹ ਪੂਰਨ ਸਤਿ ਹੈ ਕਿ ਅੱਜ ਦੀ ਸੰਗਤ ਦੀ ਵੀ ਇਹ ਇਕ ਅਹਿਮ ਸਮੱਸਿਆ ਹੈ ਇਹ ਜਾਨਣਾ ਕਿ ਕੀ ਕੀਤਾ ਜਏ ਕਿ ਚੜ੍ਹਦੀ ਕਲਾ ਹੋਵੇ ਅਤੇ ਰੂਹਾਨੀ ਤਰੱਕੀ ਹੋਏ। ਬਹੁਤ ਸਾਰੇ ਜਗਿਆਸੂ ਇਸ ਪ੍ਰਸ਼ਨ ਵਿੱਚ ਉਲਝੇ ਪਏ ਹਨ ਕਿ ਅਸੀਂ ਕਰਦੇ ਤਾਂ ਸਭ ਕੁਝ ਹਾਂ (ਅੰਮ੍ਰਿਤ ਛੱਕਣਾ, ਪੰਜ ਬਾਣੀਆਂ ਦਾ ਰੋਜ਼ ਪਾਠ ਕਰਨਾ, ਸੁਖਮਨੀ ਸਾਹਿਬ ਦੇ ਰੋਜ਼ ਕਈ ਪਾਠ ਕਰਨੇ ਆਦਿ) ਪਰ ਕੋਈ ਰੂਹਾਨੀ ਪ੍ਰਾਪਤੀ ਨਹੀਂ ਹੁੰਦੀ ਹੈ। ਬਹੁਤ ਸਾਰੇ ਜਗਿਆਸੂ ਐਸੇ ਹੋਣਗੇ ਜਿਹੜੇ ਕਈ ਕਈ ਸਾਲਾਂ ਤੋਂ ਸਾਰੀ ਸਾਰੀ ਉਮਰ ਹੋ ਗਈ ਹੈ ਨਿੱਤਨੇਮ ਕਰਦਿਆਂ ਪਰ ਕੋਈ ਰੂਹਾਨੀ ਪ੍ਰਾਪਤੀ ਨਹੀਂ ਹੋਈ ਹੈ। ਬਹੁਤ ਸਾਰੇ ਬੁੱਧੀਜੀਵੀ ਅਤੇ ਜਵਾਨ ਬੱਚੇ ਜੋ ਕਿ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਦੀਆਂ ਦਰਗਾਹੀ ਬਖ਼ਸ਼ਿਸ਼ਾ ਪ੍ਰਾਪਤ ਕਰਨ ਲਈ ਪ੍ਰਚਲੱਤ ਧਾਰਮਿਕ ਰੀਤਾਂ ਅਨੁਸਾਰ ਨਿਤਨੇਮ ਕਰਦੇ ਹੋਏ ਆਪਣਾ ਜੀਵਨ ਗੁਰਮਤਿ ਅਨੁਸਾਰ ਢਾਲਣ ਦੀ ਕੋਸ਼ਿਸ਼ ਕਰ ਰਹੇ ਹਨ ਪ੍ਰੰਤੂ ਸਾਲਾਂ ਬੱਧੀ ਐਸਾ ਕਰਦੇ ਹੋਏ ਜਦ ਉਨ੍ਹਾਂ ਨੂੰ ਕੋਈ ਰੂਹਾਨੀ ਪ੍ਰਾਪਤੀ ਨਹੀਂ ਹੁੰਦੀ ਤਾਂ ਉਹ ਨਿਰਾਸ਼ ਹੋ ਜਾਂਦੇ ਹਨ। ਇਨ੍ਹਾਂ ਸਾਰੇ ਜਵਾਨ, ਅੱਧਖੜ੍ਹ ਅਤੇ ਬਜ਼ੁਰਗ ਜਗਿਆਸੂਆਂ ਦੀ ਨਿਰਾਸ਼ਾ ਦਾ ਕਾਰਣ ਕੇਵਲ ਗੁਰਮਤਿ ਦਾ ਗਲਤ ਪ੍ਰਚਾਰ ਹੈ। ਅੱਜ ਦੇ ਧਾਰਮਿਕ ਪ੍ਰਚਾਰ ਵਿੱਚ ਪੂਰਨ ਸਤਿ ਦੀ ਘਾਟ ਹੀ ਇਸ ਨਿਰਾਸ਼ਾ ਦਾ ਅਹਿਮ ਕਾਰਣ ਹੈ। ਪੂਰਨ ਸਤਿ ਕੇਵਲ ਉਹ ਹੀ ਵਰਤਾ ਸਕਦਾ ਹੈ ਜਿਸਨੇ ਪੂਰਨ ਸਤਿ ਦੀ ਕਮਾਈ ਕੀਤੀ ਹੈ। ਗੁਰਮਤਿ ਕੇਵਲ ਉਹ ਹੀ ਵਰਤਾ ਸਕਦਾ ਹੈ ਜਿਸਨੇ ਆਪ ਗੁਰਮਤਿ ਦੀ ਕਮਾਈ ਕੀਤੀ ਹੈ। ਗੁਰ ਪ੍ਰਸਾਦਿ ਕੇਵਲ ਉਹ ਹੀ ਵਰਤਾ ਸਕਦਾ ਹੈ ਜਿਸਨੇ ਗੁਰ ਪ੍ਰਸਾਦਿ ਦੀ ਕਮਾਈ ਕੀਤੀ ਹੈ ਅਤੇ ਜਿਸ ਨੂੰ ਦਰਗਾਹੀ ਹੁਕਮ ਅਨੁਸਾਰ ਇਹ ਸੇਵਾ ਪ੍ਰਾਪਤ ਹੁੰਦੀ ਹੈ। ਅੰਮ੍ਰਿਤ ਕੇਵਲ ਉਹ ਹੀ ਵਰਤਾ ਸਕਦਾ ਹੈ ਜਿਸਨੇ ਅੰਮ੍ਰਿਤ ਦੀ ਕਮਾਈ ਕੀਤੀ ਹੈ ਅਤੇ ਧੰਨ ਧੰਨ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਵੱਲੋਂ ਇਸ ਸੇਵਾ ਦਾ ਹੁਕਮ ਪ੍ਰਾਪਤ ਕੀਤਾ ਹੈ। ਨਾਮ ਕੇਵਲ ਉਹ ਹੀ ਵਰਤਾ ਸਕਦਾ ਹੈ ਜਿਸਨੇ ਨਾਮ ਦੀ ਕਮਾਈ ਕੀਤੀ ਹੈ ਅਤੇ ਗੁਰ ਪ੍ਰਸਾਦਿ ਨੂੰ ਵਰਤਾਉਣ ਦੀ ਦਰਗਾਹੀ ਬਖ਼ਸ਼ਿਸ ਪ੍ਰਾਪਤ ਕੀਤੀ ਹੈ। ਗੁਰ ਪ੍ਰਸਾਦਿ ਕੇਵਲ ਪੂਰਨ ਬ੍ਰਹਮ ਗਿਆਨੀ, ਪੂਰਨ ਸੰਤ, ਪੂਰਨ ਖ਼ਾਲਸਾ ਹੀ ਵਰਤਾ ਸਕਦਾ ਹੈ। ਪੂਰਨ ਸਤਿ ਕੇਵਲ ਪੂਰਨ ਬ੍ਰਹਮ ਗਿਆਨੀ, ਪੂਰਨ ਸੰਤ, ਪੂਰਨ ਖ਼ਾਲਸਾ ਹੀ ਵਰਤਾ ਸਕਦਾ ਹੈ। ਹੁਣ ਸਾਡੀ ਸਾਰੀ ਸੰਗਤ ਦੇ ਚਰਨਾਂ ਤੇ ਬੇਨਤੀ ਹੈ ਕਿ ਇਸ ਪੂਰਨ ਸਤਿ ਤੱਤ ਤੱਥ ਤੇ ਵੀਚਾਰ ਕਰੋ ਅਤੇ ਇਸ ਪੂਰਨ ਸਤਿ ਤੱਤ ਤੱਥ ਦੀ ਕਸੌਟੀ ਉੱਪਰ ਅੱਜ ਦੇ ਪ੍ਰਚਾਰਕਾਂ ਨੂੰ ਪਰਖੋ ਤੇ ਫੇਰ ਫੈਸਲਾ ਕਰੋ ਕਿ ਆਪਦੀ ਝੋਲੀ ਵਿੱਚ ਪੂਰਨ ਸਤਿ ਪਾਇਆ ਜਾ ਰਿਹਾ ਹੈ ਕਿ ਨਹੀਂ। ਐਸਾ ਕਰਣ ਤੇ ਆਪ ਨੂੰ ਆਪਣੇ ਸਾਰੇ ਪ੍ਰਸ਼ਨਾਂ ਦਾ ਸਹੀ ਉੱਤਰ ਮਿਲ ਜਾਵੇਗਾ।
ਸਤਿਗੁਰ ਅਵਤਾਰ ਧੰਨ ਧੰਨ ਨਾਨਕ ਪਾਤਿਸ਼ਾਹ ਜੀ ਨੇ ਸਾਰੀ ਲੋਕਾਈ ਦੇ ਇਸ ਪ੍ਰਸ਼ਨ ਦਾ ਹਲ ਹੀ ਜਪੁ ਜੀ ਬਾਣੀ ਵਿੱਚ ਪ੍ਰਗਟ ਕੀਤਾ ਹੈ। ਇਸ ਪਰਮ ਸਕਤੀਸ਼ਾਲੀ ਬਾਣੀ ਵਿੱਚ ਧੰਨ ਧੰਨ ਸਤਿਗੁਰ ਪਾਤਿਸ਼ਾਹ ਨੇ ਸੱਚਖੰਡ ਦਾ ਸਾਰਾ ਨਕਸ਼ਾ ਉਤਾਰ ਦਿੱਤਾ ਹੈ। ਸੱਚਖੰਡ ਨੂੰ ਕੇਵਲ ਪੂਰਨ ਸਤਿ ਦਾ ਮਾਰਗ ਹੀ ਜਾਂਦਾ ਹੈ। ਪੂਰਨ ਸਤਿ ਹੀ ਸੱਚਖੰਡ ਦੀ ਪਉੜੀ ਹੈ। ਪੂਰਨ ਸਤਿ ਦੀ ਸੇਵਾ ਹੀ ਸੱਚਖੰਡ ਦਾ ਪੰਥ ਹੈ। ਪੂਰਨ ਸਤਿ ਦੀ ਸੇਵਾ ਕਰਦਿਆਂ ਹੀ ਸੱਚਖੰਡ ਦੀ ਪ੍ਰਾਪਤੀ ਹੁੰਦੀ ਹੈ। ਪੂਰਨ ਸਤਿ ਦੀ ਸੇਵਾ ਕਰਦਿਆਂ-ਕਰਦਿਆਂ ਹੀ ਮਨੁੱਖ ਪੂਰਨ ਸਤਿ ਵਿੱਚ ਮਿਟ ਕੇ ਸੰਤ ਬਣ ਜਾਂਦਾ ਹੈ। ਪੂਰਨ ਸਤਿ ਦੀ ਸੇਵਾ ਕਰਦਿਆਂ-ਕਰਦਿਆਂ ਹੀ ਮਨੁੱਖ ਪੂਰਨ ਸਤਿ ਵਿੱਚ ਸਮਾ ਕੇ ਪੂਰਨ ਬ੍ਰਹਮ ਗਿਆਨ ਦੀ ਅਤੇ ਪੂਰਨ ਤੱਤ ਗਿਆਨ ਦੀ ਪ੍ਰਾਪਤੀ ਕਰਦਾ ਹੈ। ਪੂਰਨ ਸਤਿ ਦੀ ਸੇਵਾ ਕਰਦਿਆਂ-ਕਰਦਿਆਂ ਹੀ ਮਨੁੱਖ ਪੂਰਨ ਸਤਿ ਦੀ ਮਹਿਮਾ ਆਪ ਬਣ ਜਾਂਦਾ ਹੈ। ਪੂਰਨ ਸਤਿ ਦੀ ਸੇਵਾ ਕਰਦਿਆਂ-ਕਰਦਿਆਂ ਹੀ ਮਨੁੱਖ ਪੂਰਨ ਸਤਿ ਵਿੱਚ ਲੀਨ ਹੋ ਕੇ ਪਰਮ ਪਦ ਦੀ ਪ੍ਰਾਪਤੀ ਕਰ ਕੇ ਅੰਮ੍ਰਿਤਧਾਰੀ ਬਣ ਜਾਂਦਾ ਹੈ। ਪੂਰਨ ਸਤਿ ਦੀ ਸੇਵਾ ਕਰਦਿਆਂ-ਕਰਦਿਆਂ ਹੀ ਮਨੁੱਖ ਪੂਰਨ ਸਤਿ ਵਿੱਚ ਸਮਾ ਕੇ ਪੂਰਨ ਖ਼ਾਲਸਾ ਬਣ ਜਾਂਦਾ ਹੈ। ਕੇਵਲ ਪੂਰਨ ਸੰਤ ਅਤੇ ਪੂਰਨ ਬ੍ਰਹਮ ਗਿਆਨੀ ਹੀ ਅੰਮ੍ਰਿਤਧਾਰੀ ਹੈ। ਕੇਵਲ ਪੂਰਨ ਸੰਤ ਅਤੇ ਪੂਰਨ ਬ੍ਰਹਮ ਗਿਆਨੀ ਹੀ ਖ਼ਾਲਸਾ ਹੈ। ਇਸ ਲਈ ਜਿਸ ਪ੍ਰਚਾਰਕ ਦੀ ਸੇਵਾ ਵਿੱਚ ਪੂਰਨ ਸਤਿ ਨਹੀਂ ਹੈ ਉਸ ਵਿੱਚ ਖੋਟ ਹੈ। ਇਸ ਲਈ ਜੋ ਪੂਰਨ ਸਤਿ ਨਹੀਂ ਵਰਤਾਂਉਦਾ ਉਸ ਪ੍ਰਚਾਰਕ ਦੀ ਸੇਵਾ ਵਿੱਚ ਖੋਟ ਹੈ। ਇਸ ਲਈ ਜੋ ਪੂਰਨ ਸਤਿ ਨਹੀਂ ਵਰਤਾਂਉਦਾ ਹੈ ਉਹ ਪ੍ਰਚਾਰਕ ਖੋਟਾ ਹੈ। ਇਸ ਲਈ ਇਕ ਖੋਟੇ ਪ੍ਰਚਾਰਕ ਦੇ ਪ੍ਰਚਾਰ ਵਿੱਚ ਦਰਗਾਹੀ ਕਲਾ ਕਿਵੇਂ ਵਰਤ ਸਕਦੀ ਹੈ ? ਇਕ ਖੋਟੇ ਪ੍ਰਚਾਰਕ ਦੇ ਪ੍ਰਚਾਰ ਵਿੱਚ ਪਰਮ ਸ਼ਕਤੀ ਕਿਵੇਂ ਵਰਤ ਸਕਦੀ ਹੈ ? ਇਕ ਖੋਟੇ ਪ੍ਰਚਾਰਕ ਦੇ ਬਚਨ ਸਤਿ ਕਿਵੇਂ ਹੋ ਸਕਦੇ ਹਨ ? ਇਸ ਲਈ ਇਹ ਹੀ ਕਾਰਣ ਹੈ ਬਹੁਤ ਸਾਰੀ ਜਗਿਆਸੂਆਂ ਦੀ ਸੰਗਤ ਦੀ ਚੜ੍ਹਦੀ ਕਲਾ ਨਾਂ ਹੋਣ ਦਾ। ਚੜ੍ਹਦੀ ਕਲਾ ਕੇਵਲ ਗੁਰਪ੍ਰਸਾਦਿ ਦੀ ਪ੍ਰਾਪਤੀ ਨਾਲ ਹੋ ਸਕਦੀ ਹੈ। ਚੜ੍ਹਦੀ ਕਲਾ ਦੀ ਪ੍ਰਾਪਤੀ ਕੇਵਲ ਨਾਮ ਦੇ ਹਿਰਦੇ ਅਤੇ ਰੋਮ ਰੋਮ ਵਿੱਚ ਉਤਰ ਜਾਣ ਨਾਲ ਹੀ ਹੋ ਸਕਦੀ ਹੈ। ਚੜ੍ਹਦੀ ਕਲਾ ਕੇਵਲ ਪੂਰਨ ਬ੍ਰਹਮ ਗਿਆਨੀ ਅਤੇ ਪੂਰਨ ਸੰਤ ਦੀ ਹੀ ਹੁੰਦੀ ਹੈ। ਇਸ ਲਈ ਆਪਣਾ ਅੰਮ੍ਰਿਤ ਵੇਲਾ ਸੰਭਾਲੋ ਜੀ। ਅੰਮ੍ਰਿਤ ਵੇਲੇ ਉਠ ਕੇ ਸਤਿਨਾਮ ਦੀ ਸੇਵਾ ਕਰੋ ਜੀ। ਸਤਿਨਾਮ ਦਾ ਸਿਮਰਨ ਕਰੋ ਜੀ। ਸਤਿਨਾਮ ਦਾ ਧਨ ਇਕੱਤਰ ਕਰੋ ਜੀ। ਗੁਰਬਾਣੀ ਵਿੱਚ ਨਾਮ ਸਿਮਰਨ ਦੀ ਸੇਵਾ ਸਭ ਤੋਂ ਉੱਤਮ ਸੇਵਾ ਕਹੀ ਗਈ ਹੈ।
ਇਸ ਲਈ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਸਾਨੂੰ ਸਾਰੀ ਲੋਕਾਈ ਨੂੰ ਬਖ਼ਸ਼ਿਸ਼ ਕਰ ਰਹੇ ਹਨ ਇਹ ਦੱਸ ਕੇ ਕਿ ਇਸ ਪੂਰਨ ਸਤਿ ਦੇ ਮਾਰਗ ਉੱਪਰ ਚਲੋ ਜੀ। ਸਤਿਨਾਮ ਦੀ ਕਮਾਈ ਕਰੋ ਜੀ। ਸਤਿਨਾਮ ਦੀ ਕਮਾਈ ਹੀ ਜਗਿਆਸੂ ਲਈ ਸਰਵਉੱਤਮ ਸੇਵਾ ਹੈ। ਪੂਰਨ ਸਤਿ ਦੀ ਸੇਵਾ ਕਰਦਿਆਂ-ਕਰਦਿਆਂ ਪੂਰਨ ਸਤਿ ਵਿੱਚ ਸਮਾ ਕੇ ਪੂਰਨ ਸਤਿ ਦੀ ਮਹਿਮਾ ਬਣ ਜਾਣਾ ਹੀ ਇਹ ਮਾਰਗ ਹੈ ਜੋ ਸਾਰੀ ਲੋਕਾਈ ਲਈ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਨੇ ਦਰਸਾਇਆ ਹੈ। ਕੇਵਲ ਉਹ ਮਨੁੱਖ ਹੀ ਜੋ ਪੂਰਨ ਸਤਿ ਵਿੱਚ ਸਮਾ ਗਿਆ ਹੈ ਉਹ ਹੀ ਕੇਵਲ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਦੀ ਵਡਿਆਈ ਕਰਦਾ ਹੈ।
ਜਿਨ੍ਹਾਂ ਮਨੁੱਖਾਂ ਤੇ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਰਾਮਤ, ਗੁਰ ਕਿਰਪਾ ਅਤੇ ਨਦਰਿ ਹੁੰਦੀ ਹੈ ਉਹ ਮਨੁੱਖ ਬੇਅੰਤ ਪਿਆਰ ਦੇ ਇਸ ਇਲਾਹੀ ਵਿਧਾਨ ਦੇ ਅਨੁਸਾਰ ਬਖ਼ਸ਼ਿਸ਼ ਪ੍ਰਾਪਤ ਕਰਦੇ ਹਨ। ਉਨ੍ਹਾਂ ਨੂੰ ਇਸ ਇਲਾਹੀ ਇਸ਼ਕ ਦੇ ਪ੍ਰੇਮ ਪਟੋਲੇ ਦੀ ਪ੍ਰਾਪਤੀ ਗੁਰ ਪ੍ਰਸਾਦਿ ਦੇ ਰੂਪ ਵਿੱਚ ਹੁੰਦੀ ਹੈ। ਇਸ ਪਰਮ ਸ਼ਕਤੀਸ਼ਾਲੀ ਗੁਰਕਿਰਪਾ ਦਾ ਸਦਕਾ ਉਨ੍ਹਾਂ ਨੂੰ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਪਰਉਪਕਾਰ ਮਹਾ ਪਰਉਪਕਾਰ ਦੀ ਸੇਵਾ ਦੀ ਪ੍ਰਾਪਤੀ ਹੁੰਦੀ ਹੈ। ਇਸ ਲਈ ਬੰਦਗੀ ਕਰਨ ਵਾਲੇ ਗੁਰੂ ਦੇ ਸਤਿ ਚਰਨਾਂ ਤੇ ਆਪਣਾ ਆਪਾ ਅਰਪਣ ਕਰ ਦਿੰਦੇ ਹਨ ਕਿਉਂਕਿ ਇਹ ਹੀ ਪੂਰਨ ਬੰਦਗੀ ਦਾ ਪਰਮ ਸ਼ਕਤੀਸ਼ਾਲੀ ਦਰਗਾਹੀ ਵਿਧਾਨ ਹੈ। ਆਪਾ ਅਰਪਣ ਤੋਂ ਭਾਵ ਹੈ ਤਨ ਮਨ ਧਨ ਸਤਿਗੁਰੂ ਦੇ ਚਰਨਾ ਵਿੱਚ ਅਰਪਣ ਕਰ ਦੇਣਾ। ਆਪਾ ਅਰਪਣ ਕਰਣ ਤੋਂ ਭਾਵ ਹੈ ਆਪਣਾ ਸੀਸ ਸਤਿਗੁਰੂ ਦੇ ਚਰਨਾਂ ਉੱਪਰ ਭੇਟ ਕਰ ਦੇਣਾ। ਜੋ ਮਨੁੱਖ ਇਸ ਪਰਮ ਸ਼ਕਤੀਸ਼ਾਲੀ ਦਰਗਾਹੀ ਵਿਧਾਨ ਤੇ ਚਲਦੇ ਹਨ ਉਹ ਗੁਰ ਪ੍ਰਸਾਦਿ ਦੀ ਪ੍ਰਾਪਤੀ ਕਰਦੇ ਹਨ ਅਤੇ ਬੰਦਗੀ ਪੂਰਨ ਕਰਕੇ ਧੰਨ ਧੰਨ ਹੋ ਜਾਂਦੇ ਹਨ। ਜੋ ਮਨੁੱਖ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਅਤੇ ਸਤਿਗੁਰੂ ਦੀ ਪੂਰਨ ਪ੍ਰੀਤ ਵਿੱਚ ਆ ਕੇ ਇਸ ਪਰਮ ਸ਼ਕਤੀਸ਼ਾਲੀ ਦਰਗਾਹੀ ਵਿਧਾਨ ਤੇ ਚਲਦੇ ਹਨ ਉਹ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਮਹਾ ਪਰਉਪਕਾਰ ਦੀ ਸੇਵਾ ਦਾ ਗੁਰ ਪ੍ਰਸਾਦਿ ਪ੍ਰਾਪਤ ਕਰ ਜੀਵਨ ਮੁਕਤ ਹੋ ਜਾਂਦੇ ਹਨ, ਪਰਮ ਪਦਵੀ ਅਟੱਲ ਅਵਸਥਾ ਦੀ ਪ੍ਰਾਪਤੀ ਕਰ ਪੂਰਨ ਸੰਤ ਬਣ ਜਾਂਦੇ ਹਨ, ਪੂਰਨ ਬ੍ਰਹਮ ਗਿਆਨ ਅਤੇ ਪੂਰਨ ਤੱਤ ਗਿਆਨ ਆਤਮ ਰਸ ਅੰਮ੍ਰਿਤ ਪ੍ਰਾਪਤ ਕਰ ਪੂਰਨ ਬ੍ਰਹਮ ਗਿਆਨੀ ਬਣ ਜਾਂਦੇ ਹਨ।
“ਸਚਿਆਰ” ਤੋਂ ਭਾਵ ਹੈ ਸਤਿ ਰੂਪ ਧੰਨ ਧੰਨ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ। “ਸਚਿਆਰ” ਕੇਵਲ ਪੂਰਨ ਸਚਿਆਰੇ ਹਿਰਦੇ ਵਿੱਚ ਹੀ ਪਰਗਟ ਹੁੰਦਾ ਹੈ। ਪੂਰਨ ਸਚਿਆਰਾ ਹਿਰਦਾ ਉਹ ਹਿਰਦਾ ਹੈ ਜੋ ਪੂਰਨ ਸਚਿਆਰੀ ਰਹਿਤ ਵਿੱਚ ਆ ਜਾਂਦਾ ਹੈ। ਪੂਰਨ ਸਚਿਆਰੀ ਰਹਿਤ ਮਾਇਆ ਦੀ ਰਹਿਤ ਹੈ। ਪੂਰਨ ਸਚਿਆਰੀ ਰਹਿਤ ਪੰਜਾਂ ਦੂਤਾਂ ਦੀ ਅਤੇ ਤ੍ਰਿਸ਼ਨਾ ਦੀ ਰਹਿਤ ਹੈ। ਜੋ ਹਿਰਦਾ ਮਾਇਆ ਨੂੰ ਜਿੱਤ ਲੈਂਦਾ ਹੈ ਉਹ ਪੂਰਨ ਸਚਿਆਰੀ ਰਹਿਤ ਵਿੱਚ ਚਲਾ ਜਾਂਦਾ ਹੈ। ਜੋ ਹਿਰਦਾ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਚਲਾ ਜਾਂਦਾ ਹੈ ਉਹ ਪੂਰਨ ਸਚਿਆਰੀ ਰਹਿਤ ਵਿੱਚ ਚਲਾ ਜਾਂਦਾ ਹੈ। ਪੂਰਨ ਸਚਿਆਰੀ ਰਹਿਤ ਅੰਦਰਲੀ ਰਹਿਤ ਹੈ। ਬਾਹਰਲੀਆਂ ਸਾਰੀਆਂ ਰਹਿਤਾਂ ਨਾਲ ਹਿਰਦਾ ਪੂਰਨ ਸਚਿਆਰੀ ਰਹਿਤ ਵਿੱਚ ਨਹੀਂ ਜਾ ਸਕਦਾ ਹੈ। ਪੂਰਨ ਸਚਿਆਰੀ ਰਹਿਤ ਕੇਵਲ ਪੂਰਨ ਸਤਿ ਦੀ ਕਮਾਈ ਨਾਲ ਹੀ ਪ੍ਰਾਪਤ ਹੁੰਦੀ ਹੈ। ਇਸ ਲਈ ਜੋ ਪੂਰਨ ਸਤਿ ਦੀ ਕਮਾਈ ਕਰਦੇ ਹਨ ਉਹ ਸਤਿ ਰੂਪ ਬਣ ਕੇ ਹਿਰਦੇ ਦੀ ਪੂਰਨ ਸਚਿਆਰੀ ਰਹਿਤ ਵਿੱਚ ਚਲੇ ਜਾਂਦੇ ਹਨ ਅਤੇ “ਸਚਿਆਰ” ਨੂੰ ਆਪਣੇ ਹਿਰਦੇ ਵਿੱਚ ਪਰਗਟ ਕਰ ਲੈਂਦੇ ਹਨ। ਇਸ ਲਈ ਸਾਰੀ ਲੋਕਾਈ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਗੁਰਮਤਿ ਨੂੰ ਅਪਨਾਉ ਜੀ, ਗੁਰਬਾਣੀ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਲੈ ਕੇ ਅਉ ਜੀ, ਇਹ ਪੂਰਨ ਬ੍ਰਹਮ ਗਿਆਨ ਹੈ, ਇਹ ਪੂਰਨ ਸਤਿ ਹੈ, ਇਸ ਪੂਰਨ ਸਤਿ ਦੀ ਸੇਵਾ ਕਰੋ ਅਤੇ ਸਤਿ ਰੂਪ ਬਣ ਜਾਉ ਜੀ।